ਘਰ ਪਰਿਵਾਰ

—————————————————————-

ਟੋਕਾ-ਟਾਕੀ !

✍️  -ਬਬਲੀ ਮੋਗਾ ✍️
babalirjpt@gmail.com

                ਇਹ ਘਰ-ਘਰ ਦੀ ਕਹਾਣੀ ਆ ਟੋਕਾ-ਟਾਕੀ, ਕਿਸੇ-ਕਿਸੇ ਦੀ ਬਹੁਤ ਆਦਤ ਹੁੰਦੀ ਆ ਟੋਕਣ ਦੀ। ਕੋਈ ਗੁਆਂਢੀ, ਕੋਈ ਘਰ ਦਾ ਮੈਂਬਰ ਹੁੰਦਾ, ਕੋਈ ਰਿਸ਼ਤੇਦਾਰ ਬਹੁਤ ਟੋਕਦਾ ਹੁੰਦਾ। ਕੋਈ ਖਾਣ ਪੀਣ-ਪਿੱਛੇ ਟੋਕਦਾ, ਕੋਈ ਕੰਮ -ਕਾਰ ਪਿੱਛੇ, ਕੋਈ ਕਿਸੇ ਆਦਤ ਪਿੱਛੇ, ਕੋਈ ਉਈਂ ਆਦਤ ਤੋਂ ਮਜ਼ਬੂਰ ਹੁੰਦਾ ਵੀ ਟੋਕੇ ਬਿਨ੍ਹਾਂ ਨਹੀਂ ਰਹਿ ਸਕਦਾ। ਕਿਸੇ ਨੂੰ ਆਵਦੇ ਕੰਮ ਨੂੰ ਸਹੀ ਤੇ ਦੂਜੇ ਨੂੰ ਟੋਕ ਕੇ ਗ਼ਲਤ ਠਹਿਰਾਉਣ ਦੀ ਆਦਤ ਹੁੰਦੀ ਹੈ। ਕਿਸੇ-ਕਿਸੇ ਮੇਰੇ ਵਰਗੇ ਮੈਂਬਰ ਨੂੰ ਘਰ ਵਿੱਚ ਬਹੁਤ ਟੋਕਿਆ ਜਾਂਦਾ। ਕਿਸੇ ਆਦਤ ਪਿੱਛੇ, ਫੇਰ ਤਾਂ ਉਹ ਉਈਂ ਘੜੀਸਿਆ ਜਾਂਦਾ ਵਿਹਲਾ ਬੈਠਾ ਵੀ ਨਹੀਂ ਜਰ ਹੁੰਦਾ।
ਇਸ ਟੋਕਾ-ਟਾਕੀ ਤੋਂ ਮੇਰੇ ਵਰਗਾ ਬਹੁਤ ਤੰਗ ਆ ਜਾਂਦਾ, ਪਤਾ ਹੁੰਦਾ ਲਾਹ-ਪਾਹ ਹੋਊ ਮਾੜੀ ਜਿਹੀ ਗੱਲ ‘ਤੇ ਜੇ ਵਿਹਲਾ ਬੈਠਾ ਦਿਸ ਵੀ ਗਿਆ, ਪੁੱਛੋ ਨਾ ਬੁਰੀ ਹਾਲਤ ਕਰ ਦਿੰਦੀ ਇਹ ਟੋਕਾ -ਟਾਕੀ।

            ਗੱਲ ਬੱਸ ਐਨੀ ਆ, ਸਵੈ ਦੀ ਪੜ੍ਹਚੋਲ ਕਰੋ, ਜੇਕਰ ਖੁਦ ਨੂੰ ਗ਼ਲਤ ਨਹੀਂ ਲੱਗਦੇ ਫੇਰ ਪਰਵਾਹ ਨਾ ਕਰੋ ਤੇ ਬਸ, ਫੇਰ ਗੱਲ ਦਿਲ ‘ਤੇ ਲੈਕੇ ਨਹੀਂ ਬੈਠੋ ਆਪਣਾ ਕੰਮ ਕਰੋ ਤੇ ਜਿਹਨਾਂ ਨੇ ਟੋਕਾ-ਟਾਕੀ ਕਰਨਾ ਹੁੰਦਾ ਕਰਦੇ ਹੀ ਰਹਿਣਾ ਹੁੰਦਾ। ਭਾਵ ਰਾਹ ‘ਚ ਪੱਥਰ ਰੋੜੇ ਜਰੂਰ ਹੁੰਦੇ ਨੇ ਕੋਈ ਵੀ ਮੰਜ਼ਿਲ ‘ਤੇ ਜਾਣ ਵਾਲਿਆਂ ਨੂੰ ਨਹੀਂ ਰੋਕ ਸਕਦੇ। ਸੋ, ਤੁਸੀਂ ਤੁਰਦੇ ਰਹੋ ਮੰਜ਼ਿਲ ਹਾਸਲ ਕਰੋ।

—————————————————————-

ਔਰਤ ਦਾ ਸਮਾਜ ਵਿੱਚ ਰੁਤਬਾ !

✍️  – ਇੰਦਰਪੑੀਤ ਕੌਰ ਬਰਾੜ, ਪੱਤੋ ਹੀਰਾ ਸਿੰਘ

               ਸਦੀਆਂ ਤੋਂ ਮਰਦ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆ ਰਿਹਾ ਹੈ। ਉਸਨੂੰ ਲਗਦਾ ਹੈ ਕਿ ਮਰਦ ਤੋ ਬਿਨਾ ਔਰਤ ਕੁਝ ਵੀ ਨਹੀ। ਔਰਤ ਸਿਰਫ ਬੱਚੇ ਨੂੰ ਜਨਮ ਦੇਣ ਵਾਲੀ ਤੇ ਘਰ ਦਾ ਕੰਮ ਕਰਨ ਵਾਲੀ ਮਸ਼ੀਨ ਹੈ। ਔਰਤ ਆਪਣੀ ਮਰਜ਼ੀ ਨਾਲ ਕੁਝ ਵੀ ਕਰਨ ਦਾ ਅਧਿਕਾਰ ਨਹੀ ਰੱਖਦੀ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕਿਉ ਔਰਤ ਨੂੰ ਆਪਣੀ ਅਜ਼ਾਦੀ ਨਾਲ ਜਿੰਦਗੀ ਜਿਉਂਣ ਦਾ ਹੱਕ ਸਮਾਜ ਵਿੱਚ ਨਹੀਂ ਦਿੱਤਾ ਜਾਂਦਾ। ਕਿਉ ਉਸ ਤੋ ਉਸਦੇ ਸਾਰੇ ਹੱਕ, ਚਾਅ ਖੋਹ ਲਏ ਜਾਂਦੇ ਹਨ? ਕੀ ਉਸਦਾ ਕੋਈ ਅਧਿਕਾਰ ਨਹੀ ਕਿ ਜੋ ਜਨਮ ਇੱਕ ਵਾਰ ਮਿਲਿਆ ਉਹ ਉਸਨੂੰ ਆਪਣੀ ਮਰਜ਼ੀ ਨਾਲ ਜੀਅ ਸਕੇ। ਭਾਵੇ ਅੱਜ ਅਸੀ ਬੋਲਦੇ ਹਾਂ ਕਿ ਸਮਾਜ ਬਦਲ ਗਿਆ ਔਰਤ ਅਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਪਰ ਇਹ ਅਧੂਰਾ ਸੱਚ ਹੈ ਜੋ ਕਿ ਕਹਿਣ ਲਈ ਬਣਿਆ ਪਰ ਪੂਰੀ ਤਰਾਂ ਲਾਗੂ ਕਿਤੇ ਵੀ ਨਹੀ ਹੋਇਆ। ਅੱਜ ਦੀ ਔਰਤ ਇੰਨੀ ਸਮਰਥ ਹੋ ਗਈ ਹੈ ਕਿ ਉਹ ਪੂਰੇ ਸਮਾਜ ਨੂੰ ਬਦਲਣ ਦਾ ਦਮ ਰੱਖਦੀ ਹੈ। ਪਰ ਸਮਾਜ ਵਿੱਚ ਕੁੁਝ ਰਾਕਸ਼ਸ਼ ਬਿਰਤੀ ਲੋਕਾਂ ਨੇ ਔਰਤ ਨੂੰ ਅੱਗੇ ਵਧਦਾ ਦੇਖ ਉਸਦੇ ਰਾਹ ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿੰਨਾ ਨੂੰ ਚਾਹ ਕੇ ਵੀ ਉਹ ਪਾਰ ਕਰਨ ਤੋਂ ਡਰਦੀ ਹੈ। ਔਰਤ ਨੂੰ ਪਿੱਛੇ ਖਿੱਚਣ ਲਈ ਔਰਤਾਂ ਨਾਲ ਆਏ ਦਿਨ ਛੇੜਛਾੜ ਦੀਆ ਘਟਨਾ, ਰੇਪ ਵਰਗੀਆ ਕੁਰੀਤੀਆਂ ਸਾਡੇ ਸਮਾਜ ਦੀ ਔਰਤ ਨੂੰ ਅੰਦਰੋ ਝਿੰਜੋੜ ਕੇ ਰੱਖ ਰਹੀਆ ਹਨ। ਸਾਡੇ ਸਮਾਜ ਵਿੱਚ ਔਰਤਾਂ ਨੂੰ ਪੂਰੀ ਅਜ਼ਾਦੀ ਨਹੀਂ ਕਿ ਆਪਣਾ ਪੱਖ ਖੁੱਲ ਕੇ ਸਮਾਜ ਅੱਗੇ ਰੱਖ ਸਕਣ। ਔਰਤ ਦਾ ਜੀਵਨ ਉਸਦੇ ਜਨਮ ਤੋ ਮਰਨ ਸਮੇਂ ਤੱਕ ਬਹੁਤ ਸ਼ੰਘਰਸ਼ ਮਈ ਰਿਹਾ ਹੈ। ਜਦੋਂ ਇੱਕ ਧੀ ਜਨਮ ਲੈਦੀ ਹੈ ਤਾਂ ਘਰ ਵਿੱਚ ਮਾਤਮ ਛਾਅ ਜਾਂਦਾ ਹੈ। ਜਿਸ ਨੇ ਉਸਨੂੰ ਜਨਮ ਦਿੱਤਾ ਉਹ ਵੀ ਤਾਂ ਇੱਕ ਔਰਤ ਹੈ ਫਿਰ ਇੱਕ ਔਰਤ ਹੀ ਔਰਤ ਦੀ ਦੁਸ਼ਮਨ ਬਣੀ ਬੈਠੀ ਹੈ ਇੱਕ ਧੀ ਹੀ ਤਾਂ ਅੱਗੇ ਮਾਂ, ਭੈਣ, ਪਤਨੀ ਬਣੇਗੀ ਤੇ ਨਵਾਂ ਸਮਾਜ ਸਿਰਜੇਗੀ। ਜੇਕਰ ਧੀ ਹੈ ਤਾਂ ਸਮਾਜ ਰੌਸ਼ਨ ਹੈ ਕਿਉਂਕਿ ਔਰਤ ਦਿਨ ਦੀ ਰੌਸ਼ਨੀ ‘ਚ ਸੁਪਨੇ ਸਜਾਉਦੀ ਹੈ, ਰਾਤਾਂ ਦੀ ਨੀਂਦ ਬੱਚਿਆਂ ਨੂੰ ਸੁਲਾਉਣ ‘ਚ ਗੁਜਰ ਜਾਂਦੀ ਹੈ। ਉਸ ਦੀ ਸਾਰੀ ਉਸ ਘਰ ਨੂੰ ਸਜਾਉਣ ‘ਚ ਲੰਘ ਜਾਦੀ ਹੈ।

             ਕਦੇ-ਕਦੇ ਦਿਲ ਕਰਦਾ ਏ ਕਿ ਦੱਸ ਦੇਵਾ ਸਭ ਨੂੰ ਕਿ ਮੈਨੂੰ ਕਿੰਨੇ ਦੁੱਖ ਨੇ ਜਿੰਨਾਂ ਦਾ ਕੋਈ ਇਲਾਜ ਨਹੀ, ਦੱਸਾਂ ਵੀ ਕਿਸ ਨੂੰ ? ਉਹਨਾਂ ਰਿਸ਼ਤਿਆ ਨੂੰ ਜਿੰਨਾ ‘ਚ ਮੈਨੂੰ ਆਪਣੇਪਣ ਦਾ ਅਹਿਸਾਸ ਹੋਇਆ ਹੀ ਨਹੀ। ਮੈਂ ਪੁੱਛਾ ਇਸ ਸਮਾਜ ਨੂੰ ਕਦੋਂ ਬਦਲੇਗੀ। ਇਹ ਰੀਤ ਭੈੜੀ ਕਦੋ ਮਿਲੂ ਅਸਲੀ ਰੁਤਬਾ ਇਸ ਸਮਾਜ ‘ਚ ਇੱਕ ਔਰਤ ਨੂੰ, ਪੂਰਨ ਆਜ਼ਾਦੀ ਤੇ ਬਰਾਬਰੀ…

—————————————————————-

ਜੰਕ ਫੂਡ ਇੱਕ ਧੀਮਾ ਜ਼ਹਿਰ ਹੈ !

✍️  – ਡਾਕਟਰ ਹਰਗੁਰਪ੍ਰਤਾਪ ਸਿੰਘ

ਦੀਪ ਹਸਪਤਾਲ ਅਤੇ ਪੋਆਇਜ਼ਨ ਟ੍ਰੀਟਮੈਂਟ ਸੈਂਟਰ
ਬਰਨਾਲਾ ਰੋਡ, ਨਿਹਾਲ ਸਿੰਘ ਵਾਲਾ (ਮੋਗਾ)

              ਪਿਆਰੇ ਦੋਸਤੋ, ਬੱਚਿਓ, ਮਾਤਾਓ, ਭੈਣੋ, ਭਰਾਵੋ ਅਤੇ ਬਜ਼ੁਰਗੋ

ਕੁਰਕਰੇ, ਚਿਪਸ, ਬਰਗਰ, ਸਮੋਸੇ, ਚਟਨੀਆਂ, ਚੂਰਨ, ਕਿੰਡਰ-ਜੁਆਏ, ਨੂਡਲਜ਼, ਚਾਉਮਿਨ, ਪੈਟੀਜ਼, ਟਿੱਕੀਆਂ, ਪੀਜ਼ਾ, ਗੋਲਗੱਪੇ, ਚੌਕਲੇਟ, ਭੂਜੀਆ, ਪੇਸਟਰੀਜ਼, ਕੇਕ, ਕੋਲਡ ਡਰਿੰਕਸ, ਤੇ ਹੋਰ ਰੰਗ ਬਿਰੰਗੀਆਂ ਬਜ਼ਾਰੂ ਖਾਣ ਵਾਲੀਆਂ ਆਈਟਮਾਂ ਥੋੜੇ ਸਮੇਂ ਲਈ ਤੁਹਾਡੀ ਜੀਭ ਨੂੰ ਸੁਆਦ ਤਾਂ ਦੇ ਸਕਦੀਆਂ ਹਨ, ਪ੍ਰੰਤੂ ਇਹ ਸਭ ਨੂੰ ਨਹੀਂ ਪਤਾ ਕਿ ਚੀਜ਼ਾਂ ਜ਼ਹਿਰੀਲੇ ਕੈਮੀਕਲ ਪਾ ਕੇ ਬਣਾਈਆਂ ਜਾਂਦੀਆਂ ਹਨ। ਰੰਗ ਬਿਰੰਗੇ ਨਕਲੀ ਕੈਮੀਕਲਜ਼ ਇਹਨਾਂ ਨੂੰ ਸੋਹਣਾ, ਸੁਆਦੀ ਤੇ ਖੁਸ਼ਬੂਦਾਰ ਬਣਾ ਦਿੰਦੇ ਹਨ ਪ੍ਰੰਤੂ ਇਹ ਜ਼ਹਿਰੀਲੇ ਕੈਮੀਕਲ ਸਾਨੂੰ ਹੌਲੀ-ਹੌਲੀ ਬੀਮਾਰ ਤੇ ਕਮਜ਼ੋਰ ਕਰ ਰਹੇ ਹਨ।

ਆਓ ਆਪਣੇ ਮਨ ਨਾਲ ਵਾਅਦਾ ਕਰੀਏ ਅਜਿਹੀਆਂ ਕੈਮੀਕਲ ਨਾਲ ਤਿਆਰ ਕੀਤੀਆਂ ਚੀਜ਼ਾਂ ਫਾਸਟ ਫੂਡ ਨਾ ਖਾਈਏ ਅਤੇ ਇਸ ਦੀ ਜਗ੍ਹਾ ਜੋ ਸਾਡੇ ਬਜ਼ੁਰਗ ਦੇਸੀ ਖਾਣਾ-ਪੀਣਾ ਖਾਂਦੇ ਸਨ, ਉਸ ਵੱਲ ਮੁੜੀਏ ਤੇ ਤੰਦਰੁਸਤੀ ਹਾਸਲ ਕਰੀਏ।

—————————————————————-

ਲੋਕਾਂ ਲਈ ਵਰਧਾਨ ਖਾਲਸਾ ਸੇਵਾ ਸੋਸਾਇਟੀ ਮੋਗਾ ਵੱਲੋਂ ਸਥਾਪਿਤ ਗੁਰੂ ਦੀ ਗੋਲਕ ਫ੍ਰੀ ਹਸਪਤਾਲ

✍️  -ਭਾਈ ਹਰਜਿੰਦਰ ਸਿੰਘ ਬੱਡੂਵਾਲੀਆ

ਖਾਲਸਾ ਸੇਵਾ ਸੋਸਾਇਟੀ ਰਜਿ ਮੋਗਾ ਵੱਲੋਂ ਸਥਾਪਿਤ ਕੀਤੇ ਗਏ ਸਰਦਾਰ ਨਗਰ ਅਕਾਲਸਰ ਰੋਡ ਮੋਗਾ ਵਿਖੇ ਗੁਰੂ ਦੀ ਗੋਲਕ ਫ੍ਰੀ ਹਸਪਤਾਲ ਇਲੈਕਟ੍ਰੋਹੋਮਿਓਪੈਥਿਕ ਕੇਅਰ ਸੈਂਟਰ ਵਿਖੇ ਰੋਜ਼ਾਨਾ ਹੀ ਸੈਂਕੜੇ ਮਰੀਜ ਦਵਾਈ ਲੈ ਕੇ ਠੀਕ ਹੋ ਰਹੇ ਹਨ। ਇਹ ਹਸਪਤਾਲ ਹਰ ਰੋਜ 11 ਵਜੇ ਤੋਂ 2 ਵਜੇ ਤੱਕ ਖੁਲਦਾ ਹੈ ਜਿਸ ਵਿਚ ਸਾਰਾ ਇਲਾਜ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਮਹੀਨੇ ਦੀ ਹਰ 15 ਤਾਰੀਕ ਅਤੇ ਐਤਵਾਰ ਨੂੰ ਇਹ ਹਸਪਤਾਲ ਬੰਦ ਰਹਿੰਦਾ ਹੈ। ਅੱਜ ਜਦੋਂ ਹਰ ਪਾਸੇ ਮਹਿੰਗਾਈ ਹੈ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਉਸ ਵੇਲੇ ਇਹ ਹਸਪਤਾਲ ਲੋਕਾਂ ਲਈ ਵਰਧਾਨ ਤੋਂ ਘੱਟ ਨਹੀਂ।

ਪਿਛਲੀ ਦਿਨੀ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੂੰ ਆਪਨੀ ਟੀਮ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ, ਨਾਲ ਹਸਪਤਾਲ ਜਾਣ ਦਾ ਮੌਕਾ ਮਿਲਿਆ। ਹਸਪਤਾਲ ਵਿਚ ਬਤੌਰ ਸੇਵਾਵਾਂ ਨਿਭਾ ਰਹੇ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਅਤੇ ਡਾਕਟਰ ਹਰਪ੍ਰੀਤ ਕੌਰ ਸਿੱਧੂ ਨਾਲ ਦਾਸ ਦਾ ਕਾਫੀ ਪ੍ਰੇਮ ਪਿਆਰ ਹੈ। ਵੈਸੇ ਤਾਂ ਮੈਂ ਅਕਸਰ ਹੀ ਦਵਾਈ ਲੈਣ ਜਾਇਆ ਕਰਦਾ ਹਾਂ ਉਸ ਦਿਨ ਹਸਪਤਾਲ ਵਿਚ ਦਵਾਈ ਲੈਣ ਆਏ ਮਰੀਜਾਂ ਨਾਲ ਗੱਲਬਾਤ ਵੀ ਹੋਈ। ਓਹਨਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਬਹੁਤ ਹੀ ਵਧੀਆ ਇਲਾਜ ਹੁੰਦਾ ਹੈ। ਡਾਕਟਰ ਸਾਬ ਅਤੇ ਡਾਕਟਰ ਮੈਡਮ ਬਹੁਤ ਹੀ ਪਿਆਰ ਨਾਲ ਅਤੇ ਧਿਆਨ ਨਾਲ ਗੱਲ ਸੁਣਦੇ ਹਨ ਫਿਰ ਦਵਾਈ ਦੇਂਦੇ ਹਨ। ਇਕ ਮਰੀਜ ਜੋ ਜੀਰਕਪੁਰ ਤੋਂ ਆਏ ਹੋਏ ਸਨ ਦੱਸਿਆ ਕਿ ਉਹ ਜੀਰਕਪੁਰ ਤੋਂ ਏਥੇ ਦਵਾਈ ਲੈਣ ਆਉਂਦੇ ਹਨ। ਉਹਨਾਂ ਨੇ ਹਰ ਪਾਸੇ ਜਾ ਕੇ ਦੇਖ ਲਿਆ ਸੀ ਆਖਿਰ ਓਹਨਾ ਨੂ ਏਥੇ ਆ ਕੇ ਅਰਾਮ ਮਿਲਿਆ। ਉਹਨਾਂ ਨੇ ਡਾਕਟਰ ਸਾਬ ਦਾ ਧੰਨਵਾਦ ਵੀ ਕੀਤਾ। ਹੋਰ ਵੀ ਕਈ ਮਰੀਜਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਹਸਪਤਾਲ ਵਿਚ ਹਰ ਸੁਵਿਧਾ ਉਪਲੱਭਧ ਹੈ। ਪੀਣ ਵਾਲੇ ਪਾਣੀ ਤੋਂ ਲੈਕੇ ਬੈਠਣ ਤਕ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ। ਡਾਕਟਰ ਜੋੜੀ ਬਹੁਤ ਹੀ ਸਹਿਜਤਾ ਨਾਲ ਮਰੀਜਾਂ ਦੀ ਗੱਲਬਾਤ ਸੁਣਦੇ ਹਨ ਮੇਰਾ ਆਪਣਾ ਵੀ ਇਹ ਮੰਨਣਾ ਹੈ ਕੇ ਇਹ ਹਸਪਤਾਲ ਲੋਕਾਂ ਲਈ ਉਮੀਦ ਦੀ ਕਿਰਨ ਹੈ ਕਰੋਨਾ ਕਾਲ ਦੌਰਾਨ ਜਦੋ ਡਾਕਟਰ ਪੈਸੇ ਲੈ ਕੇ ਵੀ ਮਰੀਜ਼ ਨਹੀਂ ਸਨ ਦੇਖਦੇ, ਉਸ ਵੇਲੇ ਵੀ ਇਸ ਹਸਪਤਾਲ ਵਿਚ ਇਸ ਡਾਕਟਰ ਜੋੜੀ ਨੇ ਲੋਕਾਂ ਦਾ ਫ੍ਰੀ ਇਲਾਜ ਕੀਤਾ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਅਤੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਇਹਨਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁਕਾ ਹੈ।

ਸਭ ਤੋਂ ਵੱਧ ਸ਼ੁਕਰਾਨਾ ਖਾਲਸਾ ਸੇਵਾ ਸੋਸਾਇਟੀ ਦਾ ਜਿੰਨਾ ਕਰਕੇ ਇਹ ਹਸਪਤਾਲ ਖੋਲਿਆ ਗਿਆ। ਵਾਹਿਗੁਰੂ ਸੋਸਾਇਟੀ ਦੇ ਹਰ ਮੈਂਬਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ। ਸੋਸਾਇਟੀ ਵੱਲੋਂ ਖੋਲ੍ਹਿਆ ਗਿਆ ਇਹ ਹਸਪਤਾਲ ਬਹੁਤ ਹੀ ਕਾਬੀਲੇ ਤਾਰੀਫ਼ ਹੈ। ਇਕ ਚੀਜ਼ ਦੀ ਸ਼ੁਰੂਆਤ ਕਰਨੀ ਅਤੇ ਉਸ ਤੋਂ ਵੀ ਵੱਧ ਇਹ ਹੈ ਕੇ ਉਸ ਨੂੰ ਨਿਰੰਤਰ ਸਫਲਤਾ ਪੂਰਵਕ ਚਲਾਉਣਾ ਬਹੁਤ ਹੀ ਕਾਬੀਲੇ ਤਾਰੀਫ਼ ਹੈ। ਇਸ ਲਈ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਅਤੇ ਸੋਸਾਇਟੀ ਦੇ ਮੈਂਬਰ ਸਹਿਬਾਨ ਵਧਾਈ ਦੇ ਪਾਤਰ ਹਨ। ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਅਤੇ ਡਾਕਟਰ ਹਰਪ੍ਰੀਤ ਕੌਰ ਸਿੱਧੂ ਨੂੰ ਅਤੇ ਹਸਪਤਾਲ ਦੀ ਪੂਰੀ ਟੀਮ ਨੂੰ ਗੁਰੂ ਸਾਹਿਬ ਇਸ ਤਰਾਂ ਹੀ ਸੇਵਾ ਨਾਲ ਜੋੜੀ ਰੱਖਣ ਅਤੇ ਇਹ ਨਿਰੰਤਰ ਆਪਣੀਆਂ ਸੇਵਾਵਾਂ ਇਸ ਤਰਾਂ ਦੇਂਦੇ ਰਹਿਣ। ਡਾਕਟਰ ਦਿਵਸ ਦੇ ਮੌਕੇ ਹਸਪਤਾਲ ਦੀ ਪੂਰੀ ਟੀਮ ਨੂੰ ਇਸ ਨੇਕ ਕਾਰਜ ਲਈ ਸਲਾਮ।

 —————————————————————-

ਡਾ. ਸ਼ਰਬਜੀਤ ਕੌਰ ਬਰਾੜ ਦੇ ਜਨਮ ਦਿਨ ਤੇ ਵਿਸ਼ੇਸ਼   

✍️  -ਭਵਨਦੀਪ ਸਿੰਘ

              ਅੱਜ ਸਾਡੇ ਮਹਿਕ ਵਤਨ ਦੀ ਫਾਉਡੇਸ਼ਨ ਅਤੇ ਐਨ.ਜੀ.ਓ. ਦੇ ਮੈਂਬਰ ਡਾ. ਸ਼ਰਬਜੀਤ ਕੌਰ ਬਰਾੜ ਦਾ ਜਨਮ ਦਿਨ ਹੈ ਇਸ ਲਈ ਇਨ੍ਹਾਂ ਬਾਰੇ ਕੁੱਝ ਦੱਸ ਰਿਹਾ ਹਾਂ। ਡਾ. ਸ਼ਰਬਜੀਤ ਕੌਰ ਬਰਾੜ ਪੇਸ਼ੇ ਤੋਂ ਡਾਕਟਰ ਹਨ ਨਾਲ ਹੀ ਇਹ ਬਹੁੱਤ ਵੱਡੇ ਸਮਾਜ ਸੇਵਕ ਅਤੇ ਪ੍ਰਸਿੱਧ ਲੇਖਕ ਹਨ। ਇਨ੍ਹਾਂ ਦੀਆਂ ਰਚਨਾਵਾਂ ਆਮ ਹੀ ‘ਮਹਿਕ ਵਤਨ ਦੀ’ ਮੈਗਜੀਨ ਅਤੇ ਰੋਜਾਨਾ ਆਨਲਾਈਨ ਅਖਬਾਰ ਵਿੱਚ ਛਪਦੀਆਂ ਹਨ। ਇਹ ਅੱਜ ਤੱਕ ਅਣਗਿਣਤ ਰੁੱਖ/ ਪੌਦੇ ਲਗਾ ਚੁੱਕੇ ਹਨ ਜੋ ਕਿ ਬਹੁੱਤ ਵੱਡੀ ਸੇਵਾ ਹੈ। ਇਸ ਦੇ ਨਾਲ ਹੀ ਇਹ ਕਈ ਬਿਰਧ ਆਸ਼ਰਮਾਂ ਵਿੱਚ ਜਾ ਕੇ ਬਜੁਰਗਾਂ ਅਤੇ ਲੋੜਵੰਦਾ ਦਾ ਮੁੱਫਤ ਮੈਡੀਕਲ ਚੈਕਅਪ ਕਰਦੇ ਹਨ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੰਦੇ ਹਨ। ਡਾ. ਸ਼ਰਬਜੀਤ ਕੌਰ ਬਰਾੜ ਬਹੁੱਤ ਸਾਰੇ ਤਿਉਹਾਰ ਵੀ ਉਨ੍ਹਾਂ ਬਜੁਰਗਾਂ ਦੇ ਕੋਲ ਜਾ ਕੇ ਮਨਾਉਦੇ ਹਨ। ਬੇ-ਸਹਾਰਾ ਬਜੁਰਗਾ ਨੂੰ ਤੋਹਫੇ ਅਤੇ ਹੋਰ ਲੋੜੀਦਾ ਸਮਾਨ ਭੇਂਟ ਕਰਦੇ ਹਨ।

ਮਿਤੀ 5 ਜੂਨ 2024 ਨੂੰ ਡਾਕਟਰ ਸਰਬਜੀਤ ਕੌਰ ਬਰਾੜ ਜੀ ਨੇ ਆਪਣਾ ਜਨਮ ਦਿਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਬਰਾੜ ਜੀ ਨੇ ਆਪਣਾ ਜਨਮ ਦਿਨ ਜਿੱਥੇ ਬਿਰਧ ਆਸ਼ਰਮ ਵਿੱਚ ਜਾ ਕੇ ਬਜ਼ੁਰਗਾਂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਮਨਾਇਆ, ਉੱਥੇ ਨਾਲ ਹੀ ਸਮਾਜ ਨੂੰ ਇਹ ਅਪੀਲ ਕੀਤੀ ਕਿ ਉਹ ਆਪ ਅਤੇ ਆਪਣੇ ਬੱਚਿਆਂ ਨੂੰ ਫ਼ਾਲਤੂ ਖਰਚ ਕਰਨ ਤੋਂ ਰੋਕਣ। ਕੇਕ ਆਦਿ ਕੱਟਣਾ ਜਾਂ ਬੇਲੋੜੀਆਂ ਪਾਰਟੀਆਂ ਦੀ ਬਜਾਇ ਉਹਨਾਂ ਨੇ ਕਿਹਾ ਕਿ ਜਨਮ ਦਿਨ ਮਨਾਉਣ ਦੇ ਸਾਰਥਕ ਢੰਗ ਤਰੀਕਿਆਂ ਨੂੰ ਅਪਣਾਇਆ ਜਾਵੇ। ਬੇਲੋੜਾ ਖਰਚ ਘਟਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਤਾਂਕਿ ਇਸ ਸਮਾਜ ਨੂੰ ਅਸੀਂ ਹੋਰ ਸੋਹਣਾ ਬਣਾ ਸਕੀਏ। ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਵਾਤਾਵਰਨ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੁੱਖ ਲਗਾਏ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ ਤੇ ਇੱਕ ਰੁੱਖ ਜਰੂਰ ਲਗਾਉਣ, ਸਿਰਫ ਲਗਾਉਣ ਹੀ ਨਹੀਂ ਬਲਕਿ ਵੱਡਾ ਹੋਣ ਤੱਕ ਉਸ ਦੀ ਦੇਖਭਾਲ ਵੀ ਕਰਨ ਤਾਂ ਕਿ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਓਹਨਾ ਦੱਸਿਆ ਕਿ ਅਜਿਹੇ ਸਕਾਰਾਤਮਕ ਉਪਰਾਲੇ ਉਹ ਅਕਸਰ ਕਰਦੇ ਰਹਿੰਦੇ ਹਨ ਅਤੇ ਅਜਿਹੀਆਂ ਹੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹਨ ਐਨ.ਜੀ.ਓ. ਅਤੇ ਸਾਹਿਤ ਸਭਾਵਾਂ।

ਸਾਹਿਤ ਦੇ ਖੇਤਰ ਵਿੱਚ ਵੀ ਡਾਕਟਰ ਬਰਾੜ ਨੇ ਦੱਸਿਆ ਕਿ ਉਪਰਾਲਿਆਂ ਰਾਹੀਂ ਉਹ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ । ਦੱਸਣ ਯੋਗ ਹੈ ਕਿ ਸਾਹਿਤ ਸਿਰਜਣਾ ਰਾਹੀਂ ਵੀ ਉਹ ਸਮਾਜ ਦੇ ਮੁੱਦਿਆਂ ਬਾਰੇ ਸਮੇਂ ਸਮੇਂ ਤੇ ਆਪਣੀਆਂ ਕਵਿਤਾਵਾਂ ਰਾਹੀਂ ਵੱਖ ਵੱਖ ਵਿਸ਼ਿਆਂ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਦੇ ਹਨ ਅਤੇ ਆਪਣਾ ਜ਼ਿੰਮੇਵਾਰ ਅਤੇ ਸੁਹਿਰਦ ਲੇਖਕ ਹੋਣ ਦਾ ਫ਼ਰਜ਼ ਬਾਖ਼ੂਬੀ ਨਿਭਾਉਂਦੇ ਹਨ।  ਸਾਨੂੰ ਆਪਣੀ ਇਸ ਵੱਡੀ ਭੈਣ ਤੇ ਮਾਣ ਹੈ। ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਡਾ. ਸ਼ਰਬਜੀਤ ਕੌਰ ਬਰਾੜ ਸਾਡੀ ਮਹਿਕ ਵਤਨ ਦੀ ਫਾਉਡੇਸ਼ਨ ਦੇ ਐਡਜਕਟਿਵ ਮੈਬਰ ਹਨ। ਪ੍ਰਮਾਤਮਾਂ ਇਨ੍ਹਾਂ ਦੀ ਉਮਰ ਲੰਮੀ ਕਰੇ। ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸ਼ਤੀ ਬਖਸ਼ੇ।


ਮਾਂ ਤਾਂ ਮਾਂ ਹੀ ਹੁੰਦੀ ਹੈ   

✍️  -ਜਗਰੂਪ ਕੌਰ ਗਰੇਵਾਲ

                 ਮਾਂ ਤਾਂ ਮਾਂ ਹੀ ਹੁੰਦੀ ਹੈ ਫਿਰ ਭਾਵੇਂ ਉਹ ਜਨਮ ਦੇਣ ਵਾਲੀ ਹੋਵੇ ਜਾਂ ਸਾਰੀ ਉਮਰ ਪੈਰ ਪੈਰ ਤੇ ਮੱਤਾਂ ਦੇ ਕੇ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਵਿੱਚ ਸਹਾਈ ਹੋਣ ਵਾਲੀ ਸੱਸ ਮਾਂ ਹੋਵੇ।‌ ਮੈਨੂੰ ਲੱਗਦਾ ਹੈ ਕਿ ਮਾਪਿਆਂ ਨਾਲ ਅਸੀਂ ਅਠਾਰਾਂ ਉਨੀਂ ਵਰ੍ਹੇ ਬਿਤਾਏ ਹੁੰਦੇ ਹਨ ਤੇ ਲੰਮਾ ਸਮਾਂ ਸੱਸ ਮਾਂ ਨਾਲ ਬਤੀਤ ਕਰਨ ਕਰਕੇ ਉਹਨਾਂ ਦਾ ਵਿਛੋੜਾ ਜ਼ਿਆਦਾ ਤਕਲੀਫ਼ ਦਿੰਦਾ ਹੈ। ਕੱਲ੍ਹ ਯਾਨਿ ਪਹਿਲੀ ਅਪ੍ਰੈਲ ਨੂੰ ਮੰਮੀ ਨੂੰ ਪੂਰੇ ਹੋਇਆਂ ਦੋ ਸਾਲ ਹੋਗੇ ਪਰ ਮਨ ਹਾਲੇ ਵੀ ਭਰ ਭਰ ਆਉਂਦਾ ਹੈ। ਮੇਰਾ ਤੇ ਮੇਰੀ ਸੱਸ ਮਾਂ ਦਾ ਸਫ਼ਰ ਪੈਂਤੀ ਸਾਲ ਦੋ ਦਿਨਾਂ ਦਾ ਰਿਹਾ। ਇਸ ਲੰਮੇਰੇ ਸਫ਼ਰ ਵਿੱਚ ਸਾਡੀਆਂ ਕੋਟੀਆਂ, ਸ਼ਾਲਾਂ ਤੇ ਜੁੱਤੀਆਂ ਦੀ ਸਾਂਝ ਤੋਂ ਇਲਾਵਾ ਦੋਵਾਂ ਦੇ ਦੁੱਖ ਸੁੱਖ ਦੀ ਸਾਂਝ ਵੀ ਬਹੁਤ ਪਕੇਰੀ ਸੀ। ਸ਼ਾਇਦ ਇਸ ਕਰਕੇ ਵੀ ਕਿਓਂਕਿ ਮੰਮੀ ਨੇ ਵੀ ਆਪਣੇ ਬਾਪ ਦਾ ਪਿਆਰ ਨਹੀਂ ਸੀ ਦੇਖਿਆ ਤੇ ਮੈਂ ਤਾਂ ਭਲਾ ਮਾਂ ਬਾਪ ਦੋਵਾਂ ਦਾ ਹੀ ਨਹੀਂ ਦੇਖਿਆ ਸੀ। ਪਾਲਣ ਵਾਲੀ ਮਾਂ ਵੀ ਅੱਧ ਵਿਚਾਲੇ ਛੱਡ ਕੇ ਤੁਰ ਗਈ ਸੀ। ਉਹ ਵੀ ਆਪਣੇ ਪੇਕੇ ਪਰਿਵਾਰ ਵਿੱਚ ਸਭ ਤੋਂ ਛੋਟੀ ਤੇ ਵੱਧ ਲਾਡਲੀ ਸੀ ਤੇ ਮੈਂ ਵੀ ਆਪਣੇ ਪੇਕੇ ਪਰਿਵਾਰ ਵਿੱਚ ਛੋਟੀ ਤੇ ਵਧੇਰੇ ਲਾਡਲੀ ਸੀ। ਮੈਨੂੰ ਕਈ ਵਾਰ ਅਕਸਰ ਹੀ ਕਿਹਾ ਕਰਦੇ ਕਿ ਤੇਰੇ ਨਾਲ ਵੀ ਮੇਰੇ ਵਾਲ਼ੀ ਬਣੀ ਆ ਧੀਏ, ਬੱਸ ਇਹ ਸੋਚ ਕੇ ਚੱਲੀਂ ਕਿ ਜਦੋਂ ਉੱਖਲੀ ‘ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਉਹ ਆਪਣੀ ਜ਼ਿੰਦਗੀ ਦੇ ਅਨੁਭਵ ਮੇਰੇ ਨਾਲ ਸਾਂਝਿਆਂ ਕਰਦੇ ਮੈਨੂੰ ਵਿਆਹੁਤਾ ਜੀਵਨ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਬਾਰੇ ਸਮਝਾਉਂਦੇ ਰਹਿੰਦੇ ਸਨ। ਆਪਣੀ ਪੜ੍ਹਾਈ ਹੋਸਟਲ ਵਿੱਚ ਰਹਿ ਕੇ ਪੜ੍ਹਨ ਵਾਲੀ ਮਿਲਟਰੀ ਵਿੱਚ ਐਮ ਡੀ ਦੀ ਧੀ ਨੇ ਸਹੁਰੇ ਪਰਿਵਾਰ ਵਿੱਚ ਡੰਗਰ ਵੱਛੇ ਦਾ ਕੰਮ ਵੀ ਹੱਥੀਂ ਕੀਤਾ, ਖੇਤਾਂ ਵਿੱਚ ਭੱਤਾ ਵੀ ਆਪ ਲੈ ਕੇ ਜਾਂਦੀ ਸੀ। ਸੁਭਾਅ ਵਿੱਚ ਸਹਿਜ ਤੇ ਠਰੰਮਾ ਉਹਨਾਂ ਦੀ ਸ਼ਖ਼ਸੀਅਤ ਦੀ ਖਾਸੀਅਤ ਸੀ। ਜੇ ਕਦੀ ਉਹਨਾਂ ਨੂੰ ਗੁੱਸਾ ਆ ਵੀ ਜਾਂਦਾ ਤਾਂ ਚੁੱਪ ਕਰ ਜਾਂਦੇ ਤੇ ਮੈਂ ਸਮਝ ਜਾਂਦੀ ਕਿ ਕੋਈ ਭਾਣਾ ਵਾਪਰ ਗਿਆ ਤੇ ਮੈਂ ਮੰਮੀ ਦੇ ਅੱਗੇ ਪਿੱਛੇ ਹੋ ਕਿ ਉਹਨਾਂ ਨੂੰ ਮਨਾ ਲੈਂਦੀ। ਜਦੋਂ ਕਦੇ ਮੇਰੀ ਤੇ ਸਰਦਾਰ ਜੀ ਦੀ ਖੜਕ ਜਾਂਦੀ ਤਾਂ ਮੰਮੀ ਨੇ ਮੈਨੂੰ ਕਹਿਣਾ ਘੜੇ ਵੱਟੇ ਦਾ ਕਾਹਦਾ ਵੈਰ, ਤੀਵੀਂ ਆਦਮੀ ਤਾਂ ਘੜੇ ਵੱਟੇ ਦੀ ਨਿਆਈਂ ਹੁੰਦੇ ਨੇ ਤੇ ਆਦਮੀ ਇੱਟ ਵਾਂਗ ਸਖ਼ਤ ਤੇ ਤੀਵੀਂ ਘੜੇ ਵਾਂਗ ਠੰਢੇ ਤੇ ਨਰਮ ਸੁਭਾਅ ਦੀ ਹੁੰਦੀ ਆ। ਲੜਾਈ ਵਿੱਚ ਨੁਕਸਾਨ ਹਮੇਸ਼ਾਂ ਔਰਤ ਦਾ ਹੀ ਹੁੰਦਾ ਹੈ। ਮਾਤਾ ਨੇ ਵਡਿਆ ਕੇ ਮੇਰਾ ਗੁੱਸਾ ਦੂਰ ਕਰ ਦੇਣਾ ਤੇ ਮੌਕਾ ਦੇਖ ਕੇ ਸਰਦਾਰ ਜੀ ਦੇ ਕੰਨ ਵੀ ਖਿੱਚ ਦੇਣੇ.. ਨਾਲ਼ੇ ਕਹਿਣਾ ਕਾਕਾ ਤੇਰੇ ਕੋਈ ਭੈਣ ਨਹੀਂ ਤਾਂ ਹੀ ਤੈਨੂੰ ਅਹਿਸਾਸ ਨਹੀਂ ਹੁੰਦਾ ਕਿ ਤੂੰ ਬਿਗਾਨੀ ਧੀ ਨਾਲ ਗਲਤ ਕਰਦਾ ਹੈਂ । ਬੱਸ ਮਾਂ ਦੀਆਂ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਲੜਾਈ ਕਰਕੇ ਭੁੱਲ ਜਾਂਦੇ ਹਾਂ ਤੇ ਅਗਲੇ ਪਲ ਹੀ ਸਹਿਜ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ। ਇਹ ਸੱਚਾਈ ਹੈ ਕਿ ਜੇ ਸਚਮੁੱਚ ਸਾਡੇ ਵਿੱਚ ਮੰਮੀ ਨਾ ਹੁੰਦੇ ਤਾਂ ਸ਼ਾਇਦ ਅਸੀਂ ਵੱਖ ਹੋ ਗਏ ਹੁੰਦੇ।ਪਰ ਹੁਣ ਹਾਂ ਕਿ ਅਸੀਂ ਇੱਕ ਦੂਜੇ ਤੋਂ ਬਗ਼ੈਰ ਇੱਕ ਪਲ ਵੀ ਨਹੀਂ ਰਹਿ ਸਕਦੇ। ਮੰਮੀ ਦੇ ਜਾਣ ਤੋਂ ਦੋ ਸਾਲ ਬਾਅਦ ਵੀ ਉਹਨਾਂ ਦੀ ਕਮੀ ਹਮੇਸ਼ਾਂ ਲੱਗਦੀ ਹੈ ਉਮਰ ਦੇ ਉਣਾਂਨਵੇਂ ਵਰ੍ਹੇ ਮਾਣ ਕੇ ਗਏ ਹਨ ਪਰ ਸਾਨੂੰ ਹਾਲੇ ਵੀ ਲੱਗਦਾ ਕਿ ਉਹ ਛੇਤੀ ਚਲੇ ਗਏ।

ਮੰਮੀ ਦੀਆਂ ਯਾਦਾਂ ਉਨ੍ਹਾਂ ਦੀ ਜ਼ਿੰਦਗੀ ਦੀ ਤਲਖ਼ ਹਕੀਕਤ ਨੂੰ ਇੱਕ ਵਾਰ ਲਿਖਣਾ ਸੰਭਵ ਨਹੀਂ ਹੈ। ਸਮੇਂ ਸਮੇਂ ਤੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੀ ਰਹਾਂਗੀ। ਜੇ ਹਰ ਕੋਈ ਸੱਸ ਆਪਣੇ ਨੂੰਹ ਨੂੰ ਪੂਰਾ ਮਾਣ ਸਤਿਕਾਰ ਦੇਵੇ ਤਾਂ ਘਰਾਂ ਵਿੱਚ ਹਮੇਸ਼ਾਂ ਪਿਆਰ ਦੀ ਮਹਿਕ ਆਉਂਦੀ ਰਹੇਗੀ। ਉੱਥੇ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਖੁਸ਼ਬੋ ਦੂਰ ਤੱਕ ਮਹਿਕਾਂ ਵੰਡਦੀ ਰਹੂਗੀ। ਮੇਰੀ ਸੱਸ ਮਾਂ ਦੇ ਲਈ ਉਹਨਾਂ ਦੀ ਯਾਦ ਵਿੱਚ ਛੋਟੀ ਜਿਹੀ ਸਾਂਝ ਲਿਖਤ ਦੇ ਰੂਪ ਵਿੱਚ।

————————————————————————

ਕੌਮਾਂਤਰੀ ਇਸਤਰੀ ਦਿਵਸ ‘ਤੇ ਔਰਤ ਬਾਰੇ ਵੱਖ-ਵੱਖ ਸਖਸ਼ੀਅਤਾਂ ਦੇ ਵਿਚਾਰ   

✍️  ਪੇਸ਼ਕਸ : ਰਾਜਵਿੰਦਰ ਰੌਂਤਾ

                        ਔਰਤ ਤੋਂ ਬਿਨਾਂ ਮਨੁੱਖੀ ਜੀਵਨ ਕਿਆਸਿਆ ਵੀ ਨਹੀਂ ਜਾ ਸਕਦਾ, ਸਾਰੀ ਸ੍ਰਿਸ਼ਟੀ ਦਾ ਕੇਂਦਰ-ਬਿੰਦੂ ਔਰਤ ਨੂੰ ਹੀ ਹੈ। ਪਰ ਔਰਤ ‘ਤੇ ਸਮਾਜਕ ਬੰਧਨਾਂ ਦਾ ਭਾਰੀ ਬੋਝ ਪਾ ਦਿੱਤਾ ਤੇ ਉਸ ਨੂੰ ਸਰੀਰਕ ਪੱਖ ਦੇ ਨਾਲ-ਨਾਲ ਮਾਨਸਿਕ ਪੱਖ ਤੋਂ ਵੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ । ਆਓ ਜਾਣੀਏ ਔਰਤ ਬਾਰੇ ਵੱਖ ਵੱਖ ਸਖਸ਼ੀਅਤਾਂ ਦੇ ਵਿਚਾਰ:

ਪ੍ਰੋ ਪ੍ਰਭਜੋਤ ਕੌਰ ਘੋਲੀਆ ਨੇ ਕਿਹਾ ਕਿ ਇਸਤਰੀ ਨੂੰ ਭਾਰਤੀ ਮਰਦ ਪ੍ਰਧਾਨ ਸਮਾਜ ਵਿੱਚ ਵਸਤੂ ਬਣਾ ਦਿੱਤਾ ਗਿਆ ਹੈ।ਭਾਰਤੀ ਸਮਾਜ ਵਿਚ ਔਰਤ ਦਾ ਸਰੂਪ ਇਨ੍ਹਾਂ ਕੱਟੜ ਅਤੇ ਮਾਰੂ ਸੀ ਕਿ ਉਸ ਨੂੰ ਅਸ਼ੁੱਧ ਅਤੇ ਅਪਵਿੱਤ੍ਰ ਵੀ ਕਿਹਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਔਰਤ ਨੂੰ ਜਗ ਜਨਨੀ ਕਹਿ ਕੇ ਸਤਿਕਾਰਿਆ। ਉਸ ਦੇ ਪ੍ਰਤੀ ਵਿਨਾਸ਼ਕਾਰੀ ਹਿੰਸਾ ਕਰਨ ਵਾਲਿਆਂ ਦੇ ਵਿਰੋਧ ਵਿਚ ਇਨਕਲਾਬੀ ਕਦਮ ਚੁੱਕਿਆ। ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੀ ਸੰਕੀਰਣ ਮਾਨਸਿਕਤਾ ਦਾ ਵਿਰੋਧ ਕਰਦਿਆਂ ਔਰਤ ਅਤੇ ਮਰਦ ਨੂੰ ਇੱਕ ਪਰਮਾਤਮਾ ਦੀ ਜੋਤ ਨਾਲ ਨਿਵਾਜਿਆ ਹੈ। ਸਮਾਜ ਗੁਰੂ ਜੀ ਦੇ ਵਚਨਾਂ ਤੇ ਪਹਿਰਾ ਦੇਣ ਦੀ ਲੋੜ੍ ਹੈ।

ਡਾਕਟਰ ਰਜਨੀ ਸ਼ਰਮਾ ਨੇ ਕਿਹਾ ਕਿ ਔਰਤ ਵੱਲੋਂ ਆਪਣੀ ਸਥਾਪਤੀ ਲਈ ਸੰਘਰਸ਼ ਜਾਰੀ ਹੈ। ਇੱਕੀਵੀਂ ਸਦੀ ਵਿੱਚ ਵੀ ਉਹ ਪੂਰੀ ਤਰਾਂ ਅਜ਼ਾਦ ਅਤੇ ਸੁਰੱਖਿਅਤ ਨਹੀਂ ਹੈ। ਜਿਸ ਲਈ ਸਮਾਜਕ ਬਦਲਾਅ ਜਰੂਰੀ ਹੈ। ਜਿਸ ਦਾ ਉਸ ਹਿੱਸਾ ਬਣਨਾ ਪਵੇਗਾ।ਉਸ ਨੂੰ ਖੁਦ ਅਤੇ ਆਪਣੇ ਆਲੇਦੁਆਲੇ ਨੂੰ ਜਾਗਰੂਕ ਕਰਨ ਦੀ ਲੋੜ ਹੈ। ਚੰਡੀ ਮਾਈ ਭਾਗੋ ਤੇ ਰਾਣੀ ਝਾਂਸੀ ਖੁਦ ਬਣਨਾ ਪਵੇਗਾ।

ਕੰਵਲਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤ ਅਜ਼ਾਦ ਤੇ ਬੇਖੌਫ ਮਹਿਸੂਸ ਨਾ ਕਰੇ ਸਮਾਜ ਲਈ ਸੁਆਲ ਹੈ। ਝਾਰਖੰਡ ਵਿਖੇ ਵਾਪਰੀ ਸ਼ਰਮਨਾਕ ਘਟਨਾ ਬਾਰੇ ਉਹਨਾਂ ਕਿਹਾ ਕਿ ਇਹ ਗੈਂਗਰੇਪ ਭਾਰਤ ਦੇ ਮੱਥੇ ਤੇ ਕਲੰਕ ਹੈ। ਖਤਰੇ ਵਾਲੇ ਦੱਸੇ ਜਾਂਦੇ ਦੇਸ਼ਾਂ ਚੋਂ ਘੁੰਮ ਕੇ ਆਏ ਇਸ ਜੋੜੇ ਨੂੰ ਚੰਗੇ ਬੇਟੀ ਬਚਾਓ ਬੇਟੀ ਪੜ੍ਹਾਓ ਵਾਲੇ ਨਾਹਰੇ ਮਾਰਦੇ ਦੇਸ਼ ਵਿਚ ਗੈਂਗਰੇਪ,ਖੋਹ ਤੇ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਹੈ। ਔਰਤ ਦੇ ਅਸਲ ਚ ਮਾਣ ਸਨਮਾਨ ਹੋਣ ਦੀ ਲੋੜ ਹੈ।

ਸ਼ਾਇਰਾ ਰੂਪੀ ਹੁੰਦਲ ਨੇ ਕਿਹਾ ਕਿ ਔਰਤ ਹੁਣ ਪੈਰ ਦੀ ਜੁੱਤੀ ਨਹੀਂ ਰਹੀ ਹੈ ਹੁਣ ਉਹ ਅਸਮਾਨ ਤੇ ਉਡਾਰੀਆਂ ਲਗਾ ਰਹੀ ਹੈ। ਹਰ ਖੇਤਰ ਵਿੱਚ ਅੱਗੇ ਹੈ। ਅੱਜਕਲ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ। ਕੁੜੀ ਦੇ ਪੜ੍ਹੀ ਲਿਖੀ ਤੇ ਯੋਗ ਹੋਣ ਨਾਲ ਦੋ ਪਰਿਵਾਰਾਂ ਦਾ ਜੀਵਨ ਬਦਲ ਜਾਂਦਾ ਹੈ।ਉਸ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ।ਸਰਕਾਰ ਤੇ ਸਾਨੂੰ ਸਭ ਨੂੰ ਫ਼ਰਜ਼ ਪਹਿਚਾਣ ਕਰਨ ਦੀ ਲੋੜ ਹੈ।

ਲੈਕਚਰਾਰ ਗਗਨਦੀਪ ਕੌਰ ਸਿੱਧੂ ਨੇ ਕਿਹਾ ਕਿ ਅੱਜ ਦੀ ਲੜਕੀ ਨੂੰ ਅੱਜ ਵੀ ਸਮਾਜ ਵਿੱਚ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਜੱਗ ਜਣਨੀ ਨੂੰ ਜਿਨਸੀ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਪਰ ਉਸ ਨੂੰ ਅੱਗੇ ਵਧਣ ਲਈ ਖੁਦ ਹੀ ਔਰਤ ਸ਼ਕਤੀ ਨੂੰ ਪਹਿਚਾਣ ਕੇ ਇਕਜੁਟ ਹੋਣ ਦੀ ਲੋੜ ਹੈ। ਮਾਪੇ ਤੇ ਅਧਿਆਪਕ ਆਪਣੇ ਬੱਚਿਆਂ ਨੂੰ ਜਵਾਨ ਹੋਣ ਦੀ ਉਮਰ ਚ ਬਦਲਾਅ ਤੇ ਗਲਤੀਆਂ ਬਾਰੇ ਜਰੂਰ ਜਾਗਰੂਕ ਕਰਦੇ ਰਹਿਣ। ਕਾਨੂੰਨ ਤੇ ਇਨਸਾਫ਼ ਹਰ ਇਕ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ।

ਸਮਾਜ ਸੇਵੀ ਕ੍ਰਿਸ਼ਨਾ ਰਾਣੀ ਨੇ ਕਿਹਾ ਕਿ ਔਰਤ ਨਾਲ ਹੀ ਘਰ ਹੁੰਦਾ।ਘਰ ਦੀ ਸੰਭਾਲ ਤੇ ਬੱਚਿਆਂ ਨੂੰ ਸਿੱਖਿਅਤ ਕਰਨਾ ਤੇ ਪਾਲਣ ਪੋਸ਼ਣ ਕਰਨਾ ਵੀ ਵੱਡੀ ਜਿੰਮੇਵਾਰੀ ਵਾਲਾ ਕੰਮ ਹੈ। ਮਾਵਾਂ ਨੂੰ ਆਪਣੇ ਧੀਆਂ, ਪੁੱਤਰਾਂ ਨੂੰ ਚੰਗੇ ਆਚਰਣ ਵਿਹਾਰ ਬਾਰੇ ਸਿੱਖਿਅਤ ਕਰਨਾ ਵੀ ਅਤਿ ਜਰੂਰੀ ਹੈ। ਉਹਨਾਂ ਨੂੰ ਆਪਣੇ ਦੋਸਤ ਸਮਝਣਾ ਚਾਹੀਦਾ ਹੈ।ਜੋਕਿ ਹਰ ਅੰਦਰਲੀ ਬਾਹਰਲੀ ਗੱਲ ਮਾਪਿਆਂ ਨਾਲ ਸਾਂਝੀ ਕਰਨ।

ਸਾਹਿਤਕਾਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਔਰਤ ਦੀ ਅਜ਼ਾਦੀ ਦੇ ਸਬੰਧ ਸ਼ਾਇਰੀ ਚ ਆਖਿਆ ਹੈ
ਨਾ ਮੈਂ ਸੀਤਾ, ਨਾ ਮੈਂ ਮੀਰਾ,
ਨਾ ਸਿਆਲਾਂ ਦੀ ਹੀਰ ਕਹੀਂ ਤੂੰ।
ਮੇਰੇ ਉੱਚੇ ਅੰਬਰਾਂ ਉੱਤੇ,
ਨਾ ਕਦਮਾਂ ਦੀ ਪੀੜ ਬਣੀ ਤੂੰ।
ਉਹਨਾਂ ਕਿਹਾ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਪੇਕੇ ਮਾਪੇ ਉਸ ਨੂੰ ਉਤਸ਼ਾਹਿਤ ਕਰਨ ਸਹੁਰਾ ਪਰਵਾਰ ਉਸ ਨੂੰ ਹੱਲਾਸ਼ੇਰੀ ਹੌਂਸਲਾ ਬਰਕਰਾਰ ਰੱਖੇ ਅਤੇ ਅੱਗੇ ਵਧਣ ਤੋਂ ਰੋਕਿਆ ਨਾ ਜਾਵੇ ਤਾਂ। ਭਵਿੱਖੀ ਤਸਵੀਰ ਬਹੁਤ ਸੁੰਦਰ ਬਣੇਗੀ।

ਹਰਪ੍ਰੀਤ ਗਰੇਵਾਲ ਕਨੇਡਾ ਨੇ ਕਿਹਾ ਕਿ ਅੱਜਕਲ ਕੁੜੀ ਦਾ ਪੈਦਾ ਹੋਣਾ ਪਾਪ ਨਹੀਂ ਹੈ। ਦੁਨੀਆਂ ਪੱਧਰ ਤੇ ਕੁੜੀਆਂ ਦੀ ਝੰਡੀ ਹੈ । ਕੁੜੀਆਂ ਦੇ ਪਾਲਣ ਪੋਸ਼ਣ ਵਿੱਚ ਕਮੀ ਨਹੀਂ ਰੱਖਣੀ ਚਾਹੀਦੀ ਨਾਂ ਹੀ ਉਸ ਦੀ ਪੜ੍ਹਾਈ ਲਿਖਾਈ ਵਿਚ ਪੱਖਪਾਤ ਕਰਨੀ ਚਾਹੀਦੀ ਹੈ। ਕੁੜੀਆਂ ਅਜ਼ਾਦੀ ਦਾ ਹੱਕ ਮਿਲਣਾ ਚਾਹੀਦਾ ਹੈ ਕੁੜੀਆਂ ਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਔਰਤ ਦੇਵੀ ਪਿਆਰ ਸਤਿਕਾਰ ਸਨਮਾਨ ਦੀ ਮੂਰਤ ਹੈ ।

ਥਾਣੇਦਾਰ ਪ੍ਰਿਆਂਸ਼ੁ ਸਿੰਘ ਕਿਹਾ ਕਿ ਔਰਤ ਨੇ ਅੱਜ ਦੇ ਸਿਵਲ ,ਪੁਲੀਸ, ਮੈਡੀਕਲ,ਪ੍ਰਸਾਸ਼ਨ, ਵਿਦਿਆ ਤੇ ਸਿਆਸਤ ਦੇ ਖੇਤਰ ਵਿੱਚ ਬਹੁਤ ਮੱਲਾਂ ਮਾਰੀਆਂ ਹਨ।ਗੁਰੂ ਸਾਹਿਬਾਨ ਨੇ ਔਰਤ ਨੂੰ ਸਤਿਕਾਰ ਦਿੱਤਾ ਹੈ। ਕੁੜੀਆਂ ਨੂੰ ਚੰਗੀ ਤੇ ਉੱਚ ਸਿੱਖਿਆ ਦੇਣੀ ਚਾਹੀਦੀ ਹੈ । ਉਸ ਨੂੰ ਸਰੀਰਕ ਮਾਨਸਿਕ ਤੌਰ ਤੇ ਦਲੇਰ ਤੇ ਤਾਕਤਵਰ ਬਣਾਉਣਾ ਚਾਹੀਦਾ ਹੈ। ਅੰਦਰਲੀ ਖੂਬਸੂਰਤੀ ਲਈ ਨਿਮਰਤਾ, ਸਵੈ ਵਿਸ਼ਵਾਸ਼,ਆਤਮ ਸਨਮਾਨ ਅਤੇ ਪਬਲਿਕ ਤੇ ਘਰ ਵਿਚ ਦਰਜਾ ਬ ਦਰਜਾ ਪਿਆਰ ਸਤਿਕਾਰ ਜਿਹੇ ਗੁਣ ਸਖਸ਼ੀਅਤ ਨੂੰ ਉੱਚਾ ਕਰਦੇ ਹਨ।
ਹਵਾ ਕੀ ਕਰ ਲਊਗੀ ਚਿਹਰਿਆਂ ‘ ਤੇ ਧੂੜ ਪਾ ਕੇ।
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ।

ਐਡਵੋਕੇਟ ਵੀਨਾ ਅਰੋੜਾ ਨੇ ਕਿਹਾ ਕਿ ਅਜਿਹਾ ਮਹੌਲ ਬਣਨਾ ਚਾਹੀਦਾ ਹੈ ਕਿ ਕੁੜੀਆਂ ਸੁਰੱਖਿਅਤ ਹੋਣ ਓਹਨਾ ਨੂੰ ਮੁਫ਼ਤ ਉਚੇਰੀ ਵਿਦਿਆ ਮਿਲੇ ਬਰਾਬਰਤਾ ਕਾਗਜ਼ੀ ਨਾ ਹੋਵੇ ਅਮਲੀ ਰੂਪ ਚ ਹੋਵੇ। ਸਰਕਾਰਾਂ ਨੂੰ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਔਰਤ ਦੇ ਸਨਮਾਨ ਸੁਰੱਖਿਆ ਵੱਲ ਲਾਜ਼ਮੀ ਹੋਣਾ ਪਵੇਗਾ ਔਰਤ ਵੀ ਆਪਣੇ ਫਰਜ਼ ਪਹਿਚਾਣੇ।

————————————————————————

ਇਸ਼ਕ ਦੇ ਰੂਪ

ਮੇਰੇ ਅਨੁਭਵ ਮੇਰੇ ਜਜ਼ਬਾਤ

                             ✍️ ਬਬਲੀ ਮੋਗਾ

              ਇਨਸਾਨ ਦੀ ਸਾਰੀ ਉਮਰ ਇਸ਼ਕ ‘ਚ ਹੀ ਲੰਘ ਜਾਂਦੀ ਆ, ਜਨਮ ਤੋਂ ਲੈ ਕੇ ਮਰਨ ਤੱਕ ਉਹ ਇਸ਼ਕ ਹੀ ਕਰਦਾ ਰਹਿੰਦਾ ਇਹ ਇਸ਼ਕ ਉਹਦਾ ਮਾਂ ਬਾਪ ਤੋਂ ਸ਼ੁਰੂ ਹੁੰਦਾ, ਫਿਰ ਖੂਨ ਦੇ ਰਿਸ਼ਤਿਆਂ ਨਾਲ, ਬਾਹਰੋਂ ਮਿਲਿਆ ਇਨਸਾਨੀ ਰੂਹਾਂ ਨਾਲ, ਜਾਨਵਰਾਂ ਨਾਲ, ਚੀਜ਼ਾਂ ਨਾਲ, ਰੱਬ ਨਾਲ, ਸ਼ੌਂਕਾਂ ਨਾਲ, ਕੈਰੀਅਰ ਨਾਲ, ਇਹ ਸਭ ਨੂੰ ਇਨਸਾਨ ਇਸ਼ਕ ਹੀ ਤਾ ਕਰਦਾਇਹ ਇਸ਼ਕ ਉਸ ਤੋਂ ਪਤਾ ਨਹੀਂ ਕੀ-ਕੀ ਕਰਾ ਦਿੰਦਾ ?
ਆਉਂਦਾ ਉਸ ਨੂੰ ਫਿਰ ਵੀ ਨਹੀਂ ਇਸ਼ਕ ਕਰਨਾ, ਫੇਰ ਵੀ ਉਹ ਮਾਤ ਇਸੇ ਇਸ਼ਕ ਵਿੱਚ ਹੀ ਖਾਂਦਾ! ਇਹੀ ਇਸ਼ਕ ਇਨਸਾਨ ਤੋਂ ਬਹੁਤ ਕੁਝ ਗਲਤ ਵੀ ਕਰਾ ਦਿੰਦਾਜੋ ਉਹ ਹੁੰਦਾ ਨਹੀਂ ਉਸਨੂੰ ਉਹ ਬਣਾ ਦਿੰਦਾਖੁਦ ਦੀ ਸੁੱਧ ਬੁੱਧ ਭੁਲਾ ਦਿੰਦਾਕਿਉਂਕਿ ਕਿ ਓਸ ਨੂੰ ਇਸ਼ਕ ਕਰਨਾ ਆਉਂਦਾ ਹੀ ਨਹੀਂਪਰ ਜਿਸਨੂੰ ਇਹ ਇਸ਼ਕ ਕਰਨ ਦੀ ਸਮਝ ਆ ਗਈ ਤਾਂ ਉਹਦੇ ਵਰਗਾ ਕੋਈ ਨਹੀਂਜਿਨਾਂ ਨੂੰ ਨਹੀਂ ਆਈ ਤੇ ਫਿਰ ਇਹਦੇ ਵਰਗੇ ਮਾੜੀ ਚੀਜ਼ ਵੀ ਕੋਈ ਨਹੀਂ। 

ਅਸਲ ਵਿੱਚ ਇਹ ਇਸ਼ਕ ਹੋਣਾ ਤਾਂ ਖੁਦ ਨਾਲ ਹੀ ਚਾਹੀਦਾ, ਜਦੋਂ ਤੁਸੀਂ ਖੁਦ ਨਾਲ ਇਸ਼ਕ ਕਰਨਾ ਸਿੱਖ ਲਿਆ ਨਾ, ਫਿਰ ਦੁਨੀਆਂ ਦੇ ਝੰਜਟਾਂ ਵਿੱਚੋਂ ਬੰਦਾ ਬਾਹਰ ਆ ਜਾਂਦਾ। ਫਿਰ ਇਹ ਫਰਕ ਨਹੀਂ ਪੈਂਦਾ ਕੌਣ ਕੀ ਕਹਿ ਰਿਹਾ ? ਕੌਣ ਕੀ ਸੋਚਦਾ ? ਖੁਦ ਨਾਲ ਇਸ਼ਕ ਬੰਦੇ ਨੂੰ ਝੂਮਣ ਲਾ ਦਿੰਦਾ ਖੁਦ ਨਾਲ ਇਸ਼ਕ ਬੰਦੇ ਨੂੰ
ਬੇਪਰਵਾਹ ਬਣਾ ਦਿੰਦਾਖੁਦ ਨਾਲ ਇਸ਼ਕ ਬੰਦੇ ਨੂੰ ਜੀਣਾ ਸਿਖਾ ਦਿੰਦਾ। ਜਦੋਂ ਸਮਝ ਆ ਗਿਆ ਕਿ ਤੁਸੀਂ ਕੀ ਕਰਨ ਆਏ ਹੋ ? ਕਿਸ ਲਈ ਆਏ ਹੋ ? ਫਿਰ ਪ੍ਰਵਾਹ ਨਹੀਂ ਰਹਿੰਦੀ ਚਾਹੇ ਕੋਈ ਕਿੰਨਾ ਵੀ ਆਪਣਾ ਕਿਉਂ ਨਾ ਹੋਵੇ

ਖੁਦ ਨਾਲ ਇਸ਼ਕ ਕਰਨਾ, ਕੁਦਰਤ ਨਾਲ ਇਸ਼ਕ ਕਰਨਾ, ਇਹ ਜਨਮ ਤੁਹਾਡੇ ਲਈ ਬਹੁਮੁੱਲਾ ਬਣਾ ਦਿੰਦਾਉਹਦੇ ਨਾਲ ਇਸ਼ਕ ਬੰਦੇ ਨੂੰ ਅੰਦਰ ਵੱਸਦੇ ਪਰਮਾਤਮਾ ਦਾ ਗਿਆਨ ਕਰਾ ਜਾਂਦਾਮੈ ਖੁਦ ਨਾਲ ਇਸ਼ਕ ਕਰਦੀ ਆਇਸੇ ਕਰਕੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਸਮਝ ਆਉਂਦੇ ਹੀ ਜਨਮ ਬਹੁਤ ਪਿਆਰਾ ਲਗਣ ਲੱਗ ਜਾਂਦਾਮਹਿਸੂਸ ਕੀਤੇ ਇਹਸਾਸਾ ਵਿੱਚੋ

————————————————————————

 ਦੋ- ਮੂੰਹੇਂ ਸੱਪ

– ਹਰਜੀਤ ਕੌਰ ਗਿੱਲ 
harjitgill_77@yahoo.com
Montreal, QC, Canada.

            ਕਈ ਵਾਰ ਲੋਕਾਂ ਦੀ ਸੋਚ ਤੇ ਹੈਰਾਨੀ ਵੀ ਹੁੰਦੀ ਹੈ ਅਤੇ ਹਾਸਾ ਵੀ ਆਉਂਦਾ ਹੈ। ਕਈ ਇਨਸਾਨ ਗਿਰਗਟ ਤੋਂ ਵੀ ਜ਼ਿਆਦਾ ਰੰਗ ਬਦਲਦੇ ਹਨ ਕਿ ਗਿਰਗਟ ਵੀ ਦੇਖ ਕੇ ਸ਼ਰਮਾ ਜਾਵੇ ।” ਮੂੰਹ ਦੇ ਮਿੱਠੇ ਤੇ ਦਿਲ ਦੇ ਕਾਲੇ।” ਸੋਚ, ਦੂਜਿਆਂ ਨੂੰ ਨੀਵਾਂ ਦਿਖਾ ਕੇ ਚੰਗਾ ਬਣਨ ਦੀ। ਉੱਤੋਂ-ਉੱਤੋਂ ਲੱਗਦਾ ਹੈ ਕਿ ਇਹ ਜਿੰਨੀ ਫ਼ਿਕਰ ਤੁਹਾਡੀ ਕਰਦੇ ਹਨ, ਦੁਨੀਆਂ ਦਾ ਹੋਰ ਕੋਈ ਵੀ ਇਨਸਾਨ ਕਰ ਨਹੀਂ ਸਕਦਾ। ਫਿਰ ਵਿਚਾਰੇ ਬਣ ਜਾਂਦੇ ਹਨ। ਕਈ ਵਾਰ ਏਨੇ ਮਿੱਠੇ ਅਹਿਸਾਨਾਂ ਨਾਲ ਮਾਰਦੇ ਹਨ ਕਿ ਬੰਦੇ ਨੂੰ ਭੁਲੇਖਾ ਪੈਂਦਾ ਹੈ ਕਿ ਇਸ ਤੋਂ ਵੱਧ ਮੇਰਾ ਭਲਾ ਸੋਚਣ ਵਾਲਾ ਹੋਰ ਕੋਈ ਹੋ ਹੀ ਨਹੀਂ ਸਕਦਾ। ਮੈਂ ਐਵੇਂ ਹੀ ਇਹਦੇ ਬਾਰੇ ਗਲਤ ਸੋਚਦਾ ਰਿਹਾ। ਪਿੱਠ ਪਿੱਛੇ ਤੁਹਾਡੀ ਬੁਰਾਈ ਤੇ ਮੂੰਹ ਤੇ  ਭਰਾ ਨਾਲ ਖੜ੍ਹਾ ਤੇਰੇ ਜਾਂ ਭੈਣ ਨਾਲ ਖੜ੍ਹੀ ਤੇਰੇ ਹਮੇਸ਼ਾ” ਵਰਗੇ ਦਿਲਾਸੇ ਦਿੰਦੇ ਹਨ ਕਿ ਸੁਣਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ।

            ਸੋ ਸਮਾਂ ਰਹਿੰਦੇ ਹੀ, ਅਜਿਹੇ ਲੋਕਾਂ ਤੋਂ ਸੰਭਲ ਜਾਵੋ ! ਜੋ ਦੋ-ਮੂੰਹੇ ਸੱਪ ਬਣ ਕੇ ਮਿੱਠੇ ਜ਼ਹਿਰ ਦਾ ਐਸਾ ਡੰਗ ਮਾਰਦੇ ਹਨ ਕਿ ਇਹਨਾਂ ਦਾ ਡੰਗਿਆ ਬੰਦਾ ਪਾਣੀਂ ਵੀ ਨਹੀਂ ਮੰਗਦਾ। ਬਸ ਇਹੋ ਜਿਹੇ ਬੰਦਿਆਂ ਤੇ ਭਰੋਸਾ ਕਰਕੇ , ਇਨਸਾਨ ਸਾਰੀ ਉਮਰ ਪਛਤਾਉਂਦਾ ਰਹਿੰਦਾ ਹੈ। ਜ਼ਰਾ ਕੁ , ਆਪਣੇ ਆਸੇ-ਪਾਸੇ ਨਜ਼ਰ ਮਾਰੋ, ਇਹ ਤੁਹਾਨੂੰ ਤੁਹਾਡੀ ਬੁੱਕਲ ਵਿੱਚ ਬੈਠੇ ਹੀ ਮਿਲਣਗੇ ਅਤੇ ਸਮਾਂ ਰਹਿੰਦਿਆਂ ਹੀ ਸੰਭਲ ਜਾਓ! ਤਾਂ ਜੋ ਤੁਸੀਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਵਿਗੜਨ ਤੋਂ ਪਹਿਲਾਂ ਹੀ ਬਚਾ ਸਕੋ। ਮਾਰੋ ਝਾਤੀ, ਆਲੇ-ਦੁਆਲੇ ਅਤੇ ਲੱਭੋ ਕਿੰਨੇ ਕੁ ਹਨ ਅਜਿਹੇ ਦੋ ਧਾਰੀ ਤਲਵਾਰ? ਜੋ ਹਮਦਰਦ ਬਣ ਕੇ ਤੁਹਾਡੇ ਜ਼ਖਮਾਂ ਤੇ ਮਲਹਮ ਲਗਾਉਂਦੇ ਹਨ ਤੇ ਸਮਾਂ ਆਉਣ ਤੇ ਦੁਸ਼ਮਣੀ ਕੱਢਦੇ ਹਨ। ਅਜਿਹੇ ਲੋਕਾਂ ਨੂੰ ਰੱਬ ਵੀ ਕਦੇ ਮਾਫ ਨਹੀ ਕਰਦਾ।

        ਸੋ, ਰਿਸ਼ਤੇ ਅਤੇ ਦੋਸਤੀ ਦਿਲ ਤੋਂ ਨਿਭਾਉ । ਕਿਉਂਕਿ ਜ਼ਿੰਦਗੀ ਬਹੁਤ ਛੋਟੀ ਜਿਹੀ ਤੇ ਖ਼ੂਬਸੂਰਤ ਹੈ। ਇਸ ਲਈ ਝੂਠ, ਫਰੇਬ, ਧੋਖਾ ਅਤੇ ਬਣਾਵਟੀ ਰਿਸ਼ਤਿਆਂ ਤੋਂ ਦੂਰ ਰਹੋ। ਪਿਆਰ , ਸੱਚਾਈ ਇਮਾਨਦਾਰੀ, ਵਫ਼ਾਦਾਰੀ ਤੇ ਦਿਲੀ ਹਮਦਰਦੀ ਨਾਲ ਰਿਸ਼ਤੇ ਨਿਭਾਓ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਵੋ। ਖੁਸ਼ੀਆਂ ਬੀਜੋ, ਹਾਸੇ ਉੱਗਣਗੇ! ਤੁਸੀਂ ਸਾਰੇ ਹੱਸਦੇ ਵਸਦੇ ਰਹੋ। ਲੰਮੀਆਂ ਉਮਰਾਂ ਮਾਣੋ। ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਰਹੋ।

————————————————————————  

ਸਭ ਤੋਂ ਪਹਿਲਾਂ ਤਾਂ ਇੱਕ ਔਰਤ ਹੀ ਔਰਤ ਨੂੰ ਮੁਕਤੀ ਦੇਵੇ !  

– ਡਾ. ਸਰਬਜੀਤ ਕੌਰ ਬਰਾੜ ਮੋਗਾ
Mob. 79866-52927
        ਹੋ ਸਕਦਾ ਹੈ ਬਹੁਤੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ ਪਰ ਇਹ ਸੱਚਾਈ ਹੈ ਤੇ ਸਚਾਈ ਹਰ ਇੱਕ ਨੂੰ ਹਜਮ ਨਹੀਂ ਹੁੰਦੀ, ਅੱਜ ਭਾਵੇਂ ਜ਼ਮਾਨਾ ਬਦਲ ਚੁੱਕਾ ਹੈ ਲੋਕ ਬਦਲੇ ਹਨ ਸੋਚ ਬਦਲੀ ਹੈ ਤਕਨੀਕ ਬਦਲੀ ਹੈ ਔਰਤ ਪੜ੍ਹ ਲਿਖ ਕੇ ਮਰਦ ਨੂੰ ਬਰਾਬਰ ਦੀ ਹੋ ਕੇ ਟੱਕਰੀ ਹੈ ਪਰ ਕੀ ਔਰਤ ਨੇ ਸਮੇਂ ਦੇ ਨਾਲ ਨਾਲ ਆਪਣੀ ਸੋਚ ਬਦਲੀ ਹੈ ?
       ਇੱਕ ਔਰਤ ਹੀ ਮਾਂ ਹੈ ਤੇ ਇੱਕ ਔਰਤ ਹੀ ਸੱਸ ਇੱਕ ਪੜੀ ਲਿਖੀ ਔਰਤ ਲਿੰਗ ਟੈਸਟ ਦਾ ਸੋਚਦੀ ਹੈ। ਇੱਕ ਔਰਤ ਹੀ ਦੂਜੀ ਔਰਤ ਨੂੰ ਦਾਜ ਨਾ ਲੈਕੇ ਆਉਣ ਦਾ ਤਾਹਨਾ ਮਾਰਦੀ ਹੈ। ਇਕ ਔਰਤ ਹੀ ਦੂਜੀ ਔਰਤ ਦਾ ਘਰ ਬਰਬਾਦ ਕਰਦੀ ਹੈ। ਇੱਕ ਔਰਤ ਹੀ ਕੁੜੀਆਂ ਜੰਮਣ ਤੇ ਮੁੰਡਾ ਨਾ ਹੋਣ ਕਾਰਨ ਔਰਤ ਨੂੰ ਜਲੀਲ ਕਰਦੀ ਹੈ। ਇੱਕ ਔਰਤ ਹੀ ਔਰਤ ਨੂੰ ਔਲਾਦ ਨਾ ਹੋਣ ਤੇ ਬਾਂਝ ਹੋਣ ਦੇ ਤਾਹਨੇ ਕੱਸਦੀ ਹੈ। ਇੱਕ ਔਰਤ ਹੀ ਰੱਬ ਘਰ ਗਏ ਉਸ ਦੇ ਮਰਦ ਦਾ ਨਾ ਹੋਣ ਦਾ ਅਹਿਸਾਸ ਕਰਾ ਕੇ ਉਸਦਾ ਹਾਰ ਸ਼ਿੰਗਾਰ ਤੇ ਲੀੜਾ ਲੱਤਾ ਪਰਖਦੀ ਹੈ।
      ਇਹ ਗੱਲਾਂ ਆਮ ਹਨ ਅਤੇ ਹਰ ਸ਼ਹਿਰ ਗਲੀ ਮੁਹੱਲੇ, ਪਿੰਡਾਂ ਵਿੱਚ ਤੁਹਾਨੂੰ ਹਜੇ ਵੀ ਆਮ ਹੀ ਸੁਣਨ ਨੂੰ ਮਿਲ ਜਾਣਗੀਆਂ। ਇਸ ਲਈ ਸਭ ਤੋਂ ਪਹਿਲਾਂ ਔਰਤ ਨੂੰ ਖੁਦ ਆਪਣੀ ਸੋਚ ਬਦਲਣ ਦੀ ਵੱਡੀ ਲੋੜ ਹੈ ਕਿਉੰਕਿ ਤਕਨੀਕਾਂ ਨਾਲ ਜਮਾਨਾਂ ਬਦਲ ਸਕਦਾ ਹੈ ਸੋਚ ਨਹੀਂ ਓ ਸਾਨੂੰ ਖ਼ੁਦ ਨੂੰ ਬਦਲਨੀ ਪਵੇਗੀ। ਇਸ ਲਈ ਔਰਤ ਹੀ ਔਰਤ ਨੂੰ ਮੁਕਤੀ ਦੇਵੇ ਤਾਂ ਹੀ ਔਰਤ ਅੱਗੇ ਵਧ ਸਕੇਗੀ।

————————————————————————

ਆਪਣਿਆਂ ਹੱਥੋਂ ਹਾਰੇ ਰਿਸ਼ਤੇ ! 

-ਸੋਨੀਆਂ ਸਿਮਰ, ਕਰਮਜੀਤ ਕੌਰ ਮਾਣਕ
ਮੋ. 70875-55912
          ਗੂੜ੍ਹੀ ਸਾਂਝ ਪਿਆਰ ਤੇ ਸਨੇਹ ਵਾਲੇ ਰਿਸ਼ਤੇ ਕਦੇ ਤਿੜਕਦੇ ਨਹੀਂ ਬਹੁਤ ਸੁਣਿਆ ਸੀ ਪਰ ਵਕਤ ਦੀ ਮਾਰ ਦਾ ਕੁਝ ਪਤਾ ਨਹੀਂ ਲੱਗਦਾ ਕੀ ਤੋਂ ਕੀ ਹੋ ਜਾਂਦਾ ਹੈ। ਜਿਨਾਂ ਦੀਆਂ ਕਦੇ ਉਦਾਹਰਨਾਂ ਦੇ ਕੇ ਬਜ਼ੁਰਗ ਜਿਸ ਘਰ ਦੀਆਂ ਸਲੋਹਤਾਂ (ਸਿਫਤਾਂ) ਕਰਦੇ ਕਦੇ ਨਹੀਂ ਥੱਕਦੇ। ਫਿਰ ਅਚਾਨਕ ਅਜਿਹੇ ਘਰਾਂ ਦੇ ਰਿਸ਼ਤੇ ਜਦੋਂ ਤਿੜਕਦੇ ਨੇ ਤਾਂ ਸਾਰੇ ਇਹ ਕਹਿ ਕੇ ਪਾਸਾ ਵੱਟਦੇ ਹਨ ਕਿ ਇਹ ਤਾਂ ਘਰ-ਘਰ ਦੀ ਕਹਾਣੀ ਹੈ। ਜੋ ਭਰਾ ਛੋਟੇ ਹੁੰਦਿਆਂ ਇੱਕ ਦੂਜੇ ਦੀ ਜਿੰਦ-ਜਾਨ ਤੇ ਮਾਪਿਆਂ ਦੀ ਅੱਖ ਦਾ ਤਾਰਾ ਹੋਇਆ ਕਰਦੇ ਸੀ ਅਚਾਨਕ ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ। ਰਿਸ਼ਤੇ ਤਾਂ ਉਹੀ ਨੇ ਜੋ ਪਹਿਲਾ ਨਿਭਾਏ ਜਾਂਦੇ ਸੀ ਪਰ ਹੁਣ ਅਸੀਂ ਉਨ੍ਹਾਂ ਖੂਨ ਦੇ ਰਿਸ਼ਤਿਆਂ ਜਾ ਗੂੜ੍ਹੇ ਰਿਸ਼ਤਿਆਂ ਨਾਲੋ ਆਨਲਾਈਨ ਰਿਸ਼ਤਿਆ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਹੈ।
        ਸਾਰਾ ਦਿਨ ਫੋਨ ਦੇ ਫੇਸਬੁੱਕ, ਇੰਸਟਾਗ੍ਰਾਮ, ਟੈਲੀਗ੍ਰਾਮ ਬਹੁਤ ਸਾਰੇ ਸ਼ੋਸ਼ਲ ਐਪਸ ਤੇ ਨਵੇਂ ਰਿਸ਼ਤੇ ਬਣਾ ਕੇ ਖੁਸ਼ ਹੁੰਦੇ ਹਾਂ। ਜਦੋਂ ਹਕੀਕਤ ਵਿੱਚ ਦੁੱਖ-ਸੁੱਖ ਦੀ ਸਾਂਝ ਕਰਨੀ ਹੁੰਦੀ ਹੈ ਤਾਂ ਬਹੁਤ ਘੱਟ ਸ਼ੋਸ਼ਲ ਐਪਸ ਵਾਲੇ ਬਣਾਏ ਦੋਸਤ, ਮਿੱਤਰ ਨਾਲ ਖੜਦੇ ਹਨ। ਜਿਨ੍ਹਾਂ ਰਿਸ਼ਤਿਆਂ ਦੀ ਅਸੀਂ ਕਦਰ ਕਰਨੀ ਹੁੰਦੀ ਹੈ ਉਨ੍ਹਾਂ ਰਿਸ਼ਤਿਆਂ ਤੋਂ ਤਾਂ ਅਸੀਂ ਕਤਾਹੀ ਕਰਦੇ ਹਾਂ। ਸੋਚਦੇ ਹਾਂ ਕਿ ਮੇਰੇ ਨਾਲ ਤਾਂ ਸ਼ੋਸ਼ਲ ਮੀਡੀਆ ਵਾਲੇ ਬਹੁਤ ਸਾਰੇ ਦੋਸਤ ਹਨ। ਅਸੀਂ ਚਾਹੇ ਇੱਕ ਕਮਰੇ ਵਿਚ ਹੀ ਬੈਠੇ ਹੋਈਏ ਆਪਸ ਵਿੱਚ ਗੱਲਬਾਤ ਕਰਨ ਦੀ ਬਜਾਏ ਅਸੀਂ ਆਪਣੇ ਆਪਣੇ ਫੋਨਾਂ ਵਿੱਚ ਮਸਤ ਰਹਿੰਦੇ ਹਾਂ। ਸਾਡੇ ਪਰਿਵਾਰ ਵਿੱਚ ਕੀ ਚੱਲ ਰਿਹਾ ਹੈ ਬੇਖ਼ਬਰ ਹੋ ਜਾਂਦੇ ਹਾਂ। ਵੈਸੇ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਰਿਸ਼ਤਿਆਂ ਵਿੱਚ ਸੰਤੁਲਨ ਬਣਾ ਕੇ ਚੱਲਦੇ ਹਨ ਪਰ ਜਿਆਦਾਤਰ ਆਨਲਾਈਨ ਰਿਸ਼ਤਿਆਂ ਵਾਲੇ ਅਸਲ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਹਨ।
      ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਨੇ ਤੇ ਰਿਸ਼ਤੇ ਵਕਤ ਮੰਗਦੇ ਹਨ। ਜਦੋਂ ਅਸੀਂ ਰਿਸ਼ਤਿਆਂ ਦੀ ਪ੍ਰਵਾਹ ਕਰਨੀ ਛੱਡ ਦਿੰਦੇ ਹਾਂ ਤਾਂ ਇਹ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਰਿਸ਼ਤੇ ਵਿਸ਼ਵਾਸ਼ ਦੀ ਬੁਨਿਆਦ ਤੇ ਹੀ ਨਿਰਭਰ ਕਰਦੇ ਨੇ ਜਿਵੇਂ ਹੀ ਵਿਸ਼ਵਾਸ ਦੀ ਕੰਧ ਤਿੜਕਣ ਲੱਗੇ ਜਾ ਗ਼ਲਤ ਫ਼ਹਿਮੀਆਂ ਵੀ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੰਦੀਆਂ ਹਨ। ਰਿਸ਼ਤੇ ਉਹ ਸੰਜੀਵਨੀ ਬੂਟੇ ਵਰਗੇ ਹਨ ਜੇਕਰ ਪਾਣੀ ਪਾਉਂਦੇ ਰਹੋਗੇ ਤਾਂ ਇਹ ਹਰੇ ਭਰੇ ਤੇ ਸੁਗੰਧਾ ਵੰਡਦੇ ਰਹਿਣਗੇ। ਜਦੋਂ ਪਰਿਵਾਰ ਵਿਚ ਰਿਸ਼ਤਿਆਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਤਾਂ ਵੱਡੀ ਤੋਂ ਵੱਡੀ ਮੁਸ਼ਕਿਲ ਮੂਹਰੇ ਡਟਿਆਂ ਜਾ ਸਕਦਾ ਹੈ।
        ਆਪਣਿਆ ਦੇ ਹੱਥੋਂ ਹੀ ਰਿਸ਼ਤਿਆਂ ਨੂੰ ਅਸੀਂ ਹਾਰਦੇ ਦੇਖਿਆ ਹੈ। ਕਈ ਵਾਰ ਅਸੀਂ ਗਲਤਫਹਿਮੀਆਂ, ਛੋਟੇ-ਛੋਟੇ ਰੋਸੇ, ਆਪਸੀ ਤਕਰਾਰ ਦਾ ਸ਼ਿਕਾਰ ਹੋ ਕੇ ਰਿਸ਼ਤਿਆਂ ਹੱਥੋਂ ਹਾਰ ਜਾਂਦੇ ਹਨ। ਨਰਾਜਗੀ ਹੋਣ ਤੇ ਇਕ ਦੂਜੇ ਨੂੰ ਮਨਾਉਣ, ਨੇੜਤਾ ਕਰਨ ਦੀ ਬਜਾਏ ਅਸੀਂ ਆਪ ਹੀ ਉਨ੍ਹਾਂ ਰਿਸ਼ਤਿਆਂ ਦਾ ਵੀ ਕਤਲ ਕਰ ਦਿੰਦੇ ਹਾਂ ਜੋਂ ਬਹੁਤ ਚੰਗੇ ਨਿਭ ਸਕਦੇ ਨੇ। ਅਸੀਂ ਪਹਿਲ ਕਦਮੀ ਨਹੀਂ ਕਰਦੇ ਇਕ ਦੂਜੇ ਵੱਲ ਦੇਖਦੇ ਹਾਂ ਕਿ ਮੈਨੂੰ ਇਸ ਨੇ ਬੁਲਾਇਆ ਨਹੀਂ ਤਾਂ ਮੈਂ ਕਿਉਂ ਬੁਲਾਵਾਂ। ਜਦ ਕਿ ਹਾਲਾਤ ਨਾਜੁਕ ਹੋਣ ਕਰਕੇ ਅਸੀਂ ਦੂਰ ਹੋ ਜਾਂਦੇ ਹਾਂ। ਕੋਸ਼ਿਸ਼ ਨਹੀਂ ਕਰਦੇ ਕਿ ਵਿਚਾਰ ਕੀਤੀ ਜਾਵੇ ਜਿੰਨੀ ਅਸੀ ਸਮਝ ਰਹੇ ਸੀ ਓਨੀ ਵੱਡੀ ਗੱਲ ਸੀ ਜਾ ਨਹੀਂ।
       ਜੇਕਰ ਰਿਸ਼ਤਿਆਂ ਦੀ ਮਾਲਾ ਦਾ ਇੱਕ ਵੀ ਮਣਕਾ ਬਿਖਰ ਜਾਏ ਤਾਂ ਇਹ ਮਾਲਾ ਅਧੂਰੀ ਜਾਪਦੀ ਹੈ , ਜਿਵੇਂ ਇੱਕ ਫੁੱਲ ਨਾਲ ਬਾਗ਼ ਨਹੀਂ ਬਣਦਾ ਉਸ ਤਰ੍ਹਾਂ ਹੀ ਮਾਮੇ, ਭੂਆ, ਮਾਸੀ, ਚਾਚੇ, ਤਾਇਆ ਨਾਲ ਪਰਿਵਾਰ ਬਣਦਾ, ਰੱਲਕੇ ਬੈਠਾਗੇ ਤਾਂ ਹੀ ਜ਼ਿੰਦਗੀ ਜਿਉਣ ਦਾ ਅਲੱਗ ਹੀ ਸੁਆਦ ਹੈ।

————————————————————————

ਰੱਖੜੀ ਦੇ ਤਿਉਹਾਰ ਤੇ ਵਿਸ਼ੇਸ਼

ਬਹੁਤ ਭਰਾ ਗੂੜ੍ਹੇ ਪਿਆਰ ਵਾਲ਼ੇ ਵੀ ਹੁੰਦੇ ਹਨ ਜੋ ਭੈਣਾਂ ਦੀ ਅੱਖ ਵਿੱਚ ਹੰਝੂ ਨਹੀਂ ਆਉਣ ਦਿੰਦੇ ! 

-ਬਲਜਿੰਦਰ ਕੌਰ ਕਲਸੀ
          ਕਹਿੰਦੇ ਰੱਖੜੀ ਦਾ ਤਿਉਹਾਰ ਪਵਿੱਤਰ ਤਿਉਹਾਰ ਮੰਨਿਆਂ ਜਾਂਦਾ ਹੈ। ਹੁੰਦਾ ਵੀ ਹੈ ਕਿਉਂਕਿ ਭਰਾ ਭੈਣ ਦੀ ਰਾਖੀ ਕਰਦਾ ਹੈ ਬਹੁਤ ਭਰਾ ਇਸ ਤਰ੍ਹਾਂ ਦੇ ਗੂੜ੍ਹੇ ਪਿਆਰ ਵਾਲ਼ੇ ਵੀ ਹੁੰਦੇ ਹਨ ਜੋ ਭੈਣਾਂ ਦੀ ਅੱਖ ਵਿੱਚ ਹੰਝੂ ਨਹੀਂ ਆਉਣ ਦਿੰਦੇ ਉਹਨਾਂ ਨੂੰ ਮੇਰੇ ਵੱਲੋਂ ਰਾਖੀ ਬੰਧਨ ਮੁਬਾਰਕ ।
         ਪਰ ਸਮਾਜ ਵਿੱਚ ਵਿਚਰਦਿਆਂ ਹੋਇਆਂ ਅਸੀਂ ਬਹੁਤ ਕੁਝ ਦੇਖਦੇ ਵੀ ਹਾਂ ਤੇ ਸਿੱਖਦੇ ਵੀ ਹਾਂ ਕੀ ਸੱਚਮੁੱਚ ਹੀ ਭਰਾ ਭੈਣਾਂ ਦੀ ਰਾਖੀ ਕਰਦੇ ਹਨ? ਕੀ ਭੈਣਾਂ ਕੋਲ ਆਪਣੀ ਜ਼ਮੀਰ, ਆਪਣੀ ਜੁਅਰਤ, ਆਪਣੀ ਅਣਖ਼, ਆਪਣੀ ਦਲੇਰੀ, ਖ਼ੁਦ ਦੀ ਸੋਚ ਆਪਣੀ ਆਵਦੀ ਰਾਖ਼ੀ ਕਰਨ ਲਈ ਨਹੀਂ ਵਰਤ ਸਕਦੀਆਂ? ਭਰਾ ਭੈਣਾਂ ਦੇ ਨਾਲ ਹਮੇਸ਼ਾ ਤਾਂ ਨਹੀਂ ਨਾਲ ਨਾਲ ਤੁਰ ਕੇ ਰਾਖ਼ੀ ਰੱਖ ਸਕਦੇ। ਖ਼ੁਦ ਨੂੰ ਵੀ ਜਗਾਉਣਾ ਪੈਣਾ ਹੈ ਇਸ ਦੇ ਉਲਟ ਭੈਣਾਂ ਭਰਾਵਾਂ ਦੀ ਰਾਖੀ ਰੱਖ ਰਹੀਆਂ ਹਨ ਕਿ ਪਤਾ ਨਹੀਂ ਕਿਹੜੇ ਵੇਲੇ ਚਿੱਟੇ ਦੀ ਉਵਰਡੋਜ ਨਾਲ ਢੇਰੀ ਹੋ ਜਾਣਾ ਹੈ ਜਾਂ ਆਵਦੇ ਨਸ਼ੇ ਦੀ ਪੂਰਤੀ ਲਈ ਕਦੋਂ ਭੈਣਾਂ ਦੀ ਸੌਦੇਬਾਜ਼ੀ ਕਰ ਦੇਣ ਇਹ ਤ੍ਰਾਸਦੀ ਹੈ ਸਮਾਜ ਦੀ, ਭਰਾਵਾਂ ਦੀ ਹਾਲਤ ਤਰਸਯੋਗ ਬਣ ਗਈ ਹੈ ਤੇ ਕਿਹੜੇ ਗੁੱਟ ਤੇ ਰੱਖੜੀ ਸਜਾ ਕੇ ਆਵਦੀ ਰਾਖੀ ਰਖਵਾਉਣੀ ਹੈ
        ਸੋ ਮੇਰਾ ਇਹੀ ਸੁਨੇਹਾ ਹੈ ਭੈਣਾਂ ਨੂੰ ਕਿ ਉੱਠੋ ਤੇ ਜਾਗੋ ਆਪਣੀ ਰਾਖੀ ਆਪ ਕਰਨਾ ਸਿੱਖੋ ਦਲੇਰ ਬਣੋ ਸਹਾਰੇ ਨਾ ਲੱਭੋ।ਜਿਹੜੀ ਅੱਖ ਨਾਲ ਮੈਂ ਰਿਸ਼ਤਿਆਂ ਦਾ ਘਾਣ ਹੁੰਦਾ ਦੇਖ ਰਹੀ ਹਾਂ ਉਸ ਹਿਸਾਬ ਨਾਲ ਭਰਾਵਾਂ ਨੂੰ ਭੈਣਾਂ ਦੇ ਰੱਖਣੀ ਬੰਨਣੀ ਚਾਹੀਦੀ ਹੈ ਕਿ ਭਲਾ ਹੋਵੇ ਤੁਹਾਡਾ ਭਰਾਵਾਂ ਦਾ ਖਿਆਲ ਰੱਖਦੀਆਂ ਹੋ।
ਆਇਆ ਰੱਖੜੀ ਦਾ ਤਿਉਹਾਰ
ਲ਼ੈ ਕੇ ਭੈਣ ਭਾਈ ਦਾ ਪਿਆਰ
ਵੀਰ ਤਾਂ ਸਾਡੇ ਚਿੱਟੇ ਨੇ ਖਾ ਲਏ
ਉਮਰ ਤੋਂ ਪਹਿਲਾਂ ਗੁੱਟ ਵਡਾ ਲਏ
ਹਰ ਰੱਖੜੀ ਦੇ ਤਿਉਹਾਰ ਤੇ
ਭੈਣਾਂ ਆ ਬੂਹੇ ਬਹਿੰਦੀਆਂ ਨੇ
ਕਿਹੜੇ ਗੁੱਟ ਤੇ ਰੱਖੜੀ ਬੰਨੀਏ
ਭੈਣਾਂ ਰੋ ਰੋ ਕੇ ਕਹਿੰਦੀਆਂ ਨੇ।

————————————————————————

ਸਰੀਰਕ ਰੋਗਾਂ ਨਾਲੋਂ ਵੱਡੇ ਮਨੋਰੋਗ ! 

-ਸੋਨੀਆਂ ਸਿਮਰ, ਕਰਮਜੀਤ ਕੌਰ ਮਾਣਕ
ਮੋ. 70875-55912
            ਸਮਾਜ ਵਿਚ ਵਿਚਰਦਿਆਂ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਹੈ ਜ਼ਿਆਦਾਤਰ ਲੋਕਾਂ ਦੇ ਚਿਹਰੇ ਉਦਾਸ ਤੇ ਮੁਰਝਾਏ ਹੋਏ ਨਜ਼ਰ ਆਉਂਦੇ ਨੇ।ਦੇਖਣ ਨੂੰ ਇੰਝ ਲੱਗਦਾ ਜਿਵੇਂ ਡਾਢੀ ਬਿਮਾਰੀ ਦੇ ਸ਼ਿਕਾਰ ਹੋਣ। ਕੁਝ ਲੋਕਾਂ ਦੀ ਉਦਾਸੀ ਪੁੱਛਣ ਤੇ ਕਾਰਨ ਪਤਾ ਲੱਗੇ ਕਿ ਉਨ੍ਹਾਂ ਨੂੰ ਸਰੀਰਕ ਰੋਗ ਨਹੀਂ ਸਗੋਂ ਮਨ ਹੱਥੋਂ ਬੇਵੱਸ, ਲਾਚਾਰ, ਹਾਰੇ ਹੋਏ ਲੋਕ ਨੇ। ਜੋ ਸਮਾਜ ਪਰਿਵਾਰ ਵੱਲੋਂ ਅਣਗੌਲੇ ਕੀਤੇ ਹੋਏ ਹਨ। ਅੱਜ ਕੱਲ੍ਹ ਲੋਕ ਤਣਾਅ, ਉਦਾਸੀ ਕਾਰਨ ਆਤਮ ਹੱਤਿਆ ਵੱਲ ਜਾਂਦੇ ਨੇ। ‘ਸ਼ਬਦ’ ਇਨਸਾਨ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੇ ਨੇ। ਸ਼ਬਦਾਂ ਵਿਚ ਉਹ ਜਾਦੂ ਹੈ ਜੋ ਮੁਰਦਿਆਂ ਵਿਚ ਜਾਨ ਭਰ ਦਿੰਦੇ ਹਨ।
          ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਲੰਮਾ ਸਮਾਂ ਗੁਜ਼ਾਰਨਾ ਪਿਆ। ਰਾਤ ਦਿਨ ਪੀੜਤ ਇਨਸਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੌਰਾਨ ਸਰੀਰਕ ਰੋਗਾਂ ਦੇ ਨਾਲ-ਨਾਲ ਤਣਾਅ ਗ੍ਰਸਤ ਲੋਕ ਵੀ ਮਿਲੇ। ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਘਰ ਵਿੱਚ ਇਨ੍ਹਾਂ ਦੀ ਹਾਲਤ ਦਿਨੋਂ-ਦਿਨ ਵਿਗੜ ਰਹੀ ਸੀ ਪਰ ਹਸਪਤਾਲ ਆ ਕੇ ਸੁਧਾਰ ਹੋਇਆ ਹੈ। ਪਰਿਵਾਰਕ ਮੈਂਬਰਾਂ ਨੂੰ ਲੱਗਦਾ ਸੀ ਕਿ ਉਹ ਦਵਾਈਆਂ ਅਤੇ ਇਲਾਜ ਨਾਲ ਜਲਦੀ ਠੀਕ ਹੋ ਰਹੇ ਹਨ ਪਰ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਕਿ ਅਜਿਹੀਆਂ ਕਿਹੜੀਆਂ ਦਵਾਈਆਂ ਦੇ ਰਹੇ ਹੋ ਜਿਨ੍ਹਾਂ ਨਾਲ ਮਰੀਜ਼ ਜਲਦੀ ਠੀਕ ਹੋ ਰਹੇ ਹਨ ਤਾਂ ਡਾਕਟਰ ਸਾਬ ਨੇ ਦੱਸਿਆ ਕਿ ਦਵਾਈਆਂ ਤਾਂ ਓਹੀ ਨੇ ਪਰ ਅਸੀਂ ਮਰੀਜ਼ ਦੀ ਕੌਂਸਲਿੰਗ ਕਰਦੇ ਹਾਂ ਤੇ ਉਹ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੇ ਹਨ। ਡਾਕਟਰ ਸਾਬ ਨਾਲ ਗੱਲ ਕਰਦੇ ਕਰਦੇ ਇਹ ਵੀ ਪਤਾ ਲੱਗਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਸਮਾਂ ਹੀ ਨਹੀਂ ਹੈ ਉਹ ਆਪਣੇ ਬੱਚਿਆਂ, ਬਜ਼ੁਰਗਾਂ ਤੇ ਹੋਰ ਪਰਿਵਾਰ ਦੇ ਜੀਅ ਆਪਸ ਵਿੱਚ ਆਪਣੇ ਮਨ ਦੀਆਂ ਤੰਦਾਂ ਨੂੰ ਖੋਲ੍ਹ ਸਕਣ।ਜਿਸ ਕਰਕੇ ਸਰੀਰਕ ਰੋਗਾਂ ਨਾਲ਼ੋਂ ਮਾਨਸਿਕ ਰੋਗ ਵੱਡੇ ਹੋ ਜਾਂਦੇ ਹਨ।
         ਜੇਕਰ ਇਸ ਦੇ ਕਾਰਨ ਅਤੇ ਇਲਾਜ ਦੀ ਗੱਲ ਕਰੀਏ ਤਾਂ ਇਲਾਜ ਇਹੀ ਲੱਭਦਾ “ਗੱਲਬਾਤ”, ਸਿਆਣੇ ਕਹਿੰਦੇ ਨੇ ” ਕਰੋਗੇ ਗੱਲ ਮਿਲੇਗਾ ਹੱਲ” ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਆਪਸੀ ਸਾਂਝ, ਪਿਆਰ ਨਾਲ ਦੁੱਖ-ਸੁੱਖ ਵੰਡਾ ਕੇ ਅੱਧਾ ਕਰ ਦਿੰਦੇ ਹਨ। ਕਹਿੰਦੇ ਨੇ ਦੁੱਖ ਦੱਸਣ ਨਾਲ ਘੱਟਦਾ ਹੈ ਤੇ ਖੁਸ਼ੀਆਂ ਵੰਡਣ ਨਾਲ ਵੱਧਦੀਆਂ ਨੇ,ਮਿੱਠੇ ਬੋਲ, ਸਮਾਂ, ਹਰ ਮਰਜ਼ ਦਾ ਇਲਾਜ ਹੈ। ਜੇ ਕਿਸੇ ਨੂੰ ਪੁੱਛਣਾ ਹੋਵੇ ਜਿੰਦਗੀ ਦੀ ਸਭ ਤੋਂ ਕੀਮਤੀ ਸ਼ੈਅ (ਚੀਜ਼)ਕਿਹੜੀ ਹੈ ਤਾਂ ਸੁਲਝਿਆ ਹੋਇਆ ਇਨਸਾਨ “ਤੰਦਰੁਸਤੀ” ਕਹੇਗਾ।
        ਸੋ ਇਸ ਆਧੁਨਿਕ ਯੁੱਗ ਵਿਚ ਅਸੀਂ ਪੈਸਾ ਕਮਾਉਂਦੇ ਕਮਾਉਂਦੇ ਇਨਸਾਨ ਅਤੇ ਰਿਸ਼ਤਿਆਂ ਤੋਂ ਕੋਹਾਂ ਦੂਰ ਚਲੇ ਗਏ ਹਾਂ। ਸਾਨੂੰ ਲੋੜ ਹੈ ਪਰਿਵਾਰ ਵੱਲ ਮੁੜ ਵਾਪਸੀ ਕਰਨ ਦੀ ਤੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੀ। ਇਸ ਲਈ ਸਾਨੂੰ ਆਪਣੇ ਬੱਚਿਆਂ, ਬਜ਼ੁਰਗਾਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਦੀ ਸਾਂਝ ਪਾਉਣੀ ਪਵੇਗੀ। ਜਿਸ ਵੱਲ ਪਰਿਵਾਰ ਤੰਦਰੁਸਤੀ ਖੁਸ਼ਹਾਲੀ ਵੱਲ ਵਧੇਗਾ। ਜਿੱਥੇ ਹਸਪਤਾਲਾਂ ਵਿੱਚ ਮਰੀਜ਼ ਘਟਣਗੇ ਉਥੇ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਵੱਧਣਗੇ। ਸਰੀਰਕ ਰੋਗ ਤਾਂ ਦਵਾਈ ਨਾਲ ਠੀਕ ਹੋ ਜਾਂਦੇ ਹਨ ਪਰ ਮਨੋਰੋਗ ਨਹੀਂ। ਸੋ ਸਭ ਨਾਲ ਨਿਰਸੁਵਾਰਥ ਵਰਤਣਾ ਪਵੇਗਾ।

————————————————————————

 ਸਭ ਤੋਂ ਵਡਾ ਰੋਗ… ਜਮਾਨਾਂ ਕੀ ਕਹੂ ? 

-ਸਮਾਜ ਸੇਵੀ ਡਾ.ਸਰਬਜੀਤ ਕੌਰ ਬਰਾੜ ਮੋਗਾ
ਮੋ. 79866-52927
           ਜਮਾਨਾਂ ਕੀ ਕਹੂ ਅਜ ਦੇ ਜਮਾਂਨੇ ਦਾ ਸਭ ਤੋਂ ਵਡਾ ਰੋਗ ਹੈ। ਜਮਾਨਾਂ ਕੀ ਕਹੂਗਾਂ, ਲੋਕ ਕੀ ਕਹਿਣਗੇ ? ….ਛਡੋ ਇਹ ਸਭ ਭਰਮ ਤੇ ਪਰਵਾਹ ਤੇ ਆਪਣੀ ਮਿਹਨਤ ਜਾਰੀ ਰਖੋ ਕਿਉਕਿ ਤੁਹਾਨੂੰ ਕਿਸੇ ਨੇ ਨੀ ਕੁਝ ਦੇਣ ਆਉਣਾ, ਜੇਕਰ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਲੋਕਾਂ ਤੁਹਾਨੂੰ ਤਾਂ ਨੀ ਛਡਣਾ। ਜੇਕਰ ਨਹੀਂ ਕਰਦੇ ਫੇਰ ਤਾਂ ਛਡਣਾਂ ਈ ਕੀ ਆ। ਅਜ ਜਮਾਨਾਂ ਇਹ ਆ ਗਿਆ ਕਿ ਵਿਹਲੀ ਜਨਤਾ ਨੂੰ ਦੂਜੇ ਦੇ ਘਰ ਦੀ ਚਿੰਤਾ ਕੁਝ ਜਿਆਦਾ ਸਤਾਉਣ ਲਗਦੀ ਏ ਤੇ ਆਪਣੇ ਘਰ ਚਾਹੇ ਕੰਜਰ ਨਚੀ ਜਾਣ!
          ਸੋ ਇਸ ਕਰਕੇ ਇਸ ਆਰਟੀਕਲ ‘ਚ’ ਮੈਂ ਇਹੀ ਕਹੁੰਗੀ ਕਿ ਆਲੇ ਦੁਆਲੇ ਦੀ ਕੁਦਰਤ ਦਾ ਧਿਆਨ ਰਖੋ। ਬਜੁਰਗਾਂ ਨੂੰ ਠੰਡਾ ਤਤਾ ਪੁਛੋ ਕਿਉਕਿ ਜਵਾਨੀ ਥੋਡੀ ਵੀ ਢਲਨੀ ਏ। ਆਪਣੇ ਬਚਿਆਂ ਲਈ ਕੰਮ-ਕਾਜ ਤੋਂ ਵਿਹਲੇ ਹੋ ਕੇ ਉਹਨਾਂ ਲਈ ਸਮਾਂ ਕਢੋ। ਉਹਨਾਂ ਨੂੰ ਆਢ-ਗੁਆਢ, ਰਿਸਤੇਦਾਰਾ, ਦੋਸਤਾਂ, ਬਜੁਰਗਾ ਆਦਿ ਨਾਲ ਬੋਲ ਚਾਲ ਰਹਿਣ ਸਹਿਣ ਦਾ ਵਲ ਦਸੋ ਤੇ ਖਾਸ ਕਰ ਮਾਵਾਂ ਆਪਣੀਆਂ ਧੀਆਂ ਨੂੰ ਸਹਿਣਸ਼ੀਲਤਾ ਦਾ ਪਾਠ ਜਰੂਰ ਪੜਾਉਣ ਤਾਂ ਕਿ ਬਗਾਨੇ ਘਰ ਨੂੰ ਵੀ ਜਾ ਕੇ ਸਵਰਗ ਬਣਾ ਸਕੇ। ਇੰਨੀ ਕੂ ਮਤ ਧੀ ਨੂੰ ਹਰੇਕ ਮਾਂ ਜਰੂਰ ਸਿਖਾਵੇ ਇਹ ਮੇਰੀ ਮਾਂਵਾਂ ਨੂੰ ਬੇਨਤੀ ਹੈ। ਥੋੜਾ ਬਹੁਤਾ ਸਾਡੇ ਇਤਿਹਾਸਕ ਜਰਨੈਲਾਂ, ਗੁਰੂਆਂ, ਪੀਰ, ਪੈਗੰਬਰਾਂ ਬਾਰੇ ਵੀ ਜਾਣਕਾਰੀ ਸਾਂਝੀ ਜਰੂਰ ਕਰੋ ਕਿਉਕਿ ਸਾਡੇ ਸਿਖੀ ਪਰਚਾਰ ਦਾ ਘਾਣ ਹੋਇਆ ਪਿਆ। ਗੁਰੂ ਘਰਾਂ ‘ਚ ਪਾਠੀ ਸਿੰਘ ਬਸ ਦੇਗਾਂ ਖਾਣ ਜੋਗੇ ਰਹਿ ਗਏ ਕਿਉਕਿ ਕਿਸੇ ਵੀ ਪਾਠੀ ਨੂੰ ਕੁਝ ਗਿਣੇ ਚੁਣਿਆਂ ਨੂੰ ਛਡ ਕੇ ਦੋ ਤੁਕਾਂ ਦੀ ਵੀ ਵਿਆਖਿਆ ਨੀ ਕਰਨੀ ਆਉਦੀ। ਬਸ ਦੁਕਾਨਦਾਰੀਆਂ ਸਭ… ਰਟਿਆ ਰਟਾਇਆ ਪੋਥੀ ਤੋਂ ਪੜ ਕੇ ਉਠ ਚਲੋਂ ਬਸ।
      ਇਸ ਲਈ ਮੇਰਾ ਕਹਿਣ ਦਾ ਮਤਲਬ ਕਿ ਆਪਾਂ ਕਿਸੇ ਨੂੰ ਸੁਧਾਰ ਨੀ ਸਕਦੇ, ਇਸ ਲਈ ਜਮਾਂਨੇ ਦੀ ਪਰਵਾਹ ਨਾਂ ਕਰਕੇ ਲੋਕ ਕੀ ਕਹਿਣਗੇ ਇਸ ਰੋਗ ਨੂੰ ਜੜ ਤੋਂ ਵਡੋ ਕਿਉਕਿ ਚੰਗੇ ਦੀ ਆਸ ਕਿਸੇ ਤੋਂ ਨਾਂ ਰਖੋ ਤੇ, ਆਪਣਾ ਤੇ ਆਪਣੇ ਬਚਿਆਂ ਦੀ ਚੰਗੀ ਪਰਵਰਿਸ਼ ਦਾ ਜਿੰਮਾਂ ਸੰਭਾਲੋ ਤੇ ਹਸਦੇ ਵਸਦੇ ਰਹੋ। ਕਿਸੇ ਦੀਆਂ ਬੇਤੁਕੀਆਂ ਗਲਾਂ ਦੀ ਪਰਵਾਹ ਨਾਂ ਕਰੋ! ਆਪਣੀ ਮਿਹਨਤ ਜਾਰੀ ਰਖੋ ਤੇ ਮੰਜਿਲ ਵਲ ਵਧਦੇ ਜਾਓ ਸਫਲਤਾ ਜਰੂਰ ਮਿਲੇਗੀ।

————————————————————————

ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਕੜੀ …ਮਾਂ 

– ਮਾਸਟਰ ਪ੍ਰੇਮ ਸਰੂਪ ਛਾਜਲੀ ਜ਼ਿਲ੍ਹਾ ਸੰਗਰੂਰ
Mob. 94171-34982
          ਸਾਰੇ ਪਰਿਵਾਰ ਦੀਆਂ ਖਾਣ, ਪੀਣ, ਪਹਿਨਣ, ਆਰਾਮ ਤੇ ਮਨੋਰੰਜਨ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਦੀ ਮਾਂ ਦੀ ਵੀ ਕੋਈ ਜ਼ਰੂਰਤ ਹੈ, ਇਹ ਸਮਝਣ ਦੀ ਕੋਸ਼ਿਸ਼ ਕਦੇ ਕੋਈ ਨਹੀਂ ਕਰਦਾ। ਪਰਿਵਾਰ ਲਈ ਪੂਰੀ ਤਰ੍ਹਾਂ ਸਮਰਪਿਤ ਮਾਂ ਦੀ ਸਭ ਤੋਂ ਵੱਡੀ ਜ਼ਰੂਰਤ ਪਰਿਵਾਰ ਵੱਲੋਂ, ਬੱਚਿਆਂ ਵੱਲੋਂ ਮਿਲਣ ਵਾਲਾ ਪਿਆਰ ਤੇ ਸਨਮਾਨ ਹੈ। ਦੂਜੀ ਹੈ-ਪਰਿਵਾਰ ਦਾ ਆਪਸ ਵਿੱਚ ਪਿਆਰ ਤੇ ਵਿਸ਼ਵਾਸ। ਆਪਣੇ ਬੱਚਿਆਂ ਲਈ, ਪਰਿਵਾਰ ਲਈ ਕੰਮ ਕਰਦੀ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਕੋਈ ਵੀ ਮਾਂ ਸਾਰੀ ਉਮਰ ਨਾ ਥੱਕਦੀ ਹੈ ਅਤੇ ਨਾ ਹੀ ਅੱਕਦੀ ਹੈ ਪਰ ਇਹ ਸਭ ਕਰਦੀ ਹੋਈ ਉਹ ਬੱਚਿਆਂ ਉਪਰ ਆਪਣਾ ਪੂਰਾ ਹੱਕ ਸਮਝਦੀ ਹੈ। ਉਨ੍ਹਾਂ ਦੀ ਬੇਹਤਰੀ ਲਈ ਉਹ ਸਾਰੇ ਫ਼ੈਸਲੇ ਪੂਰਨ ਅਧਿਕਾਰ ਨਾਲ ਲੈਂਦੀ ਹੈ। ਬੱਚਿਆਂ ਦੀ ਅੱਲ੍ਹੜ ਅਵਸਥਾ ਤਕ ਤਾਂ ਸਭ ਠੀਕ ਚੱਲਦਾ ਹੈ।
        ਪਰਿਵਾਰ ਵਿੱਚ ਸਥਿੱਤੀ ਉਦੋਂ ਖਰਾਬ ਹੋਣ ਲਗਦੀ ਹੈ, ਜਦੋਂ ਬੱਚਿਆਂ ਦੀ ਆਪਣੀ ਮਰਜ਼ੀ ਮਜ਼ਬੂਤੀ ਫੜ੍ਹਨ ਲੱਗਦੀ ਹੈ। ਮੱਧਵਰਗੀ ਪਰਿਵਾਰਾਂ ਵਿੱਚ ਜਵਾਨ ਹੋ ਰਹੇ ਬੱਚਿਆਂ ਦੇ ਜ਼ਿਆਦਾਤਰ ਮਸਲੇ, ਮਿਲਣ ਵਾਲੀਆਂ ਸਹੂਲਤਾਂ ਅਤੇ ਆਜ਼ਾਦੀ ਨਾਲ ਸਬੰਧਤ ਹੀ ਹੁੰਦੇ ਹਨ। ਮਾਂ ਬਾਪ ਸਹੂਲਤਾਂ ਆਪਣੀ ਆਰਥਿਕ ਸਮਰੱਥਾ ਅਨੁਸਾਰ ਅਤੇ ਆਜ਼ਾਦੀ ਸਮਾਜਿਕ ਦਾਇਰੇ ਵਿੱਚ ਰਹਿ ਕੇ ਹੀ ਦੇ ਸਕਦੇ ਹਨ ਕਿਉਂਕਿ ਟੀ.ਵੀ. ਅਤੇ ਇੰਟਰਨੈੱਟ ਨੇ ਮਲਟੀ-ਨੈਸ਼ਨਲ ਕੰਪਨੀਆਂ ਦੀ ਚਕਾਚੌਂਧ ਹਰ ਘਰ ਵਿੱਚ ਪਹੁੰਚਾ ਦਿੱਤੀ ਹੈ, ਇਸ ਲਈ ਬੱਚਿਆਂ ਲਈ ਜਿੱਥੇ ਗੈਰ-ਜ਼ਰੂਰੀ ਚੀਜ਼ਾਂ ਤੇ ਜ਼ਰੂਰਤਾਂ ਵਿੱਚ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਹੈ, ਉਥੇ ਮਾਂ ਬਾਪ ਲਈ ਬੱਚਿਆਂ ਨੂੰ ਇਹ ਸਮਝਾ ਸਕਣਾ ਵੀ ਮੁਸ਼ਕਿਲ ਹੋ ਗਿਆ ਹੈ। ਜੋ ਚੀਜ਼ਾਂ ਮਾਂ ਬਾਪ ਨੂੰ ਫ਼ਜ਼ੂਲ ਖਰਚੀ ਲੱਗਦੀਆਂ ਹਨ ਉਹ ਬੱਚਿਆਂ ਲਈ ਜ਼ਰੂਰਤ ਬਣ ਗਈਆਂ ਹਨ।
        ਪਿਤਾ ਦੇ ਗੁੱਸੇ ਦਾ ਕਾਰਨ ਅਤੇ ਮਾਂ ਲਈ ਪਰੇਸ਼ਾਨੀ ਦਾ ਸਬੱਬ ਬਹੁਤੀ ਵਾਰ ਬੱਚਿਆਂ ਦੀਆਂ ਗ਼ੈਰ ਜ਼ਰੂਰੀ ਖਾਹਿਸ਼ਾਂ ਹੀ ਹੁੰਦੀਆਂ ਹਨ। ਪਿਤਾ ਕਿਉਂਕਿ ਵਿਹਾਰਕ ਹੈ ਇਸ ਲਈ ਉਸ ਵਿੱਚ ਇਰਾਦੇ ਦੀ ਮਜ਼ਬੂਤੀ ਵੀ ਹੈ। ਮਾਂ ਵੀ ਵਿਹਾਰਕ ਤਾਂ ਹੁੰਦੀ ਹੈ ਪਰ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਵਰਤਣਾ ਬਹੁਤੀ ਵਾਰੀ ਉਸ ਦੇ ਵੱਸ ਦਾ ਨਹੀਂ ਹੁੰਦਾ। ਉਸ ਦੀ ਮਮਤਾ ਉਸ ਦੀ ਕਮਜ਼ੋਰੀ ਵੀ ਹੈ ਅਤੇ ਸ਼ਕਤੀ ਵੀ। ਜਿੱਥੇ ਉਹ ਜਵਾਨ ਬੱਚਿਆਂ ਨੂੰ ਵੀ ਪੂਰੇ ਹੱਕ ਨਾਲ ਸਮਝਾਉਣ, ਝਿੜਕਣ ਤੇ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਿੱਚ ਮਜ਼ਬੂਤੀ ਦਿਖਾਉਂਦੀ ਹੈ, ਉਥੇ ਪਿਤਾ ਦੀ ਫਟਕਾਰ ਵਿੱਚ ਬੱਚਿਆਂ ਦੀ ਢਾਲ ਵੀ ਬਣ ਜਾਂਦੀ ਹੈ ਅਤੇ ਕਈ ਵਾਰ ਬੱਚਿਆਂ ਨੂੰ ਬੇਲੋੜੀ ਸ਼ਹਿ ਦੇਣ ਦਾ ਇਲਜ਼ਾਮ ਵੀ ਸਹਿੰਦੀ ਹੈ। ਪਿਤਾ ਅਤੇ ਬੱਚਿਆਂ ਦਰਮਿਆਨ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਇੱਕ ਮਾਂ ਬੇਹਿਸਾਬ ਤਣਾਅ ਝੱਲਦੀ ਹੈ। ਮੌਜੂਦਾ ਸਮੇਂ ਵਿੱਚ ਆਪਣੇ ਆਪ ਵਿੱਚ ਗੁਆਚੇ ਬੱਚੇ ਮਾਂ ਦੇ ਰੁਤਬੇ ਅਤੇ ਸਥਿਤੀ ਵਿੱਚ ਫ਼ਰਕ ਸਮਝਣੋ ਅਸਮਰੱਥ ਨਜ਼ਰ ਆਉਂਦੇ ਹਨ। ਉਹ ਮਾਂ ਅਤੇ ਪਿਤਾ ਦੋਹਾਂ ਨੂੰ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ ਸਾਧਨ ਸਮਝਣ ਲੱਗ ਪਏ ਹਨ। ਸਾਰਾ ਦਿਨ ਪਰਿਵਾਰ ਦੀਆਂ ਜ਼ਰੂਰਤਾਂ ਲਈ ਸਾਧਨ ਜੁਟਾਉਂਦੇ ਪਿਤਾ ਅਤੇ ਖਾਣ-ਪੀਣ, ਪਹਿਨਣ ਦੇ ਫ਼ਿਕਰ ਵਿੱਚ ਲੱਗੀ ਮਾਂ ਲਈ ਬੱਚਿਆਂ ਦੇ ਦਿਲਾਂ ਵਿੱਚੋਂ ਹਮਦਰਦੀ ਘੱਟ ਤੇ ਫਰਮਾਇਸ਼ਾਂ ਵੱਧ ਨਿਕਲਦੀਆਂ ਹਨ। ਬੱਚੇ ਸੁਆਰਥੀ ਹੁੰਦੇ ਜਾ ਰਹੇ ਹਨ।
         ਦੁੱਖ ਤਾਂ ਉੱਥੇ ਹੁੰਦਾ ਹੈ ਜਿੱਥੇ ਬੱਚੇ ਪਿਤਾ ਨਾਲ ਘੱਟ ਪਰ ਮਾਂ ਨਾਲ ਅਕਸਰ ਹੀ ਦੁਰਵਿਹਾਰ ਕਰਦੇ ਨਜ਼ਰ ਆਉਂਦੇ ਹਨ। ਬੇਮੁਹਾਰ ਹੁੰਦੇ ਜਾ ਰਹੇ ਬੱਚਿਆਂ ਦੀ ਚਿੰਤਾ ਵਿੱਚ ਪਿਤਾ ਦਾ ਸੁਭਾਅ ਗੁੱਸੇਖ਼ੋਰ ਤੇ ਸਰੀਰ ਬੀਮਾਰੀਆਂ ਸਹੇੜ ਰਿਹਾ ਹੈ। ਮਾਂ ਪਰਿਵਾਰਕ ਅਸੰਤੁਲਨ ਤੋਂ ਪਰੇਸ਼ਾਨ ਤੇ ਬੇਬੱਸ ਹੁੰਦੀ ਜਾ ਰਹੀ ਹੈ। ਇਸ ਲਈ ਮਾਂ-ਬਾਪ ਦੋਹਾਂ ਨੂੰ ਆਪਸੀ ਸੂਝ-ਬੂਝ ਨਾਲ ਚੱਲਣਾ ਪਵੇਗਾ। ਇਹ ਕਿਸੇ ਇੱਕਲੇ ਜਣੇ ਦੀ ਜ਼ਿੰਮੇਵਾਰੀ ਨਹੀਂ ਹੈ। ਪਿਤਾ ਨੇ ਕਿਉਂਕਿ ਘਰ ਤੋਂ ਬਾਹਰ ਦੇ ਕੰਮ ਵੀ ਦੇਖਣੇ ਹਨ ਇਸ ਲਈ ਘਰ ਦੇ ਕੰਮਾਂ ਵਿੱਚ ਜ਼ਿਆਦਾ ਸਮਾਂ ਦੇਣਾ ਆਸਾਨ ਨਹੀਂ ਹੈ। ਇਸ ਤੋਂ ਇਲਾਵਾ ਪਿਤਾ ਚਾਹੇ ਕਿੰਨਾ ਵੀ ਸ਼ਾਂਤ ਸੁਭਾਅ ਵਾਲਾ ਹੋਵੇ, ਮਾਂ ਵਰਗਾ ਠਰੰਮ੍ਹਾ ਉਸ ਵਿੱਚ ਨਹੀਂ ਆ ਸਕਦਾ। ਇਸ ਲਈ ਇਹ ਜ਼ਿੰਮੇਵਾਰੀ ਵੀ ਮੁੱਖ ਤੌਰ ’ਤੇ ਮਾਂ ਦੀ ਹੀ ਬਣਦੀ ਹੈ। ਬੱਚਿਆਂ ਦੇ ਮਾਮਲੇ ਵਿੱਚ ਮਾਂ ਬਾਪ ਦੋਵੇਂ ਹੀ ਇਹ ਸਮਝ ਲੈਣ ਕਿ ਇਹ ਮਸਲੇ ਇੱਕ ਦੂਜੇ ’ਤੇ ਹਾਵੀ ਹੋ ਕੇ ਫ਼ੈਸਲੇ ਲੈਣ ਵਾਲੇ ਨਹੀਂ ਹੁੰਦੇ, ਨਾ ਹੀ ਇਸ ਵਿੱਚ ਕਿਸੇ ਤਰ੍ਹਾਂ ਦੀ ਹਉਮੈਂ ਨੂੰ ਆਉਣ ਦੇਣਾ ਚਾਹੀਦਾ ਹੈ।
         ਮਾਂ ਬਾਪ ਦੋਵੇਂ ਹੀ ਬੱਚਿਆਂ ਦਾ ਭਲਾ ਸੋਚਦੇ ਹਨ ਤੇ ਜ਼ਿੰਦਗੀ ਭਰ ਉਨ੍ਹਾਂ ਲਈ ਜੂਝਦੇ ਹਨ। ਇਸ ਵਿੱਚ ਕਿਸੇ ਦਾ ਯੋਗਦਾਨ ਵੱਧ ਜਾਂ ਘੱਟ ਨਹੀਂ ਹੁੰਦਾ ਪਰ ਕੁਦਰਤੀ ਤੌਰ ’ਤੇ ਮਾਂ ਤੇ ਬੱਚੇ ਦਾ ਸਬੰਧ ਕੁਝ ਅਜਿਹਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੀ ਹੈ। ਅਜਿਹੀ ਸਥਿਤੀ ਵਿੱਚ ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਪਤਨੀ ਦਾ ਮਨੋਬਲ ਵਧਾਵੇ। ਉਸ ’ਤੇ ਵਿਸਵਾਸ ਰੱਖੇ। ਮਾਂ ਬੇਸ਼ੱਕ ਪੜ੍ਹੀ-ਲਿਖੀ ਹੋਵੇ ਜਾਂ ਅਨਪੜ੍ਹ ਉਸ ਵਿੱਚ ਬੱਚਿਆਂ ਨੂੰ ਸਮਝਾ ਸਕਣ ਦੀ ਸਮਰੱਥਾ ਹੁੰਦੀ ਹੀ ਹੈ। ਦਰਅਸਲ ਇੱਕ ਔਰਤ ਮਾਂ ਦੇ ਰੂਪ ਵਿੱਚ ਚਾਹੇ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਪਤਨੀ ਦੇ ਰੂਪ ਵਿੱਚ ਉਹ ਕਮਜ਼ੋਰ ਹੀ ਹੁੰਦੀ ਹੈ। ਪਤੀ ਦਾ ਇਹ ਭਰੋਸਾ ਉਸ ਨੂੰ ਡੋਲਣ ਤੋਂ ਬਚਾਈ ਰੱਖੇਗਾ। ਇਸ ਤੋਂ ਇਲਾਵਾ ਪਤੀ-ਪਤਨੀ ਬੱਚਿਆਂ ਦੀਆਂ ਜ਼ਰੂਰਤਾਂ ਮਿਲ ਕੇ ਨਿਸ਼ਚਿਤ ਕਰਨ। ਇੱਕ ਦੂਜੇ ਤੋਂ ਛੁਪਾ ਕੇ ਬੱਚੇ ਦੀ ਕਦੀ ਕੋਈ ਜ਼ਰੂਰਤ ਪੂਰੀ ਨਾ ਕੀਤੀ ਜਾਵੇ। ਬੱਚਿਆਂ ਨੂੰ ਜ਼ਿੰਮੇਵਾਰ ਬਣਾਇਆ ਜਾਏ। ਇਹ ਅਹਿਸਾਸ ਬੱਚਿਆਂ ਨੂੰ ਸਮੇਂ-ਸਮੇਂ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਮਾਂ-ਬਾਪ ਜੋ ਕੁਝ ਉਨ੍ਹਾਂ ਲਈ ਕਰ ਰਹੇ ਹਨ, ਉਸ ਪਿੱਛੇ ਉਨ੍ਹਾਂ ਦਾ ਉਦੇਸ਼ ਸਿਰਫ਼ ਬੱਚਿਆਂ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਵਿੱਚ ਮਦਦ ਕਰਨਾ ਹੈ।
        ਆਪਣੀ ਮਮਤਾ ਦਾ ਕਮਜ਼ੋਰ ਪਹਿਲੂ ਬੱਚਿਆਂ ’ਤੇ ਉਜਾਗਰ ਨਾ ਹੋਣ ਦਿਓ ਬਲਕਿ ਆਪਣੇ ਫ਼ੈਸਲੇ ਮਜ਼ਬੂਤੀ ਨਾਲ ਲਵੋ। ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਬਾਰੇ ਵੀ ਸੁਚੇਤ ਕਰੋ। ਮਾਂ ਹੀ ਇਹ ਸਭ ਕੰਮ ਕਰ ਸਕਦੀ ਹੈ। ਪਿਆਰ ਦੇ ਨਾਲ-ਨਾਲ ਅਨੁਸ਼ਾਸਨ ਦਾ ਆਪਣਾ ਮਹੱਤਵ ਹੈ। ਬੱਚਿਆਂ ਨੂੰ ਵੀ ਮਾਂ-ਬਾਪ ਦੀ ਸਥਿਤੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਬਹੁਤ ਵਾਰੀ ਬੱਚੇ ਪਿਤਾ ਦੀ ਸਖ਼ਤੀ ਦਾ ਬਦਲਾ ਮਾਂ ’ਤੇ ਗੁੱਸਾ ਕਰਕੇ ਉਤਾਰਦੇ ਹਨ। ਉਹ ਮਾਂ ਕੋਲੋਂ ਆਪਣੇ ਕੰਮ ਕਰਾਉਣੇ ਅਤੇ ਨਾ ਹੋਣ ਦੀ ਸੂਰਤ ਵਿੱਚ ਗੁੱਸਾ ਕਰਨਾ ਆਪਣਾ ਅਧਿਕਾਰ ਸਮਝਦੇ ਹਨ। ਅਜਿਹੇ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੈਦਾ ਕਰਕੇ, ਪਾਲ ਕੇ ਕਿਸੇ ਸਮਰੱਥ ਬਣਾ ਸਕਣ ਵਾਲੀ ਮਾਂ ਨਾ ਕਮਜ਼ੋਰ ਹੁੰਦੀ ਹੈ ਨਾ ਹੀ ਬੇਵੱਸ। ਮਾਂ ਹੀ ਹਰ ਪਰਿਵਾਰ ਦਾ ਧੁਰਾ ਹੁੰਦੀ ਹੈ। ਉਸ ਦੀ ਗੈਰ ਮੌਜੂਦਗੀ ਵਿੱਚ ਕੁਝ ਵੀ ਆਪਣੀ ਜਗ੍ਹਾ ਕਾਇਮ ਨਹੀਂ ਰਹਿੰਦਾ। ਨਾ ਘਰ ਦਾ ਮਾਹੌਲ, ਨਾ ਪਿਆਰ, ਨਾ ਰਿਸ਼ਤੇ। ਮਾਂ ਲਈ ਜਿੰਨਾ ਪਰਿਵਾਰ ਮਹੱਤਵਪੂਰਨ ਹੈ ਓਨੀਂ ਹੀ ਪਰਿਵਾਰ ਲਈ ਮਾਂ ਮਹੱਤਵਪੂਰਨ ਹੈ।
          ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ। ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂ ਲੰਘ ਰਿਹਾ ਹੈ। ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ। ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ। ਸਾਨੂੰ ਬਜ਼ੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜਾਇ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ। ਘਰ ਵਿੱਚ ਮਾਂ ਪ੍ਰਮਾਤਮਾ ਦੇ ਪ੍ਰਕਾਸ਼ ਵਾਂਗ ਹੁੰਦੀ ਹੈ, ਮਾਂ ਦੇ ਦਿੱਤੇ ਹੋਏ ਸੰਸਕਾਰ ਅਤੇ ਦੁਆਵਾਂ ਅਤੇ ਅਸੀਸਾਂ ਮਾਂ ਦੀ ਹਮੇਸ਼ਾਂ ਔਲਾਦ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀਆਂ ਰਹਿੰਦੀਆਂ ਹਨ। ਮੈਂ ਹਮੇਸ਼ਾਂ ਮੰਨਦਾ ਹਾਂ ਕਿ ਮੈਂ ਖੁੱਦ ਮਾਂ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਜ ਇਕ ਸਕੂਲ ਟੀਚਰ ਵਿਚ ਪੜ੍ਹਉਣ ਦੇ ਕਾਬਿਲ ਬਣਿਆਂ ਹਾਂ, ਜਿੱਥੇ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਅਸੀਂ ਆਪਣੇ ਸਕੂਲ ਵਿੱਚ ਵੀ ਹਮੇਸ਼ਾਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਮਾਣ ਸਤਿਕਾਰ ਕਰਨ ਦੇ ਲਈ ਪ੍ਰੇਰਣਾ ਦਿੰਦੇ ਹਾਂ। ਮੇਰਾ ਮੰਨਣਾ ਹੈ ਕਿ ਮਾਂ ਦੀ ਬਦੌਲਤ ਹੀ ਬੱਚੇ ਵੱਡੇ-ਵੱਡੇ ਮੁਕਾਮਾਂ ‘ਤੇ ਫਤਹਿ ਹਾਸਲ ਕਰਦੇ ਹਨ।  

————————————————————————

ਰੱਬ ਦੇ ਘੱਲੇ ਹੋਏ ਕਿਰਾਏਦਾਰ  

-ਸਮਾਜ ਸੇਵੀ ਡਾ.ਸਰਬਜੀਤ ਕੌਰ ਬਰਾੜ ਮੋਗਾ
ਮੋ. 79866-52927
          ਤੁਸੀ ਇਸ ਸੰਸਾਰ ਵਿੱਚ 50-60 ਜਾਂ 70 ਸਾਲ ਤੱਕ ਰਹਿਣ ਲਈ ਆਏ ਹੋ ਇਸ ਲਈ ਆਪਣੀ ਫੂੰ…ਫਾਂ, ਆਪਣੀ ਆਕੜ ਨੂੰ ਇਹ ਸੋਚ ਕੇ ਪਿੱਛੇ ਧੱਕ ਦਿਆ ਕਰੋ ਕਿ ਤੁਸੀ ਸਿਰਫ ਤੇ ਸਿਰਫ ਇੱਕ ਮਹਿਮਾਨ ਹੋ ਤੇ ਬੱਸ ਥੋਹੜੇ ਜਿਹੇ ਵਕਤ ਲਈ ਇਸ ਧਰਤੀ ਤੇ ਆਏ ਹੋ….. ਤੇ ਹਾਂ ਉਹ ਵਕਤ ਤੁਹਾਡੇ ਬਹੁਤ ਕਰੀਬ ਹੈ।  ਤੇ ਤੁਸੀਂ ਬਹੁਤ ਜਲਦ ਮੁੜ ਦੁਬਾਰਾ ਵਾਪਿਸ ਆਪਣੇ ਘਰ ਚਲੇ ਜਾਣਾ ਹੈ….. ਇਸ ਲਈ ਦੋਸਤੋ ਕਦੇ ਵੀ ਆਪਣੀਆਂ ਗੱਡੀਆਂ, ਕੋਠੀਆਂ, ਕਾਰਾਂ, ਬੰਗਲਿਆਂ ਦਾ ਗਮਾਣ ਨਾਂ ਕਰਿਆ ਕਰੋ ਕਿਉਂਕਿ ਆਪਾਂ ਸਭ ਉਸ ਰੱਬ ਦੇ ਘੱਲੇ ਹੋਏ ਕਿਰਾਏਦਾਰ ਹਾਂ।
        ਇਸ ਸੰਸਾਰ ਰੂਪੀ ਕਮਰੇ ਵਿੱਚ ਕਿਰਾਏ ਤੇ ਰਹਿ ਰਹੇ ਹਾਂ ਤੇ ਇੱਕ ਨਾਂ ਇੱਕ ਦਿਨ ਸਭ ਨੇ ਇਸ ਨੂੰ ਖਾਲੀ ਕਰ ਕੇ ਤੁਰ ਜਾਣਾ ਹੈ। ਇਸ ਕਰਕੇ ਹਮੇਸ਼ਾ ਦੁੱਖ ‘ਚ’ ਵੀ ਹੱਸਣਾ ਸਿੱਖੋ… ਆਪ ਖੁਸ਼ ਰਹੋ ਤੇ ਦੂਜਿਆ ਨੂੰ ਖੂਸ਼ੀਆਂ ਵੰਡੋ। ਜੇਕਰ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ ਤਾਂ ਮਾੜਾ ਵੀ ਨਾਂ ਸੋਚੋ ! ਇਹ ਕਦੇ ਨਾਂ ਭੁੱਲੋ ਕਿ ਆਪਾਂ ਸਾਰੇ ਰੱਬ ਦੇ ਘੱਲੇ ਕਿਰਾਏਦਾਰ ਹਾਂ…!

————————————————————————

ਮਤਲਬ ਦੇ ਰਿਸ਼ਤਿਆਂ ਦੇ ਟੁੱਟ ਜਾਣ ਤੇ ਕਦੇ ਅਫ਼ਸੋਸ ਨਾ ਕਰੋ  

– ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
            ਰਿਸ਼ਤਿਆਂ ਤੇ ਦੋਸਤੀ ਦੀ ਬੁਨਿਆਦ ਸੱਚ ਤੇ ਹੀ ਟਿਕੀ ਹੋਈ ਹੈ। ਜੇਕਰ ਅਸੀਂ ਕੋਈ ਵੀ ਰਿਸ਼ਤਾ ਸੱਚ ਦੀ ਨੀਂਹ ਤੇ ਖੜਾ ਕਰਾਗੇ ਤਾ ਜਿਆਦਾ ਸਮੇਂ ਤੱਕ ਮਜ਼ਬੂਤ ਰਹੇਗਾ। ਜੇਕਰ ਅਸੀਂ ਕੋਈ ਰਿਸ਼ਤਾ ਝੂਠ ਤੇ ਮਤਲਬ ਨਾਲ ਬਣਾੳਂਦੇ ਹਾਂ ਤਾਂ ਜਲਦੀ ਹੀ ਕੁੱਝ ਪਲਾਂ ਵਿੱਚ ਖੇਰੂ-ਖੇਰੂ ਹੋ ਜਾਵੇਗਾ। ਯਾਦ ਰੱਖਿਓ ਇੱਕ ਝੂਠ ਦੇ ਬਣਾਏ ਰਿਸ਼ਤੇ ਨੂੰ ਬਚਾਉਣ ਲਈ ਲੱਖਾਂ ਝੂਠ ਬੋਲਣੇ ਪੈਣਗੇ। ਝੂਠੇ ਤੇ ਮਤਲਬੀ ਲੋਕ ਕਦੇ ਕਿਸੇ ਦੇ ਚੰਗੇ ਦੋਸਤ ਨਹੀਂ ਬਣ ਸਕਦੇ। ਮਤਲਬੀ ਲੋਕ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੇ ਆ ਪਰ ਧਿਆਨ ਰੱਖੋ ਕੇ ਰਿਸ਼ਤਿਆਂ ਨੂੰ ਨਿਬਾਓਣਾ ਕਿੱਦਾ ਤੇ ਬਚਾਉਣਾ ਕਿੱਦਾਂ ਹੈ ਤਾ ਕਿ ਲੋਕਾਂ ਦਾ ਰਿਸ਼ਤਿਆਂ ਤੇ ਯਕੀਨ ਬਣਿਆਂ ਰਹੇ। ਅੱਜ ਕੱਲ ਮਤਲਬੀ ਲੋਕਾਂ ਨੇ ਦੁਨੀਆਂ ਤੇ ਅਜਿਹਾ ਅਸਰ ਪਾਇਆਂ ਹੈ, ਦੁਨੀਆਂ ਤੇ ਕਿਸੇ ਦਾ ਹਾਲ ਵੀ ਪੁੱਛੋ ਤਾਂ ਲੋਕ ਸਮਝਦੇ ਨੇ ਕੋਈ ਕੰਮ ਹੋਣਾ। ਮਤਲਬੀ ਲੋਕ ਉੱਪਰੋ ਕੁੱਝ ਹੋਰ ਹੁੰਦੇ ਹਨ ਤੇ ਅੰਦਰੋਂ ਕੁੱਝ ਹੋਰ ਭਾਵ ਮਤਲਬੀ ਲੋਕ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ। ਇੱਕ ਸਾਫ ਦਿਲ ਇਨਸਾਨ ਮਤਲਬੀ ਲੋਕਾਂ ਨਾਲ ਰਹਿਣਾ ਤਾ ਦੂਰ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰੇਗਾ ਕਿਉਂਕਿ ਮਤਲਬੀ ਲੋਕਾਂ ਦੇ ਦਿੱਤੇ ਜ਼ਖ਼ਮ ਇੱਕ ਸਾਫ ਦਿਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਠੀਕ ਹੀ ਕਿਹਾ ਹੈ ਕਿਸੇ ਨੇ ਕਿ
ਮੰਗ ਕੇ ਖਾਣ ਨਾਲੋਂ, ਕਰਨੀ ਮਜ਼ਦੂਰੀ ਚੰਗੀ ਏ,
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ….!!
       
          ਇਸ ਮਤਲਬੀ ਦੁਨੀਆਂ ਵਿੱਚ ਕੋਈ ਕਿਸੇ ਦਾ ਆਪਣਾ ਨਹੀਂ ਖ਼ਾਸ ਕਰਕੇ ਮਤਲਬੀ ਤੇ ਝੂਠੇ ਲੋਕ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਹਨ ਹਮੇਸ਼ਾ ਆਪਣੇ ਫਾਇਦੇ ਲਈ ਹੀ ਜੁੜੇ ਹੁੰਦੇ ਹਨ। ਕਈ ਦੋਸਤ ਮਤਲਬ ਲਈ ਸਾਡੀ ਏਨੀ ਕੁ ਖ਼ੁਸ਼ਾਮਦ ਕਰ ਦਿੰਦੇ ਹਨ ਕਿ ਅਸੀਂ ਉਸਦੇ ਹੀ ਹੋਕੇ ਰਹਿ ਜਾਂਦੇ ਹਾਂ। ਜਦੋਂ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਦੋ ਚਾਰ ਦਿਨਾਂ ਬਾਅਦ ਉਹ ਇਹ ਕਹਿ ਦਿੰਦੇ ਹਨ ਬੱਸ ਯਾਰ ਹੋਰ ਨਹੀਂ ਨਿਭਦੀ, ਤੇਰੀ ਮੇਰੀ ਸੋਚ ਨਹੀਂ ਮਿਲਦੀ। ਤੇਰੇ ਨਾਲ ਰਹਿਣਾ ਗੱਲ ਕਰਨੀ ਮਜਬੂਰੀ ਸੀ ਮੈਨੂੰ ਮੁਆਫ ਕਰ ਦੇ ਦੋਸਤ ਮੈ ਮਜਬੂਰ ਹਾਂ। ਇਹ ਕਹਿ ਕੇ ਪੱਲਾ ਛੁਡਾ ਲੈਂਦੇ ਹਨ। ਉਹ ਨਹੀਂ ਸੋਚਦੇ ਜਿਸ ਇਨਸਾਨ ਨੇ ਤੁਹਾਨੂੰ ਆਪਣਾ ਬਣਾ ਹੀ ਲਿਆ ਹੋਵੇ ਉਸਨੂੰ ਇਸ ਤਰ੍ਹਾਂ ਤੋੜਨਾ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਫ ਦਿਲ ਨੂੰ ਤੋੜਨਾ ਸਭ ਤੋ ਵੱਡਾ ਜੁਰਮ ਹੈ। ਕਹਿੰਦੇ ਹਨ ਕਿ ਪਿਆਰ ਤੇ ਦੋਸਤੀ ਵਿੱਚ ਕੀਤੇ ਗਏ ਧੋਖੇ ਦੀ ਕੋਈ ਮੁਆਫੀ ਨਹੀਂ ਹੁੰਦੀ। ਏਥੇ ਕੋਈ ਪਿਆਰ ਨਹੀਂ ਹੈ ਕੋਈ ਦੋਸਤ ਨਹੀਂ ਕੋਈ ਭੈਣ-ਭਰਾ ਨਹੀਂ ਝੂਠੇ ਤੇ ਮਤਲਬੀ ਲੋਕਾਂ ਨੇ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਹਨ। ਕੋਈ ਟਾਵਾਂ ਹੀ ਹੋਵੇਗਾ ਜੋ ਇਹਨਾਂ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੋਵੇਗਾ। ਮੇਰੇ ਅਨੁਸਾਰ ਕੁੱਝ ਮਤਲਬੀ ਲੋਕ ਦੋਸ਼ ਤਰ੍ਹਾਂ ਦੇ ਵੀ ਹੁੰਦੇ ਹਨਇਸ ਦੁਨੀਆਂ ਵਿੱਚ ਮੱਦਦਗਾਰ ਬੜੇ ਨੇ ,
ਪਲ ਵਿੱਚ ਆਪਣਾ ਬਣਾ ਲੈਣ,
ਪਲ ਵਿੱਚ ਵਿਸਾਰ ਦੇਣ,
ਇਹੋ ਜਿਹੇ ਖੁਦਗਾਰ ਬੜੇ ਨੇ।
ਕੰਮ ਦੇ ਨਾਲ ਮਤਲਬ ਰੱਖਦੇ,ਪਿੱਠ ਪਿੱਛੇ ਆਪਣੇ ਹੀ ਠੱਗਦੇ,
ਸਭ ਕੁੱਝ ਲੁੱਟ ਲੈ ਜਾਣ,
ਪੈਸੇ ਦੇ ਯਾਰ ਬੜੇ ਨੇ।
ਕਈ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ,
ਪਰ ਫੁੱਲਾਂ ਨਾਲ ਵੀ ਖਾਰ ਬੜੇ ਨੇ।
‘ਧਾਲੀਵਾਲ’ ਕਈ ਝੂਠ ਨੂੰ ਸੱਚ ਕਹਿੰਦੇ,
ਤੇ ਸੱਚ ਨੂੰ ਝੁਠਲਾਉਂਦੇ,
‘ਗਗਨ’ ਦੁਨੀਆਂ ਤੇ ਮਤਲਬੀ ਯਾਰ ਬੜੇ ਨੇ।
       ਕੁੱਝ ਲੋਕ ਗਿਰਗਟ ਦੀ ਤਰ੍ਹਾਂ ਹੁੰਦੇ ਹਨ ਜੋ ਮਤਲਬ ਨਿਕਲਦਿਆਂ ਹੀ ਰੰਗ ਬਦਲ ਲੈਂਦੇ ਹਨ। ਜੋ ਲੋਕ ਕਹਿੰਦੇ ਹਨ ਕਿ ਭਰੋਸਾ ਕਰੋ ਅਸੀਂ ਦੂਜਿਆਂ ਵਰਗੇ ਨਹੀਂ ਅਸਲ ਵਿੱਚ ਉਹੀ ਹੀ ਭਾਵਨਾਵਾਂ ਨਾਲ ਖੇਡਦੇ ਹਨ। ਮੌਕਾਪ੍ਰਸਤ ਲੋਕ ਜ਼ੁਬਾਨ ਦੇ ਥੋੜ੍ਹੇ ਜਿਆਦਾ ਮਿੱਠੇ ਹੁੰਦੇ ਹਨ। ਮਤਲਬੀ ਤੇ ਝੂਠੇ ਲੋਕਾਂ ਕੋਲ ਮਤਲਬ ਕੱਢਣ ਦੇ ਬਹੁਤ ਤਰੀਕੇ ਹੁੰਦੇ ਹਨ ਉਹ ਖ਼ੁਦ ਹੀ ਗਵਾਹ ਬਣ ਜਾਂਦੇ ਹਨ ਤੇ ਖ਼ੁਦ ਹੀ ਵਕੀਲ ਆਪ ਹੀ ਜੱਜ ਬਣ ਜਾਂਦੇ ਹਨ। ਕਿਸੇ ਨੇ ਬਾਖੂਬੀ ਮਤਲਬੀ ਲੋਕਾਂ ਬਾਰੇ ਕਿਹਾ ਹੈ “ਮਤਲਬੀ ਲੋਕਾਂ ਨਾਲ ਰਹਿਣ ਦਾ ਮਜ਼ਾ ਹੀ ਵੱਖਰਾ ਹੈ। ਥੋੜ੍ਹੀ ਤਕਲੀਫ ਤਾਂ ਦਾ ਜ਼ਰੂਰ ਹੁੰਦੀ ਹੈ ਪਰ ਦੁਨੀਆਂ ਦੇ ਦਰਸ਼ਨ ਉਹਨਾਂ ਦੇ ਅੰਦਰ ਹੋ ਜਾਂਦੇ ਹਨ।” ਮਤਲਬੀ ਦੋਸਤ ਹਮੇਸ਼ਾ ਤੁਹਾਨੂ ਝੂਠ ਇਸ ਤਰ੍ਹਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆਂ ਲੱਗੇ। ਬਿਲਕੁਲ ਠੀਕ ਕਿਹਾ ਹੈ ਕਿ ਮਤਲਬ ਦਾ ਵਜਨ ਬਹੁਤ ਜਿਆਦਾ ਹੈ, ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸ਼ਤੇ ਹਲਕੇ ਹੋ ਜਾਂਦੇ ਹਨ।
          ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ, ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਹਨ। ਪਤਾ ਨਹੀਂ ਲੱਗਿਆ ਹਲੇ ਤੱਕ ਮੈਨੂੰ ਵੀ ਕਿ ਮਤਲਬ ਲਈ ਲੋਕ ਕਿਓ ਮੇਹਰਬਾਨ ਹੁੰਦੇ ਹਨ। ਅੱਜ ਦੇ ਸਮੇਂ ਵਿੱਚ ਕੋਈ ਸੱਚਾ ਪਿਆਰ ਸੱਚਾ ਰਿਸ਼ਤਾ ਨਹੀਂ ਹੈ ਸਾਰੇ ਜੜੀ ਮਤਲਬ ਨਾਲ ਬੱਝੇ ਹੋਏ ਹਨ, ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ। ਪਰ ਹਾਂ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਹੈ। ਅੱਜ ਤਾਂ ਮਤਲਬੀ ਲੋਕ ਏਥੋ ਤੱਕ ਗਿਰ ਚੁੱਕੇ ਹਨ ਕਿ ਰੱਬ ਵੀ ਮਤਲਬੀ ਲੋਕਾਂ ਨੂੰ ਬਦਲ ਨਹੀ ਸਕਿਆ ਜਦ ਕਿ ਮਤਲਬੀ ਲੋਕਾਂ ਨੇ ਅਨੇਕਾਂ ਰੱਬ ਬਦਲ ਲਏ ਹਨ। ਹਮੇਸਾਂ ਰਿਸ਼ਤੇ ਸਮਝਦਾਰੀ ਨਾਲ ਨਿਭਾਉਣੇ ਚਾਹੀਦੇ ਹਨ ਜਿਸ ਵਿੱਚ ਮਤਲਬ ਜਾਂ ਝੂਠ ਸ਼ਬਦ ਆ ਜਾਵੇ ਉਹ ਰਿਸ਼ਤੇ ਰਿਸ਼ਤੇ ਨਹੀਂ ਰਹਿੰਦੇ। ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀ ਸ਼ੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ।
          ਕੁੱਝ ਲੋਕ ਸਿਰਫ ਮਤਲਬ ਲਈ ਹੀ ਤੁਹਾਡੇ ਨਾਲ ਰਹਿਣਾ ਪਸੰਦ ਕਰਦੇ ਹਨ ਤੇ ਕੁੱਝ ਲੋਕਾਂ ਦੀ ਵਫਾ ਅਕਸਰ ਉੱਥੋਂ ਤੱਕ ਹੀ ਹੁੰਦੀ ਹੈ ਜਿੱਥੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਹੈ। ਮਤਲਬ ਲੋਕਾਂ ਓਨੇ ਰਿਸ਼ਤਿਆਂ ਦਾ ਵਪਾਰ ਬਣਾ ਦਿੱਤਾ ਜਦੋਂ ਜੀ ਚਾਹੋ ਬਣਾ ਲਵੋ ਜਦੋਂ ਜੀ ਕੀਤਾ ਤੋੜ ਦੇਵੋ। ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਮਿਲਦੇ ਹਨ। ਅੱਜ ਦੇ ਯੁੱਗ ਵਿੱਚ ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ, ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ ! ਮਤਲਬੀ ਲੋਕਾਂ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਉਹ ਹਮੇਸ਼ਾ ਭਟਕਦੇ ਰਹਿੰਦੇ ਹਨ। ਮਤਲਬੀ ਲੋਕ ਚੰਗੇ ਲੋਕਾਂ ਦੀ ਜ਼ਿੰਦਗੀ ਵਿੱਚ ਜਿਆਦਾ ਸਮਾਂ ਨਹੀਂ ਠਹਿਰਦੇ ਕਿਉਂਕਿ ਸਮਝਦਾਰ ਲੋਕ ਹਮੇਸ਼ਾ ਹੀ ਤੁਹਨੂੰ ਤੋਂ ਕਿਨਾਰਾ ਕਰ ਲੈਂਦੇ ਹਨ। ਝੂਠੇ ਲੋਕ ਹਮੇਸ਼ਾ ਕਿਸੇ ਦੀ ਇਮਾਨਦਾਰੀ ਤੇ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹਨ ਤੇ ਉਹਨਾਂ ਦੇ ਫੁੱਲਾਂ ਜਿਹੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜੋ ਕਿ ਸਭ ਤੋ ਵੱਡਾ ਜੁਰਮ ਹੈ। ਉਹਨਾਂ ਦੀਆ ਭਾਵਨਾਵਾਂ ਨਾਲ ਖੇਡਦੇ ਹਨ ਜਦੋਂ ਜੀ ਭਰ ਜਾਂਦਾ ਹੈ ਤਾਂ ਦੂਰ ਹੋਣ ਦੇ ਬਹਾਨੇ ਘੜਦੇ ਹਨ। ਅਜਿਹੇ ਲੋਕਾਂ ਤੋ ਜਿੰਨਾ ਬਚਿਆ ਜਾਵੇ ਚੰਗਾ ਹੈ। ਕਦੇ ਵੀ ਕਿਸੇ ਨਾਲ ਮਾੜਾ ਵਿਵਹਾਰ ਨਾ ਕਰੋ ਨਾ ਹੀ ਕੋਈ ਮਤਲਬ ਦਾ ਰਿਸ਼ਤਾ ਬਣਾਓ। ਜਦੋਂ ਕੋਈ ਮਤਲਬ ਦਾ ਬਣਾਇਆ ਰਿਸ਼ਤਾ ਟੁੱਟਦਾ ਹੈ ਤਾਂ ਪਤਾ ਨਹੀਂ ਕਿੰਨਿਆਂ ਦਾ ਵਿਸ਼ਵਾਸ ਚਕਨਾਚੂਰ ਹੋ ਜਾਂਦਾ ਹੈ ਤੇ ਕਿੰਨੇ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਮਤਲਬ ਦੇ ਰਿਸ਼ਤਿਆਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ।

————————————————————————

ਬਦਲਦੇ ਜ਼ਮਾਨੇ ਦੀ ਬਦਲਦੀ ਸੁਆਣੀ ਅਤੇ ਬੱਚੇ  

– ਡਾ ਸਰਬਜੀਤ ਕੌਰ ਬਰਾੜ, ਮੋਗਾ 
🙏  Mob. 79866-52927
              ਕਦੇ ਜ਼ਮਾਨਾ ਹੁੰਦਾ ਸੀ ਕਿ ਸਾਡੀਆਂ ਦਾਦੀਆ ਪੜਦਾਦੀਆਂ, ਮਾਵਾਂ ਵੇਲੇ ਜਦੋਂ ਨੂੰਹ ਨੇ ਸੱਸ ਨੂੰ ਪੁੱਛਣਾ ਬੇਬੇ ਜੀ ਅੱਜ ਕੀ ਬਣਾਵਾ ? ਪਹਿਲਾ ਤਾ ਵਿਚਾਰੀ ਨੇ ਅੱਧਾ ਘੰਟਾ ਪਹਿਲਾਂ ਹੀ ਹੱਥ ਮਲੀ ਜਾਣੇ ਆਪਣੀ ਚੁੰਨੀ ਮਰੋੜੀ ਜਾਣੀ ਕਿ ਹੁਣ ਪੁੱਛਾ ਤੇ ਕਿਵੇਂ ਪੁੱਛਾ ਤੇ ਜੇ ਕੀਤੇ ਹਿੰਮਤ ਜੀ ਕਰਕੇ ਪੁੱਛਣ ਜਾਣਾ ਕਿ ਬੇਬੇ ਜੀ ਕੀ ਧਰਾਂ ਤਾਂ ਅੱਗੋ ਸੱਸ ਦਾ ਜਵਾਬ ਹੁੰਦਾ ਕਿ ਦਾਲ ਧਰ ਲਾ ਕੁੱਝੇ ਦੀ ! ਬੇਬੇ ਜੀ ਦੋ ਤਿੰਨ ਦਿਨ ਹੋ ਗਏ ਦਾਲ ਖਾਂਦਿਆ ਨੂੰ ਤਾਂ ਅੱਗੋ ਫਿਰ ਜਵਾਬ ਆਉਣਾ ਨਾਂ ਤੇਰੀ ਮਾਂ ਤਾਂ ਨਿੱਤ ਬੱਕਰਾ ਰਿੰਨ ਕੇ ਖੁਆਉਂਦੀ ਸੀ ਧਰਲਾ ਦਾਲ ਚੁੱਪ ਕਰਕੇ। …ਤੇ ਨੂੰਹ ਨੇ ਅੱਗੋ ਕੁੱਬੀ ਜੀ ਹੋ ਕੇ ਲੱਗ ਜਾਣਾ ਫਿਰ ਕੁੱਝੇ ਵਿੱਚ ਪਾਣੀ ਪਾਉਣ ਤੇ ਅੱਜ ਕੱਲ ਸਭ ਕੁਝ ਬਦਲ ਗਿਆ ਏ।
             
            ਜ਼ਮਾਨੇ ਦੇ ਨਾਲ ਨਾਲ ਸਾਡੀ ਚੁੱਲ੍ਹੇ ਚੌਂਕੇ ਦੀ ਰਾਣੀ ਜਾਣੀ ਸੁਆਣੀ ਵੀ ਬਦਲ ਗਈ ਏ ਉਲਟਾ ਸੱਸ ਪੁਛਦੀ ਏ ਕਿ ਪੁੱਤ ਕੀ ਧਰਨਾ ਅੱਜ ਤੇ ਅੱਗੋ ਨੂੰਹ ਦਾ ਜਵਾਬ ਹੁੰਦਾ ਮਾਤਾ ਸੁਭਾ ਆਲੂ ਵਾਲੇ ਪਰਾਂਠੇ ਸੀ ਤੇ ਦੁਪਹਿਰੇ ਗੋਭੀ ਤੇ ਦਹੀਂ ਹੁਣ ਦੱਸ ਕੀ ਖਾਈਏ, ਤੇਰੇ ਪੁੱਤ ਨੇ ਨੀ ਖਾਣੇ ਬੋਲਣਾ ਆ ਕੇ। ਮੈਂ ਪੁਛਦੀ ਆਂ ਉਹਨਾਂ ਨੂੰ ਫੋਨ ਤੇ ਲਗਦਾ ਕੁਝ ਬਾਹਰੋ ਮੰਗਾਉਣਾ ਪਉ ਤੇ ਸੱਸ ਵਿਚਾਰੀ ਅੱਗੋਂ ਚੁੰਨੀ ਦੇ ਲੜ ਨਾਲ ਪਸੀਨਾ ਪੂਝਦੀ ਮੰਜੀ ਦੀ ਪੈਂਦ ਤੇ ਜਾ ਬਹਿੰਦੀ ਏ ਤੇ ਫੋਨ ਉਤੇ ਪੁੱਤਰ ਦੇ ਅੱਗੋ ਜੁਆਬ ਦੀ ਉਡੀਕ ਕਰਦੀ ਏ। ਚਲੋ ਮੰਨ ਲੈਂਦੇ ਆਂ ਕਿ ਜ਼ਮਾਨਾ ਬਦਲ ਗਿਆ ਏ, ਸਭ ਕੁਝ ਸਮੇਂ ਦੇ ਨਾਲ ਬਦਲ ਗਿਆ ਏ ਜੇ ਸੱਸ ਬਦਲੀ ਏ ਤਾਂ ਨੂੰਹ ਵੀ ਬਦਲੀ ਏ ਮੇਰੇ ਹਿਸਾਬ ਨਾਲ ਦੋਵਾਂ ਨੂੰ ਇੱਕ ਦੂਜੇ ਨੂੰ ਸਮਜਣਾ ਚਾਹੀਦਾ ਹੈ। ਜਿਆਦਾ ਨੂੰਹ ਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੁੰਦੀ ਹੈ ਕਿਉਕਿ ਮੰਨ ਲਓ ਕਿ ਜਿਸ ਘਰ ਵਿੱਚ ਉਹ ਵਿਆਹ ਕੇ ਆਈ ਹੈ ਉਸ ਵਿੱਚ ਦਸ ਜੀ ਆ ਟੱਬਰ ਦੇ ਤੇ ਓਹ ਦਸ ਓਸ ਕੱਲੀ ਮਗਰ ਨਹੀਂ ਲੱਗ ਸਕਦੇ ਓਸ ਕੱਲੀ ਨੂੰ ਉਹਨਾਂ ਦੇ ਤੌਰ ਤਰੀਕੇ ਸਿੱਖਣੇ ਪੈਣਗੇ ਕਿਉਕਿ ਦਸ ਜਾਣੇ ਇਕ ਪਿੱਛੇ ਲੂਣ ਮਿਰਚ ਜਿਆਦਾ ਜਾਂ ਥੋੜਾ ਨਹੀਂ ਖਾ ਸਕਦੇ। ਸਾਨੂੰ ਇੱਕ ਨੂੰ ਦਸ ਨਾਲ ਥੋੜਾ ਬਹੁਤ ਅਡਜਸਟ ਕਰਨਾ ਪਵੇਗਾ ਕਿ ਸਾਰਾ ਟੱਬਰ ਕਿੱਦਾ ਰਹਿੰਦਾ ਕੀ ਕਰਦਾ ਕੀ ਖਾਂਦਾ ਕੀ ਪਾਉਂਦਾ ਵਗੈਰਾ ਵਗੈਰਾ।
             ਇਕ ਤਾਂ ਅੱਜਕਲ ਫੋਨਾਂ ਨੇ ਕੰਮ ਖਰਾਬ ਕੀਤਾ ਹੋਇਆ। ਜੇਕਰ ਮਾੜੀ ਜੀ ਘਰ ਵਿੱਚ ਕੋਈ ਤੂੰ -ਤੂੰ , ਮੈਂ – ਮੈਂ ਹੁੰਦੀ ਤਾਂ ਝੱਟ ਪੱਟ ਪੇਕੇ ਫੋਨ ਖੜਕ ਪੈਂਦਾ ਤੇ ਜੇ ਓਹੀ ਤੂੰ – ਤੂੰ , ਮੈਂ – ਮੈਂ ਭੁੱਲੀ ਚੁੱਕੀ ਸੱਸ ਆਪਣੀ ਕੁੜੀ ਨੂੰ ਫੋਨ ਤੇ ਦਸ ਦੇਵੇ ਤਾਂ ਅੱਗੋ ਨੂੰਹ ਸੱਸ ਨੂੰ ਟੁੱਟ ਕੇ ਪੈ ਜਾਂਦੀ ਕਿ ਤੂੰ ਤਾਂ ਮਾਤਾ ਘਰ ਦੀਆਂ ਗੱਲਾਂ ਆਪਣੀਆਂ ਕੁੜੀਆ ਨੂੰ ਦੱਸਦੀ ਏ ਤੇ ਫੇਰ ਆਪਣੇ ਘਰਵਾਲੇ ਨੂੰ ਦੱਸਦੀ ਏ ਕੇ ਤੇਰੀ ਮਾਂ ਨੇ ਤਾਂ ਏਦਾਂ ਕੀਤਾ ਓਦਾਂ ਕੀਤਾ। ਪਰ ਜੇ ਇਹੀ ਗੱਲ ਮਾਂ ਸਮਝ ਕੇ ਪੇਕੇ ਦੱਸਣ ਦੀ ਬਜਾਏ ਆਪਣੀ ਸੱਸ ਨਾਲ ਹੀ ਸਾਂਝੀ ਕੀਤੀ ਜਾਵੇ ਤੇ ਸੱਸ ਵੀ ਅੱਗੋ ਮਾਂ ਸਮਝ ਕੇ ਸੁਣੇ ਤਾਂ ਮਸਲਾ ਘਰ ਵਿੱਚ ਹੀ ਸੁਲਝ ਸਕਦਾ ਹੈ। ਕਿਓਕੇ ਮਾਂ ਕਦੇ ਵੀ ਬੱਚੇ ਦਾ ਬੂਰਾ ਨਹੀਂ ਚਾਹੁੰਦੀ। ਚਾਹੇ ਉਹ ਮੁੰਡੇ ਦੀ ਮਾਂ ਹੋਵੇ ਜਾਂ ਕੁੜੀ ਦੀ। ਪਰ ਹੱਦ ਤੋਂ ਵੱਧ ਮਾਂ ਦੀ ਦਾਖਲ ਅੰਦਾਜੀ ਬੁਰੇ ਨਤੀਜੇ ਸਾਬਤ ਹੁੰਦੀ ਹੈ।
          ਸੋ ਇਥੇ ਗੱਲ ਆ ਗਈ ਕਾਉਂਸਲਿੰਗ ਦੀ ਕਿਉਕਿ ਨਵੀਂ ਪੀੜ੍ਹੀ ਵਿੱਚ ਬਰਦਾਸ਼ਤ ਸ਼ਕਤੀ ਘੱਟ ਹੋ ਰਹੀ ਹੈ ਤੇ ਸਹਿਸ਼ੀਲਤਾ ਨਹੀਂ ਹੈ। ਮਾਂ ਬਾਪ ਨੂੰ ਚਾਹੀਦਾ ਹੈ ਕਿ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਬਿਤਾਉਣ ਤੇ ਦੱਸਣ ਕਿ ਰਲ ਕੇ ਕਿੱਦਾ ਰਹਿਣਾ ਜਿਵੇਂ ਕਿ ਮਾਂ-ਬਾਪ ਭੈਣ-ਭਰਾ ਚਾਚੇ-ਤਾਏ ਆਂਡੀ-ਗੁਆਂਢੀ ਅਤੇ ਆਪ ਤੋਂ ਵੱਡੇ ਬਜ਼ੁਰਗਾਂ ਆਦ ਨਾਲ ਕਿੱਦਾ ਰਹਿਣਾ, ਕਿੱਦਾ ਬੋਲਣਾ, ਕਿੱਦਾ ਦਾ ਵੇਹਵਾਰ ਕਰਨਾ। ਸਾਰਾ ਦੱਸਣ ਦਾ ਫਰਜ ਬਣਦਾ ਕਿਉਕਿ ਓਨਾ ਨੂੰ ਦੱਸਣ ਕਿ ਤੁਸੀ ਵੀ ਇਕ ਨਾ ਇਕ ਦਿਨ ਬੁੱਢੇ ਹੋਣਾ ਹੈ। ਇਹ ਸਭ ਦਸਣਾ ਬਹੁਤ ਜਰੂਰੀ ਹੈ ਬੱਚਿਆਂ ਨੂੰ ਤਾਂ ਕੇ ਓਨਾ ਦੀ ਜਿੰਦਗੀ ਵਿੱਚ ਕੋਈ ਮੁਸ਼ਕਿਲ ਨਾਂ ਆਵੇ ਤੇ ਜੇ ਆਵੇ ਵੀ ਤਾਂ ਉਹ ਉਸ ਨੂੰ ਅਸਾਨੀ ਨਾਲ ਹੱਲ ਕਰ ਸਕਣ। ਥੋੜੇ ਬਹੁਤੇ ਤਰੀਕੇ ਜੇ ਆਪਾ ਦਾਦੀ, ਸੱਸ, ਮਾਂ ਦੇ ਜ਼ਮਾਨੇ ਦੇ ਅਪਣਾ ਲਈਏ ਕਿ ਇਹੀ ਕੇ ਕੀਤੇ ਨੂੰਹ ਪੁਛ ਲਵੇ ਕਿ ਬਾਪੂ ਤੁਸੀਂ ਆਲੂ ਗੋਭੀ ਖਾਓਗੇ ਨਾਲ ਬੂੰਦੀ ਪਾ ਲੈਨੇ ਆ ਤੋਹਾਡਾ ਪੁੱਤ ਵੀ ਖੁਸ਼ ਹੋ ਕੇ ਖਾ ਲਉ, ਬੇਬੇ ਤੁਹਾਨੂੰ ਫਰੂਟ ਕੱਟ ਦੇਆ ਕਿ ਜੂਸ ਪੀਓਗੇ, ਤੁਸੀ ਆਪਣੀ ਦਵਾਈ ਟਾਈਮ ਨਾਲ ਲੇ ਲਈ ਕੇ ਦੇਵਾਂ ਤੇ ਪੁੱਤ ਪੁੱਛੇ ਕੇ ਬਾਪੂ ਤੁਹਾਡਾ ਦਿਨ ਕਿਵੇਂ ਲੰਘਿਆ ਕੁਝ ਚਾਹੀਦਾ ਤੁਹਾਨੂੰ। ਬੱਸ ਏਨਾ ਨਿੱਕੀਆਂ ਨਿੱਕੀਆਂ ਗੱਲਾਂ ਨਾਲ਼ ਤੁਹਾਡਾ ਘਰ ਸਵਰਗ ਬਣ ਜਾਵੇਗਾ ਤੇ ਤੁਹਾਨੂੰ ਬਾਪੂ ਜਾਂ ਬੇਬੇ ਦੇ ਨਾਲ ਜੀ ਲਗਾਉਣ ਦੀ ਵੀ ਲੋੜ ਨਹੀਂ ਪਵੇਗੀ। ਜੇਕਰ ਤੁਸੀਂ ਏਨੇ ਪਿਆਰ ਸਤਿਕਾਰ ਨਾਲ ਪੁਛੋਗੇ ਕਿਉਕਿ ਪਿਆਰ ਨਾਲ ਸਭ ਕੁਝ ਜਿੱਤਿਆ ਜਾ ਸਕਦਾ ਹੈ।

————————————————————————

ਤੁਰ ਜਾਵਣ ਇੱਕ ਵਾਰ ਤਾਂ ਮਾਵਾਂ ਲੱਭਦੀਆ ਨਹੀਂ   

– ਹਰਕੀਰਤ ਕੌਰ  Mob. 97791-18066

            ਕਿਸੇ ਕਵੀ ਨੇ ਮਾਂ ਦੀ ਉਪਮਾ ਵਿੱਚ ਬਹੁਤ ਸੋਹਣੀਆਂ ਸਤਰਾਂ ਉਚਾਰੀਆਂ, ਉਹ ਕਹਿੰਦਾ ਹੈ ਕਿ
ਰੁਤਬਾ ਮਾਂ ਦਾ ਰੱਬ ਬੁਲੰਦ ਕੀਤਾ,
ਸਾਨੀ ਮਾਂ ਦਾ ਵਿੱਚ ਸੰਸਾਰ ਕੋਈ ਨਹੀਂ
ਦਰਦੀ ਕੋਈ ਨਹੀ ਮਾਂ ਦੇ ਦਿਲ ਵਰਗਾ,
ਮਾਂ ਵਾਗੂੰ ਕਰਦਾ ਪਿਆਰ ਕੋਈ ਨਹੀਂ
ਜਿਹਦੇ ਸਿਰ ਤੇ ਮਾਂ ਦਾ ਹੱਥ ਹੋਵੇ,
ਉਹਨੂੰ ਦੋਹਾਂ ਜਹਾਨਾਂ ਚ ਹਾਰ ਕੋਈ ਨਹੀਂ ।
ਜ਼ਿੰਦਗੀ ਆਪਣਿਆਂ ਦੇ ਮੋਹ, ਪਿਆਰ ਦੀਆਂ ਤੰਦਾਂ ਦੇ ਕਰਕੇ ਹੀ ਹਸੀਨ ਹੁੰਦੀ ਹੈ। ਸਾਡੇ ਰਿਸ਼ਤੇ ਨਾਤੇ ਹੀ ਸਾਡੀ ਦੁਨੀਆਂ ਹੁੰਦੀ ਹੈ। ਦੁੱਖ ਸੁੱਖ ਦੇ ਸਹਾਇਕ ਸਾਡੇ ਸਾਰੇ ਰਿਸ਼ਤੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਹਰ ਰਿਸ਼ਤੇ ਦੀ ਇੱਕ ਆਪਣੀ ਅਹਿਮੀਅਤ ਹੈ। ਹਰ ਰਿਸ਼ਤੇ ਦਾ ਆਪਣਾ ਕਿਰਦਾਰ ਤੇ ਜਿੰਮੇਵਾਰੀਆਂ ਹਨ। ਪਰ ਪੂਰੀ ਦੁਨੀਆਂ ਵਿੱਚ ਜਿਸ ਰਿਸ਼ਤੇ ਨੂੰ ਸਭ ਤੋਂ ਵੱਧ ਸਤਿਕਾਰਿਆ ਗਿਆ ਉਹ ਹੈ ਮਾਂ ਦਾ ਰਿਸ਼ਤਾ। ਜੱਗ ਜਨਣੀ, ਸਿਰਜਣਹਾਰੀ, ਦੇਵੀ, ਰੱਬ ਦਾ ਰੂਪ, ਇਹ ਸਾਰੇ ਨਾਮ ਮਾਂ ਦੇ ਹਿੱਸੇ ਆਏ ਹਨ। ਮਾਵਾਂ ਹੁੰਦੀਆਂ ਹੀ ਏਨੀਆਂ ਪਿਆਰੀਆਂ ਹਨ, ਆਪਣੇ ਮੂੰਹ ਚੋਂ ਬੁਰਕੀ ਖੋਹ ਬੱਚਿਆਂ ਦੇ ਮੂੰਹ ਚ ਪਾਉਣ ਦਾ ਜ਼ੇਰਾ ਰੱਬ ਨੇ ਬਸ ਮਾਂ ਨੂੰ ਹੀ ਦਿੱਤਾ ਹੈ। ਬੱਚਿਆਂ ਦੇ ਢਿੱਡ ਭਰਨ ਲਈ ਆਪ ਭੁੱਖੇ ਢਿੱਡ ਡੰਗ ਸਾਰਣ ਦਾ ਸਬਰ ਕਾਦਰ ਨੇ ਮਾਂ ਦੀ ਝੋਲੀ ਹੀ ਪਾਇਆ ਹੈ। ਮਾਂ ਅਸਲ ਵਿੱਚ ਹੈ ਹੀ ਸਬਰ ਦਾ ਦੂਜਾ ਨਾਮ ! ਇਸਦੀ ਉਦਹਾਰਣ ਵੇਖਣੀ ਹੋਵੇ ਤਾਂ ਪੇਕਿਆਂ ਦੇ ਘਰਾਂ ਵਿੱਚ ਚੁਲਬੁਲੀਆਂ ਧੀਆਂ, ਸੋ ਸੋ ਨਖਰੇ ਕਰਨ ਵਾਲੀਆਂ ਧੀਆਂ ਜਦ ਵਿਆਹ ਤੋਂ ਬਾਅਦ ਮਾਵਾਂ ਬਣਦੀਆਂ ਹਨ ਤਾਂ ਉਹਨਾਂ ਦਾ ਉਹੀ ਚੁਲਬੁਲਾ ਬਣ ਸਿਆਣਪ, ਸਮਝ ਤੇ ਸਬਰ ਵਿੱਚ ਤਬਦੀਲ ਹੋ ਜਾਂਦਾ ਹੈ। ਜਿਹੜੀ ਧੀ ਕੱਚੀ ਨੀਂਦੇ ਉੱਠ ਜਾਣ ਤੇ ਪੇਕਾ ਘਰ ਸਿਰ ਤੇ ਚੁੱਕ ਲੈਂਦੀ, ਮਾਂ ਬਨਣ ਤੋਂ ਬਾਅਦ ਸਾਰੀ ਸਾਰੀ ਰਾਤ ਆਪਣੇ ਬੱਚੇ ਦੀ ਖਾਤਰ ਜਾਗਦੀ ਰਹਿੰਦੀ ਹੈ।
            ਮਾਵਾਂ ਦੇ ਹੱਥ ਬਰਕਤਾਂ ਵਾਲੇ ਹੱਥ ਹੁੰਦੇ ਹਨ, ਇਹਨਾਂ ਦੇ ਪੈਰਾਂ ਵਿੱਚ ਵਿਹੜਿਆਂ ਦੀ ਰੌਣਕਾਂ ਲੁੱਡੀਆਂ ਪਾਉਂਦੀਆਂ ਹਨ , ਇਹਨਾਂ ਦੇ ਸਾਏ ਹੇਠਾਂ ਇਹਨਾਂ ਦੇ ਬੱਚੜੇ ਸਰਦਾਰੀਆਂ ਕਰਦੇ ਨੇ। ਪੋਟਾ ਪੋਟਾ ਜੋੜ ਘਰ ਬਣਾਉਂਦੀ ਮਾਂ ਸਾਰੀ ਉਮਰ ਨਹੀਂ ਥੱਕਦੀ, ਬੱਚਿਆਂ ਦੀ ਖਾਤਰ ਆਪਣੇ ਸਾਰੇ ਰੀਝਾਂ ਚਾਵਾਂ, ਮਲਾਰਾਂ ਨੂੰ ਮਾਂ ਕਿਤੇ ਡੂੰਘੀ ਖੱਡ ਵਿੱਚ ਦੱਬ ਦਿੰਦੀ ਹੈ ਤੇ ਆਪਣੇ ਬੱਚਿਆਂ ਤੇ ਘਰ ਪਰਿਵਾਰ ਦੇ ਸੁਪਨਿਆਂ ਨੂੰ ਆਪਣੇ ਸੁਪਨੇ ਬਣਾ ਲੈਂਦੀ ਹੈ। ਮਾਂ ਇਸ ਕੁਦਰਤ ਦੇ ਸਾਰੇ ਰਿਸ਼ਤਿਆਂ ਤੋਂ ਅਹਿਮ ਤੇ ਪਾਕ ਪਵਿੱਤਰ ਰਿਸ਼ਤਾ ਹੈ, ਪਰ ਅੱਜ ਸਾਡੀਆਂ ਮਾਵਾਂ ਦੀ ਦਸ਼ਾ ਉਨ੍ਹੀਂ ਚੰਗੀ ਨਹੀਂ ਜਿੰਨੀ ਹੋਣੀ ਚਾਹੀਦੀ, ਬਿਰਧ ਘਰਾਂ ਵਿੱਚ ਪਈਆਂ ਮਾਵਾਂ ਨੂੰ ਇੱਕ ਵਾਰ ਮਿਲਣ ਦਾ ਮੌਕਾ ਬਣਿਆ ਤਾਂ ਮਾਂ ਕਹਿਣ ਲੱਗੀ ਪੁੱਤ ਆ ਮੇਰਾ ਲੱਕ ਵੇਖ…. ਇਸ ਲੱਕ ਤੇ ਚੁੱਕ ਚੁੱਕ ਕੇ ਪੁੱਤ ਨੂੰ ਪਾਲਿਆ ਸੀ, ਜਿਸ ਦਿਨ ਘਰੋਂ ਕੱਡਿਆ ਏਸੇ ਲੱਕ ਉੱਤੇ ਲੱਤ ਮਾਰ ਕੇ ਬਾਹਰ ਸੁੱਟਿਆ ਸੀ, ਕਿਸੇ ਕਬਾੜੀ ਦੇ ਸਮਾਨ ਵਾਂਗ, ਮੈ ਸੁਣਦੇ ਸਾਰ ਸੁੰਨ ਹੋ ਗਈ ਤੇ ਸੋਚਣ ਲੱਗੀ ਕਿ ਕਿਸ ਤਰ੍ਹਾਂ ਦਾ ਅਕਿਰਤਘਣ ਸਮਾਜ ਅਸੀਂ ਸਿਰਜ ਰਹੇਂ ਹਾਂ, ਜਿੱਥੇ ਤੀਲਾ ਤੀਲਾ ਜੋੜ ਬਣਾਏ ਘਰ ਵਿੱਚ ਮਾਪਿਆਂ ਲਈ ਇੱਕ ਕਮਰਾ ਤੱਕ ਨਹੀਂ ਰਹਿ ਜਾਂਦਾ।
          ਇੱਕ ਗੱਲ ਯਾਦ ਰੱਖਣਯੋਗ ਹੈ ਕਿ ਹੋਰ ਕਿਸੇ ਦੀ ਦੁਆਵਾਂ ਲੱਗਣ ਜਾਂ ਨਾ ਲੱਗਣ ਪਰ ਮਾਂ ਦੇ ਮੂੰਹੋਂ ਨਿਕਲੀ ਦੁਆਂ ਆਪਣੇ ਬੱਚਿਆਂ ਲਈ ਕੀਤੀਆਂ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ, ਮਾਂ ਆਪਣੀ ਆਈ ਤੇ ਆ ਜਾਵੇ ਤਾਂ ਮੋਤ ਦੇ ਮੂੰਹ ਵਿੱਚੋਂ ਵੀ ਆਪਣੇ ਆਦਰਾਂ ਦੇ ਟੋਟੇ ਨੂੰ ਛੁਡਾ ਲਿਆਉਂਦੀ ਹੈ। ਇਹ ਕਰਮਾਂ ਵਾਲੀਆਂ ਰੂਹਾਂ ਸਤਿਕਾਰ ਦੀਆਂ ਹੱਕਦਾਰ ਹਨ, ਇਹ ਪਾਕ ਪਵਿੱਤਰ ਰੂਹਾਂ ਦੇ ਚਰਨ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ। ਆਉ ਅੱਜ ਮਾਂ ਦਿਵਸ ਦੇ ਇਸ ਖਾਸ ਮੌਕੇ ਤੇ ਪ੍ਣ ਕਰੀਏ ਕਿ ਸਾਡੀਆਂ ਮਾਵਾਂ ਦਾ ਬੁਢਾਪਾ ਅਸੀਂ ਉਹਨਾਂ ਮਜ਼ਬੂਤ ਹੱਥਾਂ ਵਾਂਗ ਹੀ ਸਾਂਭ ਸਕੀਏ ਜਿਵੇ ਦੇ ਮਜ਼ਬੂਤ ਹੱਥਾਂ ਨਾਲ ਮਾਂ ਨੇ ਕਦੇ ਬਚਪਨ ਵਿੱਚ ਸਾਨੂੰ ਸੋ ਵਾਰ ਡਿੱਗਣ ਤੋਂ ਬਚਾਇਆ ਸੀ।
         ਰੱਬ ਕਰੇ ਹਰ ਘਰ ਦੇ ਵਿਹੜੇ ਵਿੱਚ ਮਾਵਾਂ ਦੇ ਹਾਸੇ, ਉਹਨਾਂ ਦੀ ਝਿੜਕ ਦੀ ਬਿੜਕ ਸੁਣਦੀ ਰਹੇ। ਹਰ ਮਾਂ ਸਰਦਾਰੀ ਭੋਗ ਕੇ ਜਾਵੇ ਤੇ ਕੋਈ ਮਾਂ ਔਲਾਦ ਹੱਥੋਂ ਦੁੱਖੀ ਨਾ ਹੋਵੇ

————————————————————————

ਕਿਵੇਂ ਛੱਡੀਏ ਚਿੰਤਾਂ ਕਰਨੀ  

– ਹਰਕੀਰਤ ਕੌਰ  Mob. 97791-18066
             ਕੋਈ ਵੀ ਕੰਮ ਤਾਂ ਹੀ ਸਿੱਖਿਆ ਜਾ ਸਕਦਾ ਹੈ, ਜੇਕਰ ਕਿਸੇ ਵਿੱਚ ਉਸ ਕੰਮ ਨੂੰ ਸਿੱਖਣ ਦੀ ਇੱਛਾ ਹੋਵੇਗੀ। ਬਿਨਾਂ ਇੱਛਾ ਤੋਂ ਜਬਰਦਸਤੀ ਅਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਗੁਣ ਧਾਰਣ ਨਹੀਂ ਕਰਵਾ ਸਕਦੇ। ਜਿੰਨੀ ਦੇਰ ਇੱਕ ਨਸ਼ੇੜੀ ਖੁਦ ਨਸ਼ਿਆ ਤੋਂ ਤੌਬਾ ਨਹੀਂ ਕਰੇਗਾ, ਉਨ੍ਹੀ ਦੇਰ ਕਿਸੇ ਵੀ ਤਰ੍ਹਾਂ ਦੀ ਪ੍ਕਿਰਿਆ, ਸਮਾਧਾਨ ਉਸਨੂੰ ਨਸ਼ਿਆ ਤੋਂ ਦੂਰ ਨਹੀਂ ਕਰ ਸਕਦਾ। ਇਸੇ ਕਰਕੇ ਬਹੁਤ ਸਾਰੇ ਨਸ਼ਿਆ ਦੇ ਆਦੀ ਨੌਜਵਾਨ ਨਸ਼ੇ ਛੁਡਾਊ ਕੇਂਦਰਾਂ ਵਿੱਚ ਰਹਿ ਕੇ ਵੀ ਇਸ ਕੋਹੜ ਤੋਂ ਖਹਿੜਾ ਨਹੀਂ ਛੁਡਵਾ ਸਕੇ। ਕੋਈ ਨਵੀਂ ਚੰਗੀ ਆਦਤ ਦੇ ਧਾਰਣੀ ਹੋਣਾ ਹੋਵੇ ਜਾਂ ਕੋਈ ਬੁਰੀ ਆਦਤ ਤੋਂ ਤੌਬਾ ਕਰਨਾ ਹੋਵੇ, ਉਹ ਉਨੀਂ ਦੇਰ ਸੰਭਵ ਨਹੀਂ ਜਿੰਨੀ ਦੇਰ ਸਾਹਮਣੇ ਵਾਲੇ ਵਿਅਕਤੀ ਦਾ ਮਨੋਬਲ ਉਸਦਾ ਸਾਥ ਨਹੀਂ ਦੇਵੇਗਾ।
             ਜਿਸ ਸਮਾਜ ਵਿੱਚ ਅਸੀਂ ਅੱਜ ਜੀਅ ਰਹੇ ਹਾਂ, ਇਸ ਸਮਾਜ ਵਿੱਚ ਮਾਨਸਿਕ ਬਿਮਾਰੀਆਂ ਨੇ ਸਭ ਤੋਂ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਮਨ ਦੇ ਖੇੜੇ, ਚਿਹਰਿਆਂ ਦੇ ਹਾਸੇ, ਘਰਾਂ ਵਿੱਚ ਗੂੰਜਦੀਆਂ ਹਾਸੇ ਦੀਆਂ ਕਿਲਕਾਰੀਆਂ ਚਿੰਤਾਵਾਂ ਦੇ ਪਹਾੜ ਹੇਠਾਂ ਦੱਬ ਚੁੱਕੀਆਂ ਹਨ। ਜਿੱਧਰ ਵੇਖੋ ਚਿਹਰਿਆਂ ਤੋਂ ਰੌਣਕਾਂ ਉੱਡੀਆਂ ਹੋਈਆਂ, ਹਾਸਿਆਂ ਦੀ ਥਾਂ ਹੌਂਕਿਆਂ ਨੇ ਲਈ ਹੋਈ ਹੈ। ਪਿਆਰ ਹੁਲਾਰਿਆਂ , ਹਾਸਿਆਂ ਠੱਠਿਆਂ ਨੂੰ ਮਾਨਸਿਕ ਉਲਝਣਾਂ ਨੇ ਨਰੜ ਕੇ ਰੱਖਿਆ ਹੋਇਆ ਹੈ। ਅੱਜ ਦੇ ਮਨੁੱਖਾਂ ਦੀ ਸਭ ਤੋਂ ਭਿਆਨਕ ਬਿਮਾਰੀ ਚਿੰਤਾਂ ਹੈ ਅਤੇ ਚਿੰਤਾਂ ਹੀ ਸਾਰੇ ਮਾਨਸਿਕ ਰੋਗਾਂ ਦੀ ਜੜ੍ਹ ਹੈ। ਚਿੰਤਾਵਾਂ ਦੇ ਕਾਰਣ ਵੀ ਕੀ ਹਨ? ਪੈਸਾ, ਸੁੱਖ ਸਹੂਲਤਾਂ, ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਤਾਂਘ, ਅਸੰਤੁਸ਼ਟੀ, ਹਮੇਸ਼ਾ ਆਪਣੇ ਆਪ ਨੂੰ ਦੂਸਰਿਆਂ ਤੋਂ ਘੱਟ ਸਮਝਣਾ ਅਤੇ ਪਰਾਈ ਤਾਤ ਰੱਖਣੀ। ਹਾਂ ਮੈਂ ਮੰਨਦੀ ਹਾਂ ਕਿ ਤੁਸੀਂ ਬਹੁਤ ਸਾਰੀਆਂ ਚਿੰਤਾਵਾਂ ਸਹੇੜ ਚੁੱਕੇ ਹੋ ਅਤੇ ਮਾਨਸਿਕ ਰੋਗੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕੇ ਹੋ। ਪਰ ਹੁਣ ਸਾਨੂੰ ਇਹ ਦੇਖਣਾ ਪਵੇਗਾ ਕਿ ਇੱਕ ਮਾਨਸਿਕ ਰੋਗੀ ਜੋ ਹਮੇਸ਼ਾ ਚਿੰਤਾਵਾਂ ਵਿੱਚ ਘਿਰਿਆ ਰਹਿੰਦਾ ਹੈ, ਚਿੰਤਾਂ ਮੁਕਤ ਕਿਵੇਂ ਹੋ ਸਕਦਾ ਹੈ। 
          ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ ਕਿ ਕੋਈ ਵੀ ਕੰਮ ਉਨੀਂ ਦੇਰ ਨਹੀਂ ਕੀਤਾ ਜਾ ਸਕਦਾ, ਜਿੰਨੀ ਦੇਰ ਉਸਨੂੰ ਕਰਨ ਵਾਲਾ ਜਾਂ ਸਿੱਖਣ ਵਾਲਾ ਆਪਣੇ ਆਪ ਤਿਆਰ ਨਹੀਂ ਹੈ। ਕੋਈ ਵੀ ਕੰਮ ਅਭਿਆਸ ਨਾਲ ਸਿੱਖਿਆ ਜਾਂਦਾ ਹੈ, ਸੋ ਚਿੰਤਾਂਵਾਨ ਨੂੰ ਸਭ ਤੋਂ ਪਹਿਲਾਂ ਚਿੰਤਾਂ ਦਾ ਅਭਿਆਸ ਕਰਨਾ ਬੰਦ ਕਰਨਾ ਪਵੇਗਾ ਅਤੇ ਚਿੰਤਾਂ ਨਾ ਕਰਨ ਦਾ ਅਭਿਆਸ ਸ਼ੁਰੂ ਕਰਨਾ ਪਵੇਗਾ। ਕੋਈ ਵੀ ਕੰਮ ਜਿਸਨੂੰ ਅਸੀਂ ਕਰਨਾ ਛੱਡ ਦੇਵਾਂਗੇ, ਉਸਨੂੰ ਹੋਲੀ ਹੋਲੀ ਅਸੀਂ ਕਰਨਾ ਭੁੱਲ ਜਾਵਾਂਗੇ। ਚਿੰਤਾਵਾਨ ਜਦੋਂ ਹਰ ਵੇਲੇ ਚਿੰਤਾਂ ਵਿੱਚ ਡੁੱਬਿਆ ਰਹਿੰਦਾ ਹੈ ਤਾਂ, ਇਹ ਨਿਸਚਿੰਤ ਹੋਣ ਦੀ ਪ੍ਕਿਰਿਆ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ। ਇਹ ਵੀ ਮੰਨਣਾ ਪਵੇਗਾ ਕਿ ਚਿੰਤਾਵਾਨ ਦਾ ਕਹਿਣਾ ਹੁੰਦਾ ਹੈ ਕਿ ਉਸ ਕੋਲੋਂ ਚਿੰਤਾਂ ਕਰਨੀ ਛੱਡ ਨਹੀਂ ਹੁੰਦੀ, ਉਹ ਯਤਨ ਕਰਦਾ ਹੈ ਪਰ ਮੁੜ ਘੁੜ ਕੇ ਉਸਦੇ ਮਨ ਵਿੱਚ ਨਕਾਰਾਤਮਕ ਖਿਆਲ ਹੀ ਆਉਂਦੇ ਹਨ, ਅਜਿਹੇ ਵਿੱਚ ਚਿੰਤਾਵਾਨ ਮਨੁੱਖ ਦੇ ਪਰਿਵਾਰਿਕ ਮੈਂਬਰ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ, ਉਹ ਹਮੇਸ਼ਾ ਉਸ ਮਨੁੱਖ ਕੋਲ ਚੜਦੀਕਲਾ, ਸਕਾਰਾਤਮਕ ਊਰਜਾ ਨਾਲ ਭਰਭੂਰ ਗੱਲਾਂ ਕਰ ਸਕਦੇ ਹਨ। ਚਿੰਤਾਵਾਨ ਮਨੁੱਖ ਨੂੰ ਵੀ ਆਪਣੇ ਅੰਦਰ ਚੰਗੀਆਂ ਗੱਲਾਂ ਲਿਆਉਣ ਦਾ ਅਭਿਆਸ ਕਰਨਾ ਚਾਹੀਦਾ ਹੈ।
 
          ਡਾਕਟਰ ਐੱਚ. ਐੱਲ ਹੌਲਿੰਗਵਰਥ ਲਿਖਦੇ ਹਨ ਕਿ ” ਚਿੰਤਾਵਾਨ ਮਨੁੱਖ ਨੂੰ ਉਸ ਦੀਆਂ ਤਕਲੀਫ਼ਾਂ ਦੇ ਕੇਵਲ ਕਾਰਨ ਦੱਸਣ ਦੀ ਲੋੜ ਹੁੰਦੀ ਹੈ। ਜੇ ਉਸ ਨੂੰ ਆਪਣੀਆਂ ਤਕਲੀਫ਼ਾਂ ਦੇ ਕਾਰਨਾਂ ਦਾ ਚਾਨਣ ਹੋ ਜਾਵੇ ਤਾਂ ਉਸਦੇ ਰਾਜ਼ੀ ਹੋਣ ਲਈ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਜਦੋਂ ਚਿੰਤਾਵਾਨ ਨੂੰ ਆਪਣੀਆਂ ਪਰੇਸ਼ਾਨੀਆਂ ਦੇ ਕਾਰਨਾਂ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਡਰ, ਭਊ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਚਿੰਤਾਵਾਨ ਵਿੱਚ ਡਰ ਖਤਮ ਹੋ ਗਿਆ ਤਾਂ ਉਹ ਆਪਣੇ ਆਪ ਠੀਕ ਹੋ ਜਾਵੇਗਾ। “ਇੱਕ ਹੋਰ ਪੱਛਮੀ ਲੇਖਕ ਆਪਣੀ ਕਿਤਾਬ The Game Of life and How play it (ਜੀਵਨ ਖੇਡਾਂ) ਵਿੱਚ ਲਿਖਦੇ ਹਨ ਕਿ “ਡਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਨਜ਼ਾਰੇ ਸਾਫ਼ ਸਾਫ਼ ਲੈ ਆਉਂਦਾ ਹੈ ਜਿੰਨਾਂ ਨੂੰ ਵੇਖਣੋਂ ਤੁਸੀਂ ਡਰਦੇ ਹੋ। ਸ਼ੇਰ ਆਪਣੀ ਨਿਡਰਤਾ ਅਤੇ ਖੁਨ ਖਾਰੀ ਤੁਹਾਡੇ ਡਰ ਤੋਂ ਪ੍ਰਾਪਤ ਕਰਦਾ ਹੈ, ਸ਼ੇਰ ਵੱਲ ਨਿਡਰ ਹੋਕੇ ਜਾਵੋ, ਉਹ ਭੱਜ ਜਾਵੇਗਾ, ਪਰ ਜੇ ਤੁਸੀਂ ਉਸ ਕੋਲੋਂ ਭੱਜੋਗੇ ਤਾਂ ਉਹ ਤੁਹਾਡੇ ਪਿੱਛੇ ਨੱਸੇਗਾ। ਇਹ ਕਥਨ ਉਹਨਾਂ ਲੋਕਾਂ ਤੇ ਬਿਲਕੁਲ ਢੁੱਕਵਾਂ ਹੈ ਜੋ ਹਰ ਚੀਜ਼ ਦੇ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਘਬਰਾਉਂਦੇ ਰਹਿੰਦੇ ਹਨ। ਡਰ ਦੇ ਅਧੀਨ ਹੋ ਆਪਣਾ ਆਪ ਉਸਨੂੰ ਸੌਂਪ ਦਿੰਦੇ ਹਨ ਅਤੇ ਫਿਰ ਮਾਨਸਿਕ ਪੀੜਾ ਸਹਿੰਦੇ ਰਹਿੰਦੇ ਹਨ।
          ਸਾਨੂੰ ਇੱਕ ਗੱਲ ਸਮਝਣੀ ਪਵੇਗੀ ਕਿ ਕਿਸੇ ਵੀ ਮੁਸ਼ਕਿਲ ਦਾ ਹੱਲ ਚਿੰਤਾਂ ਕਰਨੀ ਨਹੀਂ ਹੋ ਸਕਦਾ। ਉਦਹਾਰਣ ਦੇ ਤੌਰ ਤੇ ਜੇਕਰ ਇੱਕ ਵਿਦਿਆਰਥੀ ਆਪਣੇ ਇਮਤਿਹਾਨਾਂ ਦੇ ਨਤੀਜਿਆਂ ਦੇ ਆਉਣ ਤੋਂ ਡਰ ਰਿਹਾ ਹੈ ਤਾਂ ਉਹ ਫਜ਼ੂਲ ਹੈ, ਕਿਉਂਕਿ ਨਤੀਜੇ ਉਸ ਦੁਆਰਾ ਕੀਤੇ ਪੇਪਰ ਦੇ ਹੀ ਆਉਣੇ ਹਨ, ਚਿੰਤਾਂ ਕਰਨ ਨਾਲ ਉਸਦਾ ਇਮਤਿਹਾਨ ਵਿੱਚ ਕੀਤਾ ਗਲਤ ਸਵਾਲ ਸਹੀ ਵਿੱਚ ਤਬਦੀਲ ਨਹੀਂ ਹੋ ਸਕਦਾ। ਹਾਂ ਇਹ ਜਰੂਰ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸਨੂੰ ਸੁਚੱਜੇ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ, ਇਹ ਸੋਚਿਆ ਜਾ ਸਕਦਾ ਹੈ। ਸੋ ਚਿੰਤਾਵਾਂ ਦੇ ਚੱਲਦੇ ਇਸ ਪਰਵਾਹ ਨੂੰ ਰੋਕਣ ਦਾ ਇੱਕ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ ਚਿੰਤਾਂ ਦਾ ਅਭਿਆਸ ਕਰਨਾ ਬੰਦ ਕੀਤਾ ਜਾਵੇ, ਆਪਣੇ ਆਪ ਨੂੰ ਚਿੰਤਾਂ ਮੁਕਤ ਕਰਨ ਲਈ ਆਪਣਾ ਮਨੋਬਲ ਵਧਾਇਆ ਜਾਵੇ , ਹਮੇਸ਼ਾ ਚੜਦੀਕਲਾ ਵਿੱਚ ਰਿਹਾ ਜਾਵੇ, ਚਿੰਤਾਵਾਨ ਦੇ ਪਰਿਵਾਰਿਕ ਜੀਅ ਕਦੇ ਵੀ ਚਿੰਤਾਵਾਨ ਕੋਲ ਢਹਿੰਦੀਕਲਾ ਦੀ ਗੱਲ ਨਾ ਕਰਨ, ਹਮੇਸ਼ਾ ਪੋ੍ਤਸਾਹਿਤ ਕੀਤਾ ਜਾਵੇ ਕਿ ਉਹ ਬਿਲਕੁਲ ਠੀਕ ਹੈ । ਹਮੇਸ਼ਾ ਮਾਨਸਿਕ ਰੋਗੀ ਨੂੰ ਸਕਾਰਾਤਮਕ ਤਰੰਗਾਂ ਹੀ ਦਿੱਤੀਆਂ ਜਾਣ। ਜਿੰਨਾਂ ਹੋ ਸਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਦੇਖਣਾ ਬੰਦ ਕੀਤਾ ਜਾਵੇ ਤਾਂ ਜੋ ਉਸ ਵਿੱਚ ਸਕਾਰਾਤਮਕ ਊਰਜਾ ਭਰੀ ਜਾਵੇ। ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਬਸ ਜਰੂਰਤ ਹੁੰਦੀ ਹੈ ਸਾਡੇ ਤਕੜੇ ਮਨੋਬਲ ਦੀ, ਜਰੂਰਤ ਹੁੰਦੀ ਹੈ ਹਮੇਸ਼ਾ ਚੜਦੀਕਲਾ ਵਿੱਚ ਰਹਿਣ ਦੀ।

————————————————————————

 ਰਿਸ਼ਤੇ ਖੂਨ ਦੇ ਨਹੀਂ ਆਪਸੀ ਪਾਕਿ ਸੁੰਨੇਹ ਵਾਲੀ ਵਿਚਾਰਧਾਰਾ ਦੇ ਪਵਿਤਰ ਤੇ ਪ੍ਰਪੱਕ ਹੁੰਦੇ ਹਨ 

– ਇਕਬਾਲ ਕਲਿਆਣ
          ਮੁਹੱਬਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਪਰ ਇਸ ਨੂੰ ਜਬਾਨ ਜਾਂ ਦਿਮਾਗ ਨਾਲ਼ ਨਹੀਂ ਦਿਲ ਦੀਆਂ ਤਰੰਗਾਂ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ… ਮੇਰੇ ਮਿੱਤਰ ਰਵਿੰਦਰ ਨੂੰ ਖੇਤ ਚੋ ਬੋਟ (ਤੋਤੇ ਦਾ ਬੱਚਾ) ਡਿੱਗਿਆ ਪਿਆ ਮਿਲ ਗਿਆ। ਉਹ ਮਿੱਤਰ ਮੇਰੇ ਘਰ ਆਕੇ ਕਹਿਣ ਲੱਗਾ, “ਕਲਿਆਣ ਜੀ ਤੁਸੀਂ ਪਸ਼ੂ ਪੰਛੀ ਪ੍ਰੇਮੀ ਹੋ ਤੇ ਤੁਹਾਨੂੰ ਪੰਛੀਆਂ ਨੂੰ ਸਾਂਭਣ ਦਾ ਤਜਰਬਾ ਵੀ ਹੈ, ਬਹੁਤ ਛੋਟਾ ਹੋਣ ਕਾਰਨ ਮੇਰੇ ਕੋਲੋਂ ਤਾਂ ਪਾਲਿਆ ਨਹੀਂ ਜਾਣਾ ਮਰ ਜਾਵੇਗਾ। ਇਸ ਨੂੰ ਤੁਸੀਂ ਰੱਖ ਲਵੋ।” ਉਹ ਮਿੱਤਰ ਮੈਂਨੂੰ ਦੇ ਗਿਆ।
        ਮੈ ਤੇ ਗਗਨਪ੍ਰੀਤ (ਪਤਨੀ) ਨੇ ਬਹੁਤ ਮੁਸ਼ਕਿਲ ਨਾਲ਼ ਪਾਲਿਆ ਅਜੇ ਡੇਢ ਕੁ ਮਹੀਨੇ ਦਾ ਹੀ ਹੈ ਹੁਣ ਉਹ ਹਰ ਵਕਤ ਘਰ ਚ ਮੇਰੇ ਨਾਲ਼ ਹੀ ਰਹਿੰਦਾ ਹੈ ਅਤੇ ਰਾਤ ਨੂੰ ਵੀ ਮੇਰੇ ਨਾਲ਼ ਹੀ ਸੌਂਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਬੱਚਿਆਂ ਵਾਂਗ ਮੇਰੀ ਛਾਤੀ ਤੇ ਹੀ ਸੌਂਦਾ ਏ। ਇਸ ਮਾਸੂਮ ਜਿਹੇ ਬੋਟ ਦੀ ਪਾਕਿ ਮੁਹੱਬਤ ਨੂੰ ਵੇਖ ਮਹਿਸੂਸ ਹੋਇਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਖਿਆਲ ਅਨਸਾਰ ਸੱਚਮੁੱਚ ਰਿਸ਼ਤੇ ਖੂਨ ਦੇ ਨਹੀਂ ਆਪਸੀ ਪਾਕਿ ਸੁੰਨੇਹ ਵਾਲੀ ਵਿਚਾਰਧਾਰਾ ਦੇ ਪਵਿੱਤਰ ਤੇ ਪ੍ਰਪੱਕ ਹੁੰਦੇ ਹਨ। ਕੱਲ ਦੁਪਹਿਰ ਜਦੋ ਮੈਂ ਤੇ ਤੋਤੇ ਦਾ ਬੱਚਾ ਸੁੱਤੇ ਪਏ ਸੀ ਤਾਂ ਬੇਟੇ ਨਵਗੀਤ ਨੇ ਅਚਾਨਕ ਫੋਟੋ ਖਿੱਚ ਕੇ ਮੇਰੇ ਵਟਸਐਪ ਤੇ ਪਾ ਦਿੱਤੀ।

========================================

ਪ੍ਰੋਹਣਾਚਾਰੀ ਦੇ ਬਦਲਦੇ ਢੰਗ 

ਹਰਕੀਰਤ ਕੌਰ, Mob.97791-18066
          ਮੈਨੂੰ ਅੱਜ ਵੀ ਯਾਦ ਹੈ,ਸਾਡੇ ਘਰ ਜਦੋਂ ਕੋਈ ਪ੍ਰੋਹਣਾ ਆਉਂਦਾ ਤਾਂ ਸਾਰੇ ਟੱਬਰ ਨੂੰ ਬੜਾ ਚਾਅ ਹੁੰਦਾ। ਬੀਬੀ ਜੀ ਨੇ ਮਾਤਾ ਜੀ ਨੂੰ ਹਦਾਇਤ ਕਰ ਦੇਣੀ ਕਿ ਅੱਜ ਰਾਤ ਦੇ ਖਾਣੇ ਵਿੱਚ ਫਲਾਣੀ ਚੀਜ਼ ਬਣੇ। ਉਹਨਾਂ ਦਿਨਾਂ ਵਿੱਚ ਮਿੱਠੇ ਚੌਲ (ਜਰਦਾ)  ਪ੍ਰੋਹਣਿਆ ਦੀ ਮਹਿਮਾਨ ਨਵਾਜ਼ੀ ਦਾ ਖਾਸ ਕਾਜ ਸੀ। ਦੂਰੋਂ ਤੁਰੀ ਆਉਂਦੀ ਕਿਸੇ ਭੂਆ, ਮਾਸੀ, ਨਾਨੀ ਨੂੰ ਵੇਖ ਲੈਣਾ ਤਾਂ ਘਰ ਦੇ ਸਾਰੇ ਜਵਾਕ ਉਹਨਾਂ ਦਾ ਝੋਲਾ ਚੁੱਕਣ ਅੱਗੇ ਹੋ ਨੱਠਦੇ, ਤਾਏ ਚਾਚੇ ਦੇ ਜਵਾਕ ਸੱਸਰੀਕਾਲ ਬੁਲਾਉਂਦੇ  ਹੀ ਪ੍ਰੋਹਣੇ ਨੂੰ ਪੱਕੀ ਕਰ ਲੈਂਦੇ ਕਿ ਅੱਜ ਤੁਸੀਂ ਸਾਡੇ ਘਰ ਸੌਣਾ। ਸਾਰੇ ਟੱਬਰ ਨੂੰ ਪ੍ਰੋਹਣਿਆਂ ਨੂੰ ਵੇਖ ਬੜਾ ਹੀ ਚਾਅ ਚੜ੍ ਜਾਂਦਾ। ਮਾਂ ਨੇ ਵੰਨ-ਸੁਵੰਨੇ ਪਕਵਾਨ ਬਣਾ ਅੱਗੇ ਧਰ ਦੇਣੇ, ਹੱਸੋਂ  ਹੱਸੋਂ ਕਰਦੇ ਚਿਹਰੇ ਨਾਲ ਉਸਨੇ ਇਕੱਲੀ ਨੇ  ਚੁਲ੍ਹਾ ਚੌਕਾਂ ਸਾਂਭ ਲੈਣਾ, ਪਰ ਕਦੇ ਅੱਕੀ ਜਾਂ ਥੱਕੀ ਨਹੀਂ ਸੀ। ਰਾਤ ਸੌਣ ਲਈ ਮਾਂ ਦੇ  ਦਾਜ ਵਾਲੇ ਸੰਭਾਲੇ ਨਵੇਂ ਜੁਲੇ੍ ਬਿਸਤਰੇ ਕੱਢ ਵਿਛਾਈ ਕੀਤੀ ਜਾਣੀ, ਬਿਸਤਰਿਆਂ ਦੀ ਵਛਾਈ ਕਰਦਿਆਂ ਹੀ ਮਾਂ ਨੂੰ ਚੇਤਾ ਆ ਜਾਣਾ ਕਿ ਫਲਾਣੀ ਚਾਦਰ ਉਸਨੇ ਕਦੋਂ ਕੱਢੀ ਸੀ। ਮੰਜਿਆਂ ਦੇ ਪੈਂਦਿਆਂ ਸਾਰ ਹੀ ਪ੍ਰੋਹਣਿਆਂ ਨੂੰ ਪਹਿਲਾਂ ਹਫਤਾ ਖੰਡ ਰੁਕਣ ਦੀ ਪੱਕੀ ਕਰ ਦੇਣੀ “ਬਈ ਹੁਣ ਤੈਨੂੰ ਅਸਾਂ ਹਫ਼ਤਾ ਦਸ ਦਿਨ ਨਹੀਂ ਜਾਣ ਦੇਣਾ, ਵਾਹਵਾ ਰੌਣਕ ਲੱਗੀ ਏ, ਘਰਾਂ ਵਿੱਚੋਂ ਕਿੱਥੇ ਨਿਕਲਿਆ ਜਾਂਦਾਂ ਛੇਤੀ। ਏਦਾਂ ਕਰਦਿਆਂ ਕਰਦਿਆਂ ਜਦੋਂ ਤਿੰਨ ਚਾਰ ਦਿਨ ਲੰਘ ਜਾਣੇ ਤਾਂ ਤਿੰਨੀ ਚੋਹੀਂ ਦਿਨੀ ਆਏ ਮਹਿਮਾਨ ਨੇ ਜਾਣ ਦੀ ਜਿੱਦ ਕਰਨੀ ਤਾਂ ਘਰਦੇ ਜਵਾਕਾਂ ਨੇ ਪਹਿਲਾਂ ਉਹਦਾ ਝੌਲਾ ਲੁਕਾ ਲੈਣਾ, ਅਗਲੇ ਦਿਨ ਫਿਰ ਜਦੋਂ ਉਸਨੇ ਕਾਹਲ ਕਰਨੀ ਤਾਂ ਥੋੜਾ ਰੁਕ, ਥੋੜਾ ਰੁਕ ਕਹਿ ਕੇ ਸ਼ਾਮਾਂ ਪਵਾ ਦੇਣੀਆਂ ਤੇ ਉਨੇ ਚਿਰ ਨੂੰ ਬੱਸ ਨਿਕਲ ਜਾਣੀ, ਕਹਿਣ ਤੋਂ ਭਾਵ ਕਿ ਬੀਤ ਗਏ ਵੇਲਿਆਂ ਵਿੱਚ ਆਪਸੀ ਭਾਈਚਾਰੇ ਤੇ ਪਿਆਰ ਦੀਆਂ ਤੰਦਾਂ ਬੜੀਆਂ ਗੂੜੀਆਂ ਸਨ।
            ਕੱਚਿਆਂ ਘਰਾਂ ਤੋਂ ਪੱਕੇ, ਜੇ ਕਿਸੇ ਨੇ ਘਰ ‘ਚ ਆਏ ਗਏ ਲਈ ਇੱਕ ਵੱਖਰੀ ਬੈਠਕ ਬਣਾਈ ਹੁੰਦੀ ਤਾਂ ਬੜੀ ਵੱਡੀ ਗੱਲ ਮੰਨੀ ਜਾਣ ਲੱਗੀ, ਏਥੋਂ ਤੱਕ ਜਦ ਕਿਸੇ ਦੀ ਧੀ ਦਾ ਰਿਸ਼ਤਾ ਹੋਣਾ ਤਾਂ ਵਿਚੋਲਾ ਖਾਸ ਕਰ ਬੈਠਕ ਦਾ ਵੇਰਵਾ ਜਰੂਰ ਪਾਉਂਦਾ ਕਿ ਅਗਲੇ ਸਹਿੰਦੇ ਪਰਿਵਾਰ ਚੋਂ ਆ, ਘਰ ਚ ਬੈਠਕ ਵੱਖਰੀ ਬਣਾਈ ਅਗਲਿਆਂ ਨੇ। ਇਹੋਂ ਜਿਹੇ ਸਮਿਆਂ ਵਿਚੋਂ ਹੁੰਦੇ ਹੋਏ ਅਸੀਂ ਪੱਕੇ ਘਰਾਂ, ਗੁਸਲਖਾਨਿਆਂ, ਚੌਕਿਆਂ ਤੋਂ ਰਸੋਈਆਂ ਦਾ ਸਫ਼ਰ ਤੈਅ ਕੀਤਾ ਤੇ ਅੱਜ ਵੰਨ ਸੁਵੰਨੇ  ਲਿਸ਼ਕਾਂ ਮਾਰਦੇ  ਪੱਥਰਾਂ ਦੀਆਂ ਬਣੀਆਂ ਇਮਾਰਤਾਂ ਵਿੱਚ ਸਾਡਾ ਜੀਵਨ ਕੈਦ ਹੋ ਗਿਆ। ਸਮਾਂ ਬੜੀ ਤੇਜ਼ੀ ਨਾਲ ਬੀਤਿਆ ਅਤੇ ਸਾਡੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਨਾਲ ਸਾਡੀ ਸਮੁੱਚੀ ਜੀਵਨ ਜਾਂਚ ਵੀ ਬਦਲ ਗਈ। ਅੱਜ ਅਸੀਂ ਉਸ ਦੌਰ ਵਿੱਚ ਪਹੁੰਚ ਗਏ ਹਾਂ, ਜਿੱਥੇ ਸਾਡੀ ਨਿੱਜਤਾ ਸਾਡੇ ਉੱਪਰ ਬਹੁਤ ਭਾਰੂ ਹੋ ਰਹੀ ਹੈ। ਘਰ ਦੇ ਪਰਿਵਾਰ ਨਾਲ ਰਲ ਮਿਲ ਕੇ ਬੈਠਣ ਦੀ ਥਾਂ ਜਿੰਨੇ ਟੱਬਰ ਦੇ ਜੀਅ ਉਹ ਆਪੋ ਆਪਣੇ ਕਮਰਿਆਂ ਵਿੱਚ ਰਹਿਣ ਲੱਗੇ ਹਨ। ਜੇਕਰ ਗੱਲ ਅੱਜ ਦੀ ਪ੍ਰੋਹਣਾਚਾਰੀ ਦੀ ਕਰੀਏ ਤਾਂ ਪਹਿਲਾਂ ਨਾਲੋ ਬਹੁਤ ਅੰਤਰ ਵੇਖਣ ਨੂੰ ਮਿਲਦਾ ਹੈ। ਕਿਸੇ ਮਹਿਮਾਨ ਦੇ ਆਉਣ ਦਾ ਕੋਈ ਖਾਸ ਚਾਅ ਉਚੇਚ ਨਹੀਂ ਕੀਤੀ ਜਾਂਦੀ, ਨਾ ਹੀ ਕਿਸੇ ਨੂੰ ਕਿਸੇ ਦੀ ਉਡੀਕ ਰਹਿੰਦੀ ਹੈ। ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਏਨੇ ਵਿਅਸਤ ਹੋ ਚੁੱਕੇ ਹਨ ਕਿ ਇਹ ਸਾਰੀਆਂ ਕਦਰਾਂ ਕੀਮਤਾਂ ਬਹੁਤ ਪਿੱਛੇ ਛੁੱਟ ਗਈਆਂ ਲੱਗਦੀਆਂ ਨੇ। ਜੇ ਕੋਈ ਬਿਨਾ ਦੱਸੇ ਪ੍ਰੋਹਣਾ ਆ ਜਾਂਦਾ ਹੈ, ਉਤੋਂ ਹੋਵੇ ਉਹ ਪ੍ਰੋਹਣਾ ਥੋੜਾ ਮਾਤੜ  ਤਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਥਾਂ ਅਜਿਹੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਕਿ ਜਿਵੇਂ ਉਸਨੇ ਆਕੇ ਕੁਝ ਗਲਤੀ ਕੀਤੀ ਹੋਵੇ।
        ਇਸ ਤੋਂ ਇਲਾਵਾ ਅਸੀਂ ਰਿਸ਼ਤੇਦਾਰੀਆਂ ਦੀ ਵੀ ਵੰਡ ਕੀਤੀ ਹੋਈ ਹੈ, ਆਉਣ ਵਾਲੇ ਪ੍ਰੋਹਣੇ  ਦੀ ਆਰਥਿਕ ਹਾਲਤ ਦੇ ਹਿਸਾਬ ਨਾਲ ਹੀ ਉਸਦੀ ਪ੍ਰੋਹਣਾਚਾਰੀ ਹੁੰਦੀ ਹੈ। ਕਿਸੇ ਪੈਸੇ ਵੱਲੋਂ ਸਹਿੰਦੇ ਪ੍ਰੋਹਣੇ  ਦੀ ਆਉ ਭਗਤ ਤੇ ਕਿਸੇ ਮਾਤੜ ਪ੍ਰੋਹਣੇ ਦੀ ਆਉ ਭਗਤ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੁੰਦਾ। ਵਿਆਹ ਸ਼ਾਦੀਆਂ ਉੱਤੇ ਪਹਿਲਾਂ ਵਾਂਗ ਰਿਸ਼ਤੇਦਾਰ ਇਕੱਠੇ ਹੋ ਨਹੀਂ ਆਉਦੇ ਬਸ ਘੜੀ ਦੀ ਘੜੀ ਪੈਲਸਾਂ ਵਿੱਚ ਆਉਂਦੇ ਹਨ ਤੇ ਉੱਥੋਂ ਹੀ ਵਾਪਸ ਹੋ ਜਾਂਦੇ ਹਨ। ਪਹਿਲਿਆਂ ਸਮਿਆਂ ਵਿੱਚ ਦਸ ਦਸ ਦਿਨ ਪਹਿਲਾਂ ਭੂਆ, ਮਾਸੀਆਂ ਦਾ ਇਕੱਠ ਵਿਹੜਿਆਂ ਵਿੱਚ ਰੌਣਕਾਂ ਲਗਾ ਛੱਡਦਾ ਸੀ। ਅੱਜ ਲੋਕ ਵਿਆਹਾਂ ਦੇ ਮੌਕੇ ਤੇ ਚਾਅ ਤੇ ਰੀਝਾਂ ਤਾਂ ਸ਼ਾਇਦ ਪੂਰੀਆਂ ਕਰਦੇ ਹਨ, ਪਰ ਸ਼ਾਇਦ ਉਹਨਾਂ ਦੇ ਤਰੀਕੇ ਬਦਲ ਚੁੱਕੇ ਹਨ। ਉਦਹਾਰਣ ਦੇ ਤੌਰ ਤੇ ਗਾਉਣ ਬਿਠਾਉਣ ਦੀ ਜਗ੍ਹਾ ਪੈਲਸਾਂ ਵਿੱਚ ਰੱਖੇ ਜਾਂਦੇ ਲੇਡੀ ਸੰਗੀਤ, ਘੋੜੀਆਂ, ਸੁਹਾਗ ਗਾਉਣ ਦੀ ਜਗ੍ਹਾ ਡੀ. ਜੇ ਸਪੀਕਰਾਂ ਦੀ ਕੰਨ ਪਾੜਵੀਂ  ਅਵਾਜ਼ ਆਦਿ ਨੇ ਲੈ ਲਈ ਹੈ। ਰਿਸ਼ਤੇਦਾਰ ਘੜੀ ਦੀ ਘੜੀ ਆਉਂਦੇ ਹਨ ਤੇ ਆਪਣੀ ਖਾਨਾਪੂਰਤੀ ਕਰ  ਘਰ ਵਾਪਸ ਹੋ ਜਾਂਦੇ ਹਨ।
          ਇਹ ਕੁਝ ਉਦਹਾਰਨਾ ਤੋਂ ਸਮਝ ਲੱਗਦਾ ਸਾਡੇ ਜੀਵਨ ਵਿੱਚ ਕਾਫ਼ੀ ਤਬਦੀਲੀਆਂ ਆ ਚੁੱਕੀਆਂ ਹਨ। ਸਮੇਂ ਦੀ ਆਪਣੀ ਚਾਲ ਤੇ ਤਾਲ ਹੈ, ਸਮੇਂ ਦੀ ਚਾਲ ਨਾਲ ਘੜੀ ਦੀ ਸੂਈ ਦੀ ਟਿਕ ਟਿਕ ਦੀ ਤਾਲ ਹਮੇਸ਼ਾ ਇੱਕਸੁਰਤਾ ਨਾਲ ਚੱਲਦੀ ਰਹਿੰਦੀ ਹੈ। ਇਸਨੇ ਬਹੁਤ ਤਬਦੀਲੀਆਂ ਕੀਤੀਆਂ ਵੀ ਤੇ ਹੋਰ ਕਰਨੀਆਂ ਵੀ ਹਨ। ਪਰ ਇਹ ਤਬਦੀਲੀਆਂ ਪਦਾਰਥਾਂ ਤੱਕ ਸੀਮਤ ਰਹਿਣੀਆਂ ਚਾਹੀਦੀਆਂ ਹਨ, ਇਹਨਾਂ ਤਬਦੀਲੀਆਂ ਦਾ ਅਸਰ ਤੇ ਨਸ਼ਾ ਸ਼ਾਇਦ ਸਾਡੇ ਦਿਮਾਗ ਤੇ ਨਹੀਂ ਚੜਨਾ ਚਾਹੀਦਾ। ਮਨੁੱਖ ਅਹਿਸਾਸਾਂ, ਜ਼ਜ਼ਬਾਤਾਂ ਦੇ ਸਹਾਰੇ ਜਿਊਂਦਾ ਹੈ। ਇਹ ਜ਼ਜਬਾਤ ਸਾਡੇ ਆਪਣਿਆਂ ਨਾਲ ਜੁੜੇ ਹੁੰਦੇ ਹਨ। ਇਹਨਾਂ ਵਿੱਚ ਫਿੱਕ ਕਦੇ ਨਹੀਂ ਪੈਣੀ ਚਾਹੀਦੀ। ਪੰਜਾਬੀ ਆਪਣੀ ਚੰਗੀ ਮਹਿਮਾਨ ਨਿਵਾਜੀ ਦਾ ਕਰਕੇ ਦੁਨੀਆਂ ਭਰ ਵਿੱਚ ਮਸ਼ਹੂਰ ਹਨ, ਪਰ ਸੱਭਿਆਚਾਰ ਦਾ ਇਹ ਰੰਗ ਸਹਿਜੇ ਸਹਿਜੇ ਫਿੱਕਾ ਹੁੰਦਾ ਜਾ ਰਿਹਾ ਹੈ, ਅਸੀਂ ਜਿੰਦਗੀ ਦੇ ਰੁਝੇਵਿਆਂ ਨੂੰ ਏਨਾਂ ਵਧਾ ਲਿਆ ਹੈ, ਪੈਸੇ ਇਕੱਠੇ ਕਰਨ ਦੀ ਦੌੜ ਨੂੰ ਏਨਾਂ ਤੇਜ਼ ਕਰ ਲਿਆ ਹੈ ਕਿ ਕੋਈ ਵੀ ਹੋਰ ਗਤੀਵਿਧੀ ਸਾਨੂੰ ਸਮੇਂ ਦੀ ਬਰਬਾਦੀ ਲੱਗਣ ਲੱਗ ਗਈ ਹੈ, ਏਥੋਂ ਤੱਕ ਕਿ ਕਿਸੇ ਰਿਸ਼ਤੇਦਾਰ, ਸਾਕ ਸੰਬੰਧੀ ਦਾ ਆਉਣਾ ਜਾਣਾ ਵੀ। ਪਰ ਸਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਪ੍ਰੋਹਣਾਚਾਰੀ ਜਿੱਥੇ ਸਾਡੇ ਸੱਭਿਆਚਾਰ ਦਾ ਹਿੱਸਾ ਹੈ, ਉੱਥੇ ਬਹੁਤ ਸਾਰੀਆਂ ਭਾਵਨਾਵਾਂ, ਜਜਬਾਤਾਂ ਦਾ ਸੁਮੇਲ ਹੈ। ਕਿਸੇ ਰਿਸ਼ਤੇਦਾਰ ਦਾ ਆਉਣਾ ਬਹਿ ਕੇ ਉਸ ਨਾਲ ਘੜੀ ਦੁੱਖ ਸੁੱਖ ਕਰਨਾ, ਖੁਸ਼ੀਆਂ ਸਾਂਝੀਆਂ ਕਰਨੀਆਂ ਤੇ ਦੁੱਖ ਦਾ ਭਾਰ ਹੌਲਾ ਕਰਨਾ ਜਿੰਦਗੀ ਦੀ ਤੇਜ਼ ਚੱਲਦੀ ਗੱਡੀ ਨੂੰ ਰਹਾਉ (ਠਹਿਰਾਵ) ਦਿੰਦਾ ਹੈ। ਜਿਹੜੇ ਇਹ ਕਹਿੰਦੇ ਹਨ ਕਿ ਕਿਸੇ ਰਿਸ਼ਤੇਦਾਰ ਦਾ ਜਾਣ ਜਾਂ ਕਿਸੇ ਸਾਕ ਸੰਬੰਧੀ ਨੂੰ ਸਾਂਭਣ ਦਾ ਸਾਡੇ ਕੋਲ ਸਮਾਂ ਨਹੀਂ, ਉਹ ਗਲਤ ਹਨ, ਜਿੰਨਾ ਜਰੂਰੀ ਕੰਮਾਂ ਲਈ ਅਸੀਂ ਸਮਾਂ ਕੱਢਣਾ ਹੁੰਦਾ ਕੱਢ ਹੀ ਲੈਂਦੇ ਹਾਂ, ਗੱਲ ਸਿਰਫ਼ ਪਹਿਲ ਦੀ ਹੁੰਦੀ ਹੈ।
        ਸੋ ਮੈਨੂੰ ਲੱਗਦਾ ਕਿ ਸਾਨੂੰ ਅੱਗੇ ਵੱਧਣ ਦੇ ਨਾਲ ਨਾਲ ਆਪਣੇ  ਰੀਤੀ ਰਿਵਾਜ਼ਾਂ, ਸੰਸਕਾਰਾਂ ਦਾ ਅਦਬ ਕਰਨਾ ਨਹੀਂ ਭੁੱਲਣਾ ਚਾਹੀਦਾ। ਰਿਸ਼ਤਿਆਂ  ਦੀ ਅਹਿਮੀਅਤ ਨੂੰ ਸਮਝਦੇ ਹੋਏ ਬਣਦਾ ਸਤਿਕਾਰ ਜਰੂਰ ਦੇਣਾ ਚਾਹੀਦਾ ਹੈ, ਇਹਨਾਂ ਨਾਲ ਹੀ ਸਾਡੀ ਸਾਂਝ ਦੀਆਂ ਤੰਦਾਂ ਹਰੀਆਂ ਭਰੀਆਂ ਰਹਿੰਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਇਸੇ ਮਿਲਵਰਤਨ ਕਰਕੇ ਸਾਨੂੰ ਸਮਾਜ ਦੇ ਪ੍ਰਾਣੀ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਖੁਸ਼ੀਆਂ ਵੰਡਿਆ ਵੱਧਦੀਆਂ ਅਤੇ ਦੁੱਖ ਸਾਂਝੇ ਕੀਤਿਆਂ ਘੱਟਦੇ ਹਨ, ਰਿਸ਼ਤਿਆਂ ਦੀ ਬੁਨਿਆਦ ਨੂੰ ਮਜ਼ਬੂਤ ਕਰੀਏ, ਆਪਣੇ ਜੀਵਨ ਵਿੱਚ ਏਨੇ ਵੀ ਨਾ ਉੱਲਝ ਜਾਈਏ ਕਿ ਮਾਮੇ, ਮਾਸੀਆਂ, ਭੂਆਂ ਵਰਗੇ  ਅਹਿਮ ਰਿਸ਼ਤਿਆਂ ਦੀਆਂ ਅਹਿਮੀਅਤ ਨੂੰ ਭੁੱਲ ਜਾਈਏ!  ਜਿਸ ਮਹਿਮਾਨ ਨਿਵਾਜੀ ਦੇ ਕਰਕੇ ਪੰਜਾਬੀ ਜਾਣੇ ਜਾਂਦੇ ਹਨ ਉਸਨੂੰ ਬਰਕਰਾਰ ਰੱਖੀਏ, ਏਸੇ ਵਿੱਚ ਬਰਕਤਾਂ ਹਨ ਪਿਆਰ ਦੀਆਂ ਤੇ ਰਿਜ਼ਕ ਦੀਆਂ।

========================================

ਜੋ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਆਪਣੇ ਕੰਮ ਵੱਲ ਤੁਰ ਪੈਂਦੇ ਹਨ ਉੁਨ੍ਹਾਂ ਨੂੰ ਗੁੱਟ ਉੱਤੇ ਕਦੇ ਘੜੀ ਦਾ ਭਾਰ ਨਹੀਂ ਚੁੱਕਣਾ ਪੈਂਦਾ

– ਗਗਨਦੀਪ ਕੌਰ ਧਾਲੀਵਾਲ 

ਦੋਸਤੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹੀ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨ ਜੋ ਸਮੇਂ ਦੇ ਪਾਬੰਦ ਹੁੰਦੇ ਹਨ। ਸਮਾਂ ਬਹੁਤ ਜ਼ਰੂਰੀ ਹੈ। ਜੇਕਰ ਇੱਕ ਵਾਰ ਸਮਾਂ ਲੰਘ ਜਾਵੇ ਤਾਂ ਮੁੜ ਵਾਪਿਸ ਨਹੀਂ ਆਉਂਦਾ। ਜਿੰਮੇਵਾਰੀ ਮਨੁੱਖ ਨੂੰ ਸਮਝਦਾਰ ਬਣਾ ਦਿੰਦੀ ਹੈ। ਜੋ ਵਿਅਕਤੀ ਸਾਜਰੇ ਸੂਰਜ ਚੜ੍ਹਨ ਤੋਂ ਪਹਿਲਾ ਹੀ ਆਪਣੇ ਕੰਮਾਂ ਵੱਲ ਤੁਰ ਪੈਂਦੇ ਹਨ ਸ਼ਾਮ ਨੂੰ ਤ੍ਰਿਕਾਲਾਂ ਪੈਣ ਤੇ ਵਾਪਿਸ ਪਰਤਦੇ ਹਨ ਉਹ ਜ਼ਿੰਦਗੀ ਵਿੱਚ ਕਦੇ ਵੀ ਅਸਫ਼ਲ ਨਹੀਂ ਹੁੰਦੇ। ਹਮੇਸ਼ਾ ਮੰਜ਼ਿਲ ਨੂੰ ਹਾਸਿਲ ਕਰਕੇ ਵਾਪਿਸ ਮੁੜਦੇ ਹਨ। ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਕੁੱਟ -ਕੁੱਟ ਕੇ ਭਰਿਆ ਹੁੰਦਾ ਹੈ ਉਹ ਕਦੇ ਵੀ ਕੰਮ ਕਰਨ ਲਈ ਸਮਾਂ ਨਹੀਂ ਦੇਖਦੇ ਸਗੋਂ ਕੰਮ ਮੁਕਾ ਕੇ ਸਮਾਂ ਦੇਖਦੇ ਹਨ।

ਮਨੁੱਖ ਦੇ ਚੰਗੇ ਮਾੜੇ ਹਾਲਾਤ ਹੀ ਉਸਨੂੰ ਮਜ਼ਬੂਤ ਬਣਾਉਂਦੇ ਹਨ ਆਪਣਿਆਂ ਦੀ ਪਹਿਚਾਣ ਕਰਵਾਉਂਦੇ ਹਨ। ਜੋ ਲੋਕ ਮਿਹਨਤ ਵਿੱਚ ਜੁਟ ਜਾਂਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਇੱਧਰ-ਉੱਧਰ ਕੀ ਚਲ ਰਿਹਾ ਹੈ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਆਪਣੀ ਮੰਜਿਲ ਪ੍ਰਾਪਤੀ ਦੇ ਉਦੇਸ਼ ਵੱਲ ਹੁੰਦਾ ਹੈ। ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਜੇਕਰ ਸੁਪਨੇ ਪੂਰੇ ਕਰਨੇ ਹੋਣ ਤਾਂ ਸੁਪਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਣੇ ਚਾਹੀਦੇ ਹਨ ਨਾ ਕਿ ਬੰਦ ਅੱਖਾਂ ਨਾਲ। ਜੋ ਲੋਕ ਸਵੇਰੇ ਅੱਠ-ਨੌ ਵਜੇ ਤੱਕ ਬਿਸਤਰਾ ਮੱਲ ਕੇ ਪਏ ਰਹਿੰਦੇ ਹਨ ਉਹ ਲੋਕ ਆਲਸੀ ਹੋ ਜੋ ਜਾਦੇ ਹਨ। ਜਿੰਮੇਵਾਰੀ ਤੋਂ ਭੱਜਦੇ ਹਨ।

        ਪਹਿਲਾ ਸਮਾਂ ਹੋਰ ਸੀ। ਦਾਦੀ ਮਾਂ ਦੱਸਿਆ ਕਰਦੀ ਸੀ ਕਿ ਪਾਠੀ ਸਿੰਘ ਦੇ ਬੋਲਣ ਤੇ ਪਹਿਲਾਂ ਸਵੇਰੇ ਸਾਜਰੇ ਉੱਠਣਾ, ਦੁੱਧ ਰਿੜਕਣਾ, ਡੰਗਰਾਂ ਨੂੰ ਪੱਠੇ ਪਾਉਣੇ, ਧਾਰਾ ਕੱਢਣੀਆਂ, ਗੋਹਾ ਕੂੜਾ ਸੁੱਟਣਾ ਆਦਿ ਕੰਮ ਸੂਰਜ ਚੜ੍ਹਨ ਤੋਂ ਪਹਿਲਾ ਹੋਇਆਂ ਕਰਦੇ ਸਨ। ਕਿਸਾਨ ਖੇਤਾਂ ਵੱਲ ਚਲੇ ਜਾਂਦੇ ਸਨ। ਘਰ ਦੀਆਂ ਸੁਆਣੀਆਂ ਘਰ-ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਸਨ।ਸਮੇਂ ਦਾ ਅੰਦਾਜ਼ਾ ਵੀ ਪਰਛਾਵਾਂ ਦੇਖ ਕੇ ਹੀ ਲਾਇਆ ਜਾਂਦਾ ਸੀ। ਮੇਰੀ ਦਾਦੀ ਵੀ ਸਵੇਰੇ ਚਾਰ ਕੁ ਵਜੇ ਉੱਠ ਕੇ ਚਾਹ ਪੀ ਕੇ ਦੁੱਧ ਰਿੜਕਨ ਲਈ ਚਾਟੀ ਵਿੱਚ ਮਧਾਣੀ ਪਾ ਦਿੰਦੇ ਸਨ ਉਹ ਸਮੇਂ ਦਾ ਅੰਦਾਜ਼ਾ ਪਰਛਾਵਾਂ ਦੇਖ ਕੇ ਲਗਾਉਂਦੇ ਸਨ। ਪਹਿਲਾ ਲੋਕ ਆਪਣੇ ਕੰਮਾਂ ਵਿੱਚ ਏਨੇ ਵਿਆਸਤ ਰਹਿੰਦੇ ਸਨ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਸੀ। ਪਰ ਅੱਜ ਸਮਾਂ ਬਦਲ ਗਿਆ ਹੈ ਕਿ ਅੱਜ ਦਾ ਵਿਅਕਤੀ ਘੜੀ ਪਹਿਲਾ ਦੇਖਦਾ ਹੈ ਕੰਮ ਬਾਅਦ ਵਿੱਚ ਸ਼ੁਰੂ ਕਰਦਾ ਹੈ। ਪੁਰਾਣੇ ਸਮੇਂ ਵਿੱਚ ਕੰਮ ਹੀ ਪੂਜਾ ਹੁੰਦਾ ਸੀ। ਤਾਹੀਓ ਸਾਰੇ ਪਰਿਵਾਰ ਖੁਸ਼ਹਾਲ ਰਹਿੰਦੇ ਸਨ। ਅੱਜ ਪਰਿਵਾਰਾਂ ਨੂੰ ਪਾਲਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਅੱਜ ਕੱਲ ਲੋਕ ਐਸੋ ਅਰਾਮ ਜ਼ਿਆਦਾ ਭਾਲਦੇ ਹਨ ਕੰਮ ਘੱਟ ਕਰਦੇ ਹਨ। ਜੋ ਮਿਹਨਤ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਜਲਦੀ ਹੀ ਉਦਾਸ ਹੋ ਜਾਂਦੇ ਹਨ। ਜੋ ਲੋਕ ਮੰਜਿਲ ਨੂੰ ਪ੍ਰਾਪਤ ਕਰਨ ਦਾ ਬੀੜਾ ਸਿਰ ਉੱਪਰ ਚੁੱਕ ਕੇ ਚੱਲਦੇ ਹਨ ਉਹ ਕਦੇ ਵੀ ਘੜੀ ਦੀਆਂ ਸੂਈ ਵੱਲ ਨਜ਼ਰ ਨਹੀਂ ਮਾਰਦੇ। ਨਾ ਹੀ ਧੁੱਪ ਦੇਖਦੇ ਹਨ ਨਾ ਹੀ ਛਾਂ ਨਾ ਹੀ ਠੰਡ ਨਾ ਹੀ ਉਹਨਾਂ ਉੱਪਰ ਗਰਮੀ ਤੇ ਮੀਂਹ ਹਨ੍ਹੇਰੀ ਦਾ ਕੋਈ ਅਸਰ ਹੁੰਦਾ ਹੈ। ਦੋਸਤੋਂ ਆਪਣੀ ਮੰਜਿਲ ਲਈ ਉਦੇਸ਼ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰੋ ਜ਼ਿੰਦਗੀ ਦਾ ਮਿਲਿਆ ਹਰ ਪਲ ਤੁਹਾਡੇ ਲਈ ਕੀਮਤੀ ਹੈ।

========================================

ਖੁਸ਼ ਰਹਿਣ ਦਾ ਰਾਜ

ਹਰਕੀਰਤ ਕੌਰ, Mob.97791-18066

ਜਿੰਦਗੀ ਬਹੁਤ ਖੂਬਸੂਰਤ ਹੈ ਪਰ ਸ਼ਰਤ ਇਹ ਕਿ ਸਾਨੂੰ ਜਿਊਣਾ ਆਉਂਦਾ ਹੋਵੇ। ਸਾਡੇ ਕੋਲ ਉਹ ਨਜ਼ਰੀਆ ਹੋਵੇ, ਉਹ ਅੱਖ ਹੋਵੇ ਜਿਸ ਨਾਲ ਜਿੰਦਗੀ ਵਿੱਚ ਸਭ ਚੰਗਾ ਹੀ ਵੇਖੀਏ। ਹਰ ਕੋਈ ਚਾਹੁੰਦਾ ਹੈ ਕਿ ਖੁਸ਼ਨੁਮਾ ਜਿੰਦਗੀ ਜੀਏ। ਚਿਹਰਾ ਖਿੜਿਆ ਰਹੇ, ਰੰਗ ਬਹਾਰ ਲੱਗੇ ਰਹਿਣ। ਵਿਹੜੇ ਵਿੱਚ ਹਾਸਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ। ਚਿਹਰਿਆਂ ਦੀਆਂ ਰੌਣਕਾਂ ਹਮੇਸ਼ਾ ਬਰਕਰਾਰ ਰਹਿਣ, ਚੈਨ, ਸ਼ਾਂਤੀ ਸਕੂਨ ਹੋਵੇ। ਪਰ ਇਹ ਸਭ ਸੋਚਣ ਤੱਕ ਸੀਮਤ ਹੈ, ਅਸਲ ਵਿੱਚ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਅਸੀਂ ਆਪਣੇ ਚਿਹਰਿਆਂ ਦੇ ਹਾਸੇ ਪਤਾ ਨਹੀਂ ਕਿੱਥੇ ਗਵਾ ਬੈਠੇ ਹਾਂ। ਕਦੇ ਇਕੱਲਿਆਂ ਬੈਠ ਕੇ ਸੋਚੀਏ ਤਾਂ ਕਿਸੇ ਵਿਰਲੇ ਨੂੰ ਹੀ ਯਾਦ ਆਊ ਕਿ ਉਹ ਕਦੋਂ ਖੁਲ੍ਹ ਕੇ ਖਿੜ ਖਿੜਾ ਕੇ ਹੱਸਿਆ ਹੋਵੇਗਾ।

ਜਿਸ ਵੀ ਚਿਹਰੇ ਨੂੰ ਵੇਖੀ ਦਾ ਹੈ ਮੁਰਝਾਏ ਹੋਏ, ਖੇੜੇ ਤੋਂ ਸੱਖਣੇ, ਤਮਾਮ ਚਿੰਤਾਵਾਂ ਵਿੱਚ ਘਿਰੇ ਹੋਏ ਨਜ਼ਰੀ ਪੈਂਦੇ ਹਨ। ਸਾਡਿਆਂ ਚਿਹਰਿਆਂ ਤੋਂ ਖੁਸ਼ੀ ਦੀਆਂ ਤਰੰਗਾਂ ਦਾ ਦੂਰ ਹੋਣ ਦਾ ਮੁੱਖ ਕਾਰਨ ਸਾਡੀਆਂ ਜਰੂਰਤ ਤੋਂ ਵੱਧ ਇਛਾਵਾਂ ਦਾ ਵੱਧਣਾ ਹੈ। ਸਹੂਲਤਾਂ ਨਾਲ ਲਬਰੇਜ਼ ਜਿੰਦਗੀ ਜਿਊਣ ਦੀ ਆਸ ਰੱਖਣੀ, ਉਹਨਾਂ ਸਹੂਲਤਾਂ ਨੂੰ ਪੂਰਿਆਂ ਕਰਨ ਲਈ ਮਹਿਨਤ ਕਰਨੀ ਸਹੀ ਹੈ ਪਰ ਇੱਕ ਹੱਦ ਤੱਕ । ਜੇਕਰ ਸਾਡੀਆਂ ਇਛਾਵਾਂ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਵੱਧਦੀਆਂ ਜਾਣਗੀਆਂ ਤਾਂ ਅਸੀਂ ਕਦੇ ਜਿੰਦਗੀ ਆਨੰਦ ਨਹੀਂ ਲੈ ਸਕਾਂਗੇ। ਹੁਣ ਆਨੰਦ ਕੇਵਲ ਮਹਿੰਗੀਆਂ ਚੀਜ਼ਾਂ ਲੈਕੇ, ਮਹਿੰਗੀਆਂ ਜਗਾਵਾਂ ਤੇ ਘੁੰਮ ਕੇ, ਮਹਿੰਗੇ ਕੱਪੜੇ ਖਰੀਦ ਕੇ ਨਹੀਂ ਮਿਲਦਾ ਬਲਕਿ ਘਰ ਦੇ ਜੀਆਂ ਨਾਲ ਦੋ ਘੜੀਆਂ ਸਕੂਨ ਨਾਲ ਬੈਠ ਕੇ ਇੱਕ ਦੂਸਰੇ ਦੇ ਦਿਲ ਦਾ ਹਾਲ ਜਾਣ ਕੇ ਮਿਲਦਾ ਹੈ।ਕੁਦਰਤ ਨੂੰ ਮਾਣ ਕੇ, ਹਵਾ ਦੇ ਰੁਮਕਣ ਨਾਲ ਜਦੋਂ ਤੁਹਾਡੇ ਸਰੀਰ ਵਿੱਚ ਝਨਝਨਾਹਟ ਜਿਹੀ ਹੋਵੇ ਤਾਂ ਮਹਿਸੂਸ ਕਰੋ ਕਿ ਕੁਦਰਤ ਤੁਹਾਡੇ ਨਾਲ ਖੇਡ ਰਹੀ ਹੈ। ਪੇੜ ਪੌਦਿਆਂ, ਪੰਛੀਆਂ ਦੀਆਂ ਰੰਗ ਬਿਰੰਗੀਆਂ ਕਿਸਮਾਂ ਦੇਖੋ ਤੇ ਵਾਰੇ ਵਾਰੇ ਜਾਓ ਉਸ ਕਾਦਰ ਦੀ ਕੁਦਰਤ ਤੋਂ ਜਿਸ ਨੇ ਬਿਨਾ ਕਿਸੇ ਮੁੱਲ ਸਾਨੂੰ ਇਹ ਅਣਮੁੱਲੀਆਂ ਅਨਾਮਤਾ ਨਾਲ ਨਵਾਜਿਆ ਹੈ। ਇਹ ਨਿੱਕੀਆਂ ਨਿੱਕੀਆਂ ਤੇ ਆਮ ਜਿਹੀਆਂ ਗੱਲਾਂ ਸਾਨੂੰ ਬਹੁਤ ਸਾਰੀ ਖੁਸ਼ੀ ਦਿੰਦੀਆਂ ਹਨ।

ਮੈਂ ਦੇਖਦੀ ਹਾਂ ਹਜ਼ਾਰਾਂ ਮਾਨਸਿਕ ਰੋਗਾਂ ਤੋਂ ਪ੍ਰੇਸ਼ਾਨ ਲੋਕ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ। ਉਹ ਡਾਕਟਰ ਇਹ ਦੱਸਣ ਦਾ ਹੀ ਹਜ਼ਾਰਾਂ ਰੁਪਏ ਫੀਸ ਲੈ ਲੈਂਦੇ ਹਨ ਕਿ ਜੇਕਰ ਮਾਨਸਿਕ ਰੋਗਾਂ ਤੋਂ ਮੁਕਤ ਹੋਣਾ ਹੈ , ਖੁਸ਼ ਰਹਿਣਾ ਹੈ ਤਾਂ ਸਵੇਰੇ ਜਲਦੀ ਉੱਠੋ, ਸੈਰ ਕਰੋ, ਸੰਤੁਲਿਤ ਭੋਜਨ ਖਾਉ, ਖੁਸ਼ ਰਹੋ, ਪੂਰੀ ਨੀਂਦ ਲਉ, ਪਰਿਵਾਰ ਨਾਲ ਸਮਾਂ ਬਿਤਾਓ, ਉਦਾਸ ਨਾ ਹੋਵੋ, ਜਿਆਦਾ ਸੋਚੋ ਨਾ, ਕਿਤਾਬਾਂ ਪੜੋ ਆਦਿ। ਜੋ ਬਹੁਤ ਹੀ ਆਮ ਗੱਲਾਂ ਹਨ, ਜਿੰਨਾ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਇਹ ਸਭ ਕਰਨਾ ਚਾਹੀਦਾ ਹੈ ਪਰ ਅਸੀਂ ਆਪਣੇ ਵਿੱਚ ਤਬਦੀਲੀ ਲਿਆਉਣ ਦੀ ਬਜਾਇ ਮਾਨਸਿਕ ਬਿਮਾਰੀਆਂ ਲਗਾ ਡਾਕਟਰਾਂ ਕੋਲ ਧੱਕੇ ਖਾਂਦੇ ਰਹਿੰਦੇ ਹਾਂ।

ਖੁਸ਼ੀ ਕਿਤੇਉ ਵੀ ਮੁੱਲ ਨਹੀਂ ਮਿਲਦੀ। ਇਹ ਸਿਰਜਣੀ ਪੈਂਦੀ ਹੈ । ਖੁਸ਼ ਰਹਿਣ ਦਾ ਰਾਜ ਇਹੀ ਹੈ ਕਿ ਹਮੇਸ਼ਾ ਚੜਦੀਕਲਾ ਵਿੱਚ ਰਹੋ। ਹਲਾਤ ਕਿਹੋ ਜਿਹੇ ਵੀ ਹੋਣ ਉਸਨੂੰ ਨਹੀਂ ਹਰਾ ਸਕਦੇ ਜਿਸਨੂੰ ਜੀਊਣ ਦੀ ਕਲਾ ਹੋਵੇ। ਗੁਰਬਾਣੀ ਪੜੋ, ਵਧੀਆ ਲੇਖਕਾਂ ਦੀਆਂ ਕਿਤਾਬਾਂ ਪੜੋ, ਚੰਗਾ ਸੰਗੀਤ ਸਣੋ, ਆਪਣੇ ਸ਼ੌਕਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਾਂ ਦਿਉ।  ਯਾਦ ਰੱਖਣਾ ਹਲਾਤ ਕਦੇ ਵੀ ਇੱਕੋ ਜਿਹੇ ਨਹੀਂ ਰਹਿੰਦੇ, ਇਹਨਾਂ ਦਾ ਬਦਲਣਾ ਨਿਸ਼ਚਿਤ ਹੈ, ਹੂਬਹੂ ਮੌਸਮਾਂ ਦੀ ਤਰ੍ਹਾਂ ਕਦੇ ਬਹਾਰ ਕਦੇ ਪੱਤਝੜ। ਜੀਵਨ ਇੱਕ ਹੈ, ਜੋ ਬੀਤ ਗਿਆ ਉਸ ਉੱਤੇ ਪਛਤਾਉਣਾ ਛੱਡੋ, ਉਸ ਤੋਂ ਸਬਕ ਲਉ, ਅੱਜ ਨੂੰ ਜੀਓ ਤੇ ਕੱਲ ਦੀ ਫ਼ਿਕਰ ਨਾ ਕਰੋ। ਕੇਵਲ ਅੱਜ ਸਾਡਾ ਆਪਣਾ ਹੈ, ਬੀਤ ਚੁੱਕੇ ਨੂੰ ਤੇ ਨਾ ਹੀ ਆਉਣ ਵਾਲੇ ਕੱਲ ਨੂੰ ਬਦਲਿਆ ਨਹੀਂ ਜਾ ਸਕਦਾ। ਸਾਡੇ ਅੱਜ ਤੇ ਸਾਡਾ ਜੋਰ ਹੈ, ਅੱਜ ਦੀ ਲਗਾਮ ਇੱਕ ਚੰਗੇ ਘੋੜਸਵਾਰ ਦੀ ਤਰ੍ਹਾਂ ਫੜੋ ਤਾਂ ਜੋ ਪਿੱਛੇ ਮੁੜ ਕੇ ਬੀਤੇ ਨੂੰ ਯਾਦ ਕਰੋ ਤਾਂ ਤੁਹਾਡੇ ਚਿਹਰੇ ਤੇ ਉਦੋਂ ਵੀ ਸੰਤੁਸ਼ਟੀ ਨਾਲ ਭਰੀ ਇੱਕ ਹਸੀਨ ਜਿਹੀ ਮੁਸਕਾਨ ਹੋਵੇ।ਸੁੱਖ ਸਹੂਲਤਾਂ ਸਾਨੂੰ ਕਦੇ ਵੀ ਸਦੀਵੀ ਖੁਸ਼ੀ ਨਹੀਂ ਦੇ ਸਕਦੀਆਂ। ਅਸੀਂ ਥੋੜ ਚਿਰੀ ਨਹੀਂ ਬਲਕਿ ਸਦੀਵੀ ਖੁਸ਼ੀ ਲੱਭਣ ਦਾ ਯਤਨ ਕਰਨਾ ਹੈ ਜੋ ਝਖੜਾਂ, ਹਨੇਰਿਆਂ, ਦੁੱਖਾਂ ਸੁੱਖਾਂ ਬਹਾਰਾਂ ਵਿੱਚ ਵੀ ਕਾਇਮ ਰਹੇ। ਇਹੀ ਹੈ ਖੁਸ਼ ਰਹਿਣ ਦਾ ਰਾਜ ਇਹੀ ਹੈ ਆਬਾਦ ਰਹਿਣ ਦਾ ਰਾਜ !

========================================

ਬਹੁਤ ਖੂਬਸੂਰਤ ਹੈ ਹਿਮਾਚਲ ਦੀ “ਪਰਾਸ਼ਰ ਝੀਲ”

– ਸਹਿਜਪ੍ਰੀਤ ਕੌਰ  Mob. 81462-11644 

                    ਅੱਜ ਮੈਂ ਪਹਿਲੀ ਵਾਰ ਆਪਣੀ ਯਾਤਰਾ ਬਾਰੇ ਇੱਕ ਲੇਖ ਲਿਖ ਰਹੀ ਹਾਂ ।ਹਰ ਸਾਲ ਸਰਦੀ ਅਤੇ ਗਰਮੀ ਦੀਆਂ ਛੁੱਟੀਆਂ ਵਿੱਚ ਮੇਰਾ ਪਰਿਵਾਰ ਵੱਖ ਵੱਖ ਥਾਵਾਂ ਤੇ ਘੁੰਮਣ ਜਾਂਦਾ ਹੈ। ਇਸ ਵਾਰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਮੇਰੇ ਪਾਪਾ ਨੇ ਸਾਨੂੰ ਕਿਤੇ ਘੁੰਮਣ ਲਈ ਪੁੱਛਿਆ ਕੁਝ ਸੋਚ ਵਿਚਾਰ ਤੋਂ ਬਾਅਦ ਅਸੀਂ ਦੋ ਥਾਵਾਂ ਤੇ ਜਾਣ ਬਾਰੇ ਸੋਚਿਆ ਇਕ ਸੀ ਹਿਮਾਚਲ ਤੇ ਦੂਜਾ ਰਾਜਸਥਾਨ। ਦਸੰਬਰ ਦਾ ਮਹੀਨਾ ਹੋਣ ਕਾਰਨ ਹਿਮਾਚਲ ਵਿਚ ਬਰਫ਼ਬਾਰੀ ਹੁੰਦੀ ਹੈ ਇਸ ਲਈ ਅਸੀਂ ਇਸ ਵਾਰ ਬਰਫ਼ ਦੇਖਣ ਲਈ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਬਾਰ ਸਾਡੇ ਨਾਲ਼ ਪਾਪਾ ਦੇ ਦੋਸਤ ਸੁਖਜਿੰਦਰ ਅੰਕਲ ਦਾ ਪਰਿਵਾਰ ਵੀ ਗਿਆ। ਪਾਪਾ ਨੇ ਦੱਸਿਆ ਕਿ ਜਿਆਦਾਤਰ ਲੋਕ ਸ਼ਿਮਲਾ, ਕੁੱਲੂ, ਮਨਾਲ਼ੀ ਆਦਿ ਘੁੰਮਣ ਜਾਂਦੇ ਹਨ ਪਰ ਅਸੀਂ ਇੱਕ ਅਜਿਹੀ ਥਾਂ ਤੇ ਜਾਣਾ ਚਾਹੁੰਦੇ ਸੀ ਜਿਥੇ ਸਿੱਖਣ ਲਈ ਵੱਧ ਤੋਂ ਵੱਧ ਹੋਵੇ ਪਰ ਉੱਥੇ ਬਹੁਤ ਘੱਟ ਭੀੜ ਹੋਵੇ। ਇੰਟਰਨੈੱਟ ਤੇ ਕਈ ਥਾਂਵਾਂ ਦੇਖੀਆਂ ਤਾਂ ਸਾਨੂੰ ਹਿਮਾਚਲ ਦੇ ਪਹਾੜਾਂ ਤੇ ਦੱਸ ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਪਰਾਸ਼ਰ ਝੀਲ ਪਸੰਦ ਆਈ। ਅਸੀ ਪਰਾਸ਼ਰ ਝੀਲ ਜਾਣ ਦਾ ਪ੍ਰੋਗਰਾਮ ਫਾਈਨਲ ਕਰ ਲਿਆ। ਉੱਥੇ ਜਾਣ ਤੋਂ ਇਕ ਦਿਨ ਪਹਿਲਾਂ ਅਸੀਂ ਤਿਆਰੀ ਕੀਤੀ ਲੋੜੀਂਦੇ ਗਰਮ ਕੱਪੜੇ ਖਰੀਦੇ ਅਤੇ ਹੋਰ ਜ਼ਰੂਰੀ ਸਾਮਾਨ ਪੈਕ ਕੀਤਾ । ਅਸੀਂ ਸਾਰੇ ਬੱਚੇ ਫੋਨ ਤੇ ਪਰਾਸ਼ਰ ਲੇਕ ਦੀਆਂ ਫੋਟੋਆਂ ਦੇਖਣ ਲੱਗੇ ।ਪਾਪਾ ਤੇ ਅੰਕਲ ਨੇ ਟੂਰ ਦਾ ਰੂਟ ਤਿਆਰ ਕੀਤਾ।

ਅਗਲੀ ਸਵੇਰ ਜਲਦੀ ਹੀ ਅਸੀਂ ਘਰ ਤੋਂ ਚੱਲ ਪਏ ਫਿਰ ਅਸੀਂ ਅੰਕਲ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਸਾਮਾਨ ਗੱਡੀ ਵਿੱਚ ਰਖਵਾਇਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਹਿਮਾਚਲ ਵੱਲ ਰਵਾਨਾ ਹੋਏ। ਸਰਹੰਦ ਤਕ ਪਹੁੰਚਣ ਤੇ ਸਾਨੂੰ ਬਹੁਤ ਭੁੱਖ ਲੱਗਣ ਲੱਗੀ। ਇਸ ਲਈ ਅਸੀਂ ਸਰਹਿੰਦ ਦੇ ਆਮ ਖਾਸ ਬਾਗ ਵਿੱਚ ਰੁਕੇ। ਉੱਥੇ ਅਸੀਂ ਕਈ ਇਤਿਹਾਸਕ ਇਮਾਰਤਾਂ ਦੇਖੀਆਂ। ਪਾਪਾ ਨੇ ਦੱਸਿਆ ਇਹ ਬਾਗ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਬਣਾਇਆ ਗਿਆ ਹੈ। ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਉਹ ਸਰਹਿੰਦ ਵਿੱਚ ਆਰਾਮ ਕਰਨ ਲਈ ਇਸ ਥਾਂ ਤੇ ਰੁਕਦੇ ਸਨ। ਆਮ ਖਾਸ ਬਾਗ ਵਿਚ ਇਕ ਵੱਡਾ ਸਰੋਵਰ ਵੀ ਬਣਾਇਆ ਹੋਇਆ ਹੈ ਜਿਸ ਦੇ ਚਾਰ ਚੁਫੇਰੇ ਵੱਡੀਆਂ-ਵੱਡੀਆਂ ਪੌੜੀਆਂ ਹਨ ਇਸ ਬਾਗ਼ ਦੀਆਂ ਕੰਧਾਂ ਕਿਲੇ ਵਾਂਗੂ ਉੱਚੀਆਂ ਉੱਚੀਆਂ ਸਨ। ਇਸ ਦੇ ਇੱਕ ਕੋਨੇ ਵਿੱਚ ਇੱਕ ਬਹੁਤ ਸੁੰਦਰ ਬਗੀਚਾ ਬਣਿਆ ਹੋਇਆ ਹੈ ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਰੁੱਖ ਲੱਗੇ ਹੋਏ ਸਨ । ਸੁੰਦਰ ਸੁੰਦਰ ਰੁੱਖ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਹਨ। ਅਸੀਂ ਇਥੇ ਬੈਠ ਕੇ ਰੋਟੀ ਖਾਧੀ ਤੇ ਸਾਰਾ ਬਾਗ ਘੁੰਮਿਆ। ਅਸੀਂ ਵੇਖਿਆ ਕਿ ਕੁਝ ਲੋਕ ਇੱਥੇ ਬਣੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਦੀ ਨਵ-ਉਸਾਰੀ ਕਰ ਰਹੇ ਸਨ ਉਹ ਮਿਹਨਤ ਨਾਲ ਆਪਣਾ ਕੰਮ ਕਰ ਰਹੇ ਸਨ। ਫਿਰ ਅਸੀਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਗਏ । ਇੱਥੇ ਸਿੰਘ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਅਤੇ ਠੰਢਾ ਬੁਰਜ ਵੀ ਦੇਖਿਆ। ਇਸ ਥਾਂ ਤੇ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ।

ਸਰਹਿੰਦ ਤੋਂ ਚੱਲ ਕੇ ਅਸੀਂ ਸੰਘੋਲ ਪਹੁੰਚੇ ਇੱਥੇ ਅਸੀਂ ਆਰਕਿਓਲੌਜੀਕਲ ਮਿਊਜ਼ੀਅਮ ਵਿੱਚ ਗਏ। ਇਸ ਮਿਊਜ਼ੀਅਮ ਵਿੱਚ ਹੜੱਪਾ ਸੱਭਿਅਤਾ ਨਾਲ ਸਬੰਧਿਤ ਕਈ ਚੀਜ਼ਾਂ ਸਨ ,ਜਿਵੇਂ ਮਿੱਟੀ ਦੀਆਂ ਬਣੀਆਂ ਵੱਖ ਵੱਖ ਤਰ੍ਹਾਂ ਦੀਆਂ ਮੂਰਤੀਆਂ, ਮਿੱਟੀ ਦੇ ਭਾਂਡੇ, ਗਹਿਣੇ, ਹਾਥੀ ਦੇ ਦੰਦ ਨਾਲ ਬਣੇ ਗਹਿਣੇ ਅਤੇ ਹੋਰ ਸਾਮਾਨ ,ਮਿੱਟੀ ਦੇ ਘੜੇ ਆਦਿ। ਇੱਥੇ ਗਾਈਡ ਅੰਕਲ ਨੇ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ। ਮਿਊਜ਼ੀਅਮ ਤੋਂ ਥੋੜ੍ਹੀ ਦੂਰੀ ਤੇ ਅਸੀਂ ਬੋਧੀ ਸਤੂਪ ਦੀਆਂ ਨੀਂਹਾਂ ਦੇਖੀਆਂ ਜਿਸ ਦਾ ਇਕ ਛੋਟਾ ਜਿਹਾ ਮਾਡਲ ਮਿੳੂਜ਼ੀਅਮ ਵਿੱਚ ਵੀ ਰੱਖਿਆ ਗਿਆ ਸੀ ਪਰ ਇਸ ਸਤੂਪ ਹੁਣ ਟੁੱਟ ਚੁੱਕਾ ਸੀ ਸਿਰਫ ਨੀਹਾਂ ਬਾਕੀ ਸਨ। ਇਹ ਗੋਲ ਆਕਾਰ ਦਾ ਬਣਿਆ ਹੋਇਆ ਸੀ ਉੱਥੇ ਇੱਕ ਗਾਈਡ ਨੇ ਸਾਨੂੰ ਉਸ ਸਤੂਪ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਇਸ ਸਤੂਪ ਵਿੱਚ ਪੁਰਾਣੇ ਸਮੇਂ ਦੇ ਬੋਧੀ ਅਧਿਆਪਕ ਆਪਣੇ ਭਿਕਸ਼ੂ ਚੇਲਿਆਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ ਇਸ ਵਿੱਚ ਆਲੇ ਦੁਆਲੇ ਕਮਰੇ ਬਣੇ ਹੋਏ ਸਨ। ਇਨ੍ਹਾਂ ਵਿੱਚ ਵਿਦਿਆਰਥੀ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਥੇ ਵੀ ਮਹਾਤਮਾ ਬੁੱਧ ਦਾ ਸਤੂਪ ਬਣਾਇਆ ਜਾਂਦਾ ਹੈ ਉਸ ਸਤੂਪ ਦੇ ਐਨ ਵਿਚਕਾਰ ਕੋਈ ਉਨ੍ਹਾਂ ਨਾਲ ਸਬੰਧਤ ਕੋਈ ਨਿਸ਼ਾਨੀ ਜ਼ਰੂਰ ਰੱਖੀ ਜਾਂਦੀ ਸੀ । ਗਾਈਡ ਅੰਕਲ ਨੇ ਦੱਸਿਆ ਕਿ ਸੰਘੋਲ ਪਿੰਡ ਦੀ ਜ਼ਮੀਨ ਵਿੱਚੋਂ ਹੀ ਇਹ ਸਾਰੀਆਂ ਮੂਰਤੀਆਂ ਤੇ ਹੋਰ ਸਾਮਾਨ ਖੁਦਾਈ ਕਰਕੇ ਕੱਢਿਆ ਗਿਆ ਹੈ ਜਿਸ ਨੂੰ ਮਿਊਜ਼ੀਅਮ ਵਿੱਚ ਅਸੀਂ ਦੇਖਿਆ ਸੀ। ਇਹ ਅੱਜ ਤੋਂ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਬੱਸ ਦੀ ਹੜੱਪਾ ਸਭਿਅਤਾ ਨਾਲ ਸਬੰਧਤ ਇਤਿਹਾਸਕ ਸਾਮਾਨ ਸੀ।

ਅਸੀਂ ਇਥੋਂ ਚੱਲ ਪਏ ਅਤੇ ਆਨੰਦਪੁਰ ਸਾਹਿਬ ਪਹੁੰਚਦੇ ਪਹੁੰਚਦੇ ਰਾਤ ਹੋ ਚੁੱਕੀ ਸੀ, ਇਸ ਲਈ ਅਸੀਂ ਉੱਥੇ ਰੁਕਣ ਦਾ ਫ਼ੈਸਲਾ ਕੀਤਾ। ਪੁੱਛਣ ਤੇ ਇੱਕ ਅੰਕਲ ਨੇ ਸਾਨੂੰ ਦੱਸਿਆ ਕਿ ਵਿਰਾਸਤ-ਏ-ਖ਼ਾਲਸਾ ਕੋਲ ਭਾਈ ਬਚਿੱਤਰ ਸਿੰਘ ਸਰਾਂ ਹੈ ਜਿਸ ਵਿੱਚ ਬਹੁਤ ਵਧੀਆ ਕਮਰੇ ਮਿਲਦੇ ਹਨ। ਅਸੀਂ ਸਰਾਂ ਵਿੱਚ ਕਮਰਾ ਲਿਆ ਸਾਮਾਨ ਰੱਖ ਕੇ ਅਸੀਂ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ। ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਅਤੇ ਬਾਜ਼ਾਰ ਘੁੰਮਿਆ ਰਾਤ ਨੂੰ ਸੜਕਾਂ ਉੱਤੇ ਜਗਮਗਾਉਂਦੀਆਂ ਲਾਈਟਾਂ ਨਾਲ ਸਜੀਆਂ ਦੁਕਾਨਾਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਇਹ ਦੁਕਾਨਾਂ ਬਿਲਕੁਲ ਮੇਲੇ ਵਾਂਗ ਲੱਗ ਰਹੀਆਂ ਸਨ। ਅਸੀਂ ਇੱਥੇ ਕੁਝ ਸਾਮਾਨ ਖ਼ਰੀਦਿਆ ਤੇ ਸੈਰ ਕਰਦੇ ਹੋਏ ਆਪਣੇ ਕਮਰੇ ਵਿੱਚ ਪਹੁੰਚ ਕੇ ਸੌਂ ਗਏ।

ਅਗਲੇ ਦਿਨ ਸਵੇਰੇ ਪੰਜ ਵਜੇ ਅਸੀਂ ਕਮਰੇ ਦੀ ਚਾਬੀ ਜਮ੍ਹਾਂ ਕਰਾ ਕੇ ਹਿਮਾਚਲ ਦੇ ਸਫ਼ਰ ਤੇ ਤੁਰ ਪਏ। ਅਸੀਂ ਇਕ ਅਜਿਹੀ ਸੜਕ ਉੱਪਰੋਂ ਜਾ ਰਹੇ ਸੀ ਜਿਸ ਦੇ ਇੱਕ ਪਾਸੇ ਨਦੀ ਸੀ ਤੇ ਦੂਜੇ ਪਾਸੇ ਝਾੜੀਆਂ ਸਨ। ਰਸਤਾ ਕੱਚਾ ਅਤੇ ਟੁੱਟਿਆ ਹੋਇਆ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ। ਇੱਥੋਂ ਬਿਲਾਸਪੁਰ, ਸੁੰਦਰਨਗਰ ਹੁੰਦੇ ਹੋਏ ਅਸੀਂ ਦੁਪਹਿਰ ਤਕ ਮੰਡੀ ਪਹੁੰਚ ਗਏ। ਮੰਡੀ ਦਾ ਗੁਰਦੁਆਰਾ ਸਾਹਬ ਬਹੁਤ ਸੁੰਦਰ ਸੀ ਜੋ ਪਹਾੜਾਂ ਵਿਚਕਾਰ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਸੜਕ ਤੋਂ ਹੇਠਾਂ ਵੱਲ ਬਿਆਸ ਦਰਿਆ ਚਲਦਾ ਹੈ। ਅਸੀਂ ਇੱਥੇ ਗੱਡੀ ਖੜ੍ਹਾਈ ਅਤੇ ਸਰਾਂ ਵਿੱਚ ਕਮਰਾ ਲੈ ਲਿਆ ਅਸੀਂ ਇੱਥੇ ਸਾਮਾਨ ਰੱਖ ਕੇ ਲੰਗਰ ਛਕਿਆ ਅਤੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਵਿਚ ਅਸੀਂ ਇਕ ਸੱਤ ਫੁੱਟ ਲੰਬੀ ਬੰਦੂਕ ਦੇਖੀ। ਬਾਬਾ ਜੀ ਨੇ ਦੱਸਿਆ ਕਿ ਇਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਆਸ ਨਦੀ ਵਿੱਚ ਤੈਰਦੀ ਹਾਂਡੀ ਤੇ ਨਿਸ਼ਾਨਾ ਲਗਾਇਆ ਸੀ। ਥੋੜ੍ਹੀ ਦੇਰ ਬਾਅਦ ਅਸੀਂ ਪਰਾਸ਼ਰ ਝੀਲ ਜਾਣ ਲਈ ਰਵਾਨਾ ਹੋ ਗਏ ਰਸਤੇ ਵਿੱਚ ਇੱਕ ਅਜਿਹਾ ਪਹਾੜ ਸੀ ਜਿੱਥੇ ਅਕਸਰ ਪੱਥਰ ਡਿੱਗਦੇ ਰਹਿੰਦੇ ਸਨ ਪਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਸੀ ਲੰਘੇ ਤਾਂ ਕੋਈ ਪੱਥਰ ਨਹੀਂ ਡਿੱਗਿਆ। ਸੜਕ ਤੇ ਜਾਂਦੀ ਸਾਡੀ ਗੱਡੀ ਇੱਕ ਵਾਰ ਹੇਠਾਂ ਵੱਜੀ ਜਿਸ ਨਾਲ ਸਾਡੀ ਗੱਡੀ ਦੇ ਰੇਡੀਏਟਰ ਦੇ ਪਾਣੀ ਵਾਲੇ ਪਾਈਪ ਵਿੱਚ ਸੁਰਾਖ ਹੋ ਗਿਆ ਸਾਨੂੰ ਇਸ ਬਾਰੇ ਬਾਅਦ ਵਿੱਚ ਜਾ ਕੇ ਪਤਾ ਲੱਗਾ। ਜਿਸ ਕਾਰਨ ਗੱਡੀ ਵਿਚਲਾ ਪਾਣੀ ਡੁੱਲ੍ਹ ਗਿਆ ਸੀ। ਸਾਨੂੰ ਨਹੀਂ ਸੀ ਪਤਾ ਕਿ ਇਹ ਸਾਡੇ ਲਈ ਕਿੰਨੀ ਵੱਡੀ ਮੁਸੀਬਤ ਖੜ੍ਹੀ ਕਰੇਗਾ। ਜਦੋਂ ਭਰਾ ਸਿਰਲੇਖ ਤੇ ਪਹੁੰਚਣ ਲਈ ਸਿਰਫ ਦੱਸ ਕਿਲੋਮੀਟਰ ਬਾਕੀ ਰਹਿ ਗਏ ਸੀ ਉਸ ਸਮੇਂ ਪਹਾੜ ਦੇ ਕਿਨਾਰੇ ਗੱਡੀ ਰੁਕ ਗਈ। ਜਦੋਂ ਅਸੀਂ ਗੱਡੀ ਦਾ ਬੌਰਨਟ ਖੋਲ੍ਹਿਆ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗਾ ਸਾਨੂੰ ਕਾਫੀ ਟੈਨਸ਼ਨ ਹੋ ਗਈ। ਪਾਪਾ ਨੇ ਫੋਨ ਤੇ ਮਕੈਨਿਕ ਅੰਕਲ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਦੇ ਰੇਡੀਏਟਰ ਦੇ ਪਾਣੀ ਨਿਕਲਣ ਕਾਰਨ ਗੱਡੀ ਗਰਮ ਹੋ ਗਈ ਹੈ ਵੱਧ ਤੋਂ ਵੱਧ ਪਾਣੀ ਰੇਡਿਟ ਉੱਤੇ ਪਾਓ ਇਹ ਸੁਣ ਕੇ ਅਸੀਂ ਆਪਣੀਆਂ ਪੀਣ ਵਾਲੀਆਂ ਪਾਣੀ ਦੀਆਂ ਬੋਤਲਾਂ ਨਾਲ ਰੇਡੀਏਟਰ ਤੇ ਪਾਣੀ ਪਾਉਣ ਲੱਗੇ। ਸਾਨੂੰ ਦੇਖ ਕੇ ਕੁਝ ਲੋਕ ਰੁਕ ਗਏ ਉਨ੍ਹਾਂ ਨੇ ਆਪਣੀਆਂ ਪਾਣੀ ਦੀਆਂ ਬੋਤਲਾਂ ਸਾਨੂੰ ਰੇਡੀਏਟਰ ਤੇ ਪਾਉਣ ਲਈ ਦਿੱਤੀਆਂ। ਲੋਕ ਸਾਡੀ ਮਦਦ ਕਰਕੇ ਚਲੇ ਗਏ ਪਰ ਸਾਡੀ ਗੱਡੀ ਉੱਥੇ ਹੀ ਖ਼ਰਾਬ ਹੋਈ ਖੜ੍ਹੀ ਰਹੀ। ਮੌਸਮ ਖ਼ਰਾਬ ਹੋਣ ਲੱਗਾ ਸੀ ਬਾਹਰ ਬਹੁਤ ਠੰਢ ਹੋ ਰਹੀ ਸੀ। ਸਾਨੂੰ ਚਿੰਤਾ ਹੋਣ ਲੱਗੀ ਪਰ ਅਚਾਨਕ ਇਕ ਗੱਡੀ ਆਈ ਜੋ ਖਾਲੀ ਸੀ। ਗੱਡੀ ਵਾਲੇ ਅੰਕਲ ਨੇ ਸਾਨੂੰ ਸਾਰਿਆਂ ਨੂੰ ਗੱਡੀ ਵਿੱਚ ਬਿਠਾ ਕੇ ਨੀਚੇ ਇਕ ਹੋਟਲ ਤਕ ਛੱਡਿਆ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਨੂੰ ਮੁਆਫ਼ ਕਰਨਾ ਮੈਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਲਿਜਾ ਸਕਦਾ ਕਿਉਂਕਿ ਜੇ ਮੈਂ ਤੁਹਾਨੂੰ ਮੰਡੀ ਤਕ ਛੱਡਣ ਗਿਆ ਤਾਂ ਪੁਲਸ ਨੇ ਮੇਰਾ ਚਲਾਨ ਕੱਟ ਦੇਣਾ। ਅਸੀਂ ਕਿਹਾ ਕਿ ਕੋਈ ਗੱਲ ਨਹੀਂ ਵੈਸੇ ਵੀ ਤੁਸੀਂ ਸਾਡੇ ਇੰਨੀ ਮਦਦ ਕੀਤੀ ਇਸ ਲਈ ਤੁਹਾਡਾ ਬਹੁਤ -ਬਹੁਤ ਧੰਨਵਾਦ। ਅਸੀਂ ਉਨ੍ਹਾਂ ਦਾ ਧੰਨਵਾਦ ਕਰਕੇ ਹੋਟਲ ਵਿੱਚ ਗਏ ਅਤੇ ਉੱਥੇ ਕਮਰੇ ਲੈ ਲਏ। ਅਸੀਂ ਉੱਥੋਂ ਦੇ ਮਾਲਕ ਨੂੰ ਪੁੱਛਿਆ ਕਿ ਸਾਡੀ ਗੱਡੀ ਪਹਾੜੀ ਤੇ ਖ਼ਰਾਬ ਹੋ ਗਈ ਹੈ ਕਿ ਤੁਸੀਂ ਕਿਸੇ ਚੰਗੇ ਮਕੈਨਿਕ ਨੂੰ ਜਾਣਦੇ ਹੋ? ਉਨ੍ਹਾਂ ਨੇ ਇਕ ਕਾਰਡ ਦਿੰਦੇ ਹੋਏ ਕਿਹਾ ਕਿ ਇਹ ਇਸ ਇਲਾਕੇ ਦਾ ਵਧੀਆ ਮਕੈਨਿਕ ਹੈ। ਅਸੀਂ ਉਸ ਨੂੰ ਬੁਲਾਇਆ। ਮਕੈਨਿਕ ਤੇ ਸੁਖਜਿੰਦਰ ਅੰਕਲ ਗੱਡੀ ਨੂੰ ਬਿਨਾਂ ਸਟਾਰਟ ਕੀਤੇ ਉੱਪਰੋਂ ਹੋਟਲ ਤਕ ਲੈ ਆਏ। ਸਾਡੇ ਸਾਮਾਨ ਵਾਲੇ ਬੈਗ ਪਿੱਛੇ ਮੰਡੀ ਗੁਰਦੁਆਰੇ ਦੇ ਕਮਰੇ ਵਿਚ ਪਏ ਸਨ। ਮਕੈਨਿਕ ਨੇ ਰਾਤ ਤੱਕ ਗੱਡੀ ਠੀਕ ਕਰ ਕੇ ਹੋਟਲ ਦੇ ਬਾਹਰ ਖੜ੍ਹਾ ਦਿੱਤੀ। ਇਸ ਨਾਲ ਸਾਨੂੰ ਬਹੁਤ ਖੁਸ਼ੀ ਹੋਈ।

ਅਗਲੀ ਸਵੇਰ ਅਸੀਂ ਪ੍ਰਾਸ਼ਰ ਲੇਖ ਵੱਲ ਚੱਲ ਪਏ ਸਾਡੇ ਮਨ ਵਿੱਚ ਡਰ ਸੀ ਕਿ ਕੱਲ੍ਹ ਵਾਂਗ ਕੋਈ ਸਮੱਸਿਆ ਨਾ ਆ ਜਾਵੇ ਪਰ ਅਸੀਂ ਥੋੜ੍ਹੇ ਸਮੇਂ ਵਿੱਚ ਹੀ ਉੱਥੇ ਪਹੁੰਚ ਗਏ। ਚਾਰ ਚੁਫ਼ੇਰੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਬਰਫ਼ ਵਾਲ਼ੀ ਸੜਕ ਉਪਰ ਗੱਡੀ ਅੱਗੇ ਨਹੀਂ ਜਾ ਸਕਦੀ ਸੀ ਇਸ ਲਈ ਅਸੀਂ ਗੱਡੀ ਪਹਾਡ਼ੀ ਨਾਲ ਸਾਈਡ ਤੇ ਲਗਾ ਕੇ ਖੜ੍ਹਾ ਦਿੱਤੀ ਅਤੇ ਪੈਦਲ ਹੀ ਪਰਾਸ਼ਰ ਝੀਲ ਵੱਲ ਚੱਲ ਪਏ । ਝੀਲ ਇੱਥੋਂ ਤਿੰਨ ਚਾਰ ਕਿਲੋਮੀਟਰ ਦੂਰ ਸੀ। ਤਿੰਨ -ਚਾਰ ਕਿਲੋਮੀਟਰ ਪੈਦਲ ਬਰਫ਼ ਵਾਲੇ ਰਸਤੇ ਉੱਪਰ ਚੱਲਣ ਦਾ ਬਹੁਤ ਆਨੰਦ ਆਇਆ। ਇੱਥੇ ਅਸੀਂ ਬਰਫ਼ ਉਪਰ ਫੋਟੋਆਂ ਖਿੱਚੀਆਂ ਅਤੇ ਬਰਫ਼ ਇੱਕ ਦੂਜੇ ਦੇ ਮਾਰ ਕੇ ਖੇਡਦੇ-ਖੇਡਦੇ ਪਰਾਸ਼ਰ ਲੇਕ ਤੱਕ ਪਹੁੰਚ ਗਏ। ਸਾਨੂੰ ਬਹੁਤ ਠੰਢ ਲੱਗ ਰਹੀ ਸੀ। ਅਸੀਂ ਉੱਥੇ ਬਣੀ ਛੋਟੀ ਜਿਹੀ ਦੁਕਾਨ ਉੱਪਰੋਂ ਗਰਮ ਗਰਮ ਚਾਹ ਪੀਤੀ ਅਤੇ ਮੈਗੀ ਖਾਧੀ। ਝੀਲ ਦਾ ਦ੍ਰਿਸ਼ ਬਹੁਤ ਸੁੰਦਰ ਸੀ। ਪਾਪਾ ਨੇ ਦੱਸਿਆ ਕਿ ਇਸ ਝੀਲ ਦਾ ਨਾਮ ਪਰਾਸ਼ਰ ਰਿਸ਼ੀ ਦੇ ਨਾਮ ਤੇ ਰੱਖਿਆ ਗਿਆ ਹੈ, ਪਰਾਸ਼ਰ ਰਿਸ਼ੀ ਦਾ ਲੱਕੜ ਦਾ ਬਣਿਆ ਖ਼ੂਬਸੂਰਤ ਮੰਦਰ ਝੀਲ ਦੇ ਬਿਲਕੁਲ ਕੋਲ ਹੀ ਹੈ। ਇਸ ਝੀਲ ਦੀ ਖਾਸੀਅਤ ਹੈ ਕਿ ਇਸ ਵਿਚ ਇਕ ਛੋਟਾ ਜਿਹਾ ਟਾਪੂ ਤੈਰਦਾ ਰਹਿੰਦਾ ਹੈ ਜਿਸ ਨੂੰ ਫਲੋਟਿੰਗ ਆਈਲੈਂਡ ਕਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਆਪਣੀ ਜਗ੍ਹਾ ਬਦਲਦਾ ਰਹਿੰਦਾ ਹੈ। ਪਾਪਾ ਇਸ ਝੀਲ ਤੇ ਪਹਿਲਾਂ ਵੀ ਆ ਚੁੱਕੇ ਸਨ ਇਸ ਲਈ ਉਨ੍ਹਾਂ ਨੇ ਦੱਸਿਆ ਕਿ ਹਾਂ ਇਹ ਪਹਿਲਾਂ ਝੀਲ ਦੇ ਦੂਸਰੇ ਪਾਸੇ ਹੁੰਦਾ ਸੀ ਸਾਲ ਵਿੱਚ ਇਹ ਕਈ ਵਾਰ ਆਪਣਾ ਸਥਾਨ ਬਦਲ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮੌਸਮ ਵਿੱਚ ਝੀਲ ਦਾ ਆਪਣਾ ਰੰਗ ਹੁੰਦਾ ਹੈ। ਗਰਮੀਆਂ ਵਿੱਚ ਇੱਥੇ ਚਾਰ ਚੁਫੇਰਾ ਹਰਾ-ਭਰਾ ਹੁੰਦਾ ਹੈ, ਸਤੰਬਰ ਅਕਤੂਬਰ ਵਿਚ ਏਥੇ ਦੇ ਪਹਾੜਾਂ ਭੂਰਾ ਰੰਗ ਹੁੰਦਾ ਹੈ ਅਤੇ ਦਸੰਬਰ ਜਨਵਰੀ ਦੀਆਂ ਸਰਦੀਆਂ ਵਿਚ ਬਰਫ ਪੈਣ ਕਾਰਨ ਆਲਾ ਦੁਆਲਾ ਚਿੱਟਾ ਹੋ ਜਾਂਦਾ ਹੈ ਅਤੇ ਝੀਲ ਜੰਮ ਜਾਂਦੀ ਹੈ। ਅਸੀਂ ਪਰਾਸ਼ਰ ਰਿਸ਼ੀ ਦਾ ਮੰਦਿਰ ਦੇਖਿਆ ਜਿੱਥੇ ਬਹੁਤ ਸਾਰੇ ਲੋਕ ਮੱਥਾ ਟੇਕ ਰਹੇ ਸਨ। ਕਈ ਲੋਕ ਝੀਲ ਕਿਨਾਰੇ ਪਹਾੜ ਦੇ ਕੋਲ ਪੱਥਰਾਂ ਦੇ ਉੱਪਰ ਪੱਥਰ ਰੱਖ ਕੇ ਨਿੱਕੇ ਨਿੱਕੇ ਪਿਰਾਮਿਡ ਬਣਾ ਰਹੇ ਸਨ, ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ। ਅਸੀਂ ਬਰਫ਼ ਤੇ ਖੇਡਦੇ ਰਹੇ ਸ਼ਾਮ ਹੋਣ ਵਾਲੀ ਸੀ ਇਸ ਲਈ ਅਸੀਂ ਸਾਰੇ ਉਥੋਂ ਫੋਟੋਆਂ ਖਿੱਚ ਕੇ ਵਾਪਸ ਪੈਦਲ ਤੁਰਦੇ ਆਪਣੀ ਗੱਡੀ ਤਕ ਆ ਗਏ। ਮੈਨੂੰ ਹਿਮਾਚਲ ਦੀ ਪਰਾਸ਼ਰ ਝੀਲ ਦੀ ਇਹ ਯਾਤਰਾ ਬਹੁਤ ਵਧੀਆ ਲੱਗੀ । ਇਸ ਸਫ਼ਰ ਤੋਂ ਮੈਂਨੂੰ ਇੱਕ ਨਵੀਂ ਗੱਲ ਸਿੱਖਣ ਨੂੰ ਵੀ ਮਿਲੀ ਕਿ ਮੁਸੀਬਤ ਤੋਂ ਅੱਗੇ ਜਾ ਕੇ ਹੀ ਸਫ਼ਲਤਾ ਮਿਲਦੀ ਹੈ।

========================================

ਅਲੋਪ ਹੋ ਰਹੇ ਹਨ ਪਿੱਤਲ ਦੇ ਭਾਂਡੇ

– ਰਾਜਿੰਦਰ ਰਾਣੀ  (ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ) Mob. 81468-59585

                   ਅਜੋਕੇ ਸਮੇਂ ‘ਚ ਸਾਡੇ ਰਹਿਣ ਸਹਿਣ ਦੇ ਢੰਗ, ਜੀਵਨ ਜਾਂਚ ਤੇ ਆਪੂ ਸਹੇੜੇ ਮਾਨਸਿਕ ਦਬਾਅ ਕਾਰਨ ਅੱਜ ਹਰ ਇਨਸਾਨ ਕਿਸੇ ਨਾ ਕਿਸੇ ਛੋਟੀ ਜਾਂ ਵੱਡੀ ਬਿਮਾਰੀ ਤੋਂ ਪੀੜਤ ਹੈ। ਮਿਠਆਈਆਂ, ਫ਼ਸਲਾਂ, ਸਬਜ਼ੀਆਂ, ਦਾਲਾਂ ਆਦਿ ਖਾਣ-ਪੀਣ ਦੀਆਂ ਵਸਤਾਂ ਪੈਸੇ ਦੀ ਅੰਨ੍ਹੀ ਦੌੜ ਤੇ ਵੱਧ ਮੁਨਾਫ਼ਾ ਕਮਾਉਣ ਦੀ ਹੋੜ ਨੇ ਮਿਲਾਵਟੀ ਵਸਤਾਂ, ਜ਼ਹਿਰੀਲੀਆਂ ਦਵਾਈਆਂ, ਸਪ੫ੇਆਂ ਤੇ ਖਾਦਾਂ ਆਦਿ ਦੀ ਵਰਤੋਂ ‘ਚ ਬੇਤਹਾਸ਼ਾ ਵਾਧਾ ਕੀਤਾ ਹੈ ਜਿਸ ਕਾਰਨ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੇ ਇਨਸਾਨ ਨੂੰ ਆ ਘੇਰਿਆ ਹੈ।ਇਸ ਸਭ ਕਾਸੇ ਲਈ ਦੂਸਰਿਆਂ ਨੂੰ ਦੋਸ਼ ਦੇਣ ਨਾਲੋਂ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ ‘ਚ ਇਸ ਕਦਰ ਤਬਦੀਲੀ ਲੈ ਆਉਂਦੀ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਮਕੜਜਾਲ ‘ਚ ਫਸਦੇ ਜਾ ਰਹੇ ਹਾਂ।ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਅੱਜ ਅਸੀਂ ਦੋ ਦਹਾਕੇ ਪਹਿਲਾਂ ਵਰਤੇ ਜਾਣ ਵਾਲੇ ਬਰਤਨਾਂ ਨੂੰ ਵੀ ਪੂਰੀ ਤਰ੍ਹਾਂ ਅਲਵਿਦਾ ਆਖ ਚੁੱਕੇ ਹਾਂ।

ਹਰ ਰਸੋਈ ‘ਚੋਂ ਗਾਇਬ ਹੋਏ ਪਿੱਤਲ ਦੇ ਭਾਂਡੇ: ਪਿਛਲੇ ਸਮੇਂ ਦੌਰਾਨ ਘਰਾਂ ‘ਚ ਵਰਤੇ ਜਾਣ ਵਾਲੇ ਪਿੱਤਲ ਦੇ ਭਾਂਡੇ ਅੱਜ ਹਰ ਰਸੋਈ ‘ਚੋਂ ਗਾਇਬ ਹੋ ਚੁੱਕੇ ਹਨ।ਇਹ ਭਾਂਡੇ ਹੁਣ ਹੋਟਲਾਂ ਤੇ ਰੈਸਟੋਰੈਂਟਾਂ ‘ਚ ਇਕ ਪ੍ਰਦਰਸ਼ਨੀ ਦੇ ਰੂਪ ‘ਚ ਵੇਖਣ ਨੂੰ ਹੀ ਮਿਲਦੇ ਹਨ। ਇਹ ਹੁਣ ਰਸੋਈ ਦਾ ਸ਼ਿੰਗਾਰ ਨਹੀਂ ਰਹੇ। ਇਨ੍ਹਾਂ ‘ਚ ਆਟਾ ਗੁੰਨਣ ਤੋਂ ਲੈ ਕੇ ਸਬਜ਼ੀ ਬਣਾਉਣ ਤੇ ਥਾਲੀ ‘ਚ ਪਰੋਸ ਕੇ ਖਾਣ ਤਕ ਦਾ ਜ਼ਾਇਕਾ ਹੀ ਵੱਖਰਾ ਸੀ। ਇਹ ਤਾਂਬਾ ਤੇ ਜਿਸਤ ਦੋ ਧਾਤਾਂ ਦਾ ਸੁਮੇਲ ਹੈ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਫਾਇਦੇਮੰਦ ਧਾਤਾਂ ਹਨ ਪਰ ਅੱਜ ਰਸੋਈ ‘ਚ ਵਰਤੇ ਜਾਣ ਵਾਲੇ ਅਲੂਮੀਨੀਅਮ ਦੇ ਭਾਂਡੇ ਕੈਂਸਰ ਜਿਹੀਆਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ।

                  ਗਹਿਣੇ ਦੇ ਰੂਪ ‘ਚ ਲੜਕੀਆਂ ਨੂੰ ਦਿੱਤੇ ਜਾਂਦੇ ਸਨ ਪਿੱਤਲ ਦੇ ਬਰਤਨ: ਲੜਕੀ ਦੇ ਵਿਆਹ ਸਮੇਂ ਲੜਕੀ ਨੂੰ ਪਿੱਤਲ ਦੇ ਬਰਤਨ ਦੇਣਾ ਸ਼ੱੁਭ ਸਮਿਝਆ ਜਾਂਦਾ ਸੀ।¢ਉਸ ਸਮੇਂ ਇਹ ਉੱਨਾ ਹੀ ਜ਼ਰੂਰੀ ਸਮਿਝਆ ਜਾਂਦਾ ਸੀ ਜਿੰਨਾ ਕਿ ਲੜਕੀ ਨੂੰ ਗਹਿਣੇ ਦੇਣਾ ਲੜਕੀ ਵੱਲੋਂ ਵੀ ਇਨ੍ਹਾਂ ਨੂੰ ਆਪਣੇ ਬੱਚਿਆਂ ਲਈ ਗਹਿਣਿਆਂ ਵਾਂਗ ਹੀ ਸੰਭਾਲ ਕੇ ਰੱਖਿਆ ਜਾਂਦਾ ਸੀ।

                 ਸਿਰਫ਼ ਇਕ ਫ਼ੀਸਦੀ ਗਾਹਕ ਹੀ ਖ਼ਰੀਦਦੇ ਹਨ ਪਿੱਤਲ ਦੇ ਬਰਤਨ: ਇਸ ਸਬੰਧੀ ਬਰਤਨਾਂ ਦੀ ਦੁਕਾਨ ਕਰਨ ਵਾਲੇ ਵਿਜੇ ਕਪੂਰ ਨੇ ਦੱਸਿਆ ਕਿ ਅੱਜ-ਕਲ੍ਹ ਸਿਰਫ਼ ਇਕ ਫ਼ੀਸਦੀ ਲੋਕ ਹੀ ਪਿੱਤਲ ਦੇ ਬਰਤਨ ਖ਼ਰੀਦਦੇ ਹਨ।ਉਹ ਵੀ ਵਿਆਹ ‘ਚ ਨਾਨਕੀਸ਼ੱਕ ਦੇ ਤੌਰ ‘ਤੇ ਦਿੱਤੀ ਜਾਣ ਵਾਲੀ ਇਕ ਪਰਾਤ ਜੋ ਕਿ ਮਾਤਰ ਸ਼ਗਨ ਰੂਪ ‘ਚ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਿਰਫ਼ ਗੁੱਜਰ ਪਰਿਵਾਰਾਂ ‘ਚ ਹੀ ਪਿੱਤਲ ਦੇ ਭਾਂਡੇ ਦੇਣ ਦਾ ਰਿਵਾਜ਼ ਹੈ ਜਦਕਿ ਪੰਜਾਬੀ ਪਰਿਵਾਰ ਤਾਂ ਕੇਵਲ ਸਟੀਲ ਹੀ ਖ਼ਰੀਦਦੇ ਹਨ। ਇਸ ਦਾ ਇਕ ਕਾਰਨ ਸਟੀਲ ਦੇ ਬਰਤਨਾਂ ਨੂੰ ਸਾਫ਼ ਕਰਨਾ ਆਸਾਨ ਹੈ ਜਦਕਿ ਪਿੱਤਲ ਨੂੰ ਰਗੜ-ਰਗੜ ਕੇ ਸਾਫ਼ ਕਰਨਾ ਪੈਂਦਾ ਹੈ ਜੋ ਕਿ ਅਜੋਕੇ ਸਮੇਂ ‘ਚ ਕੰਮਕਾਜੀ ਅੌਰਤਾਂ ਲਈ ਮੁਸ਼ਕਲ ਹੈ।

                ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਓ ਦਾ ਹੋਕਾ: ਦੋ ਢਾਈ ਦਹਾਕੇ ਪਹਿਲਾਂ ਗਲੀਆਂ, ਮੁਹੱਲਿਆਂ, ਪਿੰਡਾਂ ‘ਚ ਇਹ ਹੋਕਾ ਅਕਸਰ ਸੁਣਨ ਨੂੰ ਮਿਲਦਾ ਸੀ ‘ਭਾਂਡੇ ਕਲੀ ਕਰਾ ਲਓ’ ਪਰ ਅੱਜ ਇਹ ਆਵਾਜ਼ ਅਲੋਪ ਹੋ ਚੁੱਕੀ ਹੈ। ਸਾਈਕਲ ‘ਤੇ ਛੋਟੀ ਜਿਹੀ ਭੱਠੀ ਲਈ ਇਕ ਵਿਅਕਤੀ ਅਕਸਰ ਪਿੱਤਲ ਦੇ ਭਾਂਡੇ ਕਲੀ ਕਰਨ ਲਈ ਆਉਂਦਾ ਤੇ ਪੂਰਾ ਮੁਹੱਲਾ ਵਾਰੀ-ਵਾਰੀ ਆ ਕੇ ਆਪਣੇ ਭਾਂਡੇ ਕਲੀ ਕਰਵਾ ਲੈਂਦਾ ਕਿਉਂਕਿ ਪਿੱਤਲ ਦੇ ਬਰਤਨ ਕੁੱਝ ਸਮਾਂ ਵਰਤਣ ਤੋਂ ਬਾਅਦ ਕੁਸੈਲਾਪਣ ਛੱਡਣ ਲੱਗ ਪੈਂਦੇ ਹਨ ਜਿਸ ਲਈ ਉਨ੍ਹਾਂ ਨੂੰ ਕਲੀ ਕਰਨਾ ਜ਼ਰੂਰੀ ਹੈ¢ ਇਹ ਕੰਮ ਕਰਨ ਵਾਲਿਆਂ ਵੀ ਹੁਣ ਇਨ੍ਹਾਂ ਭਾਂਡਿਆਂ ਵਾਂਗ ਅਲੋਪ ਹੋ ਚੁੱਕੇ ਹਨ¢ ਜਿਸ ਦਾ ਕਾਰਨ ਪਿੱਤਲ ਦੀ ਘੱਟ ਵਰਤੋਂ ਤੇ ਕਲੀ ਦਾ ਬਹੁਤ ਮਹਿੰਗਾ ਹੋਣਾ ਹੈ। ਜਿਸ ਦੀ ਕੀਮਤ ਲਗਭਗ ਪੰਜ ਹਜ਼ਾਰ ਪ੫ਤੀ ਕਿਲੋਗ੫ਾਮ ਹੈ। ਇਸ ਸਬੰਧੀ ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਪਿੱਤਲ ਦੇ ਭਾਂਡੇ ਸਿਹਤ ਲਈ ਬੇਹੱਦ ਲਾਭਕਾਰੀ ਹਨ। ਬਾਜ਼ਾਰ ‘ਚ ਵਿਕ ਰਹੀਆਂ ਬਹੁਤ ਸਾਰੀਆਂ ਦਵਾਈਆਂ ‘ਚ ਤਾਂਬਾ ਤੇ ਜਿਸਤ ਯੁਕਤ ਮਿਲਦੀਆਂ ਹਨ¢ ਤਾਂਬੇ ਦੇ ਬਰਤਨਾਂ ‘ਚ ਪਾਣੀ-ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ

ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ‘ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ। ਪੁਰਾਣੇ ਬਜ਼ੁਰਗ ਆਮ ਤੌਰ ‘ਤੇ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਨਾਲ ਹੀ ਹੰਢਣਸਾਰ ਭਾਂਡੇ ਵੀ ਵਰਤਦੇ ਸਨ। ਮਿੱਟੀ ਦੇ ਭਾਂਡੇ ਅਕਸਰ ਜਲਦੀ ਟੁੱਟ ਜਾਂਦੇ ਹਨ, ਇਸ ਲਈ ਜਿਆਦਾ ਵਰਤੋਂ ਵਿਚ ਆਉਣ ਵਾਲੇ ਭਾਂਡੇ ਜਿਵੇਂ ਪਰਾਤ, ਜੱਗ, ਗਲਾਸ, ਬਾਟੀਆਂ, ਥਾਲ ਆਦਿ ਪਿੱਤਲ ਦੇ ਹੀ ਵਰਤਦੇ ਸਨ। ਮਿੱਟੀ ਦੇ ਭਾਂਡੇ ਸਸਤੇ ਅਤੇ ਚੁੱਲ੍ਹੇ ‘ਤੇ ਚਾੜ੍ਹਨ ਲਈ ਟਿਕਾਉ ਹੁੰਦੇ ਸਨ। ਦੂਜੇ ਪਾਸੇ ਪਿੱਤਲ ਦੇ ਭਾਂਡੇ ਲੰਮੇ ਸਮੇਂ ਲਈ ਵਰਤਣਯੋਗ ਅਤੇ ਕਿੰਨੇ ਸਾਲ ਵਰਤਣ ਤੋਂ ਬਾਅਦ ਵੀ ਤਕਰੀਬਨ ਓਨੇ ਹੀ ਪੈਸਿਆਂ ਵਿਚ ਵਿਕ ਜਾਂਦੇ ਸਨ। ਪਿੱਤਲ ਦੇ ਭਾਂਡਿਆਂ ਦੀ ਉਮਰ ਲੰਬੀ ਕਰਨ ਲਈ ਕਈ ਵਾਰ ਉਨ੍ਹਾਂ ਨੂੰ ਕਲੀ ਵੀ ਕਰਵਾਈ ਜਾਂਦੀ ਸੀ ਜਿਸ ਕਾਰਨ ਕਲੀ ਕਰਨ ਵਾਲਿਆਂ ਦਾ ਧੰਦਾ ਵੀ ਖ਼ੂਬ ਵਧਦਾ ਫੁੱਲਦਾ ਰਹਿੰਦਾ ਸੀ।

ਉਨ੍ਹਾਂ ਦਿਨਾਂ ਵਿਚ ਪਿੱਤਲ ਦੀ ਪਰਾਤ ਅਤੇ ਪਿੱਤਲ ਦੇ ਜੱਗ ਜਾਂ ਗੰਗਾਸਾਗਰ ਬਹੁਤ ਪ੍ਰਚੱਲਿਤ ਸਨ। ਵਿਆਹਾਂ ਵਿਚ ਤਾਂ ਮਠਿਆਈਆਂ ਸਾਂਭਣ ਅਤੇ ਵਰਤਾਉਣ ਸਮੇਂ ਪਰਾਤ ਦੀ ਭੂਮਿਕਾ ਅਹਿਮ ਹੁੰਦੀ ਸੀ। ਜਦੋਂ ਵੀ ਵਿਆਹਾਂ ਵਿਚ ਜ਼ਮੀਨ ‘ਤੇ ਬੈਠੇ ਜੰਞ ਵਾਲਿਆਂ ਨੂੰ ਰੋਟੀ ਖੁਆਈ ਜਾਂਦੀ ਸੀ ਤਾਂ ਲੱਡੂ ਅਤੇ ਜਲੇਬੀਆਂ ਨਾਲ ਭਰੀਆਂ ਪਰਾਤਾਂ ਵਾਲੇ ਉਨ੍ਹਾਂ ਨੂੰ ਮਠਿਆਈ ਵਰਤਾਉਂਦੇ ਸਨ। ਰੋਟੀ ਸਮੇਂ ਉਨ੍ਹਾਂ ਨੂੰ ਪਾਣੀ ਵਰਤਾਉਣ ਲਈ ਗੰਗਾਸਾਗਰ ਬਹੁਤ ਸਹਾਈ ਹੁੰਦੇ ਸਨ। ਚਾਹ ਵਰਤਾਉਣ ਲਈ ਵੀ ਇਨ੍ਹਾਂ ਦੀ ਹੀ ਵਰਤੋਂ ਹੁੰਦੀ ਸੀ। ਨਾਨਕਾ ਮੇਲ ਆਉਣ ਸਮੇਂ ਨਾਨਕਿਆਂ ਨੂੰ ਪਿੱਤਲ ਦੀਆਂ ਪਰਾਤਾਂ ਵਿਚ ਹੀ ਮਠਿਆਈਆਂ ਭਰ ਭਰ ਕੇ ਦਿੱਤੀਆਂ ਜਾਂਦੀਆਂ ਸਨ। ਨਾਨਕਾ ਮੇਲ ਵੀ ਇਨ੍ਹਾਂ ਲੱਡੂਆਂ ਅਤੇ ਜਲੇਬੀਆਂ ਭਰੀਆਂ ਪਰਾਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ। ਇਹੀ ਕਾਰਨ ਸੀ ਕਿ ਪਿੱਤਲ ਦੀਆਂ ਪਰਾਤਾਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਸਨ। ਬਹੁਤ ਸਾਰੇ ਗੀਤ, ਲੋਕ ਗੀਤ ਅਤੇ ਬੋਲੀਆਂ ਇਨ੍ਹਾਂ ਬਾਰੇ ਸੁਣਨ ਨੂੰ ਮਿਲਦੀਆਂ ਸਨ:

ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਤ ਵੇ,
ਧਰਤੀ ਨੂੰ ਕਲੀ ਕਰਾ ਦੇ, ਮੈਂ ਨੱਚੂੰਗੀ ਸਾਰੀ ਰਾਤ ਵੇ।

ਇਸੇ ਤਰ੍ਹਾਂ ਪਿੱਤਲ ਦੇ ਦੂਜੇ ਭਾਂਡਿਆਂ ਦਾ ਜਿਕਰ ਵੀ ਸਾਡੇ ਪੰਜਾਬੀ ਲੋਕ ਗੀਤਾਂ ਵਿਚ ਮਿਲਦਾ ਹੈ।

ਥਾਲੀ ਥਾਲੀ ਥਾਲੀ ਨੀ ਅੱਜ, ਮੇਰੇ ਵੀਰੇ ਦੀ ਭੱਜੀ ਫਿਰੂਗੀ ਸਾਲੀ।

ਪਿੱਤਲ ਦੇ ਭਾਂਡਿਆਂ ਨਾਲ ਕਾਂਸੀ ਦਾ ਛੰਨਾ ਵੀ ਅਹਿਮ ਰਿਹਾ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਵਿਚ ਇਹ ਆਮ ਸੁਣਨ ਨੂੰ ਮਿਲਦਾ ਹੈ:

ਛੰਨੇ ਉੱਤੇ ਛੰਨਾ, ਛੰਨਾ ਭਰਿਆ ਜਮੈਣ ਦਾ
ਦੇਖ ਲੈ ਸ਼ੁਕੀਨਾਂ ਗਿੱਧਾ ਜੱਟੀ ਮਲਵੈਣ ਦਾ।

ਬੀਤ ਸਮੇਂ ਦੇ ਨਾਲ ਕੱਚੇ ਕੋਠਿਆਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਕੱਚੀਆਂ ਰਸੋਈਆਂ ਦੀ ਥਾਂ ਮਾਡਰਨ ਟਾਈਲਾਂ ਵਾਲੀਆਂ ਪੱਕੀਆਂ ਰਸੋਈਆਂ ਬਣ ਗਈਆਂ। ਉਨ੍ਹਾਂ ਵਿਚ ਪੁਰਾਣੇ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡਿਆਂ ਨੇ ਲੈ ਲਈ। ਇਸ ਕਾਰਨ ਪਿੱਤਲ ਦੀਆਂ ਪਰਾਤਾਂ, ਪਿੱਤਲ ਦੇ ਥਾਲ ਅਤੇ ਜੱਗ ਤਾਂ ਲੋਪ ਹੀ ਹੋ ਗਏ ਹਨ।

ਅੱਜ ਸਮਾਜ ਵਿਚ ਸਭ ਕੁਝ ਬਦਲ ਗਿਆ ਹੈ। ਵਿਆਹਾਂ ਵਿਚ ਖਾਣਾ ਹੇਠਾਂ ਬੈਠ ਕੇ ਨਹੀਂ ਸਗੋਂ ਆਲੀਸ਼ਾਨ ਮੈਰਿਜ ਪੈਲੇਸਾਂ ਵਿਚ ਭਾਂਤ-ਭਾਂਤ ਦੇ ਚੀਨੀ ਬਰਤਨਾਂ ਵਿਚ ਖੁਆਇਆ ਜਾਂਦਾ ਹੈ। ਅੰਤਾਂ ਦਾ ਖ਼ਰਚ ਵੀ ਕੀਤਾ ਜਾਂਦਾ ਹੈ, ਪਰ ਪਹਿਲੇ ਵਿਆਹਾਂ ਜਿਹਾ ਆਨੰਦ ਵੀ ਨਹੀਂ ਆਉਂਦਾ। ਭਾਵੇਂ ਅੱਜ ਸਾਡੇ ਘਰਾਂ ਵਿਚੋਂ ਪਿੱਤਲ ਦੇ ਥਾਲ, ਪਰਾਤਾਂ ਅਤੇ ਜੱਗ ਲੋਪ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਮਨਾਂ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਇਹ ਦੂਰ ਨਹੀਂ ਹੋਏ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹੀ ਰਹਿੰਦੇ ਹਨ।

========================================

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਸਭ ਤੋਂ ਸੱਚਾ ਹੈ

– ਗਗਨਦੀਪ ਧਾਲੀਵਾਲ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ। ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ। ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ। ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ। ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ। ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ। ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ। ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ। ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ। ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ। ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸਿਰਵਾਦ ਪ੍ਰਾਪਤ ਕਰਦੇ ਹਨ।

ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ ”ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ, ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।” ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ। ਮਾਂ ਤਾਂ ਰੱਬ ਦਾ ਦੂਜਾ ਰੂਪ ਹੈ। ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ।

ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ। ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ। ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ –
ਮਾਂ ਦੇ ਲਈ ਸੱਭ ਨੂੰ ਛੱਡ ਦਿਓ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ। ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ। ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ। ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ। ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੀ ਹੈ। ਦੋਸਤੋਂ ਸਭ ਤੋਂ ਅਨਮੋਲ, ਸਦੀਵੀ, ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ। ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ, ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ।

ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋੲੀ ਤੱਤੀ ਵਾਹ ਨਾ ਲੱਗੇ। ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —
ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ,

ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ।

========================================

ਅਖ਼ਬਾਰ ਪੜ੍ਹਨ ਦੀ ਆਦਤ ਹੁਣ ਨਹੀਂ ਰਹੀ ਲੋਕਾਂ ਨੂੰ

-ਦਿਨੇਸ਼ ਦਮਾਥੀਆ  Mob. 94177-14390

ਕਦੇ ਉਹ ਵੀ ਸਮਾਂ ਸੀ ਜਦੋਂ ਸਵੇਰੇ ਉੱਠਦੇ ਸਾਰ ਸਾਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਸੀ ਤੇ ਉਹ ਸੀ ਅਖ਼ਬਾਰ। ਕਈ ਵਾਰ ਤਾਂ ਪੂਰੇ ਪਰਿਵਾਰ ਵਿੱਚ ਇੱਕ ਮੁਕਾਬਲੇ ਦੀ ਭਾਵਨਾ ਹੁੰਦੀ ਸੀ ਕਿ ਸਵੇਰੇ ਅਖ਼ਬਾਰ ਨੂੰ ਸਭ ਤੋਂ ਪਹਿਲਾਂ ਕੌਣ ਪੜ੍ਹੇਗਾ। ਜਿਸ ਦਿਨ ਘਰ ਵਿੱਚ ਕਿਸੇ ਕਾਰਨ ਕਰਕੇ ਅਖ਼ਬਾਰ ਨਹੀਂ ਆਉਂਦਾ ਸੀ ਤਾਂ ਲਗਦਾ ਸੀ ਜਿਵੇਂ ਜ਼ਿੰਦਗੀ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਵੇ।

ਅਖ਼ਬਾਰ ਪੜ੍ਹਨਾ ਕਦੇ ਸਾਡੀਆਂ ਚੰਗੀਆਂ ਆਦਤਾਂ ਵਿੱਚ ਸ਼ਾਮਿਲ ਹੁੰਦਾ ਸੀ। ਤਾਜ਼ਾ ਖ਼ਬਰਾਂ, ਮਿਆਰੀ ਜਾਣਕਾਰੀ ਅਤੇ ਹਰ ਤਰਾਂ ਦਾ ਮੋਰੰਜਨ ਸਿਰਫ਼ ਸਾਨੂੰ ਅਖ਼ਬਾਰ ਵਿੱਚ ਹੀ ਮਿਲਦਾ ਸੀ। ਅਖ਼ਬਾਰ ਇੱਕ ਅਜਿਹਾ ਸਾਧਨ ਹੈ ਜਿਸ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਲਈ ਖ਼ਬਰਾਂ ਅਤੇ ਜਾਣਕਾਰੀ ਮਿਲਦੀ ਹੈ। ਇਹ ਮੰਨਿਆਂ ਜਾਂਦਾ ਹੈ ਕਿ ਅਖ਼ਬਾਰ ਨੂੰ ਰੁਜ਼ਾਨਾ ਪੜ੍ਹਨ ਵਲੇ ਨੂੰ ਹੋਰ ਦੂਜੇ ਲੋਕਾਂ ਨਾਲੋਂ ਵਧੇਰੇ ਜਾਣਕਾਰੀ ਹੁੰਦੀ ਹੈ। ਸਮਾਂ ਬਿਤਾਉਣ ਦਾ ਇੱਕ ਸਾਰਥਕ ਸਾਧਨ ਵੀ ਅਖ਼ਬਾਰ ਨੂੰ ਹੀ ਮੰਨਿਆਂ ਜਾਂਦਾ ਹੈ। ਕੁਝ ਘਰਾਂ ਵਿੱਚ ਅੱਜ ਵੀ ਕਿਸੇ ਨੂੰ ਸਮਾਂ ਬਿਤਾਉਣ ਲਈ ਅਖ਼ਬਾਰ ਪੇਸ਼ ਕੀਤੀ ਜਾਂਦੀ ਹੈ।

                ਅਖ਼ਬਾਰ ਨਾਲ ਨਿਰੰਤਰ ਜੁੜੇ ਰਹਿਣ ਵਾਲੇ ਇਨਸਾਨ ਦਾ ਕਦੇ ਵੀ ਮੰਨ ਭਟੱਕਦਾ ਨਹੀਂ ਉਹ ਸਿਰਫ਼ ਆਪਣੇ ਆਸ-ਪਾਸ ਦੇ ਮਾਹੌਲ ਪ੍ਰਤੀ ਹਮੇਸ਼ਾਂ ਜਾਣੂ ਰਹਿੰਦਾ ਹੈ। ਅਖ਼ਬਾਰ ਵਿੱਚ ਪੂਰੀ ਦੁਨੀਆਂ ਦੇ ਵੱਖ-ਵੱਖ ਕੋਣੇ ਤੋਂ ਖ਼ਬਰਾਂ ਮਿਲਦੀਆਂ ਹਨ ਅਤੇ ਘਰ ਬੈਠੇ ਹੀ ਇਹਨਾਂ ਦਾ ਪਤਾ ਲਗ ਜਾਂਦਾ ਹੈ। ਹਰ ਖੇਤਰ ਨਾਲ ਸੰਬੰਧਤ ਜਾਣਕਾਰੀ ਵੀ ਮਿਲਦੀ ਹੈ। ਨੌਕਰੀਆਂ, ਵਿਆਹਾਂ ਅਤੇ ਹੋਰ ਕਈ ਤਰਾਂ ਦੇ ਪਰਿਵਾਰਕ ਅਤੇ ਵਪਾਰਕ ਵਿਗਿਆਪਨ ਅਖ਼ਬਾਰ ਵਿੱਚ ਦੇਖੇ ਜਾਂਦੇ ਹਨ। ਮਨੋਰੰਜਨ ਦੇ ਹੋਰ ਦੂਜੇ ਸਭ ਸਾਧਨਾਂ ਨਾਲੋਂ ਅਖ਼ਬਾਰ ਇੱਕ ਵਧੀਆ ਸਾਧਨ ਹੈ। ਪਰ ਅੱਜ ਟੈਲੀਵਿਜ਼ਨ, ਮੋਬਾਈਲ, ਇੰਟਰਨੈੱਟ ਅਤੇ ਇਸ ਤਰਾਂ ਦੇ ਹੋਰ ਕਈ ਸਾਧਨ ਆ ਚੁਕੇ ਹਨ ਜਿਸ ਕਰਕੇ ਅਖ਼ਬਾਰ ਪੜ੍ਹਨ ਦਾ ਚਲਨ ਖਤਮ ਹੋ ਗਿਆ ਹੈ ਜਾਂ ਬਹੁਤ ਘੱਟ ਗਿਆ ਹੈ।

                 ਜੇਕਰ ਕੁਝ ਲੋਕ ਅਜੇ ਵੀ ਅਖ਼ਬਾਰ ਨਾਲ ਜੁੜੇ ਹਨ ਤਾਂ ਉਹ ਵੀ ਇੰਟਰਨੈੱਟ ਜਾਂ ਆਨਲਾਈਨ ਅਖ਼ਬਾਰਾਂ ਨੂੰ ਮੋਬਾਈਲ ਜਾਂ ਕੰਪਿਊਟਰ ਦੁਆਰਾ ਪੜ੍ਹ ਲੈਂਦੇ ਹਨ। ਹੁਣ ਕਿਸੇ ਕੋਲ ਸਮਾਂ ਨਹੀਂ ਕਿ ਉਹ ਸਾਹਮਣੇ ਪਈ ਅਖ਼ਬਾਰ ਨੂੰ ਦੇਖ ਸਕੇ ਜਾਂ ਪੜ੍ਹ ਸਕੇ। ਸਾਡੀ ਸਾਰਿਆਂ ਦੀ ਜ਼ਿੰਦਗੀ ਬਹੁਤ ਤੇਜ਼ੀ ਨਾਲ ਦੌੜ ਰਹੀ ਹੈ ਅਤੇ ਜਿਸਦੇ ਕਰਕੇ ਅਸੀਂ ਵੀ ਬਹੁਤ ਤੇਜ਼ੀ ਨਾਲ ਦੌੜ ਰਹੇ ਹਾਂ। ਬਜ਼ੁਰਗਾਂ ਵਿੱਚ ਅਜੇ ਵੀ ਨਿਰੰਤਰ ਅਖ਼ਬਾਰ ਪੜ੍ਹਨ ਦੀ ਆਦਤ ਬਰਕਰਾਰ ਹੈ। ਪੁਰਾਣੇ ਸਮੇਂ ਵਿੱਚ ਸਵੇਰ ਦੀ ਚਾਹ ਦੇ ਨਾਲ ਅਖ਼ਬਾਰ ਪੜ੍ਹਿਆ ਜਾਂਦਾ ਸੀ। ਹੁਣ ਵੱਟਸਐਪ ਅਤੇ ਫ਼ੇਸਬੁੱਕ ਨੇ ਤਾਂ ਲੋਕਾਂ ਦੀਆਂ ਬਹੁਤੀਆਂ ਚੰਗੀਆਂ ਆਦਤਾਂ ਉਹਨਾ ਕੋਲੋਂ ਬਿਲਕੁਲ ਛੁਡਾਅ ਦਿੱਤੀਆਂ ਹਨ।

ਲੋਕ ਤਾਂ ਹੁਣ ਸਵੇਰੇ ਉੱਠਦੇ ਸਾਰ ਹੀ ਵੱਟਸਐਪ ਅਤੇ ਫ਼ੇਸਬੁੱਕ ਦੇ ਜ਼ਰੀਏ ਸਾਰੀ ਦੁਨੀਆਂ ਨੂੰ ਫ਼ਤਹਿ ਕਰ ਲੈਂਦੇ ਹਨ। ਨੌਜਵਾਨ ਪੀੜ੍ਹੀ ਤਾਂ ਬਸ ਵੱਟਸਐਪ ਅਤੇ ਫ਼ੇਸਬੁੱਕ ਨੂੰ ਹੀ ਆਪਣਾ ਸਭ ਕੁਝ ਮੰਨਣ ਲੱਗ ਪਈ ਹੈ। ਨਵੀਂ ਪੀੜ੍ਹੀ ਨੂੰ ਅਖ਼ਬਾਰ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ। ਨੌਜਵਾਨ ਤਾਂ ਇਸ ਨੂੰ ਸਿਰਫ਼ ਰੱਦੀ ਪੈਦਾ ਕਰਨ ਵਾਲਾ ਸਾਧਨ ਸਮਝਦੇ ਹਨ। ਉਹ ਤਾਂ ਵੱਟਸਐਪ ਅਤੇ ਫ਼ੇਸਬੁੱਕ ਦੇ ਜ਼ਰੀਏ ਹੀ ਦੁਨੀਆਂ ਭਰ ਦੀ ਹਰ ਜਾਣਕਾਰੀ ਹਾਸਲ ਕਰ ਲੈਂਦੇ ਹਨ। ਉਹ ਇਹ ਨਹੀਂ ਜਾਣਦੇ ਕਿ ਮੋਬਾਈਲ ਅਤੇ ਕੰਪਿਊਟਰ ਦੀ ਵਧੇਰੇ ਵਰਤੋਂ ਕਰਕੇ ਉਹ ਮਾਨਸਿਕ ਰੋਗੀ ਹੋ ਰਹੇ ਹਨ। ਉਹਨਾਂ ਦੀ ਨਿਗ੍ਹਾ ਭਾਵ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਰਹੀ ਹੈ। ਇਸੇ ਦੇ ਕਰਕੇ ਹੀ ਸੁਭਾਅ ਦੇ ਚਿੱੜਚਿੜੇ ਅਤੇ ਆਲਸੀ ਵੀ ਹੋ ਗਏ ਹਨ ਸਾਡੇ ਨੌਜਵਾਨ।

ਇਹ ਦੇਖਣ ਵਿੱਚ ਆਇਆ ਹੈ ਕਿ ਸਿਰਫ਼ ਅਖ਼ਬਾਰ ਪੜ੍ਹਨਾ ਹੀ ਨਹੀਂ ਸਗੋਂ ਇਨਸਾਨ ਦੀਆਂ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਆਦਤਾਂ ਹੁਣ ਜਾਂ ਤਾਂ ਖਤਮ ਹੋ ਚੁਕੀਆਂ ਹਨ ਤੇ ਜਾਂ ਫ਼ਿਰ ਬਦਲ ਗਈਆਂ ਹਨ। ਪਰ ਸਾਨੂੰ ਸਭ ਨੂੰ ਇਸ ਅਖ਼ਬਾਰ ਪੜਨ ਦੀ ਪੁਰਾਣੀ ਚੰਗੀ ਆਦਤ ਨੂੰ ਮੁੜ ਅਪਨਾਉਣਾ ਪਵੇਗਾ। ਇਸ ਆਦਤ ਨੂੰ ਮੁੜ ਅਪਨਾਉਣ ਲਈ ਸਾਨੂੰ ਆਪਣੇ ਹਰ ਦਿਨ ਵਿੱਚੋਂ ਕੁਝ ਸਮਾਂ ਕੱਢਣਾ ਪਵੇਗਾ ਅਤੇ ਅਖ਼ਬਾਰ ਨੂੰ ਦੇਣਾ ਪਵੇਗਾ।

ਸਕੂਲਾਂ ਅਤੇ ਕਾਲਜਾਂ ਵਿੱਚ ਅਖ਼ਬਾਰ ਪੜਨ ਦੀ ਇਸ ਆਦਤ ਨੂੰ ਅਪਨਾਉਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਕੁਝ ਇਸ ਤਰਾਂ ਦੇ ਪ੍ਰੋਜੈਕਟ ਜਾਂ ਕੰਮ ਦਿੱਤੇ ਜਾਣ ਜਿਨਾਂ ਨੂੰ ਉਹ ਸਿਰਫ਼ ਅਖ਼ਬਾਰ ਨੂੰ ਪੜ ਕੇ ਹੀ ਪੂਰਾ ਕਰ ਸਕਦੇ ਹੋਣ। ਅਖ਼ਬਾਰਾਂ ਨੂੰ ਵੀ ਆਪਣੀਆਂ ਖ਼ਬਰਾਂ ਅਤੇ ਜਾਣਕਾਰੀ ਪ੍ਰਤੀ ਪੂਰੀ ਤਰਾਂ ਨਾਲ ਪਾਰਦਰਸ਼ਤਾ ਰੱਖਣ ਦੀ ਲੋੜ ਹੈ। ਅਖ਼ਬਾਰਾਂ ਵਿੱਚ ਸੱਚੀਆਂ ਅਤੇ ਭਰੋਸੇਮੰਦ ਖ਼ਬਰਾਂ ਛਪਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਪੜਨ ਵਾਲਿਆਂ ਨੂੰ ਖ਼ਬਰ ਦੀ ਪੁਸ਼ਟੀ ਕਰਨ ਲਈ ਕਿਸੇ ਹੋਰ ਸਾਧਨ ਵਲ ਜਾਣ ਦੀ ਲੋੜ ਨਾ ਪਵੇ। ਮਾਪਿਆਂ ਨੂੰ ਵੀ ਇਸ ਪ੍ਰਤੀ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

ਛੋਟੇ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਉਣਾ ਅਸਾਨ ਹੁੰਦਾ ਹੈ। ਉਹਨਾਂ ਨੂੰ ਇਹ ਆਦਤ ਪਾਉਣ ਲਈ ਆਪ ਨੂੰ ਇਹ ਆਦਤ ਹੋਣਾ ਬਹਤ ਜ਼ਰੂਰੀ ਹੈ। ਛੋਟੇ ਬੱਚਿਆਂ ਲਈ ਅਖ਼ਬਾਰ ਵਿੱਚ ਬਹੁਤ ਸਾਰੀ ਅਜਿਹੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਜੇਕਰ ਉਹ ਹਰ ਰੋਜ਼ ਗ੍ਰਹਿਣ ਕਰਦੇ ਰਹਿਣ ਤਾਂ ਉਹਨਾਂ ਦੀ ਰੋਜ਼ਾਨਾਂ ਜਾਣਕਾਰੀ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਰਟੂਨ ਅਤੇ ਹੋਰ ਬਹੁਤ ਕੁਝ ਅਖ਼ਬਾਰਾਂ ਵਿੱਚ ਛੱਪਦਾ ਹੈ ਜਿਸ ਨਾਲ ਉਹ ਛੇਤੀ ਹੀ ਅਖ਼ਬਾਰ ਪੜ੍ਹਨ ਨੂੰ ਆਪਣੀ ਇੱਕ ਚੰਗੀ ਆਦਤ ਬਣਾਅ ਸਕਦੇ ਹਨ। ਅੱਜ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਮੋਬਾਇਲ ਅਤੇ ਇੰਟਰਨੈੱਟ ਉੱਤੇ ਆਪਣੀ ਨਿਰਭਰਤਾ ਨੂੰ ਹੌਲੀ ਹੌਲੀ ਖਤਮ ਕੀਤਾ ਜਾਵੇ। ਇਸ ਨਾਲ ਅਸੀਂ ਸਿਹਤ ਪੱਖੋਂ ਕਮਜ਼ੋਰ ਹੋ ਰਹੇ ਹਾਂ ਜਿਸ ਲਈ ਅਖ਼ਬਾਰ ਹੀ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਇਸ ਸਮਸਿਆ ਤੋਂ ਬਚਾਅ ਸਕਦਾ ਹੈ।

——————————————————————————————

ਮਾਂ ਬਾਪ ਦਾ ਰਿਸ਼ਤਾ

  • ਜਸਪਾਲ ਸਿੰਘ ਗਿੱਲ
    ਰਿਵਾਲਸਰ ਸਾਹਿਬ ਮੰਡੀ ਹਿਮਾਚਲ ਪ੍ਰਦੇਸ਼! Mob. 98172-44038

ਅੱਜ ਦੀ ਇਸ ਭੱਜ ਦੌਡ਼ ਭਰੀ ਜ਼ਿੰਦਗੀ ਵਿੱਚ ਇਨਸਾਨ ਰਿਸ਼ਤਿਆਂ ਨੂੰ ਹੀ ਭੁਲਦਾ ਜਾ ਰਿਹਾ ਹੈ।ਜਿੰਦਗੀ ਵਿੱਚ ਸਭ ਤੋਂ ਅਹਿਮ ਰਿਸ਼ਤਾ ਮਾਂ ਬਾਪ ਦਾ ਹੁੰਦਾ ਹੈ।ਜਿਨ੍ਹਾਂ ਨੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦਾਵ ਤੇ ਲਗਾ ਦਿੱਤੀ ਨਾਂ ਦਿਨ ਦੇਖਿਆ ਨਾ ਰਾਤ ਨਾ ਧੁੱਪ ਦੇਖੀ ਨਾ ਬਾਰਿਸ਼ ਬੱਚਿਆਂ ਦੀ ਖੁਸ਼ੀਆਂ ਲਈ ਹਰ ਦੁੱਖ ਸਹਿ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ।

ਪਰ ਅੱਜ ਦੇ ਬੱਚੇ ਇਨਸਾਨੀ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਨੂੰ ਭੁੱਲਦੇ ਹੋਇ ਇਸ ਅਹਿਮ ਰਿਸਤੇ ਨੂੰ ਨਿਭਾਉਣ ਦੀ ਜਿੰਮੇਵਾਰੀ ਤੋਂ ਦੂਰ ਭੱਜਦੇ ਨਜ਼ਰ ਆਉਂਦੇ ਨੇ।ਪਰ ਮਾਂ ਬਾਪ ਜਿਹੜੇ ਬੱਚਿਆਂ ਦੀ ਖੁਸ਼ੀਆਂ ਲਈ ਆਪਣੀ ਜ਼ਿੰਦਗੀ ਦੇ ਅਹਿਮ ਪਲ ਗਵਾ ਕੇ ਵੀ ਕਦੇ ਕੋਈ ਕਿੱਸੇ ਕਿਸਮ ਦਾ ਗਿਲਾ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਕਰਦੇ ਅਤੇ ਬੱਚਿਆਂ ਨੂੰ ਖੁਸ਼ ਦੇਖ ਕੇ ਉਨ੍ਹਾਂ ਨੂੰ ਵੱਧਦਾ ਫੁਲਦਾ ਦੇਖ ਕੇ ਹੀ ਖੁਸ਼ ਹੋਂਦੇ ਨੇ। ਆਪ ਗਿੱਲੇ ਸੋਂ ਕੇ ਸਾਨੂੰ ਸੁੱਕੀ ਥਾਂ ਸੁਲਾਇਆ ਆਪ ਔਖੇ ਸੌਖੇ ਭੁੱਖਿਆਂ ਰਹਿ ਕੇ ਵੀ ਹਰ ਕਸ਼ਟ ਸਹਿ ਕੇ ਬੱਚਿਆਂ ਦੀ ਹਰ ਖੁਸ਼ੀਆਂ ਨੂੰ ਪੂਰਾ ਕੀਤਾ।ਅਪਨੀ ਜਿੰਦਗੀ ਦਾ ਅਹਿਮ ਅਤੇ ਕੀਮਤੀ ਸਮਾਂ ਬੱਚਿਆਂ ਦਾ ਭਵਿੱਖ ਸੰਵਾਰਨ ਤੇ ਲਗਾ ਦਿੱਤਾ।

ਬੱਚਿਆਂ ਨੂੰ ਬੁਲੰਦੀਆਂ ਤੇ ਦੇਖਣਾ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਓਸ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਢਿੱਡ ਕੱਟ ਕੇ ਹਰ ਨਾਕਾਮ ਕੋਸ਼ਿਸ਼ ਕਰਦਿਆਂ ਹੋਇਆਂ ਆਪਣੀ ਖੁਸ਼ੀਆਂ ਬਾਰੇ ਕਦੇ ਸੋਚਿਆ ਵੀ ਨਹੀਂ।ਪਰ ਜਦੋਂ ਜਿੰਦਗੀ ਦੇ ਆਖਰੀ ਪੜਾਵ ਤੇ ਪਹੁੰਚਦੇ ਨੇ ਜਦੋਂ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਅੱਜਕਲ ਦੇ ਬੱਚੇ ਰੰਗ ਬਦਲਣਾ ਸ਼ੁਰੂ ਕਰ ਦੇਂਦੇ ਨੇ। ਬੱਚੇ ਮਾਂ ਬਾਪ ਦੀ ਖੁਸ਼ੀਆਂ ਤੋਂ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਖੁਸ਼ੀਆਂ ਦੇਖਦੇ ਨੇ। ਮਾਂ ਬਾਪ ਦਾ ਬਿਸਤਰਾ ਘਰ ਦੇ ਖੂੰਜੇ ਸਾਈਡ ਤੇ ਲਗਾ ਦੇਂਦੇ ਨੇ।ਜਦੋਂ ਬਜ਼ਾਰੋ ਕੋਈ ਸਮਾਨ ਲਿਆਉਂਦੇ ਨੇ ਤਾਂ ਆਪਣੀ ਪਤਨੀ ਜਾਂ ਬੱਚਿਆਂ ਹੱਥ ਫੜਾਉਂਦੇ ਨੇ ਕੀਤੇ ਮਾਂ ਬਾਪ ਦੇਖ ਨਾ ਲੈਣ। ਜਰਾ ਯਾਦ ਕਰੋ ਜਦੋਂ ਮਾਂ ਬਾਪ ਕਦੇ ਬਾਜ਼ਾਰ ਜਾਂਦੇ ਸੀ ਕੀ ਉਨ੍ਹਾਂ ਨੇ ਵੀ ਕਦੇ ਕੁਝ ਬੱਚਿਆਂ ਕੋਲੋਂ ਲੁਕੋਇਆ ਸੀ। ਉਹ ਤੇ ਸਗੋਂ ਬਜ਼ਾਰੋ ਬੱਚਿਆਂ ਦੀ ਪਸੰਦ ਦੀ ਹਰ ਚੀਜ ਲੱਭ ਲੱਭ ਕੇ ਇਹ ਸੋਚ ਕੇ ਲਿਆਉਂਦੇ ਸੀ ਕਿ ਇਹ ਚੀਜ਼ ਬਚਿਆਂ ਨੂੰ ਪਸੰਦ ਹੈ। ਕੀ ਕਦੇ ਅਸੀਂ ਇਹ ਸੋਚਿਆ ਕਿ ਇਹ ਚੀਜ਼ ਸਾਡੀ ਮਾਤਾ ਪਿਤਾ ਦੀ ਪਸੰਦ ਹੈ ਜਾਂ ਕਦੇ ਕੋਈ ਫਲ ਇਹ ਸੋਚ ਕੇ ਬਜ਼ਾਰੋ ਲਿਆਂਦਾ ਕਿ ਲਓ ਮਾਤਾ ਜੀ ਜਾਂ ਪਿਤਾ ਜੀ ਆਪ ਜੀ ਨੂੰ ਪਸੰਦ ਹੈ । ਮੈਂ ਆਪ ਜੀ ਵਾਸਤੇ ਲਿਆਇਆ ਹਾਂ।ਆਓ ਅਸੀਂ ਇੱਕਠੇ ਬੈਠ ਕੇ ਖਾਂਦੇ ਹਾਂ ਤਾਂ ਸ਼ਾਇਦ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਵੇਗੀ।

ਅੱਜ ਉਨ੍ਹਾਂ ਨੂੰ ਤੁਹਾਡੀ ਚੀਜਾਂ ਜਾਂ ਖਾਣੇ ਦੀ ਲੋੜ ਨਹੀਂ ਜੇਕਰ ਲੋੜ ਹੈ ਤਾਂ ਆਪਦੇ ਪਿਆਰ ਅਤੇ ਵਕ਼ਤ ਦੀ । ਵੱਧ ਤੋਂ ਵੱਧ ਸਮਾਂ ਬਜ਼ੁਰਗ ਮਾਤਾ ਪਿਤਾ ਨੂੰ ਦਿਓ ਉਨ੍ਹਾਂ ਦੀ ਸੇਵਾ ਕਰੋ। ਦਾਨ ਪੁੰਨ ਦਾ ਕੀ ਫ਼ਾਇਦਾ ਜੇ ਘਰ ਮਾਤਾ ਪਿਤਾ ਦੁਖੀ ਹੋਣ ਅਤੇ ਲੁੱਕ ਲੁੱਕ ਕ ਰੋਂਦੇ ਹੋਣ। ਕਦੇ ਉਨ੍ਹਾਂ ਦਾ ਦਿਲ ਨਾ ਦੁਖਾਓ। ਕਿਉਂਕਿ ਅੱਜ ਤੱਕ ਕੋਈ ਵੀ ਮਾਂ ਬਾਪ ਦਾ ਦਿਲ ਦੁਖਾ ਕੇ ਕੋਈ ਸੁੱਖੀ ਨਹੀਂ ਹੋ ਸਕਿਆ। ਸੋ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਜੇ ਧਰਤੀ ਤੇ ਰੱਬ ਹੈ ਤਾਂ ਉਹ ਮਾਤਾ ਪਿਤਾ ਦੇ ਰੂਪ ਚ ਹੈ। ਮਾਤਾ ਪਿਤਾ ਦੀ ਅਸ਼ੀਸ਼ ਤੋਂ ਵਡਾ ਕੋਈ ਤੋਹਫ਼ਾ ਨਹੀਂ।

ਆਓ ਸਾਰੇ ਮਾਤਾ ਪਿਤਾ ਦੇ ਹਰ ਦੁਖ ਸੁਖ ਦਾ ਖਿਆਲ ਰੱਖੀਏ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਵਿਤਾਈਏ। ਜਿੰਦਗੀ ਦੀ ਸ਼ੁਰੂਆਤ ਵਿੱਚ ਜਿਨ੍ਹਾਂ ਨੇ ਸਾਨੂੰ ਉਂਗਲੀ ਫੜ ਕੇ ਤੁਰਨ ਸਿਖਾਇਆ। ਅਸੀਂ ਉਨ੍ਹਾ ਦੀ ਜਿੰਦਗੀ ਦੇ ਆਖਰੀ ਪੜਾਵ ਤੇ ਉਨ੍ਹਾਂ ਦਾ ਸਹਾਰਾ ਬਣੀਏ। ਬੁਢਾਪੇ ਵਿਚ ਉਨ੍ਹਾਂ ਨੂੰ ਉਂਗਲੀ ਫੜ ਕੇ ਗੁਰਦੁਆਰੇ ਮੰਦਿਰ ਲੈ ਜਾਈਏ ਤਾਂ ਜੋ ਥੋੜਾ ਜਿਹਾ ਫਰਜ਼ ਅਤੇ ਥੋੜਾ ਜਿਹਾ ਕਰਜ਼ ਸ਼ਾਇਦ ਕੁਝ ਪੁਰਾ ਹੋ ਜਾਵੇ। ਕਹਿੰਦੇ ਨੇ ਕਦੇ ਪਹਿਲਾ ਪਿਆਰ ਭੁਲਾਇਆ ਨਹੀਂ ਜਾਂਦਾ ਫੇਰ ਪਤਾ ਨਹੀਂ ਕਿਉਂ ਲੋਕੀਂ ਮਾਂ ਬਾਪ ਦਾ ਪਿਆਰ ਭੁੱਲ ਜਾਂਦੇ ਨੇ।

ਮਾਂ ਤੇਰੇ ਦੁੱਧ ਕਾ ਕਰਜ਼ ਮੁਝਸੇ ਕਿਆ ਅਦਾ ਹੋਗਾ,
ਅਗਰ ਹੈ ਤੂੰ ਦੁੱਖੀ ਤੋਂ ਖੁਸ਼ ਮੁਝਸੇ ਕਿਆ ਖ਼ੁਦਾ ਹੋਗਾ।

ਗਰਮੀਆਂ ਦੀ ਸਪੈਸ਼ਲ ਸੌਗਾਤ ਮਿੱਟੀ ਦਾ ਘੜਾ

                    ਪੁਰਾਣੇ ਸਮਿਆ ਵਿੱਚ ਮਿੱਟੀ ਤੋਂ ਬਣੇ ਘੜੇ ਦੀ ਜਰੂਰਤ ਬਹੁਤ ਹੁੰਦੀ ਸੀ।ਇਹ ਘੜੇ ਹਰ ਘਰ ਦਾ ਸਿੰਗਾਰ ਹੁੰਦੇ ਸਨ ਕਿਉਕਿ ਉਸ ਟਾਇਮ ਫਰਿਜ ਤਾਂ ਕਿਸੇ ਵਿਰਲੇ ਟਾਵੇਂ ਦੇ ਘਰ ਹੁੰਦੀ ਸੀ। ਪਰ ਘੜਿਆ ਵਿੱਚ ਅਲੱਗ-ਅਲੱਗ ਤ੍ਹਰਾ ਦੇ ਡਿਜਾਇਨ, ਸਾਈਜ ਅਤੇ ਕਈ ਤ੍ਹਰਾ ਰੋਜਾਨਾ ਵਰਤੋ ਵਿੱਚ ਆਉਣ ਵਾਲੇ ਬਰਤਨ ਵੀ ਤਿਆਰ ਕੀਤੇ ਜਾਦੇ ਸਨ।ਜਿਵੇਂ ਠੰਡਾ ਪਾਣੀ ਪੀਣ ਲਈ ਥੋੜੇ ਛੋਟੇ ਮੂੰਹ ਵਾਲਾ ਘੜਾ, ਖੇਤ, ਬਾਹਰ ਪਾਣੀ ਲਿਜਾਣ ਲਈ ਗਾਗਰ, ਦੁੱਧ ਗਰਮ ਕਰਨ ਲਈ ਕਾ੍ਹੜਨੀ, ਲੱਸੀ ਰਿੜਕਣ ਲਈ ਰਿੜਕਣਾ ਅਤੇ ਸਾਗ ਜਾਂ ਹਾਰੇ ਵਾਲੀ ਦਾਲ ਬਣਾਉਣ ਲਈ ਕੁੱਜਾ ਹੁੰਦੇ ਸਨ।

ਪਰ ਅੱਜ ਦੇ ਟਾਇਮ ਵਿੱਚ ਤਾਂ ਤਕਰੀਬਨ ਹਰ ਘਰ ਵਿੱਚ ਫਰਿੱਜ ਦੀ ਵਰਤੋਂ ਹੁੰਦੀ ਹੈ। ਫਿਰ ਵੀ ਕੁਝ ਅਜਿਹੇ ਘਰ ਸਾਨੂੰ ਅੱਜ ਵੀ ਮਿਲਣਗੇ ਜਿੰਨਾ ਨੁੰ ਫਰਿੱਜ ਨਾਲੋ ਵੱਧ ਘੜੇ ਦਾ ਪਾਣੀ ਹੀ ਪਸੰਦ ਹੈ ਅਤੇ ਗਰਮੀ ਦੀ ਸ਼ੁਰੂਆਤ ਹੁੰਦਿਆ ਹੀ ਨਵੇਂ ਘੜੇ ਖਰੀਦਣ ਦੀ ਕਾਹਲੀ ਹੋ ਜਾਦੀ ਹੈ। ਨਾਲੇ ਪੁਰਾਣੇ ਬਜੁਰਗਾ ਦੀ ਕਹਾਵਤ ਹੈ ਕਿ ਸਰਦੀ ਦੇ ਬਣੇ ਘੜੇ ਵਿੱਚ ਪਾਣੀ ਵੀ ਜਿਆਦਾ ਠੰਡਾ ਰਹਿੰਦਾ ਹੈ। ਮੇਰੇ ਤਜਰਬੇ ਮੁਤਾਬਿਕ ਵੀ ਫਰਿੱਜ ਵਿੱਚ ਭਰਕੇ ਰੱਖੇ ਠੰਡਾ ਪਾਣੀ ਪੀਣ ਨਾਲੋਂ ਤਾਂ ਘੜੇ ਦਾ ਪਾਣੀ ਪੀਣਾ ਜਿਆਦਾ ਚੰਗਾ ਅਤੇ ਲਾਹੇਵੰਦ ਹੁੰਦਾ ਹੈ ਕਿਉਕਿ ਘੜੇ ਦਾ ਪਾਣੀ ਪੀਣ ਵਿੱਚ ਜਿਆਦਾ ਦੰਦਾ ਨੂੰ ਲੱਗਣ ਵਾਲਾ ਠੰਡਾ ਨਹੀਂ ਹੁੰਦਾ। ਇਸ ਲਈ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ। ਮਿੱਟੀ ਦੇ ਘੜੇ ਵਿੱਚ ਛੋਟੇ-ਛੋਟੇ ਛੇਕ ਬਣੇ ਹੁੰਦੇ ਹਨ ਜੋ ਗਰਮੀ ਨੂੰ ਬਾਹਰ ਕੱਢ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਠੰਡਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਪਾਣੀ ਵੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਰਹਿੰਦਾ ਹੈ। ਹੋਰ ਤਾਂ ਹੋਰ ਜਿਵੇਂ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੇ ਬਹੁਤ ਕੱਟ ਲੱਗਦੇ ਹਨ ਅਤੇ ਆਪਾਂ ਨੁੰ ਬਜਾਰੋ ਬਰਫ ਵਗੈਰਾ ਖਰੀਦਣੀ ਪੈਦੀ ਹੈ ਪਰ ਜੇਕਰ ਘਰ ਵਿੱਚ ਘੜਾ ਹੋਵੇਗਾ ਤਾਂ ਆਪਾਂ ਬੰਦ ਬਿਜਲੀ ਦੌਰਾਨ ਵੀ ਘੜੇ ਦੇ ਠੰਡੇ ਪਾਣੀ ਦਾ ਆਨੰਦ ਲੈ ਸਕਦੇ ਹਾਂ। ਇਸੇ ਲਈ ਤਾਂ ਆਪਾਂ ਮਿੱਟੀ ਦੇ ਘੜੇ ਨੂੰ ਗਰਮੀਆਂ ਦੀ ਸਪੈਸ਼ਲ ਸੌਗਾਤ ਕਹਿੰਦੇ ਹਾਂ। ਘੜੇ ਬਾਰੇ ਇੱਕ ਰੌਚਿਕ ਕਹਾਣੀ ਹੋਰ ਵੀ ਹੈ ਗਾਣੇ, ਵਜਾਣੇ ਵਾਲੇ ਸਾਜੀ ਵੀ ਆਪਣੇ ਸਾਜ ਵਿੱਚ ਘੜੇ ਨੂੰ ਵਰਤਦੇ ਸਨ ਤੇ ਪੰਜਾਬੀ ਗਾਣਿਆ ਵਿੱਚ ਵੀ ਘੜੇ ਦਾ ਜਿਕਰ ਵੀ ਆਉਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲੋਕ ਗੀਤਾਂ ਦੀ ਮਸ਼ਹੂਰ ਗਇਕਾ ਬੀਬਾ ਜਗਮੋਹਨ ਕੌਰ ਦੇ ਗੀਤ ਬੇ ਬੋਲ ਹਨ, “ਘੜਾ ਵੱਜਦਾ, ਘੜੋਲੀ ਵੱਜਦੀ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ”

ਖੇਰ! ਆਪਾਂ ਆਪਣੇ ਵਿਸ਼ੇ ਵੱਲ ਜਾਈਏ ਅੱਜ ਦਾ ਵਿਸ਼ਾ ਹੈ ਮਿੱਟੀ ਦਾ ਘੜਾ ਗਰਮੀਆਂ ਦੀ ਸਪੈਸ਼ਲ ਸੌਗਾਤ। ਇਸ ਲਈ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਇਸ ਸੌਗਾਤ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਰੋਜਾਨਾ ਦੀ ਵਰਤੋ ਵਿੱਚ ਘੜੇ ਦਾ ਪਾਣੀ ਹੀ ਵਰਤਿਆ ਜਾਵੇ ਤਾਂ ਕਿ ਆਪਾ ਗਲੇ ਦੀ ਖਰਾਸ਼, ਜੋੜਾ ਦੇ ਦਰਦ, ਸਿਰ ਦਰਦ, ਸਰੀਰ ਵਿਚਲੇ ਅਕੜਾਅ ਅਤੇ ਕਬਜ ਰੋਗ ਦੀਆ ਬਿਮਾਰੀਆ ਤੋਂ ਬਚ ਸਕੀਏ। ਜੇਕਰ ਆਪਾਂ ਸਾਰੇ ਫਿਰ ਤੋਂ ਘੜੇ ਵਾਲਾ ਪਾਣੀ ਪੀਣ ਲੱਗ ਜਾਈਏ ਤਾਂ ਜਿੱਥੇ ਆਪਣਾ ਸਰੀਰ ਤੰਦਰੁਸਤ ਬਣੇਗਾ ਉੱਥੇ ਘੜੇ ਬਣਾਉਣ ਵਾਲੇ ਕਾਰੀਗਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਜਿਸ ਨਾਲ ਉਹ ਵੀ ਆਪਣੇ ਪ੍ਰੀਵਾਰ ਦਾ ਪਾਲਣ, ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਣਗੇ। ਜਿਵੇਂ ਕਹਿੰਦੇ ਹਨ ਪ੍ਰੀਵਾਰ ਨੂੰ ਜੋੜ ਕੇ ਰੱਖਣ ਵਾਲਾ ਹੀ ਪ੍ਰੀਵਾਰ ਦੀ ਕੀਮਤ ਜਾਣਦਾ ਹੈ। ਉਸੇ ਤ੍ਹਰਾ ਮਿੱਟੀ ਦਾ ਘੜਾ ਬਣਾਉਣ ਵਾਲਾ ਹੀ ਘੜੇ ਦੀ ਅਸਲੀ ਕੀਮਤ ਜਾਣਦਾ ਹੁੰਦਾ ਹੈ। ਇਸ ਲਈ ਘੜੇ ਬਣਾਉਣ ਵਾਲੇ ਕਾਰੀਗਰ ਨੂੰ ਘੜੇ ਦਾ ਸਹੀ ਮੁੱਲ ਜਰੂਰ ਦਿਉ ਤੇ ਗਰਮੀਆਂ ਦੀ ਪਿਆਰੀ ਤੇ ਸਪੈਸਲ ਸੌਗਾਤ ਮਿੱਟੀ ਦੇ ਘੜੇ ਨੂੰ ਆਪਣੀ ਰਸੋਈ ਦਾ ਸਿੰਗਾਰ ਬਣਾਉ।

-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ। ਮੋ. 94786-58384

———————————————————————————

  

***  ***  ***  ***  ***  ***  ***  ***  ***  ***  ***  *** 

***  ***  ***  ***  ***  ***  ***  ***  ***  ***  ***  *** 

ਇੱਕ ਚੰਗੀ ਨਾਰੀ ਹੀ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰਦੀ ਹੈ

    • ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ।
  • ਮੋ. 94786-58384

ਇਤਿਹਾਸ ਕਿਸੇ ਸਮਾਜ ਦੀ ਪਰਖ ਕੱਸਵੱਟੀ ਹੁੰਦਾ ਹੈ।ਜਿਸ ਤੇ ਸਮਾਜ ਵਿਕਸਦਾ ਹੈ। ਇਸ ਲਈ ਇੱਕ ਸੂਝਵਾਨ ਅਤੇ ਚੰਗੀ ਨਾਰੀ (ਮਾਂ) ਹੀ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਅੱਜ ਦੀ ਨਾਰੀ ਅਬਲਾ ਨਹੀ ਸਬਲਾ ਬਣ ਕੇ ਰਹੇ ਤਾਂਕਿ ਆਪਣੀ ਅਗਾਂਹ ਵਧੂ ਸੋਚ ਨਾਲ ਸਮਾਜ ਨੂੰ ਅਗਾਂਹ ਵਧੂ ਬਣਾ ਸਕੇ। ਇੱਕ ਔਰਤ ਦੀ ਸੋਹਣੀ ਸੂਰਤ ਨਾਲੋ ਸੋਹਣੀ ਸੀਰਤ ਦਾ ਹੋਣਾ ਬੇਹੱਦ ਜਰੂਰੀ ਹੈ। ਇਸ ਦੇ ਨਾਲ-ਨਾਲਔਰਤ ਵਿੱਚ ਨਿਮਰਤਾ, ਲੱਜਾ, ਸਤਿਕਾਰ ਕਰਤਾ, ਸਾਦਗੀ, ਸਚਾਈ ਤੇ ਆਮਵਿਸ਼ਵਾਸ ਜਿਹੇ ਗੁਣਾ ਦਾ ਹੋਣਾ ਲਾਜਮੀ ਹੈ। ਮੇਰੇ ਹਿਸਾਬ ਨਾਲ ਅੱਜ ਦੇ ਰਿਸ਼ਤੇ ਮਤਲਬੀ ਹੁੰਦੇ ਜਾ ਰਿਹੇ ਹਨ ਬਿਨਾ ਸ਼ੱਕ ਮਾਂ ਆਪਣਾ ਰਿਸ਼ਤਾ ਨਿਰਸਵਾਰਥ ਹੋਕੇ ਨਿਭਾਉਦੀ ਹੋਈ ਆਪਣੇ ਬੱਚਿਆ ਨੂੰ ਹਰ ਪੱਖੋ ਮਜਬੂਤ, ਕਾਮਯਾਬ, ਸੁਖੀ ਅਤੇ ਸਮਾਜ ਵਿੱਚ ਚੰਗੇ ਤਰੀਕੇ ਨਾਲ ਵਿਚਰਣ ਦੇ ਲਾਇਕ ਬਣਾਉਦੀ ਹੈ। ਇਹ ਤਾਂ ਹੀ ਹੋ ਸਕੇਗਾ ਜੀ ਜੇਕਰ ਇੱਕ ਨਾਰੀ ਸੁਰੂ ਤੋ ਹੀ ਆਪ ਚੰਗੀ ਸੋਚ ਦੀ ਧਾਰਨੀ ਹੋਵੇ।ਜਿਵੇ ਕਹਿ ਲਵੋ ਇੱਕ ਬੇਟੀ ਪਿਤਾ ਦੇ ਘਰ ਤੋ ਹੀ ਸਮਝਦਾਰੀ ਤੋ ਕੰਮ ਲੈਦੀ ਹੋਈ ਪੜ ਲਿਖ ਸਿੱਖਿਅਤ ਵੀ ਹੋਵੋ ਤੇ ਘਰ ਦੇ ਕਾਰਜ (ਗ੍ਰਹਿਸਥੀ) ਸੰਭਾਲਣ ਵਿੱਚ ਵੀ ਨਿੰਪੁਨ ਹੋਵੇ ਤਾਂ ਗੱਲ ਸੋਨੇ ਤੇ ਸੁਹਾਗਾ ਹੋ ਜਾਦੀ ਹੈ।

ਇਸ ਤੋ ਬਾਅਦ ਵਾਰੀ ਆਉਦੀ ਹੈ ਮਾਂ ਦੇ ਫਰਜ ਨਿਭਾਉਣ ਦੀ ਜੇਕਰ ਇੱਕ ਮਾਂ ਇਸ ਫਰਜ ਨੂੰ ਬਾਖੂਬੀ ਨਿਭਾਵੇ ਤਾਂ ਬੱਚੇ ਕਦੇ ਵੀ, ਕਿਤੇ ਵੀ ਨਹੀ ਡੋਲਦੇ। ਕਿਉਕਿ ਮਾਂ ਬੱਚੇ ਦੀ ਪਹਿਲੀ ਗੁਰੂ, ਟੀਚਰ ਅਤੇ ਇੱਕ ਚੰਗੀ ਦੋਸਤ ਵੀ ਹੁੰਦੀ ਹੈ। ਇਸ ਲਈ ਹਰ ਮਾਂ ਦਾ ਫਰਜ ਬਣਦਾ ਹੈ ਕਿ ਆਪਣੇ ਬੱਚੇ ਨੂੰ ਸੁਰੂ ਤੋ ਹੀ ਨਿਮਰ ਸੁਭਾਅ, ਵੱਡਿਆ ਦਾ ਸਤਿਕਾਰ, ਮਿਹਨਤੀ, ਆਤਮਵਿਸ਼ਵਾਸੀ, ਨਸ਼ਾ ਰਹਿਤ ਚੰਗੇ ਲੋਕਾ ਦੀ ਸੰਗਤ ਅਤੇ ਧਾਰਮਿਕ ਬਿਰਤੀ ਵਾਲਾ ਬਣਾਵੇ।ਕਿਉਕਿ ਮਜਬੂਤ ਨੀਹਾ ਨੂੰ ਕਿਸੇ ਤ੍ਹਰਾ ਦਾ ਮੀਹ, ਹਨੇਰੀ ਨਹੀ ਹਿਲਾ ਸਕਦਾ।ਇਸ ਲਈ ਆਪਣੇ ਬੱਚਿਆ ਦੇ ਇਰਾਦੇ ਸੁਰੂ ਤੋ ਹੀ ਨੇਕ ਅਤੇ ਮਜਬੂਤ ਬਣਾਉ। ਪਰ ਅੱਜ ਦੀ ਮਾਂ (ਨਾਰੀ) ਫੈਸ਼ਨ ਪ੍ਰਸਤ ਹੋ ਗਈ ਹੈ ਵੈਸੇ ਤਾਂ ਮੇਰੀਆਂ ਭੈਣਾ ਅੱਜ ਬਹੁਤ ਉੱਚ ਅੁਹਦਿਆ ਤੇ ਹਨ ਜਿਵੇ ਡਾਕਟਰ, ਪਾਇਲਟ, ਇੰਜਨੀਅਰ,ਅਭਿਨੇਤਰੀ, ਪੁਲਿਸ ਅਫਸਰ ਆਦਿ ਪਰ ਨਾਲ-ਨਾਲ ਜਿਵੇ ਬਿਉਟੀ ਪਾਰਲਰ, ਕਿੱਟੀ ਪਾਰਟੀ, ਫਿਲਮ ਦੇਖਣਾ ਜਿਹੇ ਕੰਮਾ ਵਿੱਚੋ ਬੱਚਿਆ ਲਈ ਧਿਆਨ ਘੱਟ ਕਰ ਦਿੰਦੀਆ ਹਨ। ਪਰ ਭੈਣ ਜੀ ਬੱਚੇ ਵੀ ਵਿਸ਼ੇਸ ਧਿਆਨ ਮੰਗਦੇ ਹਨ। ਜਿਵੇ ਇੱਕ ਪੱਥਰ ਨੂੰ ਤਰਾਸ਼ ਕੇ ਹੀ ਭਗਵਾਨ ਜੀ ਦੀ ਮੂਰਤੀ ਬਣਦੀ ਹੈ ਉਸੇ ਤ੍ਹਰਾ ਬੱਚਿਆ ਨੂੰ ਵੀ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਔਰ ਇਸ ਲਈ ਸਿੱਖ ਜਗਤ ਵਿੱਚ ਇੱਕ ਮਿਸਾਲ ਹਨ ਮਾਤਾ ਜਿੰਦ ਕੌਰ ਜੀ ਜਿੰਨਾ ਨੇ ਪੁੱਤਰ ਮੋਹ ਤਿਆਗ ਕੇ ਸਿੱਖੀ ਨੂੰ ਪਹਿਲ ਦਿੱਤੀ। ਇਸੇ ਤ੍ਹਰਾ ਮਾਈ ਭਾਗੋ ਜੀ ਜਿੰਨਾ ਨੇ ਜੰਗ ਦੇ ਮੈਦਾਨ ਵਿੱਚ ਵੈਰੀਆ ਦੀਆ ਭਾਜੜਾ ਪਾਈਆ ਸਨ। ਅੱਜ ਦੇ ਟਾਇਮ ਦੀਆ ਮਾਣਮੱਤੀਆ ਮਹਿਲਾਵਾ ਵੀ ਸਾਡੀਆ ਪ੍ਰੈਰਨਾ ਸਰੋਤ ਹਨ ਜੀ ਜਿਵੇ ਖੇਡ ਜਗਤ ਵਿੱਚ ਪੀ.ਟੀ ਊਸ਼ਾ, ਪੀ ਵੀ ਸਿੰਧੂ ਸਾਨੀਆਂ ਮਿਰਜਾ ਨੇ ਵੀ ਦੇਸ਼ ਦਾ ਖੂਬ ਨਾਮ ਚਮਕਾਇਆ ਹੈ।

ਪੁਲਾੜ ਮਾਹਿਰ ਕਲਪਣਾ ਚਾਵਲਾ,ਪਲਵਿੰਦਰ ਕੌਰ ਕੇਸਕੀ ਧਾਰੀ ਜੱਜ ਕਨੇਡਾ ਵੀ ਮਾਣਮੱਤੀਆ ਮਹਿਲਾਵਾਂ  ਹਨ। ਇੱਕ ਨਾਰੀ ਜੇਕਰ ਚਾਹੇ ਤਾਂ ਸਮਾਜ ਵਿੱਚ ਹੋ ਰਹੇ ਮਾੜੇ ਕੰਮਾ ਨੂੰ ਬਹੁਤ ਹੀ ਜਲਦੀ ਰੋਕ ਸਕਦੀ ਹੈ ਪਰ ਇਸ ਲਈ ਸਾਨੂੰ ਸਾਰੀਆ ਔਰਤਾ ਨੂੰ ਇੱਕ ਜੁੱਟ ਹੋਣਾ ਪਵੇਗਾ। ਜਿੱਥੇ ਇੱਕ ਔਰਤ ਮਕਾਨ ਨੂੰ ਆਪਣੇ  ਪਿਆਰ ਨਾਲ ਘਰ ਬਣਾ ਲੈਦੀ ਹੈ ਉਥੇ ਸਮਾਜ, ਦੇਸ ਲਈ ਵੀ ਆਪਣਾ ਫਰਜ ਨਿਭਾਵੇ।ਇਸ ਦੀ ਸ਼ੁਰੂਆਤ ਨਾਰੀ ਪਹਿਲਾ ਆਪਣੇ ਆਪ ਤੇ ਆਪਣੇ ਘਰ ਤੋ ਹੀ ਕਰੇ ਇਸ ਲਈ ਸਾਦਾ ਪਹਿਨੋ। ਕਿਉਕਿ ਭੜਕੀਲਾ ਪਹਿਰਾਵੇ ਨਾਲ ਵੀ ਅਨਸੁਖਾਵੀਆਂ ਘਟਨਾਵਾ  ਵਾਪਰਨ ਦੇ ਆਸਾਰ ਵੱਧ ਜਾਦੇ ਹਨ। ਆਪਣੇ ਮਨੋਬਲ ਨੂੰ ਉੱਚਾ ਚੁੱਕੋ। ਸਕਾਰਤਮਿਕ ਸੋਚ ਦੇ ਧਾਰਨੀ ਬਣੋ। ਚੁਗਲੀ ਨਿੰਦਾ ਤੋ ਬਚੋ। ਨੈਗੇਟਿਵ ਸੋਚ ਨੂੰ ਕਦੇ ਵੀ ਆਪਣੇ ਤੇ ਹਾਵੀ ਨਾ ਹੋਣ ਦਿਉ।

ਰੰਗਹੀਣਤਾ, ਉਦਾਸੀ, ਵਹਿਮ, ਭਰਮ ਵਾਲੀ ਸੋਚ ਛੱਡ ਕੁਦਰਤ ਵੱਲੋ ਸਾਜੀ ਸ਼੍ਰਿਸ਼ਟੀ (ਸੱਰਬਤ ਦੇ ਭਲੇ ਦੀ) ਅਰਦਾਸ ਕਰੀਏ ਤੇ ਜਿੰਦਗੀ ਨੂੰ ਖੁਸ਼ਹਾਲ ਬਣਾਈਏ। ਇੱਕ ਔਰਤ ਜੇਕਰ ਕਿਸੇ ਵੱਲੋ ਕੀਤੀ ਗਲਤੀ ਦੀ ਸਜਾ ਦੇਣ ਦੀ ਬਜਾਏ ਮੁਆਫ ਕਰਨ ਦੀ ਸੱਮਰਥਾ ਰੱਖੇ ਤਾਂ ਹੀ ਨਰੋਏ ਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਕਿਉਕਿ ਕੀਤੀ ਗਲਤੀ ਦੀ ਸਜਾ ਭੁਗਤਨ ਤੋ ਬਾਅਦ ਅਪਰਾਧੀ ਸਬਕ ਘੱਟ ਹੀ ਸਿੱਖਦਾ ਹੈ। ਹੋ ਸਕਦਾ ਹੈ ਇੱਕ ਵਾਰ ਮੁਆਫ ਕਰਨ ਤੋ ਬਾਅਦ ਉਸਦਾ ਜੀਵਣ ਹੀ ਬਦਲ ਜਾਵੇ ਤੇ ਕਦੇ ਮਾੜੇ ਕੰਮਾ ਵੱਲ ਵੇਖੇ ਵੀ ਨਾ ਤੇ ਸਾਰੀ ਉਮਰ ਲਈ ਤੁਹਾਡਾ ਸ਼ੁਕਰਗੁਜਾਰ ਹੋਵੇ। ਸੋ ਆਉ ਇਸ ਨੇਕ ਕੰਮ ਦੀ ਸੂਰੁਆਤ ਅੱਜ ਤੋ ਹੀ ਕਰੀਏ ਤੇ ਇੱਕਜੁਟ ਹੋ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਨਾ ਕਰੀਏ ਇਸ ਨਾਲ ਸਾਡਾ ਹਰ ਦੇਸ ਵਾਸੀ ਸੁਖੀ ਜੀਵਣ ਬਤੀਤ ਕਰੇਗ। ਆਉ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰੀਏ ਤੇ ਚੰਗੀ ਮਾਂ ਹੋਣ ਦਾ ਮਾਣ ਹਾਸ਼ਲ ਕਰੀਏ ।

***  ***  ***  ***  ***  ***  ***  ***  ***  ***  ***  *** 

ਪਿਤਾ ਬਿਨਾਂ ਬਚਪਨ ਅਧੂਰਾ

ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ। ਮੋ. 94786-58384

ਜੀ ਹਾਂ ਪਿਤਾ ਤੋਂ ਬਿਨਾਂ ਬੱਚਿਆਂ ਦਾ ਬਚਪਨ ਸੱਚਮੁੱਚ ਅਧੂਰਾ ਹੀ ਰਹਿ ਜਾਦਾਂ ਹੈ ਕਿਉਂਕਿ ਪਿਤਾ ਆਪਣੇ ਬੱਚਿਆ ਲਈ ਉਹ ਫਰਿਸ਼ਤਾ ਹੈ ਜੋ ਆਪ ਹਰ ਦੁੱਖ, ਦਰਦ ਆਪਣੇ ਤਨ-ਮਨ ਤੇ ਝੱਲਕੇ ਆਪਣੇ ਬੱਚਿਆ ਲਈ ਸੁਖਾਵਾਂ ਅਤੇ ਸ਼ਾਨਦਾਰ ਮਹੌਲ ਸਿਰਜਦਾ ਹੈ। ਜੇਕਰ ਮਾਂ ਰੱਬ ਦਾ ਨਾਂਅ ਹੈ ਤਾਂ ਫਿਰ ਪਿਤਾ ਵੀ ਆਪਣੇ ਬੱਚਿਆ ਲਈ ਕਿਸੇ ਰੱਬ ਤੋਂ ਘੱਟ ਨਹੀਂ ਹੁੰਦਾ।ਜੇਕਰ ਇੱਕ ਬੱਚਾ ਰੱਬ ਤੋਂ ਬਾਅਦ ਕਿਸੇ ਇਨਸਾਨ ਤੋਂ ਆਪਣੀ ਹਰ ਗੱਲ ਮਨਵਾਉਣ ਜਾਂ ਆਪਣੀ ਜਿੰਦਗੀ ਵਿੱਚ ਹਰ ਤ੍ਹਰਾ ਦੇ ਸਹਿਜ ਮਹੌਲ ਦੀ ਉਮੀਦ ਰੱਖਦਾ ਹੈ ਤਾਂ ਮੈਂ ਬੜੀ ਇਮਾਨਦਾਰੀ ਨਾਲ ਕਹਾਂਗੀ ਕਿ ਬੱਚੇ ਦੀ ਇਸ ਉਮੀਦ ਤੇ ਸਿਰਫ ਅਤੇ ਸਿਰਫ ਇੱਕ ਪਿਤਾ ਹੀ ਖਰਾ ਉਤਰ ਸਕਦਾ ਹੈ। ਕਿਉਂਕਿ ਇੱਕ ਪਿਤਾ ਹੀ ਸਖਤ ਮਿਹਨਤ ਕਰਕੇ, ਦਿਨ-ਰਾਤ ਇੱਕ ਕਰਕੇ ਆਪਣੇ ਸ਼ੌਕ ਅਧੂਰੇ ਰੱਖਕੇ ਇਸੇ ਜੱਦੋ-ਜਹਿਦ ਵਿੱਚ ਲੱਗਾ ਰਹਿੰਦਾ ਹੈ ਕਿ ਮੇਰੇ ਬੱਚਿਆ ਦੇ ਪਾਲਣ-ਪੋਸ਼ਣ, ਪੜਾਈ-ਲਿਖਾਈ ਵਿੱਚ ਕੋਈ ਕਸਰ ਨਾ ਰਹਿ ਜਾਵੇ। ਇਹ ਸਭ ਕੁਝ ਕਰਦਾ ਕਰਦਾ ਪਤਾ ਨਹੀਂ ਕਦੋ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ ਤਹਿ ਹੋ ਜਾਦਾਂ ਹੈ ਇੱਕ ਪਿਤਾ ਦਾ। ਜਾਣੀ ਕਹਿ ਲਵੋ ਇੱਕ ਪਿਤਾ ਆਪਣਾ ਸਾਰਾ ਜੀਵਨ ਹੀ ਬੱਚਿਆ ਦੇ ਲੇਖੇ ਖੁਸ਼ੀ ਨਾਲ ਲਾ ਦਿੰਦਾ ਹੈ।ਜਿਵੇਂ ਸਿਆਣੇ ਕਹਿੰਦੇ ਹਨ ਮਾਂ ਬਿਨਾ ਕੋਈ ਅਸ਼ੀਸ ਨਹੀਂ ਦਿੰਦਾ ਅਤੇ ਪਿਤਾ ਬਿਨਾ ਕੋਈ ਚੰਗੀ ਸਲਾਹ ਨਹੀਂ ਦਿੰਦਾ।ਇੱਕ ਪਿਤਾ ਜਿੱਥੇ ਆਪਣੇ ਬੱਚਿਆ ਲਈ ਸੁਖਾਵਾਂ ਮਹੌਲ ਸਿਰਜਦਾ ਹੈ ਉਥੇ ਆਪਣੇ ਬੱਚਿਆ ਨੂੰ ਚੰਗੀ ਪ੍ਰੈਰਨਾ ਦੇ ਕੇ ਸਮਾਜ ਵਿੱਚ ਸਹੀ ਢੰਗ ਨਾਲ ਵਿਚਰਣ ਦੇ ਲਾਇਕ ਵੀ ਬਣਾਉਦਾ ਹੈ ਤਾਂ ਜੋ ਬੱਚਾ ਸਹੀ ਢੰਗ ਨਾਲ ਆਪਣੀ ਜਿੰਦਗੀ ਜੀ ਸਕੇ ਤੇ ਲੋੜ ਪੈਣ ਤੇ ਕਿਸੇ ਲੋੜਵੰਦ ਦੇ ਕੰਮ ਵੀ ਆ ਸਕੇ। ਇੱਕ ਪਿਤਾ ਹੀ ਹੈ ਜੋ ਆਪਣੇ ਬੱਚੇ ਨੂੰ ਆਪਣੇ ਨਾਲੋ aੁੱਚੇ ਮੁਕਾਮ ਤੇ ਵੇਖ ਖੁਸ਼ ਹੁੰਦਾ ਹੈ ਤੇ ਸਾਰੀਆ ਜਿੰਮੇਵਾਰੀਆ ਨਿਰਸਵਾਰਥ ਹੋ ਕੇ ਨਿਭਾਉਦਾ ਹੈ।

ਬੱਚਿਓ ਆਪਾ ਜਿੰਨੇ ਮਰਜੀ ਪੜ ਲਿਖ ਜਾਈਏ ਮਾਪਿਆ ਵੱਲੋ ਪੜਾਇਆ ਗਿਆ ਪਾਠ ਕਿਸੇ ਵੀ ਕਿਤਾਬ ਵਿੱਚੋ ਨਹੀਂ ਮਿਲਦਾ ਕਿਉਂਕਿ ਮਾਪਿਆ ਨੇ ਆਪਣੀ ਉਮਰ ਦੇ ਤਜਰਬੇ ਅਨੁਸਾਰ ਸਾਨੂੰ ਚੰਗੇ-ਮੰਦੇ ਦੀ ਪਹਿਚਾਣ ਕਰਣੀ ਸਿਖਾਈ ਹੁੰਦੀ ਹੈ ਇਸ ਲਈ ਤਾਂ ਕਹਿੰਦੇ ਹਨ ਕਿਸੇ ਵੀ ਇਨਸਾਨ ਦੀ ਮਹਾਨਤਾ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਸਦੇ ਮਾਪਿਆ ਦਾ ਹੀ ਹੁੰਦਾ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਭਾਵੇਂ ਲੱਖ ਵਾਰ ਲੱਭ ਲਵੋ ਪਿਤਾ ਜਿਹਾ ਵਫਾਦਾਰ ਦੋਸਤ ਤਹਾਨੂੰ ਕਿਤੋਂ ਵੀ ਨਹੀਂ ਲੱਭੇਗਾ। ਪਿਤਾ ਨਿੰਮ ਦੇ ਦਰੱਖਤ ਵਾਂਗੂ ਕੌੜਾ ਤਾਂ ਜਰੂਰ ਹੁੰਦਾ ਪਰ ਸੰਘਣੀ ਛਾਂ ਦੇ ਨਾਲ-ਨਾਲ ਬੱਚੇ ਨੂੰ ਸਫਲ ਬਣਾਉਣ ਵਿੱਚ ਬਹੁਤ ਕਾਰਗਰ ਸਿੱਧ ਹੁੰਦਾ ਹੈ। ਮੇਰੇ ਆਪਣੇ ਜੀਵਨ ਦੇ ਤਜਰਬੇ ਮੁਤਾਬਿਕ ਉਹ ਬੱਚੇ ਜਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਂਦੇ ਜੋ ਆਪਣੇ ਪਿਤਾ ਦੀ ਸਲਾਹ ਨਾਲ ਚੱਲਦੇ ਹਨ ਅਤੇ ਪਿਤਾ ਦੀ ਛਤਰ ਛਾਇਆ ਹੇਠ ਰਹਿੰਦੇ ਹਨ। ਇਸ ਲਈ ਬੱਚਿਓ ਆਪਣੀ ਆਦਤ ਨੂੰ ਬਦਲੋ ਜਿਹੜੇ ਬੱਚੇ ਮਾਪਿਆਂ ਦਾ ਕਿਹਾ ਨਹੀਂ ਮੰਨਦੇ ਉਹ ਅੱਜ ਤੋਂ ਹੀ ਆਪਣੇ ਮਾਪਿਆ ਦੇ ਆਗਿਆ ਕਾਰੀ ਬੱਚੇ ਬਣ ਜੀਵਨ ਸਫਲ ਬਣਾਉ।

ਜਿਵੇ ਡਾ. ਅਬਦੁਲ ਕਲਾਮ ਜੀ ਲਿਖਦੇ ਹਨ ਤੁਸੀ ਆਪਣਾ ਭੱਵਿਖ ਤਾਂ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਤਾਂ ਬਦਲ ਸਕਦੇ ਹੋ। ਜੇਕਰ ਤੁਸੀ ਆਪਣੀਆ ਆਦਤਾਂ ਬਦਲ ਲਵੋਗੇ ਤਾਂ ਭੱਵਿਖ ਆਪਣੇ ਆਪ ਹੀ ਬਦਲ ਜਾਵੇਗਾ। ਸੋ ਬੱਚਿਓ ਪਿਤਾ ਇੱਕ ਉਹ ਛਾਂ ਦਾਰ ਬੂਟਾ ਹੈ ਜੋ ਤਹਾਨੂੰ ਆਪ ਧੁੱਪ ਵਿੱਚ ਖੜਕੇ ਛਾਂ ਪ੍ਰਦਾਣ ਕਰਦਾ ਹੈ ਤੇ ਕਰਦਾ ਵੀ ਰਹੇਗਾ ਜਿੰਨਾ ਚਿਰ ਉਸਦੇ ਸਾਹ ਵੱਗਦੇ ਰਹਿਣਗੇ। ਪਰ ਬੱਚੇ ਪਿਤਾ ਲਈ ਕੀ ਕਰਦੇ ਹਨ ਜੇਕਰ ਪਿਤਾ ਕਿਤੇ ਗੁੱਸੇ ਵਿੱਚ ਦੋ ਬੋਲ ਹੀ ਕਹਿ ਦੇਵੇ ਤਾਂ ਘਰ ਵਿੱਚ ਵਿਵਾਦ ਖੜਾ ਕਰ ਦਿੰਦੇ ਹਨ। ਬੱਚਿਓ! ਵੇਖਿਓ ਕਿਤੇ ਪਿਤਾ ਦੀ ਕੀਤੀ ਕਮਾਈ ਅਤੇ ਕੁਰਬਾਨੀ ਨਾਂ ਭੁੱਲ ਜਾਣਾ। ਕੋਈ ਵੀ ਗੱਲ ਆਪਣੀ ਸੋਚ ਤੋਂ ਵੱਡੀ ਤਾਂ ਨਹੀਂ ਹੋ ਸਕਦੀ। ਉਸਦਾ ਹੱਲ ਵੀ ਆਪਣੀ ਸੋਚ ਦੇ ਅੰਦਰ ਹੀ ਪਿਆ ਹੁੰਦਾ ਹੈ। ਇਸ ਲਈ ਕਦੇ ਵੀ ਭੁੱਲ ਭੁਲੇਖੇ ਆਪਣੇ ਮਾਪਿਆ ਨੂੰ ਕੌੜਾ ਸ਼ਬਦ ਨਾਂ ਹੀ ਬੋਲੋ। ਜੇਕਰ ਪਿਤਾ ਕਿਸੇ ਗੱਲ ਤੋਂ ਰੋਕੇ-ਟੋਕੇ ਤਾਂ ਤੁਹਾਡਾ ਮਿੱਠ ਬੋਲੜਾ ਸੁਭਾਅ ਜਾਂ ਚੁੱਪ ਹੋ ਜਾਣਾ ਤੁਹਾਨੂੰ ਤੁਹਾਡੇ ਪਿਤਾ ਜੀ ਦਾ ਹੋਰ ਵੀ ਚਹੇਤਾ ਬਣਾ ਦਵੇਗਾ। ਜਰਾ ਸੋਚੋ ਜਿੰਨਾ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਹੁੰਦਾ ਉਨ੍ਹਾ ਬੱਚਿਆ ਦਾ ਬਚਪਨ ਸੱਚੀ ਅਧੂਰਾ ਰਹਿ ਜਾਦਾ ਹੈ। ਨਾਂ ਕਿਤੇ ਉਨ੍ਹਾ ਨੂੰ ਪਿਤਾ ਦੀ ਗੋਦ ਦਾ ਨਿੱਘ, ਨਾ ਹੀ ਪਿਤਾ ਦੀ ਝਿੜਕ ਅਤੇ ਨਾ ਹੀ ਪਿਤਾ ਦੀ ਸਲਾਹ ਤੇ ਪਿਆਰ ਮਿਲਿਆ। ਇਸ ਲਈ ਪਿਆਰੇ ਬੱਚਿਓ ਆਪਣੇ ਪਿਤਾ ਦੀਆਂ ਭਾਵਨਾਂਵਾ ਨੂੰ ਸਮਝੋ। ਜਿਵੇਂ ਇੱਕ ਬੱਚੇ ਨੂੰ ਪਿਤਾ ਤੋਂ ਬਿਨਾ ਇੱਕਲਤਾ ਮਹਿਸੂਸ ਹੁੰਦੀ ਹੈ ਉਵੇਂ ਬੁਢਾਪੇ ਵਿੱਚ ਮਾਪਿਆਂ ਨੂੰ ਵੀ ਬੱਚਿਆ ਤੋਂ ਬਿਨਾ ਇੱਕਲਤਾ ਮਹਿਸੂਸ ਹੁੰਦੀ ਹੈ।ਇਸ ਲਈ ਆਪਣੇ ਕੰਮ-ਕਾਰ ਵਿੱਚੋ ਕੁਝ ਸਮਾਂ ਕੱਢਕੇ ਆਪਣੇ ਮਾਪਿਆਂ ਕੋਲ ਜਰੂਰ ਬੈਠੋ।ਉਨੰਾ ਦੀ ਸਲਾਹ ਲਵੋ, ਸੇਵਾ ਕਰੋ, ਸਤਿਕਾਰ ਕਰੋ ਅਤੇ ਉਨ੍ਹਾ ਨੂੰ ਚੰਗੀਆ ਸਹੂਲਤਾ ਮੁੱਹਈਆ ਕਰਵਾਓ। ਕਿਉਂਕਿ ਹਰ ਕੰਮ ਵਿੱਚ ਮਾਪਿਆ ਵੱਲੋਂ ਦਿੱਤੀ ਚੰਗੀ ਸਿੱਖਿਆ ਹੀ ਕਾਰਗਿਰ ਸਿੱਧ ਹੁੰਦੀ ਹੈ ਅਤੇ ਸਮਾਜ ਵਿੱਚ ਸਿਰ ਉਠਾ ਕੇ ਜਿਉਣ ਜੋਗੇ ਵੀ ਤਾਂ ਸਾਨੂੰ ਮਾਪਿਆ ਨੇ ਹੀ ਕੀਤਾ ਹੈ। ਜੇਕਰ ਅੱਜ ਬਜੁਰਗ ਮਾਪੇ ਸਾਥੋਂ ਸਹਾਰਾ ਮੰਗਦੇ ਹਨ ਤਾਂ ਖੁਸ਼ੀ-ਖੁਸ਼ੀ ਆਪਣੇ ਫਰਜ ਨਿਭਾa ਅਤੇ ਚੰਗੇ ਬੱਚੇ ਹੋਣ ਦਾ ਮਾਣ ਹਾਸ਼ਲ ਕਰੋ।

***  ***  ***  ***  ***  ***  ***  ***  ***  ***  ***  *** 

ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ

ਕਿਰਨਪ੍ਰੀਤ ਕੌਰ   +436 886 401 3133

ਕਹਿੰਦੇ ਹਨ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੇ ਟਿਕਿਆ ਹੁੰਦਾ ਹੈ । ਪਰ ਜੇਕਰ ਅਸੀਂ ਅੱਜ ਕੱਲ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ । ਜਿੱਥੇ ਕਿ ਨੌਜਵਾਨ ਮੁੰਡੇ ਨਸ਼ਿਆਂ ਵਿੱਚ ਆਪਣੀ ਜਵਾਨੀ ਰੋਲ ਰਹੇ ਹਨ ਉਥੇ ਹੀ ਅੱਜਕਲ ਕੁੜੀਆਂ ਵੀ ਪੱਬਾਂ , ਡਿਸਕੋ ਅਤੇ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ । ਲੋਕ ਆਪਣੇ ਆਪ ਨੂੰ ਅਗਾਂਹ ਵਧੂ ਸੋਚ ਦੇ ਮਾਲਿਕ ਦਿਖਾਉਣ ਲਈ ਮਾਡਰਨ ਹੋਣਾ ਪਸੰਦ ਕਰਦੇ ਹਨ । ਜਿਸ ਵਿੱਚ ਉਹ ਪਾਰਟੀਆਂ ਵਗੈਰਾ ਕਰਦੇ ਆਪਣੇ ਆਪ ਨੂੰ ਮਾਡਰਨ ਸ਼ੋਅ ਕਰਨ ਦਾ ਦਿਖਾਵਾ ਕਰਦੇ ਹਨ । ਪਰ ਕਈਆਂ ਦੀ ਮਾਨਸਿਕਤਾ ਸਿਰਫ ਫੈਸ਼ਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ।

ਘਰ ਵਿੱਚ ਭਾਵੇਂ ਖਾਣ ਨੂੰ ਚੰਗੀ ਰੋਟੀ ਨਸੀਬ ਨਹੀਂ ਹੈ , ਪਰ ਵਧੀਆ ਤੇ ਸਮਾਰਟ ਫੋਨ ਹਰ ਇੱਕ ਮੈਂਬਰ ਕੋਲ ਹੈ ਕੁੜੀਆਂ ਅਤੇ ਮੁੰਡੇ ਆਪਣੇ ਕੱਪੜਿਆਂ ਵੱਲ ਇਤਨਾ ਰੁਝਾਨ ਹੈ ਕਿ ਉਹ ਆਪਣੇ ਆਪ ਨੂੰ ਬਸ ਸੋਹਣਾ ਦਿਖਾਉਣ ਦੀ ਦੌੜ ‘ਚ ਹੀ ਫਸੇ ਹੋਏ ਹਨ । ਉਨ੍ਹਾਂ ਨੂੰ ਆਪਣੇ ਭਵਿੱਖ ਦੀ ਉਤਨੀ ਚਿੰਤਾ ਨਹੀਂ ਜਿੰਨੀ ਕਿ ਸੋਹਣੇ ਦਿਖਣ ਦੀ । ਉਹ ਆਪਣੇ ਮਾਪਿਆਂ ਦੀ ਬਹੁਤੀ ਕਮਾਈ ਤਾਂ ਸੋਹਣੇ ਦਿਖਣ ਵਿੱਚ ਪਾਰਲਰ ਅਤੇ ਦਰਜੀਆਂ ਨੂੰ ਦੇ ਕੇ ਗਵਾ ਦਿੰਦੇ ਹਨ ।

ਨੌਜਵਾਨ ਪੀੜ੍ਹੀ ਦਾ ਇਸ ਫੈਸ਼ਨ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਲਈ ਖ਼ਤਰਾ ਵੀ ਪੈਦਾ ਕਰ ਰਿਹਾ ਹੈ , ਕਿਉਂਕਿ ਛੋਟੀ ਹੁੰਦੀ ਜਾ ਰਹੀ ਮਾਨਸਿਕਤਾ ਸਾਨੂੰ ਤਰੱਕੀ ਦੇ ਰਾਹਾਂ ਤੋਂ ਦੂਰ ਲੈ ਜਾਂਦੀ ਹੈ । ਘਟੀਆ ਗਾਇਕੀ ਅਤੇ ਫ਼ਿਲਮਾਂ ਵੀ ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਜੋ ਅਸੀਂ ਦੇਖਦੇ, ਸੁਣਦੇ ਹਾਂ ਉਸ ਦਾ ਸਾਡੀ ਸੋਚ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ । ਪਰ ਜੇਕਰ ਅਸੀਂ ਸੁਣਾਂਗੇ ਹੀ ਘਟਿਆ ਤਾਂ ਸਾਡੀ ਸੋਚ ਦਾ ਛੋਟੀ ਹੁੰਦੇ ਜਾਣਾ ਸੁਭਾਵਿਕ ਹੈ । ਅੱਜ ਨੌਜਵਾਨ ਪੀੜੀ ਬੱਸ ਫਿਲਮਾਂ, ਗੀਤਾਂ, ਫੈਸ਼ਨ, ਨਸ਼ਿਆਂ ਆਦਿ ਬੁਰਾਈਆਂ ਵਿੱਚ ਫਸ ਕੇ ਰਹਿ ਗਈ ਹੈ । ਇਨ੍ਹਾਂ ਚੀਜ਼ਾਂ ਦੀ ਸਾਡੇ ਜੀਵਨ ਵਿੱਚ ਲੋੜ ਹੈ ਪਰ ਕਿਸੇ ਸੀਮਤ ਲੋੜ ਮੁਤਾਬਿਕ । ਪਰ ਅਸੀਂ ਅੱਜ ਕੱਲ੍ਹ ਆਪਣਾ ਸਾਰਾ ਜ਼ੋਰ ਸਿਰਫ ਇਨ੍ਹਾਂ ਚੀਜ਼ਾਂ ਵੱਲ ਦੇ ਕੇ ਆਪਣੇ ਭਵਿੱਖ ਦੀ ਤਰੱਕੀ ਵੱਲੋਂ ਬਿਲਕੁਲ ਹੀ ਟੁੱਟ ਗਏ ਹਾਂ ਇਸ ਨਾਲ ਸਾਡੇ ਸਮਾਜ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ।

ਲੋੜ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ । ਸਹੀ ਦਿਸ਼ਾ ਲੱਭਣ ਦੀ ਅਤੇ ਚੰਗੇ ਵਿਚਾਰ ਅਪਣਾਉਣ ਦੀ ।

***  ***  ***  ***  ***  ***  ***  ***  ***  ***  ***  ***

ਅਖੰਡ ਸੁਹਾਗ ਦੀ ਪ੍ਰਾਰਥਨਾ – ਕਰਵਾ ਚੌਥ ਦੇ ਵਰਤ

ਸਿੱਖ ਧਰਮ ਅਨੁਸਾਰ ਕਰਵਾ ਚੌਥ ਦੇ ਵਰਤ ਦੀ ਮਨਾਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਔਰਤਾਂ ਦੂਸਰੀਆਂ ਔਰਤਾਂ ਵਾਂਗ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।

-ਭਵਨਦੀਪ ਸਿੰਘ ਪੁਰਬਾE-Mail : bhawandeep@rediffmail.com

ਕਰਵਾ ਚੌਥ ਦੇ ਵਰਤ ਦਾ ਤਿਉਹਾਰ ਅੱਜਕਲ• ਔਰਤਾਂ ਦਾ ਸਭ ਤੋਂ ਖਾਸ ਤਿਉਹਾਰ ਬਣਦਾ ਜਾ ਰਿਹਾ ਹੈ। ਇਸ ਦੇ ਇਤਿਹਾਸਕ ਪਿਛੋਕੜ ਅਤੇ ਧਾਰਮਿਕ ਰਸਮਾਂ ਬਾਰੇ ਚਾਹੇ ਕਿਸੇ ਨੂੰ ਨਾ ਪਤਾ ਹੋਵੇ ਪਰ ਇਸ ਦੀ ਚਮਕ-ਦਮਕ ਸਭ ਦੇ ਮਨ ਨੂੰ ਟੁਭਦੀ ਹੈ। ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਵਾਸਤੇ ਰੱਖੇ ਜਾਂਦੇ ਕਰਵਾ ਚੌਥ ਦੇ ਵਰਤ ਦੀ ਮੁੱਖ ਭਾਵਨਾ ਤਾਂ ਉਹੀ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ ਪਰ ਇਸ ਦੇ ਪ੍ਰਗਟਾਵੇ ਦੇ ਜ਼ਰੀਏ ਸਮੇਂ-ਸਮੇਂ ਬਦਲਦੇ ਰਹਿੰਦੇ ਹਨ। ਸੁਹਾਗਣਾਂ ਦਾ ਇਹ ਤਿਉਹਾਰ ਕੱਤਕ ਮਹੀਨੇ ਦੀ ਚੌਥੀ ਤਿਥੀ ਨੂੰ ਆਉਂਦਾ ਹੈ।
ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਕੀਤੀ ਜਾਂਦੀ ਹੈ। ਸੁਬਹ ਸੂਰਜ ਨਿਕਲਣ ਤੋਂ ਪਹਿਲਾਂ ਸੱਸ ਬਹੂ ਨੂੰ ਸਰਗੀ ਦਿੰਦੀ ਹੈ ਜਿਸ ਵਿਚ ਸਾਰੇ ਸੁਹਾਗ ਚਿੰਨ, ਗਹਿਣੇ, ਟਿੱਕਾ, ਮਹਿੰਦੀ, ਸੰਧੂਰ, ਫੈਣੀਆਂ, ਮਿਠਾਈ ਆਦਿ ਹੁੰਦੇ ਹਨ। ਇਸ ਤੋਂ ਬਾਅਦ ਸੱਸ ਅਤੇ ਨੂੰਹ ਆਲੂ ਗੋਭੀ ਦੀ ਸਬਜ਼ੀ, ਫੈਣੀਆਂ, ਖੀਰ ਆਦਿ ਖਾਂਦੀਆਂ ਹਨ। ਸਰਗੀ ਤੋਂ ਬਾਅਦ ਨੂੰਹ ਆਪਣੇ ਸਹੁਰੇ, ਪਤੀ ਅਤੇ ਦੂਸਰੇ ਵਡ ਵਡੇਰਿਆਂ ਤੋਂ ਅਸ਼ੀਰਵਾਦ ਲੈਂਦੀ ਹੈ। ਹੱਥ ਵਿਚ ਚੂੜੀਆਂ, ਮੱਥੇ ‘ਤੇ ਬਿੰਦੀ, ਅੱਖ ‘ਚ ਕੱਜਲ, ਪੈਰਾਂ ‘ਚ ਪੰਜੇਬਾਂ ਆਦਿ ਸੁਹਾਗ ਦੇ ਪ੍ਰਤੀਕ ਧਾਰਣ ਕਰਕੇ ਸੁਹਾਗਣਾਂ ਦੁਪਹਿਰ ਤੋਂ ਬਾਅਦ ਸ਼ਿੰਗਾਰ ਨਾਲ ਸਜੀਆਂ ਪੂਜਾ ਦੀਆਂ ਥਾਲੀਆਂ ਲੈ ਕੇ ਇਕ ਥਾਂ ‘ਤੇ ਇਕੱਠੀਆਂ ਹੁੰਦੀਆਂ ਹਨ ਅਤੇ ਪੰਡਤਾਈ ਤੋਂ ਕਥਾ ਸੁਣਦੀਆਂ ਹਨ। ਕਥਾ ਸੁਣਨ ਉਪਰੰਤ ਸੁਹਾਗ ਦੀਆਂ ਚੀਜ਼ਾਂ ਪੰਡਤਾਈ ਨੂੰ ਭੇਂਟ ਕਰਦੀਆਂ ਹਨ। ਹੱਥ ਵਿਚ ਚੌਲਾਂ ਦੇ ਦਾਣੇ ਲੈ ਕੇ ਕਥਾ ਸੁਣਦੀਆਂ ਹਨ। ਕਰਵੇ ਦੀ ਕਥਾ ਇਸ ਪ੍ਰਕਾਰ ਹੈ ਕਿ ਇਕ ਵਾਰ ਕਰਵਾ ਚੌਥ ਵੇਲੇ ਵੀਰਵਤੀ ਨਾਂ ਦੀ ਇਕ ਔਰਤ ਦੀਆਂ ਭਾਬੀਆਂ ਨੇ ਵਿਧੀ ਵਿਧਾਨ ਨਾਲ ਵਰਤ ਰੱਖਿਆ ਪਰ ਵੀਰਵਤੀ ਸਾਰਾ ਦਿਨ ਬਿਨਾਂ ਅੰਨ ਜਲ ਰਹਿ ਨਾ ਸਕੀ ਅਤੇ ਨਿਢਾਲ ਹੋ ਗਈ। ਭਰਾ ਆਪਣੀ ਭੈਣ ਦੀ ਇਹ ਹਾਲਤ ਨਾ ਦੇਖ ਸਕੇ। ਉਨ•ਾਂ ਨੇ ਇਕ ਯੋਜਨਾ ਬਣਾਈ। ਖੇਤ ਵਿਚ ਜਾ ਕੇ ਅੱਗ ਬਾਲੀ ਅਤੇ ਕੱਪੜੇ ਉੱਪਰ ਚੰਦਰਮਾ ਵਰਗਾ ਅਕਾਰ ਬਣਾ ਕੇ ਘਰ ਜਾ ਕਾ ਵੀਰਵਤੀ ਨੂੰ ਚੰਦ ਉਦੈ ਹੋਣ ਦਾ ਸੁਨੇਹਾ ਦਿੱਤਾ। ਵੀਰਵਤੀ ਨੇ ਉਸ ਨਕਲੀ ਚੰਦਰਮਾ ਨੂੰ ਦੇਖ ਕੇ ਅਰਘ ਦਿੱਤਾ ਅਤੇ ਭੋਜਨ ਕਰ ਲਿਆ। ਜਿਸ ਨਾਲ ਉਸ਼ਦਾ ਵਰਤ ਖੰਡਤ ਹੋ ਗਿਆ। ਉਸਦਾ ਪਤੀ ਇਸ ਤੋਂ ਬਾਅਦ ਅਚਾਨਕ ਬੀਮਾਰ ਹੋ ਗਿਆ। ਇਸ ਦੌਰਾਨ ਦੇਵਰਾਜ ਇੰਦਰ ਦੀ ਪਤਨੀ ਇੰਦਰਾਣੀ ਵੀ ਵਰਤ ਪੂਰਾ ਕਰਨ ਲਈ ਧਰਤੀ ‘ਤੇ ਆ ਗਈ। ਇਸ ਗੱਲ ਦਾ ਪਤਾ ਲੱਗਣ ਤੇ ਵੀਰਵਤੀ ਨੇ ਇੰਦਰਾਣੀ ਕੋਲ ਪ੍ਰਾਰਥਨਾ ਕੀਤੀ। ਇੰਦਰਾਣੀ ਨੇ ਕਿਹਾ ਕਿ ਜੇ ਤੂੰ ਵਰਤ ਨੂੰ ਪੂਰਨ ਵਿਧੀ ਨਾਲ ਪੂਰਾ ਕਰੇਂ ਤਾਂ ਤੇਰਾ ਪਤੀ ਠੀਕ ਹੋ ਜਾਵੇਗਾ। ਇਹ ਕਥਾ ਵਰਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ।
ਕਥਾ ਸੁਣਨ ਤੋਂ ਬਾਅਦ ਬਹੂ ਆਪਣੀ ਸੱਸ ਕੋਲੋਂ ਅਸ਼ੀਰਵਾਦ ਲੈਂਦੀ ਹੈ ਅਤੇ ਉਸ ਨੂੰ ਸੂਟ-ਸਾੜ•ੀ, ਸ਼ਗਨ ਅਤੇ ਸ਼ਿੰਗਾਰ ਦਾ ਸਮਾਨ ਭੇਟ ਕਰਦੀ ਹੈ। ਸੱਸ ਆਪਣੀ ਬਹੂ ਨੂੰ ਸਦਾ ਸੁਹਾਗਣ ਰਹਿਣ ਦਾ ਅਸ਼ੀਰਵਾਦ ਦਿੰਦੀ ਹੈ। ਪਾਣੀ ਦੀ ਗੜਵੀ ਅਤੇ ਅੰਨ ਦੇ ਦਾਣੇ ਵੱਖ ਰੱਖ ਕੇ ਰਾਤ ਨੂੰ ਚੰਦਰਮਾ ਨਿਕਲਣ ‘ਤੇ ਉਸ ਜਲ ਵਿਚ ਅੰਨ ਦੇ ਦਾਣੇ ਪਾ ਕੇ ਅਰਘ ਦਿੱਤਾ ਜਾਂਦਾ ਹੈ। ਅਰਘ ਦੇ ਕੇ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਨ ਤੋਂ ਬਾਅਦ ਭੋਜਨ ਕੀਤਾ ਜਾਂਦਾ ਹੈ। ਨਵਵਿਆਹੀਆਂ ਪਹਿਲਾ ਕਰਵਾ ਚੌਥ ਤੇਰਾ ਕਰਵੇ ਰੱਖ ਕੇ ਵਰਤ ਕਰਦੀਆਂ ਹਨ। ਬਾਅਦ ਵਿਚ ਦੋ ਕਰਵੇ, ਤਿੰਨ ਚੱਪਣੀਆਂ ਰੱਖ ਕੇ ਵੀ ਵਰਤ ਰੱਖਿਆ ਜਾਂਦਾ ਹੈ। ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਮੁਹੱਬਤ ਦਾ ਦੇਵਤਾ ਮੰਨਿਆ ਜਾਂਦਾ ਹੈ ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਮੁਹੱਬਤ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ•ਾਇਆ ਜਾਂਦਾ ਹੈ।
ਜੋਤਿਸ਼ ਅਨੁਸਾਰ ਚੰਦਰਮਾ ਮਨ ਦਾ ਕਾਰਕ ਗ੍ਰਹਿ ਹੈ। ਉਹ ਇਸ ਲਈ ਕਿ ਜਿਵੇਂ ਚੰਦਰਮਾ ਦਾ ਅਕਾਰ ਵਧਦਾ ਘਟਦਾ ਰਹਿੰਦਾ ਹੈ, ਵੈਸੀ ਹੀ ਮਨੁੱਖੀ ਮਨ ਦੀ ਅਵਸਥਾ ਬਦਲਦੀ ਰਹਿੰਦੀ ਹੈ। ਮਨ ਆਪਣੇ ਪ੍ਰੀਤਮ ਪਿਆਰੇ ਅਤੇ ਸਖ਼ੀ ਸੰਗ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ, ਇਸ ਲਈ ਚੰਦਰਮਾ ਨੂੰ ਅਰਘ ਚੜ•ਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ। ਸਿੱਖ ਧਰਮ ਅਨੁਸਾਰ ਕਰਵਾ ਚੌਥ ਦੇ ਵਰਤ ਦੀ ਮਨਾਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਔਰਤਾਂ ਦੂਸਰੀਆਂ ਔਰਤਾਂ ਵਾਂਗ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।
ਵਿਗਿਆਨਕ ਮਾਨਤਾ ਅਨੁਸਾਰ ਚੰਦ੍ਰਮਾ ਦਾ ਪ੍ਰਭਾਵ ਮਨੁੱਖੀ ਮਨ ਉੱਪਰ ਵੀ ਪੈਂਦਾ ਹੈ। ਇਸ ਲਈ ਚੰਦਰਮਾ ਦਾ ਦਰਸ਼ਨ ਕਰਨ ਨਾਲ ਇਸ ਦੀਆਂ ਕਿਰਨਾਂ ਦਾ ਪ੍ਰਭਾਵ ਸਿੱਧੇ ਤੌਰ ‘ਤੇ ਮਨੁੱਖੀ ਉਪਰ ਪੈ ਕੇ ਮਨ ਦੇ ਭਾਵਾਂ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਹੁੰਦੀ ਹੈ। ਇਸ ਲਈ ਜੇ ਚੰਦਰਮਾ ਸ਼ੁੱਭ ਹੋਵੇਗਾ ਤਾਂ ਮਨ ਦੇ ਵਿਚਾਰ ਵੀ ਸ਼ੁੱਭ ਹੋਣਗੇ। ਮਨ ਦੇ ਵਿਚਾਰ ਸ਼ੁੱਭ ਹੋਣਗੇ ਤਾਂ ਘਰ ਪਰਿਵਾਰ ਵਿਚ ਆਪਸੀ ਪ੍ਰੇਮ, ਭਰੋਸਾ ਅਤੇ ਵਿਸ਼ਵਾਸ ਵਧੇਗਾ।
ਅਖੀਰ ਵਿਚ ਇਹ ਕਹਿ ਸਕਦੇ ਹਾਂ ਕਿ ਕਾਰਨ ਚਾਹੇ ਕੋਈ ਵੀ ਹੋਵੇ ਜੇਕਰ ਕੋਈ ਤਿਉਹਾਰ ਸਾਡੇ ਮਨ ਨੂੰ ਖੁਸ਼ੀ, ਸੰਤੁਸ਼ਟੀ ਅਤੇ ਸਕੂਨ ਪ੍ਰਦਾਨ ਕਰਦਾ ਹੈ ਤਾਂ ਸਾਨੂੰ ਉਸ ਤਿਉਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।

 

ਸਮੇਂ ਦੀ ਨਜ਼ਾਕਤ ਨੂੰ ਵੀ ਸਮਝਣਾ ਚਾਹੀਦਾ

chand_singhਚੰਦ ਸਿੰਘ
ਸ੍ਰੀ ਮੁਕਤਸਰ ਸਾਹਿਬ

98553-54206

ਸਮੇਂ ਦੀ ਨਜ਼ਾਕਤ ਨੂੰ ਕੋਈ ਨਹੀਂ ਸਮਝਦਾ। ਸਮੇਂ ਦੇ ਪਾਬੰਦ ਹੋਣ ਬਾਰੇ ਬਥੇਰਾ ਪੜਿ•ਆ ਸੁਣਿਆ ਤੇ ਲਿਖਿਆ ਵੀ ਪਰ ਰਾਸ ਨਹੀਂ ਆਇਆ। ਖੁੱਦ ਨੇ ਵੀ ਸਮੇਂ ਦੇ ਪਾਬੰਦ ਰਹਿਣ ਦਾ ਨਜ਼ਾਰਾ ਵੀ ਦੇਖਿਆ ਲਾਭ ਦੀ ਥਾਂ ਘਾਟਾ ਕਿਉਂਕਿ ਇਕੱਲਾ ਤਾਂ ਕੁੱਝ ਵੀ ਨਹੀਂ ਕਰ ਸਕਦਾ। ਲੋਕਾਂ ਦੀ ਫ਼ਿਤਰਤ ਬਣ ਗਈ ਹੈ ਸਮੇਂ ਤੇ ਨਾਂ ਪੁਜਣ ਦੀ, ਸਮੇਂ ਤੇ ਨਾਂ ਕੰਮ ਕਰਨ ਦੀ, ਸਮੇਂ ਤੇ ਨਾਂ ਹੀ ਵਿਹਾਰ ਕਰਨ ਦੀ। ਕਿਸੇ ਫੰਕਸ਼ਨ ਦਾ ਨਿਸਚਤ ਸਮਾਂ 9 ਵਜੇ ਸਵੇਰੇ ਦਾ ਰੱਖਿਆ ਹੁੰਦਾ ਪਰ ਕੰਮ ਸ਼ੁਰੂ ਹੁੰਦਾ ਹੈ 11 ਵਜੇ। ਗੱਡੀ ਚੱਲਣ ਦਾ ਸਮਾਂ 9.15 ਹੁੰਦਾ ਤੇ ਰੇਲਗੱਡੀ ਆਉਂਦੀ ਹੈ ਸਾਢੇ 10 ਵਜੇ। ਕਿਸੇ ਪ੍ਰੋਗ੍ਰਾਮ ਤੇ ਜਾਣ ਦਾ ਸਮਾਂ ਸਾਥੀਆਂ ਵਲੋਂ ਸਵੇਰੇ 5 ਵਜੇ ਰੱਖਿਆ ਸੀ। ਇਸ ਅਨੁਸਾਰ ਮੈਂ ਠੀਕ ਪੌਣੇ 5 ਵਜੇ ਪੁੱਜ ਗਿਆ ਸੀ। ਆਕੇ ਦੇਖਿਆ ਨਾਂ ਕੋਈ ਸਾਥੀ ਤੇ ਨਾਂ ਹੀ ਕੋਈ ਕਾਰ ਗੱਡੀ। ਕਦੇ ਇੱਧਰ ਕਦੇ ਓਧਰ ਵੇਖਾ ਲੱਗਿਆ ਕਿ ਕਿਤੇ ਮੇਰੇ ਤੋਂ ਪਹਿਲਾਂ ਹੀ ਤਾਂ ਨਾਂ ਚਲੇ ਗਏ ਹੋਣ। ਪੌਣੇ 6 ਵਜੇ ਟਾਂਵਾਂ 2 ਸਾਥੀ ਆਉਣ ਲੱਗਾ। ਪੂਰੇ ਸਾਥੀ ਆ ਜਾਣ ਤੇ ਵੀ, ਕੀਤਾ ਵਹੀਕਲ ਨਾਂ ਆਇਆ। ਫੋਨ ਤੇ ਗੱਲ ਕੀਤੀ ਕਹਿੰਦਾ 5 ਮਿੰਟਾਂ ‘ਚ ਆਇਆ ਪਰ ਉਹ 5 ਮਿੰਟਾਂ ਦੀ ਬਜਾਏ 25 ਮਿੰਟ ਲੇਟ ਆਇਆ। ਇਕ ਮੈਂਬਰ ਦੀ ਹੋਰ ਦੀ ਵੀ ਉਡੀਕ ਹੋਣ ਲੱਗੀ। ਉਹਦੇ ਆਉਣ ਤੇ ਸਾਢੇ 7 ਵਜੇ ਰਵਾਨਗੀ ਪਾਈ। ਪੌਣੇ 3 ਘੰਟੇ ਬਾਦ ਤੁਰੇ ਕੰਨਾਂ ਨੂੰ ਹੱਥ ਲਗ ਗਏ। ਜੇਕਰ ਐਨਾ ਹੀ ਲੇਟ ਚਲਣਾ ਸੀ ਤਾਂ ਮੈਂ ਵੀ ਦੂਸਰਿਆਂ ਵਾਂਗ ਚਾਹ ਨਾਸ਼ਤਾ ਕਰਕੇ ਆਰਾਮ ਨਾਲ ਆ ਜਾਂਦਾ। ਏਦਾਂ ਹੀ ਰੇਲ ਗੱਡੀ ਤੇ ਜਾਣ ਵੇਲੇ ਹੋਇਆ ਸੀ। ਕਾਹਲੀ ਵਿਚ ਮਨ•ਾਂ ਲੇਟ ਹੀ ਨਾਂ ਹੋ ਜਾਵਾਂ ਘਰ ਐਨਕ ਤੇ ਮੁਬਾਈਲ ਭੁਲ ਗਿਆ ਸੀ। ਝੂਠ ਤੇ ਬਹਾਨੇਬਾਜੀ ਐਨੀ ਚਲਦੀ ਹੈ ਬਸ ਪੁੱਛੋ ਹੀ ਨਾਂ। ਬੰਦਾ ਮੋਗੇ ਹੁੰਦਾ ਤਾਂ ਦਸਦਾ ਕੋਟਕਪੂਰੇ। ਹੁਣ ਤਾਂ ਘੜੀਆਂ ਮੁਬਾਈਲਾਂ ‘ਚ ਫਿਟ ਨੇ ਮਿੰਟ ਸਕਿੰਟ ਸਹੀ ਦਸਦੀਆਂ। ਉਹ ਵੀ ਸਮਾਂ ਹੁੰਦਾ ਸੀ ਜਦੋਂ ਪਿੰਡ ਵਿਚ ਇਕੋ ਹੀ ਵੱਡਾ ਕੰਧਵਾਲਾ ਕਲਾਕ ਮੀਰਾਵ ਕੋਲ ਹੁੰਦਾ ਸੀ ਉਸਤੋਂ ਪਾਣੀ ਦੀ ਵਾਰੀ ਵਾਲੇ ਟੈਮ ਪੁੱਛ ਕੇ ਜਾਂਦੇ ਸੀ। ਦੌੜਦੇ ਸਨ ਤੇ ਉਚੀ ਆਵਾਜ ‘ਚ ਦੂਰੋਂ ਹੀ ਦਸਦੇ ਸਨ, ” ਜੈਲਿਆ ਉਏ! ਪਾਣੀ ਵੱਢ ਲੈ।” ਉਦੋਂ ਸਮੇਂ ਦੀ ਕਦਰ ਹੁੰਦੀ ਸੀ। ਸੂਰਜ ਦੀ ਰੋਸ਼ਨੀ ਦੇ ਪਰਛਾਵੇਂ ਤੇ ਤਾਰਿਆਂ ਨੂੰ ਵੇਖ ਸਹੀ ਸਮੇਂ ਦਾ ਅੰਦਾਜਾ ਲਾਕੇ ਕੰਮ ਕਰਿਆ ਕਰਦੇ ਸਨ ਪਰ ਅੱਜ ਲੋਕ ਆਲਸੀ ਤੇ ਦਲਿਦਰ ਸਮੇਂ ਦੀ ਕੋਈ ਪਰਵਾਹ ਨਹੀਂ ਕਰਦੇ। ਸਮੇਂ ਨੂੰ ਜੇਬਾਂ ‘ਚ ਪਾਈ ਰੱਖਦੇ ਹਨ ਪਰ ਅਮਲ ਨਹੀਂ ਕਰਦੇ।
ਸਮੇਂ ਦੀ ਨਜ਼ਾਕਤ ਨੂੰ ਨਾਂ ਵੇਖ ਲੋਕਾਂ ਦੀ ਨਜ਼ਾਕਤ ਨੂੰ ਵੇਖ ਮੈਂ ਵੀ ਆਪਣਾ ਰੁੱਖ ਬਦਲ ਲਿਆ ਕੋਈ ਗਹਿਨਾ ਬਨਾਉਣਾ ਹੋਵੇ। ਕਪੜਾ ਸਿਲਵਾਉਨਾ ਹੋਵੇ ਜਾਂ ਕੋਈ ਹੋਰ ਕਾਰ ਵਿਹਾਰ ਦਾ ਕੰਮ ਹੁੰਦਾ। ਪ੍ਰੋਗ੍ਰਾਮ ਦੇ ਨਿਸਚਤ ਸਮੇਂ ਤੋਂ 10 ਦਿਨ ਪਹਿਲਾਂ ਹੀ ਉਨ•ਾਂ ਨੂੰ ਦਸਦਾ ਤਾਕਿ ਸਮੇਂ ਅਨੁਸਾਰ ਉਹ ਵਸਤਾਂ ਮਿਲ ਜਾਣ। ਹੈ ਤਾਂ ਕੰਮ ਟੇਢਾ ਪਰ ਕੀ ਕਰੀਏ ਕਰਨਾ ਪਵੇਗਾ ਕਹਿੰਦੇ ਹਨ ਊਠ ਉੜਾਂਦੇ ਹੀ ਲਦੀਦੇ ਹੈ ਤੇ ਘੋੜੇ ਨੂੰ ਟਿੰਡਾਂ ਵਾਲੇ ਖੂਹ ਦੀ ਟਿੱਕ ਟਿੱਕ ਵਿਚ ਹੀ ਪਾਣੀ ਜਬਰਦਸਤ ਪਿਲਾਉਣਾਂ ਪੈਂਦਾ। ਫੇਰ ਹੀ ਕੰਮ ਚਲਦਾ। ਜੈਸਾ ਦੇਸ ਵੈਸਾ ਭੇਸ ਬਨਾਉਣ ‘ਚ ਹੀ ਫਾਇਦਾ।
ਸਮੇਂ ਦੀ ਨਜ਼ਾਕਤ ਸਮਝਦੇ ਕੰਮ ਹੋਵੇ ਤਾਂ ਕਿੰਨਾਂ ਚੰਗਾ ਹੁੰਦਾ ਪਰ ਇਸ ਵਿਚ ਵੀ ਕੋਈ ਪੂਰੀ ਨਹੀਂ ਪੈਂਦੀ। ਹਰ ਥਾਂ ਕੰਮ ਅਧੂਰਾ ਵੇਖ ਸੁਆਦ ਕਿਰਕਰਾ ਹੋ ਜਾਂਦਾ ਹੈ। ਕੁਝ ਉਦਾਹਰਨਾਂ ਇਸ ਤਰ•ਾਂ ਹਨ:-
ਵਧੀਆ ਗੀਤ ਸਾਜ ਅਵਾਜ ਦੇ ਸੁਮੇਲ ਤੋਂ ਬਣਦਾ ਹੈ। ਇਸਨੂੰ ਸੰਗੀਤ ਕਹਿੰਦੇ ਹਨ ਜੋ ਸੁਰਤਾਲ ਵਿਚ ਗਾਇਆ ਜਾਵੇ ਸਾਜਾਂ ਦੀ ਸੁਰ ਵੀ ਉਸਦੀ ਅਵਾਜ ਨਾਲ ਰਲਦੀ ਮਿਲਦੀ ਹੋਵੇ। ਇਹ ਕਿੰਨਾਂ ਚੁਭਵਾਂ ਹੋਵੇਗਾ ਜੇਕਰ ਗਾਇਕ ਦੀ ਅਵਾਜ਼ ਲਹਿਜੇ ਵਿਚ ਨਾਂ ਹੋਵੇ ਕਿਤੇ ਉਪਰ ਤੇ ਕਿਤੇ ਥੱਲੇ ਬੇ ਜੋੜ ਕਿਸੇ ਵੀ ਤਾਲ ‘ਚ ਵੀ ਨਾਂ ਹੋਵੇ ਤਾਂ ਉਥੇ ਸਾਜ ਸੰਗੀਤ ਕੀ ਕਰੇਗਾ। ਜੇਕਰ ਗਾਇਕ ਵਧੀਆ ਢੰਗ ਨਾਲ ਗਾਉਂਦਾ ਤੇ ਹਰਮੋਨੀਅਮ ਢੋਲਕੀ ਤੇ ਛੈਣੇ ਆਪਸ ਵਿਚ ਮੇਲ ਹੀ ਨਾਂ ਖਾਂਧੇ ਹੋਣ ਤਾਂ ਵਧੀਆ ਗਾਇਕ ਦੀ ਅਵਾਜ ਕੀ ਕਰੇਗੀ। ਕਿਰਕਿਰਾ ਹੋ ਜਾਂਦਾ। ਕਿਸੇ ਨੂੰ ਚੰਗਾ ਨਹੀਂ ਲੱਗਦਾ। ਘਾਟ ਤਾਂ ਸਾਰੀ ਤਾਲਮੇਲ ਦੀ ਹੈ।
ਜੇ ਕੋਈ ਪੇਂਟਰ ਵਧੀਆ ਲਿਖਦਾ ਕਲਾ ਕਿਰਤੀਆਂ ‘ਚ ਮਾਹਰ ਹੈ। ਅੱਖਰ ਵੀ ਰੰਗਰੂਪ ‘ਚ ਲਿਖਦਾ ਹੈ। ਕੰਧ ਤੇ ਜਾਂ ਕਿਸੇ ਬੋਰਡ ਤੇ ਲਿਖੇ ਅੱਖਰ ਖੂਬਸੂਰਤ ਲੱਗਦੇ ਹਨ ਪਰ ਜੇ ਉਨ•ਾਂ ਅੱਖਰਾਂ ਦੀ ਵਿਆਕਰਨ ਹੀ ਗਲਤ ਹੋਵੇ ਤਾਂ ਵੀ ਸੁਆਦ ਕਿਰਕਰਾ ਹੋ ਜਾਂਦਾ ਹੈ। ਜਿਵੇਂ ਲਾਲਟੈਣ ਨੂੰ ਲਾਇਟੈਨ ਲਿਖਿਆ ਹੋਵੇ ਤਾਂ ਭੱਦਾ ਲੱਗੇਗਾ ਪਰ ਹੁੰਦਾ ਇੰਵੇ ਹੀ ਹੈ। ਕਿਸੇ ਪੇਂਟਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਜੁਰਗ ਅਵਸਥਾ ਵਿਚ ਫੋਟੋ ਬਣਾਈ ਅਤੀ ਸੁੰਦਰ ਵੇਖ ਦਿਲ ਖੁਸ਼ ਹੁੰਦਾ ਸੀ ਪਰ ਕਿਸੇ ਸੂਝਵਾਨ ਨੇ ਦੱਸਿਆ ਕਿ ਭਾਈ ਸਾਹਿਬ! ਫੋਟੋ ਵਧੀਆ ਬਣੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪਰ ਕੁੱਝ ਕਮੀ ਹੈ ਅੱਖਾਂ ਦੀ ਪਲਕਾਂ ਕਾਲੀਆਂ ਤਾਂ ਕਾਲੀਆਂ ਬਨਾਈਆਂ ਪਰ ਵਾਲ ਵੀ ਸਫੈਦ ਹੋਣ ਚਾਹੀਦੇ ਹਨ। ਹਾਂ ਜੇ ਗਲਤੀ ਮੰਨ ਲਵੇ ਤਾਂ ਉਹ ਠੀਕ ਕਰ ਲਵੇਗਾ ਪਰ ਮੁਸ਼ਕਲ ਹੈ ਅੱਜਕਲ ਚੀਜ ਬਨਾਈ ਨੂੰ ਕੋਈ ਨਹੀਂ ਢਾਉਂਦਾ ਬੁਰਾ ਮਨਾਉਂਦਾ। ਸਮੇਂ ਨੂੰ ਵੇਖ ਚੀਜ਼ ਬਣੀ ਹੋਵੇ ਤਾਂ ਫੱਬਦੀ ਹੈ।
ਕਿਸੇ ਫੰਕਸ਼ਨ ਤੇ ਸਟੇਜ ਸੈਕਟਰੀ ਪਾਸ ਸਮੇਂ ਦੀ ਘਾਟ ਹੈ। ਗੁਰ ਮਰਿਆਦਾ ਵਿੱਚ ਵੀ ਰਹਿਣਾ ਹੁੰਦਾ ਹੈ ਤੇ ਸਮੇਂ ਦਾ ਪਾਬੰਦ ਵੀ ਰਹਿਣਾ ਪੈਂਦਾ ਹੈ। ਬੁਲਾਰੇ ਬਹੁਤ ਹੁੰਦੇ ਹਨ। ਸਮਾਂ ਸਾਰਿਆਂ ਨੂੰ ਜਾਂ ਸੀਮਤ ਬੰਦਿਆਂ ਨੂੰ ਦੇਣਾ ਹੁੰਦਾ। ਉਹ ਵਾਰ ਵਾਰ ਕਹਿ ਵੀ ਰਿਹਾ ਹੁੰਦਾ ਹੈ ਘੱਟ ਸ਼ਬਦਾਂ ਵਿਚ ਘੱਟ ਸਮੇਂ ਵਿਚ ਬੋਲੋ ਜੀ। ਪਰ ਕਈ ਸੱਜਨ ਆਪਣੇ ਆਪ ਨੂੰ ਚੰਗਾ ਵਧੀਆ ਬੁਲਾਰਾ ਅਖਵਾਉਣ ਦੀ ਖਾਤਰ ਮਾਈਕ ਹੀ ਨਹੀਂ ਛੱਡਦੇ ਐਸੀ ਸਾਖੀ ਛੇੜ ਲੈਂਦੇ ਹਨ ਜੋ ਮੁਕਣ ‘ਚ ਹੀ ਨਹੀਂ ਆਉਂਦੀ ਤੇ ਹੈਵੀ ਉਹ ਹੱਦ ਤੋਂ ਬਾਹਰ ਕੀ ਉਹ ਬੁਲਾਰਾ ਚੰਗਾ ਲਗੇਗਾ। ਸਾਰੇ ਅੰਦਰੋਂ ਅੰਦਰੀ ਕਹਿਣਗੇ ” ਬੈਜਾ ਉਏ! ਬੈਜਾ ਉਏ! ਬਹੁਤ ਹੋ ਗਿਆ।”
ਕਈ ਸੋਗਮਈ ਥਾਂਵਾਂ ਤੇ ਵੀ ਜਾਣਾ ਪੈਂਦਾ ਹੈ। ਕਹਿੰਦੇ ਹਨ ਸਮੇਂ ਦੀ ਨਜ਼ਾਕਤ ਵੇਖ ਕੇ ਹੱਸਨਾਂ ਪੈਂਦਾ ਹੈ ਤੇ ਕਿਤੇ ਦੁਖ ਦਾ ਇਜ਼ਹਾਰ ਕਰਨਾ ਵੇਲੇ ਉਹੋ ਜਿਹਾ ਅਫਸੋਸਿਆ ਮੂੰਹ ਬਨਾਉਣਾ ਪੈਂਦਾ। ਪਰ ਇਥੇ ਵੀ ਵੇਖਿਆ ਕੁਝ ਲੋਕ ਅਖਬਾਰ ਪੜ•ੀ ਜਾਂਦੇ ਹਨ, ਕੁਝ ਮੁਬਾਈਲ ਨਾਲ ਲਗੇ ਰਹਿੰਦੇ ਹਨ। ਕੁੱਝ ਸਿਆਸੀ ਲੀਡਰਾਂ ਦੀਆਂ ਗੱਲਾਂ ‘ਚ ਗੱਪ ਸ਼ੱਪ ਮਾਰ ਰਹੇ ਹੁੰਦੇ ਹਨ ਥੋੜਾ ਪਿਛੇ ਜਿਹੇ ਨੌਜਵਾਨ ਖਿੜ ਖਿੜ ਹੱਸ ਰਹੇ ਹੁੰਦੇ ਹਨ। ਇਹ ਦੁੱਖ ਵੰਡਾਉਣ ਵਾਲਾ ਕੰਮ ਨਹੀਂ ਹੁੰਦਾ ਸਗੋਂ ਦੁਖੀ ਪਰਿਵਾਰ ਨਾਲ ਬੈਠਕੇ ਚਾਰ ਗੱਲਾਂ ਹੌਸਲਾ ਦੇਣ ਲਈ ਰੱਬ ਦੀ ਰਜ਼ਾ ‘ਚ ਰਹਿਣ ਲਈ ਕਰਨੀਆਂ ਚਾਹੀਦੀਆਂ। ਕਈ ਵਾਰ ਇਹ ਵੀ ਹੁੰਦਾ ਲੀਡਰ ਲੋਕ ਸ਼ਰਧਾਜਲੀ ਦੇਣ ਲਈ ਆਉਂਦੇ ਹਨ। ਮਤਲਬ ਤਾਂ ਆਪਣਾ ਹੋਰ ਹੁੰਦਾ। ਬੋਲਣ ਸਮੇਂ ਮਿਰਤਕ ਦਾ ਨਾਂ ਵੀ ਗਲਤ ਬੋਲ ਦਿੰਦੇ ਹਨ। ਗੱਲਾਂ ਇੰਝ ਕਰਦੇ ਹਨ ਜਿਵੇਂ ਚਿਰਾਂ ਤੋਂ ਪਰਿਵਾਰ ਨਾਲ ਮੇਲ ਮਿਲਾਪ ਹੋਵੇ। ਪਰਿਵਾਰ ਮੈਂਬਰਾਂ ਦੇ ਮਿਰਤਕ ਬੰਦੇ ਬਾਰੇ ਗੁਣਗਾਣ ਹੱਦੋਂ ਵੱਧ ਕਰ ਦਿੰਦੇ ਹਨ। ਹਾਜ਼ਰੀਨ ਤੇ ਪਿੰਡ ਦੇ ਲੋਕ ਜਿਨ•ਾਂ ਨੂੰ ਪਤਾ ਹੁੰਦਾ ਵਿੱਚੇ ਵਿੱਚ ਹੱਸਦੇ ਹਨ। ਜੋ ਕੁਝ ਬੋਲਿਆ ਜਾ ਰਿਹਾ। ਉਹੋ ਕੁੱਝ ਤਾਂ ਹੁੰਦਾ ਹੀ ਨਹੀਂ ਸੀ। ਉਸ ਭਾਣੇ ਜੋ ਕੁਝ ਬੋਲਿਆ ਸਹੀ ਹੈ ਕਿਉਂਕਿ ਉਸਦੇ ਗੁਣਾਂ ਦੀ ਮਹਿਮਾਂ ਕਰਕੇ ਆਪਣਾ ਮਤਲਬ ਕੱਢ ਲਿਆ ਗਿਆ ਸੀ ਰੋਟੀਆਂ ਸੇਕੀਆਂ ਗਈਆਂ ਵੱਡਾ ਇਕੱਠ ਵੇਖ ਕੇ। ਉਸਨੇ ਆਪਣੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ।
ਪਿਛਲੇ ਸਮੇਂ ‘ ਉਮਰ ‘ਚ ਵੱਡੇ ਜਾਂ ਅਹੁਦੇ ‘ਚ ਵੱਡੇ ਲੋਕ ਆਪਣੇ ਛੋਟੇ ਦੀ ਵਡਿਆਈ ਕਰ ਦਿੰਦੇ। ਇਹ ਉਨ•ਾਂ ਦਾ ਬੜੱਪਨ ਸੀ। ਜਿਵੇਂ ਇਹ ਤਾਂ ਭਾਈ ਮੇਰੇ ਨਾਲੋਂ ਵੀ ਟੱਪ ਗਿਆ ਹੈ। ਪਰ ਚੇਲੇ ਨੂੰ ਇਹ ਕਿਹਾ ਚੰਗਾ ਨਾਂ ਲੱਗਦਾ। ਪੈਰੀ ਹੱਥ ਲਾਉਂਦਾ ਕਹਿੰਦਾਂ ਨਾਂ ਜੀ ਮੈਂ ਤਾਂ ਤੁਹਾਡੇ ਪੈਰਾਂ ਦੀ ਧੂੜ ਤੋਂ ਵੀ ਧੂੜ ਹਾਂ। ਮੇਰੇ ਤਾਂ ਸਭ ਕੁਝ ਤੁਸੀ ਹੀ ਹੋ। ਪਰ ਅੱਜ ਕਲ ਜਦੋਂ ਕੋਈ ਕਿਸੇ ਦੀ ਹੌਸਲਾ ਅਫਜਾਈ ਲਈ ਬੜੱਪਨਤਾ ਦਿਖਾਉਂਦਾ ਤਾਂ ਚੇਲਾ ਜਾਂ ਛੋਟਾ ਬੰਦਾ ਸਮਝਦਾ ਮੈਂ ਵਾਕਿਆਈ ਕੁੱਝ ਹੋਰ ਬਣ ਗਿਆ। ਆਪਣੇ ਗੁਰੂ ਤੋਂ ਵੀ ਟੱਪ ਗਿਆ। ਇਸ ਲਈ ਤਾਂ ਮੇਰੇ ਗੁਰੂ ਜੀ ਖੁੱਦ ਮੈਨੂੰ ਕਹਿ ਰਹੇ ਹਨ। ਇਹ ਭਾਈ ਉਸਦਾ ਹੰਕਾਰ ਹੁੰਦਾ। ਗੁਰੂ ਜੀ ਵੀ ਸਮਝ ਜਾਂਦੇ ਹੈ ਉਸ ਪਿਆਰ ਤੇ ਸਤਿਕਾਰ ਨੂੰ ਤੇ ਉਸਦੀ ਕਲਾ ਨੂੰ ਕਿਉਂਕਿ ਉਹ ਕਿਨੇ ਪਾਣੀ ‘ਚ ਹੈ। ਆਖਰ ਗੁਰੂ ਤਾਂ ਗੁਰੂ ਹੀ ਹੁੰਦਾ। ਸਾਡੇ ਘਰਾਂ ਵਿਚ ਵੀ ਜਦੋਂ ਥੋੜੀ ਬਹੁਤ ਮਨਮਿਟਾਵ ਭਾਈਆਂ ਭਾਈਆਂ ‘ਚ, ਪਿਉ -ਪੁੱਤਰਾਂ ‘ਚ, ਨੂੰਹ ਸੱਸ ‘ਚ ਹੋਵੇ ਯਾਨੀ ਅੱਗ ਸੁਲਗਦੀ ਹੋਵੇ ਤਾਂ ਨਿੰਦਕਾਂ, ਚੁਲਗਖੋਰਾਂ, ਦੁਸ਼ਮਨਾਂ, ਜਲਨ ਕਰਨ ਵਾਲਿਆਂ ਡੋਬੂ ਕੁਤਿਆਂ ਨੂੰ ਸੁਨੈਹਿਰੀ ਮੌਕਾ ਮਿਲ ਜਾਂਦਾ ਖੰਭ ਤੋਂ ਡਾਰ ਬਨਾਉਣ ਦਾ ਅੱਗ ਮੱਚੀ ਦਾ ਭਾਂਬੜ ਬਨਾਉਣ ਦਾ। ਇਹ ਲੋਕ ਉਨ•ਾਂ ਵਿਚ ਫਰਕ ਪੁਵਾ ਕੇ ਘਰ ਦੀ ਬਰਬਾਦੀ ਕਰ ਦਿੰਦੇ ਹਨ। ਇਥੇ ਦਸਨਯੋਗ ਹੋਵੇਗਾ। ਸ਼ਹਿਨਸ਼ੀਲਤਾ, ਠੰਡੇ ਮਤੇ ਨਾਲ, ਚੁੱਪ ਰਹਿ ਕੇ ਰਲ ਮਿਲ ਕੇ ਗਿਲੇ ਸਿਕਵੇ ਦੂਰ ਕਰਕੇ ਕੋਈ ਫੈਸਲਾ ਲੈਣਾ ਬਿਹਤਰ ਹੋਵੇਗਾ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ । ਅੱਗ ਲਾਉਣ ਵਾਲਿਆਂ ਤੋਂ ਹਮੇਸ਼ਾਂ ਬਚਣਾ ਚਾਹੀਦਾ।
ਸਭ ਨੂੰ ਅਪੀਲ ਕਿ ਹਰ ਕੰਮ ਉਠਣਾਂ , ਬੈਠਣਾ, ਬੋਲਣਾਂ, ਚਲਣਾਂ, ਕੰਮਕਾਰ ਵਿਹਾਰ ਜੋ ਵੀ ਕਰਨਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੀ ਕਰਨਾਂ। ਜੇਕਰ ਇਸ ਅਨੁਸਾਰ ਹੋਵੇਗਾ ਤਾਂ ਜੀਵਨ ਖੁਸ਼ਹਾਲ, ਮੌਜ ਬਹਾਰਾਂ ਵਾਲਾ ਹੋਵੇਗਾ ਪਰ ਜੇ ਸਮੇਂ ਅਨੁਸਾਰ ਕੋਈ ਕੰਮ ਨਾਂ ਹੋਇਆ ਤਾਂ ਬਾਦ ਵਿਚ ਪਛਤਾਵਾ ਹੁੰਦਾ ਹੈ ਫਿਰ ਕੁਝ ਨਹੀਂ ਬਣਦਾ। ਸਮੇਂ ਦੀ ਰਫਤਾਰ ਤੇਜ ਹੈ ਉਸ ਨਾਲ ਚਲਣਾਂ ਹੀ ਪਵੇਗਾ। ਸਮਾਂ ਮੁੜ ਹੱਥ ਨਹੀਂ ਆਉਂਦਾ ਜਿਵੇਂ ਕਿਸੇ ਕਿਹਾ ਪੁਲਾਂ ਹੇਠੋਂ ਲੰਘਿਆ ਪਾਣੀ, ਜੁਆਨੀ, ਤਿਰੰਜਨਾ ‘ਚ ਬੈਠੀਆਂ ਸਖੀਆਂ ਸਹੇਲੀਆਂ ਇਹ ਸਮਾਂ ਦੁਬਾਰਾ ਨਹੀਂ ਮਿਲਦਾ। ਸਾਨੂੰ ਹਰ ਇਕ ਨੂੰ ਸਮੇਂ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ। ਕਦਰ ਕਰਨੀ ਚਾਹੀਦੀ ਹੈ।

ਕੁੜਿਉ ! ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਉ ਤੁਸੀਂ

ਮਾਹਵਾਰੀ , Periods, Date, ਮਹੀਨਾ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ

😊 ਮਨਜੀਤ

ਔਰਤਾਂ ਕੁੜੀਆਂ ਨੂੰ ਆਉਣ ਵਾਲੀ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ, ਜਿਸ ਕਰਕੇ ਇਹ ਦੁਨੀਆਂ ਚੱਲਦੀ ਆ ਰਹੀ ਏ । ਮਾਹਵਾਰੀ ਨੂੰ ਲੈ ਕੇ ਮਜਾਕ ਕਰਨਾ ਜਾਂ ਮਖੌਲ ਉਡਾਉਣਾ ਆਪਣੀ ਮਾਂ ਦੇ ਮੂੰਹ ਚਪੇੜ ਮਾਰਨ ਆਲਾ ਕੰਮ ਏ , ਜਿਹਨੇ ਲੱਖਾਂ ਦੁੱਖ ਝੱਲ ਕੇ ਏਸੇ ਤਰੀਕੇ ਨਾਲ ਸਾਨੂੰ ਜਨਮ ਦਿੱਤਾ, ਇਹ ਉਹਦੀ ਕੁੱਖ ਦਾ ਮਖੌਲ ਉਡਾਉਣਾ ਏ । ਪੈਰ ਚ ਕੱਚ ਖੁੱਭ ਜਾਵੇ ਤਾਂ ਬੰਦਾ ਲੇਰਾਂ ਮਾਰਨ ਲੱਗ ਜਾਂਦਾ, ਗਿੱਟੇ ਨੂੰ ਕਿਤੇ ਜੋਰ ਦੀ ਮੋਚ ਪੈਜੇ ਤਾਂ ਪਿੰਡ ਸਿਰ ਤੇ ਚੱੁਕ ਲੈਨੇ ਆ , ਧੰਨ ਆ ਕੁੜੀਆਂ ਬੇਚਾਰੀਆਂ ਜਿਹੜੀਆਂ ਹਰ ਮਹੀਨੇ ਏਸ ਮਾਹਵਾਰੀ ਦੀਆਂ ਤਕਲੀਫਾਂ ਨੂੰ ਝੱਲਦੀਆਂ ..ਹਰ ਮਹੀਨੇ ਪੰਜ-ਪੰਜ ਦਿਨ ਤਕਲੀਫ ਚ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨੀ … ਬਰੈਂਡਡ ਕੱਪੜੇ ਪਾ ਕੇ ਵਾਲਾਂ ਨੂੰ ਜੈੱਲਾਂ ਲਾ ਕੇ ਅਸੀੰ ਮਾਡਰਨ ਬਣਦੇ ਆ ਪਰ ਸੋਚ ਅੱਜ ਵੀ ਸਾਡੇ ਅਰਗਿਆਂ ਦੀ ਬਾਬੇ ਆਦਮ ਵੇਲ਼ੇ ਦੀ ਆ, ਜਦ ਬਾਹਮਣਾਂ ਨੇ ਮਨੂ ਸਮ੍ਰਿਤੀਆਂ ਚ ਲਿਖਿਆ ਸੀ ਕਿ ਇਨ੍ਹਾਂ ਦਿਨਾਂ ਚ ਕੁੜੀਆਂ ਅਸ਼ੁਭ ਹੁੰਦੀਆਂ, ਅਪੱਵਿਤਰ ਹੋ ਜਾਂਦੀਆਂ …. ਵਲਾ ਵਲਾ ਵਲਾ…….
ਬਾਬੇ ਨਾਨਕ ਦਾ ਅੰਸ਼ ਕਹਿਣ ਲੱਗੇ ਛਾਤੀ ਪਹਾੜ ਆਂਗੂ ਚੌੜੀ ਕਰ ਲੈਨੇ ਆ ਪਰ ਬਾਬੇ ਨਾਨਕ ਨੇ ਕਿੱਡਾ ਉੱਚਾ ਦਰਜਾ ਦਿੱਤਾ ਔਰਤਾਂ ਨੂੰ ਪੜ੍ਹ ਲਇਉ ਜਰਾ
ਤੇਰੀ ਮਾਂ ਨੂੰ ਮਹੀਨਾ ਆਇਆ ਤਾਂ ਤੂੰ ਦੁਨੀਆਂ ਚ ਆਇਆ
ਮੇਰੀ ਮਾਂ ਨੂੰ ਮਾਹਵਾਰੀ ਆਈ ਤਾਂ ਮੈੰ ਏਹ ਜੱਗ ਦੇਖਿਆ
ਜਿਊਂਦੀਆਂ ਰਹੋ ਹੱਸਦੀਆਂ ਵੱਸਦੀਆਂ ਰਹੋ ਕੁੜਿਉ ! ਪੰਜਾਬ ਦੀ ਧਰਤੀ ਨੂੰ ਵੱਡੇ ਵੱਡੇ ਸੂਰਮੇ ਦੇਣ ਆਲੀਉ, ਸਿਰ ਝੁਕਦਾ ਮੇਰਾ ਰੱਬ ਵੱਲੋੰ ਬਖਸ਼ੀ ਥੋਡੀ ਏਸ ਦਾਤ ਅੱਗੇ …. 
ਸੱਜਣਾ ! ਇਹ ਕਮਲ਼ੀਆਂ ਕੁੜੀਆਂ
ਮਾਈ ਭਾਗੋ ਦੀਆਂ ਵਾਰਸਾਂ ਨੇ , ਜੇ ਜਵਾਕ ਜੰਮਣੇ ਜਾਣਦੀਆਂ ਤਾਂ ਖੰਡੇ ਖੜਕਾਉਣੇ ਵੀ ਜਾਣਦੀਆਂ
ਜੇ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਪਾ ਅੰਮ੍ਰਿਤ ਤਿਆਰ ਕਰ ਸਕਦੀਆਂ ਤਾਂ ਮਾਤਾ ਗੁਜਰੀ ਆਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ
ਜੇ ਬੀਬੀ ਭਾਨੀ ਆਂਗੂ ਤੇ ਮਹਾਰਾਣੀ ਜਿੰਦਾ ਆਂਗੂ ਸਬਰ ਸਿਦਕ ਨਾਲ ਭਰੀਆ ਹੋਈਆਂ ਤਾਂ ਮਾਈ ਗੁਰਸ਼ਰਨ ਆਗੂ ਵੈਰੀ ਸਾਹਮਣੇ ਕਿਰਪਾਨ ਲੈਕੇ ਖੜਨਾ ਵੀ ਜਾਣਦੀਆਂ
ਨਾ ਛੇੜ ਇਨ੍ਹਾਂ ਨੂੰ ,
ਦੁਨੀਆਂਦਾਰੀ ਦੀਆਂ ਉਲਝਣਾਂ ਚ ਉਲਝੀਆਂ ਹੋਈਆਂ …. ਔਕੜਾਂ ਝੱਲ ਕੇ ਪੈਰ ਦੀ ਜੁੱਤੀ ਤੋ ਸਿਰਾਂ ਦੀ ਪੱਗ ਬਣਨ ਦਾ ਸਫਰ ਤੈਅ ਕੀਤਾ ਇਹਨਾਂ ਨੇ …. ਤੈਨੂੰ ਕੀ ਲੱਗਦਾ ਸਫਰ ਖਤਮ ਹੋ ਗਿਆਂ ਇਨ੍ਹਾਂ ਦਾ ਦੇਖੀ ਚੱਲ ਮਿੱਤਰਾ ਹਾਲੇ ਹੋਰ ਵੀ ਅੱਗੇ ਵਧਣ ਗੀਆਂ ਇਹ …. ਇਹ ਜੁਗ ਪਲਟਾਉਣਗੀਆਂ ਜੁਗ ਤੂੰ ਵੰਗਾਂ ਪਾ ਕੇ ਵਿਹੜੇ ਚ ਛਣ-ਛਣ ਕਰਦਾ ਫਿਰੇਗਾ ਤੇ ਆਸਮਾਨ ਨੂੰ ਪੈਰਾਂ ਚ ਮਧੋਲਣਗੀਆਂ
ਬਸ ਦੁਆਵਾਂ ਈ ਨੇ ਚਿੜੀਉ ਥੋਡੇ ਲਈ ਇਦਾਂ ਈ ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਉ ਤੁਸੀਂ
ਥੋਡੇ ਨਾਲ ਈ ਅਸੀਂ ਆ, ਨਈਂ ਤਾਂ ਕੌਣ ਪੁੱਛਦਾ ਰੁਲ਼-ਖੁਲ਼ ਕੇ ਪਲਣ ਆਲਿਆਂ ਨੂੰ
ਮਾਂ। ਭੈਣ, ਧੀ, ਦੋਸਤ, ਪਿਆਰ, ਇਸ਼ਕ, ਵਹੁਟੀ, ਹਮਸਫਰ ਸਾਰੇ ਰਿਸ਼ਤੇ ਥੋਡੇ ਨਾਲ ਈ ਆ
ਜੰਮਣਾ ਵੀ ਥੋਡੀ ਛਾਂਵੇ ਹੁੰਦਾ ਤੇ ਮਰਨਾ ਵੀ ਥੋਡੀ ਗੋਦ ਚ ਈ ਹੁੰਦਾ
ਹਸਾਉਣ ਆਲੀਆਂ ਵੀ ਤੁਸੀਂ ਉ ਰੋੰਦੇ ਨੂੰ ਵਰਾਉਣ ਵਾਲੀਆਂ ਵੀ ਤੁਸੀਂ ਉ
ਲੜਨ ਆਲੀਆਂ ਵੀ ਤੁਸੀਂ ਉ ਤੇ ਫੇਲ਼ ਹੋਏ ਨੂੰ ਹੌਂਸਲਾ ਦੇਣ ਆਲੀਆਂ ਵੀ ਤੁਸੀਂ ਉ
ਬਹੁਤ ਬਹੁਤ ਬਹੁਤਤਤਤਤਤਤਤਤਤ ਸਾਰਾ ਪਿਆਰਰਰਰਰਰਰ ਤੇ ਬਹੁਤਤਤ ਸਾਰੀਆਂ ਦੁਆਵਾਂ ਸਾਰੀਆਂ ਕਮਲ਼ੀਆਂ ਰਮਲ਼ੀਆਂ ਜਿਹੀਆਂ ਨੂੰ

 —————————————————————

ਪਿਆਰ ਕਰਕੇ ਧੋਖਾ ਨਾ ਦਿਓ

45345_376634675758428_129638769_nਜਸਪਾਲ ਸਿੰਘ ਲੋਹਾਮ
ਅੱਜ ਦੇ ਆਧੁਨਿਕ ਜ਼ਮਾਨੇ ਵਿਚ, ਹਰ ਪਾਸੇ ਪੈਸੇ ਦੀ ਦੌੜ ਲੱਗੀ ਹੈ। ਵਿਅਕਤੀ ਪੈਸੇ ਨੂੰ  ਹਾਸਿਲ ਕਰਨ ਲਈ ਤਰ•ਾਂ-ਤਰ•ਾਂ ਦੇ ਹੱਥਕੰਡੇ ਵਰਤਦਾ ਹੈ। ਸਰਕਾਰੀ ਦਫ਼ਤਰਾਂ ਵਿਚ ਸਿੱਧੇ ਮੂੰਹ ਕੋਈ ਗੱਲ ਨਹੀਂ ਕਰਦਾ, ਬਹੁਤੇ ਵਿਅਕਤੀ ਪੁੱਠੇ-ਸਿੱਧੇ ਸਵਾਲ ਜਵਾਬ ਕਰਕੇ ਘੁੰਮਣ ਘੇਰੀਆਂ ਵਿਚ ਪਾ ਦਿੰਦੇ ਹਨ। ਰਿਸ਼ਵਤ ਲੈ ਕੇ ਗਲਤ ਕੰਮ ਹੋ ਰਹੇ ਹਨ। ਆਮ ਲੋਕਾਂ ਨੂੰ ਇਸ ਬਾਰੇ ਭਲੀ-ਭਾਂਤ ਪਤਾ ਹੈ। ਸਾਡੇ ਸਮਾਜ ਵਿਚ ਕਈ ਵਿਅਕਤੀ ਵਿੱਚਰਦੇ ਹੋਏ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ, ਤੇ ਗਰੀਬ-ਹੋਰ ਗਰੀਬ ਹੋ ਰਹੇ ਹਨ। ਆਪਣੇ ਹੀ ਆਂਢੀ-ਗੁਆਂਢ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਦੇ ਰਹਿੰਦੇ ਹਨ। ਕਦੇ ਸਫਾਈ, ਕੂੜਾ ਕਰਕਟ, ਸਾਂਝੀਆਂ ਕੰਧਾਂ ਬਾਰੇ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਕ ਸ਼ਹਿਰ ਵਿਚ ਨਿੱਕੇ ਜਿਹੇ ਤਕਰਾਰ ਨੇ ਇਕ ਬਜ਼ੁਰਗ ਨੇ ਰਾਈਫਲ ਨਾਲ ਭਰ ਜਵਾਨੀ ਵਿਚ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਾਨੂੰ ਗੁਆਂਢੀਆਂ ਨਾਲ ਸੁਖਾਵੇਂ ਸਬੰਧ ਰੱਖਣੇ ਚਾਹੀਦੇ ਹਨ ਕਿਉਂਕਿ ਇਹਨਾਂ ਨਾਲ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਵਰਤਣਾ ਪੈਂਦਾ ਹੈ। ਵੇਲੇ-ਕੁਵੇਲੇ ਇਕ ਦੂਸਰੇ ਦੇ ਦੁੱਖ-ਸੁੱਖ ਵਿਚ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ।
ਬਹੁਤ ਘੱਟ ਵਿਅਕਤੀ ਹੋਣਗੇ, ਜਿਹੜੇ ਸਲੀਕੇ ਨਾਲ ਪਿਆਰ ਭਰੇ ਲਹਿਜ਼ੇ ਨਾਲ ਠਰੰ•ਮੇ ਨਾਲ ਗੱਲਬਾਤ ਕਰਦੇ ਹੋਣ। ਦੋ ਘਰਾਂ ਵਿਚ ਸ਼ਰੀਕੇਬਾਜ਼ੀ ਹੋਣ ਕਰਕੇ, ਇਕ ਦੂਸਰੇ ਨੂੰ ਤਾਨੇ-ਮੇਹਣੇ ਦੇਣ ਲੱਗ ਪੈਂਦੇ ਹਨ। ਇਕ ਵਿਅਕਤੀ ਜੋ ਮੇਰਾ ਦੋਸਤ ਸੀ, ਉਸ ਨੂੰ ਕੁੱਝ ਵੀ ਗਲਤ ਕੰਮ, ਜੋ ਉਹਨਾਂ ਦੇ ਰਿਸ਼ਤੇਦਾਰ ਕਰਦੇ ਸਨ, ਉਸ ਤੇ ਇਤਰਾਜ਼ ਕਰਦਾ ਸੀ। ਇਕ ਦਿਨ ਦੂਸਰੇ ਘਰ ਦੇ ਵਿਅਕਤੀ ਨੇ, ਨਾਲ ਦੇ ਘਰ ਵਿਚ ਜਾ ਕੇ  ਜਾਨੋ ਮਾਰਨ ਦੀ ਧਮਕੀ ਦਿੱਤੀ।
ਅਗਲੇ ਦਿਨ ਜਦੋਂ ਮੇਰਾ ਦੋਸਤ ਆਪਣੇ ਕੰਮ-ਕਾਰ ਲਈ ਜਾ ਰਿਹਾ ਸੀ, ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਤਲ ਕਰ ਦਿੱਤਾ. ਕਿਸੇ ਪ੍ਰੇਮੀ ਸੱਜਣ ਨੇ ਜਦੋਂ ਫੋਨ ਤੇ ਇਹ ਗੱਲ ਮੈਨੂੰ ਦੱਸੀ ਤਾਂ  ਆਪਸੀ ਪਿਆਰ ਵੱਧ ਹੋਣ ਕਰਕੇ, ਦੋਸਤ ਦੀ ਮੌਤ ਨੂੰ ਬਰਦਾਸ਼ਤ ਨਾ ਕਰ ਸਕਿਆ, ਮੈਂ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਮੇਰੇ ਆਪਣੇ ਦੋਸਤ ਨੇ ਆਪਣੇ ਗਰੀਬ ਮਾਪਿਆਂ ਨੂੰ ਆਰਥਿਕ ਤੌਰ ‘ਤੇ ਤਕੜਾ ਕਰ ਲਿਆ, ਪਰ ਹੁਣ ਉਹ ਪਰਿਵਾਰ ਜ਼ੀਰੋ ਤੋਂ ਵੀ ਥੱਲੇ ਚਲਿਆ ਗਿਆ।
ਅੱਜ ਦੇ ਸਮਾਜ ਵਿਚ ਸੱਚ ਬੋਲਣ ਵਾਲਾ, ਮੂੰਹ ਤੇ ਗੱਲ ਕਹਿਣ ਵਾਲੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਹੇਰਾਫੇਰੀ, ਗਲਤ  ਕੰਮ ਕਰਨ ਵਾਲੇ ਵਿਅਕਤੀ ਸਮਾਜ ਵਿਚ ਅੱਗੇ ਹੋ ਕੇ ਸਿਤਾਰਿਆਂ ਵਾਂਗੂੰ ਚਮਕਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪਿਆਰ ਦਾ ਜਜ਼ਬਾ ਨਹੀਂ ਹੁੰਦਾ, ਸਗੋਂ ਲੋਕ ਦਿਖਾਵਾ ਵੱਧ ਕਰਦੇ ਹਨ। ਹਰ ਵਿਅਕਤੀ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਨ ਨੂੰ ਸ਼ਾਂਤ ਰੱਖ ਕੇ, ਹਰ ਇਕ ਵਿਅਕਤੀ ਨੂੰ ਪਿਆਰ ਭਰੇ ਅੰਦਾਜ਼ ਵਿਚ ਤਾਲ-ਮੇਲ ਕਰਨਾ ਚਾਹੀਦਾ ਹੈ, ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ”ਬੰਦਿਆਂ” ਤੂੰ ਬੁਲਬਲਾ ਪਾਣੀ ਦਾ”।
ਜ਼ਿੰਦਗੀ ਦੇ ਸਫ਼ਰ  ਵਿਚ ਮੌਤ ਦਾ ਆਉਣਾ ਕੋਈ ਪਤਾ ਨਹੀਂ ਹੁੰਦਾ, ਕਿ ਕਦੋਂ ਕੀ ਭਾਣਾ ਵਾਪਰ ਜਾਵੇ। ਸਾਡੇ ਇਲਾਕੇ ਵਿਚ ਇਕ ਇਸਤਰੀ ਐਨੀ ਪਿਆਰ ਦੀ ਭਾਵਨਾ ਨਾਲ ਵਿਚਰਦੀ, ਕਿ ਉਸ ਦੇ ਮੁੱਖ ਵਿਚੋਂ ਫੁੱਲ ਕਿਰਦੇ ਹੋਣ। ਉਸ ਦੇ ਹਰ ਇਕ ਨਾਲ ਪਿਆਰ-ਭਰੇ ਸਬੰਧ ਹਨ। ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ। ਜਿਨ•ਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਿਆਰ ਕਰਨ ਵਾਲੇ ਆਪਣੇ ਪਿੱਛੇ ਅਮਿੱਟ ਛਾਪਾਂ ਛੱਡ ਜਾਂਦੇ ਹਨ। ਸਮਾਜ ਵਿਚ ਹਮੇਸ਼ਾਂ ਉਹਨਾਂ ਦੀ ਚਰਚਾ ਚੱਲਦੀ ਰਹਿੰਦੀ ਹੈ।
ਕਈ ਘਰਾਂ ਵਿਚ ਮੀਆਂ-ਬੀਵੀ ਵੀ ਨਿੱਕੀ-ਨਿੱਕੀ ਗੱਲ ਤੇ ਜਿੱਦ ਕਰਕੇ ਝਗੜਾ ਖੜ•ਾ ਕਰ ਦਿੰਦੇ ਹਨ। ਫਿਰ ਤੂੰ-ਤੂੰ, ਮੈਂ-ਮੈਂ ਹੋਣ ਲੱਗ ਪੈਂਦੀ ਹੈ। ਜੇਕਰ ਆਮ ਗੱਲਾਂ ਨੂੰ ਠਰੰਮੇ ਨਾਲ ਲੈ ਕੇ ਵਿਚਾਰਿਆ ਜਾਵੇ ਤਾਂ ਦੋਹਾਂ ਵਿਚ ਤਕਰਾਰ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿੰਦੀ। ਪ੍ਰੇਮੀ-ਪਰੇਮਿਕਾ ਦੇ ਸੁਖਾਵੇਂ ਸਬੰਧਾਂ ਵਿਚ, ਕਈ ਵਾਰ ਛੋਟੀ-ਮੋਟੀ ਗੱਲ, ਦੋਹਾਂ ਵਿਚ ਦਰਾੜ ਪਾ ਦਿੰਦੀ ਹੈ। ਇਸ ਤਰ•ਾਂ ਪ੍ਰੇਮੀ ਜੋੜੇ ਭਟਕਣ ਜੋਗੇ ਰਹਿ ਜਾਂਦੇ ਹਨ। ਫਿਰ ਇਕ ਦੂਸਰੇ ਤੇ ਦੂਸ਼ਣਬਾਜ਼ੀ ਲਾ ਕੇ ਬਦਨਾਮ ਕਰਦੇ ਹਨ। ਇਕ ਹਸਮੁੱਖ ਵਿਅਕਤੀ ਜਾਂ ਇਸਤਰੀ, ਸਾਰਿਆਂ ਨੂੰ ਬਾਗੋ-ਬਾਗ ਕਰ ਦਿੰਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ”ਹੱਸਣਾ ਖੇਡਣਾਂ ਮਨ ਕਾ ਚਾਉ” ਹੈ। ਧਾਰਮਿਕ ਤੇ ਸਮਾਜਕ ਸੇਵਕ ਵਿਅਕਤੀ ਵੀ ਆਪਣੇ ਪ੍ਰਚਾਰਾਂ ਵਿਚ ਪਿਆਰ ਨਾਲ ਵਿਚਰਨ ਬਾਰੇ ਚਰਚਾ ਕਰਦੇ ਹਨ। ਬੇਲੋੜਾ ਜਾਂ ਹੱਦ ਤੋਂ ਵੱਧ ਝੱਖ ਮਾਰਨਾ ਮੂਰਖਪੁਣੇ ਦੀ ਨਿਸ਼ਾਨੀ ਹੈ। ”ਇਕ ਚੁੱਪ ਸੋ ਸੁੱਖ” ਦੇ ਅਰਥ ਲੈ ਕੇ, ਪਿਆਰ ਨਾਲ, ਜ਼ਿੰਦਗੀ ਵਿਚ ਵਿਚਰਨਾ ਚਾਹੀਦਾ ਹੈ। ਅਜਿਹੀ ਧਾਰਨਾ ਵਾਲੇ ਵਿਅਕਤੀ ਸਾਰੀ ਉਮਰ ਡੋਲਦੇ ਨਹੀਂ। ਇਕ ਵਿਅਕਤੀ ਅਜਿਹਾ ਹੈ, ਜਿਹੜਾ ਆਪ ਤੋਂ ਵੱਡੇ ਦੇ ਪੈਰੀਂ-ਹੱਥ ਲਾ ਕੇ, ਹੱਥ ਜੋੜ ਕੇ, ਘੁੱਟ ਕੇ ਮਿਲਦਾ ਹੈ। ਹਰ ਕੋਈ ਇਸ ਸ਼ਖਸੀਅਤ ਨੂੰ ਉੱਡ ਕੇ ਮਿਲਦਾ ਹੈ। ਪਿਆਰ ਤੇ ਲੜਾਈ ਦਾ ਕੋਈ ਸੁਮੇਲ ਨਹੀਂ ਹੈ।
ਇਕ ਅਫ਼ਸਰ ਨੇ ਇਕ ਮਿਲਣੀ ਦੌਰਾਨ ਦੱਸਿਆ ਕਿ ਲੜ ਕੇ ਕੰਮ ਕਰਾਉਣ ਨਾਲ ਜਿੱਥੇ ਮਾਹੌਲ ਵਿਗੜਦਾ ਹੈ, ਉੱਥੇ ਕਈ ਵਾਰ ਕੰਮ ਕਰਾਉਣ ਵਿਚ ਰੁਕਾਵਟ ਵੀ ਪੈਦਾ ਹੋ ਸਕਦੀ ਹੈ। ਪਰ ਸੰਘਰਸ਼ੀ ਲੋਕ ਆਪਣੇ ਹੀ ਤਰੀਕੇ ਨਾਲ ਵਿਚਰਦਰੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਪਿਆਰ ਦੀ ਭਾਵਨਾ ਨਾਲ ਮਿੱਠੇ ਰਹਿ ਕੇ, ਕੁਝ ਸ਼ਖਸੀਅਤਾਂ, ਆਪਣੇ ਵੱਡੇ ਤੋਂ ਵੱਡੇ ਕੰਮ ਕਰਵਾ ਕੇ ਖੁਸ਼ੀ ਪ੍ਰਾਪਤ ਕਰਦੀਆਂ ਹਨ। ਇਕ ਪਿਆਰ ਦੀ ਭਰੀ ਭਾਵਨਾ ਨਾਲ ਹਰ ਪਾਸੇ ਖੁਸ਼ਹਾਲੀ ਬਣੀ ਰਹਿੰਦੀ ਹੈ। ਸਾਨੂੰ ਪਿਆਰ ਦੀ ਰੋਸ਼ਨੀ ਵਿਚ, ਪਿਆਰ ਭਰੇ ਅੰਦਾਜ਼ ਵਿਚ ਰਹਿਣਾ ਚਾਹੀਦਾ ਹੈ। ਸਾਰੇ ਧਰਮ ਕਹਿੰਦੇ ਹਨ,  ਕਿ ਜੀਵਨ ਹੀ ਪਿਆਰ ਹੈ, ਪਿਆਰ ਹੀ ਜੀਵਨ ਹੈ। ਇਸ ਤੋਂ ਬਿਨਾਂ ਕੁਝ ਨਹੀਂ ਹੋਣਾ ਚਾਹੀਦਾ ਹੈ। ਇਸੇ ਤਰ•ਾਂ ਕਿਸੇ ਨੇ ਕਿਹਾ ਹੈ ਕਿ ‘ਪ੍ਰਮਾਤਮਾ ਪਿਆਰ ਹੈ, ਤੇ ‘ਪਿਆਰ ਪ੍ਰਮਾਤਮਾ ਹੈ’ ਸਿਰਫ ਪਿਆਰ ਹੀ ਦਿਲਾਂ ਨੂੰ ਟੁੰਬਦਾ ਹੈ। ਕਦੇ ਵੀ ਪਿਆਰ ਕਰਕੇ, ਆਪਣੇ ਸਾਥੀ ਨੂੰ ਧੋਖਾ ਨਾ ਦਿਉ, ਸਗੋਂ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਜੇਕਰ ਸਾਥੀ-ਸਾਥੀ ਤੋਂ ਪਾਸਾ ਵੱਟਦਾ ਹੈ ਤਾਂ ਕਈ ਵਾਰ ਇਹ ਰੰਜ਼ਸ਼ ਖਤਰੇ ਦਾ ਰੂਪ ਧਾਰਨ ਕਰ ਲੈਂਦੀ ਹੈ।  ਅਜਿਹਾ ਹੋਣਾ ਤੇ ਕਈ ਵਾਰ ਦੋਹਾਂ ਦਾ ਨੁਕਸਾਨ ਹੋ ਸਕਦਾ ਹੈ। ਸੋ ਕੁਦਰਤ ਨੇ ਜੋ ਪਿਆਰ ਕਰਨਾ ਸਿਖਾਇਆ ਹੈ, ਉਸ  ਤੇ ਖਰਾ ਉਤਰਨਾ ਚਾਹੀਦਾ ਹੈ।

”ਲੋਕ ਚਿੱਠੀਆਂ ਪਾਉਂਣੀਆਂ ਭੁੱਲ ਗਏ ਜਦੋਂ ਦਾ….

Indian_Post_Boxਗੁਰਜੀਤ ਅਨਜਾਣ  98761-00835
ਸਾਰੇ ਪਿੰਡਾਂ ਸ਼ਹਿਰਾਂ ਅਤੇ ਕਸਬਿਆ ਦੇ ਰਾਹਵਾਂ, ‘ਤੇ ਟੰਗੇ ਅਤੇ ਚਬੂਤਰਿਆਂ ਉੱਤੇ ਰੱਖੇ ਲਾਲ ਰੰਗ ਦੇ ਬਕਸੇ ਜਿੰਨ•ਾਂ ਨੂੰ ਅਸੀਂ ਲੈਟਰ ਬਾਕਸ ਵੀ ਆਖਦੇ ਹਾਂ, ਕਦੇ ਲੋਕਾਂ ਨੂੰ ਇਕ ਜਗ•ਾਂ ਤੋਂ ਦੂਜੀ ਥਾਂ ਬੈਠੇ ਆਪਣਿਆਂ ਨੂੰ ਮਿਲਾਉਣ ਅਤੇ ਰਾਸਤੇ ਦੇ ਸਾਧਨ ਹੁੰਦੇ ਸਨ, ਅੱਜ ਬਦਲੇ ਸਮੇਂ ‘ਚ ਵੀਰਾਨ, ਸੁੰਨੇ ਅਤੇ ਗੈਰ ਜਰੂਰੀ ਵਸਤੂ ਵਾਂਗ ਪਏ ਆਮ ਦੇਖੇ ਜਾ ਸਕਦੇ ਹਨ। ਇਕ ਵਕਤ ਸੀ ਜਦੋਂ ਲੋਕ ਆਪਣਿਆ ਦੇ ਸੁੱਖ ਸੁਨੇਹਿਆਂ ਦੀ ਉਡੀਕ ‘ਚ ਇਨ•ਾਂ ਨੂੰ ਬੜੀ ਹਸਰਤ ਅਤੇ ਮੋਹ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ। ਅੱਜ ਇਹ ਸਾਡੀ ਬੇਰੁੱਖੀ ਅਤੇ ਸਮੇਂ ਦੇ ਬਦਲਾਅ ‘ਚ ਬੇ-ਬਸ ਅਤੇ ਲਾਚਾਰਗੀ ਦੀ ਦਸ਼ਾ ਵਿਚ ਆਪਣੀਆਂ ਥਾਵਾਂ ਤੇ ਟੰਗੇ ਨਜ਼ਰ ਆਉਂਦੇ ਹਨ।
ਅੱਜ ਟੈਲੀਫੋਨ, ਮੋਬਾਇਲ, ਐਸ.ਐਮ.ਐਸ., ਇੰਟਰਨੈਟ ਅਤੇ ਹੋਰ ਅਧੁਨਿਕ ਸਾਧਨਾਂ ਨੇ ਦੁਨੀਆਂ  ਨੂੰ ਪਰਿਵਾਰ ਵਾਂਗ ਇਕ ਦੂਸਰੇ ਨਾਲ ਜੋੜ ਦਿੱਤਾ ਹੈ। ਹੁਣ ਅਸੀਂ ਆਪਣੀ ਗੱਲ ਘੰਟਿਆਂ ਮਿੰਟਾਂ ‘ਚ ਬੱਸ ਸੈਂਕਿੰਟਾਂ ਵਿਚ ਕਹਿ ਸਕਦੇ ਹਾਂ ਅਤੇ ਸੁਣ ਸਕਦੇ ਹਾਂ। ਅੱਜ ਦੀ ਤੇਜ਼ ਰਫ਼ਤਾਰ ਦੁਨੀਆਂ ਵਿਚ ਇੰਤਜ਼ਾਰ ਲਈ ਵਕਤ ਅਤੇ ਧੀਰਜ ਕਿਸੇ ਕੋਲ ਨਹੀਂ ਰਿਹਾ। ਅਸੀਂ ਆਪਣੀਆਂ ਵਿਚਾਰਾਂ ਅਤੇ ਫੁਰਨਿਆਂ ਨੂੰ ਤੁਰੰਤ ਤਰੰਗਾਂ ‘ਚ ਛੱਡਦੇ ਅਤੇ ਦੂਸਰਿਆ ਨਾਲ ਜੁੜਿਆ ਮਹਿਸੂਸ ਕਰਦੇ ਹਾਂ।
ਹੁਣ ਕਬੂਤਰ ਆ-ਆ ਕੋਈ ਨਹੀਂ ਕਹਿੰਦਾ। ਡਾਕੀਏ ਦੀ ਰਾਹ ਕੋਈ ਨਹੀਂ ਤੱਕਦਾ। ਚਿੱਠੀਆਂ ਨੂੰ ਚੁੰਮ-ਚੁੰਮ ਮੱਥੇ ਨਾਲ ਕੋਈ ਨਹੀਂ ਲਾਉਂਦਾ  ਅਤੇ ਇਨ•ਾਂ ਲੈਟਰ ਬਾਕਸਾਂ ਦੀ ਵਕਤ ਦੀ ਧੂੜ ਹੇਠ ਗੁਆਚਦੀ ਹੋਂਦ ਅਤੇ ਵੀਰਾਨਗੀ ਨੂੰ ਦੇਖਣ ਅਤੇ ਸੰਭਾਲਣ ਵਾਲਾ ਕੋਈ ਨਹੀਂ ਦਿਸਦਾ।  ਅੱਜ ਆਧੁਨਿਕਤਾ ਦੇ ਦੌਰ ‘ਚ ਅਸੀਂ ਭਾਵੇਂ ਬਹੁਤ ਵਿਕਸਤ ਅਤੇ ਤੇਜ਼ ਹੋ ਗਏ ਹਾਂ, ਪਰ ਇਸਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਡਾ ਬੀਤਿਆ ਕੱਲ ਪੱਛੜਿਆ ਹੋਇਆ ਜਾਂ ਗੈਰ ਜਰੂਰੀ ਸੀ। ਚਿੱਠਆਂ ਦੇ ਸੁਨੇਹਿਆਂ ਵਿਚ ਇਕ ਅਲੱਗ ਮੋਹ ਅਤੇ ਜ਼ਜਬਾਤਾਂ ਦੀ ਤਫ਼ਸੀਲ ਹੁੰਦੀ ਸੀ। ਮਾਂਵਾਂ ਆਪ ਦੂਰ ਦੁਰੇਡੇ ਬੈਠੇ ਆਪਣੇ ਪੁੱਤਰਾਂ ਨੂੰ ਚਿੱਠੀਆਂ ਰਾਹੀਂ ਲੋਰੀਆਂ ਅਤੇ ਅਸ਼ੀਸਾਂ ਭੇਜਦੀਆਂ ਸਨ । ਭੈਣਾ ਵੀਰਾਂ ਨੁ ੰਰੱਖੜੀ ਅਤੇ ਦੁਆਵਾਂ ਘੱਲਦੀਆਂ ਸਨ । ਦੇਸ਼ ਦੀਆਂ ਸਰਹੱਦਾਂ ਉਪਰ ਵਿਕਟ ਥਾਵਾਂ ਤੇ ਬੈਠੇ ਵੀਰ ਸੈਨਿਕਾਂ ਨੂੰ ਚਿੱਠੀਆਂ ਉਨ•ਾ ਦੇ ਘਰਾਂ ਦੇ ਸੁੱਖ ਸੁਨੇਹੇ ਪਹੁੰਚਾਉਂਦੀਆਂ ਸਨ । ਪ੍ਰਦੇਸ਼ਾਂ ਵਿੱਚ ਬੈਠੇ ਪ੍ਰਦੇਸੀਆਂ ਨੂੰ ਆਪਣਿਆਂ ਨਾਲ ਮਿਲਾਉਣ ਲਈ ਚਿੱਠੀਆਂ ਇਕ ਕੜੀ ਅਤੇ ਗਲਵਕੜੀ ਦੇ ਨਿੱਘ ਵਾਂਗ ਸਨ ।
ਹੁਣ ਅਸੀਂ ਇਕ ਦੂਸਰੇ ਦੇ ਕਰੀਬ ਹੋ ਕੇ ਵੀ ਪਤਾ ਨਹੀਂ ਕਿਉਂ ਦੂਰ ਦੂਰ ਹੁੰਦੇ ਜਾ ਰਹੇ ਹਾਂ । ਸ਼ਾਇਦ ਸਾਡਿਆਂ ਅਹਿਸਾਸਾਂ, ਸਾਡੀਆਂ ਭਾਵਨਾਵਾਂ ਦੇ ਵਹਿਣ ਦਾ ਰੌਂਅ ਕਿਸੇ ਉਲਟ ਦਿਸ਼ਾ ਵਲ ਵਹਿ ਰਿਹਾ ਹੈ । ਅਸੀਂ ਦੂਸਰਿਆਂ ਨੂੰ ਇਕ ਵਸਤੂ ਵਾਂਗ ਵਰਤਣ ਅਤੇ ਰਿਸ਼ਤਿਆਂ ਨੂੰ ਇਕ ਮਜ਼ਬੂਰੀ ਵਾਂਗ ਢਣ ਦੇ ਦੌਰ ਵੱਲ ਵਧ ਰਹੇ ਹਾਂ । ਮਾਂ ਬਾਪ ਦੀਆਂ ਅਸੀਸਾਂ ਦੀ ਆਵਾਜ਼ ਅੱਜ ਮੋਬਾਇਲ ਦੀਆਂ ਰਿੰਗ ਟਿਊਨਾਂ ਦੇ ਸ਼ੋਰ ਵਿੱਚ ਗੁਆਚ ਗਈ ਹੈ ਦੂਸਰਿਆਂ ਨੂੰ ਸਮਝਣ, ਉਨ•ਾਂ ਦੇ ਦੁੱਖ ਦਰਦ ਨੂੰ ਸਮਝਣ ਤੇ ਉਨ•ਾਂ ਨੂੰ ਵੰਡਾਉਣ ਤੋਂ ਅੱਜ ਅਸੀਂ ਘਬਰਾ ਰਹੇ ਹਾਂ ਕਿਉਂਕਿ ਅੱਜ ਅਸੀਂ ਸ਼ਾਇਦ ਆਪਣੇ ਆਪ ਤੋਂ ਹੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ । ਚਿੱਠੀਆਂ ਪੱਤਰਾਂ ਰਾਹੀਂ ਦਿਲ ਦੀਆਂ ਗੱਲਾਂ ਨੂੰ ਲਫ਼ਜਾਂ ‘ਚ ਉਕਰਨਾ, ਪੜ•ਨਾ ਅਤੇ ਫਿਰ ਉਨ•ਾਂ ਦੇ ਜੁਆਬ ਬਣਨਾ ਅੱਜ ਵਕਤ ਦੀ ਕਾਹਲ ਦੇ ਪੈਰਾ ਹੇਠਾਂ ਮਧੋਲਿਆ ਗਿਆ ਹੈ ।
ਅੱਜ ਅਸੀਂ ਚਾਹੇ ਮਿੰਟਾਂ ਸਕਿੰਟਾਂ ‘ਚ ਦੂਸਰਿਆਂ ਦੇ ਨਾਲ ਗੱਲ ਕਰ ਸਕਦੇ ਹਾਂ ਅਤੇ ਉਨ•ਾਂ ਦੀ ਗੱਲ ਸੁਣ ਸਕਦੇ ਹਾਂ, ਪਰ ਇਸ ਸਭ ਕੁਝ ਦੇ ਬਾਵਜੂਦ ਅਸੀਂ ਬਹੁਤ ਕੁਝ ਛੁਪਾਉਣ ਅਤੇ ਮਸ਼ੀਨ ਦੀ ਭਾਸ਼ਾ ‘ਚ ਗਿਣਿਆ ਮਿੱਥਿਆ ਬੋਲਣਾ ਸਿੱਖ ਲਿਆ ਹੈ । ਆਪਣਿਆ ਦੀ ਅਪਣਤ, ਰਿਸ਼ਤਿਆਂ ਦਾ ਨਿੱਘ, ਦਿਲਾਂ ਦੀ ਸਚਾਈ ਅਤੇ ਨਜ਼ਦੀਕੀ ਦਾ ਅਹਿਸਾਸ ਚਿੱਠੀਆਂ ਰਾਹੀਂ ਸਾਡੇ ਤੱਕ ਪੁੱਜਦਾ ਸੀ, ਕਿਤੇ ਨਾ ਕਿਤੇ ਅਸੀਂ ਅੱਜ ਇਨ•ਾਂ ਤੋਂ ਸੱਖਣੇ ਅਤੇ ਵਿਰਵੇ ਹੁੰਦੇ ਜਾ ਰਹੇ ਹਾਂ । ਰਾਹਵਾਂ ਚੁਰਸਤਿਆਂ ਤੇ ਟੰਗੇ ਖਾਲੀ ਲੈਟਰ ਬਾਕਸਾਂ ਵਾਂਗ ਅਸੀਂ ਆਪਣੇ ਆਪ ਨੂੰ ਭਾਵਨਾਵਾਂ ਅਤੇ ਸੱਚੀਆਂ ਸੰਵੇਦਨਾਵਾਂ ਤੋਂ ਸੱਖਣੇ ਮਹਿਸੂਸ ਕਰਦੇ ਹਾਂ ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *