2017 ਚ ਪੰਜਾਬ ਨੂੰ ਅਕਾਲੀ ਕਾਂਗਰਸ ਦੀ ਗ੍ਰਿਫਤ ਵਿਚੋਂ ਛਡਾਉਣਾ ਮੇਰਾ ਪਹਿਲਾ ਮਕਸਦ; ਡਾ ਗਾਂਧੀ
ਟੋਰਾਂਟੋ / 04 ਮਈ 2016/ ਭਜਨ ਸਿੰਘ ਬਾਹਬਾ
ਆਪਣੀ ਕਨੇਡਾ ਫੇਰੀ ਦੇ ਆਖਰੀ ਪੜਾਅ ਵਿੱਚ ਡਾ. ਧਰਮਵੀਰ ਗਾਂਧੀ 29 ਅਪ੍ਰੈਲ ਨੂੰ ਕਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਪਹੁੰਚੇ। ਸ਼ੁੱਕਰਵਾਰ (29 ਅਪ੍ਰੈਲ ) ਦੀ ਸ਼ਾਮ ਨੂੰ ਡਾ. ਗਾਂਧੀ ਟੋਰਾਂਟੋ ਤੋਂ ਚੱਲਦੇ ਪੰਜਆਬ TV ਸਟੇਸ਼ਨ ਅਤੇ Y ਚੈਨਲ ਉੱਤੇ ਨਿੱਜੀ ਇੰਟਰਵਿਊ ਦੇਣ ਲਈ ਹਾਜ਼ਿਰ ਹੋਏ। ਇੰਟਰਵਿਊ ਦੌਰਾਨ ਜਿਥੇ ਡਾ. ਗਾਂਧੀ ਨੇ ਚੈਨਲ ਹੋਸਟਾਂ ਨਾਲ ਰਾਜਨੀਤਕ ਪਹਿਲੂਆਂ ਅਤੇ ਪੰਜਾਬ ਦੇ ਮਸਲਿਆਂ ਵਾਰੇ ਵਿਚਾਰ ਵਟਾਂਦਰਾ ਕੀਤਾ, ਉਥੇ ਇਹਨਾਂ ਚੈਨਲਾਂ ਨਾਲ ਫੋਨ ਕਾਲ ਰਾਹੀਂ ਜੁੜਨ ਵਾਲੇ ਦਰਸ਼ਕਾਂ ਨਾਲ ਵੀ ਵਿਚਾਰਾਂ ਦੀ ਸਾਂਝ ਪਾਈ ਤੇ ਓਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ਼ੁੱਕਰਵਾਰ ਰਾਤ ਨੂੰ ਹੀ ਮੋਗੇ ਨੇੜੇ ਪੈਂਦੇ ਪਿੰਡ ਬਿਲਾਸਪੁਰ, ਜਿਥੇ ਡਾ. ਗਾਂਧੀ ਨੇ ਆਪਣੀ ਨੌਕਰੀ ਦੌਰਾਨ 10 ਸਾਲ ਕੰਮ ਕੀਤਾ, ਦੇ ਟੋਰਾਂਟੋ ਚ ਰਹਿੰਦੇ ਵਸਨੀਕਾਂ ਨੇ ਇੱਕ ਨਿੱਜੀ ਸਮਾਗਮ ਕਰਕੇ ਡਾ. ਗਾਂਧੀ ਨੂੰ ਓਹਨਾਂ ਦੀਆਂ ਚੰਗੀਆਂ ਸੇਵਾਵਾਂ ਕਰਕੇ ਸਨਮਾਨਿਤ ਕੀਤਾ।
30 ਅਪ੍ਰੈਲ ਨੂੰ ਟੋਰਾਂਟੋ ਦੇ ਇੱਕ ਬੈਂਕਟ ਹਾਲ ‘ਚ ਰੱਖੇ ਗਏ ਪ੍ਰੋਗਰਾਮ ਚ ਡਾ. ਗਾਂਧੀ ਟੋਰਾਂਟੋ ਅਤੇ ਆਸ ਪਾਸ ਰਹਿੰਦੇ ਪ੍ਰਵਾਸੀਆਂ ਭਾਰਤੀਆਂ ਦੇ ਰੂਬਰੂ ਹੋਏ। ਇਹ ਪ੍ਰੋਗਰਾਮ ਵਿੱਚ ਪੰਜਾਬ ਲਈ ਫਿਕਰਮੰਦ ਪ੍ਰਵਾਸੀਆਂ ਨੇ ਬੜੀ ਗੰਭੀਰਤਾ ਨਾਲ ਪੰਜਾਬ ਦੇ ਵੱਖ-2 ਮਸਲਿਆਂ ਅਤੇ ਓਹਨਾਂ ਦੇ ਹੱਲ ਵਾਰੇ ਡਾ. ਗਾਂਧੀ ਦੇ ਵਿਚਾਰ ਜਾਣੇ ਅਤੇ ਆਪਣੇ ਸੁਝਾਅ ਵੀ ਪੇਸ਼ ਕੀਤੇ। ਡਾ. ਗਾਂਧੀ ਨੇ ਪੰਜਾਬ ਦੇ ਖੇਤੀਬਾੜੀ ਸੰਕਟ, ਕਿਸਾਨਾਂ ਵਿੱਚ ਆਤਮਹੱਤਿਆਵਾਂ ਦੇ ਵੱਧ ਰਹੇ ਵਰਤਾਰੇ, ਵਿਗੜ ਰਹੇ ਵਾਤਾਵਰਣ ਅਤੇ ਸੂਬੇ ਦੀ ਪੁਲਿਸ ਦੇ ਹੋ ਚੁੱਕੇ ਰਾਜਨੀਤੀਕਰਣ ਨੂੰ ਠੱਲ ਪਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ ਗਏ। ਸੂਬੇ ਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਦੇ ਸਥਾਈ ਹੱਲ ਲਈ ਡਾ. ਗਾਂਧੀ ਦੇ ਸਹਿਯੋਗੀ ਅਤੇ ਓਹਨਾਂ ਨਾਲ ਕਨੇਡਾ ਫੇਰੀ ਤੇ ਆਏ ਡਾ. ਜਗਜੀਤ ਚੀਮਾ (ਸਾਬਕਾ ਸੰਯੁਕਤ ਡਾਇਰੈਕਟਰ, ਸਿਹਤ ਸੇਵਾਵਾਂ ਪੰਜਾਬ) ਨੇ ਆਪਣੇ ਵਿਚਾਰ ਪੇਸ਼ ਕੀਤੇ।
2017 ਪੰਜਾਬ ਵਿਧਾਨ ਸਭਾ ਵਾਰੇ ਡਾ. ਗਾਂਧੀ ਨੇ ਆਖਿਆ ਕਿ ਪੰਜਾਬ 2017 ਚ ਵੱਡੀ ਤਬਦੀਲੀ ਲਈ ਤਿਆਰ ਬਰ ਤਿਆਰ ਹੈ। 2017 ਚੋਣ ਨੂੰ ਆਪ ਪਾਰਟੀ ਨਾਲ ਜੋੜ ਕੇ ਓਹਨਾਂ ਕਿਹਾ ਕਿ ਜਿੱਥੇ ਇਹ ਚੋਣ ਪਾਰਟੀ ਲਈ ਇੱਕ ਬਹੁਤ ਵੱਡਾ ਮੌਕਾ ਹੋਵੇਗਾ, ਉੱਥੇ ਪਾਰਟੀ ਨੂੰ ਮੌਕਾਪ੍ਰਸਤਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੋਵੇਗੀ।
ਪ੍ਰੋਗ੍ਰਾਮ ਚ ਸ਼ਾਮਿਲ ਹੋਏ ਬਹੁਤ ਸਾਰੇ ਪ੍ਰਵਾਸੀਆਂ ਦਾ ਆਪ ਪਾਰਟੀ ਨਾਲ ਡਾ. ਗਾਂਧੀ ਦੇ ਵਿਗੜ ਚੁੱਕੇ ਰਿਸ਼ਤੇ ਵਾਰੇ ਵੀ ਸ਼ੰਕੇ ਸਨ। ਓਹਨਾਂ ਦੀ ਚਿੰਤਾ ਸੀ ਕਿ ਡਾ. ਗਾਂਧੀ ਦੀ ਪਾਰਟੀ ਤੋਂ ਦੂਰੀ ਕਿਸੇ ਨਾ ਕਿਸੇ ਢੰਗ ਨਾਲ 2017 ਵਿਧਾਨ ਸਭਾ ਚੋਣ ਵਿੱਚ ਅਕਾਲੀ ਜਾਂ ਕਾਂਗਰਸ ਪਾਰਟੀ ਦੀ ਸੱਤਾ ਪ੍ਰਾਪਤੀ ਚ ਮਦਦ ਕਰ ਸਕਦੀ ਹੈ। ਇਸ ਸਵਾਲ ਤੇ ਡਾ. ਗਾਂਧੀ ਨੇ ਭਰਵੇਂ ਇੱਕਠੇ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਇਹਨਾਂ ਰਵਾਇਤੀ ਪਾਰਟੀਆਂ ਖਿਲਾਫ਼ ਓਹ ਪਿਛਲੇ 40 ਸਾਲਾਂ ਤੋਂ ਲੜਦੇ ਆ ਰਹੇ ਹਨ ਤੇ 2017 ਚ ‘ਉੱਤਰ ਕਾਟੋ ਮੈਂ ਚੜਾਂ’ ਦੀ ਰਿਵਾਇਤ ਖਤਮ ਕਰਨ ਲਈ ਓਹ ਦਿਨ ਰਾਤ ਇੱਕ ਕਰ ਦੇਣਗੇ ਅਤੇ ਪਾਰਟੀ ਦੇ ਸਾਫ਼ ਸੁਥਰੇ ਅਕਸ ਵਾਲੇ ਮਿਹਨਤੀ ਅਤੇ ਇਮਾਨਦਾਰ ਉਮੀਦਵਾਰਾਂ ਦੀ ਸਫਲਤਾ ਲਈ ਆਪਣਾ ਪੂਰਾ ਯੋਗਦਾਨ ਦੇਣਗੇ।