ਧਰਮ ਤੇ ਵਿਰਸਾ

 ਸਿੱਖਾਂ ਦੇ ਮਨਾਂ ਵਿੱਚ ਇਕ ਅਹਿਮ ਅਤੇ ਵਿਸ਼ੇਸ਼ ਸਥਾਨ ਰੱਖਦਾ ਹੈ ਗੁਰਦਵਾਰਾ ਲੋਹਗੜ੍ਹ ਸਾਹਿਬ ਦੀਨਾ 

✍️  ਮੁਖ਼ਤਿਆਰ ਸਿੰਘ ਦੀਨਾ

           ਸਿੱਖ ਇਤਿਹਾਸ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਜਿਲਾ ਮੋਗਾ ਵਿੱਚ ਪੈਂਦਾ ਇਹ ਪਿੰਡ ਪੰਜਾਬ ਵਿੱਚ ਹੀ ਨਹੀਂ ਸਾਰੇ ਭਾਰਤ ਅਤੇ ਵਿਦੇਸ਼ਾਂ ਞਿਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਇਕ ਅਹਿਮ ਅਤੇ ਵਿਸ਼ੇਸ਼ ਸਥਾਨ ਰੱਖਦਾ ਹੈ। ਪਹਿਲਾਂ ਇਸ ਅਸਥਾਨ ਉੱਪਰ ਭਾਈ ਦੇਸੂ ਇਕ ਤਰਖਾਣ ਰਿਹਾ ਕਰਦਾ ਸੀ। ਉਥੇ ਉਸਦਾ ਇਕ ਛੋਟਾ ਜਿਹਾ ਚੁਬਾਰਾ ਹੋਇਆ ਕਰਦਾ ਸੀ। ਭਾਈ ਦੇਸੂ ਸੁਰੂ ਤੋਂ ਹੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਰੱਖਦਾ ਸੀ। ਹੱਥੀਂ ਕਿਰਤ ਕਰਨ ਵਾਲਾ ਇਨਸਾਨ ਸੀ ਭਾਈ ਦੇਸੂ ਨੇਂ ਆਪਣੇ ਘਰ ਵਰਤੋਂ ਲਈ ਇਕ ਪਲੰਘ ਤਿਆਰ ਕੀਤਾ ਜੋ ਉਸਨੂੰ ਬਹੁਤ ਹੀ ਸੁੰਦਰ ਲੱਗਿਆ। ਭਾਈ ਦੇਸੂ ਨੇ ਮਨ ਵਿੱਚ ਸੋਚਿਆ ਕਿ ਮੈ ਇਸ ਸੁੰਦਰ ਪਲੰਘ ਉੱਪਰ ਕਿਸ ਤਰ੍ਹਾਂ ਸੌਂ ਸਕਦਾ ਹਾਂ ਇਹ ਤਾਂ ਗੁਰੂ ਸਾਹਿਬ ਦੇ ਬੈਠਣ ਯੋਗ ਹੈ। ਇਹ ਸੋਚ ਉਸਨੇ ਉਹ ਪਲੰਘ ਚੁਬਾਰੇ ਵਿੱਚ ਵਿਛੌਣਾਂ ਕਰਕੇ ਗੁਰੂ ਸਾਹਿਬ ਦੀ ਉਡੀਕ ਵਿੱਚ ਸਜਾ ਦਿੱਤਾ ਅਤੇ ਗੁਰੂ ਸਾਹਿਬ ਦੀ ਉਡੀਕ ਕਿ ਜਦੋਂ ਗੁਰੂ ਸਾਹਿਬ ਆਉਣਗੇ ਉਹ ਹੀ ਇਸ ਉਪਰ ਵਿਸ਼ਰਾਮ ਕਰਨਗੇ।

              ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਪਰਿਵਾਰ ਵਿਛੋੜਾ ਭੱਠਾ ਸਾਹਿਬ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਆਲਮਗੀਰ ਸਾਹਿਬ ਰਾਏਕੋਟ ਲੰਮਾ ਜੱਟ ਪੁਰਾ ਤੋਂ ਤਖਤੂਪੁਰਾ ਸਾਹਿਬ ਹੁੰਦੇ ਹੋਏ ਮਹਿਦੇਵਕੀ ਅੱਜ ਕਲ ਮਧੇਕੇ ਨੇੜੇ ਸੈਦੋਕੇ ਪਹੰਚੇ। ਇੱਥੇ ਮਧੇਕੇ ਪਹੁੰਚਣ ਤੇ ਗੁਰੂ ਸਾਹਿਬ ਜੀ ਦੇ ਪਾਕਾ ਨਿਕਲਿਆ ਜਿੱਥੇ ਅੱਜ-ਕਲ ਗੁਰਦੁਆਰਾ ਪਾਕਾ ਸਾਹਿਬ ਬਣਿਆਂ ਹੋਇਆ ਹੈ, ਠਹਿਰੇ। ਦੀਨਾ ਸਾਹਿਬ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਪਤਾ ਚਲਿਆ ਤਾਂ ਇਸ ਪਿੰਡ ਦੀਆਂ ਸੰਗਤਾਂ ਬਾਈ ਪੋਹ ਬਿਕਰਮੀ ਨੂੰ ਰਾਏਯੋਧ ਦੇ ਪੋਤਰੇ ਲਖਮੀਰ ਸ਼ਮੀਰ ਅਤੇ ਤਖਤਮੱਲ ਸਮੇਤ ਅਨੇਕਾਂ ਸ਼ਰਧਾਲੂਆਂ ਨੇਂ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਨੂੰ ਦੀਨਾ ਸਾਹਿਬ ਲੈ ਕੇ ਆਏ। ਪਿੰਡ ਪਹੁੰਚ ਕੇ ਲਖਮੀਰ ਸ਼ਮੀਰ ਅਤੇ ਤਖਤਮੱਲ ਨੇਂ ਗੁਰੂ ਸਾਹਿਬ ਨੂੰ ਆਪਣੇ ਘਰ ਠਹਿਰਨ ਲਈ ਬੇਨਤੀ ਕੀਤੀ ਪਰ ਗੁਰੂ ਸਾਹਿਬ ਨੇਂ ਭਾਈ ਦੇਸੂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਭਾਈ ਦੇਸੂ ਦੇ ਘਰ ਠਹਿਰਨ ਦੀ ਇੱਛਾ ਜਾਹਰ ਕੀਤੀ। ਜਦੋਂ ਗੁਰੂ ਸਾਹਿਬ ਭਾਈ ਦੇਸੂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਵੱਲੋਂ ਗੁਰੂ ਸਾਹਿਬ ਨੂੰ ਬਹੁਤ ਆਦਰ ਸਨਮਾਨ ਦਿੱਤਾ ਗਿਆ। ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਣ ਤੇ ਨੇੜਲੇ ਪਿੰਡਾਂ ਅਤੇ ਦੂਰੋਂ ਦੂਰੋਂ ਸੰਗਤਾਂ ਗੁਰੂ ਸਾਹਿਬ ਕੋਲ ਆਉਣ ਲੱਗੀਆਂ। ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਪਰਿਵਾਰ ਸਮੇਤ ਭਾਈ ਦੇਸੂ ਜੀ ਅਤੇ ਅਨੇਕਾਂ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਅਤੇ ਗੁਰੂ ਵਾਲੇ ਬਣੇਂ ਸਿੰਘ ਸਜੇ।

              ਉਸ ਸਮੇਂ ਇੰਨਾ ਪਿੰਡਾਂ ਮਧੇਕੇ ਸੈਦੋਕੇ ਆਦਮਪੁਰਾ ਰਾਜਗੜ੍ਹ ਸਲਾਬਤਪੁਰਾ ਗੁਜਰਾਂਵਾਲਾ ਦੀਨਾ ਕਾਂਗੜ ਦੁਵਾਲੇ ਅੱਜ ਕੱਲ੍ਹ ਦੀਆਂ ਦੋ ਮੰਜਲਾ ਕੋਠੀਆਂ ਜਿੱਡੇ ਜਿੱਡੇ ਬਹੁਤ ਵੱਡੇ ਵੱਡੇ ਰੇਤੇ ਦੇ ਟਿੱਬੇ ਹੋਏ ਕਰਦੇ ਸਨ ਕਿਸਾਨ ਹਾੜੀ ਜਾਂ ਸਾਉਣੀ ਸਿਰਫ ਇਕੋ ਹੀ ਫਸਲ ਬੀਜਦੇ ਸਨ। ਇੱਥੇ ਹੀ ਗੁਰੂ ਸਾਹਿਬ ਜੀ ਨੇ ਇੱਕ ਚਿੱਠੀ ਜਫਰਨਾਮਾ ਲਿਖੀ ਜਿਸ ਵਿੱਚ ਗੁਰੂ ਸਾਹਿਬ ਨੇ ਉਸਨੂੰ ਉਸਦੇ ਕੀਤੇ ਕਾਰਨਾਮਿਆਂ ਪ੍ਰਤੀ ਉਸਨੂੰ ਲਾਹਨਤਾਂ ਪਾਈਆਂ। ਜਿਸ ਨੂੰ ਪੜ੍ਹਨ ਦੀ ਉਸ ਵਿੱਚ ਹਿੰਮਤ ਨਾਂ ਹੋ ਸਕੀ ਅਤੇ ਆਪਣੀ ਬੇਟੀ ਕੋਲੋਂ ਸੁਣਦਿਆਂ ਜਹਾਨੋਂ ਕੂਚ ਕਰ ਗਿਆ। ਜਫਰਨਾਂਮੇ ਵਿੱਚ ਖਾਸ ਕਰਕੇ ਇਸ ਪਿੰਡ ਦਾ ਜਿਕਰ ਦੀਨਾ ਕਾਂਗੜ ਵਰਣਨ ਕੀਤਾ ਕਿ ਤਫਰੀਸ਼ ਦਰ ਕਾਂਗੜ ਕੁਨਦ। ਵਜੌਨਪਸ਼ ਮੁਲਾਕਾਤ ਬਾਹਮ ਸਵਦ।

           ਭਾਵ ਕਿ ਐ ਔਰੰਗਜ਼ੇਬ ਜੇਕਰ ਤੂੰ ਮੈਨੂੰ ਮਿਲਣਾ ਚਾਹੁੰਦਾ ਹੈਂ ਤਾਂ ਇਸ ਮਾਲਵੇ ਦੀ ਧਰਤੀ ਦੀਨਾ ਕਾਂਗੜ ਆ ਕੇ ਮਿਲ ਤੈਨੂੰ ਇਥੇ ਕੋਈ ਖਤਰਾ ਨਹੀਂ ਕਿਉਂਕਿ ਇਥੋਂ ਦੇ ਆਲੇ ਦਵਾਲੇ ਦੀ ਪੂਰੀ ਬਰਾੜ ਕੌਮ ਮੇਰੇ ਕਹਿਣੇਂ ਵਿੱਚ ਹੈ । ਮਾਲਵੇ ਦੀ ਇਸ ਧਰਤੀ ਨੂੰ ਗੁਰੂ ਸਾਹਿਬ ਜੀ ਨੇ ਅਨੇਕਾਂ ਵਰ ਦਿੱਤੇ ਅਤੇ ਗੁਰਾਂ ਦਾ ਮਾਲਵਾ ਕਹਿ ਕੇ ਵਡਿਆਈ ਦਿੱਤੀ ਇਸ ਧਰਤੀ ਨੂੰ ਗੁਰੂ ਸਾਹਿਬ ਜੀ ਨੇ ਦਸ ਗੁਣਾ ਵੱਧ ਅਨਾਜ ਹੋਣ ਦਾ ਵਰ ਦਿੱਤਾ।

ਅਦਨੀ ਜਗ ਦੇਸ਼ ਦੀ ਬਹੁ ਅੰਨ ਉਪਾਵੈ। ਅਬਿ ਤੇ ਦੁਗਣੇ ਚੌਗਣੇਂ ਅੱਠ ਗੁਣਾਂ ਜਮਾਵੈ ।
ਹੋਏ ਹਮਾਰਾ ਮਾਲਵਾ ਜਿਤ ਕਿਤ ਬਿਦਤਾਵੈ। ਉਪਜੈ ਸਿੰਘ ਸਹੰਸਰਹੀ ਮਲਵਈ ਕਹਾਵੈ ।

            ਇਕ ਦਿਨ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਲਖਮੀਰ ਸ਼ਮੀਰ ਨੂੰ ਘੋੜਾ ਦੇਕੇ ਕਿਹਾ ਕਿ ਜਾਉ ਜਿੱਥੋਂ ਤੱਕ ਵੀ ਘੋੜਾ ਫੇਰ ਕੇ ਲਿਆਉਗੇ ਤੁਹਾਡੀ ਬਾਦਸ਼ਾਹੀ ਹੋਵੇਗੀ। ਪਰ ਲਖਮੀਰ ਸ਼ਮੀਰ ਨੇ ਆਪਣੇ ਮਾਮੇ ਦੇ ਕਹਿਣ ਤੇ ਜੋ ਆਪ ਹਕੂਮਤ ਤੋਂ ਲੁਕਿਆ ਫਿਰਦਾ ਹੈ ਤੁਹਾਨੂੰ ਕੀ ਦੇਵੇਗਾ। ਉਹ ਆਪਣਾ ਘੋੜਾ ਦਸ ਕੋਹ ਦੇ ਏਰੀਏ ਵਿੱਚ ਫੇਰ ਕੇ ਵਾਪਸ ਮੁੜ ਆਏ। ਗੁਰੂ ਸਾਹਿਬ ਜਾਣੀ ਜਾਂਣ ਸਨ ਉਨ੍ਹਾਂ ਦੇ ਦੱਸਣ ਤੇ ਗੁਰੂ ਸਾਹਿਬ ਕਹਿਣ ਲੱਗੇ ਸ਼ਮੀਰਿਆ ਅਸਾਂ ਤਾਂ ਤੈਨੂੰ ਪਾਤਸ਼ਾਹੀ ਬਖਸ਼ੀ ਸੀ ਪਰ ਤੁਸਾਂ ਯਕੀਨ ਨਾਂ ਕੀਤਾ। ਪਰ ਚਲੋ ਜੋ ਤੁਸੀਂ ਦਸ ਦਸ ਕੋਹ ਤਕ ਜਾ ਆਏ ਹੋ ਇਸ ਏਰੀਏ ਨੂੰ ਕੋਈ ਤੱਤੀ ਵਾ ਨਹੀਂ ਲੱਗੇਗੀ ।ਲੋਹੇ ਦਾ ਗੜ੍ਹ ਹੋਵੇਗਾ ।ਉਸ ਵੇਲੇ ਤੋਂ ਇਸ ਧਰਤੀ ਨੂੰ ਗੁਰੂ ਲੋਹਗੜ੍ਹ ਸਾਹਿਬ ਦਾ ਨਾਮ ਮਿਲਿਆ।

ਪਿੰਡ ਲੋਹਗੜ੍ਹ ਸਾਹਿਬ ਦੀਨਾ ਵਿਖੇ ਦਸਮ ਪਿਤਾ ਤਿੰਨ ਮਹੀਨੇ ਤੇਰਾਂ ਦਿਨ ਰਹੇ ਅਤੇ ਆਲੇ ਦਵਾਲੇ ਦੀਆਂ ਸਿੱਖ ਸੰਗਤਾਂ ਨੂੰ ਤਾਰਦੇ ਹੋਏ ਚਾਰ ਵਿਸਾਖ 1762 ਬਿਕਰਮੀ ਨੂੰ ਦਿਆਲਪੁਰਾ ਭਾਈਕਾ ਭਗਤਾ ਭਾਈ ਡੋਡ ਢਿੱਲਵਾਂ ਕੋਟਕਪੂਰਾ ਲੱਖੀ ਜੰਗਲ ਜੈਤੋ ਹੁੰਦੇ ਹੋਏ ਮੁਕਤਸਰ ਸਾਹਿਬ ਚਲੇ ਗਏ।

—————————————————————–

(ਅਸਲ ਸੱਚ) ਮਾਮਲਾ ‘ਗੁਰੂ ਸਾਹਿਬ ਵੱਲੋਂ ਸਜਾਈ ਕਲਗੀ ’ਤੇ ਪੁਸ਼ਾਕਾਂ ਬਾਬਾ ਜੀਵਨ ਸਿੰਘ ਜੀ ਦੀ ਜਗ੍ਹਾ ਭਾਈ ਸੰਗਤ ਸਿੰਘ ਨੂੰ ਮਿਲਿਆ’ ਸਿੱਧ ਕਰਨ ਦਾ

✍️  ਇਕਬਾਲ ਸਿੰਘ ਕਲਿਆਣ

ਸ਼ਹੀਦ ਭਗਤ ਸਿੰਘ ਨਗਰ ਮੋਗਾ ! ਮੋ. : 98559-64415

          ਸਿੱਖ ਇਤਿਹਾਸ ਵਿਚ ਸੁਨਿਹਰੀ ਅੱਖਰਾਂ ’ਚ ਆਪਣਾ ਇਤਿਹਾਸ ਦਰਜ ਕਰਵਾਉਣ ਅਤੇ ‘ਗੁਰੂੁ ਕ ਬੇਟੇ’ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਮੱਜ੍ਹਬੀ ਸਿੱਖ ਸਮਾਜ ਨੂੰ ਨੀਵਾਂ ਦਿਖਾਉਣ ਅਤੇ ਇਸ ਦੇ ਗੌਰਵਮਈ ਇਤਿਹਾਸ ਨੂੰ ਖਤਮ ਕਰਨ ਅਤੇ ਜਲਾਲਤਾ ਵੱਲ ਧੱਕਣ ਲਈ ਸਾਡੀ ਸਿੱਖ ਕੌਮ ਦੇ ਪੰਥਕ ਆਗੂ ਪ੍ਰਚਾਰਕ, ਇਤਿਹਾਸਕਾਰਾਂ ਵੱਲੋਂ ਹਰ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ। ਕਦੇ ਮਜ੍ਹਬੀ ਸਿੱਖ ਕੌਮ ਨੂੰ ਅਪਮਾਨਿਤ ਕਰਨ ਲਈ ਸ਼ੋਸ਼ਲ ਮੀਡੀਏ ’ਤੇ ਅਭੱਦਰ ਭਾਸ਼ਾ ਵਰਤੀ ਜਾ ਰਹੀ ਹੈ ਕਿਤੇ ਮਜ੍ਹਬੀ ਸਿੱਖਾਂ ਸਮਾਜ ਦੇ ਆਗੂਆਂ ਪ੍ਰਚਾਰਕਾਂ ਵਿਦਵਾਨਾਂ ਦੀ ਅਹਿਮ ਧਾਰਮਿਕ ਸਮਾਜਿਕ ਸਮਾਗਮ ‘ਚ ਅਣਦੇਖੀ ਕਰਕੇ ਨਿਰਾਦਰ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਪੰਥਕ ਆਗੂਆਂ ਪ੍ਰਚਾਰਕਾਂ ਅਤੇ ਕੁਝ ਇਤਿਹਾਸਕਾਰਾਂ ਵੱਲੋਂ ਮਜ੍ਹਬੀ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਬੁੰਗਾ ਰੰਗਰੇਟਿਆਂ ਦਾ ਸ੍ਰੀ ਹਰਮੰਦਰ ਸਾਹਿਬ ’ਚੋਂ ਗਾਇਬ ਹੀ ਕਰ ਦਿੱਤਾ ਗਿਆ ਹੈ। ਇਸ ਤੋਂ ਅੱਗੇ ਵੱਧਦਿਆਂ-ਵੱਧਦਿਆਂ ਵਿਦਵਾਨਾਂ ਨੇ ਸਿੱਖ ਕੌਮ ਦਾ ਇਕੋ ਇਕ ਯੋਧਾ ਜਿਸ ਨੇ ਆਪਣੇ ਪਿਤਾ ਸ੍ਰੀ ਸਦਾ ਨੰਦ ਜੀ ਨੂੰ ਆਪਣੇ ਹੱਥੀਂ ਸ਼ਹੀਦ ਕਰ ਕੇ ਉਨ੍ਹਾਂ ਦਾ ਸੀਸ਼ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨਾਲ ਬਦਲ ਕੇ ਬਾਦਸ਼ਾਹ ਔਰੰਗਜੇਬ ਦੇ ਮਿਸ਼ਨ ਨੂੰ ਫੇਲ ਕੀਤਾ ਅਤੇ ਦਿੱਲੀ ਤੋਂ 322 ਕਿੱਲੋ ਮੀਟਰ ਦਾ ਬਿਖੜਾ ਪੈਂਡਾ ਤਹਿ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਨੂੰ ਸੌਂਪਣ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਭੰਬਲਭੂਸੇ ਵਿਚ ਪਾਉਣ ਲਈ ਵੀ ਕਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਜੀਵਨ ਸਿੰਘ ਜੀ ਦੀ ਵਫਾਦਾਰੀ, ਕੁਰਬਾਨੀਆਂ ਅਤੇ ਯੋਗਤਾ ਕਰਕੇ ਉਨ੍ਹਾਂ ਨੂੰ ਚਮਕੌਰ ਗੜੀ ਵਿਚ ਸਜਾਈ ਗਈ ਕਲਗੀਆਂ ਅਤੇ ਪੁਸ਼ਾਕਾ ਵੀ ਇਨ੍ਹਾਂ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਚੁੱਭ ਰਿਹਾ ਹੈ, ਜਿਸ ਕਰ ਕੇ ਇਹ ਪੰਥਕ ਵਿਦਵਾਨ ਆਗੂ, ਇਤਿਹਾਸਕਾਰ ਗੁਰੂ ਸਾਹਿਬ ਵੱਲੋਂ ਬਾਬਾ ਜੀਵਨ ਸਿੰਘ ਨੂੰ ਸਜਾਈ ਗਈ ਪਾਵਨ ਕਲਗੀ ਅਤੇ ਪੁਸ਼ਾਕਾਂ ਬਾਬਾ ਜੀਵਨ ਸਿੰਘ ਜੀ ਦੀ ਜਗ੍ਹਾ ਕਿਸੇ ਭਾਈ ਸੰਗਤ ਸਿੰਘ ਨੂੰ ਦਿੱਤਾ ਸਿੱਧ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ।

           ਇਸੇ ਸਾਜਿਸ਼ ਤਹਿਤ 8 ਦਸੰਬਰ 2015 ਦੇ ਅਜੀਤ ਅਖ਼ਬਾਰ ਦੇ ਮੈਗਜ਼ੀਨ ਧਰਮ ’ਤੇ ਵਿਰਸਾ ਵਿਚ ਇਤਿਹਾਸਕਾਰ ਨਰਿੰਜਣ ਸਿੰਘ ਸਾਥੀ ਵੱਲੋਂ ਨੇ ਆਪਣੇ ਲੇਖ ‘ਬਾਬਾ ਸੰਗਤ ਸਿੰਘ ਨੂੰ ਯਾਦ ਕਰਦਿਆਂ ਵਿਚ ਵੀ ਇਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਸ਼ਾਕਾਂ ਅਤੇ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਨਹੀਂ ਭਾਈ ਸੰਗਤ ਸਿੰਘ ਜੀ ਨੂੰ ਮਿਲੀ ਹੈ। ਮੈਂਨੂੰ ਹੁਣ ਤੱਕ ਇਕ ਗੱਲ ਦੀ ਸਮਝ ਨਹੀਂ ਆਈ ਕਿ ਜਦੋਂ ਬੱਚੇ ਬੱਚੇ ਨੂੰ ਪਤਾ ਹੈ ਕਿ ਕਲਗੀ ’ਤੇ ਪੁਸ਼ਾਕਾਂ ਬਾਬਾ ਜੀਵਨ ਸਿੰਘ ਨੂੰ ਪਹਿਨਾਇਆ ਗਿਆ, ਫਿਰ ਸਾਡੇ ਇਤਿਹਾਸਕਾਰਾਂ, ਪੰਥਕ ਵਿਦਵਾਨਾਂ, ਆਗੂਆਂ ਕਥਾਵਾਚਕਾਂ ਨੂੰ ਪਤਾ ਹੀ ਕਿਉਂ ਨਹੀਂ ਲੱਗਦਾ ਕਿ ਇਹ ਕਲਗੀ ਅਤੇ ਪੁਸ਼ਾਕਾਂ ਕਿਸ ਨੂੰ ਪਹਿਨਾਇਆ ਗਿਆ ? ਜਿਹੜਾ ਰਿਕਾਰਡ ਮਾਲ ਵਿਭਾਗ, ਭਾਸ਼ਾ ਵਿਭਾਗ, ਵਿੱਦਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਸਰਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਧਾਰਮਿਕ ਗ੍ਰੰਥਾਂ ਵਿਚ ਬਾਬਾ ਜੀਵਨ ਸਿੰਘ ਜੀ ਨੂੰ ਪਹਿਨਾਈ ਕਲਗੀ ਪੁਸ਼ਾਕ ਬਾਰੇ ਵਰਨਣ ਮਿਲਦਾ ਹੈ। ਚਮਕੌਰ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਿਤੀ 22-23 ਦਸੰਬਰ 1704 ਈ, ਦੀ ਰਾਤ ਨੂੰ ਬਾਬਾ ਜੀਵਨ ਸਿੰਘ ਨੂੰ ਸਜਾਈ ਗਈ ਕਲਗੀ ਤੇ ਪੁਸ਼ਾਕਾ ਦਾ ਵਰਣਨ ਗੁਰੂ ਸਾਹਿਬ ਦੇ ਦਰਬਾਰੀ ਕਵੀ ਭਾਈ ਕੰਕਣ ਜੀ ਵੱਲੋਂ ਵੀ ਇਸ ਤਰ੍ਹਾਂ ਕੀਤਾ ਗਿਆ ਹੈ – –

(ਚੌਪਈ)

“ਨਿਜ ਕਲਗੀ ਸਿਰ ਦਈ ਸਜਾਈ | ਦਈ ਪੁਸ਼ਾਕ ਆਪਨੀ ਪਹਿਰਾਇ ||

ਜੀਵਨ ਸਿੰਘ ਜੋ ਬੁਰਜ ਬਠਾਇ | ਤਜਿ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ ||

ਦੋਹਿਰਾ

ਅੰਤ ਇਕੇਲਾ ਗੜ੍ਹ ਮੇੰ ਬੰਦੂਕ ਪ੍ਰਬੀਨ | ਜੀਵਨ ਸਿੰਘ ਰੰਘਰੇਟੜੋ ਜੂਝ ਗਇਉ ਸੰਗ ਦੀਨ ||

ਵਜੀਰਾ ਅਤਿ ਪ੍ਸ਼ੰਨ ਭਯੋ ਲੀਉ ਮਾਰ ਗੋਬਿੰਦ | ਦਿੱਲੀ ਪਾਇਉ ਸੀਸ ਲੈ ਖੁਸ਼ੀ ਕਰਨ ਨਾਰਿਦ ||

ਇਸੇ ਤਰ੍ਹਾਂ ਹੀ ਗੁਰੂ ਜੀ ਦੇ ਸਮਕਾਲੀ ਇਤਿਹਾਸਕਾਰ ਭਗਤ ਸਿੰਘ ਵੱਲੋਂ  -“

ਜੀਵਨ ਸਿੰਘ ਗੁਰੂ ਕਾ ਸਿਖ ਹੋਈ | ਗੁਰੂ ਸਮ ਰੂਪ ਭੇਦ ਨਾਹਿ ਕੋਈ ||

ਤਾਂ ਕੋ ਅਪਨੀ ਠੌਰ ਬਹਾਇ | ਦੇ ਗੁਰਿਆਈ ਮਾਥ ਇਕਾਇ ||

ਆਪਣੀਆਂ ਲਿਖਤਾਂ ਚ ਵਰਣਨ ਕੀਤਾ ਗਿਆ ਹੈ। ਇਸ ਤੋਂ ਪੁਖਤਾ ਠੋਸ ਸਬੂਤ ਤੱਥ ਪੱਖ ਕੋਈ ਹੋਰ ਨਹੀਂ ਹੋ ਸਕਦੇ ਇਸੇ ਕਰਕੇ ਹੀ ਭਾਈ ਸੰਗਤ ਸਿੰਘ ਦਾ ਸ਼੍ਰੋਮਣੀ ਸ਼ਹੀਦ ਹੋਣਾ ਤੇ ਉਸ ਨੂੰ ਕਲਗੀ ਪੁਸ਼ਾਕਾ ਸਜਾਇਆ ਜਾਣਾ ਪ੍ਰਾਤਨ ਇਤਿਹਾਸਕਾਰਾਂ ਵਿਦਵਾਨਾਂ ਅਤੇ ਗੁਰੂ ਘਰ ਦੀ ਨਜ਼ਰ ਕਿਧਰੇ ਨਹੀਂ ਆਇਆ, ਪਰ ਅਜੋਕੇ ਸਮੇਂ ਦੇ ਕੁਝ ਵਿਦਵਾਨਾਂ ਨੇ ਪ੍ਰਾਚੀਨ ਰਿਕਾਰਡ ਵਿਚ ਤਬਦੀਲੀਆਂ ਕਰ ਕੇ ਧੱਕੇ ਨਾਲ ਹੀ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ 4 ਜਾਅਲੀ ਭਾਈ ਸੰਗਤ ਸਿੰਘ ਵਿਚ ਖੜ੍ਹੇ ਕਰ ਦਿੱਤੇ, ਜਿਨ੍ਹਾਂ ਵਿਚੋਂ 3 ਦਾ ਸਬੰਧ ਰਵੀਦਾਸੀਏ ਸਮਦਾਏ ਨਾਲ ਚੋਥੇ ਦਾ ਸਬੰਧ ਖੱਤਰੀ ਸਮਦਾਏ ਨਾਲ ਦੱਸਿਆ ਜਾਂਦਾ ਹੈ। ਕੌੜਾ ਸੱਚਾ ਤਾਂ ਇਹ ਹੈ ਕਿ ਸਮੁੱਚੀ ਸਿੱਖ ਕੌਮ ਨੇ ਬਾਬਾ ਜੀਵਨ ਸਿੰਘ ਜੀ ਨੂੰ ਸ਼੍ਰੋਮਣੀ ਸ਼ਹੀਦ ਮੰਨਿਆ ਹੀ ਨਹੀਂ, ਇਹ ਸਿਰਫ ਮੱਜ੍ਹਬੀ ਸਿੱਖ ਕੌਮ ਦੇ ਹੀ ਯੋਧੇ ਬਣ ਕੇ ਰਹਿ ਗਏ, ਜਿਸ ਕਰ ਕੇ ਕੁਝ ਵਿਦਵਾਨਾਂ ਵੱਲੋਂ ਅਜਿਹੀ ਬਿਆਨਬਾਜੀ ਕਰ ਕੇ ਨਵਾਂ ਬਿਖੇੜਾ ਕਰ ਦਿੱਤਾ ਹੈ। ਜੇਕਰ ਅਜੇ ਵੀ ਸਿੱਖ ਕੌਮ ਨੂੰ ਨਹੀਂ ਪਤਾ ਤਾਂ ਇਤਿਹਾਸਕ ਤੱਥਾਂ ਦੇ ਆਧਾਰ ’ਤੇ ਜਾਣੀੲੈ ਕਿ ਕਲਗੀ ਅਤੇ ਪੁਸ਼ਾਕਾਂ ਕਿਸ ਦੇ ਹਿੱਸੇ ਆਇਆ। ਜਦੋਂ ਚਮਕੌਰ ਦੀ ਗੜੀ ਵਿਚ ਜੰਗ ਹੋਈ ਤਾਂ ਦਸਮੇਸ਼ ਪਿਤਾ ਕੋਲ ਸਿਰਫ਼ 40 ਸਿੰਘ ਹੀ ਸਨ, ਪਰ ਦੁਸ਼ਮਣਾਂ ਦੀ ਗਿਣਤੀ 10 ਲੱਖ ਸੀ। ਇਸ ਦੌਰਾਨ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਵੋ ਤਾਂ ਗੁਰੂ ਸਾਹਿਬ ਨੇ ਹੁਕਮ ਮੰਨਦਿਆਂ 22 ਅਤੇ 23 ਦਸੰਬਰ ਨੂੰ 1704 ਈ. ਦੀ ਰਾਤ ਨੂੰ ਇਹ ਪਾਵਨ ਕਲਗੀ ਅਤੇ ਪੁਸ਼ਾਕਾਂ ਬਾਬਾ ਜੀਵਨ ਸਿੰਘ ਜੀ ਨੇ ਪਹਿਨਾਇਆ ਤਾਂ ਜੋ ਦੁਸ਼ਮਣਾਂ ਨੂੰ ਲੱਗੇ ਕਿ ਗੁਰੂ ਸਾਹਿਬ ਚਮਕੌਰ ਗੜੀ ਵਿਚ ਹੀ ਹਨ, ਇਹ ਵੀ ਜ਼ਿਕਰਯੋਗ ਹੈ ਕਿ ਬਾਬਾ ਜੀ ਦੇ ਨੈਣ ਨਕਸ਼ ਪੂਰਨ ਤੌਰ ’ਤੇ ਗੁਰੂ ਸਾਹਿਬ ਨਾਲ ਮਿਲਦੇ ਸਨ। ਇਸ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲ ਵਿਚ ਚਲੇ ਗਏ। ਜਦੋਂ ਦਸਮੇਸ਼ ਪਿਤਾ ਨੇ ਕਲਗੀ ਅਤੇ ਪਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਪਹਿਨਾਇਆ ਸੀ।
(10 ਗੁਰੂ ਕਥਾ ਪੰਨਾ 66)

          ਹੋਰ ਵੀ ਵਿਸਥਾਰ ਨਾਲ ਜਾਨਣ ਲਈ ਪੁਸ਼ਤਕਾਂ ‘ਗੁਰੂ ਕੇ ਬੇਟੇ, ਜੀਵਨ ਦਰਪਨ ਭਾਈ ਸੰਗਤ ਸਿੰਘ, ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ‘ਪੰਜਵਾਂ ਸਾਹਿਬਜ਼ਾਦਾ’ ਆਦਿ ਇਤਿਹਾਸਕ ਕਿਤਾਬਾਂ ਚ ਪੜ੍ਹਿਆਂ ਜਾ ਸਕਦਾ ਹੈ। ਆਖੀਰ ਵਿਚ ਦਾਸ ਦਾ ਤਾਂ ਇਹੀਓ ਕਹਿਣਾ ਹੈ ਕਿ ਜਿਹੜੇ ਵਿਦਵਾਨ ਕਲਗੀ ਅਤੇ ਪਸ਼ਾਕਾ ਬਾਬਾ ਸੰਗਤ ਸਿੰਘ ਜੀ ਨੂੰ ਮਿਲਿਆ ਪੇਸ਼ ਕਰਦੇ ਹਨ ਉਹ ਜਾਂ ਤਾਂ ਗੁਰਮਤਿ ਇਤਿਹਾਸ ਤੋਂ ਊਣੇ ਹਨ ਜਾਂ ਕਹਿ ਲਈਏ ਕਿ ਉਹ ਪੂਰੀ ਸਿੱਖ ਕੌਮ ਨੂੰ ਦੁਵਿਧਾ ਵਿਚ ਪਾਉਣ ਦਾ ਯਤਨ ਕਰ ਰਹੇ ਹਨ। ਇਹ ਕਹਿਣਾ ਵੀ ਗਲਤ ਨਹੀਂ ਕਿ ਅਜਿਹਾ ਆਖਣ ਵਾਲੇ ਵਿਦਵਾਨ ਬਾਬਾ ਜੀਵਨ ਸਿੰਘ ਜੀ ਦਾ ਹੀ ਨਿਰਾਦਰ ਨਹੀਂ ਕਰਦੇ, ਸਗੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਮਹਾਨ ਕੌਤਕ ਦਾ ਵੀ ਨਿਰਾਦਰ ਕਰਦੇ ਹਨ, ਜੋ ਉਨ੍ਹਾਂ ਚਮਕੌਰ ਦੀ ਗੜੀ ਛੱਡਣ ਵੇਲੇ ਵਰਤਾਇਆ ਸੀ।

           ਸਿੱਖ ਕੌਮ ਦੇ ਵਾਹਿਦ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੋਰਵਮਈ ਇਤਿਹਾਸ ਨੂੰ ਮਿਥਿਹਾਸ ਹੋਣ ਤੋਂ ਬਚਾਉਣ ਲਈ ਅਤੇ ਸਾਜਿਸ਼ਾਂ ਤਾਹਿਤ ਭੰਬਲਭੂਸੇ ਚ ਪਾਕੇ ਸਿੱਖ ਕੌਮ ਨੂੰ ਦੁਵਿਧਾ ਚੋ ਬਾਹਰ ਕੱਢਣ ਲਈ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਚ ਵਿਦਵਾਨਾਂ ਪ੍ਰਚਾਰਕਾਂ ਪਤਵੰਤਿਆਂ ਵੱਲੋਂ 10 -7-2003 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਚਾਰੇ ਤੱਖਤਾਂ ਦੇ ਜੱਥੇਦਾਰ ਸਾਹਿਬਾਨ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਜੀਵਨ ਸਿੰਘ ਨੂੰ ਚਮਕੌਰ ਗੜ੍ਹੀ ‘ਚ ਕਲਗੀ ਤੇ ਪੁਸ਼ਾਕਾ ਬਖਸ਼ਣ ਬਾਰੇ ਹੁਕਮਨਾਮਾ ਜਾਰੀ ਕਰਨ ਸਬੰਧੀ ਤੱਥਾਂ ਸਮੇਤ ਮੰਗ ਪੱਤਰ ਦਿੱਤਾ ਗਿਆ ਸੀ। ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਗਏ ਕਲਗੀ ਪੁਸ਼ਾਕੇ ਬਾਰੇ ਹੁਕਮਨਾਮਾ ਜਾਰੀ ਕਰਨ ਉਥੇ ਸਾਡੀ ਸਿੱਖ ਕੌਮ ਦੇ ਸਿਰਮੌਰ ਵਿਦਵਾਨਾਂ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਦੇ ਸਮਕਾਲੀ ਕਵੀਆਂ ਇਤਿਹਾਸਕਾਰਾਂ ਦੀਆਂ ਲਿਖਤਾਂ ਦੇ ਤੱਥਾਂ ਦੇ ਅਧਾਰ ਤੇ ਹੀ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਜੋ ਬਾਬਾ ਜੀਵਨ ਸਿੰਘ ਜੀ ਵਰਗੀ ਮਹਾਨ ਸਖਸ਼ੀਅਤ ਦੇ ਗੋਰਵਮਈ ਇਤਿਹਾਸ ਨੂੰ ਮਿਥਿਹਾਸ ਬਣਨ ਤੋਂ ਰੋਕਿਆ ਜਾ ਸਕੇ।

————————————

ਸਰਬ ਕਲਾ ਲੈ ਠਾਕਰ ਚੜ੍ਹਿਆ।

ਹੈਅ ਕੋਈ ਪੁੱਤਰਾਂ ਦੇ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ!

ਚਿਤ ਨਾ ਭਯੋ ਹਮਰੇ ਆਵਨ ਕਰ ।।
ਚੁਭੀ ਰਹੀ ਸੁਤਿ ਪ੍ਰਭ ਚਰਨਨ ਮਹਿ ।।
ਮੈ ਆਪਨਾ ਸੁਤ ਤੋਹਿ ਨਿਵਾਜਾ ।।
ਪੰਥ ਅਪੁਨਾ ਕਰਬੇ ਕੁਹ ਸਾਜਾ। ।।
ਜਾਹਿ ਤਹਾ ਤੈ ਧਰਮ ਚਲਾਇ। ।।
ਕਬੁਧਿ ਕਰਨ ਤੇ ਲੋਕ ਹਟਾਇ ।।

ਬੇਸ਼ੱਕ ਪੂਰੇ ਸੰਸਾਰ ‘ਚ ਨਜਰ ਮਾਰ ਲਉ ਪਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਕੋਈ ਦਾਨੀ ਨਜਰ ਨਹੀ ਆਵੇਗਾ। ਧਨ ਦੌਲਤਾਂ ਦੇ ਦਾਨੀ ਤਾਂ ਬੁਹਤ ਮਿਲ ਜਾਣਗੇ। ਰਾਜ ਗੱਦੀਆਂ ਦਾਨ ਚ ਦੇਣ ਵਾਲੇ ਬੁਹਤ ਮਿਲ ਜਾਣਗੇ ਪਰ ਪੂਰੇ ਪ੍ਰੀਵਾਰ ਨੂੰ ਕੌਮ, ਧਰਮ ਤੇ ਦੁਨਿਆਵੀ ਦੁੱਖਾਂ ਦੇ ਸ਼ਿਕਾਰ ਲੋਕਾਂ ਲਈ ਵਾਰਨ ਵਾਲਾ ਗੁਰੂ ਕੋਈ ਨਜਰ ਨਹੀ ਆਵੇਗਾ। ਆਪਣੇ ਪੁੱਤਰਾਂ ਨੂੰ 7 ਦੀਵਾਰਾਂ ਪਿੱਛੇ ਛੁਪਾ ਕੇ ਰੱਖਣ ਵਾਲੇ ਦੁਨਿਆਵੀ ਗੁਰੂ ਤਾਂ ਅੱਜ ਬੁਹਤ ਮਿਲ ਜਾਣਗੇ ਪਰ ਪੁੱਤਰਾਂ ਨੂੰ ਆਪਣੇ ਹੱਥੀ ਕੁਰਬਾਨ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਰੂ ਨਜਰ ਨਹੀ ਆਵੇਗਾ। ਇਹ ਦਾਨ ਸਿਰਫ ਮੇਰੇ ਸਹਿਨਸ਼ਾਹ ਦੇ ਹਿੱਸੇ ਹੀ ਆਇਆ ਹੈ।

ਗੁਰੂ ਸਾਹਿਬ ਨੇ ਜੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਹਿਨਸ਼ਾਹ ਵਰਗਾ ਜੀਵਨ ਬਿਤਾਇਆ ਤਾਂ ਦੂਜੇ ਪਾਸੇ ਮਾਛੀਵਾੜੇ ਦੇ ਜੰਗਲਾਂ ‘ਚ ਨੰਗੇ ਪੈਰੀ ਕੰਡੇ ਮਿਧਦੇ ਹੋਏ ਇੱਟ ਦਾ ਸਰਾਹਣਾ ਲਾਕੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਪਰ ਦੁੱਖ ਉਦੋ ਹੁੰਦਾ ਹੈ। ਜਦੋਂ ਅੱਜ ਦੇ ਮਕਾਰੀ, ਸੰਸ਼ਾਰਿਕ ਤੇ ਅਖੌਤੀ ਗੁਰੂ ਮੇਰੇ ਸਹਿਨਸ਼ਾਹ ਵਰਗਾ ਰੂਪ ਬਣਾਕੇ ਉਨਾਂ ਵਰਗਾ ਬਣਨ ਲਈ ਢੌਂਗ ਰਚਾਉਦੇ ਹਨ। ਅੱਜ ਦੇ ਅਖੌਤੀ ਗੁਰੂ ਆਪਣੇ ਸਾਹਮਣੇ ਖੜਨ ਤੇ ਅੜਨ ਵਾਲਿਆਂ ਦਾ ਨਾਸ਼ ਕਰ ਦਿੰਦੇ ਹਨ ਪਰ ਮੇਰੇ ਪਾਤਿਸ਼ਾਹ ਨੇ ਆਪਣੇ ਨਾਲ ਲੜਨ ਵਾਲੇ ਜਖਮੀ ਫੌਜੀ ਸਿਪਾਹੀਆਂ ਲਈ ਪਾਣੀ ਪਿਲਾੳਣ ਤੇ ਮੱਲਮ ਪੱਟੀ ਲਈ ਵੀ ਭਾਈ ਕਨੱਈਆ ਜੀ ਦੀ ਡਿਊਟੀ ਲਾਈ ਸੀ। ਆਉ ਉਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰੀਏ ਤੇ ਸਮੁੱਚੀ ਮਾਨਵਤਾ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਗੁਰੂ ਨੂੰ ਆਪਣਾ ਆਪ ਸਮਰਪਿਤ ਕਰੀਏ।

– ਮਨਜੀਤ ਸਿੰਘ ਸਰਾਂ, ਉਨਟਾਰੀਉ (ਕੈਨੇਡਾ)

————————————

ਭਗਤ ਨਾਮਦੇਵ ਜੀ ਦੇ ਜਨਮ ਦਿਨ ਤੇ ਵਿਸ਼ੇਸ

ਕੋਰੜਾ ਛੰਦ/ ਭਗਤ ਨਾਮਦੇਵ

ਭਗਤ ਨਾਮਦੇਵ ਦੀ ਰੱਖਿਆ ਲਈ ਭਗਵਾਨ ਜੀ ਦਾ ਪਰਗਟ ਹੋਣਾ।।

(1) ਭਗਤ ਨੂੰ ਕੋਠੜੀ ਚ ਬੰਦ ਕਰਿਆ।

ਉਸੇ ਵੇਲੇ ਰੱਬ ਬੂਹੇ ਅੱਗੇ ਖੜਿਆ।

ਪਾਪੀਆਂ ਦਾ ਰਾਜ ਜੱਗ ਉਤੋਂ ਚੱਕ ਦਿਆਂ।

ਦੱਸ ਨਾਮਦੇਵ ਧਰਤੀ ਪਲੱਟ ਦਿਆਂ।

(2) ਇੱਕ ਘੜੀ ਸੀ ਜਦ ਬੀਤਗੀ ਸੁਣੀ।

ਝਟ ਪਟ ਆਗੇ ਤਿਰਭਵਨ ਮੁਣੀ।

ਪਾਪ ਦਾ ਬਿਰਛ ਮੈਂ ਜੜ੍ਹਾਂ ਤੋਂ ਪੱਟ ਦਿਆਂ ।

ਦੱਸ ਨਾਮਦੇਵ—–

(3) ਗੁੱਸੇ ਵਿੱਚ ਅੱਖਾਂ ਲਾਲ ਲਾਲ ਕਰੀਆਂ ।

ਰਾਜੇ ਤਾਂਈ ਲੱਗਪੇ ਸਨੌਣ ਖਰੀਆਂ ।

ਕੈਣ ਲੱਗੇ ਧਰਤੀ ਵਚਾਲਿਓਂ ਕੱਟ ਦਿਆਂ ।

ਦੱਸ ਨਾਮਦੇਵ—-

(4) ਰੱਬ ਨੂੰ ਭਗਤ ਪੁਤਾਂ ਤੋਂ ਪਿਆਰੇ ਐ।

ਏਨਾਂ ਮੂੰਹਰੇ ਰਾਜੇ ਕੀ ਵਚਾਰੇ ਐ।

ਰਾਜੇ ਦਾ ਮੈਂ ਤੋੜ ਜੀ ਵਚਾਲਿਓਂ ਪੱਟ ਦਿਆਂ ।

ਦੱਸ ਨਾਮਦੇਵ—-

(5) ਤੱਤੇ ਥੰਮਾਂ ਨਾਲ ਜਾਂ ਪ੍ਰਹਿਲਾਦ ਲਾਇਆ ਸੀ।

ਉਦੋਂ ਨਰ ਸਿੰਘ ਰੂਪ ਮੈਂ ਬਨਾਇਆ ਸੀ।

ਏਨਾਂ ਪਿਛੇ ਬਾਜ ਵਾਗੂੰ ਮੈਂ ਝਪਟ ਦਿਆਂ ।

ਦੱਸ ਨਾਮਦੇਵ—-

(6) ਭਗਤਾਂ ਦੇ ਤਾਈਂ ਮੈਂ ਦਿਖਾਉਂਦਾ ਪੀਠ ਨੀ ।

ਏਨਾਂ ਉੱਤੇ ਆਓਨ ਦਿੰਦਾ ਮੈਂ ਝਰੀਟ ਨੀ।

ਏਨਾਂ ਪਿੱਛੇ ਦੇਹੀ ਮੈਂ ਪਲੱਟ ਝੱਟਦਿਆਂ।

ਦੱਸ ਨਾਮਦੇਵ—-

(7) ਮਾਰੀ ਬੱਦੀ ਤਾਈਂ ਭਗਤ ਛਡਾਂਵਦੇ।

ਏਨਾਂ ਦੇ ਧੱਕੇਵੇ ਬਖਸ਼ੇ ਨੀ ਜਾਂਮਦੇ।

ਭਗਤਾਂ ਦੇ ਦੋਖੀ ਨਰਕਾਂ ਚ ਧੱਕ ਦਿਆਂ ।

ਦੱਸ ਨਾਮਦੇਵ—-

(8) ਆਖ ਨਾਮਦੇਵ ਤੂੰ ਜਬਾਨੋ ਬੋਲ ਕੇ।

ਰੱਖ ਦਿਆਂ ਸਰੀਰ ਮੈਂ ਵਚਾਲਿਓਂ ਖੋਲ ਕੇ।

ਏਨਾਂ ਦੀ ਜਬਾਨ ਨਚੋੜ ਅੱਕ ਦਿਆਂ ।

ਦੱਸ ਨਾਮਦੇਵ—

(9) ਜਿਵੇਂ ਰਾਮ ਚੰਦ ਮਾਰਿਆ ਸੀ ਰੌਣ ਨੂੰ ।

ਉਹਦੇ ਵਾਗੂੰ ਏਨੇ ਵੀ ਭਨੌਣਾਂ ਧੌਣ ਨੂੰ ।

ਸੂਫ ਨਖਾਂ ਵਾਂਗਰਾਂ ਮੈਂ ਵੱਡ ਨੰਕ ਦਿਆਂ ।

ਦੱਸ ਨਾਮਦੇਵ—-

(10) ਧਰਤੀ ਨੂੰ ਉਪਰ ਆਕਾਸ਼ ਚਾੜ ਦਿਆਂ ।

ਚੜੇ ਵੇ ਅਕਾਸ਼ ਧਰਤੀ ਤੇ ਡਾਰਦਿਆਂ।

ਬਿਣਾ ਬੱਦਲਾਂ ਤੋਂ ਮੈਂ ਕਿਆਰੇ ਡੱਟ ਦਿਆਂ ।

ਦੱਸ ਨਾਮਦੇਵ—-

(11) ਹਰਨਾਕਸ਼ ਹੰਕਾਰੀ ਨੂੰ ਮੈ ਝੱਟ ਮਾਰਤਾ।

ਨਹੁੰਦਰਾਂ ਦੇ ਨਾਲ ਸੀ ਕਲੇਜਾ ਪਾੜਤਾ।

ਨਾੜਿਆਂ ਦੇ ਵਾਂਗ ਏਨਾਂ ਚਾੜ ਵੱਟ ਦਿਆਂ ।

ਦੱਸ ਨਾਮਦੇਵ—-

(12) ਏਨਾਂ ਉੱਤੇ ਕਰਦਿਓ ਖਿਮਾਂ ਨਰੈਣ ਜੀ।

ਦੋਵੇਂ ਹੱਥ ਜੋੜ ਨਾਮਦੇਵ ਕੈਹਣ ਜੀ।

ਮੈਂ (ਪਾਸ਼) ਦੇ ਛੰਦਾਂ ਚ ਅੰਮ੍ਰਿਤ ਡੱਟ ਦਿਆਂ ।

ਦੱਸ ਨਾਮਦੇਵ ਧਰਤੀ ਪਲੱਟ ਦਿਆਂ ।

  • ਕਿਰਤ ਕਵੀ ਭੁਪਿੰਦਰ ਸਿੰਘ ਪਾਸ਼ ਕਵੀਸ਼ਰ ਮਾੜੀ ਮੁਸਤਫਾ ਵਾਲੇ, ਮੋਗਾ 98767-81933

————————————

ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ

ਗੁਰੂ ਘਰ ਦਾ ਦਾਸ: ਮੋਹਨ ਸਿੰਘ ਵਿਰਕ
ਸਿਡਨੀ, ਆਸਟ੍ਰੇਲੀਆ। ਫੋਨ: +61 409 660 701

ਸਵੇਰ ਦੀ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈ ਹੀ ਰਹੇ ਸੀ ਕਿ ਸਾਡੇ ਛੋਟੇ ਵੀਰ, ਸ. ਰਣਜੀਤ ਸਿੰਘ ਗਿੱਲ ਜੀ ਦਾ ਫ਼ੋਨ ਆ ਗਿਆ, “ਅਸੀਂ ਤੁਹਾਡੇ ਘਰ ਆ ਰਹੇ ਹਾਂ। ਇਕ ਜਰੂਰੀ ਸਲਾਹ ਕਰਨੀ ਹੈ।” “ਆ ਜਾਓ ਜਨਾਬ ਅਸੀਂ ਘਰ ਹੀ ਹਾਂ।” ਥੋਹੜੇ ਸਮੇ ਬਾਅਦ ਹੀ ਉਹ ਆਪਣੀ ਪਤਨੀ, ਬੀਬਾ ਜੀ ਗੁਰਮੀਤ ਕੌਰ ਸਮੇਤ ਆ ਪਧਾਰੇ। ਚਾਹ ਪਾਣੀ ਤੋਂ ਬਾਅਦ ਗੁਰਮੀਤ ਕੌਰ ਜੀ ਨੇ ਗੁਰਦੁਆਰਾ ਬੜੂ ਸਾਹਿਬ ਅਕਾਲ ਅਕੈਡਮੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ, ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਹੋ ਗਈ। ਅਗਲੇ ਦਿਨ ੨੫.੫.੧੯ ਨੂੰ ਬੜੂ ਸਾਹਿਬ ਜਾਣ ਦਾ ਪ੍ਰੋਗਰਾਮ ਤਹਿ ਹੋ ਗਿਆ। ਓਸੇ ਵਕਤ ਆਪਣੇ ਪੱਕੇ ਟੈਕਸੀ ਡਰਾਈਵਰ, ਸ. ਕਰਨੈਲ ਸਿੰਘ ਜੀ ਨੂੰ ਫ਼ੋਨ ਕੀਤਾ ਗਿਆ ਅਤੇ ਉਸ ਨੂੰ ਕਲ੍ਹ ਬੜੂ ਸਾਹਿਬ ਜਾਣ ਲਈ ਕਿਹਾ ਗਿਆ। ਉਹ ਵੀ ਇਤਫਾਕ ਨਾਲ ਵੇਹਲੇ ਹੀ ਸਨ ਤੇ ਪ੍ਰੋਗਰਾਮ ਤਹਿ ਹੋ ਗਿਆ।

੨੫.੫.੧੯ ਦਿਨ ਐਤਵਾਰ ਅਸੀਂ ਚਾਰੇ ਜਣੇ, ਭਾਵ ਮੈਂ, ਮੇਰੀ ਪਤਨੀ ਜੋਗਿੰਦਰ ਕੌਰ ਵਿਰਕ, ਸ. ਰਣਜੀਤ ਸਿੰਘ ਜੀ ਗਿੱਲ ਅਤੇ ਉਹਨਾਂ ਦੇ ਪਤਨੀ ਗੁਰਮੀਤ ਕੌਰ ਗਿੱਲ, ਸਵੇਰੇ ਪੰਜ ਵਜੇ ਤਿਆਰ ਹੋ ਗਏ। ਮਿਥੇ ਹੋਏ ਸਮੇ ਤੇ ਸ. ਕਰਨੈਲ ਸਿੰਘ ਟੈਕਸੀ ਲੈ ਕੇ ਆ ਗਏ। ਫ਼ਤਿਹ ਦਾ ਜੈਕਾਰਾ ਛੱਡਿਆ ਤੇ ਸਫਰ ਸ਼ੁਰੂ ਹੋ ਗਿਆ।

ਸਭ ਤੋਂ ਪਹਿਲਾਂ ਪਟਿਆਲੇ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦਰਸ਼ਨ ਕਰਕੇ ਰਾਜਪੁਰਾ ਰੋਡ ਤੇ ਚੱਲ ਪਏ। ਚੰਡੀਗੜ੍ਹ ਇਕ ਘੰਟੇ ਵਿੱਚ ਪਹੁੰਚ ਗਏ। ਓਥੋਂ ਸ਼ਿਮਲਾ ਜਾਣ ਵਾਲ਼ੇ ਹਾਈਵੇ ਤੇ ਚਾਲੇ ਪਾ ਦਿਤੇ। ਲਗ ਭਗ ਇਕ ਘੰਟੇ ਦਾ ਸੁਹਾਵਣਾ ਸਫਰ ਤਹਿ ਕਰਕੇ ਪੰਚਕੂਲਾ, ਪੰਜੌਰ ਵਿਚੋਂ ਲੰਘਦੇ ਹੋਏ, ਕਸੌਲੀ ਪਹੁੰਚ ਗਏ। ਓਥੇ ਇਕ ਖੂਬਸੂਰਤ ਪੰਜਾਬੀ ਰੈਸਟੋਰੈਂਟ ਵਿੱਚ ਨਾਸ਼ਤਾ ਕੀਤਾ। ਕੁਝ ਫੋਟੋਗਰਾਫ਼ ਲਏ ਗਏ ਤੇ ਅਗਲਾ ਸਫ਼ਰ ਫਿਰ ਸ਼ੁਰੂ ਹੋ ਗਿਆ।

ਕਸੌਲੀ ਤੋਂ ਪਹਾੜੀ ਇਲਾਕਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਬਹੁਤ ਹੀ ਖ਼ੂਬਸੂਰਤ ਦਰਿਸ਼ ਪੇਸ਼ ਕਰ ਰਿਹਾ ਸੀ ਜਿਸ ਦਾ ਭਰਪੂਰ ਆਨੰਦ ਮਾਣਦੇ ਹੋਏ ਸਫ਼ਰ ਅੱਗੇ ਵਧਦਾ ਗਿਆ। ਗਿੱਲ ਸਾਹਿਬ, ਆਦਤ ਤੋਂ ਮਜਬੂਰ, ਕਰਨੈਲ ਸਿੰਘ ਨੂੰ ਸਾਵਧਾਨੀ ਵੱਜੋਂ ਤਰ੍ਹਾਂ ਤਰਾਂ੍ਹ ਦੀਆਂ ਹਿਦਾਇਤਾਂ ਦੇ ਰਹੇ ਸਨ। ਕਿਊਂਕੇ ਉਹ ਆਪ ਸਾਰੀ ਉਮਰ ਮਰਚੈਂਟ ਨੇਵੀ ਦੇ ਜਹਾਜਾਂ ਵਿੱਚ ਬਤੌਰ ਚੀਫ ਇੰਜੀਨੀਅਰ ਸੇਵਾ ਨਿਭਾ ਚੁਕੇ ਹਨ। ਇਸ ਕਰਕੇ ਅਫ਼ਸਰੀ ਅੰਦਾਜ਼ ਨਾਲ ਉਹ ਡਰਾਈਵਰ ਨੂੰ, ਸੇਫਟੀ ਵੱਜੋਂ ਸਾਵਧਾਨ ਕਰ ਰਹੇ ਸਨ। ਇਸ ਪਹਾੜੀ ਇਲਾਕੇ ਦੇ ਖ਼ੂਬਸੂਰਤ ਰਸਤੇ ਦਾ ਅਨੰਦ ਮਾਣਦੇ ਹੋਏ ਸਫਰ ਬਹੁਤ ਹੀ ਸੁਹਾਵਣਾ ਚੱਲ ਰਿਹਾ ਸੀ। ਸੜਕ ਦੇ ਇਕ ਪਾਸੇ ਉਚੇ ਉਚੇ ਪਹਾੜ, ਦੂਸਰੇ ਪਾਸੇ ਬਹੁਤ ਹੀ ਡੂੰਘੀਆਂ ਖਾਈਆਂ ਦੇ ਨਾਲ ਨਾਲ ਹੁੰਦੇ ਹੋਏ, ਸੜਕ ਸੱਪ ਵਾਂਗ ਵਲ਼ ਖਾਂਦੀ ਹੋਈ, ਉਚੇ ਨੀਵੇਂ ਰਸਤਿਆਂ ਵਿੱਚੋਂ ਲੰਘਦੀ ਹੋਈ, ਪਹਾੜਾਂ ਦੀਆਂ ਵੈਲੀਆਂ ਦਾ ਖ਼ੂਬਸੂਰਤ ਦਰਿਸ਼ ਪੇਸ਼ ਕਰ ਰਹੀ ਸੀ, ਜਿਸ ਦਾ ਅਸੀਂ ਸਾਰੇ ਭਰਪੂਰ ਆਨੰਦ ਮਣ ਰਹੇ ਸਾਂ।

ਲਓ ਜੀ, ਅਸੀਂ ਹੁਣ ਹੱਸਦੇ ਖੇਡਦੇ, ਗੱਪ ਸ਼ੱਪ ਲਗਾਉਂਦੇ ਹੋਏ ਸੋਲਣ ਪਹੁੰਚ ਗਏ ਹਾਂ। ਏਥੇ ਫਿਰ ਇਕ ਛੋਟੀ ਜਿਹੀ ਬਰੇਕ ਲਈ। ਇਕ ਸੋਹਣੇ ਪੰਜਾਬੀ ਢਾਬੇ ਵਿੱਚ ਲੋੜ ਅਨੁਸਾਰ ਖਾਧਾ ਪੀਤਾ ਤੇ ਫਿਰ ਅਗਲਾ ਸਫ਼ਰ ਸ਼ੁਰੂ ਹੋ ਗਿਆ।

ਸੋਲਣ ਤੋਂ ਹੀ ਠੰਡੇ ਵਾਤਾਵਰਨ ਵਿੱਚ ਸਰੀਰ ਅਨੋਖਾ ਆਨੰਦ ਅਨੁਭਵ ਕਰ ਰਿਹਾ ਸੀ। ਠੰਡੀ ਰਮਣੀਕ ਹਵਾ ਸਾਨੂੰ, ਪੰਜਾਬ ਦੇ ਉਬਲ਼ਦੇ ਹੋਏ ਗਰਮ ਵਾਤਾਵਰਨ ਤੋਂ ਦੂਰ ਲਿਜਾ ਰਹੀ ਸੀ। ਸਾਰੇ ਚੁੱਪ ਕਰਕੇ ਬੈਠੇ ਸਨ ਕਿ ਅਚਾਨਕ ਗੁਰਮੀਤ ਕੌਰ ਨੇ ਚੁੱਪੀ ਤੋੜਦੇ ਹੋਏ, ਪਹਾੜਾਂ ਦੀ ਖ਼ੂਬਸੂਰਤੀ ਵੱਲ ਧਿਆਨ ਦਿਵਾਉਂਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ। ਕਰਨੈਲ ਸਿੰਘ ਵੀ ਕਾਫੀ ਗੱਲਾਂ ਦਾ ਗਲਾਧੜੀ ਸਾਬਤ ਹੋਇਆ। ਉਸ ਨੇ ਕਈ ਤਰ੍ਹਾਂ ਦੇ ਚੁਟਕਲੇ ਅਤੇ ਹਾਸ ਰਸ ਦੀਆਂ ਗੱਲਾਂ ਸੁਣਾ ਸੁਣਾ ਢਿਡੀਂ ਪੀੜਾਂ ਪਾ ਦਿਤੀਆਂ। ਇਉਂ ਮਾਹੌਲ ਰੰਗੀਨ ਕਰ ਦਿਤਾ। ਬੱਸ ਫਿਰ ਕੀ ਸੀ! ਬੀਬੀਆਂ ਵੀ ਕਿਉਂ ਪਿੱਛੇ ਰਹਿ ਜਾਣ! ਦੋਹਾਂ ਨੇ ਆਪਣੇ ਅੰਦਾਜ਼ ਨਾਲ ਰੰਗ ਬੰਨ੍ਹ ਦਿਤਾ। ਇਸ ਤਰ੍ਹਾਂ ਇਹ ਹੱਸਦਿਆਂ ਖੇਡਦਿਆਂ ਸਫ਼ਰ ਤਹਿ ਕਰਕੇ, ਅਸੀ ਧਰਮ ਗੜ੍ਹ ਪਹੁੰਚ ਗਏ।

ਧਰਮ ਗੜ੍ਹ ਤੋਂ ਬੜੂ ਸਾਹਿਬ ਦਾ ਸਫਰ ਕੋਈ ਚਾਲ਼ੀ ਪੰਜਾਹ ਕਿ.ਮੀ. ਦੀ ਦੂਰੀ ‘ਤੇ ਹੈ। ਏਥੋਂ ਇਕ ਲਿੰਕ ਰੋਡ ਨਿਕਲਦੀ ਹੈ ਜੋ ਕਿ ਬੜੂ ਸਾਹਿਬ ਵੱਲ ਜਾਂਦੀ ਹੈ। ਕਿਉਂਕਿ ਸਫਰ ਚੜ੍ਹਾਈ ਵੱਲ ਚੱਲ ਰਿਹਾ ਸੀ। ਸੜਕ ਦੀ ਹਾਲਤ ਵੀ ਏਨੀ ਚੰਗੀ ਨਾ ਹੋਣ ਕਰਕੇ, ਕਾਰ ਦੀ ਰਫ਼ਤਾਰ ਤੀਹ ਪੈਂਤੀ ਕਿ.ਮੀ. ਤੋਂ ਵੱਧ ਨਹੀਂ ਸੀ ਜਾ ਸਕਦੀ। ਰਸਤਾ ਖੂਬਸੂਰਤ ਹੋਣ ਕਰਕੇ ਇਹ ਸਫਰ ਆਰਾਮ ਨਾਲ ਗੁਜ਼ਰ ਰਿਹਾ ਸੀ। ਸਫ਼ਰ ਸਾਨੂੰ ਪਲ ਪਲ ਬੜੂ ਸਾਹਿਬ ਦੇ ਕਰੀਬ ਲੈ ਜਾ ਰਿਹਾ ਸੀ। ਦਰਸ਼ਨਾਂ ਦੀ ਤਾਂਘ ਹੋਰ ਵੀ ਵਧ ਰਹੀ ਸੀ। ਸਫਰ ਭਾਵੇਂ ਊਭੜ ਖਾਭੜ ਸੀ ਪਰ ਕਹਾਵਤ ਹੈ, “ਉੁਖਲ਼ੀ ਵਿੱਚ ਸਿਰ ਦਿਤਾ ਤਾਂ ਮੋਹਲ਼ਿਆਂ ਦਾ ਕੀ ਡਰ?” ਸਫਰ ਚੱਲਦਾ ਰਿਹਾ ਤੇ ਅਸੀਂ ਬੜੂ ਸਾਹਿਬ ਦੇ ਕਰੀਬ ਹੁੰਦੇ ਗਏ। ਆਖਰ ਬੜੂ ਸਾਹਿਬ ਦਾ ਸਾਈਨ ਬੋਰਡ ਵੇਖ ਕੇ ਸਾਰੇ ਖੁਸ਼ ਹੋ ਗਏ। ਕਹਿੰਦੇ ਹਨ, “ਉਤਾਵਲ਼ਾ ਸੋ ਬਾਵਲ਼ਾ।” ਜਾਂ ਇਹ ਕਹਿ ਲਵੋ, “ਕਾਹਲ਼ੀ ਅੱਗੇ ਟੋਏ।” ਕਰਨੈਲ ਸਿੰਘ ਬੜੂ ਸਾਹਿਬ ਜਾਣ ਦੀ ਬਜਾਏ ਕਾਰ ਸਿਧੀ ਕੱਢ ਕੇ ਲੈ ਗਿਆ। ਅਸੀਂ ਵੀ ਕੋਈ ਧਿਅਨ ਨਾ ਦਿਤਾ ਤੇ ਸਫਰ ਚੱਲਦਾ ਰਿਹਾ। ਹਾਲੀ ਚਾਰ- ਪੰਜ ਕਿ.ਮੀ. ਹੀ ਗਏ ਹੋਵਾਂਗੇ ਕਿ ਸੜਕ ਦੇ ਵਿੱਚਕਾਰ ਇਕ ਅਜੀਬ ਕ੍ਰਿਸ਼ਮਾ ਵੇਖਣ ਨੂੰ ਮਿਲਿਆ। ਸ਼ਾਇਦ ਏਸੇ ਵਾਸਤੇ ਹੀ ਅਸੀਂ ਗ਼ਲਤ ਰਸਤੇ ਚੱਲ ਰਹੇ ਸੀ।

ਹੋਇਆ ਇੰਜ ਕਿ ਮੇਰੀ ਘਰਵਾਲ਼ੀ ਨੇ ਉਚੀ ਅਤੇ ਥਿੜਕਦੀ ਆਵਾਜ਼ ਵਿੱਚ ਕਿਹਾ, “ਹਾਏ ਸੱਪ!” ਸਭ ਦਾ ਧਿਆਨ ਸੜਕ ਵੱਲ ਚਲਿਆ ਗਿਆ। ਕੀ ਵੇਖਦੇ ਹਾਂ ਕਿ ਠੀਕ ਸੜਕ ਦੇ ਵਿਚਕਾਰ ਇਕ ਸਰਪ ਦਾ ਜੋੜਾ, ਸੱਪ ਅਤੇ ਸੱਪਣੀ ਜੋ ਕਿ ੨ ਮੀਟਰ ਲੰਬਾਈ ਤੋਂ ਘੱਟ ਨਹੀ ਹੋਣਗੇ। ਰੰਗ ਕਾਲ਼ਾ ਸ਼ਾਹ, ਵਲੈਂਗੜੇ ਖਾਂਦੇ ਹੋਏ, ਸੜਕ ਦੇ ਵਿਚਕਾਰ, ਜ਼ਮੀਨ ਤੋਂ ਕੋਈ ਇਕ ਫੁੱਟ ਉਚੇ ਫੰਨ੍ਹ ਫੈਲਾਈ, ਇਕ ਦੂਜੇ ਦੇ ਮੂੰਹ ਵੱਲ ਮੂੰਹ ਕਰਕੇ, ਅੱਖਾਂ ਵਿੱਚ ਅੱਖਾਂ ਪਾਈ, ਦੀਨ ਦੁਨੀਆਂ ਤੋਂ ਬੇਖ਼ਬਰ ਤੇ ਬੇਖੌਫ, ਦਾਸਤਾਨੇ ਮੁਹੱਬਤ ਦਾ ਇਜ਼ਹਾਰ ਕਰਦੇ ਹੋਏ, ਡਰੇ ਨਹੀਂ ਤੇ ਹਿੱਲੇ ਤੱਕ ਵੀ ਨਹੀਂ। ਪ੍ਰੇਮ ਭਰੀਆਂ ਨਜ਼ਰਾਂ ਨਾਲ ਮਸਤੀ ਭਰੀ ਪੀਂਘ ਉਤੇ ਬੈਠੇ, ਪਿਆਰ ਦਾ ਆਨੰਦ ਮਾਣਦੇ ਹੋਏ, ਅਡੋਲਤਾ ਵਿੱਚ ਬੈਠੇ ਰਹੇ। ਜਿਵੇਂ ਕਿ ਸੌਣ ਦੇ ਮਹੀਨੇ ਵਿੱਚ ਪੀਘਾਂ ਝੂਟਦੀਆਂ ਮੁਟਿਆਰਾਂ ਵੀ ਬੇਖੌਫ ਹੋ ਕੇ ਪੀਂਘ ਦਾ ਅਨੰਦ ਮਾਣਦੀਆਂ ਹਨ। ਉਹਨਾਂ ਦੀ ਇਹ ਅਨੋਖੀ ਮੁਹੱਬਤ ਵੇਖ ਕੇ ਸਲੀਮ ਅਨਾਰਕਲੀ ਦੀ ਯਾਦ ਤਾਜਾ ਹੋ ਗਈ। ਇਹ ਸਭ ਕੁਝ ਅੱਖ ਦੇ ਪਲਕਾਰੇ ਵਿੱਚ ਹੀ ਹੋ ਗਿਆ। ਕਰਨੈਲ ਸਿੰਘ ਨੇ ਕਾਰ ਇਕ ਪਾਸੇ ਕਰਕੇ ਪਾਰਕ ਕਰ ਦਿਤੀ।

ਮੈਂ ਫੁਰਤੀ ਨਾਲ ਕਾਰ ਤੋਂ ਬਾਹਰ ਨਿਕਲਿਆ ਤਾਂ ਕੀ ਦੇਖਦਾ ਹਾਂ ਕਿ ਓਥੇ ਕੁਝ ਵੀ ਨਹੀ ਸੀ। ਉਹ ਬੇਖੌਫ ਪਰੇਮੀਆਂ ਦਾ ਜੋੜਾ ਅਲੋਪ ਹੋ ਚੁਕਾ ਸੀ। “ਰੱਖੇ ਰਬ ਤੇ ਮਾਰੇ ਕੌਣ?” ਮੈਂ ਇਸ ਚਮਤਕਾਰੀ ਗੁੱਥੀ ਨੂੰ ਸੁਲਝਾਉਣ ਦੇ ਚੱਕਰ ਵਿੱਚ ਪਤਾ ਨਹੀ ਕੇਹੜੀ ਦੁਨੀਆਂ ਵਿੱਚ ਪਹੁੰਚ ਗਿਆ! ਅਚਾਨਕ ਕਰਨੈਲ ਸਿੰਘ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ, “ਮੁੜ ਆਓ ਵਿਰਕ ਸਾਹਿਬ, ਏਥੇ ਹੁਣ ਕੁਝ ਵੀ ਨਹੀਂ ਹੈ। ਮੈਂ ਨਿਮੋਝੂਣੀ ਜਹੀ ਹਾਲਤ ਵਿੱਚ ਕਾਰ ਵਿੱਚ ਆ ਕੇ ਬੈਠ ਗਿਆ। ਉਹਨਾਂ ਦੋ ਪ੍ਰੇਮੀਆਂ ਦੀ ਪਰੇਮ ਭਰੀ ਗੁੱਥੀ ਨੂੰ ਸੁਲਝਾਉਣ ਦਾ ਯਤਨ ਕਰਦਾ ਰਿਹਾ। ਮੈਂ ਸਮਝ ਗਿਆ ਕਿ ਅਸੀਂ ਇਹ ਅਜੀਬ ਜਿਹਾ ਦਰਿਸ਼ ਵੇਖਣ ਵਾਸਤੇ ਹੀ ਗਲਤ ਰਸਤੇ ਪੈ ਗਏ ਸੀ।

ਕਾਰ ਫਿਰ ਵਾਪਸ ਬੜੂ ਸਾਹਿਬ ਵੱਲ ਮੋੜ ਲਈ। ਪੰਦਰਾਂ ਕੁ ਮਿੰਟਾਂ ਵਿੱਚ ਸਾਨੂੰ ਬੜੂ ਸਾਹਿਬ ਦਾ ਗੇਟ ਦਿਸ ਪਿਆ, ਜਿਸ ਉਤੇ ਲਿਖਿਆ ਹੋਇਆ ਸੀ ‘ਅਕਾਲ ਅਕੈਡਮੀ, ਬੜੂ ਸਾਹਿਬ।’ ਇਹ ਵੇਖ ਕੇ ਮਨ ਖੁਸ਼ ਹੋ ਗਿਆ। ਇਹ ਪੂਰੇ ਦਾ ਪੂਰਾ ਕੰਪਲੈਕਸ, ਪੂਰੀ ਤਰ੍ਹਾਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਸੁੰਦਰ ਸੂਰਤ ਵਾਲ਼ੀਆਂ ਵਾਦੀਆਂ ਵਿੱਚ ਵਿਸ਼ਾਲ ਇਮਾਰਤਾਂ ਨਾਲ ਸੁਸ਼ੋਭਤ ਇਸ ਅਕੈਡਮੀ ਦੀਆਂ ਉਚੀਆਂ ਉਚੀਆਂ ਇਮਾਰਤਾਂ, ਬਾਗ ਬਗੀਚੇ ਦੀ ਸੁੰਦਰਤਾ ਅਤੇ ਉਤੋਂ ਠੰਡਕ ਭਰੀ ਤਾਸੀਰ, ਏਨੀ ਮਨਮੋਹਕ ਸੀ ਕਿ ਮਨ ਬਾਗੋ ਬਾਗ ਹੋ ਗਿਆ। ਕੁਦਰਤ ਵਾਲੇ ਦੀ ਇਹ ਅਨੋਖੀ ਸੁੰਦਰਤਾ ਭਰੀ ਦੇਣ ਨੂੰ ਵੇਖ ਕੇ ਗੁਰੂ ਸਾਹਿਬਾਂ ਦੇ ਪਵਿਤਰ ਬਚਨ ਸੁਭਾਵਕ ਹੀ ਯਾਦ ਆ ਗਏ:

ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤ ਨ ਜਾਈ ਲਖਿਆ॥

ਏਨੇ ਨੂੰ ਕਰਨੈਲ ਸਿੰਘ ਨੇ ਕਾਰ ਪੁੱਛ ਗਿੱਛ ਦਫਤਰ ਅਗੇ ਪਾਰਕ ਕਰ ਦਿਤੀ। ਮੈਂ ਅਤੇ ਗਿੱਲ ਸਾਹਿਬ ਨੇ ਕਾਰ ਤੋਂ ਥੱੱਲੇ ਉਤਰ ਕੇ ਉਸ ਦਫਤਰ ਵਿੱਚ ਜਾ ਫ਼ਤਿਹ ਬੁਲਾਈ। ਡਿਊਟੀ ‘ਤੇ ਬੈਠੇ ਸੇਵਾਦਾਰ ਜੀ ਨੂੰ ਬੇਨਤੀ ਕੀਤੀ, “ਅਸੀ ਆਸਟ੍ਰੇਲੀਆ ਤੋਂ ਇਸ ਮਹਾਨ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਕਰਕੇ ਸਾਨੂੰ ਇਕ ਰਾਤ ਵਾਸਤੇ ਰੈਣ ਬਸੇਰੇ ਵਾਸਤੇ ਕਮਰੇ ਦੇਣ ਦੀ ਕ੍ਰਿਪਾਲਤਾ ਕਰ ਦਿਓ।” ਉਹਨਾਂ ਨੇ ਬੜੀ ਨਿਮਰਤਾ ਨਾਲ ਸਹਿਯੋਗ ਦਿੰਦੇ ਹੋਏ ਕਾਗਜੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਾਨੂੰ ਕਮਰਾ ਨੰ. ੧੧੬ ਦੀ ਚਾਬੀ ਦੇ ਦਿਤੀ ਅਤੇ ਨਾਲ ਇਕ ਸੇਵਾਦਾਰ ਵੀ ਭੇਜ ਦਿਤਾ ਤਾਂ ਕਿ ਸਾਨੂੰ ਕਮਰਾ ਲੱਭਣ ਵਿੱਚ ਕੋਈ ਤਕਲੀਫ ਨਾ ਆਏ। ਗਰਾਊਂਡ ਫਲੋਰ ‘ਤੇ ਇਹ ਮਾਡਰਨ ਕਮਰਾ ਲੋੜ ਅਨੁਸਾਰ ਹਰ ਤਰ੍ਹਾਂ ਦੀ ਸਹੂਲਤ ਨਾਲ ਸਜਿਆ ਹੋਇਆ ਸੀ। ਕਮਰੇ ਵਿੱਚ ਸਾਮਾਨ ਰੱਖ ਕੇ ਅਸੀਂ ਕੁਝ ਦੇਰ ਆਰਾਮ ਕੀਤਾ। ਫਿਰ ਵਾਰੋ ਵਾਰੀ ਸਭ ਨੇ ਇਸ਼ਨਾਨ ਕੀਤਾ। ਦਿਨ ਦੇ ੫ ਵੱਜ ਗਏ ਸਨ। ਵਿੰਡੋ ਖੋਹਲ ਕੇ ਵੇਖਿਆ, ਬਾਹਰ ਸੁੰਦਰ ਕੁਦਰਤੀ ਨਜਾਰੇ ਭਰਿਆ ਦਰਿਸ਼ ਨਜਰ ਆ ਰਿਹਾ ਸੀ। ਸੜਕ ਤੇ ਕਾਫੀ ਚਹਿਲ ਪਹਿਲ ਸੀ। ਚਿੱਟੇ ਰੰਗ ਦੀ ਇਕੋ ਜਹੀ ਵਰਦੀ ਵਿੱਚ ਓਥੋਂ ਦੇ ਬੱਚੇ ਆ ਜਾ ਰਹੇ ਸਨ। ਅਸੀਂ ਵੀ ਬਾਹਰ ਆ ਕੇ ਉਸ ਰੌਣਕ ਵਿੱਚ ਸ਼ਾਮਲ ਹੋ ਗਏ।

ਪੂਰੇ ਦਾ ਪੂਰਾ ਕੰਪਲੈਕਸ ਆਪਣੀ ਸੁੰਦਰਤਾ ਦੀ ਮਿਸਾਲ ਖ਼ੁਦ ਹੀ ਸੀ, ਜਿਸ ਨੂੰ ਵੇਖ ਕੇ ਇੰਜ ਲੱਗਿਆ ਕਿ ਪ੍ਰਬੰਧਕਾਂ ਨੇ ਇਸ ਜਗ੍ਹਾ ਦਾ ਨਿਰਮਾਣ ਕਰਨ ਵੇਲੇ, ਇਸ ਥਾਂ ਦੀ ਖੂਬਸੂਰਤੀ ਨੂੰ ਹੋਰ ਵੀ ਵਧੇਰੇ ਪੇਸ਼ ਕਰਨ ਦਾ ਪੂਰਾ ਪੂਰਾ ਖਿਆਲ ਰਖਿਆ ਸੀ। ਖ਼ੂਬਸੂਰਤ ਸੜਕ ਦੇ ਇਕ ਪਾਸੇ ਉਚੇ ਉਚੇ ਪਹਾੜ ਨਾਲ ਲਗਦੇ ਰੰਗ ਬਰੰਗੇ ਫੁਲਾਂ ਦੀਆਂ ਸੁੰਦਰ ਕਿਆਰੀਆਂ ਦਿਸੀਆਂ ਸਨ ਜਿਨ੍ਹਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਹਰੇ ਭਰੇ ਬੂਟੇ ਅਤੇ ਕਈ ਤਰ੍ਹਾਂ ਦੇ ਖੁਸ਼ਬੂਦਾਰ ਸੁੰਦਰ ਫੁੱਲਾਂ ਨਾਲ ਲੱਦੇ ਹੋਏ, ਆਪਣੀ ਸੁਗੰਧ ਨਾਲ ਬਹੁਤ ਹੀ ਮਨ ਮੋਹਕ ਸਨ ਅਤੇ ਵਾਤਾਵਰਨ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਦੂਸਰੇ ਪਾਸੇ ਦਰਬਾਰ ਸਾਹਿਬ ਦੀ ਸੁਹਾਵਣੀ ਅਤੇ ਵਿਸ਼ਾਲ ਇਮਾਰਤ ਆਪਣੀ ਮਿਸਾਲ ਆਪ ਨਜ਼ਰ ਆ ਰਹੀ ਸੀ। ਇਸ ਦੇ ਨਾਲ ਲੱਗਦੇ ਸੱਜੇ ਖੱਬੇ ਮਲਟੀਸਟੋਰੀਜ਼ ਬਿਲਡਿੰਗ ਇਕ ਸੁਲਝੇ ਹੋਏ ਆਰਕੀਟੈਕਟ ਦੀ ਡੀਜ਼ਾਈਨ ਕੀਤੀ ਹੋਈ ਕਲਾ ਦਾ ਪ੍ਰਦਸ਼ਰਨ ਵੀ ਮੂਹੋਂ ਬੋਲਦੀ ਤਸਵੀਰ ਸੀ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ। ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲਏ। ਉਪ੍ਰੰਤ ਲੰਗਰ ਹਾਲ ਵਿੱਚ ਚਲੇ ਗਏ ਜੋ ਕਿ ਬਹੁਤ ਹੀ ਵਿਸ਼ਾਲ ਅਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਤੀਕ ਸੀ। ਬਜ਼ੁਰਗਾਂ ਅਤੇ ਲੋੜਵੰਦ ਪਰਾਣੀਆਂ ਵਾਸਤੇ ਬੈਂਚਾਂ ਦਾ ਵੀ ਪ੍ਰਬੰਧ ਸੀ। ਹਰ ਇਕ ਨੇ ਲੋੜ ਅਨੁਸਾਰ ਲੰਗਰ ਛਕਿਆ। ਬੀਬੀਆਂ ਤਾਂ ਕਮਰੇ ਵਿੱਚ ਆਰਾਮ ਕਰਨ ਵਾਸਤੇ ਚਲੀਆਂ ਗਈਆਂ ਅਤੇ ਅਸੀਂ ਇਸ ਸੁੰਦਰ ਅਸਥਾਨ ਨੂੰ ਹੋਰ ਵੀ ਨੇੜੇ ਹੋ ਕੇ ਵੇਖਣ ਲਈ, ਸੜਕ ਤੇ ਚੱਲ ਰਹੀ ਚਹਿਲ ਪਹਿਲ ਦੇ ਨਾਲ ਨਾਲ ਘੁੰਮਣ ਦੇ ਖਿਆਲ ਵਜੋਂ ਨਿਕਲ਼ ਪਏ। ਸ਼ਾਮ ਦਾ ਵਕਤ ਸੀ। ਸੂਰਜ ਵੀ ਆਪਣੀਆਂ ਸੁਨਹਿਰੀ ਕਿਰਨਾਂ ਪਹਾੜਾਂ ਦੀਆਂ ਚੋਟੀਆਂ ਤੇ ਬਖੇਰਦਾ ਹੋਇਆ, ਵਾਤਾਵਰਨ ਨੂੰ ਰੰਗ ਬਰੰਗੀ ਦੂਣੀ ਖੂਬਸੂਰਤੀ ਪ੍ਰਦਾਨ ਕਰਦਾ ਹੋਇਆ, ਹੌਲ਼ੀ ਹੌਲ਼ੀ ਆਪਣੀ ਗਤੀ ਨਾਲ, ਇਸ ਤਰ੍ਹਾਂ ਅਲੋਪ ਹੋ ਰਿਹਾ ਸੀ ਜਿਵੇਂ ਤੇਜ ਰੋਸ਼ਨੀ ਵਾਲੀ ਟਿਊਬ ਲਾਈਟ ਦੇ ਸਵਿਚ ਨੂੰ ਬੰਦ ਕਰਨ ਤੋਂ ਬਾਅਦ ਟਿਊਬ ਹੌਲੀ ਹੌਲੀ ਰੋਸ਼ਨੀ ਨੂੰ ਸਮੇਟ ਲੈਂਦੀ ਹੈ। ਇਹ ਸਭ ਕੁਝ ਵੇਖ ਕੇ ਮਨ ਮੁਗਧ ਹੋ ਗਿਆ। ਸੁਭਾਵਕ ਹੀ ਮੂੰਹ ਵਿੱਚੋਂ ਨਿਕਲ ਗਿਆ, “ਵਾਹ ਵਾਹ ਸੰਤ ਬਾਬਾ ਇਕਬਾਲ ਸਿੰਘ ਜੀ! ਤੁਹਾਡੀ ਇਹ ਵਡਮੁੱਲੀ ਦੇਣ ਸਮੂੰਹ ਲੁਕਾਈ ਲਈ ਇਕ ਵਡਮੁੱਲਾ ਤੋਹਫਾ ਹੈ ਜਿਸ ਨੂੰ ਜਨਤਾ ਰਹਿੰਦੀ ਦੁਨੀਆਂ ਤਕ ਆਪਣੇ ਹਿਰਦਿਆਂ ਵਿੱਚ ਵਸਾਈ ਰਖੇਗੀ। ਗੁਰੂ ਸਾਹਿਬਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੇ ਬਚਨ ਹਨ:

ਆਪ ਗਵਾਈਐ ਤ ਸਹੁ ਪਾਈਐ ਅਉਰ ਕੈਸੀ ਚਤੁਰਾਈ॥

ਸੰਤ ਬਾਬਾ ਇਕਬਾਲ ਸਿੰਘ ਜੀ ਨੇ ਵੀ ਆਪਣਾ ਪਰਵਾਰ ਛਡਿਆ, ਉਚੇ ਪੱਧਰ ਦੀ ਸਰਕਾਰੀ ਨੌਕਰੀ ਛੱਡੀ ਅਤੇ ਇਸ ਮਹਾਨ ਸੇਵਾ ਦੇ ਯੱਗ ਵਿੱਚ ਸਾਰਾ ਜੀਵਨ ਨਿਛਾਵਰ ਕਰ ਦਿਤਾ। ਅੱਜ ੯੬ ਸਾਲ ਦੀ ਵਡੇਰੀ ਉਮਰ ਵਿੱਚ ਵੀ ਇਹ ਜੀਵਨ ਦੇ ਵਡਮੁੱਲੇ ਅਨਭਵ ਨਾਲ, ਇਸ ਵਿੱਦਿਆ ਦੇ ਕੇਂਦਰ ਨੂੰ ਸਹੀ ਮਾਰਗ ਵੱਲ ਲਿਜਾ ਰਹੇ ਹਨ। ਅੱਜ ਇਹਨਾਂ ਦੇ ਹੱਥੀਂ ਲਾਇਆ ਹੋਇਆ ਇਹ ਗੁਲਜ਼ਾਰ ਸਾਰੇ ਦੇਸ਼ ਵਿੱਚ ਮਹਿਕ ਖਿਲਾਰਦਾ ਹੋਇਆ, ਵਿੱਦਿਆ ਦਾ ਇਹ ਚਾਨਣ ਮੁਨਾਰਾ, ਬ੍ਰਹਮ ਵਿੱਦਿਆ ਦਾ ਮਹਾਨ ਕੇਂਦਰ ਹੈ ਜਿਥੋਂ ਜਗਿਆਸੂ ਵਿੱਦਿਆ ਅਤੇ ਆਤਮਕ ਗਿਆਨ ਹਾਸਲ ਕਰਕੇ, ਸਮੂੰਹ ਸੰਸਾਰ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹਨ। eਹਿ ਮਹਾਨ ਅਸਥਾਨ ‘ਅਕਾਲ ਅਕੈਡਮੀ, ਬੜੂ ਸਾਹਿਬ’ ਦੇ ਨਾਂ ਨਾਲ ਪ੍ਰਸਿਧ ਹੈ। ਦੇਸਾਂ ਵਦੇਸ਼ਾਂ ਵਿਚੋਂ ਬੱਚੇ ਏਥੋਂ ਵਿੱਦਿਆ ਹਾਸਲ ਕਰ ਰਹੇ ਹਨ।

ਸਾਰੇ ਦਿਨ ਦੀ ਥਕਾਵਟ ਹੋਣ ਕਰਕੇ ਅਸੀ ਫਿਰ ਵਾਪਸ ਕਮਰੇ ਵਿੱਚ ਆ ਗਏ ਅਤੇ ਕੁਝ ਦੇਰ ਆਰਾਮ ਕੀਤਾ। ਫਿਰ ਸਾਰੇ ਰਲ ਕੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਅਤੇ ਸ਼ਾਮ ਦੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਲਈ ਤਿਆਰ ਹੋ ਗਏ। ਥੋਹੜੀ ਦੇਰ ਵਿੱਚ ਹੀ ਅਸੀਂ ਦਰਬਾਰ ਸਾਹਿਬ ਪਹੁੰਚ ਗਏ। ਦਰਬਾਰ ਦੀਆਂ ਹਜ਼ਰੀਆਂ ਭਰੀਆਂ ਅਤੇ ਇਲਾਹੀ ਗੁਰਬਾਣੀ ਦੇ ਕੀਰਤਨ ਸ੍ਰਵਣ ਕਰਨ ਵਾਸਤੇ ਸੰਗਤ ਵਿਚ ਇਕ ਪਾਸੇ ਹੋ ਕੇ ਬੈਠ ਗਏ। ਚਿੱਟੇ ਰੰਗ ਦੀ ਪੁਸ਼ਾਕ ਵਿੱਚ ਸਜੇ ਹੋਏ ਬੱਚੇ ਮਨੋਹਰ ਕੀਰਤਨ ਕਰ ਰਹੇ ਸਨ। ਅਸੀਂ ਕੀਰਤਨ ਦੇ ਭਰਪੂਰ ਲਾਹੇ ਲਏ। ਬੱਚਿਆਂ ਨੇ ਹੀ ਅਰਦਾਸ ਦੀ ਸੇਵਾ ਨਿਭਾਈ। ਗੁਰੂ ਜੀ ਦਾ ਹੁਕਮਨਾਮਾ ਸੁਣਿਆਂ। ਸੇਵਾਦਾਰਾਂ ਨੇ ਪ੍ਰਸ਼ਾਦ ਦੇ ਖੁਲ੍ਹੇ ਗੱਫੇ ਸੰਗਤਾਂ ਨੂੰ ਵਰਤਾਏ। ਉਪ੍ਰੰਤ ਦਾਸ ਨੇ ਪ੍ਰਬੰਧਕਾਂ ਦੀ ਆਗਿਆ ਨਾਲ ਮਾਨਯੋਗ ਪ੍ਰਬੰਧਕਾਂ ਅਤੇ ਬੱਚਿਆਂ ਨਾਲ, ਯਾਦਗਾਰ ਵੱਜੋਂ ਕੁਝ ਤਸਵੀਰਾਂ ਵੀ ਖਿਚਵਾਈਆਂ।

ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਰਾਜ ਦੇ ਦਰਸ਼ਨ ਕਰਨ ਦੀ ਜਗਿਆਸਾ ਦਿਲ ਵਿਚ ਪੈਦਾ ਹੋਈੀ ਪਰ ਉਹ ਕਿਤੇ ਨਜ਼ਰ ਨਾ ਆਏ। ਮੌਜੂਦਾ ਸੇਵਾਦਾਰਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਅੱਜ ਦਰਬਾਰ ਸਾਹਿਬ ਨਹੀਂ ਆਏ। ਮਾਯੂਸ ਜਿਹੇ ਹੋ ਕੇ ਦਰਬਾਰ ਸਹਿਬ ਹਾਲ ਤੋਂ ਬਾਹਰ ਆ ਗਏ। ਬੀਬੀਆਂ ਅਤੇ ਗਿੱਲ ਸਾਹਿਬ ਤਾਂ ਫਿਰ ਕਮਰੇ ਵਿੱਚ ਚਲੇ ਗਏ। ਦਾਸ ਅਤੇ ਕਰਨੈਲ ਸਿੰਘ ਬਾਹਰ ਇਕ ਬੈਂਚ ਤੇ ਬੈਠ ਗਏ। ਸੜਕ ‘ਤੇ ਆਵਾ ਜਾਈ ਦੀ ਰੌਣਕ ਵਿੱਚ ਗਵਾਚ ਗਏ। ਪਰ ਅੰਦਰੋਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਤਾਂਘ ਦੀ ਖਿੱਚ ਨੇ ਇਹਨਾਂ ਰੰਗ ਤਮਾਸ਼ਿਆਂ ਵਿੱਚ ਵੀ ਮਨ ਉਚਾਟ ਕਰ ਦਿਤਾ। ਦਾਸ ਅੰਦਰੋਂ ਸੰਤਾਂ ਦੇ ਦਰਸ਼ਨਾਂ ਦੀ ਅਭਿਲਾਸ਼ਾ ਦੀ ਉਧੇੜ ਬੁਣ ਵਿੱਚ ਫਸਿਆ ਪਿਆ ਸੀ ਕਿ ਕੀ ਕੀਤਾ ਜਾਵੇ! ਜਾਂ ਕਿਸੇ ਨੂੰ ਪੁਛਿਆ ਜਾਵੇ! ਪਰ ਕਹਿੰਦੇ ਹਨ ਸੱਚੇ ਦਿਲੋਂ ਤਾਂਘ ਹੋਵੇ, ਸ਼ਰਧਾ ਹੋਵੇ ਤਾਂ ਰਸਤਾ ਆਪੇ ਹੀ ਖੁਲ੍ਹ ਜਾਂਦਾ ਹੈ। ਬੰਦਾ ਬੰਦੇ  ਦਾ ਦਾਰੂ ਹੁੰਦਾ ਹੈ। ਏਨੇ ਨੂੰ ਇਕ ਗੁਰੂ ਘਰ ਦਾ ਸੇਵਾਦਾਰ ਚਿੱਟੇ ਰੰਗ ਦੇ ਬਾਣੇ ਵਿੱਚ ਸਜਿਆ ਹੋਇਆ ਮੇਰੇ ਸਾਹਮਣੇ ਆ ਖਲੋਤਾ ਅਤੇ ਕਿਹਾ, “ਸਿੰਘ ਸਾਹਿਬ ਜੀ, ਬਾਬਾ ਜੀ ਦੇ ਦਰਸ਼ਨ ਹੋ ਗਏ?” ਮੈਂ ਨਿਮੋਝੂਣੀ ਜਿਹੀ ਹਾਲਤ ਵਿੱਚ ਨਾਂਹ ਵਿੱਚ ਸਿਰ ਹਿਲਾ ਦਿਤਾ। ਉਹਨਾਂ ਨੇ ਬੜੇ ਆਦਰ ਭਾਵ ਵਿੱਚ ਕਿਹਾ, “ਆਓ ਮੇਰੇ ਨਾਲ। ਮੈਂ ਆਪ ਜੀ ਨੂੰ ਬਾਬਾ ਜੀ ਪਾਸ ਲੈ ਚਲਦਾ ਹਾਂ।” ਮੈਂ ਹੈਰਾਨ ਚਿਤ, ਡੌਰ ਭੌਰੀਆਂ ਅੱਖਾਂ ਨਾਲ, ਉਸ ਗੁਰੂ ਦੇ ਸਿੱਖ ਦਾ ਸ਼ੁਕਰਾਨਾ ਕਰਦਾ ਹੋਇਆ ਉਸ ਦੇ ਪਿੱਛੇ ਪਿੱਛੇ ਤੁਰ ਪਿਆ। ਕਰਨੈਲ ਸਿੰਘ ਵੀ ਸਾਡੇ ਪਿੱਛੇ ਪਿੱਛੇ ਆ ਗਏ। ਲੰਗਰ ਹਾਲ ਵਾਲੇ ਪਾਸੇ ਇਕ ਲਿਫਟ ਰਾਹੀਂ ਅਸੀ ਥੱਲੇ ਉਤਰ ਗਏ।

ਥੋਹੜੀ ਦੇਰ ਬਾਅਦ ਹੀ ਉਹ ਗੁਰੂ ਦਾ ਸਿੱਖ ਸਾਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਵੜਦੇ ਸਾਰ ਮੈਂ ਕੀ ਦੇਖਦਾ ਹਾਂ ਕਿ ਮਹਾਂਪੁਰਸ਼ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਰਾਜ ਇਕ ਬੈਡ ‘ਤੇ, ਚਿਟੇ ਲਿਬਾਸ ਵਿੱਚ ਇਕ ਮੋਟੇ ਜਹੇ ਗੱਦੇ ਨਾਲ ਢੋ ਲਗਾਈ ਆਰਾਮ ਅਵੱਸਥਾ ਵਿੱਚ ਸਨ। ਕੁਝ ਦਰਸ਼ਨ ਅਭਿਲਾਸ਼ੀ ਸੰਗਤ ਥੱਲੇ ਬੈਠੀ ਸੀ। ਇਕ ਸੇਵਦਾਰ ਬਾਬਾ ਜੀ ਦੀ ਹਾਜ਼ਰੀ ਵਿੱਚ ਤਤਪਰ ਸੀ। ਦਾਸ ਨੇ ਮਹਾਂ ਪੁਰਸ਼ਾਂ ਦੇ ਕੋਲ਼ ਜਾ ਕੇ ਸਤਿਕਾਰ ਸਹਿਤ ਝੁਕ ਕੇ ਫ਼ਤਿਹ ਬੁਲਾਈ। ਉਹਨਾਂ ਨੇ ਵੀ ਫ਼ਤਿਹ ਦਾ ਜਵਾਬ ਫ਼ਤਿਹ ਵਿੱਚ ਦਿਤਾ। ਮਹਾਂਪੁਰਸ਼ਾਂ ਦੇ ਪ੍ਰਭਾਵਸ਼ਾਲੀ ਅਤੇ ਜਲਾਲ ਭਰੇ ਚੇਹਰੇ ਦੇ ਦਰਸ਼ਨ ਦੀਦਾਰੇ ਕਰਕੇ ਮਨ ਤ੍ਰਿਪਤ ਹੋ ਗਿਆ। ਠੰਡ ਜਹੀ ਪੈ ਗਈ। ਦਰਸ਼ਨਾਂ ਦੀ ਤਾਂਘ ਅਤੇ ਸੱਚੀ ਸ਼ਰਧਾ ਪ੍ਰਫੁੱਲਤ ਹੋ ਗਈ। ਮਨ ਖੇੜੇ ਵਿੱਚ ਆ ਗਿਆ। ਪਤਾ ਨਹੀਂ ਕਿੱਥੇ ਗਵਾਚ ਗਿਆ! ਅਚਾਨਕ ਬਾਬਾ ਜੀ ਨੇ ਦਾਸ ਦੀ ਬਾਂਹ ਫੜ ਕੇ ਕਿਹਾ, “ਸਿੰਘ ਸਹਿਬ, ਕਿੱਥੇ ਗਵਾਚ ਗਏ ਹੋ! ਬੈਠ ਜਾਓ।” ਦਾਸ ਕੁਝ ਸੰਭਲ਼ਿਆ ਤੇ ਬਾਕੀ ਸੰਗਤ ਦੀ ਤਰ੍ਹਾਂ ਥੱਲੇ ਬੈਠਣ ਦਾ ਯਤਨ ਕੀਤਾ। ਮਹਾਂਪੁਰਸ਼ਾਂ ਨੇ ਦਾਸ ਦੀ ਬਾਂਹ ਫੜ ਕੇ ਕਿਹਾ, “ਨਹੀਂ ਗੁਰੂ ਦਿਆ ਸਿੱਖਾ! ਥੱਲੇ ਨਹੀਂ,” ਬੈਡ ਦੇ ਕੋਲ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਏਥੇ ਸਾਡੇ ਕੋਲ ਹੋ ਕੇ ਬੈਠੋ।” ਦਾਸ ਹੁਕਮ ਦਾ ਬੱਧਾ ਹੋਇਆ, ਸੰਗਦਾ ਸੰਗਦਾ ਕੁਰਸੀ ‘ਤੇ ਬੈਠ ਗਿਆ। “ਹੁਣ ਦੱਸੋ ਸਿੰਘ ਸਾਹਿਬ, ਕੇਹੜੇ ਮੁਲਕ ਤੋਂ ਆਉਣੇ ਹੋਏ ਹਨ ਤੇ ਕੀ ਆਸ਼ਾ ਲੈ ਕੇ ਆਏ ਹੋ!” ਬਾਬਾ ਜੀ ਦੇ ਇਹ ਬਚਨ ਸੁਣ ਕੇ ਦਾਸ ਨੂੰ ਬੜਾ ਅਚੰਭਾ ਜਿਹਾ ਹੋਇਆ। ਚਾਰ ਚੁਫੇਰੇ ਵੇਖ ਕੇ ਦਾਸ ਕੁਝ ਸੰਭਲ਼ਿਆ ਤੇ ਆਦਰ ਸਹਿਤ ਕਿਹਾ, “ਜੀ ਆਸਟ੍ਰੇਲੀਆ ਤੋਂ।” ਬਾਬਾ ਜੀ ਵੱਲ ਵੇਖਦੇ ਹੋਏ ਮੈਂ ਉਹਨਾਂ ਦੀ ਇਸ ਉਦਾਰਤਾ ਦਾ ਧੰਨਵਾਦ ਕੀਤਾ ਤੇ ਆਦਰ ਸਹਿਤ ਬੇਨਤੀ ਕੀਤੀ, “ਦਾਸ ਇਕ ਛੋਟਾ ਜਿਹਾ ਲਿਖਾਰੀ ਹੈ। ਕੁਝ ਕਿਤਾਬਾਂ ਵੀ ਲਿਖੀਆਂ ਹਨ। ਅਖਬਾਰਾਂ ਵਿਚ ਆਰਟੀਕਲ ਵੀ ਛਪਦੇ ਹਨ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁਕਿਆ ਹਾਂ ਕਿ ਮੈਂ ਆਸਟ੍ਰੇਲੀਆ ਤੋਂ ਆਪ ਜੀ ਦੇ ਦਰਸ਼ਨ ਕਰਨ ਹੇਤ ਅਤੇ ਇਸ ਮਹਾਂਨ ਵਿੱਦਿਆ ਸਾਗਰ ‘ਅਕਾਲ ਅਕੈਡਮੀ’ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਆਇਆ ਹਾਂ। ਆਪ ਜੀ ਦੇ ਇਸ ਮਹਾਨ ਵਸਾਏ ਹੋਏ ਖ਼ੁਬਸੂਰਤ ਨਗਰ ਨੂੰ ਹੋਰ ਵੀ ਨੇੜੇ ਹੋ ਕੇ ਦਰਸ਼ਨ ਕਰਨ ਦੀ ਚਾਹਨਾ ਹੈ। ਆਪ ਜੀ ਦੇ ਮੁਖਾਰਬਿੰਦ ਤੋਂ ਆਪ ਜੀ ਦੀ ਜ਼ੁਬਾਨੀ ਏਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਕੇ ਕੁਝ ਲਿਖਣ ਦੇ ਇਰਾਦੇ ਨਾਲ਼ ਆਪ ਜੀ ਦੀ ਸੇਵਾ ਵਿੱਚ ਹਾਜਰ ਹੋਇਆ ਹਾਂ। ਧੰਨਭਾਗ ਸਾਡੇ ਅਤੇ ਧੰਨਵਾਦ ਆਪ ਜੀ ਦਾ ਜਿਨ੍ਹਾਂ ਨੇ ਇਕ ਨਿਮਾਣੇ ਜਿਹੇ ਲਿਖਾਰੀ ਨੂੰ ਏਨਾ ਮਾਣ ਦਣ ਦੀ ਕ੍ਰਿਪਾਲਤਾ ਕੀਤੀ ਹੈ। ਜੇ ਆਪ ਜੀ ਦੀ ਆਗਿਆ ਹੋਵੇ ਤਾਂ ਦਾਸ ਆਪ ਜੀ ਨਾਲ ਕੁਝ ਬਚਨ ਸਾਂਝੇ ਕਰਕੇ, ਕਲਮ ਬੰਦ ਕਰਨਾ ਚਾਹੁੰਦਾ ਹੈ।” “ਜਰੂਰ, ਦੱਸੋ ਕੀ ਆਸ਼ਾ ਲੈ ਕੇ ਆਏ ਹੋ। ਪਹਿਲਾਂ ਇਹ ਦੱਸੋ ਕਿ ਆਪ ਜੀ ਨੂੰ ਇਹ ਲਿਖਣ ਦਾ ਸ਼ੌਕ ਕਿਵੇਂ ਜਾਗਿਆ ਅਤੇ ਕਿਸ ਵਿੱਦਵਾਨ ਤੋਂ ਇਹ ਵਿੱਦਿਆ ਪ੍ਰਾਪਤ ਕੀਤੀ ਹੈ!” “ਬਾਬਾ ਜੀ ਇਹ ਲਿਖਣ ਦੀ ਚੇਟਕ ਮੈਨੂੰ ਇਕ ਮਹਾਨ ਗਿਆਨਵਾਨ ਵਿਦਵਾਨ ਪੰਥਕ ਪ੍ਰਚਾਰਕ ਆਸਟ੍ਰੇਲੀਆ ਨਿਵਾਸੀ, ਗਿਆਨੀ ਸੰਤੋਖ ਸਿੰਘ ਜੀ ਹੁਰਾਂ ਦੀ ਕ੍ਰਿਪਾਲਤਾ ਸਦਕਾ ਹਾਸਲ ਹੋਈ ਹੈ। ਅੱਜ ਮਂੈ ਜੋ ਕੁਝ ਵੀ ਥੋਹੜਾ ਬਹੁਤਾ ਲਿਖ ਸਕਣ ਦੇ ਯੋਗ ਹੋਇਆ ਹਾਂ ਇਹ ਸਭ ਕੁਝ ਉਹਨ੍ਹਾਂ ਦੀ ਹੀ ਦੇਣ ਹੈ।”

ਸਭ ਤੋਂ ਪਹਿਲਾਂ ਤਾਂ ਦਾਸ ਆਪ ਜੀ ਦੇ ਦਰਸ਼ਨਾਂ ਦਾ ਅਭਿਲਾਸ਼ੀ ਸੀ ਜੋ ਕਿ ਆਪ ਜੀ ਨੇ ਦਰਸ਼ਨ ਦੇ ਕੇ ਨਿਹਾਲ ਕਰ ਦਿਤਾ ਹੈ। ਹੁਣ ਦੀਆਵੀ ਤੌਰ ਤੇ ਬੇਨਤੀ ਹੈ ਕਿ ਤੁਸੀਂ ਖ਼ੁਦ ਅਪਣੇ ਮੁਖਾਰਬਿੰਦ ਤੋਂ ਕੁਝ ਆਪਣੇ ਜੀਵਨ ਬਾਰੇ ਅਤੇ ਇਸ ਮਹਾਨ ਅਸਥਾਨ ਬੜੂ ਸਾਹਿਬ ਬਾਰੇ, ਵਿਸਥਾਰ ਸਹਿਤ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰੋ। ਤੁਸੀ ਇਹ ਅਸਥਾਨ ਇਹਨਾਂ ਉਚੇ ਉਚੇ ਵਿਸ਼ਾਲ ਪਹਾੜਾਂ ਦੀਆਂ ਵੈਲੀਆਂ ਦੀ ਗੋਦ ਵਿਚ ਕਿਉਂ ਅਤੇ ਕਿਵੇਂ ਲੱਭਿਆ, ਤਾਂ ਕਿ ਦਾਸ ਨੂੰ ਜਾਣਕਾਰੀ ਮਿਲ਼ ਸਕੇ ਤੇ ਇਸ ਜਾਣਕਾਰੀ ਨੂੰ ਇਤਿਹਾਸਕ ਲੇਖ ਰਾਹੀਂ, ਸੰਸਾਰ ਵਾਸੀਆਂ ਸਨਮੁਖ ਪੇਸ਼ ਕਰ ਸਕਾਂ।

ਬਸ ਫਿਰ ਕੀ ਸੀ, ਬਾਬਾ ਜੀ ਮੁਸਕਰਾਏ। ਪਹਿਲਾਂ ਬੈਠੀ ਸੰਗਤ ਵੱਲ, ਫਿਰ ਦਾਸ ਵੱਲ ਵੇਖ ਕੇ ਕਿਹਾ, “ਇਹ ਇਕ ਲੰਮੀ ਕਹਾਣੀ ਹੈ, ਪਰ ਫਿਰ ਵੀ ਅਸੀਂ ਆਪ ਜੀ ਨੂੰ ਸੰਖੇਪ ਵਿੱਚ ਬਿਆਨ ਕਰਦੇ ਹਾਂ।” ਇਸ ਤੋਂ ਪਹਿਲਾਂ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ, ਉਹਨਾਂ ਇਕ ਸੇਵਾਦਾਰ ਨੂੰ ਫ਼ੋਨ ਰਾਹੀਂ ਸਾਡੀ ਦੋਹਾਂ ਦੀ ਵਾਰਤਾਲਾਪ ਰੀਕਾਰਡਿੰਗ ਕਰਨ ਲਈ ਕਦਿ ਦਿਤਾ। ਸੰਤ ਜੀ ਨੇ ਦੱਸਿਆ, “ਸੰਤ ਬਾਬਾ ਅਤਰ ਸਿੰਘ ਜੀ ਮਹਾਂਰਾਜ ਨੇ ਆਪਣੇ ਇਕ ਸੇਵਕ ਸੰਤ ਤੇਜਾ ਸਿੰਘ ਡਬਲ ਐਮ.ਏ. ਐਲ.ਐਲ.ਬੀ ਜੀ ਨੂੰ ਫਰਮਾਇਆ ਕਿ ਹਿਮਾਚਲ ਪ੍ਰਦੇਸ਼ ਦੀ, ਨਾਹਨ ਰਿਆਸਤ ਵਿੱਚ ਇਕ ਗੁਪਤ ਤਪੋ ਅਸਥਾਨ ਹੈ। ਇਸ ਨੂੰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਉਸ ਅਸਥਾਨ ਨੂੰ ਪਰਗਟ ਕਰੋ ਅਤੇ ਓਥੇ ਅਜਿਹਾ ਬ੍ਰਹਮ ਵਿਦਿਆ ਦਾ ਕੇਂਦਰ ਸਥਾਪਤ ਕਰੋ ਜਿੱਥੇ ਬੱਚੇ ਬੱਚੀਆਂ ਨਾਮ ਬਾਣੀ, ਸਿਮਰਣ ਕਰਨ ਦੇ ਨਾਲ਼ ਨਾਲ਼ ਸੰਸਾਰਕ ਵਿੱਦਿਆ ਹਾਸਲ ਕਰਨ। ਆਪਣੇ ਜੀਵਨ ਨੂੰ ਗੁਰਮਤਿ ਵਿੱਚ ਢਾਲ ਕੇ ਸਾਰੇ ਸੰਸਾਰ ਵਿੱਚ, ਗੁਰੂ ਨਾਨਕ ਦੇ ਦਰਸਾਏ ਹੋਏ ਸੱਚੇ ਮਾਰਗ ਦਾ ਪ੍ਰਸਾਰ ਕਰਨ। ਇਸ ਸੰਤ ਜੀ ਦੇ ਇਸ ਆਸ਼ੇ ਨੂੰ ਮੁਖ ਰੱਖ ਕੇ, ਸੰਤ ਤੇਜਾ ਸਿੰਘ ਜੀ ਨੇ ੧੯੫੪ ਤੋਂ ਇਸ ਅਸਥਾਨ ਦੀ ਭਾਲ਼ ਸ਼ੁਰੂ ਕਰ ਦਿਤੀ। ਉਸ ਵਕਤ ਦਾਸ (ਸੰਤ ਇਕਬਾਲ ਸਿੰਘ ਜੀ) ਹਾਂਸੀ ਵਿੱਚ ਨੌਕਰੀ ਕਰਦਾ ਸੀ। ਫਿਰ ਦਾਸ ਧੌਲਾ ਕੂਆਂ, ਪਾਊਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਨੌਕਰੀ ‘ਤੇ ਰਿਹਾ। ਗੁਰੂ ਸਾਹਿਬਾਂ ਦੀ ਅਪਾਰ ਬਖਸ਼ਸ਼ ਹੁੰਦੀ ਰਹੀ। ਇਕ ਤੋਂ ਵੱਧ ਇਕ ਤਰੱਕੀ ਹੁੰਦੀ ਗਈ। ਅੰਤ ‘ਤੇ ਡਾਰੈਕਟਰ ਦੀ ਪਦਵੀ ਹਾਸਲ ਕਰ ਲਈ।

੧੯੮੭ ਈਸਵੀ ਵਿੱਚ ਡਾਰੈਕਟਰ ਦੀ ਪਦਵੀ ਤੋਂ ਰੀਟਾਇਰ ਹੋ ਕੇ, ਸੰਤ ਬਾਬਾ ਤੇਜਾ ਸਿੰਘ ਜੀ ਦੇ ਹੁਕਮ ਦੇ ਬੱਧੇ ਹੋਏ ਬੜੂ ਸਾਹਿਬ ਗੁਪਤ ਅਸਥਾਨ ਦੀ ਖੋਜ ਵਿੱਚ ਲਗ ਗਏ। ਬਹੁਤ ਸਾਰੇ ਵੱਖਰੇ ਵੱਖਰੇ ਥਾਵਾਂ ਦੀ ਭਾਲ਼ ਵਿੱਚ ਲੱਗੇ ਰਹੇ ਪਰ ਗੁਰੂ ਸਾਹਿਬਾਂ ਦੀ ਚਰਨ ਛੋਹ ਵਾਲਾ ਅਸਥਾਨ ਨਾ ਲੱਭ ਸਕੇ। ਅੰਤ ਤੇ ਘੁਮਦੇ ਘੁਮਦੇ ਪਿੰਡ ਬੜੂ ਪਹੁੰਚ ਗਏ। ਪਿੰਡ ਦੇ ਲੋਕਾਂ ਤੋਂ ਪਤਾ ਲਗਾ ਕਿ ਇਸ ਪਿੰਡ ਦਾ ਮਾਲਕ ਠਾਕੁਰ ਜੋਗਿੰਦਰ ਸਿੰਘ, ਆਪਣੇ ਮਾੜੇ ਹਾਲਤ ਕਾਰਨ ਪਿੰਡ ਬੜੂ ਵੇਚ ਰਿਹਾ ਹੈ। ਦਾਸ ਨੇ ਇਸ ਅਸਥਾਨ ਦਾ ਪੂਰਾ ਪੂਰਾ ਮੁਆਇਨਾ ਕੀਤਾ ਅਤੇ ਆਪਣੀ ਤੁੱਛ ਬੁਧੀ ਅਨੁਸਾਰ ਇਸ ਅਸਥਨ ਨੂੰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਆਧਾਰ ‘ਤੇ ਖਰਾ ਪਾਇਆ। ਵੇਖਿਆ ਕਿ ਏਥੇ ਹਰ ਪਾਸੇ ਹਰਆਵਲ, ਠੰਡੇ ਮਿਠੇ ਪਾਣੀ ਦੇ ਚਸ਼ਮੇ, ਇਕਾਂਤ ਵਾਤਾਵਰਨ, ਉਚੀਆਂ ਉਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ, ਇਹ ਰਮਣੀਕ ਅਸਥਨ ੪੦੦ ਏਕੜ ਧਰਤੀ ਦਾ ਰਕਬਾ ਪੂਰੀ ਤਰ੍ਹਾਂ ਸਹੀ ਜਾਣ ਕੇ, ਲਿਖਤੀ ਰੂਪ ਵਿੱਚ ਰੀਪੋਰਟ ਤਿਆਰ ਕਰਕੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਂਰਾਜ ਨੂੰ ਪੇਸ਼ ਕਰ ਦਿਤੀ। ਉਹਨਾਂ ਦੀ ਸਹਿਮਤੀ ਨਾਲ ੪੦੦ ਏਕੜ ਦੀ ਧਰਤੀ ਦਾ ਇਹ ਰਕਬਾ ਪਿੰਡ ਬੜੂ ਠਾਕੁਰ ਜੋਗਿੰਦਰ ਸਿੰਘ ਤੋਂ ੨੫੦੦੦ ਰੁਪਏ ਵਿੱਚ ਖਰੀਦ ਲਿਆ। ਯਾਦ ਰਹੇ ਕਿ ਇਹ ੨੫੦੦੦ ਰੁਪਿਆਂ ਦੀ ਸੇਵਾ ਸਿੰਘਾਪੁਰ ਨਿਵਾਸੀ ਸ. ਹਰਦਿਆਲ ਸਿੰਘ ਜੀ ਨੇ ਕੀਤੀ ਸੀ। ਬਾਅਦ ਵਿੱਚ ਠਾਕੁਰ ਜੋਗਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਿੰਡ ਬੜੂ ਵੇਚਣ ਦਾ ਇੱੱਕ ਇਲਾਹੀ ਕੌਤਕ ਵੀ ਵਰਤਿਆ ਸੀ। ਉਹਨਾਂ ਨੇ ਸੁਣਾਇਆ ਕਿ ਇਸ ਪਿੰਡ ਵਿੱਚ ਚਸ਼ਮੇ ਦੇ ਕਿਨਾਰੇ ਇਕ ਬਹੁਤ ਵੱਡਾ ਅਖਰੋਟ ਦਾ ਦਰੱਖਤ ਸੀ ਇਸ ਦੇ ਹੇਠਾਂ ਸਾਧੂ ਸੰਤ ਆ ਕੇ ਸਮਾਧੀ ਅਧੀਨ ਪ੍ਰਭੂ ਦਾ ਸਿਮਰਨ ਕਰਦੇ ਹੁੰਦੇ ਸਨ। ਮੈਂ ਉਹਨਾਂ ਦੀ ਲੰਗਰ ਪਾਣੀ ਦੀ ਸੇਵਾ ਕਰਿਆ ਕਰਦਾ ਸਾਂ। ਇਕ ਦਿਨ ਇਕ ਸਾਧੂ ਮਹਾਂਰਾਜ ਨੇ ਸਮਾਧੀ ਲਗਾਈ ਹੋਈ ਸੀ। ਮਂੈ ਰੋਟੀ ਦਾ ਥਾਲ਼ ਉਹਨਾਂ ਦੇ ਅੱਗੇ ਰਖਿਆ। ਉਹ ਸਮਾਧੀ ਵਿੱਚ ਲੀਨ ਸਨ। ਅੱਧੇ ਘੰਟੇ ਬਾਅਦ ਜਦੋਂ ਉਹਨਾਂ ਨੇ ਅੱਖਾਂ ਖੋਹਲੀਆਂ ਤਾਂ ਰੋਟੀ ਖਾਣ ਦੀ ਬਜਾਏ ਮੈਨੂੰ ਕਿਹਾ, “ਤੂ ਨੇ ਯਹਾਂ ਨਹੀ ਰਹਿਨਾ, ਯੇ ਗੁਰੂ ਨਾਨਕ ਜੀ ਕੀ ਧਰਤੀ ਹੈ। ਯਹਾਂ ਗੁਰੂ ਨਾਨਕ ਨਾਮ ਲੇਵਾ ਲੋਗ ਆਏਂਗੇ ਔਰ ਯਹਾਂ ਬਹੁਤ ਬੜਾ ਅਸਥਾਨ ਬਨੇਗਾ। ਯਹਾਂ ਨਾਮ ਬਾਨੀ ਕਾ ਸਿਮਰਨ ਕਰਕੇ ਲੋਗ ਸਾਰੀ ਦੁਨੀਆਂ ਮੇਂ ਗੁਰੂ ਨਾਨਕ ਜੀ ਕੇ ਸੱਚ ਕੇ ਮਾਰਗ ਕਾ ਪ੍ਰਸਾਰ ਕਰੇਂਗੇ।” ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਕਿ ਇਸ ਨੇ ਮੈਨੂੰ ਇਸ ਜ਼ਮੀਨ ਦੇ ਉਜੜਨ ਦਾ ਸਰਾਫ ਦੇ ਦਿਤਾ ਹੈ। ਮੈਂ ਰੋਟੀ ਬਿਨਾਂ ਖੁਆਏ ਰੋਟੀ ਦਾ ਥਾਲ਼ ਚੁੱਕ ਕੇ ਘਰ ਲੈ ਗਿਆ। ਕੁਝ ਸਮੇ ਬਾਅਦ ਜਦ ਮੇਰਾ ਗੁੱਸਾ ਕੁਝ ਠੰਡਾ ਹੋਇਆ ਤਾਂ ਮੈ ਫਿਰ ਰੋਟੀ ਦਾ ਥਾਲ਼ ਲੈ ਕੇ ਸਾਧੂ ਨੂੰ ਰੋਟੀ ਖਵਾਉਣ ਵਾਸਤੇ ਥੱਲੇ ਆਇਆ ਤੇ ਵੇਖਿਆ ਕਿ ਸਾਧੂ ਉਥੇ ਹੈ ਹੀ ਨਹੀਂ ਸੀ।

ਪੂਰਨ ਬ੍ਰਹਮ ਗਿਆਨੀ ਸੰਤ ਤੇਜਾ ਸਿੰਘ ਜੀ ਮਹਾਂਰਾਜ ਦੇ ਹਿਰਦੇ ਵਿੱਚ ਇਸ ਪਿੰਡ ਨੂੰ ਖਰੀਦਣ ਦੀ ਖਿੱਚ ਸੀ ਅਤੇ ਉਸ ਸਾਧੂ ਦੇ ਬਚਨਾਂ ਸਦਕਾ, ਪਿੰਡ ਦੇ ਮਾਲਕ ਜੋਗਿੰਦਰ ਸਿੰਘ ਨੇ ਕਿਹਾ ਕਿ ਮੇਰੀ ਇਸ ਜ਼ਮੀਨ ਦੇ ਇਰਦ ਗਿਰਦ ਪਿੰਡਾਂ ਦੇ ਲੋਕਾਂ ਨਾਲ ਬਹੁਤ ਵੈਰ ਵਿਰੋਧ ਹੋ ਗਿਆ ਹੈ, ਜਿਸ ਕਰਕੇ ਮੈਂ ਤੰਗ ਹੋ ਕੇ ਇਹ ਪਿੰਡ ਵੇਚ ਕੇ ਏਥੋਂ ਚਲੇ ਜਾਣਾ ਹੈ।

ਇਸ ਤਰ੍ਹਾਂ ਸੰਤ ਤੇਜਾ ਸਿੰਘ ਜੀ ਮਹਾਂਰਾਜ ਅਨਭਵੀ ਦਿਬ ਦ੍ਰਿਸ਼ਟੀ ਵਾਲੇ ਮਹਾਂਪੁਰਸ਼ਾਂ ਨੇ, ਅਕਾਲ ਪੁਰਖ ਦੇ ਹੁਕਮ ਅੰਦਰ ਰਹਿ ਕੇ, ਪਿੰਡ ਬੜੂ ਦੀ ਧਰਤੀ ਖਰੀਦ ਲਈ। ਇਕ ਕੱਚਾ ਕੋਠਾ ਤਿਆਰ ਕਰ ਲਿਆ। ਲਿੰਬ ਪੋਚ ਕੇ ਉਸ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰ ਦਿਤਾ। ਉਪ੍ਰੰਤ ਪੰਜ ਬੱਚਿਆਂ ਨੂੰ ਓਸੇ ਕਮਰੇ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰ ਦਿਤਾ। ਅੱਜ ਉਹ ਪਿੰਡ ਬੜੂ, ‘ਬੜੂ ਸਾਹਿਬ’ ਦੇ ਨਾਂ ਨਾਲ ਸੰਸਾਰ ਭਰ ਵਿੱਚ ਪ੍ਰਸਿਧ ਹੈ। ਏਥੇ ਸੰਤਾਂ ਦੇ ਬਚਨਾਂ ਅਨੁਸਾਰ ਬ੍ਰਹਮ ਵਿੱਦਿਆ ਦਾ ਕੇਂਦਰ ‘ਅਕਾਲ ਅਕੈਡਮੀ’ ਦੇ ਨਾਂ ਤੇ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਲਗਨ ਅਤੇ ਅਥਾਹ ਘਾਲਣਾ ਸਦਕਾ ਸੁਸ਼ੋਭਤ ਹੈ। ਅੱਜ ਓਸੇ ਧਰਤੀ ‘ਤੇ ਮਹਾਂਪੁਰਸ਼ਾਂ ਦੀ ਅਰਦਾਸ ਸਦਕਾ, ਬਹੁਤ ਵੱਡਾ ਅਧਿਆਤਮਕ ਕੇਂਦਰ ਵਿਦਿਆ ਦਾ ਸਾਗਰ, ‘ਅਕਾਲ ਅਕੈਡਮੀ’ ਸੋਹਣੇ ਗੁਲਜ਼ਾਰ ਦੀ ਤਰ੍ਹਾਂ ਗਿਆਨ ਰੂਪੀ ਮਹਿਕ ਵੰਡ ਰਿਹਾ ਹੈ। ਏਥੇ ਸੰਸਾਰ ਭਰ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਆਏ ਬੱਚੇ ਬਚੀਆਂ ਦੁਨਿਆਵੀ ਅਤੇ ਗੁਰਮਤਿ ਵਿੱਦਿਆ ਪ੍ਰਾਪਤ ਕਰ ਰਹੇ ਹਨ।

ਅੰਤ ਵਿਚ ਆਪਣੀ ਤੁੱਛ ਬੁਧੀ ਅਨੁਸਾਰ ਇਹੋ ਹੀ ਕਹਿ ਸਕਦਾ ਹਾਂ ਕਿ ਸਾਨੂੰ ਵੀ ਇਹ ਮਹਾਨ ਯਾਤਰਾ ਕਰਨ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਪ੍ਰਾਪਤ ਹੋਇਆ ਹੈ ਜਿਸ ਦਾ ਅਸੀਂ ਸਾਰਿਆਂ ਨੇ ਭਰਪੂਰ ਅਨੰਦ ਮਾਣਿਆਂ ਹੈ। ਇਹ ਲਾਜਵਾਬ ਸਫ਼ਰ ਸਾਨੂੰ ਹਮੇਸ਼ਾਂ ਯਾਦ ਰਹੇਗਾ। ਧੰਨਵਾਦੀ ਹਾਂ ਬੜੂ ਸਾਹਿਬ ਦੇ ਸੁਲਝੇ ਹੋਏ ਗਿਆਨਵਾਨ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਹਰ ਪੱਖੋਂ ਸੇਵਾ ਸੰਭਾਲ਼ ਅਤੇ ਸਹਾਇਤਾ ਕਰਕੇ ਸਾਨੂੰ ਇਸ ਸਫ਼ਲ ਵਿੱਦਿਆ  ਮੰਦਰ ਦੀ ਯਾਤਰਾ ਕਰਵਾਈ।

ਧੰਨਵਾਦੀ ਹਾਂ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਰਾਜ ਦਾ, ਜਿਨ੍ਹਾਂ ਨੇ ਆਪਣੇ ਵਡਮੁੱਲੇ ਸਮੇ ਵਿਚੋਂ ਲੋੜ ਤੋਂ ਵੀ ਵੱਧ ਸਮਾ ਦਾਸਾਂ ਨੂੰ ਦਿਤਾ। ਮਾਣ ਸਤਿਕਾਰ ਦੇ ਕੇ ਅਤੇ ਆਪਣੇ ਪ੍ਰਭਾਵਸ਼ਾਲੀ ਪਵਿਤਰ ਬਚਨਾਂ ਨਾਲ਼ ਨਿਹਾਲ ਕੀਤਾ। ਅਤੇ ਗੁਰੂ ਘਰ ਵੱਲੋਂ ਸਿਰੋਪਾ ਬਖ਼ਸ਼ ਕੇ ਨਿਵਾਜਿਆ।

ਸਰਬ ਸ਼ਕਤੀਮਾਨ, ਬਖ਼ਸ਼ਿੰਦ ਪਰਮ ਪਿਤਾ ਅਕਾਲ ਪੁਰਖ ਅਗੇ ਬੇਨਤੀ ਹੈ ਕਿ ਮਹਾਂਪੁਰਸ਼ਾਂ ਨੂੰ ਹੋਰ ਵੀ ਲੰਮੀ ਉਮਰ ਬਖਸ਼ਣ ਤਾਂ ਕਿ ਇਹ ਆਪਣੇ ਅਨਭਵੀ ਜੀਵਨ ਅਤੇ ਵਡਮੁੱਲੇ ਗਿਆਨ ਦੁਆਰਾ ਲੋਕਾਈ ਨੂੰ ਦੁਨਿਆਵੀ ਅਤੇ ਅਧਿਆਤਮਿਕ ਗਿਆਨ ਰਾਹੀਂ ਹੋਰ ਵੀ ਚੰਗੇਰੀ ਸੇਧ ਦੇ ਸਕਣ।

ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਫ਼ਸਟ ਸਿੱਖ ਟੈਂਪਲ

-ਗਿਆਨੀ ਸੰਤੋਖ ਸਿੰਘ

ਜੂਨ, 1968 ਵਾਲੇ ਦਿਨ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦਾ, ਸਿੱਖ ਕਿਸਾਨਾਂ ਦੀ ਆਬਾਦੀ ਵਾਲੇ ਪਿੰਡ ਵੂਲਗੂਲਗਾ ਵਿਚ, ਉਦਘਾਟਨ ਹੋਇਆ। ਉਸ ਦੀ ਵਿਸ਼ਾਲ ਅਤੇ ਨਵੀਂ ਦੋ ਮੰਜ਼ਲਾ ਇਮਾਰਤ ਦਾ ਉਦਘਾਟਨ, 7 ਅਪ੍ਰੈਲ 2019 ਵਾਲੇ ਦਿਨ ਬੜੇ ਉਤਸ਼ਾਹ ਅਤੇ ਧਾਰਮਿਕ ਭਾਵਨਾ ਸਹਿਤ, ਕੀਤਾ ਗਿਆ।

ਤਿੰਨੇ ਦਿਨ ਧਾਰਮਿਕ ਦੀਵਾਨ ਸਜਦੇ ਰਹੇ। ਗੁਰੂ ਕਾ ਲੰਗਰ ਅਤੁਟ ਵਰਤਦਾ ਰਿਹਾ। ਸ਼ਨਿੱਚਰਵਾਰ ਵਾਲੇ ਦਿਨ ਪਿੰਡ ਵਿਚ ਬੜੀ ਸ਼ਾਨ ਨਾਲ਼ ਨਗਰ ਕੀਰਤਨ ਕਢਿਆ ਗਿਆ। ਇਸ ਨਗਰ ਕੀਰਤਨ ਵਿਚ ਏਥੋਂ ਦੇ ਸਾਬਕਾ ਫੌਜੀਆਂ ਦੀ ਜਥੇਬੰਦੀ ‘ਰਿਟਰਨ ਸੋਲਜਰ ਲੀਗ’  ਵੀ, ਆਪਣੇ ਝੰਡੇ ਸਮੇਤ, ਸ਼ਾਮਲ ਹੋਈ ਅਤੇ ਉਸ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗੇਟ ਉਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨ ਪੇਸ਼ ਕੀਤਾ ਗਿਆ।

ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਨਵੀਂ ਵਿਸ਼ਾਲ ਇਮਾਰਤ ਵਿਚ ਭਰਪੂਰ ਦੀਵਾਨ ਸਜਿਆ। ਸਟੇਜ ਦੀ ਜੁਮੇਵਾਰੀ, ਹਰਮਨ ਰੇਡੀਉ ਦੇ ਡਾਇਰੈਕਟਰ, ਸ. ਅਮਨਦੀਪ ਸਿਧੂ ਨੇ ਨਿਭਾਈ। ਇਸ ਵਿਚ ਨਿਊ ਸਾਊਥ ਵੇਲਜ਼ ਦੇ ਨਵੇਂ ਚੁਣੇ ਗਏ ਪਹਿਲੇ ਪੰਜਾਬੀ ਐਮ.ਪੀ. ਸ ਗੁਰਮੇਸ਼ ਸਿੰਘ, ਅਤੇ ਵੂਲਗੂਲਗਾ ਦੁ ਹੀ ਵਸਨੀਕ, ਡਿਪਟੀ ਮੇਅਰ ਸ. ਜੋਰਾਵਰ ਸਿੰਘ ਅੜਕਣ ਤੋਂ ਇਲਾਵਾ ਆਸਟ੍ਰੇਲੀਅਨ ਸਿਆਸਤਦਾਨਾਂ ਨੇ ਵੀ ਆਪਣੇ ਵਿਚਾਰ ਪਰਗਟ ਕੀਤੇ।   ਉਹਨਾਂ ਵਿਚ ਕਵੀਨਜ਼ਲੈਂਡ ਤੋਂ ਬਾਬ ਕੈਟ ਐਮ.ਪੀ., ਨਿਊ ਸਾਊਥ ਵੇਲਜ਼ ਤੋਂ ਕੈਵਿਨ ਹੌਗਨ ਐਮ.ਪੀ., ਐਂਡਰਿਊ ਫਰੈਸ਼ਰ ਸਾਬਕਾ ਐਮ.ਪੀ. ਆਦਿ ਨੇ ਇਸ ਸ਼ੁਭ ਅਵਸਰ ਤੇ ਸਿੱਖ ਸਮਾਜ ਨੂੰ ਵਧਾਈ ਦਿਤੀ।

ਗਿ. ਹਰਜਿੰਦਰ ਸਿੰਘ ਹੰਬੜਾਂਵਾਲੇ ਹੈਡ ਗ੍ਰੰਥੀ ਫਸਟ ਸਿੱਖ ਟੈਂਪਲ, ਗਿ. ਸਤਨਾਮ ਸਿੰਘ ਖਾਲਸਾ, ਕੇਨਜ਼ ਤੋਂ ਅਤੇ ਸ. ਸਤਨਾਮ ਸਿੰਘ ਪੱਟੀ, ਦੇਸੋਂ ਆਏ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੇ, ਆਪੋ ਆਪਣੇ ਜਥਿਆਂ ਸਮੇਤ, ਸੰਗਤ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ।

ਗੁਰਦੁਆਰਾ ਸਾਹਿਬ ਜੀ ਦੇ ਸਾਬਕਾ ਪ੍ਰਧਾਨ ਡਾ. ਅਮਰਜੀਤ ਸਿੰਘ ਮੋਰ ਜੀ ਨੇ ਮੂਲ ਮੰਤਰ ਦਾ ਪਾਠ ਅਤੇ ਅੰਗ੍ਰੇਜ਼ੀ ਵਿਚ ਉਸ ਦੇ ਅਰਥ ਕਰਕੇ ਸੁਣਾਏ ਤਾਂ ਕਿ ਪੰਜਾਬੀ ਨਾ ਜਾਨਣ ਵਾਲੇ ਸੱਜਣ ਵੀ ਗੁਰੂ ਸਿੱਖਿਆ ਤੋਂ ਲਾਭ ਉਠਾ ਸਕਣ। ਗੁਰਦੁਆਰਾ ਸਾਹਿਬ ਜੀ ਦੇ ਮੌਜੂਦਾ ਪ੍ਰਧਾਨ ਸ. ਨਿਰਮਲ ਸਿੰਘ ਕੰਦੋਲਾ, ਜੋ ਕਿ ਲੰਮੇ ਸਮੇ ਤੋਂ ਗੁਰੂ ਘਰ ਦੇ ਗ੍ਰੰਥੀ ਵੱਜੋਂ ਵੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ, ਨੇ ਆਏ ਵਿਸ਼ੇਸ਼ ਵਿਅਕਤੀਆਂ ਨੂੰ, ਗੁਰੂ ਘਰ ਵੱਲੋਂ ਸਿਰੋਪੇ ਬਖ਼ਸ਼ ਕੇ ਮਾਣ ਕੀਤਾ।

ਇਸ ਮਹਾਨ ਸ਼ੁਭ ਅਵਸਰ ‘ਤੇ ਵੂਲਗੂਲਗਾ ਅਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਵਿਚ ਬੜਾ ਭਾਰੀ ਉਤਸ਼ਾਹ ਵੇਖਿਆ ਗਿਆ। ਸਭ ਤੋਂ ਚੰਗੀ ਗੱਲ ਇਹ ਹੋਈ ਕਿ ਪ੍ਰਬੰਧਕਾਂ ਦੀ ਹਲੇਮੀ ਅਤੇ ਸਿਆਣਪ ਸਦਕਾ, ਦੂਸਰੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਵੀ, ਆਪਣਾ ਸਾਂਝਾ ਕਾਰਜ ਜਾਣ ਕੇ ਹਰ ਤਰ੍ਹਾਂ ਭਰਪੂਰ ਹਿੱਸਾ ਪਾਇਆ। ਭਾਵੇਂ ਉਹ ਉਗਰਾਹੀ ਦਾ ਕਾਰਜ ਸੀ ਜਾਂ ਦੀਵਾਨ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਣਾ ਸੀ ਤੇ ਜਾਂ ਹੋਰ ਸੇਵਾਵਾਂ ਵਿਚ ਹਿੱਸਾ ਪਾਉਣਾ ਸੀ।

————————————————-

ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਸਿੱਖੀ ਦੇ ਵਾਯੂਮੰਡਲ ਵਿੱਚ ਹੀ ਗੁਜਰਿਆ।ਆਪ ਜੀ ਆਪਣੇ ਨਾਨਾ ਗੁਰੂ ਅਮਰਦਾਸ, ਪਿਤਾ ਗੁਰੂ ਰਾਮਦਾਸ ਅਤੇ ਬਾਬਾ ਬੁੱਢਾ ਜੀ ਦੀ ਦੇਖ-ਰੇਖ ਹੇਠ ਪਲੇ ਵੱਡੇ ਹੋਏ।ਆਪ ਜੀ ਜਿਆਦਾਤਰ ਗੁਰਬਾਣੀ ਦੇ ਪ੍ਰਚਾਰ ਅਤੇ ਅਧਿਆਨ ਤੇ ਧਿਆਨ ਦਿੰਦੇ ਸਨ। ਇਸ ਲਈ ਜਦੋਂ ਸਾਡੇ ਪੰਜਵੇਂ ਗੁਰੂ ਸਾਹਿਬ ਜੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਸੌਪੀ ਤਾਂ ਵੱਡਾ ਹੋਣ ਕਰਕੇ ਪ੍ਰਿਥੀ ਚੰਦ ਗੱਦੀ ਲਈ ਆਪਣਾ ਹੱਕ ਸਮਝਦਾ ਸੀ ਅਤੇ ਪਿਤਾ ਜੀ ਨਾਲ ਝਗੜਾ ਕਰਦਾ ਸੀ। ਫਿਰ ਵੀ ਗੁਰੂ ਸਾਹਿਬਾ ਨੇ ਗੁਰਿਆਈ ਦੀ ਮਰਿਯਾਦਾ ਸਮਝਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਪ੍ਰਿਥੀ ਚੰਦ ਤੇ ਕੋਈ ਅਸਰ ਨਾ ਹੋਇਆ।ਪਰ ਗੁਰੂ ਅਰਜਨ ਦੇਵ ਜੀ ਨੇ ਸਾਝੀਵਾਲਤਾ ਦੀ ਭਰਪੂਰ ਮਿਸਾਲ ਕਾਇਮ ਕੀਤੀ।

ਆਪ ਜੀਆਂ ਨੇ ਹਰਮੰਦਿਰ ਸਾਹਿਬ ਵਿਖੇ ਚਾਰ ਦਿਸ਼ਾਵਾ ਵੱਲ ਚਾਰ ਦਰਵਾਜੇ ਰਖਵਾਏ ਭਾਵ ਕਿਸੇ ਵੀ ਧਰਮ ਦਾ ਸਰਧਾਲੂ ਕਿਸੇ ਦਰਵਾਜੇ ਆ ਸਕਦਾ ਹੈ। ਨਾਲ-ਨਾਲ ਗੁਰੂ ਜੀ ਨੇ ਭਾਈ ਮੰਝ ਨੂੰ ਪੀਰਖਾਨਾ, ਪੀਰ ਦੀ ਪੂਜਾ, ਪੀਰ ਦੀ ਕਰੋਪੀ ਦੇ ਡਰ ਤੋ ਛੁਟਕਾਰਾ ਦਿਵਾਇਆ ਤੇ ਗੁਰੂ ਘਰ ਦਾ ਸਿਰੜੀ, ਮਿਹਨਤੀ ਸੇਵਾਦਾਰ ਭਾਈ ਮੰਝ ਨੂੰ ਗੁਰੂ ਦੇ ਪ੍ਰਵਚਨਾ ਨੇ ਹੀ ਬਣਾਇਆ। ਇਸੇ ਤ੍ਹਰਾ ਇੱਕ ਦਿਨ ਭਾਈ ਮੰਝ ਦੀ ਸੇਵਾ ਭਾਵਨਾ ਤੋ ਖੁਸ਼ ਹੋ ਕੇ ਗੁਰੂ ਸਾਹਿਬ ਨੇ ਇਹ ਸਬਦ ਕਹੇ (ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ) ਤੇ ਗੁਰੂ ਸਾਹਿਬਾ ਨੇ ਮਨੁੱਖੀ ਹੱਕਾ ਲਈ ਆਪਣੇ ਸਰੀਰ ਤੇ ਬਹੁਤ ਸਾਰੇ ਤਸੀਹੇ ਝੱਲੇ।ਤੱਤੀ ਰੇਤ ਸੀਸ ਤੇ ਪਵਾਈ, ਤੱਤੀ ਤਵੀ ਤੇ ਬਿਠਾਏ ਗਏ। ਪਰ ਫਿਰ ਵੀ ਸੀ ਤੱਕ ਨਹੀ ਕੀਤੀ ਤੇ ਉਸ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ ਅਤੇ ਮੁੱਖੋ ਇਹ ਸਬਦ ਉਚਾਰਨ ਕਰਦੇ ਰਹੇ

ਤੇਰਾ ਕੀਆ ਮੀਠਾ ਲਾਗੇ, ਹਰਿ ਨਾਮ ਪਦਾਰਥ ਨਾਨਕ ਮਾਂਗੇ।

ਧੰਨ-ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਵੀ ਸਮਝਾਉਦੇ ਹਨ। ਵੱਡੀ ਤੋਂ ਵੱਡੀ ਤਕਲੀਫ ਵਿੱਚ ਵੀ ਸਾਨੂੰ ਉਸ ਪ੍ਰਮਾਤਮਾ ਨੂੰ ਨਹੀ ਭੁੱਲਣਾ ਚਾਹੀਦਾ।

-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ ।

94786-58384

————————————————-

ਪੁਰਾਤਨ ਨਿਸ਼ਾਨੀਆਂ ਹੀ ਖਤਮ ਹੋ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਸ ਦੇ ਇਤਿਹਾਸ ਤੇ ਹੀ ਪ੍ਰਸ਼ਨ ਚਿਨ੍ਹ ਲਗ ਸਕਦੈ

ਕਾਰ ਸੇਵਾ ਵਾਲੇ ਬਾਬਿਆਂ ਵਲੋ ਦਰਸ਼ਨੀ ਦਿਉੜੀ ਤੋੜਨ ਦਾ ਮੁਦਾ ਬੜਾ ਹੀ ਭਖਿਆ ਹੋਇਆ ਹੈ, ਇਹ ਹੈ ਵੀ ਚਿੰਤਾ ਵਾਲੀ ਗੱਲ। ਕਿਉਂਕੇ ਇਹ ਡਿਉੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਮਹਾਰਾਜਾ ਖੜਕ ਸਿੰਘ ਦੇ ਸਪੁਤਰ ਸਿੱਖਾਂ ਦੇ ਆਖਰੀ ਬਾਦਸ਼ਾਹ ਮਹਾਰਾਜ ਕੁੰਵਰ ਦਲੀਪ ਸਿੰਘ ਦੇ ਭਤੀਜੇ ਮਹਾਰਾਜਾ ਕੁੰਵਰ ਨੌਨਿਹਾਲ ਸਿੰਘ ਨੇ ਆਪਣੀ ਦੇਖ ਰੇਖ ਹੇਠ ਤਿਆਰ ਕਰਵਾਈ ਸੀ। ਇਹ ਸਿਖ ਰਾਜ ਦੀਆਂ ਚੰਦ ਕੁ ਬਚੀਆ ਨਿਸ਼ਾਨੀਆਂ ‘ਚੋ ਇੱਕ ਹੈ।

ਬਾਬਾ ਜਗਤਾਰ ਸਿੰਘ ਤੇ ਉਹਨਾ ਦੇ ਸਹਿਯੋਗੀ ਕਹਿ ਰਹੇ ਹਨ ਕਿ ਸਾਨੂੰ ਐਸ.ਜੀ.ਪੀ.ਸੀ. ਵਲੋ ਮਤਾ ਪਾ ਕੇ ਦਿੱਤਾ ਗਿਆ ਹੈ। ਅਸੀਂ ਤਾਂ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜੇ ਗੌਰ ਨਾਲ ਵਿਚਾਰੀਏ ਤਾਂ ਇਹ ਵਿੱਚ ਸਚਾਈ ਨਜਰ ਵੀ ਆਉਂਦੀ ਹੈ। ਡਿਉੜੀ ਨੂੰ ਤੋੜਨ ਸਮੇਂ ਵੀ ਐਸ.ਜੀ.ਪੀ.ਸੀ. ਦੇ ਮੁਲਾਜਮ ਮੈਨੇਜਰ ਤੇ ਸਾਰਾ ਅਮਲਾ ਫੈਲਾ ਮੌਜੂਦ ਸੀ।
ਅਸੀ ਕਾਰ ਸੇਵਕਾਂ ਨੂੰ ਨਿਰਦੋਸ਼ ਨਹੀਂ ਮੰਨਦੇ ਪਰ ਸ੍ਰੋਮਣੀ ਕਮੇਟੀ ਦੀ ਇਜਾਜਤ ਤੋਂ ਬਿਨਾ ਇਕ ਵੀ ਇੱਟ ਨਾ ਕੋਈ ਲਾ ਸਕਦਾ ਹੈ ਨਾ ਹੀ ਪੁਟ ਸਕਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ।

ਕਿਥੇ ਹੈ ਚਮਕੌਰ ਦੀ ਕੱਚੀ ਗੜੀ?
ਕਿਧਰ ਗਿਆ ਕਿਲਾ ਅਨੰਦਗੜ?
ਕਿਥੇ ਹੈ ਸਰਹੰਦ ਦੀ ਖੂਨੀ ਦੀਵਾਰ?
ਕਿਥੋ ਦਰਸ਼ਨ ਕਰੀਏ ਠੰਢੇਬੁਰਜ ਦੇ?
ਕਿਧਰ ਗਈ ਬਾਬਾ ਅਟੱਲ ਦੀ ਪੁਰਾਤਨ ਚਿੱਤਰਕਾਰੀ ਤੇ ਦਿਖ?
ਕਿਥੇ ਦਿਸੇਗਾ ਕਿਲਾ ਲੋਹਗੜ?
ਕਿਥੋ ਲੱਭੀਏ ਬੀਬੀ ਭਾਨੀ ਤੇ ਬੇਬੇ ਨਾਨਕੀ ਦਾ ਪੁਰਾਤਨ ਘਰ?

ਅਸੀਂ ਹੋਰ ਪਤਾ ਹੀ ਨਹੀਂ ਕੀ ਕੁਝ ਗਵਾ ਬੈਠੇ ਹਾਂ। ਅਸੀ ਆਪਣੇ ਹੱਥੀ ਆਪਣੀਆ ਇਤਿਹਾਸਿਕ ਨਿਸ਼ਾਨੀਆਂ, ਅਮੀਰ ਸਿੱਖ ਵਿਰਸੇ ਦੀਆਂ ਬਾਂਤਾਂ ਪਾਉਦੀਆਂ ਇਤਿਹਾਸਿਕ ਬਿਲਡਿੰਗਾਂ ਤੇ ਕੀਮਤੀ ਕੌਮੀ ਸ਼ਰਮਾਏ ਨੂੰ ਮਕਰਾਣੇ ਦੇ ਪੱਥਰਾਂ ਥੱਲੇ ਦਫਨ ਕਰ ਦਿੱਤਾ ਹੈ। ਜਿਸ ਨੂੰ ਅਸੀਂ ਹੁਣ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ।
ਪਹਿਲਾਂ ਸੰਨ ਚਰਾਸ਼ੀ ‘ਚ ਭਾਰਤੀ ਹਕੂਮਤ ਵਲੋ ਦਰਬਾਰ ਸਾਹਿਬ ਉਪਰ ਅਟੈਕ ਕਰਕੇ ਸਾਡੇ ਇਤਿਆਸਕ ਦਸਤਾਵੇਜ, ਗੁਰੂ ਸਾਹਿਬਾਨਾ ਵਲੋ ਹੱਥੀ ਲਿਖੇ ਹੁਕਮਨਾਮੇ, ਧਾਰਮਿਕ ਹੱਥ ਲਿਖਤ ਖਰੜੇ ਤੇ ਵੱਡਮੁਲੇ ਗ੍ਰੰਥ ਅਤੇ ਹੋਰ ਨਿਸ਼ਨੀਆ ਸਾੜ ਕੇ ਸੁਆਹ ਕਰ ਦਿੱਤੀਆਂ। ਚਲੋ! ਇਸ ਨੂੰ ਤਾਂ ਆਪਾਂ ਦੁਸ਼ਮਣ ਦਾ ਕਾਰਾ ਮੰਨਦੇ ਹਾਂ। ਪਰ ਜੋ ਕੁਝ ਅਸੀਂ ਆਪਣੇ ਹੱਥੀ ਨਵੀਨਤਾ ਦੇ ਵੇਗ ‘ਚ ਵਹਿ ਕੇ ਬਰਬਾਦ ਕਰ ਦਿਤਾ ਉਸ ਦਾ ਦੋਸ਼ ਕਿਸ ਨੂੰ ਦੇਵਾਂਗੇ? ਮੈ ਇਹ ਨਹੀਂ ਕਹਿੰਦਾ ਕਿ ਕੁਝ ਨਵਾਂ ਨਹੀਂ ਬਨਣਾ ਚਾਹੀਦਾ, ਵਿਕਾਸ ਜਰੂਰੀ ਹੈ। ਪਰ ਵਿਕਾਸ ਦੇ ਨਾਮ ਥੱਲੇ ਇਤਿਹਾਸ ਦਾ ਮਲੀਆ ਮੇਟ ਨਹੀਂ ਹੋਣਾ ਚਾਹੀਦਾ। ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਕਿਸੇ ਇਤਿਹਾਸਿਕ ਅਸਥਾਨ ਦੀਆਂ ਪੁਰਾਤਨ ਨਿਸ਼ਾਨੀਆਂ ਹੀ ਖਤਮ ਹੋ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਸ ਦੇ ਇਤਿਹਾਸ ਤੇ ਹੀ ਪ੍ਰਸ਼ਨ ਚਿਨ• ਲਗ ਸਕਦੈ ਹੈ।

ਇਸ ਵਾਸਤੇ ਪੁਰਾਤਨ ਦਰੱਖਤਾ ਬਿੱਲਡਿੰਗਾਂ ਤੇ ਹੋਰ ਨਿਸ਼ਾਨੀਆਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖਣਾ ਚਾਹੀਦਾ ਹੈ। ਕਿਉਂਕਿ ਆਉਣ ਵਾਲੀ ਪੀੜੀ ਸਿਰਫ ਸਾਡੀਆਂ ਗੱਲਾਂ ਉਪਰ ਭਰੋਸਾ ਨਹੀਂ ਕਰੇਗੀ, ਉਹ ਕੁਝ ਗੁਰੂਘਰ ਨਾਲ ਸਬੰਧਤ ਸਭ ਕੁੱਝ ਦੇਖਣਾ ਚਾਹੇਗੀ। ਪਰ ਜੇ ਸਾਡੇ ਕੋਲ ਕੁਝ ਬਚਿਆ ਹੀ ਨਾ ਤਾਂ ਅਸੀ ਉਸ ਨੂੰ ਕੀ ਵਿਖਾਵਾਂਗੇ? ਅਸੀ ਬਹੁਤ ਕੁਝ ਤਬਾਹ ਕਰ ਚੁੱਕੇ ਹਾਂ। ਪਰ ਇਸ ਸਾਰੇ ਕੁਝ ਦਾ ਦੋਸ਼ੀ ਕਿਸ ਨੂੰ ਠਹਿਰਾਇਆ ਜਾਏ? ਕੋਈ ਸ੍ਰਮੋਣੀ ਕਮੇਟੀ ਨੂੰ ਦੋਸੀ ਦੱਸ ਰਿਹੈ ਹੈ। ਕਈ ਲੋਕਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਖਿਲਾਫ ਬੋਲਣ ਦਾ ਸਮਾਂ ਮਿਲ ਗਿਆ। ਸਾਇਦ ਉਹ ਇਸ ਮੌਕੇ ਦੀ ਭਾਲ ਵਿੱਚ ਹੀ ਸਨ। ਕੋਈ ਬਾਬਿਆਂ ਨੂੰ ਮਸੰਦ, ਕੋਈ ਚਿੱਟੀ ਸਿਊਕ ਹੋਰ ਪਤਾ ਨਹੀਂ ਕੀ-ਕੀ ਵਿਸਲੇਸ਼ਨ ਦਿੱਤੇ ਜਾ ਰਹੇ ਨੇ। ਪਰ ਸਾਨੂੰ ਇਹ ਵੀ ਨਹੀ ਭੁਲਣਾ ਚਾਹੀਦਾ ਕਿ ਕਾਰ ਸੇਵਾ ਵਾਲੇ ਬਾਬਿਆ ਨੇ ਕੌਮੀ ਕਾਰਜ ਵੀ ਬਥੇਰੇ ਕੀਤੇ ਹਨ।

ਵੱਡੇ-ਵੱਡੇ ਸਕੂਲ ਕਾਲਜ ਹਸਪਤਾਲ ਪੁਲਾਂ ਦਾ ਨਿਰਮਾਣ ਕੀਤਾ। ਜਿਵੇ ਕੇ ਗਦਾਵਰੀ ਦਾ ਪੁਲ ਕਾਰ ਸੇਵਾ ਵਾਲਿਆਂ ਨੇ ਬਣਾਇਆ। ਮਹਾਰਾਸ਼ਟਰ ਸਰਕਾਰ ਵੀ ਇਸ ਤੋਂ ਹੱਥ ਖੜੇ ਕਰ ਗਈ ਸੀ। ਸੈਂਕੜੇ ਨਹੀ ਹਜਾਰਾਂ ਗੁਰਧਾਮਾ ਸਰੋਵਰਾਂ ਬਾਉਲੀਆਂ ਇਤਿਹਾਸਿਕ ਅਸਥਾਨਾ ਦੀ ਸੇਵਾ ਕਰਵਾਈ। ਸਾਰੇ ਕਾਰ ਸੇਵਾ ਵਾਲੇ ਮਾੜੇ ਨਹੀਂ। ਇਹ ਤਾਂ ਉਹ ਹੀ ਗੱਲ ਹੋ ਗਈ ਜਿਵੇ ਪੁਲਵਾਮਾ ਹਮਲੇ ਤੋ ਬਾਅਦ ਸਾਰੇ ਠਗ ਚੈਨਲਾਂ ਤੇ ਪਾਕਸਿਤਾਨ ਦੇ ਖਿਲਾਫ ਹੋ-ਹੱਲਾ ਮੱਚ ਗਿਆ ਸੀ। ਹਰੇਕ ਡਿਵੇਟ ‘ਚ ਪਾਕਸਿਤਾਨ ਦੀ ਚਰਚਾ, ਹਰੇਕ ਅਖਬਾਰ ਦੀ ਖਬਰ ਹਮਲਾ ਕਰ ਦਿਉ ਮਾਰ ਦਿਉ ਬੰਬ ਸੁਟ ਦਿਉ। ਤਬਾਹ ਕਰ ਦਿਉ ਇਹ ਕੋਈ ਮਸਲੇ ਦਾ ਹੱਲ ਹੈ। ਜਿਨਾ ਨੂੰ ਕੋਈ ਮੌਕਾ ਨਹੀਂ ਸੀ ਮਿਲਦਾ। ਉਹ ਵੀ ਇਸ ਬਹਾਨੇ ਚਾਰ ਦਿਨ ਸੁਰਖਿਆਂ ‘ਚ ਬਣੇ ਹਰੇ। ਪਰ ਹੋਇਆ ਕੀ ਕੁਝ ਵੀ ਨਹੀਂ।
ਸਾਰੇ ਚਾਰ ਦਿਨ ਖੱਪ ਪਾ ਕੇ ਚੁਪ ਕਰ ਗਏ। ਜੇ ਕਿਸੇ ਰੋਕਿਆ ਟੋਕਿਆ ਜਾਂ ਸਿਆਣੀ ਗੱਲ ਕੀਤੀ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਉਸ ਨੂੰ ਫਟਾਫਟ ਦੇਸ਼ ਗਦਾਰੀ ਦਾ ਸਰਟੀਫਕੇਟ ਜਾਰੀ ਕਰ ਦਿੱਤਾ। ਹਲਾਤ ਇਸ ਤਰਾਂ ਦੇ ਪੈਦਾ ਕਰ ਦਿੱਤੇ। ਜਿਵੇਂ ਗਰੀਬੀ, ਬੇ-ਰੋਜਗਾਰੀ, ਭੁਖਮਰੀ, ਅਣਪੜਤਾ, ਮਾੜੀਆਂ ਸਿਹਤ ਸਹੂਲਤਾਂ, ਭ੍ਰਿਸ਼ਟਚਾਰੀ ਸਿਸਟਮ ਦਾ ਹੱਲ ਬਸ ਪਾਕਸਿਤਾਨ ਤੇ ਹਮਲਾ ਹੀ ਹੈ। ਅੱਜ ਫਿਰ ਪੰਥਕ ਵਿਹੜੇ ‘ਚ ਵੀ ਹਲਾਤ ਅਜਿਹੇ ਹੀ ਹਨ। ਜਿਵੇ ਕਿ ਸਾਰੀਆਂ ਪੰਥਕ ਦੁਸ਼ਵਾਰੀਆਂ ਤੇ ਸਮੱਸਿਆਵਾਂ ਦੀ ਜੜ ਕਾਰ ਸੇਵਾ ਵਾਲੇ ਬਾਬੇ ਜਾਂ ਹੋਰ ਸੰਤ ਮਹਾਂਪੁਰਸ਼ ਹੀ ਹਨ। ਪਰ ਇਹ ਸੱਚ ਨਹੀਂ। ਕਾਰ ਸੇਵਾ ਕਰਨੀ ਕੋਈ ਸੌਖੀ ਨਹੀਂ। ਚਾਹੀਦਾ ਤਾਂ ਸ੍ਰੋਮਣੀ ਕਮੇਟੀ ਨੂੰ ਹੈ ਕਿ ਇਤਿਹਾਸਿਕ ਚੀਜਾਂ ਦੀ ਸੇਵਾ ਸੰਭਾਲ ਵਾਸਤੇ ਵਿਸ਼ੇਸ਼ ਪ੍ਰਬੰਧ ਕਰੇ।

ਜਿਸ ਤਰਾਂ ਭਾਰਤ ਸਰਕਾਰ ਨੇ ਸਪੈਸ਼ਲ ਪੁਰਾਤਤਵ ਵਿਭਾਗ ਦਾ ਗਠਨ ਕੀਤਾ ਹੈ। ਜੋ ਪੁਰਾਤਨ ਬਿੱਲਡਿੰਗਾਂ ਇਤਿਹਾਸਿਕ ਨਿਸ਼ਾਨੀਆਂ ਦੀ ਰੱਖ ਰਖਾਵ ਦੀ ਜਿਮੇਵਾਰੀ ਸੰਭਾਲਦਾ ਹੈ। ਇਸੇ ਤਰਜ ਤੇ ਸ੍ਰੋਮਣੀ ਕਮੇਟੀ ਨੂੰ ਵੀ ਇੱਕ ਇਤਿਹਾਸਕਾਰਾਂ ਦਾ ਪੈਨਲ ਬਣਾ ਕੇ ਪੁਰਾਤਤਵ ਵਿਭਾਗ ਦਾ ਗਠਣ ਕਰਨਾ ਚਾਹੀਦੈ। ਜੋ ਪੁਰਾਤਨ ਇਮਾਰਤਾਂ ਪੁਰਾਤਨ ਵਸਤਾਂ ਤੇ ਪੁਰਾਤਨ ਦਰੱਖਤਾਂ ਨਿਸ਼ਾਨੀਆਂ ਦੀ ਸਾਭ ਸੰਭਾਲ ਦੀ ਜਿੰਮੇਵਾਰੀ ਸੰਭਾਲੇ। ਸਾਨੂੰ ਇਸ ਬਾਰੇ ਭਲੀਭਾਤ ਜਾਣਕਾਰੀ ਹੈ ਕਿ ਨਾ ਤਾਂ ਸ੍ਰੋਮਣੀ ਕਮੇਟੀ ਦਾ ਕਾਰ ਸੇਵਾ ਵਾਲੇ ਬਾਬਿਆਂ ਬਿਨਾਂ ਸਰਦੈ, ਨਾ ਹੀ ਬਾਬਿਆਂ ਦਾ ਸ੍ਰੋਮਣੀ ਕਮੇਟੀ ਬਿਨਾ। ਪਰ ਸਿਆਣੇ ਕਹਿੰਦੇ ਨੇ ਜਿਹੜੀ ਬਾਦਰੀ ਮਰੇ ਬੱਚੇ ਨੂੰ ਵੀ ਸੁੱਟਣ ਨੂੰ ਤਿਆਰ ਨਹੀਂ ਹੁੰਦੀ, ਪਰ ਜਦੋ ਪੈਰ ਮੱਚਦੇ ਨੇ ਉਹੀ ਬੱਚਾ ਪੈਰਾਂ ਥੱਲੇ ਕਰ ਲੈਦੀ ਹੈ। ਇਹ ਕੁਝ ਅੱਜ ਬਾਬੇ ਤੇ ਸ੍ਰੋਮਣੀ ਕਮੇਟੀ ਵਾਲੇ ਇੱਕ ਦੂਜੇ ਦੋਸ ਮੜ ਕੇ ਕਰ ਰਹੇ ਹਨ। ਸੋ ਜੋ ਕੁਝ ਗਵਾ ਲਿਆ ਉਹ ਤਾਂ ਵਾਪਸ ਨਹੀਂ ਆਉਣਾ। ਹੁਣ ਤਾਂ ਇਹ ਹੀ ਕਹ ਸਕਦੈ ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਬੀਤੀ ਸੋ ਬੀਤੀ। ਅੱਗੇ ਵਾਸਤੇ ਸ੍ਰੋਮਣੀ ਕਮੇਟੀ ਦਾ ਗਠਿਤ ਕੀਤਾ ਪੁਰਾਤਤਵ ਵਿਭਾਗ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਗੱਲਬਾਤ ਕਰਕੇ ਸੇਵਾ ਦੇਵੇ ਅਤੇ ਉਹਨਾ ਨੂੰ ਡਰੈਕਸ਼ਨ ਦੇਵੇ ਕੇ ਕੀ ਬਣਾਉਣਾ? ਕੀ ਢਵਾਉਣਾ? ਨਫੇ ਨੁਕਸਾਨ ਦੀ ਜਿੰਮੇਵਾਰੀ ਉਸ ਦੀ ਹੋਵੇ। ਕੋਈ ਵੀ ਆਪਣੀ ਜਿਮੇਵਾਰੀ ਤੋਂ ਭੱਜ ਨਾ ਸਕੇ।

ਜਿਸ ਤਰਾ ਇਸ ਮਾਮਲੇ ਚ ਸਭ ਕੁਝ ਕਰ ਕਰਵਾ ਕੇ ਸ੍ਰੋਮਣੀ ਕਮੇਟੀ ਬਾਬਿਆਂ ਸਿਰ ਭਾਂਡਾ ਭੰਨ ਕੇ ਆਪ ਸੁਰ-ਖਰੂ ਹੋਣਾ ਚਹੁੰਦੀ ਹੈ ਇਹ ਅਤਿ ਨਿੰਦਣਯੋਗ ਹੈ। ਜਿਸ ਦਾ ਸਬੂਤ ਸ੍ਰੋਮਣੀ ਕਮੇਟੀ ਦਾ ਰਿਕਾਰਡ ਦੱਸਦਾ। ਮਿੱਤੀ ੧੮-੮-੨੦੧੭/ ਨੂੰ ਮਤਾ ਨੰ: ੬੮੨ ਦੁਆਰਾ ਦਰਸ਼ਨੀ ਡਿਉੜੀ ਦੀ ਸੇਵਾ ਬਾਬਾ ਜਗਤਾਰ ਸਿੰਘ ਨੂੰ ਦਿੱਤੀ ਜਾਂਦੀ ਹੈ। ਰੰਗ ਰੋਗਨ ਤੇ ਰਿਪੇਅਰ ਵਾਸਤੇ। ਇਸ ਤੋਂ ਉਪਰੰਤ ਐਸ.ਜੀ.ਪੀ.ਸੀ. ਦੀ ਸਬ ਕਮੇਟੀ ਮਤਾ ਨੰ ੪੧ ਰਾਂਹੀਂ ਮਿਤੀ ੧-੬-੨੦੧੮ ਨੂੰ ਸ੍ਰੋਮਣੀ ਕਮੇਟੀ ਨੂੰ ਸ਼ਿਫਾਰਸ਼ ਭੇਜ ਦੀ ਹੈ ਕਿ ਦਰਸ਼ਨੀ ਡਿਉੜੀ ਦੀ ਖਸ਼ਤਾ ਹਾਲਤ ਕਾਰਣ ਰਿਪੇਅਰ ਯੋਗ ਨਹੀਂ। ਸਬ ਕਮੇਟੀ ਦੀ ਸ਼ਿਫਾਰਸ਼ ਪ੍ਰਵਾਨ ਕਰਕੇ। ਐਸ.ਜੀ.ਪੀ.ਸੀ. ਵਲੋ ਫਿਰ ਦੁਬਾਰਾ ਮਿਤੀ ੧੨-੭-੨੦੧੮/ ਨੂੰ ਮਤਾ ਨੰ: ੫੫੦ ਮੁਤਾਬਕ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਨੂੰ ਡਿਉੜੀ ਢਾਹ ਕੇ ਦੁਬਾਰਾ ਪੁਰਾਤਨ ਦਿਖ ਅਨੁਸਾਰ ਤਿਆਰ ਕਰਨ ਦੀ ਸੇਵਾ ਦਿੱਤੀ। ਇਹ ਸਭ ਰਿਕਾਰਡ ਚ ਮੌਜੂਦ ਹੈ।

ਦੂਸਰਾ ਜੋ ਹਥਿਆਰਬੰਦ ਨੌਜਵਾਨ ਤਾਇਨਾਤ ਸਨ। ਜਿਨਾਂ ਨੂੰ ਕਾਰ ਸੇਵਾ ਵਾਲਿਆ ਦੇ ਗੁੰਡੇ ਦੱਸਿਆ ਜਾ ਰਿਹਾ ਹੈ। ਉਹ ਸਭ ਮੈਨੇਜਰ ਦੇ ਨਾਲ ਸ੍ਰੋਮਣੀ ਕਮੇਟੀ ਦੀ ਟਾਕਸ ਫੋਰਸ ਦੇ ਜਵਾਨ ਸਨ। ਜੋ ਡਿਗਦੀਆਂ ਗੁਮਜੀਆਂ ਤੋ ਜਕਾਰੇ ਛਡ ਰਹੇ ਸਨ। ਮੇਰੇ ਕਹਿਣ ਤੋਂ ਭਾਵ ਸਾਨੂੰ ਅੱਗੇ ਸਚੇਤ ਹੋ ਚੱਲਣਾ ਚਾਹੀਦਾ। ਬਾਬਿਆਂ ਨੂੰ ਵੀ ਦਾਸ ਦੀ ਗੁਜਾਰਸ ਹੈ ਕਿ ਗੁਰ ੂਘਰ ਬਣਾਉ, ਸਕੂਲ ਕਾਲਜ ਤੇ ਹਸਪਤਾਲ ਬਣਾਓ, ਜਮ-ਜਮ ਕੇ ਬਣਾਉ। ਜਿਸ ਲਾਭ ਗਰੀਬ ਲੋਕਾਂ ਨੂੰ ਵੀ ਮਿਲੇ। ਤੁਹਾਡੇ ਸਕੂਲਾਂ ਕਾਲਜਾਂ ‘ਚ ਸਿੱਖ ਬੱਚਿਆਂ ਦੀਆਂ ਫੀਸਾਂ ਜੇ ਮੁਆਫ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਅੱਧੀਆਂ ਤਾਂ ਜਰੂਰ ਹੋਣ। ਤੁਹਾਡੇ ਬਣਾਏ ਹਸਪਤਾਲਾ ਵਿਚ ਜੇ ਸਾਰਿਆਂ ਦਾ ਨਹੀਂ ਤਾਂ ਘੱਟੋ ਘੱਟ ਗਰੀਬਾਂ ਦਾ ਇਲਾਜ ਤਾਂ ਮੁਫਤ ਹੋਵੇ ਤਾਂ ਜੋ ਤੁਹਾਨੂੰ ਸੇਵਾ ਦੇਣ ਲੱਗਿਆਂ ਲੋਕਾਂ ਨੂੰ ਮਾਨ ਮਹਿਸੂਸ ਹੋਵੇ। ਨਵਾਂ ਜੋ ਮਰਜੀ ਬਣਾਉ ਪਰ ਪਾਸੇ ਤਿਆਰ ਕਰ ਲਵੋ। ਵਧੀਆ ਸੋਹਣੇ ਗੁਰੂ ਕੌਮੀ ਚੜਦੀ ਕਲਾ ਦੇ ਪਰਤੀਕ ਹਨ।ਨਵੀਨਤਾ ਦੇ ਵੇਗ ਵਿੱਚ ਵਹਿ ਕੇ ਸਾਡੇ ਗੁਰੂ ਕਾਲ ਤੇ ਸ਼ਹੀਦਾ ਦੀਆਂ ਨਿਸ਼ਾਨੀਆਂ ਅਤੇ ਇਤਿਹਾਸਿਕ ਇਮਾਰਤਾਂ ਦਰੱਖਤ ਨੂੰ ਮਕਰਾਣੇ (ਰਾਜਸਥਾਨ) ਦੇ ਪੱਥਰਾਂ ਥੱਲੇ ਦਫਨ ਨਾ ਕੀਤਾ ਜਾਵੇ।

ਗੁਰੂ ਪੰਥ ਦਾ ਦਾਸ
ਬਾਬਾ ਰੇਸ਼ਮ ਸਿੰਘ ਖੁਖਰਾਣਾ
ਸੀਨੀਅਰ ਮੀਤ ਪ੍ਰਧਾਨ: ਗੁਰ ਸਬਦ ਪ੍ਰਚਾਰ ਸੰਤ ਸਮਾਜ
ਪ੍ਰਧਾਨ: ਦੁਖ-ਭੰਜਣ ਸੇਵਾ ਸੁਸਾਇਟੀ ਪੰਜਾਬ
ਮੁੱਖ ਸੇਵਾਦਾਰ: ਗੁਰਦੁਆਰਾ ਦੁਖ-ਭੰਜਣ ਸਰ ਖੁਖਰਾਣਾ

————————————————-

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਂਨ ਪਟਨਾ ਸਾਹਿਬ ਤੇ ਪਹਿਲਾ ਨਾਮ ਗੋਬਿੰਦ ਰਾਏ ਸੀ।ਗੁਰੂ ਜੀ ਨੇ ਪਿਤਾ ਦੀ ਸਹਾਦਤ ਤੋਂ ਬਾਅਦ ਸਿੱਖਾ ਨੂੰ ਜੰਗੀ ਟ੍ਰੇਨਿੰਗ ਦਿੱਤੀ।ਕਿਲੇ ਉਸਾਰਨੇ ਸ਼ੁਰੂ ਕੀਤੇ, ਹਰਸਿੱਖ ਨੂੰ ਕੇਸਧਾਰੀ, ਸ਼ਾਸਤਰਧਾਰੀ ਹੋਣ ਦਾ ਹੁਕਮ ਦਿੱਤਾ।
੧੩ ਅਪ੍ਰੈਲ ੧੬੯੯ ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਇੱਕ ਕੌਤਿਕ ਵਰਤਾਇਆ ਤੇ ਪੰਜ ਸਿਰਾ ਦੀ ਮੰਗ ਕੀਤੀ।ਜਿਹੜੇ ਪੰਜ ਸਿੰਘ ਮੈਦਾਨ ਵਿੱਚ ਨਿੱਤਰੇ ਉਨੰਾ ਨੂੰ ਅੰਮ੍ਰਿਤ ਛਕਾ ਪੰਜ ਪਿਆਰਿਆ ਦਾ ਖਿਤਾਬ ਦਿੱਤਾ ਤੇ ਫਿਰ ਆਪ ਉਨ੍ਹਾ ਪੰਜ ਪਿਆਰਿਆ ਤੋਂ ਅੰਮਿਤਿ ਛੱਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਤੇ ਇੱਕ ਨਿਆਰਾ ਪੰਥ ਖਾਲਸਾ ਪੰਥ ਦੀ ਸਥਾਪਣਾ ਕੀਤੀ। ਇਸ ਲਈ ਤਾਂ ਕਹਿੰਦੇ ਨੇ ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥ ਗੁਰੂ ਸਾਹਿਬ ਜੀ ਨੇ ਪਖੰਡਾ ਦਾ ਖੰਡਨ ਕੀਤਾ ਤੇ ਜੰਗਾ ਲੜੀਆ।ਜਦੋਂ ਪਹਾੜੀ ਰਾਜਿਆ ਨੇ ਹਮਲਾ ਕੀਤਾ ਤਾਂ ੬, ੭ ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਮੁਕਤਸਰ ਦੀ ਜੰਗ ਦਮਦਮਾ ਸਾਹਿਬ ਦੀ ਜੰਗ ਲੜੀ। ਗਗੂੰ ਪਾਪੀ ਨੇ ਕਹਿਰ ਕਮਾਇਆ, ਦਗਾ ਕਮਾਇਆ। ਵੱਡੇ ਸਾਹਿਬਜਾਦੇ ਜੰਗ ਵਿੱਚ ਸਹੀਦੀ ਪਾ ਗਏ। ਛੋਟੇ ਸਾਹਿਬਜਾਦੇ ਨੀਹਾਂ ਵਿੱਚ ਚਿਣਵਾਏ, ਮਾਤਾ ਜੀ ਠੰਡੇ ਬੁਰਜ ਵਿੱਚ ਸਹੀਦੀ ਪਾ ਗਏ ਪਰ ਫਿਰ ਵੀ ਵੇਖੋ ਮੇਰੇ ਦਸਮੇਸ ਪਿਤਾ ਕਲਗੀਆ ਵਾਲੇ ਸੀ ਤੱਕ ਨਹੀ ਕੀਤੀ।
ਖਾਲਸੇ ਨੰ ਆਪਣਾ ਰੂਪ ਕਹਿ ਕੇ ਨਿਵਾਜਿਆ ਤੇ ਰਹਿਤ ਵਿੱਚ ਪ੍ਰਪੱਕ ਰਹਿਣ ਲਈ ਕਿਹਾ
ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈ ਉਸਕਾ ਚੇਰਾ॥
ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇ ਮੈ ਕੰਰੂ ਨਿਵਾਸ॥
ਗੁਰੂ ਪਿਆਰਿਉ ਜੇਕਰ ਅੱਜ ਆਪਾ ਸਿੱਖ ਕਹਾਉਦੇ ਹਾਂ ਤਾਂ ਇਹ ਮੇਰੇ ਗੁਰੂ ਗੋਬਿੰਦ ਸਿੰਘ ਜੀ ਹੀ ਦੇਣ ਹੈ। ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਪਾਤਸਾਹੀਆ ਦੀ ਆਤਮਿਕ ਜੋਤ ਹੈ। ਇਹ ਇੱਕਲੇ ਸਿੱਖਾ ਦੇ ਹੀ ਗੁਰੂ ਨਹੀਂ ਹਨ ਸਭ ਧਰਮਾ ਦੇ ਸਾਝੇ ਗੁਰ ਹਨ। ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦਸਾ ਗੁਰੂਆ ਵੱਲੋ ਦਿੱਤੀ ਹੋਈ ਉਹ ਚਿੱਠੀ ਹੈ ਜਿਸ ਨੂੰ ਪੜਕੇ, ਸੁਣਕੇ, ਵਿਚਾਰ ਕੇ, ਅਮਲ ਕਰਕੇ ਹਰ ਮਨੁੱਖ ਦਾ ਜੀਵਨ ਸਫਲ ਹੋ ਜਾਦਾ ਹੈ।ਇਸ ਕਰਕੇ ਹੀ ਗੁਰੂ ਸਾਹਿਬਾ ਨੇ ਸੰਗਤ ਨੂੰ ਸੁਚੇਤ ਕਰਦੇ ਹੋਏ ਇਹ ਸਬਦ ਕਹੇ ਹਨ:
ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰਤਖਿ ਗੁਰੂ ਨਿਸਤਾਰੇ॥
ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਿਮ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਸਮੇਂ ਇਹ ਸਬਦ ਉਚਾਰਨ ਕੀਤਾ:
ਅਕਾਲ ਪਰੁਖ ਕੇ ਬਚਨ ਸਿਉ ਪ੍ਰਗਟ ਚਜਾਯੋ ਪੰਥ॥
ਸਭ ਸਿਖੁਨ ਕੋ ਹੁਕਿਮ ਹੈ ਗੁਰੂ ਮਾਨਿa ਗ੍ਰੰਥ॥
ਗੁਰੂ ਗੰ੍ਰਥ ਜੀ ਮਾਨਿa ਪ੍ਰਗਟ ਗੁਰਾ ਕੀ ਦੇਹ॥
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੇ ਲੇਹ॥
ਗੁਰੂ ਗ੍ਰੰਥ ਸਾਹਿਬ ਜੀ ਵਰਗਾ ਹੋਰ ਦੁਨੀਆ ਵਿੱਚ ਕੋਈ ਗੁਰੂ ਨਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ, ਗੁਰੂ ਡੰਮ ਨੂੰ ਵੀ ਮੰਨਣ ਤੋ ਸਾਰੀ ਲਕਾਈ ਨੂੰ ਵਰਜਿਆ ਹੈ। ਸਬਦ ਗੁਰੂ ਹੀ ਸਾਡੇ ਗੁਰੂ ਹਨ। ਇਸ ਲਈ ਸਾਧ ਸੰਗਤ ਜੀ ਧੰਨ-ਧੰਨ ਗੁਰੂ ਗੰ੍ਰਥ ਸਾਹਿਬ ਜੀ ਦੇ ਲੜ ਲੱਗੋ ਤੇ ਜੀਵਨ ਸਫਲ ਬਣਾa। ਹਰ ਕੋਈ ਚੀਜ ਨੂੰ ਉਠਾਉਣ ਲਈ ਝੁਕਣਾ ਪੈਦਾ ਹੈ ਇਸੇ ਤ੍ਹਰਾ ਗੁਰਬਾਣੀ ਵਿੱਚੋ ਸਬਦ ਰੂਪੀ ਹੀਰੇ ਮੋਤੀ ਚੁਗਣ ਲਈ ਗੁਰੂ ਗੰ੍ਰਥ ਸਾਹਿਬ ਜੀ ਕੋਲ ਜਾ ਝੁਕ ਕੇ ਨਮਸ਼ਕਾਰ ਕਰਨੀ ਸਿੱਖੋ।
ਸੋ ਵੀਰੋ, ਭੈਣੋ, ਬੁਜਰਗੋ ਮਨ ਕੀ ਮਤ ਤਿਆਗੋ ਤੇ ਅੰਮ੍ਰਿਤ ਵੇਲਾ ਸੰਭਾਲੋ। ਸਾਡੇ ਦਸ ਗੁਰੂ ਸਾਹਿਬਾ ਨੇ ਸਿੱਖੀ ਤੇ ਮਨੁੱਖਤਾ ਦੇ ਭਲੇ ਲਈ ਕੀ ਨਹੀ ਕੀਤਾ। ਅੱਜ ਵੀ ਕੁਝ ਗਲਤ ਲੋਕ, ਮਾੜੀ ਸਿਆਸਤ ਤੇ ਭ੍ਰਿਸ਼ਟ ਅਫਸਰ ਸਿੱਖੀ ਦਾ ਘਾਣ ਕਰ ਰਹੇ ਹਨ। ਸਾਧ ਸੰਗਤ ਜੀ ਮਾਰੋ ਹੰਬਲਾ, ਬਚਾ ਲਉ ਸਿੱਖੀ। ਘਰ-ਘਰ ਬੂਟਾ ਲਾ ਦਿਉ ਸਿੱਖੀ ਦਾ ਤਾ ਜੋ ਸਿੱਖੀ ਨੂੰ ਢਾਹ ਲਾਉਣ ਵਾਲਿਆ ਨੂੰ ਪਤਾ ਲੱਗ ਸਕੇ ਕਿ ਗੁਰੂ ਦੇ ਸਿੱਖ ਗੁਰੂਆ ਦੇ ਪਾਏ ਪੂਰਨਿਆ ਤੇ ਚੱਲਕੇ ਆਪਣੇ ਹੱਕ,ਆਪਣੇ ਅਧਿਕਾਰ ਲੈ ਸਕਦੇ ਹਨ।
ਮੇਰੇ ਵਾਹਿਗੁਰੂ ਜੀ ਤੇ ਗੁਰੂ ਰੂਪੀ ਪਾਠਕ, ਸਾਰੀ ਸਾਧ ਸੰਗਤ ਜੀ ਨੂੰ ਮੇਰੀ ਨਿਮਾਣੀ ਜਿਹੀ ਕੋਸਿਸ ਹੈ ਮੇਰੇ ਦਸਾਂ ਪਾਤਸਾਹੀਆ ਔਰ ਜੁਗੋ ਗੁਜ ਅਟੱਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਬੰਧ ਵਿੱਚ ਲਿਖਣ ਦੀ ਮੇਰੀ ਕਲਮ ਤੋ ਗੁਰੂ ਸਾਹਿਬਾ ਬਾਰੇ ਜਾਂ ਕਿਸੇ ਦੀ ਸ਼ਾਨ ਦੇ ਖਿਲ਼ਾਫ ਕੋਈ ਸਬਦ ਲਿਖਿਆ ਗਿਆ ਹੋਵੇ ਤਾਂ ਅਨਜਾਨ ਬੱਚਾ ਸਮਝ ਕੇ ਮੁਆਫ ਕਰਨਾ ਜੀ। ਕਿਉਕਿ ਗੁਰੂ ਸਾਹਿਬ ਜੀ ਅਤੇ ਗੁਰੂ ਰੂਪੀ ਸਾਧ ਸੰਗਤ ਜੀ ਹੀ ਮੁਆਫ ਕਰਨ ਦੀ ਸਮਰੱਥਾ ਰੱਖਦੇ ਹਨ।

ਆਪ ਜੀ ਦੀ ਛੋਟੀ ਭੈਣ
ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ94786-58384

‘ਸਿੱਖ’ ਤੋਂ ਭਾਵ

ਕਿਰਨਪ੍ਰੀਤ  +436607370487

‘ਸਿੱਖ’ ਤੋਂ ਭਾਵ ਕੁਝ ਸਿੱਖਣਾ। ਗਿਆਨ ਨੂੰ ਲੈਣਾ ਅਤੇ ਉਸ ਉੱਤੇ ਅਮਲ ਕਰਨਾ ।ਸਿੱਖ ਲਈ ਦੂਜਾ ਸ਼ਬਦ ‘ਵਿਦਿਆਰਥੀ’ ਵੀ ਵਰਤਿਆ ਜਾ ਸਕਦਾ ਹੈ ।ਵਿਦਿਆਰਥੀ ਉਹੀ ਹੁੰਦਾ ਹੈ ਜੋ ਹੁਣ ਕੁਝ ਸਿੱਖ ਰਿਹਾ ਹੁੰਦਾ ਹੈ ਅਤੇ ਜੋ ਸਮਝਦਾ ਹੈ ਕਿ ਮੇਰਾ ਗਿਆਨ ਹਜੇ ਸੰਪੂਰਨ ਨਹੀਂ ਅਤੇ ਮੈਨੂੰ ਕੁਝ ਹੋਰ ਸਿੱਖਣ ‘ਤੇ ਗਿਆਨ ਲੈਣ ਦੀ ਜਰੂਰਤ ਹੈ।

ਸਿੱਖ ਇਤਿਹਾਸ ਅਨੁਸਾਰ  ਗੁਰੂ ਗੋਬਿੰਦ ਸਿੰਘ ਜੀ ਨੇ 14 ਅਪੈ੍ਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਸੀ ਤੇ ਇੱਥੋਂ  ਹੀ ਸਿੱਖ ਧਰਮ ਦੀ ਸ਼ੁਰੂਆਤ ਹੋਈ ਸੀ । ਪਰ ਅਸਲ ਪਰ ਅਸਲ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੀ ਹੋ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਸਜਾਏ ਸਨ ਅਤੇ ਖਾਲਸਾ ਬਣਾਇਆ ਸੀ ।

        ਗੁਰੂ ਜੀ ਨੇ ਆਪਣੇ ਸਾਨੂੰ ਇਹ ਨਾਮ ਇਸ ਲਈ ਦੇ ਦਿੱਤਾ ਤਾਂ ਜੋ ਅਸੀਂ ਆਪਣੇ ਆਪ ਨੂੰ ਹਮੇਸ਼ਾ ਵਿਦਿਆਰਥੀ ਸਮਝਦੇ  ਰਹੀਏ ਅਤੇ ਜੀਵਨ ਵਿੱਚ ਹਮੇਸ਼ਾਂ ਗਿਆਨ ਹਾਸਲ ਕਰਦੇ ਰਹੀਏ ।ਸਾਡੇ  ਵਿੱਚ ਹਮੇਸ਼ਾਂ ਸਿੱਖਣ ਦੀ ਤਾਂਘ ਬਣੀ ਰਹੇ ।
             ਇਹ ਸ਼ਬਦ ਆਪਣੇ ਆਪ ਵਿੱਚ ਬਹੁਤ ਹੀ ਡੂੰਘਾ ਹੈ ਪਰੰਤੂ  ਜੇਕਰ  ਇਸਨੂੰ ਧਿਆਨ ਨਾਲ਼ ਸਮਝਿਆ ਜਾਏ ਤਾਂ ਅੱਜ ਦੇ ਦੌਰ ‘ਚ ਅਸੀਂ ਕੋਈ ਵੀ ਅਸਲੀ ‘ਸਿੱਖ’ ਨਹੀਂ ਹੇੈ । ਜਿਹੜੇ ਕਿ  ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸਨ।
ਕੀ ਹੁੰਦਾ ਹੈ ‘ਸਿੱਖ ‘ਤੇ ‘ਗੁਰੂ ‘ ਦਾ ਰਿਸ਼ਤਾ?
           ਜ਼ਿੰਦਗੀ ਵਿੱਚ ਜੇਕਰ ਤੁਸੀਂ ਕਦੇ ਵੀ ਕੁਝ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਦੀ ‘ਮੈਂ’ ਮਤਲਬ  (ਹਉਮੈ) ਹੰਕਾਰ ਦਾ ਮਰਨਾ ਬਹੁਤ ਜ਼ਰੂਰੀ ਹੈ ,ਕਿਉਂਕਿ ਜਦ ਤੱਕ ਹੰਕਾਰ ਤੁਹਾਡੇ ਅੰਦਰ ਹੈ ਤਾਂ  ਤੁਸੀਂ ਖੁਦ ਨੂੰ ਹੀ ਗਿਆਨ ਭਰਪੂਰ ਸਮਝੋਗੇ।
           ਫਿਰ ਦੂਸਰੇ ਦਾ ਗਿਆਨ ਅਪਣਾਉਣਾ ਤਾਂ ਦੂਰ ਦੀ ਗੱਲ ਤੁਸੀਂ ਜਲਦੀ ਕਿਸੇ ਦੂਸਰੇ ਦੀ ਗੱਲ ਵੀ ਨਹੀ ਸੁਣੋਗੇ। ਇਸ ਲਈ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਪਹਿਲਾਂ ਇਹ ਗੁਣ ਅਪਣਾਉਣਾ ਪਵੇਗਾ ਕਿ ਤੁਸੀਂ ਆਪਣੇ ਅੰਦਰ ਦੀ ਹਉਮੈ ਨੂੰ ਮਾਰੋ । ਆਪਣੇ ਆਪ ਨੂੰ ਸਫੈਦ ਕਾਗਜ਼ ਦੀ ਤਰ੍ਹਾਂ ਖਾਲੀ ਕਰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ  ਆਪਣੇ ਗੁਰੂ ਅੱਗੇ ਆਪਣੀ ਮੱਤ ਨੂੰ ਤਿਆਗੋ।
          ਆਪਣਾ ਆਪ ਸਮਰਪਣ ਕਰਨ ਤੋਂ ਬਾਅਦ ਵਿਦਿਆਰਥੀ ਦਾ ਦੂਜਾ ਅਹਿਮ ਫਰਜ  ਹੈ ਆਪਣੇ ਗੁਰੂ ਤੇ ਵਿਸ਼ਵਾਸ ਕਰਨਾ। ਵਿਸ਼ਵਾਸ ਇੱਕ ਅਜਿਹਾ ਖ਼ਜ਼ਾਨਾ ਹੈ ਜੋ ਤੁਹਾਨੂੰ ਤੇ ਤੁਹਾਡੇ ਗਿਆਨ ਨੂੰ ਬਹੁਤ ਉਪਰ ਤਕ ਲੈ ਜਾਵੇਗਾ । ਕਿਉਂਕਿ ਉਹ ਵਿਸ਼ਵਾਸ ਹੀ ਹੋਵੇਗਾ ਜੋ ਤੁਹਾਨੂੰ ਗਿਆਨ ਲੈਣ ਲਈ ਪ੍ਰੇਰਿਤ ਕਰੇਗਾ।
ਧਾਰਮਿਕ ਜਗਤ ਵਿੱਚ ਦੇਖਿਆ ਜਾਵੇ ਤਾਂ ਪਹਿਲਾਂ ਪੜਾਅ ਹੀ ਗੁਰੂ ਤੇ ਵਿਸ਼ਵਾਸ ਕਰਨਾ ਹੁੰਦਾ ਹੈ ਪਰ ਫਿਰ ਇਹ ਵਿਸ਼ਵਾਸ ਹੌਲੀ ਹੌਲੀ ਸ਼ਰਧਾ ਵਿੱਚ ਬਦਲ ਜਾਂਦਾ ਹੈ,  ਕਹਿੰਦੇ ਹਨ ਕਿ ਵਿਸ਼ਵਾਸ ਤਾਂ ਤਾਂ ਟੁੱਟ ਜਾਂਦਾ ਹੈ’ ਪਰ ਸ਼ਰਧਾ ਕਦੇ ਨਹੀਂ ਟੁੱਟਦੀ ।ਪਰ ਸ਼ਰਧਾ  ਤੱਕ ਪਹੁੰਚਣ ਲਈ ਤੁਹਾਨੂੰ ਪਹਿਲਾਂ ਵਿਸ਼ਵਾਸ ਦੇ ਪੜਾਅ ਨੂੰ ਤੈਅ ਕਰਨਾ ਪਵੇਗਾ। ਕੁਝ ਲੋਕ ਵਿਸ਼ਵਾਸ ਕਰਨ ਦੇ ਅਰਥ ਨੂੰ ਇਹ ਸਮਝਦੇ ਹਨ ਕਿ ਬੱਸ ਅਗਲੇ ਨੇ ਜੋ ਕਹਿ ਦਿੱਤਾ ਉਹ ਮੰਨਣਾ ਹੈ ਉਹੀ ਕਰਨਾ ਹੈ। ਨਹੀਂ ! ਇਸਦਾ ਅਰਥ ਇੰਝ ਬਿਲਕੁਲ ਵੀ ਨਹੀਂ ਹੈ।
             ਇੱਕ ਵਿਦਿਆਰਥੀ ਨੂੰ ਆਪਣੇ ਗੁਰੂ ਤੋਂ ਪ੍ਰਸ਼ਨ ਜਾਂ ਤਰਕ ਕਰਨ ਦਾ ਪੂਰਾ ਹੱਕ ਹੁੰਦਾ ਹੈ ।ਉਸ ਨੂੰ ਜੋ ਚੀਜ਼ ਸਮਝ ਨਹੀਂ ਆ ਰਹੀ ਉਸ ਦਾ ਹੱਲ ਉਹ ਆਪਣੇ ਗੁਰੂ ਤੋਂ ਹੀ ਲੈ ਸਕਦਾ ਹੈ। ਧਰਮ ਜਗਤ ਵਿੱਚ ਤਾਂ  ਕਿਹਾ ਜਾਂਦਾ ਹੈ ਕਿ ਗੁਰੂ ਤੇ ਅਸੀਂ ਅੰਧਾ ਵਿਸ਼ਵਾਸ ਕਰ ਸਕਦੇ ਹਾਂ ,ਪਰ ਸ਼ਰਤ ਇਹ ਹੈ ਕਿ ਗੁਰੂ ਅੰਨ੍ਹਾ ਨਾ ਹੋਵੇ। ਜਿਸ ਦਿਨ ਇੱਕ ਵਿਦਿਆਰਥੀ ਦੀ ਆਪਣੇ ਗੁਰੂ ਤੇ ਸ਼ਰਧਾ ਬਣ ਜਾਂਦੀ ਹੈ ਤਾਂ ਇਹ ਰਿਸ਼ਤਾ ਅਟੁੱਟ ਹੋ ਜਾਂਦਾ ਹੈ ।ਇਸ ਨਾਲ ਮਨੁੱਖੀ ਸੁਭਾਅ ਵਿਚ ਨਿਮਰਤਾ, ਦਇਆ ਅਤੇ ਕਰੁਣਾ ਵਰਗੇ ਭਾਵਾਂ ਦੀ ਵੀ  ਬਹੋਤੜੀ ਆ ਜਾਂਦੀ ਹੈ ਕਿਉਂਕਿ ਜਦ ਸਾਡੇ ਅੰਦਰ ਹੰਕਾਰ ਮਰਦਾ ਹੈ ਤਾਂ ਸਾਡੇ ਗੁੱਸੇ ਵਿਚ ਗਿਰਾਵਟ ਆਉਦੀ ਹੈ । ਨਿਮਰਤਾ ਅਤੇ ਕੁਝ ਨਿਵੇਕਲੇ ਸਿੱਖਣ ਵਾਲ਼ੇ ਗੁਣਾਂ ਦਾ ਵੀ ਵਾਧਾ ਹੁੰਦਾ ਹੈ ।
            ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਅੰਮ੍ਰਿਤ ਛਕਿਆ। ਉਹ  ਵੀ ਹਮੇਸ਼ਾਂ ਵਿਦਿਆਰਥੀ ਬਣੇ ਰਹੇ ਅਤੇ ਅਕਾਲ ਪੁਰਖ ਤੋਂ  ਸਦਾ ਸਿੱਖਣ ਦੀ ਜਾਂਚ ਮੰਗਦੇ ਰਹੇ ਅਤੇ ਹੋਰਾਂ ਨੂੰ ਸਿਖਾਦੇ ਰਹੇ । ਇਸੇ ਲਈ ਕਹਿ ਦਿੱਤਾ ਗਿਆ  ‘ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਅਸਲ ਵਿਚ ਦੇਖਿਆ ਜਾਵੇ ਤਾਂ ਸਿੱਖ ਕੋਈ ਧਰਮ ਨਹੀਂ ਹੈ ਇਹ ਤਾਂ ਸਾਨੂੰ ਦੱਸਦਾ ਹੈ ਕਿ ਜੀਵਨ ਨੂੰ ਸੁਚੱਜੇ ਢੰਗ ਨਾਲ ਕਿਵੇਂ ਬਤੀਤ ਕਰਨਾ ਹੈ।
             ਪ੍ਰੰਤੂ ਅੱਜ ਦੇ ਦੌਰ ਵਿੱਚ ਇਸ ਸ਼ਬਦ ਦੀ ਇੰਨੀ ਜਿਆਦਾ  ਗਲਤ ਵਰਤੋਂ ਹੋ ਰਹੀ ਹੈ ਕਿ ਕਈ ਆਪਣੀਆਂ ਜਾਨਾਂ ਤੱਕ ਗਵਾ ਰਹੇ ਹਨ। ਸਿੱਖ ਦਾ ਅਸਲੀ ਅਰਥ ਤਾਂ ਮਨੁੱਖ ਬਣਨਾ ਹੈ ਇਨਸਾਨੀਅਤ ਨੂੰ ਸਮਝਣਾ ਹੈ ਅਤੇ ਸਿੱਖਣਾ ਹੈ। ਫਿਰ ਇਸ ਨੂੰ ਧਰਮ ਦੇ ਨਾਂ ਤੇ ਬੰਨ੍ਹ ਕੇ ਲੜਾਈਆਂ ਕਰਨ ਵਾਲੇ ਸਭ ਤੋਂ ਵੱਡੇ ਮੂਰਖ ਹਨ। ਕੋਈ ਵੀ ਧਰਮ ਤੁਹਾਨੂੰ ਲੜਾਈ ਕਰਨਾ ਨਹੀਂ ਸਿਖਾਉਂਦਾ।  ਪਰ ਅੱਜ ਤੱਕ ਜਿੰਨੀਆਂ ਲੜਾਈਆਂ ਧਰਮ ਦੇ ਨਾਮ ਤੇ ਹੋਈਆਂ ਹਨ ਜਿੰਨੀਆਂ ਜਾਨਾਂ ਧਰਮ ਦੇ ਨਾਂ ਤੇ ਗਵਾ ਦਿੱਤੀਆਂ ਗਈਆਂ ਹਨ ਓਨੀਆਂ ਹੋਰ ਕਿਧਰੇ ਵੀ ਨਹੀਂ।
              ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਗੁਰੂਆਂ ਨੇ  ਲੋਕਾਂ ਨੂੰ ਇਕੋ ਹੀ ਉਪਦੇਸ਼ ਦਿੱਤਾ ਸੀ ਕਿ ਕਰਤਾ ਪੁਰਖ ਇਕ ਹੈ। ਜੇਕਰ ਕਰਤਾ ਪੁਰਖ ਇੱਕ ਹੈ ਤਾਂ ਫਿਰ ਅਸੀਂ ਸਭ ਹਿੰਦੂ , ਮੁਸਲਿਮ, ਸਿੱਖ, ਇਸਾਈ, ਜੈਨ, ਬੁੱਧ ਆਦਿ ਕਿਵੇਂ ਹੋ ਸਕਦੇ ਹਾਂ ? ਸਾਡੇ ਸਭ ਵਿੱਚ  ਇੱਕ ਦਾ ਹੀ ਵਾਸ ਹੈ, ਸਾਡੇ ਸਰੀਰ ਇੱਕੋ ਜਿਹੇ ਹਨ ਤਾਂ ਅਸੀਂ ਇੱਕ ਦੂਸਰੇ ਨਾਲ ਕਿਉਂ ਲੜ ਰਹੇ ਹਾਂ?
           ਅਸਲ ਵਿੱਚ ਜੋ ਇਨਸਾਨ ਧਰਮ ਦੇ ਮਾਮਲੇ ਤੇ ਲੜਦਾ ਹੈ ਉਸ ਤੋਂ ਵੱਡਾ ਅਗਿਆਨੀ ਦੁਨੀਆਂ ਤੇ ਹੋਰ ਕੋਈ ਨਹੀਂ ਹੋ ਸਕਦਾ ।ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਧਰਮ ਦੇ ਠੇਕੇਦਾਰ ਹੀ ਸਭ ਤੋਂ ਵੱਡਾ ਕਾਰਨ ਬਣ ਚੁੱਕੇ ਹਨ ਲੋਕਾਂ ਵਿੱਚ ਗਲਤ ਪ੍ਰਚਾਰ ਫੈਲਾਉਣ ਦਾ। ਇਸ ਲਈ ਕਿਹਾ ਜਾਂਦਾ ਹੈ ਕਿ ਗੁਰੂ ਦੀ ਚੋਣ ਬਹੁਤ ਸੋਚ ਸਮਝ ਕੇ ਕਰਣੀ ਚਾਹੀਦੀ ਹੈ, ਕਿਉਂਕਿ ਇੱਕ ਦਿਸ਼ਾਹੀਣ ਵਿਅਕਤੀ ਦੂਸਰੇ ਨੂੰ ਦਿਸ਼ਾ ਦਿਖਾਉਣ ਦੇ ਸਮਰੱਥ ਨਹੀਂ ਹੁੰਦਾ।
             ਸਿਰਫ ਵਿਦਿਆਰਥੀ ਨੂੰ ਹੀ ਨਹੀਂ, ਗੁਰੂ ਦੇ ਵੀ  ਬਹੁਤ ਸਾਰੇ ਫਰਜ਼ ਹੁੰਦੇ ਹਨ ਆਪਣੇ ਵਿਦਿਆਰਥੀ ਪ੍ਰਤੀ ।ਗੁਰੂ ਦੇ ਕਰਤੱਵ  ਵਿੱਚ ਉਸ ਦਾ  ਅਹਿਮ ਫ਼ਰਜ਼ ਇਹ ਹੁੰਦਾ  ਹੈ ਕਿ ਆਪਣੇ ਵਿਦਿਆਰਥੀ ਨੂੰ ਸਮਝਣਾ ਕਿ  ਉਸਦਾ ਬੌਧਿਕ  ਅਤੇ ਨੈਤਿਕ ਵਿਕਾਸ ਕਿੱਥੋਂ ਤੱਕ ਦਾ ਹੈ। ਫਿਰ ਉਸਦੇ  ਗਿਆਨ ਵਿੱਚ ਹੋਰ ਵਾਧਾ ਕਰ ਉਸ ਨੂੰ ਸਹੀ ਮਾਰਗ ਦਰਸ਼ਨ ਦੇਣਾ ।ਗੁਰੂ ਦਾ ਪਹਿਲਾ ਫਰਜ਼ ਇਹ ਵੀ ਹੈ ਕਿ ਉਹ ਆਪਣੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਨਜ਼ਰ ਨਾਲ ਦੇਖੇ ।ਉਸ ਲਈ ਸਭ ਇੱਕ ਸਮਾਨ ਹੋਣ ,ਕੇਵਲ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਗੁਰੂ ਨੂੰ ਵੀ ਆਪਣਾ ਆਪ ਸਮਰਪਣ ਕਰਨ ਦੀ ਲੋੜ ਹੁੰਦੀ ਹੈ। ਉਸ ਨੂੰ ਆਪਣੇ ਸਾਰੇ ਗਿਆਨ ਨੂੰ ਇਕ ਸੁਚੱਜੇ ਢੰਗ ਨਾਲ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣਾ ਹੁੰਦਾ ਹੈ ਪਰੰਤੂ ਜੇਕਰ ਉਸ ਵਿਚ ਹੰਕਾਰ ਵਰਗੇ ਅਗੁਣ ਹੋਣਗੇ ਤਾਂ ਉਹ ਕਿਸੇ ਨੂੰ ਵੀ ਆਪਣਾ ਅਸਲੀ ਗਿਆਨ ਦੇਣ ਵਿੱਚ ਸਮਰੱਥ ਨਹੀਂ ਹੋਵੇਗਾ ।ਬਲਕਿ ਗਿਆਨ ਸਿਰਫ ਥੋਪਿਆ ਹੀ ਜਾਵੇਗਾ।
            ਗੁਰੂ ਗੋਬਿੰਦ ਸਿੰਘ ਦੇ ਸਿੱਖ  ਤੇ ਅਜ ਦੇ ਸਿੱਖਾਂ ਵਿੱਚ ਬਹੁਤ ਭਾਰੀ  ਫਰਕ ਹੈ।ਬੇਸ਼ਕ ਇਹ ਸ਼ਬਦ ਸਿਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ ਪਰ ਇਸਦੇ ਮੂਲ ਅਧਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਨਿਭਾਇਆ ਚਲਿਆ ਆ ਰਿਹਾ ਹੈ। ਗੁਰੂ ਅੰਗਦ ਦੇਵ ਜੀ ਨੂੰ ਸਭ ਤੋਂ ਵੱਡੇ ਸਿੱਖ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦੀ ਸੇਵਾ ਅਤੇ ਸਮਰਪਣ ਭਾਵਨਾ ਨੇ ਉਨ੍ਹਾਂ ਨੂੰ ਗੁਰੂ ਬਣਾ ਦਿੱਤਾ ।ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਦਾ ਮਨੁੱਖ ਜੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਉਸ ਵਿੱਚ ਸਿੱੱਖ ਵਾਲਾ ਕੋਈ ਵੀ ਗੁਣ ਨਹੀਂ। ਤੁਸੀਂ ਪੰਜ ਕੰਕਾਰ ਪਾ ਕੇ, ਸਿਰ ਤੇ ਦਸਤਾਰ ਸਜਾ ਕੇ ਸਿੱਖ ਨਹੀਂ ਬਣ ਸਕਦੇ। ਜਦੋਂ ਤੱਕ ਤੁਹਾਡੇ ਅੰਦਰ ਸਿੱਖ ਵਾਲੇ ਸੰਸਕਾਰ ਨਹੀਂ ਆ ਜਾਂਦੇ। ਤੁਸੀਂ ਕੇਵਲ ਨਾਮ ਦੇ ਹੀ ਸਿਖ ਹੋ ਤੇ ਅਜਿਹੇ  ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੱਖ ਨਹੀਂ ਹਨ ।
ਮੈਂ ਕਈ ਸਿੱਖਾਂ ਨੂੰ ਕਹਿੰਦੇ ਸੁਣਿਆ ਸੀ ਸਵੇਰੇ ਸਵੇਰੇ ਇਹ ਸ਼ਬਦ ਸੁਣੋ ਤਾਂ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ। ਇੰਨੇ ਪਾਠ ਕਰ ਲਓ ਤਾਂ ਤੁਹਾਡੇ ਰੋਗ ਖਤਮ ਹੋ ਜਾਣਗੇ। ਪਰ ਇਨ੍ਹਾਂ ਝੂਠੇ ਲੋਕਾਂ ਤੋਂ ਮੇਰਾ ਇੱਕ ਸਵਾਲ ਹੈ ਕਿ ਜੇਕਰ ਗੁਰੂ ਦੁੱਖਾਂ ਨੂੰ ਇਸ ਤਰ੍ਹਾਂ ਹੀ ਹਟਾਉਂਦੇ ਹਨ ਤੇ ਦੁੱਖਾਂ ਨੂੰ ਇਸ ਤਰ੍ਹਾਂ ਹੀ ਮਾੜਾ ਬੋਲਦੇ ਤਾਂ  ਕੀ ਉਹ ਜੇਲਾਂ ਵਿੱਚ ਬੈਠ ਕੇ ਚੱਕੀਆਂ ਪੀਸਦੇ ? ਗੁਰੂ ਸਭ ਨੂੰ ਭਾਣੇ  ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਹਨ। ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਵੀ ਉਸ ਅਕਾਲ ਪੁਰਖ ਦਾ ਸ਼ੁਕਰ ਮਨਾਇਆ।
            ਪਰ ਅੱਜ ਦੇ ਮਨੁੱਖ ਕਹਿ ਲੳ ਜਾਂ ਸਿੱਖ ਅਖਵਾਉਣ ਵਾਲੇ, ਅਸੀਂ ਸਾਰੇ ਇੱਕ ਛੋਟਾ ਜਿਹਾ ਸਰੀਰਕ ਦੁੱਖ ਵੀ ਆਉਂਦਾ ਹੈ ਤਾਂ ਵਿਆਕੁਲ ਹੋ ਜਾਂਦੇ ਹਾਂ। ਉਪਾਅ ਲੱਭਦੇ ਹਾਂ, ਕਰਦੇ ਵੀ  ਹਾਂ ।ਪਰ ਸਭ ਗ਼ਲਤ ਹੈ ।ਅਸੀਂ ਬਾਬਿਆਂ ਤੋਂ ਸ਼ਬਦ ਜਾਂ ਸੁਝਾਅ ਮੰਗਣ ਤੁਰ ਜਾਂਦੇ ਹਾਂ ।ਫੇਰ ਉਹ ਕਹਿੰਦੇ ਹਨ ਕਿ ਇਸ ਜਗ੍ਹਾ ਇਤਨੀ ਮਾਇਆ ਦਾਨ ਕਰੋ ਇਤਨੇ ਪਾਠ ਕਰੋ ਤਾਂ ਤੁਹਾਡੇ ਦੁੱਖ ਕੱਟੇ ਜਾਣਗੇ ।ਪਰ ਜੇਕਰ ਸਾਡੇ ਗੁਰੂ ਨੇ ਸਾਨੂੰ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ ਹੈ ਤਾਂ ਸਾਨੂੰ ਹੋਰ ਬਾਬਿਆਂ ਦੇ ਸਹਾਰੇ ਦੀ ਕਿਉ ਲੋੜ ਪੈ ਗਈ ?
            ਇਸ ਦਾ ਸਾਫ਼ ਅਰਥ ਹੈ ਕਿ ਅਸੀਂ ਅਸਲੀ ਸਿੱਖ ਨਹੀਂ। ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ।ਜੇਕਰ ਜੀਵਨ ਵਿੱਚ ਕੋਈ ਦੁੱਖ ਜਾਂ ਰੋਗ, ਪ੍ਰੇਸ਼ਾਨੀ ਆ ਵੀ ਗਈ ਹੈ ਤਾਂ ਸਾਨੂੰ ਆਪਣੇ ਮਾਲਕ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਸਭ  ਠੀਕ ਹੋਵੇਗਾ ਪਰ ਅਸੀਂ ਇੰਝ ਨਾ ਕਰ ਗਲਤ ਤੇ ਛੋਟੇ ਰਾਹ ਅਪਣਾਉਣ ਵਿਚ ਜ਼ਿਆਦਾ ਸਮਝਦਾਰੀ ਮਹਿਸੂਸ ਕਰਦੇ ਹਨ। ਪਰ ਸ਼ਾਇਦ ਇਹ ਮੂਰਖਤਾ  ਹੋਰ ਦੁੱਖਾਂ ਦਾ ਵੀ ਕਾਰਨ ਬਣਦੀ ਜਾ ਰਹੀ  ਹੈ ਅੱਜ ਸਿੱਖ ਧਰਮ ਨੂੰ ਖਤਮ ਕਰਨ ਦੀ ਬਹੁਤ ਵੱਡੀ ਤੇ ਵਿਸ਼ਾਲ ਸਾਜਿਸ਼ ਕੀਤੀ ਜਾ ਰਹੀ ਹੈ।
            ਲੋਕਾਂ ਨੂੰ ਅਸਲੀ ਸ਼ਬਦ ਗੁਰੂ ਤੋਂ ਤੋੜ ਪਤਾ ਨਹੀਂ ਕਿਹੋ ਜਿਹੇ ਰੀਤੀ ਰਿਵਾਜ ਨਾਲ ਬੰਨ੍ਹ ਦਿੱਤਾ ਜਾ ਰਿਹਾ ਹੈ। ਸਾਡੀ ਮਤ ਤੇ ਪੜ੍ਹਦਾ ਪਾ ਸਾਨੂੰ ਸੱਚਾਈ ਤੋਂ ਬਹੁਤ ਦੂਰ ਕਰ ਦਿੱਤਾ ਗਿਆ ਹੈ ‘ਤੇ ਜੋ ਲੋਕ ਇਸ ਚੀਜ਼ ਨੂੰ ਸਮਝਦੇ ਹਨ ਉਹ ਕਹਿੰਦੇ ਹਨ ਕਿ ਅਸੀਂ ਕਿਸੇ ਧਰਮ ਨਹੀਂ ਮੰਨਦੇ ਅਸੀਂ ਨਾਸਤਿਕ ਹਾਂ। ਅਸਲ ਵਿੱਚ ਇਹੀ ਸਚ ਹੈ।ਅਸਲੀ ਨਾਸਤਿਕ ਹੀ ਅਸਲੀ ਧਰਮ ਹੈ ਕਿਉਂਕਿ ਉਸਨੂੰ ਸਮਝ ਹੈ ਕਿ ਅਸਲ ਵਿੱਚ ਧਰਮ ਕੀ ਹੈ ਤੇ ਇਨਸਾਨ ਦਾ ਫਰਜ ਕੀ ਹੈ।

22 ਅਕਤੂਬਰ ਨੂੰ ਜਨਮ ਦਿਹਾੜੇ ਤੇ ਵਿਸ਼ੇਸ਼  -ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ

  • ਜਸਪਾਲ ਸਿੰਘ ਲੋਹਾਮ , ਈ-ਮੇਲ: jaspal.loham@gmail.com

bbudha113 ਸਾਲ ਲੰਬਾ ਸਮਾਂ ਸਿੱਖੀ ਕਮਾਉਣ ਵਾਲੇ, ਪੰਜ ਪਾਤਿਸ਼ਾਹੀਆਂ ਨੂੰ ਗੁਰਤਾਗੱਦੀ ਸਮੇਂ ਤਿਲਕ ਲਗਾਉਣ ਵਾਲੇ ਅਤੇ ਛੇ ਪਾਤਿਸ਼ਾਹੀਆਂ ਦੇ ਦਰਸ਼ਨ ਕਰਨ ਵਾਲੇ ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈਸਵੀ ਨੂੰ ਪਿਤਾ ਭਾਈ ਸੁੱਖੇ ਰੰਧਾਵੇ ਅਤੇ ਮਾਤਾ ਮੌਰਾਂ ਦੇ ਘਰ ਪਿੰਡ ਕੱਥੂਨੰਗਲ ਜ਼ਿਲ•ਾ ਅੰਮ੍ਰਿਤਸਰ ਵਿਖੇ ਹੋਇਆ। ਉਨ•ਾਂ ਦੇ ਮਾਤਾ ਪਿਤਾ ਨੇ, ਉਨ•ਾਂ ਦਾ ਨਾਂਅ ਬੂੜਾ ਰੱਖਿਆ ਅਤੇ ਪਿੰਡ ਦੇ ਲੋਕ ਬਚਪਨ ਵਿਚ ਉਨ•ਾਂ ਨੂੰ ਬੂੜਾ ਕਹਿੰਦੇ ਸਨ। ਸੰਨ 1518 ਈਸਵੀ ਵਿਚ ਬੂੜਾ ਦੀ ਉਮਰ 12 ਸਾਲ ਦੀ ਸੀ ਅਤੇ ਉਹ ਮੱਝਾਂ ਚਾਰ ਰਹੇ ਸਨ ਅਤੇ ਪਹਿਲੀ ਵਾਰ ਬਾਬਾ ਬੁੱਢਾ ਜੀ, ਗੁਰੂ ਨਾਨਕ ਦੇਵ ਜੀ ਨੂੰ ਪਿੰਡ ਰਮਦਾਸ ਦੀ ਹੱਦ ਤੇ ਮਿਲੇ ਅਤੇ ਉਸ ਸਮੇਂ ਭਾਈ ਮਰਦਾਨਾ ਵੀ ਨਾਲ ਸਨ। ਗੁਰੂ ਨਾਨਕ ਦੇਵ ਜੀ ਜਿਵੇਂ ਹੀ ਸਾਂਈ ਦਾ ਕੀਰਤਨ ਕੀਤਾ ਅਤੇ ਉਸ ਵੇਲੇ ਬਾਲ ਬੂੜਾ ਦੇ ਮਨ ਨੂੰ ਟੁੰਬਿਆ। ਉਹ ਆਪਣੇ ਘਰ ਗਿਆ ਅਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਅੱਜ ਜੰਗਲ ਵਿਚ ਰੱਬ ਦਾ ਪਿਆਰਾ ਆਇਆ ਹੈ ਅਤੇ ਉਨ•ਾਂ ਦੇ ਮੁੱਖ ਵਿਚੋਂ ਅੰਮ੍ਰਿਤ ਬਾਣੀ ਨਿੱਕਲ ਰਹੀ ਹੈ। ਮਾਂ ਮੈਂ ਦੁੱਧ ਨਾਲ ਉਨ•ਾਂ ਦੀ ਸੇਵਾ ਕਰਨੀ ਹੈ। ਦੁੱਧ ਲੈ ਕੇ ਜਦ ਬੂੜਾ ਜੀ ਗੁਰੂ ਨਾਨਕ ਦੇਵ ਜੀ ਸਾਹਮਣੇ ਆਏ ਤਾਂ ਉਨ•ਾਂ ਕਿਹਾ ਕਿ ਸੰਤ ਜੀ ਮੇਰੀ ਮਾਂ ਨੇ ਕਾੜਨੀ ਵਿਚੋਂ ਦੁੱਧ ਦਿੱਤਾ ਹੈ ਆਪ ਜੀ ਛਕੋ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੈਨੂੰ ਸਾਡੇ ਨਾਲ ਐਨਾ ਪਿਆਰ ਹੈ। ਬਾਲ ਬੂੜੇ ਨੇ ਕਿਹਾ ਕਿ ਦੁੱਧ ਛਕ ਕੇ ਗੁਰੂ ਘਰ ਦੀ ਗੱਲ ਸੁਣਾਓ, ਪਰਮਾਤਮਾ ਦੀ ਗੱਲ ਕਰੋ, ਮੇਰਾ ਜਨਮ ਮਰਨ ਕੱਟ ਦਿਓ। ਗੁਰੂ ਨਾਨਕ ਦੇਵ ਜੀ ਨੇ ਦੁੱਧ ਛਕਣ ਉਪਰੰਤ ਕਿਹਾ ਕਿ ਬੇਟਾ ਤੂੰ ਅਜੇ ਬੱਚਾ ਹੈਂ ਤੇ ਇਹ ਬੁੱਧੀ ਤੈਨੂੰ ਕਿੱਥੋਂ ਮਿਲੀ। ਬੂੜੇ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਮੁਗਲਾਂ ਦੀ ਫੌਜ ਸਾਡੇ ਪਿੰਡ ਆਈ ਤੇ ਸਾਡੀਆਂ ਕੱਚੀਆਂ ਪੱਕੀਆਂ ਫਸਲਾਂ ਵੱਡ ਲਈਆਂ ਤੇ ਇਹ ਦੇਖ ਕੇ ਮਨ ਵਿਚ ਵਿਚਾਰ ਆਇਆ ਕਿ ਇਨ•ਾਂ ਨੂੰ ਕਿਸੇ ਨੇ ਨਹੀਂ ਫੜਿ•ਆ ਪਰ ਜਦੋਂ ਜਮਦੂਤ ਆਏ ਤਾਂ ਉਨ•ਾਂ ਨੂੰ ਰੋਕੂਗਾ ਕੌਣ? ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਗਲ ਨਾਲ ਲਾਇਆ ਅਤੇ ਉਨ•ਾਂ ਕਿਹਾ ਕਿ ਤੂੰ ਅਜੇ ਬੱਚਾ ਏਂ ਪਰ ਤੇਰੀ ਸੋਚ ਬੁੱਢਿਆਂ ਵਾਲੀ ਹੈ ਤੂੰ ਤਾਂ ਸਾਡਾ ਬੁੱਢਾ ਹੈਂ, ਤੂੰ ਸਿਮਰਨ ਕਰਿਆ ਕਰ, ਸਭ ਭਲੀ ਹੋਵੇਗੀ। ਬਾਅਦ ਵਿਚ ਉਨ•ਾਂ ਦਾ ਨਾਂਅ ਬੂੜਾ ਤੋਂ ਬਾਬਾ ਬੁੱਢਾ ਜੀ ਪੈ ਗਿਆ। ਜਦ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸੰਪੂਰਨ ਕਰ ਲਈਆਂ ਤਦ ਬਾਬਾ ਬੁੱਢਾ ਜੀ, ਗੁਰੂ ਨਾਨਕ ਦੇਵ ਜੀ ਕੋਲ ਆਏ ਅਤੇ ਗੁਰੂ ਘਰ ਦੀ ਸੇਵਾ ਵਿਚ ਜੁਟ ਗਏ। ਉਹ ਦਿਨ ਵਿਚ ਸੰਗਤਾ ਦੀ ਸੇਵਾ ਕਰਦੇ ਅਤੇ ਖੇਤਾਂ ਵਿਚ ਵਾਹੀ ਦਾ ਕੰਮ ਕਰਦੇ ਸਨ ਅਤੇ ਨਾਲ ਗੁਰੂ ਦਾ ਨਾਮ ਜਪਦੇ ਸਨ। ਸੰਨ 1523 ਵਿਚ ਉਨ•ਾਂ ਦਾ ਵਿਆਹ ਪਿੰਡ ਬਟਾਲੇ ਵਿਖੇ ਸਮਾਰੋਹ ਗੋਰ ਦੀ ਸਪੁੱਤਰੀ ਬੀਬੀ ਮਿਰੋਅ ਨਾਲ ਹੋਇਆ। ਉਨ•ਾਂ ਦੇ ਚਾਰ ਪੁੱਤਰ ਭਾਈ ਸੁਧਾਰੀ ਜੀ, ਭਾਈ ਬਿਖਾਰੀ ਜੀ, ਭਾਈ ਮਹਿਮੂ ਜੀ, ਭਾਈ ਭਾਨਾ ਜੀ ਹੋਏ। ਸੰਨ 1539 ਈ: ਵਿਚ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਬਾਬਾ ਬੁੱਢਾ ਜੀ ਨੇ ਭਾਈ ਲਹਿਣਾ ਜੀ ਨੂੰ ਤਿਲਕ ਲਗਾਇਆ ਤੇ ਫਿਰ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਚਲੇ ਗਏ ਤੇ ਬਾਬਾ ਬੁੱਢਾ ਜੀ ਵੀ ਉÎੱਥੇ ਚਲੇ ਗਏ ਅਤੇ ਲੰਗਰ ਦੀ ਸੇਵਾ ਵਿਚ ਜੁਟ ਗਏ। ਸੰਨ 1552 ਵਿਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸਮੇਂ ਤਿਲਕ ਲਗਾਇਆ। ਗੁਰੂ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲੇ ਗਏ। ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਦੂ ਨੇ ਗੁਰਗੱਦੀ ਤੇ ਆਪਣਾ ਹੱਕ ਜਿਤਾਇਆ ਅਤੇ ਉਸ ਸਮੇਂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛੱਡ ਕੇ ਆਪਣੇ ਪਿੰਡ ਬਾਸਰਕੇ ਚਲੇ ਗਏ ਅਤੇ ਘਰ ਵਿਚ ਦਰਵਾਜਾ ਬੰਦ ਕਰਕੇ ਭਗਤੀ ਕਰਨ ਲੱਗੇ ਅਤੇ ਉਸ ਸਮੇਂ ਗੁਰੂ ਜੀ ਨੇ ਹੁਕਮ ਕੀਤਾ ਕਿ ਕੋਈ ਵੀ ਦਰਵਾਜਾ ਨਾ ਖੋਲੇ, ਨਾ ਹੀ ਕੋਸ਼ਿਸ਼ ਕਰੇ, ਜੇ ਕੋਈ ਇਸ ਤਰ•ਾਂ ਕਰੇਗਾ ਤਾਂ ਉਹ ਗੁਰੂ ਘਰ ਦਾ ਵਿਰੋਧੀ ਹੋਵੇਗਾ। ਉਸ ਸਮੇਂ ਬਾਬਾ ਬੁੱਢਾ ਜੀ ਨੇ ਸਿਆਣਪ ਵਰਤਦੇ ਹੋਏ ਘਰ ਦੇ ਸਾਹਮਣੇ ਦਾ ਦਰਵਾਜਾ ਖੋਲਣ ਦੀ ਬਿਜਾਏ ਘਰ ਦੇ ਪਿਛਲੇ ਪਾਸੇ ਵਾਲੀ ਕੰਧ ਵਿਚ ਸੰਨ ਲਾ ਕੇ ਘਰ ਅੰਦਰ ਵੜ• ਗਏ ਅਤੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਨਾਲ ਵਿਚਾਰਾਂ ਕਰਕੇ ਉਹ ਗੁਰੂ ਸਾਹਿਬ ਨਾਲ ਹੀ ਗੋਇੰਦਵਾਲ ਸਾਹਿਬ ਆ ਗਏ। ਉਸ ਸਮੇਂ ਸਮਾਜ ਵਿਚ ਛੂਤਛਾਤ, ਊਚ ਨੀਚ ਦੀ ਭਾਵਨਾ ਨੂੰ ਖਤਮ ਕਰਨ ਲਈ ਅਤੇ ਇਸਦੇ ਸਦੀਵੀ ਹੱਲ ਲਈ ਬਾਊਲੀ ਬਣਾਉਣੀ ਚਾਹੀ। ਇਸ ਬਾਊਲੀ ਦਾ ਪਹਿਲਾ ਟੱਕ ਸੰਨ 1552 ਵਿਚ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਤੋਂ ਲਗਵਾਇਆ। ਗੁਰੂ ਅਮਰਦਾਸ ਜੀ ਨੇ ਸਿੱਖ ਦੇ ਪ੍ਰਚਾਰ ਅਤੇ ਪਸਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ ਅਤੇ ਜਿਸਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਥਾਪੇ ਗਏ। ਗੁਰੂ ਜੀ ਜਦ ਸੱਚਖੰਡ ਜਾਣ ਵਾਲੇ ਸਨ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੇ ਨਿਸ਼ਕਾਮ ਸੇਵਕ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੇ ਤਿਲਕ ਲਾ ਕੇ ਬਿਰਾਜਮਾਨ ਕੀਤਾ ਅਤੇ ਤੀਸਰੇ ਗੁਰੂ ਸਾਹਿਬਾਨ ਦਾ ਅੰਤਮ ਸੰਸਕਾਰ ਵੀ ਆਪਣੇ ਹੱਥਾਂ ਨਾਲ ਕੀਤਾ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਅਤੇ ਸਰੋਵਰ ਦੀ ਖੁਦਾਈ ਦਾ ਕੰਮ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਦੁਆਰਾ ਕਰਵਾਇਆ। ਬਾਬਾ ਬੁੱਢਾ ਜੀ ਬੇਰੀ ਹੇਠਾਂ ਬੈਠ ਕੇ ਸਮੁੱਚੇ ਕੰਮ ਕਾਰ ਦੀ ਦੇਖ ਰੇਖ ਕਰਦੇ ਅਤੇ ਹੁਣ ਇਹ ਬੇਰੀ, ਬੇਰੀ ਬਾਬਾ ਬੁੱਢਾ ਜੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਸੰਨ 1581 ਵਿਚ ਵਿਚ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵੇਲੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਉਸ ਸਮੇਂ ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਸੰਗਤਾਂ ਨੂੰ ਪੜ• ਕੇ ਸਰਵਣ ਕਰਵਾਇਆ। ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਮਿੱਸੇ ਪ੍ਰਸ਼ਾਦੇ ਲੈ ਕੇ ਗਏ ਅਤੇ ਉਨ•ਾਂ ਤੋਂ ਪੁੱਤਰ ਦੀ ਦਾਤ ਮੰਗੀ। ਉਸ ਸਮੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਤੁਹਾਡੇ ਘਰ ਮਹਾਂਬਲੀ ਯੋਧਾ ਪੈਦਾ ਹੋਵੇਗਾ ਜਿਹੜਾ ਜਾਲਮਾਂ ਦਾ ਖਾਤਮਾ ਕਰੇਗਾ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਾਜ ਤਿਲਕ ਲਗਾਇਆ ਅਤੇ ਗੁਰੂ ਜੀ ਨੇ ਸੰਨ 1609 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਨੀਂਹ ਬਾਬਾ ਬੁੱਢਾ ਜੀ ਤੋਂ ਰਖਵਾਈ ਅਤੇ ਬਾਬਾ ਬੁੱਢਾ ਜੀ ਨੂੰ ਸਮੁੱਚੀ ਜੁੰਮੇਵਾਰੀ ਸੌਂਪ ਦਿੱਤੀ। ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਅਤੇ 65 ਤਰ•ਾਂ ਦੀ ਗੁਰੂ ਵਿੱਦਿਆ ਦਿੱਤੀ। ਗਵਾਲੀਅਰ ਦੇ ਕਿਲੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਕੈਦ ਕਰਵਾ ਦਿੱਤਾ ਅਤੇ ਜਦੋਂ ਬਾਬਾ ਬੁੱਢਾ ਜੀ ਗਵਾਲੀਅਰ ਗਏ ਅਤੇ ਉÎੱਥੇ ਗੁਰੂ ਜੀ ਦੇ ਦਰਸ਼ਨ ਨਾ ਕਰ ਸਕੇ। ਗੁਰੂ ਹਰਗੋਬਿੰਦ ਸਾਹਿਬ ਕਿਲੇ ਵਿਚੋਂ ਰਿਹਾਅ ਹੋਏ ਤਾਂ ਬਾਬਾ ਬੁੱਢਾ ਜੀ ਨੇ ਸਾਰੇ ਸ਼ਹਿਰ ਵਿਚ ਦੀਪਮਾਲਾ ਕਰਵਾਈ। ਜਦੋਂ ਬਾਬਾ ਬੁੱਢਾ ਜੀ ਬਿਰਧ ਅਵਸਥਾ ਵਿਚ ਆਏ ਤਾਂ ਉਹ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਪਹੁੰਚ ਗਏ। ਸੰਨ 16 ਨਵੰਬਰ 1631 ਈ: ਨੂੰ ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਬਤੀਤ ਕਰਨ ਉਪਰੰਤ ਅਕਾਲ ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਨਾਲ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ।

ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਤੂੰ ਧੰਨ ਏਂ ਕਲਗੀਆਂ ਵਾਲਿਆ ਜਿਸ ਨੇ ਸਰਬੰਸ ਵਾਰਕੇ ਵੀ ਸੀ ਤੱਕ ਨਹੀ ਕੀਤੀ I ਗੁਰੂ ਤਾਂ ਬੁਹਤ ਬਣੇ ਫਿਰਦੇ ਆ ਪਰ ਤਨ ਤੇ ਕੋਈ ਚੂੰਡੀ ਵਡਾਉਣ ਨੂੰ ਤਿਆਰ ਨਹੀI

sri-guru-gobind-singh-ji– ਡਾ.ਮਨਜੀਤ ਸਿੰਘ ਸਰਾਂ

ਮੈ ਅਪੁਨਾ ਸੁਤ ਤੋਹਿ ਨਿਵਾਜਾ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥
ਅੱਜ ਹਰ ਕੋਈ ਮੇਰੇ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਰਗਾ ਬਣਨਾ ਤਾਂ ਚਾਹੁੰਦਾ ਹੈ ਪਰ ਓਨਾਂ ਵਰਗੀ ਸੋਚ ,ਓਨਾਂ ਵਰਗਾ ਹਿਰਦਾ ,ਓਨਾਂ ਵਰਗਾ ਤਿਆਗੀ ,ਓਨਾਂ ਵਰਗਾ ਦਾਨੀ ਹੈਅ ਕੋਈ ? ਅੱਜ ਦੇ ਗੁਰੂ ਖੁਦ ਨੂੰ ਰੱਬ ਮਨਵਾਉਣ ਚ’ ਲਗੇ ਹੋਏ ਹਨ ਜਦੋਂ ਕਿ ਓਹ ਇਕ ਸਾਫ਼ ਇਨਸਾਨ ਵੀ ਨਹੀ ਹਨ I ਸਾਡੇ ਗੁਰੂ ਨੇ ਆਪਣੇ ਪੁੱਤਰ ,ਆਪਣਾ ਪਰਿਵਾਰ ਸਾਡੇ ਲਈ ਵਾਰ ਦਿਤਾ ਤੇ ਅੱਜ ਦੇ ਗੁਰੂ ਸਾਨੂੰ ਵਾਰ ਕੇ ਆਪਣੇ ਪੁੱਤਰ ਬਚਾਉਣ ਚ’ ਲਗੇ ਹੋਏ ਹਨ i ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬ ਕਲਾ ਸੰਪੂਰਨ ਸ਼ਖ਼ਸੀਅਤ ਹਨ। ‘ਸਰਬ ਕਲਾ ਲੈ ਠਾਕੁਰ ਚੜ੍ਹਿਆ’ ਦੇ ਵਾਕ ਅਨੁਸਾਰ ਤਖ਼ਤ ‘ਤੇ ਬੈਠ ਕੇ ਗੁਰੂ ਕਲਗੀਆਂ ਵਾਲੇ ਸਾਹਿਬ ਤੇ ਸੱਚੇ ਪਾਤਸ਼ਾਹ ਹਨ ਪਰ ਜਦੋਂ ਓਹ ਸੰਗਤ ਵਿਚ ਬੈਠੇ ਤਾਂ ਇਕ ਦਰਵੇਸ਼ ਹਨ। ਮਰਦ ਅਗੰਮੜੇ ਤੇ ਵਰਿਆਮ ਪਾਤਸ਼ਾਹ ਰਣਭੂਮੀ ਵਿਚ ਸੂਰਬੀਰ ਜਰਨੈਲ ਹਨ ਪਰ ਦਇਆਵਾਨ ਇਨੇ ਹਨ ਕਿ ਉਨ੍ਹਾਂ ਦੇ ਹਰ ਤੀਰ ਨਾਲ ਇਕ ਤੋਲਾ ਸੋਨਾ ਲੱਗਾ ਹੋਇਆ ਜੋ ਮਰਨ ਵਾਲੇ ਦੇ ਅੰਤਿਮ ਕਿਰਿਆ ਕਰਮ ਤੇ ਫੱਟੜ ਹੋਏ ਦੇ ਇਲਾਜ ਦੇ ਕੰਮ ਆ ਸਕੇ। 14 ਯੁੱਧ ਲੜਦੇ ਹਨ ਲੇਕਿਨ ਦੁਸ਼ਮਣ ਤੇ ਪਹਿਲਾਂ ਵਾਰ ਨਹੀਂ ਕੀਤਾ। ਸਾਰੇ ਹੀ ਯੁੱਧ ਕਿਸੇ ਇਕ ਇੰਚ ਜ਼ਮੀਨ ਜਾਂ ਜ਼ਰ ਜ਼ੋਰੂ ਲਈ ਨਹੀਂ ਬਲਕਿ ਧਰਮ ਦੀ ਰਾਖੀ ਲਈ ਅਤੇ ਜ਼ੁਲਮ ਦੇ ਨਾਸ਼ ਲਈ ਲੜੇ ਹਨ। ਅਕਾਲ ਪੁਰਖ ਦੇ ਪੁੱਤਰ ਦਾ ਕੋਈ ਦੁਸ਼ਮਣ ਨਹੀਂ ਹੈ। ਲੜਾਈ ਦੇ ਦਿਨਾਂ ਚ’ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਉਨ੍ਹਾਂ ਦਾ ਇਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿਚ ਅਕਾਲ ਪੁਰਖ ਦੀ ਇਕ ਜੋਤ ਦੇਖ ਕੇ ਮਿੱਤਰ ਅਤੇ ਦੁਸ਼ਮਣ ਦੋਹਾਂ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਸਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉੱਤਰ ਕਿ ‘ਪਾਤਸ਼ਾਹ ਮੈਨੂੰ ਤਾਂ ਜੰਗ ਵਿਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ’ !,ਇਹ ਸੁਣ ਕੇ ਪਾਤਸ਼ਾਹ ਇਨੇ ਪ੍ਰਸੰਨ ਹੋਏ ਕਿ ਓਹ ਉਸ ਨੂੰ ਮਰਹਮ ਪੱਟੀ ਦੇ ਕੇ ਕਹਿੰਦੇ ਹਨ ਕਿ ਹੁਣ ਤੁਸੀਂ ਜਲ ਦੇ ਨਾਲ-ਨਾਲ ਮਰਹਮ ਪੱਟੀ ਵੀ ਕਰਨੀ ਹੈ। ਮੇਰੇ ਪਾਤਸ਼ਾਹ ਨੇ ਸੀਸ ਭੇਟ ਕਰਨ ਆਏ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਦਸਮੇਸ਼ ਪਿਤਾ ਖਾਲਸੇ ਦੀ ਸਾਜਨਾ ਕਰਦੇ ਹਨ ਤੇ ਫਿਰ ਉਨ੍ਹਾਂ ਹੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਪਾਹੁਲ ਦੀ ਯਾਚਨਾ ਕਰਦੇ ਹਨ। ਧਰਮ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਤੇ ਚੇਲੇ ਦਰਮਿਅਨ ਵਿੱਥ ਖਤਮ ਹੋਈ। ਗੁਰੂ ਨਾਨਕ ਸਾਹਿਬ ਦੇ ਬਚਨ, ‘ਗੁਰੂ ਸਿਖ ਸਿਖ ਗੁਰੁ ਹੈ’ ਇਉਂ ਪ੍ਰਤੱਖ ਹੋਏ ਅਤੇ ਇਕ ਨਿਵੇਕਲੇ ਤੇ ਵਿਲੱਖਣ ਅਧਿਆਤਮਕ ਲੋਕਤੰਤਰ ਤੇ ਗੁਣਤੰਤਰ (ਖਾਲਸਾ) ਦੀ ਸਿਰਜਣਾ ਕਰ ਦਸਮੇਸ਼ ਪਿਤਾ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ’ ਅਖਵਾਇਆ। ਦਸਮ ਪਿਤਾ ਜੀ ਨੇ ਆਪਣੀ ਰਚਨਾ ਬਚਿੱਤਰ ਨਾਟਕ ਚ’ ਲਿਖਿਆ ਹੈ ਕਿ,
‘ਚਿਤ ਨ ਭਯੋ ਹਮਰੋ ਆਵਨ ਕਹ॥
ਚੁਭੀ ਰਹੀ ਸ੍ਰੁਤਿ ਪ੍ਰਭ ਚਰਨਨ ਮਹਿ॥’
‘ਮੈ ਅਪੁਨਾ ਸੁਤ ਤੋਹਿ ਨਿਵਾਜਾ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥’
ਮੈਂਨੂੰ ਅੱਜ ਤੱਕ ਕਿਸੇ ਵੀ ਧਰਮ ਚ’ ਕੋਈ ਐਸਾ ਕੋਈ ਪੀਰ, ਪੈਗ਼ੰਬਰ, ਸੰਤ, ਭਗਤ ਨਹੀਂ ਲਭਿਆ, ਜਿਸ ਦਾ ਰੱਬ ਨਾਲ ਇਸ਼ਕ ਐਸਾ ਹੋਇਆ ਹੋਵੇ ਜਿਨਾਂ ਮੇਰੇ ਪਾਤਸ਼ਾਹ ਜੀ ਨੂੰ ਹੋਇਆ ਹੋਵੇ । ਦੁਨੀਆ ਵਿਚ ਕੋਈ ਗੁਰੂ ਪਾਤਸ਼ਾਹ ਦਾ ਵਰਗਾ ਨਹੀਂ ਹੋਇਆ, ਜਿਸ ਨੇ ਆਪ ਆਪਣੇ ਪਿਤਾ ਨੂੰ ਪਰ ਧਰਮ ਬਚਾਉਣ ਹਿੱਤ ਤੋਰਿਆ, ਚਮਕੌਰ ਦੀ ਅਸਾਵੀਂ ਜੰਗ ਵਿਚ ਦੋ ਪੁੱਤਰਾਂ ਨੂੰ ਹੱਥੀਂ ਤਿਆਰ ਕਰਕੇ ਮੈਦਾਨੇ ਜੰਗ ਤੋਰਿਆ ਤੇ ਅਖਾਂ ਸਾਹਮਣੇ ਸ਼ਹੀਦ ਹੁੰਦਾ ਵੇਖਿਆ। ਪਰਮ ਪਿਤਾ ਦੇ ਹੁਕਮ ਵਿਚ ਹੀ ਅਨੰਦਪੁਰ ਸਾਹਿਬ ਵਿਖੇ ਸ਼ਹਿਨਸ਼ਾਹ ਦਾ ਜੀਵਨ ਜੀਵਿਆ ਤੇ ਮਾਛੀਵਾੜੇ ਦੇ ਜੰਗਲ ਵਿਚ ਨੰਗੇ ਪੈਰੀਂ ਕੱਖ-ਕੰਡੇ ਮਿੱਧਦਿਆਂ ਇੱਟ ਦਾ ਸਿਰਹਾਣਾ ਲੈ ਕੇ ਆਰਾਮ ਕੀਤਾ। ਅਜਿਹੇ ਹਾਲਾਤ ਵਿਚ ਵੀ ਜਦੋਂ ਮਾਹੀ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸਰਹਿੰਦ ਦੇ ਜ਼ਾਲਮ ਨਵਾਬ ਵੱਲੋਂ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਨ, ਮਾਤਾ ਗੁਜਰੀ ਦੀ ਸ਼ਹਾਦਤ ਦੀ ਦਰਦਨਾਕ ਗਾਥਾ ਸੁਣਾਈ ਤਾਂ ਗੁਰਦੇਵ ਨੇ ਤੀਰ ਨਾਲ ਘਾਹ ਦਾ ਤਿਣਕਾ ਪੁਟ ਐਨਾ ਹੀ ਕਿਹਾ, ‘ਮੁਗਲ ਰਾਜ ਦੀ ਜੜ੍ਹ ਪੁੱਟੀ ਗਈ’। ਫਿਰ ਵੀ ਲੋਕ ਅੱਜ ਓਨਾਂ ਵਰਗਾ ਬਣਨ ਦਾ ਡੋੰਗ ਰਚਾ ਕੇ ਆਪਣੇ ਨਿੱਜੀ ਸੁਆਰਥ ਕਢਣ ਲਈ ਮੇਰੇ ਗੁਰੂ ਦਾ ਸਹਾਰਾ ਕਿਓਂ ਲੈਂਦੇ ਹਨ ? ਓਹ ਓਨਾਂ ਦੇ ਮਾਰਗ ਤੇ ਚਲਕੇ ਓਨਾਂ ਦਾ ਰਸਤਾ ਕਿਓਂ ਨਹੀ ਅਪਨਉਣ ਲਈ ਤਿਆਰ ? ਸਾਡੇ ਵਲੋਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਬ ਪੁਰਬ ਦੀਆਂ ਸਮੂਹ ਨਾਨਕ ਲੇਵਾ ਸੰਗਤਾਂ ਨੂੰ ਲਖ ਲਖ ਵਧਾਈਆਂ !!

ਗੁਰੂ ਨਾਨਕ ਪੁਰਬ ਮੌਕੇ ਕੁਦਰਤ ਦਾ ਵਚਿੱਤਰ ਕ੍ਰਿਸ਼ਮਾ

guru-nanak-dev-gਕੁਦਰਤ ਦਾ ਵਰਤਾਰਾ ਕਹਿ ਲਓ ਜਾਂ ਫਿਰ ਗ੍ਰਹਿਆਂ ਦੀ ਚਾਲ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਬਾਰੇ ਭਾਈ ਗੁਰਦਾਸ ਦੀ ਤੁਕ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ’ ਦ੍ਰਿਸ਼ ਰੂਪ ‘ਚ ਦਿਖਾਈ ਦੇਵੇਗੀ। ਇਸ ਵਾਰ 14 ਨਵੰਬਰ, ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ, ਦੀ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ (ਸੁਪਰਮੂਨ) ਧਰਤੀ ‘ਤੇ ਚਾਨਣ ਦੀਆਂ ਅਜਿਹੀਆਂ ਰਿਸ਼ਮਾਂ ਬਿਖੇਰੇਗਾ, ਜਿਹੜੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਇਹ ਅਲੌਕਿਕ ਨਜ਼ਾਰਾ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਹੋਵੇਗਾ।ਅੱਜ ਤੋਂ 500 ਸਾਲ ਪਹਿਲਾਂ ਹੀ ਆਪਣੀ ਬਾਣੀ ਰਾਹੀਂ ਦੁਨੀਆਂ ਦਾ ਰਾਹ ਰੁਸ਼ਨਾ ਗਏ, ਲੱਖਾਂ ਆਕਾਸ਼, ਪਤਾਲ, ਚੰਦ, ਸੂਰਜ ਤੇ ਗ੍ਰਹਿਆਂ ਦੀ ਗੱਲ ਕਹਿ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਦੋਂ ਦੁਨੀਆ ਭਰ ਦੇ ਗੁਰਦੁਆਰਿਆਂ ‘ਚ ਇਲਾਹੀ ਬਾਣੀ ਦੇ ਕੀਰਤਨ ਹੋ ਰਹੇ ਹੋਣਗੇ ਠੀਕ ਉਸੇ ਵੇਲੇ ਆਕਾਸ਼ ਚਿੱਟੀ ਰੌਸ਼ਨੀ ਨਾਲ ਜਗਮਗਾ ਉਠੇਗਾ।ਗ੍ਰਹਿਆਂ ਦੇ ਇਸ ਵਰਤਾਰੇ ਦਾ ਨਾਂ ‘ਪੇਰੀਜੀ’ ਹੈ ਜਿਸ ਦਾ ਮਤਲਬ ਹੈ ਕਿ ਨਕਸ਼ਕ ਦਾ ਉਹ ਹਿੱਸਾ ਜੋ ਪ੍ਰਿਥਵੀ ਦੇ ਸਭ ਤੋਂ ਨੇੜੇ ਹੋ ਕੇ ਲੰਘਦਾ ਹੈ। super-moon

14 ਨਵੰਬਰ ਨੂੰ ਨਜ਼ਰ ਆਉਣ ਵਾਲਾ ਚੰਦਰਮਾ ਇਸ ਵਾਰ 48,000 ਕਿਲੋਮੀਟਰ ਧਰਤੀ ਦੇ ਹੋਰ ਨੇੜੇ ਹੋ ਕੇ ਲੰਘੇਗਾ ਜਿਸ ਕਰਕੇ ਚੰਦਰਮਾ 14% ਹੋਰ ਵੱਡਾ ਤੇ 30% ਹੋਰ ਉਜਵਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਚੰਦਰਮਾ 26 ਜਨਵਰੀ, 1948 ਨੂੰ ਕਾਫੀ ਨੇੜੇ ਹੋ ਕੇ ਲੰਘਿਆ ਸੀ। ਨਾਸਾ ਮਾਹਿਰਾਂ ਦਾ ਮੁਤਾਬਕ ਇਸ ਰਾਤ ਆਕਾਸ਼ ਇੰਨਾ ਜਗਮਗਾਏਗਾ ਕਿ ਪਿਛਲੇ 70 ਸਾਲਾਂ ‘ਚ ਕਿਸੇ ਨੇ ਅਜਿਹਾ ਦ੍ਰਿਸ਼ ਨਹੀਂ ਦੇਖਿਆ ਹੋਵੇਗਾ। ਇਸ ਪਿੱਛੋਂ ਅਜਿਹਾ ਨਜ਼ਾਰਾ 25 ਨਵੰਬਰ, 2034 ਨੂੰ ਦਿਖਾਈ ਦੇਣ ਦਾ ਅਨੁਮਾਨ ਹੈ।
ਇਸ ਸਾਲ ਚੌਥੀ ਵਾਰ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘੇਗਾ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਲੰਘ ਚੁੱਕਾ ਹੈ, ਹੁਣ 14 ਨਵੰਬਰ ਨੂੰ ਤੇ ਫਿਰ 14 ਦਸੰਬਰ ਨੂੰ ਲੰਘੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੋ 14 ਨਵੰਬਰ ਦਾ ਨਜ਼ਾਰਾ ਅਦਭੁੱਤ ਹੋਵੇਗਾ ਤੇ ਸਦੀ ਦਾ ਪਹਿਲਾ ਨਜ਼ਾਰਾ ਹੋਵੇਗਾ। ਚੰਦਰਮਾ ਦਾ ਧਰਤੀ ਦੇ ਨੇੜੇ ਲੰਘਣਾ ਸਬੱਬੀ ਗੱਲ ਹੋ ਸਕਦੀ ਹੈ ਪਰ ਇਸ ਵਾਰ ਦਾ ਗੁਰਪੁਰਬ ਸੰਗਤ ਲਈ ਯਾਦਗਾਰੀ ਜ਼ਰੂਰ ਹੋ ਹੋਵੇਗਾ।

——————————————————————————————————–

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗਾ ਦਰਵੇਸ਼ ,ਇਨਸਾਨੀਅਤ ਦੀ ਸੇਵਾ ਦਾ ਹੋਕਾ ਦੇਣ ਵਾਲਾ ਤੇ ਇਨਕਲਾਬੀ ਵਿਚਾਰਾਂ ਵਾਲਾ ਗੁਰੂ ਕੋਈ ਹੋਰ ਨਹੀ ਹੋ ਸਕਦਾ

guru-nanak-dev-gਡਾ.ਮਨਜੀਤ ਸਿੰਘ ਸਰਾਂ
ਸੱਚ ਨੂੰ ਸੱਚ ਤੇ ਜਾਲਮ ਨੂੰ ਜਾਲਮ ਆਖਣ ਦੀ ਜੁਰਅੱਤ ਸਿਰਫ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਹੋਰ ਚ’ ਨਹੀ ਹੋ ਸਕਦੀ I ਸਮੇ ਦੇ ਹਾਕਮ ਨੂੰ ਉਸਦੇ ਜੁਲਮਾਂ ਦਾ ਅਹਿਸਾਸ ਕਰਾਉਣ ਲਈ ਉਸਨੂੰ ‘ਰਾਜੇ ਸ਼ੀਂਹ ਮੁਕਦਮ ਕੁਤੇ ‘ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ I ਪਿਛਲੇ ਦਿਨਾਂ ਚ’ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਿਸੇ ਇਕ ਰਾਗੀ ਸਾਹਿਬ ਨੇ ਇਹ ਸ਼ਬਦ ਗਿਆ ਸੀ ਤਾਂ ਤਰੁੰਤ ਉਸਨੁ ਸਾਰੇ ਹੱਕਾਂ ਤੂੰ ਸਦਾ ਲਈ ਵਾਂਝਾ ਕਰ ਦਿੱਤਾ ਸੀ I ਭਾਵ ਘਰ ਬਿਠਾ ਦਿਤਾ ਸੀ I ਉਸ ਸਮੇ ਸਮਾਜ ਚ’ ਆ ਰਹੇ ਨਿਘਾਰ ਨੂੰ ਠਲ ਪਾਉਣ ਲਈ ਸ਼੍ਰੀ ਗੁਰੂ ਨਾਨਕ ਜੀ ਨੇ ਲੋਕਾਂ ਚ’ ਇਕ ਨਵੀਂ ਲਹਿਰ ਪੈਦਾ ਕੀਤੀ ਅਤੇ ਪਾਖੰਡ ਦੀਆਂ ਦੁਕਾਨਾਂ ਖੋਲੀ ਬੈਠੇ ਲੋਕਾਂ ਦੇ ਖਿਲਾਫ਼ ਅਵਾਜ਼ ਉਠਾਈ ਜੋ ਸਿਰਫ ਗੁਰੂ ਨਾਨਕ ਦੇ ਹਿੱਸੇ ਹੀ ਆਉਂਦਾ ਹੈ I ਲੋਕਾਂ ਨੂ ਜਾਗਰੂਕ ਕਰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੀ ਇਕ ਬਹੁਤ ਸੁੰਦਰ ਰਚਨਾ ‘ਆਰਤੀ’ ਰਚੀ ਅਤੇ ਦਸਿਆ ਜਾਂਦਾ ਹੈ ਕਿ ਆਰਤੀ ਵਾਲੇ ਸ਼ਬਦ ਦੀ ਰਚਨਾ ਗੁਰੂ ਸਾਹਿਬ ਨੇ ‘ਜਗਨ ਨਾਥ ਪੁਰੀ’ ਦੀ ਧਰਤੀ ‘ਤੇ ਕੀਤੀ ਸੀ I ਉਸ ਸਮੇ ਮੰਦਰਾਂ ਦੇ ਪੁਜਾਰੀਆਂ ਨੇ ਹੀਰੇ-ਮੋਤੀਆਂ ਨਾਲ ਜੜੇ ਥਾਲ ਵਿਚ ਦੀਵੇ, ਧੂਪ ਬੱਤੀ, ਫੁੱਲ ਆਦਿ ਸਜਾ ਕੇ ਦੇਵਤਿਆਂ ਦੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਗੁਰੂ ਸਾਹਿਬ ਇਸ ਆਰਤੀ ਤੋਂ ਰੱਤਾ ਵੀ ਪ੍ਰਭਾਵਿਤ ਨਹੀਂ ਸਨ ਹੋ ਰਹੇ I ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਰਤੀ ਵਿਚ ਸ਼ਾਮਿਲ ਕਿਉਂ ਨਹੀਂ ਹੋਏ ਤਾਂ ਗੁਰੂ ਸਾਹਿਬ ਦਾ ਉੱਤਰ ਸੀ ਕਿ ਮੈਂ ਤਾਂ ਪਰਮਾਤਮਾ ਦੀ ਹਮੇਸ਼ਾ ਤੋਂ ਹੋ ਰਹੀ ਅਸਲ ਆਰਤੀ ਵਿਚ ਸ਼ਾਮਿਲ ਸਾਂ I ਗੁਰੂ ਸਾਹਿਬ ਨੇ ਦਸਿਆ ਕਿ ਇਹ ਸਾਰਾ ਆਕਾਸ਼ ਇਕ ਥਾਲ ਹੈ ਤੇ ਸੂਰਜ ਤੇ ਚੰਦਰਮਾ ਉਸ ਵਿਚ ਦੀਵੇ ਹਨ I ਤਾਰਿਆਂ ਦਾ ਸਮੂਹ ਉਸ ਵਿਚ ਮੋਤੀ ਹਨ ਅਤੇ ਪਰਬਤਾਂ ਤੋਂ ਵਗ ਰਹੀ ਹਵਾ ਧੂਪ ਹੈ ਅਤੇ ਉਸ ਅਕਾਲ ਪੁਰਖ ਨੂੰ ਇਹ ਪਵਣ ਚਵਰ ਕਰ ਰਹੀ ਹੈ | ਸਾਰੀ ਬਨਸਪਤੀ ਵਿਚ ਖਿੜੇ ਫੁੱਲ, ਪੌਦੇ ਆਦਿ ਜੋਤੀ ਰੂਪ ਹੋ ਕੇ ਸੋਭਾ ਵਧਾ ਰਹੇ ਹਨ | ਇਸ ਤਰ੍ਹਾਂ ਸਮੁੱਚੀ ਕੁਦਰਤ ਵੱਲੋਂ ਉਸ ਪ੍ਰਭੂ ਪਰਮਾਤਮਾ ਦੀ ਦਿਨੇ-ਰਾਤ ਆਰਤੀ ਹੋ ਰਹੀ ਹੈ ਅਤੇ ਇਓਂ ਲਿਖਿਆ ,
ਗਗਨ ਮੈ ਥਾਲੁ ਰਵਿ ਚੰਦੁ ਦੀਪਕ ,
ਬਨੇ ਤਾਰਿਕਾ ਮੰਡਲ ਜਨਕ ਮੋਤੀ ,
ਧੂਪੁ ਮਲਆਨਲੋ ਪਵਣੁ ਚਵਰੋ ਕਰੇ ,
ਸਗਲ ਬਨਰਾਇ ਫੂਲੰਤ ਜੋਤੀ ,
ਕੈਸੀ ਆਰਤੀ ਹੋਇ ,
ਭਵ ਖੰਡਨਾ ਤੇਰੀ ਆਰਤੀ ,
ਅਨਹਤਾ ਸਬਦ ਵਾਜੰਤ ਭੇਰੀ ,
ਸ਼ਾਇਦ ਧਰਤੀ ਤੋਂ ਆਕਾਸ਼ ਤੱਕ, ਸਮੁੱਚੀ ਸਿ੍ਸ਼ਟੀ ਦੀ ਅਦਭੁੱਤ ਰਚਨਾ ਬਾਰੇ ਇਸ ਤੋਂ ਢੁੱਕਵੀਆਂ ਸਤਰਾਂ ਕੋਈ ਹੋਰ ਨਹੀ ਲਿਖ ਸਕਦਾ I ਇਸ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿਵਾਏ ਕਿਸੇ ਹੋਰ ਦੇ ਹਿੱਸੇ ਨਹੀ ਆਉਂਦਾ I

ਕਈ ਵਿਸ਼ੇਸ਼ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਹਰਿਮੰਦਰ ਸਾਹਿਬ ਦੀ ਸਾਜਨਾ ਹੋਈ

img-20160920-wa0076ਅੱਜ ਤੋਂ ਲਗਪਗ ਸਾਢੇ ਚਾਰ ਸੌ ਸਾਲ ਪਹਿਲੇ ਜਿਸ ਵਕਤ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ। ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ ਤੇ 490 ਫੁਟ ਚੌੜੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ ਤਾਂ ਉਨਾਂ ਨੇ ਜਿਥੇ ਇਸ ਅਦਭੁਤ ਅਸਥਾਨ ਦੇ ਕਈ ਹੋਰ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਿੲਸ ਗੱਲ ਨੂੰ ਵੀ ਧਿਆਨ ਚ ਰਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਲਗਦੀ ਪਰਕਰਮਾ ਵਿਚ ਬੈਠੀ ਸੰਗਤ ਤੋਂ ਿੲਲਾਵਾ ਜੇ ਹੋ ਸਕੇ ਤਾਂ ਸਰੋਵਰ ਦੇ ਕੰਢਿਆਂ ਤੇ ਬੈਠੇ ਸ਼ਰਧਾਲੂ ਵੀ ਕੀਰਤਨ ਦੀ ਆਵਾਜ ਪਹੁੰਚ ਸਕੇ। ਿੲਸ ਲਈ ਉਨਾਂ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਹੋਇਆਂ ਹਰਿਮੰਦਰ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ। ਭਵਨ ਦੀ ਉਚਾਈ ਬਾਰੀਆਂ ਦਰਵਾਜਿਆਂ ਦੀ ਲੰਬਾਈ ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਦੇ ਪਖੋਂ ਪੂਰਾ ਪੂਰਾ ਹਿਸਾਬ ਰੱਖਿਆ ਗਿਆ। ਿੲਕ ਦਿਵਾਰ ਦਾ ਦੂਜੀ ਦੀਵਾਰ ਤੋਂ ਫਾਸਲਾ ਿੲਤਨਾ ਹੀ ਰਖਿਆ ਗਿਆ ਕਿ ਕੋਈ ਵੀ ਚੀਜ ਕੀਰਤਨ ਦੀ ਆਵਾਜ ਵਿੱਚ ਰੁਕਾਵਟ ਨਾ ਪਾਵੇਨਾ ਤਾਂ ਿੲਮਾਰਤੀ ਢਾਂਚੇ ਕਾਰਨ ਆਵਾਜ ਫਟੇ ਨਾ ਹੀ ਗੂੰਜੇ ਸਗੋਂ ਹੋਰ ਮੁਲਾਇਮ ਹੋਕੇ ਵਧੇਰੇ ਸੁਰੀਲੀ ਹੋ ਜਾਵੇ। ਿੲਹ ਸਾਰਾ ਕਾਰਜ ਆਪਣੇ ਆਪ ਵਿਚ ਬਹੁਤ ਤਕਨੀਕੀ ਪ੍ਰਕਾਰ ਦਾ ਸੀ। ਸਰੋਤਿਆਂ ਨੰੂ ਇਵੇਂਮਹਿਸੂਸ ਹੁੰਦਾ ਸੀ ਕਿ ਿੲਲਾਹੀ ਬਾਨੀ ਦੇ ਮਨਮੋਹਕ ਕੀਰਤਨ ਦੀਆਂ ਧੁਨਾਂ ਆਕਾਸ਼ੋਂ ਉਤਰ ਕੇ ਵਾਤਾਵਰਣ ਨੂੰ ਰੱਬੀ ਪਿਆਰ ਨਾਲ ਭਰ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਿੲਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ। ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਸਨ। ਕਹਿੰਦੇ ਹਨ ਜਦ ਭਾਈ ਮਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ਵਿਚ ਨਮ ਹੋ ਜਾਂਦੇ ਸਨ।  ਉਹ ਕੀਰਤਨ ਨੂੰ ਆਪਨੇ ਪ੍ਰਭੂ ਨਾਲ ਸੁਰ ਮਈ ਗੱਲਾਂ ਕਰਨ ਸਮਾਨ ਸਮਝਦੇ ਸਨ। ਦਰਬਾਰ ਸਾਹਿਬ ਦੇ ਕੀਰਤੀਏ ਵਡੇ ਵਡੇ ਸਰਦਾਰਾਂ ਦੀਆ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਿੲਹ ਕੇ ਠੁਕਰਾ ਦਿੰਦੇ ਕਿ ਉਹ ਤਾਂ ਦਰਬਾਰ ਸਾਹਿਬ ਵਿਚ ਹੀ ਅਪਣਾ ਗਲਾ ਖੋਲਣਗੇ। ਉਨਾਂ ਦੀ ਇਸ ਅਸਥਾਨ ਦੇ ਜਸ ਗਾਇਣ ਕਰਨ ਲਈ ਹੀ ਬੈ ਹੋਈ ਪਈ ਹੈ। ਿੲਕ ਦਿਨ ਸੰਗਤਾਂ ਨੇ ਮਹਾਰਾਜੇ ਨੰੂ ਸਹਿਜ ਸੁਭਾਏ ਿੲਹ ਕਿਹਾ ਕਿ ਭਾਈ ਮਨਸ਼ਾ ਸਿੰਘ ਵਰਗਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ ਪਰ ਉਸ ਉੱਤੇ ਗ੍੍ਰੀਬੀ ਦਾ ਬੋਝ ਹੈ। ਜਿਸ ਕਾਰਣ ਉਹ ਸਖਤ ਮੰਦਹਾਲੀ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਮਹਾਰਾਜੇ ਨੇ ਜਦ ਿੲਹ ਗੱਲ ਸੁਣੀ ਤਾਂ ਉਸੇ ਵਕਤ ਭਾਈ ਮਨਸ਼ਾ ਸਿੰਘ ਦੇ ਅਰ ਪਹੁੰਚ ਗਿਆ ਦਰਵਾਜਾ ਖੜਕਾਣ ਤੇ ਮਨਸ਼ਾ ਸਿੰਘ ਨੂੰ ਦਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਉਸਦੀ ਮੱਦਦ ਕਰਨ ਲਈ ਆਇਆ ਹੈ। ਮਨਸ਼ਾ ਸਿੰਘ ਨੇ ਬੂਹਾ ਨਾ ਖੋਲਿਆ ਅਤੇ ਅਦਰੋਂ ਹੀ ਬੜੇ ਨਿਮਰ ਨਾਲ ਮਹਾਰਾਜੇ ਦਾ ਧੰਨਵਾਦ ਕਰ ਦਿੱਤਾ। ਮਹਾਰਾਜੇ ਨੇ ਤੁਰੰਤ ਅਨੁਮਾਨ ਲਗਾ ਲਿਆ ਕਿ ਗੁਰੂ ਦੀ ਸ਼ਰਨ ਵਿੱਚ ਜੀਂਦਾ ਮਨੁੱਖ ਅਦਰੋਂ ਬਾਹਰੋਂ ਕਿਤਨਾ ਰੱਜਿਆ ਹੋਇਆ ਅਤੇ ਿਤ੍ਰਪਤੀ ਹੁੰਦਾ ਹੈ। ਿੲਕ ਵਾਰ ਰਬਿੰਦਰ ਨਾਥ ਟੈਗੋਰ ਨੇ ਦਰਬਾਰ ਸਾਹਿਬ ਭਾਈ ਸੁੰਦਰ ਸਿੰਘ ਦਾ ਕੀਰਤਨ ਸੁਣਿਆ ਤਾਂ ਉਹ ਕੀਰਤਨ ਦਾ ਦਿਵਾਨਾ ਹੋ ਗਿਆ । ਉਸਨੇ ਭਾਈ ਸੁੰਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਠਹਿਰ ਵਾਲੀ ਥਾਂ ਤੇ ਆਕੇ ਕੁਝ ਸਮਾਂ ਕੀਰਤਨ ਸੁਣਾ ਜਾਵੇ ਪਰ ਭਾਈ ਸਾਹਿਬ ਨੇ ਕਹਿ ਭੇਜਿਆ ਕਿ ਜੇਕਰ ਟੈਗੋਰ ਨੇ ਸੁੰਦਰ ਸਿੰਘ ਦਾ ਕੀਰਤਨ ਸਣਨਾ ਹੈ ਤਾ ਉਸਨੂੰ ਦਰਬਾਰ ਸਾਹਿਬ ਹੀ ਆਣਾ ਪਵੇਗਾ। ਬੰਗਾਲ ਵਾਪਿਸ ਜਾਣ ਲਗਿਆ ਉਸ ਨੇ ਕਿਹਾ ਕਿ ਜੇਕਰ ਭਾਈ ਸੁੰਦਰ ਸਿੰਘ ਦਰਬਾਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਾ ਕਰਦੇ ਹੁੰਦੇ ਤਾਂ ਮੈਂ ਿੲਹਨਾਂ ਨੂੰ ਚੁੱਕ ਕੇ ਅਪਣੇ ਨਾਲ ਲੈ ਜਾਂਦਾ। ਹੁਣ ਦਰਬਾਰ ਸਾਹਿਬ ਅਤਿ ਆਧੁਨਿਕ ਧੁਨੀ ਸਿਸਟਮ ਫਿਟ ਹੈ ਜਿਹੜਾ ਹੋਲੀ ਜਿਹੀ ਆਵਾਜ ਨੂੰ ਬੜਾ ਸੂਖਮ ਮੁਲਾਿੲਮ ਤੇ ਸੁਰੀਲਾ ਬਣਾ ਕੇ ਸਾਰੇ ਪਰੀਸਰ ਵਿਚ ਿੲਵੇਂ ਖਿੰਡਾ ਦਿੰਦਾ ਹੈ ਜਿਵੇ ਹਵਾ ਦਾ ਿੲਕ ਝੌਕਾਂ ਫੁੱਲਾਂ ਦੀ ਮਹਿਕ ਨੰੂ ਸਭ ਪਾਸੇ ਖਿਲਾਰ ਦਿੰਦਾ ਹੈ। ਜਿਨਾਂ ਸੰਗਤਾਂ ਨੇ ਅਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਦਰਬਾਰ ਸਾਹਿਬ ਵੱਲ ਪਧਾਰਨ ਦੇ ਨਜਾਰੇ ਦੇ ਦਰਸ਼ਨ ਕੀਤੇ ਨੇ ਉਨਾਂ ਨੂੰ ਪਤਾ ਹੋਵੇਗਾ ਕਿ ਪਾਲਕੀ ਸਾਹਿਬ ਦੇ ਅੱਗੇ ਿੲਕ ਨੌਜਵਾਨ ਸ਼ਰਧਾਵਾਨ ਸਿੰਘ ਪੂਰੇ ਜੋਰ ਨਾਲ ਨਰਸਿੰਘਾ ਵਜਾਂਦਾ ਹੈ। ਜਦ ਉਸਦੇ ਨਰਸਿੰਘੇ ਦੀ ਆਵਾਜ ਹਰਿਮੰਦਰ ਸਾਹਿਬ ਦੀਆਂ ਦਿਵਾਰਾਂ ਨਾਲ ਛੂੰਹਦੀ ਹੈ ਤਾਂ ਵਿਸਮਾਦੀ ਰੰਗ ਬੰਨ ਦਿੰਦੀ ਹੈ। ਿੲਵੇਂ ਲਗਦਾ ਹੈ ਕਿ ਪ੍ਰਮਾਤਮਾ ਖੁਦ ਗੁਰੂ ਗੰ੍ਥ ਸਾਹਿਬ ਜੀ ਦੇ ਸਤਿਕਾਰ ਵਿਚ ਆਪ ਆਕਾਸ਼ ਿੲਸ ਅਨਾਦੀ ਨਾਦ ਦਾ ਵਰਦਾਨ ਕਰ ਰਿਹਾ ਹੋਵੇ।

ਗਿਆਨੀ ਹਰਬੰਸ ਸਿੰਘ ਤੇਗ…!

30 ਅਗਸਤ ਜਨਮ ਦਿਨ ਮੌਕੇ ਵਿਸ਼ੇਸ਼
ਬਹੁਪੱਖੀ ਸ਼ਖਸੀਅਤ ਭਾਈ ਕਾਨ ਸਿੰਘ ਨਾਭਾ

Bhai-kahan-singh-nabhaਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ ਇੱਕ ਸੰਸਥਾ ਵੀ। ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤੀ ਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਤੇ ਰਾਜਨੀਤੀ ਆਦਿਕ ਅਨੇਕ ਵਿਸ਼ੇ ਸ਼ਾਮਿਲ ਹਨ। ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (1900 ਤੋਂ 1930 ਈ.) ਵਿੱਚ ਭਾਈ ਸਾਹਿਬ ਦਾ ਸਥਾਨ ਮਹੱਤਵਪੂਰਣ ਹੈ।

ਉਨ•ਾਂ ਦਾ ਅਸਲ ਪਿੰਡ ‘ਪਿਥੋ’ ਜ਼ਿਲਾ ਬਠਿੰਡਾ ਵਿੱਚ, ਜਾਤ ਦੇ ਢਿਲੋਂ ਜੱਟ ਤੇ ਉਨ•ਾਂ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ। ਆਪ ਦਾ ਜਨਮ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ•ਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861ਈ. ਨੂੰ ਹੋਇਆ। ਬੇਸ਼ਕ ਭਾਈ ਸਾਹਿਬ ਨੇ ਵਿਦਿਆ ਕਿਸੇ ਖਾਸ ਵਿਦਿਆਲੇ ਤੋਂ ਪ੍ਰਾਪਤ ਨਹੀਂ ਕੀਤੀ, ਪਰੰਤੂ ਨਾਭੇ ਦੇ ਜਿਸ ਇਤਿਹਾਸਕ ਗੁਰਦੁਆਰੇ ਵਿੱਚ ਉਨ•ਾਂ ਨੂੰ ਬਚਪਨ ਤੋਂ ਵਿਦਿਆ ਪ੍ਰਾਪਤੀ ਦਾ ਮੌਕਾ ਮਿਲਿਆ ਉਹ ਅਸਥਾਨ ਉਸ ਮੌਕੇ ਬਹੁ-ਪੱਖੀ ਗਿਆਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਨਾਮ ਦੇ ਰਸੀਏ ਮਹਾਂਪੁਰਸ਼ ਬਾਬਾ ਅਜਾਪਾਲ ਸਿੰਘ ਜੀ ਨਾਲ ਸਬੰਧਿਤ ਉਸ ਇਤਿਹਾਸਕ ਗੁਰਦੁਆਰੇ ਦੇ ਪ੍ਰਮੁੱਖ ਸੇਵਾਦਾਰ ਉਸ ਸਮੇਂ, ਉਨ•ਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਸਨ, ਜਿਸ ਕਰਕੇ ਬਚਪਨ ਤੋਂ ਹੀ ਬਹੁ-ਪੱਖੀ ਵਿਦਿਆ ਦੁਆਰਾ ਭਾਈ ਸਾਹਿਬ ਨੂੰ  ਭਲਾਈ ਤੇ ਬੁਰਾਈ ਨੂੰ ਪਰਖਣ ਦੀ ਸੋਝੀ ਪ੍ਰਾਪਤ ਹੋਈ।
ਜਵਾਨੀ ਦੀ ਉਮਰੇ ਪਹੁੰਚਣ ਤੱਕ ਭਾਈ ਸਾਹਿਬ ਅੰਦਰ ਆਪਣੇ ਸਮਾਜ, ਦੇਸ਼ ਅਤੇ ਕੌਮ ਬਾਰੇ ਸੋਚਣ ਦੀ ਅਥਾਹ ਸ਼ਕਤੀ ਪੈਦਾ ਹੋ ਚੁੱਕੀ ਸੀ। ਆਪ ਦੀ ਸੂਝ  ਅਤੇ  ਸਿਆਣਪ ਤੋਂ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ, ਮਹਾਰਾਜਾ ਹੀਰਾ ਸਿੰਘ (ਰਿਆਸਤ ਨਾਭਾ) ਤੇ ਉਸ ਮੌਕੇ ਦੀਆਂ ਧਾਰਮਿਕ ਤੇ ਸਮਾਜ ਸੁਧਾਰਕ ਲਹਿਰਾਂ ਦੇ ਮੁੱਖੀ ਬੇਹੱਦ ਪ੍ਰਭਾਵਿਤ ਹੋਏ । ਭਾਈ ਸਾਹਿਬ ਦਾ ਵਿਆਹ ਪਿੰਡ ਰਾਮਗੜ• ਰਿਆਸਤ ਪਟਿਆਲਾ ਦੇ ਸ੍ਰ. ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ, ਜਿਸਦੀ ਕੁੱਖੋਂ ਭਾਈ ਸਾਹਿਬ ਦੇ ਇਕਲੋਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ 1892 ਈ: ਵਿੱਚ ਹੋਇਆ।  ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਾਲਫ, ਮਹਾਰਾਜਾ ਰਿਪੁਦਮਨ ਸਿੰਘ (ਰਿਆਸਤ ਨਾਭਾ) ਤੇ ਉਨ•ਾਂ ਦੀ ਮਹਾਰਾਣੀ ਸਰੋਜਨੀ ਦੇਵੀ ਭਾਈ ਸਾਹਿਬ ਦੇ ਪ੍ਰਮੁੱਖ ਸ਼ਿਸ਼ ਬਣੇ ਤੇ ਆਪਣੀ ਵਿਦਵਤਾ ਦੇ ਜਾਦੂ ਨਾਲ ਹੀ ਭਾਈ ਸਾਹਿਬ ਨੇ ਨਾਭੇ ਅਤੇ ਪਟਿਆਲਾ ਰਿਆਸਤਾਂ ਵਿਚ, ਕਈ ਉੱਚ ਅਹੁਦਿਆਂ ਤੇ ਸੇਵਾ ਕੀਤੀ।
ਪੰਜਾਬੀ ਸਾਹਿਤ ਉਸ ਸਮੇਂ ਅਜਿਹੇ ਪੜਾਅ ਤੇ ਖੜਾ ਸੀ, ਜਿਥੇ ਉਸਨੇ ਆਪਣੇ ਆਪ ਨੁੰ ਆਧੁਨਿਕਤਾ ਵੱਲ ਛਲਾਂਗ ਲਗਾਉਣ ਲਈ ਤਿਆਰ ਕਰਨਾ ਸੀ।  ਇਕ ਲੇਖਕ ਦੇ ਤੌਰ ਤੇ ਉਨ•ਾਂ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਹੋਇਆ ਅਤੇ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਉਪਰ ਬਣਦੀ ਹੈ। ਨਾਭਾ ਦਰਬਾਰ ਵਿਚ ਰਹਿੰਦਿਆਂ ਮੁੱਢਲੇ ਦੌਰ ਦੀਆਂ ਰਚਨਾਵਾਂ ‘ਰਾਜਧਰਮ’ (1884 ਈ.), ‘ਟੀਕਾ ਜੈਮਨੀ ਅਸਵਮੇਧ’ (1890 ਈ.) ਤੇ ‘ਨਾਟਕ ਭਾਵਾਰਥ ਦੀਪਿਕਾ’ (1897 ਈ.), ਗ੍ਰੰਥਾਂ ਵਿੱਚ ਭਾਈ ਸਾਹਿਬ ਨੇ ਮਹਾਰਾਜਾ ਹੀਰਾ ਸਿੰਘ ਦੇ ਖ਼ਿਆਲਾਂ ਨੂੰ ਪ੍ਰਮੁੱਖ ਰੱਖਿਆ। ਅਗਲੇ ਪੜਾਅ ਦੀਆਂ ਰਚਨਾਵਾਂ ‘ਹਮ ਹਿੰਦੂ ਨਹੀਂ’ (1897 ਈ.), ‘ਗੁਰੁਮਤ ਪ੍ਰਭਾਕਰ’ (1898 ਈ), ‘ਗੁਰੁਮਤ ਸੁਧਾਕਰ’ (1899 ਈ.), ‘ਗੁਰੁਗਿਰਾ ਕਸੌਟੀ’ (1899 ਈ.) ਅਤੇ ‘ਸੱਦ ਕਾ ਪਰਮਾਰਥ’ (1901 ਈ.) ਆਦਿ ਸਿੱਖੀ ਪ੍ਰਚਾਰ ਲਈ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਰਚਨਾਵਾਂ ਹਨ, ਤਾਂ ਜੋ ਗੁਰਮਤਿ ਨੂੰ ਉਸ ਮੌਕੇ ਦੇ ਪ੍ਰਚੱਲਿਤ ਵਹਿਮਾਂ-ਭਰਮਾਂ ਤੇ ਫਜੂਲ ਕਰਮ-ਕਾਂਡਾ ਤੋਂ ਵਖਰਿਆਂ ਕੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ; ਬੇਸ਼ੱਕ ਉਨ•ਾਂ ਦੀ ਸਖ਼ਸੀਅਤ ਵਿੱਚੋਂ ਕਈ ਰੂਪਾਂ ਦੇ ਦਰਸ਼ਨ ਹੁੰਦੇ ਹਨ, ਪਰ ਦੂਜੇ ਦੌਰ ਦੀਆਂ ਰਚਨਾਵਾਂ ਨਾਲ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ, ਧਰਮ ਸ਼ਾਸਤਰੀ (theologian) ਦੇ ਤੌਰ ਤੇ ਸਾਹਮਣੇ ਆਏ। ਇਹ ਰਚਨਾਵਾਂ ਉਨ•ਾਂ ਨੂੰ ਭਾਈ ਗੁਰਦਾਸ ਦੇ ਪਿੱਛੋਂ, ਗੁਰਮੱਤ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ (codifier) ਸਿੱਧ ਕਰਦਿਆਂ ਹਨ। ਭਾਈ ਸਿਹਬ ਦੇ ਇਸ ਯਤਨ ਸਦਕਾ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਸਿੱਖ ਰਾਜਨੀਤੀ  ਨੂੰ ਇਕ ਸਪਸ਼ਟ ਮਨੋਰਥ ਤੇ ਦਿਸ਼ਾ ਹਾਸਲ ਹੋਈ।
ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (1907 ਈ.) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ‘ਗੁਰੁਛੰਦ ਦਿਵਾਕਰ’ (1924 ਈ.) ਅਤੇ ‘ਗੁਰੁਸ਼ਬਦਾਲੰਕਾਰ’ (1925 ਈ.) ਪੁਸਤਕਾਂ ਦੀ ਰਚਨਾ ਕਰਕੇ ਜਿੱਥੇ ਭਾਰਤ ਦੇ ਪ੍ਰਸਿੱਧ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਗੌਰਵਮਈ ਸਬੂਤ ਦਿੱਤਾ, ਉੱਥੇ ਹਿੰਦੀ ਦੇ ਪ੍ਰਸਿੱਧ ਕੋਸ਼ਾਂ, ‘ਅਨੇਕਾਰਥ ਕੋਸ਼’, ਅਤੇ ‘ਨਾਮਮਾਲਾ ਕੋਸ਼’, ਵਿੱਚ ਲੋੜ ਅਨੁਸਾਰ ਸੋਧ-ਸੁਧਾਈ ਤੇ ਟਿੱਪਣੀਆਂ ਕਰਕੇ ਸੰਪਾਦਨ ਕਲਾ ‘ਚ ਵੀ ਜੌਹਰ ਵਿਖਾਏ। ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਭਾਈ ਸਾਹਿਬ ਨੇ 14-15 ਸਾਲ ਦੀ ਕਠਿੱਨ ਤਪੱਸਿਆ ਨਾਲ ਮਹਾਨ ਸਾਹਿਤਕ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ ਜੋ ਭਾਈ ਸਹਿਬ ਦੀ ਜੀਵਨ ਭਰ ਦੀ ਤਪੱਸਿਆ ਦਾ ਫਲ ਹੈ। ਪੰਜਾਬੀ ਭਾਸ਼ਾ ‘ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸਦੇ ਘੇਰੇ ‘ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ। ਉਨ•ਾਂ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਮਾਇਆ ਕਿ ਮਾਂ ਬੋਲੀ ਪੰਜਾਬੀ ਵਿੱਚ ਵੱਡੇ ਤੋਂ ਵੱਡਾ ਕੰਮ ਸੋਚਿਆ ਜਾ ਸਕਦੈ ਅਤੇ ਕੀਤਾ ਜਾ ਸਕਦੈ। ਅਨੇਕ ਅਖਬਾਰਾਂ ਮੈਗਜੀਨਾਂ ਲਈ ਨਿਬੰਧ ਲਿਖਕੇ ਭਾਈ ਸਾਹਿਬ ਨੇ ਪੰਜਾਬੀ ਨਿਬੰਧਕਾਰੀ ਦੇ ਨਿਖਾਰ ਲਈ ਵੀ ਅਹਿਮ ਯੋਗਦਾਨ ਪਾਇਆ ਜੋ ਹੁਣ ‘ਬਿਖਰੇ ਮੋਤੀ’ ਪੁਸਤਕ ਰੂਪ ਵਿੱਚ ਉਪਲਬਧ ਹਨ। ‘ਚੰਡੀ ਦੀ ਵਾਰ’ ਦਾ ਟੀਕਾ ‘ਗੁਰੁਮਤ ਮਾਰਤੰਡ’  ਅਤੇ ‘ਇਤਿਹਾਸ ਬਾਗੜੀਆਂ ਆਦਿ ਭਾਈ ਸਾਹਿਬ ਦੀਆਂ ਕੁੱਝ ਹੋਰ ਬਹੁਚਰਚਿਤ ਰਚਨਾਵਾਂ ਹਨ।
ਯੁੱਗ ਪੁਰਸ਼ ਭਾਈ ਕਾਨ• ਸਿੰਘ ਨਾਭਾ ਨੇ 23 ਨਵੰਬਰ 1938 ਈ: ਨੂੰ ਨਾਭੇ ਵਿਖੇ ਜੋਗੀ ਜਨਾਂ ਦੀ ਤਰ•ਾਂ ਪ੍ਰਾਣ ਤਿਆਗੇ। ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜੀ, ਪੰਜਾਬੀ, ਹਿੰਦੀ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਾਧਾਈ ਦੇ ਹੱਕਦਾਰ ਹਨ। ਕਾਨ• ਸਿੰਘ ਨਾਭਾ ਵੱਲੋਂ ਆਰੰਭੇ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਨੂੰ ਹਾਲੀ ਹੋਰ ਬਹੁਤ ਉਦਮ ਦੀ ਜਰੂਰਤ ਹੈ। ਇਸ ਵਿੱਚ ਕੋਈ ਸੰਦੇਹ ਨਹੀ ਕਿ ਉਹ ਆਪਣੇ ਬਹੁਤ ਸਾਰੇ ਸਮਕਾਲੀ ਵਿਦਵਾਨਾਂ ਵਾਂਗ ਗੁਰਮਤ ਨੂੰ ਆਪਣੇ ਵਿਚਾਰਾਂ ਦਾ ਮੂਲ ਆਧਾਰ ਮੰਨਦੇ ਹਨ, ਪਰ ਉਨ•ਾਂ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ ਤੇ ਵਿਗਿਆਨਕ ਹੈ। ਖਾਲਸਾ ਕਾਲਜ ਅੰਮ੍ਰਿਤਸਰ ‘ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ”ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸਨੂੰ ਆਪਣਾ ਗੁਰੂ ਮੰਨਕੇ, ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।”  ਵੀਹਵੀਂ ਸਦੀ ਦੇ ਪੰਜਾਬੀ ਦਾਰਸ਼ਨਿਕ ਭਾਈ ਕਾਨ• ਸਿੰਘ ਨਾਭਾ  ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਸਾਹਿਤ ਅਤੇ ਵਿਦਿਆ ਦੇ ਖੇਤਰ ‘ਚ ਭਾਈ ਕਾਨ• ਸਿੰਘ ਨਾਭਾ ਦੀ ਵਡਮੁੱਲੀ ਘਾਲਣਾ ਭਾਰਤ ਦੀ ਸਮੁੱਚੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸ਼ਤਾ ਜੋੜਨ ਵਿੱਚ ਉਜਾਗਰ ਹੁੰਦੀ ਹੈ।

ਡਾ. ਰਵਿੰਦਰ ਕੌਰ ਰਵੀ
ਅਸਿਸਟੈਂਟ ਪ੍ਰੋਫੈਸਰ,ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ ਨੰ: 84378-22296

ਹ%E