——————————————————————
ਸੁਲਘਦੇ ਸੱਚ ਦਾ ਪ੍ਰਤੀਕ -ਭਖ਼ਦੇ ਮਸਲੇ
ਭਵਨਦੀਪ ਪੁਰਬਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਇਕ ਕੌਮਾਂਤਰੀ ਕਲਮੀ ਯੋਧਾ ਹੈ। ਉਹ ਇਕ ਉਤਸ਼ਾਹੀ ਅਤੇ ਆਪਣੇ ਸੰਕਲਪਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਸੂਝਵਾਨ ਨੌਜਵਾਨ ਹੈ। ਨਿਮਰਤਾ ਅਤੇ ਹਲੀਮੀ ਤੇ ਹਸਮੁਖਤਾ ਉਸਦੀ ਜ਼ਿੰਦਗੀ ਦਾ ਹੁਣ ਤੱਕ ਕਮਾਇਆ ਹੋਇਆ ਸਰਮਾਇਆ ਹੈ। ਭਵਨਦੀਪ ਹੋ ਕੇ ਵੀ ਉਹ ਮਹਿਲਾਂ ਮੁਨਾਰਿਆਂ ਵਾਲਿਆਂ ਦਾ ਨਹੀਂ ਸਗੋਂ ਕਿਰਤ ਕਰਨ ਵਾਲੇ ਆਮ ਲੋਕਾਂ ਦੇ ਗਰੀਬੜੇ ਘਰਾਂ ਦਾ ਦੀਪ ਬਣਿਆ ਹੈ। ਉਸ ਦੇ ਨਾਂ ਨਾਲ ਜੁੜਿਆ ਪੁਰਬਾ ਸ਼ਬਦ (ਉਸਦੀ ਆਮ ਲੋਕਾਂ ਪ੍ਰਤੀ ਸਮਰਪਤ ਸੰਪਾਦਕੀ ਲੇਖਾਂ ਦੀ ਇਬਾਰਤ) ਪੁਰਵਾਈ (ਪੁਰੇ ਦੀ ਵਾ) ਬਣ ਰੁਮਕਦੇ ਹਨ ਤਾਂ ਇਹ ਇਬਾਰਤ ਤਪਦੇ ਮਨਾਂ ਤੇ ”ਰਿਮ ਝਿਮ ਵਰਸੇ ਅੰਮ੍ਰਿਤ ਧਾਰਾ ਜੀਓ” ਬਣਦੀ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੰਜਾਬੀ ਪਰਚਾ ਕੱਢਣਾ ਸੱਪ ਦੀ ਖੁੱਡ ਵਿਚ ਹੱਥ ਪਾਉਣ ਵਾਲਾ ਵਰਤਾਰਾ ਹੈ। ਪਰ ਇਸ ਸਿਰੜੀ ਨੌਜਵਾਨ ਨੇ ਜਿਸ ਦ੍ਰਿੜਤਾ ਨਾਲ ਪੰਜਾਬੀ ਪਰਚਾ ਕੱਢਿਆ ਹੈ ਤੇ ਉਸਨੂੰ ਸਥਾਪਤ ਕੀਤਾ ਹੈ ਉਹ ਆਪਣੇ ਆਪ ਵਿਚ ਮਿਸਾਲ ਹੈ। ਪੰਜਾਬੀ ਮਾਂ-ਬੋਲੀ ਦੇ ਅਜਿਹੇ ਪਿਆਰੇ, ਪੰਜਾਬੀ ਭਾਸ਼ਾ ਲਈ ਧਰਤੀ ਹੇਠਲਾ ਬਲਦ ਹੋ ਨਿਬੜਦੇ ਹਨ। ਜਿਨ੍ਹਾਂ ਦੇ ਸਿਰਾਂ ‘ਤੇ ਪੰਜਾਬੀ ਮਾਂ ਬੋਲੀ ਅਜੇ ਵੀ ਦੁਨੀਆਂ ਵਿਚ ਬੋਲੀ ਜਾਂਦੀ ਦੁਨੀਆਂ ਦੀ ਛੇਵੀਂ ਭਾਸ਼ਾ ਬਣੀ ਹੈ।
ਪੰਜਾਬੀ ਪਰਚੇ ਦੇ ਨਾਲ-ਨਾਲ ਪੁਸਤਕਾਂ ਕੱਢਣਾ ਇਸ ਤੋਂ ਵੀ ਅਗਲੇਰਾ ਕਦਮ ਹੈ। ਅੱਜ ਜਦੋਂ ਸਾਡੀ ਪੰਜਾਬੀ ਮਾਨਸਿਕਤਾ ਕਿਤਾਬਾਂ ਨੂੰ ਛੱਡ ਕੇ ਕੈਸਿਟਾਂ ਮਗਰ ਲੱਗ ਕਿਤਾਬਾਂ ਦੀ ਸ਼ਾਹ ਰਗ ਨੱਪੀ ਬੈਠੀ ਹੈ ਤਾਂ ਕਿਤਾਬ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਸੰਕਲਪ ”ਧੰਨ ਲੇਖਾਰੀ ਨਾਨਕਾ ਜਿਨ ਪਛਾਤਾ ਸਚੁ” ਨੂੰ ਬੁਲੰਦ ਕਰਨਾ ਭਵਨਦੀਪ ਦਾ ਇਕ ਹੋਰ ਹੌਂਸਲੇ ਭਰਿਆ ਯਤਨ ਹੈ। ਮੈਗਜ਼ੀਨ ਨੂੰ ਚਲਦਾ ਰੱਖਣ ਲਈ ਤਾਂ ਮੂੰਹ ਮੁਲਾਹਜਾ ਰੱਣ ਵਾਲੇ ਮਿੱਤਰਾਂ ਤੋਂ ਇਸ਼ਤਿਹਾਰ ਲੈ ਕੇ ਜਾਂ ਹੋਰ ਸਾਧਨ ਜੁਟਾ ਕੇ ਸਹਿਯੋਗੀ ਵਰਤਾਰੇ ਰਾਹੀਂ ਉਂਗਲ ਫੜ ਕੇ ਤੁਰਿਆ ਜਾ ਸਕਦਾ ਹੈ। ਪਰ ਕਿਤਾਬ ਦੀ ਪ੍ਰਕਾਸ਼ਨਾ ਤਾਂ ਇਕ ਨੰਗੇ ਧੜ ਲੜਨ ਵਾਲੀ ਵਿਥਾ ਹੈ। ਜੇ ਭਵਨਦੀਪ ਪੁਰਬਾ ਨੇ ਸਾਹਿਤ ਦੇ ਇਸ ਮੈਦਾਨ ਵਿਚ ਕਦਮ ਰੱਖਿਆ ਹੈ ਤਾਂ ਜਿਥੇ ਪੰਜਾਬੀ ਦੇ ਸੁਹਿਰਦ ਪਾਠਕਾਂ ਵੱਲੋਂ ਇਸ ਦਾ ਸੁਆਗਤ ਹੈ ਉਥੇ ਮਾਂ-ਬੋਲੀ ਪੰਜਾਬੀ ਵੀ ਅਜਿਹੇ ਪੁੱਤਰ ਤੋਂ ਵਾਰੇ ਨਿਆਰੇ ਜਾਂਦੀ ਹੈ। ਜੋ ਲੋਕਾਈ ਉਹਨਾਂ ਅੰਦਰ ਸੁਲਘਦੇ ਸੱਚ ਨੂੰ ਕਲਮ ਦੀ ਦ੍ਰਿਸ਼ਟੀ ਨਾਲ ਦੇਖ ਕੇ ਸਾਡੇ ਰੂ-ਬ-ਰੂ ਕਰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਐਕਸਰੇ ਜਾਂ ਹੋਰ ਵਿਗਿਆਨਕ ਯੰਤਰਾਂ ਦੀ ਅੱਖ ਸਾਰੇ ਸਰੀਰ ਅੰਦਰਲੀ ਪੀੜ ਦੇ ਕਾਰਨ ਨੂੰ ਸੱਚ ਦੇ ਰੂਪ ਵਿਚ ਦੇਖ ਕੇ ਪੇਸ਼ ਕਰਦੀ ਹੈ।
ਵਧੀਆ ਮਨੁੱਖ, ਵਧੀਆ ਸਮਾਜ ਸਿਰਜਣ ਦਾ ਅਕੀਦਾ ਲੈ ਕੇ ਲੋਕਾਈ ਨੂੰ ਦਰਪੇਸ਼ ਚੁਣੌਤੀਆਂ ਤੇ ਲੋਕ ਮਸਲਿਆਂ ਨੂੰ ਲੈ ਕੇ ਭਵਨਦੀਪ ਪੁਰਬਾ ਆਪਣੀ ਕਿਤਾਬ ‘ਭਖ਼ਦੇ ਮਸਲੇ’ ਰਾਹੀਂ ਇਕ ਭਖ਼ਦੀ ਹੋਈ ਸੋਚਾਂ ਦੀ ਮਿਸਾਲ ਬਾਲ ਕੇ ਸਾਹਿਤਕ ਵਿਹੜੇ ਵਿਚ (ਮਨੁੱਖਤਾ ਲਈ ਲੜ ਮਰਨ ਦਾ ਅਕੀਦਾ ਲੈ ਕੇ) ਕੁੱਦਿਆ ਹੈ। ਭਖਦੇ ਮਸਲੇ ਵਿਚ ਉਸ ਦੁਆਰਾ ਉਠਾਏ ਗਏ ਮਸਲੇ ਹਰ ਇਕ ਦਾ ਧਿਆਨ ਖਿੱਚਦੇ ਹਨ। ਪੰਜਾਬ ਦੀ ਜਵਾਨੀ ਨੂੰ ਖਾ ਰਹੀ ਘੁਣ ਵਰਗੀ ਲਾਹਣਤ ਨਸ਼ਿਆਂ ਨੂੰ ਉਹ ਆਪਣੇ ਪਹਿਲੇ ਲੇਖ ਰਾਹੀਂ ਸਾਡੇ ਰੂ-ਬ-ਰੂ ਹੋਇਐ। ਭਵਨਦੀਪ ਇਸ ਸੱਚ ਦਾ ਧਾਰਨੀ ਹੈ ਕਿ ਨਸ਼ੇ ਤੋਂ ਰਹਿਤ ਮਨੁੱਖ ਹੀ ਚੰਗਾ ਘਰ ਤੇ ਫਿਰ ਚੰਗਾ ਸਮਾਜ ਸਿਰਜ ਸਕਦਾ ਹੈ। ਉਹ ਨਸ਼ਾ ਪ੍ਰਵਿਰਤੀ ਦੇ ਮੂਲ ਕਾਰਨਾਂ ਨੂੰ ਉਘਾੜਦਾ ਹੋਇਆ ਸਰਕਾਰੀ ਤੰਤਰ ਨੂੰ ਇਸ ਵਿਚ ਪੂਰੀ ਤਰ੍ਹਾਂ ਖਪਤ ਤੇ ਜ਼ੁੰਮੇਵਾਰ ਮੰਨਦਾ ਹੋਇਆ ਨਸ਼ਿਆਂ ਖਿਲਾਫ਼ ਇਕ ਭਰਵੀਂ ਲੜਾਈ ਵਿੱਢਣ ਦਾ ਹੋਕਾ ਦਿੰਦਾ ਹੈ।
ਦੂਸਰੇ ਪਾਸੇ ਜੋ ਨੌਜਵਾਨ ਕੁਝ ਜਿੰਨੀ ਕਾਬਲੀਅਤ ਰੱਖਦੇ ਹਨ ਉਹ ਬੇ-ਰੁਜ਼ਗਾਰੀ ਹੱਥੋਂ ਸਤ ਕੇ ਬਾਹਰਲੇ ਮੁਲਕਾਂ ਦਾ ਰਾਹ ਫੜ ਰਹੇ ਹਨ। ਇੰਝ ਪੰਜਾਬ ਦਾ Brain Train ਵਰਤਾਰਾ ਅਣਦਿਸਦਾ ਦਰਿਆ ਬਣ ਕੇ ਦੇਸ਼ ਦੀ ਪੰਜਾਬ ਦੀ ਲਿਆਕਤ ਨੂੰ ਬਾਹਰਲੇ ਮੁਲਕਾਂ ਵੱਲ ਲਿਜਾ ਰਿਹਾ ਹੈ। ਇਸ ਵਰਤਾਰੇ ਦੀ ਆੜ ਵਿਚ ਵਪਾਰਕ ਬਿਰਤੀਆਂ ਇਸਦਾ ਘਾਣ ਕਰ ਰਹੀਆਂ ਹਨ। ਜਿਸਦਾ ਜ਼ਿਕਰ ਭਵਨਦੀਪ ਪੁਰਬਾ ‘ਪੰਗਾ ਪੁਆਇੰਟ ਸਿਸਟਮ ਦਾ’ ਰਾਹੀਂ ਕਰ ਰਿਹਾ ਹੈ।
ਫਿਰਕੂ ਵਰਤਾਰੇ ਰਾਹੀਂ ਪੰਜਾਬ ਦੇ ਜਿਸਮ ਤੇ ਲੰਮੇ ਜ਼ਖ਼ਮਾਂ ਦੀ ਕਸਕ ਮਹਿਸੂਸ ਕਰਦੀ ਉਸ ਦੀ ਕਲਮ ‘ਲਹੂ ਭਿੱਜੇ ਇਤਿਹਾਸਕ ਪੱਤਰੇ’ ਵਿਚ ਗੁਜ਼ਰਦੀ ਹੋਈ ਜੂਨ 1984 ਤੇ ਨਵੰਬਰ 1984 ਦੀ ਕਸਕ ਮਹਿਸੂਸ ਕਰਦੀ ਹੈ। ਉਥੇ ਇਸ ਘਟਨਾ ਤੋਂ 25 ਸਾਲ ਬਾਅਦ ਫਿਰ ਉਸੇ ਤਰ੍ਹਾਂ ਦੀ ਸਾਜ਼ਿਸ਼ ਤੇ ਉਸੇ ਤਰ੍ਹਾਂ ਦੀ ਫਿਰਕੂ ਮਾਨਸਿਕਤਾ ਦਾ ਚਿਹਰਾ ਸਾਡੇ ਰੂ-ਬ-ਰ ਕਰਦੀ ਹੈ ਕਿ ਪੰਜਾਬ ਵਿਚ ਪਨਪ ਰਿਹਾ ਡੇਰਾਵਾਦ ਕਿਸੇ ਵੀ ਸਮੇਂ 1947 ਵਰਗੇ ਹਾਲਾਤ ਪੈਦਾ ਕਰਕੇ ਭਾਈਆਂ ਹੱਥੋਂ ਭਾਈਆਂ ਦਾ ਕਤਲੇਆਮ ਕਰਵਾ ਸਕਦਾ ਹੈ। ਪੰਜਾਬ ਦੀ ਗੁਰੂ ਸਾਹਿਬਾਨ ਤੇ ਫਲਸਫ਼ੇ ਤੋਂ ਭਟਕ ਕੇ ਅੰਨ੍ਹੀ ਹੋਈ ਮਾਨਸਿਕਤਾ ਦੋ ਟਕੇ ਦੀ ਲੰਡੂ ਜਿਹੇ ਸਾਧਾਂ ਦੇ ਮਗਰ ਤੁਰ ਪਈ ਹੈ ਜਿਸਦਾ ਜ਼ਿਕਰ ਭਵਨਦੀਪ ਨੇ ‘ਫਿਰ ਲਿਸ਼ਕੀਆਂ ਨੰਗੀਆਂ ਤਲਵਾਰਾਂ’ ਰਾਹੀਂ ਇਸ਼ਾਰਾ ਕਰਦਾ ਹੈ। ਇਸ ਕੜੀ ਵਿਚ ਕਲਯੁਗੀ ਬਾਬੇ ਸੰਤਾਂ ਦੇ ਭੇਸ ਵਿਚ ਲੁਟੇਰੇ ਲੇਖ ਹੈ ਜਿਸ ਵਿਚ ਭਵਨਦੀਪ ਨੇ ਪੱਤਰਕਾਰ ਵਜੋਂ ਇਕ ਸੁਹਿਰਦ ਲੇਖਕ ਵਜੋਂ ਉਹ ਜੁਅਰਤ ਦਿਖਾਈ ਹੈ ਜਿਸ ਨੂੰ ਸਾਡੇ ਆਪਣੇ ਆਪ ਨੂੰ ਪੰਜਾਬੀਅਤ ਦੇ ਠੇਕੇਦਾਰ ਤੇ ਨਿਰਪੱਖ ਦਸਦੇ ਅਖ਼ਬਾਰਾਂ ਦੀ ਕਲਮ ਵੀ ਚੁੱਪ ਕਰ ਗਈ ਸੀ, ਵਿਕ ਗਈ ਸੀ। ਪਰ ਭਵਨਦੀਪ ਦੀ ਜੁਅਰਤਮੰਦ ਕਲਮ ਇਸ ਵਰਤਾਰੇ ਦੀ ਚਸ਼ਮਦੀਦ ਗਵਾਹ ਵਜੋਂ ਭੁਗਤੀ ਹੈ। ਜਦ ਉਹ ਪੰਜਾਬੀ ਵਿਰਾਸਤ ਦੀ ਬਾਤ ਪਾਉਂਦਾ ਹੈ ਤਾਂ ਜਿੱਥੇ ਉਹ ਪੰਜਾਬ ਦੀ ਅਲੋਪ ਹੋ ਗਈ ਵਿਰਾਸਤ ਤੇ ਝੋਰਾ ਜਾਹਿਰ ਕਰਦਾ ਹੈ ਉਥੇ ਇਸਦੇ ਨਾਲ-ਨਾਲ ਪੰਜਾਬ ਦੀ ਗੁਆਚ ਚੁੱਕੀ ਨੈਤਿਕਤਾ ਤੇ ਵੀ ਚੇਤੰਨ ਹੈ ਤੇ ਉਹ ਪੰਜਾਬ ਦੇ ਇਖਲਾਕ ਨੂੰ ਕਾਇਮ ਰੱਖਣ ਲਈ ਪੁਕਾਰਦਾ ਹੈ ਕਿਉਂਕਿ ਇਸ ਨਿਘਾਰ ਨੇ ਸਾਡੇ ਰਿਸ਼ਤਿਆਂ ਦੀ ਵੀ ਖਿੱਲੀ ਉਡਾਈ ਹੈ ‘ਵਿਦੇਸ਼ੀ ਵਿਆਹ ਵਪਾਰ’ ਇਸ ਲੜੀ ਨੂੰ ਪੇਸ਼ ਕਰਦਾ ਅਗਲਾ ਲੇਖ ਹੈ। ਪਿਛੇ ਜੇਹੇ ਆਈ ਹਿੰਦੀ ਫ਼ਿਲਮ ‘ਆ ਅਬ ਲੌਟ ਚਲੇਂ’ ਵਰਗੇ ਅਹਿਸਾਸ ਤੋਂ ‘ਆਓ ਵਾਪਸ ਚੱਲੀਏ’ ਵਿਚ ਆਪਣੇ ਅਗਲੇ ਲੇਖ ਵਿਚੋਂ ਭਵਨਦੀਪ ਉਸ ਮੋਹ-ਪਿਆਰ, ਅਪਣਤ, ਸੱਭਿਆਚਾਰਕ ਕਦਰਾਂ-ਕੀਮਤਾਂ ਵੱਲ ਮੁੜਨ ਦਾ ਜ਼ਿਕਰ ਕਰਦਾ ਹੈ। ”ਕਿਸ ਦੇ ਹਿੱਸੇ ਕੀ” ਲੇਖ ਵਿਚ ਲੇਖਕ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ-ਵਿਰੋਧੀ ਕਿਰਦਾਰ ਨੂੰ ਉਘਾੜਿਆ ਹੈ। ਪੁਲਿਸ ਤੰਤਰ ਦੀਆਂ ਆਪ-ਹੁਦਰੀਆਂ ਤੇ ਆਵਾਜਾਈ ਨੂੰ ਕਾਬੂ ਵਿਚ ਰੱਖਣ ਲਈ ਬਣੇ ਕਾਨੂੰਨਾਂ ਦੀ ਉਲੰਘਣਾ ਕਰਕੇ ਇਕ ਆਮ ਮਨੁੱਖ ਕੋਲੋਂ ਚਾਰ ਛਿੱਲੜ ਝਾੜਨ ਲਈ ਉਸਾਰੂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ”ਚਲਾਣ ਕੱਟਣਾ ਈ ਕੱਟਣਾ ਹੈ” ਲੇਖ ਵਿਚ ਪੁਲਿਸ ਦੇ ਵਰਤਾਰੇ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੁਝ ਲੇਖ ‘ਮਹਿਕ ਵਤਨ ਦੀ’ ਮੈਗਜ਼ੀਨ ਨੂੰ ਸਥਾਪਤ ਕਰਨ ਅਤੇ ਆਈਆਂ ਦੁਸ਼ਵਾਰੀਆਂ ਨਾਲ ਸੰਬੰਧਿਤ ਹਨ।
ਕੁੱਲ ਮਿਲਾ ਕੇ ਸਾਰੇ ਹੀ ਲੇਖ ਕਿਸੇ ਨਾ ਕਿਸੇ ਭਖ਼ਦੇ ਮਸਲੇ ਨੂੰ ਪਾਠਕਾਂ ਦੇ ਸਨਮੁੱਖ ਕਰਦੇ ਹਨ। ਇਹ ਸਾਰੇ ਮਸਲੇ ਸਾਡੀਆਂ ਸੋਚਾਂ ਨੂੰ ਝੰਜੋੜਦੇ ਹਨ ਤੇ ਇਹਨਾਂ ਦੇ ਬੁਨਿਆਦੀ ਕਾਰਨਾਂ ਨੂੰ ਸਮਝਣ ਲਈ ਹੋਰ ਵੀ ਸੂਖਮ ਅਧਿਐਨ ਦੀ ਲੋੜ ਹੈ ਜੋ ਸਾਨੂੰ ਲੋਕ ਦੁਸ਼ਮਣ ਤੇ ਲੋਕ ਵਿਰੋਧੀ ਨੀਅਤਾਂ ਦੇ ਸਨਮੁੱਖ ਕਰਨ। ਇਸ ਤੋਂ ਇਲਾਵਾ ਇਕ ਸੇਧ ਦੇ ਸਕਣ ਤਾਂ ਜੋ ਲੋਕਾਈ ਇਹਨਾਂ ਮੁਸ਼ਕਲਾਂ ਦੇ, ਮਾਨਸਿਕ ਔਖਾਂ ਦੇ ਹੱਲ ਲਈ ਲੜਾਈ ਲੜ ਕੇ ਇਕ ਨਰੋਆ ਸਮਾਜ ਸਿਰਜ ਸਕਣ। ਭਵਨਦੀਪ ਪੁਰਬਾ ਦੀ ਇਹ ਸੋਚ ਸਕਾਰ ਹੋਵੇ। ਉਸ ਦੀ ਕਲਮ ਹੋਰ ਵੀ ਬੁਲੰਦੀਆਂ ਛੋਹੇ ਇਕ ਨਵੀਂ ਦਿਸ਼ਾ ਪ੍ਰਦਾਨ ਕਰੇ। ਸਾਹਿਤਕ ਹਲਕਿਆਂ ਨੂੰ ਉਸਦੇ ਲੇਖ ਸੰਗ੍ਰਹਿ ‘ਭਖ਼ਦੇ ਮਸਲੇ’ ਨੂੰ ਖੁਸ਼ਆਮਦੀਦ ਕਹਿਣਾ ਚਾਹੀਦਾ ਹੈ ਤੇ ਇਸ ਨਰੋਈ ਕਿਰਤ ਨੂੰ ਸਾਂਭਣਾ ਬਣਦਾ ਹੈ।
-ਗੁਰਮੇਲ ਸਿੰਘ ‘ਬੌਡੇ’
ਸੰਪਾਦਕ (ਆਨਰੇਰੀ) ਦਸਤਕ :ਐਡਮਿੰਟਨ