—————————————-
ਪੱਤੋ ਦੇ ਸਕੂਲ ਦਾ 100 ਸਾਲਾ ਸ਼ਤਾਬਦੀ ਸਮਾਗਮ ਮਨਾਇਆ
ਜਵਾਨੀ ਦੇ ਵਿਛੜੇ ਬੁਢਾਪੇ ‘ਚ ਮਿਲਾਏ ਪੁਰਾਣੇ ਬੇਲੀ
ਅੰਗਰੇਜ਼ਾਂ ਵੇਲੇ ਦੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਸ਼ਤਾਬਦੀ ਦਿਵਸ ਮਨਾਇਆ ਗਿਆ। ਗ੍ਰਾਮ ਪੰਚਾਇਤ, ਪਿੰਡ ਅਤੇ ਵਿਦੇਸ਼ ਵਸਦੇ ਪੱਤੋ ਵਾਸੀਆਂ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੇ ਹੰਭਲੇ ਨਾਲ ਸੰਪੰਨ ਹੋਏ ਇਸ ਮਿਲਣੀ ਸਮਾਗਮ ਦੇ ਆਗਾਜ਼ ਵਿੱਚ ਪ੍ਰਿੰਸੀਪਲ ਗੁਰਸੇਵਕ ਸਿੰਘ ਬਰਾੜ ਨੇ ਸਕੂਲ ਦਾ ਇਤਿਹਾਸ ਦੱਸ ਕੇ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਨੂੰ ਆਖਿਆ। ਮਨਪਿੰਦਰ ਕੌਰ ਢਿੱਲੋਂ ਨੇ ਪੱਤੋਂ ਸਕੂਲ ਚੋਂ ਪੜ੍ਹ ਕੇ ਉੱਚ ਅਹੁਦਿਆਂ ਤੇ ਪੁੱਜੀਆਂ ਸਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਮੱਲ੍ਹੀ ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕਿਹਾ ਕਿ ਪੁਰਾਣੇ ਸਮੇਂ ਦੇ ਔਖੇ ਪੇਂਡੂ ਹਲਾਤਾਂ ਵਿੱਚ ਪੜ੍ਹਾਈ ਬੜੀ ਮੁਸ਼ਕਲ ਹੁੰਦੀ ਸੀ। ਇਸ ਸਕੂਲ ਦੀ ਬਦੌਲਤ ਹੀ ਪਛੜੇ ਇਲਾਕੇ ਦੇ ਵਿਦਿਆਰਥੀ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹੋਏ। ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਆਦਿ ਬੁਲਾਰਿਆਂ ਨੇ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਆਯੋਜਕਾਂ ਦਾ ਧੰਨਵਾਦ ਕੀਤਾ। ਸਕੂਲ ਚੋਂ ਪੜ੍ਹ ਕੇ ਉੱਚੇ ਮੁਕਾਮ ਤੇ ਪੁੱਜੀਆਂ ਸਖਸ਼ੀਅਤਾਂ ਦੀਆਂ ਫ਼ੋਟੋ ਤੇ ਜਾਣਕਾਰੀ ਲਿਖ ਕੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਮਠਾੜੂ ਨੇ ਕੀਤਾ। ਇਸ ਸਮਾਗਮ ਵਿੱਚ ਜਵਾਨੀ ਵਾਲੇ ਦੇ ਵਿਛੜੇ ਵਿਦਿਆਰਥੀ ਮਿੱਤਰ ਪਿਆਰੇ ਘੁੱਟ ਘੁੱਟ ਮਿਲਦੇ ਵੇਖੇ ਗਏ। ਸਕੂਲੀ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ।ਮੰਚ ਸੰਚਾਲਨ ਇੰਦਰਜੀਤ ਸਿੰਘ ਨੇ ਕੀਤਾ। ਸਰਪੰਚ ਹਰਵਿੰਦਰ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦਾ ਲੋਗੋ ਵੀ ਜਾਰੀ ਕੀਤਾ ਗਿਆ।
ਇਸ ਸਮਾਗਮ ਵਿਚ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਪ੍ਰਧਾਨ ਜਗਦੀਪ ਸਿੰਘ ਗਟਰਾ, ਚੈਅਰਮੈਨ ਜਤਿੰਦਰ ਭੱਲਾ (ਬਠਿੰਡਾ), ਅਮਿਤ ਬਰਾੜ, ਡੀਪੀ ਸਾਧੂ ਸਿੰਘ ਬਰਾੜ, ਚਮਕੌਰ ਪੱਤੋ, ਹਰਦੀਪ ਬਰਾੜ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਨੰਬਰਦਾਰ ਮਲਕੀਤ ਸਿੰਘ ਬਰਾੜ, ਕਵੀ ਪ੍ਰਸੋਤਮ ਪੱਤੋ ਬਾਬਾ ਇੰਦਰ ਦਾਸ ਪੱਤੋ, ਗਾਇਕ ਕੁਲਦੀਪ ਸਿੰਘ ਭੱਟੀ, ਖੇਡ ਲੇਖਕ ਬੱਬੀ ਪੱਤੋ, ਕਬੱਡੀ ਕੋਚ ਪਰਮਜੀਤ ਡਾਲਾ, ਸਾਬਕਾ ਡੀ ਈ ਓ ਪ੍ਰੀਤਮ ਸਿੰਘ ਨੰਗਲ, ਡਾਕਟਰ ਨੱਛਤਰ ਸਿੰਘ ਬੁੱਟਰ, ਜਸਵਿੰਦਰ ਸਿੰਘ ਧੂੜਕੋਟ, ਕੁਲਵਿੰਦਰ ਸਿੰਘ ਧਾਲੀਵਾਲ, ਅਮਨ ਡੀ ਪੀ, ਪ੍ਰਧਾਨ ਸੁਖਜੀਵਨ ਸਿੰਘ ਰੌਂਤਾ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਸਾਬਕਾ ਸਰਪੰਚ ਜਸਪਾਲ ਬਰਾੜ ਗੋਰੀ ਦੀਦਾਰੇ ਵਾਲਾ, ਸਰਪੰਚ ਗੁਰਤੇਜ ਸਿੰਘ ਕਾਕਾ ਬਰਾੜ ਬਾਰੇਵਾਲਾ, ਰੁਪਿੰਦਰ ਸਿੰਘ ਦੀਦਾਰੇ ਵਾਲਾ, ਮੋਹਨ ਲਾਲ ਰੌਂਤਾ, ਮੰਦਰ ਸਿੰਘ ਰੌਂਤਾ, ਸ਼ਮਸ਼ੇਰ ਸਿੰਘ ਧਾਲੀਵਾਲ ਖਾਈ, ਡਾ. ਹਰਮੇਸ਼ ਗਰਗ, ਡਾ. ਮਹੇਸ਼ ਗਰਗ, ਡਾ. ਸਤੀਸ਼, ਡਾਕਟਰ ਮੀਨਾਕਸ਼ੀ, ਇੰਚਾਰਜ ਪ੍ਰਿੰਸੀਪਲ ਰੁਪਿੰਦਰਜੀਤ ਕੌਰ, ਕੁਲਦੀਪ ਸਿੰਘ ਸਮਿਤੀ ਮੈਂਬਰ, ਮੁੱਖ ਅਧਿਆਪਕ ਪ੍ਰਮੋਦ ਕੁਮਾਰ, ਪ੍ਰਧਾਨ ਕੁਲਵੰਤ ਸਿੰਘ ਗਰੇਵਾਲ, ਲੈਕਚਰਾਰ ਜਗਤਾਰ ਸਿੰਘ ਸੈਦੋਕੇ, ਹਿੰਦਰੀ ਪੱਤੋ, ਰਾਜਮੀਤ ਕੌਰ, ਡਾ. ਜੋਗਿੰਦਰ ਮਾਹਲਾ, ਅਮਰ ਘੋਲੀਆ, ਮੱਖਣ ਸਿੰਘ ਰੀਡਰ ਮੋਗਾ, ਕਰਮ ਸਿੰਘ ਨੰਬਰਦਾਰ, ਸੋਨੂੰ ਪੱਤੋ, ਜੱਸੀ ਢਿੱਲੋਂ, ਮਾ. ਹਰਪ੍ਰੀਤ ਸਿੰਘ ਜਿਤੇਸ਼ ਕੁਮਾਰ, ਸਤਨਾਮ ਸਿੰਘ, ਹਰਜੰਟ ਸਿੰਘ ਬੌਡੇ (ਸੂਬਾ ਅਧਿਆਪਕ ਆਗੂ) ਸਮੇਤ ਸਮੂਹ ਸਕੂਲ ਸਟਾਫ਼, ਪਿੰਡ ਦੇ ਪਤਵੰਤੇ, ਪੁਰਾਣੇ ਵਿਦਿਆਰਥੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
—————————————-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ 100 ਵੀ ਵਰੇਗੰਢ ਤੇ ਵਿਸ਼ੇਸ਼ !
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ‘ਚ ਅੰਗਰੇਜ ਹਕੂਮਤ ਵੱਲੋਂ 1924 ਵਿਚ ਤਿਆਰ ਕੀਤੀ ਆਲੀਸ਼ਾਨ ਇਮਾਰਤ ਨਿਵੇਕਲੀ ਪਛਾਣ ਰੱਖਦੀ ਹੈ। ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਪਿਛਲੇ ਲੰਮੇ ਸਮੇ ਤੋ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰਦਾ ਆ ਰਿਹਾ ਹੈ। ਇਸ ਸਕੂਲ ਵਿਚ ਪੁਰਾਣੇ ਸਮਿਆ ਵਿੱਚ ਇਥੇ ਪੂਰੇ ਪੰਜਾਬ ਵਿਚੋ ਲੱਗਭਗ ਹਰੇਕ ਜਿਲੇ ਵਿੱਚੋ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਦੇ ਸਨ ਇਸ ਲਈ ਇਹ ਸਕੂਲ ਮਿੰਨੀ ਯੂਨੀਵਰਸਿਟੀ ਵਜੋ ਜਾਣਿਆ ਜਾਦਾ ਸੀ।ਉਸ ਸਮੇ ਇਹ ਇਲਾਕਾ ਪੜ੍ਹਾਈ ਪੱਖੋ ਬਹੁਤ ਪਛੜਿਆ ਹੋਇਆ ਸੀ। ਨੇੜਲੇ ਪਿੰਡਾ ਦੇ ਮੋਹਤਬਰ ਵਿਅਕਤੀਆ ਨੇ ਇਕੱਠੇ ਹੋ ਕਿ 5 ਮੈਂਬਰੀ ਕਮੇਟੀ ਬਣਾਉਣ ਉਪਰੰਤ ਕੈਪਟਨ ਹੀਰਾ ਸਿੰਘ ਕੋਲ ਪਹੁੰਚ ਕਰਦਿਆ ਸਕੂਲ ਬਣਾਉਣ ਲਈ ਮਤਾ ਰੱਖਿਆ ਗਿਆ ਕਿਉਕਿ ਕੈਪਟਨ ਹੀਰਾ ਸਿੰਘ ਅੰਗਰੇਜ਼ ਹਕੂਮਤ ਵਿਚ ਉੱਚ ਅਹੁਦੇ ਤੇ ਹੋਣ ਕਾਰਨ ਸਰਕਾਰ ਵਲੋ ਇਹ ਮੰਗ ਅਸਾਨੀ ਨਾਲ ਪ੍ਰਵਾਨ ਕਰਵਾ ਸਕਦੇ ਸਨ।ਹੀਰਾ ਸਿੰਘ ਪਿੰਡ ਅਤੇ ਇਲਾਕੇ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾ ਦੇ ਪੁਰਜੋਰ ਯਤਨਾ ਸਕਦਾ ਹੀ ਫਿਰੋਜ਼ਪੁਰ ਜ਼ਿਲ੍ਹੇ ਦਾ ਪਹਿਲਾ ਸਕੂਲ ਬਣਨ ਦਾ ਮਾਣ ਸਸਸਸ ਪੱਤੋ ਹੀਰਾ ਸਿੰਘ ਨੂੰ ਮਿਲਿਆ।ਇਹ ਸਕੂਲ ਹੀਰਾ ਸਿੰਘ ਨੂੰ ਤੋਹਫੇ ਦੇ ਰੂਪ ਵਿੱਚ ਅੰਗਰੇਜ ਸਰਕਾਰ ਵਲੋ ਦਿੱਤਾ ਗਿਆ ਜਿਥੇ ਲਗਭਗ ਹਰੇਕ ਵਿਸ਼ੇ ਦੀਆ ਹਾਇਰ ਸੈਕੰਡਰੀ ਅਤੇ ਸੈਕੰਡਰੀ ਪੱਧਰ ਤੇ ਵੱਡੀ ਗਿਣਤੀ ਵਿੱਚ ਪੋਸਟਾ ਮਂਨਜ਼ੂਰ ਕੀਤੀਆ ਗਈਆ ਇਸ ਇਲਾਵਾ ਵੱਖ ਵੱਖ ਵੋਕੇਸ਼ਨਲ ਟ੍ਰੇਡ ਵੀ ਦਿੱਤੇ ਗਏ ਅਤੇ ਬਾਅਦ ਵਿਚ ਐਨ.ਐਸ.ਐਸ,ਐਨ.ਸੀ.ਸੀ. ਯੂਨਿਟ ਵੀ ਸਥਾਪਿਤ ਕੀਤੇ ਗਏ।ਪੁਰਾਣੇ ਸਮੇ ਵਿੱਚ ਦੂਰ ਦੂਰ ਤੋ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਦੇ ਸਨ ਇਸ ਲਈ ਉਹਨਾ ਦੇ ਰਹਿਣ ਲਈ 1926 ਵਿਚ ਹੋਸਟਲ ਦੀ ਸੁਵਿਧਾ ਚਾਲੂ ਕੀਤੀ ਗਈ ਤਾ ਜੋ ਵਿਦਿਆਰਥੀਆ ਨੂੰ ਕੋਈ ਸਮੱਸਿਆ ਨਾ ਆਵੇ। ਅੱਜ ਕੱਲ੍ਹ ਇਸ ਹੋਸਟਲ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ।ਜਿਸ ਦੀ ਪੁਰਾਣੀ ਦਿੱਖ ਨੂੰ ਬਰਕਰਾਰ ਰੱਖਣ ਲਈ ਮੁਰੰਮਤ ਦੀ ਵੱਡੀ ਲੋੜ ਹੈ।
ਜਿਕਰਯੋਗ ਹੈ ਕਿ 6ਵੀ ਤੋ 10ਵੀ ਤੱਕ ਵੋਕੇਸ਼ਨਲ ਟਰੇਡ (ਕਾਰਪੇਂਟਰ, ਡੀਜਲ ਮਕੈਨਿਕ,ਮੋਟਰ ਮਕੈਨਿਕ, ਰੇਡੀਓ ਮਕੈਨਿਕ) ਅਧਿਆਪਕਾ ਦੇ ਰਿਟਾਇਰ ਹੋਣ ਉਪਰੰਤ ਪਹਿਲਾ ਹੀ ਖਤਮ ਕੀਤੇ ਜਾ ਚੁੱਕੇ ਹਨ।ਇਸ ਤੋ ਇਲਾਵਾ ਕਾਮਰਸ ਲੈਕਚਰਾਰਾ ਦੇ ਬਦਲੀ ਕਰਵਾਉਣ ਤੋ ਬਾਅਦ ਇਥੇ ਕੋਈ ਵੀ ਕਾਮਰਸ ਗਰੁੱਪ ਦਾ ਲੈਕਚਰਾਰ ਨਾ ਹੋਣ ਕਾਰਨ ਕਾਮਰਸ ਗਰੁੱਪ ਵੀ ਬੰਦ ਕਰ ਦਿੱਤਾ ਗਿਆ ਹੈ। ਵਿਦਿਆਰਥੀ ਇਸ ਵਿਸ਼ੇ ਦੀ ਸਿੱਖਿਆ ਪ੍ਰਾਪਤ ਤੋ ਵਾਝੇ ਹੀ ਹਨ। ਇਸ ਤੋ ਇਲਾਵਾ ਐਨ.ਐਸ.ਐਸ ਅਤੇ ਐਨ.ਸੀ.ਸੀ ਯੂਨਿਟ ਵੀ ਬੰਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ 7 ਨਵੰਬਰ 2020 ਨੂੰ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਸੀ।ਅੱਜ ਸਕੂਲ ਵਿਚ ਸਾਇੰਸ ਗਰੁੱਪ,ਵੋਕੇਸ਼ਨਲ ਗਰੁੱਪ (ਹੌਰਟੀਕਲਚਰ),ਆਰਟਸ ਗਰੁੱਪ,ਵਿੱਚ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਜਿਸ ਵਿੱਚ 6ਵੀਂ ਤੋਂ 12ਵੀਂ ਤੱਕ ਪ੍ਰੋਜੈਕਟਰਾ, ਐਲਈਡੀ ਰਾਹੀਂ ਈ ਕੰਨਟੈਂਟ ਦੀ ਪੜ੍ਹਾਈ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਇਸ ਸਕੂਲ ਨੇ ਵੱਖ ਵੱਖ ਸਮੇ ਤੇ ਵੱਖ ਵੱਖ ਸਕੂਲ ਮੁੱਖੀਆ/ਪ੍ਰਿੰਸੀਪਲਾ ਦੀ ਅਗਵਾਈ ਵਿਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਦੀ ਕਹਾਵਤ ਅਨੁਸਾਰ ਸਿੱਖਿਆ ਅਤੇ ਖੇਡਾ ਦੇ ਖੇਤਰਾ ਵਿੱਚ ਇਥੋ ਦੇ ਵਿਦਿਆਰਥੀਆ ਨੇ ਖੂਬ ਵਾਹ ਵਾਹ ਖੱਟੀ।ਇਹ ਜਿਕਰਯੋਗ ਹੈ ਕਿ ਇਥੋ ਰਿਟਾਇਰਡ ਪ੍ਰਿੰਸੀਪਲ ਹਰਪਾਲ ਸਿੰਘ 2008 ਤੱਕ ਅਤੇ ਇਸ ਤੋ ਬਾਅਦ ਪ੍ਰਿੰਸੀਪਲ ਹਰਿੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ 2008 ਤੋ ਸਤੰਬਰ 2020 ਤੱਕ ਸਕੂਲ ਦੇ ਵਿਦਿਆਰਥੀਆ ਨੇ ਸਿੱਖਿਆ, ਸਹਿ-ਕਿਰਿਆਆਵਾ, ਧਾਰਮਿਕ ਸਥਾਨਾ ਦੇ ਟੂਰ, ਸਾਇੰਸ ਮੇਲਿਆਂ, ਖੇਡਾ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ। ਇਸ ਤੋ ਇਲਾਵਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆ, ਐਨ.ਆਰ.ਆਈ, ਸਕੂਲ ਸਟਾਫ ਦੀ ਸਹਾਇਤਾ ਨਾਲ ਸਕੂਲ ਦੀ ਪੁਰਾਣੀ ਇਮਾਰਤ ਦੀ ਪੁਰਾਣੀ ਦਿੱਖ ਬਰਕਰਾਰ ਰੱਖਦੇ ਹੋਏ ਲੋੜੀਂਦੀ ਮੁਰੰਮਤ ਨਾਲ ਇਮਾਰਤ ਨੂੰ ਸੁਰੱਖਿਅਤ ਕਰਨ ਦੀ ਸ਼ੁਰੂਆਤ ਕੀਤੀ ਗਈ।ਖੇਡਾ ਦੇ ਖੇਤਰ ਵਿੱਚ ਸਾਧੂ ਸਿੰਘ ਡੀਪੀਈ (ਕਬੱਡੀ), ਚਮਕੌਰ ਸਿੰਘ ਪੱਤੋ ਪੀਟੀਆਈ (ਬੈਡਮਿੰਟਨ) ਵਿਚ ਪੱਤੋ ਸਕੂਲ ਦੇ ਵਿਦਿਆਰਥੀਆ ਨੇ ਸਟੇਟ ਪੱਧਰ ਤੇ ਵੱਖਰੀ ਪਛਾਣ ਬਣਾਈ ਜੋ ਕਿ ਅੱਜ-ਕੱਲ੍ਹ ਅਮਨਦੀਪ ਸਿੰਘ ਡੀ.ਪੀ.ਈ ਦੀ ਅਗਵਾਈ ਵਿਚ ਟੀਮਾ ਸਟੇਟ ਵਿੱਚ ਪਹੁੰਚਦੀਆ ਹਨ ਤੇ ਖੇਡਾ ਦੇ ਖੇਤਰ ਵਿੱਚ ਵੱਖਰੀ ਪਛਾਣ ਬਰਕਰਾਰ ਰੱਖੀ ਹੈ। ਇਸ ਤੋ ਇਲਾਵਾ ਹਰਭਜਨ ਸਿੰਘ ਵੋਕੇਸ਼ਨਲ (ਇਲੈਕਟਰੀਕਲ ਗਰੁੱਪ) ਦੇ ਲੰਬੇ ਸਮੇ ਤੱਕ ਇੰਚਾਰਜ਼ ਰਹੇ ਹਨ।ਮੌਜੂਦਾ ਸਮੇ ਵਿੱਚ ਮੋਗੇ ਜਿਲੇ ਦਾ ਇਕਲੌਤਾ ਸਕੂਲ ਹੈ ਜਿਥੇ ਵੋਕੇਸ਼ਨਲ (ਹੌਰਟੀਕਲਚਰ) ਗਰੁੱਪ ਚੱਲ ਰਿਹਾ ਹੈ ਇਸ ਗਰੁੱਪ ਦੇ ਇੰਚਾਰਜ਼ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਅਨੇਕਾ ਵਿੱਦਿਆਰਥੀ ਸਿੱਖਿਆ ਪ੍ਰਾਪਤ ਕਰਕਿ ਖੇਤੀਬਾੜੀ ਵਿਭਾਗ ਅਤੇ ਹੋਰ ਵਿਭਾਗਾ ਵਿਚ ਨੌਕਰੀ ਕਰ ਰਹੇ ਹਨ।
ਇਸ ਸਕੂਲ ਵਿੱਚੋ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਕਰਕੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਨਾਮਵਰ ਸ਼ਖਸ਼ੀਅਤਾ ਦੇ ਤੌਰ ਤੇ ਦੇਸ਼ਾ-ਵਿਦੇਸ਼ਾ ਵਿੱਚ, ਸਰਕਾਰੀ ਕਰਮਚਾਰੀਆ/ਅਧਿਕਾਰੀਆ ਦੀਆ ਸੇਵਾਵਾ ਦੇ ਰੂਪ ਵਿਚ ਪੱਤੋ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਾਰੇ ਵਿਦਿਆਰਥੀਆ ਨਾਮ ਲਿਖਣਾ ਸੰਭਵ ਨਹੀ ਪਰ ਉਹਨਾ ਵਿਚੋ ਚੋਣਵੇ ਨਾਮ ਜਿਹਨਾ ਵਿੱਚੋ ਸਾਬਕਾ ਸਿੱਖਿਆ ਮੰਤਰੀ ਸਵ.ਜਥੇਦਾਰ ਤੋਤਾ ਸਿੰਘ, ਸਾਬਕਾ ਖੇਤੀਬਾੜੀ ਮੰਤਰੀ ਦਰਸ਼ਨ ਸਿੰਘ ਬਰਾੜ,ਡਾ.ਅਮਰ ਸਿੰਘ ਧਾਲੀਵਾਲ (ਰਣਸੀਹ ਕਲਾ), ਡਾ. ਪਾਲ ਸਿੰਘ ਸਿੱਧੂ,ਨਛੱਤਰ ਸਿੰਘ ਮੱਲੀ, ਡਾ.ਮੁਕੰਦ ਸਿੰਘ ਬਰਾੜ (ਕੋਇਰ ਸਿੰਘ ਵਾਲਾ), ਸਾਬਕਾ ਜਿਲ੍ਹਾ ਸਿੱਖਿਆਂ ਅਫਸਰ ਸ ਮੋਗਾ ਪ੍ਰੀਤਮ ਸਿੰਘ ਧਾਲੀਵਾਲ, ਜੋਰਾ ਸਿੰਘ (ਦੀਦਾਰੇ ਵਾਲਾ), ਹਰਚੰਦ ਸਿੰਘ ਬਰਾੜ (ਖਾਈ), ਮੇਜਰ ਗੁਰਪ੍ਰੀਤ ਸਿੰਘ ਬਰਾੜ (ਪੱਤੋ ਹੀਰਾ ਸਿੰਘ), ਮਦਨ ਗੋਇਲ, ਸ਼ਹੀਦ ਲਿਫਟੀਨੈਟ ਦਵਿੰਦਰ ਸਿੰਘ ਬਰਾੜ, ਡਾ.ਸ਼ਤੀਸ਼ ਗੋਇਲ, ਨੰਦ ਸਿੰਘ ਬਰਾੜ, ਨਛੱਤਰ ਸਿੰਘ ਬੁੱਟਰ, ਪ੍ਰਸ਼ੋਤਮ ਪੱਤੋ ਤੋ ਇਲਾਵਾ ਸਕੂਲ ਦੇ ਮੌਜੂਦਾ ਸਕੂਲ ਪ੍ਰਿੰਸੀਪਲ ਗੁਰਸੇਵਕ ਸਿੰਘ (ਸਟੇਟ ਅਵਾਰਡੀ) ਜਿਕਰਯੋਗ ਹਨ ਜਿਹਨਾ ਤੇ ਸਕੂਲ ਨੂੰ ਹਮੇਸ਼ਾ ਵਿਦਿਆਰਥੀ ਹੋਣ ਦਾ ਮਾਣ ਰਹੇਗਾ। ਪਿੰਡ ਦੇ ਦਾਨੀ ਸੱਜਣਾ ਵੱਲੋਂ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਸਮੇਂ ਸਮੇਂ ਤੇ ਦਾਨ ਦੇ ਰੂਪ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ। ਜਿਸ ਨਾਲ ਸਕੂਲ ਦੀ ਪੁਰਾਣੀ ਦਿੱਖ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਹੈ। ਪਿੰਡ ਦੇ ਐਨਆਰਆਈ ਨੰਦ ਸਿੰਘ ਬਰਾੜ ਵੱਲੋਂ ਸਕੂਲ ਦੀਆਂ ਛੱਤਾ ਬਦਲੀ ਕਰਨ ਲਈ, ਹਿੰਦ ਅਤੇ ਚੀਨ ਯੁੱਧ ਵਿੱਚ ਸ਼ਹੀਦ ਲੈਫਟੀਨੈਂਟ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਪਿਛਲੇ 16 ਸਾਲ ਤੋਂ ਹਰ ਖੇਤਰ ਵਿੱਚ ਅਵਲ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜੈਦਕਾ ਪਰਿਵਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਾਨ ਬੋਰਡ ਕਲਾਸਾਂ ਦੇ ਅਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਐਨਆਰਆਈ ਸੁਖਦੀਪ ਸਿੰਘ ਬਰਾੜ, ਜਗਦੇਵ ਸਿੰਘ, ਪਰਮ ਬਰਾੜ, ਨੰਬਰਦਾਰ ਮਲਕੀਤ ਸਿੰਘ, ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਕੂਲ ਪ੍ਰਬੰਧ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਸਕੂਲ ਨੇ ਆਪਣੇ 100 ਸਾਲ ਪੂਰੇ ਕਰ ਲਏ ਹਨ 100ਵੀ ਵਰੇਗੰਢ ਸਕੂਲ ਪ੍ਰਿੰਸੀਪਲ ਗੁਰਸੇਵਕ ਸਿੰਘ (ਸਟੇਟ ਅਵਾਰਡੀ) ਸਮੂਹ ਸਟਾਫ ਮੈਂਬਰ, ਸਰਪੰਚ ਹਰਵਿੰਦਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆ, ਐਨ ਆਰ ਆਈ, ਇਥੋ ਪੜ੍ਹੇ ਹੋਏ ਸਾਬਕਾ ਵਿਦਿਆਰਥੀਆ ਦੇ ਸਹਿਯੋਗ ਨਾਲ 7 ਦਸੰਬਰ 2024 ਨੂੰ ਮਨਾਈ ਜਾ ਰਹੀ ਹੈ ਜਿਸ ਵਿੱਚ ਨਾਮਵਰ ਸਖਸੀਅਤਾ ਦੇ ਤੋਰ ਤੇ ਸਕੂਲ਼ ਦੇ ਪੁਰਾਣੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ।ਆਸ ਕਰਦੇ ਹਾ ਕਿ ਆਉਣ ਵਾਲੇ ਸਮੇ ਵਿੱਚ ਸਕੂਲ਼ ਇਸੇ ਤਰਾ ਇਹ ਸਦੀਆਂ ਤੱਕ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਜਜ਼ਬਿਆ ਤੇ ਪ੍ਰਾਪਤੀਆਂ ਦੇ ਨਵੇ ਰੰਗ ਭਰਦਾ ਰਹੇਗਾ ਅਤੇ ਵਿਦਿਆਰਥੀ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ।
—————————————-
ਕਿਹੋ ਜਿਹਾ ਹੋਵੇ ਅਧਿਆਪਕ !
ਕਿਸੇ ਵੀ ਬੱਚੇ ਲਈ ਜਿਹੜਾ ਪੜ੍ਹਨ ਲਈ ਜਾਂਦਾ ਹੈ ਓਸ ਲਈ ਘਰ ਤੋਂ ਬਾਅਦ ਸਕੂਲ ਹੀ ਓਸਦਾ ਦੂਜਾ ਘਰ ਹੁੰਦਾ ਹੈ ਤੇ ਉਸ ਸਕੂਲ ਰੂਪੀ ਘਰ ਦੇ ਵਾਤਾਵਰਨ ਨੂੰ ਬੱਚਿਆਂ ਲਈ ਸਹਿਜ ਤੇ ਸੋਹਣਾ ਬਣਾਉਣਾ ਅਧਿਆਪਕ ਦਾ ਮੁਢਲਾ ਫ਼ਰਜ਼ ਹੁੰਦਾ ਹੈ ਤਾਂ ਕਿ ਬੱਚਿਆਂ ਨੂੰ ਸਕੂਲ ਆਉਣ ਦਾ ਚਾਅ ਹੋਵੇ, ਨਾ ਕਿ ਸਕੂਲ ਆਉਣਾ ਬੋਝ ਲੱਗੇ। ਸੁਹਿਰਦ ਅਧਿਆਪਕ ਆਪਣੇ ਇਸ ਫ਼ਰਜ਼ ਨੂੰ ਬਾਖ਼ੂਬੀ ਨਿਭਾਉਂਦੇ ਵੀ ਹਨ।ਤੇ ਨਿਭਾਉਣਾ ਵੀ ਚਾਹੀਦਾ ਹੈ। ਜਿਸ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੇ ਮਨਾਂ ਨਾਲ ਸਾਂਝ ਪਾ ਲਈ, ਓਹਨਾਂ ਦੇ ਮਾਨਸਿਕ ਪੱਧਰ ਨੂੰ ਸਮਝ ਕੇ ਪੜ੍ਹਾਇਆ ਹੈ ਮੈਨੂੰ ਉਹ ਅਧਿਆਪਕ ਬਹੁਤ ਵਧੀਆ ਲਗਦੇ ਆ। ਮੇਰੇ ਮਨ ਤੇ ਉਹਨਾਂ ਦਾ ਸਤਿਕਾਰ ਉੱਕਰਿਆ ਹੈ। ਅਧਿਆਪਕ ਦਾ ਅਧਿਆਪਕ ਹੋਣਾ ਓਦੋਂ ਸਫ਼ਲ ਹੋ ਜਾਂਦਾ ਜਦੋਂ ਬੱਚੇ ਕਲਾਸ ਵਿੱਚ ਉਸ ਨੂੰ ਬੇਸਬਰੀ ਨਾਲ ਉਡੀਕਦੇ ਹੋਣ। ਜਦੋਂ ਉਹ ਅਧਿਆਪਕ ਕਿਸੇ ਦਿਨ ਸਕੂਲ ਨਾ ਆਵੇ ਤਾਂ ਬੱਚੇ ਉਦਾਸ ਹੋਣ ਅਤੇ ਅਗਲੇ ਦਿਨ ਇਕੱਠੇ ਹੋ ਕੇ ਪੁੱਛਣ, “ਸਰ/ ਮੈਡਮ ਜੀ ਤੁਸੀਂ ਕੱਲ੍ਹ ਕਿਓਂ ਨਹੀਂ ਸੀ ਆਏ ?” ਇਹ ਵਿਰਲੇ ਟਾਂਵੇ ਅਧਿਆਪਕਾਂ ਦੇ ਹਿੱਸੇ ਆਉਂਦਾ ਹੈ ਨਹੀਂ ਤਾਂ ਬੱਚੇ ਖੁਸ਼ ਹੁੰਦੇ ਕਿ ਸਾਇੰਸ ਵਾਲੇ ਸਰ ਨਹੀਂ ਆਏ। ਬਹੁਤ ਪਵਿੱਤਰ ਹੁੰਦਾ ਹੈ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ। ਇੱਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਸਿਲੇਬਸ ਦਾ ਗਿਆਨ ਨਹੀਂ ਦਿੰਦਾ ਸਗੋਂ ਸਿਲੇਬਸ ਤੋਂ ਬਿਨਾ ਹੋਰ ਵੀ ਬਹੁਤ ਕੁਝ ਦਸਦਾ ਹੈ,ਜਿਹੜਾ ਬੱਚਿਆਂ ਦੀ ਜ਼ਿੰਦਗ਼ੀ ਵਿੱਚ ਕੰਮ ਆਵੇ।
ਇੱਕ ਬਹੁਤ ਸੋਹਣਾ ਵਿਚਾਰ ਆ, “ਅਧਿਆਪਕ ਉਹ ਮੋਮਬੱਤੀ ਹੁੰਦੀ ਹੈ, ਜੋ ਆਪ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦੀ ਹੈ।” ਵਾਕਈ ਚੰਗਾ ਅਧਿਆਪਕ ਰਹਿੰਦੀ ਉਮਰ ਤੱਕ ਆਪਣੇ ਵਿਦਿਆਰਥੀਆਂ ਦੇ ਦਿਲਾਂ ਦੇ ਰਾਜ ਕਰਦਾ ਹੈ ਤੇ ਇਹੋ ਓਹਨਾਂ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਅਧਿਆਪਕਾਂ ਨੂੰ ਵੀ ਅਜਿਹੇ ਗੁਣ ਪੈਦਾ ਕਰਨੇ ਚਾਹੀਦੇ ਹਨ ਕਿ ਵਿਦਿਆਰਥੀ ਤੁਹਾਨੂੰ ਦਿਲੋਂ ਪਿਆਰ ਸਤਿਕਾਰ ਦੇਣ।
—————————————-
ਅਧਿਆਪਕ ਦਾ ਪ੍ਰੇਸ਼ਾਨੀਆਂ ਮੁਕਤ ਹੋਣਾ ਹੀ ਉਸ ਦਾ ਸਨਮਾਨ ਹੈ !
ਅਧਿਆਪਕ ਸਮਾਜ ਦਾ ਸਿਰਜਣਹਾਰ ਹੁੰਦਾ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਚੰਗੀ ਵਿੱਦਿਆ ਦੇ ਕੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਲਈ ਰਾਹ ਪੱਧਰਾ ਕਰਦਾ। ਅੱਜ ਦੇ ਸਮੇਂ ਵਿੱਚ ਅਸੀਂ ਜੋ ਵੀ ਹਾਂ ਇਹਨਾਂ ਅਧਿਆਪਕਾਂ ਦੀ ਬਦੌਲਤ ਹੁੰਦੇ ਹਾਂ। ਅਧਿਆਪਕ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਤਾਂ ਹੀ ਦੇ ਸਕਦੇ ਹਨ ਜੇਕਰ ਉਹ ਖ਼ੁਦ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਹੋਣ। ਅਧਿਆਪਕ ਤੋਂ ਸਹੀ ਸਿੱਖਿਆ ਦਿਵਾਉਣ ਲਈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਰਹੇ। ਬੇਸ਼ਕ ਸਰਕਾਰ ਵੱਲੋਂ ਹਰ ਵਰੇ ਸਫਲ ਚੰਗੇਰੇ ਅਧਿਆਪਕਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਖਦੇ ਹਨ ਕਿ ਚਿੜੇ ਅਧਿਆਪਕ ਲੋਕ ਪੱਖੀ ਹੁੰਦੇ ਹਨ ਵਿਦਿਆ ਵੀ ਸਮਰਪਿਤ ਹੁੰਦੇ ਹਨ ਅਤੇ ਪਹੁੰਚ ਕਰਨ ਤੋਂ ਅਸਮਰੱਥ ਰਹਿ ਜਾਂਦੇ ਹਨ ਉਹ ਉੱਚੇ ਮਾਨ ਸਨਮਾਨਾਂ ਤੋਂ ਵੀ ਰਹਿ ਜਾਂਦੇ ਹਨ ਜਾ ਅਧਿਆਪਕ ਨੂੰ ਪ੍ਰੇਸ਼ਾਨੀ ਤੋ ਮੁਕਤ ਕਰਨ ਲਈ ਉਸ ਨੂੰ ਆਪਣੀ ਘਰ ਦੇ ਨੇੜੇ ਦੇ ਸਕੂਲ ਦਿੱਤੇ ਜਾਣ। ਉਹਨਾਂ ਨੂੰ ਕਰਵਾਉਣ ਲਈ ਮੋਟੇ ਪੈਸੇ ਸਿਫਾਰਿਸ਼ਾਂ ਨਾ ਲਗਾਉਣ ਲਈ ਮਜਬੂਰ ਕੀਤਾ ਜਾਵੇ। ਜਿਹੜੇ ਅਧਿਆਪਕ ਆਪਣੇ ਘਰਾਂ ਤੋਂ ਸੌ ਸੌ ਕਿਲੋਮੀਟਰ ਦੂਰ ਲੱਗੇ ਹੁੰਦੇ ਹਨ, ਉਥੇ ਰਹਿੰਦੇ ਹਨ ਜਾਂ ਰੋਜ਼ਾਨਾ ਲੰਬਾ ਸਫਰ ਤਹਿ ਕਰਕੇ ਆਪਣੇ ਸਕੂਲ ਪਹੁੰਚਦੇ ਹਨ ਉਹ ਨਿੱਤ ਦੀ ਆਉਣ ਜਾਣ ਪਰੇਸ਼ਾਨੀ ਤੋਂ ਕਿੱਦਾਂ ਮੁਕਤ ਹੋ ਸਕਦੇ ਹਨ। ਸਰਦੀਆਂ ਧੁੰਦ ਆਦਿ ਦੇ ਮੌਸਮ ਵਿੱਚ ਸਮੇਂ ਸਿਰ ਸਕੂਲ ਪੁੱਜਣ ਦੀ ਕਾਹਲ ਵਿੱਚ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਹ ਸੰਕਟ ਭਰੀ ਜਿੰਦਗੀ ਵਿੱਚ ਵਧੀਆ ਸਿੱਖਿਆ ਕਿਵੇਂ ਦੇ ਸਕਦੇ ਹਨ? ਅਧਿਆਪਕਾਂ ਨੂੰ ਉਹਨਾਂ ਦੇ ਸਕੂਲ ਦੇ ਨੇੜੇ ਹੀ ਲਗਾਇਆ ਜਾਵੇ। ਅਧਿਆਪਕ ਹਰ ਪਾਰਟੀ ਹਰ ਧਰਮ ਦੇ ਵਿਦਿਆਰਥੀਆਂ ਨੂੰ ਭੇਦ ਭਾਵ ਤੋਂ ਉੱਪਰ ਉੱਠ ਕੇ ਵਿਦਿਆ ਦਿੰਦਾ ਹੈ ਪਰ ਬਦਲੀਆਂ ਆ ਦੇ ਸਮੇਂ ਉਹ ਭੇਦ ਭਾਵ ਤੇ ਰਾਜਨੀਤੀ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਅਧਿਆਪਕਾਂ ਤੋਂ ਬੀ ਐਲ ਓ, ਚੋਣਾਂ ਆਦਿ ਦੇ ਗੈਰ ਵਿਦਿਅਕ ਕੰਮ ਨਾ ਲਏ ਜਾਣ। ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਅਧਿਆਪਕਾਂ ਦੀਆਂ ਬਾਹਰੀ ਡਿਊਟੀਆਂ ਕਾਰਨ ਵਿਦਿਆਰਥੀ ਵਿਹਲੇ ਰਹਿੰਦੇ ਹਨ। ਇਸ ਕੰਮ ਲਈ ਬਹੁਤ ਬੇਰੁਜ਼ਗਾਰ ਮਿਲ ਜਾਣਗੇ। ਉਹਨਾਂ ਦਾ ਧਿਆਨ ਸਿਰਫ਼ ਤੇ ਸਿਰਫ਼ ਆਪਣੀ ਪੜ੍ਹਾਉਣ ਦੀ ਜ਼ਿਮੇਵਾਰੀ ਉੱਪਰ ਹੀ ਨਿਰਭਰ ਰਹੇ। ਅਧਿਆਪਕ ਵਿਦਿਆ ਦੇਣ ਦੇ ਨਾਲ ਨਾਲ ਸਕੂਲਾਂ ਵਿੱਚ ਆਨਲਾਈਨ ਚਿੱਠੀ ਪੱਤਰ ਤੇ ਹੋਰ ਕੰਮਾਂ ਵਿੱਚ ਵੀ ਉਲਝ ਰਹਿੰਦੇ ਹਨ। ਸਾਡੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਸਰਕਾਰ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰੇ ਤਾਂ ਜੋ ਹਰ ਵਿਸ਼ੇ ਦਾ ਅਧਿਆਪਕ ਬੱਚਿਆਂ ਨੂੰ ਸਮਰਪਿਤ ਹੋ ਕੇ ਵਿਦਿਆ ਦੇ ਸਕੇ। ਖੁਸ਼ੀ ਦੀ ਗੱਲ ਹੈ ਕਿ ਸਮਾਜਿਕ ਜਥੇਬੰਦੀਆਂ ਵੀ ਅਧਿਆਪਕ ਦਿਵਸ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਦੀਆਂ ਹਨ। ਇਹ ਪੇਂਡੂ ਪੱਧਰ ‘ਤੇ ਵੀ ਹੋਣ ਦੀ ਜਰੂਰਤ ਹੈ ਕਿ ਯੋਗ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਨਮਾਨ ਕੀਤਾ ਜਾਵੇ। ਅਕਸਰ ਹੀ ਦੇਖਿਆ ਗਿਆ ਹੈ ਕਿ ਲੋਕ ਪੱਖੀ ਸਮਰਪਿਤ ਅਤੇ ਜਿੰਮੇਵਾਰ ਅਧਿਆਪਕ ਜੋ ਕਿ ਕਿਧਰੇ ਜੁਗਾੜ ਨਹੀਂ ਲਗਾ ਸਕਦੇ ਉਹ ਇਹਨਾਂ ਸਨਮਾਨਾਂ ਤੋਂ ਵਿਰਵੇ ਵੀ ਰਹਿ ਜਾਂਦੇ ਹਨ।
ਇਹ ਵੀ ਗੌਰ ਤਲਬ ਹੈ ਕਿ ਅਧਿਆਪਕ ਨੂੰ ਸਹੀ ਸਿੱਖਿਆ ਦੇਣ ਦੇ ਸਮਰੱਥ ਬਣਾਉਣ ਲਈ ਚੰਗੇ ਮਾਹੌਲ ਤੇ ਖੁਸ਼ ਮਨੋਵਿਰਤੀ ਹੋਣਾ ਜਰੂਰੀ ਹੈ। ਉਸ ਦੀਆਂ ਸਮੱਸਿਆਵਾਂ ਦਾ ਧਿਆਨ ਕੀਤਾ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਅਧਿਆਪਕ ਨੂੰ ਆਪਣੇ ਹੱਕਾਂ ਲਈ ਧਰਨੇ ਮੁਜਾਹਰਿਆਂ ‘ ਤੇ ਜਾਣਿਆ ਪੈ ਰਿਹਾ ਹੈ ਹੱਕਾਂ ਲਈ ਲਗਾਤਾਰ ਲੜਾਈ ਦੇਣੀ ਪੈ ਰਹੀ ਹੈ। ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਅਧਿਆਪਕ ਦਾ ਖੁਸ਼ ਹੋਣਾ ਬਹੁਤ ਜਰੂਰੀ ਹੈ। ਆਪਣੇ ਸਿਰ ਤੇ ਵਾਧੂ ਜ਼ਿੰਮੇਵਾਰੀਆਂ ਦੇ ਬੋਝ ਕਾਰਨ ਅਧਿਆਪਕ ਸਹੀ ਫਰਜ਼ ਕਿੰਝ ਨਿਭਾ ਸਕਦਾ ਹੈ। ਅਧਿਆਪਕਾਂ ਨੂੰ ਘੱਟ ਤਨਖਾਹਾਂ ਦੀ ਬਜਾਏ ਸਹੀ ਪੇ ਸਕੇਲ ਤੇ ਹੀ ਰੱਖਿਆ ਜਾਵੇ। ਜੇਕਰ ਅਧਿਆਪਕ ਸਰੀਰਕ, ਆਰਥਿਕ ਮਾਨਸਿਕ ਤੌਰ ਤੇ ਖੁਸ਼ ਹੈ। ਸਕੂਲ ਤੋਂ ਘਰ ਘਰ ਸਕੂਲ ਪਹੁੰਚ ਕੇ ਵਿਦਿਆਰਥੀਆਂ ਅਤੇ ਆਪਣੇ ਘਰ ਪਰਿਵਾਰ ਵਿੱਚ ਖੁਸ਼ਹਾਲ ਹੈ ਤਾਂ ਉਸ ਤੋਂ ਸਹੀ ਵਿਦਿਆ ਦੀ ਆਸ ਕੀਤੀ ਜਾ ਸਕਦੀ ਹੈ ਅਤੇ ਸਮਾਜ ਸੇਵਾ ਵਿਚ ਵੀ ਚੰਗਾ ਯੋਗਦਾਨ ਨਿਭਾ ਸਕਦਾ ਹੈ।
—————————————-
ਅਧਿਆਪਕ ਦਿਵਸ ਤੇ ਵਿਸ਼ੇਸ਼ !
ਕੀ ਮੈ ਸਹੀ ਅਧਿਆਪਕ ਹਾਂ ?
ਅਧਿਆਪਕ ਦੇਸ਼ ਦਾ ਨਿਰਮਾਤਾ ਮੰਨਿਆਂ ਜਾਂਦਾ ਹੈ। ਅਧਿਆਪਕ ਵਿਦਿਆਰਥੀ ਨੂੰ ਚੰਗੀ ਸਿੱਖਿਆ ਦੇ ਕੇ ਉਸਦੀ ਸਖਸ਼ੀਅਤ ਨੂੰ ਨਿਖਾਰਦਾ ਹੈ ਅਤੇ ਉਸਨੂੰ ਸਫਲ ਨਾਗਰਿਕ ਵੀ ਬਣਾਉਂਦਾ ਹੈ। ਇੱਕ ਅਧਿਆਪਕ ਦਾ ਕਿਰਦਾਰ ਅਜਿਹਾ ਹੁੰਦਾ ਹੈ ਕਿ ਉਹ ਪੱਥਰ ਤੋਂ ਹੀਰਾ ਬਣਾ ਸਕਦਾ ਹੈ। ਵਿਅਕਤੀ ਦੇ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ ਜਿੰਨੀ ਵੀ ਬਿਆਨ ਕੀਤੀ ਜਾ ਸਕੇ ਉਨੀ ਹੀ ਘੱਟ ਹੈ। ਮਾਪਿਆਂ ਤੋਂ ਬਾਅਦ ਇੱਕ ਅਧਿਆਪਕ ਹੀ ਅਜਿਹਾ ਪ੍ਰਾਣੀ ਹੁੰਦਾ ਹੈ ਜੋ ਆਪਣੇ ਵਿਦਿਆਰਥੀ ਨੂੰ ਖੁਦ ਤੋਂ ਵੱਧ ਤਰੱਕੀ ਕਰਦੇ ਹੋਏ ਵੇਖਣਾ ਚਾਹੁੰਦਾ ਹੈ। ਹਰ ਵਿਅਕਤੀ ਦੀ ਸਖਸ਼ੀਅਤ ਅਤੇ ਜੀਵਨ ਦੇ ਨਿਰਮਾਣ ਵਿੱਚ ਅਧਿਆਪਕ ਦਾ ਯੋਗਦਾਨ ਜਰੂਰ ਹੁੰਦਾ ਹੈ। ਮਾਪੇ ਆਪਣੇ ਕੋਰੇ ਕਾਗਜ਼ ਵਰਗੇ ਬੱਚੇ ਨੂੰ ਸਕੂਲ ਭੇਜਦੇ ਹਨ, ਸਕੂਲ ਵਿੱਚ ਉਸ ਕੋਰੇ ਕਾਗਜ਼ ਉੱਪਰ ਸੋਹਣੀ ਜਿੰਦਗੀ ਦੇ ਹਿੰਦਸੇ ਵਾਹੁਣੇ ਅਧਿਆਪਕ ਦੇ ਹਿੱਸੇ ਆਉਂਦਾ ਹੈ। ਇਸੇ ਲਈ ਹੀ ਤਾਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਮੈਨੂੰ ਜ਼ਿੰਦਗੀ ਵਿੱਚ ਬਹੁਤ ਹੀ ਹੋਣਹਾਰ ਅਤੇ ਚੰਗੇ ਅਧਿਆਪਕ ਮਿਲੇ ਹਨ, ਜਿੰਨ੍ਹਾਂ ਨੇ ਮੈਨੂੰ ਜੀਵਨ ਨੂੰ ਹਿੰਮਤ, ਹੌਂਸਲੇ ਅਤੇ ਦ੍ਰਿੜਤਾ ਨਾਲ ਜਿਉਣਾ ਸਿਖਾਇਆ ਹੈ।
ਸਮਾਜ ਵਿੱਚ ਅਧਿਆਪਕ ਦਾ ਸਥਾਨ ਸਦਾ ਹੀ ਉੱਚਾ ਹੁੰਦਾ ਹੈ ਕਿਉਂਕਿ ਇੱਕ ਅਧਿਆਪਕ ਹੀ ਚੰਗੇ ਸਮਾਜ ਦਾ ਸਿਰਜਣਹਾਰ ਹੁੰਦਾ ਹੈ। ਅਧਿਆਪਕ ਹੀ ਸਮਾਜ ਅਤੇ ਵਿਦਿਆਰਥੀ ਦਾ ਰੋਲ਼ ਮਾਡਲ ਹੁੰਦਾ ਹੈ। ਪਰ ਕੀ ਅੱਜ ਦਾ ਅਧਿਆਪਕ ਇੱਕ ਚੰਗਾ ਰੋਲ ਮਾਡਲ ਹੈ? ਇਹ ਸਵਾਲ ਹਰ ਅਧਿਆਪਕ ਨੂੰ ਆਪਣੇ ਆਪ ਨੂੰ ਕਰਨਾ ਚਾਹੀਦਾ ਹੈ। ਅਧਿਆਪਕ ਦਾ ਕੰਮ ਬੱਚਿਆਂ ਨੂੰ ਸਜ਼ਾਵਾਂ ਦੇਣਾ ਹੀ ਨਹੀਂ। ਬੱਚਿਆਂ ਦੀ ਜ਼ਿੰਦਗੀ ਦੀ ਚਾਬੀ ਅਧਿਆਪਕ ਦੇ ਹੱਥ ਹੁੰਦੀ ਹੈ।
ਅਧਿਆਪਕ ਹੋਣ ਦੇ ਨਾਂ ਤੇ ਸਾਡਾ ਕੰਮ ਸਿਰਫ ਸਕੂਲਾਂ ਅਤੇ ਕਾਲਜਾਂ ਵਿੱਚ ਸਿਲੇਬਸ ਪੂਰਾ ਕਰਾਉਣਾ ਅਤੇ ਤਨਖਾਹਾਂ ਲੈਣਾ ਹੀ ਨਹੀ ਹੈ। ਜਦਕਿ ਸਾਨੂੰ ਆਪਣੇ ਮੋਢਿਆਂ ਤੇ ਪਈ ਅਸਲ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ। ਲੋੜ ਹੈ ਅੱਜ ਦੇ ਵਿਦਿਆਰਥੀ ਦੀ ਮਨੋ ਬਿਰਤੀ ਨੂੰ ਪੜਨ ਦੀ ਅਤੇ ਉਸਦੇ ਅੰਦਰਲੀ ਊਰਜਾ ਨੂੰ ਸਹੀ ਸੇਧ ਦੇਣ ਦੀ, ਤਾਂਕਿ ਅਧਿਆਪਕ ਇੱਕ ਵਧੀਆ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕੇ।
—————————————-
ਅਧਿਆਪਕ ਦਿਵਸ ਦੀ ਮਹੱਤਤਾ
“ਅਧਿਆਪਕ ਤੋਂ ਬਿਨਾਂ ਦੁਨੀਆਂ ਕੁੱਝ ਵੀ ਨਹੀਂ ਬਸ ਅੰਧਕਾਰ ਹੁੰਦਾ ਹੈ , ਲੱਖ ਵਾਰੀ ਨਮਨ ਕਰੀਏ ਉਨ੍ਹਾਂ ਅਧਿਆਪਕਾਂ ਨੂੰ, ਜਿੰਨਾਂ ਨਾਲ ਰੌਸ਼ਨ ਸਾਰਾ ਸੰਸਾਰ ਹੁੰਦਾ ਹੈ “
ਜੀਵਨ ਵਿੱਚ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਸਿੱਖਿਆ ਕਿਸੇ ਵੀ ਰੂਪ ਵਿੱਚ ਜਾਂ ਉਮਰ ਦੇ ਕਿਸੇ ਵੀ ਪੜਾਅ ਵਿੱਚ ਹੋਵੇ ਪਰ ਗੁਰੂ ਚੇਲਾ ਤਾਂ ਭਾਰਤ ਦੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਜੀਵਨ ਵਿੱਚ ਜਨਮ ਦੇਣ ਵਾਲੇ ਮਾਤਾ -ਪਿਤਾ ਪਰ ਜਿਊਣ ਦਾ ਅਸਲ ਤਰੀਕਾ ਦੱਸਣ ਵਾਲੇ ਅਧਿਆਪਕ ਹੁੰਦੇ ਹਨ। ਅਧਿਆਪਕ ਤੋਂ ਹੀ ਗਿਆਨ ਲੈ ਕੇ ਸਫ਼ਲਤਾ ਦੀ ਪੌੜੀ ‘ਤੇ ਪਹੁੰਚਿਆ ਜਾ ਸਕਦਾ ਹੈ ਇਸੇ ਕਰਕੇ ਹੀ ਅਧਿਆਪਕਾਂ ਦੇ ਸਨਮਾਨ ਵਿੱਚ ਹੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਵਿੱਚ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਹੁੰਦਾ ਹੈ। ਡਾ. ਰਾਧਾ ਕ੍ਰਿਸ਼ਨਨ ਜੀ ਇੱਕ ਮਹਾਨ ਦਾਰਸ਼ਨਿਕ, ਅਧਿਆਪਕ ਅਤੇ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉੱਘੇ ਵਿਦਵਾਨ ਸਨ। ਉਹਨਾਂ ਨੇ ਜੀਵਨ ਦੇ 40 ਸਾਲ ਅਧਿਆਪਨ ਕੀਤਾ। ਵਿਦਿਆਰਥੀ ਉਹਨਾਂ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਆਪਣਾ ਜਨਮਦਿਨ ਮਨਾਉਣ ਦੀ ਬਜਾਇ ਇਸ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਕਿਹਾ । ਇਸ ਤਰ੍ਹਾਂ ਭਾਰਤ ਵਿੱਚ ਅਧਿਆਪਕ ਦਿਵਸ ਪਹਿਲੀ ਵਾਰ 1962 ਵਿੱਚ ਮਨਾਇਆ ਗਿਆ।
ਅਧਿਆਪਕ ਦਿਵਸ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਵਿੱਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅੱਜ ਜਿੱਥੇ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ਤਾਂ ਲੋੜ ਹੈ ਗੁਰੂ- ਚੇਲੇ ਦੇ ਇਸ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਦੋਨੋਂ ਇੱਕ- ਦੂਜੇ ਨੂੰ ਸਨਮਾਨ ਦਿੰਦਿਆਂ ਸਿੱਖਣ – ਸਿਖਾਉਣ ਦੇ ਕਾਰਜ ਨੂੰ ਨੇਪਰੇ ਚਾੜ੍ਹ ਸਕਣ। ਵਿਦਿਆਰਥੀਆਂ ਦੇ ਮਨਾਂ ਵਿੱਚ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ ਹੋਣਾ ਜ਼ਰੂਰੀ ਹੈ। ਉੱਥੇ ਅਧਿਆਪਕਾਂ ਨੂੰ ਵੀ ਇਮਾਨਦਾਰੀ,ਲਗਨ ਅਤੇ ਮਿਹਨਤ ਨਾਲ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਦੇ ਬਦੌਲਤ ਅਸੀਂ ਜ਼ਿੰਦਗੀ ਜਿਊਣ ਦਾ ਤਰੀਕਾ ਸਿੱਖਿਆ ਹੈ।ਅਧਿਆਪਕ ਦਿਵਸ ‘ਤੇ ਮੇਰੇ ਬਹੁਤ ਹੀ ਆਦਰਯੋਗ ਅਧਿਆਪਕਾਂ ਨੂੰ ਬਹੁਤ -ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
—————————————-
ਬੱਚਿਓ, ਆਓ ਜਾਣੀਏ !
ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ
ਬੱਚਿਓ ਜਿਵੇਂ ਹੀ ਫ਼ਰਵਰੀ ਮਹੀਨੇ ਦਾ ਅੰਤ ਹੁੰਦਾ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ। ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਪਗ ਉੱਚ ਪੱਧਰ ਦੇ ਕੋਰਸ ਤੱਕ ਹੁੰਦੀਆਂ ਹਨ ਭਾਵ ਮਾਰਚ ਤੋਂ ਲੈ ਕੇ ਇਹ ਪ੍ਰੀਖਿਆਵਾਂ ਮਈ ਤੱਕ ਚਲਦੀਆਂ ਹਨ। ਇਹ ਪ੍ਰੀਖਿਆਵਾਂ ਬੱਚਿਆਂ ਦੀ ਪੂਰੇ ਸਾਲ ਦੀ ਮਿਹਨਤ ਦੇ ਫਲ ਦਾ ਨਤੀਜਾ ਹੁੰਦੀਆਂ ਹਨ। ਪੇਪਰਾਂ ਦਾ ਨਾਮ ਸੁਣ ਕੇ ਹੀ ਬਹੁਤ ਸਾਰੇ ਵਿਿਦਆਰਥੀਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ। ਤਨਾਅ ਵਿੱਚ ਆ ਜਾਦੇ ਹਨ ਜਿਵੇਂ ਕੋਈ ਆਫਤ ਆਉਣ ਵਾਲੀ ਹੋਵੇ। ਚਿੰਤਾ ਵਿੱਚ ਡੁੱਬ ਜਾਂਦੇ ਹਨ। ਨਾਲ ਹੀ ਮਾਪਿਆ ਨੂੰ ਚਿੰਤਾ ਵਿੱਚ ਪਾ ਦਿੰਦੇ ਹਨ। ਪਰ ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੁੱਲ ਜਾਂਦੇ ਹਨ। ਕਈ ਬੱਚੇ ਸਾਰਾ ਸਾਲ ਨਹੀਂ ਪੜ੍ਹਦੇ ਫਿਰ ਪੇਪਰ ਆਉਣ ‘ਤੇ ਟਿਊਸ਼ਨਾ ਸ਼ੁਰੂ ਕਰ ਦਿੰਦੇ ਹਨ ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ‘ਤੇ ਹੋਰ ਵੀ ਜਿਆਦਾ ਬੋਝ ਪੈ ਜਾਂਦਾ ਹੈ ਕਿਉਂਕਿ ਏਨਾ ਜਿਆਦਾ ਕੰਮ ਬਹੁਤ ਥੋੜ੍ਹੇ ਸਮੇਂ ਵਿੱਚ ਪੂਰਾ ਕਰਨਾ ਔਖਾ ਹੋ ਜਾਂਦਾ ਹੈ। ਅਜਿਹੇ ਵਿਦਿਆਰਥੀ ਫਿਰ ਪੇਪਰਾਂ ਸਮੇਂ ਨੀਂਦ ਨਾ ਆਉਣ ਵਾਲੇ ਕਈ ਤਰ੍ਹਾਂ ਦੇ ਸਾਧਨ ਵਰਤਦੇ ਹਨ।
ਬੱਚਿਓ ਜੇਕਰ ਸਮੇਂ ਦੀ ਸਹੀ ਵਰਤੋਂ ਕਰਕੇ ਸਹੀ ਸਮਾਂ ਸਾਰਣੀ ਬਣਾਈ ਜਾਵੇ ਤਾਂ ਫਿਰ ਪੇਪਰਾਂ ਦੇ ਸਮੇਂ ਇਹੋ ਜਿਹੀਆਂ ਮੁਸਕਿਲਾ ਦਾ ਸਾਹਮਣਾ ਨਹੀਂ ਕਰਨਾ ਪੈਦਾ। ਪੇਪਰਾਂ ਦੀ ਤਿਆਰੀ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
• ਸਭ ਤੋਂ ਪਹਿਲਾ ਬੱਚਿਓ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਸਾਰੇ ਪਾਠ ਚੰਗੀ ਤਰ੍ਹਾਂ ਦੇਖਣੇ ਚਾਹੀਦੇ ਹਨ ਤਾਂ ਜੋ ਪੇਪਰਾਂ ਦੇ ਸਮੇਂ ਤੁਹਾਨੂੰ ਕੁੱਝ ਵੀ ਲੱਭਣ ਵਿੱਚ ਪਰੇਸ਼ਾਨੀ ਨਾ ਆਵੇ।
• ਵਿਸ਼ਿਆਂ ਅਨੁਸਾਰ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਸਾਰੇ ਵਿਸ਼ਿਆਂ ਨੂੰ ਇੱਕ ਸਮਾਨ ਸਮਾਂ ਦੇ ਦੇ ਕੇ ਵਿਸ਼ਿ ਆ ਦੀ ਵੰਡ ਕਰਨੀ ਚਾਹੀਦੀ ਹੈ। ਜੋ ਵਿਸ਼ਾ ਔਖਾ ਲੱਗਦਾ ਹੈ ਉਸਨੂੰ ਥੌੜਾ ਜਾ ਜਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਔਖੇ ਵਿਸ਼ੇ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਵੇ। ਸਵੇਰ ਸਮੇਂ ਦਿਮਾਗ ਚੁਸਤ ਤੇ ਤਾਜ਼ਾ ਹੁੰਦਾ ਹੈ।
• ਜੇਕਰ ਤੁਹਾਨੂੰ ਕੋਈ ਵਿਸ਼ਾ ਔਖਾ ਲੱਗਦਾ ਹੈ ਜਾਂ ਕੋਈ ਪ੍ਰਸ਼ਨ ਯਾਦ ਨਹੀਂ ਹੁੰਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਆਪਣਾ ਮਨ-ਪਸੰਦ ਵਿਸ਼ਾ ਚੁਣ ਲਵੋ। ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੜਨਾ ਸ਼ੁਰੂ ਕਰੋ ਅਗਰ ਕਈ ਔਖੇ ਸ਼ਬਦ ਯਾਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਿਸੇ ਸਕੈਚ ਜਾਂ ਰੰਗ ਵਾਲੀ ਪੈਨਸਿਲ ਨਾਲ ਰੰਗਦਾਰ ਕਰੋ ਜਾਂ ਉਸਦੇ ਹੇਠਾਂ ਲਕੀਰਾਂ ਲਾ ਦੇਵੋ। ਜਦੋਂ ਵੀ ਤੁਸੀਂ ਕਿਤਾਬ ਖੋਲੋਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੇ। ਤੁਸੀ ਥੋੜ੍ਹੇ ਸਮੇਂ ਬਾਅਦ ਹੀ ਦੇਖੋਗੇ ਕਿ ਜੋ ਸ਼ਬਦ ਤੁਹਾਡੇ ਯਾਦ ਨਹੀਂ ਹੁੰਦੇ ਸਨ ਉਹ ਤੁਹਾਡੀਆਂ ਉਂਗਲਾਂ ‘ਤੇ ਹੋਣਗੇ।
• ਔਖੇ ਵਿਸ਼ਿਆਂ ਦੀ ਤਿਆਰੀ ਬੱਚਿਆਂ ਨੂੰ ਲਿਖ ਕੇ ਕਰਨੀ ਚਾਹੀਦੀ ਹੈ ਕਈ ਵਾਰ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਨਾਲ ਵੀ ਕੁੱਝ ਯਾਦ ਨਹੀਂ ਹੁੰਦਾ ਤਾਂ ਅਜਿਹੇ ਬੱਚਿਆ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਯਾਦ ਹੋ ਸਕੇ।
• ਪੇਪਰਾਂ ਵੇਲੇ ਪੜ੍ਹਾਈ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਤਿਆਰ ਕਰੋ ਭਾਵ ਇੱਕ ਚੰਗਾ ਨਾਸ਼ਤਾ ਖਾਓ, ਕੁੱਝ ਨੀਂਦ ਲਵੋ, ਤੁਹਾਡੇ ਕੋਲ ਪਹਿਲਾਂ ਤੋਂ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਜੀਦੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ। ਆਪਣੇ ਆਪ ਨੂੰ ਤਣਾਅ ਮੁਕਤ ਕਰੋ।
• ਕਿਤਾਬਾਂ ਨੂੰ ਅੱਖਾਂ ਤੋਂ ਕੁੱਝ ਦੂਰੀ ‘ਤੇ ਰੱਖ ਕੇ ਪੜੋ ਤਾਂ ਜੋ ਅੱਖਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਪੇਪਰਾਂ ਵਿੱਚ ਅੱਖਾਂ ਦਰਦ ਨਾ ਕਰਨ।
• ਪੇਪਰਾਂ ਦੇ ਸਮੇਂ ਤੁਹਾਡਾ ਧਿਆਨ ਅਤੇ ਮਨ ਸਿਰਫ਼ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਘਰ ਵਿੱਚ ਕੀ ਹੋ ਰਿਹਾ, ਕੌਣ ਕਿੱਥੇ ਜਾ ਰਿਹਾ ਹੈ, ਟੀ.ਵੀ. ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ।
• ਬੱਚਿਆਂ ਦੀ ਪੜ੍ਹਾਈ ਪ੍ਰਤਿ ਮਾਪਿਆ ਦਾ ਧਿਆਨ ਵੀ ਹੋਣਾ ਚਾਹੀਦਾ ਹੈ। ਉਹ ਬੱਚਿਆਂ ‘ਤੇ ਜਿਆਦਾ ਬੋਝ ਨਾ ਪਾਉਣ। ਜਿੱਥੇ ਬੱਚਾ ਪੜ੍ਹ ਰਿਹਾ ਉਸ ਜਗ੍ਹਾ ਤੇ ਬੱਚੇ ਦੇ ਖਾਣ-ਪੀਣ ਦਾ ਧਿਆਨ ਰੱਖਿਆਂ ਜਾਵੇ।
• ਪੇਪਰ ਤੋਂ ਕੁੱਝ ਦਿਨ ਪਹਿਲਾ ਤੁਹਾਨੂੰ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਉਹ ਸੰਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
• ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਦੀ ਪੜ੍ਹਾਈ ਦਾ ਮੁਲਾਂਕਣ ਚੰਗੀ ਤਰ੍ਹਾਂ ਕੀਤਾ ਜਾਵੇ। ਉਹਨਾਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
• ਲੋੜ ਤੋਂ ਜ਼ਿਆਦਾ ਸਮਾਂ ਵੀ ਪੜ੍ਹਨ ਲਈ ਨਹੀਂ ਬੈਠਣਾ ਚਾਹੀਦਾ। ਭਾਵ ਹਰ ਸਮੇਂ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ। ਇਸ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਥੋੜੇ ਸਮੇਂ ਲਈ ਇੱਧਰ-ਉਧਰ ਘੁੰਮਣਾ ਚਾਹੀਦਾ ਹੈ।
• ਬੈੱਡ ਜਾਂ ਮੰਜੇ ‘ਤੇ ਬੈਠ ਕੇ ਜਾ ਲੇਟ ਕੇ ਨਹੀਂ ਪੜਨਾ ਚਾਹੀਦਾ। ਸਗੋਂ ਮੇਜ਼ ਜਾਂ ਕੁਰਸੀ ‘ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ।
• ਪੜਾਈ ਦੇ ਨਾਲ-ਨਾਲ ਕੁੱਝ ਸਮਾਂ ਵਿਚਕਾਰ ਦੀ ਖੇਡਣਾ ਵੀ ਚਾਹੀਦਾ ਹੈ ਇਸ ਨਾਲ ਬੱਚੇ ਦਾ ਮਨ ਤਾਜ਼ਾ ਹੋ ਜਾਂਦਾ ਹੈ ਤੇ ਸਰੀਰ ਦੇ ਸਾਰੇ ਪੱਖਾਂ ਦਾ ਵਿਕਾਸ ਵੀ ਹੁੰਦਾ ਹੈ।
• ਬੱਚਿਓ ਸਿਲੇਬਸ ਪੇਪਰ ਤੋਂ ਪਹਿਲਾ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਜਿਸ ਸਮੇਂ ਪੇਪਰ ਹੋਣ ਉਸ ਦਿਨ ਜੋ ਸਿਲੇਬਸ ਪਹਿਲਾ ਪੜ੍ਹਿਆ ਹੋਵੇ ਉਸਦੀ ਹੀ ਦੁਹਰਾਈ ਕੀਤੀ ਜਾ ਸਕੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਬੱਚੇ ਪੇਪਰ ਤੋਂ ਕੁਝ ਮਿੰਟ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਜੋ ਪਹਿਲਾਂ ਯਾਦ ਕੀਤਾ ਹੁੰਦਾ ਹੈ ਉਹ ਵੀ ਭੁੱਲ ਸਕਦੇ ਹਨ।
• ਬੱਚਿਓ ਕਦੇ ਵੀ ਕਿਸੇ ਪ੍ਰਸ਼ਨ ਨੂੰ ਰੱਟਾ ਨਾ ਲਾਵੋ। ਅਕਸਰ ਪਹਿਲਾਂ ਪੜਿਆ ਹੋਇਆ, ਕੀਤੀ ਹੋਈ ਦੁਹਰਾਈ ਹੀ ਕੰਮ ਆਉਂਦੀ ਹੈ। ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਰੱਟਾ ਲਾਉਂਦੇ ਹਨ ਫਿਰ ਜਲਦੀ ਹੀ ਭੁੱਲ ਜਾਂਦੇ ਹਨ।
• ਬੱਚਿਓ ਪੇਪਰਾਂ ਸਮੇਂ ਮੋਬਾਇਲ, ਟੀ.ਵੀ. ਨੂੰ ਆਪਣੇ ਤੋਂ ਦੂਰ ਰੱਖੋ ਕਿਉਂਕਿ ਇਸ ਨਾਲ ਪੜ੍ਹਾਈ ਤੋਂ ਧਿਆਨ ਭਟਕ ਜਾਂਦਾ ਹੈ।
• ਪੇਪਰ ਦੇਣ ਜਾਂਦੇ ਸਮੇਂ ਕਿਤਾਬਾਂ ਕਦੇ ਵੀ ਨਾਲ ਨਾ ਚੁੱਕੋ, ਸਗੋਂ ਘਰ ਹੀ ਰੱਖ ਕੇ ਜਾਓ।
• ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਜਾਓ ਤਾਂ ਜੋ ਪੇਪਰ ਤੋਂ ਪਹਿਲਾ ਅਰਾਮ ਨਾਲ ਆਪਣਾ ਰੋਲ ਨੰਬਰ ਚੈੱਕ ਕਰ ਸਕੋ ਅਤੇ ਬਿਲਕੁਲ ਸ਼ਾਂਤ ਮਨ ਨਾਲ ਬੈਠ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕੋ।
• ਹਮੇਸ਼ਾ ਪੇਪਰ ਦੇਣ ਜਾਣ ਤੋਂ ਪਹਿਲਾ ਸਵੇਰ ਦਾ ਖਾਣਾ ਖਾ ਕੇ ਜਾਵੋ ਅਤੇ ਹਮੇਸ਼ਾ ਪੂਰੇ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਜਾਓ।
• ਜਰੂਰਤਮੰਦ ਵਸਤਾਂ ਹਮੇਸ਼ਾ ਪਹਿਲਾ ਹੀ ਤਿਆਰ ਕਰਕੇ ਰੱਖੋ ਤਾਂ ਜੋ ਪੇਪਰ ਸਮੇਂ ਚੁੱਕਣ ਵਿੱਚ ਅਸਾਨੀ ਹੋਵੇ ਜਿਵੇਂ ਕਿ ਰੋਲ ਨੰਬਰ, ਪੇਪਰ ਬੋਰਡ, ਪੈੱਨ, ਪਾਣੀ ਆਦਿ।
• ਪੇਪਰ ਤੋਂ ਪਹਿਲਾ ਤੁਹਾਨੂੰ ਕੀ ਨਹੀਂ ਆਉਂਦਾ, ਪੇਪਰ ਕਿਹੋ ਜਿਹੋ ਹੋਵੇਗਾ, ਇਹ ਨਾ ਸੋਚੋ! ਸਗੋਂ ਇਹ ਯਾਦ ਰੱਖੋ ਕਿ ਤੁਹਾਨੂੰ ਕੀ ਆਉਂਦਾ ਹੈ। ਪੇਪਰ ਕਰਨ ਤੋਂ ਬਾਅਦ ਅਗਲੇ ਪੇਪਰ ਵੱਲ ਧਿਆਨ ਕੇਂਦਰਤ ਕਰੋ।
ਇਸ ਤਰ੍ਹਾਂ ਬੱਚਿਓ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਤੇ ਵਧੀਆਂ ਨੰਬਰ ਲੈ ਕੇ ਪਾਸ ਹੋ ਸਕਦੇ ਹੋ।
—————————————-
ਅਧਿਆਪਕ ਦਿਵਸ ਬਾਰੇ ਵਿਚਾਰ
ਰੋਸ਼ਨੀਆਂ ਦੇ ਵਾਰਿਸ਼ ਜੋ
ਅੰਧਕਾਰਾਂ ਤੋਂ ਨਾ ਡਰਦੇ ਨੇ।
ਅਧਿਆਪਕ ਦਿਵਸ ਮੁਬਾਰਕ ਓਹਨਾਂ ਨੂੰ,
ਜੋ ਖੁਦ ਦੀਵਾ ਬਣਕੇ ਬਲਦੇ ਨੇ।
ਅੱਜ ਅਧਿਆਪਕ ਦਿਵਸ ਹੈ। ਵਿਦਿਆਰਥੀਆਂ ਵੱਲੋਂ ਅਤੇ ਚੰਗੇ ਮੁਕਾਮ ਤੇ ਪੁੱਜੇ ਹੋਏ ਸੂਝਵਾਨ ਲੋਕਾਂ ਵੱਲੋਂ ਆਪਣੇ ਅਧਿਆਪਕ ਗੁਰੂ ਨੂੰ,ਉਸਤਾਦ ਨੂੰ ਯਾਦ ਕੀਤਾ ਜਾਂਦਾ ਹੈ। ਅਧਿਆਪਕ ਦਿਵਸ ਦੇ ਸਬੰਧ ਵਿੱਚ ਸਿੱਖਿਆ ਤੇ ਸਮਾਜ ਨਾਲ ਜੁੜੀਆਂ ਸਖਸ਼ੀਅਤਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਸੁਖਵਿੰਦਰ ਸਿੰਘ ਭਦੌੜ ਨੇ ਕਿਹਾ ਕਿ ਅਸੀਂ ਅੱਜ ਆਪਣੇ ਅਧਿਆਪਕ ਗੁਰੂ ਤੇ ਉਸਤਾਦਾਂ ਦੇ ਕਰਕੇ ਹਾਂ ਸਾਨੂੰ ਅਧਿਆਪਕ ,ਉਸਤਾਦਾਂ ਦਾ ਸਤਕਾਰ ਕਰਨਾ ਚਾਹੀਦਾ ਹੈ। ਆਪਣੇ ਕਿੱਤੇ ਪ੍ਰਤੀ ਸੁਹਿਰਦ ਤੇ ਲੋਕ ਪੱਖੀ ਬਣੇ ਰਹਿਣਾ ਚਾਹੀਦਾ ਹੈ। ਹਮੇਸ਼ਾਂ ਸਿੱਖਦੇ ਰਹਿਣਾ ਚਾਹੀਦਾ ਹੈ।
ਪ੍ਰਿੰਸੀਪਲ ਮੀਨਾ ਅਰੋੜਾ ਨੇ ਕਿਹਾ ਕਿ , ਅਧਿਆਪਕ ਨੂੰ ਐਵੇਂ ਸਤਿਕਾਰ ਨਹੀਂ ਮਿਲਦਾ ਕੁਝ ਕਰਮ ਕਮਾਉਣਾ ਪੈਂਦਾ ਹੈ ਇਹ ਸਤਿਕਾਰ ਉਸਦੀ ਮਿਹਨਤ , ਤਪਸਿਆ,ਸਮਰਪਣ ਦੇ ਕਰਕੇ ਹੀ ਮਿਲਦਾ ਹੈ । ਉਸਦੇ ਮੋਢਿਆਂ ਤੇ ਬੱਚਿਆਂ ਦੇ ਭਵਿੱਖ ਦੀ ਜਿੰਮੇਵਾਰੀ ਹੁੰਦੀ ਹੈ । ਉਸ ਨੂੰ ਮੋਮਬੱਤੀ ਵਾਂਗ ਬਲਣਾ ਪੈਂਦਾ ਹੈ।
ਸੂਬਾ ਅਧਿਆਪਕ ਆਗੂ ਹਰਜੰਟ ਸਿੰਘ ਬੋਡੇ ਅਤੇ ਮਾਰਕੀਟ ਕਮੇਟੀ ਸਕੱਤਰ ਸੁਖਚੈਨ ਸਿੰਘ ਰੌਂਤਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਉਸਨੂੰ ਝਿੜਕਾਂ ਵੀ ਮਾਰਦਾ ਹੈ ਮਾਪਿਆਂ ਨੂੰ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਅਧਿਆਪਕ ਨਾਲ ਤਾਲਮੇਲ ਸਹਿਯੋਗ ਰਖਨਾ ਚਾਹੀਦਾ ਹੈ। ਗੁੱਸਾ ਨਹੀਂ ਕਰਨਾ ਚਾਹੀਦਾ, ਅਧਿਆਪਕ ਗੁਰੂ ਦੂਜੇ ਮਾਪੇ ਹੁੰਦੇ ਹਨ। ਸਮਾਜ ਸੇਵੀ ਸਤਿੰਦਰਜੀਤ ਪਲਤਾ ਅਤੇ ਸਿੱਖਿਆ ਸ਼ਾਸਤਰੀ ਜਗਦੇਵ ਸਿੰਘ ਸੌਂਦ ਨੇ ਕਿਹਾ ਕਿ ਅਧਿਆਪਕ ਦਿਵਸ ਸਾਨੂੰ ਹਲੂਣਦਾ ਹੈ ਕਿ ਅਸੀਂ ਮੰਜ਼ਿਲ ਤੱਕ ਪੁੱਜ ਕੇ ਕੀ ਕਦੇ ਅਧਿਆਪਕ ਗੁਰੂ ਨੂੰ ਵੀ ਯਾਦ ਕੀਤਾ ਹੈ। ਕਦੇ ਓਹਨਾ ਦੇ ਚਰਨ ਛੂਹੇ ਜਾਂ ਫਿਰ ਉਹਨਾਂ ਦੀ ਸਾਰ ਲਈ । ਇਹ ਜਰੂਰੀ ਹੈ ਗੁਰੂ ਮਾਪਿਆਂ ਵਾਂਗ ਹੁੰਦੇ ਹਨ।
ਪ੍ਰੋ ਬੇਅੰਤ ਕੌਰ ਤੇ ਪ੍ਰੋ ਪ੍ਰਭਜੋਤ ਕੌਰ ਨੇ ਕਿਹਾ ਕਿ ਜਿੰਦਗੀ ਸਾਰੀ ਮਨੁੱਖ ਸਿੱਖਦਾ ਹੈ। ਮਾਂ ਪਿਓ ਮੁੱਢਲੇ ਗੁਰੂ ਹੁੰਦੇ ਹਨ ਫਿਰ ਪ੍ਰਾਇਮਰੀ ਅਧਿਆਪਕ ਤੋ ਲੈਕੇ ਜਿੰਦਗੀ ਦੇ ਹਰ ਖੇਤਰ ਚ ਵਿਚਰਦਿਆਂ ਬੰਦਾ ਸਿੱਖਦਾ ਹੈ। ਭਾਵੇਂ ਸੰਗੀਤ ਸਾਹਿਤ ਕਲਾ ,ਕਿੱਤਾ ਮੁਖੀ ਜਾਂ ਹੋਰ ਕੰਮ ਕਾਰ ।ਜਿੰਦਗੀ ਦੇ ਸਹੀ ਮਾਰਗ ਦਰਸ਼ਕ ਕਦੇ ਵੀ ਭੁੱਲ ਦੇ ਨਹੀਂ ਹਨ।ਨਾ ਹੀ ਭੁਲਾਉਣੇ ਚਾਹੀਦੇ ਹਨ।
—————————————-
ਆਪਣੇ ਬੱਚਿਆਂ ਦੇ ਦੋਸਤ ਬਣੀਏ
—————————————-
ਖੁਦਕੁਸ਼ੀਆਂ ਦੀ ਭੇਂਟ ਚੜਦੀ ਜਵਾਨੀ
—————————————-
ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਸਤਿਕਾਰਤ ਰਿਸ਼ਤਾ ਹੈ
ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਗੁਰੂ ਨੂੰ ਸਭ ਤੋਂ ਮਹਾਨ ਦਰਜਾ ਪ੍ਰਦਾਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਗੁਰੂ ਉਹ ਬੇੜੀ ਜਾਂ ਪੌੜੀ ਦੇ ਸਮਾਨ ਹੈ ਜੋ ਸਾਨੂੰ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਗੁਰੂ ਹਰ ਕਦਮ ਤੇ ਸਾਡਾ ਮਾਰਗ ਦਰਸ਼ਨ ਕਰਦਾ ਹੈ। ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਸਤਿਕਾਰਤ ਰਿਸ਼ਤਾ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸ਼ਗਿਰਦ ਆਪਣੇ ਗੁਰੂ ਦੀ ਆਗਿਆ ਦਾ ਪਾਲਣ ਅਤੇ ਸਤਿਕਾਰ ਮਾਤਾ ਪਿਤਾ ਤੋਂ ਵੀ ਵੱਧ ਕੇ ਕਰਦੇ ਸਨ।
ਪੰਜ ਪਿਆਰੇ ਗੁਰੂ ਸਾਹਿਬ ਦੇ ਹੁਕਮ ਤੇ ਚਲਦੇ ਹੋਏ ਆਪਣਾ ਸ਼ੀਸ਼ ਵਾਰਨ ਲਈ ਅੱਗੇ ਆਏ।ਇਕਲਵਿਯਾ ਨੇ ਆਪਣੇ ਗੁਰੂ ਦੇ ਕਹਿਣ ਤੇ ਆਪਣੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਭੇਂਟ ਕੀਤਾ ਤਾਂ ਜੋ ਉਹ ਤੀਰ ਕਮਾਨ ਨਾ ਚਲਾ ਸਕੇ। ਅੱਜ ਦੇ ਗੁਰੂ ਆਪਣੇ ਵਿਦਿਆਰਥੀਆਂ ਤੋਂ ਸ਼ੀਸ਼ ਜਾਂ ਅੰਗੂਠੇ ਦੀ ਮੰਗ ਨਹੀਂ ਕਰਦੇ ਪਰ ਉਨ੍ਹਾਂ ਤੋਂ ਬਣਦੇ ਮਾਣ ਸਤਿਕਾਰ ਦੀ ਆਸ ਜ਼ਰੂਰ ਰੱਖਦੇ ਹਨ ਜੋ ਕੋਈ ਟਾਂਵਾ- ਟਾਂਵਾ ਵਿਦਿਆਰਥੀ ਹੀ ਪੂਰੀ ਕਰਦਾ ਹੈ।
ਅੱਜ ਦੇ ਦੌਰ ਵਿੱਚ ਜੇਕਰ ਕੋਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਝਿੜਕ ਦੇਵੇ ਜਾਂ ਇਕ ਥੱਪੜ ਹੀ ਲਗਾ ਦੇਵੇ ਤਾਂ ਉਸ ਨੂੰ ਪੁਲਿਸ, ਸੋਸ਼ਲ ਮੀਡੀਆ ਤੇ ਇਥੋਂ ਤੱਕ ਕਿ ਕੋਰਟ ਕਚਿਹਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਅਧਿਆਪਕ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੀ ਗੱਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਬੜਾ ਪਾਕ ਤੇ ਪਵਿੱਤਰ ਮੰਨਿਆ ਜਾਂਦਾ ਸੀ ਪਰ ਅੱਜ ਅਸੀਂ ਆਏ ਦਿਨ ਅਧਿਆਪਕ ਅਤੇ ਵਿਦਿਆਰਥੀ ਦੇ ਪ੍ਰੇਮ ਪ੍ਰਸੰਗਾਂ ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਸੁਣਦੇ ਹਾਂ ਜੋ ਸ਼ਰਮ ਮਹਿਸੂਸ ਹੁੰਦੀ ਹੈ।
ਸੋ ਪਿਆਰੇ ਬੱਚਿਓ, ਆਪਣੇ ਅਧਿਆਪਕ/ ਗੁਰੂ ਨੂੰ ਬਣਦਾ ਸਤਿਕਾਰ ਦਿਓ, ਮਾਤਾ ਪਿਤਾ ਸਮਾਨ ਉਹਨਾਂ ਦੀ ਇੱਜ਼ਤ ਕਰੋ,ਜੇ ਉਹ ਝਿੜਕਦੇ ਹਨ ਇਸ ਦਾ ਵੀ ਕੋਈ ਕਾਰਨ ਜ਼ਰੂਰ ਹੁੰਦਾ, ਉਹ ਤੁਹਾਡੀ ਭਵਿੱਖ ਦੀ ਭਲਾਈ ਲਈ ਹੀ ਹੁੰਦਾ।
ਹਰਦੀਪ ਕੌਰ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ
Mob. 84273-60033
—————————————-
ਮਹਾਂਮਾਰੀ ਤੋਂ ਬਾਅਦ ਮਿਸ਼ਰਤ ਸਿੱਖਿਆ (Blended Learning) ਦਾ ਨਵਾਂ ਯੁੱਗ
ਕੋਵਿਡ -19, ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਨੇ ਬਿਨਾਂ ਸ਼ੱਕ ਵਿਸ਼ਵ ਭਰ ਵਿੱਚ ਹਰ ਇੱਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਹਾਂ ਦੁਨੀਆਂ ਦੇ ਲੋਕਾਂ ਨੇ ਦੁੱਖ ਝੱਲੇ ਅਤੇ ਅੱਜ ਵੀ ਮਾੜੇ ਪ੍ਰਭਾਵਾਂ ਨਾਲ ਜੂਝ ਰਹੇ ਹਨ, ਦੁੱਖਾਂ ਦਾ ਸਾਹਮਣਾ ਕਰਦੇ ਹੋਏ ਅਤੇ ਕੀਮਤੀ ਮਨੁੱਖੀ ਜਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਪਰ ਇੱਕ ਗੁਣ ਜੋ ਸਾਨੂੰ ਸਰਵ ਸ਼ਕਤੀਮਾਨ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹ ਇਹ ਹੈ ਕਿ ਮਨੁੱਖ ਉਮੀਦ ਨਹੀਂ ਛੱਡਦਾ। ਸੁਪਨੇ ਦੇਖਦਾ ਰਹਿੰਦਾ ਹੈ ਅਤੇ ਚੰਗਿਆਈ ਦੀ ਉਡੀਕ ਕਰਦਾ ਰਹਿੰਦਾ ਹੈ ਅਤੇ ਚੰਗੇ ਕੱਲ੍ਹ ਲਈ ਯਤਨਸ਼ੀਲ ਰਹਿੰਦਾ ਹੈ। ਸਕੂਲਾਂ ਦੇ ਬੰਦ ਹੋਣ ਕਾਰਨ ਬਹੁਤ ਵੱਡਾ ਵਿਦਿਅਕ ਨੁਕਸਾਨ ਹੋਇਆ ਹੈ ਅਤੇ ਇਸ ਲਈ ਇਸ ਘਾਟ ਨੂੰ ਭਰਨਾ ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ, ਹਿੱਸੇਦਾਰਾਂ, ਅਧਿਆਪਕਾਂ, ਸਿੱਖਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ ਹੈ। ਇਸ ਤਰ੍ਹਾਂ ਬਹੁਤ ਸਾਰੇ ਮੌਕੇ ਵੀ ਸਾਹਮਣੇ ਆਏ ਅਤੇ ਔਨਲਾਈਨ ਅਧਿਆਪਨ ਸਿੱਖਣ ਦੀਆਂ ਰਣਨੀਤੀਆਂ ਅਤੇ ਗੈਜੇਟਸ ਅਤੇ ਇੰਟਰਨੈਟ ਕਨੈਕਸ਼ਨਾਂ ਦਾ ਦਾਇਰਾ ਵਧਿਆ। ਬਹੁਤ ਉਡੀਕੀ ਜਾ ਰਹੀ ਨਵੀਂ ਸਿੱਖਿਆ ਨੀਤੀ 2020 ਨੇ ਸਿੱਖਿਆ ਦੇ ਦਾਇਰੇ ਵਿੱਚ ਨਵੀਨਤਾਵਾਂ ਅਤੇ ਨਵੇਂ ਪ੍ਰਯੋਗਾਂ ਲਈ ਸਹੀ ਸਮੇਂ ‘ਤੇ ਲੋੜੀਂਦੀਆਂ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਹਨ। ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋਣ ਕਾਰਨ ਪੈਦਾ ਹੋਏ ਪਾੜੇ ਨੂੰ ਪੂਰਾ ਕਰਨ ਲਈ ਅਜਿਹੀ ਚੰਗੀ ਤਰ੍ਹਾਂ ਤਿਆਰ ਕੀਤੀ ਸਿੱਖਿਆ ਨੀਤੀ ਵੀ ਸਮੇਂ ਦੀ ਲੋੜ ਸੀ। ਹਾਲਾਂਕਿ ਚੁਣੌਤੀਆਂ ਮਜ਼ਬੂਤ ਅਤੇ ਗੰਭੀਰ ਹਨ, ਜ਼ਿਕਰਯੋਗ ਹੈ ਕਿ ਇੱਥੇ ਔਨਲਾਈਨ ਅਤੇ ਔਫਲਾਈਨ ਸਿੱਖਿਆ ਦੇ ਪੁਨਰ ਖੋਜ ਅਤੇ ਪੁਨਰ-ਸੁਰਜੀਤੀ ਲਈ ਬੇਅੰਤ ਮੌਕੇ ਹਨ।
ਅੱਜ ਦੇ ਅਧਿਆਪਕਾਂ ਨੇ ਸਿੱਖਿਆ ਵਿੱਚ ਤਕਨਾਲੋਜੀ ਦੀ ਵਰਤੋਂ ਬਾਰੇ ਬਹੁਤ ਕੁਝ ਸਿੱਖਿਆ ਹੈ। ਅਤੇ ਇਸ ਲਈ ਕੁਝ ਹੱਦ ਤੱਕ ਉਹ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਪਾੜੇ ਨੂੰ ਭਰਨ ਵਿੱਚ ਸਫਲ ਰਹੇ ਹਨ। ਟੈਕਨਾਲੋਜੀ ਦੇ ਸਾਰੇ ਦੂਰ-ਦੁਰਾਡੇ ਢੰਗਾਂ ਨੇ ਘਰ ਦੇ ਮਾਹੌਲ ਦੇ ਆਰਾਮ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ ਸਾਡੀ ਮਦਦ ਕੀਤੀ ਹੈ ਪਰ ਔਨਲਾਈਨ ਅਧਿਆਪਨ ਸਿੱਖਣ ਦੀ ਪ੍ਰਕਿਰਿਆ ਦੀਆਂ ਆਪਣੀਆਂ ਕਿਸਮਾਂ ਦੀਆਂ ਸੀਮਾਵਾਂ ਹਨ, ਇਸ ਲਈ ਇੱਕ ਮੱਧ vicharla/vichla ਰਸਤਾ ਲੱਭਣਾ ਮਹੱਤਵਪੂਰਨ ਹੈ। ਸਿੱਖਿਆ ਵਿੱਚ ਤਕਨੀਕੀ ਸਹਾਇਤਾ ਨਾਲ ਆਮ ਜੀਵਨ ਵਿੱਚ ਵਾਪਸ ਆਉਣਾ ਉਮੀਦ ਹੈ ਕਿ ਨਵੀਂ ਤਰੱਕੀ ਲਈ ਰਾਹ ਪੱਧਰਾ ਕਰੇਗਾ ।
ਇਸ ਪੀੜ੍ਹੀ ਦੇ ਸਿਖਿਆਰਥੀ ਕਾਫ਼ੀ ਭਾਗਸ਼ਾਲੀ ਹਨ ਕਿਉਂਕਿ ਉਹ ਵਰਚੁਅਲ ਅਸਲੀਅਤ ਤੱਕ ਦਾ ਅਨੁਭਵ ਕਰ ਸਕਦੇ ਹਨ । ਉਦਾਹਰਨ ਲਈ, ਉਹ ਆਪਣੇ ਕਲਾਸਰੂਮਾਂ ਵਿੱਚ ਕਿਸੇ ਚਿੜੀਆਘਰ ਜਾਂ ਜੰਗਲ ਵਿੱਚ ਜਾਣ ਤੋਂ ਬਿਨਾਂ ਕਿਸੇ ਵੀ ਜਾਨਵਰ, ਜਿਵੇਂ ਕਿ ਇੱਕ ਜਿਰਾਫ਼ ਕਿਹੋ ਜਿਹਾ ਦਿਖਦਾ ਹੈ ਇਸਦਾ ਅੰਦਾਜ਼ਾ ਲਗਾ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਉਹ ਕਿਸੇ ਦੀ ਕਲਾਸ ਵਿੱਚ ਵੀ ਇੱਕ ਜਿਰਾਫ ਦੇਖ ਸਕਦੇ ਹਨ।
ਪਰ ਫਿਰ ਇੱਥੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਈ ਵੀ ਤਕਨਾਲੋਜੀ ਅਧਿਆਪਕ ਦੀ ਭੂਮਿਕਾ ਅਤੇ ਅਸਲ ਕਲਾਸਰੂਮ ਆਪਸੀ ਤਾਲਮੇਲ ਦੀ ਥਾਂ ਨਹੀਂ ਲੈ ਸਕਦੀ। ਤਕਨਾਲੋਜੀ ਸਿਰਫ਼ ਇਕ ਹੋਰ ਸਾਧਨ ਹੈ, ਅਤੇ ਕੇਵਲ ਇੱਕ ਸਮਝਦਾਰ ਅਧਿਆਪਕ ਹੀ ਉਪਲਬਧ ਤਕਨੀਕੀ ਉਪਕਰਨਾਂ ਅਤੇ ਹੋਰ ਸਰੋਤਾਂ ਦੀ ਸਰਵੋਤਮ ਵਰਤੋਂ ਕਰ ਸਕਦਾ ਹੈ ਜਿਸ ਕਾਰਨ ਤਕਨਾਲੋਜੀ ਲਾਭਦਾਇਕ ਸਾਬਤ ਹੁੰਦੀ ਹੈ ਨਹੀਂ ਤਾਂ ਇਹ ਵਿਦਿਅਕ ਪ੍ਰਕਿਰਿਆ ਵਿੱਚ ਇਹ ਸਿਰਫ ਇੱਕ ਗੈਰ-ਸਹਾਇਕ ਸਮੱਗਰੀ ਬਣ ਜਾਂਦੀ ਹੈ। ਇਹ ਅਧਿਆਪਕ ‘ਤੇ ਨਿਰਭਰ ਕਰਦਾ ਹੈ ਕਿ ਕਿਵੇਂ, ਕਦੋਂ ਅਤੇ ਕਿੱਥੇ ਸਹਾਇਕ ਸਮੱਗਰੀ ਦੀ ਮਦਦ ਦੀ ਲੋੜ ਹੈ। ਇਸ ਲਈ ਅਧਿਆਪਕ ਦੇ ਹੱਥਾਂ ਵਿੱਚ ਇੱਕ ਚੰਗੀ ਤਰ੍ਹਾਂ ਯੋਜਨਾਬੱਧ ਪਾਠ ਯੋਜਨਾ ਦੀ ਮਹੱਤਤਾ ਅਜੇ ਵੀ ਇੱਕ ਅਧਿਆਪਕ ਦੇ ਹੱਥਾਂ ਵਿੱਚ ਸਭ ਤੋਂ ਮਹੱਤਵਪੂਰਨ ਸਾਧਨ ਬਣਿਆ ਹੋਇਆ ਹੈ ਤਾਂ ਜੋ ਨਿਰਧਾਰਤ ਟੀਚਿਆਂ ਨੂੰ ਵਿਦਿਆਰਥੀਆਂ ਪਾਸੋਂ ਪ੍ਰਾਪਤ ਕੀਤਾ ਜਾ ਸਕੇ ਅਤੇ ਸਿੱਖਣ ਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
ਜਿਵੇਂ ਕਿ ਤਸਵੀਰਾਂ ਵਿੱਚ ਘੜੀ ਦੀ ਦਿਸ਼ਾ ਵਿੱਚ ਦਿਖਾਇਆ ਜਾ ਰਿਹਾ ਹੈ :
1. ਵਿਨਾਸ਼ ਹੋ ਚੁੱਕਾ ਟ੍ਰੋਡੈਕਟਿਲ ਨਾਮਕ ਡਾਇਨਾਸੌਰ ਟੀਚਰ ਦੇ ਨਾਲ ਸਕਰੀਨ ‘ਤੇ ਉੱਡਦਾ ਦਿੱਖ ਰਿਹਾ ਹੈ ਜਦੋਂ ਕਿ ਅਧਿਆਪਕ ਨੇ ਇੱਕ ਖਿਡੌਣਾ ਡਾਇਨਾਸੌਰ ਟ੍ਰਾਈਸਰਟੋਪ ਦਾ ਆਂਡਾ ਫੜਿਆ ਹੋਇਆ ਹੈ ਜਿਸ ਵਿਚੌਂ ਬੱਚਾ ਬਾਹਰ ਆ ਰਿਹਾ ਹੈ।
2. ਅਧਿਆਪਕ ਦੇ ਨਾਲ ਸਕ੍ਰੀਨ ‘ਤੇ ਡਾਇਨਾਸੌਰ ਟਰੈਨੋਸੌਰਸ ਰੈਕਸ ਦਿੱਖ ਰਿਹਾ ਹੈ ।
3. ਅਧਿਆਪਕ ਦੇ ਹੱਥਾਂ ਨਾਲ ਸਕਰੀਨ ‘ਤੇ ਦਿਖਾਇਆ ਜਾ ਰਿਹਾ ਮਨੁੱਖੀ ਦਿਲ ਸ਼ਰੀਰ ਦੇ ਅੰਦਰ ਕਿਵੇਂ ਧੜਕਦਾ ਹੈ ।
4. ਅਧਿਆਪਕ ਦੇ ਪਿੱਛੇ ਇੱਕ ਜੈੱਟ ਸਕ੍ਰੀਨ ‘ਤੇ ਉਤਰਦਾ ਹੈ ।
ਇਸ ਤਰ੍ਹਾਂ ਹਰ ਵਿਸ਼ੇ ਲਈ ਅਧਿਆਪਕ ਕੋਲ ਵਰਤਣ ਲਈ ਸ਼ਾਨਦਾਰ ਸੰਦ ਹਨ। ਪਰ ਉਸਨੂੰ ਇਹਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਕਾਫ਼ੀ ਨਵੀਨਤਾਕਾਰੀ ਹੋਣਾ ਚਾਹੀਦਾ ਹੈ। ਅਧਿਆਪਨ ਸਿਖਲਾਈ ਸਮੱਗਰੀ ਦੀ ਲਾਪਰਵਾਹੀ ਨਾਲ ਵਰਤੋਂ ਹੋਵੇ, ਕਲਾਸ ਵਿੱਚ ਅਣਚਾਹੇ ਵਿਗਾੜ ਪੈਦਾ ਕਰਦੀ ਹੈ ਅਤੇ ਵਿਦਿਆਰਥੀਆਂ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ ਤੇ ਜਿਥੇ ਲੋੜ ਹੀ ਨਾ ਹੋਵੇ ਜੇ ਉਥੇ ਵਰਤੌਂ ਕੀਤੀ ਜਾਵੇ ਤਾਂ ਟਿੱਚੇ ਪ੍ਰਾਪਤ ਨਹੀਂ ਹੁੰਦੇ। ਉਦਾਹਰਨ ਲਈ ਜੇਕਰ ਸਿਖਿਆਰਥੀ ਪਾਣੀ ਦੇ ਚੱਕਰ ਬਾਰੇ ਪਹਿਲਾਂ ਹੀ ਜਾਣਦਾ ਹੈ, ਉਸਨੂੰ ਪਾਣੀ ਦੇ ਚੱਕਰ ਦਾ ਚਿੱਤਰ ਦਿਖਾਉਣਾ, ਸਮੇਂ ਅਤੇ ਸਰੋਤਾਂ ਦੀ ਬਰਬਾਦੀ ਹੋਵੇਗੀ।
ਇਸ ਲਈ ਇੱਥੇ ਇਹ ਸਮਝਣਾ ਪ੍ਰਸੰਗਿਕ ਹੈ ਕਿ ਅਸਲ ਨਵੇਂ ਗਿਆਨ ਨੂੰ ਪ੍ਰਦਾਨ ਕਰਨ ਤੋਂ ਪਹਿਲਾਂ ਪਿਛਲੇ ਗਿਆਨ ਦੀ ਜਾਂਚ ਕਿੰਨੀ ਮਹੱਤਵਪੂਰਨ ਹੈ। ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਹਮੇਸ਼ਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਸਿਖਿਆਰਥੀਆਂ ਨੂੰ ਕੀ ਪਤਾ ਹੈ। ਇਸ ਤਰ੍ਹਾਂ ਸਾਡੀ ਅਧਿਆਪਨ ਪ੍ਰਕਿਰਿਆ ਨੂੰ ਸਹੀ ਦਿਸ਼ਾ ਵਿੱਚ ਬਦਲਿਆ ਜਾਵੇਗਾ। ਅਤੇ ਕਿਉਂਕਿ ਪਿਛਲਾ ਗਿਆਨ ਪਰੀਖਣ ਪਾਠ ਦੀ ਯੋਜਨਾਬੰਦੀ ਦਾ ਇੱਕ ਜ਼ਰੂਰੀ ਤੱਤ ਹੈ, ਅਸੀਂ ਪਾਠ ਯੋਜਨਾ ਨੂੰ ਦੁਹਰਾਉਂਦੇ ਹਾਂ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇੱਥੋਂ ਤੱਕ ਕਿ ਸਧਾਰਨ ਰਵਾਇਤੀ ਚਾਕ ਬੋਰਡ ਸ਼ੈਲੀ ਦੀ ਅਧਿਆਪਨ ਵੀ ਉੱਚ ਤਕਨੀਕੀ ਸੌਫਟਵੇਅਰਾਂ ਦੀ ਵਰਤੋਂ ਨਾਲੋਂ ਬਿਹਤਰ ਸਾਬਤ ਹੋ ਸਕਦੀ ਹੈ ਜੇਕਰ ਅਧਿਆਪਕ ਕੋਲ ਇੱਕ ਚੰਗੀ ਯੋਜਨਾਬੱਧ ਪਾਠ ਯੋਜਨਾ ਹੈ ਅਤੇ ਪਾਠਕ੍ਰਮ ਦੀ ਜ਼ਰੂਰਤ ਦੇ ਨਾਲ-ਨਾਲ ਵਿਅਕਤੀਗਤ ਸਿੱਖਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨੂੰ ਪੂਰਾ ਕਰਦਾ ਹੈ।ਅਧਿਆਪਨ ਸਿਖਲਾਈ ਸਹਾਇਕ ਸਮੱਗਰੀ ਦੀ ਵਰਤੋਂ ਕਰਨ ਦੇ ਸ਼ਾਨਦਾਰ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਨੂੰ ਚਾਰਟ, ਚਿੱਤਰ, ਵਿਦਿਅਕ ਖੇਡਾਂ, ਤਸਵੀਰਾਂ, ਅਸਲ ਵਸਤੂਆਂ, ਅਤੇ ਵਿਦਿਅਕ ਤਕਨਾਲੋਜੀ ਦੀ ਮਦਦ ਵਰਗੇ ਸਧਾਰਨ ਅਧਿਆਪਨ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿੱਥੇ ਉਹ ਵਿਦਿਆਰਥੀਆਂ ਨੂੰ ਸੰਕਲਪਾਂ ਨੂੰ ਆਸਾਨੀ ਨਾਲ ਸਮਝਾਉਣ ਵਿੱਚ ਮਦਦ ਕਰਦੇ ਹਨ।ਜੇਕਰ ਮਿਸ਼ਰਤ ਸਿੱਖਣ ਪ੍ਰਣਾਲੀ ਨੂੰ ਸਹੀ ਢੰਗ ਨਾਲ ਅਪਣਾਇਆ ਜਾਂਦਾ ਹੈ ਤਾਂ ਯਕੀਨੀ ਤੌਰ ‘ਤੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਅਤੇ ਅਧਿਆਪਕਾਂ ਦੀ ਸਹੂਲਤ ਹੋਵੇਗੀ। ਚੰਗਿਆਈ ਨੂੰ ਸੁਰੱਖਿਅਤ ਰੱਖਣ ਦੇ ਸਬੰਧ ਵਿੱਚ ਅਧਿਆਪਨ ਦੇ ਪਰੰਪਰਾਗਤ ਤਰੀਕਿਆਂ ਵਿੱਚ ਨਵੀਨਤਾਵਾਂ ਸਮੇਤ ਮਿਸ਼ਰਤ ਸਿੱਖਿਆ ਦੀ ਸੰਪੂਰਨ ਵਰਤੋਂ, ਇਹ ਸਭ ਉਚਿਤ ਅਨੁਪਾਤ ਵਿੱਚ ਇਕੱਠੇ ਮਿਲ ਕੇ ਮਹਾਂਮਾਰੀ ਤੋਂ ਬਾਅਦ ਮਿਸ਼ਰਤ ਸਿੱਖਿਆ ਦਾ ਨਵਾਂ ਯੁੱਗ ਲਿਆਉਣ ਜਾ ਰਿਹਾ ਹੈ ।
- ਨਵਨੀਤ ਕੌਰ
Mob.98889-22196 E-mail: navneetkaur.nitz@gmail.com
ਕੋਠੀ ਨੰਬਰ 1 ਐਨ.ਏ.ਸੀ. ਸ਼ਿਵਾਲਿਕ ਐਨਕਲੇਵ ਮਨੀਮਾਜਰਾ ਚੰਡੀਗੜ੍ਹ
—————————————-
ਅਧਿਆਪਕ ਦਿਵਸ ‘ਤੇ ਵਿਸ਼ੇਸ਼
ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਡਿਊਟੀ ਦੌਰਾਨ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ
– ਗਗਨਦੀਪ ਧਾਲੀਵਾਲ (ਝਲੂਰ) ਬਰਨਾਲਾ ।
E-Mail: gagan.mahistory@gmail.com
ਸਮਾਜ ਵਿੱਚ ਅਧਿਆਪਕ ਕਿੱਤਾ ਬਹੁਤ ਸਨਮਾਨ ਯੋਗ ਹੈ। ਵਿਸ਼ਵ ਪੱਧਰ ’ਤੇ ਅਧਿਆਪਕ ਵਰਗ ਨੂੰ ਵੱਡਾ ਮਾਣ-ਸਨਮਾਨ ਤੇ ਸਤਿਕਾਰ ਮਿਲਦਾ ਹੈ। ਵਿਦਿਆਰਥੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ, ਨੈਤਿਕ ਕਦਰਾਂ ਕੀਮਤਾਂ ਸਿਖਾਉਣ, ਸਹੀ ਸੇਧ ਦੇਣ, ਕਾਮਯਾਬੀ ਦਾ ਰਾਸਤਾ ਤੇ ਮੰਜਿਲ ਦਿਖਾਉਣ ਦਾ ਕੰਮ ਇੱਕ ਸੱਚਾ ਅਧਿਆਪਕ ਹੀ ਕਰਦਾ ਹੈ। ਅਜਿਹਾ ਅਧਿਆਪਕ ਆਦਰਸ਼ ਅਧਿਆਪਕ ਹੋਣ ਦਾ ਮਾਣ ਹਾਸਿਲ ਕਰਦਾ ਹੈ। ਬਿਲਕੁਲ ਇਹ ਸਾਰੇ ਹੁਣ ਡਾ. ਰਾਧਾ ਕ੍ਰਿਸ਼ਨਨ ਵਿੱਚ ਮੌਜੂਦ ਸਨ। ਉਹਨਾਂ ਨੇ ਅਾਪਣੀ ਡਿਊਟੀ ਦੌਰਾਨ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ। ਆਓ ਜਾਣੀਏ ਆਦਰਸ਼ ਅਧਿਆਪਕ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਬਾਰੇ।
ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਹੋਇਆ। ਦੱਖਣ ਭਾਰਤ ਦੇ ਤਿਰੂਤਾਣੀ ਵਿੱਚ ਡਾ. ਰਾਧਾ ਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤੱਮਾ ਸੀ। ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ। ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ। ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ। 1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਉਹਨਾਂ ਦਾ ਵਿਆਹ ਸਿਵਾਕਾਮੂ ਰਾਧਾ ਕ੍ਰਿਸ਼ਨਨ ਨਾਲ ਹੋਇਆ। ਉਹਨਾਂ ਦੇ ਘਰ
5 ਲੜਕੀਆਂ ਤੇ 1 ਲੜਕੇ ਨੇ ਜਨਮ ਲਿਆ। ਡਾ. ਰਾਧਾਕ੍ਰਿਸ਼ਨ ਦੀ ਉਮਰ ਕੇਵਲ 20 ਸਾਲ ਦੀ ਸੀ ਜਦੋਂ ਉਨ੍ਹਾਂ ਦਾ ਥੀਸਿਜ਼ ਪ੍ਰਕਾਸ਼ਿਤ ਹੋਇਆ ਸੀ।
ਰਾਧਾ ਕ੍ਰਿਸ਼ਨਨ ਜੀ 17 ਅਪ੍ਰੈਲ 1975 (ਉਮਰ 86) ਨੂੰ ਚੇਨੱਈ (ਭਾਰਤ ਵਿਖੇ) ਇਸ ਦੁਨੀਆਂ ਨੂੰ ਛੱਡ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਡਾ. ਰਾਧਾ ਕ੍ਰਿਸ਼ਨਨ ਨੇ ਬਤੌਰ ਅਧਿਆਪਕ ਸਫਰ 1909 ਵਿਚ ਮਦਰਾਸ ਪ੍ਰੈਜੀਡੈਂਸੀ ਕਾਲਜ ਤੋ ਸ਼ੁਰੂ ਕੀਤਾ। ਉਨ੍ਹਾਂ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਧਿਆਪਕ ਦਿਵਸ ਇਸ ਲਈ ਮਨਾਇਆ ਜਾਂਦਾ ਹੈ। ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ਮੇਰਾ ਜਨਮ ਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ। ਉਦੋਂ ਤੋਂ ਹੀ ਸਾਰੇ ਦੇਸ਼ ਵਿੱਚ ਡਾਕਟਰ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ। ਅਧਿਆਪਕ ਖ਼ੁਦ ਬਲ ਕੇ ਰੌਸ਼ਨੀ ਕਰਦਾ ਹੈ। ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਇੱਕ ਬਿਹਤਰੀਨ ਅਧਿਆਪਕ ਸਨ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।
ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਧਾ ਕ੍ਰਿਸ਼ਨ ਦੁਆਰਾ ਰਚੀਆਂ ਪੁਸ਼ਤਕਾਂ ਦੇ ਨਾਂ ਇੰਡੀਅਨ ਫਿਲਾਸ਼ਫੀ, ਏ ਹਿੰਦੂ ਵਿਊ ਆਫ਼ ਲਾਈਫ, ਦਿ ਫਿਲਾਸ਼ਫੀ ਆਫ਼ ਰਵਿੰਦਰ ਨਾਥ ਟੈਗੋਰ, ਐਨ ਆਈ ਡਿਅਲਿਸਟ ਵਿਊ ਆਫ਼ ਲਾਈਫ, ਦਿ ਕਾਨਸੈਪਟ ਆਫ਼ ਮੈਨ, ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਅਦੋ। ਜੋ ਕਿ ਅੱਜ ਵੀ ਭਾਰਤੀ ਦਰਸ਼ਨ- ਸਾਸ਼ਤਰ ਵਿਚ ਅਹਿਮ ਸਥਾਨ ਰੱਖਦੀਆਂ ਹਨ। ਰਾਧਾ ਕ੍ਰਿਸ਼ਨਨ ਨਵ ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ। ਉਹਨਾਂ ਨੇ ਪੱਛਮੀ ਆਲੋਚਨਾ” ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ। 5 ਸਤੰਬਰ ਨੂੰ ਸਾਰੇ ਹੀ ਦੇਸ਼ ਵਿੱਚ ਅਧਿਆਪਕ ਦਿਵਸ ਦੇ ਮੌਕੇ ‘ਤੇ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
—————————————-
ਸਰਕਾਰੀ ਸਕੂਲ ਤੇ ਆਨਲਾਈਨ ਸਿੱਖਿਆ
ਮਹਾਂਮਾਰੀ ਕਰਨ ਅਜੋਕੇ ਹਾਲਾਤ ਸਮਾਜ ਲਈ ਬਹੁਤ ਹੀ ਤਣਾਅ ਪੂਰਨ ਹਨ। ਹਰ ਇਨਸਾਨ ਇੱਕ ਡਰ ਤੇ ਇੱਕ ਫ਼ਿਕਰ ਚ ਜੀਅ ਰਿਹਾ ਹੈ। ਲੋਕਾਂ ਦੇ ਕੰਮਕਾਰ ਬੰਦ ਹੋ ਜਨ ਚੁੱਕੇ ਹਨ। ਇਸ ਵਕਤ ਇਹ ਮਹਾਂਮਾਰੀ ਦਾ ਦੌਰ ਹਰ ਇਕ ਤੇ ਭਾਰੀ ਹੈ।
ਇਸ ਨਾਜੁਕ ਦੌਰ ਦੇ ਚਲਦੇ ਨਿੱਕੇ ਨਿੱਕੇ ਬੱਚਿਆਂ ਦੇ ਸਕੂਲ ਵੀ ਛੁੱਟ ਗਏ। ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਸਾਲ ਭਰ ਦੀ ਕੀਤੀ ਮਿਹਨਤ ਵੀ ਸਾਬਿਤ ਕਰਨ ਦਾ ਵਕਤ ਉਹਨਾਂ ਨੂੰ ਨਹੀਂ ਮਿਲਿਆ।ਸਰਕਾਰ ਦੇ ਉਪਰਾਲੇ ਸਦਕਾ ਬੇਸ਼ਕ ਘਰੇਲੂ ਪ੍ਰੀਖਿਆਵਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਅਗਲੀ ਜਮਾਤ ਚ ਕਰ ਦਿੱਤਾ ਗਿਆ ਹੈ।
ਅਗਲੀ ਗੱਲ ਸੀ ਸਕੂਲ ਬੰਦ ਹੋਣ ਕਾਰਨ ਹੋਣ ਵਾਲੇ ਅਗਲੇ ਨੁਕਸਾਨ ਦੀ। ਜਿੱਥੇ ਬਿਨਾਂ ਬੋਰਡ ਤੋਂ ਹੋਣ ਵਾਲੀ ਸਕੂਲੀ ਪ੍ਰੀਖਿਆ ਤਕਰੀਬਨ ਮੁਕੰਮਲ ਹੋ ਚੁੱਕੀ ਸੀ ਪਰ ਅਗਲਾ ਕੰਮ ਸੀ ਨਤੀਜੇ ਤਿਆਰ ਕਰਨਾ , ਨਤੀਜੇ ਘੋਸਿਤ ਕਰਨਾ, ਨਵੇਂ ਦਾਖਲੇ ਕਰਨੇ , ਸਕੂਲ ਕਮੇਟੀਆਂ ਬਨਾਉਣੀਆਂ। ਇਹ ਸਾਰੇ ਕੰਮ ਸਕੂਲ ਬੰਦ ਦੌਰਾਨ ਕਰਨਾ ਤੇ ਕਿ ਸੋਚਣਾ ਵੀ ਨਾਮੁਮਕਿਨ ਲੱਗ ਰਿਹਾ ਸੀ। ਸ਼ੁਰੂਆਤੀ ਦੌਰ ਚ ਕੁਝ ਵੱਡੇ ਨਿੱਜੀ ਸਕੂਲਾਂ ਦੀਆਂ ਜ਼ੂਮ ਮੀਟਿੰਗ ਰਾਹੀਂ ਲਗਦੀਆਂ ਜਮਾਤਾਂ ਵੇਖ ਲੱਗਿਆ ਕਿ ਕੰਮ ਔਖਾ ਜਰੂਰ ਹੈ ਪਰ ਨਾਮੁਮਕਿਨ ਨਹੀਂ ਹੈ।
ਹੌਲੀ ਹੌਲੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਇਸ ਪਾਸੇ ਕਾਫੀ ਮਿਹਨਤ ਕੀਤੀ। ਸਭ ਤੋਂ ਪਹਿਲਾਂ ਇੰਟਰਨੈਟ ਰਾਹੀਂ ਸਾਲਾਨਾ ਨਤੀਜਾ ਤਿਆਰ ਕੀਤਾ ਗਿਆ ਤੇ ਇਸੇ ਮਾਧਿਅਮ ਰਹੀ ਘੋਸਿਤ ਵੀ ਕੀਤਾ ਗਿਆ। ਫਿਰ ਵਾਰੀ ਆਈ ਦਾਖਲਿਆਂ ਦੀ ਤਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਬੜੀ ਹੀ ਸ਼ਿੱਦਤ ਨਾਲ ਆਨਲਾਈਨ ਲਿੰਕ ਤਿਆਰ ਕੀਤੇ। ਜਿਸ ਨਾਲ ਬੱਚਾ ਓਹਤ ਲਿੰਕ ਦੇ ਰਾਹੀਂ ਆਪਣੀ ਜਰੂਰੀ ਜਾਣਕਾਰੀ ਭਰ ਕੇ ਆਪਣੀ ਮਰਜੀ ਦੇ ਕਿਸੇ ਵੀ ਸਕੂਲ ਚ ਦਾਖਲਾ ਲੈ ਸਕਦਾ ਸੀ। ਇਸ ਸੁਵਿਧਾ ਨਾਲ ਬਹੁਤ ਸਾਰੇ ਬੱਚਿਆਂ ਨੇ ਆਪਣੇ ਮਨਪਸੰਦ ਸਕੂਲਾਂ ‘ਚ ਦਾਖਲੇ ਲਏ।
ਇਸ ਸਾਲ ਸਰਕਾਰੀ ਸਕੂਲਾਂ ਦੇ ਦਾਖਲਿਆਂ ਚ ਰਿਕਾਰਡ ਤੇਰਾਂ ਫੀਸਦੀ ਵਾਧਾ ਹੋਇਆ ਜੋਂ ਸਰਕਾਰੀ ਸਕੂਲਾਂ ਤੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ। ਸਿੱਖਿਆ ਵਿਭਾਗ ਦੇ ਬਹੁਤ ਹੀ ਮਿਹਨਤੀ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀ ਪੜਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਕ ਤਰ ਨਾਲ ਪ੍ਰਣ ਹੀ ਲਿਆ ਸੀ। ਆਧੁਨਿਕ ਹਰ ਸਹੂਲਤ ਵਾਰਤ ਕੇ ਚਾਹੇ ਵਟਸਐਪ ਗਰੁੱਪ ਹੋਵੇ ਚਾਹੇ ਰੇਡੀਓ ਜਾ ਟੈਲੀਵਿਜ਼ਨ ਜਾ ਫਿਰ ਜ਼ੂਮ ਮੀਟਿੰਗ ਨਿਰਵਿਘਨ ਪੜਈ ਜਾਰੀ ਰੱਖੀ।
ਘਰਾਂ ‘ਚ ਬੈਠੇ ਬੱਚੇ ਸਿੱਖਿਆ ਨਾਲ ਜੁੜੇ ਹੋਏ ਨੇ। ਹਰ ਬੱਚਾ ਸਕੂਲ ਦਾ ਕੰਮ ਕਰਦਾ ਹੈ ਤੇ ਆਪਣੀ ਕਾਪੀ ਕਿਸੇ ਨਾ ਕਿਸੇ ਆਧੁਨਿਕ ਸਾਧਨ ਦੁਆਰਾ ਆਪਣੇ ਅਧਿਆਪਕ ਤੱਕ ਪੁੱਜਦੀ ਕਰਦਾ ਹੈ। ਇਸੇ ਤਰ ਵਿਭਾਗ ਦਾ ਅਪ੍ਰੈਲ ਤੋਂ ਜੂਨ ਤੱਕ ਦਾ ਪਹਿਲਾ ਤਿਮਾਹੀ ਸਲੇਬਸ ਪੂਰਾ ਹੋਇਆ।
ਅਗਲਾ ਕੰਮ ਸੀ ਪਹਿਲੀ ਤਿਮਾਹੀ ਦੀ ਪ੍ਰੀਖਿਆ ਜਿਹੜੀ ਕਿ ਇਸ ਮਹਾਂਮਾਰੀ ਦੇ ਚਲਦਿਆਂ ਆਨਲਾਈਨ ਹੋਣੀ ਸੀ। ਇਹ ਕੰਮ ਸਭ ਤੋਂ ਔਖਾ ਸੀ। ਸਰਕਾਰੀ ਸਕੂਲਾਂ ਵਿਚ ਜਿਆਦਾਤਰ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ। ਬਹੁਤੇ ਬੱਚੇ ਤੇ ਅਜਿਹੇ ਪਿਛੋਕੜ ਨਾਲ ਸਬੰਧ ਰੱਖਦੇ ਹਨ ਜਿੱਥੇ ਦੋ ਵਕ਼ਤ ਦੀ ਰੋਟੀ ਵੀ ਸਵਾਲ ਵਾਂਗ ਹੈ। ਅਜਿਹੇ ਚ ਆਨਲਾਈਨ ਪੇਪਰ ਦੇਣੇ ਬਹੁਤ ਵੱਡਾ ਸਵਾਲ ਸੀ । ਸਾਡੇ ਅਧਿਆਪਕ ਸਾਥੀ ਬਿਨਾਂ ਮੁਸ਼ਕਿਲਾਂ ਦੇ ਡਰ ਤੋਂ ਆਪਣੇ ਕੰਮ ਲਈ ਤਤਪਰ ਬੈਠੇ ਸਨ। ਬਹੁਤੇ ਬੱਚਿਆਂ ਕੋਲ ਮੋਬਾਇਲ ਦੇ ਰਾਹੀਂ ਪੇਪਰ ਪੁੱਜਦੇ ਹੋਏ ਬਾਕੀਆਂ ਲਈ ਅਧਿਆਪਕ ਸਾਥੀਆਂ ਨੇ ਘਰ ਘਰ ਜਾ ਕੇ ਵੀ ਪ੍ਰਸ਼ਨ ਪੱਤਰ ਵੰਡੇ ਤੇ ਬੱਚਿਆਂ ਨੂੰ ਪੇਪਰ ਕਰਨ ਲਈ ਉਤਸਾਹਿਤ ਕੀਤਾ। ਜਿਸਦੇ ਨਤੀਜੇ ਵਜੋਂ ਤਕਰੀਬਨ ਨੱਬੇ ਫੀਸਦੀ ਬੱਚਿਆਂ ਨੇ ਇਹ ਪੇਪਰ ਸਫਲਤਾ ਪੂਰਵਕ ਨੇਪਰੇ ਚਾੜੇ। ਵੱਖ-ਵੱਖ ਹਾਲਾਤਾਂ ਚ ਸੋਸ਼ਲ ਮੀਡੀਆ ਤੇ ਪੇਪਰ ਕਰਦੇ ਬੱਚਿਆਂ ਦੀਆਂ ਤਸਵੀਰਾਂ ਉਹਨਾਂ ਲੋਕਾਂ ਲਈ ਇਕ ਚੰਗਾ ਜਵਾਬ ਸਨ ਜਿਹੜੇ ਸ਼ੁਰੂਆਤੀ ਦੌਰ ਚ ਜਿਹੜੇ ਸਰਕਾਰੀ ਸਕੂਲਾਂ ਨੂੰ ਮਜਾਕ ਸਮਝਦੇ ਸੀ। ਤਸਵੀਰਾਂ ਬਿਆਨ ਕਰਦੀਆਂ ਸਨ ਕਿ ਹਿੰਮਤ ਹਰ ਪਹਾੜ ਦਾ ਸੀਨਾ ਪਾੜ ਅੱਗੇ ਵਧਦੀ ਹੈ। ਇਹਨਾਂ ਤਸਵੀਰਾਂ ਚ ਬੱਚੇ ਗੱਡੇ ਤੇ ਖੇਤਾਂ ‘ਚ ਝੁੱਗੀਆਂ ‘ਚ ਅਤੇ ਰੁੱਖਾਂ ਥੱਲੇ ਪੇਪਰ ਕਰ ਰਹੇ ਸਨ।
ਇਹ ਹਾਲਾਤ ਸਾਡੀ ਮਿਹਨਤ ਨੂੰ ਬਿਆਨ ਕਰਦੀ ਹੈ । ਸਾਡੇ ਬੱਚਿਆਂ ਦਾ ਇਹ ਜਜਬਾ ਹੀ ਸਾਡੇ ਲਈ ਪ੍ਰਸੰਸਾ ਪੱਤਰ ਹੈ । ਸੱਚ ਨੂੰ ਬਹੁਤੇ ਸਬੂਤਾਂ ਦੀ ਜਰੂਰਤ ਨਹੀ ਹੁੰਦੀ । ਅਕੰੜੇ ਦਸਦੇ ਹਨ ਕਿ ਹਰ ਮੁਕਾਮ ਤੇ ਚਾਹੇ ਖੇਡ ਦੇ ਖੇਤਰ ਸੀ ਗੱਲ ਹੋਵੇ ਚਾਹੇ ਵਿੱਦਿਆ ਦੇ ਖੇਤਰ ਦੀ ਜਾ ਹੋਰ ਵੀ ਕਿਸੇ ਮੁਕਾਬਲੇ ਦੀ ਸਰਕਾਰੀ ਸਕੂਲਾਂ ਦੇ ਬੱਚੇ ਹੈ ਮੈਦਾਨ ਚ ਮੱਲਾਂ ਮਾਰ ਰਹੇ ਹਨ।
ਲੋਕ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚੋਂ ਹਟਾ ਕੇ ਸਰਕਾਰੀ ਸਕੂਲਾਂ ਚ ਦਾਖ਼ਲ ਕਰਵਾ ਰਹੇ ਹਨ । ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਅਧਿਕਾਰੀ ਵੀ ਆਪਣੇ ਬੱਚਿਆਂ। ਨੂੰ ਸਰਕਾਰੀ ਸਕੂਲਾਂ ਵਿੱਚ ਲਗਾ ਰਹੇ ਹਨ । ਲੋਕਾਂ ਦਾ ਨਜਰੀਆ ਬਦਲ ਰਿਹਾ ਹੈ ਉਹਨਾਂ ਦਾ ਵਿਸਵਾਸ ਸਰਕਾਰੀ ਸਕੂਲਾਂ ਵੱਲ ਵਧ ਰਿਹਾ ਹੈ ਜੋਂ ਕਿ ਸਰਕਾਰੀ ਸਕੂਲਾਂ ਲਈ ਆਉਣ ਵਾਲੇ ਚੰਗੇ ਸਮੇਂ ਦੀ ਨਿਸ਼ਨੀ ਹੈ।
ਸਾਡੇ ਪੁਰਾਤਨ ਗ੍ਰੰਥਾਂ ਵਿਚ ਵਿਦਿਆ ਦਾ ਦਾਨ ਦੇਣਾ ਸਭ ਤੋਂ ਉਤਮ ਕਾਰਜ ਮੰਨਿਆ ਗਿਆ ਹੈ। ਹਰ ਅਧਿਆਪਕ ਨੂੰ ਆਪਣੇ ਆਪ ਤੇ ਅਤੇ ਆਪਣੇ ਪੇਸ਼ੇ ਤੇ ਮਾਣ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਇਸ ਮਹਾਨ ਕਾਰਜ ਲਈ ਉਸਨੂੰ ਚੁਣਿਆ।
– ਅਮਨਦੀਪ ਸਿੰਘ
ਮੁੱਖ ਅਧਿਆਪਕ: ਸ. ਹ. ਸ . ਤਰਮਾਲਾ (ਮੁਕਤਸਰ ਸਾਹਿਬ)
ਫੋਨ ਨੰਬਰ 94631-08850
—————————————-
ਭਾਗ-1
ਪੰਜਾਬੀ ਵਿੱਚ ਉੜਾ, ਆੜਾ, ਈੜੀ ਦੀ ਵਰਤੋ
1. ਗੁਰਮੁਖੀ ਲਿਪੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ?
ਉੱਤਰ- ਗੁਰਮੁਖੀ ਲਿਪੀ ਦੀ ਸ਼ੁਰੂਆਤ ਉੜਾ ਤੋਂ ਹੁੰਦੀ ਹੈ ਪਰ ਕਈ ਭਾਸ਼ਾਵਾਂ ਦੀ ਸ਼ੁਰੂਆਤ ‘ਅ’ ਤੋਂ ਹੁੰਦੀ ਹੈ।
2. ਪੰਜਾਬੀ ਵਿੱਚ ਕਿੰਨੇ ਸਵਰ ਹਨ ?
ਉੱਤਰ- ਉੜਾ, ਆੜਾ, ਈੜੀ ਅਸਲ ਵਿੱਚ ਇਹ ਸਰਵਾਹਕ ਹਨ ਸਵਰਾਂ ਦੀ ਗਿਣਤੀ ਦਸ ਹੈ।
3. ਸਵਰ ਕਿਵੇਂ ਬਣਦੇ ਹਨ ?
ਉੱਤਰ- ਉੜਾ, ਆੜਾ, ਈੜੀ ਨਾਲ ਦੀਰਘ ਅਤੇ ਲਘੂ ਮਾਤਰਾਂ ਲੱਗਕੇ ਸਵਰ ਬਣਦੇ ਹਨ। ਮਾਤਰਾਂ ਨੌਂ ਹੁੰਦੀਆਂ ਹਨ ਦਸਵੀਂ ‘ਅ’ ਹੁੰਦੀ ਹੈ। ਹੋਰ ਲਗ ਦੀ ਗੈਰ ਹਾਜ਼ਰੀ ਵਿੱਚ ਹੀ ਇਸਦੀ ਵਰਤੋਂ ਹੁੰਦੀ ਹੈ।
4. ਉੜਾ ਨੂੰ ਬਿੰਦੀ ਤੋਂ ਇਲਾਵਾ ਕੋਈ ਹੋਰ ਮਾਤਰਾ ਕਿਉਂ ਨਹੀਂ ਲੱਗਦੀ ?
ਉੱਤਰ- ਉੜਾ ਨਾਲ ਬਿੰਦੀ ਤੋਂ ਇਲਾਵਾ ਕੋਈ ਹੋਰ ਮਾਤਰਾ ਇਸ ਕਰਕੇ ਨਹੀਂ ਲੱਗਦੀ ਕਿਉਂਕਿ ‘a’ ਲਕੀਰ ਦੇ ਉੱਪਰ ਚਲਾ ਜਾਂਦਾ ਹੈ ਅਤੇ ਲਕੀਰ ਦੇ ਉੱਪਰ ਲੱਗਣ ਵਾਲੀ ਅਤੇ ਲਕੀਰ ਦੇ ਉੱਪਰ ਲੱਗਣ ਵਾਲੀ ਕੋਈ ਮਾਤਰਾ ‘a’ ਨਾਲ ਨਹੀਂ ਲੱਗਦੀ। ਲਕੀਰ ਤੋਂ ਥੱਲੇ ਵਾਲੀ ਮਾਤਰਾ ਹੀ ਲੱਗਦੀ ਹੈ। ਜਿਵੇਂ:ਤਿਂਉ।
5. ‘ਅ’ ਸਵਰ ਕਿਹੜੇ ਸ਼ਬਦਾਂ ਵਿੱਚ ਹੁੰਦਾ ਹੈ?
ਉੱਤਰ- ਜਿਹੜੇ ਸ਼ਬਦਾਂ ਵਿੱਚ ਕਿਸੇ ਅੱਖਰ ਨਾਲ ਕੋਈ ਲਗ ਮਾਤਰਾ ਨਹੀਂ ਲੱਗੀ ਹੁੰਦੀ ਹੈ ਭਾਵ ਮੁਕਤਾ ਹੋਵੇ ਉਹਨਾਂ ਵਿੱਚ ‘ਅ’ ਸਵਰ ਹੁੰਦਾ ਹੈ ਜਿਵੇਂ: ਗਰਮ, ਸਰਦ।
6. ਖੰਡੀ ਧੁਨੀਆਂ ਕੀ ਹਨ?
ਉੱਤਰ- ਉੜਾ, ਆੜਾ ਖੰਡੀ ਧੁਨੀਆਂ ਹਨ ਜਿਹਨਾਂ ਨੂੰ ਉਚਾਰ ਬੋਲਾਂ ਨਾਲੋਂ ਅਲੱਗ ਕਰਕੇ ਉਚਾਰਿਆ ਜਾ ਸਕਦਾ ਹੈ ਉਹਨਾਂ ਨੂੰ ਖੰਡੀ ਧੁਨੀਆ ਕਿਹਾ ਜਾ ਸਕਦਾ ਹੈ।
7. ਪੰਜਾਬੀ ਦੇ ਕਿਹੜੇ ਸਵਰ ਹਨ ਜਿਹੜੇ ਸ਼ਬਦ ਦੇ ਪਿੱਛੇ ਨਹੀਂ ਆਉਂਦੇ?
ਉੱਤਰ- ਅ, ਇ, ਉ ਇਹ ਕਦੇ ਸ਼ਬਦ ਦ ਪਿੱਛੇ ਨਹੀਂ ਆਉਂਦੇ, ਸਿਰਫ ਸ਼ੁਰੂ ਤੇ ਵਿਚਕਾਰ ਹੀ ਆਉਂਦੇ ਹਨ ਜਿਵੇਂ: 1. ਕਤਲ ਕ ਅ ਤਲ (ਵਿਚਕਾਰ) 2. ਅਰਜ਼ ਅ ਰਜ਼ (ਸ਼ੁਰੂ ਵਿੱਚ) 3. ਇਧਰ ਇ ਧਰ (ਸ਼ੁਰੂ ਵਿੱਚ) 4. ਲਿਖ ਲ ਇ ਖ (ਵਿਚਕਾਰ) 5. ਉਧਰ ਉ ਧਰ (ਸ਼ੁਰੂ ਵਿੱਚ) 6. ਸੁਸਤ ਸ ਉ ਸਤ (ਵਿਚਕਾਰ)।
ਨੋਟ: ਦੁੱਤ ਅੱਖਰ ਤੋਂ ਪਹਿਲਾਂ ਅ, ਇ, ਉ ਵਿੱਚੋਂ ਕੋਈ ਵੀ ਇੱਕ ਸੁਰ ਆ ਸਕਦਾ ਹੈ। ਕਦੇ ਵੀ ਦੀਰਘ ਸੁਰ ਨਹੀਂ ਆਉਂਦਾ ਜਿਵੇਂ ਸੰਸਕ੍ਰਿਤ, ਪੈਰ’ਚ ‘ਰ’ ਤੋਂ ਪਹਿਲਾਂ ‘ਇ’ ਆਇਆ।
—————————————-
ਭਾਗ-2
ਅੰਗਰੇਜ਼ੀ ਤੋਂ ਪੰਜਾਬੀ ਸਮਝਾਉਣ ਲਈ
1. ਅੰਗਰੇਜ਼ੀ ਦੇ (A, An) ਉੜਾ, ਆੜਾ, ਈੜੀ ਦੀ ਵਰਤੋਂ ਕਿਵੇਂ ਕਰਾਂਗਾ?
2. ਉੱਤਰ-ਅੰਗਰੇਜੀ ਦੇ ਜਿਸ ਸ਼ਬਦ ਤੋਂ ਪਹਿਲਾਂ (ਅ,ਅਂ ) ਲਗਾਉਣਾ ਹੋਵੇ ਉਸਨੂੰ ਪੰਜਾਬੀ ਵਿੱਚ ਲਿਖ ਲਵੋ ਜੇਕਰ ਉਸਦਾ ਪਹਿਲਾ ਅੱਖਰ ਉੜਾ, ਆੜਾ, ਈੜੀ ਬਣ ਜਾਵੇ ਤਾਂ ਅਂ ਲਗਾਉ ਨਹੀ ਤਾਂ ਲਗਾਉ (ਅ) ਭਾਵੇਂ (ੜਾਂਓਲ਼) ਅੱਖਰ ਹੋਵੇ ਭਾਵੇਂ ਨਾ
ਜਿਵੇਂ: He is …………AN……..S.S.T teacher (ਐੱਸ ਐੱਸ ਟੀ )
—————————————-
ਭਾਗ-3
ਗੀਤਾਂ ਵਿੱਚ ਉੜਾ, ਆੜਾ, ਈੜੀ ਦੀ ਵਰਤੋਂ
1. ਕੋਰੜਾ ਛੰਦ ਵਿੱਚ ਉੜਾ, ਆੜਾ, ਈੜੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
ਉੱਤਰ- ਕੋਰੜਾ ਛੰਦ ਵਿੱਚ ਜੇਕਰ ਉੜਾ, ਆੜਾ, ਈੜੀ ਸ਼ਬਦ ਦੇ ਵਿਚਕਾਰ ਆਉਣ ਤਾਂ ਉਹਨਾਂ ਨੂੰ ਗਿਣਤੀ ਵਿੱਚ ਨਹੀਂ ਕੀਤਾ ਜਾਂਦਾ ਜਿਵੇਂ: ਜਿਉਂਦਾ, ਬੁਲਾਇਆ a, ਇ ਆਦਿ।
2. ਉੜਾ, ਆੜਾ, ਈੜੀ ਨੂੰ ਕਿਹੜੇ ਅੱਖਰ ਕਿਹਾ ਜਾਂਦਾ ਹੈ?
ਉੱਤਰ-ਇਹਨਾਂ ਨੂੰ ਇਲਤ ਅੱਖਰ ਕਿਹਾ ਜਾਂਦਾ ਹੈ
3. ਕੀ ਸ਼ੇਅਰ ਵਿੱਚ ਤਕਤੀਹ ਕਰਨ ਵੇਲੇ ਉੜਾ, ਆੜਾ, ਈੜੀ ਦੀ ਗਿਣਤੀ ਹੁੰਦੀ ਹੈ।
ਉੱਤਰ- ਨਹੀਂ , ਜਿਵੇਂੰ: ਜਿਉਂਦਾ, ਬੁਲਾਇਆ ‘ਉ’ ‘ਇ’ ਦੀ ਗਿਣਤੀ ਨਹੀਂ ਹੁੰਦੀ ਹੈ।
4. ਉੜਾ, ਆੜਾ, ਈੜੀ ਕਦੋਂ ਦੂਸਰੇ ਅੱਖਰ ਨਾਲ ਮਿਲਕੇ ਇੱਕ ਸੁਰ ਹੋ ਜਾਂਦੇ ਹਨ?
ਉੱਤਰ-ਜਦੋਂ ਸ਼ਬਦ ਦੇ ਸ਼ੁਰੂ ਵਿੱਚ ਲੱਗੇ ਹੋਣ ਤੇ ਉਹ ਸ਼ਬਦ ਕਿਸੇ ਦੂਸਰੇ ਸ਼ਬਦ ਦੇ ਮਗਰ ਆਵੇਗਾ ਤਾਂ ਇੱਕ ਸੁਰ ਹੋ ਜਾਣਗੇ ਜਿਵੇਂ: ਬਹਾਰ ਆਈ ਬਹਾਰਾਈ। ਨੋਟ-‘ਰ’ ਨਾਲ ‘ਆ’ ਮਿਲਕੇ ‘ਰਾ’ ਬਣ ਗਿਆ
– ਰਾਮਪ੍ਰੀਤ ਸਿੰਘ ਲੰਗੇਆਣਾ ਨਵਾਂ 80549-07585
—————————————-
ਭਾਗ-4
‘ਹਾਹਾ’ ਦੀ ਵਰਤੋਂ
ਗੀਤਾਂ ਵਿੱਚ ਹਾਹੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ
੧. ਕੀ ਕਿਸੇ ਗੀਤ ਦਾ ਇੱਕ ਕਾਫੀਏ ਹਾਹਾ ਵਲਾ ਹੋਵੇ ਤਾਂ ਦੂਸਰਾ ਵੀ ਹਾਹੇ ਵਾਲਾ ਹੀ ਹੋਣਾ ਚਾਹੀਦਾ ਹੈ?
ਉੱਤਰ-ਜੇਕਰ ਕਿਸੇ ਗੀਤ ਦਾ ਇੱਕ ਕਾਫੀਆ ਹਾਹੇ ਵਾਲਾ ਹੋਵੇ ਤਾਂ ਦੂਸਰਾ ਵੀ ਹਾਹੇ ਵਾਲਾ ਹੀ ਹੋਣਾ ਚਾਹੀਦਾ ਹੈ ਜਿਵੇਂ ਇੱਕ ਕੁੜੀ ਰੋਜ਼ ਮੈਨੂੰ ਮਿਲ ਜਾਂਦੀ ਸੀ ਰਾਹ ਜਾਂਦੀ, ਮੁੜ ਮੁੜ ਤੱਕਦੀ ਸੀ ਉਹ ਜਿੱਥੋਂ ਤੀਕ ਨਿਗਾਹ ਜਾਂਦੀ ‘ਰਾਹ ਅਤੇ ਨਿਗਾਹ ਦੋਨੋਂ ਕਾਫੀਏ ਹਨ।
੨. ਕੀ ‘ਹਾਹੇ’ ਨੂੰ ਤਕਤੀਹ ਕਰਨ ਵੇਲੇ ਗਿਰਾਇਆ ਜਾ ਸਕਦਾ ਹੈ?
ਉੱਤਰ- ਹਾਂ ਹਾਹੇ ਨੂੰ ਗਿਰਾਇਆ ਜਾ ਸਕਦਾ ਹੈ ਜਿਵੇਂ-ਮਸਲ ਏ ਦਿਲ ਜਾਨਹ ਪਾਰਹ ਪਾਰਹ ਹੂਆ। ਤਕਤੀਹ- ਮਸ+ਲਿ ਦਿਲ+ਜਾ=ਮਪਾ+ਰ ਪਾ=ਰ+ਹੁਆ। (ਨੋਟ- ਇਸ ਵਿੱਚ ਹਾਹਾ ਨਹੀਂ ਲਿਖਿਆ ਗਿਆ ਪਰ ਹਾਹਾ ਸਿਰਫ ਉਦੋਂ ਗਿਰਾਇਆ ਜਾ ਸਕਦਾ ਹੈ ਜਦੋਂ ਕਿਸੇ ਸ਼ਬਦ ਦੇ ਅੰਤ ਵਿੱਚ ਹੋਵੇ ਜਿਵੇਂ ਪਾਰਹ।)
੩. ਹਾਹੇ ਨੂੰ ਕਦੋਂ ਨਹੀਂ ਗਰਾਇਆ ਜਾ ਸਕਦਾ ਹੈ?
ਉੱਤਰ- ਜਦੋਂ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਹੋਵੇ ਜਿਵੇਂ-ਹੁਕਮ।
੪. ਵਰਣਿਕ ਛੰਦਾਂ ਵਿੱਚ ਹਾਹੇ ਦੀ ਵਰਤੋਂ ਕਿਵੇਂ ਹੁੰਦੀ ਹੈ?
ਉੱੱਤਰ- ਜਦੋਂ ਹਾਹਾ ਉਹਨਾਂ ਸ਼ਬਦਾਂ ਵਿਚ ਲਿਖਿਆ ਜਾਵੇ ਜਿਹਨਾਂ ਵਿੱਚ ਬੋਲਿਆ ਨਾ ਜਾਵੇ ਕਈ ਸ਼ਬਦ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਸ਼ਬਦ ਲਿਖਿਆ ਤਾਂ ਤਿੰਨਾਂ ਨਾਲ ਜਾਂਦਾ ਹੈ ਪਰ ਬੋਲਿਆ ਦੋ ਅੱਖਰਾਂ ਨਾਲ ਹੀ ਜਾਂਦਾ ਹੈ ਜਿਵੇਂ-ਰਾਹ, ਬਾਹਰ।
੫. ਹਾਹਾ ਕਦੋਂ ਵਜ਼ਨ ਵਿੱਚ ਨਹੀਂ ਗਿਣਿਆ ਜਾਂਦਾ?
ਉੱਤਰ-੧. ਜਦੋਂ ਦੀਰਘ ਮਾਤਰਾ ਦੇ ਮਗਰ ਹੋਵੇ ਜਿਵੇਂ-ਬਾਹਰ ੨. ਜਾਂ ਜਦੋਂ ਕਿਸੇ ਅੱਖਰ ਦੇ ਪੈਰ’ਚ ਹੋਵੇ ਜਿਵੇਂ-ਚੜ੍ਹਿਆ।
੬. ਹਾਹਾ ਕਦੋਂ ਵਜ਼ਨ ਵਿੱਚ ਗਿਣਿਆ ਜਾਂਦਾ ਹੈ?
ਉੱਤਰ- ਜਦੋਂ ਹਾਹੇ ਦੇ ਮਗਰ ਕੋਈ ਦੀਰਘ ਮਾਤਰਾ ਲੱਗੀ ਹੋਵੇ।
ਪੈਰ ‘ਚ ਹਾਹੇ ਬਾਰੇ
੧. ਹਾਹੇ ਨੂੰ ਕਿਹੜਾ ਅੱਖਰ ਕਿਹਾ ਜਾਂਦਾ ਹੈ?
ਉੱਤਰ- ਹਾਹੇ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਜਿਹੜੇ ਅੱਖਰ ਪੈਰ’ਚ ਲਿਖੇ ਜਾਂਦੇ ਹਨ ਉਹਨਾਂ ਨੂੰ ਦੁੱਤ ਕਿਹਾ ਜਾਂਦਾ ਹੈ।
੨. ਹਾਹਾ ਕਦੋਂ ਵਜ਼ਨ ਵਿੱਚ ਨਹੀਂ ਗਿਣਿਆ ਜਾਂਦਾ?
ਉੱਤਰ-੧. ਜਦੋਂ ਦੀਰਘ ਮਾਤਰਾ ਦੇ ਮਗਰ ਹੋਵੇ ਜਿਵੇਂ-ਬਾਹਰ ੨. ਜਾਂ ਜਦੋਂ ਕਿਸੇ ਅੱਖਰ ਦੇ ਪੈਰ’ਚ ਹੋਵੇ ਜਿਵੇਂ-ਚੜ੍ਹਿਆ।
੩. ਹਾਹੇ ਦਾ ਉਚਾਰਨ ਸੁਰੀ ਕਦੋਂ ਹੁੰਦਾ ਹੈ?
ਉੱਤਰ- ਜਦੋਂ ਹਾਹੇ ਨੂੰ ਪੈਰ’ਚ ਲਿਖਿਆ ਜਾਂਦਾ ਹੈ।
੪. ਹਾਹਾ ਉੱਚੀ ਸੁਰ ਨੂੰ ਅੰਕਿਤ ਕਦੋਂ ਕਰਦਾ ਹੈ?
ਉੱਤਰ-ਹਾਹਾ ਉੱਚੀ ਸੁਰ ਨੂੰ ਅੰਕਿਤ ਉਦੋਂ ਕਰਦਾ ਹੈ ਜਦੋਂ ਬ, ਮ, ਲ, ੜ, ਇਹਨਾਂ ਅੱਖਰਾਂ ਦੇ ਪੈਰ’ਚ ਹੋਵੇ ਅਤੇ ਇਹਨਾਂ ਤੋਂ ਪਹਿਲਾਂ ਮੁਕਤਾ ਹੋਵੇ ਜਿਵੇਂ ਪੜ੍ਹ।
੫. ਹਾਹੇ ਨੂੰ ਸੁਰ ਦਾ ਚਿੰਨ ਕਦੋਂ ਮੰਨਿਆ ਜਾ ਸਕਦਾ ਹੈ?
ਉੱਤਰ- ਹਾਹੇ ਨੂੰ ਸੁਰ ਦਾ ਚਿੰਨ ਉਦੋਂ ਮੰਨਿਆ ਜਾ ਸਕਦਾ ਹੈ ਜਦੋਂ ਪੈਰ ‘ਚ ਲਿਖਿਆ ਜਾ ਸਕਦਾ ਹੈ।
ਹਾਹੇ ਦਾ ਉਚਾਰਨ
੧. ਹਾਹੇ ਨੂੰ ਕਿਹੜੀ ਧੁਨੀ ਕਿਹਾ ਜਾਂਦਾ ਹੈ?
ਉੱਤਰ- ਹਾਹੇ ਨੂੰ ਨਾਦ ਯੰਤਰੀ, ਗਲੌਟਲ, ਅਡੱਕਵੀਂ ਸੰਘਰਸ਼ੀ ਕਿਹਾ ਜਾਂਦਾ ਹੈ।
੨. ਅਡੱਕਵੀਂ ਸ਼ੰਘਰਸ਼ੀ ਧੁਨੀ ਕੀ ਹੁੰਦੀ ਹੈ?
ਉੱਤਰ- ਜਦੋਂ ਹਵਾ ਦੇ ਦਬਾਅ ਵਿੱਚ ਪੂਰਨ ਰੁਕਾਵਟ ਨਹੀਂ ਪੈਂਦੀ ਉਸ ਸਥਿਤੀ ਵਿੱਚੋਂ ਪੈਦਾ ਹੋਈਆਂ ਧੁਨੀਆਂ ਨੂੰ ਅਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ।
੩. ਹਾਹੇ ਨੂੰ ਨਾਦ ਯੰਤਰੀ ਧੁਨੀ ਕਿਉਂ ਕਿਹਾ ਜਾਂਦਾ ਹੈ?
ਉੱਤਰ-ਫੇਫੜਿਆਂ ਤੋਂ ਹੁੰਦੀ ਹੋਈ ਹਵਾ ਸਾਹ ਨਾਲੀ ਰਾਂਹੀ ਨਾਦ ਯੰਤਰ ਵਿੱਚੋਂ ਗੁਜ਼ਰਦੀ ਹੈ ਇੱਥੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਨਾਦ ਯੰਤਰੀ ਧੁਨੀਆਂ ਕਿਹਾ ਜਾਂਦਾ ਹੈ।
੪. ਹਾਹੇ ਨੂੰ ਨਾਦੀ, ਸੁਰਯੰਤਰੀ, ਸੰਘਰਸ਼ੀ ਜਾਂ ਵਿਅੰਜਨ ਕਦੋਂ ਮੰਨਿਆ ਜਾਂਦਾ ਹੈ?
ਉੱਤਰ- ਜਦੋਂ ਸ਼ਬਦ ਦੇ ਸ਼ੁਰੂ ਵਿੱਚ ਹੋਵੇ ਜਿਵੇਂ-ਹਰੇਕ, ਹਰ, ਹੁਕਮ
੫. ਕਿਹੜੇ ਅੱਖਰਾਂ ਵਿੱਚ ਹਾਹਾ ਦਾ ਉਚਾਰਨ ਵਿੱਚ ਭੁਲੇਖਾ ਪੈਂਦਾ ਹੈ?
ਉੱਤਰ- ਜਿਹਨਾਂ ਅੱਖਰਾਂ ਵਿੱਚ ਸੁਰ ਹੁੰਦਾ ਹੈ ਉਹਨਾਂ ਵਿੱਚ ਹਾਹਾ ਲਿਖਿਆ ਜਾਂਦਾ ਹੈ ਪਰ ਬੋਲਿਆ ਨਹੀਂ ਜਾਂਦਾ ਜਿਵੇਂ ਲੀਹ, ਰਾਹ ਇਸਨੂੰ ਲੀ, ਰਾ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਅੱਖਰਾਂ ਵਿੱਚ ਸੁਰ ਹੈ।
੬. ਹਾਹੇ ਦਾ ਉਚਾਰਨ ਵਿਅੰਜਨੀ ਕਦੋਂ ਹੁੰਦਾ ਹੈ?
ਉੱਤਰ- ਜਦੋਂ ਹਾਹਾ ਸ਼ਬਦ ਦੇ ਸ਼ੁਰੂ ਵਿੱਚ ਲਿਖਿਆ ਜਾਂਦਾ ਹੈ ਜਿਵੇਂ-ਹਾਕਮ, ਹੁਕਮ, ਹਰ, ਹਰੇਕ
੭. ਹਾਹਾ ਦਾ ਉਚਾਰਨ ਸੁਰੀ ਕਦੋਂ ਹੁੰਦਾ ਹੈ?
ਉੱਤਰ- ਜਦੋਂ ਹਾਹਾ ਕਿਸੇ ਸ਼ਬਦ ਦੇ ਵਿਚਕਾਰ ਜਾਂ ਕਿਸੇ ਸ਼ਬਦ ਦੇ ਅਖੀਰ ਤੇ ਲਿਖਿਆ ਜਾਵੇ ਜਿਵੇਂ – ਰਾਹ, ਬਹਾਰ।
੮. ਹਾਹੇ ਦੇ ਨਾਲ ਦੀਰਘ ਮਾਤਰਾ ਦਾ ਉਚਾਰਨ ਨੀਵੀਂ ਅਤੇ ਲੰਬੀ ਸੁਰ ਨਾਲ ਕਦੋਂ ਹੁੰਦਾ ਹੈ?
ਉੱਤਰ- ੧. ਜੇਕਰ ਹਾਹੇ ਤੋਂ ਪਹਿਲੇ ਅੱਖਰ ਨਾਲ ਦੀਰਘ ਹੋਵੇ ਤਾਂ ਫੇਰ ਪਹਿਲੇ ਸਵਰ ਦਾ ਉਚਾਰਨ ਉੱਚੀ ਸੁਰ ਨਾਲ ਹੁੰਦਾ ਹੈ ਜਿਵੇਂ-ਬਾਹਰ।
੨. ਜੇਕਰ ਹਾਹੇ ਦੇ ਮਗਰ ਦੀਰਘ ਮਾਤਰਾ ਹੋਵੇ ਤਾਂ ਫੇਰ ਨੀਵੀਂ ਸੁਰ ਨਾਲ ਉਚਾਰਨ ਹੁੰਦਾ ਹੈ ਜਿਵੇਂ-ਬਹਾਰ।
੯. ਹਾਹੇ ਦਾ ਉਚਾਰਨ ਐ ਅਤੇ ਅੋ ਕਦੋਂ ਹੁੰਦਾ ਹੈ?
ਉੱਤਰ-ਜਦੋਂ ਹਾਹੇ ਨਾਲ ਸਿਹਾਰੀ ਅਤੇ ਔਕੜ ਹੋਵੇ ਜਿਵੇਂ-ਲਹਿਰ, ਸਹੁਰਾ (ਨੋਟ- ੧. ਜਦੋਂ ਹਾਹੇ ਤੋਂ ਪਹਿਲੇ ਅੱਖਰ ਨਾਲ ਐ ਦੀ ਅਵਾਜ਼ ਆਵੇ ਤਾਂ ਹਾਹੇ ਨੂੰ ਸਿਹਾਰੀ ਪਾਉ ਜਿਵੇਂ-ਲੈਹਰ=ਲਹਿਰ)
੨. ਜਦੋਂ ਹਾਹੇ ਤੋਂ ਪਹਿਲੇ ਅੱਖਰ ਨਾਲ ਔ ਦੀ ਆਵਾਜ਼ ਆਵੇ ਤਾਂ ਹਾਹੇ ਨੂੰ ਔਂਕੁੜ ਪਾਉ ਜਿਵੇਂ ਸਹੌਰਾ-ਸਹੁਰਾ।
੧੦. ਹਾਹੇ ਦਾ ਉਚਾਰਨ ਏ ਅਤੇ ਓ ਕਦੋਂ ਹੁੰਦਾ ਹੈ?
ਉੱਤਰ-ਜਦੋਂ ਹਾਹੇ ਤੋਂ ਪਹਿਲੇ ਅੱਖਰ ਨਾਲ ਸਿਹਾਰੀ ਜਾਂ ਔਕੁੜ ਹੋਵੇ ਜਿਵੇਂ- ਬਿਹਾਰੀ, ਬੱਬਾ ਨੂੰ ਸਿਹਾਰੀ ਹੈ ਤੋਂ ਪਹਿਲਾਂ ਬੱਬਾ ਹੈ (ਨੋਟ- ੧. ਜਦੋਂ ਹਾਹੇ ਤੋਂ ਪਹਿਲੇ ਅੱਖਰ ਨਾਲ ਲਾਂ (ਏ) ਦੀ ਅਵਾਜ਼ ਆਵੇ ਤਾਂ ਹਾਹੇ ਤੋਂ ਪਹਿਲੇ ਅੱਖਰ ਨਾਲ ਸਿਹਾਰੀ ਪਾਉ ਜਿਵੇਂ-ਸੇਹਤ-ਸਿਹਤ, ਮੇਹਨਤ-ਮਿਹਨਤ)
ਧਿਆਨ ਦੇਣ ਯੋਗ- ਨਿੱਜੀ ਨਾਮ ਹਾਹੇ ਤੋਂ ਪਹਿਲਾਂ ਆਉਣ ਵਾਲੇ ਅੱਖਰ ਨਾਲ ਲਾਂ ਲੱਗਾ ਕੇ ਹੀ ਲਿਖੇ ਜਾਂਦੇ ਹਨ ਜਿਵੇਂ-ਮੇਹਰ ਸਿੰਘ
੨. ਜਦੋਂ ਹਾਹੇ ਤੋਂ ਪਹਿਲੇ ਅੱਖਰ ਨਾਲ ਓ ਦੀ ਆਵਾਜ਼ ਆਵੇ ਤਾਂ ਉਸਨੂੰ ਹੋੜਾ ਪਾਉ ਜਿਵੇਂ-ਸੁਹਣਾ-ਸੋਹਣਾ।
– ਰਾਮਪ੍ਰੀਤ ਸਿੰਘ ਲੰਗੇਆਣਾ ਨਵਾਂ 80549-07585
—————————————-