——————————————————————
ਬੱਚਿਓ ਆਓ ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ
👉 ਵਿਸ਼ਿਆਂ ਅਨੁਸਾਰ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਸਾਰੇ ਵਿਸ਼ਿਆਂ ਨੂੰ ਇੱਕ ਸਮਾਨ ਸਮਾਂ ਦੇ ਦੇ ਕੇ ਵਿਸ਼ਿਆ ਦੀ ਵੰਡ ਕਰਨੀ ਚਾਹੀਦੀ ਹੈ।ਜੋ ਵਿਸ਼ਾ ਔਖਾ ਲੱਗਦਾ ਹੈ ਉਸਨੂੰ ਥੌੜਾ ਜਾ ਜਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।ਜਾ ਫਿਰ ਔਖੇ ਵਿਸ਼ੇ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਵੇ।ਸਵੇਰ ਸਮੇਂ ਦਿਮਾਗ ਚੁਸਤ ਤੇ ਤਾਜ਼ਾ ਹੁੰਦਾ ਹੈ।
👉 ਜੇਕਰ ਤੁਹਾਨੂੰ ਕੋਈ ਵਿਸ਼ਾ ਔਖਾ ਲੱਗਦਾ ਹੈ ਜਾਂ ਕੋਈ ਪ੍ਰਸ਼ਨ ਯਾਦ ਨਹੀਂ ਹੁੰਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਆਪਣਾ ਮਨ-ਪਸੰਦ ਵਿਸ਼ਾ ਚੁਣ ਲਵੋ ।ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੜਨਾ ਸ਼ੁਰੂ ਕਰੋ ਅਗਰ ਕਈ ਔਖੇ ਸ਼ਬਦ ਯਾਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਿਸੇ ਸਕੈਚ ਜਾਂ ਰੰਗ ਵਾਲੀ ਪੈਨਸਿਲ ਨਾਲ ਰੰਗਦਾਰ ਕਰੋ ਜਾਂ ਉਸਦੇ ਹੇਠਾਂ ਲਕੀਰਾਂ ਲਾ ਦੇਵੋ ਜਦੋਂ ਵੀ ਤੁਸੀਂ ਕਿਤਾਬ ਖੋਲੋਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੇ।ਤੁਸੀ ਥੋੜ੍ਹੇ ਸਮੇਂ ਬਾਅਦ ਹੀ ਦੇਖੋਗੇ ਕਿ ਜੋ ਸ਼ਬਦ ਤੁਹਾਡੇ ਯਾਦ ਨਹੀਂ ਹੁੰਦੇ ਸਨ ਉਹ ਤੁਹਾਡੀਆਂ ਉਂਗਲਾਂ ‘ਤੇ ਹੋਣਗੇ।
👉 ਔਖੇ ਵਿਸ਼ਿਆਂ ਦੀ ਤਿਆਰੀ ਬੱਚਿਆਂ ਨੂੰ ਲਿਖ ਕੇ ਕਰਨੀ ਚਾਹੀਦੀ ਹੈ ਕਈ ਵਾਰ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਨਾਲ ਵੀ ਕੁੱਝ ਯਾਦ ਨਹੀਂ ਹੁੰਦਾ ਤਾਂ ਅਜਿਹੇ ਬੱਚਿਆ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਯਾਦ ਹੋ ਸਕੇ ।
👉 ਪੇਪਰਾਂ ਵੇਲੇ ਪੜ੍ਹਾਈ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਤਿਆਰ ਕਰੋ ਭਾਵ ਇੱਕ ਚੰਗਾ ਨਾਸ਼ਤਾ ਖਾਓ,ਕੁੱਝ ਨੀਂਦ ਲਵੋ, ਤੁਹਾਡੇ ਕੋਲ ਪਹਿਲਾਂ ਤੋਂ ਲੋੜੀਂਦੀਆਂ ਚੀਜ਼ਾਂ ਦੀ ਲੋੜ ਹੈ। ਆਪਣੇ ਆਪ ਨੂੰ ਤਣਾਅ ਮੁਕਤ ਕਰੋ ।
👉 ਕਿਤਾਬਾਂ ਨੂੰ ਅੱਖਾਂ ਤੋਂ ਕੁੱਝ ਦੂਰੀ ‘ਤੇ ਰੱਖ ਕੇ ਪੜੋ।ਤਾਂ ਜੋ ਅੱਖਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਪੇਪਰਾਂ ਵਿੱਚ ਅੱਖਾਂ ਦਰਦ ਨਾ ਕਰਨ।
👉 ਪੇਪਰਾਂ ਦੇ ਸਮੇਂ ਤੁਹਾਡਾ ਧਿਆਨ ਅਤੇ ਮਨ ਸਿਰਫ਼ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਘਰ ਵਿੱਚ ਕੀ ਹੋ ਰਿਹਾ, ਕੌਣ ਕਿੱਥੇ ਜਾ ਰਿਹਾ ਹੈ, ਟੀ.ਵੀ ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ।
👉 ਬੱਚਿਆਂ ਦੀ ਪੜ੍ਹਾਈ ਪ੍ਰਤਿ ਮਾਪਿਆ ਦਾ ਧਿਆਨ ਵੀ ਹੋਣਾ ਚਾਹੀਦਾ ਹੈ।ਉਹ ਬੱਚਿਆਂ ‘ਤੇ ਜਿਆਦਾ ਬੋਝ ਨਾ ਪਾਉਣ।ਜਿੱਥੇ ਬੱਚਾ ਪੜ੍ਹ ਰਿਹਾ ਉਸ ਜਗ੍ਹਾ ਤੇ ਬੱਚੇ ਦੇ ਖਾਣ -ਪੀਣ ਦਾ ਧਿਆਨ ਰੱਖਿਆਂ ਜਾਵੇ।
👉 ਪੇਪਰ ਤੋਂ ਕੁੱਝ ਦਿਨ ਪਹਿਲਾ ਤੁਹਾਨੂੰ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।ਉਹ ਸੰਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
👉 ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਦੀ ਪੜ੍ਹਾਈ ਦਾ ਮੁਲਾਂਕਣ ਚੰਗੀ ਤਰ੍ਹਾਂ ਕੀਤਾ ਜਾਵੇ।ਉਹਨਾਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
👉 ਲੋੜ ਤੋਂ ਜ਼ਿਆਦਾ ਸਮਾਂ ਵੀ ਪੜ੍ਹਨ ਲਈ ਨਹੀਂ ਬੈਠਣਾ ਚਾਹੀਦਾ ।ਭਾਵ ਹਰ ਸਮੇਂ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ ।ਇਸ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਥੋੜੇ ਸਮੇਂ ਲਈ ਇੱਧਰ -ਉਧਰ ਘੁੰਮਣਾ ਚਾਹੀਦਾ ਹੈ ।
👉 ਬੈੱਡ ਜਾਂ ਮੰਜੇ ‘ਤੇ ਬੈਠ ਕੇ ਜਾ ਲੇਟ ਕੇ ਨਹੀਂ ਪੜਨਾ ਚਾਹੀਦਾ।ਸਗੋਂ ਮੇਜ਼ ਜਾਂ ਕੁਰਸੀ ‘ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ ।
👉 ਪੜਾਈ ਦੇ ਨਾਲ- ਨਾਲ ਕੁੱਝ ਸਮਾਂ ਵਿਚਕਾਰ ਦੀ ਖੇਡਣਾ ਵੀ ਚਾਹੀਦਾ ਹੈ ਇਸ ਨਾਲ ਬੱਚੇ ਦਾ ਮਨ ਤਾਜ਼ਾ ਹੋ ਜਾਂਦਾ ਹੈ।ਤੇ ਸਰੀਰ ਦੇ ਸਾਰੇ ਪੱਖਾਂ ਦਾ ਵਿਕਾਸ ਵੀ ਹੁੰਦਾ ਹੈ।
👉 ਬੱਚਿਓ ਸਿਲੇਬਸ ਪੇਪਰ ਤੋ ਪਹਿਲਾ ਪੂਰਾ ਕਰਨਾ ਚਾਹੀਦਾ ਹੈ ਤਾ ਜੋ ਜਿਸ ਸਮੇਂ ਪੇਪਰ ਹੋਣ ਉਸ ਦਿਨ ਜੋ ਸਿਲੇਬਸ ਪਹਿਲਾ ਪੜ੍ਹਿਆ ਹੋਵੇ ਉਸਦੀ ਹੀ ਦੁਹਰਾਈ ਕੀਤੀ ਜਾ ਸਕੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਬੱਚੇ ਪੇਪਰ ਤੋਂ ਕੁਝ ਮਿੰਟ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਜੋ ਪਹਿਲਾਂ ਯਾਦ ਕੀਤਾ ਹੁੰਦਾ ਹੈ ਉਹ ਵੀ ਭੁੱਲ ਸਕਦੇ ਹਨ।
👉 ਬੱਚਿਓ ਕਦੇ ਵੀ ਕਿਸੇ ਪ੍ਰਸ਼ਨ ਨੂੰ ਰੱਟਾ ਨਾ ਲਾਵੋ।ਅਕਸਰ ਪਹਿਲਾਂ ਪੜਿਆ ਹੋਇਆ ,ਕੀਤੀ ਹੋਈ ਦੁਹਰਾਈ ਹੀ ਕੰਮ ਆਉਂਦੀ ਹੈ ।ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਰੱਟਾ ਲਾਉਂਦੇ ਹਨ ਫਿਰ ਜਲਦੀ ਹੀ ਭੁੱਲ ਜਾਂਦੇ ਹਨ।
👉 ਪੇਪਰਾਂ ਸਮੇਂ ਮੋਬਾਇਲ ,ਟੀ.ਵੀ ਨੂੰ ਬੱਚਿਓ ਤੋਂ ਦੂਰ ਰੱਖੋ। ਕਿਉਕਿ ਇਸ ਨਾਲ ਬੱਚੇ ਦਾ ਪੜ੍ਹਾਈ ਤੋਂ ਧਿਆਨ ਭਟਕ ਜਾਂਦਾ ਹੈ।
👉 ਪੇਪਰ ਦੇਣ ਜਾਂਦੇ ਸਮੇਂ ਕਿਤਾਬਾਂ ਕਦੇ ਵੀ ਨਾਲ ਨਾ ਚੁੱਕੋ ,ਸਗੋਂ ਘਰ ਹੀ ਰੱਖ ਕੇ ਜਾਓ।
👉 ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਜਾਓ ਤਾਂ ਜੋ ਪੇਪਰ ਤੋ ਪਹਿਲਾ ਅਰਾਮ ਨਾਲ ਆਪਣਾ ਰੋਲ ਨੰਬਰ ਚੈੱਕ ਕਰ ਸਕੋ ਅਤੇ ਬਿਲਕੁਲ ਸ਼ਾਂਤ ਮਨ ਨਾਲ ਬੈਠ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕੋ।
👉 ਹਮੇਸ਼ਾ ਪੇਪਰ ਦੇਣ ਜਾਣ ਤੋਂ ਪਹਿਲਾ ਸਵੇਰ ਦਾ ਖਾਣਾ ਖਾ ਕੇ ਜਾਵੋ ਅਤੇ ਹਮੇਸ਼ਾ ਪੂਰੇ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਜਾਓ।
👉 ਜਰੂਰਤਮੰਦ ਵਸਤਾਂ ਹਮੇਸ਼ਾ ਪਹਿਲਾ ਹੀ ਤਿਆਰ ਕਰਕੇ ਰੱਖੋ ਤਾਂ ਜੋ ਪੇਪਰ ਸਮੇਂ ਚੁੱਕਣ ਵਿੱਚ ਅਸਾਨੀ ਹੋਵੇ।ਜਿਵੇਂ ਰੋਲ ਨੰਬਰ,ਪੇਪਰ ਬੋਰਡ ,ਪੈੱਨ,ਪਾਣੀ ਆਦਿ।
👉 ਪੇਪਰ ਤੋਂ ਪਹਿਲਾ ਤੁਹਾਨੂੰ ਕੀ ਨਹੀਂ ਆਉਂਦਾ ,ਪੇਪਰ ਕਿਹੋ ਜਿਹੋ ਹੋਵੇਗਾ।ਇਹ ਨਾ ਸੋਚੋ ਸਗੋਂ ਇਹ ਯਾਦ ਰੱਖੋ ਕਿ ਤੁਹਾਨੂੰ ਕੀ ਆਉਂਦਾ ਹੈ। ਪੇਪਰ ਕਰਨ ਤੋਂ ਬਾਅਦ ਅਗਲੇ ਪੇਪਰ ਵੱਲ ਧਿਆਨ ਕੇਂਦਰਤ ਕਰੋ।
ਇਸ ਤਰ੍ਹਾਂ ਬੱਚਿਓ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਤੇ ਵਧੀਆਂ ਨੰਬਰ ਲੈ ਕੇ ਪਾਸ ਹੋ ਸਕਦੇ ਹੋ।
——————————————————————
ਬਾਲ ਮਨਾਂ ਦੀ ਘਾੜਤ
——————————————————————
ਬਾਲਪਣ ਖੇਡਾਂ-ਆਪਸੀ ਪਿਆਰ ਮੇਲ ਮਿਲਾਪ ਖਿਲਾਰ ਸਕਦੀਆਂ ਨੇ
-ਡਾ ਅਮਰਜੀਤ ਟਾਂਡਾ
ਜੀਵਨ ਵੀ ਇੱਕ ਖੇਡ ਹੀ ਹੈ। ਖੇਡਾਂ ਦਾ ਹਰ ਉਮਰ, ਵਰਗ ਨਾਲ ਡੂੰਘਾ ਸੰਬੰਧ ਹੈ। ਮੁੰਡਿਆਂ ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਵੱਡਾ ਹੁੰਦਾ ਹੈ। ਖੇਡਾਂ ਲਈ ਜੁਆਨੀ ਨੇੜਿਓਂ ਹੋ ਕੇ ਮਿਲਦੀ ਹੈ। ਖੇਡਾਂ ਸਰੀਰਕ ਅਭਿਆਸ ਤੋਂ ਛੁੱਟ ਜੁਆਨ ਕੁੜੀਆਂ ਲਈ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਵਾਂ ਰਾਹ ਹਨ। ਸਰੀਰਕ ਬਲ ਵਧਾਉਣ ਅਤੇ ਸੁਡੌਲਤਾ ਬਣਾਈ ਰੱਖਣ ਲਈ ਗੱਭਰੂ ਬਾਹਰੀ ਖੇਡਾਂ ਖੇਡਦੇ ਹਨ। ਵਿਹਲ ਦਾ ਸਮਾਂ ਬਿਤਾਉਣ ਲਈ ਬਿਰਧ ਵੀ ਢੁਕਵੀਆਂ ਖੇਡਾਂ ਨਾਲ ਮਨੋਰੰਜਕ ਰਹਿੰਦੇ ਹਨ। ਮਾਨਸਿਕ, ਸਰੀਰਕ ਵਿਕਾਸ ਤੇ ਸ਼ਕਤੀ ਦਾ ਨਿਸਤਾਰ, ਸਰੀਰਕ ਸ਼ਕਤੀ ਦੀ ਕਮੀ ਨੂੰ ਭਰਨ ਲਈ ਖੇਡਾਂ ਵਧੀਆ ਸੇਧ ਹੈ।
ਲੋਕ-ਖੇਡਾਂ ਵਿੱਚ ਠੀਕਰਾਂ, ਟਾਹਣਾਂ, ਕੌਡੀਆਂ, ਲੱਕੜੀ, ਕੋਲਾ, ਡੰਡਾ, ਇੱਟਾਂ ਦੇ ਰੋੜੇ, ਗੀਟੇ, ਗੀਟੀਆਂ, ਗੁੱਲੀ, ਖੂੰਡੀਆਂ, ਲੀਰਾਂ ਦਾ ਖਿੱਦੋ ਅਤੇ ਰੱਸੀਆਂ, ਰੱਸੇ ਹੁੰਦੇ ਹਨ। ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਵਧੇਰੇ ਖੇਡਾਂ ਵਿੱਚ ਹੁੰਦੇ ਹਨ। ਘਰਾਂ ਦੇ ਕੱਚੇ ਵਿਹੜੇ, ਲੰਮੀਆਂ ਗਲੀਆਂ, ਹਵੇਲੀਆਂ, ਚੁਰੱਸਤੇ, ਬਾਹਰਵਾਰ ਥਾਂਵਾਂ ਅਤੇ ਖੁੱਲ•ੇ ਖੇਤ ਖੇਡ ਦੇ ਮੈਦਾਨ ਬਣਦੇ ਹਨ। ਛੂਹਣ, ਛਪਾਈ’ ਅਤੇ ‘ਲੁਕਣ ਮਚਾਈ’ ਪੰਜਾਬ ਦੀਆਂ ਲੋਕ-ਖੇਡਾਂ ਹਨ।
ਕ੍ਰਿਕਟ,ਹਾਕੀ, ਟੇਬਲ ਟੈਨਿਸ, ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਭਾਰਤ ਦੀਆਂ ਪ੍ਰਸਿੱਧ ਖੇਡਾਂ ਹਨ। ਕੁੜੀਆਂ ਦੇ ਖੇਡ-ਕਾਰਜ ‘ਗੁੱਡੀਆਂ ਪਟੋਲੇ’ ਤੋਂ ਛੁੱਟ ਸਾਰੀਆਂ ਖੇਡਾਂ ਘਰ ਤੋਂ ਬਾਹਰ ਖੁਲੀਆਂ ਥਾਂਵਾਂ ਤੇ ਖੇਡੀਆਂ ਜਾਂਦੀਆਂ ਹਨ। ਸ਼ਤਰੰਜ, ਚੋਪੜ, ਤਾਂਸ਼, ਬਾਰਾਂ ਟਹਿਣੇ ਅਤੇ ਘਰੋਂ ਬਾਹਰ ਸੱਥ ਵਿੱਚ ਜਾਂ ਰੁੱਖਾਂ-ਬਰਖਾਂ ਦੇ ਹੇਠਾਂ ਬੈਠ ਕੇ ਖੇਡੀਆਂ ਜਾਂਦੀਆਂ ਹਨ।
‘ਕੁਸ਼ਤੀ’ ਕਬੱਡੀ’ ‘ਮੁੰਗਲੀਆ’ ਫੇਰਨੀਆਂ’ ‘ਬੋਰੀ ਜਾਂ ਮੁਗਦਰ ਚੁੱਕਣੇ’, ਅਤੇ ਛਾਲਾਂ ਪੰਜਾਬ ਦੀਆਂ ਪ੍ਰਮੁੱਖ ਸਰੀਰਕ ਖੇਡਾਂ ਹਨ। ‘ਰੱਸੀ ਟੱਪਣਾ’ ਅਤੇ ‘ਅੱਡੀ ਛੜੱਪਾ’ਕੁੜੀਆਂ ਨੇ ਖੇਡਾਂ ਸਿਰਜੀਆਂ ਹਨ।
‘ਗੋਲੀਆਂ, ‘ਕੌਡੀਆਂ’, ‘ਬੰਟਿਆਂ’ ਗੁੱਲੀ ਡੰਡਾ’ ਖਿੱਦੋ ਖੁੰਡੀ’, ‘ਖੁੱਤੀਆਂ’ ‘ਪਿੱਠੂ’, ਵਿੱਚ ਨਿਸ਼ਾਨਾ ਬੰਨਣ ਦਾ ਅਭਿਆਸ ਹੁੰਦਾ ਹੈ । ‘ਅੱਡੀ ਟੱਪਾ’, ਸ਼ਟਾਪੂ’ , ਟਾਪੂ, ‘ਸਮੁੰਦਰ ਪੱਟੜਾ’ , ‘ਪੀਚੋ ਬੱਕਰੀ’, ਅਤੇ ‘ਸਮੁੰਦਰ ਕੁੜੀਆਂ ਦੀ ਖੇਡ ਹੈ।
‘ਕੋਟਲਾ ਛਪਾਕੀ’, ‘ਸਮੁੰਦਰ ਮੱਛੀ’; ‘ਊਚ ਨੀਚ’ , ‘ਘਰ ਮਲਣ’, ਰੰਗ ਮਲਣ’, ‘ਮਾਈ ਮਾਈ ਕੀ ਲੱਭਦੀ’, ਭੰਡਾ ਭੰਡਾਰੀਆ’, ‘ਆਈ ਜੇ ਆ ਜਾ’ ਪੂਛ ਪੂਛ’ , ‘ਖਾਨ ਘੋੜੀ’ , ‘ਲੱਕੜ ਕਾਠ’ , ‘ਅੰਨਾ ਸੋਟਾ’, ਲੰਗੜਾ ਸ਼ੇਰ’ ਸਰੀਰਕ ਖੇਡਾਂ ਹਨ ।
ਬੜੇ ਚਾਅ ਤੇ ਸ਼ਰਧਾ ਨਾਲ ਲੋਕ ਕਿਲ•ਾ ਰਾਏਪੁਰ ਦੀਆਂ ਖੇਡਾਂ ਵੇਖਣ ਜਾਂਦੇ ਹਨ। ਹਾਕੀ ਮੇਲੇ ਵਿੱਚ ਭਾਰਤੀ ਹਾਕੀ ਦੇ ਜਾਦੂਗਰ ਧਿਆਨ ਚੰਦ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ ਤੇ ਪ੍ਰਗਟ ਸਿੰਘ ਓਲੰਪੀਅਨ ਸਮੇਤ ਖੇਡ ਚੁੱਕੇ ਹਨ ਤੇ ਹਰ ਸਾਲ ਹਾਕੀ ਓਲੰਪੀਅਨ ਇੱਥੇ ਖੇਡਦੇ ਹਨ।
ਕਿਲ•ਾ ਰਾਏਪੁਰ ਦੇ ਖੇਡ ਮੇਲੇ ਵਿੱਚ ਹਾਕੀ ਤੇ ਖੱਚਰ ਰੇਹੜਾ ਦੌੜ, ਸੁਹਾਗਾ ਦੌੜ, ਘੋੜੀ-ਘੋੜਿਆਂ ਦੀ ਦੌੜ, ਕੁੱਤੇ-ਕੁੱਤੀਆਂ ਦੀ ਦੌੜ, ਕੁੱਕੜਾਂ ਦੀ ਲੜਾਈ, ਭੇਡੂਆਂ ਦੀ ਲੜਾਈ ਤੇ ਕਬੂਤਰ ਉਡਾਉਣ ਤੋਂ ਇਲਾਵਾ ਸਾਹਨਾ ਦੇ ਭੇੜ ਵੀ ਕਰਵਾਏ ਜਾਂਦੇ ਹਨ। ਬਾਜ਼ੀਗਰਾਂ ਦੀਆਂ ਬਾਜ਼ੀਆਂ, ਘੰਡੀ ‘ਤੇ ਰੱਖ ਕੇ ਸਰੀਆ ਵਿੰਗਾ ਕਰਨਾ, ਛਾਤੀ ‘ਤੇ ਪੱਥਰ ਰੱਖ ਕੇ ਤੋੜਨਾ, ਹਿੱਕ ਤੋਂ ਟਰੈਕਟਰ ਲੰਘਾਉਣਾ, ਇੱਕ ਕੜੇ ‘ਚੋਂ ਚਾਰ ਜਣਿਆਂ ਦਾ ਲੰਘਣਾ ਵੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ। ਆਧੁਨਿਕ ਮੋਟਰਸਾਈਕਲ ਕਰਤੱਬ, ਬੱਚਿਆਂ ਦੇ ਕਰਤੱਬ, ਨਿਹੰਗ ਸਿੰਘਾਂ ਦੀ ਨੇਜਾਬਾਜ਼ੀ, ਗੱਤਕਾਬਾਜ਼ੀ ਤੇ ਘੋੜ ਸਵਾਰੀ, ਵਾਲਾਂ ਨਾਲ ਕਾਰ ਖਿੱਚਣੀ, ਵਾਲਾਂ ਨਾਲ ਭਾਰ ਚੁੱਕਣਾ, ਰੱਸਾਕਸ਼ੀ, ਗੁੱਟ ਛਡਾਉਣੇ, ਡੰਡ ਬੈਠਕਾਂ, ਜਾਦੂਗਰਾਂ ਦੀ ਹੱਥ ਸਫ਼ਾਈ ਤੇ ਸਾਈਕਲਾਂ ਉੱਤੇ ਪੁੱਠੇ ਸਿੱਧੇ ਕਰਤੱਬ ਕਮਾਲ ਕਰਕੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ।
ਬਾਬਿਆਂ ਦੇ ਕੁਸ਼ਤੀ ਮੁਕਾਬਲੇ ਤੇ ਭਾਰ ਚੁੱਕਣੇ, ਹੱਥ ਗੋਲਾ ਸੁੱਟਣਾ ਤੇ ਨਿਸ਼ਾਨੇਬਾਜ਼ੀ ਲਈ ਬੰਦੂਕਾਂ, ਪਿਸਤੌਲਾਂ ਦੇ ਫਾਇਰ ਓਲੰਪਿਕ ਦੀ ਯਾਦ ਕਰਵਾਉਂਦੇ ਹਨ।ਕੁੜੀਆਂ ਦੀ ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ, ਅਥਲੈਟਿਕਸ ਮੁਕਾਬਲੇ, ਬੱਚਿਆਂ ਦੀਆਂ ਖੇਡਾਂ ਅਤੇ ਹੋਰ ਅਨੇਕਾਂ ਸ਼ੌਕ ਪਾਲਣ ਵਾਲੇ ਅੰਗਹੀਣ ਕਿਲ•ਾ ਰਾਏਪੁਰ ਪੁੱਜ ਕੇ ਆਪਣੀਆਂ ਖੇਡਾਂ ਦੇ ਜੌਹਰ ਵਿਖਾ ਕੇ ਦਰਸ਼ਕਾਂ ਤੇ ਪ੍ਰਬੰਧਕਾਂ ਤੋਂ ਨਾਂ ਤੇ ਨਾਵਾਂ ਖੱਟਦੇ ਹਨ। ਕਿਲ•ਾ ਰਾਏਪੁਰ ਦੇ ਤਿੰਨ ਰੋਜ਼ਾ ਖੇਡ ਮੇਲੇ ਦੀ ਹਰ ਸ਼ਾਮ ਰਾਤ ਨੂੰ ਪੰਜਾਬ ਦੇ ਲੋਕ ਗਾਇਕ ਪੰਜਾਬੀ ਗੀਤਾਂ, ਗ਼ਜ਼ਲਾਂ, ਨਾਟਕਾਂ ਤੇ ਕਵੀਸ਼ਰ-ਢਾਡੀ-ਰਾਗੀ ਸਰੋਤਿਆਂ ਨੂੰ ਮੰਤਰ-ਮੁਗਧ ਕਰਦੇ ਹਨ।
ਚਿਰ ਹੋਇਆ ਮੈਂ ਅਜੇਹੀਆਂ ਹੀ ਲੋਕ ਖੇਡਾਂ ਦਾ ਚਿੱਠਾ ਲਿਖ ਕੇ ਕਰਵਾਉਣ ਨੂੰ ਇਥੋਂ ਦੇ ਖੇਡ ਪ੍ਰਬੰਧਕਾਂ ਨੂੰ ਦਿਤਾ ਸੀ-ਕਿਸੇ ਨੇ ਗੌਲਿਆ ਹੀ ਨਹੀਂ-ਇੱਕ ਵਾਰ ਮਿਊਜ਼ਿਕ ਚੇਅਰ ਰੇਸ ਕਰਵਾਈ ਸੀ-ਕਈਆਂ ਨੇ ਸੁਰੂ ਕਰ ਲਈ। ਜੇ ਹੁਣ ਵੀ ਇਹ ਖੇਡ ਪ੍ਰਬੰਧਕ ਚਾਹੁਯ ਤਾਂ ਮੈਂ ਆਪਣਾ ਸਮਾਂ ਦੇ ਸਕਦਾ ਹਾਂ। ਸਾਰੇ ਵਰਗ ਦੇ ਦਰਸ਼ਕ ਜੇ ਖੇਡਾਂ ਚ ਸ਼ਾਮਿਲ ਹੋਣ ਤਾਂ ਰੰਗ ਵੱਖਰੇ ਹੀ ਹੋਣਗੇ ਤੇ ਸਾਰੇ ਘਰੋ ਘਰੀ ਖੁਸ਼ੀ ਵੀ ਲੈ ਕੇ ਜਾਣਗੇ। ਆਪਸੀ ਨਫ਼ਰਤ ਤਣਾਅ ਵੀ ਘਟੇਗਾ ਤੇ ਪਿਆਰ ਦਾ ਹਿੱਕਾਂ ਚ ਉੱਗਣਾਂ ਸੁਭਾਵਿਕ ਵੀ ਹੋ ਸਕਦਾ ਹੈ। ਮੇਰਾ ਤਾਂ ਦਿੱਲ ਕਰਦਾ ਹੈ ਕਿ ਦੁਨੀਆਂ ਚ ਸਾਰੇ ਬਦੇਸਾਂ ਚ ਇਹ ਲੋਕ ਖੇਡਾਂ ਘਰ ਕਰ ਜਾਣ-‘ਕੱਲੀ ਕਬੱਡੀ ਹੀ ਸਾਡੀ ਖੇਡ ਨਹੀਂ ਹੈ-ਇਸ ਰਾਹ ਤੇ ਟੁਰਨ ਨਾਲ ਗੁਰਦਵਾਰਿਆਂ ਚੋਂ ਲੜਾਈਆਂ ਜੰਗ ਵੀ ਕਿਤੇ ਅਲੋਪ ਹੋ ਜਾਣਗੇ। ਪਿਆਰ ਮੇਲ ਮਿਲਾਪ ਹਰ ਦਰ ਘਰ ਚ ਆ ਦਸਤਕ ਦੇਵੇਗਾ।
——————————————————————
——————————————————————
ਬਾਲ ਕਹਾਣੀ
ਗੁਲਦਸਤੇ
ਪਰਮਜੀਤ ਕੌਰ ਸਰਹਿੰਦ
ਆਮ ਤੌਰ ਤੇ ਅਖ਼ਬਾਰਾਂ ਵਿਚ ਨਿੱਕੀਆਂ ਬੱਚੀਆਂ ਧੀਆਂ ਵਾਰੇ ਮਾਪਿਆਂ ਦੇ ਨਿੱਕੇ-ਨਿੱਕੇ ਮਿੱਠੇ-ਮਿੱਠੇ ਅਨੁਭਵ ਪੜ•ਨ ਨੂੰ ਮਿਲਦੇ ਹਨ। ਜਿਨ•ਾਂ ਨੂੰ ਪੜ• ਕੇ ਮੈਨੂੰ ਲੱਗਦਾ ਹੈ ਕਿ ਘਰ ਤਾਂ ਜਿਵੇਂ ਗੁਲਦਸਤੇ ਹੁੰਦੇ ਨੇ ਜਿੱਥੋਂ ਸਾਨੂੰ ਇਹ ਖੁਸ਼ਬੂ ਵਰਗੇ ਅਹਿਸਾਸ ਨਸੀਬ ਹੁੰਦੇ ਨੇ। ਗੁਲਦਸਤੇ ਵਿਚ ਫੁੱਲ ਵੀ ਹੁੰਦੇ ਨੇ ਤੇ ਕਲੀਆਂ ਵੀ। ਇਹ ਰਲਕੇ ਆਪਣੀ ਖ਼ਡੁਸ਼ਬੂ ਨਾਲ ਸਾਡੀ ਰੂਹ ਨੂੰ ਨਸ਼ਿਆਉਂਦੇ ਨੇ, ਘਰ ਨੂੰ ਮਹਿਕਾਉਂਦੇ ਨੇ। ਕਦੇ ਦੁੱਖਾਂ ਦੀਆਂ ਵਗਦੀਆਂ ਤੱਤੀਆਂ ਲੂਆਂ ਵਿਚ ਇਹ ਸਮੀਰ ਦੇ ਬੁੱਲੇ ਬਣ ਕੇ ਰੁਮਕਦੇ ਨੇ ਤੇ ਕਦੇ ਇੱਕ ਕ੍ਰਿਸ਼ਮੇਂ ਵਾਂਗ ਵਹਿੰਦੇ ਹੰਝੂਆਂ ਲਈ ਇਨ•ਾਂ ਦੀ ਨਿਰਛਲ ਮੁਸਕਾਨ ਰੇਸ਼ਮੀ ਰੁਮਾਲ ਬਣਕੇ ਬਹੁੜਦੀ ਹੈ, ਜਿਸ ਦੀ ਬਦੌਲਤ ਕੋਈ ਮਰੂੰ-ਮਰੂੰ ਕਰਦੀ ਜਿੰਦ ਵੀ ਜੀਣਾ ਸੋਚਣ ਲੱਗ ਪੈਂਦੀ ਹੈ। ਇਹ ਫੁੱਲ ਤੇ ਕਲੀਆਂ ਸਾਡੇ ਨਿੱਕੇ-ਨਿੱਕੇ ਮਾਸੂਮ ਜਿਹੇ ਬੱਚੇ ਹੁੰਦੇ ਨੇ ਰੱਬ ਵਰਗੇ…। ਇਹ ਸਾਡੇ ਆਪਣੇ ਜਾਏ ਵੀ ਹੋ ਸਕਦੇ ਨੇ, ਸਾਡੇ ਧੀਆਂ-ਪੁੱਤਰਾਂ ਦੇ ਬੱਚੇ ਵੀ ਅਤੇ ਕਿਸੇ ਹੋਰ ਆਪਣੇ-ਪਰਾਏ ਦੇ ਵੀ। ਸੋ ਸਾਡੇ ਆਲੇ-ਦੁਆਲੇ ਟਹਿਕਦੇ-ਮਹਿਕਦੇ ਨੇ। ਇਨ•ਾਂ ਦੀ ਟਹਿਕ-ਮਹਿਕ ਇੱਕੋ ਜਿਹੀ ਹੁੰਦੀ ਹੈ, ਜੇ ਅਸੀਂ ਸਮਝ ਸਕੀਏ ਮਹਿਸੂਸ ਕਰ ਸਕੀਏ।
ਮੇਰੇ ਬੇਟੇ ਦੇ ਦੋ ਨਿੱਕੇ ਬੱਚੇ ਨੇ ਸਵਾ ਕੁ ਚਾਰ ਸਾਲਾਂ ਦੀ ਧੀ ਅਤੇ ਸਾਢੇ ਕੁ ਪੰਜ ਸਾਲਾਂ ਦਾ ਪੁੱਤਰ। ਜੇ ਅਸੀਂ ਉਨ•ਾਂ ਨੂੰ ਪਿਆਰਦਿਆਂ ਦੁਲਾਰਦਿਆਂ ਇੱਕ ਨੂੰ ਆਖ ਦੇਈਏ ‘ਤੁਸੀਂ ਤਾਂ ਸਾਡੇ ਪਿਆਰੇ ਬੇਟੇ ਓ’ ਤਾਂ ਦੂਜਾ ਫੁੱਲੇ ਹੋਏ ਗੁਬਾਰੇ ਵਰਗਾ ਮੂੰਹ ਬਣਾ ਕੇ ਰੁੱਸ ਕੇ ਆਖਦਾ ਹੈ ”ਕਿਉਂ ਮੈਂ ਤੁਹਾਡਾ ਪਿਆਰਾ ਬੇਟਾ ਨਹੀਂ ਹਾਂ?” ਤੇ ਅਸੀਂ ਬੜੀ ਮੁਸ਼ਕਿਲ ਨਾਲ ਉਨ•ਾਂ ਨੂੰ ਮਨਾਉਂਦੇ ਹਾਂ। ਸਵੇਰੇ ਉੱਠ ਕੇ ਦੋਵੇਂ ਗੁੱਡ ਮੌਰਨਿੰਗ ਤੇ ਰਾਤੀਂ ਸੌਣ ਲੱਗੇ ਗੁੱਡ ਨਾਈਟ ਜ਼ਰੂਰ ਕਹਿੰਦੇ ਨੇ ਪਰ ਮੈਂ ਉਨ•ਾਂ ਨੂੰ ਸਵੇਰੇ ਸ਼ੁਭ ਸਵੇਰ ਤੇ ਰਾਤੀਂ ਸ਼ੁਭ ਰਾਤਰੀ ਕਹਿਣਾ ਸਿਖਾ ਇਸ ਤਰ•ਾਂ ਆਪਣੀ ਮਾਂ ਬੋਲੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਲਾਡੋ ਰਾਣੀ ਤਾਂ ਸਿੱਖ ਗਈ ਹੈ ਪਰ ਪੁੱਤਰ ਜੀ ਕਦੇ-ਕਦੇ ਗੁੱਡ ਨਾਈਟ ਜਾਂ ਗੁੱਡ ਮੌਰਨਿੰਗ ਦਾ ਰੱਟਾ ਪਾ ਲੈਂਦੇ ਨੇ ਕਿ ”ਸਕੂਲ ਵਿਚ ਮੈਡਮ ਤਾਂ ਕਹਿੰਦੇ ਨੇ ਗੁੱਡ ਮੌਰਨਿੰਗ ਤੇ ਗੁੱਡ ਨਾਈਟ ਆਖਿਆ ਕਰੋ…।’ ਖ਼ੈਰ ਜਦੋਂ ਉਹ ਸਵੇਰੇ ਸੁਸਤੀ ਵਿਚ ਹੋਣ ਤੇ ਵੀ ਮਿੱਠੇ ਜਿਹੇ ਬੋਲਾਂ ਨਾਲ ਕਹਿੰਦੇ ਨੇ ‘ਦਾਦਾ ਮੰਮੀ-ਪਾਪਾ ਸ਼ੁਭ ਸਵੇਰ’ ਤਾਂ ਲੱਗਦਾ ਹੈ ਸੂਰਜ ਦੀਆਂ ਕਿਰਨਾਂ ਮੁਸਕਰਾ ਰਹੀਆਂ ਨੇ ਫਿਜ਼ਾ ਵਿੱਚ ਮਹਿਕ ਘੁਲ ਗਈ ਹੈ ਉਨ•ਾ ਨੰਨਿ•ਆਂ ਮੁੰਨਿਆਂ ਦੇ ਬੋਲ ਸਾਨੂੰ ਕਿਸੇ ਦੁਆ ਜਿਹੇ ਲੱਗਦੇ ਨੇ…।
ਸਵੇਰੇ ਤੇ ਰਾਤੀਂ ਸਾਡੀ ਨਿੱਕੀ ਬੱਚੀ ਭਰਾ ਦੇ ਰੀਸੇ ਸਾਡੇ ਪੈਰ ਛੂਹਣ ਦੀ ਜ਼ਿੱਦ ਕਰਦੀ ਹੈ। ਪੈਰ ਛੂਹਣ ਤੇ ਜਿਵੇਂ ਅਸੀਂ ਬੇਟੇ ਨੂੰ ਪਿਆਰ ਤੇ ਦੁਆਵਾਂ ਦੇਂਦੇ ਹਾ ਬੱਚੀ ਨੂੰ ਵੀ ਉਸੇ ਤਰ•ਾ ਪਿਆਰਦੇ ਹਾਂ। ਪੈਰ ਛੂਹਣ ਦੀ ਜਿੱਦ ਕਰਦੀ ਨੂੰ ਮੈਂ ਬੜੀ ਔਖ ਨਾਲ ਸਮਝਾਉਂਦੀ ਹਾਂ ਕਿ ਬੇਟਾ ਤੂੰ ਤਾਂ ਸਾਡੀ ਦੇਵੀ ਏਂ-ਕੰਨਿਆ ਦੇਵੀ, ਤੇ ਕੋਈ ਦੇਵੀ ਕਦੇ ਕਿਸੇ ਦੇ ਪੈਰ ਛੂੰਹਦੀ ਹੈ?’ ਇੱਕ ਦਿਨ ਸਵੇਰੇ ‘ਸ਼ੁਭ ਸਵੇਰ’ ਕਹਿ ਕੇ ਬੱਚੀ ਨੇ ਆਪਣੇ ਇੱਕ ਹੱਥ ਦੀ ਮੁੱਠੀ ਜਿਹੀ ਬਣਾ ਕੇ ਆਪਣੇ ਸਿਰ ਤੇ ਰੱਖੀ ਤੇ ਮੈਨੂੰ ਆਖਮ ਲੱਗੀ ”ਦਾਦਾ ਮੰਮੀ ਦੇਖੋ ਇਹ ਮੇਰਾ ਜੂ²ੜਾ ਹੈ, ਮੈਂ ਮੂੰਡਾ ਬਣ ਗਈ’ ਮੈਂ ਸਹਿਜ ਸੁਭਾਅ ਪਿਆਰ ਨਾਲ ਕਿਹਾ ‘ਹਾਂ ਬੇਟਾ ਤੁਸੀਂ ਮੁੰਡਾ ਬਣ ਗਏ’ ਤਾਂ ਉਸ ਨੇ ਝਟਪਟ ਦੂਜੇ ਹੱਥ ਨਾਲ ਮੇਰੇ ਪੈਰ ਛੂਹ ਲਏ। ਮੈਂ ਹੈਰਾਨ ਹੋਈ ਉਸ ਦੀ ਮਾਸੂਮੀਅਤ ਅਤੇ ਸੂਝ ਨੂੰ ਦੇਖਦੀ ਰਹਿ ਗਈ ਤੇ ਪਿਆਰ ਨਾਲ ਉਸ ਨੂੰ ਗਲ ਲਾ ਕੇ ਕਿਹਾ ‘ਬੇਟਾ ਤੂੰ ਸਾਡੀ ਦੇਵੀ ਹੀ ਨਹੀਂ ਉਸਤਾਦ ਵੀ ਏਂ।’ ਕਦੇ ਮੈਂ ਜ਼ਰਾ ਉਦਾਸ ਹੋਵਾਂ ਦੋਵੇਂ ਬੱਚੇ ਪੁੱਛਣਗੇ ‘ਤੁਸੀਂ ਚੁੱਪ ਕਿਉਂ ਹੋ?’ ਉਹ ਉਦਾਸੀ ਨੂੰ ਚੁੱਪ ਦਾ ਨਾਂ ਦੇਂਦੇ ਨੇ। ਉਹਨਾਂ ਦੀ ਪੁੱਛ ਨਾਲ ਜਿਵੇਂ ਅੱਧੀ ਉਦਾਸੀ ਉੱਡ ਜਾਂਦੀ ਹੈ….।
ਰੋਜ ਦੋਵੇਂ ਬੱਚੇ ਤਿੰਨ ਕੁ ਵਜੇ ਸਕੂਲੋਂ ਆ ਕੇ ਕੁਝ ਖਾ ਪੀ ਕੇ ਮੇਰੇ ਕੋਲ ਖੇਡਦੇ ਨੇ। ਇੱਕ ਦਿਨ ਮੇਰੇ ਬੈਡ ਤੇ ਆਪਣੇ ਖਿਡੌਣੇ ਖਿਲਾਰੀ ਖੇਡ ਰਹੇ ਸਨ। ਮੈਨੂੰ ਥੋੜ•ੀ ਠੰਢਕ ਮਹਿਸੂਸ ਹੋਈ ਤੇ ਮੈਂ ਕਿਹਾ ”ਪੂਨਮ ਪ੍ਰਤੀਕ ਬੇਟਾ ਮੈਨੂੰ ਕੰਬਲ ਲਿਆ ਕੇ ਦਿਓ’ ਉਹ ਬਹਾਨੇਬਾਜ਼ੀ ਕਰਦਿਆਂ ਬੋਲਿਆ ‘ਮੈਨੂੰ ਪਤਾ ਨਹੀਂ ਕੰਬਲ ਕਿੱਥੇ ਹੈ?’ ਮੈਂ ਕਿਹਾ ਤੁਹਾਨੂੰ ਪਤਾ ਹੈ ਕੰਬਲ ਸਟੋਰ ਵਿਚ ਹੈ ‘ਤੇ ਉਹ ਹੱਸਦਾ ਹੋਇਆ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਕੰਬਲ ਚੁੱਕ ਲਿਆਇਆ। ਮੈਂ ਕਿਹਾ ‘ਬੇਟਾ ਸ਼ੁਕਰੀਆ’ ਉਹ ਬੋਲਿਆ ‘ਇਸ ਵਿਚ ਸ਼ੁਕਰੀਆ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਮੇਰਾ ‘ਫਰਸ’ (ਫਰਜ਼) ਹੈ” ਉਸ ਦੇ ਮਿੱਠੇ ਤੇ ਸਿਆਣੇ ਬੋਲ ਸੁਣ ਕੇ ਮੈਂ ਦੰਗ ਰਹਿ ਗਈ ਤੇ ਉਸ ਨੂੰ ਪਿਆਰ ਨਾਲ ਪੁੱਛਿਆ ਕਿ ”ਤੁਸੀਂ ਐਡੀ ਸੋਹਣੀ ਚੰਗੀ ਗੱਲ ਕਿੱਥੋਂ ਸਿੱਖੀ ਹੈ?” ਪਹਿਲਾਂ ਤਾਂ ਉਸ ਆਖਿਆ ”ਮੈਨੂੰ ਆਪੀ ਪਤਾ ਹੈ” ਪਰ ਫਿ ਗੰਭੀਰ ਜਿਹਾ ਮੂੰਹ ਬਣਾਉਂਦਿਆਂ ਮੱਥੇ ਤੇ ਹੱਥ ਰੱਖ ਕੇ ਪਲ ਕੁ ਸੋਚ ਕੇ ਬੋਲਿਆ ”ਓ-ਹੋ-ਯਾਦ ਆਇਆ-ਟੀ.ਵੀ. ਵਾਲਾ ਅੰਕਲ ਕਹਿੰਦਾ ਸੀ, ਇੱਕ ਮੁੰਡੇ ਦਾ ਮੋਟਰ ਸਾਈਕਲ ਸਲਿੱਪ ਕਰ ਗਿਆ ਤੇ ਉਹ ਡਿੱਗ ਪਿਆ ਸੜਕ ਤੇ ਇੱਕ ਅੰਕਲ ਤੁਰਿਆ ਜਾਂਦਾ ਸੀ ਉਸ ਮੁੰਡੇ ਨੇ ਉਸ ਨੂੰ ਕਿਹਾ-ਅੰਕਲ ਸ਼ੁਕਰੀਆ’ ਪਰ ਅੰਕਲ ਨੇ ਕਿਹਾ ਇਸ ਵਿਚ ਸ਼ੁਕਰੀਆ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਮੇਰਾ ‘ਫਰਸ’ (ਫਰਜ਼) ਹੈ।’
ਮੈਂ ਸੋਚਦੀ ਹਾਂ ਸਾਡੇ ਭੋਲੇ-ਭਾਲੇ ਬੱਚੇ ਸਹਿਜ ਸੁਭਾਅ ਕਿਵੇਂ ਕੁਝ ਚੰਗਾ ਗ੍ਰਹਿਣ ਕਰ ਲੈਂਦੇ ਨੇ ਜਦਕਿ ਅਸੀਂ ਵੱਡੇ ਕਈ ਵਾਰ ਇਨ•ਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ। ਮੇਰੇ ਵਾਰ-ਵਾਰ ਸਮਝਾਉਣ ਤੇ ਵੀ ਉਹ ਫਰਜ਼ ਨੂੰ ਫਰਸ ਹੀ ਕਹਿ ਰਿਹਾ ਸੀ। ਉਹ ਆਪਣੀ ਗੱਲ ਤੇ ਬਜ਼ਿੱਦ ਸੀ ਕਿ ਫਰਜ਼ ਨਹੀਂ ਫਰਸ ਹੀ ਹੁੰਦਾ ਹੈ ਕਿਉਂਕਿ ਟੀ.ਵੀ. ਵਾਲਾ ਅੰਕਲ ਜੋ ਕਹਿ ਰਿਹਾ ਸੀ। ਇਨ•ਾਂ ਨਿੱਕੇ-ਨਿੱਕੇ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਮਿੱਠੀਆਂ ਗੱਲਾਂ ਕਈ ਵਾਰ ਬੜੀਆਂ ਸੂਝ ਵਾਲੀਆਂ ਵੀ ਹੋ ਨਿਬੜਦੀਆਂ ਨੇ। ਆਪਣੇ ਹਾਸਿਆਂ ਨਾਲ ਗੱਲਾਂ ਨਾਲ ਇਹ ਸਾਨੂੰ ਖੇੜਾ ਪ੍ਰਦਾਨ ਕਰਦੇ ਇਹ ਬੱਚੇ ਫੁੱਲ ਕਲੀਆਂ ਹੀ ਤਾਂ ਜਾਪਦੇ ਨੇ ਤੇ ਸਾਡੇ ਘਰ ਜਿਵੇਂ ਇਨ•ਾਂ ਦੀ ਹੋਂਦ ਇਨ•ਾਂ ਦੀ ਟਹਿਕ-ਮਹਿਕ ਨਾਲ ਗੁਲਦਸਤੇ ਬਣ ਜਾਂਦੇ ਨੇ…।
——————————————————————
ਬਾਂਦਰ ਤੇ ਨੀਲ ਪਰੀ
ਇੱਕ ਪਰੀ ਸੀ ਜਿਸ ਦੇ ਪੰਖ ਨੀਲੇ ਸਨ। ਉਸ ਨੂੰ ਸਾਰੇ ਨੀਲ ਪਰੀ ਕਹਿੰਦੇ ਸਨ। ਉਹ ਪਰੀ ਲੋਕ ਵਿਚ ਰਹਿੰਦੀ ਸੀ। ਪਰੀ ਲੋਕ ਵਿਚ ਹੋਰ ਵੀ ਪਰੀਆਂ ਰਹਿੰਦੀਆਂ ਸਨ ਤੇ ਇਕ ਰਾਣੀ ਪਰੀ ਜਿਸ ਦੇ ਪੰਖ ਸੁਨਹਿਰੀ ਸਨ, ਵੀ ਰਹਿੰਦੀ ਸੀ। ਰਾਣੀ ਪਰੀ ਨੂੰ ਸੋਨ ਪਰੀ ਵੀ ਕਹਿੰਦੇ ਸਨ।
ਨੀਲ ਪਰੀ ਨੂੰ ਪਾਣੀ ਵਿਚ ਨਹਾਉਣ ਦਾ ਬਹੁਤ ਸ਼ੌਕ ਸੀ। ਪਰ ਪਰੀ ਲੋਕ ਵਿਚ ਕੋਈ ਝੀਲ ਨਹੀਂ ਸੀ, ਇਸ ਲਈ ਉਹ ਹਰ ਚਾਂਦਨੀ ਰਾਤ ਨੂੰ ਧਰਤੀ ‘ਤੇ ਆਉਂਦੀ ਤੇ ਨੈਨੀ ਝੀਲ ਵਿਚ ਬਹੁਤ ਨਹਾਉਂਦੀ। ਨਹਾ ਧੋ ਕੇ ਉਹ ਫਿਰ ਪਰੀ ਲੋਕ ਵਿਚ ਵਾਪਸ ਚਲੀ ਜਾਂਦੀ। ਜਦੋਂ ਉਹ ਪਾਣੀ ਵਿਚ ਨਹਾਉਂਦੀ ਤਾਂ ਆਪਣੇ ਨੀਲੇ ਪੰਖਾਂ ਨੂੰ ਉਤਾਰ ਕੇ ਝੀਲ ਦੇ ਕਿਨਾਰੇ ਲੱਗੇ ਇਕ ਦਰਖਤ ਹੇਠਾਂ ਰੱਖ ਦਿੰਦੀ। ਝੀਲ ਦੇ ਕਿਨਾਰੇ ਇਸ ਦਰਖਤ ਉੱਪਰ ਇਕ ਨਟਖਟ ਬਾਂਦਰ ਰਹਿੰਦਾ ਸੀ। ਜਦੋਂ ਨੀਲ ਪਰੀ ਨਹਾਉਣ ਲੱਗੀ ਆਪਣੇ ਪੰਖ ਉਤਾਰ ਕੇ ਦਰਖਤ ਹੇਠਾਂ ਰੱਖ ਦਿੰਦੀ ਸੀ ਤਾਂ ਉਨ•ਾਂ ਪੰਖਾਂ ਵਿਚੋਂ ਬਹੁਤ ਮਨਮੋਹਕ ਸੁਗੰਧੀ ਆਉਂਦੀ ਸੀ। ਬਾਂਦਰ ਨੂੰ ਇਹ ਮਹਿਕ ਬਹੁਤ ਪਿਆਰੀ ਲੱਗਦੀ ਸੀ। ਉਹ ਇਸ ਮਹਿਕ ਦੀ ਭਾਲ ਨੂੰ ਇਧਰ-ਉਧਰ ਟਪੂਸੀਆਂ ਮਾਰਦਾ ਪਰ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਮਹਿਕ ਕਿਥੋਂ ਆ ਰਹੀ ਹੈ। ਉਹ ਹਰ ਇਕ ਪਾਸੇ ਸੁੰਘਦਾ ਫਿਰਦਾ ਅਤੇ ਬੜਾ ਪ੍ਰੇਸ਼ਾਨ ਹੋ ਜਾਂਦਾ।
ਇਕ ਦਿਨ ਬਾਂਦਰ ਨੇ ਦਰਖਤ ਤੋਂ ਹੇਠਾਂ ਉਤਰ ਕੇ ਨੀਲ ਪਰੀ ਦੇ ਪੰਖ ਸੁੰਘ ਲਏ ਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਮਹਿਕ ਇਨ•ਾਂ ਪੰਖਾਂ ਵਿਚੋਂ ਹੀ ਆਉਂਦੀ ਹੈ। ਇੰਨੇ ਨੂੰ ਨੀਲ ਪਰੀ ਨਹਾ ਕੇ ਜਦੋਂ ਬਾਹਰ ਝੀਲ ਦੇ ਕਿਨਾਰੇ ਆਈ ਤਾਂ ਉਥੇ ਪੰਖ ਨਾ ਦੇਖ ਕੇ ਬਹੁਤ ਉਦਾਸ ਹੋਈ। ਉਸ ਨੇ ਦਰਖਤ ਉੱਪਰ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਉਸ ਦੇ ਪੰਖ ਬਾਂਦਰ ਲੈ ਗਿਆ ਹੈ। ਉਸ ਨੇ ਬਥੇਰਾ ਕਿਹਾ ਕਿ ਬਾਂਦਰ ਮਾਮਾ ਮੇਰੇ ਪੰਖ ਮੈਨੂੰ ਦੇ ਦਿਉ ਪਰ ਬਾਂਦਰ ਨੇ ਇੱਕ ਨਾ ਸੁਣੀ। ਬਾਂਦਰ ਉਨ•ਾਂ ਪੰਖਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਇਧਰ-ਉਧਰ ਿਹਲਾਉਣ ਲੱਗਾ। ਇੰਨੇ ਨੂੰ ਇੱਕ ਕ੍ਰਿਸ਼ਮਾ ਹੋਇਆ ਕਿ ਬਾਂਦਰ ਦੇ ਪੈਰ ਉਖੜਨ ਲੱਗੇ ਤੇ ਵੇਕਦੇ-ਵੇਖਦੇ ਉਹ ਹਵਾ ਵਿਚ ਉੱਡਣ ਲੱਗ ਪਿਆ।
ਬਾਂਦਰ ਨੇ ਹੇਠਾਂ ਜ਼ਮੀਨ ਤੇ ਉਤਰਨ ਲਈ ਬਹੁਤ ਹੱਥ-ਪੈਰ ਮਾਰੇ ਪਰ ਉਹ ਹੇਠਾਂ ਨਾ ਉਤਰ ਸਕਿਆ। ਉਡਦਾ-ਉਡਦਾ ਉਹ ਪਰੀ ਲੋਕ ਵਿਚ ਪਹੁੰਚ ਗਿਆ। ਉਥੇ ਪਹੁੰਚ ਕੇ ਉਹ ਇਕ ਬਹੁਤ ਹੀ ਸੁਹਣੇ ਬਾਗ ਵਿਚ ਪਹੁੰਚ ਗਿਆ। ਉਸ ਨੂੰ ਇੰਝ ਲੱਗਾ ਕਿ ਉਹ ਸਵਰਗ ਵਿਚ ਪਹੁੰਚ ਗਿਆ ਹੈ। ਬਾਗ ਵਿਚ ਬਹੁਤ ਸੁੰਦਰ ਫੁੱਲ ਤੇ ਫਲ ਲੱਗੇ ਹੋਏ ਸਨ। ਬਾਂਦਰ ਨੇ ਆਪਣੀ ਆਦਤ ਮੁਤਾਬਕ ਉਹਨਾਂ ਫੁੱਲਾਂ ਨੂੰ ਤੋੜ-ਮਰੋੜ ਕੇ ਹੇਠਾਂ ਸੁੱਟ ਦਿੱਤਾ ਤੇ ਕੁਝ ਫਲਾਂ ਨੂੰ ਖਾ ਲਿਆ ਤੇ ਬਾਕੀ ਦੇ ਫਲ ਤੋੜ-ਤੋੜ ਕੇ ਹੇਠਾਂ ਸੁੱਟ ਦਿੱਤੇ ਤੇ ਸਾਰਾ ਬਾਗ ਉਜਾੜ ਦਿੱਤਾ। ਇੰਨੇ ਨੂੰ ਪਰੀ ਲੋਕ ਦੀਆਂ ਪਰੀਆਂ ਉਥੇ ਆ ਗਈਆਂ। ਉਹਨਾਂ ਨੇ ਬਾਂਦਰ ਨੂੰ ਪਕੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਂਦਰ ਇੰਨਾ ਚਲਾਕ ਸੀ ਕਿ ਉਹ ਉਨ•ਾਂ ਦੇ ਹੱਥ ਨਹੀਂ ਲੱਗਾ ਤੇ ਇਧਰ-ਉਧਰ ਟਪੂਸੀਆਂ ਮਾਰ ਕੇ ਬਚਦਾ ਰਿਹਾ। ਪਰੀ ਲੋਕ ਦੀਆਂ ਪਰੀਆਂ ਨੇ ਸਾਰੀ ਖ਼ਬਰ ਆਪਣੀ ਰਾਨੀ ਸੋਨ ਪਰੀ ਨੂੰ ਜਾ ਕੇ ਦੱਸੀ। ਸੋਨ ਪਰੀ ਨੇ ਬਹੁਤ ਸਾਰਿਆਂ ਹੋਰ ਪਰੀਆਂ ਦੀ ਮਦਦ ਨਾਲ ਘੇਰਾ ਪਾ ਕੇ ਆਖਿਰ ਬਾਂਦਰ ਨੂੰ ਫੜ ਲਿਆ। ਬਾਂਦਰ ਦੀਆਂ ਹਰਕਤਾਂ ਦੇਖ ਕੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਅੱਧੀ ਰਾਤ ਤੱਕ ਬਾਂਦਰ ਹਵਾਲਾਤ ਵਿਚ ਇੱਕ ਕੋਨੇ ਲੱਗ ਕੇ ਬੈਠਾ ਰਿਹਾ ਪਰ ਅੱਧੀ ਰਾਤ ਤੋਂ ਬਾਅਦ ਉਸ ਨੇ ਚੀਖਣਾ-ਚਿਲਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਪਹਿਰੇਦਾਰ ਪਰੀਆਂ ਉਸ ਦੇ ਜੰਗਲੇ ਕੋਲ ਆਈਆਂ ਤਾਂ ਬਾਂਦਰ ਨੇ ਝਪਟ ਕੇ ਉਨ•ਾਂ ‘ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਬੁਰੀ ਤਰ•ਾਂ ਜ਼ਖਮੀ ਕਰ ਦਿੱਤਾ। ਦੂਸਰੇ ਦਿਨ ਬਾਂਦਰ ਨੂੰ ਸੋਨ ਪਰੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਂਦਰ ਦੀਆਂ ਹਰਕਤਾਂ ਬਾਰੇ ਸੁਣ ਕੇ ਰਾਨੀ ਸੋਨ ਪਰੀ ਨੇ ਉਸ ਦੀ ਪੂੰਛ ਕੱਟ ਕੇ ਧਰਤੀ ‘ਤੇ ਸੁੱਟ ਦੇਣ ਦਾ ਹੁਕਮ ਦੇ ਦਿੱਤਾ। ਬਾਂਦਰ ਨੂੰ ਜਲਾਦ ਪਰੀ ਕੋਲ ਲਿਜਾਇਆ ਗਿਆ। ਉਥੇ ਬਾਂਦਰ ਨੇ ਬਹੁਤ ਤਰਲੇ ਕੀਤੇ ਪਰ ਜਲਾਦ ਪਰੀ ਨੇ ਹੁਕਮ ਮੁਤਾਬਕ ਉਸ ਦੀ ਪੂੰਛ ਕੱਟ ਦਿੱਤੀ ਤੇ ਉਸ ਨੂੰ ਰੋਂਦਾ-ਕੁਰਲਾਉਂਦਾ ਧਰਤੀ ‘ਤੇ ਸੁੱਟ ਦਿੱਤਾ। ਧਰਤੀ ‘ਤੇ ਪਹੁੰਚ ਕੇ ਬਾਂਦਰ ਉਸੇ ਝੀਲ ਦੇ ਕਿਨਾਰੇ ਦਰਖਤ ‘ਤੇ ਆਣ ਡਿੱਗਾ।
ਨੀਲ ਪਰੀ ਉਥੇ ਹੀ ਬੈਠੀ ਝੀਲ ਦੇ ਕਿਨਾਰੇ ਰੋ ਰਹੀ ਸੀ। ਬਾਂਦਰ ਦਰਦ ਨਾਲ ਤੜਫ ਰਿਹਾ ਸੀ। ਉਸ ਨੇ ਜਦੋਂ ਆਪ ਦੇ ਹੱਥ ਪੈਰ ਇੱਧਰ-ਉੱਧਰ ਮਾਰੇ ਤਾਂ ਹੱਥਾਂ ਵਿਚੋਂ ਪੰਖ ਨਿਕਲ ਕੇ ਹੇਠਾਂ ਡਿੱਗ ਪਏ। ਨੀਲ ਪਰੀ ਨੇ ਆਪਣੇ ਪੰਖ ਲੈ ਲਏ ਤੇ ਪਰੀ ਲੋਕ ਵੱਲ ਉੱਡ ਗਈ। ਬਾਂਦਰ ਰੋਂਦਾ-ਕੁਰਲਾਉਂਦਾ ਉਸ ਨੂੰ ਦੇਖਦਾ ਰਿਹਾ। ਬੁਰੇ ਕੰਮ ਦਾ ਨਤੀਜਾ ਹਮੇਸ਼ਾਂ ਬੁਰਾ ਹੀ ਹੁੰਦਾ ਹੈ, ਬੁਰੇ ਕੰਮਾਂ ਤੋਂ ਹਮੇਸ਼ਾਂ ਦੂਰ ਰਹੋ।
-ਸੁਰਿੰਦਰ ਕੌਰ ਰੋਮੀ, ਫਿਲੌਰ
——————————————————————
‘ਸਟੇਜ ਅਤੇ ਸੱਭਿਆਚਾਰ’
ਅਜੋਕੇ ਸਮੇਂ ਵਿਚ ਕਿਸੇ ਵੀ ਵਿਭਾਗ ਦਾ ਕੋਈ ਵੀ ਸਮਾਗਮ ਹੋਵੇ ਉਸ ਵਿਚ ਸਟੇਜ ਤੇ ਸੱਭਿਆਚਾਰਕ ਰੰਗ ਨੂੰ ਬਹੁਤ ਜ਼ੋਰ-ਸ਼ੋਰ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿਸੇ ਗੰਭੀਰ ਮਰੀਜ਼ ਨੂੰ ਬਚਾਉਣ ਲਈ ਮਸ਼ੀਨਾਂ ਦਾ ਸਹਾਰਾ ਲਿਆ ਜਾਂਦਾ ਹੈ ਉਸ ਨੂੰ ‘ਵੈਂਟੀਲੇਸ਼ਨ’ ਤੇ ਰੱਖਿਆ ਜਾਂਦਾ ਹੈ। ਮੈਨੂੰ ਇਹ ਪ੍ਰੋਗਰਾਮ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਸਾਡੇ ਬਿਮਾਰ ਹੋਏ ਸੱਭਿਆਚਾਰ ਨੂੰ ਵੀ ਆਧੁਨਿਕਤਾ ਦੀ ਪੱਛਮੀ ਹਵਾ ਦੀ ਲੱਗੀ ਮਰਜ਼ ਤੋਂ ਬਚਾਉਣ ਲਈ, ਉਸਦੇ ਮੁੱਕਦੇ ਜਾਂਦੇ ਸਾਹਾਂ ਨੂੰ ਵਧਾਉਣ ਲਈ ਇਹ ਪ੍ਰੋਗਰਾਮ ਜਿਵੇਂ ਵੈਂਟੀਲੇਸ਼ਨ ਦਾ ਕੰਮ ਕਰਦੇ ਨੇ…ਪਰ ਸੋਚਣ ਵਾਲੀ ਗੱਲ ਇਹ ਹੈ ਕਿ ਮਸ਼ੀਨਾਂ ਦੇ ਸਹਾਰੇ ਕੋਈ ਮਰੀਜ਼ ਕਿੰਨਾ ਕੁ ਚਿਰ ਜੀ ਸਕਦਾ ਹੈ? ਕੀ ਉਹ ਕੁਦਰਤੀ ਸੁਖਾਵਾਂ ਜੀਵਨ ਗੁਜ਼ਾਰ ਸਕਦਾ ਹੈ? ਇਸ ਦਾ ਜਵਾਬ ਨਾਂਹ ਵਿਚੋਂ ਹੀ ਹੋਵੇਗਾ। ਇਸੇ ਤਰ•ਾਂ ਇਨ•ਾਂ ਬਣਾਉਟੀ ਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਸਾਡਾ ਮੁੱਲ ਮੁੱਕ ਜਾਂਦਾ ਵਿਰਸਾ ਕਿੰਨਾ ਕੁ ਚਿਰ ਜੀਵੰਤ ਰਹੇਗਾ? ਦਰਸ਼ਕ ਹੁਣ ਇਨ•ਾਂ ਪ੍ਰੋਗਰਾਮਾਂ ਨੂੰ ਨਕਾਰਨ ਲੱਗ ਪਏ ਹਨ। ਲੋੜ ਹੈ ਸੱਭਿਆਚਾਰ ਦੇ ਸੁੱਕਣ ਕਿਨਾਰੇ ਹੋਏ ਤੇ ਡਿੱਗੂੰ ਡਿੱਗੂੰ ਕਰਦੇ ਬੋਹੜ ਦੀਆਂ ਜੜ•ਾਂ ਵਿਚ ਸਾਂਝ ਦੇ ਸਾਦਗੀ ਦੇ ਖਾਦ ਪਾਣੀ ਪਾਉਣ ਦੀ ਨਾ ਕਿ ਉਸ ਦੀਆਂ ਜੜ•ਾਂ ਵਿਚ ਬਣਾਉਟੀ ਜਿਹੇ ਦਿਖਾਵੇ ਵਾਲੇ ਗਿੱਧੇ ਭੰਗੜੇ ਦਾ ਮਿਲਾਵਟੀ ‘ਕੋਕ’ ਤੇ ‘ਫਾਸਟ ਫੂਡ’ ਪਾਉਣ ਦੀ।
ਬੇਲੋੜੇ ਸਾਜ਼ ਤੇ ਸ਼ੋਰ ਸ਼ਰਾਬਾ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਹਨ। ਸਟੇਜ ਤੇ ਮੁਟਿਆਰਾਂ ਜੇ ਮਣਾਂ ਮੂੰਹੀਂ ਨਹੀਂ ਤਾਂ ਸੇਰਾਂ ਮੂੰਹੀ ਗਹਿਣੇ ਤਾਂ ਪਾ ਹੀ ਆਉਦੀਆਂ ਨੇ ਜਿਵੇਂ ਗਹਣਿਆਂ ਦੀ ਨੁਮਾਇਸ਼ ਲਾਉਣੀ ਹੋਵੇ। ਗੂੜ•ੇ ਰੰਗਾਂ ਦੇ ਭਾਰੇ ਸੂਟ ਦੁਪੱਟੇ ਤੇ ਲੋੜੋਂ ਵੱਧ ਹਾਰ ਸ਼ਿੰਗਾਰ ਮਨ ਨੂੰ ਅਨੰਦਿਤ ਕਰਨ ਦੀ ਥਾਂ ਸਗੋਂ ਉਚਾਟ ਜਿਹਾ ਕਰ ਦੇਂਦਾ ਹੈ। ਅਜੇਹੇ ਸਾਰੇ ਸਮਾਗਮਾਂ ਵਿਚ ਬਣਾਉਟੀਪਣ ਸਾਫ ਝਲਕਦਾ ਹੈ। ਸਾਨੂੰ ਲੋੜ ਹੈ ਆਪਣੇ ਵਿਰਸੇ ਦੇ ਅਮੀਰ ਪੱਖ ਨੂੰ ਅਪਣਾਉਣ ਦੀ ਉਹ ਪੱਖ ਨੇ ਸਾਂਝ ਅਤੇ ਸਾਦਗੀ। ਅਜੇਹੇ ਪਹਿਰਾਵੇ ਪਹਿਨਕੇ ਡਰਾਮੇ ਤਾਂ ਹੋ ਜਾਂਦੇ ਨੇ ਮਨਪਰਚਾਵੇ ਵੀ ਹੋ ਜਾਂਦੇ ਨੇ ਪਰ ਆਪਣੇ ਸੱਭਿਆਚਾਰ ਦੀ ਸੇਵਾ ਨਹੀਂ ਹੁੰਦੀ ਜਿਸ ਦੇ ਨਾਂ ਥੱਲੇ ਇਹ ਪ੍ਰੋਗਰਾਮ ਕੀਤੇ ਜਾਂਦੇ ਨੇ ਹਾਂ…ਐਨਾ ਕੁ ਫਾਇਦਾ ਜ਼ਰੂਰ ਹੁੰਦਾ ਹੈ ਕਿ ਸਾਡੀ ਨੌਜਵਾਨ ਪੀੜ•ੀ ਤੇ ਨਿੱਕੀ-ਨਿੱਕੀ ਪਨੀਰੀ (ਬੱਚੇ) ਇਸ ਤੋਂ ਜਾਣੂੰ ਹੋ ਜਾਂਦੇ ਨੇ। ਸਾਨੂੰ ਆਪ ਨੂੰ ਵੀ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਇਸ ਦੀ ਭਰਪੂਰ ਜਾਣਕਾਰੀ ਦੇਈਏ। ਟੀ-ਸ਼ਰਟ-ਟੌਪ ਜੀਨਜ਼ ਦੇ ਕਲਚਰ ਵਿਚ ਸਾਡੇ ਬੱਚੇ ਕਮੀਜ਼ ਪਜਾਮੇ ਦੇ ਸਾਦੇ ਪਹਿਰਾਵੇ ਨੂੰ ‘ਨਾਈਟ ਸੂਟ’ ਹੀ ਸਮਝਦੇ ਨੇ। ਸਾਡੀ ਨਿੱਕੀ ਜਿਹੀ ਬੱਚੀ ਵਾਲਾਂ ਨੂੰ ਕਾਬੂ ਕਰਕੇ ਵਾਹ ਸੰਵਾਰ ਕੇ ਕਸ ਕੇ ਕੀਤੀ ਗੁੱਤ ਨੂੰ ‘ਰਾਤ ਵਾਲੀ ਗੁੱਤ’ ਕਹਿੰਦੀ ਹੈ ਕਿਉਂਕਿ ਦਿਨੇਂ ਕਦੇ ‘ਪੈਨੀ’ ਕਦੇ ਤਰ•ਾਂ-ਤਰ•ਾਂ ਦੇ ਰਬੜ ਬੈਂਡ ਤੇ ਕਲਿੱਪ ਜੋ ਲੱਗੇ ਹੁੰਦੇ ਨੇ ਪਰ ਰਾਤ ਨੂੰ ਸਾਦਾ ਰਬੜ ਬੈਂਡ ਪਾ ਕੇ ਉਸ ਦੀ ਗੁੱਤ ਗੁੰਦ ਕੇ ਕਰੀਦੀ ਹੈ। ਸ਼ਾਇਦ ਇਸੇ ਲਈ ਉਹ ਸਾਦਾ ਗੁੱਤ ਨੂੰ ਰਾਤ ਵਾਲੀ ਗੁੱਤ ਕਹਿੰਦੀ ਹੈ। ਰਾਤ ਵੇਲੇ ਸੂਟ ਤਾਂ (ਨਾਈਟ ਸੂਟ) ਸੁਣੇ ਸਨ ਪਰ ਇਹ ‘ਰਾਤ ਵਾਲੀ ਗੁੱਤ’ ਤਾਂ ਮੈਂ ਆਪਣੀ ਬੱਚੀ ਤੋਂ ਹੀ ਸੁਣੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਬੱਚੇ ਪਹਿਲਾਂ ਨਾਲੋਂ ਬਹੁਤ ਤੇਜ਼ ਦਿਮਾਗ ਤੇ ਸੂਝਵਾਨ ਨੇ ਪਰ ਇਨ•ਾਂ ਨੂੰ ਸਹੀ ਦਿਸ਼ਾ ਵੱਲ ਤੋਰਨ ਦੀ ਲੋੜ ਹੈ। ਪਿਛਲੇ ਦਿਨੀਂ ਮੈਂ ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ• ਦੇ ਸਲਾਨਾ ਸਮਾਗਮ ਵਿਚ ਗਈ। ਢਾਈ ਤੋਂ ਸਾਢੇ ਕੁ ਪੰਜ ਸਾਲਾਂ ਦੇ ਬੱਚਿਆਂ ਨੇ ਜਿਸ ਢੰਗ ਨਾਲ ਅਦਾਕਾਰੀ ਕੀਤੀ ਹੈਰਾਨ ਕਰ ਦੇਣ ਵਾਲੀ ਸੀ। ਉਨ•ਾਂ ਬੱਚਿਆਂ ਹਰੀ ਸਫੈਦ ਤੇ ਕੇਸਰੀ ਰੰਗ ਦੀ ਪੋਸ਼ਾਕ ਪਹਿਨ ਕੇ ਤਿਰੰਗਾ ਸਿਰਜਿਆ ਤੇ ਨਾਲ ਦੇਸ ਪ੍ਰੇਮ ਦੇ ਰੰਗ ‘ਚ ਰੰਗੇ ਗਾਣਿਆਂ ਤੇ ਕੋਰੀਓਗ੍ਰਾਫੀ ਕੀਤੀ। ਉਨ•ਾਂ ਗਾਣਿਆਂ ਦੇ ਬੋਲ ਮਨਾਂ ਵਿਚ ਗੂੰਜਦੇ ਦੇਸ ਪ੍ਰੇਮ ਏਕਤਾ ਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਜਗਾ ਰਹੇ ਸਨ। ਕੁਝ ਬੋਲ ਨੇ-ਯੇਹ ਦੇਸ ਹੈ ਵੀਰ ਜਵਾਨੋਂ ਕਾ-ਦਿਲ ਦੀਆਂ ਹੈ ਜਾਂ ਭੀ ਦੇਂਗੇ ਐ ਵਤਨ ਤੇਰੇ ਲੀਏ, ਮੇਰਾ ਰੰਗ ਦੇ ਬਸੰਤੀ ਚੋਲਾ…। ਤਿਰੰਗੇ ਦੇ ਨਾਲ ਵਰਦੀ ਵਿਚ ਸਜੇ ਨੰਨ•ੇ ਮੁੰਨੇ ਸੈਨਿਕ ਹੱਥਾਂ ਵਿਚ ਪੋਸਟ ਕਾਰਡ ਚੁੱਕੀ ਆਏ ਜਿਵੇਂ ਉਹ ਸਚਮੁਚ ਹੀ ਘਰੋਂ ਆਈ ਚਿੱਠੀ ਪੜ• ਰਹੇ ਹੋਣ ਤੇ ਗਾਣੇ ਦੇ ਬੋਲ ਉਨ•ਾਂ ਦੇ ਜਜ਼ਬਾਤ ਦੀ ਤਰਜ਼ਮਾਨੀ ਕਰ ਰਹੇ ਸਨ-ਸੰਦੇਸੇ ਆਤੇ ਹੈਂ-ਹਮੇਂ ਤੜਪਾਤੇ ਹੈਂ, ਚਿੱਠੀ ਆਤੀ ਹੈ ਪੂਛੇ ਜਾਤੀ ਹੈ-ਘਰ ਕਬ ਆਓਗੇ…? ਇਹ ਦ੍ਰਿਸ਼ ਸੈਨਿਕਾਂ ਦੀਆਂ ਕੁਰਬਾਨੀਆਂ ਬਿਆਨਦਾ ਸੀ।
ਪੁਰਾਣੇ ਗਾਣੇ ਲੱਭਣੇ ਉਨ•ਾਂ ਤੇ ਕੋਰੀਓਗ੍ਰਾਫੀ ਕਰਵਾਉਣੀ ਉਹ ਵੀ ਢਾਈ ਤੋਂ ਚਾਰ ਕੁ ਸਾਲਾਂ ਦੇ ਬੱਚਿਆਂ ਤੋਂ ਬਹੁਤ ਮਹੱਤਵ ਰੱਖਦੀ ਹੈ। ਪੁਰਾਣੇ ਤੇ ਮਕਬੂਲ ਗਾਣੇ ਜਿਵੇਂ ਸਰ ਪਰ ਟੋਪੀ ਲਾਲ ਹਾਥ ਮੇਂ ਰੇਸ਼ਮ ਕਾ ਰੁਮਾਲ, ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲਮਲ ਕਾ ਅਤੇ ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲੱਗੇ…। ਅਜੇਹੇ ਗਾਣਿਆਂ ਤੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਅਦਾਕਾਰੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਹ ਅਧਿਆਪਕ ਪ੍ਰਸ਼ੰਸਾ ਦੇ ਹੱਕਦਾਰ ਨੇ ਜਿਨ•ਾਂ ਇਹ ਤਿਆਰੀ ਕਰਵਾਈ ਅਤੇ ਪ੍ਰਿੰਸੀਪਲ ਦੇ ਨਾਲ ਸਮੁੱਚਾ ਪ੍ਰਬੰਧਕੀ ਅਦਾਰਾ ਵੀ ਵਧਾਈ ਦਾ ਪਾਤਰ ਹੈ ਜਿਨ•ਾਂ ਦੀ ਦੇਖਰੇਖ ਵਿਚ ਅਜੇਹੇ ਸਮਾਗਮ ਹੁੰਦੇ ਨੇ। ਸਾਢੇ ਕੁ ਚਾਰ ਸਾਲ ਦੇ ਬੱਚਿਆਂ ਨੇ ਸਵਾਮੀ ਰਾਮ ਦੇਵ ਜੀ ਦਾ ਯੋਗ ਸ਼ਿਵਰ ਸਜਾਇਆ ਜੋ ਕਮਾਲ ਕਰ ਗਿਆ। ਜਿੱਥੇ ਦਰਸ਼ਕ ਮਾਪਿਆਂ ਨੂੰ ਯੋਗ ਅਭਿਆਸ ਨਾਲ ਕਈ ਬਿਮਾਰੀਆਂ ਦੇ ਇਲਾਜ ਦੱਸ ਗਿਆ ਉੱਥੇ ਕੋਲਡ ਡਰਿੰਕ ਤੇ ਫਾਸਟ ਫੂਡ ਦੇ ਨੁਕਸਾਨ ਵੀ ਸਮਝਾ ਗਿਆ। ਯੋਗ ਸ਼ਿਵਰ ਨੇ ਬਹੁਤ ਵਾਹ – ਵਾਹੀ ਖੱਟੀ।
ਛੋਟੀਆਂ ਬੱਚੀਆਂ ਦੀ ਗਾਈ ‘ਸੰਮੀ ਮੇਰੀ ਵਾਰ…’ ਰਵਾਇਤੀ ਪਹਿਰਾਵੇ ਵਿਚ ਵੱਡੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਮੁਟਿਆਰਾਂ ਦੇ ਪਾਏ ਗਿੱਧੇ ਅਤੇ ਗਾਈ ਸੰਮੀ…ਨੂੰ ਮਾਤ ਪਾ ਗਈ। ਛੋਟੇ ਛੋਟੇ ਮੁੰਡੇ ਕੈਂਠੇ ਪਾ ਕੇ ਚਾਦਰਾਂ ਬੰਨ•ੀ ਗੱਭਰੂ ਬਣੇ ਬੋਲੀਆਂ ਪਾ ਕੇ ‘ਤਰੀਕਾੰ ਭੁਗਤਣਗੇ ਤੇਰੇ ਮਾਪੇ’ ਦਰਸ਼ਕ ਮਾਪਿਆਂ ਨੂੰ ਹੁਲਾਰਾ ਦੇ ਗਏ। ਦਾਜ ਤੇ ਲਾਹਣਤ ਪਾਉਂਦਾ ਸਾਢੇ ਪੰਜ ਕੁ ਸਾਲਾਂ ਦੇ ਨੰਨ•ੇ ਮੁੰਨੇ ਤੇ ਨੰਨ•ੀਆਂ ਮੁੰਨੀਆਂ ਵੱਲੋਂ ਪੇਸ਼ ਕੀਤਾ ਨਾਟਕ ਸਮਾਗਮ ਦਾ ਜਿਵੇਂ ਸਿਰਤਾਜ ਹੋ ਨਿਬੜਿਆ। ਜਦੋਂ ਅਟੈਚੀ ਚੁੱਕੀ ਆਉਂਦੇ ਮੇਲੀ ਦੇਖੇ, ਫੁੱਲਾਂ ਦੇ ਹਾਰ ਗਲਾਂ ਵਿਚ ਪਾ ਕੇ ਬਰਾਤ ਦੀਆਂ ਹੁੰਦੀਆਂ ਮਿਲਣੀਆਂ ਦੇਖੀਆਂ-ਕੁੜੀ ਦੀ ਡੋਲੀ ਵਿਦਾਅ ਹੁੰਦੀ ਦੇਖੀ…ਨਿੱਕੇ ਬੱਚਿਆਂ ਨੇ ਇਹ ਰਸਮਾਂ ਵੱਡਿਆਂ ਵਾਂਗ ਬਾਖੂਬੀ ਨਿਭਾਈਆਂ। ਅੱਗੋਂ ਸਹੁਰੇ ਘਰ ਦੇ ਲੋਭੀਆਂ ਦੇ ਦਾਜ ਮੰਗਣ ਤੇ ਨਿੱਕੀ ਬਾਲੜੀ ਜਦੋਂ ਪੇਕਿਆਂ ਤੋਂ ਨੋਟਾਂ ਦੀ ਥਾਂ ਬੈਗ ਵਿਚ ਡੰਡੇ ਪਾ ਕੇ ਲੈ ਗਈ ਅਤੇ ਸਹੁਰੇ ਪਰਿਵਾਰ ਦੀ ਪਿਟਾਈ ਕੀਤੀ ਦਰਸ਼ਕ ਜੋਸ਼ ਨਾਲ ਭਰ ਗਏ। ਜਦੋਂ ਪੁਲੀਸ ਦੇ ਰੂਪ ਵਿਚ ਨਿੱਕੇ-ਨਿੱਕੇ ਮੁੰਡਿਆਂ ਨੇ ਹੋਰ ਵੀ ਕਮਾਲ ਕੀਤੀ ਜਦੋਂ ਦੋਸ਼ੀਆਂ ਨੂੰ ਹੱਥਕੜੀਆਂ ਆ ਲਾਈਆਂ….। ਇਹ ਸਾਡੇ ਬੱਚੇ ਸਾਡਾ ਭਵਿੱਖ, ਸਾਡੀ ਕੌਮ ਦਾ ਸਰਮਾਇਆ ਨੇ। ਇਨ•ਾਂ ਨੂੰ ਅਜੇਹੀ ਸੇੱਧ ਦੀ ਲੋੜ ਹੈ। ਇਹ ਸੇਧਾਂ ਦੇਣ ਵਾਲੇ ਮਾਣ ਦੇ ਹੱਕਦਾਰ ਨੇ।
ਬੱਚਿਆਂ ਦਾ ਕੀਤਾ ਇੰਗਲਿਸ਼ ਡਾਂਸ ਸਮੇਂ ਦਾ ਹਾਣੀ ਹੋ ਨਿਬੜਿਆ। ਉਨ•ਾਂ ਦੀ ਸ਼ਕਲ ਸੂਰਤ ਵੀ ਵਿਦੇਸ਼ੀ ਬੱਚਿਆਂ ਵਰਗੀ ਜਾਪਦੀ ਸੀ ਜੋ ਕੀਤੇ ਮੇਕ-ਅੱਪ ਦੀ ਇੱਕ ਮਿਸਾਲ ਸੀ। ਅਠਾਰਾਂ ਬੱਚਿਆਂ ਦਾ ਗਰੁੱਪ ਛੇ ਹਿੱਸਿਆਂ ਵਿਚ ਡਾਂਸ ਕਰ ਰਿਹਾ ਸੀ ਤੇ ਇੰਜ ਨਾਪ-ਤੋਲ ਕੇ ਡਾਂਸ ਕਰ ਰਿਹਾ ਸੀ ਜਿਵੇਂ ਉਹ ਬੈਟਰੀ ਵਾਲੇ ਜਾਂ ਬਿਜਲੀ ਦੇ ਖਿਡੌਣੇ ਹੋਣ। ਬਿਨਾਂ ਬੇਲੋੜੇ ਮੇਕਅੱਪ ਤੋਂ ਸਿਰਫ ਚਿਹਰਿਆਂ ਦੀ ਗੋਰੀ ਗੁਲਾਬੀ ਰੰਗਤ ਦੇਖ ਕੇ ਇੱਕ ਵਾਰ ਤਾਂ ਲੱਗਿਆ ਜਿਵੇਂ ਇਹ ਵਿਦੇਸ਼ੀ ਬੱਚੇ ਏਯਰ ਪੋਰਟ ਤੋਂ ਸਿੱਧੇ ਮੰਚ ਤੇ ਆਏ ਨੇ। ਬੱਚਿਆਂ ਤੇ ਅਧਿਆਪਕ ਦੀ ਮਿਹਨਤ ਅਮਿੱਟ ਛਾਪ ਛੱਡ ਗਈ। ਅਖੀਰ ਵਿਚ ਤਿੰਨ ਤੋਂ ਪੰਜ ਸਾਲਾਂ ਦੇ ਬੱਚਿਆਂ ਵੱਲੋਂ ਟਿਪਰੀ, ਡੱਫਲੀ, ਢੋਲਕੀ, ਹਰਮੋਨੀਅਮ, ਕੇਸੀਓ ਤੇ ਬੌਗੋ ਨਾਲ ਪੇਸ਼ ਕੀਤਾ। ਵਰਿੰਦ ਵਾਦਨ (ਆਰਕੈਸਟਰਾ) ਰਵਾਇਤੀ ਅੰਗਰੇਜ਼ੀ ਜਾਂ ਹਿੰਦੀ ਗਾਣਿਆਂ ਦੀ ਥਾਂ ਉਦੋਂ ਸਿੱਧਾ ਧੁਰ ਅੰਦਰ ਉਤਰ ਗਿਆ ਜਦੋਂ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ, ਕਾਲਾ ਡੋਰੀਆ, ਸੂਹੇ ਵੇ ਚੀਰੇ ਵਾਲਿਆ ਤੇ ਟੱਪਿਆਂ ਦੀਆਂ ਤਰਜ਼ਾਂ ਨਾਲ ਸਰੋਤਿਆਂ ਨੂੰ ਆਪਣੇ ਆਵੇਗ ਵਿਚ ਵਹਾ ਕੇ ਲੈ ਗਿਆ। ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਉਸਾਰੂ ਸੋਚ, ਦੇਸ ਪਿਆਰ, ਏਕਤਾ ਤੇ ਅਖੰਡਤਾ ਦਾ ਸੁਨੇਹਾ ਦੇਣ ਵਾਲਾ ਸੀ। ਸਾਨੂੰ ਬਣਾਉਟੀ ਜਿਹੇ ਤੜਕ-ਭੜਕ ਤੇ ਚਕਾਚੌਂਧ ਵਾਲੇ ਪ੍ਰੋਗਰਾਮਾਂ ਨਾਲੋਂ ਅਜੇਹੇ ਸਾਰਥਕ ਸੁਨੇਹਿਆਂ ਵਾਲੇ ਪ੍ਰੋਗਰਾਮ ਹਰ ਥਾਂ ਅਤੇ ਹਰ ਵਿਭਾਗ ਵਿਚ ਕਰਾਉਣ ਦੀ ਲੋੜ ਹੈ।
ਪਰਮਜੀਤ ਕੌਰ ਸਰਹਿੰਦ
——————————————————————