——–—————————————————–
ਗੁਰ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ ਨਗਰ ਕੀਰਤਨ ਕੱਢਿਆ ਗਿਆ
ਫਰਿਜ਼ਨੋ / 30 ਅਕਤੂਬਰ 2024/ ਰਾਜਵਿੰਦਰ ਰੌਂਤਾ, ਨੀਟਾ ਮਾਛੀ ਕੇ
ਪਿਛਲੇ ਦਿਨੀ ਗੁਰਦਵਾਰਾ ਗੁਰ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ 15 ਵਾਂ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਸੰਗਤਾਂ ਦੂਰੋਂ ਦੂਰੋਂ ਚੱਲਕੇ ਪਹੁੰਚੀਆਂ ਹੋਈਆਂ ਸੀ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਬਹੁਤ ਚੰਗੇ ਪ੍ਰਬੰਧ ਕੀਤੇ ਗਏ ਸਨ। ਸਟੇਜ਼ ਦੇ ਪ੍ਰਬੰਧਾਂ ਨੂੰ ਰਾਜ ਬਦੇਸ਼ਾ, ਭਾਈ ਹਰਪ੍ਰੀਤ ਸਿੰਘ ਅਤੇ ਬਾਈ ਜਗਰੂਪ ਸਿੰਘ ਨੇ ਬਾਖੂਬੀ ਨਿਭਾਇਆ। ਫ਼ਲੋਟਾਂ ਦੀ ਸੇਵਾ ਵਿੱਚ ਵਿਸਟਰਨ ਟਰੱਕ ਰਿਪੇਅਰ ਤੇ ਟਰੱਕਿੰਗ ਵਾਲੇ ਮਿੰਟੂ ਉੱਪਲੀ ਅਤੇ ਭਿੰਦੇ ਗਿੱਲ ਨੇ ਵਿਸ਼ੇਸ਼ ਯੋਗਦਾਨ ਪਾਇਆ। ਤਰਾਂ ਤਰਾਂ ਦੇ ਲੰਗਰਾਂ ਦਾ ਸੰਗਤ ਨੇ ਖੂਬ਼ ਲੁੱਤਫ਼ ਲਿਆ। ਕਵੀਸ਼ਰੀ, ਢਾਈ ਤੇ ਕੀਰਤਨੀਏ ਜਥਿਆਂ ਨੇ ਗੁਰਬਾਣੀ ਅਤੇ ਇਤਿਹਾਸ ਸਰਵਣ ਕਰਵਾਇਆ। ਪ੍ਰਬੰਧਕਾਂ ਵੱਲੋਂ ਪੰਜ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਫਾਊਲਰ ਸ਼ਹਿਰ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਕੈਲੇਫੋਰਨੀਆਂ ਗੱਤਕਾ ਦਲ ਦੇ ਜਥਿਆਂ ਨੇ ਗੱਤਕੇ ਜੌਹਰ ਵਿਖਾਏ। ਨੌਜਵਾਨ ਮੋਟਰ ਸਾਈਕਲ ਕਾਫ਼ਲਿਆਂ ਵਿੱਚ ਪਹੁੰਚੇ ਹੋਏ ਸਨ। ਬਹੁਤ ਸਾਰੇ ਸੱਜਣ ਬੇਲੀ ਬੜੀ ਦੇਰ ਬਾਅਦ ਨਗਰ ਕੀਰਤਨ ਮੌਕੇ ਮਿਲੇ, ਬਹੁਤ ਚੰਗਾ ਲੱਗਿਆ।
ਨਗਰ ਕੀਰਤਨ ਗੁਰੂ ਘਰੋ ਚੱਲਕੇ, ਫਾਊਲਰ ਸ਼ਹਿਰ ਦੇ ਪਾਰਕ ਵਿੱਚ ਪੜਾਅ ਕਰਨ ਤੋ ਬਾਅਦ, ਅਖੀਰ ਲੰਮਾ ਪੈਂਡਾ ਤਹਿ ਕਰਨ ਉਪਰੰਤ ਖਾਲਸਾਈ ਜਾਹੋ ਜਲਾਲ ਵਿੱਚ ਅਮਿੱਟ ਪੈੜ੍ਹਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ। ਸਮੂੰਹ ਸੰਗਤ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਪੱਤਰਕਾਰ ਕੁਲਵੰਤ ਧਾਲੀਆਂ ਨੇ ਸਾਰਾ ਸਮਾਗਮ ਲਾਈਵ ਆਪਣੇ ਸ਼ੋਸ਼ਲ ਮੀਡੀਆ ਪੇਜ ਤੇ ਕੀਤਾ ਗਿਆ।
——–—————————————————–
ਰੌਂਤੇ ਵਾਲਿਆਂ ਦੇ ਹਰ ਥਾਂ ਝੰਡੇ ਬੁਲੰਦ ਹਨ -ਗਿੱਲ ਰੌਂਤਾ
ਮੈਲਬੋਰਨ/ 23 ਅਕਤੂਬਰ 2024/ ਰਾਜਵਿੰਦਰ ਰੌਂਤਾ
ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਗੁਰਵਿੰਦਰ ਸਿੰਘ ਗਿੱਲ ਰੌਂਤਾ ਦਾ ਸਫਲ ਸ਼ੋ ਲਗਾਇਆ ਗਿਆ। ਉਸ ਸੀ ਪੁਸਤਕ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ ਦੀ ਖੂਬ ਚਰਚਾ ਰਹੀ। ਗੁਰਵਿੰਦਰ ਸਿੰਘ ਗਿੱਲ ਰੌਂਤਾ ਨੇ ਆਪਣੇ ਲਾਹੌਰ ਵਿਚਲੇ ਪਲ ਅਤੇ ਯਾਦਾਂ ਨੂੰ ਸਾਂਝਾਂ ਕਰਦਿਆਂ ਆਯੋਜਕਾਂ ਦਾ ਧੰਨਵਾਦ ਕੀਤਾ। ਇਸ ਸ਼ੋ ਤੋਂ ਬਾਅਦ ਉਸ ਨੂੰ ਪਿੰਡ ਰੌਂਤਾ ਦੇ ਮੁੰਡੇ ਤੇ ਓਹਨਾ ਦੇ ਸਾਥੀ ਮਿਲੇ। ਗਿੱਲ ਰੌਂਤਾ ਨੇ ਆਪਣੇ ਪਿੰਡ ਦੇ ਐਮੀ ਤੂਰ, ਪ੍ਰਦੀਪ ਰਾਏ ਨੂੰ ਗਲਵਕੜੀ ‘ਚ ਲੈਂਦਿਆਂ ਕਿਹਾ ਕਿ ਮੈਨੂੰ ਮੇਰੇ ਪਿੰਡ ਵਾਲਿਆਂ ਤੇ ਮਾਣ ਹੈ। ਤੁਸੀਂ ਸਦਾ ਚੜਦੀ ਕਲਾ ਵਿਚ ਰਹੋ। ਉਹਨਾਂ ਨਾਲ ਹਸਨ ਟਿਵਾਣਾ, ਗੁਰਵਿੰਦਰ ਬਰਾੜ ਵੀ ਮੌਜੂਦ ਸਨ।
ਗੁਰਵਿੰਦਰ ਸਿੰਘ ਗਿੱਲ ਰੌਂਤਾ ਨੇ ਅੱਗੇ ਬੋਲਦਿਆਂ ਕਿਹਾ ਕਿ ਜਦੋਂ ਮੈਨੂੰ ਮੇਰੇ ਪਿੰਡ ਦੇ ਮਿੱਤਰ ਪਿਆਰੇ ਭਰਾ ਮਿਲਦੇ ਹਨ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਹੈ। ਅਮਨਦੀਪ ਸਿੰਘ ਐਮੀ ਤੂਰ ਨੇ ਕਿਹਾ ਕਿ ਗਿੱਲ ਨੂੰ ਮਿਲ ਕੇ ਇੰਜ ਲਗਿਆ ਕਿ ਜਿਵੇਂ ਅਸੀਂ ਪਿੰਡ ਹੀ ਜਾ ਆਏ ਹੋਈਏ। ਗਿੱਲ ਦੀ ਗਲਵਕੜੀ ਵਿਚ ਪੰਜਾਬ ਧੜਕਦਾ ਹੈ।
——–—————————————————–
ਰੁਪਿੰਦਰ ਕੌਰ ਸਿੱਧੂ ਦਾ ਪਲੇਠਾ ਕਾਵਿ ਸੰਗ੍ਰਹਿ ‘ਮੈਂ ਤੇ ਮੇਰੇ ਗੀਤ’ ਪਾਠਕਾਂ ਦੇ ਰੂ-ਬਰੂ
ਔਰਤ ਦੇ ਹੱਕਾਂ ਤੇ ਵਿਰਸੇ ਦੀ ਗੱਲ ਕਰਨ ਵਾਲੀ ਸ਼ਾਇਰਾ
ਟਰਾਂਟੋ/ 24 ਸਤੰਬਰ 2024/ ਮਨਜੀਤ ਸਿੰਘ ਸਰਾਂ
ਸਭ ਤੋਂ ਪਹਿਲਾਂ ਇਸ ਕਾਵਿ ਸੰਗ੍ਰਹਿ ‘ਮੈਂ ਤੇ ਮੇਰੇ ਗੀਤ’ ਦੀ ਲੇਖਿਕਾ/ ਸ਼ਾਇਰਾ ਰੁਪਿੰਦਰ ਕੌਰ ਸਿੱਧੂ (ਸਹਿਣਾ) ਬਾਰੇ ਗੱਲ ਕਰਦੇ ਹਾਂ। ਕਿੱਤੇ ਤੋ ਰੁਪਿੰਦਰ ਇੱਕ ਅਧਿਆਪਕਾ ਹੈ ਤੇ ਬਰਨਾਲਾ ਦੇ ਕੋਲ ਪਿੰਡ ਸਹਿਣਾ ਵਿਆਹੀ ਹੋਈ ਹੈ। ਬੁਹਤ ਹੀ ਸਹਿਜਮਤੇ ਤੇ ਸਾਦੇ ਸੁਭਾਅ ਵਾਲੀ ਇਸ ਸ਼ਾਇਰਾ ਦੀ ਹਰ ਸ਼ਾਇਰੀ ਪੰਜਾਬੀ ਵਿਰਸੇ ਦੇ ਆਸ ਪਾਸ ਰਹਿੰਦੀ ਹੈ। ਉਹ ਜਿੱਥੇ ਪੰਜਾਬ ‘ਚੋ ਪ੍ਰਵਾਸ ਵੱਲ ਵੱਧਦੇ ਰੁੱਝਾਨ ਤੋ ਚਿੰਤੁਤ ਹੈ, ਉੱਥੇ ਨਸ਼ੇ ਦੀ ਭੇਟ ਚੜ੍ਹ ਰਹੇ ਪੰਜਾਬ, ਪੰਜਾਬੀ ਜ਼ੁਬਾਨ ਤੋ ਬੇਮੁੱਖ ਹੋ ਰਹੇ ਪੰਜਾਬੀਆਂ ਦੀ ਫਿਤਰਤ ਤੇ ਅਲੋਪ ਹੋ ਰਹੇ ਵਿਰਸੇ ਤੋਂ ਵੀ ਡੂੰਘੀ ਪ੍ਰਭਾਵਿਤ ਲੱਗਦੀ ਹੈ। ਉਸਦੀ ਹਰ ਸ਼ਾਇਰੀ ‘ਚ ਡਾਢੀ ਚਿੰਤਾ ਨਜ਼ਰ ਆਉਂਦੀ ਹੈ। ਲਫ਼ਜ਼ਾਂ ਨੂੰ ਠੇਠ ਲਹਿਜੇ ‘ਚ ਸਿਰਜਣ ਤੇ ਤੁੱਕਬੰਦੀ ਦੀ ਪੂਰੀ ਜਾਚ ਹੈ। ਕਾਫ਼ੀ ਦੇਰ ਤੋਂ ਦੁਨੀਆ ਭਰ ਦੇ ਅਖਬਾਰਾਂ ਤੇ ਰਸਾਲਿਆਂ ‘ਚ ਛੱਪਦੀ ਆ ਰਹੀ ਹੈ ਤੇ ਇਸ ਪਲੇਠੇ ਕਾਵਿ ਸੰਗ੍ਰਹਿ ‘ਮੈਂ ਤੇ ਮੇਰੇ ਗੀਤ’ ਨਾਲ ਉਸ ਨੇ ਪੰਜਾਬੀ ਸਾਹਿਤ ਤੇ ਵਿਹੜੇ ‘ਚ ਆਪਣਾ ਪਹਿਲਾ ਪੈਰ ਧਰਿਆ ਹੈ।
ਬਰਨਾਲਾ ਦੀ ‘ਪੁਲਾਂਘ ਪ੍ਰਕਾਸ਼ਨ’ ਦੁਆਰਾ ਪ੍ਰਕਾਸ਼ਿਤ 144 ਸਫਿਆਂ ਦੇ ਇਸ ਕਾਵਿ ਸੰਗ੍ਰਹਿ ‘ਚ ਕੁੱਲ 82 ਗੀਤ ਹਨ ਤੇ ਹਰੇਕ ਗੀਤ ‘ਚ ਸ਼ਾਇਰਾ ਨੇ ਹਰ ਸ਼ਬਦ ਨੂੰ ਬੁਹਤ ਹੀ ਸੂਝ ਬੂਝ ਤੇ ਲਿਆਕਤ ਨਾਲ ਘੜ੍ਹਣ ਦੀ ਕੋਸ਼ਿਸ਼ ਕੀਤੀ ਹੈ ਤੇ ਰੁਪਿੰਦਰ ਕੌਰ ਸਿੱਧੂ ਦੇ ਅਗਲੇ ਕਦਮ ਪੂਰੀ ਪਰਪੱਕਤਾ ਨਾਲ ਧਰਨ ਦੀ ਉਮੀਦ ਤੇ ਲੋਅ ਦੇਖਣ ਨੂੰ ਮਿਲਦੀ ਹੈ। ਜੇਕਰ ਉਸ ਦੀਆਂ ਕੁੱਝ ਰਚਨਾਵਾਂ ਵੱਲ ਮਾਰੀਏ ਤਾਂ ਕੁੱਝ ਕੁ ਤਾਂ ‘ਔਰਤ ਦਿਵਸ, ਜਜ਼ਬਾਤ, ਬਦਲ ਗਿਆ ਸੰਸਾਰ, ਅਜ਼ਬ ਤਮਾਸ਼ੇ, ਕੋਇਲਾਂ, ਮੇਰਾ ਪਿੰਡ, ਕੁੰਭੀ ਨਰਕ, ਸਬਰ, ਬਾਪੂ ਤੇ ਫ਼ਸਲ, ਪੱਥਰ ਤੇ ਪਰਵਾਸ ਵੱਲ ਨਜ਼ਰ ਮਾਰੀਏ ਤਾਂ ਰੁਪਿੰਦਰ ਦੀ ਕਲਮ ਤੋ ਵੱਡੀਆਂ ਆਸਾਂ ਨਜ਼ਰ ਆਉਂਦੀਆਂ ਹਨ। ਜੇਕਰ ਰੁਪਿੰਦਰ ਦੀ ਸੋਚ ਦੀ ਗੱਲ ਕਰੀਏ ਤਾਂ ਉਸ ਦੀ ਕਲਮ ਤੇ ਸੁਭਾਅ ਦੋਹਾਂ ‘ਚ ਸਾਦਗੀ ਤੇ ਸਰਲਤਾ ਦੇਖਣ ਨੂੰ ਮਿਲਦੀ ਹੈ। ਕੁੱਝ ਇੱਕਾ ਦੁੱਕਾ ਰਚਨਾ ਨੂੰ ਛੱਡ ਕੇ ਰੁਪਿੰਦਰ ਕੌਰ ਸਿੱਧੂ ਆਉਣ ਵਾਲੇ ਸਮੇਂ ਦੀ ਇੱਕ ਸਥਾਪਿਤ ਸ਼ਾਇਰਾ ਦਿਸ ਰਹੀ ਹੈ। ਸਾਡੇ ਵੱਲੋ ਉਸ ਨੂੰ ਪੰਜਾਬੀ ਸਾਹਿਤ ਦੇ ਵਿਹੜੇ ‘ਚ ਪਹਿਲਾ ਪੈਰ ਧਰਨ ਤੇ ਵਧਾਈਆਂ ਤੇ ਢੇਰ ਸਾਰੀ ਸ਼ਾਬਾਸ਼।
———————–—————————————————–
ਗੀਤਕਾਰ ਗਿੱਲ ਰੌਤਾ ਆਪਣੀ ਪੁਸਤਕ ‘ਹੈਲੋ ਮੈਂ ਲਾਹੌਰ ਤੋਂ ਬੋਲਦਾਂ’’ ਨਾਲ ਆਸਟਰੇਲੀਆ ਵਿੱਚ ਹੋਇਆ ਚਰਚਿਤ
ਆਸਟਰੇਲੀਆ / 17 ਸਤੰਬਰ 2024/ ਰਾਜਵਿੰਦਰ ਰੌਂਤਾ
ਪ੍ਰਸਿੱਧ ਗੀਤਕਾਰ ਅਤੇ ਫ਼ਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਪਹਿਲੀ ਸਫ਼ਰਨਾਮਾ ਪੁਸਤਕ ‘ਹੈਲੋ ਮੈਂ ਲਾਹੌਰ ਤੋਂ ਬੋਲਦਾਂ’ ਨਾਲ ਦੁਨੀਆ ਪੱਧਰ ਤੇ ਪ੍ਰਸਿੱਧ ਹੋ ਰਿਹਾ ਹੈ । ਗਿੱਲ ਰੌਤਾ ਪੰਜਾਬੀ ਦਾ ਇੱਕੋ ਇੱਕ ਲੇਖਕ ਹੋਵੇਗਾ ਕਿ ਜਿਸ ਦੇ ਸ਼ੋ ਲਗਦੇ ਹੋਣ, ਉਸ ਦੇ ਪ੍ਰਸ਼ੰਸ਼ਕ ਟਿਕਟਾਂ ਲੈ ਕੇ ਉਸ ਨੂੰ ਵੇਖਦੇ ਹਨ। ਗੀਤਕਾਰੀ ਅਤੇ ਫਿਲਮ ਲੇਖਣੀ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਤੋਂ ਬਾਅਦ ਗੁਰਵਿੰਦਰ ਸਿੰਘ ਗਿੱਲ ਰੌਂਤਾ ਲਾਹੌਰ (ਪਾਕਿਸਤਾਨ), ਕਨੇਡਾ, ਦੁਬਈ ਵਿੱਚ ਆਪਣੇ ਕਾਮਯਾਬ ਸ਼ੋਅ ਕਰਨ ਤੋਂ ਪਿੱਛੋਂ ਅੱਜ ਕੱਲ੍ਹ ਆਸਟਰੇਲੀਆ ਵਿੱਚ ਲਗਾਤਾਰ ਸ਼ੋਅ ਕਰ ਰਿਹਾ ਹੈ। ਆਸਟਰੇਲੀਆ ਦੇ ਮੈਲਬੋਰਨ ਵਿੱਚ ਅਸ ਟਰਸ ਤੇ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਉਸ ਦਾ ਸ਼ੋਅ ਕਰਵਾਇਆ ਗਿਆ। ਜਿਸ ਵਿੱਚ ਉਸਦੇ ਪ੍ਰਸ਼ੰਸਕ ਪੰਜਾਬੀਆਂ ਨੇ ਉਸ ਦੀ ਸ਼ਾਇਰੀ ਅਤੇ ਕਿਤਾਬ ਦੀ ਚਰਚਾ ਦੇ ਸਮਾਗਮ ਦਾ ਆਨੰਦ ਮਾਣਿਆ ਹੈ। ਬੁਲਾਰਿਆਂ ਨੇ ਉਸ ਦੀ ਗੀਤਾਂ ਵਰਗੀ ਲੇਖਣੀ ਬਾਰੇ ਵਿਚਾਰ ਰੱਖੇ ਤੇ ਪਾਠਕਾਂ ਨੇ ਗਿੱਲ ਨਾਲ ਸਵਾਲ ਜਵਾਬ ਵੀ ਕੀਤੇ।
ਗਿੱਲ ਰੌਂਤਾ ਨੇ ਗੱਲਬਾਤ ਰਾਹੀਂ ਦੱਸਿਆ ਕਿ ‘ਹੈਲੋ ਮੈਂ ਲਾਹੌਰ ਤੋਂ ਬੋਲਦਾਂ’ ਕਿਤਾਬ ਨੂੰ ਉਸ ਦੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਮਿੱਤਰਾਂ ਪ੍ਰਸ਼ੰਸਕਾਂ ਨੇ ਐਨਾ ਪਿਆਰ ਦਿੱਤਾ ਹੈ ਕਿ ਮੈਂ ਸੋਚ ਵੀ ਨਹੀਂ ਸਕਦਾ। ਮੇਰੇ ਕੋਲ ਧੰਨਵਾਦੀ ਸ਼ਬਦ ਨਹੀਂ ਹਨ। ਇਸ ਹੁੰਗਾਰੇ ਨਾਲ ਮੈਨੂੰ ਹੌਸਲਾ ਅਤੇ ਖੁਸ਼ੀ ਮਿਲੀ ਹੈ ਮੈਂ ਹੁਣ ਗੀਤਕਾਰੀ ਫਿਲਮ ਲੇਖਣੀ ਗਾਇਕੀ ਦੇ ਨਾਲ ਸਾਹਿਤ ਵੱਲ ਵੀ ਹੋਰ ਪਰਪੱਕ ਹੋਣ ਦੀ ਕੋਸ਼ਿਸ਼ ਕਰਾਂਗਾ।
———————–—————————————————–
ਡਾ. ਓਬਰਾਏ ਦੇ ਯਤਨਾਂ ਸਦਕਾ ਮਜੀਠਾ ਦੇ 22 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ
ਬੀਤੀ 24 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਬਈ ‘ਚ ਹੋ ਗਈ ਸੀ ਮੌਤ
ਦੁਬਈ, ਅੰਮ੍ਰਿਤਸਰ / 6 ਸਤੰਬਰ 2024/ ਭਵਨਦੀਪ ਸਿੰਘ ਪੁਰਬਾ
ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਬੀਤੀ ਰਾਤ ਮਜੀਠਾ ਨੇੜਲੇ ਪਿੰਡ ਸ਼ਾਮ ਨਗਰ ਦੇ 22 ਸਾਲਾ ਪਲਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਲਵਿੰਦਰ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਕੇਵਲ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਆਇਆ ਸੀ। ਜਿਸ ਦੀ ਬੀਤੀ 24 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਡਾ. ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਉਨਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਜਿਸ ਉਪਰੰਤ ਉਨ੍ਹਾਂ ਆਪਣੀ ਅੰਮ੍ਰਿਤਸਰ ਟੀਮ ਨੂੰ ਪੀੜਤ ਪਰਿਵਾਰ ਕੋਲ ਭੇਜ ਕੇ ਉਨ੍ਹਾਂ ਨੂੰ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲੈਣ ਉਪਰੰਤ ਆਪਣੀ ਦੁਬਈ ਵਿਚਲੀ ਟੀਮ ਰਾਹੀਂ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪਲਵਿੰਦਰ ਸਿੰਘ ਦਾ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਪਲਵਿੰਦਰ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ। ਪਲਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਚਾਚੇ ਸਾਹਿਲ ਮੱਟੂ ਤੋਂ ਇਲਾਵਾ ਹਮਜ਼ਾ ਦੇ ਸਰਪੰਚ ਧਰਮਵੀਰ ਭੱਟੀ, ਪਲਵਿੰਦਰ ਦੀ ਮ੍ਰਿਤਕ ਦੇ ਨਾਲ ਦੁਬਈ ਤੋਂ ਆਏ ਉਸ ਦੇ ਰਿਸ਼ਤੇਦਾਰ ਸ਼ਿਪਨ, ਰਵੀਸ਼ੇਰ ਸਿੰਘ, ਹਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਪਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਡਾ. ਐੱਸ.ਪੀ.ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਉਨ੍ਹਾਂ ਦੀ ਵੱਡੀ ਮਦਦ ਕਰਨ ਲਈ ਉਨ੍ਹਾਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਇਸ ਪਰਉਪਕਾਰ ਨੂੰ ਹਮੇਸ਼ਾ ਯਾਦ ਰੱਖਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਟੈਲੀਫੋਨ ਰਾਹੀਂ ਡਾ. ਐਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ।
ਪੀਡ਼ਤ ਪਰਿਵਾਰ ਨਾਲ ਹਵਾਈ ਅੱਡੇ ‘ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਵਿੱਤ ਸਕੱਤਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 370 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
———————–—————————————————–
ਭਾਈ ਰੂਪ ਚੰਦ ਦੀ ਬਰਸੀ ਫਰਿਜਨੋ ਵਿਖੇ ਮਨਾਈ ਗਈ
ਫਰਿਜਨੋ (ਕੈਲੀਫੋਰਨੀਆਂ)/ 23 ਜੁਲਾਈ 2024/ ਰਾਜਵਿੰਦਰ ਰੌਂਤਾ/ ਵੈੱਬ ਡੈਸਕ
ਸਥਾਨਿਕ ਗੁਰਦਵਾਰਾ ਨਾਨਕਸਰ ਕਰਨੀਲੀਆ ਰੋਡ ਫਰਿਜਨੋ ਵਿਖੇ ਭਾਈ ਰੂਪ ਚੰਦ ਜੀ ਦੀ ਬਰਸੀ ਪਿੰਡ ਸਮਾਧ ਭਾਈ ਦੀ ਸੰਗਤ ਵੱਲੋ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਮੂਹ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥੇ ਨੇ ਧਾਰਨਾ ਪੜ੍ਹਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤ ਵੱਲੋ ਚੱਲ ਰਹੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਕੜ੍ਹਾਹ ਪ੍ਰਸ਼ਾਦ ਦੀ ਦੇਗ ਵਰਤੀ, ਉਪਰੰਤ ਡਾ. ਮਲਕੀਤ ਸਿੰਘ ਕਿੰਗਰਾ ਅਤੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਭਾਈ ਰੂਪ ਚੰਦ ਦੇ ਜੀਵਨ ਤੇ ਪੰਛੀ ਝਾਤ ਪਵਾਈ। ਉਹਨਾਂ ਕਿਹਾ ਕਿ ਭਾਈ ਰੂਪ ਚੰਦ ਜੀ ਨੇ ਛੇਵੇਂ ਪਾਤਸ਼ਾਹ ਤੋ ਲੈਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਹਿਬਾਨਾ ਦੀ ਸੇਵਾ ਕੀਤੀ ਤੇ ਭਾਈ ਦੀ ਉਪਾਧੀ ਵੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਤੋ ਮਿਲੀ। ਉਹਨਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਹਿਬ ਨੇ ਭਾਈ ਸਹਿਬ ਦੇ ਨਾਮ ਤੇ ਮਾਲਵੇ ਦਾ ਨਗਰ ਭਾਈ ਰੂਪਾ ਵਸਾਇਆ, ਜਿੱਥੇ ਅੱਜ ਵੀ ਉਹਨਾਂ ਦੇ ਵੰਸ਼ ਕੋਲ ਗੁਰੂ ਸਹਿਬ ਦੀ ਨਿਸ਼ਾਨੀ ਰੱਥ ਦੇ ਰੂਪ ਵਿੱਚ ਸਾਂਭੀ ਹੋਈ ਹੈ। ਉਹਨਾਂ ਕਿਹਾ ਕਿ ਸਮਾਧ ਭਾਈ ਵਿਖੇ ਉਹਨਾਂ ਦਾ ਸਸਕਾਰ ਕੀਤਾ ਗਿਆ, ਉਪਰੰਤ ਭਾਈ ਸਹਿਬ ਦੇ ਪਰਿਵਾਰ ਵੱਲੋ ਉਹਨਾਂ ਦੀ ਸਮਾਧ ਉੱਤੇ ਅੱਜ ਤੋਂ 301 ਸਾਲ ਪਹਿਲਾ ਪਿੰਡ ਸਮਾਧ ਭਾਈ ਵਸਾਇਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਨੇ ਪੰਜਾਬ ਵਾਲੇ ਸ. ਸੁਖਦੇਵ ਸਿੰਘ ਅਤੇ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਬਰਸੀ ਹਰ ਸਾਲ ਮਨਾਇਆ ਕਰਾਂਗਾ ਅਤੇ ਹਰ ਸੰਭਵ ਮੱਦਦ ਵੀ ਕਰਾਂਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
———————–—————————————————–
ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ ਵੱਲੋ ਮਨਾਇਆ ਗਿਆ ਪੰਜਾਬੀ ਚੇਤਨਾ ਦਿਹਾੜਾ
ਸਾਧੂ ਸਿੰਘ ਸੰਘਾ ਦਾ ਨਾਵਲ “ਗ੍ਰੀਨ ਕਾਰਡ” ਅਤੇ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ “ਮਿੱਟੀ ਦਾ ਮੋਹ” ਕੀਤੇ ਲੋਕ ਅਰਪਣ
ਫਰਿਜਨੋ / 20 ਜੁਲਾਈ 2024/ ਰਾਜਵਿੰਦਰ ਰੌਂਤਾ/ ਵੈੱਬ ਡੈਸਕ
ਫਰਿਜਨੋ ਦੀ ਗਦਰੀ ਬਾਬਿਆਂ ਨੂੰ ਸਮੱਰਪਿਤ ਜਥੇਬੰਦੀ ਇੰਡੋ ਯੂ.ਐਸ. ਹੈਰੀਟੇਜ਼ ਵੱਲੋ ਇੱਕ ਸੈਮੀਨਰ “ਪੰਜਾਬੀ ਚੇਤਨਾ ਦਿਹਾੜਾ” ਪੰਜਾਬੀ ਮਾਂ ਬੋਲੀ ਦੀ ਸਾਂਭ ਸੰਭਾਲ ਅਤੇ ਪ੍ਰਫੁਲਤਾ ਲਈ ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿੱਖੇ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਦਾ ਤੀਸਰਾ ਨਾਵਲ “ਗਰੀਨ ਕਾਰਡ” ਅਤੇ ਸ਼ਾਇਰ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ “ਮਿੱਟੀ ਦਾ ਮੋਹ” ਲੋਕ ਅਰਪਣ ਕੀਤੇ ਗਏ। ਪ੍ਰੋਗ੍ਰਾਮ ਦੇ ਅਖੀਰ ਵਿੱਚ ਕਵੀ ਦਰਬਾਰ ਹੋਇਆ ਅਤੇ ਗਾਇਕੀ ਦਾ ਦੌਰ ਚੱਲਿਆ। ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਸਭ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਯਮਲੇ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਪੰਜਾਬੀ ਬੋਲੀ ਨੂੰ ਸਮਰਪਿਤ ਗੀਤ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ। ਸ਼ਾਇਰ ਹਰਜਿੰਦਰ ਕੰਗ ਨੇ ਪੰਜਾਬੀ ਮਾਂ ਬੋਲੀ ਤੇ ਪਰਚਾ ਪੜ੍ਹਿਆ। ਉਹਨਾਂ ਪੰਜਾਬੀ ਦੇ ਪ੍ਰਸਾਰ ਲਈ ਹੋ ਰਹੇ ਉਪਰਾਲਿਆਂ ਤੇ ਝਾਤ ਪਵਾਈ। ਇਸ ਮੌਕੇ ਕਹਾਣੀ ਕਾਰ ਕਰਮ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸਾਧੂ ਸਿੰਘ ਸੰਘਾ ਦੇ ਨਾਵਲ ਗ੍ਰੀਨ ਕਾਰਡ ਤੇ ਪਰਚਾ ਪੜ੍ਹਿਆ। ਸ਼ਾਇਰ ਹਰਜਿੰਦਰ ਕੰਗ ਨੇ ਸਾਧੂ ਸਿੰਘ ਸੰਘਾ ਦੇ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਓਹੀ ਕਾਮਯਾਬ ਹੁੰਦਾ ਜੋ ਪਾਠਕ ਨੂੰ ਉਂਗਲ ਫੜਕੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੋਵੇ, ਜਿਸ ਕੋਲ ਸ਼ਬਦ ਭੰਡਾਰ ਹੋਵੇ, ਜੋ ਆਪਣੇ ਪਾਤਰਾਂ ਦੀ ਚੋਣ ਸਹੀ ਕਰੇ, ਉਹਨਾਂ ਕਿਹਾ ਕਿ ਸਾਧੂ ਸਿੰਘ ਸੰਘਾ ਦਾ ਨਾਵਲ ਗ੍ਰੀਨ ਕਾਰਡ ਇਹ ਸਾਰੇ ਗੁਣਾਂ ਨਾਲ ਭਰਪੂਰ ਹੈ, ਅਤੇ ਹਰ ਪੰਜਾਬੀ ਨੂੰ ਇਸਨੂੰ ਪੜ੍ਹਨਾ ਚਾਹੀਦਾ ਹੈ। ਪ੍ਰਿੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਨਹੀ ਮਰਦੀ, ਪਰ ਪੰਜਾਬੀ ਮਰ ਰਿਹਾ। ਉਹਨਾਂ ਕਿਹਾ ਕਿ ਪੰਜਾਬੀ ਨੂੰ ਬਚਾਉਣ ਦੇ ਉਪਰਾਲੇ ਸਾਨੂੰ ਘਰੋਂ ਸ਼ੁਰੂ ਕਰਨੇ ਪੈਣਗੇ। ਡਾ. ਅਰਜਨ ਸਿੰਘ ਜੋਸ਼ਨ ਨੇ ਰਣਜੀਤ ਗਿੱਲ ਦੇ ਕਾਵਿ ਸੰਗ੍ਰਹਿ ਮਿੱਟੀ ਦਾ ਮੋਹ ਸਬੰਧੀ ਬੋਲਦਿਆਂ ਕਿਹਾ ਕਿ ਸ਼ਾਇਰ ਰਣਜੀਤ ਗਿੱਲ ਪੁਰਾਤਨ ਤੇ ਅਜੋਕੀ ਸ਼ਾਇਰੀ ਦਾ ਐਸਾ ਸ਼ਾਇਰ ਹੈ, ਜਿਸ ਦੀਆਂ ਕਵਿਤਾਵਾ ਵਿੱਚੋਂ ਇਨਕਲਾਬੀ ਅਤੇ ਮਿੱਟੀ ਪ੍ਰਤੀ ਮੋਹ ਡੁੱਲ਼ ਡੁੱਲ਼ ਪੈਂਦਾ ਹੈ। ਸੰਸਥਾ ਦੇ ਸੈਕਟਰੀ ਹੈਰੀ ਮਾਨ ਨੇ ਸੰਖੇਪ ਵਿੱਚ ਦੋਵੇਂ ਕਿਤਾਬਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਾਧੂ ਸਿੰਘ ਸੰਘਾ ਅਤੇ ਸ਼ਾਇਰ ਰਣਜੀਤ ਗਿੱਲ ਨੇ ਵੀ ਆਪਣੇ ਬੋਲ਼ਾ ਨਾਲ ਹਾਜ਼ਰੀਨ ਨੂੰ ਕੀਲਿਆ। ਸ਼੍ਰੋਮਣੀ ਕਮੇਟੀ ਮੈਂਬਰ ਸ. ਜੁਗਰਾਜ ਸਿੰਘ ਦੌਧਰ ਨੇ ਮਾਂ ਬੋਲੀ ਵਿੱਚ ਘਸੋੜੇ ਜਾ ਰਹੇ ਹਿੰਦੀ ਭਾਸ਼ਾ ਦੇ ਸ਼ਬਦਾਂ ਤੇ ਚਿੰਤਾ ਜ਼ਾਹਰ ਕੀਤੀ। ਮਹਿੰਦਰ ਸਿੰਘ ਸੰਧਾਵਾਲੀਆ ਅਤੇ ਸੁਰਿੰਦਰ ਮੰਡਾਲੀ ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਅਤੇ ਇਸ ਦੇ ਪ੍ਰਸਾਰ ਸਬੰਧੀ ਲੇਖਾ ਜੋਖਾ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆ ਵਿੱਚ ਸਕੂਲ ਟਰੱਸਟੀ ਨੈਂਣਦੀਪ ਸਿੰਘ ਚੰਨ, ਪ੍ਰੋ. ਗੁਰਮਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪ੍ਰੋ. ਗੁਰਮਿੰਦਰ ਸਿੰਘ ਸੰਘਾ, ਨੈਂਣਦੀਪ ਸਿੰਘ ਚੰਨ ਅਤੇ ਸ਼ਾਇਰ ਹਰਜਿੰਦਰ ਕੰਗ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸੰਸਥਾ ਵੱਲੋਂ ਸਨਮਾਨ ਚਿੰਨ ਦੇਕੇ ਸਨਮਾਨਿਆ ਗਿਆ। ਕਵੀ ਦਰਬਾਰ ਵਿੱਚ ਰਣਜੀਤ ਗਿੱਲ (ਜੱਗਾ ਸਧਾਰ), ਸੁੱਖੀ ਧਾਲੀਵਾਲ, ਕੁੰਦਨ ਸਿੰਘ ਧਾਮੀ, ਸਾਧੂ ਸਿੰਘ ਸੰਘਾ ਨੇ ਵਾਹ ਵਾਹ ਖੱਟੀ। ਉਪਰੰਤ ਗਾਇਕੀ ਦੇ ਦੌਰ ਵਿੱਚ ਗਾਇਕ ਜੀ. ਐਸ. ਪੀਟਰ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਅਤੇ ਗੁਰਦੀਪ ਕੁੱਸਾ ਨੇ ਆਪਣੇ ਗੀਤਾਂ ਨਾਲ ਐਸਾ ਸਮਾਂ ਬੰਨ੍ਹਿਆਂ ਕਿ ਹਰ ਕੋਈ ਅਸ਼ ਅਸ਼ ਕਰ ਉੱਠਿਆ।
ਇਸ ਮੌਕੇ ਮਨਜੀਤ ਕੁਲਾਰ, ਨਿਰਮਲ ਸਿੰਘ ਧਨੌਲਾ, ਰਾਜ ਵੈਰੋਕੇ, ਸਤਵੰਤ ਸਿੰਘ ਵਿਰਕ, ਹੈਰੀ ਮਾਨ, ਸੰਤੋਖ ਸਿੰਘ ਢਿੱਲੋ ਅਤੇ ਰਣਜੀਤ ਗਿੱਲ, ਸੁਲੱਖਣ ਗਿੱਲ, ਬਿਲੂ ਢੀਂਡਸਾ, ਪੁ਼ਸ਼ਪਿੰਦਰ ਕੁਮਾਰ, ਹੈਰੀ ਮਾਨ, ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਟਰਾਂਸਪੋਰਟਰ ਜੰਗੀਰ ਸਿੰਘ ਗਿੱਲ, ਕੋਸਟ ਟੂ ਕੋਸਟ ਵਾਲ਼ੇ ਹੈਰੀ, ਬਿੱਟੂ ਕੁੱਸਾ, ਖਾਲੜਾ ਪਾਰਕ ਵਾਲੇ ਬਾਬੇ, ਜੀ ਐਚ ਜੀ ਦੇ ਮੈਂਬਰ, ਇੰਡੋ ਅਮੈਰਕਿਨ ਹੈਰੀਟੇਜ ਫੋਰਮ ਦੇ ਸਮੂਹ ਸੱਜਣ ਆਦਿ ਮੌਜੂਦ ਰਹੇ।
———————–—————————————————–
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ ਜਹਾਜ ਅਗਵਾਹ ਕਰਨ ਵਾਲੇ ਭਾਈ ਗਜਿੰਦਰ ਸਿੰਘ ਲਾਹੌਰ ‘ਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ
ਭਾਈ ਗਜਿੰਦਰ ਸਿੰਘ ਜੀ ਹਮੇਸ਼ਾਂ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਵੱਸਦੇ ਰਹਿਣਗੇ -ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ
ਲਾਹੌਰ/ 05 ਜੁਲਾਈ 2024/ ਭਵਨਦੀਪ ਸਿੰਘ ਪੁਰਬਾ, ਰਾਜਿੰਦਰ ਸਿੰਘ ਕੋਟਲਾ/ ਵੈੱਬ ਡੈਸਕ ਮਵਦੀਲਾ ਬਿਓਰੋ
ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ (ਉਮਰ 73 ਸਾਲ) ਲਾਹੌਰ ਦੇ ਹਸਪਤਾਲ ‘ਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਲਈ ਭਰਤੀ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਭਾਈ ਗਜਿੰਦਰ ਸਿੰਘ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਸੀ । ਭਾਈ ਗਜਿੰਦਰ ਸਿੰਘ ਜਲਦੀ ਤੰਦਰੁਸਤ ਹੋ ਰਹੇ ਸਨ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਬਾਅਦ ਹਸਪਤਾਲ ਵਿੱਚ ਉਨ੍ਹਾਂ ਨੂੰ ਬਣਾਉਟੀ ਸਾਹ ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰਾਂ ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਏਅਰ ਇੰਡਿਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ, ਜਿੱਥੇ ਉਨ੍ਹਾਂ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ, ਭਾਈ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ ਸੀ। ਭਾਈ ਗਜਿੰਦਰ ਸਿੰਘ 1970 ਵਿੱਚ ਡੇਰਾ ਬੱਸੀ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਮੂੰਹ ‘ਤੇ ਪਰਚੇ ਸੁੱਟਣ ਕਾਰਨ ਪੁਲਸ ਤਸੱਦਦ ਦਾ ਸ਼ਿਕਾਰ ਹੋਣ ਕਾਰਨ ਚਰਚਾ ਵਿੱਚ ਰਹੇ ਅਤੇ 1975 ਵਿੱਚ “ਪੰਜ ਤੀਰ ਹੋਰ” ਅਤੇ ਭਾਰਤ ਸਰਕਾਰ ਵੱਲੋਂ ਦੇਸ਼ ਵਿਰੋਧੀ ਹੋਣ ਕਾਰਣ ਪਾਬੰਦੀ ਲਾ ਦਿੱਤੀ ਗਈ ਸੀ। 2018 ਵਿੱਚ ਉਨ੍ਹਾ ਦੀ ਪਤਨੀ ਮਨਜੀਤ ਕੌਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਦੌਰਾਨ ਭਾਈ ਰਘਵੀਰ ਸਿੰਘ ਵਾਲਸਾਲ ਐਡੀਟਰ-ਇਨ-ਚੀਫ਼ ਆਵਾਜ਼ਿ-ਕੌਮ (ਅੰਤਰ-ਰਾਸ਼ਟਰੀ ਅਖ਼ਬਾਰ ਤੇ ਵੈਬ ਚੈਨਲ) ਤੇ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਯੂ. ਕੇ. ਅਤੇ ਭਾਈ ਕਪਤਾਨ ਸਿੰਘ (ਇੰਗਲੈਂਡ) ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਇਟਰਨੈਸ਼ਨਲ ਪੰਥਕ ਦਲ, ਯੂ. ਕੇ. ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਪਵਿੱਤਰ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਸੇ ਸਬੰਧ ਵਿੱਚ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਹਵਾਈ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਹਾਈਜੈਕਰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਕੁਰਬਾਨੀ, ਸੇਵਾ, ਦ੍ਰਿੜਤਾ ਅਤੇ ਸੰਘਰਸ਼ ਨੂੰ ਪ੍ਰਣਾਮ ਕਰਦੇ ਹਾਂ। ਭਾਈ ਗਜਿੰਦਰ ਸਿੰਘ ਜੀ ਹਮੇਸ਼ਾਂ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਵੱਸਦੇ ਰਹਿਣਗੇ।
———————–—————————————————–
ਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਪੰਜਾਬਣ ਦੀ ਫਲਾਈਟ ਵਿੱਚ ਹੀ ਹੋ ਗਈ ਮੌਤ
ਮੈਲਬੌਰਨ, ਦਿੱਲੀ/ 04 ਜੁਲਾਈ 2024/ ਮਵਦੀਲਾ ਬਿਓਰੋ/ ਵੈੱਬ ਡੈਸਕ
ਬੀਤੇ ਦਿਨੀ ਮੈਲਬੌਰਨ (ਆਸਟ੍ਰੇਲੀਆ) ਤੋਂ ਦਿੱਲੀ ਆ ਰਹੀ ਪੰਜਾਬੀ ਔਰਤ ਮਨਪ੍ਰੀਤ ਕੌਰ ਦੀ ਫਲਾਈਟ ਵਿੱਚ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ 24 ਸਾਲਾ ਦੀ ਸੀ ਜੋ 4 ਸਾਲਾਂ ਬਾਅਦ ਆਪਣੇ ਘਰ ਵਾਪਸ ਆ ਰਹੀ ਸੀ। ਫਲਾਈਟ ‘ਚ ਸਵਾਰ ਹੋਣ ਦੇ ਕੁਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ।
ਮਨਪ੍ਰੀਤ ਕੌਰ ਦੇ ਦੋਸਤ ਗੁਰਦੀਪ ਗਰੇਵਾਲ ਨੇ ਦੱਸਿਆ ਕਿ ਉਹ ਮੈਲਬੌਰਨ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਬਿਮਾਰ ਸੀ। ਜਦੋਂ ਉਸ ਨੇ ਕੈਂਟਾਸ ਅੰਤਰਰਾਸ਼ਟਰੀ ਉਡਾਣ ਵਿੱਚ ਆਪਣੀ ਸੀਟ ਬੈਲਟ ਬੰਨ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
———————–—————————————————–
ਖਾਲਸਾ ਗੁਰਮਤਿ ਅਕੈਡਮੀ ਟੋਰੰਟੋ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਕਥਾ ਅਰੰਭ
ਟੋਰੰਟੋ / 30 ਜੂਨ 2024/ ਰਜਿੰਦਰ ਸਿੰਘ ਕੋਟਲਾ/ ਵੈੱਬ ਡੈਸਕ ਮਵਦੀਲਾ ਬਿਓਰੋ
ਕੈਨੇਡਾ ਦੇ ਸਹਿਰ ਟੋਰੰਟੋ ਦੀ ਧਰਤੀ ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘਾ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਅਰੰਭ ਕੀਤੇ ਅਸਥਾਨ ਖਾਲਸਾ ਗੁਰਮਤਿ ਅਕੈਡਮੀ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਕਥਾ ਅਰੰਭ ਕੀਤੀ ਗਈ। ਸਭ ਤੋ ਪਹਿਲਾ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਹੈੱਡ ਗ੍ਰੰਥੀ ਗਿਆਨੀ ਅਮਨ ਸਿੰਘ ਜੀ ਨੇ ਭੋਗ ਅਤੇ ਕਥਾ ਦੇ ਅਰੰਭਤਾ ਦੀ ਅਰਦਾਸ ਬੇਨਤੀ ਕੀਤੀ ਗਈ। ਹੁਕਮਨਾਮਾ ਸਾਹਿਬ ਤੋ ਬਾਅਦ ਪੰਜ ਵਾਰ ਗੁਰਮੰਤਰ, ਪੰਜ ਵਾਰ ਮੂਲ ਮੰਤਰ ਗਿਆਨੀ ਭਾਈ ਸੁਰਜੀਤ ਸਿੰਘ ਵੱਲੋ ਜਾਪ ਕੀਤੇ ਗਏ, ਗਿਆਨੀ ਬਲਦੇਵ ਸਿੰਘ ‘ਸੋਧੀ’ ਜੀ ਵੱਲੋ ਲੜੀਵਾਰ ਗੁਰਬਾਣੀ ਕਥਾ ਦੀ ਅਰੰਭਤਾ ਕੀਤੀ ਗਈ। ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਸਲਾਨਾ ਯਾਦ ਨੂੰ ਮਨਾਉਦਿਆ ਮਹਾਂਪੁਰਖਾ ਦੇ ਜੀਵਨ ਦੀ ਸਾਂਝ ਪਾਈ ਗਈ। ਅਕੈਡਮੀ ਦੇ ਅਰੰਭ ਹੋਇਆ ਦੇ ਪੂਰੇ ਹੋਏ ਦੋ ਸਾਲ ਦੇ ਸਮੇ ਨੂੰ ਗੁਰੂ ਸਾਹਿਬ ਸਨਮੁੱਖ ਅਰਦਾਸ ਬੇਨਤੀ ਕਰਦਿਆ ਅਸਥਾਨ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਗਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸਮਾਗਮ ਦੌਰਾਨ ਗਿਆਨੀ ਬਲਦੇਵ ਸਿੰਘ ਜੀ, ਗਿਆਨੀ ਸੁਰਜੀਤ ਸਿੰਘ ਜੀ, ਗਿਆਨੀ ਅਮਨ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ, ਭਾਈ ਪ੍ਰਭਦੀਪ ਸਿੰਘ, ਭਾਈ ਗੁਰਜਾਪ ਸਿੰਘ, ਭਾਈ ਸੁਖਨੰਦਨ ਸਿੰਘ, ਭਾਈ ਏਕਮ ਸਿੰਘ, ਭਾਈ ਰਣਜੀਤ ਸਿੰਘ ਇਟਲੀ, ਭਾਈ ਗੁਰਪਾਲ ਸਿੰਘ ਭਿੰਡਰ ਕਲਾਂ, ਭਾਈ ਪਵਿੱਤਰ ਸਿੰਘ, ਭਾਈ ਕੁਲਦੇਵ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਹਾਕਮ ਸਿੰਘ, ਭਾਈ ਅਮੋਲਕ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਰਾਗੀ ਅਮਨਜੀਤ ਸਿੰਘ, ਰਾਗੀ ਦੀਪ ਸਿੰਘ, ਰਾਗੀ ਜਗਜੀਤ ਸਿੰਘ, ਰਾਗੀ ਹਰਦੀਪ ਸਿੰਘ, ਬੂਟਾ ਸਿੰਘ, ਗੁਰਵੇਲ ਸਿੰਘ, ਸੁਖਵਿੰਦਰ ਸਿੰਘ ਹੋਰ ਅਤੇ ਬੇਅੰਤ ਸਿੱਖ ਸੰਗਤਾ ਹਾਜ਼ਰ ਸਨ।
———————–—————————————————–
ਕੈਨੇਡਾ ਵਿਖੇ ਸੜਕ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
ਵੈਨਕੂਵਰ / 29 ਜੂਨ 2024/ ਮਵਦੀਲਾ ਬਿਓਰੋ
ਕੈਨੇਡਾ ਦੇ ਵੈਨਕੂਵਰ ਨੇੜੇ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿੱਚ 10 ਸਾਲ ਦਾ ਸਚਿਨ ਸੱਚਦੇਵਾ ਜੋ ਤਲਵੰਡੀ ਭਾਈ ਜਿਲ੍ਹਾ ਫਿਰੋਜ਼ਪੁਰ ਅਤੇ 25 ਸਾਲ ਦਾ ਚਰਨਪ੍ਰੀਤ ਸਿੰਘ ਵਾਸੀ ਕਾਹਨ ਸਿੰਘ ਵਾਲਾ ਜਿਲਾ ਮੋਗਾ ਦਾ ਹੈ। ਇਹ ਦੋਨੋ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਲਈ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਆਏ ਸਨ। ਮ੍ਰਿਤਕ ਸਚਿਨ ਸੱਚਦੇਵਾ ਚਾਰ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਆਇਆ ਸੀ ਅਤੇ ਚਰਨਪ੍ਰੀਤ ਸਿੰਘ ਢਿੱਲੋਂ 10 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਆਇਆ ਸੀ।
ਜਾਣਕਾਰੀ ਮੁਤਾਬਕ ਵੈਨਕੂਵਰ ਦੇ ਨੇੜੇ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਹੋ ਜਾਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਕਾਰਨ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਅਤੇ ਪੰਜਾਬ ਦੇ ਸਬੰਧਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
———————–—————————————————–
Old News
———————–—————————————————–
ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸਿੰਗਾਰ
ਪੰਜਾਬ ਭਵਨ ਦਾ ਇਹ ਉਪਰਾਲਾ ਬੱਚਿਆਂ ਦੀ ਸਾਹਿਤਕ ਪ੍ਰਭਿਤਾ ਨੂੰ ਕਰੇਗਾ ਲੋਕਾਂ ਦੇ ਰੂਬਰੂ -ਸੁੱਖੀ ਬਾਠ
ਸਰੀ (ਕੈਨੇਡਾ) / ਜਨਵਰੀ 2024/ ਰਾਜਵਿੰਦਰ ਰੌਂਤਾ
ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਹਿਤਕ ਖੇਤਰ ਦੀਆਂ ਰੁਚੀਆਂ ਜਾਂ ਕਿਤਾਬਾਂ ਨਾਲੋਂ ਟੁੱਟ ਕੇ ਸਿਰਫ਼ ਕੰਪਿਊਟਰ ਦੇ ਕੀਬੋਰਡ ਨਾਲ ਹੀ ਜੁੜ ਕੇ ਰਹਿ ਜਾਣ ਦੀਆਂ ਗੱਲ ਹੋ ਰਹੀਆਂ ਹੋਣ, ਉਸ ਸਮੇਂ ਰਾਜ ਦੇ ਸਕੂਲਾਂ ‘ਚੋਂ ਕਹਾਣੀਆਂ ਜਾਂ ਕਵਿਤਾਵਾਂ ਲਿਖਣ ਦਾ ਸ਼ੌਂਕ ਰੱਖਣ ਵਾਲੇ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬਾਂ ‘ਚ ਪਰੋਇਆ ਜਾਵੇ ਤਾਂ ਕਿ ਉਹ ਉਤਸਾਹਿਤ ਹੋ ਸਕਣ ਤੇ ਛਪਣ ਵਾਲੀਆਂ ਲਿਖਤਾਂ ਦੀ ਗਿਣਤੀ ਸੈਕੜੇ ਨਹੀਂ ਹਜ਼ਾਰਾਂ ‘ਚ ਹੋਵੇਗੀ। ਸ਼ਾਇਦ ਇਹ ਸੁਣਕੇ ਪਹਿਲੀ ਵਾਰ ਯਕੀਨ ਨਹੀਂ ਆਵੇਗਾ, ਪਰ ਇਹ ਸੱਚ ਹੈ ਤੇ ਬਾਲੜਿਆਂ ਦਾ ਇਹ ਸੁਪਨਾ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਪੂਰਾ ਕੀਤਾ ਜਾਣ ਵੱਲ ਵੱਡਾ ਕਦਮ ਚੁੱਕਿਆ ਗਿਆ। ਇਹ ਵੀ ਗੱਲ ਹੈਰਾਨ ਕਰ ਦੇਵੇਗੀ ਕਿ ਇਹ ਵੱਡਾ ਤੇ ਅਹਿਮ ਕਦਮ ਵਿਦੇਸ਼ ‘ਚ ਬੈਠਾ ਇਕ ਪ੍ਰਵਾਸੀ ਪੰਜਾਬੀ ਪੂਰਾ ਕਰਨ ਵੱਲ ਤੁਰਿਆ, ਜਿਥੇ ਬਾਰੇ ਆਮ ਪੰਜਾਬੀਆਂ ਦੇ ਮਨ ‘ਚ ਇਹ ਤੌਖਲਾ ਹੈ ਕਿ ਵਿਦੇਸ਼ਾਂ ‘ਚ ਵਸੇ ਪੰਜਾਬੀ ਆਪਣੀ ਮਾਂ ਬੋਲੀ ਜਾਂ ਪੰਜਾਬੀ ਸਾਹਿਤ ਨਾਲੋਂ ਟੁੱਟ ਚੁੱਕੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਭਵਨ ਸਰੀ ਦੇ ਮੁੱਖ ਪ੍ਰਬੰਧਕ ਤੇ ਕੈਨੇਡਾ ਦੇ ਉਘੇ ਬਿਜ਼ਨਸਮੈਨ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਕੈਨੇਡਾ ਤੋਂ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ, ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੇ ਨਾਲ ਨਾਲ ਪੰਜਾਬ ‘ਚ ਵੀ ਨਵੀਂ ਪਨੀਰੀ ਨੂੰ ਮਾਂ ਬੋਲੀ ਤੇ ਸਾਹਿਤ ਪੜ੍ਹਨ ਤੇ ਰਚਣ ਵੱਲ ਉਤਸਾਹਿਤ ਕਰਨ ਲਈ ਸਮੇਂ -ਸਮੇਂ ਅਜਿਹੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੱਚਿਆਂ ਦੀਆਂ ਲਿਖਤਾਂ ਨਾਲ ਸਬੰਧਤ ਪੰਜਾਬ ਭਵਨ ਵਲੋਂ 100 ਕਿਤਾਬਾਂ ਛਾਪਣ ਦਾ ਫ਼ੈਸਲਾ ਲਿਆ ਗਿਆ ਤੇ ਸਕੂਲਾਂ ‘ਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕੈਨੇਡਾ ‘ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਤੇ ਇਸ ਦੀ ਸ਼ੁਰੂਆਤ ਕਾਨਫਰੰਸ ਮੌਕੇ ਜਾਰੀ ਕੀਤੀ ਬੱਚਿਆਂ ਦੀ ਪਹਿਲੀ ਕਿਤਾਬ ”ਨਵੀਆਂ ਕਲਮਾਂ, ਨਵੀਂ ਉਡਾਣ” ਕਾਨਫਰੰਸ ਮੌਕੇ ਰਿਲੀਜ਼ ਕਰਕੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਇਸ ਕਿਤਾਬ ਲਈ ਬੱਚਿਆਂ ਵਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਪੰਜਾਬ ਭਵਨ ਦੀ ਟੀਮ ਵਲੋਂ ਹਰ ਜ਼ਿਲ੍ਹੇ ‘ਚੋਂ ਬੱਚਿਆਂ ਦੀਆਂ ਰਚਨਾਵਾਂ ਦੀਆਂ ਚਾਰ ਚਾਰ ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜ਼ਿਲ੍ਹੇ ‘ਚ ਇਕ ਪੰਜ -ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 23 ਜਿਲਿਆਂ ‘ਚੋਂ 92 ਕਿਤਾਬਾਂ ਪੰਜਾਬ ਦੇ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਅਤੇ 8 ਕਿਤਾਬਾਂ ਕੈਨੇਡਾ ਸਮੇਤ ਹੋਰ ਦੇਸ਼ਾਂ ‘ਚ ਵਸੇ ਪੰਜਾਬੀ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਕੁੱਲ 9,000 ਹਜ਼ਾਰ ਰਚਨਾਵਾਂ ਛਾਪਣ ਦਾ ਟੀਚਾ ਮਿੱਥਿਆ ਗਿਆ ਤਾਂ ਕਿ ਬੱਚੇ ਮਾਂ ਬੋਲੀ ਤੇ ਪੰਜਾਬੀ ਸਾਹਿਤ ਨਾਲ ਜੁੜ ਸਕਣ। ਉਨ੍ਹਾਂ ਇਹ ਵੀ ਦੱਸਿਆ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ 30 ਹਜ਼ਾਰ ਹੋਵੇਗੀ।
ਸੁੱਖੀ ਬਾਠ ਨੇ ਦੱਸਿਆ ਕਿ ਰਚਨਾਵਾਂ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਭਵਨ ਵਲੋਂ ਸਨਮਾਨ ਵੀ ਹੋਵੇਗਾ ਅਤੇ ਆਉਂਦੇ ਸਮੇਂ ‘ਚ ਬਾਲ ਸਾਹਿਤਕਾਰਾਂ ਦੀ ਇਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਵਿਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੱਡੇ ਉਪਰਾਲੇ ਲਈ ਸਮੁੱਚੇ ਆਰਥਿਕ ਪ੍ਰਬੰਧ ਪੰਜਾਬ ਭਵਨ ਕੈਨੇਡਾ ਕਰੇਗਾ ਅਤੇ ਇਸ ਕਾਰਜ ਲਈ ਸਾਹਿਤਕ ਸੰਸਥਾਵਾਂ ਤੇ ਸਾਹਿਤਕ ਰੁਚੀਆਂ ਰੱਖਣ ਵਾਲੀਆਂ ਸ਼ਖ਼ਸੀਅਤਾਂ ਦਾ ਵਡਮੁੱਲਾ ਸਹਿਯੋਗ ਜਰੂਰ ਲਿਆ ਜਾਵੇਗਾ।
———————–—————————————————–
1947 ਦੀ ਵੰਡ ਤੋਂ 75 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਮਿਲੇ ਭੈਣ ਭਰਾ
ਇਸਲਾਮਾਬਾਦ/ ਵੈੱਬ ਡੈਸਕ
ਵੰਡ ਸਮੇਂ ਹੋਈ ਹਿੰਸਾ ਦੌਰਾਨ ਆਪਣੇ ਪਰਿਵਾਰ ਤੋਂ ਵਿਛੜੀ ਸਿੱਖ ਪਰਿਵਾਰ ‘ਚ ਜਨਮੀ ਮਹਿਲਾ 75 ਸਾਲਾਂ ਬਾਅਦ ਕਰਤਾਰਪੁਰ ‘ਚ ਭਾਰਤ ਤੋਂ ਆਏ ਆਪਣੇ ਭਰਾਵਾਂ ਨਾਲ ਮਿਲੀ। ਬਾਬੇ ਨਾਨਕ ਦੇ ਦਰ ‘ਤੇ ਇਹ ਮਿਲਾਪ ਸੰਭਵ ਹੋ ਸਕਿਆ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ 1947 ਦੀ ਵੰਡ ਵੇਲੇ ਮੁਮਤਾਜ਼ ਬੀਬੀ ਜੋ ਸਿੱਖ ਪਰਿਵਾਰ ‘ਚ ਜਨਮੀ ਸੀ, ਆਪਣੀ ਮਾਂ ਦੀ ਲਾਸ਼ ਕੋਲ ਪਈ ਸੀ ਜਿਸ ਨੂੰ ਦੰਗਾਕਾਰੀ ਭੀੜ ਨੇ ਮਾਰ ਮੁਕਾਇਆ ਸੀ। ਮੁਹੰਮਦ ਇਕਬਾਲ ਅਤੇ ਅੱਲਾ ਰੱਖੀ ਬੱਚੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਆਪਣੀ ਧੀ ਵਾਂਗ ਪਾਲਿਆ। ਉਸ ਦਾ ਨਾਮ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਨੇ ਲਹਿੰਦੇ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਤੀਆਂ ਵਿੱਚ ਘਰ ਬਣਾ ਲਿਆ ਸੀ। ਦੋਵੇਂ ਮੀਆਂ-ਬੀਵੀ ਨੇ ਮੁਮਤਾਜ਼ ਨੂੰ ਨਹੀਂ ਦੱਸਿਆ ਸੀ ਕਿ ਉਹ ਉਨ੍ਹਾਂ ਦੀ ਧੀ ਨਹੀਂ ਹੈ।
ਦੋ ਸਾਲ ਪਹਿਲਾਂ ਇਕਬਾਲ ਦੀ ਜਦੋਂ ਅਚਾਨਕ ਸਿਹਤ ਵਿਗੜੀ ਤਾਂ ਉਸ ਨੇ ਮੁਮਤਾਜ਼ ਨੂੰ ਸਚਾਈ ਬਿਆਨ ਕੀਤੀ ਅਤੇ ਦੱਸਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ। ਇਕਬਾਲ ਦੀ ਮੌਤ ਮਗਰੋਂ ਮੁਮਤਾਜ਼ ਅਤੇ ਉਸ ਦੇ ਪੁੱਤਰ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਲ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ। ਉਹ ਮੁਮਤਾਜ਼ ਦੇ ਅਸਲ ਪਿਤਾ ਅਤੇ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਪਿੰਡ (ਸ਼ੁਤਰਾਣਾ) ਬਾਰੇ ਜਾਣਦੇ ਸਨ ਜਿਥੇ ਪਰਿਵਾਰ ਆ ਕੇ ਵਸ ਗਿਆ ਸੀ। ਦੋਵੇਂ ਪਰਿਵਾਰਾਂ ਦਾ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋ ਸਕਿਆ।
ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਕਰਤਾਰਪੁਰ ‘ਚ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਮੁਮਤਾਜ਼ ਵੀ ਪਰਿਵਾਰ ਨਾਲ ਉਥੇ ਪੁੱਜੀ ਅਤੇ 75 ਸਾਲਾਂ ਬਾਅਦ ਆਪਣੇ ਵਿਛੜੇ ਹੋਏ ਭਰਾਵਾਂ ਨੂੰ ਮਿਲੀ।
———————–—————————————————–
ਮਾਲਟਨ ਗੁਰੂਘਰ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ
ਮਿਸ਼ੀਸਾਗਾ/ ਭਵਨਦੀਪ ਸਿੰਘ ਪੁਰਬਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਮਾਲਟਨ ਗੁਰੂਘਰ ਤੋਂ ਆਰੰਭ ਹੋ ਕੇ ਡਿਕਸੀ ਤੋਂ ਵਾਪਸ ਹੁੰਦਾ ਹੋਇਆ ਮੁੜ ਮਾਲਟਨ ਗੁਰੂਘਰ ਵਿਖੇ ਪਰਤਿਆ। ਇਸ ਨਗਰ ਕੀਰਤਨ ਵਿੱਚ ਲੱਖਾ ਦੀ ਗਿਣਤੀ ਵਿੱਚ ਸਿੱਖ ਸੰਗਤਾ ਨੇ ਗੁਰੂਘਰ ਦੀ ਹਾਜਰੀ ਭਰੀ। ਗੁਰੂਘਰ ਵਿਖੇ ਸੇਵਾਦਾਰਾ ਵੱਲੋਂ ਸੰਗਤਾ ਲਈ ਚਾਹ ਪਕੋੜੇ, ਜਲੇਬੀਆ, ਲੱਡੂ, ਪੂਰੀਆਂ, ਪੀਜੇ, ਆਈਸਕ੍ਰੀਮ ਆਦਿ ਦੇ ਵਿਸ਼ਾਲ ਲੰਗਰ ਲਗਾਏ ਗਏ ਸਨ। ਇਸ ਤੋਂ ਇਲਾਵਾ ਬੱਚਿਆ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਲਿਟਰੇਚਰ, ਧਾਰਮਿਕ ਸੀ.ਡੀਜ, ਵਿਰਸੇ ਨਾਲ ਸਬੰਧਤ ਟੀ-ਸਰਟਾ, ਪਗੜੀਆ ਆਦਿ ਦੀਆਂ ਸਟਾਲਾ ਲਗਾਈਆ ਗਈਆਂ, ਜਿਥੇ ਵਾਜਵ ਰੇਟਾ ਤੇ ਸਾਰਾ ਸਮਾਨ ਮੁਹੱਈਆਂ ਕੀਤਾ ਗਿਆ ਸੀ। ਸਿਟੀ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਵਿਸ਼ੇਸ ਤੌਰ ਤੇ ਡਿਉਟੀਆਂ ਲਗਾਈਆ ਗਈਆ। ਪੁਲਿਸ ਨੇ ਟੇਫਿਕ ਨੂੰ ਕੰਟਰੋਲ ਕਰਦੇ ਹੋਏ ਤਨਦੇਹੀ ਨਾਲ ਆਪਣੀ ਸੇਵਾ ਨਿਭਾਈ।
ਨਗਰ ਕੀਰਤਨ ਦੀ ਸਮਾਪਤੀ ਤੇ ਮਾਲਟਨ ਗੁਰੂਘਰ ਵਿਖੇ ਧਾਰਮਿਕ ਦੀਵਾਨ ਸਜਿਆ। ਨਗਰ ਕੀਰਤਨ ਦੀ ਰਵਾਨਗੀ ਮਗਰੋ ਵੀ ਸਾਰਾ ਦਿਨ ਕੀਰਤਨ ਦੇ ਪ੍ਰਵਾਹ ਚਲਦੇ ਰਹੇ। ਇਸ ਸਾਰੇ ਧਾਰਮਿਕ ਸਮਾਗਮ ਦੌਰਾਨ ਲੱਖਾ ਸੰਗਤਾ ਨੇ ਇਨ੍ਹਾ ਸਮਾਗਮਾ ਵਿੱਚ ਹਾਜਰ ਹੋ ਕੇ ਗੁਰੂਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ।
————————————-
‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਮਿਸੀਸਾਗਾ ਵਿਖੇ ਰੀਲੀਜ
ਬਰੈਂਪਟਨ/ 19 ਅਗਸਤ 2016 / (ਨਿਊਜ਼ ਸਰਵਿਸ) :
ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਅੰਤਰ-ਰਾਸਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਏਅਰਪੋਰਟ ਬੁਖਾਰਾ ਰੇਸਟੋਰੈਟ ਮਿਸੀਸਾਗਾ ਵਿਖੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾ ਦੀ ਹਾਜਰੀ ਵਿੱਚ ਰਿਲੀਜ ਕੀਤਾ ਗਿਆ।
‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਰਿਲੀਜ ਸਮਾਰੋਹ ਤੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ‘ਪ੍ਰਵਾਸੀ ਮੀਡੀਆ ਗਰੁੱਪ ਦੇ ਪ੍ਰਧਾਨ ਰਾਜਿੰਦਰ ਸੈਣੀ ਅਤੇ ਜਰਨਲਿਸਟ ਸਤਪਾਲ ਜੌਹਲ ਹਾਜਰ ਹੋਏ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੀ ਸ਼ੁਰੂਆਤ ਕਰਨ ਲਈ ਇਸ ਪੇਪਰ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੋਰ ਤੇ ਪੰਜਾਬ ਤੋਂ ਕੈਨੇਡਾ ਪਹੁੰਚ। ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੁਆਰਾ ਉਲੀਕਿਆਂ ਗਿਆ ਇਹ ਸਮਾਰੋਹ ‘ਪ੍ਰਵਾਸੀ ਮੀਡੀਆਂ ਗਰੁੱਪ’ ਦੇ ਪ੍ਰਧਾਨ ਰਾਜਿੰਦਰ ਸੈਣੀ ਦੀ ਸ੍ਰਪਰਸਤੀ ਹੇਠ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪ੍ਰਿਸੀਪਲ ਸਰਵਣ ਸਿੰਘ ਨੇ ਅਖਬਾਰਾਂ ਅਤੇ ਮੈਗਜੀਨ ਦੀ ਪ੍ਰਕਾਸਨਾ ਵਿੱਚ ਆ ਰਹੀਆ ਮੁਸਕਿਲਾ ਦਾ ਵਰਨਣ ਕੀਤਾ ਅਤੇ ਉਨ੍ਹਾ ਇਸ ਪੇਪਰ ਦੇ ਪੰਜਾਬ ਵਿੱਚ ਸੋਲਾ ਸਾਲ ਪੂਰੇ ਹੋਣ ਤੇ ਇਸ ਦੀ ਸਲਾਘਾ ਕਰਦਿਆਂ ਉਨ੍ਹਾ ਨੇ ਇਸ ਪੇਪਰ ਦੇ ਸੰਚਾਲਕਾ ਨੂੰ ਵਧਾਈ ਦਿੱਤੀ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਸਿਧ ਲੇਖਕ ਸ. ਵਰਿਆਮ ਸਿੰਘ ਸੰਧੂ ਨੇ ਵੀ ਪੇਪਰ ਦੀ ਪ੍ਰਕਾਸ਼ਨਾ ਵਿੱਚ ਆ ਰਹੀਆਂ ਮੁਸਕਲਾ ਦਾ ਆਪਣੇ ਲਹਿਜੇ ਵਿੱਚ ਬਿਆਨ ਕੀਤਾ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਇਸ ਸਲਾਘਾਯੋਗ ਕਦਮ ਦੀ ਵਧਾਈ ਦਿੱਤੀ।
ਇਸ ਮੰੋਕੇ ਬੋਲਦਿਆਂ ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਸਮਾਜ ਵਿੱਚ ਮੀਡੀਆ ਦਾ ਬਹੁੱਤ ਵੱਡਾ ਰੋਲ ਹੈ ਮੀਡੀਆ ਸਾਡੀ ਆਵਾਜ ਲੋਕਾ ਤੱਕ ਪਹੁੰਚਾਉਦਾ ਹੈ ਅਤੇ ਲੋਕਾ ਦੀਆਂ ਸਮੱਸਿਆਵਾ ਮੀਡੀਆ ਰਾਹੀਂ ਹੀ ਸਾਡੇ ਕੋਲ ਪਹੁੰਚਦੀਆਂ ਹਨ। ਉਨ੍ਹਾ ਨੇ ਵੀ ਪੇਪਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕੈਨੇਡਾ ਐਡੀਸ਼ਨ ਦੇ ਸੰਪਾਦਕ ਸ. ਭਜਨ ਸਿੰਘ ਬਾਂਹਬਾਂ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਿਟੀ ਕੋਸਲ ਬਰੈਂਪਟਨ ਵੱਲੋਂ ਮਾਣ ਪੱਤਰ ਭੇਟ ਕੀਤਾ। ਅਜੀਤ ਪੇਪਰ ਦੇ ਜਰਨਲਿਸਟ ਸਤਪਾਲ ਜੌਹਲ ਨੇ ਕਈ ਨਾਮਵਰ ਅਖਬਾਰਾ ਦੀ ਮਿਸਾਲ ਦੇ ਕੇ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੇ ਸ਼ੁਰੂਆਤ ਦੀ ਸਲਾਘਾ ਕੀਤੀ ਤੇ ਭਵਿੱਖ ਵਿੱਚ ਇਸ ਪੇਪਰ ਦੀ ਪੂਰਨ ਕਾਮਯਾਬੀ ਚੱਲਣ ਦੀ ਹੋਸਲਾ ਅਫਜਾਈ ਕੀਤੀ। ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਨੇ ‘ਮਹਿਕ ਵਤਨ ਦੀ ਲਾਈਵ’ ਦੇ ਕੈਨੇਡਾ ਐਡੀਸ਼ਨ ਦੀ ਸੂਰੁਆਤ ਕਰਨ ਲਈ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਕੈਨੇਡਾ ਪਹੁੰਚਣ ਲਈ ਜੀ ਆਇਆਂ ਆਖਿਆ ਅਤੇ ‘ਮਹਿਕ ਵਤਨ ਦੀ ਮੀਡੀਆ ਗਰੁੱਪ’ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆਂ।
ਅਖੀਰ ਵਿੱਚ ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਨੇ ਆਏ ਹੋਏ ਮਹਿਮਾਣਾ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਸਮਾਗਮ ਵਿੱਚ ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ਰਾਜਿੰਦਰ ਸੈਣੀ (ਪ੍ਰਧਾਨ ਪ੍ਰਵਾਸੀ ਮੀਡੀਆ ਗਰੁੱਪ), ਜਰਨਲਿਸਟ ਸਤਪਾਲ ਜੌਹਲ (ਅਦਾਰਾ ਰੋਜਾਨਾ ਅਜੀਤ), ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਸੰਦੀਪ ਬਰਾੜ (ਦੇਸੀ ਰੰਗ ਰੇਡੀਓ), ਪੂਰਨ ਸਿੰਘ ਪਾਂਧੀ, ਮਲੂਕ ਸਿੰਘ ਕਾਹਲੋਂ (ਸਿੱਖ ਸਪੋਕਸਮੈਨ), ਗੁਰਪਾਲ ਸਰੋਏ (ਦਿਲ ਆਪਣਾ ਪੰਜਾਬੀ ਰੇਡੀਓ), ਜਸਵਿੰਦਰ ਖੋਸਾ (ਮਹਿਫਲ ਮੀਡੀਆ), ਬੌਬ ਦੁਸਾਝ (ਸਾਂਝਾ ਪੰਜਾਬ ਟੀ.ਵੀ.), ਗੀਤਕਾਰ ਮੱਖਣ ਬਰਾੜ, ਗਗਨ ਖਹਿਰਾ (ਰਿਏਲਟਰ), ਰਾਜੀਵ ਦੱਤਾ (ਬਰੋਕਰ), ਤੇਜਿੰਦਰਪਾਲ ਸੂਰਾ (ਪੀ.ਐਚ.ਡੀ ਟਰੇਡਰਜ), ਗਗਨਜੀਤ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕੰਡਾ, ਕੁੰਤਲ ਪਾਠਕ, ਹਰਦੀਪ ਬਰਿਆਰ, ਹਰਵਿੰਦਰ ਨਿਝੱਰ, ਲਵਪ੍ਰੀਤ ਸਿੰਘ ਬਾਂਹਬਾ, ਹਰਮਨ ਸਿੰਘ, ਹਰਪੁਨੀਤ ਸਿੰਘ, ਜਸ਼ਨਦੀਪ ਸਿੰਘ ਆਦਿ ਮੁੱਖ ਤੋਰ ਤੇ ਹਾਜਰ ਸਨ।
————————————-
ਬਾਂਹਬਾ ਪ੍ਰੀਵਾਰ ਵੱਲੋਂ ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦਾ ਟੋਰਾਟੋ ਏਅਰਪੋਰਟ ਤੇ ਨਿਘਾ ਸੁਵਾਗਤ
ਟੋਰਾਟੋ / 13 ਜਲਾਈ 2016/ ਮਵਦੀਲਾ ਬਿਓਰੋ
ਪੰਜਾਬੀ ਜਰਨਲਿਸਟ ਅਤੇ ਅੰਤਰ-ਰਾਸਟਰੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਬੀਤੇ ਦਿਨੀ ‘ਮਹਿਕ ਵਤਨ ਦੀ ਲਾਈਵ’ ਪੇਪਰ ਦੀ ਪ੍ਰਮੋਸ਼ਨ ਵਾਸਤੇ ਕੈਨੇਡਾ ਦੇ ਟੂਰ ਲਈ ਆਏ ਜਿਨ੍ਹਾ ਦਾ ਟੋਰਾਟੋ (ਕੇਨੈਡਾ) ਪਹੁੰਚਣ ਤੇ ਸ. ਭਜਨ ਸਿੰਘ ਬਾਂਹਬਾ ਅਤੇ ਪੂਰੇ ਪ੍ਰੀਵਾਰ ਵੱਲੋਂ ਨਿਘਾ ਸਵਾਗਤ ਕੀਤਾ ਗਿਆ।
ਜਿਕਰ ਯੋਗ ਹੈ ਕਿ ਨੋਜਵਾਨ ਲੇਖਕ ਭਵਨਦੀਪ ਸਿੰਘ ਪੁਰਬਾ ਪਿਛਲੇ ਤਕਰੀਬਨ 16 ਸਾਲਾ ਤੋਂ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਜਰੀਏ ਪੰਜਾਬੀ ਵਿਰਸੇ, ਪੰਜਾਬੀ ਸਾਹਿਤ ਅਤੇ ਧਾਰਮਿਕ ਖੇਤਰ ਵਿੱਚ ਵਿਸ਼ੇਸ਼ ਸੇਵਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਸਾਹਿਤਕ ਅਤੇ ਧਾਰਮਿਕ ਪੰਜ ਪੁਸਤਕਾ ਪਾਠਕਾ ਦੀ ਝੋਲੀ ਪਾ ਚੁੱਕਾ ਹੈ। ਸਾਹਿਤ ਦੇ ਖੇਤਰ ਤੋਂ ਇਲਾਵਾ ਭਵਨਦੀਪ ਸਿੰਘ ਪੁਰਬਾ ਸਮਾਜ ਸੇਵਾ ਵਿੱਚ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਭਵਨਦੀਪ ਸਿੰਘ ਪੁਰਬਾ ਦੇ ਕੇਨੈਡਾ ਪਹੁੰਚਣ ਤੇ ਸਵਾਗਤ ਕਰਨ ਵਾਲਿਆਂ ਵਿੱਚ ਸ. ਭਜਨ ਸਿੰਘ ਬਾਂਹਬਾ, ਮੈਡਮ ਹਰਪ੍ਰੀਤ ਕੌਰ ਬਾਂਹਬਾ, ਹਰਮਨਦੀਪ ਸਿੰਘ ਬਾਂਹਬਾ, ਹਰਪੁਨੀਤ ਸਿੰਘ ਬਾਂਹਬਾ, ਲਵਪ੍ਰੀਤ ਸਿੰਘ ਬਾਂਹਬਾ, ਹੈਰੀ ਬਾਂਹਬਾ ਆਦਿ ਮੁੱਖ ਤੌਰ ਤੇ ਹਾਜਰ ਸਨ।