ਵੱਡੀਆਂ ਕਹਾਣੀਆਂ

——————————————————————–

ਮਾਂ ਦੀ ਖੁਸ਼ੀ

– ਜਸਲੀਨ ਕੌਰ
              ਉਸ ਦਿਨ ਉਹ ਸੁਵਖਤੇ ਹੀ ਉੱਠੀ। ਉਂਝ ਤਾਂ ਉਹ ਹਰ ਰੋਜ਼ ਹੀ ਸਾਜਰੇ ਉੱਠਦੀ ਸੀ ਪਰ ਉਸ ਦਿਨ ਉਸਦੇ ਉੱਠਣ ਵਿੱਚ ਉਤਸੁਕਤਾ ਸੀ। ਉਸਦੇ ਮਨ ਵਿੱਚ ਜਲਦੀ ਨਾਲ ਘਰਦੇ ਕੰਮ ਸਮੇਟਣ ਦੀ ਤਾਂਘ ਸੀ। ਮਨ ਵਿੱਚ ਕੁਝ ਕਾਹਲ ਵੀ ਮੱਚ ਰਹੀ ਸੀ ਕਿ ਕੋਈ ਕੰਮ ਛੁੱਟ ਨਾ ਜਾਵੇ ਇਸੇ ਲਈ ਨਿੱਕੀਆਂ ਭੈਣਾਂ ਨੂੰ ਵੀ ਨਾਲ ਹੱਥ ਵਟਾਉਣ ਲਈ ਕਹਿ ਰਹੀ ਸੀ। ਫਟਾਫਟ ਘਰ ਦੇ ਕੰਮ ਸਮੇਟਦੀ ਹੋਈ ਅੱਜ ਉਹ ਆਪਣੇ ਸਰੀਰ ਦੇ ਸਾਰੇ ਦਰਦ ਅਤੇ ਪੀੜਾਂ ਨੂੰ ਭੁੱਲੀ ਹੋਈ ਸੀ ਸ਼ਹਿਰ ਜਾਣ ਦੇ ਚਾਅ ਵਿੱਚ ਉਸਨੂੰ ਆਵਦਾ ਕੋਈ ਵੀ ਦੁਖਦਾ ਅੰਗ ਯਾਦ ਨਹੀਂ ਸੀ। ਰੋਜ਼ਾਨਾ ਹੀ ਕੰਮਾਂਕਾਜਾਂ ਲਈ ਘਰ ਤੋਂ ਬਾਹਰ ਜਾਣ ਕਾਰਨ ਸਾਡੇ ਮਨ ਅੰਦਰ ਅਜਿਹਾ ਕੋਈ ਚਾਅ ਨਹੀਂ ਸੀ ਜਿਹੋ ਜਿਹਾ ਚਾਅ ਮੈਂ ਆਪਣੀ ਮਾਂ ਦੇ ਚਿਹਰੇ ਉੱਪਰ ਵੇਖ ਰਹੀ ਸੀ। ਅਸੀਂ ਸਾਰੇ ਉਸਦੀ ਉਤਸੁਕਤਾ ਉੱਪਰ ਹੱਸ ਰਹੇ ਸਾਂ ਕਿ ਵੇਖੋ ਮਾਂ ਨੂੰ ਸ਼ਹਿਰ ਜਾ ਕੇ ਸੂਟ ਖ੍ਰੀਦਣ ਦਾ ਕਿੰਨਾਂ ਚਾਅ ਚੜਿਆ ਹੋਇਆ ਹੈ।
               ਸ਼ੋਅ ਰੂਮ ਅੰਦਰ ਆਪਣੀ ਪਸੰਦ ਦੇ ਸੂਟ ਖ੍ਰੀਦ ਕੇ ਉਹ ਬਹੁਤ ਖੁਸ਼ ਸੀ| ਅਜਿਹੇ ਕਿਸੇ ਵੱਡੇ ਸ਼ਹਿਰ ਵਾਲੇ ਸ਼ੋਅਰੂਮ ਤੇ ਜਾਣਾ ਉਸਦੇ ਲਈ ਪਹਿਲੀ ਵਾਰ ਸੀ। ਖ੍ਰੀਦਦਾਰੀ ਕਰਦੀ ਕਰਦੀ ਉਹ ਮੈਨੂੰ ਬਾਰ-ਬਾਰ ਹਿਸਾਬ ਗਿਣਵਾਉਂਦੀ ਕਿ ਕਿਤੇ ਦੁਕਾਨਦਾਰ ਵੱਧ ਪੈਸੇ ਨਾ ਲਾ ਜਾਣ। ਬਿੱਲ ਦੀ ਅਦਾਇਗੀ ਕਰਨ ਤੋਂ ਬਾਅਦ ਵੀ ਉਹ ਆਪਣੀਆਂ ਉਂਗਲਾਂ ਤੇ ਹਿਸਾਬ ਕਿਤਾਬ ਕਰਦੀ ਨਜ਼ਰ ਆ ਰਹੀ ਸੀ। ਉਸਦੇ ਮਨ ਅੰਦਰ ਖੁਸ਼ੀ ਵੀ ਸੀ ਤੇ ਖਰਚਾ ਵੱਧ ਹੋਣ ਦੀ ਘਬਰਾਹਟ ਵੀ ਸੀ।
ਇਸ ਤੋਂ ਬਾਅਦ ਜਦ ਅਸੀਂ ਫੂਡ ਕਾਰਨਰ ਜਾਣਾ ਚਾਹਿਆ ਤਾਂ ਉਹ ਸਾਨੂੰ ਉੱਥੇ ਜਾਣ ਤੋਂ ਰੋਕ ਰਹੀ ਸੀ ਪਰ ਸਾਡੇ ਮਨ ਵਿੱਚ ਵੀ ਅੱਜ ਮਾਂ ਨੂੰ ਉੱਥੇ ਲਿਜਾਣ ਦਾ ਚਾਅ ਸੀ। ਵਾਰੀ ਵਾਰੀ ਕਹੇ ਜਾਣ ਤੇ ਉਹ ਸਾਡੇ ਨਾਲ ਉਥੇ ਜਾਣ ਲਈ ਤਿਆਰ ਹੋ ਗਈ । ਕੈਫੇ ਅੰਦਰ ਬੈਠੀ ਉਹ ਸਵਾਰ ਸਵਾਰ ਕੇ ਉਸਦੇ ਅੰਦਰਲੀ ਡੈਕੋਰੇਸ਼ਨ ਵੱਲ ਵੇਖੀ ਜਾ ਰਹੀ ਸੀ। ਅਜਿਹੀ ਕਿਸੇ ਜਗ੍ਹਾ ਤੇ ਆਉਣਾ ਉਸਦੇ ਲਈ ਪਹਿਲੀ ਵਾਰ ਸੀ। ਪੁਛੇ ਜਾਣ ਤੇ ਉਸਨੇ ਸਿਰਫ ਇੱਕੋ ਚੀਜ਼ ਦੀ ਇੱਛਾ ਜਤਾਈ ਪਰ ਮੇਰੇ ਵੱਲੋਂ ਦੋ ਤਿੰਨ ਚੀਜ਼ਾਂ ਦਾ ਆਰਡਰ ਦੇਣ ਕਰਕੇ ਉਹ ਮੈਨੂੰ ਝਿੜਕ ਰਹੀ ਸੀ । ਘਰ ਪਹੁੰਚ ਕੇ ਵੀ ਉਸਦੇ ਚਿਹਰੇ ਤੇ ਸ਼ਹਿਰ ਜਾਣ ਦੀ ਖੁਸ਼ੀ ਝਲਕ ਰਹੀ ਸੀ। ਉਹ ਇਸ ਸਭ ਲਈ ਮੈਨੂੰ ਵਾਰ ਵਾਰ ਜ਼ਿੰਦਗੀ ਵਿੱਚ ਸਫਲ ਹੋਣ ਦੀਆਂ ਦੁਆਂਵਾਂ ਦੇ ਰਹੀ ਸੀ।
              ਸ਼ਹਿਰ ਜਾਣਾ ਸਾਡੀਆਂ ਮਾਂਵਾਂ ਲਈ ਕਿਸੇ ਵਿਆਹ ਜਾਣ ਦੇ ਚਾਅ ਨਾਲੋਂ ਘੱਟ ਨਹੀਂ ਹੁੰਦਾ। ਜਦਕਿ ਸਾਨੂੰ ਆਪਣੇ ਮਨ ਅੰਦਰ ਅਜਿਹੀ ਕੋਈ ਉਤਸੁਕਤਾ ਅਤੇ ਚਾਅ ਵੇਖਣ ਨੂੰ ਨਹੀਂ ਮਿਲਦੇ। ਰੋਜ਼ ਰੋਜ਼ ਘਰਾਂ ਅੰਦਰ ਕੰਮ ਕਰਦੇ ਰਹਿਣ ਕਾਰਨ ਉਹ ਵੀ ਅੱਕ ਜਾਂਦੀਆਂ ਨੇ ਹਾਲਾਂਕਿ ਸਰੀਰਕ ਤੌਰ ਤੇ ਅੱਕਣਾ-ਥੱਕਣਾ ਤਾਂ ਰੱਬ ਨੇ ਸਾਡੀਆਂ ਮਾਂਵਾਂ ਹਿੱਸੇ ਪਾਇਆ ਹੀ ਨਹੀਂ। ਇੰਝ ਹੀ ਹੁੰਦੀਆਂ ਨੇ ਸਾਡੀਆਂ ਪਿੰਡਾਂ ਵਾਲਿਆਂ ਦੀਆਂ ਭੋਲੀਆਂ ਭਾਲੀਅੳਾਂ ਮਾਂਵਾਂ ਜੋ ਨਿੱਕੀਆਂ ਨਿੱਕੀਆ ਗੱਲਾਂ ਚੋਂ ਹੀ ਵੱਡੀਆਂ ਖੁਸ਼ੀਆਂ ਲੱਭ ਲੈਂਦੀਆਂ ਨੇ। ਸ਼ਾਲਾ! ਰੱਬ ਸਭ ਦੀਆਂ ਮਾਂਵਾਂ ਨੂੰ ਸਲਾਮਤ ਰੱਖੇ!

——————————————————————–

 ਔਜ਼ਾਰਾਂ ਦੀ ਗੁਫਤਗੂ

– ਗੁਰਮੇਲ ਸਿੰਘ ਬੌਡੇ
              ਨਾਂ ਤਾਂ ਉਸਦਾ ਬਲਾਰਜ ਸੀ।ਪਰ ਅਜੇ ਉਹ ਉਸਾਰੀ ਦੇ ਕੰਮ ਵਿੱਚ ਮਾਹਿਰ ਨਹੀਂ ਸੀ।ਕੱਦ ਦਰਮਿਆਨਾਂ ਰੰਗ ਸਾਂਵਲਾ ਤੇ ਮੋਟੀਆਂ ਅੱਖਾਂ ਸਨ।ਘਰ ਦਾ ਗੁਜਾਰਾ ਉਹ ਸਧਾਰਨ ਘਰਾਂ ਦੀਆਂ ਕੰਧਾਂ ਕੱਢਕੇ,ਖੁਰਲੀਆਂ ਅਤੇ ਖੇਤਾਂ ‘ਚ ਟਿਊਬਵੈਲ ਦੀ ਧਾਰ ਦੇ ਪਾਣੀ ਨੂੰ ਸਾਂਭਨ ਲਈ ਖੇਅਲਾਂ ਆਦਿ ਬਣਾਉਂਦਾ ਸੀ।ਜਦ ਕੰਮ ਘਟ ਜਾਂਦਾ ਤਾਂ ਉਹ ਸਧਾਰਨ ਘਰਾਂ ਦੇ ਬੂਹੇ ਬਾਰੀਆਂ ਮੁਰੰਮਤ ਕਰ ਦਿੰਦਾ ਜਾਂ ਅੱਤੜ ਜੋੜੀਆਂ ਤੇ ਰੰਦਾ ਫੇਰ ਕੇ ਲਗਦੀਆਂ ਕਰ ਦਿੰਦਾ ਸੀ।ਇਸ ਕਰਕੇ ਉਸਨੂੰ ਪਿੰਡ ਵਿੱਚ ਰਾਜ ਮਿਸਤਰੀ ਕਹਿੰਦੇ ਸਨ।
            ਇੱਟਾਂ ਵਾਲੀ ਤੇਸੀ, ਲੱਕੜੀ ਦਾ ਗਜ਼ ਕਰੰਡੀ, ਰੰਦਾ, ਆਰੀ ਅਤੇ ਹਥੌੜੀ ਨਾਲ ਜਵਾਨੀ ਤੋਂ ਹੀ ਕੰਮ ਕਰਦੇ ਹੋਣ ਕਰਕੇ ਉਸ ਦੀਆਂ ਹੱਥਾਂ ਦੀਆਂ ਹਥੇਲੀਆਂ ਵੀ ਅੱਟਣ ਪੈ ਕੇ ਪੱਥਰ ਵਾਂਗ ਸਖਤ ਹੋ ਗਈਆਂ ਸਨ। ਲਗਾਤਾਰ ਕੰੰਮ ਉਸਨੂੰ ਨਹੀਂ ਸੀ ਮਿਲਦਾ ਉਸਾਰੀ ਦੇ ਨਾਲ ਲੱਕੜ ਦਾ ਕੰਮ ਉਸਦੇ ਦੋ ਤਿੰਨ ਮਰਲੇ ਦੇ ਛੱਤੇ ਹੋਏ ਕਰਖਾਨੇ ਵਿੱਚ ਚਲਦਾ ਰਹਿੰਦਾ ਸੀ ਜਿਸ ਨਾਲ ਉਹ ਵਿਤੋਂ ਵੱਧ ਕੰਮ ਕਰਕੇ ਮਹਿੰਗਾਈ ਦੇ ਦੌਰ ਵਿੱਚ ਠਹੀਆ ਠੱਪਾ ਕਰਕੇ ਗੁਜ਼ਾਰਾ ਕਰੀ ਜਾ ਰਿਹਾ ਸੀ।
ਉਸਦੇ ਇਸ ਕਰਖਾਨੇ ਵਿੱਚ ਕੰਮ ਕਾਰ ਲਈ ਆਏ ਬੰਦੇ ਜਾਂ ਲੋੜ ਖਾਤਰ ਦਾਤੀ,ਰੰਬਾ,ਕਸੀਆ, ਕਹੀ ਆਦਿ ਖਰੀਦਣ ਆਏ ਬੰਦੇ ਪਿੰਡ ਦੀਆਂ, ਸਿਆਸਤ ਦੀਆਂ,ਨੌਜਵਾਨਾਂ ਦੇ ਆਪ ਮੁਹਾਰੇ ਹੋਣ, ਡੱਕਾ ਦੂਹਰਾ ਨਾਂ ਕਰਨ ਤੇ ਗੱਲਾਂ ਕਰਦੇ। ਇੰਜ ਇਹ ਨਿੱਕਾ ਜੇਹਾ ਕਰਖਾਨਾ ਰਾਜ ਮਿਸਤਰੀ ਲਈ ਪਿੰਡ ਦੀ ਸੱਥ ਬਣ ਜਾਂਦੀ ਸੀ।ਉਹ ਕੰਮ ਵੀ ਕਰਦਾ ਜਾਂਦਾ, ਗੱਲਾਂ ਵੀ ਸੁਣਦਾ ਤੇ ਹੁੰਗਾਰਾ ਵੀ ਭਰਦਾ ਤੇ ਆਪਣਾ ਮਸ਼ਵਰਾ ਵੀ ਦਿੰਦਾ। ਇੰਜ ਚੜਦੇ ਲਹਿੰਦੇ ਪ੍ਰਛਾਵਿਆਂ ਦਾ ਪਤਾ ਹੀ ਨਾਂ ਲਗਦਾ। ਸੂਰਜ ਛਿਪਣ ਤੋਂ ਬਾਅਦ, ਕੰਮ ਨਿਬੇੜ ਕੇ ਉਹ ਆਪਣੇ ਸੰਦਾ ਨੂੰ ਬੜੇ ਸਲੀਕੇ ਨਾਲ ਸਾਂਭ ਕੇ ਕਰਖਾਨੇ ਨੂੰ ਜਿੰਦਰਾ ਮਾਰਕੇ ਘਰ ਚਲਾ ਜਾਂਦਾ।
             ਪਿੰਡ ਦੀ ਵੇਹਲੜ ਨਸ਼ੇੜੀ ਮਡੀਰ ਨੂੰ ਰਾਜ ਮਿਸਤਰੀ ਦੇ ਕਰਖਾਨਾ ਬੰਦ ਕਰਕੇ ਜਾਣ ਦੇ ਸਮੇਂ ਦਾ ਪਤਾ ਸੀ। ਰਾਤ ਦੇ ਹਨੇਰੇ ਵਿੱਚ ਚਾਰ ਪੰਜ ਚੇਹਰੇ ਜੋ ਹਨੇਰੇ ਵਿੱਚ ਡੁੱਬੇ ਹੋਏ ਸਲੇਟੀ ਰੰਗ ਦੇ ਲੱਗ ਰਹੇ ਸਨ ਕਰਖਾਨੇ ਵੱਲ ਵਧੇ। ਉਹਨਾਂ ਚੋਂ ਇੱਕ ਨੇ ਸਲਾਹ ਦਿੱਤੀ ਅਤੇ ਬੋਲਿਆ, “ਚਲੋ ਓਏ ਅੱਜ ਕੰਧ ਟੱਪਕੇ ਜਾਂ ਕਰਖਾਨੇ ਦਾ ਜ਼ਿੰਦਾ ਤੋੜ ਕੇ ਮਿਸਤਰੀ ਦੇ ਕਬਾੜ ‘ਚ ਪਿਆ ਲੋਹਾ ਵੇਚਕੇ ਕੱਲ ਦੇ ਤਰਾਰੇ ਬੰਨਣ ਲਈ ਬੰਦੋਬਾਸਤ ਕਰੀਏ ਜੇ ਦਸ ਬਾਰਾ ਕਿਲੋ ਲੋਹਾ ਮਿਲ ਗਿਆ ਤਾਂ ਤਿੰਨ ਚਾਰ ਸੌ ਵੱਟ ਤੇ ਪਿਆ ਹੈ।”
“ਠੀਕ ਐ ਯਾਰ ਕਈ ਦਿਨਾਂ ਤੋਂ ਨਸ਼ੇ ਦੀ ਤੋਟ ਪੂਰੀ ਨਹੀਂ ਹੁੰਦੀ।ਪਹਿਲੇ ਅਮਲੀ ਨਲਕਿਆਂ ਦੀਆਂ ਹੱਥੀਆਂ ਤੇ ਫੇਰ ਟੂਟੀਆਂ ਵੇਚ ਕੇ ਹੱਥ ਮਾਰ ਲੈਂਦੇ ਸੀ।ਹੁਣ ਤਾਂ ਡਰੇਨਾਂ ਦੇ ਪੁਲਾਂ ਦੀਆਂ ਗਰਿੱਲਾਂ ਵੀ ਨਹੀਂ ਰਹੀਆਂ” ਦੂਜੇ ਨੇ ਕਿਹਾ।
ਜਦ ਉਹ ਰਾਜ ਦੇ ਕਾਰਖਾਨੇ ਕੋਲ ਗਏ ਤਾਂ ਇੰਜ ਲੱਗਾ ਜਿਵੇਂ ਕਈ ਜਣੇ ਗੱਲਾਂ ਕਰ ਰਹੇ ਹੋਣ।ਕਰਖਾਨੇ ਅੰਦਰੋਂ ਅਵਾਜ਼ ਆਈ “ਇੱਕ ਨੇ ਪੁੱਛਿਆ‘ ਕਿਉਂ ਜਾਗਦੈ?”
“ਹਾਂ ਜਾਗਦੈਂ ਸਾਰਾ ਦਿਨ ਆਪਣੀ ਤਾਂ ਚਲੋ ਚੱਲ ਐ ਕਦੇ ਫੱਟਾ ਚੀਰਤਾ ਕਦੇ ਮੇਖ ਗੱਡਤੀ, ਕਦੇ ਇੱਟਾਂ ਭੰਨਤੀਆਂ, ਤਿੰਨ ਚਾਰ ਅਵਾਜਾਂ ਇਕੱਠੀਆਂ ਆਈਆਂ।
“ਯਾਰ ਅੱਜ ਤਾਂ ਇੰਜ ਲੱਗਦੈ ਜਿਵੇਂ ਕਰਖਾਨੇ ਅੰਦਰ ਦੋ ਤਿੰਨ ਬੰਦੇ ਪਏ ਐ ਗੱਲਾਂ ਕਰੀ ਜਾਂਦੈ ਐ” ਇੱਕ ਮੁੰਡੇ ਨੇ ਕਿਹਾ
“ਪਰ ਯਾਰ ਬਾਹਰੋ ਤਾਂ ਜਿੰਦਾ ਲੱਗਿਆ ਹੋਇਆ ਹੈ ਇਹ ਕਿਵੇਂ ਹੋ ਸਕਦੈ?” ਦੂਜੇ ਨੇ ਕਿਹਾ
“ਖਬਰੈ ਕਰਖਾਨੇ ਦੇ ਅੰਦਰਲੇ ਬਾਰ ‘ਚ ਜੋ ਮਰਲਾ ਕੁ ਖਾਲੀ ਥਾਂ ਪਿਆ ਹੈ ਉਥੇ ਬੰਦੇ ਪਏ ਹੋਣ ਤੇ ਰਾਜ ਮਿਸਤਰੀ ਅੰਦਰਲੇ ਘਰ ਚਲਾ ਗਿਆ ਹੋਵੇ।÷ਕੰਬਲੀ ਦੀ ਬੁੱਕਲ ਮਾਰੀ ਖੜੇ ਤੀਜੇ ਨੇ ਕਿਹਾ।”
“ਓਏ ਦਿਲ ਨਾਂ ਛੱਡੋ ਜੇ ਏਥੋਂ ਕੁਝ ਨਹੀਂ ਮਿਲਿਆ ਤਾਂ ਮੈਂ ਤੁਹਾਨੂੰ ਅਜਿਹੀ ਥਾਂ ਤੇ ਲੈ ਕੇ ਜਾਊ ਜਿਥੇ ਦੋ ਦਿਨ ਤਾਂ ਕੀ ਸਾਲ ਦਾ ਇੰਤਜ਼ਾਮ ਹੋਜੂ” ਇੱਕ ਨੇ ਕਿਹਾ “ਉਹ ਕਿਵੇ ? ਤੇਰੇ ਹੱਥ ਕੀ ਕਾਰੂ ਦਾ ਖਜਾਨਾ ਲੱਗਜੂ” ਦੂਜੇ ਨੇ ਕਿਹਾ।
“ਯਾਰ ਕੱਲ ਨੂੰ ਏਥੋਂ ਹਜ਼ਾਰਾਂ ਲੋਕਾਂ ਦਾ ਇਕੱਠ ਲੰਘਣੈ,ਉਹਨਾਂ ਦੀਆਂ ਅੱਖਾਂ ਬੰਦ ਤੇ ਹੱਥ ਜੁੜੇ ਹੋਏ ਹੋਣਗੇ। ਉਹਨਾਂ ਵਿੱਚ ਵੜਕੇ ਹੱਥ ਮਾਰ ਲਵਾਂਗੇ ਤੇ ਹਜ਼ਾਰਾ ਰੁਪਏ ਇਕੱਠੇ ਕਰ ਲਵਾਂਗੇ ਯਾਰ ਅੰਨੀ ਸ਼ਰਧਾ ਅਰਧ ਬੇਹੋਸ਼ੀ ਵਰਗੀ ਹੁੰਦੀ ਐ”
ਉਸ ਕਿਹਾ, ਆਹ ਤਾਂ ਯਾਰ ਕਮਾਲ ਦੀ ਜੁਗਤ ਐ ਤੀਜੇ ਨੇ ਕੰਬਲੀ ਦੀ ਬੁੱਕਲ ਕਸਦਿਆਂ ਕਿਹਾ
ਹੁਣ ਰਾਜੇ ਦੇ ਕਾਰਖਾਨੇ ਚੋਂ ਅਵਾਜ਼ਾਂ ਸੁਣਕੇ ਉਹ ਖਾਲੀ ਹੱਥ ਵਾਪਸ ਪਰਤਣਾ ਉਹਨਾਂ ਨੂੰ ਭੁੱਲ ਗਿਆ। ਅੰਦਰੋਂ ਅਵਾਜ਼ਾਂ ਅਜੇ ਵੀ ਆ ਰਹੀਆਂ ਸਨ।ਤਖਤਿਆਂ ਦੀਆਂ ਝੀਤਾਂ ਵਿੱਚੋਂ ਦੀ ਤੇਜ਼ ਰੋਸ਼ਨੀ ਅਸਮਾਨ ‘ਚ ਚੱਲ਼ੀ ਆਤਿਸ਼ਬਾਜੀ ਦੀ ਤੇਜ ਰੋਸ਼ਨੀ ਵਾਂਗ ਸੰਦਾਂ ਤੇ ਪਈ।
“ਲਗਦੈ ਬੱਦਲ ਆ ਗਿਐ ਜੋ ਲਿਸ਼ਕ ਰਿਹਾ ਹੈ” ਤੇਸੀ ਨੇ ਕਿਹਾ।
“ਜੇ ਬੱਦਲ ਹੁੰਦਾ ਤਾਂ ਹੁਣ ਨੂੰ ਗਰਜਣ ਦੀ ਅਵਾਜ਼ ਵੀ ਆਉਣੀਂ ਸੀ” ਕੋਲ ਪਏ ਹਥੋੜੇ ਨੇ ਕਿਹਾ।
“ਓ ਭੋਲਿਓ ਮੈਂ ਰਾਜ ਮਿਸਤਰੀ ਦੇ ਦਾਦਿਆਂ ਲਕੜਦਾਦਿਆਂ ਤੋਂ ਇਹਨਾਂ ਦੀ ਕਿਰਤ ਦਾ ਪੁਰਾਣਾ ਸਾਥੀ ਹਾਂ।ਇਹ ਬਿਜਲੀ ਦੇ ਲਿਸ਼ਕਣ ਜਾਂ ਆਤਿਸ਼ਬਾਜੀ ਦੀ ਰੋਸ਼ਨੀ ਨਹੀਂ” ਮਚਾਕ ਨੇ ਕਿਹਾ।
“ਫੇਰ ਹੋਰ ਕੀ ਐ? ਛੈਣੀ ਨੇ ਪੁੱਛਿਆ
“ਪਿੰਡ ਦੀ ਸੜਕ ਤੋਂ ਦੀ ਬਾਬਾ ਨਾਨਕ ਦੀ ਯਾਦ ਵਿੱਚ ਗੁਆਂਢੀ ਮੁਲਕ ਚੋਂ ਆਇਆ ਨਗਰ ਕੀਰਤਨ ਲੰਘਣੈਂ ਤੇ ਪੜਾਓ ਕਰਨਾ ਹੈ ਉਸਦੇ ਸੁਆਗਤ ਲਈ ਸਰਕਾਰ ਨੇ ਆਤਸ਼ਬਾਜ ਭੇਜੇ ਐ ਉਹਨਾਂ ਕੁਝ ਕੀਤਾ ਹੋਊ” ਮਚਾਕ ਨੇ ਜਵਾਬ ਦਿੱਤਾ।
“ਲਓ ਸੁਣ ਲੋ ਜਵਾਬ ਐਨੀ ਉਮਰ ‘ਚ ਮਚਾਕ ਬਾਬੇ ਦਾ ਦਿਮਾਗ ਹਿੱਲ ਗਿਐ ਇਹ ਤਾਂ ਉਹ ਗੱਲ਼ ਹੋਈ ਅਖੇ ਮਰਿਆ ਨਹੀਂ ਆਕੜਿਆ ਐ” ਰੰਦੇ ਨੇ ਮਜ਼ਾਕ ਉਡਾਇਆ।
“ਓ ਭਲਿਓ ਤੁਸੀਂ ਸਮਝੇ ਨਹੀਂ ਸਰਕਾਰ ਦੇ ਆਤਸ਼ਬਾਜ ਤੋਂ ਮੇਰਾ ਭਾਵ ਹੈ ਕਿ ਸਰਕਾਰ ਨੇ ਕਿਸੇ ਮਸ਼ੀਨ ਨਾਲ ਕਿਰਨਾਂ (ਲੇਜਰ) ਰਾਹੀਂ ਅਸਮਾਨ ਵਿੱਚ ਬਾਬਾ ਨਾਨਕ ਦੇ ਕੁਝ ਚਿਤਰ ਦਿਖਾਉਣੇ ਹਨ ਉਹ ਵੀ ਸਿਨਮੇਂ ਵਾਂਗ ਬਾਬਾ ਨਾਨਕ ਦੇ ਕੁਝ ਚਿੱਤਰ ਹੋਣੇ ਹਨ ਅਤੇ ਹੇਠਾਂ ਸਿਨਮੇਂ ਵਾਂਗ ਮਸ਼ੀਨ ਵਿੱਚ ਭਰੀ ਅਵਾਜ਼ ਗੁਰਬਾਣੀ ਦਾ ਜਾਪ ਕਰੇਗੀ ਤੇ ਦਿ੍ਰਸ਼ਾ ਦੀ ਵਿਆਖਿਆ ਕਰੇਗੀ। ਇਹ ਰੋਸ਼ਨੀ ਉਹਨਾਂ ਕਿਰਨਾ ਦੀ ਹੋਵੇਗੀ। ਇਹ ਸਭ ਸ਼ਰਧਾ ਦੇ ਮੁਫਤ ਦੇ ਪੈਸੇ ਦੇ ਦਿਖਾਵੇ ਦਾ ਪਖੰਡ ਹੈ। ਮਚਾਕ ਨੇ ਸਾਰਿਆਂ ਨੂੰ ਸਮਝਾਇਆ।”
“ਹਾਂ ਬਾਬਾ ਤੇਰੀ ਗੱਲ ਠੀਕ ਐ,ਭਾਵੇਂ ਮੈਂ ਤੇਰੇ ਨਾਲੋਂ ਉਮਰ ਵਿੱਚ ਛੋਟਾ ਹਾਂ ਪਰ ਤੇਰੀ ਗੱਲ਼ ਵਿੱਚ ਦਮ ਹੈ ਪਰ ਇੱਕ ਗੱਲ ਤੇ ਮੈਨੂੰ ਹੈਰਾਨੀ ਹੈ ਕੀ ਹੁਣ ਲੋਕ ਅਸਮਾਨ ਵੱਲ ਮੂੰਹ ਚੱਕ ਕੇ ਬਾਬਾ ਨਾਨਕ ਨੂੰ ਅਸਮਾਨ ਚੋਂ ਲੱਭਣਗੇ?” ਹਥੌੜੇ ਨੇ ਕਿਹਾ।
“ਲੋਕਾਂ ਦੀ ਅਕਲ ਤੇ ਪਿਆ ਪਰਦਾ ਤਾਂ ਏਹੀ ਸਿੱਧ ਕਰਦਾ ਹੈ।ਲੋਕ ਪੈਰਾਂ ਵੱਲ ਧਰਤੀ ਨੂੰ ਨਹੀਂ ਦੇਖਦੇ ਸਗੋਂ ਅਸਮਾਨ ਵੱਲ ਮੂੰਹ ਕਰਕੇ ਸੂਰਜ ਗ੍ਰਹਿਣ, ਚੰਦਰਮਾਂ ਤੋਂ ਚਰਖਾ ਕੱਤਦੀ ਮਾਈ ਦੇਖਦੇ ਹਨ। ਪੰਡਤ ਤੋਂ ਕਰੂਏ ਦੇ ਵਰਤਾਂ ਤੇ ਬਾਤ ਸੁਣਕੇ ਜੱਗ ਜਨਣੀ ਵੀ ਚੰਦਰਮਾਂ ਵੱਲ਼ ਦੇਖਕੇ ਅਰਗ ਦਿੰਦੀ ਹੈ। ਪੰਡਤਾਂ ਦੇ ਸਰਾਧਾਂ ਦੇ ਨਾਲ ਹੀ ਨੌ ਨਵਰਾਤਰੇ ਦੁਸਹਿਰਾ ਤੇ ਕਰੂਏ ਦੇ ਵਰਤਾਂ ਦਾ ਵਰਤਾਰਾ ਚਲਦਾ ਆ ਰਿਹਾ ਹੈ ਜਦ ਕਿ ਮੌਤ ਤਾਂ ਚੰਦਰਮਾਂ ਜਾਂ ਸੂਰਜ ਦੀ ਰੌਸ਼ਨੀ ਨਾਲ ਮਨੁੱਖ ਦੀ ਦੇਹ ਨਾਲ ਬਣੇ ਕਾਲੇ ਪ੍ਰਛਾਵੇਂ ਵਾਂਗ ਨਾਲ ਨਾਲ ਤੁਰਦੀ ਹੈ।ਕਦੇ ਅੱਗੇ,ਕਦੇ ਬਰਾਬਰ ਤੇ ਕਦੇ ਪਿੱਛੇ ਹੋ ਕੇ ਲੁਕਣਮੀਚੀ ਖੇਡਦੀ ਹੈ?ਮਚਾਕ ਨੇ ਕਿਹਾ।”
“ਬਾਬਾ ਗੱਲ਼ ਤਾਂ ਤੇਰੀ ਠੀਕ ਐ ਪਰ ਬਾਬਾ ਨਾਨਕ ਤਾਂ ਆਪਣਾ ਸੀ। ਆਪਣੀ ਕਿਰਤ ਲਈ ਕੀਤੀ ਵਰਤੋਂ ਚੋਂ ਪੈਦਾ ਹੋਈ ਕੋਧਰੇ ਦੀ ਰੋਟੀ ਨੂੰ ਸੱਚ ਦੀ ਰੋਟੀ ਦਾ ਨਾਂ ਦਿੱਤਾ ਸੀ। ਕੀ ਬਾਬਾ ਨਾਨਕ ਆਪਣੇ ਨਾਲ ਰੁੱਸ ਗਿਆ ਹੈ? ਗਲਤੀ ਤਾਂ ਬੰਦਾ ਕਰਦਾ ਹੈ ਆਪਾਂ ਬੇਜੁਬਾਨਾਂ ਨੇ ਕੀ ਗਲਤੀ ਕਰਤੀ” ? ਤੇਸੀ ਨੇ ਕਿਹਾ।
ਗੱਲ ਤਾਂ ਤੇਰੀ ਠੀਕ ਹੈ।ਆਪਾਂ ਗਲਤੀ ਕੋਈ ਨਹੀਂ ਕੀਤੀ ਬੰਦਾ ਹੀ ਲਾਲਚੀ ਹੋ ਗਿਆ ਹੈ ਹੁਣ ਗੁਰੂ ਦੀ ਗੋਲਕ ਗਰੀਬਾਂ ਦਾ ਮੂੰਹ ਨਹੀਂ ਸਗੋਂ ਮਲਕ ਭਾਗੋਆਂ ਦੇ ਢਿੱਡਾਂ ਵਿੱਚ ਚਲੀ ਗਈ ਹੈ। ਗੋਲਕ ਦਾ ਮਾਲਕ ਇੱਕ ਪਾਰਟੀ ਦਾ ਵੱਖਰਾ ਕਰੋ। ਜੇਬ ਚੋਂ ਨਿਕਲਦੇ ਹਨ ਜੋ ਧਨ ਕੁਬੇਰ ਹਨ ਤੇ ਇੱਕ ਮੁਲਾਜ਼ਮ ਨੂੰ ਕਾਰਾਂ ਕੋਠੀਆਂ ਤੇ ਲੱਖਾਂ ਦੀ ਤਨਖਾਹ ਦਿੰਦੇ ਹਨ “ਗਜ਼ ਨੇ ਗੁਜ ਵਰਗੀ ਗੱਲ ਕਰਦਿਆਂ ਕਿਹਾ।”
“ਆਪਾਂ ਸਾਰੇ ਇਕੋ ਕੰਮ ਹੀ ਕਰ ਸਕਦੇ ਹਾਂ ਜਿਵੇ ਰੰਦਾ ਤੇ ਤੇਸਾ ਸਿਰਫ ਲੱਕੜ ਨੂੰ ਤਰਾਸ਼ ਸਕਦਾ ਹੈ ਲੋਹੇ ਨੂੰ ਨਹੀਂ। ਛੈਣੀ ਸਿਰਫ ਲੋਹੇ ਨੂੰ ਕੱਟ ਸਕਦੀ ਹੈ, ਲੱਕੜ ਨੂੰ ਨਹੀਂ।ਪਰ ਮਨੁੱਖ ਬੜਾ ਸ਼ਾਤਰ ਹੈ ਪਹਿਲਾਂ ਉਸਨੇ ਸਾਨੂੰ ਧਰਤੀ ਚੋਂ ਕੱਢਿਆ ਫੇਰ ਅਹਿਰਨ ਨਾਲੋਂ ਵੀ ਵੱਧ ਤਾਅ ਦੇ ਕੇ ਸਾਨੂੰ ਪਿੰਘਲਾਕੇ ਵੱਖ-ਵੱਖ ਅਕਾਰ ਦਿੱਤੇ। ਫਿਰ ਸਾਡੇ ਚੋਂ ਆਰੀ ਨਾਲ ਦਰਖਤਾਂ ਦਾ ਘਾਣ ਕਰਕੇ ਉਹਨਾਂ ਦੇ ਸੁੱਕੇ ਹੱਡਾਂ ਦੇ ਦਸਤੇ ਬਣਾਕੇ ਆਪਣੇ ਲਈ ਵਰਤਿਆ। ਹੁਣ ਧਰਮ ਨੂੰ ਵੀ ਵਰਤ ਰਿਹਾ ਹੈ। ਬਾਬਾ ਨਾਨਕ ਨੂੰ ਸਾਡੇ ਕੋਲੋਂ ਖੋਹ ਕੇ ਸੰਗਮਰਮਰੀ ਧਾਰਮਿਕ ਸਥਾਨਾ ਤੱਕ ਸੀਮਤ ਕਰਨ ਦੇ ਝੂਠ ਨੂੰ ਸੱਚ ਬਣਾ ਕੇ ਲੋਕਾਂ ਦੇ ਦਿਮਾਗ ‘ਚ ਪਾ ਦਿੱਤਾ ਹੈ।ਬਾਬਾ ਨਾਨਕ ਤਾਂ ਸੱਚੀ ਕਿਰਤ ਵਿਚ ਵਸਦਾ ਹੈ ਤੇ ਹੁਣ ਬਾਬੇ ਨਾਨਕ ਦੇ ਦਿਹਾੜੇ ਤੇ ਧੁੰਦ ਦੇ ਬੱਦਲਾਂ ਚੋਂ ਮੀਂਹ ਲੱਭਣ ਵਾਂਗ ਆਹ ਤੇਜ਼ ਕਿਰਨਾਂ ਚੋਂ ਮੂੰਹ ਚੁੱਕ ਕੇ ਅਸਮਾਨ ਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਬਾਬਾ ਨਾਨਕ ਕੋਲ ਵੀ ਤਾਂ ਮਨੁੱਖੀ ਦੇਹੀ ਸੀ। ਬਾਬਾ ਨਾਨਕ ਤਾਂ ਕਸਤੂਰੀ ਵਾਂਗ ਮਨੁੱਖ ਦੇ ਅੰਦਰ ਹੈ ਤੇ ਮਨੁੱਖ ਇਹਨਾਂ ਦਿਖਾਵਿਆਂ ‘ਚ ਭਟਕ ਰਿਹਾ ਹੈ। ਉਹ ਖੁਦ ਬਾਬਾ ਨਾਨਕ ਵਰਗਾ ਕਿਉਂ ਨਹੀਂ ਬਣਦਾ। ਇਹ ਮਨੁੱਖ ਤਾਂ ਬਾਬਾ ਨਾਨਕ ਨੂੰ ਕੌਤਕੀ ਤੇ ਜਾਦੂਗਰ ਸਿੱਖ ਸਿੱਧ ਕਰਨ ਤੇ ਲੱਗਾ ਹੋਇਆ ਹੈ ਜੇ ਉਹ ਅਜਿਹੇ ਹੁੰਦੇ ਤਾਂ ਉਦਾਸੀਆਂ ਕਰਦੇ ਸਮੇਂ ਸਫਰਾਂ ਦੇ ਕਸੌਦੇ ਕਿਉਂ ਕੱਟਦੇ? ਹਥੌੜੀ ਨੇ ਕਿਹਾ। ਉਸ ਸਾਹ ਲੈ ਅੱਗੇ ਕਿਹਾ ਜਦਕਿ ਆਪਾਂ ਤਾਂ ਓਹੀ ਸੰਦ ਹਾਂ ਓਹੀ ਕੰਮ ਕਰ ਰਹੇ ਹਾਂ। ਜਿਵੇ ਚੰਦਰਮਾਂ ਚੋਂ ਚਰਖਾ ਕੱਤਦੀ ਮਾਈ ਨਹੀਂ ਆਈ ਤੇ ਨਾਂ ਹੀ ਅਜਿਹੇ ਵਰਤਾਰੇ ਚੋਂ ਵੀਹ ਸਾਲ ਪਹਿਲਾ ਖਾਲਸਾ ਪੰਥ ਦੀ ਸਾਜਣਾ ਦੀ ਵਰੇ ਗੰਢ ਤੇ ਜਬਰ ਜੁਲਮ ਖਿਲਾਫ ਲੜਨ ਲਈ ਮਨੁੱਖ ਦੇ ਹੱਥ ‘ਚ ਭਗੌਤੀ ਆਈ। ਉਸ ਸਮੇਂ ਵੀ ਸ਼ਾਤਰ ਮਨੁੱਖਾਂ ਨੇ ਅਜਿਹੇ ਤਮਾਸ਼ੇ ਕਰਕੇ ਮਾਇਆ ਇਕੱਠੀ ਕੀਤੀ ਸੀ ਤੇ ਹੁਣ ਵੀ ਆਪਣੇ ਬਾਬੇ ਨਾਨਕ ਦੀ ਸੋਚ ਨੂੰ ਕੱਚ ਦੀਆਂ ਕੰਧਾਂ ‘ਚ ਕੈਦ ਕਰਕੇ ਉਸਦਾ ਦਿਖਾਵਾ ਕਰਕੇ ਮਾਇਆ ਦੇ ਅੰਬਾਰ ਇਕੱਠੀ ਕਰ ਰਿਹਾ ਹੈ। ਇਹ ਬਾਣੀ ਵੇਚਣ ਵਾਲਿਆਂ ਦੀ ਗੋਲਕ ਯਾਤਰਾ ਹੈ ਜਿੰਨਾਂ ਜੇਬ ਕਤਰੇ ਦੀ ਚਲਾਕੀ ਵਾਂਗ ਸ਼ਰਧਾ ਦੇ ਰੂਪ ‘ਚ ਅਰਬਾਂ ਰੁਪਏ ਇੰਜ ਇਕੱਠੇ ਕਰ ਲੈਣੇ ਹਨ ਜਿਵੇਂ ਚੋਰ ਰਾਤ ਨੰ ਅੱਜ ਦੇ ਭਾਈ ਲਾਲੋ ਦੇ ਖੇਤੋਂ ਪੱਠੇ ਵੱਢਕੇ ਲੈ ਜਾਂਦੇੇ ਹਨ।ਕਰੋੜਾਂ ਦੇ ਟੈਂਟ ਲਗਾਕੇ ਮਲਕ ਭਾਗੋ ਦੇ ਪਕਵਾਨ ਪੀਜ਼ਾ,ਬਰਗਰ ਵੀ ਅੱਜ ਦੇ ਲੰਗਰ ਦੇ ਪਕਵਾਨ ‘ਚ ਸ਼ਾਮਲ ਹੋ ਗਏ ਹਨ ਤੇ ਜੀਭ ਦੇ ਸੁਆਦ ਦੀ ਪੱਟੀ ਭੀੜ ਟੁੱਟ ਕੇ ਖਾ ਰਹੀ ਹੈ। ਮਨੁੱਖ ਇਹ ਭੁੱਲ਼ ਗਿਆ ਹੈ ਕਿ ਕੱਚ ਝੂਠ ਐ, ਕੂੜ ਐ ਇਹ ਕੱਚ ਜਿਸ ਦਿਨ ਟੁੱਟ ਜਾਵੇਗਾ ਉਸ ਦਿਨ ਡੋਡੀ ਦੀ ਕੈਦ ‘ਚ ਫੁੱਲ਼ ਦੀ ਮਹਿਕ ਵਾਂਗ ਸੱਚ ਦੇ ਵਰਤਾਰੇ ਦੀ ਮਹਿਕ ਆਵੇਗੀ।ਹਰ ਮਨੁੱਖ ਆਪਣੇ ਅੰਦਰੋਂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਲੱਭ ਲਵੇਗਾ। ਅਹੁੰ..ਅਹੁੰ ਅਹੂੰ ਮਚਾਕ ਨੂੰ ਖੰਘ ਛਿੜ ਪਈ ਸੀ।ਜਿਵੇ ਉਹ ਗੱਲ ਕਰਕੇ ਹਫ ਗਿਆ ਹੋਵੇ।
“ਕੀ ਗੱਲ ਬਾਬਾ ਅਹੁੱਥੂ ਆ ਗਿਆ? ਪਾਣੀ ਲਿਆਵਾਂ?” ਤੇਸੀ ਨੇ ਕਿਹਾ।
“ਨਹੀਂ ਧੀਏ! ਆਹ ਦੇਖ ਨਾ ਮਨੁੱਖ ਤਾਂ ਬਾਬਾ ਨਾਨਕ ਦਾ ਵੈਰੀ ਹੋ ਗਿਆ ਹੈ।ਬਲਿਹਾਰੀ ਕੁਦਰਤ ਵਸਿਆ ਦੀ ਉਪਜ ਸਾਰੇ ਫੁੱਲ ਰੇਤੇ ‘ਚ ਖਿਲਾਰ ਦਿੱਤੇ ਹਨ ਧਾਗਿਆ ‘ਚ ਪਰੋ ਕਿ ਲਾਸ਼ਾ ਬਣਾਕੇ ਟੰਗ ਦਿੱਤੇ,ਖੇਤਾਂ ਵਿਚੋਂ ਕੱਚੇ ਤੇ ਕੌੜੇ ਧੂੰਏ ਦੇ ਗੁਬਾਰ ਉਠ ਰਹੇ ਐ ਪਰ ਬੰਦਾ ਫਿਰ ਵੀ ਗਾਈ ਜਾ ਰਿਹੈ ਕਿ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥
                ਹੁਣ ਤਾਂ ਦਿਨੇ ਵੀ ਰਾਤ ਪਈ ਹੋਈ ਹੈ ਜੋ ਮਨੁੱਖ ਦੀ ਅਕਲ ਤੇ ਵੀ ਪਈ ਹੋਈ ਐ। ਸ਼ਾਤਰ ਮਨੁੱਖ ਖੁਦ ਵੀ ਤੜਫ ਰਿਹੈ ਤੇ ਦੂਸਰਿਆਂ ਨੂੰ ਵੀ ਤੜਫਾ ਰਿਹਾ ਹੈ ਤੇ ਫਿਰ ਵੀ ਇਸਨੂੰ ਤਰੱਕੀ ਤੇ ਵਿਕਾਸ ਕਹਿ ਰਿਹਾ ਹੈ। ਮਚਾਕ ਨੇ ਆਪਣੇ ਸਾਹਾਂ ਦੀ ਡੋਰ ਨੂੰ ਸੰਭਾਲਦਿਆ ਕਿਹਾ।
“ਭਾਈ ਸਾਹਿਬ ਮੈਂ ਵੀ ਤੇਰੇ ਵਾਂਗ ਭਾਈ ਲਾਲੋ ਦਾ ਸਾਥੀ ਰਿਹਾ ਹਾਂ।ਮਰਦਾਨੇ ਦੀ ਰਬਾਬ ਵੀ ਲੱਕੜੀ ਤੇ ਲੋਹੇ ਦੀਆਂ ਬਰੀਕ ਆਂਦਰਾਂ ਦੀ ਬਣੀ ਹੋਈ ਸੀ ਜੋ ਮਰਦਾਨੇ ਦੇ ਹੱਥ ਵਿੱਚ ਸੀ।ਅੱਜ ਬਾਬਾ ਨਾਨਕ ਨਾਲੋਂ ਮਰਦਾਨਾ ਵੱਖ ਕਿਉਂ ਕਰਤਾ? ਉਹ ਤਾਂ ਗੁਰੂ ਦੀਆਂ ਲੰਬੀਆਂ ਵਾਟਾਂ ਦਾ ਸਾਥੀ ਸੀ।ਇੱਕ ਪਾਸੇ ਸੜਕਾਂ ਕਿਨਾਰੇ ਮਨੁੱਖ ਮਲਕ ਭਾਗੋ ਵਾਲੇ ਲੰਗਰ ਲਗਾਕੇ ਗੁਰੂ ਵਾਲਾ ਅਖਵਾ ਰਿਹਾ ਹੈ ਤੇ ਕੋਈ ਹੱਥਾਂ ਵਿੱਚ ਨੋਟਾਂ ਦੀ ਕਰੰਸੀ ਭੇਟ ਕਰਕੇ ਬਾਬਾ ਨਾਨਕ ਦਾ ਭਗਤ ਹੋਣ ਦਾ ਭਰਮ ਪਾਲ ਰਿਹੈ।ਮਾਇਆ ਤਾਂ ਬਾਬਾ ਨਾਨਕ ਨੇ ਲੰਬੀਆਂ ਵਾਟਾਂ ਦਾ ਪੰਧ ਤਹਿ ਕਰਦੇ ਸਮੇਂ ਵੀ ਨਹੀਂ ਬੰਨੀ ਸੀ। ਹੁਣ ਇਹ ਮਾਇਆ ਕਿਸ ਕੰਮ? ਕੀ ਬਾਬਾ ਨਾਨਕ ਦੇ ਸਮੇਂ ਵਾਂਗ ਅੱਜ ਦੀ ਰਈਅਤ ਵੀ ਗਿਆਨ ਵਿਹੂਣੀ ਹੈ? ਜਦਕਿ ਬੰਦਾ ਦਾਅਵਾ ਕਰਦਾ ਹੈ ਉਸਨੇ ਯੂਨਵਰਸਿਟੀਆਂ, ਕਾਲਜ ਸਕੂਲ ਆਦਿ ਖੋਲ ਲਏ ਹਨ। ਬਾਬਾ ਨਾਨਕ ਵੇਲੇ ਤਾਂ ਇਹ ਵੀ ਨਹੀਂ ਸਨ ਪਰ ਬਾਬਾ ਨਾਨਕ ਇਹਨਾਂ ਦੇ ਪੈਦਾ ਕੀਤੇ ਪੜਾਕੂਆਂ ਨਾਲੋਂ ਸਦੀਆਂ ਅੱਗੇ ਸੀ। ਪਰ ਇਸਦੇ ਬਾਵਜੂਦ ਐਨੇ ਅਡੰਬਰਾਂ ਦੇ ਬਾਵਜੂਦ ਵੀ ਮਨੁੱਖ ਬਾਬੇ ਨਾਲ ਧੋਖਾ ਕਰ ਰਿਹੈ। ਉਸਦੇ ਪ੍ਰਗਟ ਹੋਣ ਨੂੰ ਹਨੇਰੇ ਵਿੱਚ ਰੱਖ ਰਿਹਾ ਹੈ।ਸ਼ਾਤਰ ਮਨੁੱਖਾਂ ਵੱਲੋਂ ਬਾਬਾ ਨਾਨਕ ਤੋਂ ਬਦਲਾ ਲੈਣ ਵਾਲਿਆ ਅਨੁਸਾਰ ਵੱਲ ਰਿਹਾ ਹੈ।” ਮਚਾਕ ਨੇ ਸਦੀਆਂ ਦੇ ਇਤਿਹਾਸ ਦੇ ਪੰਨੇ ਪਲਟਦਿਆਂ ਕਿਹਾ।
“ਹੈਂ ਅ ਹੈਂਅ ਉਹ ਕਿਵੇਂ ?”ਇਸ ਵਾਰ ਸਾਰੇ ਕਿਰਤੀ ਸੰਦ ਇਕੱਠੇ ਬੋਲੇ
“ਪੁੱਤਰੋ ਆਪਣੇ ਸਭ ਦੇ ਬਾਬਾ ਨਾਨਕ ਨੇ ਪੰਡਤਾਂ ਦੇ ਉਸ ਸਮੇਂ ਦੇ ਰਹੁ ਰੀਤਾਂ, ਮੜੀ ਮਸਾਣਾ ਦੀ ਪੂਜਾ, ਸੂਰਜ ਗ੍ਰਹਿਣ, ਸਤੀ ਪ੍ਰਥਾ ਮਰ ਚੁੱਕਿਆਂ ਦੀ ਪਿੱਤਰੀ ਪੂਜਾ ਸਰਾਧਾਂ ਦਾ, ਵਰਤਾਂ ਦਾ, ਜਾਤ ਪਾਤ ਦਾ, ਜਾਦੂ ਟੂਣੇ ਧਾਗੇ ਤਵੀਤਾਂ, ਰਾਹੂ ਕੇਤੂ, ਮੂਰਤੀ ਪੂਜਾ, ਦੇਵੀ ਦਾਸੀ ਪ੍ਰਥਾਵਾਂ ਦਾ ਡਟਵਾਂ ਵਿਰੋਧ ਕੀਤਾ ਸੀ। ਇਹ ਕਰਮਕਾਂਡ ਹੀ ਬ੍ਰਾਹਮਣਾ ਦੀ ਬਿਨਾ ਕੰਮ ਕੀਤਿਆਂ ਮੋਟੀ ਕਮਾਈ ਤੇ ਐਸ਼ ਦੇ ਮੌਕੇ ਸਨ। ਉਹਨਾ ਸੋਚਿਆ ਕਿ ਜੇ ਸਾਰੇ ਲੋਕਾਂ ਨੇ ਇਹ ਵਹਿਮ ਛੱਡ ਦਿੱਤੇ ਤਾਂ ਉਹ ਭੁੱਖੇ ਮਰ ਜਾਣਗੇ। ਇਸ ਕਰਕੇ ਬਾਬਾ ਨਾਨਕ ਉਹਨਾਂ ਦੀਆਂ ਅੱਖਾਂ ‘ਚ ਰੋੜ ਵਾਂਗ ਰੜਕਦੇ ਸਨ ਕਿ ਉਹ ਖੱਤਰੀ ਬਿਰਾਦਰੀ ਵਿੱਚ ਪੈਦਾ ਹੋ ਕੇ ਸ਼ੂਦਰਾਂ ਦਾ ਮਿੱਤਰ ਬਣ ਗਿਆ ਸੀ। ਉਹ ਸਾਰੀ ਮਨੁੱਖਤਾ ਦੀ ਬਰਾਬਰੀ ਦੀ ਗੱਲ਼ ਕਰਦੇ ਸਨ। ਪਾੜੋ ਤੇ ਰਾਜ ਕਰੋ ਤੇ ਐਸ਼ ਕਰੋ ਹੀ ਮਨੁੱਖਤਾ ਦੇ ਦੁਸ਼ਮਣਾਂ ਦਾ ਅਧਾਰ ਸੀ। ਜਿਸਨੂੰ ਇਹ ਹੁਣ ਬਾਬਾ ਨਾਨਕ ਦੇ ਪ੍ਰਕਾਸ਼ ਉਤਸਵ ਤੇ ਰਾਜਸੀ ਸਟੇਜਾਂ ਲਾ ਕੇ ਸਿਆਸੀ ਤਜ਼ਾਰਤ ਕਰਨਗੇ। ਏਹੀ ਗੁਰੂ ਦੇ ਬੱਚਿਆਂ ਦੇ ਸ਼ਹੀਦੀ ਜੋੜੇ ਮੇਲੇ ਤੇ ਹੁੰਦਾ ਹੈ। ਏਹੀ ਵੈਸਾਖੀ ਵੇਲੇ ਹੁੰਦਾ ਹੈ। ਇਹ ਰਾਜਸੀ ਬੰਦਿਆਂ ਦੀ ਔਕਾਤ ਹੈ। ਪੁੱਤਰੋ: ਬਾਬਾ ਨਾਨਕ ਦਾ ਜਨਮ ਵੈਸਾਖ ੧੪੬੯ ਨੂੰ ਹੋਇਆ ਜਿਸਨੂੰ ਅੱਜ ਦੇ ਪੜੇ ਲਿਖੇ ਮਨੁੱਖ ਬਾਬਾ ਨਾਨਕ ਦੀ ਜਨਮ ਮਿਤੀ ੧੪ ਅਪੈ੍ਰਲ ਦਾ ਮਹੀਨਾ ਮੰਨਦੇ ਹਨ ਜਦਕਿ ਇਹੀ ਮਿਤੀ ਗੁਰੂ ਘਰ ਦੇ ਲਿਖਤੀ ਰਿਕਾਰਡ ਵਿੱਚ ਦਰਜ ਹੈ।ਇਹ ਅਖੌਤੀ ਨਾਨਕ ਨਾਮ ਲੇਵਾ ਐਨੇ ਨਿਘਰ ਗਏ ਹਨ ਕਿ ਬਾਬਾ ਨਾਨਕ ਦੀ ਅਸਲ ਜਨਮ ਮਿਤੀ ਦੱਸਣ ਤੋਂ ਵੀ ਸ਼ਰਮਾਉਂਦੇ ਹਨ।ਪਰ ਮਨਾਇਆ ਕੱਤਕ ਦੀ ਪੂਰਨਮਾਸ਼ੀ ਨੂੰ ਜਾਂਦਾ ਹੈ। ਬਾਹਮਣਵਾਦੀ ਸੋਚ ਅਨੁਸਾਰ ਕੱਤਕ ਦੀ ਪੂਰਨਮਾਸ਼ੀ ਮਨਹੂਸ ਹੈ। ਭਾਵ ਨਹਿਸ਼ ਦਿਨ ਹੈ। ਇੰਜ ਕਰਕੇ ਉਹਨਾਂ ਬਾਬੇ ਤੋਂ ਆਪਣਾ ਬਦਲਾ ਲਿਆ ਤੇ ਅੱਜ ਦਾ ਮਨੁੱਖ ਉਹਨਾਂ ਦੇ ਖੜੇ ਕੀਤੇ ਝੂਠ ਨੂੰ ਵੀ ਸੱਚ ਮੰਨਕੇ ਬਾਬਾ ਨਾਨਕ ਦਾ ਜਨਮ ਦਿਨ ਛੇ ਮਹੀਨੇ ਬਾਅਦ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਈ ਜਾ ਰਿਹਾ ਹੈ।ਬਾਬਾ ਨਾਨਕ ਦੇ ਫਲਸਫੇ ਤੇ ਮਹਾਨਤਾ ਨੂੰ ਕੋਈ ਫਰਕ ਨਹੀਂ ਪੈਦਾ ਪਰ ਆਪਣੇ ਆਪ ਨੂੰ ਨਾਨਕ ਨਾਮ ਲੇਵਾ ਆਦਮ ਜਾਇਆਂ ਦੀ ਸੋਚ ਘਾਹ ਚਰਨ ਗਈ ਐ। ਜੋ ਅਜੇ ਵੀ ਬਾਬਾ ਨਾਨਕ ਦੇ ਵਿਰੋਧੀਆਂ ਨਾਲ ਖੜੇ ਹੀਂ ਨਹੀਂ ਸਗੋਂ ਉਹਨਾਂ ਦੇ ਦੱਸੇ ਝੂਠਾਂ ਤੇ ਚੱਲ ਰਹੇ ਹਨ। ਉਹ ਮੜੀਆਂ ਮਸਾਣਾ ਵੀ ਪੂਜਦੇ ਹਨ, ਜਨਮ ਕੁੰਡਲੀਆਂ ਬਣਾਉਂਦੇ ਹਨ,ਹਥੋਲੇ ਕਰਵਾਉਂਦੇ ਹਨ। ਸ਼ਮਸ਼ਾਨਾ ‘ਚ ਦੀਵੇ ਬਾਲਦੇ ਹਨ, ਨਗ ਰਾਸ਼ੀਆਂ ਧਾਰਨ ਕਰਦੇ ਹਨ।ਕੁੜੀਆਂ ਨੂੰ ਜੰਮਣ ਤੋਂ ਪਹਿਲਾ ਮਾਰਦੇ ਹਨ ਮਾਵਾਂ ਭੈਣਾਂ ਦੀਆਂ ਗਾਲਾ ਕੱਢਦੇ ਹਨ ਕਾਮ ਦਾ ਸ਼ਰੇਆਮ ਪ੍ਰਗਟਾਵਾ ਕਰਕੇ ਉਹਨਾਂ ਨੂੰ ਅਪਮਾਨਤ ਕਰਦੇ ਹਨ।ਇਕ ਰੱਬ ਦੀ ਥਾਂ ਬਹੁ ਡੇਰਾਵਾਦ ਨੰ ਪੂਜਦੇ ਹਨ ਜਾਤੀ ਨਫਰਤ ਹੀ ਨਹੀਂ ਕਰਦੇ ਸਗੋਂ ਜਾਤੀਆਂ ਦੇ ਸਰਟੀਫਿਕੇਟ ਵੀ ਜਾਰੀ ਕਰਦੇ ਹਨ। ਹੁਣ ਆਪਣੇ ਬਲਰਾਜ ਦੇ ਬੱਚਿਆਂ ਕੋਲ ਭਾਈ ਲਾਲੋ ਦਾ ਜਾਇਆ ਹੋਣ ਦਾ ਮਾਣ ਨਹੀਂ ਸਗੋਂ ਤਰਖਾਣ ਹੋਣ ਦਾ ਸਰਟੀਫਿਕੇਟ ਹੈ। ਬਾਬਾ ਨਾਨਕ ਦੇ ਇਹ ਸ਼ਰਧਾਲੂ ਮੱਸਿਆ ਪੁੰਨਿਆਂ ਨਹਾਉਂਦੇ ਹਨ।ਪੈਚਕਾਂ, ਗੰਡਮੂਲ ਵਾਲੀਆਂ ਦਕੀਆਨੂਸੀ ਰਸਮਾਂ ਨੂੰ ਜਿਊਂਦਾ ਰੱਖੀ ਬੈਠੇ ਹਨ ਤੇ ਬਾਬਾ ਨਾਨਕ ਦੀ ਸੋਚ ਦੀ ਸੰਘੀ ਨੱਪੀ ਬੈਠੇ ਹਨ ਕੀ ਇਹ ਸ਼ਾਤਰ ਮਨੁੱਖ ਦਾ ਸਾਢੇ ਪੰਜ ਸੌ ਸਾਲ ਬਾਬਾ ਨਾਨਕ ਦੇ ਨਾਲ ਚਾਲ (ਧੋਖਾ ਜਾਂ ਚਲਾਕੀ) ਨਹੀਂ ਕਰ ਰਿਹਾ? ਕੀ ਹੁਣ ਦੇ ਰਾਜੇ ਵੀ ਬਾਬਾ ਨਾਨਕ ਦੀ ਦੂਰ ਅੰਦੇਸ਼ੀ ਕਾਰਨ ਸ਼ੀਹ ਤੇ ਮੁਕੱਦਮ ਕੁੱਤੇ ਨਹੀਂ ਹਨ? ਕੀ ਇਹ ਸਾਰੇ ਇਸ ਅਡੰਬਰ ਦਾ ਹਿੱਸਾ ਨਹੀਂ ਹਨ? ਕੀ ਕੋਈ ਆਪਣੇ ਬਲਾਰਜ ਵਰਗੇ ਲਾਲੋ ਬਾਰੇ ਸੋਚਦਾ ਹੈ? ਪਰ ਮਲਕ ਭਾਗੋਆਂ ਦੇ ਧਨ ਵਿੱਚ ਵਾਧਾ ਹੀ ਨਹੀਂ ਹੋਇਆ ਸਗੋਂ ਉਹਨਾਂ ਨੇ ਮਲਕ ਭਾਗੋ ਵਾਲੇ ਪਕਵਾਨ ਪਰੋਸ ਕੇ ਬਲਰਾਜ ਦੇ ਹੱਥਾਂ ਤੇ ਮਿਰਚ ਜਾਂ ਅੰਬ ਦੇ ਅਚਾਰ ਦੇ ਸਲੂਣੇ ਦੀ ਰੋਟੀ ਵੀ ਸੱਚ ਵਿੱਚੋਂ ਮਰਦਾਨੇ ਵਾਂਗ ਗਾਇਬ ਕਰ ਦਿੱਤੀ ਹੈ।  ਮਚਾਕ ਨੇ ਜਿਵੇਂ ਲੋਹਾ ਯੁੱਗ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਸੁਣਾ ਦਿੱਤਾ ਹੋਵੇ।
“ਬੰਦਾ ਤਾਂ ਫਰੇਬੀ ਬਣਕੇ ਆਪਣੇ ਮਨੁੱਖ ਹੋਣ ਤੋਂ ਵੀ ਨਿੱਘਰ ਚੁੱਕਾ ਹੈ? ਇਸ ਵਾਰ ਛੈਣੀ ਨੇ ਇਹ ਸੁਣਕੇ ਕਿਹਾ ਤੇ ਮਹਿਸੂਸ ਕੀਤਾ ਕਿ ਐਨਾ ਲੋਹਾ ਤਾਂ ਉਸਨੇ ਵੀ ਨਹੀਂ ਵੱਢਿਆ ਹੋਣਾ ਜਿੰਨਾਂ ਫਰੇਬੀ ਮਨੁੱਖ ਗੁਰੂ ਵਾਲਾ ਅਖਵਾਕੇ ਵੀ ਆਪਣੇ ਗੁਰੂ ਨੂੰ ਵੱਢਣ ਤੋਂ ਸ਼ਰਮ ਨਹੀਂ ਖਾ ਰਿਹਾ।” ਓਹ ਕਿਵੇ? ਰੰਦੇ ਨੇ ਹੈਰਾਨੀ ਨਾਲ ਪੁੱਛਿਆ
              ਦੇਖ ਭੈਣੇ ਬੰਦੇ ਨੇ ਬਾਬੇ ਨਾਨਕ ਦੇ ਨਾਂ ਤੇ ਵਪਾਰ ਸ਼ੁਰੂ ਕਰ ਦਿੱਤਾ ਹੈ। ਜਿਵੇਂ ਗੁਰੂ ਨਾਨਕ ਕਲਾਸ ਹਾਊਥ, ਗੁਰੂ ਨਾਨਕ ਸਵੀਟ ਸ਼ਾਪ ਜਾਂ ਕਰਿਆਨਾ ਸਟੋਰ ਕੀ ਬਾਬਾ ਨਾਨਕ ਇਹ ਕਰਦਾ ਸੀ? ਇਹ ਤਾਂ ਨੰਗਾ ਚਿੱਟਾ ਵਪਾਰ ਹੈ। ਬਾਬੇ ਨਾਨਕ ਵਾਲਾ ਸੱਚ ਦਾ ਵਪਾਰ ਨਹੀਂ ਹੈ। ਇਹ ਮਨੁੱਖ ਤਾਂ ਹੁਣ ਬਾਬੇ ਨਾਨਕ ਦੀ ਮਿਹਰ ਦੀ ਥਾਂ ਤੇ ਬਾਬਾ ਨਾਨਕ ਦੇ ਫਲਸਫੇ ਤੇ ਕਾਬਜ਼ ਮਲਕ ਭਾਗੋਆਂ ਵੱਲ਼ੋਂ ਮਿਲਣ ਵਾਲੀਆਂ ਮੈਂਬਰੀਆਂ ਚੇਅਰਮੈਨੀਆਂ ਤੇ ਪ੍ਰਧਾਨਗੀਆਂ ਮਿਲਣ ਦੀ ਮਿਹਰ ਤੇ ਡੁੱਲ਼ ਗਿਆ ਹੈ। ਅੱਜ ਦਿਖਾਵਾ ਭਾਰੂ ਹੈ ਤੇ ਗੁਰੂ ਦਾ ਫਲਸਫਾ ਇਹਨਾਂ ਲਈ ਮਾਰੂ ਹੈ। ਇਹ ਲਾਂਘੇ ਖੁੱਲਣ ਨੂੰ ਹੀ ਪ੍ਰਾਪਤੀ ਮੰਨਦੇ ਹਨ ਜਦ ਬਾਬਾ ਨਾਨਕ ਦੀ ਸੋਚ ਦਾ ਲਾਘਾਂ ਖੁੱਲ ਗਿਆ ਤਾਂ ਸਾਰੀ ਦੁਨੀਆਂ ਇੱਕ ਹੋ ਜਾਵੇਗੀ। ਹਰ ਮਨੁੱਖ ਨਾਨਕ ਦੇ ਸੱਚ ਦਾ ਧਾਰਨੀ ਬਣ ਜਾਵੇਗਾ। ਬਾਕੀ ਅਜੇ ਤਾਂ ਵਪਾਰ ਕਰਨ ਲਈ ਬੰਦੇ ਦੇ ਹੱਥ ਵਿੱਚ ਉੱਥੇ ਵੀ ਭਾਈ ਗਜ ਵਰਗੇ ਲੋਹੇ ਦੇ ਮੀਟਰ ਹਨ, ਬਾਬਾ ਮਚਾਕ ਵਰਗੇ ਤੋਲ ਨਾਪ ਦੇ ਵੱਟੇ ਹਨ, ਤੱਕੜੀਆਂ ਹਨ ਜੋ ਸਿਆਸਤ ਵਿਚ ਨਸ਼ੇ ਤੋਲਦੀਆਂ ਹਨ। ਇਹ ਵਰਤਣ ਵਾਲੇ ਇਹਨਾਂ ਨੁੰ ਸਵੇਰੇ ਦੁਕਾਨ ਖੋਹਲ ਕੇ ਸੱਜਰੇ ਪਾਣੀ ਨਾਲ ਧੌਂਦੇ ਹਨ, ਇਹਨਾਂ ਤੇ ਧੂਫ ਧੁਖਾਉਂਦੇ ਹਨ। ਕਸਾਈ ਮਾਸ ਤੋਲਦੇ ਹਨ। ਇੰਜ ਸੱਤੀਂ ਵੀਹੀਂ ਸੌ ਕਰਕੇ ਲੁੱਟ ਕਰਦੇ ਹਨ। ਪਰ ਬਾਬਾ ਨਾਨਕ ਵਾਂਗ ਤੇਰਾ ਤੇਰਾ ਕਿਉਂ ਨਹੀਂ ਤੋਲਦੇ? ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਜਾਂ ਅਮਲ ਤੋਂ ਸੱਖਣੀਂ ਬਾਣੀ ਦਾ ਰਟਨ ਕਰਕੇ, ਮੱਥੇ ਰਗੜ ਕੇ ਬਾਬਾ ਨਾਨਕ ਨੇ ਇਹਨਾਂ ਤੇ ਨਦਿਰ ਨਹੀਂ ਕਰਨੀ।” ਹਥੋੜੀ ਨੇ ਕਿਹਾ।
“ਆਪਣਾ ਬਲਰਾਜ ਤਾਂ ਇੰਜ ਨਹੀਂ ਕਰਦਾ ਨਾ ਹੀਂ ਉਸਦਾ ਕਰਖਾਨਾ ਕਿਸੇ ਗੁਰੂ ਦੇ ਨਾਮ ਤੇ ਹੈ ਇਹ ਤਾਂ ਕਿਰਤ ਕਰਨ ਦਾ ਸਥਾਨ ਹੈ।ਜਿਸ ਦਿਨ ਘਰੇ ਆਟੇ ਦਾ ਪੀਪਾ ਖਾਲੀ ਹੋਇਆ ਜਾਂ ਘਰੇ ਦੋ ਡੰਗ ਦਾ ਆਟਾ ਹੋਇਆ ਤਾਂ ਰਾਮਗੜੀਆ ਗੁਰਦੁਆਰੇ ਵਿੱਚ ਮੱਥਾ ਟੇਕ ਆਊ ਕਿਉਕੇ ਉੱਚੀ ਜਾਤੀ ਵਾਲਿਆਂ ਨੇ ਤਾਂ ਉਥੇ ਜਾਣਾਂ ਮਨਾ ਕੀਤਾ ਹੋਇਆ ਹੈ ਇਸੇ ਕਰਕੇ ਰਵੀਦਾਸੀਆਂ, ਗੁਰੂ ਕੇ ਬੇਟਿਆਂ ਨੂੰ ਜਾਤੀ ਵਿਤਕਰੇ ਕਾਰਨ ਆਪਣੇ ਗੁਰੂ ਘਰ ਬਣਾਉਂਣੇ ਪਏ ਗਏ।ਚਲੋ ਏਨੇ ਨਾਲ ਬਰਾਬਰੀ ਤਾਂ ਮਿਲਦੀ ਹੈ।ਪਰ ਮਰਨ ਤੋਂ ਬਾਅਦ ਵੀ ਨਹੀਂ ਮਿਲਦੀ।” ਤੇਸੇ ਨੇ ਕਾਫੀ ਲੰਬੇ ਸਮੇਂ ਬਾਅਦ ਆਪਣਾ ਗੁੱਭ ਗੁਭਾਟ ਕੱਢਿਆ।
“ਹੈਂ..ਹੈਂ….ਹੈ.. ਉਹ ਕਿਵੇਂ ?” ਆਰੀ ਨੇ ਕਿਹਾ।
               “ਕੁੜੇ ਤੈਨੂੰ ਤਾਂ ਬਲਰਾਜ ਸ਼ਮਸ਼ਾਨਘਾਟ ਵਿੱਚ ਲੱਕੜਾ ਚੀਰਨ ਵਾਸਤੇ ਲੈ ਕੇ ਜਾਂਦਾ ਹੈ ਐਨਾ ਵੀ ਨਹੀਂ ਪਤਾ ਕਿ ਸ਼ਮਸ਼ਾਨਘਾਟ ਵਿੱਚ ਉੱਚੀ ਜਾਤੀਆਂ ਲਈ ਵੱਖਰਾ ਥੜਾ ਬਣਿਆ ਹੋਇਆ ਹੈ ਤੇ ਨੀਵੀ ਜਾਤੀ ਵਾਲਿਆਂ ਲਈ ਵੱਖਰਾ ਥੜਾ ਬਣਿਆ ਹੋਇਆ ਹੈ ਜਿੱਥੇ ਨੀਵੀਂ ਜਾਤੀ ਵਾਲੇ ਆਪਣੇ ਮੁਰਦਿਆਂ ਦਾ ਸੰਸਕਾਰ ਕਰਦੇ ਹਨ। ਪਰ ਭੋਗ ਸਮੇਂ ਬਾਣੀ ਇੱਕੋ ਹੀ ਪੜੀ ਜਾਂਦੀ ਹੈ। ਜੇ ਬਾਣੀ ਇਕੋ ਜੇਹੀ ਹੈ ਤਾਂ ਵਰਤਾਰਾ ਇੱਕੋ ਜੇਹਾ ਕਿਉਂ ਨਹੀਂ? ਮਚਾਕ ਨੇ ਕਿਹਾ।”
ਏਹੀ ਤਾਂ ਬੰਦੇ ਦਾ ਖੋਖਲਾਪਣ ਹੈ। ਇਹ ਖੋਖਲਾਪਣ ਕੱਤਕ ਦੀ ਪੂਰਨਮਾਸ਼ੀ ਨੂੰ ਵੀ ਸਾਹਮਣੇ ਆਵੇਗਾ? ਰੰਦੇ ਨੇ ਕਿਹਾ
ਉਹ ਕਿਵੇਂ? ਛੈਣੀ ਨੇ ਪੁੱਛਿਆ
“ਉਹ ਇਸ ਤਰਾਂ ਕਿ ਜਿਵੇਂ ਬਾਬੇ ਦੇ ਪ੍ਰਕਾਸ਼ ਉਤਸਵ ਤੇ ਬਾਬੇ ਨਾਨਕ ਦੇ ਜਨਮ ਦਿਨ ਨੂੰ ਮਨਹੂਸ ਬਣਾਉਣ ਵਾਲਿਆਂ ਦੇ ਲੀਹੋਂ ਲਾਹੇ ਕਈ ਖੋਖਲੇ ਮਨੁੱਖ ਕਪਾਲ ਮੋਚਨ ਤੁਰ ਜਾਣਗੇ ਤੇ ਅਖੋਤੀ ਨਾਨਕ ਨਾਮ ਲੇਵਾ ਜਾਣਗੇ ਵੀ। ਬਾਕੀ ਮਨੁੱਖ ਧਾਰਮਿਕ ਸਥਾਨਾ ਤੇ ਜਾ ਕੇ ਕੁਝ ਕਰੰਸੀ ਨੋਟ ਅਰਪਨ ਕਰਕੇ ਸਰੋਵਰ ‘ਚ ਟੁੱਭੀ ਲਗਾਕੇ ਦਿਖਾਵਾ ਕਰ ਆਉਣਗੇ ਦਿਖਾਵਾ ਇਸ ਕਰਕੇ ਕਿਕੇ ਟੁੱਭੀ ਲਾਉਣ ਨਾਲ ਵੀ ਉਹਨਾਂ ਦੇ ਅੰਦਰਲੀ ਮੈਲ ਨਹੀਂ ਧੋਤੀ ਜਾਣੀਂ। ਉਹ ਜਾਤੀ ਨਫਰਤ ਵੀ ਕਰਨਗੇ, ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢਣਗੇ, ਧਾਗੇ ਤਵੀਤ ਅਤੇ ਰਾਸ਼ੀ ਨਗ ਤਾਂ ਟੁੱਭੀ ਮਾਰਦੇ ਸਮੇਂ ਵੀ ਪਾਏ ਹੋਣਗੇ ਆਪਣੇ ਬਾਬੇ ਨਾਨਕ ਨੇ ਤਾਂ ਜਨੇਊ ਵੀ ਨਹੀਂ ਸੀ ਪਾਇਆ। ਏਹੀ ਮਨੁੱਖ ਬਾਬੇ ਨਾਨਕ ਦੇ ਨਾਮ ਲੇਵਾ ਪੈਂਚਕਾਂ ਤੇ ਗੰਡਮੂਲ ਡਾਇਰੀ ਤੋਂ ਦੇਖਕੇ ਸਾਹੇ ਧਰਨਗੇ। ਕਈ ਦੇਹਧਾਰੀ ਬਾਬਿਆਂ ਦੇ ਚਰਨੀ ਡਿੱਗ ਕੇ ਆਉਂਦੇ ਸਮੇਂ ਭੁੱਲ਼ ਜਾਣਗੇ ਕਿ ਇਹ ਬਾਬਾ ਨਾਨਕ ਤੋਂ ਮਹਾਨ ਕੋਈ ਨਹੀ ਬਣ ਸਕਦਾ। ਇਹ ਲੋਕ ਬਾਬਿਆ ਦੀ ਸੇਵਾ ਲਈ ਦੇਵਦਾਸੀਆਂ ਵਾਂਗ ਧੀਆਂ ਭੈਣਾਂ ਨੰ ਵੀ ਉਥੇ ਸੇਵਾ ਕਰਨ ਲਈ ਛੱਡਕੇ ਆਉਣਗੇ। ਫਿਰ ਬਾਬੇ ਨਾਨਕ ਦੀ ਫੋਟੋ ਦੇ ਬਰਾਬਰ ਆਪਣੇ ਨਿੱਜੀ ਬਾਬੇ ਦੀ ਫੋਟੋ ਅੱਗੇ ਵੀ ਘਿਓ ਦਾ ਦੀਵਾ ਬਾਲਣਗੇ। ਧੂਫ ਲਗਾਉਣਗੇ।ਰਾਤ ਨੂੰ ਬਿਜਲੀ ਦੀਆਂ ਲੜੀਆਂ ਜਗਾ ਲੈਣਗੇ। ਮਿਠਿਆਈ ਦੇ ਡੱਬੇ ਚੋਂ ਚਾਰ ਪੰਜ ਲੱਡੂ ਗੁਰਦੁਆਰੇ ਦੇ ਕੇ ਬਾਕੀ ਆਪ ਖਾ ਲੈਣਗੇ। ਦੋ-ਚਾਰ ਆਤਸ਼ਬਾਜੀਆਂ ਤੇ ਭੂੰਗ ਪਟਾਕੇ ਚਲਾ ਕੇ ਸਿਰ ਹੇਠਾਂ ਬਾਂਹ ਦੇ ਕੇ ਸੌ ਜਾਣਗੇ। ਬਾਬਾ ਨਾਨਕ ਦੇ ਫਲਸਫੇ ਵਲੋਂ ਤਾਂ ਉਂਜ ਵੀ ਸਦੀਆਂ ਤੋਂ ਬੰਦੇ ਸਿਰ ਥੱਲੇ ਬਾਂਹ ਦੇ ਕੇ ਸੁੱਤੇ ਪਏ ਹਨ। ਬਾਬਾ ਨਾਨਕ ਤਾਂ ਇਸ ਵਰਤਾਰੇ ਬਾਰੇ ਉਚਾਰ ਵੀ ਗਏ ਹਨ ਕਿ ਨਾਵਣ ਚੱਲ਼ੇ ਤੀਰਥੀ ਮਨ ਖੋਟੇ ਤਨ ਚੋਰਾ” ਮਚਾਕ ਨੇ ਕਿਹਾ।
                 “ਬਾਬਾ ਫਿਰ ਮੈਂ ਐਵੇਂ ਹੀ ਬਦਨਾਮ ਹਾਂ ਕਿ ਆਰੀ ਦੇ ਐਨੇ ਦੰਦੇ ਐ ਕਿ ਗਿਣੇ ਨਹੀਂ ਜਾ ਸਕਦੇ ਪਰ ਬੰਦੇ ਦੇ ਜੀਭ ਤਾਂ ਇੱਕ ਹੈ ਪਰ ਇਸਦੇ ਦੰਦਿਆਂ ਨੂੰ ਦੰਦ ਲੁਕੋ ਲੈਂਦੇ ਹਨ ਜੋ ਆਪਣੀਂ ਹੀ ਜੀਭ ਨਾਲ ਹੀ ਧੀਆਂ ਭੈਣਾਂ ਪ੍ਰਤੀ ਗੰਦੇ ਗੀਤ ਗਾ ਕੇ ਜਾਂ ਲੜਦੇ ਸਮੇਂ ਗਾਲਾਂ ਕੱਢ ਕੇ ਵੱਢ ਦੇ ਹਨ।ਪੰਜ ਸਾਲ ਤੋਂ ਲੈ ਕੇ ੭੦ ਸਾਲ ਦੀ ਮਾਈ ਦੀ ਬਾਬੇ ਦੀ ਇਸ ਧਰਤੀ ਤੇ ਇੱਜਤ ਆਬਰੂ ਸੁਰੱਖਿਤ ਨਹੀਂ” ਆਰੀ ਨੇ ਕਿਹਾ।
“ਧੀਏ ਬਿਲਕੁਲ ਠੀਕ ਕੂਕਰ ਵੀ ਰਾਖੀ ਲਈ ਭੌਂਕ ਕੇ ਵਿੜਕ ਦਿੰਦਾ ਹੈ ਤੇ ਬੰਦਾ ਅਜਿਹੇ ਗੀਤ ਗਾ ਕੇ ਮਾਂ-ਬਾਪ ਨੂੰ ਧੀਆਂ-ਭੈਣਾਂ ਪ੍ਰਤੀ ਕਿਹੜੀ ਵਿੜਕ ਦਿੰਦਾ ਹੈ? ਇਹ ਵਿੜਕ ਵੀ ਬਾਬੇ ਨਾਨਕ ਤੋਂ ਬਿਨਾ ਕਿਸੇ ਨਹੀਂ ਦਿੱਤੀ ਜਿਸਨੇ ਉਚਾਰਿਆ ਕਿ ਉਸ ਮਾਂ ਭੈਣ ਧੀ ਨੂੰ ਮੰਦਾ ਕਿਉਂ ਬੋਲਿਆ ਜਾਵੇ ਜੋ ਰਾਜੇ ਰਾਣਿਆਂ ਨੂੰ ਹੁਨਰਮੰਦ ਹੱਥਾਂ ਤੇ ਸਾਰੇ ਮਨੁੱਖਾਂ ਨੂੰ ਜਨਮ ਦਿੰਦੀ ਹੈ।ਪਰ ਆਪਣਾ ਬਲਰਾਜ ਇੰਜ ਨਹੀਂ ਬੋਲਦਾ ਜੇ ਸਾਡੇ ਵਿਚੋਂ ਕੋਈ ਉਸਦੇ ਚੁਭ ਜਾਵੇ ਜਾ ਲੱਗ ਜਾਵੇ ਤੇ ਖੂਨ ਨਿਕਲ ਆਵੇ ਤਾਂ ਏਹੀ ਕਹੂ÷ਮੁਆਫ ਕਰਨਾ ਪੁੱਤਰੋ ਮੇਰੇ ਤੋਂ ਹੀ ਗਲਤੀ ਹੋਈ ਐ” ਐਹੋ ਜੇ ਬਲਰਾਜ ਵਰਗਿਆਂ ਨੇ ਜਦ ਆਪਣਿਆਂ ਸਾਰਿਆਂ ਔਜ਼ਾਰਾਂ ਦੀ ਤਾਕਤ ਇਕੱਠੀ ਕਰਕੇ ਇਹਨਾਂ ਮਾਇਆ ਧਾਰੀ ਪਖੰਡੀਆਂ ਅਤੇ ਜਬਰ ਜੁਲਮ ਤੇ ਹਥੋੜੇ, ਤੇਸੀ, ਆਰੀ ਅਤੇ ਰੰਦੇ ਨੂੰ ਕਿਰਤ ਲੁਟੇਰਿਆਂ ਤੇ ਫੇਰਿਆ ਉਸ ਦਿਨ ਭਾਈ ਲਾਲੋਆਂ ਦਾ ਰਾਜ ਆਜੂ। ਇਹ ਲਿਆਉਣ ਲਈ ਔਜਾਰਾਂ ਦੇ ਬਲ ਦੀ ਲੋੜ ਹੈ”। ਮਚਾਕ ਨੇ ਕਿਹਾ। ਕਾਰਖਾਨੇ ਦੇ ਬਾਹਰ ਪੈੜ ਚਾਲ ਸੁਣਾਈ ਦਿੱਤੀ।ਜਿੰਦਰੇ ਵਿਚ ਚਾਬੀ ਲੱਗਣ ਤੇ ਅਰਲ ਖੜਕਣ ਦੀ ਅਵਾਜ਼ ਆਈ। ਔਜਾਰਾਂ ਦੀ ਗੁਫਤਗੂ ਨੇ ਕੰਨ ਚੁਕਦਿਆਂ ਕਿਹਾ, ਹੈਂ! ਦਿਨ ਚੜ ਗਿਆ ਪਤਾ ਈ ਨਹੀਂ ਲੱਗਾ। ਲਓ ਬਈ ਬਲਾਰਜ ਆ ਗਿਆ ਹੈ।ਆਓ ਉਸਦੀ ਸੁੱਚੀ ਕਿਰਤ ਦੇ ਹੱਥਾਂ ਦੀ ਛੋਹ ਨੂੰ ਪਾਈਏ, ਤੈਸੇ ਨੇ ਅਗਾੜੀ ਜੇਹੀ ਭੰਨਦਿਆਂ ਕਿਹਾ ਅਤੇ ਕਾਰਖਾਨੇ ਵਿੱਚ ਚੁੱਪ ਛਾ ਗਈ।
ਬਲਰਾਜ ਦੀ ਥਾਂ ਬਾਰ ਖੋਲਕੇ ਉਸਦਾ ਦਸਵੀਂ ਵਿੱਚ ਪੜਦਾ ਮੁੰਡਾ ਆਇਆ ਤੇ ਤੇਸੇ ਨਾਲ ਲੱਕੜ ਦੇ ਲਾਹੇ ਸੱਕ ਨੂੰ ਬੋਰੀ ਵਿੱਚ ਭਰਨ ਲੱਗਾ ਤਾਂ ਜੋ ਉਸਦੀ ਮਾਂ ਚੁੱਲੇ ‘ਚ ਇਹ ਸੱਕ ਬਾਲ ਕੇ ਰੋਟੀ ਟੁੱਕ ਜਾਂ ਚਾਹ ਦਾ ਆਹਰ ਕਰ ਲਵੇ।
“ਓ ਬਈ ਸੀ ਤੇ ਤੇਰਾ ਬਾਪੂ ਕਿੱਥੇ ਐ?” ਇੱਕ ਅਧਖੜ ਉਮਰ ਦੇ ਕਿਰਤੀ ਬੰਤ ਸਿੰਘ ਨੇ ਪੁੱਛਿਆ
“ਓ ਤਾਂ ਤਾਇਆ ਸ਼ਹਿਰ ਮਜ਼ਦੂਰ ਚੌਕ ‘ਚ ਪੰਜ ਸੱਤ ਦਿਨ ਦਿਹਾੜੀ ਉਡੀਕਣ ਗਿਆ ਹੈ ਮੇਰੀ ਦਸਵੀਂ ਦੀ ਡੇਢ ਹਜ਼ਾਰ ਦਾਖਲਾ ਫੀਸ ਸਕੂਲ ਭਰਨੀ ਐ?” ਮੁੰਡੇ ਨੇ ਕਿਹਾ
“ਜੇ ਦਿਹਾੜੀ ਨਾ ਮਿਲੀ ਤਾਂ? ਹੁਣ ਕੰਮ ਦੀ ਰੁੱਤ ਨਹੀਂ ਹੈ ਮੌਸਮ ਠੀਕ ਨਹੀਂ ਹੈ ਕੱਚੇ ਜੇਹੇ ਦਿਨ ਨੇ ਪੁੱਤਰ” ਬੰਤ ਸਿੰਘ ਨੇ ਕਿਹਾ
“ਤਾਇਆ ਜੇ ਕੰਮ ਨਾ ਮਿਲਿਆ ਤਾਂ ਉਹ ਬੇਬੇ ਦੀ ਚੁਆਨੀ ਭਰ ਦੀ ਛਾਪ ਵੇਚਕੇ ਜਾਂ ਗਹਿਣੇ ਧਰਕੇ ਕੁਝ ਲੈ ਆਊ ਜੇ ਦਾਖਲਾ ਨਾ ਭਰਿਆ ਤਾਂ ਸਾਲ ਖਰਾਬ ਹੋਜੂ ਹੋਰ ਤਾਇਆ ਤੇਰਾ ਕੀ ਕੰਮ ਐਂ? ਮੈਂ ਬਾਪੂ ਨੂੰ ਦੱਸ ਦੂੰ” ਮੁੰਡੇ ਨੇ ਲੱਕੜ ਦੇ ਸੱਕ ਦੀ ਬੋਰੀ ਨੰ ਮੋਢੇ ਤੋਂ ਦੀ ਢੂਹੀ ਨਾਲ ਲਮਕਾਉਂਦਿਆ ਕਿਹਾ
“ਪੁੱਤ ਮੈਂ ਤਾਂ ਆਇਆ ਸੀ ਕਿ ਉਹ ਸ਼ਹਿਰੋਂ ਮੇਰੇ ਲਈ ਕੁਝ ਡਾਂਗਾ ਲਿਆ ਦਿੰਦਾ ਜਾਂ ਅਸੀ ਤੂਤ ਛਾਂਗੇ ਐ ਉਹਦੀਆਂ ਬਣਾ ਦਿੰਦਾ” ਬੰਤ ਸਿੰਘ ਨੇ ਕਿਹਾ
“ਤਾਇਆ ਐਨੀਆਂ ਡਾਗਾਂ ਕੀ ਗੱਲ਼ ਹੋ ਗਈ।” ਮੁੰਡੇ ਨੇ ਪੁੱਛਿਆ।
ਪੁੱਤ ਰਾਤ ਨੰ ਵੇਹਲੜ ਵੱਗ ਕਿਰਤ ਦਾ ਉਜਾੜਾ ਕਰ ਜਾਂਦੇ ਹਨ। ਮੰਡੀ ਵਿੱਚ ਵੀ ਵੇਚਣ ਸਮੇਂ ਏਹੀ ਹਾਲ ਹੁੰਦਾ ਐ।ਖਰੀਦਦਾਰਾਂ ਦੀ ਕੰਡੀ ਤੇ ਕੁੰਡੀ ਹੱਥੋਂ ਵੀ ਖੁਆਰ ਹੋਣਾ ਪੈਂਦਾ ਹੈ। ਉਹਨਾਂ ਲਈ ਚਾਹੀਦੀਆਂ ਸੀ ਹੁਣ ਆਪਣੀ ਰਾਖੀ ਤਾਂ ਆਪ ਕਰਨੀ ਪੈਣੀ ਐ ‘ਬੰਤ ਸਿੰਘ ਨੇ ਕਿਹਾ’
“ਚੰਗਾ ਤਾਇਆ ਮੈਂ ਕਹਿ ਦੇਵਾਂਗਾ” ਮੁੰਡੇ ਨੇ ਕਰਖਾਨੇ ਦਾ ਬਾਰ ਬੰਦ ਕੀਤਾ ਤਾਂ ਅੰਦਰ ਹਨੇਰਾ ਹੋ ਗਿਆ ਪਰ ਭਾਈ ਲਾਲੋ ਦੇ ਕਿਰਤੀ ਸੰਦਾਂ ਨੇ ਇਹ ਗੱਲ ਸੁਣੀ ਤਾਂ ਇੰਜ ਲੱਗਾ ਜਿਵੇਂ ਉਹਨਾਂ ਦੀਆਂ ਤਿੱਖੀਆਂ ਕੀਤੀਆਂ ਧਾਰਾਂ ਤੇ ਜਿਵੇਂ ਬਾਬੇ ਨਾਨਕ ਦੀ ਅਲੌਕਿਕ ਰੋਸ਼ਨੀ ਪੈ ਗਈ ਹੋਵੇ।

——————————————————————–

ਢਿੱਲੋਂ ਵਰਗਾ ਜਵਾਈ

– ਰਮਨਦੀਪ ਬਰਾੜ
                ਸਵੇਰੇ ਦੇ ਕਰੀਬ 4 ਵਜੇ ਸੀ, ਅਜੇ ਗੁਰਦੁਵਾਰੇ ਵਾਲੇ ਬਾਬੇ ਨੇ ਪਾਠ ਪੜ੍ਹਨਾ ਨਹੀਂ ਸ਼ੁਰੂ ਕੀਤਾ ਸੀ। ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ। ਮਾਰਚ ਦੇ ਪਹਿਲੇ ਹਫ਼ਤੇ ਦੇ ਦਿਨ ਸਨ। ਅਜੇ ਵੀ ਠੰਢ ਨੇ ਪੂਰੀ ਤਰ੍ਹਾ ਨਾਲ ਅਲਿਵਦਾ ਨਹੀਂ ਸੀ ਕਹੀ। ਮੰਮੀ ਨੇ ਮੈਨੂੰ ਤੇ ਮੇਰੇ ਭਰਾ ਹੈਰੀ ਨੂੰ ਭਰੀਆਂ ਅੱਖਾਂ ਨਾਲ ਉਠਾਇਆ, ਅੱਗੇ ਕਦੇ ਐਨਾ ਜਲਦੀ ਅਸੀਂ ਜਾਗੇ ਨਹੀਂ ਸੀ। ਅੱਜ ਜਗਾਉਣ ਦੇ ਮਤਲਬ ਸ਼ਾਇਦ ਲਗਭਗ ਅਸੀਂ ਮੰਮੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਮਝ ਚੁੱਕੇ ਸੀ। ਪਿਛਲੇ ਕਈ ਦਿਨਾਂ ਤੋਂ ਸਾਡੇ ਦਾਦੇ ਦੇ ਭਰਾ ਦੀ ਤਬੀਅਤ ਕੁਝ ਜਿਆਦਾ ਹੀ ਖਰਾਬ ਚਲ ਰਹੀ ਸੀ। ਜਲਦੇਵ ਸਿੰਘ ਜਿਹੜਾ ਜਵਾਨੀ ਵੇਲੇ ਪੂਰਾ ਟੌਹਰੀ ਤੇ ਖਾਣ-ਪੀਣ ਦਾ ਸ਼ੋਕੀਨ, ਪੱਟ ਤੇ ਮੋਰਨੀ, ਗੁੱਟ ਤੇ ਹਰ ਵਕਤ ਘੜੀ, ਡੱਬੀਆਂ ਵਾਲਾ ਚਾਦਰਾ, ਚਿੱਟਾ ਕੁੜਤਾ ਤੇ ਨੀਲੀ ਪੱਗ ਉਸਦੀ ਦਿੱਖ ਨੂੰ ਕਿਸੇ ਮੰਤਰੀ ਦੀ ਦਿੱਖ ਨਾਲੋ ਘੱਟ ਨਹੀਂ ਬਣਾਉਦੀ ਸੀ।
             ਵਿਆਹ ਹੋਇਆ ਤਾਂ ਉਸ ਬੇਬੇ ਕੋਲ ਕੋਈ ਔਲਾਦ ਨਾ ਹੋਣ ਕਰਕੇ ਬਾਬੇ ਦਾ ਦੂਜਾ ਵਿਆਹ ਕਰ ਦਿੱਤਾ। ਰੱਬ ਨੇ ਉਹਨਾਂ ਘਰੇ ਬਹੁਤ ਸਾਲਾਂ ਬਾਅਦ ਕੁੜੀ ਦੀ ਦਾਤ ਝੋਲੀ ਪਾਈ। ਉਸ ਤੋਂ ਬਾਅਦ ਵੀ ਕੋਈ ਔਲਾਦ ਨਾ ਹੋਈ। ਜਦ ਵੀ ਕਿਸੇ ਨੇ ਗੱਲ ਕਰਨੀ ਤਾਂ ਕਹਿਣਾ ,’ਵਿਚਾਰੇ ਜਲਦੇਵ ਦੇ ਤਾਂ ਰੱਬ ਨੇ ਦੋ ਵਿਆਹਾਂ ਪਿੱਛੋਂ ਵੀ ਮੁੰਡੇ ਦਾ ਮੂੰਹ ਨਾ ਵਿਖਾਇਆ, ਕੱਲੀ ਕੱਲੀ ਕੁੜੀ ਹੀ ਹੈ।’ ਲੋਕਾਂ ਦੀਆ ਕਿੰਨੀਆਂ ਹੀ ਗੱਲਾਂ ਉਹ ਸੁਣਦਾ ਰਹਿੰਦਾ ਪਰ ਫਿਰ ਵੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਅਤੇ ਉਸ ਨੇ ਆਪਣੀ ਕੁੜੀ ਨੂੰ ਮੁੰਡੇ ਵਾਂਗ ਹੀ ਪਾਲਿਆ। ਬੜੇ ਪਿਆਰ ਨਾਲ ਉਸਦਾ ਨਾਮ ਇੰਦਰਜੀਤ ਕੌਰ ਰੱਖਿਆ, ਘਰੇ ਸਭ ਪਿਆਰ ਨਾਲ ਰਾਣੀ ਕਹਿੰਦੇ।
              ਰਾਣੀ ਵੱਡੀ ਹੋਈ ਤਾਂ ਉਸ ਲਈ ਮੁੰਡਾ ਲੱਭਣਾ ਸ਼ੁਰੂ ਕੀਤਾ ਤਾਂ ਜਲਦੇਵ ਦੇ ਮਨ ਵਿਚ ਇੱਕ ਗੱਲ ਜਰੂਰ ਆਉਂਦੀ ਕਿ ਕੱਲ੍ਹ ਨੂੰ ਉਸ ਨੂੰ ਘਰ ਜਵਾਈ ਬਣਾ ਕੇ ਰੱਖਣਾ ,ਕੀ ਪਤਾ ਕਿਹੋ ਜਿਹਾ ਮੁੰਡਾ ਉਸ ਦੀ ਰਾਣੀ ਲਈ ਮਿਲੇਗਾ ?
ਅੰਤ ਰੱਬ ਦੇ ਹੱਥ ਡੋਰ ਛੱਡ ਕੇ ਰਾਣੀ ਦਾ ਵਿਆਹ ਸੁਖਦੀਪ ਢਿਲੋਂ ਨਾਮ ਦੇ ਮੁੰਡੇ ਨਾਲ ਹੋ ਗਿਆ। ਭਾਵੇਂ ਰਾਣੀ ਦਾ ਸਕਾ ਭਰਾ ਕੋਈ ਨਹੀਂ ਸੀ ਪਰ ਤਾਏ ਚਾਚੇ ਦੇ ਮੁੰਡਿਆ ਨੇ ਸਕੇ ਭਰਾਵਾਂ ਵਾਂਗੂੰ ਰਾਣੀ ਦੇ ਵਿਆਹ ਦੀ ਵਾਗ ਡੋਰ ਸਾਂਭੀ। ਸਭ ਬੜੇ ਹੀ ਖੁਸ਼ ਸਨ ਕਿ ਜਲਦੇਵ ਦੇ ਘਰ ਵੀ ਰੋਣਕ ਆਈ। ਥੋੜੇ ਹੀ ਸਾਲਾਂ ਬਾਅਦ ਰਾਣੀ ਤੇ ਸੁਖਦੀਪ ਆਪਣੇ ਪੁੱਤਰ ਰਿਪਨ ਨਾਲ ਪੱਕਾ ਹੀ ਜਲਦੇਵ ਦੇ ਘਰ ਰਹਿਣ ਆ ਗਏ। ਇੱਥੇ ਆ ਕੇ ਸੁਖਦੀਪ ਨੇ ਸਾਰਾ ਕੰਮ ਸਾਂਭਿਆ, ਕਦੇ ਕਿਸੇ ਚੀਜ਼ ਜਾਂ ਕੰਮ ਪਿਛੇ ਜਲਦੇਵ ਦੀ ਪਿੱਠ ਨਾ ਲੱਗਣ ਦਿੱਤੀ। ਹਰ ਕੰਮ ਉਸ ਨੇ ਆਪ ਕਰਨਾ ਤੇ ਜੇ ਕਦੇ ਕਿਸੇ ਆਂਢ ਗੁਆਂਢ ਨੂੰ ਵੀ ਕੋਈ ਕੰਮ ਹੁੰਦਾ ਤਾਂ ਕਦੇ ਕਿਸੇ ਨੂੰ ਜਵਾਬ ਨਾ ਦੇਣਾ। ਬੱਚਿਆਂ ਦੇ ਨਾਲ ਨਾਲ ਬਾਕੀ ਸਾਰੇ ਜਣੇ ਵੀ ਉਸ ਨੂੰ ਪਿਆਰ ਨਾਲ ਢਿਲੋਂ ਫੁੱਫੜ ਜੀ ਹੀ ਆਖਦੇ , ਹਾਸੀ ਮਜ਼ਾਕ ਵਾਲੇ ਸੁਭਾਅ ਕਾਰਨ ਪਤਾ ਹੀ ਨੀ ਲੱਗਿਆ ਸਭ ਦੇ ਦਿਲ ਵਿਚ ਕਦੋ ਆਪਣੀ ਇੱਕ ਜਗ੍ਹਾ ਬਣਾ ਲਈ। ਸਭ ਨੂੰ ਇੰਝ ਹੀ ਲੱਗਦਾ ਕਿ ਢਿਲੋਂ ਬਾਬੇ (ਜਲਦੇਵ ਸਿੰਘ) ਦਾ ਹੀ ਮੁੰਡਾ ਹੈ ਤੇ ਕਈ ਸਾਲਾਂ ਤੋ ਸਾਡੇ ਵਿਚ ਹੀ ਰਹਿ ਰਿਹਾ ਹੈ। ਸਭ ਕੁਝ ਵਧੀਆ ਚਲ ਰਿਹਾ ਸੀ ਰਾਣੀ ਕੋਲ ਇੱਕ ਨੰਨੀ ਪਰੀ ਨੇ ਜਨਮ ਲਿਆ, ਜਿਸ ਦੀ ਖੁਸ਼ੀ ਵਿਚ ਢਿਲੋਂ ਨੇ ਨਿੰਮ ਬੰਨ੍ਹੀਂ ਤੇ ਮੁੰਡਿਆਂ ਬਰੋਬਰ ਹੀ ਚਾਅ ਮਨਾਇਆ। ਪਿੰਡ ਵਿਚ ਕਈਆਂ ਨੇ ਇਸ ਗੱਲ ਨੂੰ ਬੜੇ ਚਾਅ ਨਾਲ ਮਨਾਇਆ ਪਰ ਕੁਝ ਦੇ ਮੂੰਹੋਂ ਇਹ ਵੀ ਸੁਣਿਆ ਵੀ ,’ਬਈ ਕੁੜੀ ਹੋਈ ਤੋਂ ਐ ਥੋੜੀ ਕਰੀਦਾ। ‘
            ਚਲੋ ਸਾਰਿਆ ਨੂੰ ਤਾਂ ਰੱਬ ਵੀ ਨੀ ਖੁਸ਼ ਕਰ ਸਕਦਾ। ਹੱਸਦੇ ਖੇਡਦੇ ਦਿਨ ਲੰਘਦੇ ਗਏ ਪਰ ਜਲਦੇਵ ਸਿੰਘ ਦੀ ਤਬੀਅਤ ਹੁਣ ਕੁਝ ਠੀਕ ਨਹੀ ਰਹਿੰਦੀ ਸੀ। ਪਰ ਬੜਕ ਉਹ ਆਵਦੀ ਪਹਿਲਾਂ ਵਾਲੀ ਹੀ ਰੱਖਦਾ, ਕਦੇ ਕਦੇ ਢਿਲੋਂ ਨੂੰ ਇਥੋਂ ਤੱਕ ਵੀ ਕਹਿ ਦਿੰਦਾ ਕਿ ਇਹ ਮੇਰੀ ਜਮੀਨ ਹੈ । ਤੇਰਾ ਇਥੇ ਕੁਝ ਨਹੀ।
           ਪਰ ਸਖਤ ਤਾਹਨੇ ਮਿਹਣੇ ਸੁਣਨ ਦੇ ਬਾਵਜੂਦ ਵੀ ਕਦੇ ਢਿੱਲੋਂ ਨੇ ਮੱਥੇ ਵੱਟ ਨਹੀਂ ਪਾਇਆ ਸੀ । ਉਹ ਸਾਰਾ ਦਿਨ ਜਲਦੇਵ ਦੀ ਦੇਖਭਾਲ ਵਿੱਚ ਲੱਗਾ ਰਹਿੰਦਾ ਤੇ ਨਾਲ ਦੀ ਨਾਲ ਬਾਕੀ ਰੁਝੇਵੇ ਵੀ ਮਿਟਾਉਦਾ, ਕਦੇ ਖੇਤ ਦਾ ਕੰਮ, ਕਦੇ ਕੋਈ ਰਿਸ਼ਤੇਦਾਰੀ ਦਾ ਕੰਮ ਤੇ ਕਦੇ ਕਿਸੇ ਜਵਾਕ ਦਾ ਕੰਮ ਕਦੇ ਕੋਈ,,, ਉਸਦੀ ਜਿੰਦਗੀ ਐਨੀ ਉਲਝ ਗਈ ਕਿ ਉਸ ਨੂੰ ਆਪਣੇ ਲਈ ਤਾਂ ਸ਼ਾਇਦ ਟਾਇਮ ਹੀ ਨੀ ਸੀ ਮਿਲਦਾ। ਹੌਲੀ ਹੌਲੀ ਜਲਦੇਵ ਸਿੰਘ ਦੀ ਤਬੀਅਤ ਐਨੀ ਜ਼ਿਆਦਾ ਵਿਗੜ ਗਈ ਕਿ ਉਹ ਆਪਣਾ ਆਪ ਵੀ ਨਾ ਸੰਭਾਲ ਸਕਦਾ। ਹੁਣ ਉਸ ਨੂੰ ਢਿੱਲੋਂ ਆਪ ਹੀ ਨਹਾਉਦਾ, ਬਾਥਰੂਮ ਲਿਜਾਂਦਾ, ਖਵਾਉਂਦਾ, ਦਵਾਈ ਦਿੰਦਾ, ਸਭ ਕੁਝ ਕਰਦਾ।
            ਜਦੋ ਬਾਕੀ ਘਰਾਂ ਦਾ ਪਿੰਡ ਜਾਂ ਆਂਢ ਗੁਆਂਢ ਚੋਂ ਕੋਈ ਵੀ ਖਬਰ ਲੈਣ ਜਾਂਦਾ ਤਾਂ ਉਸਦੀ ਐਨੀ ਸੇਵਾ ਕਰਦੇ ਢਿਲੋਂ ਨੂੰ ਦੇਖ ਕਿ ਘਰ ਆ ਕੇ ਜ਼ਰੂਰ ਕਹਿੰਦੇ ,” ਢਿਲੋਂ ਜਿੰਨੀ ਸੇਵਾ ਤਾਂ ਕੋਈ ਸਕਾ ਮੁੰਡਾ ਵੀ ਨਹੀਂ ਕਰਦਾ।
ਦਿਨ ਪੈਂਦੇ ਗਏ ਜਲਦੇਵ ਦੀ ਤਬੀਅਤ ਵਿਚ ਕੋਈਫਰਕ ਨਾ ਪਿਆ, ਤੇ ਅਖੀਰ ਸਵੇਰੇ ਚਾਰ ਵਜੇ ਉਸ ਨੇ ਆਪਣੇ ਅੰਤਿਮ ਸਵਾਸ ਤਿਆਗ ਦਿੱਤਾ।
            ਮੰਮੀ ਨੇ ਜਦ ਸਾਨੂੰ ਉਠਾਕੇ ਕਿਹਾ ਕਿ ਬਾਬਾ ਜਲਦੇਵ ਸਿਓਂ ਪੂਰਾ ਹੋ ਗਿਆ ਤਾਂ ਮੇਰੇ ਅੱਖਾਂ ਅੱਗੇ ਇਕਦਮ ਹਨੇਰਾ ਆ ਗਿਆ। ਭਾਵੇਂ ਬਾਬੇ ਦੀ ਹਾਲਤ ਦੇਖ ਕੇ ਇਸ ਦਿਨ ਦਾ ਪਤਾ ਸੀ ,ਪਰ ਫਿਰ ਵੀ ਮਨ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ। ਅਸੀਂ ਤੇ ਸਭ ਢਿੱਲੋਂ ਕੇ ਘਰ ਚਲੇ ਗਏ। ਬਾਕੀ ਲੋਕ ਵੀ ਉਹਨਾਂ ਦੇ ਘਰ ਆਏ ਬੈਠੇ ਸਨ, ਪਿਓ ਦਾ ਸਿਰ ਤੋ ਹੱਥ ਉੱਠ ਜਾਣ ਦਾ ਦੁੱਖ ਸ਼ਾਇਦ ਹੀ ਰਾਣੀ ਤੋਂ ਵੱਧ ਕੋਈ ਸਮਝ ਨਹੀ ਸਕਦਾ ਸੀ। ਪਰ ਮੈ ਉਹ ਦੁੱਖ ਢਿਲੋਂ ਫੁੱਫੜ ਦੀਆਂ ਅੱਖਾਂ ਵਿਚ ਵੀ ਦੇਖਿਆ। ਸਭ ਨੂੰ ਰੋਂਦਾ ਦੇਖ ਸ਼ਾਇਦ ਰੱਬ ਵੀ ਇਕ ਵਾਰ ਪਛਤਾਇਆ ਹੋਵੇ ਕਿ ਕਿਤੇ ਉਸ ਤੋਂ ਕੋਈ ਗਲਤੀ ਤਾਂ ਨਹੀਂ ਹੋਗੀ। ਰਿਸ਼ਤੇਦਾਰਾਂ ਨੂੰ ਆਉਂਦਿਆਂ ਕਰਦਿਆ ਵਾਹਵਾ ਦਿਨ ਚੜ੍ਹ ਗਿਆ। ਨੇੜੇ ਵਾਲੇ ਰਿਸ਼ਤੇਦਾਰ ਤਾਂ 8ਕੁ ਵਜੇ ਤੱਕ ਆ ਗਏ ਸੀ ਪਰ ਦੂਰ ਵਾਲੇ ਅਜੇ ਆ ਰਹੇ ਸੀ। ਜਿਸ ਨੂੰ ਜਿਵੇਂ ਪਤਾ ਲੱਗਦਾ ਸੀ ਉਹ ਉਸੇ ਵਕਤ ਭੱਜਿਆ ਆਉਦਾ ਸੀ। 11ਕੁ ਵਜੇ ਦੇ ਕਰੀਬ ਅੰਤਿਮ ਸੰਸਕਾਰ ਹੋਇਆ ਤਾਂ ਇਕੱਠ ਐਨਾ ਸੀ ਕਿ ਕੁਝ ਕ ਤਾਂ ਬਾਬੇ ਦੇ ਵਧੀਆ ਸੁਭਾਅ ਕਰਕੇ ਅਤੇ ਅੱਧੋ ਵੱਧ ਢਿਲੋਂ ਦੇ ਮਿਲਵਰਤਨ ਕਰਕੇ। ਸੰਸਕਾਰ ਕਰਾ ਕੇ ਕੁਝ ਸਿੱਧਾ ਆਪਣੇ ਘਰ ਚਲ ਗਏ ਅਤੇ ਕੁਝ ਢਿਲੋਂ ਦੇ ਘਰੇ ਆ ਗਏ। ਸਾਰੇ ਢਿਲੋਂ ਤੇ ਰਾਣੀ ਨੂੰ ਦਿਲਾਸਾ ਦਿੰਦੇ ,’ਤੁਸੀ ਤਾਂ ਭਾਈ ਸੇਵਾ ਵਿਚ ਕੋਈ ਕਸਰ ਨਹੀ ਸੀ ਛੱਡੀ ਪਰ ਰੱਬ ਨੇ ਲਿਖੀ ਹੀ ਐਨੀ ਸੀ ਕਰਮਾਂ ਵਿਚ।’ ਸਭ ਦੇ ਮੂੰਹੋ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਕਿ ਜਲਦੇਵ ਵਰਗੀ ਕਿਸਮਤ ਤਾਂ ਕਿਸੇ ਕਿਸੇ ਦੀ ਹੁੰਦੀ ਆ।
          ਜਿਹੜਾ ਐਨੀ ਸੇਵਾ ਅੱਜ ਤੱਕ ਕਿਸੇ ਢਿਡੋਂ ਜੰਮੇ ਨੇ ਵੀ ਸ਼ਾਇਦ ਨਾ ਕੀਤੀ ਹੋਵੇ, ਉਹ ਉਸ ਤੋਂ ਵੱਧ ਆਪਣੇ ਜਵਾਈ ਹੱਥੋਂ ਕਰਾ ਗਿਆ, ਬਈ! ਪੁੱਤਾਂ ਨਾਲੋਂ ਤਾਂ ਢਿਲੋਂ ਵਰਗਾ ਜਵਾਈ ਹੀ ਚੰਗਾ।

——————————————————————–

ਕਾਣੀ ਵੰਡ (ਸੱਚੀ ਕਹਾਣੀ)

ਲੇਖਿਕਾ : ਡਾ.ਸਰਬਜੀਤ ਕੌਰ ਬਰਾੜ ਮੋਗਾ
Mob. 79866-52927

            ਜਰੂਰੀ ਨਹੀਂ ਰਿਸ਼ਤੇ ਆਪਣਿਆਂ ਨਾਲ ਹੀ ਨਿਭਾਏ ਜਾਣ ਕਈ ਵਾਰ ਰਾਹ ਜਾਂਦਿਆਂ ਜਾਂਦਿਆਂ ਵੀ ਅਜਿਹਾ ਰਿਸ਼ਤਾ ਬਣ ਜਾਂਦਾ ਹੈ ਜੋ ਤੁਹਾਨੂੰ ਮੋਹ ਤਾਂ ਲੈਂਦਾ ਹੀ ਹੈ ਇਸਦੇ ਨਾਲ ਨਾਲ ਅਭੁੱਲ ਯਾਦ ਵੀ ਬਣ ਜਾਂਦਾ ਹੈ ਕਿਉੰਕਿ ਜਾਂ ਤਾਂ ਕੋਈ ਤੁਹਾਨੂੰ ਆਪਣਾ ਸਮਝ ਕੇ ਸਵਾਲ ਪਾਉਂਦਾ ਹੈ ਜਾਂ ਫੇਰ ਬੇਬਸੀ ਤੇ ਮਜਬੂਰੀ ਕਾਰਨ।

          ਮੈ ਬਜ਼ਾਰ ਵਿੱਚੋ ਲੰਘ ਰਹੀ ਸੀ ਤਾਂ ਦੋ ਬੱਚੀਆਂ ਜੋ ਉਮਰ ਵਿੱਚ ਮਸਾਂ 4 ਕੂ ਸਾਲ ਦੀਆਂ ਹੋਣਗੀਆਂ। ਇੱਕ ਦਮ ਮੇਰੇ ਪਿੱਛੋਂ ਦੀ ਆਈਆਂ ਅਤੇ ਮੇਰੇ ਢਿੱਡ ਉਤੋਂ ਦੀ ਲੱਕ ਨੂੰ ਗਲਵੱਕੜੀ ਮਾਰ ਲਈ ਅਤੇ ਦੀਦੀ ਅਸੀਂ ਪਰੌਠਾ ਖਾਣਾ ਸਾਨੂੰ ਪਰੌਂਠਾ ਖਵਾ ਦਿਓ ਦਾ ਰੋਲਾ ਪਾਉਂਣ ਲੱਗੀਆਂ, ਪਹਿਲਾਂ ਤਾਂ ਮੈਂ ਇੱਕ ਦਮ ਠਠਿੰਬਰ ਜੇ ਗਈ। ਫੇਰ ਮੈਂ ਬੱਚੀਆਂ ਨੂੰ ਆਪਣੇ ਨਾਲੋਂ ਲਾਹਿਆ ਤੇ ਸਾਹਮਣੇ ਇੱਕ ਛੋਟੇ ਜਿਹੇ ਢਾਬੇ ‘ਚ ਪਈਆਂ ਮੇਜ ਤੇ ਕੁਰਸੀਆਂ ਕੋਲ ਜਾ ਕੇ ਕੁਰਸੀ ਤੇ ਬਿਠਾਇਆ ਅਤੇ ਪੁੱਛਿਆ ਕਿੰਨੇ ਪਰੌਂਠੇ ਖਾਣੇ। ਬੱਚੀਆਂ ਨੇ ਕਿਹਾ, “ਇੱਕ ਇੱਕ”

         ….ਆਰਡਰ ਕਰਨ ਤੇ ਇੱਕ ਪਰੌਂਠਾ ਪਲੇਟ ਵਿੱਚ ਪਾ ਕਰਿੰਦੇ ਨੇ ਮੇਰੇ ਵੱਲ ਆਪਣੀ ਬਾਂਹ ਵਧਾਈ ਤੇ ਮੈ ਪਲੇਟ ਫ਼ੜ ਬੁਰਕੀ ਤੋੜ ਬੱਚੀ ਦੇ ਮੂੰਹ ਵਿੱਚ ਪਾਈ, ਨਾਲ ਪੁਛਿੱਆ ਕੇ ਕੀ ਓਹ ਅਚਾਰ ਵੀ ਲਵੇਗੀ। ਓਸਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਆਚਾਰ ਲਗਾਕੇ ਆਲੂ ਵਾਲੇ ਪਰੌਂਠੇ ਦੀ ਦੂਜੀ ਬੁਰਕੀ ਕੁੜੀ ਦੇ ਮੂੰਹ ਵਿੱਚ ਪਾਈ। ਓਸਦੇ ਨਾਲ ਦੂਜੀ ਬੱਚੀ ਨੇ ਮੈਨੂੰ ਜੋਰ ਦੀ ਖਿੱਚ ਕੇ ਉਸਨੂੰ ਵੀ ਰੋਟੀ ਖਵਾਉਣ ਲਈ ਕਿਹਾ। ਮੈ ਦੋਨਾਂ ਨੂੰ ਰੋਟੀ ਖਵਾਉਂਦੀ ਖਵਾਉਂਦੀ ਸੁੰਨ ਜਿਹੀ ਹੋ ਗਈ ਤੇ ਉਹਨਾ ਬੱਚੀਆਂ ਦੇ ਚਿਹਰੇ ਦੀ ਚਮਕ ਤੇ ਖੁਸ਼ੀ ਦੇਖ ਸੋਚਣ ਲੱਗੀ ਕੇ ਪਤਾ ਨਹੀਂ ਇਹਨਾਂ ਦੀ ਅੰਮੜੀ ਨੂੰ ਕਿੰਨਾ ਕੂ ਕੰਮ ਹੋਣਾ ਜੋ ਇਹਨਾਂ ਲਈ ਉਸ ਕੋਲ ਸਮਾਂ ਹੀ ਨਹੀਂ, ਜਾਂ ਫਿਰ ਗਰੀਬੀ ਤੇ ਤੰਗੀ ! ਬੱਚੀਆਂ ਏਦਾ ਰੋਟੀ ਖਾ ਰਹੀਆਂ ਸਨ ਤੇ ਜਿਵੇਂ ਓਹ ਰੱਬ ਨੂੰ ਤਾਹਨਾ ਠੋਕ ਰਹੀਆਂ ਹੋਣ…

         “ਕਿਉਂ ਕਾਣੀ ਵੰਡ ਸਾਡੇ ਨਾਲ ਰੱਖੀ
ਵਿਕ ਗਿਆ ਬਚਪਨ ਸਾਡਾ ਹਾਕਮਾਂ ਹੱਥੀਂ …
ਕੇ ਰੱਬਾ ਕਦੇ ਓਹਨਾ ਦੀ ਮਾਂ ਨੂੰ ਵੀ ਦੋ ਪਲ ਉਹਨਾ ਲਈ ਸਕੂਨ ਦੇ ਦੇਦੇ ਤਾਂ ਕੇ ਕਦੀ ਮਾਂ ਦੇ ਹੱਥਾਂ ਨਾਲ ਖਾਦੀ ਰੋਟੀ ਤੇ ਗੋਦੀ ਦਾ ਨਿੱਘ ਓਹ ਵੀ ਮਾਣ ਸਕਣ, ਮੈਂ ਉਹਨਾ ਵਿੱਚ ਜਿਵੇਂ ਖੋ ਜਿਹੀ ਗਈ। ਕਿੰਨੀਆਂ ਖੁਸ਼ ਸੀ ਉਹ। ਪਤਾ ਨੀ ਕਦੋਂ ਦੀ ਭੁੱਖ ਲੱਗੀ ਹੋਣੀ ਆਂਦਰਾ ਨੂੰ ਤੇ ਏਨੇ ਨੂੰ ਢਾਬੇ ਵਾਲੇ ਭਾਈ ਦੀ ਆਵਾਜ਼ ਆਈ ਸਾਠ ਰੁਪਏ ਹੋ ਗਏ ਮੈਡਮ ਜੀ ਤੇ ਮੈਂ ਪੈਸੇ ਦੇ ਕੇ ਓਦੋਂ ਤੱਕ ਉਹਨਾ ਵੱਲ ਦੇਖਦੀ ਗਈ। ਜਦੋਂ ਤੱਕ ਉਹ ਢਾਬਾ ਮੇਰੀਆਂ ਅੱਖਾਂ ਦੇ ਓਹਲੇ ਨਹੀਂ ਹੋ ਗਿਆ ਤੇ ਮੇਰਾ ਰੱਬ ਨੂੰ ਵੀ ਜਿਵੇਂ ਸਵਾਲ ਸੀ ਕੇ ਰੱਬਾ ਜੇਕਰ ਸੱਭੇ ਏਕ ਹਨ ਫੇਰ ਇਹਨਾਂ ਨਾਲ ਕਾਣੀ ਵੰਡ ਕਿਉਂ ?

           ਕੀ ਇਹ ਵੰਡਾਂ ਤੇਰੀਆਂ ਪਾਈਆਂ?

          ਕੀ ਤੂੰ ਧੁਰ ਤੋਂ ਹੀ ਕਾਣੀ ਵੰਡ ਰੱਖੀ ਹੈ?

          ਪਰ ਇਸ ਦਾ ਜੁਆਬ ਮੈਨੂੰ ਕਿਤੋਂ ਵੀ ਨਹੀਂ ਮਿਲਣ ਵਾਲਾ ਸੀ ਅਤੇ ਮੈਂ ਆ ਕੇ ਆਪਣੇ ਕੰਮੀਂ ਧੰਦੀਂ ਲੱਗ ਗਈ ਪਰ ਇਹ ਸਵਾਲ ਮੈਂਨੂੰ ਹਜੇ ਤੱਕ ਸਤਾ ਰਿਹਾ ਸੀ।

——————————————————————–

ਦਾਜ ਦੀ ਬਲੀ

– ਪਵਨਜੀਤ ਕੌਰ (ਈਟੀਟੀ ਅਧਿਆਪਕਾਂ ਮੋਗਾ )
Mob. 97810-29785

              ਬਿਜਲੀ ਚਮਕ ਰਹੀ ਸੀ ਮੀਂਹ ਜਿੱਦਾਂ ਕੋਈ ਬੱਦਲ ਫੱਟ ਗਿਆ ਹੋਵੇ। ਤੂਫ਼ਾਨ ਝੱਖੜ ਸੀ ਬਿਜਲੀ ਚਲੀ ਗਈ ਜਸਵਿੰਦਰ ਜਿਵੇਂ ਕਾਲੇ ਬਦਲਾਂ ਵਿੱਚ ਹੀ ਖੋ ਗਈ ਲਗਦੀ ਸੀ। ਬਚਪਨ ਵਿੱਚ ਹੀ ਪਹਿਲਾਂ ਉਸ ਦੀ ਮਾਂ ਗੁਜਰ ਗਈ ਤੇ ਫਿਰ ਦੋ ਸਾਲ ਬਾਅਦ ਉਸ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ। ਉਸ ਦਾ ਪਾਲਣ-ਪੋਸ਼ਣ ਉਸ ਦੇ ਚਾਚਾ ਚਾਚੀ ਜੀ ਨੇ ਕੀਤਾ ਸੀ ਬੇਸ਼ਕ ਉਹ ਬਹੁਤ ਪਿਆਰ ਕਰਦੇ ਸਨ ਪਰ ਮਾਂ ਦੀ ਕਮੀ ਤਾਂ ਉਸ ਨੂੰ ਹਮੇਸ਼ਾਂ ਖੱਟਕਦੀ ਰਹਿੰਦੀ ਸੀ। ਮਾਂ ਪਿਓ ਤੋਂ ਬਿਨਾ ਸਾਰੇ ਚਾਅ ਅਧੂਰੇ ਹੀ ਰਹਿ ਜਾਂਦੇ ਨੇ ਉਹ ਸਹੇਲੀਆਂ ਵਿਚ ਵੀ ਬਹੁਤ ਘੱਟ ਬੋਲਦੀ ਸੀ ਬਚਪਨ ਵਿੱਚ ਉਸ ਨੇ ਕੋਈ ਸ਼ਰਾਰਤ ਨਹੀਂ ਕੀਤੀ ਸੀ। ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਜਾਂਦੀ ਸੀ ਚਾਚੀ ਆਪਣੇ ਨਾਲ ਉਸ ਨੂੰ ਘਰ ਦੇ ਕੰਮ ਸਿਖਾਉਂਦੀ ਰਹਿੰਦੀ ਸੀ । ਜਵਾਨੀ ਵਿਚ ਉਹ ਰੱਜ ਕੇ ਸੋਹਣੀ ਨਿਕਲੇ ਉਸ ਨੂੰ ਦੇਖ ਕੇ ਮਨ ਭਰਦਾ ਸੀ।

           ਇਕ ਦਿਨ ਰਿਸ਼ਤਾ ਆਇਆ ਮੁੰਡੇ ਦਾ ਚੰਗਾ ਕਾਰੋਬਾਰ ਸੀ। ਦੋਨਾਂ ਦਾ ਰਿਸ਼ਤਾ ਪੱਕਾ ਹੋਗਿਆ। ਉਸ ਪਰੀ ਨੂੰ ਜਿਵੇਂ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੋਵੇ ਉਸ ਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਦੋਨਾਂ ਦਾ ਕੁਝ ਦਿਨਾਂ ਵਿਚ ਵਿਆਹ ਦਾ ਦਿਨ ਤੈਅ ਹੋ ਗਿਆ ਹੈ ਫੇਰ ਉਸਦੇ ਸੁਪਨੇਆਂ ਦਾ ਰਾਜਕੁਮਾਰ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਗਿਆ। ਜਿਵੇਂ ਜਿਵੇਂ ਦਿਨ ਬੀਤ ਦੇ ਗਏ ਜਸਵਿੰਦਰ ਕੌਰ ਦੇ ਪਤੀ ਦੇ ਭੇਦ ਖੁੱਲ੍ਹਨੇ ਸ਼ੁਰੂ ਹੋ ਗਏ। ਉਹ ਅਤਿ ਦਾ ਸ਼ਰਾਬੀ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉਸ ਨੂੰ ਘੱਟ ਦਾਜ ਲਿਆਉਣ ਲਈ ਕੁੱਟਦਾ ਮਾਰਦਾ ਰਹਿੰਦਾ ਸੀ। ਉਹ ਉਸ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਦਾ ਰਹਿੰਦਾ ਸੀ ਉਹ ਚੀਕਾਂ ਮਾਰਦੀ ਸੀ ਪਰ ਆਂਢੀਆਂ ਗੁਆਂਢੀਆਂ ਦੀ ਹਿੰਮਤ ਹੀ ਨਹੀਂ ਸੀ ਕਿ ਉਸ ਨੂੰ ਛੁਡਾ ਸਕਣ।

          ਜਸਵਿੰਦਰ ਆਪਣੀ ਨਰਕ ਜਿਹੀ ਜ਼ਿੰਦਗੀ ਤੋਂ ਤੰਗ ਹੋ ਚੁੱਕੀ ਸੀ ਉਹ ਰੱਬ ਨੂੰ ਵੀ ਬੁਰਾ ਭਲਾ ਕਹਿੰਦੀ ਸੀ ਕਿ ਉਹ ਸਾਰੇ ਸ਼ਿਕਵੇ ਰੱਬ ਨਾਲ ਕਰਦੀ ਰਹਿੰਦੀ ਸੀ। ਉਸ ਦਾ ਦੁੱਖ ਸੁੱਖ ਸੁਣਨ ਵਾਲਾ ਵੀ ਕੋਈ ਨਹੀਂ ਸੀ। ਉਸ ਨੂੰ ਜ਼ਿੰਦਗੀ ਬੋਝ ਪ੍ਰਤੀਤ ਹੋਣ ਲੱਗੀ ਸੀ ਉਸ ਨੂੰ ਆਪਣੀ ਜ਼ਿੰਦਗੀ ਦਾ ਅੰਤ ਦਿਸ ਰਿਹਾ ਸੀ ਕਿਉਂਕਿ ਉਸ ਦਾ ਇਸ ਦੁਨੀਆਂ ਵਿੱਚ ਮਾਂ ਪਿਓ ਨਹੀਂ ਸੀ ਚਾਚਾ-ਚਾਚੀ ਨੇ ਉਸ ਦਾ ਵਿਆਹ ਕਰ ਕੇ ਆਪਣੇ ਮੋਢਿਆਂ ਉੱਤੇ ਮਸਾ ਭਾਰ ਲਾਇਆ ਸੀ। ਉਸ ਨੇ ਇੱਕ ਲੰਮਾ ਹੌਕਾ ਭਰਿਆ। ਉਸ ਨੇ ਇੱਕ ਜ਼ਹਿਰ ਦੀ ਸ਼ੀਸ਼ੀ ਲਈ ਤੇ ਆਪਣੀ ਜਿੰਦਗੀ ਖਤਮ ਕਰਨ ਦੀ ਠਾਣ ਲਈ। ਪਲਾਂ ਛਿਣਾਂ ਵਿੱਚ ਹੀ ਸਭ ਕੁਝ ਖਤਮ ਹੋ ਗਿਆ।

          ਰਾਤ ਨੂੰ ਉਸ ਦਾ ਪਤੀ ਕੰਮ ਤੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਜਸਵਿੰਦਰ ਕਿਤੇ ਨਜ਼ਰ ਨਹੀਂ ਆਈ ਉਸਨੇ ਅਵਾਜ਼ਾਂ ਮਾਰੀਆਂ ਜਦੋਂ ਕੋਈ ਜਵਾਬ ਨਾ ਆਇਆ ਉਸ ਨੇ ਕਮਰੇ ਵਿੱਚ ਦੇਖਿਆ ਕਿ ਉਹ ਬੈਡ ਤੇ ਪਈ ਸੀ ਤੇ ਉਸ ਦੇ ਹੱਥ ਵਿੱਚ ਜ਼ਹਿਰ ਦੀ ਸ਼ੀਸ਼ੀ ਸੀ। ਇਹ ਸਭ ਦੇਖ ਕੇ ਉਸ ਦੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਸਵਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਉਹੀ ਹੈ,ਉਹ ਹੀ ਉਸ ਦਾ ਅਸਲ ਕਾਤਲ। ਪਰ ਇੱਕ ਵਾਰ ਲੰਘਿਆ ਸਮਾਂ ਵਾਪਸ ਨਹੀਂ ਆ ਸਕਦਾ ਸੀ। ਅੱਜ ਰੋਣ ਤੋਂ ਸਵਾਏ ਉਸ ਦੇ ਹੱਥ ਕੁਝ ਵੀ ਨਹੀਂ ਰਿਹਾ।

———————————————————————-

ਸੁਹਾਗਣ ਜਾਂ ਅਭਾਗਣ

– ਹਰਕੀਰਤ ਕੌਰ Mob. 9779118066

               ਤੇਰੇ ਕੋਲੋਂ ਸ਼ੀਟ ਤੇ ਹੇਠਾਂ ਹੋ ਕੇ ਨਹੀਂ ਬੈਠਾ ਜਾਂਦਾ ਕਿੱਢੀ ਸਿਰੀ ਕੱਢੀ ਬਾਹਰ। ਧੋਣ ਨੀਵੀਂ ਕਰਕੇ ਬਹਿ…. ਜੇਹੜੇ ਤੂੰ ਬੇਗਾਨੇ ਬੰਦੇ ਝਾਕਦੀ ਨਾ ਤੈਨੂੰ ਘਰ ਜਾ ਕੇ ਦੱਸਦਾ ਪਤਾ… ਕਿਵੇਂ ਬੈਠੀ ਦਾ ਮੋਟਰਸਾਈਕਲ ਤੇ। ਏਨਾਂ ਸੁਣਦੇ ਹੀ ਹਰਵੰਤ ਦਾ ਕਾਲਜਾ ਕੰਬਣ ਲੱਗ ਗਿਆ। ਉਹ ਕੁਝ ਬੋਲ ਨਾ ਸਕੀ। ਬਸ ਜਿੰਨਾ ਸੁੰਗੜ ਕੇ ਬੈਠ ਸਕਦੀ ਸੀ, ਬੈਠ ਗਈ, ਤੁਰਦੇ ਗਏ ਤਾਂ ਅੱਗੇ ਫਾਟਕ ਬੰਦ ਸੀ….. ਹਰਵੰਤ ਨੂੰ ਮੋਟਰਸਾਇਕਲ ਤੇ ਸੁੰਗੜ ਕੇ ਬੈਠੀ ਨੂੰ ਵੇਖ ਲਾਗੇ ਖਲੋਤੇ ਲੋਕ ਹੱਸਣ ਜਿਹਾ ਲੱਗੇ। ਹੱਸਦੇ ਵੀ ਕਿਉਂ ਨਾ ਉਹ ਬੈਠੀ ਹੀ ਏਦਾਂ ਸੀ ਕਿ ਵੇਖਣ ਵਾਲੇ ਦਾ ਆਪ ਮੁਹਾਰੇ ਹਾਸਾ ਨਿਕਲ ਜਾਵੇ। ਗੁਲਜ਼ਾਰ ਸਿੰਘ ਨੇ ਆਸਾ ਪਾਸਾ ਭਾਂਪ ਲਿਆ, ਏਨੇ ਨੂੰ ਰੇਲਗੱਡੀ ਆਈ ਤੇ ਸਾਰਿਆਂ ਨੇ ਪਹਿਲਾਂ ਈ ਆਪਣੇ ਆਪਣੇ ਵਾਹਨਾਂ ਨੂੰ ਰੇਸ ਦੇਣੀ ਸ਼ੁਰੂ ਕਰ ਦਿੱਤੀ,ਫਾਟਕ ਖੁੱਲ੍ਹ ਗਿਆ, ਸਾਰੇ ਰਾਹੀ ਇੱਕ ਦੂਜੇ ਤੋਂ ਪਹਿਲਾਂ ਲੰਘਣ ਦੀ ਆੜ ਵਿੱਚ ਸਨ, ਚਲੋ ਫਾਟਕ ਪਾਰ ਕੀਤਾ ਤੇ ਸਾਰੇ ਆਪੋ ਆਪਣੇ ਰਸਤੇ ਨੂੰ ਪੈ ਗਏ। ਪੱਧਰੇ ਰਸਤੇ ਤੇ ਪੈਂਦਿਆਂ ਹੀ ਗੁਲਜ਼ਾਰ ਸਿੰਘ ਕਹਿਣ ਲੱਗਾ, ਜਿਹੜਾ ਤੂੰ ਲੋਕਾਂ ਨਾਲ ਮਸ਼ਕਰੀਆਂ ਵਿੱਚ ਹੱਸਦੀ ਏ ਨਾ, ਘਰ ਚੱਲ ਤੇਰੇ ਲੱਛਣ ਮੈਂ ਹਟਾਉਂਦਾ। ਘਰ ਪਹੁੰਚਦਿਆਂ ਹੀ ਉਸਨੇ ਤੂਤ ਦੀ ਛਮਕ ਫੜੀ ਤੇ ਉਸਦਾ ਸਾਰਾ ਪਿੰਡਾ ਆਲੂ ਵਾਂਗ ਛਿਲ ਦਿੱਤਾ।

              ਹਰਵੰਤ ਇੱਕ ਬਹੁਤ ਭਲੀਮਾਣਸ ਜਨਾਨੀ ਸੀ, ਰੱਬ ਨੇ ਕਰਮਾਮਾਰੀ ਨੂੰ ਹੁਸਨ ਤਾਂ ਰੱਜ ਕੇ ਦਿੱਤਾ, ਪਰ ਹੁਸਨ ਹੰਢਾ ਸਕੇ ਉਹ ਕਿਸਮਤ ਦੇਣੀ, ਭੁੱਲ ਗਿਆ। ਉਸਦਾ ਰੰਗ ਚਿੱਟਾ ਦੁੱਧ ਸੀ, ਮਾਪਿਆਂ ਦੀ ਵੱਡੀ ਧੀ ਹੱਥ ਲਾਇਆਂ ਵੀ ਮੈਲੀ ਹੁੰਦੀ ਸੀ। ਪਤਲਾ ਪਤੰਗ ਸਰੀਰ ਤੇ ਤਿੱਖੇ ਨੈਣ ਨਕਸ਼, ਏਨੀ ਸਨੁੱਖੀ ਕਿ ਕਿਸੇ ਦੇ ਮੱਥੇ ਨਾ ਲੱਗਦੀ, ਜਿਹੜਾ ਆਉਂਦਾ ਹੱਸ ਕੇ ਹਰਵੰਤ ਦੀ ਮਾਂ ਨੂੰ ਕਹਿ ਜਾਂਦਾ ਨੀ ਭੈਣਜੀ ਹਰਵੰਤ ਦਾ ਫਿਕਰ ਨਾ ਕਰਿਆ ਕਰ ਇਹਦੇ ਤੇ ਰੂਪ ਨੂੰ ਵੇਖ ਈ ਕੋਈ ਤਕੜਾ ਸਾਕ ਹੋ ਜਾਣਾ। ਲੋਕਾਂ ਦੀਆਂ ਗੱਲਾਂ ਸੁਣ ਹਰਵੰਤ ਦੀ ਮਾਂ ਵੀ ਖੁਸ਼ ਹੋ ਜਾਂਦੀ ਤੇ ਹਰਵੰਤ ਵੀ ਸੋਚਦੀ ਸ਼ਾਇਦ ਸੱਚੀ ਉਸ ਲਈ ਕੋਈ ਰਾਜਕੁਮਾਰ ਹੀ ਆਉ। ਹਰਵੰਤ ਦਾ ਘਰ ਬਾਰ ਏਨਾ ਖਾਸ ਤਾਂ ਨਹੀਂ ਸੀ , ਪਰ ਪਿਉ ਦੀ ਡੂਡ ਕੁ ਕਿੱਲਾ ਪੈਲੀ ਹੋਣ ਕਰਕੇ ਚੰਗਾ ਡੰਗ ਸਾਰੀ ਜਾਦੇਂ ਸਨ। ਬਾਰਵੀਂ ਤੋਂ ਬਾਅਦ ਹਰਵੰਤ ਪ੍ਰਾਈਵੇਟ ਬੀ. ਏ ਵੀ ਕਰੀ ਜਾਂਦੀ ਸੀ, ਆਪਣੀ ਪੜਾਈ ਦਾ ਖਰਚਾ ਉਹ ਟਿਊਸ਼ਨ ਪੜ੍ਹਾ ਕੇ ਕੱਢ ਲੈਂਦੀ, ਵਧੀਆ ਸਮਾਂ ਗੁਜ਼ਰ ਰਿਹਾ ਸੀ, ਅਚਾਨਕ ਹਰਵੰਤ ਦੇ ਪਿਤਾ ਦੀ ਸਿਹਤ ਬਹੁਤ ਖਰਾਬ ਹੋ ਗਈ, ਡਾਕਟਰਾਂ ਨੇ ਉਸਨੂੰ ਹਾਰਟ ਅਟੈਕ ਦੀ ਸ਼ਕਾਇਤ ਦੱਸੀ, ਹੁਣ ਘਰ ਦੇ ਖਰਚੇ ਦੇ ਨਾਲ ਨਾਲ ਪਿਉ ਦੀ ਬਿਮਾਰੀ ਦਾ ਖਰਚਾ ਵੀ ਸਿਰ ਆਣ ਪਿਆ। ਭਰਾ ਤੇ ਇੱਕ ਛੋਟੀ ਭੈਣ ਹਾਲੇ ਸਕੂਲ ਹੀ ਜਾਂਦੇ ਸਨ, ਘਰ ਵਿੱਚ ਕਾਫੀ ਤੰਗੀ ਆ ਗਈ, ਹਰਵੰਤ ਦਾ ਪਿਉ ਵੀ ਜਿਆਦਾ ਟਿੱਲਾ ਮੱਠਾ ਰਹਿਣ ਲੱਗਾ। ਜਿਹੜਾ ਵੀ ਭੈਣ ਭਰਾ ਹਰਵੰਤ ਦੇ ਪਿਉ ਦਾ ਪਤਾ ਲੈਣ ਆਉਂਦਾ,ਇਕੋ ਸਲਾਹ ਦਿੰਦਾ, ਵੇਖ ਭਾਈ ਰੱਬ ਤੈਨੂੰ ਤੰਦਰੁਸਤੀ ਬਖਸ਼ੇ, ਪਰ ਸਵਾਸਾਂ ਦਾ ਤਾਂ ਘੜੀ ਦਾ ਨਹੀਂ ਪਤਾ, ਜਵਾਨ ਧੀ ਏ, ਕੋਈ ਘਰ ਲੱਭ ਤੇ ਹਰਵੰਤ ਦਾ ਭਾਰ ਹੋਲਾ ਕਰ, ਪੜੀ ਲਿਖੀ ਏ ਸੋਹਣੀ ਸਨੁੱਖੀ ਵੀ ਰੱਜ ਕੇ ਏ ਹੱਸ ਕੇ ਕਿਸੇ ਵੀ ਸਾਕ ਲੈ ਜਾਣਾ। ਹਰਵੰਤ ਦੇ ਮਾਂ ਬਾਪ ਨੇ ਆਪਸ ਵਿੱਚ ਸਲਾਹ ਕੀਤੀ ਤੇ ਰਿਸ਼ਤੇਦਾਰਾਂ ਨੂੰ ਹਰਵੰਤ ਲਈ ਰਿਸ਼ਤਾ ਲੱਭਣ ਲਈ ਕਿਹਾ। ਇੱਕ ਦੋ ਥਾਂ ਦੱਸ ਪਈ , ਪਰ ਕਿਸੇ ਨੂੰ ਜਚਿਆ ਨਹੀਂ, ਫਿਰ ਇੱਕ ਦਿਨ ਹਰਵੰਤ ਦੀ ਦੂਰ ਦੀ ਮਾਸੀ ਇੱਕ ਰਿਸ਼ਤਾ ਲੈਕੇ ਆਈ, ਮੰਡਾ ਦੁਬਈ ਰਹਿੰਦਾ ਸੀ, ਅੱਠ ਕਿੱਲੇ ਜਮੀਨ ਦੇ ਵੀ ਸੀ, ਮੁੰਡਾ ਵੀ ਕੱਲਾ ਕੱਲਾ ਸੀ, ਘਰਦਿਆਂ ਨੂੰ ਘਰਬਾਰ ਤਾਂ ਠੀਕ ਲੱਗਾ, ਸੋਚਿਆ ਮੁੰਡੇ ਨੂੰ ਵੀ ਝਾਤੀ ਮਾਰ ਲਈਏ, ਮੁੰਡਾ ਵੇਖਣ ਗਏ ਤਾਂ ਮੁੰਡਾ ਪੱਕੇ ਰੰਗ ਸੀ, ਕੋਈ ਬਾਹਲੀ ਫੱਬਤ ਵੀ ਨਹੀਂ ਸੀ, ਹਰਵੰਤ ਦੇ ਪਿਉ ਨੂੰ ਮੁੰਡਾ ਨਾ ਜਚਿਆ । ਜਦੋਂ ਘਰ ਆਕੇ ਸਲਾਹ ਕੀਤੀ ਤਾਂ ਵਿਚੋਲਣ ਕਹਿਣ ਲੱਗੀ ” ਅੱਠ ਕਿੱਲੇ ਮੂੰਹ ਨਾ ਆਖਣੇ…. ਕੋਈ ਮਾਖੌਲ ਥੋੜੀ ਆ…. ਰੰਗ ਨੂੰ ਕੀ ਕਰਨਾ….. ਕੁੜੀ ਸੁੱਖ ਭੋਗੂ। ਇਸ ਤਰ੍ਹਾਂ ਗੱਲਾਂ ਚ ਲਾ ਕੇ ਕੁੜੀ ਮੁੰਡੇ ਨੂੰ ਵਿਖਾਉਣ ਦਾ ਦਿਨ ਮਿਥਿਆ ਗਿਆ। ਜਦ ਹਰਵੰਤ ਨੇ ਪਹਿਲੀ ਵਾਰ ਗੁਲਜ਼ਾਰ ਨੂੰ ਵੇਖਿਆ ਤਾਂ ਵਿਆਹ ਨੂੰ ਲੈਕੇ ਸਜਾਏ ਸਾਰੇ ਸੁਪਨੇ ਬਿਖਰਦੇ ਜਿਹੇ ਨਜ਼ਰ ਆਏ।ਪਿਉ ਦੀ ਬਿਮਾਰੀ ਦੇ ਚਲਦਿਆਂ ਉਹ ਆਪਣੇ ਦਿਲ ਦੀ ਗੱਲ ਰੱਖ ਸਕੇ , ਉਸ ਲਈ ਦਿਲ ਨਹੀਂ ਸੀ ਮੰਨਦਾ। ਆਖਰਕਾਰ ਹਰਵੰਤ ਦਾ ਵਿਆਹ ਗੁਲਜ਼ਾਰ ਸਿੰਘ ਨਾਲ ਹੋ ਗਿਆ। ਕੋਈ ਏਡਾ ਵੱਡਾ ਵਿਆਹ ਨਹੀਂ ਸੀ, ਹਰਵੰਤ ਦੇੇ ਪਿਉ ਨੇ ਬਸ ਡੰਗ ਈ ਸਾਰਿਆਂ ਸੀ। ਅੱਜ ਹਰਵੰਤ ਦੇ ਵਿਆਹ ਦੀ ਪਹਿਲੀ ਰਾਤ ਸੀ, ਗੁਲਜ਼ਾਰ ਸ਼ਰਾਬ ਨਾਲ ਰੱਜਿਆ ਕਮਰੇ ਵਿੱਚ, ਸ਼ਰਾਬ ਦੀ ਬੋ ਨਾਲ ਹਰਵੰਤ ਦਾ ਸਾਹ ਨਹੀਂ ਸੀ ਨਿਕਲ ਰਿਹਾ। ਔਖੇ ਸੌਖੇ ਰਾਤ ਕੱਢੀ ਸਵੇਰੇ ਆਪਣਾ ਆਪ ਸਮੇਟਿਆ ਤੇ ਨਹਾ ਧੋ ਤਿਆਰ ਹੋ ਗਈ। ਅੱਜ ਦਾਜ ਦਾ ਵਖਾਲਾ ਪਾਉਣਾ ਸੀ, ਕੋਈ ਖਾਸ ਸੋਹਣਾ ਲੀੜਾ ਲੱਤਾ ਨਹੀਂ ਸੀ ਉਸ ਵਿੱਚ । ਹਰਵੰਤ ਦੀ ਸੱਸ ਮੂੰਹ ਨੱਕ ਜਿਹਾ ਮਰੋੜ ਦੀ, ਕਹਿੰਦੀ, ਗੋਰਾ ਚਮ ਈ ਏ ਪੱਲੇ ਕਰਤੂਤ ਨਹੀਂ ਕੋਈ। ਹੋਰ ਬੁਢੀਆਂ ਵਿੱਚ ਹਰਵੰਤ ਦਾ ਮਜ਼ਾਕ ਜਿਹਾ ਬਣਾ , ਸੱਸ ਸਾਰਿਆਂ ਨੂੰ ਭਾਜੀ ਦੇਣ ਸਬਾਤ ਵੱਲ ਹੋ ਤੁਰੀ। ਹਰਵੰਤ ਨੇ ਏਦਾਂ ਦਾ ਵਿਵਹਾਰ ਕਦੇ ਨਹੀਂ ਸੀ ਵੇਖਿਆ, ਉਸਨੂੰ ਸਾਰੇ ਬਹੁਤ ਰੁੱਖੇ ਰੁੱਖੇ ਲੱਗੇ । ਹਾਲੇ ਸੱਸ ਬੋਲ ਕੇ ਹਟੀ ਹੀ ਸੀ ਕਿ ਗੁਲਜ਼ਾਰ ਸਿੰਘ ਆ ਕੇ ਹਰਵੰਤ ਦੇ ਦੁਆਲੇ ਹੋ ਗਿਆ, ਅੱਠ ਕਿੱਲੇ ਆਉਂਦੇ ਮੈਨੂੰ ਇੱਕ ਕੜਾ ਵੀ ਨਾ ਸਰਿਆ ਫਕੀਰਾਂ ਕੋਲੋ। ਹਰਵੰਤ ਬੁੱਤ ਬਣੀ ਸਭ ਸੁਣੀ ਜਾ ਰਹੀ ਸੀ। ਅਗਲੇ ਦਿਨ ਹਰਵੰਤ ਨੇ ਫੇਰਾ ਪਾਉਣ ਜਾਣਾ ਸੀ।ਧੀਆਂ ਵਿਆਹ ਤੋਂ ਅਗਲੇ ਦਿਨ ਈ ਬਹੁਤ ਸਿਆਣੀਆਂ ਹੋ ਜਾਂਦੀਆਂ। ਹਰਵੰਤ ਨੇ ਵੀ ਸਾਰਾ ਕੁਝ ਢਿੱਡ ਵਿੱਚ ਪਾਇਆ ਤੇ ਹੱਸਦੀ ਹੱਸਦੀ ਪੇਕੇ ਫੇਰਾ ਪਾ ਆਈ। ਮਾਂ ਨੇ ਸਹੁਰੇ ਘਰ ਬਾਰੇ ਪੁੱਛਿਆ ਤਾਂ ਹਰਵੰਤ ਨੇ ਸ਼ਿਫਤਾਂ ਕਰਨ ਵਿੱਚ ਕੋਈ ਕਸਰ ਨਾ ਛੱਡੀ। ਧੀ ਦੀਆਂ ਗੱਲਾਂ ਸੁਣ ਮਾਂ ਪਿਉ ਦੇ ਕਾਲਜੇ ਠੰਡ ਪੈ ਗਈ। ਹੁਣ ਹਰਵੰਤ ਵਾਪਿਸ ਆਪਣੇ ਸਹੁਰੇ ਘਰ ਆ ਗਈ । ਆਉਂਦਿਆਂ ਹੀ ਉਸਨੂੰ ਰਸੋਈ ਚਾੜ੍ਹ ਦਿੱਤਾ ਗਿਆ। ਸਾਰਾ ਦਿਨ ਘਰ ਦਾ ਕੰਮ ਕਰਦੀ ਹਰਵੰਤ ਆਪਣੀ ਕਿਸਮਤ ਨੂੰ ਰੋਂਦੀ, ਰਾਤ ਨੂੰ ਗੁਲਜ਼ਾਰ ਆਪਣੀ ਹਵਸ਼ ਪੂਰੀ ਕਰਦਾ। ਸਾਲ ਦੇ ਅੰਦਰ ਅੰਦਰ ਹੀ ਹਰਵੰਤ ਦਾ ਪਿਤਾ ਅਕਾਲ ਚਲਾਣਾ ਕਰ ਗਿਆ, ਹਰਵੰਤ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਉਹ ਪਿਉ ਦੀ ਬਿਮਾਰੀ ਤੇ ਘਰ ਦੇ ਹਾਲਾਤ ਵੇਖਦਿਆਂ ਕਦੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਦੱਸੀ। ਆਪਣੀ ਹੱਡੀ ਹੰਢਾਉਂਦੀ ਉਹ ਦਿਨ ਪੂਰੇ ਕਰ ਰਹੀ ਸੀ। ਹਾਲੇ ਪਿਉ ਦਾ ਸੰਸਕਾਰ ਹੀ ਹੋਇਆ ਤੇ ਗੁਲਜ਼ਾਰ ਸਿੰਘ ਨੇ ਘਰ ਜਾਣ ਦੀ ਕਾਹਲੀ ਪਾ ਦਿੱਤੀ। ਉਹ ਹਰਵੰਤ ਨੂੰ ਵੀ ਨਾਲ ਹੀ ਲੈਕੇ ਜਾਣ ਦੀ ਤਾਕ ਵਿੱਚ ਸੀ, ਪਰ ਲੋਕਾਂ ਦਾ ਭੈਅ ਰੱਖਦਾ ਕੁਝ ਕਹਿ ਨਾ ਸਕਿਆ । ਇੱਕ ਦੋ ਦਿਨ ਰੁਕਣ ਤੋਂ ਬਾਅਦ ਜਦੋਂ ਹਰਵੰਤ ਵਾਪਿਸ ਸਹੁਰੇ ਗਈ ਤਾਂ ਦੋਵੇਂ ਮਾਂ ਪੁੱਤਾਂ ਦੇ ਮੂੰਹ ਬਣੇ ਵੇਖ, ਹਰਵੰਤ ਸਮਝ ਗਈ ਕਿ ਉਹ ਇਸ ਨਾਲ ਪੇਕੇ ਰਹਿਣ ਕਰਕੇ ਗੁੱਸੇ ਹਨ। ਗੁਲਜ਼ਾਰ ਨੇ ਹਰਵੰਤ ਨੂੰ ਆਉਂਦਿਆਂ ਬਾਹੋਂ ਫੜਿਆ ਤੇ ਧੂੰਹ ਕੇ ਕੰਧ ਨਾਲ ਮਾਰਿਆ, ਹਰਵੰਤ ਦੀਆਂ ਚੀਕਾਂ ਲਾਗਲੇ ਗਲੀ ਗਵਾਂਢ ਵੀ ਸੁਣ ਗਈਆਂ।

              ਗੁਲਜ਼ਾਰ ਨੂੰ ਵੇਖ ਹਰਵੰਤ ਦੇ ਸੀਨੇ ਤੇ ਭਾਬੜ ਮਚ ਰਹੇ ਸਨ, ਜਿਵੇਂ ਕਹਿ ਰਹੀ ਹੋਵੇ ” ਵੇ ਕਸਾਈਆਂ ਆਪਣੇ ਪਿਉ ਵਰਗੇ ਸਹੁਰੇ ਦਾ ਸਿਵਾ ਤਾਂ ਠੰਡਾ ਹੋ ਲੈਣ ਦੇ , ਤੂੰ ਇਹਨਾਂ ਕਰਮਾਂ ਦਾ ਫਲ ਕਿੱਥੇ ਦੇਵੇਂਗਾ ।

            ਹਰਵੰਤ ਰੂਪੋ ਕਰੂਪ ਹੋ ਗਈ ਸੀ, ਤਰ੍ਹਾਂ ਤਰ੍ਹਾਂ ਦੀਆਂ ਦੂਸ਼ਣਬਾਜੀਆਂ ਸਹਿੰਦੀ, ਮਾਰ ਕੁੱਟ ਜਰਦੀ ਹਰਵੰਤ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸ ਕਰਕੇ ਉਸ ਨਾਲ ਹੋਰ ਵੀ ਬੁਰਾ ਵਿਵਹਾਰ ਹੋਣ ਲੱਗਾ। ਉਸ ਨੂੰ ਕੁਲਹੈਣੀ ਕਹਿ ਕੇ ਪੁਕਾਰਿਆ ਜਾਣ ਲੱਗਾ। ਇੱਕ ਦਿਨ ਏਦਾਂ ਦਾ ਵੀ ਆਇਆ ਕਿ ਗੁਲਜ਼ਾਰ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਆਪਣੀ ਨਿੱਕੀ ਜਿੰਨੀ ਜਵਾਕੜੀ ਨੂੰ ਮੰਜੇ ਤੋਂ ਥੱਲੇ ਭੁੰਆ ਕੇ ਮਾਰਿਆ, ਹਰਵੰਤ ਦੀ ਵੇਖਦੇ ਸਾਰ ਹੀ ਜਾਨ ਨਿਕਲ ਗਈ। ਹਰਵੰਤ ਨੂੰ ਗੁਲਜ਼ਾਰ ਇਨਸਾਨ ਨਹੀਂ ਹੈਵਾਨ ਲੱਗਦਾ ਸੀ। ਪਹਿਲਾਂ ਉਹ ਘਰੋਂ ਬਾਹਰ ਰਹਿ ਕੇ ਨਸ਼ਾ ਕਰਦਾ ਸੀ, ਪਰ ਹੁਣ ਉਹ ਆਪਣੇ ਸ਼ਰਾਬੀ ਯਾਰਾਂ ਨੂੰ ਘਰ ਲਿਆਉਣ ਲੱਗਾ, ਉਸਦੇ ਯਾਰ ਹਰਵੰਤ ਵੱਲ ਗੰਦੀ ਨਜ਼ਰ ਨਾਲ ਵੇਖਦੇ। ਹਰਵੰਤ ਜਦੋਂ ਕਦੇ ਸਬਜ਼ੀ ਭਾਜੀ ਫੜਾਉਣ ਜਾਂਦੀ ਤਾਂ ਉਸਦੇ ਯਾਰ ਉਸਦੇ ਹੱਥਾਂ ਨਾਲ ਛੇੜ ਛਾੜ ਕਰ ਜਾਂਦੇ। ਹਰਵੰਤ ਏ ਸਭ ਸਹਿਣ ਨਹੀਂ ਸੀ ਕਰ ਪਾ ਰਹੀ, ਇੱਕ ਦਿਨ ਉਸਨੇ ਹਾਰ ਕੇ ਗੁਲਜ਼ਾਰ ਨੂੰ ਇਹ ਗੱਲ ਦੱਸ ਹੀ ਦਿੱਤੀ ਕਿ ਉਸਦੇ ਯਾਰ ਮੇਰੇ ਉੱਤੇ ਗੰਦੀ ਨਜ਼ਰ ਰੱਖਦੇ ਹਨ, ਫਿਰ ਕੀ ਸੀ ਗੁਲਜ਼ਾਰ ਤੇ ਉਸਦੀ ਮਾਂ ਨੂੰ ਤਾਂ ਇੱਕ ਨਵਾਂ ਬਹਾਨਾ ਮਿਲ ਗਿਆ ਸੀ ਹਰਵੰਤ ਨੂੰ ਤੰਗ ਕਰਨ ਦਾ, ਹੁਣ ਗੁਲਜ਼ਾਰ ਰੋਜ ਲਾਹਣ ਡੱਫ ਕੇ ਆਪਣੇ ਯਾਰਾ ਦੇ ਸਾਹਮਣੇ ਹਰਵੰਤ ਦੀ ਮਾਰ ਕੁਟਾਈ ਕਰਦਾ। ਹਰਵੰਤ ਦੀ ਕੁੜੀ ਪੰਜਾਂ ਛੇਆਂ ਸਾਲਾਂ ਦੀ ਹੋ ਚੁੱਕੀ ਸੀ, ਉਹ ਅੰਦਰ ਦਰਵਾਜ਼ੇ ਵਿੱਚ ਲੁਕ ਕੇ ਸਭ ਵੇਖਦੀ ਰਹਿੰਦੀ। ਇੱਕ ਦਿਨ ਹਰਵੰਤ ਦੀ ਸੱਸ ਗੁਸਲਖਾਨੇ ਵਿਚੋਂ ਤਿਲਕ ਕੇ ਡਿੱਗ ਗਈ ਤੇ ਉਸਦੀ ਪੱਟ ਕੋਲੋ ਲੱਤ ਟੁੱਟ ਗਈ ਇੱਕ ਡਿਸਕ ਵੀ ਹਿੱਲ ਗਈ, ਉਹ ਹੁਣ ਮੰਜੇ ਵਸ ਹੋ ਗਈ, ਪਰ ਰੱਬ ਦੀ ਮੂਰਤ ਹਰਵੰਤ ਨੇ ਉਸਦੀ ਬਹੁਤ ਸੇਵਾ ਕਰਦੀ, ਹੁਣ ਵਿਚੋਂ ਵਿਚੋਂ ਸੱਸ ਨੂੰ ਆਪਣੇ ਕਰਮਾਂ ਤੇ ਪਛਚਾਤਾਪ ਹੋਣ ਲੱਗਾ, ਪਰ ਆਕੜ ਮਾਰੀ ਹਾਲੇ ਵੀ ਹਰਵੰਤ ਕੋਲੋਂ ਮੁਆਫ਼ੀ ਨਾ ਮੰਗਦੀ । ਮਾਂ ਦੀ ਦਿਨ ਰਾਤ ਸੇਵਾ ਕਰਦਾ ਵੇਖ ਵੀ ਗੁਲਜ਼ਾਰ ਦੇ ਵਿਵਹਾਰ ਵਿੱਚ ਰਤਾ ਫਰਕ ਨਾ ਪਿਆ। ਉਹ ਰੋਜ਼ ਆਉਂਦਾ ਤੇ ਹਰਵੰਤ ਦੇ ਹੱਡ ਸੇਕ ਫੇਰ ਈ ਰੋਟੀ ਖਾਂਦਾ। ਹਰਵੰਤ ਆਪਣੀ ਕਿਸਮਤ ਨੂੰ ਕੋਸਦੀ ਉਹਨਾਂ ਸੁੱਜੇ ਹੱਥਾਂ ਨਾਲ ਈਰਖਾ ਪਿੰਡੇ ਨੂੰ ਸੇਕ ਦਿੰਦੀ .. ਮਾਂ ਨੂੰ ਤੜਫ ਦਿਆਂ ਵੇਖ ਧੀ ਮਾਂ ਨੂੰ ਕਹਿ ਦਿੰਦੀ ਮਾਂ ਇਸ ਤੋਂ ਚੰਗਾ ਤੇ ਬਾਪੂ ਨਾ ਈ ਹੁੰਦਾ…. ਏਨਾ ਸੁਣ ਹਰਵੰਤ ਧੀ ਨੂੰ ਫਿਰ ਕਹਿੰਦੀ ਨਾ ਪੁੱਤ ਤੇਰਾ ਬਾਪ ਏ ਮੈ ਉਸਦੀ ਸੁਹਾਗਣ ਆ…. ਏਨਾ ਕਹਿ ਹਰਵੰਤ ਨੇ ਧੀ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਆਪ ਉਹ ਸਮਝ ਨਹੀਂ ਸੀ ਪਾ ਰਹੀ ਸੀ ਕਿ ਉਹ ਸੁਹਾਗਣ ਹੈ ਜਾਂ ਅਭਾਗਣ।

———————————————————————-

ਉਪਰੇਸ਼ਨ ਕਲੀਨ

– ਗੁਰਮੇਲ ਸਿੰਘ ਬੌਡੇ

                  ਦਰਦ ਨਾਲ ਕਰਾਹੁੰਦੇ ਬਚਨ ਸਿੰਘ ਦੇ ਪੁੱਤਰਾਂ ਨੂੰ ਗੋਡਿਆਂ ਦੇ ਦਰਦ ਨਾਲ ਵਿਲਕਦਾ ਬਾਪ ਝੱਲਣਾ ਔਖਾ ਸੀ।ਜੇਹੋ ਜਿਹਾ ਬਚਨ ਸਿੰਘ ਦਰਵੇਸ਼ ਬੰਦਾ ਸੀ। ਉਸੇ ਤਰਾ੍ਹਂ ਦੇ ਉਸਦੇ ਦਰਵੇਸ਼ ਪੁੱਤਰ ਹਰਬੰਸ ਸਿੰਘ ਅਤੇ ਬਲਜੀਤ ਸਿੰਘ ਸਨ।ਦੋਵੇ ਪੁੱਤਰ ਸਰਕਾਰੀ ਨੌਕਰੀਆਂ ਤੇ ਸਨ। ਚੰਗੇ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਦੀ ਸਮਾਜ ਪ੍ਰਤੀ ਸੋਚ ਉਸਾਰੂ ਸੀ।ਇਸੇ ਕਰਕੇ ਉਹ ਅਤੇ ਉਹਨਾਂ ਦੀਆਂ ਜੀਵਨ ਸਥਣਾਂ ਨੇ ਦੋਵਾਂ ਦੇ ਮਾਂ-ਬਾਪ ਨੂੰ ਆਪਣੇ ਮਾਂ-ਬਾਪ ਵਾਂਗ ਹੀ ਸੇਵਾ ਸੰਭਾਲ ਕੀਤੀ।ਉਹ ਵੀ ਦੋਵੇ ਸਰਕਾਰੀ ਨੌਕਰੀ ਵਿੱਚ ਸਨ।ਖਾਂਦਾ ਪੀਦਾ ਘਰ ਸੀ।ਪਰ ਬਾਪ ਬਚਨ ਸਿੰਘ ਨੇ ਸਖਤ ਮਿਹਨਤ ਕਰਕੇ, ਖੇਤੀ ਲਈ ਸੁਸਾਇਟੀਆਂ ਤੋਂ ਕਰਜ਼ੇ ਚੁੱਕ ਕੇ ਪਹਿਲਾਂ ਬਲਦਾਂ ਨਾਲ ਅਤੇ ਫਿਰ ਰਿਸ਼ਤੇਦਾਰ ਦੀ ਸਲਾਹ ਨਾਲ ਕੁਝ ਸਾਲ ਪੁਰਾਣਾ ਟਰੈਕਟਰ ਖਰੀਦ ਕੇ ਲੋਕਾਂ ਦੇ ਕਿਰਾਏ ਤੇ ਵਾਹਣ ਵਾਹ ਕੇ ਅਨਾਜ ਦੀਆਂ ਟਰਾਲੀਆਂ ਢੋਅ ਕੇ ਚਾਰ ਛਿੱਲੜ ਜੋੜ ਕੇ ਚਾਰ ਸਿਆੜ ਬੈਅ ਖਰੀਦ ਲਏ। ਇਸ ਨਾਲ ਠੇਕੇ ਤੇ ਜ਼ਮੀਨ ਲੈ ਕੇ ਬਲਦਾਂ ਨਾਲ ਵਹੁਣ ਦਾ ਝੰਜਟ ਮੁਕਾ ਲਿਆ ਸੀ। ਹਰਬੰਸ ਸਿੰਘ ਤੇ ਬਲਜੀਤ ਸਿੰਘ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹੋਏ ਆਪਣੀ ਬੇਬੇ ਭਜਨ ਕੌਰ ਨਾਲ ਖੇਤ ਕੰਮ ਕਰਦੇ ਬਾਪੂ ਦੀ ਰੋਟੀ ਲੈ ਕੇ ਜਾਂਦੇ। ਬਚਨ ਸਿੰਘ ਦੋਹਾਂ ਪੁੱਤਰਾਂ ਨੂੰ ਪਿਆਰ ਕਰਦਾ ਫਿਰ ਪੌਣੇ ਵਿੱਚੋਂ ਪਿਆਜ ਨੂੰ ਗੋਡੇ ਉੱਤੇ ਰੱਖਕੇ ਅੰਬ ਦੇ ਅਚਾਰ ਨਾਲ ਰੋਟੀ ਖਾ ਕੇ ਲੱਸੀ ਪੀ ਕੇ ਕੁਝ ਦੇਰ ਬਾਅਦ ਡਕਾਰ ਮਾਰਦਾ। ਉਸ ਦੀਆਂ ਗਿੱਟੇ ਤੋਂ ਉਪਰੋਂ ਮਿੱਟੀ ਗਾਰੇ ਨਾਲ ਲਿਬੜੀਆਂ ਲੱਤਾਂ ਦੀਆਂ ਮੋਟੀਆਂ ਨਾੜਾਂ ਵਿੱਚ ਕੱਖ, ਕੰਡੇ ਵੱਜ ਕੇ ਸਿੰਮਿਆ ਖੂਨ ਦੇਖ ਕੇ ਉਹ ਅੱਖਾਂ ਦੀ ਪੀੜ ਨਾਲ ਉਠਦੀ ਝਰਨਾਹਟ ਕਾਰਨ ਉਹ ਅੱਖਾਂ ਮੀਟ ਲੈਦੇ। ਜਿਸ ਚੋਂ ਸਿੰਮੇ ਖੂਨ ਨੂੰ ਬਚਨ ਸਿੰਘ ਨੇ ਖੇਤ ਦੀ ਮਿੱਟੀ ਮਲ ਕੇ ਬੰਦ ਕੀਤਾ ਹੁੰਦਾ ਸੀ। ਬਾਪੂ ਦੀ ਇਸ ਰੱਤ ਭਿੱਜੀ ਮਿਹਨਤ ਦਾ ਅਹਿਸਾਸ ਹਰਬੰਸ ਸਿੰਘ ਅਤੇ ਬਲਜੀਤ ਸਿੰਘ ਦੇ ਚੇਤਿਆਂ ਵਿੱਚ ਘਰ ਕਰ ਗਈ ਸੀ। ਇਸ ਤਰ੍ਹਾਂ ਮਾਂ ਵੱਲ਼ੋਂ ਬਰਸਾਤਾਂ ਦੇ ਦਿਨਾਂ ਵਿੱਚ ਗਿੱਲੇ ਬਾਲਣ ਦੇ ਚੁੱਲੇ ਦੇ ਕੌੜੇ ਧੂੰਏ ਨਾਲ ਅੱਖਾਂ ਚੋਂ ਵਹਿੰਦੇ ਪਾਣੀ ਨਾਲ ਪਕਾ ਕੇ ਦਿੱਤੀਆਂ ਰੋਟੀਆਂ ਦਾ ਵੀ ਅਹਿਸਾਸ ਸੀ। ਇਸੇ ਕਰਕੇ ਉਹਨਾਂ ਨੂੰ ਬਾਪੂ ਅਤੇ ਬੇਬੇ ਨਾਲ ਉਹਨਾਂ ਦਾ ਅੰਤਾਂ ਦਾ ਮੋਹ ਸੀ।

                ਇਸ ਅਹਿਸਾਸ ਨੇ ਉਹਨਾਂ ਨੂੰ ਪੜਨ ਵਿੱਚ ਬਹੁਤ ਲਾਇਕ ਬਣਾ ਦਿੱਤਾ ਸੀ।ਉਹਨਾਂ ਦਾ ਸਾਦਾ ਖਾਣਾ ਤੇ ਸਾਦਾ ਪਹਿਰਾਵਾ ਤੇ ਗੱਲਬਾਤ ਕਰਨ ਵਿੱਚ ਹਲੀਮੀ ਕਦੇ ਗੁੱਸੇ ਵਿੱਚ ਨਾ ਆਉਣਾ,ਚੰਗੇ ਅੰਕ ਪ੍ਰਾਪਤ ਕਰਕੇ ਸਕੂਲਾਂ ਕਾਲਜਾਂ ਚੋਂ ਮਾਣ ਸਤਿਕਾਰ ਤੇ ਵਜ਼ੀਫੇ ਪ੍ਰਾਪਤ ਕਰਨ ਤੇ ਪ੍ਰਾਪਤ ਕਰਕੇ ਤੇ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਲਾਲ ਤਾਂ ਰੂੜੀਆਂ ਤੇ ਵੀ ਚਮਕਦੇ ਹਨ ਵਰਗੀ ਚਮਕ ਦੇ ਦਿੱਤੀ ਸੀ।ਚੰਗੀ ਸਿੱਖਿਆ ਪ੍ਰਾਪਤ ਕਰਕੇ ਨੌਕਰੀਆਂ ਤੇ ਲੱਗ ਗਏ ਤਾਂ ਘਰ ਦਾ ਮੂੰਹ ਮੱਥਾ ਸੰਵਾਰਨੇ ਲਈ ਸਮੇਂ ਦੇ ਰਿਵਾਜ ਵਰਗਾ ਚੰਗਾ ਘਰ ਬਣ ਲਿਆ।

              ਬਾਪੂ ਨੂੰ ਵੀ ਸਖਤ ਮਿਹਨਤ ਕਰਨ ਕਰਕੇ ਕਈ ਬਿਮਾਰੀਆਂ ਦੀ ਮਾਰ ਹੇਠ ਆ ਗਿਆ। ਬਚਪਨ ਸਮੇਂ ਵੀ ਉਹਨਾਂ ਰਾਤ ਨੂੰ ਬਾਪੂ ਨੂੰ ਹਾਉਂਕੇ ਤੇ ਸਿਸਕੀਆਂ ਭਰਦੇ ਸੁਣਿਆ। ਪਰ ਪੁੱਛਣ ਤੇ ਉਹ ਕੁਝ ਵੀ ਨਾਂ ਉਭਾਸਰਦੇ। ਜਦ ਉਹ ਵੱਡੇ ਹੋਏ ਤਾਂ ਬਹੁਤ ਜੋਰ ਦੇਣ ਤੇ ਬਾਪੂ ਨੇ ਦੱਸਿਆ ਕਿ “ਭਾਈ ਤੁਹਾਡਾ ਇੱਕ ਤਾਇਆ ਹੁੰਦਾ ਸੀ। ਜਿਹੜਾ ਕਿ 1947 ਵਿੱਚ ਦੇਸ਼ ਦੀ ਵੰਡ ਸਮੇਂ ਜਦ ਅਸੀਂ ਗੱਡੀ ਵਿੱਚ ਬੈਠੇ ਸੀ ਤਾਂ ਉਹ ਮਗਰਲੇ ਡੱਬੇ ਵਿੱਚ ਆਪਣੇ ਪ੍ਰੀਵਾਰ ਨੂੰ ਲੈ ਕੇ ਬੈਠਾ ਹੋਇਆ ਸੀ। ਗੱਡੀ ਲਾਹੌਰ ਤੋਂ ਕੀੜੀ ਦੀ ਚਾਲ ਸਰਕ ਦੀ ਜਾ ਰਹੀ ਸੀ ਤਾਂ ਅਚਾਨਕ “ਅੱਲਾ ਹੂ ਅਕਬਰ” ਦੇ ਨਾਹਰੇ ਲਗਾਉਂਦੀ ਭੀੜ ਨੇ ਗੱਡੀ ਘੇਰ ਕੇ ਹਮਲਾ ਕਰ ਦਿੱਤਾ। ਸਾਡੇ ਡੱਬੇ ਦਾ ਬਾਰ ਖੋਹਲਣ ਲਈ ਵੀ ਉਹਨਾਂ ਧੱਕੇ ਮਾਰੇ ਪਰ ਦਰਵਾਜਾ ਨਾਂ ਖੁੱਲ ਸਕਿਆ।ਸਵੇਰ ਦੀ ਟਿੱਕੀ ਨਿਕਲਣ ਵਾਲੀ ਸੀ ਕਿ ਫੌਜ ਆ ਗਈ ਤੇ ਉਹਨਾਂ ਨੇ ਹਵਾਈ ਫਾਇਰ ਕਰਕੇ ਫਿਰਕੂ ਭੀੜ ਨੂੰ ਭਜਾਇਆ ਤੇ ਗੱਡੀ ਤੁਰ ਪਈ।ਜਦ ਅਟਾਰੀ-ਅੰਮ੍ਰਿਤਸਰ ਪੁੱਜੇ ਤਾਂ ਬਾਈ ਨੂੰ ਅਵਾਜਾਂ ਮਾਰੀਆਂ ਪਰ ਪੁੱਤ ਜੇ ਦੁਨੀਆਂ ‘ਚ ਹੁੰਦੇ ਤਾਂ ਅਵਾਜਾਂ ਦਿੰਦੇ। ਰੇਲਵੇ ਕਰਮਚਾਰੀਆਂ ਨੇ ਲਹੂ ਲੁਹਾਣ ਲਾਸ਼ਾ ਕੱਢੀਆਂ ਤਾਂ ਉਹਨਾਂ ਵਿੱਚ ਤੁਹਾਡੇ ਤਾਏ ਤਾਈ ਅਤੇ ਤੁਹਾਡੀ ਭੈਣ ਤੇ ਭਰਾ ਦੀ ਲਾਸ਼ ਵੀ ਪਈ ਸੀ। ਸਾਡੇ ਕੋਲ ਕਫਨ ਵੀ ਨਹੀਂ ਸੀ “ਉੱਥੇ ਹੀ ਪੁਲੀਸ ਮੁਲਾਜਮਾਂ ਨੇ ਲੱਕੜਾਂ ਕੱਠੀਆਂ ਕਰਕੇ ਕਈ ਕਈ ਸਰੀਰਾਂ ਦਾ ਉਹਨਾਂ ਕੱਪੜੀ ਸੰਸਕਾਰ ਕਰ ਦਿੱਤਾ”ਇਹ ਦਸਦੇ ਬਾਪੂ ਦੀਆਂ ਅੱਖਾਂ ਚੋਂ ਹੰਝੂਆਂ ਦੀਆਂ ਘਰਾਲਾਂ ਵਹਿ ਤੁਰੀਆਂ।ਉਸਦੇ ਹੂੰਝੂ ਪੂੰਝਦੇ ਭਰੜਾਈ ਅਵਾਜ਼ ਵਿੱਚ ਅੱਗੇ ਕਿਹਾ ਐਨੀਆਂ ਦੇਹਾਂ ਦੇ ਸੰਸਕਾਰ ਦੀ ਰਾਖ ਚੋਂ ਫੁੱਲ਼ ਕਿਵੇਂ ਸਿਆਣਦੇ।ਉਹ ਵੀ ਪਾਉਣੇ ਨਸੀਬ ਨਾ ਹੋਏ।

               ਕਈ ਮਹੀਨੇ ਕੈਪਾਂ ਵਿੱਛ ਕੁਲ ਖੁਲ ਕੇ ਖੁੱਲੇ ਅਸਮਾਨ ਵਿੱਚ ਗਰਮੀ ਸਰਦੀ ਕੱਟੀ।ਫੇਰ ਇਸ ਪਿੰਡ ਵਿੱਚ ਲਹੌਰ ਦੇ ਨੇੜੇ ਪਿੰਡ ਵਿਚ ਜੋ ਆਪਣੀ ਪੰਜਾਹ ਘੁੰਮਾਹ ਜ਼ਮੀਨ ਪਰ ਏਥੇ ਆ ਕੇ ਅੱਧਿਓ ਡੂਢ ਅਲਾਟ ਹੋਈ।ਲਵੇਰੇ ਅਤੇ ਭਰਿਆ ਕੁਕੰਨਾ ਘਰ ਛੱਡ ਕੇ ਆਏ ਸੀ ਪੁੱਤ,ਫੇਰ ਇੱਥੇ ਆ ਕੇ ਪੋਹਲੀ ਦੇ ਕੰਡਿਆਂ ਨੁੰ ਬਲਦਾ ਨਾਲ ਵਾਹ ਕੇ ਸੰਚਾਰਿਆ ਓਦੋਂ ਬਹੁਤ ਭਾਰੇ ਮੀਂਹ ਪਏ ਜਿਵੇਂ ਕੁਦਰਤ ਦੱਸ ਲੱਖ ਲੋਕਾਂ ਦੇ ਕਤਲੇਆਮ ਤੇ ਹੰਝੂ ਕੇਰ ਰਹੀ ਹੋਵੇ।ਸਾਰਾ ਪਿੰਡ ਆਪਣੇ ਖੇਤ ਨਾਲ ਲੱਗਦੇ ਉੱਚੇ ਟਿੱਬਿਆਂ ਤੇ ਤੰਬੂ ਤਾਣ ਕੇ ਬੈਠਾ ਸੀ।ਜਦ ਹੜ ਦਾ ਪਾਣੀ ਘਟਿਆ ਤਾਂ ਫਸਲਾਂ ਬਰਬਾਦ ਹੋ ਚੁੱਕੀਆਂ ਸਨ।ਘਰ ਦਾ ਮਲਬਾ ਹੀ ਬਾਕੀ ਸੀ।ਫੇਰ ਕੱਚੀਆਂ ਇੱਟਾਂ ਥੱਪ ਕੇ ਘਰ ਛੱਡਿਆ ਲਟੈਣਾ ਤੇ ਕਾਨਿਆਂ ਦੀ ਸਿਰਕੀ ਪਾ ਕੇ ਸਿਰ ਤੇ ਛੱਤ ਕੀਤੀ।ਤੁਹਾਡੀ ਮਾਂ ਭਜਨੋਂ ਨੇ ਕੰਧਾਂ ਕੌਲਿਆਂ ਨੂੰ ਲਿਪਿਆ ਤੇ ਅਸੀਂ ਛੱਪੜਾ ਵਿੱਚੋਂ ਚੀਕਣੀ ਮਿੱਟੀ ਕੱਢਕੇ ਆਥਣ ਤੱਕ ਸਿਰ ਦੀ ਛੱਤ ਸੰਵਾਰਦੇ।ਵੱਤਰ ਆਉਣ ਤੇ ਅਗਲੀ ਫਸਲ ਬੀਜਦੇ।”ਦੋਵੇਂ ਪੁੱਤ ਸਾਹ ਰੋਕ ਕੇ ਬਾਪੂ ਦੇ ਇਸ ਸੰਘਰਸ਼ ਨੂੰ ਸੁਣ ਰਹੇ ਸਨ।

                 ਬਚਨ ਸਿੰਘ ਅੱਗੇ ਬੋਲਿਆ ਵਕਤ ਨੇ ਸਾਡੇ ਪਿੰਡਿਆਂ ਤੇ ਹਲਾਤਾਂ ਦਾ ਹਰ ਉਪਰੇਸ਼ਨ ਕੀਤਾ।
“ਪੁੱਤ ਇਹਨਾਂ ਦਸੌਦਿਆਂ ਦੇ ਨਾਲ ਮੈਂ ਵੀ ਦਸੌਂਦੇ ਕੱਟੇ ਹਨ”ਭਜਨ ਕੌਰ ਨੇ ਕਿਹਾ। “ਮਾਂ ਉਹ ਤਾਂ ਸਾਨੂੰ ਪਤਾ ਹੈ।ਇੱਕੋਂ ਇੱਕ ਭਰਾ ਦਾ ਭਰ ਜਵਾਨੀ ਵਿੱਚ ਹਲਾਤਾਂ ਦੇ ਲੇਖੇ ਲੱਗ ਜਾਣਾ ਕੋਈ ਛੋਟਾ ਸੱਲ ਨਹੀਂ ਹੈ।ਮਾਂ ਮੈਨੂੰ ਪਤਾ ਹੈ ਕਿ ਉਸ ਸਮੇਂ ਅਸੀ ਯੂਨੀਵਰਸਿਟੀ ਵਿੱਚ ਰਹਿ ਕੇ ਪੇਪਰ ਦੇ ਰਹੇ ਸੀ ਅਤੇ ਤੂੰ ਮਾਮੇ ਦੀ ਪੀੜ ਦਾ ਸਾਰਾ ਦੁੱਖ ਆਪ ਜਰ ਲਿਆ ਪਰ ਸਾਡੇ ਇਮਤਿਹਾਨਾਂ ਤੇ ਅਸਰ ਨਹੀਂ ਪੈਣ ਦਿੱਤਾ।ਤੇਰੇ ਸਾਡੇ ਤੇ ਇਸ ਅਹਿਸਾਨ ਦਾ ਉਦੋਂ ਪਤਾ ਲੱਗਾ ਜਦ ਅਸੀਂ ਪੇਪਰ ਦੇ ਕੇ ਘਰ ਆਏ ਤਾਂ ਤੇਰੀਆਂ ਅੱਖਾਂ ਚੋਂ ਹੰਝੂਆਂ ਦੀਆਂ ਘਰਾਲਾਂ ਕਦੇ ਵੀ ਨਹੀਂ ਸੁੱਕੀਆਂ। ਮਾਂ ਤੁਹਾਡੇ ਤਾਂ ਮੁਕਾਬਲੇ ਸਾਡੇ ਇਮਤਿਹਾਨ ਤਾਂ ਬਹੁਤ ਛੋਟੇ ਹਨ।ਅਸੀਂ ਤਾਂ ਕਿਸੇ ਪ੍ਰੋਫੈਸਰ ਵੱਲ਼ੋਂ ਬਣਾਏ ਪੇਪਰ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਕਾਗਜ ਉਪਰ ਲਿਖੇ ਪਰ ਮਾਂ ਤੂੰ ਤੇ ਬਾਪੂ ਜੀ ਨੇ ਤਾਂ ਵਕਤ ਦੇ ਪਾਏ ਸਵਾਲਾਂ ਆਪਣੇ ਹੰਝੂਆਂ, ਸਬਰ, ਸਿਰੜ ਤੇ ਮਿਹਨਤ ਦੀ ਸਿਆਹੀ ਨਾਲ ਜਵਾਬ ਦਿੱਤਾ ਹੈ। ਵੱਡੇ ਪੁੱਤਰ ਨੇ ਧੁਰ ਅੰਦਰ ਲਹਿਕੇ,ਮਾਂ ਦੀ ਹੰਢਾਈ ਪੀੜ ਦਾ ਜਵਾਬ ਦਿੱਤਾ।

                ਉਸ ਸਮੇਂ ਦੋਵੇ ਭਰਾ ਕਾਲ ਜੋ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿੱਚ ਉੱਚ ਵਿਦਿਆ ਪ੍ਰਾਪਤ ਕਰ ਰਹੇ ਸਨ।ਦੋਹਾਂ ਦੀ ਉਮਰ ਵਿੱਚ ਦੋ-ਢਾਈ ਸਾਲ ਦਾ ਹੀ ਫਰਕ ਸੀ।ਉਸ ਸਮੇਂ ਉਪਰੇਸ਼ਨ ਨੀਲਾ ਤਾਰਾ,ਫੌਜ ਦਾ ਕੰਘੀ ਉਪਰੇਸ਼ਨ,ਉਪਰੇਸ਼ਨ ਕਾਲੀ ਗਰਜ਼ ਤੋਂ ਬਾਅਦ ਵੀ ਪੰਜਾਬ ਉਪਰ ਕਾਲੇ ਦਿਨ ਗਰਜ਼ ਰਹੇ ਸਨ। ਖਾੜਕੂਆਂ ਦੇ ਵੱਖ-ਵੱਖ ਧੜੇ ਪੰਜਾਬ ਬੰਦ ਦੇ ਸੱਦੇ ਦਿੰਦੇ।ਪੁਲੀਸ ਦੇ ਜਬਰ ਦੇ ਜਵਾਬ ਵਿਚ ਉਹ ਵਿਦੇਸ਼ੀ ਸਫੀਰ ਨੂੰ ਅਗਵਾ ਕਰਕੇ ਜਾਂ ਬੈਕਾਂ ਤੇ ਡਾਕੇ ਮਾਰਕੇ ਕਾਰਵਾਈ ਕਰਦੇ। ਵਪਾਰਕ ਅਦਾਰੇ ਤੇ ਸੂਬੇ ਦੀ ਆਰਥਿਕ ਤਰੱਕੀ, ਖੇਹ ਹੋ ਗਈ ਅਤੇ ਪੰਜਾਬ ਸਿਰ ਬਾਪ ਦੇ ਸਿਰ ਚੜ੍ਹੇ ਸ਼ਾਹੂਕਾਰਾਂ ਦੇ ਕਰਜ਼ੇ ਵਾਂਗ ਦਿੱਲ਼ੀ ਦਾ ਕਰਜ਼ਾ ਵਧਦਾ ਜਾ ਰਿਹਾ ਸੀ। ਕੇਂਦਰ ਸਰਕਾਰ ਦੇ ਅਮਲੇ ਦਾ ਖਰਚ ਪੈਣਾ ਤੇ ਉਹਨਾਂ ਦਾ ਜਬਰ ਵੀ ਸਹਿਣਾ ਇਹ ਪੰਜਾਬ ਦੀ ਡਾਹਡੇ ਦਾ ਸੱਤੀ ਵੀਹੀਂ ਸੌ ਹੋਣੀ ਬਣ ਚੁੱਕਾ ਸੀ। ਉਸ ਸਮੇਂ ਵੱਖ-ਵੱਖ ਸਿੰਘ ਧੜਿਆਂ ਦਾ ਜਾਬਤਾ ਚਲਦਾ ਸੀ। ਅਜਿਹੇ ਮਹੌਲ ਵਿੱਚ ਹੀ ਮਾਮਾ ਸੁਰਜੀਤ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ। ਬੇਟ ਦਾ ਇਲਾਕਾ ਸੀ। ਸਤਲੁਜ ਦਰਿਆ ਦੇ ਕੋਲ ਪੈਂਦੇ ਨਾਨਕਿਆਂ ਦੇ ਪਿੰਡ ਵਿੱਚ ਇਹ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਸਰਕੜਿਆਂ ਦੇ ਝੁੰਡ ਚੋਂ ਮੂੰਹ ਬੰਨੀ ਹਥਿਆਰ ਬੰਦ ਨੌਜਵਾਨ ਆ ਟਪਕਦੇ।ਸਹਿਮ ਪੈਦਾ ਕਰਕੇ ਮਾਮੇ ਦੇ ਘਰ ਆਪਣੇ ਹਥਿਆਰ ਕੱਖ ਜਾਂਦੇ ਅਤੇ ਰੋਟੀ ਖਾ ਜਾਂਦੇ। ਪੁਲਿਸ ਨੂੰ ਕਿਸੇ ਕੱਚੇ ਪਿੱਲੇ ਰੰਗਰੂਟ ਨੇ ਪੁਲੀਸ ਤਸ਼ੱਦਦ ਦੌਰਾਨ ਉਹਨਾਂ ਦੀ ਠਹਿਰ ਦੱਸ ਦਿੱਤੀ। ਮਾਮੇ ਦੇ ਘਰ ਤੇ ਜਬਰ ਦੇ ਝੱਖੜ ਝੁਲ ਪਿਆ। ਮਾਮੀ ਘਰ ਤੇ ਜ਼ਮੀਨ ਵੇਚਕੇ ਆਪਣੇ ਦੋ ਬੱਚੇ ਲੈ ਕੇ ਕਾਨਪੁਰ ਆਪਣੇ ਭਰਾ ਕੋਲ ਚਲੀ ਗਈ। ਘਰ ਘਾਟ ਅਤੇ ਖੇਤ ਰੁਲ੍ਹ ਗਏ। ਪਰ ਇੰਦਰਾ ਗਾਂਧੀ ਤੇ ਕਤਲੇ ਤੇ ਹੋਏ ਦੰਗਿਆਂ ਵਿੱਚ ਤੁਹਾਡੀ ਮਾਮੀ ਦੋਵੇਂ ਪੁੱਤਰ ਸਭ ਫਿਰਕੂ ਭੀੜ ਨੇ ਕਤਲ ਕਰ ਦਿੱਤੇ। ਸਭ ਕੁਝ ਲੁਟਾ ਕੇ ਤੁਹਾਡਾ ਮਾਮਾ ਘਰ ਆ ਗਿਆ ਪਰ ਕਰਮਾਂ ਵਿੱਚ ਵਸੇਬਾ ਨਹੀਂ ਸੀ। ਸੰਨ 1992 ਵਿੱਚ ਥੋਡੇ ਮਾਮੇ ਨੂੰ ਕਾਲੇ ਕੱਛਿਆਂ ਵਾਲਿਆਂ ਨੇ ਦਹਿਸ਼ਤ ਸਮੇਂ ਘਰੋਂ ਚੁੱਕ ਲਿਆ। ਪਿੰਡ ਵਾਲੇ ਦਸਦੇ ਹਨ ਕਿ ਅੰਮ੍ਰਿਤਸਰ ਪੁੱਛ-ਗਿੱਛ ਕੇਂਦਰ ਵਿੱਚ ਲਿਜਾ ਕੇ ਮਾਮੇ ਤੇ ਬਹੁਤ ਤਸ਼ੱਦਦ ਕੀਤਾ। ਉਸਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਨੇ ਉੱਚ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਉਸ ਸਮੇਂ ਲਾਪਤਾ ਨੌਜਵਾਨਾਂ ਦੀ ਪੈਰਵੀ ਕਰ ਰਹੇ ਖਾਲੜੇ ਕੋਲ, ਲੋਕ ਸਭਾ ਦੇ ਮੈਂਬਰ ਸਿਮਰਨਜੀਤ ਮਾਨ ਤੱਕ ਵੀ ਪਹੁੰਚ ਕੀਤੀ। ਪਰ ਖਾਲੜੇ ਦੇ ਕਤਲ ਤੋਂ ਬਾਅਦ ਸਬਰ ਦਾ ਘੁੱਟ ਭਰਕੇ ਬਹਿ ਗਏ। ਇੰਝ ਮਾਂ ਦੀ ਪੇਕਿਆਂ ਦੀ ਸਾਂਝ ਵੀ ਟੁੱਟ ਗਈ। ਕੋਈ ਦੁਖਦੇ ਸੁਖਦੇ ਦੀ ਸਾਰ ਲੈਣ ਵਾਲਾ ਵੀ ਨਾਂ ਰਿਹਾ। ਇਹਨਾਂ ਸਭ ਹਲਾਤਾਂ ਨੇ ਦੋਵੇਂ ਪੁੱਤਰਾਂ ਦੇ ਮਨਾਂ ਵਿੱਚ ਇਹ ਭਾਵਨਾਂ ਭਰ ਦਿੱਤੀ ਕਿ ਮਾਂ-ਬਾਪ ਨੂੰ ਸੁੱਖ ਦੇਣਾ ਵਕਤ ਦੇ ਦਿੱਤੇ ਜ਼ਖਮਾਂ ਉਪਰ ਮੱਲਮ ਲਗਾਉਣਾ ਹੀ ਉਹਨਾਂ ਦਾ ਪਰਮ ਧਰਮ ਹੈ।ਹੈ। ਜਦ ਦੋਹਾਂ ਪੁੱਤਰਾਂ ਦਾ ਵਿਆਹ ਹੋਇਆ ਤਾਂ ਦੋਹਾਂ ਨੇ ਆਪਣੀਆਂ ਪਤਨੀਆਂ ਨੂੰ ਕਹਿ ਦਿੱਤਾ ਸੀ ਕਿ ਸਾਡੇ ਨਾਲੋਂ ਪਹਿਲਾਂ ਸਾਡੇ ਮਾਂ-ਬਾਪ ਹਨ। ਜੇ ਇਹ ਖੁਸ਼ ਹਨ ਤਾਂ ਅਸੀਂ ਖੁਸ਼ ਹਾਂ।ਇਹਨਾਂ ਪ੍ਰਤੀ ਕੋਈ ਵੀ ਲਾਪ੍ਰਵਾਹੀ ਤੁਹਾਡੇ ਹੱਥੋਂ ਸਾਡੀ ਪੱਗ ਲਹਿਣ ਦੇ ਸਮਾਨ ਹੋਵੇਗੀ। ਪਤੀਆਂ ਦੇ ਮੂੰਹੋਂ ਮਾਂ-ਬਾਪ ਦਾ ਜੀਵਨ ਸੰਘਰਸ਼ ਸੁਣਕੇ ਉਹਨਾਂ ਨੇ ਆਪਣੇ ਪਤੀਆਂ ਦੀਆਂ ਇਛਾਵਾਂ ਨੂੰ ਪਹਿਲ ਦਿੱਤੀ। ਘਰ ਦਾ ਮਾਹੌਲ ਹੋਰ ਵੀ ਖੁਸ਼ਗਵਾਰ ਹੋ ਗਿਆ ਅਤੇ ਨੌਹਾਂ ਬਿਗਾਨੀਆਂ ਧੀਆਂ ਨਾਂ ਰਹਿ ਕੇ ਭਜਨ ਕੌਰ ਅਤੇ ਬਚਨ ਸਿੰਘ ਦੀਆਂ ਧੀਆਂ ਬਣਕੇ ਧੀਆਂ ਦੀ ਕਮੀਂ ਨੂੰ ਪੂਰਾ ਕਰਨ ਲੱਗੀਆਂ।ਉਹ ਬਜ਼ੁਰਗਾਂ ਦੀ ਤਨੋਂ ਮਨੋਂ ਸੇਵਾ ਕਰਦੀਆਂ ਤੇ ਭਜਨ ਕੌਰ ਅਤੇ ਬਚਨ ਸਿੰਘ ਘਰ ਦੀਆਂ ਚਾਬੀਆਂ ਨੌਹਾਂ-ਪੁੱਤਾਂ ਨੂੰ ਫੜਾ ਕੇ ਸੁਰਖਰੂ ਹੋ ਗਏ।

               ਪਰ ਹੁਣ ਉਮਰ ਦੇ ਤਕਾਜੇ ਨਾਲ ਸਰੀਰਕ ਤਕਲੀਫਾਂ ਹਾਵੀ ਹੋਣ ਲੱਗੀਆਂ।ਬਚਨ ਸਿੰਘ ਦਾ ਤਾਂ ਉਹ ਕਿਹੜਾ ਉਪਰੇਸ਼ਨ ਸੀ ਜਿਹੜਾ ਨਹੀਂ ਹੋਇਆ।ਕਦੇ ਹਰਨੀਆਂ ਦਾ, ਕਦੇ ਗਦੂਦਾਂ ਦਾ, ਕਦੇ ਦਿਲ ਦੀਆਂ ਰੁਕੀਆਂ ਨਾੜੀਆਂ ਨੂੰ ਚਲਾੳਣ ਲਈ ਬਾਪੀਪਾਸ ਸਰਜਰੀ ਤੱਕ ਦੀ ਨੌਬਤ ਆ ਗਈ ਸੀ। ਮਾਂ ਦਾ ਤਾਂ ਸਿਰਫ ਨਿਗ੍ਹਾ ਦੀ ਕਮਜ਼ੋਰੀ ਕਾਰਨ ਚਿੱਟੇ ਮੋਤੀਏ ਦਾ ਉਪਰੇਸ਼ਨ ਹੀ ਕਰਵਾਉਣਾਂ ਪਿਆ ਜੋ ਨੇਤਰ ਮਾਂ ਨੇ ਪਹਿਲਾਂ ਚੁੱਲੇ ਦੇ ਕੌੜੇ ਧੂੰਏ ਕਾਰਨ ਹਾਲੋਂ ਬੇਹਾਲ ਕਰਨ ਅਤੇ ਫਿਰ ਇੱਕੋਂ ਇੱਕ ਭਰਾ ਦੇ ਵਿਛੋੜੇ ਤੇ ਪੇਕਿਆਂ ਵਾਲੇ ਘਰ ਵਿੱਚ ਕੋਈ ਦੀਵਾ ਬਾਲਣ ਵਾਲਾ ਵੀ ਨਾਂ ਰਹਿੰਦਾ ਹੋਣ ਕਾਰਕੇ ਅੱਥਰੂਆਂ ਨਾਲ ਵਹਿੰਦੀਆਂ ਰਹਿੰਦੀਆਂ ਅੱਖਾਂ ਕਾਰਨ ਇਹ ਨੌਬਤ ਆ ਗਈ ਸੀ। ਪਰ ਹੁਣ ਨੋਹਾਂ ਪੁੱਤਾਂ ਦੇ ਕਮਾਊ ਅਤੇ ਆਗਿਆਕਾਰੀ ਹੋਣ ਕਾਰਨ ਪੈਸੇ ਟਕੇ ਦੀ ਕੋਈ ਕਮੀ ਨਹੀਂ ਸੀ।ਘਰੇ ਦੋ ਕਾਰਾਂ, ਮੋਟਰਸਾਈਕਲ ਪੱਖੇ, ਕੂਲਰ, ਏ.ਸੀ, ਹੀਟਰ ਆਧੁਨਿਕ ਇਸ਼ਨਾਨ ਘਰ ਸਭ ਕੁਝ ਮੌਜੂਦ ਸੀ। ਘਰੇ ਫਰਿੱਜ ਫਲਾਂ ਨਾਲ ਭਰੇ ਰਹਿੰਦੇ ਸਨ।ਪਿਛਲ਼ੇ ਸਾਲ 35-36 ਸਾਲ ਪੁਰਾਣੇ ਸਮੇਂ ਵਿੱਚ ਹੰਢਾਏ ਸਮੇਂ ਵਿੱਚ ਫਿਰ ਕਾਲੇ ਦਿਨ ਪਰਤ ਆਏ। ਜਦ ਲੌਕਡਾਊਨ ਹੋਣ ਕਾਰਨ ਸਭ ਕੁਝ ਠੱਪ ਹੋ ਗਿਆ। ਮਾਂ -ਬਾਪ ਦੀ ਕੋਸ਼ਿਸ਼ ਹੁੰਦੀ ਕਿ ਨੌਹਾਂ-ਪੁੱਤਰ ਕੋਈ ਖਤਰਾ ਮੁੱਲ ਲੈ ਕੇ ਘਰੋਂ ਬਾਹਰ ਨਾਂ ਜਾਣ ਇਸ ਕਰਕੇ ਉਹ ਉਹਨਾਂ ਦੇ ਕੋਲ ਰਹਿੰਦੇ। ਹੁਣ ਫਰਿੱਜ ਭਾਵੇ ਫਲਾਂ-ਸਬਜੀਆਂ ਤੋਂ ਖਾਲੀ ਸੀ। ਪਰ ਨੌਹਾਂ ਪੁੱਤਰਾਂ ਕੋਲ ਖੁੱਲਾ ਸਮਾਂ ਹੋਣ ਕਰਕੇ ਮਾਨਸਿਕ ਤਸੱਲੀ ਦਾ ਅਹਿਸਾਸ ਫਰਿਜ ਵਿੱਚ ਰੱਖੇ ਫਲ੍ਹਾਂ ਨਾਲੋਂ ਕਿਤੋਂ ਵੱਧ ਸੀ। ਪੂਰੇ ਪੰਜ ਮਹੀਨਿਆਂ ਬਾਅਦ ਜ਼ਿੰਦਗੀ ਰਵਾਂ ਹੋਈ।ਧੀਆਂ ਪੁੱਤ ਕੰਮਾਂ ਕਾਰਾਂ ਤੇ ਜਾਣ ਲੱਗੇ। ਅਚਾਨਕ ਇੱਕ ਦਿਨ ਘਰ ਵਿੱਚ ਲੱਗੀ ਘੰਟੀ ਖੜਕੀ ਤਾਂ ਭਜਨ ਕੌਰ ਨੇ ਦਰਵਾਜਾ ਖੋਲਿਆ ਤਾਂ ਡਾਕੀਆ ਸੀ।

             “ਮਾਂ ਜੀ ਤੁਹਾਡੀ ਇਹ ਸਰਕਾਰੀ ਚਿੱਠੀ ਹੈ। ਸ.ਬਚਨ ਸਿੰਘ ਦੇ ਨਾਮ ਤੇ ਹੈ ਉਸਨੂੰ ਕਹੋ ਕਿ ਇਸ ਕਾਗਜ ਤੇ ਦਸਤਖਤ ਕਰਕੇ ਜਾਂ ਅੰਗੂਠਾ ਲਾ ਕੇ ਲੈ ਲਵੇ। “ਡਾਕੀਏ ਨੇ ਕਿਹਾ।

             “ਪੁੱਤ ਤੂੰ ਹੀ ਅੰਦਰ ਆ ਕੇ ਇਹ ਆਪ ਹੀ ਦੇ ਦੇ ਮੈਂ ਗੁਆਂਢੀਆਂ ਦੇ ਘਰੋਂ ਅੰਗੂਠਾ ਲਗਾਉਣ ਵਾਲੀ ਡੱਬੀ ਫੜ ਲਿਆਵਾਂ। “ਡਾਕੀਏ ਨੂੰ ਅੰਦਰ ਭੇਜ ਕੇ। ਕੁਝ ਹੀ ਸਮੇਂ ਵਿੱਚ ਉਹ ਨੀਲੇ ਰੰਗ ਦੀ ਡੱਬੀ ਫੜ ਲਿਆਈ। ੳਹਨਾਂ ਦੋਹਾਂ ਲਈ ਤਾਂ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਗੱਲ਼ ਸੀ।ਬਚਨ ਸਿੰਘ ਨੇ ਅੰਗੂਠਾ ਲਗਾ ਕੇ ਖਾ ਕੀ ਰੰਗ ਦੇ ਲਿਫਾਫੇ ਵਾਲੀ ਚਿੱਠੀ ਕੋਲ ਪਏ ਮੇਜ਼ ਤੇ ਰੱਖ ਦਿੱਤੀ ਕਿ ਆਪੇ ਆ ਕੇ ਮੁੰਡੇ ਪੜ ਲਵੇਗਾ।

            ਜਦ ਮੁੰਡੇ ਘਰ ਆਏ ਅਤੇ ਚਾਹ ਪਾਣੀ ਪੀਕੇ,ਕੱਪੜੇ ਬਦਲ ਕੇ ਆਏ ਤਾਂ ਬਚਨ ਸਿੰਘ ਨੇ ਪੁੱਤਰਾਂ ਨੂੰ ਕਿਹਾ, ਪੁੱਤ ਆਹ ਚਿੱਠੀ ਜੇਹੀ ਆਈ ਹੈ।ਦੇਖਿਓ ਤਾਂ ਕਿੱਥੋਂ ਆਈ ਹੈ?” ਬਾਪ ਦੀ ਗੱਲ ਸੁਣਕੇ ਵੱਡੇ ਪੁੱਤਰ ਨੇ ਖਾਕੀ ਲਿਫਾਫਾ ਚੁੱਕਿਆ ਅਤੇ ਚਿੱਠੀ ਪੜਨੀ ਸੁਰੂ ਕੀਤੀ।ਜਿਉਂ ਜਿਉਂ ਹਰਬੰਸ ਸਿੰਘ ਚਿੱਠੀ ਪੜ੍ਹਦਾ ਜਾ ਰਿਹਾ ਸੀ ਤਾਂ ਉਸਦੇ ਮੱਥੇ ਤੇ ਫਿਕਰਾਂ ਦੀ ਤਿਓੜੀ ਉੱਭਰ ਆਈ ਅਤੇ ਪਸੀਨੇ ਦੀਆਂ ਬੂੰਦਾ ਦੇਖ ਕੇ ਬਚਨ ਸਿੰਘ ਨੇ ਪੁੱਛਿਆ

             “ਪੁੱਤ ਸੁੱਖ ਐ,ਤੇਰਾ ਚੇਹਰਾ ਕਿਉਂ ਉੱਤਰ ਗਿਆ ਕੋਈ ਮਾੜੀ ਗੱਲ਼ ਐ?”ਬਚਨ ਸਿੰਘ ਨੇ ਪੁੱਛਿਆ “ਬਾਪੂ ਜੀ ਵਕਤ ਦੀ ਤੁਹਾਡੀ ਸਾਰੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਨਾਲ ਏਹੀ ਕਸਰ ਬਾਕੀ ਰਹਿੰਦੀ। ਇਸ ਚਿੱਠੀ ਅਨੁਸਾਰ ਆਪਣੇ ਖੇਤ ਦਾ ਵੱਡਾ ਟੱਕ ਸਰਕਾਰ ਕਬਜੇ ਵਿੱਚ ਲੈ ਰਹੀ ਹੈ ਉਥੇ ਕਿਸੇ ਅਮੀਰ ਘਰਾਣੇ ਨੇ ਜੀ.ਟੀ ਰੋਡ ਤੇ ਕੋਈ ਪਲਾਂਟ ਲਗਾਉਂਣਾ ਹੈ।” ਹਰਬੰਸ ਸਿੰਘ ਨੇ ਬਾਪੂ ਜੀ ਨੂੰ ਦੱਸਿਆ।
“ਹੈ ਅ ਅ, ਇਹ ਕੀ ਗੱਲ਼ ਹੋਈ, ਸਾਥੋਂ ਪੁੱਛੇ ਬਗੈਰ ਹੀ? ਇਹ ਕਿਵੇਂ ਹੋ ਸਕਦਾ ਹੈ। ਏਹੀ ਟੱਕ ਤਾਂ ਆਪਣੇ ਲਈ ਸੋਨੇ ਦੀ ਖਾਣ ਹੈ ਤੇ ਇਸ ਸਰਕਾਰ ਨਾਲ ਮਿਲਕੇ ਉਹ ਵੀ ਖੋਹ ਰਿਹਾ ਹੈ। ਕੋਈ ਇਨਸਾਫ ਨਾਂ ਦੀ ਚੀਜ ਹੈ ਕੋਈ ਇਸ ਦੇਸ਼ ਵਿੱਚ?ਬਚਨ ਸਿੰਘ ਨੇ ਫਿਕਰਮੰਦੀ ਨਾਲ ਕਿਹਾ।

             “ਬਾਪੂ ਜੀ ਆਹ ਦੇਸ਼ ਦੇ ਮੁਖੀ ਨੇ ਸਾਰੇ ਲੋਕਾਂ ਨੂੰ ਮੂਰਖ ਬਣਾ ਕੇ ਦੇਸ਼ ਬਰਬਾਦ ਕਰਨ ਵਾਲੇ ਕਾਨੂੰਨ ਪਾਸ ਕਰ ਦਿੱਤੇ ਹਨ। ਸਾਡੇ ਮਹਿਕਮੇ ਵਿੱਚ ਸਾਰੇ ਹੀ ਇਸ ਬਾਰੇ ਗੱਲਾਂ ਕਰਦੇ ਸੀ ਕਿ ਹਵਾਈ ਅੱਡੇ, ਸਕੂਲ, ਕਾਲਜ, ਰੇਲਵੇ, ਹਵਾਈ ਜਹਾਜ਼ ਤੇ ਹੋਰ ਸਭ ਸਰਕਾਰੀ ਜਾਇਦਾਦ ਦੇਸ਼ ਦੇ ਮੁਖੀ ਨੇ ਅਮੀਰਾਂ ਨੂੰ ਵੇਚ ਦੇਣੀਆਂ ਹਨ” ਹੁਣ ਕੋਲ ਆ ਕੇ ਬਲਜੀਤ ਨੇ ਕਿਹਾ।

           “ਹੈਂ ਊਤ ਕਿਸੇ ਥਾਂ ਦਾ, ਅੇਹੋ ਜੇਹਾ ਮੁਖੀ ਤਾਂ ਦੇਸ਼ ਵਿਚ ਕਦੇ ਆਇਆ ਹੀ ਹੀਂ। ਇਹ ਤਾਂ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਐ। “ਬਚਨ ਸਿੰਘ ਨੇ ਫਿਕਰ ਨਾਲ ਕਿਹਾ”

           “ਬਾਪੂ ਜੀ ਸਰਕਾਰ ਨੇ ਕੁਝ ਲੋਕ ਵਿਰੋਧੀ ਕਾਨੂੰਨ ਆਹ ਕਰਫਿਊ (ਲੌਕਡਾਊਨ) ਵਿੱਚ ਹੀ ਪਾਸ ਕਰ ਦਿੱਤੇ ਸਨ।ਇਹ ਤਾਂ ਸੋਚਿਆ ਹੀ ਨਹੀ ਸੀ ਕਿ ਇਹ ਸਾਡਾ ਹੀ ਘਰ ਪੱਟ ਦੇਣਗੇ”ਹਰਬੰਸ ਸਿੰਘ ਨੇ ਕਿਹਾ।

              “ਪੁੱਤ ਕੋਈ ਇਹਨਾਂ ਵਿੁਰੱਧ ਬੋਲੂਗਾ ਵੀ ਕਿ ਨਹੀਂ? ਇੱਕ ਤਾਂ ਇਹ ਲੀਡਰ ਲੋਕਾਂ ਨੰ ਮੂਰਖ ਬਣਾ ਜਾਂਦੇ ਹਨ। ਜੇ ਇਹ ਚੱਜਦੇ ਹੋਣ ਤਾਂ ਨਾਂ ਅਜਿਹੇ ਕਾਨੂੰਨ ਪਾਸ ਹੀ ਹੋਣ, ਨਾਂ ਦੰਗੇ ਹੋਣ, ਨਾਂ ਲੁੱਟ ਮਾਰ ਹੋਵੇ। ਆਪਾਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਸਲਿਆਂ ਦੇ ਭੰਨੇ ਹੋਏ ਹਾਂ। ਪਹਿਲਾਂ ਮੇਰਾ ਦੋਸਤ ਅੰਬਾਲੇ ਕੋਲ ਸੌ ਏਕੜ ਦਾ ਸੌਦਾ ਕਰਵਾਉਂਦਾ ਸੀ। ਫੇਰ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਕਿ ਪੰਜਾਬ ਦਾ ਕੋਈ ਵਸਨੀਕ ਜ਼ਮੀਨ ਨਹੀਂ ਖਰੀਦ ਸਕਦਾ। ਜੇ ਰਾਜਧਾਨੀ ਸਾਂਝੀ ਐ ਤਾਂ ਜ਼ਮੀਨ ਸਾਂਝੀ ਕਿਉਂ ਨਹੀਂ?

             “ਬਚਨ ਸਿੰਘ ਨੇ ਮਨ ਦੀ ਭੜਾਸ ਕੱਢੀ।
“ਬਾਪੂ ਜੀ ਤੁਸੀਂ ਘਬਰਾਓ ਨਾਂ ਲੋਕ ਐਨੇ ਨਿੱਘਰੇ ਹੋਏ ਨਹੀਂ।ਜੇ ਏਹਨਾਂ ਨੇ ਪੰਜਾਬ ਦੀ ਜ਼ਮੀਨ ਜਾਂ ਇਹ ਦੇਸ਼ ਧਨਾਢਾਂ ਨੂੰ ਵੇਚਣ ਦਾ ਫੈਸਲਾ ਕਰ ਲਿਆ ਤਾਂ ਫਿਰ ਕਿਸਾਨ ਯੂਨੀਅਨਾਂ ਜਰੂਰ ਬੋਲਣਗੀਆਂ?ਬਲਜੀਤ ਸਿੰਘ ਨੇ ਸਥਿਤੀ ਨੂੰ ਭਾਂਪ ਦਿਆ ਕਿਹਾ

          “ਫੇਰ ਤਾਂ ਪੁੱਤ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਦਸੋਂਟੇ ਕੱਟ ਕੇ ਬਣਾਈ ਜ਼ਮੀਨ ਦੀ ਲੜਾਈ ਲੇਖੇ ਹੀ ਲਾਂਉਂਗਾ।ਮੈਂ ਤੁਹਾਡੇ ਵੱਲੋਂ ਬਹੁਤ ਸੁਖੀ ਤੇ ਖੁਸ਼ ਹਾਂ। ਤੁਸੀਂ ਮੈਂਨੂੰ ਫੁੱਲਾਂ ਵਾਂਗ ਸਾਂਭਿਆ ਹੈ। ਮੈਨੂੰ ਕੋਈ ਝੋਰਾ ਨਹੀਂ ਹੈ”। ਬਚਨ ਸਿੰਘ ਨੇ ਆਪਣੇ ਨੋਹਾਂ ਪੁੱਤਾਂ ਪ੍ਰਤੀ ਮਾਣ ਨਾਲ ਤਕਦਿਆਂ ਕਿਹਾ।

           ਅੱਸੂ ਦੇ ਮਹੀਨੇ ਵਿੱਚ ਹੀ ਸਰਕਾਰ ਦੇ ਇਹਨਾਂ ਖੇਤੀ ਕਾਨੂੰਨਾਂ ਖਿਲਾਫ ਰੋਸ ਵਜੋਂ ਧਰਨੇ ਲਗਣੇ ਸੁਰੂ ਹੋ ਗਏ। ਅਮੀਰਾਂ ਦੇ ਪੰਪਾਂ ਤੇ, ਟੋਲ ਪਲਾਜਿਆਂ ਅਤੇ ਫੋਨ ਕੰਪਨੀਆਂ ਦਾ ਬਾਈਕਾਟ ਸ਼ੁਰੂ ਹੋ ਗਿਆ।ਅੱਜ ਹੋਰ ਕੱਲ ਹੋਰ ਇਹ ਇਕੱਠ ਦਿਨੋਂ ਦਿਨ ਵਧਣ ਲੱਗਾ। ਪਿੰਡਾਂ ਚੋਂ ਭਾਰੀ ਗਿਣਤੀ ਵਿੱਚ ਮਜ਼ਦੂਰ ਕਿਸਾਨ, ਨੌਜਵਾਨ, ਬਿਰਧ ਔਰਤਾਂ ਲੜਕੀਆਂ ਤੇ ਪੜੇ ਲਿਖੇ ਵਿਦਵਾਨ ਆਉਣ ਲੱਗੇ। ਬਚਨ ਸਿੰਘ ਨੇ ਸੁਰੂ ਵਿਚ ਹੀ ਇਹਨਾਂ ਧਰਨਿਆਂ ਦਾ ਹਿੱਸਾ ਬਣ ਗਿਆ। ਉਥੇ ਜਾ ਕੇ ਜ਼ਿੰਦਗੀ ਵਿਚ ਵਾਪਰੀਆਂ ਬਹੁਤੀਆਂ ਗੱਲ਼ਾਂ ਜਿੰਨਾਂ ਨੂੰ ਬਚਨ ਸਿੰਘ ਨੇ ਦਲੀਲਾਂ ਦੇ ਦੇ ਕੇ ਦੱਸਿਆ ਕਿ ਇਹ ਸਭ ਰਾਜਸੀ ਪਾਰਟੀਆਂ ਅਤੇ ਉਹਨਾਂ ਦੀਆਂ ਬਦਨੀਤੀਆਂ ਦਾ ਹਿੱਸਾ ਹਨ। ਫਿਰ ਬੁਲਾਰਿਆਂ ਵੱਲ਼ੋਂ ਬਿਜਲੀ ਦੇ ਬਿੱਲ਼ਾਂ ਨਵੇਂ ਮੀਟਰਾਂ ਤੇਲ ਦੀਆਂ ਵਧਦੀਆਂ ਕੀਮਤਾਂ ਵਿਦੇਸ਼ਾ ਨੂੰ 20-25 ਰੁਪਏ ਲੀਟਰ ਵੇਚੇ ਜਾਂਦੇ ਤੇਲ ਬਾਰੇ ਸੁਣਕੇ ਤਾਂ ਗੁੱਸੇ ਵਿੱਚ ਉਸਦੇ ਪਿੰਡ ਤੇ ਚੰਗਿਆੜੀਆਂ ਫੁੱਟਣ ਲੱਗ ਪਈਆਂ।    ਹੈਂ ਅ ਅ “ਐਨਾਂ ਘੋਰ ਪਾਪ, ਐਨਾ ਅਨਰਥ” ਉਸਦੇ ਮਨ ਚੋਂ ਰੋਹ ਉੱਠਦਾ। ਸ਼ਾਮ ਨੂੰ ਘਰ ਆ ਕੇ ਆਪਣੇ ਮੁੰਡਿਆਂ ਨੂੰ ਸਭ ਕੁਝ ਦੱਸਦਾ। ਪੜੀਆਂ ਲਿਖੀਆਂ ਨੋਹਾਂ ਨਾਲ ਇਸ ਸਬੰਧੀ ਪੜਿਆ ਲਿਖਿਆ ਵਾਂਗ ਬਹਿਸ ਕਰਦਾ ਦੇਖ ਕੇ ਭਜਨ ਕੌਰ ਖੁਸ਼ ਹੁੰਦੀ ਅਤੇ ਇੱਕ ਦਿਨ ਉਸਨੇ ਕਹਿ ਹੀ ਦਿੱਤਾ।

            “ਹਰਬੰਸ ਤੇ ਬਲਜੀਤ ਦੇ ਬਾਪੂ ਮੈਨੂੰ ਤਾਂ ਲੱਗਦੈ ਹੈ ਕਿ ਇਸਨੇ ਤੁਹਾਨੂੰ ਸਕੂਲਾਂ ਕਾਲਜਾਂ, ਵਿੱਚ ਪੜ੍ਹਾ ਕੇ ਬੁੱਢੇ ਬਾਰੇ ਇਹ ਵੀ ਪੜਨ ਲੱਗ ਪਿਆ ਏ। ਬੇਬੇ ਦੀ ਗੱਲ਼ ਸੁਣਕੇ ਸਾਰੇ ਹੱਸ ਪਏ।

            “ਓ ਭਲੀਏ ਲੋਕੇ ਅਕਲ ਹੀ ਹੁਣ ਆਈ ਹੈ।ਅੱਗੇ ਤਾਂ ਕੋਹਲੂ ਦਾ ਬੈਲ ਸੀ। ਘਰੇ ਖੇਤ ਅਤੇ ਖੇਤੋਂ ਘਰ ਮੇਰੀ ਪੰਜਾਹਾਂ ਸਾਲਾਂ ਦੀ ਕਮਾਈ ਤਾਂ ਮਹਿੰਗਾਈ ਨੇ ਲੁੱਟ ਲਈ। ਹੁਣ ਆਉਣ ਦੇ ਵੋਟਾਂ ਵਾਲਿਆਂ ਨੂੰ ਜੇ ਮੌਰਾਂ ਵਿੱਚ ਖੂੰਡੇ ਮਾਰ ਕੇ ਨਾਂ ਦਬੱਲੇ ਤਾਂ ਮੇਰਾ ਨਾ ਵੀ ਬਚਨ ਸਿੰਘ ਨਹੀਂ। ਸੱਚੀ ਇਹਨਾਂ ਇਕੱਠਾ ਵਿੱਚ ਤਾਂ ਨੂਰ ਵਰਦਾ ਹੈ। ਮੈਂ ਤਾਂ ਨਹੀਂ ਹੁਣ ਹਟਦਾ। ਹੁਣ ਮੇਰਾ ਫਿਕਰ ਨਾ ਕਰਿਓ। ਬਚਨ ਸਿੰਘ ਜੇ ਭਵਿੱਖ ਦਾ ਫੈਸਲਾ ਵੀ ਸੁਣਾ ਦਿੱਤਾ।

              ਇਹ ਲੋਕ ਘੋਲ ਹੋਰ ਵੀ ਪ੍ਰਚੰਡ ਹੁੰਦਾ ਗਿਆ ਤੇ ਕਣਕ ਦੀ ਬਿਜਾਈ ਤੋਂ ਬਾਅਦ ਸਰਕਾਰ ਦੀਆਂ ਰੋਕਾਂ ਤੋੜਦਾ ਹੋਇਆ ਦਿੱਲ਼ੀ ਜਾ ਪਹੁੰਚਿਆ ਤੇ ਹੌਲੀ ਹੌਲੀ ਸਾਰਾ ਮੁਲਕ ਉੱਥੇ ਜੁੜਨ ਲੱਗਾ ਤੇ ਲੋਕਾਂ ਨੇ ਫੌਜੀਆਂ ਵਾਂਗ ਛਾਉਣੀਆਂ ਪਾ ਲਈਆਂ। ਦਿਨ ਵੇਲੇ ਬਚਨ ਸਿੰਘ ਨਹਾ ਸੌ ਕੇ ਰੈਲੀਆਂ ਵਿੱਚ ਜਾਂਦਾ। ਮੁੰਡੇ ਕੁੜੀਆਂ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਬਜ਼ੁਰਗਾਂ ਵਾਸਤੇ ਗਰਮ ਪਾਣੀ, ਗਰਮ ਦੁੱਧ, ਬਦਾਮ, ਕਾਜੂ, ਸ਼ਹਿਦ ਪਾ ਕੇ ਦੁੱਧ ਪੱਤੀ, ਗਰਮ ਕੰਬਲ ਸਭ ਕੁਝ ਪਹੁੰਚਦਾ। ਜਿਵੇਂ ਕਿ ਸਾਂਝੀਵਾਲਤਾ ਦਾ ਹੜ ਆ ਗਿਆ ਹੋਵੇ ਓਥੇ ਆਗੂ ਦੱਸਦੇ ਕਿ ਕਿਵੇਂ ਸਰਕਾਰ ਨੂੰ ਇਹਨਾਂ ਗਲਤ ਕਾਨੂੰਨਾਂ ਤੇ ਕੋਈ ਜਵਾਬ ਨਹੀਂ ਅਹੁੜਦਾ।ਸਰਕਾਰ ਪ੍ਰੇਸ਼ਾਨ ਹੈ ਕਿ ਇਹਨਾਂ ਦੇ ਐਨੇ ਇਕੱਠ ਨੇ ਸਾੜ ਫੂਕ ਤਾਂ ਕੀ ਕਰਨੀ ਸੀ ਸਗੋਂ ਵੱਟਾਂ ਮਾਰਨਾ ਤਾਂ ਕੀ ਦਰੱਖਤ ਦਾ ਪੱਤਾ ਵੀ ਨਹੀਂ ਸੀ ਤੋੜਿਆ। ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਵੱਲ ਜਾਣ ਤੇ ਤੱਤੇ ਖੂਨ ਨੂੰ ਇੱਕ ਬਹਾਨਾ ਤਾਂ ਦਿੱਤਾ। ਪਰ ਫੇਰ ਸੂਝਵਾਨ ਆਗੂਆ ਨੇ ਸਰਕਾਰ ਦੀ ਚਾਲ ਨੂੰ ਜੱਗ ਜਾਹਿਰ ਕਰਕੇ ਮੌਕਾ ਸਾਂਭ ਲਿਆ। ਲੋਕ ਕੜਾਕੇ ਦੀ ਸਰਦੀ ਵਿੱਚ ਨਿੱਘੇ ਰਹਿੰਦੇ। ਸਾਰੀ ਸਰਦੀ ਦਿੱਲ਼ੀ ਰਹਿਣ ਕਰਕੇ ਬਚਨ ਸਿੰਘ ਨੂੰ ਗੋਡੇ ਦੀ ਪੁਰਾਣੀ ਤਕਲੀਫ ਵਧ ਗਈ। ਫੇਰ ਹਰਬੰਸ ਸਿੰਘ ਕਾਰ ਤੇ ਆ ਕੇ ਬਚਨ ਸਿੰਘ ਨੂੰ ਪਿੰਡ ਲੈ ਆਇਆ। ਪਹਿਲਾਂ ਦਿੱਲ਼ੀ ਬਾਰਡਰ ਤੇ ਵੱਖ ਵੱਖ ਟੋਟਕਿਆਂ ਅਨੁਸਾਰ ਦੇਸੀ, ਅੰਗਰੇਜੀ ਤੇਲਾਂ ਤੇ ਦਵਾਈਆਂ ਵਾਲੀਆਂ ਮੱਲਮਾਂ ਦੀ ਮਾਲਸ਼ ਕੀਤੀ। ਮਹੀਨਾਂ ਲੰਘਣ ਤੇ ਵੀ ਕੋਈ ਫਰਕ ਨਾ ਪਿਆ।ਕਿਸਾਨ ਮੋਰਚੇ ਦੇ ਡਾਕਟਰਾਂ ਨੇ ਗੋਡੇ ਬਦਲੀ ਕਰਨ ਦੀ ਸਲਾਹ ਦਿੱਤੀ

            “ਪੁੱਤ ਮੈਨੂੰ ਏਥੋਂ ਨਾਂ ਲੈ ਕੇ ਜਾਵੋ “ਬਚਨ ਸਿੰਘ ਨੇ ਕਿਹਾ।
“ਪਰ ਕਿਉਂ ਬਾਪੂ ਜੀ?” ਪੁੱਤਰਾ ਨੇ ਸਵਾਲੀਆ ਨਜ਼ਰਾਂ ਨਾਲ ਪੁੱਛਿਆ।
“ਪੁੱਤ ਕੱਲ਼ ਕਿਸਾਨ ਰੈਲੀ ਵਿੱਚ ਇੱਕ ਬੁਲਾਰਾ ਦੱਸ ਰਿਹਾ ਸੀ ਕਿ ਕਿਸਾਨ ਭਰਾਵੋ ਚੌਕਸ ਰਹੋ।ਹੁਣ ਸਰਕਾਰ ਉਪਰੇਸ਼ਨ ਕਲੀਨ ਦੇ ਨਾਮ ਤੇ ਫੌਜ, ਪੁਲੀਸ ਰਾਹੀਂ ਗੋਲੀਆਂ, ਲਾਠੀਚਾਰਜ ਜਾਂ ਹੋਰ ਧੱਕਾ ਕਰਕੇ ਏਥੋਂ ਕਿਸਾਨਾਂ ਨੂੰ ਖਦੇੜਨ ਦੀ ਸਕੀਮ ਬਣਾ ਰਹੀ ਹੈ। “ਬਚਨ ਸਿੰਘ ਨੇ ਦੱਸਿਆ

            “ਫੇਰ ਇਹ ਤਾਂ ਵਧੀਆ ਗੱਲ਼ ਹੈ ਕਿ ਅਸੀਂ ਹਲਾਤ ਖਰਾਬ ਹੋਣ ਤੋਂ ਪਹਿਲਾਂ, ਪਹਿਲਾਂ ਤੁਹਾਨੂੰ ਲੈਣ ਆ ਗਏ”। ਦੋਹਾਂ ਪੁੱਤਰਾਂ ਨੇ ਇੱਕ ਸੁਰ ਵਿੱਚ ਕਿਹਾ।

           “ਓ ਨਹੀਂ ਪੁੱਤਰੋ ਤੁਸੀਂ ਸਮਝੇ ਨਹੀਂ, ਇਸ ਬੀਮਾਰੀ ਦਾ ਡਰ ਫੈਲਾ ਕੇ ਸਰਕਾਰ ਬਹਾਨਾ ਬਣਾ ਰਹੀ ਹੈ ਤੇ ਦਿੱਲ਼ੀ ਵਿੱਚ ਹਾਹਾਕਾਰ ਮੱਚੀ ਪਈ ਹੈ ਕਿ ਗਲਤ ਟੀਕੇ ਲਗਾਕੇ ਸਧਾਰਨ ਲੋਕਾਂ ਦਾ ਕਤਲ ਕਰਕੇ ਵੀ ਇਲਾਜ ਦੇ ਲੱਖਾਂ ਰੁਪਏ ਜਮਾਂ ਕਰਵਾਕੇ ਹੀ ਲਿਫਾਫਿਆਂ ਵਿੱਚ ਬੰਦ ਕਰਕੇ ਲਾਸ਼ਾਂ ਦੇ ਰਹੀ ਹੈ ਤੇ ਦਹਿਸ਼ਤ ਪਾ ਰਹੀ ਹੈ ਕਿ ਸ਼ਮਸ਼ਾਨਾ ਵਿੱਚ ਮੁਰਦੇ ਦੇ ਕਿਰਿਆ ਕਰਮ ਲਈ ਥਾਂ ਨਹੀਂ ਹੈ। ਲਾਈਨਾਂ ਲੱਗੀਆਂ ਹੋਈਆਂ ਹਨ। ਬਚਨ ਸਿੰਘ ਨੇ ਕਿਹਾ।

          “ਬਾਪੂ ਜੀ ਹੋਣ ਤਾਂ ਇਹ ਆਪਣੇ ਸੂਬੇ ਵਿੱਚ ਵੀ ਲੱਗ ਪਿਆ ਹੈ ਕਿ ਬੀਮਾਰੀ ਕੋਈ ਹੋਰ ਹੁੰਦੀ ਹੈ ਤੇ ਅੰਕੜਾ ਵਧਾਉਣ ਲਈ ਇਸੇ ਬੀਮਾਰੀ ਵਿੱਚ ਪਾ ਰਹੇ ਹਨ। “ਬਲਜੀਤ ਸਿੰਘ ਨੇ ਕਿਹਾ, “ਯਾਰ ਆਏ ਤਾਂ ਆਪਾਂ ਬਾਪੂ ਜੀ ਨੂੰ ਉਪਰੇਸ਼ਨ ਵਾਸਤੇ ਲੈਣ ਹਾਂ ਤਾਂ ਤੂੰ ਐਵੇ ਡਰਾਈ ਜਾ ਰਿਹਾ ਏਂ। ਇਹਨੂੰ ਕਿਹੜਾ ਕੋਈ ਬੀਮਾਰੀ ਹੈ ਗੋਡਿਆ ਦਾ ਉਪਰੇਸ਼ਨ ਹੀ ਕਰਨਾ ਹੈ”। ਹਰਬੰਸ ਸਿੰਘ ਨੇ ਕੁਝ ਤਲਖੀ ਨਾਲ ਕਿਹਾ।

           “ਪੁੱਤ ਬਲਜੀਤ ਠੀਕ ਕਹਿ ਰਿਹਾ ਹੈ। ਏਥੇ ਜੇ ਉਪਰੇਸ਼ਨ ਕਲੀਨ ਵਿੱਚ ਕੋਈ ਧੱਕੇਸ਼ਾਹੀ ਹੁੰਦੀ ਹੈ ਜਾਂ ਗੋਲੀ ਚਲਦੀ ਹੈ ਤੇ ਮੇਰਾ ਸਰੀਰ ਆਪਣੇ ਖੇਤ ਬਚਾਉਣ ਲਈ ਲੇਖੇ ਲੱਗਦਾ ਹੈ ਤਾਂ ਮੇਰੀ ਕਦਰ ਪੈ ਜਾਵੇਗੀ। ਤੁਹਾਨੂੰ ਖੇਤੀ ਘੋਲ ਦੇ ਯੋਧੇ ਬਚਨ ਸਿੰਘ ਦੇ ਪੁੱਤਰ ਹੋ ਕਹਿਕੇ ਇੱਜਤ ਮਿਲੇਗੀ। ਨਾਲੇ ਹੋਰ ਜਿਉਂ ਕੇ ਮੈਂ ਕੀ ਲੈਣਾ ਹੈ। ਅੱਸੀ ਸਾਲ ਬਹੁਤ ਉਮਰ ਹੈ। ਉਥੇ ਜਾ ਕੇ ਕਿਤੇ ਮੈਂ ਬਿਨਾਂ ਸੰਘਰਸ਼ ਤੋਂ ਕੱਖੋਂ ਹੌਲੀ ਮੌਤ ਨਾਂ ਮਰ ਜਾਵਾਂ। ਬੇਹਤਰ ਏਹੀ ਹੈ ਕਿ ਤੁਸੀਂ ਵਾਪਸ ਗੱਡੀ ਲੈ ਕੇ ਚਲੇ ਜਾਵੋ। ਤੁਸੀਂ ਨੌਕਰੀ ਕਰੋਗੇ ਜਾਂ ਏਥੇ ਆ ਕੇ ਖੇਤਾਂ ਨੂੰ ਵਾਪਸ ਕਰਾਉਣ ਲਈ ਏਥੇ ਆਵੋਗੇ? ਕੋਈ ਉਪਰੇਸ਼ਨ ਕਲੀਨ ਨਹੀਂ ਹੁੰਦਾ”।

           “ਬਾਪੂ ਜੀ ਅਸੀਂ ਹੁਣ ਆਏ ਹਾਂ ਤਾਂ ਸਾਡੇ ਨਾਲ ਹੀ ਚੱਲ਼ੋ। ਇਹ ਸੁਣਕੇ ਦੋਵੇਂ ਪੁੱਤ ਚੁੱਪ ਕਰ ਗਏ।ਸਰਕਾਰ ਡਰਾਵੇ ਦੇ ਰਹੀ ਹੈ। ਲੱਖਾਂ ਲੋਕਾਂ ਨਾਲ ਵਧੀਕੀ ਕਰਨ ਤੇ ਸਿਵਲ ਵਾਰ ਹੋ ਸਕਦੀ ਹੈ। ਏਥੇ ਤਿੰਨ-ਚਾਰ ਸੂਬਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਹਨ। ਉਪਰੇਸ਼ਨ ਤੋਂ ਬਾਅਦ ਅਸੀਂ ਖੁਦ ਤੁਹਾਨੂੰ ਇਸ ਸੰਘਰਸ਼ ਵਿੱਚ ਛੱਡ ਕੇ ਜਾਵਾਂਗੇ। ਇਹ ਕਹਿ ਕੇ ਛੋਟੇ ਪੁੱਤ ਨੇ ਕਾਰ ਦਾ ਦਰਵਾਜਾ ਖੋਲ ਲਿਆ ਤੇ ਸ਼ਾਮ ਨੂੰ ਉਹ ਘਰ ਆ ਗਏ। ਇਹ ਸਮਝ ਕੇ ਕਿ ਇਹ ਸਰਕਾਰ ਦਾ ਰਾਜਸੀ ਤਮਾਸ਼ਾ ਹੈ। ਕੋਈ ਵੱਡਾ ਲੀਡਰ ਜਾਂ ਧਨਾਢ ਇਸ ਬੀਮਾਰੀ ਨਾਲ ਨਹੀਂ ਮਰਦਾ ਫਿਰ ਲੋਕ ਹੀ ਕਿਉਂ ਮਰਦੇ ਹਨ। ਅਜੇ ਤੱਕ ਇਸ ਦੀ ਦਵਾਈ ਵੀ ਨਹੀਂ ਬਣੀ।ਸਿਰਫ ਤਜਰਬੇ ਹੋ ਰਹੇ ਹਨ।ਘਰੇ ਸਭ ਨੇ ਇਹ ਗੱਲ਼ਾਂ ਕੀਤੀਆਂ ਅਤੇ ਅਗਲੇ ਦਿਨ ਬਚਨ ਸਿੰਘ ਨੂੰ ਇੱਕ ਚੰਗੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉਸ ਡਾਕਟਰ ਨੂੰ ਮਜ਼ਾਕ ਨਾਲ ਕਿਹਾ।

            “ਡਾਕਟਰ ਸਾਹਿਬ ਗੋਡੇ ਕੇਹੜਾ ਟਰੈਕਟਰ ਦੇ ਟਾਇਰ ਐ ਕਿ ਬਦਲ ਦਿੱਤੇ ਜਾਣ ਕੁਦਰਤੀ ਚੀਜ਼ ਹੀ ਅਸਲੀ ਹੁੰਦੀ ਹੈ”। ਪਰ ਡਾਕਟਰ ਬਚਨ ਸਿੰਘ ਦੀ ਇਹ ਸੁਣਕੇ ਹੱਸ ਪਿਆ।ਪੁਤਰਾ ਦੇ ਜਾਣ ਤੋਂ ਬਾਅਦ ਚਿੱਟੀ ਨੀਲੀ ਵਰਦੀ ਵਿਚ ਮੂੰਹ ਸਿਰ ਬੰਨੀ ਕੁਝ ਡਾਕਟਰ ਅਤੁੇ ਨਰਸਾਂ ਦਾ ਇੱਕ ਟੋਲਾ ਆਇਆ।ਸਭ ਦੇ ਪਿੰਡ ਦੇ ਸ਼ਰਮੇ ਡਾਕਟਰ ਵਾਂਗ ਸਕੂਟਰ ਚਲਾਉਣ ਵੇਲੇ ਪਾਏ ਜਾਂਦੇ ਹੈਲਮਿਟ ਵਾਂਗ ਚੇਹਰੇ ਅੱਗੇ ਸ਼ੀਸ਼ੇ ਦੇ ਕਵਚ ਪਹਿਨੇ ਹੋਏ ਸਨ।ਉਹਨਾਂ ਨੇ ਆਉਣ ਸਾਰ ਹੀ ਪੁੱਛਿਆ।

           “ਬਾਬਾ ਜੀ ਪਹਿਲਾਂ ਕੋਈ ਉਪਰੇਸ਼ਨ ਹੋਇਆ?” ਇੱਕ ਡਾਕਟਰ ਨੇ ਪੁੱਛਿਆ।
“ਪੁੱਤਰਾ ਤੂੰ ਇਹ ਪੁੱਛ ਕਿ ਪੰਜਾਬ ਵਾਂਗ ਕਿਹੜਾ ਉਪਰੇਸ਼ਨ ਹੈ ਜਿਹੜਾ ਮੇਰਾ ਹੋਇਆ ਨਹੀਂ?ਬਚਨ ਸਿੰਘ ਨੇ ਕਿਹਾ।
“ਬਾਬਾ ਜੀ ਉਪਰੇਸ਼ਨਾਂ ਦਾ ਪੰਜਾਬ ਨਾਲ ਕੀ ਸਬੰਧ?ਡਾਕਟਰ ਨੇ ਹੈਰਾਨ ਹੋ ਕੇ ਪੁੱਛਿਆ ।
“ਪੁੱਤਰਾਂ ਪੰਜਾਬ ਦਾ ਪਹਿਲਾਂ ਉਪਰੇਸ਼ਨ 1947 ਵਿਚ ਦੂਸਰਾ ਪੰਜਾਬ ਦੀ 1966 ਵਿੱਚ ਵੰਡ ਸਮੇਂ ਤੀਸਰਾ ਦਰਬਾਰ ਸਾਹਿਬ ਦੇ ਹਮਲੇ ਸਮੇਂ, ਫੇਰ ਦਹਿਸਤ ਪਾਉਣ ਲਈ ਕੰਘੀ ਉਪਰੇਸ਼ਨ ਕਿਤੇ ਕਾਲੀ ਗਰਜ, ਕਾਲੇ ਕੱਛਿਆ ਵਾਲਿਆਂ ਦੀ ਦਹਿਸਤ, ਤੇ ਹਾਂ ਸੱਚ ਦਿੱਲੀ ਦੇ ਦੰਗਿਆਂ ਦਾ ਉਪਰੇਸ਼ਨ ਤੇ ਹੁਣ ਆਹ ਖੇਤੀ ਕਾਨੂੰਨਾਂ ਦਾ ਉਪਰੇਸ਼ਨ।ਇਹਨਾਂ ਸਾਰੇ ਉਪਰੇਸ਼ਨ ਵਾਂਗ ਮੇਰੀ ਇਸ ਦੇਹੀ ਦੇ ਵੀ ਕਦੇ ਹਰਨੀਆਂ ਦਾ, ਫਿਰ ਗਦੂਦਾਂ ਦਾ, ਫਿਰ ਬਾਈ ਪਾਸ ਸਰਜਰੀ ਕਰਕੇ ਦਿਲ ਦੀਆਂ ਨਾੜਾਂ ਖੋਹਲੀਆਂ ਗਈਆਂ। ਸਾਰੇ ਉਪਰੇਸ਼ਨ ਇਸੇ ਹਸਪਤਾਲ ਵਿੱਚ ਹੀ ਹੋਏ ਹਨ। ਤੀਹ, ਪੈਂਤੀ ਸਾਲ ਤੋਂ ਵਾਹ ਹੈ ਮੇਰੇ ਸਰੀਰ ਦਾ ਇਸ ਹਸਪਤਾਲ ਨਾਲ ਹੈ। “ਬਚਨ ਸਿੰਘ ਨੇ ਹੋਏ ਸਰੀਰਕ ਉਪਰੇਸ਼ਨਾਂ ਦੀ ਤੁਲਨਾਂ ਪੰਜਾਬ ਦੇ ਦੁੱਖਾਂ ਨਾਲ ਕਰ ਦਿੱਤੀ ਸੀ।

                 “ਬਾਬਾ ਕਿੰਨਾ ਕੁ ਪੜਿਐ? ਇਕ ਨਰਸ ਨੇ ਸਵਾਲ ਕੀਤਾ।
“ਪੁੱਤ ਜਮਾਂ ਅੰਗੂਠਾ ਛਾਪ”ਬਚਨ ਸਿੰਘ ਨੇ ਜਵਾਬ ਦਿੱਤਾ।
“ਬਾਬਾ ਜੀ ਗੱਲ਼ਾਂ ਤਾਂ ਇੰਜ ਕਰ ਰਹੇ ਹੋ ਜਿਵੇਂ ਬੀ.ਏ ਕੀਤੀ ਹੋਵੇ” ਡਾਕਟਰ ਨੇ ਕਿਹਾ
“ਪੁੱਤ ਜ਼ਿੰਦਗੀ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਪ੍ਰੀਵਾਰ ਪਾਲਣਾ ਵੀ ਇੱਕ ਤਰ੍ਹਾਂ ਦਾ ਬੀ.ਆ ਹੈ।” ਬਚਨ ਸਿੰਘ ਨੇ ਕਿਹਾ।
“ਗੋਡਿਆਂ ਦੀ ਤਕਲੀਫ ਕਦੋਂ ਕੁ ਦੀ ਹੈ?ਡਾਕਟਰ ਨੇ ਮੁੱਦੇ ਤੇ ਆਉਂਦਿਆਂ ਪੁੱਛਿਆ।
“ਡਾਕਟਰ ਸਾਹਿਬ ਦੋ ਕੁ ਸਾਲ ਪਹਿਲਾਂ ਸ਼ੁਰੂ ਹੋਈ ਸੀ ਤੇ ਦਿਨੋਂ ਦਿਨ ਵਧਦੀ ਗਈ। ਚਾਰ-ਪੰਜ ਮਹੀਨੇ ਦਿੱਲੀ ਕਿਸਾਨ ਮੋਰਚੇ ਵਿੱਚ ਰਹਿ ਕੇ ਆਗਿਆ ਹਾਂ। ਉੱਥੇ ਠੰਢ ਨਾਲ ਤਕਲੀਫ ਵਧ ਗਈ ਤੇ ਮੇਰੇ ਪੁੱਤਰ ਮੈਨੂੰ ਇਲਾਜ ਵਾਸਤੇ ਲੈ ਆਏ।
“ਅੱਛਾ ਬਾਬਾ ਜੀ ਕੱਲ਼ ਨੂੰ ਸਵੇਰੇ ਉਪਰੇਸ਼ਨ ਕਰਾਂਗੇ ਹੁਣ ਕੁਝ ਖਾਣਾ ਪੀਣਾ ਨਹੀਂ ਉਪਰੇਸ਼ਨ ਤੋਂ ਬਾਅਦ ਚਾਹ,ਦੁੱਧ ਤੇ ਭੋਜਨ ਕਰਨਾ ਹੈ। “ਡਾਕਟਰ ਸਾਹਿਬ ਨੇ ਕਿਹਾ।
ਡਾਕਟਰਾਂ ਦੇ ਜਾਣ ਤੋਂ ਬਾਅਦ ਦੋ ਲੜਕੇ ਪਹੀਆ ਵਾਲੇ ਬੈਡ ਤੇ ਪਾ ਕੇ ਉਸਨੂੰ ਇੱਕ ਕਮਰੇ ਵਿੱਚ ਲੈ ਗਏ ਤੇ ਪੱਟਾਂ ਤੋਂ ਲੈ ਕੇ ਗਿੱਟਿਆਂ ਤੱਕ ਸਾਰੇ ਵਾਲ ਬਲੇਡ ਨਾਲ ਲਾਹ ਕੇ ਇੱਕ ਖਾਕੀ ਜੇਹੀ ਦਵਾਈ ਮਲ੍ਹ ਗਏ ਜਿਸਨੂੰ ਇੱਕ ਲੜਕਾ ਬੀਟਾਡਾਈਨ ਕਹਿ ਰਿਹਾ ਸੀ। ਫੇਰ ਉਹ ਉਸੇ ਕਮਰੇ ਵਿੱਚ ਆ ਗਿਆ ਨਰਸਾਂ ਨੇ ਥੋੜੇ ਜੇਹੇ ਪਾਣੀ ਨਾਲ ਤਿੰਨ ਕੁ ਕੈਪਸ਼ੂਲ ਤੇ ਗੋਲੀਆਂ ਖਾਣ ਨੂੰ ਦਿੱਤੀਆਂ ਕੁਝ ਚਿਰ ਬਾਅਦ ਉਸਨੂੰ ਨੀਂਦ ਆ ਗਈ। ਸਵੇਰ ਹੋਣ ਤੇ ਉਸਨੂੰ ਉਪਰੇਸ਼ਨ ਕਰਨ ਵਾਲੇ ਹਰੇ ਜੇਹੇ ਕੱਪੜੇ ਪਹਿਨਾਏ ਗਏ ਜੋ ਮਜ਼ਾਰ ਦੇ ਪੀਰਾਂ ਵਰਗੇ ਸਨ।ਫੇਰ ਨਰਸ ਨੇ ਇੱਕ ਮੋਟੀ ਜੇਹੀ ਨਾਲੀ ਵਿਚ ਗੁਲੂਕੋਜ਼ ਲਗਾ ਕੇ ਫੇਰ ਪਹੀਆਂ ਵਾਲੇ ਬੈੱਡ (ਸਟਰੇਚਰ) ਤੇ ਪਾ ਕੇ ਲੈ ਤੁਰੇ। ਬਚਨ ਸਿੰਘ ਛੱਤ ਵਿੱਚ ਲੱਗੀਆਂ ਦੂਧੀਆ ਰੋਸ਼ਨੀ ਛੱਡ ਰਹੀਆਂ ਲਾਈਟਾਂ ਨੂੰ ਦੇਖਦਾ ਜਾ ਰਿਹਾ ਸੀ। ਕੁਝ ਦੇਰ ਬਾਅਦ ਸਟਰੇਚਰ ਇੱਕ ਕਮਰੇ ਅੱਗੇ ਰੁਕਿਆ।ਜਿਸਦੇ ਅੱਗੇ ਲਾਲ ਰੰਗ ਦਾ ਬਲਬ ਜਗ ਰਿਹਾ ਸੀ। ਕੁਝ ਦੇਰ ਬਾਅਦ ਲਾਲ ਰੋਸ਼ਨੀ ਬੁਝ ਗਈ ਅਤੇ ਉਸਦਾ ਸਟਰੇਚਰ ਅੰਦਰ ਗਿਆ। ਉੱਥੇ ਵੀ ਡਾਕਟਰ ਮੂੰਹ ਸਿਰ ਤੋਂ ਦੀ ਡਰਾਉਣੀ ਜੇਹੀ ਵਰਦੀ ਪਾਈ ਖੜੇ ਸਨ। ਉਹਨਾਂ ਦੇ ਸਹਾਇਕਾ ਨੇ ਉਸਨੂੰ ਉਪਰੇਸ਼ਨ ਵਾਲੀ ਸੀਟ ਤੇ ਪਾਇਆ। ਉਸ ਦੇਖਿਆ ਕਿ ਇੱਕ ਚਾਹ ਕਰਨ ਵਾਲੇ ਤਸਲੇ ਵਿੱਚ ਲੱਗੇ ਬਲਬ ਚੋਂ ਦੂਜੀਆਂ ਰੋਸ਼ਨੀ ਉਸਦੇ ਗੋਡਿਆਂ ਤੇ ਪਈ। ਨਰਸ ਨੇ ਸਰਿੰਜ ਭਰ ਕੇ ਡਾਕਟਰ ਨੂੰ ਫੜਾਈ। ਅਚਾਨਕ ਡਾਕਟਰ ਰੁਕਿਆ ਤੇ ਪੁੱਛਿਆ।
“ਬਾਬਾ ਜੀ ਕਦੇ ਖੰਘ ਬੁਖਾਰ ਤਾਂ ਨਹੀਂ ਹੋਇਆ?
“ਨਹੀਂ ਪੁੱਤ ਕਦੇ ਵੀ ਨਹੀਂ ਮੈ ਤਾਂ ਦਿੱਲ਼ੀ ਵਿੱਚ ਠੰਢੇ ਪਾਣੀ ਨਾਲ ਨਹਾਉਂਦਾ ਰਿਹਾ ਹਾਂ। ਕਦੇ ਛਿੱਕ ਤੱਕ ਵੀ ਨਹੀਂ ਆਈ। “ਬਚਨ ਸਿੰਘ ਪੁੱਛਿਆ।
“ਬਾਬਾ ਜੀ ਜਦੋਂ ਦੇ ਤੁਸੀਂ ਆਏ ਹੋ ਦਿੱਲੀ ਦੀ ਪੂਛ ਫੜੀ ਬੈਠੇ ਹੋ ਜਿੰਨੀ ਗੱਲ ਪੁੱਛੀ ਜਾਵੇ ਓਨਾਂ ਜਵਾਬ ਦਿਓ। ਇਹ ਉਪਰੇਸ਼ਨ ਥੇਟਰ ਹੈ ਕੋਈ ਦਿੱਲੀ ਦਾ ਧਰਨਾ ਨਹੀਂ”। ਡਾਕਟਰ ਨੇ ਤਲਖ ਹੋ ਕੇ ਕਿਹਾ।
“ਪੁੱਤ ਧਰਨੇ ਲਾਉਣ ਨੂੰ ਸਾਡਾ ਕੇਹੜਾ ਦਿਮਾਗ ਹਿੱਲਿਆ ਹੋਇਐ। ਮੇਰੀ ਜੀ.ਟੀ ਰੋਡ ਦੇ ਉੱਤੇ ਦਸ ਏਕੜ ਜ਼ਮੀਨ ਕਿਸੇ ਧਨਾਢ ਦੇ ਪਲਾਂਟ ਲਗਾਉਣ ਵਾਸਤੇ ਸਰਕਾਰ ਵੱਲ਼ੋਂ ਦਿੱਤੀ ਜਾ ਰਹੀ ਹੈ।ਜੇ ਇਹ ਖੁਸ ਗਈ ਤਾਂ ਜੁਆਕ ਕੀ ਖਾਣਗੇ? ਬਚਨ ਸਿੰਘ ਨੇ ਕਿਹਾ।
ਠੀਕ ਐ, ਠੀਕ ਐ, ਤੇ ਹਾਂ ਕਦੇ ਕੋਈ ਚੀਜ ਵੱਜਣ ਤੇ ਜਿਵੇਂ ਕਿੱਲ ਪੱਤਰੀ ਕੱਚ ਆਦਿ ਵੱਜਣ ਤੇ ਹੋਇਆ ਜ਼ਖਮ ਠੀਕ ਹੋਣ ਵਿੱਚ ਦੇਰੀ ਤਾਂ ਨਹੀਂ ਹੋਈ। ਕੋਈ ਪਸ ਤਾਂ ਨਹੀਂ ਪਾਈ।”ਡਾਕਟਰ ਨੇ ਰੁੱਖੇ ਪਣ ਨਾਲ ਕਿਹਾ।
“ਨਹੀਂ ਜੀ ਅਜਿਹਾ ਕਦੇ ਨਹੀਂ ਹੋਇਆ। ਘਰੇ ਮੇਰੇ ਮੁੰਡੇ ਤੇ ਨੋਹਾਂ ਮੇਰੀ ਸ਼ੂਗਰ ਵੀ ਚੈਕ ਕਰਦੇ ਐ, ਬਲੱਡ ਪ੍ਰੈਸਰ ਵਾਲੀ ਮਸ਼ੀਨ ਵੀ ਲੁਗਾਕੇ ਚੈਕ ਕਰਦੇ ਐ ਤਾਪ ਵੀ ਥਰਮਾਮੀਟਰ ਲਗਾ ਕੇ ਦੇਖਦੇ ਐ।ਸਭ ਠੀਕ ਹੁੰਦਾ ਹੈ। “ਬਚਨ ਸਿੰਘ ਨੇ ਸਾਰੀਆਂ ਅਲਾਮਤਾ ਦੱਸਿਆ।
“ਠੀਕ ਐ, ਠੀਕ ਐ,ਬੱਸ ਹੁਣ ਟੀਕਾ ਲੱਗਦੈ ਨੀਂਦ ਆਊਗੀ ਤੇ ਉਪਰੇਸ਼ਨ ਤੋਂ ਬਾਅਦ ਵੀ ਲੱਤ ਸਿੱਧੀ ਰੱਖਣੀ ਹੈ। ਇਕੱਠੀ ਨਹੀਂ ਕਰਨੀ ਸਮਝੇ ਬਾਬਾ ਜੀ”ਨਰਸ ਨੇ ਕਿਹਾ।
ਟਰਨ ਟਰਨ ਟਰਨ ਡਾਕਟਰ ਦੇ ਫੋਨ ਦੀ ਘੰਟੀ ਵੱਜੀ। ਡਾਕਟਰ ਨੇ ਫੋਨ ਚੁੱਕਿਆ।
“ਹੈਲੋ ਡਾਕਟਰ ਵਰਮਾ ਕੈਸੇ ਹੋ?ਕੀ ਕਿਹਾ? ਸਾਡਾ ਹਸਪਤਾਲ ਕਰੋਨਾ ਕੇਸਾ ਵਿੱਚ ਡਫਾਲਟਰ ਹੈ। ਡੀਪਾਪੂਲੇਸ਼ਨ (ਜਨਸੰਖਿਆਂ ਤੇ ਕਾਬੂ ਪਾਉਣ ਲਈ) ਦੇ ਵੀਹ ਕੇਸ ਚਾਹੀਦੇ ਐ।ਕੀ ਕਿਹਾ ਇੱਕ ਕੇਸ ਦੇ ਚਾਲੀ ਹਜ਼ਾਰ ਡਾਲਰ ਮਿਲ ਰਹੇ ਹਨ।ਡਾਕਟਰ ਨੇ ਕਿਹਾ”।
ਮਰੀਜ਼ ਕਦੋਂ ਦਾ ਬੇਹੋਸ਼ ਹੋ ਚੁੱਕਾ ਸੀ ਤੇ ਸਹਾਇਕ ਡਾਕਟਰ ਤੇ ਨਰਸਾਂ ਗੋਡੇ ਦੀਆਂ ਚੱਪਣੀਆਂ ਦੁਆਲੇ ਚੀਰਾ ਦੇ ਚੁੱਕੇ ਸਨ।

              “ਵਰਮਾ ਜੀ ਫਿਕਰ ਨਾ ਕਰੋ ਬੱਸ ਚਾਰ ਪੰਜ ਦਿਨ ਦੇਵੋ ਅਸੀਂ ਵੀਹ ਦੀ ਥਾਂ ਚਾਲੀ ਕੇਸ ਦਿਖਾ ਦੇਵਾਂਗੇ। ਮੈਂ ਕੀ ਕਰ ਰਿਹਾ ਹਾਂ ਯਾਰ ਕਰਨਾ ਕਿਆ ਹੈ ਇੱਕ ਅੱਸੀ ਸਾਲ ਦਾ ਬਜ਼ੁਰਗ ਹੈ ਉਸਦੇ ਗੋਡਿਆ ਦੀ ਬਦਲੀ ਕਰ ਰਿਹਾ।”ਅੱਸੀ ਸਾਲ ਕਾ” ਫੋਨ ਤੇ ਅਵਾਜ਼ ਆਈ।ਹਾਂਜੀ….ਹਾ ਜੀ ਅੱਸੀ ਕੁ ਨਾਲ ਦਾ।ਯਾਰ ਰਿਸਕ ਐ ਬੁੜਾ ਪੰਜ ਮਹੀਨੇ ਦਿੱਲ਼ੀ ਕਿਸਾਨਾਂ ਦੇ ਮੋਰਚੇ ਵਿੱਚ ਰਹਿ ਕੇ ਆਇਆ ਹੈ।ਖੇਤੀ ਕਾਨੂੰਨਾ ਦਾ ਕਾਫੀ ਰੰਗ ਏਹਨੂੰ ਵੀ ਚੜਿਆ ਹੋਇਆ ਹੈ।ਯੂਨੀਅਨ ਵਾਲੇ ਹਸਪਤਾਲ ਵਿੱਚ ਰੱਫੜ ਖੜਾ ਕਰ ਸਕਦੇ ਹਨ।

              ਹੈਲੋ ਹੈਲੋ ਕੀ ਕਿਹਾ ਸਰਕਾਰ ਦੀ ਇਹਨਾ ਨਾਲ ਨਿਬੜਨ ਲਈ ਉਪਰੇਸ਼ਨ ਕਲੀਨ ਕਰ ਰਹੀ ਹੈ।ਕੀ ਕਿਹਾ ਇਸ ਤੋਂ ਹੀ ਸੁਰੂਆਤ ਕਰ ਦੇਈਏ।ਬਾਤ ਤੋਂ ਠੀਕ ਹੈ ਚਾਲੀ ਹਜ਼ਾਰ ਡਾਲਰ ਦੇ ਬਣਦੇ ਵੀ ਢਾਈ ਲੱਖ ਐ।ਠੀਕ ਐ ਜੀ ਠੀਕ ਐ ਓ ਕੇ”

              “ਨਰਸ ਇਸਨੂੰ ਇਸੇ ਤਰ੍ਹਾਂ ਹੀ ਪੱਟੀਆਂ ਕਰਕੇ ਅਤੇ ਆਕਸੀਜਨ ਲਗਾ ਕੇ ਲੈ ਕਰੋਨ ਆਈ.ਸੀ.ਜੂ ਵਿੱਚ ਲੈ ਜਾਵੋ ਤੇ ਇਹ ਕਹਿ ਕੇ ਡਾਕਟਰ ਨੇ ਇੱਕ ਖਾਸ ਇੰਜਕੈਸ਼ਨ ਗੁਲ਼ੂਕੋਜ ਦੀ ਬੋਤਲ ਵਿੱਚ ਪਾ ਦਿੱਤਾ ਅਤੇ ਬਚਨ ਸਿੰਘ ਦਾ ਸਰੀਰ ਕੰਬਣ ਲੱਗਾ।

              ਉਪਰੇਸ਼ਨ ਹੋਣ ਦੀ ਐਨਾ ਉਸਮੈਂਟ ਸੁਣਕੇ।ਹਰਬੰਸ ਸਿੰਘ ਤੇ ਰਣਜੀਤ ਸਿੰਘ ਆਰਥੋ ਵਾਰਡ (ਹੱਡੀਆਂ ਦੀ ਟੁੱਟ ਭੱਜ ਤੇ ਗੋਡੇ ਬਦਲਾਉਣ ਵਾਲੇ ਤੇ ਚੂਲ੍ਹੇ ਬਦਲਣ ਵਾਲੇ ਵਾਰਡ ਵਿੱਚ ਆਏ ਤੇ ਪੁੱਛਿਆ “ਸਿਸਟਰ ਸਾਡੇ ਪਿਤਾ ਜੀ ਬਚਨ ਸਿਘ ਕਿੱਥੇ ਹਨ ?

               “ਉਹ ਤੁਸੀਂ ਬਚਨ ਸਿੰਘ ਦੇ ਬੇਟੇ ਹੋ। ਸਰ ਆਈ ਐਮ ਸੌਰੀ ਉਪਰੇਸ਼ਨ ਦੌਰਾਨ ਉਹਨਾਂ ਨੂੰ ਬੁਖਾਰ ਹੋ ਗਿਆ ਤੇ ਉਹ ਕਰੋਨਾ ਪਾਜੇਟਿਵ ਪਾਏ ਗਏ ਹਨ ਤੇ ਉਹਨਾਂ ਨੂੰ ਪਾਜੇਟਿਵ ਵਾਲੇ ਮਰੀਜਾ ਦੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਹੈ।ਉਥੇ ਤੁਸੀਂ ਕੋਲ ਨਹੀਂ ਜਾ ਸਕਦੇ ਇਹ ਸਖਤ ਹਦਾਇਤ ਹੈ।ਸਿਰਫ ਦੂਰ ਤੋਂ ਸ਼ੀਸ਼ੇ ਰਾਹੀਂ ਦੇਖ ਹੀ ਸਕਦੇ ਹੋ।”ਡਾਕਟਰ ਨੇ ਕਿਹਾ।

               “ਓਹ ਇਟ ਇਜ ਨਾਟ ਪੋਸੀਬਲ ਇਹ ਹੋ ਹੀ ਨਹੀਂ ਸਕਦਾ ਕਿ ਸਾਡੇ ਪਿਤਾ ਜੀ ਪਾਜੇਟਿਵ ਹੋਣ ਤੁਹਾਨੂੰ ਕੋਈ ਗਲਤ ਫਹਿਮੀ ਹੈ।”ਉਹਨਾਂ ਦੋਹਾਂ ਨੇ ਫਿਕਰਮੰਦੀ ਨਾਲ ਕਿਹਾ। “ਨਹੀਂ ਜੀ ਇਹ ਸੱਚ ਹੈ ਤੁਸੀਂ ਗਰਾਊਂਡ ਫਲੋਰ ਤੇ ਬਣੇ ਸਪੈਸਲ ਵਾਰਡ ਵਿਚ ਜਾਓ।”ਡਾਕਟਰ ਨੇ ਖਹਿੜਾ ਛੁਡਾਉਣ ਲਈ ਕਿਹਾ
ਜਦ ਉਹ ਗਏ ਤਾਂ ਉਪਰੇਸ਼ਨ ਕਰਨ ਵਾਲਾ ਡਾਕਟਰ ਉਹਨਾ ਕੋਲ ਰੁਕਿਆ ਤੇ ਕਿਹਾ। “ਸਰ ਤੁਹਾਡੇ ਪਿਤਾ ਜੀ ਨੂੰ ਉਪਰੇਸ਼ਨ ਦੌਰਾਨ ਬੁਖਾਰ ਤੇ ਸਾਹ ਲੈਣ ਵਿੱਚ ਆ ਰਹੀ ਦਿੱਕਤ ਦੀ ਔਖ ਨੂੰ ਮਹਿਸੂਸ ਕਰਕੇ ਵੈਂਟੀਲੇਟਰ ਤੇ ਰੱਖਣਾ ਪਿਆ। ਹਾਲਤ ਸੀਰੀਅਸ ਹੈ।ਤੁਸੀਂ ਪੜੇ ਲਿਖੇ ਹੋ। ਕੋਲ ਨਹੀਂ ਜਾਣਾ।ਆਪਣੀ ਬੱਚਤ ਰੱਖਣੀ ਹੈ।ਸਾਡੇ ਕਰਮਚਾਰੀ ਐਂਬੂਲੈਂਸ ਤੇ ਖੁਦ ਸਰੀਰ ਦਾ ਕਿਰਿਆ ਕਰਮ ਕਰਨਗੇ। ਵੀਹ ਕੁ ਬੰਦੇ ਹੀ ਬੁਲਾ ਲਵੋ ਕਿ ਕਿਸੇ ਵੀ ਸਮੇਂ ਡੈਡ ਬਾਡੀ ਪਿੰਡ ਲਿਜਾਣੀ ਪੈ ਸਕਦੀ ਹੈ ਜਾਂ ਹਸਪਤਾਲ ਵਾਲੇ ਕ੍ਰਿਮੀਏਸ਼ਨ (ਸੰਸਕਾਰ) ਕਰਨ।” ਜਦ ਡਾਕਟਰ ਇਹ ਦੱਸ ਰਿਹਾ ਸੀ ਤਾਂ ਇੱਕ ਨਰਸ ਦੌੜੀ ਦੌੜੀ ਆਈ ਤੇ ਬੋਲੀ।

              “ਡਾਕਟਰ ਸਾਹਿਬ ਬਚਨ ਸਿੰਘ ਇਜ ਨੋ ਮੋਰ (ਬਚਨ ਸਿੰਘ ਦੀ ਮੌਤ ਹੋ ਗਈ ਹੈ।)” ਇਹਨਾਂ ਨੂੰ ਕਹੋ ਕਿ ਆਹ ਬਾਰਾਂ ਲੱਖ ਦਾ ਬਿੱਲ ਕਾਊਂਟਰ ਤੇ ਜਮਾਂ ਕਰਵਾ ਦੇਣ।

              “ਓਹ ਵੈਰੀ ਬੈਡ” ਕਹਿਕੇ ਡਾਕਟਰ ਅੱਗੇ ਵਧ ਗਿਆ। ਉਸਦੀ ਸਿਰ ਤੇ ਲਗਾਕੇ ਸ਼ੀਸ਼ੇ ਦੇ ਕਵਚ ਅਤੇ ਢਕੇ ਮੂੰਹ ਸਿਰ ਕਾਰਨ ਉਹ ਉਸਦੇ ਚੇਹਰੇ ਦੀ ਚਮਕ ਨਾਂ ਦੇਖ ਸਕੇ। ਡਾਕਟਰ ਦਿੱਲ਼ੀਓ ਡਾਕਟਰ ਦੇ ਆਏ ਫੋਨ ਤੇ ਇੱਕ ਸੰਗਰਾਮ ਕਿਸਾਨ ਸ.ਬਚਨ ਸਿੰਘ ਦਾ ਉਪਰੇਸ਼ਨ ਕਲੀਨ ਕਰ ਚੁੱਕਾ ਸੀ।
ਬਲਜੀਤ ਸਿੰਘ ਧਾਹੋ ਧਾਹੀ ਰੋ ਰਿਹਾ ਸੀ। ਹਰਬੰਸ ਸਿੰਘ ਉਸਦਾ ਸਿਰ ਮੋਢੇ ਤੇ ਰੱਖਕੇ ਵਰਾ ਰਿਹਾ ਸੀ।ਆਪਣੇ ਜਜਬਾਤਾਂ ਨੂੰ ਬੰਨ ਮਾਰਕੇ ਉਸ ਕਿਹਾ “ਬਲਜੀਤ ਰੋ ਨਾਂ ਜੋ ਹੋਣਾ ਸੀ ਹੋ ਗਿਆ। ਪਰ ਹੁਣ ਆਪਾਂ ਨੇ ਬਾਪੂ ਜੀ ਦਾ ਝੰਡਾ ਨੀਵਾ ਨਹੀਂ ਹੋਣ ਦੇਣਾ। ਸੰਘਰਸ਼ ਦਾ ਇਹ ਕਿਸਾਨੀ ਝੰਡਾ ਆਪਣੇ ਬਾਪੂ ਜੀ ਦੀ ਪੱਗ ਹੈ ਜੋ ਧਨਾਢਾਂ ਦੇ ਪੈਰਾਂ ਵਿੱਚ ਨਹੀਂ ਰੁਲਣ ਦੇਣੀ।

———————————————————————-

ਅਧੂਰੀ ਅਜਾਦੀ

                ਸਾਡੇ ਨੇੜਲੇ ਕਿਸੇ ਸਕੂਲ ‘ਚ ਅਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਸੀ। ਇਹ ਪ੍ਰੋਗਰਾਮ 14 ਅਗਸਤ ਨੂੰ ਹੀ ਮਨਾਇਆ ਜਾ ਰਿਹਾ ਸੀ। ਇੱਕ ਲੇਖਕ ਹੋਣ ਦੇ ਨਾਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਬੋਲਣ ਲਈ ਸਮਾਂ ਵੀ ਦਿੱਤਾ ਸੀ। ਪ੍ਰੋਗਰਾਮ ਵਿੱਚ ਇੱਕ ਦੋ ਦਿਨ ਹੀ ਬਾਕੀ ਸਨ। ਮੈਂ ਸੋਚਿਆ ਕਿਉਂ ਨਾ ਅਜ਼ਾਦੀ ਦਿਵਸ ਬਾਰੇ ਕੋਈ ਭਾਸ਼ਣ ਲਿਖ ਲਿਆ ਜਾਵੇ। ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ। ਬਹੁਤ ਹੀ ਪਿਆਰਾ ਮੌਸਮ ਸੀ। ਮੈਂ ਇੱਕ ਕੱਪ ਗਰਮ ਕੌਫੀ ਬਣਾਈ ਤੇ ਮੌਸਮ ਦੇ ਆਨੰਦ ਲਈ ਵਰਾਂਡੇ ਵਿੱਚ ਕੁਰਸੀ ਡਾਹ ਲਈ। ਅਜੇ ਚਾਰ ਕੁ ਲਾਈਨਾਂ ਹੀ ਲਿਖੀਆਂ ਸਨ ਕਿ ਇੱਕ ਅੱਧਖੜ ਉਮਰ ਦਾ ਵਿਅਕਤੀ ਅੰਦਰ ਆਇਆ ਤੇ ਸਰਪੰਚ ਸਾਹਿਬ ਬਾਰੇ ਪੁੱਛਣ ਲੱਗਿਆ। ਮੈਂ ਨਾਂਹ ਵਿੱਚ ਜਵਾਬ ਦਿੱਤਾ।

              ਉਹ ਮੁੜਨ ਹੀ ਲੱਗਾ ਸੀ ਕਿ ਮੀਂਹ ਤੇਜ਼ ਹੋ ਗਿਆ ਤੇ ਉਹ ਮੀਂਹ ਤੋਂ ਬਚਣ ਲਈ ਅੰਦਰ ਆ ਗਿਆ ਤੇ ਫਿਰ ਪੁੱਛਣ ਲੱਗਾ, “ਸਰਪੰਚ ਸਾਹਿਬ ਕਿੱਥੇ ਗਏ ਨੇ ਅਤੇ ਕਦੋਂ ਆਉਣਗੇ।”
“ਨਹੀਂ ਨਾ ਸਾਨੂੰ ਉਹਨਾਂ ਦੇ ਜਾਣ ਬਾਰੇ ਪਤਾ ਹੈ ਤੇ ਨਾ ਹੀ ਆਉਣ ਬਾਰੇ। ਜੇ ਕੋਈ ਕੰਮ ਹੈ ਤਾਂ ਦੱਸੋ?” ਮੈਂ ਸਰਸਰਾ ਜਿਹਾ ਕਿਹਾ।
“ਕੰਮ ਹੀ ਸੀ। ਮੈਂ ਸ਼ਗਨ ਸਕੀਮ ਦੇ ਪੈਸਿਆਂ ਬਾਰੇ ਪੁੱਛਣਾ ਸੀ। ਕਹਿੰਦੇ ਚੈੱਕ ਆਏ ਨੇ। ਮੇਰਾ ਚੈੱਕ ਆਇਆ ਕਿ ਨਹੀਂ।” ਉਸਨੇ ਰੁੱਖਾ ਜਿਹਾ ਜਵਾਬ ਦਿੱਤਾ।
“ਉਹ ਤਾਂ ਤਿੰਨ ਸਾਲ ਪਹਿਲਾਂ ਜਿਹਨਾਂ ਕੁੜੀਆਂ ਦੇ ਵਿਆਹ ਹੋਏ ਸੀ, ਉਹਨਾਂ ਦੇ ਆਏ ਨੇ।” ਮੈਂ ਫਿਰ ਕਿਹਾ।
“ਮੇਰੀ ਰਾਜੀ ਦੇ ਵਿਆਹ ਨੂੰ ਤਾਂ ਪੰਜ ਸਾਲ ਹੋ ਗਏ। ਕਦੇ ਕਹਿੰਦੇ ਮਾਨਸਾ ਮਿਲਣਗੇ ਅਤੇ ਕਦੇ ਬੁਢਲਾਡੇ। ਅੱਕ ਗਿਆ ਮੈਂ ਸਰਕਾਰੀ ਦਫਤਰਾਂ ਦੇ ਗੇੜੇ ਲਾ ਲਾ ਕੇ। ਜੁੱਤੀਆਂ ਵੀ ਟੁੱਟ ਗਈਆਂ। ਬਈ ਜੇ ਨਹੀਂ ਦੇਣੇ ਤਾਂ ਸਰਕਾਰਾਂ ਡਰਾਮੇ ਕਿਉਂ ਕਰਦੀਆਂ ਨੇ।” ਉਸਨੇ ਭੜਾਸ ਕੱਢਦਿਆਂ ਕਿਹਾ।
“ਕੋਈ ਗੱਲ ਨਹੀਂ ਜੀ, ਤੁਸੀਂ ਸ਼ਾਮੀਂ ਆ ਕੇ ਪਤਾ ਕਰ ਲਿਉ ਜੇ ਲਿਸਟ ‘ਚ ਨਾਂ ਹੋਇਆ ਤਾਂ ਮਿਲ ਜਾਣਗੇ।” ਮੈਂ ਤਸੱਲੀ ਦਿੰਦੇ ਹੋਏ ਕਿਹਾ।
“ਸ਼ੁਕਰ ਏ ਚਲਾ ਗਿਆ। ਕਿੰਨਾ ਸਮਾਂ ਖਰਾਬ ਕਰ ਗਿਆ। ਮੈਂ ਫਿਰ ਲਿਖਣ ਲੱਗ ਪਈ। ਅਚਾਨਕ ਫਿਰ ਦਰਵਾਜ਼ਾ ਖੁੱਲਿਆ ਤਾਂ ਇੱਕ ਨੌਜੁਆਨ ਔਰਤ ਅੰਦਰ ਆਈ ਤੇ ਰਸਮੀ ਸਤਿ ਸ਼੍ਰੀ ਅਕਾਲ ਬੁਲਾ ਕੇ ਬਹਿ ਗਈ।
“ਹਾਂ ਜੀ ਦੱਸੋ। ਕਿਵੇਂ ਆਏ।” ਮੈਂ ਕਿਹਾ।
“ਮੈਂ ਤਾਂ ਭੈਣ ਜੀ, ਪੈਂਸ਼ਨ ਪੁੱਛਣ ਆਈ ਸੀ। ਫਾਰਮ ਭਰੇ ਨੀ, ਲੱਗੀ ਨੀ ਹਾਲੇ ਤੱਕ।”
“ਉਹ ਤਾਂ ਜੁਆਨ ਸੀ। ਫਿਰ ਕਿਹੜੀ ਪੈਨਸ਼ਨ ਦੇ ਫਾਰਮ ਭਰੇ ਹੋਣਗੇ।” ਮਨ ‘ਚ ਮੈਂ ਸੋਚਿਆ ਤੇ ਫਿਰ ਪੁੱਛਿਆ, “ਕਿਹੜੀ ਪੈਨਸ਼ਨ ਦੇ ਫਾਰਮ ਭਰੇ ਨੇ ਤੁਸੀਂ।” ਮੈਂ ਪੁੱਛਿਆ।
“ਜੀ ਵਿਧਵਾ ਪੈਨਸ਼ਨ ਦੇ ਭਰੇ ਹੋਏ ਨੇ।” ਉਸਨੇ ਕਿਹਾ।
“ਕਿਸਦੀ ਲਗਵਾਉਣੀ ਏ ਵਿਧਵਾ ਪੈਨਸ਼ਨ ਜੀ।” ਮੈਂ ਉਤਸੁਕਤਾ ਨਾਲ ਪੁੱਛਿਆ।
“ਜੀ ਮੇਰੀ ਆਪਣੀ।” ਉਸਨੇ ਕਿਹਾ।
ਮੈਂ ਅੰਦਰ ਤੱਕ ਹਿੱਲ ਗਈ। 30-32 ਸਾਲਾਂ ਦੀ ਮਸਾਂ ਹੋਣੀ। ਇੰਨੀ ਸੋਹਣੀ ਤੇ ਜੁਆਨ ਵਿਚਾਰੀ ਵਿਧਵਾ ਵੀ ਹੋ ਗਈ। ਮੈਂ ਪੁੱਛਿਆ, “ਕੀ ਪਰਿਵਾਰ ਹੈ ਤੁਹਾਡੇ, ਤੇ ਕੀ ਹੋ ਗਿਆ ਸੀ ਤੁਹਾਡੇ ਪਤੀ ਨੂੰ। ਤੇ ਤੁਹਾਡਾ ਰੁਜ਼ਗਾਰ ਦਾ ਕੋਈ ਸਾਧਨ ?”
“ਜੀ ਉਹ ਸ਼ਰਾਬ ਬਹੁਤੀ ਪੀਂਦਾ ਸੀ। ਦਿਨ ਰਾਤ ਰੱਜਿਆ ਰਹਿੰਦਾ ਸੀ। ਜਮੀਨ ਲਈ ਸੀ ਠੇਕੇ ਤੇ ਝੋਨੇ ਤਾਂ ਗੜਿਆ ਨੇ ਮਾਰਤਾ ਤੇ ਨਰਮਾ ਚਿੱਟੀ ਮੱਖੀ ਨੇ। ਕਰਜ਼ਾ ਬਹੁਤਾ ਚੜ੍ਹ ਗਿਆ ਸੀ। ਫਿਕਰ ‘ਚ ਦਾਰੂ ਪੀਂਦਾ ਰਹਿੰਦਾ ਸੀ। ਜਮੀਨ ਤਾਂ ਵਿਕ ਗਈ ਸੀ ਸਾਰੀ। ਦੋ ਮੱਝਾਂ ਨੇ, ਦੁੱਧ ਪਾ ਦਿੰਨੇ ਆਂ ਤੇ ਉਹ ਆਪ ਜਮੀਨ ਠੇਕੇ ਤੇ ਲੈ ਲੈਂਦਾ ਸੀ। ਦੋ ਬੱਚੇ ਨੇ ਕੁੜੀ 10 ਸਾਲ ਦੀ ਤੇ ਮੁੱੰਡਾ 8 ਸਾਲ ਦਾ।” ਉਸਨੇ ਕਹਾਣੀ ਵਿਸਥਾਰ ਨਾਲ ਦੱਸੀ।
“ਨਹੀਂ ਸਰਕਾਰ ਨੇ ਮੁਆਵਜ਼ਾ ਤਾਂ ਦਿੱਤਾ ਸੀ। ਤੁਹਾਨੂੰ ਨਹੀਂ ਮਿਲਿਆ?” ਮੈਂ ਪੁੱਛਿਆ।
ਕਾਹਦਾ ਮਾਵਜ਼ਾ ਜੀ, ਉਹ ਤਾਂ ਕਾਗਜ਼ੀ ਕਾਰਵਾਈ ਸੀ। ਅੱਠ ਹਜ਼ਾਰ ਕਿੱਲਾ ਕਹਿ ਕੇ 2500 ਦਿੱਤਾ। ਉਹ ਵੀ ਮਾਲਕ ਨੂੰ, ਠੇਕੇ ਵਾਲੇ ਦੇ ਪੱਲੇ ਕੀ ਪਿਆ। ਮੈਂ ਤਾਂ ਡਾਹਢੀ ਔਖੀ ਹਾਂ। ਭਾਈ ਸਾਹਿਬ ਨੂੰ ਕਿਹੋ ਕਿਤੇ ਭੱਜ ਨੱਠ ਕਰਕੇ ਮੇਰੀ ਪਿਲਸਨ ਲਵਾ ਦੇਣ। ਮੈਂ ਤਾਂ ਪੰਜਾ ਛਿੱਕਾ (ਰਿਸ਼ਵਤ ਲਈ ਰੁਪਏ) ਵੀ ਦੇ ਦਿਆ ਕਰਾਂਗੀ ਔਖੀ-ਸੌਖੀ। ਚੰਗਾ ਭੈਣੇ ਚੱਲਦੀ ਹਾਂ। ਪਤਾ ਕਰੀਂ ਜਰੂਰ ਮੇਰੇ ਕੰਮ ਦਾ।” ਕਹਿ ਕੇ ਉਹ ਚਲੀ ਗਈ।
ਅਚਾਨਕ ਮੈਂ ਦੇਖਿਆ ਕਿ ਸਾਡੀ ਕੰਮ ਵਾਲੀ ਕਰਤਾਰੀ ਪੋਚੇ ਲਾਉਣ ਲਈ ਆਪਣੀ ਪੋਤੀ ਲੈ ਕੇ ਆਈ ਸੀ। ਕੁੜੀ ਪੋਚੇ ਲਾ ਰਹੀ ਸੀ। ਵੀਰਾਂ ਏਧਰ ਆਈ। ਮੈਂ ਕੁੜੀ ਨੂੰ ਆਵਾਜ਼ ਮਾਰੀ ਤਾਂ ਕੁੜੀ ਪੋਚਾ ਲਾਉਣਾ ਛੱਡ ਕੇ ਮੇਰੇ ਕੋਲ ਆ ਗਈ।
“ਕੀ ਗੱਲ ਤੂੰ ਸਕੂਲ ਨਹੀਂ ਗਈ।” ਮੈਂ ਪੁੱਛਿਆ।
“ਮੈਂ ਤਾਂ ਮੈਡਮ ਜੀ ਹਟ ਗਈ ਪੜ੍ਹਨੋ।” ਉਸਨੇ ਕਿਹਾ।
“ਕਿਉਂ? ਕਮਲੀ ਨਾ ਹੋਵੇ ਤਾਂ। ਤੂੰ ਕਿੰਨੀ ਹੁਸ਼ਿਆਰ ਏ। ਦਸਵੀਂ ‘ਚੋਂ ਫਸਟ ਆਈ ਸੀ। ਹਟ ਕਿਉਂ ਗਈ?”
“ਨਾ ਤਾਂ ਕਿਤਾਬਾਂ ਨੂੰ ਪੈਸੇ ਨੇ ਜੀ, ਨਾ ਹੀ ਘਰ ਸਰਦਾ, ਕਿਉਂਕਿ ਮੇਰੀ ਮਾਂ ਬਿਮਾਰ ਰਹਿੰਦੀ ਏ। ਕੈਂਸਰ ਏ ਉਸਨੂੰ। ਮੇਰਾ ਬਾਪੂ ਦਿਹਾੜੀ ਜਾਂਦਾ। ਉਸ ਨਾਲ ਕਿੱਥੇ ਗੁਜ਼ਾਰਾ ਹੁੰਦਾ।” ਕੁੜੀ ਨੇ ਕਿਹਾ।
“ਫਿਰ ਕੀ ਸੋਚਿਆ ਅੱਗੇ ਬਾਰੇ।” ਮੈਂ ਕਿਹਾ।
ਸੋਚਣਾ ਕੀ ਏ ਜੀ। ਕੰਮ ਕਰਨਾ ਪਊ। ਰੋਟੀ ਤਾਂ ਖਾਣੀ ਐ।
ਸਾਡੀਆਂ ਕਿਸਮਤਾਂ ‘ਚ ਪੜ੍ਹਾਈਆਂ ਕਿੱਥੇ। ਮੇਰੀ ਬੇਬੇ ਤੋਂ ਕੰਮ ਨੀ ਹੁੰਦਾ। ਮਾਂ ਬਿਮਾਰ ਏ ਤੇ ਬਾਪੂ ਦੀ ਦਿਹਾੜੀ ਨਾਲ ਕਿੱਥੇ ਸਰੂਗਾ।” ਕਹਿ ਕੇ ਕੁੜੀ ਪੋਚਾ ਲਾਉਣ ਲੱਗ ਪਈ।
“ਮੇਰੇ ਮਨ ‘ਚ ਆਇਆ ਕਿ ਰੋਜ਼ ਪੜ੍ਹਦੇ ਆਂ ਕਿ ਸਰਕਾਰ ਕੁੜੀਆਂ ਦੀ ਭਲਾਈ ਲਈ ਕੰਮ ਕਰਦੀ ਹੈ ਪਰ ਆਹ ਵਿਚਾਰੀ ਨੰਨ੍ਹੀ ਕਲੀ ਤਾਂ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਈ। ਵਿਚਾਰੀ ਕਿੰਨੀ ਹੁਸ਼ਿਆਰ ਸੀ ਪੜ੍ਹਾਈ ‘ਚ ਤੇ ਆਹ ਵਿਚਾਰੀ ਲੋਕਾਂ ਦੇ ਘਰਾਂ ‘ਚ ਕੰਮਾਂ ਜੋਗੀ ਰਹਿ ਗਈ। ਚੱਲ ਛੱਡ ਮਨਾਂ ਇਹ ਤਾਂ ਦੁਨੀਆਦਾਰੀ ਏ। ਸੋਚ ਕੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਥੌੜੀ ਦੇਰ ਪਿੱਛੋਂ ਬਾਲਟੀ ਲੈ ਕੇ ਇੱਕ ਮੁੰਡਾ ਅੰਦਰ ਆਇਆ।
“ਆਂਟੀ ਜੀ, ਪਾਣੀ ਲੈਣਾ ਸੀ ਪੀਣ ਲਈ”, ਉਸਨੇ ਕਿਹਾ।
ਮੈਂ ਗਿਲਾਸ ਦੇਣ ਲੱਗੀ ਤਾਂ ਉਸਨੇ ਕਿਹਾ, “ਜੀ, ਬਾਲਟੀ ਭਰ ਦਿਉ, ਹੋਰ ਵੀ ਬੰਦੇ ਨੇ।”
ਮੈਂ ਬਾਲਟੀ ਭਰਦੀ ਨੇ ਸੋਚਿਆ ਕਿ ਮੁੰਡਾ ਕਿਤੇ ਦੇਖਿਆ ਲੱਗਦਾ। ਫਿਰ ਮੈਂ ਪੁੱਛਿਆ, “ਕਾਕਾ ਤੂੰ ਬੱਬੂ ਨੀ ਜੋ ਮੇਰੇ ਕੋਲ ਪੜ੍ਹਦਾ ਹੁੰਦਾ ਸੀ।”
ਉਸਨੇ ਹੱਸ ਕੇ ਕਿਹਾ, “ਹਾਂ ਜੀ।”
“ਤੂੰ ਬੋਲਿਆ ਕਿਉਂ ਨਹੀਂ, ਕੀ ਕਰਦੈਂ ਅੱਜ ਕੱਲ੍ਹ।” ਮੈਂ ਕਿਹਾ।
“ਜੀ ਨਰੇਗਾ ‘ਚ ਦਿਹਾੜੀ ਕਰਦਾ। ਬਾਪੂ ਦੇ ਮਰਨ ਪਿੱਛੋਂ ਕੋਈ ਸਾਧਨ ਨਹੀਂ ਸੀ ਹੋਰ।” ਉਸਨੇ ਕਿਹਾ।
“ਨਾ ਤੂੰ ਬੀ.ਟੈਕ. ਨਹੀਂ ਸੀ ਕੀਤੀ”, ਮੈਂ ਪੁੱਛਿਆ।
“ਹਾਂ ਜੀ ਕੀਤੀ ਸੀ, ਪਰ ਕੌਣ ਪੁੱਛਦਾ ਏ, ਦੁਨੀਆ ਤੁਰੀ ਫਿਰਦੀ ਏ ਪੜ੍ਹੀ ਲਿਖੀ। ਬਥੇਰੇ ਧੱਕੇ ਖਾਧੇ। 7000 ਦੀ ਨੌਕਰੀ ਮਿਲਦੀ ਸੀ, ਉਹ ਵੀ ਮੋਹਾਲੀ। ਉੱਥੇ ਤਾਂ ਮੇਰਾ ਆਪਣਾ ਵੀ ਗੁਜ਼ਾਰਾ ਨਾ ਹੁੰਦਾ 7000 ਨਾਲ ਤੇ ਘਰ ਕਿੱਥੋਂ ਭੇਜਦਾ। ਐਵੇਂ ਤਾਂ ਇੱਥੇ ਠੀਕ ਹਾਂ। ਸਾਰੇ ਪੈਸੇ ਕੰਮ ਆ ਜਾਂਦੇ ਨੇ, ਕੋਈ ਖਰਚ ਖੱਪਾ ਵੀ ਨਹੀਂ।” ਮੁੰਡਾ ਇਹ ਕਹਿੰਦਾ ਹੋਇਆ ਬਾਲਟੀ ਲੈ ਕੇ ਤੁਰ ਪਿਆ।
ਫਿਰ ਨਾਲ ਦੇ ਘਰੋਂ ਇੱਕ ਔਰਤ ਸਰਪੰਚ ਸਾਬ ਬਾਰੇ ਪੁੱਛਣ ਆਈ, ਸਾਸਰੀ ਕਾਲ ਜੀ ,,
ਮੈ ਓਸਦੀ ਸਤਿ ਸ਼੍ਰੀ ਆਕਾਲ ਦਾ ਜਵਾਬ ਦਿੰਦਿਆਂ ਕੰਮ ਬਾਰੇ ਪੁੱਛਿਆ ।
“ਦੱਸਿਆ ਹੋਇਆ ਜੀ ਸਰਪੰਚ ਸਾਹਿਬ ਨੂੰ ਕੰਮ ਕੱਲ ਆਪਣੀ ਗੁੱਡੀ ਨਰਮਾ ਚੁਗਦੀਆਂ ਦੀ ਸਾਡੀ ਚਾਹ ਲੈਕੇ ਗਈ ਤੀ ਰਾਹ ਮੇਲੇ ਕੇ ਸ਼ੇਰੂ ਨੇ ਕੁੜੀ ਨਾਲ ਜੋਰ ਜਬਰਦਸਤੀ ਕੀਤੀ “! ਓਹ ਸਾਰਾ ਕੁਝ ਇਕੋ ਸਾਹੇ ਕਹਿ ਗਈ ।
“ਓਹ ਪਲਕ ਨਾਲ” ਮੇਰੇ ਦਿਮਾਗ ਚ ਅਚਾਨਕ ਆਇਆ ਮੇਰੇ ਕੋਲ ਹੀ ਤਾਂ ਪੜ੍ਹਦੀ ਰਹੀ ਹੈ ਓਹ ਤੇ ਮਸਾਂ ਦਸ ਗਿਆਰਾਂ ਸਾਲ ਦੀ ਹੋਊ ਤੇ ਸ਼ੇਰੂ ਤਾਂ ਪੰਜਾਹਾਂ ਦੇ ਨੇੜੇ ਹੈ। ਪਤਾ ਨੀ ਲੋਕਾਂ ਨੂੰ ਪਰਮਾਤਮਾ ਦਾ ਡਰ ਕਿਉ ਨਹੀ । ਸੋਚਾਂ ਦੀ ਲੜੀ ਚ ਮੈਂ ਡੂੰਘੀ ਗੁਆਚ ਗਈ।
ਅਚਾਨਕ ਚੌਂਕੀਦਾਰ ਨੇ ਦਰਵਾਜਾ ਖੜਕਾਇਆ “ਹੈਗੇ ਨੇ ਜੀ ਘਰੇ “।
“ਨਹੀਂ ਹੈ ਨਹੀਂ ਜੀ , ਕਿਦਾ ਆਏ ਮੈ ਪੁਛਿਆ “?
” ਪੁਲਸ ਆਈ ਅਾ ਜੀ ਕੱਲ ਨੈਹਰੂ ਕਾ ਮੁੰਡਾ ਪੂਰਾ ਹੋ ਗਿਆ , ਸਿਵਿਆਂ ਚ ਮਰਿਆ ਪਿਆ ਮਿਲਿਆ , ਕਈ ਤਾਂ ਕਹਿੰਦੇ ਚਿੱਟਾ ਖਾਂਦਾ ਸੀ ਕਈ ਕਹਿੰਦੇ ਕਿਸੇ ਨੇ ਮਾਰ ਦਿੱਤਾ ।ਓਸਨੇ ਵਿਸਥਾਰ ਨਾਲ ਦੱਸਿਆ ਕਿਹਾ।
” ਚਿੱਟਾ ਤੇ ਬੰਦ ਕਰ ਦਿੱਤਾ ਸਰਕਾਰ ਨੇ “!ਮੈ ਸਰਸਰਾ ਜਿਹਾ ਕਿਹਾ।
ਚੌਂਕੀਦਾਰ ਦੇ ਬੋਲਣ ਤੋਂ ਪਹਿਲਾਂ ਹੀ ਪਾਣੀ ਦੀ ਬਾਲਟੀ ਭਰਨ ਆਈ ਛਿੰਦਰ ਬੋਲੀ ” ਕਾਨੂ ਹੁੰਦਾ ਬੰਦ ਭੈਣਜੀ ਇਹ ਤਾਂ ਵੋਟਾਂ ਦੇ ਵਾਦੇ ਹੁੰਦੇ ਨੂੰ , ਕੁਝ ਨੀ ਬੰਦ ਹੁੰਦਾ। ਕੱਲ ਮੇਰਾ ਜਮਾਈ ਸੁੱਤਾ ਹੀ ਰਹਿ ਗਿਆ । ਤਿੰਨ ਕੁੜੀਆਂ ਨੇ ਕੁੜੀ ਕੋਲ ਝੋਰਾ ਖਾਈ ਜਾਂਦਾ ਵੀ ਅੱਗੇ ਕਿ ਹੋਊ। ਚੰਦਰੇ ਨੂੰ ਬਥੇਰੇ ਸਮਝਾਇਆ ਸਮਝਿਆ ਹੀ ਨੂੰ ਬਹੁਤ ਅੱਗ ਸੁਆਹ ਖਾਂਦਾ ਸੀ “ਕਹਿੰਦੀ ਬਾਲਟੀ ਲੈਕੇ ਤੁਰੀ ਗਈ।
ਫਿਰ ਅਚਾਨਕ ਮੇਰੇ ਕੰਨਾਂ ਵਿੱਚ ਰੌਣ ਦੀਆਂ ਆਵਾਜ਼ਾਂ ਪੈਣ ਲੱਗੀਆਂ। ਚੀਕ-ਚਿਹਾੜਾ ਮੇਰੇ ਕੰਨਾਂ ਵਿੱਚ ਪੈਣ ਲੱਗ ਪਿਆ। ਪਤਾ ਨਹੀਂ ਕੀ ਵਾਕਾ ਹੋ ਗਿਅ। ਮੇਰਾ ਮਨ ਕਿਸੇ ਅਣਹੋਣੀ ਦੀ ਕਲਪਨਾ ਕਰਨ ਲੱਗ ਪਿਆ। ਮੈਂ ਦਰਵਾਜ਼ਾ ਖੋਲਿਆ ਤੇ ਬਾਹਰ ਦੇਖਿਆ। ਕੁੱਝ ਪਤਾ ਨਹੀਂ ਲੱਗ ਰਿਹਾ ਸੀ ਪਰ ਆਵਾਜ਼ਾਂ ਆ ਰਹੀਆਂ ਸਨ, ਉੱਚੀ-ਉੱਚੀ ਰੋਣ ਦੀਆਂ।
ਮੈਂ ਗੁਆਂਢਣ ਨੂੰ ਪੁੱਛਿਆ ਕਿ ਇਹ ਕਾਹਦਾ ਸ਼ੋਰ ਹੈ ਤਾਂ ਉਸਨੇ ਦੱਸਿਆ ਕਿ ਬਾਬੇ ਜੇਠੂ ਦੀ ਕੁੜੀ ਜਿਸਦਾ ਪਿਛਲੇ ਸਾਲ ਵਿਆਹ ਹੋਇਆ ਸੀ ਉਹ ਮਰ ਗਈ। ਸ਼ਾਮੀ ਪਤਾ ਲੱਗਿਆ ਕਿ ਉਸਦੇ ਬੇਟਾ ਹੋਇਆ ਸੀ ਪਰ ਕੁੜੀ ਸਿਰਫ 16 ਸਾਲਾਂ ਦੀ ਸੀ। 15 ਸਾਲਾਂ ਦੀ ਉਮਰ ‘ਚ ਉਸਦਾ ਵਿਆਹ ਕਰ ਦਿੱਤਾ ਗਿਆ ਸੀ। ਜੋ ਪੂਰੀ ਤਰਾਂ ਮਾਂ ਬਨਣ ਦੇ ਕਾਬਿਲ ਵੀ ਨਹੀਂ ਸੀ। ਬੱਚੀ ਸੀ ਵਿਚਾਰੀ। ਮੇਰੇ ਕੋਲ ਪੜ੍ਹਦੀ ਹੁੰਦੀ ਸੀ। ਬੱਚੇ ਨੂੰ ਜਨਮ ਦਿੰਦੇ ਸਮੇਂ ਹੀ ਮੌਤ ਹੋ ਗਈ।
ਉਹਨਾਂ ਦੇ ਗੁਆਂਢ ‘ਚ ਕਈ ਦਿਨ ਪਹਿਲਾਂ ਇੱਕ ਹੋਰ ਅਜਿਹੀ ਘਟਨਾ ਵਾਪਰੀ ਸੀ। ਉਹ ਵੀ ਮਰ ਗਈ ਸੀ। ਉਸਦੇ ਤਿੰਨ ਕੁੜੀਆਂ ਸਨ। ਪਰ ਹੁਣ ਉਹਨਾਂ ਨੇ ਜਦੋਂ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਚੌਥਾ ਬੱਚਾ ਵੀ ਕੁੜੀ ਹੀ ਹੈ। ਉਹ ਇਸ ਲੜਕੀ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਸਨ। ਉਹ ਲੜਕੀ ਦਾ ਗਰਭਪਾਤ ਕਰਵਾਉਣ ਲਈ ਸ਼ਹਿਰ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ। ਮੇਰਾ ਧਿਆਨ ਇਹਨਾਂ ਘਟਨਾਵਾਂ ਨੇ ਭਟਕਾ ਦਿੱਤਾ। ਮੇਰਾ ਲਿਖਣ ਦਾ ਮਨ ਨਾ ਰਿਹਾ ਤੇ ਮੈਂ ਕਾਪੀ ਬੰਦ ਕਰ ਦਿੱਤੀ, ਸੋਚਿਆ ਕਿ ਮਨ ਸ਼ਾਂਤ ਹੋਏ ਤਾਂ ਲਿਖਾਂ।
ਮੈਂ ਅਖਬਾਰ ਚੁੱਕਿਆ ਤੇ ਪੜ੍ਹਨ ਲੱਗੀ ਤਾਂ ਪਹਿਲੇ ਹੀ ਪੇਜ ਤੇ ਤਿੰਨ ਕਿਸਾਨਾਂ ਦੀ ਖੁਦਕੁਸ਼ੀ ਨੇ ਮੇਰੀ ਪ੍ਰੇਸ਼ਾਨੀ ‘ਚ ਹੋਰ ਵੀ ਵਾਧਾ ਕਰ ਦਿੱਤਾ। ਵਿਚਾਰੇ ਕਿਸਾਨ ਤੇ ਅਗਲੀ ਤਸਵੀਰ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸੀ। ਹੱਕ ਮੰਗ ਰਹੇ ਅਧਿਆਪਕਾਂ ਤੇ ਲਾਠੀਚਾਰਜ। ਰੂਹ ਜਿਹੀ ਕੰਬ ਗਈ। ਮੈਂ ਅਖਬਾਰ ਵੀ ਬੰਦ ਕਰ ਦਿੱਤਾ ਤੇ ਪਾਣੀ ਪੀ ਕੇ ਅਰਾਮ ਕਰਨਾ ਚਾਹਿਆ। ਪਰ ਇਹ ਫਿਲਮੀ ਦ੍ਰਿਸ਼ ਦੀ ਤਰ੍ਹਾਂ ਮੇਰੀਆਂ ਅੱਖਾਂ ਅ ੱਗੇ ਗੁਜ਼ਰਦੀਆਂ ਰਹੀਆਂ। ਪੂਰੀ ਰਾਤ ਨੀਂਦ ਨਾ ਆਈ ਤੇ ਮਨ ਸੋਚਣ ਲੱਗਾ ਕਿ ਕਿਹੜਾ ਅਜ਼ਾਦੀ ਦਿਵਸ ਮਨਾ ਰਹੇ ਆ ਅਸੀਂ। ਕੀ ਸੱਚ ਮੁੱਚ ਅਸੀਂ ਅਜ਼ਾਦੀ ਪ੍ਰਾਪਤ ਕੀਤੀ ਹੈ….? ਸਾਡੇ ਸ਼ਹੀਦਾਂ ਨੇ ਅਜ਼ਾਦ ਭਾਰਤ ਲਈ ਜੋ ਸੁਪਨੇ ਦੇਖੇ ਉਹ ਕਿੱਥੇ ਪੂਰੇ ਹੋਏ ਨੇ। ਸਾਡੀ ਸੋਚ ਤਾਂ ਅੱਜ ਵੀ ਗੁਲਾਮ ਹੈ, ਫਿਰ ਸਟੇਜਾਂ ਤੇ ਭਾਸ਼ਣ ਦੇ ਕੇ ਅਜ਼ਾਦੀ ਦਿਵਸ ਮਨਾਉਣ ਦਾ ਕੀ ਲਾਭ ਹੈ।

  • ਚੰਨੀ ਚਹਿਲ ! ਫੋਨ ਨੰਬਰ 94173-61546

———————————————————————-

ਅਣਜੋੜ

                     “ਆਹ ਕੀ ਹੈ, ਫਰਸ਼ ਤੇ ਖੰਡ ਕਿਸਨੇ ਡੋਲੀ ਹੈ “? ਖਰੀਦਣੀ ਹੋਵੇ ਤੇ ਪਤਾ ਲੱਗੇ ਪੰਜਾਹ ਰੁਪਏ ਕਿਲੋ ਹੈ। ਗੁਰਪਾਲ ਔਖਾ ਜਿਹਾ ਹੋਇਆ ਬੋਲਿਆ ਹਨ, ਉਸਦੀ ਦੀ ਪਤਨੀ ਚਰਨਜੀਤ ਬਿਨਾਂ ਕੁਝ ਕਹੇ ਡੁੱਲੀ ਖੰਡ ਨੂੰ ਸਾਫ ਕਰਨ ਲੱਗੀ । “ਹੁਣ ਪਾਣੀ ਦਾ ਘੁੱਟ ਤਾਂ ਗਾਲ ਦਿੰਦੀ “। ਗੁਰਪਾਲ ਹੋਰ ਖਿੱਝ ਕੇ ਬੋਲਿਆ। ਉਸ ਦੀ ਪਤਨੀ ਸਫਾਈ ਛੱਡ ਪਾਣੀ ਲੈਣ ਚਲੀ ਗਈ। ਪਾਣੀ ਦੇ ਕੇ ਮੁੜ ਫੇਰ ਡੁੱਲ•ੀ ਖੰਡ ਨੂੰ ਸਾਫ ਕਰਨ ਲੱਗੀ। ਪਾਣੀ ਪੀਂਦਾ ਗੁਰਪਾਲ ਆਪਣੀ ਪਤਨੀ ਵੱਲ ਨੀਝ ਲਾ ਕੇ ਵੇਖਣ ਲੱਗਾ ਜਿਵੇਂ ਅੱਜ ਉਹ ਪਹਿਲੀ ਵਾਰ ਦੇਖ ਰਿਹਾ ਹੋਵੇ। ਉਹ ਸੋਚਣ ਲੱਗੀ ਆ ਇੰਨੀ ਬੁਰੀ ਵੀ ਤਾਂ ਨਹੀਂ ਚਰਨਜੀਤ ਠੀਕ ਹੈ ਸ਼ਕਲੋਂ ਤਾਂ , ਪਰ ਮੈਨੂੰ ਇਸ ਦਾ ਮੋਹ ਕਿਉਂ ਨਹੀਂ ਆਉਂਦਾ? ਸ਼ਾਇਦ ਇਹ ਹੈ ਆਪਣਾ ਹੁਲੀਆ ਸੰਵਾਰ ਕੇ ਨਹੀਂ ਰਖਦੀ, ਖਿਲਰੇ ਵਾਲ, ਉਹ ਵੀ ਅੰਗਰੇਜ਼ਾਂ ਵੇਲੇ ਦੇ ਸਟਾਇਲ ਵਾਲਾ ਬੇਰੰਗ ਤੇ ਬੇਡੌਲ ਸੂਟ, ਸੂਤੀ ਚੁੰਨੀ ਲੰਬਾ ਸਾਰਾ ਚੀਰ ਕੱਢਿਆ ਹੋਇਆ।

ਗੁਰਪਾਲ ਨੂੰ ਉਸਦੀ ਸ਼ਕਲ ਸਰਕਾਰੀ ਸਕੂਲ ਦੇ ਉਸ ਬੋਰਡ ਵਰਗੀ ਲਗਦੀ ਸੀ ਜਿਸ ਨੂੰ ਕਈ ਦਿਵਾਲੀਆਂ ਲੰਘ ਜਾਣਾ ਤੇ ਵੀ ਰੰਗ ਨਸੀਬ ਨਾ ਹੋਇਆ ਹੋਵੇ। ਬਾਕੀ ਵੀ ਤਾਂ ਔਰਤਾਂ ਨੇ ਕਿੰਨੇ ਸੋਹਣੇ ਡਜਾਇਨਦਾਰ ਕੱਪੜੇ ਪਾ ਕੇ ਸਜੀਆਂ ਰਹਿੰਦੀਆਂ ਹਨ। ਉਸ ਦੀ ਫੇਸਬੁੱਕ ਵਾਲੀ ਦੋਸਤ ਨੇ ਜਦੋਂ ਆਪਣੀ ਉਮਰ ਪੈਂਤੀ ਸਾਲ ਦੱਸੀ ਸੀ ਤਾਂ ਗੁਰਪਾਲ ਨੂੰ ਬਹੁਤ ਹੈਰਾਨੀ ਹੋਈ ਸੀ ਉਹ ਉਸ ਨੂੰ ਪੰਝੀਆਂ ਵਰਿਆਂ ਦੀ ਕੀ ਲਗਦੀ ਸੀ। ਚਰਨਜੀਤ ਪੈਂਤੀ ਸਾਲ ਦੀ ਵੀ ਦੇਖਣ ਵਿੱਚ ਪੰਜਾਹਾਂ ਦੀ ਲੱਗਦੀ ਸੀ। ਫੇਸਬੁੱਕ ਵਾਲੀ ਕੁੜੀ ਦੀ ਕਾਲੇ ਚਸ਼ਮੇਂ ਵਾਲੀ ਤਸਵੀਰ ਦੇਖਦਾ ਦੇਖਦਾ ਅਮਨ ਗੂੜੀ ਨੀਂਦੇ ਸੌਂ ਗਿਆ।

ਚਾਰ ਵਜੇ ਉਠਿਆ ਗੁਰਪਾਲ ਚਾਹ ਲਈ ਆਵਾਜ਼ਾਂ ਮਾਰਨ ਲੱਗਿਆ। ਪਹਿਲੀ ਹੀ ਆਵਾਜ਼ ਤੇ ਚਰਨਜੀਤ ਚਾਹ ਦਾ ਗਲਾਸ ਬੇਗਾਨਿਆ ਵਾਂਗ ਉਸ ਦੇ ਹੱਥ ਥਮਾ ਕੇ ਆਪ ਬਾਹਰ ਬਰਾਂਡੇ ਵਿਚ ਬੈਠ ਕੇ ਚਾਹ ਪੀਣ ਲੱਗੀ। ਗੁਰਪਾਲ ਨੂੰ ਉਸ ਦੇ ਬਹੁਤ ਗੁੱਸਾ ਆਇਆ ਕਿ ਮੇਰੇ ਕੋਲ ਬੈਠ ਕੇ ਵੀ ਚਾਹ ਪੀ ਸਕਦੀ ਸੀ ਘਰ ਵਿਚ ਦੋਨੋਂ ਇਕੱਲੇ ਹੀ ਤਾਂ ਹਾਂ, ਜਦੋਂ ਵੀ ਅਸੀਂ ਦੋਨੇ ਇਕੱਲੇ ਘਰ ਹੁੰਦੇ ਹਾਂ ਇਹ ਮੇਰੇ ਨਾਲ ਵਕਤ ਬਿਤਾਉਣ ਦੀ ਜਗ ਬਰਾਂਡੇ ਵਿੱਚ ਪੱਖਾ ਚਲਾ ਕੇ ਕੱਲੀ ਕਿਉਂ ਬੈਠੀ ਰਹਿੰਦੀ ਹੈ। ਕਦੇ ਕਦੇ ਗੁਰਪਾਲ ਨੂੰ ਪਤੀ ਪਤਨੀ ਦਾ ਇਹ ਰਿਸ਼ਤਾ ਮਾਲਿਕ ਤੇ ਨੌਕਰ ਦੇ ਰਿਸ਼ਤੇ ਵਰਗਾ ਲੱਗਦਾ। ਉਸ ਦੇ ਅੰਦਰੋਂ ਆਪਣੀ ਪਤਨੀ ਲਈ ਭਾਵਨਾਵਾਂ ਦਮ ਤੋੜ ਚੁੱਕੀਆਂ ਸਨ। ਸੋਚਾਂ ਵਿੱਚ ਉਲਝੇ ਗੁਰਪਾਲ ਨੂੰ ਬੇਟੀ ਨੇ ਹਲੂਣਦਿਆਂ ਕਿਹਾ” ਪਾਪਾ ਪਾਪਾ ਤੁਹਾਨੂੰ ਯਾਦ ਨਹੀਂ ਅੱਜ ਆਪਾ ਸ਼ਹਿਰ ਜਾਣਾ ਹੈ ਅੱਜ ਮੇਰਾ ਜਨਮ ਦਿਨ ਹੈ “!

”ਚਲਦੇ ਹਾਂ ਪੁੱਤ, ਆਪਣੀ ਮਾਂ ਨੂੰ ਕਹਿ ਤਿਆਰ ਹੋ ਜਾਵੇ ਜਾਣ ਲਈ” ਗੁਰਪਾਲ ਨੇ ਕੁੜੀ ਨੂੰ ਕਿਹਾ।
”ਨਹੀਂ ਪਾਪਾ ਮੰਮਾ ਕਿ ਕਰਨਗੇ ਜਾ ਕੇ ਅੱਗੇ ਕਿਹੜਾ ਜਾਂਦੇ ਨੇ, ਨਾਲੇ ਆਹ ਫੁੱਲਾਂ ਵਾਲੇ ਸੂਟ ਪਾ ਕੇ ਸੋਹਣੇ ਵੀ ਨਹੀਂ ਲਗਦੇ। ਛੱਡੋ ਆਪਾਂ ਹੀ ਚਲਦੇ ਹਾਂ।

ਅੱਜ ਗੁਰਪਾਲ ਨੂੰ ਪਹਲੀ ਬਾਰ ਮਹਿਸੂਸ ਹੋਇਆ ਕੇ ਚਰਨਜੀਤ ਮੇਰੇ ਹੀ ਨਹੀਂ ਬੱਚਿਆਂ ਦੇ ਦਿਲਾਂ ਵਿੱਚੋਂ ਵੀ ਮਰਦੀ ਜਾਂਦੀ ਹੈ। ਇਸ ਗੱਲ ਨੇ ਉਸ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਉਹ ਬੇਟੀ ਨੂੰ ਲੈ ਸ਼ਹਿਰ ਵੱਲ ਤੁਰ ਪਿਆ। ਬੇਟੀ ਸਮਾਨ ਖਰੀਦਣ ਲੱਗੇ ਅਤੇ ਗੁਰਪਾਲ ਕੋਨੇ ਵਿੱਚ ਲੱਗੇ ਇੱਕ ਸਟੂਲ ਤੇ ਬੈਠਾ ਫੇਸਬੁੱਕ ਵਾਲੀ ਓਸ ਕੁੜੀ ਦੀ ਤਸਵੀਰ ਵੱਲ ਵੇਖਣ ਲੱਗ ਜਾਂਦਾ ਹੈ । ਕਿੰਨੀ ਸੋਹਣੀ ਖੁੱਲੀ ਜਿਹੀ ਡਰੈਸ ਪਾਈ ਹੋਈ ਸੀ ਲਾਲ ਅਤੇ ਕਾਲੇ ਰੰਗ ਦੀ। ਸੂਹੇ ਬੁੱਲੀ , ਭਰਵਾਂ ਸਰੀਰ , ਗੋਲ ਚਿਹਰਾ ਤੇ ਮੋਟੀਆਂ ਮੋਟੀਆਂ ਅੱਖਾਂ। ਅੱਖਾਂ ਝੀਲ ਵਾਂਗ ਸਨ ਜਿਸ ਚ ਡੁੱਬ ਕੇ ਮਰਨਾ ਵੀ ਮਹਿੰਗਾ ਸੌਦਾ ਨੀ ਸੀ ਲਗਦਾ।

ਓਸੇ ਵਕਤ ਗੁਰਪਾਲ ਦਾ ਧਿਆਨ ਸ਼ੀਸ਼ੇ ਵਿਚ ਲੱਗੀ ਬਹੁਤ ਹੀ ਸੋਹਣੀ ਹੈ ਲਾਲ ਰੰਗ ਦੀ ਡਰੈੱਸ ਤੇ ਜਾਂਦਾ ਹੈ।ਗੁਰਪਾਲ ਬੇਟੀ ਨਾਲ ਸਲਾਹ ਕਰਕੇ ਓਹੀ ਡਰੈੱਸ ਖਰੀਦ ਲੈਂਦਾ ਹੈ। ਘਰ ਆਕੇ ਬੇਟੀ ਸਿਮਰਨ ਸਾਰਾ ਸਮਾਨ ਦਿਖਾਉਣ ਲਗਦੀ ਹੈ ਤਾਂ ਗੁਰਪਾਲ ਬੜੇ ਹੀ ਚਾਅ ਨਾਲ ਲਿਫਾਫੇ ਚੋ ਡਰੈੱਸ ਕੱਢ ਕੇ ਚਰਨਜੀਤ ਨੂੰ ਦਿੰਦਿਆਂ ਆਖਦਾ ਹੈ” ਲਓ ਮੈਡਮ ਚਰਨ ਜੀ ਆਹ ਡਰੈੱਸ ਤੁਹਾਡੇ ਲਈ, ਸਾਨੂੰ ਪਸੰਦ ਅਗੀ ਅਸੀ ਲੈ ਆਏ ਤੇਰੇ ਲਈ। ਗੁਰਪਾਲ ਅੱਜ ਪਹਿਲੀ ਵਾਰ ਚਰਨਜੀਤ ਨਹੀਂ ਕੋਈ ਤੋਹਫਾ ਲੈ ਕੇ ਆਇਆ ਸੀ ਉਸ ਨੂੰ ਲੱਗਿਆ ਚਰਨਜੀਤ ਖੁਸ਼ੀ ਵਿਚ ਉਛਲਦੀ ਮੇਰੇ ਹੱਥੋਂ ਡਰੈੱਸ ਫੜਦੀ ਬੋਲੇਗੀ ,ਹਾਏ ਮੇਰੇ ਲਈ ਹੈ, ਸੱਚੀਂ ,ਹਾਏ ਕਿੰਨੀ ਸੋਹਣੀ ਹੈ, ਪਾ ਕੇ ਦਿਖਾਵਾ ? ਪਰ ਗੁਰਪਾਲ ਦੇ ਖਿਆਲਾਂ ਦਾ ਮਹਿਲ ਬਹੁਤੀ ਦੇਰ ਉਸਰਿਆ ਨਾ ਰਹਿ ਸਕਿਆ। ਤਿਊੜੀਆਂ ਨਾਲ ਭਰੇ ਮੱਥੇ ਤੇ ਕੋਈ ਖੁਸ਼ੀ ਗੁਰਪਾਲ ਨੂੰ ਮਹਿਸੂਸ ਨਾ ਹੋਈ। ਨਾ ਹੀ ਮੁਰਝਾਏ ਚਿਹਰੇ ਤੇ ਕੋਈ ਹੋਰ ਰੰਗ ਉਭਰਿਆ। ਸਗੋਂ ਖਿਝੀ ਜਿਹੀ ਬੋਲੀ ”ਮੈ ਅਜਿਹੇ ਕੱਪੜੇ ਕਦੋਂ ਪਾਉਂਦੀ ਹਾਂ, ਤੁਹਾਨੂੰ ਪਤਾ ਤੇ ਹੈ“।

ਚਰਨਜੀਤ ਮੂੰਹੋਂ ਇਹ ਗੱਲ ਸੁਣਦਿਆਂ ਗੁਰਪਾਲ ਨੂੰ ਲੱਗਿਆ ਜਿਵੇਂ ਡਰੈੱਸ ਨੂੰ ਹੀ ਨਹੀਂ ਆਪਣੇ ਆਪ ਨੂੰ ਵੀ ਅੱਗ ਲਾ ਲਵੇ। ਗਰਮੀਆਂ ਦੀਆਂ ਛੁੱਟੀਆਂ ਚ ਬੱਚੇ ਘੁੰਮਣ ਦੀ ਜਿੱਦ ਕਰਨ ਲਗੇ ਤਾਂ ਗੁਰਪਾਲ ਨੇ ਚਰਨ ਜੀਤ ਨੂੰ ਕਿਹਾ ਕੀ ਬੱਚੇ ਘੁੰਮਣ ਦੀ ਜ਼ਿੱਦ ਕਰ ਰਹੇ ਹਨ ਕਿਉਂ ਨਾ ਸ਼ਿਮਲੇ ਘੁੰਮਣ ਜਾਇਆ ਜਾਵੇ। ਚਰਨਜੀਤ ਨੇ ਜਵਾਬ ਦਿੰਦਿਆਂ ਕਿਹਾ ਤੁਸੀਂ ਘੁੰਮ ਆਓ ਸਿਮਲੇ ਮੇਰੇ ਤੋਂ ਨਹੀਂ ਜਾਇਆ ਜਾਣਾ ਮੈਂ ਤਾਂ ਪੇਕੇ ਜਾਣਾ ਹੈ। ਉਸ ਦੇ ਮੂੰਹੋਂ ਗੁਰਪਾਲ ਨੂੰ ਇਹ ਗੱਲ ਵਿਉ ਵਰਗੀ ਲੱਗੀ ਕਿ ਪੇਕੇ ਕਿਹੜਾ ਕੈਨੇਡਾ ਨੇ ਕਿਤੇ ਬਾਹਰ ਜਾਵੇਗੀ ਤਾਂ ਅਕਲ ਆਊਗੀ।

ਅਗਲੇ ਦਿਨ ਚਰਨਜੀਤ ਬੱਚਿਆਂ ਨੂੰ ਲੈਕੇ ਪੇਕੇ ਜਾਣ ਲਈ ਤਿਆਰ ਹੋ ਗਈ । ਗੁਰਪਾਲ ਸਹਿਰ ਉਸਨੂੰ ਬੱਸ ਅੱਡੇ ਤੱਕ ਛੱਡਣ ਗਿਆ। ਬੱਚੇ ਬੱਸ ਚ ਚੜ ਗਏ ਗੁਰਪਾਲ ਚਰਨਜੀਤ ਵੱਲ ਵਧਿਆ ਕਿ ਕਹਿ ਹੀ ਦੇਵਾ ਵੀ ਦਿਲ ਨੀ ਲਗਣਾ ਜਲਦੀ ਮੁੜਿਓ। ਪਰ ਚਰਨਜੀਤ ਗੁਰਪਾਲ ਵੱਲ ਵੇਖੇ ਬਿਨਾਂ ਹੀ ਬੱਸ ਚ ਬੈਠ ਗਈ। ਗੁਰਪਾਲ ਨੂੰ ਆਪਾ ਵੀ ਚੰਗਾ ਨਾ ਲੱਗਿਆ। ਚਲੋ ਅੱਜ ਤੇ ਘਰ ਮੌਜ ਸੜੀ ਕੁੜੀ ਸ਼ਕਲ ਤੇ ਨੀ ਦੇਖਣੀ ਪਊ। ਹੁਣ ਤੇ ਗੁਰਪਾਲ ਨੂੰ ਚਰਨਜੀਤ ਦੀ ਸ਼ਕਲ ਦੇਖ ਹੀ ਚਿੜ ਚੜਦੀ ਸੀ। ਗੁਰਪਾਲ ਘਰ ਆਇਆ ਤੇ ਪਾਣੀ ਦੀ ਉਮੀਦ ਨਾਲ ਬੈਠੇ ਦੇ ਯਾਦ ਆਇਆ ਕਿ ਅੱਜ ਤੇ ਹੈ ਨੀ ਚਰਨਜੀਤ ਆਪ ਹੀ ਪੀਣਾ ਪਊ ਪਾਣੀ ਵੀ। ਸ਼ਾਮ ਦੀ ਸਬਜੀ ਬਣਾ ਤੇ ਆਟਾ ਗੁੰਨ ਕੇ ਗਈ ਸੀ ਚਰਨਜੀਤ। ਗੁਰਪਾਲ ਨੇ ਰੋਟੀ ਬਣਾਈ ਤੇ ਆਪਣੀ ਤੇ ਆਪਣੇ ਬਾਪੂ ਦੀ ਰੋਟੀ ਇਕੋ ਥਾਲੀ ‘ਚ ਪਾਂ ਲਈ ਤਾਂ ਕਿ ਭਾਂਡੇ ਘੱਟ ਜੂਠੇ ਹੋਣ। ਰੋਟੀ ਖਾ ਬਰਤਨ ਸਾਫ ਕਰ ਜਦੋਂ ਕੂਲਰ ਚਲਾਉਣ ਲਗਾ ਤਾਂ ਉਸਦੀ ਮੋਟਰ ਸੜ ਗਈ।

ਫੇਰ ਅੰਦਰਲੇ ਸਮਾਨ ਚੋ ਪੁਰਾਣਾ ਪੱਖਾ ਕੱਢ ਕੇ ਛੋਟੇ ਮੇਜ ਤੇ ਰੱਖਿਆ ਤਾਰ ਪਾਈ ਪੱਖਾ ਨਹੀਂ ਚੱਲਿਆ ਤਾਂ ਗੁਰਪਾਲ ਨੇ ਜੋਰ ਦੀ ਇਕ ਲੱਤ ਪੱਖੇ ਦੇ ਮਾਰੀ ਤੇ ਉਸਦਾ ਪਿਓ ਬੋਲਿਆ” ,,ਕੰਜਰਾਂ ਘੱਟ ਡੱਫ ਲਿਆ ਕਰ ਕਾਹਦੇ ਨਾਲ ਚੱਲੂ ਤੇਰਾ ਪਿਓ ਬਿਜਲੀ ਹੈ ਨੀ ਤੇਰੀ ਮਾਂ“! ਗੁਰਪਾਲ ਨੂੰ ਸੱਚਮੁੱਚ ਆਪਣੇ ਪਾਗਲਪਨ ਤੇ ਹਾਸਾ ਆਇਆ। ਫੇਰ ਓਹ ਆਪਣੇ ਮੰਜੇ ਵੱਲ ਹੋ ਤੁਰਿਆ ਸੋਚਣ ਲੱਗਾ ਮਾਂ ਨੇ ਆਖਿਰ ਕੀ ਦੇਖ ਕੇ ਚਰਨਜੀਤ ਦਾ ਰਿਸ਼ਤਾ ਲਿਆ ਸੀ। ਸਾਰੀ ਜਿੰਦਗੀ ਚ ਕਦੇ ਲੋਕਾਂ ਵਾਂਗ ਸਜ ਫਬ ਕੇ ਨਾਲ ਨੀ ਤੁਰੀ। ਕਦੇ ਦਿਲ ਦੀ ਗੱਲ ਨੀ ਕੀਤੀ ਕਦੇ ਕੋਈ ਸ਼ਰਾਰਤ ਨੀ ਕੀਤੀ ਬੱਸ ਕੰਮ ਕਰਦੀ ਏਦਾ ਤੁਰੀ ਫਿਰਦੀ ਹੈ ਜਿਵੇਂ ਕੋਈ ਜਿੰਦਾ ਲਾਸ਼ ਹੋਵੇ ਹੁਣ ਤਾਂ ਮੇਰੀ ਵੱਢੀ ਰੂਹ ਨੀ ਕਰਦੀ ਨਜਦੀਕ ਜਾਣ ਨੂੰ। ਬੱਸ ਇੱਕ ਸਮਝੌਤਾ ਜੋਂ ਨੱਬੇ ਫੀਸਦੀ ਲੋਕ ਕਰਦੇ ਨੇ ਦਿਲ ਦੀ ਰਾਣੀ ਨਾ ਸਹੀ ਘਰ ਦੀ ਰਾਣੀ ਤੇ ਹੈ। ਬਾਪੂ ਬੱਚੇ ਤੇ ਘਰ ਤਾਂ ਸੰਭਾਲਦੀ ਹੀ ਹੈ ਬਾਕੀ ਜੋਂ ਕਿਸਮਤ ਸੀ ਮਿਲ ਗਿਆ।

ਕਿਨੇ ਦਿਨ ਹੋਗੇ ਇੱਕ ਫੋਨ ਤਕ ਨੀ ਕੀਤਾ ਸੋਚਦੇ ਸੋਚਦੇ ਓਸਨੇ ਫੋਨ ਮਿਲਾ ਲਿਆ ਰਸਮੀ ਗੱਲਾਂ ਤੋਂ ਬਾਅਦ ਗੁਰਪਾਲ ਕਹਿਣ ਹੀ ਵਾਲਾ ਸੀ, ਆਜੋ ਚੰਨ ਤੇਰੇ ਬਿਨਾਂ ਦਿਲ ਨੀ ਲਗਦਾ ਪਰ ਉਸਦੀ ਪੂਰੀ ਗੱਲ ਸੁਣੋ ਬਿਨਾ ਹੀ ਚਰਨਜੀਤ ਬੋਲੀ ”ਮੇਰੇ ਤੋਂ ਨੀ ਆਇਆ ਜਾਣਾ ਅਜੇ ਬਾਪੂ ਢਿੱਲਾ ਹੋਇਆ ਪਿਆ ਤੁਸੀ ਜਵਾਕਾਂ ਨੂੰ ਲੈ ਜਾਓ ਆਕੇ“। ਇਨਾ ਆਖਦੀ ਫੋਨ ਕੱਟ ਤੁਰ ਗਈ। ਗੁਰਪਾਲ ਦਾ ਦਿਲ ਕੀਤਾ ਫੋਨ ਨੂੰ ਕੰਧ ਨਾਲ ਮਾਰੇ। ਫੇਰ ਸਬਰ ਦੀ ਘੁੱਟ ਭਰ ਉਹ ਮੰਜੇ ਤੇ ਜਾ ਪਿਆ। ਫੇਰ ਓਹ ਫੇਸਬੁੱਕ ਵਾਲੀ ਕੁੜੀ ਦੀ ਤਸਵੀਰ ਦੇਖਣ ਲੱਗਿਆ ਕਿਨੀਆਂ ਡੂੰਘੀਆਂ ਝੀਲ ਵਰਗੀਆਂ ਅੱਖਾਂ ਡੁੱਬ ਜਾਣ ਨੂੰ ਦਿਲ ਕਰਦਾ ਸੀ। ਗੁਰਪਾਲ ਸੋਚਣ ਲੱਗਾ ਕਿੰਨ ਕਿਸਮਤੀ ਹੋਵੇਗਾ ਜਿਸਦੀ ਕਿਸਮਤ ‘ਚ ਇਹ ਪਰੀ ਹੋਵੇਗੀ। ਪਰ ਫੇਰ ਗੁਰਪਾਲ ਉਸ ਘਟਨਾ ਬਾਰੇ ਸੋਚਣ ਲੱਗਿਆ ਜਦੋਂ ਓਹ ਚਰਨਜੀਤ ਨੂੰ ਬੱਸ ਅੱਡੇ ਛੱਡਣ ਗਿਆ ਸੀ ਤਾਂ ਇਕ ਆਦਮੀ ਨੇ ਚਰਨਜੀਤ ਦੇ ਮੋਢਾ ਮਾਰਿਆ ਸੀ ਤਾਂ ਗੁਰਪਾਲ ਨੂੰ ਗੁੱਸਾ ਨਹੀਂ ਬਲਕਿ ਹਾਸਾ ਆਇਆ ਸੀ ਕਿ ਇਹ ਕਿਹੜੀ ਪਰੀ ਲਗਦੀ ਸੀ ਉਸਨੂੰ ।ਪਰ ਫਿਰ ਸੋਚਣ ਲਗਿਆ ਕਿ ਪਤਾ ਓਹ ਫੇਸਬੁੱਕ ਵਾਲੀ ਪਰੀ ਦਾ ਪਤੀ ਕਿਸੇ ਹੋਰ ਪਰੀ ਦੀ ਤਲਾਸ਼ ਚ ਹੋਵੇ ਤੇ ਓਸਦਾ ਕਿਸੇ ਹੋਰ ‘ਚ। ਅਕਸਰ ਸਾਨੂੰ ਦੂਰ ਰਹਿੰਦੀਆਂ ਚੀਜਾਂ ਨਾਲ ਹੀ ਜਿਆਦਾ ਮੋਹ ਹੁੰਦਾ ਹੈ।

ਸ਼ਾਇਦ ਏਸੇ ਲਈ ਨਜਾਇਜ ਰਿਸ਼ਤੇ ਉਸਰਦੇ ਨੇ। ਚਰਨਜੀਤ ਨੇ ਮੈਨੂੰ ਕਦੇ ਅਪਣਾ ਸਾਥੀ ਨਹੀਂ ਸਮਝਿਆ ਸਗੋਂ ਮਾਲਿਕ ਸਮਝਦੀ ਹੈ, ਜਿਵੇਂ ਮੈ ਉਸ ਨੂੰ ਖਰੀਦਿਆ ਹੋਵੇ। ਇਸ ਔਰਤ ਲਈ ਵਿਆਹ ਸਿਰਫ ਬੱਚੇ ਪੈਦਾ ਕਰਨ ਲਈ ਕੀਤਾ ਜਾਂਦਾ ਹੁੰਦਾ ਹੋਵੇਗਾ। ਵਿਆਹ ਦਾ ਮਤਲਬ ਸਿਰਫ ਬੱਚੇ ਹੀ ਨਹੀਂ ਹੁੰਦੇ। ਵਧਦੀ ਉਮਰ ‘ਚ ਪਤੀ ਪਤਨੀ ਨੂੰ ਇੱਕ ਦੂਜੇ ਦੀ ਜਰੂਰਤ ਵੱਧ ਮਹਿਸੂਸ ਹੁੰਦੀ ਹੈ । ਅਗਲੇ ਹੀ ਪਲ ਸੋਚਣ ਲਗਿਆ ਕਿ ਪਤਾ ਚਰਨਜੀਤ ਪਿਆਰ ਕਰਦੀ ਹੋਵੇ ਬੱਸ ਦਿਖਵਾ ਨਾ ਕਰਦੀ ਹੋਵੇ। ਪਰ ਪਿਆਰ ਹੋਵੇ ਤਾਂ ਕਦੇ ਮਹਿਸੂਸ ਤਾਂ ਹੋਵੇ। ਕਦੇ ਤਾਂ ਮੇਰੇ ਤੋਂ ਗੱਲ ਕਰਦੀ ਦਾ ਚਿਹਰਾ ਸ਼ਰਮ ਨਾਲ ਲਾਲ ਹੋਵੇ ਕਦੇ ਤਾਂ ਲੰਘਦੀ ਕਿਸੇ ਬਹਾਨੇ ਮੇਰੇ ਨਾਲ ਖਹਿ ਕੇ ਲੰਘੇ। ਕਦੇ ਤਾਂ ਇਸ ਦੀਆਂ ਅੱਖਾਂ ‘ਚ ਡੁੱਬਣ ਨੂੰ ਮੇਰਾ ਦਿਲ ਕਰੇ। ਕਦੇ-ਕਦੇ ਗੁਰਪਾਲ ਨੂੰ ਲਗਦਾ ਕਿ ਚਰਨਜੀਤ ਮੇਰੀ ਬੇਬੇ ਤੇ ਮੇਰੇ ਬਾਪੂ ਦੇ ਮੇਰੇ ਨਾਲੋਂ ਵੱਧ ਨੇੜੇ ਹੈ। ਅਗਰ ਮੇਰੀ ਕਿਸੇ ਗਲਤੀ ਤੇ ਮੈਨੂੰ ਟੋਕਦੇ ਨੇ ਤਾਂ ਝੱਟ ਓਹਨਾਂ ਵੱਲ ਖੜ ਜਾਂਦੀ ਹੈ। ਗੁਰਪਾਲ ਫਲਾਸਫਰਾਂ ਦੀ ਤਰ• ਸੋਚਣ ਲੱਗਾ।

ਬਾਪੂ ਦੀ ਅਵਾਜ ਨੇ ਉਸਦਾ ਧਿਆਨ ਤੋੜਿਆ, “ਪਾਲੇ, ਆਹ ਸਹੁਰਾ ਪੱਖਾ ਕਿਵੇਂ ਬੰਦ ਹੋ ਗਿਆ “।  “ਦੇਖਦਾਂ ਬਾਪੂ“! ਕਹਿ ਗੁਰਪਾਲ ਫੋਨ ਦੀ ਰੌਸ਼ਨੀ ਕਰ ਬਿਜਲੀ ਦੇ ਮੀਟਰ ਵੱਲ ਵਧਿਆ ਬਾਪੂ ਦੇ ਮਨ ਚ ਗੁਰਪਾਲ ਦੇ ਸ਼ਰਾਬ ਪੀਣ ਦਾ ਵਹਿਮ ਸੀ ਓਹ ਹੌਲੀ ਹੌਲੀ ਤੁਰਦਾ ਗੁਰਪਾਲ ਦੇ ਕੋਲ ਜਾ ਖੜ• ਹੋ ਗਿਆ। ਗੁਰਪਾਲ ਨੇ ਟੁੱਟੀਆਂ ਤਾਰਾਂ ਨੂੰ ਜੋੜ ਕੇ ਜਦੋਂ ਪਲੱਗ ਪਾਇਆ ਤਾਂ ਬਹੁਤ ਸਾਰੀ ਅੱਗ ਨਿਕਲੀ ਤੇ ਇੱਕ ਪਟਾਕੇ ਨਾਲ ਬਿਜਲੀ ਗੁੱਲ ਹੋ ਗਈ। ” ਕੰਜਰਾਂ, ਪੁੱਠੀਆਂ ਜੋੜ ਦਿੱਤੀਆਂ ਤਾਰਾਂ ਅੱਗੇ ਵੀ ਕਿਹਾ ਨਾ ਡੱਫਿਆ ਕਰ ਮਰੇਗਾਂ ਕਦੇ। ਦੇਖ ਅੱਗ ਨਿਕਲੀ ਕਿੰਨੀ ਸਾਰਾ ਕੁਝ ਸੜ ਜਾਊਗਾ“। ਪਿਤਾ ਨੇ ਗੁੱਸੇ ਹੁੰਦਿਆਂ ਕਿਹਾ। ਆਹੋ ਬਾਪੂ ਸਾਲ਼ਾ ਜੋੜ ਹੀ ਪੁੱਠਾ ਲੱਗ ਗਿਆ। ਅੱਗ ਤੇ ਰੋਜ ਨਿੱਕਲਦੀ ਹੈ ਤੁਹਾਨੂੰ ਨੀ ਦਿਸਦੀ, ਮੈਨੂੰ ਲਗਦਾ ਸਾਰਾ ਕੁਝ ਸੜ ਚੁੱਕਿਆ ਹੈ”। ਹੁਣ ਨੀ ਇਹ ਜੋੜ ਸਿੱਧਾ ਹੋਣਾ ਬਾਪੂ, ਨਾਲੇ ਹਰ ਜੋੜ ਪੁੱਠਾ ਦਾਰੂ ਕਰਕੇ ਨੀ ਲਗਦਾ ਹੁੰਦਾ, ਲੱਗੀ ਰਹਿਣ ਦੇ ਅੱਗ ਮੱਚ ਜਾਣ ਦੇ ਜੋਂ ਮਚਦਾ, ਮੇਰੇ ਤੋਂ ਨੀ ਸਾਲ਼ਾ ਰੋਜ ਦਾ ਸਿਆਪਾ ਜਰਿਆ ਜਾਂਦਾ। ਪਲਾਸ ਕੰਧ ਨਾਲ ਮਾਰਦਾ ਗੁਰਪਾਲ ਅੱਖਾਂ ਪੂੰਝਦਾ, ਆਪਣੇ ਮੰਜੇ ਵੱਲ ਨੂੰ ਹੋ ਤੁਰਿਆ।

ਬਾਪੂ ਪਲਾਸ ਚੁੱਕਦਾ ਬੜਬੜਾ ਰਿਹਾ ਸੀ, “ਪਤਾ ਨੀ ਕੰਜਰ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਤੁਰਦਾ ਨਾਲੇ ਬਿਜਲੀ ਖਰਾਬ ਹੋਣ ‘ਚ ਰੋਣ ਵਾਲੀ ਕਿਹੜੀ ਗੱਲ ਹੈ, ਦਿਮਾਗ ਨੂੰ ਚੜਗੀ ਦਾਰੂ ਇਦੇ“।

  • ਚੰਨੀ ਚਹਿਲ ! ਫੋਨ ਨੰਬਰ 94173-61546

———————————————————————-

ਅਸਲੀ ਰਾਵਣ

-ਰਾਜਵਿੰਦਰ ਕੌਰ ‘ਭਰੂਰ’  Mob. 98775-11533 

        ਕਈ ਦਿਨਾਂ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਇਕ ਮੁੱਦਾ ਭੜਕ ਰਿਹਾ ਹੈ ਜੋ ਕਿ ਹਰ ਸਾਲ ਬਾਅਦ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ ਧਿਰਾ ਨੇ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਹੈ। ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਅਸੀਂ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ ਸਾੜਿਆ ਜਾਵੇ, ਕਿਉਂਕਿ ਉਸਨੇ ਤਾਂ ਆਪਣੀ ਭੈਣ ਨਾਲ ਲਛਮਣ ਵਲੋਂ ਹੋਈ ਬਦਸਲੂਕੀ ਦਾ ਬਦਲਾ ਲੈਣ ਲਈ ਸੀਤਾ ਦਾ ਅਪਹਰਣ ਕੀਤਾ ਸੀ। ਉਸਨੇ ਕੋਈ ਅਜਿਹਾ ਕੁਝ ਵੀ ਨਹੀਂ ਕੀਤਾ, ਜਿਹੜਾ ਸਮਾਜਿਕ ਤੌਰ ਤੇ ਮਨੁੱਖ ਹੋਣ ਦੀ ਮਰਿਯਾਦਾ ਨੂੰ ਭੰਗ ਕੀਤਾ ਹੋਵੇ।
ਰਾਵਣ ਵੇਦਾਂ ਦਾ ਗਿਆਨ ਰੱਖਦਾ ਸੀ। ਉਸਦਾ ਪੁਤਲਾ ਸਾੜਿਆ ਨਾ ਜਾਵੇ, ਇਸ ਲਈ ਲੋਕ ਆਪਸ ‘ਚ ਲੜ-ਲੜ ਕੇ ਭਾਈਚਾਰਕ ਤੌਰ ਤੇ ਇਕ ਦੂਜੇ ਤੋਂ ਦੂਰ ਹੋ ਰਹੇ ਹਨ। ਹੈਰਾਨੀ ਹੁੰਦੀ ਹੈ ਕਿ ਇਹ ਲੋਕ ਕਿਹੋ ਜਿਹੀ ਜਿੱਤ ਪਾਉਣ ਲਈ ਆਪਸ ‘ਚ ਲੜ ਰਹੇ ਹਨ? ਭਲੇਓ ਮਾਣਸੋ! ਰਾਵਣ ਨੇ ਜੋ ਅਪਰਾਧ ਕੀਤਾ ਸੀ ਰਾਮ ਨੇ ਉਸਨੂੰ ਜਲਾ ਕੇ ਸਜਾ ਦੇ ਦਿੱਤੀ ਸੀ। ਫਿਰ ਤੁਸੀ ਕਿਉਂ ਇੱਕ ਹੀ ਵਿਅਕਤੀ ਦੇ ਅਪਰਾਧੀ ਨੂੰ ਕਾਗਜ਼ੀ ਪੁਤਲਾ ਬਣਾ ਕੇ ਹਰ ਸਾਲ ਸਾੜ ਰਹੇ ਹੋ।
ਦੇਸ਼ ਵਾਸੀਓ! ਸਦੀਆਂ ਤੋਂ ਪੁਰਾਣੇ ਅਪਰਾਧੀ ਨੂੰ ਤਾਂ ਤੁਸੀਂ ਬਾਰ-ਬਾਰ ਸਜਾ ਦੇਈ ਜਾ ਰਹੇ ਹੋ ਪਰ ਤੁਹਾਡੇ ਅਜੋਕੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੁ ਸੀਤਾ ਵਰਗੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਉਨ੍ਹਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਰੋਲਿਆਂ ਜਾ ਰਹੀਆਂ ਹਨ। ਇੰਨੀ ਬਦਸਲੂਕੀ ਕੀਤੀ ਜਾਂਦੀ ਹੈ ਕਿ ਸੁਣ ਕੇ ਰੂਹ ਕੰਬ ਉਠਦੀ ਹੈ। ਮੇਰੇ ਸਮਾਜ ਦੇ ਲੋਕੋ ਕਾਗਜ਼ ਦੇ ਪੁਤਲੇ ਫੂਕਣ ਨਾਲ ਕਦੀ ਵੀ ਬਦੀ ‘ਤੇ ਨੇਕੀ ਦੀ ਜਿੱਤ ਨਹੀਂ ਹਾਸਿਲ ਕੀਤੀ ਜਾ ਸਕਦੀ। ਜੇ ਸੱਚ ਮੁੱਚ ਬਦੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਰਾਵਣਾਂ ਨੂੰ ਚੁਰਾਹੇ ‘ਚ ਖੜਾ ਕੇ ਸਾੜੋ ਜੋ ਅੱਜ ਦੀਆਂ ਸੀਤਾਵਾਂ ਦੀਆਂ ਇੱਜ਼ਤਾਂ ਰੋਲ ਕੇ ਅਜ਼ਾਦ ਘੁੰਮਦੇ ਫਿਰਦੇ ਹਨ। ਸਮਾਜ ਵਿਚ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਿਅਤ ਨਹੀਂ, ਤੁਸੀਂ ਸਦੀਆਂ ਪੁਰਾਣੇ ਅਪਰਾਧੀ ਦੇ ਪੁਤਲੇ ਸਾੜ ਕੇ ਕਹਿੰਦੇ ਹੋ ਬਦੀ ‘ਤੇ ਨੇਕੀ ਦੀ ਜਿੱਤ ਪਾ ਲਈ ਹੈ। ਇਹ ਕੋਈ ਜਿੱਤ, ਕਿਸ ਖਾਤਰ ਹੈ। ਰਾਵਣ ਨੇ ਤਾਂ ਸੀਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਚੋਟ ਤੱਕ ਨਹੀਂ ਪਹੁੰਚਾਈ।
ਅਜੋਕੇ ਸਮਾਜ ‘ਚ ਆਸੀਫ਼ਾ ਵਰਗੀਆਂ ਬੱਚੀਆਂ ਨਾਲ ਵਧੀਕੀਆਂ ਕਰਕੇ ਮਾਰ ਦਿੱਤਾ ਜਾ ਰਿਹਾ ਹੈ। ਅਜੋਕੇ ਰਾਵਣਾਂ ਨੂੰ ਸਾੜ ਕੇ ਸੱਚਮੁੱਚ ਬਦੀ ‘ਤੇ ਨੇਕੀ ਦੀ ਜਿੱਤ ਪਾਈ ਜਾ ਸਕਦੀ ਹੈ। ਸਮਾਜ ਵਿਚ ਪਲ ਰਹੀਆਂ ਅਨੇਕਾਂ ਬੁਰਾਈਆਂ ਨੂੰ ਠੱਲ ਪਾਉਣ ਲਈ ਇਸ ਵਿਚ ਜ਼ਿੰਮੇਵਾਰ ਅਸਮਾਜਿਕ ਤੱਤਾਂ ਦੇ ਖਿਲਾਫ਼ ਖੜੇ ਹੋਵੋ ਤਾਂ ਜੋ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਨਜ਼ਰ ਮਾਰ ਸਕਦੇ ਹੋ ਜੇ ਸਮਾਜਕ ਨਜ਼ਰੀਏ ਤੋਂ ਦੇਖਿਆ ਜਾਵੇ ਜੋ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਰਦੇ ਹਨ। ਆਰਥਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਹਰ ਸਾਲ ਭਾਰਤ ਵਿਚ ਪਤਾ ਨਹੀਂ ਕੁ ਪੁਤਲੇ ਫੂਕੇ ਜਾਂਦੇ ਹਨ। ਜਿੰਨਾਂ ‘ਤੇ ਕਰੋੜਾਂ ਦਾ ਖਰਚ ਕੀਤਾ ਜਾਂਦਾ ਹੈ। ਜਿਸ ਵਿਚ ਨੁਕਸਾਨ ਹੁੰਦਾ ਜਿੰਨਾਂ ਵਿਚ ਮ੍ਰਿਤਸਰ ਵਰਗੇ ਹਾਦਸੇ ਵਾਪਰਦੇ ਹਨ। ਇਹਨਾਂ ਨੂੰ ਫੂਕਣ ਨਾਲ ਕਿੰਨਾ ਹੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਜਿਸ ਨਾਲ ਧਰਤੀ ‘ਤੇ ਮਨੁੱਖ ਤੇ ਜੀਵ-ਜੰਤੂ ਬਹੁਤ ਪ੍ਰਭਾਵਿਤ ਹੁੰਦੇ ਹਨ। ਮਾਨਸਿਕ ਨਜ਼ਰੀਏ ਤੋਂ ਦੇਖੀਏ ਤਾਂ ਕਾਗਜ਼ਾਂ ਦੇ ਪੁਤਲੇ ਫੂਕਣ ਨਾਲ ਕਦੇ ਵੀ ਬੁਰਾਈ ਖ਼ਤਮ ਨਹੀਂ ਹੁੰਦੀ। ਜੇ ਬੁਰਾਈ ਖ਼ਤਮ ਕਰਨੀ ਹੈ ਤਾਂ ਅੱਜ ਤੋਂ ਸਮਾਜ ‘ਚ ਹੋ ਰਹੇ ਬਲਾਤਕਾਰ ਵਰਗੇ ਅਪਰਾਧ ਨੂੰ ਅੰਜ਼ਾਮ ਦੇ ਰਹੇ ਰਾਵਣਾਂ ਨੂੰ ਨੱਥ ਪਾ ਕੇ ਅਸਲ ‘ਚ ‘ਬਦੀ ‘ਤੇ ਨੇਕੀ ਦੀ ਜਿੱਤ’ ਹੋਵੇਗੀ।

———————————————————————-

ਕੂੜਾ ਡੰਪ

– ਗੁਰਮੇਲ ਸਿੰਘ ਬੌਡੇ

ਪੰਜਾਬ ਦਾ ਇੱਕ ਮਹਾਂਨਗਰ। ਦੁਸਹਿਰਾ ਲੰਘ ਚੁੱਕਾ ਸੀ। ਖੇਤਾਂ ਵਿੱਚ ਝੋਨੇ ਰੰਗ ਵਟਾ ਰਹੇ ਸਨ। ਅੱਜ ਤੇਜ਼ ਹਨੇਰੀ ਆਈ ਸੀ। ਮਹਾਂਨਗਰ ਦਾ ਰਾਜਧਾਨੀ ਵੱਲੋਂ ਆਉਂਦਾ ਸਾਰਾ ਟਰੈਫਿਕ ਰੁਕਿਆ ਸੀ। ਅੱਗੋਂ ਪਿੱਛੋਂ ਸੜਕ ਤੇ ਰੁਕੇ ਵਾਹਨਾਂ ਦੀ ਪੀਂ.ਪੀਂ., ਪੂੰ ਪੂੰ, ਪਾਂ ਪਾਂ ਦੇ ਹਾਰਨਾਂ ਦਾ ਸ਼ੌਰ ਗੁਲ ਭਾਰੂ ਸੀ। ਸਾਹਮਣੇ ਹੀ ਦਾਣਾ ਮੰਡੀ ਸੀ ਜਿੱਥੇ ਕਿਸਾਨ ਆਪਣੇ ਆਪਣੇ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢਕਣ ਦੇ ਆਹਰ ਲੱਗੇ ਹੋਏ ਸਨ ਅਤੇ ਕਈ ਸੜਕ ਤੇ ਹੋ ਰਹੇ ਸ਼ੋਰਗੁਲ ਨੂੰ ਸੁਣਕੇ ਏਧਰ ਤੱਕ ਰਹੇ ਸਨ।
ਇਸ ਟਰੈਫਿਕ ਵਿੱਚ ਇੱਕ ਕੈਂਟਰ ਵੀ ਖੜਾ ਹੋਇਆ ਸੀ। ਉਸ ਵਿੱਚ ਲੱਦੇ ਪਲਾਸਟਿਕ ਦੇ ਲਿਫਾਫਿਆਂ ਵਿੱਚੋਂ ਜੋ ਕਿ ਬੋਰੀਆਂ ਦੇ ਅਕਾਰ ਦੇ ਸਨ ਲੱਦੇ ਹੋਏ ਸਨ। ਇੱਕ ਬੋਰੀ ਦੀ ਪਲਾਸਟਿਕ ਦਾ ਸਿਰਾ ਪਾਟਿਆ ਹੋਇਆ ਸੀ। ਜਿਸ ਵਿੱਚੋਂ ਇੱਕ ਚਿੱਟੀ ਕਲੀ ਨਾਲ ਲਿਪਟਿਆ ਗੁਲਾਬੀ ਫੁੱਲ ਜਿਸਨੇ ਆਪਣੀ ਡਾਲ ਨਾਲ ਖਿੜ ਰਹੀ ਡੋਡੀ ਨੂੰ ਔਰਤ ਦੇ ਕੁੱਛੜ ਚੁੱਕੇ ਬੱਚੇ ਵਾਂਗ ਚੁੱਕਿਆ ਹੋਇਆ ਸੀ। ਕਿਸੇ ਥਾਂ ਲਿਜਾ ਰਹੇ ਇਹ ਫੁੱਲ਼ ਵੀ ਇਸ ਸ਼ੋਰ ਗੁੱਲ ਤੇ ਧੂੰਏ ਨਾਲ ਸਹਿਕਦੇ ਲੱਗ ਰਹੇ ਸਨ। ਜੋ ਮਨੁੱਖ ਦੀ ਕਿਸੇ ਸ਼ਰਧਾ ਨੁਮਾ ਚਾਹਤ
ਲਈ ਕੁਰਬਾਨ ਹੋਣ ਜਾ ਰਹੇ ਸਨ।
ਅਚਾਨਕ ਇੱਕ ਹੋਰ ਕੈਂਟਰ ਇਸ ਕੈਂਟਰ ਦੇ ਬਰਾਬਰ ਰੁਕਿਆ ਜੋ ਪਿੰਜਰਾ ਨੁਮਾ ਸੀ। ਉਸ ਵਿੱਚ ਸੈਕੜੇ ਮੁਰਗੇ-ਮੁਰਗੀਆਂ ਤੇ ਕੁਝ ਬਚਪਨ ਪਾਰ ਕਰ ਚੁੱਕੇ ਚੂਚੇ ਸਨ। ਜਿੰਨ•ਾਂ ਦੀ ਸੁਰਖ ਤੇ ਖੰਭ ਰਹਿਤ ਗਰਦਨ ਉਹਨਾਂ ਦੇ ਬਾਲਪਣ ਦੀ ਗਵਾਹੀ ਭਰ ਰਹੀ ਸੀ। ਇਸ ਕੈਂਟਰ ਵਿੱਚੋਂ ਅਧਮਰੇ ਉਂਘਲਾ ਰਹੇ ਮੁਰਗੇ ਮੁਰਗੀਆਂ ਦੀਆਂ ਵਿੱਠਾਂ ਦੀ ਬਦਬੋ ਆ ਰਹੀ ਸੀ। ਉਹਨਾਂ ਵਿੱਚੋਂ ਕੁਝ ਕੁ ਦੇ ਖੰਭ ਕੈਂਟਰ ਦੀ ਤੇਜ਼ ਰਫਤਾਰ ਨਾਲ ਝੜ ਕੇ ਕੈਂਟਰ ਦੀ ਪਿੰਜਰਾਂ ਨੁਮਾ ਜਾਲੀ ਵਿੱਚ ਫਸੇ ਹੋਏ ਸਨ। ਇਸ ਕੈਂਟਰ ਦਾ ਫੁੱਲ਼ਾਂ ਵਾਲੇ ਕੈਂਟਰ ਦੇ ਬਰਾਬਰ ਖੜਨ ਨਾਲ ਖੁਸ਼ਬੋ ਤੇ ਬਦਬੋ ਰਲਗੱਡ ਹੋ ਰਹੀ ਸੀ। ਟਰੈਫਿਕ ਅਜੇ ਵੀ ਜਾਮ ਸੀ ਜੋ ਲੰਬਾ ਹੋਈ ਜਾ ਰਿਹਾ ਸੀ।
‘ਐ ਮਹਿਕਾਂ ਦੀ ਵਣਜਾਰਿਓ ਕਿੱਧਰ ਜਾ ਰਹੇ ਹੋ?’ ਇੱਕ ਵੱਡੀ ਉਮਰ ਦੇ ਮੁਰਗੇ ਨੇ ਔਖ ਮਹਿਸੂਸ ਕਰ ਰਹੀ ਕਲੀ ਤੇ ਫੁੱਲ ਨੂੰ ਪੁੱਛਿਆ?
‘ਜਿੱਥੇ ਖਰੀਦਦਾਰ ਮਨੁੱਖ ਲੈ ਜਾਵੇ। ਅਣਹੋਇਆ ਦੀ ਵੀ ਕੋਈ ਮੰਜ਼ਲ ਹੁੰਦੀ ਐ’ ਫੁੱਲ਼ ਦੀ ਮਹਿਕ ਨੇ ਜਵਾਬ ਦਿੱਤਾ। ਚਿੜੀਆਂ ਰਾਹੀਆਂ,ਪਾਂਧੀਆਂ ਦੇ ਨਾਂਮ ਤੇ ਬੀਜ ਬੀਜਣ ਵਾਲਾ ਬੰਦਾ ਕਿੱਥੇ ਚਲਾ ਗਿਆ। ਉਹ ਜੋ ਖੇਤਾਂ ਫੁੱਲ਼ਾਂ ਦੀਆਂ ਕਿਆਰੀਆਂ, ਘਰਾਂ ‘ਚ ਦੁਪਹਿਰ ਖਿੜੀ ਤੇ ਖੇਤਾਂ ‘ਚ ਰੰਗ ਬਰੰਗੇ ਫੁੱਲ਼ਾਂ ਵਾਲੀ ਕਪਾਹ ਨਰਮੇ ਤੇ ਸੂਰਜਮੁੱਖੀ ਬੀਜਦਾ ਹੁੰਦਾ ਸੀ। ਪਲਾਸਟਿਕ ਦੀ ਬੋਰੀ ਚੋਂ ਝਾਕਦੇ ਫੁੱਲ ਨਾਲੋਂ ਸਵੇਰ ਦੀ ਤ੍ਰੇਲ ਦਾ ਬਚਿਆ ਖੁਚਿਆ ਤੁਪਕਾ ਆਖਰੀ ਹੰਝੂ ਵਾਂਗ ਟਪਕਿਆ ਤੇ ਉਸਨੇ ਮੁਰਗੇ ਨੂੰ ਪੁੱਛਿਆ?
‘ਵੀਰਿਆ ਉਹ ਮਨੁੱਖ ਤਾਂ ਮਰ ਗਿਆ ਹੈ। ਜੋ ਸਾਡੀ ਬਾਂਗ ਸੁਣਕੇ ਹਰਨਾੜੀ ਜੋੜਕੇ ਕਿਰਤ ਕਰਨ ਖੇਤੀਂ ਚਲਾ ਜਾਂਦਾ ਸੀ। ਖੇਤਾਂ ‘ਚ ਲੱਗੇ ਦਰਖੱਤਾਂ ਤੇ ਪੰਛੀ ਚਹਿਕਦੇ ਸਨ। ਖੂਹਾਂ ਚੋਂ ਨਿਕਲਦੇ ਪਾਣੀ ਨੂੰ ਪੀਂਦੇ ਨਹਾਉਂਦੇ ਪੈਲਾਂ ਪਾ ਕੇ ਮੋਰ ਮਨੁੱਖ ਪ੍ਰਤੀ ਆਪਣਾ ਸ਼ੁਕਰਾਨਾਂ ਪ੍ਰਗਟਾਉਂਦੇ ਸਨ।’ ਮੁਰਗੇ ਨੇ ਮੌਤ ਨੂੰ ਕੁਝ ਪਲਾਂ ਲਈ ਭੁਲਦਿਆਂ ਕਿਹਾ।
ਹੁਣ ਮਨੁੱਖ ਜਾਂਗਲੀ ਬਣ ਗਿਆ ਹੈ। ਉਹ ਪਾਣੀ ਹਵਾ, ਮਹਿਕ ਖੂਨ ਤੇ ਦੁੱਧ ਦਾ ਵਪਾਰ ਕਰਕੇ ਦਮੜਿਆ ਦੇ ਲਾਲਚ ‘ਚ ਪੈ ਗਿਆ ਹੈ। ਕੋਈ ਸਮਾਂ ਸੀ ਜਦ ਦੁੱਧ ਵੇਚਣਾ ਪੁੱਤ ਵੇਚਣ ਦੇ ਸਮਾਨ ਸਜਝਿਆਂ ਜਾਂਦਾ ਸੀ। ਹੁਣ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਲਿਖਣ ਵਾਲਾ ਮਨੁੱਖ ਨਹੀਂ ਰਿਹਾ। ਵੀਰਿਆ ਬਿਲਕੁਲ ਠੀਕ ਕਿਹਾ ਹੈ -ਅੱਗੇ ਉਹ ਸਾਡੀ ਹੋਂਦ ਨੂੰ ਸਜਾਵਟ ਲਈ ਵਰਤਦਾ ਸੀ। ਹੁਣ ਸਾਡੀ ਥਾਂ ਬਨਾਵਟੀ ਫੁੱਲ਼ਾਂ, ਰੰਗ ਬਰੰਗੀਆਂ ਪੱਥਰ ਦੀਆਂ ਟਾਈਲਾਂ ਤੇ ਉੱਕਰੇ ਫੁੱਲ਼ਾਂ ਨੇ ਲੈ ਲਈ ਹੈ। ਉਹਨਾਂ ਘਰਾਂ ‘ਚ ਕੋਈ ਕਿਆਰੀ ਨਹੀਂ ਕੋਈ ਗਮਲਾ ਨਹੀ ਬੱਸ ਦਿਨ ਦਿਹਾਰ ਤੇ ਪਲਾਸਟਿਕ ਦੇ ਫੁੱਲ਼ ਖਰੀਦ ਕੇ ਜਾਂ ਪੁਰਾਣਿਆਂ ਨੂੰ ਧੋ ਕੇ ਤੇ ਪੱਥਰ ਦੀਆਂ ਸਲੇਟਾਂ ਤੇ ਉੱਕਰੇ ਫੁੱਲ਼ਾਂ ਤੇ ਲੀਰ ਫੇਰ ਕੇ ਕੁਦਰਤ ਪ੍ਰੇਮੀ ਜਾਂ ਫੁੱਲ਼ਾਂ ਨਾਲ ਫੋਕਾ ਹੇਜ ਮਤਰੇਈ ਦਾ ਵਾਲਾ ਹੇਜ ਜਿਤਾ ਰਿਹਾ ਹੈ। ਮੁਰਗੇ ਨੇ ਕੈਂਟਰ ਦੀ ਜਾਲੀ ਵਿੱਚੋਂ ਦੀ ਚੁੰਜ ਬਾਹਰ ਕੱਢਦਿਆਂ ਫਿਰ ਕਿਹਾ। ਤੁਸੀਂ ਕੁਰਬਾਨੀ ਦੇ ਚੁੱਕੇ ਹੋ ਅਤੇ ਅਸੀ ਮਨੁੱਖ ਦੀ ਜੀਭ ਦੇ ਸੁਆਦ ਲਈ ਕੁਰਬਾਨੀ ਦੇਣ ਚੱਲ਼ੇ ਹਾਂ।
ਮਨੁੱਖ ਦਾ ਮੂੰਹ ਮੁਹਾਂਦਰਾ ਅੱਖਾਂ, ਨੱਕ, ਕੰਨ, ਬੁੱਲ, ਦੰਦ, ਸਰੀਰ ਤੇ ਹੱਥ ਪੈਰ ਤਾਂ ਉਹੀ ਹਨ ਪਰ ਦਿਮਾਗ ਉਹ ਨਹੀਂ ਰਿਹਾ। ਕੀ ਤੁਸੀਂ ਅੰਡੇ ‘ਚ ਪਲ ਰਹੀ ਮੁਰਗੀ (ਚੂਚੇ ਨੂੰ) ਮਾਰਿਐ? ਪਰ ਬੰਦਾ ਦੂਸਰੇ ਮਨੁੱਖਾਂ ਨੂੰ ਹੀ ਨਹੀਂ ਆਪਣੀ ਜੀਵਨ ਸਾਥਣ ਦੇ ਪੇਟ ‘ਚ ਪਲ ਰਹੇ ਬੱਚੇ (ਲੜਕੀ) ਨੂੰ ਵੀ ਮਾਰ ਰਿਹਾ ਹੈ। ਖੇਤਾਂ ‘ਚ ਜ਼ਹਿਰਾਂ ਛਿੜਕ ਕੇ ਫਲਾਂ ਸਬਜੀਆਂ ਰਾਹੀਂ ਜ਼ਹਿਰ ਖਾ ਰਿਹਾ ਹੈ। ਹੁਣ ਰਾਂਝੇ ਵਾਲੇ ਵੱਗ ਚਰਾਉਣ ਵਾਲੇ ਜੰਗਲ ਬੇਲੇ ਨਹੀਂ ਰਹੇ ਸਭ ਘਾਹ ਚਲ•ਾਈ, ਭੱਖੜਾ, ਬਾਥੂ ਜ਼ਹਿਰਾ ਛਿੜਕ ਕੇ ਸਾੜ ਦਿੱਤੇ ਹਨ। ਹੁਣ ਦਰਿਆਵਾਂ, ਨਹਿਰਾਂ ‘ਚ ਜ਼ਹਿਰੀਲਾ ਪਾਣੀ ਵਗਦਾ ਹੈ ਤੇ ਗੰਗਾ ਵਿੱਚ ਮਨੁੱਖੀ ਲਾਸ਼ਾ ਤੈਰਦੀਆਂ ਹਨ। ਪਾਣੀਆਂ ਦੇ ਪੈਰਾਂ ‘ਚ ਮਨੁੱਖ ਦੇ ਹੱਡਾਂ ਦੇ ਫੁੱਲ਼ ਹਨ। ਇਹਨਾਂ ਫੁੱਲ਼ਾਂ ਅੱਗੇ ਸਾਡੀ ਹਸਤੀ ਤਾਂ ਕੋਈ ਅਰਥ ਨਹੀਂ ਰੱਖਦੀ। ਅਸੀਂ ਘਰਾਂ ਦਾ ਸ਼ਿੰਗਾਰ ਨਹੀਂ ਬਲਕਿ ਮਨੁੱਖ ਦੀ ਪਸ਼ੂ ਬਿਰਤੀ ਅੱਗੇ, ਚਾਰ ਟਕਿਆਂ ਅੱਗੇ ਲਚਾਰ ਹਾਂ। ਹੁਣ ਤੁਹਾਨੂੰ ਤੇ ਸਾਨੂੰ ਲਿਜਾ ਰਹੇ (ਡਰਾਈਵਰ) ਮਨੁੱਖਾਂ ਦੇ ਮਨ ‘ਚ ਸਾਡੇ ਪ੍ਰਤੀ ਕੋਈ ਤਰਸ ਜਾਂ ਹਮਦਰਦੀ ਹੈ?
‘ਕੀ ਸਾਡੀ ਮਹਿਕ-ਕੁਦਰਤ ਦੇ ਬਖਸ਼ੇ ਰੰਗ ਕੋਈ ਅਰਥ ਰੱਖਦੇ ਐ? ‘
‘ਡਰਾਈਵਰ ਮਨੁੱਖਾਂ ਨੂੰ ਸਿਰਫ ਕਿਰਾਏ ਭਾੜੇ ਤੱਕ ਮਤਬਲ ਹੈ।’ ਫੁੱਲ ਨੇ ਅਜੋਕੀ ਮਨੁੱਖਤਾਂ ਦੀ ਮੌਤ ਤੇ ਵੈਣ ਪਾਉਂਦੀ ਰੁਆਂਦੜੀ ਅਵਾਜ ‘ਚ ਕਿਹਾ ‘ਸਾਡੇ ਵਿੱਚ ਵੀ ਤਾਂ ਮਨੁੱਖ ਵਰਗੀ ਜਾਨ ਐ।ਸਾਡੇ ਸਰੀਰ ਵਿੱਚ ਵੀ ਲਹੂ ਹੈ। ਇਸਦਾ ਰੰਗ ਵੀ ਮਨੁੱਖ ਵਾਂਗ ਲਾਲ ਹੈ। ਪੈਸੇ ਖਾਤਰ ਹੱਥ ਬੇ ਜ਼ੁਬਾਨਾਂ ਦੇ ਲਹੂ ਨਾਲ ਰੰਗੇ ਹੁੰਦੇ ਹਨ। ਜਿਵੇ ਉਹ ਆਪਣੇ ਬੱਚੇ ਦਾ ਗਰਭਪਾਤ ਕਰਵਾ ਕੇ ਜਾਂ ਲਾਲਚ ਖਾਤਰ, ਨਸ਼ੇ ਖਾਤਰ, ਫੋਕੀ ਅਣਖ ਖਾਤਰ ਧੀ-ਪੁੱਤ-ਪਿਓ ਭਰਾ ਦੇ ਖੂਨ ਨਾਲ ਰੰਗ ਲੈਂਦਾ ਹੈ ਤਾਂ ਅਸੀ ਕੀਹਦੇ ਪਾਣੀ ਹਾਰ ਹਾਂ। ਚਲੋ ਜਦੋਂ ਮਨੁੱਖ ਦੇ ਹੱਥ ਫੜੇ ਦਾਅ ਹੇਠ ਇਹ ਗਰਦਨ ਆਵੇਗੀ ਤਾਂ ਸਾਡੀਆਂ ਹੱਡੀਆਂ ਦੇ ਫੁੱਲ਼ਾਂ ਨਾਲ ਲੱਗੇ ਮਾਸ ਨੂੰ ਮਨੁੱਖ ਪਤੀਲੇ ਚੋਂ ਕੱਢਕੇ ਚੂੰਡ ਲਵੇਗਾ। ਅਸੀਂ ਹੀ ਨਹੀਂ ਸਗੋਂ ਇਹ ਵੀ ਕਿਹਾ ਜਾਂਦਾ ਹੈ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਾਨਊ ਅਸੀਂ ਤੁਸੀਂ ਮਨੁੱਖ ਦੇ ਹੱਥਾਂ ਦੀ ਤਜਾਰਤ ਹਾਂ। ਕਿਸੇ ਦਿਨ ਸਾਡੀ ਹੋਂਦ ਵੀ ਮੁੱਕ ਜਾਵੇਗੀ। ਮਨੁੱਖ ਆਪਣੀ ਹੋਂਦ ਆਪਣੇ ਹੱਥੀ ਯੁੱਧਾਂ ਵਿੱਚ ਖਤਮ ਕਰ ਲਵੇਗਾ? ਬੰਦਾ ਤਾਂ ਮੂਰਖ ਐ ਇੱਕ ਪਾਸੇ ਚੂਹੇ ਨੂੰ, ਸੱਪ ਨੂੰ, ਨੰਦੀ (ਬਲਦ) ਨੂੰ ਪੂਜ ਰਿਹੈ। ਕੰਜਕਾਂ ਨੂੰ ਸ਼ਰੇਆਮ ਬੇਇੱਜ਼ਤ ਕਰਦਾ ਹੈ ਤੇ ਕੰਜਕਾਂ ਨੂੰ ਵੀ ਪੂਜਦਾ ਹੈ। ਗਊ ਅਵਾਰਾ ਭੁੱਖੀਆਂ ਘੁੰਮ ਰਹੀਆਂ ਹਨ ਤੇ ਕੰਜਕਾਂ ਵਾਂਗ ਗਊ ਇਸ ਪਾਸੇ ਮਾਂ ਕਹਿਕੇ ਪੂਜੀ ਜਾਂਦੀ ਹੈ। ਸਰਹੱਦ ਤੋਂ ਪਾਰ ਹਲਾਲ ਕੀਤੀ ਜਾਂਦੀ ਐ। ਉਧਰਲੇ ਪਾਸੇ ਸੂਰ ਨੂੰ ਨਹੀਂ ਮਾਰਿਆ ਜਾਂਦਾ ਏਧਰ ਸੂਰ ਨੂੰ ਮਾਰਿਆ ਜਾਂਦਾ ਹੈ। ਬੰਦੇ ਦਾ ਕੋਈ ਦੀਨ ਈਮਾਨ ਹੈ? ਬਜ਼ੁਰਗ ਮੁਰਗੇ ਨੇ ਕਿਹਾ’ ਲੱਗਦਾ ਸੀ ਕਿ ਉਹ ਮਨੁੱਖ ਦੀ ਫਿਤਰਤ ਬਾਰੇ ਕਾਫੀ ਸੋਝੀ ਰੱਖਦਾ ਸੀ।
ਸੜਕ ਤੇ ਟਰੈਫਿਕ ਰੋਕੀ ਖੜ•ਾ ਖੰਭਾ ਮਸ਼ੀਨ ਨੇ ਚੁੱਕ ਕੇ ਪਾਸੇ ਕਰ ਦਿੱਤਾ ਗਿਆ ਤੇ ਟਰੈਫਿਕ ਕੀੜੀ ਦੀ ਚਾਲ ਸਰਕਣ ਲੱਗਾ। ਫੁੱਲ਼ਾਂ ਅਤੇ ਮੁਰਗਿਆਂ ਨੇ ਇੱਕ ਦੂਜੇ ਵੱਲ ਹੁਣ ਕਦੇ ਵੀ ਨਾਂ ਮਿਲ ਸਕਣ ਵਾਲੀ ਤੱਕਣੀ ਨਾਲ ਤੱਕਿਆ। ਕੁਝ ਦੇਰ ਬਾਅਦ ਦੋਵੇ ਕੈਂਟਰ ਅੱਗੜ-ਪਿੱਛੜ ਜਾ ਰਹੇ ਸਨ। ਸਮੇਂ ਦਾ ਇਹ ਕੇਹਾ ਇਤਫਾਕ ਸੀ ਕਿ ਮਹਿਕ ਤੇ ਲਹੂ ਦੀ ਸੜਕ ਇੱਕ ਸੀ। ਇਤਫਾਕਨ ਦੋਵੇ ਕੈਂਟਰ ਹੀ ਇੱਕੋ ਸ਼ਹਿਰ ਵਿੱਚ ਦਾਖਲ ਹੋਏ। ਮੁਰਗਿਆਂ ਵਾਲਾ ਕੈਂਟਰ ਬੱਸ ਸਟੈਂਡ ਨੇੜੇ ਬਣੇ ਸ਼ਰਾਬ ਦੇ ਅਹਾਤਿਆਂ ਅੱਗੇ ਬਣੇ ਕਸਾਈ ਘਰਾਂ ਅੱਗੇ ਰੁਕਿਆ। ਜਿੱਥੇ ਉਹਨਾਂ ਵਰਗੇ ਸੈਕੜੇ ਮੁਰਗੇ ਝਟਕਾਏ ਜਾ ਚੁੱਕੇ ਸਨ ਤੇ ਦੁਕਾਨ ਵਿੱਚੋਂ ਲਹੂ ਦੀ ਲੰਘੀ ਘਰਾਲ ਵਹਿ ਰਹੀ ਸੀ। ਦੂਸਰਾ ਕੈਂਟਰ ਸ਼ੇਰਾਂ ਵਾਲਾ ਚੌਰਸਤਾ ਮੁੜਿਆ ਤੇ ਰੌਸ਼ਨੀਆਂ ਨਾਲ ਨਹਾ ਰਹੇ ਰੂਹਾਨੀਅਤ ਦੇ ਘਰ ਅੱਗੇ ਰੁਕਿਆ ਡਰਾਈਵਰ ਤੇ ਖਲਾਸੀ ਸੇਵਾਦਾਰਾਂ ਦੀ ਉਡੀਕ ਕਰਨ ਲੱਗੇ। ਕੁਝ ਕੁ ਸਮੇਂ ਬਾਅਦ ਸੇਵਾਦਾਰ ਆਏ ਤੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦੇ ਹੋਏ ਪਲਾਸਟਿਕ ਦੇ ਫੁੱਲ਼ਾਂ ਵਾਲੇ ਬੋਰੀਆਂ ਨੁਮਾਂ ਥੈਲਿਆਂ ਨੂੰ ਉਤਾਰਨ ਲੱਗੇ। ਤੰਗ ਬੋਰੀਆਂ ਚੋਂ ਨਿਕਲ ਕੇ ਉਹਨਾਂ ਬਹਾਰਲੀ ਹਵਾ ਵਿੱਚ ਕੁਝ ਰਾਹਤ ਮਹਿਸੂਸ ਕੀਤੀ।
ਪਰ ਇਹ ਕੀ? ਸੇਵਾਦਾਰ ਰੱਬ ਦਾ ਨਾਮ ਧਿਆਉਂਦੇ ਹੋਏ ਉਹਨਾਂ ਦੇ ਅਧਮਰੇ ਜਿਸਮਾਂ ਵਿੱਚੋਂ ਦੀ ਸੂਈਆਂ ਲੰਘਾ ਕੇ ਸੀਖ ਤੇ ਕਬਾਬ ਬਣੇ ਮੁਰਗੇ ਵਾਂਗ ਇਕੱਲੇ ਇਕੱਲੇ ਫੁੱਲ਼ ਨੂੰ ਧਾਗੇ ਵਿੱਚ ਪਰੋ ਕੇ ਫੁੱਲਾਂ ਦੇ ਹਾਰ ਬਣਾਉਣ ਲੱਗੇ। ਅੱਧੀ ਰਾਤ ਤੱਕ ਡਾਕਟਰਾਂ ਵਾਂਗ ਬਿਨ•ਾਂ ਸੁੰਨ ਕੀਤਿਆਂ ਇਹ ਕਾਰਜ ਕੀਤਾ। ਇਹ ਕਾਰਜ ਕਰਦਿਆਂ ਕੁਝ ਫੁੱਲਾਂ ਦੀਆਂ ਪੰਖੜੀਆਂ ਉਹਨਾਂ ਦੇ ਪੈਰਾਂ ਹੇਠ ਮਸਲੀਆਂ ਗਈਆਂ। ਡਾਲੀ ਨਾਲੋਂ ਟੁੱਟਣ ਤੋਂ ਬਾਅਦ ਮੁਰਗਿਆਂ ਵਾਂਗ ਇਹ ਫੁੱਲ਼ ਵੀ ਮੌਤ ਵੱਲ਼ ਵਧ ਰਹੇ ਸਨ। ਜੇ ਰਤੁ ਲਗੈ ਕੱਪੜੇ ਜਾਮਾ ਹੋਏ ਪਲੀਤ ਦੀ ਆਵਜ਼ ਫੁੱਲ਼ਾਂ ਦੇ ਕੰਨੀ ਪਈ। ਇਸ ਸਥਾਨ ਤੇ ਲੋਕਾਂ ਦੀ ਅਥਾਹ ਭੀੜ ਸੀ। ਪੈਰ ਧਰਨ ਦੀ ਥਾਂ ਨਹੀ ਸੀ। ਹੁਣ ਉਹਨਾਂ ਦੇ ਰੰਗ ਬਰੰਗੇ ਹਾਰਾਂ ਨੂੰ ਅਕਬਰ ਵੱਲ਼ੋਂ ਦੁੱਲ਼ੇ ਭੱਟੀ ਦੇ ਪਿਓ ਦਾਦੇ ਦੀਆਂ ਟੰਗੀਆਂ ਲਾਸ਼ਾ ਵਾਂਗ ਫੁੱਲਾਂ ਦੀਆਂ ਲਾਸ਼ਾ ਨੂੰ ਸਜ਼ਾਵਟ ਲਈ ਆਲੇ ਦੁਆਲੇ ਤੇ ਮਨੁੱਖ ਦੇ ਪਰਮ ਗੁਰੂਆਂ ਦੇ ਫਲਸਫੇ ਅੱਗੇ ਟਿਕਾ ਕੇ ਸਿਰ ਝੁਕਾ ਦਿੱਤੇ ਜਿਵੇਂ ਉਹਨਾਂ ਲੱਖਾਂ ਫੁੱਲ਼ਾਂ ਨੂੰ, ਇੱਕ ਤਰ•ਾਂ ਨਾਲ ‘ਬਲਿਹਾਰੀ ਕੁਦਰਤ ਵਸਿਆ’ ਨਾਲ ਖਿਲਵਾੜ ਕਰਕੇ ਬਹੁਤ ਵੱਡੀ ਮੱਲ਼ ਮਾਰ ਲਈ ਹੋਵੇ ਤੇ ਸਵਰਗ ਵਿੱਚ ਕਿਸੇ ਚੋਣ ਹਲਕੇ ਦੀ ਟਿਕਟ ਵਾਂਗ ਟਿਕਟ ਹਾਸਲ ਕਰ ਲਈ ਹੋਵੇ। ਰੱਬ ਬਾਣੀ ਦੇ ਇਲਾਹੀ ਕੀਰਤਨ ਵਿੱਚ ਪਰੁੰਨੇ ਫੁੱਲ਼ਾਂ ਦੀਆਂ ਲਾਸ਼ਾਂ ਆਪਣੀ ਕੁਰਬਾਨੀ ਦੇ ਰਹੀਆਂ ਸਨ। ਰੋਸ਼ਨੀਆਂ ਦੇ ਹੜ• ਨੇ ਉਹਨਾਂ ਦੀ ਦਿੱਖ ਦਿਨ ਵਰਗੀ ਬਣਾ ਰੱਖੀ ਸੀ। ਸਵੇਰ ਹੋਈ ਤਾਂ ਉਹਨਾਂ ਦੇ ਕੰਨੀ ਕਿਸੇ ਕਥਾ ਵਾਚਕ ਦੇ ਬੋਲ ਕੰਨੀ ਪਏ ‘ਸਾਧ ਸੰਗਤ ਜੀ ਛੇਵੇ ਪਾਤਸ਼ਾਹ ਨੇ ਕਿਹਾ ਸੀ ਕਿ ਕੁਦਰਤ ਦੇ ਵਰਤਾਰੇ ਵਿੱਚ ਹਰ ਇੱਕ ਜੀਵ ਨੂੰ ਜੀਣ ਦਾ ਹੱਕ ਹੈ। ਇਸ ਕਰਕੇ ਆਪਣਾ ਦਾਮਨ (ਕੱਪੜੇ) ਸੰਭਾਲ ਕੇ ਚੱਲਿਆ ਕਰੋ। ਪਰਮਾਤਮਾਂ ਹਰ ਸ਼ੈ ਤੇ ਕਣ ਕਣ ਵਿੱਚ ਵਸਦਾ ਹੈ। ਇਸੇ ਤਰ•ਾਂ ਸਾਧ ਸੰਗਤ ਜੀ ਇੱਨ ਦਿਨ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਕਿਧਰੇ ਜਾ ਰਹੇ ਸਨ। ਸ਼ਰਧਾਲੂ ਉਹਨਾਂ ਦੇ ਪਿੱਛੇ ਸਨ। ਅਚਾਨਕ ਗੁਰੂ ਹਰ ਰਾਇ ਜੀ ਦੇ ਦਾਮਨ (ਚੋਲੇ) ਨਾਲ ਵੱਜਕੇ ਇੱਕ ਫੁੱਲ ਟੁੱਟ ਕੇ ਡਿੱਗ ਪਿਆ। ਉਹ ਬੜੇ ਉਦਾਸ ਹੋਏ ਕਿ ਉਹਨਾਂ ਕੋਲੋਂ ਦਾਦਾ ਜੀ ਦੇ ਬਚਨਾਂ ਨਾਲ ਕੁਤਾਹੀ ਹੋ ਗਈ ਐ। ਸਾਧ ਸੰਗਤ ਜੀ ਉਹਨਾਂ ਨੇ ਫੁੱਲ਼ ਚੁੱਕਿਆ ਹਿੱਕ ਨਾਲ ਲਗਾ ਕੇ ਮੁਆਫੀ ਮੰਗੀ। ਉਸ ਸਮੇਂ ਉਹਨਾਂ ਦੇ ਨੈਣ ਕਟੋਰੇ ਭਰ ਆਏ। ਕੁਦਰਤ ਪ੍ਰਤੀ ਇਹ ਹੈ ਸਾਡੇ ਗੁਰੂ ਸਾਹਿਬਾਨ ਦਾ ਲਗਾਓ ਕਿ ਉਹ ਕਿਸੇ ਨੂੰ ਕੰਡੇ ਜਿੰਨੀ ਪੀੜ ਦੇਣੀ ਤਾਂ ਇੱਕ ਪਾਸੇ ਆਪਣੀ ਹੀ ਬੇਧਿਆਨੀ ਨਾਲ ਚੋਲੇ ਨਾਲ ਟਕਰਾਏ ਟੁੱਟੇ ਫੁੱਲ਼ ਤੇ ਵੀ ਵਿਭੋਰ ਹੋ ਗਏ। ਸਾਧ ਸੰਗਤ ਜੀ ਸਾਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸੂਖਮ ਭਾਵਨਾਵਾਂ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ ਰਸਨਾਂ ਕਰੋ ਪਵਿੱਤਰ ਤੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ’ ਲੱਖਾਂ ਹੀ ਫੁੱਲ਼ਾਂ ਨੇ ਇਹ ਵਾਰਤਾਲਾਪ ਸੁਣਿਆ ਉਹਨਾਂ ਦੇ ਮੁਕਦੇ ਜਾਂਦੇ ਸਾਹ ਰੱਬ ਦੇ ਠੇਕੇਦਾਰਾਂ ਦੀ ਕਹਿਣੀ ਤੇ ਕਰਨੀ ਤੇ ਖੂਨ ਦੇ ਹੰਝੂ ਵਹਾ ਰਹੇ ਸਨ ਜੋ ਹੁਣ ਸੁੱਕ ਕੇ ਖਰੀੜ ਬਣ ਚੁੱਕੇ ਸਨ। ਖੁਸ਼ਬੋ ਦਮ ਤੋੜ ਚੁੱਕੀ ਸੀ। ਕੁਝ ਦਿਨਾਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਉਤਾਰਿਆ ਗਿਆ। ਕਮੇਟੀ ਘਰ ਦੀ ਇੱਕ ਗੱਡੀ ਆਈ ਤੇ ਉਹਨਾਂ ਨੂੰ ਸ਼ਹਿਰੋਂ ਬਾਹਰ ਕੂੜਾ ਡੰਪ ਕਰਨ ਵਾਲੀ ਥਾਂ ਤੇ ਸੁੱਟ ਆਈ। ਕਿਉਂਕੇ ਖੁਸ਼ਬੋ ਹੁਣ ਬਦਬੋ ਵਿੱਚ ਬਦਲ ਚੁੱਕੀ ਸੀ।
ਕੁਝ ਦਿਨਾਂ ਬਾਅਦ ਦੀਵਾਲੀ ਲੰਘੀ। ਉਸੇ ਸ਼ਹਿਰ ਦੀ ਕੋਈ ਹੋਰ ਗੱਡੀ ਸਵੱਛ ਭਾਰਤ ਮੁਹਿੰਮ ਤਹਿਤ ਕਤਲ ਕੀਤੇ ਗਏ ਮੁਰਗਿਆਂ ਦੇ ਖੰਭਾਂ, ਕਲਗੀ ਵਾਲੇ ਸਿਰਾਂ ਤੇ ਟੰਗੜੀਆਂ ਨੂੰ ਇੱਕਠੇ ਕਰਕੇ ਉਸੇ ਕੂੜਾ ਡੰਪ ਕਰਨ ਵਾਲੀ ਜਗ•ਾ ਤੇ ਸੁੱਟ ਆਏ। ਜਿੱਥੇ ਫੁੱਲ਼ਾਂ ਨੂੰ ਸੁੱਟਿਆ ਹੋਇਆ ਸੀ। ਉਸ ਦਿਨ ਕੈਂਟਰ ਤੇ ਸ਼ਰਧਾ ਵੱਸ ਲਿਆਂਦੇ ਫੁੱਲ਼ਾਂ ਦੀ ਬਦਬੋ ਤੇ ਮੁਰਗੇ-ਮੁਰਗੀਆਂ ਦੇ ਗਲੇ ਸੜੇ ਅੰਗਾਂ ਦੀ ਬਦਲੋ ਬਗਲਗੀਰ ਹੋ ਚੁੱਕੀ ਸੀ। ਇਹ ਵੀ ਕੇਹਾ ਇਤਫਾਕ ਸੀ ਕਿ ਉਸ ਫੁੱਲ਼ ਕੋਲ ਤੇ ਉਸਦੀ ਟਾਹਣੀ ਤੇ ਗੋਂਦ ਚੁੱਕੀ ਡੋਡੀ ਜੋ ਮਨੁੱਖ ਵੱਲ਼ੋਂ ਧੀ ਦਾ ਕਰਵਾਏ ਜਾਂਦੇ ਆਬਰਸ਼ਨ (ਭਰੂਣ ਹੱਤਿਆ) ਵਾਂਗ ਦਮ ਤੋੜ ਚੁੱਕੀ ਸੀ। ਉਹਨਾਂ ਉਪਰ ਹੀ ਉਸ ਮੁਰਗੇ ਦੀ ਕਲਗੀ ਵਾਲੀ ਧੋਂਣ ਸੁੱਟੀ ਹੋਈ ਸੀ। ਹੁਣ ਉਸ ਮੁਰਗੇ ਦੀਆਂ ਅੱਖਾਂ ਬੰਦ ਤੇ ਚੁੰਜ ਖਾਮੋਸ਼ ਸੀ। ਗੁਰੂ ਫਲਸਫਾ ਇਸ ਮੰਜ਼ਰ ਤੇ ਫੁੱਟ ਫੁੱਟ ਰੋ ਰਿਹਾ ਸੀ। ਖੁਸ਼ੀ ‘ਚ ਜੈਕਾਰੇ ਛੱਡਦੀ ਸੰਗਤ ਦੀਆਂ ਗੱਡੀਆਂ ਆ ਜਾ ਰਹੀਆਂ ਸਨ। ਕੂੜੇ ਦਾ ਡੰਪ ਸ਼ਮਸ਼ਾਨ ਘਾਟ ਵਾਂਗ ਅਟੱਲ ਸਚਾਈ ਬਣ ਚੁੱਕਾ ਸੀ ਤੇ ਹਕੀਕਤ ਇਸ ਸਚਾਈ ਅੱਗੇ ਨਮਸਤਕ ਹੋ ਰਹੀ ਸੀ ਜਿਵੇ ਉਹ ਉਹਨਾਂ ਦੀ ਕਰੁਣਾ ਤੇ ਲਾਜ਼ਵਾਬ ਹੋਵੇ ਤੇ ਉਹ ਕਰੁਣਾ ਕਹਿ ਰਹੀ ਹੋਵੇ ਕਿ
ਡਾਲੀ ਨਾਲੋਂ ਤੋੜ ਕੇ ਸਾਨੂੰ ਲੁੱਟ ਲਈ ਖੁਸ਼ਬੋ,
ਮਹਿਕ ਤੇ ਲਾਸ਼ਾ ਇੱਕ ਮਿਕ ਹੋ ਕੇ ਬਣ ਗਈਆਂ ਬਦਬੋ।
ਕਾਹਤੋਂ ਕਹਿਰ ਕਮਾਵੇ ਬੰਦਿਆਂ ਕੀ ਏਹੀ ਤੇਰੀ ਸ਼ਾਨ,
ਬਦਬੋ ਬਣਾ ਤੋਂ ਡਰਕੇ ਤੈਥੋਂ,
ਚਹੁੰ ਕੰਧਿਆਂ ਨੇ ਢੋਣਾ ਵਿੱਚ ਸ਼ਮਸ਼ਾਨ।

ਵਿਤਕਰਾ

  • ਗੁਰਮੇਲ ਸਿੰਘ ਬੌਡੇ

ਅਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ। ਸ਼ਹਿਰ ਦੇ ਚੱਪੇ-ਚੱਪੇ ਤੇ ਤਾਇਨਾਤ ਪੁਲੀਸ ਦਸਤੇ। ਉਨ ਦੀਆਂ ਹਰ ਸਖ਼ਸ਼ ਨੂੰ ਘੂਰਦੀਆਂ ਸ਼ੱਕੀ ਨਿਗਾਹਾਂ ਸਾਡੇ ਅਜ਼ਾਦ ਹੋਣ ਦਾ ਦਮ ਘੋਟੂ ਅਹਿਸਾ ਕਰਵਾ ਰਹੀਆਂ ਸਨ। ਇੰਜ ਕੁਲ ਮਿਲਾ ਕੇ ਇੱਕ ਸਹਿਮ ਦਾ ਮਹੌਲ ਸੀ। ਦੂਸਰੇ ਪਾਸੇ ਅਸਮਾਨ ‘ਚ ਝੁਕੇ ਹੋਏ ਗੂੜੇ ਕਾਲੇ ਬੱਦਲਾਂ ਕਾਰਨ ਹਨੇਰਾ ਪਸਰਿਆ ਹੋਇਆ ਸੀ। ਕਈ ਦਿਨਾਂ ਦੇ ਵੱਟ ਮਰੋੜ ਤੇ ਅੱਤ ਦੀ ਗਰਮੀ ਤੋਂ ਬਾਅਦ ਅੱਜ ਚੱਲ ਰਹੀ ਠੰਡੀ ਹਵਾ ਰਾਹਤ ਵੰਡ ਰਹੀ ਸੀ। ਪੰਜਾਬ ਦੇ ਇਕ ਸ਼ਹਿਰ ਦੇ ਬੱਸ ਸਟੈਂਡ ਦੀ ਵਿਸ਼ਾਲ ਇਮਾਰਤ। ਇਸ ਦੇ ਉੱਪਰ ਰਾਜਸਥਾਨੀ ਭਵਨ ਕਲਾ ਦੇ ਨਮੂਨੇ ਵਜੋਂ ਬਣਾਏ ਲਾਲ ਪੱਥਰ ਦੇ ਗੁੰਬਦਾਂ ਨਾਲ ਕਾਲੇ ਬੱਦਲ ਘਸਰ ਕੇ ਲੰਘਦੇ ਪ੍ਰਤੀ ਹੋ ਰਹੇ ਸਨ। ਚੱਲ ਰਹੀ ਹਵਾ ਵਿਚ ਨਮੀ ਦੇ ਕਣ ਸਭ ਨੂੰ ਰਾਹਤ ਦੇ ਰਹੇ ਸਨ। ਭਾਵੇਂ ਅਜੇ ਸਾਢੇ ਚਾਰ ਵੱਜੇ ਸਨ ਪਰ ਇੰਜ ਲੱਗਦਾ ਸੀ ਜਿਵੇਂ ਸ਼ਾਮ ਦੇ ਸਾਢੇ ਸੱਤ ਵੱਜ ਗਏ ਹੋਣ। ਬਰਨਾਲੇ ਵਾਲਾ ਕਾਂਊਟਰ ਖਾਲੀ ਸੀ। ਇਸੇ ਦੌਰਾਨ ਰਾਜਸਥਾਨ ਰੋਡਵੇਜ ਦੀ ਗੰਗਾ ਨਗਰ ਵਲੋਂ ਆਈ ਬੱਸ ਚੰਡੀਗੜ• ਦੇ ਕਾਂਊਟਰ ਤੇ ਆ ਲੱਗੀ। ਹੋਰਨਾਂ ਮੁਸਾਫਰਾਂ ਦੇ ਨਾਲ ਰਾਜਸਥਾਨ ਦਾ ਮਜਦੂਰ ਪਰਿਵਾਰ ਬੱਸ ‘ਚੋਂ ਉਤਰਿਆ। ਉਨ ਵਿਚੋਂ ਲੰਮੇ ਕੁੜਤੇ ਤੇ ਧੋਤੀਆਂ ਪਹਿਨੇ ਹੋਏ ਚਾਰ ਪੰਜ ਮਰਦ ਸਨ। ਜਿੰਨਾ ਵਿਚ ਦੋ ਨੌਜਵਾਨਾਂ ਦੇ ਤਿੰਨ ਵੱਡੀ ਉਮਰ ਦੇ ਸਨ। ਵੱਡੀ ਉਮਰ ਦੇ ਬਜ਼ੁਰਗ ਨੇ ਸਫੈਦ ਅਤੇ ਦੂਸਰਿਆਂ ਨੇ ਰੰਗਦਾਰ ਰਾਜਸਥਾਨੀ ਪੱਗੜੀਆਂ ਬੰਨੀਆਂ ਹੋਈਆਂ ਸਨ। ਇਨ•ਾਂ ਨਾਲ ਏਨੀ ਹੀ ਔਰਤਾਂ ਸਨ ਜਿੰਨਾ ਹਰੀਆਂ, ਨੀਲੀਆਂ, ਲਾਲ ਤੇ ਪੀਲੀਆਂ ਓੜਨੀਆਂ ਨਾਲ ਮਰਦਾਂ ਕੋਲੋਂ ਲੰਬੇ ਲੰਬੇ ਘੁੰਡ ਕੱਢੇ ਹੋਏ ਸਨ। ਵੱਡੀ ਉਮਰ ਦੀਆਂ ਤ੍ਰੀਮਤਾਂ ਦੀਆਂ ਬਾਹਾਂ ਵਿਚ ਡੌਲਿਆਂ ਤੱਕ ਹਾਥੀ ਦੰਦ ਦੇ ਕੰਗਣ ਤੇ ਪੈਰਾਂ ਵਿਚ ਚਾਂਦੀ ਦੇ ਮੋਟੇ ਮੋਟੇ ਗਿਟਕੜੇ ਪਹਿਨੇ ਹੋਏ ਸਨ। ਦੋ ਕੁ ਜਵਾਨ ਔਰਤਾਂ ਨੇ ਬਾਹਾਂ ਵਿਚ ਗੂੜੇ ਰੰਗਾਂ ਦੀਆਂ ਪਲਾਸਟਿਕ ਦੀਆਂ ਬਰੀਕ ਚੂੜੀਆਂ ਤੇ ਪੈਰਾਂ ਵਿਚ ਪੰਜੇਬਾਂ ਪਹਿਨੀਆਂ ਹੋਈਆਂ ਸਨ। ਉਨ•ਾਂ ਨਾਲ ਤਿੰਨ ਕੁ ਸਾਲ ਤੋਂ ਲੈ ਕੇ ਦਸ ਬਾਰਾਂ ਸਾਲ ਦੇ ਬੱਚੇ ਵੀ ਸਨ। ਇਨ ‘ਚੋਂ ਤਿੰਨ ਕੁ ਲੜਕੀਅ ਦੇ ਸਧਾਰਨ ਕਮੀਜ਼ ਸਨ ਜਿਨ•ਾਂ ਦਾ ਗੋਡਿਆਂ ਤੱਕ ਫਰਾਕ ਵਾਂਗ ਗੋਲ ਘੇਰਾ ਸੀ। ਲੜਕਿਆਂ ਦੇ ਮੈਲੇ ਜੇਹੇ ਝੱਗੇ ਸਨ। ਸਭ ਦੇ ਪੈਰ ਨੰਗੇ ਸਨ। ਉਨ•ਾਂ ਕੋਲ ਆਪਣੇ ਨਿੱਕ ਸੁੱਕ ਦੀਆਂ ਚਾਰ ਪੰਜ ਗੱਠੜੀਆਂ ਸਨ। ਇਕ ਗੱਠੜੀ ਵਿਚ ਸਿਲਵਰ ਦੇ ਦੋ-ਤਿੰਨ ਪਤੀਲੇ ਤੇ ਕੁਝ ਹੋਰ ਭਾਂਡੇ ਸਨ। ਇਨ ਗੱਠੜੀਆਂ ਨੂੰ ਉਹ ਫਰਸ ਤੇ ਰੱਖਕੇ ਉਹ ਬੈਠ ਗਏ ਸਨ। ਉਨ•ਾਂ ਦੇ ਸਾਜੋ ਸਮਾਨ ਨੂੰ ਦੇਖ ਕੇ ਬੱਸ ਅੱਡੇ ਤੇ ਤਾਇਨਾਤ ਪੰਜ-ਸੱਤ ਪੁਲਿਸ ਮੁਲਾਜ਼ਮ ਇਕ ਕੁੱਤੇ ਸਮੇਤ ਆਏ ਤੇ ਹੱਥਾਂ ਵਿਚ ਫੜੇ ਬੈਂਤ ਦੇ ਡੰਡੇ ਨਾਲ ਗੱਠੜੀਆਂ ਨੂੰ ਠਕੋਰ ਕੇ ਪੁੱਛਣ ਲੱਗੇ, ”ਕਿੱਥੋਂ ਆਏ ਹੋ ਤੇ ਕਿੱਥੇ ਜਾਣੈਂ?” ਇਸ ਦੇ ਜਵਾਬ ਵਿਚ ਵੱਡੀ ਉਮਰ ਦਾ ਬਜ਼ੁਰਗ ਬੋਲਿਆ,
”ਅਰੇ ਸਾਹਿਬ ਹਨੂੰਮਾਨਗੜ ਸੇ ਆਏ ਹੈ ਔਰ ਬਰਨਾਲਾ ਸੰਗਰੂਰ ਕੀ ਤਰਫ਼ ਜਾਣਾ ਹੈ ਵਹਾਂ ਸੜਕ ਬਨਾਨੇ ਕਾ ਕਾਮ ਕਰੇਂਗੇ।”
”ਇਨ•ਾਂ ਗੱਠੜੀਆਂ ‘ਚ ਕੀ ਐ? ਕਿਤੇ ਆਰ ਡੀ ਐਕਸ ਤਾਂ ਨੀ ਲਈ ਫਿਰਦੇ?” ਦੂਸਰੇ ਮੁਲਾਜ਼ਮ ਨੇ ਪੁੱਛਿਆ.
”ਨਹੀਂ ਸਾਹਿਬ, ਆਪ ਦੇਖ ਲੀਜੀਏ ਇਨਮੇਂ ਤੋਂ ਹਮਾਰੇ ਕੱਪੜੇ ਹੈਂ ਔਰ ਇਸਮੇਂ ਕੁਛ ਬਰਤਨ ਹੈਂ” ਇਹ ਕਹਿ ਕੇ ਬਜ਼ੁਰਗ ਨੇ ਭਾਂਡਿਆਂ ਵਾਲੀ ਗੱਠੜੀ ਦੀ ਗੰਢ ਖੋਹਲੀ ਤਾਂ ਦੋ ਕੁ ਪਤੀਲੇ ਤੇ ਕੁਝ ਕੌਲੇ ਤੇ ਗਲਾਸ ਫਰਸ਼ ਤੇ ਰਿੜਨ ਲੱਗੇ।
”ਅੱਛਾ ਅੱਛਾ ਠੀਕ ਐ ਕੱਠੇ ਕਰੋ ਇਨ ਨੂੰ, ਤੇ ਹਾਂ ਤੁਸੀਂ ਜਿਸ ਠੇਕੇਦਾਰ ਕੋਲ ਜਾਣਾ ਹੈ ਉਸਦਾ ਪਤਾ ਹੈ ਆਪਕੇ ਪਾਸ?” ਇਕ ਸਿਪਾਹੀ ਨੇ ਕੱਪੜਿਆਂ ਵਾਲੀਆਂ ਗੱਠੜੀਆਂ ‘ਚੋਂ ਆਈ ਹੁੰਮਸ ਤੇ ਮੁਸ਼ਕ ਕਾਰਨ ਛੱਡਦਿਆਂ ਕਿਹਾ।
”ਸਾਹਿਬ ਜੀ, ਹਮਾਰੇ ਠੇਕੇਦਾਰ ਚੱਡਾ ਸਾਹਿਬ ਔਰ ਗਰੇਵਾਲ ਸਾਹਿਬ ਰਹਿਤੇ ਤੋਂ ਚੰਡੀਗੜ ਹੈ ਬੱਸ ਕਭੀ ਕਭੀ ਹਮਾਰਾ ਕਾਮ ਦੇਖਨੇ ਗਾੜੀ ਮੇਂ ਆਤੇ ਹੈਂ ਉਨਕਾ ਪਤਾ ਤੋਂ ਮਾਲੂ ਨਹੀਂ ਕਿਉਂਕਿ ਹਮਾਰੀ ਵਗਾਰ ਭੀ ਕੋਈ ਔਰ ਆਦਮੀ ਦੇਨੇ ਆਤਾ ਹੈ। ਹਮਨੇ ਉਸੀ ਕੇ ਸ਼ਹਿਰ ਜਾਨਾ ਹੈ ਉਸਕਾ ਨਾਮ ਰਘੂਵੀਰ ਢੀਂਡਸਾ ਹੈ। ਯੇਹ ਰਹਾ ਉਸਕਾ ਕਾਰਡ” ਬਜ਼ੁਰਗ ਆਦਮੀ ਨੇ ਆਪਣੇ ਲੰਬੇ ਕਮੀਜ਼ ਦੇ ਖੀਸੇ ‘ਚੋਂ ਕੱਢੀ ਕੱਪੜੇ ਦੀ ਪੋਟਲੀ ਦੀਆਂ ਕਈ ਤੈਹਾਂ ਖੋਲ•ਕੇ ਲੱਭੇ ਕਾਰਡ ਨੂੰ ਹੌਲਦਾਰ ਵੱਲ ਵਧਾਉਂਦਿਆਂ ਕਿਹਾ।
ਹੌਲਦਾਰ ਨੇ ਕਾਰਡ ਦੇਖਿਆ, ”ਅੱਛਾ ਅੱਛਾ ਠੀਕ ਐ” ਕਹਿਕੇ ਪੁਲੀਸ ਵਾਲੇ ਕੁੱਤੇ ਸਮੇਤ ਚਲੇ ਗਏ। ਏਨੇ ਸਮੇਂ ਦੌਰਾਨ ਉਨ ਦਾ ਕੁੱਤਾ ਵੀ ਸਿਪਾਹੀਆਂ ਦੇ ਪਿੱਛੇ ਹੀ ਖੜ ਰਿਹਾ ਉਸਨੇ ਵੀ ਗੱਠੜੀਆਂ ਨੂੰ ਸੁੰਘਣ ਦੀ ਜਹਿਮਤ ਨਾ ਕੀਤੀ।
”ਆ ਜੋ ਬਰਨਾਲਾ ਸੰਗਰੂਰ ਪਟਿਆਲ, ਆਜੋ ਬਰਨਾਲਾ ਸੰਗਰੂਰ, ਪਟਿਆਲ ਜਾਣ ਵਾਲੇ” ਬੱਸਾਂ ਦੇ ਝੁੰਡ ‘ਚੋਂ ਤੇਜ਼ ਰਫ਼ਤਾਰ ਨਾਲ ਆਉਂਦੀਆਂ ਪ੍ਰਾਈਵੇਟ ਕੰਪਨੀ ਦੀ ਬੱਸ ਤੇ ਨਜ਼ਰ ਪੈਂਦਿਆਂ ਹੀ ਕੰਡਕਟਰ ਕੋਲੋਂ ਦਸ, ਦਸ ਰੁਪਏ ਲੈ ਕੇ ਹਾਕਾਂ ਮਾਰਨ ਵਾਲੇ ਦੋ ਮੁੰਡੇ ਅਵਾਜ਼ਾਂ ਮਾਰਨ ਲੱਗੇ। ਸਵਾਰੀਆਂ ਉਤਾਰਕੇ ਬੱਸ ਕਾਂਊਟਰ ਤੇ ਲੱਗੀ। ਸਵਾਰੀਆਂ ਬੱਸ ‘ਚ ਚੜਨ ਲੱਗੀਆਂ। ਮੈਂ ਪਿਛਲੀ ਤਾਕੀ ਕੋਲ ਦੋ ਵਾਲੀ ਸੀਟ ਤੇ ਸ਼ੀਸ਼ੇ ਵਾਲੇ ਪਾਸੇ ਬੈਠ ਗਿਆ ਤੇ ਕੱਪੜੇ ਦੇ ਪਰਦੇ ਨੂੰ ਪਿਛਾਂਹ ਕੀਤਾ। ਪ੍ਰਾਈਵੇਟ ਕੰਪਨੀ ਦੀ ਬੱਸ ਵਿਚ ਸ਼ੀਸ਼ਿਆਂ ਨਾਲ ਲੱਗੇ ਪਰਦਿਆਂ ਕਾਰਨ ਬਾਹਰ ਨਾਲੋਂ ਅੰਦਰ ਹਨੇਰਾ ਵੀ ਸੀ ਅਤੇ ਇਕ ਨਿੱਘ ਵੀ ਸੀ। ਡਰਾਈਵਰ ਦੀ ਸੀਟ ਮਗਰ ਲੱਗੇ ਕੈਬਿਨ ਵਿਚ ਟੈਲੀਵਿਜ਼ਨ ਚੱਲ ਰਿਹਾ ਸੀ। ਅੱਧਿਓਂ ਵੱਧ ਬੱਸ ਭਰ ਚੁੱਕੀ ਸੀ। ਅਵਾਜ਼ਾਂ ਮਾਰਨ ਵਾਲਿਆਂ ਕੋਲੋਂ ਸੰਗਰੂਰ ਦੀਆਂ ਦਸ ਬਾਰਾਂ ਸਵਾਰੀਆਂ ਬਾਰੇ ਸੁਣਕੇ ਕੰਡਕਟਰ ਦੀਆਂ ਵਾਛਾ ਖਿੜ ਗਈਆਂ। ਜਦ ਉਹ ਰਾਜਸਥਾਨੀ ਮਜ਼ਦੂਰ ਬੱਸ ਚੜਨ ਲੱਗੇ ਤਾਂ ਕੰਡਕਟਰ ਚੀਕਿਆ ”ਓਏ, ਓਏ ਬੱਸ ਦੇ ਅੰਦਰ ਨਹੀਂ ਛੱਤ ਤੇ ਚੱਲੋ”
”ਭਾਈ ਸਾਹਿਬ, ਮੌਸਮ ਕਾ ਮਿਜਾਜ ਤੋਂ ਦੇਖੀਏ, ਹਮ ਭੀਗ ਜਾਏਂਗੇ ਯੇਹ ਬਾਲ ਬੀਮਾਰ ਪੜ ਜਾਏਂਗੇ” ਬਜ਼ੁਰਗ ਆਦਮੀ ਨੇ ਬੱਚਿਆਂ ਵੱਲ ਹੱਥ ਕਰਦਿਆਂ ਤਰਲੇ ਨਾਲ ਕਿਹਾ।
”ਸਾਈਂ ਜੀ ਹਮ ਦੂਸਰੀ ਬੱਸ ਮੇਂ ਚਲੇ ਜਾਏਂਗੇ। ਪਹਿਲੇ ਭੀ ਤੋਂ ਹਮ ਬਸ ਕੇ ਭੀਤਰ ਬੈਠ ਕੇ ਆਏਂ ਹੈ” ਬਜ਼ੁਰਗ ਔਰਤ ਲੰਬੇ ਘੁੰਡ ‘ਚੋਂ ਬੋਲੀ
”ਅਰੇ ਭੰਬਰੀ ਵੋਹ ਹਮਾਰੇ ਦੇਸ ਕੀ ਸਰਕਾਰੀ ਬਸ ਥੀ। ਜਹਾਂ ਅਮੀਰ ਸਰਦਾਰੋਂ ਕੀ ਬੱਸੇਂ ਹੇਂ। ਯੇਹ ਸਭ ਹਮੇ ਏਸੇ ਹੀ ਲੇ ਕੇ ਜਾਏਂਗੇ ਕਿਆ ਕਰੇ” ਬਜ਼ੁਰਗ ਨੇ ਦੁਖੀ ਮਨ ਨਾਲ ਕਿਹਾ। ਭੰਬਰੀ ਦੇ ਕਹਿਣ ਤੇ ਉਸ ਨੇ ਇਕ ਵਾਰ ਫਿਰ ਕੰਡਕਟਰ ਦੀ ਮਿੰਨਤ ਕੀਤੀ ਤੇ ਕਿਹਾ, ”ਅਰੇ ਸਾਹਿਬ ਐਸਾ ਮੱਤ ਕੀਜੀਏ ਹਮੇਂ ਭੀਤਰ ਜਾਨੇ ਦੋ ਨਾ”
”ਬੱਸ ਅੰਦਰ ਵੜ ਜਾਓਂਗੇ ਤਾਂ ਤੁਹਾਡੇ ਮੁਸ਼ਕ ਨਾਲ ਜਿਹੜੀਆਂ ਤੀਹ ਸਵਾਰੀਆਂ ਬੈਠੀਐਂ’ ਉਹ ਉਤਰ ਜਾਣਗੀਆਂ।” ਕੰਡਕਟਰ ਨੇ ਕਿਹਾ।
”ਕਾਹੇ ਕੋ ਇੰਜ ਕਰਤੇ ਹੋ ਹਮ ਭੀ ਤੇ ਇਨਸਾਨ ਹੈਂ, ਹਮਨੇ ਭੀ ਤੋਂ ਪੂਰਾ ਕਿਰਾਇਆ ਦੇਣਾ ਹੈ।” ਦੂਸਰੇ ਬਜ਼ੁਰਗ ਦੇ ਇਹ ਕਹਿੰਦਿਆਂ ਅੱਖਾਂ ਦੇ ਲਾਲ ਡੋਰਿਆਂ ‘ਚ ਬੇਬਸੀ ਦਾ ਪਾਣੀ ਤੈਰ ਆਇਆ। ਪਰ ਕੰਡਕਟਰ ਆਪਣੀ ਗੱਲ ਤੇ ਅੜਿਆ ਹੋਇਆ ਸੀ। ਉਸਨੂੰ ਉਨ ਦੇ ਲੰਬੇ ਸਫ਼ਰ ਦੀ ਪੀੜ ਦਾ ਅਹਿਸਾਸ ਨਹੀਂ ਸੀ। ਉਸਨੇ ਰੁੱਖੇਪਣ ਨਾਲ ਕਿਹਾ,
”ਮੈਂ ਕਦੋਂ ਕਿਹੈ ਕਿ ਤੁਸੀਂ ਬਾਂਦਰ ਹੋ। ਪੂਰਾ ਕਿਰਾਇਆ ਤਾਂ ਅਸੀਂ ਖੜਆਂ ਸਵਾਰੀਆਂ ਤੋਂ ਵੀ ਵਸੂਲਦੇ ਹਾਂ। ਜੀਹਨੇ ਬੈਠਕੇ ਆਉਣੈ ਉਹ ਇਸ ਬੱਸ ‘ਚ ਨਾ ਬੈਠੇ ਅਗਲੀ ਤੇ ਆ ਜੇ। ਚਲੋ ਤੁਸੀਂ ਗਰੀਬ ਹੋ ਤੁਸੀਂ ਦਸ ਦਸ ਰੁਪਏ ਸਵਾਰੀ ਦੇ ਘੱਟ ਦੇ ਦਿਓ। ਸੰਗਰੂਰ ਜਾ ਕੇ ਦੇਸੀ ਦੀ ਬੋਤਲ ਲੈ ਕੇ ਠੰਡ ਦੂਰ ਕਰ ਲਿਓ।” ਕੰਡਕਟਰ ਸਵਾਰੀਆਂ ਛੱਡਣਾ ਵੀ ਨਹੀਂ ਸੀ ਚਾਹੁੰਦਾ ਤੇ ਬੱਸ ਅੰਦਰ ਬਿਠਾਉਣਾ ਵੀ ਨਹੀਂ ਸੀ ਚਾਹੁੰਦਾ।
ਕੰਡਕਟਰ ਵਲੋਂ ”ਮੈਂ ਕਦੋਂ ਕਿਹੈ ਕਿ ਤੁਸੀਂ ਬਾਂਦਰ ਹੋ” ਸੁਣਕੇ ਆਪਣੇ ਆਪ ਨੂੰ ਪੜ ਲਿਖੇ ਅਖਵਾਉਂਦੇ ਕਾਲਜੀਏਟ ਮੁੰਡੇ ਗੰਵਾਰਾਂ ਵਾਂਗ ਤਿੜ ਕਰਕੇ ਹੱਸੇ, ਮੈਂ ਉਨ ਵੱਲ ਤਿਓੜੀ ਪਾ ਕੇ ਤੱਕਿਆ ਤੇ ਕਿਹਾ, ”ਯਾਰ ਤੁਸੀਂ ਤਾਂ ਪੜ ਲਿਖੇ ਹੋ, ਇਹ ਵੀ ਮਨੁੱਖ ਹਨ ਜੇ ਮਨੁੱਖ ਨੂੰ ਮਨੁੱਖ ਵਾਂਗ ਸਫ਼ਰ ਕਰਨ ਦੀ ਬਰਾਬਰੀ ਵੀ ਨਹੀਂ ਆਈ ਤਾਂ ਅਸੀਂ ਕੱਲ• ਨੂੰ ਕਿਹੜੀ ਅਜ਼ਾਦੀ ਮਨਾ ਰਹੇ ਹਾਂ ਕਦੇ ਸੋਚਿਐ? ਸਾਰੀ ਬੱਸ ‘ਚੋਂ ਮੇਰੇ ਨਾਲ ਕਿਸੇ ਵੀ ਮੁਸਾਫ਼ਰ ਨੇ ਹੁੰਗਾਰਾ ਨਾ ਭਰਿਆ। ”ਬਾਈ ਤੂੰ ਇਨ ਨਾਲ ਹੀ ਅਗਲੀ ਬੱਸ ਤੇ ਆਜੀਂ” ਡਰਾਈਵਰ ਦੀ ਸੀਟ ਤੋਂ ਕੁਝ ਸੀਟਾਂ ਹਟਕੇ ਬੈਠਾ ਇਕ ਮੁਸਾਫ਼ਰ ਬੋਲਿਆ। ਉਸਦੀ ਇਹ ਤਨਜ ਸੁਣਕੇ ਮੈਨੂੰ ਪੰਜਾਬ ਦੀ ਵਿਰਾਸਤ ਅਤੇ ਸਾਡੇ ਪੜ•ੇ ਲਿਖੇ ਹੋਣ ਦੀ ਲਿਆਕਤ ਸਾਡੇ ਸਲੀਕੇ ‘ਚੋਂ ਸੁੰਗੜਦੀ ਮਹਿਸੂਸ ਹੋਈ। ਉਸਦੇ ਸਾਹਮਣੇ ਹੀ ਬੱਸ ਦੇ ਮੂਹਰਲੇ ਸ਼ੀਸ਼ੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤਪਾਨ ਕਰਵਾਕੇ ਵੱਖ-ਵੱਖ ਸੂਬਿਆਂ ‘ਚੋਂ ਆਏ ਪੰਜਾ ਪਿਆਰਿਆਂ ਦੀ ਬਰਾਬਰੀ ਦਾ ਸੰਦੇਸ਼ ਦਿੰਦੀ ਫੋਟੋ ਲੱਗੀ ਹੋਈ ਸੀ। ਜਿਸਨੂੰ ਹਾਰ ਪਹਿਨਾਏ ਹੋਏ ਸਨ। ਸ਼ਰਧਾ ਭਾਵਨਾ ‘ਚੋਂ ਦਿਖਾਵੇ ਦੇ ਪਾਏ ਹਾਰ ਦਰਅਸਲ ਗੁਰੂ ਜੀ ਦੇ ਦਿੱਤੇ ਸੰਦੇਸ਼ ਦੀ ਹਾਰ ਲੱਗ ਰਹੇ ਸਨ। ਕੋਈ ਇਹ ਕਿਉਂ ਨਹੀਂ ਸੋਚ ਰਿਹਾ ਕਿ ਜੇ ਅਸੀਂ ਉਨ•ਾਂ ਨਾਲ ਬੰਦਿਆਂ ਵਾਂਗ ਸਲੂਕ ਨਹੀਂ ਕਰਾਂਗੇ ਇਹ ਸਾਡੇ ਨਾਲ ਕਿਸੇ ਬਿਪਤਾ ਸਮੇਂ ਆਵਦੇ ਸੂਬੇ ਵਿਚ ਚੰਗਾ ਸਲੂਕ ਕਿਵੇਂ ਕਰਨਗੇ? ਬੱਸ ਦੇ ਸ਼ੀਸ਼ੇ ਵਿਚੋਂ ਦੀ ਦੇਖਿਆ ਰਾਜਸਥਾਨੀ ਮਜ਼ਦੂਰ ਮਸੋਸੇ ਜੇਹੇ ਮਨ ਨਾਲ ਬੱਸ ਦੀ ਛੱਤ ਤੇ ਆਪਣੇ ਸਮਾਨ ਸਮੇਤ ਚੜ ਰਹੇ ਸਨ। ਵੀਹ ਕੁ ਮਿੰਟਾਂ ਬਾਅਦ ਹੇਠੋਂ ਉਪਰੋਂ ਪੂਰੀ ਤਰ ਭਰੀ ਹੋਈ ਬੱਸ ਕੰਡਕਟਰ ਦੀ ਲੰਬੀ ਵਿਸਲ ਤੇ ਕਾਂਊਟਰ ਤੋਂ ਖਿਸਕੀ। ਸ਼ਹਿਰ ਦੇ ਚੌਕਾਂ ਤੇ ਮੋੜਾਂ ਨੂੰ ਪਾਰ ਕਰਦੀ ਬੱਸ ਸ਼ਹਿਰ ਪਾਰ ਕਰਕੇ ਪੂਰੀ ਰਫ਼ਤਾਰ ਤੇ ਜਾ ਰਹੀ ਸੀ। ਲੁਧਿਆਣਾ ਜੀ.ਟੀ ਰੋਡ ਤੋਂ ਬਰਨਾਲਾ ਸੰਗਰੂਰ ਸੜਕ ਤੇ ਚੜਨ ਸਾਰ ਜਦੋਂ ਡਰਾਈਵਰ ਨੇ ਰੇਲਵੇ ਫਾਟਕ ਬੰਦ ਦੇਖੇ ਤਾਂ ਉਥੋਂ ਹੀ ਬੱਸ ਬੈਕ ਗੇਅਰ ਪਾ ਕੇ ਫਿਰ ਲੁਧਿਆਣਾ ਜੀ. ਟੀ. ਰੋਡ ਤੇ ਚੜ•ਾ ਲਈ। ਇਕ ਕਿਲੋਮੀਟਰ ਅਗਾਂਹ ਜਾ ਕੇ ਫਾਟਕ ਰਹਿਤ ਲਿੰਕ ਰੋਡ ਤੇ ਪਾ ਕੇ ਰੇਲੇ ਲਾਈਨ ਪਾਰ ਕਰ ਲਈ। ਇਕ ਪਿੰਡ ਨੂੰ ਵਗਲਦੀ ਹੋਈ ਤਿੰਨ ਕੁ ਕਿਲੋਮੀਟਰ ਦੀ ਇਹ ਸੜਕ ਬਰਨਾਲਾ ਜੀ.ਟੀ. ਰੋਡ ਤੇ ਜਾ ਚੜਦੀ ਸੀ। ਇਸ ਤੰਗ ਸੜਕ ‘ਤੇ ਇੰਜ ਲੱਗਦਾ ਸੀ ਜਿਵੇਂ ਬੱਸ ਖੇਤਾਂ ਵਿਚੋਂ ਦੀ ਜਾ ਰਹੀ ਹੋਵੇ। ਗੂੜੇ ਰੰਗ ਦੇ ਹਰੇ ਕਚਾਰ ਝੋਨੇ ਦੇ ਬੂਟਿਆਂ ਦਾ ਰੰਗ ਬੱਦਲਾਂ ਦੇ ਹਨੇਰੇ ਵਿਚ ਘੁਲ ਰਿਹਾ ਸੀ। ਇਸ ਲਿੰਕ ਰੋਡ ਤੇ ਵੀ ਬੱਸ ਪੂਰੀ ਰਫ਼ਤਾਰ ਤੇ ਸੀ। ਬਰਨਾਲਾ ਜੀ. ਟੀ. ਰੋਡ ਤੇ ਚੜਨ ਸਮੇਂ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਜੀ. ਟੀ. ਰੋਡ ਦੇ ਕਿਨਾਰਿਆਂ ਤੇ ਲੱਗੇ ਦਰੱਖਤਾਂ ਦੀਆਂ ਟਾਹਣੀਆਂ ਨਾਲ ਖਹਿ ਕੇ ਲੰਘੀ। ਬੱਸ ਦੀ ਮਗਰਲੀ ਤਾਕੀ ਦੇ ਕੋਲੋਂ ਦੀ ਇਕ ਗੱਠੜੀ ਮੈਂ ਖਤਾਨਾ ਵਿਚ ਡਿੱਗਦੀ ਦੇਖੀ। ਇਸ ਵਿਚ ਬੰਨੇ ਸਿਲਵਰ ਦੇ ਪਤੀਲੇ ਤੇ ਹੋਰ ਭਾਂਡੇ ਅੱਖ ਦੇ ਫੋਰ ਵਿਚ ਖਿਲਰ ਗਏ। ਬੱਸ ਦੀ ਛੱਤ ‘ਤੇ ਜਿਵੇਂ ਭੂਚਾਲ ਆ ਗਿਆ ਹੋਵੇ। ਮਜ਼ਦੂਰ ਪਰਿਵਾਰ ਵਿਚ ਕਾਵਾਂ ਰੌਲੀ ਪੈ ਗਈ। ਉਹ ਬੱਸ ਦੀ ਛੱਤ ਤੇ ਹੱਥ ਮਾਰ ਮਾਰ ਕੇ ”ਅਰੇ ਰੋਕੋ, ਰੋਕੋ, ਬੱਸ ਰੋਕੋ” ਦਾ ਰੋਲਾ ਪਾ ਰਹੇ ਸਨ। ਕਿਸੇ ਤੇ ਕੋਈ ਅਸਰ ਨਹੀਂ ਸੀ। ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਟਿਕਟਾਂ ਕੱਟਦੇ ਕੋਲ ਲੰਘਦੇ ਕੰਡਕਟਰ ਨੂੰ ਮੈਂ ਬੱਸ ਰੋਕਣ ਲਈ ਕਿਹਾ ਤਾਂ ਕੰਡਕਟਰ ਬੋਲਿਆ, ”ਬਾਈ ਰਾਤ ਦੇ ਦਸ ਵਜੇ ਪਟਿਆਲੇ ਪਹੁੰਚਣੈ ਗਿਆਰਾਂ ਵਜੇ ਘਰੇ ਰੋਟੀ ਦਾ ਮੂੰਹ ਦੇਖਣੈ ਜੇ ਇੰਜ ਰਾਹਾਂ ‘ਚ ਬੱਸਾਂ ਰੋਕਣ ਲੱਗੇ ਤਾਂ ਪੈ ਗਈਆਂ ਪੂਰੀਆਂ।” ਮੇਰੀ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਉਸਨੇ ਬਾਰੀ ਵਿਚ ਲਮਕਦੀ ਸਵਾਰੀ ਨੂੰ ਪੁੱਚਿਆ, ”ਹਾਂ ਬਾਈ ਕਿੱਥੇ ਜਾਣੈ” ”ਬਾਈ ਜਿੱਥੇ ਹੱਥ ਛੁੱਟਗੇ।” ਉਸਨੇ ਕਿਹਾ ਤਾਂ ਹਾਸੜ ਪੈ ਗਈ। ”ਬਾਈ ਮੈਂ ਟਿਕਟ ਪੁੱਛਿਐ” ਕੰਡਕਟਰ ਨੇ ਕਿਹਾ, ”ਯਾਰ ਜਦੋਂ ਹੱਥ ਵਿਹਲੇ ਹੋਏ ਲੈ ਲਵਾਂਗਾ ਉਂਜ ਮੈਂ ਬਰਨਾਲੇ ਜਾਣੈ।” ”ਠੀਕ ਐ ਫਿਰ ਯਾਦ ਨਾਲ ਕਟਵਾ ਲਈ” ਮੈਂ ਗੱਲ ਦੀ ਲੜੀ ਜੋੜ ਕੇ ਕੰਡਕਟਰ ਨੇ ਕਿਹਾ, ”ਜੇ ਸਮੇਂ ਦਾ ਤੈਨੂੰ ਐਨਾ ਹੀ ਫ਼ਿਕਰ ਸੀ ਤਾਂ ਉਨ ਨੂੰ ਬੱਸ ਅੰਦਰ ਬਿਠਾਉਂਦਾ। ਚਾਰ ਪੈਸਿਆਂ ਲਈ ਤੁਸੀਂ ਬੱਸ ਮਾਲਕਾਂ ਦੇ ਟੁੱਕੜ ਬੋਚ ਬਣਕੇ ਐਨੇ ਬੇਰਹਿਮ ਕਿਉਂ ਹੋ ਜਾਂਦੇ ਹੋ। ਇਹ ਕਿਹੜਾ ਤੇਰੀ ਪੱਕੀ ਨੌਕਰੀ ਐ। ਕੱਲ ਨੂੰ ਜੇ ਛੱਤ ਤੇ ਬੈਠਾ ਬੰਦਾ ਦਰੱਖਤ ਦਾ ਟਾਹਣਾ ਵੱਜ ਕੇ ਥੱਲੇ ਡਿੱਗਕੇ ਮਰ ਜੇ ਤਾਂ ਤੁਸੀਂ ਫੇਰ ਵੀ ਇੰਜ ਹੀ ਕਰੋਗੇ? ਕਾਰ ਜਾਂ ਟੈਕਸੀ ‘ਚ ਪੰਜ ਸੱਤ ਤੋਂ ਵੱਧ ਸਵਾਰੀਆਂ ਦੇਖ ਕੇ ਟਰੈਫਿਕ ਪੁਲੀਸ ਵਾਲੇ ਚਲਾਣ ਕਰਨ ਵੇਲੇ ਬਿੰਦ ਨਹੀਂ ਲਾਉਂਦੇ ਤੇ ਤੁਹਾਡੇ ਵਾਰੀ ਉਹ ਕਿੱਥੇ ਚਲੇ ਜਾਂਦੇ ਹਨ। ਕੰਡਕਟਰ ਨੇ ਮੇਰੇ ਵਲੋਂ ”ਟੁੱਕੜਬੋਚ” ਸ਼ਬਦ ਬੋਲਣ ਤੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਤੱਕਿਆ ਬੱਸ ਉਸੇ ਰਫ਼ਤਾਰ ਨਾਲ ਜਾ ਰਹੀ ਸੀ।
ਮਜ਼ਦੂਰਾਂ ਦੇ ਭਾਂਡਿਆਂ ਵਾਲੀ ਡਿੱਗੀ ਗੱਠੜੀ ਹੁਣ ਪੰਜ-ਸੱਤ ਕਿਲੋਮੀਟਰ ਪਿਛੇ ਰਹ ਿਗਈ ਸੀ। ਹੁਣ ਉਹ ਵੀ ਹਾਰ ਹੰਭ ਕੇ ਬੱਸ ਦੀ ਛੱਤ ‘ਤੇ ਹੱਥ ਮਾਰਨੋਂ ਹਟ ਗਏ ਸਨ।
ਇਕ ਲਿੰਕ ਰੋਡ ਤੇ ਅਚਾਨਕ ਬੱਸ ਰੁਕ ਗਈ। ਸੜਕ ਤੇ ਖੜ ਸਿਪਾਹੀ ਲਾਲ ਬੱਤੀ ਵਾਲੀਆਂ ਗੱਡੀਆਂ ਅੱਗੇ ਹੂਟਰ ਮਾਰਦੀ ਜਿਪਸੀ ਮਗਰ ਕਾਰਾਂ ਦੇ ਕਾਫ਼ਲੇ ਨੂੰ ਲੰਘਾ ਰਹੇ ਸਨ। ਸੜਕ ਦੇ ਇਕ ਪਾਸੇ ਲੱਗੇ ਸ਼ਮਿਆਨੇ ਵੱਲ ਪੁਲੀਸ ਅਧਿਕਾਰੀ ਦੀਆਂ ਗੱਡੀਆਂ ਕੱਲ ਨੂੰ ਇੱਥੇ ਅਜ਼ਾਦੀ ਦਿਵਸ ਤੇ ਹੋਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਜਾ ਰਹੇ ਸੀ। ਕਾਫ਼ਲਾ ਲੰਘਣ ਤੋਂ ਬਾਅਦ ਬੱਸ ਅਜੇ ਵੀ ਰੁਕੀ ਹੋਈ ਸੀ। ਬੱਸ ਦਾ ਸ਼ੀਸ਼ਾ ਖੋਲ•ਕੇ ਦੇਖਿਆ ਤਾਂ ਦੂਰੋਂ ਲੰਬਾ ਹਾਰਨ ਮਾਰਦੀ ਮਿੰਨੀ ਬੱਸ ਨਜ਼ਰ ਪਈ।
”ਓਏ ਸੁੱਖਿਆ ਕਿੱਥੇ ਐ ਓਏ? ਡਰਾਈਵਰ ਨੇ ਮੂਹਰਲੀ ਤਾਕੀ ‘ਚ ਖੜਕੇ ਕਿਹਾ।”
”ਪਤੰਦਰਾ ਹੁਣ ਵਗਦੀ ਗੰਗਾ ਨੂੰ ਹੱਥ ਧੋ ਲਾ ਜਿੱਥੇ ਪੰਜ ਮਿੰਟ ਖੜ ਹਾਂ ਉਥੇ ਇਕ ਮਿੰਟ ਹੋਰ ਲੱਗਜੂ ਆਹ ਸਾਹਮਣੇ ਖੋਖੇ ਵਾਲੇ ਚੰਗੀ ਸ਼ੀਸ਼ੀ ਰੱਖਦੇ ਆ। ਫੜ• ਲਿਆ ਫਿਰ ਇਕ ਅੰਗਰੇਜ਼ੀ ਦੀ ਰੋਟੀ ਖਾਣ ਵੇਲੇ ਦੋ ਹਾੜੇ ਲਗਾਕੇ ਪੰਦਰਾਂ ਅਗਸਤ ਮਨਾ ਲਵਾਂਗੇ।” ਡਰਾਈਵਰ ਨੇ ਕਿਹਾ। ਕੰਡਕਟਰ ਨੇ ਅੱਖ ਦੇ ਫੋਰ ‘ਚ ਖੇਤਾਂ ਵਿਚ ਬਣੇ ਲੋਹੇ ਦੇ ਖੋਖੇ ਦੀ ਖਿੜਕੀ ‘ਚੋਂ ਬੋਤਲ ਫੜ ਥੈਲੇ ਵਿਚ ਪਾ ਲਈ। ਏਨੇ ਨੂੰ ਮਿੰਨੀ ਬੱਸ ‘ਚੋਂ 8-10 ਸਵਾਰੀਆਂ ਉਤਰ ਕੇ ਇਸ ਬੱਸ ‘ਚ ਚੜ•ਨ ਲੱਗੀਆਂ। ਕੰਡਕਟਰ ਮੂਹਰੀ ਤਾਕੀ ‘ਚ ਖੜਆਂ ਸਵਾਰੀਆਂ ਪਿਛਾਂਹ ਸਰਕਣ ਲਈ ਤੇ ਪਿਛਲੀ ਤਾਕੀ ਵਿਚ ਖੜਆਂ ਸਵਾਰੀਆਂ ਨੂੰ ਅਗਾਂਹ ਹੋਣ ਲਈ ਕਹਿ ਰਿਹਾ ਸੀ। ਬੱਸ ‘ਚ ਪੈਰ ਮਿਧਦੀਆਂ ਸਵਾਰੀਆਂ ‘ਚੋਂ ਇਕ ਕੰਡਕਟਰ ਨੂੰ ਅੱਕ ਕੇ ਬੋਲਿਆ, ”ਬਾਈ ਇਕ ਤੰਗਲੀ ਲੈ ਆ ਸਵਾਈਆਂ ਦੀਆਂ ਢੂਹੀਆਂ ਨਾਲ ਲਗਾ ਕੇ ਕੱਠ ਕਰੀ ਚੱਲ ਹੁਣ ਅਗਾਂਹ ਕਿੱਥੇ ਹੋਜੀਏ।”
”ਬਾਈ ਜੇ ਐਨੇ ਔਖੇ ਐਂ ਤਾਂ ਕਾਰ ਤੇ ਆ ਜਿਆ ਕਰੋ। ਮੈਂ ਕਿਹੜਾ ਤੈਨੂੰ ਗੰਢ ਦੇ ਕੇ ਸੰਦਿਐ?” ਕੰਡਕਟਰ ਤਲਖੀ ਨਾਲ ਬੋਲਿਆ। ਹੁਣ ਉਸਨੂੰ ਰਾਤ ਦੇ ਗਿਆਰਾਂ ਵਜੇ ਘਰ ਪਹੁੰਚਣ ਦਾ ਕੋਈ ਫਿਕਰ ਨਹੀਂ ਸੀ।
”ਵੇ ਭਾਈ ਬੱਸ ਕਰ ਹੁਣ ਅੰਦਰ ਤਾਂ ਸਾਹ ਗੁੱਟ ਹੋਇਆ ਪਿਆ ਐ-ਬੱਸ ‘ਚ ਬੰਦੇ ਐ ਕੋਈ ਪਸ਼ੂ ਤਾਂ ਨਹੀਂ ਕਿੰਨਾ ਚਿਰ ਹੋ ਗਿਆ ਥੋਨੂੰ ਏਥੇ ਖੜਿਆਂ ਨੂੰ” ਇਕ ਔਰਤ ਜਿਸਨੇ ਤਿੰਨ ਕੁ ਸਾਲ ਦੇ ਬੱਚੇ ਨੂੰ ਢਾਕ ਕੇ ਚੁੱਕਿਆ ਹੋਇਆ ਸੀ ਨੇ ਕਿਹਾ।
”ਬਾਬਾ ਜੀ ਅਜ਼ਾਦੀ ਕਿਹੜੀ ਐ ਤੇਰੇ ਮੇਰੇ ਵਰਗੇ ਤਾਂ ਨਰਕ ਢੋਂਹਦੇ ਆ-ਆਹ ਇਨ ਬੱਸਾਂ ਵਾਲੇ ਅਮੀਰਾਂ ਨੂੰ ਬੰਦਿਆਂ ਨਾਲ ਪਸ਼ੂਆਂ ਵਰਗਾ ਸਲੂਕ ਕਰਕੇ ਪੈਸਾ ਇਕੱਠਾ ਕਰਨ ਦੀ ਅਜ਼ਾਦੀ ਜ਼ਰੂਰ ਮਿਲ ਗਈ ਐ। ਜਿਹੜੇ ਐਹੋ ਜੇਹੇ ਮੌਸਮ ਵਿਚ ਬੱਸ ਦੇ ਉੱੇਤੇ ਬਿਠਾਏ ਆ ਉਨ•ਾਂ ‘ਚ ਕਿਹੜਾ ਜਾਨ ਨੀਂ ਉਹ ਵੀ ਤਾਂ ਰੱਬ ਦੇ ਬੰਦੇ ਆ। ਪਰ ਬੰਦੇ ਨੂੰ ਬਰਾਬਰੀ ਨਾਲ ਸਫ਼ਰ ਕਰਨ ਦੀ ਵੀ ਅਜ਼ਾਦੀ ਨਹੀਂ ਆਈ ਕੱਲ ਨੂੰ ਸਾਲੇ ਮੇਰੇ ਸੰਘ ਪਾੜ ਪਾੜ ਕੇ ਅਜ਼ਾਦੀ ਮਨਾਉਣਗੇ।” ਇਕ ਹੋਰ ਬੰਦੇ ਨੇ ਬਾਬੇ ਦੀ ਗੱਲ ਦਾ ਹੁਗੰਰਾ ਭਰਿਆ।
ਕੰਡਕਟਰ ਅਜੇ ਵੀ ਦੋਹਾਂ ਤਾਕੀਆਂ ਰਾਹੀਂ ਸਵਾਰੀਆਂ ਤੁੰਨਣ ਵਿਚ ਮਸਰੂਫ ਸੀ। ਕਾਲੇ ਬੱਦਲਾਂ ਦਾ ਹਨੇਰਾ ਹੋਰ ਵੀ ਗਾੜਾ ਹੋ ਗਿਆ ਸੀ। ਅਚਾਨਕ ਇਕ ਜ਼ੋਰਦਾਰ ਗੜਕ ਨਾਲ ਬੱਦਲ ਗਰਜ਼ਿਆ। ਇਸ ਗਰਜ਼ ਨਾਲ ਸਭ ਤ੍ਰਭਕ ਗਏ ਤੇ ਮੋਟੀ-ਮੋਟੀ ਕਣੀ ਦਾ ਤੇਜ਼ ਮੀਂਹ ਪੈਣ ਲੱਗਾ। ਸ਼ਾਇਦ ਉਹ ਵੀ ਇਨ ਬੱਸਾਂ ਲਈ ਸੜਕਾਂ ਤਿਆਰ ਕਰਨ ਵਾਲੇ ਮਜ਼ਦੂਰਾਂ ਨਾਲ ਹੋਣੇ ਅਣਮਨੁੱਖੀ ਸਲੂਕ ਅਤੇ ਵਿਤਕਰੇ ਤੇ ਭੁੱਬਾਂ ਮਾਰ ਕੇ ਰੋ ਗਿਆ ਹੋਵੇ।

ਫਾਂਸੀਆਂ ਦਾ ਫਾਸਤਾ

  • ਗੁਰਮੇਲ ਸਿੰਘ ਬੌਡੇ

ਪਿਛਲੇ ਕੁਝ ਸਮੇਂ ਤੋਂ ਪੰਜਾਬ ਉਪਰ ਫਾਂਸੀ ਦੇ ਫੰਦਿਆਂ ਦਾ ਪ੍ਰਛਾਵਾਂ ਹੈ। ਅਜਿਹੇ ਹੀ ਕੁਝ ਭਾਣੇ ਵਾਪਰਨ ਦਾ ਸਹਿਮ ਹੈ। ਅਖਬਾਰਾਂ ਵਿਚ ਸਰਾਕਰਾਂ ਵਲੋਂ ਰੈਡ-ਅਲਰਟ ਜਾਂ ਚੌਕਸੀ ਇਸ ਖਿੱਤੇ ਦੇ ਵਸਿੰਦਿਆਂ ਦੇ ਮਨਾਂ ਵਿਚ ਸੁਰੱਖਿਆ ਦੇ ਅਹਿਸਾਸ ਨਾਲੋਂ ਬੇਚੈਨੀ ਦਾ ਮਾਹੌਲ ਵੱਧ ਸਿਰਜ ਰਹੀਆਂ ਹਨ ਕਿ ਕਿਤੇ ਇਹ ਫਾਂਸੀ ਦੇ ਫੰਦਿਆਂ ਦੇ ਪ੍ਰਛਾਵੇ ਦੇ ਪ੍ਰਤੀਕਰਮ ‘ਚੋਂ 1978 ਦੀ ਸਿੱਖ ਨਿਰੰਕਾਰੀ ਤਣਾਓ ਦੀ ਘਟਨਾ ਵਾਂਗ ਕੋਈ ਡੇਢ ਦਹਾਕਾ ਲੰਬੀ ਕਸ਼ਮਕਸ਼ ਨਾ ਚੱਲ ਪਵੇ। ਕਿਤੇ 1913 ਦਾ ਸਾਲ ਫਾਂਸੀਆਂ ਦੇ ਸਾਲ ਦੀ ਛਾਪ ਨਾ ਛੱਡ ਜਾਵੇ ਜਿਵੇਂ ਕਿ ਅਖਬਾਰ ਦੱਸ ਰਹੇ ਹਨ ਕਿ ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦਾ ਰਾਹ ਸਾਫ ਹੋਣ ਨਾਲ 17 ਦੇ ਕਰੀਬ ਰੁਕੀਆਂ ਫਾਂਸੀਆਂ ਦਾ ਰਾਹ ਪੱਧਰ ਕਰ ਦੇਵੇਗੀ।
ਫਾਂਸੀਆਂ ਦੇ ਫੰਦਿਆਂ ਦੇ ਸਹਿਮ ਨੇ ਪ੍ਰਿੰਟ ਮੀਡੀਏ ਵਿਚ ਇਕ ਬਹਿਸ ਵੀ ਛੇੜੀ ਹੈ ਕਿ ਫਾਂਸੀ ਦੀ ਸਜ਼ਾ ਕੀ ਇਕ ਸੱਭਿਅਕ ਵਰਤਾਰਾ ਹੈ ਜਾਂ ਅਸੱਭਿਅਕ ਵਰਤਾਰਾ ਹੈ? ਇਸ ਵਰਤਾਰੇ ਨੂੰ ਹਰ ਕਾਤਮ ਨਵੀਸ ਜਾਂ ਵਿਦਵਾਨ ਵੱਖ-ਵੱਖ ਦ੍ਰਿਸ਼ਟੀਕੋਨਾਂ ਤੋਂ ਲੋਕਾਂ ਵਿਚ ਆਪਣੇ ਵਿਚਾਰ ਰੱਖੇ ਹਨ। ਕੋਈ ਇਸਨੂੰ ਇਨਸਾਫ ਕਹਿ ਰਿਹਾ ਹੈ ਕੋਈ ਇਸਨੂੰ ਅਗਾਮੀ ਚੋਣਾਂ ਲਈ ਇਕ ਦਾਅ ਪੇਚ ਜਾਂ ਬਹੁ-ਗਿਣਤੀ ਫਿਰਕੇ ਨੂੰ ਬੈਲਟ ਬੋਕਸ ਵਿਚ ਭੁਨਾਉਣ ਵਾਲੀ ਰਾਜਸੀ ਹੁੰਡੀ ਕਹਿ ਰਿਹਾ ਹੈ। ਜੇ ਅਜਿਹਾ ਹੈ ਤਾਂ ਇਸਨੂੰ ਕੋਈ ਮਿਆਰੀ ਸਿਆਸਤ ਨਹੀਂ ਕਿਹਾ ਜਾ ਸਕਦਾ। ਇਹ ਵਰਤਾਰਾ ਕੋਈ ਸਿਹਤਮੰਦ ਰੁਝਾਨ ਨਹੀਂ ਸਿਰਜੇਗਾ। ਸਿਹਤਮੰਦ ਰੁਝਾਨ ਉਸ ਸਮੇਂ ਸਿਰਜੇ ਜਾਂਦੇ ਹਨ ਜਦ ਛੋਟੇ-ਵੱਡੇ ਦੇ ਪ੍ਰਭਾਵ ਤੋਂ ਮੁਕਤ ਸਭ ਲਈ ਨਿਆ ਬਰਾਬਰ ਹੋਵੇ। ਪਰ ਹਕੀਕਤ ਵਿਚ ਅਜਿਹਾ ਨਹੀਂ ਹੈ। ਗਾਂਧੀ ਦੇ ਰਾਮ-ਰਾਜ ਦੇ ਚਰਖਾ ਪੁੱਠਾ ਘੁਮਾ ਕੇ ਸੂਤ ਨਹੀਂ ਕੱਤਿਆ ਜਾ ਰਿਹਾ ਬਲਕਿ ਫੰਦਿਆਂ ਲਈ ਰੱਸੇ ਵੱਟੇ ਜਾ ਰਹੇ ਹਨ। ਰਾਮ-ਰਾਜ ਤਾਂ ਅਜਿਹਾ ਨਹੀਂ ਹੋ ਸਕਦਾ ਸੀ। ਰਾਵਣ ਰਾਜ ਅਜਿਹੀਆਂ ਸੰਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ।
ਜਿਸ ਖਿੱਤੇ ਦੇ ਰਮਸੀ ਵਸਨੀਕ ਹਾਂ ਉਥੇ ਫਾਂਸੀ ਦੇ ਰੱਸੇ ਇਸਦੀ ਫਜ਼ੀਹਤ ਹਨ। ਭਾਵ ਸਦੀਆਂ ਪੁਰਾਣੀ ਵਿਰਾਸਤ ਹਨ। ਪੰਜਾਬ ਦੀ ਮੌਜੂਦਾ ਹੁਕਮਰਾਨ ਧਿਰ ਵੀ ਵੱਖ-ਵੱਖ ਜੋੜ ਮੇਲਿਆਂ ਤੇ ਇਸ ਵਿਰਾਸਤ ਦੀ ਉਪਮਾ ਕਰਦੀ ਹੈ ਕਿ ਦੇਸ਼ ਦੀ ਅਜ਼ਾਦੀ ਲਈ ਨੱਬੇ ਪ੍ਰਤੀਸ਼ਤ ਫਾਂਸੀਆਂ ਪੰਜਾਬ ਦੇ ਹਿੱਸੇ ਆਈਆਂ। ਏਨੀਆਂ ਭਾਰੀਆਂ ਕੁਰਬਾਨੀਆਂ ਦੇ ਕੇ ਵੀ ਜੇ ਛਿਆਹਟ ਸਾਲ ਦੀ ਅਜ਼ਾਦੀ ਤੋਂ ਬਾਅਦ ਦੀ ਜੇ ਪੰਜਾਬ ਦੇ ਹਿੱਸੇ ਉਹੀ ਕੁਝ ਹੈ ਤਾਂ ਆਪਣੇ ਹੀ ਗਿਰੇਬਾਨ ‘ਚ ਮੂੰਹ ਪਾ ਕੇ ਸੋਚਣਾ ਹੋਵੇਗਾ ਕਿ ਨੁਕਸ ਕਿੱਥੇ ਹੈ? ਸਿਸਟਮ ਵਿਚ ਹੈ? ਕਾਨੂੰਨ ਵਿਚ ਹੈ ਜਾਂ ਵਿਤਕਰਾ ਭਰਪੂਰ ਸਿਆਸਤ ਵਿਚ ਹੈ।
ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਉਠੀਆਂ ਵੱਖ ਤਹਿਰੀਕਾਂ ਨੂੰ ਅਜਿਹੀਆਂ ਹੀ ਸਜ਼ਾਵਾਂ ਨਾਲ ਨਿਵਾਜਿਆ ਗਿਆ। ਇਹਨਾਂ ਤਹਿਰੀਕਾਂ ਨਾਲ ਜੁੜੇ ਸੂਰਮਿਆਂ ਨੇ ਤਖਤੇ ਨੂੰ ਵੀ ਆਪਣੇ ਵਿਚਾਰਾਂ ਦਾ ਮੰਚ ਬਣਾਇਆ। ਉਹ ਤਹਿਰੀਕ ਭਾਵੇਂ ਕੂਕਾ ਲਹਿਰ ਸੀ ਜਾਂ ਗ਼ਦਰੀ ਸੂਰਮਿਆਂ ਦੀ ਤਹਿਰੀਕ ਜਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਫਲਸਫਾ ਜਾਂ ਊਧਮ ਸਿੰਘ ਉਹਨਾਂ ਅੰਗਰੇਜ਼ ਅਦਾਲਤਾਂ ਨੂੰ ਜਾਂ ਫਾਸੀ ਦੇ ਤਖਤਿਆਂ ਨੂੰ ਵਿਚਾਰਧਾਰਾ ਦਾ ਮੰਚ ਬਣਾਇਆ। ਕਿਸੇ ਹਕੂਮਤ ਤੋਂ ਕੋਈ ਰਹਿਮ ਨਹੀਂ ਮੰਗਿਆ। ਇਹ ਵੇਰਵਾ ਪੜ ਕੇ ਹੋ ਸਕਦਾ ਹੈ ਕਿ ਬਹੁਤੇ ਵਿਦਵਾਨਾਂ ਨੂੰ ਇਹਨਾਂ ਤਹਿਰੀਕਾਂ ਦੀ ਤੁਲਨਾ ਅਜੋਕੇ ਫਾਂਸੀ ਜਾਫਤਾ ਕਾਰਕੁੰਨਾਂ ਨਾਲ ਤੁਲਨਾ ਕਰਨੀ ਮੁਆਫਕ ਨਾ ਹੋਵੇ। ਜੇ ਅਜਿਹੀ ਤੁਲਨਾ ਸਵਾ ਸੌ ਸਾਲ ਪਹਿਲਾਂ ਕੀਤੀ ਜਾਂਦੀ ਤਾਂ ਉਸ ਸਮੇਂ ਵੀ ਇਹ ਤੁਲਨਾ ਮੁਆਫਕ ਨਹੀਂ ਸੀ ਹੋਣੀ ਕਿਉਂਕਿ ਮੰਗਲ ਪਾਂਡੇ ਦੇ ਵਿਚਾਰ ਕੂਕਿਆਂ ਤੋਂ ਵੱਖਰੇ ਸਨ ਤੇ ਗ਼ਦਰੀਆਂ ਦੇ ਵਿਚਾਰ ਕਿਸੇ ਪੱਖ ਤੋਂ ਕੂਕਿਆਂ ਨਾਲੋਂ ਵੱਖ ਹੋ ਸਕਦੇ ਸਨ। ਪਰ ਫਰੰਗੀਆਂ ਦੇ ਫੰਦਿਆਂ ਕਸਕ ਤੇ ਜਰਕ ਤਾਂ ਸਭ ਲਈ ਉਹੀ ਸੀ ਕਿਉਂਕਿ ਇਹ ਸਭ ਤਹਿਰੀਕਾਂ ਵੀ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਸਨ। ਉਹਨਾਂ ਦਾ ਸਭ ਨਾਲ ਨਜਿੱਠਣ ਦਾ ਢੰਗ ਇਕੋ ਹੀ ਸੀ। ਫਾਂਸੀਆਂ ਦੇਣ ਪਿੱਛੇ ਫਰੰਗੀਆਂ ਦਾ ਏਹੀ ਫਲਸਫਾ ਸੀ।
ਵਰਤਮਾਨ ਸਥਿਤੀਆਂ ਦੇ ਸੰਦਰਭ ਵਿਚ ਜੇ ਦੇਖਿਆ ਜਾਵੇ ਤਾਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਹਕੂਮਤਾਂ ਦੁਆਰਾ ਦੀ ਆਪਣੇ ਖਿਲਾਫ ਉੱਠਣ ਵਾਲੀਆਂ ਤਹਿਰੀਕਾਂ ਖਿਲਾਫ ਸਭ ਨਾਲ ਇੋਕ ਢੰਗ ਨਾਲ ਨਜਿੱਠਦੀ ਹੈ। ਜਿਵੇਂ ਅਸਾਮ ਸਮੱਸਿਆ ਪੰਜਾਬ ਨਾਲੋਂ, ਪੰਜਾਬ ਸਮੱਸਿਆ ਕਸ਼ਮੀਰ ਸਮੱਸਿਆ ਨਾਲੋਂ ਭਿੰਨ ਹੋ ਸਕਦੀ ਹੈ। ਉਹਨਾਂ ਦੇ ਲੜਨ ਦੇ ਦਾਅ ਪੇਚ-ਢੰਗ ਤਰੀਕੇ ਵੱਖ ਹੋ ਸਕਦੇ ਹਨ। ਭਾਰਤੀ ਹਕੂਮਤ ਦੀ ਇਹਨਾਂ ਨਾਲ ਨਜਿੱਠਣ ਵਾਲੀ ਨੀਤੀ ਦੀ ਜਾਤੀ ਵਿਚੋਂ ਨਿਕਲਣ ਵਾਲੀ ਗੋਲੀ ਇਕੋ ਹੀ ਹੈ। ਹਕੂਮਤੀ ਮਾਨਸਿਕਤਾ ਸਮੱਸਿਆਵਾਂ ਕਿਉਂ ਉੱਠੀਆਂ? ਦੇ ਨੁਕਤੇ ਨਿਗਾਹ ਤੇ ਧਿਆਨ ਕੇਂਦਰਤ ਕਰਨ ਦੀ ਬਜਾਏ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ ਇਸਤੇ ਵੱਧ ਕੇਂਦਰਤ ਹੁੰਦੀ ਹੈ। ਸਰਕਾਰਾਂ ਦੀ ਨਜਿੱਠਣ ਨੀਤੀ ਦੋ ਪੈਦਾ ਹੋਏ ਬਖੇੜਿਆਂ ਨੂੰ ਸਮੇਟਣ ਦੀ ਸਮੱਸਿਆ ਦੋ ਤਹਿਰੀਕਾਂ ਦਾ ਮੂਲ ਉਦੇਸ਼ ਸਕੈਂਡਰੀ ਹੋ ਜਾਂਦਾ ਹੈ ਤੇ ਨਜਿੱਠਣ ਨੀਤੀ ਦੋ ਕਾਰਕੁੰਨਾਂ ਤੇ ਪਾਏ ਕੌਮ ਤੇ ਵਧੀਕਿਆਂ ਨੂੰ ਵਾਪਸ ਲੈਣ ਦੀ ਮੱਤ ਪ੍ਰਾਇਮਰੀ ਹੋ ਜਾਂਦੀ ਹੈ।
ਉਦਾਹਰਣ ਵਜੋਂ ਪੰਜਾਬ ਵਿਚ ਰਾਜਾ ਨੂੰ ਵੱਖ ਅਧਿਕਾਰਾਂ ਦੀ ਮੰਗ ਲੈ ਕੇ ਪਾਣੀ ਦੀ ਢੁਕਵੀਂ ਦੰਡ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ-ਰਾਜਧਾਨੀ ਦੇਣ ਦੀਆਂ ਅਜਿਹੀਆਂ ਮੰਗਾਂ ਲਈ ਕਪੂਰੀ ਨਹਿਰ ਤੋਂ ਲੱਗਾ ਮੋਰਚਾ ਧਰਮ ਯੁੱਧ, ਦੋ ਫਿਰਕੂ ਤੁਅੱਸਬ ਦਾ ਸ਼ਿਕਾਰ ਹੁੰਦਾ ਹੋਇਆ ਸਾਕਾ ਨੀਲਾ ਤਾਰਾ ਤੇ ਫਿਰ 1984 ਦੇ ਘੱਲੂਘਾਰੇ ਨੂੰ ਸਿਰਜ ਗਿਆ। ਇਸ ਤੋਂ ਬਾਅਦ ਤਹਿਰੀਕ ਵੱਧ ਅਧਿਕਾਰ ਜਾਂ ਪਾਣੀਆਂ ਦੀ ਵੰਡ ਵਾਲੀ ਮੰਗ ਦੇ ਮੁੱਖ ਮੁੱਦੇ ਤੋਂ ਥਿੜਕ ਕੇ ਵੱਖ ਦੌਰਾਂ ਵਿਚ ਸੁਰੱਖਿਆ ਦਸਤਿਆਂ ਵਲੋਂ ਕੀਤੀਆਂ ਜ਼ਿਆਦਤੀਆਂ, ਨਜ਼ਰਬੰਦੀਆਂ ਤੇ ਧਰਮੀ ਫੌਜੀਆਂ ਦੇ ਮਾਮਲੇ ਤੇ 1984 ਦੇ ਦੰਗਾਂ ਪੀੜਤਾਂ ਦੇ ਮੁੱਲ ਵਸੇਬੇ ਜਾਂ ਉਸ ਸਮੇਂ ਦੇ ਜ਼ੁੰਮੇਵਾਰ ਸਿਆਸੀ ਅਕਾਵਾਂ ਨੂੰ ਕਾਨੂੰਨੀ ਸਜ਼ਾ ਦੇਣ ਦੀਆਂ ਮੰਗਾਂ ਤੇ ਕੇਂਦਰਤ ਹੋ ਗਿਆ ਤੇ ਪ੍ਰਾਪਤੀ ਸਿਵਾਏ ਜ਼ਖਮਾਂ ਦੇ ਕੁਝ ਵੀ ਨਹੀਂ। ਅੱਜ ਪੰਜਾਬ ਦੇ ਮਾਹੌਲ ਤੇ ਫੰਦਿਆਂ ਦਾ ਪ੍ਰਛਾਵਾ ਇਹਨਾਂ ਹੀ ਘਟਨਾ ਦੀ ਉਪਜ ਹੈ।
ਇਹਨਾਂ ਜ਼ਿਆਦਤੀਆਂ ਨੂੰ ਕੌਮਾਂਤਰੀ ਪੱਧਰ ਤੇ ਉਭਾਰਨ ਲਈ ਵੈਦਿਆ ਕਤਲ ਕਾਂਡ ‘ਚ ਫਾਂਸੀ ਲੱਗ ਚੁੱਕੇ ਸੁਖਦੇਵ ਬੱਬਰ ਤੇ ਹਰਜਿੰਦਰ ਜਿੰਦਾ ਦੀਆਂ ਉਸ ਸਮੇਂ ਲਿਖੀਆਂ ਤੇ ਅਖ਼ਬਾਰਾਂ ‘ਚ ਪ੍ਰਕਾਸ਼ਤ ਹੋਈਆਂ ਚਿੱਠੀਆਂ ਨੇ ਫਾਂਸੀ ਦੇ ਤਖਤੇ ਨੂੰ ਮੌਤ ਦਾ ਖੋਫ ਕੱਢ ਕੇ ਇਕ ਮੰਚ ਵਜੋਂ ਵਰਤਿਆ। ਪਿਛਲੇ ਸਾਲ ਤੋਂ ਬਲਵੰਤ ਸਿੰਘ ਰਾਜੋਆਣਾ ਨੇ ਵੀ ਆਪਣੀਆਂ ਚਿੱਠੀਆਂ ਰਾਹੀਂ ਜਾਂ ਅਦਾਲਤੀ ਪੇਸ਼ੀਆਂ ਰਾਹੀਂਆਂ ਉਪਰੋਕਤ ਦੌਰ ਦੀਆਂ ਘਟਨਾਵਾਂ ‘ਚੋਂ ਪ੍ਰਤੀਕਿਰਿਆ ਜਾਹਰ ਕਰਕੇ ਇਸੇ ਦਿਸ਼ਾ ਵੱਲ ਆਪਣੇ ਵਿਚਾਰ ਰੱਖੇ ਹਨ। ਉਸਨੇ ਕਿਸੇ ਰਹਿਮ ਲਈ ਵੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ। … ਦੀਆਂ ਅਦਾਲਤੀ ਪੇਸ਼ੀਆਂ ਦੌਰਾਨ ਵੀ ਅਖਬਾਰਾਂ ਨੇ ਉਹਨਾਂ ਦੇ ਬਿਆਨਾਂ ਨੂੰ ਛਾਪਿਆ ਹੈ। ਇਹਨਾਂ ਨੇ ਆਪਣੀਆਂ ਫਾਂਸੀਆਂ ਦੇ ਫੰਦਿਆਂ ਹੇਠੋਂ ਆਪਣੀ ਸੋਚ ਦਾ ਫਲਸਫਾ ਦਿੱਤਾ ਹੈ। 1984 ਦੇ ਸ਼ੌਕ ਨੇ ਹਜ਼ਾਰਾਂ ਲੋਕਾਂ ਦੇ ਕਾਤਲਾਂ ਦਾ ਬੇ-ਲਗਾਮ ਫਿਰਕਾ ਤੇ ਉਹਨਾਂ ਤੇ ਕੋਈ ਵੀ ਆਚ ਨਾ ਆਉਣ ਦੀ ਉਠਾਈ ਉਂਗਲ ਨਿਆ ਪਾਲਕਾ ਦੇ ਪੱਖਪਾਤੀ ਰਵੱਈਏ ਤੇ ਉਠਾਈ ਗਈ ਉਂਗਲ ਹੈ। ਪ੍ਰੋ. ਦਵਿੰਦਰ ਸਿੰਘ ਭੁੱਲਰ ਦੇ ਕੇਸ ਦਾ ਫੈਸਲਾ ਆ ਚੁੱਕਾ ਹੈ। ਪਿਛਲੇ ਮਹੀਨੇ ਬਲਵੰਤ ਸਿੰਘ ਰਾਜੋਆਣਾ ਨੂੰ ਜ਼ੇਲ ਤਬਦੀਲ ਕਰਕੇ ਫਾਂਸੀ ਦੇਣ ਦੇ ਖਬਰ ਵੀ ਅਖਬਾਰਾਂ ਵਿਚ ਆਈ। ਫਿਰ ਸਪੱਸ਼ਟੀਕਰਨ ਛਪੇ। ਭੁੱਲਰ ਬਾਰੇ ਸਪੱਸ਼ਟ ਹੈ ਕਿ ਉਹ ਮਾਨਸਿਕ ਪੱਖੋਂ ਬਿਮਾਰ ਹੈ ਤੇ ਹਸਪਤਾਲ ਵਿਚ ਜੇਰੇ-ਇਲਾਜ਼ ਹੈ। ਬੀਮਾਰ ਆਦਮੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਦੋਹਾਂ ਮਾਮਲਿਆਂ ਵਿਚ ਅਨਿਸੂਚਤਾ ਵੀ ਹੈ ਤੇ ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ। ਦੋਵੇਂ ਸੰਭਾਵਨਾਵਾਂ ਬਰਾਬਰ-ਬਰਾਬਰ ਹਨ। ਸਤ ਕਦੇ ਨਹੀਂ ਚਾਹੇਗੀ ਕਿ ਅਜਿਹੇ ਸ਼ਖਸ਼ ਲੋਕਾਂ ਦੇ ਚਹੇਤੇ ਬਣਨ। ਅਜਿਹੇ ਸ਼ਖਸ਼ਾਂ ਤੇ ਦੋਸ਼ ਲਗਾ ਕੇ, ਮੁਜ਼ਰਮ ਬਣਾ ਕੇ ਉਹ ਹਰ ਹੀਲੇ ਖਤਮ ਕਰੇਗੀ। ਉਹਨਾਂ ਦੀਆਂ ਰਹਿਮ ਦੀਆਂ ਅਪੀਲਾਂ ਨੂੰ ਠੁਕਰਾਉਂਦੀ ਹੈ ਤੇ ਠੁਕਰਾਏਗੀ ਵੀ। ਭੁੱਲਰ ਦਾ ਕੇਸ ਅਜਿਹਾ ਕੇਸ ਹੈ ਜਿਸਦਾ ਕੋਈ ਚਸ਼ਮਦੀਦ ਗਵਾਹ ਨਹੀਂ ਹੈ ਤੇ ਸਿਰਫ ਬਿਆਨਾਂ ਦੇ ਅਧਾਰਤ ਸਜ਼ਾ ਦਿੱਤੀ ਜਾ ਰਹੀ ਹੈ। ਇਹ ਸਜ਼ਾ ਦੇ ਕੇ ਉਹ ਸਤਾਧਾਰੀਆਂ ਨੂੰ ਨਾਇਕ ਬਣਾਉਣਾ ਲੋਚਦੀ ਹੈ। ਇਤਿਹਾਸ ਦੀ ਦ੍ਰਿਸ਼ਟੀ ਵਿਚ ਨਾਇਕ ਕੌਣ ਹੈ? ਖਲਨਾਇਕ ਕੌਣ ਹੈ ਇਸਦਾ ਫੈਸਲਾ ਤਾਂ ਵਕਤ ਕਰੇਗਾ। ਫਿਲਹਾਲ, ਸਤ ਸ਼ਕਤੀ ਪੰਜਾਬ ਦੀ ਅਣਖ-ਆਬਰੂ ਵਾਲੀ ਭਾਵਨਾ ਨੂੰ, ਪੰਜਾਬ ਦੀ ਵਿਰਾਸਤ ਨੂੰ ਐਨੀ ਢਾਹ ਲਗਾ ਚੁੱਕੀ ਹੈ ਜਿਸਦੀ ਭਰਪਾਈ ਲਈ ਕਈ ਦਹਾਕੇ ਵੀ ਥੋੜੇ ਹਨ। ਜਿਸ ਕਦਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਧੱਕਿਆ ਜਾ ਚੁੱਕਾ ਹੈ। ਸਮਾਜਿਕ ਰਿਸ਼ਤਿਆਂ ਨੂੰ ਲੱਚਰਤਾ ਦੇ ਚਿੱਕੜ ਵਿਚ ਡਬੋਇਆ ਜਾ ਚੁੱਕਾ ਹੈ। ਇਸ ਗੁਨਾਹ ਦੀ ਸਜ਼ਾ (84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਂਗ) ਕਿਹੜੀ ਨਿਆ ਪਾਲਕਾ ਸਜ਼ਾ ਦੇਵੇਗੀ। ਪੰਜਾਬੀਆਂ ਦੀ ਇਖਲਾਕੀ ਮੌਤ ਉਸ ਪੰਜਾਬ ਨੂੰ ਜੋ ਕਿਸੇ ਸਮੇਂ ਗੈਰਤ ਭੁਜਾ-ਖੜਮ ਭੁਜਾ ਅਖਵਾਉਂਦਾ ਸੀ ਉਸਨੂੰ ਭਵਿੱਖ ਦੀ ਕਿਸੇ ਵੀ ਯੁੱਗਗਰਦੀ ਤੋਂ ਵਾਂਝੇ ਕਰ ਚੁੱਕੀ ਹੈ। ਅਸੀਂ ਸੂਲੀ ਚੜਨ ਵਾਲਿਆਂ ਨੂੰ ਇੰਜ ਹੀ ਦੇਖਦੇ ਰਹਾਂਗੇ ਜਾਂ ਦੋ-ਚਾਰ ਦਿਨ ਦਾ ਬੰਦ ਕਰਕੇ ਸਾੜ-ਫੂਕ ਕਰਕੇ ਜਾਂ ਪੁਤਲੇ ਸਾੜ ਕੇ ਆਪਣਾ ਗੁੱਸਾ ਖਾਰਜ ਕਰਕੇ ਘਰੇ ਬੈਠ ਜਾਵਾਂਗੇ। ਸਤ ਨਾਲ ਜੁੜੇ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕ ਜਾਣਗੇ। ਜਿਵੇਂ ਇਤਿਹਾਸ ਵਿਚ ਇਹ ਪੜਇਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਨੇ ਭਗਤ ਸਿੰਘ ਹੋਰਾਂ ਨੂੰ ਫਾਂਸੀ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਦੂਸਰੇ ਪਾਸੇ ਉਹਨਾਂ ਦੀ ਉਸ ਸਮੇਂ ਦੀ ਅੰਗਰੇਜ਼ਾਂ ਨੂੰ ਕੀਤੀ ਨਸੀਹਤ ਵੀ ਇਤਿਹਾਸ ਦੀ ਬੁੱਕਲ ਵਿਚ ਪਈ ਹੈ ਕਿ ਜੇ ਇਹਨਾਂ ਛੋਕਰਿਆਂ ਨੂੰ ਫਾਂਸੀ ਦੇਣੀ ਹੈ ਤਾਂ ਕਰਾਦੀ ਸੈਸ਼ਨ ਤੋਂ ਪਹਿਲਾਂ 2 ਲਗਾ ਦਿੱਤੀ ਜਾਵੇ। ਉਸ ਤਰ ਅੱਜ ਦੇ ਸਿਆਸਤਦਾਨ ਵੀ ਕਹਿ ਸਕਦੇ ਹਨ ਕਿ ਉਹਨਾਂ ਭੁੱਲਰ ਦੀ ਜਾਂ ਰਾਜੋਆਣਾ ਦੀ ਫਾਂਸੀ ਬਦਲਣ ਲਈ ਉਪਰ ਤੱਕ ਰਸਾਈ ਕੀਤੀ। ਉਹ ਕਹਿ ਸਕਦੇ ਹਨ ਕੀ ਕਰੀਏ ਜਿਵੇਂ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀ ਕਿ ਰਾਜੋਆਣਾ ਦੀ ਸਜਾਏ ਮੌਤ ਤੇ ਜੋ ਰੋਕ ਲੱਗਦੀ ਹੈ ਤਾਂ ਉਹਨਾਂ ਨੂੰ ਕੋਈ ਉਜਰ ਨਹੀਂ। ਅਸੀਂ ਐਨਾ ਹੀ ਕਰ ਸਕਦੇ ਸੀ। ਅਜਿਹਾ ਕੁਝ ਸੁਖਦੇਵ ਬੱਬਰ ਤੇ ਹਰਜਿੰਦਰ ਜਿੰਦਾ ਦੀ ਫਾਂਸੀ ਸਮੇਂ ਅਤੇ ਸਤਵੰਤ ਸਿੰਘ ਕੇਹਰ ਸਿੰਘ ਦੀ ਫਾਂਸੀ ਸਮੇਂ ਵੀ ਹੋਇਆ ਸੀ।
ਦੁਨੀਆਂ ਦੇ 117 ਮੁਲਕ ਫਾਂਸੀ ਦੀ ਸਜ਼ਾ ਖਤਮ ਕਰ ਚੁੱਕੇ ਹਨ। ਸਾਡੀ 67 ਸਾਲ ਦੀ ਅਜ਼ਾਦੀ ਦੇ ਸਫ਼ਰ ਤੇ ਸਾਡੇ ਸਿਆਸਤਦਾਨ ਭਾਵੇਂ ਲੱਖ ਦਾਅਵੇ ਕਰਨ ਕਿ ਅਸੀਂ ਬਹੁਤ ਵਿਆਸ ਕਰ ਲਿਆ ਹੈ। ਅਸੀਂ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰ ਲਿਆ ਹੈ। ਪਰ ਬੌਧਿਕਤਾ ਪਖੋਂ ਸਾਡੀ ਮਾਨਸਿਕਤਾ ਅਜੇ ਵੀ ਰੂੜੀਵਾਦੀ ਪਰੰਪਰਾਵਾਂ ਤੇ ਕੇਂਦਰਤ ਹੈ। ਵਿਕਾਸ ਦਾ ਅਧਾਰ ਤਾਂ ਮਨੁੱਖੀ ਬਰਾਬਰੀ ਹੁੰਦੀ ਹੈ। ਪਰ ਅਸੀਂ ਬਰਾਬਰੀ ਵਾਲਾ ਟੀਚਾ ਪ੍ਰਾਪਤ ਨਹੀਂ ਕਰ ਸਕੇ। ਜਦੋਂ ਤਕੜੀ ਧਿਰ ਕਮਜ਼ੋਰ ਨੂੰ ਦਬਾਕੇ ਰੱਖੇ ਤਾਂ ਬਰਾਬਰੀ ਕਿੱਥੇ ਰਹਿ ਗਈ? ਪੁਰਾਤਨ ਸਮਾਜ ਵਿਚ ਇਹ ਸਜ਼ਾ ਮੌਜੂਦ ਸੀ, ਉਸ ਸਮੇਂ ਰਾਜਸ਼ਾਹੀ ਦੌਰ ਸੀ। ਰਾਜੇ ਦੀ ਮੌਜੂਦਗੀ ‘ਚ ਵਿਰੋਧੀ ਦਾ ਸਿਰ ਕਲਮ ਕੀਤਾ ਸੀ। ਇਹ ਕਿਰਿਆ ਤਲਵਾਰ ਦੇ ਵਾਰ ਨਾਲ ਜਾਂ ਉਚਾਈ ਤੋਂ ਤਿੱਖਾ ਜਾਂ ਭਾਰਾ (ਕਰਾਹੇ ਵਰਗਾ) ਲੋਹੇ ਦਾ ਤਿੱਖਾ ਬਲੇਡ ਸੁੱਟ ਕੇ ਸਿਰ ਕਲਮ ਕੀਤਾ ਜਾਂਦਾ ਸੀ। ਫਾਂਸੀ ਦੇ ਕੇ ਬਾਗੀਆਂ ਦੀਆਂ ਖੱਲਾਂ ਵਿਚ ਫੂਸ ਭਰਕੇ ਲਟਕਾਇਆ ਜਾਂਦਾ ਸੀਜਿਵੇਂ ਮੁਗਲ ਹਕੂਮਤ ਨੇ ਦੁੱਲੇ ਭੱਟੀ ਦੇ ਵੱਡੇ-ਵਡੇਰਿਆਂ ਨਾਲ ਕੀਤਾ ਸੀ। ਅੱਜ ਦੀ ਖਾੜੀ ਮੁਲਕਾਂ ਵਿਚ ਦੋਸ਼ੀਆਂ ਨੂੰ ਚੌਰਸਤੇ ਵਿਚ ਫਾਂਸੀ ਦਿੱਤੀ ਜਾਂਦੀ ਹੈ। ਸਤੀ ਦੀ ਰਸਮ ਸਮੇਂ ਤਾਂ ਲੋਕ ਧਾਰਮਿਕ ਆਸਥਾ ਕਾਰਨ ਸਤੀ ਵਰਗੀ ਕਸਮ ਨੂੰ ਬੜਾ ਨੇੜਿਓਂ ਦੇਖਦੇ ਸਨ। ਇਹ ਵੀ ਤਾਂ ਕਰੂਰਤਾ ਭਰਿਆ ਮੰਜ਼ਰ ਹੁੰਦਾ ਸੀ। ਬਲੀ ਦੇਣ ਦਾ ਤਰੀਕਾ ਵੀ ਬੜਾ ਅਣਮਨੁੱਖੀ ਹੁੰਦਾ ਸੀ। ਉਸੇ ਯੁੱਗ ਦੀ ਤੁਰੀ ਆਉਂਦੀ ਫਾਂਸੀ ਪ੍ਰੰਪਰਾ ਨੂੰ ਅਸੀਂ ਉਸੇ ਤਰ•ਾਂ ਅਪਣਾਈ ਬੈਠੇ ਹਾਂ। ਇਸ ਸਜ਼ਾ ਦੇ ਹਾਮੀ ਇਹ ਦਲੀਲ ਦਿੰਦੇ ਹਨ ਕਿ ਸਖਤ ਸਜ਼ਾਵਾਂ ਕਾਰਨ ਅਪਰਾਧ ਘੱਟਦੇ ਹਨ। ਇਸਦਾ ਜਵਾਬ ਕਿ ਇਕ ਘਟਨਾ ਦੀ ਉਦਾਹਰਣ ਦੇ ਕੇ ਸਪੱਸ਼ਟ ਕਰਾਂਗੇ ਕਿ ਦਸੰਬਰ 12 ਵਿਚ ਭਾਰਤ ਦੀ ਰਾਜਧਾਨੀ ਵਿਚ ਇਕ ਲੜਕੀ ਨਾਲ ਬਲਾਤਕਾਰ ਹੁੰਦਾ ਹੈ। ਮੀਡੀਏ ਵਲੋਂ ਇਹ ਘਟਨਾ ਪੇਸ਼ ਕਰਨ ਤੇ ਸਾਰੇ ਦੇਸ਼ ਵਿਚ ਵਿਰੋਧ ਉੱਠਦਾ ਹੈ। ਦੋਸ਼ੀ ਫੜੇ ਜਾਂਦੇ ਹਨ। ਇਕ ਦੋਸ਼ੀ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ। ਪਰ ਕੀ ਬਲਾਤਕਾਰ ਦੀਆਂ ਘਟਨਾਵਾਂ ਰੁੱਕ ਗਈਆਂ। ਜੇ ਸਜ਼ਾ ਦਾ ਡਰ ਹੁੰਦਾ ਤਾਂ ਇਹ ਘਟਨਾਵਾਂ ਨਾ ਵਾਪਰਦੀਆਂ। ਪਰ ਇਸਦੇ ਉਲਟ ਭਾਰਤ ਦੀ ਉਸੇ ਰਾਜਧਾਨੀ ਤੇ ਹੋਰ ਸੂਬਿਆਂ ਵਿਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਤੇ ਅੰਦਾਜ਼ੇ ਦੱਸਦੇ ਹਨ ਕਿ ਸਾਲ 2012 ਵਿਚ ਦੇਸ਼ ਭਰ ਵਿਚ ਸਵਾ ਲੱਖ ਦੇ ਕਰੀਬ ਇਹ ਘਟਨਾਵਾਂ ਵਾਪਰੀਆਂ। ਦੂਸਰੇ ਪਾਸੇ ਮੌਤ ਦੀ ਸਜ਼ਾ ਖਤਮ ਕਰਨ ਵਾਲੇ 117 ਦੇਸ਼ ਆਂਕੜੇ ਦੇ ਰਹੇ ਹਨ ਕਿ ਉਹਨਾਂ ਮੁਲਕਾਂ ਵਿਚ ਅਪਰਾਧ ਦਰ ਵਿਚ ਕਮੀ ਆਈ ਹੈ। ਫਿਰ ਫਰਕ ਕਿੱਥੇ ਹੈ? ਦਰਅਸਲ ਉਹਨਾਂ ਦੇਸ਼ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਬੌਧਿਕ ਪੱਖੋਂ ਮਜ਼ਬੂਤ ਕੀਤਾ। ਮਨੁੱਖੀ ਕਦਰਾ ਕੀਮਤਾਂ ਨਾਲ ਜੋੜਿਆ। ਜਦਕਿ ਸਾਡੀਆਂ ਹਕੂਮਤਾਂ ਦਾ ਤਾਂ ਲੋਕਾਂ ਦਾ ਬੌਧਿਕ ਵਿਕਾਸ ਕਰਨਾ ਏਜੰਡਾ ਹੀ ਨਹੀਂ ਹੈ। ਦੁੱਕੀ ਤਿੱਕੀ ਸਿਆਸਦਾਨ ਆਪਣੀ ਬੇਟੀ ਦੀ ਇੱਜ਼ਤ ਬਚਾ ਰਹੇ ਠਾਣੇਦਾਰ ਦਾ ਕਤਲ ਕਰ ਜਾਂਦੇ ਹਨ। ਸੜਕਾਂ ਕਿਨਾਰੇ ਖੋਖੇ ਰੱਖ ਕੇ ਨਸ਼ਿਆਂ ਦੀਆਂ ਦੁਕਾਨਾਂ ਵਧਾ ਰਹੇ ਹਨ ਤੇ ਸਕੂਲ ਘਟਾ ਰਹੇ ਹਨ ਜਾਂ ਉਹਨਾਂ ਨੂੰ ਵਪਾਰਕ ਹੱਬ ਬਣਾਉਣ ਵਲ ਵਧ ਰਹੇ ਹਨ। ਚੈਨਲ ਲੱਚਰਤਾ ਪਰੋਸ ਕੇ ਔਰਤਾਂ ਉਪਰ ਹੋਣ ਵਾਲੇ ਲਿੰਗਕ ਅਪਰਾਧਾਂ ਦਾ ਇਜ਼ਾਫਾ ਕਰਨ ਦਾ ਅਧਾਰ ਬਣ ਰਹੇ ਹਨ। ਇਸ ਪਾਸੇ ਨਾ ਕਾਰਜਪਾਲਕਾ ਨਾ ਵਿਧਾਨਪਾਲਕਾ ਤੇ ਨਾ ਨਿਆਪਾਲਕਾ ਕਾਰਜਸ਼ੀਲ ਹੈ।
ਦੂਸਰੇ ਪਾਸੇ ਸਾਡਾ ਅਵਾਮ ਦੋਹਰੀ ਮਾਨਸਿਕਤਾ ਦਾ ਸ਼ਿਕਾਰ ਹੈ। ਇਕ ਪਾਸੇ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ। ਜਿਵੇਂ ਅਸੀਂ 1984 ਦੇ ਦੰਗਿਆਂ ਦੇ ਦੋਸ਼ੀਆਂ ਲਈ ਜਾਂ ਦਿੱਲੀ ‘ਚ ਗੈਰਰੇਪ ਦਾ ਸ਼ਿਕਾਰ ਹੋਈ ਲੜਕੀ ਦੇ ਦੋਸ਼ੀਆਂ ਲਈ ਇਹ ਸਜ਼ਾ ਦੀ ਮੰਗ ਹੋਈ ਜਾਂ ਲੋਕ-ਲਹਿਰਾਂ ਦੇ ਹਕੂਮਤਾਂ ਹੱਥੋਂ ਹੁੰਦੇ ਆਗੂਆਂ ਦੇ ਕਤਲਾਂ ਦੇ ਦੋਸ਼ੀ ਪੁਲੀਸਥਾਨਿਆਂ ਲਈ ਅਸੀਂ ਇਹ ਮੰਗ ਕਰਨ ਲੱਗ ਪੈਂਦੇ ਹਾਂ। ਦੂਸਰੇ ਪਾਸੇ ਅਜਿਹੇ ਮਸਲਿਆਂ ਵਿਚ ਅਸੀਂ ਫਾਂਸੀ ਦੀ ਸਜ਼ਾ ਦੇ ਵਿਰੋਧੀ ਜਾਂ ਖਤਮ ਕਰਵਾਉਣ ਦੇ ਸਮਰਥਕ ਬਣਨਾ ਠੀਕ ਸਮਝਦੇ ਹਾਂ। ਅੱਜ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਆਪ ਵਿਰੋਧ-ਭਾਸ ‘ਚੋਂ ਬਾਹਰ ਨਿਕਲੀਏ। ਇਸ ਧਾਰਨਾ ਦੇ ਸਮਰਥਕ ਬਣੀਏ ਕਿ ਦੇਸ਼ ਵਿਚੋਂ ਫਾਂਸੀ ਦੀ ਸਜ਼ਾ ਮੁਕੰਮਲ ਤੌਰ ਤੇ ਖਤਮ ਕੀਤੀ ਜਾਵੇ ਜਾਂ ਇਸਦਾ ਢੰਗ-ਤਰੀਕਾ ਬਦਲਿਆ ਜਾਵੇ। ਪਰ ਮੌਤ ਦੀ ਸਜ਼ਾ ਤਾਂ ਮੌਤ ਹੈ। ਮਨੁੱਖ ਕੋਲੋਂ ਜਿਊਣ ਦਾ ਹੱਕ ਖੋਹਣਾ ਇਕ ਕਾਹਲ ਦੀ ਇੰਜ ਕਰਦਾ ਹੈ ਤੇ ਜੇ ਕਾਨੂੰਨ ਦੀ ਇੰਜ ਕਰਦਾ ਹੈ ਤਾਂ ਫਿਰ ਦੋਹਾਂ ਵਿਚ ਕੀ ਫਰਕ ਰਹਿ ਗਿਆ? ਜੇ ਜ਼ਿੰਦਗੀ ਕੁਦਰਤ ਦੀ ਅਮਾਨਤ ਹੈ ਤਾਂ ਇਹ ਜਨਮ ਲੈਣ ਦਾ ਹੱਕ ਵੀ ਹਕੂਮਤ ਸਤਾ ਪ੍ਰਾਪਤੀ ਲਈ ਜਾਂ ਕਾਇਣ ਰੱਖਣ ਲਈ 1984 ਵਰਗੇ ਘੱਲੂਘਾਰੇ ਨਾ ਸਿਰਜੇ, ਜਿਹਨਾਂ ਹਰ ਇਕ ਲਈ ਹੋਵੇ ਤੇ ਇਸਨੂੰ ਪੈਸੇ ਦੀ ਤਾਕਤ ਪ੍ਰਭਾਵਤ ਨਾ ਕਰ ਸਕੇ। ਆਰਥਿਕ ਸਮਾਜਿਕ ਬਰਾਬਰੀ, ਗਰੀਬੀ, ਭ੍ਰਿਸ਼ਟਾਚਾਰ ਖਤਮ ਕਰਕੇ ਹੀ ਜੁਰਮ ਘਟਾਏ ਜਾ ਸਕਦੇ ਹਨ। ਫੌਜ ਜਾਂ ਪੁਲੀਸ ਆਮ ਲੋਕਾਂ ਤੇ ਸ਼ੱਕ ਅਧਾਰਤ ਜਾਂ ਜਾਣ ਬੁੱਝ ਕੇ ਜ਼ਿਆਦਤੀਆਂ ਨਾ ਕਰੇ ਜਿਵੇਂ ਲਾਅ ਐਂਡ ਆਰਡਰ ਦੀ ਆਨ ‘ਚ ਜੰਮੂ ਕਸ਼ਮੀਰ, ਪੰਜਾਬ, ਅਸਾਮ ਜਾਂ ਗਰੀਨ ਹੰਟ ਦੇ ਨਾਂ ਹੇਠ ਆਦਿਵਾਸੀਆਂ ਤੇ ਹੋ ਚੁੱਕਾ ਹੈ।
ਇਸ ਮਸਲੇ ਦੀਆਂ ਬੜੀਆਂ ਪਰਤਾਂ ਹਨ ਜਿੰਨਾਂ ਦੀ ਤਹਿ ਤੱਕ ਜਾ ਕੇ ਹੀ ਫਾਂਸੀ ਦੇ ਫੰਦਿਆਂ ਤੋਂ ਨਿਯਾਤ ਪਾਈ ਜਾ ਸਕਦੀ ਹੈ।

ਕੰਧੇੜੇ ਚੁੱਕੀ ਜ਼ਿੰਦਗੀ

  • ਗੁਰਮੇਲ ਸਿੰਘ ਬੌਡੇ

ਵਾਇਰਲੈਸ ਰੂਮ ‘ਚੋਂ ਸੂਬੇਦਾਰ ਬਿੱਕਰ ਸਿੰਘ ਸਿੱਧੂ ਬਹੁਤ ਹੀ ਘਬਰਾਹਟ ਨਾਲ ਹਾਈਕਮਾਂਡ ਦਾ ਟੈਲੀਗ੍ਰਾਫ ਤੇ ਆਇਆ ਗੁਪਤ ਸੰਦੇਸ਼ ਲੈ ਕੇ ਨਿਕਲਿਆ। ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਕਮਾਂਡਰ ਇਨ ਚੀਫ ਅਜਿਹਾ ਫੈਸਲਾ ਲੈ ਸਕਦਾ ਹੈ। ਕਿਤੇ ਦੁਸ਼ਮਣ ਨੇ ਉਹਨਾਂ ਦੇ ਨੈਟਵਰਕ ਨੂੰ ਹੈਕ ਨਾਂ ਕਰ ਲਿਆ ਹੋਵੇ। ਜਾਂ ਕਿਸੇ ਸੂਹੀਏ ਦੀ ਸ਼ਰਾਰਤ ਨਾ ਹੋਵੇ। ਉਸਦੇ ਮਨ ਵਿਚ ਕਈ ਸਵਾਲ ਸਨ। ਉਹ ਕਈ ਦਿਨਾਂ ਤੋਂ ਪਾਕਿਸਤਾਨੀ ਫੌਜ ਦੀ ਨਕਲੋ-ਹਰਕਤ ਤੇ ਬਾਜ ਅੱਖ ਰੱਖ ਰਹੇ ਸਨ। ਉਹਨਾਂ ਆਪਣੇ ਵਲੋਂ ਕੇਂਦਰੀ ਕਮਾਂਡ ਨੂੰ ਰੀਪੋਰਟ ਵੀ ਕਰ ਰਹੇ ਸਨ ਕਿ ਪਾਕਿਸਤਾਨੀ ਫੌਜ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ। ਪਰ ਕੇਂਦਰੀ ਕਮਾਂਡ ਦਾ ਟੈਲੀਗ੍ਰਾਫਕ ਪਰਵਾਨਾ ਤਾਂ ਹਮਲੇ ਤੋਂ ਪਹਿਲਾਂ ਹੀ ਦੁਸ਼ਮਣ ਦੀ ਫੌਜ ਨੂੰ ਅੱਧੇ ਪੰਜਾਬ ਵਿਚ ਵਾੜਨ ਦਾ ਖੁਦਕਸ਼ੀ ਕਰਨ ਵਰਗਾ ਫੈਸਲਾ ਸੀ। ਇਤਿਹਾਸ ਦਾ ਅਜਿਹਾ ਫੈਸਲਾ ਤਾਂ ਲੋਧੀ ਖਾਨਦਾਨ ਨੇ ਬਾਬਰ ਨੂੰ ਦਿੱਤਾ ਸੀ। ਇਹਨਾਂ ਸਵਾਨਾਂ ਦੀ ਉਧੇੜ ਬੁਣ ਵਿਚ ਸੂਬੇਦਾਰ ਬਿੱਕਰ ਸਿੰਘ ਕਰਨਲ ਗੁਰਬਖਸ਼ ਸਾਹਮਣੇ ਪੇਸ਼ ਹੋਇਆ। ਦੋਵੇਂ ਅੱਡੀਆਂ ਜੋੜ ਕੇ ਸਲੂਟ ਮਾਰਿਆ। ਕਮਾਂਡਰ ਇਨ ਚੀਫ ਦਾ ਸੰਦੇਸ਼ ਉਸਦੇ ਮੇਜ਼ ਤੇ ਰੱਖਿਆ। ਸੰਦੇਸ਼ਾਂ ਪੜ•ਨ ਸਾਰ ਹੀ ਕਰਨਲ ਗੁਰਬਖਸ਼ ਸਿੰਘ ਦਾ ਚੇਹਰਾ ਰੋਹ ਤੇ ਗੁੱਸੇ ਨਾਲ ਲਾਲ ਹੋ ਕੇ ਤਪਣ ਲੱਗਾ। ਅੱਖਾਂ ਵਿਚ ਲਾਲ ਡੋਰੇ ਉੱਤਰ ਆਏ। ਉਹ ਬਿਕਰ ਸਿੰਘ ਨੂੰ ਮੁਖਾਤਬ ਹੋਏ। ”ਬਿੱਕਰ ਸਿੰਹਾਂ ਕੇਂਦਰ ਕਮਾਂਡ ਦਾ ਇਹ ਸੰਦੇਸ਼ ਪੰਜਾਬ ਦੀ ਕਬਰ ਪੁੱਟਣ ਦੇ ਤੁਲ ਹੈ। ਗੁਰੂਆਂ ਦੀ ਧਰਤੀ ਦਾ ਅਪਮਾਨ ਐ। ਮੇਰੇ ਦਸ਼ਮੇਸ਼ ਪਿਤਾ ਨੇਤੇ ਸਵਾ-ਸਵਾ ਲੱਖ ਨਾਲ ਇਕ ਲੜਾਇਆ ਸੀ। ਪਰ ਏਥੇ ਤਾਂ ਬਾਜਾਂ ਵਾਲੇ ਦੇ ਹਜ਼ਾਰਾਂ ਪੁੱਤਰ ਮੌਜੂਦ ਹਨ। ਅਸੀਂ ਅੱਧਾ ਪੰਜਾਬ ਦੁਸ਼ਮਣ ਨੂੰ ਥਾਲੀ ‘ਚ ਪਰੋਸ ਕੇ ਨਹੀਂ ਜਾ ਸਕਦੇ। ਅਸੀਂ ਏਥੇ ਹੀ ਜਾਨ ਤਲੀ ਤੇ ਰੱਖ ਕੇ ਲੜਾਂਗੇ।” ਉਹਨਾਂ ਮੇਜ਼ ਤੇ ਪਏ ਗਲਾਸ ‘ਚੋਂ ਪਾਣੀ ਦੀਆਂ ਘੁੱਟਾਂ ਭਰੀਆਂ ਤੇ ਬੋਲੇ। ”ਸੁਬੇਦਾਰ ਬਿੱਕਰ ਸਿੰਘ ਜੀ ਸਾਰੇ ਵਿੰਗਾਂ ਦੇ ਜਵਾਨਾਂ ਨੂੰ ਇਕੱਠੇ ਕਰੋ। ਫੈਸਲੇ ਦੀ ਘੜੀ ਆ ਗਈ। ਜਵਾਨਾਂ ਨਾਲ ਫੈਸਲਾ ਕਰਨਾ ਜ਼ਰੂਰੀ ਹੈ।” ਕੇਂਦਰੀ ਕਮਾਂਡ ਦੇ ਪਰਵਾਨੇ ‘ਚੋਂ ਪੈਦਾ ਹੋਈ ਤਲਖੀ ਅਜੇ ਵੀ ਬਰਕਰਾਰ ਸੀ। ”ਜੀ ਜਨਾਬ” ਕਹਿ ਸਲੂਟ ਮਾਰ ਬਿਕਰ ਸਿੰਘ ਨੇ ਵਾਇਰਲੈਸ ਰੂਮ ਵਿਚ ਆਕੇ ਸਭ ਨੂੰ ਸੁਨੇਹੇ ਲੁਆ ਦਿੱਤੇ ਕਿ ਤਿੰਨ ਕੁ ਵਜੇ ਕਰਨਲ ਸਾਹਿਬ ਜਵਾਨਾਂ ਨਾਲ ਗੱਲ ਕਰਨੀ ਚਾਹੁੰਦੇ ਹਨ। ਮਿਥੇ ਸਮੇਂ ਤੇ ਸਭ ਜਵਾਨ ਪੂਰੀ ਤਿਆਰੀ ਨਾਲ ਆ ਕੇ ਬੈਠ ਗਏ। ਕਰਨਲ ਸਾਹਿਬ ਲਈ ਮੇਜ਼ ਉਪਰ ਹਰਾ ਕੱਪੜਾ ਵਿਛਾ ਕੇ ਅਰਕਲੀ ਨੇ ਪਾਣੀ ਦਾ ਗਿਲਾਸ ਰੱਖ ਦਿੱਤਾ। ਕੁਝ ਕੁਰਸੀਆਂ ਆਹਲਾ ਅਫਸਰਾਂ ਵਾਸਤੇ ਲਗਾ ਦਿੱਤੀਆਂ। ਪੰਜ ਕੁ ਮਿੰਟਾਂ ਵਿਚ ਕਰਨਲ ਗੁਰਬਖਸ਼ ਸਿੰਘ ਆਏ। ਉਹਨੇ ਦੇ ਚੇਹਰੇ ਤੇ ਫਿਕਰਾਂ ਦੀਆਂ ਕਈ ਪਰਤਾਂ ਛਾਈਆਂ ਹੋਈਆਂ ਸਨ। ਵੱਖ ਵਿੰਗਾਂ (ਟੈਂਕ, ਤੋਪਖਾਨਾ ਤੇ ਪਿਆਦਾ ਸੈਨਾ) ਦੇ ਜਵਾਨਾਂ ਸਾਹਿਬ ਨੂੰ ਸਤਿਕਾਰ ਦਿੱਤਾ। ਉਹਨਾਂ ਸਭ ਨੂੰ ਬੈਠਣ ਦਾ ਇਛਾਰਾ ਕੀਤਾ। ਹਵਾ ਬੰਦ ਸੀ। ਅੱਸ ਦੀ ਤਮਾੜ ਨੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਸੀ। ਦਰਖਤ ਹੀ ਸੈਨਿਕਾ ਵਾਂਗ ਅਟੈਨਸ਼ਨ ਮੁਦਰਾ ਵਿਚ ਖੜੇ ਸਨ। ਕਰਨ ਸਾਹਿਬ ਦੀ ਰੋਹਬਦਾਰ ਅਵਾਜ਼ ਨੇ ਪਸਰੀ ਖਾਮੋਸ਼ੀ ਨੂੰ ਭੰਗ ਕੀਤਾ। ”ਮੇਰੇ ਬਜ਼ੁਰਗਾਂ ਵਰਗੇ ਭਰਾਵਾਂ ਵਰਗੇ ਤੇ ਪੁੱਤਰਾਂ ਵਰਗੇ ਪਿਆਰੇ ਸੈਨਿਕੋ ਅੱਜ ਅਸੀਂ ਸਭ ਜਾਤਾਂ ਪਾਤਾਂ, ਧਰਮਾਂ ਵਰਗਾਂ ਤੋਂ ਉਪਰ ਉੱਠ ਕੇ ਗੁਰੂ ਸਾਹਿਬ ਦੀ ਬਖਸ਼ੀ ਬਰਾਬਰੀ ਅਧਾਰ ਇਸ ਦੇਸ਼ ਦੇ ਵਸਿੰਦੇ ਹਾਂ। ਪੰਜਾਬੀ ਹਾਂ। ਅੱਜ ਪੰਜਾਬ ਤੇ ਪਰਖ ਦੀ ਘੜੀ ਆਈ ਹੈ। ਇਤਿਹਾਸ ਅਨੁਸਾਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬੀਆਂ ਨੇ ਇਹਨਾਂ ਮੁਹਿੰਮਾਂ ਦਾ ਵੰਗਾਰਾਂ ਦਾ ਡੱਟ ਕੇ ਟਾਕਰਾ ਕੀਤਾ ਹੈ। ਸਾਡੇ ਸਭ ਦੇ ਪਿਤਾ ਦਸ਼ਮੇਸ਼ ਨੇ ਸਵਾ ਲਾਖ ਲੇ ਏਕ ਲੜਾਊਂ ਤਭੈ ਗੋਬਿੰਦ ਸਿੰਘ ਨਾਮ ਕਹਾਊਂ ਦਾ ਸੰਦੇਸ਼ ਦਿੱਤਾ ਹੈ। ਅਸੀਂ ਵੀ ਸਰਬੰਸਦਾਨੀ ਦੇ ਪੁੱਤਰ ਹਾਂ। ਸਿੰਘਾਂ ਦੇ ਕਿਰਦਾਰ ਨੂੰ ਬੁਲੰਦ ਰੱਖਣ ਦੀ ਜ਼ੁੰਮੇਵਾਰੀ ਵਕਤ ਨੇ ਅੱਜ ਸਾਡੇ ਮੋਢਿਆਂ ਤੇ ਸੁੱਟੀ ਹੈ। ਮੈਂ ਫੈਸਲਾ ਤੁਹਾਡੇ ਤੇ ਛੱਡਦਾ ਹਾਂ ਤੇ ਤੁਹਾਡੇ ਫੈਸਲੇ ਤੋਂ ਬਾਅਦ ਮੈਂ ਆਪਣਾ ਫੈਸਲਾ ਤੁਹਾਡੇ ਨਾਲ ਸਾਂਝਾ ਕਰਾਂਗਾ। ਕੇਂਦਰੀ ਹਾਈਕਮਾਂਡ ਦਾ ਫੈਸਲਾ ਹੈ ਕਿ ਅਸੀਂ ਖੇਮਕਤਰਨ, ਭਿੱਖੀ ਵਿੰਡ ਸੈਕਟਰ ਤੋਂ ਪਿੱਛੇ ਹੱਟ ਕੇ ਹਰੀ ਕੇ ਪੱਤਣ ਕੋਲ ਮੋਰਚੇ ਲਗਾ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ। ਇਸਦਾ ਅਰਥ ਹੈ ਕਿ ਅਸੀਂ ਗੁਰੂ ਕੀ ਨਗਰੀ ਅੰਮ੍ਰਿਤਸਰ, ਤਰਨਤਾਰਨ, ਗੋਇੰਦਵਾਲ, ਖਡੂਰ ਸਾਹਿਬ ਤੇ ਸ਼ਾਮ ਸਿੰਘ ਅਟਾਰੀ ਦੇ ਪਿੰਡਾਂ ਨੂੰ ਵੀ ਦੁਸ਼ਮਣਾਂ ਦੇ ਪੈਰ ਪਾਉਣ ਲਈ ਛੱਡ ਜਾਈਏ ਤਾਂ ਜੋ ਉਹ ਏਥੇ ਆ ਕੇ ਮੱਸਾ ਰੰਘੜ ਵਰਗੇ ਕੁਕਰਮ ਕਰ ਸਕਣ ਤੇ ਇਹਨਾਂ ਪਿੰਡਾਂ ਦੀਆਂ ਮਾਵਾਂ-ਭੈਣਾਂ ਤੇ ਬੱਚੀਆਂ ਦੀ ਆਬਰੂ ਉਹਨਾਂ ਅੱਗੇ ਸਿਰ ਝੁਕਾਈ ਬੈਠੀ ਤੁਹਾਨੂੰ ਮਨਜ਼ੂਰ ਹੋ? ਕਰਨਲ ਸਾਹਿਬ, ”ਬਿਲਕੁਲ ਨਹੀਂ ਜਨਾਬ, ਬਿਲਕੁਲ ਨਹੀਂ” ਸਭ ਜਵਾਨਾਂ ਨੇ ਇਕ ਸੁਰ ਜਵਾਬ ਦਿੱਤਾ। ਉਹਨਾਂ ਦੇ ਜਵਾਬ ਵਿਚ ਰੋਹ ਦੀ ਇਬਾਰਤ ਸੀ। ”ਮੇਰੇ ਬਹਾਦਰ ਸੈਨਿਕੋ ਤੁਹਾਨੂੰ ਇਕ ਹੋਰ ਇਤਿਹਾਸਕ ਗੱਲ ਯਾਦ ਕਰਵਾ ਦੇਣਾ ਕਿ ਜਦ ਮੁਰਾਲਾ ਵਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਪਤਾ ਬਾਬਾ ਦੀਪ ਸਿੰਘ ਜੀ ਨੂੰ ਲੱਗਾ ਤਾਂ ਉਹ ਮੁਗਲਾਂ ਦੀ ਸੈਨਾ ਨਾਲ ਟਾਕਰਾ ਕਰਦੇ ਹੋਏ ਗੋਹਲਵਾੜ ਤੱਕ ਆਏ। ਏਥੇ ਦੁਸ਼ਮਣ ਨੇ ਉਹਨਾਂ ਦੇ ਸ਼ੀਸ਼ ਤੇ ਵਾਰ ਕੀਤਾ। ਆਪਣੇ ਸ਼ੀਸ਼ ਨੂੰ ਦੂਸਰੇ ਹੱਥ ਦਾ ਸਹਾਰਾ ਦੇ ਕੇ ਦਰਬਾਰ ਸਾਹਿਬ ਤੱਕ ਆਏ ਤੇ ਆਪਣਾ ਵਚਨ ਪੂਰਾ ਕੀਤਾ ਤੇ ਸਾਨੂੰ ਕੇਂਦਰੀ ਕਮਾਂਡ ਇਹ ਮੁਕੱਦਸ ਸਥਾਨ ਦੁਸ਼ਮਣਾਂ ਦੇ ਰਹਿਮੋ ਕਰਮ ਤੇ ਛੱਡ ਕੇ ਜਾਣ ਲਈ ਕਹਿ ਰਿਹਾ ਹੈ। ਹੁਣ ਜਿਸਨੇ ਕੇਂਦਰੀ ਹਾਈ ਕਮਾਂਡ ਦੇ ਫੈਸਲੇ ਪਾਲਣਾ ਕਰਨੀ ਹੈ। ਉਹ ਕਰ ਸਕਦੇ ਹਨ ਮੈਨੂੰ ਕੋਈ ਉਜਰ ਨਹੀਂ। ਜੇ ਇਤਿਹਾਸਕ ਵਿਰਾਸਤ ਤੇ ਪਹਿਰਾ ਦੇਣਾ ਹੈ ਤਾਂ ਫਿਰ ਮੈਂ ਤੁਹਾਡੇ ਨਾਲ ਹਾਂ। ਮੈਨੂੰ ਕੇਂਦਰੀ ਕਮਾਂਡ ਦਾ ਫੈਸਲਾ ਮਨਜ਼ੂਰ ਨਹੀਂ।” ਕਿਸੇ ਵੀ ਸੈਨਿਕ ਨੇ ਕੇਂਦਰੀ ਦੇ ਪੱਖ ਦੇ ਹੁੰਗਾਰਾ ਨਾ ਭਰਿਆ। ਇਹ ਦੇਖ ਕੇ ਕਰਨਲ ਸਾਹਿਬ ਬੋਲੇ ਮੇਰੇ ਬੱਚਿਓਂ ਮੈਨੂੰ ਤੁਹਾਡੇ ਤੋਂ ਏਹੀ ਆਸ ਸੀ। ਤੁਸੀਂ ਮੇਰੇ ਸਿਰ ਤੋਂ ਮਣਾ ਮੂੰਹੀ ਬੋਝ ਲਾਹ ਦਿੱਤਾ ਹੈ। ਮਰਨਾ ਤਾਂ ਸਭ ਨੇ ਇਕ ਦਿਨ ਹੈ। ਪਰ ਆਪਣੇ ਇਤਿਹਾਸਕ ਵਿਰਸੇ ‘ਚੋਂ ਮਿਲੇ ਫਰਜ਼ਾ ਲਈ ਸਭ ਤੋਂ ਮਹਾਨ ਹੈ। ਕੇਂਦਰੀ ਕਮਾਂਡ ਦੇ ਫੈਸਲੇ ਤੇ ਅਮਨ ਕਰਕੇ ਅਸੀਂ ਜਿਊਂਦੇ ਜੀ ਨਹੀਂ ਮਰਾਂਗੇ। ਸਗੋਂ ਇਸਦੀ ਸਲਾਮਤੀ ਅਤੇ ਇਸਨੂੰ ਅੱਗੇ ਤੋਰਨ ਲਈ ਮਰਾਂਗੇ। ਅੱਜ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤੁ-ਪੁਰਜ਼ਾ ਪੁਰਜ਼ਾ ਕਟ ਮਰੇ-ਕਬਹੂੰ ਨਾ ਛਾਡੈ ਖੇਤੁ£ ਦਾ ਮਹਾਂਵਾਕ ਸਾਡਾ ਮਾਰਗ ਦਰਸ਼ਨ ਕਰੇਗਾ। ਇਕ ਹੋਰ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ। ਕੇਂਦਰੀ ਕਮਾਂਡ ਦੇ ਹੁਕਮ ਦੀ ਉਲੰਘਣਾ ਦਾ ਦੋਸ਼ ਮੈਂ ਤੁਹਾਡੇ ਸਿਰ ਨਹੀਂ ਆਉਣ ਦੇਵਾਂਗਾ। ਮੈਂ ਸਾਫ ਲਿਖ ਦਿੱਤਾ ਹੈ ਕਿ ਮੈਨੂੰ ਇਹ ਫੈਸਲਾ ਮਨਜ਼ੂਰ ਨਹੀਂ। ਜੇ ਜਿਊਂਦਾ ਰਿਹਾ ਤਾਂ ਕੋਰਟ ਮਾਰਸ਼ਲ ਦਾ ਪਿੱਠੂ ਮੈਂ ਆਪਣੀ ਪਿੱਠ ਤੇ ਚੁੱਕਾਂਗਾ।” ਕੋਈ ਸਵਾਲ ਕੋਈ ਉਜ਼ਰ ਉਸ ਸੈਨਿਕਾ ਤੋਂ ਪੁੱਛਿਆ ”ਨੋ ਸਰ, ਅਸੀਂ ਅਸੀਂ ਆਪਣੇ ਖੂਨ ਦਾ ਆਖਰੀ ਕਤਰਾ ਏਥੇ ਹੀ ਬਹਾ ਦੇਵਾਂਗੇ” ਜਾਣ ਤੋਂ ਪਹਿਲਾਂ ਇਕ ਹੋਰ ਹਦਾਇਤ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਜੇ ਅਕਾਲ ਪੁਰਖ ਨੇ ਫਤਿਹ ਬਖਸ਼ੀ ਤਾਂ ਕੇਂਦਰੀ ਕਮਾਰ ਨੇ ਫੈਸਲੇ ਦਾ ਜਵਾਬ ਵੀ ਮਿਲ ਜਾਵੇਗਾ ਉਹ ਸਾਨੂੰ ਦੁਸ਼ਮਣ ਵਾਸਤੇ ਇਹ ਪੰਜਾਬ ਅੱਧਾ ਛੱਡ ਕੇ ਜਾਣ ਲਈ ਕਹਿੰਦੇ ਹਨ। ਅਸੀਂ ਪੰਜਾ-ਸਾਹਿਬ ਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਠਾਣ ਲਈ ਹੈ। ਮੇਰੀ ਇਕ ਗੱਲ ਯਾਦ ਰੱਖਿਓ ਮੇਰਾ ਕੋਈ ਸੈਨਿਕ ਨਜ਼ਰ ਨਹੀਂ ਰੱਖੇਗਾ। ਕਿਸੇ ਮਸਜਿਦ ਦੀ ਤੌਹੀਨ ਨਹੀਂ ਕਰੇਗਾ। ਕਿਸੇ ਸ਼ਹਿਰੀ ਨੂੰ ਜਾਂ ਪੇਂਡੂ ਨੂੰ ਅਪਮਾਨਤ ਨਹੀਂ ਕਰੇਗਾ। ਜੇ ਕੋਈ ਸੈਨਿਕ ਨੂੰ ਅਜਿਹਾ ਕਰਦਾ ਦੇਖੇ ਤਾਂ ਦੂਸਰਾ ਸੈਨਿਕ ਉਸਦੇ ਗੋਲੀ ਮਾਰ ਦੇਵੇ। ਅਸੀਂ ਉਥੇ ਵੀ ਦਸ਼ਮੇਸ਼ ਪਿਤਾ ਦਾ ਬਖਸ਼ਿਆ ਕਿਰਦਾਰ ਬੁਲੰਦ ਰੱਖਣਾ ਹੈ। ਜੇ ਮਨਜ਼ੂਰ ਹੈ ਤਾਂ ਦਸ਼ਮੇਸ਼ ਪਿਤਾ ਦਾ ਬਖਸ਼ਿਆ ਨਾਹਰਾ ਬੁਲੰਦ ਕਰੋ ”ਬੋਲੇ ਸੌ ਨਿਹਾਲ-ਸਤਿ ਸ੍ਰੀ ਅਕਾਲ, ਬੋਲੋ ਸਭ ਦੇਵੀ-ਦੇਵਤਿਆਂ ਦੀ, ਰਸੂ-ਮੁਹੰਮਦ ਦੀ ਜੈ-ਜੈ-ਕਾਰ ਦੇ ਸਰਬ ਸਾਂਝੀਵਾਲਤਾ ਦੇ ਨਾਹਰਿਆਂ ਨੇ ਅਸਮਾਨ ਗੁੰਜਾ ਦਿੱਤਾ। ਮੀਟਿੰਗ ਖਤਮ ਹੋਣ ਦਾ ਇਸ਼ਾਰਾ ਮਿਲਣ ਤੇ ਸਭ ਸੈਨਿਕ ਰਾਤ ਦੇ ਖਾਣੇ ਲਈ ਜਾਣ ਲੱਗੇ। ਕਰਨਲ ਗੁਰਬਖਸ਼ ਸਿੰਘ ਆਪਣੇ ਟੈਂਟ ਵਿਚ ਆ ਗਏ।
ਸੂਬੇਦਾਰ ਬਿੱਕਰ ਸਿੰਘ ਦਾ ਦਿਲ ਕਰਨਲ ਸਾਹਿਬ ਦੇ ਬਹਾਦਰੀ ਭਰੇ ਫੈਸਲੇ ਤੇ ਬਾਗੋ ਬਾਗ ਸੀ। ਕੇਂਦਰ ਸਰਕਾਰ ਦੁਸ਼ਮਣ ਦਾ ਰਾਹ ਸਾਫ ਕਰਕੇ ਪੰਜਾਬ ਦੀਆਂ ਜੜਾਂ ਕਿਉਂ ਵੱਢਣਾ ਚਾਹੁੰਦੀ ਹੈ। ਪੰਜਾਬ ਨੇ ਤਾਂ ਹਮੇਸ਼ਾਂ ਭਾਰਤ ਨੂੰ ਤੱਤੀਆਂ ਹਵਾਵਾਂ ਤੋਂ ਬਚਾਇਆ ਹੈ। ਵੱਡੇ ਅਫਸਰ ਵੀ ਤਾਂ ਵੱਡੇ ਸਿਆਸਤਦਾਨਾਂ ਦੇ ਫਰਜੰਦ ਜਾਂ ਰਿਸ਼ਤੇਦਾਰ ਹੁੰਦੇ ਹਨ। ਜੋ ਉਹਨਾਂ ਦੇ ਇਸ ਇਸ਼ਾਰਿਆਂ ਤੇ ਨੱਚਦੇ ਹਨ। 1962 ਦੀ ਲੜਾਈ ਵੇਲੇ ਵੀ ਤਾਂ ਪ੍ਰਧਾਨ ਮੰਤਰੀ ਦੇ ਰਿਸ਼ਤੇਦਾਰ ਜਨਰਲ ਕੌਲ ਨੇ ਦੀਨ ਵਲੋਂ ਹਮਲਾ ਕਰਨੇ ਤੇ ਸਾਬਣ ਪੀ ਕੇ ਲੂਜ ਮੋਸ਼ਨ ਲੁਆ ਕੇ ਮੈਡੀਕਲ ਲਿਆ ਸੀ। ਕੀ ਅਜਿਹੇ ਕਮਾਂਡਰ ਇਨ ਚੀਫ ਦੇਸ਼ ਦੀ ਰੱਖਿਆ ਕਰ ਸਕਣਗੇ? ਰੱਖਿਆ ਮੰਤਰਾਲੇ ਵਲੋਂ ਜੋ ਵਿਲੀ ਜੀਪਾਂ ਖਰੀਦੀਆਂ ਉਹ ਬਿੱਲੀਆਂ ਸਿੱਧ ਹੋਈਆਂ। ਯੁੱਧ ‘ਚ ਸਮੱਗਰੀ ਨਾ ਪਹੁੰਚ ਸਕੀਆਂ। ਇਹ ਤਾਂ ਬਾਅਦ ‘ਚ ਖੁਲਾਸਾ ਹੋਇਆ ਕਿ ਇਹਨਾਂ ਦੇ ਸੌਦੇ ਵਿਚ ਵੀ ਝੰਡੀ ਮਾਰੀ ਗਈ ਸੀ। ਔਖੇ ਵੇਲੇ ਜੌਂਘਿਆ ਨੇ ਕੰਮ ਸਾਰਿਆਂ ਨਹੀਂ ਤਾਂ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਹਿਣਾ। ਜਿਸ ਦੇਸ਼ ਦੇ ਰੱਖਿਆ ਮੰਤਰੀ ਤੇ ਸੈਨਾ ਤੂੰ ਮੁੱਖੀ ਰਾਤ ਹਨਰੇ ਵਿਚ ਹੈਲੀਕਾਪਟਰ ਆਪਣੇ ਬੰਦ ਗਲੇ ਦੇ ਕੋਟ ਦੇ ਬਟਨ ਹੋਲ ‘ਚ ਲੱਗੇ ਗੁਲਾਬ ਦੀਆਂ ਪੱਤੀਆਂ ਮੁੱਲ ਦੀ ਸੇਜ ਤੇ ਖਿਲਾਰ ਆਉਂਦੇ ਹੋਣ ਉਹਨਾਂ ਦੀ ਕੇਂਦਰੀ ਕਮਾਂਡ ਅਜਿਹੇ ਪਰਵਾਨੇ ਹੀ ਭੇਜ ਸਕਦੀ ਹੈ। ਉਹਨਾਂ ਨੂੰ ਸਧਾਰਨ ਕਿਸਾਨਾਂ ਕੰਮੀਆਂ ਦੀਆਂ ਧੀਆਂ ਭੈਣਾਂ ਨਾਲ ਕੀ ਹੇਜ? ਜੇ ਭਵਿੱਖ ਵਿਚ ਇਹ ਦੇਸ਼ ਇਹ ਕੌਮ ਦੇ ਹੁਕਮਰਾਨ ਤੇ ਆਹਲਾ ਅਫਸਰ ਇਸ ਰਾਹ ਤੁਰ ਪਏ-ਫੌਜ ਦੇ ਸਾਜੋ ਸਮਾਨਾਂ ਦੀ ਖਰੀਦੋ ਫਰੋਖਤ ਵਿਚ ਕੁੰਡੀ ਲਗਾਉਣ ਲੱਗ ਪਏ ਤਾਂ ਮੁਲਕ ਦਾ ਕੀ ਬਣੂੰ। ਪਰ ਅਸ਼ਕੇ ਜਾਈਏ ਕਰਨਲ ਸਾਹਿਬ ਦੀ ਦੂਰ ਅੰਦੇਸ਼ੀ ਦੇ ਜਿੰਨਾ ਐਨਾ ਦਲੇਰ ਫੈਸਲਾ ਲਿਆ ਹੈ। ਮਰਦ ਦਾ ਬੱਚਾ ਐ-ਮਰਦ ਦਾ-ਸੱਚਾ ਦੇਸ਼ ਭਗਤ ਕੀ ਭਵਿੱਖ ‘ਚ ਕੌਮ ਨੂੰ ਅਜਿਹੇ ਦੇਸ਼ ਭਗਤ ਮਿਲਣਗੇ? ਫੇਰ ਹੀ ਦੇਸ਼ ਬਚ ਸਕਦਾ ਐ-ਇਹਨਾਂ ਦੇ ਅਜਿਹੇ ਪ੍ਰਵਾਨਿਆਂ ਨੇ ਤਾਂ ਅਠਾਰਾਂ ਸਾਲਾਂ ‘ਚ ਹੀ ਅਜ਼ਾਦੀ ਦੀ ਫੂਕ ਕੱਢ ਦੇਣੀ ਸੀ। ਪਹਿਲਾਂ ਗੋਰਿਆਂ ਨੇ ਪੰਜਾਬ ਵੱਢਤਾ ਸੀ। ਹੁਣ ਅਗਾਂਹ ਪਤਾ ਨਹੀਂ ਪੰਜਾਬ ਦਾ ਕੀ ਕਰਨਗੇ? ਕੇਂਦਰੀ ਕਮਾਂਡ ਦਾ ਫੈਸਲਾ ਵੀ ਪੰਜਾਬ ਵੱਢਣ ਵਾਲਾ ਹੀ ਸੀ। ਕਿੰਨੇ ਵੀ ਵਲਵਲੇ ਸੂਬੇਦਾਰ ਬਿੱਕਰ ਸਿੰਘ ਸਿੱਧੂ ਦੇ ਜਹਿਨ ਵਿਚੋਂ ਦੀ ਲੰਘੇ। ਰਾਤ ਦੇ ਅੱਠ ਵਜ ਚੁੱਕੇ ਸਨ। ਉਸਨੇ ਕਾਗਜ਼ ਲਿਆ ਤੇ ਘਰੇ ਖਤ ਲਿਖਣ ਬਾਰੇ ਸੋਚਿਆ ਖਬਰੈ ਫਿਰ ਸਮਾਂ ਮਿਲੇ ਜਾਂ ਨਾ ਮਿਲੇ। ਉਸ ਮਨ ਹੀ ਮਨ ਪਰਿਵਾਰਕ ਮੋਹ ਦੀਆਂ ਤੰਦਾਂ ਨੂੰ ਜੋੜਨਾ ਸ਼ੁਰੂ ਕੀਤਾ ਪਿੰਨ ਨੂੰ ਕਾਗਜ਼ ਦੀ ਨੋਕ ਤੇ ਰੱਖ ਕੇ ਸੋਚਣ ਲੱਗਾ। ਉਸਦੇ ਸਾਹਮਣੇ ਬਿਸਤਰ ਤੇ ਪਏ ਅਬਦੁਲ ਹਮੀਦ ਦੀ ਨਜ਼ਰ ਪਈ। ਉਹ ਕਿੰਨੀ ਦੇਰ ਤੋਂ ਉਸਨੂੰ ਗੌਹ ਨਾਲ ਤੱਕ ਰਿਹਾ ਸੀ। ਉਹ ਬੋਲਿਆ ”ਸੂਬੇਦਾਰ ਸਿੱਧੂ ਸਾਹਿਬ ਕਰਨਲ ਸਾਹਿਬ ਨੇ ਕਿਆ ਕਮਾਲ ਕੀ ਬਾਤੇਂ ਕੀ। ਹਮੇਂ ਭੀ ਅਹਿਸਾਸ ਹੂਆ ਕਿ ਹਮ ਭੀ ਦਸ਼ਮੇਸ਼ ਪਿਤਾ ਕੇ£ ਸੁਭ ਸੁਭ ਕਰਮਨ ਸੇ ਕਬਹੂੰ ਨਾ ਟਰੋਂ£ ਦੇ ਸਾਥੀ ਰਹੇ ਪੀਰ ਬੱਧੂ ਸ਼ਾਹ, ਗਨੀ ਖਾਂ ਤੇ ਨਬੀ ਖਾਂ ਕੀ ਵਿਰਾਸਤ ਮੇਂ ਸੇ ਹੈਂ। ਆਜ ਹਮ ਭੀ ਆਪਨੇ ਪੰਜਾਬ ਕੇ ਲੀਏ ਗੁਰੂ ਜੀ ਕੇ ਸਾਹਿਬਯਾਦੋਂ ਕੇ ਸਾਥ ਪੀਰ ਬੁੱਧੂ ਸ਼ਾਹ ਕੇ ਪੁੱਤਰੋਂ ਕੀ ਵਿਰਾਸਤ ਕੇ ਲੀਏ ਵਹੇ ਖੂਨ ਦਾ ਕਰਜ ਉਤਾਰੇਗੀ। ਮੁਝੇ ਵੀ ਕਰਨਲ ਸਾਹਿਬ ਦੀ ਸੋਚ ਪਰ ਗਰਵ ਹੈ। ਦੁਸ਼ਮਣ ਤੋਂ ਦੁਸ਼ਮਣ ਹੈ- ਵੋਹ ਸਭ ਨਜ਼ਾਇਜ਼ ਕਰੂੰਗਾ-ਪਰ ਆਪਕੋ ਕੀ ਹਾਈ ਕਮਾਂਡ ਕਾ ਫੁਆਨ ਕਿਆ ਦੁਸ਼ਮਣੀ ਸੇ ਕਮ ਹੈ। ਮੇਰੇ ਮਨ ਮੇਂ ਆਇਆ ਕਿ ਮੈਂ ਭੀ ਸਿੱਧੂ ਸਾਹਿਬ ਕੋ ਆਪਣੇ ਮਨ ਕੀ ਬਾਤ ਬੋਲ ਦੂੰ। ਆਪ ਘਰ ਵਾਲੋਂ ਕੋ ਪੱਤਰ ਲਿਖੋ ਅਭ ਮੈਂ ਵੀ ਕੋਸ਼ਿਸ਼ ਕਰਤਾ ਹੂੰ” ਇਹ ਕਹਿ ਕੇ ਅਬਦੁਲ ਹਮੀਦ ਦੀ ਕਾਗਜ਼ ਟਟੋਲਣ ਲੱਗਾ।
ਖਤ ਲਿਖਦੇ ਸਮੇਂ ਸੂਬੇਦਾਰ ਬਿੱਕਰ ਸਿੰਘ ਸੋਚਾਂ ਦੇ ਘੋੜੇ ਤੇ ਸਵਾਰ ਹੋ ਕੇ ਪਿੰਡ ਦੀਆਂ ਜੂਹਾਂ ਵਿਚ ਚਲਾ ਗਿਆ। ਫੀਰੋਜ਼ਪੁਰ ਜ਼ਿਲ•ੇ ਵਿਚ ਉਸਦਾ ਕਾਫੀ ਵੱਡਾ ਨਗਰ ਹੈ। ਨਗਰ ਦੀ ਨਹਿਰ ਕੋਲ ਸਕੂਲ ਜਿਥੇ ਉਹਨਾਂ ਫੱਟੀਆਂ ਸੁਕਾਈਆਂ। ਨਹਿਰ ਕਿਨਾਰੇ ਮੱਝਾਂ ਵੀ ਚਾਰੀਆਂ ਉਹਨਾਂ ਤੇ ਬੈਠ ਕੇ ਝੂਟੇ ਵੀ ਲਏ। ਬੇਰ ਵੀ ਖਾਧੇ। ਪਿੰਡ ਦੀਆਂ ਗਲੀਆਂ ਤੇ ਮੋਢਿਆਂ ‘ਚ ਪਾਏ ਫੱਟੀ ਬਸਤਿਆਂ ਦੇ ਸੂਖਮ ਅਹਿਸਾਸ ਮਨ ਨੂੰ ਛੋਹਣ ਲੱਗੇ। ਪੰਡ ਦੀਆਂ ਗਲੀਆਂ। ਸੱਥਾਂ ਵਿਚ ਬੈਠੇ ਬਜ਼ੁਰਗ ਪਿੰਡ ‘ਚੋਂ ਲੱਗਦੇ ਬਾਬੇ, ਤਾਏ, ਦਾਦੇ, ਦਾਦੀਆਂ, ਤਾਈਆਂ, ਦਾਦੀਆਂ, ਧੀਆਂ ਭੈਣਾਂ ਦੇ ਬੋਲ-ਅਸ਼ੀਸ਼ਾਂ ਕੰਨਾਂ ‘ਚ ਮਿਸ਼ਰੀ ਘੋਲਣ ਲੱਗੇ। ਜਦ ਉਹ ਪਿੰਡ ਛੁੱਟੀ ਕੱਟਣ ਜਾਂਦਾ ਤਾਂ ਤੱਤਾ-ਤੱਤਾ ਗੁੜ ਦੇ ਜਾਂਦਾ। ਭੈਣਾਂ ਭੱਠੀ ਤੋਂ ਭੁਨਾਏ ਮੱਕੀ ਦੇ ਦਾਣੇ ਛੋਲਿਆਂ ਦੇ ਦਾਣੇ ਦੇ ਜਾਂਦੇ। ਇਹਨਾਂ ਸਾਰੇ ਸ਼ੁੱਧ ਪਦਾਰਥਾਂ ਦਾ ਕੁਦਰਤੀ ਸੁਆਦ ਮੂੰਹ ਵਿਚ ਘੁਲਣ ਲੱਗਾ ਬਿਰਧ ਮਾਂ ਦਾ ਚੇਹਰਾ, ਉਸਦੇ ਬੋਲ ਉਸਦੀ ਹੋਂਦ ਹਸਤੀ ਉਸਦਾ ਅਮੁੱਲ ਸਰਮਾਇਆ। ਉਸਦੀ ਜੀਵਨ ਸਾਥਣ ਜਿਸ ਨਾਲ ਉਸਦੀ ਪਹਿਲੀ ਛੁੱਟੀ ਵਿਚ ਮੰਗਣੀ ਤੇ ਤੀਸਰੀ ਛੁੱਟੀ ‘ਚ ਸ਼ਾਦੀ ਹੋ ਗਈ ਸੀ। ਉਸਦੇ ਪਰੀਆਂ ਵਰਗੇ ਨੈਣ ਨਕਸ਼ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਉਸਦੀਆਂ ਯਾਦਾਂ ਦੇ ਉਸ਼ਦੇ ਕੰਧੇੜੇ ਚੜਨ ਲੱਗੀਆਂ। ਉਸਦੇ ਛੁੱਟੀ ਆਉਣ ਦੀ ਖੁਸ਼ੀ ਵਿਚ ਉਹ ਕੱਚੇ ਘਰ ਦੀਆਂ ਸਵਾਤਾਂ, ਰਸੋਈ ਤੇ ਉਸਦੇ ਕਮਰੇ ਦੇ ਫਰਸ਼ ਨੂੰ ਆਪਣੇ ਸੁਚਿਆਰੇ ਹੱਥਾਂ ਨਾਲ ਗਰੀਬ ਦਾ ਤਾਜ-ਮਹਿਲ ਬਣਾ ਦਿੰਦੀ। ਨਰਮ ਪਰੋਲੇ ਤੇ ਕੱਚੀਆਂ ਤੋਈਆਂ-ਬਣਾਏ ਹੱਥ ਚਿੱਤਰ ਕੰਧੋਲੀਆਂ ‘ਚ ਬਣਾਏ ਜਨੌਰ ਜਿਵੇਂ ਉੱਡੂੰ ਉੱਡੂੰ ਕਰਦੇ। ਜਦ ਛੁੱਟੀ ਵਿਚ ਕੁਝ ਦਿਨ ਦੇਰੀ ਹੋਣ ਤੇ ਇਹ ਮੋਰ ਤਿੱਤਰ ਉਦਾਸ ਲੱਗਦੇ ਤਾਂ ਉਹ ਰੇਡੀਓ ਤੋਂ ਵਜਦੇ ਗੀਤ ਨੂੰ ਖਤ ਵਿਚ ਲਿਖ ਦਿੰਦੀ। ”ਮਾਹੀ ਦੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ-ਹਾੜਾ ਵੇ ਸਾਡੀ ਹੋਰ ਨਾ ਤੂੰ ਜਿੰਦ ਤੜਪਾ-ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ-ਮੈਨੂੰ ਜਾਪਦਾ ਕੁਆਰਾ ਤੇਰਾ ਸਾਹਿਬ ਵੇ ਨਹੀਂ ਤਾਂ ਛੁੱਟੀ ਨੂੰ ਵੀ ਦਿੰਦਾ ਨਾ ਜਵਾਬ ਵੇ। ਜਿੰਦ ਹੀਰਿਆ ਦੇ ਤੁਲ, ਵੇ ਜਵਾਨੀ ਅਣਮੁੱਲ ਤੈਨੂੰ ਚਾਂਦੀ ਦੀਆਂ ਛਿੱਲੜ ਦਾ ਚਾਅ…ਤੇ ਸੂਬੇਦਾਰ ਦੇ ਬੁੱਲਾਂ ਤੇ ਇਹ ਪੜ ਕੇ ਮੁਸਕੜੀ ਤੈਰ ਜਾਂਦੀ ਉਹ ਵੀ ਮੋਹ ਦੇ ਵਲਵਲੇ ਸਿਰਜ ਕੇ ਗੀਤ ਦਾ ਜਵਾਬ ”ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ” ਦਾ ਜ਼ਿਕਰ ਕਰਦਾ। ਇਕ ਵਾਰ ਉਸਨੇ ਦਸਾਂ ਦਸਾਂ ਦੇ ਗਿਆਰਾਂ ਨੋਟਾਂ ਦੀ ਗੱਲ ਬੇਬੇ ਨਾਲ ਕੀਤੀ ਤਾਂ ਉਸਨੇ ਕਿਹਾ ਧੀਏ ਮੇਰੇ ਪੁੱਤ ਨੂੰ ਪੁੱਛੀਂ-ਅਮੀਰਾਂ ਦੇ, ਸ਼ਾਹੂਕਾਰਾਂ ਦੇ ਪੁੱਤਰ ਭਰਤੀ ਕਿਉਂ ਨਹੀਂ ਹੁੰਦੇ। ਉਹ ਬਾਡਰ ਤੇ ਹਿੱਕਾਂ ਕਿਉਂ ਨਹੀਂ ਡਾਹੁੰਦੇ। ਕੀ ਸਾਰੇ ਸਧਾਰਨ ਘਰਾਂ ਦੇ ਬੱਚੇ ਹੀ ਇਹਨਾਂ ਗਿਆਰਾਂ ਨੋਟਾਂ ਦੀ ਕੀਮਤ ਤੇ ਕਈ ਕਈ ਗਿਆਰਾਂ ਸਾਲ ਕੁਰਬਾਨ ਕਰ ਦਿੰਦੇ ਹਨ। 62 ਦੀ ਜੰਗ ਅਜੇ ਲੱਗੀ ਨਹੀਂ ਸੀ ਜਦੋਂ ਇਹਨਾਂ ਹਰ ਚੀਜ਼ ਦੁੱਗਣੇ ਭਾਅ ਤੇ ਵੇਚੀ ਤੇ ਇਹ ਦੁਗਣੇ ਭਾਅ ਸਾਡੇ ਪੁੱਤਾਂ ਦੇ ਗਿਆਰਾਂ ਨੋਟਾਂ ਨੂੰ ਸਿਉਂਕ ਬਣ ਕੇ ਖਾਂਦੇ ਰਹੇ। ਕੀ ਸਾਡੇ ਲਾਡਾਂ ਨਾਲ ਪਾਲ•ੇ ਪੁੱਤ ਲੁੱਟ ਕਰਨ ਵਾਲਿਆਂ ਦੀ ਹੀ ਰਾਖੀ ਕਰਦੇ ਐ। ਕੀ ਫਰਜ਼ ਸਿਰਫ ਸਾਰੇ ਪੁੱਤਰਾਂ ਦੇ ਹੀ ਹਨ। ਇਹਨਾਂ ਨੰਗੀ ਚਿੱਟੀ ਲੁੱਟ ਕਰਨ ਵਾਲਿਆਂ ਦੇ ਨਹੀਂ? ਕੀ ਇਹ ਦੇਸ਼ ਇਹਨਾਂ ਦਾ ਨਹੀਂ। ਨਸੀਬ ਕੌਰ ਦੇ ਖਤ ‘ਚ ਲਿਖੇ ਬੇਬੇ ਦੇ ਸਵਾਲਾਂ ਨੇ ਉਸਦੇ ਚੜ ਮਹੀਨੇ ਮਿਲਦੇ ਦਸਾਂ ਦਸਾਂ ਦੇ ਨੋਟਾਂ ਨੂੰ ਕੰਬਣੀ ਛੇੜ ਦਿੱਤੀ। ਉਸਨੂੰ ਆਪਣੀ ਮਾਂ ਇਕ ਵਿਦਵਾਨ ਤੇ ਰੱਬ ਦੀ ਦੂਤ ਲੱਗੀ ਜਿਵੇਂ ਇਹ ਸਵਾਲ ਮਾਂ ਰਾਹੀਂ ਰੱਬ ਨੇ ਕੀਤੇ ਹੋਣ। ਜੇ ਰੱਬ ਐਨਾ ਨਿਰਵੈਰ ਹੈ ਤਾਂ ਉਸਨੇ ਅਜਿਹੇ ਲੋਕ ਪੈਦਾ ਹੀ ਕਿਉਂ ਕੀਤੇ? ਵਧੀਆ ਵੀ ਤਾਂ ਭੇਜ ਸਕਦਾ ਸੀ। ਪਰ ਉਸਨੂੰ ਇਹਨਾਂ ਦਾ ਕੋਈ ਸਿਰਾ ਨਾ ਲੱਭਿਆ ਉਸਦਾ ਧਿਆਨ ਫੇਰ ਨਸੀਬ ਕੌਰ ਦੇ ਖਤ ਵੱਲ ਗਿਆ। ਉਸਨੇ ਗੀਤ ਰਾਹੀਂ ਫੇਰ ਨਿਹੌਕਾ ਮਾਰਿਆ ”ਇਕ ਚਲਦੇ ਚੇਤਰ ਗਿਆ ਨੌਕਰੀ, ਚੜਦੇ ਚੇਤਰ ਗਿਆ ਨੌਕਰੀ ਕਿੰਨੇ ਲੰਘਗੇ ਜੇਠ ਵੇ ਤੂੰ ਨੌਕਰ ਕਾਹਦਾ ਘੋੜਾ ਨਾ ਤੇਰੇ ਕੋਈ ਹੋਰ ਵੇ ਕੋਈ ਨੌਕਰ ਕਾਹਦਾ। ਇਹ ਪੜ ਉਸਦੇ ਮਨ ‘ਚ ਆਇਆ ਕਿ ਇਸ ਵਾਰ ਨਸੀਬ ਕੌਰ ਦਾ ਉਲਾਭਾ ਲਾਹ ਹੀ ਦੇਣਾ ਹੈ। ਕੁਦਰਤੀ ਸਬੱਬ ਢੋ ਬਣ ਗਿਆ। ਦੋ ਸਾਲ ਪਹਿਲਾਂ ਉਸਦੀ ਟੁਕੜੀ ਦੀ ਸਕੀਮ ਅਖਾੜੇ ਵਾਲੇ ਨਹਿਰ ਦੇ ਪੁਲ ਕੋਲ ਲੱਗੀ। ਉਸ ਸਾਹਿਬ ਤੋਂ ਦੋ ਦਿਨ ਘਰ ਜਾਣ ਦੀ ਆਗਿਆ ਲਈ। ਉਸ ਰਾਇਲ ਇਨ ਫੀਲਡ ਮੋਟਰਸਾਈਕਲ ਲਿਆ। ਜਗਰਾਵਾ ਤੋਂ ਸਭ ਲਈ ਤੋਹਉੇ ਤੇ ਫਲ ਫਰੂਟ ਖਰੀਦੇ ਤੇ ਆਥਣ ਦੇ ਪੰਜ ਵਜੇ ਘੋੜਾ ਬਰੂਹਾਂ ਵਿਚ ਖੜਾ ਦਿੱਤਾ। ਮਾਂ ਕੋਲੋਂ ਤਾਂ ਚਾਅ ਨਾ ਚੁੱਕਿਆ ਜਾਵੇ ਕਿ ਉਸਦਾ ਅਫਸਰ ਪੁੱਤ ਫਿਟਫਿਟੀਏ ਤੇ ਸਵਾਰ ਹੋ ਕੇ ਆਇਐ। ਸਾਰਾ ਪਿੰਡ ਉਸਨੂੰ ਮਿਲਣ ਤੇ ਮਾਂ ਨੂੰ ਵਧਾਈਆਂ ਦੇਣ ਘਰੇ ਆਇਆ। ਮਾਂ ਨੇ ਹੱਟੀਓਂ ਪਤਾਸੇ ਮੰਗਵਾ ਕੇ ਸਭ ਦਾ ਮੂੰਹ ਮਿੱਠਾ ਕਰਕੇ ਤੋਰਿਆ। ਜਦ ਰੋਟੀ ਖਾ ਕੇ ਵੇਹਲੇ ਹੋਏ ਤਾਂ ਉਸਨੇ ਕਿਹਾ ”ਕਿਓਂ ਨਸੀਬ ਕੁਰੇ ਘੋੜਾ ਪਸੰਦ ਆਇਆ? ਉਸਨੇ ਕਿਹਾ ਦੱਸੋ ਜੀ ਤੁਹਾਡੇ ਘੋੜੇ ਨੂੰ ਦੇਸੀ ਛੋਲੇ ਪਾਵਾਂ ਜਾਂ ਕਾਬਲੀ? ਇਹ ਸੁਣਕੇ ਆ ਖਿੜ-ਖਿੜ ਕਰਕੇ ਹੱਸ ਪਈ। ”ਨਸੀਬ ਕੁਰੇ ਇਹ ਘੋੜਾ ਛੋਲੇ ਨਹੀਂ ਖਾਂਦਾ ਸਗੋਂ ਪੈਟਰੋਲ ਪੀਂਦਾ ਐ। ਘੋੜੇ ਪੁਰਾਣੇ ਫੌਜੀਆਂ ਕੋਲ ਹੁੰਦੇ ਸੀ। ਬਿੱਕਰ ਸਿਹੁੰ ਕੋਲ ਤਾਂ ਇਹੀ ਸਰਕਾਰੀ ਘੋੜਾ। ਫਿਕਰ ਨਾ ਕਰ ਇਹ ਲਿੱਦ ਵੀ ਨਹੀਂ ਕਰਦਾ। ਉਸ ਟਕੋਰ ਮਾਰੀ। ਉਸਨੂੰ ਪਤਾ ਹੈ ਕਿ ਬਿੱਕਰ ਸਿੰਘ ਦੀ ਸਾਹਿਬਾ ਦੇ ਹੱਥ ਮੈਲੇ ਹੋ ਜਾਣਗੇ। ਫਿਰ ਨਸੀਬ ਕੌਰ ਦੁੱਧ ਗਰਮ ਕਰਨ ਚਲੀ ਗਈ ਤਾਂ ਮਾਂ ਨੇ ਦੱਸਿਆ ਵੇ ਪੁੱਤ ਤੂੰ ਕੁਝ ਪਰਖਿਐ। ”ਨਹੀਂ ਮਾਂ” ਉਸ ਕਿਹਾ ਨਹੀਂ ਮਾਂ ”ਵੇ ਪੁੱਤ ਕੰਨ ਉਰਾਂ ਕਰ ਤੈਨੂੰ ਖੁਸ਼ਖਬਰੀ ਦੱਸਾਂ-ਮੈਂ ਕੁਝ ਮਹੀਨਿਆਂ ਤੱਕ ਦਾਦੀ ਬਣਨ ਵਾਲੀ ਹਾਂ ਤੇ ਤੂੰ ਬਾਪ” ਹੈ ਬੇਬੇ ਐਡੀ ਵੱਡੀ ਖੁਸ਼ਖਬਰੀ-ਵਾਹ ਮਾਂ ਕਿਆ ਮਨ ਖੁਸ਼ ਕੀਤਾ ਐ।” ਉਸ ਮਾਂ ਨੂੰ ਕਲਾਵੇ ਵਿਚ ਭਰਦਿਆਂ ਕਿਹਾ। ਫਿਰ ਰਾਤ ਨੂੰ ਉਸ ਨਸੀਬ ਕੌਰ ਨਾਲ ਕਿੰਨੀਆਂ ਹੀ ਗੱਲਾਂ ਕੀਤੀਆਂ। ਅਗਲੇ ਦਿਨ ਉਸ ਮੋਟਰਸਾਈਕਲ ਤੇ ਬੇਬੇ ਨੂੰ ਬਿਠਾਇਆ ਤਾਂ ਉਹ ਦੋਵੇਂ ਪੈਰ ਖੋਹਲ ਕੇ ਬੈਠ ਗਈ। ਸਾਰੇ ਹੱਸ ਪਏ। ਫਿਰ ਉਸਨੇ ਬੇਬੇ ਦੇ ਪੈਰਾਂ ਨੂੰ ਫੁੱਟ ਰੈਸਟ ਤੇ ਰਖਵਾਇਆ। ਬੇਬੇ ਨੂੰ ਖੇਤ ਦਾ ਗੇੜਾ ਲੁਆਇਆ। ਖੂਹ ਤੇ ਬੈਠ ਹਲੁਟ ਦੇ ਕੁੱਤੇ ਦੀ ਟੱਕ ਟੱਕ ਤੇ ਪੰਛੀਆਂ ਦਾ ਸੰਗੀਤ ਰਸ ਘੋਲ ਰਿਹਾ ਸੀ। ਜਿਥੇ ਉਸ ਕਿਹਾ ਬੇਬੇ ਦਾ ਮੱਥਾ ਟਿਕਾਇਆ। ਫਿਰ ਨਸੀਬ ਕੌਰ ਨੂੰ ਬੱਧਨੀ ਲਿਆਇਆ ਪ੍ਰਸ਼ੋਤਮ ਦੇ ਹੋਟਲ ਤੋਂ ਚਾਹ ਨਾਲ ਬਰਫੀ ਖੁਆਈ। ਨਸੀਬ ਕੌਰ ਨੇ ਸੁਹਾਗਣਾ ਵਾਲਾ ਸਮਾਨ ਦੰਦਾਸਾ, ਗੁਲਾਲੀ, ਵੰਗਾਂ ਡੋਰੀ ਪਰਾਂਦੇ ਖਰੀਦੇ। ਬੇਬੇ ਵਾਸਤੇ ਇਕ ਸੋਹਣਾ ਜੇਹਾ ਸੂਟ ਖਰੀਦਿਆ ਤੇ ਹੋਣ ਵਾਲੇ ਬੱਚੇ ਲਈ ਛਣਕਣਾ ਤੇ ਲੱਕੜ ਦੀਆਂ ਕੰਮ ਬਰੰਗੀਆਂ ਖੁੰਭਾਂ ਖਰੀਦੀਆਂ। ਫਿਰ ਦੋਸਤਾਂ ਮਿੱਤਰਾਂ ਨੂੰ ਮੋਟਰਸਾਈਕਲ ਤੇ ਝੂਠੇ ਦਿੱਤੇ। ਕੋਈ ਘਰ ਦੀ ਕੱਢੀ ਲੈ ਆਇਆ। ਆਖਣ ਵੇਲੇ ਮੂੰਹ ਕਰਾਰਾ ਕੀਤਾ। ਅਗਲੇ ਦਿਨ ਉਹ ਵਾਪਸ ਆ ਗਿਆ ਸੀ। ਜਦ ਅਗਲੀ ਛੁੱਟੀ ਆਇਆ ਤਾਂ ਨਸੀਬ ਕੌਰ ਬੱਚੇ ਨੂੰ ਜਨਮ ਦੇ ਚੁੱਕੀ ਸੀ। ਫੌਜ ਵਿਚ ਉਸਨੂੰ ਚਿੱਠੀ ਮਿਲ ਗਈ ਸੀ ਤੇ ਪੰਦਰਾਂ ਕੁ ਦਿਨ ਦੀ ਛੁੱਟੀ ਵੀ ਮਿਲ ਗਈ ਸੀ। ਸਰਦੀਆਂ ਦੀ ਰੁੱਤੇ ਛੁੱਟੀ ਆ ਕੇ ਉਸ ਪਰਿਵਾਰ ਨਾਲ ਪੁੱਤਰ ਦੀ ਲੋਹੜੀ ਮਨਾਈ। ਸਾਰੇ ਪਿੰਡ ਵਿਚ ਗੁੜ ਵੰਡਿਆ। ਕੁੜੀਆਂ ਨੇ ਗੀਤ ਗਾਏ। ਸਭ ਰਿਸ਼ਤੇਦਾਰ ਆਏ। ਘਰੇ ਵਿਆਹ ਵਰਗਾ ਮਾਹੌਲ ਸੀ। ਲੋਹੜੀ ਦੇ ਧੂਣੀ ਦਾ ਸੇਕ ਮੋਹ-ਪਿਆਰ ਦਾ ਨਿੱਘ ਵੰਡ ਰਿਹਾ ਸੀ। ਇਹ ਮੋਹ ਹੀ ਤਾਂ ਪੰਜਾਬ ਦੀ ਵਿਰਾਸਤ ਹੈ। ਸਰੋਂ ਦਾ ਸਾਗ, ਖੋਆ, ਮੱਕੀ ਦੀ ਰੋਟੀ, ਅਧਰਿੜਕਿਆ ਖਾ-ਖਾ ਉਸਦਾ ਭਾਰ ਵਧ ਜਾਂਦਾ। ਤਖਤੂਪੁਰੇ ਦੇ ਮੇਲੇ ਤੇ ਉਹ ਇਕ ਦਿਨ ਹਿੰਮਤਪੁਰੇ ਮਾਸੀ ਕੋਲ ਤੇ ਲੁਹਾਰੇ ਭੂਆ ਕੋਲ ਰਹਿ ਆਇਆ ਸੀ। ਮਾਂ ਨੂੰ ਵੀ ਮਾਘੀ ਇਸ਼ਨਾਨ ਕਰਵਾ ਲਿਆਇਆ ਸੀ। ਬਾਕੀ ਸਾਰੇ ਦਿਨ ਉਸ ਨਸੀਬ ਕੌਰ ਤੇ ਪੁੱਤਰ ਪ੍ਰਦੀਪ ਸਿੰਘ ਸਿੱਧੂ ਨੂੰ ਨਜ਼ਰਾਂ ‘ਚ ਭਰਨ ਲਈ ਲਗਾਏ। ਉਦ ਦੋਵੇਂ ਜੀ ਵੱਡੀ ਵੱਡੀ ਰਾਤ ਤੱਕ ਗੱਲਾਂ ਕਰਦੇ। ਪ੍ਰਦੀਪ ਨੇ ਸਿਰ ਨੂੰ ਆਪਣੇ ਪੋਟਿਆਂ ਨਾਲ ਪਲੋਸਦਾ। ਬੈਠਕ ‘ਚ ਬਣੀ ਮਮਟੀ ਤੇ ਜਗਦੇ ਸਰੋਂ ਦੇ ਤੇਲ ਦੇ ਦੀਵੇ ਦੀ ਸੰਧੂਰੀ ਲਾਟ ‘ਚ ਉਸਨੂੰ ਆਪਣੀ ਪਤਨੀ ਦਾ ਚੇਹਰਾ ਹੋਰ ਵੀ ਸੁਰਖ ਲੱਗਦਾ ਤੇ ਪ੍ਰਦੀਪ ਕਿਸੇ ਗੁਲਾਬੀ ਫੁੱਲ ਵਾਂਗ ਲੱਗਦਾ। ਸਰੋਂ ਦੇ ਤੇਲ ਦੇ ਦੀਵੇ ਦੀ ਲਾਟ ‘ਟੋਂ ਨਿਕਲਦੀ ਮਹਿਕਰ ਉਹਨਾਂ ਦੀਆਂ ਪਿਆਰ ਭਰੀਆਂ ਗੱਲਾਂ ਨੂੰ ਆਪਣੇ ਵਿਚ ਸਮੋ ਲੈਂਦੀ। ਇਸ ਵਾਰਪ ਉਹ ਪ੍ਰਦੀਪ ਵਾਸਤੇ ਸ਼ਹਿਰੀ ਖਿਡੌਣੇ ਤੇ ਮੇਲੇ ਤੋਂ ਖਿਡੌਣੇ ਲਿਆਉਣੇ ਵੀ ਨਹੀਂ ਭੁੱਲਿਆ ਸੀ। ਸਵੇਰੇ ਉਠਕੇ ਉਹ ਖੇਤਾਂ ਵਿਚ ਗੇੜਾ ਮਾਰਦਾ ਗੰਨੇ ਚੂਪਦਾ। ਜੇ ਅੱਸੂ ਕੱਤੇ ਦੇ ਮਹੀਨੇ ਛੁੱਟੀ ਮਿਲਦੀ ਤਾਂ ਛੱਲੀਆਂ ਦੇ ਵਿਰਲੇ ਦਾਣਿਆਂ ਵਾਲੇ ਪੋਹਲੇ ਚੱਬਦਾ ਇਹਨਾਂ ਦਾਤਾਂ ‘ਚੋਂ ਛੱਤੀ ਪਦਾਰਥਾਂ ਵਰਗਾ ਸੁਆਦ ਆਉਂਦਾ। ਇਹਨਾਂ ਅਹਿਸਾਸਾਂ ਦੀ ਯਾਦ ਉਸਦੇ ਖਤਮ ਨੂੰ ਲੰਬਾ ਕਰ ਦਿੱਤੀ। ਮਾਂ ਨੂੰ ਉਹ ਪੁੱਤਰ ਮੋਹ ‘ਚੋਂ ਪਿਆਰ ਵਿਚ ਡੁੱਬਕੇ ਖਤ ਲਿਖਦਾ। ਉਸ ਵਲੋਂ ਨਿਭਾਏ ਫਰਜ਼ਾਂ ਤੇ ਪਾਲਣ ਪੋਸ਼ਣ ਨੂੰ ਰੱਜ ਕੇ ਵਡਿਆਉਂਦਾ। ਪਿਓ ਤਾਂ ਉਸ ਨਿੱਕੇ ਹੁੰਦੇ ਨੇ ਦੇਖਿਆ ਸੀ। ਜੋ 1945-46 ਵਿਚ ਨੇਤਾ ਜੀ ਦੀ ਸੈਨਾ ਵਿਚ ਦੇਸ਼ ਲਈ ਫਰਜ਼ ਨਿਭਾਉਂਦਾ ਅਜ਼ਾਦੀ ਦੇ ਲੇਖੇ ਲੱਗ ਗਿਆ ਸੀ। ਮਾਂ ਨੇ ਹੀ ਘਰ ਦੀ ਖੇਤੀ ਨੂੰ ਅੱਧ ਤੇ ਦੇ ਕੇ ਜਾਂ ਘਰੇ ਹੀ ਖੇਸ ਦਰੀਆ ਬੁਣਕੇ ਜੂਨ-ਗੁਜ਼ਾਰਾ ਕੀਤਾ ਸੀ। ਮਾਂ ਦੇ ਸਬਰ ਸਿਰੜ ਨੂੰ ਉਹ ਰੱਬ ਮੰਨ ਖਤ ਲਿਖਦਾ। ਕਦੇ ਕਦੇ ਉਹ ਬਿੱਕਰ ਨੂੰ ਕਹਿੰਦੀ ”ਵੇ ਪੁੱਤਾ ਉਹ ਅਜ਼ਾਦੀ ਤਾਂ ਆਈ ਨੀ ਜੇਹੜਾ ਤੇਰੀ ਬਾਪ ਲਿਆਉਣਾ ਚਾਹੁੰਦਾ ਸੀ। ਅੰਗਰੇਜ਼ ਗਾਂਧੀ ਦੇ ਚਰਖੇ ਨਾਲ ਨਹੀਂ ਨਿਕਲਿਆ ਸੀ ਸਗੋਂ ਤੇਰੇ ਬਾਪ ਦੇ ਹੱਥਾਂ ‘ਚ ਫੜੀਆਂ ਸੰਗੀਨਾ ਤੋਂ ਡਰ ਕੇ ਭੱਜਿਆ ਸੀ। ਤੇਰੀ ਨਾਨੀ ਵੀ ਚਰਖਾ ਕੱਤਦੀ ਹੁੰਦੀ ਸੀ। ਦਾਦੀ ਵੀ ਕੱਤਦੀ ਸੀ। ਉਹਨਾਂ ਤੋਂ ਡਰ ਕੇ ਤਾਂ ਗੋਰਾ ਭੱਜਿਆ ਨੀ-ਗਾਂਧੀ ਨੇ ਸਾਰੀ ਜ਼ਿੰਦਗੀ ਸੌ ਪੂਣੀ ਨੀ ਕੱਤੀ ਹੋਈ ਤੇ ਅੰਗਰੇਜ਼ ਭੱਜ ਗਿਆ। ਝੂਠ ਉਹ ਚਲਦੈ ਜੀਹਦੇ ਪੈਰ ਹੋਣ-ਫਿਰ ਐਡੇ ਵੱਡੇ ਗੱਪ ਬਾਰੇ ਸਕੂਲਾਂ ਦੀਆਂ ਕਿਤਾਬਾਂ ਨੇ ਕੁਝ ਨੀਂ ਦੱਸਿਆ ਥੋਨੂੰ। ਉਸਨੂੰ ਮਾਂ ਦੇ ਸਵਾਲ ਦਾ ਜਵਾਬ ਨਾ ਅਹੁੜਦਾ। ਫਿਰ ਨਸੀਬ ਕੌਰ ਨੂੰ ਜਵਾਨ ਵਲਵਲਿਆ ਵਿਚ ਗੁੰਨਿਆ ਖਤ ਲਿਖਦਾ। ਅੱਜ ਉਸ ਪਹਿਲੀ ਵਾਰ ਆਪਣੀ ਪਤਨੀ ਨੂੰ ਕਰਨਲ ਗੁਰਬਖਸ਼ ਸਿੰਘ ਦੇ ਬਹਾਦਰੀ ਭਰੇ ਫੈਸਲੇ ਤੇ ਦਿਲ ਨੂੰ ਟੁੰਬਣ ਵਾਲੇ ਭਾਸ਼ਨ ਬਾਰੇ ਲਿਖ ਕੇ ਦੱਸਿਆ ਕਿ ਲੈ ਨਸੀਬ ਕੁਰੇ ਜੰਗ ਕਿਸੇ ਵੀ ਸਮੇਂ ਲੱਗ ਸਕਦੀ ਹੈ। ਅਸੀਂ ਗੁਰੂ ਕੀ ਨਗਰੀ ਦੁਸ਼ਮਣਾਂ ਤੋਂ ਬਚਾਉਣ ਲਈ ਆਪਣਾ ਸ਼ੀਸ਼ ਤਲੀ ਤੇ ਰੱਖ ਲਿਆ ਹੈ। ਤੇਰੇ ਨਸੀਬ ਵਿਚ ਜੇ ਮੇਰਾ ਸਾਥ ਹੋਇਆ ਤਾਂ ਜ਼ਰੂਰ ਪਰਤਾਂਗਾਂ। ਜੇ ਨਾ ਹੋਇਆ ਤਾਂ ਫਿਕਰ ਨਾ ਕਰੀਂ ਇਹ ਸਮਝ ਲਵੀ ਕਿ ਤੇਰਾ ਖਾਵੰਦ ਦਸ਼ਮੇਸ਼ ਪਿਤਾ ਦਾ ਨਿਮਾਣਾ ਜੇਹਾ ਪਿਆਰਾ ਹੈ। ਮੈਂ ਉਸਦੀ ਗੋਦ ‘ਚ ਜਾਵਾਂਗਾ। ਮੇਰੇ ਬਾਪ ਨੇ ਤਾਂ ਅਜ਼ਾਦੀ ਦੇ ਸੁਨਹਿਰੇ ਅਰਥ ਕਲਪੇ ਸਨ ਕਿ ਭਗਤ ਸਰਾਭੇ ਤੇ ਸੁਭਾਸ਼ ਹੋਰਾਂ ਦੀ ਚਿਤਵੀ ਅਜ਼ਾਦੀ ਹੋਵੇਗੀ ਤਾਂ ਕੋਈ ਮਨੁੱਖ ਤੰਗਦਸਤੀ ਨਹੀਂ ਹੰਢਾਏਗਾ। ਲੁੱਟ ਖਸੁੱਟ ਨਹੀਂ ਹੋਵੇਗੀ। ਪਰ ਏਥੇ ਤਾਂ ਹਾਈ-ਕਮਾਂਡ ਦੇ ਪ੍ਰਵਾਨੇ ਵਿਚ ਦੀ ਗੋਰਿਆਂ ਵਾਲੀ ਨੀਤੀ ਦੀ ਝਲਕ ਪਈ ਹੈ। ਅਸੀਂ ਬੇਬੇ ਦੇ ਦੱਸਣ ਮੁਤਾਬਕ ਸਾਨੂੰ ਬਲਦੀ ਦੇ ਬੁੱਥੇ ਦੇ ਕੇ ਤਜੌਰੀਆਂ ਭਰਨ ਵਾਲਿਆਂ ਦੀ ਰਾਖੀ ਲਈ ਸ਼ਹੀਦ ਨਾ ਸਹਰੀ-ਘੱਟੋ-ਘੱਟ ਗੁਰੂ ਘਰਾਂ ਨੂੰ ਤੌਹੀਨ ਤੋਂ ਬਚਾਉਣ ਲਈ ਜਾਨਾਂ ਵਾਰਾਂਗੇ। ਜੇ ਦੇਸੀ ਲੁਟੇਰਿਆਂ ਨੇ ਕੋਈ ਸਬਕ ਨਾ ਸਿੱਖਿਆ। ਜੰਗ ਦੇ ਦਿਨਾਂ ‘ਚ ਲੋਕਾਂ ਨੂੰ ਲੁੱਟਣਾ ਤੇ ਫੌਜੀ ਸਾਜੋਂ ਸਮਾਨ ‘ਚੋਂ ਠੁੰਗਾ ਮਾਰ ਕੇ ਮੂੰਹ ਗੰਦਾ ਕਰਨਾ ਨਾ ਸਿੱਖਿਆ ਤਾਂ ਉਹ ਦਿਨ ਦੂਰ ਨਹੀਂ ਜਦ ਫੌਜੀ ਸੰਗੀਨਾਂ ਦਾ ਮੂੰਹ ਅੰਦਰੂਨੀ ਦੁਸ਼ਮਣਾਂ ਵੱਲ ਹੋਵੇਗਾ। ਪ੍ਰਦੀਪ ਦਾ ਖਿਆਲ ਰੱਖੀ। ਉਸਦੇ ਦੀਪ ਦੀ ਲੋਅ ਨੂੰ ਜਗਦਾ ਰੱਖੀਂ। ਜਿਸ ਮਾਂ ਕੋਲ ਪੁੱਤਰ ਹੋਵੇ ਉਹ ਕਦੇ ਵਿਧਵਾ ਨਹੀਂ ਹੁੰਦੀ। ਵਿਧਵਾ ਤਾਂ ਮਨੁੱਖ ਦੀ ਸੋਚ ਹੁੰਦੀ ਹੈ। ਸਾਡੀ ਸ਼ਹਾਦਤ ਤੈਨੂੰ ਸਦਾ ਸੁਹਾਗਣ ਰੱਖੇਗੀ। ਪ੍ਰਦੀਪ ਸਿੱਧੂ ਨੂੰ ਖੂਬ ਪੜਈ। ਮਾਂ ਦਾ ਖਿਆਲ ਰੱਖੀਂ ਉਸਨੂੰ ਡੋਲਣ ਨਾ ਦੇਵੀਂ। ਉਸਦਾ ਪੁੱਤਰ£ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ£ ਤੇ ਪਹਿਰਾ ਦੇਣ ਜਾ ਰਿਹਾ ਹੈ। ਸਾਡੇ ਨਾਲ ਕਰਨਲ ਗੁਰਬਖਸ਼ ਸਿੰਘ ਦੀ ਅਗਵਾਈ ਹੈ। ਕਿਸੇ ਸਾਬਣ ਪੀ ਕੇ ਭੱਜਣ ਵਾਲੇ ਜਨਰਲ ਦੀ ਨਹੀਂ। ਮਾਂ ਨੂੰ ਡੋਲਣ ਨਾ ਦੇਂਦੀ। ਅੱਛਾ ਫਿਰ ਬਾਕੀ ਫੇਰ ਸਹੀ-ਰੱਬ ਰਾਖਾ। ਸੂਬੇਦਾਰ ਬਿੱਕਰ ਸਿੰਘ ਸਿੱਧੂ ਤੇਰਾ ਹਮਸਫਰ ਮਾਂ ਅਤੇ ਪਤਨੀ ਨੂੰ ਲਿਖੇ ਖਤਾਂ ਨੂੰ ਉਸ ਲਿਫਾਫੇ ਵਿਚ ਪਾਇਆ। ਅਬਦਲ ਹਮੀਦ ਦੀ ਉਰਦੂ ਵਿਚ ਖਤ ਲਿਖ ਕੇ ਗੂੜੀ ਨੀਂਦ ਸੌਂ ਚੁੱਕਾ ਸੀ। ਬਿੱਕਰ ਸਿੰਘ ਮਾਂ ਤੇ ਪਤਨੀ ਨੂੰ ਲਿਖੇ ਖਤਾਂ ਦੀ ਇਬਾਰਤ ਨੂੰ ਮਹਿਸੂ ਕਰਕੇ ਸੋਚਣ ਲੱਗਾ ਕਿ ਮਨੁੱਖ ਸਾਰੀ ਜ਼ਿੰਦਗੀ ਮੋਹ ਦੇ ਕਲਾਵਿਆਂ ਵਿਚ ਬੱਝਾਂ ਰਹਿੰਦਾ ਹੈ। ਇਹ ਮੋਹ ਹੀ ਜ਼ਿੰਦਗੀ ਨੂੰ ਹੁਲਾਸ ਪ੍ਰਦਾਨ ਕਰਦਾ ਹੈ। ਪਹਿਲਾਂ ਮਾਂ ਤੇ ਫਿਰ ਪਤਨੀ ਦਾ ਰਿਸ਼ਤਾ ਵੀ ਤਾਂ ਦਰਿਆ ਦੇ ਦੋ ਕਿਨਾਰਿਆਂ ਵਾਂਗ ਹੈ। ਜੋ ਜ਼ਿੰਦਗੀ ਨੂੰ ਰਵਾਨੀ ਬਖਸ਼ਦਾ ਹੈ। ਮਾਂ ਤੇ ਪਤਨੀ ਦਾ ਰਿਸ਼ਤਾ ਸੱਜਾ-ਖੱਬਾ ਕਿਨਾਰਾ ਹੋ ਸਕਦਾ ਹੈ। ਇਸ ਵਿਚ ਚਲਦਾ ਪਰਿਵਾਰ ਰਿਸ਼ਤਿਆਂ ਦੇ ਮੋਹ ਦਾ ਪਾਣੀ ਹੈ। ਖੱਬੇ ਕਿਨਾਰੇ ਨੂੰ ਛੋਂਹਦਾ ਰਿਸ਼ਤਾ ਖੱਬੇ ਕਿਨਾਰੇ ਦੇ ਜਜ਼ਬਾਤਾਂ ਨਾਲ ਸਾਂਝ ਪਾਉਂਦਾ ਹੈ ਉਸਦੇ ਕਣ-ਕਣ ਨੂੰ ਮਾਣਦਾ ਹੈ। ਏਹੀ ਤਾਂ ਜ਼ਿੰਦਗੀ ਹੈ। ਜਦੋਂ ਵੀ ਕੋਈ ਰਿਸ਼ਤਾ ਆਪਣੀ ਮਿਆਦ ਪੁਗਾ ਕੇ ਅਗੇਤ-ਪਛੇਤ ਪਾਲਦਾ ਹੈ ਜਾਂ ਖਤਮ ਹੋ ਪੰਜ ਤੱਤਾਂ ‘ਚ ਵਿਲੀਨ ਹੋ ਜਾਂਦਾ ਹੈ ਤਾਂ ਮੋਹ ਦੇ ਪਾਣੀ ਦਾ ਕਿੰਨਾ ਹਿੱਸਾ ਵਹਿ ਜਾਂਦਾ ਹੈ। ਜ਼ਿੰਦਗੀ ਦਾ ਸਰਜਾਇਆ ਪਾਣੀ ਦੇ ਸਤਰ ਵਾਂਗ ਖਾਰਜ ਹੋ ਜਾਂਦਾ ਹੈ। ਹਰ ਰਿਸ਼ਤੇ ਨਾਲ ਮਨੁੱਖ ਦੇ ਵੱਖੋ-ਵੱਖਰੇ ਅਹਿਸਾ ਜੁੜਦੇ ਹਨ। ਅਜਿਹੇ ਜਜ਼ਬਿਆਂ ‘ਚ ਦੀ ਡੂੰਘਾਈ ‘ਚ ਟੁੱਭੀਆਂ ਮਾਰਦੇ ਬਿੱਕਰ ਸਿੰਘ ਨੇ ਘੜੀ ਦੇਖੀ ਰਾਤ ਦਾ ਇਕ ਵੱਜ ਚੁੱਕਾ ਸੀ। ਅਸਮਾਨ ਵਿਚ ਤਾਰੇ ਟਿਮਟਿਮਾ ਰਹੇ ਸਨ। ਉਸ ਝਰੋਖੇ ਵਿਚੋਂ ਦੀ ਤਾਰਿਆਂ ਭਰੀ ਰਾਤ ਨੂੰ ਅੱਖਾਂ ਵਿਚ ਭਰਿਆ ਠੰਢੀ ਵਾ ਦਾ ਬੁੱਲਾ ਆਇਆ। ਉਸ ਅੰਗੜਾਈ ਲਈ। ਖਤ ਸਵੇਰੇ ਅਰਦਲੀ ਰਾਹੀਂ ਪੋਸਟ ਕਰਨ ਲਈ ਪਾਸੇ ਰੱਖੇ। ਸਰੀਰ ਨੂੰ ਨਿਢਾਲ ਛੱਡਿਆ ਤੇ ਨੀਂਦ ਨੇ ਉਸਨੂੰ ਆਪਣੇ ਕਲਾਵੇ ਵਿਚ ਲੈ ਲਿਆ।
ਕੁਝ ਦਿਨਾਂ ਬਾਅਦ ਉਹੀ ਹੋਇਆ ਜਿਸਦਾ ਡਰ ਸੀ। ਅਯੂਬ ਖਾ ਨੇ ਲੜਾਈ ਦਾ ਐਲਾਨ ਕਰ ਹਮਲਾ ਕਰ ਦਿੱਤਾ। ਜੰਮੂ ਕਸ਼ਮੀਰ ਅਤੇ ਪੰਜਾਬ ਨਾਲ ਲੱਗਦੀ ਸਰਹੱਦ ਤੇ ਭਰਵਾਂ ਹੱਲਾ ਬੋਲਿਆ। ਪਾਕਿਸਤਾਨ ਦੀ ਥਲ ਸੈਨਾ ਨੂੰ ਪੈਦਲ ਟੈਂਕਾਂ ਤੇ ਬੜਾ ਮਾਣ ਸੀ। ਟੈਂਕਾਂ ਦੀ ਕਤਾਰ ਅੰਮ੍ਰਿਤਸਰ ਭਿੱਖੀਵਿੰਡ ਰੋਡ ਵੱਲ ਧੂੜਾਂ ਪੁੱਟਦੀ ਆ ਰਹੀ ਸੀ। ਅਬਦੁਲ ਹਮੀਦ ਵੀ ਉਹਨਾਂ ਤੇ ਝਪਟਣ ਲਈ ਸ਼ਿਸ਼ਤ ਲਗਾਈ ਬੈਠਾ ਸੀ। ਪਾਕਿਸਤਾਨ ਦੇ ਜਨਰਲ ਦਾ ਲੰਚ-ਅੰਬਾਲੇ ਤੇ ਡਿਨਰ ਦਿੱਲੀ ਕਰਨ ਦਾ ਪ੍ਰੋਗ੍ਰਾਮ ਸੀ। ਪਰ ਅਬਦੁਲ ਹਮੀਦ ਨੇ ਪਾਕਿਸਤਾਨ ਦੇ ਕਈ ਪੈਦਲ ਟੈਂਕਾਂ ਦੇ ਪਖਚਰੇ ਉਡਾ ਦਿੱਤੇ। ਇਹ ਦੇਖ ਸੈਨਿਕਾਂ ਨੇ ਉਤਸ਼ਾਹ ਫੜਿਆ ਤੇ ਕਈ ਹੋਰ ਟੈਂਕ ਉਡਾ ਦਿੱਤੇ ਗਏ। ਪਾਕਿਸਤਾਨੀ ਫੌਜ ਵਿਚ ਘਬਰਾਹਟ ਫੈਲ ਗਈ। ਗੁਰਬਖਸ਼ ਸਿੰਘ ਅਗਵਾਈ ‘ਚ ਹੌਸਲੇ ‘ਚ ਆਏ ਸੈਨਿਕ ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ £ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ£ ਅਵਾਜ਼ੇ ਬੁਲੰਦ ਕਰ ਰਹੇ ਸਨ। ਹੁਣ ਟੈਂਕ ਪਿਛਾਂਹ ਪਰਤ ਰਹੇ ਸਨ ਤੇ ਬਿੱਕਰ ਸਿੰਘ ਹੋਰਾਂ ਦੀ ਟੁਕੜੀ ਅੱਗੇ ਵੱਧ ਰਹੀ ਸੀ। ਭਾਰਤੀ ਫੌਜ ਦਾ ਬਹਾਦਰ ਹੌਲਦਾਰ ਅਬਦੁਲ ਹਮੀਦ ਜ਼ਖਮੀ ਹੋ ਕੇ ਸ਼ਹਾਦ ਹੋ ਗਿਆ ਸੀ। ਪਾਕਿਸਤਾਨ ਦੀ ਫੌਜ ਨੂੰ ਪਿਛਾਂਹ ਧਕਦਿਆਂ ਭਾਰਤੀ ਫੌਜ ਨੇ ਲਾਹੌਰ ਵੱਲ ਵਧਦੇ ਰਾਹਾਂ ਵੱਲ ਕਦਮ ਵਧਾ ਲਏ ਸਨ। ਟੈਂਕਾਂ ਤੇ ਮਸ਼ੀਨਗੰਨਾਂ ਨਾਲ ਧੂੰਆਧਾਰ ਗੋਲਾਬਾਰੀ ਹੋ ਰਹੀ ਸੀ। ਭਾਰਤ ਦਾ ਆਲ ਇੰਡੀਆ ਰੇਡੀਓ ਕੇਂਦਰੀ ਕਮਾਂਡ ਦੇ ਫੈਸਲੇ ਦੇ ਉਲਟ ਭਾਰਤੀ ਫੌਜ ਦੇ ਭਿੱਖੀਵਿੰਡ ਰੋਡ ਤੋਂ ਪਾਕਿਸਤਾਨ ਦੇ ਇਲਾਕੇ ਵਿਚ ਦਾਖਲ ਹੋਣ ਦੀਆਂ ਖਬਰਾਂ ਦੇ ਰਿਹਾ ਸੀ। ਅਚੰਭਤ ਹੋਈ ਹਾਈ ਕਮਾਂਡ ਮੂੰਹ ‘ਚ ਉਂਗਲਾਂ ਪਾਈ ਇਹ ਸਭ ਸੁਣ ਰਹੀ ਸੀ। ਜਿਵੇਂ ਸਰਦੀਆਂ ‘ਚ ਕਾਲੀਆਂ ਦਿਸਦੀਆਂ ਪਹਾੜੀਆਂ ਤੇ ਪਈ ਬਰਫ ਚਿੱਟੇ ਦੰਦ ਕੱਢਦੀ ਲੱਗਦੀ ਹੈ ਉਸ ਤਰਾਂ ਕੇਂਦਰ ਕਮਾਂਡ ਦੇ ਆਹਲਾ ਅਫਸਰ ਦੰਦੀਆਂ ਕੱਢ ਰਹੇ ਸਨ। ਦੂਸਰੇ ਪਾਸੇ ਜਿਵੇਂ ਦੰਦੀਆਂ ਕੱਢਦੀਆਂ ਪਹਾੜੀਆਂ ਦੇ ਢਿੱਡ ‘ਚ ਲਾਵਾ ਵੀ ਸਮਾਇਆ ਹੁੰਦਾ ਹੈ। ਉਸੇ ਤਰ ਕੇਂਦਰੀ ਕਮਾਂਡ ਦੇ ਅਫਸਰਾਂ ਦੇ ਢਿੱਡਾਂ ਵਿਚ ਗੁਰਬਖਸ਼ ਸਿੰਘ ਵਲੋਂ ਕੇਂਦਰੀ ਕਮਾਂਡ ਦਾ ਹੁਕਮ ਨਾ ਮੰਨਣ ਦੀ ਕੁਤਾਹੀ ਦੀ ਸਜ਼ਾ ਦੇਣ ਦਾ ਲਾਵਾ ਵੀ ਉਸੇ ਤਰ ਸੁਲਘ ਰਿਹਾ ਸੀ। ਦੂਸਰੇ ਪਾਸੇ ਹੁਸੈਨੀਵਾਲਾ ਬਾਰਡਰ ਤੇ ਪਾਕਿਸਤਾਨੀ ਫੌਜ ਡਟੀ ਹੋਈ ਸੀ। ਉਸਨੇ ਭਾਰਤੀ ਫੌਜ ਦੇ ਵਧਦੇ ਕਦਮਾਂ ਨੂੰ ਤੱਕਣ ਲਈ ਸਤਲੁਜ ਦਾ ਪੁਲ ਭੰਨ ਦਿੱਤਾ ਸੀ। ਟੈਂਕ ਅਤੇ ਤੋਪਾਂ ਦਾ ਪਾਣੀ ਵਿਚੋਂ ਦੀ ਲੰਘਣਾ ਔਖਾ ਸੀ। ਦੂਸਰਾ ਬਰਸਾਤ ਦਾ ਮੌਸਮ ਅਜੇ ਖਤਮ ਨਹੀਂ ਸੀ ਹੋਇਆ ਭਾਦੋਂ ਚੱਲ ਰਹੀ ਸੀ। ਅੱਸੂ ਦੀ ਝੜੀ ਤਾਂ ਸਾਉਣ ਨਾਲੋਂ ਵੀ ਭੈੜੀ ਹੁੰਦੀ ਹੈ। ਪੰਜਾਬ ਵਿਚ ਜਿੰਨੇ ਵੀ ਹੜ ਆਏ ਉਹ ਇਸੇ ਰੁੱਤ ਵਿਚ ਆਏ ਸਨ। ਇਸ ਸਰਹੱਦ ਤੋਂ ਤੋਪਾਂ ਦੇ ਗੋਲਿਆਂ ਦੀ ਅਵਾਜ਼ ਬਿੱਕਰ ਸਿੰਘ ਦੇ ਪਿੰਡ ਤੱਕ ਸੁਣਦੀ ਸੀ। ਪਿੰਡਾਂ ਵਿਚ ਬਲੈਕ ਆਊਟ ਲਾਗੂ ਸੀ। ਸੂਰਜ ਖੜੇ ਹੀ ਲੋਕ ਰੋਟੀ ਟੁੱਕਦਾ ਆਹਰ ਕਰਕੇ ਚੁੱਲਿਆਂ ਨੂੰ ਪਾਣੀ ਛਿੜਕ ਕੇ ਠੰਢਾ ਕਰ ਦਿੰਦੇ ਤਾਂ ਜੋ ਕੋਈ ਦੱਸਦਾ ਅੰਗਿਆਰ ਰਹਿ ਜਾਵੇ। ਸੂਬੇਦਾਰ ਬਿੱਕਰ ਸਿੰਘ ਸਿੱਧੂ ਦੇ ਪਿੰਡ ਕੋਲ ਪਿੰਡ ਬੌਡੇ, ਧੂੜਕੋਟ ਰਣਸੀਹ ਵਿਖੇ ਪਾਕਿਸਤਾਨੀ ਫੌਜ ਦੇ ਜਹਾਜ ਬੰਦ ਸੁੱਟ ਗਏ ਸਨ। ਉਹਨਾਂ ਅਜਿਹੀ ਰੋਸ਼ਨੀ ਨੂੰ ਇਸ਼ਾਰਾ ਸਮਝ ਲਿਆ ਸੀ। ਬਿੱਕਰ ਸਿੰਘ ਦੀ ਪਤਨੀ ਅਤੇ ਮਾਂ ਦੋਹਾਂ ਦੇ ਚੇਤਿਆਂ ਵਿਚ ਉਸਦੀ ਸਲਾਮਤੀ ਦੇ ਫਿਕਰ ਦਾ ਕੰਡਾ ਟੀਸ ਕਰਦਾ। ਉਹ ਉਸਦੀ ਸਲਾਮਤੀ ਦੀਆਂ ਸੁੱਖਣਾ ਸੁੱਖਦੀਆਂ। ਹਰ ਗੋਲੇ ਦੀ ਧਕਮ ਤੇ ਗਰਜ ਦੀ ਧਕਮ ਨਾਲ ਕੰਬਦਾ ਧਰਤੀ ਦਾ ਕਾਲਜਾ ਫੌਜੀਆਂ ਦੀਆਂ ਅਸੰਖਾਂ ਮਾਵਾਂ-ਭੈਣਾਂ, ਪਤਨੀਆਂ ਤੇ ਬੱਚਿਆਂ ਦੇ ਦਿਲਾਂ ਦੀ ਕੰਬਦੀ ਧੜਕਣ ਮਹਿਸੂਸ ਹੁੰਦਾ। ਉਹਨਾਂ ਦੇ ਮੱਥਿਆਂ ਤੇ ਫਿਕਰਾਂ ਦੀਆਂ ਤ੍ਰਿਸ਼ੂਲਾ ਉਭਰਦੀਆਂ। ਬਾਪੂਆਂ ਦੀਆਂ ਅੱਖਾਂ ‘ਚੋਂ ਕਿਰਦੇ ਮੋਤੀ ਸਫੈਦ ਦਾਹੜਿਆਂ ਵਿਚ ਗੁੰਮ ਹੋ ਜਾਂਦਾ। ਸਭ ਪਰਿਵਾਰ ਆਪਣੇ ਜਿਗਰ ਦੇ ਟੋਟਿਆਂ ਦੇ ਪਿਛਲੀਆਂ ਜੰਗਾਂ ਵਿਚੋਂ ਸਹੀ ਸਲਾਮਤ ਪਰਤਣ ਦੇ ਅਰਸ ਤਕਦੀਆਂ। ਉਹਨਾਂ ਨੂੰ ਮਿਲਣ ਦੇ ਭਰਮ ਭੁਲੇਖੇ ਸਿਰਜਦੀਆਂ। ਜੰਗ ਹਮੇਸ਼ਾ ਤਬਾਹੀ ਸਿਰਜਦੀ ਹੈ। ਧਰਤੀ ਤੇ ਅਜੇ ਤਕ ਕੋਈ ਅਜਿਹੀ ਜੰਗ ਹੋਈ ਹੀ ਨਹੀਂ ਕਿ ਸਾਰੇ ਸਿਪਾਹੀ ਸਹੀ ਸਲਾਮਤ ਘਰ ਪਰਤ ਆਏ ਹੋਣ। ਦਸ਼ਮੇਸ਼ ਪਿਤਾ ਦੇ ਚਾਰੇ ਪੁੱਤਰਾਂ ‘ਚੋਂ ਇਕ ਵੀ ਨਹੀਂ ਸੀ ਪਰਤਿਆ। ਅਬਦੁਲ ਹਮੀਦ ਵੀ ਤਾਂ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਕੋਲ ਪਹੁੰਚ ਚੁੱਕਾ ਸੀ। ਜਿਸਦੀ ਖਬਰ ਰੇਡੀਓ ਤੋਂ ਦੋਵੇਂ ਨੌਹ ਸੱਸ ਸੁਣ ਚੁੱਕੀਆਂ ਸਨ। ਜਿਸਦਾ ਬਿੱਕਰ ਸਿੰਘ ਆਪਣੇ ਖਤਾਂ ਵਿਚ ਕੀਤਾ ਸੀ। ਹਰ ਜੰਗ ਪਿੱਛੇ ਵੱਡੀਆਂ ਤਾਕਤਾਂ ਦੇ ਨਿੱਜੀ ਮੁਫਾ ਅਤੇ ਮਨਸੂਬੇ ਹੁੰਦੇ ਹਨ। ਜਿੰਨਾਂ ਨੂੰ ਗੁਰਬਤ ਦੇ ਮਾਰੇ ਸੈਨਿਕਾਂ ਦੀਆਂ ਲਾਸ਼ਾਂ ਨਾਲ ਪੂਰਦੇ ਹਨ। ਹਰ ਜੰਗ ਦਾ ਖਾਤਮਾ ਸਮਝੌਤੇ ਨਾਲ ਹੁੰਦਾ ਹੈ। ਫਿਰ ਇਹ ਪਹਿਲਾਂ ਹੀ ਕਿਉਂ ਨਹੀਂ ਹੋ ਜਾਂਦਾ? ਪ੍ਰਦੀਪ ਨੂੰ ਆਪਣੀ ਬੁੱਕਲ ਵਿਚ ਪਾਈ ਨਸੀਬ ਕੌਰ ਆਪਣੇ ਨਸੀਬਾਂ ਤੇ ਝਾਤ ਮਾਰਦੀ ਸੋਚਦੀ। ਬਿੱਕਰ ਸਿੰਘ ਨਾਲ ਗੁਜ਼ਾਰੇ 6-7 ਸਾਲਾਂ ਦੀਆਂ ਯਾਦਾਂ ਦੀ ਪਟਾਰੀ ਖੋਲਦੀ। ਦੂਸਰੇ ਪਾਸੇ ਮਾਂ ਉਸਦੇ ਜਨਮ ਸਮੇਂ ਹੰਢੀਆਂ ਪੀੜਾਂ ਛਾਤੀ ਨੂੰ ਬੱਚੇ ਦੇ ਪਪੀਸੀਆਂ ਵਰਗੇ ਬੁੱਲਾਂ ਦੀ ਛੋਹ ਦੀ ਪਹਿਲੀ ਅੰਮ੍ਰਿਤ ਘੁੱਟ ਤੋਂ ਲੈ ਕੇ ਉਸਦੇ ਹੱਸਣ, ਰੋਣ, ਖੇਡਣ, ਉੱਠਣ, ਬੈਠਣ, ਤੋਤਲੇ ਬੋਲਾਂ ਤੋਂ ਲੈ ਕੇ ਫੱਟੀ ਬਸਤਾ ਲੈ ਕੇ ਸਕੂਲ ਜਾਂਦੇ ਨਿੱਕੇ-ਨਿੱਕੇ ਕਦਮਾਂ ਦੇ ਅਕਸ ਤੇ ਫਿਰ ਚੱਪਾ-ਚੱਪਾ ਕਰਕੇ ਗੱਭਰੂ ਕਰਨ ਦੇ ਅਕਸਾਂ ਨੂੰ ਚਿਤਵਦੀ। ਅੱਖਾਂ ਭਰ ਆਉਂਦੀਆਂ ਤਾਂ ”ਅੱਛਾ ਫਿਰ ਜੋ ਭਾਣੈ ਕਰਤਾਰ” ਤੇ ਫੈਸਲਾ ਛੱਡ ਦਿੰਦੀ। ਦੋਵੇਂ ਨੌਹ ਸੱਸ ਗੱਲਾਂ ਬਾਤਾਂ ਰਾਹੀਂ ਡਰਾਉਣੇ ਖਿਆਲਾਂ ਤੋਂ ਖਹਿੜਾ ਛੁਡਾਉਣ ਲਈ ਗੱਲਾਂ ਬਾਤਾਂ ਵਿਚ ਪਰਚਣ ਦੀਆਂ ਕੋਸ਼ਿਸ਼ਾਂ ਕਰਦੀਆਂ। ਪਰ ਮਨ ‘ਚ ਫਿਕਰਾਂ ਦੇ ਕੰਡੇ ਦੀ ਟੀਸ ਉਸੇ ਤਰ•ਾਂ ਰਹਿੰਦੀ। ਜਿਉਂ ਜਿਉਂ ਲੜਾਈ ਦੇ ਦਿਨ ਲੰਘਦੇ ਜਾਂਦੇ ਤਿਉਂ ਤਿਉਂ ਲੜਾਈ ਦੇ ਲੰਬੇ ਹੋਣ ਤੇ ਉਹਨਾਂ ਨੂੰ ਖਿਜ ਵੀ ਚੜ•ਦੀ ਤੇ ਕਦੇ ਕਦੇ ਉਹਨਾਂ ਨੂੰ ਲੱਗਦਾ ਕਿ ਜਲਦੀ ਹੀ ਇਹ ਜੰਗ ਖਤਮ ਹੋਵੇਗੀ ਤੇ ਉਹਨਾਂ ਦਾ ਘਰ ਦਾ ਵਾਰਸ ਸਹੀ ਸਲਾਮਤ ਪਰਤੇਗਾ।
ਲੜਾਈ ਦੇ ਅੱਠਵੇਂ ਦਿਨ ਡਾਕੀਏ ਨੇ ਸਫੈਦ ਜੇਹੀ ਚਿੱਠੀ ਦੇ ਕੇ ਨਸੀਬ ਕੌਰ ਦੇ ਦਸਤਖਤ ਕਰਵਾਏ। ਬਹਾਦਰੀ ਨਾਲ ਲੜਦਾ ਹੋਇਆ ਸੂਬੇਦਾਰ ਸ਼ਹਾਦਤ ਦਾ ਜਾਮ ਪੀ ਗਿਆ ਦਾ ਸੰਦੇਸ਼ਾ ਦਿੰਦੀ ਟੈਲੀਗ੍ਰਾਮ ਸੁਣ ਕੇ ਸਾਰੇ ਘਰ ਵਿਚ ਕੋਹਰਾਮ ਮੱਚ ਗਿਆ। ਮਾਂ ਦੇ ਵੈਣਾਂ ਨੇ ਅਸਮਾਨ ਲੰਗਰ ਕਰ ਦਿੱਤਾ। ਵੇ ਡਾਹਡਿਆ ਤੈਨੂੰ ਸਾਰੇ ਤੇ ਤਰਸ ਨਾ ਆਇਆ-”ਵੇ ਕੀਹਦੇ ਆਸਰੇ ਛੱਡ ਗਿਆ ਏ ਵੇ ਸੁੱਖਾ ਲੱਧਿਆ ਪੁੱਤਾ-” ਕਹਿੰਦੀ ਮਾਂ ਆਪਣਾ ਆਪ ਖਪਾ ਰਹੀ ਸੀ। ਨਸੀਬ ਕੌਰ ਦੀਆਂ ਚੀਕਾਂ ਵੀ ਮਾਂ ਵਾਂਗ ਡਾਹਡੇ ਦੀਆਂ ਬਰੂਹਾਂ ਤੇ ਦਸਤਕ ਦੇ ਰਹੀਆਂ ਸਨ। ਉਹ ਆਪਣੇ ਹੱਥੀਂ ਪਰੋਲੇ ਫੇਰੀਆਂ ਕੰਧਾਂ ‘ਚ ਮੱਥਾ ਮਾਰ ਰਹੀ ਸੀ। ਸਭ ਦਾ ਬੁਰਾ ਹਾਲ ਸੀ। ਸਾਰੇ ਪਿੰਡ ਦੀਆਂ ਅੱਖਾਂ ‘ਚ ਅੱਥਰੂ ਸਨ ਜਿਵੇਂ ਪਿੰਡ ਕੋਲ ਦੀ ਲੰਘਦੀ ਨਹਿਰ ਦਾ ਕੜ ਪਾਟ ਗਿਆ ਹੋਵੇ। ਸਾਰੇ ਪਿੰਡ ਦੇ ਬਜ਼ੁਰਗ, ਮਾਵਾਂ ਤੇ ਨੌਜਵਾਨ ਧਾਹਾਂ ਮਾਰਦੇ ਹੋਏ ਸਥਿਤੀ ਨੂੰ ਸੰਭਾਲ ਰਹੇ ਸਨ। ਕੁਝ ਸਿਆਣੀਆਂ ਔਰਤਾਂ ਸਲਾਹ ਦੇ ਰਹੀਆਂ ਸਨ ਕਿ ਭਾਈ ਮੋਹਦਾ ਗੁਬਾਰ ਨਿਕਲ ਜਾਣ ਦਿਓ। ਜੇ ਇਹ ਮੋਹ ਚੁੱਪ ਦਾ ਗੋਲ•ਾ ਬਣ ਜਾਵੇ ਤਾਂ ਜਾਨ ਲੇਵਾ ਹੋ ਸਕਦਾ ਹੈ। ਸਿਆਣੀਆਂ ਔਰਤਾਂ ਦੋਵੇ ਨੌਹ ਸੱਸ ਨੂੰ ਕਲਾਵੇ ਵਿਚ ਲਈ ਬੈਠੀਆਂ ਸਨ ਸੁਕਦੇ ਜਾਂਦੇ ਮੂੰਹ ‘ਚ ਪਾਣੀ ਪਾ ਰਹੀਆਂ ਸਨ। ਬਿੱਕਰ ਸਿੰਘ ਦੇ ਘਰ ਪੱਟੀਆਂ ਦਾ ਸੱਥਰ ਵਿਛਾਇਆ ਜਾ ਰਿਹਾ ਸੀ।
ਇੰਜ ਜਾਪਦਾ ਸੀ ਜਿਵੇਂ ਇਹ ਸੱਖਰ ਇਕ ਘਰ ਵਿਚ ਨਾ ਹੋਕੇ ਸਾਰੇ ਪਿੰਡ ਵਿਚ ਵਿਛਿਆ ਹੋਵੇ। ਪਤਾ ਲੱਗਾ ਕਿ ਚਲਦੀ ਜੰਗ ਵਿਚ ਹੀ ਸੂਬੇਦਾਰ ਬਿੱਕਰ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਲਿਆਂਦਾ ਜਾ ਰਿਹਾ ਸੀ। ਅਗਲੇ ਦਿਨ ਸੂਰਜ ਦੀ ਟਿੱਕੀ ਨਿਕਲਣ ਸਾਰ ਹੀ ਦੋ ਫੌਜੀ ਟਰੱਕ ਆਏ। ਜੁਆਨਾਂ ਨੇ ਬਿੱਕਰ ਦੀ ਲਾਸ਼ ਨੂੰ ਮੋਢਾ ਦਿੱਤਾ ਹੋਇਆ ਸੀ। ਲਾਸ਼ ਦੇ ਬਕਸੇ ਉਪਰ ਕੌਮੀ ਚਿੰਨ ਸ਼ੁਸ਼ੋਭਤ ਸੀ। ਜ਼ਿਲ•ਾ ਫੀਰੋਜ਼ਪੁਰ ਦੇ ਅਧਿਕਾਰੀਆਂ ਤੇ ਅਫਸਰਾਂ ਦੀ ਗੱਡੀਆਂ ਵੀ ਪਹੁੰਚ ਗਈਆਂ। ਲਾਸ਼ ਨੂੰ ਅੰਤਮ ਦਰਸ਼ਨਾਂ ਲਈ ਰੱਖਿਆ ਜਾ ਚੁੱਕਾ ਸੀ। ਬਲੈਕ ਆਊਟ ਕਾਰਨ ਸੰਸਕਾਰ ਜਲਦੀ ਕਰਨਾ ਸੀ। ਇਸ ਕਰਕੇ ਰਿਸ਼ਤੇਦਾਰ ਵੀ ਸਮੇਂ ਸਿਰ ਪਹੁੰਚ ਗਏ ਸਨ। ਸੂਰਜ ਦੀ ਟਿਕੀ ਖੜੇ ਖੜੇ ਦੇਹੀ ਸਮੇਟਣਾ ਜ਼ਰੂਰੀ ਸੀ। ਮਾਂ-ਪਤਨੀ ਅਤੇ ਰਿਸ਼ਤੇਦਾਰ ਦੇ ਦਿਲ-ਵਿੰਨਵੇ ਵੈਣਾਂ ‘ਚ ਲਾਸ਼ ਦਾ ਸਫ਼ਰ ਘਰ ਤੋਂ ਸ਼ਮਸ਼ਾਨ ਵੱਲ ਸ਼ੁਰੂ ਹੋਇਆ। ਸ਼ਮਸ਼ਾਨਘਾਟ ‘ਚ ਸੰਸਕਾਰ ਸਮੇਂ ਫੌਜ ਵਲੋਂ ਫੌਜੀ ਬੈਂਡ ਨਾਲ ਸੋਗੀ ਧੁਨ ਵਜਾਈ ਗਈ। ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ। ਇੰਜ ਦਸ ਕੁ ਵਜੇ ਬਿੱਕਰ ਸਿੰਘ ਦੀ ਦੇਹੀ ਨੂੰ ਪੰਜ ਤੱਤਾਂ ਦੇ ਹਵਾਲੇ ਕਰ ਦਿੱਤਾ ਗਿਆ। ”ਸ਼ਹੀਦ ਸੂਬੇਦਾਰ ਬਿੱਕਰ ਸਿੰਘ ਅਮਰ ਰਹੇ-ਜੈ ਜਵਾਨ-ਜੈ ਕਿਸਾਨ ਦੇ ਨਾਅਰੇ ਗੂੰਜ ਰਹੇ ਸਨ। ਅੱਜ ਭਾਰਤ-ਪਾਕ ਯੁੱਦ ਦਾ ਨੌਵਾਂ ਦਿਨ ਸੀ। ਬਹੁਤ ਸਾਰੇ ਰਿਸ਼ਤੇਦਾਰ ਘਰੇ ਰੁਕ ਗਏ ਸਨ। ਪਿੰਡ ਦੇ ਨੌਜਵਾਨਾਂ ਨੇ ਆਪਣੇ ਆਪ ਹੀ ਬਿੱਕਰ ਸਿੰਘ ਦੇ ਮਾਲ ਡੰਗਰ ਨੂੰ ਸਾਂਭਣ-ਪੱਠੇ ਹੱਥੇ ਲਿਆਉਣ ਤੇ ਫਸਲ ਦੀ ਨਿਗਰਾਨੀ ਦਾ ਕੰਮ ਸਾਂਭ ਲਿਆ। ਇਹੀ ਤਾਂ ਪੰਜਾਬ ਦੀ ਵਿਰਾਸਤ ਹੈ ਕਿ ਦੁੱਖ-ਸੁੱਖ ਦੀ ਘੜੀ ਵਿਚ ਪਰਿਵਾਰ ਦੇ ਕੰਮਾਂਕਾਰਾਂ ਨੂੰ ਸਾਂਭ ਇਖਲਾਕੀ ਜ਼ੁੰਮੇਵਾਰੀ ਨਿਭਾਈ ਜਾਂਦੀ ਸੀ। ਪਿੰਡ ਦੀਆਂ ਔਰਤਾਂ ਘਰ ਦਾ ਚੁੱਲਾ ਚੌਕਾ-ਮਾਲ ਡੰਗਰ-ਧਾਰਾਂ ਕੱਢਣ ਦਾ ਕੰਮ ਸਾਂਭ ਲੈਂਦੀਆਂ। ਸੂਰਜ ਦੀ ਟਿੱਕੀ ਖੜੇ ਹੀ ਬਿੱਕਰ ਸਿੰਘ ਦੀ ਦੇਹੀ ਦਾ ਸੰਸਕਾਰ ਹੋਣ ਤੇ ਚਿਖਾ ਨੂੰ ਠੰਢਾ ਕਰ ਦਿੱਤਾ ਗਿਆ। ਅਗਲੇ ਦਿਨ ਫੁੱਲ ਚੁਗੇ ਗਏ। ਬਿੱਕਰ ਸਿੰਘ ਦਾ ਭੋਗ ਪੈਣ ਤੋਂ ਪਹਿਲਾਂ-ਪਹਿਲਾਂ ਭਾਰਤ-ਪਾਕ ਯੁੱਧ ਬੰਦ ਹੋ ਗਿਆ।
ਭੋਗ ਵਾਲੇ ਦਿਨ ਵੈਰਾਗਮਈ ਕੀਰਤਨ ਉਪਰੰਤ ਅੰਤਮ ਅਰਦਾਸ ਵਿਚ ਹਜ਼ਾਰਾਂ ਲੋਕਾਂ ਸ਼ਾਮਲ ਹੋਏ। ਉਚ ਅਧਿਕਾਰ ਤੇ ਫੌਜੀ ਅਫਸਰ ਪਹੁੰਚੇ ਹੋਏ ਸਨ। ਮੁੱਖ ਮੰਤਰੀ ਸਮੇਤ ਸਭ ਲੋਕ ਬਿਨਾਂ ਕਿਸੇ ਉਚੇਚ ਦੇ ਲੋਖਾਂ ਵਿਚ ਬੈਠੇ ਹੋਏ ਸਨ। ਹਰ ਕੋਈ ਸੂਬੇਦਾਰ ਬਿੱਕਰ ਸਿੰਘ ਵਲੋਂ ਮੁਹਾਜ ਤੇ ਦਿਖਾਈ ਬਹਾਦਰੀ ਦੇ ਵੱਖ-ਵੱਖ ਪੱਖਾਂ ਬਾਰੇ ਦੱਸ ਰਿਹਾ ਸੀ। ਫੌਜੀ ਅਫਸਰਾਂ ਵਲੋਂ ਐਲਾਨ ਕੀਤਾ ਗਿਆ ਕਿ ਨਸੀਬ ਕੌਰ ਨੂੰ ਸਰਕਾਰੀ ਪਿਨਸ਼ਨ ਮਿਲਦੀ ਰਹੇਗੀ ਤੇ ਉਸਦੇ ਪੁੱਤਰ ਨੂੰ ਜਵਾਨ ਹੋਣ ਤੇ ਬਿੱਕਰ ਸਿੰਘ ਦੇ ਮੁਰਤਬੇ ਤੇ ਹੀ ਭਰਤੀ ਕੀਤਾ ਜਾਵੇਗਾ। ਫਿਰ ਉਹਨਾਂ ਫੌਜ ਵਲੋਂ ਨਸੀਬ ਕੌਰ ਨੂੰ ਸਿਲਾਈ ਮਸ਼ੀਨ ਭੇਟ ਕੀਤੀ। ਉਸ ਭਰੇ ਮਨ ਨਾਲ ਫੌਜੀ ਅਫਸਰਾਂ ਤੋਂ ਮਸ਼ੀਨ ਪ੍ਰਾਪਤ ਕੀਤੀ। ਸਿਰ ਤੇ ਲਈ ਸਫੈਦ ਚੁੰਨ ਦਾ ਮੂੰਹ ‘ਚ ਲਿਆ ਲੜ ਅੱਖਾਂ ‘ਚੋਂ ਵਗਦੇ ਹੰਝੂਆਂ ਨਾਲ ਤਰ ਸੀ। ਪੋਤਰਾ ਪ੍ਰਦੀਪ ਸਿੰਘ ਦਾਦੀ ਦੀ ਬੁੱਕਲ ਵਿਚ ਬੈਠਾ ਇਸ ਸਭ ਕਾਸੇ ਤੋਂ ਬੇਖਬਰ ਖੇਡ ਰਿਹਾ ਸੀ। ਲੋਕਾਂ ਦੀ ਹਮਦਰਦੀ ਹੌਲੀ-ਹੌਲੀ ਕੱਚੀਆਂ ਕੰਧਾਂ ਦੇ ਜਿਓੜਾ ਵਾਂਗ ਸਰਕਣ ਲੱਗੀ ਤੇ ਹਰ ਕੋਈ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਮਸਰੂਫ ਹੋਣ ਲੱਗਾ। ਹੁਣ ਘਰ ਵਿਚ ਇਕੱਲਤਾ ਦੇ ਬੋਝਲ ਜੇਹੇ ਦਿਨ ਡੇਰਾ ਲਾਉਣ ਲੱਗੇ। ਨੌਹ ਸੱਸ ਨੂੰ ਬਿੱਕਰ ਸਿੰਘ ਦੇ ਕਦਮਾਂ ਦੀ ਆਹਟ ਤੇ ਆਮਦ ਦੀ ਆਸ ਖਤਮ ਹੋ ਚੁੱਕੀ ਸੀ। ਉਹ ਤੁਰ ਜਾਣ ਵਾਲੇ ਨੂੰ ਆਪਣੇ ਰਿਸ਼ਤੇ ਦੀਆਂ ਤੰਦਾਂ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਦੀਆਂ। ਬਿੱਕਰ ਸਿੰਘ ਵਲੋਂ ਫੌਜ ‘ਚੋਂ ਲਿਆਂਦੇ ਰੇਡੀਓ ਤੋਂ ਜਦੋਂ ”ਵਸਣ ਨੂੰ ਪਾਈਆਂ ਕੋਠੜੀਆਂ ਵੇ ਕਾਹਨੂੰ ਰੱਖਿਆ ਏ ਵਿਹੜਾ-ਨੌਕਰਾਂ ਦੇ ਘਰ ਸਾਂਭੇਗਾ ਕਿਹੜਾ’ ਦਾ ਵੈਰਾਗਮਈ ਗੀਤ ਆਉਂਦਾ ਤਾਂ ਨੌਹ ਸੱਸ ਦੇ ਸਬਰਾਂ ਦੇ ਬੰਨ ਟੁੱਟ ਜਾਂਦੇ ਤੇ ਹਟਕੋਰਿਆਂ ਮੂੰਹ ਵੈਰਾਗ ਵਹਿ ਤੁਰਦਾ।
ਮਨ ਆਹਰੇ ਲਾਉਣ ਲਈ ਨਸੀਬ ਕੌਰ ਨੇ ਘਰ ਵਿਚ ਲੋਕਾਂ ਦੇ ਕੱਪੜੇ ਵਗੈਰਾ ਸਿਉਣੇ ਸ਼ੁਰੂ ਕਰ ਦਿੱਤੇ। ਮਾਂ ਪੋਤਰੇ (ਪ੍ਰਦੀਪ ਸਿੰਘ) ਨੂੰ ਸਾਂਭੀ ਰੱਖਦੀ। ਲੋਕ ਨਸੀਬ ਕੌਰ ਦੇ ਸੁਭਾਓ ਸਲੀਕੇ ਅਤੇ ਹੱਥਾਂ ਦੀ ਸਚਿਆਰੀ ਹੋਣ ਕਰਕੇ ਉਸ ਕੋਲੋਂ ਕੱਪੜੇ ਸਿਲਾਉਣਾ ਪਸੰਦ ਕਰਦੇ। ਵਿਆਹਾਂ ਦੇ ਦਿਨਾਂ ਵਿਚ ਤਾਂ ਉਸਨੂੰ ਵਿਹਲ ਨਾ ਮਿਲਦੀ। ਉਸ ਪਿੰਡ ਦੀਆਂ ਕੁੜੀਆਂ ਨੂੰ ਸਿਖਾਉਣ ਲਈ ਆਪਣੇ ਨਾਲ ਲਗਾ ਲਿਆ। ਰਾਤ ਨੂੰ ਜਦ ਉਹ ਇਕੱਲ ਮਸ਼ੀਨ ਤੇ ਥੋੜਾ ਬਹੁਤ ਕੰਮ ਕਰਦੀ ਤਾਂ ਉਹ ਮਸ਼ੀਨ ਨਾਲ ਗੱਲਾਂ ਕਰਨ ਲੱਗ ਪੈਂਦੀ। ਜਿਵੇਂ ਉਹ ਸਿਲਾਈ ਮਸ਼ੀਨ ਨਾ ਹੋਵੇ ਸਗੋਂ ਉਸਦੇ ਸਿਰ ਦਾ ਸਾਈਂ ਬਿੱਕਰ ਸਿੰਘ ਹੋਵੇ। ”ਦੇਖ ਲੈ ਤੇਰੇ ਲਾਡਲੇ ਨੇ ਅੱਜ ਤੇਰੇ ਵਾਂਗ ਹੀ ਮੇਜ਼ ਲਾ ਕੇ ਰੋਟੀ ਖਾਧੀ ਐ, ਬੇਬੇ ਨੂੰ ਕਹਿੰਦਾ ਬੇਬੇ ਮੈਂ ਤਾਂ ਫੌਜੀ ਅਫਸਰ ਬਣਨੈ। ਜਮਾਂ ਤੇਰੇ ਤੇ ਗਿਆ ਏ ਰੱਤੀ ਭਰਵੀ ਫਰਕ ਨਹੀਂ-”। ”ਕੁੜੇ ਕੀਹਦੇ ਨਾਲ ਗੱਲਾਂ ਕਰਦੀ ਐਂ…” ਬੇਬੇ ਦੀ ਅਵਾਜ਼ ਆਉਂਦੀ ਤਾਂ ਜਵਾਬ ਦਿੰਦੀ ”ਕੁਝ ਨੀਂ ਬੇਬੇ, ਬੱਸ ਪਲ ਦੋ ਪਲ ਆਪਣਾ ਆਪ ਭੁੱਲਣ ਦੀ ਕੋਸ਼ਿਸ਼ ਕੀਤੀ ਸੀ। …”ਧੀਏ ਭੇੜੇ ਤਾਂ ਹੱਡਾਂ ਨਾਲ ਈ ਜਾਣੇ ਨੇ…ਤੂੰ ਐਵੇਂ ਨਾ ਮਨ ਖਰਾਬ ਕਰਿਆ ਕਰ ਉਸਦਾ ਐਨਾ ਈ ਸਾਥ ਸੀ-ਤੁਰ ਗਏ ਕਦੇ ਮੁੜੇ ਨੇ-ਭਲਾ ਜੀਏ ਤੇ ਵਿਛੜੇ ਕੌਣ ਮੇਲੇ…” ਦਾ ਅਗਲਾ ਬੰਦ ਬੇਬੇ ਤੋਂ ਪੂਰਾ ਨਾ ਹੋਇਆ। ਉਸਦਾ ਗਚ ਭਰ ਆਇਆ ਸੀ। ਉਸ ਮਨ ਹੀ ਮਨ ਡਾਹਡੇ ਨੂੰ ਨਿਹੋਰਾ ਮਾਰਿਆ ”ਵੇ ਡਾਹਢਿਆ ਕਦੇ ਵਿਧਵਾਵਾਂ ਦੀ ਜੂਨੇ ਪੈ ਕੇ ਇਹ ਵੱਢਖਾਈ ਇਕੱਲਤਾ ਕੱਟ ਕੇ ਦੇਖ ਫੇਰ ਤੈਨੂੰ ਮੰਨੀਏ ਕਿ ਤੂੰ ਰੱਬ ਏ।”
ਵਿਆਹਾਂ ਦੇ ਸੀਜਨ ਵਿਚ ਕਈ ਵਾਰ ਉਸਨੂੰ ਸਿਲਾਈ ਕਰਨ ਲਈ ਕਿਸੇ ਦੇ ਘਰ ਮਸ਼ੀਨ ਲਿਜਾਣੀ ਪੈਂਦੀ ਕਿਉਂਕਿ ਘਰਦਿਆਂ ਦੀ ਪਸੰਦ ਅਨੁਸਾਰ ਕੱਪੜੇ ਦੀ ਕਾਂਟ ਛਾਂਟ ਕਰਨੀ ਪੈਂਦੀ ਸੀ। ਉਹ ਰੋਟੀ ਟੁੱਕ ਤੇ ਘਰ ਦਾ ਕੰਮ ਕਾਜ ਮੁਕਾ ਕੇ ਮਸ਼ੀਨ ਮੋਢੇ ਤੇ ਰੱਖਦੀ ਤਾਂ ਇੰਜ ਲੱਗਦਾ ਜਿਵੇਂ ਬਿੱਕਰ ਉਸਦੇ ਕੰਧੇੜੇ ਬੈਠਾ ਹੋਵੇ। ”ਉਹ ਸਿਰ ਦੇ ਸਾਈਂ ਨਾਲ ਨਿੱਕੇ-ਨਿੱਕੇ ਸੰਵਾਦ ਰਚਾਉਂਦੀ…” ਚੱਲ ਆਵੇ ਸਿਰ ਦਿਵਾ ਸਾਈਆਂ, ਤੇਰੀ ਨਿਸ਼ਾਨੀ ਆਪਣੇ ਬੂਟੇ ਲਈ ਕਰੀਏ ਕਮਾਈਆਂ-ਦੇਖ ਲੈ ਤੂੰ ਕਹਿੰਦਾ ਸੀ ਕਿ ਤੂੰ ਸੂਬੇਦਾਰਨੀਏ-ਰਾਜ ਕਰੇਂਗੀ-ਰਾਜ ਤੇ ਆਹ ਰਾਜ ਨੂੰ ਤੂੰ ਕਦੇ ਸੋਚਿਆ ਸੀ-ਤੇ ਨਾ ਕਦੇ ਮੈਂ-ਤੇਰੀ ਪਿਨਸ਼ਨ ਨਾਲ ਤਾਂ ਘਰ ਦੇ ਪੰਜ ਪਾਂੜੇ ਹੀ ਪੂਰੇ ਨਹੀਂ ਹੁੰਦੇ-ਮਹਿੰਗਾਈ ਦਾ ਲੋਕ ਕਰੂੰਬਲਾਂ ਦੇ ਨਾਲ-ਨਾਲ ਟਾਹਣੀਆਂ ਵੀ ਨੋਚ ਜਾਂਦੈ। ਪਰ ਤੂੰ ਫਿਕਰ ਨਾ ਕਰੀਂ-ਮੈਂ ਪ੍ਰਦੀਪ ਨੂੰ ਕਿਸੇ ਗਲੋਂ ਥੁੜਨ ਨਹੀਂ ਦਿੰਦੀ-”ਬੱਲੇ ਨੀ ਪੰਜਾਬ ਦੀ ਗੈਰਤਮੰਦ ਤੇ ਬਹਾਦਰ ਤੇ ਮੇਰੀ ਸਾਥਣੇ-ਤੈਨੂੰ ਸੌ-ਸੌ ਸਲਾਮਾਂ” ਮਸ਼ੀਨ ਵਿਚੋਂ ਜਿਵੇਂ ਬਿੱਕਰ ਸਿੰਘ ਬੋਲਦਾ।
ਉਹ ਮਨ ਲਾ ਕੇ ਵਿਆਹ ਵਾਲੇ ਘਰ ਦਾ ਕੰਮ ਕਰਦੀ। ਆਪਣੇ ਖੁੱਸ ਚੁੱਕੇ ਸੂਹੇ ਫੁੱਲਾਂ ਨੂੰ ਵਿਆਹ ਵਾਲੇ ਘਰਦਿਆਂ ਦੇ ਸੂਟਾਂ ਦੇ ਉੱਕਰ ਆਉਂਦੀ। ਜਿਥੋਂ ਪੱਤਾਂ ਟੁੱਟਦਾ ਹੈ ਉਥੇ ਨਵੀਂ ਕਰੂੰਬਲ ਫੁੱਟ ਪੈਂਦੀ ਹੈ। ਇਹਦੇ ਵਿਚ ਵਿਆਹ ਕਰਨ ਜਾ ਰਹੇ ਨਵਿਆਂ ਦਾ ਕੀ ਦੋਸ਼ ਐ। ਉਸ ਨਵੀਂ ਨਵੇਲੀ ਆਈ ਨੇ ਇਹ ਆਪਣੇ ਹੱਥੀਂ ਤਾਂ ਖਿਡਾਏ ਸਨ। ਸਮਾਜ ਨੇ ਆਪਣੀਆਂ ਰਵਾਇਤਾਂ ਦਾ ਰੱਸਾ ਚੱਬਣਾ ਵੇ ਤੇ ਅਸੀਂ ਆਪਣੇ ਪੰਜ-ਪਾਂਜਿਆਂ ਦਾ ਮੂੰਹ ਭਰਨਾ ਏ। ਨਸੀਬ ਕੌਰ ਸੋਚਦੀ। ਪਰ ਉਸਦੀਆਂ ਸੂਖਮ ਸੋਚਾਂ ਉਸ ਸਮੇਂ ਵਲੂੰਧਰੀਆਂ ਜਾਂਦੀਆਂ ਜਦ ਵਿਆਹ ਸ਼ਾਦੀ ਦੇ ਕੱਪੜਿਆਂ ਦਾ ਸਾਰਾ ਕੰਮ ਉਸ ਕੋਲੋਂ ਕਰਵਾਕੇ ਉਸ ਘਰ ਦੀ ਕੋਈ ਸਿਆਣੀ (ਵੱਡੀ ਉਮਰ ਦੀ) ਬੜਾ ਛੋਟਾ ਜੇਹਾ ਮੂੰਹ ਬਣਾ ਕੇ ਛੋਟੀ ਜੇਹੀ ਗੱਲ ਕਹਿੰਦੀ ”ਕੁੜੇ ਨਸੀਬ ਕੁਰੇ ਤੂੰ ਖੁਦ ਬਹੁਤ ਸਿਆਣੀ ਏਂ ਮਨ ਤਾਂ ਕਰਦਾ ਏ ਡੱਡੀਏ ਤੂੰ ਹਰ ਸ਼ਗਨ ‘ਚ ਸ਼ਾਮਲ ਹੋਵੇ-ਮੈਂ ਤਾਂ ਸਮਝਦੀ ਤਾਂ ਕਿ ਤੂੰ ਸਾਰੇ ਪਿੰਡ ਦਾ ਮਾਣ ਏ-ਇਕ ਸ਼ਹੀਦ ਦੀ ਪਤਨੀ। ਪਰ ਬਾਹਰਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਤਾਂ ਨਹੀਂ ਨਾ ਪਤਾ-ਹੈਂ ਡੱਡੀ ਏ ਤੂੰ ਸ਼ਗਨਾਂ ਦੀਆਂ ਰਸਮਾਂ ਵੇਲੇ ਓਹਲਾ-ਅੜਤਲਾ ਕਰ ਲਵੀਂ। ”ਕੀ ਕਰੀਏ ਧੀਏ-ਜਗਤ ਰਵੀਰਾ ਵੀ ਤਾਂ ਕਰਨਾ ਪੈਂਦਾ ਏ।”..ਕੋਈ ਗੱਲ ਨੀਂ ਬੇਬੇ ਜੀ ਮੈਂ ਸ਼ਗਨਾਂ ਵੇਲੇ ਸਾਹਮਣੇ ਨਹੀਂ ਆਉਂਦੀ। ਘਰੇ ਚਲੀ ਜਾਵਾਂਗੀ।” ਉਸਦੀਆਂ ਅੱਖਾਂ ਦਜੇ ਨਮ ਹੋਏ ਕੋਏ ਸੋਚਦੇ ਕਿ ਜੇ ਉਸ ਵਲੋਂ ਸਜਵਿਆਹੀ ਦੇ ਸਿਓਂ ਤੇ ਕੱਪੜੇ ਪਾਕੇ ਕੋਈ ਬਦਸ਼ਗਨੀ ਨਹੀਂ ਹੁੰਦੀ ਤਾਂ ਉਹਨਾਂ ਸੂਟਾਂ ਉਫਰ ਰੂਹ ਤੱਕ ਖੁੱਭ ਕੇ ਸਿਰਜੇ ਫੁੱਲਾਂ ਵਾਲੇ ਹੁਨਰੀ ਹੱਥ ਇਹ ਨਿਮੋਸ਼ੀ ਕਿਉਂ ਹੰਢਾਉਣਾ। ਉਹ ਸੋਚਦੀ ਕਿ ਇਹ ਸਹਿਣ ਨਾਲੋਂ ਤਾਂ ਉਹ ਇਹ ਕੰਮ ਹੀ ਛੱਡ ਦੇਵੇ। ਫਿਰ ਉਸਦੇ ਮੂਹਰੇ ਪ੍ਰਦੀਪ ਦਾ ਭਵਿੱਖ, ਪੜ•ਾਈ ਤੇ ਅਣਗਿਣਤ ਪੰਜ-ਪਾਂਜੇ ਮੂਹਰੇ ਆ ਖੜਦੇ ਤੇ ਉਹ ਵਿਆਹ ਵਾਲੇ ਘਰ ਕਿਸੇ ਖੱਲ ਖੂੰਝੇ ਖੜ ਕੇ ਸੀ ਦੀ ਤੁਰ ਰਹੀ ਡੋਲੀ ਜਾਂ ਨੌਹ ਦੀ ਆ ਰਹੀ ਡੋਲੀ ਨੂੰ ਦੂਰੋਂ ਖੜਕੇ ਨਿਹਾਰਦੀ।
ਹੁਣ ਪੰਜਾਬ ਵਿਚ ਸਹਿਮ ਭਰੇ ਮਾਹੌਲ ਦੇ ਦਿਨ ਸ਼ੁਰੂ ਹੋ ਚੁੱਕੇ ਸਨ। ਆਏ ਦਿਨ ਕੋਈ ਨਾ ਕੋਈ ਵਾਰਦਾਤ ਹੁੰਦੀ। ਪੰਜਾਬ ਦੀ ਜਵਾਨੀ (ਰਿਵਾਲਵਰ ਤੇ ਮੋਟਰ-ਸਾਈਕਲਾਂ ਦੇ ਨਵੇਂ ਰੁਝਾਨ ਵੱਲ ਖਿੱਚੀ ਜਾਣ ਲੱਗੀ। ਪੁਲੀਸ ਦੀਆਂ ਧਾੜਾਂ ਪਿੰਡ ਘੇਰ ਲੈਂਦੀਆਂ। ਸੂਬੇਦਾਰ ਬਿੱਕਰ ਸਿੰਘ ਦਾ ਪਿੰਡ ਵੀ ਇਸ ਗ੍ਰਿਫਤ ਵਿਚ ਆ ਗਿਆ। ਲੋਕ ਦਿਨ ਖੜੇ ਖਾ ਪੀ ਕੇ ਸੌਂ ਜਾਂਦੇ। ਰਾਤ ਬਰਾਤੇ ਕੁੰਡਾ ਖੜਕਣ ਤੇ ਤ੍ਰਭਕਦੇ। 20-21 ਜੇਠ ਮਹੀਨੇ ਦੀ ਗਰਮੀ ਦੀ ਇਕ ਰਾਤ ਬਿੱਕਰ ਸਿਹੁੰ ਆਇਆ ਤੇ ਬੋਲਿਆ ”ਨਸੀਬ ਕੁਰੇ ਜਾਗਦੀ ਐਂ…? ਹੈਂ… ਤੁਸੀਂ ਐਸ ਵੇਲੇ? ਆਹ ਤੁਹਾਨੂੰ ਹੋ ਕੀ ਗਿਆ ਜੀ” ਵੇਖੋ ਨਾ ਤੁਸੀਂ ਤਾਂ ਕੱਪੜੇ ਵਿਚ ਚਓ ਨਹੀਂ ਸੀ ਪੈਣ ਦਿੰਦੇ। ਤੁਹਾਡੀ ਵਰਦੀ ਤਾਂ ਲੀਰੋ ਲੀਰ ਹੋਈ ਪਈ ਐ-ਗੋਡਿਆਂ ਓ ਕੂਹਣੀਆਂ ਤੇ ਹੋਏ ਜਖ਼ਮਾਂ ‘ਚੋਂ ਖੂਨ ਵਹਿ ਰਿਹਾ ਏ। ਪੱਗ ਦੇ ਪੇਚ ਢਹਿ ਕੇ ਗਲ਼ ‘ਚ ਪਏ ਹੋਏ ਐ। ਸਲੀਕੇ ਨਾਲ ਬੰਨਿਆ ਦਾਹੜਾ ਤੇ ਕੇਸ ਖਿੱਲਰੇ ਪਏ ਐ-ਹੈ ਸੁੱਖ ਤਾਂ ਹੈ? ਨਸੀਬ ਕੁਰ ਘਬਰਾ ਕੇ ਬੋਲੀ ਸੀ ਤੇ ਉਹ ਗਲਾਸ ਲੈ ਕੇ ਨਲਕੇ ਵੱਲ ਭੱਜੀ।
”…ਅਸੀਂ ਕੌਡੀਓਂ ਖੋਟੇ ਹੋ ਗਏ ਨਸੀਬ ਕੁਰੇ-ਹਾਏ ਨੀਂ ਮਾਂ ਤੂੰ ਕੇਹੜੇ ਜਨਮ ਨੂੰ ਪਾਲਿਆ ਸੀਮਾਂ ਉਸ ਢੇਰ ਮਾਰੀ। ਨਸੀਬ ਕੌਰ ਦੇ ਹੱਥੋਂ ਜਿਵੇਂ ਪਾਣੀ ਦਾ ਗਿਲਾਸ ਛੁੱਟ ਗਿਆ ਸੀ।”
”ਕੋਹੜਾ ਓਏ ਸਾਈਂ ਦਾ-ਅਸੀਂ ਕੇਂਦਰੀ ਕਮਾਂਡ ਦੇ ਹੁਕਮ ਦੇ ਉਲਟ ਜਾ ਕੇ-ਹਿੱਕਾਂ ਤਾਣ ਕੇ ਲੜਾਈ ਕੀਤੀ-ਗੁਰੂ ਅਸਥਨਾਂ ਤੇ ਦੁਸ਼ਮਣਾਂ ਦਾ ਪੈਰ ਨਹੀਂ ਪੈਣਾ ਦਿੱਤਾ, ਨਹੀਂ ਤਾਂ ਉਸ ਸਮੇਂ ਇਹ ਹੋ ਜਾਣਾ ਸੀ।…ਸੁਣਦੀ ਏ ਨਸੀਬ ਕੁਰੇ ਉਸ ਆਪਣੀ ਛਾਤੀ ਪਿੱਟਦਿਆਂ ਕਿਹਾ ਸੀ ਅਜੇ ਸਾਡੀ ਆਪਣੀ ਹੀ ਫੌਜ ਸਭ ਮਰਿਯਾਦਾ ਪੈਰਾਂ ਥੱਲੇ ਲਿਤਾੜ ਕੇ ਗੁਰੂ ਘਰ ਤੇ ਗੋਲੇ ਬਰਸਾ ਰਹੀ ਹੈ। ਅਕਾਲ ਤਖਤ ਢਹਿ ਢੇਰੀ ਹੈ ਗਿਆ ਏ-ਕੁਝ ਨਹੀਂ ਬਚਿਆ ਉਥੇ। ਗੁਰੂਆਂ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਅੱਗ ਲੱਗ ਚੁੱਕੀ ਹੈ। ਸਾਡੀ ਸਾਰੀ ਕੀਤੀ ਖੂਹ ‘ਚ ਪੈ ਗਈ।…ਕੀ ਅਸੀਂ ਗਲਤ ਸੀ? ਸਾਡੀ ਰਾਖੀ ਗਲਤ ਸੀ? ਸਾਡਾ ਕਸੂਰ ਕੀ ਸੀ? ਧਾਹਾਂ ਮਾਰਦਾ ਤੇ ਆਪਣਾ ਆਪ ਖਪਾਉਂਦਾ ਸੂਬੇਦਾਰ ਬਿੱਕਰ ਸਿੰਘ ਨਸੀਬ ਕੌਰ ਦੀਆਂ ਅੱਖਾਂ ‘ਚੋਂ ਉੱਝਲ ਹੋ ਗਿਆ। ਜਿੱਥਏ ਉਹ ਖੜਾ ਸੀ ਉਥੇ ਲਹੂ ਦੇ ਛੱਪੜ ਬਣਿਆ ਪਿਆ ਸੀ। ਇਹ ਦੇਖ ਉਸ ਪੂਰੇ ਜ਼ੋਰ ਨਾਲ ਚੀਕ ਮਾਰੀ। ਬੇਬੇ ਤ੍ਰਭਕ ਕੇ ਉਠੀ-”ਕੁੜੀਏ ਕੀ ਹੋਇਐ, ਕੀ ਹੋਇਐ-ਧੀਏ ਸੂਰਤ ਕਰ।” ਬੇਬੇ ਨੇ ਨਸੀਬ ਕੌਰ ਨੂੰ ਹਲੂਣਿਆ। ਨਸੀਬ ਕੌਰ ਉਠੀ ਅੱਖਾਂ ਮੱਲਆਂ ਤੇ ਵਾਹਿਗੁਰੂ-ਵਾਹਿਗੁਰੂ ਕਰਨ ਲੱਗੀ। ਉਸ ਰਾਤ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਹੋ ਚੁੱਕਾ ਸੀ। ਸਾਰੇ ਪਿੰਡ ਵਿਚ ਸੋਗ ਸੀ। ਲੋਕ ਘਰਾਂ ‘ਚ ਬੰਦ ਸਨ। ਗਰਮੀ ਫੌਜੀਆਂ ਦੇ ਬੈਠਕ ਛੱਡ ਕੇ ਗੁਰੂ-ਘਰ ਵੱਲ ਨੂੰ ਕੂਚਦੀਆਂ ਖਬਰਾਂ ਆ ਰਹੀਆਂ ਸਨ।
ਦਿਨ ਚੜਨ ਤੇ ਉਸ ਪ੍ਰਦੀਪ ਨੂੰ ਉਠਾਇਆ-ਚਾਹ ਪਿਲਾਈ ਤੇ ਕਿਹਾ ”ਪੁੱਤ ਅੱਜ ਬਾਹਰ ਨਾ ਜਾਈਂ ਘਰੇ ਰਹੀ…” ਇਹ ਕਹਿੰਦਿਆਂ ਉਸਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਦਾਦੀ ਦੀ ਉਂਗਲ ਫੜਕੇ ਨਿੱਕੇ ਨਿੱਕੇ ਕਦਮ ਪੁੱਟ ਕੇ ਸਕੂਲ ਜਾਂਦਾ ਪ੍ਰਦੀਪ ਸਿੰਘ ਸਿੱਧੂ ਹੁਣ ਪਿੰਡ ਦੇ ਨੇੜ ਸਰਕਾਰੀ ਕਾਲਜ ਦਾ ਵਿਦਿਆਰਥੀ ਸੀ। ”ਕੀ ਗੱਲ ਮੰਮੀ ਰੋਨੀ ਕਾਹਤੋਂ ਏਂ?” ”ਪੁੱਤ ਪੰਜਾਬ ਦੀ ਵਿਰਾਸਤ ਤੇ ਗੁਰੂ ਘਰ ਅੱਜ ਦੁੱਖ ਦੀ ਘੜੀ ‘ਚੋਂ ਲੰਘ ਰਿਹੈ-” ਉਸ ਫਰਕਦੇ ਬੁੱਲ ਨੂੰ ਢਿੱਲਾ ਛੱਡਦਿਆ ਕਿਹਾ ਜੇਹੋ ਜਿਹਾ ਸਮਾਂ ਸੀ ਉਸਦੋਂ ਉਸਨੂੰ ਫਿਕਰ ਲੱਗਾ ਰਹਿੰਦਾ ਕਿ ਕਿਤੇ ਉਸਦੇ ਸਿਰ ਦੇ ਸਾਈਂ ਦੀ ਨਿਸ਼ਾਨੀ ਉਸਤੋਂ ਖੁੱਲ ਨਾ ਜਾਵੇ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਸੀ। ਕਾਲਜ ਘੱਤ ਕੇ ਉਸਦਾ ਮਨ ਨਾ ਖੜਦਾ। ਮੁੰਡਿਆਂ ਦੀ ਰੀਸੇ ਉਹ ਦੀ ਕੇਸਰੀ ਪੱਗ ਬੰਨਣ ਲੱਗ ਪਿਆ ਸੀ। ਦਾਹੜੀ ਕੇਸ ਪਹਿਲਾਂ ਹੀ ਰੱਖੇ ਹੋਏ ਸਨ। ਕਾਲਜ ਤੋਂ ਬੀ. ਏ ਕਰਨ ਤੋਂ ਬਾਅਦ ਇਕ ਦਿਨ ਪ੍ਰਦੀਪ ਨੇ ਆਪਣੀ ਦਾਦੀ ਨੂੰ ਕਿਹਾ, ”ਮਾਂ ਜੀ ਪੜਨ ਦਾ ਕੋਈ ਹੱਲ ਨਹੀਂ ਹੈ। ਆਏ ਦਿਨ ਬੰਦ, ਹੜਤਾਲਾਂ ਕਾਰਨ ਸਕੂਲ ਕਾਲਜ ਲੱਗਦੇ ਹੀ ਨਹੀਂ। ਜੇ ਤੁਹਾਡੀ ਆਗਿਆ ਹੋਵੇ ਤਾਂ ਲੁਧਿਆਣੇ ਭਰਤੀ ਦੇਖ ਆਵਾਂ? ਨਾਲੇ ਮੈਨੂੰ ਡੈਡੀ ਵਾਲੇ ਕਾਗਜ਼ ਪੱਤਰ ਦੇ ਦੇਣਾ। ”ਤੇਰੀ ਮਰਜ਼ੀ ਐ ਪੁੱਤ” ਬੇਬੇ ਨੇ ਕਿਹਾ ਸੀ? ਉਸਦੇ ਕਮਰੇ ‘ਚ ਜਾਣ ਤੋਂ ਬਾਅਦ ਦੁਬਿਧਾ ਨੇ ਨਸੀਬ ਕੌਰ ਦਾ ਰਾਹ ਰੋਕ ਲਿਆ। ਕੀ ਇਸਨੂੰ ਪਿਓ ਵਾਲੇ ਰਾਹ ਤੋਰਾਂ? ਪਰ ਇਸਦੇ ਪਿਓ ਵੇਲੇ ਤਾਂ ਫੌਜ ਲੋਕਾਂ ਦੀ ਰਾਖੀ, ਦੇਸ਼ ਦੀ ਰਾਖੀ ਵਾਸਤੇ ਸੀ। ਪਰ ਹੁਣ ਦੇ ਆਗੂ ਜਿਵੇਂ ਫੌਜ ਨੂੰ ਪੰਜਾਬ ਤੇ ਵਰਤ ਚੁੱਕੇ ਹਨ ਉਸ ਕਾਰਨ ਫੌਜ ਦੀ ਛਵੀ ਵੀ ਉੱਤਮ ਖੇਤੀ-ਮੱਧਮ ਵਪਾਰ ਵਾਂਗ ਉੱਤਮ ਨਹੀਂ ਰਹੀ। ਕੀ ਕਰਾਂ? ਉਹ ਗਈ ਰਾਤ ਤੱਕ ਸੋਚਦੀ ਰਹੀ। ਜੇ ਕੱਲ ਨੂੰ ਹਲਾਤਾਂ ਕਾਰਨ ਕੋਈ ਉੱਨੀ ਇੱਕੀ ਹੋ ਗਈ ਤਾਂ ਫੇਰ ਪੁੱਤ ਕਿੱਥੋਂ ਲੱਭੂਗੀ। ਫੌਜ ‘ਚ ਜਾਏਗਾ ਤਾਂ ਨੌਕਰੀ ਦੀ ਨੌਕਰੀ ਤੇ ਪਿਓ ਵਾਲੀ ਵਿਰਾਸਤੀ ਅਫਸਰੀ ਵੀ ਮਿਲ ਜਾਵੇਗੀ। ਕੱਲ ਨੂੰ ਕਿਸੇ ਭਲੇ ਘਰ ਦੀ ਧੀ ਮਿਲੇਗੀ ਤਾਂ ਅਗਲੀ ਪੀੜ•ੀ ਦਾ ਵੀ ਮੂੰਹ ਦੇਖ ਲੂੰਗੀ। ਉਸਨੂੰ ਇਹ ਸੋਚ ਠੀਕ ਲੱਗੀ। ਸਵੇਰ ਉੱਠ ਕੇ ਉਸਨੇ ਪ੍ਰਦੀਪ ਨੂੰ ਉਠਾਇਆ ਤੇ ਗੁਰਦੁਆਰੇ ਤੋਂ ਵਾਪਸ ਆ ਕੇ ਸਿਰ ਤੇ ਸਾਈਂ ਦਾ ਗੂੜੇ ਹਰੇ ਰੰਗ ਦਾ ਟਰੰਕ ਖੋਹਲਿਆ। ਲਿਫਾਫੇ ‘ਚੋਂ ਕਾਗਜ਼ ਕੱਢੇ ਤੇ ਨਹਾ ਕੇ ਤਿਆਰ ਹੋ ਚੁੱਕੇ ਪ੍ਰਦੀਪ ਨੂੰ ਫੜਾ ਦਿੱਤੇ। ਲੁਧਿਆਣੇ ਫੌਜੀ ਭਰਤੀ ਕਰਨ ਵਾਲੇ ਅਫਸਰ ਬਿੱਕਰ ਸਿੰਘ ਦੀ ਬਹਾਦਰੀ ਤੋਂ ਬੜੇ ਪ੍ਰਭਾਵਤ ਹੋਏ। ਪ੍ਰਦੀਪ ਸਿੰਘ ਫੌਜੀ ਮਾਪਦੰਡਾਂ ਤੇ ਪੂਰਾ ਉਤਰਿਆ। ਉਸਨੂੰ ਭਰਤੀ ਕਰਕੇ ਟ੍ਰੇਨਿੰਗ ਤੇ ਪਹੁੰਚਣ ਲਈ ਦਿਨ ਦੇ ਦਿੱਤਾ। ਘਰ ਆ ਕੇ ਪ੍ਰਦੀਪ ਸਿੰਘ ਨੇ ਇਹ ਖੁਸ਼ਖਬਰੀ ਆਪਣੀ ਮਾਂ ਅਤੇ ਦਾਦੀ ਨੂੰ ਦਿੱਤੀ।
ਮਿਥੇ ਦਿਨ ਤੇ ਦਾਦੀ ਮਾਂ ਅਤੇ ਨਸੀਬ ਕੌਰ ਨੇ ਪ੍ਰਦੀਪ ਸਿੰਘ ਸਿੱਧੂ ਨੂੰ ਬਾਪ ਦੀਆਂ ਗੁਆਚੀਆਂ ਪੈੜਾਂ ਦੇ ਨਕਸ਼ਾਂ ਵਾਲੇ ਪੰਧ ਤੇ ਤੋਰ ਦਿੱਤਾ। ਪਿਤਾ ਦੀ ਤਸਵੀਰ ਅੱਗੇ ਸਿਰ ਝੁਕਾ ਕੇ ਦਾਦੀ ਅਤੇ ਮਾਂ ਨੂੰ ਕਲਾਵੇ ਵਿਚ ਭਰ ਦੋਸਤ ਦੀ ਕਾਰ ਵਿਚ ਸਵਾਰ ਹੋ ਕੇ ਲੁਧਿਆਣੇ ਤੱਕ ਗਿਆ। ਹੁਣ ਬਿੱਕਰ ਸਿੰਘ ਵਾਂਗ ਪ੍ਰਦੀਪ ਸਿੰਘ ਸਿੱਧੂ ਦੇ ਖਤ ਉਡੀਕੇ ਜਾਣ ਲੱਗੇ। ਪੰਜਾਬ ਵਿਚ ਨਫਰਤ ਦੀ ਡੁੱਲੀ ਹਨੇਰੀ ਕਾਰਨ ਚਿੱਠੀ ਪੱਤਰਾਂ ਦੀ ਮੋਹ ਭਿੰਨੀ ਇਬਾਰਤ ਪੱਤਣ ਵਲ ਵੱਧ ਰਹੀ ਸੀ। ਵੱਡੇ ਪਿੰਡਾਂ ਵਿਚ ਟੈਲੀਫੋਨ ਲੱਗ ਚੁੱਕੇ ਸਨ। ਪਰ ਫੌਜ ‘ਚੋਂ ਆਉਂਦੇ ਸੁੱਖ ਸੁਨੇਹਿਆਂ ਦੀ ਇਬਾਰਤ ਅਜੇ ਫੌਜ ਦੇ ਸਬਜ ਰੰਗੇ ਲਿਫਾਫਿਆਂ ਵਿਚ ਸਹਿਕ ਰਹੀ ਸੀ।
ਪੁੱਤਰ ਦੇ ਫੌਜ ‘ਚ ਭਰਤੀ ਹੋਣ ਕਾਰਨ ਬੇਬੇ ਅਤੇ ਨਸੀਬ ਕੁਰ ਦੋਵੇਂ ਇਕੱਲੀਆਂ ਰਹਿ ਗਈਆਂ। ਨਸੀਬ ਕੌਰ ਨੇ ਨਜ਼ਰ ਘੱਟਣ ਕਾਰਨ ਸਿਲਾਈ ਮਸ਼ੀਨ ਦਾ ਕੰਮ ਘਟਾ ਦਿੱਤਾ। ਇਕ ਦਿਨ ਅੰਦਰ-ਬਾਹਰ ਕੰਮ ਕਰਦਿਆਂ ਭਾਵਕੁਤਾ ਵੱਸ ਸਿਲਾਈ ਮਸ਼ੀਨ ਦੀ ਕੰਡ ਤੇ ਹੱਥ ਫੇਰਿਆ ਤੇ ਗੱਲਾਂ ਕਰਨ ਲੱਗੀ। ”ਲੈ ਦੇਖ ਲੈ ਸਿਰ ਦਿਆ ਸਾਈਆ-ਤੇਰੇ ਪੁੱਤਰ ਨੂੰ ਵੀ ਤੇਰੀ ਵਿਰਾਸਤ ਤੇ ਪਹਿਰਾ ਦੇਣ ਲਈ ਤੋਰ ਦਿੱਤਾ।” ਦੇਖ-ਮੈਂ ਆਪਣੇ ਵਲੋਂ ਪਾਲਣਾ ਪੋਸਣਾ ਕਰਕੇ ਮਾਂ-ਬਾਪ ਧਰਮ ਤੇ ਕੌਲ ਨਿਭਾ ਦਿੱਤਾ ਹੈ। ਉਹਦੇ ਜਾਣ ਤੋਂ ਬਾਅਦ ਮਨ ਨੀਂ ਖੜਦਾ-ਘਰ ਖਾਣ ਨੂੰ ਆਉਂਦੈ। ਦੇਖ-ਮਾਪੇ ਕਿਵੇਂ ਧੀਆਂ ਪੁੱਤਾਂ ਨੂੰ ਚੱਪੀਂ ਮਿਣ ਮਿਣ ਪਾਲਦੇ ਹਨ। ਪਰ ਪੁੱਤਰ ਕਦੇ ਵੀ ਮਾਪਿਆਂ ਨਾਲ ਜੜ ਦੀ ਮਿੱਟੀ ਵਾਂਗ ਜੁੜ ਕੇ ਨਹੀਂ ਰਹਿੰਦੇ। ਇਕ ਹੋਵੇ ਜਾਂ ਵੱਧ ਸਭ ਨੇ ਆਪੋ ਆਪਣੇ ਹਿੱਸੇ ਦੀ ਚੋਗ ਚੁੱਗਣ ਲਈ ਉਡਾਰੀ ਮਾਰਨੀ ਹੁੰਦੀ ਐ। ਸ਼ਿਕਾਰੀਆਂ ਤੋਂ ਡਰਦੇ ਪੰਛੀ ਆਹਲਣਿਆਂ ਵਿਚ ਨਹੀਂ ਬੈਠਦੇ ਉਹ ਵੀ ਪ੍ਰਵਾਜ ਭਰਦੇ ਹਨ। ਮਨ ਤਾਂ ਮੇਰਾ ਵੀ ਕਰਦਾ ਸੀ ਕਿ ਮੈਂ ਪ੍ਰਦੀਪ ਨੂੰ ਕਨੇਡੇ ਅਮਰੀਕੇ ਭੇਜਦੀ। ਪਰ ਗੁਜ਼ਾਰੇ ਜੋਗੀ ਭੋਇ, ਤੰਗ-ਦਸਤੀ ਕਾਰਨ ਪ੍ਰਦੀਪ ਲਈ ਇਹ ਰਾਹ ਨਾ ਖੁੱਲ ਸਕਿਆ। ਚਲੋ ਜੋ ਮੁਕੱਦਰਾਂ ‘ਚ ਹੁੰਦੈ ਉਹੀ ਮਿਲਦੈ। ਦੇਖ ਮੈਂ ਵੀ ਤਾਂ ਤੇਰੀ ਨਸੀਬ ਸੀ-ਪਰ ਤੇਰੇ ਮੇਰੇ ਨਸੀਬਾਂ ਨੇ ਕੀ ਰੰਗ ਦਿਖਾਏ। ਹੁਣ ਤਾਂ ਬੱਸ ਏਹੀ ਚਾਹੁੰਦੀ ਹਾਂ ਕਿ ਤੇਰੇ ਵਲੋਂ ਮੇਰੇ ਜ਼ੁੰਮੇ ਲਾਏ ਫਰਜ਼ ਨਿਭਾ ਕੇ ਤੇਰੇ ਕੋਲ ਆ ਜਾਵਾਂ। ਫੇਰ ਬੇਬੇ ਵੱਲ ਦੇਖਦੀ ਹਾਂ ਕਿ ਉਸਨੇ ਵੀ ਤਾਂ ਜੰਗੇ ਅਜ਼ਾਦੀ ਦੇ ਲੇਖੇ ਸੁਭਾਸ਼ ਚੰਦਰ ਬੋਸ ਸਮੇਂ ਆਪਣੇ ਸਿਰ ਦਾ ਸਾਈਂ ਵਾਰਿਆ। ਫੇਰ ਮੇਰੇ ਵਰਗੀ ਜੂਨ ਹੰਢਾ ਕੇ ਤੈਨੂੰ ਪਾਲਿਆ-ਫੇਰ ਆਪਣੇ ਹੱਥੀਂ ਤੈਨੂੰ ਉਥੇ ਤੋਰਿਆ ਜਿਥੋਂ ਕੋਈ ਵਾਪਸ ਨਹੀਂ ਮੁੜਦਾ ਤੇ ਉਹ ਅੱਜ ਵੀ ਮੇਰੀ ਜੀਵਨ ਜੰਗ ਵਿਚ ਬਰਾਬਰ ਨਿਭੀ। ਪੋਤਰੇ ਨੂੰ ਤੇਰੇ ਵਾਂਗ ਹੀ ਲਾਡ ਲਡਾਏ। ਅੱਜ ਉਹ ਵੀ ਫੌਜ ਵਿਚ ਭਰਤੀ ਹੋ ਕੇ ਚਲਾ ਗਿਆ। ਪਰ ਬੇਬੇ ਦੇ ਮਨ ਵਿਚ ਪੋਤਰੇ ਨੂੰ ਵਿਆਹੁਣ ਤੇ ਚਾਅ ਲਾਡ ਦੇਖਣ ਦੀ ਪ੍ਰਬਲ ਇੱਛਾ ਹੈ।…”ਜੇ ਬਾਹਰ ਮੱਝ ਖੜਕ ਨਾ ਕਰਦੀ ਤਾਂ ਉਹ ਪਤਾ ਨਹੀਂ ਕਿੰਨਾ ਚਿਰ ਸਿਲਾਈ ਮਸ਼ੀਨ ਨਾਲ ਗੱਲਾਂ ਕਰਦੀ ਰਹਿੰਦੀ। ਉਹ ਕਾਹਲੇ ਕਦਮੀ ਬਾਹਰ ਗਈ।”
ਪੂਰੇ ਸਾਲ ਬਾਅਦ ਪ੍ਰਦੀਪ ਸਿੰਘ ਸਿੱਧੂ ਪਹਿਲੀ ਛੁੱਟੀ ਆਇਆ। ਦਾਹੜੀ ਦੇ ਅਲੂੰਏ ਵਾਲ ਛਾਤੀ ਨਾਲ ਬੰਨ ਕੇ ਤਹਿ ਲਾਈ ਹੋਈ ਸੀ। ਸੋਹਣੀਆਂ ਮੁੱਛਾਂ, ਜ਼ਹਿਰਮੋਰੀ ਵਰਦੀ ਤੇ ਸਬਜ ਪੱਗ ‘ਚੋਂ ਝਾਕਦੀ ਲਾਲ ਫਿਫਟੀ। ਮੋਢੇ ਤੇ ਲੱਗੇ ਤਾਰੇ। ਨਸੀਬ ਨੇ ਉਸਦੀ ਨਜ਼ਰ ਉਤਾਰੀ। ਘਰ ਵਿਚ ਤੇਰੇ ਛੁੱਟੀ ਆਉਣ ਵਾਂਗ ਆਉਂਦੀਆਂ ਰੌਣਕਾਂ ਵਾਂਗ ਭਰ ਗਿਆ। ਕੋਈ ਨਾ ਕੋਈ ਮਿਲਣ ਆਇਆ ਰਹਿੰਦਾ। ਅਠਾਈ ਦਿਨਾਂ ਦੀ ਛੁੱਟੀ ਵੀ ਕੀ ਛੁੱਟੀ ਹੁੰਦੀ ਐ। ਅੱਖ ਦੇ ਫੋਰ ‘ਚ ਲੰਘ ਗਈ। ਅਗਲੇ ਸਾਲਾਂ ਵਿਚ ਫੌਜ ਵਿਚ ਪੜ•ਾਈ ਕਰਕੇ ਪ੍ਰਦੀਪ ਸਿੰਘ ਨੇ ਹੋਰ ਤਰੱਕੀਆਂ ਕਰ ਲਈਆਂ। ਰਿਸ਼ਤਿਆਂ ਵਾਲੇ ਆਉਣ ਲੱਗੇ। ਕਦੇ ਕੋਈ ਦੱਸ ਪਾਉਂਦਾ, ਕਦੇ ਕੋਈ ਦੱਸ ਪਾਉਂਦਾ। ਲੋਕਾਂ ਨੇ ਤਾਂ ਕੰਮ ਕਰਵਾ ਕੇ ਵਿਆਹ ਦੇ ਰਸਮਾਂ ਰਿਵਾਜਾਂ ਵਿਚ ਸ਼ਾਮਲ ਨਹੀਂ ਹੋਣ ਦਿੱਤਾ। ਵਿਧਵਾ ਹੋਣ ਤੋਂ ਬਾਅਦ ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਉਸਤੇ ਰਹਿੰਦੀਆਂ। ਜੇ ਕਦੇ ਉੱਨੀ ਇੱਕੀ ਦੇ ਫਰਕ ਨਾਲ ਸ਼ੋਖ ਰੰਗ ਦਾ ਸੂਟ ਪਾ ਲੈਂਦੀ ਜਾਂ ਮਾੜੇ ਮੋਟੇ ਵਾਲ ਸੰਵਾਰ ਕੇ ਸਲੀਕੇ ਨਾਲ ਵਾਹ ਲੈਂਦੀ ਜਾਂ ਬੰਨ ਲੈਂਦੀ ਦੇਖ ਬੁੜੀਆਂ ਸੈਨਤੋ ਸੈਨਤੀ ਹੁੰਦੀਆਂ। ਮੂੰਹ ਵੱਟ ਦੀਆਂ ਜਿਵੇਂ ਉਸਨੇ ਕੋਈ ਬਹੁਤ ਵੱਡੀ ਗਲਤੀ ਕਰ ਲਈ ਹੋਵੇ। ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਉਸਦੇ ਕੰਨਾਂ ਤੇ, ਗਲ਼ ਜਾਂ ਗੁੱਟਾਂ ਦਾ ਨਿਰੀਖਣ ਕਰਦੀਆਂ ਕਿ ਨਸੀਬ ਕੁਰ ਨੇ ਕੋਈ ਨਵੇਂ ਢੰਗ ਦੀ ਚੈਨੀ, ਵਾਲੀਆਂ ਤਾਂ ਨਹੀਂ ਪਹਿਨੀਆਂ। ਕਿਤੇ ਗੁੱਟ ਵਿਚ ਸੋਨੇ ਦੀਆਂ ਜਾਂ ਕਿਸੇ ਹੋਰ ਧਾਂਤ ਦੀਆਂ, ਪਲਾਸਟਿਕ ਦੀਆਂ ਕੰਗੜਣੀਆਂ ਜਾਂ ਵੰਗਾਂ ਤਾਂ ਨਹੀਂ ਪਹਿਨ ਲਈਆਂ? ਜਾਂ ਕੋਈ ਗਜ਼ਰਾ ਤਾਂ ਨਹੀਂ ਪਾ ਲਿਆ। ਸੂਬੇਦਾਰ ਦੀ ਸ਼ਹਾਦ ਤੋਂ ਬਾਅਦ ਇਹ ਸਭ ਵਰਜਿਤ ਤਾਂ ਸੀ। ਪਰ ਹੁਣ ਉਹ ਪੁੱਤ ਦੇ ਵਿਆਹ ਤੇ ਸਭ ਰੀਝਾਂ ਲਾਹੇਗੀ। ”ਨਾ ਨੀ ਨਾ, ਆਏ ਨਾ ਕਰੀਂ-ਸ਼ਗਨ ਤਾਂ ਸਾਹੇ ਦੇ ਭਰਾ ਹੁੰਦੇ ਨੇ, ਲੋਕਾਂ ਦੇ ਧੀਆਂ ਪੁੱਤਾਂ ਦੇ ਵਿਆਹਾਂ ‘ਚ ਤਾਂ ਤੂੰ ਬਦਸ਼ਗਨੀ ਨਹੀਂ ਕੀਤੀ ਤੇ ਆਵਦੇ ਪੁੱਤਾਂ ਵਾਰੀ…ਨਾ…ਨਾ ਲੋਕ ਕਹਿਣਗੇ ਨਸੀਬ ਕੁਰ ਪੈਰ ਛੱਡ ਗਈ। ਚੱਕਵੀਂ ਹੋਗੀ…” ਉਸਦੇ ਅੰਦਰੋਂ ਅਵਾਜ਼ ਆਈ!…ਮੈਂ ਖਿਆਲ ਰੱਖਾਂਗੀ। ਪ੍ਰਦੀਪ ਦੀਆਂ ਮਾਮੀਆਂ, ਮਾਸੀਆਂ ਨੂੰ ਕਹਿ ਦੇਵਾਂਗੀ ਕਿ ਉਹ ਸ਼ੁਭ ਸ਼ਗਨ ਵਿਹਾਰ ਕਰ ਲੈਣ-ਮੈਂ ਤਾਂ ਭੁੱਤ ਹੀ ਗਈ ਸੀ ਇਹ ਸ਼ਗਨ, ਇਹ ਵਿਚਾਰਾਂ ਤਾਂ ਸਦੀਆਂ ਤੋਂ ਚਲਦੇ ਆਏ ਨੇ- ਮੈਨੂੰ ਰੋਕਣ ਟੋਕਣ ਵਾਲੀਆਂ ਮਾਈਆਂ ਨੇ ਕਿਹੜਾ ਆਪ ਬਣਾਏ ਐ।
ਪ੍ਰਦੀਪ ਸਿੰਘ ਛੋਟੀ ਉਮਰੇ ਹੀ ਬਹੁਤ ਵੱਡਾ ਅਫਸਰ ਬਣ ਚੁੱਕਾ ਸੀ। ਲੋਕ ਉਸਦੇ ਮੁਰਾਤਬੇ ਦੀਆਂ ਗੱਲਾਂ ਕਰਦੇ। ਉਸਦੇ ਵਿਆਹ ਲਈ ਆਉਂਦੇ ਰਿਸ਼ਤਿਆਂ ‘ਚੋਂ ਇਕ ਤਾਂ ਚੁਨਣਾ ਹੀ ਪੈਣਾ ਸੀ। ਅਖੀਰ ਲੁਧਿਆਣੇ ਦੇ ਨੇੜਲੇ ਪਿੰਡ ‘ਚੋਂ ਚੰਡੀਗੜ• ਕਹਿੰਦੇ ਇਕ ਅਫ਼ਸਰ ਦੀ ਲੜਕੀ ਸਤਿੰਦਰ ਕੌਰ ਦਾ ਰਿਸ਼ਤਾ ਪ੍ਰਵਾਨ ਚੜ• ਗਿਆ। ਕੁੜੀ ਨੂੰ ਮੁੰਡਾ ਤੇ ਮੁੰਡੇ ਨੂੰ ਕੁੜੀ ਪਸੰਦ ਸੀ। ਪੂਰਾ ਖੁੱਲਾ ਡੁੱਲ•ਾ ਸਮਾਂ ਲੈ ਕੇ ਸਹਿਜ ਸੁਭਾਅ ਬੜੀਆਂ ਹੀ ਰੀਝਾਂ, ਉਮੰਗਾਂ ਤੇ ਚਾਵਾਂ ਨਾਲ ਵਿਆਹ ਕੀਤਾ। ਦਾਦੀ ਮਾਂ ਨੇ, ਰਿਸ਼ਤੇਦਾਰਾਂ ਨੇ ਮਨ ਦੇ ਸਾਰੇ ਚਾਅ ਪੂਰੇ ਕੀਤੇ। ਪੂਰੇ ਦਸ ਦਿਨ ਘਰ ਰੌਸ਼ਨੀਆਂ ਵਿਚ ਡੁੱਬਿਆ ਰਿਹਾ। ਨਸੀਬ ਕੌਰ ਨੇ ਸ਼ਗਨ ਵਿਹਾਰ ਨਿਭਾਏ ਵੀ ਅਤੇ ਉਹਨਾਂ ਦਾ ਖਿਆਲ ਵੀ ਰੱਖਿਆ ਪੁੱਤ ਦੇ ਸਿਰ ਤੋਂ ਦੀ ਪਾਣੀ ਵਾਰਿਆ। ਦਾਦੀ ਮਾਂ ਨੇ ਬਿਰਧ ਅਵਸਥਾ ਵਿਚ ਵੀ ਲੋਹੜੀ ਦੇ ਗੀਤ ਗਾਏ। ਬੇਬੇ ਦਾ ਜੋਸ਼ ਦੇਖ ਕੇ ਸਾਰੇ ਕਹਿ ਰਹਿ ਸਨ ”ਬੁੜੀ ਨੀਂ ਮਰਦੀ ਅਜੇ ਕਈ ਸਾਲਾਂ ਦੇਖ ਲੈਣਾ ਪੜੋਤਾ ਤਾਂ ਦੇਖ ਕੇ ਜਾਊ।” ਵਿਆਹ ਸਮਾਜ ਦੇ ਬਦਲਦੇ ਤਰੀਕਿਆਂ ਤੇ ਸਤਿੰਦਰ ਦੇ ਅਫਸਰ ਬਾਪ ਦੇ ਰੁਤਬੇ ਮੁਤਾਬਕ ਨਵੇਂ ਢੰਗ ਦੇ ਤਰੀਕਿਆਂ ਸ਼ਾਨਦਾਰ ਵਿਆਹ ਭਵਨ ਵਿਚ ਹੋਇਆ ਸੀ।
ਵਿਆਹ ਤੋਂ ਬਾਅਦ ਘਰ ਭਰਿਆ-ਭਰਿਆ ਲੱਗਦਾ। ਪ੍ਰਦੀਪ ਸਿੰਘ ਤੇ ਸਤਿੰਦਰਜੀਤ ਕੌਰ ਦੋਵੇਂ ਹੀ ਕਾਰ ਤੇ ਰਿਸ਼ਤੇਦਾਰੀਆਂ ਵਿਚ ਜਾਂਦੇ। ਬਹੁਤੀ ਵੇਰ ਉਹ ਨਾਲ ਹੁੰਦੀ। ਖੁਸ਼ੀਆਂ ਤੇ ਰੁਝੇਵਿਆਂ ਭਰੇ ਇਹ ਦਿਨ ਵੀ ਅੱਕਾਂ ਦੇ ਭੱਬੂਆਂ ਵਾਂਗ ਜੀਵਨ ਯਾਦਾਂ ਦੇ ਖਲਾਅ ‘ਚ ਚੌਹੀਂ ਕੂਟੀਂ ਖਿੱਲਰ ਗਏ। ਸਮਾਂ ਪਾ ਕੇ ਪ੍ਰਦੀਪ ਨੇ ਸਤਿੰਦਰ ਨੂੰ ਆਪਣੇ ਕੋਲ ਬੁਲਾ ਲਿਆ। ਵਿਆਹ ਤੋਂ ਬਾਅਦ ਸਤਿੰਦਰਜੀਤ ਨੇ ਆਪਣੇ ਸੁਭਾਓ ਤੇ ਸਲੀਕੇ ਨਾਲ ਸਭ ਦਾ ਮਨ ਮੋਹ ਲਿਆ। ਉਹ ਦਾਦੀ ਦੇ ਸਿਰ ਤੇਲ ਝੱਸਦੀ। ਉਸਦੇ ਵਾਲ ਵਾਹੁੰਦੀ। ਪਰਿਵਾਰ ਵਿਚ ਬੈਠ ਕੇ ਗੱਲਾਂ ਕਰਦੀ। ਉਸਨੇ ਕਦੇ ਪੜਈ ਦਾ ਗਰੂਰ ਨਹੀਂ ਸੀ ਕੀਤਾ। ਉਹਨਾਂ ਦੋਹਾਂ ਦੇ ਕੱਪੜੇ ਪ੍ਰੈਸ ਕਰ ਤਹਿ ਲਾ ਲਾ ਰੱਖਦੀ। ਫਿਰ ਉਸਦੇ ਪੇਕਿਆਂ ਤੋਂ ਜਾਂ ਹੋਰ ਰਿਸ਼ਤੇਦਾਰੀਆਂ ‘ਚੋਂ ਉਸਨੂੰ ਕੋਈ ਨਾ ਕੋਈ ਮਿਲਣ ਆਇਆ ਰਹਿੰਦਾ। ਬੇਬੇ ਅਤੇ ਉਸਦੀ ਨਜ਼ਰ ਤੇ ਉਮਰ ਦੇ ਲਿਹਾਜ ਨਾਲ ਕੁਝ ਸਿਹਤ ਅਤੇ ਸਰੀਰਕ ਸਮੱਸਿਆਵਾਂ ਤੇ ਭੱਜ ਨੱਠ ਦੀਆਂ ਜ਼ੁੰਮੇਵਾਰੀਆਂ ਸਾਂਭਣ ਲਈ ਸਤਿੰਦਰਜੀਤ ਨੇ ਪ੍ਰਦੀਪ ਨੂੰ ਸਮਝਾਇਆ ਕਿ ਇਹ ਜ਼ਰੂਰੀ ਹੈ ਕਿ ਘਰ ਵਿਚ ਕੋਈ ਭਰੋਸੇਯੋਗ ਇਹਨਾਂ ਦੀ ਸਾਂਭ ਸੰਭਾਲ ਕਰੇ। ਫਿਰ ਕਾਫੀ ਗੰਭੀਰ ਵਿਚਾਰ ਕਰਨ ਉਪਰੰਤ ਨਸੀਬ ਕੌਰ ਦਾ ਭਤੀਜਾ ਜਿਸਦੀ ਮਾਂ ਕਈ ਸਾਲ ਪਹਿਲਾਂ ਕੈਂਸਰ ਨਾਲ ਮਰ ਗਈ ਸੀ ਤੇ ਉਸਦਾ ਭਰਾ ਜੋ ਘਰ ਵਾਲੀ ਦੀ ਮੌਤ ਤੋਂ ਬਾਅਦ ਡਾਵਾਂਡੋਲ ਰਹਿਣ ਲੱਗ ਪਿਆ ਸੀ ਸਾਲ ਦੇ ਅੰਦਰ-ਅੰਦਰ ਪੀਲੀਏ ਦਾ ਸ਼ਿਕਾਰ ਹੋ ਕੇ ਉਸ਼ਦੇ ਮਗਰ ਤੁਰ ਗਿਆ ਸੀ। ਉਸਦਾ ਲੜਕਾ ਪ੍ਰਦੀਪ ਸਿੰਘ ਵਾਂਗ ਹੀ ਬਹੁਤ ਸਾਊ ਜੀ ਤੇ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੈਟਨਰੀ ਸਾਇੰਸ (ਡਾਕਟਰੀ) ਦੀ ਮਾਸਟਰ ਡਿਗਰੀ ਕਰ ਰਿਹਾ ਸੀ ਨੂੰ ਘਰ ਲਿਆਉਣ ਵਾਸਤੇ ਚੁਣ ਲਿਆ ਗਿਆ। ਇਹ ਪ੍ਰਦੀਪ ਦੀ ਆਪਣੀ ਚੋਣ ਵੀ ਸੀ। ਉਹ ਹਰ ਔਖ ਸੌਖ ਵਿਚ ਪ੍ਰਦੀਪ ਨੇ ਨਾਲ ਪ੍ਰਛਾਵੇ ਵਾਂਗ ਰਿਹਾ ਸੀ। ਨਸੀਬ ਕੌਰ ਦਾ ਭਤੀਜਾ ਗੁਰਸ਼ਰਨ ਸਿੰਘ ਬੇਹੱਦ ਸਾਊ ਤੇ ਸੂਝਵਾਨ ਲੜਕਾ ਸੀ। ਚੰਗਾ ਡਾਕਟਰ, ਉੱਚ ਕੋਟੀ ਦਾ ਸਾਹਿਤਕ ਰਸੀਆਂ ਤੇ ਸਾਹਿਤਕਾਰ, ਖੋਜਕਾਰ। ਯੂਨੀਵਰਸਿਟੀ ਵਿਚ ਉਸਦੀ ਧਾਂਕ ਸੀ।
ਹੁਣ ਉਹ ਨਸੀਬ ਕੌਰ ਕੋਲ ਆ ਕੇ ਏਥੋਂ ਹੀ ਯੂਨੀਵਰਸਿਟੀ ਜਾਂਦਾ। ਘਰ ਲਈ ਲੋੜੀਂਦਾ ਸੌਦਾ ਪੱਤਾ ਅਤੇ ਬੇਬੇ ਜਾਂ ਨਸੀਬ ਕੌਰ ਨੂੰ ਢਿੱਲ ਮੱਠ ਸਮੇਂ ਕਾਰ ਤੇ ਦਵਾਈ ਵਗੈਰਾ ਦੁਆ ਲਿਆਉਂਦਾ। ਖੇਤਾਂ ਨੂੰ ਦੇਖ ਆਉਂਦਾ। ਗੁਰਸ਼ਰਨ ਸਿੰਘ ਦੇ ਰਹਿਣ ਨਾਲ ਘਰ ਦਾ ਖਲਾਅ ਤੇ ਉਦਾਸੀ ਭਰ ਗਏ। ਵਿਆਹ ਤੋਂ ਡੇਢ ਸਾਲ ਬਾਅਦ ਸਤਿੰਦਰ ਨੇ ਪ੍ਰਦੀਪ ਦੇ ਕੋਲ ਮਿਲਟਰੀ ਹਸਪਤਾਲ ਵਿਚ ਪੁੱਤਰ ਨੂੰ ਜਨਮ ਦਿੱਤਾ। ਸਾਰੇ ਘਰ-ਰਿਸ਼ਤੇਦਾਰਾਂ ਤੇ ਸਤਿੰਦਰ ਦੇ ਮਾਪਿਆਂ ਨੇ ਦਿਨ ਖੋਲ• ਕੇ ਬੱਚੇ ਦੇ ਚਾਅ ਮਨਾਏ ਗਏ। ਦਾਦਕੇ-ਨਾਨਕੇ ਬਰੂਹੀਂ ਨਿੰਮ ਬੰਨੀ ਗਈ। ਲੋਹੜੀ ਦੇ ਤਿਓਹਾਰ ਤੇ ਪ੍ਰਦੀਪ ਸਿੰਘ ਤੇ ਸਤਿੰਦਰ ਬੱਚੇ ਸਮੇਤ ਉਚੇਚੇ ਤੌਰ ਤੇ ਛੁੱਟੀ ਲੈ ਕੇ ਆਏ। ਸਾਰੇ ਪਿੰਡ ਵਿਚ ਸੂਬੇਦਾਰ ਬਿੱਕਰ ਸਿੰਘ ਦੇ ਪੋਤਰੇ ਦੀ ਲੋਹੜੀ ਵੰਡੀ ਗਈ। ਸਾਰੇ ਰਿਸ਼ਤੇਦਾਰ ਇਕੱਠੇ ਹੋਏ। ਦਿਲ ਖੋਲ• ਕੇ ਖੁਸ਼ੀਆਂ ਮਨਾਈਆਂ ਗਈਆਂ।
ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਖਤਮ ਹੋਣ ਕਾਰਨ ਇਕਦਮ ਖੁੱਲ ਗਏ। ਜਿਵੇਂ ਬੰਦਸ਼ਾਂ ਤੋਂ ਮਸਾਂ ਛੁੱਟੇ ਹੋਣ। ਇਹ ਤਬਦੀਲੀ ਬੜੀ ਤਿੱਖੀ ਸੀ। ਨੌਜਵਾਨਾਂ ਵਿਚ ਸਫਾ-ਚੱਟ ਹੋਣ ਦਾ ਰੁਝਾਨ ਵਧਿਆ। ਸੱਭਿਆਚਾਰ ਦੇ ਮੁਦੱਈ ਬਜ਼ਾਰੂ ਜ਼ਹਿਨੀਅਤ ਵਾਲੇ ਦੂਰਦਰਸ਼ਨ ਨੇ ਪਹਿਲੀ ਵਾਰ ਪਰਚੇ ਉਪਰ ਪੰਜਾਬੀ ਗੀਤ ਦਾ ਵੀਡੀਓ ਫਿਲਮਾਂਕਣ ਦੇ ਕੇ ਲੋਕ ਗੀਤ ਨੂੰ ਸੁਣਨ ਦੀ ਦੇਖਣ ਦੀ ਵਸਤ ਬਣਾ ਕੇ ਪੇਸ਼ ਕੀਤਾ। ਫਿਰ ਚੱਲ ਸੋ ਚੱਲ ਗਾਉਣ ਵਾਲਿਆਂ ਨੇ ਆਪਣੀਆਂ ਜੀਭਾਂ ਦੇ ਦੰਦੇ ਕੱਢ ਲਏ ਉਹਨਾਂ ਤੋਪੀ ਉਹਨਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਧੀਆਂ ਭੈਣਾਂ ਦੀ ਵਿਰਾਸਤ ਨੂੰ ਹੀ ਫੜਿਆ। ਉਹ ਜੋ ਮੂੰਹ ਆਇਆ ਗੰਦ-ਮੰਦ ਗਾਉਣ ਲੱਗੇ। ਚੋਹਰੇ ਅਰਥਾਂ ਵਾਲੇ ਸ਼ਬਦ ਕੋਸ਼ ਲੈ ਕੇ ਪੜ-ਲਿਖੇ ਮਸਖਰੇ ਆ ਗਏ। ਵਿਆਹਾਂ ਸ਼ਾਦੀਆਂ ਤੇ ਪੱਛਮੀ ਤਰਜ ਤੇ ਅੱਧ ਨੰਮੀਆਂ ਰੁੜੀਆਂ ਨੱਚਣ ਲੱਗੀਆਂ। ਨਸ਼ਿਅ ਦੇ ਦਰਿਆ ਦੀਆਂ ਛੱਲਾਂ ਸੜਕਾਂ ਦੇ ਕਿਨਾਰਿਆਂ ਨੂੰ ਛੋਹਣ ਲੱਗੀਆਂ। ਕੌਮੀ ਸ਼ਾਹਮਾਰਗਾਂ ਦੇ ਖਤਾਨਾਂ ਵਿਚ ਦੇਸੀ ਅੰਗਰੇਜ਼ੀ ਸ਼ਰਾਬਾਂ ਦੇ ਠੇਕੇ ਆ ਗਏ। ਇਹ ਤਬਦੀਲੀ ਹੈ ਜਾਂ ਸਾਜ਼ਿਸ਼? ਪੰਜਾਬ ‘ਚ ਕੀ ਸਿੱਧ ਕੀਤਾ ਜਾ ਰਿਹਾ ਸੀ? ਪੰਜਾਬ ਦੀ ਜਵਾਨੀ ਮੁੜ ਸਿਰ ਨਾ ਚੁੱਕ ਸਕੇ? ਕੀ ਪੰਜਾਬ ਦਾ ਸਿਰ ਸੁੰਨ ਕੀਤਾ ਜਾ ਰਿਹਾ ਸੀ ਜਾਂ ਭੰਨਿਆ ਜਾ ਰਿਹਾ ਸੀ? ਏਹੀ ਜਾਪ ਰਿਹਾ ਸੀ ਕਿ ਪੰਜਾਬ ਨਾਲ ਜੋ ਵਲ ਤੇ ਛਲ ਨਾਲ ਕੁੱਤੇਖਾਣੀ ਕੀਤੀ ਗਈ ਹੈ ਉਹ ਭੁਲਾ ਦਿੱਤੀ ਜਾਵੇ। ਜਹਿਨੀਅਤ ‘ਚੋਂ ਖਾਰਜ ਕਰਨ ਲਈ ਇਹ ਨਵੇਂ ਰੁਝਾਨਾਂ ਦੀ ਟੇਕ ਲੈ ਲਈ ਗਈ ਸੀ। ਪੰਜਾਬ ਦੀ ਜਵਾਨੀ ਨੂੰ ਅਣਖੀਲੀ ਦੀ ਥਾਂ ਖਰਚੀਲੀ, ਨਸ਼ੀਲੀ ਤੇ ਰੰਗੀਲੀ ਬਣਾ ਕੇ ਪੇਸ਼ ਕੀਤਾ ਜਾਵੇ। ਹੁਣ ਇਹ ਰੁਝਾਨ ਮਾੜੇ ਮੋਟੇ ਸਮਾਗਮਾਂ ਤੇ ਵੀ ਡੀ.ਜੇ ਦੀਆਂ ਉੱਚੀਆਂ ਅਵਾਜ਼ਾਂ-ਜਵਾਨੀ ਦੇ ਪੈਗ ਫੜ ਕੇ ਨੱਚਣ ਦੇ ਰੂਪ ਵਿਚ ਪ੍ਰਗਟ ਹੋ ਰਿਹਾ ਸੀ। ਏਹੀ ਕੁਝ ਪ੍ਰਦੀਪ ਸਿੰਘ ਸਿੱਧੂ ਦੇ ਲੜਕੇ ਦੀ ਲੋਹੜੀ ਤੇ ਹੋਇਆ। ਮੂੰਗਫਲੀ, ਰਿਓਡੀਆਂ, ਗੱਚਕ ਦੀ ਮਹਿਕ ਅਕਨੇ ਮਨੁੱਖ ਵਾਂਗ ਖੂੰਡੇ ਲੱਗੀ ਸਹਿਮੀ ਖੜੀ ਸੀ। ਦਾਦੀ ਮਾਂ ਦੀਆਂ ”ਹਰਿਆ ਨੀ ਮਾਏ ਹਰਿਆ ਨੀ ਭੈਣੇ…” ਵਰਗੇ ਬੋਲ ਵੀ ਮੂੰਗਫਲੀ ਗੱਚਕ ਤੇ ਰਿਓਡੀਆਂ ਦੀ ਮਹਿਕ ਉਹਲੇ ਸਹਿਮੇ ਖੜੇ ਡੈਰ ਦਾ ਸ਼ੋਰ ਸੁਣ ਰਹੇ ਸਨ। ਉਹ ਕੰਨਾਂ ਵਿਚ ਰੂੰ ਦੇ ਫੰਬੇ ਦੇਈ ਇਹ ਕਹਿੰਦੀ ਰਹੀ ”ਵਾਹਿਗੁਰੂ, ਵਾਹਿਗੁਰੂ, ਭਾਈ ਪੁੱਤ ਵੀ ਵਿਆਹਿਆ ਸੀ। ਪੋਤਾ ਵੀ ਵਿਆਹਿਆ ਸੀ-ਪਰ ਆਹ ਖੱਪ ਖਾਨਾ ਨੀ ਸੀ ਸੁਣਿਆ ਕਦੇ ਕਦੇ ਉਸਨੂੰ ਲੱਗਦਾ ਜਿਵੇਂ ਇਸ ਸ਼ੋਰ ਵਿਚੋਂ ਸੂਬੇਦਾਰ ਬਿੱਕਰ ਸਿੰਘ ਵੀ ਮਨਫੀ ਹੋ ਗਿਆ ਹੋਵੇ।
ਹੁਣ ਖਤਾਂ ਦੀ ਥਾਂ ਫੋਨ ਆਉਣ ਲੱਗੇ। ਨਸੀਬ ਕੁਰ ਤਾਂ ਸਤਿੰਦਰ ਕੋਲੋਂ ਪੋਤਰੇ-ਪੜੋਤਰੇ ਦੀਆਂ ਗੱਲਾਂ ਸੁਣਦੀਆਂ ਨਾ ਰੱਜਦੀਆਂ। ਇਕ ਦਿਨ ਬੇਬੇ ਨੂੰ ਹਲਕਾ ਜੇਹਾ ਬੁਖਾਰ ਹੋਇਆ। ਗੁਰਸ਼ਰਨ ਕੌਰ ਤੇ ਲਿਜਾ ਕੇ ਦੁਆਈ ਦੁਆ ਲਿਆਇਆ। ਉਹ ਠੀਕ ਹੋ ਗਈ ਤੇ ਉਸੇ ਰਾਤ ਨੂੰ ਉਸਦਾ ਸਰੀਰ ਲੱਗ ਗਿਆ। ਨਾ ਕੋਈ ਹਾਏ ਨਾ ਕੋਈ ਇਸ਼ਾਰਾ-ਸਭ ਕੁਝ ਸਹਿਜ ਭਾਅ ਵਾਪਰਿਆ। ਬੇਬੇ ਪੂਰੇ ਪਚਾਨਵੇ ਸਾਲ ਦੀ ਉਮਰ ਭੋਗ ਕੇ ਗਈ ਸੀ। ਘਰ ਦਾ ਥੰਮ ਸੀ ਬੇਬੇ! ਉਸਨੇ ਵੀ£ ਸੇਈ ਸਤੀਅਨ ਆਖੀਐ..£ ਦੇ ਮਹਾਂਵਾਕ ਵਿਚ ਬੇਦਾਗ ਬੁਢੇਪਾ ਕੱਟਿਆ। ਪੁੱਤ ਬਿੱਕਰ ਸਿੰਘ ਨੂੰ ਪਾਲ ਪੋਸ ਕੇ ਵੱਡਾ ਕੀਤਾ। ਅਫਸਰ ਬਣਾਇ। ਫਿਰ ਉਸਦੀ ਸ਼ਹਾਦਤ ਤੇ ਉਸਨੂੰ ਹੱਥੀਂ ਤੋਰਿਆ। ਉਸਦੀ ਵਧਦੀ ਫੁਲਦੀ ਬੜੀ ਤੇ ਦੇਖੀ। ਨੌਹ ਨਸੀਬ ਕੌਰ ਨੂੰ ਮਾਂ-ਪਿਓ ਵਰਗਾ ਪਿਆਰ ਦਿੱਤਾ। ਉਸਦੀ ਜੀਵਨ ਚਾਦਰ ਨੂੰ ਬੇਦਾਗ ਰੱਖਿਆ। ਜੇ ਇਕ ਅਨਪੜ• ਔਰਤ ਦੇਸ਼ ਦੀ ਅਜ਼ਾਦੀ ਲਈ ਆਪਣਾ ਸਿਰ ਦਾ ਸਾਈਂ ਵਾਰ ਸਕਦੀ ਹੈ। ਪੀੜਆਂ ਤੱਕ ਫਰਜ ਨਿਭਾ ਸਕਦੀ ਹੈ ਤਾਂ ਸਾਡੀ ਖੁਦਕਸ਼ੀਆਂ ਕਰਦੀ ਪੜ•ੀ ਲਿਖੀ ਮਾਨਸਿਕਤਾ ਨੂੰ ਕੀ ਹੋ ਗਿਆ ਹੈ? ਬੇਬੇ ਦਾ ਜੀਵਨ ਸੰਘਰਸ਼ ਜੇ ਕੋਈ ਸਮਝੇ ਤਾਂ ਮੂਲ ਪ੍ਰਸ਼ਨ ਛੱਡ ਗਿਆ ਸੀ।
ਵਿਸ਼ੇਸ਼ ਛੁੱਟੀ ਲੈ ਕੇ ਪ੍ਰਦੀਪ ਸਿੰਘ ਤੇ ਸਤਿੰਦਰਜੀਤ ਪਹੁੰਚੇ। ਉਹਨਾਂ ਆਪਣੇ ਹੱਥੀਂ ਬੇਬੇ ਨੂੰ ਰੁਖਸਤ ਕੀਤਾ। ਬੇਬੇ ਇਕ ਵੱਡੀ ਸ਼ਖਸ਼ੀਅਤ ਸੀ। ਅਜ਼ਾਦ ਹਿੰਦ ਫੌਜ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਜ਼ਾਦੀ ਮਿਸ਼ਨ ਵਿਚ ਪਾ ਕੇ ਗ਼ਦਰੀ ਬਾਬਿਆਂ ਦੀ ਅਗਲੀ ਕਤਾਰ ਵਿਚ ਜਾ ਖੜੇ ਹੋਏ। ਪ੍ਰਦੀਪ ਸਿੰਘ ਨੇ ਪਿੰਡ ਵਿਚ ਅਗਾਂਹ ਵਧੂ ਕਾਰਜ ਬੇਬੇ ਦੀ ਯਾਦ ਨੂੰ ਅਰਪਤ ਕਰਕੇ ਵੱਡਾ ਕੀਤਾ। ਸਮਾਜਿਕ ਰਸਮਾਂ ਉਪਰੰਤ ਪ੍ਰਦੀਪ ਸਿੰਘ ਵਾਪਸ ਚਲਾ ਗਿਆ। ਘਰ ਦੀ ਸਾਂਭ ਸੰਭਾਲ ਗੁਰਸ਼ਰਨ ਸਿੰਘ ਬਾਖੂਬੀ ਨਿਭਾ ਰਿਹਾ ਸੀ। ਉਸਨੂੰ ਖੇਤੀਬਾੜੀ ਯੂਨੀਵਰਸਿਟੀ ਵਿਚ ਵੈਟਨਰੀ ਵਿਚ ਮਾਸਟਰ ਡਿਗਰੀ ਉਪਰੰਤ ਖੋਜ ਕਾਰਜ ਲੈਣ ਕਰਕੇ ਨੌਕਰੀ ਮਿਲ ਗਈ ਸੀ। ਉਹ ਸਵੇਰੇ ਪਿੰਡੋਂ ਕਾਰ ਤੇ ਜਾਂਦਾ ਤੇ ਸ਼ਾਮ ਨੂੰ ਵਾਪਸ ਨਸੀਬ ਕੌਰ ਕੋਲ ਆ ਜਾਂਦਾ ਸੀ।
ਲੋਕ ਸਭਾ ਦੀਆਂ ਚੋਣਾਂ ਉਪਰੰਤ ਨਵੀਂ ਸਰਕਾਰ ਬਣੀ। ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ ਲਈ ਨਵੇਂ ਪ੍ਰਧਾਨ ਮੰਤਰੀ ਨੇ ਬੱਸ ਯਾਤਰਾ ਕੀਤੀ। ਸਭ ਨੂੰ ਚੰਗਾ ਵੀ ਲੱਗਾ। ਪਰ ਪਾਕਿ ਸਰਕਾਰ ਦੇ ਮਨ ‘ਚ ਖੋਟ ਸੀ। ਕਸ਼ਮੀਰ ਦੀ ਰੱਟ ਉਸ ਮੁਨਫੀ ਨਹੀਂ ਸੀ ਕੀਤਾ। ਉਥੋਂ ਦੀ ਸੈਨਾ ਨੇ ਦਰਖਤ ਦੀਆਂ ਜੜਾਂ ਹੇਠ ਕਾਰਜਸ਼ੀਲ ਸਿਉਂਕ ਵਾਂਗ ਅੰਦਰੇ-ਅੰਦਰ ਸ਼ੀਤ ਯੁੱਦ ਸੁਰੂ ਕਰ ਦਿੱਤਾ। ਸਰਦੀਆਂ ਵਿਚ ਪਹਾੜੀਆਂ ‘ਚ ਟਿਕਾਣਾ ਬਣਾ ਕੇ ਬੰਕਰ ਤੇ ਚੌਕੀਆਂ ਬਣਾ ਲਈਆਂ। ਜਦ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਇਸ ਕਬਜ਼ੇ ਨੂੰ ਖਦੇੜਨ ਦੀ ਕਸ਼ਮਕਸ਼ ਵਿਚ ਭਾਰਤੀ ਫੌਜ ਦੇ ਜਵਾਨਾਂ ਦੀਆਂ ਲਾਸ਼ਾਂ ਬਕਸਿਆਂ ਵਿਚ ਬੰਦ ਹੋ ਕੇ ਆਉਣ ਲੱਗੀਆਂ। ਕਾਲੇ ਦਿਨ ਲੰਘਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਫਿਰੇ ਵੈਣ ਪੈਣ ਲੱਗੇ। ਰੱਖਿਆ ਮੰਤਰਾਲੇ ਵਲੋਂ ਹੰਗਾਮੀ ਮੀਟਿੰਗਾਂ ਹੁੰਦੀਆਂ। ਸਿੱਧ ਯੁੱਧ ਦੇ ਹੱਕ ਵਿਚ ਕੇਂਦਰ ਨਹੀਂ ਸੀ। ਦੂਜੇ ਪਾਸੇ ਕਾਰਗਿਲ ਉਪਰ ਕਬਜ਼ਾ ਕੀਤੇ ਬਿਨਾਂ ਇਹ ਸ਼ੀਤ ਯੁੱਧ ਟੱਲਿਆ ਨਹੀਂ ਸੀ ਜਾ ਸਕਦਾ। ਆਹਲਾ ਹਾਈ ਕਮਾਂਡਾਂ ਨੇ ਪ੍ਰਦੀਪ ਸਿੰਘ ਸਿੱਧੂ ਦੀ ਟੁਕੜੀ ਨੂੰ ਇਸ ਜੋਖ਼ਮ ਭਰੇ ਕਾਗਜ਼ ਨੂੰ ਅੰਜਾਮ ਦੇਣ ਵਾਲੇ ਉਪਰੇਸ਼ਨ ਲਈ ਚੁਣਿਆ। ਪ੍ਰਦੀਪ ਸਿੰਘ ਸਿੱਧੂ ਛੁੱਟੀ ਕੱਟ ਕੇ ਪਿੰਡ ਵਾਪਸ ਆ ਚੁੱਕਾ ਸੀ। ਪ੍ਰਦੀਪ ਸਿੰਘ ਸਿੱਧੂ ਦਾ ਲਖਤੇ ਜਿਗਰ ਕਰਨਵੀਰ ਸਿੰਘ ਸਿੱਧੂ ਹੁਣ ਸੈਨਿਕ ਸਕੂਲ ਪੜਨ ਜਾਣ ਲੱਗ ਪਿਆ ਸੀ। ਸਤਿੰਦਰਜੀਤ ਨੇ ਐਮ. ਫਿਲ ਕਰਕੇ ਸਕੂਲ ਵਿਚ ਪ੍ਰਿੰਸੀਪਲ ਦੀ ਸੇਵਾ ਪ੍ਰਾਪਤ ਕਰ ਲਈ ਸੀ। ਜ਼ਿੰਦਗੀ ਵਧੀਆ ਲੰਘ ਰਹੀ ਸੀ। ਪਰ ਜਦ ਉਸਨੂੰ ਪ੍ਰਦੀਪ ਸਿੰਘ ਦੀ ਕਾਰਗਿਲ ਉਪਰੇਸ਼ਨ ਲਈ ਲੱਗੀ ਡਿਊਟੀ ਬਾਰੇ ਪਤਾ ਲੱਗਾ ਤਾਂ ਦਿਲ ਧੁਰ ਅੰਦਰ ਤੱਕ ਹੱਲ ਗਿਆ। ਉਸਦੀ ਵਿਦਵਤਾ ਏਹੀ ਨਤੀਜਾ ਕੱਢਦੀ ਕਿ ਹੁਕਮਰਾਨ ਫੌਜ ਬਣਾਉਂਦੇ ਹੀ ਇਸ ਕਰਕੇ ਹਨ ਕਿ ਉਹਨਾਂ ਦੇ ਹੱਥਾਂ ਦੀਆਂ ਦਿੱਤੀਆਂ ਨੂੰ ਸਧਾਰਨ ਲੋਕਾਂ ਦੇ ਪੁੱਤ ਦੰਦਾਂ ਨਾਲ ਖੋਹਲਣ। ਕਾਰਗਿਲ ਵੀ ਰੱਖਿਆ ਨੀਤੀ ਦਾ ਇਕ ਅਜਿਹਾ ਮਸਲਾ ਸੀ। ਸ਼ਾਮ ਨੂੰ ਕੁਆਟਰ ਵਿਚ ਆ ਕੇ ਸਤਿੰਦਰਜੀਤ ਨੂੰ ਧੀਰਜ ਰੱਖਣ ਲਈ ਕਿਹਾ ਤੇ ਉਸਤੋਂ ਵਿਦਾਇਗਾ ਲਈ। ਕਾਰਗਿਲ ਪਹੁੰਚ ਕੇ ਸਮੁੱਚੇ ਉਪਰੇਸ਼ਨ ਦੀ ਅਫਸਰਾਂ ਨਾਲ ਵਿਉਂਤਬੰਦੀ ਕੀਤੀ। ਕਾਰਗਿਲ ਤੇ ਸਾਹਮਣਿਓਂ ਹਮਲਾ ਕਿਸੇ ਤਰ ਸੰਭਵ ਨਹੀਂ ਸੀ। ਉਸ ਪਾਕਿ ਫੌਜ ਦਾ ਧਿਆਨ ਵੰਡਣ ਲਈ ਦੂਜੇ ਪੁਆਇੰਟ ਤੋਂ ਹਮਲੇ ਦਾ ਭੁਲੇਖਾ ਦਿੱਤਾ ਤੇ ਉਪਰੇਸ਼ਨ ਟੀਮ ਕਾਰਗਿਲ ਦੇ ਲੁਕਵੇਂ ਪਾਸੇ ਤੋਂ ਉਪਰ ਚੜਈ ਚੜਨ ਲੱਗੀ। ਕੁਝ ਮਹੀਨਿਆਂ ਦੀ ਮਿਹਨਤ ਬਾਅਦ ਟੁਕੜੀ ਅੜਤਲਾ ਲੈ ਕੇ ਉਪਰ ਪਹੁੰਚਣ ਵਿਚ ਸਫਲ ਹੋ ਗਈ। ਪੂਰੀ ਤਿਆਰੀ ਨਾਲ ਇਕਦਮ ਹੱਲਾ ਬੋਲਿਆ ਤਾਂ ਪਾਕਿ-ਟੁਕੜੀ ਘਬਰਾ ਗਈ। ਕਾਰਗਿਲ ਟੁਕੜੀ ਤੋਂ ਪਾਕ ਫੌਜ ਦਾ ਕਬਜ਼ਾ ਖਤਮ ਹੋ ਗਿਆ। ਉਥੇ ਭਾਰਤੀ ਫੌਜ ਵਲੋਂ ਕੌਮ ਝੰਡਾ ਲਹਿਰਾਇਆ ਗਿਆ। ਪ੍ਰਦੀਪ ਸਿੰਘ ਸਿੱਧੂ ਦੀ ਅਖਬਾਰ ਵਿਚ ਤਸਵੀਰ ਛਪੀ। ਮਾਲਵੇ ਦਾ ਇਹ ਪਿੰਡ ਸਿਰਫ ਇਕ ਔਰਤ ਨਾਲ ਜੁੜੀ ਬੋਲੀ ਤੱਕ ਸੀਮਿਤ ਨਾ ਰਹਿ ਕੇ ਬਹਾਦਰੀ ਦਾ ਪ੍ਰਤੀਕ ਬਣ ਗਿਆ। ਦੂਜੇ ਪਾਸੇ ਜਦ ਇਸ ਚੋਟੀ ਦੀ ਸੁਰੱਖਿਆ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਸੀ ਤਾਂ ਦੁਸ਼ਮਣ ਵਲੋਂ ਛੱਡਿਆ ਇਕ ਰਾਕਟ ਲਾਂਚਰ ਉਥੇ ਫਟਿਆ ਤੇ ਪ੍ਰਦੀਪ ਸਿੰਘ ਸਮੇਤ ਤਿੰਨ ਜਵਾਨ ਸ਼ਹੀਦ ਹੋ ਗਏ। ਭਾਰਤੀ ਫੌਜ ਨੇ ਜਿਸ ਪੁਆਇੰਟ ਤੋਂ ਇਹ ਹਮਲਾ ਹੋਇਆ ਉਸਤੇ ਮਿਸ਼ਨ ਬੰਨ ਕੇ ਕੀਤੀ ਕਾਰਵਾਈ ਵਿਚ ਉਹ ਚੌਕੀ ਵੀ ਉਡਾ ਦਿੱਤੀ ਗਈ।
ਕੁਝ ਦਿਨ ਪਹਿਲਾਂ ਇਸ ਪਿੰਡ ਦਾ ਜੋ ਨਾਇਕ ਸਾਰੀ ਦੁਨੀਆਂ ਤੇ ਛਾ ਗਿਆ ਸੀ। ਹੁਣ ਉ ਹੈ ਤੋਂ ਸੀ ਬਣ ਚੁੱਕਾ ਸੀ। ਕੁਝ ਦਿਨਾਂ ਲਈ ਆਈ ਖੁਸ਼ੀ ਫਿਰ ਪਟਕਾ ਕੇ ਸੁੱਟ ਗਈ ਸੀ। ਉਸਤੇ ਇਕ ਵਾਰ ਫੇਰ ਕਹਿਰ ਢਹਿ ਚੁੱਕਾ ਸੀ। ਉਸਦੇ ਵੈਣ ਅਸਮਾਨ ਨੂੰ ਕੰਬਣੀ ਛੇੜ ਚੁੱਕੇ ਸਨ। ਲੋਕ ਗਰ ਆਉਂਦੇ ਕੁਝ ਚਿਰ ਬਹਿੰਦੇ ਤੇ ਫਿਰ ਤੁਰ ਜਾਂਦੇ। ਜਿਸ ਪਿੰਡ ਵਿਚ ਬਿੱਕਰ ਸਿੰਘ ਦੀ ਮੌਤ ਤੇ ਚੁੱਲਾ ਨਹੀਂ ਸੀ ਤਪਿਆ। ਅੱਜ ਉਸ ਪਿੰਡ ਵਿਚ ਗੈਸ-ਚੁੱਲੇ ਦੀ ਬਲੈਕ ਆਊਟ ਵਰਗੀ ਬੱਤੀ ਪਕਵਾਨਾਂ ਹੇਠਾਂ ਸੁਲਘ ਰਹੀ ਸੀ। ਪਿੰਡ ਦੇ ਨੌਜਵਾਨ ਘਰਾਂ ਵਿਚ ਵੱਖ-ਵੱਖ ਚੈਨਲਾਂ ਤੇ ਜੋ ਪਰੋਸਿਆ ਜਾ ਰਹੀ ਸੀ ਉਹ ਨਜ਼ਰਾਂ ਨਾਲ ਹੜੱਪ ਰਹੇ ਸਨ। ਉਹਨਾਂ ਨੂੰ ਇੰਜ ਲੱਗਦਾ ਸੀ ਕਿ ਫੌਜੀਆਂ ਦਾ ਸਰਹੱਦ ਤੇ ਮਰਨਾ ਤਾਂ ਕੰਮ ਹੀ ਹੈ। ਕੋਈ ਨਿਵੇਕਲੀ ਗੱਲ ਨਹੀਂ। ਅੱਜ ਤੋਂ 35-36 ਸਾਲ ਪੁਰਾਣੀ ਮੋਹ ਦੀ ਇਬਾਰਤ ਬਜ਼ੁਰਗਾਂ ਦੇ ਦੰਦਾਂ ਵਾਂਗ ਬਿਖਰ ਚੁੱਕੀ ਸੀ। ਹੁਣ ਤਾਂ ਜਿਸ ਥਾਂ ਤੇ ਫਲੂਹਾ ਪੈ ਗਿਆ ਉਹ ਸੜ ਗਿਆ ਵਾਲੀ ਗੱਲ ਸੀ। ਇਸ ਵਰਤਾਰੇ ਨੇ ਲੋਕਾਂ ਦੀ ਮਾਨਸਿਕਤਾ ਅਜਿਹੀ ਬਣਾ ਦਿੱਤੀ ਸੀ ਕਿ ਪੁੰਗਰਦੀ ਜਵਾਨੀ ਅਹਿਸਾਨ ਫਰਾਮੋਸ਼ਾਂ ਵਾਂਗ ਅਹਿਸਾਸ ਰਹਿਤ ਹੋ ਚੁੱਕੀ ਸੀ।
ਤੀਜੇ ਦਿਨ ਪ੍ਰਦੀਪ ਸਿੰਘ ਸਿੱਧੂ ਦੀ ਲਾਸ਼ ਪਿਤਾ ਵਾਂਗ ਹੀ ਕੌਮੀ ਝੰਡਾ ਓਹੜ ਕੇ ਪਿੰਡ ਵਿਚ ਆਈ। ਦੇਸ਼ ਭਗਤੀ ਦੀ ਕੁਰਬਾਨੀ ਦੀ, ਦੁਹਾਈ ਪਾਉਣ ਵਾਲੀਆਂ ਸਰਕਾਰਾਂ ਇਸ ਹੱਦ ਤੱਕ ਨਿੱਘਰ ਗਈਆਂ ਸਨ ਕਿ ਟੈਂਕਾਂ, ਤੋਪਾਂ ਤੋਂ ਲੈ ਕੇ ਉਹ ਹਰ ਤਰ•ਾਂ ਦੀ ਫੌਜੀ ਸੌਦੇਬਾਜ਼ੀ ‘ਚੋਂ ਹਿੱਸਾ ਪੱਤੀ ਪ੍ਰਾਪਤ ਕਰ ਚੁੱਕੀਆਂ ਸਨ। ਸੂਬੇਦਾਰ ਬਿੱਕਰ ਸਿੰਘ ਵਾਂਗ ਪ੍ਰਦੀਪ ਸਿੰਘ ਦੀ ਲਾਸ਼ ਨੂੰ ਦਰਸ਼ਨਾਂ ਲਈ ਰੱਖਿਆ ਗਿਆ। ਗੁਰਸ਼ਰਨ ਸਿੰਘ ਤੇ ਨਸੀਬ ਕੌਰ ਦਾ ਬੁਰਾ ਹਾਲ ਸੀ। ਉਸਨੇ ਨਸੀਬ ਕੌਰ ਨੂੰ ਸੰਭਾਲਿਆ ਹੋਇਆ ਸੀ। ਛੋਟੇ, ਵੱਡੇ ਅਫਸਰ ਆਪਣੀਆਂ ਲਾਲ ਬੱਤੀ ਵਾਲੀਆਂ ਕਾਰਾਂ ‘ਚੋਂ ਉਤਰ ਕੇ ਘਰ ਪਹੁੰਚਣ ਲੱਗੇ। ਵੱਖ ਪਾਰਟੀਆਂ ਦੇ ਢਿੱਡਲ ਜੇਹੇ ਸਿਆਸੀ ਆਗੂ, ਚੇਅਰਮੈਨ ਆਪਣੇ ਗੰਨਮੈਨਾਂ ਸਮੇਤ ਆ ਰਹੇ ਸਨ। ਹਾਜ਼ਰੀ ਲੁਆ ਕੇ ਸਭ ਅਫਸਰ ਤੇ ਲੀਡਰ ਬਿੰਦੇ ਡੱਟੇ ਘੜੀ ਦੀਆਂ ਸੂਈਆਂ ਦੇਖਣ ਲੱਗਦੇ। ਕੁਝ ਹੱਥਾਂ ‘ਚ ਫੜੇ ਨਕਸ ਦੀ ਟਿੱਕੀ ਜੇਡੇ ਮੋਬਾਇਲ ਤੇ ਆਉਂਦੀ ਟੁੱਟਵੀ ਅਵਾਜ਼ ਤੋਂ ਤੰਗ ਆ ਕੇ ਕਹਿੰਦੇ ”ਯਾਰ ਅੜਕ ਕੇ ਲਾਈਂ ਇਕ ਫੌਜੀ ਦੇ ਸਥੱਰ ਤੇ ਬੈਠੇ ਆਂ-ਹਾ-ਹਾ-ਹਾ ਯਾਰ ਏਥੇ ਰੇਂਜ ਨਹੀਂ ਆਉਂਦੀ-ਫੇਰ ਕਰੀਂ-ਓ ਕੇ-” ਆਦਿ ਕਹਿ ਕੇ ਸੋਗੀ ਮਾਹੌਲ ਵਿਚ ਰਚਣ ਦੀ ਕੋਸ਼ਿਸ਼ ਕਰਦੇ। ਪਰ ਉਹਨਾਂ ਦਾ ਵਰਤਾਰਾ ਦਾਲ ‘ਚ ਕੋਹੜੂ ਵਾਂਗ ਰੜਕ ਜਾਂਦਾ ਸੀ। ਕਈ ਪੁੱਠ ਦੀ ਵੀ ਰਹੇ ਹਨ ਕਿ ”ਯਾਰ ਪਤਾ ਤਾਂ ਕਰੋ ਕਿੰਨਾ ਕੁ ਚਿਰ ਲੱਗੂ, ਹੋਰ ਦੀ ਕਈ ਥਾਈ ਜਾਣੈ।” ਉਹਨਾਂ ਲਈ ਕੌਮੀ ਸ਼ਹਾਦਤ ਲਈ ਜਾਨ ਵਾਰ ਗਏ ਬਹਾਦਰ ਲਈ ਕੁਝ ਸਮਾਂ ਬੈਠਣਾ ਵੀ ਦੁੱਭਰ ਸੀ। ਉਹ ਅਫਸੋਸ ਕਰਨ ਨਹੀਂ ਸਗੋਂ ਹਾਜ਼ਰੀ ਲੁਆਉਣ ਆਏ ਸਨ। ਜਿੰਨਾਂ ਦਾ ਪ੍ਰਦੀਪ ਸਿੰਘ ਨਾਲ ਰਿਸ਼ਤਾ ਸੀ ਉਹ ਇਸ ਭਾਣੇ ਦੀ ਪੀੜ ‘ਚ ਡੁੱਬੇ ਸਨ, ਉਹਨਾਂ ਦੀਆਂ ਅੱਖਾਂ ‘ਚੋਂ ਹੰਝੂਆਂ ਦੀਆਂ ਧਰਾਵਾਂ ਵਗ ਰਹੀਆਂ ਸਨ। ਸਤਿੰਦਰ ਦਾ ਬੁਰਾ ਹਾਲ ਸੀ। ਜਦ 12 ਕੁ ਵਜੇ ਪ੍ਰਦੀਪ ਸਿੰਘ ਦਾ ਘਰ ਤੋਂ ਸ਼ਮਸ਼ਾਨ ਤੱਕ ਅੰਤਮ ਸਫ਼ਰ ਸ਼ੁਰੂ ਹੋਇਆ ਤਾਂ ਸਤਿੰਦਰ ਦੀ ਬਾਪ ਨੇ ਧਾਹ ਮਾਰੀ ”ਹਾਏ ਓਏ ਪੁੱਤਰਾ ਸਾਡਾ ਬਜ਼ੁਰਗਾਂ ਦਾ ਕਫਨ ਕਾਹਤੋਂ ਖੋਹ ਕੇ ਲੈ ਗਿਆ ਏਂ।” ਲਾਸ਼ ਅੱਗੇ ਅੱਗੇ ਜਾ ਰਹੀ ਸੀ। ਲੋਕਾਂ ਦਾ ਹਜ਼ੂਮ ਪਿੱਛੇ-ਪਿੱਛੇ ਜਾ ਰਿਹਾ ਸੀ। ਇਕ ਵਜੇ ਹਥਿਆਰ ਪੁੱਠ ਕਰਕੇ ਸਲਾਮੀ ਦਿੱਤੀ ਗਈ। ਚਿਖਾ ਨੂੰ ਅਗਨੀ ਦੇਣ ਉਪਰੰਤ ਸ਼ਮਸ਼ਾਨਘਾਟ ‘ਚੋਂ ਹੀ ਹਾਰਨ ਤੇ ਹੂਟਰ ਵਜਾਉਂਦੀਆਂ ਕਾਰਾਂ ਸੜਕ ਤੇ ਭੱਜਣ ਲੱਗੀਆਂ। ਜਦ ਗੁਰਦੁਆਰੇ ਅਰਦਾਸ ਹੋਈ ਤਾਂ ਅੱਧਿਓਂ ਵੱਧ ਲੋਕ ਜਾ ਚੁੱਕੇ ਸਨ। ਨੌਜਵਾਨ ਨਾ ਮਾਤਰ ਸਨ ਕਿਉਂਕਿ ਲਾਗਲੇ ਪਿੰਡ ਵਿਚ ਕਿਸੇ ਵਿਆਹ ਤੇ ਨਵੀਂ-ਨਵੀਂ ਗਾਉਣ ਲੱਗੀ ਕੁੜੀ ਦੇ ਤੱਤੇ ਤੇ ਤਿੱਥੇ ਬੋਲ ਸੁਣਨ ਗਏ ਹੋਏ ਸਨ। ਪ੍ਰਦੀਪ ਸਿੰਘ ਦੇ ਘਰ ਸੀਮਿਤ ਜੇਹੇ ਲੋਕ ਮੌਜੂਦ ਸਨ।
ਫੁੱਲਾਂ ਦੀ ਰਸਮ ਤੋਂ ਬਾਅਦ ਲੋਕ ਰਸਮੀ ਤੌਰ ਤੇ ਸੱਥਰ ਤੇ ਜਾਂਦੇ ਤੇ ਵਾਪਸ ਆ ਜਾਂਦੇ। ਭੋਗ ਵਾਲੇ ਦਿਨ ਸਟੇਜ ਵਗੈਰਾ ਲਾਇਆ ਗਿਆ। ਸੰਸਕਾਰ ਵਾਲੇ ਦਿਨ ਹਾਜ਼ਰੀ ਲੁਆਉਣ ਵਾਲਾ ਵਰਤਾਰਾ ਫੇਰ ਸ਼ੁਰੂ ਹੋਇਆ। ਰੰਗ ਬਰੰਗੇ ਰਾਜਸੀ ਆਗੂ, ਅਫਸਰ ਤੇ ਫੌਜੀ ਅਧਿਕਾਰੀ ਪਹੁੰਚ ਰਹੇ ਸਨ। ਵੈਰਾਗਮਈ ਕੀਰਤਨ ਹੋਣ ਉਪਰੰਤ ਅਰਦਾਸ ਹੋਈ। ਵੱਖ-ਵੱਖ ਫੌਜੀ ਅਫਸਰਾਂ ਨੇ ਪ੍ਰਦੀਪ ਸਿੰਘ ਸਿੱਧੂ ਦੀ ਕਾਰਗਿਲ ਉਪਰੇਸ਼ਨ ਦੀ ਸਫਲਤਾ ਲਈ ਕੀਤੇ ਯਤਨ ਦਿਖਾਈ ਬਹਾਦਰੀ ਅਤੇ ਦੇਸ਼ ਲਈ ਉਸ ਚੋਟੀ ਦੀ ਅਹਿਮੀਅਤ ਬਾਰੇ ਦੱਸਿਆ। ਰਾਜਸੀ ਆਗੂਆਂ ਨੇ ਪ੍ਰਦੀਪ ਸਿੰਘ ਦੀ ਮੌਹ ਨਾਲ ਇਲਾਕੇ ਨੂੰ ਵੱਡਾ ਘਾਟਾ ਤੇ ਕੁਰਬਾਨੀ ਨੂੰ ਇਲਾਕੇ ਦਾ ਮਾਣ ਦੱਸਿਆ। ਉਹਨਾਂ ਵੱਖ-ਵੱਖ ਪਾਰਟੀਆਂ ਵਲੋਂ ਕਿਸੇ ਵੀ ਮੌਕੇ ਪਰਿਵਾਰਕ ਮਾਰੇ ਹੱਥ ਬੰਨ ਕੇ ਹਾਜ਼ਰ ਹੋਵਾਂਗੇ ਦਾ ਵੱਡਾ ਸਾਰਾ ਗੱਪ ਮਾਰਿਆ। ਕਿਉਂਕਿ ਸੰਸਕਾਰ ਤੋਂ ਬਾਅਦ ਕਿਸੇ ਨੇ ਪਰਿਵਾਰ ਦੀ ਬਾਤ ਨਹੀਂ ਸੀ ਪੁੱਛੀ। ਨਸੀਬ ਕੌਰ ਨੂੰ ਇਹਨਾਂ ਲੋਕਾਂ ਦੇ ਬੋਲ ਸੱਜਰੇ ਜ਼ਖਮ ਵਿਚ ਲੂਣ ਵਾਂਗ ਰੱਜ ਕੇ। ਉਸਦਾ ਮਨ ਕੀਤਾ ਕਿ ਉਹ ਪੁੱਛੇ ਕਿ ਕੀ ਮੇਰੇ ਪਤੀ ਅਤੇ ਪੁੱਤਰ ਐਹੋ ਜੇਹੇ ਲੋਕਰਾਜ ਦੀ ਸਲਾਮਤੀ ਲਈ ਸ਼ਹਾਦਤਾਂ ਦਿੱਤੀਆਂ ਜਿੱਥੇ ਇਹਨਾਂ ਦੇਸ਼ ਕੌਮ ਤੇ ਫੌਜ ਅਤੇ ਉਸਦੇ ਸਾਜੋ ਸਮਾਨ ਨੂੰ ਵੀ ਦਾਅ ਤੇ ਲਾਉਣੋਂ ਨਹੀਂ ਬਖਸਿਆ? ਲੋਕਰਾਜ ਦੇ ਹਾਕਮਾਂ ਨੇ ਸਰਕਾਰੀ ਅਹੁਦੇ ਤਾਂ ਆਪਣੇ ਪੁੱਤਾਂ ਤੇ ਪਰਿਵਾਰਾਂ ਵਿਚ ਵੰਡ ਲਏ। ਸਾਡੇ ਲੋਕਾਂ ਦੇ ਪੁੱਤਰ ਇਹਨਾਂ ਦੇ ਚਗਲੇ ਸੁਆਦਾਂ ਦੀ ਲੰਬੀ ਉਮਰ ਕਈ ਚੌਂਕੀਦਾਰ ਬਣ ਕੇ ਜਾਨਾਂ ਵਾਰਨ ਤੱਕ ਸੀਮਤ ਰਹਿ ਗਏ। ਕੀ ਕਿਸੇ ਕੌਮ ਦਾ ਮਰਨਾ, ਵਿਰਾਸਤ ਦਾ ਮਰਨਾ ਕੁਝ ਹੋਰ ਹੁੰਦੈ? ਮਨ ਅੰਦਰ ਅਸੰਖਾ ਵਲਵਲੇ ਤਰਥੱਲ ਪਾ ਰਹੇ ਸਨ। ਪਰ ਉਹ ਔਰਤ ਸੀ। ਉਹ ਬੋਲ ਨਹੀਂ ਸੀ ਸਕਦੀ। ਉਸਨੇ ਤਾਂ ਪਤਨੀ ਤੇ ਮਾਂ ਦਾ ਫਰਜ਼ ਪੂਰਾ ਕਰਨ ਸੀ ਉਹ ਕਰ ਦਿੱਤਾ। ਪਰ ਇਹ ਕਿਹੜਾ ਫਰਜ਼ ਪੂਰਾ ਕਰ ਰਹੇ ਹਨ? ਉਹ ਸੋਚ ਰਹੀ ਸੀ। ਸਟੇਜ ਤੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਸਨ ਵੱਡੇ-ਵੱਡੇ ਮੰਤਰੀਆਂ ਦੇ ਨਾਮ ਲੈ ਕੇ ਸ਼ੋਕ-ਸੰਦੇਸ਼ ਪੜ•ੇ ਜਾ ਰਹੇ ਸਨ। ਪੂਰੇ 34 ਸਾਲਾਂ ਬਾਅਦ ਉਸਨੂੰ ਭੇਟ ਕੀਤੀ ਮਸ਼ੀਨ ਵਰਗੀ ਇਕ ਨਵੀਂ ਮਸ਼ੀਨ ਪਈ ਸੀ। ਉਸਨੇ ਸਿਰ ਤੋਂ ਨੀਵੇਂ ਕੀਤੇ ਚੁੰਨੀ ਦੇ ਪੱਲੇ ‘ਚੋਂ ਮਸ਼ੀਨ ਵੱਲ ਦੇਖਿਆ। ਕੀ ਹੁਣ ਸਤਿੰਦਰ ਦੀ ਉਸ ਵਾਂਗ ਸਾਰੀ ਜ਼ਿੰਦਗੀ ਮਸ਼ੀਨ ਚਲਾਏਗੀ? ਉਸ ਵਾਂਗ ਮਸ਼ੀਨ ਨਾਲ ਛੇੜੇ ਕਰੇਗੀ? ਇਸੇ ਸੋਚ ਦੌਰਾਨ ਸਟੇਜ ਤੋਂ ਫੌਜੀ ਅਫਸਰ ਨੇ ਸ਼ਹੀਦ ਪ੍ਰਦੀਪ ਸਿੰਘ ਦੀ ਪਤਨੀ ਫੌਜ ਵਲੋਂ ਪਤੀ ਦੇ ਬਹਾਦਰੀ ਦੇ ਸਰਟੀਫਿਕੇਟ ਤੇ ਸਨਮਾਨ ਪ੍ਰਾਪਤ ਕਰੇਗੀ। ਉਸ ਨਾਲ ਬੈਠੀ ਸਤਿੰਦਰ ਕੌਰ ਨੂੰ ਫੜਿਆ ਤੇ ਦੋਵੇਂ ਮੰਚ ਵੱਲ ਵੱਧਣ ਲੱਗੀਆਂ। ਫੌਜੀ ਅਫਸਰ ਨੇ ਸਨਮਾਨ ਸਾਹਿਤ ਸ਼ਹੀਦ ਪ੍ਰਦੀਪ ਸਿੰਘ ਸਿੱਧੂ ਦੀ ਬਹਾਦਰੀ ਸਬੰਧੀ ਸਰਟੀਫਿਕੇਟ ਤੇ ਹੋਰ ਸਨਮਾਨ ਚਿੰਨ ਭੇਟ ਕੀਤੇ। ਕੁਝ ਜਵਾਨਾਂ ਨੇ ਮੇਜ ਤੋਂ ਪਈ ਸਿਲਾਈ ਮਸ਼ੀਨ ਉਠਾਈ। ”ਨਸੀਬ ਕੌਰ ਦੇ ਬੁੱਲ ਫਰਕੇ” ਨਹੀਂ ਜੀ ਮੇਰੀ ਨੌਹ ਇਹ ਸਿਲਾਈ ਮਸ਼ੀਨ ਨਹੀਂ ਲਵੇਗੀ। ਪੂਰੇ 30 ਸਾਲ ਮੈਂ ਸੂਬੇਦਾਰ ਬਿੱਕਰ ਦੀ ਯਾਦ ਵਿਚ ਮਿਵੀ ਮਸ਼ੀਨ ਨੂੰ ਕੰਧੇੜੇ ਚੁੱਕੀ ਲਾਸ਼ ਵਾਂਗ ਚੁੱਕਿਆ ਹੈ। ਲੋਕਾਂ ਦੇ ਕੱਪੜੇ ਸਿਓਂਤੇ। ਕੀ ਇਹ ਸਨਮਾਨ ਭਰਪੂਰ ਜ਼ਿੰਦਗੀ ਹੈ। ਸਮਾਜ ਨੇ ਵਿਆਹ ਸ਼ਾਦੀਆਂ ਤੇ ਹੁੰਦੇ ਸਮਾਗਮਾਂ ਤੇ ਸਾਨੂੰ ਦੁੱਖ ‘ਚ ਡਿੱਗੀ ਮੱਖੀ ਸਮਝ ਪਰੇ ਸੁੱਟਿਆ। ਕੀ ਸ਼ਹੀਦਾਂ ਦੀਆਂ ਪਤਨੀਆਂ ਦਾ ਸਨਮਾਨ ਅਜਿਹਾ ਹੁੰਦਾ ਹੈ? ਚੌਤੀ ਸਾਲਾਂ ਬਾਅਦ ਦੀ ਤੁਹਾਡੀ ਓਹੀ ਰਵਾਇਆ। ਮਸ਼ੀਨ ਦੇ ਕੇ ਕਦੇ ਵਿਧਵਾਵਾਂ ਦੀ ਸਾਰ ਲਈ ਹੈ? ਮੈ ਨਹੀਂ ਚਾਹੁੰਦੀ ਕਿ ਮਸ਼ੀਨ ਲੈ ਕੇ ਮੇਰੀ ਅਮਲੀ ਪੀੜ•ੀ ਮੇਰੇ ਵਰਗਾ ਸੰਤਾਪ ਹੰਢਾਵੇ। ਇਹ ਮਸ਼ੀਨ ਤੁਸੀਂ ਉਸ ਰੀਤੀ ਸਿਆਸਤ ਕਰਨ ਵਾਲਿਆਂ ਦੇ ਘਰ ਭੇਜ ਦਿਓ ਉਹ ਆਪਣੇ ਪੱਤਾ ਦਾ ਨੰਗ ਢਕ ਲੈਣਗੇ ਜਿੰਨਾਂ ਸਾਡੇ ਪੁੱਤਾਂ ਦੇ ਹਥਿਆਰ ਵੀ ਨਹੀਂ ਬਖਸ਼ੇ ਗੋਲੀ ਸਿੱਕੀ ‘ਚੋਂ ਵੀ ਠੁੰਗਾਂ ਮਾਰਦਿਆਂ ਸ਼ਰਮ ਨਹੀਂ ਕੀਤੀ। ਵਿਧਵਾ ਸ਼ਹੀਦ ਦੀ ਪਤਨੀ ਨਹੀਂ ਹੁੰਦੀ-ਇਹ ਕੌਮੀ ੰਡੇ ਹੁੰਦੇ ਐ। ਤੁਸੀਂ ਕਹਿ ਦਿਓ ਕਿ ਨਸੀਬ ਕੌਰ ਆਪਣੀ ਨੌਹ ਨੂੰ ਨਸੀਬ ਵਿਹੂਣੀ ਜ਼ਿੰਦਗੀ ਨਹੀਂ ਦੇਵੇਗੀ। ਸਗੋਂ ਸਖੀ ਦੇ ਸਾਥ ਵਾਲੀ ਸੌਗਾਤ ਭਰੀ ਜ਼ਿੰਦਗੀ ਦੇਵੇਗੀ। ਇਹ ਬੋਲ ਸੁਣ ਫੌਜੀ ਅਧਿਕਾਰੀ ਠਠਿੰਬਰ ਕੇ ਰਹਿ ਗਿਆ। ਕੋਲੇ ਖੜੇ ਸੈਨਿਕਾਂ ਤੇ ਹੱਥ ‘ਚ ਫੜੀ ਸਿਲਾਈ ਮਸ਼ੀਨ ਦਾ ਬਕਸਾ ਕੰਬਿਆ। ਪੰਡਾਲ ਵਿਚ ਬੈਠੇ ਲੋਕ ਇਕ ਦੂਜੇ ਦੇ ਕੰਨਾਂ ਕੋਲ ਮੂੰਹ ਲਾ ਕੇ ਕਾਨਾਫੂਸੀ ਕਰਨ ਲੱਗੇ।

ਕਿਆਮਤ ਦਾ ਦਿਨ

– ਗੁਰਮੇਲ ਸਿੰਘ ਬੌਡੇ

ਇਸਲਾਮ ਧਰਮ ਵਿੱਚ ਧਾਰਨਾ ਹੈ ਕਿ ਇੱਕ ਦਿਨ ਅੱਲ਼ਾ ਤਾਲਾ ਧਰਤੀ ਤੇ ਆਵੇਗਾ ਤੇ ਕਬਰਾਂ ਵਿੱਚ ਦੱਬੇ ਮੁਰਦੇ ਜਿਓਂ ਕੇ ਉਠ ਪੈਣਗੇ ਤੇ ਫਿਰ ਲੇਖਾ ਜੋਖਾ ਹੋਵੇਗਾ।ਦੂਸਰਾ ਧਰਮ ਕਹਿੰਦਾ ਹੈ ਕਿ ਰਾਖ ਹੋਣ ਤੋਂ ਬਾਅਦ ਬੰਦਾ ਜਦ ਧਰਮਰਾਜ ਕੋਲ ਪਹੁੰਚੇਗਾ ਤਾਂ ਚਿਤਰਗੁਪਤ ਲੇਖਾ ਮੰਗੇਗਾ।ਪੰਜਾਬ ਵਿੱਚ ਹਰ ਰੋਜ਼ ਖੁਦਕਸ਼ੀਆਂ ਹੋ ਰਹੀਆਂ ਹਨ ਕਿਉਂ ਹੋ ਰਹੀਆਂ ਹਨ? ਸਭ ਨੂੰ ਪਤਾ ਹੈ ਇਸਦੇ ਉਲਟ ਤਾਂ ਇਸ ਰਾਹ ਤੁਰ ਗਏ ਮਨੁੱਖਾਂ ਦਾ ਚਿਤਰਗੁਪਤ ਤੋਂ ਲੇਖਾ ਮੰਗਣਾ ਬਣਦਾ ਹੈ ਕਿ ਉਹਨਾਂ ਲਈ ਅਜਿਹੇ ਹਲਾਤ ਪੈਦਾ ਕਿਉਂ ਕੀਤੇ?ਖੈਰ ਇਹ ਦੋਵੇਂ ਧਾਰਨਾਵਾਂ ਹੀ ਮਹਿਜ਼ ਇੱਕ ਕਲਪਨਾ ਹੈ।ਧਰਮਾਂ ਦੇ ਠੇਕੇਦਾਰਾਂ ਦਾ ਮਨੁੱਖ ਦੀ ਮਾਨਸਿਕ ਲੁੱਟ ਕਰਨ ਦਾ ਹਥਿਆਰ ਹੈ।ਹਜ਼ਾਰਾਂ ਸਾਲ ਬੀਤ ਗਏ ਵੱਡੇ ਵੱਡੇ ਜ਼ੁਲਮ ਹੋਏ ਰੱਬ ਕ੍ਰਿਪਾਲੂ ਨਹੀਂ ਹੋਇਆ।ਅੱਲਾ ਤਾਲਾ ਕਬਰਾਂ ਵਿੱਚ ਨਹੀ ਆਇਆ ਕਿ ਉਹ ਇਹ ਅਣਹੋਈ ਮੌਤੇ ਮਰ ਕੇ ਸ਼ਮਸ਼ਾਨ ਦੇ ਰਾਹ ਤੁਰ ਜਾਣ ਵਾਲਿਆਂ ਦੀ ਮਜ਼ਬੂਰੀ,ਦੁੱਖ,ਦਰਦ ਤੇ ਦਾਸਤਾਨ ਸੁਣ ਸਕੇ।
ਮੋਗੇ ਵਿਖੇ ਜਿੰਨਾਂ ਲੋਕਾਂ ਨੇ ਇਹ ਕਾਰਲ ਮਾਰਕਸ ਦੇ ਜਨਮ ਦਿਨ ਤੇ ਸੁਣਿਆ ਉਹ ਵੀ ਬੌਧਿਕ ਤੌਰ ਤੇ ਚੇਤੰਨ ਆਦਮ ਜਾਏ ਸਨ।ਉਹਨਾਂ ਦੇ ਦਿਲਾਂ ਦੇ ਦੁੱਖਾਂ ਦੀ ਪੰਡ ਨੂੰ ਫਰੋਲਣ ਜਾਂ ਹਲਕਾ ਕਰਨ ਤੋਂ ਦੋ ਦਿਨ ਪਹਿਲਾਂ ਇਸਨੂੰ ਮਹਿਜ਼ ਇਤਫਾਕ ਸਮਝ ਲਵੋ ਜਾਂ ਦਰਦਾਂ ਮਾਰਿਆ ਦੀ ਜ਼ਿੰਦਗੀ ‘ਚ ਪਸਰੇ ਹਨੇਰੇ ਦੀ ਕੁਦਰਤੀ ਦਸਤਕ ਸਮਝ ਲਵੋ ਕਿ ਇੱਕ ਦਿਨ ਦੁਪਹਿਰ ਵੇਲੇ ਹੀ ਰਾਤ ਪੈ ਗਈ।ਹੁਣ ਤਾਂ ਹਰ ਰੋਜ਼ ਹੀ ਪੈਂਦੀ ਹੈ।ਸ਼ਾਇਦ ਆਪਣੇ ਪੁੱਤਰਾਂ, ਪਤੀਆਂ ਤੇ ਭਰਾਵਾਂ ਦੇ ਸਿਰ ਚੜਾਂ ਕਰਜ਼ੇ ਕਾਰਨ ਸਿਵਿਆਂ ਦੇ ਰਾਹ ਤੁਰ ਜਾਣ ਤੇ ਉਹਨਾਂ ਬ੍ਰਿਹਣਾ ਦੀਆਂ ਆਹਾਂ ਸਮਝ ਲਵੋ ਜਿੰਨਾਂ ਨੇ ਅਸਮਾਨ ਨੂੰ ਕਾਲਾ ਸਿਆਹ ਕਰ ਦਿੱਤਾ ਹੋਵੇ।ਸੁਲਤਾਨ ਬਾਹੂ ਦੀ ਕਲਮ ਦੀ ਹੂਕ ਜਿਵੇਂ ਇਸ ਵਰਤਾਰੇ ਤੇ ਫਿਰ ਰੋ ਪਈ ਹੋਵੇ ਕਿ:-
ਅੰਬਰ ਇਤਿ ਬਿਧ ਕਾਲਾ ਹੋਇਆ,
ਸਾਡੇ ਦਰਦ ਮੰਦਾਂ ਦੇ ਆਹੀਂ ਹੂ-ਹੂ-ਹੂ
ਜਿਵੇ ਰਾਤ ਦੀ ਚੁੱਪ ਵਿੱਚ ਇਹ ਹੂਕ ਜਿਵੇਂ ਅੰਬਰ ਨੂੰ ਧੁੰਨੀ ਤੱਕ ਲੰਗਾਰ ਕਰ ਗਈ ਹੋਵੇ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਵਾਰਸ ਸ਼ਾਹ ਦੀ ਕਲਮ ਨੇ ਅਣਆਈ ਮੌਤ ਤੇ ਰੋ ਰੋ ਕਿ ਕਿਹਾ ਕਿ
“ਭਲਾ ਜੀਏ ਤੇ ਵਿਛੜੇ ਕੌਣ ਮੇਲੇ
ਐਵੇਂ ਜਿਊੜਾ ਰੋਗ ਲਗਾਉਂਦਾ ਏ।
੧੫੨੫ ਵਿੱਚ ਵੀ ਬਾਬਰ ਨੇ ਹਮਲਾ ਕਰਕੇ, ਕਤਲੇਆਮ ਰਾਹੀਂ ਬੱਚੇ, ਬੁੱਢੇ, ਜੁਆਨ ਤੇ ਮੁਟਿਆਰਾਂ ਦਾ ਕਤਲ ਕਰਕੇ ਮਿੱਟੀ ਵਿੱਚ ਮਿਲਾ ਦਿੱਤੀਆਂ ਸਨ। ਕਈ ਆਪਣੇ ਪਤੀਆਂ ਨਾਲ ਸਤੀ ਹੋ ਗਈਆਂ ਸਨ। ਦੋ ਹਜ਼ਾਰ ਪੱਚੀ ਆਉਣ ਵਿੱਚ ਅਜੇ ਸੱਤ ਸਾਲ ਬਾਕੀ ਹਨ। ਪੂਰੇ ਪੰਜ ਸੌ ਸਾਲ ਬਾਅਦ ਅੱਜ ਕਿਹੋ ਜੇਹੇ ਬਾਬਰ ਹਨ ਜੋ ਉਹੀ ਤਾਂਡਵ ਰਚਾ ਕੇ ਵਿਧਵਾਵਾਂ ਦੀ ਗਿਣਤੀ ਵਧਾ ਰਹੇ ਹਨ। ਫਿਰ ਆਪਣੇ ਹੀ ਪੈਮਾਨੇ ਨਾਲ ਫਾਹਾ ਲੈ ਕੇ, ਸਲਫਾਸ ਖਾ ਕੇ, ਖੁਦਕਸ਼ੀ ਕਰਨ ਵਾਲਿਆਂ ਦੀ ਗਿਣਤੀ ਕਰ ਰਹੇ ਹਨ। ਜਿੰਨਾਂ ਬਾਰੇ ਸਾਢੇ ਪੰਜ ਸਦੀਆਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਕਹਿ ਗਏ ਹਨ ਕਿ
“ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਇ
“ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚਟਵਹਿ
ਇਹ ਅੱਜ ਦੇ ਸਮੇਂ ਦਾ ਸੱਚ ਵੀ ਹੈ। ਉਸ ਦਿਨ ਉਹਨਾਂ ਵਿਧਵਾਵਾਂ ਦੇ ਦਿਲ ਦੀ ਹੂਕ ਸੁਣੀ ਜੋ ਤੁਰ ਗਏ ਸਿਰ ਦੇ ਸਾਈਆਂ ਪਿੱਛੋਂ ਤੰਗੀ ਤੁਰਸ਼ੀ ਤੇ ਗਰੀਬੀ ਵਿੱਚ ਆਪਣੇ ਫਰਜ਼ ਨਿਭਾਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਪਹਿਰਾ ਦੇ ਰਹੀਆਂ ਹਨ। ਜਿੰਨਾਂ ਬਾਰੇ ਪੁਜਾਰੀ ਤਾਂ ਸਿਰਫ ਰਟਨ ਹੀ ਕਰਦੇ ਹਨ। ਸਾਧ ਸਿਰਫ ਉਪਦੇਸ਼ ਹੀ ਦਿੰਦੇ ਹਨ।ਪਰ ਆਰਥਿਕ ਸੰਕਟ ਕਾਰਨ ਜਿਸ ਬਾਰੇ ਕਾਰਲ ਮਾਰਕਸ ਨੇ ਜਮਾਤੀ ਨਿਖੇੜਾ ਕੀਤਾ ਹੈ ਕਿ ਇੱਕ ਜਮਾਤ ਲੁੱਟਣ ਵਾਲਿਆਂ ਦੀ ਹੈ ਤੇ ਦੂਸਰੀ ਧਿਰ ਲੁੱਟੇ ਜਾਣ ਵਾਲੇ ਲੋਕਾਂ ਦੀ ਹੈ।ਜਿਸ ਦਿਨ ਕੁਦਰਤੀ ਖਣਿਜ ਅਤੇ ਲੁੱਟੇ ਗਏ ਸਰਮਾਏ ਤੇ ਆਮ ਲੋਕ ਕਾਬਜ਼ ਹੋ ਜਾਣਗੇ ਤਾਂ ਇਨਕਲਾਬ ਆ ਜਾਵੇਗਾ। ਕੋਈ ਅਣਹੋਈ ਮੌਤੇ ਨਹੀਂ ਮਰੇਗਾ। ਫਿਲਹਾਲ ਸਭ ਕੁਝ ਲੁੱਟੇ ਜਾਣ ਤੇ ਚਾਹੇ ਉਹ ਦਿੱਲ਼ੀ ਦੀ ਨਿਰਭੈਅ ਲੜਕੀ ਹੋਵੇ ਜਾਂ ਕਠੂਏ ਦੀ ਸੱਤ ਸਾਲਾ ਆਸਫਾਂ ਜਿੰਨਾਂ ਦੀ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਤੇ ਲੱਖਾਂ ਸਾਧਾਂ ਦੇ ਮੂੰਹਾਂ ਤੇ ਜਿੰਦਰੇ ਲੱਗੇ ਹੋਏ ਹਨ। ਕੋਈ ਹਮਦਰਦੀ ਨਹੀਂ, ਕੋਈ ਰੋਸ ਨਹੀ, ਕੋਈ ਵਿਰੋਧ ਨਹੀ ਕਿਉਂਕੇ ਇਹ ਤਾਂ ਖੁਦ ਲੁਟੇਰੇ ਹਨ ਤੇ ਆਸਾ ਰਾਮ ਵਰਗੇ ਧੌਲ ਦਾਹੜੀਏ ਜੇਲਾਂ ਵਿੱਚ ਹਨ। ਇਹ ਲੋਕ ਫਲਸਫਾ ਨਹੀ ਦੇ ਸਕਦੇ ਸਗੋਂ ਫਲਸਫਾ ਵੇਚਕੇ ਧੌਲਰ ਉਸਾਰ ਸਕਦੇ ਹਨ। ਇਹਨਾਂ ਨਾਲੋਂ ਕਈ ਗੁਣਾਂ ਮਹਾਨ ਇਹ ਵਿਧਵਾਵਾਂ ਹਨ ਜੋ ਆਪਣੇ ਸਿਰ ਤੇ ਫਰਜ਼ਾਂ ਦੀ ਪੰਡ ਉਠਾਕੇ, ਸੀਨੇ ਦਾ ਦਰਦ ਅੰਦਰੇ ਅੰਦਰ ਦਬਾਕੇ ਬਾਬਾ ਨਾਨਕ ਜੀ ਦੇ ਸੰਦੇਸ਼ ਤੇ ਪੂਰਾ ਉਤਰ ਰਹੀਆਂ ਹਨ। ਜਿਸ ਕਿਹਾ ਸੀ :
ਸੇਈ ਸਤੀਅਨ ਨ ਆਖੀਐ
ਜੋ ਚਿਤਾ ਵਿੱਚ ਜਲਿੰਨ
ਸੇਈ ਸਤੀਅਨ ਆਖੀਐ
ਜੋ ਬਿਰਹੋਂ ਵਿੱਚ ਜਲਿੰਨ
ਅਜਿਹੀਆਂ ਲੱਖਾਂ ਕਰੋੜਾਂ ਬਿਰਹਣਾਂ ਹਨ।ਕੋਈ ਮਾਂ ਹੈ, ਕੋਈ ਪਤਨੀ ਹੈ, ਕੋਈ ਧੀ ਹੈ ਤੇ ਕੋਈ ਬਜ਼ੁਰਗ ਹੈ। ਜੋ ਆਪਣਿਆਂ ਦੀ ਮੌਤ ਤੇ ਗਿੱਲੀ ਪਾਥੀ ਵਾਂਗ ਜ਼ਿੰਦਗੀ ਨੂੰ ਕੌੜਾ ਧੂੰਆਂ ਬਣਾ ਕੇ ਧੁਖ ਰਹੀਆਂ ਹਨ। ਜਿੰਨਾਂ ਦੀ ਇਸ ਹੰਢਾਈ ਜਾ ਰਹੀ ਜੂਨ ਦਾ ਕੌੜਾ ਧੂੰਆਂ ਚੰਗੇ ਭਲ਼ੇ ਚੇਤੰਨ ਤੇ ਰਹਿਮ ਦਿਲ ਮਨੁੱਖਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਲਿਆ ਰਿਹਾ ਹੈ। ਬੇਈਮਾਨ ਸਿਆਸਤਦਾਨ, ਤੇ ਰਾਜ ਸਤਾਂ ਦੇ ਕਾਬਜ ਵਿਹਲੜ ਨੁਮਾਇੰਦੇ ਇਹਨਾਂ ਮਜ਼ਬੂਰ ਵਿਧਵਾਵਾਂ ਦੀ ਅੱਖ ਚੋਂ ਨਿਕਲੇ ਸਲੂਣੇ ਪਾਣੀ ਨਾਲ ਆਪਣੀ ਰੋਟੀ ਸਲੂਣੀ ਕਰ ਰਹੇ ਹਨ। ਖੁਦਕਸ਼ੀ ਕਰਕੇ ਤੁਰ ਰਹੇ ਤੇ ਜਾਂ ਤੁਰ ਜਾਣ ਵਾਲਿਆਂ ਤੇ ਲੋਕਤੰਤਰੀ ਰੋਟੀਆਂ ਸੇਕ ਰਹੇ ਹਨ। ਹਰੇ ਇਨਕਲਾਬ ਚੋਂ ਪੈਦਾ ਹੋਈ ਇਸ ਆਰਥਿਕ ਸਥਿਤੀ ਦੀ ਪ੍ਰਵਿਰਤੀ ਨੂੰ ਕੋਈ ਸਮਝ ਨਹੀਂ ਰਿਹਾ ਕਿ ਅੱਜ ਤੋਂ ੨੫-੩੦ ਸਾਲ ਪਹਿਲਾਂ ਖੁਦਕਸ਼ੀਆਂ ਕਿਉਂ ਨਹੀ ਸੀ ਹੁੰਦੀਆਂ? ਖੁਦਕਸ਼ੀਆਂ ਦੀ ਕੀਮਤ ਤਾਰ ਕੇ, ਸਤ•ਾ ਜਾਂ ਵਿਵੇਕਹੀਣ ਲੀਡਰ ਤੇ ਉਹਨਾਂ ਦੇ ਝੋਲੀ ਚੁੱਕ ਖੁਦਕਸ਼ੀ ਕਰਨ ਵਾਲਿਆਂ ਨੂੰ ਅੱਡੀਆਂ ਚੁੱਕ ਕੇ ਫਾਹਾ ਲੈਣਾ (ਭਾਵ ਵਿਤੋਂ ਵੱਧ ਖਰਚ ਕਰਨ ਨੂੰ) ਕਾਰਨ ਦੱਸ ਖੁਦਕਸ਼ੀ ਕਰਨ ਵਾਲਿਆਂ ਦੀ ਥਾਂ ਤੇ ਹੁੰਦੇ ਤਾਂ ਕੀ ਕਰਦੇ? ਕੀ ਉਹਨਾਂ ਨੇ ਖੁਦਕੁਸੀ ਕਰ ਗਏ ਮਜਦੂਰ ਦੇ, ਕਿਸਾਨ ਦੇ ਘਰ ਫਾਰਚੂਨਰ ਜਾ ਔਡੀ ਖੜੀ ਦੇਖੀ ਐ, ਜਿਸ ਕਾਰਨ ਉਸਨੇ ਕਰਜਾ ਲਿਆ ਹੋਵੇ। ਉਹ ਤਾਂ ਹਰੇ ਇੰਨਕਲਾਬ ਦੀ ਮਾਰ ਹੇਠ ਆਇਆ ਜਿਸ ਨੇ ਬਲਦਾਂ ਨੂੰ ਖੇਤੀ ਦੇ ਅਧਾਰ ਤੋਂ ਮੁਕਤ ਕਰ ਦਿੱਤਾ ਹੈ ਉਸ ਦੀ ਥਾਂ ਨਵਾਂ-ਪੁਰਾਣਾ ਛੋਟਾ ਵੱਡਾ ਟਰੈਕਟਰ ਜਾਂ ਹੋਰ ਸੰਦ ਖਰੀਦਣ ਲਈ ਕਰਜਾ ਚੁੱਕਦਾ ਹੈ ਤੇ ਫਿਰ ਉਸੇ ਕਰਜੇ ਦੇ ਦਿਨੋ-ਦਿਨ ਸਿਰ ਚੜ ਰਹੇ ਵਿਆਜ ਨੂੰ ਮੋੜਨ ਖਾਤਰ ਹਰ ਐਤਵਾਰ ਸਾਰੇ ਪੰਜਾਬ ਵਿੱਚ ਆਪਣੇ ਹੀ ਕਿੱਤੇ ਦੇ ਸੰਦ (ਟਰੈਕਟਰ, ਟਰਾਲੀ) ਵੇਚ ਕੇ ਕਰਜਾ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਹੈ। ਪਰ ਫਿਰ ਵੀ ਇਸ ਅਹਿਸਾਸ ਤੋਂ ਸੱਖਣੇ ਉਹ ਦੋਸ਼ ਮੜ ਰਹੇ ਹਨ ਕਿ ਕਿਸਾਨ ਧੀਆਂ ਦੇ ਵਿਆਹ ਤੇ ਵੱਧ ਖਰਚ ਕਰਦੇ ਹਨ, ਸਾਦੇ ਨਹੀਂ ਕਰਦੇ। ਕੀ ਦੋਸ਼ ਲਗਾਉਣ ਵਾਲੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਖਰਚ ਨਹੀਂ ਕਰਦੇ? ਕੀ ਉਹ ਸਾਦੇ ਵਿਆਹ ਦੀ ਉਦਾਹਰਣ ਦੇ ਸਕਦੇ ਹਨ? ਦੂਸਰਾ ਦੋਸ਼ ਕਿ ਕਿਸਾਨ ਕਰਜ਼ੇ ਚੁੱਕ ਕੇ ਧੀਆਂ ਪੁੱਤਾਂ ਨੂੰ ਵਿਦੇਸ਼ਾਂ ਨੂੰ ਤੋਰ ਰਹੇ ਹਨ। ਹੁਣ ਦੋਸ਼ ਲਗਾਉਣ ਵਾਲਿਆਂ ਤੇ ਸਵਾਲ ਹੈ ਕਿ ਜਿੱਥੇ ਸਿੱਖਿਆ ਨਿੱਜੀ ਖੇਤਰ ਵਿੱਚ ਚਲੀ ਗਈ ਹੋਵੇ। ਧਨਾਢਾਂ ਤੇ ਸਾਧਾਂ ਕੋਲ ਜਾ ਕੇ ਇਹ ਲੱਖਾਂ ਤੱਕ ਪਹੁੰਚ ਗਈ ਹੋਵੇ। ਉਹ ਸਿੱਖਿਆ ਮੁੱਲ਼ ਲੈ ਕੇ ਜਾਂ ਕਰਵਾਕੇ ਵੀ ਜੇ ਬੀ.ਏ ਐ.ਏ. ਬੀ.ਐਡ, ਬੀ.ਟੈਕ, ਬੀ.ਸੀ.ਏ, ਐਮ.ਸੀ.ਏ, ਐਮ ਫਿਲ ਤੇ ਪੀ.ਐਚ.ਡੀ ਕਰਕੇ ਵੀ ਉਹਨਾਂ ਦੇ ਧੀਆਂ ਪੁੱਤਰਾਂ ਨੂੰ ਚਪੜਾਸੀ ਜਾਂ ਕਲਰਕ ਦੀ ਅਸਾਮੀ ਲਈ ਉਹ ਵੀ ਵਕਤੀ (ਕੰਟਰੈਕਟ ਬੇਸ) ਠੇਕਾ ਅਧਾਰ ਪ੍ਰਣਾਲੀ ਅਧੀਨ ਵਿਦਿਆਰਥੀ ਅਸਾਮੀ ਲਈ ਲਾਈਨ ‘ਚ ਲੱਗਣਾ ਪਵੇ ਤਾਂ ਮਾਪੇ ਕੀ ਕਰਨ? ਨੌਜਵਾਨ ਕੀ ਕਰਨ? ਅਜਿਹੀਆਂ ਹਾਲਤਾਂ ਵਿੱਚ ਭਾਰਤ ਵਿੱਚ ੨੫,੫੦੦/- ਨੌਜਵਾਨ ਵਿਦਿਆਰਥੀ ਖੁਦਕਸ਼ੀ ਕਰ ਚੁੱਕੇ ਹਨ। ਕੀ ਸਿੱਖਿਆ ਅਜਿਹੀ ਹੁੰਦੀ ਹੈ? ਜਾਂ ਇਹ ਬੇਰੁਜ਼ਗਾਰੀ ਕਿਸਾਨ ਮਜ਼ਦੂਰ ਨੇ ਪੈਦਾ ਕੀਤੀ ਹੈ ਕਿ ਸਰਕਾਰਾਂ ਨੇ ਪੈਦਾ ਕੀਤੀ ਹੈ? ਫਿਰ ਕੋਈ ਬੇਰੁਜ਼ਗਾਰੀ ਭੱਤਾ ਨਹੀਂ ਕਿ ਉਹ ਦੋ ਵੇਲੇ ਦੀਆਂ ਲੋੜਾਂ ਪੂਰੀਆਂ ਕਰ ਸਕਣ। ਸਿਰਫ ਦੂਸ਼ਣ ਬਾਜੀ ਤੋਂ ਉਹਨਾਂ ਦੀ ਬੌਧਿਕ ਚੇਤਨਤਾ ਅੱਗੇ ਨਹੀਂ ਤੁਰਦੀ ਕਿਉਕਿ ਅਕਲ ਦੇ ਅੰਨਿਆਂ ਤੋਂ ਰੋਸ਼ਨੀ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਤਾਂ ਉਹ ਜੁਗਨੂੰ ਹਨ ਜੋ ਅਰਬਦ ਨਰਬਦ ਧੁੰਦੂਕਾਰਾ£ ਵਿੱਚ ਵੋਟਾਂ ਖਾਤਰ ਟਟਿਆਣੇ ਵਾਂਗ ਦੋ ਚਾਰ ਦਿਨ ਲਈ ਟਿਮਕਦੇ ਹਨ। ਫਿਰ ਅਵਾਮ ਲਈ ਪੈਦਾ ਕੀਤੀ ਹਨੇਰੀ ਰਾਤ ਵਿੱਚ ਕਿਧਰੇ ਨਜ਼ਰ ਨਹੀਂ ਆਉਂਦੇ।
ਹੁਣ ਅਸੀਂ ਇਹਨਾਂ ਵੱਡੇ “ਵਿਦਵਾਨਾਂ ਤੋਂ” ਜਿੰਨਾਂ ਲਈ ਖੁਦਕਸ਼ੀ ਇੱਕ ਸਧਾਰਨ ਰੁਝਾਨ ਹੈ ਤੋਂ ਪੁੱਛਦੇ ਹਾਂ ਕਿ ਸਰਮਾਏਦਾਰੀ ਨੇ ਜੇਹੋ ਜੇਹਾ ਆਰਥਿਕ ਵਰਤਾਰਾ ਬਣਾ ਦਿੱਤਾ ਹੈ ਉਸਦਾ ਅੱਕ ਮਜ਼ਬੂਰੀ ਵੱਸ ਆਮ ਬੰਦੇ ਨੂੰ ਚੱਬਣਾ ਪੈ ਰਿਹਾ ਹੈ। ਵਿਆਹ ਬਾਬਲ ਦੀਆਂ ਬਰੂਹਾਂ ਤੋਂ ਮੈਰਿਜ ਪੈਲਿਸਾਂ ਤੱਕ ਆ ਗਏ ਹਨ ਕੀ ਇਹ ਪੈਲਿਸ ਕਿਸਾਨਾਂ-ਮਜ਼ਦੂਰਾਂ ਦੇ ਹਨ? ਕਾਰਾਂ, ਮੋਟਰਸਾਈਕਲ, ਸਕੂਟਰ, ਏ.ਸੀ ਫਰਿੱਜ ਤੇ ਮੋਬਾਇਲ ਦੀਆਂ ਲੋੜਾਂ ਕਿਸਨੇ ਪੈਦਾ ਕੀਤੀਆਂ ਹਨ? ਕਿਰਤ ਲੁੱਟਣ ਲਈ ਸਰਮਾਏਦਾਰਾਂ ਨੇ। ਫਿਰ ਖੇਤਾਂ ਵਿੱਚ ਫਾਰਮੀ ਰੇਹ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਕ ਤੇ ਖੇਤੀ ਮਸ਼ੀਨਰੀ ਕਿਸ ਨੇ ਪੈਦਾ ਕੀਤੀ ਹੈ? ਸਰਮਾਏਦਾਰੀ ਨੇ ਜਿਸਨੇ ਮਜ਼ਦੂਰਾਂ ਦੀ ਕਿਰਤ ਤੇ ਡਾਕਾ ਮਾਰਿਆ ਹੈ ਤੇ ਚਾਰ-ਪੰਜ ਏਕੜ ਦਾ ਕਿਸਾਨ ਵੀ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਆ ਗਿਆ ਹੈ। ਦੋਸ਼ ਲਗਾਉਣ ਵਾਲਿਆ ਨੂੰ ਇਹ ਵਰਤਾਰਾ ਨਜ਼ਰ ਕਿਉਂ ਨਹੀਂ ਆ ਰਿਹਾ। ਜੋ ਵੱਧ ਰਹੇ ਖਰਚਿਆਂ ਦਾ ਅਧਾਰ ਹੈ।
ਦੂਸਰਾ ਇਹਨਾਂ ਖੁਦਕਸ਼ੀਆਂ ਦਾ ਮੂਲ ਅਧਾਰ ਕਿਸਾਨ ਮਜ਼ਦੂਰ ਤੋਂ ਬੈਕਾਂ ਰਾਹੀਂ ਵਸੂਲਿਆ ਜਾ ਰਿਹਾ ਹੱਦੋਂ ਵੱਧ ਵਿਆਜ ਹੈ। ਫਰਜ਼ ਕਰੋ ਜੇ ਕੋਈ ਧਨਾਢ ਤਿੰਨ ਕਰੋੜ ਲਗਾ ਕੇ ਸ਼ੈਲਰ ਲਗਾਉਂਦਾ ਹੈ ਤਾਂ ਉਸਦਾ ਬੀਮਾ ਵੀ ਹੈ ਤੇ ੭੫ ਲੱਖ ਦੀ ਸਬਸਿਡੀ ਹੈ ਤੇ ਬੈਂਕ ਵਿਆਜ ਵੀ ਘੱਟ ਹੈ। ਤਿੰਨ ਅਰਬ ਦੀ ਫਰਮ ਲਗਾਉਣ ਵਾਲੇ ਸਰਮਾਏਦਾਰ ਨੂੰ ੭੫ ਕਰੋੜ ਦੀ ਸਬਸਿਡੀ ਮਿਲਦੀ ਹੈ। ਦੂਸਰੇ ਪਾਸੇ ਕਿਸਾਨ ਘੱਟ ਦਰ ਤੇ ਕਰਜ਼ਾ ਸਹਿਕਾਰੀ ਬੈਕਾਂ ਤੋਂ ਜ਼ਮੀਨ ਦੀ ਹੱਦਬੰਦੀ ਦੇ ਅਧਾਰ ਤੇ ਸਿਰਫ ਰੇਹ ਅਤੇ ਦਵਾਈ ਆਦਿ ਲਈ ਹਜ਼ਾਰਾਂ ਵਿੱਚ ਲੈਂਦਾ ਹੈ। ਜੋ ਉਸਦੀ ਵੱਡੀ ਗਰਜ਼ (ਲੋੜ) ਟਰੈਕਟਰ, ਰੀਪਰ ਲੈਣ ਜਾਂ ਧੀ ਪੁੱਤ ਦੇ ਵਿਆਹ ਜਾਂ ਪੁੱਤ ਨੂੰ ਵਿਦੇਸ਼ ਭੇਜਣ ਦੀ ਲੋੜ ਪੂਰੀ ਨਹੀਂ ਕਰਦਾ। ਇਸ ਕਰਕੇ ਉਸਨੂੰ ਫੇਰ ਬੈਕਾਂ ਵੱਲ਼ ਧੱਕ ਦਿੰਦਾ ਹੈ। ਫਿਰ ਟਰੈਕਟਰ ਲੈਣ ਲਈ, ਧੀ-ਪੁੱਤ ਦੇ ਵਿਆਹ ਜਾਂ ਪੜ•ਕੇ ਪੀ.ਆਰ. ਲੈਣ ਵਿਦੇਸ਼ ਭੇਜਣ ਜਾਂ ਦਰਮਿਆਨਾਂ ਜੇਹਾ ਘਰ ਬਣਾਉਣ ਲਈ ਦਸ ਪੰਦਰਾਂ ਲੱਖ ਦਾ ਕਰਜ਼ਾ ਲੈਣਾ ਪੈਂਦਾ ਹੈ। ਦੂਜੇ ਪਾਸੇ ਫੀ.ਐਨ.ਬੀ ਨਾਲ ਵੀਰਨ ਮੋਦੀ ਵਰਗੇ ੧੪,੪੦੦ ਹਜਾਰ ਕਰੋੜ ਦੀ ਠੱਗੀ ਮਾਰ ਜਾਂਦੇ ਹਨ। ਧਨਾਢਾਂ ਵਾਂਗ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਸਬਸਿਡੀ ਨਹੀਂ ਪ੍ਰਾਈਵੇਟ ਬੈਕਾਂ ਦੀ ਵਿਆਜ ਦਰ ਬਹੁਤ ਉੱਚੀ ਹੈ। ਇੰਜ ਦਾਹੜੀ ਨਾਲੋਂ ਮੁੱਛਾਂ ਵਧਣ ਵਾਂਗ ਮੂਲ ਰਕਮ ਨਾਲੋਂ ਵਿਆਜ ਦਰ ਵਿਆਜ ਨਾਲ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਕੀ ਮਜ਼ਦੂਰ ਲਈ ਕੋਈ ਸਬਸਿਡੀ ਹੈ? ਕੀ ਕਦੇ ਕਿਸਾਨ ਮਜਦੂਰ ਨੇ ਬੈਂਕ ਨਾਲ ਠੱਗੀ ਮਾਰੀ ਹੈ? ਸਰਕਾਰਾਂ ਭਾਵੇਂ ਲੱਖ ਦਾ ਦਾਅਵੇ ਕਰੀ ਜਾਣ ਕਿ ਸਕੀਮਾਂ ਬਹੁਤ ਹਨ ਪਰ ਲੋਕਾਂ ਨੂੰ ਪਤਾ ਨਹੀਂ। ਲਾਲਚ ਨਾਲੋਂ ਗਰੀਬੀ ਕਾਰਨ ਲੋਕ ਨੀਲੇ, ਪੀਲੇ ਕਾਰਡ ਤੇ ਗਲਤ ਪਿਨਸ਼ਨ ਫਾਰਮ ਭਰ ਦਿੰਦੇ ਹਨ ਜਾਂ ਵੋਟਾਂ ਲੈਣ ਲਈ ਸਿਆਸਤਦਾਨ ਹੀ ਇਹ ਕਾਰਜ ਕਰਦੇ ਹਨ ਤੇ ਦੂਸਰੀ ਸਤ•ਾ ਤੇ ਕਾਬਜ ਧਿਰ ਪਹਿਲੀ ਧਿਰ ਵਾਲਿਆਂ ਦੇ ਇਹਨਾਂ ਕਾਗਜਾਂ ਨੂੰ ਜਾਅਲੀ ਕਹਿ ਕੇ ਰੱਦ ਕਰਵਾ ਕੇ ਵੋਟਾਂ ਨਾਂ ਪਾਉਣ ਦੀ ਕਿੜ ਕੱਢ ਲੈਂਦੀ ਹੈ। ਇੰਜ ਇਸ ਵਰਤਾਰੇ ਦੇ ਦੋਸ਼ੀ ਕਿਸਾਨ ਮਜ਼ਦੂਰ ਨਹੀਂ ਸਗੋਂ ਦੁੱਕੀ ਤਿੱਕੀ ਸਿਆਸਤਦਾਨ ਹਨ।
ਜੇ ਬੈਕਾਂ ਦੇ ਕਰਜਿਆਂ ਨੂੰ ਧਨਾਢਾਂ ਵਾਂਗ ਸਿੱਧੀਆਂ ਸਬਸਿਡੀਆਂ ਕਿਸਾਨਾਂ-ਮਜ਼ਦੂਰਾਂ ਨੂੰ ਦਿੱਤੀਆਂ ਜਾਣ, ਯੋਗਤਾ ਅਨੁਸਾਰ ਰੁਜ਼ਗਾਰ ਦੀ ਪੂਰਨ ਗਰੰਟੀ ਜਾਂ ਗੁਜ਼ਾਰਾ ਭੱਤਾ ਹੋਵੇ ਜਾਂ ਫਸਲਾਂ ਦਾ ਧਨਾਢਾਂ ਦੀਆਂ ਫਰਮਾਂ ਵਾਂਗ ਬੀਮਾ ਹੋਵੇ ਤਾਂ ਇਸ ਸਥਿਤੀ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਹੋ ਇਸਦੇ ਬਿਲਕੁਲ ਉਲਟ ਹੋ ਰਿਹਾ ਹੈ ਕਿ ਧਨਾਢਾਂ ਲਈ ਗੱਫੇ ਹਨ ਤੇ ਮਜ਼ਦੂਰ-ਕਿਸਾਨਾਂ ਲਈ ਧੱਕੇ ਹਨ। ਇਹ ਦੋਹਰਾ ਮਾਪਦੰਡ ਕਿਉਂ?
ਨੋਟਬੰਦੀ ਦੌਰਾਨ ਵੀ ਇੱਕ ਧਨਾਢ ਨੇ ਆਪਣੀ ਧੀ ਦੇ ਵਿਆਹ ਤੇ 700 ਕਰੋੜ ਖਰਚ ਕੀਤੇ ਤੇ 20 ਕਰੋੜ ਦਾ ਤਾਂ ਲਾੜੀ ਦਾ ਲਹਿੰਗਾ ਹੀ ਸੀ। ਫਿਰ ਇਹ ਕਾਲਾ ਧਨ ਕਿਥੋਂ ਆ ਗਿਆ? ਮਨ ਦੀ ਬਾਤ ਵਿੱਚੋਂ ਇਹ ਸੱਚ ਮਨਫੀ ਕਿਉਂ ਸੀ? ਅੰਬਾਨੀ ਅਦਾਨੀ ਵਰਗੇ ਪਤਨੀ ਦੇ ਜਨਮ ਦਿਨ ਤੇ 4300 ਕਰੋੜ ਦਾ ਬੰਗਲਾ ਤੇ ਹਵਾਈ ਜ਼ਹਾਜ ਤੋਹਫੇ ਵਜੋਂ ਦੇ ਰਹੇ ਹਨ। ਇੱਕ ਅਫਸਰ ਆਪਣੇ ਬੇਟੇ ਜਾਂ ਬੇਟੀ ਦੇ ਜਨਮ ਦਿਨ ਦੀ ਪਾਰਟੀ ਤੇ ਤਿੰਨ ਚਾਰ ਲੱਖ ਖਰਚ ਕਰ ਦਿੰਦਾ ਹੈ। ਦੂਸਰੇ ਪਾਸੇ ਜੇ ਇੱਕ ਕਿਸਾਨ ਆਪਣੀ ਧੀ ਦੇ ਵਿਆਹ ਤੇ ਇਸ ਮਹਿੰਗਾਈ ਦੇ ਦੌਰ ਵਿੱਚ ਪੰਜ ਸੱਤ ਲੱਖ ਰੁਪਏ ਖਰਚ ਕਰਕੇ ਆਪਣਾ ਫਰਜ਼ ਨਿਭਾ ਰਿਹਾ ਹੈ ਜਾਂ ਮੋਟਰ ਸਾਈਕਲ ਕੀੜੇਮਾਰ ਦਵਾਈਆਂ ਤੇ ਮਹਿੰਗੇ ਭਾਅ ਮਿਲਦੇ ਉੱਨਤ ਕਿਸਮਾਂ ਦੇ ਫਸਲਾਂ ਦੇ ਬੀਜ਼ ਖਰੀਦ ਰਿਹਾ ਹੈ। ਜਾਅਲੀ ਬੀਜ਼ ਤੇ ਨਦੀਨ ਨਾਸ਼ਕ ਕੋਣ ਵੰਡ ਰਿਹਾ ਹੈ? ਉਸਦਾ ਹਿੱਸਾ ਪੱਤੀ ਅਧਿਕਾਰੀਆਂ ਤੇ ਮੰਤਰੀਆਂ ਤੱਕ ਜਾਂਦਾ ਹੈ ਕੀ ਇਸਦੇ ਜੁਮੇਵਾਰ ਕਿਸਾਨ ਤੇ ਮਜ਼ਦੂਰ ਹਨ?ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੇ ਖੇਤਾਂ ਵਿੱਚ ਬੂਟਿਆਂ ਨੂੰ ਤੇਲੇ ਤੋਂ ਬਚਾਉਣ ਲਈ ਮੱਛਰਦਾਨੀ ਵਰਗੀਆਂ ਸ਼ੀਟਾਂ ਖਰੀਦ ਰਿਹਾ ਤਾਂ ਉਹ ਅਕਲੋਂ ਅੰਨੇ ਵਿਵੇਕਹੀਣ ਲੋਕਾਂ ਨੂੰ ਵੱਧ ਖਰਚ ਕਰਨ ਵਾਲਾ ਖਰਚੀਲਾ ਲੱਗ ਰਿਹਾ ਹੈ। ਦੱਸੋ ਤਾਂ ਸਹੀ ਕਿ ਉਹ ਬੁਨਿਆਦੀ ਲੋੜਾਂ ਜਾਂ ਫਰਜ਼ਾਂ ਦੀ ਪੂਰਤੀ ਲਈ ਕਿਹੜੇ ਖੂਹ ਵਿੱਚ ਛਾਲ ਮਾਰੇ? ਜੇ ਏਥੇ ਰੁਜ਼ਗਾਰ ਹੋਵੇ ਤਾਂ ਉਹ ਚਾਰ ਦਿਨ ਸੁਖ ਦੇ ਮਾਨਣ ਲਈ ਧੀਆਂ ਪੁੱਤਾਂ ਨੂੰ ਹਿੱਕ ਤੇ ਪੱਥਰ ਰੱਖਕੇ ਵਿਦੇਸ਼ਾਂ ਵਿੱਚ ਕਿਉਂ ਤੋਰੇ? ਕੋਈ ਨਹੀਂ ਸੋਚਦਾ ਕਿ ਕਿਸਾਨ ਦੇ ਅੱਗੇ ਖੂਹ ਹੈ ਤੇ ਪਿੱਛੇ ਖਾਤਾ ਹੈ। ਕੀ ਉਹ ਫੁੱਟਪਾਥਾਂ ਤੇ ਰਹੇ ਜਾਂ ਗਟਰ ਦੇ ਪਾਈਪਾਂ ‘ਚ ਰਹੇ ਤਾਂ ਜੋ ਉਹ ਪੰਜ ਦੱਸ ਲੱਖ ਲਗਾਕੇ ਪਾਏ ਘਰ ਦੇ ਖਰਚੇ ਦੇ ਦੋਸ਼ ਤੋਂ ਬਚ ਸਕੇ। ਪ੍ਰੋਫੈਸਰ ਪੀ.ਸਾਈ ਨਾਥ ਵੱਲੋਂ ਕੀਤੇ ਦੌਰੇ ਤੋਂ ਬਾਅਦ ਉਸਨੇ ਕਿਹਾ ਹੈ ਕਿ “ਜੇ ਪੰਜਾਬ ਦੇ ਲੋਕ ਪ੍ਰਵਾਸ ਨਾ ਕਰਦੇ ਤਾਂ ਖੁਦਕਸ਼ੀਆਂ ਦੀ ਗਿਣਤੀ ਇਸ ਤੋਂ ਦੁੱਗਣੀ-ਤਿੱਗਣੀ ਹੋਣੀ ਸੀ।”
ਕੀ ਇਹ ਰਹਿਨੁਮਾਂ ਲੱਖਾਂ ਰੁਪਈਆਂ ਦੀਆਂ ਤਨਖਾਹਾਂ, ਰੇਲਾਂ ਜ਼ਹਾਜਾਂ ਦੇ ਮੁਫਤ ਸਫਰ, ਮੁਫਤ ਮਕਾਨ ਛੱਡ ਦੇਣਗੇ ? ਜੇ ਇਹਨਾਂ ਦਾ ਸਵਿੱਸ ਬੈਕਾਂ ‘ਚ ਪਿਆ ਕਾਲਾ ਧਨ ਵਾਪਸ ਲਿਆਂਦਾ ਜਾਵੇ ਤਾਂ ਦੇਸ਼ ਦਾ ਸਾਰਾ ਕਰਜ਼ਾ ਉਤਾਰ ਕੇ ਇਹ ਸੋਲਾਂ ਗੁਣਾ ਬਚ ਜਾਵੇਗਾ। ਜਿਸ ਨਾਲ ਦੇਸ਼ ਦੇ ਪ੍ਰਤੀ ਵਿਅਕਤੀ ਨੂੰ ਦੋ ਲੱਖ ਸੰਤਾਲੀ ਹਜ਼ਾਰ ਸਲਾਨਾ ਕਈ ਸਾਲਾਂ ਤੱਕ ਮੁਫਤ ਦਿੱਤਾ ਜਾ ਸਕਦਾ ਹੈ। ਦੂਸਰੇ ਪਾਸੇ ਲੋੜਵੰਦ ਏਥੇ ਪੰਜ ਸੱਤ ਸੌ ਦੀ ਪਿਨਸ਼ਨ ਖਾਤਰ ਭਟਕ ਰਿਹਾ ਹੈ। ਕੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੇ ਆਪਣੇ ਸ਼ਰਾਬ ਦੇ ਠੇਕਿਆਂ ਤੇ ਉਸਾਰੀ ਲਈ ਵਰਤੇ ਜਾਣ ਵਾਲੇ ਰੇਤੇ ਦੇ ਕਾਰੋਬਾਰ ਚੋਂ ਨਿੱਜੀ ਪੰਜ ਤਾਰਾ ਹੋਟਲਾਂ ਚੋਂ ਕਮਾਈ ਰਾਸ਼ੀ ਨੂੰ ਕੁਝ ਹਜ਼ਾਰ ਦੇ ਹਿਸਾਬ ਨਾਲ ਪੰਜਾਬ ਦੇ ਲੱਖ ਡੇਢ ਲੱਖ ਖੁਦਕਸ਼ੀ ਕਰ ਗਏ ਪ੍ਰੀਵਾਰਾਂ ਜਾਂ ਵਿਧਵਾਵਾਂ ਨੂੰ ਦੇਣਗੇ? ਬਿਲੁਕਲ ਨਹੀਂ। ਸਿਰਫ ਬਲਦੇ ਹੋਏ ਸਿਵਿਆਂ ਦੀ ਗਿਣਤੀ ਕਰਨਗੇ। ਇਹ ਕਦੇ ਨਹੀਂ ਚਹੁਣਗੇ ਕਿ ਅੰਗਰੇਜਾਂ ਦੇ ਰਾਜ ਦੇ ਸਮੇਂ ਵਾਂਗ ਯੂ.ਪੀ ਜਾਂ ਬਿਹਾਰ ਜਾਂ ਪੰਜਾਬ ਦਾ ਮਜ਼ਦੂਰ ਇਹਨਾਂ ਨਾਲ ਫਸਟ ਕਲਾਸ ਦੇ ਡੱਬੇ ਵਿੱਚ ਸਫਰ ਕਰੇ ਜਾਂ ਇਹ ਫਾਈਵ ਸਟਾਰ ਹੋਟਲਾਂ ਵਿੱਚ ਰਹਿਣ ਦੇ ਸਮਰੱਥ ਬਣ ਸਕਣ ਕਿਉਕਿ ਸਰਮਾਏਦਾਰੀ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕੇ ਹੀ ਜਿਊਂਦੀ ਰਹਿ ਸਕਦੀ ਹੈ। ਪੰਜਾਬ ਸਰਕਾਰ ਅੱਜ ਢੀਠ ਹੋ ਕੇ ਕਹਿ ਰਹੀ ਹੈ ਕਿ ਪੰਜਾਬ ਕਰਜ਼ਾਈ ਹੈ, ਕੀ ਕਰੀਏ? ਕਿੱਥੋਂ ਦੇਈਏ? ਜੇ ਕਿਸਾਨ ਮਜ਼ਦੂਰ ਕਰਜ਼ੇ ਤੋਂ ਤੰਗ ਆ ਕੇ ਗਲ ਫਾਹਾ ਪਾ ਕੇ, ਨਹਿਰ ‘ਚ ਛਾਲ ਮਾਰਕੇ ਜਾਂ ਸਲ਼ਫਾਸ ਖਾ ਕੇ ਮਰ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਅਨੁਸਾਰ ਪੰਜਾਬ ਦੋ ਲੱਖ ਅੱਸੀ ਹਜ਼ਾਰ ਕਰੋੜ ਦਾ ਕਰਜਾਈ ਹੈ। ਪੰਜਾਬ ਦੀ ਇਸ ਤ੍ਰਾਸਦੀ ਤੇ ਕੀ ਪੰਜਾਬ ਦੇ ਕਿਸੇ ਮੁੱਖ ਮੰਤਰੀ ਜਾਂ ਮੰਤਰੀ ਨੇ ਗਲ ਵਿੱਚ ਫਾਹਾ ਪਾ ਕੇ ਖੁਦਕਸ਼ੀ ਕੀਤੀ ਹੈ ਕਿ ਉਹਨਾਂ ਦੇ ਸੂਬੇ ਦਾ ਮੰਦਾ ਹਾਲ ਹੈ। ਇਹਨਾਂ ਨੂੰ ਤਾਂ ਪੰਜਾਬ ਨਾਲ ਵੱਧ ਦਰਦ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਪ੍ਰਤੀ ਵਿਅਕਤੀ ਸਿਰ ਜਨਮ ਲੈਣ ਸਾਰ ਹੀ ਲੱਖ ਤੋਂ ਉਪਰ ਕਰਜ਼ਾ ਹੈ। ਪਰ ਫਿਰ ਵੀ ਉਹ ਰਾਹਤ ਦੀ ਆਸ ਵਿੱਚ ਖੁਦਕਸ਼ੀ ਪ੍ਰੀਵਾਰਾਂ ਵੱਲ਼ੋਂ ਹੀ ਉਹ ਚੁਣੇ ਗਏ ਨੁਮਾਇੰਦੇ ਹਨ। ਜਿੰਨਾਂ ਨੂੰ ਹੁਕਮਰਾਨਾਂ ਨੇ ਮੈਨੀਫੈਸਟੋ ਵਿੱਚ ਰਾਹਤ ਦੇਣ ਦਾ ਲ਼ਿਖਤੀ ਇਕਰਾਰ ਕੀਤਾ ਸੀ। ਪਰ ਇਹ ਤਾਂ ਚੋਣਾਂ ਰਾਹੀਂ ਉਹਨਾਂ ਦੇ ਜਜਬਾਤਾਂ ਨਾਲ ਖੇਡ ਕੇ ਵਪਾਰ ਕਰਕੇ ਸਤਾਂ ਵਿੱਚ ਆਏ ਹਨ। ਇਹਨਾਂ ਦੀ ਉਲਟੀ ਖੋਪੜੀ ਵਿੱਚ ਇਹ ਗੱਲ਼ ਪੈ ਹੀ ਨਹੀਂ ਰਹੀ ਕਿ ਪੰਜਾਬ ਤਾਂ ਕੀ ਭਾਰਤ ਵੀ ਕਦੇ ਕਰਜ਼ਾਈ ਨਹੀਂ ਸੀ ਹੋ ਸਕਦਾ ਜੇ ਇਹਨਾਂ ਦੀ ਨੀਅਤ, ਇਹਨਾਂ ਦੀ ਸੋਚ ਤੇ ਯੋਜਨਾਬੰਦੀ ਲੋਕ ਪੱਖੀ ਹੁੰਦੀ। ਜਦ ਪੰਜਾਬ ਵੰਡਿਆ ਗਿਆ ਤਾਂ ਰੀਪੇਰੀਅਨ ਕਾਨੂੰਨ ਨੂੰ ਲਿਤਾੜ ਕੇ ਕੇਂਦਰ ਨੇ ਪੰਜਾਬ ਤੋਂ 1966 ਵਿੱਚ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੀ ਨਹੀਂ ਸਗੋਂ ਪਾਣੀ ਵੀ ਖੋਹ ਲਿਆ। ਪੰਜਾਬ ਖੇਤੀ ਲਈ ਬੋਰਾਂ ਖਾਤਰ ਧਨਾਢਾਂ ਦੇ ਮੁਨਾਫੇ ਵਿੱਚ ਵਾਧਾ ਕਰਨ ਵਾਲਾ ਸੰਦ ਬਣਕੇ ਰਹਿ ਗਿਆ। ਪੰਜਾਬ ਨਾਲ ਇਸ ਸ਼ਰੇਆਮ ਹੋਏ ਧੱਕੇ ਖਿਲਾਫ ਇਹ ਉਸ ਸਮੇਂ ਕਿੱਥੇ ਸਨ? ਇਹਨਾਂ ਸੋਚਿਆ ਹੀ ਨਹੀਂ ਕਿ ਜੇ ਖਾੜੀ ਮੁਲਕ (ਇਰਾਨ, ਇਰਾਕ, ਕੁਵੈਤ) ਆਦਿ ਮਸ਼ੀਨਰੀ ਦੀ ਜ਼ਿੰਦਗੀ ਨੂੰ ਚਲਾਉਣ ਵਾਲਾ ਤੇਲ ਵੇਚਕੇ ਧਨਾਢ ਹੋ ਸਕਦੇ ਹਨ ਤਾਂ ਪੰਜਾਬ ਤਾਂ ਪੰਜ ਦਰਿਆਵਾਂ ਦੀ ਧਰਤੀ ਸੀ। ਪਾਣੀ ਮੁਨੱਖੀ ਜ਼ਿੰਦਗੀ, ਕੁਦਰਤ ਦੀ ਸਰੀਰ ਰੂਪੀ ਮਸ਼ੀਨਰੀ ਦਾ ਜੀਵਨ ਅਧਾਰ ਹੈ ਜੋ ਇਸਨੂੰ ਜਿਊਂਦਾ ਰੱਖ ਰਿਹਾ ਹੈ। ਜੇ ਅਸੀਂ ਤੇਲ ਵਾਂਗ ਪਾਣੀ ਰਹਿਤ ਦੇਸ਼ਾਂ ਨੂੰ ਪਾਣੀ ਹੀ ਵੇਚ ਲੈਂਦੇ ਤਾਂ ਦੁਬਈ ਨਾਲੋਂ ਵੱਧ ਅਮੀਰ ਹੋ ਸਕਦੇ ਸੀ। ਪਰ ਹੁਣ ਵੀਹ ਰੁਪਏ ਦੀ ਪਾਣੀ ਦੀ ਬੋਤਲ ਵੇਚ ਕੇ ਬਿਸਲੇਰੀ ਜਾਂ ਹੋਰ ਕੰਪਨੀਆਂ ਤੇ ਇਹਨਾਂ ‘ਚ ਸ਼ਾਮਲ ਹੋਇਆ ਰਾਮਦੇਵ ਤੇ ਹੋਰ ਪਾਣੀ ਦੇ ਢੇਕੇ ਲੱਗਦੇ ਹਨ ਕਿ ਉਹ ਕੁਦਰਤੀ ਦਾਤ ਦਾ ੧੫੦ ਅਰਬ ਡਾਲਰ ਦਾ ਸਾਰਾ ਮੁਨਾਫਾ ਆਪ ਖੱਟੀ ਜਾਣ ਦੂਸਰੇ ਪਾਸੇ ਆਮ ਮਨੁੱਖ ਲਈ ਪਾਣੀ ਜ਼ਹਿਰੀਲਾ ਕਿਸਨੇ ਕੀਤਾ ਸਰਮਾਏਦਾਰੀ ਨੇ, ਦਰਿਆਵਾਂ ਦਾ ਪਾਣੀ ਦੂਸ਼ਤ ਕਿਸਨੇ ਕੀਤਾ ਹੈ ਸਰਮਾਏਦਾਰਾਂ ਦੀਆਂ ਵੱਖ ਵੱਖ ਫੈਕਟਰੀਆਂ ਨੇ ਜਿੰਨਾਂ ਨੇ ਸਰਕਾਰ ਤੋਂ ਕਰੋੜਾਂ ਦੀ ਸਬਸਿਡੀ ਲਈ ਹੈ। ਦੂਸਰੇ ਪਾਸੇ ਪੰਜਾਬ ਦਾ ਵਿੱਤ ਮੰਤਰੀ ਅੰਗਰੇਜੀ ਕਹਾਣੀ ਪਂੌਡ ਆਫ ਫਲਿਸ਼ ਦੇ ਪਾਤਰ ਸ਼ਾਈਲਾਕ ਵਰਗਾ ਹੈ ਜੋ ਦੇਣਦਾਰ ਦਾ ਦਿਲ ਕੱਢਕੇ ਕਰਜਾ ਵਸੂਲ ਕਰਦਾ ਹੈ।ਉਸੇ ਤਰ•ਾਂ ਸ਼ਾਈਲਾਕ ਵਾਂਗ ਇਹ ਮੰਤਰੀ ਵੀ ਦੋ ਸੌ ਰੁਪਏ ਪ੍ਰਤੀ ਮਹੀਨਾਂ ਹਰ ਸਰਕਾਰੀ, ਗੈਰ ਸਰਕਾਰੀ ਮੁਲਾਜਮਾਂ ਜਾਂ ਮਜ਼ਦੂਰਾਂ ਦੀ ਉਜਰਤ ਚੋਂ ਕੱਟਕੇ ਪਤਾ ਨਹੀਂ ਕਿਹੜਾ ਵਿਕਾਸ ਕਰ ਰਿਹਾ ਹੈ? ਕਾਂ ਜਿੰਨਾਂ ਮਰਜੀ ਸਿਆਣਾ ਹੋਵੇ ਉਸਦੀ ਨਜ਼ਰ ਗੰਦ ਜਾਂ ਮੁਰਦਾਰ ਦੇ ਮਾਸ ਤੇ ਹੁੰਦੀ ਹੈ। ਸਾਡੇ ਅਰਬਾਂ ਪਤੀ ਵਿੱਤ ਮੰਤਰੀ ਦੀ ਨਜ਼ਰ ਸਿਰਫ ਦੋ ਸੌ ਰੁਪਏ ਤੇ ਹੈ ਜੋ ਮਜ਼ਦੂਰਾਂ ਦਾ ਮਾਸ ਚੂੰਡਣ ਵਾਂਗ ਹੈ। ਕਿਰਨਜੀਤ ਕੌਰ ਨੇ ਲੜਕੀ ਹੋ ਕੇ ਖੁਦ ਖੁਦਕਸ਼ੀ ਕਰਨ ਵਾਲੇ ਪ੍ਰੀਵਾਰਾ ਦੀ ਧੀ ਹੋ ਕੇ, ਪੰਜਾਬ ਵਿੱਚ ਖੁਸਕਸ਼ੀ ਕਰ ਗਏ ਪ੍ਰੀਵਾਰਾ ਦੇ ਘਰ-ਘਰ ਜਾ ਕੇ ਉਹਨਾ ਦੀ ਦੁੱਖ ਵਿੱਚ ਡੁੱਬੀ ਤਾਕਤ ਨੂੰ ਲਾਮਬੰਦ ਕਰਕੇ ਨਾਰੀ ਸ਼ਕਤੀ ਦਾ ਸਬੂਤ ਦਿੱਤਾ।
ਪੰਜਾਬ ਦੇ ਬੌਧਿਕ ਪੱਖੋਂ ਚੇਤੰਨ ਲੋਕ, ਲੋਕਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਹਾਲਤਾਂ ਖਿਲਾਫ ਲੜਨ ਲਈ ਨਾਇਕ ਬਣਕੇ ਅਗਵਾਈ ਕਰ ਸਕਦੇ ਹਨ।ਇਹ ਚੇਤੰਨ ਲੋਕ ਅਣਹੋਏ ਲੋਕਾਂ ਦੀ ਖੁਦਕਸ਼ੀ ਦੇ ਬੁਨਿਆਦੀ ਕਾਰਨਾਂ ਬਾਰੇ ਜਾਣਦੇ ਹਨ। ਪੰਜ ਮਈ 2018 ਵਾਲੇ ਦਿਨ ਸੂਝਵਾਨ, ਦੂਰਅੰਦੇਸ਼ੀ ਤੇ ਬੌਧਿਕ ਪੱਖੋਂ ਚੇਤੰਨ ਲੋਕਾਂ ਨੇ ਉਹਨਾਂ ਵਿਧਵਾਵਾਂ, ਉਹਨਾਂ ਬਾਪੂਆਂ ਨੂੰ, ਭੈਣਾਂ ਨੂੰ ਧੀਆਂ ਨੂੰ ਮੰਚ ਤੇ ਲੋਕਾਂ ਅੱਗੇ ਬੁਲਾ ਕੇ ਉਹਨਾਂ ਦੇ ਦੁੱਖ ਚੋਂ ਉਪਜੇ ਰੋਹ ਨੂੰ ਜ਼ਰਬਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਿਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ:ਜਗਮੋਹਣ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਡਾ: ਸੁਰਜੀਤ ਸਿੰਘ ਬਰਾੜ, ਪੱਤਰਕਾਰ ਹਮੀਰ ਸਿੰਘ, ਟੈਲੀਵੀਜ਼ਨ ਪੱਤਰਕਾਰ ਐਸ.ਪੀ ਸਿੰਘ ਅਤੇ ਇਹਨਾਂ ਦਰਦ ਮਾਰੇ ਲੋਕਾਂ ਨੂੰ ਏੇਕੇ ਦੀ ਲੜੀ ‘ਚ ਪਰੋਣ ਵਾਲੀ ਬੇਟੀ ਕਿਰਨਜੀਤ ਕੌਰ (ਜੋ ਕਿ ਨਾਲ ਦੀ ਨਾਲ ਐਮ.ਏ. ਵੀ ਕਰ ਰਹੀ ਹੈ), ਡਾ.ਹਰਨੇਕ ਸਿੰਘ ਰੋਡੇ, ਪੱਤਰਕਾਰ ਗਿਆਨ ਸਿੰਘ ਦੀ ਟੀਮ ਨੇ ਲੋਕਾਂ ਅੱਗੇ ਦਰਦ ਦੀ ਦਾਸਤਾਨ ਦਾ ਉਹ ਮੰਜ਼ਰ ਪੇਸ਼ ਕਰ ਦਿੱਤਾ ਜਦ ਮੰਚ ਤੇ ਆਈਆ ਬਜ਼ੁਰਗ ਮਾਵਾਂ ਭਰੇ ਮਨ ਨਾਲ ਕਹਿ ਰਹੀਆਂ ਸਨ ਕਿ “ਮੇਰੇ ਤਿੰਨ ਪੁੱਤਰ ਸਨ ਕਰਜ਼ੇ ਕਾਰਨ ਤਿੰਨੇ ਖੁਦਕਸ਼ੀ ਕਰ ਗਏ” ਫਿਰ ਅੱਥਰੂ ਪੂੰਝ ਕੇ ਫਿਰ ਕਹਿ ਰਹੀਆਂ ਸਨ ਕਿ “ਮੇਰੇ ਤਿੰਨ ਪੁੱਤਰ ਸਨ ਕਰਜ਼ੇ ਕਾਰਨ ਤਿੰਨੇ ਖੁਦਕਸ਼ੀ ਕਰ ਗਏ ਕਿਸੇ ਸਰਕਾਰ ਨੇ ਸਾਡੀ ਬਾਤ ਨਹੀਂ ਪੁੱਛੀ ਅਸੀਂ ਹੁਣ ਵੀ ਬੇਨਤੀ ਕਰਦੀਆਂ ਹਾਂ ਕਿ ਸਰਕਾਰ ਸਾਨੂੰ ਗੁਜ਼ਾਰੇ ਲਈ ਕੁਝ ਦੇਵੇ”। ਇੱਕ ਹੋਰ ਵਿਧਵਾ ਔਰਤ ਆਪਣੇ ਤਿੰਨ ਕੁ ਸਾਲ ਦੇ ਬੱਚੇ ਨੂੰ ਉਗਲ ਲਗਾਈ ਮੰਚ ਤੇ ਆਉਂਦੀ ਹੈ ਤੇ ਭਰੇ ਗਲੇ ਨਾਲ ਬੋਲਦੀ ਹੈ, ਮੇਰੇ ਘਰ ਵਾਲਾ ਕਰਜ਼ੇ ਤੋਂ ਤੰਗ ਆ ਕੇ ਖੁਦਕਸ਼ੀ ਕਰ ਗਿਆ। ਮੇਰੇ ਕੋਲ ਹੁਣ ਇਸ ਬੱਚੇ ਨੂੰ ਪੜਾਉਣ ਯੋਗੀ ਫੀਸ ਵੀ ਨਹੀ ਹੈ ਜੇ ਸਰਕਾਰ ਤਰਸ ਕਰੇ ਤਾਂ..” ਏਨਾ ਬੋਲ ਕੇ ਉਸਦਾ ਗੱਚ ਭਰ ਆਉਂਦਾ ਹੈ। ਉਸਦੇ ਇਹ ਬੋਲ ਸੁਣਕੇ ਸੀਨੇ ਕਸਕ ਉਠਦੀ ਹੈ ਕਿ ਕੀ ਇਹ ਬਾਲਕ ਪੜ ਸਕੇਗਾ? ਇਸ ਦੇ ਸਿਰ ਉਪਰ ਤਾਂ ਬਾਪ ਦਾ ਹੱਥ ਵੀ ਨਹੀਂ ਟਿਕਿਆ। ਉਹ ਸੱਖਣਾ ਹੈ। ਮਾਂ ਦੀਆਂ ਅੱਖਾ ‘ਚ ਮੋਤੀਆਂ ਵਰਗੇ ਹੰਝੂ ਹਨ। ਕੀ ਉਹ ਇਸ ਬੇਰੁਜਗਾਰੀ ਦੇ ਦੌਰ ਵਿੱਚ ਮਜਦੂਰੀ ਕਰਕੇ ਜਾਂ ਮਾੜੀ ਮੋਟੀ ਨੌਕਰੀ ਕਰਕੇ ਮਾਂ ਦੇ ਮੋਤੀਆ ਵਰਗੇ ਹੰਝੂਆਂ ਦੀ ਕੀਮਤ ਅਦਾ ਕਰ ਸਕੇਗਾ। ਇਹ ਸੋਚ ਮਨ ਵਿੱਚ ਸੰਤ ਰਾਮ ਉਦਾਸੀ ਦੇ ਬੋਲ ਤੈਰਦੇ ਹਨ।
“ਜਿੱਥੇ ਬੰਦਾ ਜੰਮਦਾ ਸੀਰ ਐ, ਟਕਿਆਂ ਦੀ ਮੀਰੀ ਪੀਰੀ ਐ
ਭਾਪ ਦੇ ਕਰਜ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹਵੇ।“
ਫਿਰ ਇੱਕ ਹੋਰ ਵਿਧਵਾ ਆਪਣੀ ਵਿਥਿਆ ਬਿਆਨ ਦੀ ਹੈ। “ਕਰਜ਼ੇ ਕਾਰਨ ਮੇਰੇ ਘਰ ਵਾਲਾ ਫਾਹਾ ਲੈ ਕੇ ਤੇ ਪੁੱਤ ਸਲਫਾਸ ਖਾ ਕੇ ਖੁਦਕਸ਼ੀ ਕਰ ਗਿਆ। ਪੁਲੀਸ ਰੋਜ਼ ਤੰਗ ਕਰਦੀ ਸੀ। ਮੈਂ ਪਿੰਡ ਦੇ ਲੋਕਾਂ ਨੂੰ ਮਿਲੀ ਐਸ.ਡੀ.ਐਮ ਤਹਿਸੀਲਦਾਰ, ਡਿਪਟੀ ਕਮਿਸ਼ਨ ਨੂੰ ਮਿਲੀ ਚੰਡੀਗੜ• ਧੱਕੇ ਖਾਧੇ ੭ ਸਾਲ ਹੋ ਗਏ ਅਜੇ ਕੋਈ ਸਹਾਇਤਾ ਨਹੀਂ ਮਿਲੀ” ਜੋ ਕਰਜਾਈ ਲੋਕ ਅਖਬਾਰਾ ਰਾਹੀ 3-4 ਖੁਦਕਸ਼ੀਆਂ ਦੀ ਖਬਰ ਪੜਕੇ ਰਿੱਕ ਕੰਨ ਤੋਂ ਦੂਸਰੇ ਕੰਨ ਕੱਢ ਰਹੇ ਹਨ। ਕੱਲ ਨੂੰ ਉਹ ਵੀ ਅਜਿਹੀ ਹੋਣੀ ਦੀ ਫੋਟੋ ਬਣ ਸਕਦੇ ਹਨ। ਖਬਰ ਬਣ ਸਕਦੇ ਹਨ। ਜਿਸ ਬਾਪ ਦੇ ਕੰਧੇੜੇ ਚੜ, ਜਿਸ ਟਾਹਲੀ ਦੇ ਟਾਹਣੇ ਤੇ ਉਹ ਖੇਡਿਆ ਸੀ ਜਵਾਨੀ ਪਹਿਰੇ ਉਸੇ ਟਾਹਣੇ ਨਾਲ ਸਾਫਾ ਬੰਨ ਕੇ ਜਿੰਦਗੀ ਨੂੰ ਅਲਵਿਦਾ ਕਹਿੰਦਾ ਹੈ।
ਸਟੇਜ ਦੇ ਸੈਕੜੇ ਲੋਕਾਂ ਸਾਹਮਣੇ ਕੋਈ 25-30 ਵਿਧਵਾਵਾਂ ਨੇ, ਮਾਵਾਂ ਨੇ ਬਜ਼ੁਰਗਾਂ ਨੇ ਚਾਰ-ਪੰਜ ਮਿੰਟਾਂ ਵਿੱਚ ਸਟੇਜ ਤੇ ਮਾਈਕ ਸਾਹਮਣੇ ਆ ਕੇ ਜ਼ਿੰਦਗੀ ਦੇ ਦੁੱਖੜੇ ਸੁਣਾਏ। ਇਹ ਕੋਈ ਫਿਲਮੀ ਕਹਾਣੀ ਨਹੀਂ ਹੈ ਸਗੋਂ ਉਹਨਾਂ ਵੱਲ਼ੋਂ ਹੰਢਾਈ ਜਾ ਰਹੀ ਜ਼ਿੰਦਗੀ ਦਾ ਕਰੂਰ ਸੱਚ ਹੈ। ਸੱਚਮੁੱਚ ਇਹ ਇੱਕ ਕਿਆਮਤ ਦਾ ਦਿਨ ਹੀ ਸੀ। ਜਿਸ ਦਿਨ ਰਾਖ ਹੋ ਚੁੱਕੇ ਮੁਰਦੇ ਤਾਂ ਸ਼ਮਸ਼ਾਨ ਵਿਚੋਂ ਨਹੀਂ ਉਠੇ ਪਰ ਉਹਨਾਂ ਦੇ ਪਿੱਛੇ ਸਹਿਕ ਰਹੇ ਵਾਰਸਾਂ ਨੇ ਉਹਨਾਂ ਦੀ ਹੋਣੀ ਨੂੰ ਉਹਨਾਂ ਦੀ ਸਥਿਤੀ ਨੂੰ ਲੋਕਾਈ ਅੱਗੇ ਇੰਜ ਖੜੇ ਕਰ ਦਿੱਤਾ ਜਿਵੇ ਉਹ ਮੁਰਦੇ ਖੁਦ ਉਠ ਕੇ ਆਪ ਬਾਤੀ ਸੁਣਾ ਰਹੇ ਹੋਣ। ਇਹ ਪੰਜਾਬ ਦੀ ਧਰਤੀ ਤੇ ਮੋਗਾ ਵਿਖੇ ਦੁਖੀਆਂ ਦੀ ਰੁਦਨ ਇਕੱਤਰਤਾ ਸੀ। ਇੱਕ ਬਿਰਧ ਦੱਸ ਰਿਹਾ ਸੀ ਕਿ ਉਸ ਕੋਲ ਪੰਜ ਏਕੜ ਜ਼ਮੀਨ ਸੀ ਜੋ ਕਰਜ਼ੇ ਕਾਰਨ ਕੁਰਕ ਹੋ ਗਈ। ਘਰ ਵਾਲੀ ਨੂੰ ਕੈਂਸਰ ਸੀ ਉਸਦੇ ਇਲਾਜ ਉੱਪਰ ਤੇ ਫਿਰ ਪੁੱਤਰ ਦੇ ਗੁਰਦੇ ਫੇਲ ਹੋ ਗਏ ਹਰ ਹਫਤੇ ਖੂਨ ਬਦਲਾਉਣਾ (ਡਾਇਲੈਸਿਸ) ਕਰਵਾਉਣਾ ਪੈਂਦਾ ਸੀ। ਛੋਟੇ ਲੋਕਾਂ ਦੀਆਂ ਇਹ ਧਰੋੜਾਂ (ਜ਼ਮੀਨਾਂ ਜਾਂ ਸੋਨਾਂ) ਔਖੇ ਸਮੇਂ ਜਿਵੇਂ ਬਿਮਾਰੀ, ਧੀਆਂ ਦੇ ਵਿਆਹ ਤੇ, ਚਾਰ ਖਣ ਪੱਕੇ ਕਰਨ ਤੇ ਲੱਗ ਜਾਂਦੀ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਜੱਟ ਮੋਟਰ ਸਾਇਕਲਾਂ, ਮੋਬਾਇਲਾਂ, ਕਾਰਾਂ ਕੋਠੀਆਂ ਖਾਤਰ ਕਰਜ਼ੇ ਲੈ ਰਿਹਾ ਹੈ। ਮੈਂ ੮੦ ਸਾਲ ਦੀ ਉਮਰ ‘ਚ ਰੋਟੀ ਤੋਂ ਆਤੁਰ ਹਾਂ ਤੇ….ਤੇ..ਇਹ ਕਹਿੰਦਿਆਂ ਉਸਦੀਆਂ ਅੱਖਾਂ ਚੋਂ ਘਰਲਾਂ ਵਹਿ ਤੁਰਦੀਆਂ ਹਨ। ਹਾਲ ਵਿੱਚ ਪੂਰਨ ਖਮੋਸ਼ੀ ਹੈ। ਲੋਕ ਸਾਹ ਰੋਕ ਕੇ ਦੁੱਖਾਂ ਦੀ ਦਾਸਤਾਨ ਸੁਣ ਰਹੇ ਹਨ। ਕਿਸੇ ਕੋਨੇ ਚੋਂ ਸਿਸਕੀਆਂ ਤੇ ਹਾਉਂਕਿਆਂ ਤੇ ਰੋਣ ਦੀਆਂ ਅਵਾਜਾਂ ਆਉਂਦੀਆਂ ਹਨ। ਤਿੰਨ ਚਾਰ ਸੌ ਦਾ ਇਕੱਠ ਬੁੱਤ ਬਣਿਆ ਬੈਠਾ ਹੈ। ਔਰਤਾਂ ਤੇ ਮਰਦ ਸਿਰਫ ਹਾਜਤ ਲਈ ਜਾਂ ਪਾਣੀ ਲਈ ਬਾਹਰ ਜਾਂਦੇ ਹਨ ਤੇ ਫਿਰ ਮੁੜਕੇ ਸੀਟਾਂ ਤੇ ਬਹਿ ਜਾਂਦੇ ਹਨ।
ਹਾਜਰ ਵਿਦਵਾਨ ਉਪਰੋਕਤ ਮਸਲਿਆਂ ਤੇ ਪੰਜਾਬ ਬਾਰੇ ਰੋਮ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ “ਅਨੁਸਾਰ ਸਰਕਾਰੀ ਨੀਤੀਆਂ ਦੀ ਛਿੱਲ ਪੁੱਟ ਰਹੇ ਹਨ। ਇਹ ਹਕੀਕਤਾਂ ਇੱਕ ਗੁਲਾਮ ਪੰਜਾਬ ਦਾ ਨਕਸ਼ਾ ਪੇਸ਼ ਕਰ ਰਹੀਆਂ ਹਨ। ਦੂਸਰੇ ਪਾਸੇ ਉਹ ਗੀਤਕਾਰ ਜੋ “ਜੱਟ ਮੌਜਾਂ ਕਰਦਾ ਏ ਜਾਂ ਔਡੀਆਂ ਦੀ ਗੱਲ਼ ਕਰਕੇ ਕਿਸੇ ਵਿਦੇਸ਼ੀ ਦ੍ਰਿਸ਼ਾ ਨੂੰ ਦਿਖਾ ਕੇ ਖੂਨ ਪੀ ਰਹੇ ਹਨ। ਚੌਵੀਂ ਘੰਟੇ ਟੈਲੀਵੀਜ਼ਨ ਤੇ ਚੈਨਲ ਇਸ ਨੂੰ ਵਧਾਵਾ ਦੇ ਰਹੇ ਹਨ ਨੂੰ ਦੇਖ ਕੇ ਸਵਾਲ ਉਠਦਾ ਹੈ ਕਿ ਅਜਿਹਾ ਲਿਖਣ ਤੇ ਗਾਉਣ ਵਾਲਿਆਂ ਨੂੰ ਲੋਕ ਸੱਥਾਂ ਵਿੱਚ ਉਹਨਾ ਦੀਆਂ ਮਾਵਾਂ ਨੂੰ ਸਵਾਲ ਕੀਤਾ ਜਾਵੇ ਕਿ ਕੀ ਤੁਹਾਡੇ ਲਿਖਾਰੀ ਤੇ ਗਾਇਕ ਪੁੱਤ ਸੱਚ ਗਾ ਰਹੇ ਹਨ? ਕੀ ਇਹਨਾਂ ਦੀ ਮਾਂ ਜਾਈ ਦਾ ਲੱਕ ਟਵੰਟੀ ਏਟ ਹੈ? ਜਾਂ ਪੰਜਾਬ ਦੀ ਕੋਈ ਧੀ ਸਪੀਕਰ ਲਾ ਕੇ ਸਾਰੀ ਰਾਤ ਨੱਚਦੀ ਦੇਖੀ ਹੈ? ਕੀ ਸਾਡੀਆਂ ਧੀਆਂ ਭੈਣਾਂ ਦੇ ਗਲ ਦੀ ਮਾਲਾ ਦੇ ਮਣਕਿਆਂ ਜਿੰਨੇ ਯਾਰ ਹਨ? ਜੇ ਲੇਖਕਾਂ ਤੇ ਗਾਉਣ ਵਾਲਿਆਂ ਦੇ ਘਰ ਅਜਿਹਾ ਕੁਝ ਹੈ ਤਾਂ ਠੀਕ ਹੈ। ਨਹੀਂ ਤਾਂ ਲੋਕ ਸੱਥ ਵਿੱਚ ਇਹਨਾਂ ਕਮੂਤ ਗਾਇਕਾਂ ਤੇ ਲਿਖਣ ਵਾਲਿਆਂ ਦੀਆਂ ਮਾਵਾਂ ਧੀਆਂ ਤੇ ਭੈਣਾਂ ਕੋਲੋਂ ਹੀਂ ਇਹਨਾਂ ਦੇ ਛਿੱਤਰ ਮਰਵਾ ਕੇ ਤੇ ਛਿੱਤਰਾਂ ਦਾ ਹਾਰ ਪਾਕੇ ਮੂੰਹ ਕਾਲਾ ਕਰਕੇ ਉਹਨਾਂ ਦੀ ਚੈਨਲਾਂ ਰਾਹੀਂ ਦਿਖਾਇਆ ਜਾਵੇ ਜਿੰਨ ਰਾਹੀਂ ਇਹ ਕਿਰਤੀ ਕਿਸਾਨਾਂ ਮਜ਼ਦੂਰਾਂ ਦੀਆਂ ਧੀਆਂ ਭੈਣਾਂ ਬਾਰੇ ਇਹ ਕੰਜਰਖਾਨਾਂ ਕਰ ਰਹੇ ਹਨ। ਕੀ ਇਹਨਾਂ ਨਲਾਇਕਾਂ ਗਾਇਕਾਂ ਤੇ ਗੀਤਕਾਰਾਂ ਨੂੰ ਕਿਸਾਨ ਮਜ਼ਦੂਰਾਂ ਦੀ ਹਾਲਤ ਤੇ ਖੁਦਕਸ਼ੀਆਂ ਦੀ ਹਰ ਰੋਜ਼ ਵਾਪਰਦੀ ਸਚਾਈ ਨਹੀਂ ਦਿਸਦੀ। ਕੀ ਇਹਨਾਂ ਦਾ ਲੱਚਰਪੁਣਾ ਖੁਦਕਸ਼ੀ ਕਰ ਗਏ ਪ੍ਰੀਵਾਰ ਦੇ ਜਖਮਾਂ ਤੇ ਲੂਣ ਮਿਰਚਾਂ ਨਹੀਂ ਭੁੱਕਦਾ? ਜਦ ਪੁੱਤਰ ਗਲਤ ਰਾਹ ਫੜਦਾ ਹੈ ਤਾ ਮਾਂ-ਬਾਪ ਉਸ ਨੂੰ ਉਸ ਰਾਹ ਤੋਂ ਰੋਕਦੇ ਹਨ। ਕੀ ਇਹਨਾਂ ਗੀਤਕਾਰਾਂ ਜਾਂ ਗਾਇਕਾਂ ਦੇ ਮਾਪਿਆ ਨੇ ਅਜਿਹਾ ਕੀਤਾ? ਜੇ ਧੀਆਂ ਭੈਣਾ ਪ੍ਰਤੀ ਉਹਨਾਂ ਨੇ ਇਹ ਫਰਜ ਨਿਭਾਇਆ ਹੁੰਦਾ ਤਾਂ ਇਹ ਨਾਂ ਵਾਪਰਦਾ।
ਪੰਜ ਮਈ ਨੂੰ ਮੋਗੇ ਵਿਖੇ ਉਹ ਮਾਵਾਂ, ਭੈਣਾਂ ਤੇ ਬਾਪ ਦਾਦੇ ਇਕੱਠੇ ਹੋਏ ਜਿੰਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਦਰਦ ਨੂੰ ਸਮਝਣ ਵਾਲੇ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਚੇਤੰਨ ਤੇ ਹਮਦਰਦ ਲੋਕ ਉਹਨਾਂ ਨੂੰ ਸਤਿਕਾਰ ਨਾਲ ਸਟੇਜ ਤੇ ਬਹਾ ਕੇ ਸੈਕੜੇ ਲੋਕਾਂ ਅੱਗੇ ਮਾਈਕ ਰਾਹੀਂ ਆਪਣਾ ਦੁੱਖ ਦਰਦ ਬਿਆਨਣ ਦਾ ਮੰਚ ਦੇਣਗੇ। ਉਹਨਾਂ ਦੇ ਜਖਮ ਦੇਸ਼ ਦੇ ਹਾਕਮਾਂ ਨੂੰ ਬਾਬਾ ਨਾਨਕ ਦੇ ਸੱਚ ਨੂੰ ਫਿਰ ਦੁਰਹਾਉਣਗੇ ਕਿ:-
“ਖੂਨ ਕੇ ਸੋਹਿਲੇ ਗਾਵੀਐ ਨਾਨਕ
ਰਤੁ ਕਾ ਪੰਜੂ ਪਾਇ ਵੇ ਲਾਲੋ
ਰਤੁ ਦਾ ਪੰਜੂ ਅਜੇ ਦੇਸ਼ ਦੇ ਮੰਤਰੀਆਂ ਜਾਂ ਉਹਨਾਂ ਦੀਆਂ ਪਤਨੀਆਂ ਦੇ ਹਿੱਸੇ ਨਹੀਂ ਆਇਆ। ਜਦ ਕਿ ਸੂਬੇ ਦਾ ਮੁੱਖ ਮੰਤਰੀ ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਵੀ ਲੋਕਾਂ ਦੇ ਟੈਕਸਾਂ ਨਾਲ ਭਰੇ ਖਜ਼ਾਨੇ ਚੋਂ ਕਰਵਾ ਚੁੱਕਾ ਹੈ। ਜਦ ਕਿ ਲੀਡਰ ਆਪਣੀ ਟੁੱਟੀ ਲੱਤ ਦਾ ਮੁਆਵਜਾ ਵੀ ਪੰਦਰਾਂ ਦਿਨਾਂ ਵਿੱਚ ਖਾਲੀ ਦੱਸੇ ਜਾਂਦੇ ਖਜ਼ਾਨੇ ਚੋਂ ਲੈ ਜਾਂਦੇ ਹਨ ਤੇ ਇਹਨਾਂ ਦੇ ਧਾਰਮਿਕ ਜੋਟੀਦਾਰਾਂ ਦੀਆਂ ਮਹਿੰਗੀਆਂ ਕਾਰਾਂ ਕਰੋੜਾਂ ਦਾ ਤੇਲ ਪੀ ਚੁੱਕੀਆਂ ਹਨ। ਪਰ ਵਕਤ ਦੇ ਮਾਰੇ ਇਹਨਾਂ ਲੋਕਾਂ ਲਈ ਇਹਨਾਂ ਕੋਲ ਫੁੱਟੀ ਕੌੜੀ ਨਹੀਂ ਜੋ ਪਿੰਡ ਤੋਂ ਲੈ ਕੇ ਤਹਿਸੀਲ ਜਿਲ•ਾ ਤੇ ਰਾਜਧਾਨੀ ਤੱਕ ਫਰਿਆਦਾਂ ਕਰ ਚੁੱਕੇ ਹਨ। ਇਸ ਵਰਤਾਰੇ ਚੋਂ ਇੱਕ ਰੋਹ ਵੀ ਪਨਪਿਆਂ ਕਿਉਕਿ ਕਾਰਲ ਮਾਰਕਸ ਦੇ ਜਨਮ ਦਿਨ ਤੇ ਉਸਦੇ ਫਲਸਫੈ ਨਾਲ ਸਬੰਧਿਤ ਸੀ.ਪੀ.ਆਈ, ਸੀ.ਪੀ.ਆਈ.ਐਮ, ਸੀ.ਪੀ.ਆਈ (ਐਮ.ਐਲ) ਦੇ ਤੱਤੇ ਧੜਿਆਂ ਦੀਆਂ ਬਣੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਜਾਂ ਲੀਡਰਾਂ ਨੇ ਆਉਣ ਦੀ ਜ਼ਹਿਮਤ ਨਹੀਂ ਕੀਤੀ। ਸ਼ਾਇਦ ਇਹਨਾਂ ਦੀਆਂ ਸਿਧਾਂਤਿਕ ਧੜਿਆਂ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਉਹ ਇਸ ਵਰਤਾਰੇ ਨੂੰ ਆਪਣੇ ਨਜ਼ਰੀਏ ਨਾਲ ਦੇਖ ਰਹੇ ਹੋਣ ਜਿਸ ਨਜ਼ਰੀਏ ਨਾਲ ਇਹ ਇਕੱਠ ਉਹਨਾਂ ਦੀ ਪ੍ਰਯੋਗਸ਼ਾਲਾ ਦੇ ਪ੍ਰਯੋਗਾਂ ਨਾਲ ਮੇਲ ਨਾਂ ਖਾਂਦਾ ਹੋਵੇ। ਪਰ ਹਾਂ ਜਿਵੇ ਸਾਉਣ ਭਾਦੋਂ ਦੇ ਮਹੀਨੇ ਹੈਲੀਕਪਟਰਾਂ ਵਰਗੇ ਟਿੱਡਿਆਂ ਦੇ ਝੁੰਡ ਅਕਾਸ਼ ਵਿੱਚ ਮੰਡਰਾਉਂਦੇ ਹਨ ਉਸ ਵਾਂਗ ਪਾਰਲੀਮੈਂਟ ਦੇ ਮੈਂਬਰਾਂ ਵੱਲ਼ੋਂ ਤਨਖਾਹ ਭੱਤੇ ਵਧਾਉਣ ਦੇ ਮਸਲੇ ਤੇ ਇੱਕਮੁੱਠ ਹੋ ਜਾਣ ਵਾਂਗ ਕਿਸਾਨ ਮਜ਼ਦੂਰਾਂ ਦੇ ਇਹ ਆਗੂ ਝੋਨੇ ਦੇ ਨਾੜ ਨੂੰ ਅੱਗ ਲਗਾਕੇ ਪੰਜਾਬ ਨੂੰ ਧੁੰਆਖਿਆ ਕਰਕੇ ਸਾਹ ਲੈਣ ਤੋਂ ਵੀ ਆਤੁਰ ਕਰਕੇ ਇਕੱਠੇ ਹੋ ਜਾਣਗੇ ਕਿ ਸਰਕਾਰ ਝੋਨੇ ਦਾ ਨਾੜ ਸਾੜਨ ਲਈ ਪ੍ਰਤੀ ਏਕੜ ਪੈਸੇ ਦੇਵੇ ਨਹੀਂ ਅਸੀਂ ਅੱਗ ਲਗਾਵਾਂਗੇ। ਭਲਾ ਇਹ ਵਰਤਾਰਾ ਕਿਸਾਨ ਦਾ ਕਰਜ਼ਾ ਲਾਹ ਸਕਦਾ ਹੈ? ਖੁਦਕਸ਼ੀਆਂ ਨੂੰ ਠੱਲ ਪਾ ਸਕਦਾ ਹੈ? ਜਿਸ ਤੇ ਵਿਚਾਰ ਕਰਨ ਲਈ ਪੀੜਤ ਅਤੇ ਵਿਦਵਾਨ ਇਕੱਠੇ ਹੋਏ ਤੇ ਇਹ ਇੱਕੋਂ ਥੈਲੀ ਦੇ ਚਿੱਟੇ ਵੱਟਿਆਂ ਵਾਂਗ ਇਸ ਇਕੱਠ ਤੋਂ ਪਾਸੇ ਰਹੇ। ਕਾਸ਼ ਉਹ ਆਉਂਦੇ। ਉਹ ਦਰਦ ਤੇ ਪੀੜਾਂ ਦੇ ਭੰਨੇ ਲੋਕਾਂ ਦੇ ਦਰਦ ਭਰੇ ਬੋਲ ਸੁਣਕੇ ਉਹਨਾਂ ਨੂੰ ਦਿਲਾਸਾ ਦਿੰਦੇ। ਉਹਨਾਂ ਦੇ ਦੁੱਖ ਦੇ ਸੱਥਰ ਤੇ ਬੈਠਣ ਦਾ ਫਰਜ਼ ਨਿਭਾਉਂਦੇ। ਉਹਨਾਂ ਦੀਆਂ ਹਾਲਤਾਂ ਨੂੰ ਸੰਗਰਾਮ ਦਾ ਬਾਨਣੂੰ ਬੰਨ ਕੇ ਤਬਦੀਲ ਕਰਨ ਦਾ ਆਹਿਦ ਲੈਂਦੇ। ਪਰ ਪਤਾ ਨਹੀਂ ਕਿਉਂ ਉਹ ਹਕੂਮਤਾਂ ਵਾਂਗ ਜਾਗਦੇ ਹੀ ਸੌ ਗਏ। ਜੋ ਜਾਗਦੇ ਹੁੰਦੇ ਤਾਂ ਘੁਲਾੜੀ ਵਿੱਚ ਆਏ ਗੰਨੇ ਦੇ ਰਸ ਵਾਂਗ ਜਿੰਨਾਂ ਦੀ ਰੱਤ ਹੁਕਮਰਾਨ ਪੀ ਗਏ। ਇਹ ਉਹ ਲੋਕ ਸਨ ਕਿਸੇ ਚਿੱਟੀ, ਨੀਲੀ ਪਾਰਟੀ ਦੇ ਕਾਡਰ ਨਹੀਂ ਸਨ। ਇਹਨਾਂ ਲਈ ਸਮਾਜਵਾਦ ਦਾ, ਇਨਕਲਾਬ ਦਾ ਓ, ਅ, ਪੜਾਉਣਾ ਬਣਦਾ ਸੀ। ਇਹਨਾਂ ਦਾ ਗਮ ਦੂਰ ਕਰਨ ਲਈ ਨਾਂ ਕਿਸੇ ਰੱਬ ਰੁੱਬ ਨੇ, ਨਾ ਕਿਸੇ ਪੈਗੰਬਰ ਨੇ, ਨਾ ਹੀ ਅੱਖਾਂ ਮੀਚ ਕੇ ਅਗਲੇ ਜਨਮਾਂ ਦੇ ਪਾਪਾਂ ਦਾ ਵਿਖਿਆਨ ਕਰਨ ਵਾਲੇ ਸਾਧਾਂ ਨੇ ਆਉਣਾ ਸੀ। ਜੋ ਨਿੱਤ ਹੋ ਰਹੀਆਂ ਖੁਦਕਸ਼ੀਆਂ ਤੇ ਖਾਮੋਸ਼ ਹਨ ਤੇ ਕਥਾਵਾਚਕ ਇਸ ਨੂੰ ਰੱਬੀ ਭਾਣੇ ਦਾ ਵਰਤਾਰਾ ਦੱਸ ਕੇ ਖਹਿੜਾ ਛੁਡਾ ਰਹੇ ਹਨ। ਇਸ ਨਾਜਕ ਸਮੇਂ ਜੋ ਆਪਣੇ ਆਪ ਨੂੰ ਲੋਕ ਪੱਖੀ ਲਹਿਰਾਂ ਦੇ ਰਹਿਨੁਮਾਂ ਸਮਝਦੇ ਹਨ ਉਹ ਵੀ ਬਾਬਾ ਨਾਨਕ ਦੇ ਮਹਾਂਵਾਕ ਅਨੁਸਾਰ “ਸਿਧ ਛੁਪਿ ਬੈਠਿ ਪਰਬਤੀ ਕੌਣ ਜਗਤ ਕੋ ਪਾਰ ਉਤਾਰੈ£
ਮਜਲੂਮਾਂ ਦਾ ਇਹ ਮਾਤਮੀ ਦਿਨ ਅਗਾਂਹ ਵਧੂਆਂ ਅੱਗੇ ਕਈ ਸਵਾਲ ਛੱਡ ਗਿਆ ਹੈ। ਦੂਜੇ ਪਾਸੇ ਇਹ ਸਿਲਸਿਲਾ ਇਹ ਵਰਤਾਰਾ ਅਜੇ ਖਤਮ ਨਹੀਂ ਹੋਇਆ। ਹਰ ਰੋਜ ਔਸਤ ਤਿੰਨ-ਚਾਰ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਹੋ ਰਹੀਆਂ ਹਨ। ਪੰਜਾਬ ਵਿੱਚ ਸਿਵੇ ਬਲ ਰਹੇ ਹਨ। ਦੁਖੀ ਪ੍ਰੀਵਾਰਾਂ ਤੇ ਵਿਧਵਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜੇ ਔਸਤ ਖੁਦਕਸ਼ੀ ਨੂੰ 365×4 ਕਰੀਏ ਤਾਂ 1460 ਖੁਦਕਸ਼ੀਆਂ ਸਾਲਾਨਾ ਹੋ ਰਹੀਆਂ ਹਨ। ਜੋ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੋਂ ਵੀ ਵੱਧ ਹਨ। ਜਨਰਲ ਡਾਇਰ ਵੀ ਸਾਡੇ ਆਪਣੇ ਚੁਣੇ ਨੁਮਾਇੰਦੇ ਤੇ ਉਹਨਾਂ ਦੀਆਂ ਨੀਤੀਆਂ ਹਨ। ਜੇ ਜਲਿਆ ਵਾਲੇ ਬਾਗ ਦਾ ਕਾਂਡ ਅੰਗਰੇਜ ਹਕੂਮਤ ਦਾ ਤਖਤ ਹਿਲਾ ਸਕਦਾ ਹੈ ਤਾਂ ਇਹ ਖੁਦਕਸ਼ੀਆਂ ਕਿਉਂ ਨਹੀਂ? ਅਸੀਂ ਜਾਬਰਾਂ ਦੇ ਪਹਾੜ ਨਾਲ ਮੱਥਾ ਲਾਉਣ ਦੀ ਬਜਾਏ ਕੀੜੀ ਕਿਉਂ ਬਣੇ ਹੋਏ ਹਾਂ? ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਕਰਤਾਰ ਸਰਾਭੇ ਦੇ ਗਦਰ ਮਚਾਉਣ ਦੀ ਗੱਲ ਕਰਦੇ ਹਨ ਤੇ ਇਹ ਗੱਲ ਇੱਕ ਮਈ ਨੂੰ ਲੁਧਿਆਣੇ ਨਾਟਕਾਂ ਦੌਰਾਨ ਤੇ ਹੋਰ ਸਮਾਗਮਾਂ ਦੌਰਾਨ ਹੋਈ ਵੀ ਹੈ। ਪਰ ਪੰਜ ਮਈ ਨੂੰ ਇਹ ਯੁੱਗ ਪਲਟਾਊ ਕਿੱਥੇ ਸਨ? ਉਹਨਾਂ ਦੇ ਸੰਘਰਸ਼ਾਂ ਦੀ ਮਸ਼ਾਲ ਇਸ ਦਿਨ ਬੁਝਦੀ ਮੋਮਬੱਤੀ ਦਾ ਧੂਆਂ ਕਿਉਂ ਬਣ ਗਈ? ਜਿਸ ਬਾਰੇ ਉਹ ਦਾਅਵਾ ਕਰਦੇ ਹਨ ਕਿ ਮਿਸਲਾ ਤਾਂ ਜਬਰ ਜੁਲਮ ਦੇ ਝੱਖੜਾਂ ਦਾ ਟਾਕਰਾ ਕਰਦੀ ਹੈ। ਕੀ ਉਹ ਇਹਨਾਂ ਦਰਦ ਭੰਨੇ ਲੋਕਾਂ ਦੇ ਜਿੰਨਾਂ ਆਪਣੇ ਗਮ ਨੂੰ ਹਿੱਕ ਤੇ ਪੱਥਰ ਰੱਖਕੇ ਪੰਜ-ਸੱਤ ਦਸ ਸਾਲ ਤੋਂ ਹੰਢਾਇਆ ਜਾਂ ਹੰਢਾ ਰਹੇ ਹਨ ਉਹਨਾਂ ਭਗਤ ਸਰਾਭੇ ਦੇ ਵਾਰਸਾਂ ਨੇ ਇਹਨਾਂ ਲੋਕਾਂ ਕੋਲ ਆਉਣ ਦਾ ਕਸ਼ਟ ਕੀਤਾ? ਕੀ ਜੋ ਪਹਿਲੀ ਮਈ ਨੂੰ ਜਾਂ ਪਹਿਲੀ ਨਵੰਬਰ ਨੂੰ ਕੀਤਾ ਜਾਂਦਾ ਹੈ ਉਸ ਵਾਂਗ ਸਹਿਜ ਇੱਕ ਰਸਮ ਹੀ ਸੀ। ਕਾਸ਼! ਇਹ ਸੂਰਮੇ ਪੁੱਤ ਇਸ ਸਮਾਗਮ ਵਿੱਚ ਆਉਂਦੇ। ਉਹ ਧੀਆ ਦੇ ਸਿਰ ਉਪਰ ਬਾਪ ਵਰਗਾ ਹੱਥ ਰੱਖਦੇ। ਪੁੱਤਰਾਂ ਵਿਹੂਣੀਆਂ ਮਾਵਾਂ ਦੇ ਪੁੱਤਰ ਬਣਕੇ ਉਹਨਾਂ ਦਾ ਦਰਦ ਸੁਣਕੇ ਉਹਨਾ ਦੇ ਆਪਣੇ ਬਣਦੇ। ਪੁੱਤ ਵਿਹੂਣੇ ਬਾਪੂਆਂ ਦੀ ਸਫੈਦ ਦਾਹਵੀ ‘ਚ ਆਏ ਅੱਥਰੂ ਪੂੰਝਦੇ ਉਹਨਾ ਦੀ ਕੰਡ ਤੇ ਹੱਥ ਧਰਦੇ। ਇਸ ਮੰਜਰ ਤੇ ਸੰਤ ਰਾਮ ਉਦਾਸੀ ਦੇ ਬੋਲ ਫਿਰ ਕੰਨਾਂ ‘ਚ ਗੂਜਦੇ ਹਨ:
“ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ ਓ..ਓ..ਓ..ਓ..ਓ..ਓ..
ਨੰਗੀ ਹੋਣ ਨਹੀਂ ਦੇਵਾਂਗੇ ਕੰਡ ਤੇਰੀ
ਤਿਪ ਤਿਪ ਜਵਾਨੀ ਦੀ ਡੋਲਕੇ ਵੀ,
ਹੋਲੀ ਕਰਾਗੇ ਗਮਾਂ ਦੀ ਪੰਡ ਤੇਰੀ“
ਪਰ ਉਹ ਇਹ ਸਿਰ ਨਹੀ ਸਨ ਜਿਸ ਕਰਕੇ ਉਹ ਨਹੀਂ ਆਏ। ਉਹਨਾ ਦ ਿਉਡੀਕ ਉਡੀਕ ਹੀ ਰਹੀ। ਣੁੱਗ ਪਲਟਾਉਣ ਦੀ ਗੱਲ ਕਰਨ ਵਾਲਿਆ ਦੇ ਦੰਦ ਹਾਥੀ ਵਾਂਗ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਇਹ ਉਥੇ ਮਸ਼ਾਲਾਂ ਬਾਲਦੇ ਹਨ ਪਰ ਇਹ ਲੋਕ ਤਾਂ ਆਪਣੇ ਪਤੀਆਂ, ਪੁੱਤਰਾਂ ਤੇ ਭਰਾਵਾਂ ਦੇ ਸਿਵਿਆਂ ਦੇ ਕੋਲ਼ਿਆਂ ਤੇ ਆਪਣਾ ਆਪ ਸਾੜ ਰਹੇ ਹਨ ਪਰ ਕੋਈ ਅਗਵਾਈ ਨਹੀ ਦੇ ਰਿਹਾ। ਕਿਸੇ ਕਿਆਮਤ ਦੇ ਦਿਨ ਦੀ ਉਡੀਕ ਵਾਂਗ ਕਿੰਨੇ ਹੀ ਵਰਿਆਂ ਤੋਂ ਆਪਣਿਆਂ ਦੇ ਗਮ ਵਿੱਚ ਇਹ ਹਰ ਰੋਜ਼ ਮਰਦੇ ਹਨ। ਸੜਕ ਕਿਨਾਰੇ ਖੜੇ ਰੁੱਖਾਂ ਵਾਂਗ ਸੁੱਕ ਗਏ ਹਨ। ਜੋ ਸੁਰਜੀਤ ਪਾਤਰ ਦੀ ਗਜ਼ਲ ਅਨੁਸਾਰ
“ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ, ਸੁਣਦਿਆਂ ਸੁੱਕ ਗਏ
ਆਖੋ ਇਹਨਾਂ ਨੂੰ ਆਪਣੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ।”

ਬਾਂਝ ਧਰਤੀ

  • ਗੁਰਮੇਲ ਸਿੰਘ ਬੌਡੇ

ਹਾੜੀ ਦੀ ਫਸਲ ਵੱਢੀ ਤੇ ਕੱਢੀ ਜਾ ਰਹੀ ਸੀ। ਹਰ ਇੱਕ ਨੂੰ ਦਾਣੇ ਜਲਦੀ ਜਲਦੀ ਕੱਢ ਕੇ ਸਾਂਭਣ ਦੀ ਕਾਹਲੀ ਸੀ। ਵੈਸਾਖ ਦੀ ਸੰਗਰਾਂਦ ਲੰਘੀ ਨੂੰ ਅਜੇ ਇੱਕ ਦਿਨ ਹੀ ਹੋਇਆ ਸੀ ਕਿ ਅਸਮਾਨ ‘ਚ ਕਾਲੇ ਬੱਦਲ ਛਾਏ ਹੋਏ ਸਨ। ਅੱਜ ਤਾਂ ਦਿਨ ਵੇਲੇ ਹੀ ਰਾਤ ਪੈਣ ਵਰਗਾ ਮਹੌਲ ਸੀ। ਪਿੰਡ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਚੱਲ ਰਹੇ ਸਨ।
ਸਿਮਰਜੀਤ ਸਕੂਲ ਵਿੱਚ ਹਰ ਕਲਾਸ ਵਿੱਚੋਂ ਪਹਿਲੇ ਦਰਜ਼ੇ ਤੇ ਆਉਣ ਵਾਲੀ ਵਿਦਿਆਰਥਣ ਤੇ ਪੰਜਾਬ ਵਿੱਚ ਉਹ ਦੌੜਾਂ ਵਿੱਚ ਤੇਜ਼ ਦੌੜਾਕ ਵਜੋਂ ਭਾਗ ਲੈ ਚੁੱਕੀ ਸੀ। ਸਕੂਲ ਦੇ ਸਾਰੇ ਹੀ ਅਧਿਆਪਕ ਸਿਮਰਜੀਤ ਕੌਰ ਨੂੰ ਹੱਥੀ ਛਾਵਾਂ ਕਰਦੇ। ਉਸਦੇ ਸਿਰ ਤੋਂ ਪਿਤਾ ਦਾ ਸਾਇਆ ਪ੍ਰਾਇਮਰੀ ਸਕੂਲ ਵਿੱਚ ਪੜ•ਦੇ ਸਮੇਂ ਹੀ ਨਹੀਂ ਰਿਹਾ ਸੀ। ਜ਼ਮੀਨ ਥੋੜੀ ਸੀ। ਸਿਰ ਕਰਜ਼ਾ ਸੀ। ਉਸ ਸਲਫਾਸ ਖਾ ਲਈ ਸੀ। ਉਸਦੀ ਖੁਦਕਸ਼ੀ ਦਾ ਮੁੱਲ਼ ਸਰਕਾਰ ਨੇ ਦੋ ਲੱਖ ਪਾਇਆ ਸੀ। ਸਿਮਰਜੀਤ ਆਪਣੇ ਪਾਪਾ ਦੀ ਲਾਡਲੀ ਸਿੰਮੀ ਸੀ। ਉਸ ਰੋ ਰੋ ਕੇ ਅੱਖਾਂ ਸੁਜਾ ਲਈਆਂ ਸਨ ਅਤੇ ਕਈ ਦਿਨ ਸਕੂਲ ਨਹੀ ਸੀ ਆਈ। ਅਧਿਆਪਕਾਂ ਨੇ ਉਸਦੇ ਸਿਰ ਤੇ ਹੱਥ ਰੱਖਿਆ ਸੀ। ਮਾਂ ਨੇ ਸਿਰ ਦੇ ਸਾਈਂ ਦੀ ਖੁਦਕਸ਼ੀ ਤੇ ਮਿਲੇ ਦਮੜਿਆਂ ਨਾਲ ਕਰਜ਼ ਉਤਾਰ ਦਿੱਤਾ ਸੀ। ਪਰ ਜ਼ਮੀਨ ਦਾ ਟੱਕ ਅਜੇ ਵੀ ਗਹਿਣੇ ਸੀ।
ਸਿਮਰਜੀਤ ਦੇ ਘਰ ਕੋਈ ਸੋਟੀ ਧਰਾ ਭਾਵ ਭਰਾ ਨਹੀ ਸੀ। ਬੱਸ ਘਰ ਦਾ ਗੁਜਾਰਾ ਖੇਤ ਮਜਦੂਰਾਂ ਵਾਂਗ ਚੱਲ਼ੀ ਜਾ ਰਿਹਾ ਸੀ। ਉਸਦੀ ਇੱਕੋ ਇੱਕ ਆਸ ਸਿਮਰਜੀਤ ਨੂੰ ਪੜ•ਾ ਕੇ ਕੁਝ ਬਣਾ ਕੇ ਉਸਦੇ ਹੱਥ ਪੀਲੇ ਕਰਕੇ ਬਣਦੇ ਫਰਜ ਤੋਂ ਸੁਰਖਰੂ ਹੋਣਾ ਸੀ। ਸਾਰੇ ਸਕੂਲ ਇਲਾਕੇ ਤੇ ਪੰਜਾਬ ਵਿੱਚ ਉਸਦੀਆਂ ਪ੍ਰਾਪਤੀਆਂ ਦੀ ਧਾਂਕ ਜੰਮ ਹੋਈ ਸੀ।
ਗਹਿਣੇ ਪਈ ਜ਼ਮੀਨ ਤੇ ਪੁੱਤਰ ਦੀ ਘਾਟ ਕਾਰਨ ਸਿਮਰਨਜੀਤ ਕੌਰ ਦੀ ਮਾਂ ਹਰਬੰਸ ਕੌਰ ਜੋ ਗਰੀਬੀ ਕਾਰਨ ਹੁਣ ਬੰਸੋ ਬਣਕੇ ਰਹਿ ਗਈ ਸੀ। ਉਹ ਅੰਦਰੋਂ ਅੰਦਰੇ ਖੋਖਲੀ ਹੁੰਦੀ ਜਾ ਰਹੀ ਸੀ। ਚਾਲੀ-ਪੰਜਾਹ ਸਾਲਾਂ ਦਰਮਿਆਨ ਦੀ ਉਮਰ ਵਿਚ ਉਹ ਦੇਖਣ ਨੂੰ ਸੱਠ ਪੈਂਹਟ ਸਾਲ ਦੀ ਲੱਗਦੀ ਸੀ। ਜਿਸ ਕਾਰਨ ਉਸਦੇ ਹੱਥ ਡੰਗੋਰੀ ਆ ਗਈ ਸੀ। ਉਸ ਡੰਗੋਰੀ ਦਾ ਸਹਾਰਾ ਸਿਰਫ ਸਿਮਰਜੀਤ ਹੀ ਸੀ ਜਿਸਤੇ ਉਸਨੂੰ ਆਸ ਸੀ ਕਿ ਧੀ-ਪੁੱਤ ਬਣਕੇ ਘਰ ਦੀ ਕਾਇਆ ਕਲਪ ਕਰ ਦੇਵੇਗੀ। ਧੀ ਵੱਲ਼ੋਂ ਖੱਟੀ ਨੇਕ ਨਾਮੀ ਕਾਰਨ ਉਹ ਪਿੰਡ ਵਿੱਚ ਮਾਣ ਨਾਲ ਤੁਰਦੀ ਸੀ। ਪਰ ਦਿਨੋ ਦਿਨ ਸਿਹਤ ਅਤੇ ਆਰਥਿਕ ਪੱਖੋਂ ਨਿੱਘਰਦੀ ਵੀ ਜਾ ਰਹੀ ਸੀ। ਜਿਸਦਾ ਸਿਮਰਜੀਤ ਨੂੰ ਝੋਰਾ ਸੀ। ਉਸਦੀ ਸਥਿਤੀ ਨੂੰ ਸਮਝਦਿਆਂ ਸਕੂਲ ਅਧਿਆਪਕ ਆਪਣੇ ਕੋਲੋਂ ਹੀਂ ਉਸਦੀ ਫੀਸ ਭਰ ਦਿੰਦੇ ਕਿਤਾਬਾਂ-ਕਾਪੀਆਂ ਲੈ ਦਿੰਦੇ ਅਤੇ ਉਸ ਲਈ ਵੱਧ ਤੋਂ ਵੱਧ ਵਜੀਫੇ ਦਾ ਪ੍ਰਬੰਧ ਵੀ ਕਰ ਦਿੰਦੇ ਜਾਂ ਇਹ ਕਹਿ ਲਵੋ ਕਿ ਉਸ ਦੀਆਂ ਪ੍ਰਾਪਤੀਆਂ ਇਸਦਾ ਆਧਾਰ ਸਨ।
ਅੱਜ ਮੌਸਮ ਦੇ ਵਿਗੜੇ ਮਿਜਾਜ ਵਿੱਚ ਉਸਦੀ ਮਾਂ ਨੇ ਸਿਮਰਜੀਤ ਨੂੰ ਨਾਲ ਲੈ ਕੇ ਸਕੂਲ ਦੀ ਦਹਿਲੀਜ ਲੰਘੀ। ਉਸਦਾ ਦਾਖਲਾ ਭਰਨ ਲਈ ਉਸਨੇ ਖੀਸੇ ਵਿੱਚੋਂ ਮੋਮੀ ਕਾਗਜ ਦੀਆਂ ਕਈ ਤਹਾਂ ਖੋਹਲ ਕੇ ਸੌ ਸੌ ਦੇ ਪੰਜ ਨੋਟ ਦਾਖਲਾ ਕਰ ਰਹੇ ਅਧਿਆਪਕ ਵੱਲ ਵਧਾਏ। ਸਿਮਰਜੀਤ ਦੀ ਮਾਂ ਨੂੰ ਸਾਹਮਣੇ ਦੇਖਕੇ ਦਾਖਲਾ ਕਰ ਰਹੇ ਅਧਿਆਪਕ ਨੇ ਕੁਰਸੀ ਛੱਡੀ ਤੇ ਸਤਿਕਾਰ ਵਜੋਂ ਖੜਾ ਹੋ ਗਿਆ। ਫਿਰ ਉਸਨੇ ਕੁਰਸੀ ਮੰਗਵਾ ਕੇ ਹਰਬੰਸ ਕੌਰ ਨੂੰ ਬਿਠਾਇਆ। ਪਾਣੀ ਪਿਲਾ ਕੇ ਸੇਵਾਦਾਰ ਨੂੰ ਚਾਹ ਲਿਆਉਣ ਲਈ ਕਹਿ ਦਿੱਤਾ। ਜਦ ਉਹ ਪੈਸੇ ਫੜਾਉਣ ਲਈ ਅੱਗੇ ਵਧਾਏ ਤਾਂ ਅਧਿਆਪਕ ਨੇ ਕਿਹਾ “ਮਾਂ ਜੀ ਸਿਮਰਜੀਤ ਸਕੂਲ ਦੀ ਹੀ ਨਹੀ ਸਾਰੇ ਪਿੰਡ ਦੀ ਧੀ ਹੈ। ਤੁਸੀਂ ਬਿਮਾਰੀ ਦੀ ਹਾਲਤ ਵਿੱਚ ਖੇਚਲ ਕਿਉਂ ਕੀਤੀ। ਤੁਸੀਂ ਪੈਸੇ ਆਪਣੇ ਕੋਲ ਰੱਖੋ ਸਿਮਰਜੀਤ ਦੀ ਦਾਖਲਾ ਫੀਸ ਤਾਂ ਦਸ ਦਿਨ ਪਹਿਲਾਂ ਭਰ ਕੇ ਜਮ•ਾਂ ਵੀ ਕਰਵਾ ਦਿੱਤੀ ਹੈ। ਇਹ ਸੁਣਕੇ ਹਰਬੰਸ ਕੌਰ ਨੇ ਕਿਹਾ “ਜਿਊਂਦੇ ਰਹੋ ਵੇ ਪੁੱਤਰੋ ਜਿਨਾ ਇਸ ਡੁੱਬੜੀ ਨੂੰ ਆਪਣੀ ਧੀ ਸਮਝਿਆ ਹੈ।”
“ਨਹੀ ਮਾਤਾ ਜੀ ਅਜਿਹੇ ਵਿਦਿਆਰਥੀ ਦੀ ਮਦਦ ਕਰਨਾ ਤਾਂ ਅਧਿਆਪਕਾਂ ਦਾ ਪਰਮ ਧਰਮ ਹੈ।ਤੁਸੀਂ ਫਿਕਰ ਨਾ ਕਰੋ। ਜੇ ਕੋਈ ਮੁਸ਼ਕਲ ਹੈ ਤਾ ਸਾਨੂੰ ਸੁਨੇਹਾਂ ਭੇਜੋ ਅਸੀਂ ਖੁਦ ਆ ਜਾਵਾਂਗੇ।”
ਧੀ ਪ੍ਰਤੀ ਸਕੂਲ ਦੀ ਹਮਦਰਦੀ ਤੇ ਅਧਿਆਪਕਾਂ ਦਾ ਲਗਾਓ ਦੇਖਕੇ ਹਰਬੰਸ ਕੌਰ ਚਾਹ ਪੀ ਕੇ ਧੀ ਨੂੰ ਦੁਲਾਰਦੀ ਹੋਈ ਆਪਣੇ ਨਾਲ ਲੈ ਗਈ। ਕਿਉਕੇ ਸਿਹਤ ਕਮਜ਼ੋਰ ਹੋਣ ਕਾਰਨ ਹਰਬੰਸ ਕੌਰ ਨੂੰ ਘਰ ਪਹੁੰਚਣ ਲਈ ਤੇ ਘਰ ਦੇ ਕੰਮ ਕਾਰ ਲਈ ਉਸਦੀ ਲੋੜ ਸੀ। ਅਪ੍ਰੈਲ-ਮਈ ਮਹੀਨੇ ਸਿਮਰਜੀਤ ਲਗਾਤਾਰ ਸਕੂਲ ਆਉਂਦੀ ਰਹੀ। ਸਕੂਲ ਦੇ ਡੀ.ਪੀ ਦਰਸ਼ਨ ਸਿੰਘ ਨੇ ਉਸ ਅੱਗੇ ਪੀ.ਟੀ ਊਸਾ ਅਤੇ ਪੜਾਈ ਵਿੱਚ ਉਸਦੇ ਸਾਲਾਨਾ ਨੰਬਰ ਦੇਖ ਕੇ ਕਲਾਸ ਇੰਚਾਰਜ ਹਰਮੇਲ ਸਿੰਘ ਨੇ +2 ਵਿੱਚ ਸਾਇੰਸ ਦੇ ਲਏ ਟੈਸਟਾਂ ਚੋਂ ਅੰਕ ਦੇਖਕੇ ਉਸ ਅੱਗੇ ਕਲਪਨਾ ਚਾਵਲਾ ਦਾ ਟੀਚਾ ਰੱਖਿਆ ਸੀ। ਸਿਮਰਜੀਤ ਵੀ ਸਕੂਲ ਦੀ ਲਾਇਬਰੇਰੀ ਚੋਂ ਕਲਪਨਾ ਚਾਵਲਾ, ਰਾਕੇਸ਼ ਸ਼ਰਮਾ, ਏ.ਪੀ.ਜੇ ਅਬਦੁਲ ਕਲਾਮ ਤੇ ਹੋਰ ਵਿਗਿਆਨੀਆਂ ਦੀਆਂ ਕਿਤਾਬਾਂ ਲੈ ਕੇ ਪੜਦੀ। ਇੱਕ ਦਿਨ ਉਸਨੇ ਆਪਣੇ ਅਧਿਆਪਕ ਦਾ ਕਲਪਨਾ ਚਾਵਲਾ ਤੇ ਫੌਜੀਆਂ ਦੇ ਤਾਬੂਤਾਂ ‘ਚ ਹੁੰਦੀ ਦਲਾਲੀ ਬਾਰੇ ਅਖਬਾਰ ਚੋਂ ਕਹਾਣੀ ਪੜਕੇ ਕਿਹਾ ਸੀ “ਸਰ ਤੁਹਾਡੀਆਂ ਲਿਖਤਾਂ ਬੜੀਆਂ ਘੈਂਟ ਹੁੰਦੀਆ ਹਨ।” ਬੱਸ ਕੁੜੀਏ ਇਹ ਤਾਂ ਸਮਾਜ ਨੂੰ ਸੁਨੇਹਾਂ ਦੇਣ ਦੀ ਕੋਸ਼ਿਸ਼ ਹੈ। “ਅਧਿਆਪਕ ਨੇ ਮੁਸਕਰਾ ਕੇ ਕਿਹਾ ਸੀ। ਉਸਦੇ ਚੇਹਰੇ ਤੇ ਹਮੇਸ਼ਾ ਖੇੜਾ ਰਹਿੰਦਾ ਪਰ ਅੱਜ ਪਤਾ ਨਹੀਂ ਕਿਉਂ ਕੁਝ ਦਿਨਾਂ ਤੋਂ ਸਿਮਰਜੀਤ ਦੇ ਚੇਹਰੇ ਉਪਰ ਉਦਾਸੀ ਦੀਆਂ ਕਈ ਪਰਤਾਂ ਜੰਮੀਆਂ ਹੋਈਆਂ ਸਨ। ਸਕੂਲ ਦੇ ਸਟਾਫ ਨੂੰ ਉਸਦੀ ਮਾਤਾ ਦੀ ਸਿਹਤ ਬਾਰੇ ਪਤਾ ਸੀ। ਉਹ ਸਿਰਫ ਅਧਿਆਪਕ ਸਨ ਡਾਕਟਰ ਨਹੀਂ। ਇਲਾਜ ਤਾਂ ਡਾਕਟਰਾਂ ਦੇ ਹੱਥ ਵੱਸ ਹੈ। ਜੂਨ ਮਹੀਨੇ ਦੀਆਂ ਛੁੱਟੀਆਂ ਨੇੜੇ ਦੇਖਕੇ ਸਾਰੇ ਸਟਾਫ ਨੇ ਸਿਮਰਜੀਤ ਨੂੰ ਉਸਦੀ ਮਾਤਾ ਦੇ ਇਲਾਜ ਲਈ ਆਪਣੀ ਤਨਖਾਹ ਚੋਂ ਪੈਸੇ ਇੱਕਠੇ ਕਰਕੇ ਸੱਠ ਹਜ਼ਾਰ ਰੁਪਏ ਇੱਕਠੇ ਕਰਕੇ ਸਿਮਰਜੀਤ ਨੂੰ ੩੦ ਮਈ ਨੂੰ ਫੜਾ ਦਿੱਤੇ। ਨਾਂ-ਨਾਂ ਕਰਦੀ ਤੇ ਪੈਸੇ ਫੜਦੀ ਸਿਮਰਜੀਤ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਜੂਨ ਮਹੀਨੇ ਦੀਆਂ ਛੁੱਟੀਆਂ ਲੰਘ ਗਈਆਂ। ਜੁਲਾਈ ਦੇ ਪਹਿਲੇ ਹਫਤੇ ਦੇ ਸੁਰੂ ਵਿੱਚ ਸਕੂਲ ਮੁੜ ਖੁੱਲ ਗਏ। ਹਰਮੇਲ ਸਿੰਘ ਕਲਾਸ ‘ਚ ਹਾਜ਼ਰੀ ਲਗਾ ਰਿਹਾ ਸੀ।
“ਰੋਲ ਨੰਬਰ ਇੱਕ”
“ਹਾਜ਼ਰ ਜੀ”
“ਰੋਲ ਨੰਬਰ ਦੋ”
“ਹਾਜਰ ਜੀ”
“ਤਿੰਨ”
“ਹਾਜਰ ਜੀ”
ਕਹਿਕੇ ਵਿਦਿਆਰਥੀ ਬੈਠ ਰਹੇ ਸਨ। ਪਰ ਸਿਮਰਜੀਤ ਸਕੂਲ ਨਾ ਆਈ ਤੇ ਅਧਿਆਪਕ ਨੇ ਉਸਦੇ ਨਾਮ ਵਾਲਾ ਖਾਨਾ ਖਾਲੀ ਛੱਡਕੇ ਕਲਾਸ ਦੀ ਹਾਜ਼ਰੀ ਲਗਾਈ ਤੇ ਛੁੱਟੀਆਂ ਦਾ ਕੰਮ ਚੈਕ ਕੀਤਾ। ਇੱਕ ਹਫਤਾ ਹੋਰ ਲੰਘ ਗਿਆ। ਸਿਮਰਜੀਤ ਦੀ ਹਾਜ਼ਰੀ ਵਾਲਾ ਖਾਨਾ ਅਜੇ ਵੀ ਖਾਲੀ ਸੀ ਅਤੇ ਦਸ ਤਰੀਕ ਤੋਂ ਪਹਿਲਾਂ ਪਹਿਲਾਂ ਹਰਮੇਲ ਨੇ ਸਿਮਰਜੀਤ ਦੀ ਫੀਸ ਆਪਣੇ ਕੋਲੋਂ ਭਰ ਦਿੱਤੀ ਸੀ। ਜਦ ਕਈ ਦਿਨ ਹੋਰ ਲੰਘ ਗਏ ਤਾਂ ਕਲਾਸ ਇੰਚਾਰਜ ਹਰਮੇਲ ਨੇ ਵਿਦਿਆਰਥੀਆਂ ਤੋਂ ਪੁੱਛਿਆ ਤਾਂ ਇੱਕ ਇੱਕ ਵਿਦਿਆਰਥਣ ਨੇ ਦੱਸਿਆ
“ਸਰ ਸਿਮਰਜੀਤ ਦੀ ਮਾਂ ਨੂੰ ਕੈਂਸਰ ਹੈ ਤੇ ਉਹ ਉਸ ਨਾਲ ਰੇਲ ਗੱਡੀ ਤੇ ਰਾਜਸਥਾਨ ਦਵਾਈ ਲੈਣ ਜਾਂਦੀ ਹੁੰਦੀ ਹੈ। ਅਧਿਆਪਕ ਸਿਮਰਜੀਤ ਦੇ ਘਰ ਵੀ ਗਏ ਪਰ ਘਰ ਨੂੰ ਜਿੰਦਰ ਲੱਗਾ ਦੇਖ ਕੇ ਵਾਪਸ ਪਰਤ ਆਉਂਦੇ। ਮਹੀਨੇ-ਛੇ ਮਹੀਨੇ-ਸਾਲ ਲੰਘ ਗਿਆ। ਸਿਮਰਜੀਤ ਕਦੇ ਸਕੂਲ ਨਾ ਆਈ। ਗਹਿਣੇ ਵਾਲਿਆਂ ਨੇ ਜ਼ਮੀਨ ਦਾ ਟੱਕ ਬੈਅ ਲੈ ਲਿਆ ਸੀ। ਪਰ ਸਿਮਰਜੀਤ ਦੀ ਇਸ ਪੈਸੇ ਨਾਲ ਵੀ ਪੂਰੀ ਨਾ ਪਈ। ਗੰਭੀਰ ਬੀਮਾਰੀ ਦੇ ਇਲਾਜ ਲਈ ਤਾਂ ਰੁਪਈਆਂ ਦੀਆਂ ਪੰਡਾਂ ਦੀਆਂ ਪੰਡਾਂ ਚਾਹੀਦੀਆਂ ਹਨ। ਸਭ ਕੁਝ ਖਤਮ ਹੋਣ ਤੋਂ ਬਾਅਦ ਹੁਣ ਦੋ ਵੇਲੇ ਦੀ ਰੋਟੀ ਤੇ ਹਰਬੰਸ ਕੌਰ ਦੀ ਦਵਾਈ ਦੇ ਓਹੜ ਪੋਹੜ ਲਈ ਹਰ ਦਿਨ ਨਵਾਂ ਖਰਚਾ ਮਗਰਮੱਛ ਵਾਂਗ ਮੂੰਹ ਅੱਡੀ ਖੜਾ ਹੁੰਦਾ। ਸਿਮਰਜੀਤ ਕੋਲ ਪੜਾਈ ਤੇ ਖੇਡਾਂ ਤੋਂ ਬਿਨ•ਾ ਕੁਝ ਨਹੀ ਸੀ। ਜੋ ਪਿੰਡ ਵਾਸੀ ਉਸਦੀ ਜਿੱਤ ਤੇ ਹਾਰ ਪਾ ਕੇ ਘਰੇ ਲਿਆਉਂਦੇ ਸਨ ਹੁਣ ਉਹ ਵੀ ਪਾਸਾ ਵੱਟਣ ਲਗੇ। ਘਰ ਅਤੇ ਮਾਂ ਦੀ ਹਾਲਤ ਦੇਖ ਕੇ ਸਿਮਰਜੀਤ ਦੀ ਸਾਰੀ ਰਾਤ ਪਾਸੇ ਮਾਰਦਿਆਂ ਦੀ ਲੰਘਦੀ। ਉਹ ਆਪਣੀ ਮਾਂ ਲਈ ਆਪਣੀ ਜਾਨ ਵੀ ਵੇਚਣ ਨੂੰ ਤਿਆਰ ਸੀ। ਜੇ ਪੁੱਤਰ ਹੁੰਦਾ ਤਾਂ ਸ਼ਾਇਦ ਉਹ ਵੀ ਅੱਕ ਕੇ ਕਹਿ ਦਿੰਦਾ ਕਿ “ਜੇ ਮਰਦੀ ਏ ਤਾਂ ਮਰਨ ਦੇ ਮੈਂ ਕੀ ਕਰਾ ? ਪਰ ਸਿਮਰਜੀਤ ਅਹਿਸਾਨ ਫਰਾਮੋਸ਼ ਦੀ ਮਿੱਟੀ ਦੀ ਨਹੀਂ ਬਣੀ ਹੋਈ ਸੀ। ਇਸ ਸਮੱਸਿਆਂ ਵਿੱਚੋਂ ਨਿਕਲਣ ਲਈ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ। ਜੇ ਮਾਂ ਨੂੰ ਦੱਸਿਆ ਤਾਂ ਉਸਨੇ ਮਾਰਨੀ ਮਰ ਜਾਣਾ ਸੀ ਪਰ ਇਸ ਕੰਡਿਆਲੇ ਰਾਹਾਂ ਦੀ ਪਾਂਧੀ ਬਣਨ ਦੀ ਇਜਾਜਤ ਕਦੇ ਵੀ ਨਹੀਂ ਸੀ ਦੇਣੀ। ਅਗਲੇ ਦਿਨ ਉਹ ਉੱਠੀ ਤੇ ਕਿਹਾ “ਮਾਂ ਘਰ ਦਾ ਚੁੱਲਾ ਤਪਦਾ ਰੱਖਣ ਤੇ ਦਵਾਈ ਬੂਟੀ ਲਈ ਮੈਂ ਸਿਲਾਈ ਕਢਾਈ ਜਾਂ ਕੰਪਿਊਟਰ ਅਤੇ ਫੋਟੋ ਸਟੇਟ ਕਰਨ ਵਾਲੀ ਦੁਕਾਨ ਤੇ ਕੋਈ ਕੰਮ ਭਾਲ ਲਵਾ? ਉਸਨੂੰ ਪਤਾ ਸੀ ਕਿ ਉਸਨੂੰ ਏਥੇ ਕੋਈ ਕੰਮ ਨਹੀ ਮਿਲੇਗਾ। ਸਿਲਾਈ ਕਢਾਈ ਦੀ ਤਾਂ ਉਸਨੂੰ ਏ.ਬੀ.ਸੀ ਵੀ ਨਹੀ ਆਉਂਦੀ ਸੀ। ਫੋਟੋ ਸਟੈਟਾਂ ਵਾਲੇ ਵੀ ਹਜ਼ਾਰ ਬਾਰਾ ਸੌ ਤੋਂ ਵੱਧ ਦੇਣ ਨੂੰ ਤਿਆਰ ਨਹੀ ਸਨ। ਹਜ਼ਾਰ ਬਾਰਾ ਸੌ ਦੀ ਤਾਂ ਮਾਂ ਦੀ ਹਫਤੇ ਦੀ ਦਵਾਈ ਹੈ। ਇਸ ਕਠੋਰ ਹਕੀਕਤ ਨੇ ਸਿਮਰਜੀਤ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਸਕੂਲ ਦੇ ਅਧਿਆਪਕਾਂ ਦੀ ਲਾਡਲੀ ਅੱਜ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜਬੂਰ ਸੀ।
ਹੁਣ ਕੰਡਿਆਲੇ ਰਾਹਾਂ ਤੇ ਤੁਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀ ਸੀ। ਜਿਸਦੀ ਇਜ਼ਾਜਤ ਮਾਂ ਨੇ ਕਦੇ ਵੀ ਨਹੀ ਸੀ ਦੇਣੀ। ਉਸਨੂੰ ਮਰਨਾ ਮਨਜੂਰ ਹੋਣਾ ਸੀ। ਮਾਂ ਤੋਂ ਬਿਨ•ਾਂ ਉਸਦਾ ਕੌਣ ਹੈ? ਇਕੱਲੀ ਘਰੇ ਕਿਵੇਂ ਰਹੇਗੀ? ਪਿੰਡ ਦੀ ਨਸ਼ੇੜੀ ਮਡੀਹਰ ਤੇ ਲੱਚਰਤਾ ਦੇ ਚਿੱਕੜ ‘ਚ ਲਿੱਬੜੇ ਮੁਸ਼ਟੰਡਿਆਂ ਤੋਂ ਆਪਣਾ ਦਾਮਨ ਕਿਵੇਂ ਬਚਾਏਗੀ? ਉਸ ਵਰਗੀਆਂ ਹੋਰ ਮਜਬੂਰ ਕੁੜੀਆਂ ਵੀ ਹੋਣਗੀਆਂ। ਦੁੱਖ ਸੁੱਖ ਵੰਡਾ ਲਈਏ ਤਾਂ ਅੱਧਾ ਰਹਿ ਜਾਂਦਾ ਹੈ।
ਇਹ ਸੋਚ ਉਸਦੇ ਪੈਰ ਸ਼ਹਿਰ ਦੇ ਡੀਲਾਈਟ ਨਾਂ ਦੇ ਮਸ਼ਹੂਰ ਸੱਭਿਆਚਾਰਕ ਗਰੁੱਪ ਦੀ ਚੁਬਾਰੇ ਤੇ ਬਣੀ ਦੁਕਾਨ ਤੇ ਚਲੀ ਗਈ। ਉੱਥੇ ਇੱਕ ਅਧਖੜ ਉਮਰ ਦੀ ਔਰਤ ਤੇ ਮਰਦ ਬੈਠੇ ਸਨ। ਉਹਨਾਂ ਸਾਹਮਣੇ ਕੁਛ ਲੜਕੀਆਂ ਕਮਰੇ ‘ਚ ਡੈਕ ਤੇ ਨੱਚ ਰਹੀਆਂ ਸਨ। ਉਸ ਡਿੱਕ ਬੰਦ ਕੀਤਾ ਤੇ ਪ੍ਰਸ਼ਨ ਵਾਚਕ ਨਜ਼ਰਾਂ ਨਾਲ ਪੁੱਛਿਆ “ਆਓ ਬੀਬਾ”
“ਜੀ ਇਹ ਕੰਮ ਕਰਨਾ ਚਾਹੁੰਦੀ ਹਾਂ” ਸਿਮਰਜੀਤ ਨੇ ਜਵਾਬ ਦਿੱਤਾ।
“ਕੀ ਪਹਿਲ਼ਾਂ ਕਿਸੇ ਗਰੁੱਪ ਵਿੱਚ ਕੰਮ ਕੀਤਾ ਹੈ? ”
“ਨਹੀ ਜੀ”
“ਅੱਛਾ ਤਾਂ ਫਿਰ ਪਹਿਲਾ ਨੱਚਣ ਦੀ ਰੀਹੈਸਲ ਸਿੱਖੋ ਫਿਰ ਤੁਹਾਡਾ ਕੰਮ ਦੇਖਾਂਗੇ।”
“ਸਰ ਜੀ ਮੈਂ ਮਜਬੂਰੀ ਦੀ ਮਾਰੀ ਹੋਈ ਹਾਂ। ਮਾਂ ਨੂੰ ਕੈਂਸਰ ਹੈ।ਬਾਪ ਖੁਦਕਸ਼ੀ ਕਰ ਗਿਆ ਜ਼ਮੀਨ ਬੈਅ ਹੋ ਗਈ। ਮੈਨੂੰ ਰੋਜ਼ ਮਾਂ ਕੋਲ ਘਰ ਵੀ ਜਾਣਾ ਪਵੇਗਾ। ਸਿਮਰਜੀਤ ਦੇ ਅੱਗੇ ਖੂਹ ਤੇ ਪਿੱਛੇ ਖਾਤਾ ਸੀ। ਉਸਦੀ ਗੱਲ ਸੁਣਕੇ ਅਧਖੜ ਉਮਰ ਦਾ ਬੰਦਾ ਬੋਲਿਆ “ਤੇਰਾ ਨਾਂ ਕੀ ਹੈ?
“ਸਰ, ਸਿਮਰਜੀਤ”
“ਅੱਛਾ ਫਿਰ ਸਿਮਰਜੀਤ ਤੈਨੂੰ ਸਾਡੇ ਗੁਰੱਪ ਨਾਲ ਪੰਜ ਸਾਲ ਦਾ ਕੰਟਰੈਕਟ ਕਰਨਾ ਹੋਵੇਗਾ। ਹਫਤੇ ਦਸ ਦਿਨਾ ‘ਚ ਤੈਨੂੰ ਤੇਰੀ ਹਾਲਤ ਦੇਖਕੇ ਪੈਸੇ ਵੀ ਦੇ ਦੇਵਾਂਗੇ। ਪਹਿਲਾ ਤਿੰਨ ਸੌ ਰੁਪਏ ਹਰ ਰੋਜ਼ ਦੇ ਤੇ ਫਿਰ ਪੂਰੀ ਟਰੈਂਡ ਹੋਣ ਤੇ ਦਿਨ ਦਾ ਦੋ ਹਜ਼ਾਰ ਜਾਂ ਇਸ ਤੋਂ ਵੱਧ ਦੇਵਾਗੇ। ਦੇਖ ਇਹ ਕੰਮ ਸਿਰਫ ਵਿਆਹਾਂ ਦੇ ਸੀਜਨ ਦਾ ਹੈ। ਜਿੰਨਾਂ ਸਿੱਖੇਗੀ ਜਾਂ ਵੱਧ ਕੰਮ ਕਰੇਂਗੀ। ਉਹਨਾਂ ਹੀ ਵੱਧ ਕਮਾਏਗੀ। ਪਰ ਪੇਸ਼ਕਾਰੀ ਕਰਦੇ ਸਮੇਂ ਕੱਪੜੇ ਤੈਨੂੰ ਸਾਡੀ ਮਰਜ਼ੀ ਅਨੁਸਾਰ ਜਾਂ ਪੇਸ਼ਕਾਰੀ ਅਨੁਸਾਰ ਪਹਿਨਣੇ ਪੈਣਗੇ। ਵਿਆਹਾਂ ‘ਚ ਸਟੇਜ ਹੇਠਾਂ ਸ਼ਰਾਬੀ ਹੋਈ ਮਡੀਹਰ ਤੇ ਬੁੜੇ ਵੀ ਨੱਚ ਸਕਦੇ ਐ। ਗੰਦੇ ਇਸ਼ਾਰੇ ਵੀ ਕਰ ਸਕਦੇ ਐ। ਇਸ ਤੋਂ ਅੱਗੇ ਹੋਰ ਕੁਝ ਨਹੀਂ। ਗਰੁੱਪ ਤੁਹਾਡੀ ਸਕਿਓਰਟੀ ਦੀ ਗਰੰਟੀ ਲੈਂਦਾ ਹੈ। ਸਿਰਫ ਤੈਨੂੰ ਸ਼ਾਮ ਚਾਰ ਵਜੇ ਛੁੱਟੀ ਕਰਦਿਆਂ ਕਰਾਂਗੇ ਪਰ ਵਿਆਹਾਂ ਦੇ ਸੀਜ਼ਨ ਸਮੇਂ ਘੰਟਾ ਦੋ ਘੰਟੇ ਵੱਧ ਵੀ ਲੱਗ ਸਕਦੇ ਐ-ਬੋਲ ਮਨਜੂਰ ਹੈ”
“ਜੀ ਹਾਂ ਜੀ ਮਨਜੂਰ” ਐਨੇ ਪੈਸਿਆਂ ਨਾਲ ਮਾਂ ਦੀ ਦਵਾਈ ਤੇ ਘਰ ਦਾ ਚੁੱਲ਼ਾ ਚਲਦਾ ਰਹਿ ਸਕੇਗਾ।
ਸਿਮਰਜੀਤ ਕੁਝ ਹੀ ਹਫਤਿਆਂ ਵਿੱਚ ਇਸ ਕਿੱਤੇ ਵਿੱਚ ਮਾਹਰ ਹੋ ਗਈ। ਸੀਜ਼ਨ ਸਮੇਂ ਪੈਸਿਆਂ ਦੀ ਬਰਸਾਤ ਹੁੰਦੀ। ਘਰੇ ਮਾਂ ਖੁਸ਼ ਸੀ ਕਿ ਧੀ ਨੂੰ ਕੰਮ ਮਿਲ ਗਿਆ ਹੈ। ਜਦੋਂ ਸੀਜ਼ਨ ਬੰਦ ਹੋ ਜਾਂਦਾ ਤਾਂ ਬੈਕ ‘ਚ ਜਮ•ਾਂ ਕਰਵਾਏ ਪੈਸਿਆਂ ਨਾਲ ਮਾਂ ਦੀ ਦਵਾਈ ਤੇ ਚੁੱਲੇ ਚੌਕੇ ਦਾ ਖਰਚ ਚਲਦਾ ਰਹਿੰਦਾ। ਸਿਮਰਜੀਤ ਮਾਂ ਨੂੰ ਛੁੱਟੀਆਂ ਹੋਣ ਦੀ ਗੱਲ ਕਹਿ ਦਿੰਦੀ। ਗੁਰੱਪ ਵਿੱਚ ਉਸਦੀਆਂ ਦੁੱਖ ਸੁੱਖ ਦੀਆਂ ਕਈ ਸਹੇਲੀਆਂ ਬਣ ਗਈਆਂ। ਆਪਣੇ ਇਲਾਕੇ ਵਿੱਚ ਹੁੰਦੇ ਪ੍ਰੋਗਰਾਮਾਂ ਵਿੱਚ ਉਹ ਆਪਣੀ ਥਾਂ ਆਪਣੀਆਂ ਸਹੇਲੀਆਂ ਨੂੰ ਭੇਜ ਦਿੰਦੀ।
ਹਰਮੇਲ ਸਿੰਘ ਨੂੰ ਪਟਿਆਲੇ ਵੱਲ਼ੋਂ ਕਰੀਬੀ ਰਿਸ਼ਤੇਦਾਰ ਦੇ ਮੁੰਡੇ ਦਾ ਵਿਆਹ ਆਇਆ। ਅਜਿਹੀਆਂ ਰਿਸ਼ਤੇਦਾਰੀਆਂ ‘ਚ ਤਾਂ ਵਿਆਹ ਤੇ ਜਾਣਾ ਹੀ ਪੈਦਾ ਹੈ। ਹਰਮੇਲ ਦਾ ਸੁਭਾਓ ਸੀ ਕਿ ਉਹ ਸਟੇਜ ਤੇ ਪੈਸੇ ਖਾਤਰ ਨੱਚ ਰਹੀਆਂ ਕੁੜੀਆਂ ਨੂੰ ਦੇਖ ਨਹੀ ਸੀ ਸਕਦਾ ਤੇ ਨਾਂ ਹੀ ਉਸਨੇ ਸ਼ਰਾਬ ਨੂੰ ਕਦੇ ਹੱਥ ਲਗਾਇਆ ਸੀ। ਅੱਜ ਜਦੋਂ ਉਹ ਪੈਲਿਸ ਵਿੱਚ ਸ਼ਗਨ ਦੇਣ ਲਈ ਦਾਖਲ ਹੋਇਆ ਤਾਂ ਡੀ.ਜੇ ਵਾਲਿਆ ਨੇ ਧੀਮੀ ਅਵਾਜ ਤੇ ਮਡੀਹਰ ਨੂੰ ਰੁਝਾਈ ਰੱਖਣ ਲਈ “ਲੱਕ ਟਵੰਟੀ ਏਟ ਕੁੜੀ ਦਾ” ਲਗਾਇਆ ਹੋਈਆ ਸੀ। ਹਰਮੇਲ ਨੂੰ ਸਮਾਜ ਦੇ ਸੱਭਿਅਤ ਹੋਣ ਤੇ ਸ਼ਰਮ ਆਈ। ਜੇ ਡੀ.ਜੇ. ਬੰਦ ਹੁੰਦਾ ਤਾਂ ਮਡੀਹਰ ਜੰਗਲੀ ਜਾਨਵਰਾਂ ਵਾਂਗ ਚੀਕਾਂ ਮਾਰਦੀ। ਬਾਕੀ ਉਹ ਦਿਲ ਦਾ ਮਰੀਜ਼ ਸੀ। ਪੇਸ ਮੇਕਰ ਲੱਗਾ ਹੋਣ ਕਰਕੇ ਡੀ.ਜੇ ਦੇ ਸ਼ੋਰ ਵਿਚ ਜਾਣਾ ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀ। ਵੈਸੇ ਵੀ ਉਸਨੂੰ ਵਿਆਹਾਂ ਦੇ ਇਸ ਵਰਤਾਰੇ ਤੇ ਨਫਰਤ ਸੀ। ਜਦੋਂ ਵਿਆਹੀ ਜੋੜੀ ਅਨੰਦ ਕਾਰਜ਼ਾਂ ਤੋਂ ਵਾਪਸ ਆਉਂਦੀ ਤਾਂ ਡੀ.ਜੇ ਦੀ ਅਵਾਜ ਬਹੁਤ ਧੀਮੀ ਹੋਣ ਕਾਰਨ ਉਹ ਰਿਸ਼ਤੇਦਾਰਾਂ ਨੂੰ ਸ਼ਗਨ ਦਾ ਲਿਫਾਫਾ ਜਲਦੀ ਜਲਦੀ ਫੜਾ ਬਾਹਰ ਲਾਅਨ ਵਿੱਚ ਆ ਜਾਂਦਾ ਸੀ। ਹਰਮੇਲ ਨੂੰ ਕਈ ਵਾਰ ਅਜਿਹੇ ਮੌਕਿਆਂ ਤੇ ਸਫਰ ਕਰਦਿਆਂ ਜਾਂ ਡੀ. ਐਮ. ਸੀ ਹਸਪਤਾਲ ਵਿੱਚ ਚੰਗੀਆਂ ਅਸਾਮੀਆਂ ਤੇ ਕੰਮ ਕਰਦੇ ਪੁਰਾਣੇ ਵਿਦਿਆਰਥੀ ਮਿਲ ਜਾਂਦੇ ਤਾਂ ਉਸਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਕਿ ਉਸਦੀ ਅਧਿਆਪਨ ਕਾਰਜ ਵਿੱਚ ਕੀਤੀ ਮਿਹਨਤ ਬੇਕਾਰ ਨਹੀ ਗਈ ਸਗੋਂ ਰੰਗ ਲਿਆਈ ਹੈ। ਜਦ ਉਹ ਸ਼ਗਨ ਦੇ ਕੇ ਮੁੜਿਆ ਤਾਂ ਨੱਚ ਰਹੀ ਸਿਮਰਜੀਤ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ ਤੇ ਦੂਸਰੀਆਂ ਕੁੜੀਆਂ ਨਾਲੋਂ ਤਾਲ ਥਿੜਕ ਗਿਆ। ਮਹੌਲ ਅਜਿਹਾ ਸੀ ਕਿ ਹਰਮੇਲ ਸਿੰਘ ਪੁੱਛ ਵੀ ਨਹੀ ਸੀ ਸਕਦਾ ਕਿ “ਸਿਮਰਨ ਤੂੰ? ਸਾਡੀ ਕਲਪਨਾ ਚਾਵਲਾ, ਸਾਡੀ ਪੀ.ਟੀ. ਊਸ਼ਾ ਕਿਹੜੇ ਰਾਹ ਪੈ ਗਈ? ਹਰਮੇਲ ਦੀਆਂ ਅੱਖਾਂ ਨਮ ਤੇ ਗੱਚ ਭਰ ਆਇਆ ਤੇ ਉਹ ਸਿਮਰਨ ਨੂੰ ਦੂਸਰੀ ਵਾਰ ਦੇਖਣ ਦਾ ਹੌਸਲਾ ਨਾ ਕਰ ਸਕਿਆ। ਸੱਭਿਆਚਾਰ ਤੇ ਇਸ ਵੇਸਵਾਗਮਨੀ ਨੇ ਹੀਰਿਆ ਮੋਤੀਆਂ ਵਰਗੀਆਂ ਪਾਇਲਟ ਬਣਨ ਦੀ ਸਮਰੱਥਾ ਰੱਖਦੀਆਂ ਧੀਆਂ ਰੋਲ ਕੇ ਰੱਖ ਦਿੱਤੀਆਂ। ਲੋਕਤੰਤਰ ਨੇ ਸਾਰੀ ਸ਼ਰਮ ਲਾਹ ਕੇ ਰੱਖ ਦਿੱਤੀ ਜਿਸਨੇ ਇਹਨਾਂ ਧੀਆਂ ਨੂੰ ਔਝੜ ਰਾਹਾਂ ਦਾ ਪਾਂਧੀ ਬਣਾ ਦਿੱਤਾ।
ਬਾਹਰ ਆ ਕੇ ਹਰਮੇਲ ਦਾ ਕੁਝ ਵੀ ਖਾਣ ਨੂੰ ਮਨ ਨਹੀ ਕਰ ਰਿਹਾ ਸੀ। ਅੰਦਰਲਾ ਦ੍ਰਿ੍ਰਸ਼ ਵਾਰ ਵਾਰ ਉਦੀਆਂ ਅੱਖਾਂ ਸਾਹਮਣੇ ਆ ਰਿਹਾ ਸੀ। ਉਹ ਰਾਜਸੀ ਢਾਂਚੇ ਦੀ ਕਮੀਨਗੀ ਤੇ ਸੋਚਾਂ ਵਿਚ ਮਗਨ ਸੀ ਕਿ ਅਚਾਨਕ ਕਿਸੇ ਨੇ ਹਰਮੇਲ ਦੇ ਮੋਢੇ ਤੇ ਹੱਥ ਰੱਖਿਆ। ਉਸ ਤ੍ਰਭਕ ਕੇ ਪਿੱਛੇ ਦੇਖਿਆ ਤਾਂ ਇੱਕ ਬਹਿਰਾ ਬੋਲਿਆ “ਸਰਦਾਰ ਜੀ ਆਪਕੋ ਪੈਲਿਸ ਕੇ ਪੀਛੇ ਇੱਕ ਲੜਕੀ ਬੁਲਾ ਰਹੀ ਹੈ?” ਜਦ ਹਰਮੇਲ ਪੈਲਿਸ ਦੇ ਪਿੱਛੇ ਪਹੁੰਚਿਆਂ ਤਾਂ ਧਾਹਾਂ ਮਾਰਦੀ ਸਿਮਰਨ ਬਾਪ ਦੇ ਗਲ ਲੱਗੀ ਧੀ ਵਾਂਗ ਧਾਂਹੀ ਧਾਂਹੀ ਰੋਣ ਲੱਗੀ।
“ਨਾ ਮੇਰਾ ਸ਼ੇਰ ਪੁੱਤ ਰੋ ਨਾਂ ਅਸੀ ਤੈਨੂੰ ਕਿਥੇ ਨਹੀਂ ਲੱਭਿਆ ਜੇ ਅੱਜ ਮਿਲੀ ਏ ਤਾਂ ਉਹ ਵੀ ਇਸ ਹਾਲਤ “ਚ “ਸਰ ਜੀ ਮੈਨੂੰ ਮੁਆਫ ਕਰ ਦਿਓ ਜੋ ਤੁਸੀ ਚਾਹੁੰਦੇ ਸੀ ਮੈਂ ਬਣ ਨਹੀ ਸਕੀ ਘਰ ਦੇ ਬੁਰੇ ਹਾਲਾਤ ਮੈਨੂੰ ਇਸ ਰਾਹ ਤੇ ਲੈ ਆਏ ਜਿੰਨਾਂ ਬਾਰੇ ਕਦੇ ਮੈਂ ਵੀ ਨਹੀ ਸੀ ਸੋਚਿਆ। “ਹਟਕੋਰੇ ਭਰਦੀ ਸਿਮਰਨ ਨੇ ਕਿਹਾ। ਹਰਮੇਲ ਸਿੰਘ ਸਭ ਕੁਝ ਸਮਝ ਗਿਆ। “ਪੁੱਤ ਮਾਂ, ਉਸਦਾ ਕੀ ਹਾਲ ਹੈ?” ਬੱਸ ਜੀ ਸਾਹ ਵਰੋਲ ਰਹੀ ਹੈ। ਜੇ ਬਾਪ ਹੁੰਦਾ ਜਾਂ ਭਰਾ ਹੁੰਦਾ ਤਾਂ ਸ਼ਾਇਦ ਇਹਨਾਂ ਔਤੜ ਰਾਹਾਂ ਤੇ ਤੁਰਨਾਂ ਨਾਂ ਪੈਦਾ। ਸਾਡੇ ਖਾਕੀ ਰੰਗ ਹੋਣ ਤੇ ਰਿਸ਼ਤੇ ਵੀ ਮੂੰਹ ਮੋੜ ਗਏ।”
“ਬੇਟਾ ਇਹ ਸਾਡੇ ਸਮਾਜ ਦਾ ਕਾਲਾ ਪੱਖ ਐ ਅਜਿਹਾ ਹੀ ਹੁੰਦਾ ਐ। ਬੇਟੇ ਮਾਂ ਤੋਂ ਬਾਅਦ ਬਾਕੀ ਜਿੰਦਗੀ ਬਾਰੇ ਕੀ ਸੋਚਿਆ?” ਹਰਮੇਲ ਨੇ ਪੁੱਛਿਆ।
“ਸਰ ਤੁਸੀ ਹੀ ਕਲਾਸ ਵਿਚ ਦਸਦੇ ਹੁੰਦੇ ਸੀ ਕਿ ਜਦ ਕਿਸੇ ਕਿੰਨਰ (ਖੁਸਰੇ) ਦੀ ਮੌਤ ਹੁੰਦੀ ਸੀ ਤਾਂ ਬਾਕੀ ਕਿੰਨਰ ਉਸਦੇ ਮੂੰਹ ਤੇ ਛਿੱਤਰ ਮਾਰਦੇ ਸਮਸਾਨ ਤੱਕ ਇਹ ਕਹਿੰਦੇ ਲੈ ਜਾਂਦੇ ਸਨ ਕਿ ਮੁੜ ਇਸ ਜੂਨ ਨਾ ਆਵੀਂ। ਸਰ ਜੀ ਮੈ ਵੀ ਇਸ ਜੂਨ ਨਹੀ ਆਉਣਾ ਚਾਹੁੰਦੀ ਸੀ। ਮੈਂ ਤਾਂ ਲੱਚਰ ਗੀਤ ਸੁਣਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਤੇ ਅੱਜ ਉਹਨਾਂ ਹੀ ਗੀਤਾਂ ਤੇ ਮੁਜ਼ਰੇ ਕਰ ਰਹੀ ਹਾਂ। ਮੈਨੂੰ ਪਤਾ ਐ ਕਿ ਮੇਰੀ ਮਾਂ ਨੇ ਬਚਣਾ ਨਹੀ । ਜਦੋਂਂ ਕਿਸੇ ਨੂੰ ਪਤਾ ਲੱਗਾ ਕਿ ਮੈਂ ਕਿਸੇ ਸੱਭਿਆਚਾਰਕ ਗਰੁੱਪ ‘ਚ ਨਚਾਰ ਰਹੀ ਹਾਂ ਤਾਂ ਮੈਨੂੰ ਜੀਵਨ ਸਾਥੀ ਵੀ ਨਹੀ ਮਿਲਣਾ। ਅੱਜ ਨਚਾਰ ਹਾਂ ਹੋਰ ਵੀਹ ਸਾਲਾਂ ਨੂੰ ਲਚਾਰ ਹੋਵਾਂਗੀ ਤੇ ਕਿਸੇ ਗੁੰਮਨਾਮ ਕੋਨੇ ‘ਚ ਆਖਰੀ ਸਾਹ ਲੈ ਕੇ ਪੰਧ ਮੁਕਾ ਜਾਵਾਂਗੀ। ਮੈ ਜਿੰਦਗੀ ਜੀ ਵੀ ਨਹੀਂ ਬਲਕਿ ਕੱਟੀ ਹੈ। “ਸਿਮਰਜੀਤ ਨੇ ਰੋਂਦੇ ਹੋਏ ਕਿਹਾ।
“ਪਰ ਕੁੜੀਏ ਇਹ ਨਾ ਤਾ ਤੇਰੀ ਮੰਜ਼ਿਲ ਸੀ ਤੇ ਨਾਂ ਹੀ ਇਹ ਪ੍ਰਾਪਤੀ ਹੈ।
“ਸਰ, ਮੈਂ ਮੰਨਦੀ ਹਾਂ ਕਿ ਇਹ ਨਹੀਂ ਹੈ ਤੇ ਨਾਂ ਹੀ ਮੈਂ ਕਦੇ ਸੋਚਿਆ ਸੀ”। ਉਸ ਕੋਨੇ ਚ ਆਏ ਅੱਥਰੂਆਂ ਨੂੰ ਰੁਮਾਲ ਨਾਲ ਪੂੰਜ ਦਿਆਂ ਅੱਗੇ ਕਿਹਾ “ਸਰ ਜੀ ਨਿੱਕੀ ਹੁੰਦੀ ਮੈਂ ਡੈਡੀ ਨੂੰ ਕੁੰਡੇ ਵਿੱਚ ਟਮਾਟਰ, ਪਿਆਜ, ਪੁਦੀਨਾਂ ਪਾ ਕੇ ਚਟਣੀ ਰਗੜਦੇ ਨੂੰ ਦੇਖਦੀ ਸਾ। ਉਹਨਾਂ ਸਾਰੀਆਂ ਚੀਜਾਂ ਦੀ ਹੋਂਦ ਮਧੋਲੀ ਜਾਂਦੀ ਸੀ। ਬੇਸ਼ੱਕ ਮੈਂ ਇਹ ਚਟਣੀ ਪਚਾਕੇਮਾਰ ਕੇ ਖਾਂਦੀ ਸੀ। ਹੁਣ ਵੱਖ ਵੱਖ ਰੀਝਾਂ ਦੀ ਚਟਣੀ ਬਣ ਜਾਣ ਤੇ ਰੋਜ ਦੇ ਬਰਾਤੀ ਮੇਰੀਆਂ ਅਦਾਵਾਂ ਦੀ ਚਟਣੀ ਖਾਦੇ ਹਨ। ਜਦੋਂ ਵੀ ਕਿਸੇ ਗਰੀਬ ਜਾਂ ਮਜਬੂਰ ਮਾਂ-ਪਿਓ ਦੀ ਧੀ, ਭਰਾ ਦੀ ਭੈਣ ਪੈਰਾਂ ‘ਚ ਘੰਗਰੂ ਜਾਂ ਪੰਜੇਬਾਂ ਪਾ ਕੇ ਡੀ.ਜੇ ਦੀ ਤੇਜ ਅਵਾਜ਼ ‘ਚ ਸਟੇਜ ਤੇ ਅਸੀਂ ਕੂੰਡੇ ‘ਚ ਚਲਦੇ ਘੋਟਣੇ ਵਾਂਗ ਅੱਡੀਆਂ ਮਾਰਦੀਆਂ ਹਾਂ ਤਾਂ ਸਾਡੀ ਹੀ ਨਹੀ ਪੰਜਾਬ ਦੇ ਪਿਓ, ਦਾਦਿਆਂ ਤੇ ਭਰਾਵਾਂ ਦੀ ਪੱਗ ਨੂੰ ਇਹ ਚਟਣੀ ਵਾਂਗ ਮਧੋਲਦੀਆਂ ਹਾਂ। ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ। ਅਧਿਆਪਕ ਸੁੰਨ ਹੋਇਆ ਪਿਆ ਸੀ ਤੇ ਆਪਣੇ ਸਰ ਦੀਆਂ ਅੱਖਾਂ ਵਿੱਚ ਅੱਥਰੂ ਦੇਖ ਸਿਮਰਨ ਦਾ ਜਿਵੇ ਅੰਦਰਲੇ ਜਜਬਾਤਾਂ ਦਾ ਕੜ ਪਾਟ ਗਿਆ ਹੋਵੇ ਉਹ ਅੱਗੇ ਬੋਲੀ “ਸਰ, ਅੱਗੇ ਤਾਂ ਮੁਗਲ ਪੰਜਾਬ ਦੀਆਂ ਤਵਾਇਫ ਬਣੀਆਂ ਧੀਆਂ ਦੇ ਮੁਜ਼ਰੇ ਦੇਖਦੇ ਹੁੰਦੇ ਸਨ। ਅਬਦਾਲੀ ਵੀ ਕਾਬਲ-ਕੰਧਾਰ ਪੰਜਾਬ ਦੀਆਂ ਧੀਆਂ ਦੀ ਹਸਤੀ ਤੋਂ ਮੁਜ਼ਰੇ ਕਰਵਾ ਕੇ ਟਕੇ ਟਕੇ ਨੂੰ ਵੇਚਦਾ ਰਿਹਾ। ਤੁਸੀਂ ਇਹ ਖੁਦ ਹੀ ਤਾਂ ਦੱਸਦੇ ਹੁੰਦੇ ਸੀ ਤੇ ਨਾਲੇ ਕਹਿੰਦੇ ਹੁੰਦੇ ਸੀ ਕਿ ਹੁਣ ਤਾਂ ਕਨੇਡਾ ਅਮਰੀਕਾ ਚੋਂ ਏਥੇ ਗਏ ਦੇਸੀ ਅਬਦਾਲੀ ਆਉਂਦੇ ਹਨ ਤੇ ਸਾਥੋਂ ਇਹ ਕਰਵਾ ਕੇ ਮਾਣ ਮਹਿਸੂਸ ਕਰਦੇ ਹਨ। ਅੱਜ ਤਾਂ ਪੰਜਾਬ ਆਪਣੀਆਂ ਹੀਂ ਧੀਆਂ ਦਾ ਮੁਜ਼ਰਾ ਦੇਖ ਰਿਹਾ ਹੈ। ਕਿੱਥੇ ਗਈ ਪੰਜਾਬ ਦੀ ਗੈਰਤ? ਸਰ, ਇਸ ਵਰਤਾਰੇ ਨੂੰ ਤੁਸੀਂ ਕਲਾਸ ਵਿੱਚ ਲੋਕਤੰਤਰ ਦਾ ਮੁਜ਼ਰਾ ਕਹਿੰਦੇ ਹੁੰਦੇ ਸੀ। ਮੈਂ ਇਸਦਾ ਹਿੱਸਾ ਬਣਾਂਗੀ ਤੇ ਮਡੀਹਰ ਨੂੰ ਗੰਦੇ ਇਸ਼ਾਰੇ ਕਰਦਿਆ, ਧੌਲ ਦਾਹੜੀ ਵਾਲੇ ਬਜੁਰਗਾਂ ਨੂੰ ਲੋਕਾਂ ਦੇ ਚੁਣੇ ਨੇਤਾਵਾਂ ਨੂੰ ਇਹ ਮੁਜ਼ਰੇ ਦੇਖਦੇ ਹੋਏ ਬੁੱਲ਼ਾਂ ਤੇ ਜੀਭ ਫੇਰਦਿਆਂ ਦੇਖਾਂਗੀ ਇਹ ਤਾਂ ਮੈਂ ਕਦੇ ਸੋਚਿਆਂ ਵੀ ਨਹੀਂ ਸੀ। ਮੈਂ ਖੁਦ ਇਸ ਵਰਤਾਰੇ ਨੂੰ ਨਫਰਤ ਕਰਦੀ ਹੁੰਦੀ ਸੀ। ਕਾਸ਼! ਮੇਰੇ ਵਾਂਗ ਥੁੱਕੇ ਹੋਏ ਨੂੰ ਚੱਟਣਾ ਕਿਸੇ ਵੀ ਧੀ ਦੀ ਜ਼ਿੰਦਗੀ ਦਾ ਹਿੱਸਾ ਨਾ ਬਣੇ। ਸਰ, ਮੇਰਾ ਨਾਂ ਜੌਕਰ ਫਿਲਮ ਵਾਂਗ ਹੁਣ ਮੇਰਾ ਨਾਂ ਵੀ ਨਾਚੀ ਜਾਂ ਨਚਾਰ ਹੈ। ਇਹ ਸਭ ਕੁਝ ਆਰਥਿਕ ਕਾਣੀ ਵੰਡ ਚੋਂ ਸੰਵੇਦਨਾਂ ਰਹਿਤ ਸਮਾਜ ਤੇ ਪੇਟ ਦੀ ਭੁੱਖ ਕਰਵਾਉਂਦੀ ਹੈ”। ਅਧਿਆਪਕ ਹਰਮੇਲ ਨੂੰ ਸਿਮਰ ਹੁਣ ਵੀ ਕੋਈ ਫਿਲਾਸਫਰ ਜਾਪੀ ਜਿਸਨੂੰ ਹਲਾਤਾਂ ਨੇ ਸਕੂਲ ਵਿੱਚ ਸੂਖਮ ਜ਼ਜ਼ਬਾਤਾਂ ਵਾਲੀ ਕੁੜੀ ਨੂੰ ਅਜਿਹਾ ਬਣਾ ਦਿੱਤਾ ਸੀ।
“ਧੀਏ ਮੈਂ ਤੇਰੀ ਮਾਨਸਿਕ ਔਖ, ਤੇਰੀ ਕਾਬਲੀਅਤ ਜੋ ਬਹੁਤ ਪਿੱਛੇ ਰਹਿ ਗਈ ਹੈ ਨੂੰ ਸਮਝਦਾ ਹਾਂ ਕੀ ਤੂੰ ਇਹ ਕੰਡਿਆਲਾ ਰਾਹ ਨਹੀਂ ਚੁਣ ਲਿਆ? “ਹਰਮੇਲ ਨੇ ਰੁਮਾਲ ਨਾਲ ਆਪਣੇ ਅੱਥਰੂ ਪੂੰਜੇ। “ਸਰ ਤੁਹਾਡੇ, ਡਾਕਟਰਾਂ, ਵਕੀਲਾਂ ਅਤੇ ਅਫਸਰਾਂ ਵਾਂਗ ਇਹ ਬਣਕੇ ਪੈਸਾ ਕਮਾਉਣ ਦਾ ਕੋਈ ਸੌਖਾ ਰਾਹ ਮੇਰੇ ਲਈ ਨਹੀ ਸੀ ਛੱਡਿਆ। ਕਿਸਾਨ-ਮਜ਼ਦੂਰ ਨੂੰ ਪੈਸੇ ਲਈ ਚਰਬੀ ਢਾਲਣੀ ਪੈਂਦੀ ਹੈ। ਸ਼ਹਿਰਾਂ ‘ਚ ਮੈਲੇ ਕੁਚੈਲੇ ਕੱਪੜੇ ਪਹਿਨਕੇ ਬੱਚੇ ਨੂੰ ਚੁੱਕ ਕੇ ਲਾਈਟ ਤੇ ਖੜੇ ਟਰੈਫਿਕ ਸਮੇਂ ਭੀਖ ਮੰਗਦੀਆਂ ਔਰਤਾਂ ਤੇ ਲੜਕੀਆਂ ਦੀ ਜੂਨ ਤਾਂ ਇਸ ਤੋਂ ਵੀ ਬਦਤਰ ਹੈ। ਦੇਸ਼ ਦੀ ਝੂਠੀ ਆਜ਼ਾਦੀ ਤੇ ਕਾਲਾ ਧੱਬਾ। ਦੇਖੋ ਸਰ ਫੌਜੀ ਨੂੰ ਘਰ ਬਾਰ ਛੱਡਕੇ ਹੱਥ ‘ਚ ਰਾਈਫਲ ਫੜਕੇ ਬਰਫੀਲੀਆਂ ਚੋਟੀਆਂ ਉਪਰ ਸਰਹੱਦ ਤੇ ਖੜਨਾ ਪੈਂਦਾ ਹੈ। ਪਤਾ ਨਹੀ ਕੇਹੜੇ ਪਾਸਿਉਂ ਗੋਲੀ ਸੀਨਾ ਚੀਰ ਜਾਵੇ ਤੇ ਇਸ ਬਹਾਦਰੀ ਦੇ ਇਵਜ਼ ਵਿੱਚ ਉਸਦੀ ਜੀਵਨ ਸਾਥਣ ਸਿਰਫ ਸਿਲਾਈ ਮਸ਼ੀਨ ਦੇ ਸਨਮਾਨ ਤੱਕ ਸੀਮਤ ਰਹਿ ਜਾਵੇ ਤੇ ਸੋਚੇ ਕਿ ਕੀ ਉਸਦਾ ਸਾਈਂ ਇਸ ਕਾਣੀ ਵੰਡ ਵਾਲੇ ਦੇਸ਼ ਲਈ ਆਪਾ ਵਾਰ ਗਿਆ, ਉਸੇ ਤਰ•ਾਂ ਸਾਨੂੰ ਵੀ ਆਪਣੇ ਸੀਨੇ ਤੇ ਗੰਦੇ ਇਸ਼ਾਰਿਆਂ ਦੀਆਂ ਗੋਲੀਆਂ ਸਹਿਣੀਆਂ ਪੈਂਦੀਆਂ ਹਨ। ਕਈ ਵਾਰ ਤਾਂ ਅਜਿਹੇ ਮਹੌਲ ‘ਚ ਸ਼ਰਾਬ ਨਾਲ ਉਤੇਜਤ ਹੋਇਆ ਬੰਦਾ ਸੱਚੀਂ ਮੁੱਚੀ ਗੋਲੀ ਚਲਾ ਦਿੰਦਾ ਹੈ ਤੇ ਫਿਰ ਸਟੇਜ ਤੇ ਮੇਰੇ ਵਰਗੀ ਕਿਸੇ ਕੁੜੀ ਦੀ ਲਹੂ ਲਿਬੜੀ ਲਾਸ਼ ਨੂੰ ਕੁੱਤੇ ਵਾਂਗ ਘਸੀਟ ਕੇ ਪਾਸੇ ਕਰ ਦਿੱਤਾ ਜਾਂਦਾ ਹੈ। ਕੋਈ ਮਨੁੱਖੀ ਹਮਦਰਦੀ ਨਹੀ। ਵਿਆਹ ਵਾਲਿਆ ਨੇ ਪੈਸੇ ਦੇ ਕੇ ਸਾਨੂੰ ਤਿੰਨ ਘੰਟਿਆਂ ਲਈ ਖਰੀਦਿਆ ਹੁੰਦਾ ਹੈ ਤੇ ਸ਼ਹੀਦ ਹੋਏ ਸੈਨਿਕ ਦੀ ਲਾਸ਼ ਕੋਲ ਖੜਕੇ ਕਿਸੇ ਹੋਰ ਸੈਨਿਕ ਵਾਂਗ ਸਾਨੂੰ ਵੀ ਸਹਿਮੀ ਹੋਈ ਹਾਲਤ ਵਿੱਚ ਨੱਚਣਾਂ ਪੈਦਾ ਹੈ। ਮੇਰਾ ਨਾਮ ਜੌਕਰ ਫਿਲਮ ਵਾਂਗ ਸ਼ੋ ਮਸਟ ਗੋ ਆਨ (ਤਮਾਸ਼ਾ ਜਾਰੀ ਰਹੇ) ਵਾਲੀ ਸੱਥਿਤੀ ਹੁੰਦੀ ਹੈ। ਕੀ ਇਹ ਜੋਖਮ ਝੱਲ ਰਹੀਆਂ ਤੁਹਾਡੀਆਂ ਪਿਆਰੀਆਂ ਵਿਦਿਆਰਥਣਾਂ ਬਹਾਦਰ ਧੀਆਂ ਨਹੀ ਹਨ? ਪਰ ਕੋਈ ਨੇਤਾ, ਕੋਈ ਅਫਸਰ, ਕੋਈ ਰਾਸ਼ਟਰੀ ਚਿੰਨ ਸਾਡੀ ਨੰਗੀ ਇੱਜਤ ਢਕਣ ਲਈ ਗਰੀਬੀ ਖਾਤਰ ਆਰਥਿਕ ਮੁਹਾਜ਼ ਤੇ ਲੜੀ ਜਾ ਰਹੀ ਜੰਗ ‘ਚ ਹੋਈ ਮੌਤ ਨੂੰ ਸਲਾਮ ਕਰਨ ਆਇਐ?
ਹਰਮੇਲ ਸਰ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਸਿਮਰਜੀਤ ਇਹ ਕਹਿ ਕੇ ਸਿਸਕ ਰਹੀ ਸੀ। ਤੁਸੀ ਸਾਡੇ ਪਿੰਡ ਤੋਂ ਸਕੂਲ਼ ਵਿੱਚ ਕਿਸੇ ਕੋਲ ਗੱਲ ਨਾ ਕਰਨੀ। ਜਿਸ ਪਿੰਡ ਨੇ ਧੀ ਦੇ ਸਿਰਾਂ ਤੇ ਹੱਥ ਨਹੀਂ ਧਰਿਆ। ਉਸ ਨਾਲ ਹੁਣ ਕੀ ਵਾਸਤਾ।ਮੈਂ ਪਿੰਡ ਵਾਲਾ ਘਰ ਵੇਚ ਕੇ ਸਹੇਲੀ ਜੋ ਮੇਰੇ ਨਾਲ ਕੰਮ ਕਰਦੀ ਹੈ ਘਰ ਲੈ ਲਿਆ ਹੈ। ਮੈਂ ਰਾਤ ਨੂੰ ਸੀਨੇ ਤੇ ਲੋਕ ਰਾਜ ਦਾ ਪੱਥਰ ਰੱਖ ਕੇ ਸੌਂਦੀ ਹਾਂ।”
“ਨਹੀ ਦੱਸਦਾ ਬੇਟੇ, ਤੂੰ ਫਿਕਰ ਨਾ ਕਰ, ਮੈਂ ਤੇਰੇ ਚੰਗੇ ਲਈ ਕੋਸ਼ਿਸ਼ ਜਰੂਰ ਕਰਾਂਗਾ, “ਹਰਮੇਲ ਨੇ ਆਪਣੇ ਅੰਦਰੋਂ ਉਠਦੇ ਹਟਕੋਰੇ ਨੂੰ ਦਬਾਉਂਦਿਆਂ ਕਿਹਾ।
“ਬੇਟੇ ਰੋ ਨਾ ਮੈਂ ਕਿਸੇ ਅਗਾਂਹ ਵਧੂ ਖਿਆਲਾਂ ਵਾਲੇ ਨੌਜੁਆਨ ਨਾਲ ਤੇਰੀ ਲਿਆਕਤ ਅਤੇ ਮਜਬੂਰੀ ਦੀ ਦਾਸਤਾਨ ਸੁਣਾ ਕੇ ਤੈਨੂੰ ਪ੍ਰਨਾਉਣ ਲਈ ਕੋਸ਼ਿਸ਼ ਕਰਾਂਗਾ, ਹਰਮੇਲ ਨੇ ਸਿਮਰ ਤੇ ਹੱਥ ਧਰਦਿਆਂ ਕਿਹਾ। ਸਰ ਬੱਸ ਕੋਸ਼ਿਸ਼ ਹੀ ਕਰੋਗੇ? ਥੁੱਕਾਂ ਨਾਲ ਕਦੇ ਵੜੇ ਨਹੀਂ ਪੱਕਦੇ ਬਾਕੀ ਮੈਂ ਤਾਂ ਸਮਾਜ ਦਾ ਚਗਲਿਆ ਹੋਇਆ ਥੁੱਕ ਹਾਂ। ਬਾਕੀ ਸਰ ਕੋਸ਼ਿਸ਼ ਦਾ ਨਾ ਕੋਈ ਸਿਰਾ ਹੁੰਦਾ ਹੈ ਤੇ ਨਾਂ ਹੀ ਅੰਤ। ਸ਼ਾਇਦ ਮੈ ਤੁਹਾਨੂੰ ਇਸੇ ਹਾਲਤ ਵਿੱਚ ਕਿਸੇ ਹੋਰ ਪ੍ਰੋਗਰਾਮ ਤੇ ਇਸੇ ਹੀ ਹਾਲਤ ਵਿੱਚ ਮਿਲਾਂ ਤਾ ਉਸ ਸਮੇ ਤੁਹਾਡੇ ਅੱਜ ਦੇ ਧਰਵਾਸ ਦਾ ਕੀ ਬਣੇਗਾ? ਹਰਮੇਲ ਹੈਰਾਨ ਸੀ ਕਿ ਉਹ ਸਿਮਰ ਦੇ ਜ਼ਖਮਾਂ ਤੇ ਵਕਤੀ ਫੈਹਾ ਰੱਖ ਰਿਹਾ ਹੈ ਜਾਂ ਮਿਰਚਾਂ ਭੁੱਕ ਰਿਹਾ ਹੈ। ਉਹ ਸੋਚ ਰਿਹਾ ਸੀ ਕਿ ਇਸ ਅਵਸਥਾ ‘ਚ ਕੰਮ ਕਰਦਿਆਂ ਹਲਾਤਾ ਨੇ ਉਸਨੂੰ ਬੌਧਿਕ ਪੱਖੋਂ ਚੇਤੰਨ ਰੱਖਿਆ ਹੋਇਆ ਸੀ । ਰੂੜੀਆਂ ਤੇ ਦਗਦੇ ਕਿਸੇ ਲਾਲ ਵਾਂਗ।
ਆਪਣੇ ਸਰ ਨੂੰ ਨਿਰ ਉੱਤਰ ਤੇ ਬੁੱਤ ਬਣਿਆ ਦੇਖ ਉਹ ਬੋਲੀ “ਸਰ ਕਲਾਸ ਵਿੱਚ ਤੁਸੀਂ ਇਤਿਹਾਸ ਪੜਾਉਂਦੇ ਸਮੇਂ ਚੀਨ ਵਿੱਚ ਇਨਕਲਾਬ ਲਿਆਉਣ ਵਾਲੇ ਮਾਓ ਵੱਲੋਂ ਵੇਸਵਾਵਾ ਜਾਂ ਨਾਚੀਆਂ ਨੂੰ ਵਿਆਹੁਤਾ ਜ਼ਿੰਦਗੀ ਦੇਣ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੰਘਾਂ ਵੱਲ਼ੋਂ ਅਬਦਾਲੀ ਦੇ ਚੁਗਲ ਚੋਂ ਕੁੜੀਆਂ ਨੂੰ ਇੱਜ਼ਤ ਦੇ ਕੇ ਵਿਆਹੁਣ ਵਾਂਗ ਕੀ ਇਸ ਪੰਜਾਬ ਚੋਂ ਸਾਨੂੰ ਕੋਈ ਗੁਰੂ ਦਾ ਸਿੰਘ ਜਾਂ ਕਾਮਰੇਡ ਮਿਲੇਗਾ? ਜਦੋਂ ਕਿਸੇ ਦਰੱਖਤ ਨੂੰ ਸਿਉਂਕ ਲੱਗ ਜਾਵੇ ਤਾਂ ਤਣਾਂ, ਟਾਹਣੀਆਂ, ਪੱਤੇ, ਫੁੱਲ਼, ਫਲ ਸਭ ਮਰ ਜਾਂਦੇ ਹਨ। ਉਸੇ ਤਰ•ਾਂ ਪੰਜਾਬ ਵਿੱਚ ਅਬਦਾਲੀ ਵਰਗੇ ਹਮਲਾਵਰਾਂ ਦੀ ਗਿਣਤੀ ਵੱਧ ਗਈ ਹੈ ਜੋ ਪੰਜਾਬ ਦੇ ਅਣਖ ਭਰੇ ਦਰਖਤ ਨੂੰ ਖਾ ਗਈ ਹੈ” ਉਸਦਾ ਸਵਾਲ ਬਹੁਤ ਵੱਡਾ ਸੀ। ਉਹ ਉਸਨੂੰ ਕਿਵੇਂ ਸਮਝਾਉਂਦਾ ਕਿ ਧੀਏ ਹੁਣ ਪੰਜਾਬ ਦੀ ਧਰਤੀ ਬੇਗੈਰਤ ਮਡੀਹਰ ਨੂੰ ਜਨਮ ਦੇ ਰਹੀ ਹੈ। ਗੁਰੂ ਦੇ ਸਿੰਘਾਂ ਤੋਂ ਭਗਤ ਸਰਾਭੇ ਦੀ ਸੋਚ ਦਾ ਸਮਾਜ ਸਿਰਜਣ ਤੋਂ ਧਰਤੀ ਵਾਂਝ ਹੋ ਚੁੱਕੀ ਹੈ। ਬਾਬਾ ਨਾਨਕ ਅਨੁਸਾਰ “ਅਰਬਦ ਨਰਬਦ ਧੁੰਦੂਕਾਰਾ£ ਦਾ ਬੋਲਬਾਲਾ ਹੈ। ਹੁਣ ਹਰਮੇਲ ਨੂੰ ਆਪਣੇ ਨਾਮ ਨਾਲ ਲੱਗੇ ਸਿੰਘ ਅਤੇ ਕਾਮਰੇਡ ਹੋਣ ਤੇ ਗਿਲਾਨੀ ਆ ਰਹੀ ਸੀ। ਫੈਨ ਦੀ ਘੰਟੀ ਨੇ ਪਲ ਦੀ ਖਾਮੋਸ਼ੀ ਨੂੰ ਭੰਗ ਕੀਤਾ”। ਹੁਣੇ ਆਈ” ਸਿਮਰ ਨੇ ਫੋਨ ਤੇ ਕਿਹਾ ਆਪਣੇ ਅਧਿਆਪਕ ਨੂੰ ਸੋਚਾਂ ਵਿੱਚ ਗੁੰਮ ਦੇਖ ਕੇ ਸਿਮਰ ਨੇ ਕਿਹਾ “ਅੱਛਾ ਸਰ ਮੈਨੂੰ ਮੋਬਾਇਲ ਤੇ ਲੜਕੀਆਂ ਬੁਲਾ ਰਹੀਆਂ ਹਨ। ਮੈਂ ਸਟੇਜ ਤੇ ਪੇਸ਼ਕਾਰੀ ਦੇਣੀ ਹੈ।” ਸ਼ਹੀਦ ਊਧਮ ਸਿੰਘ ਫਿਲਮ ਦੀ ਕਵਾਲੀ ਅੱਜ ਮਿਲਕੇ ਗੁਜਾਰਾਂਗੇ ਰਾਤ ਅੱਲਾ ਕਰੇ ਦਿਨ ਨਾ ਚੜੇ” ਸਾਡੀ ਜ਼ਿੰਦਗੀ ਤਾਂ ਦਿਨੇ ਵੀ ਰਾਤ ਹੈ ਸਰ। ਪਰ ਸਰ ਅੱਜ ਦੀ ਸ਼ਰਾਬੀ ਕਬਾਬੀ ਮਡੀਹਰ ਕੀ ਜਾਣੇ ਕਿ ਭਗਤ ਸਰਾਭੇ ਤੇ ਊਧਮ ਸਿੰਘ ਕੌਣ ਸਨ? ਅੱਛਾ ਸਰ” ਇਹ ਕਹਿਕੇ ਕਾਹਲੀ ਕਾਹਲੀ ਮੈਰਿਜ ਪੈਲਿਸ ਵੱਲ ਦੌੜ ਗਈ ਤੇ ਹਰਮੇਲ ਦਾ ਉਸ ਦੇ ਸਿਰ ਤੇ ਰੱਖਣ ਵਾਲਾ ਹੱਥ ਲੁੜਕ ਕੇ ਰਹਿ ਗਿਆ ਜਿਵੇ ਕਿ ਇਹ ਟੁੱਟ ਕੇ ਰਹਿ ਗਿਆ ਹੋਵੇ।

(ਕਹਾਣੀ)  ਨੰਬਰ 108

– ਗੁਰਮੇਲ ਸਿੰਘ ਬੌਡੇ
ਦੀਵਾਲੀ ਵਿੱਚ ਅਜੇ ਕੁਝ ਦਿਨ ਬਾਕੀ ਸਨ। ਹਰਜੀਤ ਕੌਰ ਨੇ ਆਪਣੇ ਪਤੀ ਹਰਜਿੰਦਰ ਸਿੰਘ ਨੂੰ ਕਿਹਾ ਕਿ “ਮਖਿਆ ਜੀ ਦੋ ਤਿੰਨ ਦਿਨ ਘਰ ਦੀ ਸਫਾਈ ਨੂੰ ਲੱਗ ਜਾਣੇ ਹਨ। ਕਿਉਂ ਨਾਂ ਆਪਾਂ ਬੀਬੀ ਜੀ ਨੂੰ ਦੀਵਾਲੀ ਦਾ ਸ਼ਗਨ ਦੇ ਆਈਏ।”
ਗੱਲ ਤਾਂ ਜੀਤੀ ਤੇਰੀ ਠੀਕ ਐ, ਸੜਕ ਦੇ ਨਾਲ ਲਗਦਾ ਝੋਨਾ ਕੰਬਾਈਨ ਨੇ ਵੱਢ ਦਿਤਾ ਹੈ ਤੁਲ ਵੀ ਗਿਆ ਹੈ। ਸੇਠ ਨੇ ਕਿਸਾਨ ਯੂਨੀਅਨ ਦਾ ਆਗੂ ਹੋਣ ਕਰਕੇ ਆਪਣੀ ਢੇਰੀ ਨੂੰ ਪਹਿਲ ਦਿੱਤੀ ਤੇ ਪੈਸੇ ਵੀ ਜਲਦੀ ਦੇ ਦਿੱਤੇ। ਏਹੀ ਤਾਂ ਫਾਇਦੈ ਯੂਨੀਅਨ ਦੇ ਆਗੂ ਹੋਣ ਦਾ। ਬਾਕੀ ਦੂਸਰਾ ਝੋਨਾ ਅਜੇ ਹਰਗੰਢ ਹੈ ਦੀਵਾਲੀ ਤੋਂ ਬਾਅਦ ਪੱਕੀ ਚੱਲ਼ੂ ਫੇਰ ਕੱਲ਼ ਨੂੰ ਭੈਣ ਨੂੰ ਦੀਵਾਲੀ ਦੇਣ ਦਾ ਕੰਮ ਵੀ ਨਿਬੇੜ ਆਈਏ। ਆਖਰ ਨੂੰ ਮੇਰੀ ਸੌ ਸੁੱਖ ਦੀ ਇੱਕੋ ਭੈਣ ਹੈ। ਸਾਲ ਪਹਿਲ਼ਾਂ ਬਾਪੂ ਦੇ ਜਾਣ ਤੋਂ ਬਾਅਦ ਜ਼ਮੀਨ ਬਾਰੇ ਵੀ ਤਹਿਸੀਲਦਾਰ ਦੇ ਆਪਣੀ ਰੱਜੀ ਨੀਅਤ ਦਾ ਪ੍ਰਗਟਾਵਾ ਕੀਤਾ ਤੇ ਮੇਰੇ ਇਸ ਪਿੰਡ ਉਸਦੇ ਨਾਂ ਦਾ ਕੇਸਰ ਪੈਂਦੇ ਬਾਕੀ ਹਜ਼ਾਰ ਪੰਦਰਾਂ ਸੌ ਦਾ ਸ਼ਗਨ ਦੇ ਆਵਾਂਗੇ। ਵਰੇ ਦਿਨ ਬਾਅਦ ਤਾਂ ਇਹ ਦਿਨ ਆਉਂਦੈ। ਕੱਲ ਨੂੰ ਰੋਟੀ ਖਾਣ ਤੋਂ ਬਾਅਦ ਚਲੇ ਚਲਾਂਗੇ”। ਹਰਜਿੰਦਰ ਸਿੰਘ ਨੇ ਗੱਲ਼ ਨੂੰ ਕਾਫੀ ਲਮਕਾ ਕੇ ਸਿਰ ਤੋਂ ਪੱਗ ਲਾਹ ਕੇ ਸਾਫਾ ਬੰਨਦਿਆਂ ਕਿਹਾ।
“ਮਖਿਆ ਜੀ ਤੁਸੀਂ ਟਰੈਕਟਰ ਟਰਾਲੀ ਨੂੰ ਵੇਹੜੇ ਚੋਂ ਪਾਸੇ ਕਰਕੇ ਲਗਾ ਦੇਵੋ। ਮੈਂ ਦੋ ਲਵੇਰੀਆਂ ਚੋ ਲਵਾਂ ਤੇ ਤੁਸੀ ਨਹਾ ਧੋ ਕੇ ਕੱਪੜੇ ਬਦਲ ਲਵੋ”। ਫਿਰ ਰੋਟੀ ਤਿਆਰ ਕਰ ਦਿੰਦੀ ਹਾਂ।
ਹਰਜਿੰਦਰ ਭਾਵੇ ਬੀ.ਏ ਪਾਸ ਸੀ। ਪਰ ਉਸਨੇ ਕਦੇ ਵੀ ਗੁਮਾਨ ਨਹੀਂ ਸੀ ਕੀਤਾ। ਚੰਗੇ ਲਾਣੇਦਾਰ ਘਰ ਦੀ ਧੀ ਸੀ। ਹਰਜਿੰਦਰ ਨਾਲੋਂ ਵੱਧ ਪੜੀ ਹੋਣ ਕਰਕੇ ਕਦੇ ਨਖਰਾ ਨਹੀਂ ਸੀ ਕੀਤਾ। ਹਰਜਿੰਦਰ ਸਿੰਘ ਨੇ ਨਹਾ ਧੋਕੇ ਟੈਲੀਵੀਜਨ ਦਾ ਰੀਮੋਟ ਚੁੱਕਿਆ ਤੇ ਇੱਕ ਚੈਨਲ ਦੀਆਂ ਖਬਰਾਂ ਤੇ ਲਗਾ ਲਿਆ। ਖਬਰਾਂ ਵੀ ਬੱਸ ਕੀ ਸਨ ਤਿਓਹਾਰ ਤੋਂ ਪਹਿਲਾਂ ਹਊਆ ਖੜ•ਾ ਕਰ ਦਿੱਤਾ ਜਾਂਦਾ ਹੈ। ਫਲਾਣੇ ਥਾਂ ਤੋਂ ਨਕਲੀ ਖੋਆ ਫੜਿਆ ਗਿਆ, ਨਕਲੀ ਦੁੱਧ ਫੜਿਆ ਗਿਆ। ਸਫਾਈ ਤੋਂ ਰਹਿਤ ਭਿਣਕਦੀਆਂ ਮੱਖੀਆਂ ‘ਚ ਬਣੀ ਮਿਠਿਆਈ ਦਿਖਾ ਕੇ ਸਿਹਤ ਵਿਭਾਗ ਵੱਲੋਂ ਸੈਂਪਲ ਭਰੇ ਦਿਖਾਏ ਜਾ ਰਹੇ ਸਨ। ਵਾਤਾਵਰਨ ਤੋਂ ਦੂਸ਼ਤ ਹੋਣ ਤੋਂ ਬਚਾਉਣ ਲਈ ਹਾਈਕੋਰਟ ਦੇ ਫੁਰਮਾਨ ਜਾਰੀ ਹੋ ਰਹੇ ਸਨ ਕਿ ਇਸ ਵਾਰ ਪਟਾਕਿਆਂ ਤੇ ਪਾਬੰਦੀ ਹੈ ਤੇ ਨਾੜ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਅਤੇ ਪਰਚਾ ਦਰਜ਼ ਹੋਵੇਗਾ। ਕਿਸਾਨ ਖੜੀ ਪਰਾਲੀ ਵਾਹੁਣ ਤੇ ਆਉਂਦੇ ਖਰਚੇ ਨੂੰ ਬਿਆਨਦੇ ਹੋਏ ਪਰਾਲੀ ਸਾੜਨ ਲਈ ਬਜਿੱਦ ਸਨ ਤੇ ਮੰਦੇ ਕਾਰਨ ਪਟਾਕਿਆਂ ਵਾਲੇ ਪਿੱਟ ਰਹੇ ਸਨ। ਹੁਣ ਹਾਈਕੋਰਟ ਨੇ ਤਿੰਨ ਘੰਟੇ ਪਟਾਕੇ ਵਿਕਰੇਤਾਂ ਲਈ ਅਲਾਟਮੈਂਟ ਕਰ ਦਿੱਤੀ ਸੀ। ਪਰਚੂਨ ਵਾਲੇ ਦੁਕਾਨਾਂ ‘ਚ ਲੁਕੋ ਕੇ ਰੱਖੇ ਪਟਾਕੇ ਵੇਚ ਰਹੇ ਸਨ। ਦਿਨ ਦਿਹਾਰ ਤੇ ਇਹਨਾਂ ਦਾ ਏਹੀ ਕੁੱਤੀ ਚੀਕਾ।
26 ਜਨਵਰੀ ਤੇ 15 ਅਗਸਤ ਤੋਂ ਪਹਿਲਾਂ ਅੱਤਵਾਦੀ ਹਮਲਿਆਂ ਦੀਆਂ ਖਬਰਾਂ ਦੇ ਕੇ ਡਰਾਈ ਜਾਣਗੇ। ਹੁਣ ਮਠਿਆਈਆਂ ਵਿੱਚ ਵੀ ਜ਼ਹਿਰ ਹੈ। ਫਲਾਂ ਨੂੰ ਵੀ ਜ਼ਹਿਰ ‘ਚ ਡੁਬੋ ਕੇ ਪਕਾਇਆ ਜਾਂਦਾ ਹੈ। ਏਹੀ ਹਾਲ ਸਬਜੀ ਦਾ ਹੈ। ਦੂਜੇ ਪਾਸੇ ਜੁਆਕ ਵੀ ਤਰਸਾਏ ਨਹੀ ਜਾਂਦੇ। ਉਹ ਵੀ ਦਿਨ ਦਿਹਾਰ ਤੇ ਫਲ, ਮਿਠਿਆਈ ਤੇ ਪਟਾਕੇ ਮੰਗਦੇ ਹਨ। ਬੰਦਾ ਕਰੇ ਤਾਂ ਕੀ ਕਰੇ। ਟੈਲੀਵੀਜਨ ਤੇ ਖਬਰਾਂ ਸੁਣ ਕੇ ਹਰਜਿੰਦਰ ਨੂੰ ਇੱਕ ਚੜ• ਰਹੀ ਸੀ, ਇੱਕ ਉੱਤਰ ਰਹੀ ਸੀ। ਉਸ ਮਨ ਸਾਵਾਂ ਕਰਨ ਲਈ ਚੈਨਲ ਬਦਲਕੇ ਗੁਰਬਾਣੀ ਪ੍ਰਸਾਰਨ ਤੇ ਲਗਾ ਦਿੱਤਾ। “ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ£ ਦੀ ਰਸ ਭਿੰਨੀ ਅਵਾਜ਼ ਆ ਰਹੀ ਸੀ।
“ਮਖਿਆ ਜੀ ਰੋਟੀ ਲਗਾ ਦਿੱਤੀ ਹੈ, ਆਜੋ ਖਾ ਲਵੋ। ਪਤਨੀ ਨੇ ਮੰਜੇ ਅੱਗੇ ਪਏ ਪਲਾਸਟਿਕ ਦੇ ਸਟੂਲ ਤੇ ਥਾਲੀ ਰੱਖਦਿਆਂ ਕਿਹਾ” ਹਰਜਿੰਦਰ ਰੋਟੀ ਖਾਣ ਲੱਗਾ ਤਾਂ ਉਸਦਾ ਸੱਤਵੀਂ ਵਿੱਚ ਪੜਦਾ ਦੀਪੂ ਤੇ ਪੰਜਵੀਂ ਵਿੱਚ ਪੜਦੀ ਰਾਣੀ ਵੀ ਮੰਜੇ ਤੇ ਬੈਠ ਕੇ ਡੈਡੀ ਨਾਲ ਰੋਟੀ ਖਾਣ ਲੱਗੇ।
“ਭਾਪਾ,ਭਾਪਾ ਜੀ ਸਾਨੂੰ ਦੀਵਾਲੀ ਤੇ ਕੀ ਲਿਆ ਕੇ ਦੇਵੇਂਗਾ?”
“ਪੁੱਤ ਜੀ ਤਾਂ ਕਰਦਾ ਹੈ ਕਿ ਤੁਹਾਨੂੰ ਮਿਠਿਆਈ, ਫਲ, ਪਟਾਕੇ ਤੇ ਰਾਣੀ ਵਾਸਤੇ ਫੁੱਲਝੜੀਆਂ ਤੇ ਅਨਾਰ ਲਿਆ ਕੇ ਦੇਵਾਂ। ਪਰ ਸਰਕਾਰ ਇਹਨਾਂ ਚੀਜਾਂ ਨੂੰ ਜ਼ਹਿਰੀਲੀਆਂ ਦੱਸਕੇ ਪਾਬੰਦੀ ਲਗਾ ਰਹੀ ਹੈ। ਹੁਣ ਆਪਣੇ ਹੱਥੀਂ ਤੁਹਾਨੂੰ ਜ਼ਹਿਰ ਕਿਵੇ ਦੇਵਾਂ”?
“ਮਖਿਆ ਜੀ ਜੁਆਕਾਂ ਨੂੰ ਜ਼ਹਿਰ ਕਿਉਂ ਖੁਆਉਣੀ ਐ। ਆਪਾਂ ਸ਼ਹਿਰੋਂ ਵਧੀਆ ਵੇਸਣ ਖੰਡ ਤੇ ਚੰਗਾ ਘਿਓ ਲੈ ਆਵਾਂਗੇ। ਚੁਰੰਜੀ ਲਾਲ ਹਲਵਾਈ ਨੂੰ ਘਰੇ ਸੱਦਕੇ ਲੱਡੂ, ਪਿੰਨੀਆਂ, ਜਲੇਬੀਆਂ ਬਣਵਾ ਲਵਾਂਗੇ। ਦੋ ਡੰਗ ਦੁੱਧ ਮੈਂ ਰੱਖ ਲੈਂਦੀ ਹਾਂ ਘਰੇ ਬਰਫੀ ਬਣਾ ਲਵਾਂਗੇ ਤੇ ਜੁਆਕ ਸਕੂਲੋਂ ਆਕੇ ਖਾ ਲਿਆ ਕਰਨਗੇ। ਬਾਪੂ ਜੀ ਦੱਸਦੇ ਹੁੰਦੇ ਸੀ ਕਿ ਪਿੰਡ ‘ਚ ਚੁਰੰਜੀ ਲਾਲ ਦੀ ਇਹ ਸਿਫਤ ਹੈ ਕਿ ਉਸਨੇ ਪੰਜਾਹ ਸਾਲਾਂ ਤੋਂ ਕਦੇ ਵੀ ਮਿਲਾਵਟੀ ਚੀਜ਼ ਨਹੀ ਬਣਾਈ। ਆਲੇ ਦੁਆਲੇ ਉਸਦੀ ਪੈਂਠ ਬਣੀ ਹੋਈ ਐ। ਬਾਕੀ ਬਜ਼ਾਰੋਂ ਨਿੱਕੇ ਮੋਟੇ ਪਟਾਕੇ ਲੈ ਆਇਓ। ਸਰਕਾਰ ਤਾਂ ਹਰ ਵਾਰ ਹੀ ਕਹਿੰਦੀ ਰਹਿੰਦੀ ਹੈ। ਜਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੂੰਹ ਵਿੱਚ ਹਲਵਾਈਆਂ ਨੇ ਇਕੱਠੇ ਹੋਕੇ (ਹੱਡ) ਰਿਸ਼ਵਤ ਦੇ ਦਿੱਤੀ ਤੇ ਦੂਸਰੇ ਪਾਸੇ ਪਟਾਕਿਆਂ ਵਾਲਿਆਂ ਨੇ ਪੁਲਸ ਦੀ ਜੇਬ ਗਰਮ ਕਰ ਦਿੱਤੀ ਤਾਂ ਸਭ ਕੁਝ ਠੀਕ ਹੋ ਜਾਵੇਗਾ। ਸਾਰਾ ਸਾਲ ਹੀ ਅਜਿਹੀ ਮਿਠਿਆਈ ਵਿਕਦੀ ਹੈ। ਉਦੋਂ ਸੁੱਤੇ ਪਏ ਹੁੰਦੈ ਐ। ਸਭ ਖਾਣ ਦੇ ਬਹਾਨੇ ਐ।” ਹਰਜੀਤ ਨੇ ਭਾਂਡੇ ਚੁਕਦਿਆਂ ਕਿਹਾ ਅਤੇ ਰਸੋਈ ‘ਚ ਸਾਫ ਕਰਨ ਲੱਗੀ। ਬੱਚਿਆਂ ਨੇ ਹਰਜਿੰਦਰ ਸਿੰਘ ਤੋਂ ਰੀਮੋਟ ਲੈ ਕੇ ਕਾਰਟੂਨ ਲਗਾ ਲਏ ਤੇ ਬਿੱਲੀ ਚੂਹੇ ਦੀ ਖੇਡ ਦੇਖਕੇ ਕਿਲਕਾਰੀਆਂ ਮਾਰਨ ਲੱਗੇ। ਮਾਂ-ਬਾਪ ਦੀ ਖੁਸ਼ੀ ਵੀ ਤਾਂ ਬੱਚਿਆਂ ਦੀ ਖੁਸ਼ੀ ਵਿਚ ਸੀ।
ਸਵੇਰੇ ਹਰਜਿੰਦਰ ਸਿੰਘ ਤੇ ਹਰਜੀਤ ਨਹਾਤੇ ਫਿਰ ਜੁਆਕਾਂ ਨੁਹਾ ਕੇ ਤਿਆਰ ਕੀਤਾ। ਫਿਰ ਰੋਟੀ ਖੁਆ ਕੇ ਸਕੂਲ ਤੋਰੇ। ਉਸਤੋਂ ਬਾਅਦ ਹਰਜਿੰਦਰ ਸਿੰਘ ਚੁਰੰਜੀ ਲਾਲ ਦੀ ਦੁਕਾਨ ਤੋਂ ਮਿਠਿਆਈ ਦੇ ਡੱਬੇ ਭੈਣ ਨੂੰ ਦੇਣ ਵਾਸਤੇ ਲੈ ਆਇਆ। ਏਨੇ ਨੂੰ ਅਖਬਾਰਾਂ ਵਾਲਾ ਆ ਗਿਆ। ਅਖਬਾਰ ਦੀ ਮੁੱਖ ਸੁਰਖੀ ਸੀ ਕਿ ਕਿਸਾਨ ਯੂਨੀਅਨ ਨੇ ਪਰਾਲੀ ਵਾਹੁਣ ਕਰਕੇ ਪੰਜ-ਸੱਤ ਹਜ਼ਾਰ ਦੇ ਆਉਂਦੇ ਵੱਧ ਖਰਚੇ ਦੀਆਂ ਦਲੀਲਾਂ ਦੇ ਕੇ ਪਰਾਲੀ ਨੂੰ ਅੱਗ ਲਗਾਉਂਣ ਦੀ ਖੁੱਲ ਲੈ ਲਈ ਸੀ। ਹੁਣ ਕਿਸੇ ਕਿਸਾਨ ਨੂੰ ਕੋਈ ਜੁਰਮਾਨਾ ਨਹੀਂ ਹੋਵੇਗਾ। ਜੀਤੀ ਦੇ ਪਿਓ ਦਾਦਾ ਵੀ ਪੁਰਾਣੇ ਕਾਮਰੇਡ ਸਨ। ਜਿੰਨ•ਾਂ ਦੀਆਂ ਗੱਲ਼ਾਂ ਸੁਣਦੀ ਜੀਤੀ ਮੁਟਿਆਰ ਹੋਈ ਅਤੇ ਵਿਆਹੀ ਗਈ। ਹਰਜਿੰਦਰ ਚਾਂਬੜ ਜੇਹੀ ਪਾਉਂਦਿਆਂ ਬੋਲਿਆ “ਜੀਤੀ ਪੜ• ਖਬਰ, ਹੁਣ ਆਇਐ ਸੁਆਦ ਸਰਕਾਰ ਅਦਾਲਤ ਰਾਹੀਂ ਜੱਟਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕ ਰਹੀ ਸੀ। ਦੇਖਿਆ ਫਿਰ ਸਾਡੀ ਕਿਸਾਨ ਯੂਨੀਅਨ ਦੀ ਜਿੱਤ। ਸਭ ਦੇ ਅਰਲਾ ਕੋਟ ਲਗਾ ਦਿੱਤਾ। ਕੋਈ ਪੁੱਛਣ ਵਾਲਾ ਹੋਵੇ ਕਿ ਜੇਹੜੀਆਂ ਸ਼ਹਿਰਾਂ ‘ਚ ਫੈਕਟਰੀਆਂ ਚਲਦੀਐਂ ਬਠਿੰਡੇ ਵਰਗੇ ਥਰਮਲ ਪਲਾਂਟ ਕੋਲੇ ਦਾ ਧੂਆਂ ਛੱਡਦੇ ਹਨ ਕੀ ਉਹ ਪ੍ਰਦੂਸ਼ਣ ਨਹੀ? ਅਖੇ ਪਾਣੀ ਨੀਂਵੇ ਥਾਂ ਵੱਲ਼ ਬਹਿੰਦੈ। ਉਹਨਾਂ ਤੇ ਕੋਈ ਰੋਕ ਨਹੀ। ਸਰਕਾਰ ਜੱਟਾਂ ਦੇ ਗੱਲ ਗੂਠਾ ਦੇਣ ਨੂੰ ਕਹਿੰਦੀ ਸੀ।” ਹਰਜੀਤ ਨੇ ਸੁਣਿਆ ਤੇ ਕਿਹਾ” ਸਰਦਾਰ ਜੀ ਕੀ ਤੁਸੀਂ ਮੇਰੀਆਂ ਤਿੰਨ ਚਾਰ ਗੱਲਾਂ ਦਾ ਜਵਾਬ ਦੇਵੋਗੇ?” ਥੋਡੀ ਗੱਲ਼ ਸਹੀ ਹੈ ਕਿ ਪਰਾਲੀ ਨੂੰ ਖੇਤ ‘ਚ ਵਾਹੁਣਾ ਤੇ ਸਾਂਭਣਾਂ ਔਖਾ ਹੈ ਤੇ ਅੱਗ ਲਗਾਉਣੀ ਜਰੂਰੀ ਹੈ। ਕੀ ਕਣਕ ਦਾ ਨਾੜ ਵੀ ਖੇਤਾਂ ‘ਚ ਵਾਹੁਣਾ ਔਖਾ ਹੈ? ਕਈ ਵਾਰ ਕਣਕ ਦੀ ਨਾੜ ਨੂੰ ਲੱਗੀ ਅੱਗ ਹਵਾ ਵਗਣ ਤੇ ਖੜੀ ਕਣਕ ਨੂੰ ਲੱਗਾਕੇ ਗੜੇ ਮਾਰ ਤੋਂ ਵੀ ਵੱਧ ਨੁਕਸਾਨ ਕਰ ਜਾਂਦੀ ਹੈ ਤੇ ਜਿਮੀਦਾਰ ਦੇ ਪੱਲੇ ਕੱਲ਼ੀ ਸਵਾਹ ਰਹਿ ਜਾਂਦੀ ਉਹਨਾਂ ਦੇ ਨੁਕਸਾਨ ਬਾਰੇ ਤੁਹਾਡੀ ਯੂਨੀਅਨ ਦਾ ਕੀ ਖਿਆਲ ਹੈ? ਕੀ ਤੁਹਾਡੀ ਯੂਨੀਅਨ ਅੱਗ ਲਗਾਉਣ ਦੀ ਇਜਾਜ਼ਤ ਨੂੰ ਹੀ ਜਿੱਤ ਸਮਝਦੀ ਐ? ਸੂਰਜਮੁਖੀ, ਮੂੰਗਫਲੀ, ਗੁਆਰੇ ਦੇ ਘੱਟ ਪਾਣੀ ਖਾਣ ਵਾਲੀਆਂ ਫਸਲਾਂ ਦੇ ਘੱਟੋਂ ਘੱਟ ਭਾਅ (ਐਸ.ਐਸ.ਪੀ) ਤਹਿ ਕਰਨ ਬਾਰੇ ਤਾਂ ਚੁੱਪ ਹੈ। ਕੀ ਅੱਗ ਇਸ ਨਾਲੋਂ ਜਰੂਰੀ ਹੈ। ਮੇਰਿਆਂ ਚੰਨਿਆਂ ਜੇ ਸਰਕਾਰ ਤੇ ਸਰਮਾਏਦਾਰ ਪ੍ਰਦੂਸ਼ਣ ਫੈਲਾਉਦੇ ਹਨ ਤਾਂ ਇਸਦਾ ਭਾਵ ਇਹ ਤਾਂ ਨਹੀ ਕਿ ਤੁਸੀਂ ਚਾਰ ਗੁਣਾਂ ਵੱਧ ਧੂੰਆਂ ਫੈਲਾ ਕੇ ਪੰਜਾਬ ਨੂੰ ਹੀਰੋ ਸ਼ੀਮਾਂ ਨਾਗਾਸਾਕੀ ਵਾਂਗ ਬਣਾ ਦੇਵੋ? ਉਸ ਅੱਗੇ ਕਿਹਾ” ਮੈਂ ਵੀ ਕਾਮਰੇਡਾਂ ਦੀ ਧੀ ਹਾਂ।ਪਿਓ ਦਾਦੇ ਦੇ ਘਰ ਹੁੰਦੀਆਂ ਮੀਟਿੰਗਾਂ ਤੇ ਫਿਰ ਰੂਸ ਦਾ ਇਤਿਹਾਸ ਪੜਕੇ ਸਮਾਜਵਾਦ ਤੇ ਬਰਾਬਰੀ ਦੀ ਗੱਲ ਵੀ ਸਮਝਦੀ ਹਾਂ। ਕੀ ਤੁਹਾਡੀ ਯੂਨੀਅਨ ਨੇ ਇਸ ਗੱਲ ਬਾਰੇ ਤੁਹਾਨੂੰ ਸਮਝਾਇਐ? ਆਪਣੇ ਘਰੇ ਆਉਦੇ ਕਈ ਮੈਂਬਰਾਂ ਤੇ ਤੇਰੇ ਨਾਲ ਧਰਨਿਆਂ ਤੇ ਜਾਂਦੇ ਵਰਕਰਾਂ ਵੱਲੋਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਵੀ ਸੁਣਿਆ ਹੈ ਤੇ ਸ਼ਰਮ ਨਾਲ ਪਾਣੀ ਪਾਣੀ ਵੀ ਹੋਈ ਹਾਂ। ਕੀ ਤੁਹਾਡੀ ਯੂਨੀਅਨ ਨੇ ਵਰਕਰਾਂ ਨੂੰ ਬੋਲਣ ਦਾ ਸਲੀਕਾ ਵੀ ਨਹੀਂ ਸਿਖਾਇਆ ਜੋ ਤੁਹਾਡੀ ਇਖਲਾਕੀ ਹਾਰ ਹੈ।
“ਤੂੰ ਐਵੇਂ ਮੂੜ ਨਾ ਖਰਾਬ ਕਰ ਅਸੀ ਕੱਲ ਯੂਨੀਅਨ ਦੇ ਲੀਡਰਾਂ ਦੀ ਅਗਵਾਈ ਵਿੱਚ ਇੱਕਠੇ ਪੰਜਾਹ ਕਿੱਲਿਆਂ ਦੀ ਪਰਾਲੀ ਨੂੰ ਅੱਗ ਲਾਈ ਹੈ ਤੇ ਸਰਕਾਰ ਦੀ ਧੌਣ ‘ਚ ਗੋਡਾ ਦਿੱਤੈ”। ਹਰਜਿੰਦਰ ਨੇ ਇਸ ਪ੍ਰਾਪਤੀ ਨੂੰ ਤਿੜ ਕੇ ਦੱਸਿਆ।
“ਬੜੀ ਬਹਾਦਰੀ ਕਰਕੇ ਆਏ ਹੋ। ਗੱਲ ਤਾਂ ਇੰਜ ਕਰਦੇ ਹੋ ਜਿਵੇ ਅਬਦਾਲੀ ਨਾਲ ਟੱਕਰ ਲੈ ਕੇ ਆਏ ਹੋਵੋਂ। ਹੁਣ ਸਾਰੇ ਪੰਜਾਬ ‘ਚ ਅੱਗ ਲੱਗੇਗੀ ਦੋ ਮਹੀਨੇ ਧੂੰਆਂ ਤੇ ਫਿਰ ਧੁੰਦ ਲੋਹੜੀ ਤੋਂ ਬਾਅਦ ਧੁੱਪ ਤੇ ਸਾਹ ਆਵੇਗਾ। ਫਿਰ ਕਹਿੰਦੇ ਹੋ ਕਣਕ ਪੀਲੀ ਪੈ ਗਈ। ਇਕ ਪਾਸੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਜਿਹੜੇ ਜਿਊਂਦੇ ਹਨ ਉਹਨਾਂ ਕੋਲੋਂ ਸਾਹ ਲੈਣ ਜੋਗੀ ਹਵਾ ਖੋਹ ਕੇ ਮਾਰ ਦਿਓ, ਸ਼ਾਬਾਸ਼ ਥੋਡੇ। ਲੀਡਰ ਤਾਂ ਸ਼ਿਮਲੇ ਬੰਬੇ ਜਾ ਕੇ ਸ਼ੁੱਧ ਹਵਾ ਲੈ ਆਉਦੇ ਹਨ। ਆਪਾਂ ਤਾਂ ਏਥੇ ਹੀ ਧੰਦ ਪਿਟਣੈਂ। ਚੁੱਲ਼ੇ ‘ਚ ਬੁੱਝੀ ਅੱਗ ਨੂੰ ਫੂਕਾਂ ਮਾਰਕੇ ਮਚਾਉਣਾ ਹੋਵੇ ਤਾਂ ਅੱਖਾਂ ਚੋਂ ਪਾਣੀ ਤੇ ਸਿਰ ਪਾਟਣ ਲੱਗ ਜਾਂਦੈ। “ਹਰਜੀਤ ਨੇ ਕਿਹਾ।
“ਅਸੀ ਆਪਣੀ ਲਾਡੋ ਨੂੰ ਬਿਜਲੀ ਚੁੱਲ਼ਾ ਤੇ ਗੈਸ ਸਿਲੰਡਰ ਲੈ ਕੇ ਦਿੱਤਾ ਹੈ ਕਦੇ ਫੂਕ ਮਾਰਨੀ ਪਈ ਹੈ?
“ਹਰਜਿੰਦਰ ਅਜੇ ਵੀ ਹਰਜੀਤ ਦੀ ਗੱਲ ਤੇ ਮਿੱਟੀ ਪਾ ਰਿਹਾ ਸੀ।
“ਮੇਰੇ ਬਾਪੂ ਤੇ ਦਾਦੇ ਕੋਲ ਆਉਂਦੇ ਪੁਰਾਣੇ ਕਾਮਰੇਡ ਕਹਿੰਦੇ ਸਨ ਕਿ ਭ੍ਰਿਸਟ ਜੱਥੇਬੰਦੀਆਂ ਇਨਕਲਾਬ ਨਹੀ ਕਰ ਸਕਦੀਆਂ। ਕਿਉਕਿ ਉਹ ਸੁਆਰਥੀ ਹੁੰਦੀਆਂ ਹਨ। ਏਹੀ ਗੱਲ ਸਾਡੀ ਬੀ.ਏ ਦੀ ਕਿਤਾਬ ਵਿੱਚ ਸੀ ਕਿ ਏਂਜਲਸ ਕਹਿੰਦਾ ਸੀ ਕਿ ਇੰਗਲੈਂਡ ਦੀ ਮਜ਼ਦੂਰ ਜਮਾਤ ਭ੍ਰਿਸਟ ਹੋ ਚੁੱਕੀ ਹੈ ਤੇ ਇਹ ਇੰਗਲੈਂਡ ਸਾਮਰਾਜ ਵੱਲ਼ੋਂ ਬਸਤੀ ਬਣਾਏ ਮੁਲਕਾਂ ਦੀ ਬੁਰਕੀ ਤੇ ਸਹੂਲਤਾਂ ਲੈ ਕੇ ਸੰਤੁਸ਼ਟ ਹੋ ਚੁੱਕੀ ਹੈ। “ਹਰਜੀਤ ਨੇ ਕਿਹਾ
“ਨਾਂ ਅਸੀਂ ਜਾਂ ਸਾਡੇ ਜੱਥੇਬੰਦੀ ਭ੍ਰਿਸਟ ਹੈ?” ਹਰਜਿੰਦਰ ਨੇ ਕੁਝ ਤਨਖੀ ਨਾਲ ਕਿਹਾ।
“ਨਹੀ ਜੀ ਮੈਂ ਇਹ ਗੱਲ਼ ਨਹੀਂ ਕਹਿੰਦੀ। ਤੁਸੀ ਖੁਦ ਹੀ ਨਜ਼ਰ ਮਾਰਕੇ ਦੇਖ ਲਵੋਂ ਕਿ ਮੋਟਰਾਂ ਦੇ ਬਿੱਲ਼ ਮੁਆਫ ਹਨ ਤੇ ਹਰ ਕਿਸਾਨ ਨੇ ਕਾਗਜਾਂ ਵਿੱਚ ਦਸ ਪਾਵਰ ਦੀ ਮੋਟਰ ਲਿਖਵਾ ਕੇ ਪੰਦਰਾਂ ਵੀਹ ਪਾਵਰ ਦੀ ਪਾਈ ਹੋਈ ਹੈ। ਕੀ ਇਹ ਝੂਠ ਹੈ? ਜਦੋਂ ਬਿਜਲੀ ਵਾਲੇ ਮੀਟਰ ਘਰਾਂ ਤੋਂ ਬਾਹਰ ਕੱਢਣ ਆ ਜਾਂਦੇ ਹਨ ਤਾਂ ਤੁਸੀਂ ਕਾਵਾਂ ਵਾਂਗ ਇਕੱਠੇ ਹੋ ਕੇ ਉਹਨਾਂ ਨੂੰ ਬੰਦੀ ਬਣਾ ਕੇ ਜਾਂ ਬਰੰਗ ਮੋੜ ਕੇ ਮਜ਼ਦੂਰ ਹਮਾਇਤੀ ਬਣਦੇ ਹੋ ਕੀ ਇਹ ਭ੍ਰਿਸ਼ਟਾਚਾਰ ਨਹੀ? ਕਿਉਕਿ ਜੇ ਮੀਟਰ ਬਾਹਰ ਹੋਣਗੇ ਤਾਂ ਕੁੰਡੀ ਨਹੀਂ ਲੱਗ ਸਕਦੀ। ਫਿਰ ਖੇਤ ਮਜ਼ਦੂਰਾਂ ਨਾਲ ਵੀ ਤੁਹਾਡੀ ਸਾਂਝ ਭ੍ਰਿਸ਼ਟਾਚਾਰ ਤੇ ਆਧਾਰਿਤ ਹੋ ਗਏ ਨਾਂ ਤੇ ਮਜ਼ਦੂਰ ਜਮਾਤ ਸਬਜੀਆਂ ਤੇ ਵੱਧ ਤੋਂ ਵੱਧ ਰੇਹ ਪਾ ਕੇ ਕੱਦੂ, ਤੋਰੀਆਂ, ਭਿੰਡੀਆਂ ਆਦਿ ਤੇ ਸਪਰੇਆਂ ਕਰਕੇ ਟੀਕੇ ਲਗਾ ਕੇ ਵੱਧ ਲਾਹਾ ਲੈਣ ਵਾਸਤੇ ਭ੍ਰਿਸ਼ਟ ਹੋ ਗਈ। ਕੀ ਮਨੁੱਖ ਦੀ ਜ਼ਿੰਦਗੀ ਦੀ ਕੋਈ ਬੁੱਕਤ ਜਾਂ ਕੀਮਤ ਲੱਗਦੀ ਹੈ। ਹੁਣ ਹਰਜਿੰਦਰ ਨੂੰ ਕੋਈ ਜਵਾਬ ਨਹੀ ਸੁੱਝ ਰਿਹਾ ਸੀ।
“ਦੇਖੋ ਤੁਸੀਂ ਭਾਵੇ ਯੂਨੀਅਨ ਦੇ ਲੱਖ ਗੋਗੇ ਗਾਵੋ ਪਰ ਇਸ ਮਾਮਲੇ ‘ਚ ਯੂਨੀਅਨ ਨੇ ਸਿਆਣਪ ਨਹੀ ਕੀਤੀ। ਧੂੰਏ ਨਾਲ ਦਮੇ ਦੇ ਰੋਗੀ, ਬਜ਼ੁਰਗ ਤੇ ਬੱਚੇ ਬੀਮਾਰ ਹੋਣਗੇ। ਫਿਰ ਤਾਂ ਫੇਫੜਿਆਂ ਦੇ ਕੈਂਸਰ ਕਾਰਨ ਆਪਣੇ ਵਰਗਿਆ ਤੋਂ ਵੀ ਮੈਕਸ ਜਾਂ ਫੋਰਟੀਜ਼ ਤੇ ਓਸਵਾਲ ਹਸਪਤਾਲ ਦਾ ਖਰਚਾ ਨਹੀ ਝੱਲਿਆਂ ਜਾਂਦਾ ਤੇ ਇਹ ਪੰਜ ਸੱਤ ਹਜ਼ਾਰ ਦੀ ਬੱਚਤ ਪੰਜ ਸੱਤ ਲੱਖ ‘ਚ ਪੈਂਦੀ ਹੈ। ਜਿਵੇਂ ਪਾਣੀ ਦੀ ਬੋਤਲ ਮੁੱਲ਼ ਵਿਕਦੀ ਹੈ। ਹਸਪਤਾਲਾਂ ਵਿੱਚ ਸਿਰਫ ਖੂਨ ਹੀ ਨਹੀਂ ਸਗੋਂ ਸਾਹ ਲੈਣ ਤੋਂ ਔਖੇ ਬੰਦੇ ਦੇ ਲਗਾਈ ਆਕਸੀਜਨ ਦੇ ਵੀ ਪੈਸੇ ਲੈਦੇ ਹਨ ਤੇ ਤੁਸੀਂ ਕੁਦਰਤ ਵੱਲ਼ੋਂ ਮੁਫਤ ਦੀ ਦਿੱਤੀ ਆਕਸੀਜਨ ‘ਚ ਜ਼ਹਿਰ ਘੋਲ ਕੇ ਖੋਹ ਲਵੋ ਕੀ ਇਹ ਯੂਨੀਅਨ ਦੀ ਦੂਰ ਅੰਦੇਸ਼ੀ ਹੈ? ਡੇਢ ਦੋ ਮਹੀਨੇ ਦੇ ਬੱਚੇ ਤੋਂ ਲੈ ਕੇ ਸੱਤਰ ਅੱਸੀ ਸਾਲ ਦੇ ਬਜੁਰਗ ਨੇ ਯੂਨੀਅਨ ਦਾ ਕੀ ਵਿਗਾੜਿਆ ਹੈ? ਜੋ ਸੂਲੀ ਟੰਗਦੇ ਹਨ। ਮੈਨੂੰ ਤਾਂ ਇੰਜ ਲੱਗਦੈ ਕਿ ਤੁਹਾਡੀ ਯੂਨੀਅਨ ਸਰਮਾਏਪਰਾਂ ਦੇ ਪੱਖ ‘ਚ ਭੁਗਤੀ ਹੈ। ਲੱਖਾਂ ਕਰੋੜਾਂ ਦੀ ਕਮਾਈ ਤਾਂ ਦਵਾਈਆਂ ਵਾਲੀਆਂ ਕੰਪਨੀਆਂ ਹੀ ਕਰਨਗੀਆਂ। ਤੁਹਾਡੇ ਪੱਲ਼ੇ ਕੀ ਹੈ? ਜ਼ਮੀਨ ਵੀ ਕਾਲੀ, ਅਸਮਾਨ ਵੀ ਕਾਲਾ ਜੇ ਹਵਾ ਵਗ ਪਈ ਤਾਂ ਸੜੀ ਪਰਾਲੀ ਕਾਰਨ ਮੂੰਹ ਸਿਰ ਕਾਲਾ। “ਮੇਰੇ ਸਿਰ ਦੇ ਸਾਈਆਂ” ਹਰਜੀਤ ਨੇ ਨਰਮਾਈ ਨਾਲ ਕਿਹਾ। ਏਨੀ ਨਰਮਾਈ ਨਾਲ ਕਿਹਾ ਕਿ ਏਹੀ ਨਰਮਾਈ ਹੀ ਤਾਂ ਹਰਜਿੰਦਰ ਨੂੰ ਮੋਮ ਬਣਾ ਦਿੰਦੀ ਸੀ। ਦੂਸਰਾ ਉਹ ਗੱਲ ਵੀ ਵਕੀਲਾਂ ਵਾਂਗ ਦਲੀਲਾਂ ਦੇ ਕੇ ਕਰਦੀ ਸੀ। ਉਸਨੂੰ ਖਾਮੋਸ਼ ਦੇਖਕੇ ਹਰਜੀਤ ਅੱਗੇ ਬੋਲੀ “ਕੱਲ਼ ਤੁਸੀ ਟੈਲੀਵੀਜਨ ਤੇ £ ਪਵਨ ਗੁਰੂ ਪਾਣੀ ਪਿਤਾ£ ਸ਼ਬਦ ਤੇ ਬੜਾ ਸਿਰ ਮਾਰਕੇ ਝੂਮਦੇ ਸੀ ਕੀ ਅੱਗ ਲਾਉਣੀ ਇਸ ਪੰਗਤੀ ਤੇ ਅਮਲ ਹੈ? ਬਾਹਰ ਕਿਤੇ ਜਾਂਦੇ ਹੋ ਤਾਂ ਕਾਰ ‘ਚ ਵੀਹ ਰੁਪਏ ਦੀ ਪਾਣੀ ਦੀ ਬੋਤਲ ਰੱਖਦੇ ਹੋ ਤੇ ਝੋਨੇ ਤੇ ਕਿੰਨੀਆਂ ਬੋਤਲਾਂ ਬਰਬਾਦ ਕਰਦੇ ਹੋ? ਕਦੇ ਸੋਚਿਐ। ਮੇਰੇ ਪਿਓ ਦਾਦੇ ਨੂੰ ਸੂਝਵਾਨ ਕਾਮਰੇਡ ਕਹਿੰਦੇ ਸਨ ਕਿ ਕਾਮਰੇਡ ਲੈਨਿਨ ਨੇ ਕਿਹਾ ਹੈ ਕਿ ਮਨੁੱਖ ਨੂੰ ਕੁਦਰਤ ਨਾਲ ਛੇੜ ਛਾੜ ਬੜੀ ਮਹਿੰਗੀ ਪਵੇਗੀ। ਇਹ ਗੱਲ਼ ਤੁਹਾਡੀ ਯੂਨੀਅਨ ਨੇ ਨਹੀਂ ਸਮਝਾਈ। ਜੋ ਕਰ ਰਹੇ ਹੋ ਕੀ ਇਹ ਕੁਦਰਤ ਦੀ ਸੰਭਾਲ ਹੈ ਜਾਂ ਛੇੜਛਾੜ ਹੈ। ਮੇਰਾ ਭਰਾ ਕਨੇਡਾ ਹੈ। ਉਹ ਦਸਦਾ ਹੈ ਕਿ ਉਹਨਾ ਮੁਲਕਾਂ ਵਿੱਚ ਪਾਣੀ ਵੀ ਸ਼ੁੱਧ ਹੈ ਖਾਧ ਪਦਾਰਥ ਵੀ ਸ਼ੁੱਧ ਹਨ। ਹਵਾ ਵੀ ਸੁੱਧ ਹੈ। ਸਰਕਾਰ ਦੀ ਇਜਾਜਤ ਬਿਨ•ਾ ਕੋਈ ਅੱਗ ਨਹੀ ਲਾ ਸਕਦਾ ਤੇ ਆਪਾਂ ਸਰਕਾਰ ਤੇ ਅਦਾਲਤ ਦੇ ਹੁਕਮ ਨੂੰ ਟਿੱਚ ਸਮਝਣ ਵਿੱਚ ਹੀ ਜਿੱਤ ਸਮਝਦੇ ਹਾਂ”। ਹਰਜੀਤ ਨੇ ਕਿਹਾ। “ਚੰਗਾ ਬਾਬਾ ਮੈਂ ਘਰੇ ਬਹਿਜੂੰ ਯੂਨੀਅਨ ਦੀ ਆਗੂ ਤੂੰ ਬਣਜਾ, ਗੱਲਾਂ ਤੇਰੀਆਾਂ ਸੋਲਾਂ ਆਨੇ ਹਨ ਪਰ ਉਪਰੋਂ ਜੋ ਫੈਸਲਾ ਆਉਦਾਂ ਹੈ ਉਸਨੂੰ ਲਾਗੂ ਕਰਨਾ ਪੈਂਦਾ ਹੈ। ਜੇ ਨਹੀ, ਕਰਦੇ ਤਾਂ ਯੂਨੀਅਨ ‘ਚੋ ਕੱਢੇ ਜਾਵਾਂਗੇ ਤੇ ਫੇਰ ਆਹ ਟੌਹਰ ਨਹੀ ਰਹਿਣੀ” ਹਰਜਿੰਦਰ ਨੇ ਕਿਹਾ। ਕੁਝ ਚਿਰ ਬਾਅਦ ਹਰਜੀਤ ਤਿਆਰ ਹੋ ਕੇ ਬਾਹਰ ਆਈ। ਉਂਝ ਉਸਦੀ ਟੌਹਰ ਵੀ ਸੀ ਕਿ ਉਸਦਾ ਸਾਂਈ ਯੂਨੀਅਨ ਦਾ ਜ਼ਿਲ•ਾ ਕਮੇਟੀ ਮੈਂਬਰ ਹੈ। ਉਸਨੂੰ ਸਲਾਮਾਂ ਹੁੰਦੀਆਂ ਹਨ। ਉਸਨੂੰ ਉਸਦੀ ਜੇਬ ਤੇ ਲੱਗ ਯੂਨੀਅਨ ਦਾ ਬੈਜ ਕਿਸੇ ਤਗਮੇ ਨਾਲੋਂ ਘੱਟ ਨਹੀਂ ਲੱਗਦਾ ਸੀ। ਪਰ ਹੁਣ ਉਹ ਕਾਲੇ ਹੋਏ ਸੂਰਜ ਵਾਂਗ ਕਾਲਾ ਧੱਬਾ ਬਣ ਜਾਵੇਗਾ। ਕਈ ਵਾਰ ਘਰੇ ਪੁਲੀਸ ਦੇ ਛਾਪੇ ਵੀ ਪੈਂਦੇ ਹਨ। ਥਾਣੇਦਾਰ ਵੀ ਆ ਕੇ ਕਹਿੰਦਾ ਹੈ। “ਬੀਬੀ ਜੀ ਸਰਦਾਰ ਹਰਜਿੰਦਰ ਸਿੰਘ ਘਰੇ ਐ ਜਾਂ ਚੰਡੀਗੜ• ਧਰਨੇ ਤੇ ਜਾਣ ਲਈ ਏਧਰ ਓਧਰ ਹੋ ਗਏ ਹਨ”। ਉਹ ਇਹ ਸੋਚ ਹੀ ਰਹੀ ਸੀ ਕਿ ਹਰਜਿੰਦਰ ਨੇ ਨਰਮਾਈ ਨਾਲ ਕਿਹਾ “ਦੇਖ ਹਰਜੀਤ ਮੈਂ ਮੰਨਦਾ ਹਾਂ ਕਿ ਜੱਥੇਬੰਦੀ ‘ਚ ਕੁਝ ਨੁਕਸ ਹਨ। ਜੇ ਜੱਥੇਬੰਦੀ ਨਾ ਹੋਵੇ ਤਾਂ ਸਰਕਾਰ ਸਿਰ ‘ਚ ਗਲੀਆਂ ਕਰਕੇ ਕਿਸਾਨ ਨੂੰ ਊਈ ਮਾਰਦੂ। ਸਾਨੂੰ ਮਜ਼ਦੂਰਾਂ ਦਾ ਵੀ ਫਿਕਰ ਹੈ। ਦੇਖ ਪਿਛਲੇ ਸਾਲ ਮੰਤਰੀ ਨੇ ਜਾਅਲੀ ਬੀਜ ਤੇ ਨਰਮੇ ਦੀ ਚਿੱਟੀ ਮੱਖੀ ਮਾਰਨ ਲਈ ਲੱਖ ਰੁਪਏ ਲੈ ਕੇ ਜਾਅਲੀ ਦਵਾਈ ਵੇਚਤੀ। ਕਿਸਾਨਾ ਦਾ ਨੁਕਸਾਨ ਹੋਇਆ ਤੇ ਦਿਹਾੜੀਦਾਰ ਮਜ਼ਦੂਰ ਜਿੰਨਾਂ ਨੇ ਨਰਮਾਂ ਕਪਾਹ ਚੁਗ ਕੇ ਸਿਆਲ ਕੱਢਣਾ ਸੀ ਉਹ ਰੋਟੀ ਰੋਜ਼ੀ ਤੋਂ ਆਤੁਰ ਹੋ ਗਏ। ਫੇਰ ਯੂਨੀਅਨ ਨੇ ਰੇਲਾਂ ਰੋਕੀਆਂ ਤੇ ਸਰਕਾਰ ਵੱਲ਼ੋਂ ਮਜ਼ਦੂਰਾਂ ਨੂੰ ਪ੍ਰਤੀ ਘਰ ਅੱਠ ਹਜ਼ਾਰ ਦੇਣਾ ਪਿਆ। ਜੇ ਯੂਨੀਅਨ ਨਾਂ ਹੁੰਦੀ ਤਾਂ ਕੀ ਇਹ ਹੋ ਸਕਦਾ ਸੀ? “ਜਦੋਂ ਸਾਰਾ ਆਵਾ ਊਤ ਜੇ ਵੋਟਾਂ ਲੈਕੇ ਲੀਡਰ ਵਾਅਦਿਆਂ ਤੋਂ ਮੁੱਕਰ ਜਾਣ ਤਾਂ ਫਿਰ ਇੱਕਾ ਦੁੱਕਾ ਗਲਤੀਆਂ ਮਲਤੀਆਂ ਰਹਿ ਜਾਂਦੀਆਂ ਹਨ। ਹਰਜਿੰਦਰ ਆਪਣੀ ਦਲੀਲ ਤੇ ਸਹੀ ਸੀ। ਇਹ ਦਲੀਲ ਵੀ ਵਕੀਲਾਂ ਵਰਗੀ ਸੀ। ਚੱਲ ਫੇਰ ਦੇਰ ਨਾ ਕਰ ਸਮੇਂ ਸਿਰ ਮੁੜਨਾ ਵੀ ਹੈ “ਹਰਜਿੰਦਰ ਨੇ ਕਾਰ ਸਟਾਰਟ ਕੀਤੀ। ਜਦ ਹਰਜਿੰਦਰ ਤਾਕੀ ਖੋਹਲ ਕੇ ਬੈਠਣ ਲੱਗੀ ਤਾਂ ਉਹਨਾਂ ਦਾ ਸਾਂਝੀ ਬਿੱਕਰ ਸਾਹਮਣਿਓ ਆ ਰਿਹਾ ਸੀ। “ਓ ਬਿੱਕਰਾ ਅਸੀਂ ਚਾਹ ਵੇਲੇ ਤੱਕ ਘਰ ਆ ਜਾਵਾਂਗੇ ਤੇ ਜੁਆਕ ਵੀ ਸਕੂਲੋਂ ਆ ਜਾਣਗੇ ਤੂੰ ਆਏਂ ਕਰ ਤੂੰ ਸੜਕ ਦੇ ਨਾਲ ਲਗਦੇ ਖੇਤ ਦੀ ਪਰਾਲੀ ਨੂੰ ਅੱਗ ਲਗਾ ਕੇ ਅੱਜ ਹੀ ਕੰਮ ਨਿਬੇੜ ਦੇ ਫਿਰ ਦੀਵਾਲੀ ਤੋਂ ਬਾਅਦ ਵੱਤਰ ਆਉਣ ਤੇ ਖੇਤ ਵਹੁਣੇ ਸੁਰੂ ਕਰ ਦੇਵਾਂਗੇ “ਚੰਗਾ ਸਰਦਾਰ ਜੀ” ਕਹਿਕੇ ਬਿੱਕਰ ਉਹਨੀ ਪੈਰੀਂ ਖੇਤ ਵੱਲ਼ ਪਰਤ ਗਿਆ। ਹਰਜੀਤ ਨੇ ਤਾਕੀ ਖੋਹਲੀ ਮੂਹਰਲੀ ਸੀਟ ਤੇ ਬੈਠ ਗਈ ਤੇ ਸਾਰੀ ਕਾਰ ਵਿੱਚ ਮਹਿਕ ਫੈਲ ਗਈ।
“ਆਹਾ ਆਹਾ, ਆਹ ਤਾਂ ਬਈ ਨਜ਼ਾਰਾ ਆ ਗਿਆ ਐ ਹੋ ਜੇਹੀ ਖੁਸ਼ਬੋ ਤਾਂ ਗੁਲਾਬ ਦੇ ਬੂਟੇ ਦੇ ਫੁੱਲਾਂ ਕੋਲੋ ਨਹੀ ਆਉਂਦੀ ਜੇਹੋ ਜੇਹੀ ਤੇਰੇ ਚੋਂ ਆ ਰਹੀ ਹੈ।” ਹਰਜਿੰਦਰ ਨੇ ਮੂੜ ਖੁਸ਼ ਕਰਨ ਲਈ ਕਿਹਾ
“ਚੱਲ ਝੂਠੇ ਨਾ ਹੋਣ ਤਾਂ, ਮਸਕਾਂ ਲਾਉਣਾਂ ਤਾਂ ਕੋਈ ਤੁਹਾਡੇ ਤੋਂ ਸਿੱਖੇ। ਧੀਆਂ ਪੁੱਤ ਬਰਾਬਰ ਦੇ ਹੋਣ ਨੂੰ ਹੈ ਤੇ ਇਹਨੂੰ ਵਾਸ਼ਨਾ ਸੁਝਦੀ ਹੈ।” ਅੰਦਰੋਂ ਖੁਸ਼ ਪਰ ਉਪਰੋਂ ਉਪਰੋਂ ਝੇਪਦੀ ਨੇ ਕਿਹਾ।
“ਓ ਭਾਗਵਾਨੇ ਜਦੋਂ ਬੂਟੇ ਨੂੰ ਫੁੱਲ ਪੈ ਜਾਂਦੇ ਹਨ। ਫਲ ਲੱਗਕੇ ਪੱਕ ਜਾਂਦੇ ਹਨ ਤਾਂ ਕੀ ਬੂਟੇ ਨੂੰ ਫੇਰ ਫੁੱਲ਼ ਨਹੀਂ ਲੱਗਦੇ ਮਹਿਕ ਨਹੀਂ ਆਉਦੀ? ਨਾਲੇ ਏਹੀ ਪੰਜ-ਦੱਸ ਵਰੇ ਐ। ਫੇਰ ਨੂੰਹਾਂ ਪੁੱਤਾਂ ਦੇ ਵੱਸ ਪੈ ਜਾਵਾਂਗੇ। “ਹਰਜੀਤ ਨੇ ਕਿਹਾ ਅਤੇ ਕਾਰ ਦੇ ਸਟੀਰੀਓ ਦੀ ਸਵਿੱਚ ਛੱਡੀ ਤਾਂ “ਜੋੜੀ ਜਦੋਂ ਚੁਬਾਰੇ ਚੜਦੀ ਸਾਨੂੰ ਦੇਖ ਗਵਾਂਢਣ ਸੜਦੀ” ਦੀ ਅਵਾਜ਼ ਗੂੰਜੀ ਤਾਂ ਨਵੀ ਨਵੇਲੀ ਜੋੜੀ ਵਾਂਗ ਬੈਠੀ ਹਰਜੀਤ ਬੋਲੀ” ਹੁਣ ਤਾਂ ਦਾਹੜੀ ‘ਚ ਬੱਗੇ ਆ ਗਏ ਕੁਝ ਤਾਂ ਸ਼ਰਮ ਕਰੋ। ਕੀ ਤੁਹਾਨੂੰ ਤੁਹਾਡੀ ਯੂਨੀਅਨ ਵਾਲੇ ਅਜਿਹੇ ਗੀਤਾਂ ਤੋਂ ਰੋਕਦੇ ਨਹੀ” ਕੀ ਓਥੇ ਅਜਿਹੇ ਗੀਤ ਲੱਗਦੇ ਹਨ।
ਇਹ ਤਾਂ ਚੋਹਲ ਮੋਹਲ ਦਾ ਗੀਤ ਐ। ਪਤਾ ਨਹੀਂ ਸੱਚ ਐ ਜਾਂ ਝੂਠ ਪਰ ਸੱਚ ਵੀ ਹੈ ਕਿ ਪਾਸ਼ ਤੇ ਦੀਦਾਰ ਸੰਧੂ ਦੀ ਗੂੜੀ ਦੋਸਤੀ ਸੀ। ਪਾਸ਼ ਇਨਕਲਾਬੀ ਲੇਖਕ ਤੇ ਦੀਦਾਰ ਸੰਧੂ ਚਾਲੂ ਕਿਸਮ ਦੇ ਗੀਤ ਗਾਉਣ ਵਾਲਾ। ਫਿਰ ਵੀ ਪੂਰਬ ਪੱਛਮ ਦੀ ਪਤਾ ਨਹੀਂ ਕਿਵੇਂ ਸੱਥਰੀ ਪੈਂਦੀ ਸੀ। ਕਹਿੰਦੇ ਨੇ “ਬੰਦ ਪਿਆ ਦਰਵਾਜਾ ਜਿਉਂ ਫਾਟਕ ਕੋਟਕਪੁਰੇ ਦਾ” ਤੇ ਇਹ ਗੀਤ ਪਾਸ਼ ਦੇ ਚੋਹਲ-ਮੋਹਲ ਦੇ ਸਨ ਜੋ ਦੀਦਾਰ ਸੰਧੂ ਨੇ ਗਾਏ। ਜੇ ਸਾਡੀ ਜਾਨੇ ਮਨ ਨੂੰ ਇਹ ਪਸੰਦ ਨਹੀ ਤਾਂ ਆਪਾਂ ਇਹ ਕੈਸਿਟਾਂ ਭਾਲਣ ਲੱਗਾ।
“ਓ ਤੂੰ ਛੱਡ ਯੂਨੀਅਨ ਨੂੰ, ਯੂਨੀਅਨ ਦੀਆਂ ਗੱਲ਼ਾਂ ਯੂਨੀਅਨ ਨਾਲ ਪਤੀ-ਪਤਨੀ ਦੀਆਂ ਆਪਣੀਆਂ ਗੱਲ਼ਾਂ ਤੇ ਵਲਵਲੇ ਵੀ ਹੁੰਦੇ ਹਨ। ਇਹ ਕਹਿਕੇ ਹਰਜਿੰਦਰ ਨੇ ਟੇਪ ਬਦਲ ਦਿੱਤੀ ਤੇ ਅਵਾਜ ਆਈ “ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਯੁੱਗ ਯੁੱਗ ਜਿਓਣ ਬਈ ਸਦਾ” ਹਾਂ ਇਹ ਠੀਕ ਐ ਕੋਈ ਚੱਜ ਦੀ ਗੱਲ ਤਾਂ ਹੈ” ਹਰਜੀਤ ਨੇ ਕਿਹਾ। ਇੰਝ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਭੈਣ ਦੇ ਘਰ ਪਹੁੰਚ ਗਏ। ਦੋਵਾਂ ਨੇ ਭੈਣ ਨੂੰ ਮੱਥਾ ਟੇਕਿਆ। ਉਸ ਅਸੀਸਾਂ ਦੀ ਝੜੀ ਲਗਾ ਦਿੱਤੀ, ਭੈਣ ਦਾ ਖੁਸ਼ੀ ਨਾਲ ਪੈਰ ਧਰਤੀ ਤੇ ਨਹੀ ਸੀ ਲੱਗ ਰਿਹਾ “ਭੈਣੇ ਭਾਅ ਜੀ ਕਿੱਥੇ ਐ? “ਉਹ ਵੀ ਸਵੇਰ ਦੇ ਮੰਡੀ ਝੋਨਾ ਢੋਈ ਜਾਂਦੇ ਐ ਉਹਨਾਂ ਦਾ ਘਰੇ ਆਉਣ ਦਾ ਟਾਈਮ ਨਹੀ ਲੱਗਣਾ ਚੱਲ ਤੂੰ ਮੈਨੂੰ ਇੱਕ ਗੱਲ਼ ਦੱਸ “ਭੈਣ ਨੇ ਕਿਹਾ “ਕੀ ਭੈਣੇ? ਹਰਜਿੰਦਰ ਨੇ ਪੁੱਛਿਆ”। “ਵੇ ਜਿੰਦਰਾ ਹਰਜੀਤ ਭਾਬੀ ਤਾਂ ਤੂੰ ਇੰਜ ਸ਼ਿੰਗਾਰ ਕੇ ਲਿਆਂਦੀ ਐ ਜਿਵੇ ਸੱਜਰੀ ਵਿਆਹੀ ਹੋਵੇ” ਨਣਦ ਦੀ ਉਸਦੇ ਸੁਹੱਪਣ ਤੇ ਪਹਿਨਣ ਪੱਚਰਨ ਦੀ ਸਿਫਤ ਕੀਤੀ ਤੇ ਹਰਜੀਤ ਦਾ ਚੇਹਰਾ ਕੰਨਾਂ ਤੱਕ ਲਾਲ ਹੋ ਗਿਆ।
“ਹੋਵੇ ਵੀ ਕਿਉ ਨਾਂ ਸਾਡੀ ਮਾਮੀ ਬੀ.ਏ ਪਾਸ ਐ ਅੱਜ ਤਾਂ ਇੰਜ ਲੱਗਦੈ ਜਿਵੇਂ ਕਾਲਜੋਂ ਆਈ ਹੋਵੇ।” ਭੈਣ ਦੀ +੨ ‘ਚ ਪੜਦੀ ਗੁੱਡੀ ਨੇ ਕਿਹਾ।
“ਕੁੜੇ ਤੂੰ ਤਾਂ ਬੜੀਆਂ ਗੱਲਾਂ ਮਾਰਨ ਲੱਗ ਪੀ ਅਜੇ ਕੱਲ ਦੀਆਂ ਗੱਲਾਂ ਨੇ ਜਦ ਪੰਜਵੀਂ ਵਿੱਚ ਪੜ•ਦੀ ਦੇ ਮੈਂ ਤੇਰੇ ਮੀਡੀਆਂ ਕਰਦੀ ਹੁੰਦੀ ਸੀ” ਹਰਜੀਤ ਨੇ ਕਿਹਾ। ਫਿਰ ਹਰਜਿੰਦਰ ਭੈਣ ਵੱਲ਼ੋਂ ਕੀਤੇ ਸਵਾਲ ਤੇ ਬੋਲਿਆ।
“ਬੱਸ ਭੈਣੇ ਤੁਹਾਡੀਆਂ ਅਸੀਸਾਂ ਦੀ ਬਦੌਲਤ ਹੈ, ਤੇਰਾ ਤੇ ਬਾਪੂ ਦਾ ਦਿੱਤਾ ਖਾਈਦਾ ਹੈ। “ਹਰਜਿੰਦਰ ਨੇ ਕਿਹਾ” ਨਾਂ ਭਾਈ ਇਹ ਤਾਂ ਰੱਬ ਦੀ ਦੇਣ ਐ। ਮੈਂ ਤਾਂ ਘੁੰਮਾਈਂ ਭੀੜੀ ਹੁੰਦੀ ਹਾਂ ਜਦ ਦਸਦੀ ਹਾਂ ਕਿ ਮੇਰਾ ਭਰਾ ਜ਼ਿਲ•ੇ ਦਾ ਆਗੂ ਹੈ ਅਖਬਾਰਾਂ ‘ਚ ਖਬਰਾਂ ਤੇ ਫੋਟੂਆਂ ਤੇ ਬਿਆਨ ਆਉਦੇ ਹਨ। ਭੈਣ ਨੇ ਕਿਹਾ “ਬੱਸ ਭੈਣੇ ਬੱਸ ਅੱਜ ਸਾਡੀ ਦੋਹਾਂ ਜੀਆਂ ਦੀ ਯੂਨੀਅਨ ਬਾਰੇ ਵਕੀਲਾਂ ਵਾਲੀ ਬਹਿਸ ਹੋ ਚੁੱਕੀ ਹੈ”। ਹਰਜਿੰਦਰ ਨੇ ਹੱਸਦਿਆ ਕਿਹਾ। ਪੂਰੇ ਚਾਅ ਨਾਲ ਭੈਣ ਨੇ ਚਾਹ ਦੇ ਨਾਲ ਮਿਠਿਆਈ ਪਰੋਸੀ। ਘੰਟਾ ਦੋ ਘੰਟੇ ਕਬੀਲਦਾਰੀ ਦੀਆਂ ਗੱਲ਼ਾਂ ਹੁੰਦੀਆਂ ਰਹੀਆਂ। ਭੈਣ ਨੇ ਭਤੀਜੇ ਭਤੀਜੀ ਦਾ ਹਾਲ ਪੁੱਛਿਆ ਤੇ ਉਹਨਾਂ ਨੂੰ ਨਾਲ ਨਾਂ ਲੈ ਕੇ ਆਉਣ ਦਾ ਗਿਲਾ ਕੀਤਾ। “ਕੋਈ ਗੱਲ ਨੀ ਬੀਬੀ ਛੁੱਟੀਆਂ ‘ਚ ਤੇਰੇ ਕੋਲ ਚਾਰ ਦਿਨ ਲਾ ਜਾਣਗੇ। “ਚਲੀਏ ਫਿਰ” ਹਰਜਿੰਦਰ ਨੇ ਕਿਹਾ” ਵੀਰਾ ਐਡੀ ਛੇਤੀ ਅਜੇ ਤਾਂ ਦੁਪਹਿਰਾ ਹੈ ਮੈਂ ਰੋਟੀ ਬਣਾਉਦੀ ਹਾਂ ਕੁਝ ਦੇਰ ਹੋਰ ਠਹਿਰ ਜ”
“ਨਹੀ ਭੈਣ ੩-੪ ਵਜੇ ਦੇ ਦਰਮਿਆਨ ਜੁਆਕ ਸਕੂਲੋਂ ਆ ਜਾਣਗੇ। ਘਰ ਦੀ ਚਾਬੀ ਗੁਆਂਢ ਫੜਾ ਕੇ ਆਏ ਹਾਂ। ਫੇਰ ਸ਼ਹਿਰ ‘ਚੋਂ ਸੌਦਾ ਪੱਤਾ ਖਰੀਦਣਾ ਹੈ। ਲੇਟ ਹੋ ਜਾਵਾਂਗੇ। ਇਹ ਕਹਿ ਕੇ ਹਰਜਿੰਦਰ ਨੇ ਹਜ਼ਾਰ, ਹਜ਼ਾਰ ਦੇ ਦੋ ਨੋਟ ਕੱਢੇ ਤੇ ਨਾਂਹ ਨਾਂਹ ਕਰਦੀ ਭੈਣ ਤੇ ਭਾਣਜੀ ਦੇ ਹੱਥ ਦੇ ਦਿੱਤੇ। ਸ਼ਹਿਰ ਆ ਕੇ ਉਹਨਾਂ ਨੇ ਵੇਸਣ, ਮੈਦਾ, ਖੰਡ ਅਤੇ ਵਾਕਫ ਦੁਕਾਨਦਾਰ ਦੇ ਘਰ ਅੰਦਰੋਂ ਜਾ ਕੇ ਪਟਾਕੇ ਖਰੀਦੇ। ਜੋ ਕਾਫੀ ਸਸਤੇ ਮਿਲ ਗਏ। ਫਿਰ ਉਹਨਾਂ ਬਿਜਲੀ ਦੇ ਸਮਾਨ ਦੀ ਦੁਕਾਨ ਤੋਂ ਲੜੀਆਂ ਆਦਿ ਖਰੀਦੀਆਂ। ਸਰਕਾਰ ਵੱਲ਼ੋਂ ਪਰਾਲੀ ਨੂੰ ਅੱਗ ਲਾਉਣ ਦੀ ਖੁੱਲ਼ ਮਿਲਣ ਤੇ ਟਾਂਵੇ ਟਾਂਵੇ ਖੇਤਾਂ ਵਿੱਚੋਂ ਚਿੱਟੇ ਧੂੰਏਂ ਦੇ ਗੁਬਾਰ ਅਸਮਾਨ ਵੱਲ ਚੜ• ਰਹੇ ਸਨ। ਰਸਤੇ ਵਿੱਚ ਹਰਜਿੰਦਰ ਤੇ ਹਰਜੀਤ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਘਰੇ ਹੀ ਭੱਠੀ ਪੁੱਟ ਕੇ ਚੁਰੰਜੀ ਲਾਲ ਤੋਂ ਮਠਿਆਈ ਬਣਾਉਣ ਦੀਆਂ ਸਕੀਮਾਂ ਕਰਨ ਲੱਗੇ। ਸ਼ਹਿਰੋਂ ਖਰੀਦਿਆ ਸਮਾਨ ਪਿਛਲੀ ਸੀਟ ਤੇ ਪਿਆ ਹੋਇਆ ਸੀ। ਹਰਜਿੰਦਰ ਨੇ ਘੜੀ ਤੇ ਸਮਾਂ ਦੇਖਿਆ। “ਸਵਾ ਕੁ ਤਿੰਨ ਹੋਏ ਹਨ ” “ਦਸਾਂ ਪੰਦਰਾਂ ਮਿੰਟਾਂ ‘ਚ ਜੁਆਕ ਵੀ ਆਉਣ ਵਾਲੇ ਹਨ। ਜੁਆਕ ਤਾਂ ਪਟਾਕੇ ਦੇਖਕੇ ਮਾਰਨਗੇ ਚਾਂਭੜਾਂ” ਹਰਜੀਤ ਨੇ ਕਿਹਾ ਤੇ ਆਪਾਂ ਹੀ ਪੰਜ ਦਸ ਮਿੰਟਾਂ ‘ਚ ਘਰੇ ਪਹੁੰਚ ਜਾਵਾਂਗੇ”। ਹੁਣ ਪੱਛੋਂ ਵੱਲੋਂ ਹਵਾ ਚੱਲ ਰਹੀ ਸੀ ਜੋ ਪਲ ਪਲ ਤੇਜ਼ ਹੋ ਰਹੀ ਸੀ। ਅਜੇ ਉਹ ਆਪਣੇ ਖੇਤ ਤੋਂ ਅੱਧਾ ਕੁ ਕਿਲੋ ਮੀਟਰ ਪਿੱਛੇ ਸਨ। ਹਰਜਿੰਦਰ ਦੇ ਖੇਤ ਚੋ ਪਰਾਲੀ ਦਾ ਧੂੰਆਂ ਅਸਮਾਨ ਨੂੰ ਚੜ ਰਿਹਾ ਸੀ। ਹਵਾ ਕਾਰਨ ਸੁੱਕੀ ਪਰਾਲੀ ਚੋਂ ਲਪਟਾਂ ਤੇ ਗਿੱਲ਼ੇ ਨਾੜ ਦੇ ਸੜਨ ਨਾਲ ਅੱਗੇ ਕੁਝ ਦਿਸ ਨਹੀ ਰਿਹਾ ਸੀ। ਕੁਝ ਸੁੱਕੀ ਪਰਾਲੀ ਖੇਤ ਦੇ ਖਤਾਨਾਂ ਵਿੱਚ ਅੱਗ ਫੜ ਚੁੱਕੀ ਸੀ। ਅਚਾਨਕ ਹਵਾ ਦਾ ਇੱਕ ਖੌਰਾ ਜੇਹਾ ਆਇਆ ਤੇ ਗੱਡੀ ਦੇ ਅੱਗੋਂ ਦੀ ਅੱਗ ਨਿਕਲਣ ਲੱਗੀ। ਅੱਗ ਡਰਾਈਵਰ ਵਾਲੀ ਤਾਕੀ ਵੱਲ਼ੋਂ ਆ ਰਹੀ ਸੀ। ਉਧਰਲੇ ਪਾਸੇ ਤੋਂ ਤਾਕੀ ਖੋਹਲਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਸੀ। ਹੁਣ ਅੱਗ ਦੇ ਫਲੂਹੇ ਗੱਡੀ ਦੇ ਹੇਠੋਂ ਦੀ ਲੱਘਣ ਲੱਗੇ।
“ਜੱਟ ਮਾਰ ਲਿਆ ਸੌਹਰੇ ਨਿੱਕੇ ਨਿੱਕੇ ਸਰਫਿਆਂ ਨੇ ਅੱਜ ਪਰਾਲੀ ਨੂੰ ਅੱਗ ਲਾ ਕੇ ਪੰਜ ਸੱਤ ਹਜ਼ਾਰ ਦੇ ਸਰਫੇ ਪਿੱਛੇ ਮੌਤ ਦੇ ਮੂੰਹ ਆ ਗਏ ਹਾਂ। ਜੀਤੀ ਅੱਜ ਅਸੀਂ ਜਿੱਤ ਕੇ ਵੀ ਹਾਰ ਗਏ”। ਹਰਫਲੇ ਹਰਜਿੰਦਰ ਦੇ ਮੂੰਹੋਂ ਨਿਕਲਿਆ। ਮਗਰਲੀ ਸੀਟ ਤੇ ਰੱਖੇ ਪਟਾਕਿਆਂ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਧੂੰਏ ਦੇ ਗੁਬਾਰ ਚੋਂ ਹੌਲੀ-ਹੌਲੀ ਲੰਘ ਰਹੀਆਂ ਗੱਡੀਆਂ ਰੁਕੀਆਂ ਤਾਕੀਆਂ ਭੰਨ ਕੇ ਉਹਨਾਂ ਦੋਹਾਂ ਜੀਆਂ ਨੂੰ ਅਧ ਝੁਲਸੇ ਕੱਪੜਿਆਂ ਸਮੇਤ ਕੱਢ ਰਹੇ ਸਨ। “ਹਾਏ ਮੈਂ ਮੱਚਗੀ ਵੇ ਲੋਕੋ ਸਾਡੇ ਬੱਚਿਆਂ ਨੂੰ ਕੌਣ ਸਾਂਭੂ?
ਲਗਦਿਆ ਅੱਠ ਦੱਸ ਹਜ਼ਾਰ ਦੀ ਬੱਚਤ ਕਰਨ ਵਾਲਿਆਂ ਹੁਣ ਤੇਰੇ ਉਡੀਕ ਰਹੇ ਜੁਆਕਾਂ ਨੂੰ ਮਜ਼ਦੂਰਾਂ ਵਾਂਗ ਅੱਠ ਹਜ਼ਾਰ ਕਿਹੜੀ ਯੂਨੀਅਨ ਦੇਵੇਗੀ? ਹਰਫਲੀ ਹੋਈ ਹਰਜੀਤ ਦੀ ਤਾਕੀ ਸ਼ੀਸ਼ਾ ਭੰਨ ਕੇ ਰਾਹੀਗਰਾਂ ਨੇ ਖੋਹਲੀ। ਹਰਜਿੰਦਰ ਆਪਣੇ ਹੀ ਖੇਤ ਦੀ ਅੱਗ ਨਾਲ ਵਾਪਰੇ ਭਾਣੇ ਕਾਰਨ ਬੇਹੋਸ਼ ਹੋ ਚੁੱਕਾ ਸੀ। ਦੋਹਾਂ ਦੇ ਸਰੀਰ ਅੱਗ ਨਾਲ ਝੁਲਸੇ ਗਏ ਸਨ। ਕਿਸੇ ਦੇ ਫੋਨ ਕਰਨ ਤੇ ਲਾਗਲੇ ਸ਼ਹਿਰ ਚੋਂ 108 ਨੰਬਰ ਐਂਬੂਲੈਂਸ ਗੱਡੀ ਆ ਰਹੀ ਸੀ। ਬਿੱਕਰ ਆਪਣੇ ਸਰਦਾਰ ਤੇ ਸਰਦਾਰਨੀ ਦੇ ਸਰੀਰਾਂ ਨੂੰ ਪਿੰਡ ਵਾਸੀਆਂ ਨਾਲ ਮਿਲਕੇ ਐਂਬੂਲੈਂਸ ਵਿੱਚ ਰਖਵਾ ਰਿਹਾ ਸੀ ਉਹ ਰੋ ਰਿਹਾ ਸੀ। ਕੁਝ ਕੁ ਬੰਦਿਆਂ ਨੂੰ ਨਾਲ ਲੈ ਕੇ ਐਂਬੂਲੈਂਸ ਸ਼ਹਿਰ ਦੇ ਵੱਡੇ ਹਸਪਤਾਲ ਵੱਲ ਵੱਧ ਰਹੀ ਸੀ। ਬਿੱਕਰ ਹੋਰਾਂ ਨਾਲ ਮਿਲਕੇ ਹਰਜਿੰਦਰ ਦੀ ਸੜ ਰਹੀ ਕਾਰ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਕਿਸਮਤ ਦੇ ਰੰਗ

ਕਿਰਨਪ੍ਰੀਤ ਕੌਰ । +43 660 737 0487

ਰਮਨ ਤੇ ਗਗਨ ਬਚਪਨ ਦੀਆਂ ਸਹੇਲੀਆਂ ਸਨ। ਪਹਿਲੀ ਜਮਾਤ ਤੋਂ ਹੀ ਇਕੱਠੀਆਂ ਪੜ੍ਹੀਆਂ। ਬਹੁਤ ਪਿਆਰ ਸੀ ਦੋਵਾਂ ਦਾ ਆਪਸ ਵਿੱਚ ਪਿੰਡ ਵੀ ਦੋਹਾਂ ਦੇ ਕੋਲੇ ਕੋਲੇ ਹੀ ਸਨ ਤੇ ਇੱਕੋ ਹੀ ਬੱਸ ਚ ਕਾਲਜ ਜਾਂਦੀਆਂ। ਦੋਹਾਂ ਨੇ ਵਕਾਲਤ ਦੀ ਪੜ੍ਹਾਈ ਵੱਡੇ ਸ਼ਹਿਰ ਤੋਂ ਕੀਤੀ । ਕਾਰੋਬਾਰ ਪੱਖੋਂ ਦੋਨੋਂ ਹੀ ਚੰਗੇ ਤਕੜੇ ਘਰਾਂ ਦੀਆਂ ਸਨ । ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ।

ਰਮਨ ਸੋਹਣੀ ਤੇ ਜਵਾਨ ਸੀ। ਪਰ ਗਗਨ ਦਾ ਰੰਗ ਥੋੜ੍ਹਾ ਸਾਂਵਲਾ ਸੀ ਤੇ ਕਦ ਵੀ ਮੱਧਮ ਜਿਹਾ। ਸੁਭਾਅ ਪੱਖੋਂ ਪਰ ਗਗਨ ਖੁੱਲੇ ਦਿਲ ਵਾਲੀ ਤੇ ਛੇਤੀ ਹੀ ਸਭ ਵਿੱਚ ਘੁਲ ਮਿਲ ਜਾਣ ਵਾਲੀ ਕੁੜੀ ਸੀ। ਪਰ ਰਮਨ ਵਿੱਚ ਥੋੜ੍ਹੀ ਆਕੜ ਰਹਿੰਦੀ । ਜੇਕਰ ਕੋਈ ਉਸ ਨੂੰ ਪਹਿਲਾਂ ਬੁਲਾਵੇ ਉਹ ਤਾਂ ਹੀ ਉਸ ਨਾਲ ਬੋਲਦੀ ।ਆਪ ਪਹਿਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ਼ ਸਮਝਦੀ । ਰਮਨ ਤੇ ਗਗਨ ਹੁਣ ਜਵਾਨ ਹੋ ਗਈਆਂ ਸਨ । ਦੋਹਾਂ ਦੇ ਹੀ ਘਰ ਦੇ ਉਨ੍ਹਾਂ ਲਈ ਰਿਸ਼ਤਾ ਲੱਭ ਰਹੇ ਸਨ । ਰਮਨ ਤਾਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਵਿਦੇਸ਼ੀ ਮੁੰਡੇ ਦਾ ਰਿਸ਼ਤਾ ਹੋਵੇ। ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿੰਦਾ ਅਮੀਰ ਘਰ ਦਾ ਮੁੰਡਾ ਹੋਵੇਗਾ ਤਾਂ ਉਹ ਹਮੇਸ਼ਾ ਖ਼ੁਸ਼ ਰਹੇਗੀ । ਉਸ ਦੀ ਜ਼ਿੰਦਗੀ ਬਣ ਜਾਵੇਗੀ । ਉਧਰ ਦੂਸਰੇ ਬੰਨ੍ਹੇ ਗਗਨ ਨੂੰ ਇਨ੍ਹਾਂ ਸਭ ਗੱਲਾਂ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ । ਉਹ ਆਖਦੀ ਮੁੰਡਾ ਬੇਸ਼ੱਕ ਇਧਰ ਦਾ ਹੋਵੇ ਜਾਂ ਬਾਹਰਲਾ ਪਰ ਮੈਨੂੰ ਸਮਝਣ ਵਾਲਾ ਤੇ ਮਿਹਨਤੀ ਹੋਵੇ । ਘਰ – ਬਾਰ ਪੱਖੋਂ ਬੇਸ਼ੱਕ ਘੱਟ ਹੋਵੇ ਕੁਝ ਪਰ ਦਿਲ ਚ ਇਮਾਨਦਾਰੀ ਰੱਖਦਾ ਹੋਵੇ ।
ਕੁਝ ਸਮਾਂ ਬੀਤਿਆ ਰਮਨ ਨੂੰ ਕੈਨੇਡਾ ਦੇ ਇਕ ਮੁੰਡੇ ਦੀ  ਵਿਆਹ ਲਈ ਦੱਸ ਪਈ । ਰਮਨ ਦਾ ਤਾਂ ਜਿਵੇਂ ਸੁਪਨਾ ਹੀ ਪੂਰਾ ਹੋ ਗਿਆ ਹੋਵੇ । ਉਹ ਤਾਂ ਹਵਾ ਚ ਉਡਾਰੀਆਂ ਮਾਰਨ ਲੱਗੀ । ਰੋਜ਼ ਜਹਾਜ਼ਾਂ ਦੇ ਸੁਪਨੇ ਲੈਂਦੀ। ਦਰਅਸਲ ਇਹ ਰਿਸ਼ਤਾ ਉਨ੍ਹਾਂ ਦੀ ਗੁਆਂਢਣ ਮਨਜੀਤ ਕੌਰ ਆਪਣੇ ਪੇਕਿਆਂ ਦੇ ਪਿੰਡ ਤੋਂ ਕਰਵਾ ਰਹੀ ਸੀ। ਇਸ ਲਈ ਰਮਨ ਦੇ ਘਰਦਿਆਂ ਨੇ ਵੀ ਬਾਹਲੀ ਜਾਂਚ ਪੜਤਾਲ ਨਹੀਂ ਕੀਤੀ ਮੁੰਡੇ ਬਾਰੇ । ਮਨਜੀਤ ਕੌਰ ਨੇ ਦੱਸਿਆ ਕਿ ਮੁੰਡਾ ਕੈਨੇਡਾ ਦਾ ਹੈ ।ਚੰਗਾ ਕਾਰੋਬਾਰ ਕਰਦਾ ਹੈ ਤੇ ਘਰ ਵੀ ਆਪਣਾ ਲਿਆ ਹੋਇਆ ਹੈ। ਬੱਸ ਉਮਰ ਥੋੜ੍ਹੀ ਜ਼ਿਆਦਾ ਏ ।ਘੱਟ ਤੋਂ ਘੱਟ ਆਪਣੀ ਰਮਨ ਤੋਂ ਦਸ ਕੁ ਸਾਲ ਵੱਡਾ ਹੋਊ ।ਪਰ ਰਮਨ ਨੂੰ ਤਾਂ ਬਸ ਹੁਣ ਕੈਨੇਡਾ ਹੀ ਦਿਖ ਰਿਹਾ ਸੀ ।ਉਸ ਨੇ ਰਿਸ਼ਤੇ ਲਈ ਹਾਂ ਕਰਤੀ । ਬਹੁਤ ਧੂਮਧਾਮ ਨਾਲ਼ ਰਮਨ ਦਾ ਵਿਆਹ ਜਸਪ੍ਰੀਤ ਨਿੱਕ ਨੇਮ (ਜਸ )ਨਾਲ ਕਰ ਦਿੱਤਾ ਗਿਆ। ਥੋੜ੍ਹਾ ਹੀ ਸਮੇਂ ਬਾਅਦ ਜਸ ਰਮਨ ਨੂੰ ਕੈਨੇਡਾ ਲੈ ਗਿਆ। ਉਨ੍ਹਾਂ ਸਮਾਂ ਰਮਨ ਆਪਣੇ ਪੇਕੇ ਹੀ ਰਹੀ ਕਿਉਂਕਿ ਉਸਦੇ ਸਹੁਰੇ ਘਰ ਵਿੱਚ ਕੇਵਲ ਜੱਸ ਦੇ ਬਜ਼ੁਰਗ ਮਾਤਾ ਪਿਤਾ ਹੀ ਰਹਿੰਦੇ ਸਨ ਤੇ ਰਮਨ ਦਾ ਕਹਿਣਾ ਸੀ ਕਿ ਉਹ ਉੱਥੇ ਇਕੱਲੀ ਬੋਰ ਹੋ ਜਾਇਆ ਕਰੇਗੀ । ਇਸ ਲਈ ਉਹ ਜਦੋਂ ਤਕ ਕੈਨੇਡਾ ਨਹੀਂ ਆ ਜਾਂਦੀ। ਉਹ ਆਪਣੇ ਮਾਤਾ ਪਿਤਾ ਕੋਲ ਪੇਕੇ ਘਰ ਰਹੇਗੀ । ਹੁਣ ਰਮਨ ਆਪਣੇ ਪਤੀ ਜਸ ਨਾਲ਼ ਕੈਨੇਡਾ ਰਹਿਣ ਲੱਗੀ।
 ਉਧਰ ਦੂਸਰੀ ਤਰਫ ਗਗਨ ਨੂੰ ਥੋੜੀ ਹੀ ਦੂਰ ਦੇ ਇਕ ਪਿੰਡ ਤੋਂ ਚੰਗੇ ਘਰ ਦਾ ਰਿਸ਼ਤਾ ਆਇਆ। ਮੁੰਡੇ ਵਾਲੇ ਨਾ ਤਾਂ ਬਹੁਤ ਗਰੀਬ ਸਨ ਨਾ ਹੀ ਬਹੁਤੇ ਅਮੀਰ। ਚਾਰ ਕੁ ਕਿੱਲੇ ਪੈਲ਼ੀ ਤੋਂ ਆਪਣਾ ਸੋਹਣਾ ਗੁਜ਼ਰ ਗੁਜ਼ਾਰਾ ਕਰਨ ਵਾਲੇ ਸਨ । ਮੁੰਡਾ ਸੋਹਣਾ ਤੇ ਜਵਾਨ ਚੰਗਾ ਪੜ੍ਹਿਆ ਲਿਖਿਆ ਹੋਇਆ ਤੇ ਮਕੈਨਕੀ ਦਾ ਕੰਮ ਜਾਣਦਾ ਸੀ। ਛੋਟੀ ਜਿਹੀ ਦੁਕਾਨ ਪਾਈ ਹੋਈ ਸੀ ਉਸਨੇ ਤੇ ਬਾਕੀ ਬਾਪੂ ਨਾਲ ਖੇਤੀਬਾੜੀ ਚ ਹੱਥ ਵਟਾ ਦਿੰਦਾ । ਸੁਰਜੀਤ ਸਿੰਘ (ਸੋਨੂੰ -ਸੋਨੂੰ )ਕਰਕੇ ਬੁਲਾਉਂਦੇ ਸਨ ਉਸਨੂੰ ਉਸਦੇ ਬੇਲੀ ।
ਗਗਨ ਦੇ ਘਰਦਿਆਂ ਨੂੰ ਮੁੰਡੇ ਵਾਲੇ ਚੰਗੇ ਤੇ ਸੰਸਕਾਰੀ ਲੱਗੇ । ਗਗਨ ਨੇ ਵੀ ਰਿਸ਼ਤੇ ਲਈ ਮਨਜ਼ੂਰੀ ਭਰ ਦਿੱਤੀ। ਦੋਵੇਂ ਸਹੇਲੀਆਂ ਹੁਣ ਆਪੋ ਆਪਣੇ ਸਹੁਰੇ ਘਰ ਵੱਸਦੀਆਂ । ਦੋਨੋਂ ਇਕ ਦੂਸਰੇ ਨਾਲ ਫੋਨ ਤੇ ਗੱਲਾਂ ਕਰ ਲੈਂਦੀਆਂ ਸਨ । ਸਮਾਂ ਲੰਘਦਾ ਗਿਆ ਵਿਆਹ ਨੂੰ ਤਕਰੀਬਨ ਸਾਲ ਕੋ ਹੋ ਗਿਆ ਹੋਣਾ । ਰਮਨ ਤੇ ਜਸ ਵਿੱਚ ਅਕਸਰ ਮੱਤਭੇਦ ਹੀ ਰਹਿੰਦਾ ਸੀ । ਦਰਅਸਲ ਜਸ ਕੰਮ ਚ ਹਮੇਸ਼ਾ ਘਰੋਂ ਬਾਹਰ ਹੀ ਰਹਿੰਦਾ ਸੀ ਤੇ ਰਮਨ ਲਈ ਉਸ ਕੋਲ ਚ ਥੋੜ੍ਹਾ ਵੀ ਟਾਈਮ ਨਹੀਂ ਸੀ ਨਿਕਲਦਾ। ਰਮਨ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ। ਇੱਕ ਦਿਨ ਰਮਨ ਨੇ ਜੱਸ ਨੂੰ ਕਿਹਾ ਕਿ ਉਹ ਵੀ ਉਸ ਨਾਲ ਆਫਿਸ ਵਿੱਚ ਆ ਜਾਇਆ ਕਰੇਗੀ ਤਾਂ ਜੋ  ਉਸ ਦੀ ਕੰਮ ਵਿੱਚ ਥੋੜ੍ਹੀ ਮਦਦ ਵੀ ਹੋ ਜਾਵੇਗੀ ਤੇ ਨਾਲ ਨਾਲ ਉਹ ਘਰ ਵਿੱਚ ਬੋਰ ਵੀ ਨਹੀਂ ਹੋਇਆ ਕਰੇਗੀ । ਪਰ ਜੱਸ ਨੇ ਉਸ ਨੂੰ ਸਾਫ ਇਨਕਾਰ ਕਰ ਦਿੱਤਾ । ਉਹ ਨਹੀਂ ਚਾਹੁੰਦਾ ਸੀ ਕਿ ਰਮਨ ਘਰੋਂ ਬਾਹਰ ਵੀ ਨਿਕਲੇ। ਉਸ ਨੇ ਪਹਿਲਾਂ ਵੀ ਰਮਨ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ  ਹੋੲੀਆਂ ਸਨ ਜਿਵੇਂ ਕਿ ਘਰੋਂ ਇਕੱਲੀ ਬਾਹਰ ਨਹੀਂ ਜਾਣਾ ,ਕਿਸੇ ਅਣਜਾਣ ਨਾਲ ਗੱਲ ਨਹੀਂ ਕਰਨੀ ,ਇਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨੇ ਆਦਿ। ਰਮਨ ਦੀ ਜ਼ਿੰਦਗੀ ਘੁੱਟਵੀ ਅਤੇ ਬੇਜਾਨ ਜਿਹੀ ਹੋ ਗਈ ਸੀ । ਉਹ ਅੰਦਰੋਂ ਹੀ ਅੰਦਰ ਆਪਣੇ ਮਾਪਿਆਂ ਨੂੰ ਯਾਦ ਕਰ ਰੋਂਦੀ । ਹੁਣ ਉਸ ਨੂੰ ਕੈਨੇਡਾ ਜੇਲ੍ਹ ਜਾਪਦਾ ਸੀ । ਜਿਸ ਵਿਚੋ ਉਹ ਬਾਹਰ ਨਿਕਲਣਾ ਚਾਹੁੰਦੀ ਸੀ ।
ਇਕ ਦਿਨ ਅਚਾਨਕ ਜੱਸ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲੱਗਿਆਂ ਉਸ ਨੂੰ ਚਿੱਟੇ ਰੰਗ ਦੇ ਪਾਊਡਰ ਦੀ ਸ਼ੀਸ਼ੀ ਮਿਲੀ। ਉਹ ਹੋਰ ਕੁਝ ਨਹੀਂ ਬਲਕਿ ਨਸ਼ਾ ਸੀ। ਰਮਨ ਦੇ ਪੁੱਛਣ ਤੇ ਜੱਸ ਨੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਅਤੇ ਗਾਲਾਂ ਵੀ ਕੱਢੀਆਂ। ਉਸ ਦਿਨ ਰਮਨ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਉਸ ਤੋਂ ਚੋਰੀ ਨਸ਼ੇ ਕਰਦਾ ਸੀ । ਰਮਨ ਅੰਦਰੋ ਅੰਦਰੀ ਖ਼ਤਮ ਹੋਣਾ ਸ਼ੁਰੂ ਹੋ ਗਈ । ਉਸ ਨੇ ਆਪਣਾ ਦੁੱਖ ਕਿਸੇ ਨੂੰ ਨਹੀਂ ਸੀ ਦੱਸਿਆ । ਉਹ ਆਪਣੀ ਜਲਦਬਾਜ਼ੀ ਵਿੱਚ ਲਏ ਫੈਸਲੇ ਨੂੰ ਕੋਸ ਰਹੀ ਸੀ । ਉਧਰ ਦੂਸਰੀ ਤਰਫ ਗਗਨ ਤੇ ਉਸ ਦੇ ਪਤੀ ਦਾ ਵੀ ਵਪਾਰਕ ਰੂਪ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਗਿਆ। ਸਹਿਯੋਗ ਦੀ ਗੱਲ ਹੈ ਗਗਨ ਹੋਣੀ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਰਮਨ ਹੁਣੀ ਰਹਿੰਦੇ ਸਨ । ਗਗਨ ਆਪਣੇ ਪਤੀ ਨਾਲ ਬਹੁਤ ਖੁਸ਼ ਸੀ।  ਉਹ ਉਸ ਦੀ ਨਿੱਕੀ ਨਿੱਕੀ ਚੀਜ਼ ਦੀ ਵੀ ਬਹੁਤ ਪ੍ਰਵਾਹ ਕਰਦਾ ਤੇ ਆਪਣੇ ਸਾਰੇ ਫਰਜ਼ ਪੂਰੇ ਕਰਦਾ । ਗਗਨ ਵੀ ਆਪਣੇ ਪਤੀ ਪ੍ਰਤੀ ਪੂਰੀ ਸੇਵਾ ਭਾਵਨਾ ਰੱਖ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਪੂਰਾ ਸਤਿਕਾਰ ਕਰਦੀ ਅਤੇ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ।
ਇੱਕ ਦਿਨ ਗਗਨ ਤੇ ਸੋਨੂੰ ਮਾਲ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ । ਅਚਾਨਕ ਗਗਨ ਨੇ ਉੱਥੇ ਜਸ ਨੂੰ ਕਿਸੇ ਜਵਾਨ ਕੁੜੀ ਨਾਲ ਸ਼ਾਪਿੰਗ ਕਰਦੇ ਹੋਏ ਦੇਖਿਆ। ਦੋਨੋਂ ਹੱਥਾਂ ਵਿਚ ਹੱਥ ਪਾਈ ਇੱਕ ਦੂਸਰੇ ਨਾਲ ਖੁਸ਼ੀ ਖੁਸ਼ੀ ਗੱਲਾਂ ਕਰ ਰਹੇ ਸਨ । ਗਗਨ ਇਹ ਸਭ ਦੇਖ ਕੇ ਬਹੁਤ ਅਚਨਚੇਤ ਜਿਹੀ ਹੋਈ । ਉਸ ਨੇ ਜਸ ਬਾਰੇ ਆਪਣੇ ਪਤੀ ਨੂੰ ਦੱੱਸਿਆ ਤੇ ਥੋੜ੍ਹਾ ਸਮਾਂ ਜਸ ਦਾ ਮਾਲ ਵਿੱਚ ਪਿੱਛਾ ਕੀਤਾ । ਗਗਨ ਨੂੰ ਦਾਲ ਵਿਚ ਕੁਝ ਕਾਲਾ ਲਗਾ । ਉਸ ਨੇ ਝੱਟ ਰਮਨ ਨੂੰ ਫੋਨ ਕੀਤਾ ਤੇ ਆਖਣ ਲੱਗੀ,” ਡੀਅਰ ਅੱਜ ਅਸੀਂ ਸ਼ਾਮ ਨੂੰ ਤੇਰੇ ਘਰ ਮਿਲਣ ਆਵਾਂਗੇ। ਉਝ ਵੀ ਜਦੋਂ ਦੇ ਕੇਨੇਡਾ ਆਏ ਹਾਂ ਆਪਾਂ ਮਿਲੇ ਨਹੀਂ। ਇੱਥੇ ਇਸੇ ਬਹਾਨੇ ਸਾਡੇ ਹਸਬੈਂਡ ਵੀ ਇੱਕ ਦੂਸਰੇ ਨੂੰ ਮਿਲ ਲੈਣਗੇ ।” ਅਸਲ ਵਿੱਚ ਰਮਨ ਉਨ੍ਹਾਂ ਦੇ ਘਰ ਦੇ ਮਾਹੌਲ ਨੂੰ ਵੇਖਣਾ ਚਾਹੁੰਦੀ ਸੀ । ਸਮਝ ਤਾ ਉਹ ਪਹਿਲਾਂ ਹੀ ਕਾਫ਼ੀ ਕੁੱਝ  ਗਈ ਸੀ ਪਰ ਆਪਣੇ ਸ਼ੱਕ ਨੂੰ ਯਕੀਨ  ਵਿੱਚ ਬਦਲਣਾ ਚਾਹੁੰਦੇ ਸੀ ।
ਸ਼ਾਮ ਹੋਈ ਜਸ ਵੀ ਘਰ ਹੀ ਸੀ । ਸਭ ਇੱਕ ਦੂਸਰੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ।ਅਚਾਨਕ ਗਗਨ ਨੇ ਮਜ਼ਾਕ ਮਜ਼ਾਕ ਵਿੱਚ ਪੁੱਛ ਲਿਆ।” ਹੋਰ ਫਿਰ ਜੀਜਾ ਜੀ ਅੱਜ ਸ਼ਾਪਿੰਗ ਕਿਵੇਂ ਰਹੀ?”  ਇਹ ਸੁਣਦੇ ਹੀ ਜੱਸ ਦੇ ਹੋਸ਼ ਉੱਡ ਗਏ । ਉਸ ਦਾ ਰੰਗ ਪੀਲਾ ਪੈ ਗਿਆ। “ਕਿਹੜੀ ਸ਼ਾਪਿੰਗ ਗਗਨ ?” – ਉਸਨੇ ਥਥਲਾੲੀ ਜਿਹੀ ਆਵਾਜ਼ ਵਿੱਚ ਪੁੱਛਿਆ। ” ਮੈਨੂੰ ਲੱਗਾ ਅੱਜ ਮੈਂ ਜਿਵੇਂ ਤੁਹਾਨੂੰ ਮਾਲ ਵਿੱਚ ਦੇਖਿਆ ਹੋਵੇ । ਅਸੀਂ ਦੁਪਹਿਰੇ ਸ਼ਾਪਿੰਗ ਕਰਨ ਗਏ । ਮੈਂ ਸਾਹਮਣੇ ਵਾਲੀ ਦੁਕਾਨ ਤੇ  ਦੇਖਿਆ ਸੀ। ਜਵਾਂ ਹੀ ਤੁਹਾਡੇ ਵਰਗਾ ਰੁੱਕ ਲੱਗਾ ਮੈਨੂੰ ਉਸ ਦਾ । ਪਹਿਲਾਂ ਤਾਂ ਮੈਂ ਬੁਲਾਉਣ ਲਈ ਚੱਲੀ ਸਾਂ ।ਪਰ ਉਸ ਦੇ ਨਾਲ ਫਿਰ ਇੱਕ ਜਵਾਨ ਕੁੜੀ ਨੂੰ ਦੇਖ ਕੇ ਮੈਂ ਪਿੱਛੇ ਮੁੜ ਹੋਈ ।”
“ਲੇੈ… ਭਲਾ ਮੈਂ ਕਿੱਥੇ ਜਾਣਾ ਮਾਲਾਂ ਵਿੱਚ ਸ਼ਾਪਿੰਗ ਤੇ ਤੈਨੂੰ ਉਂਜ ਹੀ  ਭੁਲੇਖਾ ਲੱਗਾ ਹੋਣਾ ਹਉ ਕੋਈ ਮੈਨੂੰ ਤਾਂ ਕੰਮ ਤੋਂ ਵਿਹਲ ਨਹੀ ।”
“ਹਾਂਜੀ -ਹਾਂਜੀ ਚਲੋ ਹੋਊ ਹੋ ਜਾਂਦਾ ਕਈ ਵਾਰ ਇੰਜ”- ਗਗਨ ਨੇ ਵੀ ਗੱਲ ਟਾਲ ਮਟੋਲ ਕਰ ਦਿੱਤੀ । ਪਰ ਜਸ ਦੇ ਚਿਹਰੇ ਦੀ ਬੇਚੈਨੀ ਤੇ ਮੱਥੇ ਤੇ ਪੈ ਰਹੀਆਂ ਤਰੇਲੀਆਂ ਉਸ ਦੇ ਸ਼ੱਕ ਨੇ ਯਕੀਨ ਵਿੱਚ ਬਦਲਣ ਲਈ ਕਾਫ਼ੀ ਸਨ। ਉਸ ਨੇ ਰਮਨ ਦੀ ਚੁੱਪੀ ਜਿਹੀ ਤੋਂ ਵੀ ਅੰਦਾਜ਼ਾ ਲਗਾ ਲਿਆ ਸੀ ਕਿ ਰਮਨ ਉਸ ਨਾਲ ਖੁਸ਼ ਨਹੀਂ ।ਪਰ ਗਗਨ ਚਾਹੁੰਦੀ ਸੀ ਕਿ ਰਮਨ ਉਸ ਨਾਲ ਆਪਣਾ ਦੁੱਖ ਆਪ ਸਾਂਝਾ ਕਰੇ । ਇਸ ਲਈ ਉਹ ਰਮਨ ਨਾਲ ਇਕੱਲਿਆ ਗੱਲ ਕਰਨ ਦਾ ਰਾਹ ਬਣਾਉਣਾ ਚਾਹੁੰਦੀ  ਸੀ । ਗਗਨ ਨੇ ਬਹਾਨਾ ਜਿਹਾ ਬਣਾਉਂਦਿਆਂ ਆਖਿਆ,” ਲੈ ! ਰਮਨ ਪਹਿਲੀ ਵਾਰ ਮੈਂ ਤੇਰੇ ਘਰ ਆਈ ਹਾਂ । ਚੱਲ ਆਪਣਾ ਘਰ ਤਾਂ ਚੰਗੀ ਤਰ੍ਹਾਂ ਦਿਖਾ। ਨਾਲੇ ਚੱਲ ਬਚਪਨ ਦੀਆਂ ਕੁਝ ਯਾਦਾਂ ਤਾਜ਼ਾ ਕਰ ਲਈਏ । ਇਨ੍ਹਾਂ ਨੂੰ ਵੀ ਨਾਲੇ ਇਕੱਲਿਆਂ ਨੂੰ ਕੁਝ ਸਮਾਂ ਬੈਠ ਲੈਂਦੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਣ ਹੋ ਜਾਵੇਗੀ । ” ਰਮਨ ਗਗਨ ਨੂੰ ਘਰ ਦਿਖਾਉਣ ਲਈ ਆਪਣੇ ਨਾਲ ਲੈ ਗਈ। ਜਦੋਂ ਉਹ ਉੱਪਰਲੀ ਮੰਜ਼ਿਲ ਤੇ ਗਈਆਂ ਤਾਂ ਅਚਾਨਕ ਹੀ ਗਗਨ ਨੇ ਰਮਨ ਦਾ ਹੱਥ ਫੜ੍ਹਿਆ ਤੇ ਪੁੱਛਣ ਲੱਗੀ । “ਰਮਨ ਇੰਨੀ ਚੁੱਪ ਚਾਪ ਕਿਉਂ ਹੈ ? ਉਜ ਵੀਂ ਪਤਲੀ ਤੇ ਕਮਜ਼ੋਰ ਹੋ ਗਈ ਹੈ । ਕੀ ਗੱਲ ਹੈ ? ਕੋੲੀ ਗੱਲ ਤਾਂ ਦੱਸ ਮੈਨੂੰ । ” ਪਹਿਲਾਂ ਤਾਂ ਰਮਨ ਗੱਲ ਜਿਹੀ ਟਾਲਣ ਲੱਗੀ । ” ਨਾ ! ਗਗਨ ਭਲਾ ਗੱਲ  ਕੀ ਹੁਣੀ ! ਉਂਝ ਹੀ ਪਿਛਲੇ ਮਹੀਨੇ ਥੋੜਾ ਬਿਮਾਰ ਹੋ ਗਈ ਸਾਂ ਤੇ ਬੁਖ਼ਾਰ ਚਡ਼੍ਹ ਗਿਆ ਸੀ । ਇਸ ਨਾਲ ਕਾਫੀ ਕਮਜ਼ੋਰੀ ਹੋ ਗਈ ਹੈ । ” ਗਗਨ ਸਮਝ ਗਈ ਕਿ ਰਮਨ ਇੰਜ ਉਸ ਨੂੰ ਕੁਝ ਨਹੀਂ ਦੱਸੇਗੀ । ਉਸ ਨੇ ਸਾਫ ਆਖ ਦਿੱਤਾ ,” ਰਮਨ ਅੱਜ ਮੈਂ ਜੀਜਾ ਜੀ ਨੂੰ ਮਾਲ ਵਿਚ ਕਿਸੇ ਕੁੜੀ ਨਾਲ ਸ਼ਾਪਿੰਗ ਕਰਦੇ ਹੋਏ ਦੇਖਿਆ ਸੀ। ਪਹਿਲਾਂ ਤਾਂ ਮੈਨੂੰ ਵੀ ਸ਼ੱਕ ਹੀ ਰਿਹਾ ਪਰ ਫਿਰ ਅਸੀਂ ਦੋਵਾ ਨੇ ਕਾਫੀ ਟਾਈਮ ਉਨ੍ਹਾਂ ਦਾ ਪਿੱਛਾ ਕੀਤਾ ਉਹ ਸੱਚੀ ਜਸ ਜੀਜਾ ਜੀ ਹੀ ਸੀ। ਪਰ ਇੰਝ ਕਿਸੇ ਹੋਰ ਕੁੜੀ ਨਾਲ ਹੱਥਾਂ ਚ ਹੱਥ ਪਾਈ।  ਤੂੰ ਮੈਨੂੰ ਦੱਸ ਕੀ ਗੱਲ ਹੈ  ?
ਖ਼ੁਸ਼ ਤਾਂ ਹੈ ?  ਕੋਈ ਅਜਿਹੀ ਗੱਲ ਬਾਤ ?” ਇਹ ਸੁਣਦੇ ਹੀ ਰਮਨ ਦੀਆਂ ਅੱਖਾਂ ਭਰ ਆਈਆਂ ਤੇ ਉਹ ਗਗਨ ਦੇ ਗਲ ਲੱਗ ਰੋਣ ਲੱਗੀ । ਗਗਨ ਨੇ ਉਸ ਨੂੰ ਚੁੱਪ ਕਰਾਇਆ ਤੇ ਆਖਣ ਲੱਗੀ ,” ਰਮਨ ਅਸੀਂ ਬਚਪਨ ਦੀਆਂ ਸਹੇਲੀਆਂ ਹਾਂ ਹਰ ਗੱਲ ਸਾਂਝੀ ਕਰਦੀਆਂ ਆਈਆਂ ਹਾ ।  ਮੈਨੂੰ ਸਭ ਖੁੱਲ੍ਹ ਕੇ ਦੱਸ । ਸ਼ਾਇਦ ਮੈਂ ਤੇਰੀ ਕੁਝ ਮਦਦ ਕਰ ਸਕਾਂ । ਅਜੇ ਮੈਨੂੰ ਲੱਗਦਾ ਹੈ ਕੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਜੇ ਜੀਜਾ ਕੁਝ ਤੇਰੇ ਨਾਲ ਅਜਿਹਾ ਧੋਖਾ ਕਰ ਰਿਹਾ ਹੈ ਤਾਂ ਆਪਾਂ ਸਭ ਮਿਲ ਕੇ ਕੋਈ ਹੱਲ ਕਰ ਲਵਾਂਗੇ।”
” ਗਗਨ …ਯਾਰ ਮੈਂ ਤਾਂ ਸੋਚਿਆ ਸੀ ਕੈਨੇਡਾ ਵਿੱਚ ਰਹਿੰਦਾ ਹੈ । ਆਪਣਾ ਕਾਰੋਬਾਰ , ਘਰ ਬਾਰ ਹੈ । ਮੈਂ ਕੈਨੇਡਾ ਜਾ ਕੇ ਰਾਜ ਕਰਾਂਗੀ । ਪਰ ਇੱਥੇ ਆ ਕੇ ਤਾਂ ਮੇਰੀ ਜ਼ਿੰਦਗੀ ਖਤਮ ਹੋ ਗਈ । ਇਹ ਕੈਨੇਡਾ ਨਹੀਂ ਸਗੋਂ ਜੇਲ ਹੈ । ਮੈਂ ਇੱਥੇ ਇਸ ਘਰ ਵਿੱਚ ਕੈਦੀਆਂ ਵਾਂਗ ਰਹਿੰਦੀ ਹਾਂ । ਪਹਿਲੇ ਹੀ ਦਿਨ ਤੋਂ ਮੇਰੇ ਨਾਲ ਰੋਕਾ ਟੋਕੀ ਸ਼ੁਰੂ ਸੀ । ਫਿਰ ਅਚਾਨਕ ਇਸ ਦੇ ਨਸ਼ੇ ਕਰਨ ਬਾਰੇ ਵੀ ਪਤਾ ਲੱਗਾ ਤੇ ਹੁਣ ਜੋ ਸਭ ਜੋ ਤੂੰ  ਦੱਸਿਆ । ਮੈਂ ਤਾਂ ਜਿਉਂਦਿਆਂ ਜਿਉਂ ਹੀ  ਖ਼ਤਮ ਹੋ ਗਈ ਹਾਂ । ਗਗਨ ਕਿੱਧਰੇ ਜਾਵਾਂਗੀ ਮੈਂ। ਹੁਣ ਤਾਂ ਮੈਂ ਵੀ ਪੇਟ ਤੋਂ ਹਾ । ਮੈਂ ਬਹੁਤ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਗਈ ਹਾਂ। ਮਾਪਿਆਂ ਨੂੰ ਇਹ ਸਭ ਦੱਸ ਕੇ ਮੈਂ ਉਨ੍ਹਾਂ ਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ । ਆਖਿਰ ਉਸ ਵਕ਼ਤ ਮੈਨੂੰ ਹੀ ਬਹੁਤੀ ਕਾਹਲੀ ਪਈ ਹੋਈ ਸੀ । ਮੈਂ ਕੈਨੇਡਾ ਜਾਣਾ । ਨਾ ਮੁੰਡੇ ਬਾਰੇ ਕੁਝ ਖਾਸ ਪਤਾ ਕੀਤਾ ਨਾ ਹੋਰ। ਬੱਸ ਕੈਨੇਡਾ ਦੇ ਚਾਅ ਵਿੱਚ ਅੰਨ੍ਹੀ ਹੋ ਗਈ ਤੇ ਆਪਣੀ ਜ਼ਿੰਦਗੀ ਨੂੰ ਹਨੇਰਾ ਬਣਾ ਲਿਆ ।”
“ਤੂੰ ਫਿਕਰ ਨਾ ਕਰ …! ਰਮਨ ਮੈਂ ਤੇਰੇ ਨਾਲ ਹਾਂ । ਮੈਂ ਤੈਨੂੰ ਇੰਜ ਰੁਲਣ ਨਹੀਂ ਦੇਵਾਂਗੇ । ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ । ਬੱਸ ਹਿੰਮਤ ਰੱਖ ਅਤੇ ਆਪਣਾ ਧਿਆਨ ਵੀ। ਇਸ ਵਕਤ ਤੇਰੇ ਹੋਣ ਵਾਲੇ ਬੱਚੇ ਨੂੰ ਆਪਣੀ ਮਾਂ ਦੀ ਬਹੁਤ ਜਰੂਰਤ ਹੈ । ਤੂੰ ਘਬਰਾ ਨਾ ਮੈਂ ਕਰਦੀ  ਹਾਂ ਇਨ੍ਹਾਂ ਨਾਲ਼ ਗੱਲ ਕੋਈ ਤੇ ਚੰਗਾ ਹੱਲ ਹੋਵੇਗਾ । ਇਹ ਕਹਿ ਕੇ ਸੋਨੂੰ ਤੇ ਗਗਨ ਚਲੇ ਗਏ । ਘਰ ਆ ਕੇ ਗਗਨ ਨੇ ਜੱਸ ਬਾਰੇ ਸਾਰੀ ਗੱਲ ਸੋਨੂੰ ਨੂੰ ਦੱਸੀਂ । ਸੋਨੂੰ ਸਮਝਦਾਰ ਮੁੰਡਾ ਸੀ । ਉਸ ਨੇ ਸਲਾਹ ਦਿੱਤੀ ਕਿ ਪਹਿਲਾਂ ਤਾਂ ਸਾਨੂੰ ਜਸ ਨਾਲ ਗੱਲ ਕਰਨੀ ਚਾਹੀਦੀ ਹੈ । ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਡਿਵੋਰਸ ਹੀ ਇੱਕ ਮਾਤਰ ਜ਼ਰੀਆ ਹੈ ਅਜਿਹੇ ਬੰਦੇ ਤੋਂ ਛੁਟਕਾਰਾ ਪਾਉਣ ਲਈ । ਵਰਨਾ ਰਮਨ ਅਤੇ ਉਸ ਦੇ ਬੱਚੇ ਦੀ ਸਾਰੀ ਜਿੰਦਗੀ ਖਰਾਬ ਹੋ ਜਾਵੇਗੀ । ਸੋਨੂੰ ਨੇ ਇੱਕ ਦਿਨ ਜੱਸ ਦੇ ਆਫਿਸ ਜਾਂ ਸਾਰੀ ਗੱਲ ਕਰ ਲਈ। ਪਰ ਜਸ ਨੇ ਉਸਨੂੰ ਉਸ ਬੇਇਜ਼ਤ ਕਰ  ਆਪਣੇ ਘਰ ਦਾ ਮਾਮਲਾ ਆਖ ਦਿੱਤਾ ਤੇ ਉਥੋਂ ਕੱਢ ਦਿੱਤਾ । ਉਸ ਨੇ ਰਮਨ ਨੂੰ ਹੁਣ ਹੋਰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰਮਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ । ਪਰ ਗਗਨ ਚੁੱਪ ਕਰਕੇ ਬੈਠਣ ਵਾਲਿਆਂ ਚੋਂ ਨਹੀਂ ਸੀ । ਇੱਕ ਦਿਨ ਉਹ ਵੂਮੈਨ ਹੈਲਪ  ਵਾਲਿਆਂ ਨੂੰ ਲੈ ਕੇ ਰਮਨ ਦੇ ਘਰ ਜਾ ਵੜੀ।  ਰਮਨ ਨੇ ਆਪਣੀ ਸਾਰੀ ਗੱਲ ਉਨ੍ਹਾਂ ਨੂੰ ਦੱਸ ਦਿੱਤੀ। ਵੋਮੈਨ ਹੈਲਪ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਨੇ ਜਸ ਤੋਂ ਡਿਵੋਰਸ ਲੈ ਲਿਆ ਅਤੇ ਉਸ ਨੂੰ ਉਸ ਦੀ ਅੱਧੀ ਪ੍ਰਾਪਰਟੀ ਵੀ ਮਿਲੀ। ਫਿਰ ਉਸ ਦਾ ਹੋਰ ਜਗ੍ਹਾ ਰਹਿਣ  ਦਾ ਪ੍ਰਬੰਧ ਕੀਤਾ ਗਿਆ । ਹੁਣ ਰਮਨ ਦੀ ਸਿਹਤ ਵਿੱਚ ਵੀ ਸੁਧਾਰ ਹੋਣ ਲੱਗ ਪਿਆ ਸੀ । ਉਸ ਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ । ਕੁਝ ਸਮਾਂ ਇੰਝ ਹੀ ਬੀਤਿਆ। ਫਿਰ ਗਗਨ ਨੇ ਆਪਣੇ ਦਿਓਰ ਦੇ ਰਿਸ਼ਤੇ ਲਈ ਰਮਨ ਨੂੰ ਆਖਿਆ। ਉਸ ਨੇ ਕਿਹਾ ਕਿ ਬੇਸ਼ਕ ਤੇਰੇ ਕੋਲ ਇਕ ਬੱਚਾ ਹੈ ਤੇ ਤੂੰ ਪਹਿਲਾਂ ਵਿਆਹੀ ਹੋਈ ਸੀ । ਪਰ ਸਾਡੇ ਪਰਿਵਾਰ ਨੂੰ ਇਸ ਨਾਲ ਫ਼ਰਕ ਨਹੀਂ ਪੈਂਦਾ । ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਵੀ ਦੇਣਾ ਚਾਹੁੰਦੇ ਹਾਂ । ਰਮਨ ਰਿਸ਼ਤੇ ਲਈ ਮੰਨ ਗਈ ਤੇ  ਸੋਨੂੰ ਦੇ ਛੋਟੇ ਭਰਾ ਮਨਜੀਤ ਨਾਲ ਉਸਦਾ ਧੁਮਧਾਮ ਨਾਲ ਵਿਆਹ ਹੋਇਆ ।ਦੋਨੋਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਜੀਵਨ ਲੱਗੇ । ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ ਅਤੇ ਘਰ ਬਾਰ ਵੀ ਉਨ੍ਹਾਂ ਅਮੀਰ ਨਹੀਂ ਸੀ । ਪਰ ਹੁਣ ਰਮਨ ਕੋਲ ਦਿਲ ਦਾ ਸਕੂਨ ਸੀ,  ਖੁਸ਼ੀਆਂ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੀਅ ਰਹੀ ਸੀ । ਗਗਨ ਤੇ ਸੋਨੂੰ ਵੀ ਸਾਲ ਕੋ ਬਾਦ ਪੰਜਾਬ ਆ ਸਭ ਨੂੰ ਮਿਲ ਗਿਲ ਜਾਂਦੇ ਸਨ । ਦੋਨੋਂ ਸਹੇਲੀਆਂ ਹੁਣ ਇੱਕੋ ਘਰ ਹੀ ਵਿਆਹੀਆਂ ਗਈਆਂ ਅਤੇ ਬਹੁਤ ਖੁਸ਼ ਸਨ।

ਦਾਜ ਵਾਲੀ ਕਾਰ

surachi-kambojਸਰੂਚੀ ਕੰਬੋਜ
ਪਿੰਡ ਤੇ ਡਾਕਖਾਨਾ – ਚੱਕ ਬਣ ਵਾਲਾ (ਫਾਜ਼ਿਲਕਾ)

ਵਟਸਐਪ:  98723 – 48277

ਦੋ ਮਹੀਨੇ ਪਹਿਲਾਂ ਜਦ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ ।ਪੂਰਾ ਘਰ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਸੀ ।ਰਿਸ਼ਤੇਦਾਰਾਂ ਦੀ ਚਹਿਲ ਪਹਿਲ ਨਾਲ ਘਰ ਵਿਚ ਰੌਣਕ ਲਗੀ ਹੋਈ ਸੀ ।
ਸੁਰਵੀਨ, ਵਿਕਰਮ ਦੇ ਨਾਲ ਅਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ ।
ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲਗ ਰਹੀ ਸ਼ਰਮ ਦੇ ਨਾਲ ਉਸਦਾ ਗੋਰਾ ਰੰਗ ਲਾਲ ਹੋਇਆ ਜਾਂਦਾ ਸੀ ।ਘਰ ਦਾ ਕੋਨਾ ਕੋਨਾ ਖੁਸ਼ੀਆਂ ਨਾਲ ਭਰਿਆ ਜਾਪਦਾ ਸੀ।ਪੂਰਾ ਘਰ ਰੰਗ ਬਿਰੰਗੇ ਫੁੱਲਾਂ ਤੇ ਪਰਦਿਆਂ ਨਾਲ ਸਜਾਇਆ ਗਿਆ ਸੀ ।
ਅਚਾਨਕ ਕਮਰੇ ਵਿੱਚ ਬੈਠੀ ਸੁਰਵੀਨ ਦੀ ਨਜ਼ਰ ਆਪਣੇ ਪਿਤਾ ਜੀ ਤੇ ਗਈ ਜੋ ਕਿ ਬਹੁਤ ਚਿੰਤਤ ਲੱਗ ਰਹੇ ਸਨ ।ਸੁਰਵੀਨ ਝੱਟ ਨਾਲ ਆਪਣੇ ਪਿਤਾ ਕੋਲ ਗਈ। ਉਨ੍ਹਾਂ ਦੀ ਚਿੰਤਾ ਦੀ ਵਜ੍ਹਾ ਪੁੱਛਣ ਲੱਗੀ।ਪਰ ਪਿਤਾ ਜੀ ਨੇ ਉਸ ਨੂੰ ਵਾਪਸ ਆਪਣੀਆ ਸਹੇਲੀਆਂ ਕੋਲ ਕਮਰੇ ਵਿੱਚ ਜਾਣ ਲਈ ਕਿਹਾ ।
ਉਹ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਵਾਪਸ ਆ ਗਈ।ਕੁਝ ਦੇਰ ਬਾਅਦ ਉਸ ਦੀ ਇੱਕ ਸਹੇਲੀ ਭੱਜਦੀ ਹੋਈ ਉਸ ਕੋਲ ਆਈ।ਉਸਨੇ ਸੁਰਵੀਨ ਨੂੰ ਉਸਦੇ ਪਿਤਾ ਦੀ ਚਿੰਤਾ ਦਾ ਕਾਰਨ ਦੱਸਿਆ ।ਇਹ ਜਾਣ ਕੇ ਉਹ ਕਰੋਧ ਤੇ ਅਪਮਾਨ ਨਾਲ ਭਰ ਗਈ ਉਸਦਾ ਵੱਸ ਚਲਦਾ ਤਾਂ ਉਹ ਉਸ ਪਲ ਹੀ ਉਸ ਵਿਆਹ ਨੂੰ ਰੋਕ ਦਿੰਦੀ ਪਰ ਉਹ ਸਹੀ ਵਕਤ ਦਾ ਇੰਤਜ਼ਾਰ ਕਰਨ ਲੱਗੀ।ਪਿਤਾ ਨੂੰ ਵਾਰ ਵਾਰ ਪੁੱਛਣ ਤੇ ਵੀ ਜਦ ਕੋਈ ਜਵਾਬ ਨਾ ਮਿਲਿਆ ਤਾਂ ਉਸ ਵਿਕਰਮ ਨੂੰ ਫੋਨ ਕਰਕੇ ਆਪਣੀ ਚਿੰਤਾ ਜਾਹਿਰ ਕੀਤੀ
“ਪਤਾ ਨਹੀਂ ਪਾਪਾ ਨੂੰ ਕੀ ਹੋ ਗਿਆ ਸਵੇਰ ਤੋਂ ਬਹੁਤ ਚਿੰਤਾ ਵਿਚ ਹਨ।ਆਖਿਰ ਤੁਸੀਂ ਐਦਾ ਦੀ ਮੰਗ ਕਿਉ ਰੱਖੀ ਹੈ?”
ਸੁਰਵੀਨ ਦੀ ਗੱਲ ਸੁਣ ਵਿਕਰਮ ਨੂੰ ਕੱਲ੍ਹ ਵਾਲਾ ਵਾਕਿਆ ਯਾਦ ਆ ਗਿਆ ਜਦ ਖੁਸ਼ੀਆਂ ਵਾਲੇ ਮਾਹੌਲ ਵਿੱਚ ਅਚਾਨਕ ਕਿਸੇ ਰਿਸ਼ਤੇਦਾਰ ਨੇ ਸਰਗੋਸ਼ੀ ਕੀਤੀ ਕਿ
“ਇਕਲੌਤਾ ਮੁੰਡਾ ਹੋਣ ਦੇ ਬਾਵਜੂਦ ਵੀ ਕੁੜੀ ਵਾਲਿਆਂ ਤੋਂ ਇਹਨਾਂ ਨੂੰ ਦਾਜ ਚ’ ਇਕ ਕਾਰ ਵੀ ਨਹੀਂ ਦੇ ਹੋਈ, ਚਲੋ ਇਹਨਾਂ ਨੇ ਦਾਜ ਲੈਣ ਤੋਂ ਮਨਾ ਕਰ ਦਿੱਤਾ ਪਰ ਕੁੜੀ ਵਾਲਿਆਂ ਨੂੰ ਤੇ ਸੋਚਣਾ ਚਾਹੀਦਾ ਸੀ ਕਿ ਮੁੰਡੇ ਵਾਲੇ ਕੁਝ ਨਹੀਂ ਲੈ ਰਹੇ ਤਾਂ ਇਕ ਕਾਰ ਹੀ ਦੇ ਦੇਈਏ।”
ਇਹ ਸਭ ਗੱਲਾਂ ਕੋਲ ਖੜ੍ਹੇ ਵਿਕਰਮ ਦੇ ਪਿਤਾ ਤੱਕ ਵੀ ਪਹੁੰਚ ਗਈਆਂ ਜਿਸ ਕਾਰਨ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ।ਉਸਨੂੰ ਲੱਗਿਆ ਕਿ ਕੁੜੀ ਵਾਲਿਆਂ ਤੋਂ ਦਾਜ ਲੈਣ ਲਈ ਮਨਾ ਕਰਕੇ ਉਸ ਬਹੁਤ ਵੱਡੀ ਗਲਤੀ ਕਰ ਲਈ ਹੈ।ਇਹ ਤਾਂ ਪਰੰਪਰਾ ਹੈ ਜੋ ਸਦੀਆਂ ਤੋਂ ਚਲਦੀ ਆ ਰਹੀ ਹੈ ਫਿਰ ਉਹ ਇਸ ਪਰੰਪਰਾ ਨੂੰ ਕਿਵੇਂ ਤੋੜ ਸਕਦੇ ਹਨ।ਕੁੜੀ ਵਾਲੇ ਤੇ ਆਪਣੀ ਕੁੜੀ ਨੂੰ ਵਿਦਾਇਗੀ ਵੇਲੇ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਦਿੰਦੇ ਹਨ ਕਿਉਂਕਿ ਉਸਦਾ ਕਿਹੜਾ ਜਾਇਦਾਦ ਵਿਚ ਹੱਕ ਹੁੰਦਾ।
ਥੋੜ੍ਹੀ ਦੇਰ ਦਾ ਸੋਚ ਵਿਚਾਰ ਕਰਕੇ ਵਿਕਰਮ ਦੇ ਪਿਤਾ ਨੇ ਸੁਰਵੀਨ ਦੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ “ਵਿਕਰਮ ਮੇਰਾ ਇਕਲੌਤਾ ਮੁੰਡਾ ਹੈ।ਮੈਂ ਉਸ ਨੂੰ ਲਾਇਕ ਬਣਾਉਣ ਲਈ ਬਹੁਤ ਕੁਝ ਕੀਤਾ ਹੈ, ਇਹ ਵੀ ਨਹੀਂ ਕਿ ਮੇਰੇ ਕੋਲ ਕੁਝ ਨਹੀਂ, ਭਗਵਾਨ ਦਾ ਦਿੱਤਾ ਸਭ ਕੁਝ ਹੈ ਪਰ ਕੁਝ ਵੀ ਹੋ ਜੇ ਲੋਕਾਂ ਨੂੰ ਦਿਖਾਉਣ ਲਈ ਹੀ ਸਹੀ ਤੁਸੀਂ ਮੇਰੇ ਪੁੱਤਰ ਨੂੰ ਦਹੇਜ ਵਿੱਚ ਕਾਰ ਤੇ ਕੁਝ ਨਗਦੀ ਜਰੂਰ ਦੇਣਾ।ਵੈਸੇ ਵੀ ਇਹ ਕਾਰ ਮੈਂ ਆਪਣੇ ਲਈ ਨਹੀਂ ਮੰਗ ਰਿਹਾ ਕਾਰ ਤੁਹਾਡੀ ਕੁੜੀ ਦੀ ਹੀ ਹੋਏਗੀ।ਕਾਰ ਮਿਲ ਜਾਣ ਬਾਅਦ ਉਹਨੂੰ ਆਉਣ ਜਾਣ ਲਈ ਬੱਸਾਂ ਵਿਚ ਧੱਕੇ ਨਹੀਂ ਖਾਣੇ ਪੈਣਗੇ ਤੇ ਜੋ ਰੁਪਏ ਦਿਉਗੇ ਉਹ ਵੀ ਤੁਹਾਡੀ ਕੁੜੀ ਦੇ ਨਾਮ ਤੇ ਬੈਂਕ ਵਿੱਚ ਜਮ੍ਹਾਂ ਕਰਵਾ ਦੇਣਾ।ਨਹੀਂ ਤਾਂ ਦੋ ਦਿਨ ਬਾਕੀ ਨੇ ਵਿਆਹ ਚ ਹਾਲੇ, ਆਪਾਂ ਦੋਬਾਰਾ ਤੋਂ ਸੋਚਾਂਗੇ ਇਸ ਰਿਸ਼ਤੇ ਲਈ ਕਿ ਹੋਣਾ ਚਾਹੀਦਾ ਜਾਂ ਨਹੀਂ ।”ਇੰਨਾ ਕਹਿ ਕੇ ਵਿਕਰਮ ਦੇ ਪਿਤਾ ਨੇ ਫੋਨ ਕੱਟ ਦਿੱਤਾ।
ਸੁਰਵੀਨ ਦੇ ਪਿਤਾ ਇਕ ਬੈਂਕ ਵਿਚ ਕਲਰਕ ਦੀ ਨੌਕਰੀ ਕਰਦਾ ਸੀ।ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਕੇ ਜੋ ਵੀ ਕਮਾਈ ਕੀਤੀ ਉਹ ਸਭ ਆਪਣੇ ਦੋਨਾਂ ਬੱਚਿਆਂ ਨੂੰ ਪੜ੍ਹਾਉਣ ਤੇ ਲਾ ਦਿੱਤੀ ਸੀ ਤੇ ਅੱਜ ਜੋ ਕੁਝ ਸੀ ਉਹ ਸੁਰਵੀਨ ਦੇ ਵਿਆਹ ਤੇ ਖਰਚ ਹੋ ਗਿਆ ।ਵਿਕਰਮ ਤੇ ਸੁਰਵੀਨ ਇਕੋ ਕੰਪਨੀ ਵਿੱਚ ਜੋਬ ਕਰਦੇ ਸਨ।ਉਹ ਸੁਰਵੀਨ ਨੂੰ ਪਸੰਦ ਕਰਦਾ ਸੀ। ਜਦ ਉਸ ਘਰ ਸਭ ਨੂੰ ਸੁਰਵੀਨ ਬਾਰੇ ਦੱਸਿਆ ਤਾਂ ਸੁਰਵੀਨ ਨੂੰ ਉਹਨਾਂ ਰਾਜੀ ਖੁਸ਼ੀ ਅਪਨਾ ਲਿਆ।ਪੜ੍ਹੀ ਲਿਖੀ ਤੇ ਕਮਾਊ ਨੂੰਹ ਜੋ ਆ ਰਹੀ ਸੀ ਤੇ ਮਨਾ ਕਿਵੇਂ ਕਰਦੇ ਉਪਰੋਂ ਉਹਨਾਂ ਦੇ ਮੁੰਡੇ ਦੀ ਪਸੰਦ ਸੀ।ਜਦ ਦਹੇਜ ਦੀ ਗੱਲ ਹੋਈ ਤਾਂ ਵਿਕਰਮ ਦੇ ਪਿਤਾ ਨੇ ਸਾਹਮਣੇ ਤੋਂ ਮਨਾ ਕੀਤਾ ਸੀ ਤੇ ਅੱਜ
ਵਿਆਹ ਤੋਂ ਦੋ ਦਿਨ ਪਹਿਲਾਂ ਦਹੇਜ ਦੀ ਗੱਲ ਕਰਕੇ ਉਹਨਾਂ ਸਭ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਸੀ ।
ਕੁਝ ਪਲ ਪਹਿਲਾਂ ਜੋ ਸੁਰਵੀਨ ਦੇ ਘਰ ਖੁਸ਼ੀਆਂ ਦਾ ਮਾਹੌਲ ਸੀ ਉਹ ਫਿੱਕਾ ਪੈ ਗਿਆ।ਜੋ ਰਿਸ਼ਤੇਦਾਰ ਕੁਝ ਪਲ ਪਹਿਲਾਂ ਉਹਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਸਨ ਹੁਣ ਉਹਨਾਂ ਦੀ ਨਿੰਦਿਆ ਰਹੇ ਸਨ।
ਜਦ ਸੁਰਵੀਨ ਦੇ ਵਿਕਰਮ ਨੂੰ ਫੋਨ ਕਰਕੇ ਸਮਝਾਉਣ ਦਾ ਵੀ ਕੋਈ ਅਸਰ ਨਾ ਹੋਇਆ। ਉਸ ਨੇ ਤਾਂ ਸਾਫ ਮਨਾ ਕਰ ਦਿੱਤਾ ਸੀ ਵਿਕਰਮ ਨਾਲ ਵਿਆਹ ਕਰਵਾਉਣ ਤੋਂ ਪਰ ਉਸ ਦੇ ਪਿਤਾ ਤੇ ਭਰਾ ਨੇ ਸਮਝਾਇਆ ਕਿ “ਉਹਨਾਂ ਦੀ ਗੱਲ ਸਹੀ ਹੈ ਆਪਾਂ ਕਾਰ ਆਪਣੀ ਕੁੜੀ ਨੂੰ ਦੇਣੀ ਹੈ ਤੇ ਕੱਲ ਨੂੰ ਉਹਨੇ ਕਿਤੇ ਜਾਣਾ ਹੋਇਆ ਤਾਂ ਉਹਨੂੰ ਬੱਸਾਂ ਰਿਕਸ਼ਿਆਂ ਤੇ ਧੱਕੇ ਤਾਂ ਨਹੀਂ ਖਾਣੇ ਪੈਣਗੇ।ਨਾਲੇ ਇਹੋ ਜਿਹਾ ਚੰਗਾ ਰਿਸ਼ਤਾ ਵਾਰ ਵਾਰ ਥੋੜ੍ਹੀ ਮਿਲਣਾ, ਲੋਨ ਤੇ ਲੈ ਕੇ ਕਿਉਂ ਨਾ ਦੇਣੀ ਪਈ ਕਾਰ ਜਰੂਰ ਦੇਵਾਂਗਾ ਅਪਣੀ ਭੈਣ ਨੂੰ।”
ਦੋ ਦਿਨ ਪੂਰੇ ਲਾ ਕੇ ਉਹਨਾਂ ਲੋਨ ਤੇ ਕਾਰ ਖਰੀਦੀ। ਬਾਕੀ ਕਰਜ ਲੈ ਕੇ ਅਤੇ ਆਪਣੀ ਜੀਵਨ ਭਰ ਦੀ ਜੋੜੀ ਕਮਾਈ ਵਿਚ ਜੋ ਥੋੜ੍ਹੀ ਬਹੁਤੀ ਰਕਮ ਸੁਰਵੀਨ ਦੇ ਪਿਤਾ ਨੇ ਆਪਣੇ ਬੁਢਾਪੇ ਲਈ ਬੈਂਕ ਵਿਚ ਸਾਂਭ ਰੱਖੀ ਸੀ ਉਹ ਰਕਮ ਕਢਾ ਕੇ ਪੈਸੇ ਪੂਰੇ ਕਰਕੇ ਕਾਰ ਸਮੇਤ ਵਿਕਰਮ ਦੇ ਪਿਤਾ ਨੂੰ ਬਾਰਾਤ ਵਾਲੇ ਦਿਨ ਦਿੱਤੇ ਤੇ ਖੁਸ਼ੀ ਖੁਸ਼ੀ ਅਪਣੀ ਧੀ ਨੂੰ ਤੋਰਿਆ ।
ਅੱਜ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਉਹਨਾਂ ਦੇ ਵਿਆਹ ਨੂੰ।ਸਭ ਤਿਆਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।ਸੁਰਵੀਨ ਦਾ ਸਹੁਰਾ ਅੱਗੇ ਵਾਲੀ ਸੀਟ ਤੇ ਬੈਠ ਗਿਆ। ਜਦ ਸੁਰਵੀਨ ਨੇ ਦੇਖਿਆ ਤਾਂ ਉਸ ਝਟ ਉਹਨਾਂ ਨੂੰ ਕਾਰ ਦੀ ਅੱਗੇ ਵਾਲੀ ਸੀਟ ਤੋਂ ਉਤਰਨ ਲਈ ਕਹਿੰਦੇ ਹੋਏ ਕਿਹਾ “ਡੈਡੀ ਜੀ, ਤੁਸੀਂ ਪਿੱਛੇ ਆ ਕੇ ਬੈਠੋ ਇਹ ਮੇਰੀ ਕਾਰ ਹੈ, ਮੈਂ ਅੱਗੇ ਬੈਠਣਾ।” ਆਪਣੀ ਨੂੰਹ ਦੀ ਗੱਲ ਸੁਣ ਉਸਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ ਪਰ ਉਹ ਬਿਨਾਂ ਕੁਝ ਬੋਲੇ ਚੁਪਚਾਪ ਪਿਛਲੀ ਸੀਟ ਤੇ ਆ ਬੈਠ ਗਿਆ ।
ਕੁਝ ਦਿਨ ਬਾਅਦ ਫਿਰ ਕਿਸੇ ਜਰੂਰੀ ਕੰਮ ਲਈ ਸੁਰਵੀਨ ਦੇ ਸੱਸ ਸਹੁਰੇ ਦੋਵਾਂ ਨੇ ਕਿਤੇ ਜਾਣਾ ਸੀ। ਸੁਰਵੀਨ ਦੇ ਸਹੁਰੇ ਨੇ ਸੋਚਿਆ ਕਿ ਅੱਜ ਆਪਣੀ ਨੂੰਹ ਦੀ ਗੱਡੀ ਤੇ ਚਲਦੇ ਹਾਂ ਵੈਸੇ ਵੀ ਕਈ ਦਿਨਾਂ ਤੋਂ ਗੱਡੀ ਐਂਵੇ ਘਰ ਖੜੀ ਸੀ ।ਇਸ ਬਹਾਨੇ ਗੱਡੀ ਵੀ ਥੋੜ੍ਹੀ ਚਲ ਜਾਵੇਗੀ ।
ਜਿੱਦਾਂ ਹੀ ਉਹ ਗੱਡੀ ਦੀ ਚਾਬੀ ਲੈ ਕੇ ਘਰ ਤੋਂ ਬਾਹਰ ਨਿਕਲੇ ਸੁਰਵੀਨ ਵੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਈ ।ਜਿਵੇਂ ਹੀ ਉਹ ਕਾਰ ਨੂੰ ਚਾਬੀ ਲਾ ਉਸਦੀ ਬਾਰੀ ਖੋਲ੍ਹਣ ਲੱਗੇ ਕਿ ਸੁਰਵੀਨ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ
“ਇਕ ਮਿੰਟ ਡੈਡੀ ਜੀ, ਇਹ ਗੱਡੀ ਮੇਰੀ ਹੈ,ਮੇਰੇ ਮੰਮੀ ਪਾਪਾ ਨੇ ਦਿੱਤੀ ਹੈ ਮੈਨੂੰ ।ਮੇਰੇ ਤੋਂ ਪੁੱਛੇ ਬਿਨਾਂ ਤੁਸੀਂ ਇਸ ਗੱਡੀ ਨੂੰ ਕਿਵੇਂ ਲਿਜਾ ਸਕਦੇ ਹੋ ।ਨਾਲੇ ਮੈਂ ਵੀ ਕਿਤੇ ਬਾਹਰ ਜਾਣਾ ਹੈ।ਤੁਸੀਂ ਵੇਖ ਲਓ ਜਾਂ ਬੱਸ ਤੇ ਚਲੇ ਜਾਉ ਜਾਂ ਰਿਕਸ਼ਾ ਕਰ ਲਉ ।ਵੈਸੇ ਵੀ ਇਹ ਕਾਰ ਮੇਰੇ ਮਾਂ ਬਾਪ ਨੇ ਮੇਰੀ ਸਹੂਲਤ ਲਈ ਦਿੱਤੀ ਹੈ ਨਾ ਕਿ ਤੁਹਾਡੀ ਸਹੂਲਤ ਲਈ ।”ਸੁਰਵੀਨ ਨੇ ਆਪਣੇ ਸਹੁਰੇ ਤੋਂ ਚਾਬੀ ਲਈ ਤੇ ਕਾਰ ਸਟਾਰਟ ਕਰ ਉਥੋਂ ਚਲੀ ਗਈ ।
“ਵਿਕਰਮ ਦੀ ਮਾਂ ਲੱਗਦਾ ਮੇਰੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ ਹੈ ਦਾਜ ਵਿਚ ਕਾਰ ਮੰਗ ਕੇ।ਕਾਸ਼ ਕੋਈ ਮੈਨੂੰ ਉਸ ਸਮੇਂ ਅਜਿਹਾ ਗੁਨਾਹ ਕਰਨ ਤੋਂ ਰੋਕ ਲੈਂਦਾ ਤਾਂ ਮੈਂ ਅੱਜ ਆਪਣੀ ਨੂੰਹ ਸਾਹਮਣੇ ਐਨਾ ਨੀਵਾਂ ਨਾ ਹੁੰਦਾ।”ਵਿਕਰਮ ਦਾ ਪਿਤਾ ਬੜੇ ਦੁਖੀ ਮਨ ਨਾਲ ਅੱਖੀਆਂ ਗਿੱਲੀਆਂ ਨਾਲ ਬੋਲਿਆ ।
ਉਹ ਉਥੇ ਖੜਾ ਕਾਰ ਨੂੰ ਦੂਰ ਜਾਂਦਾ ਵੇਖਦਾ ਰਿਹਾ ਜਦ ਤੱਕ ਕਿ ਕਾਰ ਉਸ ਦੀਆਂ ਅੱਖਾਂ ਤੋਂ ਉਹਲੇ ਨਾ ਹੋ ਗਈ।ਉਸ ਸਮੇਂ ਉਸਨੂੰ ਆਪਣੀ ਕੀਤੀ ਗਲਤੀ ਤੇ ਪਛਤਾਵਾ ਹੋਇਆ ਕਿ ” ਲੋਕਾਂ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਜੋ ਕੀਤਾ ਉਹ ਗਲਤ ਸੀ ਤੇ ਅਜਿਹਾ ਕਰਕੇ ਉਹ ਆਪਣੀ ਨੂੰਹ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਨੀਵਾਂ ਹੋ ਗਿਆ ਇਕ ਦਾਜ ਦਾ ਲਾਲਚੀ ਸਹੁਰਾ ਬਣ ਕੇ।ਕਾਸ਼ ਉਹ ਉਸ ਵਕਤ ਸੋਚ ਲੈਂਦਾ ਕਿ ਲੋਕ ਤੇ ਚੰਗਾ ਕੰਮ ਕਰੋ ਤਾਂ ਵੀ ਨਿੰਦਾ ਕਰਦੇ ਨੇ ਤੇ ਮਾੜਾ ਕਰੋ ਤਾਂ ਵੀ ।ਉਸਨੂੰ ਆਪਣੇ ਅਸੂਲਾਂ ਤੇ ਟਿਕੇ ਰਹਿਣਾ ਚਾਹੀਦਾ ਸੀ ਉਹ ਕਿਉਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ, ਲੋਕਾਂ ਦਾ ਕੀ ਹੈ ਉਹਨਾਂ ਤਾਂ ਗੱਲਾਂ ਕਰਕੇ ਤੁਰ ਹੀ ਜਾਣਾ ਸੀ।
ਅਗਰ ਕੋਈ ਕੁਰਾਹੇ ਜਾ ਰਿਹੈ ਤਾਂ ਉਸ ਨੂੰ ਰਾਹੇ ਪਾਉ ਐਵੇਂ ਚੰਗੇ ਕੰਮ ਕਰਦੇ ਬੰਦੇ ਨੂੰ ਟੋਕਣਾ ਵੀ ਇੱਕ ਪਾਪ ਹੀ ਹੈ ਤੇ ਤੁਹਾਡਾ ਇਸ ਵਿੱਚ ਨੁਕਸਾਨ ਹੀ ਹੈ।

ਸੱਚੀ ਮੁਹੱਬਤ

ਸਰੂਚੀ ਕੰਬੋਜ 
ਫੋਨ ਨੰ. – 9872348277
           “ਆਖਿਰ ਤੇਰੀ ਪ੍ਰਾਬਲਮ ਕੀ ਹੈ ਕਿੰਨੀ ਵਾਰ ਕਿਹਾ ਐਦਾ ਮੇਰੇ ਪਿੱਛੇ ਨਾ ਆਇਆ ਕਰ ।ਆਖਿਰ ਤੂੰ ਚਾਹੁੰਦੀ ਕੀ ਹੈਂ?” ਹਰਸ਼ਿੰਦਰ ਬੜੇ ਗੁੱਸੇ ਵਿੱਚ ਤਪਿਆ ਹੋਇਆ ਬੋਲਿਆ।
“ਤੈਨੂੰ।”ਰੂਬੀ ਨੇ ਬੜੇ ਕੱਟੜ ਤਰੀਕੇ ਨਾਲ ਜਵਾਬ ਦਿੱਤਾ ਅਤੇ ਖਿੜਖਿੜਾ ਕੇ ਹੱਸ ਪਈ ।
“ਹਰ ਵੇਲੇ ਮਜ਼ਾਕ! “ਹਰਸ਼ਿੰਦਰ ਰੂਬੀ ਨੂੰ ਘੂਰਦਾ ਹੋਇਆ ਬੋਲਿਆ।
“ਤੈਨੂੰ ਮੇਰਾ ਪਿਆਰ ਮਜ਼ਾਕ ਲੱਗਦਾ? “ਰੂਬੀ ਹਰਸ਼ਿੰਦਰ ਵੱਲ ਹੈਰਾਨੀ ਨਾਲ ਝਾਕਦੀ ਹੋਈ ਬੋਲੀ।
“ਵੇਖ,ਇਸ ਵੇਲੇ ਮੈਂ ਇਕੱਲਾ ਹਾਂ,ਘਰ ਕੋਈ ਵੀ ਨਹੀਂ ਹੈ ਅੱਜ! ਤੈਨੂੰ ਹਜਾਰ ਵਾਰ ਮਨਾ ਕੀਤਾ ਕਿ ਐਦਾ ਚੋਰੀ ਛੁੱਪੇ ਮੇਰੇ ਘਰ ਦਿਆਂ ਦੀ ਗੈਰਹਾਜ਼ਰੀ ਚ ਮੈਨੂੰ ਮਿਲਣ ਨਾ ਆਇਆ ਕਰ,ਪਰ ਤੂੰ ਮੇਰੀ ਸੁਣਦੀ ਕਿਉਂ ਨਹੀਂ? “ਹਰਸ਼ਿੰਦਰ ਨੇ ਉਸਨੂੰ ਗੁੱਸੇ ਨਾਲ ਘੂਰਦੇ ਹੋਏ ਕਿਹਾ
“ਜਦੋਂ ਭਰਿਆ ਪੂਰਾ ਸਾਰਾ ਪਰਿਵਾਰ ਹੁੰਦਾ ਤਾਂ ਤੂੰ ਮੇਰੇ ਨਾਲ ਗੱਲ ਤੇ ਦੂਰ ਦੀ ਗੱਲ ਵੇਖਦਾ ਤੱਕ ਨਹੀਂ ਮੈਨੂੰ।”ਰੂਬੀ ਨੇ ਆਪਣਾ ਦੁਪੱਟਾ ਹੱਥ ਨਾਲ ਐਦਾ ਘੁਮਾਇਆ ਕਿ ਸੱਪ ਦੀ ਤਰਾਂ ਵੱਲ ਖਾਂਦਾ ਹੋਇਆ ਉਹਦੇ ਲੱਕ ਦੇ ਦੁਆਲੇ ਘੁੰਮਦਾ ਹੋਇਆ ਸਿੱਧਾ ਚਲਾ ਗਿਆ।
ਕੁਝ ਦੇਰ ਹਰਸ਼ਿੰਦਰ ਰੂਬੀ ਵੱਲ ਤੱਕਦਾ ਰਿਹਾ ਫਿਰ ਅਚਾਨਕ ਉਹਨੇ ਆਪਣੀਆਂ ਨਜ਼ਰਾਂ ਘੁਮਾ ਲਈਆਂ, ਉਹ ਰੂਬੀ ਤੋਂ ਮੂੰਹ ਮੋੜ ਕੇ ਬੋਲਿਆ “ਵੇਖ ਰੂਬੀ ਹੁਣ ਤੂੰ ਇਥੋ ਚਲੀ ਜਾ,ਕਿਉਂ ਬਦਨਾਮ ਹੋਣਾ ਚਾਹੁੰਦੀ ਹੈਂ?ਮੈਂ ਤੈਨੂੰ ਕੋਈ ਪਿਆਰ ਵਿਆਰ ਨਹੀਂ ਕਰਦਾ,ਐਵੇਂ ਟਾਇਮ ਪਾਸ ਕਰ ਰਿਹਾ ਸੀ ਤੇਰੇ ਨਾਲ ।”ਹਰਸ਼ਿੰਦਰ ਹੌਲੇ ਲਹਿਜੇ ਚ ਦੁੱਖ ਦੇ ਨਾਲ ਹਿਚਕਿਚਾਹਟ ਮਹਿਸੂਸ ਕੀਤੀ ਜਾ ਸਕਦੀ ਸੀ।
“ਅੱਛਾ ਤਾਂ ਤੂੰ ਮੈਨੂੰ ਪਿਆਰ ਨਹੀਂ ਕਰਦਾ? ਫਿਰ ਮੇਰੇ ਵੱਲ ਪਿੱਠ ਕਰਕੇ ਕਿਉ ਖੜਾ ਹੈਂ? ਹਿੰਮਤ ਹੈ ਤਾਂ ਇਹੀ ਗੱਲ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਕਹਿ ਤਾਂ ਮੰਨਾ?”ਫਿਰ ਰੂਬੀ ਨੇ ਹੱਸਦੀ ਹੋਈ ਹਰਸ਼ਿੰਦਰ ਦੀ ਬਾਂਹ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਫੇਰ ਲਿਆ,ਦੋਹਾਂ ਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਅਤੇ ਰੂਬੀ ਨੇ ਆਪਣੀਆਂ ਭਾਵਨਾਵਾਂ ਨੂੰ ਕਈ ਵਾਰ ਚਾਹ ਕੇ ਵੀ ਦਬਾ ਦਿੱਤਾ।ਰੂਬੀ ਦੀ ਇਸ ਜਾਨ ਲੇਵਾ ਅਦਾ ਤੇ ਹਰਸ਼ਿੰਦਰ ਮਚਲ ਗਿਆ।ਉਸਨੇ ਉਸਦੀਆਂ ਜੁਲਫਾਂ ਵਿੱਚ ਹੱਥ ਫੇਰਦੇ ਨੇ ਅਚਾਨਕ ਆਪਣੇ ਲਬਾਂ ਨਾਲ ਉਹਦੇ ਹੋਠਾਂ ਨੂੰ ਚੁੰਮ ਲਿਆ ਤੇ ਆਪਣੀਆਂ ਬਾਹਾਂ ਵਿੱਚ ਲੈ ਕੇ ਹੌਲੀ ਜਿਹੀ ਮੱਧਮ ਆਵਾਜ਼ ਵਿੱਚ ਕਹਿਣ ਲੱਗਾ ।
“ਨਾ ਤੰਗ ਕਰਿਆ ਕਰ ਨਾ… ਮੁਸ਼ਕਲ ਹੋ ਜਾਣਾ ਮੇਰੇ ਲਈ ਖੁਦ ਨੂੰ ਰੋਕਣਾ।”ਉਸ ਦੀਆਂ ਉਂਗਲਾਂ ਨੇ ਹੌਲੀ ਜਿਹੀ ਰੂਬੀ ਨੂੰ ਗੁੱਤ ਤੋਂ ਖਿੱਚਿਆ, ਰੂਬੀ ਦੀ ਲੰਬੀ ਸੁਰਾਹੀਦਾਰ ਗਰਦਨ ਉੱਪਰ ਆਸਮਾਨ ਵੱਲ ਹੋ ਗਈ ਉਸ ਅੱਖਾਂ ਬੰਦ ਕਰ ਇੱਕ ਸਿਸਕੀ ਭਰੀ ਤੇ ਹਰਸ਼ਿੰਦਰ ਨੇ ਆਪਣੀਆਂ ਸਖਤ ਉਂਗਲਾਂ ਨਾਲ ਇੱਕ ਕਾਤਿਲ ਨਾਖੂਨ ਨਾਲ ਰੂਬੀ ਦੀ ਗਰਦਨ ਤੇ ਇੱਕ ਲੰਬੀ ਲਕੀਰ ਬਣਾਈ ਤੇ ਉਸਨੂੰ ਆਪਣੇ ਅੰਗੂਠੇ ਦੀ ਮਦਦ ਨਾਲ ਸਹਿਲਾਉਂਦਾ ਹੋਇਆ ਬਰਾਬਰ ਕਰਦਾ ਗਿਆ।
“ਜਦ ਤੈਨੂੰ ਪਤਾ ਹੈ, ਨਾ ਤੇਰੇ ਘਰ ਦੇ ਆਪਣੇ ਵਿਆਹ ਲਈ ਰਾਜ਼ੀ ਹੋਣਗੇ ਤੇ ਨਾ ਹੀ ਮੇਰੇ।ਤੈਨੂੰ ਡਰ ਨਹੀਂ ਲੱਗਦਾ ਮੇਰੇ ਐਨੇ ਨਜ਼ਦੀਕ ਆਉਣ ਤੇ ਜੇ ਕੁਝ ਊਚਨੀਚ ਹੋ ਗਈ ਤਾਂ ਫਿਰ ਕੀ ਬਣੂ।ਜੇ ਮੈਂ ਪਿਆਰ ਚ ਮੁਕਰ ਗਿਆ ਤੇ ਆਪਣੇ ਘਰ ਦਿਆਂ ਦੀ ਮੰਨ ਕੇ ਕਿਤੇ ਹੋਰ ਵਿਆਹ ਕਰਵਾ ਲਿਆ,ਫਿਰ ਕੀ ਕਰੇਂਗੀ? “ਹਰਸ਼ਿੰਦਰ ਨੇ ਰੂਬੀ ਦੇ ਵਾਲਾਂ ਵਿੱਚ ਹੱਥ ਫੇਰਦੇ ਨੇ ਆਪਣੇ ਮਨ ਦਾ ਡਰ ਦੱਸਿਆ।
“ਤੂੰ ਤਾਂ ਅਜੇ ਸੋਚ ਰਿਹਾਂ ਹੈਂ ਇਹ ਸਭ,ਅੱਜ ਘਰ ਮੰਮੀ ਪਾਪਾ ਮੇਰੇ ਵਿਆਹ ਦੀ ਗੱਲ ਵੀ ਕਰ ਰਹੇ ਸਨ।ਲੱਗਦਾ ਜਲਦੀ ਹੀ ਉਹਨਾਂ ਕੋਈ ਮੁੰਡਾ ਵੇਖ ਕੇ ਮੇਰਾ ਵਿਆਹ ਕਰ ਦੇਣਾ।ਤੂੰ ਤਾਂ ਕੁਝ ਕਰਨਾ ਨਹੀਂ ਨਾ ਮੇਰੇ ਮਾਪਿਆਂ ਨੂੰ ਮਨਾ ਸਕਦਾ ਨਾ ਆਪਣੇ!”ਰੂਬੀ ਉਦਾਸ ਹੋ ਬੋਲੀ
“ਅੱਛਾ! ਤੂੰ ਤਾਂ ਜਿਵੇਂ ਮੇਰੇ ਲਈ ਕੁਝ ਵੀ ਕਰ ਸਕਦੀ ਹੈਂ?”ਹਰਸ਼ਿੰਦਰ ਰੂਬੀ ਤੋਂ ਖਫਾ ਹੋ ਪਾਸਾ ਵੱਟਦਾ ਹੋਇਆ ਬੋਲਿਆ।
“ਇੱਕ ਵਾਰ ਕਹਿ ਕੇ ਤਾਂ ਵੇਖ ਸਾਰੇ ਜਮਾਨੇ ਨੂੰ ਅੱਗ ਲਾ ਦੇਵਾਂਗੀ ਤੇਰੀ ਖਾਤਰ ।”ਉਹ ਜੋਸ਼ ਨਾਲ ਭਰੀ ਹੋਈ ਬੋਲੀ।
“ਪੱਕਾ, ਇੱਕ ਵਾਰ ਫਿਰ ਸੋਚ ਲੈ, ਕੀ ਤੂੰ ਵਾਕਿਆ ਹੀ ਮੇਰੇ ਲਈ ਕੁਝ ਵੀ ਕਰ ਸਕਦੀ ਹੈਂ? “ਹਰਸ਼ਿੰਦਰ ਨੇ ਰੂਬੀ ਦੀਆਂ ਅੱਖਾਂ ਵਿੱਚ ਕੁਝ ਭਾਲਦੇ ਨੇ ਪੁੱਛਿਆ।
” ਇਕ ਵਾਰ ਕਹਿ ਕੇ ਤਾਂ ਵੇਖ, ਕੁਝ ਵੀ ਕਰ ਜਾਵਾਂਗੀ।”ਉਸਨੇ ਹਰਸ਼ਿੰਦਰ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ।
ਫਿਰ ਕੁਝ ਦੇਰ ਸੋਚਣ ਬਾਅਦ ਹਰਸ਼ਿੰਦਰ ਨੇ ਰੂਬੀ ਨੂੰ ਆਪਣੇ ਘਰ ਵਾਪਸ ਜਾਣ ਦਾ ਇਸ਼ਾਰਾ ਕੀਤਾ ਅਤੇ ਖੁਦ ਆਪਣੇ ਕਮਰੇ ਵੱਲ ਕਦਮ ਵਧਾਏ।ਉਹ ਮੁੜਕੇ ਰੂਬੀ ਨੂੰ ਆਪਣੇ ਗੇਟ ਤੋਂ ਬਾਹਰ ਜਾਂਦੀ ਨੂੰ ਵੇਖਦਾ ਰਿਹਾ,ਜਿਵੇਂ ਹੀ ਉਸ ਗੇਟ ਤੋਂ ਬਾਹਰ ਨਿਕਲਣ ਲਈ ਗੇਟ ਖੋਲਣ ਲਈ ਆਪਣਾ ਇਕ ਹੱਥ ਅੱਗੇ ਵਧਾਇਆ ਕਿ ਪਤਾ ਨਹੀਂ ਕੀ ਹੋਇਆ, ਉਸ ਰੂਬੀ ਨੂੰ ਜਾਂਦੀ ਨੂੰ ਵਾਪਸ ਰੁਕਣ ਲਈ ਕਿਹਾ।
ਕੁਝ ਪਲਾਂ ਬਾਅਦ ਹਰਸ਼ਿੰਦਰ ਇੱਕ ਬੈਗ ਲੈ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਜਿਸ ਵਿਚ ਕੁਝ ਕੁ ਉਸਦੇ ਕੱਪੜੇ ਸਨ ਅਤੇ ਕੁਝ ਨਗਦੀ ਸੀ
“ਐਦਾ ਕਰ ਤੂੰ ਆਪਣੇ ਘਰ ਜਾ ਆਪਣੇ ਕੁਝ ਕੱਪੜੇ ਬੈਗ ਵਿੱਚ ਪਾ ਲਈ, ਹਾਂ!ਤੇ ਹੋ ਸਕੇ ਤਾਂ ਕੁਝ ਨਕਦੀ ਤੇ ਜੇਵਰ ਵੀ ਰੱਖ ਲਈਂ ਬਾਅਦ ਵਿਚ ਕੰਮ ਆਉਣਗੇ।ਆਪਾਂ ਅੱਜ ਹੀ ਘਰ ਤੋਂ ਨਿਕਲ ਚੱਲਦੇ ਹਾਂ, ਇਕ ਦੋ ਦਿਨਾਂ ਵਿਚ ਕੋਰਟ ਮੈਰਿਜ ਕਰਵਾ ਲਵਾਂਗੇ,ਜਦੋਂ ਆਪਾਂ ਇੱਕ ਹੋ ਗਏ ਫਿਰ ਆਪਾਂ ਨੂੰ ਦੇਖੀਂ ਕੋਈ ਵੀ ਜੁਦਾ ਨਹੀਂ ਕਰ ਪਾਵੇਗਾ।ਮੈਂ ਬੱਸ ਅੱਡੇ ਜਾ ਰਿਹਾਂ ਤੂੰ ਵੀ ਸਮਾਨ ਲੈ ਕੇ ਉਥੇ ਆ ਜਾਈਂ।ਵੇਖ ਤੂੰ ਥੋੜੀ ਦੇਰ ਪਹਿਲੇ ਮੇਰੇ ਲਈ ਕੁਝ ਵੀ ਕਰ ਜਾਨ ਦੀ ਗੱਲ ਕੀਤੀ ਸੀ ਹੁਣ ਉਸ ਗੱਲ ਤੋਂ ਤੂੰ ਮੁਕਰ ਨਾ ਜਾਈਂ।”ਤੇ ਉਹ ਉਸਦੀ ਗੱਲ ਸੁਣ ਸ਼ਰਮ ਨਾਲ ਲਾਲ ਹੋਈ ਉਸ ਦੇ ਕਹੇ ਅਨੁਸਾਰ ਘਰੋਂ ਕੁਝ ਕੱਪੜੇ, ਪੈਸੇ ਤੇ ਜੇਵਰ ਲੈ ਕੇ ਘਰ ਤੋਂ ਫਰਾਰ ਹੋ ਗਈ।
ਅੱਜ ਪੰਦਰਾਂ ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਦੇ ਘਰ ਦਿਆਂ ਨੂੰ ਉਹਨਾਂ ਦੋਹਾਂ ਨੂੰ ਭਾਲਦਿਆਂ ਨੂੰ ਪਰ ਕੋਈ ਨਾਮੋਨਿਸ਼ਾਨ ਨਹੀਂ ਮਿਲਿਆ ਕਿ ਉਹ ਦੋਵੇਂ ਕਿੱਥੇ ਗਏ।
ਪਰ ਕੁੜੀ ਦੇ ਮਾਪਿਆਂ ਨੇ ਹਾਰ ਨਾ ਮੰਨੀ ਉਹ ਮੁੰਡੇ ਵਾਲੇ ਘਰ ਆਏ ਆਪਸ ਵਿੱਚ ਬਹੁਤ ਬੋਲ ਬੁਲਾਰਾ ਹੋਇਆ, ਇਕ ਦੂਜੇ ਨੂੰ ਕੁੱਟ ਦਿੱਤਾ ।ਗੱਲ ਇਥੋਂ ਤੱਕ ਪਹੁੰਚ ਗਈ ਕਿ ਪੁਲਿਸ ਨੂੰ ਆ ਕੇ ਮਾਮਲਾ ਸੁਲਝਾਉਣਾ ਪਿਆ। ਕੁੜੀ ਤੇ ਮੁੰਡੇ ਦੇ ਪਰਿਵਾਰ ਵਿਚ ਵੱਢ ਵੈਰ ਬਣ ਗਿਆ, ਹੁਣ ਵੀ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਇੱਕ ਦੂਜੇ ਦੀ ਜਾਨ ਲੈ ਲੈਣ।
ਬੇਵਕੂਫ ਨੌਜਵਾਨ ਅੱਜ ਦੇ ਚਾਰ ਦਿਨਾਂ ਦੇ ਪਿਆਰ ਲਈ ਆਪਣੇ ਘਰ ਵਾਲਿਆਂ ਦੀ ਇੱਜ਼ਤ ਤੇ ਜਾਨ ਦਾਵ ਤੇ ਲਾ ਦਿੰਦੇ ਹਨ।
ਇਹ ਇੱਜ਼ਤ ਤੇ ਗੈਰਤ ਦੇ ਮਾਮਲੇ ਬੜੇ ਹੀ ਨਾਜ਼ੁਕ ਹੁੰਦੇ ਹਨ, ਜ਼ਿੰਦਗੀ ਤੇ ਮੌਤ ਦਾ ਮਾਮਲਾ ਹੁੰਦਾ।
ਮਾਂ ਬਾਪ ਦਾ ਪਿਆਰ ਬੇਮਤਲਬ ਹੁੰਦਾ,ਉਸਦੀ ਬੇਇੱਜ਼ਤੀ ਬੇਕਦਰੀ ਨਾ ਕਰੋ,ਮਾਂ ਬਾਪ ਦਾ ਨਾਂ ਰੋਸ਼ਨ ਕਰੋ,ਨਿਕਲੋ ਇਸ ਇਸ਼ਕ ਦੇ ਚੱਕਰਾਂ ਵਿੱਚੋਂ ।ਪਿਆਰ ਵੀ ਦੋਬਾਰਾ ਮਿਲ ਜਾਂਦਾ, ਦੋਬਾਰਾ ਹੋ ਜਾਂਦਾ, ਪ੍ਰੇਮੀ ਪ੍ਰੇਮਿਕਾ ਵੀ ਮਿਲ ਜਾਂਦੇ ਹਨ, ਪਤੀ ਪਤਨੀ ਵੀ ਮਿਲ ਜਾਂਦੇ ਹਨ, ਪਰ ਮਾਂ ਬਾਪ ਜਿਹੇ ਖੂਨ ਦੇ ਰਿਸ਼ਤੇ ਦੋਬਾਰਾ ਨਹੀਂ ਮਿਲਦੇ
ਸੱਚੀ ਮੁਹੱਬਤ ਉਹ ਨਹੀਂ ਜੋ ਤੁਹਾਨੂੰ ਮਿਲ ਜਾਵੇ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਦਨਾਮੀ ਦਵਾਵੇ।ਗਲਤ ਫੈਸਲੇ ਕਰਕੇ ਪਾਕ ਪਵਿੱਤਰ ਮੁਹੱਬਤ ਨੂੰ ਬਦਨਾਮ ਨਾ ਕਰੋ।
ਜੇ ਘਰ ਵਾਲੇ ਨਹੀਂ ਮੰਨਦੇ ਤਾਂ ਉਹਨਾਂ ਦੀ ਗੱਲ ਮੰਨ ਭੁੱਲ ਜਾਉ.. ਪਰ ਕਿਸੇ ਨੂੰ ਭਜਾ ਕੇ ਲੈ ਜਾਣ ਜਾਂ ਕਿਸੇ ਨਾਲ ਭੱਜ ਜਾਣ ਦੇ ਗਲਤ ਫੈਸਲੇ ਨੂੰ ਕਦੇ ਵੀ ਨਾ ਅਪਨਾਉਣਾ ।ਇਸਦਾ ਹਸ਼ਰ ਹਮੇਸ਼ਾਂ ਮਾੜਾ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਮਾੜਾ ਹੀ ਹੋਵੇਗਾ ।

“ਫਰਕ”

surachi-kambojਸਰੂਚੀ ਕੰਬੋਜ
ਪਿੰਡ ਤੇ ਡਾਕਖਾਨਾ – ਚੱਕ ਬਣ ਵਾਲਾ
ਤਹਿ. – ਫਾਜ਼ਿਲਕਾ, ਜਿਲਾ – ਫਾਜ਼ਿਲਕਾ

ਗੱਲ ਉਹਨਾਂ ਦਿਨਾਂ ਦੀ ਹੈ ਜਦ ਮੈਂ ਹੋਸਟਲ ਰਹਿੰਦੀ ਸੀ ਤੇ ਕਾਲਜ ਵਿੱਚ ਪਹਿਲੀ ਵਾਰ ਛੁੱਟੀਆਂ ਹੋਣ ਤੇ ਮੈਂ ਘਰ ਵਾਪਸ ਮੁੜ ਰਹੀ ਸੀ ।ਇਹ ਮੇਰਾ ਪਹਿਲਾ ਸਫਰ ਸੀ ਜੋ ਮੈਂ ਇਕੱਲਿਆਂ ਤੈਅ ਕਰਨਾ ਸੀ ।ਸਫਰ ਲੰਬਾ ਵੀ ਸੀ ਤੇ ਤੈਅ ਵੀ ਕਰਨਾ ਸੀ ।ਮਨ ਵਿਚ ਇਕ ਡਰ ਵੀ ਸੀ ਪਰ ਫਿਰ ਵੀ ਮੈਂ ਪੂਰੇ ਹੌਂਸਲੇ ਨਾਲ ਬੱਸ ਵਿੱਚ ਬੈਠ ਅਪਣੇ ਖਿਆਲਾਂ ਵਿੱਚ ਗੁਆਚੀ ਹੋਈ ਅਪਣੀ ਮੰਜ਼ਿਲ ਤੈਅ ਕਰ ਰਹੀ ਸੀ ।
ਕੋਈ ਬੱਸ ਵਿੱਚ ਬੈਠ ਰਿਹਾ ਸੀ ਤੇ ਕੋਈ ਅਪਣੀ ਮੰਜ਼ਿਲ ਆਉਣ ਤੇ ਬੱਸ ਤੋਂ ਉਤਰ ਰਿਹਾ ਸੀ ।ਇਕ ਬਹੁਤ ਹੀ ਨਵਾਂ ਤਜਰਬਾ ਸੀ ਇਹ, ਇਸ ਪਹਿਲੇ ਸਫਰ ਵਿੱਚ ਬਹੁਤ ਸਿੱਖਣ ਨੂੰ ਮਿਲਿਆ ਜੋ ਸ਼ਾਇਦ ਹੀ ਮੈਂ ਕਦੇ ਭੁੱਲ ਪਾਵਾਂ ।
ਖਿੜਕੀ ਵਾਲੀ ਸੀਟ ਤੇ ਬੈਠੀ ਮੈਂ ਬਾਹਰ ਤੁਰਦੇ ਜਾਂਦੇ ਰੁੱਖਾਂ ਨੂੰ ਦੇਖਦੀ ਤੇ ਕਦੇ ਬਸ ਵਿੱਚ ਇਧਰ ਉਧਰ ਸਵਾਰੀਆਂ ਨੂੰ, ਫਿਰ ਥੋੜ੍ਹੀ ਦੇਰ ਬਾਅਦ ਅਚਾਨਕ ਮੇਰਾ ਧਿਆਨ ਮੇਰੇ ਸੱਜੇ ਹੱਥ ਦੀ ਅਗਲੀ ਸੀਟ ਤੇ ਗਿਆ ।ਜਿਸ ਤੇ ਇਕ ਅੱਠ ਕੁ ਸਾਲ ਦਾ ਬੱਚਾ ਅਪਣੇ ਪਿਤਾ ਦੇ ਨਾਲ ਕਿਤੇ ਜਾ ਰਿਹਾ ਸੀ ।ਸਰਦੀ ਦਾ ਮੌਸਮ ਸੀ ਅਤੇ ਬਾਰਿਸ਼ ਹੋਣ ਕਾਰਣ ਠੰਡ ਹੋਰ ਵੀ ਵਧ ਗਈ ਸੀ ।ਜਿਸ ਕਾਰਣ ਉਸ ਬੱਚੇ ਨੂੰ ਅਚਾਨਕ ਹੀ ਬੁਖਾਰ ਹੋ ਗਿਆ, ਤੇ ਉਸਦਾ ਪਿੰਡਾ ਠੰਡ ਨਾਲ ਕੰਬਣ ਲੱਗਿਆ ।ਤਦ ਜਿਵੇਂ ਹੀ ਉਸ ਦੇ ਪਿਤਾ ਨੂੰ ਪਤਾ ਲੱਗਿਆ ਉਸ ਜਲਦੀ ਨਾਲ ਅਪਣੇ ਤੇ ਲਈ ਲੋਈ ਅਪਣੇ ਪੁੱਤਰ ਤੇ ਪਾ ਕੇ ਝੱਟ ਉਸਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ।ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮਾਂ-ਬਾਪ ਅਪਣੇ ਬੱਚਿਆਂ ਦੀ ਕਿੰਨੀ ਫਿਕਰ ਕਰਦੇ ਹਨ, ਕਿੰਨਾ ਪਿਆਰ ਕਰਦੇ ਹਨ ਕਿ ਉਹਨਾਂ ਤੋਂ ਅਪਣੇ ਬੱਚਿਆਂ ਤੇ ਆਈ ਮੁਸੀਬਤ ਜਰਾ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ ।ਇਹ ਤਾਂ ਪਿਆਰ ਸੀ ਇਕ ਬਾਪ ਦਾ ਅਪਣੇ ਪੁੱਤਰ ਪ੍ਰਤਿ।
ਉਸ ਤੋਂ ਥੋੜ੍ਹੀ ਦੇਰ ਬਾਅਦ ਮੇਰਾ ਧਿਆਨ ਮੇਰੇ ਨਾਲ ਵਾਲੀ ਸੀਟ ਤੇ ਗਿਆ ।ਇਥੇ ਮਾਮਲਾ ਕੁਝ ਹੋਰ ਹੀ ਸੀ ।ਇਕ ਆਦਮੀ ਸ਼ਾਇਦ ਪੱਚੀ-ਛੱਬੀ ਸਾਲ ਦਾ ਅਪਣੇ ਪਿਤਾ ਲੱਗਭਗ ਕੋਈ ਸੱਠ-ਬਾਹਠ ਸਾਲ ਦਾ ਹੋਏਗਾ ਦੇ ਨਾਲ ਕਿਤੇ ਜਾ ਰਿਹਾ ਸੀ ।ਬੁਢਾਪੇ ਵਿਚ ਤੇ ਇਨਸਾਨ ਬਿਲਕੁਲ ਬੱਚਿਆਂ ਜਿਹਾ ਹੀ ਬਣ ਜਾਂਦਾ ਹੈ ।ਠੰਡ ਜਿਆਦਾ ਹੋਣ ਕਾਰਨ ਉਸ ਬਜ਼ੁਰਗ ਆਦਮੀ ਨੂੰ ਵੀ ਠੰਡ ਲੱਗ ਰਹੀ ਸੀ ।ਪਰ ਉਸ ਦੇ ਪੁੱਤਰ ਦਾ ਧਿਆਨ ਉਸ ਤੇ ਜਰਾ ਵੀ ਨਾ ਗਿਆ ਕਿ ਉਸ ਦੇ ਬਾਪ ਨੂੰ ਠੰਡ ਲਗ ਰਹੀ ਹੈ ।ਜਦ ਉਸ ਤੋਂ ਠੰਡ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਅਪਣੇ ਪੁੱਤਰ ਨੂੰ ਕਿਹਾ ਕਿ “ਪੁੱਤਰ ਮੈਨੂੰ ਠੰਡ ਲੱਗ ਰਹੀ ਹੈ ।”
ਤਾਂ ਉਸ ਦਾ ਪੁੱਤਰ ਫਟਾਫਟ ਉਸ ਨੂੰ ਟੋਕਦਿਆਂ ਹੋਇਆਂ ਬੋਲਿਆ” ਕੀ ਬਾਪੂ ਜੀ ਤੁਹਾਡੇ ਤੋਂ ਐਨੀ ਕੁ ਠੰਡ ਬਰਦਾਸ਼ਤ ਨਹੀਂ ਹੁੰਦੀ, ਜੇ ਤੁਸੀਂ ਸੋਚ ਰਹੇ ਹੋ ਨਾ ਕਿ ਮੈਂ ਅਪਣਾ ਕੋਟ ਉਤਾਰ ਕੇ ਤੁਹਾਨੂੰ ਦੇ ਦਿਆਂਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ ।ਜੇ ਮੈਂ ਤੁਹਾਨੂੰ ਕੋਟ ਉਤਾਰ ਕੇ ਦਿੰਦਾ ਹਾਂ ਤਾਂ ਮੈਨੂੰ ਠੰਡ ਲੱਗ ਜਾਣੀ ਹੈ ਤੇ ਮੈਨੂੰ ਆਫਿਸ ਤੋਂ ਛੁੱਟੀ ਲੈਣੀ ਪਏਗੀ ਪਰ ਜੇ ਤੁਹਾਨੂੰ ਠੰਡ ਲੱਗ ਵੀ ਗਈ ਤੇ ਕੀ ਫਰਕ ਪਏਗਾ ਤੁਹਾਨੂੰ, ਤੁਸੀਂ ਕਿਹੜਾ ਆਫਿਸ ਜਾਣਾ ਹੁੰਦਾ ਮੁਫ਼ਤ ਦਾ ਖਾਣਾ ਖਾਣਾ ਹੁੰਦਾ ਜੇ ਮੈਂ ਇਕ ਦਿਨ ਨਾ ਗਿਆ ਆਫਿਸ ਤੇ ਪਤਾ ਮੇਰਾ ਕਿੰਨਾ ਨੁਕਸਾਨ ਹੋ ਜਾਣਾ ।”ਜਦ ਉਸਦੇ ਪੁੱਤਰ ਨੇ ਸਭ ਕੁਝ ਬੋਲ ਦਿੱਤਾ ਤਾਂ ਥੋੜ੍ਹੀ ਦੇਰ ਬਾਅਦ ਉਸ ਦਾ ਬਾਪ ਅਪਣੀ ਚੁੱਪੀ ਤੋੜਦਿਆਂ ਹੋਇਆਂ ਬੋਲਿਆ ।
“ਪਰ ਪੁੱਤਰ ਮੇਰਾ ਇਹ ਮਤਲਬ ਨਹੀਂ ਸੀ ਮੈਂ ਤੇ ਇਹ ਕਹਿ ਰਿਹਾ ਸੀ ਕਿ ਮੀਂਹ ਪੈਣ ਨਾਲ ਠੰਡ ਬਹੁਤ ਵੱਧ ਗਈ ਹੈ ਤੇ ਜੇ ਮੈਨੂੰ ਠੰਡ ਲੱਗ ਰਹੀ ਹੈ ਤਾਂ ਤੈਨੂੰ ਵੀ ਲੱਗ ਰਹੀ ਹੋਵੇਗੀ ਕਿਉਂਕਿ ਤੂੰ ਵੀ ਤੇ ਕੱਲਾ ਕੋਟ ਹੀ ਪਾ ਰੱਖਿਆ ਇਸ ਕਰਕੇ ਮੈਂ ਤੈਨੂੰ ਅਪਣੀ ਲੋਈ ਦੇ ਰਿਹਾ ਸੀ ।”ਮੁੰਡੇ ਦਾ ਅਚਾਨਕ ਧਿਆਨ ਅਪਣੇ ਪਿਉ ਦੇ ਸਰੀਰ ਤੋਂ ਉਤਾਰ ਕੇ ਹੱਥ ਵਿਚ ਫੜੀ ਲੋਈ ਤੇ ਗਿਆ ਤੇ ਉਹ ਬਹੁਤ ਸ਼ਰਮਿੰਦਾ ਹੋਇਆ ।
ਇਹ ਸੀ ਇਕ ਪੁੱਤਰ ਦਾ ਪਿਆਰ ਅਪਣੇ ਬਜ਼ੁਰਗ ਬਾਪ ਲਈ ।
ਉਸ ਬਜ਼ੁਰਗ ਬਾਪ ਦਾ ਪੁੱਤਰ ਸ਼ਾਇਦ ਭੁੱਲ ਗਿਆ ਸੀ ਕਿ ਉਸ ਦੇ ਬਾਪ ਨੇ ਉਸ ਲਈ ਕੀ ਕੁਝ ਨਹੀਂ ਕੀਤਾ ਹੋਵੇਗਾ ।ਅਗਰ ਉਹ ਐਨਾ ਸਭ ਕੁਝ ਨਾ ਕਰਦੇ ਤਾਂ ਸ਼ਾਇਦ ਉਹ ਇਸ ਮੁਕਾਮ ਤੇ ਕਦੇ ਪਹੁੰਚ ਨਾ ਪਾਉਂਦਾ ।ਸਚ ਵਿਚ ਕਿੰਨਾ ਫਰਕ ਹੈ ਪਿਉ ਤੇ ਪੁੱਤਰ ਦੇ ਪਿਆਰ ਵਿਚ ।ਪਿਉ ਅਪਣੇ ਪੁੱਤਰ ਦੀ ਖੁਸ਼ੀ ਲਈ ਕੁੱਝ ਵੀ ਕਰ ਸਕਦਾ ਪਰ ਪੁੱਤਰ ਸਿਰਫ ਅਪਣੀ ਖੁਸ਼ੀ ਵੇਖਦਾ ਕੀ ਉਹ ਆਪਣੇ ਬਾਪ ਲਈ ਕੁੱਝ ਕਰ ਸਕਦਾ ਸ਼ਾਇਦ ਕੁਝ ਨਹੀਂ ।ਕੀ ਅਸੀਂ ਐਨੇ ਪੱਥਰ ਦਿਲ ਹੋ ਗਏ ਹਾਂ ਕਿ ਅਪਣੇ ਰੁਝੇਵਿਆਂ ਵਿੱਚ ਅਪਣੇ ਮਾਂ ਬਾਪ ਤੇ ਅਪਣੇ ਵੱਡਿਆਂ ਦਾ ਸਤਿਕਾਰ ਕਰਨਾ ਤੱਕ ਭੁੱਲ ਗਏ ਹਾਂ ।ਕੰਡਕਟਰ ਦੇ ਸੀਟੀ ਮਾਰਨ ਨਾਲ ਮੇਰੀ ਸੋਚਾਂ ਦੀ ਲੜੀ ਟੁੱਟਦੀ ਹੈ ਤੇ ਮੈਂ ਦੇਖਦੀ ਹਾਂ ਮੇਰਾ ਸ਼ਹਿਰ ਆ ਗਿਆ । ਮੈਂ ਬਸ ਤੋਂ ਉਤਰੀ ਤਾਂ ਦੇਖਿਆ ਪਾਪਾ ਮੇਰਾ ਇੰਤਜ਼ਾਰ ਕਰ ਰਹੇ ਸਨ ।ਮੈਂ ਭੱਜ ਕੇ ਜਾ ਕੇ ਉਨ੍ਹਾਂ ਨੂੰ ਮਿਲੀ।ਉਹਨਾਂ, ਆ ਮੇਰਾ ਸ਼ੇਰ ਪੁੱਤ ਕਹਿ ਮੈਨੂੰ ਘੁੱਟ ਕੇ ਗਲ ਨਾਲ ਲਾ ਲਿਆ ।ਅੱਜ ਇਹ ਮੋਹ ਦਾ ਅਹਿਸਾਸ ਮੈਨੂੰ ਪਹਿਲਾਂ ਤੋਂ ਵੀ ਕਿਤੇ ਜਿਆਦਾ ਹੋਇਆ।

 

———————————————————-

ਸਫੈਦ ਖੂਨ

surachi-kambojਸਰੂਚੀ ਕੰਬੋਜ
ਪਿੰਡ – ਚੱਕ ਬਣ ਵਾਲਾ
ਤਹਿ ਫਾਜ਼ਿਲਕਾ

E-Mail: kamboj.saruchi@gmail.com

                       ਆਪਣੇ ਇਕ ਦੋਸਤ ਦੀ ਕਾਰ ਵਿੱਚ ਸਵਾਰ ਉਹ ਸਭ ਦੋਸਤ ਇਕੱਠੇ ਕੁੱਲੂ ਮਨਾਲੀ ਜਾ ਰਹੇ ਸਨ ਘੁੰਮਣ ਲਈ।ਜੀਪ ਚਲਾਉਣ ਵਾਲਾ ਦੋਸਤ ਕਾਰ ਬਹੁਤ ਹੀ ਹੌਲੀ ਹੌਲੀ ਤੇ ਇਕ ਲੈਅ ਵਿਚ ਹੀ ਚਲਾ ਰਿਹਾ ਸੀ ।ਸਭ ਦੋਸਤ ਇਕ ਦੂਜੇ ਨੂੰ ਛੇੜਦੇ ਤੇ ਮਜ਼ਾਕ ਮਸਤੀ ਕਰਦੇ ਬਹੁਤ ਖੁਸ਼ ਵਿਖ ਰਹੇ ਸਨ ।ਵੈਸੇ ਵੀ ਦੋਸਤ ਹਮੇਸ਼ਾ ਆਪਣੇ ਦੋਸਤਾਂ ਨਾਲ ਬਹੁਤ ਖੁਸ਼ ਹੀ ਨਜ਼ਰ ਆਉਂਦੇ ਹਨ ।
ਮੌਸਮ ਵੀ ਉਹਨਾਂ ਦੀ ਖੁਸ਼ੀ ਤਰਾਂ ਖੁਸ਼ਨੁਮਾ ਸੀ।
                           ਅਜੇ ਉਹ ਸਭ ਕੋਈ ਸੋਲ੍ਹਾਂ ਸਤਾਰਾਂ ਕਿਲੋਮੀਟਰ ਹੀ ਅੱਗੇ ਵਧੇ ਸਨ ਕਿ ਅਚਾਨਕ ਗੱਡੀ ਚਲਾ ਰਹੇ ਦੋਸਤ ਦੇ ਨਾਲ ਬੈਠੇ ਦੋਸਤ ਨੇ ਆਪਣੀ ਨਜ਼ਰ ਕਾਰ ਦੀ ਖਿੜਕੀ ਤੋਂ ਬਾਹਰ ਘੁਮਾਈ ਤੇ ਜੋ ਦ੍ਰਿਸ਼ ਉਸ ਦੀਆਂ ਨਜ਼ਰਾਂ ਨੇ ਵੇਖਿਆ ਉਹ ਉਸਨੇ ਬਾਕੀ ਸਭ ਦੋਸਤਾਂ ਨੂੰ ਵੀ ਵਿਖਾਇਆ।ਉਹਨਾਂ ਸਭ ਨੇ ਵੇਖਿਆ ਕਿ ਇਕ ਗੱਡੀ ਦਰਖੱਤ ਨਾਲ ਟਕਰਾਈ ਹੋਈ ਪਈ ਸੀ ਬਹੁਤ ਬੁਰੀ ਹਾਲਤ ਵਿਚ ਤੇ ਪੂਰਾ ਪਰਿਵਾਰ ਉਸ ਗੱਡੀ ਵਿਚ ਫਸਿਆ ਪਿਆ ਸੀ ।ਗੱਡੀ ਦਾ ਮਾਲਕ ਜਖਮੀ ਹਾਲਤ ਵਿੱਚ ਸੜਕ ਤੇ ਆਉਂਦੀਆਂ ਜਾਂਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂਕਿ ਕੋਈ ਉਸਦੀ ਮਦਦ ਕਰਕੇ ਗੱਡੀ ਵਿਚ ਫਸੇ ਉਸਦੇ ਬੱਚਿਆਂ ਤੇ ਪਤਨੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਵਿੱਚ ਉਸਦੀ ਮਦਦ ਕਰ ਸਕੇ।
ਉਹਨਾਂ ਸਭ ਦੋਸਤਾਂ ਨੇ ਉਸ ਆਦਮੀ ਤੇ ਤਰਸ ਖਾ ਉਸਦੀ ਮਦਦ ਕਰਨ ਦੀ ਸੋਚੀ ।ਉਹਨਾਂ ਨੇ ਉਥੇ ਆਪਣੀ ਕਾਰ ਇਕ ਸਾਇਡ ਤੇ ਲਾ ਕੇ ਉਸ ਆਦਮੀ ਦੀ ਪਤਨੀ ਅਤੇ ਬੱਚਿਆਂ ਨੂੰ ਕਾਰ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਵਿਚ ਪੂਰੀ ਮਦਦ ਕੀਤੀ ।
                          ਥੋੜ੍ਹੀ ਦੇਰ ਬਾਅਦ ਪੁਲਿਸ ਵੀ ਉਸ ਜਗ੍ਹਾ ਤੇ ਆ ਗਈ ਤੇ ਉਸ ਆਦਮੀ ਦਾ ਬਿਆਨ ਲੈਣ ਲੱਗੀ।ਪਰ ਜੋ ਉਹਨਾਂ ਸਭ ਦੋਸਤਾਂ ਨੇ ਸੁਣਿਆ ਉਹ ਹੈਰਾਨ ਕਰ ਦੇਣ ਵਾਲਾ ਸੀ ਅਤੇ ਇਹ ਸੁਣ ਕੇ ਉਨ੍ਹਾਂ ਸਭ ਨੂੰ ਜੋਰ ਦਾ ਝਟਕਾ ਲੱਗਿਆ ।ਉਸ ਆਦਮੀ ਨੇ ਬਿਆਨ ਦਿੰਦੇ ਹੋਏ ਕਿਹਾ “ਇਹਨਾਂ ਮੁੰਡਿਆਂ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਗੱਡੀ ਸਾਡੀ ਗੱਡੀ ਵਿਚ ਠੋਕ ਦਿੱਤੀ ਤੇ ਸਾਨੂੰ ਜਖ਼ਮੀ ਕਰ ਦਿੱਤਾ ।” ਪੁਲਿਸ ਨੇ ਵੀ ਉਸ ਆਦਮੀ ਦੀ ਗੱਲ ਤੇ ਯਕੀਨ ਕਰ ਉਹਨਾਂ ਸਭ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
                           ਉਹ ਸਭ ਦੋਸਤ ਪੁਲਿਸ ਨੂੰ ਸਮਝਾਉਂਦੇ ਰਹੇ ਉਹਨਾਂ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹਨਾਂ ਨੇ ਤਾਂ ਉਸਦੀ ਮਦਦ ਕੀਤੀ ਹੈ ਉਹ ਆਦਮੀ ਝੂਠ ਬੋਲ ਰਿਹਾ ਹੈ ਪਰ ਪੁਲਿਸ ਉਸ ਆਦਮੀ ਤੇ ਵਿਸ਼ਵਾਸ ਕਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ।
ਤਦ ਇਕ ਦੋਸਤ ਨੂੰ ਯਾਦ ਆਇਆ ਕਿ ਉਸ ਦਾ ਇਕ ਰਿਸ਼ਤੇਦਾਰ ਉਥੇ ਚੰਡੀਗੜ੍ਹ ਵਿੱਚ ਹੀ ਸਬ ਇੰਸਪੈਕਟਰ ਹੈ ਉਸਨੇ ਫਟਾਫਟ ਉਸਨੂੰ ਫੋਨ ਕਰਕੇ ਸਾਰਾ ਵਾਕਿਆ ਕਹਿ ਸੁਣਾਇਆ ਤਦ ਇੰਸਪੈਕਟਰ ਨੇ ਉਸ ਦੋਸਤ ਨੂੰ ਹੌਂਸਲਾ ਦਿੱਤਾ ਤੇ ਉਸਨੂੰ ਦੂਸਰੇ ਪੁਲਿਸ ਵਾਲੇ ਨਾਲ ਫੋਨ ਤੇ ਗੱਲ ਕਰਕੇ ਉਸ ਨੂੰ ਸਮਝਾਇਆ “ਜੇ ਉਹਨਾਂ ਦੀ ਗੱਡੀ ਉਸ ਆਦਮੀ ਦੀ ਗੱਡੀ ਨਾਲ ਟਕਰਾਈ ਹੈ ਤਾਂ ਉਹਨਾਂ ਦੀ ਗੱਡੀ ਤੇ ਵੀ ਕੋਈ ਝਰੀਟ ਜਾਂ ਖਰੋਚ ਜਰੂਰ ਆਈ ਹੋਵੇਗੀ ,ਤੁਸੀਂ ਚੈੱਕ ਕਰੋ।”ਜਦ ਉਸ ਸਬ ਇੰਸਪੈਕਟਰ ਦੀ ਗੱਲ ਮੰਨ ਉਹਨਾ ਦੀ ਗੱਡੀ ਦਾ ਨਿਰੀਖਣ ਕੀਤਾ ਤਾਂ ਉਸ ਤੇ ਕੋਈ ਖਰੋਚ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ । ਪੁਲਿਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਆਦਮੀ ਕੁਝ ਪੈਸੇ ਐਂਠਣ ਲਈ ਇਹ ਸਭ ਝੂਠ ਬੋਲ ਰਿਹਾ ਸੀ ਤੇ ਉਹਨਾਂ ਸਭ ਦੋਸਤਾਂ ਨੂੰ ਫਸਾ ਰਿਹਾ ਸੀ ਤਾਂ ਕਿ ਜੋ ਉਸਦਾ ਨੁਕਸਾਨ ਹੋਇਆ ਉਸਦੀ ਭਰਪਾਈ ਹੋ ਸਕੇ ।ਪੁਲਸ ਨੇ ਉਹਨਾਂ ਸਭ ਨੂੰ ਜਾਣ ਲਈ ਕਿਹਾ ਤੇ ਜਾਂਦੇ ਜਾਂਦੇ ਉਨ੍ਹਾਂ ਚੋਂ ਇਕ ਦੋਸਤ ਨੇ ਉਸ ਆਦਮੀ ਨੂੰ ਕਿਹਾ “ਇਸ ਜਗ ਵਿੱਚ ਸਭ ਨੂੰ ਇਹੀ ਸਿਖਾਇਆ ਜਾਂਦਾ ‘ਕਰ ਉਪਕਾਰ ਸਵਾਰਥ ਛੱਡ ਕੇ’  ਪਰ ਤੇਰੇ ਜਿਹਿਆਂ ਕਰਕੇ ਅੱਜਕੱਲ ਲੋਕ ਕਿਸੇ ਜਖਮੀ ਰਾਹਗੀਰ ਦੀ ਮਦਦ ਕਰਨ ਤੋਂ ਪਹਿਲਾਂ ਦੱਸ ਵਾਰ ਨਹੀਂ ਸੌ ਵਾਰ ਸੋਚਦੇ ਹਨ ਤੇ ਅਖੀਰ ਉਨ੍ਹਾਂ ਨੂੰ ਔਦਾਂ ਹੀ ਜਖ਼ਮੀ ਹਾਲਤ ਵਿੱਚ ਛੱਡ ਕੇ ਤੁਰ ਜਾਂਦੇ ਹਨ ।ਅਸੀਂ ਤਾਂ ਬੇਵਕੂਫ ਸੀ ਜੋ ਬਿਨਾਂ ਸੋਚੇ ਤੁਹਾਡੀ ਮਦਦ ਕਰਨ ਲਈ ਅੱਗੇ ਆ ਗਏ।”

                        ਉਸ ਆਦਮੀ ਨੇ ਆਪਣੀ ਗਲਤੀ ਮੰਨ ਲਈ ਤੇ ਨੀਵੀਆਂ ਨਜ਼ਰਾਂ ਕੀਤੇ ਹੋਏ ਸ਼ਰਮਿੰਦਾ ਹੋਇਆ ਟੁਕਰ ਟੁਕਰ ਜ਼ਮੀਨ ਵੱਲ ਵੇਖਦਾ ਰਿਹਾ ।ਤਦੇ ਐਂਬੂਲੈਂਸ ਆਈ ਤੇ ਉਹਨਾਂ ਸਭ ਨੂੰ ਹਸਪਤਾਲ ਲੈ ਕੇ ਚਲੀ ਗਈ।ਸੱਚ ਵਿੱਚ ਕਿੰਨਾ ਸਫੈਦ ਖੂਨ ਹੋ ਗਿਆ ਹੈ ਲੋਕਾਂ ਦਾ ਕਿ ਚੰਦ ਕੁ ਸਿੱਕਿਆਂ ਲਈ ਆਪਣਾ ਜਮੀਰ ਤੱਕ ਮਾਰ ਦਿੰਦੇ ਹਨ ।ਹੁਣ ਤੇ ਜੀ ਨੇਕੀ ਕਰ ਖੂਹ ਵਿੱਚ ਪਾਉਣ ਵਾਲੀ ਗੱਲ ਹੈ ।ਕਿੰਨਾ ਮੋਹ ਹੋ ਗਿਆ ਦੁਨੀਆਂ ਨੂੰ ਪੈਸੇ ਨਾਲ, ਕਿ ਇਨਸਾਨੀਅਤ ਦਾ ਤਾਂ ਕੋਈ ਮੁੱਲ ਨਹੀਂ ਰਿਹਾ।ਪਰ ਫਿਰ ਵੀ ਚੰਗੇ ਕਰਮ ਕਰਦੇ ਜਾਉ ਫਲ ਦੀ ਚਿੰਤਾ ਨਾ ਕਰੋ ।

ਨਾਇਕ ਤੋਂ ਖਲਨਾਇਕ

  • ਸਰੂਚੀ ਕੰਬੋਜ ਫਾਜ਼ਿਲਕਾ

ਸਲੋਨੀ ਪਿਛਲੇ ਕੁਝ ਦਿਨਾਂ ਤੋਂ ਫੁੱਲੀ ਨਹੀਂ ਸਮਾ ਰਹੀ ਸੀ ।ਖੁਸ਼ੀ ਦੇ ਮਾਰੇ ਉਸਦੇ ਪੈਰ ਸਨ ਕਿ ਜ਼ਮੀਨ ਤੇ ਨਹੀਂ ਟਿਕ ਰਹੇ ਸਨ।ਖੁਸ਼ ਹੁੰਦੀ ਵੀ ਕਿਉਂ ਨਾ ਦਿਨਕਰ ਉਸਦੀ ਜਿੰਦਗੀ ਚ ਸੱਚ ਵਿੱਚ ਇੱਕ ਚਮਕਦਾ ਸੂਰਜ ਬਣ ਕੇ ਆਇਆ ਸੀ ।ਐਨੇ ਰਿਸ਼ਤੇ ਆਏ ਉਸਨੂੰ ਵੇਖ ਕੇ ਤੁਰ ਗਏ ਤੇ ਮੁੜ ਕੇ ਕੋਈ ਜਵਾਬ ਨਾ ਆਇਆ ।ਬਸ ਉਸਦਾ ਗੁਨਾਹ ਸੀ ਉਸਦਾ ਕਾਲਾ ਰੰਗ ।ਐਨੀ ਵੀ ਕਾਲੀ ਨਹੀਂ ਸੀ ਉਹ ਬਸ ਥੋੜ੍ਹਾ ਜਿਹਾ ਰੰਗ ਸਾਂਵਲਾ ਸੀ ਪਰ ਉਹਦੇ ਨੈਣ ਨਕਸ਼ ਐਨੇ ਸੋਹਣੇ ਬਣਾਏ ਸਨ ਰੱਬ ਨੇ ਕਿ ਉਹਨਾਂ ਤੇ ਸਾਂਵਲਾ ਰੰਗ ਹੀ ਫੱਬਣਾ ਸੀ ।ਪਤਾ ਨਹੀਂ ਕਿਉਂ ਹਰ ਕੋਈ ਆਉਂਦਾ ਤੇ ਉਸ ਨੂੰ ਨਿੰਦ ਕੇ ਚਲਾ ਜਾਂਦਾ ।

ਹੁਣ ਤਾਂ ਸਲੋਨੀ ਨੇ ਵੀ ਫੈਸਲਾ ਕਰ ਲਿਆ ਸੀ ਕਿ ਉਹ ਵਿਆਹ ਕਰਵਾਉਣ ਦਾ ਖਿਆਲ ਵੀ ਆਪਣੇ ਮਨ ਚੋਂ ਕੱਢ ਦੇਵੇਗੀ ।ਹਰ ਹਫ਼ਤੇ ਕਿਸੇ ਨਾ ਕਿਸੇ ਲਈ ਤਿਆਰ ਹੋ ਕੇ ਬੈਠਣਾ ਜਿਵੇਂ ਕਿ ਉਹ ਪ੍ਰਦਰਸ਼ਨੀ ਦੀ ਕੋਈ ਚੀਜ਼ ਹੋਵੇ ।

ਦਿਨਕਰ ਤੇ ਉਸਦੇ ਪਰਿਵਾਰ ਦੇ ਘਰ ਆਉਣ ਤੋਂ ਪਹਿਲਾਂ ਉਸ ਸਾਫ ਮਨ੍ਹਾ ਕਰ ਦਿੱਤਾ ਸੀ ।ਉਹ ਜਾਣਦੀ ਸੀ ਆਖਿਰ ਵਿੱਚ ਉਹ ਵੀ ਉਸਨੂੰ ਦੇਖ ਕੇ ਚਲੇ ਜਾਣਗੇ ਮੁੜ ਉਹਨਾਂ ਦਾ ਕੋਈ ਜਵਾਬ ਨਹੀਂ ਆਉਣਾ ਅਗਰ ਜਵਾਬ ਦੇ ਵੀ ਦਿੱਤਾ ਤਾਂ ਨਾ ਹੀ ਹੋਵੇਗਾ ।ਪਰ ਮੰਮੀ ਪਾਪਾ ਨੇ ਆਖਰੀ ਵਾਰ ਕਹਿ ਕੇ ਉਸ ਨੂੰ ਲੜਕੇ ਵਾਲਿਆਂ ਦੇ ਸਾਹਮਣੇ ਆਉਣ ਲਈ ਮਨਾ ਲਿਆ ਸੀ ।

ਅਗਲੇ ਦਿਨ ਮਹਿਮਾਨ ਆਏ ਹਮੇਸ਼ਾ ਦੀ ਤਰਾਂ ਸਲੋਨੀ ਉਹਨਾਂ ਲਈ ਚਾਹ ਪਾਣੀ ਲੈ ਕੇ ਗਈ ।ਇੱਕ ਨਜ਼ਰ ਉਸ ਲੜਕੇ ਵੱਲ ਮਾਰੀ ਦੇਖਣ ਵਿੱਚ ਬਹੁਤ ਸੋਹਣਾ ਸੀ ਜੋ ਵੀ ਇਕ ਵਾਰ ਉਸਨੂੰ ਵੇਖ ਲਵੇ ਬਸ ਵੇਖਦਾ ਹੀ ਰਹਿ ਜਾਵੇ ।ਮਨ ਵਿਚ ਉਸ ਸੋਚ ਲਿਆ “ਐਨੀ ਸੋਹਣੀ ਸ਼ਕਲ ਸੂਰਤ ਦਾ ਮਾਲਕ ਮੇਰੇ ਜਿਹੀ ਕੋਝੀ ਨਾਲ ਵਿਆਹ ਕਿਉਂ ਕਰਵਾਏਗਾ ਭਲਾਂ।”

ਅਗਲੇ ਦਿਨ ਮੰਮੀ ਨੇ ਉਸਨੂੰ ਦੱਸਿਆ ਸੀ “ਦਿਨਕਰ ਨੇ ਤੈਨੂੰ ਪਸੰਦ ਕਰ ਲਿਆ ਹੈ ਬਸ ਹੁਣ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦੇ।”

ਇਕ ਪਲ ਲਈ ਉਹ ਹੈਰਾਨ ਹੋ ਗਈ ਕਿ ਦਿਨਕਰ ਜਿਹੇ ਮੁੰਡੇ ਨੇ ਉਸਨੂੰ ਹਾਂ ਕਰ ਦਿੱਤੀ ,ਜਿਥੇ ਅੱਜਕਲ ਦੇ ਮੁੰਡੇ ਗੋਰੀ ਕੁੜੀ ਦੀ ਤਾਂਘ ਰਖਦੇ ਹਨ ਉਥੇ ਦਿਨਕਰ ਨੇ ਮੇਨੂੰ ਕਾਲੀ ਜਿਹੀ ਨੂੰ ਪਸੰਦ ਕਰ ਲਿਆ।ਫਿਰ ਉਹ ਥੋੜ੍ਹਾ ਮੁਸਕਰਾਉਂਦੇ ਹੋਏ ਖੁਦ ਨਾਲ ਗੱਲ ਕਰਦੀ ਹੋਈ ਬੋਲੀ ਸੀ “ਸ਼ਾਇਦ ਉਹ ਦੂਜਿਆਂ ਮੁੰਡਿਆ ਵਾਂਗ ਨਹੀ ਹੇਗਾ ਜੋ ਸਿਰਫ ਖੂਬਸੂਰਤੀ ਨੂੰ ਪਹਿਲ ਦਿੰਦੇ ਹਨ ,ਦਿਨਕਰ ਨੇ ਮੇਰੇ ਗੁਣਾਂ ਨੂੰ ਦੇਖ ਕੇ ਪਸੰਦ ਕੀਤਾ ਹੈ ਮੇਨੂੰ ਸਾਰੀ ਦੁਨਿਯਾ ਇਕੋ ਜਿਹੀ ਥੋੜੀ ਨਾ ਹੁੰਦੀ ਹੈ।” ਉਸ ਤੋਂ ਬਾਅਦ ਉਹ ਦਿਨ ਤੇ ਅੱਜ ਦਾ ਦਿਨ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ।ਦਿਨਕਰ ਤੇ ਉਸਦੇ ਪਰਿਵਾਰ ਲਈ ਉਹਦੀਆਂ ਨਜ਼ਰਾਂ ਵਿਚ ਉਹਨਾਂ ਦੀ ਇੱਜਤ ਹੋਰ ਵੀ ਵੱਧ ਗਈ ਸੀ ।

ਅੱਜ ਪੂਰੇ ਦੋ ਦਿਨ ਹੋ ਗਏ ਸਨ ਉਸਦੇ ਵਿਆਹ ਨੂੰ ।ਉਹ ਸੋਚ ਰਹੀ ਸੀ ਕਿ ਉਹ ਦਿਨਕਰ ਤੇ ਉਸਦੇ ਪਰਿਵਾਰ ਨੂੰ ਕਦੇ ਮਾਯੂਸ ਨਹੀਂ ਕਰੇਗੀ ਉਹ ਜੋ ਵੀ ਕਹਿਣਗੇ ਚੰਗਾ ਮੰਦਾ ਉਸਨੂੰ, ਸਿਰ ਮੱਥੇ ਕਬੂਲ ਕਰ ਲਿਆ ਕਰੇਗੀ ਪਰ ਮੂੰਹੋਂ ਉਫ ਤੱਕ ਨਹੀਂ ਕਹੇਗੀ ।ਅਜੇ ਉਹ ਇਹ ਸਭ ਸੋਚ ਹੀ ਰਹੀ ਸੀ ਕਿ ਨਾਲ ਦੇ ਕਮਰੇ ਵਿੱਚੋਂ ਆ ਰਹੀਆਂ  ਅਵਾਜਾਂ  ਨੇ ਉਸਦੇ ਸਭ ਖਿਆਲਾਂ ਨੂੰ ਉਲਟ ਪਲਟ ਕੇ ਰੱਖ ਦਿੱਤਾ ਸੀ ।ਉਸਦੀ ਸੱਸ ਦੀ ਅਵਾਜ਼ ਸੀ ਜੋ ਕਿ ਸਲੋਨੀ ਦੀ ਮੰਮੀ ਨਾਲ ਫੋਨ ਤੇ ਗੱਲ ਕਰ ਰਹੀ ਸੀ ” ਭੈਣਜੀ ਵਾਦੇ ਮੁਤਾਬਕ ਜੋ ਜੋ ਸਾਡੀ ਮੰਗ ਸੀ ਉਹ ਸਭ ਕੁਝ ਦਿਨਕਰ ਨੇ ਲਿਸਟ ਵਿੱਚ ਲਿਖ ਦਿੱਤਾ ਜਿਵੇ ਕਿ ਘਰ, ਨਵੀਂ ਗੱਡੀ,ਫ਼ਰਨਿਚਰ ਤੇ ਘਰ ਦਾ ਹਰ ਛੋਟੇ ਤੋਂ ਛੋਟਾ ਸਮਾਨ ।ਆਪਣੇ ਮੁੰਡੇ ਨੂੰ ਕਹਿਣਾ ਆ ਕੇ ਲਿਸਟ ਲੈ ਜਾਏ ਤੇ ਹੋ ਸਕੇ ਤਾਂ ਜਲਦੀ ਤੋਂ ਜਲਦੀ ਇਸ ਸਮਾਨ ਨੂੰ ਭੇਜਣ ਦੀ ਕੋਸ਼ਿਸ਼ ਕਰਨਾ ।”

ਉਮੰਗਾਂ ਭਰੇ ਸੂਰਜ ਤੇ ਮਾਯੂਸੀ ਦੇ ਬੱਦਲ ਛਾ ਗਏ ਸਨ ।ਅਸਲ ਵਿੱਚ ਸਲੋਨੀ ਦੇ ਗੁਣਾਂ ਨੂੰ ਨਹੀਂ ਪਸੰਦ ਕੀਤਾ ਸੀ ਦਿਨਕਰ ਨੇ।ਦਹੇਜ ਦੀ ਪੰਡ ਨੇ ਉਸਦਾ ਸਾਂਵਲਾ ਰੰਗ ਕੱਜ ਲਿਆ ਸੀ ।ਜੋ ਦਿਨਕਰ ਐਨੇ ਦਿਨਾਂ ਤੋਂ ਉਸਦੀ ਜਿੰਦਗੀ ਵਿੱਚ ਇੱਕ ਨਾਇਕ ਬਣ ਕੇ ਉਭਰਿਆ ਸੀ ਹੁਣ ਉਹ ਖਲਨਾਇਕ ਸੀ ਸਲੋਨੀ ਦੀਆਂ ਨਜ਼ਰਾਂ ਵਿੱਚ ।

 

ਤਲਾਸ਼-ਦਰ ਤਲਾਸ਼

ਗੁਰਮੇਲ ਸਿੰਘ ‘ਬੌਡੇ’

ਕਿੱਥੇ ਆ ਗਏ ? ਸ਼ਸਤਰ ਧਾਰਾ-ਨਹੀਂ ਢਾਕ ਪੱਥਰ-ਗੁਲਮਾਰਗ ਨਹੀਂ ਇਹ ਤਾਂ ਕੋਈ ਹੋਰ ਹੀ ਜਗ•ਾ ਏ। ਇਨ•ਾਂ ਨਾਲ ਮਿਲਦੀ ਜੁਲਦੀ। ਏਥੇ ਹੀ ਹਰਿਆਵਲ ਹੈ, ਪਾਣੀ ਹੈ। ਔਹ ਨੀਵੇਂ ਥਾਂ ਪਾਣੀ ਤੇ ਹਰਾ ਘਾਹ। ਔਹ ਦਰਖ਼ਤਾਂ ਦੀ ਲਾਈਨ ਜਿਹੀ ਕਿਉਂ ਬਣੀ ਹੈ- ਇਹ ਤਾਂ ਨਹਿਰ ਹੈ। ਕਿਨਾਰੇ ਲੱਗੇ ਬ੍ਰਿਛ-ਪਟੜੀ ਤਾਂ ਬਹੁਤ ਪੱਧਰੀ ਹੈ ਪਰ ਰੋੜ ਐ। ਹੈਂ! ਇਹ ”ਗੂੰਅ-ਗੂੰ-ਗੂੰਆ ਕਰਰ-ਰ-ਰ” ਦੀ ਆਵਾਜ਼-ਇਹ ਤਾਂ ਜਹਾਜ਼ ਹਨ- ਦੋ ਬਰਾਬਰ-ਬਰਾਬਰ। ਹੈਂ ਇਨ•ਾਂ ਪਿੱਛੇ ਐਨੀਆਂ ਆਦਮ ਲਾਸਾਂ ਕਿਉਂ ਬੰਨ•ੀਆਂ ਨੇ-ਕੀਹਨੇ ਬੰਨ•ੀਆਂ ਨੇ ? ਕਿਸਨੇ ਛੱਡੇ ਨੇ ਇਹ! ਰੂਸ ਤਾਂ ਇਸ ਹਾਲਤ ਵਿਚ ਨਹੀਂ। ਹਾਂ-ਹਾਂ ਅਮਰੀਕਾ ਨੇ ਛੱਡੇ ਨੇ। ਇਹ ਅਮਰੀਕਾ ਦੇ ਜਹਾਜ਼ ਹਨ। ਲਾਸ਼ਾ ਅਮਰੀਕਾ ਦੇ ਹੱਥ ਵਿਚ ਹਨ। ਇੰਗਲੈਂਡ ਵੀ ਤਾਂ ਨਾਲ ਹੈ ਕੁਝ ਲਾਸ਼ਾਂ ਉਸ ਕੋਲ ਹਨ। ਦੂਜਾ ਜਹਾਜ਼ ਉਸਦਾ ਹੈ। ਹੀਰੋਸ਼ੀਮਾ-ਨਾਗਾਸਾਕੀ ਵੇਲੇ ਵੀ ਤਾਂ ਇੰਜ ਹੀ ਸੀ। ਇਹ ਲਾਸ਼ਾਂ ਤਾਂ ਨੀਵੀਆਂ ਹੁੰਦੀਆਂ ਆਉਂਦੀਆਂ ਹਨ-ਕਿਤੇ ਰਗੜਾਂ ਨਾ ਮਾਰ ਜਾਣ। ਪਾਸੇ ਤਾਂ ਮੈਦਾਨ ਹੀ ਮੈਦਾਨ ਨਜ਼ਰ ਆ ਰਹੇ ਹਨ। ਔਹ ਕੀ ਹੈ? ਸ਼ਾਇਦ ਕੋਈ ਬਿਲਡਿੰਗ-ਯੂਨੀਵਰਸਿਟੀ ਹੋਵੇਗੀ। ਪਰ ਏੇਥੇ ਤਾਂ ਕੋਈ ਆਦਮੀ ਨਜ਼ਰ ਨਹੀਂ ਆਇਆ। ਚਲੋ ਇਸ ਪਾਸੇ-ਪਰ ਏਥੇ ਤਾਂ ਘਾਹ ਏ ਤੇ ਸਾਰਾ ਹੀ ਉੱਚਾ-ਨੀਵਾਂ ਇਹ ਥਾਂ ਕਿਸ ਤਰ•ਾਂ ਦੀ ਹੈ? ਚੌਂਤਰਾ ਜੇਹਾ ਜਿਵੇਂ ਇਕ ਆਦਮੀ ਲਈ ਪਾਰਕ ਬਣਾਇਆ ਹੋਵੇ-ਹਰਿਆਵਲ-ਪਾਣੀ ਨੀਵਾਂ ਥਾਂ ਇਕ ਪਾਸੇ ਨਹਿਰ-ਇਕ ਪਾਸੇ ਮੈਦਾਨ ਤੇ ਬਿਲਡਿੰਗ-ਪਰ ਕੋਈ ਆਦਮੀ ਨਹੀਂ-ਚੌਂਤਰੇ ‘ਤੇ ਹਰੀ-ਹਰੀ ਵਾੜ ਇਕ ਪਾਸੇ ਵੇਲਾਂ ਨੇ ਹੈਂ! ਪਾਸੇ ਇਕ ਮਹਾਤਮਾ-ਓ ਬਾਬਾ ਹੈਂ ਅਸ਼ੋਕ! ਨਹੀਂ ਟੈਗੋਰ ਨਹੀਂ-ਨਹੀਂ ਸੋਭਾ ਸਿੰਘ ਵਰਗਾ ਦੂਰੋਂ ਕੁਝ ਵੀ ਪਤਾ ਨਹੀਂ ਲੱਗ ਰਿਹਾ। ਮੇਰੀਆਂ ਸੋਚਾਂ ਵਿਚ ਆਈ ਹੈਰਾਨੀ ਡਰ ਤੇ ਸਹਿਮ ਬਾਬੇ ਨੇ ਸੁਣ ਲਈ ਹੈ, ਮਹਿਸੂਸ ਕਰ ਲਈ ਹੈ? ਕੀ ਹੋਇਆ ਜੇ ਬਾਬਾ ਜੀ ਨੇ ਦੇਖ ਲਿਆ। ਮੈਨੂੰ ਆਪਣੇ ਦੋਹਾਂ ਮੋਢਿਆਂ ‘ਤੇ ਕੁਝ ਸਰਕਦਾ ਮਹਿਸੂਸ ਹੋਇਆ। ਸ-ਸ-ਸੱਪ ਮੇਰੇ ਇਕ ਪਾਸਿਓਂ! ਚੜ•ੀ ਜਾਂਦੇ ਤੇ ਦੂਜੇ ਪਾਸੇ ਉਤਰੀ ਜਾਂਦੇ। ਥੱਲੇ ਆਲਾ-ਦੁਆਲੇ ਸੱਪ ਹੀ ਸੱਪ-ਮੈਂ ਘਰਬਾ ਗਿਆ। ਬਾਬੇ ਨੇ ਇਹ ਤਾੜਦੇ ਹੋਏ ਕਿਹਾ ਘਬਰਾਓ ਨਾ ਪੁੱਤਰ ਆਪਾਂ ਜ਼ਹਿਰ ਪਰੂਫ਼ ਹਾਂ। ਇਹ ਮੇਰੇ ਆਸ਼ਰਮ ਵਿਚ ਅੰਦਰੇਟੇ ਵੀ ਨਿਕਲੇ ਸਨ ਇਨ•ਾਂ ਨੂੰ ਕਲਾਂ, ਹੁਨਰ, ਜਜ਼ਬਾਤਾਂ ਦੀ ਕੋਈ ਸੋਝੀ ਨਹੀਂ। ਅਜਿਹੇ ਸੱਪ ਵੱਡੇ-ਛੋਟੇ ਸਿਆਸਤਦਾਨ ਪਾਲਦੇ ਹਨ। ਨਾਦਰ ਨੇ ਪਾਲੇ, ਅਬਦਾਲੀ ਨੇ ਪਾਲੇ, ਅਮਰੀਕਾ ਨੇ, ਇੰਗਲੈਂਡ ਨੇ ਪਾਲੇ ਹੋਏ ਹਨ। ਸਾਡੇ ਵੱਡਾ ਦਰਖ਼ਤ ਡਿੱਗਣ ‘ਤੇ ਧਰਤੀ ਨੂੰ ਕੰਬਦੀ ਰਹਿਣ ਵਾਲੇ ਸਾਰੇ ਸਿਆਸਤ ਦਾਨ ਪਾਲਦੇ ਹਨ। ਇਨ•ਾਂ ਸਪੋਲੀਆਂ ਨੇ ਅੰਦਰੇਟੇ ਮੇਰੇ ਕੈਨਵਸ ਨੂੰ ਸਾੜਿਆ। ਗੁਰੂ ਸਾਹਿਬਾਨ ਦੇ ਚਿੱਤਰਾਂ ਦੀ ਬੇ-ਹੁਰਮਤੀ ਕੀਤੀ-ਗੁਰੂ ਘਰ ਆਕਾਲ ਤਖ਼ਤ-ਸਭ ਕੁਝ ਬਾਬੇ ਦੇ ਬੋਲ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ।
ਮੈਨੂੰ ਪੂਰੀ ਤਸੱਲੀ ਹੋ ਗਈ। ਇਨ•ਾਂ ਵਿਚੋਂ ਕਿਸੇ ਨੇ ਵੀ ਨਾ ਕੱਟਿਆ। ਫਿਰ ਸੱਪ ਕਿੱਧਰ ਗਏ-ਤੇ ਬਾਬਾ-ਮੈਂ ਤਾਂ ਕਾਫੀ ਅੱਗੇ ਲੰਘ ਆਇਆ। ਉੱਚੀ ਨੀਵੀਂ ਧਰਤੀ, ਛੋਟੀ-ਛੋਟੀ ਘਾਹ ਨਾ ਕੋਈ ਦਰੱਖਤ ਨਾ ਆਦਮੀ-ਅਸਮਾਨ ‘ਤੇ ਬੱਦਲ। ਹਨੇ•ਰਾ ਪਸਰ ਰਿਹਾ ਸੀ। ਹੈਂ! ਇਹ ਕਿਸ ਤਰ•ਾਂ ਦੇ ਬੱਦਲ ਹਨ? ਮੈਂ ਪਹਿਲੀ ਵਾਰ ਬੱਦਲਾਂ ਨੂੰ ਅੱਗ ਲੱਗੀ ਦੇਖੀ। ਇਹ ਤਾਂ ਬੜੀ ਤੇਜ਼ੀ ਨਾਲ ਆ ਰਹੇ ਹਨ। ਇਕ ਔਹ, ਇਕ ਇਹ ਤੇ ਇਕ ਹੋਰ ਤੇ ਕਿੰਨੇ ਹੀ ਇਕੱਲੇ-ਇਕੱਲੇ, ਤੇਜ਼-ਤੇਜ਼ ਨੀਵੇਂ-ਨੀਵੇਂ ਲੰਘੀ ਜਾ ਰਹੇ ਹਨ। ਮੈਂ ਧਰਤੀ ਨਾਲ ਲਿਪਟ ਗਿਆ। ਬੱਦਲ ਲੰਘ ਗਏ ਇਹ ਆਏ ਵੀ ਉਸੇ ਪਾਸਿਓਂ ਜਹਾਜ਼ ਲੰਘ ਕੇ ਗਏ ਸੀ। ਅਗਾਂਹ ਫਿਰ ਵਾਦੀਆਂ ਹੀ ਵਾਦੀਆਂ ਨਜ਼ਰ ਆ ਰਹੀਆਂ ਹਨ। ਚਲੋ ਚਲੇ ਚਲਦੇ ਹਾਂ-ਔਹ ਕੀ ਐ? ਵੇਖੋ ਤਾਂ ਮਿੱਟੀ ਦੇ ਢੇਰ ਜਿਹਾ ਨੇੜੇ ਹੀ ਤਾਂ ਹੈ-ਇਹ ਤਾਂ ਕੋਈ ਤੰਬੂ ਜਿਹਾ ਹੈ (ਝੌਂਪੜੀ ਗਿੱਦੜ ਕੁੱਟਾਂ ਵਰਗੀ) ਲੱਗਦੀ ਏ-ਹਾਂ ਹੈ ਤਾਂ ਕੁਝ ਏਹੋ ਜਿਹਾ ਹੀ। ਪਰ ਇਸ ਅੰਦਰੋਂ ਤਾਂ ਕਿਸੇ ਦੇ ਹੂੰਗਰ ਮਾਰਨ ਦੀ ਆਵਾਜ਼ ਆ ਰਹੀ ਐ। ਮੈਂ ਝੌਂਪੜੀ ਦੇ ਅੰਦਰ ਵੱਲ ਵਧਿਆ ਤੇ ਬੂਹੇ ‘ਤੇ ਸਹਿਮ ਕੇ ਖੜ ਜਾਂਦਾ ਹਾਂ। ”ਇਹ ਕੌਣ ਹੈ?”
ਵਾਲ ਖੁੱਲ•ੇ ਮੰਜੇ ‘ਤੇ ਪਿਆ ਸਰੀਰ ਪੁਰਾਣੇ ਜਿਹੇ ਖੇਸ ਨਾਲ ਕੱਜਿਆ ਹੋਇਆ ਹੈ। ਮੈਂ ਭੈ-ਭੀਤ ਹੋ ਗਿਆ ਸੀ। ਉਹਦੀ ਝੌਪੜੀ ਅੰਦਰ ਨੁੱਕਰਾਂ ਵਿਚ ਗੁੱਛਾ-ਮੁੱਛਾ ਕੀਤੇ ਕਾਗਜ਼ ਪਏ ਸਨ। ਹੈਂ! ਇਹ ਕੀ ਹੈ? ਸਾਹਿਤ ਹੈ? ਸਾਹਿਤ ਦੀ ਐਨੀ ਬੇਕਦਰੀ। ਇਹ ਤਾਂ ਹੋਣਾ ਹੀ ਸੀ ਜਦੋਂ ਬਜ਼ਾਰਾਂ ਵਿਚ ਲੱਚਰਤਾ ਭਾਰੂ ਹੋ ਜਾਵੇ। ਸਾਹਿਤ ਕਿਸੇ ਮਨੁੱਖ ਨੂੰ ਤਿਆਗੀ ਸੰਤ ਵੀ, ਸਿਪਾਹੀ ਵੀ ਬਣਾਉਂਦਾ ਹੈ। ਸੰਤ ਜੋ ਘੱਟ ਕੱਪੜੇ ਹੋਣ ਦੇ ਬਾਵਜੂਦ ਵੀ ਸਮੁੰਦਰ ਵਾਂਗ ਹੁੰਦਾ ਹੈ। ਲੱਚਰਤਾ ਵੀ ਕੱਪੜੇ ਉਤਰਾ ਕੇ ਹਿੱਪੀ ਬਣਾ ਰਹੀ ਹੈ। ਜਿਸ ਵਿਚ ਪਸ਼ੂ ਬਿਰਤੀ ਹੁੰਦੀ ਹੈ। ਸਾਹਮਣੇ ਖਿਲਰੇ ਕਾਗਜ਼ ਦੇਖ ਕੇ ਮਨ ਵਿਚ ਆਇਆ। ਮੈਂ ਮੰਜੇ ‘ਤੇ ਪਈ ਔਰਤ ਵੱਲ ਦੇਖਿਆ ਤੇ ਉਹ ਮੈਨੂੰ ਸਪੈਸਰ ਦੀ ਰਚਨਾ ‘ਫੇਅਰੀ ਕੁਈਨ’ ਦੀ ਡੈਣ ਜਾਪੀ। ਜਿਸ ਆਪਣੇ ਅੰਦਰ ਕਾਗਜ਼ ਪੱਤਰ ਗੰਦ-ਮੰਦ ਸਭ ਕੁਝ ਨਿਗਲ ਲਿਆ ਸੀ। ਉਹ ਸਥਿਰ ਪਈ ਸੀ। ਸਿਵਾਏ ਹੂੰਗਰ ਤੋਂ ਕੋਈ ਜਵਾਬ ਨਹੀਂ ਸੀ। ਮੈਂ ਕਿਸੇ ਹੋਰ ਨੂੰ ਮਦਦ ਲਈ ਬੁਲਾਉਣ ਵਾਸਤੇ ਝੌਂਪੜੀ ‘ਚੋਂ ਬਾਹਰ ਆਇਆ ਹੈ!  ਐਨੀ ਸੁਰੀਲੀ ਅਵਾਜ਼! ਇਹ ਤਾਂ ਕਿਸੇ ਦੇ ਗਾਉਣ ਦੀ ਅਵਾਜ਼ ਹੈ। ਬੋਲ ਉੱਚੇ ਹੋ ਗਏ। ਮੈਂ ਚਾਰ-ਚੁਫੇਰੇ ਦੇਖਿਆ। ਝੌਂਪੜੀ ‘ਚੋਂ ਕੋਈ ਬਾਹਰ ਆਇਆ।
ਉਸਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ। ਹੈਂ! ਇਹ ਤਾਂ ਆਦਮੀ ਹੈ। ਮੰਜੇ ‘ਤੇ ਪਈ ਔਰਤ ਕਿੱਧਰ ਗਈ? ਮੇਰੇ ਸਾਹਮਣੇ ਇਕ ਸਾਂਵਲੇ ਰੰਗ ਦਾ ਨੌਜਵਾਨ ਖੜਾ ਸੀ। ਬਹੁਤ ਖੂਬਸੂਰਤ ਲੱਗ ਰਿਹਾ ਸੀ। ਸਿਰੋਂ ਪੈਰੋਂ ਨੰਗਾ। ਸਿਰ ਦੇ ਵਾਲ ਖਿਲਰੇ ਹੋਏ। ਉਸਨੇ ਇਸ਼ਾਰਾ ਕੀਤਾ। ਮੈਂ ਅੰਦਰ ਚਲਾ ਗਿਆ ਕਿ ਉਸਨੂੰ ਕੀ ਚਾਹੀਦਾ ਸੀ। ਜਾਂ ਉਹ ਕੀ ਚਾਹੁੰਦਾ ਸੀ? ਝੌਂਪੜੀ ਓਹੀ ਸੀ-ਹੁਣ ਉਸਦੇ ਸਾਰੇ ਪਾਲੇ ਬੋਤਲਾਂ ਪਈਆਂ ਨਜ਼ਰ ਆਈਆਂ। ਇਕ ਅੱਧੀ ਜੋ ਰੰਮ ਦੀ ਸੀ ਬਾਕੀ ਸਭ ਦੇਸੀ ਭਰੀਆਂ ਹੋਈਆਂ। ਮੈਂ ਇਕ ਬੋਤਲ ਚੁੱਕੀ ਤੇ ਉਸਨੂੰ ਫੜਾ ਦਿੱਤੀ। ਉਹ ਸਰੂਰ ਵਿਚ ਆਇਆ। ਉਸਦੀ ਰੋਹ ਭਰੀ ਸੁਰੀਲੀ ਅਵਾਜ਼ ਨੇ ਧਰਤ ਅਸਮਾਨ ਦੀ ਹਿੱਕ-ਪਾੜ ਦਿੱਤੀ। ਉਸਨੇ ਗੀਤ ਦੇ ਬੋਲਾਂ ‘ਚ ਹਾਕਮ ਵੱਲੋਂ ਮਹਿਕੂਮਾ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਜ਼ੁਲਮਾਂ-ਬੇਇਨਸਾਫੀਆਂ ਦਾ ਜ਼ਿਕਰ ਸੀ।
ਜਿਸ ਨੇ ਮੇਰੇ ਅੰਦਰ ਰੋਹ ਦੇ ਭਾਬੜ ਬਾਲ ਦਿੱਤੇ। ਫਿਰ ਇਕ ਖੇਸ ਦੀ ਬੁੱਕਲ ਮਾਰੀ ਛੀਟਕਾ ਜਿਹਾ, ਗੋਰਾ ਨਿਛੋਹ ਕਲੀਨ ਸ਼ੇਵ ਚਿਹਰਾ ਤੇ ਕੁੜੀਆਂ ਵਰਗਾ ਮਲੂਕ ਜਿਹੇ ਹੱਥਾਂ ਵਾਲਾ ਨੌਜਵਾਨ ਆਇਆ। ਜਦ ਉਸ ਦੇ ਮੋਢੇ ਤੋਂ ਖੇਸ ਸਰਕਿਆ ਤਾਂ ਉਸਦੀ ਛਾਤੀ ‘ਤੇ ਠੋਕੇ ਗਏ ਕਿੱਲਾਂ ਵਰਗੇ ਸੁਰਾਖ ਸਨ। ਉਨ•ਾਂ ਵਿਚੋਂ ਨਿਕਲੇ ਲਹੂ ਦੀ ਘਰਾਲ ਵਹਿ ਕੇ ਸੁੱਕ ਚੁੱਕੀ ਸੀ। ਪਰ ਅੱਖਾਂ ਵਿਚ ਮਸਤੀ ਟਪਕ ਰਹੀ ਸੀ। ਉਸਨੇ ਆਪਣਾ ਕਲਾਮ ਛੋਹਿਆ, ਉਸ ਸਾਂਵਲੇ ਰੰਗ ਦੇ ਨੌਜਵਾਨ ਵਰਗਾ ਹੀ ਦਸਾਂ ਨੌਹਾਂ ਦੀ ਕਿਰਤ ਕਰਦੇ ਕਿਰਤੀ ਲੋਕਾਂ ਦਾ। ਮੇਰਾ ਰੋਮ-ਰੋਮ ਖਿੜ ਗਿਆ। ਸਾਂਵਲੇ ਰੰਗ ਦੇ ਨੌਜਵਾਨ ਨੇ ਖੁਸ਼ ਹੋ ਕੇ ਉਸਨੂੰ ਛੋਟਾ ਜਿਹਾ ਜਾਮ ਦਿੱਤਾ। ਉਸ ਬੁੱਲ•ਾਂ ਨੂੰ ਛੁਹਾ ਕੇ ਕੋਲ ਰੱਖ ਲਿਆ। ਉਹ ਕਾਗ਼ਜ ‘ਤੇ ਨਿੱਕੇ-ਨਿੱਕੇ ਹਰਫ਼ ਲਿਖਣ ਲੱਗਾ। ਸਾਂਵਲੇ ਰੰਗ ਦਾ ਨੌਜਵਾਨ ਝੌਂਪੜੀ ਤੋਂ ਬਾਹਰ ਚਲਾ ਗਿਆ। ਇਕ ਵਾਰ ਫੇਰ ਫ਼ਿਜਾ ਵਿਚ ਉਸਦੀ ਸੁਰੀਲੀ ਹੇਕ ਤੇ ਵਿਦਰੋਹੀ ਗੀਤ ਗੂੰਜਿਆ। ਇਹ ਤਾਂ ਓਹੀ ਜ਼ਿੰਦਗੀ ਦਾ ਗੀਤ ਸੀ ਜਿਸ ਲਈ ਮੈਂ ਭਟਕਦਾ ਫਿਰਦਾ ਸੀ। ਇਹ ਤਾਂ ਓਹੀ ਸ਼ਖ਼ਸ ਸੀ। ਇਹ ਗੱਲ ਮੈਨੂੰ ਪਹਿਲਾਂ ਮਹਿਸੂਸ ਕਿਉਂ ਨਹੀਂ ਹੋਈ ਜਦ ਮੈਂ ਉਸਨੂੰ ਬੋਤਲ ਫੜਾਈ ਸੀ। ਮੈਨੂੰ ਆਪਣੇ ਆਪ ‘ਤੇ ਗੁੱਸਾ ਆਇਆ। ਗੋਰਾ ਨਿਛੋਹ ਨੌਜਵਾਨ ਵੀ ਇਹ ਹੇਕ ਸੁਣ ਕੇ ਕਦੋਂ ਚਲਾ ਗਿਆ ਮੈਨੂੰ ਪਤਾ ਹੀ ਨਾ ਲੱਗਾ। ਮੈਂ ਪੱਥਰ ਬੁੱਤ ਬਣਿਆ ਝੌਂਪੜੀ ਅੱਗੇ ਖੜ•ਾ ਸੀ। ਇਹ ਤਾਂ ਓਹੀ ਸ਼ਖ਼ਸ ਸੀ ਜਿਸਦੀ ਮੈਂ ਤਲਾਸ਼ ਵਿਚ ਸੀ। ਉਸਦੇ ਗੀਤਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਗੂੰਜ ਰਹੀ ਸੀ। ਜੋ ਉਸਦੇ ਨਾਲ ਹੀ ਚਲੀ ਗਈ। ਪਰ ਉਸਦੇ ਬੋਲ ਕੀ ਸਨ? ਮੈਂ ਫਿਰ ਉਸਦੀ ਤਲਾਸ਼ ਵਿਚ ਚੱਲ ਪਿਆ। ਕਿਉਂਕਿ ਲੋਕ ਅਜੇ ਵੀ ਦੰਭੀ ਲੀਡਰਾਂ ਤੋਂ ਬਾਜ਼ ਨਹੀਂ ਆਏ ਜੋ ਦੇਸ਼ ਵੇਚ ਰਹੇ ਹਨ। ਪੈਰਾਂ ਦੀ ਮਿੱਟੀ ਅਤੇ ਪਹਾੜ ਨਹੀਂ ਸੀ ਬਣੀ। ਮੇਰੇ ਕਦਮ ਤਲਾਸ਼-ਦਰ-ਤਲਾਸ਼ ਫਿਰ ਚੱਲ ਪਏ।

ਜਿੰਮੀ ਤੇ ਸਿੰਮੀ

-ਭਵਨਦੀਪ ਸਿੰਘ ਪੁਰਬਾ
ਮੇਰੇ ਪਿਤਾ ਜੀ ਇਕ ਦਿਨ ਪਿੰਡ ਗਏ । ਪਿੰਡੋਂ ਵਾਪਸ ਆਉਂਦੇ ਹੋਏ ਉਹ ਪਿੰਡੋਂ ਇਕ ਕੁੱਤੇ ਦਾ ਬੱਚਾ ਲੈ ਆਏ। ਉਹ ਬਿਲਕੁਲ ਛੋਟਾ ਸੀ। ਉਸ ਦੀਆਂ ਹਾਲੇ ਅੱਖਾਂ ਵੀ ਨਹੀਂ ਖੁੱਲ•ੀਆਂ ਸਨ। ਮੈਨੂੰ ਉਹ ਕਤੂਰੀ ਵੇਖ ਕੇ ਬਹੁਤ ਖੁਸ਼ੀ ਹੋਈ। ਮੇਰੇ ਪਿਤਾ ਜੀ ਨੇ ਇਹ ਕਤੂਰੀ ਮੈਨੂੰ 18 ਵੇਂ ਜਨਮ ਦਿਨ ਤੇ ਸੁਗਾਤ ਵਜੋਂ ਲਿਆ ਕੇ ਦਿੱਤੀ ਸੀ। ਮੈਂ ਉਸ ਕਤੂਰੀ ਨੂੰ ਸ਼ੀਸ਼ੀ ਨਾਲ ਦੁੱਧ ਪਿਆਉਂਦਾ । ਰਾਤ ਨੂੰ ਵੀ ਆਪਣੇ ਨਾਲ ਹੀ ਪਾ ਲੈਂਦਾ ਸੀ। ਕੁਝ ਦਿਨ ਬਾਅਦ ਉਸ ਦੀਆਂ ਅੱਖਾਂ ਖੁੱਲ•ੀਆਂ। ਉਹ ਥੋੜੀ ਵੱਡੀ ਹੋ ਗਈ। ਅਸੀਂ ਉਸ ਕਤੂਰੀ ਦਾ ਨਾਮ ਜਿੰਮੀ ਰੱਖਿਆ। ਜਿੰਮੀ ਨੂੰ ਸਾਡੇ ਘਰ ਵਿਚ ਆ ਕੇ ਹੀ ਸੁਰਤ ਆਈ। ਇਸ ਕਰਕੇ ਹੀ ਉਹ ਸਾਡੀ ਬੋਲੀ ਸਮਝਣ ਲੱਗ ਪਈ ਸੀ। ਜਿੰਮੀ ਹਮੇਸ਼ਾ ਮੇਰੇ ਹੱਥੋਂ ਹੀ ਰੋਟੀ ਖਾ ਕੇ ਖੁਸ਼ ਹੁੰਦੀ ਸੀ। ਜੇ ਮੈਂ ਬਾਹਰ ਅੰਦਰ ਗਿਆ ਲੇਟ ਹੋ ਜਾਂਦਾ ਸੀ ਤਾਂ ਜਿੰਮੀ ਮੇਰੇ ਆਉਣ ਤੱਕ  ਰੋਟੀ ਨਾਂ ਖਾਂਦੀ।
ਇਸੇ ਤਰ•ਾਂ ਦੋ ਤਿੰਨ ਸਾਲ ਬੀਤ ਗਏ। ਜਿੰਮੀ ਵੱਡੀ ਕੁੱਤੀ ਬਣ ਚੁੱਕੀ ਸੀ। ਮੈਂ ਆਪਣਾ ਬਿਜਨੈਸ ਸ਼ੂਰੂ ਕਰ ਲਿਆ ਸੀ। ਮੇਰਾ ਬਿਜਨੈਸ ਕੁਝ ਅਜਿਹਾ ਸੀ ਕਿ ਮੈਨੂੰ ਕਦੇ-ਕਦੇ ਬਹੁਤ ਜਿਆਦਾ ਹਨੇਰਾ ਹੋ ਜਾਂਦਾ ਸੀ। ਜਿੰਨਾਂ ਚਿਰ ਮੈਂ ਘਰ ਵਾਪਸ ਨਾ ਆਉਂਦਾ ਜਿੰਮੀ ਗੇਟ ਵਿਚ ਬੈਠੀ ਮੈਨੂੰ ਉਡੀਕ ਰਹੀ ਹੁੰਦੀ ਸੀ। ਮੇਰੇ ਆਉਣ ਤੇ ਮੈਨੂੰ ਪੌਡੇ ਲਾ ਕੇ ਜਿੰਮੀ ਮੇਰੇ ਗਲ ਤੱਕ ਪਹੁੰਚ ਜਾਂਦੀ। ਮੈਂ ਜਦ ਤੱਕ ਉਸਦੇ ਸਿਰ ਤੇ ਹੱਥ ਨਾ ਫੇਰਦਾ, ਉਸਨੂੰ ਪਿਆਰ ਨਾ ਕਰਦਾ ਉਹ ਮੇਰੇ ਅੱਗੇ-ਪਿੱਛੇ ਫਿਰਦੀ ਰਹਿੰਦੀ। ਕਦੇ ਰਸੋਈ ਵਿਚ ਜਾਂਦੀ, ਕਦੇ ਫਰਿਜ਼ ਵੱਲ। ਜਿਵੇਂ ਮੇਰੇ ਵਾਸਤੇ ਪਾਣੀ ਲੈ ਕੇ ਆਉਣਾ ਹੋਵੇ। ਮੈਨੂੰ ਜਿੰਮੀ ਦਾ ਏਨਾ ਪਿਆਰ ਆਉਣ ਲੱਗ ਪਿਆ ਸੀ ਕਿ ਮੈਂ ਉਸ ਬਿਨ•ਾਂ ਰਹਿ ਨਹੀਂ ਸੀ ਸਕਦਾ।
ਮੈਂ ਆਪਣੇ ਮੰਮੀ ਪਾਪਾ ਨਾਲ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਤੇ ਗਿਆ। ਉੱਥੇ ਮੇਰੀ ਮੁਲਾਕਾਤ ਇਕ ਕੁੜੀ ਨਾਲ ਕਰਵਾਈ ਗਈ, ਜਿਸ ਦਾ ਨਾਮ ਸਿੰਮੀ ਸੀ। ਮੇਰੇ ਮੰਮੀ ਪਾਪਾ ਮੈਨੂੰ ਬਹਾਨੇ ਨਾਲ ਕੁੜੀ ਦਿਖਾਉਣ ਲੈ ਕੇ ਗਏ ਸਨ। ਮੈਂ ਸਿੰਮੀ ਨਾਲ ਨਾ ਵਿਆਹ ਕਰਵਾਉਣ ਲਈ ਕਈ ਬਹਾਨੇ ਬਣਾਏ। ਪਰ ਮੇਰੀ ਕੋਈ ਪੇਸ਼ ਨਾ ਚੱਲੀ। ਮੈਨੂੰ ਨਾ ਚਾਹੁੰਦੇ ਹੋਏ ਵੀ ਵਿਆਹ ਵਾਸਤੇ ਹਾਂ ਕਰਨੀ ਪਈ। ਮੈਂ ਆਪਣੇ ਮੰਮੀ ਪਾਪਾ ਨੂੰ ਦੁਖੀ ਨਹੀਂ ਦੇਖ ਸਕਦਾ ਸੀ ਇਸ ਲਈ ਮੈਂ ਘਰਦਿਆਂ ਦੀ ਮਰਜੀ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ। ਕੁਝ ਸਮੇਂ ਬਾਅਦ ਮੇਰਾ ਸਿੰਮੀ ਨਾਲ ਵਿਆਹ ਕਰ ਦਿੱਤੀ ਗਿਆ। ਵਿਆਹ ਦੀ ਪਹਿਲੀ ਰਾਤ ਮੈਂ ਉਸਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਦੱਸਿਆ। ਮੈਂ ਉਸਨੂੰ ਇਹ ਵੀ ਦੱਸਿਆ ਕਿ ਸਾਡੇ ਘਰ ਇਕ ਜਿੰਮੀ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਸਿੰਮੀ ਨੂੰ ਜਿੰਮੀ ਦਾ ਨਾਮ ਸੁਣਦੇ ਸਾਰ ਹੀ ਜਿਵੇਂ ਉਸ ਨਾਲ ਨਫ਼ਰਤ ਹੋ ਗਈ ਹੋਵੇ, ਉਸਨੇ ਥੋੜਾ ਖਿਝ ਕੇ ਕਿਹਾ ”ਜਿੰਮੀ ਕੌਣ ਹੈ?”
”ਸਾਡੀ ਕੁੱਤੀ ਹੈ।”
‘ਮੈਨੂੰ ਕੁੱਤਿਆਂ ਤੋਂ ਬਹੁਤ ਨਫ਼ਤਰ ਹੈ?’
‘ਅਸੀਂ ਉਸਨੂੰ ਕਦੇ ਕੁੱਤਾ ਨਹੀਂ ਸਮਝਿਆ, ਉਹ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ।’
‘ਹੈ ਤਾਂ ਕੁੱਤੀ ਹੀ।’
‘ਚੱਲ ਛੱਡ ਐਵੇਂ ਆਪਾਂ ਲੜਾਂਗੇ।’
‘ਤੂੰ ਕੁੱਤੇ ਦੀ ਖਾਤਰ ਮੇਰੇ ਨਾਲ ਲੜੇਗਾ।’
‘ਅੱਛਾ ਬਾਬਾ! ਸੌਰੀ ਨਹੀਂ ਲੜਦਾ।’
ਅਗਲੇ ਦਿਨ ਸਵੇਰੇ ਸਿੰਮੀ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਬੁਲਾਇਆ। ਜਿੰਮੀ ਸਿੰਮੀ ਦੇ ਕੋਲ ਆ ਗਈ। ਸਿੰਮੀ ਉਸ ਨੂੰ ਦੇਖਦੇ ਸਾਰ ਹੀ ਲਾਲ ਪੀਲੀ ਹੋ ਗਈ। ਮੈਂ ਜਿੰਮੀ ਵੱਲ ਦੇਖਿਆ। ਜਿੰਮੀ ਚੁੱਪ ਕਰਕੇ ਪਿੱਛੇ ਮੁੜ ਗਈ ਅਤੇ ਬਾਹਰ ਵਿਹੜੇ ਵਿਚ ਜਾ ਕੇ ਬੈਠ ਗਈ। ਜਿੰਮੀ ਪਿੱਛੇ ਮੁੜ-ਮੁੜ ਕੇ ਦੇਖ ਰਹੀ ਸੀ ਕਿ ਮੈਂ ਉਸਨੂੰ ਲਾਡ ਕਰਨ ਅਤੇ ਉਸਨੂੰ ਮਨਾਉਣ ਜਾਵਾਂਗਾ ਪਰ ਮੈਂ ਨਹੀਂ ਗਿਆ। ਜਿੰਮੀ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਾ। ਮੇਰੇ ਦਿਲ ਕਰ ਰਿਹਾ ਸੀ ਕਿ ਮੈਂ ਜਾ ਕੇ ਜਿੰਮੀ ਦੇ ਗਲ ਨੂੰ ਚਿੱਬੜ ਜਾਵਾਂ। ਪਰ ਮੈਂ ਸੋਚਿਆ ਕਿ ਮੇਰੇ ਜਿੰਮੀ ਦੇ ਕੋਲ ਜਾਣ ਨਾਲ ਸਿੰਮੀ ਗੁੱਸਾ ਕਰੇਗੀ। ਸਿੰਮੀ ਦੀ ਨਫਰਤ ਜਿੰਮੀ ਪ੍ਰਤੀ ਹੋਰ ਵੱਧ ਜਾਵੇਗੀ। ਇਸ ਲਈ ਮੈਂ ਨਹੀਂ ਗਿਆ।
ਕੁਝ ਦਿਨ ਬੀਤ ਗਏ। ਸਿੰਮੀ ਰਸੋਈ ਦਾ ਕੰਮ ਕਰਨ ਲੱਗ ਗਈ ਪਈ ਸੀ। ਮੈਨੂੰ ਬਿਜਨੈਸ ਦੇ ਕੰਮ ਵਿਚ ਬਾਹਰ ਜਾਣਾ ਪੈ ਗਿਆ। ਮੈਂ ਸਿੰਮੀ ਨੂੰ ਕਹਿ ਦਿੱਤਾ ਕਿ ਜਿੰਮੀ ਨੂੰ ਰੋਟੀ ਪਾ ਦੇਵੇ, ਜਿੰਨੇ ਦਿਨ ਮੈਂ ਬਾਹਰ ਰਿਹਾ। ਸਿੰਮੀ ਨੇ ਜਿੰਮੀ ਨੂੰ ਰੋਟੀ ਨਹੀਂ ਪਾਈ। ਜਿੰਮੀ ਕਈ ਦਿਨ ਭੁੱਖੀ ਰਹੀ। ਜਦ ਮੈਂ ਵਾਪਸ ਆਇਆ ਤਾਂ ਜਿੰਮੀ ਮੇਰੀਆਂ ਲੱਤਾਂ ਨੂੰ ਚੁੰਬੜ ਗਈ। ਮੈਂ ਜਿੰਮੀ ਨੂੰ ਦੇਖਦੇ ਸਾਰ  ਹੀ ਸਮਝ ਗਿਆ ਕਿ ਜਿੰਮੀ ਭੁੱਖੀ ਹੈ। ਪਹਿਲਾਂ ਜਦੋਂ ਜਿੰਮੀ ਨੂੰ ਭੁੱਖ ਲੱਗਦੀ ਸੀ ਤਾਂ ਉਹ ਉੱਚੀ-ਉੱਚੀ ਚੂੰ-ਚੂੰ ਕਰਨ ਲੱਗ ਪੈਂਦੀ ਸੀ। ਹੁਣ ਉਸਨੇ ਹੋਲੀ-ਹੋਲੀ ਚੂੰ-ਚੂੰ ਕੀਤੀ। ਮੈਂ ਰੋਟੀ ਲਿਆ ਕਿ ਜਿੰਮੀ ਨੂੰ ਪਾ ਦਿੱਤੀ। ਮੇਂ ਜਿੰਮੀ ਦੇ ਸਿਰ ਤੇ ਹੱਥ ਫੇਰਿਆ ਤਾਂ ਉਹ ਇਸ ਤਰ•ਾਂ ਮੇਰੇ ਵੱਲ ਝਾਕੀ ਕਿ Àਸ ਦੀਆਂ ਅੱਖਾਂ ਵੱਲ ਦੇਖ ਕਿ ਮੈਨੂੰ ਇੰਝ ਲੱਗਿਆ ਕਿ ਜਿਵੇਂ ਜਿੰਮੀ ਮੈਨੂੰ ਕਹਿ ਰਹੀ ਹੋਵੇ ਕਿ ਤੂੰ ਆਪਣੇ ਨਾਲ ਤਾਂ ਨਾ-ਇਨਸਾਫੀ ਕੀਤੀ ਹੈ ਤੂੰ ਮੇਰੇ ਨਾਲ ਵੀ ਨਾ ਇਨਸਾਫੀ ਕੀਤੀ ਹੈ। ਜਿੰਮੀ ਜਦੋਂ ਵੀ ਸਿੰਮੀ ਨੂੰ ਦੇਖ ਲੈਂਦੀ ਸੀ ਤਾਂ ਆਪਣੇ ਆਪ ਨੂੰ ਉੱਠ ਕੇ ਕਿਤੇ ਹੋਰ ਚਲੀ ਜਾਂਦੀ।
ਸਿੰਮੀ ਦਾ ਵਰਤਾਓ ਮੇਰੇ ਪ੍ਰਤੀ ਵੀ ਕੋਈ ਖਾਸ ਵਧੀਆਂ ਨਹੀਂ ਸੀ। ਨਾ ਹੀ ਉਹ ਮੈਨੂੰ ਆਏ ਨੂੰ ਪਾਣੀ ਵਗੈਰਾ ਫੜਾਉਂਦੀ ਸੀ ਅਤੇ ਨਾ ਹੀ ਖਾਣਾ ਖਾਣ ਲਈ ਮੇਰੀ ਉਡੀਕ ਕਰਦੀ ਸੀ। ਮੈਨੂੰ ਲੱਗ ਰਿਹਾ ਸੀ ਕਿ ਸਿੰਮੀ ਜਿੰਮੀ ਦੇ ਕਾਰਨ ਅਜਿਹਾ ਵਰਤਾਓ ਕਰ ਰਹੀ ਹੈ, ਪਰ ਮੈਂ ਜਿੰਮੀ ਤੋਂ ਦੂਰ ਨਹੀਂ ਹੋ ਸਕਦਾ ਸੀ।
ਇਕ ਦਿਨ ਸਿੰਮੀ ਆਪਣੀ ਹੀ ਮਸਤੀ ਵਿਚ ਟੀ.ਵੀ. ਲਗਾਈ ਬੈਠੀ ਸੀ । ਦਰਵਾਜਾ ਖੁੱਲਾ ਪਿਆ ਸੀ। ਇਕ ਸੱਪ ਅੰਦਰ ਵੜ ਗਿਆ। ਸੱਪ ਸਿੰਮੀ ਵੱਲ ਵੱਧ ਰਿਹਾ ਸੀ। ਜਿੰਮੀ ਨੇ ਸੱਪ ਨੂੰ ਦੇਖ ਲਿਆ। ਜਿੰਮੀ ਭੌਂਕਦੀ ਸੱਪ ਵੱਲ ਆਈ। ਸੱਪ ਪਿੱਛੇ ਮੁੜ ਗਿਆ। ਸਿੰਮੀ ਨੇ ਸੱਪ ਨੂੰ ਤਾਂ ਦੇਖਿਆ ਨਹੀਂ ਐਵੇਂ ਰੋਲਾਂ ਪਾਉਣ ਲੱਗ ਪਈ ਕਿ ਜਿੰਮੀ ਉਸਨੂੰ ਵੰਡਣ ਆਈ। ਮੇਰੀ ਭਾਣਜੀ ਸਾਡੇ ਕੋਲ ਆਈ ਹੋਈ ਸੀ। ਉਸਨੇ ਸੱਪ ਨੂੰ ਬਾਹਰ ਨਿਕਲਦੇ ਦੇਖ ਲਿਆ ਸੀ। ਉਹ ਸਭ ਗੱਲਾਂ ਸਮਝ ਚੁੱਕੀ ਸੀ। ਮੇਰੀ ਭਾਣਜੀ ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਆਪਣੇ ਸ਼ਹਿਰ ਚਲੀ ਗਈ। ਜਦੋਂ ਮੈਂ ਘਰੇ ਆਇਆ ਤਾਂ ਘਰ ਵਿਚ ਜਿੰਮੀ ਨੂੰ ਲੈ ਕੇ ਕਲੇਸ਼ ਪਿਆ ਹੋਇਆ ਸੀ। ਸਿੰਮੀ ਕਹਿ ਰਹੀ ਸੀ ਕਿ ਇਹ ਕੁੱਤੀ ਮੈਨੂੰ ਵੰਡਣ ਲੱਗੀ ਸੀ। ਇਹ ਹਮੇਸ਼ਾਂ ਹੀ ਮੈਨੂੰ ਭੌਂਕਦੀ ਹੈ। ਅੱਜ ਤਾਂ ਇਸਨੇ ਮੇਰੀ ਲੱਤ ਹੀ ਪਾੜ ਦੇਣੀ ਸੀ। ਮੈਨੂੰ ਜਿੰਮੀ ਤੋਂ ਗੁੱਸਾ ਆਇਆ। ਮੈਂ ਜਿੰਮੀ ਦੇ ਤਿੰਨ-ਚਾਰ ਸੋਟੀਆਂ ਮਾਰ ਦਿੱਤੀਆਂ। ਜਿੰਮੀ ਚੁੱਪ-ਚਾਪ ਬੈਠੀ ਰਹੀ, ਮੈਂ ਸੋਚਿਆ ਕਿ ਜਿੰਮੀ ਨੂੰ ਕਿਤੇ ਦੂਰ ਛੱਡ ਆਵਾਂ। ਇਸ ਨਾਲ ਘਰ ਦੇ ਕਲੇਸ਼ ਮੁੱਕ ਜਾਣਗੇ। ਸਵੇਰੇ ਮੈਂ ਜਿੰਮੀ ਨੂੰ ਛੱਡ ਕੇ ਆਉਣ ਲਈ ਤਿਆਰ ਹੋਇਆ ਤਾਂ ਦੇਖਿਆ ਕਿ ਜਿੰਮੀ ਘਰ ਵਿਚ ਨਹੀਂ ਸੀ। ਜਿੰਮੀ ਤੋਂ ਬਗੈਰ ਮੇਰੀ ਜਾਨ ਨਿਕਲ ਰਹੀ ਸੀ। ਮੇਰਾ ਜੀਅ ਤਾਂ ਕਰਦਾ ਸੀ ਕਿ ਮੈਂ ਜੀਅ ਭਰ ਕੇ ਰੋਵਾਂ ਪਰ ਮੈਂ ਰੋ ਵੀ ਨਹੀਂ ਸਕਦਾ ਸੀ। ਜਿੰਮੀ ਆਪਣੇ ਆਪ ਘਰੋਂ ਚਲੀ ਗਈ ਸੀ। ਘਰ ਦਾ ਕਲੇਸ਼ ਫਿਰ ਵੀ ਖ਼ਤਮ ਨਹੀਂ ਸੀ ਹੋਇਆ। ਸਿੰਮੀ ਹਮੇਸ਼ਾਂ ਇਸ ਆਕੜ ਵਿਚ ਰਹਿੰਦੀ ਸੀ ਕਿ ਮੈਂ ਜਿਆਦਾ ਪੜੀ-ਲਿਖੀ ਹਾਂ। ਸਿੰਮੀ ਦੀਆਂ ਫਰਮਾਇਸ਼ਾਂ ਵੀ ਦਿਨੋ ਦਿਨ ਵੱਧ ਰਹੀਆਂ ਸਨ। ਸਿੰਮੀ ਹਰ ਰੋਜ਼ ਬਾਹਰ ਪਾਰਟੀਆਂ ਵਗੈਰਾ ਤੇ ਜਾਂਦੀ। ਮੈਨੂੰ ਉਸਦਾ ਬੈਗਾਨੇ ਆਦਮੀਆਂ ਨਾਲ ਬਾਹਰ ਜਾਣਾ ਪਸ਼ੰਦ ਨਹੀਂ ਸੀ। ਮੈਂ ਸਿੰਮੀ ਨੂੰ ਕਿਹਾ ਕਿ ਸਿੰਮੀ ਅੱਜ ਤੋਂ ਬਾਅਦ ਤੂੰ ਸਿਰਫ਼ ਮੇਰੇ ਨਾਲ ਬਾਹਰ ਜਾਵੇਗੀ ਤਾਂ ਸਿੰਮੀ ਨੇ ਕਿਹਾ ਕਿ, ‘ਔਹ ! ਸ਼ਟ ਅਪ ਬੌਬੀ। ਮੈਂ ਕੋਈ ਅਨਪੜ• ਗਵਾਰ ਨਹੀਂ ਹਾਂ। ਮੇਰਾ ਆਪਣਾ ਸਟੇਟਸ ਹੈ।” ਮੈਂ ਉਸਦੇ ਇਕ ਚਪੇੜ ਮਾਰ ਦਿੱਤੀ। ਸਿੰਮੀ ਆਪਣੇ ਪਾਪਾ ਕੋਲ ਚਲੀ ਗਈ। ਉਸਨੇ ਤਲਾਕ ਦੇ ਪੇਪਰ ਤੇ ਦਸਤਖ਼ਤ ਕਰਕੇ ਮੈਨੂੰ ਭੇਜ ਦਿੱਤੇ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਨਿੱਕੀ ਜਿਹੀ ਗੱਲ ਤੇ ਏਡਾ ਵੱਡਾ ਕਦਮ ਕਿਉਂ ਚੁੱਕਿਆ।
ਸ਼ਾਮ ਨੂੰ ਮੇਰੀ ਭਾਣਜੀ ਮੇਰੇ ਘਰ ਆਈ। ਉਸਨੇ ਆ ਕੇ ਮੈਨੂੰ ਕਿਹਾ ਕਿ, ”ਮਾਮਾ ਜੀ ਆਪਣੀ ਜਿੰਮੀ ਕਿੱਥੇ ਆ? ਆਪਣੀ ਜਿੰਮੀ ਬਹੁਤ ਸਿਆਣੀ ਆ। ਉਸ ਦਿਨ ਸੱਪ ਮਾਮੀ ਜੀ ਨੂੰ ਡੰਗਣ ਲੱਗਾ ਤਾਂ ਜਿੰਮੀ ਨੇ ਭਜਾ ਦਿੱਤਾ।” ਮੈਂ ਆਪਣੀ ਭਾਣਜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਮੈਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ। ਮੈਂ ਸਾਰੀ ਰਾਤ ਰੌਂਦਾ ਜਿੰਮੀ ਨੂੰ ਯਾਦ ਕਰਦਾ ਰਿਹਾ। ਮੈਨੂੰ ਹੁਣ ਜਿੰਮੀ ਤੇ ਸਿੰਮੀ ਦੇ ਅੰਤਰ ਸਾਫ-ਸਾਫ ਸਪਸ਼ਟ ਦਿਖਾਈ ਦੇ ਰਹੇ ਸਨ। ਜਿੰਮੀ ਜਾਨਵਰ ਹੋ ਕੇ ਵੀ ਕਿੰਨੀ ਸਿਆਣੀ ਅਤੇ ਸਮਝਦਾਰ ਹੈ ਅਤੇ ਸਿੰਮੀ ਇਨਸਾਨ ਹੋ ਕੇ ਵੀ ਇਨਸਾਨੀਅਤ ਤੋਂ ਖਾਲੀ ਹੈ। ਮੈਂ ਜਾਗਦੇ ਨੇ ਰਾਤ ਕੱਟੀ। ਸਵੇਰੇ ਚਾਰ ਵਜੇ ਹੀ ਮੈਂ ਤਲਾਕ ਦੇ ਪੇਪਰਾਂ ਤੇ ਦਸ਼ਤਖਤ ਕਰਕੇ ਹੀ ਜਿੰਮੀ ਨੂੰ ਲੱਭਣ ਲਈ ਬਾਹਰ ਜਾਣ ਲੱਗਾ ਸੀ। ਮੈਂ ਬਾਹਰਲਾ ਗੇਟ ਖੋਲਿਆ, ਗੇਟ ਵਿਚ ਜਿੰਮੀ ਬੈਠੀ ਸੀ। ਉਸਦੀਆਂ ਅੱਖਾਂ ਵਿਚ ਅੱਥਰੂ ਵੱਗ ਰਹੇ ਸਨ। ਮੈਂ ਜਿੰਮੀ ਨੂੰ ਦੇਖ ਕੇ ਖੁਸ਼ੀ ਵਿਚ ਟੱਪ ਉੱਠਿਆ। ਮੈਂ ਜਿੰਮੀ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਉਸਨੂੰ ਚੁੱਕ ਕੇ ਅੰਦਰ ਲੈ ਗਿਆ। ਹੁਣ ਜਿੰਮੀ ਪਹਿਲਾਂ ਵਰਗੀ ਖੁਸ਼ ਨਜ਼ਰ ਆਉਣ ਲੱਗ ਪਈ ਸੀ।

-0-

‘ਪਿਆਸੀ ਨਦੀ’

-ਰਾਮਪ੍ਰੀਤ ਸਿੰਘ ਲੰਗੇਆਣਾ
”ਆਹ ਸਵੇਰੇ ਸਵੇਰੇ ਪਤਾ ਨੀ ਕੀਹਦਾ ਫੋਨ ਆ ਗਿਐ” ਮੈਂ ਬੁੜ ਬੜਾਉਂਦਿਆਂ ਹੋਇਆ ਫੋਨ ਉਠਾਇਆ ‘ਹੈਲੋ ਕੌਣ?
”ਸੰਤੋਸ਼ ਬੋਲਦਾਂ, ਕੀ ਹਾਲ ਆ ਨਰੈਣ ਸਿਘਾਂ? ਹੋਰ ਪਰਿਵਾਰ ਦਾ ਕੀ ਹਾਲ? ਸੁੱਖ ਸਾਂਦ ਆ”
”ਬਸ ਵਧੀਆ ਭਾਜੀ, ਤੁਸੀਂ ਆਪਣੇ ਪਰਿਵਾਰ ਦੀ ਸੁੱਖ ਸਾਂਦ ਦੱਸੋ, ਨਾਲ ਸਾਡੀ ਭਰਜਾਈ ਹੁਰੀਂ ਕੈਵ ਰਹਿੰਦੇ ਆ” ਮੈਂ ਮਜ਼ਾਕੀਏ ਢੰਗ ਨਾਲ ਪੁੱਛਿਆ।
”ਸਭ ਠੀਕ-ਠਾਕ ਨੇ, ਨਾਲੇ ਮੇਰੀ ਡੀ. ਏ. Ýਦੀ ਪ੍ਰਮੋਸ਼ਨ ਹੋਗੀ।”
”ਫੇਰ ਤਾਂ ਭਾਜੀ ਥੋਨੂੰ ਸਵਾ ਵਧਾਈਆਂ, ਨਾਲ ੇਹੁਣ ਤਾਂ ਪਾਰਟੀ ਹੋਗੀ ਥੋਡੇ ਜੁੰਮੇ।”
”ਪਾਰਟੀ ਦੀ ਕਿਹੜੀ ਗੱਲ ਆ, ਤੂੰ ਸ਼ਇਕ ਵਾਰੀ ਆ ਕੇ ਮਿਲ ਤਾਂ ਸਹੀ ਫੇਰ ਲੈ ਲਈ ਪਾਰਟੀ, ਨਾਲੇ ਮਿਲਿਆ ਨੂੰ ਕਾਫੀ ਚਿਰ ਹੋ ਗਿਆ, ਹੁਣ ਆਈ ਕਿਸੇ ਦਿਨ।”
”ਕੋਈ ਗੱਲ ਨੀ ਭਾਜੀ, ਮੇਂ ਦੋ ਤਿੰਨ ਦਿਨਾਂ ਤਾਈ ਗੇੜਾ ਮਾਰੂੰਗਾ।”
”ਜ਼ਰੂਰ  ਆਂਵੀ, ਕਿਤੇ ਫੇਰ ਨਾ ਕੌਲ ਕਰਜਂੀਂ ਆਉਣ ਦੀ” ਏਨਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਸੰਤੋਸ਼ ਦਾ ਫੋਨ ਸੁਣ ਕੇ, ਪੁਰਾਣੀ ਯਾਦ ਆ ਗਈ, ਗੱਲ ਅੱਜ ਤੋਂ ਵੀਹ-ਬਾਈ ਸਾਲ ਪਹਿਲਾਂ ਦੀ, ਜਦੋਂ  ਉਹ ਮੋਗੇ ਕਚਹਿਰੀਆਂ ‘ਚ ਸਰਕਾਰੀ ਵਕੀਲ ਲੱਗਾ ਹੁੰਦਾ ਸੀ, ਸਾਡੀ ਯਾਰੀ ਪਹਿਲਾਂ ਤੋਂ ਹੀ ਬੜੀ ਗੂੜੀ ਸੀ, ਅਸੀਂ ਦੋਵੇਂ ਯਾਰ ਨਹੀਂ ਸਗੋਂ ਭਰਾਵਾਂ ਵਾਲਾ ਰਿਸ਼ਤਾ ਰੱਖਦੇ, ਜਦੋਂ ਕਿਤੇ ਮੈਂ ਵਿਹਲਾ ਹੋਣਾ ਉਸ ਦਿਨ ਸੰਤੋਸ਼ ਕੋਲ ਕਚਹਿਰੀ ਚਲਾ ਜਾਣਾ, ਉਹ ਨੇ ਆਖਣਾ ‘ਜਾਹ ਆਵਦੀ ਭਰਜਾਈ ਤੋਂ ਦੁਪਹਿਰ ਦੀ ਰੋਟੀ ਬਣਵਾ ਕੇ ਲੈ ਆਏ” ਮੈਂ ਘਰੋਂ ਰੋਟੀ ਬਣਵਾਕੇ ਲੈ ਆਉਣੀ, ਸਾਰਾ ਦਿਨ ਦੋਵਾਂ ਨੇ ਗੱਪ-ਸ਼ੱਪ ਮਾਰਦੇ ਰਹਿਣਾ, ਸ਼ਾਮ ਨੂੰ ਘਰੋ ਘਰੀ ਆ ਜਾਣਾ।
ਪਹਿਲਾਂ ਦੀ ਤਰ•ਾਂ ਕਿ ਦਿਨ ਮੈਂ ਘਰ ਰੋਟੀ ਲੈਣ ਵਾਸਤੇ ਆਇਆ, ਭਰਜਾਈ ਨੇ ਰੋਟੀ ਵਾਲਾ ਡੱਬਾ ਫੜ•ਾਉਂਦਿਆਂ ਮੈਨੂੰ ਕਿਹਾ ‘ਨਰੈਣਿਆ! ਅੱਜ ਰੋਟੀ ਫੜਾ ਕੇ ਘਰ ਮੁੜ ਆਂਵੀਸ਼ ਤੇਰੇ ਤਾਈ ਕੰਮ ਆ ਕੋਈ”, ”ਬਸ ਮੈਂ ਗਿਆ ਤੇ ਆਇਆ” ਮੈਂ ਕਿਹਾ। ਰਸਤੇ ‘ਚ ਜਾਂਦਿਆਂ ਸੋਚਿਆ , ਤਿੰਨ ਚਾਰ ਸਾਲ ਹੋ ਗੇ, ਅੱਗੇ ‘ਤੇ ਕਦੇ ਘਰ ਮੁੜਨ ਵਾਸਤੇ ਆਖਿਆ ਨਹੀਂ, ਪਰ ਅੱਜ ਕੀ ਕੰਮ ਪੈ ਗਿਆ ਮੇਰੇ ਤਾਈ? ਕੇਰਾਂ ਸੋਚਿਆ, ਕੋਈ ਬਹਾਨਾ ਲਾਦੂੰਗਾ, ਘਰ ਵਾਪਸ  ਮੁੜਦਾ ਨਈਂ, ਜੇ ਪੁੱਛਣ ਲੱਗੀ ਤਾਂ ਆਖਦੂੰਗਾ ‘ਰਸਤੇ ਵਿਚ ਕੋਈ ਕੰਮ ਪੈ ਗਿਆ ਸੀ, ਏਸੇ ਕਰਕੇ ਮੈਥੋਂ ਆਇਆ ਨਾ ਗਿਆ, ਪਰ ਫੇਰ ਸੋਚਿਆ, ਚੱਲ ਅੱਜ ਵਾਪਸ ਜ਼ਰੂਰ ਜਾਊਂਗਾ, ਨਾਲੇ ਪਤਾ ਲੱਗਜੂਗਾ ਭਲਾ ਕੀ ਕੰਮ ਪਿਆ? ਮੈਂ ਰੋਟੀ ਫੜਾ ਕੇ ਸੰਤੋਸ਼ ਨੂੰ ਦੱਸ ਆਂਦਾ ਕਿ ਅੱਜ ਭਰਜਾਈ ਨੇ ਮੈਨੂੰ ਬੁਲਾਇਆ , ਏਨਾ ਕਹਿ ਕੇ ਮੈਂ ਅੋਨੇ ਪੈਰੀਂ ਵਾਪਸ ਮੁੜ ਆਇਆ। ਜਦੋਂ ਘਰ ਆਇਆ ਤਾਂ ਮੈਂ ਪੁੱਛਿਆ ‘ਦੱਸ ਭਰਜਾਈ ਅੱਜ ਕੀ ਕੰਮ ਪਿਆ ਮੇਰੇ ਤਾਂਈ?
”ਆਜਾ ਬਹਿਜ਼ਾ” ਉਹ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ।
”ਨਰੈਣਿਆਂ ਕੰਮ ਤਾਂ ਕੋਈ ਨਹੀਂ, ਮੈਂ ਤਾਂ ਅੱਜ ਤੇਰੇ ਕੋਲ ਆਪਣੇ ਨਾਲ ਬੀਤੀ ਸੁਣਾਉਣ ਲੱਗੀਆਂ, ਅੱਜ ਤੈਨੂੰ ਸੱਚਾਈ ਦੱਸਣ ਲੱਗੀ ਆ ”ਉਹ ਨੇ ਅੱਖਾਂ ਵਿਚੋਂ ਹੰਝੂ ਕੇਰਦੇ ਹੋਏ ਕਿਹਾ।” ਪਰ ਭਰਜਾਈ ਗੱਲ ਤਾਂ ਦੱਸੇ ਕੀ ਹੋਈ ਆ? ਤੂੰ ਰੋਨੀ ਕਿਹੜੀ ਗੱਲੋ? ਮੈਂ ਪੁੱਛਿਆ।
”ਦੇਖ  ਲੈ ਨਰੈਣਿਆ! ਅੱਜ ਤੇਰੇ ਭਰਾ ਨੇ ਮੇਰੇ ਨਾਲ ਕਿੱਤਾ ਧੋਖਾ ਕੀਤਾ, ਐਨਾ ਚਿਰ ਮੇਰੇ ਨਾਲ ਰਹਿਕੇ ਮੈਨੂੰ ਧੱਕਾ ਦੇਣ ਲੱਗਾ, ਮੈਨੂੰ ਏਹਦੇ ਮਾਮੇ ਦੇ ਮੁੰਡੇ ਨੇ ਦੱਸਿਆ, ਕਿ ਸੰਤੋਸ਼ ਨੇ ਦੂਜਾ ਵਿਆਹ ਕਰਵਾ ਲਿਆ।”
ਹੈਅ! ਭਰਜਾਈ ਤੂੰ ਏਹ ਕੀ ਕਹੀ ਜਾਨੀ ਏ? ਉਹ ਕਿੱਦਾਂ ਹੋਰ ਵਿਆਹ ਕਰਵਾ ਸਕਦਾ, ਉਹ ਦਾ ਵਿਆਹ ਤਾਂ ਥੋਡੇ ਨਾਲ ਹੋਇਆ, ਮੇਂ ਹੈਰਾਨ ਹੁੰਦਿਆ ਆਖਿਆ।
”ਪਰ ਨਰੈਣਿਆ”
”ਪਰ ਕੀ ਭਰਜਾਈ?
”ਤੈਨੂੰ ਹਜ਼ੇ ਸਾਡੀ ਅਸਲੀ ਕਹਾਣੀ ਦਾ ਕੀ ਪਤੈ?
”ਕੀ ਤੁਸੀਂ ਉਹ ਦੀ ਅਸਲੀ ਪਤਨੀ ਨਹੀਂ? ਮੈਂ ਅੱਗੋਂ ਇਕ ਸਾਲ ਕਰਦਿਆਂ ਆਖਿਆ।
”ਮੈਂ ਤਾਂ ਉਹਨੂੰ ਆਪਣਾ ਪਤੀ ਮੰਨਦੀ ਰਹੀ ਪਰ ਉਹ ਨੇ ਮੈਨੂੰ ਆਪਣੀ ਪਤਨੀ ਨਹੀਂ ਸਮਝਿਆ।”
”ਸੱਚ ਦੱਸ ਭਰਜਾਈ ਕੀ ਗੱਲ ਆ? ਫੇਰ ਉਹ ਆਪਣੀ ਹੱਡ ਬੀਤੀ ਸੁਣਾਉਣ ਲੱਗੀ।
”ਨਰੈਣਿਆ! ਜਦੋਂ ਰੱਬ ਕਿਸੇ ਦੀ ਜ਼ਿੰਦਗੀ ਬੇਤਾਬ ਲਿਖ ਦਿੰਦਾ, ਉਹ ਨੂੰ ਕਦੇ ਵੀ ਸਕੂਨ ਨਹੀਂ ਮਿਲਦਾ, ਮੇਰੀ ਕਿਸਮਤ ‘ਚ ਤਾਂ ਦਰ-ਦਰ ਦੀਆਂ ਠੋਕਰਾਂ ਲਿਖੀਆਂ , ਖੌਰੇ ਕੀ ਪਾਪ ਕੀਤੇ ਮੈਂ? ਜਿਨ•ਾਂ ਦੀ ਸਜ਼ਾ ਮੈਨੂੰ ਰੱਬ ਦਈ ਜਾਂਦਾ, ਮੈਂ ਕਰਮਾਂ ਮਾਰੀ ਨਰਕ ਭਰੀ ਜ਼ਿੰਦਗੀ ਜਿਉਂ ਰਹੀ ਆ, ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ , ਘਾਟ ਹੈ ਤਾਂ ਸਿਰਫ ਪਿਆਰ ਦੀ, ਬਥੇਰੀ ਧਨ ਦੌਲਤ ਆ ਮੇਰੇ ਕੋਲ ਪਰ ਜ਼ਿੰਦਗੀ ਨੂੰ ਜਿਉਣ ਲਈ ਚੰਗੇ ਜੀਵਨ ਸਾਥੀ ਦੀ ਲੋੜ ਹੁੰਦੀ, ਜਿਹੜਾ ਕਦੇ ਮੈਨੂੰੰ ਮਿਲਿਆ ਹੀ ਨਹੀਂ” ਅੱਜ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਆ, ਮੇਰੇ ਮਾਪਿਆਂ ਨੇ ਮੇਰਾ ਵਿਆਹ ਕਰ ਦਿੱਤਾ, ਪਰ ਮੇਰਾ ਪਤੀ ਨਸ਼ਈ ਸੀ, ਚੌਵੀਂ ਘੰਟੇ ਘਰੇ ਲੜਾਈ-ਝਗੜਾ ਰੰਿਹਦਾ ਸੀ, ਮੇਰੀ ਕੁੱਟਮਾਰ ਵੀ ਕਰਦਾ, ਪਰ ਫੇਰ ਵੀ ਮੈਂ ਉਸ ਨਸ਼ਈ  ਪਤਾ ਨਾ ਦਿਨ ਕੱਟਦੀ ਰਹੀ ਪਰ ਉਹ ਹੱਦੋਂ ਵੱਧ ਜ਼ੁਲਮ ਕਰਨ ਲੱਗ ਪਿਆ, ਕਿੰਨਾ ਕੁ ਚਿਰ ਉਸ ਜ਼ਾਲਮ ਦੇ ਤਸੀਹੇ ਸਹੀ ਜਾਂਦੀ। ਆਖਰ ਮੈਂ ਆਪਣੇ ਪੇਕੇ ਆਗੀ। ਅਸੀਂ ਔਖੇ ਹੋਏ ਕੀ ਕਰਦੇ? ਮੇਰੇ ਮਾਪਿਆਂ ਨੇ ਮੇਰੇ ਪਤੀ ‘ਤੇ ਕੇਸ ਕਰ ਦਿੱਤਾ। ਤਰੀਕਾਂ ਪੈਂਦੀਆਂ ਰਹੀਆਂ, ਦੋ ਤਿੰਨ ਸਾਲ ਕੇਸ ਚਲਦਾ ਰਿਹਾ, ਸਾਡਾ ਕੇਸ ਸੰਤੋਸ਼ ਵਕੀਲ ਲੜਦਾ ਸੀ। ਏਹਦੇ ਕੋਲੋਂ ਸਾਡਾ ਆਉਣਾ ਜਾਣਾ ਸੀ, ਤਰੀਕ ‘ਤੇ ਮੈਨੂੰ ਵੀ ਨਾਲ ਆਉਣਾ ਪੈਂਦਾ ਸੀ, ਜਦੋਂ ਮੈਂ ਤਾਰੀਕ ਭੁਗਤਣ ਆਉਂਦੀ, ਉਦੋਂ ਮੇਰੀ ਮੁਲਾਕਾਤ ਸੰਤੋਸ਼ ਨਾਲ ਹੁੰਦੀ ਸੀ। ਮੈਂ ਤੇ ਸੰਤੋਸ਼ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਸੀ, ਸੰਤੋਸ਼ ਬੜੀਆਂ ਚੰਗੀਆਂ-ਚੰਗੀਆਂ ਗੱਲਾਂ ਕਰਦਾ, ਮੈਨੂੰ ਲੱਗਿਆ ਜਿਵੇਂ ਉਹ ਬਹੁਤ ਚੰਗਾ ਇਨਸਾਨ ਐ, ਹੌਲੀ-ਹੌਲੀ ਮੈਂ ਉਹਦੀਆਂ ਗੱਲੰ ‘ਚ ਆਉਣ ਲੱਗੀ, ਉਹ ਨੂੰ ਦੇਵਤਾ ਸਮਝਣ ਲੱਗੀ, ਕੁਝ ਚਿਰ ਬਾਅਦ ਮੇਰੇ ਪਤੀ ਦੀ ਐਕਸੀਡੈਂਟ ‘ਚ ਮੌਤ ਹੋ ਗਈ। ਸਾਡਾ ਕੇਸ ਬੰਦ ਹੋ ਗਿਆ। ਉਸ ਤੋਂ ਬਾਅਦ ‘ਚ ਦੋ-ਤਿੰਨ ਵਾਰ ਮੇਰੀ ਮੁਲਾਕਾਤ ਸੰਤੋਸ਼ ਨਾਲ ਹੋਈ। ਉਹ ਮੈਨੂੰ ਬੜਾ ਚੰਗਾ ਇਨਸਾਨ  ਜਾਪਿਆ। ਮੇਰਾ ਦਿਲ ਉਹ ਨੂੰ ਚਾਹੁੰਣ ਲੱਗ ਪਿਆ, ਹੌਲੀ-ਹੌਲੀ ਸਾਡੀ ਨੇੜਤਾ ਵਧ ਗਈ, ਅਸੀਂ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ, ਅਸੀਂ ਇਕ-ਦੂਜੇ  ਨੂੰ ਬਹੁਤ ਪਿਆਰ ਕਰਨ ਲੱਗ ਪੇਏ। ਮੈਨੂੰ ਲੱਗਿਆ ਜਿਵੇਂ ਮੇਰੀ ਜ਼ਿੰਦਗੀ ਨੂੰ ਕਿਨਾਰਾ ਮਿਲ ਗਿਆ। ਮੇਰੀਆਂ ਖੋਈਆਂ ਹੋਈਆਂ ਖੁਸ਼ੀਆਂ ਹੁਣ ਵਾਪਸ ਲੌਟ  ਆਈਆਂ, ਮੈਂ ਉਹ ਨੂੰ ਵਿਆਹ ਕਰਵਾਉਣ ਲਈ ਕਿਹਾ, ਪਰ ਉਹ ਅੱਗੋ ਆਖਦਾ ”ਹਜ਼ੇ ਵਿਆਹ ਦੀ ਕੀ ਕਾਹਲੀ ਆ? ਮੈਂ ਘਰਦਿਆਂ ਨਾਲ ਸਲਾਹ ਕਰ ਲੂੰਗਾ, ਫੇਰ ਆਪਾ ਵਿਆਹ ਕਰਵਾ ਲਾਂਗੇ” ਮੈਂ ਆਖਣਾ ‘ਜੇ ਘਰਦੇ ਨਾ ਮੰਨੇ ਤਾਂ” ਉਹ ਨੇ ਕਹਿਣਾ ‘ਨਈਂ ਮੈਨੂੰ ਪੂਰਾ ਵਿਸ਼ਵਾਸ ਆ, ਘਰਦੇ ਮੰਨ ਜਾਣਗੇ” ਏਨਾ ਕਹਿ ਕੇ ਮੈਨੂੰ ਟਾਲ ਦਿੰਦਾ, ਕਿੰਨਾ ਚਿਰਾ ਮੈਨੂੰ ਲਾਰਿਆਂ ‘ਚ ਰੱਖਦਾ ਰਿਹਾ। ਮੈਂ ਸੰਤੋਸ਼ ਦੇ ਪਿਆਰ ‘ਚ ਅੰਨੀ ਹੋ ਚੁੱਕੀ ਸੀ, ਮੈਂ ਸਾਰੀ ਜ਼ਿੰਦਗੀ ਉਹ ਦੇ ਨਾਲ ਗੁਜ਼ਾਰਨਾ ਚਾਹੁੰਦੀ ਸੀ, ਆਖਰ ਮੈਂ ਆਪਣਾ ਘਰ ਬਾਰ, ਮਾਂ-ਬਾਪ ਨੂੰ ਛੱਡ ਕੇ, ਉਹ ਦੇ ਕੋਲ ਆ ਗਈ, ਉਹ ਨੇ ਮੈਨੂੰ ਕਿਰਾਏ ‘ਤੇ ਮਕਾਨ ਲੈ ਦਿੱਤਾ, ਸ਼ਾਮ ਨੂੰ ਆਪ ਵੀ ਉਥੇ ਆ ਜਾਂਦਾ, ਅਸੀਂ ਚੋਰੀ ਰਹਿੰਦੇ ਰਹੇ, ਫੇਰ ਮੇਰੇ ਪੇਟੋਂ ਇਕ ਲੜਕੇ ਨੇ ਜਨਮ ਲਿਆ, ਸਾਡੇ ਤਿੰਨ-ਚਾਰ ਸਾਲ ਬੀਤ ਗਏ, ਪਰ ਅੱਜ ਉਹ ਹੋਰ ਵਿਆਹ ਕਰਵਾਈ ਬੈਠਾ, ਮੈਂ ਏਸ ਧੋਖੇ ਨੂੰ ਕਿਵੇਂ ਜਰਾਂਗੀ, ਕਿਵੇਂ ਦਿਨ ਗੁਜ਼ਾਰਾਂਗੀ, ਏਸ ਮਾਸੂਮ ਬੱਚੇ ਦਾ ਕੀ ਹੋਊਗਾ? ਮੈਂ ਉਸ ਦੇ ਪਿੱਛੇ ਸਭ ਕੁਝ ਗਵਾ ਲਿਆ ਹੁਣ ਮੈਂ ਘਰਦੀ ਨਾ ਕਾਠ ਦੀ” ਆਪਣੀ ਹੱਡ ਬੀਤੀ ਸੁਣਾ ਕੇ, ਉਹ ਬੜਾ ਰੋਈ, ਉਹ ਛਮ-ਛਮ ਰੋਂਦੀ ਵੇਖ ਕੇ ਮੇਰੇ ਨੈਣਾਂ ‘ਚੋਂ ਵੀ ਹੰਝੂ ਡਿੱਗਣ ਲੱਗ ਪਏ, ਮੈਂ ਅੱਖਾਂ ਪੂੰਝਦੇ ਹੋਏ ਨੇ ਉਹ ਨੂੰ ਦਿਲਾਸਾ ਦਿੰਦਿਆਂ ਆਖਿਆ ”ਕੋਈ ਨਾ ਭਰਜਾਈ ਤੂੰ ਫਿਕਰ ਨਾ ਕਰੀ, ਮੈਂ ਉਹਨੂੰ ਆਪੇ ਸਮਝਾ ਦਿੰਨਾ, ਉਹ ਤੈਨੂੰ ਕਦੇ ਨੀ ਛੱਡ ਸਕਦਾ, ਬਾਕੀ ਮੈਂ ਜਾ ਕੇ ਕਹਿ ਦਿੰਨਾ, ਪਰ ਮੈਨੂੰ ਇਸ ਗੱਲ ਦਾ ਤਾਂ ਅੱਜ ਤੱਕ ਪਤਾ ਈ ਨਹੀਂ ਸੀ, ਕੋਈ ਨਾ ਭਰਜਾਈ ਸਭ ਠੀਕ ਹੋਜ਼ੂਗ।” ਏਨਾ ਕਹਿ ਕੇ ਮੈਂ ਤੁਰ ਪਿਆ। ਮੈਂ ਸੰਤੋਸ਼ ਕੋਲ ਕਚਹਿਰੀ ਚਲਾ ਗਿਆ।
”ਆ ਗਿਐ ਨਰੈਣ ਸਿਆਂ, ਅੱਜ ਘਰੇ ਕੀ ਕੰਮ ਸੀ? ਸੰਤੋਸ਼ ਨੇ ਮੈਨੂੰ ਪੁੱਛਿਆ,
”ਕੰਮ ਵੀ ਦੱਸ ਦਿੰਨਾਂ, ਪਹਿਲਾਂ ਐ  ਦੱਸ ਜਿਹੜੀ ਗੱਲ ਮੈਂ ਪੁੱਛਾਂਗਾ ਸੱਚ ਦੱਸੇਗਾ।” ਮੈਂ ਕਿਹਾ, ”ਅੱਗੇ ਤੈਨੂੰ ਕਦੇ ਝੂਠ ਬੋਲਿਆ, ਪੁੱਛ ਕੀ ਪੁੱਛਣਾ?
”ਆਜਾ ਬੈਜ਼ਾ ਫਿਰ” ਅਸੀਂ ਦੋਵੇਂ ਜਾਣੇ ਅੰਦਰ ਜਾ ਕੇ ਬੈਠ ਗਏ, ਮੈਂ ਪੁੱਛਿਆ ”ਯਾਰ ਮੈਂ ਸੁਣਿਆ ਤੈਂ ਵਿਆਹ ਕਰਵਾ ਲਿਆ”, ਪਰ ਜੀਹਨੂੰ ਮੈਂ ਐਨਾ ਚਿਰ ਭਰਜਾਈ ਸਮਝੀ ਰੱਖਿਆ, ਏਹ ਕੌਣ ਐ?
”ਕੀ ਦੱਸਾਂ ਨਰੈਣਿਆ? ਮੈਂ ਤਾਂ ਬੜਾ ਕਸੂਤਾ ਫਸ ਗਿਆ, ਉਦੋਂ ਅਣਜਾਣ ਪੁਣੇ ਵਿਚ ਪਿਆਰ ਕਰ ਬੈਠਾ, ਖਹਿੜਾ ਛੁਡਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨੇ ਮੇਰਾ ਖਹਿੜਾ ਨਾ ਛੱਡਿਆ, ਆਖਰ ਮੈਂ ਉਹ ਨੂੰ ਕਿਰਾਏ ‘ਤੇ ਮਕਾਨ ਲੈ ਦਿੱਤਾ, ਉਥੇ ਅਸੀਂ ਰਹਿੰਦੇ ਰਹੇ, ਮੈਂ ਕਦੇ ਵੀ ਘਰਦਿਆਂ ਕੋਲੇ ਆਰਤੀ ਨਾਲ ਵਿਆਹ ਦੀ ਗੱਲ ਨਾ ਛੇੜੀ, ਮੈਨੂੰ ਪਤਾ ਸੀ ਘਰਦਿਆਂ ਨੇ ਮੰਨਣਾ ਨਹੀਂ, ਸਗੋਂ ਏਦਾਂ ਚੋਰੀ ਛੁਪੇ ਰਹਿੰਦੇ ਰਹਾਂਗਾ, ਕੁਝ ਚਿਰ ਬਾਅਦ ਸਾਡੇ ਘਰਦਿਆਂ ਨੂੰ ਮੇਰੇ ਬਾਰੇ ਪਤ ਲੱਗ ਗਿਆ, ਉਹ ਨੇ ਮੇਰਾ ਵਿਆਹ ਕਰ ਦਿੱਤਾ, ਹੁਣ ਦੱਸ ਮੈਂ ਕੀ ਕਰਾਂ? ਸੰਤੋਸ਼ ਨੇ ਹੰਝੂ ਵਹਾਉਂਦੇ ਹੋਏ ਕਿਹਾ। ”ਤੂੰ ਮੇਰੇ ਆਖੇ ਲੱਗ ਐ ਕਰ, ਹੁਣ ਬਦਲੀ ਕਰਵਾ ਲੈ, ਹੋਰ ਕਿਸੇ ਸ਼ਹਿਰ’ਚ ਕਿਰਾਏ ‘ਤੇ ਮਕਾਨ ਵੇਖਲਾ, ਉਥੇ ਦੋਵੇਂ ਕਹਿੰਦੇ ਰਹਿਉ, ਭਰਜਾਈ ਨੂੰ ਮੈਂ ਸਮਝ ਦਿੰਨਾ ਕਿ ਹਫ਼ਤੇ ‘ਚ ਦੋ-ਤਿੰਨ ਦਿਨ ਤੇਰੇ ਕੋਲ ਰਹਿਆ ਕਰੂਗਾ, ਦੋ-ਤਿੰਨ ਦਿਨ ਆਪਦੇ ਪਿੰਡ ਜਾ ਵੜਿਆ ਕਰਾਂਗਾ, ਮੈਂ ਕਿਹਾ।
”ਪਰ ਜੇ ਉਹ ਨਾ ਮੰਨੀ ਤੇ ਫੇਰ ਕੀ ਬਣੂਗਾ?”
”ਤੂੰ ਫ਼ਿਕਰ ਨਾ ਕਰ, ਏਹ ਮੈਂ ਆਪਣੇ ਸਮਝਾਂਦੂਗਾ, ਮੈਨੂੰ ਪਤੈ ਭਰਜਾਈ ਨੇ ਮੰਨ ਜਾਣਾ।”
ਮੈਂ ਹੌਂਸਲਾ ਦਿੰਦਿਆਂ ਆਖਿਆ ”ਚੱਲ ਅੱਜ ਤੂੰ ਮੇਰੇ ਕੋਲ ਘਰ, ਅੱਜ ਦੀ ਰਾਤ ਉਥੇ ਰਹੀ ਆਪਾਂ ਘਰੇ ਜਾ ਕੇ ਕੋਈ ਸਲਾਹ ਮਸ਼ਵਰਾ ਕਰਦੇ ਆ” ਸੋਤੋਸ਼ ਨੇ ਮੈਨੂੰ ਕਿਹਾ। ਅਸੀਂ ਸ਼ਾਮ ਨੂੰ ਘਰੇ ਚਲੇ ਗਏ। ਮੈਂ ਭਰਜਾਈ ਨੂੰ  ਸਾਰੀ ਗੱਲ ਸਮਝਾਉਂਦਿਆਂ ਆਖਿਆ ”ਦੇਖ ਭਰਜਾਈ ਜਾ ਤਾਂ ਤੂੰ ਮੈਨੂੰ ਸਾਰੀ ਗੱਲ ਪਹਿਲਾਂ ਦੱਸਣੀ ਸੀ, ਨਾਲੇ ਹੁਣ ਹੋ ਵੀ ਕੀ ਸਕਦਾ? ਹੁਣ ਤਾਂ ਏਹਦਾ ਇਕੋ ਹੱਲ ਆ, ਤੈਨੂੰ ਖਰਚਾ ਪੱਠਾ ਦੇ ਦਿਆ ਕਰੂਗ, ਅੱਧਾ ਹਫਤਾ ਤੇਰੇ ਕੋਲ, ਅੱਧਾ ਹਫਤਾ ਪਿੰਡ ਰਿਹਾ ਕਰੂਗਾ, ਆਪਾਂ ਕਿਰਾਏ ‘ਤੇ ਮਕਾਨ ਲੈ ਲੈਣੇ ਆ ਸਮਰਾਲੇ ਜਾਂਦੇ, ਸੰਤੋਸ਼ ਉਥੋਂ ਦੀ ਬਦਲੀ ਕਰਵਾ ਲਊਗਾ, ਤੁਸੀਂ ਉਥੇ ਰਿਹਾਇਸ਼ ਬਣਾ ਲਿਉ” ਮੇਰੀ ਗੱਲ ਨਾਲ ਉਹ ਵੀ ਸਹਿਮਤ ਹੋ ਗਈ। ਅਸੀਂ ਅਗਲੇ ਦਿਨ ਸਮਰਾਲੇ ਚਲੇ ਗਏ, ਉਥੇ ਮਕਾਨ ਦੇਖ ਆਂਦਾ, ਕੁਝ ਦਿਨਾਂ ‘ਚ ਸੰਤੋਸ਼ ਨੇ ਸਮਰਾਲੇ ਦੀ ਬਦਲੀ ਕਰਵਾ ਲਈ, ਉਥੋਂ ਹੀ ਰਹਿਸ਼ ਬਣਾ ਲਈ, ਕੁਝ ਸਮਾਂ ਵਧੀਆ ਬੀਤ ਗਿਆ, ਪਰ ਦੋ ਤਿੰਨ ਮਹੀਨਿਆਂ ਬਾਅਦ ਫਿਰ ਰੌਲਾ ਪੈ ਗਿਆ, ਕਿਉਂਕਿ ਸੰਤੋਖ ਆਪਦੇ ਦੇ ਮਾਮੇ ਦੇ ਮੁੰਡੇ ਨੂੰ ਏਸ ਟਿਕਾਣੇ ਬਾਰੇ ਦੱਸ ਚੁੱਕਿਆ ਸੀ, ਉਹ ਦੇ ਮਾਮੇ ਦੇ ਮੁੰਡੇ ਨੇ ਸੰਤੋਸ਼ ਦੀ ਸਾਰੀ ਕਹਾਣੀ ਉਹ ਦੇ ਘਰਦਿਆਂ ਨੂੰ ਸੁਣਾ ਦਿੱਤੀ। ਇਕ ਦਿਨ ਉਹ ਦੇ ਘਰਦਿਆਂ ਨੇ ਆ ਕੇ ਆਰਤੀ ਨੂੰ ਕੁੱਟਮਾਰ ਕੇ ਘਰੋਂ ਬਾਹਰ ਕੱਢ ੱਦਿੱਤਾ। ਉਹ ਵਿਚਰੀ ਡਰਦੀ ਮਾਰੀ ਕਿਸੇ ਹੋਰ ਘਰੇ ਜਾ ਕੇ ਲੁਕੀ, ਸੰਤੋਸ਼ ਵੀ ਉਸ ਦਿਨ ਵਾਪਸ ਨਾ ਆਇਆ, ਕਿਉਂਕਿ ਉਹ ਵੀ ਆਪਣੇ ਘਰਦਿਆਂ ਨਾਲ ਪਿੰਡ ਚਲਾ ਗਿਆ ਸੀ। ਕਈ ਦਿਨ ਉਡੀਕਦੀ ਰਹੀ। ਪਰ ਉਹ ਵਾਪਸ ਨਾ ਮੁੜਿਆ। ਆਖਰ ਇਕ ਦਿਨ ਆਰਤੀ ਨੇ ਆਪਣੇ ਬੱਚੇ ਸਮੇਤ ਆਤਮ ਹੱਤਿਆ ਕਰ ਲਈ, ਉਸ ਵਿਚਾਰੀ ਨੇ ਦੁਖੀ ਹੋਈ ਨੇ ਆਪਣੀ ਜੀਵਨ ਲੀਲ•ਾ ਖ਼ਤਮ ਕੀਤੀ, ਕੌਣ ਸੀ ਉਹਦੀ ਦੁਨੀਆ ‘ਚ? ਏਹੋ ਸਹਾਰਾ ਸੀ, ਏਹਦਾ ਵੀ ਆਸਰਾ ਨਾ ਰਿਹਾ, ਕਿਸਮਤ ਨੇ ਕਦੇ ਉਹ ਦਾ ਸਾਥ ਨਾ ਦਿੱਤਾ, ਜ਼ਿੰਦਗੀ ਦੇ ਹਰ ਮੋੜ ‘ਤੇ ਠੋਕਰ ਮਿਲੀ, ਬੜੀ ਦੁਖੀ ਔਰਤ ਸੀ, ਸਾਰੀ ਜ਼ਿੰਦਗੀ ਗਮਾਂ, ਲੋਰਿਆਂ ‘ਚ ਬੀਤ ਗਈ, ਉਹ ਸਾਰੀ ਜ਼ਿੰਦਗੀ ਸੰਤਾਪ ਭੋਗਦੀ ਰਹੀ, ਰੰਗ ਰੂਪ ਰੁਲ ਗਿਆ, ਜਵਾਨੀ ਨੂੰ ਗਮਾਂ ਵਿਚ ਘੁਣ ਵਾਂਗ ਖਾ ਲਿ, ਧਨ ਦੌਲਤ ਦੀ ਕਮੀ ਨਹੀਂ ਸੀ ਉਹ ਦੇ ਕੋਲ, ਪਰ ਏਹ ਸਭ ਕੁਝ ਬੇਕਾਰ ਸੀ। ਜ਼ਿੰਦਗੀ ਨੂੰ ਜਿਉਣ ਲਈ ਜੀਵਨ ਸਾਥੀ ਦੀ ਲੋੜ ਹੰਦੀ ਐ, ਪੈਸਾ ਜ਼ਿੰਦਗੀ ਦੀਆਂ ਨਿੱਜੀ ਲੋੜਾਂ ਪੂਰਾ ਕਰਨ ਲਈ ਹੁੰਦਾ, ਪਰ ਪੈਸਾ ਜ਼ਿੰਦਗੀ ਨਹੀਂ ਹੰਦਾ, ਪਿਆਰ ਹੀ ਜ਼ਿੰਦਗੀ ਹੈ, ਪਿਆਰ ਬਿਨਾਂ ਜ਼ਿੰਦਗੀ ਆਧੂਰੀ ਹੈ, ਉਹ ਵੀ ਏਸ ਜ਼ਿੰਦਗੀ ਨੂੰ ਰੱਜ ਕੇ ਮਾਨਣਾ ਚਾਹੁੰਦੀ ਸੀ, ਉਹ ਵੀ ਜਿਉਣਾ ਚਾਹੁੰਦੀ ਸੀ, ਪਰ ਹਾਲਾਤਾਂ ਨੇ ਉਹ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰ ਦਿੱਤਾ, ਉਹ ਦੀ ਜ਼ਿੰਦਗੀ ‘ਚ ਕਦੇ ਬਹਾਰ ਨਾ ਆਈ, ਸਾਥ ਨਿਭਾਉਣ ਵਾਲਾ ਜੀਵਨ ਸਾਥੀ ਨਾ ਮਿਲਿਆ, ਅਸਲ ਵਿਚ ਉਹ ਔਰਤ ਦੇ ਰੂਪ ਵਿਚ ਪਿਆਸੀ ਨਦੀ ਸੀ।

ਇੱਲਾਂ

ਪ੍ਰੋ ਨਿਰਮਲਜੀਤ ਕੌਰ ਸਿੱਧੂ
ਐਤਵਾਰ ਦੇ ਦਿਨ ਬੱਚੇ ਸੁੱਤੇ ਪਏ ਬੜਾ ਲੇਟ ਜਾਗਦੇ ਹਨ। ਬਾਕੀ ਘਰਦੇ ਮੈਂਬਰਾ ਨੂੰ ਖਾਸ ਕਰਕੇ ਮਾਵਾਂ ਨੂੰ ਇਸ ਦਿਨ ਸਵੇਰੇ ਸੌਣ ਦਾ ਕੁਝ ਜਿਆਦਾ ਸਮਾਂ ਮਿਲ ਜਾਂਦਾ ਹੈ। ਇਕ ਦਿਨ ਫੋਨ ਦੀ ਰਿੰਗ ਵੱਜਣ ‘ਤੇ ਮੈਨੂੰ ਜਾਗ ਆ ਗਈ। ਮੇਰੇ ‘ਹੈਲੋ…’ਕਹਿਣ ਤੇ ਇਕ ਰੋਂਦੀ ਰੋਂਦੀ ਪਤਲੀ ਜਿਹੀ ਆਵਾਜ਼ ਆਈ, ”ਮੈਂ ਤਾਰੋ ਬੋਲਦੀ ਹਾ…”
ਮੇਰੇ ਨਾਨਕੇ ਘਰ ਤਾਰੋ ਮੇਰੀ ਬਚਪਨ ਦੀ ਸਹੇਲੀ ਹੈ। ਸਾਡਾ ਵਿਆਹ ਵੀ ਇਕੋ ਕਸਬੇ ਵਿਚ ਹੋ ਗਿਆ ਸੀ। ਸਾਡਾ ਸਹੇਲਪੁਣਾ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਪਹਿਲੇ ਹੀ ਤਰ•ਾਂ ਨਿਭ ਰਿਹਾ ਹੈ। ਤਾਰੋ ਤੇ ਮੇਰੇ ਬੱਚੇ ਇਕੋ ਸਕੂਲ ਤੇ ਇਕੇ ਕਾਲਜ ਵਿਚ ਪੜ•ਦੇ ਹੋਣ ਕਰਕੇ ਇਨ•ਾਂ ਦੀ ਵੀ ਆਪਸ ਵਿਚ ਗਹਿਰੀ ਸਾਂਝ ਬਣ ਗਈ ਹੈ।
ਫ਼ੋਨ ‘ਤੇ ਐਨੀ ਸਵੇਰੇ ਤਾਰੋ ਦੇ ਰੌਣ ਨੇ ਹੈਰਾਨੀ ਤੇ ਪ੍ਰੇਸ਼ਾਨੀ ਵਿਚ ਪਾ ਦਿੱਤਾ। ਉਸ ਨੇ ਦੱਸਿਆ ਕਿ ਉਸਦੀ (ਧੀ) ਮਨਦੀਪ ਦਾ ਰੂਪ ਹੀ ਉਸਦਾ ਵੈਰੀ ਬਣ ਗਿਆ। ਉਹ ਬਾਜ਼ਾਰੋ ਘਰਦੀਆਂ ਕੁਝ ਚੀਜ਼ਾਂ ਲੈ ਕੇ ਆ ਰਹੀ ਸੀ ਕਿ ਪਤਾ ਨਹੀਂ ਕਦੋਂ ਪਾਪੀ ਗੁੰਡਿਆਂ ਨੇ  ‘ਇੱਲਾਂ ਵਾਂਗ ਮਨਦੀਪ ‘ਤੇ ਝਪਟਾਂ ਮਾਰ ਕੇ ਉਸ ਨੂੰ ਗੱਡੀ ਵਿਚ ਸੁੱਟ ਲਿਆ ਅਤੇ ਉਸ ਨੂੰ ਇਕ ਚਬਾਰੇ ਵਿਚ ਲੈ ਗਏ। ਉਥੇ ਕੁਝ ਹੋਰ ਗੁੰਡੇ ਵੀ ਸਨ। ਇਕ ਮੇਜ਼ ‘ਤੇ ਉਨ•ਾਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਵੀ ਕਿੰਨਾ ਕੁਝ ਖਾਣ ਵਾਸਤੇ ਰੱਖਿਆ ਹੋਇਆ ਸੀ। ਮਨਦੀਪ ਪਹਿਲਾਂ ਤਾਂ ਬਹੁਤ ਘਬਰਾ ਗਈ। ਪਰ ਫਿਰ ਪਤਾ ਨਹੀਂ ਉਸ ਵਿਚ ਐਨੀ ਸ਼ਕਤੀ ਕਿਥੋਂ ਆ ਗਈ ਕਿ ਉਸ ਨੇ ਚੁਬਾਰੇ ‘ਤੋਂ ਛਾਲ ਮਾਰ ਦਿੱਤੀ। ਉਹ ਬਚ ਤਾਂ ਗਈ ਪਰ ਇਕ ਲੱਤ ਤੇ ਇਕ ਬਾਂਹ ਟੁੱਟ ਗਈ। ਸਾਰੀ ਗਲੀ ਵਿਚ ਰੌਲ•ਾ ਪੈ ਗਿਆ। ਫਿਰ ਉਸ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ।
ਇੱਲਾਂ ਵਾਂਗ ਝਪਟਾ ਮਾਰ ਕੇ’ ਸ਼ਬਦਾ ਨੇ ਮੇਰੇ ਨਾਨਕੇ ਘਰ ਮੇਰੇ ਨਾਲ ਵਾਪਰੀ ਇਸ ਘਟਨਾ ਨੂੰ ਮੇਰੇ ਅਚੇਤ ਮਨ ਦੀ ਡੂਘਾਈ ਵਿਚੋਂ ਕੱਢ ਕੇ ਮੇਰੇ ਸੁਚੇਤ ਮਨ ਦੇ ਚਿੱਤਰ ‘ਤੇ ਉੱਕਰੀ ਯਾਦ ਤਾਜ਼ਾ ਹੋ ਗਈ।
ਅਣਵੰਡੇ ਪੰਜਾਬ ਵਿਚ ਇਹ  ਉਨ•ਾਂ ਦੀ ਗੱਲ ਹੈ ਜਦ ਬੱਚਿਆਂ ਲਈ ਨਾਨਕਾ ਘਰ ਅੱਜ ਕੱਲ• ਦੀਆਂ ਲਗਾਤਾਰ ਪਿਕਨਿਕਾਂ ਮਨਾਉਣ ਦੇ ਬਰਾਬਰ ਹੁੰਦਾ ਸੀ। ਤਾਹੀਉਂ ਤਾਂ ਸਕੂਲਾਂ ਵਿਚ ਪੜ•ਣ ਵਾਲੇ ਬੱਚੇ ਸਕੂਲ ਦੀਆਂ ਛੁੱਟੀਆਂ ਖਾਸ ਕਰਕੇ ਗਰਮੀਆਂ ਵਿਚ ਦੋ ਮਹੀਨੇ ਦੀਆਂ ਛੁੱਟੀਆਂ ਨੂੰ ਉਡੀਕਦੇ ਰਹਿੰਦੇ ਸਨ ਕਿਉਂਕਿ ਇਨ•ਾਂ ਛੁੱਟੀਆਂ ਵਿਚ ਨਾਨਕੇ ਘਰ ਜਾ ਕੇ ਮੋਜ ਮੇਲਾ ਕਰਨ ਦੇ ਕਾਫ਼ੀ ਦਿਨ ਮਿਲ ਜਾਂਦੇ ਸੀ। ਉਨ•ਾਂ ਦਿਨਾਂ ਵਿਚ ਅਜੇ ਭਾਰਤ ਵਿਚ ਟੀ. ਵੀ. ਜੀ ਆਮਦ ਨਹੀਂ ਹੋਈ ਸੀ। ਲੜਕੇ ਦੌੜਾਂ ਵਿਚ ਜਾ ਕੇ ਖਿੱਦੋ ਖੂੰਡੀ ਜਾਂ ਕੌਡੀ ਕੌਡੀ ਖੇਡਦੇ ਤੇ ਕੁੜੀਆਂ ਅੱਡੀ ਟੱਪਾ, ਕੋਟਲਾ ਛਪਾਕੀ, ਲੁਕੀ ਛਿਪੀ ਜਾਣਾ. ਸ਼ੱਕਰ ਭਿੱਜਦੀ ਜਾਂ ਗੁੱਡੀ ਗੁੱਡੇ ਦਾ ਘਰ ਬਣਾ ਕੇ ਖੇਡਦੀਆਂ ਹੁੰਦੀਆਂ ਸਨ। ਨਾਨਕੇ ਘਰ ਜਾਣ ਤੋਂ ਕਈ ਦਿਨ ਪਹਿਲਾਂ ਬੱਚੇ ਆਪਣੀ ਤਿਆਰੀ ਵਿਚ ਰੁਝ ਜਾਂਦੇ ਸਨ। ਇਸ ਖੁਸ਼ੀ ਵਿਚ ਦੋ ਦੋ ਕੁੜੀਆਂ ਇਕ ਦੂਜੀ ਦਾ ਹੱਥ ਫੜ ਕੇ ਚੱਕਰ ਵਿਚ ਗੇੜੇ ਦੇ ਕੇ ਗਾਉਂਦੀਆਂ ਸਨ.
ਨਾਨਕੇ ਘਰ ਜਾਵਾਂਗੇ
ਝੱਗਾ ਚੁੰਨੀ ਸਿਆਵਾਂਗੇ
ਲਾਲ ਮੌਜੇ ਪਾਵਾਂਗੇ
ਲੱਡੂ ਪੇੜੇ ਖਾਵਾਂਗੇ।
ਅੱਗੇ ਨਾਨਕੇ ਘਰ ਨਾਨਾ-ਨਾਨੀ, ਮਾਸੀਆਂ, ਮਾਮੋ-ਮਾਮੀਆਂ ਤੇ ਗਲੀ-ਗੁਆਂਢ ਦੇ ਸਾਰੇ ਬੱਚੇ ਵੀ ਦਿਨ ਗਿਣਦੇ ਕਿ ਕਦੋਂ ਇਕੱਠੇ ਹੋ ਕੇ ਮਸਤੀਆਂ ਕਰਾਂਗੇ। ਸੱਚ ਮੁੱਚ ਹੀ ਨਾਨਕੇ ਘਰ ਉਨ•ਾਂ ਦਿਨਾਂ ਵਿਚ ਬੱਚਿਆਂ ਨੂੰ ਖੇਡਣ ਮੱਲਣ ਦੁੱਧ, ਦਹੀ, ਮੱਖਣ, ਲੱਸੀ, ਚੂਰੀ, ਸ਼ੱਕਰ-ਘਿਉ, ਗੁੜ ਖਾਣ ਦੀ ਮੌਜ ਹੁੰਦੀ ਸੀ। ਇਸ ਤੋਂ ਬਿਨਾਂ ਕਿਸੇ ਦੀ ਹਿੜਕ ਨਾ ਝਿੜਕ। ਆਜ਼ਾਦ ਪੰਛੀਆਂ ਦੀ ਤਰ•ਾਂ ਆਸਮਾਨ ਵਿਚ ਉਡਾਰੀ ਲਾਉਣ ਦੀ ਥਾਂ ਗਲ•ੀਆਂ ਵਿਚ ਉੱਡਦੇ ਹੀ ਫਿਰਦੇ ਸਨ। ਧਰਤੀ ‘ਤੇ ਪੈਰ ਤਾਂ ਉਨ•ਾਂ ਦੇ ਲਗਦੇ ਹੀ ਨਹੀਂ ਸਨ। ਦੋਹਤੇ ਦੋਹਤੀਆਂ ਨੂੰ ਤਾਂ ਸਾਰਾ ਪਿੰਡ ਪਿਆਰਦਾ ਤੇ ਸਤਿਕਾਰਦਾ ਸੀ।
ਮੈਂ ਵੀ ਛੁੱਟੀਆਂ ਵਿਚ ਸਕੂਲ ਦਾ ਕੰਮ ਜਲਦੀ ਜਲਦੀ ਨਿਬੇੜ ਕੇ ਨਾਨਕੇ ਘਰ ਭਜਦੀ ਸਾਂ। ਉਥੇ ਆ ਕੇ ਸਕੂਲ ਦਾ ਕੰਮ ਹੁੰਦਾ ਹੀ ਨਹੀਂ ਸੀ। ਸਾਰਾ ਸਾਰਾ ਦਿਨ ਤੇ ਚੰਨ ਚਾਨਣੀ ਰਾਤ ਨੂੰ ਵੀ ਆਪਣਈਆਂ ਸਹੇਲੀਆਂ ਤਾਰੋ, ਬਚਨੋ, ਸੀਤਾ, ਰਾਸ਼ੀ, ਪੂਤੀ, ਰੱਜੋ, ਨਿੱਕੀ, ਨਜ਼ਮਾਂ ਨਾਲ ਖੇਡਦੀ ਹੀ ਰਹਿੰਦੀ ਸਾਂ। ਜਦੋਂ  ਭੁੱਖ ਲੱਗਦੀ ਮਹਿਸੂਸ ਹੋਣੀ ਤਾਂ ਘਰ ਆ ਕੋ ਰੋਟੀ ਖਾ ਜਾਣੀ ਤੇ ਫਿਰ ਸਹੇਲੀਆਂ ਨਾਲ ਰਲ ਕੇ ਲੁਕ ਛਿਪ ਜਾਣਾ, ਅੱਡੀ-ਛੜੱਪਾ, ਛੂਹ-ਛੂਹਾਈ ਜਾਂ ਟੁੱਟੀਆਂ ਵੰਗਾਂ ਦੇ ਟੁਕੜਿਆਂ ਨਾਲ ਜਿੱਤ ਹਾਰ ਖੇਡਣ ਲੱਗ ਜਾਣਾ ਜਦੋਂ ਥੱਕ ਜਾਣਾ ਤਾਂ ਕਿਸੇ ਵੀ ਸਹੇਲੀ ਦੇ ਘਰ ਦੇ ਦਲਾਨ ਜਾਂ ਗਲੀ ਦੇ ਇਕ ਪਾਸੇ ਬੈਠ ਕੇ ਦਿਨ ਨੂੰ ਹੀ ਰੂਪ-ਬਸੰਤ, ਮਤਰੇਈ ਮਾਂ, ਰਾਜੇ ਰਾਣੀਆਂ, ਭੂਤਾਂ ਚੜੇਲਾਂ ਦੀਆਂ ਬਾਤਾਂ ਪਾਉਣ ਲੱਗ ਜਾਣਾ ਜਾਂ ਬੁੱਝਣ ਵਾਲੀਆਂ ਬੁਝਾਰਤਾਂ ਪਾਉਣੀਆਂ ਸਾਡਾ-ਮਨ ਭਾਉਂਦਾ ਸ਼ੁਗਲ ਸੀ। ਉਨ•ਾਂ ਦਿਨਾਂ ਵਿਚ ਮੇਰੇ ਤੋਂ ਬਿਨਾਂ ਕਿਸੇ ਸਹੇਲੀ ਰੇਲ ਗੱਡੀ ਨਹੀਂ ਸੀ ਵੇਖੀ। ਮੈਂ ਇਕ ਦਿਨ ਬੁਝਾਰਤ ਪਾ ਦਿੱਤੀ.
”ਇਕ ਜਨਾਨੀ ਮੈਂ ਦੇਖੀ ਹੁੱਕਾ ਪੀਦੀ ਜਾਵੇ।”
ਸਾਰੀਆਂ ਸਹੇਲੀਆਂ ਵਿਚੋਂ ਕਿਸੇਂ ਤੋਂ ?ਇਹ ਬਾਤ ਬੁੱਝੀ ਨਾ ਗਈ। ਬੰਸੋ ਕਹਿਣ ਲੱਗੀ, ”ਰੱਜੋ, ਤੂੰ ਦੱਸ, ਤੇਰਾ ਅੱਬੂ ਤਾਂ ਹਰ ਰੋਜ਼ ਹੁੱਕਾ ਪੀਂਦਾ ਗੁੜ ਗੁੜ ਕਰਦਾ ਹੈ।”
ਉਹ ਝੱਟ ਬੋਲ ਪਈ, ”ਹੁੱਕਾ ਮੇਰਾ ਅੱਬੂ ਪੀਂਦਾ ਹੈ। ਮੇਰੀ ਮਾਂ ਤਾਂ ਨਹੀਂ ਪੀਂਦੀ। ਇਸ ਨੇ ਤਾਂ ਜਨਾਨੀ ਹੁੱਕਾ ਪੀਂਦੀ ਦੇਖੀ ਹੈ। ਮੈਨੂੰ ਤਾਂ ਪਤਾ ਨਹੀ ਲਗਦਾ ਇਸ ਦੀ ਬਾਤ ਦਾ।” ਇਸ ਗੱਲ ਤੇ ਸਾਰੀਆਂ ਹੱਸ ਪਈਆਂ ਤੇ ਮੈਨੂੰ ਕਹਿਣ ਲੱਗੀਆਂ, ”ਇਹ ਬਾਤ ਗਲਤ ਹੈ। ਆਦਮੀ ਹੁੱਕਾ ਪੀਂਦੇ ਹਨ। ਜਨਾਨੀਆਂ ਹੁੱਕਾ ਪੀਂਦੀਆਂ ਕਦੀ ਨਹੀਂ ਦੇਖੀਆਂ।” ਮੈਂ ਕਿਹਾ, ”ਬਾਤ ਤਾਂ ਬਿਲਕੁਲ ਠੀਕ ਹੈ।” ਫਿਰ ਸਾਰੀਆਂ ਨੇ ਮੇਰੇ ‘ਤੇ ਜ਼ੋਰ ਪਾ ਕੇ ਇਸ ਦਾ ਜਵਾਬ ਪੁੱਛਿਆ।
ਜਦ ਮੈਂ ”ਰੇਲਗੱਡੀ” ਕਿਹਾ ਤਾਂ ਸਾਰੀਆਂ ਸਹੇਲੀਆਂ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗ ਪਈਆਂ। ਮੈਂ ਉਨ•ਾਂ ਨੂੰ ਲੋਹੇ ਦੀਆਂ ਲੀਹਾਂ ‘ਤੇ ਭੱਜੀ ਜਾਂਦੀ ਤੇ ਧੂਆਂ ਛੱਡਦੀ ਰੇਲਗੱਡੀ ਬਾਰੇ ਦੱਸਿਆ। ਉਹ ਮੇਰੀ ਇਸ ਜਾਣਕਾਰੀ ਤੇ ਬੜੀਆਂ ਹੀ ਹੈਰਾਨ ਹੋਈਆਂ ਮੈਨੂੰ ਰੱਜੋ ਕਹਿਣ ਲੱਗੀ, ”ਭੈਣੇ ਅਸੀਂ ਤਾ ਪੜ•ੀਆਂ ਨਹੀਂ। ਆਪਣੇ ਪਿੰਡ ਤੋਂ ਬਿਨਾਂ ਅਸੀਂ ਤਾਂ ਆਪਣੇ ਪਿੰਡ ਦੇ ਖੂਹ ਦੀਆਂ ਭੱਡਾਂ ਹਾ।”
ਮੈਂ ਉਸ ਵੇਲੇ ਆਪਣੇ ਆਪ ਨੂੰ ਇਕ ਖਾਸ ਹੀ ਕੁੜੀ ਸਮਝ ਰਹੀ ਸਾਂ।
ਮੇਰੀ ਨਾਨੀ, ਮਾਸੀ ਜਾਂ ਹੋਰ ਕਿਸੇ ਸਿਆਣੀ ਜਨਾਨੀ ਨੇ ਸਾਨੂੰ ਕਈ ਵਾਰੀ ਕਹਿਣਾ, ”ਦਿਨ ਨੂੰ ਬਾਤਾਂ ਨਾ ਪਾਵੋ ਕੁੜੀਓ। ਦਿਨ ਨੂੰ ਬਾਤਾਂ ਪਾਉਣ ਤੇ ਰਾਹੀ ਤੇ ਮਾਮੇ ਰਾਹ ਮਾਮੇ ਰਾਹ ਭੁੱਲ ਜਾਂਦੇ ਹਨ।”
ਪਰ ਸਾਡਾ ਜਵਾਬ ਹੁੰਦਾ, ”ਭਲਾ ਬਾਤਾਂ ਅਸੀਂ ਇਥੇ ਪਾਉਂਦੀਆਂ ਹਾਂ ਤੇ ਕਿਤੇ ਹੋਰ ਥਾਂ ਜਾ ਰਹੇ ਰਾਹੀ ਤੇ ਮਾਮੇ ਰਾਹ ਕਿਵੇਂ ਭੁੱਲ ਜਾਣਗੇ। ਤੁਸੀ ਤਾਂ ਐਵੇਂ  ਹੀ ਸਾਨੂੰ ਬਾਤਾਂ ਪਾਉਣ ਤੋਂ ਹਟਾਉਂਦੀਆਂ ਹੋ।” ਫਿਰ ਅਸੀਂ ਸਾਰੀਆਂ ਨੇ ਉੱਚੀ ਹੱਸਣ ਲੱਗ ਜਾਣਾ।
ਇਕ ਦਿਨ ਜਾਂਦਿਆਂ ਜਾਂਦਿਆਂ ਇਕ ਗੁਆਂਢਣ ਨਾਨੀ ਨੇ ਕਿਹਾ, ”ਸਤੌਲਾਂ ਜਦ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਕਿਸੇ ਦੀ ਗੱਲ ਕਿਹੜਾ ਮੰਨਦੀਆਂ ਹਨ। ਸਗੋਂ ਅੱਗੇ ਦੰਦ ਕੱਢਣ ਲੱਗ ਜਾਂਦੀਆਂ ਹਨ।” ਅਸੀਂ ਬਹੁਤ ਉੱਚੀ ਉੱਚੀ ਹੱਸਣ ਲੱਗ ਪਈਆਂ। ਉਹ ਚੁੱਪ ਕਰ ਕੇ ਅੱਗੇ ਚਲੀ ਗਈ।
ਇਕ ਦਿਨ ਖੇਡਦਿਆਂ ਖੇਡਦਿਆਂ ਮੈਨੂੰ ਬੜੀ ਭੁੱਖ ਲੱਗੀ। ਮੈਂ ਭੱਜੀ ਭੱਜੀ ਆਪਣੇ ਘਰ ਆ ਗਈ ਅਤੇ ਆਪਣੀ ਨਾਨੀ ਨੂੰ ਛੇਤੀ ਰੋਟੀ ਦੇਣ ਲਈ ਕਿਹਾ। ਮੇਰੀ ਨਾਨੀ ਜਾਣਦੀ ਸੀ ਕਿ ਇਸ ਵੇਲੇ ਇਹ ਸ਼ੱਕਰ ਘਿਉ ਨਾਲ ਜਾਂ ਰੋਟੀ ਤੇ ਮੱਖਣ ‘ਤੇ ਚਿੱਬੜਾਂ ਦੀ ਚਟਨੀ ਰਲਾ ਕੇ ਜਾਂ ਚੂਰੀ ਕੁੱਟ ਕੇ ਰੋਟੀ ਖਾਂਦੀ ਹੁੰਦੀ ਹੈ। ਮੇਰੀ ਨਾਨੀ ਨੇ ਸ਼ੱਕਰ ਵਿਚ ਘਿਉ ਰਲ•ਾ ਕੇ ਰੋਟੀ ਵਾਲੀ ਥਾਲ•ੀ ਮੇਰੇ ਅੱਗੇ ਕਰ ਦਿੱਤੀ।
ਮੈਂ ਰੋਟੀ ਵਾਲੀ ਥਾਲ•ੀ ਲੈ ਕੇ ਬਾਹਰ ਵਿਹੜੇ ਵਿਚ ਡਹੇ ਹੋਏ ਮੰਜੇ ‘ਤੇ ਬੈਠ ਗਈ ਤੇ ਬੜੇ ਮਜ਼ੇ ਨਾਲ ਰੋਟੀ ਖਾਣ ਲੱਗ ਪਈ। ਉਸੇ ਵੇਲੇ ਮੇਰੀ ਨਾਨੀ ਕਹਿਣ ਲੱਗੀ, ”ਬਾਹਰ ਆਸਮਾਨ ‘ਤੇ ਇੱਲਾਂ ਉੱਡ ਰਹੀਆਂ ਹਨ। ਤੂੰ ਅੰਦਰ ਬੈਠ ਕੇ ਰੋਟੀ ਖਾ ਲੈ। ਇੱਲ ਰੋਟੀ ਤੇ ਬੜੀ ਛੇਤੀ ਝਪਟ ਮਾਰਦੀ ਹੈ ਤੇ ਖਾਣ ਵਾਲੇ ਨੂੰ ਆਪਣੀ ਚੁੰਝ ਨਾਲ ਬੁਰੀ ਤਰ•ਾਂ ਜ਼ਖ਼ਮੀ ਕਰ ਜਾਂਦੀ ਹੈ।” ਪਰ ਮੇਰੀ ਨਿਆਣੀ ਮੱਤ, ਮੈਂ ਆਪਣੀ ਨਾਨੀ ਦੀ ਗੱਲ ਅਣਗੌਲੀ ਕਰ ਦਿੱਤੀ। ਮੈਂ ਉਸੇ ਥਾਂ ਬੈਠੀ ਰੋਟੀ ਖਾਂਦੀ ਰਹੀ।
ਨਾਨੀ ਨੇ ਫਿਰ ਅੰਦਰ ਜਾਣ ਲਈ ਕਿਹਾ। ਪਰ ਮੈਂ ਉੱਚੀ ਤੇ ਕੁਝ ਗੁੱਸੇ ਵਾਲੀ ਆਵਾਜ਼ ਵਿਚ ਕਿਹਾ, ”ਇੱਲਾਂ ਤਾਂ ਆਸਮਾਨ ਵਿਚ ਬਹੁਤ ਉੱਚੀਆਂ ਘੇਰਾ ਜਿਹਾ ਬਣਾ ਕੇ ਉੱਡ ਰਹੀਆਂ ਹਨ। ਨਾਨੀ ਤੂੰ ਤਾਂ ਐਵੇਂ ਹੀ ਇਨ•ਾਂ ਇੱਲਾਂ ਤੋਂ ਡਰ ਜਾਂਦੀ ਹੈ।”
ਸ਼ੱਕਰ ਘਿਉ ਨਾਲ ਰੋਟੀ ਖਾਂਦਿਆਂ ਆਪਣੀਆਂ ਸਹੇਲੀਆਂ ਤੇ ਖੇਡਣ ਨੂੰ ਮੈਂ ਆਪਣੀ ਯਾਦ ਵਿਚੋਂ ਹੀ ਕੱਢ ਦਿੱਤਾ ਸੀ ਕਿ ਮੇਰੇ ਸਿਰ ‘ਤੇ ਫਰਰ ਫਰਰ ਕਰਦਾ ਕੁਝ ਇੰਨੇ ਜ਼ੋਰ ਨਾਲ ਡਿੱਗਾ ਕਿ ਮੰਜੇ ਤੋਂ ਹੇਠਾਂ ਡਿੱਗ ਪਈ ਤੇ ਮੇਰੀਆਂ ਚੀਕਾਂ ਨਿਕਲ ਗਈਆਂ ਮੇਰੀਆਂ ਅੱਖਾਂ ਅੱਗੇ ਤਾਰੇ ਜਿਹੇ ਘੁੰਮ ਰਹੇ ਸਨ। ਮੇਰੇ ਸਿਰ ਦੇ ਵਿਚਕਾਰੋਂ ਖੂਨ ਦੇ ਤੁਪਕੇ ਧਰਤੀ ‘ਤੇ ਡਿੱਗ ਰਹੇ ਸਨ। ਇੱਲ ਪਤਾ ਨਹੀਂ ਕਦੋਂ ਤੇ ਕਿਵੇਂ ਆਪਣੀ ਤਿੱਖੀ ਚੁੰਝ ਨਾਲ ਮੇਰੀ ਰੋਟੀ ਖੋਹ ਕੇ ਕਿੱਥੇ ਉੱਡ ਗਈ ਸੀ।
ਮੇਰੀ ਨਾਨੀ ਤੇ ਮਾਸੀ ਚੀਕਾਂ ਮਾਰਦੀਆਂ ਭੱਜੀਆਂ ਆਈਆਂ। ਮੈਨੂੰ ਪਾਣੀ ਪਿਲਾਇਆ। ਮੈਂ ਉੱਚੀ ਉੱਚੀ ਰੋ ਰਹੀ ਸਾਂ। ਮੇਰੀ ਨਾਨੀ ਤੇ ਮਾਸੀ ਮੇਰਾ ਹੱਥ ਫੜ ਕੇ ਨਾਲ ਦੀ ਗਲੀ ਵਿਚ ਇਕ ਹਕੀਮ ਪਾਸ ਲੈ ਗਈਆਂ। ਮੈਨੂੰ ਰੋਂਦੀ ਤੇ ਸਿਰ ਵਿਚੋਂ ਖੂਨ ਵਗਦਾ ਦੇਖ ਕੇ ਮੇਰੀ ਨਾਨੀ ਤੇ ਮਾਸੀ ਨਾਲ ਸੱਤ ਅੱਠ ਗੁਆਂਢਣਾਂ ਤੇ ਮੇਰੀਆਂ ਸਹੇਲੀਆਂ ਜੋ ਗਲੀ ਵਿਚ ਖੇਡਦੀਆਂ ਸਨ ਸਾਡੇ ਨਾਲ ਹੀ ਹਕੀਮ ਦੀ ਦੁਕਾਨ ਤੇ ਆ ਗਈਆਂ ਸਨ। ਮੇਰੀਆਂ ਕਈ ਸਹੇਲੀਆਂ ਤਾਰੋ, ਬਚਨੋ ਤੇ ਰੱਜੋ ਤਾਂ ਮੈਨੂੰ ਰੋਂਦੀ ਨੂੰ ਦੇਖਕੇ ਰੋਣ ਹੀ ਲੱਗ ਪਈਆਂ। ਹਕੀਮ ਨੇ ਮੈਨੂੰ ਬੜਾ ਦਿਲਾਸਾ ਦਿੱਤਾ ਤੇ ਕਹਿਣ ਲੱਗਾ, ” ਸਾਡੀ ਦੋਹਤਰੀ ਦੇ ਇੱਲ ਠੂੰਗਾ ਮਾਰ ਗਈ। ਰੋਣਾ ਨਹੀ ਕੁੜੇ। ਤੂੰ ਹੁਣੇ ਹੀ ਠੀਕ ਹੋ ਜਾਵੇਂਗੀ।” ਮੈਂ ਫਿਰ ਹੋਰ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਹਕੀਮ ਨੇ ਮੇਰੇ ਸਿਰ ਵਿਚੋਂ ਨਿੱਕਲ ਰਿਹਾ ਖੂਨ ਸਾਫ ਕਰ ਕੇ ਰੂੰ ਦੇ ਫੰਬੇ ਨੂੰ ਦੁਆਈ ਦੀ ਪੁੜੀ ਪਾਣੀ ਨਾਲ ਦੇ ਦਿੱਤੀ ਤੇ ਚਾਰ ਪੁੜੀਆਂ ਬਣ
ਾ ਕੇ ਸੁਭਾ-ਸ਼ਾਮ ਰੋਟੀ ਖਾਣ ਤੋਂ ਪਿੱਛੋਂ ਪਾਣੀ ਨਾਲ ਦੇਣ ਲਈ ਮੇਰੀ ਨਾਨੀ ਨੂੰ ਕਹਿ ਦਿੱਤਾ। ਜਦ ਮੇਰੀ ਨਾਨੀ ਆਪਣੀ ਜੇਬ ਵਿਚੋਂ ਪੈਸੇ ਕੱਢ ਕੇ ਹਕੀਮ ਨੂੰ ਦੇਣ ਲਈ ਅੱਗੇ ਹੋਈ ਤਾਂ ਉਹ ਆਪਣੀ ਥਾਂ ਤੋਂ ਪਿੱਛੇ ਹੋ ਕੇ ਕਹਿਣ ਲੱਗਾ, ” ਦੋਹਤਰੀ ਦੀ ਦੁਆਈ ਦੇ ਮੈਂ ਪੈਸੇ ਲਵਾਂਗਾ। ਕਦੀ ਵੀ ਨਹੀਂ। ਉਹ ਪੈਸੇ ਆਪਣੀ ਜੇਬ ਵਿਚ ਹੀ ਪਾ ਲਓ।”
ਦਵਾਈ ਲੈ ਕੇ ਮੈਨੂੰ ਚੈਨ ਜਿਹੀ ਆ ਗਈ। ਪਰ ਜਦ ਵੀ ਕੋਈ ਇਸ ਦਾ ਨਾਮ ਲੈਂਦਾ, ਮੈਂ ਉੱਚੀ ਉੱਚੀ ਰੌਣਾ ਸ਼ੁਰੂ ਕਰ ਦਿੰਦੀ। ਮੇਰੇ ਨਾਨਕੇ ਘਰ ਦੇ ਸਾਰੇ ਲੋਕ, ਔਰਤਾਂ ਤੇ ਮੇਰੀਆਂ ਸਹੇਲੀਆਂ ਮੇਰਾ ਹਾਲ ਚਾਲ ਕਿੰਨੇ ਹੀ ਦਿਨ ਪੁੱਛਦੇ ਰਹੇ। ਮੇਰੀਆਂ ਸਹੇਲੀਆਂ ਇੱਲਵਾਂ ਨੂੰ ਕਿੰਨੇ ਦਿਨ ਗਾਲ•ਾਂ ਕੱਢਦੀਆਂ ਰਹੀਆਂ। ਉਨ•ਾਂ ਦੀਆਂ ਉਹ ਗੱਲ•ਾਂ ਯਾਦ ਕਰਕੇ ਅੱਜ ਵੀ ਮੈਨੂੰ ਕਈ ਵਾਰ ਇਕੱਲੀ ਨੂੰ ਹਾਸਾ ਆ ਜਾਦਾ ਹੈ।
ਅੱਜ ਮੈਂ ਸੋਚਦੀ ਹਾਂ, ਬੜਾ ਹੀ ਸੋਚਦੀ ਹਾਂ, ਕਿ ਉਨ•ਾਂ ਦਿਨਾਂ ਤੇ ਅੱਜ ਦੇ ਦਿਨਾਂ ਦਾ ਕਿੰਨਾ ਅੰਤਰ ਹੈ। ਉਨ•ਾਂ ਵੇਲਿਆਂ ਦੀ ਇੱਲ ਦੀ ਇਕ ਝਪਟ ਨੇ ਮੇਰੇ ਨਾਨਕਿਆਂ ਦੀ ਸਾਰੀ ਗਲ•ੀ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪਰ ਅੱਜ ਦੇ ਸਮਾਜ ਵਿਚ ਸਾਡੀਆਂ ਧੀਆਂ ਭੈਣਾਂ ਨਾਲ ਕੀ ਕੁਝ ਨਹੀਂ ਹੋ ਰਿਹਾ। ਹਰ ਰੋਜ਼ ਜਦ ਅਖਬਾਰਾਂ ਵਿਚ ਲੜਕੀਆਂ ਨਾਲ ਬਲਤਕਾਰ ਦੀਆਂ ਖ਼ਬਰਾਂ ਆਉਂਦੀਆਂ ਹਨ ਤੇ ਛੋਟੀਆਂ ਛੋਟੀਆਂ ਭੋਲ•ੀਆਂ ਭਾਲ•ੀਆਂ ਕੋਮਲ ਜਿਹੀਆਂ ਬੱਚੀਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਜਾਂਦਾ ਹੈ। ਅੱਜ ਗਲ•ੀਆਂ ਵਿਚ ਖੇਡਦੇ ਬੱਚੇ ਅਲੋਪ ਹੋ ਰਹੇ ਹਨ। ਉਨ•ਾਂ ਦੇ ਸੱਚੇ ਸੁੱਚੇ ਹਾਸੇ ਸਾਨੂੰ ਸੁਨਣ ਨੂੰ ਨਹੀਂ ਮਿਲ ਰਹੇ। ਬੱਚਿਆਂ ਤੋਂ ਬਿਨਾਂ ਗਲ•ੀਆਂ ਸੁੰਨੀਆਂ ਰਹਿੰਦੀਆਂ ਹਨ। ਸੁਨੇਪਨ ਦਾ ਡਰਾਉਣਾ ਦ੍ਰਿਸ਼ ਕਿੰਨਾ ਦੁਖਦਾਈ ਲੱਗਦਾ ਹੈ। ਖੇਲ ਰਹੇ ਬੱਚਿਆਂ ਨੂੰ ਅਗਵਾ ਕਰਕੇ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ। ਫਿਰੌਤੀ ਨਾ ਦੇਣ ਦੀ ਹਾਲਤ ਵਿਚ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਹਨ। ਕਿੰਨਾ ਦਹਿਲ ਵਾਲਾ ਸੀਨ ਹੁੰਦਾ ਹੈ। ਅਖਬਾਰਾਂ ਵਿਚ ਇਹ ਸਭ ਕੁਝ ਪੜ•ਕੇ ਮੈਨੂੰ ਨਾਨਕਿਆਂ ਵਾਲੀ ਇੱਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਮੈਂ ਅੱਜ ਇੱਲਾਂ ਦੇ ਨਾਮ ਤੋਂ ਡਰਦੀ ਹਾਂ। ਅੱਜ ਭਾਵੇਂ ‘ਇੱਲਾਂ’ ਅਸਮਾਨ ਵਿਚ ਨਹੀਂ ਉਡਦੀਆਂ, ਪਤਾ ਨੀ ਇਹ ਕਿੱਥੇ ਗਾਇਬ ਹੋ ਗਈਆਂ ਹਨ?
ਪਰ ਇਹ ਗਾਇਬ ਨਹੀਂ ਹੋਈਆਂ। ਇਹ ਤਾਂ ਸਗੋਂ ਅਸਮਾਨ ਵਿਚੋਂ ਉੱਡਣਾ ਬੰਦ ਕਰਕੇ ਧਰਤੀ ‘ਤੇ ਆ ਗਈਆਂ ਹਨ। ਉਨ•ਾਂ ਨੇ ਤਾਂ ਅੱਜ ਘਰਾਂ ਵਿਚ, ਗਲੀਆਂ ਦੇ ਮੌੜਾਂ ਤੇ, ਚੁਰੱਸਤਿਆਂ ਵਿਚ ਆ ਕੇ ਬੜੀ ਆਜ਼ਾਦੀ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਉਹ ਰੋਟੀ ‘ਤੇ ਹੀ ਝਪਟ ਨਹੀਂ ਮਾਰਦੀਆਂ, ਸਗੋ ਉੁਹ ਆਪਣੇ ਸ਼ਿਕਾਰ ਦਾ ਮਾਸ ਨੋਚ ਕੇ ਖਾਦੀਆਂ ਤੇ ਲਹੂ ਪੀਂਦੀਆਂ ਹਨ। ਮਾਂ ਬਾਪ ਰੋਂਦੇ ਪਿੱਟਦੇ ਕਨੂੰਨ ਅੱਗੇ ਵਾਸਤੇ ਪਾਉਂਦੇ ਹਨ। ਪਰ ਲੋਕਾਂ ਦੀ ਰਾਖੀ ਕਰਨ ਵਾਲੇ ਉਨ•ਾਂ ਵਿਲਕਦਿਆਂ ਮਾਪਿਆਂ ਨੂੰ ਚੁੱਪ ਕਰਾ ਕੇ ਇਨ•ਾਂ ਇੱਲਾਂ ਦਾ ਹੌਂਸਲਾ ਬੁਲੰਦ ਕਰਦੇ ਹਨ। ਮਾਂ ਬਾਪ ਦੁਖੀ ਹੋ ਕੇ ਸੋਚਦੇ ਹਨ ਕਿ ਜੋ ਹੋ ਗਿਆ ਸੋ ਹੋ ਗਿਆ। ਇਕੱਲੇ ਇਕੱਲੇ ਰੌਲ•ਾਂ ਪਾਵਾਂਗੇ ਤਾਂ ਇੱਲਾਂ ਦੇ ਝੁੰਡ ਸਾਡੇ ‘ਤੇ ਹੋਰ ਝਪਟਣਗੇ। ਇਨ•ਾਂ ਇੱਲਾਂ ਨੇ ਤਾਂ ਜੰਗਲ ਦਾ ਰਾਜ ਬਣਾਇਆ ਹੋਇਆ ਹੈ। ਮੈਂ ਸੋਚਦੀ ਹਾਂ, ਲੋਕਾਂ ਦੇ ਇਕੱਠ ਦਾ ਸ਼ੇਰ ਬਣਾਇਆ ਹੋਇਆ ਹੈ ਮੈ ਸੋਚਦੀ ਹਾਂ, ਲੋਕਾਂ ਦੇ ਇਕੱਠ ਦਾ ਸ਼ੇਰ ਜੰਗਲ ਵਿਚ ਛੱਡ ਕੇ ਇੱਲਾਂ ਦੀਆਂ ਚੁੰਝਾਂ ਕੁਤਰੀਆਂ ਜਾ ਸਕਦੀਆਂ ਹਨ।
-0-

” height=”20″ width=”20″>

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *