ਕਾਵਿ-ਕਿਆਰੀ


——————————————————————–

ਖੁਆਬ ਤਾਂ ਦੱਸ ਜਾਂਦਾ !

– ਪ੍ਰਭਦੀਪ ਸਿੰਘ ਨੱਥੋਵਾਲ

ਜਿਹੜੇ ਬੱਚਿਆਂ ਲਈ ਤੂੰ ਵੇਖੇ ਸੀ, ਉਹ ਖੁਆਬ ਤਾਂ ਦੱਸ ਜਾਂਦਾ,
ਤੇਰੇ ਜਾਣ ਪਿੱਛੋਂ ਪੂਰੇ ਕਿੱਦਾਂ ਹੋਣੇ ਸੀ, ਇਹ ਜਵਾਬ, ਤਾਂ ਦੱਸ ਜਾਂਦਾ ।

ਤੂੰ ਕਹਿੰਦਾ ਸੀ ਜ਼ਿੰਦਗੀ ਜੀਣ ਲਈ, ਹੱਸਣਾ, ਨੱਚਣਾ ਜਰੂਰੀ ਹੈ,
ਜਾਣ ਲੱਗਿਆਂ ਕਿੱਥੇ ਲੁਕੋ ਗਿਆਂ, ਢੋਲ ਰਬਾਬ, ਤਾਂ ਦੱਸ ਜਾਂਦਾ।

ਧਰਤੀ ਨਿਗਲ ਗਈ ਜਾਂ ਅੰਬਰ ਨੂੰ, ਜੋ ਉਡਾ ਕੇ ਤੈਨੂੰ ਲੈ ਗਿਆ,
ਹੈ ਸੀ ਉਹ ਕੋਈ ਓਪਰੀ ਸ਼ੈਅ ਜਾਂ, ਕੋਈ ਉਕਾਬ, ਤਾਂ ਦੱਸ ਜਾਂਦਾ।

ਓਹਲਾ ਰੱਖ ਗਿਆ ਕਈ ਦਰਦਾਂ ਦਾ, ਸੀਨੇ ਚੋਂ ਬਾਹਰ ਕੱਢੇ ਨਾ,
ਕਿਵੇਂ ਖੁਸ਼ ਹੋਣ ਦਾ ਚਾੜ੍ਹੀ ਰੱਖਿਆ , ਤੂੰ ਨਕਾਬ, ਤਾਂ ਦੱਸ ਜਾਂਦਾ।

ਕਦੋਂ ਕਰ ਲਈ ਤੂੰ ਤਿਆਰੀ ਜਾਣ ਦੀ, ਕਦੋਂ ਟਿਕਟ ਕਟਵਾ ਲਈ,
ਚੜ੍ਹਨ ਲੱਗਿਆਂ ਮੌਤ ਦੀ ਘੋੜੀ ਕਦੋਂ , ਖਿੱਚੀ ਰਕਾਬ, ਤਾਂ ਦੱਸ ਜਾਂਦਾ।

ਨਾਲ ਵਿਆਹੀ ਤੇ ਨਿਆਣੇ ਭੁੱਲੇ, ਭੁੱਲੀ ਭਾਬੀ ਤੇ ਭੈਣ ਪਿਆਰੀ,
ਵੱਡੇ ਵੀਰ ਤੋਂ ਬਿਨਾ ਕਿਹੜੇ ਲੱਭ ਲਏ, ਨਵੇਂ ਜਨਾਬ, ਤਾਂ ਦੱਸ ਜਾਂਦਾ।

——————————————————————–

ਨਹੀਓਂ ਰਹਿਣਾ ਇਹ ਰੁਆਸਾ!

 – ਦੀਪ ਹਰਦੀਪ

ਕਦੇ ਲੱਭੇ ਨਾ ਦਿਲਾਸੇ,
ਕਦੇ ਮਿਲਿਆ ਨਾ ਹਾਸਾ।
ਖੜ੍ਹ ਵੇਖਦੇ ਸੀ ਸਭ,
ਜਾਨ ਮੇਰੀ ਦਾ ਤਮਾਸ਼ਾ।
ਇਹਨਾਂ ਰੋਣਿਆਂ ਚ’ ਉਮਰ,
ਗੁਜਾਰ ਲਈ ਮੈਂ।
ਦਿੱਤੇ ਰੱਬ ਵੱਲੋਂ ਦੁੱਖਾਂ ਨੂੰ
ਸਹਾਰ ਗਈ ਮੈਂ।
ਮੈਨੂੰ ਫੋਕਾ ਕਿਸੇ ਵੱਲੋਂ,
ਨਾਹੀਂ ਮਿਲਿਆ ਦਿਲਾਸਾ।
ਰੋਸੇ, ਰੁੱਸ ਗਏ ਮੈਥੋਂ,
ਹਾਸੇ ਖੁੱਸ ਗਏ ਮੈਥੋਂ।
ਬਸ ਮਿਲਿਆ ਏ ਗਮਾਂ ਵਾਲਾ
ਜਾਲ ਮੈਨੂੰ ਇੱਥੋਂ।
ਰੋਕਾਂ ਕਿੰਞ ਇਹ ਹਨੇਰੀ,
ਕਿੰਞ ਠੱਲ੍ਹਾ ਮੈਂ ਤੂਫਾਨ।
ਇਹਨਾਂ ਸਭਨਾਂ ਨੇ ਬੰਦ
ਕਰ ਦਿੱਤਾ ਮੇਰਾ ਹਾਸਾ।
ਕਦੇ ਮਿਲੂ ਮੈਨੂੰ ਮੰਜਿਲ,
ਕਦੇ ਮਿਲੂਗਾ ਕਿਨਾਰਾ।
ਵੇਖਾਂ ਕਦ ਤੱਕ ਰੱਬ ਮੈਨੂੰ
ਕਰੂ ਬੇ-ਸਹਾਰਾ ?
‘ਦੀਪ’ ਮਿਲੂ ਤੈਨੂੰ ਖੁਸ਼ੀ,
ਨਹੀਓਂ ਰਹਿਣਾ ਇਹ ਰੁਆਸਾ।
ਹਾਂ, ਨਹੀਂ ਰਹਿਣਾ ਇਹ ਰੁਆਸਾ।

——————————————————————–

ਰਾਮ ਸਾਡੇ ਹੈ ਅੰਦਰ ਰਮਿਆ ਲੋੜ ਨਾ ਬਾਹਰੋ ਭਾਲਣ ਦੀ

 – ਲੈਕਚਰਲ ਵੰਦਨਾ ਸ਼ਰਮਾ
ਵਡਾਲੀ ਆਲਾ ਸਿੰਘ (ਫਤਿਹਗੜ੍ਹ ਸਾਹਿਬ)

ਪਹਿਲਾਂ ਮਨ ਦਾ ਰਾਵਣ ਮਾਰੋ
ਜਿਸ ਦੇ ਵਿੱਚ ਬੁਰਾਈ ਹੈ
ਫਿਰ ਫੁੱਟੇਗਾ ਬੂਟਾ ਉਹ
ਜਿਸ ਦਾ ਬੀਜ ਅਛਾਈ ਹੈ
ਫਲ ਲੱਗਣਗੇ ਸ਼ੋਭਾ ਵਾਲੇ
ਗੱਲ ਨਾ ਵੰਦਨਾ ਟਾਲਣ ਦੀ
ਰਾਮ ਸਾਡੇ ਹੈ ਅੰਦਰ ਰਮਿਆ
ਲੋੜ ਨਾ ਬਾਹਰੋ ਭਾਲਣ ਦੀ

ਰੋਜ਼ ਦਿਵਾਲੀ ਹੋਊ ਸੱਜਣੋ
ਲਗਣੇ ਰੌਣਕ ਮੇਲੇ ਵੀ
ਸਮਝਾਂਗੇ ਜਦ ਉਹ ਦਿੱਤੇ
ਸਾਰੇ ਜੱਗ ਝਮੇਲੇ ਵੀ
ਕੋਸ਼ਿਸ਼ ਕਰੀਏ ਖੁਦ ਨੂੰ ਆਪਾਂ
ਰੰਗ ਉਹਦੇ ਵਿੱਚ ਢਲਣ ਦੀ
ਰਾਮ ਸਾਡੇ ਅੰਦਰ ਰਮਿਆ
ਲੋੜ ਨਾ ਬਾਹਰੋ ਭਾਲਣ ਦੀ

ਜਿੱਤ ਪ੍ਰਾਪਤ ਹੋਜੂ ਲੋਕੋ
ਸਦਾ ਵਾਸਤੇ ਹਨੇਰੇ ਤੇ
ਜੇ ਸੱਚਾ ਦੀਵਾ ਬਾਲ ਲਵੋਗੇ
ਦਿਲ ਦੇ ਉਸ ਬਨੇਰੇ ਤੇ
ਜ਼ਿੰਦਗੀ ਵਾਲੇ ਬਾਗ ‘ਚ ਚਾਨਣ
ਕਰੂ ਡਿਊਟੀ ਮਾਲਣ ਦੀ
ਰਾਮ ਸਾਡੇ ਇਹ ਅੰਦਰ ਰਮਿਆ
ਲੋੜ ਨਾ ਬਾਹਰੋ ਭਾਲਣ ਦੀ

ਰਹਿੰਦੀ ਦੁਨੀਆ ਤੱਕ ਰਹੇਗਾ
ਨਾਮ ਜਗ ਤੇ ਨੇਕੀ ਦਾ
ਅਰਬਾਂ ਖਰਬਾਂ ਵਾਲਾ ਇੱਥੇ
ਖਾਲੀ ਜਾਂਦਾ ਦੇਖੀ ਦਾ
ਲੈ ਜਾਵਾਂਗੇ ਜੇਬਾਂ ਭਰ ਕੀ
ਸੋਚ ਵਹਿਮ ਤੇ ਪਾਲਣ ਦੀ
ਰਾਮ ਸਾਡੇ ਅੰਦਰ ਰਮਿਆ
ਲੋੜ ਨਾ ਬਾਹਰੋ ਭਾਲਣ ਦੀ

——————————————————————–

ਆਧੁਨਿਕਤਾ ਬਨਾਮ ਰਿਸ਼ਤੇ

 – ਕੁਲਦੀਪ ਗਿੱਲ, ਪੱਕਾ ਕਲਾਂ !

ਸਾਇੰਸ ਭਾਰੂ ਪੈ ਗਈ,
ਸਾਡੇ ਨਿੱਕੇ-ਨਿੱਕੇ ਹਾਸਿਆਂ ਤੇ,
ਇਕੱਠੇ ਬਹਿ ਗੱਲਾਂ ਕੀਤਿਆਂ,
ਕਈ ਸਾਲ ਬੀਤ ਗਏ ਲੱਗਦੇ ਨੇ,
ਰਿਸ਼ਤਿਆਂ ਦੀ ਜਾਇਦਾਦ ਮੋਬਾਇਲ ਖਾ ਗਿਆ,
ਬਸ ਫੇਸਬੁੱਕ ਤੇ ਦੋਸਤ ਲੱਭਦੇ ਨੇ,
ਜਾਣਕਾਰੀ ਦੇ ਢੇਰ ਨੇ ਸਾਡੇ ਕੋਲ, ਸਮਝਦਾਰੀ ਤੋਂ ਸੱਖਣੇ ਲੱਗਦੇ ਨੇ,
ਦਾਦੀ ਦੀਆਂ ਕਹਾਣੀਆਂ ਸੌਂ ਗਈਆਂ ਕਿਧਰੇ,
ਹੁਣ ਤਾਂ ਸਾਰੀ ਰਾਤ ਹੀ ਜਗਦੇ ਨੇ,
ਚੰਦ ਅਤੇ ਮੰਗਲ ਤੇ ਦੁਨੀਆ ਵਸਾਉਣ ਨੂੰ ਫਿਰਦੇ,
ਮਾਂ ਬਾਪ ਤੇ ਭੈਣ ਭਰਾ ਸਭ ਵਿਸਰ ਗਏ ਲੱਗਦੇ ਨੇ,
ਲੋੜ ਪੈਣ ਤੇ ਇੱਕ ਨਾ ਖੜਦਾ,
ਹਜ਼ਾਰਾਂ ਦੋਸਤ ਫਰੈਂਡ ਲਿਸਟ ਵਿੱਚ ਫੱਬਦੇ ਨੇ,
ਧੁਰ ਅੰਦਰ ਤਾਂ ਚੁੱਪ ਉਦਾਸੀ,
ਬਾਹਰੋਂ ਹਾਸੇ ਲੱਭਦੇ ਨੇ,
ਰਿਸ਼ਤਿਆਂ ਦੀ ਤੰਦ ਤਿੜਕ ਜਾਏ ਨਾ,
ਸਾਂਭ ਲਓ ਇਹ ਸੱਦਦੇ ਨੇ,
ਮਾਂ ਬਾਪ ਦੀਆਂ ਲਓ ਦੁਆਵਾਂ,
ਤੁਰ ਗਏ ਫੇਰ ਨਾ ਲੱਭਦੇ ਨੇ,
ਤੁਰ ਗਏ ਫੇਰ ਨਾ ਲੱਭਦੇ ਨੇ ।

——————————————————————–

ਜ਼ਿੰਦਗੀ

 – ਦੀਪ ਹਰਦੀਪ

ਸਾਡੀ ਪੀੜ੍ਹ ਏ ਅਨੋਖੀ ਹਾਏ ਦਰਦ ਅਵੱਲੇ,
ਐਨੇ ਜਿੰਦਗੀ ਨੂੰ ਦੁੱਖ ਲੱਗੇ ਹੁਣੇ ਮਰ ਚੱਲੇ ।

ਹੌਕੇ, ਹੰਝੂ ਤੇ ਦਰਦ ਇਹੋ ਉਮਰਾਂ ਦੀ ਪੂੰਜੀ,
ਘੇਰੇ ਉਮਰਾਂ ਦੇ ਪੈਂਡੇ ਇਹਨਾਂ ਸਭੈ ਰਾਹ ਮੱਲੇ।

ਤਰਸੇ ਦਿਲ ਇਹ ਚਾਹਵੇ ਪਿਆਰ ਖੁਸ਼ੀਆਂ ਤਮਾਸ਼ੇ,
ਇਹ ਪੀੜ੍ਹਾਂ ਦੇ ਭੰਡਾਰ ਕੁੱਝ ਛੱਡਣ ਨਾ ਪੱਲੇ।

ਭਰੇ ਮਨ ਨਾਲ ‘ਦੀਪ’ ਬਸ ਪੋਲੇ-ਪੋਲੇ ਪੈਰੀਂ,
ਅਸੀਂ ਘਰ ਬਾਰ ਛੱਡ ਹਾਏ ! ਕਬਰਾਂ ਨੂੰ ਚੱਲੇ।

——————————————————————–

ਹਾਲੀ ਕੱਢਿਆ ਵਹਿੜਕਾ

 – ਮਨਪ੍ਰੀਤ ਵਾਂਦਰ (ਸੰਧੂ)

ਰੋਜ਼ ਰੋਜ਼ ਪੀ ਕੇ ਅੱਕ ਤਾਂ ਨੀ ਗਿਆ?
ਬੋਲ-ਕੁਬੋਲ ਕਰਕੇ ਥੱਕ ਤਾਂ ਨੀ ਗਿਆ?
ਮਾਂ ਨੇ ਸਿਖਾਇਆ ਪੁੱਤ
ਬਰਦਾਸ਼ਤ ਬਰਦਾਸ਼ਤ ਬਰਦਾਸ਼ਤ
ਇਸੇ ਨੇ ਮੇਰੀ ਬਗਾਵਤ ਦਾ ਬੂਹਾ ਡੱਕ ਤਾਂ ਨੀ ਲਿਆ?
ਦੇਖ ਫ਼ੇਰ ਵੀ ਕਿੰਨਾ ਅਹਿਸਾਨ ਆ ਤੇਰਾ ਮੇਰੇ ਤੇ
ਮਿੱਟੀ ਦੇ ਬਾਵੇ ਨੂੰ ਆਪਣੇ ਘਰ ਰੱਖ ਤਾਂ ਲਿਆ।
ਹਾਂ ਸੱਚ! ਛੋਟੇ ਹੁੰਦਿਆਂ ਪਾਪਾ ਨੇ ਦੱਸਿਆ ਸੀ
ਜਦੋਂ ਵਹਿੜਕੇ ਨੂੰ ਨਵਾਂ ਨਵਾਂ ਹਾਲੀ ਕੱਢੀਦਾ
ਬੜਾ ਅੜਦਾ, ਬੜਾ ਲੜਦਾ,
ਜਦੋਂ ਇਹਦੇ ਪੰਜਾਲੀ ਪਾ ਦਿਉ ਫ਼ਿਰ ਖੜਦਾ
ਅੱਜ ਪਿਛਾਂਹ ਮੁੜ ਕੇ ਦੇਖਿਆ ਤਾਂ
ਮੈਨੂੰ ਆਪਣਾ ਆਪ ਵੀ ਉਸ ਵਹਿੜਕੇ ਵਰਗਾ ਲੱਗਿਆ
ਬੜਾ ਅੜਿਆ,ਬੜਾ ਲੜਿਆ, ਸਾਰਾ ਕੁਝ ਵਿਉ ਵਰਗਾ ਲੱਗਿਆ
ਪਰ ਹੁਣ ਤੂੰ ਡਰਿਆ ਨਾ ਕਰ
ਬਸ ਤੱਤਾ- ਤੱਤਾ ਕਰਿਆ ਕਰ
ਹੁਣ ਵਹਿੜਕੇ ਵਾਲੀ ਪੰਜਾਲੀ ਮੇਰੇ ਵੀ ਪਾਈ ਆ
ਮੈਂ ਇੱਕ ਨਿੱਕਾ ਜਾ ਪੁੱਤ ਤੇ ਇੱਕ ਧੀ ਜਾਈ ਆ
ਮਾਵਾਂ ਤਾਂ ਆਹਲਣਿਆਂ ਚ’ ਮੱਚ ਜਾਂਦੀਆਂ
ਮਮਤਾ ਦੇ ਜਾਲ ਚ’ ਗੜੱਚ ਜਾਂਦੀਆ
ਜਿਉਣ ਲਈ ਇੰਨਾ ਤਾਂ ਕਾਫ਼ੀ ਹੁੰਦਾ
ਇਹ ਮਿਲਿਆ ਹੱਕ ਇਲਾਹੀ ਹੁੰਦਾ
ਤਨ ਲਈ ਕੱਪੜਾ,ਸਿਰ ਤੇ ਛੱਤ ਤੇ ਢਿੱਡ ਭਰਨ ਲਈ ਖਾਣਾ ਜਰੂਰੀ ਹੁੰਦਾ
ਕੀ ਕਿਹਾ ?
ਰੂਹ ਲਈ ਵੀ ਪਿਆਰ
ਨਾ ਨਾ ਪੁੱਤ
ਇਹ ਨੀ ਜਰੂਰੀ ਹੁੰਦਾ
ਦਿਲ ਨੂੰ ਰੋਜ਼ ਇਹੀ ਸਮਝਾਈਦਾ
ਰਾਤ ਰਾਤ ਭਰ ਗੱਲੀਂ ਲਾਈਦਾ
ਪੁੱਤ ਵੱਡਾ ਹੋ ਗਿਆ ਤੂੰ
ਹੁਣ ਸਿਆਣੇ ਬਣ ਜਾਈਦਾ
ਪਤਾ ਨੀ ਕਿਉਂ ਕਈ ਵਾਰ
ਡਰ ਜਾ ਲੱਗਦਾ ਰਹਿੰਦਾ
ਅੰਦਰ ਕੁਝ ਤਾਂ ਧੁਖਦਾ ਜਾ ਰਹਿੰਦਾ
ਉਮਰਾ ਦਾ ਇੰਨਾ ਪੈਂਡਾ ਲੰਘ ਕਿ ਠੰਡਾ ਹੋ ਗਿਆ ਖੂਨ ਕਹਿੰਦਾ
ਚੱਲ ਕੋਈ ਨਾ ਪੁੱਤ
ਮੁੱਢ ਕਦੀਮ ਤੋਂ ਔਰਤਾਂ ਨਾਲ ਇੰਨਾ ਕੁ ਧੱਕਾ ਤਾਂ ਚੱਲਦਾ ਰਹਿੰਦਾ
ਇੰਨਾ ਕੁ ਧੱਕਾ ਤਾਂ ਚੱਲਦਾ ਰਹਿੰਦਾ।

——————————————————————–

ਆ ਸੱਜਣਾ ਲਾਹੌਰ ਵਿਖਾਵਾਂ

  -ਨੀਲਮਾ ਨਾਹੀਦ ਦੁਰਾਨੀ
ਸੇਵਾ ਮੁਕਤ ਐੱਸ ਐੱਸ ਪੀ ਪਾਕਿਸਤਾਨ

ਆ ਸੱਜਣਾ ਲਾਹੌਰ ਵਿਖਾਵਾਂ,
ਜੁੱਤੀ ਕਸੂਰ ਦੀ, ਕੁੜਤੀ ਲਾਹੌਰ ਦੀ
ਚੁੰਨੀ ਮੁਲਤਾਨ ਤੋਂ ਮੰਗਾਵਾਂ,
ਆ ਸੱਜਣਾ…

ਨਹਾਰੀ ਹਲੀਮ, ਹਰੀਸਾ ਖਾਈਏ,
ਮੱਛੀ, ਚਰਗਾ, ਪਾਵੇ ਖਾਈਏ
ਨਾਲ ਲੱਸੀ ਦੀ ਢਿੱਪ ਚੜ੍ਹਾਈਏ,
ਅੰਬਾਂ ਦਾ ਵੀ ਢੇਰ ਮੰਗਾਵਾਂ
ਆ ਸੱਜਣਾ…

ਸ਼ਾਲਮਾਰ ਵਿਖਾਵਾਂ ਤੈਨੂੰ,
ਸ਼ੀਸ਼ ਮਹਿਲ ਲੈ ਜਾਵਾਂ ਤੈਨੂੰ
ਦਾਤਾ ਸਾਹਿਬ ਵਿਖਾਵਾਂ ਤੈਨੂੰ,
ਸ਼ਾਹੀ ਮਸਜਿਦ, ਕਿਲ੍ਹਾ ਵਿਖਾਵਾਂ
ਆ ਸੱਜਣਾ…

ਡੇਰਾ ਸਾਹਿਬ ਵੀ ਡੇਰਾ ਲਾਈਏ,
ਮਹਾਰਾਜਾ ਦੀ ਮੜ੍ਹੀ ‘ਤੇ ਜਾਈਏ
ਗੁਰੂ ਅਰਜਨ ਦਾ ਲੰਗਰ ਖਾਈਏ,
ਮਹਾਰਾਣੀ ਦਾ ਮਹਿਲ ਵਿਖਾਵਾਂ
ਆ ਸੱਜਣਾ…

ਸ਼ਾਹ ਹੁਸੈਨ ਦੇ ਦਰ ‘ਤੇ ਜਾਈਏ,
ਝੋਲੀ ਭਰ ਮੁਰਾਦਾਂ ਪਾਈਏ
ਉਸ ਦੀ ਕਾਫ਼ੀ ਉਹਨੂੰ ਸੁਣਾਈਏ,
ਬੁੱਲ੍ਹੇ ਵਾਂਗੂ ਯਾਰ ਮਨਾਵਾਂ
ਆ ਸੱਜਣਾ…

ਮੀਆਂ ਮੀਰ ਮਜ਼ਾਰ ‘ਤੇ ਜਾਈਏ,
ਦਾਰਾ ਵਾਂਗੂ ਸੀਸ ਨਿਵਾਈਏ
ਪ੍ਰੇਮ ਪਿਆਰ ਦੇ ਗੀਤ ਸੁਣਾਈਏ,
ਗੁਰੂ ਤੇ ਪੀਰ ਦੀ ਕਥਾ ਸੁਣਾਵਾਂ
ਆ ਸੱਜਣਾ…

——————————————————————–

 ਗੰਦੀ ਸਿਆਸਤ 

✍🏻  -ਮਨਪ੍ਰੀਤ ਸੰਧੂ

ਬਾਬਰ ਨੂੰ ਜਾਬਰ ਕਹਿਣੋ ਨਹੀਂ ਜਕਣਾ
ਬਾਬੇ ਨਾਨਕ ਤੋਂ ਸਾਨੂੰ ਇਹ ਜਾਗ ਲੱਗੀ,
ਚਿੜੀ ਬਾਜ਼ ਦੇ ਖੰਭਾਂ ਨੂੰ ਫਿਰੇ ਫੁੰਡਦੀ
ਸਜਾਇਆ ਖਾਲਸਾ ਐਸੀ ਚਿਣਗ ਮਘੀ।

ਮੁੱਢ ਕਦੀਮੋਂ ਅਸੀਂ ਪੁੱਤ ਬਾਗੀਆਂ ਦੇ
ਗੁਲਾਮੀ ਚ’ ਰਹਿਣੋ ਲੱਗੇ ਮੌਤ ਚੰਗੀ,
ਆਪਾ ਉਜਾੜ ਕਿ ਰੱਖਿਆ ਪੰਥ ਵਸਦਾ
ਉਹਦੇ ਚੇਲੇ ਹਾਂ ਜਿਹਣੇ ਵਾਰੇ ਚਾਰ ਭੁਚੰਗੀ।

ਸਤਿਗੁਰਾਂ ਨਿਵਾਜਿਆ ਨਾਰੀ ਨੂੰ “ਕੌਰ” ਕਹਿ ਕਿ
ਸਿੰਘਾ ਹਟਾਇਆ ਵਿਕਣੋ ਗਜਣੀ ਦੀ ਵਿੱਚ ਮੰਡੀ,
ਕਲਮ ਸਤਿਗੁਰਾਂ ਦੀ, ਦੀ ਰੀਸ ਕੌਣ ਕਰਲਉ
ਬੀਰ ਰਸ ਦੀ ਚਰਮ ਸੀਮਾ, ਜਫਰਨਾਮਾ ਤੇ ਚੰਡੀ।

ਰਿਹਾ ਰੱਤ ਡੁੱਲਦਾ ਮੇਰੇ ਪੁਰਖਿਆਂ ਦਾ
ਮਿੱਟੀ ਇੱਥੋਂ ਦੀ ਤਾਂ ਹੀ ਥੋੜੀ ਲਾਲ ਰੰਗੀ,
ਸਾਡੀਆਂ ਰਗਾਂ ਵਿੱਚ ਉਹੀਉ ਖੂਨ ਦੌੜੇ
ਗੱਡੀ ਚਾੜਿਆ ਡਾਇਰ, ਮੂਹਰੇ ਲਾਏ ਫਿਰੰਗੀ।

ਤਖਤ ਰਹਿਣ ਸਦਾ ਸਾਡੀਆਂ ਠੋਕਰਾਂ ਤੇ,
ਤੁਸੀਂ ਹੁੰਦੇ ਕੌਣ? ਜਿਨ੍ਹਾਂ ਸਾਡੀ ਧਰਤ ਵੰਡੀ।
ਸਾਡੇ ਮੱਕੇ ਚ’ ਲਾਸ਼ਾਂ ਦੇ ਢੇਰ ਲਾਤੇ
ਕਟਾਈ ਸਿੰਘਾਂ ਫੇ ਨਰਕ ਦੀ ਟਿਕਟ ਰੰਡੀ ।

ਮਿਲਣ ਕਾਤਲ ਤੇ ਬਲਾਤਕਾਰੀਆ ਨੂੰ ਪੈਰੋਲਾਂ,
ਸਜ਼ਾਵਾਂ ਪੂਰੀਆਂ ਕਰਕੇ ਵੀ ਸਾਡੇ ਸਿੰਘ ਬੰਦੀ।
ਕਾਨੂੰਨ ਆਪਣੇ ਹਿਸਾਬ ਨਾਲ ਕਰਨ ਮੌਡੀਫਾਈ,
ਵੱਡੇ ਲੋਕਤੰਤਰੀਆ ਲਈ ਇਹ ਗੱਲ ਮੰਦੀ।

ਵੋਟ ਬੈਂਕ ਲਈ ਲਈ ਮਜਹਬਾਂ ‘ ਚ ਪੌਣ ਪਾੜੇ,
ਸਿਆਸਤਦਾਨੋ ਥੋਡੀ ਨਹੀਂ ਇਹ ਗੱਲ ਚੰਗੀ।
ਸਾਡੀ ਨੌਜਵਾਨੀ ਨਸ਼ੇ ਲਾਈ, ਬੋਲੀ ਮੌਤ ਕੰਢੇ,
ਦੱਸੋ ਕਿਹੜੇ ਮੂੰਹ ਨਾਲ ਕਰੀਏ ਥੋਡੇ ਨਾਲ ਸੰਧੀ।

ਖਾ ਗਏ ਲੁੱਟ ਕਿ “ਮਾਣੇ” ਮੇਰਾ ਪੰਜਾਬ ਰੰਗਲਾ,
ਕਿੰਨੇ ਖਾ ਗਈ ਨੌਜਵਾਨ, ਥੋਡੀ ਸਿਆਸਤ ਗੰਦੀ।
ਕਿੰਨੇ ਨਿਗਲ ਗਈ ਨੌਜਵਾਨ, ਥੋਡੀ ਸਿਆਸਤ ਗੰਦੀ,

ਕਿੰਨੇ ਖਾ ਗਈ ਨੌਜਵਾਨ, ਥੋਡੀ ਸਿਆਸਤ ਗੰਦੀ।

——————————————————————–

ਕੇਹੀ ਅਜ਼ਾਦੀ

✍🏻 ਰਜਨੀ

ਮੁੜ ਫੇਰ ਸਾਜਿਸ਼ਾਂ ਘੜ੍ਹ ਰਹੇ ਨੇ
ਇਹ ਇਤਿਹਾਸ ਦੁਬਾਰਾ ਪੜ੍ਹ ਰਹੇ ਨੇ
ਕਿਉਂ ਧਰਮਾਂ ਪਿੱਛੇ ਲੜ ਰਹੇ ਨੇ
ਕਿਉਂ ਮਨੁੱਖਤਾ ਦੇ ਘਰ ਸੜ੍ਹ ਰਹੇ ਨੇ

ਮਾਵਾਂ ਦੇ ਪੁੱਤ ਹਾਏ ਮਰ ਰਹੇ ਨੇ
ਕਿਉਂ ਨਸ਼ਿਆਂ ਦੀ ਸੂਲ਼ੀ ਚੜ੍ਹ ਰਹੇ ਨੇ
ਕੁੱਝ ਦੇਸ਼ ਦੀ ਖ਼ਾਤਰ ਜੂਝ ਗਏ
ਅੱਜ ਹੱਕ ਆਪਣੇ ਲਈ ਲੜ ਰਹੇ ਨੇ

ਸਮੇਂ ਡਿਊਟੀ, ਮਹਿਲਾ ਡਾਕਟਰ ਨਾਲ
ਦੁਸ਼ਕਰਮ ਇਹ ਜੀ ਕਰ ਰਹੇ ਨੇ
ਕਿਉਂ ਜ਼ਮੀਰ ਇਹਨਾਂ ਦੇ ਮਰ ਰਹੇ ਨੇ
ਇਨਸਾਨੀਅਤ ਨੂੰ ਹੀ ਹਰ ਰਹੇ ਨੇ

ਜੰਗ-ਏ-ਅਜ਼ਾਦੀ ਲਈ ਦੇ ਗਏ ਜੋ ਕੁਰਬਾਨੀਆਂ
ਉਹਨਾਂ ਦੇ ਦੱਸੇ ਰਾਹ ਤੋਂ ਖੁੰਝ ਰਹੇ ਨੇ
ਪਰ ਫੇਰ ਵੀ ਪਤਾ ਨਹੀਂ ਕਿਉਂ ਇਹ ਅੱਜ ਵੀ
ਅਜ਼ਾਦੀ ਤਮਾਸ਼ਾ ਕਰ ਰਹੇ ਨੇ

ਅਜ਼ਾਦੀ ਤਮਾਸ਼ਾ ਕਰ ਰਹੇ ਨੇ…

 

——————————————————————–

 ਅਧਿਆਪਕ ਦਿਵਸ ਤੇ ਵਿਸ਼ੇਸ ਗੀਤ

ਅਧਿਆਪਕ ਸਾਹਿਬਾਨ

ਕਿਸਮਤ ਨੂੰ ਚਮਕਾਉਣ ਵਾਲੇ
ਸੁਪਨੇ ਸੱਚ ਕਰਾਉਣ ਵਾਲੇ
ਚੰਗਾ ਮਾੜਾ ਸਮਝਾਉਣ ਵਾਲੇ
ਧਰਤੀ ਦੇ ਭਗਵਾਨ ਜੀ
ਸਤਿਕਾਰਯੋਗ ਨੇ ਅਧਿਆਪਕ ਸਾਹਿਬਾਨ ਜੀ।

ਗੁੰਗਿਆਂ ਨੂੰ ਜੋ ਬੋਲਣ ਲਾਉਂਦੇ
ਅੰਨਿਆਂ ਨੂੰ ਵੀ ਜੱਗ ਦਿਖਾਉਂਦੇ
ਜ਼ਿੰਦਗੀ ਜੀਵਨ ਯੋਗ ਬਣਾਉਂਦੇ
ਕਰਦੇ ਕੰਮ ਮਹਾਨ ਜੀ
ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ।

ਜਿਹੜਾ ਇਹਨਾਂ ਦੇ ਲੜ ਲੱਗ ਜਾਵੇ
ਉਹਦੀ ਸਮਝੋ ਜੜ੍ਹ ਲੱਗ ਜਾਵੇ
ਉੱਡਣ ਨੂੰ ਵੀ ਪਰ ਲੱਗ ਜਾਵੇ
ਛੋਟਾ ਲੱਗੇ ਅਸਮਾਨ ਜੀ
ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ।

ਸੂਰਜ ਵਰਗਾ ਉੱਚਾ ਰੁਤਬਾ
ਇਨਾਂ ਉੱਪਰ ਪੂਰਾ ਢੁੱਕਦਾ
ਵੰਡਣ ਤੇ ਵੀ ਕਦੇ ਨਾ ਮੁੱਕਦਾ
ਇਹਨੇ ਰੱਖਦੇ ਗਿਆਨ ਜੀ
ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ।

ਅੱਜ ਦੇ ਦਿਨ ਵਿਸ਼ੇਸ਼ ਉੱਤੇ
ਧਰਤੀ ਦੇ ਹਰ ਦੇਸ਼ ਉੱਤੇ
ਅਧਿਆਪਕ ਲਿਖਕੇ ਕੇਕੇ ਉੱਤੇ
ਪੂਰਾ ਕਰੋ ਸਨਮਾਨ ਜੀ
ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀ।

-ਲੈਕਚਰਾਰ ਵੰਦਨਾ ਸ਼ਰਮਾਂ
ਸ:ਸ:ਸ:ਸ:ਸ ਬਡਾਲੀ ਆਲਾ ਸਿੰਘ
ਫਤਿਗੜ੍ਹ ਸਹਿਬ

E-mai: vandanapardeep1971@gmail.com

——————————————————————–

ਮੋਹ ਮਮਤਾ ਵਿੱਚ ਭਿੱਜੇ ਕਲਮ ਦੇ ਅੱਖਰ 

ਮਾਂ ਤੂੰ ਕਿੰਨੀ ਔਖੀ ਰਹਿਨੀ ਆ ਨਾ
ਕਿੰਨਾ ਕੁਝ ਝੱਲਿਆ ਤੂੰ ਜਦ ਵੀਰੇ ਨੇ ਹੋਣਾ ਸੀ
ਪਹਿਲਾਂ ਦੋ ਵਾਰ ਧੀਆਂ ਵਾਰ ਨੂੰ ਢਿੱਡ ਪੜ੍ਹਵਾਇਆ ਸੀ
ਦਾਦੀ ਅਕਸਰ ਬੋਲਦੀ ਰਹਿੰਦੀ ਸੀ
ਹੁਣ ਤਾਂ ਪੋਤੇ ਦਾ ਮੂੰਹ ਦਿਖਾ ਦੇ
ਹੁਣ ਤੀਜਾ ਬੱਚਾ ਵੀ ਵੱਡੇ ਆਪਰੇਸ਼ਨ ਨਾਲ ਹੀ ਹੋਣਾ ਸੀ
ਡਾਕਟਰਾਂ ਦੀ ਹਦਾਇਤ ਸੀ ਮਾਂ ਦੀ ਜਾਨ ਨੂੰ ਖਤਰਾ ਆ
ਮਾਂ ਦੇ ਦਰਦਾਂ ਹੋਈਆਂ ਪਿਉ ਹਸਪਤਾਲ ਲੈ ਗਿਆ
ਕੁੜੀਆਂ ਨੂੰ ਨਾਨੀ ਕੋਲ ਛੱਡ ਦਿੱਤਾ
ਨਾਨੀ ਅਰਦਾਸਾਂ ਕਰ ਰਹੀ ਸੀ
ਧੀ ਦਾ ਘਰ ਵਸ ਜਾਵੇ
ਨਾਨੀ ਨੇ ਸਾਨੂੰ ਬੁੱਕਲ ਵਿੱਚ ਲੈ ਆਖਿਆ
ਰੋ ਨਾ ਧੀਏ
ਤੇਰੀ ਮੰਮੀ ਵੀਰਾ ਲੈਣ ਗਈ ਆ
ਤਕਰੀਬਨ 4 ਕੁ ਘੰਟਿਆਂ ਬਾਅਦ ਫੋਨ ਆਉਂਦਾ
ਪਿਉ ਨੇ ਖੁਸ਼ ਹੁੰਦੇ ਨੇ ਆਖਿਆ
ਮੇਰਾ ਮੁੰਡਾ ਆ ਗਿਆ
ਮੇਰਾ ਪੁੱਤ ਆ ਗਿਆ
ਮਾਂ ਦੀ ਦਰਦ ਨਾਲ ਤੜਫ਼ਦੀ ਦੀ ਆਵਾਜ਼ ਫੋਨ ਵਿੱਚੋਂ ਆ ਰਹੀ ਸੀ
ਪਰ ਮਾਂ ਜਦ ਘਰ ਆਈ ਤਾਂ ਬਹੁਤ ਖੁਸ਼ ਸੀ
ਕਿ ਧੀਆਂ ਦਾ ਸਿਰ ਢੱਕਿਆ ਗਿਆ
ਉਹਨਾਂ ਦਾ ਵੀਰ ਆ ਗਿਆ
ਅੱਜ ਵੀਰਾਂ 18 ਸਾਲਾਂ ਦਾ ਹੋ ਗਿਆ
ਮਾਂ ਦੇ ਆਪਰੇਸ਼ਨ ਦਾ ਦਰਦ ਅੱਜ ਵੀ ਹੁੰਦਾ
ਪਰ ਵੀਰੇ ਦੀ ਸਕੂਨ ਵਾਲੀ ਗਲਵੱਕੜੀ ਵਿੱਚ ਆ ਉਹ ਸਾਰਾ ਦਰਦ ਭੁੱਲ ਜਾਂਦੀ ਆ
ਮਾਂ ਸੱਚੀ ਤੂੰ ਕਿੰਨੀ ਮਹਾਨ ਆ ਨਾ

  • ਮੀਤ ਜਗਮੀਤ

——————————————————————–

ਤੈਨੂੰ ਲੱਗਿਆ ?

ਤੈਨੂੰ ਲੱਗਿਆ “ਮਾਰ” ਦਏਗਾ
ਜਾਂ ਫਿਰ ਮੈਨੂੰ “ਖਾਰ” ਦਏਗਾ
ਇਕ ਇਕ ਕਰਕੇ ਸਾਰੇ ਸੁਪਨੇ
ਅੱਗ ‘ਚ ਪਾ ਕੇ “ਸਾੜ” ਦਏਗਾ
ਨਾ ਮੈਂ ਮਰੀ, ਨਾ ਹੀ ਮੈਂ ਖਰੀ
ਨਾ ਹੀ ਅੱਗ ਵਿੱਚ ਪੈ ਕੇ ਸੜੀ
ਤੋੜ ਕੇ ਤੇਰੇ ਪਿਆਰ ਦੀ “ਕੜੀ”
ਹੁਣ ਮੈਂ ਥੋੜਾ ਬਦਲ ਰਹੀ ਆਂ
ਤੇਰੇ ਗਮ ਵਿਚ ਮਰੀ ਪਈ ਸੀ
ਹੁਣ ਮੈਂ ਸੱਚੀ “ਸੰਭਲ” ਰਹੀ ਆ ।

ਇਕ ਇਕ ਕਰ ਤੇਰੇ ਵਾਅਦੇ ਤਾਰੇ
ਲਾਰੇ, ਕਸਮਾ ਤੇ ਝੂਠ ਸਹਾਰੇ
ਗਮ ਵਿੱਚ ਮੇਰੇ ਨਾਲ ਨਹੀਂ ਸੀ
ਉਹ ਸਭ ਝੂਠੇ ਰਿਸ਼ਤੇ ਮਾਰੇ
ਬਾਕੀ ਜਿੰਦਗੀ ਹੁਣ ਖੁਦ ਲਈ ਜਿਉਣੀ
ਤਾਂ ਹੀ ਥੋੜਾ ਕਰ ਹੰਭਲ ਰਹੀ ਆ
ਤੇਰੇ ਗਮ ਵਿਚ ਮਰੀ ਪਈ ਸੀ
ਹੁਣ ਮੈਂ ਸੱਚੀ “ਸੰਭਲ” ਰਹੀ ਆ
ਹੁਣ ਮੈਂ ਸੱਚੀ “ਸੰਭਲ” ਰਹੀ ਆ।

  • ਗਗਨਦੀਪ ਨਾਰੀਕੇ

——————————————————————–

ਭਾਈ ਸਰਬਜੀਤ ਸਿੰਘ ਖਾਲਸਾ ਦੀ ਰੈਲੀ

ਭਾਈ ਖਾਲਸਾ ਜੀ ਦੀ ਰੈਲੀ ਬੜੀ ਧੱਕ ਪਾ ਗਈ
ਰਾਜਨੀਤੀ ਵਿੱਚ ਹਲਚਲ ਮਚਾ ਗਈ

ਨਾ ਕੋਈ ਬਾਡੀਗਾਰਡ ਤੁਰੇ ਕੱਲੇ ਖਾਲਸੇ
ਨਗਰੀ ਫਰੀਦ ਦੀ ਨੂੰ ਚੱਲੇ ਖਾਲਸੇ

ਸੱਤ ਕਿਲੋਮੀਟਰ ਦੀ ਲੰਮੀ ਡਾਰ ਜੀ
ਵਿਰੋਧੀਆਂ ਦੇ ਸੀਨੇ ਹੋਗੀ ਆਰ ਪਾਰ ਜੀ

ਕੇਸਰੀ ਨਿਸ਼ਾਨ ਉੱਡੂੰ ਉੱਡੂੰ ਕਰਦੇ
ਆਉਣ ਵਾਲੇ ਸਮੇਂ ਦੀ ਸੀ ਹਾਮੀਂ ਭਰਦੇ

ਭਾਈ ਸਰਬਜੀਤ ਸਿੰਘ ਖਾਲਸਾ ਦਲੇਰ ਜੀ
ਲਗਦਾ ਏ ਬਦਲੂ ਸਮੇਂ ਦਾ ਗੇੜ ਜੀ

ਜਾਗੀ ਏ ਜ਼ਮੀਰ ਬੜੀ ਚਿਰਾਂ ਬਾਅਦ ਜੀ
“ਸਰਬ” ਲੱਗੇ ਛੇਤੀ ਆਊ ਖਾਲਸੇ ਦਾ ਰਾਜ ਜੀ

ਜਾਗਦੀ ਜ਼ਮੀਰ ਵਾਲੇ ਨਾਲ ਖੜ ਗਏ
ਕੌਮ ਜਰਨੈਲਾਂ ਦੀ ਦੀ ਹਾਮੀ ਭਰ ਗਏ

ਅਣਖੀ ਖਾਨਦਾਨ ਬਿਮਲ ਮਾਂ ਦਲੇਰਨੀ
ਸੀ ਕੌਮ ਖ਼ਾਤਰ ਗਰਜੀ ਵਿੱਚ ਦਰਬਾਰੇ ਸ਼ੇਰਨੀ

ਭਾਈ ਅੰਮ੍ਰਿਤਪਾਲ ਕੌਮ ਦੀ ਜੋ ਜਾਨ ਜੀ
ਜਿਉਂਦਾ ਹੈ ਸ਼ਹੀਦ ਸਿੱਖੀ ਦੀ ਏ ਸ਼ਾਨ ਜੀ

ਖੰਡੂਰ ਸਾਹਿਬ ਵਿੱਚ ਭਾਈ ਭਾਈ ਹੋ ਗਈ
ਜਨਤਾ ਇਹ ਸਾਰੀ ਨਾਲ ਹੈ ਖਲੋ ਗਈ

ਆਪੋ ਧਾਪੀ ਲੋਕ ਕਹਿੰਦੇ ਜਾਨ ਵਾਰਨੀ
ਬਟਨ ਦਬਾ ਕੇ ਕਰਜ਼ ਉਤਾਰਨੀ

ਭਾਈ ਖਾਲਸਾ ਜੀ ਦੀ ਰੈਲੀ ਬੜੀ ਧੱਕ ਪਾ ਗਈ
ਰਾਜਨੀਤੀ ਵਿੱਚ ਹਲਚਲ ਮਚਾ ਗਈ

ਨਾ ਕੋਈ ਬਾਡੀਗਾਰਡ ਤੁਰੇ ਕੱਲੇ ਖਾਲਸੇ
ਨਗਰੀ ਫਰੀਦ ਦੀ ਨੂੰ ਚੱਲੇ ਖਾਲਸੇ

ਸੱਤ ਕਿਲੋਮੀਟਰ ਦੀ ਲੰਮੀ ਡਾਰ ਜੀ
ਵਿਰੋਧੀਆਂ ਦੇ ਸੀਨੇ ਹੋਗੀ ਆਰ ਪਾਰ ਜੀ

ਕੇਸਰੀ ਨਿਸ਼ਾਨ ਉੱਡੂੰ ਉੱਡੂੰ ਕਰਦੇ
ਆਉਣ ਵਾਲੇ ਸਮੇਂ ਦੀ ਸੀ ਹਾਮੀਂ ਭਰਦੇ

ਭਾਈ ਸਰਬਜੀਤ ਸਿੰਘ ਖਾਲਸਾ ਦਲੇਰ ਜੀ
ਲਗਦਾ ਏ ਬਦਲੂ ਸਮੇਂ ਦਾ ਗੇੜ ਜੀ

ਜਾਗੀ ਏ ਜ਼ਮੀਰ ਬੜੀ ਚਿਰਾਂ ਬਾਅਦ ਜੀ
“ਸਰਬ” ਲੱਗੇ ਛੇਤੀ ਆਊ ਖਾਲਸੇ ਦਾ ਰਾਜ ਜੀ

ਜਾਗਦੀ ਜ਼ਮੀਰ ਵਾਲੇ ਨਾਲ ਖੜ ਗਏ
ਕੌਮ ਜਰਨੈਲਾਂ ਦੀ ਦੀ ਹਾਮੀ ਭਰ ਗਏ

ਅਣਖੀ ਖਾਨਦਾਨ ਬਿਮਲ ਮਾਂ ਦਲੇਰਨੀ
ਸੀ ਕੌਮ ਖ਼ਾਤਰ ਗਰਜੀ ਵਿੱਚ ਦਰਬਾਰੇ ਸ਼ੇਰਨੀ

ਭਾਈ ਅੰਮ੍ਰਿਤਪਾਲ ਕੌਮ ਦੀ ਜੋ ਜਾਨ ਜੀ
ਜਿਉਂਦਾ ਹੈ ਸ਼ਹੀਦ ਸਿੱਖੀ ਦੀ ਏ ਸ਼ਾਨ ਜੀ

ਖੰਡੂਰ ਸਾਹਿਬ ਵਿੱਚ ਭਾਈ ਭਾਈ ਹੋ ਗਈ
ਜਨਤਾ ਇਹ ਸਾਰੀ ਨਾਲ ਹੈ ਖਲੋ ਗਈ

ਆਪੋ ਧਾਪੀ ਲੋਕ ਕਹਿੰਦੇ ਜਾਨ ਵਾਰਨੀ
ਬਟਨ ਦਬਾ ਕੇ ਕਰਜ਼ ਉਤਾਰਨੀ

– ਡਾਕਟਰ ਸਰਬਜੀਤ ਕੌਰ ਬਰਾੜ 
79866-52927

——————————————————————–

ਸ਼ੰਬੂ ਬਾਡਰ ਤੋਂ

ਕਿਸਾਨ ਆਖਦੇ ਨੇ
ਭਾਰਤ ਸਾਡਾ ਦੇਸ਼ ਹੈ
ਅਸੀ ਭਾਰਤੀ ਹਾਂ
ਆਪਣੀਆਂ ਹੱਕੀ ਮੰਗਾਂ ਲਈ
ਦਿੱਲੀ ਜਾਣਾ ਹੈ
ਹੱਕਾਂ ਲਈ
ਸਬਰ ਸ਼ਾਂਤੀ ਨਾਲ ਲੜਨਾ ਵੀ
ਸਾਡਾ ਹੱਕ ਹੈ ਤੇ
ਉਹ ਸਮਝਦੇ ਨੇ ਜਿਵੇਂ
ਅਸੀਂ
ਕਿਸੇ ਹੋਰ ਦੇਸ਼ ਦੇ ਹੋਈਏ
ਇੰਝ ਤਾਂ ਕੋਈ
ਦੁਸ਼ਮਣ ਵੀ ਨਹੀਂ ਕਰਦਾ
ਜਿਵੇਂ ਉਹ ਕਰਦੇ ਹਨ
ਇਹਨਾਂ ਦੇਸ਼ ਦੇ ਅੰਨ ਦਾਤਿਆਂ
ਕਿਸਾਨਾਂ ਨਾਲ
ਉਹਨਾ ਦਾ ਉਗਾਇਆ ਹੀ
ਖਾ ਖਾ ਕੇ ।

– ਰਾਜਵਿੰਦਰ ਰੌਂਤਾ

Mob. 98764-86187

——————————————————————–

ਹੱਕਾਂ ਲਈ

ਅੱਤ ਤੇ ਸਬਰ ਦੀ
ਹੱਦ ਹੁੰਦੀ ਹੈ
ਐ ਰਾਜੇ
ਐਨਾ ਜ਼ਬਰ ਨਾ ਕਰ ਕਿ
ਸਾਡਾ ਸਬਰ ਹੀ
ਮੁੱਕ ਜਾਵੇ
ਫਿਰ ਅਸੀ
ਜ਼ਿੰਮੇਵਾਰ ਨਹੀਂ ਹੋਵਾਂਗੇ।

ਇਸ ਧਰਤੀ ਚੋਂ
ਅਨਾਜ਼ ਕੱਢਣ ਵਾਲੀ
ਜ਼ਮੀਨ ਚੋਂ ਉਪਜੀ
ਇਹ ਕੌਮ
ਆਪਣੀ ਜ਼ਮੀਨ ਲਈ
ਮਰ ਮਿਟ ਵੀ ਸਕਦੀ ਹੈ ।

ਡਰੋਨਾਂ ਨਾ ਪਤੰਗ
ਹੱਥਾਂ ਨਾ ਅੱਥਰੂ ਗੋਲੇ ਤੇ
ਫਰਾਟੇ ਪੱਖਿਆਂ ਨਾਲ
ਧੂਏਂ ਦਾ ਰੁਖ਼ ਮੋੜਨ ਵਾਲੇ

ਗੋਲੀਆਂ ਤੇ ਲਾਠੀਆਂ ਦੀ
ਧਾੜ ਮੂਹਰੇ
ਨੰਗੀ ਧੜ੍ਹ ਲੜ੍ਹਨ ਵਾਲੇ
ਲਹੂ ਲੁਹਾਣ ਹੋ ਰਹੇ
ਜੁਗਾੜੀ ਜੱਟਾਂ ਦੇ ਹੱਥਾਂ ‘ ਚ
ਰਵਾਇਤੀ ਝੰਡੇ ਤੇ ਡੰਡੇ ਹੀ
ਰਹਿਣ ਦਿਓ

ਜਾਗਦੀਆਂ ਜ਼ਮੀਰਾਂ
ਨਲਵੇ ਸਰਾਭੇ ਤੇ
ਬੰਦੇ ਬਹਾਦਰ ਦੇ ਵਾਰਿਸਾਂ ਨੂੰ
ਹੋਰ ਨਾ ਸਤਾਓ

ਅੰਨਦਾਤੇ ਹੀ ਰਹਿਣ ਦਿਓ
ਇਹ ਘਰਾਂ ਤੋਂ ਤੁਰ ਪਏ ਨੇ
ਸਿਰਾਂ ਤੇ ਕੱਫਣ ਬੰਨ ਕੇ
ਹੱਕ ਲੈਕੇ ਹੀ
ਮੁੜਨਗੇ।।।

– ਰਾਜਵਿੰਦਰ ਰੌਂਤਾ

Mob. 98764-86187

——————————————————————–

ਪੰਛੀ ਤੇ ਕਿਸਾਨ ਪ੍ਰੇਸ਼ਾਨ ਨੇ    

ਪੰਛੀ ਤੇ ਕਿਸਾਨ ਪ੍ਰੇਸ਼ਾਨ ਨੇ
ਸ਼ਹਿਰ ਦੇ ਹਰ ਗਲੀ ਮੁਹੱਲੇ
ਚਾਈਨਾ ਡੋਰ ਪਰਿੰਦਿਆਂ ਨੂੰ
ਜ਼ਖਮੀ ਕਰ ਰਹੀ ਹੈਂ
ਤੇ ਦਿੱਲੀ ਆਲਾ ਹਾਈਵੇ
ਕਿਸਾਨਾਂ ਨੂੰ ਲਹੂਲੁਹਾਣ ਕਰ ਰਿਹਾ
ਪੰਛੀ ਤੇ ਕਿਸਾਨ ਪ੍ਰੇਸ਼ਾਨ ਨੇ
ਗਲੀਆਂ ਚ ਡਿਗਿਆ ਪੰਛੀਆਂ ਦਾ ਖੂਨ
ਤੇ ਖਿਲਰੇ ਖੰਬ
ਖਨੌਰੀ/ ਸ਼ੰਭੂ ਤੇ ਡੁਲਿਆ ਕਿਸਾਨਾਂ ਦਾ ਖੂਨ
ਦੁਹਾਈ ਪਾ ਪੁੱਛ ਰਹੇ ਨੇ
“ਕਸੂਰ ਤਾਂ ਦੱਸਦੋ ਅਸਾਡਾ ”
ਪੰਛੀ ਤੇ ਕਿਸਾਨ ਪ੍ਰੇਸ਼ਾਨ ਨੇ
ਪੰਛੀ ਪੁੱਛ ਰਹੇ ਨੇ..
ਇਹ ਅਸਮਾਨ ਤਾ ਸਾਡਾ ਵੀ ਹੈਂ
ਛੱਡ ਦਿਓ ਸਾਡੇ ਹਿੱਸੇ ਦਾ ਅਸਮਾਨ
ਕਿਸਾਨ ਵੀ ਪੁਛ ਰਹੇ ਨੇ
ਇਹ ਦੇਸ਼ ਸਾਡਾ ਵੀ ਹੈਂ
ਤਾਂ ਸਾਡਾ ਲਗਦਾ ਕਿਉਂ ਨਹੀਂ
ਪੰਛੀ ਤੇ ਕਿਸਾਨ ਪ੍ਰੇਸ਼ਾਨ ਨੇ

-ਦੀਪਕ ਭੱਲਾ

  • ——————————————————————–

ਪੋਹ ਦੇ ਮਹੀਨੇ ਦੀ ਦਾਸਤਾਨ    

ਪੋਹ ਦੇ ਮਹੀਨੇ ਦੀ ਦਾਸਤਾਨ, ਕਿਵੇਂ ਲਿਖਾਂ,

ਲਿਖਣ ਲੱਗਿਆਂ ਮਨ ਕੁਰਲਾ ਉੱਠਿਆ ਏ।

ਮਾਛੀਵਾੜੇ ਦੇ ਜੰਗਲਾਂ ਦਾ ਬਿਆਂ ਕਿਵੇਂ ਕਹਾਂ,

ਟਿੰਡ ਦਾ ਸਰਾਹਣਾ, ਪਾਟੇ ਕੱਪੜੇ, ਜਿਥੇ ਮਾਹੀ ਰੁਕਿਆ ਏ।

ਮਾਂ ਗੁਜਰੀ ਤੇ ਬੱਚਿਆਂ ਨੂੰ ਠੰਡੇ ਬੁਰਜ ਚ, ਸੁਲਾਇਆ,

ਚੰਦਰੀ ਹਵਾ ਦਾ ਬੁੱਲਾ ਵੀ ਨਾ ਮੁਕਿਆ ਏ।

ਮਾਣ ਲੈ ਲਿਆ ਮੋਤੀ ਲਾਲ ਜੀ ਨੇ ਦੁੱਧ ਪਿਆ,

ਉਹਦਾ ਸਤਿਕਾਰ ‘ਪਰਮਿਲ’  ਕਹਿੰਦਾ ਨਾ ਸਾਥੋਂ ਜਾਂਦਾ ਚੁੱਕਿਆ ਏ।

– ਗੀਤਕਾਰ ਜਗਤਾਰ ਸਿੰਘ ਪਰਮਿਲ

——————————————————————–

ਬੱਚਿਆਂ ਦੇ ਨਾਮ

ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ    

ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ ।
ਭੁੱਲਿਓ ਨਾ ਮੇਰੀ ਗੱਲ ਬੱਚਿਓ ਪਿਆਰਿਓ।

ਛੁੱਟੀਆਂ ਚ ਦਿੱਤਾ ਹੋਇਆ ਕੰਮ ਵੀ ਮੁਕਾਉਣਾ
ਮਾਪਿਆਂ ਦੇ ਨਾਲ ਤੁਸੀ ਹੱਥ ਵੀ ਵਟਾਉਣਾ
ਫੋਨ ਉੱਤੇ ਸਾਰਾ ਦਿਨ ਉਂਗਲਾਂ ਨਾ ਮਾਰਿਉ ,
ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ।

ਮਾਪਿਆਂ ਦੇ ਨਾਲ ਸਰਹੰਦ ਜਾਕੇ ਆਇਓ,
ਸ਼ਹੀਦਾਂ ਦੀ ਗਾਥਾ ਨੂੰ ਮਨ ‘ਚ ਵਸਾਇਓ !

ਸਾਡਾ ਵਿਰਸਾ ਅਮੀਰ ਸਿੱਖੀ ਸੇਵਾ ਨਾ ਵਿਸਾਰਿਓ,
ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ ।

ਕਰਿਓ ਦੱਬ ਕੇ ਪੜ੍ਹਾਈ ਫੇਰ ਬਣੋਗੇ ਮਹਾਨ,
ਕਰਨੀ ਹੈ ਉੱਚੀ ‘ ਗਗਨ’ ਦੇਸ਼ ਵਾਲੀ ਸ਼ਾਨ
ਬਣ ਅਫ਼ਸਰ ਵੱਡੇ ਸੀਨਾ ਮਾਪਿਆਂ ਦਾ ਠਾਰਿਓ,
ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ ।

ਨਸ਼ਿਆਂ ਦੇ ਕੋਹੜ ਕੋਲੋਂ ਕੋਹਾਂ ਦੂਰ ਰਹਿਣਾ,
‘ਰੌਂਤੇ’ ਵਾਲੇ ਸਰ ਦਾ ਏ ਵਾਰ ਵਾਰ ਕਹਿਣਾ
ਰੱਖ ਸੋਚ ਵਿਗਿਆਨ ਪਖੰਡੀਆਂ ਨੂੰ ਚਾਰਿਓ,

ਅਧਿਆਪਕਾਂ ਤੇ ਮਾਪਿਆਂ ਦੇ ਲਾਡਲੇ ਦੁਲਾਰਿਓ
ਭੁੱਲਿਓ ਨਾ ਮੇਰੀ ਗੱਲ ਬੱਚਿਓ ਪਿਆਰਿਓ

  • ਗਗਨਦੀਪ ਸਿੰਘ ਰੌਂਤਾ
    ਸਾਇੰਸ ਮਾਸਟਰ ਸ.ਸ.ਸ.ਸ ਸੇਖੇਵਾਲ (ਲੁਧਿਆਣਾ)

——————————————————————–

ਸਾਹਿਬਜ਼ਾਦਿਆਂ ਦੀ ਸ਼ਹਾਦਤ    

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ,
ਕੌਣ ਸਕਦਾ ਏ ਭੁੱਲ।
ਸਰਹੰਦ ਦੀ ਇੱਟ ਨਾਲ ਇੱਟ ਖੜਕਾਕੇ,
ਬੰਦਾ ਸਿੰਘ ਬਹਾਦਰ ਨੇ ਮੋੜਿਆ ਮੁੱਲ।

ਬੜੀ ਮਜਬੂਰ ਕੀਤੀ ਸਿੱਖੀ ਦੀ ਨੀਂਹ,
ਸ਼ਹੀਦਾਂ ਨੇ ਦੇਕੇ ਕੁਰਬਾਨੀਆਂ।
ਖਾਲਸੇ ਨੇ ਇਜ਼ਤਾਂ ਬਚਾਈਆਂ,
ਜੋ ਹੋਰ ਧਰਮ ਦੀ ਸੀ ਬੇਗਾਨੀਆਂ।

ਤੇਰ ਮੇਰ ਨਹੀਂ ਕੀਤੀ ਕਿਸੇ ਨਾਲ,
ਸਭ ਨੂੰ ਸੰਦੇਸ਼ਾ ਪਿਆਰ ਦਾ ਪੁਹੰਚਾਇਆ।
ਜੋ ਖਾਲਸੇ ਨਾਲ ਅੜਿਆ ਸੋ ਉਹ ਝੜਿਆ,
ਖਾਲਸੇ ਨੇ ਝੰਡਾਂ ਸੰਸਾਰ ਵਿੱਚ ਲਾਇਆ।

ਬੂਟੇ ਲੱਲ੍ਹਿਆ ਵਾਲੇ ਐਵੇਂ ਮਿਲੀ ਨਹੀਂ ਸਿੱਖੀ,
ਸਾਰਾ ਸਰਬੰਸ ਗੁਰਾਂ ਕੌਂਮ ਲੇਖੇ ਲਾਇਆ।
ਉਸਨੂੰ ਨੂੰ ਬਖਸ਼ ਦਿੱਤਾ ਗੁਰਾਂ ਨੇ,
ਜਿਹੜਾ ਖਾਲਸੇ ਦੀ ਸ਼ਰਨ ਵਿੱਚ ਆਇਆ।

ਬੂਟਾ ਸਿੰਘ ਵਿਲਾਸਰਾ

ਪਿੰਡ ਲੱਲ੍ਹੇ, ਜ਼ਿਲ੍ਹਾ ਫਿਰੋਜ਼ਪੁਰ  Mob. 8427670217

——————————————————————–

         ਮੇਰੀ ਮਾਂ

ਮਾਂ ਦਾ ਦਿਨ , ਕਹਿ ਰਹੇ ਨੇ ਸਾਰੇ,
ਮੈਨੂੰ ਤਾ ਏ ਸਮਝ ਨਾ ਆਵੇ,
ਕਿਉਂ ਆਖੀ ਜਾਵਣ ਨਿਆਣੇ ਤੇ
ਵਿੱਚੇ ਹੀ ਸਿਆਣੇ ।

ਕਿਉਂ ਜੋ, ਜਦੋ ਹੀ ਬੀਜ ਕੁੱਖੇ ਸੀ ਪਿਆ ,
ਉਦੋ ਤੋ ਹਰ ਦਿਨ ਮਾਂ ਦਾ ਹੀ ਤਾਂ ਰਿਹਾ ,
ਫਿਰ ਕਿਵੇਂ ਕੋਈ ਦਿਨ ਮਾਂ ਬਿਨ ਵਿਚਰਿਆਂ ।

ਜ਼ਿੰਦਗੀ ਵਿੱਚ ਜੇ ਬੇਸ਼ਕੀਮਤੀ ਕੁੱਝ ਹੈ ,
ਤਾਂ ਉਹ ਹੈ ਤੁਹਾਡੀ ਮਾਂ ਤੇ ਉਸਦੀ ਮਮਤਾ ਹੈ।

ਮਾਂ ਦੀ ਬੁੱਕਲ ਵਿੱਚ ਨਿੱਘ ਦੇ ਨਾਲ ਨਾਲ
ਸੰਸਾਰ ਦੀਆਂ ਕੁੱਲ ਖੁਸ਼ੀਆ ਮਹਿਫ਼ੂਜ ਹੁੰਦੀਆ ਨੇ।

ਜ਼ੰਨਤ ਮਾਂ ਦੀਆਂ ਲੋਰੀਆਂ , ਮਾਂ ਦੀਆਂ ਲਾਡਾਂ ਤੇ ,
ਮਾਂ ਦੀਆਂ ਮਿੱਠੀਆਂ ਝਿੜੱਕਾਂ ਹੀ ਹੁੰਦੀਆਂ ਨੇ।

ਮਾਂ ਬਗੈਰ ਕਾਇਨਾਤ ਹੀ ਅਧੂਰੀ ਹੈ,
ਮਾਂ ਕੁਦਰਤ ਦੀ ਉਹ ਸੌਗਾਤ
ਜਿਸ ਵਿੱਚ ਵੱਸੇ ਕੁੱਲ ਸੰਸਾਰ ।

ਕੁੱਖ ਤੋ ਚਿੱਖਾ ਤੱਕ ਯਾਦ ਰਹਿੰਦੀ ਹੈ ਮਾਂ ,
ਹਰ ਦਿੱਨ ਮਾਂ ਦਾ ਦਿੱਨ।
ਬੜੀ ਸੌਹਣੀ ਹੈ, ਬੜੀ ਪਿਆਰੀ ਹੈ
ਮੇਰੀ ਮਾਂ ।
ਮਾਂ ਤੈਨੂੰ ਸਲਾਮ ।।।

– ਮਨਿੰਦਰ ਸੰਧੂ !  Mob. 99155-44942

——————————————————————–

ਵਿਸਾਖੀ

ਇਸ ਵਾਰ ਵਿਸਾਖੀ ‘ਤੇ
ਬਿੱਲੂ ਬਾਜ਼ੀਗਰ
ਢੋਲ ਨਹੀਂ ਬਜਾਵੇਗਾ
ਉਸ ਨੇ
ਮਿੰਦੋ ਦੇ ਹੱਥ ਚੋਂ ਫੜ ਲਿਆ ਸੀ
ਢੋਲ ਦਾ ਛਾੜ ਤੇ
ਜਵਾਨੀ ਵੇਲੇ ਦਾ ਇਕੋ
ਕੁੜਤਾ ਚਾਦਰਾ
ਰਹਿਣ ਦੇ ਧੋਣ ਨੂੰ
ਮੈਂ ਕਿਹੜੇ ਮੂੰਹ ਨਾਲ ਜਾਵਾਂਗਾ ਮੇਲੇ ਵਜਾਵਾਂਗਾ ਢੋਲ
ਤੇ ਗਾਵਾਂਗਾ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਨਹੀਂ ਨਹੀਂ
ਉਹਦੇ ‘ ਤੇ ਤਾਂ
ਕੁਦਰਤ ਵੀ ਕਰੋਪ ਹੋ ਗਈ
ਉਹਦੀ ਕੱਲੇ ‘ ਤੇ ਹੀ ਨਹੀਂ
ਆਪਣੇ ਸਾਰਿਆਂ
ਕੰਮੀਆਂ, ਲਾਗੀਆਂ, ਕਿਰਤੀਆਂ ਤੇ
ਆਪਾਂ ਕਿਹੜਾ
ਕੋਠੇ ਤੇ ਉਗਾ ਲੈਣੇ ਹਨ ਦਾਣੇ
ਉਹ ਤੇ ਪਹਿਲਾਂ ਹੀ
ਕਰਜ਼ਿਆਂ ਵਗਾਰਾਂ ਕਬੀਲਦਾਰੀਆਂ ਤੇ
ਮਜਬੂਰੀਆਂ ਦਾ ਭੰਨਿਆ ਪਿਆ ਐ
ਹਾਂ ਉਹ
ਕਦੇ ਕਦੇ ਵਿਸਾਖੀ ਦੀਵਾਲੀ ਨੂੰ
ਤੈਂ ਮੈਂ ਨੂੰ ਨਾਲ ਰਲਾ ਕੇ
ਸ਼ਾਂਤੀ ਦੇ ਹਾਤੇ ‘ਤੇ
ਝੂਠਾ ਮੂਠਾ ਜਿਹਾ
ਮੂਡ ਬਣਾ ਕੇ
ਭੰਗੜਾ ਪਾਕੇ
ਰਾਂਝਾ ਰਾਜੀ ਕਰ ਲੈਂਦਾ ਸੀ
ਪਰ ਇਸ ਵਾਰ
ਉਹਦਾ ਜੀਅ ਨਹੀਂ ਧਰਦਾ
ਮੈਨੂੰ ਵੀ ਨੀਂਦ ਨਹੀਂ ਆਉਂਦੀ
ਵਿਚਾਰਾ ਕੀ ਕਰੂਗਾ
ਮੈਂ ਸਮਝਦਾ
ਉਸਦੀ
ਤਨ ਮਨ ਤੇ
ਦਿਲ ਦੀ ਬਾਤ
ਮੇਰਾ ਤੇ ਉਹਦਾ
ਬਹੁਤ ਗੂੜ੍ਹਾ
ਹੈ ਰਿਸ਼ਤਾ
ਐਂਤਕੀ ਵਿਸਾਖੀ ਤੇ
ਮੈਥੋਂ ਢੋਲ
ਬਿਲਕੁਲ ਨਹੀਂ ਵੱਜਣਾ
ਡਗਾ ਤੇ ਕਾਨੀ
ਢੋਲ ਦੇ ਪੁੜਿਆਂ ਤੇ ਨਹੀਂ
ਕਾਲੂ ਦੇ ਪੁੜਿਆਂ ਤੇ ਪੀੜ ਕਰੇਗੀ
ਹਾਂ ਮੈਂ
ਵਜਾਵਾਂ ਗਾ ਢੋਲ
ਪਾਵਾਂਗੇ
ਲੁੱਡੀਆਂ ਭੰਗੜੇ
ਇਹਨਾਂ
ਕਰਮਾਂ
ਕਰਜ਼ਿਆਂ
ਕਰੋਪੀਆਂ ਚੋਂ ਨਿਕਲਕੇ
ਕਿਸਾਨ ਮਜ਼ਦੂਰ ਜਦ ਤੁਰੇਗਾ
ਰੌਸ਼ਨ ਭਵਿੱਖ ਦੇ
ਨਵੇਂ ਰਾਹ
ਆਪਸੀ
ਕਰੰਗੜੀਆਂ ਪਾਕੇ ।

ਰਾਜਵਿੰਦਰ ਰੌਂਤਾ,

ਰੌਂਤਾ ਮੋਗਾ  Mob. 98764-86187

———————————————————————-

ਵਿਸਾਖੀ

ਹਾੜ੍ਹੀ ਦੀ ਜਦ ਫਸਲ ਸੀ ਆਉਂਦੀ
ਦਿਨ ਖੁਸ਼ੀਆਂ ਵਾਲਾ ਸੀ ਆਉਂਦਾ,
ਫਸਲਾਂ ਨੂੰ ਵੇਚ ਵੱਟਕੇ
ਹੱਟੀਆਂ ਭੱਠੀਆਂ ਦੇ ਹਿਸਾਬ ਮਕਾਉਂਦਾ ।

ਗੱਭਰੂ ਤਾਂ ਜਾਂਦੇ ਸੀ ਬੰਨ੍ਹ ਬੰਨ੍ਹ ਟੋਲੀਆਂ
ਘੱਟ ਨਾਂ ਰਹਿੰਦੇ ਸੀ ਉਮਰੀਂ ਸਿਆਣੇਂ,
ਝੱਗੇ ਚੁੰਨੀਆਂ ਨਵੇਂ ਖਰੀਦਕੇ
ਮੇਲੇ ਜਾਂਦੇ ਸੀ ਨਾਲ ਨਿਆਣੇਂ ।

ਮੇਲਿਆਂ ਦੇ ਵਿੱਚ ਸਵਰਗ ਸੀ ਦਿਸਦਾ
ਨੇੜੇ ਨਾਂ ਆਉਂਦੇ ਸੀ ਉਦੋਂ ਥਕੇਵੇਂ,
ਗਿੱਧੇ, ਭੰਗੜੇ ਜੀਅ ਸੀ ਟੁੰਬਦੇ
ਭੁੱਲ ਜਾਂਦੇ ਸੀ ਸਭ ਰੁਝੇਵੇਂ ।

ਵਿਸਾਖੀ ਤੇਰੀ ਕਿਸਾਨਾਂ ਹੁਣ ਗਈ ਉਏ ਨਜ਼ਰੀ
ਏਹਦਾ ਪੂਰਾ ਪਾਸਾ ਹੀ ਪਲਟਾਤਾ,
ਸਾਦਗੀ ਤੇਰੀ ਖੋਹ ਲਈ ਤੈਥੋਂ
ਤੈਨੂੰ ਰਾਹ ਸਮਸ਼ਾਨਾਂ ਦੇ ਪਾਤਾ ।

ਚਾਅ ਤੇਰੇ ਏਹਨਾਂ ਮਾਰ ਦਿੱਤੇ
ਹੋਰ ਕੀਤੇ ਜ਼ੁਲਮ ਬਥੇਰੇ,
ਕਾਤਿਲ ਅਰਮਾਨਾਂ ਦੇ ਤੂੰ ਹੱਥੀਂ ਚੁਣਦਾ
ਤੇਰੇ ਕਿੱਡੇ ਉਏ ਕਿਸਾਨਾਂ ਜ਼ੇਰੇ ।

– ਕੁਲਦੀਪ ਸਿੰਘ ਖੁਖਰਾਣਾ
ਮੋ. 95015-77900

———————————————————————–

ਕਿਉਂ ਵੀਰਾਨੀ ਹੈ ?

ਮੇਰੇ ਪੰਜਾਬ ਦਾ ਦੱਸੋ ਕੋਈ ਸਾਨੀ ਹੈ,
ਨਾ ਆਬ ਆਪਣਾ ਨਾ ਰਾਜਧਾਨੀ ਹੈ।

ਖਰਚਾ ਰੁਪਿਆ ਆਮਦਨ ਅਠਾਨੀ ਹੈ,
ਘਰ ਬਰਬਾਦੀ ਦੀ ਪੱਕੀ ਨਿਸ਼ਾਨੀ ਹੈ।

ਜਿੰਦਗੀ ਦੇ ਬਾਗ਼ ਵਿੱਚ ਕਿਉਂ ਵੀਰਾਨੀ ਹੈ।,
ਪਿਆਰ ਉੱਤੇ ਨਫ਼ਰਤ ਦੀ ਨਿਗਾਹਬਾਨੀ ਹੈ।

ਪਿਆਸੇ ਮਰਨ ਦਾ ਬਣੇਗੀ ਸਬੱਬ ਇਹ,
ਪਾਣੀਆਂ ਨਾਲ ਕੀਤੀ ਛੇੜਖਾਨੀ ਹੈ।

ਲਾਲਚ ਹੀ ਰਿਹਾ ਹੈ ਅਖ਼ਲਾਕ ਦਾ ਦੁਸ਼ਮਣ,
ਇਹ ਬੰਦੇ ਦੀ ਨਾਦਾਨੀ ਨਹੀਂ ਸ਼ੈਤਾਨੀ ਹੈ।

ਜਾਪਦੀ ਹੈ ਇਹ ਚਿੱਟੇ ਦੀ ਦਾਸਤਾਂ ਕਾਲੀ,
ਵਿਲਕਦਾ ਬੁਢਾਪਾ ਰੁੜ੍ਹਦੀ ਜਵਾਨੀ ਹੈ।

ਭਰੋਸਾ ਰੱਖ ‘ਆਤਮ’ ਨਾਖੁਦਾ ਉੱਤੇ,
ਵੇਗ ਪੌਣ ਦਾ ਬੇਸ਼ੱਕ ਤੂਫ਼ਾਨੀ ਹੈ।

ਮਾ. ਆਤਮਾ ਸਿੰਘ ਚੜਿੱਕ
ਮੋਬਾ: 98729-51718

———————————————————————–

ਔਰਤ ਦਿਵਸ ਤੇ ਵਿਸ਼ੇਸ਼ …

ਔਰਤ ਹਾਂ, ਕਮਜ਼ੋਰ ਨਹੀਂ,
ਨਾਰੀ ਹਾ, ਅਬਲਾ ਨਹੀਂ।
ਸਰਹੱਦਾਂ ਦੀ ਕਰਾਂ ਮੈਂ ਰਾਖੀ
ਕਿਸੇ ਤੋਂ ਮੈਂ ਡਰਦੀ ਨਾ।
ਪੁਲਾੜ ਵਿੱਚ ਮਾਰਾਂ ਉਡਾਰੀ,
ਕਤਾਹ, ਮੈਂ ਘਬਰਾਉਦੀ ਨਾ।
ਸਮੁੰਦਰਾਂ ਵਿੱਚ ਕਰਾ ਤੈਰਾਕੀ,
ਡੁੱਬਣੋ ਤਾਂ ਬਿਲਕੁਲ ਹੀ ਡਰਦੀ ਨਾ।
ਅਧਿਆਪਕ, ਡਾਕਟਰ, ਸਾਇੰਸਦਾਨ,
ਸਿਆਸਤ, ਹਰ ਕਿਰਦਾਰ ਨਿਭਾਉਂਦੀ ਹਾ।
ਖੇਡਾਂ ਵਿੱਚ ਸਦਾ ਰਹਾਂ ਮੈ ਅੱਵਲ,
ਤਮਗੇ ਜਿੱਤ ਜਿੱਤ ਲਿਆ ,
ਦੇਸ਼  ਦਾ ਨਾਮ ਚਮਕਾਉਦੀ ਹਾਂ।
ਹਾਰ ਕੇ ਕਦੇ ਵੀ ਆਉਂਦੀ  ਨਾ।
ਘਰ, ਗ੍ਰਹਿਸਥੀ ਤੇ ਪਰਿਵਾਰ,
ਸਭੇ, ਰਿਸ਼ਤਿਆਂ ਨੂੰ ਨਿਭਾਉਂਦੀ,
ਕਦੇ ਵੀ ਅੱਕਦੀ ਥੱਕਦੀ  ਨਾ।
ਕਿਉਂਕਿ ..
ਮੈਂ ਨਾਰੀ ਹਾਂ, ਅਬਲਾ ਨਹੀਂ।
ਨਾ ਹੁਣ ਪੈਰ ਦੀ ਜੁੱਤੀ ਰਹਿ ਗਈ ,
ਨਾ ਹੀ ਸਿਮਟ ਚਾਰਦੀਵਾਰੀ ਅੰਦਰ,
ਹੁਣ ਮੈਂ ਹਾਂ ਅਜ਼ਾਦ ਔਰਤ,
ਆਪਣੀ ਨਵੀਂ ਉਡਾਣ ਭਰ
ਦੂਰ ਉਡਾਰੀ ਲਈ ਤਿਆਰ,
ਇਕ ਹੋਰ ਬੜੀ ਖੂਬਸੂਰਤ ਉਡਾਣ।
ਔਰਤ, ਮਾਂ, ਮਮਤਾ ਤੇ ਮਹਿਬੂਬ
ਦੀ ਮੂਰਤ, ਤੂੰ ਹੈਂ ਬਹੁਤ ਮਹਾਨ।
ਕਾਇਨਾਤ ਦੀ ਖੂਬਸੂਰਤ ਸੌਗਾਤ,
ਤੈਨੂੰ ਸਲਾਮ,  ਤੈਨੂੰ ਸਲਾਮ, ਤੈਨੂੰ ਸਲਾਮ।

– ਮਨਿੰਦਰ ਸੰਧੂ

———————————————————————–

ਕੌਮਾਂਤਰੀ ਮਾਂ ਬੋਲੀ ਦਿਵਸ ਤੇ…

ਮਾਂ ਬੋਲੀ ਪੰਜਾਬੀ ਮੈਨੂੰ
ਮਾਂ ਦੇ ਵਾਂਗ ਪਿਆਰੀ,
ਕਿਉਂ ਨਾ ਪੂਜਾਂ ਦੱਸੋ ਮੈਨੂੰ
ਨਾਨਕ ਬੁੱਲ੍ਹੇ ਦੀ ਸਤਿਕਾਰੀ।

ਦੁਨੀਆਂ ਦੇ ਵਿੱਚ ਖੜ੍ਹਾ ਮੈ ਜੱਚਾਂ
ਜੱਗ ਤੋਂ ਸ਼ਾਨ ਨਿਰਾਲੀ,
ਮਾਣ ਨਾਲ ਬੁਲਾਵਣ ਗੋਰੇ
ਜਦ ਬੰਨਾਂ ਪੱਗ ਨਸਵਾਰੀ।

ਹੋਸ਼ੇ ਬੰਦੇ ਬਣ ਅੰਗਰੇਜ਼ੀ
ਤੇਲ ਜੜ੍ਹਾਂ ਵਿੱਚ ਪਾਉਂਦੇ,
ਦੱਸੋ ਕੀਹਨੂੰ ਦਰਦ ਸੁਣਾਵੇ
ਮਾਂ ਬੋਲੀ ਦੁਖਿਆਰੀ।

ਮਾਂ ਬੋਲੀ ਦੇ ਪੁੱਤਰ ਬਣਕੇ
ਜੱਗ ਤੇ ਛੂਹਣ ਬੁਲੰਦੀ,
ਸੱਤ ਸਮੁੰਦਰੋਂ ਪਾਰ ਜਿਨ੍ਹਾਂ ਦੀ
ਰੌਂਤੇ ਜੱਗ ਸਰਦਾਰੀ।

ਹੋਰ ਬੋਲੀਆਂ ਰੱਜ ਕੇ ਸਿੱਖੋ
ਪਹਿਲਾਂ ਮਾਂ ਪੰਜਾਬੀ,
ਮਾਖਿਓਂ ਮਿੱਠੀ ਹੋਰ ਨਾ ਡਿੱਠੀ
ਹੁਸਨਾਂ ਦੀ ਕਿਆਰੀ।

ਮਾਂ ਬੋਲੀ ਤੋਂ ਮਾਂ ਮਹਿੱਟਰ
ਜਿਹੜੇ ਬਣ ਦੇ ਆਪੇ,
ਲੋਕ ਉਹਨਾਂ ਨੂੰ ਮੰਦਾ ਬੋਲਣ
ਕਹਿ ਕੇ ਕਾਂ ਅਗਿਆਰੀ।

ਊੜਾ ਜੂੜਾ ਗੁਰਬਾਣੀ ਨੂੰ
ਅਮਲਾਂ ਵਿੱਚ ਲਿਆਈਏ
ਦੁਨੀਆਂ ਜਸ ਉਹਨਾਂ ਦਾ ਗਾਉਂਦੀ
ਪੁੱਤ ਜੋ ਆਗਿਆਕਾਰੀ।

ਸਦਾ ਸਲਾਮਤ ਰਹੇ ਪੰਜਾਬੀ
ਆਓ ਫ਼ਰਜ਼ ਨਿਭਾਈਏ
ਮਾਂ ਬੋਲੀ ਨੇ ਰੁਤਬਾ ਦਿੱਤਾ
ਕਾਹਤੋਂ ਰਹੇ ਵਿਚਾਰੀ।

  • ਰਾਜਵਿੰਦਰ ਰੌਂਤਾ (ਮੋਗਾ)

———————————————————————–

ਜ਼ਮੀਰ

ਜਦੋਂ ਰਿਸ਼ਤੇ ਲੀਰੋ ਲੀਰ ਹੋ ਗਏ
ਦੋਸ਼ਾਂ ਵਿਚ ਨਾਮਜ਼ਦ ਭੈਣ ਤੇ ਵੀਰ ਹੋ ਗਏ
ਉਲਝ ਗਈਆਂ ਰਿਸ਼ਤਿਆਂ ਦੀਆਂ ਤੰਦਾਂ
ਨਿਤ ਨਵੇਂ ਹੀ ਸਵਾਲ ਹੋਣ ਖੜ੍ਹੇ
ਕਿਵੇਂ ਆਖਾਂ ਜ਼ਮੀਰ ਹਾਲੇ ਨਹੀਂ ਮਰੇ ।

ਜਦੋਂ ਗਰੀਬ ਮਰ ਜਾਵੇ ਭੁੱਖਾ
ਬਚਪਨ ਬੇਫਿਕਰੀ ਬਿਨਾਂ ਲੰਘ ਜਾਵੇ ਸੁੱਕਾ
ਅਮੀਰੀ ਗਰੀਬੀ ਦਾ ਵਧ ਜਾਵੇ ਪਾੜਾ
ਪੇਟ ਭਰਨ ਲਈ ਤਨ ਵਿਕਣੇ ਖੜ੍ਹੇ
ਕਿਵੇਂ ਆਖਾਂ ਜ਼ਮੀਰ ਹਾਲੇ ਨਹੀਂ ਮਰੇ ।

ਜਦੋਂ ਰਾਜੇ ਜਨਤਾ ਦੀ ਨਾਂ ਲੈਣ ਸਾਰ
ਰਾਜ ਸੱਤਾ ਭੋਗਣ ਕਰ ਝੂਠੇ ਇਕਰਾਰ
ਇਕ ਲੁੱਟੀ ਜਾਵੇ ਦੂਜਾ ਖੜ੍ਹਾ ਹੋਵੇ ਤਿਆਰ
ਰਾਜਨੀਤੀ ਅੱਗੇ ਧਰਮ ਪਿੱਛੇ ਖੜ੍ਹੇ
ਕਿਵੇਂ ਆਖਾਂ ਜ਼ਮੀਰ ਹਾਲੇ ਨਹੀਂ ਮਰੇ ।

ਜਦੋਂ ਲੋੜਾਂ ਅੱਗੇ ਸਭ ਝੁਕ ਜਾਂਦੇ

ਕੁਝ ਲਾਲਚਾਂ ਦੇ ਵਿਚ ਵਿਕ ਜਾਂਦੇ
ਬਚੇ ਜ਼ੁਲਮ ਨੂੰ ਸਹਿਣਾ ਸਿਖ ਜਾਂਦੇ
ਕਿਸਮਤ ਕੋਲੋਂ ਮੰਗਣ ਬਿਨਾਂ ਸ਼ੰਘਰਸ਼ਾ ਨੂੰ ਲੜੇ
ਲਾਸ਼ਾ ਫਿਰਨ ਜਿਊਦੀਆਂ ਜ਼ਮੀਰ ਪਹਿਲਾਂ ਦੇ ਮਰੇ ।

– ਕੁਲਦੀਪ ਸਿੰਘ ਖੁਖਰਾਣਾ
ਮੋ. 95015-77900

———————————————————————–

ਕੁੜੀਆਂ

ਮੈਂ ਸੁਣਿਆ ਹੈ,
ਸਮਾਜ ਵਿੱਚ ਵਿਚਰਦਿਆਂ ਜੋ
ਸਲੀਕੇ ਨਾਲ ਬਹਿੰਦੀਆਂ ਨੇ ਤੇ
ਸਹਿਜ ਸੁਭਾਅ ਵਿੱਚ ਰਹਿੰਦੀਆਂ ਨੇ
ਅਸਲੋਂ ਹੀ ਉਹ ਬਹੁਤ ਸਿਆਣੀਆਂ ਕੁੜੀਆਂ ਹੁੰਦੀਆਂ ਨੇ।
ਮੈਂ ਇਹ ਵੀ ਸੁਣਿਆ ਹੈ,
ਜਿਹੜੀਆਂ ਧੀਆਂ ਬਾਪੂ ਦਾ ਹੱਥ ਵਟਾਉਂਦੀਆਂ ਨੇ
ਤੇ ਪੁੱਤਾਂ ਵਾਂਗ ਕਮਾਉਂਦੀਆਂ ਨੇ
ਤੇ ਵੀਰਾਂ ਦੀ ਸੌ ਸੌ ਖੈਰ ਮਨਾਉਂਦੀਆਂ ਨੇ
ਅਸਲੋਂ ਸੱਚੀਂ ਬਹੁਤ ਸਿਆਣੀਆਂ ਕੁੜੀਆਂ ਹੁੰਦੀਆਂ ਨੇ।
ਮੈਂ ਤਾਂ ਇਹ ਵੀ ਸੁਣਿਆ ਹੈ,
ਕਿ ਕੁੜੀਆਂ ਤਾਂ ਵਿਚਾਰੀਆਂ ਹੁੰਦੀਆਂ ਨੇ।

ਨਹੀਂ

ਕੁੜੀਆਂ ਵਿਚਾਰੀਆਂ ਨਹੀਂ ਹੁੰਦੀਆਂ
ਕੁੜੀਆਂ ਵੀ ਦਲੇਰ ਹੁੰਦੀਆਂ ਨੇ
ਕੁੜੀਆਂ ਵੀ ਬਹੁਤ ਹੌਂਸਲੇ ਵਾਲੀਆਂ ਹੁੰਦੀਆਂ ਨੇ।
ਕੁੜੀਆਂ ਵੀ ਪੁੱਤਾਂ ਦੇ ਬਰਾਬਰ ਹੁੰਦੀਆਂ ਨੇ ਜੇ ਆਪਣੇ ਆਪ ਤੋਂ ਵਾਕਿਫ਼ ਹੋਣ
ਕੁੜੀਆਂ ਵੀ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਜਾਣਦੀਆਂ ਹਨ ਜੇ ਆਪਣੇ ਗੁਣਾਂ ਨੂੰ ਪਛਾਣ ਦੀਆਂ ਹੋਣ।
ਕੁੜੀਆਂ ਹੁਣ ਵਿਚਾਰੀਆਂ ਨਹੀਂ ਰਹੀਆਂ।
ਹੁਣ ਕੁੜੀਆਂ ਜਿੱਤ ਦਾ ਮੈਦਾਨ ਫਤਿਹ ਕਰਨ ਵਾਲੀਆਂ ਹੁੰਦੀਆਂ ਹਨ
ਤੇ ਹੁਣ ਕੁੜੀਆਂ ਵੀ ਉਡਾਣ ਭਰ ਸਕਦੀਆਂ ਹਨ
ਨਾਪ ਸਕਦੀਆਂ ਹਨ ਆਪਣੇ ਰਾਸਤਿਆਂ ਨੂੰ।
ਤੇ ਹੁਣ ਕੁੜੀਆਂ ਵਿਚਾਰੀਆਂ ਨਹੀਂ ਰਹੀਆਂ।
ਕੁੜੀਆਂ ਤਾਂ ਮੰਗਣ ਵਿੱਚ ਕੁਝ ਵੀ ਨਹੀਂ ਮੰਗਦੀਆਂ ਕੁੜੀਆਂ ਤਾਂ ਬਸ ਬਾਪੂ ਦੀ ਹੱਲਾਸ਼ੇਰੀ ਤੇ ਬਾਪੂ ਦੇ ਕੁੜਤੇ ਵਾਲ਼ੇ ਪਾਟੇ ਖੀਸੇ ਨੂੰ ਸਿਉਣਾ ਜਾਣਦੀਆਂ ਹਨ
ਤੇ ਹੁਣ ਕੁੜੀਆਂ ਵੀ ਜਿਉਣਾ ਜਾਣਦੀਆਂ ਹਨ।
ਤੇ ਹੁਣ ਕੁੜੀਆਂ ਵੀ ਜਿਉਣਾ ਜਾਣਦੀਆਂ ਹਨ।

– ਬਲਜਿੰਦਰ ਕੌਰ ਕਲਸੀ

———————————————————————–

ਗਲਾਂ ਤਾਰਿਆਂ ਨਾਲ 

ਪਹੁ ਫੁਟੇਂਦੇ ਜਦ ‘ਸਰਬ’ ਨਿਮਾਣੀ ਉੱਠੀ ਸੀ।

ਨਜ਼ਰ ਗਈ ਜਦ ਅੰਬਰੀ ਟਹਿਕ ਰਹੇ ਸੀ ਤਾਰੇ,  ਜਿਓਂ ਕਪਾਹ ਦੀ ਫੁੱਟੀ ਸੀ।

ਆ ਗਈ ਚੇਤੇ ਦਾਦੀ ਨਾਨੀ, ਉਲਜ ਗਈ ਫਿਰ ਬਾਤਾਂ ਵਾਲੀ ਗੁਥੀ ਸੀ।

ਤੜਕੇ ਉੱਠ ਕੇ ਦੁੱਧ ਮਧਾਣੀ ਪਾਉਂਦੀਆਂ ਸੀ,

ਮੂੰਹ ਜ਼ੁਬਾਨੀ ਬਾਣੀ ਸੋਹਲੇ ਗਾਉਂਦੀਆਂ ਸੀ।

ਹੋਵਣ ਲੱਗੀਆ ਗੱਲਾਂ ਜੀ ਫਿਰ ਤਾਰਿਆਂ ਨਾਲ,

ਨਵੀਨੀ ਯੁੱਗ ਮੇਰੀ ਹੀਰ ਸਲੇਟੀ ਲੁੱਟੀ ਸੀ।

ਸੋਚੀਂ ਪੈ ਗਏ ਮਨ ਜਿਆ ਹੌਲਾ ਕਰ ਬੈਠੇ,

ਫਿਰ ਅੱਧ – ਵਿਚਕਾਰੋਂ ਬਾਤ ਬਤੋਲੀ ਟੁੱਟੀ ਸੀ।

ਦੱਸ ਕੀਹਨੂੰ ਪੁੱਛੀਏ ਕਿਧਰ ਗਏ ਘਰਾਣੇ ਜੀ,

ਸੱਥਾਂ ਵਿੱਚ ਫੇਰ ਘੁਲਦੇ ਮੱਲ ਪੁਰਾਣੇ ਦੀ

ਪੱਕੇ ਘਰ ਤੇ ਪੱਕੀਆਂ ਮੱਤਾਂ ਹੋ ਗਈਆਂ,

ਸਭ ਦੀ ਮੱਤ ਭਾਈ ਪੱਕੀਆਂ ਵੀਹਾਂ ਘੁੱਟੀ ਸੀ।

ਬਲਦ ਜੋੜ ਲਏ ਬਾਪੂ ਮਾਵਾਂ ਤੋਰਦੀਆਂ,

ਪੀ ਅੱਧ ਰਿੜਕੇ ਦਾ ਛੰਨਾ ਘੁੱਟਮ ਘੁੱਟੀ ਸੀ।

ਹੁਣ ਸੁੱਤੀ ਪਈ ਸੁਆਣੀ ਸਾਡੇ ਨੌਂ ਵੱਜਗੇ

ਸੁਲਝਦੀ ਨਾਂ ਮੈਨੂੰ ਲਗਦੀ ‘ਡਾਕਟਰ’ ਗੁੱਥੀ ਸੀ।

ਹਾਏ! ਸੁਲਝਦੀ ਨਾਂ ਮੈਨੂੰ ਲਗਦੀ ‘ਡਾਕਟਰ’ ਗੁੱਥੀ ਸੀ…

– ਡਾ. ਸਰਬਜੀਤ ਕੌਰ ਬਰਾੜ ਮੋਗਾ

ਮੋਬਾ :- 79866 – 52927

———————————————————————–

ਭਗਤ ਸਿੰਘ ਅਣਖੀ ਯੋਧਾ

ਇਕ ਅਣਖੀ ਯੋਧਾ ਜੰਮਿਆ
ਸੀ ਵਿੱਚ ਖਟਕਲਾਂ
ਜਿੰਦਗੀ ਦੇ ਵਿੱਚ ਆਈਆਂ ਸੀ
ਜਿਹਦੇ ਲੱਖ ਅਟਕਲਾਂ
ਛੋਟੀ ਉਮਰੇ ਬੀਜਤੀਆ
ਮਿੱਟੀ ਵਿੱਚ ਬੰਦੂਕਾਂ
ਇਨਕਲਾਬ ਲਿਆਉਣ ਲਈ
ਓਹਨੇ ਲਾਈਆ ਹੂਕਾਂ
ਜਦ ਖੰਗੇ ਸੀ ਫਿਰੰਗੇ
ਸੀ ਝੱਟ ਅਣਖ ਤੇ ਟੰਗੇ
ਸਾਂਭਣ ਵਾਲਿਓ ਸਾਂਭ ਲਓ
ਕੌਮ ਦਾ ਸਰਮਾਇਆ
ਜਿੰਨਾਂ ਗੋਰੇ ਫਰੰਗੀਆ
ਤੋਂ ਦੇਸ਼ ਬਚਾਇਆ
ਦੇਸ਼ ਮੇਰੇ ਦੀ ਅਣਖ ਲਈ
24 ਸਾਲ ਦਾ ਲੜਿਆ
ਕੱਢ ਭੁਲੇਖਾ ਡਾਇਰ ਦਾ
ਸੀ ਫਾਂਸੀ ਚੜ੍ਹਿਆ
ਚੜ੍ਹਦੀ ਉਮਰ ਦੇ ਗੱਭਰੂ ਤਿੰਨੋ
ਸੀ ਵਿੱਚ ਜਵਾਨੀ
ਲਾੜੀ ਮੌਤ ਵਿਆਹ ਲਈ
ਕਰਗਏ ਕੁਰਬਾਨੀ
ਰਾਜਗੁਰੂ , ਸੁਖਦੇਵ , ਭਗਤ ਸਿੰਘ
ਤਿੰਨੋ ਮਿੱਤਰ ਪਿਆਰੇ
ਹੱਸ ਹੱਸ ਫਾਂਸੀ ਚੜਗਏ
ਮਾਵਾਂ ਦੇ ਰਾਜ ਦੁਲਾਰੇ

– ਡਾ. ਸਰਬਜੀਤ ਕੌਰ ਬਰਾੜ ਮੋਗਾ

ਮੋਬਾ :- 79866 – 52927

———————————————————————–

ਰਾਜਨੀਤਿਕ ਤਿੱਤਲੀਆਂ

ਇਹ ਰਾਜਨੀਤੀ ਵਾਲੀਆਂ ਤਿੱਤਲੀਆਂ
ਸੀ ਸ਼ੋਰ ਮਚਾਵਣ ਨਿਕਲੀਆਂ
ਇਨਕਲਾਬ ਦਾ ਹੋਕਾ ਲਾ
ਇਹਨਾਂ ਵੋਟਾਂ ਲਈਆਂ ਪੁਆ
ਹਾਏ! ਨਸ਼ਾ , ਹਾਏ! ਨਸ਼ਾ
ਡੁੱਬ ਗਈ ਏ ਨੌਜਵਾਨੀ
ਤੇ ਪੰਜਾਬ ਨੂੰ ਘੁਣ ਵਾਂਗੂ ਖਾਏ ਨਸ਼ਾ
ਬੇਅਦਬੀਆਂ ਦਾ ਰੋਸ ਜਤਾਵਣ
ਤੇ ਡਾਹਢਾ ਅਫ਼ਸੋਸ ਦਿਖਵਣ
ਸੀ ਜਿੱਧਰੋਂ ਇਹ ਲੰਘਦੀਆਂ
ਕਹਿ ਇਹੋ ਵੋਟਾਂ ਸੀ ਮੰਗਦੀਆਂ
ਚੌਵੀ – ਚੌਵੀ ਘੰਟਿਆਂ ਦੇ ਅੰਦਰ
ਰਗੜ ਦਿਆਗੇ ਸਭ ਸਿਕੰਦਰ
ਪਰ ਬੀਤ ਗਿਆ ਹੈ ਅੱਧਾ ਸਾਲ
ਨਾਂ ਦਿਸਦਾ ਮੈਨੂੰ ਕੋਈ ‘ਸਰਬ’ ਕਮਾਲ
ਪਤਾ ਨੀ ਉਡੀਕੇ ਕਿਸ ਰੁੱਤ ਨੂੰ ?
‘ਬਰਾੜ’ ਪੁੱਛੇ ਮਾਨਾਂ ਦੇ ਪੁੱਤ ਨੂੰ

ਲੇਖਿਕਾ : ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਮੋਗਾ

ਮੋਬਾ :- 79866 – 52927

———————————————————————–

ਬੰਦਸ਼ਾਂ

ਕਈ ਵਾਰ ਤਹੱਈਆ ਕੀਤਾ ਕੁਝ ਬੋਲਣ ਦਾ,
ਪਰ ਕੁਝ ਬੰਦਸ਼ਾਂ ਮੈਨੂੰ ਰੋਕਦੀਆਂ
ਜਿਸ ਦਰਗਾਹੋਂ ਮੈਂ ਇਲਮ ਖਰੀਦੇ,
ਅੱਜ ਉਹਦੀਆਂ ਰੀਤਾਂ ਮੈਨੂੰ ਟੋਕਦੀਆਂ ।

ਜਾਗਦੀ ਜ਼ਮੀਰ ਜ਼ਰਦੀ ਨਾਂ ਅੰਧ ਵਿਸ਼ਵਾਸ਼ਾਂ ਨੂੰ,
ਸਮਾਜਿਕ ਪ੍ਰਥਾਵਾਂ ਹੀ ਭੱਠੀ ਝੋਕਦੀਆਂ।
ਜਿੰਨੇ ਵੇਦ ਕਿਤਾਬਾਂ ਦੇ ਮੈਂ ਵਰਕੇ ਫੋਲੇ,
ਵੇਖੀਆਂ ਰਾਤਾਂ ਹਨੇਰੀਆਂ ਚਾਨਣ ਰੋਕਦੀਆਂ ।

ਸੁਪਨਿਆਂ ਦੇ ਵਿਚ ਸਭ ਤਾਰਿਆਂ ਵਰਗੇ,
ਖੁੱਲੀਆਂ ਅੱਖਾਂ ਜਾਤਾਂ ਤੀਕਰ ਘੋਖਦੀਆਂ।
ਕੁਦਰਤ ਨੇ ਸਭ ਮੂਰਤਾਂ ਘੜੀਆਂ,
ਕਾਲੇ ਗੋਰੇ ਰੰਗਾਂ ਨੂੰ ਕਿਵੇਂ ਸੋਖਦੀਆਂ ।

ਮਿੱਟੀ ਜ਼ਦੋਂ ਜ਼ਰਖੇਜ ਹੈ ਸਾਡੀ,
ਫਿਰ ਪੁੰਗਰ ਕੇ ਫਸਲਾਂ ਕਾਹਤੋਂ ਸੋਕਦੀਆਂ।
ਰੁੱਤ ਤਾਂ ਚੰਗੀ ਸੀ ਫੁੱਲਾਂ ਦੇ ਖਿੜਨੇ ਦੀ,
ਚੰਦਰੀਆਂ ਹਵਾਵਾਂ ਹੀ ਰਾਹ ਰੋਕਦੀਆਂ।

– ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ ਨੰ 95015-77900

———————————————————————–

ਦਿਲ ਦੇ ਵਲਵਲੇ

ਤੁਕ ਨਾਲ ਤੁਕ ਮਿਲੇ ਕੜੀ ਨਾਲ ਕੜੀ ਜੁੜੇ,
ਫਿਰ ਕਵਿਤਾ ਦਾ ਆਉਂਦਾ ਹੈ ਸਵਾਦ ਵੀਰੋ ਮੇਰਿਓ।
ਬਾਂਹ ਫੜ ਕਿਸੇ ਦੀ ਜੇ ਲੱਤ ਨਾਲ ਜੋੜ ਦੇਈਏ,
ਆਵੇ ਨਾ ਆਰਾਮ ਸਗੋਂ ਨਿਕਲੂਗੀ ਰਾਧ ਵੀਰੋ ਮੇਰਿਓ।
ਵਾਰਤਕ ਹੋ ਜਾਵੇ ਸਾਰਥਕ ਇਹ ਆਖਦੇ ਸਿਆਣੇ ਲੋਕ,
ਜੇ ਕਿਸੇ ਬੁੱਧੀਜੀਵੀ ਵੱਲੋਂ ਲੱਗ ਜਾਏ ਖਰਾਦ ਵੀਰੋ ਮੇਰਿਓ।
ਫ਼ਸਲ ਨਾ ਹੁੰਦੀ ਹੈ ਜ਼ਮੀਨ ਵਿੱਚੋਂ ਕੱਢੇ ਤੱਤ ਸਿਆਣਿਆਂ ਇਹ,
ਸਮੇਂ ਸਿਰ ਪਾਈਏ ਨਾ ਜੇ ਖਾਦ ਵੀਰੋ ਮੇਰਿਓ।
ਕਮਾਦ ਵੈਸੇ ਸਾਰੇ ਹੀ ਪੰਜਾਬ ਵਿੱਚ ਬੀਜੀ ਜਾਂਦੇ,
ਇਹਨੂੰ ਮਾਨਤਾ ਹੈ ਇਲਾਕਾ ਜੋ ਪੁਆਧ ਵੀਰੋ ਮੇਰਿਓ।
ਪੁਰਖਿਆਂ ਦੀ ਯਾਦਗਾਰ ਆਪੋ ਆਪਣੀ ਬਣਾਈਏ ਆਪਾਂ,
ਪੂਜਣਯੋਗ ਹੁਸੈਨੀਵਾਲ ਵਾਲੀ ਹੈ ਸਮਾਧ ਵੀਰੋ ਮੇਰਿਓ।
ਆਉਂਦਾ ਹੈ ਸਵਾਦ ਜੀ ਸਟੇਜੋਂ ਕੁੱਝ ਬੋਲਣੇ ਦਾ,
ਆਵੇ ਸਰੋਤਿਆਂ ਚੋਂ ਆਵਾਜ਼ ਜੇ ਇਰਸ਼ਾਦ ਵੀਰੋ ਮੇਰਿਓ।
ਸੰਗੀਤ ਦਾ ਆਨੰਦ ਸਰਸ਼ਾਰ ਕਰੇ ਲੋਕਾਂ ਤਾਈਂ,
ਦਿਲੀਂ ਠੰਢਕ ਪਚਾਵੇ ਪਰ ਅਨਹਦ ਨਾਦ ਵੀਰੋ ਮੇਰਿਓ।
ਸਤਿਯੁਗ ਐਥੇ ਈ ਹੈ ਅੱਗਾ ਕੀਹਨੇ ਵੇਖਿਆ ਹੈ?
ਸਾਡੀ ਕਹਿਣੇ ਵਿੱਚ ਹੋਵੇ ਜੇ ਔਲਾਦ ਵੀਰੋ ਮੇਰਿਓ।
‘ਦੱਦਾਹੂਰੀਏ’ ਨੇ ਟੁੱਟੇ ਫੁੱਟੇ ਸ਼ਬਦ ਇਹ ਲਿਖ ਦਿੱਤੇ,
ਸੱਭ ਸਿਆਣੇ ਤੁਸੀਂ ਕਰੋ ਅਨੁਵਾਦ ਵੀਰੋ ਮੇਰਿਓ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ, Mob. 95691-49556

———————————————————————–

ਇਕੱਲਤਾ ਦਾ ਅਹਿਸਾਸ

ਇਕੱਲਤਾ ਦਾ ਅਹਿਸਾਸ ਕੀ ਹੁੰਦਾ
ਮੈਨੂੰ ਪਤਾ
ਮੈਂ ਹੰਢਾਇਆ ਏ …..
ਆਪਣਿਆ ਦਾ ਕਿੰਨਾ ਹੁੰਦਾ ਏ ਸਹਾਰਾ
ਮੈਨੂੰ ਪਤਾ
ਮੈ ਗਵਾਇਆ ਏ ……
ਕੀਮਤ ਹੁੰਦੀ ਕੀ ਹੰਝੂਆ ਦੀ
ਮੈਨੂੰ ਪਤਾ
ਮੈਂ ਨੈਣੋਂ ਨੀਰ ਵਹਾਇਆ ਏ …….
ਕੀ ਹੁੰਦੀ ਇਨਸਾਨੀਅਤ ਦੀ ਮਿਸਾਲ
ਮੈਨੂੰ ਪਤਾ
ਹਰ ਧਰਮ ਦੇ ਲੋਕਾਂ ਮੈਨੂੰ ਅਪਣਾਇਆ ਏ ……..
ਕੀ ਹੁੰਦਾ ਉੱਚਾ ਸੁੱਚਾ ਕਿਰਦਾਰ
ਮੈਨੂੰ ਪਤਾ
ਮਾਈ ਭਾਗੋ ਨੇ ਮਰਦਾਂ ਨੂੰ ਵੀ ਮਾਤ ਪਾਇਆ ਏ ……
ਕੀ ਹੁੰਦਾ ਗੁਰੂ ਜੀ ਦਾ ਰੁਤਬਾ
ਮੈਨੂੰ ਪਤਾ
ਮੇਰੇ ਗੁਰੂ ਮੈਨੂੰ ਇਕ-ਇਕ ਸਬਕ ਸਿਖਾਇਆ ਏ ……..
ਕੀ ਹੁੰਦਾ ਏ ਸੱਚਾ ਪਿਆਰ
ਮੈਨੂੰ ਪਤਾ
ਮੇਰੇ ਮਾਪਿਆਂ ਮੇਰੇ ਤੇ ਲੁਟਾਇਆ ਏ ……..
ਕੀ ਹੁੰਦੇ ਨੇ ਜਿੰਮੇਵਾਰੀਆਂ ਦੇ ਫ਼ਰਜ
ਮੈਨੂੰ ਪਤਾ
ਮੈ ਹਰ ਇਕ ਫ਼ਰਜ ਦਿਲੋ ਨਿਭਾਇਆ ਏ ……..
ਕੀ ਹੁੰਦੀ ਏ ਮਿਹਨਤ
ਮੈਨੂੰ ਪਤਾ
ਤਰੱਕੀ ਬਖਸ਼ ਰੱਬ ਨੇ ਮਿਹਨਤ ਨੂੰ ਫਲ ਲਾਇਆ ਏ ……..
ਕੀ ਹੁੰਦੀ ਹੈ ਕੁਦਰਤ
ਮੈਨੂੰ ਪਤਾ
ਜੀਹਦੇ ਤੋ ਮੁਫ਼ਤ ਵਿੱਚ ਸਾਹਾਂ ਦਾ ਵਰਦਾਨ ਪਾਇਆ ਏ ……..
ਕੀ ਹੁੰਦੀ ਏ ਨਿਮਰਤਾ
ਮੈਨੂੰ ਪਤਾ
ਇਹ ਗੁਣ ਮੈਨੂੰ ਬਹੁਤ ਅੱਗੇ ਤੱਕ ਲੈ ਆਇਆ ਏ ………
ਕੀ ਹੁੰਦੀ ਏ ਈਮਾਨਦਾਰੀ
ਮੈਨੂੰ ਪਤਾ
ਲੋਕਾਂ ਦਾ ਮੇਰੇ ਤੇ ਕੀਤੇ ਯਕੀਨ ਨੇ ਦਰਸਾਇਆਂ ਏ …….
ਕੀ ਹੁੰਦੀਆਂ ਨੇ ਰੱਬ ਦੀਆ ਰਹਿਮਤਾਂ
ਮੈਨੂੰ ਪਤਾ
ਹਰ ਅਸੰਭਵ ਨੂੰ ਸੰਭਵ ਕਰ ਦਿਖਾਇਆ ਏ ……..
ਕੀ ਹੁੰਦੇ ਨੇ ਕਮਲੇ, ਝੱਲੇ
ਮੈਨੂੰ ਪਤਾ
ਕਮਲਿਆ ਨੇ ਝੱਲੇ ਹੋ ਕੇ ਰੱਬ ਨੂੰ ਪਾਇਆ ਏ ……..
ਕਮਲਿਆ ਨੇ ਝੱਲੇ ਹੋ ਕੇ ਰੱਬ ਨੂੰ ਮਨਾਇਆ ਏ ……..

ਲੇਖਿਕਾ਼  : ਸੋਨੀਆ ਸਿਮਰ  Mob. 70875-55912

———————————————————————–

ਨਿੱਕੀ ਜੀ ਬਾਲੜੀ

ਨਿੱਕੀ ਜੀ ਬਾਲੜੀ,
ਤੇ ਓਹਦੇ ਸਿਰ ਤੇ ਟੋਕਰੀ।

ਮਨ ਵਿੱਚ ਖੌਰੇ ਕੀ ਸੋਚਦੀ,

ਨੰਗੇ ਪੈਰ ਓਹ ਪੱਬ ਜਦ ਚੱਕੇ,
ਹਾਏ ਰੱਬ ਦਾ ਰੂਪ ਇਲਾਹੀ ਲੱਗੇ।

ਚਿਹਰੇ ਦੇ ਓਹਦੇ ਭਾਵ ਸੀ ਦੱਸਦੇ…
ਰੱਬਾ ਬਹੁਤੀ ਤੰਗੀ ਏ।
ਵੇ ਕਿਤੇ ਤਾਂ ਘਰ ਤੂੰ ਬਹੁੜ ‘ਸਰਬ’ ਦੇ,
ਹਾਏ ਬਹੁੜ ‘ਸਰਬ’ ਦੇ !

ਕਿਉ ਕਾਣੀ ਵੰਡ ਸਾਡੇ ਨਾਲ ਰੱਖੀ,
ਵਿਕ ਗਿਆ ਬਚਪਨ,
ਸਾਡਾ ਹਾਕਮਾਂ ਹੱਥੀਂ। ਵੇ ਹਾਕਮਾਂ ਹੱਥੀਂ…

ਅੰਦਰੋ ਅੰਦਰੀ ਓਹ ਸੋਚੀ ਜਾਵੇ,
ਰੱਬ ਨੂੰ ਤਾਹਨੇ ਠੋਕੀ ਜਾਵੇ।

ਕਿੱਥੇ ਗਿਆ ਸਾਡਾ ਵੇ ਬਚਪਨ ਪਿਆਰਾ,
ਦਸ ਮਾਰਦਾ ਕਿਉ ਨੀ ?
ਵੇ ਹਾ ਦਾ – ਨਾਰਾ।

ਹਾਏ ਹਾ ਦਾ ਨਾਰਾ।

ਪਤਾ ਨੀ ਕਿੱਥੋਂ ਓਹ ਤੁਰੀ ਹੋਊਗੀ,
ਤੇ ਬੋਝਾਂ ਦੀ ਓਹਨੇ ਰੱਖ ਟੋਕਰੀ,
ਕਿੱਥੇ ਜਾ ਕੇ ਹਾਏ ਲਾਹੀ ਹੋਊਗੀ।

ਓਏ ਲੰਘਗੀ ਸੀ ਓਹ ਜਦ ਕੋਲ ਦੀ ਮੇਰੇ,
ਅੱਖਾਂ ਮੇਰੀਆਂ ਹਾਏ ਅੱਗੇ ਘੁੰਮਣ।
ਓਹਦੇ ਗੋਲ ਦੋ ਨੈਣ ਸੀ ਜਿਹੜੇ…

ਹਾਏ ਕਰ ਗਏ ਸੀ ਓਹ ਬੇਚੈਨ ਜੇ ਜਿਹੜੇ,
ਮੈਨੂੰ ਕਰ ਗਏ ਸੀ ਜੋ ਬੇਚੈਨ ਜੇ ਜਿਹੜੇ।
ਬੇਚੈਨ ਜੇ ਜਿਹੜੇ…

ਲੇਖ਼ਕ:  ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ
ਮੋਬਾ :- 79866 – 52927

———————————————————————–

 ਦੁੱਖ –ਦਰਦ

ਹਰ ਕੋਈ ਪਰਾਈ ਪੀੜ ਨੂੰ ਆਪਣੀ ਸਮਝ ਲੈਂਦਾ,
ਤਾਂ ਸ਼ਾਇਦ ਗਮ ਦੀ ਆਖਰੀ ਰਾਤ ਹੁੰਦੀ।
ਜੇ ਬੰਦੇ ਨੂੰ ਬੰਦੇ ਚੋਂ ਰੱਬ ਦਿਸਦਾ,
ਨਾਂ ਕੋਈ ਧਰਮ ਤੇ ਨਾਂ ਕੋਈ ਜਾਤ ਹੁੰਦੀ ।

ਮੰਜਲੀ ਪਹੁੰਚਣ ਦੇ ਨਿਸਚੇ ਜੋ ਕਰੀ ਬੈਠੇ,
ਉਹਨਾਂ ਨੂੰ ਕੀ ਔਕੜਾਂ ਕੀ ਲੰਬੀ ਵਾਟ ਹੁੰਦੀ।
ਸਦਾ ਚਾਨਣਾਂ ਭਾਂਜ ਪਈ ਹਨੇਰਿਆਂ ਨੂੰ,
ਗੁਲਾਬਾਂ ਵਿੱਚ ਨਾਂ ਮਹਿਕਾਂ ਦੀ ਘਾਟ ਹੁੰਦੀ।

ਛੋਟੇ ਹੌਂਸਲੇ ਨਾਂ ਝਨਾਂ ਨੂੰ ਪਾਰ ਕਰਦੇ,
ਸੋਹਣੀ ਡੁੱਬਦੀ ਨਾਂ , ਨਾਂ ਇਸ਼ਕ ਦੀ ਬਾਤ ਹੁੰਦੀ।
ਜੇ ਹਰ ਜ਼ਜ਼ਬਾ ਨਿੱਜ ਤੋਂ ਢਹਿ ਜਾਂਦਾ,
ਨਾਂ ਕੋਈ ਸਮਾਰਕ ਤੇ ਨਾਂ ਕੋਈ ਲਾਟ ਹੁੰਦੀ ।

ਦੁੱਖ ਦਰਦ ਨੇੜੇ ਰੱਖਦੇ ਰਿਸ਼ਤਿਆਂ ਨੂੰ,
ਰੁੱਖੀ ਸੁੱਖੀ ਭਾਈ ਲਾਲੋ ਵਾਲੀ ਪਾਕ ਹੁੰਦੀ।
ਦੁੱਖ ਆਉਣ ਨਾਂ ਸੁੰਨੇ ਬਨੇਰਿਆਂ ਉੱਤੇ,
ਵਸਦੇ ਘਰਾਂ ਨੂੰ ਮਿਲੀ ਸੋਗਾਤ ਹੁੰਦੀ ।

– ਕੁਲਦੀਪ ਸਿੰਘ ਖੁਖਰਾਣਾ

———————————————————————–

“ਕਾਵਿ” 

ਕੁਝ ਸਮਾਂ ਚੁੱਪ ਰਹਿਣ ਤੋ ਬਾਅਦ ਨਵੀਂ ਉਡਾਣ ਭਰਾਗੀ ਮੈਂ,
ਤੇਰਾ ਛੁਪਿਆ ਚਿਹਰਾ ਵਕਤ ਨਾਲ ਬੇਨਕਾਬ ਕਰਾਗੀ ਮੈਂ।

ਕਿਸੇ ਦੇ ਝੂਠੇ ਸਾਥ ਨਾਲੋ ਇਕੱਲੇ ਰਹਿਣਾ ਕਬੂਲਾ ਗਈ ਮੈਂ,
ਛੱਡ ਦਿੱਤੇ ਦੂਹਰੇ ਕਿਰਦਾਰਾ ਵਾਲੇ ਚਿਹਰੇ ਅਸੂਲਾਂ ਲਈ ਮੈਂ।

ਚੰਗੀ ਸੋਚ ਤੇ ਇਜੱਤਾਂ ਦੇ ਰਾਖਿਆ ਨੂੰ ਸਦਾ ਸਲਾਹਾਂ ਗਈ ਮੈਂ,
ਨੌਜਵਾਨਾਂ ਨੂੰ ਨਵੀਂ ਰਾਹ ਤੇ ਡਿਗਦਿਆਂ ਨੂੰ ਉਠਾਵਾ ਗਈ ਮੈਂ।

ਠੇਸ ਨਾ ਪਹੁੰਚੇ ਕਿਸੇ ਮਨ ਨੂੰ ਸਦਾ ਚੰਗੇ ਬੋਲ ਹੀ ਬੋਲਾ ਗਈ ਮੈਂ,
ਜਿਗਰੇ ਵਾਲੀ ਹਾਂ ਰਾਹਾਂ ਦੀਆ ਠੋਕਰਾਂ ਦੇਖ ਨਹੀਂ ਡੋਲਾ ਗਈ ਮੈਂ।

ਮਾਪਿਆਂ ਬਰਾਬਰ ਕਦੇ ਕੋਈ ਹੋਰ ਰਿਸ਼ਤਾ ਨਹੀ ਤੋਲਾ ਗਈ ਮੈਂ,
ਜਿੰਨਾ ਸਾਂਝੇ ਕੀਤੇ ਰਾਜ ਉਹਨਾ ਦਾ ਭੇਦ ਕਦੇ ਨਹੀਂ ਖੋਲਾ ਗਈ ਮੈਂ।

ਕਿਸੇ ਦੇ ਝੂਠੇ ਸਾਥ ਨਾਲੋ ਇਕੱਲੇ ਰਹਿਣਾ ਕਬੂਲਾ ਗਈ ਮੈਂ,
ਛੱਡ ਦਿੱਤੇ ਦੂਹਰੇ ਕਿਰਦਾਰਾ ਵਾਲੇ ਚਿਹਰੇ ਅਸੂਲਾਂ ਲਈ ਮੈਂ।

ਲੇਖਿਕਾ਼  : ਸੋਨੀਆ ਸਿਮਰ  Mob. 70875-55912

———————————————————————–

“ਰੁੱਤ ਸਾਵਣ ਦੀ ਆਈ ਆ ਵੇ” 

ਸੁਣ ਮੇਰੇ ਢੋਲ ਸਿਪਾਹੀਆ ਵੇ,
ਹੁਣ ਰੁੱਤ ਸਾਵਣ ਦੀ ਆਈ ਆ ਵੇ।
ਸੁਣ ਬਾਗੀ ਕੋਇਲਾਂ ਕੂਕਦੀਆਂ,
ਵੇ ਕਿਤੇ ਵਗਣ ਹਵਾਵਾਂ ਸ਼ੂਕਦੀਆਂ।
ਪੱਤਿਆ ਨੇ ਖੜ ਖੜ ਲਾਈਆ ਵੇ,
ਹੁਣ ਰੁੱਤ ਸਾਵਣ ਦੀ ਆਈ ਆ ਵੇ।

ਮੱਕੀਆਂ ਬਾਜਰੇ ਗਵਾਰੇ ਵੇ,
ਫੁੱਲ ਪੈ ਗਏ ਕਪਾਂਹੀ ਸਾਰੇ ਵੇ।
ਜ਼ੀਰੀ ਦੇ ਭਰੇ ਕਿਆਰੇ ਵੇ,
ਜੋ਼ਬਨ ਤਾਂ ਦੇਵੇ ਦੁਹਾਈਆਂ ਵੇ।
ਸੁਣ ਮੇਰੇ ਢੋਲ ਸਿਪਾਹੀਆ ਵੇ,
ਹੁਣ ਰੁੱਤ ਸਾਵਣ ਦੀ………

ਸਖੀਆਂ ਪੀਘਾਂ ਝੂਟਣ ਆਈਆਂ,
ਮੋਰਾਂ ਨੇ ਫਿਰ ਪਹਿਲਾਂ ਪਾਈਆਂ।
ਪੈਰੀਂ ਝਾਂਜਰ ਪਾਵੇ ਦੁਹਾਈਆਂ ਵੇ,
ਹੁਣ ਰੁੱਤ ਸਾਵਣ ਦੀ……….

ਅੰਬੀਆਂ ਨੂੰ ਬੁੱਕ ਬੁੱਕ ਬੂਰ ਪਿਆ,
ਮੇਰਾ ਢੋਲਣ ਮਾਹੀ ਦੂਰ ਗਿਆ।
ਮੇਰੇ ਵੀਹਣੀ ਛਣਕਣ ਵੰਗਾਂ ਵੇ,
ਮੈਂ ਘੁੰਢ ਵਿਚੋਂ ਦੀ ਸੰਗਾਂ ਵੇ।
ਹੱਥਾਂ ਤੇ ਮਹਿੰਦੀ ਲਾਈ ਆ ਵੇ,
ਸੁਣ ਮੇਰੇ ਢੋਲ ਸਿਪਾਹੀਆ ਵੇ।
ਹੁਣ ਰੁੱਤ ਸਾਵਣ ਦੀ………

ਤੇਰਾ ਸੁੰਨਾ ਪਿਆ ਚੁਬਾਰਾ ਵੇ,
ਜਿਹੜਾ ਸੀ ਕਰਮਾਂ ਵਾਲਾ ਵੇ।
ਵਿਚ ਡਾਹਿਆਂ ਪਲੰਘ ਨਵਾਰੀ ਵੇ,
ਉਤੇ ਚਾਦਰ ਤੋਤਿਆਂ ਵਾਲੀ ਵੇ।
ਕੁੱਝ ਰਮਜਾਂ ਵਾਲੀਆਂ ਗੱਲਾਂ ਨੇ,
ਕੀ ਦੱਸ ਸੁਨੇਹੇ ਘੱਲਾਂ ਵੇ।
ਮੌਸਮ ਨੇ ਲਈ ਅੰਗੜਾਈਆ ਵੇ,
ਸੁਣ ਮੇਰੇ ਢੋਲ ਸਿਪਾਹੀਆ ਵੇ।
ਹੁਣ ਰੁੱਤ ਸਾਵਣ ਦੀ………

ਛੁੱਟੀ ਮਨਜੂਰ ਕਰਾ ਮਾਹੀਆ,
ਜਾਂ ਛੱਡ ਨੌਕਰੀ ਆ ਮਾਹੀਆ।
ਨਾਂ ਮੇਰਾ ਲੱਖਾਂ ਦਾ ਸਾਉਣ ਗਵਾ ਮਾਹੀਆ,
ਲਿਖ ਤਾਰ ਡਾਕ ਵਿੱਚ ਪਾਈ ਆ ਵੇ।
ਸੁਣ ਮੇਰੇ ਢੋਲ ਸਿਪਾਹੀਆ ਵੇ,
ਹੁਣ ਰੁੱਤ ਸਾਵਣ ਦੀ………

ਛੁੱਟੀ ਸਰਕਾਰਾਂ ਪਾਸ ਕਰੀ,
ਮੇਰਾ ਸੱਸੀ ਜਾਇਆ ਆਇਆ ਨੀ।
ਚਿਹਰੇ ਤੇ ਰੌਣਕ ਛਾਈਆ ਵੇ,
ਫੁੱਲ ਕਲੀਆਂ ਮਹਿਕ ਖਿੰਡਾਈਆ ਵੇ।
ਸੁਣ ਮੇਰੇ ਢੋਲ ਸਿਪਾਹੀਆ ਵੇ,
ਹੁਣ ਰੁੱਤ ਸਾਵਣ ਦੀ ਆਈ ਆ ਵੇ,
ਹੁਣ ਰੁੱਤ ਸਾਵਣ ਦੀ……!!

ਲੇਖਿਕਾ਼  : ਡਾ ਸਰਬਜੀਤ ਕੌਰ ਬਰਾੜ
ਮੋਬਾ.  79866-52927

———————————————————————–

“ਕੀ ਹੈ ਜ਼ਿੰਦਗੀ ਸਮਝ ਨਾ ਆਈ”

ਕੀ ਹੈ ਜ਼ਿੰਦਗੀ ਸਮਝ ਨਾ ਆਈ,
ਲੋਕੀਂ ਜਾਂਦੇ ਇੱਕ ਦੂਜੇ ਨੂੰ ਮਾਰ ਮੁਕਾਈ।
ਪੈਸਾ ਇੱਥੇ ਹੋਇਆ ਜ਼ਰੂਰੀ,
ਇਸਦੇ ਬਿਨ ਹਰ ਰੀਝ ਅਧੂਰੀ।
ਰਿਸ਼ਤਿਆਂ ਤੋਂ ਹੋਇਆ ਜ਼ਰੂਰੀ ਪੈਸਾ,
ਰਚਿਆ ਜਾਲ ਮਾਇਆ ਨੇ ਐਸਾ।
ਪੈਸੇ ਨੇ ਦੁਨੀਆ ਮਾਰ ਮੁਕਾਈ,
ਕੀ ਹੈ ਜ਼ਿੰਦਗੀ ਸਮਝ ਨਾ ਆਈ।
ਭਰੂਣ ਹੱਤਿਆ ਚੱਲਦੀ ਜ਼ੋਰਾਂ ਤੇ,
ਨਸ਼ੇ ਵੀ ਚੱਲਦੇ ਨੇ ਸ਼ੋਰਾਂ ਤੇ।
ਇੱਜ਼ਤਾਂ ਦੇ ਇੱਥੇ ਰਹੇ ਨਾ ਮੁੱਲ ਨੇ,
ਪੈਸੇ ਪਿੱਛੇ ਜਾਂਦੇ ਸਭ ਤੁਲ ਨੇ।
ਇੱਜ਼ਤਾਂ ਦੀ ਕਿਸੇ ਕਦਰ ਨਾ ਪਾਈ,
ਕੀ ਹੈ ਜ਼ਿੰਦਗੀ ਸਮਝ ਨਾ ਆਈ।
ਸੋਸ਼ਲ ਮੀਡੀਆ ਤੇ ਲੱਗੀ ਦੁਨੀਆਂ,
ਜਾਵੇ ਇੱਕ ਦੂਜੇ ਨੂੰ ਠੱਗੀ ਦੁਨੀਆ।
ਇੰਟਰਨੈੱਟ ਦਾ ਨਸ਼ਾ ਲਗਾਇਆ,
ਸੋਸ਼ਲ ਮੀਡੀਆ ਸਾਨੂੰ ਮਾਰ ਮੁਕਾਇਆ।
ਚੰਗਾ ਰਸਤਾ ਚੁਣਦਾ ਨਾ ਕੋਈ,
ਰਾਹ ਮੰਜ਼ਿਲ ਦਾ ਬੁਣਦਾ ਨਾ ਕੋਈ।
ਜੱਸੀ ਨੈੱਟ ਨੇ ਦੁਨੀਆ ਮਾਰ ਮੁਕਾਈ,
ਕੀ ਹੈ ਜ਼ਿੰਦਗੀ ਸਮਝ ਨਾ ਆਈ।

– ਜੱਸੀ ਸੰਗਤੀਵਾਲਾ,  Mob.79739-56743

———————————————————————–

“ਇਹੀ ਹਮਾਰਾ ਜੀਵਣਾ”

ਖਿਲਰੀ ਹੋਈ ਜ਼ਿੰਦਗੀ ਨੂੰ ਜੀ ਕੇ ਵੀ ਮੈਂ,
ਮੌਜ ਆਪਣੀ ਵਿੱਚ ਰਹਿਨੀ ਆਂ।
ਨਾਂ ਸਹਾਂ ਕਿਸੇ ਦਾ ਦਾਬਾ ਮੈਂ,
ਦੂਰ ਝੂਠ – ਫਰੇਬ ਤੋਂ ਰਹਿਨੀ ਆਂ।
ਮੈਂ ਪੀ ਤਨਹਾਈਆਂ ਨੂੰ ਜਾਵਾਂ ‘ਬਰਾੜ’
ਤੇਰੇ ਵਿਚ ਖਿਆਲਾਂ ਰਹਿਨੀ ਆਂ।

ਰੱਬ ਵਾਂਗੂੰ ਤੂੰ ਮੈਨੂੰ ਯਾਦ ਰਵੇ,
ਨਾਂ ਕੁਝ ਕਹਿ ਹੋਵੇ ਨਾਂ ਕਹਿਨੀ ਆਂ।
ਪਰਖਣ ਜੋ ਮੇਰੇ ਤਨ ਦਾ ਕੱਪੜ,
ਨਾਂ ਪਰਵਾਹ ਕਿਸੇ ਦੀ ਲੈਨੀ ਆਂ।
ਭੱਜ-ਦੌੜ ਏ ਨਾਂ ਜਿਹਦਾ,
ਮੈਂ ਇਹਨੂੰ ਜਿੰਦਗੀ ਕਹਿਨੀ ਆਂ।

ਨਾਂ ਕਰਾਂ ਪਰਵਾਹ ਕਿਸੇ ਐਰੇ-ਗੈਰੇ ਦੀ,
ਆਪਣੇ ਤੋਂ ਦੁਖੀਆਂ ਨੂੰ ਦੇਖ ਜੀ ਲੈਨੀ ਆਂ।
ਦਿਲ ਹੈ ‘ਕੋਮਲ’ ਕਲੀਆਂ ਵਰਗਾ,
‌‌…ਪਰ! ਕੰਡਿਆਂ ਦੇ ਨਾਲ ਖਹਿਨੀ ਆਂ…
ਮੈਂ ਕੰਡਿਆਂ ਦੇ ਨਾਲ ਖਹਿਨੀ ਆਂ! !

-ਡਾ ਸਰਬਜੀਤ ਕੌਰ ਬਰਾੜ
ਮੋਬਾ.  79866-52927

———————————————————————–

“ਕੋਈ ਗੱਲ ਸੁਣਾ ਸੰਸਾਰ ਦੀ”

ਵੀਰਾ ਗੱਲ ਸੁਣਾ ਕੋਈ ਪਿਆਰ ਦੀ,
ਕੋਈ ਅੰਦਰ ਦੀ ਕੋਈ ਬਾਹਰ ਦੀ
ਕੋਈ ਸੱਤ ਸਮੁੰਦਰੋਂ ਪਾਰ ਦੀ,
ਜਾਂ ਘਰ ਖ਼ਾਲੀ ਹੋਏ ਪਰਿਵਾਰ ਦੀ।
ਕੋਈ ਗੱਲ ਸੁਣਾ ਸੰਸਾਰ ਦੀ,
ਭੈਣ ਹਾਕਾਂ ਪਈ ਹੈ ਮਾਰਦੀ।

ਕੋਈ ਘੜੀ ਸੁਖਾਲੀ ਦੱਸ ਵੀਰਾ,
ਜਦੋਂ ਲੈਂਦਾ ਏ ਕੋਈ ਹੱਸ ਵੀਰਾ।
ਜੋਬਨ-ਰੁੱਤੇ ਭਰੀ ਜਵਾਨੀ ਤੁਰ ਚੱਲੀ,
ਬੇਵਕਤਾਂ ਦੀ ਮੌਤ ਹੈ ਕੀਹਦੇ ਹੱਥ ਵੀਰਾ।
ਹੈ ਕੋਈ ਜਿਹੜਾ ਹੱਕਾਂ ਵਾਲੀ ਗੱਲ ਕਰੇ,
ਮੈਂ ਦੇਖਿਆ ਅੱਖੀਂ ਮਰਦਾ ਸੱਚ ਵੀਰਾ।

ਕੀ ਹਾਲ ਸੁਣਾ ਉਸ ਮਾਂ ਦਾ ਵੇ,
ਟੁੱਟ ਗਈ ਸੱਜੀ ਖੱਬੀ ਬਾਂਹ ਦਾ ਵੇ।
ਕੁਝ ਦੱਸਦੇ ਬਾਪੂ ਬਾਰੇ ਵੇ,
ਹੁਣ ਜਿਉਂਦਾ ਕਿਸ ਸਹਾਰੇ ਵੇ।
ਦੁੱਖ ਦੱਸਦੇ ਸਾਰਾ ਵੀਰਾ ਵੇ,
ਕਿਉਂ ਖੋਹ ਲੈਂਦੇਂ ਕੁੱਖ਼ ਦਾ ਹੀਰਾ ਵੇ।

ਵੀਰਾ ਹੁਣ ਤਾਂ ਦਿਲ ਜਿਆ ਡਰਦਾ ਏ,
ਨਿੱਤ ਰੋਜ਼ ਹੀ ਗੱਭਰੂ ਮਰਦਾ ਏ।
ਹੰਝੂ ਅੰਦਰੋਂ ਅੰਦਰੀ ਖਰਦਾ ਏ,
ਅਖ਼ਬਾਰ ਗਵਾਹੀ ਭਰਦਾ ਏ।
ਨਾ ਖਾਦਿਆਂ ਪੀਤਿਆਂ ਸਰਦਾ ਏ,
ਇਹ ਗਮ ਹੀ ਬੁੱਢਾ ਕਰਦਾ ਏ।

ਵੀਰਾ ਆਪਾਂ ਵੀ ਕੁਝ ਬੋਲੀਏ ਵੇ,
ਆ ਬਹਿ ਕੇ ਦੁੱਖ ਸੁੱਖ ਫੋਲੀਏ ਵੇ।
ਆਪਣੇ ਹਿੱਸੇ ਦੀ ਦੁਨੀਆਂ ਤੇ,
ਕਿਉਂ ਰੰਗ ਬੇਗ਼ਾਨਾ ਡੋਲੀਏ ਵੇ।
ਇਹ ਦਿਲ ਵਿੱਚ ਗੱਲਾਂ ਧਾਰ ਲਈਏ,
ਤੇ ਹੱਕ ਬਰਾਬਰ ਤੋਲੀਏ ਵੇ।
ਵੀਰਾ ਆਪਾਂ ਵੀ ਕੁਝ ਬੋਲੀਏ ਵੇ,
ਆ ਬਹਿ ਕੇ ਦੁੱਖ ਸੁੱਖ ਫੋਲੀਏ ਵੇ।

ਬਲਜਿੰਦਰ ਕੌਰ ਕਲਸੀ
ਪਿੰਡ ਦੌਧਰ ਜ਼ਿਲ੍ਹਾ ਮੋਗਾ

———————————————————————–

ਸਹਾਰਾ ਪਰਵਰਦਗਾਰ ਦਾ

ਗੁਰੂ ਤੋਂ ਗਿਆਨ ਸਿੱਖਣਾ,
ਗੁਰਸਿੱਖ ਦਾ ਹੈ ਕੰਮ ।
ਨਾ ਮੜ੍ਹੀ ਮਸਾਣੀ ਪੂਜੀਏ,
ਲਹਿ ਜਾਏ ਭਾਵੇਂ ਚੰਮ ।
ਇਕੱਲੇ ਪੜ ਕੇ ਨਹੀਂ ਸਰਨਾ,
ਮੰਨੀਏਂ ਬਾਣੀ ਦੀ ਗੱਲ ।
ਦੁਨੀਆਂ ਅਮਲ ਨਹੀਂ ਕਰਦੀ ਕਰਕੇ,
ਮੱਚੀ ਪਈ ਤਰਥੱਲ ।
ਗੁਰਸਿੱਖ ਮੂਰਤੀ ਪੂਜਾ ਕਰੇ ਨਾ,
ਇਹ ਗੁਰੂਆਂ ਦਾ ਫੁਰਮਾਨ ।
ਸ਼ਬਦ ਚ ਗੁਰੂ ਦਾ ਵਾਸ ਹੈ,
ਪੜ੍ਹ ਲਓ ਨਾਲ ਧਿਆਨ ।
ਪੜਨਾਂ ਗਾਉਣਾ ਚੰਗਾ ਹੈ,
ਪਰ ਅਮਲ ਵੀ ਬਹੁਤ ਜ਼ਰੂਰੀ ।
ਅਮਲਾਂ ਬਾਝੋਂ ਇਲਮ ਨਿਕੰਮੇ,
ਪੈ ਜਾਂਦੀ ਹੈ ਦੂਰੀ ।
ਅਕਾਲਪੁਰਖ ਨੂੰ ਯਾਦ ਜੋ ਰੱਖੇ,
ਹੁੰਦਾ ਪੁਰਸ਼ ਮਹਾਨ ।
ਇਸ ਗੱਲ ਉੱਤੇ ਪਹਿਰਾ ਦੇਹ,
ਓ ਭੋਲੇ ਇਨਸਾਨ ।
ਚਲੋ ਚਲੀ ਦਾ ਮੇਲਾ ਦੁਨੀਆਂ,
ਨਹੀਂਓਂ ਪੱਕਾ ਡੇਰਾ ।
ਫੁਰਮਾਨ ਹੈ ਇਹੇ ਗੁਰਬਾਣੀ ਦਾ,
ਇਥੇ ਥੋੜ੍ਹਾ ਸਮਾਂ ਬਸੇਰਾ ।
ਵਿਸ਼ਵਾਸ ਨਾਲ ਹੀ ਹੋਣਾ ਬੰਦੇ,
ਡੁੱਬਦਾ ਬੇੜਾ ਪਾਰ ।
ਦੁੱਖ ਸੁੱਖ ਵਿੱਚ ਸਹਾਈ ਹੁੰਦਾ,
ਇੱਕੋ ਨਾਮ ਆਧਾਰ ।
ਹਰੀ ਓਮ ਤੇ ਅੱਲ੍ਹਾ ਵਾਹਿਗੁਰੂ,
ਓਸੇ ਨੂੰ ਕਹਿਣ ਖ਼ੁਦਾ ।
ਦਿਸਦਾ ਨਹੀਂ ਐਂ ਕਿਸੇ ਨੂੰ ਦੇਵੇ,
ਸੱਭ ਨੂੰ ਇੱਕੋ  ਦਵਾ ।
ਦੁਨੀਆਂ ਸਾਰੀ ਨੂੰ ਹੈ ਸਹਾਰਾ,
ਇੱਕੋ ਪਰਵਰਦਗਾਰ ਦਾ ।
ਧਾਰਮਿਕ ਅਸਥਾਨਾਂ ਵਿੱਚ ਓਸਨੂੰ,
ਰਹਿੰਦਾ ਬੰਦਾ ਭਾਲਦਾ ।
ਦੱਦਾਹੂਰੀਆ ਅੰਦਰ ਵੱਸੇ ਓਹ,
ਆਓ ਕਰੀਏ ਓਹਦੀ ਖੋਜ ।
ਅਹਿਸਾਸ ਕਰਵਾਉਂਦਾ ਖੁਦ ਓਹ ਆਪਣਾ,
ਕਰਵਾਉਂਦਾ ਹੈ ਹਰ ਰੋਜ਼ ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ, Mob. 95691-49556

———————————————————————–

ਪੰਜਾਬੀਆਂ ਦੀ ਸ਼ਾਨ ਵੱਖਰੀ  

ਡੋਲਿਆ ਤੇ ਖੰਡੇ ਉਤੋ ਗਜ਼ ਚੋੜੀ ਛਾਤੀ
ਕਦੇ ਹੱਥ ਤੂੰਬੀ ਅਤੇ ਕਦੇ ਹੱਥ ਦਾਤੀ।
ਦੋਵਾਂ ਨਾਲ਼ ਛੇੜਦੇ ਏਹ ਤਾਨ ਵੱਖਰੀ
ਯੂ ਕੇ ਵਿਚ ਚਲੇ ਜਾਣ ਭਾਵੇਂ ਜਾਣ ਇਟਲੀ।
ਹੁੰਦੀ ਆਂ ਪੰਜਾਬੀਆਂ ਦੀ ਸ਼ਾਨ ਵੱਖਰੀ…

ਹੱਥ ਕੜਾ ਸਿਰ ਤੇ ਸਜਾਉਂਦੇ ਦਸਤਾਰ,
ਚਾਦਰੇ ਨਾਲ ਜੁੱਤੀ ਤਿੱਲੇ ਵਾਲੀ ਨੋਕਦਾਰ।
ਕੁੰਢੀਆਂ ਨੇ ਮੁੱਛਾਂ ਜੁੱਸਾ ਪੂਰਾ ਰੋਬਦਾਰ,
ਖੜ ਜਾਣ ਲੱਖਾਂ ਵਿੱਚ ਦਿਸਦੇ ਨੇ ਵੱਖ ਯਾਰੋ।
ਇਨ੍ਹਾਂ ਦੀ ਬਣੀ ਹੁੰਦੀ ਆਂ ਪਛਾਣ ਵੱਖਰੀ…

ਅਮਰੀਕਾ ਵਿੱਚ ਚਲੇ ਜਾਣ ਭਾਵੇਂ ਹੋਲੈਂਡ
ਹੁੰਦੀ ਆਂ ਪੰਜਾਬੀਆਂ ਦੀ ਸ਼ਾਨ ਵੱਖਰੀ।

*****  

ਨਾਂ ਨੈਟ ਹੁੰਦਾ ਸੀ ਨਾ ਟੀ ਵੀ ਮੋਬਾਇਲ ਸੀ,
ਜ਼ਿਦਗੀ ਜਿਊਣ ਦਾ ਸਿੱਧਾ ਜਾਂ ਸਟਾਇਲ ਸੀ।
ਸਾਦੇ ਜਹੇ ਘਰ ਪਰਿਵਾਰ ਨਾਲ ਆਬਾਦ ਸੀ,
ਚੌਂਕੇ ਵਿੱਚ ਰੋਟੀ ਖ਼ਾਣ ਦਾ ਤਾਰੇ ਵੱਖਰਾ ਸਵਾਦ ਸੀ।

-ਅਵਤਾਰ ਸਿੰਘ ਤਾਰਾ ਪਿੰਡ ਰਣੀਆਂ ਜ਼ਿਲ੍ਹਾ ਮੋਗਾ

———————————————————————–

ਇੰਟਰਨੈੱਟ  

ਇੰਟਰਨੈੱਟ ਦਾ ਜ਼ਮਾਨਾ ਆਇਆ
ਨਵੀਆਂ ਨਵੀਆਂ ਤਕਨੀਕਾਂ ਲੈ ਆਇਆ
ਗੂਗਲ ਐਸੀ ਚੀਜ਼ ਪਿਆਰੀ
ਹਰ ਚੀਜ਼ ਦੀ ਰੱਖੇ ਜਾਣਕਾਰੀ
ਯੂਟਿਊਬ ਸਭ ਲਾਈਵ ਚਲਾਉਂਦਾ
ਕਿੱਥੇ ਕੀ ਹੋ ਰਿਹਾ ਸਭ ਲਾਈਵ ਦਿਖਾਉੰਦਾ
ਐਮਾਜ਼ੋਨ ਫਲਿਪਕਾਰਟ ਇੱਕ ਐਪ ਬਣਾਈ
ਘਰ ਬੈਠੇ ਸ਼ੌਪਿੰਗ ਦੀ ਹੋਈ ਸੌਖਾਈ
ਫੇਸਬੁੱਕ ਹਰ ਪਾਸੇ ਛਾਈ
ਦੂਰ ਦੂਰ ਤੱਕ ਮਿੱਤਰਤਾ ਵਧਾਈ
ਪਿੱਛੋਂ ਆਇਆ ਵੱਟਸਐਪ ਅਨੌਖਾ
ਨਿੱਜੀ ਦੋਸਤਾਂ ਤੱਕ ਰਾਹ ਏ ਸੌਖਾ
ਅੱਜਕੱਲ੍ਹ ਨੈੱਟ ਗਲਤ ਹੱਥ ਲੱਗਿਆ
ਗੂਗਲ ਤੇ ਵੀ ਗਲਤ ਸਰਚ ਜਾਣ ਲੱਗਿਆ
ਫੇਸਬੁੱਕ ਦਾ ਨਸ਼ਾ ਲੱਗਿਆ
ਬੰਦਾ ਦੁਨੀਆਦਾਰੀ ਤੋਂ ਦੂਰ ਭੱਜਿਆ
‘ਜੱਸੀ’  ਗਲਤ ਚੁਣੋਗੇ ਜੇ ਰਾਹ
ਆਪਣੀ ਜ਼ਿੰਦਗੀ ਖੁਦ ਕਰੋਗੇ ਤਬਾਹ
ਸਹੀ ਵਰਤੋਂ ਜੇ ਕੀਤੀ ਜਾਵੇ
ਹਰ ਇੱਕ ਦਾ ਇਹ ਗਿਆਨ ਵਧਾਵੇ
ਹਰ ਇੱਕ ਦਾ ਇਹ ਗਿਆਨ ਵਧਾਵੇ

ਜੱਸੀ ਸੰਗਤੀਵਾਲਾ Mob. 79739-56743

———————————————————————–

ਅਪਣੱਤ 

ਬੰਦਾ ਅਪਣੱਤ
ਨਾਲ
ਗੁੱਸੇ ਹੁੰਦਾ
ਅਪਣੱਤ ਨਾਲ
ਮਨਾਉਂਦਾ
ਇਹ ਉਥੇ
ਹੁੰਦਾ
ਜਿੱਥੇ
ਰੱਬ ਵੱਸਦਾ। !

ਰਾਜਵਿੰਦਰ ਰੌਂਤਾ

———————————————————————–

ਤੂੰ ਕੌਣ, ‘ਤੇ ਮੈਂ ਕੌਣ, ਮੀਆਂ !

ਇਹਨਾਂ ਬਹੁਤੇ ਚਤੁਰ-ਚਲਾਕਾਂ ਦੀ,
ਗੱਲ ਮੇਰੇ ਤਾਂ ਸਮਝ ਤੋਂ ਬਾਹਰ ਮੀਆਂ।
ਅਸੀਂ ਉਮਰਾਂ ਦੀ ਸਾਂਝ ਸਮਝ ਬੈਠੇ ਸੀ,
ਉਹ ਵਿਹਲਾ ਵਕਤ ਰਹੇ ਸੀ ਗੁਜ਼ਾਰ ਮੀਆਂ।
ਬੇਗਾਨਿਆਂ ਤੋਂ ਕੀ ਆਸ ਕਰੀਏ,
ਸਾਡੇ ਆਪਣਿਆਂ ਨਾ ਲਈ ਸਾਡੀ ਸਾਰ ਮੀਆਂ।
ਮਾੜੇ ਨੂੰ ਲਤੜਦੇ ਫਿਰਦੇ ਨੇ,
ਤਕੜੇ ਅੱਗੇ ਰੱਖਦੇ ਝੁਕਾ ਕੇ ਧੌਣ ਮੀਆਂ।
ਸਰਕਾਰੇ-ਦਰਬਾਰੇ ਜੀਹਦੀ ਚੱਲਦੀ ਐ,
ਬੋਲੀ ਉਹਦੇ ਨਾਂ ਦੀ ਪਾਉਣ ਮੀਆਂ।
ਕੰਮ ਕੱਢ ਲਿਆ ‘ਤੇ ਪਾਸਾ ਵੱਟ ਲਿਆ,
ਫਿਰ ਤੂੰ ਕੌਣ, ‘ਤੇ ਮੈਂ ਕੌਣ ਮੀਆਂ।
– ਏ.ਕੇ. ਬਰਾੜ (ਪੰਜਾਬੋਂ ਬੋਲਦੀ ਹਾਂ) 

=========================================

ਖਿਆਲ  

ਭਗਤ ਸਿਉਂ ਦੀ ਸੋਚ ਵਾਲੇ ਭਗਵੰਤ ਸਿਉਂ,
ਤੇਰੀ ਸੋਚ ਤੋਂ ਬਲਿਹਾਰ ਗਿਆ ਪੰਜਾਬ।
ਤੇਰੇ ਕਹਿਣ ਤੇ ਲੋਕਾਂ ਨੇ ਵਿਸ਼ਵਾਸ ਕੀਤਾ,
ਸਭ ਨੂੰ ਯਕੀਨ ਹੁਣ ਖੁਸ਼ਹਾਲ ਗਿਆ ਪੰਜਾਬ।
ਬਦਲਾਅ ਕਰ ਦਿੱਤਾ ਜਵਾਨਾਂ ਤੇ ਬੁੱਢਿਆਂ ਨੇ,
ਦਹਾਕਿਆਂ ਤੋਂ ਜਕੜਿਆ ਬਹਾਲ ਗਿਆ ਪੰਜਾਬ।
ਪ੍ਰਧਾਨ ਮੰਤਰੀ ਦੀ ਕੁਰਸੀ ਤੈਨੂੰ ਉਡੀਕਦੀ,
ਐਮ.ਪੀ. ਦੀਆਂ ਵੋਟਾਂ ਵੀ ਤੈਨੂੰ ਪੁਵਾ ਰਿਹਾ ਪੰਜਾਬ।
ਖਟਕੜ-ਕਲਾਂ ਤੋਂ ਸੌਂਹ ਚੁੱਕ ਇਨਕਲਾਬੀਆਂ,
ਸ਼ਹੀਦਾਂ ਨੂੰ ਯਾਦ ਕਰਵਾਕੇ ਤੂੰ ਰੁਵਾ ਗਿਆ ਪੰਜਾਬ।
ਕੀਤੇ ਵਾਅਦਿਆਂ ਨੂੰ ਸਕਾਰ ਕਰੀ ਪਰਮਿਲ ਖੋਟੇ ਕਹਿੰਦਾ,
ਤੇਰੇ ਖਿਆਲ ਵਿੱਚ ਰਲਾ ਖਿਆਲ ਗਿਆ ਪੰਜਾਬ।
-ਡਾ,ਜਗਤਾਰ ਸਿੰਘ ਪਰਮਿਲ
ਪਿੰਡ ਨਾਹਲ ਖੋਟੇ ਮੋਗਾ Mob. 98556-88072

=========================================

ਗੀਤਾਂ ਵਿੱਚ ਜੱਟ  

ਗੀਤਾਂ ਵਿੱਚ ਜੱਟ ਸਟਾਰ ਬਣਾਇਆ
ਨਿੱਤ ਨਵੀਂ ਪੱਟਦਾ ਨਾਰ ਵਿਖਾਇਆ
ਸ਼ੌਕਾਂ ਉਹਦਿਆਂ ਦਾ ਮੁੱਲ ਨਾ ਕੋਈ
ਨਿੱਤ ਬਦਲਦਾ ਕਾਰ ਵਿਖਾਇਆ
ਜੱਟੀ ਵੀ ਨਾ ਘੱਟ ਕਹਾਉਂਦੀ
ਨਿੱਤ ਬਦਲਦੇ ਸੂਟ ਸਲਾਉਂਦੀ
ਗੀਤਾਂ ਵਿੱਚ ਜੱਟ ਕੁੜੀ ਕੱਢ ਲਿਆਉਂਦਾ
ਕੁੜੀ ਵਾਲਿਆਂ ਦੀ ਫਿਰਦਾ ਪੱਗ ਰਲਾਉਂਦਾ
ਬੰਦੇ ਮਾਰਨਾ ਜੱਟ ਲਈ ਅਸਾਨ
ਨਿੱਤ ਨਵੇਂ ਦੀ ਲੈ ਲੈਂਦਾ ਜਾਨ
ਪਰ ਅਸਲੀ ਜੱਟ ਤੇ ਕੁਝ ਹੋਰ ਬਣੀ ਏ
ਕਿਸਮਤ ਤੇ ਚਲਦਾ ਉਹਦਾ ਜ਼ੋਰ ਨਹੀਂ ਏ
ਅਸਲੀ ਵਾਲਾ ਜੱਟ ਬੇਰੁਜ਼ਗਾਰ ਪਿਆ ਏ
ਖੇਤਾਂ ਵਿੱਚ ਹੀ ਕਰਦਾ ਕੰਮ ਕਾਰ ਪਿਆ ਏ
ਟਰੈਕਟਰ ਵੀ ਕਰਜ਼ੇ ਦੀ ਮਾਰ ਪਿਆ ਏ
ਜੱਟ ਰੋ ਰੋ ਧਾਹਾਂ ਮਾਰ ਰਿਹਾ ਏ
ਪੱਕੀ ਫ਼ਸਲ ਤੇ ਮੀਂਹ ਦੀ ਮਾਰ ਪਈ ਏ
ਘਰ ਇੱਕ ਵਿਆਹੁਣ ਵਾਲੀ ਧੀ ਮੁਟਿਆਰ ਪਈ ਏ
ਸ਼ੌਕ ਉਹਦੇ ਸੁਪਨੇ ਬਣ ਰਹਿ ਗਏ ਨੇ
ਟਰੈਕਟਰ ਸੋਨਾ ਵੀ ਬੈਂਕਾਂ ਵਾਲੇ ਲੈ ਗਏ ਨੇ
ਜੱਸੀ ਕਰਜ਼ਾ ਸਿਰ ਉਤੋਂ ਪਿਆ ਲੰਘਦਾ ਏ
ਤਾਂਹੀਂ ਜੱਟ ਗਲ ਰੱਸਾ ਪਿਆ ਟੰਗਦਾ ਏ
ਤਾਂਹੀਂ ਜੱਟ ਗਲ ਰੱਸਾ ਪਿਆ ਟੰਗਦਾ ਏ

– ਜੱਸੀ ਸੰਗਤੀਵਾਲਾ Mob.79739-56743

=========================================

ਦੋਤਾਰਾ ਛੰਦ (ਮਾਂ ਬੋਲੀ)  

ਮਾਂ ਬੋਲੀ ਸ਼ਹਿਦ ਜਿਹੀ,

ਜਿਵੇਂ ਨੇ ਗੁੜ ਮਿਸ਼ਰੀ ਤੇ ਗੰਨੇ

ਚਾਅ ਦੂਣਾ ਚੜ੍ਹ ਜਾਂਦਾ,

ਬੋਲਣ ਜਦ ਨੇ ਬੱਚੇ ਨੰਨੇ..,

ਬਣ ਬੈਠੀ ਵਿਸ਼ਵ ਪਰੀ,

ਇਹ ਪੰਜ ਆਬਾਂ ਦੀ ਰਾਣੀ,

ਧੰਨ ਹੋ ਰਕਾਨ ਗਈ,

ਰੁਤਬਾ ਦੇਵੇ ਇਸਨੂੰ ਬਾਣੀ ..।

ਫਿਰੇ ਚੜ੍ਹੀ ਜਹਾਜ਼ਾਂ ਤੇ,

ਲੰਡਨ ਸਿਡਨੀ ਤੋਂ ਗੁੜਗਾਵਾਂ,

ਸੁਣ ਸਿਫਤਾਂ ਇਸ ਦੀਆਂ,

ਉੱਡੀ ਬਾਜ ਵਾਂਗਰਾਂ ਜਾਂਵਾਂ

ਮੋਹ ਆਵੇ ਮਿੱਟੀ ਦਾ,

ਜੁੜਦੀ ਜਦ ਹੇ ਟੀ ਦੀ ਢਾਣੀ..,

ਧੰਨ ਹੋ ਰਕਾਨ ਗਈ,

ਰੁਤਬਾ ਦੇਵੇ ਇਸਨੂੰ ਬਾਣੀ..।

ਪੁੱਤ ਤੁਰ ਪ੍ਰਦੇਸ ਗਏ,

ਲੈ ਗਏ ਭਾਸ਼ਾ ਉੱਥੇ ਨਾਲੇ…,

ਸੁਣ ਸੁਪਰ ਹਿੱਟ ਗਾਣੇ,

ਆਖਣ ਬੱਲੇ ਗੋਰੇ ਕਾਲੇ..,

ਹੈ ਮਾਣ ਬੜਾ ਮੈਨੂੰ,

ਘੁਲ ਗਈ ਸੱਤ ਸਮੁੰਦਰ ਪਾਣੀ,

ਧੰਨ ਹੋ ਰਕਾਨ ਗਈ,

ਰੁਤਬਾ ਦੇਵੇ ਇਸਨੂੰ ਬਾਣੀ..।

ਇਹ ਨਾਤਾ ਗਹਿਰਾ ਏ,

ਬੋਲੀ ਨਾਲ ਅਸਾਡਾ ਧੁਰ ਤੋਂ,

ਪੜ ਆਮ ਸਕੂਲਾਂ ਤੋਂ,

ਦੀਪੋ ਆਈ ਮੋਹਣਪੁਰ ਤੋਂ….,

ਕਰੇ ਯਾਦ ਕਲਾਸਾਂ ਨੂੰ,

ਲਿਖਦੇ ਬਹਿ ਕੇ ਜਿੱਥੇ ਹਾਣੀ,

ਧੰਨ ਹੋ ਰਕਾਨ ਗਈ,

ਰੁਤਬਾ ਦੇਵੇ ਇਸਨੂੰ ਬਾਣੀ..।

-ਮਨਦੀਪ ਕੌਰ ਭੰਡਾਲ ਲੰਡਨ

=========================================

ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ…  

ਮਾਂ ਬੋਲੀ ਵਿੱਚ ਖ਼ੂਨ ਦੇ ਮੇਰੇ,

ਮਾਂ ਬੋਲੀ ਵਿੱਚ ਸਾਹਾਂ,

ਇਹੀ ਮੇਰੀ ਰਗ-ਰਗ ਜਾਣੇਂ,

ਨਾਲ ਰੋਵੇ ਵਿੱਚ ਆਹਾਂ,

ਇਸ ਬੋਲੀ ਵਿੱਚ ਮੋਹ ਦੀਆਂ ਤੰਦਾਂ,

ਕਰਾਂ ਜ਼ਿਕਰ ਵਿੱਚ ਧਾਹਾਂ,

ਮਾਂ ਬੋਲੀ ਮੇਰੀ ਵਿਸ਼ਵ ਪਰੀ ਏ,

ਪੰਜ ਆਬਾਂ ਦੀ ਰਾਣੀ..,

ਗੁਰੂਆਂ ਇਸ ਨੂੰ ਮਾਣ ਬਖ਼ਸ਼ਿਆ,

ਰਚ ਕੇ ਇਸ ਵਿੱਚ ਬਾਣੀ..,

ਸੱਤ ਸਮੁੰਦਰੋਂ ਪਾਰ ਪਹੁੰਚ ਗਈ.

ਵਿੱਚ ਬੋਲੇ ਇਹ ਢਾਣੀ ..

ਇਹੀ ਮੇਰੇ ਇਸ਼ਕ ਦੀ ਬੋਲੀ …

ਇਹ ਮੇਰੀ ਪਟਰਾਣੀ ..।

-ਮਨਦੀਪ ਕੌਰ ਭੰਡਾਲ ਲੰਡਨ ਤੋਂ

=========================================

   ਸੋਨੇ ਦੀਏ ਚਿੜੀਏ

ਕਿੰਨੀ ਵਾਰੀ ਬਾਹਰੋਂ ਆਏ ਧਾੜਵੀ

ਤੇਰੇ ਵੱਲ ਚੁੱਕੀ ਅੱਖ ਨਾਂ

ਰਿਹਾ ਬਾਰਡਰਾਂ ਤੇ ਮੂਹਰੇ ਹੋ ਕੇ ਲੜਦਾ

ਪੱਲੇ ਤੇਰੇ ਪਿਆ ਕੱਖ ਨਾਂ

ਤੇਰੇ ਛੇ ਛੇ ਫੁੱਟੇ ਗੱਭਰੂ

ਕੀਹਨੇ ਨਸ਼ਿਆਂ ਚ ਧੱਕਤੇ

ਹੁਣ ਉੱਡਿਆ ਜਾਵੇ ਨਾਂ ਸੋਨੇ ਦੀਏ ਚਿੜੀਏ

ਕੀਹਨੇ ਤੇਰੇ ਖੰਭ ਪੱਟਤੇ ।

ਰਿਹਾ ਦੂਜਿਆਂ ਦੇ ਢਿੱਡ ਸਦਾ ਭਰਦਾ

ਤੇ ਆਪਦਾ ਖਿਲਾਰਾ ਪੈ ਗਿਆ

ਪਾਣੀ ਧਰਤੀ ਦੇ ਹੇਠਲੇ ਵੀ ਮੁੱਕੇ

ਤੇ ਦਰਿਆਵਾਂ ਦਾ ਬਟਵਾਰਾ ਪੈ ਗਿਆ

ਅਵਾਜ ਹੱਕਾਂ ਲਈ ਜਿੰਨਾਂ ਨੇ ਕਦੇ ਚੁੱਕੀ

ਉਹ ਤਾਂ ਉਦੋਂ ਜੇਲ੍ਹੀਂ ਡੱਕਤੇ

ਹੁਣ ਉੱਡਿਆ ਜਾਵੇ ਨਾਂ ਸੋਨੇ ਦੀਏ ਚਿੜੀਏ

ਕੀਹਨੇ ਤੇਰੇ ਖੰਭ ਪੱਟਤੇ ।

ਹੋਈ ਮਾਂ ਬੋਲੀ ਘਰ ਚ ਪ੍ਰਾਹੁਣੀ

ਤੇ ਅੰਗਰੇਜੀ ਨੇ ਪਿੱਛੇ ਧੱਕਤੀ

ਗੱਲ ਦਿਸਦੀ ਨਾਂ ਕਿਤੇ ਸੱਭਿਆਚਾਰ ਦੀ

ਜਵਾਨੀ ਫੈਸ਼ਨਾਂ ਨੇ ਪੱਟਤੀ

ਜਹਾਜ ਭਰ ਭਰ ਮੁਸਾਫਿਰਾਂ ਦੇ ਉੱਡਗੇ

ਨੀਂ ਸਭ ਕੁਝ ਵੇਚ ਵੱਟਕੇ

ਹੁਣ ਉੱਡਿਆ ਜਾਵੇ ਨਾਂ ਸੋਨੇ ਦੀਏ ਚਿੜੀਏ

ਕੀਹਨੇ ਤੇਰੇ ਖੰਭ ਪੱਟਤੇ ।

ਸਿਆਸਤਦਾਨਾਂ ਨੇ ਸਿਆਸਤਾਂ ਚਮਕਾ ਲਈਆਂ

ਤੇ ਅਮੀਰਾਂ ਤੋ ਅਮੀਰ ਹੋ ਗਏ

ਏਥੇ ਕਿਰਤਾਂ ਨੂੰ ਭਾਗ ਨਹੀਂ ਲੱਗੇ

ਸੁੱਚੇ ਹੱਥੀਂ ਬਦਨਸੀਬ ਹੋ ਗਏ

ਆਮ ਬੰਦਾ ਲੱਭਦਾ ਫਿਰੇ ਅਜਾਦੀ

ਜੋ ਸੰਤਾਲੀ ਚ ਲਿਆਂਦੀ ਖੱਟਕੇ

ਹੁਣ ਉੱਡਿਆ ਜਾਵੇ ਨਾਂ ਸੋਨੇ ਦੀਏ ਚਿੜੀਏ

ਕੀਹਨੇ ਤੇਰੇ ਖੰਭ ਪੱਟਤੇ ।

ਕੁਲਦੀਪ ਸਿੰਘ ਖੁਖਰਾਣਾ, ਮੋ. 95015-77900

=========================================

ਸਿਵਾ ਸੱਧਰਾਂ ਦਾ ਨਾਂ ਕੱਜਿਆ ਜਾਏ ਵੇ ਲੋਕੋ…  (ਗੀਤ)

ਸਰਘੀ ਦੀ ਲਾਲੀ ਦੇ ਵਰਗਾ

ਨਵਾਂ ਬੱਝਿਆ ਸੀ ਪਿੰਡ ਵੇ ਲੋਕੋ
ਕੁੱਲੀਆਂ ਦੇ ਸੰਗ ਹੱਸਿਆ ਰੋਇਆ
ਨਵਾਂ ਕਰਿਸ਼ਮਾ ਸੀ ਹੋਇਆ ਵੇ ਲੋਕੋ

ਹਾਕਮਾਂ ਤੇ ਮਹਿਕੂਮਾਂ ਦੇ ਵਿੱਚ
ਯੁੱਧ ਏਥੇ ਸੀ ਛਿਿੜਆ ਵੇ ਲੋਕੋ
ਕੂੜ ਦੇ ਹਾਕਮ ਦੀ ਮੱਸਿਆ ਤੇ
ਸੱਚ ਦਾ ਸੂਰਜ ਸੀ ਹੱਸਿਆ ਵੇ ਲੋਕੋ

ਕਿਰਤੀਆਂ ਦੀ ਕਾਨਵਾਈ ਸੀ ਬੈਠੀ
ਆਪਣੇ ਤੰਬੂਆਂ ਸੀ ਹੇਠ ਵੇ ਲੋਕੋ
ਦੁੱਖਾਂ ਸੁੱਖਾਂ ਦੀ ਸਾਂਝ ਬੜੀ ਸੀ ਪੀਡੀ
ਤਾਜਾਂ ਵਾਲੇ ਬਣੇ ਡਰਪੋਕ ਵੇ ਲੋਕੋ

ਵਰ੍ਹਾ ਸੰਗੀਨਾਂ ਦੀਆਂ ਨੋਕਾਂ ਦੇਖ ਕੇ
ਬਿਜਲੀ ਵਾਂਗ ਲਿਸ਼ਕਿਆ ਰੋਹ ਵੇ ਲੋਕੋ
ਡੁੱਲ੍ਹੀ ਰੱਤ ‘ਚੋਂ ਹੋਈ ਸੂਹੀ ਸੀ ਸਰਘੀ
ਹਾਕਮ ਹੋਇਆ ਕਪੂਤ ਵੇ ਲੋਕੋ

ਜਿੱਤ ਗਏ ਫ਼ਿਰ ਲੋਕਾਂ ਦੇ ਜਾਏ
ਵੱਜੇ ਨਗਾਰੇ ਸੀ ਖੂਬ ਵੇ ਲੋਕੋ
ਗੁਰਬਤ ਭੰਨੇ ਤੇ ਢਿੱਡੋਂ ਸੀ ਭੁੱਖੇ
ਲੰਗਰ ਨੇ ਸੀ ਖੂਬ ਰੱਜਾਏ ਵੇ ਲੋਕੋ

ਪੈਰ ਯੁੱਧ ਚੋਂ ਅਸੀਂ ਕਾਹਦੇ ਪੱਟ ਲਏ
ਆਹ ਵੋਟਾਂ ਪੈਰ ਚੁਕਾਏ ਵੇ ਲੋਕੋ
ਤਿੱਖੀ ਸੋਚ ਤੇ ਕਿਰਦਾਰ ਜੋ ਅਸਾਡਾ
ਹੁਣ ਰਾਗ ਹਾਕਮਾਂ ਦਾ ਗਾਏ ਵੇ ਲੋਕੋ

ਜੂਹ ਏ੍ਹਨਾ ਨੂੰ ਅਸਾਂ ਟੱਪਣ ਨਾਂ ਦੇਣੀ
ਜਿੰਨਾ ਪੂਰਾ ਸਾਲ ਰੁਆਏ ਵੇ ਲੋਕੋ
ਵਿਸਰੀਆਂ ਕਿਉਂ ਖਾਧੀਆਂ ਕਸਮਾਂ
ਨਵੇਂ ਤੁਖਮ ਘਰਾਂ ‘ਚ ਬਿਠਾਏ ਵੇ ਲੋਕੋ

ਟੋਡਰ ਮੱਲ ਦੀ ਹਵੇਲੀ ਵਰਗਾ
ਉਹ ਸਾਡਾ ਪਿੰਡ ਕੁਰਲਾਏ ਵੇ ਲੋਕੋ
ਬੁਲੰਦ ਇਮਾਨ ਨੇ ਜੋ ਟਕੇ ਵਿਛਾਏ
ਅੱਜ ਈਮਾਨ ਅਸੀਂ ਵੇਚ ਆਏ ਵੇ ਲੋਕੋ

ਖਿੱਦੋ ਖਿੱਲਰੀ ਤਾਂ ਲੀਰਾਂ ਨਿਕਲੀਆਂ
ਫੁੱਟ ਦੇ ਝੰਡੇ ਕਿਉਂ ਉੁੱਗ ਆਏ ਵੇ ਲੋਕੋ
ਕਿਲ੍ਹਾ ਮਜਬੂਤ ਸੀ ਜੋ ਸਿਰਲੱਥਾਂ ਵਾਲਾ
ਯਾਰੜੇ ਦਾ ਸੱਥਰ ਅੱਜ ਵਿਛਾਏ ਵੇ ਲੋਕੋ

ਕੁੱਝ ਤਾਂ ਹੱਥ ਤੁਸੀਂ ਅਕਲ ਨੂੰ ਮਾਰੋ
ਆਪਣੀ ਤਕਦੀਰ ਬਣਾਓ ਵੇ ਲੋਕੋ
ਜੇ ਯੁੱਧਾਂ ਤੋਂ ਬੇਮੁੱਖ ਹੋ ਗਏ ‘ਬੌਡੇ’
ਸਿਵਾ ਸੱਧਰਾਂ ਦਾ ਨਾਂ ਕੱਜਿਆ ਜਾਏ ਵੇ ਲੋਕੋ
ਸਿਵਾ ਨਾਂ ਕੱਜਿਆ ਜਾਏ ਵੇ ਲੋਕੋ।

  • – ਗੁਰਮੇਲ ਸਿੰਘ ਬੌਡੇ

=========================================

ਸਾਡੇ ਨੇਤਾ … 

ਹਰ ਕੋਈ ਹੁਣ ਦਾਅ ਲਾਉਣ ਨੂੰ ਫਿਰਦਾ ਹੈ,
ਲੋਕਾਂ ਕੋਲੋਂ ਵੋਟਾਂ ਖਿਸਕਾਉਣ ਲਈ ਫਿਰਦਾ ਹੈ।
ਕਈ ਤਰ੍ਹਾਂ ਦੇ ਲੋਭ ਲਾਲਚ ਵੰਡਦਾ ਹੈ,
ਲਾਰੇ ਲਾ ਕੇ ਪਤਿਆਉਣ ਨੂੰ ਫਿਰਦਾ ਹੈ।
ਪੰਜ ਸਾਲ ਤਕ ਬਾਤ ਕੋਈ ਪੁੱਛੀ ਨਾ,
ਹੁਣ ਘਰਾਂ ਦੇ ਦਰਵਾਜੇ ਖੜਕਾਉਣ ਨੂੰ ਫਿਰਦਾ ਹੈ।
ਪਹਿਲਾਂ ਨੇਤਾ ਲੋਕਾਂ ਤੋਂ ਬਚ ਕੇ ਲੰਘਦੇ ਸੀ,
ਹੁਣ ਹਰ ਬੰਦਾ ਪੱਲਾ ਬਚਾਉਣ ਨੂੰ ਫਿਰਦਾ ਹੈ।
ਉਹਨਾਂ ਲੋਕਾਂ ਦੀ ਗੱਲ ਕਦੇ ਵੀ ਸੁਣੀ ਨਾ,
ਸਭ ਦੀ ਗਲ ਹੁਣ ਮੰਨਣ-ਮਨਾਉਣ ਨੂੰ ਫਿਰਦਾ ਹੈ।
ਕੁਰਸੀ ਮਿਲੀ ਤੋਂ ਮੌਜਾਂ ਮਾਣਦੇ ਨੇ,
ਪੁੱਤ-ਪੋਤੇ ਚੋਣ ਜਿਤਾਉਣ ਨੂੰ ਫਿਰਦਾ ਹੈ।
ਡੇਰੇ, ਗੁਰਦੁਆਰੇ ਮੰਦਰ, ਛੱਡੇ ਨਾ,
ਬਾਬਿਆਂ ਕੋਲੇ ਗਿੜ-ਗਿੜਾਉਣ ਨੂੰ ਫਿਰਦਾ ਹੈ।
ਪੈਸਾ ਲੋਕਾਂ ਤੋਂ ਜੋ ਲੁੱਟਿਆ ਸੀ,
ਓਹੀ ਪੈਸਾ ਵੋਟਾਂ ਲਈ ਫੜਾਉਣ ਨੂੰ ਫਿਰਦਾ ਹੈ।
ਲੋਕੀਂ ਜਾਗੇ ਨੇ ਹਿਸਾਬ ਮੰਗਣ ਲਈ,
ਸੁਆਲ ਜਦ ਪੁੱਛਦੇ ਖਹਿੜਾ ਛੁਡਾਉਣ ਨੂੰ ਫਿਰਦਾ ਹੈ।
“ਮਾਵੀ” ਨੇਤਾਵਾਂ ਦੀ ਹਾਲਤ ਵੇਖੀ ਜਾਹ,
ਬੇ-ਗੈਰਤ ਜਿਹਾ ਹਰ ਥਾਂ ਸਿਰ ਝੁਕਾਉਣ ਨੂੰ ਫਿਰਦਾ ਹੈ।

  • – ਗੁਰਦਰਸ਼ਨ ਸਿੰਘ ਮਾਵੀ
    #1571, ਸੈਕਟਰ 51ਬੀ, ਚੰਡੀਗੜ੍ਹ Mob. 98148-51298

=========================================

ਲੋਕ ਬੋਲੀਆਂ …

ਰੋੜ੍ਹੀ ਰੋੜ੍ਹੀ ਰੋੜ੍ਹੀ
‘ਕਿਸਮਤ’ ਮੇਰੇ ਦੇਸ਼ ਦੀ,
ਬੇਰਹਿਮਾਂ ਨੇ ਨਿਵਾਣਾਂ ਵੱਲ ਰੋੜ੍ਹੀ।
ਬਣਕੇ ਪ੍ਰੇਤ ਚਿੰਬੜੀ,
ਮੋਦੀ ਅਮਿਤ ਸ਼ਾਹ ਦੀ ਜੋੜੀ।
ਅੰਬਾਨੀਆਂ ਅਡਾਨੀਆਂ ਦੀ,
ਬਣ ਗਏ ਅਸੀਲ ਜਿਹੀ ਘੋੜੀ।
ਖੇਤੀ ਕਿੱਤੇ ਨੂੰ ਹੜੱਪ ਜਾਣ ਲਈ,
ਰਲ਼ਮਿਲ ਕੇ ਬਣਾਲੀ ਚੋਰ-ਮੋਰੀ।
ਕਾਲ਼ੇ ਕਾਨੂੰਨ ਘੜ੍ਹਕੇ,
ਲੋਕ ਸਭਾ ਦੀ ਚਾੜ੍ਹਤੇ ਪੌੜੀ।
ਰਾਜ ਸਭਾ ਵਿੱਚ ਕਰ ਜ਼ਿਆਦਤੀ,
ਫ਼ਾਈਲ ਰਾਸ਼ਟਰਪਤੀ ਵੱਲ ਦੌੜੀ।
ਐਨਾਕੌਂਡਾ ਵਾਂਗਰਾਂ ਵਲੇਟਾ ਮਾਰਕੇ,
ਬਹਿਗੇ ਕਰਕੇ ਹੰਕਾਰੀ ਛਾਤੀ ਚੌੜੀ।
ਚੰਡਾਲ ਚੌਕੜੀ ਤੇ ਵਿਕਾਊ ਮੀਡੀਏ ਦੀ,
ਜੱਗ ਜਾਹਿਰ ਹੋਗੀ ਸੋਚ ਜੋ ਸੌੜੀ।
ਕਿਸਾਨ ਆਗੂਆਂ ਨੂੰ ਭਿਣਕ ਲੱਗੀ,
ਲਾਤੇ ਹੋਕੇ, ਚੜ੍ਹ ਕੋਠੇ ‘ਤੇ ਲਗਾਕੇ ਪੌੜੀ।
ਸੱਥਾਂ ‘ਚ ਇਕੱਠ ਬੱਝ ਗਿਆ,
ਜਨਤਾ ਕੁੰਭਕਰਨੀ ਨੀਂਦ ਛੱਡ ਦੌੜੀ।
ਕਿਸਾਨ ਬੀਬੀਆਂ ਨਾ ਰੋਕੇ ਰੁੱਕੀਆਂ,
ਜਾ ਗੱਡਤੀ ਬਰਾਬਰ ਮੋਹੜੀ।
ਸਟੇਜਾਂ ਦਾ ਸ਼ਿੰਗਾਰ ਬਣੀਆਂ,ਜਦ
ਦੁਸ਼ਮਣਾਂ ਵੱਲ ਤਾਣਤੇ ਮੁੱਕੇ ਮੱਲੋ-ਜ਼ੋਰੀ।
ਸੜਕਾਂ ਤੇ ਰੇਲਾਂ ਰੋਕੀਆਂ,
ਬਣ ਬੈਠ ਗਏ ਮੱਲ ਕਰੋੜੀ।
ਜਦ ਟੱਸ ਤੋਂ ਕੋਈ ਮੱਸ ਨਾ ਹੋਇਆ,
ਗੇਂਦ ਘੋਲ਼ ਦੀ ਦਿੱਲੀ ਵੱਲ ਤੋਰੀ।
ਖੱਟਰ ਸਰਕਾਰ ਦਾ ਗਰੂਰ ਤੋੜਤਾ,
ਜੋ ਜ਼ਹਿਰੀ ਸੋਚ ਤੇ ਨਜ਼ਰ ਰੱਖੇ ਕੌੜੀ।
ਘੋਲ਼ ਵਿਸ਼ਵਵਿਆਪੀ ਹੋ ਗਿਆ,
ਦਿੱਲੀ ਚੁਫੇਰਿਉਂ ਗਈ ਜਦ ਘੇਰੀ।
ਵਿਦੇਸ਼ਾਂ ਵਿੱਚ ਵਸੇ ਵੀਰਾਂ ਨੇ,
ਆ ਆਸਰੇ ਦੀ ਚਾਦਰ ਅੋੜੀ।
ਸਰਦੀ, ਗਰਮੀ, ਬਾਰਸ਼ਾਂ ਦੇ ਸਤਾਏ ਲੋਕਾਂ ‘ਤੇ,
ਸਾਰੀ ਦੁਨੀਆਂ ਦੀ ਨਜ਼ਰ ਜਦ ਅਹੁਲ਼ੀ।
ਮੋਦੀ, ਸ਼ਾਹ ਤੇ ਜੋਗੀ ਦੀ,
ਜ਼ਮੀਨ ਖਿਸਕੀ ਤੇ ਹੋ ਗਈ ਬਹੁਲ਼ੀ।
ਫਿਰ ਜੋ ਥੁੱਕਿਆ ਸੀ, ਚੱਟ ਮਾਰਿਆ,
ਕੰਨ ਫੜ੍ਹਕੇ ਆਖਦੇ ਸੌਰੀ।
ਜਿੱਤ ਲਿਆ ਕਿਸਾਨਾਂ ਮੋਰਚਾ,
ਕਾਨੂੰਨਾਂ ਦਾ ਮੁੱਲ ਨੀ ਪਿਆ ਦੋ ਕੌੜੀ।
ਐਮ ਐਸ ਪੀ ਵਾਲੀ ਵੀ ਮੰਗ ਜਿੱਤ ਕੇ,
ਘਰ ਆ ਕੇ ਮਨਾਉਣਗੇ ਲੋਹੜੀ।
ਸਟੇਜਾਂ ‘ਤੇ ਗਾਉਣ ਲਈ,
ਬਲਵਿੰਦਰ ਰੋਡੇ ਨੇ ਇਹ ਕਵਿਤਾ ਹੈ ਜੋੜੀ।
ਗਿੱਧੇ, ਮਹਿਫ਼ਲਾਂ ‘ਚ ਪਾਉਣ ਲਈ,
ਇਹ ਬੋਲੀ ਹੈ ਜੋੜੀ।
ਬਲਵਿੰਦਰ ਸਿੰਘ ‘ਰੋਡੇ’ ਨੇ, ਨੰਗੇ ਕਰਤੇ ਬਹੁਕਰੋੜੀ।
ਕਿਸਾਨ ਵੀਰੋ ਹੱਥਾਂ ‘ਚ ਥਮਾਈ ਰੱਖਣੀ,
ਹੁਣ ਏਕਤਾ ਵਾਲ਼ੀ ਹਥੌੜੀ।
ਹੁਣ ਏਕੇ ਵਾਲ਼ੀ ਹਥੌੜੀ . . .

ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ
98557-38113

=========================================

ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ…

ਛੁਪਿਆ ਸਿਤਾਰਾ ਚਮਕਦਾ,
ਇਹ ਚੰਦਰਾ ਸੁਨੇਹਾ ਬੇ-ਵਕਤ ਆ ਗਿਆ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ।

ਪੰਜਾਬੀ ਸਾਹਿਤ ਜਗਤ ਨੂੰ,
ਇੱਕ ਘਾਟਾ ਹੋਰ ਖਾ ਗਿਆ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ।

ਚੁੱਪ-ਚਾਪ ਪੰਛੀ ਵੀ ਘਰਾਂ ਨੂੰ ਪਰਤਣ,
ਜਦੋਂ ਚਾਰੇ-ਪਾਸੇ ਉਦਾਸੀ ਦਾ ਬੱਦਲ ਛਾ ਗਿਆ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ।

ਮਾਣਦਾ ਰਿਹਾ ਆਨੰਦ ਜੋ ਉੱਚੀ ਹੇਕ ਦਾ,
ਤੁਰ ਜਾਣ ਦਾ ਸਦਮਾ ਦਿਲ ਨੂੰ ਖਾ ਗਿਆ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ।

ਕਿੱਥੋਂ ਲੱਭਾਗੇ ਤੇਰੇ ਮਿੱਠੜੇ ਬੋਲ,
ਅਮਰ ਰਹਿਣਗੇ ਗੀਤ ਮਾਹੀਏ ਢੋਲ,
ਗਗਨ ਦੀ ਕਲਮ ਨੂੰ ਵਿਛੋੜਾ ਤੇਰਾ ਰਵਾ ਗਿਆ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ।

  • – ਗਗਨਦੀਪ ਧਾਲੀਵਾਲ

=========================================

ਗ਼ਜ਼ਲ

ਔਝੜੇ ਰਾਹਾਂ ਨੂੰ ਕਿੱਦਾਂ ਦਿਨ ਦਿਹਾੜੇ ਮੋੜੀਏ,
ਕਿੱਦਾਂ ਉਸਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜੀਏ।

ਅਣਖ ਗ਼ੈਰਤ ਰੋਹ ਦਾ ਅੰਗਾਰ ਬਣ ਗਏ ਸੂਰਮੇ,
ਭਖ ਪਏ ਸੰਘਰਸ਼ ਦਾ ਹੁਣ ਰਾਹ ਕਿੱਦਾਂ ਮੋੜੀਏ।

ਕਾਲੀਆਂ ਰਾਤਾਂ ਦੇ ਰਾਹੀ ਸਦੀਆਂ ਤੋਂ ਬਣਦੇ ਆ ਰਹੇ,
ਪਹੁ- ਫੁੱਟਾਲੇ ਨਾਲ ਯਾਦਾਂ ਕਿਸ ਤਰ੍ਹਾਂ ਹੁਣ ਜੋੜੀਏ।

ਦੂਰੀਆਂ ਦੇ ਦਰਦ ਨੂੰ ਹਿਜਰਾਂ ‘ਚ ਰਖਿਆ ਸਾਂਭ ਕੇ,
ਰਾਤ ਦੀਆਂ ਬਾਹਾਂ ‘ਚ ਢਲਦੇ ਸੂਰਜ ਨੂੰ ਕਿੰਝ ਵਿਛੋੜੀਏ।

ਸੀਸ ਰੱਖਕੇ ਤਲੀ ਤੇ ਸੂਲੀ ਨੂੰ ਚੁੰਮਦੇ ਰਹੇ ਜੋ,
ਇਤਿਹਾਸ ਦੇ ਪੰਨਿਆਂ ‘ਚ ਸਾਂਭੀ ਰੱਤ ਕਿਉਂ ਨਿਚੋੜੀਏ

ਵਕਤ ਦੀ ਹਿੱਕ ਤੇ ਲਿਖਣਾ ਜਾਣਦੇ ਹਾਂ ਕਿਸਮਤਾਂ,
ਲਾ ਕੇ ਸਮੁੰਦਰ ਤਾਰੀਆਂ ਲਹਿਰਾਂ ਨੂੰ ਹੁਣ ਝੰਜੋੜੀਏ।

ਸੁਰਜੀਤ ਸਿੰਘ ਕਾਉਕੇ
Mob. 94179-15615

=========================================

ਬਾਗੀ

ਫਾਂਸੀਆਂ ਤੇ ਚੜ੍ਹਨਾਂ ,ਚਾਅ ਨਹੀਂ ਸੀ ਮੇਰਾ

ਹਨੇਰਿਆਂ ਚ ਰਹਿਣਾ ਸੁੁਭਾਅ ਨਹੀਂ ਸੀ ਮੇਰਾ

ਚਾਨਣ ਦੀ ਛਿੱਟ ਤੱਕਣ ਦੀ ਨੀਝ ਸੀ ਮੇਰੀ

ਪਰ ਅੱਤਵਾਦੀ ਨਹੀਂ ਇਨਕਲਾਬੀ ਸੀ ਮੈ

ਹੱਕਾਂ ਲਈ ਲੜਨ ਵਾਲਾ ਬਾਗੀ ਸੀ ਮੈਂ ।

ਕਦੇ ਬੰਦ ਬੰਦ ਕਟਵਾ ਕੇ

ਕਦੇ ਚਰਖੜੀਆਂ ਤੇ ਚੜ੍ਹਾ ਕੇ

ਕਦੇ ਨੀਹਾਂ ਚ ਚਿਣਵਾ ਕੇ

ਕੀਤੀਆਂ ਸਾਜਿਸ਼ਾਂ ਮੇਰੀ ਸੋਚ ਕਤਲ ਕਰਨ ਦੀਆਂ

ਪਰ ਬੁਜ਼ਦਿਲ ਨਹੀਂ ਜੁਆਬੀ ਸੀ ਮੈਂ

ਮਜ਼ਲੂਮਾਂ ਲਈ ਲੜਨ ਵਾਲਾ ਬਾਗੀ ਸੀ ਮੈਂ ।

ਸਮੇਂ ਦੇ ਗੇੜ ਨੇ ਜ਼ਮਾਨੇ ਬਦਲੇ

ਚਾਲਾਂ ਹਕੂਮਤੀ ਹਸਰਤਾਂ ਦੇ ਸੁਭਾਅ ਬਦਲੇ

ਵਲਵਲੇ ਮਨ ਦੇ ਲਾਲਚਾਂ ਚ ਵਹਿਣ ਲੱਗੇ

ਪਰ ਵਿਰਸੇ ਸਿਰਮੌਰ ਦਾ ਵਾਰਿਸ ਪੰਜਾਬੀ ਹਾਂ ਮੈਂ

ਸੱਚ ਲਈ ਖੜ੍ਹਨ ਵਾਲਾ ਬਾਗੀ ਹਾਂ ਮੈਂ ।

– ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਮਾਂ ਬੋਲੀ ਦੀ ਪੁਕਾਰ

ਮੈਂ ਵਕਤ ਦੀ ਘੁੰਮਣਘੇਰੀ ਵਿੱਚ ਫਸਗੀ,

ਸਿਰ ਤੋਂ ਚੁਨੀ ਲੈ ਗਈ ਮੇਰੀ।

ਚਾਰ ਸ਼ਬਦ ਜੇ ਮਾਂ ਦੇ ਬੋਲੇ,

ਹੁਣ ਟੌਹਰ ਕਿਉਂ ਘੱਟਦੀ ਤੇਰੀ ।

ਲੋਰੀਆਂ ਦੇ ਨਾਲ ਪਾਲਿਆ ਤੈਨੂੰ,

ਜਵਾਨੀ ਵਾਲੇ ਗੀਤ ਵੀ ਤੇਰੇ ਗਾਏ।

ਘੋੜੀਆਂ ਗਾ ਵਿਆਹਿਆ ਤੈਨੂੰ,

ਗੀਤ ਗਾ ਸਿਹਰਿਆਂ ਤੱਕ ਸਜਾਏ।

ਉਮਰਾਂ ਭਾਵੇਂ ਤਕਾਜੇ ਬਦਲੇ,

ਮਾਂ ਨੇ ਪਿਆਰ ਨਾਂ ਘਟਾਇਆ।

ਜਾਣ ਵੇਲੇ ਦਾ ਤੇਰਾ ਦੁਖ ਕਰਤਾ ਵੱਡਾ,

ਵੈਣ ਪਾ ਅੰਬਰਾਂ ਤੱਕ ਰਵਾਇਆ।

ਮਾਂ ਦਾ ਦੁੱਖ ਭਾਵੇਂ ਕਿੰਨਾਂ ਵੱਡਾ,

ਪੁੱਤਾਂ ਕੋਲੋਂ ਰਹੇ ਸਦਾ ਲਕਾਉਂਦੀ।

ਭਾਵੇਂ ਘਰ ਵਿੱਚ ਮਤਰੇਈ ਬਣਗੀ,

ਰਹੂ ਸਦਾ ਤੇਰੀ ਸੁਖ ਮਨਾਉਂਦੀ।

– ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਵੱਡੇ ਦਰਖ਼ਤਾਂ ਬਾਝੋਂ …

ਵੱਡੇ ਦਰਖ਼ਤਾਂ ਨੂੰ ਸੜਕਾਂ ਖਾ ਗਈਆਂ,
ਬਾਕੀਆਂ ਨੂੰ ਖਾ ਗਏੇ ਆਰੇ।
ਪਿੱਪਲ਼, ਬੋਹੜ ਦਿਸਣ ਤੋਂ ਰਹਿ ਗਏ,
ਕਿੱਥੇ ਪੀਂਘ ਪਾਵੇਂ ਮੁਟਿਆਰੇ ?
ਜੰਗਲਾਤ ਮਹਿਕਮੇ ਦਾ ਭੋਗ ਪੈ ਗਿਆ,
ਬੱਸ ਜੋ ਬਿਆਨਾਂ ਨਾਲ ਸਾਰੇ।
ਧਰਤੀ ਦੀਆਂ ਗੈਸਾਂ ਬੱਦਲ਼ ਚੁੱਕਤੇ,
ਭਰਨੋਂ ਰਹੇ ਕਿਆਰੇ।
ਤੇਰੇ ਪੈਰੋਂ ਵਾਤਾਵਰਨ ਪਲੀਤ ਹੋ ਗਿਆ,
ਨੀ ਜਾਲਮ ਸਰਕਾਰੇ।
ਧਰਤੀ ਦਾ ਸੀਨਾ ਅੱਗ ਵਾਂਗੂ ਮੱਚੇ,
ਹੁਣ ਕਿਹੜਾ ਆ ਕੇ ਠਾਰੇ ?
ਬਲਵਿੰਦਰ ਰੋਡੇ ਚੁੱਭ ਜਾਵਣਗੇ,
ਤੇਰੇ ਬੋਲ ਕਰਾਰੇ!
ਤੇਰੇ ਬੋਲ ਕਰਾਰੇ!

– ਬਲਵਿੰਦਰ ਸਿੰਘ ਰੋਡੇ

=========================================

ਧਰਤ ਪੰਜਾਬ ਦੀ

ਅੱਜ ਰੋਈ ਧਰਤ ਪੰਜਾਬ ਦੀ,

ਕਹਿੰਦੀ ਮੇਰੀ ਸੁਣਲੋ ਕੋਈ ਪੁਕਾਰ ।

ਮੈਂ ਧਰਤੀ ਗੁਰੁ ਗੋਬਿੰਦ ਦੀ,

ਮੇਰੇ ਪੁੱਤ ਸੀ ਨਲੂਏ ਜੇ ਸਰਦਾਰ ।

ਏਥੇ ਨੀਲੇ ਪਾਣੀ ਸੀ ਵਗਦੇ,

ਮੇਰਾ ਵੱਡਾ ਸੀ ਪਰਿਵਾਰ ।

ਕਿਉਂ ਟੁਕੜੇ ਮੇਰੇ ਕਰ ਦਿੱਤੇ,

ਕਿਉਂ ਮੇਰੀ ਹੋਂਦ ਤੇ ਕੀਤੇ ਵਾਰ ।

ਏਥੇ ਗਿੱਧੇ ਭੰਗੜੇ ਸੀ ਪਨਪਦੇ,

ਤੇ ਰੋਣਕਾਂ ਸੀ ਬੇਸ਼ੁਮਾਰ ।

ਹੁਣ ਕਿਹੜੀਆਂ ਨਜ਼ਰਾਂ ਖਾ ਗਈਆਂ,

ਨਿਤ ਖੁਦਕਸ਼ੀਆਂ ਦੇ ਭਰੇ ਅਖਬਾਰ ।

ਕਿਹੜੀ ਚਮਕ ਦਮਕ ਦੇ ਪਿੱਛੇ,

ਲੁਕ ਗਈ ਪੰਜਾਬੀਆਂ ਦੀ ਮੁਸਕਾਨ ।

ਜਿਹੜੇ ਵਾਰਿਸ ਸੀ ਰਣਜੀਤ ਦੇ,

ਕਿਉਂ ਘਰ ਨੂੰ ਲੱਗੇ ਖਾਣ ।

– ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

  ਲੋਕਾਂ ਦੀ ਤਾਕਤ

ਕਿਉਂ ਦੇਸ਼ ਨੂੰ ਲੁੱਟਦੇ ਹਾਕਮੋਂ.

ਨਿਤ ਨਵੀਆਂ ਚਾਲਾਂ ਘੜਦੇ।

ਜਬਰ ਜੁਲਮ ਦੇ ਜੋਰ ਨਾਲ,

ਕਦੇ ਜਜਬੇ ਨਾਂ ਮਰਦੇ ।

ਮਾੜੀਆਂ ਤੁਹਾਡੀਆਂ ਨੀਤੀਆਂ ਨੇ,

ਦੇਸ਼ ਕੰਗਾਲ ਬਣਾਤਾ।

ਦੂਜਿਆਂ ਦੇ ਢਿੱਡ ਭਰਨ ਵਾਲਾ,

ਅੱਜ ਮੰਗਣ ਲਾਤਾ।

ਧਰਮਾਂ ਪਿੱਛੇ ਲਾ ਕੇ,

ਤੁਸੀਆਂ ਵੰਡੀਆਂ ਪਾਈਆਂ।

ਭਾਈ ਤੋਂ ਭਾਈ ਮਰਵਾ ਕੇ,

ਤੁਸੀਂ ਸਿਆਸਤਾਂ ਚਮਕਾਈਆਂ।

ਧਰਤੀ,ਜੰਗਲ ਸਭ ਖਾ ਕੇ,

ਤੁਹਾਨੂੰ ਸਬਰ ਨੀਂ ਆਇਆ।

ਰਿਸ਼ੀਆਂ ਮੁਨੀਆਂ ਦੀ ਧਰਤ ਨੂੰ,

ਭ੍ਰਿਸਟਚਾਰੀਆਂ ਦਾ ਮੁਲਕ ਬਣਾਇਆ।

ਹੁਣ ਬਹੁਤੀ ਦੇਰ ਨੀਂ ਚਲਣੀਆਂ,

ਇਹ ਕੋਝੀਆਂ ਚਾਲਾਂ।

ਲੋਕ ਲਹਿਰਾਂ ਜਦੋਂ ਬਣਦੀਆਂ,

ਹਕੂਮਤੀ ਤਾਕਤਾਂ ਨਾਂ ਬਣਦੀਆਂ ਢਾਲਾਂ।

– ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਐਨਕ ਕਾਲੇ ਸ਼ੀਸੇ ਦੀ

ਕਿਉਂ ਲੁੱਟਦਾ ਭੋਲੇ ਲੋਕਾਂ ਨੂੰ,
ਏਹਨਾਂ ਜੁਲਮ ਤੇਰਾ ਹਰ ਸਹਿ ਜਾਣਾ ।
ਜਿਸ ਧੰਨ ਦੌਲਤ ਨੂੰ ਆਪਣਾ ਸਮਝਦਾ,
ਏਹ ਸਾਰਾ ਹੀ ਏਥੇ ਰਹ ਜਾਣਾ ।

ਕਿਉਂ ਕੁਦਰਤ ਵੀ ਤੂੰ ਠੱਗ ਲਈ ਏ,
ਜੰਗਲ ਕੱਟ ਵੀਰਾਨ ਕੀਤੇ ।
ਕਿਉਂ ਪਾਣੀ ਮੈਲੇ ਕਰਤੇ ਗੰਗਾ ਦੇ,
ਕਿਉਂ ਟਹਕਿਦੇ ਬਾਗ ਸ਼ਮਸਾਨ ਕੀਤੇ ।

ਕਿਉਂ ਕਿੱਲੀ ਟੰਗ ਤੂੰ ਸ਼ਰਮਾਂ ਨੂੰ,
ਜਿਸਮ ਨੁਮਾਇਸ਼ੀ ਲਾ ਦਿੱਤੇ ।
ਭਾਈ ਨੇ ਭਾਈ ਤੇ ਬੰਦੂਕਾਂ ਤਾਣ ਲਈਆਂ,
ਕਿਉਂ ਭਾਈਚਾਰਕ ਸਾਂਝ ਨੂੰ ਲਾਂਬੂੰ ਲਾ ਦਿੱਤੇ ।

ਕਿਉਂ ਲੋੜਾਂ ਨਾਲੋਂ ਵੱਧ ਅਯਾਸ਼ ਹੋਇਆ,
ਕਰਿਦਾਰ ਹੀ ਨਵੇਂ ਬਣਾ ਦਿੱਤੇ ।
ਕਿਉਂ ਹਸਦੇ ਨੱਚਦੇ ਬਚਪਨਾਂ ਦੇ,
ਹੱਥ ਜੁੰਮੇਵਾਰੀਆਂ ਨਾਲ ਬੰਨਵਾਂ ਦਿੱਤੇ ।

ਕਿਉਂ ਲਾ ਐਨਕ ਕਾਲੇ ਸ਼ੀਸੇ ਦੀ,
ਪੂਰੀ ਦੁਨੀਆਂ ਕਾਲੀ ਕਰ ਦਿੱਤੀ ।
ਕਿਉਂ ਲਹੂ ਲੁਹਾਨ ਕਰੇਂ ਅਰਮਾਨਾਂ ਨੂੰ,
ਕਿਉਂ ਜਹਰਿ ਆਪਣੇ ਮੁਫਾਦਾਂ ਦੀ ਭਰ ਦਿੱਤੀ ।

ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਗਰੀਬੜੈ ਦੀ ਰਤ

ਦੇਖਦਿਆਂ ਹੀ ਦੇਖਦਿਆਂ ਯੁੱਗ ਕੈਸਾ ਆ ਗਿਆ
ਝੂਠ ਦੇ ਮਹਿਲ ਬਣੇਂ ਕੱਚੇ ਸੱਚ ਵਾਲੇ ਢਾਹ ਗਿਆ
ਮਾੜੇ ਨੇ ਸਦਾ ਮਾੜਾ ਰਹਿਣਾ ਕੀ ਇਹੋ ਗੱਲ ਸੱਚ ਆ
ਉੱਚੇ ਅਹੁਦਿਆਂ ਤੇ ਬੈਠਾ ਜੀਹਦਾ ਘਾਣ ਕਰੀ ਜਾਵੇ
ਉਹ ਗਰੀਬੜੈ ਦੀ ਰਤ ਆ।

ਤੇਰੇ ਨਿਤ ਦੇ ਸ਼ਗੂਫੇ ਗਲ ਗਰੀਬ ਦਾ ਹੀ ਘੁੱਟਦੇ
ਤੇਰੇ ਨੀਤੀਆਂ ਦੇ ਘਾੜੇ ਵੇਖ ਗਰੀਬੀਆਂ ਨੂੰ ਲੁੱਟਦੇ
ਕੈਸੀ ਤੈਨੂੰ ਕਾਰ ਮਿਲੀ ਕੈਸੀ ਤੇਰੀ ਮਤ ਆ
ਉੱਚੇ ਅਹੁਦਿਆਂ ਤੇ ਬੈਠਾ ਜੀਹਦਾ ਘਾਣ ਕਰੀ ਜਾਵੇ
ਉਹ ਗਰੀਬੜੈ ਦੀ ਰਤ ਆ।

ਮੰਨਿਆਂ ਕੇ ਸੁਖ ਤੇਰੇ ਹਿਸੇ ਆਏ ਨੇ
ਜਿਹੜੇ ਹਰ ਵਾਰੀ ਟੁੱਟਦੇ ਸੁਪਨੇ ਗਰੀਬ ਦੇ ਸਜਾਏ ਨੇ
ਤੇਰੀਆਂ ਹਵਸ਼ਾਂ ਦਾ ਸ਼ਿਕਾਰ ਹੁਦੀ ਜਿਹੜੀ
ਉਹ ਗਰੀਬੜੈ ਦੀ ਪਤ ਆ
ਉੱਚੇ ਅਹੁਦਿਆਂ ਤੇ ਬੈਠਾ ਜੀਹਦਾ ਘਾਣ ਕਰੀ ਜਾਵੇ
ਉਹ ਗਰੀਬੜੈ ਦੀ ਰਤ ਆ।

ਛੁਪ ਜਾਂਦੇ ਸੂਰਜ ਸਦਾ ਨੀ ਚੜ੍ਹੇ ਰਹਿੰਦੇ
ਢਹਿ ਜਾਂਦੇ ਮਹਿਲ ਸਦਾ ਨੀ ਖੜ੍ਹੇ ਰਹਿੰਦੇ
ਧਨ ਦੀਆਂ ਪੰਡਾਂ ਤੇਰੇ ਨਾਲ ਨੀ ਉਏ ਜਾਣੀਆਂ
ਜਿੰਨ੍ਹਾਂ ਨੂੰ ਜੋੜਨੇ ਦੀ ਲਾਈ ਭੈੜੀ ਲਤ ਆ
ਉੱਚੇ ਅਹੁਦਿਆਂ ਤੇ ਬੈਠਾ ਜੀਹਦਾ ਘਾਣ ਕਰੀ ਜਾਵੇ
ਉਹ ਗਰੀਬੜੈ ਦੀ ਰਤ ਆ।

ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਜਿੰਦਗੀ ਦਾ ਮਿਲਾਪ

ਆ ਨੀ ਜਿੰਦੇ ,ਗਲ ਲੱਗ ਮਿਲੀਏ
ਤੂੰ ਲੱਗਦੀ ਮੈਨੂੰ, ਤਿਰਹਾਈ

ਆ ਦੋ ਘੜੀ, ਬਹਿ ਗੱਲਾਂ ਕਰੀਏ
ਤੂੰ ਬੜੀ ਦੇਰ ਬਾਦ, ਥਿਆਈ

ਐਨਾ ਚਿਰ, ਕਿਥੇ ਰਹੀ ਤੂੰ
ਕਿਸ ਕਿਸ ਨੂੰ, ਮਿਲ ਕੇ ਆਈ

ਕਿਸ ਨੇ ਤੈਨੂੰ, ਤੰਗ ਸੀ ਕੀਤਾ
ਤੂੰ ਕਿਸ ਦੀ ਕਰੇਂ, ਵਡਿਆਈ

ਕਿਸ ਨੇ ਤੈਨੂੰ, ਠੇਡੇੇ ਮਾਰੇ
ਕਿਸ ਨੇ ,ਗਲਵਕੜੀ ਪਾਈ

ਕਿਹੜੇ ਕਿਹੜੇ, ਦੁੱਖ ਤੂੰ ਝੱਲੇ
ਕਿੰਨੀ ਕੁ, ਪੀੜ ਹੰਢਾਈ

ਕੀ ਆਪਣਾ ਵੀ ਕੋਈ, ਉਥੇ ਮਿਲਿਆ
ਜਾਂ ਮਿਲੀ ਹੈ ਪੀੜ ਪਰਾਈ

ਬੜਾ ਹੀ ਤਰਸ, ਤੇਰੇ ਤੇ ਆਵੇ
ਤੂੰ ਇਹ ਕੀ ਸ਼ਕਲ ਬਣਾਈ

ਅਜ ਤੋਂ ਬਾਦ ਕਿਤੇ ਨਹੀਂ ਜਾਣਾ
ਘਰ ਵਿਚ ਭੈਣ ਤੇ ਭਾਈ

ਬਾਹਰ ਤਾਂ ਸਾਰੇ, ਠੱਗ ਨੇ ਫਿਰਦੇ
ਕਰ ਜਾਂਦੇ ਚਤੁਰਾਈ

“ਮਾਵੀ ” ਕੋਲੇ, ਰਹਿ ਚੁੱਪ ਕਰਕੇ
ਜਿਸ ਨੇ ਲਿਵ ਹੈ, ਰਬੱ ਨਾਲ ਲਾਈ

– ਗੁਰਦਰਸ਼ਨ ਸਿੰਘ ਮਾਵੀ
#1571 ਸੈਕਟਰ51ਬੀ, ਚੰਡੀਗੜ੍ਹ
ਫੋਨ 98148-51298

=========================================

ਕੱਚਾ ਘਰ

ਕੱਚਿਆ ਘਰਾ ਵੇ ਉਲਾਮ੍ਹਾ ਤੈਨੂੰ ਇੱਕ
ਨਾਲ ਹੀ ਲੈ ਗਿਆ ਜ਼ਜਬਾਤਾਂ ਨੁੰ
ਇੱਕ ਚੁੱਲ੍ਹੇ ਉੱਤੇ ਹੁਣ ਰਿੱਝਦਾ ਨੀ ਸਾਗ
ਗੁਆਚੀ ਦਾਦੀ ਜਿਹੜੀ ਸੁਣਾਉਂਦੀ ਸੀ ਬਾਤਾਂ ਨੂੰ ।

ਇੱਕ ਪੱਖੇ ਅੱਗੇ ਸੱਤ ਅੱਠ ਮੰਜਿਆਂ ਦੀ ਰੇਲ
ਭੁੱਲਾਂ ਕਿਵੇਂ ਖੁੱਲ੍ਹੀਆਂ ਸਬਾਤਾਂ ਨੂੰ
ਵਿਹੜੇ ਵਾਲੀ ਨਿੰਮ ਨਾਲੇ ਖੂੰਡੇ ਵਾਲਾ ਬਾਪੂ
ਗੀਤਾਂ ਰਾਹੀਂ ਕਿਵੇਂ ਦੱਸੀਏ ਜੁਆਕਾਂ ਨੂੰ ।

ਕੰਧੋਲੀਆਂ ਉਕਰੇ ਮੋਰ ਕਿੱਥੋਂ ਲੱਭਾਂ
ਜਿਹੜੇ ਢਹਿੰਦੇ ਸੀ ਕਦੇ ਬਰਸਾਤਾਂ ਨੂੰ
ਕਾਨਿਆਂ ਦੀਆਂ ਛੱਤਾਂ ਹੀ ਅਲੋਪ ਹੋਈਆਂ
ਛਣ ਛਣ ਕਣੀਆਂ ਦੀ ਕਿਥੋਂ ਹੋਣੀਂ ਰਾਤਾਂ ਨੂੰ ।

ਢਹਿ ਗਏ ਸਭ ਹਾਰੇ -ਹਾਰੀਆਂ
ਪੀਵਾਂ ਕਿਥੋਂ ਕਾੜ੍ਹਨੀ ਦੇ ਦੁੱਧ ਜਿਹੀਆਂ ਖੁਰਾਕਾਂ ਨੂੰ
ਕਿਰਦਾਰ ਕੱਖਾਂ ਤੋਂ ਵੀ ਹੌਲੇ ਹੋ ਗਏ
ਦੋਸ਼ ਕਿਵੇਂ ਦੇਈਏ ਕੀਮਤੀ ਪੁਸ਼ਾਕਾਂ ਨੂੰ ।

ਕੱਚਿਆਂ ਦੀ ਥਾਂ ਭਾਵੇਂ ਪੱਕਿਆਂ ਨੇ ਲੈ ਲਈ
ਕਾਬੂ ਕਿਵੇਂ ਕਰੀਏ ਵਿਗੜੇ ਹਲਾਤਾਂ ਨੂੰ
ਜਦੋਂ ਖੂਨ ਆਪਣੇ ਹੀ ਸਫੈਦ ਹੋ ਜਾਣ
ਪਿਆਰ, ਇਤਫਾਕ ਲਈ ਛਾਣਦਾ ਕਿਉਂ ਖਾਕਾਂ ਨੂੰ ।

ਕੁਲਦੀਪ ਸਿੰਘ ਖੁਖਰਾਣਾ
ਮੋਬਾਇਲ਼ : 95015-77900

=========================================

ਇੰਤਜ਼ਾਰ

ਤੇਰੇ ਖ਼ਿਆਲਾਂ ਵਿੱਚ ਡੁੱਬੀ
ਤੇਰੀਆਂ ਸੱਧਰਾਂ ਰੋੜਿਆ।
ਤੇਰੇ ਪਿਆਰ ‘ਚ ਹੋਈ ਅੰਧ ਮੋਈ,
ਤੇਰੇ ਜਜ਼ਬਾਤਾਂ ਮੁੱਖ ਮੋੜਿਆਂ।
ਤੇਰੇ ਨਾਮ ਦੀ ਬਾਤ ਵੱਖਰੀ,
ਤੇਰੇ ਸੁਪਨਿਆਂ ਵੀ ਤੋੜਿਆਂ।
ਤੇਰੇ ਇੰਤਜ਼ਾਰ ਵਿੱਚ ਬੈਠੀ,
ਪਰ ਵੇ ਤੂੰ ਨਾ ਬੋਹੜਿਆ।
ਤੇਰੇ ਲਫ਼ਜ਼ਾਂ ਵਿੱਚ ਬੇਰੁੱਖੀ,
“ਤਰਵਿੰਦਰ” ਚਿੱਤ ਬੇਲੋੜਿਆਂ।
-ਤਰਵਿੰਦਰ ਕੌਰ ਝੰਡੋਕ
Mob. 98144-50239

=========================================

ਆਖਰੀ ਸਲਾਮ

ਤੇਰੇ ਬਿਨਾਂ ਮੈਂ ਕਿਵੇਂ ਜੀ ਲਵਾਂ,
ਤੇਰੇ ਬਿਨਾਂ ਤਾਂ ਮੈਂ ਮਰ ਜਾਵਾਂ।
ਤੇਰੇ ਪਿਆਰ ਦੀ ਜੇ ਹੋਵੇ ਵਰਖਾ,
ਹੰਝੂਆਂ ਦਾ ਸਾਗਰ ਵੀ ਤਰ ਜਾਵਾਂ।
ਤੇਰੇ ਬੁੱਲ੍ਹਾਂ ਤੇ ਹੋਵੇ ਇਜ਼ਹਾਰੇ ਮੁਹੱਬਤ,
ਮੈਂ ਨਿੱਘੇ ਅਹਿਸਾਸ ਨਾਲ ਠਰ ਜਾਵਾਂ।
ਇਕ ਵਾਰ ਹੱਥ ਜੇ ਮੇਰਾ ਫੜ ਲਵੇ,
ਆਪਣੀ ਚੁੰਨੀ ਦਾ ਪੱਲਾ ਹੱਥ ਧਰ ਜਾਵਾਂ।
ਤੇਰੀ ਬਣ ਕੇ ਨਿਕਲਾ ਜੱਗ ਅੰਦਰ,
ਦੂਰੀ ਸੋਚ ਕੇ ਹੀ ਡਾਹਢਾ ਮੈੰ ਡਰ ਜਾਂਵਾ।
ਲਾਵਾਂ ਲੈ ਕੇ ਤੇਰੇ ਨਾਲ ਘਰ ਆਵਾਂ,
ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਜਾਵਾਂ।
ਮੁਹੱਬਤ ਦਾ ਆਖਰੀ ਸਲਾਮ “ਤਰਵਿੰਦਰ”
ਨਿਛਾਵਰ ਖੁਸ਼ੀ ਤੇਰੀ ਝੋਲੀ ਭਰ ਜਾਵਾਂ !
– ਤਰਵਿੰਦਰ ਕੌਰ ਝੰਡੋਕ

=========================================

ਮਾਂ ਦਿਵਸ ਤੇ ਵਿਸ਼ੇਸ਼

ਕੌਣ ਕਹਿੰਦਾ ਹੈ ਰਬ ਇੱਕ  ਹੈ
ਇਕ ਮੇਰੀ ਮਾਂ ਵੀ ਤਾਂ  ਹੈ,
ਜੋ ਰਬ ਦਾ ਰੂਪ ਹੈ ਦੂਜਾ।
ਮਾਂ ਨੂੰ ਸ਼ਬਦਾਂ ਵਿੱਚ ਪਰੋਇਆ ਨਹੀਂ ਜਾ ਸਕਦਾ।
ਕਿਉਂ ਜੋ ਮਾਂ ਆਪਣੇ ਆਪ ਵਿੱਚ ਹੀ ਪੂਰੀ  ਸ਼ਬਦਾਵਲੀ  ਹੈ।

ਸਨੇਹ ਨਾਲ ਭਰੀ, ਮਮਤਾ ਨਾਲ ਸੱਜੀ,
ਬੱਚਿਆਂ  ਲਈ  ਜਿਉਂਦੀ
ਬੱਚਿਆਂ ਲਈ  ਮਰਦੀ ਮਾਂ,
ਸਾਰੀ ਉਮਰ  ਦੁਆਵਾਂ ਮੰਗਦੀ ਮਾਂ।
ਧੁੱਪ, ਠੰਡ, ਝੱਖੜਾ, ਝੇੜਿਆ
ਤੋਂ ਬਚਾਵਣ ਮਾਵਾਂ
ਕੋਈ ਗਿਫਟ ਗੁਲਾਬ ਨਾ ਚਾਹੁਣ  ਮਾਵਾਂ ।

ਆਪਣੀ ਮਾਂ ਕਦੇ  ਕੋਈ ਬਣ ਨਹੀਂ  ਸਕਦਾ
ਉਂਜ ਬਣ ਜਾਵੇ ਚਾਹੇ ਹਜਾਰਾਂ  ਮਾਵਾਂ।
ਸ਼ਾਲਾ ! ਸਦਾ ਸਲਾਮਤ  ਰੱਖੀ,
ਸਭਨਾਂ ਦੀਆਂ ਮਾਵਾਂ।

ਮਾਂ ਕਦੇ ਨਹੀਂ ਕਹਿੰਦੀ ਮੇਰੇ
ਪੈਰੀ ਹੱਥ ਲਾ, ਉਹ ਤਾਂ ਸਦਾ ਹੀ ਲੋੜੇ
ਉਸਦੇ  ਸੀਨੇ ਲੱਗ ਕੇ ਠੰਡ ਪਾ।
ਮਾਂ  ਕਦੇ  ਨਹੀਂ ਕਹਿੰਦੀ  ਮੈਨੂੰ  ਮਹਾਨ  ਕਹਿ
ਉਹ ਤਾਂ ਚਾਹੇ, ਉਸਨੂੰ ਮਾਂ ਕਹਿ।

ਏਕ ਦਿਨ ਤੋਂ  ਕਿਆ, ਸਾਰੀ ਜਿੰਦਗੀ
ਤੇਰਾ ਕਰਜ਼ਦਾਰ ਹੂੰ ਮੈਂ ਮਾਂ,
ਮੇਰਾ ਰਾਮ ਭੀ ਤੂੰ ਮੇਰਾ ਰਹੀਮ ਭੀ ਤੂੰ
ਮੇਰਾ ਵਾਹਿਗੁਰੂ  ਤੂੰ, ਮੇਰਾ ਜਹਾਨ ਵੀ ਤੂੰ।
ਮਾਂ ਤਾਂ ਯਾਰਾ ਮਾਂ ਹੁੰਦੀ ਹੈ,
ਮਾਂ ਤਾਂ ਠੰਡੜੀ ਛਾਂ ਹੁੰਦੀ ਹੈ।

ਮੇਰੀ ਇਬਾਬਤੋ ਕੋ ਕਬੂਲ ਕਰਨਾ
ਐ ਖੁਦਾ, ਸੱਜਦੇ ਮੇ ਝੁਕੂ ਤੋ ਤੇਰੇ ਬਾਅਦ
ਮੇਰਾ ਸਿਰ ਮਾਂ ਕੇ ਕਦਮੋਂ ਮੇਂ ਹੋ।
ਮੇਰਾ  ਸਿਰ ਮਾਂ ਕੇ  …ਕਦਮੋਂ ਮੈਂ ਹੋ।

– ਪੋ. ਮਨਿੰਦਰ ਸੰਧੂ

=========================================

ਅੱਜ ਦਾ ਸਮਾਂ

ਭੁੱਲ ਨਾ ਜਾਇਓ ਭੈਣ-ਵੀਰੋ ਅਣਮੁੱਲੀ ਕੁਰਬਾਨੀ ਨੂੰ,

ਬੱਸ ਅੱਜ ਦੇ ਦਿਨ ਨਾ ਕਿਤੇ ਸਟੇਟਸ ਲਾ ਕੇ ਸਾਰ ਲਿਓ।
ਬਣਨਾ ਪਊਗਾ ਅੱਜ ਭਗਤ, ਰਾਜਗੁਰੂ, ਸੁਖਦੇਵ ਵਰਗੇ,
ਕੱਲ ਤੋ ਇਹ ਯੋਧਿਆਂ ਨੂੰ ਨਾ ਸਭ ਮਨੋ ਵਿਸਾਰ ਦਿਓ।
ਐਵੇ ਸੋਖੀ ਨਹੀ ਮਿਲਦੀ ਕਦੇ ਆਜ਼ਾਦੀ ਘਰ ਆ ਕੇ,
ਓ ਤੁਸੀਂ ਵੀ ਆਪਣਾ ਆਪ ਜਾ ਦਿੱਲੀ ਵਿਚ ਵਾਰ ਦਿਓ।
ਨਾ ਝੁਕੋ ਨਾ ਲੱਗੋ ਪਿੱਛੇ ਐਵੇਂ ਆਹ ਠੱਗ ਲੀਡਰਾਂ ਦੇ,
ਸੁਖਾਣੇ ਵਾਲੇ ਸੁੱਖੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿਓ।
ਮੁੱਲ ਕੋਡੀ ਤੋ ਹੀਰਾ ਬਣਜੂ ਜਦ ਜਿੱਤ ਕੇ ਆਵਾਂਗੇ,
ਬੱਸ ਜਿੱਤਣ ਲਈ ਭਾਵੇ ਵਾਰ ਸਾਰਾ ਪਰਿਵਾਰ ਦਿਓ।
ਯੁੱਗਾ ਯੁੱਗਾ ਤੱਕ ਯਾਦ ਕਰੂ ਹਰ ਕੋਈ ਕੁਰਬਾਨੀ ਨੂੰ,
ਜਿਵੇਂ 23 ਮਾਰਚ ‘ਤੇ ਅੱਜ ਸ਼ਹੀਦਾਂ ਨੂੰ ਪ੍ਰਣਾਮ ਦਿਓ।
ਲੈਕਚਰਾਰ ਸੁਖਦੀਪ ‘ਸੁਖਾਣਾ’
ਪਿੰਡ-ਸੁਖਾਣਾ, ਜਿਲ੍ਹਾ-ਲੁਧਿਆਣਾ
ਮੋਬਾਈਲ 98148-92646

=========================================

ਮਹਿਲਾ  ਦਿਵਸ  ਤੇ  ਸ਼ੁੱਭ  ਕਾਮਨਾਵਾਂ

ਮੈਨੂੰ ਕਾਗਜ ਕਲਮ ਫੜਾ ਦਿਉ,
ਮੈਂ ਕਿਸੇ ਨੂੰ ਸਜਦਾ  ਕਰਨਾ ਹੈ ।
ਇਕ ਟੋਭਾ ਵੀ ਲਿਆ ਦਿਉ,
ਮੈਂ ਕਿਸੇ ਨੂੰ ਸਜਦਾ ਕਰਨਾ ਹੈ ।
ਬਾਬਾ ਜੀ  ਮੇਰੀ ਕਲਮ  ਵਿਚ  ਅੱਖਰ  ਪਾ ਦਿਉ,
ਮੈਂ  ਨਾਰੀ ਨੂੰ ਸਜਦਾ ਕਰਨਾ ਹੈ।

ਮਾਂ, ਮਮਤਾ, ਮੁਹੱਬਤ  ਹੀ  ਹੈ  ਜਿਸਦਾ ਨਾਮ
ਜਿਸ  ਲਈ  ਤੁਸੀ ਵੀ ਤਾਂ  ਹੈ ਫਰਮਾਇਆ
ਸੋ ਕਿਉ  ਮੰਦਾ ਆਖੀਐ ਜਿਤੁ  ਜੰਮੇ  ਰਾਜਾਨ।
ਹਾਂ  ਜੀ,  ਉਹ ਨਾਰੀ, ਜੋ ਹੈ ਇਕ ਰੱਬੀ ਦਾਤ,
ਜਿਸ ਨਾਲ  ਹੀ ਸੱਜੀ ਹੈ, ਸਾਰੀ ਕਾਇਨਾਤ।
ਉਹ ਨਾਰੀ ਜਿਸ  ਜਨਮ ਦੇ  ਸੰਸਾਰ ਵਸਾਇਆ
ਪੀਰਾਂ ਪੈਗੰਬਰਾਂ ਦਾ ਪ੍ਰਕਾਸ਼

ਜਿਸ ਘਰ ਹੋਵੇ  ਨਾਰੀ  ਸਨਮਾਨ,
ਉਹ ਘਰ  ਮੰਦਰ, ਮਸਜਿਦ, ਗੁਰੂ ਘਰ ਸਮਾਨ।

ਆਉ ਕਰੀਏ ਆਵਾਜ਼  ਬੁਲੰਦ,
ਲੜਕੀ ਭਰੂਣ ਹੱਤਿਆ, ਦਾਜ ਪ੍ਰਥਾ,
ਨਾਰੀ ਸੋਸ਼ਣ ਕਰੀਏ  ਬੰਦ।
ਨਾਰੀ ਨਾ ਹੀ ਅਬਲਾ ਨਾ ਹੀ ਪੈਰ ਦੀ ਜੁੱਤੀ,
ਇਹੋ ਤਾਂ ਹੈ, ਝਾਂਸੀ ਦੀ ਰਾਣੀ,
ਮਾਈ ਭਾਗੋ ਤੇ ਕਲਪਨਾ ਚਾਵਲਾ।

ਇਕ ਦਿਨ ਹੀ ਕਿਉਂ…..
ਹਰੇਕ ਦਿਨ ਨਾਰੀ ਦਿਵਸ ਕਿਉਂ ਨਾ ਮਨਾਈਏ,
ਕਰੀਏ ਨਾਰੀ ਦੀ  ਪਹਿਚਾਣ,
ਦੇਈਏ ਉਸਨੂੰ  ਬਣਦਾ  ਸਨਮਾਨ।
ਕਿਉਂਕਿ  ਨਾਰੀ….
ਮਾਲ ਨਹੀਂ ਮਾਨ ਹੈ,
ਸਾਮਾਨ ਨਹੀਂ  ਸਨਮਾਨ  ਹੈ।
ਇਸ ਦੈਵੀ ਸ਼ਕਤੀ ਨੂੰ ਸਜਦੇ ਲਈ ,
ਅੱਖਰ ਮੈਥੋਂ  ਬਣਦੇ  ਨਾਂਹੀ,
ਕੋਈ,  ਅੱਖਰ ਕਿਤਿਉਂ  ਲਿਆ  ਦੇਵੇ
ਮੇਰੀ ਕਲਮ ਵਿਚ ਅੱਖਰ ਪਾ  ਦੇਵੇ,
ਮੈਂ ਇਸ ਕੁਦਰਤੀ ਸੌਗਾਤ  ਨੂੰ ਸਜਦਾ ਕਰਨਾ ਹੈ।
ਮੈਂ ਨਾਰੀ  ਨੂੰ ਸਜਦਾ ਕਰਨਾ ਹੈ।
ਨਾਰੀ ਨੂੰ  ਹੀ ਸਜਦਾ ਕਰਨਾ ਹੈ।

      ਪੋ . ਮਨਿੰਦਰ ਸੰਧੂ

=========================================

(ਮਾਂ ਬੋਲੀ ਦਿਵਸ ਤੇ ਖਾਸ)

ਮਾਂ ਬੋਲੀ ਹੈ ਸਾਡੀ ਸ਼ਾਨ, ਇਹ ਹੈ ਸਾਡੀ ਜਿੰਦ ਤੇ ਜਾਨ

ਕੁਕੜ ਨਾ ਦੇਵਣ ਬਾਂਗਾਂ,
ਬਨੇਰੇ ਨਾ ਬੋਲਣ ਕਾਂ,
ਪਿੱਪਲਾਂ ਦੀ ਨਾ ਖੜ ਖੜ ਰਹਿ ਗਈ,
ਬੋਹੜਾਂ ਦੀ ਨਾ ਕੋਈ ਛਾਂ।
ਕਿਧਰੇ ਨਾ ਹੀ ਦਿਸਣ ਟਾਹਲੀਆਂ,
ਪੀਂਘਾਂ ਜਿਥੇ ਪਾਂ।
ਕੋਈ  ਵੀ ਸੁਆਣੀ ਤੜਕੇ ਉੱਠ ਕੇ
ਪਾਵੇ ਨਾ ਚਾਟੀ ਮਧਾਣੀ,
ਤੜਕੇ ਉੱਠ ਕੇ ਨਾ ਕੋਈ ਹਾਲੀ,
ਜੂੜੇ ਬਲਦਾਂ ਗਲ੍ਹ ਪੰਜਾਲੀ।
ਨਾ ਉਹ ਖੂਹ,ਨਾ ਟਿੰਡਾਂ ਰਹੀਆਂ,
ਜਿਥੇ ਮੁਟਿਆਰਾਂ ਭਰਦੀਆਂ ਸੀ ਪਾਣੀ।
ਸੱਥਾਂ ਵਿੱਚ ਨਾ ਦਿੱਸਣ ਸਿਆਣੇ,
ਨਾ ਹੀ ਕੋਈ ਭੱਠੀ ਤੇ  ਨਾ‌ ਕੋਈ ਭੱਠੀ ਵਾਲ

ਬੜਾ ਹੀ ਯਾਦ ਆਉਂਦਾ,
ਸਾ਼ਹ ਵੇਲਾ ਤੇ ਤਰਕਾਲਾਂ
ਕੱਠੇ ਹੋ ਕੇ ‌ਜਦੋ ਖੇਡਦੇ ਸਾਂ
ਬੰਨ ਹਾਣੀਆਂ ਦੀਆਂ ਪਾਲਾਂ।
ਲੁਕਣ ਮੀਟੀ ਤੇ ਛੂਹਣ ਛਪਾਈ
ਨਾ ਤੀਆਂ ਤੇ ਨਾ  ਹੀ ਮੇਲੇ,
ਤੁਰ ਗਏ, ਪਤਾ ਨਹੀਂ ਕਿਥੇ,
ਚੁੱਪ ਚਪੀਤੇ, ਹੋਲੇ ਹੋਲੇ,
ਪਤਾ ਨਹੀਂ ਲੱਗਾ ਕਿਹੜੇ ਵੇਲੇ।
ਬਲੀ ਚੜ੍ਹ ਗਿਆ ਪੱਛਮ ਦੀ
ਸਾਡਾ ਸਭਿਆਚਾਰ।
ਥੋੜੀ ਬਹੁਤੀ, ਜੋ  ਰਹਿ ਗਈ ਮਾਂ ਬੋਲੀ,
ਅਜੇ ਵੀ ਲੳ ਸੰਭਾਲ। ਸੋਚ ਲਵੋ,
ਵਿਸਰ ਗਈ, ਜੇ  ਮਾਂ ਬੋਲੀ,
ਤਾਂ ਜੀਵਾਂਗੇ, ਕਿਹੜੇ ਹਾਲ।
ਮਾਂ ਬੋਲੀ ਹੈ, ਮਾਖਿਉਂ ਮਿੱਠੀ,
ਕਰੀਏ ਇਸ ਨੂੰ ‌ਪਿਆਰ।
ਮਾਂ ਬੋਲੀ ਹੈ ਸਾਡੀ ਸ਼ਾਨ,

ਇਹ ਸਾਡੇ ਵਿਰਸੇ ਦੀ ਪਹਿਚਾਣ,
ਇਸ ਤੋਂ ਸਾਰੇ ਵਾਰੇ ਜਾਈਏ,
ਦਿਲੋਂ ਇਸ ਨੂੰ ਕਦੇ ਨਾ ਭੁਲਾਈਏ।
ਨਾਲ ਇਸ ਦੇ ਹੱਸੀਏ, ਹੱਸਾਈਏ,
ਨੱਚੀਏ, ਟੱਪੀਏ, ਗਿੱਧੇ ‌ਭੰਗੜੇ ਪਾਈਏ
ਲੋਕ ਗੀਤ, ਮਾਂ ਬੋਲੀ ‌ਦੇ ਗਾਈਏ।
ਵੇਖਿਉਂ, ਕਿਤੇ, ਇਸ ਤੋਂ ਵਿੱਛੜ ਨਾ ਜਾਈਏ,
ਵਿੱਛੜ ਗਏ ਜੇ ਕਿਧਰੇ,
ਪਹਿਚਾਣ ਆਪਣੀ ਭੁੱਲ ਜਾਵਾਂਗੇ,
ਮਾਰੂਥਲ ਦੀ ਰੇਤਾ ਵਾਂਗਰ
ਦੂਰ ਕਿਤੇ ਉੱਡ ਪੁਡ ਜਾਵਾਂਗੇ।
ਸਿੰਝ  ਇਸ ਨੂੰ ,ਕਰੀਏ ਸੰਭਾਲ,
ਕਰੀਏ ,ਇਸ ਦਾ ਦਿਲੋਂ ਸਤਿਕਾਰ।
ਜੇ ਲੋੜੀਏ ਜੜਾਂ ਆਪਣੀਆਂ,
ਬੱਚਿਆਂ ਨੂੰ ਜੋੜੀਏ ਵਿਰਸੇ ਨਾਲ।
ਪੰਜਾਬੀ ਸਾਡੀ ਮਾਂ ਬੋਲੀ ਹੈ,
ਸਾਡੀ ਹੈ ਇਹ ਆਨ  ਤੇ ਸ਼ਾਨ,
ਪੰਜਾਬੀ ਹੈ, ਪੰਜਾਬ ਦੀ ਸ਼ਾਨ,

ਸਾਡੇ ਵਿਰਸੇ ਦੀ ਪਹਿਚਾਣ।
ਇਹ ਬੋਲੀ ਅਸਾਂ ਕੁਖੋਂ ਸਿੱਖੀ,
ਮਾਂ ਸਾਡੀ ਦੇ ਲਹੂ ਨਾਲ ਸਿੰਝੀ,
ਫਿਰ ਕਿਉਂ ਨਾ ਕਰੀਏ ਇਸ ਨੂੰ ‌ਪਿਆਰ।
ਅਜੇ ਵੀ ਕਰੀ ਲਈਏ ਇਸ ਤੇ ਵਿਚਾਰ
ਰੁਤਬਾ ਇਸ ਦਾ ਉਚਾ ਚੁੱਕੀਏ
ਕਰੀਏ  ਇਸ  ਦਾ ਸਨਮਾਨ,
ਮਾਂ ਬੋਲੀ ਹੈ ਸਾਡੀ ਸ਼ਾਨ,

ਇਹ ਹੈ ਸਾਡੀ ਜਿੰਦ ਤੇ ਜਾਨ।
ਸਾਡੀ ਹੈ ਇਹ ਜਿੰਦ ਤੇ ਜਾਨ।

  • ਪ੍ਰੋ. ਮਨਿੰਦਰ ਸੰਧੂ

=========================================

(ਗੀਤ)

ਕਿਤੇ ਵੇਚਣੀ ਨਾ ਪੈਜੇ ਫੇਰ ਚਾਹ ਮੋਦੀ ਜੀ

ਕਨੂੰਨ ਗਲਤ ਬਣਾ ਕੇ ਕੰਮ ਕੀਤਾ ਬੇਢੰਗਾ
ਅਸੀਂ ਅੰਨਦਾਤੇ ਨਾਲ ਲੈ ਬੈਠੇ ਹਾਂ ਪੰਗਾ
ਕੀਤੇ ਰੱਦ ਨਾ ਕਨੂੰਨ ਸਾਡਾ ਹੋ ਜਾਊ ਕੰਘਾ
ਥੋਨੂੰ ਆਖਦਾ ਏ ਅਮਿਤ ਸ਼ਾਹ ਮੋਦੀ ਜੀ
ਕਿਤੇ ਵੇਚਣੀ ਨਾ ਪੈਜੇ ਫੇਰ ਚਾਹ ਮੋਦੀ ਜੀ

ਸਾਰੇ ਦੇਸ਼ ਦੇ ਕਿਸਾਨ ਹੁਣ ਹੋ ਗਏ ‘ਕੱਠੇ
ਉਂਨਾਂ ਘੇਰ ਲਈ ਦਿੱਲੀ ਬੈਠੇ ਬਾਡਰਾਂ ਤੇ ਡਟੇ
ਅਸੀਂ ਚੱਲ ਲਈਆਂ ਚਾਲਾ ਜ਼ਰਾ ਪਿੱਛੇ ਨਾ ਹਟੇ
ਪਾ ਦੇਣਗੇ ਉਹ ਦਿੱਲੀ ਵਿੱਚ ਗਾਹ ਮੋਦੀ ਜੀ
ਕਿਤੇ ਵੇਚਣੀ ਨਾ ਪੈਜੇ………..

ਬੜੇ ਤੇਜ਼ ਤੇ ਤਰਾਰ ਇਹ ਜੱਟ ਨਹੀਂ ਦੇਸੀ
ਇੰਨਾਂ ਨਾਲ ਖੜ ਗਈਆਂ ਸਰਕਾਰਾਂ ਵੀ ਵਿਦੇਸ਼ੀ
ਕਿਤੇ ਯੂ. ਐਨ.ਓ. ਵਿੱਚ ਪੈ ਜਾਵੇ ਨਾ ਪੇਸ਼ੀ
ਛੇਤੀ ਲੱਭ ਲਈਏ ਭੱਜਣ ਦਾ ਰਾਹ ਮੋਦੀ ਜੀ
ਕਿਤੇ ਵੇਚਣੀ ਨਾ ਪੈਜੇ…………

ਸਾਡਾ ਰਾਮਦੇਵ ਭੱਜਿਆ ਸੀ ਪਾ ਕੇ ਸਲਵਾਰ
ਇਹ ਮੁੜਦੇ ਨੀ ਪਿੱਛੇ ਬੈਠੇ ਮਰਨ ਨੂੰ ਤਿਆਰ
ਕਨੂੰਨ ਕਰ ਦਿਉ ਰੱਦ ਮੇਰੀ ਮੰਨੋ ਇੱਕ ਵਾਰ
ਮੈਨੂੰ ਦਿੱਤੀ ਐ ਭਲੂਰੀਏ ਸਲਾਹ ਮੋਦੀ ਜੀ
ਕਿਤੇ ਵੇਚਣੀ ਨਾ ਪੈਜੇ…………

– ਜਸਵੀਰ ਸਿੰਘ ਭਲੂਰੀਆ
ਸੰ. : 99259-95505

=========================================

ਅੱਤਵਾਦੀ

ਜਿਹੜਾ ਆਪਣੇ ਹੱਕ ਮਗਣ ਲਈ ,

ਅੱਜ ਦੇਸ਼ ਦਾ ਅੰਨਦਾਤਾ ਸੜਕਾਂ ਤੇ ਬਹਿ ਗਿਆ।

ਤੇਰਾ ਗੇਦੀ ਮੀਡੀਆ ਉਹਨੂੰ ਇਹਨਾ ਗੱਲਤ ਕਿਉਂ ਕਹਿ ਗਿਆ

ਮੈਨੂੰ ਦਸ ਸਰਕਾਰੇ ਤੇਰਾ ਇਮਾਨ ਕਾਤੋ ਲੈ ਗਿਆ।

ਜੋ ਤੇਰਾ ਮੀਡੀਆ ਅੰਨਦਾਤੇ ਨੂੰ ਅੱਤਵਾਦੀ ਕਹਿ ਗਿਆ।

ਨਾ ਰਫਲਾ ਨਾ ਦਨਾਲੀਆ ਲੈ ਕੇ ਬੈਠਾ।

ਉਹ ਤਾ ਸ਼ਾਤਮਾਈ ਪਰਦਸ਼ਨ ਕਰਕੇ ਬੈਠਾ।

ਉਹ ਬੋਸ਼ਾਰਾ ਤਾ ਤੇਰੀਆਂ ਪਾਣੀ ਦੀਆਂ ਬੋਸ਼ਾਰਾ

ਤੇ ਢੰਡੇ ਖਾਹ ਚੁੱਪ ਕਰਕੇ ਬੈਠਾ ਹੈ। ਹੋ ਕਹਿਰਾਂ

ਦਸ ਸਬੂਤ ਦਾਈੇਏ ਜੋ ਦੇਣਾ ਹਲੇ ਰਹਿ ਗਿਆ

ਜੋ ਤੇਰਾ ਮੀਡੀਆ ਅੰਨਦਾਤੇ ਨੂੰ ਅੱਤਵਾਦੀ ਕਹਿ ਗਿਆ

ਉਹ ਤੇਰੇ ਨਾਲ ਲੜਦਾ ਵੀ ਹੈਂ ਤੇ ਤੇਰੇ ਤੱਕ ਰੋਟੀ ਵੀ ਪਹੁੰਚਦਾ ਹੈ

ਫਿਰ ਤੈਨੂੰ ਉਹਦੇ ਤੇ ਤਰਸ ਕਿਉਂ ਨਾ ਆਉਦਾ ਹੈ।

ਕਿਉਂ ਅੰਨਦਾਤੇ ਨੂੰ ਛੱਡ ਤੂੰ ਅਬਾਨੀ ਅਡਾਨੀ ਦਾ ਸੋਚ ਕੇ ਬਹਿ ਗਿਆ।

ਕਿਹੜੀ ਗੱਲ ਦਾ ਤੇਰਾ ਕਿਸਾਨਾਂ ਤੇ ਕਹਿਰ ਡਹਿ ਗਿਆ।

ਕਿਉਂਕਿ ਹੱਕ ਮੰਗਣ ਵਾਲੇ ਨੂੰ ਤੇਰਾ ਮੀਡੀਆ ਅੱਤਵਾਦੀ ਕਹਿ ਗਿਆ।

ਇਹ ਨੀ ਥੰਡ ਵਿੱਚ ਸੜਕ ਵਿੱਚ ਬੈਠੇ ਨੂੰ ਕਿਉਂ ਅੰਨਦੇਖਾ ਕਰਦਾ ਹੈ।

ਕਿਉਂ ਮੀਟਿੰਗਾਂ ਤੇ ਮੀਟਿੰਗਾਂ ਰੱਖ ਕੇ ਕੋਈ ਹੱਲ ਨਾ ਕੱਡਦਾ ਹੈ।

ਕਿਉਂ ਸਾਡੇ ਧਰਨੇ ਨੂੰ ਅਕਲੀ ਤੈ ਕੰਗਸਰੀਆ ਗਾ ਦੱਸਦਾ ਹੈਂ।

ਤੇਰਾ ਜਮੀਰ ਕਾਤੋਂ ਨਹੀ ਬੈਹ ਗਿਆ।

ਜੋ ਤੇਰਾ ਮੀਡੀਆ ਅੰਨਦਾਤੇ ਨੂੰ ਅੱਤਵਾਦੀ ਕਹਿ ਗਿਆ।

-ਸਾਹਿਲ ਦਾਦਰਾ  (ਜਲੰਧਰ) Mob. 79866-34094

=========================================

ਅੱਜ ਪੰਜਾਬ ਬੋਲਦਾ ਹੈਂ

ਜੋ ਤੂੰ ਕੀਤੀ ਸਾਡੇ ਨਾਲ
ਉਹ ਸੁਣਕੇ ਖੂਨ ਖੋਲਦਾ ਹੈ।
ਮੋਦੀਆ ਤੇਰੇ ਖਿਲਾਫ਼ ਦੇਖ
ਅੱਜ ਪੰਜਾਬ ਬੋਲਦਾ ਹੈਂ

ਪਾਣੀ ਦੀਆਂ ਬਿਸ਼ਰਾ ਪਾਵੇ
ਫੌਜ ਖੜੀ ਕਰਦੇ ਅਸੀ
ਪਿਛੇ ਹਟਣਾ ਨਹੀ ਕਿਉਂਕਿ
ਸਾਡੇ ਵਿੱਚ ਸਾਡੇ ਬਾਂਜਾ ਵਾਲੇ ਦਾ
ਖੂਨ ਬੋਲਦਾ ਹੈ ਮੋਦੀਆ ਤੇਰੇ ਖਿਲਾਫ਼
ਦੇਖ ਅੱਜ ਪੰਜਾਬ ਬੋਲਦਾ ਹੈ।

ਤੇਰੇ ਤੋੋੋਂ ਪਾਵਰ ਕੁਰਸੀ ਦੀ।
ਸਾਡੇ ਵਿੱਚ ਜੋਸ਼ ਭਾਰਿਆ ਹੈਂ
ਦੇਖ ਸਾਡੀਆਂ ਅੱਖਾਂ ਵਿੱਚ ਤੇਰੇ
ਲਈ ਗੂੱਸਾ ਭਾਰਿਆ ਹੈ।
ਤੇਰੇ ਵਿੱਚ ਜੇ ਮੋਦੀਆ ਹੰਕਾਰ ਬੋਲਦਾ ਹੈ।
ਕੱਢ ਦੇਵਾਂਗੇ ਹੰਕਾਰ ਤੇਰਾ ਕਿਉਂਕਿ ਇਹ ਪੰਜਾਬ ਬੋਲਦਾ ਹੈ।

ਚੰਗੇ ਦਿਨਾਂ ਤੋਂ ਹੁਣ ਮਾੜੇ ਦਿਨ
ਤੇਰੇ ਤੇ ਲਿਆਵਾਂਗੇ ਤੈਨੂੰ ਵਾਪਸ
ਅਸੀਂ ਚਾਹ ਵੇਚਣ ਤੇ ਲਾਵਾਂਗੇ
ਇਹ ਤੈਨੂੰ ਅੱਜ ਕਿਸਾਨ ਬੋਲਦਾ ਹੈਂ।
ਮੋਦੀਆ ਤੇਰੇ ਖਿਲਾਫ਼ ਦੇਖ ਅੱਜ ਪੰਜਾਬ ਬੋਲਦਾ ਹੈ।

-ਸਾਹਿਲ ਦਾਦਰਾ  (ਜਲੰਧਰ) Mob. 79866-34094

=========================================

ਬਾਬੇ ਨਾਨਕ ਦਾ ਜਨਮ ਦਿਹੜਾ (ਗੀਤ)

1. ਬਾਬੇ ਨਾਨਕ ਦਾ ਹੈ
ਜਨਮ ਦਿਹਾੜਾ ਆਇਆ ਜੀ
ਹੱਕ ਸੱਚ ਦਾ ਦੁਨੀਆਂ ਨੂੰ ਜਿਸ
ਰਾਹ ਦਿਖਲਾਇਆ ਜੀ
ਭਾਈ ਬਾਲਾ ਤੇ ਮਰਦਾਨਾ ਜਿਸਦੇ ,
ਸਾਥੀ ਬਾ – ਕਮਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ,
ਗੁਰੂ ਨਾਨਕ ਜੀ ਦੇ ਨਾਲ ।

2. ਕਿਰਤ ਕਰਨ ਦਾ ਹੋਕਾ ਦੇ ਕੇ
ਆਪ ਵੀ ਮਿਹਨਤ ਕੀਤੀ
ਨਾਮ – ਜਪੋ ਤੇ ਵੰਡ ਛਕੋ ਦੀ
ਸਭ ਨੂੰ ਸਿੱਖਿਆ ਦਿੱਤੀ
ਉਸ ਦੀ ਦਿੱਤੀ ਸਿੱਖਿਆ ਉੱਤੇ ,
ਜੀਵਨ ਲਈਏ ਢਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

3. ਹੱਥੀਂ ਮਿਹਨਤ ਕਰਨੀ ਉਸ ਨੇ ,
ਸਭ ਨੂੰ ਇਹ ਸਮਝਾਇਆ
ਮਿਹਨਤ ਦੇ ਨਾਲ ਜਾਂਦਾ ਬੰਦਿਆ ,
ਮੰਜ਼ਿਲਾਂ ਨੂੰ ਹੱਥ ਪਾਇਆ
ਊਚ – ਨੀਚ ਦਾ ਭੇਦ ਮਿਟਾ ਕੇ ,
ਸਭ ਰਹੋ ਪਿਆਰ ਦੇ ਨਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

4. ਧੀ – ਪੁੱਤਰ ਵਿੱਚ ਫ਼ਰਕ ਨਾ ਕੋਈ
ਸਭ ਨੂੰ ਇਹ ਸਮਝਾਇਆ
ਰੱਬ ਦੇ ਭੇਜੇ ਜੀਅ ਨੇ ਸਾਰੇ ,
ਜੋ ਵੀ ਜੱਗ ਤੇ ਆਇਆ
ਇੱਕੋ ਅੱਲ੍ਹਾ ਦਾ ਨੂਰ ਹੈ ਸਭ ਵਿੱਚ ,
ਕੁਦਰਤ ਦੇ ਸਭ ਲਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

5. ਵਹਿਮਾਂ,ਭਰਮਾਂ ਅਤੇ ਪਾਖੰਡਾਂ
ਦਾ ਸੀ ਕੂੜ ਪਸਾਰਾ
ਸੱਚੀ ਸਿੱਖਿਆ ਦਿੱਤੀ ਬਾਬੇ
ਕਰ ਦਿੱਤਾ ਛੁਟਕਾਰਾ
ਹੱਕ – ਸੱਚ ਦੀ ਕਰੋ ਕਮਾਈ ,
ਜੇ ਹੋਣਾ ਮਾਲਾ -ਮਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

6. ਹਵਾ ਗੁਰੂ ਤੇ ਪਿਤਾ ਹੈ ਪਾਣੀ
ਧਰਤ ਨੂੰ ਮਾਤਾ ਦੱਸਿਆ
ਇਹਨਾਂ ਦੇ ਨਾਲ ਕਰ ਗੱਦਾਰੀ
ਅਸੀਂ ਵੀ ਕੁਝ ਨਹੀਂ ਖੱਟਿਆ
ਤਿੰਨਾਂ ਦੇ ਵਿੱਚ ਘੋਲ ਕੇ ਜ਼ਹਿਰਾਂ ,
ਰਹੇ ਹਾਂ ਨਸਲਾਂ ਗਾਲ ।
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

7. ਜੇ ਪਰਮਿੰਦਰਾ ਜ਼ਿੰਦਗੀ ਦੇ ਵਿੱਚ
ਖ਼ੁਸ਼ੀਆਂ ਚਾਹੁੰਨੈ ਪਾਉਣਾ
ਬਾਬੇ ਨਾਨਕ ਦੀ ਸਿੱਖਿਆ ਤੇ
ਜੀਵਨ ਸਿੱਖ ਜਿਉਣਾ
ਛੱਡ ਦਿਖਾਵੇ ‘ ਬੱਡੂਵਾਲੀਆ ‘
ਦਿਲ ਵਿੱਚ ਸ਼ਰਧਾ ਪਾਲ
ਸਾਢੇ ਪੰਜ ਸੌ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।
ਆਓ ਹਰ ਇੱਕ ਸਾਲ ਮਨਾਈਏ ,
ਗੁਰੂ ਨਾਨਕ ਜੀ ਦੇ ਨਾਲ ।

-ਪਰਮਿੰਦਰ ਕੁਮਾਰ  
ਪਿੰਡ – ਬੱਡੂਵਾਲ (M) 99144-08665

=========================================

ਅੰਨ ਦਾਤਾ

1. ਦੁਨੀਆਂ ਦਾ ਅੰਨ ਦਾਤਾ ਜੋ ,
ਅੱਜ ਰੁਲਦਾ ਸੜਕਾਂ ਤੇ
ਆਪਣੇ ਹੱਕਾਂ ਖ਼ਾਤਰ ਹੈ ਜੋ ,
ਘੁਲਦਾ ਸੜਕਾਂ ਤੇ
ਦੇਣ ਅਸੀਂ ਨਹੀਂ ਦੇ ਸਕਦੇ ,
ਜਿਸ ਦੇ ਅਹਿਸਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ,
ਸਾਥ ਕਿਸਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ,
ਸਾਥ ਕਿਸਾਨਾਂ ਦਾ ।

2. ਰਾਹ ਵਿੱਚ ਪੱਥਰ ਸੁੱਟੇ ,
ਪਾਣੀ ਦੀਆਂ ਬੌਛਾਰਾਂ ਨੇ
ਵੈਰੀਆਂ ਵਾਂਗੂੰ ਕੀਤਾ ਏ ,
ਵਰਤਾਅ ਸਰਕਾਰਾਂ ਨੇ
ਹੱਕਾਂ ਲਈ ਪ੍ਰਦਰਸ਼ਨ ਬਣਿਆ ਯੁੱਧ ਮੈਦਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ਸਾਥ ਕਿਸਾਨਾਂ ਦਾ ।

3. ਜਬਰ – ਜ਼ੁਲਮ ਦੇ ਰਾਹ ਤੇ ਜੋ
ਸਰਕਾਰਾਂ ਤੁਰੀਆਂ ਨੇ
ਜੋ ਅੰਨ ਦਾਤੇ ਨੂੰ ਪੈ ਰਹੀਆਂ ਅੱਜ
ਮਾਰਾਂ ਬੁਰੀਆਂ ਨੇ
ਨਾਲ ਏਕੇ ਦੇ ਕਰੀਏ ਟਾਕਰਾ ‘
ਵੱਡੇ ਸ਼ੈਤਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ,
ਸਾਥ ਕਿਸਾਨਾਂ ਦਾ ।

4. ‘ ਪਰਮਿੰਦਰਾ ‘ ਸਫ਼ਲ ਨਹੀਂ ਹੋਣ ਦੇਣੀ ਆਪਾਂ ਚਾਲ ਸ਼ੈਤਾਨਾਂ ਦੀ

ਇਹ ‘ ਬੱਡੁੂਵਾਲੀਆ ‘ ਨਹੀਂ ਲੜਾਈ
ਇਕੱਲੇ ਕਿਸਾਨਾਂ ਦੀ
ਕਰਨਾ ਚਾਹੁੰਦੀਆਂ ਨੇ ਸਰਕਾਰਾਂ ,
ਘਾਣ ਇਨਸਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ,
ਸਾਥ ਕਿਸਾਨਾਂ ਦਾ ।
ਆਓ ਸਾਰੇ ਮਿਲ ਕੇ ਦੇਈਏ ,
ਸਾਥ ਕਿਸਾਨਾਂ ਦਾ ।

ਪਰਮਿੰਦਰ ਕੁਮਾਰ ,
ਪਿੰਡ ਬੱਡੂਵਾਲ  (M) 99144-08665

=========================================

ਕੀ ਲਿਖਾਂ ?

ਕਈ ਸਵਾਲਾਂ ਮੈਨੂੰ ਪਾਏ ਘੇਰੇ,,,
ਖੁਸ਼ੀ ਲਿਖਾਂ ਜਾਂ ਗ਼ਮ ਲਿਖਾਂ,,
ਚਿਹਰੇ ਹੱਸਦੇ ਲਿਖਾਂ, ਜਾਂ ਅੱਖ ਨਮ ਲਿਖਾਂ,,,

“ਸਮਝ ਨਾ ਆਵੇ ਕਿ ਲਿਖਾਂ ?

ਲਿਖਾਂ ਓਹਨਾਂ ਤੇ ਜੋ ਔਰਤ ਨੂੰ ਨੀਲਾਮ ਕਰਦੇ,
ਜਾਂ ਓਹਨਾਂ ਤੇ ਜੋ ਘਰ ਵਿੱਚ ਹੀ ਗ਼ੁਲਾਮ ਕਰਦੇ,
ਕੀ ਇਹੋ ਜਿਹੇ ਨਾ-ਮਰਦਾਂ ਤੇ ਲਿਖਾਂ,,,

“ਸਮਝ ਨਾ ਆਵੇ ਕਿ ਲਿਖਾਂ ?

ਅੰਨਦਾਤੇ ਬੈਠੇ ਧਰਨੇ ਤੇ,
ਭੁੱਖੇ ਢਿੱਡ, ਉਦਾਸ ਚਿਹਰੇ,
ਕੀ ਓਹਨਾਂ ਦੀ ਬੇਬਸੀ ਤੇ ਲਿਖਾਂ,,,

“ਸਮਝ ਨਾ ਆਵੇ ਕਿ ਲਿਖਾਂ ?

ਕੁੱਖ ਵਿੱਚ ਮਾਰੀ ਜਾਵੇ,
ਅਣ ਜੰਮੀ ਬਾਲੜੀ,
ਹਾਏ ਰੱਬਾ ਕੀ ਮੈ ਹੁਣ
ਇਹਨਾਂ ਬੇ ਰਹਮਾਂ ਤੇ ਲਿਖਾਂ ?

“ਸਮਝ ਨਾ ਆਵੇ ਕਿ ਲਿਖਾਂ ?

ਰੱਬ ਕੋਲੋਂ ਜ਼ਰਾ ਨਹੀ ਡੱਰਦੇ,
ਘਰ ਵਿੱਚ ਹੀ ਪੱਤ ਦਾਗ਼ੀ ਕਰਦੇ,
ਦੱਸੋ ਕਿ ਮੈਂ ਇਹਨਾਂ ਬੇਸ਼ਰਮਾਂ ਤੇ ਲਿਖਾਂ ?

“ਸਮਝ ਨਾ ਆਵੇ ਕਿ ਲਿਖਾਂ ?
ਖੁਸ਼ੀ ਲਿਖਾਂ ਜਾਂ ਗ਼ਮ ਲਿਖਾਂ,
ਚਿਹਰੇ ਹੱਸਦੇ ਲਿਖਾਂ,
ਜਾਂ ਅੱਖ ਨਮ ਲਿਖਾਂ!

“ਆਖਿਰ ਕੀ ਲਿਖਾਂ ??????

-ਅਮਨਦੀਪ ਕੌਰ / ਹਾਕਮ ਸਿੰਘ ਵਾਲਾ ਬਠਿੰਡਾ
Mob. 98776-54596

=======================================

ਰਜਿਓ ਓ ਭੁੱਖਿਆ ਨੂੰ ਇੰਞ ਨਹੀ ਰਜਾਈ ਦਾ…

ਕਿਸੇ ਦੀ ਗਰੀਬੀ ਮਜਾਕ ਨਹੀ  ਉਡਾਈਦਾ

ਗਰੀਬਾਂ ਦੀ ਗਰੀਬੀ ਦਾ ਮਜਾਕ ਨਹੀ  ਉਡਾਈਦਾ

ਖੌਰੇ ਹੋਵੇ ਕਿੰਨਾ ਓ ਬੇਵਸ ਤੇ ਲਾਚਾਰ ਉਹ

ਚੁੱਕੀ ਫਿਰਦੇ ਗਰੀਬੀ ਵਾਲਾ ਮੋਢਿਆ ਤੇ ਭਾਰ ਉਹ

ਦੇ ਕੇ ਰਾਸ਼ਨ ਹਜ਼ਾਰ ਦਾ ਅਹਿਸਾਨ ਨਹੀ ਜਤਾਈਦਾ……….

ਕਿਸੇ ਦੀ ਗਰੀਬੀ ਮਜਾਕ ਨਹੀ  ਉਡਾਈਦਾ

ਗਰੀਬਾਂ ਦੀ ਗਰੀਬੀ ਦਾ ਮਜਾਕ ਨਹੀ  ਉਡਾਈਦਾ

ਮੰਨਿਆ ਕਿ ਲੋੜਵੰਦ ਨੂੰ ਚਾਹੀਦਾ ਸਹਾਵੇ ਵੇ

ਸਹਾਰੇ ਨਾ ਹੀ ਓਸ ਦਾ ਚੱਲਣਾ ਗਜਾਰਾ ਵੇ

ਪਰ ਵੀਡੀਓ ਬਣਾ ਕੇ ਫੇਸਬੁੱਕ ਤੇ ਨੀ ਪਾਈਦਾ………..

ਕਿਸੇ ਦੀ ਗਰੀਬੀ ਮਜਾਕ ਨਹੀ  ਉਡਾਈਦਾ

ਗਰੀਬਾਂ ਦੀ ਗਰੀਬੀ ਦਾ ਮਜਾਕ ਨਹੀ  ਉਡਾਈਦਾ

ਸਿਰਜਿਆ ਜਿਸ ਨੇ ਸਾਰਾ ਜਹਾਨ ਐ

ਕੱਲੀ ਕੱਲੀ ਗੱਲ ਦਾ ਓਹ ਜਾਣੀ ਜਾਣ ਐ

ਖੋਫ ਉਸ ਦਾ ਨੀ ਦਿਲ ਚ ਮੁਕਾਈਦਾ……

ਕਿਸੇ ਦੀ ਗਰੀਬੀ ਮਜਾਕ ਨਹੀ  ਉਡਾਈਦਾ

ਗਰੀਬਾਂ ਦੀ ਗਰੀਬੀ ਦਾ ਮਜਾਕ ਨਹੀ  ਉਡਾਈਦਾ

ਓ ਪੜੋ ਸੁਣੋ ਯਾਰੋ ਜੋ ਤੇਰਾ ਤੇਰਾ ਤੋਲਦਾ

‘ਦੀਪ’  ਝੂਠ ਨਹੀਓ ਕਹਿੰਦਾ ਸੱਚ ਯਾਰੋ ਬੋਲਦਾ

ਬਾਬੇ ਨਾਨਕ ਦੇ ਵਾਗੂੰ ਭੁੱਖੇ ਸਾਧੂਆਂ ਨੂੰ ਰਜਾਈਦਾ………

ਕਿਸੇ ਦੀ ਗਰੀਬੀ ਮਜਾਕ ਨਹੀ  ਉਡਾਈਦਾ

ਗਰੀਬਾਂ ਦੀ ਗਰੀਬੀ ਦਾ ਮਜਾਕ ਨਹੀ  ਉਡਾਈਦਾ

– ਗੁਰਦੀਪ ਸਿੰਘ ਧਰਮਕੋਟ

=========================================

ਗੱਲ ਕਰਾਂ ਜੀ ਮੈਂ ਹੋਏ ਇੱਕ ਬਲਾਤਕਾਰ ਦੀ…

ਕਦੋਂ ਟੁੱਟਣੀ ਆ ਨੀਂਦ, ਸੁੱਤੀ ਸਰਕਾਰ ਦੀ।
ਗੱਲ ਕਰਾਂ ਜੀ ਮੈਂ ਹੋਏ,  ਇੱਕ ਬਲਾਤਕਾਰ ਦੀ…

ਛੇ ਸਾਲਾਂ ਦਾ ਬਚਪਨ, ਅੱਗ ਵਿੱਚ ਮੱਚਿਆ।
ਅੱਜ ਫੇਰ ਅੱਖਾਂ ਮੂਹਰੇ, ਕਲਜੁਗਿ ਨੱਚਿਆ।
ਦੇਈਏ ਚੌਂਕ ਵਿੱਚ ਵੱਢ, ਤਾਂ ਗੱਲ ਹੋਵੇ ਆਰ ਪਾਰ ਦੀ।
ਗੱਲ ਕਰਾਂ ਜੀ ਮੈਂ…

ਕਲੀਆਂ ਤੋਂ ਸੋਹਲ, ਹਾਏ ਓਹ ਨਿੱਕੀ ਜਿਹੀ ਬੱਚੀ ਸੀ।
ਤੜਫ ਤੜਫ ਕਿਵੇਂ ਅੱਗ ਵਿੱਚ ਮੱਚੀ ਸੀ,
ਦਿਲ ਸੋਚ ਮੇਰਾ ਕੰਬੇਂ, ਰੂਹ ਵੀ ਚੀਕਾਂ ਮਾਰਦੀ।
ਗੱਲ ਕਰਾਂ ਜੀ ਮੈਂ…

ਦੇਸ਼ ਮੇਰੇ ਦਾ ਨਾ,  ਕਨੂੰਨ ਬਹੁਤਾ ਚੰਗਾ ਜੀ।
ਲਿੱਖ ਲਿੱਖ ਕਵਿਤਾਵਾਂ ਇਹਨੂੰ, ਕਰ ਦਿਆਂ ਨੰਗਾ ਜੀ।
ਕਦੋਂ ਸੰਘੀ ਜਾਣੀ ਘੁੱਟੀ, ਵਧੇ ਅੱਤਿਆਚਾਰ ਦੀ।
ਗੱਲ ਕਰਾਂ ਜੀ ਮੈਂ…

ਬੇਟੀ ਬਚਾਓ ਬੇਟੀ ਪੜ੍ਹਾਓ, ਦਾ ਨਾਰਾ ਇਹੇ ਲਾਉਂਦੇ ਨੇ।
ਜੇ ਬੇਟੀ ਹੈ ਪਿਆਰੀ, ਫੇਰ ਵਹਿਸ਼ੀਆਂ ਨੂੰ ਨੱਥ ਕਿਉਂ ਨਾ ਪਾਉਂਦੇ ਨੇ ?
ਹਰ ਰੋਜ ਕਿਓਂ ਹੈ ਹੁੰਦੀ, ਪੱਤ ਤਾਰ ਤਾਰ ਜੀ।
ਗੱਲ ਕਰਾਂ ਜੀ ਮੈਂ…

ਦੋਸ਼ੀ ਜਦੋਂ ਲੱਭੇ, ਗੱਲ ਆਪ ਹੀ ਮੁਕਾ ਦਿਓ।
ਟੋਟਾ ਟੋਟਾ ਕਰ ਕਿਸੇ ਡੂੰਘੀ ਥਾਂ ਲੁਕਾ ਦਿਓ।
ਹਾਕਮਾਂ ਤੋਂ ਛੱਡੋ ਆਸ ਭੋਲਿਓ, ‘ਦੀਪ’ ਅੱਕ ਕੇ ਹੈ ਤਿੱਖੇ ਤਿੱਖੇ ਬੋਲ ਮਾਰਦੀ।
ਗੱਲ ਕਰਾਂ ਜੀ ਮੈਂ ਹੋਏ ਇੱਕ ਬਲਾਤਕਾਰ ਦੀ,

ਕਦੋਂ ਟੁੱਟਣੀ ਆ ਨੀਂਦ ਸੁੱਤੀ ਸਰਕਾਰ ਦੀ ?

-ਅਮਨਦੀਪ ਕੌਰ / ਹਾਕਮ ਸਿੰਘ ਵਾਲਾ ਬਠਿੰਡਾ
Mob. 98776-54596

========================================

ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ…..

ਹੁਣ ਤੋਂ ਨਵੀਂ ਹੈ ਰੀਤ ਚਲਾਉਣੀ
ਅਸਲੀ ਰਾਵਣ ਨੂੰ ਅੱਗ ਲਾਉਣੀ
ਹੁਣ ਨੀ ਪੁਤਲੇ ਸਾੜ ਰਾਵਣ ਦੇ
ਆਪਣਾ ਮਨ ਪ੍ਰਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ …….

ਧਰਮ ਦੇ ਨਾਂ ਤੇ ਵੰਡ ਲੋਕਾਂ ਨੂੰ
ਨਫ਼ਰਤ ਰਹੇ ਫੈਲਾਉਂਦਾ
ਅੱਗ ਉਗਲਦਾ ਰਹੇ ਜੁਬਾਨੋਂ
ਪਾਣੀ ਨੂੰ ਅੱਗ ਲਾਉਂਦਾ
ਇੱਕੋ ਇੱਕ ਬੱਸ ਕੰਮ ਹੈ ਇਸਦਾ
ਆਪਸ ਵਿੱਚ ਲੜਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ …..

ਰਾਵਣ ਦੇ ਨਾਲ ਮੇਘਨਾਥ ਤੇ
ਕੁੰਭਕਰਨ ਨੇ ਜਿਹੜੇ
ਉਹ ਵੀ ਬੰਨ੍ਹ ਕੇ ਨਾਲ ਮਚਾਉਣੇ
ਚਾਮ੍ਹਲੇ ਫਿਰਨ ਬਥੇਰੇ
ਆਏ ਦਿਨ ਜੋ ਨਿੱਤ ਨਵਾਂ ਹੀ
ਕਰਦੇ ਕੰਮ ਘਿਨਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ …..

ਜਿੰਨੀ ਰੱਖੀਏ ਅਸੀਂ ਹਲੀਮੀ
ਓਨਾ ਸਿਰ ਚੜ੍ਹ ਬੋਲੇ
ਹਰ ਗੱਲ ਦੀ ਹੈ ਸਮਝ ਅਸਾਂ ਨੂੰ
ਐਨੇ ਵੀ ਨ੍ਹਈਂ ਭੋਲ਼ੇ
ਬੜਾ ਦੇਖਲਿਆ ਅਸੀਂ ਨਿਉਂਕੇ
ਬਸ ਨੀ ਹੋਰ ਨਿਓਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ …..

ਖੇਡ ਸਾਡੇ ਜਜ਼ਬਾਤਾਂ ਦੇ ਨਾਂ
ਧੁਖਦੀ ਅੱਗ ਮਚਾਂਉਦਾ
ਛਿੱਲ ਅਲ਼ੂਣੇ ਜਖ਼ਮ “ਰੋਮਾਣੇ”
ਮਿਰਚਾਂ ਪਾ ਤੜਪਾਉਂਦਾ
ਟੁੱਟ ਚੁੱਕਿਐ ਹੁਣ ਬੰਨ੍ਹ ਸਬਰ ਦਾ
ਹੋਰ ਸਹਿਣ ਨੀ ਹੋਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ
ਅਸਲੀ ਰਾਵਣ ਨੂੰ ਸੱਥ ਵਿੱਚ ਰੱਖ ਮਚਾਉਣਾ …..

ਇੰਜ: ਮੰਦਰ ਸਿੰਘ “ਰੋਮਾਣਾ”
(XEN PWD) Mob. 98158-14400

======================================

ਨਾਨਕ ਘਰ ਦੇ ਪਿਆਰੇ ਬਾਬਾ ਨੰਦ ਸਿੰਘ ਜੀ

ਡਿੱਗਦਿਆਂ ਦੇ ਸਹਾਰੇ ਬਾਬਾ ਨੰਦ ਸਿੰਘ ਜੀ,
ਡੁੱਬਦਿਆਂ ਦੇ ਕਿਨਾਰੇ ਬਾਬਾ ਨੰਦ ਸਿੰਘ ਜੀ।
ਨਾਨਕ ਦੇ ਪਿਆਰੇ ਬਾਬਾ ਨੰਦ ਸਿੰਘ ਜੀ…
ਨਾਨਕਸਰ ਚਰਨ ਤੁਸਾਂ ਨੇ ਪਾਏ,
ਸੁੱਤੀ ਧਰਤ ਨੂੰ ਭਾਗ ਲਗਾਏ।
ਪਏ ਨੇ ਵਸਤਰ ਅਤੇ ਖੜਾਵਾਂ,
ਉੱਥੇ ਜਾ ਕੇ ਕਰਨ ਦੁਆਵਾਂ।
ਥੋਡੀ ਸੰਗਤ ਵਾਜਾਂ ਮਾਰੇ ਬਾਬਾ ਨੰਦ ਸਿੰਘ ਜੀ,
ਨਾਨਕ ਘਰ ਦੇ ਪਿਆਰੇ…
ਨਾਮ ਹੀ ਸੁਣਨਾ ਨਾਮ ਹੀ ਕਹਿਣਾ,
ਨਾਮ ਹੀ ਪੂਜਾ ਨਾਮ ਹੀ ਗਹਿਣਾ।
ਨਾਮ ਬਿਨ੍ਹਾ ਕੀ ਜੱਗ ਤੇ ਰਹਿਣਾ,
ਬੱਸ ਇਹੀ ਕਰਨ ਇਸ਼ਾਰੇ ਬਾਬਾ ਨੰਦ ਸਿੰਘ ਜੀ।
ਨਾਨਕ ਘਰ ਦੇ ਪਿਆਰੇ…
ਨਾ ਦੌਲਤ ਮੰਗਾਂ, ਨਾ ਸ਼ੌਹਰਤ ਮੰਗਾਂ,
ਨਾ ਮੈਂ ਮੰਗਾਂ ਕੋਠੀਆਂ ਕਾਰਾਂ ਨੂੰ।
ਜੀਵਨ ਦੀ ਬਾਜ਼ੀ ਜਿੱਤ ਕੇ ਜਾਣੀ,
ਤੁਸੀਂ ਮਾਰ ਦਿਓ ਸਭ ਵਿਕਾਰਾਂ ਨੂੰ।
ਰੂਹ ਇੱਕੋ ਅਰਜ਼ ਗੁਜ਼ਾਰੇ ਬਾਬਾ ਨੰਦ ਸਿੰਘ ਜੀ,
ਨਾਨਕ ਘਰ ਦੇ ਪਿਆਰੇ…ਦਰ ਤੇਰੇ ਜੋ ਵੀ ਆਏ ਸਵਾਲੀ,
ਕਦੇ ਨਾ ਝੋਲੀ ਫਿਰ ਜਾਏ ਖਾਲੀ।
ਬਾਗ ਤੇਰੇ ਦਾ ਬਣੇ ਜੋ ਮਾਲੀ,
ਰਾਹ ਫੁੱਲਾਂ ਨਾਲ ਸ਼ਿੰਗਾਰੇ ਬਾਬਾ ਨੰਦ ਸਿੰਘ ਜੀ।
ਨਾਨਕਸਰ ਘਰ ਦੇ ਪਿਆਰੇ ਬਾਬਾ ਨੰਦ ਸਿੰਘ ਜੀ
(ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲਿਆਂ ਦੇ ਆਸ਼ੀਰਵਾਦ ਸਦਕਾ)
-ਜਸਪਿੰਦਰ ਕੌਰ ਧਾਲੀਵਾਲ,
ਫਰੀਦਕੋਟ।

===================================

ਪ੍ਰਸਿੱਧ ਲੇਖਕ ਬਲਵਿੰਦਰ ਸਿੰਘ ਚਾਨੀ ਨੂੰ ਦਿਲੀਂ ਸ਼ਰਧਾਂਜਲੀ

ਚਾਨੀ ਪਿੰਡ ਬਰਗਾੜੀ ਵਾਲਾ ਵੰਡਕੇ ਗੂੜ੍ਹਾ ਪਿਆਰ ਗਿਆ

ਵੰਸ਼ ਲਾਲੋ ਦੀ ਪਾਖਰ ਸਿੰਘ ਦੇ ਘਰ ਵਿੱਚ ਜੰਮਿਆ ਲਾਲ ਵੀਰੋ।
ਛੋਟੀ ਉਮਰੇ ਪਾਈ ਪ੍ਰੀਤੀ ਗੁਰਬਾਣੀ ਦੇ ਨਾਲ ਵੀਰੋ।
ਗੁਣੀ ਲੋਕ ਤੇ ਕਦਰਦਾਨਾਂ ਤੋਂ ਕਰਵਾਕੇ ਓ ਸਤਿਕਾਰ ਗਿਆ।
ਚਾਨੀ ਪਿੰਡ………….
ਹੱਸ-ਮੁੱਖ ਚੇਹਰਾ ਮਿੱਠਬੋਲੜਾ ਇਹ ਉਸ ਦੀ ਵਡਿਆਈ ਸੀ।
ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਕੀਤੀ ਕਿਰਤ ਕਮਾਈ ਸੀ।
ਕਹਿੰਦੇ ਨੇ ਬਰਗਾੜੀ ਵਾਲੇ ਬਿੰਦਰ ਕਾਰੀਗਾਰ ਗਿਆ।
ਚਾਨੀ ਪਿੰਡ……….
ਅਮਰ ਸਿੰਘ ਜੀ ਕਿਰਤੀ ਕੋਲੋਂ ਕਵਿਤਾ ਲਿਖਣੀ ਸਿੱਖਿਆ ਸੀ।
ਸੱਚ ਸੱਚ ਨੂੰ ਝੂਠ ਝੂਠ ਨੂੰ ਨਾਲ ਜੁਰਅੱਤ ਦੇ ਲਿਖਿਆ ਸੀ।
ਸਪੋਕਸਮੈਨ ਜਿਹੇ ਅਖ਼ਬਾਰਾਂ ਦਾ ਬਣਕੇ ਉਹੋ ਸ਼ੰਗਾਰ ਗਿਆ।
ਚਾਨੀ ਪਿੰਡ……….
ਜਦ ਬਰਗਾੜੀ ਵਿੱਚ ਮੰਡ ਨੇ ਆਣ ਮੋਰਚਾ ਲਾਇਆ ਸੀ।
ਕਲਮ ਚੁੱਕਲੀ ਫੇਰ ਚਾਨੀ ਨੇ ਬਣਦਾ ਫ਼ਰਜ਼ ਨਿਭਾਇਆ ਸੀ।
ਸੌ ਤੋਂ ਉੱਪਰ ਲਿਖਕੇ ਕਵਿਤਾ ਵੱਡੀਆਂ ਮੱਲਾਂ ਮਾਰ ਗਿਆ।
ਚਾਨੀ ਪਿੰਡ…………
ਵਿੱਚ ਮੋਰਚੇ ਬੈਠਾ ਰਹਿੰਦਾ ਨਾ ਅੱਕਦਾ ਨਾ ਥੱਕਦਾ ਸੀ।
ਦਾਦੂਵਾਲ ਦੇ ਬੋਲਣ ਮਗਰੋਂ ਫਿਰ ਪ੍ਰਸ਼ਾਦਾ ਛਕਦਾ ਸੀ।
ਢਾਢੀਆਂ ਅਤੇ ਕਵੀਸ਼ਰਾਂ ਦਾ ਵੀ ਬਣ ਸੱਚਾ ਦਿਲਦਾਰ ਗਿਆ।
ਚਾਨੀ ਪਿੰਡ………….
ਦੋ ਪੁਸਤਕਾਂ ਮਹਿਕ ਵਤਨ ਤੋਂ ਜਲਦੀ ਨਾਲ ਛਪਾਈਆਂ ਏਂ।
ਹਿੰਮਤ ਕਰਕੇ ਪੜ੍ਹਨ ਵਾਲਿਆਂ ਦੀ ਝੋਲੀ ਦੇ ਵਿੱਚ ਪਾਈਆਂ ਏਂ।
ਤਾਹੀਂ ਸਾਰੇ ਕਹਿੰਦੇ ਚਾਨੀ ਕਵੀਆਂ ਦਾ ਸਰਦਾਰ ਗਿਆ।
ਚਾਨੀ ਪਿੰਡ………..
ਕਈ ਸੈਂਕੜੇ ਵਿਦਵਾਨ ਹੈ ਜਿਹੜੇ ਉਸ ਨੂੰ ਚਹੁੰਦੇ ਸੀ।
ਦੇਸ਼ ਵਿਦੇਸ਼ਾਂ ਵਿੱਚੋਂ ਤਾਹੀਂ ਫੋਨ ਬਥੇਰੇ ਆਉਂਦੇ ਸੀ।
ਹੱਸ ਹੱਸਕੇ ਗੱਲਾਂ ਕਰਦਾ ਛੱਡ ਫਾਨੀ ਸੰਸਾਰ ਗਿਆ।
ਚਾਨੀ ਪਿੰਡ………….
ਜਾਣ ਤੋਂ ਇੱਕ ਦਿਨ ਪਹਿਲਾਂ ਉਸਨੇ ਜੇਹੜਾ ਫੋਨ ਲਗਾਇਆ ਏ।
ਕਹਿੰਦਾ ਧੰਮੂ ਧੂੜਕੋਟੀਆ ਜਾਣਾ ਨਹੀਂ ਭੁਲਾਇਆ ਏ।
ਜਾਣ ਲੱਗਿਆਂ ਪਿੰਡ ਨਾਨਕੇ ਕੁੱਝ ਕੁ ਸਮਾਂ ਗੁਜ਼ਾਰ ਗਿਆ।
ਚਾਨੀ ਪਿੰਡ ਬਰਗਾੜੀ ਵਾਲਾ ਵੰਡਕੇ ਗੂੜ੍ਹਾ ਪਿਆਰ ਗਿਆ।
– ਢਾਢੀ ਸਾਧੂ ਸਿੰਘ ਧੰਮੂ ਧੂੜਕੋਟ
ਮੋ: 98143 71922

==========================================

ਅਜ਼ਾਦੀ ਜਾਂ ਉਜਾੜਾ ?

ਅੱਜ ਦੇ ਦਿਨ ਤੇ ਹੋਇਆਂ ਉਜਾੜਾ
ਤੂੰ ਵੀ ਰੋਇਆ ਮੈਂ ਵੀ ਰੋਇਆ
ਕੱਚੀਆਂ ਕਲੀਆਂ ਟਾਹਣੀਉ ਤੋੜੀਆਂ
ਕੁਝ ਤੂੰ ਵੀ ਖੋਇਆ ਮੈਂ ਵੀ ਖੋਇਆ
ਧੋਲਰ ਛੱਡ ਆਪਣੇ ਵਤਨ ਹੋਏ ਬਿਗਾਨੇ
ਨੀਰ ਤੇਰੇ ਵੀ ਚੋਇਆ ਮੇਰੇ ਵੀ ਚੋਇਆ
ਭੁੱਲਦੀ ਨਹੀਂ ਉਹ ਮਿੱਟੀ ਦੀ ਖੁਸਬੂ
ਰਾਤ ਨੂੰ ਪੰਧ ਤੂੰ ਵੀ ਢੋਇਆ ਮੈਂ ਵੀ ਢੋਇਆ
ਕਤਲੋਗਾਰਤ ਮੱਚੀ ਚਾਰੋ ਪਾਸੇ
ਮੋਢਿਆਂ ਤੇ ਲੋਥਾਂ ਦਾ ਭਾਰ ਦੋਵਾਂ ਨੇ ਢੋਇਆ
ਸੰਗਮਰਮਰੀ ਰਾਵੀ ਹੋਈ ਘਸਮੈਲ਼ੀ
ਲਹੂ ਤੇਰਾ ਵੀ ਚੋਇਆ ਮੇਰਾ ਵੀ ਚੋਇਆ
ਮਿੰਨਤਾਂ,ਹਾੜੇ, ਪੈਰੀਂ ਚੁੰਨੀਆਂ ਪੱਗਾਂ
ਜ਼ਮੀਰ ਤੇਰਾ ਵੀ ਸੋਇਆ ਮੇਰਾ ਵੀ ਸੋਇਆ
ਹਮਸਾਏ ਲੱਭਦੇ ਫਿਰਨ ਘਰ ਆਪੋ ਆਪਣਾ
ਬੂਹਾ ਤੂੰ ਵੀ ਢੋਇਆ ਮੈਂ ਵੀ ਢੋਇਆ
ਜਸ਼ਨ, ਤਕਦੀਰਾਂ, ਨਾਹਰੇ ਕਿਹੜੇ ਖੀਸੇ ਪਾਵਾਂ
ਬੇਗਾਨਾ ਤੂੰ ਵੀ ਹੋਇਆਂ ਮੈ ਵੀ ਹੋਇਆਂ
ਲੋਥਾਂ ਮਿੱਧ ਕੇ ਵਾਹਘਾ ਪਾਰ ਹੋਏ
ਤੂੰ ਅਜਮੇਰ ਸਰੀਫ ਖੋਹਿਆ ਮੈ ਨਨਕਾਣਾ ਖੋਹਿਆ
ਜਬਰੀ ਧਾੜਵੀਆਂ ਧੀਆਂ ਨੂੰਹਾਂ ਬਣਾਈਆਂ
ਬੇਵੱਸ ਤੂੰ ਵੀ ਹੋਇਆਂ ਬੇਵੱਸ ਮੈਂ ਵੀ ਹੋਇਆਂ
ਸੀਨੇ ਖ਼ੰਜਰ ਬਣਕੇ ਖੁੱਭੀ ਅਜ਼ਾਦੀ
ਬਾਪ ਤੇਰਾ ਮੋਇਆਂ ਪੁੱਤ ਮੇਰਾ ਵੀ ਮੋਇਆਂ
ਚੀਰ ਹਰਨ ਜਦੋਂ ਹੋਏ ਧੀਆਂ ਦੇ
ਬਿੱਸਮਿੱਲਾ ਵੀ ਰੋਇਆ ਭਗਤ ਸਿੰਘ ਵੀ ਰੋਇਆ
-ਕੁਲਵਿੰਦਰ ਤਾਰੇਵਾਲਾ (ਮੋਗਾ)

============================================

ਸਾਉਣ ਮਹੀਨਾ ਜੇ ਨਾਂ ਆਵੇ

ਸਾਉਣ ਮਹੀਨਾ ਜੇ ਨਾ ਆਵੇ,ਸੌ ਸੌ ਸ਼ੁਕਰ ਮਨਾਵਾਂ,
ਜੀ ਕਰਦਾ ਮੈਂ ਭੁੱਲ ਕੇ ਵੀ ਨਾਂ,ਇਸਦੇ ਦਰਸ਼ਨ ਪਾਵਾਂ।

ਬਹੁਤ ਲਿਖਾਰੀ ਲਿਖਣ ਏਸ ਨੂੰ, ਇਹ ਛੇਤੀ ਆ ਜਾਵੇ,
ਕੂ ਕੂ ਕਰਦੀ ਕੋਇਲ ਅੰਬਾਂ ਤੇ,ਮੋਰ ਵੀ ਪੈਲਾਂ ਪਾ ਵੇ।

ਮੈਨੂੰ ਲੱਗਦਾ ਸਾਉਣ ਮਹੀਨਾ,ਹੁੰਦਾ ਬੜਾ ਕੁਲਹਿਣਾ,
ਜਦ ਆ ਜਾਂਦਾ ਮੈਂ ਸੋਚਦਾਂ, ਇਹ ਮਗਰੋਂ ਨੀ ਲਹਿਣਾ।

ਇਹ ਮਹੀਨਾ ਸਾਲ ਦੇ ਜਿੱਡਾ, ਮੈਨੂੰ ਲੱਗਦਾ ਰਹਿੰਦਾ,
ਬਾਕੀ ਚੰਗਾ ਸਾਲ ਦੋਸਤੋ, ਲੰਘ ਜਾਂਦਾ ਏ ਵਹਿੰਦਾ।

ਏਸ ਮਹੀਨੇ ਦੇ ਔਗੁਣ, ਸੁਣ ਲਉ ਯਾਰ ਪਿਆਰੇ,
ਏਸ ਮਹੀਨੇ ਦੇ ਵਿੱਚ ਹੁੰਦੇ, ਦੁਖੀ ਗਰੀਬ ਵਿਚਾਰੇ।

ਸਾਉਣ ਮਹੀਨੇ ਦੇ ਵਿੱਚ ਬੱਦਲ,ਜਦ ਹੈ ਮੀਂਹ ਵਰਸੌਂਦਾ,
ਕੱਚੇ ਕੋਠ ਢਹਿ ਜਾਂਦੇ ਨੇ,ਪੱਕਿਆਂ ਨੂੰ ਚਮਕੌਂਦਾ।

ਸਭ ਤੋਂ ਬੁਰੀ ਮੁਸੀਬਤ ਏਹੇ, ਮਜਦੂਰਾਂ ਤੇ ਆਉਂਦੀ,
ਬਚਣ ਲਈ ਬਰਸਾਤ ਤੋ ਉਸਨੂੰ, ਥਾਂ ਨਾ ਕਿਤੋ ਥਿਉਦੀ।

ਦੂਜਾ ਔਗੁਣ ਮੱਛਰ ਪੈਦਾ,ਕਰਦਾ ਚਾਰ ਚੁਫੇਰੇ,
ਏਹ ਲੋਕਾਂ ਨੂੰ ਸੌਂਣ ਨਹੀਂ ਦਿੰਦਾ,ਲੜਦਾ ਨਿੱਤ ਹਨੇਰੇ।

ਮੱਛਰ ਨਾਲ ਬੁਖਾਰ ਹੋ ਜਾਂਦਾ, ਲੋਕ ਦੁਖੀ ਹੋ ਜਾਂਦੇ,
ਕੋਲ ਡਾਕਟਰਾਂ ਦੇ ਜਾ ਜਾਕੇ, ਟੀਕੇ ਨਿੱਤ ਲਵਾਂਦੇ।

ਹਾਈਯਾ ਏਸ ਮਹੀਨੇ ਦੇ ਵਿੱਚ, ਲੋਕਾਂ ਨੂੰ ਹੋ ਜਾਂਦਾ,
ਏਸ ਬਿਮਾਰੀ ਕੋਲੋਂ ਕੋਈ, ਵਿਰਲਾ ਜਾਨ ਛੁਡਾਂਦਾ।

ਨਾਲ ਪਸੀਨੇ ਕੱਪੜਿਆਂ ਦਾ, ਹਾਲ ਬੁਰਾ ਹੋ ਜਾਂਦਾਂ,
ਕਿੰਨਾ ਚੰਗਾ ਕੱਪੜਾ ਹੋਵੇ, ਮਹੀਨਾ ਨਹੀਂ ਲੰਘਾਦਾ।

ਸਬਜੀ ਦੀ ਵੀ ਜੜ੍ਹ ਕੱਢ ਦਿੰਦਾ,ਜੇ ਘੰਟਾ ਬਚ ਜਾਵੇ,
ਜੋ ਮੌਕੇ ਤੇ ਖਾਧੀ ਜਾਂਦੀ, ਓਹੋ ਹੀ ਕੰਮ ਆਵੇ।

ਏਸ ਮਹੀਨੇ ਮਜਦੂਰਾਂ ਦੀ, ਰੁੱਕ ਜਾਂਦੀ ਮਜਦੂਰੀ,
ਵਰਖਾ ਕਾਰਨ ਕੰਮ ਨਾ ਚੱਲੇ, ਬਣੇ ਮੁਸੀਬਤ ਪੂਰੀ।

ਸਾਥੀਓ ਗਿਣ ਕੇ ਦੱਸ ਨਹੀ ਸਕਦਾ, ਔਂਗੁਣ ਹੋਰ ਬਥੇਰੇ,
ਮਜਦੂਰਾਂ ਨੂੰ ਪਾ ਲੈਂਦੇ ਜੋ, ਚਾਰ ਚੁਫੇਰਿਓ ਘੇਰੇ।

ਜੋ ਸ਼ਰਮਾਏਦਾਰ ਨੇ ਲੋਕੀ,ਇਸ ਦੀ ਖੁਸ਼ੀ ਮਨਾਉਂਦੇ,
ਮੇਰੇ ਜਿਹੇ ਗਰੀਬੀ ਆਦਮੀ, ਹੈ ਇਸ ਤੋਂ ਘਬਰਾਉਂਦੇ।

ਆਪਣੇ ਖਿਆਲ ਮੁਤਾਬਿਕ ਤੇਜੇ, ਸ਼ੌਂਕੀ ਕਰੀ ਲਿਖਾਈ,
ਏਹੇ ਰੁੱਤ ਭਲੂਰ ਵਾਲਿਆ, ਮੈਨੂੰ ਰਾਸ ਨਹੀਂ ਆਈ।

ਲੋਕ ਕਵੀ ਤੇਜਾ ਸਿੰਘ ਸ਼ੌਕੀ, ਭਲੂਰ

=======================================

 ਰੁੱਖਾਂ ‘ਤੇ ਵੱਸਦੇ ਜੀਅ

ਟਾਹਲੀ ਦੇ ਰੁੱਖ ‘ਤੇ ਆਲਣੇ ‘ਚ ਕੋਈ ਜੀਅ ਤਾਂ ਵੱਸਦੇ ਨੇ,
ਨਾ ਬੋਲਦੇ, ਨਾ ਸਹਿਕਦੇ, ਪਰ ਚੀ-ਚੀ ਕਰਦੇ ਹੱਸਦੇ ਨੇ।

ਸੂਰਜ ਦੀਆਂ ਕਿਰਨਾਂ ਨਾਲ ਰੋਜ ਉਡਾਰੀਆ ਭਰਦੇ ਨੇ,
ਸ਼ਾਮਾਂ ਢਲਣ ਤੇ ਆ ਜਾਵਣ ਫਿਰ ਉਹ ਵਾਪਸੀ ਕਰਦੇ ਨੇ।

ਤੁਰ ਪੈਂਦੇ ਨੇ ਛੱਡ ਆਲਣੇ ਚੀਅ-ਚੀਅ ਕਰਦੇ ਜਾਂਦੇ ਨੇ,
ਕਦੀ ਕਿਤੋਂ ਚੋਗਾ ਚੁਗਿਆ ਤੇ ਕਦੀ ਭੁੱਖੇ ਰਹਿ ਜਾਂਦੇ ਨੇ।

ਫਿਰ ਵੀ ਉਹ ਨਾ ਕਦੀ ਰੱਖਦੇ ਮੁੱਖ ਉੱਤੇ ਉਦਾਸੀ ਏ,
ਥੋੜ੍ਹਾ-ਥੋੜ੍ਹਾ ਵੰਡ ਖਾਂਦੇ, ਬਣਦੇ ਇਕ ਦੂਜੇ ਦੇ ਸਾਥੀ ਏ।

ਉਹ ਵੀ ਸਾਡੇ ਵਾਗ ਹੀ ਖੇੜੇ ਖੁਸ਼ੀਆ ਮਨਾਉਂਦੇ ਨੇ,
ਤੁਰ ਜਾਵੇ ਜੇ ਕੋਈ ਸਾਥੀ ਤਾਂ ਫਿਰ ਦੁੱਖ ਵੰਡਾਉਂਦੇ ਨੇ।

ਸਰਦੀਆਂ ਦੀ ਰੁੱਤ ਵਿਚ ਉਹ ਕਿਵੇਂ ਸਮਾਂ ਲੰਘਾਉੰਦੇ ਨੇ,
ਜੇਠ-ਹਾੜ ਦੀਆਂ ਧੁੱਪਾ ਵਿਚ ਕਿਵੇਂ ਤਰਲੇ ਪਾਉਂਦੇ ਨੇ।

‘ਸੁਖਦੀਪ’ ਦਾ ਚਿੱਤ ਕਰਦਾ ਉਹ ਇਨ੍ਹਾਂ ਨੂੰ ਦੇਖੀ ਜਾਵੇ,
ਕਿਹੋ ਜੇ ਰੱਬ ਨੇ ਜੀਅ ਬਣਾਏ ਸੋਚਕੇ ਮਨ ਭਰ ਆਵੇ।

ਸੋਚਕੇ ਮਨ ਭਰ ਆਵੇ।

– ਲੈਕਚਰਾਰ ਸੁਖਦੀਪ ‘ਸੁਖਾਣਾ’
ਪਿੰਡ-ਸੁਖਾਣਾ, ਜਿਲ੍ਹਾ-ਲੁਧਿਆਣਾ
ਮੋਬਾਈਲ: 98148-92646

=======================================

ਜਦ ਦਿਲਾਂ ਦੇ ਰਾਜ਼ ਖੋਲੇ ਨੇ…!

ਜ਼ੀਵਨ ਦੇ ਕਈ ਪੰਨੇ ਕਿੰਨੇ ਕੌਰੇ ਨੇ,
ਕੌਣ ਕਹਿੰਦਾ ਇਨ੍ਹਾਂ ਪੰਨਿਅਾਂ ਚ’ ਗ਼ਮ ਥੋੜੇ ਨੇ।

ੲਿਕ ਨਵੀਂ ਕਹਾਣੀ ਦੱਸਦਾ ੲੇ ਹਰ ਇਕ ਪੰਨਾ,
ਕਈ ਥਾਂ ਭਰਿਅਾ ਕਈ ਥਾਂ ਖਾਲੀ ਗ਼ਮਾਂ ਦਾ ਛੰਨਾ।

ਕੁਝ ਲਿਖਦੀ ਆ ਤਾਂ ਸਭ ਕਹਿੰਦੇ ਕਿੰਨਾਂ ਸੱਚਾ ੲੇ,
ਕਹਿਣ ਵਾਲਿਅਾਂ ਦਾ ਰੰਗ ਵੀ ਬੜਾ ਕੱਚਾ ੲੇ।

ਸਲਾਹਾਂ ਦੇਣ ਵਾਲੇ ਦੂਜੇ ਬਾਰੇ ਨਹੀਂ ਸੋਚਦੇ,
ਉਹ ਤਾਂ ਹਰ ਪਲ ਆਪਣਾ ਹੀ ਸਵਾਦ ਲੋਚਦੇ।

ਕੌਣ ਕਿੱਥੇ ਹੈ ਖੜਾ ਤੇ ਕਿਉ …?
ਪਰਵਾਹ ਨਹੀਂ ਕਰਦਾ ਕੋਈ।

ਸਭ ਆਪਣੇ ਹੀ ਜ਼ੀਵਨ ਦਾ ਭਾਰ ਜਾਂਦੇ ਨੇ ਡੋਈ
ਡਰ ਲੱਗਦਾ ਉਨ੍ਹਾਂ ਮੂੰਹਾਂ ਤੋਂ ਜੋ ਇਨੇ ਵੱਡੇ ਨੇ।

ਕਿਉ ਸਿਖਾਉਦੇ ਮੈਨੂੰ ਪਰ ਆਪ ਸਿੱਖਦੇ ਨਹੀਂ,

ਜਿੰਨ੍ਹਾਂ ਆਪ ਨਾ ਅੱਜ ਤੱਕ ਬੁਰੇ ਕੰਮ ਛੱਡੇ ਨੇ।

ਸਮਝਾਉ ਦੇ ਨੇ ਮੈਨੂੰ ਪਰ ਆਪ ਟਿੱਕਦੇ ਨਹੀਂ
ੲਿੰਨ੍ਹਾਂ  ਚੋ’ ਕੁਝ ਨਹੀਂ ਲੱਭਿਆ ਜਦ ਵੀ ਫਿਰੌਲੇ ਨੇ।

ਆਪਣਾ ਆਪ ਹੀ ਗਵਾਈਆ, ਜਦ ਦਿਲਾਂ ਦੇ ਰਾਜ਼ ਖੋਲੇ ਨੇ…!!

  • ਹਰਪ੍ਰੀਤ ਗਰੇਵਾਲ
    ਵੈਨਕੂਵਰ ( ਕੈਨਡਾ)

=======================================

ਨਾਲ ਹੌਂਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ…

ਚੱਕੇ ਜਾਮ ਹੈ ਕਰਤੇ ਜਿਸ ਨੇ ਸਾਰੀ ਦੁਨੀਆਂ ਦੇ ,
ਡਰ ਮਨਾਂ ਵਿੱਚ ਭਰ ਤੇ ਜਿਸ ਨੇ ਸਾਰੀ ਦੁਨੀਆਂ ਦੇ।
ਕੰਮ ਕਾਰ ਭਾਵੇਂ ਹੋ ਗਏ ਡਰਦੇ ਬੰਦ ਕਰੋਨਾ ਤੋਂ,
ਨਾਲ ਹੌਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ।
ਨਾਲ ਹੌਂਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ…

ਜੋ ਸਰਕਾਰਾਂ ਦੱਸਦੀਆਂ ਨੇ ਅਪਣਾਈਏ ਨਿਯਮਾਂ ਨੂੰ,
ਲੋੌਕ ਡਾਊਨ ਦੇ ਪੂਰੇ ਸਫਲ ਬਣਾਈਏ ਨਿਯਮਾਂ ਨੂੰ।
ਨਾ ਘਰੋਂ ਬਾਹਰ ਤੁਸੀਂ ਜਾ ਕੇ ਖਾਏਉ ਡੰਗ ਕਰੋਨਾ ਤੋਂ,
ਨਾਲ ਹੌਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ।

ਸਿਹਤ ਮਹਿਕਮਾ ਅਤੇ ਪੁਲਿਸ ਦੀ ਹੈ ਕੁਰਬਾਨੀ ਵੱਡੀ,
ਲੋਕਾਂ ਖਾਤਰ ਜਿਨ੍ਹਾਂ ਆਪਣੀ ਜ਼ਿੰਦਗੀ ਹੈ ਲਾ ਛੱਡੀ।
ਜੋ ਪੈਰ ਪਿੱਛੇ ਨਹੀਂ ਪੁੱਟਦੇ ਹੋ ਕੇ ਤੰਗ ਕਰੋਨਾ ਤੋਂ,
ਨਾਲ ਹੌਂਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ।

‘ਬੱਡੂਵਾਲੀਆ ‘ ਵਿੱਚ ਘਰਾਂ ਦੇ ਰਹਿ ਕੇ ਫਰਜ਼ ਨਿਭਾਈਏ,
ਇਸ ਲੜਾਈ ਵਿੱਚ ‘ਪਰਮਿੰਦਰਾ ‘ ਯੋਗਦਾਨ ਪੂਰਾ ਪਾਈਏ।
ਕਿਸੇ ਦਾ ਨਾਂ ਹੌਂਸਲਾ ਟੁੱਟੇ ਹੋ ਕੇ ਭੰਗ ਕਰੋਨਾ ਤੋਂ,
ਨਾਲ ਹੌਂਸਲੇ ਜਿੱਤਣੀ ਆਪਾਂ ਜੰਗ ਕਰੋਨਾ ਤੋਂ।
ਨਾਲ ਹੌਂਸਲੇ ਜਿੱਤਣੀ ਆਪਾਂ ਜੰਗ – – – – –

– ਪਰਮਿੰਦਰ ਕੁਮਾਰ
ਪਿੰਡ ਬੱਡੂਵਾਲ (ਮੋਗਾ), Mob. 99144-08665

========================================

ਮਦਰ ਡੇ ਸਪੈਸ਼ਲ

ਮਾਂ, ਤੂੰ ਹੈਂ ਕੁਦਰਤੀ ਸੌਗਾਤ
ਤੇਰੇ ਨਾਲ ਹੀ ਸੱਜੀ ਸਾਰੀ ਕਾਇਨਾਤ।
ਤੂੰ ਤਾਂ ਰੱਬ ਦਾ ਰੂਪ ਹੈਂ ਦੂਜਾ,
ਫਿਰ ਕਿਉਂ ਨਾ ਕਰੀਏ ਤੇਰੀ ਪੂਜਾ।
ਜਨਮ ਦੇ ਸੰਸਾਰ ਵਸਾਇਆ,
ਪੀਰਾਂ ਪੈਗੰਬਰਾਂ ਦਾ ਪ੍ਰਕਾਸ਼ ਕਰਵਾਇਆ।
ਪਹਿਲਾਂ ਆਪਣੇ ਲਹੂ ਨਾਲ ਸਿਝਿਆ,
ਫੇਰ ਆਪਣਾ ਦੁੱਧ ਪਿਆਇਆ।
ਬੱਚਿਆਂ ਆਪਣਿਆਂ ਨੂੰ ਸੁੱਕੇ ਪਾ ਕੇ,
ਗਿੱਲੇ  ਥਾਂ ਆਪ ਨੂੰ ਪਾਇਆ।
ਮੂੰਹ ਆਪਣੇ’ ਚੋਂ ਚੋਗਾ ਕੱਢਕੇ,
ਬੱਚਿਆਂ ਦੇ ਮੂੰਹ ਵਿੱਚ ਪਾਇਆ।
ਰਾਤਾਂ ਜਾਗੀਆਂ, ਧੁੱਪਾਂ , ਮੀਂਹ ਹੰਢਾਏ,
ਕਿੰਨੇ ਹੀ ਤੂੰ ਝੱਖੜ ਲੰਘਾਏ।
ਕਿਵੇਂ ਭੁੱਲ ਸਕਦੇ ਹਾਂ ,
ਤੇਰੇ ਉਪਕਾਰ,
ਮਾਂ ਤੇਰੇ, ਅਸੀਂ ਜਾਏ।
ਮਾਂ ਤੂੰ ਹੈਂ , ਬਹੁਤ ਮਹਾਨ,
ਕੋਈ ਵੀ ਸੈ਼ਅ ਲੈ ਨਹੀਂ ਸਕਦੀ
ਤੇਰਾ ਸਥਾਨ।
ਧਿਰਕਾਰ ਉਹਨਾਂ ‌ਨੂੰ, ਜੋ ਕਰ
ਨਾ ਸਕਣ ਤੇਰਾ ਸਨਮਾਨ।
ਮਾਂ ਤਾਂ ਠੰਢੜੀ ਛਾਂ ਵੇ ਲੋਕੋ,
ਮਾਂ ਜਿਹਾ ਕੋਈ ਜਹਾਨ ਨਾ ਲੋਕੋ।
ਆਉ ਕਰੀਏ, ਇਸ  ਗੱਲ ਤੇ ਵਿਚਾਰ,
ਜੇ ਨਾ ਹੁੰਦੀ ਮਾਂ,ਜੇ ਨਾ‌ ਹੁੰਦੀ ਮਾਂ,
ਕੀ ਹੁੰਦਾ ਇਹ‌ ਜਹਾਨ,
ਕੀ ਹੂੰਦਾ ਸਾਡਾ ਪਰਿਵਾਰ।
ਨਹੀਂ ਨਾਂ,
ਮਾਂ ਦੀ ਪੂਜਾ ਰੱਬ ਦੀ ਪੂਜਾ,
ਮਾਂ ਹੀ ਰੱਬ‌ ਦਾ ਨਾਂ ਹੈ ਦੂਜਾ।
ਕਿਉਂ ‌ਨਾ‌ ਕਰੀਏ ਮਾਂ ਨਾਲ ਪਿਆਰ
ਕਿਉਂ ‌ਨਾ‌ ਦਈਏ ਉਸਨੂੰ ਸਤਿਕਾਰ।
ਕਰੋ ਮਾਂ ਆਪਣੀ ‌ਦਾ ਸਤਿਕਾਰ
ਦੇਵੇ ਉਸਨੂੰ ‌ਆਪਣਾ ਪਿਆਰ।
ਦੇਵੋ , ਉਸਨੂੰ ਆਪਣਾ ਪਿਆਰ।

– ਪ੍ਰੋ ਮਨਿੰਦਰ ਕੌਰ ਸੰਧੂ

========================================

  ਇੱਕ ਗੱਲ ਤਾਂ ਹੈ

ਨਾ ਹੁਣ ਮਹਿਫਲ ਮੋੜ ਤੇ ਲੱਗਦੀ,

ਨਾ ਕੋਈ ਗੱਲ ਕਰਨ ਨੂੰ ਲੱਭਦੀ,
ਸਭ ਚੁੱਪ ਚਾਪ ਘਰਾਂ ਵਿਚ ਬੈਠੇ,
ਮੈ ਵਾਲਾ ਵਰਕਾ ਪਾੜ ਦਿੱਤਾ ਏ,
ਇੱਕ ਗੱਲ ਤਾਂ ਹੈ………….,
ਰੱਬ ਨੇ ਕੁਝ ਸੁਧਾਰ ਦਿੱਤਾ ਹੈ।
ਨਾ ਕੋਈ ਖੁਸ਼ੀ ਗਮੀ ਵਿਚ ਜਾਵੇ,
ਨਾ ਕੋਈ ਬਹੁਤਾ ‘ਕੱਠ ਵਿਖਾਵੇ,
ਬੰਦਾ ਤਾ ਇਹ ਕਰ ਨਾ ਸਕਿਆ,
ਪਰ ਉਹਨੇ ਲਾ ਜੁਗਾੜ ਦਿੱਤਾ ਹੈ,
ਇੱਕ ਗੱਲ ਤਾਂ ਹੈ………….,
ਰੱਬ ਨੇ ਕੁਝ ਸੁਧਾਰ ਦਿੱਤਾ ਹੈ।
ਹੋਣੋ ਚੁੰਗਲੀ ਨਿੰਦਿਆਂ ਘੱਟ ਗਈ,
ਹਉਮੈ ਤਾ ਹੁਣ ਪਾਸਾ ਹੀ ਵੱਟ ਗਈ,
ਸੁੰਨੀਆ ਗਲੀਆਂ, ਸੜਕਾਂ ਸੋਚਣ ,
ਇਹ ਜੱਗ ਕਿੱਧਰ ਤਾੜ ਦਿੱਤਾ ਹੈ,
ਇੱਕ ਗੱਲ ਤਾਂ ਹੈ………….,
ਰੱਬ ਨੇ ਕੁਝ ਸੁਧਾਰ ਦਿੱਤਾ ਹੈ।
ਚੀ-ਚੀ ਪੰਛੀ ਚਹਿਕਣ ਲਾ ਤੇ,
ਜਲ, ਥਲ, ਹਵਾ ਸੁੱਧ ਬਣਾਤੇ,
ਐਬ ਫਰੇਬ ਮਨਾ ਵਿਚੋ ਕੱਢਕੇ,
ਕਰ ਸਭ ਬੰਦ ਕੰਮਕਾਰ ਦਿੱਤਾ ਹੈ,
ਇੱਕ ਗੱਲ ਤਾਂ ਹੈ………….,
ਰੱਬ ਨੇ ਕੁਝ ਸੁਧਾਰ ਦਿੱਤਾ ਹੈ।
ਉਹਦੇ ਰੰਗ ਨਾ ਕੋਈ ਵੀ ਜਾਣੇ,
ਲੱਖ ‘ਸੁੱਖੇ’ ਜਹੇ ਫਿਰਨ ‘ਸੁਖਾਣੇ’,
ਅਕਲ ਦੀ ਚਾਬੀ ਵੱਸ ਨਾ ਸਾਡੇ,
ਪਰ ਉਹਨੇ ਤਾਲਾ ਮਾਰ ਦਿੱਤਾ ਹੈ,
ਇੱਕ ਗੱਲ ਤਾਂ ਹੈ………….,
ਰੱਬ ਨੇ ਕੁਝ ਸੁਧਾਰ ਦਿੱਤਾ ਹੈ।
ਲੈਕਚਰਾਰ ਸੁਖਦੀਪ ਸੁਖਾਣਾ
ਪਿੰਡ-ਸੁਖਾਣਾ, ਜਿਲ੍ਹਾ-ਲੁਧਿਆਣਾ, ਮੋਬਾਈਲ: 98148-92646   

========================================

ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ

ਕਰੋਨਾ ਦੀ ਦੇਸ਼ ਚ ਪੈ ਰਹੀ ਮਾਰ ਮਿੱਤਰੋਂ,
ਹਰ ਕੋਈ ਏਦੇ ਅੱਗੇ ਰਿਹਾ ਹਾਰ ਮਿੱਤਰੋਂ।
ਕਿਵੇਂ ਸੋਚਾ ਰਾਤਾਂ ਨੂੰ ਗੱਲ ਚੰਗੇ ਖੁਆਬ ਦੀ,
ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ।

ਮੰਡੀਆਂ ਚ ਰੁਲ ਰਿਹਾ ਅੰਨ ਦਾਤਾ ਦੋਸਤੋ,
ਮਰਦੇ ਜਾਂਦੇ ਆ ਅਮਲੀ ਬਿਨਾਂ ਪੋਸਤੋ।
ਸੁੱਕਦੀ ਜੀ ਜਾਵੇ ਘੰਡੀ ਫੁੱਲ ਗੁਲਾਬ ਦੀ,
ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ।

ਗਰੀਬਾਂ ਲਈ ਸਰਕਾਰਾਂ ਨੇ ਭੰਡਾਰੇ ਖੋਲਤੇ,
ਮੱਧ ਵਰਗੇ ਵਾਲੇ ਸ਼ਰਮ ਦੇ ਮਾਰੇ ਨਾ ਬੋਲਤੇ।
ਭੁੱਲਦੀ ਜਾਂਦੀ ਹੈ ਲੱਗੇ ਗਿਣਤੀ ਹਿਸਾਬ ਦੀ,
ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ।

ਮੀਂਹ ਤੇ ਹਨੇਰੀ ਨੇ ਬੁਰਾ ਹਾਲ ਕਰ ਧਰਤਾ,
ਜੱਟ ਬੱਸ ਆੜਤੀਏ ਯੋਗਾ ਯਾਰੋ ਕਰਤਾ।
ਰੋਲ ਦਿੱਤੀ ਸਰਦਾਰੀ ਪੰਜਾਬ ਦੇ ਨਵਾਬ ਦੀ,
ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ।

ਸਕੂਲ ਪੲੇ ਬੰਦ ਭਵਿੱਖ ਖ਼ਤਰੇ ਚ ਜਾਪਦਾ,
,ਠੱਠੀ ਭਾਈ ,ਵਾਲਾ ਗੱਲਾਂ ਸੱਚ ਆਖਦਾ।
ਸੁਖਚੈਨ, ਧੁਣ ਛੇੜ ਹੁਣ ਬਾਬੇ ਦੇ ਰਬਾਬ ਦੀ,
ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਪੰਜਾਬ ਦੀ।

– ਸੁਖਚੈਨ ਸਿੰਘ ਠੱਠੀ ਭਾਈ
84379-32924

========================================

ਰੱਬ ਕੀ ਸ਼ੈਅ ਏ…

ਦੁਨੀਆਂ ਆਪਣੀ ਚਾਲੇ ਭੱਜੀ ਜਾਂਦੀ ਸੀ,
ਕੋਈ ਸਾਰ ਨਹੀਂ ਸੀ, ਉਸ ਕੁਦਰਤ ਦੇ ਭਾਣੇ ਦੀ।

ਰੱਬ ਕੀ ਸ਼ੈਅ ਏ, ਖੂਬ ਮਨੁੱਖ ਹੁਣ ਸਮਝ ਗਿਆ,
ਹੁਣ ਗਲਤੀ ਨਹੀਂ ਕਰਦਾ ਉਹਨੂੰ ਭੁਲਾਣੇ ਦੀ।

ਪਹਿਲਾਂ ਵਿਹਲੇ ਵੀ, ਮੈਂ ਬਿਜੀ ਬਹੁਤ ਹਾਂ ਕਹਿੰਦੇ ਸੀ,
ਟੱਬਰ ਦੇ ਜੀਅ ਵੀ, ਕਦੇ ਨਾ ਕੱਠੇ ਬਹਿੰਦੇ ਸੀ।
ਕਦੇ ਸੋਚਿਆ ਨਹੀਂ ਸੀ, ਵਕਤ ਬਿਠਾਊ ਇਕ ਥਾਵੇਂ,
ਫਿਰ ਮਰਜ਼ੀ ਕਿਸੇ ਦੀ ਹੋਊ, ਨਾ ਹਿੱਲ ਪਾਣੇ ਦੀ।

ਰੱਬ ਕੀ ਸ਼ੈਅ ਏ, ਖੂਬ ਮਨੁੱਖ ਹੁਣ ਸਮਝ ਗਿਆ,
ਹੁਣ ਗਲਤੀ ਨਹੀਂ ਕਰਦਾ ਉਹਨੂੰ ਭੁਲਾਣੇ ਦੀ।

ਰੋਟੀ ਘਰ ਦੀ ਪੱਕੀ, ਖਾਣੀ ਬਹੁਤੇ ਭੁੱਲ ਗਏ ਸੀ,
ਰੈਸਟੋਰੈਂਟਾ ਦੇ ਪੀਜਿਆਂ, ਉੱਤੇ ਡੁੱਲ ਗਏ ਸੀ।
ਅੱਜ ਘਰ ਦੀ ਦਾਲ ਰੋਟੀ, ਖਾ ਸ਼ੁਕਰ ਮਨਾਉਂਦੇ ਨੇ,
ਵਾਹ ਡਾਢਿਆ ਤੇਰੀ, ਜੁਗਤ ਇਹ ਅਕਲ ਸਿਖਾਣੇ ਦੀ।

ਰੱਬ ਕੀ ਸ਼ੈਅ ਏ, ਖੂਬ ਮਨੁੱਖ ਹੁਣ ਸਮਝ ਗਿਆ,
ਹੁਣ ਗਲਤੀ ਨਹੀਂ ਕਰਦਾ ਉਹਨੂੰ ਭੁਲਾਣੇ ਦੀ।

ਹੁਣ ਪਹਿਲਾਂ ਜਿਹੇ, ਨਹੀਂ ਰਹਿਣੇ ਉਂਝ ਹਾਲਾਤ ਜਿਹੇ,
ਹਰ ਇਕ ਦੇ ਬਦਲੀ ਜਾਂਦੇ, ਨੇ ਜਜ਼ਬਾਤ ਜਿਹੇ,
ਡਰ ਬੰਦਿਆਂ ਰੱਬ ਤੋਂ, ਮੁੱਲ ਪਾ ਉਹਦੀਆਂ ਦਾਂਤਾਂ ਦਾ,
ਕਰੇ “ਜਾਨਜੀਤ” ਗੱਲ ਗੀਤਾਂ ਵਿੱਚ ਸਮਝਾਵਣ ਦੀ।

ਰੱਬ ਕੀ ਸ਼ੈਅ ਏ, ਖੂਬ ਮਨੁੱਖ ਹੁਣ ਸਮਝ ਗਿਆ
ਹੁਣ ਗਲਤੀ ਨਹੀਂ ਕਰਦਾ ਉਹਨੂੰ ਭੁਲਾਣੇ ਦੀ।

ਜਾਨਜੀਤ (ਗਾਇਕ ਤੇ ਗੀਤਕਾਰ)

Mob. 78888-76906

========================================

ਸਾਰਿਆਂ ਘਰਾਂ ਦੇ ਵਿੱਚ ਦੀਵੇ ਰੱਖੀਂ ਜਗਦੇ…

ਦੋਵੇਂ ਹੱਥ ਜੋੜ ਦਾਅਤਾ ਕਰਦੇ ਹਾਂ ਸਜਦੇ,
ਸਾਰਿਆਂ ਘਰਾਂ ਦੇ ਵਿੱਚ ਦੀਵੇ ਰੱਖੀਂ ਜਗਦੇ।

ਕਾਰੋਬਾਰ ਸਾਰੇ ਕਾਹਤੋਂ ਬੰਦ ਕਰਵਾਏ ਨੇ,
ਧਰਮ ਸਥਾਨਾਂ ਤੇ ਵੀ ਜ਼ਿੰਦਰੇ ਲਵਾਏ ਨੇ,
ਰਹਿੰਦੇ ਸ਼ਮਸ਼ਾਨ ਪਰ ਦਿਨ ਰਾਤ ਮਘਦੇ,
ਸਾਰਿਆਂ ਘਰਾਂ ਦੇ ਵਿੱਚ ਦੀਵੇ ਰੱਖੀਂ ਜਗਦੇ।

ਬੱਚਿਆਂ ਦੇ ਪਾਪ ਜਿਵੇਂ ਬਾਪ ਮੁਅਫ ਕਰਦੈ,
ਮਾੜੇ ਚੰਗੇ ਵੇਲੇ ਹੱਥ ਸਿਰ ਉੱਤੇ ਧਰਦੇ,
ਨੇਰੀਆਂ ਤੁਫ਼ਾਨ ਭਾਵੇਂ ਲੱਖਾਂ ਹੋਣ ਵਗਦੇ,
ਸਾਰਿਆਂ ਘਰਾਂ ਦੇ ਵਿੱਚ ਦੀਵੇ ਰੱਖੀਂ ਜਗਦੇ।

ਲੋਕਾਂ ਤੋਂ ਕਰਾਉਣੀਂ ਇੰਜ ਰੱਬਾ ਤੂੰ ਸਫ਼ਾਈ ਹੋਊ,
ਕੋਈ ਨਾ ਕੋਈ ਤਾਂ ਸਕੀਮ ਤੇਰੀ ਲਾਈ ਹੋਊ,
ਪੌਣ ਪਾਣੀ ਗੰਦੇ ਹੋਏ ਚੰਗੇ ਨਹੀਂ ਲਗਦੇ,
ਸਾਰਿਆਂ ਦੇ ਘਰਾਂ ਵਿੱਚ ਦੀਵੇ ਰੱਖੀਂ ਜਗਦੇ।

ਯਾਰ ਪਰਦੀਪ ਨੇ ਨਾ ਹੋਰ ਕੁਝ ਆਖਣਾ,
ਤੇਰੀ ਕਾਇਨਾਤ ਨੇ ਤਾਂ ਤੇਰੇ ਵੱਲ ਝਾਕਣਾ,
ਕਰੀਂ ਤੂੰ ਹਾਲਾਤ ਠੀਕ ਮਾੜੇ ਨੇ ਜੋ ਅੱਜ ਦੇ,
ਸਾਰਿਆਂ ਦੇ ਘਰਾਂ ਵਿੱਚ ਦੀਵੇ ਰੱਖੀਂ ਜਗਦੇ।

-ਯਾਰ ਪਰਦੀਪ

========================================

ਮੈਂ ਪੰਜਾਬ…..

ਮੈ ਨਹੀਂ ਚਾਹੁੰਦਾ ਕੋਈ ਵੀ ਕਰੋਪੀ ਦਾ ਸ਼ਿਕਾਰ ਹੋਵੇ,
ਇਹ ਵੀ ਨਹੀੰ ਚਾਹੁੰਦਾ ਕੋਈ ਘਰਾਂ ਵਿਚੋਂ ਬਾਹਰ ਹੋਵੇ,
ਫੇਰ ਐਵੇ ਲਾਇਓ ਨਾ ਪੁਲਿਸ ਤੇ ਬਲੇਮ ਤੁਸੀਂ ,
ਕਿ ਇਹ ਧੱਕੇ ਨਾਲ ਬਜਾਰਾਂ ਚੋ ਭਜਾਈ ਜਾਂਦੇ ਨੇ,
ਦਿਓ ਪੁਲਸੀਏ ਵੀਰਾਂ ਨੂੰ ਤੁਸੀਂ ਰੱਝ ਕੇ ਦੁਆਵਾਂ,
ਜੋ ਘੜੀ ਔਖ ਦੀ ‘ਚ ਡਿਊਟੀਆਂ ਨਿਭਾਈ ਜਾਂਦੇ ਨੇ।

ਵੇਖਦਾ ਹਾਂ ਜਿੱਥੇ ਆਪਣੇ ਹੀ ਇੱਥੇ ਲਾਸ਼ਾਂ ਤੋਂ ਨੇ ਡਰਦੇ,
ਉੱਥੇ 24 ਘੰਟੇ ਹਾਜਰੀ ਵਿਚਾਰੇ ਡਾਕਟਰ ਨੇ ਭਰਦੇ,
ਛੱਡ ਘਰ ਪਰਿਵਾਰ ਡਟੇ ਬੁਰੇ ਆਹ ਸਮੇਂ ‘ਚ,
ਪੁਰੀ ਬਾਹ ਤਾ ਮਰੀਜ਼ਾਂ ਲਈ ਸੱਚੀ ਲਾਈ ਜਾਂਦੇ ਨੇ,
ਦਿਓ ਡਾਕਟਰ ਵੀਰਾਂ ਨੂੰ ਤੁਸੀਂ ਰੱਝ ਕੇ ਦੁਆਵਾਂ,
ਜੋ ਘੜੀ ਔਖ ਦੀ ‘ਚ ਡਿਊਟੀਆਂ ਨਿਭਾਈ ਜਾਂਦੇ ਨੇ।

ਆਹ ਕਨੈਡਾ ਚ ਪੰਜਾਬੀ ਫੂਡ ਸੇਵਾ ਨੂੰ ਸਲਾਮ ਮੇਰਾ,
ਜਿੱਥੇ ਵੀ ਪੰਜਾਬੀ ਵਸੇ ਬਾਬਾ ਚੱਲੂਗਾ ਲੰਗਰ ਤੇਰਾ,
ਸੋਣ ਨਹੀਓ ਦਿੰਦੇ ਸੁੱਖੇ ਦੁਨੀਆ ਤੇ ਭੁੱਖਾ,
ਸੋਭਾ ਨਾਨਕ ਦੇ ਦਰ ਦੀ ਵਧਾਈ ਜਾਂਦੇ ਨੇ,
ਦਿਓ ਸਮਾਜ ਸੇਵੀਆਂ ਨੂੰ ਤੁਸੀਂ ਰੱਝ ਕੇ ਦੁਆਵਾਂ,
ਜੋ ਘੜੀ ਔਖ ਦੀ ‘ਚ ਲੰਗਰ ਚਲਾਈ ਜਾਂਦੇ ਨੇ।

ਲੈਕਚਰਾਰ ਸੁਖਦੀਪ ‘ਸੁਖਾਣਾ’
ਪਿੰਡ ਸੁਖਾਣਾ, ਜਿਲ੍ਹਾ ਲੁਧਿਆਣਾ
ਮੋਬਾਈਲ : 98148-92646

========================================

ਕਰ ਮਿਹਰ ਮਾਲਕਾ

ਕਰ ਮਿਹਰ ਮਾਲਕਾਂ ਤੂੰ,
ਕਰ ਮੁੜ ਦੁਨੀਆਂ ਹਸਦੀ ਵਸਦੀ।
ਸਭ ਤੇਰੇ ਕੌਤਕ ਨੇ,
ਸਾਡੀ ਕੁਝ ਵੀ ਨਹੀਂ ਏ ਹਸਤੀ।

ਲੱਖ ਬੰਦਾ ਸੋਚ ਲਵੇ ਕਿ ਮੈਂ ਆਹ ਕਰਨਾ, 

ਔਹ ਕਰਨਾ।
ਪਰ ਤੇਰੀ ਰਜ਼ਾ ‘ਚ ਹੀ,
ਪੈਣਾ ਸਭ ਨੂੰ ਆਖਰ ਖੜਨਾ।
ਤੇਰੀ ਮਿਹਰ ਦਾ ਮੁੱਲ ਕੋਈ ਨਾ,
ਬੈਠੇ ਸਮਝ ਸੀ ਜੀਹਨੂੰ ਸਸਤੀ।

ਕਰ ਮਿਹਰ ਮਾਲਕਾਂ ਤੂੰ ,
ਕਰ ਮੁੜ ਦੁਨੀਆਂ ਹਸਦੀ ਵਸਦੀ।

ਵਿਗਿਆਨ ਨੇ ਤਣ ਲਏ ਸੀ,
ਭਾਵੇਂ ਲੱਖ ਹੀ ਤਾਣੇ- ਬਾਣੇ।
ਪਰ ਇਹ ਨਹੀਂ ਸੋਚਿਆ ਕਿ,
ਮਾਲਕ ਨੂੰ ਮਨਜ਼ੂਰ ਕੀ ਭਾਣੇ।
ਕੁਝ ਬਾਹਰ ਨੀ ਤੇਰੇ ਤੋਂ,
ਖੂਬ ਇਹ ਗੱਲ ਸਮਝਾ ਕੇ ਦੱਸ ਤੀ।

ਕਰ ਮਿਹਰ ਮਾਲਕਾਂ ਤੂੰ,
ਕਰ ਮੁੜ ਦੁਨੀਆਂ ਹਸਦੀ ਵਸਦੀ।


ਤੇਰੇ ਕੀ -ਕੀ ਗੁਣ ਗਾਵਾਂ,
ਮੈਂ ਹੁਣ ਕੁਝ ਨਹੀਂ ਕਹਿਣਾ ਚਾਹੁੰਦਾ।
ਬੱਸ ‘ ਜਾਨਜੀਤ’ ਤੇਰੀ,
ਦਾਤਾ ਰਜ਼ਾ ‘ਚ ਰਹਿਣਾ ਚਾਹੁੰਦਾ।
ਮੇਰੀ ਰੂਹ ਤੇ ਰੰਗ ਤੇਰਾ,
ਰਹਿੰਦੀ ਨਾਮ ਤੇਰੇ ਦੀ ਮਸਤੀ।

ਕਰ ਮਿਹਰ ਮਾਲਕਾਂ ਤੂੰ,
ਕਰ ਮੁੜ ਦੁਨੀਆਂ ਹਸਦੀ ਵਸਦੀ।
ਸਭ ਤੇਰੇ ਕੌਤਕ ਨੇ,
ਸਾਡੀ ਕੁਝ ਵੀ ਨਹੀਂ ਏ ਹਸਤੀ।

ਕਰ ਮਿਹਰ ਮਾਲਕਾਂ ਤੂੰ,
ਕਰ ਮੁੜ ਦੁਨੀਆਂ ਹਸਦੀ ਵਸਦੀ।

ਜਾਨਜੀਤ (ਗਾਇਕ ਤੇ ਗੀਤਕਾਰ )

Contact: 78888-76906

========================================

(ਕਰੋਨਾ) ਦੁਖੀ ਹੋਇਆਂ ਹਰ ਕੋਈ ਹੈ ਬੰਦਾ

ਜੋ ਚੱਲੀ ਕਰੋਨਾ ਦੀ ਬੀਮਾਰੀ ਭਾਈ,
ਘਰ ਘਰ ਦੇ ਵਿੱਚ ਪਾਈ ਏਨੇ ਲੜਾਈ।
ਚੱਲੇ ਨਾ ਕੰਮ ਤੇ ਏਥੇ ਯਾਰੋ ਕੋਈ ਧੰਦਾ,
ਦੁਖੀ ਹੋਇਆਂ ਹਰ ਕੋਈ ਹੈ ਬੰਦਾ।

ਪਿੰਡ ਸ਼ਹਿਰ ਤੇ ਬਾਜ਼ਾਰ ਹੋਏ ਬੰਦ ਐ,
ਚੜਦਾ ਹਰ ਰੋਜ਼ ਨਵਾਂ ਕੋਈ ਚੰਦ ਐ।
ਦੁਹਾਈ ਪਾ ਰਿਹਾ ਮਿਸਤਰੀ ਚੰਦਾ,
ਦੁਖੀ ਹੋਇਆਂ ਹਰ ਕੋਈ ਹੈ ਬੰਦਾ।

ਰੇਲ, ਜਹਾਜ਼ ਨਾ ਚੱਲਦੀ ਕੋਈ ਲਾਰੀ,
ਘਰ ਵਿੱਚ ਮੱਤ ਬੱਚਿਆਂ ਨੇ ਹੈ ਮਾਰੀ।
ਵਿਹੜਾ ਕਰ ਦਿੰਦੇ ਖੇਡ ਉਹ ਗੰਦਾ,
ਦੁਖੀ ਹੋਇਆਂ ਹਰ ਕੋਈ ਹੈ ਬੰਦਾ।

ਰੱਬ ਦੀਆਂ ਲਿਖੀਆਂ ਰੱਬ ਹੀ ਜਾਣੇ,
ਸੁਖਚੈਨ, ਸਭ ਹੈ ਵਿੱਚ ਉਸਦੇ ਭਾਣੇ।
ਪਤਾ ਨਹੀਂ ਨਿਬੜੇਗਾ ਕਦ ਏ ਪੁਲੰਦਾ,
ਦੁਖੀ ਹੋਇਆਂ ਹਰ ਕੋਈ ਹੈ ਬੰਦਾ।

ਸੁਖਚੈਨ ਸਿੰਘ, ਠੱਠੀ ਭਾਈ,
Mob. 84379-32924

========================================

ਚੰਦਰੀ ਬਿਮਾਰੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ

ਮੂੰਹ ਤੇ ਬੰਨ ਰੁਮਾਲ ਰੱਖੇ ਤੇ ਨਾ ਕੋਈ ਹੱਥ ਮਿਲਾਵੇ,
ਚੰਦਰੀ ਬਿਮਾਰੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ।

ਸੜਕਾਂ ਉੱਤੇ ਕਿੱਧਰੇ ਬੱਸ ਕਾਰ ਨਹੀਂ ਦਿਸਦੀ,
ਕਿਤੇ ਹਾਰਨ ਵੱਜਦੇ ਨਾਂ ਸਵਾਰੀ ਉਡੀਕ ਸੀ ਕਰਦੀ ਜਿਸ ਦੀ।
ਸੁਣੀਆਂ ਸੜਕਾਂ ਤੇ ਸਾਨੂੰ ਕੁਝ ਵੀ ਨਜ਼ਰ ਨਾ ਆਵੇ,
ਚੰਦਰੀ ਬਿਮਾਰੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ।

ਲੰਘ ਗਈ ਵਿਸਾਖੀ ਜੋ ਮੇਲਾ ਕਿਤੇ ਨਜ਼ਰ ਨਹੀਂ ਆਇਆ,
ਨਾ ਕਿਸੇ ਗੱਭਰੂ ਨੇ ਭੰਗੜਾ ਢੋਲ ਵਜਾ ਕੇ ਪਾਇਆ।
ਲੋਕੀਂ ਪਏ ਸਹਿਮੇ ਨੇ ਆਖਰ ਸਤਿਗੁਰੂ ਆਪ ਬਚਾਵੇ,
ਚੰਦਰੀ ਮਾਨੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ।

ਜੋ ਨਿੱਤ ਮਜ਼ਦੂਰੀ ਸੀ ਕਰਦੇ ਨੇ ਮਜ਼ਦੂਰ ਵਿਚਾਰੇ,
ਉਹ ਇਸ ਬਿਮਾਰੀ ਦੇ ਕਾਰਨ ਨਿਕਲ ਨੀ ਸਕਦੇ ਬਾਹਰੇ।
ਗਈ ਖੁੱਸ਼ ਮਜ਼ਦੂਰੀ ਤੇ ਪੈਸਾ ਨਾ ਕਿਧਰੇ ਪਾਸਿਓ ਆਵੇ,
ਚੰਦਰੀ ਬਿਮਾਰੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ।

ਤੇਜਾ ਸ਼ੌਂਕੀ ਹੱਥ ਜੋੜ ਕੇ ਸਭ ਨੂੰ ਅਰਜ਼ ਗੁਜ਼ਾਰੇ,
ਜੋ ਦੱਸਿਆ ਪਰਹੇਜ਼ ਡਾਕਟਰ ਤੁਸੀਂ ਨਿਭਾਉ ਸਾਰੇ।
ਦੱਸੇ ਉੱਤੇ ਅਮਲ ਕਰੇ ਜੋ ਹਰ ਕੋਈ ਸਫ਼ਲਤਾ ਪਾਵੇ,
ਚੰਦਰੀ ਬਿਮਾਰੀ ਕਰੋਨਾ ਕੋਲ ਹਰ ਕੋਈ ਬਚਣਾ ਚਾਹਵੇ।

ਮੂੰਹ ਤੇ ਬੰਨ ਰੁਮਾਲ ਰੱਖੇ ਤੇ ਨਾ ਕੋਈ ਹੱਥ ਮਿਲਾਵੇ,
ਚੰਦਰੀ ਬਿਮਾਰੀ ਕਰੋਨਾ ਕੋਲੋਂ ਹਰ ਕੋਈ ਬਚਣਾ ਚਾਹਵੇ।

ਲੋਕ ਕਵੀ ਤੇਜਾ ਸਿੰਘ ਸ਼ੌਕੀ ਭਲੂਰ ਵਾਲੇ

ਪਿੰਡ ਭਲੂਰ ਜ਼ਿਲ੍ਹਾ ਮੋਗਾ  Mob: 98762 – 34315

========================================

ਆਪਾਂ ਰੱਲ ਮਿਲ ਜਿੱਤਣੀ ਹੈ ਇਹ ਜੰਗ

ਅਜ ਮੇਰੀ ਖਿੜਕੀ
ਇਕ ਨਿੱਕੀ ਜਿਹੀ ਚਿੜੀ ਸੀ ਆਈ,
ਨਾਲ ਆਪਣੇ ਕਈ ਸੰਗੀ ਸਾਥੀ ਵੀ ਲਿਆਈ,
ਸ਼ੀਸ਼ੇ ਉਤੇ ਚੁੰਝਾ ਮਾਰੇ, ਤੇ ਮਾਰਦੀ ਹੀ ਜਾਵੇ
ਮੈਨੂੰ ਲੱਗਿਆ, ਜਿਦਾ, ਉਹ ਆਵਾਜ਼ਾਂ ਮਾਰੇ…

ਘਰਵਾਲਿਉ, ਘਰੇਂ ਹੀ ਜੇ…
ਕਿਉਂ ਫੈਲਿਆ ਹੋਇਆ ਸੰਨਾਟਾ,
ਕਿਉਂ ਨਹੀਂ ਕੋਈ ਰੋਲਾ ਰੱਪਾ,
ਕਿਉਂ ਨਹੀਂ ਸੜਕਾਂ ਤੇ ਆਵਾਜਾਈ,
ਕਿਧਰ ਚਲੇ ਗਈ, ਸਾਰੀ ਲੋਕਾਈ,
ਜਿੰਨ੍ਹੇ ਸ਼ੋਰ ਸ਼ਰਾਬੇ’ ਚ
ਰਹਿਣ ਦੀ ਸਾਨੂੰ ਆਦਤ ਹੈ ਪਾਈ।
ਸਾਨੂੰ ਵੀ ਇਹ ਖਾਮੋਸ਼ੀ,
ਹੁਣ ਚੰਗੀ ਨਾ ਲੱਗੇ।
ਇਸੇ ਲਈ ਆ ਖਿੜਕੀ ਖੜਕਾਈ।

ਨਿੱਕੀ ਜਿਹੀ ਚਿੜੀ ਨੇ ਸੋਚੀ ਪਾਇਆ,
ਮੈਂ-ਮੈਂ, ਮੇਰੀ-ਮੇਰੀ ਕਰਨ ਵਾਲਾ
ਅਣੱਦਿਖੇ ਜੀਵਾਣੂ ਨੇ ਕਿਵੇਂ ਨੁਕਰੇ ਲਾਇਆ।
ਖੌਫਨਾਕ ਹੋ ਗਿਆ ਆਲ਼ਾ ਦੁਆਲਾ,
ਇਕਲਾਪਣ ਹੀ ਰਹਿ ਗਿਆ ਸਹਾਰਾ,
ਨਾ ਕੋਈ ਦਵਾ ਤੇ ਨਾ ਕੋਈ ਦਾਰੂ,
ਨਿਊਕਲੀ ਯੰਤਰ ਵੀ ਕੋਈ ਕੰਮ ਨਾ ਆਇਆ
ਪਰ ਹਾਂ
ਮਨੁੱਖਾਂ ਨੂੰ ਸਬਕ ਜ਼ਰੂਰ ਸਿਖਾਇਆ,
ਸੰਜ਼ਮ ‘ਚ ਰਹਿ ਸੱਚੀ ਸੁੱਚੀ ਸੋਚ ਅਪਣਾਉ,
ਜ਼ਿਦਗੀ ਦੀ ਰਫ਼ਤਾਰ ਨੂੰ ਥੋੜੀਆ ਲਗਾਮਾਂ ਪਾੳ
ਨਿਊਕਲੀ ਤਾਕਤਾਂ ਨਾ ਅਜ਼ਮਾਓ,
ਭਾਈਚਾਰਾ, ਪਿਆਰ ਤੇ ਸਾਂਝ ਦਾ ਮਾਹੌਲ ਬਣਾ ਕੇ
ਇਕ ਦੂਜੇ ਦੇ ਨੇੜੇ ਆਵੋ।
ਯਾਦ ਰੱਖਣਾ….

ਇਸੇ ਤਰ੍ਹਾਂ, ਪਤਾ ਨਹੀਂ
ਕਦੋਂ ਤੇ ਕਿਵੇਂ ਜ਼ਿੰਦਗੀ ਥੰਮ ਜਾਵੇ।
ਅਜ ਮੈਂ ਸਾਰਿਆ ਨੂੰ ,
ਹੱਥ ਬੰਨ੍ਹ ਕਰਾਂ ਅਰਜ਼ੋਈ
ਘਰਾਂ ਦੇ ਅੰਦਰ ਬਹਿ ਜਾਓ
ਕਰੋਨਾ ਖਿਲਾਫ਼ ਲੜਣੀ ਹੈ ਲੜਾਈ,
ਨੇੜੇ ਇਸ ਨੂੰ ਆਉਣ ਨਹੀਂ ਦੇਣਾ,
ਆਪਾਂ ਜਿੱਤਣੀ ਹੈ ਇਹ ਜੰਗ,
ਆਪਾਂ ਰੱਲ ਮਿਲ ਜਿੱਤਣੀ ਹੈ
ਇਹ ਜੰਗ ।

ਧੰਨਵਾਦ : ਪ੍ਰੋ ਮਨਿੰਦਰ ਕੌਰ ਸੰਧੂ

========================================

ਆਹ ਕਰੋਨਾ ਵਾਇਰਸ ਜੋ ਆਇਆਂ

ਆਹ ਕਰੋਨਾ ਵਾਇਰਸ ਜੋ ਆਇਆਂ,
ਸਭ ਨੂੰ ਖੂੰਜੇ ਇਸ ਰੋਗ ਨੇ ਲਾਇਆ।
ਕੲੀਆ ਲਿਖਿਆ ਬਹੁਤਿਆਂ ਗਾਇਆ,
ਵਕਤ ਸਰਕਾਰਾਂ ਤਾਈਂ ਪਾਇਆ।

ਇਹ ਰੰਗ ਨੇ ਡਾਹਡੇ ਕਰਤਾਰ ਦੇ,
ਰਾਹ ਬੰਦ ਕਰਤੇ ਸਮੁੰਦਰੋਂ ਪਾਰ ਦੇ।
ਵਿਗਿਆਨ ਵੀ ਪਇਆ ਘਬਰਾਇਆ,
ਵਕਤ ਸਰਕਾਰਾਂ ਤਾਈਂ ਪਾਇਆ।

ਚੁੱਪ ਕਰ ਗੲੇ ਨੇ ਵਿਦਵਾਨ,
ਜੋ ਵੰਡਦੇ ਸੀ ਸਿਆਣੇ ਗਿਆਨ।
ਹਰ ਮਨੁੱਖ ਹੋਇਆ ਪਰਾਇਆਂ,
ਵਕਤ ਸਰਕਾਰਾਂ ਤਾਈਂ ਪਾਇਆ।

ਬੜਾ ਅੌਖਾ ਮਿਲ ਰਿਹਾ ਰਾਸ਼ਣ,
ਹਰ ਕੋਈ ਦੇ ਰਿਹਾ ਆਪਣਾ ਭਾਸ਼ਣ।
ਰੱਬ ਨੂੰ ਮਿਲਣੇ ਦਾ ਇੱਕੋ ਰਾਹ ਬਤਾਇਆ,
ਵਕਤ ਸਰਕਾਰਾਂ ਤਾਈਂ ਪਾਇਆ।

ਹੱਥ ਮੂੰਹ ਸਵਾਰ ਘਰ ਬਹਿ ਜੋ,
ਦਿਲ ਦੇ ਵਲਵਲੇ ਕਹਿ ਜੋ।
ਸੁਖਚੈਨ, ਸਮਾਂ ਆਭਾਗਾ ਆਇਆਂ,
ਵਕਤ ਸਰਕਾਰਾਂ ਤਾਈਂ ਪਾਇਆ।

ਸੁਖਚੈਨ ਸਿੰਘ, ਠੱਠੀ ਭਾਈ,
84379-32924

========================================

ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ‌

ਮੈਨੂੰ ਤਾਂ ਇੰਝ ਲੱਗੇ ਵਕਤ ਜਿਹਾ ਖੜ ਗਿਆ ਏ,
ਮੇਰੇ ਕੰਧੇ ਉੱਤੇ ਆ ਕੋਈ ਸ਼ੈਤਾਨ ਚੜ੍ਹ ਗਿਆ ਏ।
ਪਤਾ ਨਹੀਂ ਕਿਉਂ ਲੱਗੇ ਮੇਰਾ ਅੰਦਰ ਮਰ ਗਿਆ ਏ,
ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ‌।

ਸੁੰਨੀਆਂ ਹੋਈਆਂ ਮੇਰੇ ਦਿਲ ਦੀਆਂ ਗਲੀਆਂ,
ਖੁਰ ਦੀਆਂ ਜਿਵੇਂ ਪਾਣੀ ਵਿੱਚ ਲੂਣ ਦੀਆਂ ਡਲੀਆਂ।
ਅੰਦਰ ਮੇਰੇ ਲੱਗੇ ਜਿੱਦਾਂ ਚੋਰ ਵੜ ਗਿਆ ਏ‌,
ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ।

ਸਬਜ਼ੀ ਵੇਚਣ ਵਾਲੇ ਦਾ ਨਾ ਸੁਣਦਾ ਹੋਕਾ,
ਕਦ ਆਵੇਗਾ ਮੁੜ ਏ ਰੋਣਕੀ ਮੋਕਾ।
ਪਰਿਵਾਰ ਸਮੇਤ ਆਂਢ ਗੁਆਂਢ ਡਰ ਗਿਆ ਏ,
ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ।

ਲੋਕ ਕਹਿੰਦੇ ਨੇ ਸਮਾਂ ਸਮਾਂ ਸਮਰੱਥ ਹੁੰਦਾ,
ਇਹ ਕਥਨ ਨਾ ਕਿਸੇ ਤੋਂ ਕੱਥ ਹੁੰਦਾ।
ਸੁਖਚੈਨ,ਆਪਣੇ ਹੀ ਮਨ ਨਾਲ ਲੜ ਗਿਆ ੲ,
ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ।

ਸਰਕਾਰਾਂ ਦੇਣ ਸਾਥ ਮੇਹਨਤੀ ਕਾਮਿਆਂ ਦਾ,
ਭਾਰ ਰਹਿਣਾ ਨਹੀਂ ਸਿਰ ਤੇ ਉਲਾਂਭਿਆਂ ਦਾ।
ਚਿੱਤ ਕੲੀਆਂ ਦਾ ਸੋਚ ਸੋਚ ਭਰ ਗਿਆ ਏ,
ਕਰੋਨਾ ਦਾ ਕਹਿਰ ਸ਼ਹਿਰ ਗਲੀ ਮੁਹੱਲੇ ਵੜ ਗਿਆ ਏ।

ਸੁਖਚੈਨ ਸਿੰਘ, ਠੱਠੀ ਭਾਈ,
84379-32924

========================================

ਕਰਾਮਾਤ

ਜੋਨੀ ਕੋਈ ਕਰਾਮਾਤ ਦਿਖਾ ਬਾਬਾ,
ਰਾਤ ਦਾ ਮੀਂਹ ਪਈ ਜਾਂਦਾ ਇਸ ਨੂੰ ਹਟਾ ਬਾਬਾ ।
ਜੋਨੀ ਕੋਈ ਕਰਾਮਾਤ….

ਸੁਣਿਅਾਂ ਤੂੰ ਰਿੱਧੀਅਾਂ-ਸਿੱਧੀਅਾਂ ਜਾਣਦਾ ੲੇ।
ਰੱਬ ਦੀ ਹਰ ੲਿੱਕ ਰਮਜ਼ ਪਛਾਣਦਾ ੲੇ।
ਮੀਂਹ ਹਨ੍ਹੇਰੀ ਤੋਂ ਸਾਡਾ ਖਹਿੜਾ ਛਡਾ ਬਾਬਾ।
ਜੋਨੀ ਕੋਈ ਕਰਾਮਾਤ….

ਪਹਿਲਾਂ ਮੀਂਹ ਤੇ ਫ਼ਿਰ ਮਾਰ ਲਿਅਾ ਹਨ੍ਹੇਰੀ ਨੇ,
ਫ਼ਸਲਾਂ ਨੂੰ ਬਚਾੳੁਣਾ ਹੁਣ ਕਰਾਮਾਤ ਤੇਰੀ ਨੇ।
ਰੱਖ ਕੇ ਢੱਕਣ ਮੀਂਹ ਹਟਾ ਬਾਬਾ ।
ਜੋਨੀ ਕੋਈ ਕਰਾਮਾਤ….

ਕੲੀਅਾਂ ਦੇ ਸਿਰ ‘ਤੇ ਛੱਤ ਨਹੀਂ ਤੇ
ਕੲੀਅਾਂ ਦੇ ਘਰ ਚੁੱਲਾ ਰਾਤ ਦਾ ਬਲਿਅਾ ਨਹੀਂ।
ਮੈਨੂੰ ਤੇਰਾ ਚੇਤਾ ਅਾੲਿਅਾ ਜਦੋਂ ,
ਰੱਬ ਮੀਂਹ ਪਾੳੁਣ ਤੋਂ ਟਲਿਅਾਂ ਨਹੀਂ ।
ਹੁਣ ਤੂੰ ਹੀ ਕੋੲੀ ਚਮਤਕਾਰ ਦਿਖਾ ਬਾਬਾ।
ਜੋਨੀ ਕੋਈ ਕਰਾਮਾਤ….

ਫ਼ਸਲਾਂ ਦੀ ਬਰਬਾਦੀ ਦੇਖ਼ ਮਨ ੳੁਦਾਸ ਹੋ ਗਿਅਾ।
ਧਰਤੀ ਨਾਲ ਲੱਗੀਅਾਂ ਫ਼ਸਲਾਂ ਤੱਕ ਕਿਸਾਨ ਨਿਰਾਸ਼ ਹੋ ਗਿਅਾ।
ਮੀਤ ਸਭ ਅੈਵੇ ਬਕਵਾਸ ਕਰਦੇ ,
ਜੋਨੀ ਵਰਗੇ ਪਾਖੰਡੀਅਾਂ ਤੋਂ ਪੰਜਾਬ ਬਚਾ ਬਾਬਾ।

ਜੋਨੀ ਕੋੲੀ ਕਰਾਮਾਤ ਦਿਖਾ ਬਾਬਾ ,
ਰਾਤ ਦਾ ਮੀਂਹ ਪੲੀ ਜਾਂਦਾ ਇਸ ਨੂੰ ਹਟਾ ਬਾਬਾ।
ਜੋਨੀ ਕੋਈ ਕਰਾਮਾਤ….

– ਮੀਤ ਫੁੱਲੋ ਮਿੱਠੀ @ 96466-35361

========================================

ਔਰਤ ਦਿਵਸ ਤੇ ਵਿਸ਼ੇਸ਼

ਜਜ਼ਬਾਤ ਕਦੇ ਅੱਗ ਬਣਕੇ ਉਮੜਦੇ ਨੇ,
ਤੇ ਫਿਰ ਹਿਮਪਾਤ ਬਣਕੇ ਜੰਮਦੇ ਨੇ।
ਸਮਝ ਨਹੀਂ ਆਉਂਦੀ,
ਇਹ ਕੇਹੀ ਕਹਾਣੀ ਐ,
ਜੋ ਸ਼ੁਰੂ ਹੁੰਦੇਆਂ ਹੀ ਮੁਕਦੀ ਐ,
ਤੇ  ਮੁਕਦੇਆਂ  ਹੀ ਸ਼ੁਰੂ ਹੁੰਦੀ ਹੈ।
ਇਹ ਉਹ ਕਹਾਣੀ ਹੈ, ਜਿਥੇ
ਸਦਾ ਹੌਸਲਿਆਂ ਭਰੀ,
ਬਣਾਇਆ ਆਪਣਾ ਰਾਹ
ਚੀਰ ਚੀਰ  ਚਟਾਨ।
ਜ਼ਮਾਨੇ ਨੇ  ਜੋ  ਕਹਿਣਾ,  ਸੋ ਕਿਹਾ,
ਜ਼ਮਾਨਾ ਕਹਿੰਦਾ ਹੀ ਹੁੰਦਾ, ਕਹਿ,
ਆਪਣੇ ਆਪ ਨੂੰ , ਲਿਆ ਸਮਝਾ।
ਸਦਾ ਅਗਾਂਹ ਨੂੰ ਪੈੜਾਂ ਨੱਪੀਆ,
ਲਏ ਨਵੇਂ ਰਾਹ ਬਣਾ।

ਇਹ ਕਹਾਣੀ ਹੈ, ਮੇਰੀ, ਤੁਹਾਡੀ,
ਇਹ ਕਹਾਣੀ ਹੈ ਇਕ ਔਰਤ ਦੀ,
ਜਿਸ ਦਿਤੀ ਸਦਾ ਕੁਰਬਾਨੀ।
ਕਦੇ ਧੀ  ਬਣਕੇ, ਕਦੇ ਪਤਨੀ ਬਣਕੇ
ਤੇ ਕਦੇ ਮਾਂ ਬਣਕੇ।
ਆਪਣੇ ਆਪ ਤੋਂ ਬੇਖ਼ਬਰ,
ਦੇ ਨਿੱਘ ਬੁੱਕਲ ਆਪਣੀ ਦਾ,
ਦੂਜਿਆਂ ਨੂੰ ਢੱਕਦੀ ਰਹੀ,
ਐਪਰ ਆਪ ਠੰਢੇ  ਠਰਦੀ  ਰਹੀ।

ਇਸੇ ਤਰ੍ਹਾਂ ਤੁਰਦੀ ਰਹੀ, ਤੁਰਦੀ ਰਹੀ,
ਝੱਖੜ- ਝੇੜੇ  ਝੱਲਦੀ  ਗਈ।
ਸੱਭ ਕਾਸੇ ਤੋਂ ਬੇਖ਼ਬਰ,
ਆਪਣੀਆਂ ਜੀਵਨ  ਪੈੜਾਂ ਨੱਪਦੀ ਗਈ।
ਐਪਰ, ਔਰਤ ਕਮਜ਼ੋਰ ਨਹੀਂ
ਮਾਂ, ਮਮਤਾ ਤੇ ਮੁਹੱਬਤ,
ਹੀ ਤਾਂ ਹੈ—ਔਰਤ।

ਸਮਾਜ ਦੇ ਲੋਕੋ,
ਔਰਤ ਨੂੰ ਸਮਝਣਾ ਵੀ ਨਾ ਕਮਜ਼ੋਰ,
ਯਾਦ ਰੱਖਣਾ
ਇਹ, ਉਹੀਂ ਔਰਤ ਹੈ,
ਜੋ ਹੱਥ ਫ਼ੜ ਤਲਵਾਰ,
ਬਣ ਝਾਂਸੀ ਦੀ ਰਾਣੀ,
ਉੱਤਰੀ ਸੀ ਵਿੱਚ ਮੈਦਾਨ।
ਬਣ ਕਲਪਨਾ ਚਾਵਲਾ,
ਜਾ ਪਹੁੰਚੀ ਵਿੱਚ ਅਸਮਾਨ।
ਇਹ ਉਹੀ ਔਰਤ ਹੈ
ਜਿਸ ਲਈ,
ਗੁਰੂ ਸਾਹਿਬ ਫ਼ੁਰਮਾਇਆ,
ਸੋ ਕਿਉਂ ਮੰਦਾ ਆਖਿਐ
ਜਿਤੁ ਜੰਮਹਿ ਰਾਜਾਨ।
ਔਰਤ, ਤੂੰ ਜਨਨੀ ਹੈ,
ਜਨਮਦਾਤੀ ਹੈ,
ਤੂੰ ਹੈਂ ਬਹੁਤ ਮਹਾਨ।
ਐ ਔਰਤ,
ਤੈਨੂੰ ਸਲਾਮ, ਤੈਨੂੰ ਸਲਾਮ।

 -ਪ੍ਰੋ. ਮਨਿੰਦਰ ਸੰਧੂ

—0—0—0—0—0—0—0—0—0—0—0—0—0–

(ਕਵਿਤਾ)

ਸੱਜਣਾ ਵੇ

ਸੁਣ ਕਵਿਤਾ ਵਰਗੇ
ਸੱਜਣਾ ਵੇ
ਆ ਤੈਨੂੰ
ਹੱਥਾਂ ਦੀਆਂ
ਲਕੀਰਾਂ ਵਿੱਚ ਲਿਖਾਂ
ਰੁੱਤਾਂ, ਧੁੱਪਾਂ, ਰੰਗ
ਨਾ ਉਡਾ ਦੇਣ
ਆ ਤੈਨੂੰ ਸ਼ੀਸ਼ੇ ਜੜੀਆਂ
ਤਸਵੀਰਾਂ ਵਿਚ ਲਿਖਾਂ
ਥੋੜਾ ਕੁ ਰੁਕ ਜਾ
ਰੁੱਤ ਬਹਾਰ ਦੀ ਆਵਣ ਦੇ
ਫੁੱਲਾਂ ਵਰਗਿਆ
ਕਿੰਝ ਤੈਨੂੰ
ਕੰਡੇ ਕਰੀਰਾਂ ਵਿਚ ਲਿਖਾਂ
ਇਬਾਦਤ ਤੇਰੀ
ਸੱਜਣਾ ਰੱਬ ਵਰਗਿਆ
ਆ ਤੈਨੂੰ
ਪੀਰਾਂ ਵਿਚ ਲਿਖਾਂ
ਡਰ ਲੱਗਦਾ ਜ਼ਮਾਨਾ
ਮੁੱਢੋ ਵੈਰੀ ਇਸ਼ਕੇ ਦਾ
ਦਿਲ ਬੜਾ ਕਰਦਾ
ਤੈਨੂੰ ਰਾਂਝੇ ਹੀਰਾਂ ਵਿਚ ਲਿਖਾਂ।

            -ਸੁਖਵਿੰਦਰ ਕੌਰ ‘ਹਰਿਆਓ’
ਉੱਭਾਵਾਲ, ਸੰਗਰੂਰ

—0—0—0—0—0—0—0—0—0—0—0—0—0—0—0—0–

 ਆਜ਼ਾਦੀ ਨਸ਼ਿਆਂ ਤੋਂ

ਸਰਹੱਦ ਨਾ ਰਹੀ ਕੋਈ
ਜਿਥੇ ਰੁੱਕ ਜਾਂਦਾ
ਬਿਨਾਂ ਕਿਸੇ ਜਿੰਦਗੀ ਦੇ ਮੋਈ
ਰੋਕਣਾ ਸੀ ਜਿਨ੍ਹਾਂ ਜਵਾਨਾਂ
ਖੁਦ ਚਿੱਟੇ ਦੀ ਚਾਦਰ ਢੋਈ
ਤਰਸ ਰਹੀ ਜਿੰਦਗੀ
ਆਪਣੇ ਪੈਰ ਫੈਲਾਉਣ ਨੂੰ
ਨਸ਼ਿਆਂ ਕੀਤਾ ਕਬਜ਼ਾ
ਜਿੰਦਗੀ ਪਲ – ਪਲ
ਜਿਊਣ ਨੂੰ ਰੋਈ ….
ਪਹੁੰਚਿਆ ਸੀ ਜਦ ਸਰਹੱਦ ਮੁਲਕ ਦੀ
ਨਾ ਸੀ ਚਿੰਤਾ ਕਿਸੇ ਨੂੰ ਹੋਈ
ਕਰਦਾ ਹੋਇਆ ਪਾਰ ਸਰਹੱਦਾਂ
ਸਰਹੱਦ ਪੰਜਾਬ ਦੀ ਆਣ ਸੀ ਤੋੜੀ
ਵੱਸਦੇ ਘਰਾਂ ਦੀਆਂ ਹੱਦਾਂ ਲੰਘਿਆ
ਖੂਨ ਦੀ ਥਾਂ ਜਿਸਮਾਂ ਵਿਚ ਰਚਿਆ
ਪਾ ਲਈਆਂ ਜੰਜ਼ੀਰਾਂ ਗੁਲਾਮੀ ਦੀਆਂ
ਸੋਚ ਵਿਚ ਬਸ ਨਸ਼ਾ ਵਸਿਆ….
ਸੁੰਨੀਆਂ ਹੋਈਆਂ ਮਾਵਾਂ ਦੀਆਂ ਝੋਲੀਆਂ
ਪੁੱਤਾਂ ਨਸ਼ੇ ਨੂੰ ਮਾਂ ਬਣਾ ਲਿਆ
ਅੰਨ ਦੀ ਭੁੱਖ ਤੋਂ ਜਿਆਦਾ
ਸਰੀਰ ਆਪਣੇ ਨੂੰ ਲਾ ਲਿਆ
ਰਹੇ ਨਾ ਕਮਾਉਣ ਜੋਗੇ
ਜੋ ਸੀ ਉਹ ਵੀ ਗਵਾ ਲਿਆ …..
ਬੀਤਿਆ ਵਕਤ ਕਦ ਮੁੜਦਾ ਏ
ਨਾ ਮੁੜੇ ਕੋਈ ਜਿੰਦਗੀ ਮੋਈ
ਕਿਵੇਂ ਰੋਕ ਲਈਏ ਰਾਹ ਇਸਦਾ
” ਪ੍ਰੀਤ ” ਸੋਚ ਡੂੰਘੀ ਹੋਈ
ਲੋੜ ਹੈ ਆਜ਼ਾਦੀ ਦੀ
ਆਜਾਦੀ ਨਸ਼ਿਆਂ ਦੀ ਗੁਲਾਮ ਹੋਈ
ਪ੍ਰੀਤ ਰਾਮਗੜ੍ਹੀਆ 
ਲੁਧਿਆਣਾ , ਪੰਜਾਬ ਮੋ.  +918427174139

—0—0—0—0—0—0—0—0—0—0—0—0—0—0—0—0—0—0–

(ਗੀਤ) ਫਤਿਹਵੀਰ ਸਿੰਘ

ਅੰਬਰਾਂ ਤੇ ਰਾਕਟਾਂ ਦੀ ਫੌਜ ਚਾੜ੍ਹਤੀ,

ਇੰਡੀਆ ਨੇ ਸਾਗਰਾਂ ਦੀ ਹਿੱਕ ਪਾੜਤੀ,

ਹੋਰ ਵੀ ਬਥੇਰੀਆਂ ਨੇ ਮੱਲਾਂ ਮਾਰੀਆਂ,

ਲਗਦੈ ਸਣਾਉਦੇ ਸਾਨੂੰ ਗੱਲਾਂ ਜੋੜਕੇ,

ਬੋਰ ਵਿਚ ਡਿੱਗਿਆ ਗਿਆ ਨਾ ਕੱਢਿਆ,

ਫਤਿਹਵੀਰ ਕਿਸਨੇ ਲਿਆਉਣਾ ਮੋੜਕੇ,

ਬੋਰ ਵਿੱਚ ਡਿੱਗਿਆ ਗਿਆ ਨਾ ਕੱਢਿਆ,

ਫਤਿਹਵੀਰ ਕਿਸਨੇ ਲਿਆਉਂਣਾ ਮੋੜਕੇ

ਕਹਿੰਦੇ ਸੀ ਜੋ ਕੰਮ ਸਾਡਾ ਉੱਚੀ ਸ਼ੈਲੀ ਦਾ,

ਛੱਡਗੇ ਸਬੂਤ ਪਰ ਅਣਗਹਿਲੀ ਦਾ,

ਲਾਈ ਬੈਠਾਂ ਦੇਸ਼ ਸੀ ਉਮੀਦਾਂ ਵੱਡੀਆਂ,

ਰੱਖ ਦਿੱਤਾ ਸਾਰਿਆ ਦਾ ਦਿਲ ਤੋੜਕੇ

ਬੋਰ ਵਿਚ ਡਿੱਗਿਆ ਗਿਆ ਨਾ ਕੱਢਿਆ,

ਫਤਿਹਵੀਰ ਕਿਸਨੇ ਲਿਆਉਣਾ ਮੋੜਕੇ,

ਦੱਸ ਦੇਈਏ ਇੱਕ ਗੱਲ ਸਰਕਾਰ ਨੂੰ

ਮਿਲਣੀ ਨਾ ਮੁਆਫੀ ਕਦੇ ਜੁੰਮੇਵਾਰ ਨੂੰ

ਲੋਕਾਂ ਦੀ ਕਚਿਹਰੀ ਵਿੱਚ ਸਜ਼ਾਂ ਮਿਲੂਗੀ,

ਭੱਜਿਆ ਨਾ ਜਾਣਾ ਝੂਠੇ ਗੱਪ ਰੋੜਕੇ,

ਬੋਰ ਵਿੱਚ ਡਿੱਗਿਆ ਗਿਆ ਨਾ ਕੱਢਿਆ,

ਫਤਿਹਵੀਰ ਕਿਸਨੇ ਲਿਆਉਣ ਮੋੜਕੇ।

ਧਰਮਾ ਦੇ ਪਿੱਛੇ ਲੋਕੋ ਛੱਡੋ ਲੜਨਾ

ਕੰਮ ਕਰੋ ਚੱਜ ਦਾ ਜੇ ਕੋਈ ਕਰਨਾ

ਰਾਜੇ ਰਣਜੀਤ ਜਿਹਾ ਬੰਦਾ ਲੱਭ ਲੋ ,

ਜਾਵੇ ਨਾ ਜੋ ਦੁੱਖਾ ਵਿਚ ਕਦੇ ਛੋੜ ਕੇ,

ਬੋਰ ਵਿਚ ਡਿੱਗਿਆ ਗਿਆ ਨਾ ਕੱਢਿਆ,

ਫਤਿਹਵੀਰ ਕਿਸਨੇ ਲਿਆਉਣਾ ਮੋੜਕੇ।

ਮੁਆਫ ਕਰੀ ਸਾਨੂੰ ਤੂੰ ਮਸੂਮ ਬੱਚਿਆ

ਹੱਥ ਉੱਤੇ ਹੱਥ ਅਸੀਂ ਧਰੀ ਰੱਖਿਆ

ਯਾਰ ਪਰਦੀਪ ਕੁਝ ਕਰ ਨਾ ਸਕੇ,

ਦੁੱਖ ਇਹ ਰੱਖੂ ਸਦਾ ਹੀ ਝੰਜੋੜ ਕੇ

ਬੋਰ ਵਿੱਚ ਡਿੱਗਿਆ ਗਿਆ ਨਾ ਕੱਢਿਆ ,

ਫਤਿਹਵੀਰ ਕਿਸਨੇ ਲਿਆਉਣਾ ਮੋੜਕੇ।

  • ਯਾਰ ਪਰਦੀਪ , 23-B ਚੰਡੀਗੜ

——————————

ਗੀਤ ਲੰਗੇਆਣਾ ਪਿੰਡ ਦੇ ਇਤਿਹਾਸ ਬਾਰੇ:

-ਪਿਆਰਾ ਸਿੰਘ ‘ਲਵਲੀ’

ਪਿੰਡ ਲੰਗੇਆਣੇ ਨਗਰੀ ਦੇ , ਘੁੱਗ ਲੋਕ ਹੈ ਵੱਸਦੇ ਰੱਸਦੇ

ਕੋਈ ਬੇ ਗੈਰਤ ਦਿਸਦੀ ਨਾ, ਸਿਆਣਫ ਜੱਗ ਦੀ ਸਾਰੇ ਦੱਸਦੇ

ਗਲੀਆਂ ਦੀ ਛਹਿਬਰ ਨਾ ਰੌਣਕ ਪਿੰਡ ਦੀ ਬੜੀ ਮਨਮੋਹਣੀ………

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ।

ਲੱਗੇ ਨਜ਼ਰ ਚੁਬਾਰਿਆਂ ਨੂੰ, ਚੌੜੇ ਚੌਂਕ ਗੇਟ ਚਮਕੀਲੇ

ਸੋਹਣੇ ਜੰਗਲੇ ਦਿਸਦੇ ਨੇ ,ਉੱਚੇ ਲਾਲ ਬੜੇ ਭੜਕੀਲੇ,

ਲੋਕੀ ਵਸਦੇ ਰਸਦੇ ਨੇ ਚੰਨ ਦੇ ਨਾਲ ਜਿਵੇਂ ਹੈ ਰੋਹਣੀ…..

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ।

ਚਾਰ ਪੱਤੀਆਂ ਥਵਾਕ ਦੀਆਂ, ਉਦਾ, ਤੇਜਾ ਰਹਿੰਦੇ ਮਿਲਕੇ

ਕੋਰ, ਮੱਲ ਤੋਂ ਡਰਨ ਲੋਕ ਸਾਰੇ ਅੱਗੇ ਨਾ ਸ਼ਰੀਕ ਬਿਰਕੇ

ਹੱਥ ਰੱਖਣ ਗਰੀਬਾਂ ਉੱਤੇ ਸਾਰੇ ਕਿਸੇ ਦੀ ਨਾ ਚੀਜ਼ ਖੋਹਣੀ……

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ।

ਸਾਰਾ ਪਿੰਡ ਹੀ ਬਰਾੜਾਂ ਦਾ ਬੋਲੇ, ਧਾਲੀਵਾਲ ਢਾਈ ਵੱਸਦੇ,

ਸੰਧੂ ਇੱਕ ਹੀ ਬਾਹਰ ਤੋਂ ਆਕੇ ਵੱਸਿਆ, ਪੰਜ ਘਰ ਗਿੱਲ ਵੱਸਦੇ,

ਦਿੰਦੇ ਰੱਬ ਦੇ ਨਾਮ ਤੇ ਮਾਇਆ, ਕਰਦੇ ਹੈ ਪਹਿਲਾਂ ਬੋਹਣੀ………

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਮੱਲੀ, ਔਲਖ, ਸਰਾਂ ਜੱਟ ਬਹੁਤੇ, ਢਿੱਲੋਂ ਕਿਹੜਾ ਘੱਟ ਵੱਸਦੇ,

ਸਾਧੂ ਸੱਦੇ ਕਾ ਸਰਪੰਚੀ ਕਰ ਗਿਆ, ਤੀਹ ਸਾਲ ਹੱਸ ਹੱਸਦੇ,

ਪਿੰਡ ਕੋਰ ਨੇ ਵਸਾਇਆ ਲੰਗੇਆਣਾ, ਕੀਤੀ ਗੱਲ ਬਹੁਤ ਸਹੋਣੀ……

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਘੋਨਾ, ਮੱਘਰ ਮਹੀਆਂ ਦੇ ਦੋਹੇ ਪਾਲੀ, ਭਗਤ ਪਿਆਰੇ ਰੱਬਦੇ

ਸ਼ਾਰੇ ਪਿੰਡ ਚੋਂ ਲੰਮਾ ਹੈ ਮਾਹਲਾ ਦੂਰੋਂ ਬੈਠਾ ਤਿੰਨ ਲੱਗਦੇ

ਗਾਉਂਦਾ ਵਧੀਆ ਕਵੀਸ਼ਰੀ ਵਿਸਾਖਾ, ਦਿਲਾਂ ਨੂੰ ਜਾਵੇ ਮੋਹਣੀ……

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਮਹਿੰਗੇ ਜੱਟ ਦੀ ਔਲਾਦ ਸਿਆਣੀ, ਜਿੰਨਾਂ ਦੀਆਂ ਪੰਜ ਕੋਠੀਆਂ,

ਵਿੱਚ ਪਿੰਡ ਦੇ ਚੰਗੇ ਲੋਕ ਵੱਸਦੇ, ਘਰ-ਘਰ ਪੜਨ ਪੋਥੀਆਂ,

ਗੱਲਾਂ ਬੈਠ ਕੇ ਸੱਥਾਂ ਦੇ ਵਿੱਚ ਕਰਦੇ , ਕਿਸੇ ਦੀ ਨਾ ਰੀਸ ਹੋਣੀ….

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਸਭ ਦਾਨੀ ਪਿੰਡ ਦੇ ਹੈ, ਜਿਵੇਂ ਕਿ ਪੂਰਨ ਸੱਦੇ ਕਾ ਲਹਿਰੀ,

ਮਾਘੀ ਸ਼ਾਹ ਪਿੰਡ ਦਾ ਸੀ, ਜਿਸਦੇ ਪੋਤਰੇ ਵੱਸਦੇ ਸ਼ਹਿਰੀ,

ਘੀਚਰ ਸਿੰਘ ਕਵੀਸ਼ਰ ਸੀ, ਕਵਿਤਾ ਲਿਖਦਾ ਬੜੀ ਮਨਮੋਹਣੀ…..

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਸੰਮਤ 1856 ਨੂੰ, ਲਾਲਾਂ ਵਾਲਾ ਪੀਰ ਨਿਗਾਹੇ ਆਇਆ,

ਲੜ ਰਾਜੇ ਦੀਆਂ ਫੌਜਾਂ ਨਾ ਦਲੇਲ ਨੇ ਸ਼ਹੀਦੀ ਰੁਤਬਾ ਪਾਇਆ,

ਸਾਈਂ ਦੀ ਝੁੱਗੀ ਦੀਆਂ , ਸਿਫਤਾਂ ਕਰਦਾ ਜੱਗ ਸਰੋਣੀ…….

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਤਾਰਿਆਂ ਵਾਂਗ ਚਮਕ ਰਿਹਾ,ਉੱਚਾ-ਸੁੱਚਾ ਗੁਰੁ ਦਾ ਦੁਆਰਾ

ਮੁਖੀ ਬਾਬਾ ਨਾਜ਼ਰ ਸਿਉਂ, ਜਿਸਦਾ ਜਸ ਕੀਰਤੀ ਭਾਰਾ

ਨਲਕੇ ਵਾਲੇ ਬਾਬੇ ਦੀ ਜੱਗ ਤੇ ਸੋਭਾ ਭਾਰੀ ਹੋਣੀ……..

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ

ਪਹਿਲੂ ਤੇ ਟੇਕ ਨੇ, ਲੰਗੇਆਣਾ ਦਾ ਨੀਂਹ ਪੱਥਰ ਸੀ ਧਰਿਆ,

ਝੱਟ ਉੱਤਰ ਘੋੜੀ ਤੋਂ ਕੋਰ ਨੇ ਸੂਤ ਨੂੰ ਸਿੱਧਾ ਕਰਿਆ,

ਗਾਰੇ ਦੀਆਂ ਕੰਧਾਂ ਦੀ ਮੀਨਾਕਾਰੀ ਕੀਤੀ ਦਿਲਮੋਹਣੀ………

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ।

ਇਸ ਗੀਤ ਦੇ ਲਿਖਣੇ ਨੂੰ ਲੰਗਿਆਣੇ ‘ਲਵਲੀ’ ਨਿਮਾਣਾ ਲਿਖਦਾ,

ਰੱਬ ਰਹਿਮਤ ਬਖਸ਼ ਕਰੇ ਲੈਂਦਾ ਓਟ ਸਹਾਰਾ ਜਿਸਦਾ,

ਚੁਗਲੀ ਤੇ ਨਿੰਦਿਆ ਨਾ ਕਰਕੇ ਮੈਲ ਮਨਾ ਦੀ ਧੋਣੀ……..

ਵਸੇ ਲੰਗੇਆਣਾ ਨਗਰੀ ਜੀ, ਜਿਹੜੀ ਇੰਦਰਾ ਪੁਰੀ ਤੋਂ ਸੋਹਣੀ।

ਸੋਚੀਂ ਪਿਆ ਰਚਨਹਾਰਾ

ਸੋਚੀਂ ਪਿਆ ਰਚਨਹਾਰਾ
ਰਚ ਕੇ ਰਚਨਾ ਪਿਆਰ ਭਰੀ
ਸਨੇਹ ਤੇ ਦੁਲਾਰ ਭਰੀ
ਉਤਾਵਲਾ ਜਿਹਾ ਹੁੰਦਾ ਜਾਏ
ਕਿਵੇਂ ਮਾਂ ਦੀ ਕੁੱਖ ਤੋਂ ਜਨਮ ਲਵਾਂ
ਕਿਵੇਂ ਬਣਾ ਭਾਗੀਦਾਰ ਉਸ ਦੁਲਾਰ ਦਾ
ਰੱਬ ਲੋਚਦਾ ਧਰਤੀ ਤੇ ਆਉਣ ਨੂੰ
ਰੱਬ ਨੇ ਖੁਦ ਤੋਂ ਵੀ ਉੱਚਾ ਰਚਿਆ
ਮਾਂ ਦਾ ਰੂਪ ਅਨੋਖਾ ਰਚਿਆ….

ਖੁਸ਼ ਹੁੰਦੀ ਜਦ ਖੁਸ਼ ਬੱਚਿਆਂ ਨੂੰ ਦੇਖਦੀ
ਦੁੱਖ ਸਾਰੇ ਆਪਣੇ ਤੇ ਲੈਂਦੀ
ਸੁੱਖ ਪਾਵੇ ਬੱਚਿਆਂ ਦੀ ਝੋਲੀ
ਸਬਰ ਸੰਤੋਖ ਨਾਲ ਭਰੀ ਹੋਈ
ਮਾਂ ਦੁਨੀਆ ਵਿਚ ਪਾਵੇ
ਦਰਜਾ ਰੱਬ ਤੋਂ ਵੀ ਪਰੇ….

ਬੜੇ ਰੂਪ ਨੇ ਮਾਂ ਦੇ ਜਗ ਤੇ
ਸੀਰਤ ਇਕੋ ਜਿਹੀ
ਥੋੜ੍ਹੀ ਸਖ਼ਤੀ ਵੀ ਵਰਤੇ
ਅੰਦਰੋ ਕੋਮਲ ਬੜੀ
ਸੰਵਾਰੇ ਭਵਿੱਖ ਬੱਚਿਆਂ ਦਾ
ਮੁਸ਼ਕਿਲ ਤੇ ਅੱਗੇ ਆਣ ਖੜੀ….

ਭਾਵੇਂ ਪੀੜ੍ਹੀ ਅੱਜ ਦੀ
ਭੁਲਦੀ ਜਾਏ ਸਤਿਕਾਰ ਮਾਂ ਦਾ
ਫਰਜ਼ ਨਿਭਾਉਣ ਤੋਂ ਕਦੇ
ਉਹ ਤਾਂ ਪਿੱਛੇ ਨਾ ਹਟੀ
ਰੱਖੇ ਰੱਬ ਸਿਰ ਤੇ
ਸਦਾ ਹੱਥ ਮਾਂ ਦਾ
” ਪ੍ਰੀਤ ” ਪਹੁੰਚਾ ਦੇ ਸੁਨੇਹਾਾ
ਜਗ ਦੇ ਹਰ ਕੋਨੇ
ਹੋਵੇ ਏਨਾ ਸਤਿਕਾਰ ਮਾਂ ਦਾ
ਸੁੰਨਾ ਨਾ ਹੋਵੇ ਘਰ ਕੋਈ
ਮਿਲੇ ਹਰ ਕਿਸੇ ਨੂੰ ਪਿਆਰ ਮਾਂ ਦਾ

ਪ੍ਰੀਤ ਰਾਮਗੜ੍ਹੀਆ ਲੁਧਿਆਣਾ , ਪੰਜਾਬ
ਮੋਬਾਇਲ : +91-84271-74139

ਮਾਂ ਦਿਵਸ (ਮਦਰਜ਼ ਡੇਅ) ਤੇ ਵਿਸ਼ੇਸ

ਮਾਂ ਤੈਨੂੰ ਸਲਾਮ

ਮਾਂ, ਜੇ ਤੂੰ ਨਾ ਹੁੰਦੀ
ਤਾਂ ਮੈਂ ਵੀ ਨਾ ਹੁੰਦੀ
ਤੇ ਮੇਰੇ ਬੱਚਿਆਂ ਦੀ
ਮਾਂ ਵੀ ਨਾ ਹੁੰਦੀ।
ਮੁਕਦੀ ਗੱਲ, ਸੰਸਾਰ ਵਿੱਚ
ਮਨੁੱਖ ਜਾਤੀ ਨਾ ਹੁੰਦੀ।
ਮਾਂ, ਤੂੰ ਹੈਂ, ਕੁਦਰਤੀ ਸੋਗਾਤ
ਤੇਰੇ ਨਾਲ ਸਜੀ ਕਾਇਨਾਤ
ਤੂੰ ਰੱਬ ਦਾ ਰੂਪ ਹੈ ਦੂਜਾ
ਫਿਰ ਕਿਉਂ ਨਾ ਕਰੀਏ
ਤੇਰੀ ਪੂਜਾ।
ਜਨਮ ਦੇ ਸੰਸਾਰ ਵਸਾਇਆ
ਪੀਰਾਂ ਪੈਗੰਬਰਾਂ ਦਾ ਪ੍ਰਕਾਸ਼
ਕਰਵਾਇਆ।
ਪਹਿਲਾਂ ਆਪਣੇ ਲਹੂ ਨਾਲ ਸਿੰਜਿਆ
ਫੇਰ ਆਪਣਾ ਦੁੱਧ ਪਿਆਇਆ,
ਮੂੰਹ ਆਪਣੇ’ ਚੋਂ ਚੋਗਾ ਕੱਢ
ਬੱਚਿਆਂ ਆਪਣਿਆਂ ਦੇ
ਮੂੰਹ ਵਿੱਚ ਪਾਇਆ।
ਰਾਤਾਂ ਜਾਗੀਆਂ
ਧੁੱਪਾਂ ਮੀਂਹ ਹੰਢਾਏ
ਕਿੰਨੇ ਹੀ ਤੂੰ ਝੱਖੜ ਲੰਘਾਏ।
ਕਿਵੇਂ ਭੁੱਲ ਸਕਦੇ ਹਾਂ, ਤੇਰੇ ਉਪਕਾਰ
ਮਾਂ ਅਸੀਂ ਤੇਰੇ ਜਾਏ।
ਮਾਂ ਤੂੰ ਹੈਂ, ਬੜੀ ਮਹਾਨ
ਕੋਈ ਵੀ ਨਹੀਂ ਲੈਂ ਸਕਦਾ
ਮਾਂ ਤੇਰਾ ਸਥਾਨ।
ਧਿਰਕਾਰ ਉਹਨਾਂ ਨੂੰ
ਜੋ ਨਾ ਕਰਨ ਤੇਰਾ ਸਨਮਾਨ
ਇਨਸਾਨੀਅਤ ਤੋਂ ਗਿਰੇ
ਉਹ ਇਨਸਾਨ, ਜੋ ਕਰ ਨਾ ਸਕੇ
ਮਾਂ ਦੀ ਪਹਿਚਾਣ।
ਮਾਂ ਤਾਂ ਠੰਢੜੀ ਛਾਂ ਦੇ ਲੋਕੋ
ਬਿਨਾਂ ਮਾਂ, ਕੋਈ ਜਹਾਨ ਨਾ ਲੋਕੋ ।
ਜੇ ਹੋ ਤੁਸੀਂ ਧਨਵਾਨ,
ਤੁਹਾਡੇ ਕੋਲ ਹੈ ਤੁਹਾਡੀ ਮਾਂ
ਵੇਲਾ ਹੈ, ਲੈਂ ਲਵੋ ਸੰਭਾਲ
ਇਸ ਗੱਲ ਤੇ ਕਰੋ ਵਿਚਾਰ
ਜੇ ਨਾ ਹੁੰਦੀ ਮਾਂ,
ਤਾਂ ਕੀ ਹੁੰਦਾ ਐ,
ਤੁਹਾਡਾ ਪਰਿਵਾਰ।
ਜਿੰਨਾ ਵੀ ਕਰ ਸਕੋ
ਕਰੋ ਮਾਂ ਨੂੰ ਪਿਆਰ
ਕਰੋ ਮਾਂ ਆਪਣੀ ਦਾ ਸਨਮਾਨ।
ਮਾਂ ਹੁੰਦੀ ਹੈ, ਬੜੀ ਮਹਾਨ।
ਪ੍ਰੋ. ਸੰਧੂ ਕਹੇ ਮਾਂ ਤੈਨੂੰ ਸਲਾਮ।

ਵੈਸੇ ਤਾਂ ਮਾਂ ਦਾ ਦਿਨ, ਸਾਡੀ ਜ਼ਿੰਦਗੀ ਦਾ ਹਰ ਦਿਨ ਹੈ। ਫਿਰ ਵੀ ਅੱਜ ਮਦਰਜ਼ ਡੇਅ ਤੇ ਇਹ ਛੋਟਾ ਜਿਹਾ ਉਪਰਾਲਾ, ਉਹਨਾਂ ਬਦਕਿਸਮਤਾ ਦੇ ਨਾਂ ਜ਼ੋ ਰਾਹ ਭੁੱਲ ਕੇ ਆਪਣੀਆਂ ਜਨਮ ਦਾਤੀਆਂ ਨੂੰ ਵਿਸਾਰ ਗਏ ਹੋਵਣ।    ਧੰਨਵਾਦ ਜੀ!

– ਪ੍ਰੋ. ਮਨਿੰਦਰ ਕੌਰ ਸੰਧੂ

——————————————

ਪੰਜਾਬ ਦੇ ਹਾਲਾਤ

ਕੀ ਗੱਲਾਂ ਵਿੱਚ ਸਾਡੇ ਅਰਕ ਨਹੀਂ,
ਕੀ ਪਹਿਲਾਂ ਨਾਲੋਂ ਕੋਈ ਫਰਕ ਨਹੀਂ,
ਬਦਲਗੀਆਂ ਨੇ ਸਭ ਪਹਿਚਾਨਾਂ ਉਏ………
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉਏ

ਥਵਾਕ
ਸਭ ਰਹਿੰਦੇ ਸੀ ਰਲ ਮਿਲ ਚਾਂਵਾਂ’ਨਾ,
ਅੱਜ ਨਾ ਬਣਦੀ ਸਕਿਆਂ ਭਰਾਂਵਾਂ’ਨਾ,
ਅਪਣਾ ਲੱਗਦਾ ਸੱਤ ਬੇਗਾਨਾ ਉਏ………
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe
ਮਾਪਿਆਂ ਨਾਲ ਵਿਵਹਾਰ
ਸਹਿ ਲੈਂਦੇ ਅੱਖਾਂ ਦੀ ਘੂਰ ਮਾਪਿਆਂ ਦੀ,
ਹੁਣ ਚੱਲਦੀ ਉਏ ਧੌਂਸ ਕਾਕਿਆਂ ਦੀ ,
ਭੁੱਲਗੀਆਂ ਕਦਰਾਂ ਇਨਸਾਨਾਂ ਉਏ…….
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਲੈਣ-ਦੇਣ
ਹੱਥੀਂ ਲੈਕੇ ਪੈਸਾ ਲੋਕ ਚਕਾਉਂਦੇ ਸੀ,
ਨਾ ਉਸ ਵੇਲੇ ਲਿਖਤ ਕਰਾਉਂਦੇ ਸੀ,
ਦਸ ਨੌਹਾਂ ਦੀ ਖਾਂਦਾ ਭਲਾ ਜ਼ਮਾਨਾ ਉਏ……
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਖੇਤੀ
ਮਾਰੂ ਰੇਹਾਂ ਦੇ ਨਾਲ ਖੇਤੀ ਨਈਂ ਪਲਦੀ,
ਗੱਭਰੂਆਂ ਦੇ ਖਾਧੀ ਰੋਟੀ ਨਈਂ ਗਲਦੀ,
ਜ਼ਹਿਰ ਉਗਾਵੇ ਨਿਰੀ ਕਿਸਾਨਾਂ ਉਏ……
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਸਿਹਤ

ਸ਼ੂਗਰ ਨਾ ਬਲੱਡ ਚੈੱਕ ਕਰਾਉਂਦੇ ਸੀ,
ਕਦੋਂ ਜਵਾਨੀ ਵੇਲੇ ਧੌਲੇ ਆਉਂਦੇ ਸੀ ,
ਚੜੋ-ਚੜੇਂਦੇ ਜੁੱਸੇ ਜਿਉਂ ਭਲਵਾਨਾਂ ਉਏ……
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਨਸ਼ਾ

ਆਟੇ ਦੇ ਵਿੱਚ ਲੂਣ ਬਰਾਬਰ ਸੀ ਠੇਕ,ੇ
ਗੱਭਰੂ ਨਾਲ ਨਸ਼ੇ ਦੇ ਮਰਦੇ ਨੀ ਦੇਖੇ,
ਦੁੱਗਣੀ ਹੁੰਦੀ ਸੀ ਤਾਕਤ ਮਰਦਾਨਾ ਉਏ..
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਇਨਸਾਨਾਂ ਦੇ ਗੁਣ

ਮਨ ਸੱਚੇ ਘਰ ਕੱਚੇ ਭਾਵੇਂ ਹੁੰਦੇ ਸੀ ,
ਚੋਰ, ਠੱਗ ਤੇ ਲੀਡਰ ਟਾਂਵੇਂ ਹੁੰਦੇ ਸੀ,
ਹੁਣ ਥਾਂ-ਥਾਂ ਡੇਰੇ ਲਾਏ ਸ਼ੈਤਾਨਾਂ ਉਏ…..
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਜੁਰਮ

ਨਾ ਲੁੱਟ, ਕਤਲ ਨਾ ਇੱਜ਼ਤ ਲੀਰਾਂ ਹੋਈ,
ਟਾਂਵੀਂ ਟੱਲੀ ਹੁੰਦੀ ਵਾਰਦਾਤ ਵੀ ਕੋਈ ,
ਹੁਣ ਲੱਖਾਂ ਨਿੱਤ ਜਾਂਦੀਆਂ ਜਾਂਨਾਂ ਉਏ…
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਰਿਵਾਜ

ਕਿੱਥੇ ਤੁਰ ਗਏ ਰਿਵਾਜ ਪੁਰਾਣੇ ਨੇ,
ਕੀ ਨਾਨਕੀ ਸ਼ੱਕ ਜਾਣਦੇ ਨਿਆਣੇ ਨੇ,
ਝੂਠੇ ਹਾਸੇ ਖੁਸ਼ੀਆਂ ਵੰਡੇ ਜ਼ਮਾਨਾ ਉਏ…
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਵਾਤਾਵਰਨ

ਤੰਦ ਨਹੀਂ ਉਲਝੀ ਪਈ ਸਾਰੀ ਤਾਣੀ,
ਸ਼ੁੱਧ ਨਾ ਮਿਲਦਾ ਹਵ,ਭੋਜਨ, ਪਾਣੀ,
ਵੈਰੀ ਬਣੀ ਤਰੱਕੀ ਸਾਇੰਸਦਾਂਨਾਂ ਉਏ….
ਉਹ ਗੱਲਾਂ ਕਿੱਥੇ ਨੇ ਦੱਸ ਜਵਾਨਾਂ ਉe

ਸੁਝਾਅ

ਜੇ ਬਚਦਾ ਲੋਕੋ ਪੰਜਾਬ ਬਚਾ ਲਈਏ,
‘ਰਾਮ ਸਿਉਂ’ਦੀਆਂ ਗੱਲਾਂ ਕੰਨੀ ਪਾ ਲਈਏ,
ਲੰਗੇਆਣੀਆਂ ਤਾਂ ਗੱਲ ਸੱਚੀ ਕਰਦਾ ਏ…….
ਅਕਲ ਤੋਂ ਪੈਣਾ ਚੱਕਣਾ ਪਰਦਾ ਏ

ਰਾਮਪ੍ਰੀਤ ਸਿੰਘ ਲੰਗੇਆਣਾ ਨਵਾਂ (ਰਾਮ ਸਿਉਂ)
ਮੋਬਾਇਲ – 80549-07585

——————————————————————————-

ਸ਼ਹੀਦ ਭਗਤ ਸਿੰਘ ਜੀ ਦੇ ਸਹੀਦੀ ਦਿਵਸ ਲਈ ਵਿਸ਼ੇਸ

ਜੇ ਤੂੰ ਭਗਤ ਸਿੰਘ ਨਾ ਚੁੰਮਦਾ ਰੱਸਾ ਫਾਂਸੀ ਦਾ,
ਕੀ ਦੇਸ ਅਜਾਦ ਕਰਾ ਜਾਦਾ ਫਿਰ ਚਰਖਾ ਗਾਧੀ ਦਾ?
ਅੰਦਰੋ ਦੁਸਮਣ ਮੂੰਹ ਦਾ ਮਿੱਠਾ ਕਦੇ ਦੇਸ ਲਈ ਕੁਰਬਾਨ ਨਹੀ ਹੋ ਸਕਦਾ,
ਸੱਚ ਕਹਾਂ ਫਿਰ ਰੁਤਬਾ ਵੀ ਸਰਦਾਰ ਨਹੀ ਹੋ ਸਕਦਾ।

ਬੜੇ ਮਹਿੰਗੇ ਮੁਲ ਮਿਲਦੀ ਵੀਰੇ ਅਜਾਦੀ ਤੇ ਸਰਦਾਰੀ,
ਸਾਂਭ-ਸਾਂਭ ਕੇ ਰੱਖਲੋ ਇਸਨੂੰ ਜਾਨੋ ਵੱਧ ਪਿਆਰੀ।
ਯਾਦ ਰੱਖੋ ਸਭ ਜਿਸਦਾ ਉੱਚਾ-ਸੁੱਚਾ ਕਿਰਦਾਰ ਨਹੀ ਹੋ ਸਕਦਾ।
ਸੱਚ ਕਹਾਂ ਫਿਰ ਰੁਤਬਾ ਵੀ ਸਰਦਾਰ ਨਹੀ ਹੋ ਸਕਦਾ।

ਧੀਆਂ ਮੇਰੇ ਦੇਸ ਦੀਆ ਜਾਂ ਭੈਣਾ ਲੱਗਦੀਆ ਨੇ,
ਫਿਰ ਸਰਦਾਰਾ ਤੈਨੂੰ ਪੇਚਾ ਵਾਲੀਆ ਪੱਗਾ ਖੂਬ ਜਚਦੀਆ ਨੇ।
ਪਰ ਅੰਦਰੋ-ਬਾਹਰੋ ਜੇਕਰ ਇੱਕੋ ਜਿਹਾ ਵਿਵਹਾਰ ਨਹੀ ਹੋ ਸਕਦਾ,
ਸੱਚ ਕਹਾਂ ਫਿਰ ਰੁਤਬਾ ਵੀ ਸਰਦਾਰ ਨਹੀ ਹੋ ਸਕਦਾ।

ਭਗਤ ਸਿੰਘ ਦੇ ਵਾਗੂੰ ਹੱਸ-ਹੱਸ ਜਿੰਦੜੀ ਵਾਰਨ ਲਈ,
ਅਣਖਾਂ ਦੇ ਨਾਲ ਲਈ ਅਜਾਦੀ ਸਦਾ ਲਈ ਸਾਂਭਣ ਲਈ।
ਪਰ ਬਿਨ ਜਿਗਰੇ ਤੋਂ ਕਦੇ ਕੋਈ ਕੁਰਬਾਨ ਨਹੀ ਹੁੰਦਾ,
ਸੱਚ ਕਹਾਂ ਫਿਰ ਰੁਤਬਾ ਵੀ ਸਰਦਾਰ ਨਹੀ ਹੋ ਸਕਦਾ।

ਨਾ ਗੋਰਿਆ ਤੇ ਨਾ ਕਾਲਿਆ ਦੀ ਕਰੀ ਗੁਲਾਮੀ ਸੀ,
ਲੈ ਨਾ ਲਵੇ ਸਟੈਂਡ ਜਵਾਨੀ ਸਰਕਾਰ ਵੀ ਡਰਦੀ ਸੀ।
ਕਦੇ ਵੀ ਵੀਰਾ ਨੀਵਾਂ ਸੋਚ ਤੇਰੀ ਦਾ ਮਿਆਰ ਨਹੀ ਹੋ ਸਕਦਾ,
ਸੱਚ ਕਹਾਂ ਫਿਰ ਰੁਤਬਾ ਵੀ ਸਰਦਾਰ ਨਹੀ ਹੋ ਸਕਦਾ।

ਮੇਰਾ ਰੰਗ ਦੇ ਬਸੰਤੀ ਚੋਲਾ ਹਰ ਇਨਸਾਨ ਨਹੀ ਕਹਿ ਸਕਦਾ,
ਪਰ ਭਗਤ ਸਿੰਹੁ ਤੇਰੀ ਸੋਚ ਤੇ ਪਹਿਰਾ ਅੱਜ ਵੀ ਹੋ ਸਕਦਾ।
ਜੇ ਸੋਚ ਬਦਲ ਜੇ ਮਾਂਵਾ ਦੀ ਅਤੇ ਬੱਚਿਆ ਦੀਆਂ ਇੱਛਾਵਾ ਦੀ।
ਬਿਨਾ ਇਸ ਤੋਂ ਕਦੇ ਮਾਰਾ ਦੇਸ ਖੁਸ਼ਹਾਲ ਨਹੀ ਹੋ ਸਕਦਾ।

ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ  Mob. 94786  58384

—————————————-

ਵੁਮੈਨ ਡੇ

ਹਨੇਰਿਆਂ ਵਿਚ ਚਾਨਣ ਲਿਖਣ ਦਾ ਸ਼ੌਕ ਹੈ,
ਮੈਨੂੰ ਆਪਣੀ ਹੀ ਕਹਾਣੀ ਲਿਖਣ ਦਾ ਸ਼ੌਕ ਹੈ।
ਪਤਾ ਨਹੀਂ ਕਿਥੋਂ ਹੁੰਦਾ ਹੈ ਇਸ ਦਾ ਸ਼ੁਰੂ
ਤੇ ਕੀ ਹੋਵੇਗਾ ਇਸ ਦਾ ਅੰਤ।
ਜਜ਼ਬਾਤ ਕਦੇ ਅੱਗ ਬਣਕੇ ਉਮੜਦੇ ਨੇ,
ਕਦੇ ਹਿਮਪਾਤ ਦੀ ਤਰ੍ਹਾਂ ਜਮ ਜਾਂਦੇ ਨੇ ।
ਸਮਝ ਨਹੀਂ ਆਉਂਦੀ, ਇਹ ਕੇਹੀ ਕਹਾਣੀ ਏ
ਜ਼ੋ ਸ਼ੁਰੂ ਹੁੰਦੇ ਹੀ ਮੁਕਦੀ ਐ, ਤੇ ਮੁਕਦੇ ਹੀ ਸ਼ੁਰੂ ਹੁੰਦੀ ਹੈ।
ਕਿੰਨੀਆਂ ਪੈੜਾਂ ਨੱਪੀਆਂ, ਕਿੰਨੇ ਝੱਖੜ ਝੇਲੇ,
ਕਿੰਨੇ ਛਾਲੇ ਪੲੇ, ਕਿੰਨੇ ਲ਼ਹੂ ਵਹੇ।
ਜ਼ਮਾਨੇ ਨੇ ਜੋ ਕਹਿਣਾ, ਸੋ ਕਿਹਾ,
ਜ਼ਮਾਨਾ ਕਹਿੰਦਾ ਹੀ ਹੁੰਦਾ, ਇਹ ਕਹਿ
ਆਪਣੇ ਆਪ ਨੂੰ ਲਿਆ ਸਮਝਾ।
ਇਹ ਉਹ ਕਹਾਣੀ ਹੈ,
ਜਿਥੇ ਸਦਾ ਹੌਸਲਿਆਂ ਭਰੀ ਉਡਾਨ।
ਸਦਾ ਅਗਾਂਹ ਨੂੰ ਪੈੜਾਂ ਭਰੀਆਂ,
ਤੇ ਲੲੇ ਨਵੇਂ ਰਾਹ ਬਣਾ।
ਇਹ ਕਹਾਣੀ ਹੈ  ਅੌਰਤ ਦੀ,
ਜਿਸ ਦਿਤੀ ਸਦਾ ਕੁਰਬਾਨੀ।
ਕਦੇ ਧੀ ਬਣ ਕੇ, ਕਦੇ ਪਤਨੀ ਬਣ ਕੇ,
ਤੇ ਕਦੇ ਮਾਂ ਬਣ ਕੇ ।
ਫਿਰ ਵੀ ਝੱਖੜ ਝੇੜੇ ਝੱਲਦੇ,
ਆਪਣੇ ਰਾਹ ਚਲਦੀ ਰਹੀ।
ਪਰ ਹੁਣ ਦੀ ਔਰਤ ਜਾਗ ਪਈ,
ਜਾਣ ਗੲੀ ਹੈ, ਆਪਣਾ ਵਜੂਦ।
ਜਿਸ ਲਈ ਗੁਰੂ ਸਾਹਿਬ ਫ਼ੁਰਮਾਇਆ,
” ਸੋ ਕਿਉਂ ਮੰਦਾ ਆਖਿਐ ਜਿਸ ਜੰਮੇਂ ਰਾਜਾਨ”
ਉਹ ਹੈ ਚੰਡੀ, ਕਾਲੀ ਦਾ ਰੂਪ,
ਉਹ ਹੈ ਝਾਂਸੀ ਦੀ ਰਾਣੀ,
ਜ਼ੋ ਉਤਰੀ ਸੀ ਵਿਚ ਮੈਦਾਨ।
ਉਹ ਹੈ  ਕਲਪਨਾ ਚਾਵਲਾ,
ਜਿਸ ਭਰੀ ਸੀ  ਉੱਚੀ ਉਡਾਨ।
ਹੁਣ ਉਸਨੇ ਭਰ ਲਈ ਹੈ,
ਆਪਣੇ ਖੰਭਾਂ ਵਿਚ ਜਾਨ।
ਉਹ ਭਰੇਗੀ ਲੰਬੀ ਉਡਾਨ
ਉਹਦੇ ਕਦਮਾਂ’ਚ ਹੋਵੇਗਾ ਕੁਲ ਜਹਾਨ।
ਦੁਨੀਆਂ ਕਰੇਗੀ ਉਸਨੂੰ ਸਲਾਮ,
ਸਭ ਕਰਨਗੇ ਉਹਨੂੰ ਸਲਾਮ।

ਮਨਿੰਦਰ ਸੰਧੂ ਕਰਦੀ ਹੈ
ਹਰ ਔਰਤ ਨੂੰ ਸਲਾਮ।

ਪ੍ਰੋ. ਮਨਿੰਦਰ ਸੰਧੂ

——————————————————————————-

ਸਾਡੇ ਘਰ ਵਿੱਚ ਬਿੱਲੀ ਆਈ

ਸਾਡੇ ਘਰ ਵਿੱਚ ਬਿੱਲੀ ਆਈ,

ਫਿਰਦੀ ਘਰ ਵਿੱਚ ਰੌਂਣਕ ਲਾਈ,

ਜੁਆਕ ਉਸ ਨਾਲ ਖੇਡੀ ਜਾਂਦੇ ,

ਕਦੇ ਕਿਤਾਬ ਨੂੰ ਹੱਥ ਨਹੀਂ ਲਾਂਦੇ ,

ਮੈਡਮ ਕਰਦੀ ਨਿੱਤ ਕੁਟਾਈ

ਸਾਡੇ ਘਰ ਵਿੱਚ ਬਿੱਲੀ ਆਈ।

ਜਦੋਂ ਸਕੂਲੋਂ ਪੜ੍ਹਕੇ ਆਉੰਦੇ

ਕੌਲੀ ਵਿੱਚ ਪਾ ਦੁੱਧ ਪਿਆਉਂਦੇ

ਪੀ ਜਾਂਦੀ ਹੈ ਸਣੇ ਮਲਾਈ

ਸਾਡੇ ਘਰ ਵਿੱਚ ਬਿੱਲੀ ਆਈ।

ਜਦੋਂ ਕਿਤੇ ਉਹ ਅੰਦਰ ਵੜ੍ਹਦੀ,

ਫੁਰਤੀ ਨਾਲ ਉਹ ਚੂਹਾ ਫੜ੍ਹਦੀ ,

ਕਈ ਚੂਹਿਆ ਭੱਜ ਜਾਣ ਬਚਾਈ,

ਸਾਡੇ ਘਰ ਵਿੱਚ ਬਿੱਲੀ ਆਈ ।

ਖੁਸ਼ਵੀਰ, ਮਨਦੀਪ ਆਖਦੇ ਬਹੁਤੀ ਸੋਹਣੀ

ਅਰਸ਼ ਇਹੋ ਜਿਹੀ ਹੋਰ ਨਹੀਂ ਹੋਣੀ,

ਸੁਣਕੇ ਸ਼ੌਂਕੀ ਕਰੀ ਲਿਖਾਈ,

ਸਾਡੇ ਘਰ ਵਿੱਚ ਬਿੱਲੀ ਆਾਈ

ਸਾਡੇ ਘਰ ਵਿੱਚ ਬਿੱਲੀ ਆਈ

 ਲੋਕ ਕਵੀ ਤੇਜਾ ਸਿੰਘ ਸ਼ੌਕੀ

ਭਲੂਰ ।  98762-34315

——————————————————————————-

ਮੈਂ ਗੋਬਿੰਦ ਦੀ ਧੀ ਹਾਂ

ਮੈਂ ਗੋਬਿੰਦ ਦੀ ਧੀ ਹਾਂ ‘
ਮੈਨੂੰ ਗੋਬਿੰਦ ਆਣ ਮਿਲਾਇਆ ਹੈ ,
ਗੋਬਿੰਦ ਗੋਬਿੰਦ ਕਰਦੀ ਨੂੰ ਮੈਨੂੰ ,
ਗੋਬਿੰਦ ਵਿੱਚ ਸਮਾਇਆ ਹੈ ।
ਮਿਹਰ ਹੋ ਗਈ ਨਦਰ ਦੀ ,
ਦੁੱਖ ਮਿੱਟ ਗਏ ਮੇਰੇ ਸਾਰੇ ਨੇ ,
ਕਰ ਕਿਰਪਾ ਉਸ ਨੇ ਆਪਣੀ ,
ਮੇਰੇ ਕਿੱਲਵਿੱਖ ਕੱਟ ਤੇ ਸਾਰੇ ਨੇ ।
ਮੋਹ ਦੀਆਂ ਤੰਦਾਂ ਤੋਂ ਬਚਾਅ ,
ਮੈਨੂੰ ਚਰਣੀ ਆਪਣੀ ਲਾਇਆ ਹੈ ,
ਚਰਨਾ ਉਸਦਿਆਂ ਵਿੱਚ ਮੈਂ ,
ਬਹੁਤਾ ਹੀ ਸੁੱਖ ਪਾਇਆ ਹੈਂ ।
ਮਿੱਟ ਗਿਆ ਅਗਿਆਨ ਦਾ ਘੋਰ ਅੰਧੇਰਾ ,
ਜਦੋਂ ਦਾ ੳੁਸ ਨੇ ਗਿਆਨ ਕਰਵਾੲਿਆ ਹੈ ,
ਮਿਟ ਗਈ ਅੰਦਰ ਦੀ ਬੁਰਿਆਈ ,
ਜਦੋਂ ਦਾ ਖ਼ੁਦਾਈ ਨੂੰ ਗਲ਼ ਨਾਲ ਲਾਇਆ ਹੈ ।
ਅੰਗ ਸੰਗ ਮੇਰੇ ਸਦਾ ਹੀ ਰਹਿੰਦਾ ,
ਮੁਸ਼ਕਿਲਾਂ ਤੋਂ ਮੈਨੂੰ ਆਪ ਕੱਡ ਲੈਂਦਾ ,
ਮਿਹਰਾਂ ਵਾਲੀ ਕਰਕੇ ਨਜ਼ਰ ,
ਮੈਥੋਂ ਆਪਣਾ ਨਾਮ ਜਪਾਉਂਦਾ ।
ਮੈਂ ਗੋਬਿੰਦ ਦੀ ਧੀ ਹਾਂ ,
ਮੈਨੂੰ ਗੋਬਿੰਦ ਆਣ ਮਿਲਾਇਆ ਹੈ ,
ਗੋਬਿੰਦ ਗੋਬਿੰਦ ਕਰਦੀ ਨੂੰ ਮੈਨੂੰ ,
ਗੋਬਿੰਦ ਵਿਚ ਸਮਾਇਆ ਹੈ ॥
ਕਿਰਨ ਪ੍ਰੀਤ ਕੌਰ । 
+ 43 660 737 0487

——————————————————————————-

ਕਵਿਤਾ

ਮੈਂ ਗੱਲ ਕਰਨੀ  ਇੱਕ ਪੀਰ ਦੀ,
ਉਹ ਨਾਨਕ ਸ਼ਾਹ ਫਕੀਰ ਦੀ ।
ਜਿਸ ਨੇ ਇੱਕ ਦਾ ਹੁਕਮ ਸੁਣਾਇਆ ਸੀ,
ਜੋ ਧੁਰ ਤੋਂ ਲਿਖਿਆ ਆਇਆ ਸੀ।
ਜਿਨ੍ਹਾਂ ਗੱਲ ਕੀਤੀ ਸੀ ਕਰਤਾਰ ਦੀ,
ਤੇ ਸੱਚੇ ਨਾਲ ਪਿਆਰ ਦੀ ।
ਮੈਂ ਗੱਲ ਕਰਨੀ ਉਸ ਪੀਰ ਦੀ ,
ਉਹ ਨਾਨਕ ਸ਼ਾਹ ਫਕੀਰ ਦੀ।
 ਜਿਨ੍ਹਾਂ ਕੋਡੇ ਰਾਕਸ਼ ਤਾਰਿਆ ਸੀ,
 ਜਿਨ੍ਹਾਂ ਕਈ ਭੁੱਲਿਆਂ ਨੂੰ ਸੁਧਾਰਿਆ ਸੀ ।
 ਜਿਨ੍ਹਾਂ ਸੱਚ ਦਾ ਸੌਦਾ ਕਰਿਆ ਸੀ ,
 ਜਿਨ੍ਹਾਂ ਪਖੰਡ ਨੂੰ ਕਦੇ ਨਾ ਜਰਿਆ ਸੀ ।
 ਮੈਂ ਗੱਲ ਕਰਨੀ ਉਸ ਪੀਰ ਦੀ ,
 ਉਹ ਨਾਨਕ ਸ਼ਾਹ ਫਕੀਰ ਦੀ ।
ਜਿਨ੍ਹਾਂ ਵੰਡ ਛੱਕੋ ਦਾ ਹੋਕਾ ਲਾਇਆ ਸੀ ,
ਜਿਨ੍ਹਾਂ ਸੱਚੀ ਕਿਰਤ ਦਾ ਮਤਲਬ ਸਮਝਾਇਆ ਸੀ।
ਜਿਨ੍ਹਾਂ ਨਾਮ ਜੱਪਣਾ ਦੱਸਿਆ ਸੀ ,
ਜਿਨ੍ਹਾਂ ਦੀ ਕਿਰਤ’ ਚ ਹੀ ਰੱਬ ਵੱਸਿਆ ਸੀ।
 ਮੈਂ ਗੱਲ ਕਰਨੀ ਉਸ ਪੀਰ ਦੀ ,
 ਉਹ ਨਾਨਕ ਸ਼ਾਹ ਫਕੀਰ ਦੀ ।
ਜਿਨ੍ਹਾਂ ਇੱਕ ਦਾ ਹੁਕਮ ਸੁਣਾਇਆ ਸੀ,
ਜਿਨ੍ਹਾਂ ਨਾਮ ਜਪੋ ਸਿਖਾਇਆ ਸੀ।
ਜਿਨ੍ਹਾਂ ਕਰਤਾਰਪੁਰ ਵਸਾਇਆ ਸੀ ,
ਜਿਨ੍ਹਾਂ ਹਿੰਦੂ ਮੁਸਲਿਮ ਨੂੰ ਇੱਕ ਕਰ ਗਾਇਆ ਸੀ ।
ਮੈਂ ਗੱਲ ਕਰਨੀ ਉਸ ਪੀਰ ਦੀ ,
ਉਹ ਨਾਨਕ ਸ਼ਾਹ ਫਕੀਰ ਦੀ ।
ਜਿਨ੍ਹਾਂ ਜਾਤ ਪਾਤ ਚੋਂ ਕੱਢਿਆ ਸੀ ,
ਜਿਨ੍ਹਾਂ ਔਰਤ ਦਾ ਦੁੱਖ ਵੰਡਿਆ ਸੀ ।
ਜਿਨ੍ਹਾਂ ਪਾਖੰਡੀ ਪੰਡਿਤ ਤਾਰੇ ਸੀ,
ਜਿਨ੍ਹਾਂ ਮੌਲੀ ਕਈ ਸੁਧਾਰੇ ਸੀ ।
ਮੈਂ ਗੱਲ ਕਰਨੀ ਉਸ ਪੀਰ ਦੀ,
ਉਹ ਨਾਨਕ ਸ਼ਾਹ ਫਕੀਰ ਦੀ ।
ਕਿਰਨਪ੍ਰੀਤ ਕੌਰ 
+43 660 737 0487

——————————————————————————-

   ਜੱਟ ਬੇ-ਜ਼ਮੀਨੇ

ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ ,

ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇੇ-ਜ਼ਮੀਨੇ  I
ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ ,
ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇੇ-ਜ਼ਮੀਨੇ I
ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ  ਖੇਤੀ ‘ਤੇ  ਹੀ ਨਿਰਭਰਤਾ ,
ਬਿਮਾਰ ਫਸਲਾਂ ਤੇ ਹੁੰਦੀ ਬੇ-ਮੌਸਮੀ ਬਰਸਾਤ ਨੇ ਕਰਤੇ ਜੱਟ ਬੇੇ-ਜ਼ਮੀਨੇ I
ਕਰਜ਼ ਲੈ ਕਰਨਾ ਵੈਲਪੁਣਾ, ਕਸਰ ਛੱਡਣੀ ਨਾ ਕੋਈ ਲੋਕ ਦਿਖਾਵੇ ਚੋਂ ,
ਸਾਹੂਕਾਰਾਂ ਦੇ ਲਗਦੇ ਵਿਆਜ ਉਤੇ ਵਿਆਜ਼ ਨੇ ਕਰਤੇ ਜੱਟ ਬੇੇ-ਜ਼ਮੀਨੇ I
ਇੱਥੇ ਨਾ ਕਹਿੰਦੈ ਕੰਮ ਕੋਈ  ਲੱਗੀ ਹੁਣ ਬਾਹਰਲੇ ਮੁਲਕਾਂ ਨੂੰ ਦੌੜ ਹੈ ,
ਵੇਚ ਕੇ ਜ਼ਮੀਨਾਂ  ਲਾਉਂਦੇ ਵੀਜ਼ੇ ਦੇ ਜੁਗਾੜ੍ਹ ਨੇ ਕਰਤੇ ਜੱਟ ਬੇੇ-ਜ਼ਮੀਨੇ  I
ਨਿੰਕਮੀਆਂ ਨਿਕਲੀਆਂ ਸਰਕਾਰਾਂ ‘ਤੇ  ਫੈਲਦਾ ਰਹਿਆਂ ਭ੍ਰਿਸ਼ਟਾਚਾਰ ,
ਕੁੱਝ ਅਫਸਰ-ਸਾਹੀ ਦੇ ਲਗਦੇ ਬਦ-ਦਿਮਾਗ ਨੇ ਕਰਤੇ ਜੱਟ ਬੇੇ-ਜ਼ਮੀਨੇ I
ਕਰ ਹੀ ਲੈਂਦੇ ਹਾਂ ਮਨਦੀਪ ਗੱਲ ਹੁਣ ਜੱਟਾਂ ‘ਤੇ ਚੱਲਦੇ ਬਹੁਤੇ ਗੀਤਾ ਦੀ ,
ਵੇਚ ਕੇ ਜ਼ਮੀਨਾਂ ਆਪੂ ਬਣੇ ਦੇਸੀ ਕਲਾਕਾਰ ਨੇ ਕਰਤੇ ਜੱਟ ਬੇੇ-ਜ਼ਮੀਨੇ I
ਖ਼ੁਦ  ਹੱਥੀ ਕੰਮ ਕਰੇ ਨਾ ਕੋਈ ਸਭ ਬਾਹਰੀ  ਕਾਮਿਆਂ ਤੇ ਗਿੱਝ ਗਏ ,
ਔਲਾਦ ਦੇ  ਨਸ਼ਿਆਂ ਤੇ ਫੈਸ਼ਨ  ਦੀ ਮਾਰ ਨੇ ਕਰਤੇ ਜੱਟ ਬੇੇ-ਜ਼ਮੀਨੇ  I
ਆ ਗਈਆ ਕੰਪਨੀਆਂ ਤੇ ਭਾਅ ਰਾਤੋ-ਰਾਤ ਵੱੱਧ ਗਏ ਨੇ ਜ਼ਮੀਨਾਂ ਦੇ ,
ਗਿੱਲ ਕੱੱਟੀਆਂ ਕਲੇਨੀਆਂ, ਵਿੱਕਦੇ ਪਲਾਟ ਨੇ ਕਰਤੇ ਜੱਟ ਬੇੇ-ਜ਼ਮੀਨੇ  I
ਮਨਦੀਪ ਗਿੱਲ ਧੜਾਕ
99881 – 11134

——————————————————————————-

ਗ਼ਜ਼ਲ/ ਕਸ਼ਮੀਰ ਘੇਸਲ

kasmir kaselਦੇਖ ਲਿਆ ਹੈ ਦਿਲ  ਜਲਾ ਕੇ,
ਨਾਲੇ  ਅੱਥਰੂ  ਵੀ ਟਪਕਾ  ਕੇ।

ਚੰਗੀ ਸੱਜਣਾਂ  ਪ੍ਰੀਤ  ਨਿਭਾਈ,
ਰੁੱਸ ਗਿਐਂ ਦੁੱਖਾਂ ਵਿੱਚ ਪਾ ਕੇ।

ਅਸਾਂ  ਬਥੇਰਾ  ਰੋਕਿਆ  ਤੈਨੂੰ,
ਚਲਾ ਗਿਆ ਤੂੰ ਬਾਂਹ ਛੁਡਾ ਕੇ।

ਹੁਣ ਵੀ ਕਿਧਰੇ ਮਿਲਦਾ ਏਂ ਤਾਂ,
ਲੰਘ ਜਾਵੇਂ ਤੂੰ  ਅੱਖ  ਬਚਾ ਕੇ।

ਏਨੇ ਕਹਿਰ ਨਾ ਕਰ ਅਸਾਂ    ‘ਤੇ ,
ਕੀ ਲਵੇਂਗਾ  ਯਾਰ   ਸਤਾ   ਕੇ ?

ਬੜਾ ਤੂੰ ਜ਼ਾਲਮ  ਏਂ  ਬੇ-ਦਰਦੀ,
ਹਸਦਾ ਏਂ ਤੂੰ ਸੁਪਨੇ  ਢਾਹ  ਕੇ।

ਅਕਸ  ਕਈ  ਬਣ ਗਏ ਨੇ ਮੇਰੇ,
ਦੇਖ ਲਿਆ ਸ਼ੀਸ਼ਾ ਤਿੜਕਾ  ਕੇ।

ਮੋਤੀ ਬਣ ਗਿਆ ਸਿਪ ਦਾ ਕੀੜਾ,
ਕਿਣਕੇ ਨਾਲ  ਮੁਹੱਬਤ  ਪਾ  ਕੇ।

ਜਨਮ- ਜਨਮ ਤੇਰੇ ਨਾਮੇ  ਕੀਤੇ,
ਭਾਵੇਂ ਦੇਖ     ਲਈਂ  ਅਜ਼ਮਾ  ਕੇ।

‘ਘੇਸਲ’ ਵੀ ਹੁਣ ਰੋਸ਼ਨ ਹੋਇਆ,
ਹੁਸਨ ਇਸ਼ਕ ਦੇ  ਨਗਮੇਂ  ਗਾ ਕੇ।

ਮੋ: 94636-56047

——————————————————————————-

ਹੋਲੀ

Mandeep Dharakਰੰਗਾਂ  ਨਾਲ  ਭਰਿਆਂ ਯਾਰੋ  ਤਿਉਂਹਾਰ ਹੈ ਹੋਲੀ ,
ਪਿਆਰ  ਮੁਹੱਬਤ ਭਰਿਆ  ਇਜ਼ਹਾਰ ਹੈ ਹੋਲੀ ।

ਛੱਡੋ ਨਫ਼ਰਤ ਅਤੇ  ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।

ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ  ਤਾਂ ਪਿਆਰ ਹੈ ਹੋਲੀ ।

ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾ ਦਾ ,
ਉਨ੍ਹਾਂ  ਲਈ  ਬਣ ਜਾਏ ਫਿਰ  ਲਲਕਾਰ ਹੈ  ਹੋਲੀ ।

ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ  ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ ।

ਮਨਦੀਪ ਮਾਣੋ ਰੰਗ  ਹਮੇਸਾ ਕੁਦਰਤੀ ਰੰਗਾਂ  ਦਾ,
ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।

ਮਨਦੀਪ ਗਿੱਲ ਧੜਾਕ, 99881-11134

——————————————————————————-

(ਗੀਤ) ਸ਼ਹਿਰ ਦਾ ਤੂੰ

KAMALJOI_KOMALਸ਼ਹਿਰ ਦਾ ਤੂੰ ਪੜ੍ਹਿਆ, ਵੇ ਮੈਂ ਪਿੰਡ ਦੀ ਪੜ੍ਹੀ।
ਸਾਡੀ ਤਕਦੀਰ, ਖਬਰੇ ਕਿੰਝ ਏ ਲੜੀ।
ਜਦੋਂ ਅੰਗ੍ਰੇਜੀ ਵਿਚ ਕਰੇਂ ਗਿੱਟ-ਮਿੱਟ ਵੇ,
ਖੜ੍ਹੀ ਤੇਰੇ ਮੂੰਹ ਵੱਲੇ, ਤੱਕਾਂ ਬਿਟ-ਬਿਟ ਵੇ।
ਦਿਲ ਦੇ ਫਰੇਮ ਤੇਰੀ ਫੋਟੋ ਮੈਂ ਜੜੀ,
ਸ਼ਹਿਰ ਦਾ ਤੂੰ ਪੜ੍ਹਿਆ…………
ਠੋਕ-ਠੋਕ ਜਦੋਂ ਵੇ ਤੂੰ, ਬੰਨ੍ਹ ਲੈਨੈਂ ਪੱਗ ਵੇ,
ਅੱਲ੍ਹੜਾਂ ਕੁਆਰੀਆਂ ਨੂੰ, ਲੈਂਦਂੈ ਉਦੋਂ  ਠੱਗ ਵੇ।
ਰੋਹਬ ਵਿਚ ਰੱਖਦਾ ਏਂ ਮੁੱਛ ਵੀ ਖੜ੍ਹੀ,
ਸ਼ਹਿਰ ਦਾ ਤੂੰ ਪੜ੍ਹਿਆ…………
ਜੀਨਾਂ ਵਾਲੀਆਂ ਨੇ, ਤੇਰੇ ਨਾਲ ਗੇੜੇ ਲਾਉਂਦੀਆਂ,
ਰੂਪ ਸਾਣ ਉਤੇ ਲਾ ਕੇ, ਮਹਿਫਲਾਂ ਸਜਾਉਂਦੀਆਂ।
ਪੇਂਡੂ ‘ਕੋਮਲ’ ਨਾਲ ਕਿਵੇਂ ਨਿਭੂਗੀ ਘੜੀ,
ਸ਼ਹਿਰ ਦਾ ਤੂੰ ਪੜ੍ਹਿਆ…………

-ਕਮਲਜੀਤ ਕੌਰ ਕੋਮਲ,

ਪਿੰਡ ਤੇ ਡਾ. ਸ੍ਰੀ  ਹਰਿਗੋਬਿੰਦਪੁਰ,  ਤਹਿ: ਬਟਾਲਾ  (ਗੁਰਦਾਸਪੁਰ)

Mob. 81959-25110

——————————————————————————-

ਲੋਕਾਂ ਦੀ ਸਰਕਾਰ

ਮਿਲਿਆ ਵੋਟ ਦਾ ਅਧਿਕਾਰ ਹੈ,
ਚੁਣਨੀ  ਖੁਦ  ਦੀ  ਸਰਕਾਰ ਹੈ ।

ਵੋਟ ਪਾਉਣੀ ਹੈ ਦੇਸ਼ ਭਗਤ ਨੂੰ,
ਪਰਖਣਾ ਨਹੀਂ ਬਗਲੇ ਭਗਤ ਨੂੰ ।

ਕਈ ਲਾਰਿਆ ਨੇ ਭਰਮਾ  ਲੈਣੇ ,
ਸਬਜਬਾਗ ਇਨ੍ਹਾਂ ਨੂੰ ਵਿਖਾ ਦੇਣੇ ।

ਲੋਕੀ ਲੀਡਰਾਂ ਨੇ ਭੜਕਾਅ ਦੇਣੇ,
ਘਰ-ਘਰ ਧੜੇ ਇਨ੍ਹਾਂ ਬਣਾ ਦੇਣੇ ।

ਕੁਝ ਦਾ ਕਹਿਣਾ, ਕੀ ਹੈ ਲੈਣਾ ?
ਕੋਈ ਆਵੇ-ਜਾਵੇ ਫ਼ਰਕ ਨਹੀਂ ਪੈਣਾ ।

ਕੁਝ ਵੇਚ ਦਿੰਦੇ ਨੇ ਜਮੀਰਾਂ ਨੂੰ ,
ਦੂਰੋ ਕਰਦੇ ਸਲਾਮਾ ਅਮੀਰਾਂ ਨੂੰ ।

ਦੋ-ਚਾਰ ਦਿਨ ਮੌਜਾਂ ਉਡਾ ਲੈਣੀਆ,
ਜਮੀਰਾਂ ਵੇਚ ਕੇ ਵੋਟਾਂ ਪਾ ਦੇਣੀਆਂ ।

ਕਿਸੇ ਨੇ ਜਾਤ-ਧਰਮ ਦੇ ਨਾਂ ਪਾ ਦੇਣੀ ,
ਜਾਂ ਫਿਰ ਲਿਹਾਜੂ ਦੇ ਨਾਂ ਲਾ ਦੇਣੀ ।

ਇੰਵੇ ਸੱਚ ਦੀ ਗਿਣਤੀ ਘੱਟ ਜਾਣੀ ,
ਝੂੱਠੇ ਦੀ ਬੇੜ੍ਹੀ ਯਾਰੋ  ਤਰ ਜਾਣੀ ।

ਲੋਕਾਂ ਦੀ ਚੁਣੀ ਸਰਕਾਰ ਬਣ ਜਾਣੀ ,
ਵੋਟਾਂ ਰਾਹੀਂ ਚੁਣੀ ਸਰਕਾਰ ਬਣ ਜਾਣੀ ।

-ਮਨਦੀਪ ਗਿੱਲ ਧੜਾਕ

ਪਿੰਡ ਧੜਾਕ ਕਲਾਂ ਜਿਲ੍ਹਾ ਮੋਹਾਲੀ, 99881 -11134

——————————————————————————-

‘ਮਿੱਟੀ ਦੇ ਬੁੱਤ’

ਮਿੱਟੀ ਦੇ ਬੁੱਤਾਂ ਚ’ ਸਾਹ ਇਹ ਦੋ ਪਲ ਪ੍ਰਾਹੁਣੇ ਨੇ
ਇਕ ਵਾਰ ਬੀਤ ਗਏ ਉਹ ਵੇਲੇ ਕਦੋਂ ਆਉਣੇ ਨੇ
ਜਿੰਨੇ ਵੀ ਨੇ ਪਲ ਇਥੇ ਹੱਸ ਕੇ ਗੁਜਾਰ ਲਉ
ਗੁੱਸੇ ਵਾਲੀ ਅੱਗ ਚ ਨਾ ਤਨ ਮਨ ਸਾੜ ਬਹੋ
ਜੋਗੀ ਵਾਲੇ ਫੇਰੇ ਫਿਰ ਕੀਹਨੇ ਇੱਥੇ ਪਾਉਣੇ ਨੇ…
ਜਿੰਦਗੀ ਚ ਥੋੜੇ ਦਿਨ ਹੀ ਹੁੰਦੇ ਨੇ ਬਹਾਰ ਦੇ
ਉਹੀ ਬਾਜੀ ਜਿੱਤਦੇ ਜੋ ਬਹਿੰਦੇ ਨਹੀਂ ਹਾਰ ਕੇ
ਜੋ ਇੱਕ ਵਾਰ ਉਜੜੇ ਤਾਂ ਕਿਸੇ ਨਹੀਂ ਵਸਾਉਣੇ ਨੇ..
ਆਪਣੇ ਤੋਂ ਨੀਵਿਆਂ ਨੂੰ ਆਕੜਾਂ ਵਿਖਾਉਣਾ ਹੈ
ਕਿਸ ਕੰਮ ਦੇ ਕੋਠੀ ਬੰਗਲੇ ਪਿਆ ਤੂੰ ਬਣਾਉਣਾ ਹੈ
ਜਦੋਂ ਵੱਜਨਾ ਹੈ ਠੇਡਾ ਫਿਰ ਨਜਰ ਨਹੀਂ ਆਉਣੇ ਨੇ..
ਰੱਬ ਦੀ ਹੈ ਦੇਣ ਜੀਵਨ ਉਹਦਾ ਰੱਖ ਮਾਣ ਤੂੰ,
ਤੋੜਨ ਤੋਂ ਪਹਿਲਾਂ ਦਮ ਦੇ ਜਾ ਕੁਝ ਨਿਸ਼ਾਨ ਤੂੰ,
ਤੇਰੇ ਤੁਰ ਜਾਣ ਪਿੱਛੋਂ ਗੀਤ ਤੇਰੇ ਜਗ ਗਾਉਣੇ ਨੇ..
-ਸਰੂਚੀ ਕੰਬੋਜ 
ਫੋਨ ਨੰ. – 9872348277

 ——————————————————————————-

ਜ਼ਿੰਦਗੀ ਦੇ ਸੱਚ

ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫਲ ਨਹੀਂ ,
ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ ।

ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹਲ ਮਸਲੇ ,
ਲੜਾਈ  ਹੁੰਦੀ  ਹਰ ਇਕ  ਮਸਲੇ  ਦਾ  ਹੱਲ  ਨਹੀਂ I

ਘਰ ਦੀ ਲੜ੍ਹਾਈ ਬਣ ਜਾਂਦੀ ਹੈ ਤਮਾਸ਼ਾ ਜਗ ਦਾ ,
ਰੱਲ-ਮਿਲ ਕੇ ਰਹਿਣ ਦਾ ਆਉਂਦਾ  ਜੇ ਵਲ ਨਹੀਂ I

ਪੈ ਜਾਵੇ ਦਿਲ ‘ਚ ਫਰਕ ਤੇ ਹੋਵੇ ਦਿਲ ‘ਚ ਵਹਿਮ ,
ਮਿਲ ਕੇ ਰਹਿਣ ਵਾਲੀ ਰਹਿੰਦੀ  ਫੇਰ ਗੱਲ ਨਹੀਂ ।

ਜੀਉਂਣ ਨਾ ਦੇਵੇ ਯਾਰੋ ਜੇ ਟਕਰੇ ਚੰਦਰਾ ਗੁਆਢੀ ,
ਰਵੇ ਕਲੇਸ਼ ਚੋਵੀਂ ਘੰਟੇ ਹੁੰਦਾ ਉਹ ਵੀ ਝਲ ਨਹੀਂ ।

ਬਿਨ ਰੋਇਆ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ ,
ਜਾਗਦੇ ਭਗਵਾਨ ਵੀ ਬਿੰਨ ਖੜਕਾਇਆ ਟੱਲ ਨਹੀਂ ।

ਆਉਦੀ ਹੈ ਕ੍ਰਾਤੀ ਕਹਿੰਦੇ ਹਥਿਆਰ ਚੁਕਿਆ ਹੀ ,
ਪਰ ਕਲਮ ਦੇ ਬਲ ਜਿਨਾਂ ਹੋਰ ਕੋਈ ਬਲ ਨਹੀਂ ।

ਛੱਡ ਦੇ ਸ਼ਿਕਵਾ ਕਰਨਾ ਮਨਦੀਪ  ਹੁਣ ਸਜੱਣਾਂ ਤੇ ,
ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾ ਛਲ ਨਹੀਂ ।

             -ਮਨਦੀਪ ਗਿੱਲ ਧੜਾਕ
              ਪਿੰਡ ਧੜਾਕ ਕਲਾਂ ਜਿਲ੍ਹਾ ਮੋਹਾਲੀ
             99881-11134

——————————————————————————-

ਲੱਭਦੀ ਫਿਰਾਂ ਮੈਂ

K._K._MEHAK..ਲੱਭਦੀ ਫਿਰਾਂ ਮੈਂ ਚੰਨਾ, ਅੱਖਰਾਂ ਦੇ ਮੋਤੀਆਂ ਨੂੰ,
ਦਿੰਦੇ ਜਿਹੜੇ ਰੂਹ ਨੂੰ ਰੁਸ਼ਨੋਈ ਵੇ।
ਅੱਖਰਾਂ ਦੇ ਮੋਤੀਆਂ ਬਗੈਰ ਜਿੰਦ ਕਾਹਦੇ ਜੋਗੀ,
ਇਨ੍ਹਾਂ ਬਿਨਾਂ ਕਿੱਧਰੇ ਨਾ ਢੋਈ ਵੇ।
ਵਿਛੜੇ ਮਾਂ, ਬਾਪ, ਭਾਈ, ਮਿਲਦੇ ਨੇ ਅੱਖਰਾਂ ‘ਚ,
ਤੇਰੇ ਕੋਲੋਂ ਗੱਲ ਨਾ ਲੁਕਾਵਾਂ ਵੇ।
ਅੰਤਰ ਧਿਆਨ ਹੋ, ਫਰੋਲਾਂ ਜਦੋਂ ਅੱਖਰਾਂ ਨੂੰ,
ਦੀਦ ਮੈਂ ਵਿਛੁਨਿੰਆਂ ਦਾ ਪਾਵਾਂ ਵੇ।
ਅੱਖਰਾਂ ਨੂੰ ਲੱਭਦੀ, ਵਿਯੋਗ ਵਿਚ ਅੱਖਰਾਂ ਦੇ,
ਕਈ ਬਾਰ ਭੁੱਬਾਂ ਥਾਣੀ ਰੋਈ ਵੇ।
ਲੱਭਦੀ ਫਿਰਾਂ ਮੈਂ ……

ਦਿਲ ਤੋਂ ਫਰੋਲਾਂ ਜਦੋਂ ਅੱਖਰਾਂ ‘ਚੋਂ ਅੱਖਰਾਂ ਨੂੰ,
ਲੱਭ ਆਉਂਦਾ ਅੱਖਰਾਂ ‘ਚੋਂ ਰੱਬ ਵੇ।
ਸਾਰਾ ਹੀ ਜਹਾਨ ਫਿਰ ਝੂਠਾ ਜਿਹਾ ਜਾਪਦਾ ਏ,
ਲੱਗਣ ਰਿਸ਼ਤੇ-ਨਾਤੇ ਝੂਠੇ ਸਭ ਵੇ।
‘ਅੱਖਰਾਂ ਦੇ ਮੋਤੀ’ ਹੁਣ ਮਨ ‘ਚ ਵਸਾ ਲੈ ਤੂੰ ਵੀ,
ਹੱਥ ਜੋੜ ਮੇਰੀ ਅਰਜੋਈ ਵੇ।
ਲੱਭਦੀ ਫਿਰਾਂ ਮੈਂ ……

ਅੱਖਰਾਂ ‘ਚੋਂ ਮਿਲਦਾ ਸਕੂਨ ਜਦੋਂ ਦਿਲ ਨੂੰ ਵੇ,
ਬਾਈ-ਗੌਡ ਹੋਜਾਂ ਬਾਗੋ-ਬਾਗ ਵੇ।
ਰੋਮ ਰੋਮ ਕਰੇ ਸ਼ੁਕਰਾਨਾ ਸੱਚੇ ਪਾਤਸ਼ਾਹ ਦਾ,
ਨਿਮਾਣੀ ਦੇ ਜਗਾਏ ਜਿਨ ਭਾਗ ਵੇ।
ਉਹੀ ਪੱਲ ਮੈਨੂੰ ਵੱਡਮੁੱਲੇ ਮੇਰੀ ਜ਼ਿੰਦਗੀ ਦੇ,
ਅੱਖਰਾਂ ‘ਚ ਰਵ੍ਹਾਂ ਜਦੋਂ ਖੋਈ ਵੇ।
ਲੱਭਦੀ ਫਿਰਾਂ ਮੈਂ ……

ਅੱਖਰਾਂ ਦਾ ਮੁੱਲ ਨਾ ਪਛਾਣਦਾ ਏ ਜਿਹੜਾ ਚੰਨਾ,
ਸਮਝਾਂ ਮੈਂ ਧਰਤੀ ਤੇ ਭਾਰ ਉਹ।
ਜਿੰਦ ਨਿਰਮੋਹੀ ਕਿੰਝ ਕੱਟਦੀ ਹੋਏਗੀ ਦਿਨ,
ਕਿੰਝ ਕਰੂੰ ਓਸਦਾ ਦੀਦਾਰ ਉਹ।
ਜਿਹਨੀਂ ਰੂਹੀਂ ਬਿਰਹਾ ਦੇ ਅੱਖਰ ਸਮੋ ਗਏ ਹਾਏ,
ਜਾਣਦਾ ਕਦਰ ਉਹਦੀ ਸੋਈ ਵੇ।
ਲੱਭਦੀ ਫਿਰਾਂ ਮੈਂ ……

ਰੂਹ ਦੀ ਖੁਰਾਕ ਮੇਰੀ, ਬਣ ਗਏ ਅੱਖਰ ਹੁਣ,
ਕੱਲੀ ਦਾ ਕੋਈ ਲੰਘਦਾ ਨਾ ਪੱਲ ਵੇ।
ਤੂੰ ਵੀ ਕੋਈ ਅੱਖਰ ਪਿਆਰ ਵਾਲੇ ਦੇਦੇ ‘ਪਾਲ’,
ਪੌਣਾਂ ਹੱਥ ਛੇਤੀਂ ਮੈਨੂੰ ਘੱਲ ਵੇ।
ਚਿੱਤ ਕਰੇ ‘ਲਵਲੀ’ ਸੱਚੀਂ, ‘ਮਹਿਕ ਕੁਲਵਿੰਦਰ’ ਕਹਿੰਦੀ,
ਓਹੜ ਲਾਂ ਮੈਂ ਅੱਖਰਾਂ ਦੀ ਲੋਈ ਵੇ।
ਲੱਭਦੀ ਫਿਰਾਂ ਮੈਂ ਚੰਨਾ…….

ਕੁਲਵਿੰਦਰ ਕੌਰ ਮਹਿਕ,

ਮੁਹਾਲੀ।

——————————————————————————-

ਕੁੜੀਆਂ-ਚਿੜੀਆਂ

mandip_kaur_preetਕੁੜੀਆਂ-ਚਿੜੀਆਂ ਦਾ ਕੀ ਰਿਸ਼ਤਾ,

ਹਰ ਪਲ ਇਹ ਰਹਿਦੀਆਂ ਟਹਿਕਦੀਆਂ|

ਨਾ ਕੁੜੀਆਂ ਚਰਖਾ ਕਂਤਦੀਆਂ ਨੇ,

ਨਾ ਚਿੜੀਆਂ ਚੀ-ਚੀ ਚਹਿਕਦੀਆਂ|

ਗਿਂਧਿਆਂ ਦੀ ਮਹਿਫਲ ਸਂਜਦੀ ਨਹੀ,

ਨਾ ਪਿਂਪਲੀ.ਪੀਂਘਾ ਪੈਂਦੀਆਂ ਨੇ,

ਸੱਗੀ ਫੁਂਲ, ਘਂਗਰੇ, ਫੁਲਕਾਰੀਆਂ ਵੀ,

ਬਸ ਯਾਦਾਂ ਦੇ ਵਿਂਚ ਸਹਿਕਦੀਆਂ|

ਨਾ ਕੁੜੀਆਂ, ਨਾ ਚਿੜੀਆਂ…..

ਹੁਣ ਚਰਖੇ ਪੂਣੀਆਂ ਕਂਤਦੇ ਨਹੀ,

ਨਾ ਰੰਗਲੀਆਂ ਦਾਤਣਾਂ ਕਰੇ ਕੋਈ,

ਬਾਗੀਂ ਕੋਇਲਾਂ ਨਹੀਂ ਕੂਕਦੀਆਂ,

ਨਾ ਹੀ ਹੁਣ ਕਲੀਆਂ ਮਹਿਕਦੀਆਂ

ਨਾ ਕੁੜੀਆਂ, ਨਾ ਚਿੜੀਆਂ…..

‘ਪ੍ਰੀਤ’ ਸੇਵੀਆਂ ਵਂਟਦੀ ਨਹੀ ਕੋਈ,

ਨਾ ਖੀਰਾਂ-ਪੂੜੇ ਪਂਕਦੇ ਨੇ|

ਦੁਂਧ ਕਾੜ੍ਹਨੇ ਦਾ ਭਰ ਕੇ ਛੰਨਾ,

ਘਿਓ-ਚੂਰੀਆਂ ਖਾਂਦੀਆਂ ਦਹਿਕਦੀਆਂ,

ਨਾ ਕੁੜੀਆਂ, ਨਾ ਚਿੜੀਆਂ…..

ਮਨਦੀਪ ਕੌਰ ਪ੍ਰੀਤ,

ਸ: ਐਲੀ: ਸਕੂਲ, ਕੋਟਲੀ ਖਾਸ, ਮੁਕੇਰੀਆਂ

94650-91883

——————————————————————————-

“ਇਸ਼ਕ ਕਮਾਵੀਂ”

ਇਸ਼ਕ ਦੇ ਵਿਹੜੇ ਜਾ ਬੈਠਾ ਹੈ,
ਇਸ਼ਕ ਨੂੰ ਦਾਗ ਨਾ ਲਾਵੀਂ।
ਰਾਹ ਇਸ਼ਕ ਦਾ ਉੱਚਾ ਨੀਵਾਂ,
ਵੇਖੀ ਨਾ ਠੇਡਾ ਖਾਵੀਂ।
ਆਸ਼ਕ ਹੈ ਤਾਂ ਇਸ਼ਕ ਪੁਗਾਵੀਂ
ਵੇਖੀ ਇਹਨੂੰ ਦਾਗ ਨਾ ਲਾਵੀਂ…..

ਬਾਹਰੋਂ ਸੋਹਣਾ ਜੇ ਅੰਦਰੋਂ ਕੋਝਾ,
ਕਿਉ ਰੱਖੇ ਇਹ ਵਰਤ ਤੇ ਰੋਜਾ,
ਇਨਸਾਨੀਅਤ ਨਾ ਖੂਨ ਚ ਤੇਰੇ,
ਤੇ ਨਾ ਇਨਸਾਂ ਕਹਾਵੀਂ ।…

ਇਸ਼ਕ ਦੀ ਬੇੜੀ ਪਾ ਕੇ ਵੱਟੇ,
ਨਫਰਤਾਂ ਨੂੰ ਪਿਆ ਤੂੰ ਖੱਟੇਂ।
ਅੰਤ ਮੌਤ ਨੇ ਤੈਨੂੰ ਛੱਡਣਾ ਨਾਹੀਂ,
ਚਾਹੇ ਲੱਖ ਵਸੀਲਾ ਪਾਵੀਂ ।…

-ਸਰੂਚੀ ਕੰਬੋਜ
ਫੋਨ ਨੰ. 98723-48277

ਪਰ ਇਹ ਬੱਦਲ ਵਰਿਆ ਬਾਝ ਨਹੀਂ ਟੱਲਦਾ….

ਜਦ ਗੈਰ ਕੋਈ ਆ ਕੇ ਦਿਲ ਨੂੰ ਮਲਦਾ,
ਫਿਰ ਧੜਕਣ ਉਤੇ ਵੱਸ ਨਹੀਂ ਚੱਲਦਾ,
ਲੱਖ ਸਮਝਾ ਲਉ ਦਿਲ ਨੂੰ ਦੇ ਮਿਸਾਲਾਂ ਜੀ
ਪਰ ਇਹ ਬੱਦਲ ਵਰਿਆ ਬਾਝ ਨਹੀਂ ਟੱਲਦਾ….

ਹਰ ਚਿਹਰੇ ਵਿੱਚ ਉਸਨੂੰ ਲੱਭਣਾ,
ਪਲ ਵਿਚ ਰੋਣਾ ਪਲ ਵਿੱਚ ਹੱਸਣਾ
ਲੱਖ ਮੈਂ ਰੋਕਾਂ ਲੱਖ ਮੈਂ ਟੋਕਾਂ
ਮੇਰਿਆਂ ਰੋਕਿਆਂ ਇਹ ਨਹੀਂ ਟੱਲਦਾ…

ਇਹ ਐਸਾ ਜਿੱਦੀ ਬਣ ਬੈਠਾ ਹੈ,
ਕਿ ਖੁਦ ਦਾ ਵੈਰੀ ਬਣ ਬੈਠਾ ਹੈ,
ਉਸਨੂੰ ਸੋਚਾਂ ਮੈਂ ਉਸਨੂੰ ਲੋਚਾਂ
ਹੁਣ ਆਪਣਾ ਆਪ ਵੀ ਮੈਨੂੰ ਖਲਦਾ…

ਜਿਸਦੇ ਹੱਥ ਵਿੱਚ ਹੋਣ ਰੁਪਈਏ,
ਉਸਦੇ ਹੀ ਹੋਵਣ ਸੱਜਣ ਮਾਹੀਏ,
ਛੱਡਦੇ ਨਾ ਆਸ਼ਕ ਇਸਦਾ ਖਹਿੜਾ,
ਚਾਹੇ ਪਿਆਰਾਂ ਵਿੱਚੋਂ ਕੁਝ ਨਹੀਂ ਲੱਭਦਾ…

-ਸਰੂਚੀ ਕੰਬੋਜ
Contact: 98723-48277

—————————————————————————————————-

ਕਾਲਜ ਦੇ ਦਿਨ

kulwindr_mehakਗੁਜਰਦੇ ਨਹੀ ਹੁਣ, ਜਿਹੜੇ ਦੋਸਤਾਂ ਤੋਂ ਬਿਨ,
ਕਿੰਨੇ ਚੰਗੇ ਹੁੰਦੇ ਸਨ, ਕਾਲਜ ਦੇ ਦਿਨ।
ਕਦੇ ਰੁੱਸ ਜਾਣਾ, ਕਦੇ ਆਪ ਹੀ ਮਨਾਵਣਾ,
ਹਾਸੇ-ਹਾਸੇ ਵਿਚ, ਸਾਰਾ ਗੁੱਸਾ ਭੁੱਲ ਜਾਵਣਾ।
ਨਹੀਂ ਸਾਂ ਅਲੱਗ ਹੁੰਦੇ, ਇਕ ਪਲ ਛਿਨ,
ਕਿੰਨੇ ਚੰਗੇ ਹੁੰਦੇ ਸਨ……..

ਕਦੇ ਖੂਬ ਪੜ੍ਹਨਾ ਤੇ ਕਦੇ ਖੂਬ ਹੱਸਣਾ,
ਦਿਲ ਵਾਲਾ ਭੇਦ ਨਾ ਕੋਈ, ਦੋਸਤਾਂ ਤੋਂ ਰੱਖਣਾ।
ਗੁਜਰੇ ਉਹ ਪੱਲ, ਅੱਜ ਤੋਂ ਬਹੁਤ ਹੀ ਸਨ ਭਿੰਨ,
ਕਿੰਨੇ ਚੰਗੇ ਹੁੰਦੇ ਸਨ……..

ਸਾਰਾ ਸਾਲ ਭਾਂਵੇਂ ਖੂਬ ਮਸਤੀਆਂ ਮਨਾਉਣੀਆਂ,
ਪੇਪਰਾਂ ਦੇ ਵਿਚ, ਰਾਤਾਂ ਜਾਗ ਕੇ ਲੰਘਾਉਣੀਆਂ।
ਗੁਜਰ ਗਏ ਪਲ, ਬਿਨ ਕਹੇ ਇਕ, ਦੋ, ਤਿੰਨ,
ਕਿੰਨੇ ਚੰਗੇ ਹੁੰਦੇ ਸਨ……..

ਨਾਹੀਂ ਕੋਈ ਡਰ ‘ਮਹਿਕ’ ਨਾ ਕੋਈ ਪ੍ਰਵਾਹ ਸੀ,
ਜਾਪਦਾ ਸੀ ਇੰਝ, ਸਾਡੇ ਹੱਕ ‘ਚ ਖੁਦਾ ਸੀ।
ਗੁਆਚੀਆਂ ਉਹ ਪੈੜਾਂ, ਮੁੜ ਲੱਭਦੇ ਨਾ ਚਿੰਨ,
ਕਿੰਨੇ ਚੰਗੇ ਹੁੰਦੇ ਸਨ, ਕਾਲਜ ਦੇ ਦਿਨ।

ਕੁਲਵਿੰਦਰ ਕੌਰ ਮਹਿਕ

ਮੁਹਾਲੀ , Mob. 98141-25477

ਰੁੱਖ

ਰੁੱਖ ਨੇ ਕੁਦਰਤ ਦਾ ਵਰਦਾਨ,
ਇਹ ਹਨ ਸਾਡੀ ਜਿੰਦ ਤੇ ਜਾਨ।
ਇਹਨਾਂ ਤੋਂ ਹਰਿਆਲੀ ਮਿਲਦੀ,
ਸਭਨਾਂ ਨੂੰ ਖੁਸ਼ਹਾਲੀ ਮਿਲਦੀ।
ਇਹਨਾਂ ਬਿਨਾਂ ਅਧੂਰਾ ਜੀਵਨ,
ਕਿੱਥੋਂ ਮਿਲਦੀ ਫਿਰ ਆਕਸੀਜਨ।
ਨਾ ਕੱਟੋ, ਜਰਾ ਸੋਚ ਵਿਚਾਰੋ,
ਆਪਣਾ ਜੀਵਨ ਆਪ ਸਵਾਰੋ।
ਜੇ ਨਾ ਸਾਥ ਦਿੰਦੇ ਇਹ ਰੁੱਖ,
ਮੁੱਕ ਜਾਂਦੇ ਸਭ ਜੀਵ, ਮਨੁੱਖ।
‘ਮਹਿਕ’ ਸਾਰਿਆਂ ਨੂੰ ਸਮਝਾਈਏ,
ਵੱਧ ਤੋਂ ਵੱਧ ਆਓ ਰੁੱਖ ਲਗਾਈਏ।

ਕੁਲਵਿੰਦਰ ਕੌਰ ਮਹਿਕ

ਮੁਹਾਲੀ , Mob. 98141-25477

—————————————————————————————————-

ਅੱਖਾਂ

vrinder_k-_randhawaਅੱਖਾਂ ਬੇਜੁਬਾਨਾਂ ਨੇ, ਰੰਗ-ਬੇਰੰਗ ਦੇਖ ਲਏ।
ਸੋਹਣੇ-ਸੋਹਣੇ ਬਾਣਿਆਂ ‘ਚ, ਕਰਤੂਤੋਂ ਨੰਗ ਦੇਖ ਲਏ।
ਸਾਹਾਂ ਤੋਂ ਪਿਆਰੇ, ਸੌਹਾਂ ਚੁੱਕਦੇ ਜੋ ਸਾਹ ਨੀ ਲੈਂਦੇ,
ਵਿਓਂਤਾਂ ਘੜਦੇ ਪੁੱਠੀਆਂ, ਦੁਸ਼ਮਣਾਂ ਸੰਗ ਦੇਖ ਲਏ।
ਸਮੇਂ ਦੀ ਰਫਤਾਰ ਕਦੇ ਧੀਮੀ, ਕਦੇ ਤੇਜ ਹੋਈ,
ਗਲ ਲਾ, ਪਿੱਠ ਛੁਰੀ ਮਾਰਨੇ ਦੇ ਢੰਗ ਦੇਖ ਲਏ।
ਤਖਤੋਂ ਹੈਵਾਨ, ਖਿੱਚਾਤਾਣੀ ਪਏ ਕਰਦੇ ਨੇ,
‘ਰੰਧਾਵੇ’ ਖਲਕਤ ‘ਚ ਬੁੱਕਲੀਂ, ਵੱਜੇ ਡੰਗ ਦੇਖ ਲਏ।

ਵਰਿੰਦਰ ਕੌਰ ਰੰਧਾਵਾ

ਜੈਤੋ ਸਰਜਾ, ਬਟਾਲਾ, Mob. 9646852416

ਸੁਆਦ

ਸੁਆਦ ਰਿਹਾ ਨਾ ਵਜਨੋਂ ਵੱਧ ਫੁਲਕਾਰੀ ਦਾ।
ਸੂਟ ‘ਸ਼ਾਹੀ ਪਟਿਆਲਾ’, ਪਸੰਦ ਸੀ ਨਾਰੀ ਦਾ।
ਹਰ ਬੁੱਕਲੀਂ ਜੋ ਸੱਪ ਬੈਠਾ ਇਕ ਪਲਦਾ ਏ,
ਕਿੰਝ ਮਖੌਟਾ ਉਤਾਰਾਂ ਉਸ ਇੱਛਾਧਾਰੀ ਦਾ।
ਬੋਲ, ਬੋਲਦੇ ਮਿੱਠੇ ਮਿਸ਼ਰੀ ਵਰਗੇ ਜੋ,
ਜਮਾ ਭੇਦ ਨਾ ਲੱਗਦਾ ਓਸ ਵਪਾਰੀ ਦਾ।
ਵੱਢੇ ਹਥਿਆਰਾਂ ਦੇ ਤਾਂ ਭਾਂਵੇਂ ਬਚ ਜਾਵਣ,
ਇਲਾਜ ਕੋਈ ਨਾ, ਲੱਗੇ ਫੱਟ ‘ਗਦਾਰੀ’ ਦਾ।
ਰੀਝਾਂ, ਸਧਰਾਂ, ਹਟਕੋਰੇ ਲੈ ਮਰਦੀਆਂ ਨੇ,
ਘਰ ਨਾ ਕਦੀ ਵੀ ਵਸਦਾ, ਐਬੀ ਜੁਆਰੀ ਦਾ।
‘ਰੰਧਾਵਾ’ ਕਿੱਧਰੇ ਭੀੜ ‘ਚ ਠਗਿਆ ਜਾਵੀਂ ਨਾ,
ਮੁੱਲ ਪੈਂਦਾ ਨਾ ‘ਰਾਂਝੇ’ ਮੱਝੀਆਂ ਚਾਰੀ ਦਾ।

ਵਰਿੰਦਰ ਕੌਰ ਰੰਧਾਵਾ

ਜੈਤੋ ਸਰਜਾ, ਬਟਾਲਾ, Mob. 9646852416

ਕਾਸਤੋਂ ਨਸ਼ਾ

ਕਾਸਤੋਂ ਨਸ਼ਾ ਗਰੂਰੀ ਦਾ,
ਕੋਈ ਮੁੱਲ ਨਾ ਤੇਰੀ ਮਗਰੂਰੀ ਦਾ।
ਦਿਲ, ਵਾਂਗ ਸੋਨੇ ਦੇ ਪਿਆ ਚਮਕੇ,
ਪਰ, ਭਰੋਸਾ ਨਾ ਸ਼ਕਲੋਂ ਨੂਰੀ ਦਾ।
ਪਕਵਾਨ ਬੇਸ਼ਕੀਮਤੀ ਬਣਾ ਬੈਠੇ,
ਸੁਆਦ ਚਖਿਆ ਨਾ ਪਰ ਚੂਰੀ ਦਾ।
‘ਰੰਧਾਵਾ’ ਰੂਹ ਨਾ’ ਰੂਹ ਜੁੜਦੀ ਨਾ,
ਕੀ ਫਾਇਦਾ ਫੋਕੀ ਮਸ਼ਹੂਰੀ ਦਾ।

ਵਰਿੰਦਰ ਕੌਰ ਰੰਧਾਵਾ

ਜੈਤੋ ਸਰਜਾ, ਬਟਾਲਾ, Mob. 9646852416

—————————————————————————————————-

ਫ਼ੁਲ ਤੇ ਕੰਡੇ

harminder_bhatt1ਕੰਡੇ ਕਰਦੇ ਨੇ ਰਾਖੀ ਨਾਲ ਟਾਹਣਿਉ ਰਹਿੰਦੇ ਨੇ
ਲੋਕ ਕੰਡਿਆਂ ਦੀ ਚੁਭਨ ਤੋ ਡਰਦੇ ਤਾਹਿਉ ਰਹਿੰਦੇ ਨੇ
ਪਾਗਲ ਨੇ ਉਹ ਜੋ ਫੁੱਲਾਂ ਦੇ ਸੰਗ ਹੱਸਦੇ ਨੇ,
ਕੰਡਿਆਂ ਦੇ ਕਰ ਕੇ ਹੀ ਫ਼ੁਲ ਮਹਿਕਦਿਉ ਰਹਿੰਦੇ ਨੇ,
ਦਰਦਾਂ ਦਾ ਨਾਮ ਲੋਕ ਕੰਡਿਆਂ ਨੂੰ ਦੇ ਦਿੰਦੇ ਨੇ,
ਪਰ ਫ਼ੁਲ ਕਿਹੜਾ ਖਿੜਕੇ ਸਦਾ ਸਦਾ-ਇਉ ਰਹਿੰਦੇ ਨੇ।
ਕਠੋਰ ਦੀ ਸਥਿਰਤਾ ਹੁੰਦੀ ਸਦਾ ਈ ਕੰਡੇ ਦੀ
ਕੰਡਿਆਂ ਦੀ ਚੁਭਨ ਤੇ ਬੁਲੰਦ ਹੌਸਲਿਉ ਰਹਿੰਦੇ ਨੇ।
ਮੁਰਝਾਉਂਦੇ ਨੇ ਫ਼ੁਲ ਕੰਡੇ ਕਦ ਮੁਰਝਾਉਂਦੇ ਨੇ
ਬਦਨਾਮ ਹੋ ਖ਼ੁਦ ਖ਼ੁਸ਼ਬੋ ਫੁੱਲਾਂ ਤੋ ਵੰਡਦਿਓ ਰਹਿੰਦੇ ਨੇ।
ਲੋਕਾਂ ਨੇ ਕੰਡੇ ਇੰਜ ਹੀ ਬਦਨਾਮ ਕਰ ਰੱਖੇ ਨੇ,
”ਭੱਟ” ਕਈ ਵਾਰ ਦਰਦ ਫੁਲ ਦੇ ਅੱਵਲਿਉ ਰਹਿੰਦੇ ਨੇ।

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ (ਪੰਜਾਬ)
99140 62205

ਕਸੂਰ

ਇਨ•ਾਂ ਕਿਹੜਾ ਮਜਬੂਰ ਹੋ ਗਿਆ,
ਇਨ•ਾਂ ਕਿਹੜਾ ਮਸ਼ਹੂਰ ਹੋ ਗਿਆ,
ਦਿਲ ਦੁਖਾਉਣ ਤਾਂ ਆਇਆ ਕਰ
ਇਨ•ਾਂ ਕਿਹੜਾ ਦੂਰ ਹੋ ਗਿਆ,
ਗੈਰ ਹੀ ਰਹਿੰਦਾ ਆਪਣਾ ਬਣਿਆ,
ਆਪਣਾ ਬਣ ਮਗ਼ਰੂਰ ਹੋ ਗਿਆ,
ਜਿਹੜੇ ਦਿਲ ਦੇ ਵਿਚ ਵੱਸਦਾ ਸੀ
ਦਿਲ ਕਿਹੜਾ ਓ ਚੂਰ ਹੋ ਗਿਆ,
ਅੱਖੀਆਂ ਤੋਂ ਜੋ ਓਹਲੇ ਹੋਇਆਂ
ਚਿਹਰਾ ਕੀ ਬਦ ਨੂਰ ਹੋ ਗਿਆ,
ਇਸ਼ਕ ਹਕੀਕੀ ਤੇ ਨਿਵਾਜਿਆ
ਕੀਹਦੇ ਲਈ ਹਜ਼ੂਰ ਹੋ ਗਿਆ,
ਪਿਆਰ ਵੀ ਹੋਇਆ ਇੱਕ ਤਰਫ਼ਾਂ,
ਪਿਆਰ ਦਾ ਦਸਤੂਰ ਹੋ ਗਿਆ,
ਨਾਮ ”ਭੱਟ” ਨੇ ਜਿੰਦ ਕੀਤੀ ਏ,
ਦੱਸੋ ਹੋਰ ਕੀ ਕਸੂਰ ਹੋ ਗਿਆ।

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ (ਪੰਜਾਬ)
99140 62205

———————————————————————————–

ਹੁੰਦੇ ਬਲਾਤਕਾਰ ਬੜੇ ਨੇ

harminder_bhatt1ਨਾ ਮਰਦ ਪ੍ਰਧਾਨ ਸਮਾਜ ਨੇ ਕੀਤੇ ਅੱਤਿਆਚਾਰ ਬੜੇ ਨੇ,
ਇੱਥੇ ਹਰ ਗਲੀ ਹਰ ਮੋੜ ਤੇ ਖੜੇ ਗੁਨਾਹਗਾਰ ਬੜੇ ਨੇ,
ਚੁੱਪ ਕਰ ਕੇ ਵੇਖ ਤਮਾਸ਼ਾ ਬੋਲਦੇ ਮੇਰੇ ਯਾਰ ਬੜੇ ਨੇ,
ਰਿਸ਼ਤੇ ਨਾਤੇ ਨਾਂ ਦੇ ਰਹਿ ਗਏ ਕਹਿੰਦੇ ਰਿਸ਼ਤੇਦਾਰ ਬੜੇ ਨੇ,
ਇੱਜਤਾਂ ਦੇ ਨਾਲ ਇੱਜ਼ਤ ਲੁੱਟਦੇ ਬਣਦੇ ਇੱਜ਼ਤਦਾਰ ਬੜੇ ਨੇ,
ਆਪੇ ਮੁੱਕਾ ਕੇ ਚੀਖ਼ ਚਿਹਾੜਾ ਮਚਾਉਂਦੇ ਹਾਹਾਕਾਰ ਬੜੇ ਨੇ,
ਖਾ ਗਏ ਲੁੱਟ ਕੇ ਵਿਰਸਾ ਮੇਰਾ ਅੱਜ ਦੇ ਬਣੇ ਨਚਾਰ ਬੜੇ ਨੇ,
ਬਣਾ ਮਾਂ ਧੀ ਭੈਣ ਬੇਗਾਨੀ ਪੱਤ ਅੰਬਰੀ ਰਹੇ ਉਡਾਰ ਬੜੇ ਨੇ,
ਆਵਾਜ਼ ਸੱਚ ਦੀ ਦੱਬ ਕੇ ਰੱਖਦੇ ਉਂਜ ਸੁੱਚੇ – ਸਚਿਆਰ ਬੜੇ ਨੇ,
ਚਿੱਟੇ ਕੱਪੜੇ ਮੈਲੀ ਚਾਦਰ ਮੱਥਾ ਟੇਕਣ ਘਰ-ਬਾਰ ਬੜੇ ਨੇ,
ਹਿੰਦੂ ਮੁਸਲਿਮ ਸਿੱਖ ਇਸਾਈ ਹੱਕ ਸੱਚ ਦਾ ਕਰਦੇ ਪ੍ਰਚਾਰ ਬੜੇ ਨੇ,
ਇਹੀ ਦੁੱਖ ਏ ਸੁੱਖ ਨ ਮਿਲਦਾ ਕਿਹੋ ਚਲੇ ਕਾਰੋਬਾਰ ਬੜੇ ਨੇ,
ਆਹ ਕੀਤਾ ਤੇ ਉਹ ਕੀਤਾ ਵਾਅਦੇ ਤੇਰੇ ਸਰਕਾਰ ਬੜੇ ਨੇ,
ਭੱਟ ਨੇ ਚਾਹਿਆ ਹੱਲ ਵੀ ਰੱਬ ਤੋ ਕਹਿੰਦਾ ਸਿਰ ਤੇ ਭਾਰ ਬੜੇ ਨੇ,
ਜਿਸ ਨੇ ਜੰਮਿਆ ਜਿਹਨੂੰ ਜੰਮਿਆ ਕੁੱਖ ਵਿਚ ਰਹੇ ਮਾਰ ਬੜੇ ਨੇ,
ਮੇਰੇ ਬਣਾਏ ਮੇਰੀ ਇੱਜ਼ਤ ਲੁੱਟਦੇ ਉਂਜ ਤਾਂ ਕਰਦੇ ਪਿਆਰ ਬੜੇ ਨੇ,
ਅੰਤ ਹੁਣ ਹੈ ਹੋਣ ਲੱਗਿਆ ਰੋਕ ਲੋ ਰੋਕਣ ਵਾਲੇ ਹਥਿਆਰ ਬੜੇ ਨੇ,
ਰੋਕੋ ਪਿੰਡਾਂ ਤੇ ਸ਼ਹਿਰਾਂ ਵਿਚ ਪਲ ਪਲ ਹੁੰਦੇ ਬਲਾਤਕਾਰ ਬੜੇ ਨੇ,
ਰੋਕੋ ਪਿੰਡਾਂ ਤੇ ਸ਼ਹਿਰਾਂ ਵਿਚ ਪਲ ਪਲ ਹੁੰਦੇ ਬਲਾਤਕਾਰ ਬੜੇ ਨੇ।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ (ਪੰਜਾਬ)
99140 62205

————————————————————————————–
(ਕਵਿਤਾ)

ਸਾਵਣ

Sukhwinder_2

ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ।

ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ।

——–

ਹਿਸਾਬ ਨਹੀਂ ਮੈਨੂੰ ਵਾਧੇ ਘਾਟਿਆਂ ਦਾ,

ਤੇਰੇ ਲਈ ਬਚਾਏ ਤੇਰੇ ਲਈ ਸਾਹ ਖ਼ਰਚੇ ਸਦੈ।

——–

ਔੜਾਂ ਪਾਈਆਂ ਜ਼ਿੰਦਗੀ ਵਿੱਚ ਹਾਸਿਆਂ ਦੀਆਂ,

ਮੇਰੇ ਨੈਣਾਂ ਵਿੱਚ ਇਕ ਸਾਵਣ ਬਰਸੇ ਸਦੈ।

——–

ਆ ਜਾਵੀਂ ਚਾਹੇ ਜ਼ਿੰਦਗੀ ‘ਚ ਜਦੋਂ ਫੁਰਸਤ ਮਿਲੇ,

ਉਮਰ ਭਰੀ ਤੇਰੀ ਇਬਾਦਤ ਲਈ ਖਾਲੀ ਦਿਲ ਦੇ ਵਰਕੇ ਸਦੈ।

——–

ਕੁੱਝ ਵਕਤ ਦੀ ਮੋਹਲਤ ਦੇਵੇਂ ਇੰਤਜ਼ਾਰ ਕਿਸੇ ਦਾ,

ਖੜ੍ਹੀ ਨਹੀਂ ਰਹਿਣੀ ਜ਼ਿੰਦਗੀ ਬਰ ਵਿਚ ਚੁਰਸਤੇ ਸਦੈ।

——–

– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
—————————————————————————————————-

ਅਣਜੰਮੀ ਦੀ ਅਰਜੋਈ

ਵੱਧ ਪੁੱਤਾਂ ਤੋਂ ਕਰਾਂਗੀ ਸੇਵਾ ਆ ਕੇ, ਮਿਲਣਾ ਕੀ ਤੈਨੂੰ ਬਾਬਲਾਂ।
ਮੈਨੂੰ ਕੁੱਖ ਵਿੱਚ ਕਤਲ ਕਰਾਕੇ, ਮਿਲਣਾ ਕੀ ਤੈਨੂੰ ਬਾਬਲਾਂ।

ਹਰ ਵੇਲੇ ਮੰਗਾ ਤੇਰੀ ਰੱਬ ਕੋਲੋ ਖੈਰ ਵੇ,
ਪੈਣ ਦੇ ਤੂੰ ਮੇਰੇ ਘਰ ਤੇਰੇ ਵਿੱਚ ਪੈਰ ਵੇ।
ਬਣੀ ਘੋੜਾ ਨਾ ਤੂੰ ਪਿੱਠ ਤੇ ਬੈਠਾਕੇ,
ਮਿਲਣਾ ਕੀ ਤੈਨੂੰ ਬਾਬਲਾਂ ਮੈਨੂੰ ਕੁੱਖ ਵਿੱਚ ਕਤਲ ਕਰਾਕੇ।

ਘਰ ਤੇਰੇ ਅਸੀਂ ਕਿਹੜਾ ਸਦਾ ਬੈਠੇ ਰਹਿਣਾ ਵੇ,
ਧੀਆਂ ਨੇ ਬੇਗਾਨਾ ਧੰਨ ਦੁਨੀਆਂ ਦਾ ਕਹਿਣਾ ਵੇ।
ਪਾਪ ਖੱਟ ਨਾਂ ਤੂੰ ਸਾਨੂੰ ਵੇ ਮਿਟਾਕੇ
ਮਿਲਣਾ ਕੀ ਤੈਨੂੰ ਬਾਬਲਾਂ ਮੈਨੂੰ …… ……

ਮਾਂ ਅਤੇ ਬਾਬਲਾ ਤੂੰ ਕਹਿਰ ਨਾ ਕਮਾ ਵੇ,
ਬਨਾaੁਂ ਵੀਰ ਰੱਖੜੀ ਚੜੂਗਾ ਸਾਨੂੰ ਚਾਅ ਵੇ।
ਮੌਕਾ ਦੇ ਸਾਨੂੰ ਤੂੰ ਗੁਰਾਂ ਨੂੰ ਧਿਆਕੇ
ਮਿਲਣਾ ਕੀ ਤੈਨੂੰ ਬਾਬਲਾਂ ਮੈਨੂੰ …… ……

ਜੰਮਦੀਆਂ ਧੀਆਂ ਨੇ ਲਿਖਾਕੇ ਸੁੱਖੇ ਭਾਗ ਵੇ,
ਚਿੱਟੀ ਤੇਰੀ ਪੱਗ ਨੂੰ ਕਦੇ ਨਾ ਲਾਵਾ ਦਾਗ ਵੇ।
ਤੈਥੋਂ ਮੰਗੂਂਗੀ ਨਾ ਖਿਡਾਉਣੇ ਆ ਕੇ
ਮਿਲਣਾ ਕੀ ਤੈਨੂੰ ਬਾਬਲਾਂ ਮੈਨੂੰ …… ……

ਸੁਖਵਿੰਦਰ ਰਾਏ (ਕੈਨੇਡਾ)

—————————————————————————————————-

ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ ?

ਕੀ ਅਸੀਂ ਆਜ਼ਾਦ ਹੋ ਗਏ?
ਸੋਚਦੀ ਰਹੀ ਕਾਫੀ ਦੇਰ ਤੱਕ ਮੈਂ,
ਫਿਰ ਦਿਮਾਗ ਵਿੱਚ ਕਈ ਮੇਰੇ
ਸਵਾਲ ਜੋ ਇਜਾਦ ਹੋ ਗਏ ।
ਕਿ ਲੱਗਦਾ ਹੈ ਹੁਣ ਤਾਂ ਜੀ
ਪਹਿਲੇ ਤੋਂ ਵੀ ਵੱਧ ਨੇ ਫਸਾਦ ਹੋ ਗਏ ।
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ?

ਲਡ਼ਕੇ ਲਡ਼ਕੀ ਵਿੱਚ ਫਰਕ ਕਰਦੇ ਹਾਂ,
ਅੱਜ ਵੀ ਅਸੀਂ ਤਾਂ ਦਹੇਜ ਮੰਗਦੇ ਹਾਂ,
ਸੱਸ ਨੂੰਹ ਦੇ ਝਗਡ਼ੇ ਸਰੇਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਪੁੱਤਰ ਹੀ ਘਰ ਦਾ ਚਿਰਾਗ ਹੁੰਦਾ ਹੈ,
ਧੀ ਅਤੇ ਨੂੰਹ ਦੇ ਵਿੱਚ ਫਰਕ ਹੁੰਦਾ ਹੈ,
ਭਰੂਣ ਹੱਤਿਆ ਦੇ ਕੇਸ ਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਹੁਣ ਧਰਮਾਂ ਚ ਫਰਕ ਵੀ ਹੋਰ ਵੱਧ ਗਿਆ,
ਇਨਸਾਨ ਇਨਸਾਨੀਅਤ ਨੂੰ ਇਥੇ ਛੱਡ ਗਿਆ,
ਫਿਰਕਾਪ੍ਰਸਤੀ ਦੰਗੇ ਫਸਾਦ ਤਾਂ ਆਮ ਹੋ ਗਏ
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕਿਸੇ ਨੂੰ ਵੀ ਮਾਰ ਦਿਉ ਕੋਈ ਗੱਲ ਨਹੀਂ,
ਪੈਸਾ ਹੈ ਤਾਂ ਕੋਈ ਜਾਂਦਾ ਤੈਥੋਂ ਵੱਲ ਨਹੀਂ,
ਦੇਸ਼ ਤੇ ਰਿਸ਼ਵਤਖੋਰੀ ਦੇ ਤਾਂ ਰਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕੰਮ ਜੇ ਕਢਾਉਣਾ ਥੋਡ਼੍ਹੀ ਰਿਸ਼ਵਤ ਦੇ ਦਿਉ,
ਨਹੀਂ ਤਾਂ ਕਤਾਰ ਚ ਹੀ ਲੱਗੇ ਰਹਿਣ ਦਿਉ,
ਸਾਡੇ ਸਾਹਮਣੇ ਕੀ ਕੀ ਅਪਰਾਧ ਹੋ ਗਏ ।
ਕਿਉਂਕਿ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕੋਈ ਜਬਰਦਸਤੀ ਕਰ ਲਏ ਸਜਾ ਵੀ ਨਹੀਂ,
ਚੋਰੀ ਦੀ ਰਿਪੋਰਟ ਦਰਜ ਕੋਈ ਕਰਦਾ ਹੀ ਨਹੀਂ,
ਪੈਸੇ ਨਾਲ ਸਭ ਇਨਸਾਫ਼ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਗਰੀਬ ਫੁੱਟਪਾਥ ਤੇ ਅੱਜ ਵੀ ਸੌਂਦਾ ਹੈ,
ਅਮੀਰ ਅੱਜ ਵੀ ਇਸਦਾ ਮਾਸ ਟੋਂਹਦਾ ਹੈ,
ਮਹਿੰਗਾਈ ਦੇ ਜੀ ਰੋਗ ਲਾਇਲਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਅਸ਼ਲੀਲਤਾ ਨਾ ਹਰ ਟੀ ਵੀ ਚੈਨਲ ਭਰ ਗਏ,
ਬੇਕਾਰ ਜਿਹੇ ਫੈਸ਼ਨ ਸਾਡੇ ਸਿਰ ਤੇ ਚਡ਼ ਗਏ,
ਗਾਲ੍ਹਾਂ ਤੇ ਭੱਦੇ ਬੋਲਾਂ ਦੇ ਲਬਾਂ ਨੂੰ ਸਵਾਦ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਨੇਤਾ ਸੇਵਕ ਨੂੰ ਅਸੀਂ ਹੈ ਮਾਲਕ ਕਰ ਲਿਆ,
ਆਪਣਾ ਹੀ ਪੈਰ ਹੇਠ ਕੁਹਾਡ਼ੀ ਧਰ ਲਿਆ,
ਅਸੀਂ ਪਹਿਲਾਂ ਤੋਂ ਵੀ ਵੱਧ ਹਾਂ ਗੁਲਾਮ ਹੋ ਗਏ,
ਜਾਂ ਅਸੀਂ ਸੱਚ ਵਿੱਚ ਹਾਂ ਅਜ਼ਾਦ ਹੋ ਗਏ ।

ਨਸ਼ਿਆਂ ਦਾ ਜਾਦੂ ਯੂਥ ਉੱਤੇ ਚਡ਼ ਗਿਆ,
ਬਾਕੀ ਬਚਿਆ ਨੂੰ ਬੇਰੁਜ਼ਗਾਰੀ ਫਡ਼ ਲਿਆ,
ਲੱਗੇ ਬਦ ਤੋਂ ਵੀ ਬਦਤਰ ਹਾਲਾਤ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਚੋਰ ਚੋਰੀ ਕਰ ਇਥੇ ਸੀਨਾ ਜੋਰੀ ਕਰਦਾ,
ਆਪਣਾ ਹੀ ਆਪਣਿਆਂ ਨਾਲ ਸਡ਼ਦਾ,
“ਕੰਬੋਜ”ਆਪਣੇ ਹੀ ਸਾਡੇ ਤਾਂ ਖਿਲਾਫ਼ ਹੋ ਗਏ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਸਰੂਚੀ ਕੰਬੋਜ ਫਾਜ਼ਿਲਕਾ
Email – kamboj.saruchi@gmail.com

—————————————————————————————————-

ਧੀਆਂ

MANDEEP_KAUR_PREETਇਹ ਘਰ ਨੂੰ ਸਵਰਗ ਬਣਾਉਂਦੀਆਂ ਨੇ,
ਬਿਨ ਧੀਆਂ ਇਹ ਸੰਸਾਰ ਨਹੀ।
‘ਪਰ ਧੀ ਤਾਂ ਹੈ ਪਰਾਇਆ ਧਨ,
ਤੇ ਪਰਾਇਆਂ ਤੇ ਇਤਬਾਰ ਨਹੀ’
ਲਾਡ ਲਡਾਉਂਦੇ ਮਾਪਿਆਂ ਦਾ,
ਇਹ ਸੋਚ, ਸਬਰ ਜਿਹਾ ਮੁੱਕ ਜਾਂਦਾ।
ਧੀ ਦੀ ਆਮਦ ਤੇ ਕਿਉਂ ਲੋਕੋ!
ਬਾਬਲ ਦਾ ਪੱਲਾ ਝੁਕ ਜਾਂਦਾ?

‘ਸਦਾ ਹੱਸਦੀ-ਵਸਦੀ ਰਹਿ ਧੀਏ,
ਤੈਨੂੰ ਸੋਹਣਾ-ਸੁਖੀ ਪਰਿਵਾਰ ਮਿਲੇ।
ਜਿਵੇਂ ਦੁੱਧ-ਮੱਖਣਾਂ ਨਾਲ ਪਾਲੀ ਮੈਂ,
ਸਹੁਰੇ ਘਰ ਵੀ ਇਹੀ ਦੁਲਾਰ ਮਿਲੇ।’
ਦੁਆਵਾਂ ਦਿੰਦੇ ਬਾਬਲ ਦਾ,
ਇਹ ਸੋਚਕੇ ਸਾਹ ਜਿਹਾ ਸੁੱਕ ਜਾਂਦਾ।
ਧੀ ਦੀ ਆਮਦ ਤੇ……..
ਵਿਹੜੇ ਵਿਚ ਮਹਿਕਣ ਫੁੱਲ ਬਣਕੇ,
ਧੀ ਹੱਸਦੀ ਤਾਂ ਰੱਬ ਹੱਸਦਾ ਹੈ।
ਦੁਨੀਆਂ ਤੇ ਵੰਸ਼ ਚਲਾਉਂਦੀਆਂ ਨੇ,
ਘਰ ਧੀਆਂ ਨਾਲ ਹੀ ਵਸਦਾ ਹੈ।
ਧੀਆਂ ਬਿਨ ‘ਪ੍ਰੀਤ’ ਇਹ ਦੁਨੀਆਂ ਦਾ,
ਸਭ ਤਾਣਾ-ਬਾਣਾ ਰੁਕ ਜਾਂਦਾ।
ਧੀ ਦੀ ਆਮਦ ਤੇ……..

-ਮਨਦੀਪ ਕੌਰ ਪ੍ਰੀਤ,

ਸ. ਐਲੀਮੈਂਟਰੀ ਸਕੂਲ, ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)

94650-01883

—————————————————————————————————-

” ਮੈਂ ਮੁਕਾ “

ਪਹਿਲਾਂ ਅਪਣੀ ਮੈਂ ਮੁਕਾ, ਫਿਰ ਤੂੰ ਰੱਬ ਨੂੰ ਢੂੰਡਣ ਜਾ
ਉਂਝ ਢੂੰਡਣ ਦੀ ਉਹਨੂੰ ਲੋੜ ਨਹੀਂ, ਆਪਣੇ ਚ ਵਿਸ਼ਵਾਸ ਜਗਾ
ਫਿਰ ਉਸਨੂੰ ਆਪਣੇ ਅੰਦਰ ਪਾ ….

ਉੱਚਿਆਂ ਤੇ ਨੀਵਿਆਂ ਦਾ, ਉਸ ਭੇਦ ਮਿਟਾਇਆ ਸੀ,
ਜਾਤ ਪਾਤ ਦੇ ਚੱਕਰਾਂ ਚੋਂ, ਜਗ ਮੁਕਤ ਕਰਾਇਆ ਸੀ,
ਐਵੇਂ ਨਾ ਜਾਤ ਦਾ ਰੌਲਾ ਪਾ, ਉਹਦੀ ਸਿੱਖਿਆ ਨੂੰ ਅਪਨਾ
ਫਿਰ ਤੂੰ ਰੱਬ…..

ਕੌਣ ਉਹਦੀ ਰੀਸ ਕਰੇਗਾ, ਉਹਦਾ ਰੁਤਬਾ ਕੌਣ ਤੋਲੇ,
ਰੱਬ ਸੀ ਉਹ ਭੇਸ ਬੰਦੇ ਚ, ਉਹਦੇ ਮੂੰਹ ਚੋਂ ਰੱਬ ਹੀ ਬੋਲੇ,
ਉਸ ਤੇਰਾ ਤੇਰਾ ਤੋਲਿਆ ਸੀ, ਤੂੰ ਵੀ ਤੇਰਾ ਤੇਰਾ ਗਾ….

ਤੇਰੇ ਨਾਮ ਨੂੰ ਬਾਬਾ ਜੀ, ਜਗ ਰੁਜ਼ਗਾਰ ਬਣਾਇਆ ਹੈ,
ਬਾਕੀ ਰਹਿ ਗਈ ਦੁਨੀਆਂ ਨੂੰ, ਇਸ ਹੰਕਾਰ ਫਸਾਇਆ ਹੈ
ਕਰ ਜਗ ਤੇ ਰਹਿਮਤ ਫੇਰ, ਇਕ ਵਾਰੀ ਫੇਰਾ ਪਾ ।…..

ਸਰੂਚੀ ਕੰਬੋਜ ਫਾਜ਼ਿਲਕਾ
Email – kamboj.saruchi@gmail.com

—————————————————————————————————-

ਚਾਹਤ

ਆਪਣੀ ਜਿੰਦਗੀ ਦੇ ਵਿਚ ਮੈਨੂੰ ਬਹੁਤ ਚਾਹਿਆ ਸੀ ਉਸ ਨੇ ,
ਆਪਣੀ ਬਣਾਉਣ ਦਾ ਮੈਨੂੰ ਸੁਪਨਾ ਸਜਾਇਆ ਸੀ ਉਸ ਨੇ,
ਕਿਤੇ ਕੱਲਿਆਂ ਨਾ ਛੱਡ ਕੇ ਤੁਰ ਜਾਏ ਉਹ ਮੈਨੂੰ
ਇਸ ਡਰ ਤੋਂ ਉਸਨੂੰ ਮੈਂ ਆਪਣੀ ਜਿੰਦਗੀ ਚ ਆਉਣ ਨਾ ਦਿੱਤਾ ।…

ਇਹ ਦਿਲ ਬਹੁਤ ਨਾਦਾਨੀ ਤੇ ਨਾਸਮਝੀ ਵਿੱਚ ਫੈਸਲੇ ਕਰਦਾ,
ਇਸ ਲਈ ਦਿਲ ਦਾ ਹਰ ਫੈਸਲਾ ਮੈਂ ਆਪਣੇ ਦਿਮਾਗ ਨਾ’ ਕੀਤਾ ।

ਇਹਨਾਂ ਚਾਰ ਦਿਨਾਂ ਦੀ ਯਾਰੀ ਤੋਂ ਬਾਪੂ ਦੀ ਇੱਜਤ ਪਿਆਰੀ ਸੀ,
ਤਾਂ ਹੀ ਮੈਂ ਆਪਣੀ ਖੁਸ਼ੀ ਤੋਂ ਵੱਧ ਮਾਪਿਆਂ ਦੀ ਖੁਸ਼ੀ ਦਾ ਸਦਕਾ ਕੀਤਾ ।

ਭਲੇ ਹੀ ਉਸਦੀ ਪਾਕ ਮੁਹੱਬਤ ਨੇ ਮੇਰੇ ਦਿਲ ਵਿਚ ਜਗਾ ਬਣਾ ਲਈ,
ਪਰ ਝੂਠੀ ਬੇਰੁਖੀ ਵਿਖਾ ਕੇ ਮੈਂ ਉਸਨੂੰ ਜਿੰਦਗੀ ਚ ਆਉਣ ਨਾ ਦਿੱਤਾ ।

ਮੈਂ ਤਾਂ ਸੁਪਨੇ ਵਿੱਚ ਵੀ ਉਸਨੂੰ ਠੁਕਰਾ ਕੇ ਆ ਗਈ ਸੀ,
ਉਸ ਫਿਰ ਵੀ ਮੇਰੇ ਤੋਂ ਅਪਨਾ ਮਨ ਜਰਾ ਵੀ ਨਾ ਭੈੜਾ ਕੀਤਾ

ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਕਦੇ ਬੇਵਫਾ ਕਹਿ ਕੇ ਬੁਲਾਉਂਦੀ ,
ਬਣਾ ਕੇ ਖੁਦ ਨੂੰ ਬੇਵਫਾ ਉਸ ਮੈਨੂੰ ਬੇਵਫਾ ਕਹਿਣ ਦਾ ਮੌਕਾ ਨਾ ਦਿੱਤਾ

ਨਾ ਜਾਣੇ ਕਿਉਂ ਫਿਰ ਵੀ ਮੈਂ ਜਿੰਦਗੀ ਭਰ ਪਛਤਾਉਂਦੀ ਰਹੀ,
ਕਿ ਆਖਿਰ ਕਿਉਂ ਮੈਂ ਉਸਨੂੰ ਜਿੰਦਗੀ ਚ ਆਉਣ ਨਾ ਦਿੱਤਾ।..

ਉਹ ਸ਼ਾਇਦ ਹੀ ਕਦੇ ਮਿਲੇ ਨਾ ਮਿਲੇ ਨਜ਼ਰ ਮਿਲਾਵੇ ਨਾ ਮਿਲਾਵੇ,
ਪਰ ਇਹ ਨਾ ਕਹੇ ਕਿ ਮੈਂ ਉਸਨੂੰ ਜਿੰਦਗੀ ਚ ਧੋਖਾ ਦਿੱਤਾ ।…

ਉਹ ਤੇ ਅਜ ਵੀ ਮੈਨੂੰ ਪਾਉਣ ਲਈ ਜੱਗ ਨਾਲ ਲੜ ਜਾਵੇਗਾ,
ਪਰ ਮੈਂ ਹੀ ਉਸਨੂੰ ਅਪਣਾ ਬਣਾਉਣ ਤੋਂ ਕਰ ਹੈ ਮਨਾ ਦਿੱਤਾ ।…

ਦੂਰ ਖੜੀ ਤਮਾਸ਼ਾ ਵੇਖਦੀ ਰਹੀ ਆਪਣੀ ਖੁਸ਼ੀਆਂ ਲੁੱਟ ਜਾਣ ਦਾ,
ਸਾਹਮਣੇ ਆਪਣੇ ਉਸਨੂੰ ਸਰੂਚੀ ਮੈਂ ਅੱਜ ਕਿਸੇ ਹੋਰ ਦਾ ਹੋ ਜਾਣ ਦਿੱਤਾ…

-ਸਰੂਚੀ ਕੰਬੋਜ ਫਾਜ਼ਿਲਕਾ

—————————————————————————————————-
(ਕਵਿਤਾ)

ਰੱਬਾ

Anuradhaਰੱਬਾ ਜਦੋਂ ਇਕ ਤਾਰਾ ਟੁੱਟਦਾ,
ਤਾਂ ਮਨ ਬਹੁਤ ਖੁਸ਼ ਹੁੰਦਾ।

ਰੱਬਾ ਜਦੋਂ ਇਕ ਦਿਨ ਦਿਲ ਟੁੱਟਿਆ,
ਤਾਂ ਪਤਾ ਲੱਗਿਆ ਟੁੱਟੇ ਦਾ ਦਰਦ ਕੀ ਹੁੰਦਾ।

ਰੱਬਾ ਜਦੋਂ ਔਖਾ ਵੇਲਾ ਆਇਆ,
ਤਾਂ ਸਭ ਪਾਸਾ ਵੱੱਟ ਗਏ।

ਜਦ ਇਕ ਦਿਨ ਆਇਆ ਹਨ੍ਹੇਰਾ ਹੱਟਿਆ,
ਤਾਂ ਸਭ ਸਾਡੇ ਵਿਹੜੇ ਭੱਜ ਪਏ।

ਉਦੋਂ ਇੱਕਲੇ ਖੜੇ ਸੀ,
ਜਦੋਂ ਮੁਸੀਬਤਾਂ ਨਾਲ ਲੜੇ ਸੀ।

ਉਹਨਾਂ ਵਿੱਚੋਂ ਕੋਈ ਨਾ ਆਇਆ,
ਜਿਹੜੇ ਖੁਸ਼ੀਆਂ ਵਿੱਚ ਨਾਲ ਸਾਡੇ ਖੜੇ ਸੀ।

ਅੱਜ ਰੌਂਦੇ ਐ ਸਭ ਸਾਨੂੰ ਖੁਸ਼ ਵੇਖ ਕੇ,
ਜਿਹੜੇ ਸਾਨੂੰ ਰਵਾਉਣ ਲਈ ਅੱਗੇ ਖੜ੍ਹੇ ਸੀ।

ਕਰਦੇ ਹਾਂ ਸ਼ੁਕਰੀਆ ਰੱਬਾਂ ਉਹਨਾਂ ਦਾ,
ਹਰ ਮੁਸੀਬਤ ਵੇਲੇ ਸਾਡੀ ਬਾਂਹ ਫੜ੍ਹ ਖੜੇ ਸੀ।

ਸਮਝ ਨਾ ਸਕੇ, ਜੋ ਕਰਦੇ ਰਹੇ ਵਾਰ ਸਾਡੇ ‘ਤੇ,
ਅਸੀਂ ਰੱਬ ਨੂੰ ਛੱਡ ਉਹਨਾਂ ਨਾਲ ਹੀ ਖੜ੍ਹੇ ਸੀ।

-ਅਨੁਰਾਧਾ
ਸੋਹਣਾ ਸਾਂਦੜ, ਜਲਾਲਾਬਾਦ – 152 024
Mob. 98034-15980
E-mail: annu2945@gmail.com

—————————————————————————————————-
ਕਰੇਗਾ ਉਹ ਦਾਤਾ ਕਰਮ ਹੌਲੀ ਹੌਲੀ,
ਮਿਟ ਜਾਣਗੇ ਸਾਰੇ ਗਮ ਹੌਲੀ ਹੌਲੀ ।…
ਜਿਆਦਾ ਸੁਣੋ ਤੇ ਥੋੜ੍ਹਾ ਘੱਟ ਬੋਲੋ,
ਬਾਣੀ ਚ ਆਪਣੀ ਅਮ੍ਰਿਤ ਰਸ ਘੋਲੋ,
ਬਿਗੜੇ ਬਣਨਗੇ ਫਿਰ ਕੰਮ ਹੌਲੀ ਹੌਲੀ ।…
ਮੰਨਿਆ ਇਹ ਤੇਰੀ ਮੰਜਲ ਕਠਿਨ ਹੈ
ਹਿੰਮਤ ਨਾ ਹਾਰੀ ਜੇ ਤੇਰੀ ਸੱਚੀ ਲਗਨ ਹੈ,
ਫਿਰ ਮੰਜਲ ਚੁੰਮੇਗੀ ਤੇਰੇ ਕਦਮ ਹੌਲੀ ਹੌਲੀ ।..
ਡੱਬਿਆਂ ਨੂੰ ਉਹੀ ਇੱਥੇ ਤਾਰਦਾ ਹੈ,
ਡਿੱਗੀਆਂ ਨੂੰ ਉਹੀ ਜਗ ਤੇ ਸਹਾਰਦਾ ਹੈ,
ਤੂੰ ਵੀ ਪਾਉਣ ਦਾ ਸਿੱਖ ਉਹਨੂੰ ਫਨ ਹੌਲੀ ਹੌਲੀ
ਮਿਲਣੇ ਦੀ ਤੈਨੂੰ ਮੇਰੀ ਰੀਝ ਹੈ ਬਥੇਰੀ,
ਪੂਰੀ ਕਰੇਗਾ ਕਦ ਜੋ ਮੁਰੀਦ ਹੈ ਮੇਰੀ,
ਗਾਵਾਂ ਮੈਂ ਬਾਣੀ ਹੋ ਮਗਨ ਹੌਲੀ ਹੌਲੀ ।….
                                   -ਸਰੂਚੀ ਕੰਬੋਜ ਫਾਜ਼ਿਲਕਾ

—————————————————————————————————-

ਔਰਤ

Pritam Ludhianvyਔਰਤ ਦੇ ਅੰਦਰ ਉਛਲਦੇ, ‘ਜਜਬਾਤ’ ਹੁੰਦੇ ਨੇ।
ਲੱਖ ਪੀੜਾ ਦਿਲ ‘ਚ ਲਕੋ-ਕੇ,
ਉਹਦੇ ਬੁੱਲ•ਾਂ ‘ਤੇ ਚਾਰ ਲਫਜ, ‘ਸ਼ੁੱਭ ਰਾਤ’ ਹੁੰਦੇ ਨੇ।
ਇੱਜਤ ਸਾਂਭਦੀ ਤੁਰ ਜਾਦੀ ਉਹ ਦੁਨੀਆਂ ਤੋਂ,
ਨੀਵੀਂ ਪਾ ਕੇ ਜੇ ਹੱਸ ਲਵੇ ਮੂਹਰੇ ਕਿਸੇ ਦੇ-
ਹਰ ਮਰਦ ਦੇ ਮੂੰਹੋਂ ਨਿਕਲੇ ਬੋਲ, ‘ਕਮਜਾਤ’ ਹੁੰਦੇ ਨੇ।

ਲੀਰਾਂ ਪਾ ਕੇ ਵੀ ਗਲ, ਉਹ ਸਿਰ ਕੱਜਦੀ,
ਟੋਭੇ ਦੀ ਮਿੱਟੀ ਵਾਲੀ ਸਬਾਤ ਤੋਂ ਮਾੜੇ-
ਉਸ ਦੇ ਆਪਣੇ ਘਰ ਦੇ, ‘ਹਾਲਾਤ’ ਹੁੰਦੇ ਨੇ।

ਪੇਕੇ ਕਾਹਲੇ ਹੁੰਦੇ, ਧੀ ਆਪਣੇ ਘਰ ਤੁਰ ਜਏ,
ਸਹੁਰੇ ਕਾਹਲੇ, ਨੂੰਹ ਸਿਵਿਆਂ ਦੇ ਰਾਹ ਪੈ ਜਏ-
‘ਰੰਧਾਵਾ’ ਔਰਤ ਨੂੰ ਕਿਉਂ ਤਸੀਹੇ ‘ਹਰ-ਬਾਤ’ ਹੁੰਦੇ ਨੇ।

-ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ, ਬਟਾਲਾ
96468-52416

—————————————————————————————————-

ਗੀਤ

ਕੱਚੀ ਉਮਰ ਦੇ ਪੱਕੇ ਰਿਸ਼ਤੇ

KAMALJIT_KOMALਕੱਚੀ ਉਮਰ ਦੇ ਪੱਕੇ ਰਿਸ਼ਤੇ, ਪੱਥਰ ਜਿਹੇ ਅਰਮਾਨ,

ਪਰ, ਮੇਰੇ ਨਾ ਮਹਿਲ-ਮਾੜੀਆਂ, ਢੱਠੇ ਪਏ ਮਕਾਨ।

ਨਾ ਮੇਰੇ ਕੋਲ ਦੌਲਤ-ਸ਼ੁਹਰਤ, ਨਾ ਹੀ ਕੋਈ ਜਾਇਦਾਦਾਂ।

ਅਸੀਂ ਤਾਂ ਰੱਬ ਤੋਂ ਨਿੱਤ ਹੀ ਮੰਗੀਆਂ, ਸੁੱਖਾਂ ਦੀਆਂ ਫਰਿਆਦਾਂ।

ਸੱਚ ਜਾਣੋ ਨਹੀਂਓਂ ਚੰਗੀ ਲੱਗਦੀ, ਝੂਠੀ ਜਿਹੀ ਮੈਨੂੰ ਸ਼ਾਨ,

ਕੱਚੀ ਉਮਰ ਦੇ………..

ਪੈਰ-ਪੈਰ ਤੇ ਠਗੀਆਂ ਇੱਥੇ, ਪੈਰ-ਪੈਰ ਤੇ ਹੀ ਥੋਖੇ।

ਜਿਸਮ-ਵਪਾਰੀ ਲੱਭਦੇ ਰਹਿੰਦੇ, ਬਸ ਲੁੱਟਣ ਦੇ ਮੌਕੇ।

ਇੱਜਤਾਂ ਦੀ ਸ਼ਰੇਆਮ ਨਿਲਾਮੀ, ਦੇਖਣ ਲਾਭ ਨਾ ਹਾਨ,

ਕੱਚੀ ਉਮਰ ਦੇ………..

ਧੋਖੇਬਾਜਾਂ ਕਰ ਕੇ ਹੀ ਬਦਨਾਮ ਇਸ਼ਕ ਅੱਜ ਹੋਇਆ।

ਹਰ ਮੋੜ ਤੇ ‘ਹੀਰ’ ਖਲੋਤੀ, ‘ਰਾਂਝਾ’ ਚੌਂਕ ਖਲੋਇਆ।

ਬਿਨ ‘ਕੋਮਲ’ ਸਾਡੀ ਨਗਰੀ ਸੁੰਨੀ, ‘ਕਮਲਜੀਤ’ ਜਿੰਦ-ਜਾਨ,

ਕੱਚੀ ਉਮਰ ਦੇ………..

-ਮਿਸ ਕਮਲਜੀਤ ਕੌਰ ਕੋਮਲ,

ਪਿੰਡ ਤੇ ਡਾ: ਸਿਰੀ ਹਰਿਗੋਵਿੰਦਪੁਰ,

ਤਹਿ: ਬਟਾਲਾ (ਗੁਰਦਾਸਪੁਰ)

81959-25110

—————————————————————————————————-

ਚੰਦਨ ਵਰਗੀ

Pritam Ludhianvyਕਾਇਆ ਤੱਕ ਕੇ ਚਮਕਦੀ, ਚੰਦਨ ਵਰਗੀ,
ਵੈਰੀ ਦਲਾਲਾਂ ਨੂੰ ਸ਼ਰਾਬ ਜਿਹਾ ਸਰੂਰ ਹੋ ਗਿਆ।
ਭੁੱਲ ਗਿਆ ਉਹ ਕਨੂੰਨ ਅਸੂਲ ਸਭੇ,
ਮਸਤੀ ਮਾਇਆ ਦੀ ਵਿਚ ਭਰਪੂਰ ਹੋ ਗਿਆ।

ਧੀ ਉਹ ਲਾਡਲੀ ਕਿਸੇ ਗਰੀਬ ਦੀ ਸੀ,
ਰੋਲੇ ਗਰੀਬੀ ਦੇ, ਬਦ-ਨਸੀਬ ਦੀ ਸੀ।
ਤੱਕ ਮਜਬੂਰੀ ਓਸ ਲਾਚਾਰੜੀ ਦੀ,
ਪੈਸੇ ਵਾਲਿਆਂ ਨੂੰ ਡਾਹਢਾ ਗਰੂਰ ਹੋ ਗਿਆ।
ਕਾਇਆ ਤੱਕ ਕੇ…..

ਲੀਰਾਂ ਗੰਢ-ਗੰੰਢ ਕੱਜਿਆ ਸੀ ਤਨ ਉਸਨੇ।
ਸੰਭਾਲ ਰੱਖਿਆ ਸੀ, ਇੱਜਤ ਦਾ ਧੰਨ ਉਸਨੇ।
ਮਾਇਆਧਾਰੀ ਦੇ ਹੌਸਲੇ ਬੁਲੰਦ ਹੋ ਗਏ,
ਡਰ-ਡੁੱਕਰ ਦਿਲੋਂ ਨਿਕਲ ਫਤੂਰ ਹੋ ਗਿਆ।
ਕਾਇਆ ਤੱਕ ਕੇ…..

ਸੌੜੀ ਸੋਚ ਸਾਡੇ ਚੰਦਰੇ ਜਿਹੇ ਸਮਾਜ ਦੀ।
ਜਿੱਥੇ ਕੀਮਤ ਨਾ, ਗਰੀਬ ਦੀ ਅਵਾਜ ਦੀ।
ਦੱਥੀ ਨੋਟ ਦੇ ਕੇ, ਹੈਵਾਨ ਬੇ-ਕਸੂਰ ਹੋ ਗਿਆ।
ਕਾਇਆ ਤੱਕ ਕੇ…..

ਚੰਦਨ ਤਨ, ਝੱਟ ਮਿੱਟੀ ਜਿਹਾ ਹੋ ਗਿਆ।
ਅੱਖਾਂ ਮੀਚ-ਮੀਚ, ਫੁਟ-ਫੁਟ ਰੋ ਪਿਆ।
‘ਰੰਧਾਵਾ’ ਹਰ ਫੱਟ ਓਸਦਾ ਨਸੂਰ ਹੋ ਗਿਆ।
ਕਾਇਆ ਤੱਕ ਕੇ…..

– ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ, ਬਟਾਲਾ
96468-52416

—————————————————————————————————-

“ਰੰਗ ਲੱਗ ਜਾਵਣਗੇ”

ਤੂੰ ਸ਼ੁਕਰ ਮਨਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ,
ਦਰ ਦਾਤਾ ਦੇ ਜਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਆਪਾ ਅਰਪਣ ਕਰ ਦੇ ਤੂੰ, ਕਿਉਂ ਹਊਮੈ ਚ ਸੜਦਾ ਹੈ ਤੂੰ,
ਚੌਂਕੀ ਦਰ ਦੀ ਭਰ ਲੈ ਤੂੰ, ਤੈਨੂੰ ਰੰਗ ਲੱਗ ਜਾਵਣਗੇ ।
ਦਿੰਦਾ ਰੂਹ ਨੂੰ ਠੰਡਕ ਆ, ਸੋਹਣਾ ਨਾ ਹੈ ਨਾਨਕ ਦਾ,
ਵਾਰੋ ਵਾਰ ਧਿਆਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਦਾਤਾ ਦੇ ਲੰਗਰ ਵਿੱਚ ਤੇ , ਰਹਿਮਤ ਹੀ ਰਹਿਮਤ ਹੈ,
ਰੱਜ ਰੱਜ ਕੇ ਤੂੰ ਖਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਸਰਬੰਸ ਨੂੰ ਵਾਰਿਆ ਸੀ, ਉਸ ਜਗ ਨੂੰ ਤਾਰਿਆ ਸੀ,
ਨਾਹਰਾ ਫਤਿਹ ਦਾ ਲਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਤੇਰਾ ਫਾਇਦਾ ਗੱਲ ਮੰਨ ਲੈ, ਦਿਲ ਰੰਗ ਵਿੱਚ ਉਹਦੇ ਰੰਗ ਲੈ,
ਗੀਤ ਦਾਤਾ ਦੇ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਕਿਉਂ ਦੌਲਤ ਲਈ ਲੜਦਾ ਹੈ, ਕਿਉਂ ਮੇਰੀ ਮੇਰੀ ਕਰਦਾ ਹੈ,
ਤੇਰਾ ਤੇਰਾ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।

ਸੁੱਚੀ ਕੰਬੋਜ ਫਾਜ਼ਿਲਕਾ
ਈਮੇਲ-suchie.camboz@gmail.com

—————————————————————————————————-

ਬਾਬਾ  ਅਜੇ ਬੋਲਿਆ ਨੀ

Jas Purain 20160516_213248ਕਿਉਂ ਉਡੀਕ ਕਰਦਾ ਹੈ ਯਾਰ ।
ਸਮੇ  ਨੇ ਖੜਨਾ ਨੀ ਸਿਖਿਆ
ਚਲ ਉਠ ਮੰਜਲਾਂ ਮਾਰ ।
ਅਣਚਾਹੇ ਪ੍ਰਾਹੁਣੇ ਵਾਂਗ ਜੀ ਲਾਈ ਬੈਠੀ ਆਲਸ
ਵਗਾਹ ਕੇ ਮਾਰ ।
ਕਿਉਂ ਉਡੀਕ ਕਰਦਾ ਹੈ ਯਾਰ।
ਕਿ ਆਕੇ ਕੋਈ ਜਗਾਵੈ ਤੈਨੂੰ
ਫੜ ਕੇ ਰਸਤੇ ਪਾਵੈ ਤੈਨੂੰ
ਤੁਰਨ ਲਈ ਤੈਨੂੰ ਕਰੇ ਤਿਆਰ ।
ਕਿਉਂ ਉਡੀਕ ਕਰਦਾ ਹੈ ਯਾਰ ।

ਕਿਸੇ ਕੋਲ ਵੇਹਲ ਨੀ ਏਨੀ

ਕੇ ਤੇਰੇ ਹਿੱਸੇ ਦਾ ਬੋਝ ਕੋਈ ਹੋਰ ੳਠਾਵੈ।
ਕੇ ਤੇਰੇ ਗਮ ਕੋਈ ਹੋਰ ਲੈ ਜਾਵੇ
ਤੇਰਾ ਹਨੇਰਾ ਦੂਰ ਹੋ ਜਾਵੇ
ਤਾਂ  ਚਲ ਉਠ ਕੋਈ ਦੀਵਾ ਬਾਲ ।
ਕਿਉਂ ਉਡੀਕ ਕਰਦਾ ਹੈ ਯਾਰ

ਕਦੋਂ ਤੱਕ ਆਸ ਪਰਾਈ ਰੱਖੇਗਾ
ਆਤਮ ਬਲ ਨੂੰ ਢਾਹੀ ਰੱਖੇਗਾ
ਚਿੱਤ ਨੂੰ ਝੋਰਾ ਲਾਈ ਰੱਖੇਗਾ
ਧੁੰਦਲੇ ਰਸਤੇ ਦੇਹਿ ਨਿਖਾਰ ।

ਕਿਉਂ ਉਡੀਕ ਕਰਦਾ ਹੈ ਯਾਰ ।

ਨਾਮਸੌਤ ‘ਅਜੇ ਦੂਰ ਨੇ ਸ਼ਾਮਾ
ਹਿੰਮਤ ਦੇ ਨਾਲ ਪੁੱਟ ਪੁਲਾਂਘਾਂ
ਆਪਣੇ ਮਨ ਦਾ ਸਾਥੀ ਬਣਜਾ
ਆਸ ਪਰਾਈ ਠੋਕਰ ਮਾਰ
ਕਿਉਂ ਉਡੀਕ ਕਰਦਾ ਹੈ ਯਾਰ ।

        ਜਸਵੀਰ ਪੁੜੈਣ ।

—————————————————————————————————-

ਗ਼ਜ਼ਲ

securedownloadਯਾਦਾਂ ਦੀ ਪਟਾਰੀ ਖੋਲੀ੍ਹ ਅਸਾਂ ਬੜੇ ਹੀ ਚਾਵਾਂ ਨਾਲ,
ਲੱਥ-ਪੱਥ ਹੋਈ ਦਿੱਸੀ ਕੀਤੇ ਹੋਏ ਗੁਨਾਹਾਂ ਨਾਲ।

ਬੁੱਢੇ ਮਾਂ-ਪਿਉ ਨੂੰ ਪੁੱਤ ਪਿੰਡ ਵਿੱਚ ਹੀ ਛੱਡ ਗਿਐ,
ਰਬ ਤੋ ਜਿਸ ਨੂੰ ਮੰਗਿਆ ਅਣਮੁੱਲੇ ਚਾਵਾਂ ਨਾਲ।

ਉੱਸਲ-ਵੱਟੇ ਲੈਦੀਆਂ ਰਹੀਆਂ ਕੁੱਕੜ- ਖੰਭੀਆਂ,
ਮਾਰ ਦੁਹੱਥੜਾਂ ਰੋਈਆਂ ਦਿਨ ਰਾਤ ਧਾਹਾਂ ਨਾਲ।

ਕਿੱਕਰ ਫ਼ੁੱਲੀ ਝ੍ਹੂਟੇ ਲੈਣ ਟਾਹਣੀਆਂ ਮਸਤੀ ਨਾਲ,
ਭਿੰਨੀ-ਭਿੰਨੀ ਦੇਣ ਖ਼ੁਸ਼ਬੋਆਂ ਚਲਦੀਆਂ ‘ਵਾਵਾਂ ਨਾਲ।

ਬੇ-ਨਾਮੀ ਚਿੱਠੀ ਵਾਂਗੂੰ ਸ਼ਹਿਰਾਂ ਵਿੱਚ ਗੁੰਮ ਗਏ ਹਾਂ,
ਫਿਰ ਵੀ ਚੇਤੇ ਆਉਦੇ ਨੇ ਦਿਨ ਗੁਜਾਰੇ ਮਾਵਾਂ ਨਾਲ।

ਅੱਧੀ ਉਮਰ ਵਿਹਾਜੀ ਦੇ ਵਿੱਚ ਛੱਡ ਗਈ ਨਾਰ,
ਜਿਹੜੀ ਵਿਆਹ ਕੇ ਲਿਆਇਆ ਸੀ ਚੰਦੂ ਚਾਵਾਂ ਨਾਲ।

ਆਪਣਿਆਂ ਵਿੱਚ ‘ਘੇਸਲ’ ਜੇਕਰ ਲੀਕਾਂ ਪੈਦੀਆਂ ਨੇ,
ਤਾਂ ਵੀ ਲੱਗਣ ਗਲੀਵੇ ਸੋਹਣੇ ਭੱਜੀਆਂ ਬਾਹਵਾਂ ਨਾਲ।

ਕਸ਼ਮੀਰ ਘੇਸਲ

905/ 43 ਏ, ਚੰਡੀਗੜ੍ਹ ।

Mob. 94636 56047

—————————————————————————————————-

Mandeep gillਗੀਤ

ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜੀਆਂ !!
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ

ਕੋਈ ਨਾ ਇਨ੍ਹਾਂ ਦੇ ਗੁਣ ਵੇਖੇ ,
ਸਭ ਵੇਖਦੇ ਨੇ ਦਾਜ ਨੂੰ I
ਪਤਾ ਨਹੀਂ ਕੀ ਹੋ ਗਿਆ ਹੈ ,
ਚੰਦਰੇ ਇਸ ਸਮਾਜ  ਨੂੰ I
ਦਾਜ ਦੇ ਲੋਭੀ ਇਥੇ ਸਾੜ੍ਹ ਦੇ ਨੇ ਲਾੜ੍ਹੀਆ I
ਧੀਆਂ ਨੂੰ ਲੋਕੀ ਕਹਿੰਦੇ …

ਪੁਤ ਜੰਮਣ ਤੇ ਲੋਕੀ ਲੱਡੂ ਵੰਡਣ ,
ਪਰ ਧੀ ਜੰਮਣ ਤੇ ਰੋਂਦੇ ਨੇ I
ਕੁਝ ਤਾਂ ਜੰਮਣ ਤੋਂ  ਪਹਿਲਾ ਹੀ,
ਕੁੱਖਾਂ ‘ਚ ਮਾਰ ਮਕਾਉਂਦੇ ਨੇ ।
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ I
ਧੀਆਂ ਨੂੰ ਲੋਕੀ ਕਹਿੰਦੇ …..

ਮਨਦੀਪ ਗੱਲ ਨਾ ਸਮਝਣ ਲੋਕੀ ,
ਔਰਤ ਬਿਨ ਦੁਨੀਆਂ ਅਧੂਰੀ ਏ I
ਪਛਤਾਉਣਗੇ ਲੋਕੀ ਇੱਕ ਦਿਨ,
ਜਦੋਂ ਹੋਣੀ ਇਹ ਗੱਲ ਪੂਰੀ ਏ ।
ਪੁਸਤਾਂ ਚਲਾਉਦੀਆਂ ਨੇ ਆਖਿਰ ਇਹੋ ਨਾਰੀਆਂ I
ਧੀਆਂ ਨੂੰ  ਲੋਕੀ ਕਹਿੰਦੇ  ਐ ਨੇ ਕਰਮਾਂ ਮਾਰੀਆਂ !

ਮਨਦੀਪ ਗਿੱਲ ਧੜਾਕ
ਪਿੰਡ ਧੜਾਕ ਕਲਾਂ
99881-11134

ਓਹ ਪੰਜਾਬ

ਜਿਹੜਾ ਮਹਿਕਦਾ ਸੀ ਵਾਂਗਰ ਗੁਲਾਬ ਦੋਸਤੋ।
ਹੁਣ ਨਾ ਰਿਹਾ ਪੰਜਾਬ , ਓਹ ਪੰਜਾਬ ਦੋਸਤੋ।

ਨਾ ਦਿਖਦੇ ਨੇ ਰਿਵਾਜ਼, ਨਾ ਉਹ ਭਾਈਚਾਰਾ ,
ਜੋ ਹੁਣ ਪੜ੍ਹਦੇ ਹਾਂ  ਵਿਚ ਕਿਤਾਬ  ਦੋਸਤੋ ।

ਪਿੱਪਲ,ਬਰੋਟੇ,ਟਾਹਲੀ ਦਿਖਦੇ ਟਾਂਵੇ- ਟਾਂਵੇ ,
ਛਾਂ ਜਿਹਨਾਂ ਦੀ ਹੁੰਦੀ ਸੀ ਬੇਹਿਸਾਬ ਦੋਸਤੋ।

ਗੱਲ ਕਰਾਂ ਮੈ ਕਿਹੜੇ- ਕਿਹੜੇ ਨਸ਼ਿਆਂ ਦੀ ,
ਇੱਥੇ ਪਾਣੀ ਵਾਂਗੂ ਵਰਤੇ ਹੁਣ ਸ਼ਰਾਬ ਦੋਸਤੋ।

ਕੀ ਪਾਇਆ ਹੈ ਤੇ ਕੀ – ਕੀ  ਗੁਆ ਲਿਆ ਏ ?
ਬਣ ਕੇ ਮਾਡਰਨ ਲਾਓ ਜਰਾ ਹਿਸਾਬ ਦੋਸਤੋ।

ਰਣਜੀਤ ਸਿੰਘ ਜਿਹਾ ਰਾਜ ਨਹੀਓ ਲਭਣਾ ਕਿਤੇ,
ਇੱਥੇ ਵਿਕਦੇ ਨੇ ਛੋਟੇ – ਵੱਡੇ ਸਾਬ੍ਹ ਦੋਸਤੋ ।

ਰੁਲਦੀ ਕਿਰਸਾਨੀ, ਹੋਏ ਨਸ਼ੇੜੀ ਬੇਰੁਜ਼ਗਾਰ ,
ਗਿੱਲ, ਹਾਕਮਾਂ ਤੋਂ ਮੰਗੇ  ਕੋਈ ਜਵਾਬ ਦੋਸਤੋ I

ਮਨਦੀਪ ਗਿੱਲ ਧੜਾਕ
ਪਿੰਡ ਧੜਾਕ ਕਲਾਂ
99881-11134

—————————————————————————————————-

ਮਿੱਟੀ ਦੀ ਢੇਰੀ…

ਮਿੱਟੀ ਨਾ ਮਿੱਟੀ ਹੋਣ ਵਾਲਾ,
ਅੱਜ ਕਿਉਂ ਮਿੱਟੀ ਦੀ ਢੇਰੀ ਹੋ ਚੱਲਿਆ।
ਮੂੰਹ ਹਨੇਰੀਆਂ ਰਾਤਾਂ ਨੂੰ ਟੋਹਣ ਵਾਲਾ,
ਅੱਜ ਕਿਉਂ ਦਿਨ ਦੀਵੀ ਹੀ ਖੋਹ ਚੱਲਿਆ।
ਬਲਦਾਂ ਦੀਆਂ ਟੱਲੀਆਂ ਨਾ ਕਾਇਨਾਤ ਜਗਾਉਣ ਵਾਲਾ,
ਅੱਜ ਕਿਉਂ ਸਦਾ ਦੀ ਨੀਂਦਰ ਸੌਂ ਚੱਲਿਆ।
ਜਿਸ ਦੇ ਦਰ ਆਇਆ ਖਾਲੀ ਕੋਈ ਨਾ ਮੁੜਦਾ ਸੀ,
ਅੱਜ ਕਿਉਂ ਉਹ ਸਦਾ ਲਈ ਬੂਹਾ ਢੋਅ ਚੱਲਿਆ।
ਜੋ ਮਾਰ ਦਮਾਮੇ ਮੇਲਿਆਂ ਦੇ ਵਿਚ ਆਉਂਦਾ ਸੀ,
ਅੱਜ ਕਿਉਂ ਉਹ ਰਾਹ ਸਿਵਿਆਂ ਦੇ ਪੈ ਚੱਲਿਆ।
ਜਿਸ ਵਿਚੋਂ ਦਿਸਦੀਆਂ ਤਸਵੀਰਾਂ ਤੇ ਤਕਦੀਰਾਂ ਸੀ,
ਅੱਜ ਕਿਉਂ ਉਹ ਪੰਜ ਆਬਾਂ ਦਾ ਪਾਣੀ ਰੱਤਾ ਹੋ ਚੱਲਿਆ।
ਜਿਸ ਨੇ ਦੇਸ਼ ਗਲੋਂ ਲਾਹਿਆ ਗੁਲਾਮੀ ਦੇ ਫੰਦਿਆਂ ਨੂੰ,
‘ਬਰਾੜ’ ਅੱਜ ਕਿਉਂ ਉਹ ਫੰਦਾ ਉਹਦੇ ਗਲ ਪੈ ਚੱਲਿਆ।

-ਗੁਰਤੇਜ ਬਰਾੜ,
ਵੀ.ਪੀ.ਓ. ਲੰਗੇਆਣਾ ਨਵਾਂ
98144-71571

ਦਿਲਦਾਰ ਮੇਰਾ

ਜਨਮ ਜਨਮ ਦੀ ਪਿਆਸ ਮੇਰੀ, ਓਹੀ ਆਣ ਬੁਝਾਵੇਗਾ।
ਦਿਲ ਦੇ ਰਿਸਦੇ ਜ਼ਖਮਾਂ ਤੇ, ਉਹੀ ਮਲਮ ਲਗਾਵੇਗਾ।
ਬੜੇ ਚਿਰਾਂ ਤੋਂ ਹੈ, ਮੈਨੂੰ ਉਡੀਕ ਸੱਜਣ ਦੀ,
ਪਤਾ ਨਹੀਂ ਕਦ, ਆ ਕੇ ਗਲੇ ਲਗਾਵੇਗਾ।
ਵਾਵਰੋਲੇ ਵਾਂਗ, ਪਿਆਰ ਮੇਰਾ ਘੁੰਮਣਘੇਰੀ,
ਪਤਾ ਨਹੀਂ, ਕੀ ਕੀ ਨਾਲ ਉਡਾ ਲੈ ਜਾਵੇਗਾ।
ਟੁੱਟਦੇ ਤਾਰੇ ਨੂੰ ਵੇਖ, ਮੰਗਾਂ ਮੈਂ ਦੀਦਾਰ ਸੱਜਣ ਦਾ,
ਫਿਰ ਸੋਚਾਂ ਜੋ ਆਪ ਟੁੱਟ ਗਿਆ,
ਸੱਜਣ ਕਿਵੇਂ ਮਿਲਾਵੇਗਾ।
ਟਟਿਆਣੇ ਵਾਂਗ, ਆਸਾਂ ਦੀ ਲੋਅ ਜਗਦੀ ਬੁਝਦੀ ਏ,
ਪੁੰਨਿਆਂ ਦਾ ਚੰਨ ਬਣ, ਦਿਲਦਾਰ ਕਦੋਂ ਰੁਸ਼ਨਾਵੇਗਾ।
ਕੂਕ ਪਪੀਹੇ ਵਾਲੀ, ‘ਬਰਾੜ’ ਦੇ ਧੁਰ ਅੰਦਰੋਂ ਉਠਦੀ ਏ,
ਬੂੰਦ ਸਵਾਤੀ ਬਣ, ਦਿਲਦਾਰ ਮੇਰਾ ਕਦ ਆਵੇਗਾ।

-ਗੁਰਤੇਜ ਬਰਾੜ
ਵੀ.ਪੀ.ਓ. ਲੰਗੇਆਣਾ ਨਵਾਂ,
98144-71571

—————————————————————————————————-

Jaspal koronaਮਾਂ ਦਾ ਰਿਸ਼ਤਾ

ਤੂੰ ਫੇਰ ਲਿਆ ਜੇ ਮਾਂ ਬੋਲੀ ਤੋ ਮੂੰਹ ਆਪਣਾ,
ਭਾਵਾਂ ਭਰੀਆਂ ‘ਵਾਵਾਂ ਨੂੰ ਵੀ ਤਰਸੇਂਗਾ।

ਚਕਾਚੌਂਧ ਦੇ ਰਾਹੇ ਪਏ ਪੰਜਾਬੀਆਂ ਓਏ,
ਨਾਨਕ ਬੁੱਲ੍ਹੇ ਪੂਰਨ ਕੋਲ ਕਦ ਪਰਤੇਂਗਾ।

ਅੰਗਰੇਜ਼ੀ ਦੇ ਵਿੱਚ ਹਾਇ ਤੈਥੋਂ ਨੀ ਕਹਿ ਹੋਣਾ,
ਦਿਲ ਜੇ ਰੋਇਆ ਦਿਲ ਵਿੱਚ ਹੀ ਤੜਫੇਂਗਾ।

ਘੜ ਤਰਤੀਬਾ ਬੈਠੇ ਮਾਲਕ ਦੁਨੀਆ ਦੇ,
ਕਰ ਤਦਬੀਰਾ ਨਹੀ ਮਰਦਾ ਮਰਦਾ ਮਰਜੇਂਗਾ।

ਮਾਂ ਨਾਲ ਹੀ ਰਿਸ਼ਤੇ ਬਣਦੇ ਦੁਨੀਆਂ ‘ਤੇ,
ਦੂਰ ਪੰਜਾਬੀਓਂ ਹੋ ਕੇ ‘ਕੱਲਾ ਭਟਕੇਂਗਾ।

ਜਸਪਾਲ ਕੌਰੇਆਣਾ ਬਠਿੰਡਾ
ਬਠਿੰਡਾ (ਪੰਜਾਬ) ਮੋ:9780852097

ਗਜਲ

ਤੇਰੇ ਦਰ ਤੇ ਅਲਖ ਜਗਈ ਬੈਠੇ ਹਾਂ।
ਜਿੰਦਗੀ ਨੂੰ ਦਾਅ ੳੱਤੇ ਲਾਈ ਬੈਠੇ ਹਾਂ।
ਆਉਂਦੇ ਜਾਂਦੇ ਚਿਹਿਰਿਆਂ ਦੇ ਰੰਗ ਤੱਕਣ ਲਈ,
ਵਿੱਚ ਚੁਰਾਹੇ ਕੁੱਲੀ ਪਾਈ ਬੈਠੇ ਹਾਂ।
ਤੇਰਿਆਂ ਬੁੱਲਾਂ ਤੇ ਸਾਡਾ ਨਾਮ ਨਹੀਂ,
ਤੇਰੇ ਨਾਂਅ ਜਿੰਦੜੀ ਲਿਖਵਾਈ ਬੈਠੇ ਹਾਂ।
ਦਿਲ ਦੇ ਉੱਤੇ ਉੱਕਰ ਕੇ ਤੇਰੀ ਤਸ਼ਵੀਰ,
ਹੋਠਾਂ ਵਿੱਚ ਇੱਕ ਪਿਆਸ ਲੁਕਾਈ ਬੈਠੇ ਹਾਂ।
ਇੱਕ ਤੇਰੀ ਚਾਹਤ ਨੂੰ ਜ਼ਿੰਦਾ ਰੱਖਣ ਲਈ,
ਲੱਖਾਂ ਮੱਚਦੇ ਖਾਬ ਸਜਾਈ ਬੈਠੇ ਹਾਂ।

ਜਸਪਾਲ ਕੌਰੇਆਣਾ ਬਠਿੰਡਾ
ਬਠਿੰਡਾ (ਪੰਜਾਬ) ਮੋ:9780852097

ਗਜਲ

ਮੈਂ ਹਾਂ ਹੰਝੂ ਹਾਸਿਆਂ ਦਾ ਖਾਬ ਬਣਕੇ ਰਹਿ ਗਿਆ।
ਮੈਂ ਅਦਾਵਾਂ ਵਾਲਿਆ ਦੀ ਦਾਦ ਬਣਕੇ ਰਹਿ ਗਿਆ।
ਮੈਂ ਕਿਸੇ ਦੀ ਸ਼ੋਖ ਜਿਹੀ ਗਜਲ ਦਾ,
ਖਾਮੋਸ਼ ਜਿਹਾ ਸਾਜ ਬਣਕੇ ਰਹਿ ਗਿਆ।
ਜੋ ਕਿਸੇ ਦੇ ਹੋਠਾਂ ਤੇ ਆਇਆ ਨਾਂ ਕਦੇ,
ਰਾਜ਼ ਜਿਹਾ ਸਾਜ਼ ਬਣਕੇ ਰਹਿ ਗਿਆ।
ਆਵੇ ਤੇਰੇ ਸ਼ਹਿਰ ਨੂੰ ਦੁੱਧ ਦੀ ਨਦੀ,
ਪੱਥਰਾਂ ਨੂੰ ਤੋੜਦਾ ਫਰਿਆਦ ਬਣਕੇ ਰਹਿ ਗਿਆ।
ਆਈ ਨਾਂ ਸੋਹਣੀ ਨਦੀਆਂ ਨੂੰ ਚੀਰ ਕੇ,
ਪੱਟ ਮੇਰਾ ਭੁਜਿੱਆ ਕਬਾਬ ਬਣਕੇ ਰਹਿ ਗਿਆ।

ਜਸਪਾਲ ਕੌਰੇਆਣਾ ਬਠਿੰਡਾ
ਬਠਿੰਡਾ (ਪੰਜਾਬ) ਮੋ:9780852097

—————————————————————————————————-

(ਕਵਿਤਾ)

Jasvir Purainਅਲਵਿਦਾ

ਤੇਰੇ ਸ਼ੀਸ਼ਿਆ  ਦੇ ਸ਼ਹਿਰ ਨੂੰ ਅਲਵਿਦਾ ਕਹਿ ਦਵਾਂ
ਕੇ ਮੇਰਾ ਪਥਰਾਂ ਦੇ ਵਰਗਾ ਸੁਭਾਅ ਹੋ ਰਿਹਾ ।

ਜਾਣ ਬੁੱਝ ਨਾ ਕਰਾ ਸਜਣਾ ਖੁਨਾਮੀਆ
ਮੇਰੇ ਵਿਚ ਯਾਰਾ ਪਹਿਲਾਂ ਵੀ ਨੇ ਬਹੁਤ ਖਾਮੀਆਂ ।
ਖਾਮੋਸ਼ ਰਹਿਣਾ ਚਾਹੁੰਦਾ ਹਾਂ ਕੁਝ ਦੇਰ ਲਈ
ਹਥੀ ਆਪਣੇ ਮੈ ਆਪ ਹੀ ਜਿੰਭਾਂ ਹੋ ਰਿਹਾਂ ।
ਤੇਰੇ ਸ਼ੀਸ਼ਿਆਂ ਦੇ ਸ਼ਹਿਰ …………………………..

ਜਲਾਵਤਨਾ ਦੇ ਵਾਂਗ ਇਥੇ ਸਮਾਂ ਮੈ ਗੁਜਾਰਾਂ
ਮੇਰੇ ਆਪਣੇ ਹੀ ਜਦੋਂ ਮੈਥੋਂ ਕਰਗੇ ਕਿਨਾਰਾ
ਬੜੀ ਖੁਸ਼ੀ ਕਰ ਲਈਆਂ ਮਨਜ਼ੂਰ ਅਸਾਂ ਹਾਰਾਂ
ਹੁਣ ਕਿਸ ਨਾਲ ਜਿਦ ਸਾਡੀ ਕਿਸ ਨਾਲ ਵੈਰ
ਮਨ ਆਪਣੇ ਹੀ ਆਪ ਤੋ ਖਫਾ ਹੋ ਗਿਆ ।
ਤੇਰੇ ਸੀਸਿਆ ਦੇ ਸ਼ਹਿਰ ਨੂੰ ਅਲਵਿਦਾ ਕਹਿ ਦਿਆ ……………..

ਭੁੱਲ ਚੁੱਕੇ ਕੋਈ ਯਾਦ ਹੀ ਨਾ ਧੱਕਾ ਮਾਰਦੇ
ਮੇਰਾ ਸੰਭਲਿਆ ਹੋਇਆ ਹੋਸ ਨਾ ਖਿਲਾਰਦੇ
ਕੇ ਤੇਰੇ ਉੱਚਿਆ ਮੀਨਾਰਿਆ ਦੀ ਸ਼ਾਨ ਹਾਰਜੇ
ਥੰਮ ਰੇਤ ਦਾ ਹੀ ਲੋਹੇ ਦੇ ਜਿਹਾ ਹੋ ਰਿਹਾ ਹੈ ।
ਤੇਰੇ ਸੀਸਿਆ ਦੇ ਸ਼ਹਿਰ ਨੂੰ ਅਲਵਿਦਾ ਕਹਿ ਦਿਆ …………….

ਪਹਿਲਾਂ ਇਸ ਤੋ ਕੇ ਸ਼ਹਿਰ ਚ ਮਜ਼ਾਕ ਉੱਡ ਜੇ
ਫੇਰ ਮਿਲਣੇ ਦੀ ਜਿੰਦਗੀ ਚ ਝਾਕ ਉੱਡ ਜੇ
ਗੂੜੀ ਦੋਸਤੀ ਦੀ ਗਲੀਆਂ ਚ ਖਾਕ ਉੱਡਜੇ ।
ਨਾਮਸੌਤ ਸਾਂਭ ਲੇਜਾ ਅਨਮੋਲ ਰਿਸ਼ਤੇ
ਕੋਈ ਆਖਦੇ ਨਾ ਯਾਰ ਬੇ ਵਫਾ ਹੋ ਰਿਹਾ ਹੈ ।
ਤੇਰੇ ਸ਼ੀਸ਼ਿਆਂ ਦੇ ਸ਼ਹਿਰ …………………………..

    ਜਸਵੀਰ ਪੁੜੈਣ

—————————————————————————————————-

(ਕਵਿਤਾ)

ਸਬਰ ਦੀ ਸੂਲੀ

Sukhwinder_2

ਤੁਰ ਪਏ ਸੀ ਮੁੜ ਨਹੀਂ ਸਕਦੇ ਜਿੱਦੀ ਬਹੁਤ,
ਪਤਾ ਹੈ ਮੰਜ਼ਿਲ ਦੇ ਰਾਹ ਬਿਖੜੇ ਤੇ ਬੇਢੰਗੇ ਨੇ।
ਦਿੰਦੇ ਨਾਮ ਜੋ ਧਰਮ ਦੀ ਸੇਵਾ ਦਾ,
ਹੁੰਦੇ ਨੇ ਇੱਥੇ ਫਸਾਦ ਤੇ ਦੰਗੇ ਨੇ।
ਗਰੀਬਾਂ ਦੇ ਤਨ ‘ਤੇ ਪਾਈਆਂ ਲੀਰਾਂ,
ਅਮੀਰ ਸ਼ੌਕ ਵਿੱਚ ਫਿਰਦੇ ਅਧਨੰਗੇ ਨੇ।
ਇੱਥੇ ਝੂਠ ਦੇ ਗਲ਼ ਵਿਚ ਹਾਰ ਪੈਂਦੇ,
ਸੱਚ ਦੇ ਗਲ਼ ਝੂਲਦੇ ਫਾਂਸੀ ਦੇ ਫੰਦੇ ਨੇ।
ਇੱਥੇ ਚੋਰਾਂ ਦੀ ਹੈ ਸੁਰੱਖਿਆ ਬਹੁਤ,
ਚਿੱਟੇ ਦਿਨ ਵਿੱਚ ਹੁੰਦੇ ਕਾਲੇ ਧੰਦੇ ਨੇ।
ਪਸ਼ੂਆਂ ਵਰਗੀ ਸੋਚ ਚਿਹਰੇ ‘ਤੇ ਅਖੌਟਾਏ,
ਲੋਕੀ ਪਤਾ ਨਹੀਂ ਕਿਉਂ ਕਹਿੰਦੇ ਬੰਦੇ ਨੇ।
ਤ੍ਰਿਸ਼ਨਾ ਫੁੱਲਾਂ ਦੀ ਸੇਲ ‘ਤੇ ਸੁੱਤੀ ਪਈ,
ਮਜ਼ਬੂਰ ਵਿਚਾਰੇ ਸਬਰ ਦੀ ਸੂਲੀ ਟੰਗੇ ਨੇ।
ਸ਼ਾਇਦ ਕਿਸੇ ਨੂੰ ਭਟਕਣ ਤੋਂ ਬਚਾ ਲੈਣ,
ਹ੍ਹਰਫ਼ਾਂ ਦੇ ਰਾਹ ਰੱਬ ਤੋਂ ਉਧਾਰੇ ਮੰਗੇ ਨੇ।
ਨਾ ਸੋਚ ਕਿ ਨੇਤਾ ਹਰ ਵਾਰ ਦਰ ਤੇ ਆ ਜਾਣ,
ਯਾਰਾ ਦੱਸ! ਕਦੇ ਮੰਗਤੇ ਵੀ ਸੰਗੇ ਨੇ।
ਕੀ ਕਰੀਏ ਆਦਤ ਨਹੀਂ ਦੇਖ ਕੇ ਚੁੱਪ ਰਹਿਣ ਦੀ,
ਉਂਝ ‘ਹਰਿਆਓ’ ਨੂੰ ਪਾਏ ਸੱਚ ਨੇ ਬਹੁਤ ਪੰਗੇ ਨੇ।

– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
sukhwinderhariao@gmail.com

—————————————————————————————————-

ਜ਼ਿੰਦਗੀ
ਕਿਤੇ ਹਵਾ, ਕਿਤੇ ਚਾਨਣ, ਕਿਤੇ ਅੰਧੇਰਾ ਇਹ ਜ਼ਿੰਦਗੀ ਹੈ?
ਇਹ ਹਨੇਰਿਆਂ ਦੇ ਅੰਦਰ ਰੋਸ਼ਨੀ ਕੀ ਇਹ ਜ਼ਿੰਦਗੀ ਹੈ?
ਇਹ ਰੋਸ਼ਨੀ ਦੇ ਅੰਦਰ ਬੇਈਮਾਨੀ ਕੀ ਇਹ ਜ਼ਿੰਦਗੀ ਹੈ?
ਇਹ ਬੇਈਮਾਨੀ ਵਾਲੇ ਇਨਸਾਨਾਂ ਨਾਲ
ਪਿਆਰ ਕੀ ਇਹ ਜ਼ਿੰਦਗੀ ਹੈ?
ਇਸ ਪਿਆਰ ਵਿਚ ਦੋਸਤੀ ਕੀ ਇਹ ਜ਼ਿੰਦਗੀ ਹੈ?
ਦੋਸਤੀ ਵਿਚ ਵਿਸ਼ਵਾਸਘਾਤ ਕੀ ਇਹ ਜ਼ਿੰਦਗੀ ਹੈ?
ਵਿਸ਼ਵਾਸਘਾਤ ਨਾਲ ਮੌਤ ਕੀ ਇਹ ਜ਼ਿੰਦਗੀ ਹੈ?

-ਕਿਰਨਦੀਪ ਬੁੱਟਰ

ਬੀ.ਐਸ.ਸੀ., ਨਰਸਿੰਗ,

ਹੁਸ਼ਿਆਰਪੁਰ

—————————————————————————————————-

ਪ੍ਰੀਤ
ਤੇਰੀ ਮੇਰੀ ਪ੍ਰੀਤ ਸੋਹਣਿਆ,
ਸੱਚੇ ਰੱਬ ਬਣਾਈ।
ਤੇਰੇ ਲਈ ਮੈਂ ਅਰਸ਼ਾਂ ਉੱਤੋਂ,
ਜੰਨਤ ਦੇ ਵਿਚ ਆਈ।
ਪਿਛਲੇ ਜਨਮਾਂ ਦਾ ਪਤਾ ਨਹੀਂ ਕੋਈ,
ਪਰ ਤੂੰ ਏਹੇ ਸੰਗ ਨਿਭਾਈ।
ਐਵੇਂ ਨਾ ਕਿਤੇ ਪਾ ਵਿਛੋੜੇ,
ਦੇ ਜਾਈਂ ਸਾਨੂੰ ਜੁਦਾਈ।
ਜਾਂ ਫਿਰ ਆਖੇ ਲੱਗ ਦੁਨੀਆਂ ਦੇ,
ਦੇ ਜਾਵੀਂ ਰੁਸਵਾਈ।
ਫੁੱਲਾਂ ਨਾਲੋਂ ਸੋਹਲ ਇਹ ਜ਼ਿੰਦਗੀ,
ਨਾ ਵੱਸ ਹਿਜ਼ਰਾਂ ਦੇ ਪਾਈਂ।
ਸੋਹਣ ਫੁੱਲ ਪਿਆਰਾਂ ਵਾਲੇ,
ਨਾ ਪਤਝੜ ਵਿਚ ਖਿਲਾਈ।
ਇਸ਼ਕ ਦੀਆਂ ਸੂਲਾਂ ਡਾਢੀਆਂ ਤਿੱਖੀਆਂ,
ਨਾਂ ਕੰਡੀ ਜ਼ਿੰਦ ਵਿਛਾਈ।
ਮੈਂ ਨਹੀਂ ਮੰਗਦੀ ਵਾਂਗ ਸਲੇਟੀ,
ਕਰਨੀ ਬੇ-ਵਫਾਈ।
ਤੂੰ ਵੀ ਨਾ ਕਿਤੇ ਪੁੰਨਣ ਵਾਂਗੂੰ,
ਸੁੱਤੀ ਨੇ ਛੱਡ ਜਾਈਂ।
”ਪਵਨ” ਮਿਲਾਪ ਨਹੀਂ ਹੁੰਦੇ ਮੁੜਕੇ,
ਤੂੰ ਨਾ ਵਿਛੋੜੇ ਪਾਈਂ।
-ਪਵਨ ਟੰਡਨ

—————————————————————————————————-

ਅਰਮਾਨ
ਮੇਰੇ ਅਰਮਾਨਾਂ ਨੂੰ ਪਾ ਗਮਾਂ ਦੀ ਭੱਠੀ ਅੰਦਰ,
ਤੇ ਦਿੱਤਾ ਕਾਨਿਆਂ ਦੇ ਵਾਂਗੂੰ ਸਾੜ ਅੜੀਏ।
ਤੂੰ ਤਾਂ ਨਫਰਤ ਕਰਨ ਦੇ ਵੀ ਕਾਬਿਲ ਨਹੀਂ ਸੀ,
ਅਸੀਂ ਕੀਤਾ ਜਾਨੋਂ ਤੈਨੂੰ ਵੱਧ ਪਿਆਰ ਅੜੀਏ।
ਖੇਡੇ ਜ਼ਿੰਦਗੀ ਨਾਲ ਕਿਸ ਕਦਰ ਤੂੰ ਤਾਂ,
ਵਾਂਗੂੰ ਭੰਡਾਂ ਦੇ ਬਦਲੇ ਕਿਰਦਾਰ ਅੜੀਏ।
ਮੁੱਲ ਮੋੜਿਆਂ ਚੰਗਾ ਤੂੰ ਸਾਡੀਆਂ ਕੀਤੀਆਂ ਦਾ,
ਤੇ ਜਾ ਭਾਲਿਆਂ ਨਵਾਂ ਦਿਲਦਾਰ ਅੜੀਏ।
ਸੱਜਣ ਮਿਲਦੇ ਨੇ ਨਿੱਤ ਨਵੇਂ ਮੋੜ ਉੱਤੇ,
ਨਹੀਉਂ ਲੱਭਦਾ ਕੋਈ ਸੱਚਾ ਗਮਖਾਰ ਅੜੀਏ।
ਚੱਲੇ ਗੱਡੀ ਦੀਆਂ ਲਾਈਨਾਂ ਵਾਂਗ ਸਦਾ ਕੱਠੇ,
ਪਰ ਨਾ ਰਲੇ ਮੇਰੇ ਨਾ ਤੇਰੇ ਵਿਚਾਰ ਅੜੀਏ।
ਸਾਝਾਂ ਉਮਰਾਂ ਦੀ ਪਾਉਣ ਬਾਰੇ ਰਹੇ ਸੋਚਦੇ,
ਪੁਗਾਉਣੇ ਰਿਸ਼ਤੇ ਤੇਰੇ ਲਈ ਭਾਰ ਅੜੀਏ।
ਨਾਲ ਸਿੱਕਿਆਂ ਤੋਲਦੀ ਤੇ ਰੂਹਾਂ ਤਾਈਂ,
ਕੋਠੀਆਂ, ਕਾਰਾਂ ਦਾ ਚੜਿਆ ਬੁਖਾਰ ਅੜੀਏ।
ਸ਼ਾਨੋ-ਸ਼ੌਕਤ, ਸ਼ੋਹਰਤਾਂ ਭਾਵੇਂ ਤੇਰੇ ਪੈਰਾਂ ਥੱਲੇ,
ਪਰ ਰਹਿਣਾ ‘ਪਵਨ’ ਦੀ ਸਦਾ ਤੂੰ ਗੁਨੇਗਾਰ ਅੜੀਏ।
-ਪਵਨ ਟੰਡਨ

—————————————————————————————————-

ਧੀ
ਕੁਖ ਦੇ ਵਿਚ ਜੇ ਧੀ ਨਾ ਸਾਂਭੀ, ਵਿਚ ਜ਼ਮੀਨ ਦੇ ਪਾਣੀ
ਵੇ ਲੋਕੋ ਫਿਰ ਸਮਝੋ ਖਤਮ ਕਹਾਣੀ ਵੇ ਲੋਕੋ…
ਜੱਗ ਜਨਨੀ ਦਾ ਰੁਤਬਾ ਦਿੱਤਾ, ਜਿਸ ਨੂੰ ਗੁਰੂਆਂ ਪੀਰਾਂ
ਜਿਸ ਦੀ ਕੁੱਖ ਜਨਮ ਲਿਆ ਏ, ਦੇਵਤੇ ਭਗਤ ਫਕੀਰਾ
ਰੱਬ ਦੇ ਲਾਲੋ ਉਚਾ ਦਰਜਾ, ਦਿੱਤਾ ਗੁਰੂ ਨਾਨਕ ਦੀ ਬਾਣੀ
ਕੁੱਖ ਦੇ ਵਿਚ…………..

ਜੇ ਜੰਮਣੋਂ ਹੱਟਗੀਆਂ ਧੀਆਂ, ਫਿਰ ਕਿਥੋਂ ਲੱਗਣੀਆਂ ਤੀਆ
ਵਾਧਾ ਹੋਣਾ ਨਹੀਂ ਵਿਚੋਂ ਜੀਆ, ਜਦੋਂ ਉਲਝ ਜਾਊਗੀ ਤਾਣੀ
ਵੇ ਲੋਕੋ ਫਿਰ ਸਮਝੋ………..

ਨਾਨਾ ਜਾਂ ਪੜਨਾਨਾ ਜੇ ਆਪਣੀ ਧੀ ਨੂੰ ਮਾਰ ਮੁਕਾਉਂਦਾ
ਸੋਚ ਕੇ ਵੇਖੋ ਆਪਾ ਨੂੰ ਫਿਰ ਆਹ ਕਿਹੜਾ ਜੱਗ ਦਿਖਾਉਂਦਾ
ਅਮਰਜੀਤਿਆ, ਸੁਖਾ ਮੰਗਦੀ, ਮੰਗਦੀ ਧੀ ਧਿਆਣੀ..
ਕੁਖ ਦੇ ਵਿਚ ਜੇ ਧੀ ਨਾ ………….
ਅਮਰਜੀਤ ਖੁਖਰਾਣਾ

—————————————————————————————————-

ਕੀ ਸੋਚਦੀ ਏ ਤੂੰ?

ਸਦਕੇ ਨੀ ਤੇਰੀ ਸੋਚ ਦੇ, ਕੀ ਸੋਚਦੀ ਏ ਤੂੰ ਸੋਚਾਂ ਵਿਚ
ਨਫ਼ਰਤ ਹੈ ਜਾ ਹੈ ਪਿਆਰ, ਤੇਰੀਆਂ ਇਨ੍ਹਾਂ ਨਗੌਚਾ ਵਿਚ
ਸੋਚ-ਸੋਚ ਕੇ ਤੜਫਦੇ ਰਹਿੰਦੇ ਹਾਂ, ਅਸੀਂ ਤੇਰੇ ਬਾਰੇ
ਸਮਝ ਨਹੀਂ ਆਉਂਦੀ ਸਾਨੂੰ ਕਿਉਂ ਤੂੰ ਮੜੀ ਜਾਵੇ ਦੋਸ਼ਾਂ ਵਿਚ
ਜੋ ਮੈਂ ਸੋਚਦਾ ਤੂੰ ਉਹ ਕਿਉਂ ਨਹੀਂ ਸੋਚਦੀ
ਤੇਰੀਆਂ ਗਲਤ ਸੋਚਾ ਤੋਂ ਡਰਦਾ ਮੈਂ ਲੁੱਕ ਜਾਵਾਂ ਲੋਕਾਂ ਵਿਚ
ਤੇਰੀ ਸੋਚਣੀ ਵਿਚ ਕਿਉਂ ਸ਼ੱਕ ਪੈ ਗਿਆ ਏ
ਇਮਾਨ ਤੇ ਵਫ਼ਾ ਸੀ ਤੇਰੀਆਂ ਤਾਂ ਨੋਕਾਂ ਝੋਕਾਂ ਵਿਚ
‘ਭਵਨਦੀਪ’ ਨੂੰ ਬਰਬਾਦ ਕਰ ਦਿੱਤਾ ਤੇਰੀ ਗਲਤ ਸੋਚ ਨੇ
ਦਿਨ ਰਾਤ ਉਹ ਕਰੇ ਦੁਆਵਾਂ, ਆ ਜਾਵਾਂ ਮੈਂ ਵੀ ਨਿਰਦੋਸ਼ ਵਿਚ
: ਭਵਨਦੀਪ ਸਿੰਘ ਪੁਰਬਾ

—————————————————————————————————-

ਪਤੀ-ਪਤਨੀ
ਇਕ ਗੱਡੀ ਦੇ ਦੋ ਨੇ ਪਹੀਏ,
ਜਿਸ ਨੂੰ ਪਤੀ-ਪਤਨੀ ਕਹਿੰਦੇ ਨੇ।
ਜੇ ਉਹ ਪਹੀਏ ਇਕੱਠੇ ਚੱਲਦੇ,
ਤਾਂ ਸਾਹ ਸੁੱਖ ਦਾ ਲੈਂਦੇ ਨੇ।
ਫਿਰ ਜ਼ਿੰਦਗੀ ਵਿਚ ਖੁਸ਼ੀਆਂ ਹੀ ਖੁਸ਼ੀਆਂ,
ਆਈਆਂ ਲੱਗਣ ਬਹਾਰਾਂ ਨੇ।
ਸਾਰੇ ਆਪਣੇ-ਆਪਣੇ ਲੱਗਦੇ,
ਵਿਚ ਸਹੁਰੇ ਘਰ ਪਰਿਵਾਰਾਂ ਦੇ।
ਜੇ ਇਕ ਪਹੀਆਂ ਪੁੱਠਾ ਚੱਲੇ,
ਵੱਖਰੇ ਵਿਚਾਰ-ਖਿਆਲ ਹੋਵਣਾ।
ਤਾਂ ਉਹ ਗੱਡੀ ਨੇ ਕੀ ਚੱਲਣਾ,
ਫਿਰ ਸਮਝੋ ਬੁਰੇ ਹਾਲ ਹੋਵਣ।
ਕੀ ਉਥੇ ਫਿਰ ਪਿਆਰ-ਮੁਹੱਬਤ,
ਤੇ ਕੀ ਮਤਲਬ ਰਹੇ ਲਾਵਾਂ ਦਾ।
ਪਰ ਜੇ ਇਕ ਧਿਰ ਤਾਂ ਹੋਵੇ ਲਿਫਦੀ,
ਕੰਮ ਤਾਂ ਜਾਂਦਾ ਚਲੀ ਆਂ।
ਕਹਿਣ ਲੱਕੜ ਨਾਲ ਲੋਹਾ ਤਰਦਾ,
ਏਦਾਂ ਵਕਤ ਨੂੰ ਜਠਾਂਦੇ ਠੱਲੀ ਆਂ।
ਜੇ ਕਿਧਰੇ ਦੂਜਾ ਪਹੀਆਂ ਅੜਜੇ,
ਫਿਰ ਤਾਂ ਇਕ ਖੜ੍ਹਾਕ ਹੁੰਦਾ।
ਅੰਗਰੇਜ਼ੀ ਵਿਚ ਜੀਹਨੂੰ ਕਹਿਣਾ ਡਵੋਰਸ,
ਪਰ ਪੰਜਾਬੀ ਵਿਚ ਤਲਾਕ ਹੁੰਦਾ।
ਸੁੱਖ-ਦੁੱਖ ਜ਼ਿੰਦਗੀ ਦੇ ਦੋ ਪਾਸੇ,
ਆਉਂਦੇ-ਜਾਂਦੇ ਰਹਿੰਦੇ ਨ।
‘ਪਵਨ’ ਸਿਆਣੇ ਲੋਕ ਉਹੀ,
ਜੋ ਅਕਲਾਂ ਤੋਂ ਕੰਮ ਲੈਂਦੇ ਨੇ।
ਤੇ ਮੂਰਖ ਦੁਨੀਆਂ ਦੇ ਉਹ ਵੱਡੇ,
ਐਵੇਂ ਰੌਲਾ ਪਾਉਣ ਜਿਹੜੇ।
ਮਾੜੀ-ਮਾੜੀ ਗੱਲ ਦੇ ਉੱਤੇ,
ਕਜੀਆ ਰਹਿਣ ਵਧਾਉਣ ਜਿਹੜੇ।
ਨਾ ਪਿਆਰ ਜੋ ਤੰਦ ਸਲਝਾਵੇ,
ਉਹੀ ਸਿਆਣਾ ਬੰਦਾ ਏ।
ਕਿਉਂਕਿ ਆਪਣਾ ਝੱਗਾ ਚੱਕੇ ਹੋਣਾ,
ਆਪਣਾ ਹੀ ਢਿੱਗ ਨੰਗਾ ਏ।
  -ਪਵਨ ਟੰਡਨ (ਕੈਨੇਡਾ)

—————————————————————————————————–

ਮਾਂ

ਕਦੇ-ਕਦੇ ਇਹ ਨੈਣਾਂ ਵਿਚੋਂ ਨੀਰ ਨਿਕਲ ਜੇ ਆਪੇ,
ਜਦ ਕਦੇ ਇਸ ਚੰਦਰੇ ਦਿਲ ਨੂੰ ਯਾਦ ਆਉਂਦੇ ਨੇ ਮਾਪੇ,
ਮਾਂ ਹੱਥ ਦੀ ਕੁੱਟੀ ਚੂਰੀ ਖਾਣ ਪਿੱਛੋਂ ਜਦ ਲੜਦੇ ਸੀ,
ਉਹ ਮਾਂ ਬੋਹੜ ਦੀ ਛਾਂ ਰਹੀ ਨਾ ਜੀਹਦੇ ਛਾਵਾਂ ਮੌਜਾਂ ਕਰਦੇ ਸੀ।

ਭੋਲੀ-ਭਾਲੀ ਸੂਰਤ ਮਾਂ ਦੀ ਮਿੱਠੀ ਬੋਲੀ ਲੋਹੜੇ,
ਮੁਸ਼ਕਿਲ ਦੇ ਨਾਲ ਪੀੜ ਸਹਾਰੀ ਮਾਂ ਦੇ ਬੁਰੇ ਵਿਛੋੜੇ ਦੀ,
ਮਾਂ ਦੀ ਮਮਤਾ ਸਾਹਾਂ ਵਰਗੀ ਸਾਹਾਂ ਵਿਚ ਸਾਹ ਭਰਦੇ ਸੀ,
ਉਹ ਮਾਂ ਬੋਹੜ ਦੀ……………….।

ਅੱਗੇ-ਅੱਗੇ ਨੱਸਦੇ ਫਿਰਦੇ ਮਾਂ ਜਦ ਝਿੜਕਾ ਦੇਂਦੀ ਸੀ,
ਝੂਠਾ-ਮੂਠਾ ਰੋਂਦੇ ਸੀ ਤੇ ਬੁੱਕਲ ਵਿਚ ਚੁੱਕ ਲੈਂਦੀ ਸੀ,
ਘੁੱਟ ਕੇ ਲਾਉਂਦੀ ਨਾਲ ਕਾਲਜੇ ਜਦੋਂ ਕਦੇ ਘਰ ਵੜਦੇ ਸੀ,
ਉਹ ਮਾਂ ਬੋਹੜ ਦੀ……………….।

‘ਦੁੱਲੇਵਾਲੀਆ’ ਬੁਰਾ ਵਿਛੋੜਾ ਹੁੰਦਾ ਸਭ ਤਾਂ ਮਾਵਾਂ ਦਾ,
ਦੁਨੀਆ ਦਾ ਹਰ ਬੰਦਾ ਫਿਰ (ਸੋਨੂੰ) ਬਣ ਜਾਂਦਾ ਰੋੜਾ ਰਾਵਾਂ ਦਾ,
ਹੱਸ-ਹੱਸ ਕੋਲ ਦੀ ਲੰਘਦੇ ਜਿਹੜੇ ਵੇਖ-ਵੇਖ ਸੜਦੇ ਸੀ,
ਉਹ ਮਾਂ ਬੋਹੜ ਦੀ ਛਾਂ ਰਹੀ ਨਾ ਜੀਹਦੀ ਛਾਵੇਂ ਮੌਜਾਂ ਕਰਦੇ ਸੀ।
-ਸੋਨੂੰ ਦੁੱਲੇਵਾਲੀਆ

—————————————————————————————————-

ਬੋਲੀ ਏ ਪੰਜਾਬੀ
ਇਹਦੀ ਪੋਟਲੀ ‘ਚ ਮਿੱਠਾ,
ਲੱਗੇ ਸ਼ਹਿਦ ਦੇ ਸਾਮਾਨ।
ਸਾਡੀ ਬੋਲੀ ਏ ਪੰਜਾਬੀ,
ਸਾਨੂੰ ਰੱਭ ਜਿੱਡਾ ਮਾਣ।
ਇਹਦੇ ਜਿਹੀਆਂ ਤਸਵੀਰਾਂ ‘ਤੇ ਅੰਲਕਾਰ ਕਿਥੇ।
ਵਾਜੇ ਸਿਪੀਆ ਦੇ ਵੱਜੇ, ਮੋਤੀ ਟਹਿਕਿ ਏ ਜਿਥੇ।
ਬਾਲੋ ਢੋਲੇ ਮਾਹੀਏ ਟੱਪੇ, ਇਹ ਦੀ ਵੱਖਰੀ ਪਛਾਣ..
ਸਾਡੀ ਬੋਲੀ ਏ………………।

ਏਹਦੇ ਸ਼ਬਦਾਂ ‘ਚ ਹੇਜ਼, ਏਹਦੇ ਵਾਕਾਂ ਵਿਚ ਤਾਰੀ।
ਇਹ ਦੇ ਹਾਸਿਆਂ ਵਿਚ ਹੱਜਾਂ ਬੰਦਾ ਮਾਰੇ ਕਲਕਰੀ।
ਕੀਤਾ ਬਾਬੇ ਬੋਹੜਾ ਇੰਨੂੰ ਮੋਢੇ ਚੁੱਕ ਕੇ ਜਵਾਨ..
ਬਾਡੀ ਬੋਲੀ ਏ………………….।

ਜਦੋਂ ਬੋਲੇ ਕੋਈ ਠੇਠ ਹੁੰਦਾ ਵੱਖਰੀ ਨਜ਼ਾਰਾ।
ਹਹਿਜੇ ਕੈਦਿਆਂ ‘ਚ ਕੈਦ ਨਾ ਇਹ ਸਾਡਾ ਓ, ਅ।
ਦਿੱਖ ਇਹ ਦੀ ਨਾ ਗੁਆਂਚੇ, ਬਣ ਖੜਜੋ ਚਟਾਨ।
ਸਾਡੀ ਬੋਲੀ ਏ……………..।

ਕਰੇ ਬੱਬੀ ਘੱਲਾਂ ਵਾਲਾ, ਮਾਣਮੱਤੀ ਲਈ ਦੁਆਵਾ।
ਭੁੱਲ ਜਾਇਓ ਨਾਂ ਪੰਜਾਬੀ ਭਾਵੇਂ ਸਿੱਖੋ ਸੌ ਭਾਸ਼ਾਵਾਂ।
ਸਾਡੀ ਸਾਹ ਰਗ ਇਹੀਓ, ਇਹੀਓ ਸਾਡੀ ਜਿੰਦ ਜਾਨ।
ਸਾਡੀ ਬੋਲੀ ਏ………………।
-ਸੁਖਦੇਵ ਸਿੰਘ (ਬੱਬੀ ਗਿੱਲ) ਘੱਲ ਕਲਾਂ

—————————————————————————————————-

ਵਿਅੰਗ ਕਵਿਤਾ
ਸਹਿਤ ਸਮਾਗਮ ਤੇ ਕਵੀ
ਲੇਖਕ ਬਣਨਾ ਬੜਾ ਹੀ ਔਖਾ, ਹੋਣਾ ਪੈਂਦਾ ਪੱਬਾਂ ਭਾਰ।
ਘਰਦਿਆਂ ਕੋਲਂੋ ਬੇਮੁੱਖ ਹੋ ਕੇ, ਨਵਾਂ ਸਿਰਜਣਾਂ ਪਏ ਸੰਸਾਰ।
ਹੰਗ ਬਰੰਗੇ ਫੁੱਲ ਕਵਿਤਾ ਦੇ, ਕਵੀ ਲੈ ਔਂਦੇ ਖੂਬ ਸ਼ੰਗਾਰ।
ਇਹ ਪਾਠਕ ਵੀ ਤੇ ਅਲੋਚਕ ਵੀ, ਆਪਸ ਵਿਚ ਕੰਮ ਲੈਂਦੇ ਸਾਰ।

ਉਂਜ ਵੀ ਬਰਸਾਤੀ ਡੱਡੂਆਂ ਵਾਂਗ, ਮੈਗਜ਼ੀਨਾਂ ਦਾ ਪਿਆ ਖਿਲਾਰ।
ਤੇ ਮਾਸਿਕ, ਛਿਮਾਹੀ ਸਾਲਾਂ, ਬੁੱਕ ਸਟਾਲਾਂ ਤੇ ਲੱਗੇ ਅੰਬਾਰ।
ਗੁਰਦਿਆਲ, ਅਣਖੀ ਤੇ ਜਸਵੰਤ ਕੰਵਲ ਦਾ, ਕਰਨਾ ਚਾਹੁੰਦੇ ਸਭ ਦੀਦਾਰ।
ਪਰ ਇਜ਼ਾਜ਼ਤ ਜੇਬ ਨਾ ਦਿੰਦੀ, ਅੱਕ ਕੇ ਖ੍ਰੀਦ ਲੈਂਦੇ ਅਖ਼ਬਾਰ।
ਕਿਉਂਕਿ ਸਹਿਤਕ ਲਿਖਤਾਂ ਛਾਪਣ, ਕਈ ਅਖ਼ਬਰ ਬੇਸ਼ੁਮਾਰ।

ਬਦਕਿਸਮਤੀ ਹੈ ਪਾਠਕਦੀ ਮਹਿਕ ਵਤਨ ਦੀ ਪੜ੍ਹੇ ਨਾਂ ਇਕ ਵਾਰ।
ਲੇਖਕ ਵੀ ਤਾਂ ਸੁਸਤ ਬੜੇ ਨੇ, ਸੁੱਤੇ ਰਹਿੰਦੇ ਪੈਰ ਪਸਾਰ।
ਘਾਲੋਂ ਕਰਨ ਰਚਨਾ ਲਿਖਣ ਦੀ, ਲੰਘ ਜਠਾਂਦੇ ਕਈ ਐਤਵਾਰ।
ਕਾਹਲੀ ਵਿਚ ਨਾ ਔੜੇ ਕਵਿਤਾ, ਘ੍ਰ ਵਾਲੀ ਵੀ ਪਈ ਬਿਮਾਰ।
ਹੂੰਗਾ ਉਸਦਾ ਬੜਾ ਡਰਾਉਣਾ, ਦਿਮਾਗ ਵਿਚੋਂ ਕਵਿਤਾ ਕਰ ਦੇ ਬਾਹਰ।
ਕਵਿਤਾ ਤੇਰੀਆਂ ਨਹੀਂ ਮੁਕਣੀਆਂ, ਮੇਂ ਹੋ ਚੱਲੀ ਅਗਲੇ ਪਾਰ।

ਦੱਸੋ ਲੇਖਕ ਫੇਰ ਕੀ ਸੁਆਹ ਲਿਖੂ, ਬੱਚੇ ਚਿੰਬੜੇ ਖੰਭ ਖਿਲਾਰ।
ਠੇਕੇ ਅੱਗੋਂ ਲੰਘਣਾ ਛੱਡ ਕੇ, ਪੈੱਗ, ਸੁੰਗ ਲੋਣਾ ਭੁੱਲ ਜੋ ਯਾਰ।
ਜੇ ਸਾਰੇ ਲੇਖਕ ਸਭ ਤੋਂ ਪਹਿਲਾ, ਆਪਣੇ ਘਰ ਦਾ ਕਰਨ ਸੁਧਾਰ।
ਮੈਂ ਤਾਂ ਚਹੁੰਕੇ ਸਹਿਤ ਸਮਾਗਮ, ਤਾਂ ਹੀ ਰਹਿ ਸਕਦੇ ਬਰਕਰਾਰ।
-ਸਰਵਨ ਸਿੰਘ ਪਤੰਗ

—————————————————————————————————-

ਪੰਜਾਬੀ ਸੱਭਿਆਚਾਰ

ਮੇਰਾ ਸੱਭਿਆਚਾਰ ਬੜਾ ਮਹਾਨ ਸੀ
ਸਭ ਤੋਂ ਉੱਚੀ ਇਸ ਦੀ ਸ਼ਾਨ ਸੀ
ਇਹ ਸਾਰੇ ਸੱਭਿਆਚਾਰਾ ਦਾ ਪ੍ਰਧਾਨ ਸੀ।

ਇਕ ਹਨੇਰੀ ਦਾ ਬੁੱਲਾ ਇਸ ਨੂੰ ਹਿਲਾ ਗਿਆ
ਇਸ ਉੱਤੇ ਪੱਛਮੀ ਸੱਭਿਆਚਾਰ ਛਾ ਗਿਆ
ਖਿੜਿਆ ਹੋਇਆ ਇਹ ਮੁਰਝਾ ਗਿਆ।

ਰੋ ਰਿਹਾ ਹੈ ਇਹ, ਇਸ ਨੂੰ ਚੁੱਪ ਕਰਾਓ,
ਪੰਜਾਬੀ ਭੈਣੋ! ਘੋੜੀਆਂ ਗਾਓ, ਤੀਆਂ ਲਾਓ
ਚਰਖੇ ਕੱਤੋ, ਪੀਂਘਾਂ ਪਾਓ,
ਜਾਗੋ ਦੀ ਰੋਸ਼ਨੀ, ਸਾਰੇ ਜੱਗ ਵਿਚ ਫੈਲਾਓ।

ਮੋਰ ਕੂਕਣ ਬਹਾਰਾਂ ਆਉਣਾ
ਪੰਜਾਬੀ ਨੱਚਣ ਟੱਪਣ ਤੇ ਗੀਤ ਖੁਸ਼ੀ ਦੇ ਗਾਉਣ
ਚਾਵਾਂ, ਸਧਰਾਂ ਦੇ ਬੁੱਝ ਚੁੱਕੇ ਦੀਵਿਆਂ ਨੂੰ ਮੁੜ ਜਗਾਉਣ
”ਭਵਨਦੀਪ” ਇਸ ਮਿੱਟੀ ਦੀਆਂ ਮਹਿਕਾਂ,
ਸਭ ਦੇ ਦਿਲਾਂ ਨੂੰ ਰੁਸ਼ਨਾਉਣ।

—————————————————————————————————-

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *