——————————————————————————
ਪੁਸਤਕ ਰੀਵਿਊ :
ਮੇਰਾ ਹੱਕ ਬਣਦਾ ਏ ਨਾ
——————————————————————————
ਪੁਸਤਕ ਰੀਵਿਊ: ਹੈਲੋ ! ਮੈ ਲਾਹੌਰ ਤੋਂ ਬੋਲਦਾਂ
ਪੁਸਤਕ : ਹੈਲੋ ! ਮੈ ਲਾਹੌਰ ਤੋਂ ਬੋਲਦਾਂ
ਲੇਖਕ : ਗੁਰਵਿੰਦਰ ਸਿੰਘ ‘ਗਿੱਲ ਰੌਂਤਾ ‘
ਪੰਨੇ: 128, ਕੀਮਤ :250$
ਪ੍ਰਕਾਸ਼ਨ : ਗਿੱਲ ਰੌਂਤਾਂ ਪ੍ਰੋਡਕਸ਼ਨ, ਰੌਂਤਾ (ਮੋਗਾ)।
ਪੁਸਤਕ “ਹੈਲੋ! ਮੈ ਲਾਹੌਰ ਤੋਂ ਬੋਲਦਾਂ” ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਪਲੇਠੀ ਰਚਨਾ ਹੈ। ਇਹ ਕਿਤਾਬ ਉਸ ਦੀ ਪਾਕਿਸਤਾਨ ਫੇਰੀ ਦਾ ਖੂਬਸੂਰਤ ਵਰਨਣ ਹੈ। ਲੇਖਕ ਉਂਝ ਪੰਜਾਬੀ ਗੀਤਕਾਰੀ ਦਾ ਸਥਾਪਿਤ ਨਾਮ ‘ਗਿੱਲ ਰੌਂਤਾ’ ਹੈ। ਇਹ ਕਿਤਾਬ ਇੱਕ ਸਫ਼ਰਨਾਮਾ ਹੁੰਦੇ ਹੋਏ ਵੀ ਸਫਰਨਾਮੇ ਤੋਂ ਵੱਧ ਕੇ ਦੋ ਮੁਲਕਾਂ ਦੇ ਇੱਕੋ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿਦੰਆ ਦੀ ਜ਼ਜਬਾਤੀ ਸਾਂਝ ਦੀ ਕਹਾਣੀ ਹੈ। ਪਾਕਿਸਤਾਨ ਜਾਣ ਦੇ ਸਬੱਬ ਦੀ ਗੱਲ ਕਰਦਾ ਲੇਖਕ ਜਦੋ ਆਪਣੇ ਸਾਥੀਆਂ ਨੂੰ ਇਹ ਗੱਲ ਕਹਿੰਦਾ ਕਿ ‘ਅੱਜ ਸਵੇਰ ਦਾ ਪਰਸ਼ਾਦਾ ਸ੍ਰੀ ਦਰਬਾਰ ਸਾਹਿਬ ਅ੍ਰਮਿਤਸਰ ਤੋਂ ਛੱਕ ਕੇ ਦੁਪਿਹਰ ਦੀ ਰੋਟੀ ਲਾਹੌਰ ਜਾ ਕੇ ਖਾਵਾਂਗੇ’। ਇਹ ਸਤਰਾਂ ‘ਚੜ੍ਹਦੇ’ ਅਤੇ ‘ਲਹਿੰਦੇ ਪੰਜਾਬ’ ਦੇ ਹਰ ਪੰਜਾਬੀ ਦੇ ਮਨ ਦੀਆਂ ਰੀਝਾਂ ਬਿਆਨਦੀਆਂ ਹਨ। ਲੇਖਕ ਦੀ ਮਾਂ ਵੱਲੋ ਪਾਕਿਸਤਾਨ ਜਾਣ ਦੇ ਤੌਲਖੇ ਦੀ ਬਜਾਏ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਦੀ ਗੱਲ ਚੜਦੇ ਪੰਜਾਬ ਦੇ ਲੋਕਾਂ ਦੀ ਧਾਰਮਿਕ ਵੇਦਨਾ ਦਾ ਬਹੁਤ ਸੁਚੱਜਾ ਪ੍ਰਗਟਾਵਾ ਹੈ। ਲੇਖਕ ਵੱਲੋ ਪਾਕਿਸਤਾਨ ਇੰਮੀਗਰੇਸ਼ਨ ਦੀ ਮੋਹਰ ਲਗਵਾਉਣ ਦਾ ਪ੍ਰਗਟਾਵਾ ਆਮ ਲੋਕਾਂ ਦੇ ਮਨ ਵਿੱਚੋ ਪਾਕਿਸਤਾਨੀ ਵੀਜ਼ੇ ਪ੍ਰਤੀ ਡਰ ਕੱਢਣ ਦਾ ਯਤਨ ਹੈ। ਲੇਖਕ ਨੂੰ ਲਾਹੌਰ ਦਾ ਆਲਾ ਦੁਆਲਾ ਬਿਲਕੁਲ ਆਪਣੇ ਪੰਜਾਬ ਵਰਗਾ ਨਜ਼ਰ ਆਉਦਾ ਹੈ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਲੋਕ, ਸਾਡੇ ਵਰਗੇ ਹੀ ਸਕੂਟਰ, ਮੋਟਰ ਸਾਈਕਲ ਅਤੇ ਨਹਿਰ ਦਾ ਕਿਨਾਰਾ, ਸਭ ਆਪਣੇ ਮੁਲਕ ਵਰਗਾ ਨਜ਼ਰ ਆਉਦਾ ਹੈ। ਫਿਰ ਬਾਬਾ ਨਜ਼ਮੀ ਵਰਗੇ ਸ਼ਾਇਰਾਂ ਨਾਲ ਮਿਲਣਾ, ਲੋਕ ਗਾਇਕ ‘ਸਾਂਈ ਜਹੂਰ’ ਜੀ ਦੀ ਸੰਗਤ ‘ਚ ਬੈਠਣਾ ਅਤੇ ਪਾਕਿਸਤਾਨੀ ਲੋਕਾਂ ਦਾ ਪੱਗ ਪ੍ਰਤੀ ਸਤਿਕਾਰ ਲੇਖਕ ਨੂੰ ਬਹੁਤ ਭਾਵੁਕ ਕਰਦਾ ਹੈ ਅਤੇ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੇ ਸਮੇ ਕਹਿਣਾ ‘ਹੈਲੋ ਮੈ ਲਾਹੌਰ ਤੋ ਬੋਲਦਾ’ ਬਹੁਤ ਹੀ ਉਤਸ਼ਾਹ ਭਰਪੂਰ ਬਿਆਨਕਾਰੀ ਹੈ। ਲੇਖਕ ਵੱਲੋ ਆਪਣੇ ਪਿੰਡ ‘ਰੌਂਤੇ’ ਤੋ ਵੰਡ ਵੇਲੇ ਗਏ ਦੋ ਬਜੁਰਗਾਂ ਨੂੰ ਉਹਨ੍ਹਾਂ ਦੇ ਪਿੰਡ ‘ਕਾਵਾਂ ਵਾਲੀ ਸਿੱਖਾਂ’ ਜਾ ਕਿ ਮਿਲਣ ਦੇ ਦ੍ਰਿਸ਼ ਦੀ ਪੇਸ਼ਕਾਰੀ ਇਸ ਕਿਤਾਬ ਦਾ ਸਿਖਰ ਹੋ ਨਿੱਬੜਦੀ ਹੈ। ਲੇਖਕ ਨੂੰ ਇਹ ਆਪਣਾ ਪਿੰਡ ਪ੍ਰਤੀਤ ਹੋਣ ਲੱਗਦਾ ਹੈ।
ਲੇਖਕ ਵੱਲੋ ਨਾਸਿਰ ਢਿੱਲੋ, ਅੰਜੁਮ ਗਿੱਲ, ਨਾਸਿਰ ਚਿਨਓਟੀ, ਸ਼ਾਹਿਦ ਨਕਵੀ, ਲਵਲੀ, ਸਾਮੀ ਜੱਟ, ਵੱਕਾਰ ਭਿੰਡਰ, ਵੱਕਾਸ ਹੈਦਰ ਅਤੇ ਰਾਏ ਅਜ਼ੀਜ ਉੱਲ੍ਹਾ ਖਾਨ ਸਾਹਿਬ ਵਰਗੇ ਅਸਲ ਪਾਤਰਾਂ ਦੇ ਨਾਲ ਮਿਲ ਬੈਠ ਗੱਪਾਂ ਮਾਰਨ ਦੇ ਦ੍ਰਿਸ਼ ਨੂੰ ਇੰਨੇ ਸੋਹਣੇ ਢੰਗ ਨਾਲ ਸਿਰਜਦਾ ਹੈ ਕਿ ਹਰੇਕ ਪਾਠਕ ਦਾ ਮਨ ਕਰਦਾ ਹੈ ਕਿ ਕਾਸ਼! ਮੈ ਵੀ ਇਹਨਾਂ ਮਹਿਫ਼ਲ ਦਾ ਸਿੰਗਾਰ ਹੁੰਦਾ। ਇਹ ਮਹਿਫ਼ਲਾਂ ਦੀ ਬਿਆਨਕਾਰੀ ਇਸ ਤਰ੍ਹਾਂ ਦੀ ਪ੍ਰਤੀਤ ਹੁੰਦੀ ਹੈ ਕਿ ਇਹ ਲੇਖਕ /ਕਲਾਕਾਰ ਸਾਥੀ ਜਿਵੇ ਇੱਕ ਪਿੰਡ ਦੀ ਸੱਥ ਵਿੱਚ ਕਿਤੇ ਇਕੱਠੇ ਬੈਠੇ ਹਨ ਅਤੇ ਰਾਤ ਨੂੰ ਘਰਾਂ ਨੂੰ ਚਲੇ ਜਾਣਗੇ ਅਤੇ ਸਵੇਰੇ ਫਿਰ ਇਕੱਠੇ ਹੋ ਜਾਣਗੇ। ਇਹਨ੍ਹਾਂ ਵਿਚਕਾਰ ਕੋਈ ਹੱਦ ਜਾਂ ਸਰਹੱਦ ਨਹੀ ਅਤੇ ਨਾ ਹੀ ਕੋਈ ਮਹਿਮਾਨ ਤੇ ਮੇਜ਼ਬਾਨ ਹੈ। ਲਾਹੌਰ ਸ਼ਹਿਰ ਦਾ ਖਾਣ ਪਾਣ, ਖਰੀਦੋ ਫਰੋਖ਼ਤ, ਧਾਰਮਿਕ ਇਮਾਰਤਾਂ ਆਦਿ ਨੂੰ ਵੀ ਸੋਹਣਾ ਚਿਤਰਿਆ ਹੈ। ਕਿਤਾਬ ਦੀਆਂ ਰੰਗੀਨ ਤਸਵੀਰਾਂ ਕਿਤਾਬ ਦੇ ਪਾਤਰਾਂ ਦਾ ਬਹੁਤ ਵਧੀਆਂ ਢੰਗ ਨਾਲ ਤੁਆਰਫ ਕਰਵਾਉਦੀਆਂ ਹਨ। ਕੁੱਲ ਮਿਲਾ ਕਿ ਕਿਤਾਬ ਪੜ੍ਹਨ ਯੋਗ ਹੈ। ਸੰਵੇਦਨਸ਼ੀਲ ਪਾਠਕਾਂ ਅੰਦਰ ਖਿੱਚ ਪੈਦਾ ਕਰਦੀ ਹੈ ਕਿ ਅਸੀ ਵੀ ਇੱਕ ਵਾਰ ਪਾਕਿਸਤਾਨ ਦਾ ਗੇੜ੍ਹਾ ਲਾ ਕੇ ਆਈਏ। ਪੁਸਤਕ ਦੀ ਦਿੱਖ ਵੀ ਚੰਗੀ ਹੈ। ਭਾਸ਼ਾ ਵੀ ਸਰਲ ਹੈ। ਕਿਤਾਬ ਸੁਨੇਹਾ ਦੇਣ ‘ਚ ਕਾਮਯਾਬ ਹੈ ਕਿ ਦੋਨੋ ਮੁਲਕਾਂ ਦੇ ਆਮ ਲੋਕਾਂ ਵਿੱਚ ਅੱਜ ਵੀ ਭਾਈਚਾਰਕ ਸਾਂਝ, ਅਪਣੱਤ, ਪਿਆਰ ਮੁਹੱਬਤ ਉਸੇ ਤਰ੍ਹਾਂ ਕਾਇਮ ਹੈ।
-ਸੁਤੰਤਰ
——————————————————————————
ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਤੇ ਮਾਨਵਤਾ ਵਾਦੀ ਕੇਂਦਰ ਭਗਤਾ ਭਾਈਕਾ ਨੇ ਵਾਤਾਵਰਣ ਸੰਬੰਧੀ ਸਮਾਗਮ ਕਰਵਾਇਆ
ਨਿਹਾਲ ਸਿੰਘ ਵਾਲਾ/ ਰਾਜਵਿੰਦਰ ਰੌਂਤਾ
ਲੇਖਕ ਵਿਚਾਰ ਮੰਚ ਰਜਿ: ਨਿਹਾਲ ਸਿੰਘ ਵਾਲਾ ਅਤੇ ਮਾਨਵਤਾ ਵਾਦੀ ਕੇਂਦਰ ਭਗਤਾ ਭਾਈ ਕਾ ਵਲੋਂ ਸਾਂਝੇ ਤੌਰ ਤੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਸੰਬੰਧੀ ਸਮਾਗਮ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਵਾਤਾਵਰਣ ਪ੍ਰੇਮੀ ਅਤੇ ਚਿੰਤਕਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਨਿਰਮਲ ਪੱਤੋ ਦੇ ਗਾਏ ਵਾਤਾਵਰਣ ਸੰਬਧੀ ਗੀਤ ਨਾਲ ਹੋਈ। ਸਮਾਗਮ ਦੌਰਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਵਲੋਂ ਵਾਤਾਵਰਣ ਨੂੰ ਬਚਾਉਣ ਲਈ ਅਜਿਹੇ ਸਮਾਗਮ ਕਰਵਾਉਣ ਲਈ ਕਿਹਾ। ਨਾਲ ਹੀ ਉਹਨਾਂ ਕਿਹਾ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਨਿਹਾਲ ਸਿੰਘ ਵਾਲਾ ਇਲਾਕੇ ਦੇ ਉੱਘੇ ਸਮਾਜ ਸੇਵੀ ਡਾਕਟਰ ਹਰਗੁਰਪ੍ਰਤਾਪ ਸਿੰਘ ਜੀ ਨੇ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਲਈ ਸਰਕਾਰਾਂ, ਉਦਯੋਗ ਅਤੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਵੇਂ ਕਿਸਾਨਾਂ ਵੱਲੋਂ ਜੋ ਫ਼ਸਲਾਂ ਦੇ ਬਚੇ ਹੋਏ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਇਸ ਲਈ ਵਾਤਾਵਰਣ ਨੂੰ ਦੂਸ਼ਿਤ ਕਰਨ ਲਈ ਜੋ ਜਿੰਨਾ ਵੀ ਜਿੰਮੇਵਾਰ ਹੈ ਉਸਦੀ ਉੱਨੀ ਹੀ ਨਿਖੇਧੀ ਵੀ ਕੀਤੀ ਜਾਣੀ ਚਾਹੀਦੀ ਹੈ। ਪਰ ਦੇਖਣ ਵਿਚ ਆਇਆ ਹੈ ਕਿ ਜੋ ਕਿਸਾਨ ਅੱਗਾਂ ਲਗਾਉਂਦੇ ਹਨ ਸਿਰਫ਼ ਵਾਤਾਵਰਣ ਸੰਬੰਧੀ ਉਹਨਾ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੈ ਇਹ ਸਹੀ ਵਰਤਾਰਾ ਨਹੀਂ ਹੈ। ਉਹਨਾਂ ਕਿਹਾ ਕਿ ਦੂਸ਼ਿਤ ਵਾਤਾਵਰਣ ਨਾਲ ਲੋਕਾਂ ਨੂੰ ਬਹੁਤ ਸਾਰੇ ਭਿਆਨਕ ਰੋਗ ਲੱਗਦੇ ਹਨ। ਉੱਘੇ ਵਾਤਾਵਰਣ ਪ੍ਰੇਮੀ ਸ਼ਰਵਪਲ ਸ਼ਰਮਾ ਜੀ ਵਲੋਂ ਹਾਜ਼ਰ ਸਾਰੇ ਵਾਤਾਵਰਣ ਪ੍ਰੇਮੀ ਅਤੇ ਚਿੰਤਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲਈ ਕਿਹਾ। ਇਸ ਮੌਕੇ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਵਲੋਂ ਉੱਘੇ ਰੰਗਕਰਮੀ ਸੁਖਦੇਵ ਲੱਧੜ ਅਤੇ ਸਮੁੱਚੀ ਟੀਮ ਵਲੋਂ ਨਾਟਕ ‘ਸੁਲਗਦੀ ਧਰਤੀ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਵਾਤਾਵਰਣ ਨੂੰ ਬਚਾਉਣ ਲਈ ਸੁਨੇਹਾ ਦੇਣ ਵਾਲੇ ਨਾਟਕ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਵੱਖ ਵੱਖ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਵਧੀਆ ਮਾਡਲ ਬਣਾਉਣ ਵਾਲੇ ਵਿਦਿਆਥੀਆਂ ਦਾ ਲੇਖਕ ਵਿਚਾਰ ਮੰਚ ਅਤੇ ਸਕੂਲ ਦੀ ਪ੍ਰਬੰਧਕੀ ਟੀਮ ਵਲੋਂ ਸਨਮਾਨ ਕੀਤਾ ਗਿਆ। ਉੱਘੇ ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਾੜ, ਲੇਖਕ ਬਲੌਰ ਸਿੰਘ, ਅਤੇ ਅਮ੍ਰਿਤ ਕਲੇਰ, ਸੋਹਣ ਸਿੰਘ ਕੇਸਰ ਸਿੰਘ ਵਾਲਾ ਨੇ ਆਪਣੇ ਆਪਣੇ ਵਿਚਾਰ ਰੱਖੇ । ਅਖੀਰ ਵਿੱਚ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸ੍ਰੀ ਤਰਸੇਮ ਗੋਪੀ ਕਾ ਵਲੋਂ ਆਏ ਹੋਏ ਸਾਰੇ ਵਾਤਾਵਰਣ ਪ੍ਰੇਮੀ ਅਤੇ ਚਿੰਤਕਾਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਮੈਡਮ ਸੁਮਨ ਸ਼ਰਮਾ ਪ੍ਰਿੰਸੀਪਲ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਲੋਂ ਵੀ ਆਏ ਹੋਏ ਸਾਰੇ ਵਾਤਾਵਰਣ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਗੁਰਮੀਤ ਸਿੰਘ ਹਮੀਰਗੜ੍ਹ ਅਤੇ ਮੈਡਮ ਕਮਲ ਦੀਦਾਰੇ ਵਾਲਾ ਵਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਹਰਵਿੰਦਰ ਬਿਲਾਸਪੁਰ, ਗੁਰਬਚਨ ਕਮਲ, ਨਿਰਮਲ ਪੱਤੋਂ, ਡਾਕਟਰ ਰਾਜਿੰਦਰ ਸਿੰਘ, ਸੋਹਣ ਸਿੰਘ ਕੇਸਰਵਾਲਾ, ਪ੍ਰਗਟ ਸਿੰਘ ਸਮਾਧ ਭਾਈ, ਸੀਰਾ ਗਰੇਵਾਲ, ਬਲਦੇਵ ਸਿੰਘ, ਸੂਬਾ ਸਿੰਘ, ਗੁਰਜੰਟ ਸਿੰਘ, ਜਸਕਰਨ ਸਿੰਘ, ਗੁਰਮੀਤ ਖਾਈ, ਬਲੌਰ ਸਿੰਘ ਸਿੱਧੂ ਪ੍ਰਧਾਨ ਸਾਹਿਤਕ ਮੰਚ ਭਗਤਾ ਭਾਈ, ਸੁਖਵਿੰਦਰ ਸਿੰਘ ਉੱਘੇ ਰੰਗਕਰਮੀ, ਅੰਮ੍ਰਿਤਪਾਲ ਕੌਰ ਕਲੇਰ, ਨਿਮਰਤ ਸੁੱਖ, ਸਾਧੂ ਸਿੰਘ, ਰਣਜੀਤ ਸਿੰਘ ਕੇਸਰ ਸਿੰਘ ਵਾਲਾ, ਸਿਕੰਦਰ ਸਿੰਘ, ਸਕੂਲ ਦਾ ਸਮੁੱਚਾ ਸਟਾਫ ਸਕੂਲ ਦੇ ਵਿਦਿਆਰਥੀ ਉਹਨਾਂ ਦੇ ਮਾਪੇ ਵੀ ਸਮਾਗਮ ਵਿੱਚ ਸ਼ਾਮਿਲ ਹੋਏ। ਆਏ ਹੋਏ ਸਾਰੇ ਮਹਿਮਾਨਾਂ ਅਤੇ ਬੱਚਿਆਂ ਨੂੰ ਅਨੰਦ ਸਾਗਰ ਅਕੈਡਮੀ ਅਤੇ ਲੇਖਕ ਵਿਚਾਰ ਮੰਚ ਵਲੋਂ ਫਲਾਂ ਅਤੇ ਛਾਂ ਦੇਣ ਵਾਲੇ ਰੁੱਖਾਂ ਦੇ ਪੌਦੇ ਵੀ ਵਂੰਡੇ ਗਏ।
——————————————————————————
ਮਾ. ਆਤਮਾ ਸਿੰਘ ਚੜਿੱਕ ਦੇ ਕਾਵਿ-ਸੰਗ੍ਰਿਹ ‘ਬੇਰੰਗੇ ਦੇ ਰੰਗ’ ਦੇ ਲੋਕ ਅਰਪਣ ਸਮਾਗਮ ਮੌਕੇ ਹੋਇਆਂ ਖਾਸ ਕਵੀ ਦਰਬਾਰ
ਮੋਗਾ/ 27 ਅਪ੍ਰੈਲ 2023/ ਭਾਗਵੰਤੀ
‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਮਾਸਟਰ ਆਤਮਾ ਸਿੰਘ ਚੜਿੱਕ ਦੀ ਦੂਸਰੀ ਪੁਸਤਕ ਕਾਵਿ ਸੰਗ੍ਰਹਿ ‘ਬੇਰੰਗੇ ਦੇ ਰੰਗ’ ਦੇ ਲੋਕ ਅਰਪਣ ਸਮਾਗਮ ਮੌਕੇ ਰੇਲਵੇ ਪਾਰਕ ਮਿੱਤਰ ਸਭਾ ਮੋਗਾ ਵੱਲੋਂ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਸੁਰਜੀਤ ਸਿੰਘ ਕਾਉਂਕੇ, ਬਿੱਕਰ ਸਿੰਘ ਮਾਣਕ, ਰਾਜੇਸ਼ ਕੁਮਾਰ ਲੱਕੀ, ਲਾਲੀ ਸ਼ਰਮਾ ਅਤੇ ਲੇਖਕ ਮਾ. ਆਤਮਾ ਸਿੰਘ ਚੜਿੱਕ ਬਿਰਾਜਮਾਨ ਹੋਏ। ਸਟੇਜ ਦੀ ਸੇਵਾ ਨਵਦੀਪ ਸ਼ਰਮਾ ਨੇ ਬਾਖੂਬੀ ਨਿਭਾਈ।
ਸੰਗੀਤਕ ਮਹਿਫਲ ਦੀ ਸ਼ੁਰੂਆਤ ਹਰਪ੍ਰੀਤ ਮੋਨੂੰ ਨੇ ‘ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ’ ਕਲਾਮ ਪੇਸ਼ ਕਰਕੇ ਕੀਤੀ। ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ ਇਸ ਕਾਵਿ ਪੁਸਤਕ ਸਬੰਧੀ ਗ਼ਜ਼ਲ ‘ਬੇਰੰਗੇ ਦੇ ਰੰਗ ਕਿਤਾਬ ਆਈ ਹੈ’ ਪੜ੍ਹੀ ਅਤੇ ਰੇਲਵੇ ਪਾਰਕ ਮਿੱਤਰ ਸਭਾ ਮੋਗਾ ਦੇ ਪ੍ਰਧਾਨ ਲਾਲੀ ਸ਼ਰਮਾ ਨੇ ਲੇਖਕ ਮਾ. ਆਤਮਾ ਸਿੰਘ ਚੜਿੱਕ ਦੇ ਜੀਵਨ ਅਤੇ ਵਿਲੱਖਣ ਗੁਣਾ ਬਾਰੇ ਝਾਤ ਪਾਈ। ਰਾਜੇਸ਼ ਕੁਮਾਰ ਲੱਕੀ ਨੇ ਮਾ. ਆਤਮਾ ਸਿੰਘ ਨੂੰ ਮੁੜ੍ਹਕੇ ਦੇ ਮੋਤੀ ਕਿਹਾ ਅਤੇ ਇਸ ਪੁਸਤਕ ਦੇ ਪ੍ਰਕਾਸ਼ਿਤ ਭਵਨਦੀਪ ਸਿੰਘ ਪੁਰਬਾ ਨੇ ਲੇਖਕ ਨੂੰ ਵਧਾਈ ਦਿੱਤੀ ਅਤੇ ਇਸ ਪੁਸਤਕ ਦੀ ਪ੍ਰਕਾਸ਼ਨਾ ਵਾਸਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੂੰ ਚੁਨਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਇਸ ਕਵੀ ਦਰਬਾਰ ਵਿੱਚ ਮਾਸਟਰ ਪ੍ਰੇਮ ਕੁਮਾਰ, ਕਰਮ ਸਿੰਘ ਕਰਮ, ਦਲਜੀਤ ਆਜ਼ਾਦ, ਬਿੱਕਰ ਸਿੰਘ ਮਾਣਕ, ਪਰਮਜੀਤ ਸਿੰਘ ਚੂਹੜਚੱਕ, ਭੁਪਿੰਦਰ ਸਿੰਘ ਜੋਗੇਵਾਲਾ, ਰਾਜਿੰਦਰ ਰਾਜਨ ਲੁਧਿਆਣਾ ਅਤੇ ਖੁਦ ਲੇਖਕ ਆਤਮਾ ਸਿੰਘ ਨੇ ਗ਼ਜ਼ਲ ‘ਮਹਿੰਗੀ ਮੰਡੀ ‘ਚ ਸਸਤਾ ਸਾਮਾਨ ਵਿਕਦਾ ਹੈ’ ਸੁਣਾ ਕੇ ਮਾਹੋਲ ਨੂੰ ਸਾਹਿਤਕ ਰੰਗ ਵਿੱਚ ਰੰਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਲੇਖਕ ਦੇ ਪ੍ਰੀਵਰਾਕ ਮੈਂਬਰਾਂ ਸਮੇਤ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਆਜਾਦ, ਕਮਲਜੀਤ ਸਿੰਘ ਬੁੱਘੀਪੁਰਾ, ਲਵਲੀ ਬੁੱਘੀਪੁਰਾ, ਸਮ੍ਹਾ ਅਰੋੜਾ, ਰਿੰਪੀ ਸ਼ਰਮਾ ਆਦਿ ਮੁੱਖ ਤੌਰ ਹਾਜਰ ਸਨ।
——————————————————————————
ਪੁਸਤਕ ਰੀਵਿਊ
ਬਦਲਾਅ ਦੀ ਤਾਕਤ
- ਬਲਜਿੰਦਰ ਕੌਰ ਕਲਸੀ, ਪਿੰਡ ਦਾਉਧਰ ਜ਼ਿਲ੍ਹਾ (ਮੋਗਾ)
ਲੇਖਕ : ਅਤਿੰਦਰਪਾਲ ਸਿੰਘ ਸੰਗਤਪੁਰਾ
ਪ੍ਰਕਾਸ਼ਨ : ਸਪਰੈੱਡ ਪਬਲੀਕੇਸ਼ਨ ਪਟਿਆਲਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ: 81468-08995
ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ।
ਮੈਂ ਅੱਜ ਤੁਹਾਡੇ ਨਾਲ ਇਸ ਕਿਤਾਬ ਦਾ ਰੀਵਿਊ ਸਾਂਝਾ ਕਰਨ ਜਾ ਰਹੀ ਹਾਂ। ਇਹ ਕਿਤਾਬ “ਬਦਲਾਅ ਦੀ ਤਾਕਤ” ਲੇਖ਼ਕ ਵੀਰ ਅਤਿੰਦਰਪਾਲ ਸਿੰਘ ਸੰਗਤਪੁਰਾ (ਮੋਗਾ) ਜੀ ਦੀ ਲਿਖੀ ਹੋਈ ਹੈ। ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਨਿਰਾਸ਼ਾ ਵਿੱਚ ਘਿਰਿਆ ਹੋਇਆ ਹੈ। ਪਰ ਉਸਨੂੰ ਇਸ ਵਿੱਚੋਂ ਬਾਹਰ ਆਉਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ ਕਿਉਂਕਿ ਆਪਣੇ ਤਣਾਅ ਨੂੰ ਖ਼ਤਮ ਕਰਨ ਲਈ ਹਰ ਕੋਈ ਮਨ ਨੂੰ ਸਮਝਣ ਵਾਲੇ ਡਾਕਟਰ ਤੱਕ ਪਹੁੰਚ ਨਹੀਂ ਕਰ ਸਕਦਾ। ਜੇਕਰ ਤੁਸੀਂ ਸੱਚਮੁੱਚ ਉਦਾਸੀ ਨੂੰ ਛੱਡਕੇ ਸਕਾਰਾਤਮਕ ਊਰਜਾ ਨਾਲ ਭਰਨਾ ਚਾਹੁੰਦੇ ਹੋ ਤਾਂ ਇਹ ਕਿਤਾਬ ਤੁਹਾਡੇ ਲਈ ਲਿਖੀ ਗਈ ਹੈ। ਮੈਂ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਕਿ ਜੇ ਤੁਸੀਂ ਡਾਵਾਂਡੋਲ ਹੋਈ ਜ਼ਿੰਦਗੀ ਨੂੰ ਕਿਸੇ ਭਟਕਣ ਵਿੱਚ ਉਲਝੀ ਹੋਈ ਨੂੰ ਇੱਕ ਸਾਰ ਸਹਿਜ ਨਾਲ ਜਿਉਣਾਂ ਚਾਹੁੰਦੇ ਹੋ ਤਾਂ ਇੱਕ ਵਾਰ ਇਸ ਕਿਤਾਬ ਨੂੰ ਜ਼ਰੂਰ ਪੜ੍ਹਿਆ ਜਾਵੇ।
“ਵਕ਼ਤ ਬਦਲੇ ਚਾਹੇ ਨਾ ਬਦਲੇ,
ਮੈਂ ਜ਼ਰੂਰ ਬਦਲਾਂਗਾ ਆਪਣੇ ਆਪ ਨੂੰ,
ਹੁਣ ਮੈਨੂੰ ਜਿਉਂਣ ਲਈ ਸਿਰਫ਼ ਸਾਹ ਚਾਹੀਦੇ ”
ਇਹ ਕਿਤਾਬਾਂ ਵੀ ਸਾਡੇ ਹਾਲਾਤਾਂ ਨੂੰ ਬਦਲਣ ਦੀ ਹਿੰਮਤ ਰੱਖਦੀਆਂ ਹਨ। ਜੇਕਰ ਤਜ਼ਰਬੇਕਾਰ ਤੇ ਸੁਲਝੇ ਹੋਏ ਇਨਸਾਨ ਦੀਆਂ ਲਿਖੀਆਂ ਹੋਈਆਂ ਹੋਣ ਜਿੰਨ੍ਹਾਂ ਤੋਂ ਸੇਧ ਲੈ ਕੇ ਕੁਝ ਸਿੱਖਿਆ ਤੇ ਬਦਲਿਆ ਜਾ ਸਕੇ। “ਕਿਸਮਤ ਤੁਹਾਨੂੰ ਕਿੱਥੇ ਲਿਜਾ ਰਹੀ ਹੈ,ਇਹ ਮਾਇਨੇ ਨਹੀਂ ਰੱਖਦਾ। ਤੁਸੀਂ ਕਿਸਮਤ ਨੂੰ ਕਿੱਥੇ ਲਿਜਾਣਾ ਚਾਹੁੰਦੇ ਹੋ, ਇਹ ਜ਼ਰੂਰ ਮਾਇਨੇ ਰੱਖਦਾ ਹੈ”। ਮਾੜੇ ਹਲਾਤਾਂ ਵਿੱਚ ਪੈਦਾ ਹੋਣਾ ਉਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਪਰ ਜੇਕਰ ਜਗ ਜਹਾਨੋਂ ਤੁਰ ਵੀ ਉਹੀ ਮਾੜੇ ਹਲਾਤਾਂ ਵਿੱਚ ਜਾਈਏ ਤਾਂ ਕਿਤੇ ਨ ਕਿਤੇ ਸਾਡਾ ਕਸੂਰ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਸਮੇਂ ਅਨੁਸਾਰ ਨਹੀਂ ਢਾਲਦੇ ਤੇ ਮਾੜੇ ਸਮੇਂ ਨੂੰ ਚੰਗਾ ਬਣਾਉਣ ਲਈ ਖ਼ੁਦ ਨੂੰ ਕਾਬਿਲ ਨਹੀਂ ਬਣਾਉਂਦੇ ਹਾਲਾਤਾਂ ਨਾਲ ਲੜਣ ਤੇ ਖੜਣ ਦੀ ਤਾਕ਼ਤ ਸਾਡੇ ਖ਼ੁਦ ਵਿੱਚ ਹੁੰਦੀ ਹੈ ਪਰ ਅਸੀਂ ਆਪਣੇ ਆਪ ਨੂੰ ਪਛਾਣਦੇ ਨਹੀਂ ਸਾਡੇ ਜ਼ਹਿਨ ਵਿੱਚ ਹੀ ਬਹੁਤ ਕੁਝ ਛੁਪਿਆ ਹੋਇਆ ਹੈ ਲੋੜ ਹੈ ਖ਼ੁਦ ਨੂੰ ਤਰਾਸ਼ਣ ਦੀ ਤੇ ਬਦਲਣ ਦੀ।
“ਜਦੋਂ ਤੁਸੀਂ ਬਦਲਣ ਦਾ ਫੈਸਲਾ ਕਰ ਲਵੋ ਤਾਂ ਕੋਈ ਵੀ ਸਥਿਤੀ ਤੇ ਬਦਲਾਅ ਤੁਹਾਨੂੰ ਬਦਲਣ ਤੋਂ ਨਹੀਂ ਰੋਕ ਸਕਦੇ”। ਜੇ ਤੁਸੀਂ ਸਚਮੁੱਚ ਹੀ ਜ਼ਿੰਦਗੀ ਤੋਂ ਨਿਰਾਸ਼ ਹੋ, ਹਾਰੇ ਹੋਏ ਮਹਿਸੂਸ ਕਰਦੇ ਹੋ ਤੇ ਜੇ ਖ਼ੁਦ ਨੂੰ ਜਿੱਤਣਾ ਚਾਹੁੰਦੇ ਹੋ, ਡਿੱਗੇ ਹੋਏ ਹੋ ਤਾਂ ਉੱਠੋ, ਜਾਗੋ ਤੇ ਬਦਲਾਅ ਦੀ ਤਾਕਤ ਕਿਤਾਬ ਨੂੰ ਪੜ੍ਹੋ ਜ਼ਿੰਦਗੀ ਨੂੰ ਬਦਲਣ ਦੇ ਲਈ ਕਈ ਰਾਸਤੇ ਲੱਭਣਗੇ,ਨਵੀਆਂ ਰਾਹਾਂ ਤੇ ਤੁਰਕੇ ਅਤੀਤ ਨੂੰ ਭੁਲੋਗੇ ਤੇ ਭਵਿੱਖ ਨੂੰ ਨਾਪੋਗੇ। “ਜੋ ਲੋਕ ਰੌਸ਼ਨੀ ਦੇ ਦੀਵਾਨੇ ਹੋ ਜਾਣ, ਉਹ ਹਨੇਰੇ ਨੂੰ ਖ਼ਤਮ ਕਰਨਾ ਆਪਣੇ ਆਪ ਸਿੱਖ ਜਾਂਦੇ ਹਨ”।
ਮੈਂ ਇਸ ਕਿਤਾਬ ਨੂੰ ਪੜ੍ਹਕੇ ਬਹੁਤ ਕੁਝ ਨਵਾਂ ਸਿੱਖਿਆ ਹੈ ਇਹ ਕਿਤਾਬ ਬਿਲਕੁਲ ਇਨਸਾਨ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਦੀ ਤਾਕਤ ਰੱਖਦੀ ਹੈ ਜੇਕਰ ਕਿਤਾਬ ਦੀ ਬੁੱਕਲ ਵਿੱਚ ਬਹਿ ਕੇ ਕਿਤਾਬ ਨੂੰ ਪੜ੍ਹਿਆ ਜਾਵੇ। ਹਰ ਚੰਗੀ ਕਿਤਾਬ ਧਿਆਨ ਮੰਗਦੀ ਹੈ। ਲੇਖ਼ਕ ਵੀਰ ਅਤਿੰਦਰਪਾਲ ਸਿੰਘ ਜੀ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਇਸ ਕਿਤਾਬ “ਬਦਲਾਅ ਦੀ ਤਾਕਤ”। ਰਾਹੀਂ ਕਈ ਬਹੁਮੁੱਲੇ ਸ਼ਬਦਾਂ ਦੀ ਤਾਕਤ ਨੂੰ ਪਰ੍ਹੋ ਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਆਕਾਲ।
——————————————————————————
ਸ. ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ “ਮਾਂ ਦੇ ਸੁਪਨਿਆਂ ਦੀ ਪਰਵਾਜ਼” ਲੋਕ ਅਰਪਨ
- ਮਵਦੀਲਾ ਬਿਓਰੋ
ਜ਼ਿਲ੍ਹਾ ਬਰਨਾਲਾ ਦੇ ਨੇੜਲੇ ਪਿੰਡ ਕੁਰੜ ਦੇ ਉੱਘੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਜਿੰਨ੍ਹਾਂ ਨੇ ਆਪਣੀ ਗੀਤਕਾਰੀ ਤੇ ਆਪਣੀਆਂ ਰਚਨਾਵਾਂ ਰਾਹੀਂ ਅੰਤਰਰਾਸ਼ਟਰੀ ਪਹਿਚਾਣ ਬਣਾਈ ਹੋਈ ਹੈ। ਉਹਨਾਂ ਦੀ ਪਤਨੀ ਉੱਘੀ ਲੇਖਿਕਾ ਗਗਨਦੀਪ ਕੌਰ ਧਾਲੀਵਾਲ ਜਿਸ ਨੇ ਆਪਣੀਆਂ ਰਚਨਾਵਾਂ ਦੀ ਲੇਖਣੀ ਨਾਲ਼ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਬਣਾਈ ਹੋਈ ਹੈ। ਪਹਿਲਾ ਵੀ ਗਗਨਦੀਪ ਕੌਰ ਧਾਲੀਵਾਲ ਲਗ-ਪਗ ਦਰਜਨ ਪੁਸਤਕਾਂ ਸੰਪਾਦਿਤ ਕਰਕੇ ਸਾਹਿਤ ਦੀ ਝੋਲੀ ਪਾ ਚੁੱਕੀ ਹੈ।ਬੀਤੀ 10 ਜੂਨ 2022 ਨੂੰ ਸ.ਸੁਖਚੈਨ ਸਿੰਘ ਕੁਰੜ ਨੇ ਆਪਣੀ ਮਾਂ ਦੀ ਬਰਸੀ ਤੇ ਵਿਸ਼ੇਸ਼ ‘ਮਾਂ ਦੇ ਸੁਪਨਿਆਂ ਦੀ ਪਰਵਾਜ਼’ ਸੰਪਾਦਿਤ ਸਾਂਝੇ ਕਾਵਿ ਤੇ ਗੀਤ ਸੰਗ੍ਰਹਿ ਨੂੰ ਪਿੰਡ ਦੇ ਗੁਰੂਘਰ ਗੁਰਦੁਆਰਾ ਮਿਲਾਪਸਰ ਵਿਖੇ ਪ੍ਰਬੰਧਕ ਕਮੇਟੀ ਤੇ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਨ ਕੀਤਾ।
ਇਸ ਮੌਕੇ ਉੱਘੇ ਪਰਚਾਰਕ ਮਨਜੀਤ ਸਿੰਘ ਨੇ ਪਿੰਡ ਦੀ ਸੰਗਤ ਦੀ ਹਾਜ਼ਰੀ ਵਿੱਚ ‘ਮਾਂ ਦੇ ਸੁਪਨਿਆਂ ਦੀ ਪਰਵਾਜ਼’ ਕਿਤਾਬ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿੱਚ ਲਗਭਗ 36 ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਗੀਤ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਤੇ ਅਰਦਾਸ ਕਰਵਾਈ ਗਈ। ਅਰਦਾਸ ਕਰਨ ਉਪਰੰਤ ਪਰਿਵਾਰ ਵੱਲੋਂ ਮਾਂ ਦੀ ਬਰਸੀ ‘ਤੇ ਵਿਸ਼ੇਸ਼ ਪਿੰਡ ਦੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਸਮੇਤ ਪਿੰਡ ਦੀ ਮਸਜਿਦ ਤੇ ਗੁਰੂਘਰਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਭੇਂਟ ਕੀਤਾ ਗਿਆ। ਪਰਿਵਾਰ ਵੱਲੋਂ ਪ੍ਰਚਾਰਕ ਸ. ਮਨਜੀਤ ਸਿੰਘ ਤੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ.ਗੁਰਚਰਨ ਸਿੰਘ ਬਦੇਸ਼ਾ, ਪਰਗਟ ਸਿੰਘ ਬਦੇਸ਼ਾ, ਗਗਨਦੀਪ ਕੌਰ ਸਿੱਧੂ, ਅਨਮੋਲ ਸਿੰਘ ਸਿੱਧੂ, ਸੰਤੋਖ ਸਿੰਘ ਗਿੱਲ, ਗੁਰਮੀਤ ਕੌਰ, ਪ੍ਰਿਥੀ ਸਿੰਘ ਬਦੇਸ਼ਾ, ਪ੍ਰੀਤਮ ਕੌਰ ਬਦੇਸ਼ਾ, ਗਗਨਪ੍ਰੀਤ ਕੌਰ ਬਦੇਸ਼ਾ, ਮਨਦੀਪ ਕੌਰ ਬਦੇਸ਼ਾ ਪਰਿਵਾਰਕ ਮੈਂਬਰ ਅਤੇ ਮੌਕੇ ‘ਤੇ ਪਿੰਡ ਦੇ ਮੋਹਤਬਰ ਅਮਰ ਸਿੰਘ ਸਿੱਧੂ, ਚੰਦ ਸਿੰਘ ਧਾਲੀਵਾਲ, ਭਾਗ ਸਿੰਘ ਸਰਾਂ ਹਾਜ਼ਰ ਸਨ।
——————————————————————————
ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਰਾਜਿੰਦਰ ਸਿੰਘ ਜੱਸਲ ਨੂੰ ‘ਪਿਆਰਾ ਸਿੰਘ ਦਾਤਾ’ ਪੁਰਸਕਾਰ ਨਾਲ ਕੀਤਾ ਸਨਮਾਨਿਤ
ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ
- ਡਾ ਸਾਧੂ ਰਾਮ ਲੰਗੇਆਣਾ
ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ 16ਵਾਂ ‘ਪਿਆਰਾ ਸਿੰਘ ਦਾਤਾ’ ਸਾਲਾਨਾ ਪੁਰਸਕਾਰ ਜੋ ਇਸ ਵਾਰ ਉੱਘੇ ਸਾਹਿਤਕਾਰ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਵਿਅੰਗਕਾਰ ਰਾਜਿੰਦਰ ਸਿੰਘ ਜੱਸਲ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਉਸ ਸਬੰਧੀ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦੇ ਸੰਚਾਲਕ ਪਰਮਜੀਤ ਸਿੰਘ ਅਤੇ ਰਾਜਿੰਦਰ ਸਿੰਘ ਦੇ ਸਹਿਯੋਗ ਨਾਲ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਯੋਗ ਰਹਿਨੁਮਾਈ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਵਿੱਚ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਕੁਲਦੀਪ ਸਿੰਘ ਬੇਦੀ (ਸੰਪਾਦਕ ਅਸਲੀ ਪੰਜਾਬੀ ਮੀਰਜਾਦਾ), ਬਲਦੇਵ ਸਿੰਘ ਸੜਕਨਾਮਾ, ਗੁਰਬਚਨ ਸਿੰਘ ਚਿੰਤਕ ਅਤੇ ਪ੍ਰਧਾਨ ਕੇ ਐਲ ਗਰਗ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਪੰਜਾਬੀ ਗਾਇਕ ਹਰਿੰਦਰ ਸੋਹਲ ਅਤੇ ਹਰਪ੍ਰੀਤ ਸਿੰਘ ਮੋਗਾ ਵੱਲੋਂ ਤਰੰਨਮ ਵਿਚ ਪੇਸ਼ ਕੀਤੇ ਗਏ ਸਵਾਗਤੀ ਗੀਤਾਂ ਨਾਲ ਹੋਈ, ਉਪਰੰਤ ਕੇ ਐਲ ਗਰਗ ਅਤੇ ਸਟੇਜ ਸੰਚਾਲਕ ਗੁਰਮੀਤ ਕੜਿਆਲਵੀ ਵੱਲੋਂ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਮਾਸਟਰ ਬਿੱਕਰ ਸਿੰਘ ਭਲੂਰ, ਡਾ ਸੁਰਜੀਤ ਬਰਾੜ, ਕੁਲਦੀਪ ਸਿੰਘ ਬੇਦੀ, ਪ੍ਰਿੰਸੀਪਲ ਰਘਬੀਰ ਸਿੰਘ, ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਸਿੰਘ ਕਾਉਂਕੇ, ਬੁੱਧ ਸਿੰਘ ਨੀਲੋਂ, ਅਮਰ ਸੂਫੀ, ਅਸ਼ੋਕ ਚਟਾਨੀ ਵੱਲੋਂ ਵਿਅੰਗ ਅਤੇ ਹਾਸ ਵਿਅੰਗ ਦੀ ਸਾਰਥਿਕਤਾ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਸਨਮਾਨਿਤ ਯੋਗ ਸਖ਼ਸ਼ੀਅਤਾਂ ਹਰਮਿੰਦਰ ਸਿੰਘ ਕੁਹਾਰਵਾਲਾ ਦੇ ਸਾਹਿਤਕ ਸਫ਼ਰ ਬਾਰੇ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਜਦੋਂ ਕਿ ਰਾਜਿੰਦਰ ਸਿੰਘ ਜੱਸਲ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਪ੍ਰੋਫੈਸਰ ਪਰਮਿੰਦਰ ਸਿੰਘ ਤੱਗੜ ਵੱਲੋਂ ਸਨਮਾਨ ਪੱਤਰ ਪੜ੍ਹੇ ਗਏ। ਇਸ ਦੇ ਨਾਲ ਹੀ ਕੇ ਐਲ ਗਰਗ ਵੱਲੋਂ ਸਮਾਗਮ ਦੌਰਾਨ ਰਿਲੀਜ਼ ਹੋਣ ਵਾਲੀਆਂ ਪੁਸਤਕਾਂ ਅਤੇ ਪੁਸਤਕਾਂ ਦੇ ਲੇਖਕਾਂ ਬਾਰੇ ਸੰਖੇਪ ਰੂਪ ਵਿੱਚ ਰੋਸ਼ਨੀ ਪਾਈ ਗਈ। ਉਪਰੰਤ ਹੋਏ ਸਨਮਾਨ ਸਮਾਰੋਹ ਦੌਰਾਨ ਉਕਤ ਪ੍ਰਧਾਨਗੀ ਮੰਡਲ ਵੱਲੋਂ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਰਾਜਿੰਦਰ ਸਿੰਘ ਜੱਸਲ ਨੂੰ ਪਿਆਰਾ ਸਿੰਘ ਦਾਤਾ ਪੁਰਸਕਾਰ ਜਿਸ ਵਿਚ ਗਿਆਰਾਂ ਹਜ਼ਾਰ ਨਕਦ ਰਾਸ਼ੀ, ਗਰਮ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਸਾਂਝੇ ਤੌਰ ਤੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਨਮਾਨਿਤਯੋਗ ਸਖਸ਼ੀਅਤਾਂ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਅਤੇ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦਾ ਤਹਿ ਦਿਲੋਂ ਹਾਰਦਿਕ ਸਵਾਗਤ ਕੀਤਾ ਗਿਆ। ਉਪਰੰਤ ਉਕਤ ਪ੍ਰਧਾਨਗੀ ਮੰਡਲ ਵੱਲੋਂ ਨਵ ਪ੍ਰਕਾਸ਼ਿਤ ਪੁਸਤਕਾਂ, ‘ਕਿਉਂ ਅਤੇ ਕਿਵੇਂ’ ਲੇਖਕ ਸ੍ਰੀ ਜੋਧ ਸਿੰਘ ਮੋਗਾ, ‘ਚੇਤਿਆਂ ਦੀ ਉਡਾਰੀ’ ਲੇਖਕ ਪ੍ਰਿੰ.ਜਸਵੰਤ ਸਿੰਘ ਮੋਗਾ, ‘ਗਮਾਂ ਦੀ ਮਹਿਫਿਲ’ ਲੇਖਕ ਸੋਢੀ ਸੱਤੋਵਾਲੀ, ‘ਤਖਤ ਸਿੰਘ ਕੋਮਲ ਦਾ ਚੋਣਵਾਂ ਹਾਸ-ਵਿਅੰਗ’ ਸੰਪਾਦਕ ਕੇ.ਐਲ.ਗਰਗ, ‘ਮੈਂ ਨਹੀਂ ਡਰਦਾ ਵਹੁਟੀ ਤੋਂ’ ਲੇਖਕ ਕੰਵਲਜੀਤ ਭੋਲਾ ਲੰਡੇ, ‘ਕਲੀਨ ਚਿੱਟ ਦੇ ਦਿਉ ਜੀ’ (ਵਿਅੰਗ-ਸੰਗ੍ਰਹਿ)’ ਲੇਖਕ ਮੰਗਤ ਕੁਲਜਿੰਦ ਸਿਆਟਲ ਅਤੇ ਮਾਲਵਿੰਦਰ ਸਿੰਘ ਸ਼ਾਇਰ ਦੀ ਪੁਸਤਕ ‘ਬੀਬੇ ਬਗਲੇ’ ਲੋਕ-ਅਰਪਣ ਕੀਤੀਆਂ ਗਈਆਂ।
ਸਮਾਗਮ ਦੇ ਅਖੀਰ ਵਿੱਚ ਹੋਏ ਹਾਸਰਸ ਕਵੀ ਦਰਬਾਰ ਵਿੱਚ ਸਤੀਸ਼ ਧਵਨ ਭਲੂਰ, ਲਾਲੀ ਕਰਤਾਰਪੁਰੀ, ਅਸ਼ੋਕ ਚਟਾਨੀ, ਅਮਰ ਘੋਲੀਆ, ਜਸਵੀਰ ਸਿੰਘ ਭਲੂਰੀਆ, ਲਖਵੀਰ ਕੋਮਲ ਆਲਮਵਾਲਾ, ਸਰਬਜੀਤ ਕੌਰ ਮਾਹਲਾ, ਅਵਤਾਰ ਸਿੰਘ ਕਰੀਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜੋਗਿੰਦਰ ਸਿੰਘ ਸੰਧੂ, ਸੋਢੀ ਸੱਤੋਵਾਲ, ਹਰਿੰਦਰ ਸੋਹਲ, ਡਾ ਸਾਧੂ ਰਾਮ ਲੰਗੇਆਣਾ, ਗੁਰਦੇਵ ਦਰਦੀ, ਹਰਵਿੰਦਰ ਸਿੰਘ ਰੋਡੇ, ਕੰਵਲਜੀਤ ਭੋਲਾ ਲੰਡੇ, ਨਰਾਇਣ ਸਿੰਘ ਮੰਘੇੜਾ, ਨਰਿੰਦਰ ਰੋਹੀ, ਗਗਨਦੀਪ ਸਿੰਘ ਸਾਂਵਲ, ਕਾਮਰੇਡ ਜੋਗਿੰਦਰ ਸਿੰਘ ਨਾਹਰ, ਜੋਧ ਸਿੰਘ ਮੋਗਾ, ਹਰਪ੍ਰੀਤ ਮੋਗਾ, ਮਨੋਜ਼ ਫਗਵਾੜਵੀ, ਪ੍ਰਦੀਪ ਭੰਡਾਰੀ, ਕਮਲਜੀਤ ਕੌਰ, ਕ੍ਰਿਸ਼ਨ ਸੂਦ, ਸੁਰਜੀਤ ਸਿੰਘ ਕਾਲੇਕੇ, ਸਿਮਰਜੀਤ ਕੌਰ, ਰਛਪਾਲ ਸਿੰਘ ਚੰਨੂਵਾਲਾ, ਅਰੁਣ ਸ਼ਰਮਾ, ਬਲਵਿੰਦਰ ਬਾਦਲ ਲੰਡੇ ਨੇ ਆਪੋ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ। ਇਸ ਮੌਕੇ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਪੇਂਟਿੰਗ ਕੀਤੀਆਂ ਕੁਝ ਤਸਵੀਰਾਂ ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀਆਂ ਗਈਆਂ। ਅੰਤ ਵਿੱਚ ਬਲਦੇਵ ਸਿੰਘ ਸੜਕਨਾਮਾ ਵੱਲੋਂ ਪਹੁੰਚੀਆਂ ਹੋਈਆਂ ਸਭ ਸਖਸ਼ੀਅਤਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਗੁਰਮੀਤ ਸਿੰਘ ਕੜਿਆਲਵੀ ਵੱਲੋਂ ਬਾਖੂਬੀ ਨਿਭਾਈ ਗਈ।
——————————————————————————
ਨਵੇ ਪੋਜ਼ ਦੀ ਅਗਾਂਹਵਧੂ ਸ਼ਾਇਰਾ -ਬਰਾੜ ਜੈਸੀ
‘ਮੈਂ ਸਾਉ ਕੁੜੀ ਨਹੀਂ ਹਾਂ ‘ ਪੁਸਤਕ ਨਾਲ ਹੋਈ ਚਰਚਿਤ
- ਰਾਜਵਿੰਦਰ ਰੌਂਤਾ, V.P.O. ਰੌਂਤਾ (ਮੋਗਾ)। Mob. 98764-86187
ਕਿਸੇ ਕਵਿਤਰੀ ਦੀ ਪਲੇਠੀ ਪੁਸਤਕ ਪੰਜਵੀਂ ਵਾਰ ਛਪੇ ਇਸ ਤੋਂ ਵੱਡੀ ਮਾਣ ਵਾਲੀ ਗੱਲ ਭਲਾ ਕੀ ਹੋ ਸਕਦੀ ਹੈ। ਓਹ ਪੁਸਤਕ ਹੈ ‘ਮੈ ਸਾਊ ਕੁੜੀ ਨਹੀਂ ਹਾਂ’। ਬਰਾੜ ਜੈਸੀ ਨਵੇਂ ਪੋਜ਼ ਦੀ ਸ਼ਾਇਰਾ ਹੈ। ਬਰਾੜ ਜੈਸੀ ਦੀ ਪੁਸਤਕ ‘ਚੋਂ ਸ਼ਾਇਰੀ ਸੋਸ਼ਲ ਮੀਡੀਆ ਤੇ ਨੌਜਵਾਨ ਕੁੜੀਆਂ ਦੀ ਪਸੰਦ ਬਣੀ ਹੋਈ ਹੈ। ਬੁੱਕ ਸਟਾਲਾਂ ਤੇ ਵੱਡੇ ਲੇਖਕਾਂ ਦੀਆਂ ਪੁਸਤਕਾਂ ਵਾਂਗ ਪਾਠਕ ‘ਮੈਂ ਸਾਊ ਕੁੜੀ ਨਹੀਂ ਹਾਂ’ ਮੰਗ ਦੇ ਹਨ । ਇਹ ਉਸਦਾ ਹਾਸਲ ਹੈ। ਜੈਸੀ ਨੂੰ ਇਸ ਪੁਸਤਕ ਰਾਹੀਂ ਬਹੁਤ ਮਾਣ ਸਨਮਾਨ ਤੇ ਖਾਸਕਰ ਨੌਜਵਾਨ ਪਾਠਕ ਵਰਗ ਮਿਲਿਆ ਹੈ। ਉਹ ਕਿਸੇ ਬੇਗਾਨੇ ਫੰਗਾਂ ਆਦਿ ਰਾਹੀਂ ਨਹੀਂ ਹਿੱਕ ਦੇ ਜ਼ੋਰ ਤੇ ਕਲਮ ਦੀ ਤਾਕਤ ਨਾਲ ਚਮਕੀ ਹੈ। ਆਪਣੇ ਆਪ ਨੂੰ ਮੈ ਸਾਊ ਕੁੜੀ ਨਹੀਂ ਆਖਣਾ, ਕਿੱਡੀ ਦਲੇਰੀ ਹੈ। ਇਕ ਮੁੰਡਾ ਵੀ ਕਹੇ ਕਿ ਮੈ ਸਾਊ ਨਹੀਂ ਤਾਂ ਉਸ ਨੂੰ ਵੀ ਲੋਕ ਕੈਰੀ ਅੱਖ ਨਾਲ ਵੇਖਣਗੇ।
ਅਸਲ ‘ਚ ਬਰਾੜ ਜੈਸੀ ਰਾਮ ਗਊ ਨਹੀਂ ਬਣੀ। ਨਾ ਉਸ ਨੇ ਅੱਖਾਂ ਤੇ ਜੀ ਜੀ ਵਾਲੇ ਖੋਪੇ ਲਾਏ ਹਨ, ਨਾ ਜ਼ੁਬਾਨ ਨੂੰ ਤਾਲਾ। ਉਸ ਨੇ ਕਵਿਤਾਵਾਂ ਰਾਹੀਂ ਔਰਤ ਦੀ ਇੱਛਾ ਖ਼ਿਲਾਫ਼ ਹੁੰਦੇ ਸਰੀਰਕ, ਮਾਨਸਿਕ ਜ਼ਬਰ ਦੀ ਅਵਾਜ਼ ਉਠਾਈ ਹੈ। ਜਿੱਥੇ ਉਸ ਨੇ ਆਪਣੀ ਮਾਂ ਦੀ ਮਮਤਾ ਮਾਂ ਦਾ ਪਿਆਰ ਬਾਰੇ ਲਿਖ ਕੇ ਮਾਵਾਂ ਨੂੰ ਯਾਦ ਕਰਵਾਇਆ ਹੈ। ਉਥੇ ਔਰਤ ਦੀ ਬੇਬਸੀ ਤੇ ਚੁੱਪ ਤੋਂ ਜਿੰਦ੍ਰਾ ਤੋੜਦਿਆਂ ਔਰਤ ਅੰਦਰਲੀ ਔਰਤ ਨੂੰ ਹਲੂਣਿਆ ਹੈ। ਬੋਲਣਾ ਸਿਖਾਇਆ ਹੈ। ਮੁਹੱਬਤ ਦੇ ਅਰਥ ਰੂਪਮਾਨ ਕਰਦਿਆਂ ਆਮ ਲੋਕਾਂ ਦੇ ਮਨਾਂ ਬੈਠੇ ਮੁਹੱਬਤ ਦੇ ਗੰਧਲੇ ਅਰਥਾਂ ਨੂੰ ਸ਼ਪੱਸ਼ਟ ਕੀਤਾ ਹੈ। ਮੁਹੱਬਤ ਬਾਰੇ ਉਸ ਦੀਆਂ ਬਹੁਤ ਖੂਬਸੂਰਤ ਲਘੂ ਕਵਿਤਾਵਾਂ ਹਨ।
ਉਸ ਨੇ ਕੌਮਾਂਤਰੀ ਪੱਧਰ ਤੇ ਨਾਰੀ ਦਾ ਸੰਕਲਪ ਲੈਕੇ ਵਿਦੇਸ਼ੀ ਕੁੜੀਆ, ਵਿਦੇਸ਼ੀ ਗੀਤ ਸੰਗੀਤ ਲਿਖਤਾਂ ਤੇ ਅਖੌਤੀ ਕਿੰਤੂ ਪ੍ਰੰਤੂ ਲੋਕ ਲੱਜ ਨੂੰ ਵੀ ਕਲਮ ਦਾ ਸਫ਼ਰ ਕਰਵਾਇਆ ਹੈ। ਵਾਹ ਵਾਹ ਖੱਟੀ ਹੈ। ਸਾਡੇ ਸਮਾਜ ਵਿਚ ਪੀੜ੍ਹੀ ਦਰ ਪੀੜ੍ਹੀ ਕੁੜੀਆਂ ਨੂੰ ਦਿੱਤੀ ਜਾਂਦੀ ਸਾਊ ਬਣਨ ਦੀ ਸਿੱਖਿਆ ਨੂੰ ਬਦਲਣ ਦਾ ਸਾਰਥਿਕ ਯਤਨ ਕੀਤਾ ਹੈ। ਕਹਿਣੀ ਤੇ ਕਰਨੀ ਦੇ ਸ਼ਬਦਾਂ ਦੇ ਅਰਥ ਦਿੱਤੇ ਹਨ।
ਨਾਮ ਤੋ ਲਗਦੀ ਕਿਤਾਬ ਤੋ ਹਟ ਕੇ ਜੈਸੀ ਨੇ ਅਸਲ ਸਾਊ ਕੁੜੀ ਦੀ ਕਹਾਣੀ ਹੀ ਪੇਸ਼ ਕੀਤੀ ਹੈ ਜਿਸ ਨੂੰ ਅਸੀਂ ਕਲਪਦੇ ਹਾਂ। ਪਰ ਹੀਰ ਤੇ ਭਗਤ ਸਿੰਘ ਵਾਂਗ ਆਪਣੇ ਘਰ ਬਰਦਾਸ਼ਤ ਨਹੀਂ ਕਰਦੇ। ਬਰਾੜ ਜੈਸੀ ਅੰਮ੍ਰਿਤਾ ਪ੍ਰੀਤਮ ਨੂੰ ਲਿਖਤਾਂ ‘ਚ ਆਪਣਾ ਰੋਲ ਮਾਡਲ ਮੰਨਦੀ ਹੈ। ਪਿੰਡ ਦੇ ਧਰਾਤਲ ਨਾਲ ਵੀ ਜੁੜੀ ਹੈ ਤੇ ਦੁਨੀਆਂ ਪੱਧਰ ਦੀ ਨਾਰੀ ਦਾ, ਅਜ਼ਾਦ ਔਰਤ ਦਾ ਸੁਪਨਾ ਵੀ ਸਕਾਰ ਕਰਨ ਲਈ ਕਲਮ ਵਾਹ ਰਹੀ ਹੈ। ਮੱਲਕੇ ਦੀ ਜੰਮਪਲ ਤੇ ਪੀ.ਐਚ.ਡੀ. ਕਰ ਰਹੀ ਬਰਾੜ ਜੈਸੀ ਦੀ ਕਾਵਿ ਕਲਾ ਬਹੁਤ ਖੂਬ ਹੈ। ਪਾਣੀ ਵਾਂਗ ਵਹਿੰਦੀ ਹੈ ਕਵਿਤਾ ਧੁਰ ਅੰਦਰੋਂ ਉੱਤਰਦੀ ਮਹਿਸੂਸ ਹੁੰਦੀ ਹੈ। ਕਵਿਤਾ ਕਦੇ ਅਕਾਊ ਨਹੀਂ ਹੁੰਦੀ। ਓਸ ਦੀ ਕਵਿਤਾ ਪਾਠਕ ਦੇ ਧੁਰ ਅੰਦਰ ਤੱਕ ਲਹਿਣ ਵਾਲੀ ਹੈ। ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ, ਦ੍ਰਿਸ਼ ਰੂਪਮਾਨ ਕਰਦੀ। ਆਪਣੇ ਨਾਲ ਨਾਲ ਸਵਾਲ ਜਵਾਬ ਵੀ ਕਰਨ ਲਾਉਂਦੀ ਹੈ। ਮਰਦ ਪਾਠਕ ਨੂੰ ਆਪਣੇ ਅੰਦਰਲੇ ਮਰਦ ਦਾ ਅਹਿਸਾਸ ਵੀ ਕਰਵਾਉਂਦੀ ਹੈ। ਇਹ ਪੁਸਤਕ ਪਾਠਕ ਤੋਂ ਇੱਕੋ ਬੈਠਕ ‘ਚ ਮੁਕੰਮਲ ਕਰਨ ਦਾ ਜ਼ਜਬਾ ਰੱਖਦੀ ਹੈ। ਇਹ ਜੈਸੀ ਦਾ ਹਾਸਲ ਹੈ ਕਿ ਕਵਿਤਾ ਆਦਿ ਤੋਂ ਅੰਤ ਤੱਕ ਇੱਕ ਸੁਰ ‘ਚ ਰਹਿ ਕੇ ਅਖੀਰ ਚ ਇਕਦਮ ਚੋਟ ਨਗਾਰੇ ਲਗਾ ਦਿੰਦੀ ਹੈ। ਲਘੂ ਕਵਿਤਾ ਵੀ ਕਮਾਲ ਹੈ ਵੱਡੀ ਕਵਿਤਾ ਵੀ ਬਹੁਤ ਖੂਬ।
ਜੈਸੀ ਨੇ, ‘ਮੈ ਸਾਊ ਕੁੜੀ ਨਹੀਂ ਹਾਂ‘ ਰਚ ਕੇ ਬਹੁਤ ਵਧੀਆ ਹੰਭਲਾ ਮਾਰਿਆ ਹੈ। ਅਨੇਕਾਂ ਪਾਠਕ ਕੁੜੀਆ ਨੂੰ ਨਵੀਂ ਜ਼ਿੰਦਗੀ ਦੀ ਲੀਹ ਦਿੱਤੀ ਹੈ। ਗੰਧਲੇ ਮਰਦ ਮਨਾ ਨੂੰ ਵੀ ਝੰਜੋੜਿਆ ਹੈ। ਨਿਰਾਸ਼ ਕੁੜੀਆ ਨੂੰ ਆਸ ਤੇ ਹੌਂਸਲਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਦੇ ਪ੍ਰਸੰਸਕਾਂ ਵਾਂਗ ਪਾਠਕ ਖਾਸਕਰ ਕੁੜੀਆਂ ਉਸ ਨੂੰ ਬਹੁਤ ਪਿਆਰ ਦਿੰਦਿਆਂ ਹਨ। ਲੋਕਾਂ ਵੱਲੋਂ ਮਿਲੇ ਸੋਨ ਤਮਗੇ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੇ। ਘਰਦਿਆਂ ਵੱਲੋਂ ਵਲੀਆਂ ਵਲਗਣਾਂ ਪਾਰ ਕਰਨ ਵਾਲੀ ਕੁੜੀ ਨੂੰ ਹੌਂਸਲਾ ਦੇਣਾ ਮਾਪਿਆਂ ਨੂੰ ਸਜਦਾ ਹੈ। ਇਹ ਕੁੜੀਆਂ ਲਈ ਬਰਾਬਰਤਾ ਵਾਲੇ ਸਮਾਜ ਦਾ ਅੰਗ ਬਣੇਗੀ ਰਾਹ ਦਿਸੇਰਾ ਵੀ, ਰੋਲ ਮਾਡਲ ਵੀ। ਇਵੇਂ ਹੋਰ ਕਵਿਤਾ ਰਚਦੀ ਰਹੇਗੀ ਯੁੱਗ ਪਲਟਾਉਣ ਵਾਲੀਆਂ। ਬਰਾੜ ਜੈਸੀ ਹੋਰ ਬੁਲੰਦੀਆਂ ਛੋਹੇ ।
——————————————————————————
ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਵਿਚ ਦਵਿੰਦਰ ਕੌਰ ਢਿੱਲੋਂ ਜੀ ਦੀ ਪੁਸਤਕ ਲੋਕ ਅਰਪਣ
ਚੰਡੀਗੜ੍ਹ/ ਮਵਦੀਲਾ ਬਿਓਰੋ
ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਪ੍ਰਸਿਧ ਗਾਇਕਾ ਅਤੇ ਫਿਲਮੀ ਕਲਾਕਾਰ ਸ੍ਰੀ ਮਤੀ ਪ੍ਰਮਿੰਦਰ ਕੌਰ ਪੰਮੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਹਾਈ ਕੋਰਟ ਦੇ ਸਾਬਕਾ ਜਜ ਜੇ.ਐਸ. ਖੁਸ਼ਦਿਲ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਅਤੇ ਲੇਖਿਕਾ ਦਵਿੰਦਰ ਕੌਰ ਢਿੱਲੋਂ ਜੀ ਸ਼ਾਮਲ ਸਨ।
ਹਰਿੰਦਰ ਹਰ ਵਲੋਂ ਧਾਰਮਿਕ ਗਾਣੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਬਲਵਿੰਦਰ ਢਿਲੋਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਗੀਤ ਸੁਣਾਇਆ। ਪ੍ਰਧਾਨਗੀ ਮੰਡਲ ਵਲੋਂ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਸੁਮਨ ਰਾਣੀ ਨੇ ਹਿੰਦੀ ਫਿਲਮੀ ਗੀਤ ਗਾ ਕੇ ਸੋਹਣਾ ਸਮਾਂ ਬੰਨਿਆ। ਪੇਪਰ ਪੜ੍ਹਨ ਵੇਲੇ ਸ੍ਰੀਮਤੀ ਪਰਮਜੀਤ ਪਰਮ ਨੇ ਕਿਹਾ ਕਿ ਬੜੀ ਮਿਹਨਤ ਨਾਲ ਤਿਆਰ ਕੀਤੀ ਕਿਤਾਬ ਵਿਚ ਸ਼ੇਅਰ, ਟੱਪੇ, ਗੀਤ ਅਤੇ ਕਵਿਤਾਵਾਂ ਹਨ। ਵਿਸ਼ੇ ਅਤੇ ਸ਼ਬਦਾਂ ਦੀ ਚੋਣ ਬਹੁਤ ਖੂਬਸੂਰਤ ਹੈ। ਮਨਜੀਤ ਕੌਰ ਮੀਤ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਸਰਲ ਸ਼ਬਦ ਆਪ ਮੁਹਾਰੇ ਦਿਲ ਨੂੰ ਮੋਹ ਲੈਂਦੇ ਹਨ। ਅਮਰਜੀਤ ਖੁਰਲ, ਦਰਸ਼ਨ ਸਿੱਧੂ, ਮਲਕੀਤ ਬਸਰਾ, ਸੇਵੀ ਰਾਇਤ ਅਤੇ ਡਾ: ਪਤੰਗ ਜੀ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ। ਦਵਿੰਦਰ ਕੌਰ ਢਿੱਲੋਂ ਜੀ ਨੇ ਸਭ ਦਾ ਧੰਨਵਾਦ ਕੀਤਾ।
ਆਪਣੀ ਕਿਤਾਬ ਵਿਚੋਂ ਕੁਝ ਟੱਪੇ ਅਤੇ ਸ਼ਿਵ ਬਟਾਲਵੀ ਦਾ ਗੀਤ ਸੁਣਾਇਆ। ਜਸਟਿਸ ਖੁਸ਼ਦਿਲ ਜੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਵੱਖਰਾ ਹੀ ਅਨੰਦ ਮਾਣਿਆ ਜਾ ਸਕਦਾ ਹੈ। ਲੇਖਕ ਨੂੰ ਜੇ ਚੰਗਾ ਮਾਹੌਲ ਮਿਲ ਜਾਵੇ ਤਾਂ ਉਹ ਅਗੰਮੀ ਰਸ ਭਰਪੂਰ ਰਚਨਾ ਕਰ ਸਕਦਾ ਹੈ। ਮੁੱਖ ਮਹਿਮਾਨ ਨੇ ਕਿਹਾ ਕਿ ਪੰਜਾਬ ਦੀਆਂ ਅਜੋਕੀਆਂ ਸਮਸਿਆਵਾਂ ਬਾਰੇ ਲਿਖਣਾ ਜਰੂਰੀ ਹੈ। ਲੇਖਕ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ। ਦਵਿੰਦਰ ਢਿੱਲੋਂ ਨੇ ਸੋਹਣੇ ਟਾਈਟਲ ਵਾਲੀ ਵਧੀਆ ਕਿਤਾਬ ਲਿਖੀ ਹੈ। ਇਸ ਮੌਕੇ ਸਾਹਿਤ ਵਿਗਿਆਨ ਕੇਂਦਰ ਦੇ ਮੈਬਰਾਂ, ਸ਼ੁਭ ਚਿੰਤਕਾਂ ਅਤੇ ਹਾਜਰ ਲੇਖਕਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਸਭਾਲਿਆ।
——————————————————————————
ਪੰਜਾਬੀ ਨਾਵਲ “ਭਲਵਾਨ ਦੀ ਕੰਟੀਨ” ਲੋਕ ਅਰਪਣ
ਮੋਗਾ/ ਮਵਦੀਲਾ ਬਿਓਰੋ
ਪੰਜਾਬੀ ਸਾਹਿਤਕ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਨਾਮਵਰ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਆਪਣੇ ਗੀਤਾਂ, ਗ਼ਜ਼ਲਾਂ, ਕਵਿਤਾਵਾਂ ਨਾਲ ਸਮਾਜ ਨੂੰ ਆਪਣੇ ਵਿਰਸੇ ਵਿਰਾਸਤ ਅਤੇ ਸਾਹਿਤ ਨਾਲ ਜੋੜਨ ਦੀ ਡਿਊਟੀ ਬਾਖੂਬੀ ਨਿਭਾਈ ਹੈ। ਉਨ੍ਹਾਂ ਸ਼ਖਸੀਅਤਾਂ ਵਿਚੋਂ ਇੱਕ ਸਾਹਿਤ ਨਾਲ ਜੁੜੇ ਖ਼ੂਬਸੂਰਤ ਸ਼ਖ਼ਸੀਅਤ ਜੋ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਹੈ ਜਿਸਦਾ ਨਾਮ ਹੈ ਬਲਰਾਜ ਬਰਾੜ ਚੋਟੀਆਂ ਠੋਬਾ। ਜਿਨ੍ਹਾਂ ਨੇ ਆਪਣਾ ਪਲੇਠਾ ਨਾਵਲ ਭਲਵਾਨ ਦੀ ਕੰਟੀਨ ਵੱਲੋਂ ਮੋਗਾ ਵਿਖੇ ਲੋਕ ਅਰਪਨ ਕੀਤਾ ਗਿਆ।
ਨਾਵਲ “ਭਲਵਾਨ ਦੀ ਕੰਟੀਨ” ਬਾਰੇ ਗੱਲਬਾਤ ਕਰਦਿਆਂ ਮਨਿੰਦਰ ਮੋਗਾ ਨੇ ਦੱਸਿਆ ਕਿ ਇਸ ਨਾਵਲ ਵਿੱਚ ਬਲਰਾਜ ਬਰਾੜ ਚੋਟੀਆਂ ਠੋਬਾ ਨੇ ਆਪਣੇ ਜੀਵਨ ਦੀ ਕੋੜੀ ਮਿਠੀ ਯਾਦ ਨੂੰ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੋ ਵੀ ਇਸ ਨਾਵਲ ਨੂੰ ਪੜੇਗਾ ਉਸ ਨੂੰ ਆਪਣੀ ਕਹਾਣੀ ਨਜ਼ਰ ਆਵੇਗੀ। ਕਿਉਂਕਿ ਸਕੂਲ ਕਾਲਜ ਪੜਦਿਆਂ ਉਨ੍ਹਾਂ ਦੀ ਕੋਈ ਨਾ ਕੋਈ ਯਾਦ ਕੰਟੀਨ ਨਾਲ ਜੁੜੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਜੋ ਕੋਸ਼ਿਸ਼ ਬਲਰਾਜ ਬਰਾੜ ਚੋਟੀਆਂ ਠੋਬਾ ਕੀਤੀ ਗਈ ਹੈ ਉਹ ਪਾਠਕ ਜਰੂਰ ਪ੍ਰਵਾਨ ਕਰਨਗੇ।
ਨਾਵਲ “ਭਲਵਾਨ ਦੀ ਕੰਟੀਨ” ਨੂੰ ਲੋਕ ਅਰਪਣ ਕਰਨ ਸਮੇਂ ਡਾਇਰੈਕਟਰ ਮਨਿੰਦਰ ਮੋਗਾ, ਡਾ. ਬਲਜੀਤ ਸਿੰਘ, ਜੱਸ ਸਿੱਧੂ, ਗਾਇਕ ਹਰਮਿਲਾਪ ਗਿੱਲ, ਚਰਨਜੀਤ ਸਲੀਣਾ, ਵਰਿੰਦਰ ਭਿੰਡਰ, ਸੋਨੀ ਸੋਹਲ, ਗੋਲੂ ਕਾਲੇ ਕੇ, ਧਰਮ ਕਲਿਆਣ, ਗੁਰਦੀਪ ਸਿੰਘ, ਛਿੰਦਾ ਸਿੰਘ, ਗੀਤਕਾਰ ਸੋਨੀ ਮੋਗਾ, ਕੁਲਵੰਤ ਸਿੰਘ ਕਲਸੀ ਆਦਿ ਹਾਜ਼ਰ ਸਨ।
————————————————————————————
‘ਮਹਿਕ ਵਤਨ ਦੀ ਲਾਈਵ’ ਵੱਲੋਂ ਲਗਾਈ ਗਈ ਵਿਸਾਲ ਪੁਸਤਕ ਪ੍ਰਦਰਸ਼ਨੀ ਨੂੰ ਮਿਲਿਆ ਭਰਪੂਰ ਹੁੰਗਾਰਾ –ਪੁਰਬਾ
ਕੜਿਆਲ ਵਿਖੇ ਲੱਗੀ ਪੁਸਤਕ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਪਵਨਦੀਪ ਸਿੰਘ ਅਤੇ ਉਨ੍ਹਾ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਢਾਡੀ ਸਾਧੂ ਸਿੰਘ ਧੰਮੂ ਅਤੇ ਹੋਰ ਪਤਵੰਤੇ।
ਮੋਗਾ, 15 ਸਤੰਬਰ (ਇਕਬਾਲ ਖੋਸਾ ) ਪਿੰਡ ਕੜਿਆਲ ਵਿਖੇ ਸੱਤ ਰੋਜਾ ਸੰਤ ਸਮਾਗਮ ਦੇ ਅਖੀਰਲੇ ਦਿਨ ‘ਮਹਿਕ ਵਤਨ ਦੀ ਲਾਈਵ’ ਵੱਲੋਂ ਲਗਾਈ ਗਈ ਵਿਸਾਲ ਪੁਸਤਕ ਪ੍ਰਦਰਸ਼ਨੀ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਪੁਸਤਕ ਪ੍ਰਦਰਸ਼ਨੀ ਦੀ ਸਮਾਪਤੀ ਮੌਕੇ ਕੀਤਾ।
ਪੁਸਤਕ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦਿੰਦਿਆ ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਗੁਰਦੁਆਰਾ ਕੇਰ ਵਾਲੀ ਖੂਹੀ ਪਿੰਡ ਕੜਿਆਲ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ।
ਇਸ ਪੁਸਤਕ ਪ੍ਰਦਰਸ਼ਨੀ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਉਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਉਘੇ ਕਵੀ ਬਲਵਿੰਦਰ ਸਿੰਘ ਚਾਨੀ, ਢਾਡੀ ਸਾਧੂ ਸਿੰਘ ਧੰਮੂ, ਬਲਦੇਵ ਸਿੰਘ ਆਜਾਦ, ਡਾ. ਜਗਤਾਰ ਸਿੰਘ ਪਰਮਿਲ, ਲੇਖਕ ਜਗਦੇਵ ਬਰਾੜ ਤੋਂ ਇਲਾਵਾ ਹੋਰ ਕਈ ਵੱਖ-ਵੱਖ ਲੱਗਭੱਗ 25 ਲੇਖਕਾਂ ਦੀਆਂ ਤਕਰੀਬਨ 1400 ਪੁਸਤਕਾਂ ਇਸ ਪ੍ਰਦਰਸ਼ਨੀ ਦਾ ਸਿੰਗਾਰ ਬਣੀਆਂ।
ਉਨ੍ਹਾ ਇਹ ਵੀ ਆਖਿਆ ਕਿ ਅੱਜ-ਕੱਲ੍ਹ ਸੋਸਲ ਮੀਡੀਏ ਕਾਰਨ ਪੰਜਾਬੀ ਪਾਠਕ ਘੱਟ ਰਹੇ ਹਨ ਪਰ ਫਿਰ ਸਾਨੂੰ ਨੋਜਵਾਨਾ ਨੂੰ ਸਾਹਿਤ ਨਾਲ ਜੋੜਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਜੇਕਰ ਅਸੀਂ ਅਜਿਹਾ ਕੋਈ ਉਪਰਾਲਾ ਕਰਦੇ ਹਾਂ ਤਾਂ ਸਾਨੂੰ ਜਰੂਰ ਵਧੀਆਂ ਨਤੀਜੇ ਮਿਲਦੇ ਹਨ। ਉਨ੍ਹਾ ਕਿਹਾ ਕਿ ‘ਮਹਿਕ ਵਤਨ ਦੀ ਪੁਸਤਕ ਪ੍ਰਦਰਸਨੀ’ ਵਿੱਚ ਨੋਜਵਾਨ ਲੜਕੀਆ ਦੀ ਆਮਦ ਜਿਆਦਾ ਰਹੀਂ ਹੈ। ਲੜਕੀਆ ਵਿੱਚ ਸਾਹਿਤ ਦੀ ਜਿਆਦਾ ਰੁੱਚੀ ਨਜਰ ਆਈ ਹੈ। ਸਾਹਿਤ ਨਾਲ ਲੜਕਿਆ ਦਾ ਮੋਹ ਵੀ ਭੰਗ ਨਹੀਂ ਹੋਇਆ ਹੈ ਬੱਸ ਉਪਰਾਲੇ ਕਰਨ ਦੀ ਜਰੂਰਤ ਹੈ। ਜਿਸ ਨਾਲ ਸਾਰਥਕ ਨਤੀਜੇ ਜਰੂਰ ਆਉਣਗੇ। ਇਸ ਪੁਸਤਕ ਪ੍ਰਦਰਸ਼ਨੀ ਨੂੰ ਵੇਖਣ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਰਿਹਾ।
ਇਸ ਪੁਸਤਕ ਪ੍ਰਦਰਸ਼ਨੀ ਦੀ ਸ਼ੁਰੂਆਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆ ਵੱਲੋਂ ਢਾਡੀ ਧੰਮੂ ਦੀ ਨਵੀਂ ਪੁਸ਼ਤਕ ਨੂੰ ਸੰਗਤਾ ਸਾਹਮਣੇ ਪੇਸ਼ ਕਰਕੇ ਕੀਤੀ। ਇਸ ਪ੍ਰਦਰਸਨੀ ਵਿੱਚ ਸਾਮਿਲ ਪੁਸਤਕਾਂ ਬਾਰੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਖੁੱਦ ਅਤੇ ਧਾਰਮਿਕ ਸੰਪਾਦਕ ਢਾਡੀ ਸਾਧੂ ਸਿੰਘ ਧੰਮੂ ਨੇ ਪੁਸਤਕਾਂ ਬਾਰੇ ਸਿੱਖ ਸੰਗਤਾ ਨੂੰ ਜਾਣਕਾਰੀ ਦਿੱਤੀ।
ਇਸ ਪੁਸਤਕ ਪ੍ਰਦਰਸ਼ਨੀ ਵਿੱਚ ਬਾਬਾ ਪਵਨਦੀਪ ਸਿੰਘ ਜੀ ਕੜਿਆਲ, ਬਾਬਾ ਜਗਤਾਰ ਸਿੰਘ ਜੀ ਕਾਲਾਮਾਲਾ ਸਾਹਿਬ ਛਾਪਾ, ਅੰਤਰ-ਰਾਸਟਰੀ ਢਾਡੀ ਜੱਥਾ ਸਾਧੂ ਸਿੰਘ ਧੰਮੂ, ਪ੍ਰਸਿੱਧ ਕਵੀਸ਼ਰ ਮਲਕੀਤ ਸਿੰਘ ਪੰਖੇਰੂ, ਅੰਤਰ-ਰਾਸਟਰੀ ਕਵੀਸ਼ਰ ਜਗਜੀਵਨ ਸਿੰਘ ਰੋਡੇ, ਪ੍ਰਸਿੱਧ ਕਵੀ ਇੰਜ. ਕਰਮਜੀਤ ਸਿੰਘ ਨੂਰ ਜਲੰਧਰ ਵਾਲੇ, ਦੇਸ ਪ੍ਰਸ਼ਤ ਦੇ ਮੁੱਖ ਸੰਪਾਦਕ ਸ. ਤੇਜਿੰਦਰਪਾਲ ਸਿੰਘ ਚੀਮਾ, ਮੂਰਤੀ ਆਰਟਿਸਟ ਹਰਭਗਵਾਨ ਸਿੰਘ ਮਾਣੂਕੇ, ਮਨਮੋਹਨ ਸਿੰਘ ਚੀਮਾ, ਲਖਵਿੰਦਰ ਸਿੰਘ ਲੱਖਾ ਕੋਟਲੀ ਆਬਲੂ, ਜਸਵਿੰਦਰ ਸਿੰਘ ਬਾਗੀ, ਕੁਲਵਿੰਦਰ ਸਿੰਘ ਰਣੀਆ, ਦਿਲਬਾਗ ਸਿੰਘ ਕਾਉਣੀ, ਕਿਸਮਤ ਸਿੰਘ ਬੀਹਲਾ, ਹਰਜੀਤ ਸਿੰਘ ਮਾਣੇਕੇ, ਗੁਰਮੇਲ ਸਿੰਘ ਕੋਮਲ ਲੰਡੇ, ਹਰਮੇਲ ਸਿੰਘ ਘਾਲੀ ਸਮਾਲਸਰ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ।
—————————
ਭਵਨਦੀਪ ਸਿੰਘ ਪੁਰਬਾ ਵੱਲੋਂ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਪਾਇਆ ਜਾ ਰਿਹਾ ਹੈ ਵਿਸ਼ੇਸ ਯੋਗਦਾਨ –ਧੰਮੂ
‘ਮਹਿਕ ਵਤਨ ਦੀ ਲਾਈਵ’ ਵੱਲੋਂ ਦੋ ਪੁਸਤਕਾਂ ਇਸੇ ਮਹੀਨੇ ਹੋਣਗੀਆ ਲੋਕ ਅਰਪਣ –ਪੁਰਬਾ
ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ
ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਵਾਲੀ ਮਾਣ-ਮੱਤੀ ਸ਼ਖਸੀਅਤ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਵੱਲੋਂ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਵਿਸੇਸ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਢਾਡੀ ਸਾਧੂ ਸਿੰਘ ਧੰਮੂ ਨੇ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਵਿਖੇ ਪੁਸਤਕਾਂ ਦੀ ਪ੍ਰਕਾਸ਼ਨਾ ਸਬੰਧੀ ਰੱਖੀ ਇੱਕ ਜਰੂਰੀ ਮੀਟਿੰਗ ਵਿੱਚ ਕੀਤਾ।
ਪੁਸਤਕਾਂ ਦੀ ਪ੍ਰਕਾਸ਼ਨਾ ਸਬੰਧੀ ਗੱਲਬਾਤ ਕਰਦਿਆ ਭਵਨਦੀਪ ਸਿੰਘ ਪੁਰਬਾ ਨੇ ਆਖਿਆ ਕਿ ਦਿਨੋ-ਦਿਨ ਪੰਜਾਬੀ ਸਾਹਿਤ ਦੇ ਪਾਠਕ ਘੱਟ ਰਹੇ ਹਨ। ਸੋਸਲ ਮੀਡੀਆ ਕਾਰਨ ਪਾਠਕਾਂ ਦਾ ਸਾਹਿਤ ਨਾਲੋ ਨਾਤਾ ਟੁੱਟ ਰਿਹਾ ਹੈ ਅਤੇ ਪੰਜਾਬੀ ਲੇਖਕ ਵੀ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਕੋਈ ਖਾਸ ਉਤਸ਼ਾਹ ਨਹੀਂ ਵਿਖਾ ਰਹੇ ਹਨ। ਇਸ ਲਈ ਅੱਜ ਦੇ ਸਮੇਂ ਵਿੱਚ ਪੰਜਾਬੀ ਲੇਖਕ ਨੂੰ ਪੁਸਤਕਾਂ ਪ੍ਰਕਾਸ਼ਨਾ ਕਰਵਾਉਣ ਲਈ ਉਤਸਾਹਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਜੇਕਰ ਪੰਜਾਬੀ ਸਾਹਿਤ ਦੀਆਂ ਵਧੀਆਂ ਪੁਸਤਕਾਂ ਪ੍ਰਕਾਸ਼ਿਤ ਹੋਣਗੀਆਂ ਤਾਂ ਹੀ ਪੰਜਾਬੀ ਪਾਠਕ ਪੈਦਾ ਹੋਣਗੇ।
ਇਸੇ ਮਹੀਨੇ ‘ਮਹਿਕ ਵਤਨ ਦੀ ਲਾਈਵ’ ਵੱਲੋਂ ਆ ਰਹੀਆਂ ਦੋ ਪੁਸਤਕਾਂ ਸਬੰਧੀ ਜਾਣਕਾਰੀ ਦਿੰਦਿਆ ਪੁਰਬਾ ਨੇ ਦੱਸਿਆ ਕਿ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਸਿੰਘ ਚਾਨੀ ਦਾ ਕਾਵਿ ਸੰਗ੍ਰਿਹ ‘ਕਾਵਿ ਪਰਾਗਾ’ ਅਤੇ ਅੰਤਰ-ਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ ਦੀ ਪੁਸਤਕ ‘ਧੰਮੂ ਦੇ ਢਾਡੀ ਪ੍ਰਸੰਗ ਅਤੇ ਕਵੀਤਾਵਾਂ’ ਦੋ ਪੁਸਤਕਾਂ ਫਾਈਨਲ ਹੋ ਕੇ ਛਪਾਈ ਲਈ ਜਾ ਚੱਕੀਆਂ ਹਨ ਜੋ ਕਿ ਜੁਲਾਈ ਦੇ ਅਖੀਰਲੇ ਹਫਤੇ ਰੀਲੀਜ ਹੋ ਜਾਣਗੀਆਂ। ਉਨ੍ਹਾ ਇਹ ਵੀ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਵੱਲੋਂ ਪੁਰਾਣੇ ਚੰਗੇ ਲੇਖਕਾਂ ਦੀਆਂ ਦੀ ਪੁਸਤਕਾਂ ਅਸਾਨ ਤਰੀਕੇ ਨਾਲ ਪ੍ਰਕਾਸ਼ਿਤ ਕਰਨ ਲਈ ਇੱਕ ਖਾਸ ਸਕੀਮ ਉਲੀਕੀ ਗਈ ਹੈ ਜਿਸ ਨੂੰ ਜਲਦੀ ਹੀ ਅਮਲ ਵਿੱਚ ਲਿਆਦਾ ਜਾਵੇਗਾ। ਇਸ ਪ੍ਰਜੈਕਟ ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ ਹੋਵੇਗੀ ਕਿ ਹਰ ਮਹੀਨੇ ਇੱਕ ਚੰਗੇ ਲੇਖਕ ਦੀ ਵਧੀਆਂ ਸਾਹਿਤਕ ਤੇ ਪ੍ਰੇਰਣਾ ਸ੍ਰੋਤ ਪੁਸਤਕ ਛਾਪੀ ਜਾਵੇ।
ਇਸ ਮੌਕੇ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਉੱਪ-ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ, ਪ੍ਰਸਿੱਧ ਸਾਹਿਤਕਾਰ ਬਲਵਿੰਦਰ ਸਿੰਘ ਚਾਨੀ, ਸ. ਗੁਰਮੇਲ ਸਿੰਘ ਪੁਰਬਾ, ਬੀਬੀ ਕਰਮਜੀਤ ਕੌਰ ਪੁਰਬਾ, ਬੀਬੀ ਚਰਨਜੀਤ ਕੌਰ ਸਮਾਲਸਰ, ਸਹਿ-ਸੰਪਾਦਕ ਇਕਬਾਲ ਖੋਸਾ, ਕੁਲਵਿੰਦਰ ਤਾਰੇਵਾਲਾ, ਮਨਮੋਹਨ ਚੀਮਾ, ਹਰਕੀਰਤ ਬੇਦੀ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————
ਮਿਆਰੀ ਬਹੁ ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 9876428641
ਸਾਹਿਤਕ ਹਲਕਿਆਂ ਵਿਚ ਪੂਰੀ ਲਗਨ, ਮਿਹਨਤ, ਚਾਅ ਅਤੇ ਸ਼ੌਕ ਨਾਲ ਆਪਣੇ ਸਫਰ ਤੇ ਚੱਲਦਿਆਂ ਮੰਜਿਲ ਵਲ ਸਰਗਰਮ ਕਦਮੀ ਵਧ ਰਹੇ ਖੂਬਸੂਰਤ ਨਾਵਾਂ ਦੀ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਉਣ ਵਿਚ ਸਫਲ ਹੋਇਆ ਇਕ ਹੋਰ ਹਸਤਾਖਰ ਹੈ–ਹਰਪ੍ਰੀਤ ਕੌਰ ਪ੍ਰੀਤ। ਪੰਜਾਬ ਦੇ ਜਿਲ੍ਹਾ ਰੂਪਨਗਰ ਵਿਚ ਸ੍ਰ. ਮਹਿੰਦਰ ਸਿੰਘ (ਪਿਤਾ) ਅਤੇ ਬਲਵਿੰਦਰ ਕੌਰ (ਮਾਤਾ) ਦੇ ਵਿਹੜੇ ਨੂੰ ਰੁਸ਼ਨਾਉਣ ਵਾਲੀ ਹਰਪ੍ਰੀਤ ਨੂੰ ਨੱਚਣ-ਟੱਪਣ ਅਤੇ ਗਾਉਣ ਦੀ ਚੇਟਕ ਬਾਲ ਉਮਰੇ ਹੀ ਲਗ ਗਈ ਸੀ। ਐਮ. ਏ, ਬੀ.-ਐਡੱ ਦੀ ਡਿਗਰੀ ਕਰਨ ਤਕ ਜਿੱਥੇ ਉਸ ਨੇ ਆਪਣੀਆਂ ਕਲਾਵਾਂ ਦੁਆਰਾ ਆਪਣੀ ਅੱਡਰੀ ਪਛਾਣ ਕਾਇਮ ਰੱਖੀ, ਉਥੇ ਸਰਵਿਸ ਵਿਚ ਆ ਕੇ ਅਧਿਆਪਨ ਦਾ ਕਾਰਜ ਨਿਭਾਉਂਦਿਆਂ ਵੀ ਤਕਰੀਬਨ ਛੇ ਸਾਲ ਉਸਨੇ ਪੂਰੀ ਰੂਹ ਨਾਲ ਆਪਣੀਆਂ ਸੱਭਿਆਚਾਰਕ ਕਲਾਵਾਂ ਨਾਲ ਮੋਹ ਪਾਲਣਾ ਬਰਕਰਾਰ ਰੱਖਿਆ।
ਅਚਾਨਕ ਮਾਰਚ 2012 ਵਿਚ ਉਸ ਦੀ ਮਾਤਾ ਸਦੀਵੀ-ਵਿਛੋੜਾ ਦੇ ਗਈ। ਬਸ, ਇਸੇ ਦਰਦ ਨੇ ਉਸ ਹੱਥ ਕਲਮ ਫੜਾ ਦਿੱਤੀ। ਜਿਉਂ-ਜਿਉਂ ਕਲਮ ਦਾ ਇੰਜੈਕਸ਼ਨ ਲਾ ਕੇ ਕੋਰੋ ਕਾਗਜ ਦੀ ਹਿੱਕੜੀ ਉਤੇ ਦਰਦ ਕੱਢਦੀ, ਮਨ ਨੂੰ ਕੁਝ ਰਾਹਿਤ ਜਿਹੀ ਮਿਲਦੀ। ਗੱਲ ਕੀ, ਦਰਦਾਂ ਨਾਲ ਕਿਵੇ ਸਿੱਝਣਾ, ਦਰਦ ਤੋਂ ਕਿਵੇ ਨਜਾਕਤ ਪਾਉਣੀ, ਇਕ ਰਾਹ ਲੱਭ ਆਇਆ ਸੀ, ਉਸਨੂੰ। ਫਿਰ, ਚੱਲਦੇ-ਚੱਲਦੇ ਕਵਿੱਤਰੀ ਸੁਰਿੰਦਰ ਕੌਰ ਭੋਗਲ, ਗ਼ਜ਼ਲਗੋ ਸੁਰਜੀਤ ਸਿੰਘ ਜੀਤ ਅਤੇ ਗ਼ਜ਼ਲਗੋ ਗੁਰਚਰਨ ਬੱਧਣ ਵਰਗੀਆਂ ਨਾਮਵਰ ਸਾਹਿਤਕ-ਸਖਸ਼ੀਅਤਾਂ ਨਾਲ ਮਿਲਾਪ ਦਾ ਸਬੱਬ ਬਣਿਆ, ਜਿਨ੍ਹਾਂ ਪਾਸੋਂ ਕਵਿਤਾ, ਗੀਤ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਸਿੱਖਣ ਦਾ ਸੁਭਾਗ ਹਾਸਲ ਹੋਇਆ। ਜਿੱਥੇ ਉੁਸਦੇ ਦਿਲ ਵਿਚ ਇਨ੍ਹਾਂ ਸਾਹਿਤਕ-ਹਸਤੀਆਂ ਲਈ ਇਕ ਅੱਡਰਾ ਹੀ ਆਦਰ-ਸਤਿਕਾਰ ਹੈ, ਉਥੇ ਉਹ ਬਲਬੀਰ ਸਿੰਘ ਸੈਣੀ, ਅਮਰਜੀਤ ਸਿੰਘ ਸੰਧੂ, ਨਸੀਬ ਸਿੰਘ ਸੇਵਕ, ਸਿਰੀ ਰਾਮ ਅਰਸ਼, ਬਾਬੂ ਰਾਮ ਦੀਵਾਨਾ, ਗੁਰਿੰਦਰ ਕਲਸੀ ਅਤੇ ਭਗਤ ਰਾਮ ਰੰਗਾੜਾ ਆਦਿ ਜੀ ਵਲੋਂ ਸਮੇ-ਸਮੇਂ ਤੇ ਮਿਲਦੇ ਆ ਰਹੇ ਮਾਰਗ-ਦਰਸ਼ਨ ਨੂੰ ਵੀ ਯਾਦ ਕਰਦੀ ਹੈ। ਆਪਣੇ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਸਮੂਹ ਮੁਲਾਜਮ ਸਾਥੀਆਂ ਅਤੇ ਖਾਸ ਕਰ, ਬੀਬੀ ਤੇਜਿੰਦਰ ਕੌਰ ਧਾਲੀਵਾਲ (ਚੇਅਰਪਰਸਨ), ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ ਦਾਲਮ, ਅਤੇ ਅਕਾਦਮਿਕ ਸ਼ਾਖਾ ਦੇ ਸਮੂਹ ਉਚ-ਅਧਿਕਾਰੀਆਂ ਵਲੋਂ ਮਿਲਦੇ ਸਹਿਯੋਗ ਅਤੇ ਹੱਲਾ-ਸ਼ੇਰੀ ਲਈ ਉਨ੍ਹਾਂ ਦਾ ਨਾਮ ਲੈਂਦਿਆਂ ਪ੍ਰੀਤ ਦਾ ਸਿਰ ਅਦਬ ਨਾਲ ਮੱਲੋ-ਮੱਲੀ ਝੁਕ ਜਾਂਦਾ ਹੈ।
ਹਰਪ੍ਰੀਤ ਦੀ ਪਹਿਲੀ ਕਵਿਤਾ ‘ਮਾਂ ਦੀ ਯਾਦ’ ਨੂੰ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਾਂਝੇ ਕਾਵਿ-ਸੰਗ੍ਰਹਿ ‘ਕਲਮਾਂ ਦੀ ਪਰਵਾਜ’ ਵਿਚ ਛਪਣ ਦਾ ਮੌਕਾ ਮਿਲਿਆ। ਜਿਸ ਤੇ ਸੰਸਥਾ ਵਲੋਂ ਉਸਨੂੰ ਹੋਣਹਾਰ ਕਵਿੱਤਰੀ ਵਜੋਂ ਸਨਮਾਨਿਤ ਕੀਤਾ ਗਿਆ। 252 ਕਲਮਾਂ ਦੇ ਇਕ ਵੱਡੇ ਕਾਫਲੇ ਵਿਚ ਛਪਣ ਦੇ ਹਾਸਲ ਹੋਏ ਇਸ ਮਾਣ ਨੇ ਸਾਹਿਤ ਦੇ ਅੰਬਰ ਵਲ ਉਡਾਣਾਂ ਭਰਨ ਲਈ ਉਸ ਦੀ ਕਲਮ ਨੂੰ ਜਾਣੋ ‘ਪਰ’ ਲਾ ਕੇ ਰੱਖ ਦਿੱਤੇ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਯਤਨਸ਼ੀਲ, ਇਸ ਪ੍ਰੀਤ ਦੀ ਪ੍ਰਭਾਵਸ਼ਾਲੀ ਲਿਖਣ-ਕਲਾ ਉਦੋਂ ਹੋਰ ਵੀ ਬੁਲੰਦੀਆਂ ਨੂੰ ਜਾ ਛੂਹੀ, ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸ਼ਿਤ ਸੱਤਵੀਂ ਕਲਾਸ ਦੀ ਪੰਜਾਬੀ ਪਾਠ ਪੁਸਤਕ (ਦੂਜੀ ਭਾਸ਼ਾ) ਵਿਚ ਉਸ ਦੀ ਇਕ ਕਵਿਤਾ ‘ਮਹਾਨ ਧੀਆਂ’ ਨੂੰ ਛਪਣ ਦਾ ਮਾਣ ਹਾਸਲ ਹੋਇਆ।
ਪ੍ਰੀਤ ਦੀ ਕਲਾ ਇੱਥੇ ਹੀ ਬਸ ਨਹੀ, ਉਹ ਇਕ ਵਧੀਆ ਸਟੇਜ-ਸੰਚਾਲਕਾ ਵੀ ਹੈ। ਉਸ ਕੋਲ ਮਸਾਲੇਦਾਰ ਅਤੇ ਲਚਕੀਲੀ ਸ਼ਬਦਾਵਲੀ ਦਾ ਇਕ ਐਸਾ ਭੰਡਾਰ ਹੈ, ਜਿਸ ਸਦਕਾ ਉਸ ਨੂੰ ਸਰੋਤੇ ਰੁਆਉਣੇ ਵੀ ਆਉਂਦੇ ਹਨ ਅਤੇ ਹਸਾਉਣੇ ਵੀ। ਇਹੀ ਪ੍ਰੀਤ ਜਦੋਂ ਸ਼ਬਦਾਂ ਅਤੇ ਸੁਰਾਂ ਵਿਚ ਗੁਆਚੀ ਹੋਈ ਸਰੋਤਿਆਂ ਨੂੰ ਮੰਤਰ-ਮੁਗਧ ਕਰੀ ਬੈਠੀ ਹੁੰਦੀ ਹੈ ਤਾਂ ਉਸ ਵਕਤ ਉਹ ਗਾਇਕੀ ਦੀ ਮਲਿਕਾ ਦੇ ਰੂਪ ਵਿਚ ਸਟੇਜ ਉਤੇ ਛਾਈ ਹੋਈ ਹੁੰਦੀ ਹੈ। ਹਰਪ੍ਰੀਤ ਦੀ ਸੁਰੀਲੀ, ਮਿੱਠੀ, ਦਿਲ-ਟੁੰਭਵੀਂ ਅਤੇ ਦਮਦਾਰ ਬੁਲੰਦ ਅਵਾਜ ਆਸਟਰੇਲੀਅਨ ਰੇਡੀਓ ਚੈਨਲ ‘ਹਰਮਨ ਰੇਡੀਓ’ ਦੁਆਰਾ ਵਿਦੇਸ਼ਾਂ ਤੱਕ ਗੂੰਜ ਚੁੱਕੀ ਹੈ।
ਇਕ ਸਵਾਲ ਦਾ ਜੁਵਾਬ ਦਿੰਦਿਆਂ, ਹਰਪ੍ਰੀਤ ਕੌਰ ਪ੍ਰੀਤ ਨੇ ਕਿਹਾ, ”ਸੰਗੀਤ ਅਤੇ ਕਲਮ ਨਾਲ ਜਿੱਥੇ ਮੇਰਾ ਅਤੁੱਟ ਮੋਹ ਅਤੇ ਪਿਆਰ ਹੈ, ਉਥੇ ਮੇਰਾ ਨੰਨਾ-ਮੁੰਨਾ ਲਾਡਲਾ ਰਵਿੰਦਰ ਵੀ ਸੰਗੀਤਕ ਬਰੀਕੀਆਂ ਸਿੱਖਣ ਵਿਚ ਖੂਬ ਦਿਲਚਸਪੀ ਲੈ ਰਿਹਾ ਹੈ।”
ਆਪਣੇ ‘ਸਾਹਿਤਕ ਅਤੇ ਸੱਭਿਆਚਾਰਕ ਪਰਾਂ’ ਦੇ ਬੱਲਬੂਤੇ ਉਡਾਣਾ ਭਰਨ ਵਾਲੀ ਹਰਪ੍ਰੀਤ ਦੀਆਂ ਕਲਾਵਾਂ ਦੀ ਕਦਰ ਕਰਦੇ ਹੋਏ ਅਨੇਕਾਂ ਸੰਸਥਾਵਾਂ ਉਸ ਦੀ ਝੋਲੀ ਸਨਮਾਨ ਪਾ ਕੇ ਆਪਣਾ ਬਣਦਾ-ਸਰਦਾ ਫਰਜ ਨਿਭਾ ਚੁੱਕੀਆਂ ਹਨ : ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਸਾਹਿਤ ਸਭਾ (ਰਜਿ), ਨਵਾਂ ਸ਼ਹਿਰ, ਕਵੀ ਮੰਚ ਮੁਹਾਲੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵਲੋਂ ਅੰਤਰ-ਰਾਸ਼ਟਰੀ ਮਹਿਲਾ-ਦਿਵਸ ਅਵਸਰ ਤੇ) ਦਿੱਤੇ ਗਏ ਸਨਮਾਨ ਵਿਸ਼ੇਸ਼ ਜਿਕਰ ਯੋਗ ਬਣਦੇ ਹਨ।
ਸ਼ਾਲ੍ਹਾ! ਹਸੂ-ਹਸੂ ਕਰਦੇ ਚਿਹਰੇ ਵਾਲੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ-ਸੁੱਚੀ ਸਪੁੱਤਰੀ, ਇਹ ਮੁਟਿਆਰ ਇਵੇਂ ਹੀ ਮੰਜਲਾਂ ਤਹਿ ਕਰਦੀ, ਆਪਣੀਆਂ ਅੱਡ-ਅੱਡ ਕਲਾਵਾਂ ਦੀਆਂ ਰੋਸ਼ਨੀਆਂ ਵੰਡਦੀ ਰਵੇ! ਆਮੀਨ!!
ਸੰਪਰਕ: ਹਰਪ੍ਰੀਤ ਕੌਰ ਪ੍ਰੀਤ, ਚੰਡੀਗੜ੍ਹ 98781-86859
-0-
ਪੰਜਾਬੀ ਵਿਰਸੇ ਨੂੰ ਸੰਭਾਲਣ ‘ਚ ਜੁਟੀ ਹੋਈ ਕਲਮ -ਬਲਵਿੰਦਰ ਕੌਰ ਲਗਾਣਾ
‘ਮਿਟਾ ਦੇ ਅਪਣੀ ਹਸਤੀ ਕੋ, ਅਗਰ ਕੁੱਛ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲਕਰ, ਗੁਲੋ ਗੁਲਜ਼ਾਰ ਹੋਤਾ ਹੈ’ ਸਤਰਾਂ ਨਾਲ ਆਪਣੇ ਸਾਹਿਤਕ-ਸਫਰ ਦੀ ਗੱਲ ਸ਼ੁਰੂ ਕਰਨ ਵਾਲੀ ਨਾਮਵਰ ਕਲਮ ਬਲਵਿੰਦਰ ਕੌਰ ਲਗਾਣਾ ਦਾ ਕਹਿਣ ਹੈ, ‘ਕਵਿਤਾ ਦਰਦ ਤੋਂ ਉਪਜਦੀ ਹੈ ਅਤੇ ਔਰਤ ਦਰਦ ਦਾ ਦੂਜਾ ਨਾਮ ਹੈ। ਕਵੀ ਦੇ ਅੰਦਰ ਪਿਆ ਇਸ ਕੋਮਲ ਕਲਾ ਦਾ ਬੀਜ ਜਦ ਪੁੰਗਰਦਾ ਹੈ ਤਾਂ ਕਵੀ ਉਸਨੂੰ ਅੱਖਰਾਂ ਦੇ ਵਸਤਰ ਪਾ ਕੇ ਲੋਕਾਂ ਦੇ ਸਨਮੁੱਖ ਲਿਆਉਦਾ ਹੈ। ਕਵਿਤਾਵਾਂ ਕਵੀ ਦੇ ਮਨ ਦਾ ਉਮਾਹ ਹੈ : ਜੋ ਆਪ-ਮੁਹਾਰੇ ਸ਼ਬਦਾਂ ਵਿਚ ਢੱਲਦਾ ਹੈ। ਸਮਾਜ ਦੇ ਹਾਲਾਤ ਅਤੇ ਮੇਰੇ ਹਾਲਤ ਜਦੋਂ ਮੈਨੂੰ ਹਲੂਣਦੇ ਹਨ ਤਾਂ ਮੇਰੀ ਕਲਮ ਲਿਖਣ ਲਈ ਮਜ਼ਬੁਰ ਹੋ ਜਾਂਦੀ ਹੈ। ਕਵੀਆਂ ਦੀਆਂ ਕਵਿਤਾਵਾਂ ਨਿੱਜੀ ਪੀੜ੍ਹ ਦੇ ਨਾਲ-ਨਾਲ ਸਮਾਜਿਕ ਪੀੜ੍ਹ ਵੀ ਹੰਢਾਉਂਦੀਆਂ ਹਨ।’
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਉੱਚਾ ਡਡਿਆਣਾ ਕਲਾਂ ਦੇ ਵਸਨੀਕ ਸ. ਜੋਗਿੰਦਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਸ਼੍ਰੀਮਤੀ ਅਮ੍ਰਿਤ ਕੌਰ (ਮਾਤਾ) ਜੀ ਦੀ ਪਾਕਿ ਕੁੱਖੋਂ 1974 ਵਿਚ ਜਨਮੀ ਬਲਵਿੰਦਰ ਕੌਰ ਲੁਗਾਣਾ ਦੇ ਮਾਪਾ-ਪਰਿਵਾਰ ਮਹਾਨ ਸ਼ਖਸ਼ੀਅਤ ਅਤੇ ਚੰਗੇ ਸੰਸਕਾਰੀ ਹੋਣ ਸਦਕਾ ਉਨ੍ਹਾਂ ਨੇ ਆਪਣੀ ਲਾਡਲੀ ਧੀ ਨੂੰ ਗ੍ਰੇਜ਼ੂਏਸ਼ਨ, ਐੱਮ.ਐੱਸ.ਸੀ. ਆਈ. ਟੀ, ਬੀ. ਲਿਵ ਕਰਵਾਉਣ ਦੇ ਨਾਲ-ਨਾਲ ਸਿਲਾਈ-ਕਢਾਈ ‘ਚ ਵੀ ਪ੍ਰਵੀਨਤਾ ਦਿਵਾਈ।
ਲਗਾਣਾ ਨੂੰ ਲਿਖਣ ਦੀ ਚੇਟਕ ਬਾਲ ਉਮਰੇ ਹੀ ਲੱਗ ਗਈ ਸੀ। ਕਾਲਜ ਵਿਚ ਪੜ੍ਹਦਿਆਂ ਮੈਗਜ਼ੀਨ ਅਤੇ ਅਖਬਾਰਾਂ ਵਿਚ ਔਰਤ ਦੀ ਦੁਰਦਸ਼ਾ ਪ੍ਰਤੀ ਲੇਖ ਲਿਖਣ ਤੋਂ ਬਾਅਦ ਉਸ ਦੀ ਕਲਮ ਨੇ ਕਵਿਤਾਵਾਂ ਲਿਖਣ ਦਾ ਆਗਾਜ਼ ਕੀਤਾ। ਉਸ ਦੀਆਂ ਰਚਨਾਵਾਂ ਕਈ ਅਖਬਾਰਾਂ, ਖਾਸ ਕਰਕੇ ”ਸੱਚੀ ਗੱਲ” ਹਫ਼ਤਾਵਾਰੀ ਦਸੂਹਾ ਵਿਚ ਆਪਣਾ ਸਫ਼ਰ ਤੈਅ ਕਰਦੀਆਂ ਹੋਈਆਂ ”ਰਜਨੀ ਮੈਗਜ਼ੀਨ” ਜਲੰਧਰ ਤੱਕ ਪੁੱਜੀਆਂ। ਉਸ ਦੀ ਕਲਮ ਦਾ ਘੇਰਾ ਉਦੋਂ ਹੋਰ ਵੀ ਵਿਸ਼ਾਲਤਾ ਵਲ ਚਲੇ ਗਿਆ ਜਦੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਸਾਂਝੇ ਕਾਵਿ-ਸੰਗ੍ਰਹਿ ”ਕਲਮਾਂ ਦੇ ਸਿਰਨਾਵੇ” (287 ਮਿਆਰੀ ਕਲਮਾਂ ਵਿਚ ਸ਼ਾਮਲ ਹੋਣ ਦਾ ਉਸ ਨੂੰ ਮਾਣ ਹਾਸਲ ਹੋਇਆ। ਇਸ ਸੰਸਥਾ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਇਸ ਸੱਚੀ ਸੁੱਚੀ ਸਪੁੱਤਰੀ ਨੂੰ ਸਨਮਾਨ-ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ। ਵਧਦੇ ਕਦਮੀ ਉਸਨੂੰ ਲਾਡੀ ਸਾਹਿਤ ਪ੍ਰਕਾਸ਼ਨ” ਦੇ ਸਾਂਝੇ ਕਾਵਿ-ਸੰਗ੍ਰਿਹ, ”ਰੁੱਖ, ਪਾਣੀ ਅਨਮੋਲ” ਵਿਚ ਛਪਣ ਦਾ ਮੌਕਾ ਮਿਲਿਆ|
ਬਲਵਿੰਦਰ ਨੇ ਦੱਸਿਆ ਕਿ ਉਸ ਦੀਆਂ 100 ਦੇ ਕਰੀਬ ਰਚਨਾਵਾਂ ਛਪ ਚੁੱਕੀਆਂ ਹਨ ਅਤੇ ਉਸ ਦੀਆਂ ਕਵਿਤਾਵਾਂ ਦੀ ਅਲੋਚਨਾ ਵੀ ਅਕਸਰ ਹੁੰਦੀ ਹੀ ਰਹਿੰਦੀ ਹੈ, ਜਿਸ ਤੇ ਉਸ ਦੀ ਕਵਿਤਾ ਦਾ ਇਹ ਸ਼ੇਅਰ ਢੁੱਕਦਾ ਹੈ:-
‘ਉਹ ਸਖਸ਼ ਜੋ ਕਲਮ ਉੱਪਰ ਹੱਸਦਾ ਹੈ,
ਧੰਨਵਾਦ ਉਸਦਾ, ਉਹ ਮੈਨੂੰ ਮੇਰੀਆਂ ਕਮੀਆਂ ਦੱਸਦਾ ਹੈ।”
ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਲਗਾਣਾ ਨੇ ਕਿਹਾ, ”ਮੈਨੂੰ ਦੇਸ਼ ਵਿਦੇਸ਼ ਤੋਂ ਮੇਰੇ ਪਾਠਕਾਂ ਦੇ ਆਉਂਦੇ ਫ਼ੋਨ ਮੇਰੀ ਕਲਮ ਨੂੰ ਨਵੀ ਰਵਾਨੀ ਬਖਸ਼ ਰਹੇ ਹਨ। ਮੇਰੀ ਕਲਮ ਸਮਾਜ ਵਿਚ ਫ਼ੈਲੇ ਭ੍ਰਿਸ਼ਟਾਚਾਰ, ਨਸ਼ੇ, ਕੰਨਿਆ ਭਰੂਣ ਹੱਤਿਆ, ਬੇਰੁਜ਼ਗਾਰੀ, ਔਰਤ ਦੀ ਦਸ਼ਾ, ਬਜ਼ੁਰਗਾਂ ਦੀ ਅਜੋਕੀ ਹਾਲਤ, ਗੁਰਬਤ, ਰਿਸ਼ਤਿਆਂ ਦਾ ਘਾਣ, ਵਾਤਾਵਰਨ ਅਤੇ ਬੇ-ਵਫ਼ਾਈ ਆਦਿ ਖਿਲਾਫ਼ ਅਕਸਰ ਚੱਲਦੀ ਹੈ। ਮੈਨੂੰ ਉਦਾਸੀ ਭਰੇ ਗੀਤ, ਗ਼ਜ਼ਲਾਂ ਬਹੁਤ ਪਸੰਦ ਹਨ ਜੋ ਕਿ ਮੇਰੇ ਦਿਲੋਂ ਦਿਮਾਗ ਨੂੰ ਸਕੂਨ ਦਿੰਦੇ ਹਨ ਅਤੇ ਇਹ ਮੇਰੀ ਰੂਹ ਦੀ ਖੁਰਾਕ ਹਨ। ਵਕਤ ਦੀ ਕਦਰ ਕਰਨਾ, ਸਮਾਜ ਸੇਵਾ ਲਈ ਆਪਾ ਸਮਰਪਣ ਕਰਨਾ, ਦੂਜਿਆਂ ਦੇ ਦੁੱਖ ਦਰਦ ਵਿਚ ਹਮੇਸ਼ਾ ਸਹਾਈ ਹੋਣਾ ਹੀ ਮੇਰੀ ਫ਼ਿਤਰਤ ਵਿਚ ਸ਼ਾਮਿਲ ਹੈ।”
ਗੀਤਕਾਰਾਂ ਅਤੇ ਲਿਖਾਰੀਆਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਦੀ ਸੰਭਾਲ ਹਿੱਤ ਕਲਮ ਚਲਾਉਣ ਦੀ ਅਪੀਲ ਕਰਨ ਵਾਲੀ ਬਲਵਿੰਦਰ, ਤਹਿ ਦਿਲੋਂ ਧੰਨਵਾਦ ਕਰਦੀ ਹੈ, ”ਸੱਚੀ ਗੱਲ” ਦਸੂਹਾ ਦੇ ਮੁੱਖ ਸੰਪਾਦਕ ਸ਼੍ਰੀ ਸੰਜੀਵ ਮੋਹਨ ਡਾਵਰ ਜੀ ਦਾ ਅਤੇ ਹੋਰ ਉਨ੍ਹਾਂ ਅਖਬਾਰਾਂ ਦਾ, ਜਿਨ੍ਹਾਂ ਨੇ ਉਸਦੀਆਂ ਰਚਨਾਵਾਂ ਨੂੰ ਆਪਣੇ ਅਖਬਾਰ ਵਿਚ ਥਾਂ ਦੇ ਕੇ ਉਸਦਾ ਮਾਣ ਅਤੇ ਹੌਂਸਲਾ ਵਧਾਇਆ।
ਇਸ ਮੁਕਾਮ ਤੱਕ ਪਹੁੰਚਣ ਲਈ ਵਹਿਗੁਰੂ ਜੀ ਦਾ ਅਸ਼ੀਰਵਾਦ ਦੱਸਦਿਆਂ ਉਸ ਦਾ ਕੋਟਿਨ-ਕੋਟ ਸ਼ੁਕਰਾਨਾ ਕਰਨ ਵਾਲੀ, ਆਂਗਨਵਾੜੀ ਵਰਕਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੀ ਬਲਵਿੰਦਰ ਆਪਣੇ ਜੀਵਨ-ਸਾਥੀ ਕੁਲਜਿੰਦਰ ਭੱਟੀ, ਬੇਟੀ ਕੋਮਲਪ੍ਰੀਤ ਅਤੇ ਬੇਟੇ ਰਾਜ਼ੇਸ਼ਵਰ ਦਾ ਵੀ ਧੰਨਵਾਦ ਕਰਦੀ ਹੈ, ਜੋ ਉਸ ਦੀ ਕਲਮੀ-ਕਲਾ ਨੂੰ ਖੂਬ ਸਲਾਹੁੰਦੇ ਅਤੇ ਅਗਾਂਹ ਵਧਣ ਲਈ ਹਮੇਸ਼ਾਂ ਪੂਰਾ ਸਹਿਯੋਗ ਦੇ ਰਹੇ ਹਨ, ਉਸਨੂੰ।
ਸ਼ਾਲ੍ਹਾ! ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਉਪਰਾਲਿਆਂ ਵਿਚ ਜੁਟੀ ਹੋਈ ਇਹ ਕਲਮ ਬੇ-ਰੋਕ ਤੇ ਬੇ-ਟੋਕ, ਨਿਰੰਤਰ ਤੁਰਦੀ, ਸਾਹਿਤ ਵਿਚ ਨਵੀਆਂ ਪਗਡੰਡੀਆਂ ਸਿਰਜਦੀ ਰਵ੍ਹੇ! ਆਮੀਨ!
-ਪ੍ਰੀਤਮ ਲੁਧਿਆਣਵੀ,
98764-28641)