——————————————————————————————–
ਮੇਰਾ ਵੀਰ ਸੰਧਾਰਾ ਲਿਆਇਆ…
– ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ , Mob. 98781-11445
——————————————————————————————–
ਆਉ ਮਾਂ ਬੋਲੀ ਪ੍ਰਤੀ ਫ਼ਰਜ਼ ਨਿਭਾਈਏ …
– ਰਾਜਵਿੰਦਰ ਰੌਂਤਾ, ਮੋਗਾ 98764-86187
——————————————————————————————–
(ਸਾਡਾ ਅਤੀਤ)
ਦਰੀਆਂ ਆਰਟ ਗੈਲਰੀਆਂ, ਅਜਾਇਬ ਘਰਾਂ ਅਤੇ ਮੇਲਿਆਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈਆਂ ਹਨ…
– ਰਾਜਿੰਦਰ ਰਾਣੀ (ਪਿੰਡ ਗੰਢੂਆਂ ) ਜ਼ਿਲ੍ਹਾ ਸੰਗਰੂਰ
ਕੱਤੇ ਹੋਏ ਸੂਤ ਨੂੰ ਵੱਖ-ਵੱਖ ਰੰਗਾਂ ਨਾਲ ਰੰਗਿਆ ਜਾਂਦਾ ਸੀ। ਦਰੀਆਂ ਬਣਾਉਣ ਲਈ ਲੱਕੜ ਦੇ ਮੰਜੇ ਦੇ ਵਰਗਾ ਇਕ ਵੱਡਾ ਚੌਰਸ ਢਾਂਚਾ ਬਣਾਇਆ ਜਾਂਦਾ ਸੀ ਜਿਸ ਨੂੰ ਅੱਡਾ ਆਖਦੇ ਸਨ। ਦਰੀ ਦਾ ਅੱਡੇ ਦੇ ਚਾਰ ਪਾਵਿਆਂ ਨੂੰ ਧਰਤੀ ਵਿੱਚ ਗੱਡ ਕੇ ਅੱਗੇ ਅਤੇ ਪਿਛਲੇ ਪਾਸੇ ਬਾਂਸ ਜਾਂ ਬਾਲੇ ਰੱਸੀ ਨਾਲ ਬੰਨ੍ਹ ਲਏ ਜਾਂਦੇ ਸਨ। ਉਨ੍ਹਾਂ ਉੱਤੇ ਪੁਰਾਣਾ ਕੱਪੜਾ ਵਲ੍ਹੇਟਿਆ ਜਾਂਦਾ ਸੀ, ਤਾਂ ਕਿ ਧਾਗੇ ਨੂੰ ਲੱਕੜੀ ਦੀ ਘਾਸ ਵੱਜ ਕੇ ਟੁੱਟ ਨਾ ਸਕੇ। ਅੱਡੇ ਉੱਪਰ ਚਿੱਟੀ ਰੀਲ ਦੇ ਧਾਗੇ ਨਾਲ ਤਾਣਾ ਪਾਇਆ ਜਾਂਦਾ ਸੀ। ਤਾਣੇ ਦੀਆਂ ਘੁੰਡੀਆਂ ਇੱਕ ਲੋਹੇ ਦੀ ਸੀਖ ਉੱਪਰੋਂ ਦੀ ਪਾਈਆਂ ਜਾਂਦੀਆਂ ਸਨ।ਜਿਸ ਨੂੰ ਤਾਣਾ ਬੰਨ੍ਹਣਾ ਵੀ ਆਖਿਆ ਜਾਂਦਾ ਸਨ। ਲੋਹੇ ਦੀ ਸੀਖ ਅੱਡੇ ਦੇ ਆਸੇ ਪਾਸੇ ਇੱਟਾਂ ਰੱਖ ਕੇ ਉਹਦੇ ਉਪਰ ਰੱਖੀ ਜਾਂਦੀ ਸੀ। ਜਿਸ ਨੂੰ ਉੱਪਰ ਹੇਠ ਕਰਨ ਨਾਲ ਤਾਣਾ ਚਲਦਾ ਅਤੇ ਉਸ ਵਿੱਚੋਂ ਦੀ ਸੂਤ ਦੀਆਂ ਗੁੱਛੀਆਂ ਲੰਘਾਈਆਂ ਜਾਂਦੀਆਂ ਸਨ। ਜਿਸ ਨੂੰ ਸਨ ਆਖਦੇ ਸੀ।
——————————————————————————————–
(ਸਾਡਾ ਅਤੀਤ)
ਚੁਬੱਚੇ ‘ਚ ਨਹਾਉਣ ਦਾ ਨਜ਼ਾਰਾ ਕੁੱਝ ਹੋਰ ਸੀ…
– ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ। Mob. 95691-49556
——————————————————————————————–
(ਸਾਡਾ ਅਤੀਤ)
ਮਧਾਣੀਆਂ ਦੇ ਘੁੰਮਣ ਦੀ ਘੂੰਅ ਘੂੰਅ ਦੀ ਆਵਾਜ਼ ਨਾਲ ਘਰ ਤੇ ਚੌਗਿਰਦਾ ਝੂਮ ਉੱਠਦਾ ਸੀ…
– ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ ।
Mob. 81468-59585
——————————————————————————————–
(ਸਾਡਾ ਅਤੀਤ)
ਘਰਾਂ ਵਿੱਚੋਂ ਅਲੋਪ ਹੋ ਗਈ ਹੈ ਮਿੱਟੀ ਦੇ ਚੁੱਲ੍ਹਿਆਂ ਦੀ ਮਹਿਕ…
ਗਗਨਦੀਪ ਧਾਲੀਵਾਲ, ਝਲੂਰ (ਬਰਨਾਲਾ)
ਜਨਰਲ ਸਕੱਤਰ: ਮਹਿਲਾ ਕਾਵਿ ਮੰਚ ਪੰਜਾਬ ।
Mob. 99889-33161
ਰੰਨਾਂ ਵਾਲਿਆਂ ਦੇ ਪੱਕਦੇ ਪਰਾਉਂਠੇ
ਛੜਿਆਂ ਦੀ ਅੱਗ ਨਾ ਬਲੇ
ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ, ਰੋਟੀ ਲਾਹੁਣੀ ਭੁੱਲੇ
——————————————————————————————–
(ਸਾਡਾ ਅਤੀਤ)
ਛਿੱਕਲੀ ਵੀ ਸਾਡੇ ਪੁਰਾਤਨ ਪੰਜਾਬ ਦੀ ਇੱਕ ਯਾਦਗਾਰੀ ਤੇ ਅਹਿਮ ਚੀਜ ਹੋਇਆ ਕਰਦੀ ਸੀ…
– ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ। Mob. 95691-49556
——————————————————————————————–
(ਸਾਡਾ ਅਤੀਤ)
ਨਹੀਂ ਰੀਸਾਂ ਘਰ ਦੇ ਬਣੇ ਗੁੜ ਦੀਆਂ…
– ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ। Mob. 95691-49556
ਬੇਸ਼ੱਕ ਖੰਡ ਮਿੱਲਾਂ ਨੂੰ ਗੰਨਾਂ ਭੇਜਣ ਦਾ ਰਿਵਾਜ ਵੀ ਰਿਹਾ ਹੈ ਪਰ ਪਹਿਲਾਂ ਘਰ ਲੲੀ ਗੁੜ ਬਣਾਉਣ ਨੂੰ ਪਹਿਲ ਦਿੱਤੀ ਜਾਂਦੀ ਸੀ। ਭਾਵੇਂ ਘਲਾੜੀਆਂ ਤਾਂ ਘਰ ਘਰ ਦੀਆਂ ਨਹੀਂ ਸਨ ਪਰ ਇੱਕ ਦੂਸਰੇ ਨਾਲ ਭਰਾਵੀਂ ਪਿਆਰ ਤੇ ਅਪਣੱਤ ਭਰੇ ਸਮੇਂ ਜ਼ਰੂਰ ਸਨ, ਇੱਕ ਦੂਸਰੇ ਦੇ ਖੇਤਾਂ ਵਿੱਚ ਲੱਗੀ ਘੁਲਾੜੀ/ ਘੁਲਾੜੇ ਤੋਂ ਲੋੜ ਮੁਤਾਬਕ ਗੁੜ ਬਣਾ ਲੈਣਾ। ਜਿਵੇਂ ਕਿ ਅੱਜ-ਕੱਲ੍ਹ ਵਿਖਾਵੇ ਦੇ ਤੌਰ ਤੇ ਜਾਂ ਕਹਿ ਲਈਏ ਕਿ ਕਾਰੋਬਾਰ/ ਕਮਾਈ ਲਈ ਥਾਂ ਥਾਂ ਘੁਲਾੜੀਆਂ ਲੱਗੀਆਂ ਹਨ ਅਤੇ ਆਪਣੀ ਲੋੜ ਅਨੁਸਾਰ ਲੋਕ ਓਨਾਂ ਤੋਂ ਗੁੜ ਬਣਵਾਉਂਦੇ ਹਨ, ਤੇ ਗੁੜ ਵਿੱਚ ਸੌਂਫ, ਮੂੰਗਫਲੀ ਦੀਆਂ ਗਿਰੀਆਂ, ਅਖਰੋਟ ਦੀਆਂ ਗਿਰੀਆਂ ਬੜੇ ਸ਼ੌਕ ਨਾਲ ਗੁੜ ਵਿੱਚ ਪਵਾਉੱਦੇ ਨੇ ਤੇ ਖਾਂਦੇ ਸਿਰਫ਼ ਗੁੜ ਖਾਣੇ ਤੋਂ ਬਾਅਦ ਹਨ, (ਇਹ ਘੁਲਾੜੀਆਂ ਚੂਨੀ-ਪਟਿਆਲਾ ਰੋਡ, ਜਲੰਧਰ-ਹੁਸ਼ਇਆਰਪੁਰ ਰੋਡ, ਤੇ ਆਮ ਹਨ ਵੈਸੇ ਹਰ ਇੱਕ ਰੋਡ ਤੇ ਹੀ ਹੁਣ ਆਪੋ-ਆਪਣੇ ਕਾਰੋਬਾਰ ਦੇ ਹਿਸਾਬ ਨਾਲ ਲੋਕ ਲਗਾ ਰਹੇ ਹਨ) ਬਿਲਕੁਲ ਇਸੇ ਤਰ ਹੀ ਪਹਿਲੇ ਸਮਿਆਂ ਵਿੱਚ ਵੀ ਗੁੜ ਦੀਆਂ ਭੇਲੀਆਂ ਵਿਚ ਸੌਂਫ, ਖੋਪਾ, ਮੂੰਗਫਲੀ ਦੀਆਂ ਗਿਰੀਆਂ ਪਾਈਆਂ ਜਾਂਦੀਆਂ ਰਹੀਆਂ ਹਨ।
ਵੈਸੇ ਤਾਂ ਚਾਹ ਪੀਂਦੇ ਹੀ ਲੋਕ ਬਹੁਤ ਘੱਟ ਸਨ ਜੇਕਰ ਪੀਂਦੇ ਵੀ ਸਨ ਤਾਂ ਗੁੜ ਦੀ ਬਣੀ ਚਾਹ ਨੂੰ ਪਸੰਦ ਕੀਤਾ ਜਾਂਦਾ ਰਿਹਾ ਹੈ। ਓਸੇ ਤਰਜ ਤੇ ਅੱਜ-ਕੱਲ੍ਹ ਆਮ ਢਾਬਿਆਂ ਤੇ ਇਹ ਲਿਖਿਆ ਮਿਲਦਾ ਹੈ ਕਿ ਇਥੇ ਗੁੜ ਦੀ ਚਾਹ ਵੀ ਬਣਦੀ/ ਮਿਲਦੀ ਹੈ।
ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਸਾਰੇ ਪਿੰਡ ਦੇ ਹੀ ਗਰੀਬ ਪਰਿਵਾਰਾਂ ਲਈ ਕਮਾਦ ਵਰਦਾਨ ਸਨ ਕਿਉਂਕਿ ਕਮਾਦ ਛਿੱਲਣ ਲਈ ਲੋਕ ਵਹੀਰਾਂ ਘੱਤ ਕੇ ਜਾਇਆ ਕਰਦੇ ਸਨ, ਕਮਾਦ ਦੇ ਆਗ ਜਾਂ ਪੱਛੀ ਨੂੰ ਕੁਤਰੇ ਵਾਲੀਆਂ ਮਸ਼ੀਨਾਂ ਨਾਲ ਕੁਤਰ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ ਤੇ ਪਸ਼ੂ ਮਿਠਾਸ ਕਰਕੇ ਬਹੁਤ ਖੁਸ਼ ਹੋ ਕੇ ਖਾਇਆ ਕਰਦੇ ਸਨ।ਗਰੀਬ ਪਰਿਵਾਰ ਉਡੀਕਦੇ ਰਹਿੰਦੇ ਸਨ ਕਿ ਕਿਸ ਦਿਨ ਕੀਹਨੇ ਕਮਾਦ ਛਿਲਣਾ ਹੈ। ਜੇਕਰ ਕਿਸੇ ਵੱਡੇ ਧਨਾਢ ਕਿਸਾਨ ਦੇ ਜਿਆਦਾ ਕਮਾਦ ਬੀਜਿਆ ਹੋਣਾਂ ਤਾਂ ਉਸ ਕਮਾਦ ਛਿੱਲਣ ਲਈ ਜ਼ਿਆਦਾ ਲੇਬਰ ਦੀ ਲੋੜ ਹੋਣੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕੀਤੀ ਜਾਂਦੀ ਰਹੀ ਹੈ।ਆਗ ਤੇ ਖੋਰੀ ਦੀਆਂ ਟਰਾਲੀਆਂ ਗੱਡੇ ਭਰ ਭਰ ਘਰੀਂ ਲਿਆਉਂਦੇ ਲੋਕ ਦਾਸ ਨੇ ਅੱਖੀਂ ਵੇਖੇ ਹਨ। ਇਸੇ ਬਣੇ ਗੁੜ ਦੀ ਓਹਨਾਂ ਸਮਿਆਂ ਵਿੱਚ ਆਮ ਲੋਕ ਸ਼ਰਾਬ ਵੀ ਕੱਢਿਆ ਕਰਦੇ ਸਨ।
ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ ਅਜੋਕੇ ਸਮੇਂ ਵਿੱਚ ਗੁੜ ਦੀ ਚਾਹ ਕੋਈ ਵਿਰਲਾ ਹੀ ਪੀ ਕੇ ਰਾਜੀ ਹੈ। ਵੈਸੇ ਕਹਾਵਤ ਹੈ ਕਿ:-
“ਘਰ ਦੇ ਗੁੜ ਜਿਹੀ ਚੀਜ਼ ਨਾ ਆਖੇ ਸਾਰਾ ਜੱਗ।
ਅੱਜ-ਕੱਲ੍ਹ ਸੱਭ ਇਹ ਭੁੱਲ ਗਏ, ਖਾਣ ਬਜਾਰੂ ਖੇਹ ਸੁਆਹ ਅੱਗ।“
ਗੁਜਰ ਚੁੱਕਿਆ ਸਮਾਂ ਕਦੇ ਵੀ ਵਾਪਸ ਨਹੀਂ ਆ ਸਕਦਾ,ਇਹ ਸਿਰਫ ਮਨ ਦੇ ਵਲਵਲੇ ਹਨ ਜੋ ਦੋਸਤਾਂ ਮਿੱਤਰਾਂ ਨਾਲ ਉਮਰ ਦੇ ਤਜਰਬੇ ਵਿਚੋਂ ਕਦੇ ਕਦੇ ਸਾਂਝੇ ਕਰ ਲਈਦੇ ਹਨ। ਫਿਰ ਹਮ ਉਮਰ ਦੋਸਤ ਮਿੱਤਰ ਜਦੋਂ ਪੜਦੇ ਹਨ ਤੇ ਆਪੋ-ਆਪਣੇ ਵਿਚਾਰ ਸਾਂਝੇ ਕਰਦੇ ਹਨ ਤਾ ਵਾਕਿਆ ਹੀ ਬਚਪਨ ਵਿਚ ਪਹੁੰਚ ਜਾਈਦਾ ਹੈ ਦੋਸਤੋ।
——————————————————————————————–
(ਸਾਡਾ ਅਤੀਤ)
ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ…
– ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ। Mob. 95691-49556
——————————————————————————————–
ਜੇ ਗੋਲਡੀ PP, ਮੂਸੇਵਾਲਾ ਤੇ ਬੱਬੂ ਮਾਨ ਦੀ ਲੜਾਈ ‘ਚੋ ਵਿਹਲ ਮਿਲ ਗਈ ਹੈ ਤਾਂ ਕੁਝ ਸੋਚੋ ! ਜੰਮੂ ਕਸ਼ਮੀਰ ‘ਚ ਪੰਜਾਬੀ ਖੂੰਜੇ ਲਾ ਦਿੱਤੀ
——————————————————————————————–
(ਸਾਡਾ ਅਤੀਤ)
ਸਾਈਕਲ ਤੇ ਫੇਰੀ ਵਾਲੇ ਸਮੇਂ ਵੀ ਹੋਏ ਬੀਤੇ ਦੀ ਬਾਤ
– ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ। Mob. 95691-49556
——————————————————————————————–
(ਸਾਡਾ ਅਤੀਤ)
ਰੇਡੀਓ ਦੀ ਪੁੱਛ ਦੱਸ ਹੁਣ ਕਿਥੇ ਰਹਿ ਗਈ ?
– ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ, Mob. 95691-49556
——————————————————————————————–
(ਸਾਡਾ ਅਤੀਤ)
ਮੰਜਾ ਬੁਨਣਾ ਵੀ ਇੱਕ ਕਲਾ ਸੀ
– ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ, Mob. 95691-49556
——————————————————————————————–
ਇੱਕ ਸਾਉਣ ਦਾ ਮਹੀਨਾ…
“ਪੱਛੋ ਵੱਲ ਦੀ ਆ ਗਈ ਨੇਰ੍ਹੀ
ਮੀਂਹ ਬਰਸੇ ਬਿਜਲੀ ਗਰਜੇ
ਭਿੱਜ ਗਈਆ ਨਨਾਣੇ ਪੂਣੀਆ
ਆ ਬਾਹਰੇ ਭਿੱਜ ਗਏ ਚਰਖੇ “
ਸਾਉਣ ਦਾ ਮਹੀਨਾ ਸੰਧਾਰਿਆ ਦਾ ਮਹੀਨਾ ਹੈ। ਭੈਣਾ ਅਾਪਣੇ ਸੁਹਰੇ ਘਰ ਆਪਣੇ ਪੇਕਿਆ ਦੀ ਉਡੀਕ ਕਰਦੀਆ ਹਨ ਹਰ ਕੋਈ ਆਪਣੇ ਵਿੱਤ ਅਨੁਸਾਰ ਧੀ ਧਿਆਣੀ ਦੇ ਘਰ ਬਿਸਕੁਟ ਤੇ ਹੋਰ ਵਰਤੋਂ ਦਾ ਸਮਾਨ ਲੈ ਕੇ ਪਹੁੰਚਦਾ ਹੈ ਆਪਣੇ ਭਰਾ ਨੂੰ ਵੇਖ ਕੇ ਭੈਣ ਖੀਵੀ ਹੋ ਜਾਂਦੀ ਹੈ ਤੇ ਉਸਤੋਂ ਚਾਅ ਚੁਕਿਆ ਨਹੀ ਜਾਂਦਾ ਆਪਣੇ ਹੱਥੀ ਛਾਵਾਂ ਕਰਦੀ ਹੈ
“ਤੇਰੇ ਬੋਤੇ ਨੂੰ ਗੁਆਰੇ ਦੀਆ ਫਲੀਆ
ਤੈਨੂੰ ਵੀਰਾ ਦੁੱਧ ਦਾ ਛੰਨਾ “
“ਗੁੱਤ ਸੱਪਣੀ ਕਲਾਵਾ ਮਾਰੇ ਲੱਕ ਨੂੰ
ਲੋਕੀ ਵੇਖਦੇ ਬੁੱਲਾ ਤੇ ਮਲੇ ਸੱਕ ਨੂੰ
ਬਾਹਾਂ ਗੋਰੀਆ ਚ ਮੁੱਖੜਾ ਛਿਪਾਵਾਂ
ਵੇ ਇਕ ਵਾਰੀ ਆ ਜਾ ਹਾਣੀਆ
ਤੈਨੂੰ ਪੀਂਘ ਦੇ ਹੁਲਾਰੇ ਨਾਲ ਗਾਵਾਂ
ਵੇ ਇਕ ਵਾਰੀ ਆ ਜਾ ਹਾਣੀਆ”।
ਸਾਉਣ ਦੇ ਮਹੀਨੇ ਚ ਹਰ ਕੋਈ ਮਸਤੀ ਕਰਦਾ ਹੈ ਜਦੋ ਅੰਬਰਾ ਤੇ ਕਾਲੀਆ ਘਟਾਵਾ ਚੜ ਕੇ ਆਉਦੀਆ ਹਨ ਤਾਂ ਬੱਚੇ ਲੋਹੜੇ ਦੀ ਮਸਤੀ ਕਰਦੇ ਹਨ ਮੂਹਲੇਧਾਰ ਪੈ ਰਹੇ ਮੀਂਹ ਚ ਕੱਪੜੇ ਲਾਹ ਕੇ ਗਲੀਆ ਚ ਮੀਂਹ ਚ ਆਪਣੇ ਨਾਲ ਦੇ ਯਾਰਾ ਬੇਲੀਆ ਨਾਲ ਭਿੱਜਦੇ ਹੋਏ ਕੁਲ ਦੁਨੀਆ ਤੋਂ ਅਣਜਾਣ ਮਸਤੀ ਚ ਗਾਉਂਦੇ ਹਨ
“ਕਾਲੀਆ ਇੱਟਾ ਕਾਲੇ ਰੋੜ
ਮੀਂਹ ਵਰਸਾ ਦੇ ਜੋਰੋ ਜੋਰ “
– ——-
“ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ “
ਚਾਰੋ ਪਾਸੇ ਹਰਿਆਲੀ ਵੇਖ ਕੇ ਇੰਜ ਮਹਿਸੂਸ ਹੰਦਾ ਹੈ ਤੇ ਕਾਦਰ ਦੀ ਕੁਦਰਤ ਧਰਤੀ ਤੇ ਉੱਤਰ ਕੇ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ ਇਸ ਮਨਮੋਹਣੇ ਦ੍ਰਿਸਾ ਨੂੰ ਵੇਖ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ ।ਸਾੳੁਣ ਦੇ ਘਨਘੋਰ ਮੇਘਲੇ ਦੀ ਗੱਲ ਬਾਬਾ ਬੁੱਲੇ ਸਾਹ ਇੰਝ ਬਿਆਨ ਕਰਦਾ ਹੈ
“ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ
ਠੋਰ ਠੋਰ ਇਨਾਇਤ ਬਸੇ ਪਪੀਹਾ ਕਰੇ ਪੁਕਾਰ “
ਸਾਉਣ ਦੇ ਮਹੀਨੇ ਚ ਸ੍ਰਿਸਟੀ ਦੀ ਰਚੀ ਸਿਰਜਨਾ ਚ ਹਰ ਕੋਈ ਆਨੰਦ ਮਾਣਦਾ ਹੈ ਮੋਰ ਬਾਗਾ ਚ ਪੈਲਾ ਪਾਉਦੇ ਹਨ ਕੋਇਲ ਪਿੱਪਲਾ ਤੇ ਬੈਠ ਕੇ ਆਪਣੇ ਸੁਰਤਾਲ ਨਾਲ ਹਰ ਇਕ ਨੂੰ ਮੰਤਰ ਮੁਗਧ ਕਰਦੀ ਹੈ ਗੱਭਰੂ ਵੀ ਬਣ ਤਣ ਕੇ ਆਪਣੇ ਹਾਣ ਦੀ ਨੂੰ ਮਿਲਣ ਦੀ ਤਾਂਘ ਦਿਲ ਚ ਲੈ ਕੇ ਗਲੀਆ ਚ ਗੇੜੇ ਮਾਰਦਾ ਹੈ ਤਾਂ ਮੁਟਿਆਰ ਮਜਬੂਰ ਹੋ ਕੇ ਕਹਿੰਦੀ ਹੈ
“ਤੇਰੀ ਮੇਰੀ ਗੱਲ ਨਾ ਬਣੇ
ਕਾਹਤੋ ਮਾਰਦਾ ਚੰਦਰਿਆ ਗੇੜੇ “
“ਬੁੜਿਆ ਬਾਝ ਨਾ ਪਿੱਪਲ ਸੋਂਹਦੇ
ਫੁੱਲਾ ਬਾਝ ਕਲਾਈਆ
ਸੱਗੀ ਫੁੱਲ ਸਿਰਾ ਤੇ ਸੋਂਹਦੇ
ਪੈਰੀ ਝਾਂਜਰਾ ਪਾਈਆ
ਨੱਚਣ ਟੱਪਣ ਗਿੱਧਾ ਪਾਵਣ
ਵੱਡਿਆ ਘਰਾ ਦੀਆ ਜਾਈਆ
ਸੂਬੇਦਾਰਨੀਆ ਬਣ ਕੇ ਮੇਲਣਾ ਆਈਆ “
——————————————————————————————–
——————————————————————————————–
ਤੀਹ ਕਿਲੋ ਆਟਾ ਪੱਕਣ ਵਾਲੇ ਘਰਾਂ ਚ ਹੁਣ ਪੱਕਦਾ ਹੈ ਦਸ ਕਿਲੋ ਆਟਾ…
ਜੇਕਰ ਥੋੜ ਜਿਹਾ ਪਿਛਲੇ ਸਮਿਆਂ ਤੇ ਗੌਰ ਕਰੀਏ ਤਾਂ ਕੋਈ ਸਮਾਂ ਪੰਜਾਬ ਵਿੱਚ ਇਹੋ ਜਿਹਾ ਵੀ ਰਿਹਾ ਹੈ ਕਿ ਖਾਣ ਪੀਣ ਤੇ ਸਿਹਤਮੰਦ ਸਰੀਰ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ। ਜਿਵੇਂ ਜਿਵੇਂ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ ਹਾਂ ਓਸੇ ਹਿਸਾਬ ਨਾਲ ਸਾਡੇ ਰਹਿਣ ਸਹਿਣ ਖਾਣ ਪੀਣ ਬੋਲ ਚਾਲ ਦੇ ਢੰਗ ਤਰੀਕਿਆਂ ਚ ਬਹੁਤ ਫਰਕ ਨਹੀਂ ਬਲਕਿ ਗਿਰਾਵਟ ਵੀ ਆਈ ਹੈ।ਘਰ ਦੇ ਦੁੱਧ ਘਿਓ ਲਵੇਰੇ ਬਿਨਾਂ ਰੇਹਾਂ ਸਪਰੇਆਂ ਤੇ ਕੀਟਨਾਸ਼ਕਾਂ ਤੋਂ ਫ਼ਸਲਾਂ ਖੰਭ ਲਾ ਕੇ ਉੱਡ ਪੁੱਡ ਹੀ ਗੲਆਂ ਹਨ। ਕਣਕ ਬਾਜਰਾ ਮੱਕੀ ਕਦੇ ਕਦੇ ਜਵਾਰ ਨੂੰ ਵੀ ਵਿੱਚ ਪੀਹ ਕੇ ਖਾਂਦੇ ਰਹੇ ਹਨ ਸਾਡੇ ਪੁਰਖੇ। ਓਨਾਂ ਸਮਿਆਂ ਦੇ ਵਿੱਚ ਇਹ ਸਾਰੀਆਂ ਫਸਲਾਂ ਪਿਊਰ ਤੇ ਸ਼ੁੱਧ ਹੋਇਆ ਕਰਦੀਆਂ ਸਨ, ਕਿਉਂਕਿ ਸਿਰਫ਼ ਰੂੜੀ ਦੀ ਖਾਦ ਪਾ ਕੇ ਹੀ ਫਸਲਾਂ ਨੂੰ ਪਕਾਇਆ ਜਾਂਦਾ ਰਿਹਾ ਹੈ।ਮਿਲਾਵਟ ਵਾਲਾ ਕੋਈ ਜ਼ਮਾਨਾ ਨਹੀਂ ਸੀ। ਇਸੇ ਕਰਕੇ ਸਰੀਰਾਂ ਦੇ ਵਿੱਚ ਤਾਕਤ ਤੇ ਤੰਦਰੁਸਤੀ ਹੋਇਆ ਕਰਦੀ ਸੀ।
ਜੇਕਰ ਓਨਾਂ ਸਮਿਆਂ ਦੀ ਤੁਲਨਾ ਅਜੋਕੇ ਸਮਿਆਂ ਨਾਲ ਕਰੀਏ ਤਾਂ ਅੱਜ ਆਪਾਂ ਜ਼ਹਿਰ ਹੀ ਖਾਈ ਜਾ ਰਹੇ ਹਾਂ। ਬਿਨਾਂ ਰੇਹਾਂ ਸਪਰੇਆਂ ਤੇ ਕੀਟਨਾਸ਼ਕ ਪਾਉਣ ਤੋਂ ਕੋਈ ਵੀ ਫ਼ਸਲ ਹੋਣੋਂ ਹੀ ਹਟ ਗੲੀ ਤੇ ਸਾਲ ਵਿਚ ਤਿੰਨ ਜਾਂ ਚਾਰ ਫਸਲਾਂ ਲੈਣੀਆਂ ਸਾਡਾ ਟਰਿੰਡ ਬਣ ਗਿਆ ਹੈ ਇਸੇ ਕਰਕੇ ਸਾਡੀ ਬੁੱਧੀ ਵੀ ਭ੍ਰਿਸ਼ਟ ਹੋ ਚੁੱਕੀ ਹੈ। ਜਿਨ ਘਰਾਂ ਵਿੱਚ ਤੀਹ ਕਿਲੋ ਮਹੀਨੇ ਦਾ ਆਟਾ ਪੱਕਦਾ ਸੀ ਓਸ ਘਰਾਂ ਚ ਹੁਣ ਦਸ ਕਿਲੋ ਆਟਾ ਪੱਕਣ ਲੱਗ ਪਿਆ ਹੈ। ਕਿਉਂਕਿ ਫਾਸਟ ਫੂਡ ਦੇ ਸਵਾਦਾਂ ਨੇ ਅਜੋਕੀ ਸਾਰੀ ਹੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ। ਜੀਭ ਦੇ ਸੁਆਦ ਨੇ ਸਾਰੀ ਦੁਨੀਆਂ ਨੂੰ ਪੱਟ ਦਿੱਤਾ ਹੈ। ਜੇਕਰ ਨੌਜਵਾਨ ਪੀੜ ਦੀ ਗੱਲ ਕਰੀਏ ਤਾਂ ਗਲਤ ਹੋਵੇਗੀ ਭਾਵੇਂ ਕਿਸੇ ਵੀ ਉਮਰ ਦੇ ਇਨਸਾਨ ਜਾਂ ਜ਼ਨਾਨੀਆਂ ਹੋਣ ਕੁੱਝ ਕੁ ਪ੍ਰਸੈਂਟ ਨੂੰ ਛੱਡ ਕੇ ਬਾਕੀ ਸਾਰੇ ਹੀ ਫਾਸਟ ਫੂਡ ਬਰਗਰ ਪੀਜ਼ੇ ਤੇ ਹੋਰ ਪਤਾ ਨਹੀਂ ਕੀ ਕੀ ਖਾ ਕੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ।ਹਰ ਘਰ ਦੇ ਮੂਹਰੇ ਹਰ ਮਹੱਲੇ ਤੇ ਹਰ ਕਲੋਨੀ ਵਿੱਚ ਐਸੀਆਂ ਸਟਾਲਾਂ ਤੇ ਤੁਰਦੀਆਂ ਫਿਰਦੀਆਂ ਦੁਕਾਨਾਂ ਦੀ ਭਰਮਾਰ ਹੈ। ਬਜ਼ਾਰਾਂ ਵਿੱਚ ਵੀ ਜਗ ਜਗ ਤੇ ਐਸੀਆਂ ਸਟਾਲਾਂ ਤੁਹਾਨੂੰ ਆਮ ਹੀ ਦਿਸ ਪੈਣਗੀਆਂ। ਐਤਵਾਰ ਜਾਂ ਫਿਰ ਛੁਟੀਆਂ ਵਾਲੇ ਦਿਨਾਂ ਵਿੱਚ ਤਾਂ ਇਨ ਦੀ ਹੋਰ ਵੀ ਬਹੁਤਾਤ ਹੁੰਦੀ ਹੈ ਤੇ ਲੋਕ ਘਰਾਂ ਦੇ ਵਿੱਚ ਆਟਾ ਗੁੰਨਣ ਤੇ ਪਕਾਉਣ ਨੂੰ ਭਾਰ ਸਮਝਦੇ ਹਨ।
ਇਸੇ ਕਰਕੇ ਹੀ ਅੱਜਕਲ ਬਹੁਤ ਲੋਕ ਮੋਟਾਪੇ ਦਾ ਤੇ ਹੋਰ ਦੀਆਂ ਹੋਰ ਬੀਮਾਰੀਆਂ ਵਿੱਚ ਗ੍ਰਿਸਤ ਹੋ ਰਹੇ ਹਨ।ਪਰ ਕੀਤਾ ਕੀ ਜਾਵੇ ਜੀਭ ਦੇ ਸੁਆਦ ਨੇ ਦੁਨੀਆਂ ਨੂੰ ਪੱਟ ਦਿੱਤਾ ਹੈ। ਅਜੋਕੇ ਬੱਚਿਆਂ ਦੇ ਵਿੱਚ ਐਸੇ ਫਾਸਟ ਫੂਡ ਦਾ ਰੁਝਾਨ ਅਤਿਅੰਤ ਖਤਰਨਾਕ ਹੈ। ਓਨਾਂ ਨੂੰ ਘਰ ਵਿੱਚ ਪੱਕੀ ਹੋਈ ਘਰ ਦੀ ਰੋਟੀ ਤੋਂ ਤਾਂ ਜਿਵੇਂ ਨਫ਼ਰਤ ਹੀ ਹੋ ਗਈ ਹੈ ਇਸੇ ਕਰਕੇ ਹੀ ਤੀਹ ਕਿਲੋ ਆਟਾ ਪੱਕਣ ਵਾਲੇ ਘਰਾਂ ਵਿੱਚ ਸਿਰਫ਼ ਦਸ ਕਿਲੋ ਆਟਾ ਪੱਕਣ ਲੱਗ ਪਿਆ ਹੈ ਓਹ ਵੀ ਸਿਰਫ਼ ਇਸ ਕਰਕੇ ਕਿ ਉਸ ਘਰ ਵਿੱਚ ਕੋਈ ਬਜ਼ੁਰਗ ਰਹਿੰਦੇ ਹੋਣਗੇ।
ਅਜੋਕੀਆਂ ਸਵਾਣੀਆਂ ਵੀ ਆਟਾ ਗੁੰਨਣ ਪਕਾਉਣ ਤੋਂ ਖਹਿੜਾ ਛੁਡਾਉਣ ਲਈ ਬਾਹਰਲੇ ਪੱਕੇ ਪਕਾਏ ਪਕਵਾਨਾਂ ਨੂੰ ਹੀ ਪਹਿਲ ਦਿੰਦੀਆਂ ਹਨ ਤੇ ਧੜਾ ਧੜ ਬੀਮਾਰੀਆਂ ਦੀ ਗ੍ਰਿਫਤ ਵਿੱਚ ਆਕੇ ਡਾਕਟਰਾਂ ਮੂੰਹੀਂ ਘਰ ਬਾਰ ਪੱਟ ਰਹੀਆਂ ਹਨ।
ਐਸੇ ਹੀ ਫਾਸਟ ਫੂਡ ਸਕੂਲੀ ਬੱਚਿਆਂ ਨੂੰ ਵੀ ਸਕੂਲ ਵਿੱਚ ਲਜਾਣ ਦਿੱਤੇ ਜਾ ਰਹੇ ਹਨ।ਪਰ ਜੋ ਸਕੂਲਾਂ ਵਿੱਚ ਸਾਦਾ ਤੇ ਤਾਜਾ ਖਾਣਾ ਬਣਦਾ ਹੈ ਓਹ ਫਾਸਟ ਫੂਡ ਦਾ ਭੁੱਸ ਜਿਹਾ ਪੈ ਗਿਆ ਕਰਕੇ ਓਨਾਂ ਨੂੰ ਸਵਾਦ ਹੀ ਲੱਗਣੋਂ ਹਟ ਗਿਆ ਹੈ। ਇਸੇ ਕਰਕੇ ਹੀ ਨਾਮੁਰਾਦ ਬੀਮਾਰੀਆਂ ਦਾ ਲੱਗਣਾ ਆਮ ਜਿਹੀ ਗੱਲ ਹੋ ਗਈ ਹੈ। ਅਤਿਅੰਤ ਮਸਾਲੇ ਵਾਲੇ ਡੋਸੇ ਵਗੈਰਾ ਖਾ ਕੇ ਜਿਥੇ ਸਰੀਰਕ ਮੋਟਾਪਾ ਆਉਂਦਾ ਹੈ ਓਥੇ ਹੱਡੀਆਂ ਦਾ ਖੁਰਨਾ ਕਮਜ਼ੋਰ ਤੇ ਨਿਗ ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਜ਼ਿਆਦਾ ਤੇਜ਼ ਮਸਾਲੇ ਮਾੜਾ ਘਿਓ ਮਾੜੇ ਤੇਲਾਂ ਵਿਚ ਬਣਾਏ ਇਹ ਪਕਵਾਨ ਖਾਣ ਲਈ ਬੇਹੱਦ ਸਵਾਦਲੇ ਲੱਗਦੇ ਹਨ ਪਰ ਜੇਕਰ ਇਨ ਦੇ ਸਰੀਰੁ ਨੂੰ ਲੱਗਣ ਵਾਲੇ ਰੋਗਾਂ ਵੱਲ ਝਾਤੀ ਮਾਰੀਏ ਤਾਂ ਬਹੁਤ ਜ਼ਿਆਦਾ ਨੁਕਸਾਨ ਹਨ।
ਅੱਜਕਲ ਤਾਂ ਬਹੁਤ ਸਾਰੇ ਇਨਸਾਨਾਂ ਨੂੰ ਕਣਕ ਖਾਣ ਤੋਂ ਵੀ ਡਾਕਟਰਾਂ ਨੇ ਮਨਾਂ ਕੀਤਾ ਹੋਇਆ ਹੈ ਮੈਨੂੰ ਤਾਂ ਓਨਾਂ ਇਨਸਾਨਾਂ ਦਾ ਵੀ ਪਤਾ ਹੈ ਜਿਨ•ਾਂ ਨੇ ਪਿਛਲੇ ਦਸ ਸਾਲਾਂ ਤੋਂ ਕਣਕ ਖਾ ਕੇ ਹੀ ਨਹੀਂ ਵੇਖੀ ਸਿਰਫ਼ ਤੇ ਸਿਰਫ਼ ਫਰੂਟ ਛੋਲਿਆਂ ਦਾ ਆਟਾ ਜਾਂ ਹੋਰ ਕੁੱਝ ਖਾ ਕੇ ਗੁਜ਼ਾਰਾ ਕਰ ਰਹੇ ਹਨ।ਇਸ ਦਾ ਕਾਰਨ ਬਿਲਕੁਲ ਸਮਝ ਵਿੱਚ ਆਉਣ ਵਾਲਾ ਹੈ ਕਿ ਕਣਕ ਤੋਂ ਐਲਰਜੀ ਹੋ ਰਹੀ ਹੈ। ਇਸੇ ਕਰਕੇ ਸਾਡੇ ਵੱਡ ਵਡੇਰੇ ਪੁਰਖੇ ਬਦਲਵੀਂ ਰੋਟੀ ਭਾਵ ਕਦੇ ਕਣਕ ਕਦੇ ਛੋਲਿਆਂ ਦੀ ਕਦੇ ਜਵਾਰ ਬਾਜਰਾ ਮੱਕੀ ਦੀ ਖਾਇਆ ਕਰਦੇ ਸਨ ਤੇ ਤੰਦਰੁਸਤੀ ਓਨਾਂ ਦੇ ਇਰਦ ਗਿਰਦ ਰਹਿੰਦੀ ਸੀ।ਪਰ ਅੱਜਕਲ• ਤਾਂ ਤੰਦਰੁਸਤੀ ਦਾ ਕਿਤੇ ਨੇੜੇ ਤੇੜੇ ਨਾਮ ਨਿਸ਼ਾਨ ਵੀ ਨਹੀਂ ਹੈ। ਜੇਕਰ ਇਉਂ ਹੀ ਲੋਕਾਈ ਨੇ ਖਾਣ ਪੀਣ ਦਾ ਪ੍ਰਹੇਜ਼ ਨਾ ਕੀਤਾ ਤਾਂ ਹੋਰ ਵੀ ਦੁੱਖਾਂ ਦੇ ਵਿੱਚ ਦਿਨੋਂ ਦਿਨ ਗ੍ਰਿਸਤ ਹੋਣ ਲਈ ਤਿਆਰ ਰਹੇ।
-ਜਸਵੀਰ ਸ਼ਰਮਾਂ ਦੱਦਾਹੂਰ (ਸ੍ਰੀ ਮੁਕਤਸਰ ਸਾਹਿਬ) 95691-49556
——————————————————————————————–
ਪੰਜਾਬੀ ਵਿਰਸਾ
ਮੱਝ ਰਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ,
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।
ਪਾਥੀ ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ,
ਲ਼ੀਕ ਮਾਰੀ ਨਹਿਉ ਜਾਂਦੀ ਘੱਤੀ ਜਾਂਦੀ ਐ।
ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ,
ਕੰਡਾਂ ਚੁੱਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।
ਠੰਡ ਲਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ,
ਨਲਕਾ ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।
ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਐ,
ਕੁੱਤੇ ਪੀਂਦੇ ਨਹਿਉ ਕੁੱਤੇ ਲੱਕਦੇ ਹੁੰਦੇ ਐ ।
ਬਾਤ ਬੋਲੀ ਨਹਿਉ ਜਾਂਦੀ ਬਾਤ ਪਾਈ ਜਾਂਦੀ ਐ,
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।
ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ,
ਦੇਗ ਡੀਸਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।
ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ,
ਬਾੱਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।
ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ,
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੁੰਦੇ ਆ।
ਵੱਛਾ ਗਾਂ ਦਾ ਹੁੰਦਾ ਏ ਕਟਰੂ ਮੱਝ ਦਾ ਹੁੰਦਾ ਏ,
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।
ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ,
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ।
ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ,
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।
ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ,
ਆਕੜ ਟੁੱਟਦੀ ਨੀ ਹੁੰਦੀ ਬੱਸ ਭੱਨੀ ਜਾਂਦੀ ਐ।
ਗੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ ਐ,
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ਐ।
ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ ਐ,
ਥੋਡਾ ਸਪੈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ਐ।
ਪਹੀ ਦੱਸ ਰੱਖੋ ਕਿਹੜੀ ਖੇਤ ਕੰਨੀ ਜਾਂਦੀ ਐ,
ਪੱਗ ਪਾਈ ਨਈਓਂ ਜਾਂਦੀ, ਪੱਗ ਬੰਨ੍ਹੀ ਜਾਂਦੀ ਐ।
ਕੁੱਤੇ ਭੌਂਕਦੇ ਹੁੰਦੇ ਕਤ੍ਹੂਰੇ ਚੂਕਦੇ ਹੁੰਦੇ ਨੇ,
ਗੰਨਾ ਖਾਇਆ ਨਈਓਂ ਜਾਂਦਾ, ਗੰਨਾ ਚੂਪਦੇ ਹੁੰਦੇ ਨੇ।
ਸਾਗ ਨਾ ਹੀ ਦਾਲ ਨਾ ਸਬਜੀ ਹੁੰਦੀ ਐ,
ਹਵਾ ਚਲਦੀ ਨੀ ਹੁੰਦੀ ਹਵਾ ਵਗਦੀ ਹੁੰਦੀ ਐ।
ਬੂਹਾ ਝੰਬਿਆ ਜਾਂਦਾ ਵਿਰਲ ਢੋਈ ਵੀ ਜਾਂਦੀ ਐ,
ਧਾਰ ਕੱਢੀ ਵੀ ਜਾਂਦੀ ਐ, ਧਾਰ ਚੋਈ ਵੀ ਜਾਂਦੀ ਐ।
ਨਾ ਕੋਈ ਮੈਡਮ ਜਾਂ ਭੈਣਜੀ ਸਿਖਾਉੰਦੀ ਹੁੰਦੀ ਐ,
ਪੰਜਾਬੀ ਸਿੱਖੀ ਨਈਓਂ ਜਾਂਦੀ, ਬੱਸ ਆਉੰਦੀ ਹੁੰਦੀ ਐ।
ਦੁੱਧ ਕਵਰ ਨੀ ਹੁੰਦਾ, ਦੁੱਧ ਢਕਿਆ ਜਾਂਦਾ ਏ,
ਲੰਗਰ ਖਾਂਦੇ ਨਈਓਂ ਨਿੱਕਿਆ, ਇਹ ਛਕਿਆ ਜਾਂਦਾ ਏ।
——————————————————————————————–
ਤੀਆਂ ਸਾਉਣ ਦੀਆਂ
-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ। ਮੋ. 94786-58384
ਸਾਉਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਘਾਂ ਪਾਈਆਂ,
ਗਿੱਧਾ ਪਾ ਰਹੀਆ ਨਣਦਾ ਤੇ ਭਰਜਾਈਆਂ।
ਸਾਉਣ ਦਾ ਮਹੀਨਾ ਗਿੱਧਿਆ ਦੀ ਰੁੱਤ ਨਾਲ ਜਾਣਿਆ ਜਾਦਾ ਹੈ ਤੇ ਇਹ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਹੋਰ ਵੀ ਕਈ ਵਿਹਾਰ ਤਿਉਹਾਰ ਆਉਦੇ ਹਨ। ਇਸ ਮਹੀਨੇ ਦਾ ਮੀਂਹ ਪੈਣ ਨਾਲ ਗੂੜਾ ਸੰਬੰਧ ਹੈ ਜਿਵੇਂ ਕਹਿੰਦੇ ਹਨ ਕਿ
ਏਕ ਬਰਸ ਕੇ ਮੌਸਮ ਚਾਰ,
ਪਤਝੜ ਸਾਉਣ ਬਸੰਤ ਬਹਾਰ।
ਜੇਠ ਹਾੜ ਦੇ ਸਤਾਏ ਲੋਕਾਂ ਨੂੰ ਸਾਉਣ ਦੇ ਮੀਂਹ ਤੋਂ ਹੀ ਰਾਹਤ ਮਿਲਦੀ ਹੈ। ਪਸ਼ੂ ਪੰਛੀ ਵੀ ਇਸ ਮਹੀਨੇ ਦੀ ਉਡੀਕ ਕਰਦੇ ਹਨ। ਸਾaੁਣ ਦੀ ਝੜੀ ਲਗਦੀ ਹੈ ਤਾਂ ਪਸ਼ੂ ਪੰਛੀ ਮਨੁੱਖ ਤੇ ਫਸਲਾਂ ਲਈ ਇਹ ਝੜੀ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਹ ਮਹੀਨਾ ਬੱਚਿਆ ਲਈ ਬਹੁਤ ਹੀ ਹਰਮਨ ਪਿਆਰਾ ਹੁੰਦਾ ਹੈ ਕਿਉਂਕਿ ਇਸ ਮਹੀਨੇ ਹਰ ਘਰ ਵਿੱਚ ਖੀਰ ਪੂੜੇ ਮੱਠੀਆ ਤੇ ਗੁਲਗੁਲੇ ਬਣਦੇ ਹਨ। ਖਾਸ ਕਰਕੇ ਮੁਟਿਆਰਾ ਇਸ ਮਹੀਨੇ ਦੀ ਉਡੀਕ ਬਹੁਤ ਜਿਆਦਾ ਕਰਦੀਆਂ ਹਨ। ਇਸ ਮਹੀਨੇ ਸੱਜ ਵਿਆਹੀਆ ਮੁਟਿਆਰਾ ਆਪਣੇ ਭਰਾਵਾਂ ਦੀ ਉਡੀਕ ਕਰਦੀਆ ਕਹਿੰਦੀਆ ਹਨ
ਰਾਈਆਂ ਰਾਈਆਂ ਰਾਈਆਂ,
ਆਜਾ ਵੇ ਵੀਰਨਾ ਸਾਉਣ ਘਟਾ ਚੜ ਆਈਆ।
ਨਾਲੇ ਕਹਿੰਦੀਆ ਹਨ
ਵੀਰਾ ਆਈ ਵੇ ਭੈਣ ਦੇ ਵਿਹੜੇ,
ਪੁੰਨਿਆ ਦਾ ਚੰਨ ਬਣ ਕੇ।
ਪਰ ਜੇਕਰ ਕਿਸੇ ਭੈਣ ਦਾ ਵੀਰ ਆਉਣ ਤੋਂ ਲੇਟ ਹੋ ਜਾਵੇ ਜਾਂ ਨਾ ਆਵੇ ਤਾਂ ਭੈਣ ਸੱਸ ਦੇ ਮਹਿਣਿਆ ਤੋਂ ਡਰਦੀ ਸੋਚਦੀ ਹੈ ਕਿ ਸੱਸ ਕਿਤੇ ਇੰਝ ਨਾ ਕਹਿ ਦੇਵੇ ‘
ਤੈਨੂੰ ਤੀਆਂ ਨੂੰ ਲੈਣ ਨਹੀ ਆਏ, ਨੀ ਬਹੁਤਿਆ ਭਰਾਵਾਂ ਵਾਲੀਏ’।
ਇਸ ਮਹੀਨੇ ਵੀਰ ਆਪਣੀ ਭੇਣ ਕਾਰਨ ਸਹੁਰੇ ਘਰ ਸੰਧਾਰਾ ਲੈ ਕੇ ਆਉਦੇ ਹਨ ਸੰਧਾਰੇ ਵਿੱਚ ਮੱਠੀਆ ਬਿਸਕੁਟ ਆਦਿ ਦੇ ਕੇ ਜਾਦੇ ਹਨ। ਭੈਣ ਵੀ ਆਪਣੇ ਵੀਰ ਦੇ ਆਏ ਤੋ ਖੁਸ਼ ਹੋ ਜਾਦੀ ਹੈ
ਸਾਉਣ ਮਹੀਨਾ ਮੀਂਹ ਪਿਆ ਪੈਦਾ ਗਲੀਆ ਦੇ ਵਿੱਚ ਗਾਰਾ
ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ
ਆਏ ਵੀਰ ਨੂੰ ਕਹਿੰਦੀ ਹੈ
ਤੈਨੂੰ ਵੀਰਾ ਦੁੱਧ ਦਾ ਛੰਨਾ
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆ
ਪਰ ਅੱਜ ਦੇ ਵੀਰ ਗੱਡੀਆ ਕਾਰਾ ਤੇ ਆਉਂਦੇ ਹਨ ਭੈਣ ਨੂੰ ਫਿਰ ਵੀ ਵੀਰ ਦੇ ਜਲਦੀ ਆਉਣ ਦੀ ਉਡੀਕ ਰਹਿੰਦੀ ਹੈ। ਜਦੋ ਇੱਕ ਕੁੜੀ ਆਪਣੇ ਪੇਕੇ ਘਰ ਤੀਆਂ ਦੇਖਣ ਜਾਦੀ ਹੈ ਤਾਂ ਉੁਹ ਨਾਲ ਦੀਆਂ ਕੁੜੀਆਂ ਨਾਲ ਪੀਘਾਂ ਝੂਟਦੀ ਹੈ ਗਿੱਧਾ ਪਾਉਦੀ ਤੇ ਨਾਲ ਹੀ ਪਤੀ ਦੇ ਆਉਣ ਦੀ ਉਡੀਕ ਕਰਦੀ ਹੈ ਜਦੋ ਤੀਆਂ ਦਾ ਤਿਉਹਾਰ ਖ਼ਤਮ ਹੁੰਦਾ ਹੈ ਤਾਂ ਪਤੀ ਆਪਣੀ ਪਤਨੀ ਨੂੰ ਸਹੁਰੇ ਘਰ ਲੈਣ ਜਾਦਾ ਹੈ ਪਰ ਜੇਕਰ ਪਤੀ ਤੀਆਂ ਦੇ ਵਿਚਾਲੇ ਹੀ ਲੈਣ ਆ ਜਾਵੇ ਤਾਂ ਕੁੜੀ ਆਪਣੇ ਪਤੀ ਨੂੰ ਕਹਿੰਦੀ ਹੈ
ਸਾਉਣ ਦੇ ਮਹੀਨੇ ਮੰਜੇ ਡਾਈਏ ਨਾ ਵੇ ਜੋੜ ਕੇ,
ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ।
ਤੀਆਂ ਤੋਂ ਬਾਅਦ ਰੱਖੜੀ ਦਾ ਤਿਉਹਾਰ ਆਉਦਾ ਹੈ ਪਰ ਇੱਕ ਵਾਰ ਤਾਂ ਕੁੜੀਆ ਆਪਣੇ ਸਹੁਰੇ ਘਰ ਵਾਪਿਸ ਆਉਦੀਆਂ ਹਨ ਤੇ ਫਿਰ ਦੁਬਾਰਾ ਰੱਖੜੀ ਬੰਨ੍ਹਣ ਜਾਦੀਆਂ ਹਨ। ਮੁਟਿਆਰਾ ਸਾਉਣ ਦੇ ਮਹੀਨੇ ਨੂੰ ਅਸੀਸਾ ਦਿੰਦੀਆ ਕਹਿੰਦੀਆ ਹਨ
ਸਾਉਣ ਵੀਰ ਇੱਕਠੀਆ ਕਰੇ,
ਭਾਦੋ ਚੰਦਰੀ ਵਿਛੋੜੇ ਪਾਵੇ।
ਫਿਰ ਤੀਆਂ ਵੇਖ ਕੇ ਸਜ ਵਿਆਹੀ ਮੁਟਿਆਰ ਆਪਣੇ ਪਤੀ ਨਾਲ ਪੂਰੀ ਦੁਲਹਨ ਦੀ ਤ੍ਹਰਾ ਸਜ-ਧਜ ਬੜੀ ਖੁਸ਼ੀ-ਖੁਸ਼ੀ ਸੁਹਰੇ ਘਰ ਆ ਜਾਦੀ ਹੈ ਤੇ ਆ ਕੇ ਕੰਮਾ ਕਾਰਾ ਵਿੱਚ ਰੁੱਝ ਜਾਦੀ ਹੈ ਜਦੋਂ ਕਿਤੇ ਤੀਆਂ ਦੇ ਦਿਨ ਯਾਦ ਆਉਦੇ ਨੇ ਤਾਂ ਆਪ ਮੁਹਾਰੇ ਬੋਲੀਆਂ ਪਾਉਂਦੀ ਫਿਰਦੀ ਘਰ ਦੇ ਕੰਮ ਨਿਪਟਾ ਲੈਦੀ ਹੈ।
ਸਾਉਣ ਮਹੀਨਾ ਦਿਨ ਤੀਆ ਦੇ ਪਿਪਲੀ ਪੀਘਾਂ ਪਾਈਆਂ,
ਗਿੱਧੇ ਵਿੱਚ ਨੱਚ ਦੀਆਂ ਨੇ ਨਨਦਾ ਤੇ ਭਰਜਾਈਆਂ।
———————————————————————————————
ਮਿੱਟੀ ਦਾ ਘੜਾ ਗਰਮੀਆਂ ਦੀ ਖਾਸ ਸੌਗਾਤ
ਪੁਰਾਣੇ ਸਮਿਆ ਵਿੱਚ ਮਿੱਟੀ ਤੋਂ ਬਣੇ ਘੜੇ ਦੀ ਜਰੂਰਤ ਬਹੁਤ ਹੁੰਦੀ ਸੀ।ਇਹ ਘੜੇ ਹਰ ਘਰ ਦਾ ਸਿੰਗਾਰ ਹੁੰਦੇ ਸਨ।ਕਿਉਂਕਿ ਉਸ ਟਾਇਮ ਫੱਰਿਜ ਤਾਂ ਕਿਸੇ ਵਿਰਲੇ ਟਾਵੇਂ ਦੇ ਘਰ ਹੁੰਦੀ ਸੀ।ਪਰ ਘੜਿਆ ਵਿੱਚ ਅਲੱਗ-ਅਲੱਗ ਤ੍ਹਰਾ ਦੇ ਡਿਜਾਇਨ, ਸਾਈਜ ਅਤੇ ਕਈ ਤ੍ਹਰਾ ਰੋਜਾਨਾ ਵਰਤੋ ਵਿੱਚ ਆਉਣ ਵਾਲੇ ਬਰਤਨ ਵੀ ਤਿਆਰ ਕੀਤੇ ਜਾਦੇ ਸਨ।ਜਿਵੇਂ ਠੰਡਾ ਪਾਣੀ ਪੀਣ ਲਈ ਥੋੜੇ ਛੋਟੇ ਮੂੰਹ ਵਾਲਾ ਘੜਾ, ਖੇਤ, ਬਾਹਰ ਪਾਣੀ ਲਿਜਾਣ ਲਈ ਗਾਗਰ, ਦੁੱਧ ਗਰਮ ਕਰਨ ਲਈ ਕਾ੍ਹੜਨੀ, ਲੱਸੀ ਰਿੜਕਣ ਲਈ ਰਿੜਕਣਾ ਅਤੇ ਸਾਗ ਜਾਂ ਹਾਰੇ ਵਾਲੀ ਦਾਲ ਬਣਾਉਣ ਲਈ ਕੁੱਜਾ ਹੁੰਦੇ ਸਨ।
ਪਰ ਅੱਜ ਦੇ ਟਾਇਮ ਵਿੱਚ ਤਾਂ ਤਕਰੀਬਨ ਹਰ ਘਰ ਵਿੱਚ ਫਰਿੱਜ ਦੀ ਵਰਤੋਂ ਹੁੰਦੀ ਹੈ। ਫਿਰ ਵੀ ਕੁਝ ਅਜਿਹੇ ਘਰ ਸਾਨੂੰ ਅੱਜ ਵੀ ਮਿਲਣਗੇ ਜਿੰਨਾ ਨੁੰ ਫਰਿੱਜ ਨਾਲੋ ਵੱਧ ਘੜੇ ਦਾ ਪਾਣੀ ਹੀ ਪਸੰਦ ਹੈ ਅਤੇ ਗਰਮੀ ਦੀ ਸ਼ੁਰੂਆਤ ਹੁੰਦਿਆ ਹੀ ਨਵੇਂ ਘੜੇ ਖਰੀਦਣ ਦੀ ਕਾਹਲੀ ਹੋ ਜਾਦੀ ਹੈ। ਨਾਲੇ ਪੁਰਾਣੇ ਬਜੁਰਗਾ ਦੀ ਕਹਾਵਤ ਹੈ ਕਿ ਸਰਦੀ ਦੇ ਬਣੇ ਘੜੇ ਵਿੱਚ ਪਾਣੀ ਵੀ ਜਿਆਦਾ ਠੰਡਾ ਰਹਿੰਦਾ ਹੈ। ਮੇਰੇ ਤਜਰਬੇ ਮੁਤਾਬਿਕ ਵੀ ਫਰਿੱਜ ਵਿੱਚ ਭਰਕੇ ਰੱਖੇ ਠੰਡਾ ਪਾਣੀ ਪੀਣ ਨਾਲੋ ਤਾਂ ਘੜੇ ਦਾ ਪਾਣੀ ਪੀਣਾ ਜਿਆਦਾ ਚੰਗਾ ਅਤੇ ਲਾਹੇਵੰਦ ਹੁੰਦਾ ਹੈ। ਕਿਉਂਕਿ ਘੜੇ ਦਾ ਪਾਣੀ ਪੀਣ ਵਿੱਚ ਜਿਆਦਾ ਦੰਦਾ ਨੂੰ ਲੱਗਣ ਵਾਲਾ ਠੰਡਾ ਨਹੀਂ ਹੁੰਦਾ ਇਸ ਲਈ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ। ਮਿੱਟੀ ਦੇ ਘੜੇ ਵਿੱਚ ਛੋਟੇ-ਛੋਟੇ ਛੇਕ ਬਣੇ ਹੁੰਦੇ ਹਨ ਜੋ ਗਰਮੀ ਨੂੰ ਬਾਹਰ ਕੱਢ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਠੰਡਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਪਾਣੀ ਵੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਰਹਿੰਦਾ ਹੈ। ਹੋਰ ਤਾਂ ਹੋਰ ਜਿਵੇ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੇ ਬਹੁਤ ਕੱਟ ਲੱਗਦੇ ਹਨ ਅਤੇ ਆਪਾਂ ਨੁੰ ਬਜਾਰੋ ਬਰਫ ਵਗੈਰਾ ਖਰੀਦਣੀ ਪੈਂਦੀ ਹੈ ਪਰ ਜੇਕਰ ਘਰ ਵਿੱਚ ਘੜਾ ਹੋਵੇਗਾ ਤਾਂ ਆਪਾਂ ਬੰਦ ਬਿਜਲੀ ਦੌਰਾਨ ਵੀ ਘੜੇ ਦੇ ਠੰਡੇ ਪਾਣੀ ਦਾ ਆਨੰਦ ਲੈ ਸਕਦੇ ਹਾਂ।ਇਸੇ ਲਈ ਤਾਂ ਆਪਾਂ ਮਿੱਟੀ ਦੇ ਘੜੇ ਨੂੰ ਗਰਮੀਆਂ ਦੀ ਖਾਸ ਸੌਗਾਤ ਕਹਿੰਦੇ ਹਾਂ।
ਘੜੇ ਬਾਰੇ ਇੱਕ ਰੌਚਿਕ ਕਹਾਣੀ ਹੋਰ ਵੀ ਹੈ ਗਾਉਣ, ਵਜਾਉਣ ਵਾਲੇ ਸਾਜੀ ਵੀ ਆਪਣੇ ਸਾਜ ਵਿੱਚ ਘੜੇ ਨੂੰ ਵਰਤਦੇ ਸਨ ਤੇ ਪੰਜਾਬੀ ਗਾਣਿਆ ਵਿੱਚ ਵੀ ਘੜੇ ਦਾ ਜਿਕਰ ਵੀ ਆਉਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲੋਕ ਗੀਤਾਂ ਦੀ ਮਸ਼ਹੂਰ ਗਇਕਾ (ਬੀਬਾ ਜਗਮੋਹਨ ਕੌਰ) ਜੀ ਦੇ ਗੀਤ ਬੇ ਬੋਲ ਹਨ,
“ਘੜਾ ਵੱਜਦਾ, ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ”
“ਸੱਸ ਲੜਦੀ, ਜਠਾਣੀ ਲੜਦੀ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ”
ਖੇਰ! ਆਪਾਂ ਆਪਣੇ ਵਿਸ਼ੇ ਵੱਲ ਜਾਈਏ ਅੱਜ ਦਾ ਵਿਸ਼ਾ ਹੈ ਮਿੱਟੀ ਦਾ ਘੜਾ ਗਰਮੀਆਂ ਦੀ ਖਾਸ ਸੌਗਾਤ।ਇਸ ਲਈ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਇਸ ਸੌਗਾਤ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।ਰੋਜਾਨਾ ਦੀ ਵਰਤੋਂ ਵਿੱਚ ਘੜੇ ਦਾ ਪਾਣੀ ਹੀ ਵਰਤਿਆ ਜਾਵੇ ਤਾਂ ਕਿ ਆਪਾ ਗਲੇ ਦੀ ਖਰਾਸ਼, ਜੋੜਾ ਦੇ ਦਰਦ, ਸਿਰ ਦਰਦ, ਸਰੀਰ ਵਿਚਲੇ ਅਕੜਾਅ ਅਤੇ ਕਬਜ ਰੋਗ ਦੀਆ ਬਿਮਾਰੀਆ ਤੋਂ ਬਚ ਸਕੀਏ।
ਜੇਕਰ ਆਪਾਂ ਸਾਰੇ ਫਿਰ ਤੋਂ ਘੜੇ ਵਾਲਾ ਪਾਣੀ ਪੀਣ ਲੱਗ ਜਾਈਏ ਤਾਂ ਜਿੱਥੇ ਆਪਣਾ ਸਰੀਰ ਤੰਦਰੁਸਤ ਬਣੇਗਾ। ਉੱਥੇ ਘੜੇ ਬਣਾਉਣ ਵਾਲੇ ਕਾਰੀਗਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ।ਜਿਸ ਨਾਲ ਉਹ ਵੀ ਆਪਣੇ ਪ੍ਰੀਵਾਰ ਦਾ ਪਾਲਣ, ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਣਗੇ। ਜਿਵੇਂ ਕਹਿੰਦੇ ਹਨ ਪ੍ਰੀਵਾਰ ਨੂੰ ਜੋੜ ਕੇ ਰੱਖਣ ਵਾਲਾ ਹੀ ਪ੍ਰੀਵਾਰ ਦੀ ਕੀਮਤ ਜਾਣਦਾ ਹੈ।ਉਸੇ ਤ੍ਹਰਾ ਮਿੱਟੀ ਦਾ ਘੜਾ ਬਣਾਉਣ ਵਾਲਾ ਹੀ ਘੜੇ ਦੀ ਅਸਲੀ ਕੀਮਤ ਜਾਣਦਾ ਹੈ। ਇਸ ਲਈ ਘੜੇ ਬਣਾਉਣ ਵਾਲੇ ਕਾਰੀਗਰ ਨੂੰ ਘੜੇ ਦਾ ਸਹੀ ਮੁੱਲ ਜਰੂਰ ਦਿਉ ਤੇ ਗਰਮੀਆਂ ਦੀ ਪਿਆਰੀ ਤੇ ਖਾਸ ਸੌਗਾਤ ਮਿੱਟੀ ਦੇ ਘੜੇ ਨੂੰ ਆਪਣੀ ਰਸੋਈ ਦਾ ਸਿੰਗਾਰ ਬਣਾਉ ਅਤੇ ਬਿਮਾਰੀਆ ਰਹਿਤ ਜੀਵਨ ਪਾਉ।
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ।
ਮੋ. 94786-58384
———————————————————————————————
‘ਨ, ਣ’ ਦੀ ਵਰਤੋਂ
1 . ਨ ਜਾਂ ਣ ਲਿਖਣ ਵੇਲੇ
ਕਈ ਵਾਰ ਅਸੀਂ ਨ ਜਾਂ ਣ ਦੀ ਵਰਤੋਂ ਕਰਨ ਵਿੱਚ ਉਲਝ ਜਾਂਦੇ ਹਾਂ ਕਿ ਨ ਦੀ ਵਰਤੋਂ ਕਰੀਏ ਜਾਂ ਣ ਦੀ ਜਿਵੇਂ: ਬਾਘਾਪੁਰਾਣਾ – ਬਾਘਾਪੁਰਾਨਾ
ਧਿਆਨ ਦੇਣ ਯੋਗ -1. ਜੇਕਰ ਰ, ੜ ਤੋਂ ਮਗਰੋਂ ਕੋਈ ਲਗ ਮਾਤਰਾ ਲੱਗੀ ਹੋਵੇ ਤਾਂ ਣ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਬਘਾਪੁਰਾਣਾ ਵਿੱਚ ਰ ਨੂੰ ਕੰਨਾ ਲੱਗਾ ਹੈ ਇਸ ਤਰਾਂ ਪੜਨਾ – ਪੜਾਉਣਾ, ਕਰਨਾ – ਕਰਾਉਣਾ । 2. ਰ, ਲ, ੜ ਨੂੰ ਜੇ ਲਗ ਮਾਤਰਾ ਨਾ ਹੋਵੇ ਤਾਂ ਣ ਨਹੀਂ ਨ ਲੱਗਦਾ ਹੈ ਜਿਵੇਂ- ਕਰਨਾ, ਪੜਨਾ, ਗਲਨਾ,
2. ਪੰਜਾਬਂੀ ਤੋਂ ਅੰਗਰੇਜੀ ਸਮਝਾਉਣ ਲਈ
ਜਿਵੇਂ- ਮੈਂ ਲਿਖਣਾ ਚਾਹੁੰਦਾ ਹਾਂ- (I want o write ) ਨੋਟ – ਅੰਗਰੇਜੀ ਦੇ ਵਾਕ ਵਿੱਚ to ਕਿਉਂ ਲੱਗਾ ਹੈ ।
1. ਪੰਜਾਬੀ ਵਿੱਚ ਦੋ ਤਰਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ ਇਕ ਪੂਰਨ ਅਤੇ ਅਪੂਰਨ
2. ਜਿਹੜੀ ਅਪੂਰਨ ਕਿਰਿਆ ਹੁੰਦੀ ਹੈ ਉਸ ਨਾਲ ਨ, ਣ ਲੱਗਦਾ ਹੈ
3. ਅਪੂਰਨ ਕਿਰਿਆ ਤੋਂ ਪਹਿਲਾਂ ਅੰਗਰੇਜੀ ਦੇ ਵਾਕ ਵਿੱਚ ਟੋ ਲੱਗਦਾ ਹੈ
3. ਕਾਫੀਏ
1. ਨ , ਣ ਦਾ ਕਾਫੀਆ ਨਹੀਂ ਬੰਨਿਆ ਜਾਂਦਾ ਹੈ ਜਿਵੇਂ: ਪਹਿਚਾਣ-ਜਾਨ
4. ਬੇਲੋੜੀ ਨਾਸਿਕਤਾ
ਨ ਜਾਂ ਣ ਤੋਂ ਪਹਿਲਾਂ ਜਾਂ ਮਗਰੋਂ ਆਉਣ ਵਾਲੇ ਸਵਰ(ਲਗ, ਮਾਤਰਾ) ਬਦੋ-ਬਦੀ ਨਾਸਿਕੀ ਹੁੰਦੀ ਹੈ ਜੋ ਬਾਲੋੜੀ ਹੈ: ਜਿਵੇਂ-ਸ਼ਾਮ-ਸ਼ਾਂਮ, ਨਾਮ-ਨਾਂਮ, ਪਹਿਚਾਣ-ਪਹਿਚਾਂਣ, ਖਾਣਾ-ਖਾਂਣਾ
5. ਕਿਰਿਆ
ਨੋਟ- ਜਿਹੜੀਆਂ ਕਿਰਿਆਂਵਾਂ ਣ ਪਿਛੇਤਰ ਨਾਲ ਬਣਦੀਆਂ ਹਨ ਉਹਨਾਂ ਨੂੰ ਨ ਨਾਲ ਨਹੀਂ ਲ਼ਿਖਿਆ ਜਾਂਦਾ ਹੈ: ਜਿਵੇਂ- ਆਉਣਾ-ਆਉਨਾ, ਜਾਣਾ-ਜਾਨਾ
6. ਨ ਤੋਂ ਪਹਿਲਾਂ ਆਉਣ ਵਾਲਾ ਅੱਖਰ
ਨ ਤੋਂ ਪਹਿਲਾਂ ਆਉਣ ਵਾਲੇ ਅੱਖਰ ਉੱਤੇ ਟਿੱਪੀ ਲੱਗਦੀ ਹੈ: ਜਿਵੇਂ- ਕੰਨ, ਮੰਨ, ਬੰਨ੍ਹ
7. ਨ ਦੇ ਪੈਰ ਵਿੱਚ ਹਾਹਾ
ਜੇਕਰ ਨ ਦੇ ਪੈਰ ਵਿੱਚ ਹ ਹੋਵੇ ਤਾਂ aੇਸਤੋਂ ਪਹਿਲਾਂ ਦੀਰਘ ਮਾਤਰਾ ਵਾਲਾ ਸ਼ਬਦ ਹੋਵੇ ਤਾਂ ਇਹ ਨੀਵੀਂ ਸੁਟ ਨੂੰ ਅੰਕਿਤ ਕਰਦਾ ਹੈ –ਜਿਵੇਂ-ਬੰਨ੍ਹ
8. ਨ ਵਾਲੇ ਸ਼ਬਦ ਦਾ ਪਿਛੇਤਰ
ਨ ਵਾਲੇ ਸ਼ਬਦ ਦਾ ਪਿਛੇਤਰ ਵੀ ਨਾਸਿਕ ਹੁੰਦ ਹੈ: ਜਿਵੇਂ-ਨਾਂ-ਨਾਂਵਾਂ, ਜਾਨ-ਜਾਂਨਾਂ
9. ਨ,ਣ ਦਾ ਉਚਾਰਨ ਢੰਗ
ਨ ਦੰਤੀ ਧੁਨੀ ਹੈ (ਜੀਭ ਦੰਦਾਂ ਥੱਲੇ ਆਉਂਦੀ ਹੈ): ਜਿਵੇਂ-ਮਾਨ 2. ਣ ਉਲਟ ਜੀਭੀ ਧੁਨੀ ਹੈ( ਜੀਭ ਉਲਟੀ ਹੋ ਕੇ ਤਾਲੂਏ ਨੂੰ ਲੱਗਦੀ ਹੈ): ਜਿਵੇਂ -ਕਣਕ, ਕਿਣਕਾ
10. ਸ਼ਬਦ ਦੀ ਸ਼ੁਰੂਆਤ
ਣ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਹੈ: 2. ਣ ਕਦੇ ਵੀ ਕਿਸੇ ਸ਼ਦਬ ਵਿੱਚ ਦੁੱਤ ਰੂਪ ਵਿੱਚ ਨਹੀਂ ਆ ਸਕਦਾ( ਪੈਰ ਵਿੱਚ ਨਹੀਂ ਪੈ ਸਕਦਾ ਹੈ)
11. ਮੁਹਾਵਰਾ ਤੇ ਕਹਾਵਤ
ਜੇਕਰ ਮਗਰ ਨ, ਣ ਹੋਵੇ ਤਾਂ ਉਹ ਮੁਹਾਵਾਰ ਹੁੰਦਾ ਹੈ ਜਿਸਦੇ ਮਗਰ ਨ, ਣ ਨਾ ਹੋਵੇ ਉਹ ਕਹਾਵਤ ਹੁੰਦੀ ਹੈ। ਜਿਵੇਂ-ਉਂਗਲ ਕਰਨੀ , ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ
12. ਸ਼ੇਅਰ ਦੀ ਤਕਤੀਹ ਕਰਨ ਵੇਲੇ
ਜੇਕਰ ਤੁਕ ਦੇ ਵਿੱਚ ਨੀ ਹੋਵੇ ਤਾਂ ਤਕਤੀਹ ਕਰਨ ਵੇਲੇ ਨਿ ਬਣ ਜਾਂਦਾ ਹੈ ਇਸ ਤਰਾਂ ਨੂੰ-ਨ, ਨੇ-ਨਿ, ਨਾ-ਨ, ਣੀ-ਣਿ( ਪਾਣੀਆਂ-ਪਾਣਿਆ)
ਉਦਾਹਰਨ-ਨਾ ਸਾਂਭੀ ਗਈ ਮਹਿਕ ਅਪਣੀ, ਇਹੋ ਦੋਸ਼ ਸੀ ਬਸ ਕਲੀ ਦਾ, ਤਕਤੀਹ-ਬ ਸਾਂਭੀ =ਗਈ ਮਹਿ=ਕ ਅਪਣੀ, ਇਹੋ ਦੋ=ਸ਼ ਸੀ ਬਸ=ਕਲੀ ਦਾ
ਰਾਮਪ੍ਰੀਤ ਸਿੰਘ ਲੰਗੇਆਣਾ ਨਵਾਂ
ਮੋਬਾਇਲ: 80549-07585
———————————————————————————————
ਪੰਜਾਬੀ ਟੱਪਿਆਂ ਦੇ ਸਰਤਾਜ ਬਾਲੋ ਮਾਹੀਆ
ਪਰਮਜੀਤ ਕੌਰ ਸਰਹਿੰਦ, ਸੰਪਰਕ: 98728-98599
ਬਾਲੋ ਮਾਹੀਆ ਦੇ ਟੱਪੇ ਲੰਮੇ ਅਰਸੇ ਤੋਂ ਸਾਡੇ ਮਨਾਂ ਵਿੱਚ ਲੋਕ ਗੀਤਾਂ ਵਾਂਗ ਵੱਸੇ ਹੋਏ ਹਨ। ਅੱਜ ਵੀ ਵਿਆਹ ਸ਼ਾਦੀ ਸਮੇਂ ਔਰਤਾਂ ਢੋਲਕੀ ਜਾਂ ਘੜੇ ‘ਤੇ ਇਹ ਟੱਪੇ ਜਾਂ ਮਾਹੀਆ ਗਾਉਂਦੀਆਂ ਹਨ। ਕਈ ਵਾਰ ਕੋਈ ਹਾਲੀ ਪਾਲੀ ਵੀ ਵਜ਼ਦ ਆਇਆ ਕੰਮ ਕਰਦਿਆਂ ਗਾਉਂਦਾ ਹੈ :
ਕੋਠੇ ਤੋਂ ਉੱਡ ਕਾਵਾਂ,
ਸੱਦ ਪਟਵਾਰੀ ਨੂੰ,
ਜਿੰਦ ਮਾਹੀਏ ਦੇ ਨਾ ਲਾਵਾਂ।
ਅੱਜ ਦਾ ਦੌਰ ਗ਼ਜ਼ਲ, ਨਜ਼ਮ, ਰੁਬਾਈ, ਖੁੱਲ•ੀ ਕਵਿਤਾ ਜਾਂ ਲਘੂ ਕਵਿਤਾ ਦਾ ਦੌਰ ਹੈ। ਟੱਪੇ ਤੇ ਮਾਹੀਏ ਨੂੰ ਲੋਕ ਵਿਸਾਰਦੇ ਜਾ ਰਹੇ ਹਨ ਪਰ ਇਹ ਸਾਡੇ ਸੱਭਿਆਚਾਰ ਦੀ ਕਾਵਿ ਕਲਾ ਦਾ ਉੱਤਮ ਨਮੂਨਾ ਹੈ। ਅੱਜ ਕੱਲ• ਟੱਪੇ ਪੜ•ਨ ਲਿਖਣ ਦਾ ਰੁਝਾਨ ਨਹੀਂ ਰਿਹਾ। ਅਸੀਂ ਟੱਪਿਆਂ ਜਾਂ ਬਾਲੋ ਮਾਹੀਏ ਨੂੰ ਆਮ ਤੌਰ ‘ਤੇ ਲੋਕ ਗੀਤਾਂ ਦੀ ਲੜੀ ਵਿੱਚੋਂ ਹੀ ਸਮਝ ਲੈਂਦੇ ਹਾਂ, ਉਂਜ ਹੈ ਤਾਂ ਇਹ ਵੀ ਲੋਕ-ਮਨਾਂ ਦੀ ਹੀ ਆਵਾਜ਼, ਪਰ ਇਸ ਨੂੰ ਅਮਰ ਕਰਨ ਵਾਲਾ ਮੁਹੰਮਦ ਅਲੀ ਨਾਂ ਦਾ ਇੱਕ ਕਸ਼ਮੀਰੀ ਮੁੰਡਾ ਸੀ ਜੋ ਬਾਅਦ ਵਿੱਚ ‘ਮਾਹੀਆ’ ਨਾਂ ਨਾਲ ਪ੍ਰਸਿੱਧ ਹੋਇਆ। ਆਮ ਤੌਰ ‘ਤੇ ਮਾਹੀਏ ਨੂੰ ਟੱਪੇ ਜਾਂ ਟੱਪਿਆਂ ਨੂੰ ਮਾਹੀਆ ਵੀ ਕਹਿ ਲਿਆ ਜਾਂਦਾ ਹੈ। ਅਸਲ ਵਿੱਚ ਡੇਢ ਕੁ ਸਤਰ ਦੀ ਕਾਵਿ-ਸ਼ੈਲੀ, ਜੋ ਮਿਲਦੇ-ਜੁਲਦੇ ਕਾਫ਼ੀਆ ਰਦੀਫ਼ ਵਾਲੀ ਹੁੰਦੀ ਹੈ, ਮਾਹੀਆ ਸ਼ਬਦ ਸਦਕਾ ਹੀ ‘ਮਾਹੀਆ’ ਆਖੀ ਜਾਂਦੀ ਹੈ। ਪਹਿਲੀ ਅੱਧੀ ਤੇ ਦੂਜੀ ਪੂਰੀ ਸਤਰ ਦਾ ਕਾਫ਼ੀਆ ਰਦੀਫ਼ ਮਿਲਦਾ ਜੁਲਦਾ ਹੁੰਦਾ ਹੈ। ਜਿਸ ਟੱਪੇ ਵਿੱਚ ਮਾਹੀਆ ਲਫ਼ਜ਼ ਵਰਤਿਆ ਜਾਂਦਾ ਹੈ, ਉਸ ਨੂੰ ਅਸੀਂ ਮਾਹੀਆ ਕਹਿ ਲੈਂਦੇ ਹਾਂ। ਅਸਲ ਵਿੱਚ ਹੁੰਦਾ, ਉਹ ਵੀ ਟੱਪਾ ਹੀ ਹੈ। ਇਸ ਦੀ ਸੁਰਤਾਲ ਵੀ ਇੱਕੋ ਹੁੰਦੀ ਹੈ। ਮਾਹੀਏ ਅਤੇ ਟੱਪੇ ਵਿੱਚ ਇੱਕ ਅੰਤਰ ਦੇਖਣ ਨੂੰ ਮਿਲਦਾ ਹੈ, ਉਹ ਹੈ ਮਾਹੀਏ ਦਾ ਵਿਸ਼ਾ ਇੱਕ ਹੁੰਦਾ ਹੈ ਅਤੇ ਉਸ ਵਿੱਚ ਹਰ ਗੱਲ ਮਾਹੀਏ ਨੂੰ ਸੰਬੋਧਨ ਹੁੰਦੀ ਹੈ ਜਾਂ ਮਾਹੀਏ ਬਾਰੇ ਹੁੰਦੀ ਹੈ। ਟੱਪਿਆਂ ਵਿੱਚ ਇਹ ਗੱਲ ਜ਼ਰੂਰੀ ਨਹੀਂ ਹੁੰਦੀ। ਕਈ ਵਾਰ ਕੋਈ ਮਾਹੀਆ ਰਦੀਫ਼ ਬਣਾ ਕੇ ਗੀਤ ਵੀ ਬਣਾ ਲੈਂਦਾ ਹੈ। ਮਾਹੀਏ ਦਾ ਇੱਕ ਰੂਪ ਪੇਸ਼ ਹੈ –
ਕੋਠੇ ‘ਤੇ ਖਲੋ ਮਾਹੀਆ,
ਚੰਨ ਭਾਵੇਂ ਚੜ•ੇ ਨਾ ਚੜ•ੇ,
ਸਾਨੂੰ ਤੇਰੀ ਲੋ ਮਾਹੀਆ।
ਇਸੇ ਤਰ•ਾਂ ਟੱਪੇ ਵੀ ਡੇਢ ਕੁ ਸਤਰ ਅਤੇ ਇਸੇ ਸੁਰਤਾਲ ਦੇ ਹੁੰਦੇ ਹਨ –
ਸੋਨੇ ਦਿਆ ਵੇ ਕੰਗਣਾ,
ਸੱਜਣਾ ਨੇ ਬੂਹਾ ਢੋਅ ਲਿਆ,
ਹੁਣ ਗਲੀ ਵਿੱਚੋਂ ਕੀ ਲੰਘਣਾ।
ਕੁਝ ਸਮਾਂ ਪਹਿਲਾਂ ਕਿਸੇ ਅਖ਼ਬਾਰ ਨੇ ਲਿਖਿਆ ਸੀ ਕਿ ਬਾਲੋ ਮਾਹੀਆ ਕੋਈ ਹੈ ਹੀ ਨਹੀਂ ਸਨ, ਜਦੋਂਕਿ ਸ੍ਰੀ ਹਰਨੇਕ ਸਿੰਘ ਘੜੂੰਆਂ (ਸਾਬਕਾ ਮੰਤਰੀ ਪੰਜਾਬ) ਨੇ ਇੱਕ ਲੇਖ ਵਿੱਚ ਬਾਲੋ ਮਾਹੀਏ ਬਾਰੇ ਲਿਖਿਆ ਸੀ। ਉਨ•ਾਂ ਨੇ ਆਪਣੀ ਜਗਿਆਸਾ ਅਧੀਨ ਜ਼ਫ਼ਰ ਜਾਲ਼ ਕੇ ਪਾਕਿਸਤਾਨ ਦੇ ਗੇੜੇ ਮਾਰ ਮਾਰ ਕੇ ਬਾਲੋ-ਮਾਹੀਏ ਨੂੰ ਲੱਭਿਆ। ਜੇ ਘੜੂੰਆਂ ਸਾਹਿਬ ਇਹ ਉੱਦਮ ਨਾ ਕਰਦੇ, ਇਸ ਵਿਲੱਖਣ ਸ਼ੈਲੀ ਦੇ ਰਚਨਹਾਰਿਆਂ ਨੇ ਸਮੇਂ ਦੀ ਧੂੜ ਵਿੱਚ ਦਬ ਕੇ ਰਹਿ ਜਾਣਾ ਸੀ। ਸਮਾਂ ਪਾ ਕੇ ਇਹ ਬਾਲੋ ਮਾਹੀਆ ਨਹੀਂ, ਕੇਵਲ ਟੱਪੇ ਜਾਂ ਮਾਹੀਆ ਹੀ ਰਹਿ ਜਾਣੇ ਸਨ ਕਿਉਂਕਿ ਸਾਡੀ ਪੰਜਾਬੀ ਬੋਲੀ ਵਿੱਚ ਮਾਹੀ ਜਾਂ ਮਾਹੀਆ ਸ਼ਬਦ ਪਤੀ ਲਈ ਵਰਤਿਆ ਜਾਂਦਾ ਹੈ ਜਾਂ ਕਿਸੇ ਮਨ ਦੇ ਮੀਤ ਲਈ ਕੋਈ ਦਿਲਜਲੀ, ਜੋ ਸਮਾਜ ਦੇ ਡਰੋਂ ਆਪਣੇ ਪ੍ਰੇਮੀ ਨੂੰ ਨਹੀਂ ਮਿਲ ਸਕਦੀ, ਉਹ ਕਹਿੰਦੀ ਹੈ-
ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਲੰਘ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ।
ਬਾਲੋ ਗੁਜਰਾਤ ਸ਼ਹਿਰ ਦੀ ਜੰਮਪਲ ਬੜੇ ਅਮੀਰ ਘਰਾਣੇ ਦੀ ਧੀ ਸੀ। ਉਨ•ਾਂ ਸਮਿਆਂ ਵਿੱਚ ਉਸ ਨੂੰ ਸਕੂਲ ਪੜ•ਨ ਲਾਇਆ ਹੋਇਆ ਸੀ, ਜਦੋਂ ਉਸ ਬਰਾਦਰੀ ਦੇ ਲੋਕ ਧੀਆਂ ਭੈਣਾਂ ਨੂੰ ਸੱਤ ਪਰਦਿਆਂ ਵਿੱਚ ਕੱਜ ਕੱਜ ਕੇ ਰੱਖਦੇ ਸਨ। ਉਹ ਟਾਂਗੇ ‘ਤੇ ਸਕੂਲ ਜਾਂਦੀ ਸੀ। ਮਾਹੀਆ ਗੁਰਬਤ ਦਾ ਸਤਾਇਆ ਕਸ਼ਮੀਰੀ ਲੜਕਾ ਸੀ ਜੋ ਰੋਜ਼ੀ ਰੋਟੀ ਦੀ ਭਾਲ ਵਿੱਚ ਗੁਜਰਾਤ ਆਇਆ ਸੀ ਅਤੇ ਕਿਸੇ ਤੰਦੂਰ ਵਾਲੇ ਕੋਲ ਕੰਮ ਕਰਦਾ ਸੀ। ਕੰਮ ਕਰਦਿਆਂ ਮਾਹੀਆ ਟੱਪੇ ਗਾਉਂਦਾ ਰਹਿੰਦਾ। ਉਹਦੀ ਮਿੱਠੀ ਆਵਾਜ਼ ਰਾਹਗੀਰਾਂ ਨੂੰ ਰੋਕ ਲੈਂਦੀ। ਤੰਦੂਰ ਵਾਲ਼ੇ ਦਾ ਕੰਮ ਵਾਹਵਾ ਚੱਲ ਰਿਹਾ ਸੀ। ਮਾਹੀਏ ਦੁਆਲੇ ਪ੍ਰਸ਼ੰਸਕਾਂ ਦੀ ਭੀੜ ਜੁੜੀ ਰਹਿੰਦੀ। ਇਨ•ਾਂ ਮਜਲਿਸਾਂ ਤੋਂ ਮਾਲਕ ਔਖਾ ਹੋ ਜਾਂਦਾ। ਇਨ•ਾਂ ਪ੍ਰਸ਼ੰਸਕਾਂ ਵਿੱਚ ਟਾਂਗੇ ਵਾਲੇ ਬਹੁਤੇ ਹੁੰਦੇ। ਅਖ਼ੀਰ ਇੱਕ ਦਿਨ ਤੰਦੂਰ ਵਾਲੇ ਨੇ ਮਾਹੀਏ ਨੂੰ ਕੰਮ ਤੋਂ ਹਟਾ ਦਿੱਤਾ। ਉਹ ਘੋਰ ਨਿਰਾਸ਼ਾ ਦੇ ਆਲਮ ਵਿੱਚ ਟਾਂਗੇ ਵਾਲੇ ਦੋਸਤਾਂ ਕੋਲ ਜਾ ਬਹਿੰਦਾ। ਉਸ ਦੀ ਅਵਾਜ਼ ਦੇ ਮੋਹੇ ਉਹਦੇ ਮਿੱਤਰ-ਪਿਆਰਿਆਂ ਨੇ ਪੈਸੇ ਇਕੱਠੇ ਕਰਕੇ ਉਸ ਨੂੰ ਟਾਂਗਾ ਲੈ ਦਿੱਤਾ। ਇੱਕ ਲੋਹੜੇ ਦਾ ਰੂਪ ਦੂਜੀ ਸੁਰੀਲੀ ਆਵਾਜ਼, ਉਹਦਾ ਟਾਂਗਾ ਦਿਨਾਂ ਵਿੱਚ ਮਸ਼ਹੂਰ ਹੋ ਗਿਆ।
ਇੱਕ ਘਰ ਕੋਲੋਂ ਲੰਘਦਿਆਂ ਉਸ ਨੂੰ ਕਿਸੇ ਲੜਕੀ ਦੇ ਕੁਝ ਗੁਣਗੁਣਾਉਣ ਦੀ ਬੜੀ ਹੀ ਸੁਰੀਲੀ ਅਵਾਜ਼ ਸੁਣਾਈ ਦਿੰਦੀ। ਇਤਫ਼ਾਕਵੱਸ ਇੱਕ ਦਿਨ ਘਰਦੇ ਮਾਲਕਾਂ ਨੇ ਉਸ ਕੁੜੀ ਨੂੰ ਸਕੂਲ ਜਾਣ ਲਈ ਮਾਹੀਏ ਦੇ ਟਾਂਗੇ ਵਿੱਚ ਬਿਠਾਇਆ। ਇਹ ਇਕਬਾਲ ਬਾਨੋ ਸੀ ਜੋ ਬਾਅਦ ਵਿੱਚ ‘ਬਾਲੋ’ ਬਣ ਗਈ। ਬਾਲੋ ਨੇ ਮਾਹੀਏ ਨੂੰ ਪੈਸੇ ਦੇਣੇ ਚਾਹੇ ਪਰ ਉਸ ਨੇ ਇਨਕਾਰ ਕਰ ਦਿੱਤਾ। ਸਾਰਾ ਦਿਨ ਮਾਹੀਆ ਸਕੂਲ ਦੇ ਨੇੜੇ ਘੁੰਮਦਾ ਰਿਹਾ, ਮਤੇ ਬਾਲੋ ਕਿਸੇ ਹੋਰ ਟਾਂਗੇ ‘ਤੇ ਵਾਪਸ ਘਰ ਨਾ ਚਲੀ ਜਾਵੇ। ਵਾਪਸੀ ‘ਤੇ ਵੀ ਉਹ ਮਾਹੀਏ ਦੇ ਟਾਂਗੇ ਵਿੱਚ ਹੀ ਘਰ ਗਈ। ਬਾਲੋ ਦੇ ਮਾਪਿਆਂ ਬਾਲੋ ਨੂੰ ਸਕੂਲ ਛੱਡਣ ਤੇ ਲਿਆਉਣ ਲਈ ਮਾਹੀਏ ਦਾ ਟਾਂਗਾ ਪੱਕਾ ਹੀ ਲਾ ਲਿਆ। ਮਾਹੀਆ ਆਉਂਦਾ ਜਾਂਦਾ ਟੱਪੇ ਗਾਉਂਦਾ ਤੇ ਬਾਲੋ ਉਸ ‘ਤੇ ਕੁਰਬਾਨ ਹੋ-ਹੋ ਜਾਂਦੀ। ਬਾਲੋ ਬੁਰਕੇ ਵਿੱਚ ਛੁਪੀ ਹੁੰਦੀ ਪਰ ਉਸ ਦੀ ਖ਼ੂਬਸੂਰਤੀ ਦੀ ਝਲਕ ਉਸ ਦੇ ਗੋਰੇ ਚਿੱਟੇ ਹੱਥਾਂ ਪੈਰਾਂ ਤੋਂ ਝਲਕਦੀ ਰਹਿੰਦੀ। ਉਹ ਕਦੇ ਦੋ ਬੋਲ ਵੀ ਸਾਂਝੇ ਕਰ ਲੈਂਦੇ। ਕਿਹਾ ਜਾਂਦਾ ਹੈ, ਇਸ਼ਕ-ਮੁਸ਼ਕ ਛੁਪਾਇਆ ਨਹੀਂ ਛੁਪਦਾ। ਸੋ, ਉਨ•ਾਂ ਦੇ ਦਿਲਾਂ ਵਿੱਚ ਮੁਹੱਬਤ ਦਾ ਧੂੰਆਂ ਉੱਠਣ ਲੱਗਾ ਜਾਂ ਰੂਹ ਵਿੱਚ ਪ੍ਰੇਮ ਦੀ ਕਸਤੂਰੀ ਮਹਿਕਣ ਲੱਗੀ। ਇਸ ਸੱਚੇ-ਸੁੱਚੇ ਇਸ਼ਕ ਦੀ ਮੁਸ਼ਕ ਵੀ ਗਲੀਆਂ ਵਿੱਚ ਫੈਲਦੀ ਹੋਈ ਬਾਲੋ ਦੇ ਘਰ ਫੈਲ ਗਈ, ਪਰ ਉਹ ਮੁਸ਼ਕ ਘਰ ਵਿੱਚ ਮਹਿਕੀ ਨਹੀਂ ਬਲਕਿ ਕੌੜਾ ਧੂੰਆਂ ਹੋ ਕੇ ਫੈਲ ਗਈ, ਜਿਸ ਨਾਲ ਬਾਲੋ ਦਾ ਪ੍ਰੇਮ ਭਰਿਆ ਦਿਲ ਘੁੱਟ ਕੇ ਰਹਿ ਗਿਆ। ਬਾਲੋ ਦਾ ਸਕੂਲ ਜਾਣਾ ਬੰਦ ਕਰ ਦਿੱਤਾ ਗਿਆ। ਮਾਹੀਏ ‘ਤੇ ਸਖ਼ਤ ਨਜ਼ਰ ਰੱਖੀ ਜਾਣ ਲੱਗੀ। ਉਸ ਨੂੰ ਨੂੰ ਬਾਲੋ ਦੇ ਘਰ ਦੇ ਨੇੜੇ ਨਾ ਫਟਕਣ ਦਿੱਤਾ ਜਾਂਦਾ। ਬਾਲੋ ਦੇ ਮਾਪਿਆਂ ਮਾਹੀਏ ਦੀ ਬਹੁਤ ਕੁੱਟਮਾਰ ਕੀਤੀ। ਉਹ ਨਿਰਾਸ਼ਾ ਦੇ ਆਲਮ ਵਿੱਚ ਘਿਰਿਆ ਆਪਣੇ ਕਮਰੇ ਵਿੱਚ ਲੰਮਾ ਪਿਆ ਹਿਜ਼ਰ ਦੀ ਅੱਗ ‘ਚ ਸੜਦਾ ਰਹਿੰਦਾ। ਉਸ ਟਾਂਗਾ ਵੀ ਕਿਸੇ ਦੋਸਤ ਦੇ ਹਵਾਲੇ ਕਰ ਦਿੱਤਾ। ਬਾਲੋ ਦਾ ਵੀ ਇਹੋ ਹਾਲ ਸੀ।
ਅਖ਼ੀਰ ਇੱਕ ਦਿਨ ਬਾਲੋ ਆਪਣੇ ਮਾਹੀਏ ਦੇ ਪ੍ਰੇਮ ਦੀ ਖਿੱਚੀ ਕਿਸੇ ਤਰ•ਾਂ ਘਰੋਂ ਚਲੀ ਗਈ ਅਤੇ ਮਾਹੀਏ ਨਾਲ ਵਿਆਹ ਕਰਵਾ ਲਿਆ। ਬਾਲੋ ਦਾ ਘਰੋਂ ਭੱਜ ਜਾਣਾ ਮਾਪਿਆਂ ਲਈ ਬਹੁਤ ਵੱਡੀ ਚਣੌਤੀ ਸੀ ਅਤੇ ਇੱਜ਼ਤ ‘ਤੇ ਧੱਬਾ ਵੀ, ਕਿਉਂਕਿ ਸਮਾਜ ਇਨ•ਾਂ ਰੂਹ ਦੇ ਰਿਸ਼ਤਿਆਂ ਨੂੰ ਨਹੀਂ, ਧਨ ਦੌਲਤ ਤੇ ਮਹਿਲ-ਮਾੜੀਆਂ ਨੂੰ ਪਹਿਲ ਦਿੰਦਾ ਹੈ। ਬਾਲੋ, ਅਮੀਰਾਂ ਦੀ ਧੀ ਸੀ ਤੇ ਮਾਹੀਆ, ਇੱਕ ਮਿਹਨਤਕਸ਼ ਇਨਸਾਨ। ਤਕੜਿਆਂ ਤਾਕਤ ਦੇ ਜ਼ੋਰ ਬਾਲੋ ਮਾਹੀਏ ਨੂੰ ਫਿਰ ਕਾਬੂ ਕਰ ਲਿਆ। ਬਾਲੋ ਨੂੰ ਫਿਰ ਘਰ ਵਿੱਚ ਬੰਦ ਕਰ ਦਿੱਤਾ ਅਤੇ ਮਾਹੀਏ ਦੀ ਮਾਰ ਕੁਟਾਈ ਕਰਕੇ ਪੁਲੀਸ ਨੂੰ ਦੇ ਦਿੱਤਾ ਤੇ ਫਿਰ ਜੇਲ• ਵਿੱਚ ਬੰਦ ਕਰਵਾ ਦਿੱਤਾ। ਮਾਹੀਏ ਦੇ ਮਿੱਤਰ-ਪਿਆਰਿਆਂ ਸਿਰਤੋੜ ਯਤਨ ਕੀਤੇ ਪਰ ਕੇਸ ਚੱਲਣ ਲੱਗਿਆ ਅਤੇ ਪੇਸ਼ੀਆਂ ਪੈਣ ਲੱਗੀਆਂ। ਬਾਲੋ ਜ਼ੋਰਾਵਰ ਮਾਪਿਆਂ ਨਾਲ ਪੇਸ਼ੀ ‘ਤੇ ਆਉਂਦੀ, ਪਿੰਜਰੇ ਪਈ ਬੁਲਬੁਲ ਵਾਂਗ। ਮਾਹੀਏ ਦੇ ਟਾਂਗੇ ਵਾਲੇ ਦੋਸਤ ਅਤੇ ਉਸ ਦੀ ਸੁਰੀਲੀ ਆਵਾਜ਼ ਦੇ ਕਦਰਦਾਨ ਇਕੱਠੇ ਹੋ ਕੇ ਪੇਸ਼ੀ ‘ਤੇ ਆਉਂਦੇ। ਉੱਥੇ ਬੜਾ ਇਕੱਠ ਹੋ ਜਾਂਦਾ। ਮਾਹੀਏ ਨੂੰ ਜੇ ਵਕੀਲ ਵੱਲੋਂ ਕੋਈ ਸਵਾਲ ਕੀਤਾ ਜਾਂਦਾ ਤਾਂ ਉਹ ਟੱਪਾ ਗਾ ਕੇ ਹੀ ਜਵਾਬ ਦਿੰਦਾ। ਪੇਸ਼ੀ ਨੂੰ ‘ਤਰੀਕ’ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ। ਇਹ ਮਸ਼ਹੂਰ ਟੱਪੇ ਮਾਹੀਆ ਪੇਸ਼ੀ ਸਮੇਂ ਗਾਉਂਦਾ –
ਗੱਡੀ ਚੱਲਦੀ ਏ ਲੀਕਾਂ ‘ਤੇ
ਅੱਗੇ ਬਾਲੋ ਨਿੱਤ ਮਿਲਦੀ,
ਹੁਣ ਮਿਲਦੀ ਤਰੀਕਾਂ ‘ਤੇ।
ਗੱਡੀ ਚੱਲਦੀ ਏ ਤਾਰਾਂ ‘ਤੇ
ਅੱਗੇ ਮਾਹੀਆ ਨਿੱਤ ਮਿਲਦਾ,
ਹੁਣ ਮਿਲਦਾ ਕਰਾਰਾਂ ‘ਤੇ।
ਕਿਹਾ ਜਾਂਦਾ ਹੈ ਇੱਥੋ ਹੀ ਇਕਬਾਲ ਬਾਨੋ ‘ਬਾਲੋ’ ਬਣ ਗਈ ਤੇ ਮੁਹੰਮਦ ਅਲੀ ‘ਮਾਹੀਆ’ ਬਣ ਗਿਆ। ਉਸ ਸਮੇਂ ਇੱਕ ਨਾਮਵਾਰ ਸ਼ਾਇਰ ਹੋਇਆ ਜੋ ਸੱਚ ਬੋਲਣ ਅਤੇ ਸੱਚ ਨਾਲ ਖੜਨ ਕਰਕੇ ਕਈ ਵਾਰ ਜੇਲ ਵੀ ਗਿਆ। ਉਸਤਾਦ ਅਮਾਮਦੀਨ ਨਾਂ ਦੇ ਉਸ ਸ਼ਾਇਰ ਨੂੰ ਜਦੋਂ ਬਾਲੋ ਮਾਹੀਏ ਨਾਲ ਹੋਈ ਵਧੀਕੀ ਦਾ ਪਤਾ ਲੱਗਿਆ ਤਾਂ ਉਹ ਉਨ•ਾਂ ਦੇ ਹੱਕ ਵਿੱਚ ਜਾ ਖੜੋਤਾ। ਉਹ ਹਰ ਪੇਸ਼ੀ ‘ਤੇ ਆਉਂਦਾ ਅਤੇ ਟੱਪਿਆਂ ਵਿੱਚ ਬਾਲੋ ਮਾਹੀਏ ਦੀ ਮਨੋਦਸ਼ਾ ਬਿਆਨ ਕਰਦਾ ਤੇ ਵਕੀਲਾਂ ਨੂੰ ਵੀ ਸਵਾਲ ਜਵਾਬ ਲਈ ਟੱਪੇ ਲਿਖ ਕੇ ਦਿੰਦਾ। ਵੰਨਗੀ ਵਜੋਂ ਦੋ ਟੱਪੇ ਪੇਸ਼ ਹਨ:-
ਹਾਰ ਦੀਆਂ ਤਿੰਨ ਲੜੀਆਂ,
ਤੇਰਾ ਪਿੱਛਾ ਨਹੀਂ ਛੱਡਣਾ,
ਭਾਵੇਂ ਲੱਗ ਜਾਣ ਹੱਥਕੜੀਆਂ।
ਦੁੱਖ ਸਾਰੇ ਜਰ ਜਾਂਗੇ।
ਤੇਰੇ ਬਿਨਾਂ ਬਾਲੋ ਮੇਰੀਏ,
ਅਸੀਂ ਜਿਊਂਦੇ ਈ ਮਰ ਜਾਂਗੇ।
ਕਾਫ਼ੀ ਦੇਰ ਮੁਕੱਦਮਾ ਚੱਲਿਆ ਤੇ ਅਖ਼ੀਰ ਉਨ•ਾਂ ਬਿਰਹੋਂ ਕੁੱਠੇ ਪ੍ਰੇਮੀ ਜਿਊੜਿਆਂ ਦੀ ਹੂਕ ਰੱਬ ਦੀ ਦਰਗਾਹ ਵਿੱਚ ਸੁਣੀ ਗਈ ਅਤੇ ਫ਼ੈਸਲਾ ਉਨ•ਾਂ ਦੇ ਹੱਕ ਵਿੱਚ ਹੋਇਆ। ਕਚਹਿਰੀ ਵਿੱਚੋਂ ਹੀ ਬਾਲੋ ਮਾਹੀਆ ਟਾਂਗੇ ‘ਤੇ ਬੈਠ ਕੇ ਟੱਪੇ ਗਾਉਂਦੇ ਮਾਹੀਏ ਦੇ ਘਰ ਪੁੱਜ ਗਏ। ਬਾਲੋ ਦੇ ਮਾਪਿਆਂ ਤੋਂ ਉਨ•ਾਂ ਦਾ ਮਿਲਾਪ ਬਰਦਾਸ਼ਤ ਨਹੀਂ ਸੀ ਹੋ ਰਿਹਾ ਅਤੇ ਉਹ ਸਮੇਂ ਸਮੇਂ ਉਨ•ਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ। ਅਖੀਰ ਉਹ ਗੁਜਰਾਤ ਸ਼ਹਿਰ ਛੱਡ ਕੇ ਲਾਹੌਰ ਜਾ ਵੱਸੇ। ਰੋਜ਼ੀ ਰੋਟੀ ਲਈ ਮਾਹੀਆ ਟਾਂਗਾ ਚਲਾਉਂਦਾ ਤੇ ਬਾਲੋ ਨੇ ਸਟੇਜ ‘ਤੇ ਛੋਟੇ-ਮੋਟੇ ਰੋਲ ਕਰਨੇ ਸ਼ੁਰੂ ਕਰ ਦਿੱਤੇ। ਵਧੀਆ ਅਦਾਕਾਰੀ ਅਤੇ ਖ਼ੂਬਸੂਰਤੀ ਦੀ ਬਦੌਲਤ ਉਸ ਨੂੰ ‘ਹੀਰ ਸਿਆਲ’ ਫ਼ਿਲਮ ਵਿੱਚ ਹੀਰ ਦਾ ਰੋਲ ਮਿਲਿਆ। ਇਹ ਫ਼ਿਲਮ ਬਹੁਤ ਮਕਬੂਲ ਹੋਈ। ਬਾਲੋ ਨੂੰ ‘ਸੱਸੀ-ਪੁਨੂੰ’ ਫ਼ਿਲਮ ‘ਚ ਸੱਸੀ ਦੇ ਰੋਲ ਲਈ ਚੁਣਿਆ ਗਿਆ ਪਰ ਬਹੁਤ ਮਿਹਨਤ-ਮੁਸ਼ੱਕਤ ਅਤੇ ਪਹਿਲਾਂ ਹੰਢਾਏ ਦਰਦ-ਏ-ਦਿਲ ਨੇ ਉਸ ਦੀ ਸਿਹਤ ਖ਼ਰਾਬ ਕਰ ਦਿੱਤੀ ਸੀ। ਇਨ•ਾਂ ਹੀ ਦਿਨਾਂ ਵਿੱਚ ਬਾਲੋ ਨੇ ਇੱਕ ਖ਼ੂਬਸੂਰਤ ਬੱਚੀ ਨੂੰ ਜਨਮ ਦਿੱਤਾ। ਸੰਨ 1942 ਵਿੱਚ ਉਹ ਆਪਣੀ ਬੱਚੀ ਤੇ ਆਪਣੇ ਉਸ ਮਾਹੀਏ ਨੂੰ, ਜਿਸ ਲਈ ਉਸ ਨੇ ਬੜੀਆਂ ਦੁਸ਼ਵਾਰੀਆਂ ਤੇ ਰੁਸਵਾਈਆਂ ਝੱਲੀਆਂ ਸਨ, ਸਦਾ ਲਈ ਛੱਡ ਕੇ ਇਸ ਬੇਦਰਦ ਦੁਨੀਆਂ ਤੋਂ ਤੁਰ ਗਈ। ਇਸ ਸਦਮੇ ਨੇ ਮਾਹੀਏ ਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। ਉਹ ਨਿੱਕੀ ਬੱਚੀ ਨੂੰ ਆਪਣੀ ਮਾਂ ਕੋਲ ਗੁਜਰਾਤ ਛੱਡ ਆਇਆ ਅਤੇ ਬਾਲੋ ਦੇ ਵਿਛੋੜੇ ਵਿੱਚ ਦਿਨ-ਰਾਤ ਸ਼ਰਾਬ ਪੀਣ ਲੱਗਿਆ। ਉਹ ਦੀਵਾਨਾ ਹੋਇਆ ਗਲੀਆਂ ਵਿੱਚ ਇਹ ਟੱਪਾ ਗਾਉਂਦਾ ਫਿਰਦਾ:-
ਬਸ ਨੌਂ ਸੋ ਛਿਆਹਠ ਆਈ ,
ਉਦੋਂ ਅਸੀਂ ਉੱਜੜ ਗਏ,
ਜਦੋਂ ਵੱਸਣੇ ਦੀ ਜਾਚ ਆਈ।
ਮਾਹੀਆ ਥੋੜ•ਾ ਸੰਭਲਿਆ ਤਾਂ ਉਸ ਨੂੰ ਬਾਲੋ ਨੂੰ ਦਿੱਤਾ ਕੌਲ ਯਾਦ ਆਇਆ। ਉਸ ਨੇ ਆਪਣੀ ਧੀ ਨੂੰ ਵਾਪਸ ਲਾਹੌਰ ਲਿਆਂਦਾ ਅਤੇ ਬਾਲੋ ਦੇ ਕਹਿਣ ਅਨੁਸਾਰ ਉਸ ਨੂੰ ਚੰਗੀ ਤਾਲੀਮ ਦਿਵਾਈ। ਉਹ ਆਪਣੀ ਧੀ ਨੂੰ ਵਧੀਆ ਅਦਾਕਾਰਾ ਬਣਾਉਣਾ ਚਾਹੁੰਦੀ ਸੀ। ਜਵਾਨ ਹੋ ਕੇ ਬਾਲੋ ਮਾਹੀਏ ਦੀ ਬੱਚੀ ਮੁਖਤਿਆਰਾ ਤੋਂ ‘ਸਬੀਹਾ’ ਬਣ ਗਈ ਅਤੇ ਉੱਚ ਕੋਟੀ ਦੀ ਅਦਾਕਾਰਾ ਵੀ। ‘ਵਾਅਦਾ’ ਫ਼ਿਲਮ ਵਿੱਚ ਸਬੀਹਾ ਨੂੰ ‘ਸਰਬੋਤਮ ਕਲਾਕਾਰ’ ਦਾ ਇਨਾਮ ਮਿਲਿਆ। ਸਬੀਹਾ ਨੇ ‘ਦੁੱਲਾ ਭੱਟੀ’ ਫ਼ਿਲਮ ਵਿੱਚ ਵੀ ਕੰਮ ਕੀਤਾ। ਉਸ ਫ਼ਿਲਮ ਦਾ ਇੱਕ ਗੀਤ, ਲੋਕੀਂ ਅੱਜ ਵੀ ਯਾਦ ਕਰਦੇ ਹਨ-
ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ,
ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ…
ਬਾਲੋ ਦੇ ਵਿਛੋੜੇ ਦਾ ਸੱਲ਼ ਨਾ ਸਹਾਰਦਾ ਹੋਇਆ, ਮਾਹੀਆ ਵੀ ਕੇਵਲ 55 ਕੁ ਸਾਲ ਦੀ ਉਮਰ ਵਿੱਚ ਸੰਨ 1960 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਨ•ਾਂ ਦੀ ਧੀ ਸਬੀਹਾ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲੀ। ਐਨਾ ਹੀ ਪਤਾ ਚੱਲਿਆ ਕਿ ਉਸ ਨੇ ਕਿਸੇ ਸੰਤੌਸ਼ ਨਾਂ ਦੇ ਲੜਕੇ ਨਾਲ਼ ਵਿਆਹ ਕੀਤਾ ਅਤੇ ਫਿਰ ਅਮਰੀਕਾ ਜਾ ਵੱਸੀ। ਜੋ ਦਰਦ ਅਵੱਲੜੇ ਬਾਲੋ ਮਾਹੀਏ ਨੇ ਦਿਲਾਂ ‘ਤੇ ਹੰਢਾਏ, ਉਹ ਟੱਪਿਆਂ ਅਤੇ ਬਾਲੋ ਮਾਹੀਏ ਨੂੰ ਸਦਾ ਲਈ ਅਮਰ ਕਰ ਗਏ। ਉਨ•ਾਂ ਦੇ ਗਾਏ ਟੱਪੇ ਪੱਛਮੀ ਪੰਜਾਬੀ (ਪਾਕਿਸਤਾਨ) ਵਿੱਚ ਗਾਏ ਜਾਂਦੇ ਲੋਕ ਗੀਤਾਂ ਨਾਲੋਂ ਵੀ ਵੱਧ ਲੋਕਾਂ ਦੀ ਜ਼ੁਬਾਨ ‘ਤੇ ਚੜ• ਹੋਏ ਹਨ, ਜਿਨ•ਾਂ ਵਿੱਚੋਂ ਕੁਝ ਕੁ ਪਾਠਕਾਂ ਦੀ ਨਜ਼ਰ ਕਰ ਰਹੀ ਹਾਂ-
ਕਾਲੇ ਰੰਗ ਦੇ ਮਲੋਕ ਹੁੰਦੇ,
ਲੱਗੀਆਂ ਨਹੀਂ ਭੁੱਲਦੇ,
ਜਿਹੜੇ ਅਸਲੀ ਲੋਕ ਹੁੰਦੇ।
ਕੋਈ ਬੱਕਰਾ ਥਲ ਮੋਇਆ,
ਮਸਲਾ ਇਸ਼ਕੇ ਦਾ,
ਨਹੀਂ ਦੁਨੀਆਂ ਤੋਂ ਹੱਲ ਹੋਇਆ।
ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ।
ਹੱਟੀਆਂ ‘ਤੇ ਨੀਲ ਆਇਆ,
ਓਦੋਂ ਸਾਨੂੰ ਮਾਹੀ ਮਿਲਿਆ,
ਜਦੋਂ ਵਕਤ ਅਖ਼ੀਰ ਆਇਆ।
ਵਿੱਚ ਕਬਰ ਖ਼ਿਆਲ ਆਇਆ,
ਰੂਹ ਕੋਲੋਂ ਬੁੱਤ ਪੁੱਛਦਾ,
ਮਾਹੀ ਕਿੱਥੋਂ ਤੀਕ ਨਾਲ ਆਇਆ।
ਇਹ ਆਖਰੀ ਟੱਪਾ ਤਾਂ ਜਿਵੇਂ ਬਾਲੋ ਮਾਹੀਏ ਦੀ ਗੂੜ•ੀ ਮੁਹੱਬਤ ਅਤੇ ਵਿਛੋੜੇ ਵਿੱਚੋਂ ਨਿੱਕਲਿਆ ਹਉਕਾ ਹੈ, ਕੋਈ ਹੂਕ ਹੈ।
ਦੇ ਨੀ ਮਾਏ ਲੋਹੜੀ…
– ਪਰਮਜੀਤ ਕੌਰ ਸੋਢੀ 94786-58384
ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਲੋਹੜੀ ਦੇ ਤਿਉਹਾਰ ਲਈ ਆਪਣੇ ਸਾਰਿਆਂ ਦੇ ਦਿਲਾ ਵਿੱਚ ਇਸ ਤਿਉਹਾਰ ਲਈ ਬਹੁਤ ਹੀ ਚਾਅ ਅਤੇ ਉਤਸ਼ਾਹ ਬਣਿਆ ਹੁੰਦਾ ਹੈ ਕਿਉਕਿ ਇਹ ਤਿਉਹਾਰ ਆਪਣੇ ਦੇਸੀ ਮਹੀਨੇ ਵਿੱਚ ਅਖੀਰਲਾ ਤਿਉਹਾਰ ਹੈ। ਨਵੇਂ ਸਾਲ ਵਿੱਚ ਨਵੀਆ ਉਮੀਦਾ ਲੈ ਕੇ ਮਾਘੀ ਵਾਲੇ ਦਿਨ ਤੋਂ ਨਵੀਂ ਸ਼ੁਰੂਆਤ ਕਰਨੀ ਹੁੰਦੀ ਹੈ।ਇਸ ਲਈ ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਵਾਲੇ ਦਿਨ ਮਨਾਈ ਜਾਦੀ ਹੈ।
ਲੋਹੜੀ ਆਪਸੀ ਭਾਈਚਾਰੇ ਦੇ ਮੇਲ ਜੋਲ ਅਤੇ ਆਢ, ਗੁਆਢ ਰਲ ਮਿਲਕੇ ਇੱਕ ਦੂਜੇ ਦੀ ਇੱਕਠੇ ਹੋ ਕੇ ਖੁਸ਼ੀ ਮਨਾਉਣ ਦਾ ਪ੍ਰਤੀਕ ਹੈ। ਅਗਲਾ ਦਿਨ (ਜਾਣੀ ੧ ਮਾਘ) ਮਾਘੀ ਦਾ ਤਿਉਹਾਰ ਮਨਾਇਆ ਜਾਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜਿਆਦਾਤਰ ਲੋਕ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖੁਸ਼ੀ ਹੋਣ ਤੇ ਮਨਾਉਦੇ ਹਨ।
ਲੋਹੜੀ ਤੇ ਘਰ ਘਰ ਜਾ ਕੇ ਗੁੜ, ਮੂੰਗਫਲੀ, ਰਿਉੜੀਆ ਵੰਡਦੇ ਹਨ। ਕੁੜੀਆਂ ਵੀ ਘਰੋ ਘਰੀ ਜਾ ਕੇ ਲੋਹੜੀ ਮੰਗਦੀਆ ਹਨ ਤੇ ਕਹਿੰਦੀਆ ਹਨ।
ਦੇ ਨੀ ਮਾਏ ਲੋਹੜੀ ਤੇਰਾ ਪੁੱਤ ਚੜੇਗਾ ਘੋੜੀ।
ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ।
ਫਿਰ ਰਾਤ ਨੂੰ ਲੋਹੜੀ ਬਾਲ ਕੇ ਤਿਲ ਸੁੱਟਦੇ ਹਨ ਤੇ ਅਕਸਰ ਹੀ ਇਹ ਕਿਹਾ ਜਾਦਾ ਹੈ
ਈਸਰ ਆ, ਦਲਿਦਰ ਜਾ।
ਦੱਲਿਦਰ ਦੀ ਜੜ ਚੁੱਲੇ ਪਾ।
ਅਗਲੀ ਸਵੇਰ ਮਾਘੀ ਦਾ ਤਿਉਹਾਰ ਲੋਕ ਸਵੇਰੇ ਜਲਦੀ ਉੱਠ ਇਸ਼ਨਾਨ ਕਰਕੇ ਗੁਰੂ ਘਰ ਜਾ ਕੇ ਮਨਾਉਦੇ ਹਨ। ਥਾਂ-ਥਾਂ ਮਾਘੀ ਮੇਲੇ ਲੱਗਦੇ ਹਨ ਪਰ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਬਹੁਤ ਭਾਰੀ ਇੱਕਠ ਵਾਲਾ ਹੁੰਦਾ ਹੈ।
ਮੇਰੇ ਹਿਸਾਬ ਨਾਲ ਤਾਂ ਕੁੜੀਆਂ, ਮੁੰਡੇ ਇੱਕ ਬਰਾਬਰ ਹੀ ਹੁੰਦੇ ਹਨ ਇਸ ਲਈ ਸਾਨੂੰ ਕੁੜੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਸਾਰੇ ਬੱਚਿਆ ਨੂੰ ਇੱਕ ਸਮਾਨ ਹੀ ਸਮਝਣਾ ਚਾਹੀਦਾ ਹੈ।ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਬਹੁੱਤ ਵਧੀਆਂ ਗੱਲ ਹੈ। ਆਪਾ ਵੀ ਇਸ ਉਸਾਰੂ ਸੋਚ ਨੂੰ ਅਪਨਾਈਏ ਤੇ ਨਵੀਂ ਪੀੜੀ ਨੂੰ ਤਿਉਹਾਰਾ ਤੋਂ ਜਾਣੂ ਕਰਾਈਏ। ਚੰਗੀ ਵਿਚਾਰਧਾਰਾ ਦੇ ਮਾਲਕ ਬਣ ਕੇ ਲੋਹੜੀ ਮਨਾਓ ਤੇ ਸਾਰੇ ਘਰਾ ਵਿੱਚ ਖੁਸ਼ੀਆਂ ਲਿਆਓ।
ਮੇਰੇ ਵੱਲੋ ਸਾਰਿਆ ਨੂੰ ਲੋਹੜੀ ਦੀਆਂ ਬਹੁੱਤ-ਬਹੁੱਤ ਮੁਬਾਰਕਾਂ!
|
ਆਪਣੀ ਬੋਲੀ ਵਿਚ ਸਾਨੂੰ ਸੋਹਣੇ ਅਤੇ ਸੁਚੱਜੇ ਢੰਗ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਕਿਰਨਪਰੀਤ ਕੌਰ ਆਸਟਰੀਆ +436607370487
ਆਪਣੀ ਬੋਲੀ ਵਿਚ ਸਾਨੂੰ ਸੋਹਣੇ ਅਤੇ ਸੁਚੱਜੇ ਢੰਗ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਸਮਾਜ ਵਿੱਚ ਤਾਂ ਮਾਨ ਸਤਿਕਾਰ ਹੋਵੇਗਾ ਹੀ ,ਪਰ ਨਾਲ ਦੀ ਨਾਲ ਤੁਹਾਡੇ ਆਪਣੇ ਅੰਦਰ ਵੀ ਇਕ ਸੋਹਣਾ ਚਰਿੱਤਰ ਸਿਰਜਿਆ ਜਾਵੇਗਾ ।ਇਸ ਨਾਲ ਤੁਹਾਡੇ ਗੁੱਸੇ ਤੇ ਵੀ ਕਾਬੂ ਰਹੇਗਾ ।ਮੈ ਕਈ ਲੋਕ ਅਜਿਹੇ ਦੇਖੇ ਹਨ ਜੋ ਕਿਸੇ ਦੀ ਗਲਤੀ ਤੇ ਵੀ ਦੂਸਰੇ ਨੂੰ ਬਹੁਤ ਹੀ ਪਿਆਰ ਦਿੰਦੇ ਹਨ ਅਤੇ ਸੋਹਣੇ ਢੰਗ ਨਾਲ ਬਿਆਨ ਕਰਦੇ ਹਨ।ਇਸ ਸਭ ਚੀਜਾਂ ਤੁਹਾਡੀ ਸਿਆਣਪ ਨੂੰ ਦਰੂਸਾਉਂਦੀਆਂ ਹਨ ।
ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਮਰਜੀ ਪਿਆਰ ਅਤੇ ਸਤਿਕਾਰ ਨਾਲ ਸਮਝਾ ਲੳ ਜਾਂ ਗਲ ਕਰ ਲੳ ।ਉਹ ਤੁਹਾਨੂੰ ਕੌੜਾ ਹੀ ਬੋਲਣਗੇ।ਉਹਨਾਂ ਦੇ ਗੱਲ ਕਰਨ ਦੇ ਢੰਗ ਵਿੱਚ ਹਮੇਸ਼ਾ ਗੁੱਸਾ ਤੇ ਕੌੜਾਪਨ ਹੀ ਨਜ਼ਰ ਆਵੇਗਾ। ਇਹੋ ਜਿਹੇ ਲੋਕ ਸਮਾਜ ਵਿੱਚ ਆਪਣੇ ਚਰਿੱਤਰ ਨੂੰ ਆਪ ਹੀ ਖਰਾਬ ਕਰ ਲੈਂਦੇ ਹਨ ।ਫਿਰ ਉਹਨਾਂ ਨਾਲ ਕੋਈ ਵੀ ਗਲ ਕਰਨੀ ਪਸੰਦ ਨਹੀਂ ਕਰਦਾ।ਇਕ ਗਲ ਇਥੇ ਧਿਆਨ ਦੇਣ ਯੋਗ ਹੈ ਮਿੱਠਾ ਬੋਲਣ ਤੋਂ ਭਾਵ ਇਹ ਨਹੀ ਕਿ ਅਸੀ ਦੂਸਰੇ ਇਨਸਾਨਾਂ ਦੀਆਂ ਝੂਠੀਆਂ ਤਰੀਫਾ ਜਾ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਈਏ।
ਮਿੱਠਾ ਬੋਲਣ ਤੋਂ ਭਾਵ ਹੈ ਸਹੀ ਅਤੇ ਸੁਚੱਜੇ ਸ਼ਬਦਾਂ ਦੀ ਚੋਣ ਕਰਨੀ, ਜਿਸ ਨਾਲ ਅਗਲੇ ਨੂੰ ਤੁਹਾਡੇ ਮਨ ਦੇ ਭਾਵਾਂ ਦੀ ਸਮਝ ਵੀ ਆ ਜਾਵੇ ਅਤੇ ਅਗਲੇ ਨੂੰ ਕੋਈ ਦੁੱਖ ਵੀ ਨਾ ਲੱਗੇ।
ਬੱਚਾ ਬਚਪਨ ਤੋਂ ਹੀ ਜਦ ਬੋਲਣਾ ਸਿੱਖਦਾ ਹੈ ਤਾ ਇਹ ਮਾ ਬਾਪ ਦਾ ਪਹਿਲਾ ਫਰਜ ਹੁੰਦਾ ਹੈ ਕਿ ਉਸਨੂੰ ਚੰਗਾ ਬੋਲਣਾ ਸਿਖਾਉਣ। ਕਿਉਂਕਿ ਬੱਚੇ ਦੀ ਬਚਪਨ ਵਿੱਚ ਹੋਈ ਫਰਵਰੀ ਹੀ ਉਸ ਦੀ ਸਾਰੀ ਜ਼ਿੰਦਗੀ ਤੇ ਸਭ ਤੋਂ ਵੱਡਾ ਅਸਰ ਪਾਉਂਦੀ ਹੈ ।ਮਾਂ ਬਾਪ ਦੀ ਪਰਵਰਿਸ਼ ਅਤੇ ਸਾਡੀ ਬਾਹਰ ਦੀ ਸੰਗਤ ਇਨ੍ਹਾਂ ਦੋਹਾਂ ਤੋਂ ਮਿਲ ਕੇ ਹੀ ਇਨਸਾਨ ਦੇ ਚਰਿੱਤਰ ਦੀਆਂ ਸਭ ਮੋਡੀ ਚੀਜ਼ਾਂ ਬਣਦੀਆਂ ਹਨ ।ਜੇਕਰ ਬੱਚੇ ਨੂੰ ਬਚਪਨ ਤੋਂ ਹੀ ਸਹੀ ਗੁਣ ਦਿੱਤੇ ਜਾਣ ਉਸ ਦੀ ਸੰਗਤ ਚੰਗੀ ਹੋਵੇ ਤਾਂ ਇਹ ਤੈਅ ਹੈ ਕਿ ਬੱਚਾ ਸੋਹਣੇ ਗੁਣਾਂ ਦਾ ਮਾਲਕ ਹੁੰਦਾ ਹੈ।
ਸ਼ਬਦਾਂ ਦੀ ਗਹਿਰਾਈ ਬਹੁਤ ਡੂੰਘੀ ਹੈ ਇਸ ਲਈ ਅਸੀਂ ਕਿਸੇ ਦੇ ਮਨ ਵਿੱਚ ਉੱਤਰ ਵੀ ਸਕਦੇ ਹਾਂ ਅਤੇ ਕਿਸੇ ਦੇ ਮਨ ਤੋਂ ਉਤਰ ਵੀ ਸਕਦੇ ਹਾਂ । ਅੱਜ ਰਿਸ਼ਤਿਆਂ ਵਿੱਚ ਲੜਾਈ ਝਗੜੇ ਕਲੇਸ਼ ਸਿਰਫ ਸਾਡੀ ਬੋਲ ਚਾਲ ਦੇ ਭੈੜੇ ਅਤੇ ਮੰਦ ਸ਼ਬਦਾਵਲੀ ਦੀ ਵਰਤੋਂ ਕਾਰਨ ਹੀ ਹਨ।ਸਾਡੀ ਸੋਚ ਅਤੇ ਵਿਚਾਰ ਹੀ ਸਾਨੂੰ ਦੱਸਣਗੇ ਕਿ ਅਸੀਂ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਹੈ ,ਪਰ ਇਹ ਸੋਚ ਅਤੇ ਵਿਚਾਰ ਸੁਚੱਜੇ ਹੋਣ ਜਿਸ ਦਾ ਸਾਨੂੰ ਖ਼ਾਸ ਧਿਆਨ ਦੇਣਾ ਪਵੇਗਾ ।
ਇਸ ਵਿੱਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਉਂਦੀ ਹੈ ਸਾਡੇ ਮਾਂ ਪਿਓ ਦੀ ਜਿਨ੍ਹਾਂ ਨੇ ਬੱਚੇ ਦੇ ਮੂਲ ਸਿਧਾਂਤ ਨੂੰ ਬਚਾਉਣਾ ਹੁੰਦਾ ਹੈ । ਫਿਰ ਆਉਂਦੀ ਹੈ ਗੱਲ ਅਧਿਆਪਕ ਵਰਗ ਜਾਂ ਤੁਹਾਡੀ ਸੰਗਤ ਦੀ ਉਸ ਤੋਂ ਬਾਅਦ ਬੰਦੇ ਦੀਆਂ ਆਪਣੀਆਂ ਰੁਚੀਆਂ ਅਤੇ ਸੋਚ ਬਣਦੀ ਹੈ ।ਜਿਸ ਨਾਲ ਉਸਦਾ ਇਕ ਚਰਿੱਤਰ ਪੇਸ਼ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਰਿੱਤਰ ਸਾਫ ਸੁਥਰਾ ਅਤੇ ਮਹਾਨ ਹੋਵੇ ਤਾਂ ਸਭ ਪਹਿਲਾਂ ਤੁਹਾਨੂੰ ਆਪਣੀ ਬੋਲਬਾਣੀ ਨੂੰ ਸੋਹਣੀ ਬਣਾਉਣਾ ਪਵੇਗੀ। ਕੁਝ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਵੀ ਸੱਚ ਬੋਲੀ ਦਾ ਫਿਰ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਜ਼ਰੂਰ ਸੱਚ ਬੋਲਣਾ ਬਹੁਤ ਚੰਗੀ ਗੱਲ ਹੈ ਅਤੇ ਸਾਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਹੈ। ਪਰ ਅਸੀਂ ਬੋਲਣ ਲੱਗਿਆ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਾਂ ਜਾਂ ਸਾਡਾ ਢੰਗ ਕਿਸ ਤਰ੍ਹਾਂ ਦਾ ਹੈ ਇਹ ਗੱਲ ਮਾਇਨੇ ਰੱਖਦੀ ਹੈ ।
ਇਸ ਲਈ ਦੋਸਤੋ ਹਮੇਸ਼ਾ ਸੋਹਣੇ ਸ਼ਬਦਾਂ ਦੀ ਵਰਤੋਂ ਕਰੋ ਇਸ ਨਾਲ ਤੁਹਾਡਾ ਮਨ ਤੇ ਸ਼ਾਂਤ ਰਹੇਗਾ ਹੀ ਨਾਲ ਹੀ ਕੰਨਾਂ ਵਿਚ ਵੀ ਮਿਸ਼ਰੀ ਘੁਲ ਜਾਵੇਗੀ ਤੁਹਾਨੂੰ ਸਮਾਜ ਵਿੱਚ ਇੱਜ਼ਤ ਮਿਲੇਗੀ ਅਤੇ ਚਰਿੱਤਰ ਦਾ ਨਿਰਮਾਣ ਹੋਵੇਗਾ ।
ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ। ਸਾਡੀ ਬੋਲ ਚਾਲ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਜਾਂ ਸਾਡੇ ਦੁਆਰਾ ਕੀਤੇ ਸ਼ਬਦਾਂ ਦੀ ਚੋਣ ਸਾਡੇ ਚਰਿੱਤਰ ਅਤੇ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ।ਅਸੀਂ ਆਪਣੇ ਤੋਂ ਵੱਡੇ ਜਾਂ ਛੋਟੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ ਕਿਸ ਲਿਹਾਜ ਨਾਲ ਬੋਲਦੇ ਹਾਂ ਇਸ ਤੋਂ ਸਾਡੇ ਸੰਸਕਾਰਾਂ ਦਾ ਪਤਾ ਚੱਲਦਾ ਹੈ, ਇੱਕ ਬੱਚਾ ਬਾਹਰ ਜਾ ਕੇ ਲੋਕਾਂ ਨਾਲ ਕਿਵੇਂ ਵਿੱਚ ਰਿਹਾ ਹੈ ਇਸ ਨਾਲ ਕੇਵਲ ਉਸ ਦਾ ਹੀ ਚਰਿੱਤਰ ਨਹੀਂ ਸਗੋਂ ਉਸ ਦੇ ਮਾਂ ਬਾਪ ਦਾ ਵੀ ਨਾਮ ਨਾਲ ਜੁੜਿਆੈ ਹੁੰਦਾ ਹੈ ।ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਜੇਕਰ ਕੋਈ ਬੱਚਾ ਗਲਤ ਬੋਲਦਾ ਹੈ ਤਾਂ ਉਸ ਨੂੰ ਆਖ ਦਿੱਤਾ ਜਾਂਦਾ ਹੈ ਕਿ ਤੇਰੇ ਮਾਂ ਬਾਪ ਨੇ ਤੈਨੂੰ ਬੋਲਣਾ ਨਹੀਂ ਸਿਖਾਇਆ ਇਸ ਲਈ ਸਾਡੀ ਬੋਲ ਚਾਲ ਸਿਰਫ ਸਾਨੂੰ ਹੀ ਨਹੀਂ ਸਗੋਂ ਸਾਡੇ ਨਾਲ ਜੁੜੇ ਸਾਡੇ ਮਾਂ ਬਾਪ ਜਾਂ ਹੋਰ ਰਿਸ਼ਤਿਆਂ ਨੂੰ ਵੀ ਬਹੁਤ ਪੇਸ਼ ਕਰਦੀ ਹੈ ।ਇਸ ਲਈ ਸਾਨੂੰ ਬੋਲਣ ਲੱਗਿਆਂ ਹਮੇਸ਼ਾ ਸੋਚਣਾ ਸਮਝਨਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਹੈ ਇਸ ਗੱਲ ਦੀ ਸਮਝ ਹੋਣੀ ਜ਼ਰੂਰੀ ਹੈ।
|
ਰੱਤੀਆਂ ਪਿੰਡ ‘ਚ ਪੰਜਾਬੀ ਵਿਰਸਾ ਸਾਂਭੀ ਬੈਠਾ ਸਾਹਿਤਕਾਰ ਕੇਵਲ ਸਿੰਘ ਰਤੀਆਂ
ਮੋਗੇ ਜ਼ਿਲ•ੇ ਦੇ ਪਿੰਡ ਰੱਤੀਆਂ ਦਾ ਵਸਨੀਕ 50 ਸਾਲਾਂ ਕੇਵਲ ਸਿੰਘ ਰੱਤੀਆਂ ਆਪਣੇ ਅਵੱਲੇ ਸ਼ੌਕ ਕਰਕੇ ਜਾਣੀ-ਪਛਾਣੀ ਹਸਤੀਬਣ ਚੁੱਕਾ ਹੈ। ਮੋਗੇ ਦੇ ਗਿੱਲ ਰੋਡ ‘ਤੇ ਗੇਟ-ਗਰਿੱਲਾਂ ਬਣਾਉਣ ਦਾ ਕੰਮ ਕਰਦੇ ਕੇਵਲ ਸਿੰਘ ਨੂੰ ਪੁਰਾਤਨ ਵਸਤਾਂ ਜੋ ਸਾਡੇ ਘਰਾਂ ਵਿਚੋਂ ਅਲੋਪ ਹੋ ਰਹੀਆਂ ਨੇ, ਨੂੰ ਇਕੱਠੀਆਂ ਕਰਨ ਦਾ ਵਚਿੱਤਰ ਸ਼ੌਕ ਹੈ। ਇਸ ਸ਼ੌਕ ਕਾਰਨ ਹੀ ਉਸ ਕੋਲ ਹਜ਼ਾਰਾਂ ਪੁਰਾਤਨ ਤੇ ਦੁਰਲੱਭ ਚੀਜ਼ਾਂ ਹਨ।
13 ਫਰਵਰੀ 1966 ਨੂੰ ਪਿਤਾ ਹਰਮੰਦਰ ਸਿੰਘ ਵੈਦ ਅਤੇ ਮਾਤਾ ਨਿਰਪਾਲ ਕੌਰ ਦੀ ਕੁੱਖੋਂ ਜਨਮੇ ਕੇਵਲ ਸਿੰਘ ਰੱਤੀਆਂ ਦੇ ਵਿਰਾਸਤੀ ਖਜ਼ਾਨੇ ਵਿਚ 10 ਦਹਾਕੇ ਦਾ ਕਿਸਾਨ ਵੀਰਾਂ ਵੱਲੋਂ ਚਲਾਇਆ ਜਾਂਦਾ ਬਲਦ ਗੱਡਾ, 1917 ‘ਚ ਲੰਡਨ ਦੀ ਬਣੀ ਦੂਰਬੀਨ, ਆਟਾ ਪੀਸਣ ਵਾਲੀ ਹੱਥ ਚੱਕੀ, ਰਾਜਿਆਂ ਵੇਲੇ ਦਾ ਖੰਜਰ, ਦੁੱਧ ਰਿੜਕਣ ਵਾਲੀ ਮਧਾਣੀ, ਕੱਪੜੇ ਸੀਓਣ ਵਾਲੀਆਂ ਮਸ਼ੀਨਾਂ, ਸੂਤ ਵਾਲਾ ਮੰਜਾ, ਖੂਹ ‘ਚੋਂ ਪਾਣੀ ਕੱਢਣ ਵਾਲਾ ਬੋਕਾ ਤੇ ਡੋਲ, ਵਲ ਟੋਹੀਆਂ, ਕੁੱਤਾ ਨਲਕਾ, ਪੁਰਾਤਨ ਕਾਲ ਦੇਸਿੱਕੇ, ਈਸਟ ਇੰਡੀਆ ਦੇ ਸਿੱਕੇ, ਟਕੇ, ਧੇਲੇ, ਆਨੇ-ਦੁਆਨੇ, ਗਲੀ ਵਾਲੇ ਪੈਸੇ, ਫੋਟੋ ਖਿੱਚਣ ਵਾਲੇ ਕੈਮਰੇ, ਪੰਜਾਲੀ, ਖੂਹ ਦੀਆਂ ਟਿੰਡਾਂ, ਦਾਤੀ, ਝਰਨੀ, ਬੱਤੀਆਂ ਵਾਲਾ ਸਟੋਪ, ਚਰਖੇ, ਤੂਰੀ, ਅਟੇਰਨੇ, ਕਪਾਹ ਵੇਲਣ ਵਾਲਾ ਵੇਲਣਾ, ਪਿੱਤਲ ਦੇ ਛੰਨੇ, ਪਿੰਤਲ ਦੀ ਥਰਮਸ, ਚਮਚੇ, ਕੜਛਾਂ, ਕੇਤਲੀ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਿਲਾਸ, ਪਰਾਂਤ, ਸੁਰਾਹੀਆਂ, ਗੜਵੀਆਂ, ਫੁਲੱਦਾਨ, ਕਾਂਸੇ ਦੇ ਬਰਤਨ, ਊਠ ਘੋੜੇ ਦੀ ਨਿਓਲ, ਹੱਥਕੜੀਆਂ, ਸੇਵੀਆ ਵੱਟਣ ਵਾਲੀ ਜੰਡੀ, ਪੁਰਾਣੇ ਲੈਂਪ, ਪੁਰਾਣੇ ਜਮਾਨੇ ਦੀਆਂ ਲਾਲ ਟੈਣਾਂ, ਪੁਰਾਣੇ ਟੈਲੀਫੋਨ, ਖਰਲ, ਕੋਲਿਆਂ ਵਾਲੀ ਪ੍ਰੈਸ, ਪੁਰਾਣੇ ਮਾਈਕ, ਟੈਮਪੀਸ, ਹੁੱਕੇ, ਭਾਰ ਤੋਲਣ ਵਾਲੇ ਪੰਜੇ, ਚੱਕਲ ਵੇਲਣੇ, ਛਾਨਣੀਆਂ, ਪਟਾਰੀ, ਦੋ ਮੰਜਿਆਂ ਨੂੰ ਕੇ ਲੱਖਣ ਵਾਲਾ ਸਪੀਕਰ, 50 ਇਲੈਕਟ੍ਰਾਨਿਕ ਗ੍ਰਾਮੋਫੋਨ ਮਸ਼ੀਨਾਂ, 18 ਚਾਬੀ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ, 15 ਐਚ.ਐਮ. ਵੀ. ਕੰਪਨੀ ਦੇ ਚੇਂਜਰ, ਮਰਫੀ ਅਤੇ ਐਚ. ਐਮ. ਵੀ. ਕੰਪਨੀ ਦੇ ਲਾਈਸੈਂਸ ਵਾਲੇ ਰੇਡੀਓ ਅਤੇ ਉਨ•ਾਂ ਦੇ ਲਾਈਸੈਂਸ, 2 ਸਪੂਲਾਂ ਵਾਲੀਆਂ ਟੇਪਾਂ, 22 ਕੈਸਟਾਂ, 2000 ਦੇ ਕਰੀਬ ਪੱਥਰ ਦੇ ਤਵੇ (ਰਿਕਾਰਡ), 5 ਹਜ਼ਾਰ ਦੇ ਕਰੀਬ ਐਲ. ਪੀ. (ਲੋਂਗ ਪਲੇਅ) ਰਿਕਾਰਡ ਅਤੇ ਈ. ਪੀ. (ਐਕਸਟੈਂਡ ਪਲੇਅ) ਰਿਕਾਰਡ ਪਏ ਹਨ। ਕੇਵਲ ਸਿੰਘ ਦੇ ਸੰਗੀਤਕ ਖਜ਼ਾਨੇ ਵਿਚ ਉਹ ਅਨਮੋਲ ਰਿਕਾਰਡ ਵੀ ਸਾਂਭੇ ਪਏ ਜੋ ਸ਼ਾਇਦ ਦੁਨੀਆਂ ਦੇ ਕਿਸੇ ਵੀ ਕੋਨੇ ‘ਚੋਂ ਨਾ ਮਿਲਣ। ਕੇਵਲ ਸਿੰਘ ਦੱਸਦਾ ਹੈ ਕਿ ਉਸ ਨੂੰ ਇਹ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਤਕਰੀਬਨ 1986 ਤੋਂ ਸ਼ੁਰੂ ਹੋਇਆ। ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਦੀ ਖਾਕ ਛਾਣ ਕੇ ਘੇਰਲੂ ਤੰਗੀਆਂ ਤਰੁਸ਼ੀਆਂ ਝੱਲ ਕੇ ਉਸ ਨੇ ਇਹ ਪੁਰਾਤਨ ਵਸਤਾਂ ਇਕੱਠੀਆਂ ਕਰ ਕੇ ਆਪਣੇ ਸ਼ੌਕ ਨੂੰ ਪੂਰਿਆ ਹੈ।
ਕੇਵਲ ਸਿੰਘ ਰੱਤੀਆਂ ਨੇ ਦੱਸਿਆ ਕਿ ਮੇਰੇ ਇਸ ਸ਼ੌਕ ‘ਚ ਮੇਰੇ ਮਾਤਾ-ਪਿਤਾ, ਮੇਰੀ ਪਤਨੀ ਛਿੰਦਰਪਾਲ ਕੌਰ ਅਤੇ ਬੱਚਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਥੇ ਇਨ•ਾਂ ਵਸਤਾਂ ਨੂੰ ਇਕੱਠੀਆਂ ਕਰਨ ‘ਚ ਉਸ ਨੂੰ ਵਿਜੈ ਮੁਲਤਾਨੀ ਮੋਗਾ, ਕੰਵਲਜੀਤ ਸਿੰਘ ਸਿੱਧੂ ਮੋਗਾ, ਪਰਮਜੀਤ ਸਿੰਘ ਕੜਿਆਲ, ਰਾਜੀਵ ਕਪੂਰ ਮਖੂ, ਕਰਮਜੀਤ ਸਿੰਘ ਬਠਿੰਡਾ ਆਦਿ ਦੋਸਤਾਂ ਦਾ ਵੀ ਸਹਿਯਗ ਹਾਸਿਲ ਹੈ। ਕੇਵਲ ਸਿੰਘ ਇਨ•ਾਂ ਵਿਰਾਸਤੀ ਵਸਤਾਂ ਦੀ ਪੰਜਾਬ ਦੇ ਕਈ ਮਸ਼ਹੂਰ ਮੇਲਿਆਂ ਵਿਚ ਪ੍ਰਦਰਸ਼ਨੀਆਂ ਵੀ ਲਗਾ ਚੁੱਕਾ ਹੈ।
30 ਕੁ ਸਾਲਾਂ ਤੋਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਾਲੇ ਕੇਵਲ ਸਿੰਘ ਰੱਤੀਆਂ ਦੀ ਸਾਹਿਤਕ ਖੇਤਰ ਵਿਚ ਵੀ ਵੱਖਰੀ ਪਛਾਣ ਹੈ। ਉਹ ਵਧੀਆ ਇਨਸਾਨ ਦੇ ਨਾਲ ਨਾਲ ਇਕ ਵਧੀਆ ਲੇਖਕ ਵੀ ਹੈ। ਅਜੋਕੇ ਮਹਿੰਗਾਈ ਦੇ ਯੁੱਗ ਵਿਚ ਸ਼ੌਕ ਪਾਲਣਾ ਕੋਈ ਆਸਾਨ ਕੰਮ ਨਹੀਂ ਰਿਹਾ, ਆਪਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਮੇਰੇ ਸਲਾਮ ਹੈ ਕੇਵਲ ਸਿੰਘ ਰੱਤੀਆਂ ਨੂੰ ਜਿਸ ਨੇ ਇਸ ਮਹਿੰਗਾਈ ਦੇ ਯੁੱਗ ਵਿਚ ਵੀ ਇਸ ਸ਼ੌਕ ਨੂੰ ਪਾਲਿਆ ਹੈ ਅਤੇ ਇਨ•ਾਂ ਪੁਰਾਤਨ ਵਸਤਾਂ ਦੀ ਸੰਭਾਲ ਕਰ ਰਿਹਾ ਹੈ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲ, ਸਮਰਾਲਾ
ਮੋਬਾ: 98763-22677
ਭੈਣਾਂ ਵੱਲੋਂ ਵੀਰ ਦੀ ਮੰਗ ਲਈ ਤੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਮਨਾਇਆ ਜਾਂਦਾ ਤਿਉਹਾਰ ‘ਸਾਂਝੀ ਮਾਈ’
ਪੰਜਾਬ ਦੀ ਧਰਤੀ ਮੇਲਿਆਂ, ਤਿਉਹਾਰਾਂ ਦੀ ਧਰਤੀ ਹੈ। ਇਥੇ ਪੁਰਾਤਨ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਪੁਰਾਤਨ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੈ ਸਾਂਝੀ ਮਾਈ ਦਾ। ਇਹ ਤਿਉਹਾਰ ਭੈਣਾਂ, ਵੀਰ ਦੀ ਮੰਗ ਲਈ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਮਨਾਉਂਦੀਆਂ ਹਨ। ਇਸ ਤਿਉਹਾਰ ਨੂੰ ਲੜਕੀਆ ਇਕੱਠੀਆਂ ਹੋ ਕੇ ਮਨਾਉਂਦੀਆ ਹਨ। ਸਾਂਝੀ ਮਾਈ ਤਕਰੀਬਨ ਹਰ ਘਰ ਵਿਚ ਲਗਾਈ ਜਾਂਦੀ ਹੈ। ਕਈ ਪਰਿਵਾਰ ਮਿਲ ਕੇ ਵੀ ਸਾਂਝੀ ਮਾਈ ਲਾ ਲੈਂਦੇ ਹਨ। ਜਿਸ ਤਰ•ਾਂ ਨਾਂਅ ਤੋਂ ਹੀ ਸਪੱਸ਼ਟ ਹੈ, ਸਾਂਝੀ ਮਾਈ ਦੀ ਮੂਰਤੀ ਇਕ ਜਨਾਨੀ ਦੀ ਮੂਰਤੀ ਬਣਾਈ ਜਾਂਦੀ ਹੈ। ਮੂਰਤੀ ਬਣਾਉਣ ਲਈ ਪਹਿਲਾ ਕੁੜੀਆਂ ਚੀਕਣੀ ਮਿੱਟੀ ਲਿਆਂਉਂਦੀਆ ਹਨ। ਫਿਰ ਮਿੱਟੀ ਨੂੰ ਚੰਗੀ ਤਰ•ਾਂ ਗੋ ਕੇ ਸੂਰਜ, ਚੰਦ, ਤਾਰੇ ਟਿੱਕੀਆ, ਗਹਿਣੇ ਤੇ ਹੋਰ ਵਰਤੋਂ ਦੀਆ ਚੀਜ਼ਾ ਧਰਤੀ ‘ਤੇ ਬਣਾਉਂਦੀਆਂ ਹਨ। ਫਿਰ ਸੁੱਕਣ ਲਈ ਧੁੱਪੇ ਰੱਖ ਦਿੱਤੇ ਜਾਂਦੇ ਹਨ। ਜਦੋਂ ਇਹ ਚੰਗੀ ਤਰ•ਾ ਸੁੱਕ ਜਾਂਦੇ ਹਨ ਤਾਂ ਸੁੱਕਣ ਤੋਂ ਬਾਅਦ ਇਹਨਾਂ ਨੂੰ ਵੱਖ ਵੱਖ ਰੰਗਾਂ ਨਾਲ ਸਜਾਇਆ ਜਾਂਦਾ ਹੈ। ਫਿਰ ਪਹਿਲੇ ਨਰਾਤੇ ਵਾਲੇ ਦਿਨ ਘਰ ਦੀ ਕੰਧ ‘ਤੇ ਪਹਿਲਾਂ ਗੋਹਾ-ਮਿੱਟੀ ਥੱਪਿਆ ਜਾਂਦਾ ਹੈ, ਫਿਰ ਉਸ ਉੱਪਰ ਸੂਰਜ, ਚੰਦ, ਤਾਰੇ, ਗਹਿਣੇ ਤੇ ਹੋਰ ਚੀਜ਼ਾਂ ਚਿਪਕਾ ਦਿੱਤੇ ਜਾਂਦੇ ਹਨ। ਰਸਮ ਅਨੁਸਾਰ ਉਸ ਦਾ ਨੌਕਰ ਘੁੱਦੂ ਤੇ ਬਰੋਟਾ ਵੀ ਲਗਾਏ ਜਾਂਦੇ ਹਨ। ਕੁਝ ਘਰਾਂ ਅੰਦਰ ਇਕੱਲਾ ਬਰੋਟਾ ਵੀ ਲਗਾਇਆ ਜਾਂਦਾ ਹੈ ਜੋ ਭੈਣ ਵੱਲੋਂ ਵੀਰ ਦੀ ਮੰਗ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਿੱਟੀ ਨਾਲ ਬਣਾਏ ਸਾਂਝੀ ਮਾਈ ਦੇ ਅੰਗ ਬੇਹੱਦ ਆਕਰਸ਼ਿਤ ਹੁੰਦੇ ਹਨ। ਰੋਜਾਨਾ ਸ਼ਾਮ ਨੂੰ ਕੁੜੀਆਂ ‘ਕੱਠੀਆ ਹੋ ਕੇ ਸਾਂਝੀ ਮਾਈ ਦੀ ਆਰਤੀ ਕਰਦੀਆ ਹਨ ਤੇ ਦੇਸੀ ਘਿਉ ਦੀ ਜੋਤ ਜਗਾਉਂਦੀਆ ਹਨ। ਸਭ ਤੋਂ ਪਹਿਲਾਂ ਆਰਤੀ ਵਿਚ ਕੁੜੀਆਂ ਇਹ ਗੀਤ ਗਾਉਂਦੀਆ ਹਨ-
ਸਾਂਝੀ ਮਾਈ ਪਟੜੇ ਖੋਲ,
ਕੁੜੀਆਂ ਆਈਆਂ ਤੇਰੇ ਕੋਲ।
ਜਾਗੂੰਗੀ ਜਗਾਉਗੀ,
ਕੋਠੇ ਚੜ ਕੇ ਗਾਉਗੀ।
ਸਾਂਝੀ ਮਾਈ ਤੋਂ ਵੀਰ ਤੇ ਵੀਰ ਪਿਆਰ ਦੀ ਮੰਗ ਕਰਦੀਆ ਕੁੜੀਆਂ ਇਹ ਗੀਤ ਗਾਉਂਦੀਆਂ ਹਨ:-
ਪਹਿਲੀ ਆਰਤੀ ਕਰਾਂ ਕਰਾਰ,
ਜੀਵੇ ਮੇਰਾ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆਂ,
ਸ਼ਿਵ ਦੁਆਲੇ ਖੜੀਆਂ।
ਨਰੈਣ ਸਾਡੇ ਆਇਆ
ਗੋਬਿੰਦ ਸਾਡੇ ਆਇਆ
ਅਸੀਂ ਹਰ ਕਾ ਦਰਸ਼ਨ ਪਾਇਆ।
ਬਰੋਟੇ ਦੀ ਆਰਤੀ ਕੁੜੀਆ ਇਸ ਤਰ•ਾਂ ਕਰਦੀਆ ਹਨ-
ਜਾਗ ਬਰੋਟੇ ਜਾਗ, ਤੇਰੇ ਮੱਥੇ ਲੱਗੇ ਭਾਗ,
ਭਾਗੇਗਾ ਭਗਾਏਗਾ, ਆਪਣਾ ਵੀਰ ਖਿਲਾਏਗਾ,
ਵੀਰ ਦੀਏ ਪੱਗੇ, ਤੈਨੂੰ ਨੌਂ ਸੌਂ ਮੋਤੀ ਲੱਗੇ।
ਇਸੇ ਤਰ•ਾਂ ਹੋਰ ਬਹੁਤ ਸਾਰੇ ਆਰਤੀ ਦੇ ਗੀਤ ਗਾਏ ਜਾਂਦੇ ਹਨ। ਆਰਤੀ ਕਰਨ ਤੋਂ ਬਾਅਦ ਸ਼ੱਕਰ ਜਾਂ ਸੱਕਰ ਦੀ ਪੰਜੀਰੀ ਵੰਡੀ ਜਾਂਦੀ ਹੈ। ਇਹ ਵੰਡਿਆ ਜਾਂਦਾ ਪ੍ਰਸ਼ਾਦ ਸਾਂਝੀ ਨੂੰ ਰੋਟੀ ਕਰਨ ਦੀ ਰਸਮ ਮੰਨਿਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸਾਂਝੀ ਨੂੰ ਕੰਧ ‘ਤੋਂ ਉਤਾਰ ਕੇ ਟੋਕਰੇ ਵਿਚ ਰੱਖ ਕੇ ਨਜ਼ਦੀਕੀ ਨਹਿਰਾਂ, ਸੂਇਆਂ, ਟੋਬਿਆਂ ‘ਚ ਤਾਰ ਦਿੰਦੇ ਹਨ। ਪਹਿਲੇ ਸਮਿਆਂ ਵਿਚ ਸਾਂਝੀ ਕਾਫੀ ਵੱਡੀ ਲਗਾਈ ਜਾਂਦੀ ਸੀ, ਪਰ ਅਜੌਕੇ ਦੌਰ ਵਿਚ ਸਾਂਝੀ ਮਾਈ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਹੈ। ਜਿਸ ਦਾ ਕਰਨ ਸਾਡਾ ਪੁਰਾਤਨ ਤਿਉਹਾਰਾਂ ਤੇ ਰੀਤੀ-ਰਿਵਾਜ਼ਾਂ ਪ੍ਰਤੀ ਮੋਹ ਘਟਣਾ ਹੈ। ਕਿਤੇ ਇਹ ਤਿਉਹਾਰ ਵੀ ਹੋਰਨਾਂ ਪਰਾਤਨ ਰੀਤੀ-ਰਿਵਾਜ਼ਾਂ ਵਾਂਗ ਅਲੋਪ ਨਾ ਹੋ ਜਾਵੇ। ਸਾਨੂੰ ਲੋੜ ਹੈ ਆਪਣੇ ਰੀਤੀ-ਰਿਵਾਜ਼ਾਂ, ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸਾਂਭਣ ਦੀ ਤੇ ਆਪਣੀ ਆਉਣ ਵਾਲੀ ਪੀੜੀ ਨੂੰ ਅੱਜ ਆਪਣੇ ਪਿਛੋਕੜ ਨਾਲ ਜੋੜ ਕੇ ਰੱਖਣ ਦੀ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ ਸਮਰਾਲਾ।
ਜ਼ਿਲ•ਾ ਲੁਧਿਆਣਾ।
ਮੋਬਾ: 98763-22677
————————————————————————————————-
ਕਿਤੇ ਬੋਲ ਵੇ ਚੰਦਰਿਆ ਕਾਵਾਂ…
ਪੁਰਾਣਾ ਪੰਜਾਬੀ ਲੋਕ-ਕਾਵਿ ਸਾਡੇ ਸਮਾਜਿਕ ਸੱਭਿਆਚਾਰ ਵਰਤਾਰੇ ਦਾ ਇਤਿਹਾਸ ਹੈ। ਪੰਜਾਬੀ ਲੋਕ-ਕਾਵਿ ਵਿੱਚ ਜਨਮ ਤੋਂ ਲੈ ਕੇ ਮਰਨ ਤਕ ਦੀ ਕਾਵਿ- ਵੰਨਗੀ ਮਿਲਦੀ ਹੈ। ਇਸ ਵਿੱਚ ਵਿਆਹ-ਸ਼ਾਦੀ, ਤਿੱਥ ਤਿਉਹਾਰ, ਮੇਲੇ-ਮੁਸਾਹਵੇ, ਫ਼ਸਲਾਂ, ਕੱਪੜੇ, ਗਹਿਣੇ ਅਤੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਰਿਸ਼ਤਿਆਂ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਨੂੰ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ। ਮਨੁੱਖੀ ਜੀਵਨ ਨਾਲ ਸਰੋਕਾਰ ਰੱਖਣ ਵਾਲਾ ਕੋਈ ਪੱਖ ਨਹੀਂ ਜੋ ਲੋਕ ਗੀਤਾਂ ਵਿੱਚ ਸ਼ਾਮਲ ਨਾ ਹੋਵੇ। ਰੁੱਤਾਂ ਤੋਂ ਲੈ ਕੇ ਪਸ਼ੂ ਪੰਛੀਆਂ ਦਾ ਜ਼ਿਕਰ ਵੀ ਸਾਡੇ ਮਾਣ-ਮੱਤੇ ਇਸ ਕਾਵਿ ਵਿੱਚ ਪੜ੍ਹਨ ਸੁਣਨ ਨੂੰ ਮਿਲਦਾ ਹੈ। ਬੇਸ਼ੱਕ ਪੰਛੀਆਂ ਵਿੱਚ ਮੋਰ-ਮੋਰਨੀਆਂ, ਤੋਤਾ-ਮੈਨਾ, ਕਬੂਤਰ, ਘੁੱਗੀਆਂ, ਚਿੜੀਆਂ, ਕੋਇਲਾਂ ਕੂੰਜਾਂ, ਤਿੱਤਰ ਅਤੇ ਭੌਰ ਆਦਿ ਦਾ ਵਰਣਨ ਵੀ ਹੈ ਪਰ ਕਾਂ ਵੀ ਇਨ੍ਹਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹੈ। ਵੱਖਰੀ ਗੱਲ ਹੈ ਕਿ ਕਾਂ ਨੂੰ ਮਨੁੱਖੀ ਜੀਵਨ ਵਿੱਚ ਦੂਜੇ ਪੰਛੀਆਂ ਜਿੰਨੀ ਆਦਰ ਤੇ ਪਿਆਰ ਵਾਲ਼ੀ ਥਾਂ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਦੀ ਆਵਾਜ਼ ਤਿੱਖੀ ਤੇ ਉੱਚੀ ਹੁੰਦੀ ਹੈ। ਦੂਜਾ ਇਹ ਗੰਦ-ਮੰਦ ਵਿੱਚ ਵੀ ਮੂੰਹ ਮਾਰਦਾ ਹੈ ਤੇ ਖਾਣ ਪੀਣ ਵਾਲੀ ਚੀਜ਼ ਵੀ ਚੁੱਕ ਲੈ ਜਾਂਦਾ ਹੈ ਜਾਂ ਖਿੰਡਾ-ਪੁੰਡਾ ਜਾਂਦਾ ਹੈ। ਬਚਪਨ ਵਿੱਚ ਆਮ ਹੀ ਹੇਕਾਂ ਲਾ ਕੇ ਗਾਉਂਦੇ ਹੋਏ ਬੱਚੇ ਕਾਂ ਨੂੰ ਮਾਰਨ ਦੌੜਦੇ ਤੇ ਕਹਿੰਦੇ:
‘‘ਮਾਂ ਨੀਂ ਮਾਂ ਕਿੱਡਾ ਵੱਡਾ ਢੋਡਰ ਕਾਂ,
ਲੈ ਗਿਆ ਰੋਟੀ ਮੈਂ ਕੀ ਖਾਂ?
ਦੇ ਤਾਂ ਸੋਟੀ ਇਸ ਨੂੰ ਲਾਂ।’’
ਮੁੱਢ ਕਦੀਮ ਤੋਂ ਹੀ ਸਵੇਰੇ-ਸਵੇਰੇ ਕਾਂ ਦਾ ਬਨੇਰੇ ’ਤੇ ਬੋਲਣਾ ਬੜਾ ਚੰਗਾ ਸਮਝਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਲੋਕ ਖ਼ਾਸ ਕਰ ਔਰਤਾਂ ਬਨੇਰੇ ’ਤੇ ਬੋਲਦੇ ਕਾਂ ਨੂੰ ਦੇਖ ਸੁਣ ਕੇ ਖ਼ੁਸ਼ ਹੋ ਜਾਂਦੀਆਂ ਸਨ। ਉਨ੍ਹਾਂ ਨੂੰ ਕਿਸੇ ‘ਪਰਾਹੁਣੇ’ ਭਾਵ ਮਹਿਮਾਨ ਦੇ ਆਉਣ ਦਾ ਸੰਕੇਤ ਸਮਝਿਆ ਜਾਂਦਾ ਸੀ। ਖ਼ੁਸ਼ੀ ਵਿੱਚ ਕਾਂ ਦੀ ਚੁੰਝ ਸੋਨੇ ਨਾਲ਼ ਮੜ੍ਹਾਉਣ ’ਤੇ ਉਸ ਨੂੰ ਪਿਆਰ ਨਾਲ ਚੂਰੀ ਖਵਾਉਣ ਦੀ ਗੱਲ ਵੀ ਕੀਤੀ ਜਾਂਦੀ:
‘‘ਉੱਡ ਉੱਡ ਕਾਵਾਂ ਵੇ ਤੈਨੂੰ ਚੂਰੀ ਪਾਵਾਂ’’
ਜਿਨ੍ਹਾਂ ਮੁਟਿਆਰਾਂ ਦੇ ਕੰਤ ਪਰਦੇਸੀ ਹੁੰਦੇ, ਉਹ ਕਾਂ ਰਾਹੀਂ ਆਪਣੇ ਸੁਨੇਹੇ ਘੱਲ ਕੇ ਦਿਲ ਨੂੰ ਧਰਵਾਸ ਦਿੰਦੀਆਂ ਕਹਿੰਦੀਆਂ:
‘‘ਚੁੰਝ ਤੇਰੀ ਵੇ ਕਾਲਿਆ ਕਾਵਾਂ ਸੋਨੇ ਨਾਲ ਮੜ੍ਹਾਵਾਂ,
ਜਾ ਆਖੀਂ ਮੇਰੇ ਮਾਹੀਏ ਨੂੰ ਨਿੱਤ ਮੈਂ ਔਸੀਆਂ ਪਾਵਾਂ,
ਖ਼ਬਰਾਂ ਲਿਆ ਕਾਵਾਂ ਤੈਨੂੰ ਘਿਓ ਦੀ ਚੂਰੀ ਪਾਵਾਂ।’’
ਕੋਈ ਬਿਰਹੋਂ ਮਾਰੀ ਨਾਰ ਕਾਂ ਨਾਲ ਸ਼ਿਕਵਾ ਕਰਦੀ ਕਹਿੰਦੀ ਹੈ:
ਝਾਵਾਂ-ਝਾਵਾਂ-ਝਾਵਾਂ,
ਜੁੱਤੀ ਮੇਰੀ ਮਖ਼ਮਲ ਦੀ ਮੈਂ ਡਰਦੀ ਪੈਰੀਂ ਨਾ ਪਾਵਾਂ,
ਪੁੱਤ ਮੇਰੇ ਸਹੁਰੇ ਦਾ ਲੱਗੀ ਲਾਮ ਤੇ ਲੁਆ ਲਿਆ ਨਾਵਾਂ,
ਜਾਂਦਾ ਹੋਇਆ ਦੱਸ ਨਾ ਗਿਆ ਚਿੱਠੀਆਂ ਕਿੱਧਰ ਨੂੰ ਪਾਵਾਂ,
ਕੋਇਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ।’’
ਸਾਡੇ ਸਮਾਜ ਵਿੱਚ ਕੁਝ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਨੂੰ ਸਦਾ ਹੀ ਨਕਾਰਿਆ ਤੇ ਦੁਰਕਾਰਿਆ ਜਾਂਦਾ ਹੈ ਭਾਵੇਂ ਉਹ ਸੁਹਿਰਦ ਹੀ ਹੋਣ ਪਰ ਕਿਹਾ ਜਾਂਦਾ ਹੈ ‘ਬਦ ਨਾਲੋਂ ਬਦਨਾਮ ਬੁਰਾ’। ਅਜਿਹੇ ਰਿਸ਼ਤੇ ਵਿੱਚ ਮਤਰੇਈ ਮਾਂ ਵੀ ਆ ਜਾਂਦੀ ਹੈ ਤੇ ਲੋਕ-ਕਾਵਿ ਚੰਗੇ ਮਾੜੇ ਸਭ ਪੱਖ ਪੇਸ਼ ਕਰਦਾ ਹੈ:
‘‘ਉੱਡ ਉੱਡ ਕਾਵਾਂ ਵੇ, ਤੇਰੀਆਂ ਲੰਮੀਆਂ ਛਾਵਾਂ,
ਮਰਨ ਮਤਰੇਈਆਂ ਵੇ, ਜੁਗ ਜੁਗ ਜੀਣ ਵੇ ਸਕੀਆਂ ਮਾਵਾਂ।’’
ਤੀਆਂ ਦੇ ਗਿੱਧੇ ਦੇ ਗੌਣ ਜਾਂ ਬੋਲੀਆਂ ਹੋਣ ਭਾਵੇਂ ਵਿਆਹ ਸ਼ਾਦੀ ਦੇ ਲੰਮੇ ਗੌਣ, ਹੇਅਰੇ, ਸਿੱਠਣੀਆਂ, ਟੱਪੇ ਜਾਂ ਕੋਈ ਹੋਰ ਕਾਵਿ-ਰੰਗ ਉਨ੍ਹਾਂ ਵਿੱਚ ਤਾਂ ਕਾਂ ਬੋਲਦਾ ਹੀ ਹੈ ਪਰ ਕਈ ਵਾਰ ਕਿਸੇ ਪੰਜਾਬੀ ਗੀਤ ਨੂੰ ਵੀ ਕੁੜੀਆਂ-ਕੱਤਰੀਆਂ ਢੋਲਕ ’ਤੇ ਗਾ ਕੇ ਅਨੋਖਾ ਰੰਗ ਬੰਨ੍ਹ ਦਿੰਦੀਆਂ ਹਨ:
‘‘ਕੁੱਟ-ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਨੀ ਆਂ,
ਹਾਏ ਨੀਂ ਮਾਂ ਮੇਰੀਏ ਮੈਂ ਕੋਠੇ ਉੱਤੇ ਪਾਉਨੀ ਆ,
ਆਉਣਗੇ ਕਾਗ ਉਡਾ ਜਾਣਗੇ,
ਸਾਨੂੰ ਦੂਣਾ ਪੁਆੜਾ ਪਾ ਜਾਣਗੇ।’’
ਪੰਜਾਬੀ ਲੋਕ ਗੀਤਾਂ ਵਿੱਚ ਜਿੱਥੇ ਨਾਰਾਂ ਆਪਣੇ ਗੱਭਰੂਆਂ ਨੂੰ ਕਾਂ ਹੱਥ ਸੁਨੇਹੇ ਘੱਲਦੀਆਂ ਹਨ, ਉੱਥੇ ਵਿਜੋਗਣ ਧੀਆਂ ਵੀ ਕਾਂ ਰਾਹੀ ਮਾਪਿਆਂ-ਪੇਕਿਆ ਨੂੰ ਮਨ ਦੀ ਵੇਦਨਾ ਸੁਣਾਉਂਦੀਆਂ ਹਨ:
‘‘ਉੱਡਦਾ ਤਾਂ ਜਾਵੀਂ ਕਾਵਾਂ, ਬਹਿੰਦਾ ਤਾਂ ਜਾਵੀਂ ਮੇਰੇ ਪੇਕੜੇ,
ਇੱਕ ਨਾ ਦੱਸੀਂ ਮੇਰੇ ਬਾਬਲ ਧਰਮੀ ਨੂੰ
ਰੋਊਗਾ ਭਰੀ ਕਚਹਿਰੀ ਨੂੰ ਛੋੜ ਕੇ।
ਲੋਕ ਕਾਵਿ ਦੀ ਸਿਰਜਣਾ ਕਰਦਿਆਂ ਜਿਵੇਂ ਮਿਰਜ਼ਾ-ਸਾਹਿਬਾਂ ਦੇ ਸੁਆਲ ਜਵਾਬ ਕਾਂ ਰਾਹੀਂ ਹੁੰਦੇ ਹਨ, ਉਹ ਵੀ ਸ਼ਾਇਰੀ ਦਾ ਉੱਤਮ ਨਮੂਨਾ ਹਨ। ਸਦਕੇ ਜਾਈਏ ਇਨ੍ਹਾਂ ਸਿਰਜਣਹਾਰਿਆਂ ਦੇ ਇਹ ਵੀ ਕੋਈ ਭੁੱਲੇ ਵਿੱਸਰੇ ‘ਪੀਲੂ’ ਹੀ ਤਾਂ ਹਨ। ਇਹ ਗੌਣ ਆਮ ਨਹੀਂ ਗਾਇਆ ਜਾਂਦਾ ਪਰ ਡਾ: ਕਰਮਜੀਤ ਸਿੰਘ ਦੀ ਪੁਸਤਕ ‘ਲੋਕ ਗੀਤਾਂ ਦੀ ਪੈੜ’ ਵਿੱਚੋਂ ਇਹ ਗੌਣ ਮਿਲਦਾ ਹੈ,ਵੰਨਗੀ ਲਈ ਕੁਝ ਚੋਣਵੀਆਂ ਸਤਰਾਂ ਪੇਸ਼ ਹਨ:
‘‘ਉੱਡ ਵੇ ਕਾਲਿਆ ਕਾਗਾ, ਵੇ ਮੈਂ ਵਾਰੀ
ਤੂੰ ਤਾਂ ਜਾਈਂ ਮਿਰਜ਼ੇ ਵਾਲੇ ਦੇਸ ਵੇ,
ਤੂੰ ਤਾਂ ਜਾਈਂ ਕਹੀ ਮਿਰਜ਼ੇ ਮੇਰੇ ਨੂੰ
ਤੂੰ ਤਾਂ ਆਉਣਾ ਤਾਂ ਆਜਾ ਅੱਜ ਵੇ
ਤੇਰਾ ਫੇਰ ਨਹੀਂ ਕੋਈ ਹੋਜ ਵੇ ।’’
ਇਨ੍ਹਾਂ ਗੌਣਾਂ ਦੀਆਂ ਸਿਰਜਣਹਾਰੀਆਂ ਦੇ ਨਾਂ ਭਾਵੇਂ ਇਤਿਹਾਸ ਅਤੇ ਸਾਹਿਤ ਦੇ ਪੰਨਿਆਂ ’ਤੇ ਕਦੇ ਨਹੀਂ ਉੱਕਰੇ ਜਾਣੇ ਪਰ ਇਹ ਹਰ ਦੌਰ ਵਿੱਚ ਮਨੁੱਖੀ ਮਨਾਂ ’ਤੇ ਉੱਕਰੇ ਜਾਂਦੇ ਰਹਿਣਗੇ। ਕਾਂ ਬਨੇਰੇ ਉੱਤੇ ਹੀ ਨਹੀਂ ਕਿਸੇ ਨਾਜੋ ਦੀ ਸੱਗੀ ਉੱਤੇ ਵੀ ਜਾ ਬੈਠਦਾ ਹੈ ਤੇ ਉਹ ਦੁਹਾਈਆਂ ਦਿੰਦੀ ਕਹਿੰਦੀ ਹੈ:
‘‘ਕੋਰੇ-ਕੋਰੇ ਸੋਨੇ ਦੀ ਮੈਂ ਸੱਗੀ ਕਰਾਵਾਂ
ਉੱਪਰ ਬਹਿ ਗਿਆ ਕਾਂ,
ਨੀਂ ਬੇਬੇ ਤੇਜ਼ ਕੁਰੇ ਕੀਹਦਾ ਲਵਾਂਗੇ ਨਾਂ? ’’
ਹੋਰ ਕਾਵਿ ਰੂਪਾਂ ਤੋਂ ਬਿਨਾਂ ਸਿੱਠਣੀਆ ਵਿੱਚ ਵੀ ‘ਕਾਂ’ ਨੂੰ ਉਸ ਦੀ ਬਣਦੀ ਥਾਂ ਦਿੱਤੀ ਜਾਂਦੀ ਹੈ। ਵਿਆਹ ਸਮੇਂ ਦਾਦਕੀਆਂ ਮੁੰਡੇ-ਕੁੜੀ ਦੀਆਂ ਨਾਨਕੀਆਂ ਨੂੰ ਸਿੱਠਣੀ ਦਿੰਦੀਆਂ ਹਨ:
‘‘ਕਿੱਧਰ ਗਈਆ ਵੇ ਵਿੰਦਰ ਤੇਰੀਆਂ ਨਾਨਕੀਆਂ?
ਖਾਧੇ ਸੀ ਮਾਂਹ ਜੰਮੇ ਸੀ ਕਾਂ,
ਕਾਂ-ਕਾਂ ਕਰਦੀਆਂ ਵੇ ਵਿੰਦਰ ਤੇਰੀਆਂ ਨਾਨਕੀਆਂ।’’
ਅੱਗੋਂ ਨਾਨਕੀਆਂ ਵੀ ਕਸਰ ਨਹੀਂ ਛੱਡਦੀਆਂ ਤੇ ਜਵਾਬ ਵਿੱਚ ਕਹਿੰਦੀਆਂ ਹਨ:
‘‘ਕਿੱਧਰ ਗਈਆਂ ਵੇ ਵਿੰਦਰ ਤੇਰੀਆਂ ਦਾਦਕੀਆਂ?
ਖਾਧਾ ਸੀ ਸਾਗ ਜੰਮੇ ਸੀ ਕਾਗ,
ਕਾਵਾਂ ਰੌਲ਼ੀ ਪਾਉਂਦੀਆਂ ਵੇ ਵਿੰਦਰ ਤੇਰੀਆਂ ਦਾਦਕੀਆਂ।’’
ਬਰਾਤ ਚੜ੍ਹਨ ਵੇਲੇ ਹੇਅਰੇ ਲਾਉਣਾ ਵੀ ਜ਼ਰੂਰੀ ਸ਼ਗਨ ਸਮਝਿਆ ਜਾਂਦਾ ਹੈ ਪਰ ਕਈ ਵਾਰ ਭਾਵੁਕਤਾ ਵਿੱਚ ਆ ਕੇ ਕੋਈ ਅਜਿਹਾ ਹੇਅਰਾ ਲਾ ਦਿੱਤਾ ਜਾਂਦਾ ਹੈ ਜੋ ਖ਼ੁਸ਼ੀ ਦੇ ਮਾਹੌਲ ਨੂੰ ਉਦਾਸੀ ਵਿੱਚ ਡੁਬੋ ਦਿੰਦਾ ਹੈ ਤੇ ਇਸ ਉਦਾਸੀ ’ਚ ਵੀ ਆਉਂਦਾ ਹੈ ਕਾਂ। ਜਦੋਂ ਵਿਆਹ ਵਾਲੇ ਮੁੰਡੇ ਦੇ ਮਾਂ ਨਾ ਹੋਵੇ ਤਾਂ ਹੇਅਰਾ ਲਇਆ ਜਾਂਦਾ ਹੈ:
ਚਿੜੀਆਂ ਚੀਂ-ਚੀਂ ਕਰਦੀਆਂ, ਕੋਈ ਪਿਆ ਕਲ਼ਾਵੇ (ਕੁਰਲਾਏ) ਵੇ ਕਾਂ,
ਸਾਕ-ਸਕੀਰੀ ਜੁੜ ਖੜੀ ਵਿੱਚ ਹੈ ਨਾ ਵੇ ਵੀਰਨ ਸਾਡਿਆਂ ਵੇ ਮਾਂ।
ਕਾਂ ਨੇ ਪੰਜਾਬੀ ਲੋਕ-ਕਾਵਿ ਦੀ ਹਰ ਵਿਧਾ ਵਿੱਚ ਬਖ਼ੂਬੀ ਆਪਣੀ ਚੰੁਝ ਫਸਾਈ ਹੈ। ਸਭ ਤੋਂ ਵੱਧ ਕਾਂ ਪੰਜਾਬੀ ਲੋਕ-ਕਾਵਿ ਦੇ ਸੁੰਦਰ ਤੇ ਅਨਿੱਖੜਵੇ ਅੰਗ ਟੱਪਿਆਂ ਜਾਂ ਮਾਹੀਏ ਵਿੱਚ ਆਪਣੀ ਵੱਖਰੀ ਤੇ ਸ਼ਾਨਾਮੱਤੀ ਥਾਂ ਰੱਖਦਾ ਹੈ। ਦੂਜੇ ਵਿਸ਼ਵ ਯੁੱਧ ਵਿੱਚ ਜਦੋਂ ਜਰਮਨ ਨੇ ਘੋਰ ਤਬਾਹੀ ਮਚਾਈ ਤੇ ਘਰਾਂ ਦੇ ਘਰ ਖਾਲ਼ੀ ਕਰ ਦਿੱਤੇ ਤੇ ਜਬਰੀ ਭਰਤੀਆਂ ਕੀਤੀਆਂ ਗਈਆਂ ਤਾਂ ਲੋਕਾਈ ਦੇ ਦਰਦ ’ਚ ਡੁੱਬੀ ਕਿਸੇ ਰੁਹ ਨੇ ਲੋਕ-ਕਾਵਿ ਰਾਹੀਂ ਧਾਹ ਮਾਰੀ। ਇਹ ਟੱਪਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ:
‘‘ਖੰਭ ਖਿਲਰੇ ਨੇ ਕਾਵਾਂ ਦੇ,
ਜਰਮਨ ਬਸ ਕਰ ਵੇ, ਪੁੱਤ ਮੁੱਕ ਚੱਲੇ ਮਾਵਾਂ ਦੇ।’’
ਇਹੋ ਜਿਹਾ ਹੀ ਇੱਕ ਹੋਰ ਟੱਪਾ ਹੋਂਦ ਵਿੱਚ ਆਇਆ। ਟੱਪੇ ਜਾਂ ਮਾਹੀਏ ਦੀ ਖ਼ੂਬੀ ਹੈ ਇਹ ਲੋਕ-ਕਾਵਿ ਵਿੱਚ ਸਮਾ ਜਾਂਦੇ ਹਨ। ਟੱਪੇ ਦੇ ਬੋਲ ਮਿਲਦੇ ਜੁਲਦੇ ਹਨ:
‘‘ਖੰਭ ਖਿੱਲਰੇ ਨੇ ਕਾਵਾਂ ਦੇ,
ਰੋਕ ਲਓ ਨਿਸ਼ਾਨੇਬਾਜੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ।’’
ਪੰਜਾਬੀ ਪੁਰਾਤਨ ਲੋਕ-ਕਾਵਿ ਵਿੱਚ ਇੱਕ ਬਹੁਤ ਪੁਰਾਣਾ ਤੇ ਮਨ ਨੂੰ ਟੁੰਬਣ ਵਾਲਾ ਟੱਪਾ ਤਾਂ ਸਦੀਆਂ ਤੋਂ ਲੋਕਾਂ ਦੀ ਪਸੰਦ ਰਿਹਾ ਹੈ ਤੇ ਅੱਜ ਵੀ ਵਿਆਹ-ਸ਼ਾਦੀ ਸਮੇਂ ਇਹ ਟੱਪਾ ਔਰਤਾਂ ਢੋਲਕ ’ਤੇ ਗਾ ਕੇ ਰੰਗ ਬੰਨ੍ਹਦੀਆਂ ਹਨ, ਇਸ ਵਿੱਚ ਤਾਂ ਕਾਂ ਜਿਵੇਂ ਚੌਕੀਦਾਰ ਬਣਦਾ ਹੈ:
‘‘ਕੋਠੇ ਤੋਂ ਉੱਡ ਕਾਵਾਂ,
ਸੱਦ ਪਟਵਾਰੀ ਨੂੰ ਜਿੰਦ ਮਾਹੀਏ ਦੇ ਨਾਂ ਲਾਵਾਂ’’
ਅੱਜ ਰੂਹਾਨੀ ਰਿਸ਼ਤਿਆਂ ਦੀ ਥਾਂ ਸਵਾਰਥ, ਈਰਖਾ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਹੰਕਾਰ ਵਰਗੇ ਵੱਕਾਰ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ। ਬਨੇਰੇ ’ਤੇ ਬੋਲਦੇ ਕਾਂ ਦਾ ਨਾ ਕਿਸੇ ਨੂੰ ਧਿਆਨ ਹੈ ਨਾ ਚਾਅ ਕਿਉਂਕਿ ਉਸ ਦੀ ਥਾਂ ਫੋਨ, ਮੋਬਾਈਲ ਜਾਂ ਇੰਟਰਨੈੱਟ ਨੇ ਲੈ ਲਈ ਹੈ ਤੇ ਕਾਂ ਦੀ ਥਾਂ ਇਹ ਮਸ਼ੀਨਾਂ ਸੁਨੇਹੇ ਦਿੰਦੀਆਂ ਹਨ। ਕਿਹਾ ਜਾਂਦਾ ਹੈ ਕਿਸੇ ਵੀ ਚੀਜ਼ ਦਾ ਨਾਸ਼ ਜਾਂ ਬੀਜ ਨਾਸ਼ ਨਹੀਂ ਹੁੰਦਾ। ਮੋਹ-ਮੁਹੱਬਤਾਂ ਵਾਲ਼ੇ ਜਿਊੜੇ ਕਿਤੇ ਨਾ ਕਿਤੇ ਤਾਂ ਵੱਸਦੇ ਹੀ ਹਨ। ਜਿਹੜੇ ਸੱਜਣਾਂ ਦੇ ਵਿਛੋੜੇ ਦੀ ਅੱਗ ਵਿੱਚ ਸੜ ਕੇ ਰਾਖ ਹੋ ਜਾਂਦੇ ਹਨ। ਪੰਜਾਬੀ ਲੋਕ-ਕਾਵਿ ਵਿੱਚ ਧੁਰ ਅੰਦਰ ਤਕ ਚੀਰ ਪਾ ਜਾਣ ਵਾਲਾ ਟੱਪਾ ਲੈ ਕੇ ਕਾਂ ਉੱਡ ਚੱਲਿਆ ਹੈ:
‘‘ਕੋਈ ਉੱਡਦਾ ਕਾਂ ਜਾਂਦਾ,
ਸੱਜਣ ਮੁਕਾ ਜਾਂਦੇ, ਬਣ ਮੌਤ ਦਾ ਪੱਜ ਜਾਂਦਾ।’’
– ਪਰਮਜੀਤ ਕੌਰ ਸਰਹਿੰਦ
ਸੰਪਰਕ: 98728-98599
————————————————————————————————-
ਕਾਫੀ – ਬੁੱਲੇ ਸ਼ਾਹ ਜੀ
ਬਾਗ਼ਾਂ ਵਿੱਚ ਬੋਲਣ ਮੋਰ ਵੇ
ਕਿਸੇ ਵੀ ਖਿੱਤੇ ਦੇ ਲੋਕ-ਸਾਹਿਤ ਵਿੱਚੋਂ ਉਸ ਸਮੇਂ ਦੇ ਜੀਵਨ ਬਾਰੇ ਬਹੁਪੱਖੀ ਪਸਾਰਾਂ ਦਾ ਵਰਣਨ ਮਿਲਦਾ ਹੈ। ਜ਼ਿੰਦਗੀ ਵਿੱਚ ਹੰਢਾਏ ਦੁੱਖ, ਸੁੱਖ, ਡਰ-ਸਹਿਮ ਅਤੇ ਉਸ ਵਿੱਚੋਂ ਉਤਪੰਨ ਹੋਈ ਬਗ਼ਾਵਤ ਵੀ ਇਨ•ਾਂ ਲੋਕ ਗੀਤਾਂ ਵਿੱਚ ਰੂਪਮਾਨ ਹੁੰਦੀ ਹੈ। ਲੋਕ-ਕਾਵਿ ਦੀ ਸੱਚੇ-ਸੁੱਚੇ ਮਨੋਂ ਸੁਤੇ-ਸਿੱਧ ਕੀਤੀ ਗਈ ਸਿਰਜਣਾ ਪੜ•ਨ-ਸੁਣਨ ਵਾਲ਼ੇ ਦੇ ਧੁਰ ਅੰਦਰ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ। ਲੋਕ-ਕਾਵਿ ਜ਼ਿਆਦਾਤਰ ਔਰਤ ਵੱਲੋਂ ਹੀ ਸਿਰਜਿਆ ਹੋਇਆ ਮੰਨਿਆ ਜਾਂਦਾ ਹੈ। ਔਰਤ ਕਿਉਂਕਿ ਮਰਦ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਉਹ ਸੁਹਜ ਤੇ ਸੁੰਦਰਤਾ ਨਾਲ਼ ਜੁੜੀ ਰੂਹ, ਪੰਛੀਆਂ ਨਾਲ਼ ਵੀ ਸੰਵਾਦ ਰਚਾ ਲੈਂਦੀ ਹੈ। ਪੰਜਾਬੀ ਲੋਕ ਕਾਵਿ ਵੀ ਅਜਿਹੇ ਸੰਵਾਦਾਂ ਨਾਲ ਭਰਪੂਰ ਹੈ। ਪੰਛੀਆਂ ਵਿੱਚ ਘੁੱਗੀ, ਕਬੂਤਰ, ਕਾਂ, ਚਿੜੀਆਂ, ਤੋਤਾ-ਮੈਨਾ, ਤਿੱਤਰ-ਬਟੇਰ ਤੇ ਕੂੰਜਾਂ ਆਦਿ ਤੋਂ ਬਿਨਾਂ ਮੋਰ-ਮੋਰਨੀ ਦੀ ਗੱਲ ਵੀ ਕੀਤੀ ਜਾਂਦੀ ਹੈ। ਮਾਦਾ ਆਮ ਤੌਰ ‘ਤੇ ਨਰ ਨਾਲ਼ੋਂ ਵੱਧ ਸੁੰਦਰ ਹੁੰਦੀ ਹੈ ਪਰ ਮੋਰ-ਮੋਰਨੀ ਦੇ ਸਬੰਧ ਵਿੱਚ ਮੋਰ, ਮੋਰਨੀ ਨਾਲ਼ੋਂ ਵੱਧ ਖ਼ੂਬਸੂਰਤੀ ਦਾ ਮਾਲਕ ਹੈ। ਮੋਰਨੀ ਦੇ ਖੰਭ ਮੋਰ ਨਾਲ਼ੋਂ ਛੋਟੇ ਹੁੰਦੇ ਹਨ। ਕੁਦਰਤ ਦੀ ਕਲਾ ਦਾ ਨਮੂਨਾ ਪੇਸ਼ ਕਰਦੇ ਹੋਏ ਮੋਰ ਦੇ ਲੰਮੇ, ਰੰਗਦਾਰ ਤੇ ਚਮਕੀਲੇ ਖੰਭ ਇਸ ਦੇ ਸੁਹੱਪਣ ਵਿੱਚ ਵਾਧਾ ਕਰਦੇ ਹਨ। ਮੋਰ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਖੰਭ ਧਾਰਮਿਕ ਸਥਾਨਾਂ ‘ਤੇ ਵੀ ਰੱਖੇ ਜਾਂਦੇ ਹਨ। ਪੁਰਾਤਨ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੋਰ ਦੇ ਖੰਭਾਂ ਦਾ ਬਣਿਆ ਚੌਰ ਝੁਲਾਇਆ ਜਾਂਦਾ ਸੀ। ਬਹੁਤ ਸਾਰੀਆਂ ਖ਼ੂਬੀਆਂ ਹੋਣ ਕਾਰਨ ਮੋਰ ਸਾਡਾ ਕੌਮੀ ਪੰਛੀ ਹੋਣ ਦੇ ਨਾਲ਼-ਨਾਲ਼ ਪੰਜਾਬੀ ਗੀਤਾਂ-ਲੋਕ ਗੀਤਾਂ ਵਿੱਚ ਵੀ ਪੂਰੀ ਸਰਦਾਰੀ ਕਰਦਾ ਹੈ। ਗਿੱਧੇ ਵਿੱਚ ਮੁਟਿਆਰਾਂ ਬੋਲੀ ਪਾਉਂਦੀਆਂ ਹਨ:
ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ
ਪਾ ਕੇ ਕਲਮੀ ਸ਼ੋਰਾ,
ਵਿੱਚ ਭਰਜਾਈਆਂ ਦੇ ਬੋਲ ਕਲਹਿਰੀਆ ਮੋਰਾ…
ਮੋਰ ਨੂੰ ਮਿੱਤਰ ਪੰਛੀ ਵੀ ਕਿਹਾ ਜਾਂਦਾ ਹੈ। ਇਹ ਖੇਤਾਂ ਵਿੱਚੋਂ ਕੀੜੇ-ਮਕੌੜੇ ਇੱਥੋਂ ਤਕ ਕਿ ਸੱਪ ਨੂੰ ਵੀ ਖਾ ਜਾਂਦਾ ਹੈ। ਭਾਵੇਂ ਇਹ ਗੱਲ ਮਨ ਨਹੀਂ ਲੱਗਦੀ ਪਰ ਇਹ ਪ੍ਰਤੱਖ ਵੇਖਿਆ ਗਿਆ ਹੈ ਤੇ ਲੋਕ-ਸਾਹਿਤ ਵਿਚਲੀਆਂ ਦੋ ਕਾਵਿ ਸਤਰਾਂ ਇਸ ਦੀ ਪੁਸ਼ਟੀ ਕਰਦੀਆਂ ਹਨ ਕਿ ਮੋਰ ਤੋਂ ਡਰਦਾ ਸੱਪ ਖੁੱਡ ਵਿੱਚ ਜਾ ਲੁਕਦਾ ਹੈ:
ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ,
ਬਗਲਾ ਭਗਤ ਚੁੱਕ ਲਿਆਏ ਡੱਡ ਨੂੰ।
ਮੋਰ ਦੀ ਮਨਮੋਹਕ ਤੋਰ ਦੇ ਚਰਚੇ ਲੋਕ-ਕਾਵਿ ਵਿੱਚ ਆਮ ਮਿਲਦੇ ਹਨ, ਜਿਵੇਂ:
ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ,
ਤੇਰੇ ਹੱਥ ਮੇਰੇ ਦਿਲ ਦੀ ਡੋਰ।
ਕਦੇ ਮੋਰ ਨੂੰ ਕਿਹਾ ਜਾਂਦਾ ਹੈ:
ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ
ਸਦਕੇ ਜਾਈਏ ਲੋਕ ਗੀਤ ਸਿਰਜਣ ਵਾਲੀਆਂ ਦੇ ਜਿਹੜੀਆਂ ਆਪਣੇ ਅੰਦਰ ਦੀ ਪੀੜ ਨੂੰ ਸਾਦੇ ਤੇ ਸੋਹਣੇ ਸ਼ਬਦਾਂ ਵਿੱਚ ਢਾਲਦੀਆਂ ਹਨ। ਮੁਟਿਆਰ ਆਪਣੇ ਮਾਹੀ ਨੂੰ ਮੋਰ ਨਾਲ਼ ਸੰਬੋਧਨ ਕਰਕੇ ਦਿਲ ਦੀ ਹੂਕ ਬੋਲੀ ਰਾਹੀਂ ਸੁਣਾਉਂਦੀ ਹੈ:
ਜੇ ਤੂੰ ਸਿਪਾਹੀਆ ਗਿਆ ਲਾਮ ਨੂੰ ਲਾ ਕੇ ਹੱਡਾਂ ਨੂੰ ਝੋਰਾ,
ਬਿਰਹੋਂ ਹੱਡਾਂ ਨੂੰ ਇਉਂ ਖਾ ਜਾਊ ਜਿਉਂ ਛੋਲਿਆਂ ਨੂੰ ਢੋਰਾ,
ਜੰਗ ਨੂੰ ਨਾ ਜਾਵੀਂ ਵੇ ਬਾਗ਼ਾਂ ਦਿਆ ਮੋਰਾ…
ਸਾਉਣ ਦੇ ਮਹੀਨੇ ਵਾਲੀ ਬੋਲੀ ਵਿੱਚ ਮੋਰ ਦਾ ਜ਼ਿਕਰ ਨਾ ਹੋਵੇ ਤਾਂ ਬੋਲੀ ਸੋਂਹਦੀ ਹੀ ਨਹੀਂ। ਹੇਠ ਲਿਖੀ ਬੋਲੀ ਨਾਲ਼ ਗਿੱਧੇ ਵਿੱਚ ਨੱਢੀਆਂ ਧਮਾਲਾਂ ਪਾਉਂਦੀਆਂ ਹਨ:
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ,
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ
ਮੋਰ ਜਿੱਥੇ ਆਪਣੇ ਅਦਭੁਤ ਰੂਪ ਨਾਲ਼ ਲੋਕਾਂ ਦੇ ਮਨ ਮੋਹ ਲੈਣ ਦੇ ਸਮਰੱਥ ਹੈ ਉੱਥੇ ਉਸ ਦੇ ਕੁਦਰਤੀ ਝੜੇ ਹੋਏ ਖੰਭ ਦੇਸੀ ਦੁਆਈਆਂ ਬਣਾਉਣ ਤੋਂ ਬਿਨਾਂ ਘਰੇਲੂ ਲੋੜਾਂ ਅਤੇ ਸਜਾਵਟੀ ਵਸਤਾਂ ਬਣਾਉਣ ਦੇ ਕੰਮ ਵੀ ਆਉਂਦੇ ਹਨ। ਰਾਜਸਥਾਨ ਵਿੱਚ ਮੋਰ ਬਹੁਤ ਹਨ ਅਤੇ ਮੋਰਾਂ ਦੇ ਖੰਭਾਂ ਤੋਂ ਬਣਾਈਆਂ ਰਾਜਸਥਾਨੀ ਪੱਖੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਸਾਡੇ ਪਿੰਡਾਂ ਵਿੱਚ ਔਰਤਾਂ ਮੋਰ ਦੇ ਖੰਭਾਂ ਦੀਆਂ ਕੱਤਣੀਆਂ ਬਣਾਉਂਦੀਆਂ ਸਨ। ਅੱਜ ਨਾ ਚਰਖੇ ਰਹੇ ਹਨ ਤੇ ਨਾ ਕੋਈ ਕੱਤਣੀ ਬਣਾਉਂਦੀ ਹੈ। ਚਰਖੇ ਵਾਂਗੂੰ ਕੱਤਣੀ ਵੀ ਲੋਕ-ਕਾਵਿ ਜਾਂ ਕਿਸੇ ਅਜਾਇਬ ਘਰ ਵਿੱਚ ਹੀ ਦਿਸਦੀ ਹੈ। ਕੱਤਣੀ ਨਾਲ਼ ਜੁੜੀਆਂ ਇੱਕ ਤੁਕੀਆਂ ਬੋਲੀਆਂ ਵਿੱਚ ਮੁਟਿਆਰ ਮੋਰ ਨੂੰ ਕਹਿੰਦੀ ਹੈ:
ਕੱਤਣੀ ਦੀ ਤੀਲ• ਟੁੱਟ ਗਈ,
ਖੰਭ ਸੁੱਟ ਜਾ ਕਲਹਿਰੀਆ ਮੋਰਾ
ਕੋਈ ਦੂਜੀ ਨਰਮ ਦਿਲ ਮੁਟਿਆਰ ਉਸ ਨੂੰ ਟੋਕਦੀ ਹੈ:
ਅੱਗ ਲੱਗੇ ਕੱਤਣੀ ਨੂੰ, ਜਿਉਂਦੇ ਮੋਰ ਦਾ ਪਾਪ ਨਹੀਂ ਲੈਣਾ
ਕਿਸੇ ਗੱਭਰੂ ਨੂੰ ਉਸ ਦੀ ਮਨਚਲੀ ਨਾਰ ਸਲਾਹ ਦਿੰਦੀ ਹੈ:
ਕੱਤਣੀ ਬਣਾਉਣੀ ਐ, ਤੂੰ ਲੱਗ ਮੋਰਾਂ ਦਾ ਪਾਲ਼ੀ
ਅੱਗੋਂ ਉਹ ਵੀ ਗੁੱਝੀ ਰਮਜ਼ ਵਿੱਚ ਉੱਤਰ ਦਿੰਦਾ ਹੈ:
ਕਰ ਮੋਰਾਂ ਦੀ ਸੇਵਾ, ਜੇ ਕੱਤਣੀ ਬਣਾਉਣੀ ਹੈ
ਕਿਧਰੇ ਕੋਈ ਚੋਬਰ ਚਰਖਾ ਕੱਤਣ ਵਾਲੀ ਨੂੰ ਵਡਿਆਉਂਦਾ ਹੈ:
ਚੀਕੇ ਚਰਖਾ ਬਿਸ਼ਨੀਏ ਤੇਰਾ, ਲੋਕਾਂ ਭਾਣੇ ਮੋਰ ਕੂਕਦਾ
ਪੰਜਾਬੀ ਲੋਕ-ਕਾਵਿ ਆਪਣੀਆਂ ਪਰਤਾਂ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਕਿਸੇ ਸਮੇਂ ਨੈਣ ਜਿਸ ਨੂੰ ਰਾਣੀ ਵੀ ਕਹਿੰਦੇ ਹਨ, ਸਾਡੇ ਪੇਂਡੂ ਸਮਾਜ ਵਿੱਚ ਵਿਸ਼ੇਸ਼ ਥਾਂ ਰੱਖਦੀ ਸੀ। ਜਦੋਂ ਕੋਈ ਨਖ਼ਰੇਲੋ ਮੁਟਿਆਰ ਉਸ ਨੂੰ ਕਹਿੰਦੀ ਹੈ:
ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ
ਸਿਰ ਗੁੰਦਣਾ ਜਾਂ ਸੱਗੀ ਪਾਉਣੀ ਕਿਸੇ ਹਾਰੀ ਸਾਰੀ ਦੇ ਵੱਸ ਦਾ ਕੰਮ ਨਹੀਂ ਹੁੰਦਾ, ਇਸ ਲਈ ਨੈਣ ਆਪਣੇ ਹੁਨਰ ‘ਤੇ ਮਾਣ ਕਰਦੀ ਹੋਈ ਕਰਾਰਾ ਜਵਾਬ ਦਿੰਦੀ ਹੈ:
ਸਾਥੋਂ ਡਾਕ ਬੰਗਲਾ ਨਹੀਂ ਪੈਂਦਾ, ਉੱਤੇ ਪਾਦੂੰ ਮੋਰ ਘੁੱਗੀਆਂ
ਇਉਂ ਇਹ ਮੋਰ, ਨਾਰਾਂ-ਮੁਟਿਆਰਾਂ ਦੇ ਸਿਰ ‘ਤੇ ਵੀ ਪੈਲਾਂ ਪਾਉਂਦਾ ਹੈ। ਮੋਰ ਨਾਲ਼ ਸਬੰਧਤ ਭਾਵਪੂਰਤ ਜਜ਼ਬਾਤੀ ਬੋਲੀਆਂ ਵੀ
ਲੋਕ-ਕਾਵਿ ਵਿੱਚ ਵੱਖਰੀ ਥਾਂ ਰੱਖਦੀਆਂ ਹਨ, ਵੰਨਗੀ ਵਜੋਂ:
ਬਾਗ਼ਾਂ ਦੇ ਵਿੱਚ ਮੋਰ ਬੋਲਦੇ ਘੁੱਗੀ ਕਰੇ ਘੂੰ-ਘੂੰ,
ਮੈਂ ਸਾਂ ਖੂਹ ‘ਤੇ ਪਾਣੀ ਭਰਦੀ
ਕੋਲ਼ ਦੀ ਲੰਘ ਗਿਆ ਤੂੰ,
ਕਾਲ਼ਜਾ ਮੱਚ ਗਿਆ ਵੇ,
ਬਾਹਰ ਨਾ ਨਿਕਲ਼ਿਆ ਧੂੰ…।
ਦੂਜੀ ਬੋਲੀ ਹੈ:
ਸੁਣ ਵੇ ਬਾਗ਼ ਦਿਆ ਬਾਗ਼ ਬਗੀਚਿਆ
ਸੁਣ ਵੇ ਬਾਗ਼ ਦਿਆ ਮਾਲੀ,
ਹੋਰਾਂ ਦੇ ਬਾਗ਼ੀਂ ਮੋਰ ਬੋਲਦੇ
ਤੇਰਾ ਬਾਗ਼ ਕਿਉਂ ਖਾਲੀ ।
ਬੋਲੀਆਂ ਤੋਂ ਇਲਾਵਾ ਮੋਰ ਅਲੰਕਾਰ ਵਰਤ ਕੇ ਸਿਰਜੇ ਲੰਮੇ ਗੌਣੇ ਜਦੋਂ ਵਿਆਹ-ਸ਼ਾਦੀ ਮੌਕੇ ਰਾਤ ਨੂੰ ਲੰਮੀਆਂ ਹੇਕਾਂ ਲਾ ਕੇ ਗਾਏ ਜਾਂਦੇ ਤਾਂ ਸੁਣਨ ਵਾਲ਼ੇ ਦੀ ਜਿੰਦ ਕੱਢ ਕੇ ਲੈ ਜਾਂਦੇ:
ਅਸਾਂ ਬਾਗ਼ ਲਵਾਇਆ ਵੇ ਸਾਡੇ ਬਾਗ਼ਾਂ ਦਿਆ ਮੋਰਾ,
ਵੇ ਅਸੀਂ ਪੀਂਘਾਂ ਪਾਈਆਂ ਫੇਰਾ ਪਾ ਜਾਵੀਂ ਦਿਓਰਾ,
ਸਾਡੀ ਅੱਲ•ੜ ਜਵਾਨੀ ਪੱਟ ਰੇਸ਼ਮ ਦੀਆਂ ਵੇ ਡੋਰਾਂ
ਕਿਧਰੇ ਕੋਈ ਭਰਜਾਈ ਲਾਡਲੇ ਦਿਓਰ ਨੂੰ ਮੋਰ ਨਾਲ ਤੁਲਨਾ ਦਿੰਦੀ ਕਹਿੰਦੀ ਹੈ:
ਕੀ ਪੈਲਾਂ ਪਾਉਂਦਾ ਵੇ, ਵੇ ਭਾਬੋ ਦਿਆ ਦਿਓਰਾ?
ਅੱਗੋਂ ਦਿਓਰ ਆਪਣੀ ਭਰਜਾਈ ਨੂੰ ਸਵਾਲ ਕਰਦਾ ਹੈ:
ਕੀ ਸਾਕ ਲਿਆਵੇਗੀ ਨੀਂ, ਨੀਂ ਵੱਡੀਏ ਭਰਜਾਈਏ ?
ਚੁਸਤ ਚਲਾਕ ਭਰਜਾਈ ਵਿਚੋਲਗਿਰੀ ਬਦਲੇ ਦਿਓਰ ਤੋਂ ਸੱਗੀ ਦੀ ਮੰਗ ਕਰਦੀ ਹੋਈ ਇਸ ਲੰਮੇ ਗੌਣ ਵਿੱਚ ਟਿੱਕਾ, ਕਾਂਟੇ ਆਦਿ ਗਿਣਦੀ ਸਾਰੇ ਗਹਿਣੇ ਗਿਣਾ ਦਿੰਦੀ ਹੈ:
ਕੀ ਪੈਲਾਂ ਪਾਉਂਦਾ ਵੇ, ਵੇ ਬਾਗ਼ਾਂ ਦਿਆ ਮੋਰਾ?
ਕੀ ਸੱਗੀ ਘੜਾਏਂਗਾ ਵੇ, ਵੇ ਭਾਬੋ ਦਿਆ ਦਿਓਰਾ?
ਇਨ•ਾਂ ਲੋਕ ਗੀਤਾਂ ਦੀ ਖ਼ੂਬੀ ਹੈ ਕਿ ਇਨ•ਾਂ ਵਿੱਚ ਮਾਹੀ ਜਾਂ ਦਿਓਰ ਤੋਂ ਬਿਨਾਂ ਘਰੇਲੂ ਵਰਤਾਰੇ ਅਤੇ ਭੈਣ-ਭਰਾ ਜਾਂ ਸੱਸ-ਨਣਦ ਨਾਲ਼ ਸਬੰਧ ਰੱਖਣ ਵਾਲ਼ੇ ਗੌਣਾਂ ਵਿੱਚ ਵੀ ਮੋਰ ਬੋਲਦਾ ਹੈ। ਅਜਿਹੇ ਇੱਕ ਲੋਕ ਗੀਤ ਵਿੱਚ ਮੋਰ ਨੂੰ ਖ਼ੂਬਸੂਰਤੀ ਦਾ ਪ੍ਰਤੀਕ ਬਣਾ ਕੇ ਜਿਵੇਂ ਇਸ ਗੀਤ ਦੀ ਰਚਨਾ ਕਰਨ ਵਾਲੀ ਨੇ ਇਹ ਜ਼ਬਾਨੀ-ਕਲਾਮੀ ਸ਼ਬਦ ਜੜਤ ਜੜੀ ਹੈ, ਉਸ ਦੀ ਸੂਝ ਦਾ ਕਮਾਲ ਹੈ। ਵਿਆਕਰਣ ਜਾਂ ਵਿਧਾ ਅਨੁਸਾਰ ਇੱਥੇ ਮੋਰਨੀ ਸ਼ਬਦ ਆਉਣਾ ਚਾਹੀਦਾ ਸੀ ਪਰ ਸੋਚ-ਸਮਝ ਕੇ ਸੋਹਣੀ ਸੁਨੱਖੀ ਨਣਦ ਲਈ ‘ਮੋਰ’ ਸ਼ਬਦ ਵਰਤਿਆ ਹੈ ਕਿਉਂਕਿ ਮੋਰ ਸੁਹੱਪਣ ਵਿੱਚ ਮੋਰਨੀ ਨੂੰ ਮਾਤ ਪਾਉਂਦਾ ਹੈ। ਬੜਾ ਹੀ ਰੋਚਕ ਲੰਮਾ ਗੌਣ ਹੈ ਤੇ ਸ਼ਬਦਾਂ ਦੀ ਕਲਾਕਾਰੀ ਮੂੰਹੋਂ ਬੋਲਦੀ ਹੈ। ਇਹ ਭੈਣ-ਭਰਾ ਦੀ ਆਪਸੀ ਗੱਲਬਾਤ ਹੈ:
ਛੋਹੀਆਂ ਪਾਂਵਦੀ ਵੀਰਾਂ ਵੇ ਕਾਗ ਉਡਾਂਵਦੀ
ਛੇਤੀ ਆ ਜਾ ਮੁੰਡਿਆ ਵੇ ਕੰਮ ਜ਼ਰੂਰ ਵੇ…।
ਕੀ ਕੁਛ ਲਿਆਇਆ ਵੀਰਾ ਵੇ ਸੱਸ ਜੁ ਮੇਰੀ ਨੂੰ?
ਕੀ ਕੁਛ ਲਿਆਇਆ ਵੀਰਾ ਵੇ ਨਣਦੀ ਮੋਰ ਨੂੰ…?
ਕੇਹੀ ਕੁ ਸੋਹਣੀ ਬੀਬੀ ਨੀਂ ਸੱਸ ਜੁ ਤੇਰੀ?
ਕੇਹੀ ਕੁ ਸੋਹਣੀ ਕੁੜੀਏ ਨੀਂ ਨਣਦੀ ਮੋਰ ਤੇਰੀ…?
ਅੱਖਾਂ ਸੱਸ ਦੀਆਂ ਵੀਰਾਂ ਵੇ ਚੁੰਨ•ਮ-ਚੁੰਨ•ੀਆਂ
ਮੂੰਹ ਉਹਦਾ ਮੁੰਡਿਆ ਵੇ ਖਰਸ ਜੁ ਖਾਧੜਾ…।
ਅੱਖਾਂ ਨਣਦ ਦੀਆਂ ਵੀਰਾ ਵੇ ਅੰਬਾਂ ਫਾੜੀਆਂ
ਮੂੰਹ ਉਹਦਾ ਮੁੰਡਿਆ ਵੇ ਜਿਉਂ ਖ਼ਰਬੂਜ਼ਾ…।
ਪਾਟਕ ਟੈਂਗਣੀ (ਘੱਗਰੀ) ਲਿਆਇਆ ਸੱਸ ਜੁ ਤੇਰੀ ਨੂੰ
ਨੌਂ ਲੱਖਾ ਹਾਰ ਕੁੜੀਏ ਨੀਂ ਨਣਦੀ ਮੋਰ ਨੂੰ…।
ਅੱਗ ਲਾਂਵਦੀ ਵੀਰਾ ਵੇ ਪਾਟਕ ਟੈਂਗਣੀ
ਤੋੜ ਮਰੋੜ ਦਿਆਂ ਮੁੰਡਿਆ ਵੇ ਨੌਂ ਲੱਖੇ ਹਾਰ ਨੂੰ
ਕੁਛ ਨਾ ਲਿਆਇਆ ਵੀਰਾ ਵੇ ਅੰਮਾ ਜਾਈ ਆਪਣੀ
ਕੂੰਜ ਵਿੱਛੜੀ ਮੁੰਡਿਆ ਵੇ ਵਿੱਚੋਂ ਡਾਰ ਨੂੰ …।
ਇਸ ਲੰਮੇ ਗੌਣ ਦਾ ਰੂਪਕ ਪੱਖ ਜਿਵੇਂ ਪੇਸ਼ ਕੀਤਾ ਗਿਆ ਹੈ, ਇਹ ਉਨ•ਾਂ ਅਨਪੜ• ‘ਕਵਿਤਰੀਆਂ’ ਦੀ ਤੀਖਣ ਬੁੱਧੀ ਦਾ ਪ੍ਰਤੱਖ ਝਲਕਾਰਾ ਹੈ। ਲੋਕ-ਕਾਵਿ ਵਿੱਚ ਜਿਵੇਂ ਮੋਰ ਨੇ ਭਰਵੀਂ ਹਾਜ਼ਰੀ ਲਵਾਈ ਹੈ, ਉੱਥੇ ਕੁਝ ਪੰਜਾਬੀ ਗੀਤਾਂ ਵਿੱਚ ਵੀ ਮੋਰ ਲੋਕ ਗੀਤਾਂ ਵਾਂਗੂੰ ਲੋਕਾਂ ਦੇ ਮੂੰਹ ਚੜਿ•ਆ ਹੋਇਆ ਹੈ। ਲੰਮਾ ਅਰਸਾ ਪਹਿਲਾਂ ਗਾਇਆ ਇੱਕ ਬਹੁਤ ਪ੍ਰਸਿੱਧ ਪੰਜਾਬੀ ਗੀਤ ਅੱਜ ਵੀ ਲੋਕ ਮਨਾਂ ‘ਚ ਗੂੰਜਦਾ ਹੈ ਜਿਸ ਨੂੰ ਲੋਕ-ਕਾਵਿ ਦਾ ਹਿੱਸਾ ਹੀ ਸਮਝਿਆ ਜਾਂਦਾ ਹੈ ਪਰ ਇਹ ਗੀਤ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਹੈ ਜੋ ਸੰਨ 1938 ਤੋਂ 1940 ਦੇ ਵਿੱਚ-ਵਿੱਚ ਰਿਕਾਰਡ ਹੋਇਆ ਹੈ। ਉਹ ਪੱਥਰ ਦੇ ਤਵਿਆਂ ਵਾਲਾ ਯੁੱਗ ਸੀ। ਇਹ ਤਵਾ ਨੰਬਰ ਆਰ. ਐੱਲ. 3062 ‘ਤੇ ਸਾਂਭਿਆ ਗੀਤ ਫ਼ਜ਼ਲ ਮੁਹੰਮਦ ਟੁੰਡਾ ਜਿਸ ਨੂੰ ਫ਼ਜ਼ਲਾ ਟੁੰਡਾ ਵੀ ਕਿਹਾ ਜਾਂਦਾ ਹੈ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ। ਸ਼ਾਇਰ ਸਦਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਜਿਸ ਢੰਗ ਨਾਲ਼ ਰੂਹ ਤੇ ਬੁੱਤ ਦਾ ਜ਼ਿਕਰ ਕੀਤਾ ਹੈ ਬਾ-ਕਮਾਲ ਹੈ। ਇਸੇ ਲਈ ਇਹ ਗੀਤ, ਪੰਜਾਬੀ ਲੋਕ-ਕਾਵਿ ਵਿੱਚ ਇਉਂ ਰਲ਼ ਗਿਆ ਜਿਵੇਂ ਘਿਓ-ਸ਼ੱਕਰ ਰਲ਼ ਜਾਂਦੇ ਹਨ। ਰੂਹ, ਬੁੱਤ ਨੂੰ ਕਲਹਿਰੀਆ ਮੋਰਾ’ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਹੈ।
ਬੁੱਤ ਨਿਮਾਣੇ ਨੂੰ ਹਰ ਵੇਲ਼ੇ
ਰੂਹ ਇਹੋ ਗੱਲ ਕਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਸਿਰ ਤੇਰੇ ‘ਤੇ ਖੁਦੀ ਗ਼ਰੂਰ,
ਕਰਦੈਂ ਮੇਰੀ ਮੇਰੀ ਤੂੰ।
ਇਹ ਗੱਲ ਮੂਰਖ ਕਦੇ ਨਾ ਸੋਚੀ,
ਅੰਤ ਖ਼ਾਕ ਦੀ ਢੇਰੀ ਤੂੰ।
ਇੱਕ ਦਿਨ ਤਾਂ ਤੈਂ ਢਹਿ ਜਾਣਾ,
ਜਿਵੇਂ ਕੰਧ ਰੇਤ ਦੀ ਢਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਪਰਮਜੀਤ ਕੌਰ ਸਰਹਿੰਦ
————————————————————————————————-
ਕਾਫੀ – ਬੁੱਲੇ ਸ਼ਾਹ ਜੀ
ਇਕ ਵਾਰ ਬੁੱਲੇ ਸ਼ਾਹ ਜੀ ਕਿਤੇ ਬੈਠੇ ਸਨ ਤਾ ਕੀ ਦੇਖਦੇ ਨੇ ਕਿ ਇਕ ਮੁਟਿਆਰ ਆਪਣੀ ਢਾਕ (ਬੱਖੀ) ਦੇ ਉਪਰ ਘੜਾ ਚੁੱਕੀ ਆਪਣੀ ਚੂੜੇ ਵਾਲੀ ਬਾਂਹ ਘੜੇ ਦੇ ਗਲ ਉਪਰ ਦੀ ਪਾ ਕੇ ਪਾਣੀ ਭਰਨ ਜਾ ਰਹੀ ਹੈ ਤਾ ਬੁੱਲੇ ਸ਼ਾਹ ਨੇ ਘੜੇ ਨੂੰ ਦੇਖ ਕੇ ਇੱਕ ਕਾਫੀ ਦੇ ਰੂਪ ਵਿਚ ਕੁਝ ਲਾਈਨਾਂ ਕਹੀਆਂ ਤੇ ਲਿਖੀਆਂ ਤੇ ਆਪ ਹੀ ਘੜੇ ਵੱਲੋਂ ਉਹਨਾ ਲਾਈਨਾਂ ਦਾ ਜੁਆਬ ਵੀ ਦਿੱਤਾ…..
ਨੇਕ ਨਸੀਬ ਤੇਰੇ ਓ ਘੜਿਆ…….
ਚੜਿਆ ਜਾਨਾ ਢਾਕ ਪਰਾਈ
ਚੂੜੇ ਵਾਲੀ ਬਾਂਹ ਸੱਜਣਾ ਦੀ ……..
ਜਾਨਾ ਗਲ ਵਿੱਚ ਪਾਈ
ਫਿਰ ਆਪ ਹੀ ਬੁੱਲੇ ਸ਼ਾਹ ਨੇ ਘੜੇ ਵੱਲੋਂ ਜੁਆਬ ਦਿੱਤਾ ਕੀ
ਪਹਿਲਾਂ ਵਾਢ ਕਹੀਆਂ ਦੀ ਖਾਦੀ…….
ਫਿਰ ਘਰ ਘੁਮਿਆਰਾ ਆਏ
ਪਾਣੀ ਵਿਚ ਰਲ ਗਾਰਾ ਹੋਏ……
ਅਸੀ ਚੱਕ ਤੇ ਸ਼ੀਸ ਕਟਾਏ
ਅੱਠ ਪਹਿਰ ਅੱਗ ਹਿਜਰ ਦੀ ਸਾੜੀ …..
ਅਸੀ ਉਥੇ ਰੰਗ ਵਟਾਏ
ਗਲੀ ਗਲੀ ਫਿਰ ਦਿੱਤਾ ਹੋਕਾ……
ਫਿਰ ਘਰ ਸੱਜਣਾ ਦੇ ਆਏ
ਰੱਸੀ ਬੰਨ ਫਿਰ ਖੂਹ ਵਿਚ ਲਮਕੇ……
ਅਸੀਂ ਗਿਣ ਗਿਣ ਗੋਤੇ ਲਾਏ
ਐਨੇ ਦੁੱਖ ਝੱਲ ਝੱਲ ਕੇ ਬੁੱਲਿਆ
ਅਸੀਂ ਢਾਕ ਮਹਿਬੂਬ ਦੀ ਆਏ..
ਲਾਹੌਰ ’ਚ ਦੁੱਲਾ ਭੱਟੀ ਦੀ ਯਾਦਗਾਰ ਉਸਾਰੀ
ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੀ ਸ਼ਹਾਦਤ ਦੇ 427 ਵਰ੍ਹਿਆਂ ਬਾਅਦ ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਏ-ਬਲਾਕ ਚੌਕ ਦਾ ਨਾਂ ਸ਼ਹੀਦ ਦੁੱਲਾ ਭੱਟੀ ਚੌਕ ਰੱਖਿਆ ਗਿਆ ਹੈ। ਲਾਹੌਰ ਹਾਈ ਕੋਰਟ ਦੇ ਆਦੇਸ਼ ’ਤੇ ਲਾਹੌਰ ਡਿਵੈਲਪਮੈਂਟ ਅਥਾਰਿਟੀ ਵੱਲੋਂ ਚੌਕ ’ਚ ਦੁੱਲਾ ਭੱਟੀ ਦੀ ਪੱਗ ਵਾਲਾ ਬੁੱਤ ਵੀ ਲਾਇਆ ਗਿਆ ਹੈ।
ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਚੌਕ ਵਿੱਚ ਲਾਏ ਗਏ ਦੁੱਲੇ ਭੱਟੀ ਦੀ ਪੱਗ ਵਾਲੇ ਬੁੱਤ ਦੀ ਤਸਵੀਰ
ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਚੌਕ ਵਿੱਚ ਲਾਏ ਗਏ ਦੁੱਲੇ ਭੱਟੀ ਦੀ ਪੱਗ ਵਾਲੇ ਬੁੱਤ ਦੀ ਤਸਵੀਰ
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਦੁੱਲੇ ਦੀ ਜਨਮ ਭੂਮੀ ਜ਼ਿਲ੍ਹਾ ਹਾਫ਼ਿਜ਼ਾਬਾਦ ਦੇ ਕਸਬਾ ਪਿੰਡੀ ਭੱਟੀਆਂ ਦੇ ਦੁੱਲੇਕੀ ਬਾਈਪਾਸ ’ਤੇ ਟੂਰਿਜ਼ਮ ਮਿਊਂਸਿਪਲ ਪ੍ਰਸ਼ਾਸਨ ਹਾਫ਼ਿਜ਼ਾਬਾਦ ਵੱਲੋਂ ਦੁੱਲੇ ਦਾ ਜੋ ਆਦਮ ਕੱਦ ਬੁੱਤ ਲਗਾਇਆ ਗਿਆ ਸੀ ਉਸ ’ਤੇ ਦੁੱਲੇ ਨੂੰ ਪੰਜਾਬੀ ਲਿਬਾਸ ਭਾਵ ਕੁੜਤਾ ਧੋਤੀ ਨਾ ਪਹਿਨਾ ਕੇ ਪਾਕਿਸਤਾਨ ਦਾ ਮੌਜੂਦਾ ਕੌਮੀ ਲਿਬਾਸ ਸਲਵਾਰ ਤੇ ਕੁੜਤਾ ਪਹਿਨਾਉਣ ’ਤੇ ਭਾਰੀ ਵਿਰੋਧ ਹੋਇਆ ਸੀ।
ਦੱਸਣਯੋਗ ਹੈ ਕਿ ਦੁੱਲਾ ਭੱਟੀ ਦਾ ਜਨਮ 1547 ਵਿੱਚ ਹਾਫ਼ਿਜ਼ਾਬਾਦ ਦੇ ਬੱਦਰ ਇਲਾਕੇ ’ਚ ਰਾਜਪੂਤ ਫ਼ਰੀਦ ਖ਼ਾਂ ਭੱਟੀ ਦੇ ਘਰ ਬੀਬੀ ਲੱਦੀ ਦੀ ਕੁੱਖੋਂ ਹੋਇਆ ਅਤੇ ਜਲਦੀ ਬਾਅਦ ਇਹ ਪਰਿਵਾਰ ਪਿੰਡੀ ਭੱਟੀਆਂ ਵਿਖੇ ਆ ਕੇ ਵੱਸ ਗਿਆ। ਦੁੱਲੇ ਭੱਟੀ ਦੇ ਪਿਤਾ ਤੇ ਦਾਦਾ ਬਿਜਲੀ ਖ਼ਾਂ ਉਰਫ਼ ਸਾਂਦਲ ਭੱਟੀ ਵੱਲੋਂ ਮੁਗ਼ਲ ਹਕੂਮਤ ਨੂੰ ਲਗਾਨ ਨਾ ਦੇਣ ’ਤੇ ਬਾਦਸ਼ਾਹ ਹਮਾਯੂੰ ਨੇ ਉਨ੍ਹਾਂ ਦੇ ਸਿਰ ਧੜਾਂ ਤੋਂ ਅਲੱਗ ਕਰਵਾ ਕੇ ਲਾਸ਼ਾਂ ਸ਼ਾਹੀ ਕਿਲ੍ਹੇ ਦੇ ਪਿਛਲੇ ਦਰਵਾਜੇ ਅੱਗੇ ਲਟਕਾ ਦਿੱਤੀਆਂ ਸਨ।
ਜਵਾਨ ਹੋਣ ’ਤੇ ਜਦੋਂ ਦੁੱਲੇ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਆਪਣੀ ਬਾਰ ਦੇ ਲੜਾਕਿਆਂ ਦੀ ਫੌਜ ਤਿਆਰ ਕੀਤੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਵਿਰੁੱਧ ਬਗ਼ਾਵਤ ਦਾ ਐਲਾਨ ਕਰ ਦਿੱਤਾ। ਉਸ ਸਮੇਂ ਦੁੱਲਾ ਭੱਟੀ ਇਕ ਪਰਉਪਕਾਰੀ, ਨਿਰਪੱਖ ਤੇ ਨਿਆਂਪਸੰਦ ਸ਼ਾਸਕ ਬਣ ਕੇ ਉਭਰਿਆ। ਅਕਬਰ ਦੀ ਫੌਜ ਵੱਲੋਂ ਦੁੱਲੇ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰਨ ’ਤੇ 26 ਮਾਰਚ 1589 ਨੂੰ ਲਾਹੌਰ ਵਿਖੇ ਮੁਹੱਲਾ ਨਖਾਸ ’ਚ ਉਸ ਨੂੰ ਫਾਂਸੀ ’ਤੇ ਲਟਕਾਇਆ ਗਿਆ ਸੀ।
- ਧੰਨਵਾਦ ਸਹਿਤ: ਸਿੱਖ ਸਿਆਸਤ ਬਿਊਰੋ
ਛੱਲੇ ਬਾਰੇ ਇੱਕ ਵਿਚਾਰ ਇਹ ਵੀ …
ਕੌਣ ਸੀ ਛੱਲਾ ?… ਕੀ ਕਹਾਣੀ ਸੀ ਛੱਲੇ ਦੀ… ?
ਗੁਰਦਾਸ ਮਾਨ ਤੇ ਛੱਲਾ ਜਿਸ ਨੂੰ ਤਕਰੀਬਨ – ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ.
ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ…
ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ (ਲਾਈਫ) ਚ ‘ਕਦੇ ਛੱਲਾ ਨਾ ਗੁਣਗੁਨਾਇਆ ਹੋਵੇ |
ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ….ਕੌਣ ਸੀ ਇਹ
ਛੱਲਾ ?? ਕੀ ਕਹਾਣੀ ਸੀ ਛੱਲੇ ਦੀ…???
“ਛੱਲਾ” ਇਕ ਪਿਓ ਪੁੱਤ ਦੀ ਦਾਸਤਾਨ ਹੈ| ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ
ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ| ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ|
ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ
ਲਾਡਾਂ (cuddle) ਨਾਲ ਪਾਲਿਆ| ਜਦ ਛੱਲਾ ਛੋਟਾਸੀ ਤਾਂ ਉਸਦੀ ਮਾਂ ਮਰ ਗਈ|
ਜੱਲਾ ਮਲਾਹ (Boatman) ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ (ਬੇੜੀ) ‘ਚ ਬਿਠਾਕੇ
ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ|
ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ|
ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ ‘ਸਵਾਰ ਹੋਕੇ ਦਰਿਆ’ ਚ ਚਲੇ ਗਏ|
ਛੱਲਾ ਚਲਾ ਤਾਂ ਗਿਆਲੇਕਿਨ ਕਦੇ ਵਾਪਿਸ ਨਹੀ ਮੁੜਿਆ|
ਸਤਲੁਜ ਤੇ ਬਿਆਸ ”ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ
ਨਾਲ ਲੈ ਗਿਆ|
ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ
ਪਰ ਛੱਲਾ ਨਾ ਮਿਲਿਆ|
ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ… “ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ (ਦੇਸ਼)
ਪਰਾਇਆ…”
ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ
ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ – ਰੋਂਦਾ ਗਾਉਣ ਲੱਗ ਜਾਂਦਾ… “ਗੱਲ
ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ…”
ਜੱਲਾ ਪਾਣੀ ਚ ‘ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ…?
ਤਾਂ ਜੱਲਾ ਕਹਿੰਦਾ… “ਛੱਲਾ ਨੌ – ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ (ਪਰਮੇਸ਼ੁਰ ਨੇ) ਸਭ ਨੂੰ ਦੇਵੇ…
ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ
ਚਲਾ ਜਾ ਤਾਂ ਜੱਲਾ ਕਹਿੰਦਾ ਹੈ… “ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ…”
‘ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ
ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ|
ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ| ਅਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|
ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ…
ਕਿਥੇ ਗਿਆ ਸਾਡਾ ਵਿਰਸਾ ਵੇ ਲੋਕੋ ..?
ਡਾ.ਮਨਜੀਤ ਸਿੰਘ ਸਰਾਂ
ਹਾਏ ਓਏ ਮੇਰਿਆ ਰੱਬਾ ! ਸਾਥੋਂ ਸਾਡਾ ਵਿਰਸਾ ਖੋਹ ਲਿਆ I ਸਾਡੇ ਨਵੇਂ ਜਮਾਨੇ ਦੀਆਂ ਰੀਸਾਂ ਨੇ ਅਤੇ ਸਾਥੋਂ ਵਿਛੜ ਗਿਆ ਸਾਡਾ ਪਿਛੋਕੜ I ਬੇਸ਼ਕ ਨਵੇਂ ਜਮਾਨੇ ਨੇ ਸਾਨੂੰ ਕੁਝ ਵਧੀਆ ਪਨ ਵੀ ਦਿੱਤਾ ਪਰ ਅਸੀਂ ਆਪਣਾ ਓਹ ਪਿਆਰ ਵੀ ਗੁਆ ਲਿਆ ਹੈ I ਜਿਸ ਬਦਲੇ ਅੱਜ ਭਰਾਵਾਂ ਭਰਾਵਾਂ ਚ’ ਪਿਆਰ ਨਹੀ ਨਫਰਤ ਪੈਦਾ ਹੋ ਗਈ I ਭਲਾ ਕੀ ਖੱਟਿਆ ਨਵੇਂ ਪਨ ਚੋ ? ਸਾਡਾ ਸਭਿਆਚਾਰ ਸਾਥੋਂ ਹੋਲੀ ਹੋਲੀ ਅਲੋਪ ਹੁੰਦਾ ਜਾ ਰਿਹਾ ਹੈ I ਅੱਗੇ ਵਿਆਹਾਂ ਸ਼ਾਦੀਆਂ ਚ, ਪਿੰਡਾਂ ਦੀਆਂ ਔਰਤਾਂ ਵਲੋਂ ਮਿਲਕੇ ਰੋਟੀ ਬਣਉਣਾ, ਬੰਦਿਆਂ ਨੇ ਰਲ ਕੇ ਸਬਜੀਆਂ ਕੱਟਣੀਆਂ ਤੇ ਖਾਸ ਕਰਕੇ ਇਕਠਿਆਂ ਬੈਠਕੇ ਲੱਡੂ ਵਟਣ ਵਰਗੇ ਪਿਆਰੇ ਪਿਆਰੇ ਰਿਵਾਜ਼ ਹੁੰਦੇ ਸਨ ਪਰ ਹੁਣ ਆਪਸੀ ਸਾਂਝ ਘੱਟ ਜਾਣ ਨਾਲ ਇਹ ਪਿਆਰੇ ਪਿਆਰੇ ਤੇ ਹਾਸੇ ਠਠੇ ਵਾਲੇ ਰਿਵਾਜ਼ ਸਾਥੋਂ ਸਿਰਫ ਦੂਰ ਹੀ ਨਹੀ ਹੋ ਰਹੇ ਸਗੋਂ ਸਾਡੇ ਆਪਣੇ ਭਾਈਚਾਰੇ ਤੋਂ ਸਾਨੂੰ ਦੂਰ ਵੀ ਕਰ ਰਹੇ ਹਨ I ਅਗੇ ਸਾਰੇ ਦੂਰ ਨੇੜੇ ਦੇ ਘਰਾਂ ਚ’ ਲੱਡੂ ਵੱਟਣ ਦਾ ਨਿਉਂਦਾ ਦਿਤਾ ਜਾਂਦਾ ਸੀ ਤੇ ਸਭ ਮਿਲਕੇ ਨਾਲੇ ਗ੍ਪਾਂ ਮਾਰਦੇ ਸਨ ਤੇ ਨਾਲੇ ਲੱਡੂ ਵੱਟੇ ਜਾਂਦੇ ਸਨ I ਜਿਸ ਕਰਕੇ ਲੋਕਾਂ ਚ’ ਆਪਸੀ ਪਿਆਰ ਬਰਕਰਾਰ ਸੀ ਪਰ ਅਫਸੋਸ ਕਿ ਅਸੀਂ ਅੱਜ ਆਪਣੇ ਵਿਰਸੇ ਤੋਂ ਦਿਨੋ ਦਿਨ ਦੂਰ ਜਾ ਰਹੇ ਹਾਂ I ਇਹ ਗਲ ਜਰੂਰ ਹੈ ਕਿ ਅਸੀਂ ਮਨਾਂ ਚ’ ਕੜਵਾਹਟ ਲੈ ਕੇ ਆਪਣੇ ਆਪ ਚ’ ਬੁਹਤ ਵੱਡੇ ਬਣ ਗਏ ਹਾਂ I ਪਰ ਆਪਣੇ ਸਭਿਆਚਾਰ ਦੇ ਹਥੋਂ ਬੁਹਤ ਹੀ ਗਰੀਬ ਰਹਿ ਗਏ ਹਾਂ I
“ਤੰਦੂਰ” ਇਕ ਰੋਟੀ ਲਾਉਣ ਵਾਲਾ ਸਾਧਨ ਹੀ ਨਹੀ ਸਗੋਂ ਆਪਸੀ ਭਾਈਚਾਰੇ ਦਾ ਪ੍ਰਤੀਕ ਵੀ ਹੁੰਦਾ ਸੀ !!
ਡਾ.ਮਨਜੀਤ ਸਿੰਘ ਸਰਾਂ
ਅੱਜ ਦੀ ਨਵੀਂ ਪੀੜੀ ਲਈ ” ਤੰਦੂਰ ” ਇਕ ਸਬਦ ਜਿਹਾ ਬਣ ਕੇ ਰਹਿ ਗਿਆ ਹੈ i ਗੁਰਦਾਸ ਮਾਨ ਸਾਹਿਬ ਗੀਤ ਵਾਂਗ ਹੁਣ ਨਾਂ ਤਾਂ ਤੰਦੂਰ ਰਹਿਗੇ ਹਨ ਅਤੇ ਨਾਂ ਹੀ ਤੰਦੂਰ ਬਾਲਣ ਵਾਲੀਆਂ ਰਹਿ ਗਈਆਂ ਹਨ i ਜਦੋਂ ਤੰਦੂਰਾਂ ਦਾ ਜਮਾਨਾ ਹੁੰਦਾ ਸੀ ਤਾਂ ਆਪਣੀ ਗਲੀ -ਮੁਹਲੇ ਦੀਆਂ ਔਰਤਾਂ ਸਾਰੇ ਘਰਾਂ ਚ’ ” ਤੰਦੂਰ ” ਬਾਲਣ ਦੀ ਥਾਂ ਇਕ ਹੀ ” ਤੰਦੂਰ ” ਬਾਲਦੀਆਂ ਸਨ ਕਿਓਂਕਿ ਇਸ ਨਾਲ ਜਿਥੇ ਬਾਲਣ ਦੀ ਬਚਤ ਹੁੰਦੀ ਸੀ ,ਉਥੇ ਆਪਸੀ ਭਾਈਚਾਰੇ ਚ’ ਵਾਧਾ ਹੁੰਦਾ ਸੀ I ਕੁਝ ਸਿਆਣੇ ਬਜੁਰਗਾਂ ਦਾ ਮੰਨਣਾ ਸੀ ਕਿ ਤੰਦੂਰ ਦੀ ਰੋਟੀ ਜਿਥੇ ਸਵਾਦ ਹੁੰਦੀ ਸੀ ,ਉਥੇ ਉਸ ਵਿਚ ਬਰਕਤ ਹੁੰਦੀ ਸੀ ਕਿਓਂ ਕਿ ਇਹ ਰੋਟੀਆਂ ਸਾਰੀਆਂ ਔਰਤਾਂ ਰਲ ਮਿਲਕੇ ਬਣਾਉਂਦੀਆਂ ਸਨ I ਤੰਦੂਰ ਤੇ ਨਾਂ ਵਡੇ-ਛੋਟੇ ਅਤੇ ਨਾਂ ਅਮੀਰ ਗਰੀਬ ਦਾ ਸਵਾਲ ਹੁੰਦਾ ਸੀ ਤੇ ਸਬ ਰਲ ਮਿਲਕੇ ਇਕ ਦੂਜੇ ਦੀ ਮਦਦ ਕਰਦਿਆਂ ਪਲਾਂ ਚ’ ਰੋਟੀਆਂ ਬਣਾ ਲਈਆਂ ਜਾਂਦੀਆਂ ਸਨ I ਜਿਸ ਕਰਕੇ ਲੋਕਾਂ ਚ’ ਆਪਸੀ ਭਾਈਚਾਰੇ ਇਕ ਸਾਂਝ ਬਣੀ ਰਹਿੰਦੀ ਸੀ ਅਤੇ ਹੁਣ ਨਾਂ ਹੀ ਓਹ ਸਾਂਝੇ ਤੰਦੂਰ ਰਹੇ ਹਨ ਤੇ ਨਾਂ ਹੀ ਓਹ ਆਪਸੀ ਭਾਈਚਾਰੇ ਵਾਲੀ ਸਾਂਝ ਰਹੀ I ਬੁਹਤਿਆਂ ਲੋਕਾਂ ਦਾ ਤਾਂ ਆਖਣਾ ਹੈ ਕਿ ਅੱਜ ਦੀਆਂ ਨਵੀਆਂ ਕੁੜੀਆਂ ਨੂੰ ਰੋਟੀਆਂ ਲਾਉਣੀਆਂ ਤਾਂ ਇਕ ਪਾਸੇ ,ਓਨਾਂ ਨੂੰ ਤੰਦੂਰ ਤੱਕ ਯਾਦ ਨਹੀ ਹੈ ਅਤੇ ਇਸੇ ਕਰਕੇ ਹੁਣ ਤੰਦੂਰਾਂ -ਚੁਲਿਆਂ ਦੀ ਥਾਂ, ਗੈਸ ਚੁਲਿਆਂ ਨੇ ਲੈ ਲਈ ਹੈ I ਤੰਦੂਰਾਂ ਤੇ ਰੋਟੀਆਂ ਲਾਉਂਦਿਆਂ ਔਰਤਾਂ ਆਪਣੇ ਦੁਖ ਸੁਖ ਸਾਂਝੇ ਕਰ ਲੈਂਦੀਆਂ ਸਨ ਪਰ ਅੱਜ …….!
ਕੋਹ/ਚਰਸ
ਹਰਕੇਸ਼ ਸਿੰਘ ਕਹਿਲ
ਪੁਰਾਣੇ ਸਮਿਆਂ ਵਿਚ ਇਕ ਕੋਹ ਹੁੰਦਾ ਸੀ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢ ਕੇ ਫਸਲ ਸਿੰਜੀ ਜਾਂਦੀ ਸੀ। ਕਈ ਇਲਾਕਿਆਂ ਵਿਚ ਕੋਹ ਨੂੰ ਚਰਸ ਵੀ ਕਹਿੰਦੇ ਸਨ। ਬਾਰੇ ਵੀ ਕਹਿੰਦੇ ਸਨ। ਦੂਰੀ ਦੀ ਮਿਣਦੀ ਵੀ ਉਨ•ਾਂ ਸਮਿਆਂ ਵਿਚ ਕੋਹਾਂ ਵਿਚ ਕੀਤੀ ਜਾਂਦੀ ਸੀ।
ਇਹ ਉਹ ਸਮਾਂ ਸੀ ਜਦ ਮਰੱਬੇਬੰਦੀ ਅਜੇ ਹੋਈ ਨਹੀਂ ਸੀ। ਰਾਹ ਉੱਗੜ-ਦੁੱਗੜੇ, ਉੱਚੇ-ਨੀਵੇਂ ਹੁੰਦੇ ਸਨ। ਏਸੇ ਕਰਕੇ ਹੀ ਇਨ•ਾਂ ਭੈੜੇ ਰਾਹਾਂ ਤੇ ਸਿਖਰ ਦੁਪਹਿਰੇ ਥੋੜ•ਾ ਜਿਹਾ ਸਫ਼ਰ ਕਰਕੇ ਥੱਕੀ ਤੇ ਤਿਹਾਈ ਜ਼ਨਾਨੀ ਬਾਰੇ ਅਖਾਣ ਹੈ –
ਕੋਹ ਨਾ ਚੱਲੀ, ਬਾਬਾ ਤਿਹਾਈ।
ਹੁਣ ਖੂਹਾਂ ਵਿਚੋਂ ਪਾਣੀ ਕੱਢਣ ਵਾਲੇ ਕੋਹਾਂ ਦੀ ਗੱਲ ਕਰਦੇ ਹਾਂ।
ਪਹਿਲਾਂ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਜੇਕਰ ਬਾਰਸ਼ ਵੇਲੇ ਸਿਰ ਹੋ ਜਾਣੀ ਤਾਂ ਫਸਲਾਂ ਹੋ ਜਾਣੀਆਂ –
ਜੇ ਹਾੜ ਸਾਉਣ ਵੱਸੇ ਮਾਰੋ ਮਾਰ,
ਹਾੜੀ ਸਾਉਣੀ ਹੁੰਦੀ ਬੇ-ਸ਼ੁਮਾਰ।
ਜੇਕਰ ਵੇਲੇ ਸਿਰ ਬਾਰਸ਼ ਨਾ ਹੋਣੀ ਤਾਂ ਕਾਲ ਪੈ ਜਾਣਾ –
ਕਿਹੜੇ ਰੱਬ ਦੇ ਕੀਰਨੇ ਪਾਵਾਂ,
ਪਿੰਡ ਵਿਚ ਕਾਲ ਪੈ ਗਿਆ।
ਕਾਲ ਦੇ ਸਮੇਂ ਵਿਚ ਤਾਂ ਜਾਨ ਦੇ ਲਾਲੇ ਪਏ ਹੁੰਦੇ ਸਨ। ਏਸ ਲਈ ਜ਼ਨਾਨੀਆਂ ਨੂੰ ਕੋਈ ਵੀ ਤਿਉਹਾਰ, ਵਿਸ਼ੇਸ਼ ਕਰਕੇ ਜ਼ਨਾਨੀਆਂ ਦਾ ਵਿਸ਼ੇਸ਼ ਤਿਉਹਾਰ ਤੀਆਂ ਵੀ ਚੰਗਾ ਨਹੀਂ ਲੱਗਦਾ ਸੀ –
ਖੇਤ ਉਜਾੜ ਪਿਆ,
ਮੈਂ ਕਿਵੇਂ ਗਿੱਧੇ ਵਿਚ ਜਾਵਾਂ?
ਜੇਕਰ ਬਾਰਸ਼ ਬਹੁਤ ਹੋ ਜਾਣੀ ਤਾਂ ਹੜ• ਆ ਜਾਣੇ। ਉਨ•ਾਂ ਸਮਿਆਂ ਵਿਚ ਪੰਜਾਬ ਦੇ ਕਿਸੇ ਵੀ ਦਰਿਆ ਤੇ ਬੰਨ• ਨਹੀਂ ਬੰਨਿ•ਆ ਹੋਇਆ ਸੀ। ਜਿਸ ਪਾਸੇ ਨੂੰ ਪਾਣੀ ਦਾ ਵਹਾ ਜ਼ਿਆਦਾ ਹੋ ਗਿਆ, ਉਸ ਪਾਸੇ ਹੀ ਦਰਿਆ ਆਪਣਾ ਰਾਹ ਬਦਲ ਲੈਂਦੇ ਸਨ। ਪਿਛਲੇ ਸਮਿਆਂ ਵਿਚ ਸਤਲੁਜ ਦਰਿਆ ਮਾਲਵੇ ਦੇ ਕਈ ਇਲਾਕਿਆਂ ਵਿਚ ਵੱਗਦਾ ਰਿਹਾ ਹੈ।
ਫੇਰ ਖੂਹ ਲੱਗੇ। ਖੂਹਾਂ ਵਿਚੋਂ ਫਸਲ ਸਿੰਜਣ ਲਈ ਕੋਹਣ ਨਾਲ ਪਾਣੀ ਕੱਢਿਆ ਜਾਣ ਲੱਗਿਆ। ਕੋਹ ਦੀ ਬਣਤਰ ਏਸ ਤਰ•ਾਂ ਹੁੰਦੀ ਸੀ।
ਜਿਸ ਵਿਚ ਰੱਸਾ ਪਾ ਕੇ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਕੋਈ ਕੋਹਾਂ ਵਿਚ ਚਮੜੇ ਦੇ ਬਹੁਤ ਬੜੇ ਸਾਰੇ ਗੋਲ ਜਿਹੇ ਆਕਾਰ ਦੇ ਡੋਲ ਜਿਹੇ ਨੂੰ ਕੋਹ ਕਹਿੰਦੇ ਸਨ। ਏਸ ਦੇ ਮੂੰਹ ਉਪਰ ਦੇ ਹਿੱਸੇ ਵਿਚ ਗੋਲ ਜਿਹੇ ਆਕਾਰ ਦਾ ਲੋਹੇ ਦਾ ਕੜਾ ਲੱਗਿਆ ਹੁੰਦਾ ਸੀ। ਏਸ ਕੜੇ ਦੇ ਵਿਚਾਲੇ ਲੱਕੜ ਲੱਗੀ ਹੁੰਦੀ ਸੀ। ਏਸ ਲੱਕੜ ਵਿਚ ਰੱਸਾ ਪਾ ਕੇ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਏਸ ਰੱਸੇ ਦਾ ਦੂਸਰਾ ਹਿੱਸਾ ਬਲਦਾਂ ਦੇ ਗੱਲ ਪਾਈ ਪੰਜਾਲੀ ਵਿਚ ਇਕ ਕੀਲੀ ਵਿਚ ਪਾਇਆ ਹੁੰਦਾ ਸੀ। ਕੋਹ ਵਿਚ 60 ਕੁ ਕਿਲੋ ਪਾਣੀ ਪੈਦਾ ਹੁੰਦਾ ਸੀ। ਦੋ ਬੰਦੇ ਕੋਹ ਨੂੰ ਚਲਾਉਂਦੇ ਹੁੰਦੇ ਸਨ। ਇਕ ਬਲਦਾਂ ਦੀ ਜੋੜੀ ਨੂੰ ਚਲਾਉਂਦਾ ਸੀ, ਦੂਸਰਾ ਭਰੇ ਹੋਏ ਕੋਹ ਨੂੰ ਖੂਹ ਦੀ ਮੌਣ ਕੋਲ ਖੜ• ਕੇ ਫੜਦਾ ਹੁੰਦਾ ਸੀ।
ਕੋਹ ਨੂੰ ਖੂਹ ਵਿਚ ਲਮਕਾਉਣ ਤੇ ਕੱਢਣ ਲਈ ਖੂਹ ਦੀ ਮੌਣ ਦੇ ਨਾਲ ਦੋ ਮਜ਼ਬੂਤ ਲੱਕੜਾਂ ਗੱਡੀਆਂ ਹੁੰਦੀਆਂ ਸਨ। ਇਨ•ਾਂ ਲੱਕੜਾਂ ਦੇ ਉਪਰ ਇਕ ਲੱਕੜ ਲਾਈ ਜਾਂਦੀ ਸੀ, ਜਿਸ ਵਿਚ ਭੌਣੀ ਪਾਈ ਜਾਂਦੀ ਸੀ। ਏਸ ਭੌਣੀ ਦੇ ਉਪਰ ਦੀ ਰੱਸੇ ਰਾਹੀਂ ਕੋਹ ਨੂੰ ਖੂਹ ਵਿਚ ਲਮਕਾਇਆ ਜਾਂਦਾ ਸੀ। ਜਦ ਕੋਹ ਪਾਣੀ ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਨਾਲ ਭਰੇ ਕੋਹ ਨੂੰ ਖੂਹ ਵਿਚੋਂ ਬਾਹਰ ਕੱਢਿਆ ਜਾਂਦਾ ਸੀ। ਮੌਣ ਦੇ ਕੋਲ ਖੜ•ਾ ਬੰਦਾ ਕੋਹ ਨੂੰ ਫਾੜ ਕੇ ਚਬੱਚੇ/ਔਲੂ ਵਿਚ ਉਲਟਾਉਣਾ ਹੁੰਦਾ ਸੀ। ਔਲੂ ਚੂਨੇ ਨਾਲ ਬਣਾਇਆ ਹੁੰਦਾ ਸੀ। ਔਲੂ ਖੂਹ ਦੀ ਪੌਣ ਦੇ ਬਿਲਕੁਲ ਨਾਲ ਹੀ ਬਣਾਇਆ ਜਾਂਦਾ ਸੀ।
ਔਲੂ ਦਾ ਖੂਹ ਦੀ ਮੌਣ ਦੇ ਨਾਲ ਲੱਗਦਾ ਹਿੱਸਾ ਉੱਚਾ ਹੁੰਦਾ ਸੀ ਤੇ ਫੇਰ ਇਹ ਨੀਵਾਂ ਹੁੰਦਾ ਜਾਂਦਾ ਸੀ ਤਾਂ ਜੋ ਕੋਹ ਦਾ ਪਾਣੀ ਰੋੜ ਨਾਲ ਛੇਤੀ ਤੋਂ ਛੇਤੀ ਖੇਤ ਵਿਚ ਪਹੁੰਚੇ। ਕੋਹ ਨੂੰ ਫੜਨਾ ਤੇ ਔਲੂ ਵਿਚ ਉਲਟਾਉਣਾ ਤਕੜੇ ਬੰਦੇ ਦਾ ਕੰਮ ਹੁੰਦਾ ਸੀ। ਉਨ•ਾਂ ਸਮਿਆਂ ਵਿਚ ਸਾਰੇ ਹੀ ਬੰਦੇ ਤਕੜੇ ਹੁੰਦੇ ਸਨ। ਖੁਰਾਕਾਂ ਚੰਗੀਆਂ ਖਾਂਦੇ ਸਨ। ਕੋਹਾਂ ਤੋਂ ਬਾਅਦ ਫੇਰ ਹਲਟ ਲੱਗਣ ਲੱਗੇ। ਪਹਿਲਾਂ ਹਲਟਾਂ ਦੇ ਵੈੜ ਲੱਕੜ ਦੇ ਹੁੰਦੇ ਸਨ। ਟਿੰਡਾਂ ਮਿੱਟੀ ਦੀਆਂ ਹੁੰਦੀਆਂ ਸਨ। ਫੇਰ ਹਲਟ ਸਾਰੇ ਦਾ ਸਾਰਾ ਲੋਹੇ ਦਾ ਬਣਨ ਲੱਗਿਆ।
ਫੇਰ ਖੂਹਾਂ ਵਿਚ ਇੰਜਣਾਂ ਨਾਲ ਚੱਲਣ ਵਾਲੇ ਟਿਊਬਵੈੱਲ ਲੱਗੇ। ਉਸ ਤੋਂ ਬਾਅਦ ਖੂਹੀਆਂ ਉਸਾਰ ਕੇ ਟਿਊਬਵੈੱਲ ਲੱਗੇ। ਫੇਰ ਇੰਜਣਾਂ ਦੀ ਥਾਂ ਬਿਜਲੀ ਦੀਆਂ ਮੋਟਰਾਂ ਆ ਗਈਆਂ। ਹੁਣ ਪਾਣੀ ਐਨਾ ਦੂਰ ਹੋ ਗਿਆ ਹੈ ਕਿ ਸਬਮਰਸੀਬਲ ਪੰਪਾਂ ਨਾਲ ਹੀ ਪਾਣੀ ਕੱਢਿਆ ਜਾ ਸਕਦਾ ਹੈ।
ਆਵੀ ਪਾਉਣੀ
ਹਰਕੇਸ਼ ਸਿੰਘ ਕਹਿਲ
ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ, ਜਿਨ•ਾਂ ਨੂੰ ਪਹਿਲੇ ਸਮਿਆਂ ਵਿਚ ਗੁੱਲੀ, ਜੁੱਲੀ ਤੇ ਕੁੱਲੀ ਕਿਹਾ ਜਾਂਦਾ ਸੀ। ਜਿਸਨੂੰ ਅੱਜ ਦੇ ਸਭਿਅਕ ਸਮਾਜ ਨੇ ਰੋਟੀ, ਕੱਪੜਾ ਅਤੇ ਮਕਾਨ ਦਾ ਨਾਂ ਦਿੱਤਾ ਹੋਇਆ ਹੈ। ਪਹਿਲਾਂ ਪਿੰਡ ਹੋਂਦ ਵਿਚ ਆਏ। ਪਿੰਡ ਉਨ•ਾਂ ਸਮਿਆਂ ਵਿਚ ਸਵੈ ਨਿਰਭਰ ਹੁੰਦੇ ਸਨ। ਮਨੁੱਖਾਂ ਦੀਆਂ ਇਹ ਤਿੰਨੇ ਲੋੜਾਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਖਾਣ ਲਈ ਅਨਾਜ ਪਿੰਡ ਵਿਚ ਪੈਦਾ ਹੋ ਜਾਂਦਾ ਸੀ। ਜ਼ਨਾਨੀਆਂ ਆਟਾ ਚੱਕੀ ਤੇ ਪੀਹ ਲੈਂਦੀਆਂ ਸਨ। ਕਪਾਹ ਪਿੰਡ ਵਿਚ ਪੈਦਾ ਹੁੰਦੀ ਸੀ। ਸੂਤ ਜ਼ਨਾਨੀਆਂ ਕੱਤ ਲੈਂਦੀਆਂ ਸਨ। ਕੱਪੜਾ ਪਿੰਡ ਦੇ ਜੁਲਾਹੇ ਤਿਆਰ ਕਰ ਦਿੰਦੇ ਸਨ। ਦਰਜ਼ੀ ਸਿਉਂ ਦਿੰਦੇ ਸਨ। ਰਹਿਣ ਲਈ ਕੁੱਲੀਆਂ ਲੋਕ ਆਪ ਬਣਾ ਲੈਂਦੇ ਸਨ। ਫੇਰ ਪਿੰਡਾਂ ਦੇ ਤਰਖਾਣ/ਮਿਸਤਰੀ ਕੱਚੇ ਘਰ ਬਣਾਉਣ ਲੱਗ ਪਏ। ਕੁਝ ਗਿਣਤੀ ਦੀਆਂ ਵਸਤਾਂ ਹੀ ਹੁੰਦੀਆਂ ਸਨ ਜਿਹੜੀਆਂ ਪਿੰਡ ਦੇ ਹੱਟਵਾਣੀਏ ਸ਼ਹਿਰੋਂ ਲਿਆ ਕੇ ਵੇਚਦੇ ਹੁੰਦੇ ਸਨ।
ਉਨ•ਾਂ ਸਮਿਆਂ ਵਿਚ ਹਰ ਕਿਸਮ ਦਾ ਕਿੱਤਾ ਕਰਨ ਵਾਲੇ ਲੋਕੀਂ ਪਿੰਡਾਂ ਵਿਚ ਰਹਿੰਦੇ ਸਨ। ਜੁੱਤੀ ਜੋੜਾ ਪਿੰਡ ਦੇ ਚਮਿਆਰ/ਮੋਚੀ ਬਣਾ ਦਿੰਦੇ ਸਨ। ਤੇਲ ਪਿੰਡ ਦੇ ਤੇਲੀ ਕੱਢ ਦਿੰਦੇ ਸਨ। ਟੂੰਮ, ਛੱਲਾ ਪਿੰਡ ਦੇ ਸੁਨਿਆਰ ਬਣਾ ਦਿੰਦੇ ਸਨ। ਉਨ•ਾਂ ਸਮਿਆਂ ਵਿਚ ਘਰ ਵਰਤਣ ਲਈ ਬਹੁਤੇ ਭਾਂਡੇ ਮਿੱਟੀ ਦੇ ਬਣੇ ਹੁੰਦੇ ਸਨ, ਜਿਹੜੇ ਪਿੰਡ ਦੇ ਘੁਮਿਆਰ ਹੀ ਤਿਆਰ ਕਰਦੇ ਹੁੰਦੇ ਸਨ। ਉਨ•ਾਂ ਸਮਿਆਂ ਵਿਚ ਪਾਣੀ ਤੋਂ ਲੈ ਕੇ ਦੁੱਧ, ਮੱਖਣ, ਘੀ, ਸ਼ੱਕਰ, ਆਟਾ ਪਾਉਣ, ਆਟਾ ਗੁੰਨ•ਣ, ਦਾਲਾਂ ਧਰਨ, ਪਾਣੀ ਗਰਮ ਕਰਨ, ਸਾਰੇ ਦੇ ਸਾਰੇ ਕੰਮਾਂ ਲਈ ਮਿੱਟੀ ਦੇ ਬਰਤਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਜਿੰਨੇ ਵੀ ਘਰਾਂ ਵਿਚ ਜਿਵੇਂ ਛੋਟੀ ਕੁੱਜੀ ਤੋਂ ਕੁੱਜੇ, ਝੱਕਰੇ, ਤਪਲੇ, ਵਲ•ਣੀਆਂ, ਘੜੇ, ਮੱਟ, ਕਾੜ•ਣੀਆਂ, ਚਾਟੀਆਂ, ਆਟਾ ਗੁੰਨ•ਣ ਲਈ ਪਰਾਤਾਂ, ਚੂੰਗੜੇ, ਦੀਵੇ, ਚੱਪਣ, ਗੱਲ ਕੀ ਘਰ ਵਰਤਣ ਦੀ ਹਰ ਚੀਜ਼ ਘੁਮਿਆਰ ਬਣਾਉਂਦੇ ਹੁੰਦੇ ਸਨ। ਕਈ ਘੁਮਿਆਰ ਮਿੱਟੀ ਦੇ ਭਾਂਡਿਆਂ ਦੇ ਬਣਾਉਣ ਦੇ ਨਾਲ-ਨਾਲ ਇੱਟਾਂ ਦੀ ਢੋ-ਢੁਆਈ, ਫਸਲਾਂ ਦੀ ਢੁਆਈ ਦਾ ਕੰਮ ਵੀ ਕਰਦੇ ਹੁੰਦੇ ਸਨ। ਏਸ ਲਈ ਘੁਮਿਆਰਾਂ ਲਈ ਗਧੇ ਰੱਖਣੇ ਲਾਜ਼ਮੀ ਹੁੰਦੇ ਸਨ। ਇਕ ਤਾਂ ਭਾਂਡੇ ਬਣਾਉਣ ਲਈ ਗਧਿਆਂ ਤੇ ਮਿੱਟੀ ਢੋਲੀ ਹੁੰਦੀ ਸੀ। ਦੂਜੇ ਇੱਟਾਂ ਤੇ ਫਸਲਾਂ ਦੀ ਢੋ ਢੁਆਈ ਗਧਿਆਂ ‘ਤੇ ਕੀਤੀ ਜਾਂਦੀ ਸੀ। ਬਾਹਰ ਅੰਦਰ ਜਾਣ ਲਈ ਘੁਮਿਆਰ ਗਧਿਆ ਦੀ ਹੀ ਸਵਾਰੀ ਕਰਦੇ ਹੁੰਦੇ ਸਨ। ਇਥੋਂ ਤੱਕ ਕਿ ਵਿਆਹਾਂ ਵਿਚ ਵੀ ਗਧਿਆਂ ਨੂੰ ਸ਼ਿੰਗਾਰ ਕੇ ਸਵਾਰੀ ਕੀਤੀ ਜਾਂਦੀ ਸੀ। ਉਸ ਸਮੇਂ ਦਾ ਗੀਤ ਹੈ –
ਬਾਰੀਂ ਬਰਸੀਂ ਖੱਟ ਕੇ ਲਿਆਂਦੇ,
ਖੱਟ ਕੇ ਲਿਆਂਦੇ ਟਾਂਡੇ।
ਮੇਲ ਘੁਮਿਆਰਾਂ ਦੇ,
ਵਿਚ ਗਧੇ ਹੀਂਗਦੇ ਜਾਂਦੇ।
ਅਤੇ
ਧਾਵੇ, ਧਾਵੇ, ਧਾਵੇ,
ਜੰਨ ਘੁਮਿਆਰਾਂ ਦੀ,
ਵਿਚ ਗਧਾ ਹਿਣਕਦਾ ਜਾਵੇ।
ਗਧੇ ਤੋਂ ਘਮਾਰੀ ਡਿਗ ਪਈ,
ਮੇਰਾ ਹਾਸਾ ਨਿਕਲਦਾ ਜਾਵੇ।
ਗਧਿਆਂ ਦਾ ਹੀਂਗਣਾ ਬਹੁਤ ਮਸ਼ਹੂਰ ਹੈ। ਗਧੇ ਦੀ ਹੀਂਗਣ ਝੱਟ ਹੀ ਗਧਿਆਂ ਦੀ ਹੋਂਦ ਜਾਹਰ ਕਰ ਦਿੰਦੀ ਹੁੰਦੀ ਸੀ।ਹੁਣ ਮੈਂ ਤੁਹਾਨੂੰ ਘੁਮਿਆਰ ਭਾਂਡੇ ਕਿਵੇਂ ਤਿਆਰ ਕਰਦੇ ਹੁੰਦੇ ਸਨ, ਕਿਵੇਂ ਆਵੀ ਵਿਚ ਪਕਾਉਂਦੇ ਸਨ, ਉਹ ਦੱਸਣ ਜਾ ਰਿਹਾ ਹਾਂ। ਪਹਿਲਾਂ ਚੰਗੀ ਚਿਉਕਣੀ ਕਾਲੀ ਮਿੱਟੀ ਪਿੰਡ ਵਿਚੋਂ ਜਾਂ ਨੇੜੇ-ਤੇੜੇ ਦੇ ਪਿੰਡਾਂ ਵਿਚੋਂ ਜਿਥੋਂ ਵੀ ਮਿਲਦੀ ਹੁੰਦੀ ਸੀ, ਉਸ ਨੂੰ ਗਧਿਆਂ ‘ਤੇ ਢੋ ਕੇ ਭਾਂਡੇ ਤਿਆਰ ਕਰਨ ਵਾਲੀ ਥਾਂ ‘ਤੇ ਲਿਆਉਂਦੇ ਸਨ। ਫੇਰ ਉਸ ਮਿੱਟੀ ਦੀ ਕਈ ਦਿਨਾਂ ਤੱਕ ਘਾਣੀ ਤਿਆਰ ਕਰਦੇ ਰਹਿੰਦੇ ਸਨ। ਜਦ ਘਾਣੀ ਚੰਗੀ ਤਰ•ਾਂ ਤਿਆਰ ਹੋ ਜਾਂਦੀ ਸੀ। ਮੱਖਣ ਦੀ ਤਰ•ਾਂ ਮੁਲਾਇਣ ਹੋ ਜਾਂਦੀ ਸੀ। ਭਾਂਡੇ ਚੱਕ ‘ਤੇ ਤਿਆਰ ਕੀਤੇ ਜਾਂਦੇ ਸਨ। ਜਿਹੜਾ ਭਾਂਡਾ ਤਿਆਰ ਕਰਨਾ ਹੁੰਦਾ ਸੀ, ਉਨ•ੀ ਕੁ ਗੋਈ ਮਿੱਟੀ ਚੱਕ ਦੇ ਵਿਚਾਲੇ ਰੱਖੀ ਥਾਂ ‘ਤੇ ਰੱਖਿਆ ਜਾਂਦਾ ਸੀ। ਫੇਰ ਚੱਕ ਵਿਚ ਰੱਖੇ ਸੁਰਾਖ ਵਿਚ ਛੰਡਾ ਪਾ ਕੇ ਚੱਕ ਨੂੰ ਪੂਰੇ ਜ਼ੋਰ ਦੀ ਘੁਮਾਇਆ ਜਾਂਦਾ ਸੀ। ਫੇਰ ਸੁਰਾਖ਼ ਵਿਚੋਂ ਡੰਡੇ ਨੂੰ ਕੱਢ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਸੀ। ਫੇਰ ਦੋਵੇਂ ਹੱਥਾਂ ਨਾਲ ਰੱਖੀ ਮਿੱਟੀ ਦਾ ਭਾਂਡਾ ਡੌਲਿਆ ਜਾਂਦਾ ਸੀ। ਫੇਰ ਡੌਲੇ ਹੋਏ ਭਾਂਡੇ ਨੂੰ ਇਕ ਧਾਗੇ ਨਾਲ ਕੱਟ ਕੇ ਚੱਕ ਤੋਂ ਲਾਹ ਲੈਂਦੇ ਸਨ।
ਸੁਕਣ ਲਈ ਰੱਖ ਦਿੰਦੇ ਸਨ। ਕਈ ਭਾਰੇ ਭਾਂਡੇ ਜਿਵੇਂ ਡੌਲੇ, ਚਾਟੀਆਂ, ਕਾੜ•ਣੀਆਂ, ਘੜੇ, ਮੱਟਾਂ ਆਦਿ ਨੂੰ ਮਜ਼ਬੂਤੀ ਦੇਣ ਲਈ ਇਕ ਹੱਥ ਵਿਚ ਘੜੇ ਦੇ ਅੰਦਰ ਮਿੱਟੀ ਦੀ ਬਣੀ ਦਰਨੀ ਫੜ ਲੈਂਦੇ ਸਨ। ਦੂਸਰੇ ਹੱਥ ਨਾਲ ਮਿੱਟੀ ਦੀ ਹੀ ਛੋਟੀ ਜਿਹੀ ਬਣੀ ਥਾਪੀ ਨਾਲ ਹੌਲੀ-ਹੌਲੀ ਕੁੱਟਿਆ ਜਾਂਦਾ ਸੀ। ਕਈ ਭਾਂਡਿਆਂ ਦੇ ਮੂੰਹਾਂ ਦੇ ਨੇੜੇ ਤੇ ਠਿੱਡਾਂ ਤੇ ਚਮਕੀਲ/ਅਬਰਕ ਵੀ ਲਾ ਦਿੰਦੇ ਸਨ। ਕਈਆਂ ਦੇ ਕਾਲੇ ਰੰਗ ਨਾਲ ਲਾਈਨਾਂ ਵੀ ਲਾ ਦਿੰਦੇ ਸਨ। ਜਦ ਭਾਂਡੇ ਚੰਗੀ ਤਰ•ਾਂ ਸੁੱਕ ਜਾਂਦੇ ਸਨ ਤਾਂ ਇਨ•ਾਂ ਭਾਂਡਿਆਂ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਭਾਂਡੇ ਪਕਾਉਣ ਲਈ ਪਾਥੀਆਂ, ਲੱਕੜਾਂ ਦਾ ਬੂਰਾ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ।
ਇਹ ਸੀ ਭਾਂਡੇ ਬਣਾਉਣ ਦੀ ਵਿਧੀ। ਅੱਜ ਪੰਜਾਬ ਦੇ ਟਾਮੇਂ ਟਾਮੇਂ ਪਿੰਡਾਂ ਵਿਚ ਹੀ ਘੁਮਿਆਰ ਭਾਂਡੇ ਬਣਾਉਂਦੇ ਹਨ ਤੇ ਆਵੀ ਪਾਉਂਦੇ ਹਨ। ਕਿਉਂ ਜੋ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਦਿਨੋਂ-ਦਿਨ ਘਟੀ ਜਾ ਰਹੀ ਹੈ।
-0-
ਪੰਜਾਬੀ ਵਿਰਸੇ ਦੀ ਅਨਮੋਲ ਵਸਤੂ – ਫੁਲਕਾਰੀ
-ਭਵਨਦੀਪ ਸਿੰਘ ਪੁਰਬਾ
ਕੋਈ ਸਮਾਂ ਸੀ ਜਦੋਂ ਫੁਲਕਾਰੀਆਂ ਕੱਢਣੀਆਂ, ਖੇਸ ਬੁਨਣੇ, ਦਰੀਆ ਬੁਨਣੀਆ, ਪੱਖੀਆਂ ਬਣਾਉਣੀਆਂ, ਚਰਖੇ ਕੱਤਨੇ ਆਦਿ ਜੀਵਨ ਦਾ ਅਹਿਮ ਕੰਮ ਸਨ। ਉਨ•ਾਂ ਸਮਿਆਂ ਵਿਚ ਕੁੜੀਆਂ ਦੀ ਪੜ•ਾਈ ਲਿਖਾਈ ਬਹੁਤ ਘੱਟ ਹੁੰਦੀ ਸੀ। ਬੱਸ ਕਢਾਈ, ਕਤਾਈ ਤੋਂ ਹੀ ਕੁੜੀ ਦੇ ਸਚਿਆਰੀ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਗਰਮੀਆਂ ਦੇ ਦਿਨ ਵੱਡੇ ਹੋਣ ਕਰਕੇ ਇਨ•ਾਂ ਦਿਨਾਂ ਵਿਚ ਕਢਾਈ, ਕਤਾਈ ਦੇ ਕੰਮ ਜ਼ੋਰਾਂ ‘ਤੇ ਹੁੰਦੇ ਸਨ। ਮਾਂ ਨੂੰ ਧੀ ਦੇ ਜਨਮ ਹੋਣ ਸਾਰ ਹੀ ਉਸ ਦੇ ਦਾਜ ਦਾ ਫਿਕਰ ਪੈ ਜਾਂਦਾ ਸੀ। ਕੁੜੀ ਹੋਣ ਸਾਰ ਹੀ ਉਸ ਦੇ ਦਾਜ ਲਈ ਕਢਾਈ, ਕਤਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਸੀ। ਜਵਾਨੀ ਵਿਚ ਪੈਰ ਪਾਉਂਦਿਆਂ ਹੀ ਕੁੜੀ ਆਪ ਵੀ ਕਢਾਈ, ਕਤਾਈ ਦਾ ਕੰਮ ਸ਼ੁਰੂ ਕਰ ਦਿੰਦੀ ਸੀ। ਜਿਸ ਤਰ•ਾਂ ਕੁੜੀਆਂ-ਬੁੜੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਸਨ ਉਸੇ ਤਰ•ਾਂ ਹੀ ਕੁੜੀਆਂ-ਚਿੜੀਆਂ ਇਕੱਠੀਆਂ ਹੋ ਕੇ ਕਢਾਈ ਕਰਦੀਆਂ ਸਨ। ਕਢਾਈ ਵਿਚ ਫੁਲਕਾਰੀਆਂ ਤੇ ਬਾਗ ਕੱਢਣੇ ਸਭ ਤੋਂ ਅਹਿਮ ਗੱਲ ਸੀ। ਫੁਲਕਾਰੀ ਕੱਢਣ ਵਿਚ ਹੀ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਸੀ।
ਬਾਗ਼ ਤੇ ਫੁਲਕਾਰੀ ਨੂੰ ਠੰਡ ਤੋਂ ਬਚਣ ਲਈ ਉੱਪਰ ਲਿਆ ਜਾਂਦਾ ਸੀ। ਫੁਲਕਾਰੀ ਸਬੰਧੀ ਸਾਨੂੰ ਬਹੁਤ ਸਾਰੇ ਲੋਕ ਗੀਤ ਤੇ ਟੱਪੇ ਮਿਲਦੇ ਹਨ ਜੋ ਸਮੇਂ ਅਨੁਸਾਰ ਵੱਖ-ਵੱਖ ਵਿਅਕਤੀਆਂ ਤੇ ਰੀਤੀ-ਰਿਵਾਜ਼ਾਂ ਨਾਲ ਮੇਲ ਖਾਂਦੇ ਹਨ। ਕਢਾਈ-ਕਤਾਈ ਦਾ ਕੰਮ ਗਰਮੀ ਦੇ ਦਿਨਾਂ ਵਿਚ ਜ਼ਿਆਦਾ ਹੁੰਦਾ ਸੀ। ਇਸੇ ਲਈ ਖੁਲ•ੇ ਦਰਵਾਜ਼ੇ ਵਿਚ ਬੈਠ ਕੇ ਕੱਤਦੀਆਂ ਮੁਟਿਆਰਾਂ ਸਬੰਧੀ ਆਮ ਹੀ ਟੱਪੇ ਸੁਨਣ ਨੂੰ ਮਿਲਦੇ ਸਨ ਜਿਵੇਂ
ਧੰਨ ਕੁਰ ਸੀਉਮੇ ਕੁੜਤੀ ਖੱਧਰ ਦੀ, ਬੰਤੋ ਦੀ ਕੱਤਣ ਦੀ ਤਿਆਰੀ
ਵਿਚ ਦਰਵਾਜ਼ੇ ਦੇ, ਇਕ ਫੁਲ ਕੱਢਦਾ ਫੁਲਕਾਰੀ
ਇਸ ਟੱਪੇ ਵਿਚ ‘ਫੁੱਲ’ ਸ਼ਬਦ ਸੋਹਣੀ ਸੁਨੱਖੀ ਮੁਟਿਆਰ ਲਈ ਵਰਤਿਆ ਗਿਆ ਹੈ। ਜੇਕਰ ਫੁਲਕਾਰੀ ਕੱਢਣ ਵਾਲੀ ਦਾ ਰੂਪ ਵਾਕਿਆ ਹੀ ਦਿਨ ਚੜ•ਦੇ ਦੀ ਲਾਲੀ ਵਰਗਾ ਹੁੰਦਾ ਤਾਂ ਉਸ ਉੱਪਰ ਇਹ ਬੋਲੀ ਵੀ ਪੂਰੀ ਤਰ•ਾਂ ਢੁੱਕ ਜਾਂਦੀ –
ਆਰੀ! ਆਰੀ!! ਆਰੀ!!!
ਹੇਠ ਬਰੋਟੇ ਦੇ, ਇਕ ਫੁਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਜਿਹੀਆਂ, ਵਿਚ ਕਜਲੇ ਦੀ ਧਾਰੀ
ਨੀਵੀਂ ਨਜ਼ਰ ਰੱਖੇ, ਸ਼ਰਮ ਹਿਯਾ ਦੀ ਮਾਰੀ
ਆਪੇ ਲੈ ਜਾਣਗੇ, ਜਿਨ•ਾਂ ਨੂੰ ਲੱਗੂ ਪਿਆਰੀ
ਫੁਲਕਾਰੀ ਦਾ ਸਬੰਧ ਸਿੱਧੇ ਮੁਟਿਆਰਾਂ ਨਾਲ ਹੀ ਜ਼ਿਆਦਾ ਮੇਲ ਖਾਂਦਾ ਹੈ। ਕਿਉਂਕਿ ਜਦ ਮੁਟਿਆਰਾਂ ਆਪਣੇ ਉੱਪਰ ਫੁਲਕਾਰੀ ਲੈ ਲੈਂਦੀਆਂ ਸਨ ਤਾਂ ਉਨ•ਾਂ ਦਾ ਰੂਪ ਦੂਣ-ਸੁਵਾਇਆ ਲੱਗਦਾ ਸੀ। ਹਰੇਕ ਮੁਟਿਆਰ ਦੀ ਖ਼ੂਬਸੂਰਤੀ ਨੂੰ ਫੁਲਕਾਰੀ ਦੇ ਨਾਲ ਚਾਰ ਚੰਦ ਲੱਗ ਜਾਂਦੇ। ਇਸੇ ਕਰਕੇ ਫੁਲਕਾਰੀ ਸਬੰਧੀ ਬੋਲੀਆਂ, ਟੱਪਿਆ ਵਿਚ ਮੁਟਿਆਰ ਤੇ ਫੁਲਕਾਰੀ ਦੇ ਸੁਮੇਲ ਨਾਲ ਖ਼ੂਬਸੂਰਤੀ ਬਿਆਨ ਕੀਤੀ ਗਈ ਹੈ ਜਿਵੇਂ ਕਿ-
ਹੁਸਨ ਗੋਰੀ ਦਾ ਚੋ-ਚੋ ਪੈਂਦਾ, ਸਿਉ ਮਾਖਿਉ ਮੁਖਿਆਰੀ ਦਾ
ਨੈਣ ਗੋਰੀ ਦੇ ਕਜਲਾ ਪਾਇਆ, ਡਾਢਾ ਰੰਗ ਫੁਲਕਾਰੀ ਦਾ।
ਜਾਂ
ਰੇਸ਼ਮ-ਰੇਸ਼ਮ ਹਰ ਕੋਈ ਕਹਿੰਦਾ, ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ, ਇਸ਼ਕ ਹੁਸਨ ਸੰਗ ਤੋਲਦਾ
ਵੀਰ ਦੇ ਵਿਆਹ ਸਮੇਂ ਭਾਬੀ ਵੱਲੋਂ ਆਪਣੀ ਨਣਦ ਨੂੰ ਲਿਆਂਦੀ ਗਈ ਫੁਲਕਾਰੀ ਵੇਖ ਕੇ ਨਣਦ ਨੂੰ ਚਾਅ ਚੜ• ਜਾਂਦਾ ਤੇ ਉਹ ਬੋਲੀਆਂ ਵਿਚ ਦੀ ਆਪਣੀ ਸਖੀਆਂ ਸਹੇਲੀਆਂ ਨੂੰ ਆਪਣੇ ਭਾਬੀ ਤੇ ਵੀਰੇ ਵੇਲੇ ਦਿੱਤੇ ਤੋਹਫ਼ੇ ਬਾਰੇ ਦੱਸਦੀ ਹੈ ਨਾਲ ਹੀ ਭਾਬੀ ਨੂੰ ਅਸੀਸਾਂ ਦਿੰਦੀ ਹੈ –
ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ
ਨੀ ਜੱਗ ਜੀਅ ਭਾਬੋ, ਲੱਗੇ ਜਾਨ ਤੋਂ ਪਿਆਰੀ
ਪਹਿਲੇ ਜ਼ਮਾਨੇ ਵਿਚ ਰਿਸ਼ਤੇ ਨਾਈ ਹੀ ਕਰਿਆ ਕਰਦੇ ਸਨ ਜਿਸ ਕਾਰਨ ‘ਜੋੜੀਆਂ ਜੱਗ ਥੋੜ•ੀਆਂ ਤੇ ਨਰੜ ਬਥੇਰੇ’ ਵਾਲੀ ਗੱਲ ਹੀ ਹੁੰਦੀ ਸੀ ਇਸੇ ਕਰਕੇ ਦੋਹਾਂ ਜੀਆ ਦੀ ਘੱਟ ਹੀ ਬਣਦੀ ਸੀ ਤੇ ਕਈ ਵਿਚਾਰੇ ਵਿਆਹ ਨੂੰ ਤਰਸਦੇ ਹੀ ਰਹਿ ਜਾਂਦੇ ਸਨ। ਛੜਿਆ ਵੱਲ ਵੇਖ ਕੇ ਜ਼ਨਾਨੀ ਆਪਣੇ ਮਰਦ ਨੂੰ ਮੂਰਖ ਆਖਦੀ ਹੈ ਤੇ ਆਪਣੇ ਤੇ ਲਈ ਫੁਲਕਾਰੀ ਦੀ ਤਾਰੀਫ਼ ਕਰਦੀ ਹੋਈ ਆਖਦੀ ਹੈ।
ਸੋਹਣੀ ਸੁਨੱਖੀ ਮੁਟਿਆਰ ਤੇਰੀ, ਉਤੇ ਸੂਹੀ ਫੁਲਕਾਰੀ
ਕਈ ਤਾਂ ਰੰਨਾਂ ਨੂੰ ਝੂਰਦੇ ਹੋ ਗਏ ਬੁੱਢੇ, ਤੂੰ ਮੂਰਖਾ ਮਨੋ ਵਿਸਾਰੀ
ਜੇਕਰ ਪਤੀ ਜ਼ਿਆਦਾ ਹੀ ਬੱਕਦਾ ਹੋਵੇ, ਆਪਣੀ ਨਾਰ ਦੀ ਕੋਈ ਗੱਲ ਨਾ ਸੁਣੇ ਤਾਂ ਕੁੜੀ ਆਪਣੀ ਮਾਂ ਨੂੰ ਸ਼ਿਕਾਇਤ ਕਰਦੀ ਹੈ –
ਉਤੇ ਦੇ ਕੇ ਫੁਲਕਾਰੀ, ਤੂੰਤੋਰ ਤੀ ਵਿਚਾਰੀ
ਬੇਕਦਰੇ ਨਾਲੋ ਚੰਗਾ ਸੀ, ਮੈਂ ਰਹਿੰਦੀ ਕੁਆਰੀ
ਛੋਟਾ ਦਿਉਰ ਹਮੇਸ਼ਾ ਹੀ ਭਾਬੀਆਂ ਲਈ ਲਾਡਲਾ ਜਿਹਾ ਹੈ। ਉਹ ਆਪਣੀ ਭਰਜਾਈ ਦਾ ਹਰ ਕੰਮ ਭੱਜ-ਭੱਜ ਕੇ ਕਰਦਾ ਹੈ ਜੇਕਰ ਭਾਬੀ ਦੇ ਛੋਟਾ ਦਿਉਰ ਨਾ ਹੁੰਦਾ ਤਾਂ ਉਹ ਕਹਿ ਉਠਦੀ।
ਮੇਰੀ ਕੌਣ ਚੁਕੇ ਫੁਲਕਾਰੀ, ਛੋਟੇ ਦਿਉਰ ਬਿਨਾਂ
ਜੇਕਰ ਵਹੁਟੀ ਸਰੀਰਕ ਪੱਖੋਂ ਨਰਮ ਹੋਵੇ ਤਾਂ ਉਸ ਦਾ ਨਾਜ਼ੁਕ ਸਰੀਰ ਭਾਰੀ ਫੁਲਕਾਰੀ ਨਹੀਂ ਝੱਲ ਸਕਦਾ। ਜਦ ਆਪਣੇ ਤੇ ਲਈ ਫੁਲਕਾਰੀ ਦੇ ਫੁੱਲ ਉਸਨੂੰ ਭਾਰੇ ਲੱਗਦੇ ਤਾਂ ਉਹ ਆਪਣੇ ਮਾਹੀ ਨੂੰ ਫੁਲਕਾਰੀ ਉਤਾਰ ਦੇਣ ਬਾਰੇ ਪੁੱਛਦੀ ਹੈ।
ਉਤਾਰ ਦਿਆ ਫੁਲਕਾਰੀ ਮਾਹੀ ਵੇ, ਪਏ ਬਾਂਹ ਨੂੰ ਖੱਲੀ ਢੋਲਾ
ਫੁਲਕਾਰੀ ਭਾਰੀ ਮਾਹੀ ਵੇ, ਹੁਣ ਮੈਥੋਂ ਜਾਏ ਨਾ ਝੱਲੀ ਢੋਲਾ
ਉਧਰ ਪਿਆਰ ਵਿਚ ਝੱਲੀ ਹੋਈ ਮੁਟਿਆਰ ਵੀ ਆਪਣੇ ਸੱਜਣ ਨੂੰ ਫੁਲਕਾਰੀ ਦੇ ਵਾਸਤੇ ਪਾ ਕੇ ਮਿਲ ਜਾਣ ਲਈ ਕਹਿੰਦੀ ਹੈ।
ਫੁਲਕਾਰੀ ਮੇਰੀ ਰੇਸ਼ਮੀ, ਰੰਗ ਨਾ ਆਇਆ ਠੀਕ
ਛੇਤੀ ਦਰਸ਼ਨ ਦੇ ਦਿਉ, ਮੈਂ ਰਸਤਾ ਰਹੀ ਉਡੀਕ
ਅੱਜ ਜ਼ਮਾਨਾ ਬਦਲ ਚੁੱਕਾ ਹੈ। ਅੱਜ ਕੱਲ• ਨਾ ਕੋਈ ਫੁਲਕਾਰੀ ਕੱਢਦਾ ਹੈ ਤੇ ਨਾ ਹੀ ਉਪਰ ਲੈਂਦਾ ਹੈ। ਫੁਲਕਾਰੀਆਂ ਤੇ ਬਾਗ ਦਿਨੋ-ਦਿਨ ਅਲੋਪ ਹੋ ਰਹੇ ਹਨ। ਹੁਣ ਤਾਂ ਫੁਲਕਾਰੀਆਂ ਤੇ ਬਾਗ ਸਿਰਫ਼ ਅਜਾਇਬ ਘਰਾਂ ਦੀ ਸ਼ਾਨ ਬਣਕੇ ਹੀ ਰਹਿ ਗਏ ਹਨ।
ਪੰਜਾਬੀ ਭੈਣੋ, ਫੁਲਕਾਰੀ ਜੋ ਕਿ ਵਰਤੋਂ ਦੀ ਚੀਜ਼ ਹੈ, ਠੰਢ ਤੋਂ ਬਚਾਉਂਦੀ ਹੈ ਤੇ ਸੁੰਦਰਤਾ ਨੂੰ ਚਾਰ ਚੰਦ ਲਾਉਂਦੀ ਹੈ। ਫਿਰ ਕਿਉਂ ਅਸੀਂ ਇਸਨੂੰ ਅੱਖੋਂ ਪਰੋਖੇ ਕਰ ਰਹੇ ਹਾਂ। ਆਉ ਆਪਣੇ ਵਿਰਸੇ ਨੂੰ ਕਾਇਮ ਰੱਖਦੇ ਹੋਏ ਫੁਲਕਾਰੀ ਨੂੰ ਅਪਨਾਈਏ ਤੇ ਆਪਣੇ ਵਿਰਸੇ ਦੀ ਇਸ ਅਨਮੋਲ ਵਸਤੂ ਨੂੰ ਅਜਾਈ ਨਾ ਜਾਣ ਦੇਈਏ। ਅਲੋਪ ਹੇ ਰਹੀਆਂ ਫੁਲਕਾਰੀਆਂ ਦੇ ਬਾਰੇ ਵਿਚ ਗੁਰਦਾਸ ਮਾਨ ਨੇ ਗਾਇਆ ਹੈ-
ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ
ਕੰਨਾਂ ਵਿਚ ਕੋਕਲੂ ਤੇ ਵਾਲੀਆਂ ਵੀ ਗਈਆਂ
ਹੁਣ ਚੱਲ ਪਏ ਵਲੈਤੀ ਬਾਣੇ, ਕੀ ਬਣੂ ਦੁਨੀਆਂ ਦਾ
ਸੱਚੇ ਪਾਤਸ਼ਾਹਿ ਵਾਹਿਗੁਰੂ ਜਾਣੇ।
ਘੁੰਢ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ
-ਭਵਨਦੀਪ ਸਿੰਘ ਪੁਰਬਾ
”ਘੁੰਢ” ਅੱਜ ਕੱਲ ਦੀ ਪੀੜੀ ਲਈ ਤਾਂ ਇਹ ਸ਼ਬਦ ਅਣ-ਸੁਣਿਆ ਹੀ ਬਣਦਾ ਜਾ ਰਿਹਾ ਹੈ। ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਮੂੰਹ ਨੂੰ ਢੱਕਣ ਨੂੰ ਘੁੰਢ ਕੱਢਣਾ ਕਿਹਾ ਜਾਂਦਾ ਹੈ। ਘੁੰਡ ਸਹੁਰੇ ਤੋਂ ਕੱਢਦੀਆਂ ਹਨ। ਵੈਸੇ ਅੱਜ ਕੱਲ ਤਾਂ ਗਲਾਂ ਵਿਚੋਂ ਚੁੰਨੀਆ ਵੀ ਅਲੋਪ ਹੋ ਰਹੀਆ ਹਨ ਚੁੰਨੀ ਦੇ ਪੱਲੇ ਨਾਲ ਘੁੰਢ ਕੱਢਣ ਦੀ ਗੱਲ ਤਾਂ ਦੂਰ ਗਈ। ਕੁਝ ਦਹਾਕੇ ਪਹਿਲਾਂ ”ਘੁੰਢ” ਪੰਜਾਬੀ ਸਭਿਆਚਾਰ ਦਾ ਅਨਿੱਖੜਵਾ ਅੰਗ ਸੀ। ਹੁਣ ਤਾਂ ਇਹ ਰਿਵਾਜ ਕੁਝ ਕੁ ਕਬੀਲੀਆ ਵਿਚ ਹੀ ਪ੍ਰਚਲਤ ਹੈ। ਪਿਛਲੇ ਦਹਾਕੇ ਵਿਚ ”ਘੁੰਢ” ਜਿੰਦਗੀ ਦਾ ਅਹਿਮ ਰਿਵਾਜ ਸੀ ਇਸੇ ਲੀ ਜਦੋਂ ਕੁੜੀ ਸਹੁਰੇ ਜਾਣ ਦੀ ਤਿਆਰੀ ਕਰਦੀ ਸੀ ਤਾਂ ਘੁੰਢ ਕੱਢਣ ਬਾਰੇ ਸੋਚ ਕੇ ਉਹ ਆਪ ਮੁਹਾਰੇ ਕਹਿ ਉਠਦੀ ਸੀ।
ਘੁੰਢ ਕੱਢਣਾ ਮੜਕ ਨਾਲ ਤੁਰਨਾ, ਸਹੁਰੀ ਜਾ ਕੇ ਦੋ ਦੋ ਪਿਟਣੇ।
ਸਹੁਰਾ ਪਿੰਡ ਹੈ, ਸਹੁਰੇ ਤਾਂ ਆਖਰ ਸਹੁਰੇ ਹੀ ਹਨ। ਘੁੰਢ ਕੱਢਣਾ ਹੀ ਪੈਣਾ ਸੀ ਤੇ ਮੜਕ ਵੀ ਰੱਖਣੀ ਹੀ ਪੈਂਦੀ ਸੀ। ਤੇ ਸਹੁਰੇ ਘਰ ਜਾ ਕੇ ਕੁੜੀਆਂ ਆਪਣੀ ਭਰਜਾਈ ਨੂੰ ਘੁੰਢ ਚੁੱਕ ਕੇ ਮੁਖੜਾ ਦਿਖਾਉਣ ਵਾਸਤੇ ਕਹਿੰਦੀਆਂ ਹਨ।
ਘੁੰਢ ਚੁੱਕ ਮੁਖੜਾ ਦਿਖਾ ਸੋਹਣੀਏ, ਸਾਡੇ ਵਿਹੜੇ ਨੂੰ
ਵਿਹੜੇ ਨੂੰ ਚਾਰ ਚੰਨ ਲਾ ਸੋਹਣੀਏ।
ਸਹੁਰੇ ਘਰ ਪਹੁੰਚ ਕੇ ਕੁੜੀ ਹੌਲੀ-ਹੌਲੀ ਕੰਮ ਕਰਨ ਵਿੱਚ ਰੁੱਝ ਜਾਂਦੀ ਤੇ ਕੰਮ ਕਾਰ ਕਰਦੀ ਤੋਂ ਕਦੀ-ਕਦਾਈ ਜੇਕਰ ਘੁੰਢ ਕੱਢੇ ਤੋਂ ਥੋੜਾ ਬਹੁਤਾ ਸਿਰ ਨੰਗਾ ਰਹਿ ਜਾਂਦਾ ਤਾਂ ਦਰਾਣੀਆ-ਜਠਾਣੀਆ ਤੇ ਨਣਾਨਾ ਆਦਿ ਟਕੋਰ ਕੇ ਬੋਲੀ ਮਾਰ ਦੀਆਂ
ਨੰਗਾ ਰੱਖਦੀ ਕਲਿਪ ਵਾਲਾ ਪਾਸਾ,
ਸਹੁਰੇ ਕੋਲੋਂ ਘੁੰਢ ਕੱਢਦੀ।
ਤੇ ਕੁਆਰਾ ਦਿਉਰ ਵੀ ਦੋ ਸਤਰਾਂ ਵਿੱਚ ਆਪਣੇ ਦਿਲ ਦੀ ਭੜਾਸ ਕੱਢ ਜਾਂਦਾ।
ਘੁੰਢ ਕੱਢਣਾ ਤਵੀਤ ਨੰਗਾ ਰੱਖਣਾ
ਛੜਿਆ ਦੀ ਹਿੱਕ ਲੂਹਨ ਨੂੰ।
ਦਿਉਰ ਜਾਂਦਾ-ਜਾਂਦਾ ਨਾਲ ਨਾਲ ਆਪਣੀ ਭਰਜਾਈ ਦੀ ਤਾਰੀਫ ਵਿਚ ਗੁਣ ਗੁਣਾਉਣ ਲੱਗ ਪੈਂਦਾ
ਗੋਰਾ ਰੰਗ ਤੇ ਸਰਬਤੀ ਅੱਖੀਆਂ
ਘੁੰਡ ਵਿੱਚ ਕੈਦ ਕੀਤੀਆਂ।
ਉਨਾਂ ਸਮਿਆਂ ਵਿੱਚ ਰਿਸ਼ਤੇ ਪੰਡਿਤ ਜਾਂ ਨਾਈ ਭਾਲਿਆ ਕਰਦੇ ਸਨ। ਕੁੜੀ ਮੁੰਡਾ ਇਕ ਦੂਜੇ ਦੇ ਹਾਣ ਦੇ ਹਨ ਜਾਂ ਨਹੀਂ ਇਸ ਗੱਲ ਦਾ ਪੂਰੀ ਤਰਾਂ ਪਤਾ ਨਹੀਂ ਸੀ ਹੁੰਦਾ। ਜੇ ਰਿਸ਼ਤਾ ਨਾਈ ਨੇ, ਪੰਡਤ ਨੇ ਲੱਭ ਦਿੱਤਾ ਘਰ ਦਿਆ ਨੇ ਕਰ ਦਿਤਾ। ਲੜਕੇ ਲੜਕੀਆਂ ਚੁਪ ਚਾਪ ”ਧੁਰੋ ਲਿਖੇ ਸੰਜੋਗ” ਸਮਝ ਕੇ ਸਵੀਕਾਰ ਕਰ ਲੈਂਦੇ ਸਨ। ਇਸੇ ਤਰਾਂ ਜਿਸ ਲੜਕੀ ਨੂੰ ਹਾਣ ਪ੍ਰਮਾਣ ਦਾ ਮਾਹੀ ਨਹੀਂ ਸੀ ਮਿਲਦਾ ਉਹ ਲੋਕ ਬੋਲੀ ਵਿੱਚ ਗਿਲਾ ਕਰਦੀ ਸੀ।
ਪੱਟਤੀ ਸੰਜੋਗਾ ਨੇ
ਹਾਣ ਦਾ ਮੁੰਡਾ ਨਾ ਧਿਆਇਆ।
ਤੇ ਉਸ ਦੇ ਪੱਲੇ ਤਾਂ ਫਿਰ ਸਾਰੀ ਉਮਰ ਦਾ ਰੋਣਾ ਪੈ ਜਾਂਦਾ ਸੀ
ਇਕ ਲੱਖ ਦੇਸਾ, ਦੋ ਲੱਖ ਦੇਸਾ ਬਣਸਾ ਤੇਰੀ ਮਾਨ ਦਾ
ਘੁੰਡ ਦੇ ਅੰਦਰ ਲੁਕ-ਲੁਕ ਰੋਂਦੀ, ਤੂੰ ਨਹੀਂ ਸਾਡੇ ਹਾਣ ਦਾ।
ਚੇਕਰ ਚੰਗਾ ਭਾਗਾਂ ਨਾਲ ਵਰ ਹਾਣ ਦਾ, ਮਨ ਪਸੰਦ ਮਿਲ ਜਾਵੇ ਤੇ ਸਰੀਰ ਨੂੰ ਨਿੱਤ ਨਵਾ ਰੂਪ ਚੜਦਾ। ਉਸ ਦੇ ਜੋਬਨ ਦੀ ਦੁਪਿਹਰ ਫਿਰ ਘੁੰਢ ਵਿਚ ਲੁਕਾਇਆ ਵੀ ਨਹੀਂ ਲੁੱਕਦੀ
ਅੰਗ-ਅੰਗ ਵਿਚ ਰਚੀ ਜਵਾਨੀ, ਚਲਦੇ ਹੁਸਨ ਫਵਾਰੇ।
ਛਣ-ਛਣ ਮੇਰੀ ਝਾਂਜਰ ਛਣਕੇ, ਝੁੰਮਕੇ ਲੈਣ ਹੁਲਾਰੇ।
ਘੁੰਢ ਵਿੱਚ ਨਹੀਓ ਲੁੱਕਦੇ, ਸੱਜਣਾ ਨੈਣ ਕੁਆਰੇ।
ਜੇਕਰ ਅਜਿਹੀ ਮੁਟਿਆਰ ਗਿਧੇ ਵਿੱਚ ਘੁੰਢ ਕੱਢ ਕੇ ਆ ਜਾਵੇ ਤਾਂ ਉਸ ਨੂੰ ਟਿਕੋਰਾ ਵੀ ਲਾਈਆਂ ਜਾਦੀਆਂ ਸਨ ਤੇ ਉਸ ਦੇ ਹੁਸਨ ਦੀ ਤਾਰੀਫ਼ ਵੀ ਕੀਤੀ ਜਾਂਦੀ ਸੀ ਤੇ ਉਸ ਨੂੰ ਨੱਚਣ ਲੀ ਕਿਹਾ ਜਾਂਦਾ ਸੀ।
ਘੁੰਢ ਦਾ ਸੋਹਣੀਏ ਕੰਮ ਕੀ ਗਿੱਧੇ ਵਿਚ,
ਸਭ ਬੈਠੇ ਤੇਰੇ ਹਾਣੀ।
ਜਾ ਘੁੰਢ ਕੱਢਦੀ ਬਹੁਤੀ ਸੋਹਣੀ,
ਜਾ ਘੁੰਢ ਕੱਢਦੀ ਕਾਣੀ।
ਤੁੰ ਤਾਂ ਨੈਨੂੰ ਲੱਗੇ ਸ਼ੋਕੀਨਣ,
ਘੁੰਢ ਚੋਂ ਅੱਖ ਪਛਾਣੀ।
ਖੁੱਲ ਕੇ ਨੱਚ ਲੈ ਨੀ
ਬਣ ਜਾ ਗਿਧੇ ਦੀ ਰਾਣੀ
ਵੈਸੇ ਤਾਂ ਜੇਠ, ਸਹੁਰਾ, ਤੇ ਵੱਡੇ-ਵੱਡੇਰੇ ਜਦੋਂ ਘਰੇ ਵੜਦੇ ਸਨ ਤਾਂ ਘੰਗੂਰਾ ਮਾਰ ਜਾ ਦਰਵਾਜਾ ਖੜਾ ਕੇ, ਆਪਣੇ ਹਿਸਾਬ ਨਾਲ ਆਪਣੇ ਆਉਣ ਦੀ ਖਬਰ ਦੇ ਕੇ ਹੀ ਅੰਦਰ ਵ²ੜਦੇ ਸਨ। ਪਰ ਕਦੇ ਕਦਾਈ ਜੇਕਰ ਨੂੰਹਾਂ ਕੰਮ ਧੰਦੇ ਲੱਗੀਆਂ ਨੂੰ ਖਿਆਲ ਨਾ ਰਹਿੰਦਾ ਤਾਂ ਵੱਡੇ-ਵੱਡੇਰੇ ਦੇ ਸਾਹਮਣੇ ਜਾ ਕੇ ਉਹ ਪਾਣੀ ਪਾਣੀ ਹੋ ਜਾਂਦੀਆਂ ਤੇ ਬਾਅਦ ਵਿੱਚ ਕਹਿ ਉਠਦੀਆਂ।
ਕੋਰੀ-ਕੋਰੀ ਕੂੰਡੀ ਵਿੱਚ ਮਿਰਚਾ ਮੈਂ ਰਗੜਾ,
ਸਹੁਰੇ ਦੀ ਅੱਖ ਵਿਚ ਪਾ ਦੇਨੀ ਆ
ਘੁੰਢ ਕੱਢਣੇ ਦੀ ਰੜਕ ਮੁਕਾ ਦੇਣੀ ਆ।
ਹੋਇਆ ਕੈਂਠੇ ਦਾ ਰਿਵਾਜ ਪੁਰਾਣਾ
ਬਹਾਦਰ ਡਾਲਵੀ
ਪੁਰਾਤਨ ਕਾਲ ਤੋਂ ਹੀ ਮਰਦ ਅਤੇ ਔਰਤਾਂ ਆਪਣੀ ਸਰੀਰਕ ਸਜਾਵਟ ਲਈ ਸੋਨੇ ਅਤੇ ਵੱਖ ਵੱਖ ਧਾਤਾਂ ਦੇ ਗਹਿਣਿਆਂ ਨੂੰ ਪਾਉਂਦੇ ਆਏ ਹਨ। ਮਰਦ ਭਾਵੇਂ ਗਹਿਣੀਆਂ ਦੇ ਘੱਟ ਸ਼ੌਕੀਨ ਹੁੰਦੇ ਹਨ, ਪਰ ਔਰਤਾਂ ਦਾ ਪਿਆਰ ਮਰਦਾਂ ਦੇ ਮੁਕਾਬਲੇ ਗਹਿਣਿਆਂ ਨਾਲ ਲੋਹੜੇ ਦਾ ਹੁੰਦਾ ਹੈ। ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਆਪਣੇ ਅੰਗਾਂ ਨੂੰ ਸੋਨੇ ਜਾਂ ਬਨਾਵਟੀ ਗਹਿਣਿਆਂ ਨਾਲ ਸਜਾ ਕੇ ਆਪਣੇ ਰੂਪ ਵਿਚ ਢੇਰ ਵਾਧਾ ਕਰ ਲੈਂਦੀਆਂਹਨ। ਕੌਣ ਨਹੀਂ ਚਾਹੁੰਦਾ ਕਿ ਮੈਂ ਦੂਸਰਿਆਂ ਨੇ ਸੋਹਣਾ ਲੱਗਾ? ਤੇ ਫੇਰ ਸੋਨੇ ਦੇ ਗਹਿਣੇ ਪਾ ਕੇ ਤਾਂ ਜੋਬਨ ਨਵਾਂ ਨਕੋਰ ਲੱਗਣ ਲੱਗ ਪੈਂਦਾ ਹੈ। ਭਾਵੇਂ ਮੇਲਾ ਵੇਖਣ ਜਾਣਾ ਹੋਵੇਂ ਤੇ ਭਾਵੇਂ ਵਿਆਹ ਸ਼ਾਦੀ ਵਿਚ ਸ਼ਾਮਿਲ ਹੋਣਾ ਹੋਵੇਂ, ਸੋਨੇ ਦੇ ਗਹਿਣਿਆਂ ਦੀ ਝਲਕ ਹਰ ਕਿਸੇ ਦਾ ਦਿਲ ਮੋਹ ਲੈਂਦੀ ਹੈ। ਸੋਨਾ ਵੀ ਤਾਂ ਇਕ ਅਜਿਹੀ ਧਾਤ ਹੈ, ਜਿਸ ਉਪਰ ਜੰਗਾਲ ਆਦਿ ਦਾ ਬਿਲਕੁਲ ਅਸਰ ਨਹੀਂ ਹੁੰਦਾ। ਘਰ ਵਿਚ ਧੋ ਲਵੋ ਜਾਂ ਬਜ਼ਾਰ ਵਿਚੋਂ ਧਵਾ ਲਵੋਂ ਸੋਨੇ ਦੀ ਚਮਕ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਬਹੁਤ ਧਨਾਢ ਲੋਕ ਸੋਨੇ ਦੇ ਗਹਿਣਿਆਂ ਵਿਚ ਹੀਰੇ ਜਾਂ ਮੋਤੀ ਆਦਿ ਦੇ ਨਗਾਂ ਦੀ ਵਰਤੋਂ ਵੀ ਕਰਦੇ ਹਨ। ਪਰ ਸੁੰਦਰਤਾ ਨੂੰ ਤੁਲਨਾ ਤਾਂ ਸੋਨੇ ਅਤੇ ਹੀਰੇ ਨਾਲ ਹੀ ਦਿੱਤੀ ਜਾਂਦੀ ਹੈ। ਮਾਪੇ ਅਕਸਰ ਕਹਿੰਦੇ ਹਨ ਕਿ ਸਾਡਾ ਮੁੰਡਾ ਜਾਂ ਕੁੜੀ ਸੋਨੇ ਜਾਂ ਹੀਰੇ ਵਰਗੀ ਹੈ।
ਅਜੌਕੇ ਦੌਰ ਵਿਚ ਪੱਛਮੀ ਪ੍ਰਭਾਵ ਅਧੀਨ ਫੈਸ਼ਨ ਦਾ ਬੋਲ ਬਾਲਾ ਹੋਣ ਕਰਕੇ ਕਈ ਤਰ•ਾਂ ਦੇ ਵੰਨ ਸਵੰਨੇ ਗਹਿਣੇ ਹੋਂਦ ਵਿਚ ਆ ਚੁੱਕੇ ਹਨ। ਸਿਰ, ਮੱਥਾ, ਨੱਕ, ਕੰਨ, ਗਰਦਨ, ਬਾਹਵਾਂ ਹੱਥਾਂ ਦੀਆਂ ਉਂਗਲਾਂ, ਪੈਰਾਂ ਅਤੇ ਪੈਰਾਂ ਦੀਆਂ ਉਂਗਲਾਂ ਤਕ ਇਹਨਾਂ ਤਕ ਇਹਨਾਂ ਨੂੰ ਸਜਾਉਣ ਲਈ ਗਹਿਣੇ ਪਹਿਨਦੀਆਂ ਹਨ। ਸਭ ਤੋਂ ਵੱਧ ਵਰਤੋਂ ਸੋਨੇ ਜਾਂ ਚਾਂਦੀ ਦੇ ਗਹਿਣਿਆਂ ਦੀ ਹੀ ਹੁੰਦੀ ਹੈ। ਲੇਕਿਨ ਸੋਨੇ ਦੇ ਮਹਿੰਗੇ ਹੋਣ ਕਾਰਨ ਗਰੀਬ ਲੋਕ ਵਿਆਹ ਸ਼ਾਦੀਆਂ ਅਤੇ ਮੇਲੇ ਤਿਉਹਾਰਾਂ ਮੌਕੇ ਬਨਾਉਂਟੀ ਗਹਿਣਿਆਂ ਦੀ ਵਰਤੋਂ ਕਰਕੇ ਆਪਣਾ ਚਾਅ ਪੂਰਾ ਕਰ ਲੈਂਦੇ ਹਨ।
ਆਧੁਨਿਕ ਸਮਾਜ ਦੀ ਉੱਨਤੀ ਦੇ ਨਾਲ ਹੀ ਪੁਰਾਤਨ ਗਹਿਣਿਆਂ ਦਾ ਰਿਵਾਜ ਖਤਮ ਹੋ ਗਿਆਂ ਹੈ। ਪੁਰਾਤਨ ਗਹਿਣਿਆਂ ਵਿਚੋਂ ਕੈਂਠਾ ਇਕ ਬਹੁਤ ਹੀ ਮਹੱਤਵਪੂਰਨ ਗਹਿਣਾ ਸਮਝਦਿਆ ਜਾਂਦਾ ਸੀ। ਮਰਦਾਂ ਦੇ ਗਲ• ਵਿਚ ਪਹਿਨਣ ਵਾਲਾ ਗਹਿਣਾ ‘ਕੈਂਠਾ’ ਔਰਤਾਂ ਦੇ ਪਹਿਨਣ ਵਾਲਾ ਗਹਿਣਾ ‘ਕੈਂਠੀ’ ਕਹਾਉਂਦਾ ਸੀ। ਕੈਂਠਾ, ਕੰਠ (ਭਾਵ ਗਲ•) ਵਿਚ ਪਾਉਣ ਵਾਲਾ। ਇਸ ਨੂੰ ਹੈਂਕੜਾਂ (ਹਿੱਕ-ਛਾਤੀ) ਦਾ ਗਹਿਣਾ ਵੀ ਕਿਹਾ ਜਾਂਦਾ ਸੀ। ਹੈਂਕੜਾਂ ਸਿਰਫ ਵਾਰਸ ਸ਼ਾਹ ਨੇ ਹੀਰ ਰਾਂਝੇ ਦੇ ਕਿੱਸੇ ਵਿਚ ਹੀ ਵਰਤਿਆ ਹੈ। ਸਹਿਤੀ ਨੇ ਘਰ ਜਾ ਕੇ ਹੀਰ ਭਾਬੀ ਨੂੰ ਯੋਗੀ ਦੇ ਗਲ ਵਿਚ ਪਾਏ ਕੈਂਠੇ ਦੀ ਸਿਫਤ ਇੰਝ ਦਰਸਾਈ ਹੈ-
ਘਰ ਜਾ ਨਣਾਨ ਨੇ ਗੱਲ ਕੀਤੀ,
ਭਾਬੀ ਯੋਗੀ ਇਕ ਨਵਾਂ ਆਇਆ ਨੀ।
ਕੰਨੀਂ ਉਸ ਦੇ ਦਰਸ਼ਨੀ ਮੁੰਦਰਾਂ ਨੀ,
ਗੱਲ ਹੈਂਕੜਾਂ ਖੂਬ ਸੁਹਾਇਆ ਨੀ,
ਇਥੇ ਭਾਵੇਂ ਕੱਚ ਜਾਂ ਪੱਧਰ ਦੇ ਮਣਕਿਆਂ ਦੇ ਕੈਂਠੇ ਦੀ ਵਡਿਆਈ ਕੀਤੀ ਗਈ ਹੈ, ਜੋ ਯੋਗੀਆਂ ਦੇ ਗਲ• ਵਿਚ ਪਾਇਆ ਹੁੰਦਾ ਹੈ। ਲੈਕਿਨ ਉਹ ਵੀ ਬਹੁਤ ਕੀਮਤੀ ਪੱਥਰ ਦੇ ਮਣਕਿਆਂ ਦਾ ਕੈਂਠਾ ਹੁੰਦਾ ਸੀ। ਅੱਜ ਕੱਲ• ਕੈਂਠਾ ਨਵੀਂ ਪੀੜ•ੀ ਦੇ ਨਾਂ ਸੁਣਨ ਤੋ ਬਿਨਾਂ ਵੇਖਣ ਵਿਚ ਵੀ ਨਹੀਂ ਆਉਂਦਾ। ਬਜੁਰਗਾਂ ਦੇ ਪੁੱਛਣ ਤੋਂ ਹੀ ਪਤਾ ਲੱਗਦਾ ਹੈ ਕਿ ਲੱਗਭੱੱਗ ਚਾਲੀ ਪੰਜਾਹ ਸਾਲ ਪਹਿਲਾਂ ਵਿਆਦੜ ਮੁੰਡੇ ਨੂੰ ਦਾਜ ਦਹੇਜ ਵਿਚ ਕੈਂਠਾ ਪਾਉਣਾ ਅਤੇ ਕੁੜੀ ਨੂੰ ਵਰੀ ਨਾਲ ਕੈਂਠੀ ਢੋਣੀ ਹੁਣ ਦੇ ਦਾਜ ਦਹੇਜ ਦੇ ਬਰਾਬਰ ਮਹਨਤਾ ਰੱਖਦੇ ਸਨ।
ਉਸ ਸਮੇਂ ਸੋਨੇ ਦੀ ਕੀਮਤ ਮੁਤਾਬਕ ਕੈਂਠਾ ਭਾਵੇਂ ਢਾਈ ਤਿੰਨ ਸੌ ਰੁਪਏ ਵਿਚ ਹੀ ਬਣ ਜਾਂਦਾ ਸੀ। ਜੇ ਕੋਈ ਰੱਜਦਾ-ਪੁੱਜਦਾ ਆਦਮੀ ਆਪਣੀ ਕੁੜੀ ਦੇ ਦਾਜ ਵਿਚ ਵਿਆਂਦੜ ਨੂੰ ਚਾਰ-ਪੰਜ ਸੌ ਰੁਪਏ ਦਾ ਕੈਂਠਾ ਪਾ ਦਿੰਦਾ ਸੀ ਤਾਂ ਪਿੰਡ ਵਿਚ ਬੱਲੇ-ਬੰਲੇ ਹੋ ਜਾਂਦੀ ਸੀ। ਇੰਨੀ ਕੀਮਤ ਦਾ ਕੈਂਠਾ ਦਿਓਰ ਦੇ ਗਲ• ਵਿਚ ਪਾਇਆ ਵੇਖ ਵੱਡੀ ਭਰਜਾਈ ਬੜੇ ਫ਼ਖਰ ਨਾਲ ਕਹਿੰਦੀ ਸੀ-
ਘੋੜੀ ਚੜਿ•ਆ ਸੋਹਣਾ ਦੇਵਰ,
ਹੱਥ ਵਿਚ ਸੋਂਹਦਾ ਛਾਂਟਾ।
ਪੰਜ ਸੌ ਪੱਚੀਆਂ ਦਾ,
ਛੋਟੇ ਦਿਓਰ ਦਾ ਕੈਂਠਾ।
ਭਾਵੇਂ ਚਾਰ-ਪੰਜ ਸੌ ਰੁਪਏ ਅੱਜ ਕੋਈ ਕੀਮਤ ਨਹੀਂ ਰੱਖਦੇ। ਪੰਜਾਬ ਦੇ ਲੋਕਾਂ ਨੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਹਰੇਕ ਖੇਤਰ ਵਿਚ ਛੋਹ ਲਿਆ ਹੈ। ਊਠਾਂ, ਘੋੜਿਆਂ, ਰੱਬਾਂ ਅਤੇ ਗੱਡਿਆਂ ਦੀ ਥਾਂ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ ਆਦਿ ਨੇ ਲੈ ਲਈ ਹੈ। ਪਰ ਉਸ ਸਮੇਂ ਊਠ ਜਾਂ ਘੋੜੀ ਉੱਤੇ ਚੜਿ•ਆ ਗੱਭਰੂ, ਕੱਢਵੀ ਤਿੱਲੇਦਾਰ ਜੁੱਤੀ, ਧੂਵਾਂ ਚਾਦਰਾਂ, ਕਲੀਆਂ ਵਾਲਾ ਮਲਮਲ ਦਾ ਕੁੜਤਾ ਤੇ ਗਲ•ੇ ਵਿਚ ਪਾਇਆ ਸੁਨਹਿਰੀ ਕੈਂਠਾ ਕਿਸੇ ਅਮੀਰ ਘਰਾਣੇ ਦੀਆਂ ਨਿਸ਼ਾਨੀਆਂ ਹੁੰਦੀਆਂ ਸਨ। ਕੈਂਠੇ ਵਾਲੇ ਸੋਹਣੇ ਗੱਭਰੂ ਦਿਓਰ ਨੂੰ ਵੇਖ ਕੇ ਮਨ ਵਿਚ ਝੂਰਦੀ ਭਰਜਾਈ ਇਹ ਕਹਿਣੋਂ ਨਹੀਂ ਰਹਿ ਸਕਦੀ-
ਮਾਪਿਆਂ ਮੇਰੇ ਲੈ ਲਏ ਬਦਲੇ,
ਪਤੀ ਟੋਲਤਾ ਭੰਗੀ।
ਦਿਓਰ ਵੇ ਕੈਂਠੇ ਵਾਲਿਆ,
ਮੈਂ ਤੈਨੂੰ ਕਿਉਂ ਨਾ ਮੰਗੀ।
ਪੰਜਾਬੀ ਲੋਕ ਬੋਲੀਆਂ ਵਿਚ ਵੀ ਕੈਂਠੇ ਦਾ ਜ਼ਿਕਰ ਹੋਇਆ ਮਿਲਦਾ ਹੈ। ਕੈਂਠਾ ਬਹੁਤ ਹੀ ਸੁੰਦਰ ਗੁਹਿਣਾ ਹੋਣ ਕਰਕੇ ਮਨ ਨੂੰ ਮੱਲੋ-ਮੱਲੀ ਖਿੱਚ ਪਾਉਂਦਾ ਸੀ। ਨੌਜਵਾਨ ਗੱਭਰੂਆਂ ਦੇ ਗਲ• ਪਾਏ ਕੈਂਠੇ ਨੂੰ ਵੇਖ ਕੇ ਨਵ-ਜੋਬਨ ਮੁਟਿਆਰਾਂ ਇਹ ਅਖਾਣ ਤੋਂ ਨਹੀਂ ਸੀ ਰਹਿ ਸਕਦੀਆਂ-
ਸੁਣ ਵੇ ਮੁੰਡਿਆ ਕੈਂਠੇ ਵਾਲਿਆਂ,
ਦੂਰੋਂ ਪੈਣ ਚਮਕਾਰੇ।
ਇਕ ਚਿੱਤ ਕਰਦਾ ਵਿਆਹ ਕਰਵਾ ਲਾਂ,
ਦੂਜਾ ਡਰ ਦੁਨੀਆਂ ਦਾ ਮਾਰੇ।
ਇਕ ਹੋ ਲੋਕ ਬੋਲ ਵਿਚ ਮੁਟਿਆਰ ਕੈਂਠੇ ਵਾਲੇ ਗਭਰੂ ਨੂੰ ਇੰਝ ਸੰਬੋਧਨ ਹੁਦੀ ਹੈ-
ਸੁਣ ਵੇ ਮੁੰਡਿਆ ਕੈਂਠੇ ਵਾਲਿਆਂ
ਤੇਰਾ ਕੈਂਠਾ ਰੋਗਨ ਕੀਤਾ।
ਮੈਂ ਤਾਂ ਤੈਨੂੰ ਖੜੀ ਉਡੀਕਾਂ,
ਤੂੰ ਲੰਘ ਗਿਆ ਚੁੱਪ ਕੀਤਾ।
ਸੱਸੀ ਵਾਂਗਰ ਹੋ ਗਈ ਭੁੜਥਾ,
ਲਾ’ਤਾ ਜਿਗਰ ਪਲੀਤਾ।
ਜੋੜੀ ਨਹੀਂ ਬਣਦੀ,
ਪਾਪ ਜਿਨ•ਾਂ ਦਾ ਕੀਤਾ…..।
ਕੈਂਠੇ ਬਾਰੇ ਪੰਜਾਬੀ ਲੋਕ ਬੋਲੀਆਂ ਵਿਚ ਆਏ ਜ਼ਿਕਰ ਤੋਂ ਇਕ ਗੱਲ ਹੋਰ ਵੀ ਜ਼ਾਹਿਰ ਹੁੰਦੀ ਹੈ ਕਿ ਕੈਂਠਾ ਸਿਰਫ ਪੰਜਾਬ ਦੇ ਕਿਸੇ ਵਿਸ਼ੇਸ਼ ਖਿੱਤੇ ਤਕ ਹੀ ਸੀਮਤ ਨਹੀਂ ਸੀ ਰਿਹਾ, ਸਗੋਂ ਇਹ ਸਮੁੱਚੇ ਪੰਜਾਬੀਆਂ ਦਾ ਪ੍ਰਧਾਨ ਗਹਿਣਾ ਸੀ। ਕੈਂਠੇ ਦੇ ਸੁੰਦਰ ਮਣਕਿਆਂ ਦੀ ਬਣਤਰ ਪੰਜਾਬ ਵਿਚ ਤਪਾ, ਭਦੌੜ, ਹਠੂਰ, ਬੱਧਨੀ, ਕੋਟ ਈਸੇ ਖਾਂ, ਮੋਗਾ ਤੇ ਹੋਰ ਖਾਸ ਥਾਵਾਂ ਉੱਤੇ ਹੁੰਦੀ ਸੀ। ਮੋਗੇ ਦਾ ਘੜਿਆ ਮਣਕਾ ਵਿਸ਼ੇਸ਼ ਮਹਾਨਤਾ ਰੱਖਦਾ ਸੀ-
ਰੜਕੇ, ਰੜਕੇ, ਰੜਕੇ,
ਤੂੰ ਚੰਨਾ ਪੱਟ ਦਾ ਲੱਛਾ,
ਮੈਂ ਵੀ ਨਿਕਲੀ ਕਬੂਤਰੀ ਬਣਕੇ।
ਕੈਂਠੇ ਦੀ ਦਮਕ ਪਵੇ,
ਜਦ ਤੁਰਦਾ ਤੂੰ ਹਿੱਕ ਤਣ ਕੇ।
ਮਾਹੀਏ ਦੇ ਕੈਂਠੇ ਵਿਚ,
ਮੋਗੇ ਸ਼ਹਿਰ ਦੇ ਮਣਕੇ।
ਕੈਂਠੇ ਵਿਚ ਬਾਰਾਂ ਸੋਨੇ ਦੇ ਸੁੰਦਰ ਨਮੂਨੇ ਦੀ ਘਾੜਤ ਦੇ ਮਣਕੇ ਹੁੰਦੇ ਸਨ, ਜਿਨ•ਾਂ ਵਿਚੋਂ ਕੈਂਠੇ ਦੀਆਂ ਦੋ ਪਿਛਲੀਆਂ ਲੜੀਆਂ ਨੂੰ ਵਧਾਉਣ ਘਟਾਉਣ ਲਈ ਦੋ ਮਣਕੇ ਸੁਰਾਹੀ ਵਰਗੇ ਹੁੰਦੇ ਸਨ, ਨੂੰ ਸੁਰਾਹੀਆਂ ਕਿਹਾ ਜਾਂਦਾ ਸੀ। ਪੁਰਾਤਨ ਗਹਿਣਿਆਂ ਦਾ ਜਿਉਂ-ਜਿਉਂ ਰਿਵਾਜ ਖਤਮ ਹੁੰਦਾ ਗਿਆ, ਤਿਉਂ-ਤਿਉਂ ਕੈਂਠੇ ਦੀ ਥਾਂ ਅੱਜ ਕੱਲ• ਚੇਨੀ (ਜ਼ੰਜੀਰ) ਨੇ ਮੱਲ ਲਈ, ਤੇ ਪੰਜਾਬ ਦੀਆਂ ਮੁਟਿਆਰਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ-
ਹੋਇਆ ਕੈਂਠੇ ਦਾ ਰਿਵਾਜ ਪੁਰਾਣਾ,
ਚੇਨਾ ਘੜਵਾ ਲੈ ਹਾਣੀਆਂ।
-੦-
ਪੰਜਾਬੀ ਸੱਭਿਆਚਾਰਕ ਸਵਾਲ ਜਵਾਬ
ਪੇਸਕਸ: ਭਵਨਦੀਪ ਸਿੰਘ ਪੁਰਬਾ
( ਮੁੱਖ ਸੰਪਾਦਕ – ‘ਮਹਿਕ ਵਤਨ ਦੀ’ )
E-Mail : bhawandeep0rediffmail.com
*ਇਕ ਲੋਕ ਬੋਲੀ ਹੈ ਰਾਏਪੁਰ ਗੁਜਰਵਾਲ ਨੀ ਦਰਵਾਜਾ ਹੈਨੀ, ਇਸ ਦਰਵਾਜੇ ਤੋਂ ਕੀ ਭਾਵ ਹੈ।
ਉੁੱਤਰ- ਦਰਵਾਜੇ ਤੋਂ ਭਾਵ ਪਿੰਡ ਦੇ ਸਾਂਝੇ ਵੱਡੇ ਗੇਟ (ਦਰਵਾਜੇ) ਤੋਂ ਹੈ।
* ਸ਼ਾਮ ਦੇ ਟਾਇਮ ਨੂੰ ਹੋਰ ਕਿਹੜੇ-ਕਿਹੜੇ ਪੰਜ ਨਾਮ ਹਨ।
ਉੁੱਤਰ- ਸ਼ਾਮ ਦੇ ਟਾਈਮ ਦੇ ਹੋਰ ਪੰਜ ਨਾਮ ਹਨ (1) ਆਥਨ ਵੇਲਾ (2) ਲੋਢਾ ਵੇਲਾ (3) ਘੁਸਮੁਸਾ (4) ਤਰਕਾਲਾ ਵੇਲਾ (5) ਖੋਅ-ਪੀਆ (6) ਰਹੋਰਾਸ ਵੇਲਾ (7) ਸੰਧਿਆ ਵੇਲਾ।
* ਕੰਨਾ ਵਿਚ ਪਾਏ ਜਾਣ ਵਾਲੇ ਪੰਜ ਪੁਰਾਤਣ ਗਹਿਣੇ ਕਿਹੜੇ-ਕਿਹੜੇ ਹਨ।
ਉੁੱਤਰ- ਕੰਨਾਂ ਵਿਚ ਪਾਏ ਜਾਣ ਵਾਲੇ ਪੁਰਾਤਣ ਗਹਿਣੇ ਹਨ (1) ਟੋਕਾ (ਨੋ ਪਾਈਆ ਜਾਂਦੀਆਂ ਹਨ) (2) ਮਾਮੇ ਕੁਰਕਰੀਆਂ (3) ਵਾਲੇ (4) ਵਾਲੀਆਂ (5) ਕਾਂਟੇ (6) ਅਹਿਲ ਕਾਰੀਆ (7) ਕੋਕਰੂ (8) ਬੁੰਦੇ (9) ਪਿੱਪਲ ਪੱਤੀਆਂ (10) ਝੁਮਕੇ
* ਚਟੂਰਾ ਕੀ ਹੁੰਦਾ ਹੈ।
ਉੁੱਤਰ- ਲੱਸੀ ਰਿੜਕਣ ਵਾਲੇ ਬਰਤਨ ਨੂੰ ਚਟੂਰਾ ਕਹਿੰਦੇ ਹਨ।
* ਦੇਸੀ ਸਾਲ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ।
ਉੁੱਤਰ- ਦੇਸੀ ਸਾਲ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ।
* ”ਘੁੰਡ” ਨਾਲ ਸਬੰਧਤ ਲੋਕ ਬੋਲੀਆਂ ਜਾਂ ਟੱਪੇ ਲਿਖੋ ਜਿਸ ਵਿਚ ਘੁੰਡ ਦੇ ਨਾਲ-ਨਾਲ ”ਪਤਾਸੇ” ਦਾ ਵੀ ਜ਼ਿਕਰ ਆਵੇ।
ਉੁੱਤਰ – ਵਾਰੀ ਵਸਰੀ ਖੱਟਣ ਗਿਆ ਸੀ, ਖਟ ਕੇ ਲਿਆਂਦਾ ਪਤਾਸਾ।
ਸਹੁਰੇ ਕੋਲੋਂ ਘੁੰਢ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ।
* ”ਘੁੰਡ” ਨਾਲ ਸਬੰਧਤ ਲੋਕ ਬੋਲੀਆਂ ਜਾਂ ਟੱਪੇ ਲਿਖੋ ਜਿਸ ਵਿਚ ਘੁੰਡ ਦੇ ਨਾਲ-ਨਾਲ ”ਸਹੁਰੇ” ਦਾ ਵੀ ਜ਼ਿਕਰ ਆਵੇ।
ਉੁੱਤਰ- ਕੋਰੀ-ਕੋਰੀ ਕੂੰਡੀ ਵਿੱਚ ਮਿਰਚਾ ਰਗੜਾ
ਸਹੁਰੇ ਦੀ ਅੱਖ ਵਿੱਚ ਪਾ ਦੈਨੀ ਆ, ਘੁੰਡ ਕੱਢਣੇ,
ਘੁੰਡ ਕੱਢਣੇ ਦੀ ਅਲਖ ਮੁਕਾ ਦੇਣੀ ਆਂ
* ”ਘੁੰਡ” ਨਾਲ ਸਬੰਧਤ ਲੋਕ ਬੋਲੀਆਂ ਜਾਂ ਟੱਪੇ ਲਿਖੋ ਜਿਸ ਵਿਚ ਘੁੰਡ ਦੇ ਨਾਲ-ਨਾਲ ”ਅੱਖੀਆਂ” ਦਾ ਵੀ ਜ਼ਿਕਰ ਆਵੇ।
ਉੁੱਤਰ- ਗੋਰਾ ਰੰਗ ਤੇ ਸਰਬਤੀ ਅੱਖੀਆਂ, ਘੁੰਡ ਵਿੱਚ ਕੈਦ ਕੀਤੀਆਂ।
* ”ਘੁੰਡ” ਨਾਲ ਸਬੰਧਤ ਲੋਕ ਬੋਲੀਆਂ ਜਾਂ ਟੱਪੇ ਲਿਖੋ ਜਿਸ ਵਿਚ ਘੁੰਡ ਦੇ ਨਾਲ-ਨਾਲ ”ਨੈਣ” ਦਾ ਵੀ ਜ਼ਿਕਰ ਆਵੇ।
ਉੁੱਤਰ- ਛਣ-ਛਣ ਮੇਰੀ ਝਾਂਜਰ ਛਣਕੇ, ਝੂਮਕੇ ਲੈਣ ਹੁਲਾਰੇ, ਘੁੰਢ ਵਿੱਚ ਨਹੀਓ ਲੁੱਕਦੇ, ਸੱਜਣਾ ਨੈਣ ਕੁਆਰੇ।
* ”ਘੁੰਡ” ਨਾਲ ਸਬੰਧਤ ਲੋਕ ਬੋਲੀਆਂ ਜਾਂ ਟੱਪੇ ਲਿਖੋ ਜਿਸ ਵਿਚ ਘੁੰਡ ਦੇ ਨਾਲ-ਨਾਲ ”ਵਿਹੜੇ” ਦਾ ਵੀ ਜ਼ਿਕਰ ਆਵੇ।
ਉੁੱਤਰ- ਘੁੰਡ ਚੁੱਕ ਮੁਖੜਾ ਦਿਖਾ ਸੋਹਣੀਏ, ਸਾਡੇ ਵਿਹੜੇ ਨੂੰ, ਵਿਹੜੇ ਨੂੰ ਚਾਰ-ਚੰਨ ਲਾ ਸੋਹਣੀਏ।
* ਕੋਈ ਅਜਿਹੀ ਬੋਲੀ ਦੱਸੋ ਜਿਸ ਵਿੱਚ ਵੀਰ, ਭਾਬੀ, ਕੈਂਠਾ ਅਤੇ ਫੁਲਕਾਰੀ ਦਾ ਜ਼ਿਕਰ ਆਵੇ?
ਉੁੱਤਰ – ਵੀਰ ਮੇਰੇ ਨੂੰ ਕੈਂਠਾ ਤੇ ਭਾਬੋ ਨੂੰ ਫੁਲਕਾਰੀ
ਜੁਗ-ਜੁਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ
* ‘ਅਹਿਲਕਾਰੀਅ’ ਇਕ ਪੁਰਾਤਣ ਗਹਿਣਾ ਹੈ ਇਹ ਸਰੀਰ ਦੇ ਕਿਸ ਅੰਗ ਵਿੱਚ ਪਹਿਣਿਆ ਜਾਂਦਾ ਸੀ?
ਉੁੱਤਰ – ਅਹਿਲਕਾਰੀਆ ਗਹਿਣਾ ਕੰਨਾਂ ਵਿਚ ਪਹਿਣਿਆ ਜਾਂਦਾ ਹੈ।
* ਪੁਰਾਤਨ ਸਮੇਂ ਜਦੋਂ ਖੂਹ ਚੱਲਦਾ ਸੀ ਤਾਂ ਖੂਹ ਚੱਲਦੇ ਤੇ ਟਿਕ-ਟਿਕ ਦੀ ਆਵਾਜ਼ ਆਉਂਦੀ ਹੁੰਦੀ ਸੀ। ਆਵਾਜ਼ ਕਰਨ ਵਾਲੀ ਉਸ ਚੀਜ਼ ਨੂੰ ਕੀ ਕਹਿੰਦੇ ਸਨ?
ਉੁੱਤਰ – ਪੁਰਾਤਣ ਸਮੇਂ ਵਿਚ ਖੂਹ ਚਲਦੇ ਸਮੇਂ ਟਿਕ-ਟਿਕ ਕਰਨ ਵਾਲੀ ਚੀਜ਼ ਨੂੰ ‘ਕੁੱਤਾ’ ਕਹਿੰਦੇ ਸਨ।
* ਘਰਾਟ ਕੀ ਹੁੰਦਾ ਹੈ?
ਉੁੱਤਰ – ‘ਘਰਾਟ’ ਉਸ ਆਟਾ ਚੱਕੀ ਨੂੰ ਕਿਹਾ ਜਾਂਦਾ ਹੈ ਜੋ ਨਹਿਰ ਦੇ ਪਾਣੀ ਨਾਲ ਚੱਲਦੀ ਹੈ।
* ਖੂਹ ਜੋੜਣ ਲਈ ਬਲਦ ਤੇ ਕੀ ਪਾਈ ਜਾਂਦੀ ਸੀ?
ਉੁੱਤਰ – ਖੂਹ ਜੋੜਨ ਲਈ ਬਲਦਾਂ ਦੇ ਪੰਜਾਲੀ ਪਾਈ ਜਾਂਦੀ ਹੈ।
* ਪੰਜਾਬੀ ਸਾਹਿਤ ਕਦੋਂ ਸ਼ੁਰੂ ਹੋਇਆ ?
ਉੁੱਤਰ- 16ਵੀਂ ਸਦੀ ਵਿਚ
* ਨੇਹੀ ਕੀ ਹੁੰਦੀ ਹੈ?
ਉੁੱਤਰ – ਨੇਹੀ ਉਸ ਚੀਜ਼ ਨੂੰ ਕਹਿੰਦੇ ਹਨ ਜਿਸ ਉੱਪਰ ਚਾਟੀ ਰੱਖ ਕੇ ਲੱਸੀ ਰਿੜਕੀ ਜਾਂਦੀ ਹੈ।
* ਸ਼ਾਮ ਦੇ ਟਾਇਮ ਦੇ ਹੋਰ ਕਿਹੜੇ-ਕਿਹੜੇ ਪੰਜ ਨਾਮ ਹਨ?
ਉੁੱਤਰ – 1. ਤਰਕਾਲਾ, 2 ਲੋਢੇ ਵੇਲੇ, 3. ਆਥਣ ਵੇਲਾ, 4. ਰਹੋਰਾਸ ਵੇਲਾ, 5. ਪਿਛਲਾ ਪਹਿਰ, 6. ਖਾਓ ਪੀਓ ਵੇਲਾ, 7. ਦਿਨ ਢਲੇ।
* ਪੈਰਾਂ ਵਿਚ ਪਹਿਣੇ ਜਾਣ ਵਾਲੇ ਤਿੰਨ ਪੁਰਾਤਨ ਗਹਿਣੇ ਕਿਹੜੇ-ਕਿਹੜੇ ਹਨ।
ਉੁੱਤਰ – ਝਾਂਜਰਾਂ, ਪੰਜੇਬਾ, ਬਿਛੂਏ, ਪਟੜੀਆਂ
* ਇਕ ਮੁਟਿਆਰ ਊਠ ਤੇ ਬੈਠੀ ਹੈ ਇਕ ਆਦਮੀ ਉਸ ਊਠ ਦੀ ਮੁਹਾਰ ਫੜੀ ਜਾ ਰਿਹਾ ਹੈ। ਊਠ ਤੇ ਬੈਠੀ ਮੁਟਿਆਰ ਨੂੰ ਇਕ ਹੋਰ ਔਰਤ ਪੁੱਛਦੀ ਹੈ।
ਊਠ ਤੇ ਬੈਠਦੀਏ, ਲਗਾਮ ਫੜੇਦਾ ਤੇਰਾ ਕੀ ਲੱਗਦਾ? ਊਠ ਤੇ ਬੈਠੀ ਮੁਟਿਆਰ ਉੱਤਰ ਦਿੰਦੀ ਹੈ, ”ਇਹਦਾ ਤਾਂ ਮੈਂ ਨਾ ਨੀ ਲੈਣਾ ਮੇਰਾ ਨਾਮ ਹੈ ਜੀਆ, ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਸਕੀਆਂ ਮਾਵਾਂ ਧੀਆਂ।
ਦੱਸੋ ਊਠ ਤੇ ਬੈਠੀ ਮੁਟਿਆਰ ਤੇ ਲਗਾਮ ਫੜੀ ਜਾ ਰਹੀ ਉਸ ਆਦਮੀ ਦਾ ਕੀ ਰਿਸ਼ਤਾ ਹੈ?
ਉੁੱਤਰ – ਨੂੰਹ-ਸਹੁਰਾ
* ਤ੍ਰਿੰਞਣਾ ਕਿਸ ਨੂੰ ਕਹਿੰਦੇ ਹਨ ?
ਉੁੱਤਰ – ਕੁੜੀਆਂ ਨੂੰ ਇਕ ਜਗ•ਾ ਇਕੱਠੇ ਹੋ ਕੇ ਚਰਖਾ ਕੱਤਦੀਆਂ ਤੇ ਕੱਢਦੀਆਂ ਨੂੰ ਤਿੰ੍ਰਝਣ ਕਹਿੰਦੇ ਹਨ।
* ਆਲਣ ਕੀ ਹੁੰਦਾ ਹੈ ?
ਉੁੱਤਰ – ਸਾਗ ਵਿਚ ਪਾਇਆ ਜਾਣ ਵਾਲਾ ਮੱਕੀ ਦਾ ਆਟਾ ਜਿਸ ਨਾਲ ਸਾਗ ਵਧੀਆ ਘੁਲ ਜਾਂਦਾ ਹੈ।
* ਸੱਗੀ ਫੁਲ ਕੀ ਚੀਜ਼ ਹੈ ?
ਉੁੱਤਰ – ਸਿਰ ਉੱਪਰ ਪਾਉਣ ਵਾਲਾ ਗਹਿਣਾ ਹੈ।
* ਦੇਸੀ ਸਾਲ ਕਿਹੜ²ੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ?
ਉੁੱਤਰ – ਚੇਤ ਮਹੀਨੇ ਤੋਂ
* ਨੇਤਰਾ ਕੀ ਹੁੰਦਾ ਹੈ ?
ਉੁੱਤਰ – ਦੁੱਧ ਰਿੜਕਣ ਵਾਲੀ ਮਧਾਣੀ ਦੁਆਲੇ ਲਮੇਟੀ ਰੱਸੀ ਜਿਸ ਨੂੰ ਫੜਕੇ ਮਧਾਣੀ ਘੁਮਾਈ ਜਾਂਦੀ ਹੈ।
* ‘ਲਵੇਰਾ’ ਪਸ਼ੂ ਕਿਸ ਨੂੰ ਕਿਹਾ ਜਾਂਦਾ ਹੈ?
ਉੁੱਤਰ- ਲਵੇਰਾ ਪਸ਼ੂ ਉਸ ਪਸ਼ੂ ਨੂੰ ਕਿਹਾ ਜਾਂਦਾ ਹੈ ਜਿਹੜਾ ਦੁੱਧ ਦਿੰਦਾ ਹੈ।
*ਆਮ ਤੌਰ ਤੇ ‘ਘੋਟਣਾ’ ਕਿਹੜੀ ਲੱਕੜ ਦਾ ਹੁੰਦਾ ਹੈ?
ਉੁੱਤਰ- ਆਮ ਤੌਰ ਤੇ ਘੋਟਨਾ ਨਿਮ ਦੀ ਲੱਕੜ ਦਾ ਬਣਾਇਆ ਜਾਂਦਾ ਹੈ।
* ‘ਪਰਾਂਦਾ’ ਕੀ ਹੁੰਦਾ ਹੈ?
ਉੁੱਤਰ- ਗੁੱਤ ਵਿਚ ਪਾਉਣ ਵਾਲਾ।
* ਪਸ਼ੂਆਂ ਦੇ ਮੂੰਹ ‘ਤੇ ਚੜਾਉਣ ਵਾਲਾ ਰੱਸੀਆਂ ਦਾ ਬੁਨੇ ਹੋਏ ਜਾਲ ਨੂੰ ਕੀ ਕਹਿੰਦੇ ਹਨ?
ਉੁੱਤਰ- ਸਿਕਲੀ
* ਦੇਸੀ ਮਹੀਨਿਆਂ ਦੇ ਨਾਂ ਤਰਤੀਬਵਾਰ ਲਿਖੋ।
ਉੁੱਤਰ- ਚੇਤ, ਵਿਸ਼ਾਖ, ਜੇਠ, ਹਾੜ, ਸਾਵਣ, ਭਾਦਰੋ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ।
* ‘ਦੋੜਾ’ ਕਿਸ ਨੂੰ ਕਹਿੰਦੇ ਹਨ?
ਉੱਤਰ – ਦੋੜਾ ਖੇਸ ਨੂੰ ਕਹਿੰਦੇ ਹਨ ਜਿਸ ਨਾਲ ਪੁਰਾਣੇ ਸਮੇਂ ਵਿਚ ਪੰਡਾ ਬੰਨਣ ਦਾ ਕੰਮ ਵੀ ਕੀਤਾ ਜਾਂਦਾ ਸੀ।
*. ਲੱਧਾ ਕਿਸ ਨੂੰ ਕਹਿੰਦੇ ਹਨ?
ਉੱਤਰ – ਕਿਸੇ ਦੀ ਮੌਤ ਸਮੇਂ ਜੋ ਰਾਸ਼ਨ ਕੁੜਮ/ਕੁੜੀ ਦੇ ਮਾਪੇ ਲੈ ਕੇ ਜਾਂਦੇ ਹਨ ਉਸ ਨੂੰ ਲੱਧਾ ਕਹਿੰਦੇ ਹਨ।
* ਟਾਂਗੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਉੱਤਰ – ‘ਯੱਕੇ’ ਨਾਲ
* ਨੇਤਰਾ ਕੀ ਹੁੰਦਾ ਹੈ?
ਉੱਤਰ – ਦੁੱਧ ਰਿੜਕਣ ਵਾਲਾ ਰੱਸਾ।
* ਬਲਦਾਂ ਦੀ ਦੌੜ ਜਿਸ ਅੱਗੇ ਬੋਲਦ ਜੋੜੇ ਜਾਂਦੇ ਹਨ। ਉਸ ਨੂੰ ਕੀ ਕਹਿੰਦੇ ਹਨ?
ਉੱਤਰ – ਠੋਕਰ ।