ਮਿੰਨੀ ਕਹਾਣੀਆਂ

————————————————————————————

        ਕਰੂਏ     

– ਰਾਜਦੀਪ ਕੌਰ ਖਾਲਸਾ
             ਠਕ ਠਕ ਠਕ ਠਕ ਦੀ ਆਵਾਜ਼ ਨਾਲ ਮੇਰੀ ਨੀਂਦ ਖੁੱਲ ਗਈ। ਐਤਵਾਰ ਦਾ ਦਿਨ ਹੋਣ ਕਰਕੇ ਰੋਟੀ ਟੁੱਕ ਤੋਂ ਵਿਹਲੀ ਹੋ ਕੇ ਘਰ ਦੀ ਸਾਫ ਸਫਾਈ ਕਰਨ ਲੱਗ ਗਈ ਸੀ, ਦੀਵਾਲੀ ਜੋ ਨੇੜੇ ਆ ਰਹੀ ਸੀ। ਸ਼ਾਮ ਦੇ ਤਿੰਨ ਕੁ ਵਜੇ ਸਾਰਾ ਕੰਮ ਨਬੇੜ ਬਿੰਦ ਘੜੀ ਆਰਾਮ ਕਰਨ ਲਈ ਮੰਜੇ ਤੇ ਪਈ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਲੱਗ ਗਈ। ਪਰ ਜਦੋਂ ਬੂਹਾ ਖੜਕਣ ਨਾਲ ਅੱਖ ਖੁੱਲੀ ਤਾਂ ਸਾਢੇ ਚਾਰ ਹੋ ਚੁੱਕੇ ਸੀ। ਆਥਣ ਦੇ ਕੰਮ ਨੂੰ ਕੁਵੇਲਾ ਹੋ ਗਿਆ ਸੀ ਤੇ ਨਾਲ ਮਨ ਪਰੇਸ਼ਾਨ ਵੀ ਹੋ ਗਿਆ। ਸੋਚਾਂ ਸੋਚਦੀ ਨੇ ਜਾ ਕੇ ਬੂਹਾ ਖੋਲਿਆ ਤਾਂ ਕਰੂਏ ਦੇਣ ਵਾਲੀ ਖੜੀ ਸੀ। ਕੰਮ ਨੂੰ ਕੁਵੇਲਾ ਤਾਂ ਪਹਿਲਾਂ ਹੀ ਹੋ ਚੱਲਿਆ ਸੀ, ਮੈਂ ਪਰੇਸ਼ਾਨ ਜੇ ਹੋ ਕੇ ਕਿਹਾ,
“ਮੈਂ ਨਹੀਂ ਵਰਤ ਰੱਖਿਆ ਕਦੇ, ਅੱਗੇ ਜਾ”
ਉਸ ਨੇ ਤਰਲਾ ਕਰਕੇ ਕਿਹਾ, “ਕਰੂਏ ਤਾਂ ਲੈ ਲਾ ਭੈਣ”
ਮੈਂ ਹੋਰ ਖਿਝ ਕੇ ਬੋਲੀ, “ਜਦੋਂ ਮੈਂ ਵਰਤ ਹੀ ਨਹੀਂ ਰੱਖਣਾ ਕਰੂਆ ਕੀ ਸਿਰ ਚ ਮਾਰਨਾ। ਤੁਸੀਂ ਲੋਕ ਨਾ ਵਹਿਮਾਂ ਭਰਮਾਂ ਚੋ ਬਾਹਰ ਨਿਕਲਣ ਦਿਓ ਜਨਤਾ ਨੂੰ। ਭੈਣ ਜੀ ਕੋਈ ਉਮਰਾਂ ਨਹੀਂ ਵਧਦੀਆਂ ਇਹਨਾਂ ਵਰਤਾਂ ਨਾਲ। ਨਿਰਾ ਪਖੰਡ ਏ ਪਖੰਡ। ਜਾਗ ਜਾਓ, ਬਥੇਰਾ ਘੱਟਾ ਢੋਅ ਲਿਆ।”
            ਉਹ ਨੀਵੀਂ ਪਾ ਕੇ ਦੁਖੀ ਜੇ ਹੋ ਕੇ ਖੜੀ ਰਹੀ ਪਹਿਲਾਂ ਤਾਂ ਫਿਰ ਬੜੀ ਤਰਲੇ ਭਰੀ ਆਵਾਜ਼ ਚ ਬੋਲੀ, “ਭੈਣੇ ਸਾਨੂੰ ਵਹਿਮਾਂ ਭਰਮਾਂ ਨਾਲ, ਪਖੰਡਾਂ ਨਾਲ ਕੋਈ ਮਤਲਬ ਨਹੀਂ। ਸਾਨੂੰ ਤਾਂ ਆਪਣਾ ਤੇ ਜਵਾਕਾਂ ਦਾ ਢਿੱਡ ਭਰਨ ਤੱਕ ਮਤਲਬ ਏ। ਕਰੂਏ ਵਿਕ ਜਾਣਗੇ ਤਾਂ ਘਰੇ ਬੈਠੇ ਸੜਕ ਵੱਲ ਤੱਕਦੇ ਜਵਾਕਾਂ ਨੂੰ ਚੱਜ ਨਾਲ ਰੋਟੀ ਖਵਾ ਦਿਊ। ਨਹੀਂ ਮਿਰਚਾਂ ਰਗੜ ਦਿਊ, ਪਾਣੀ ਨਾਲ ਲੰਘਾ ਲੈਣਗੇ।”
ਮੈਂ ਹੋਰ ਕੁਝ ਸੋਚੇ ਬਿਨਾਂ ਦੋ ਕਰੂਏ ਖਰੀਦ ਲੈ ਤੇ ਉਸਦਾ ਮਿਹਨਤਾਨਾ ਦੇ ਦਿੱਤਾ ਅਤੇ ਖਾਣ ਪੀਣ ਦਾ ਸਮਾਨ ਵੀ ਲਿਫਾਫੇ ਚ ਪਾਕੇ ਫੜਾ ਦਿੱਤਾ। ਉਸ ਦੇ ਮੂੰਹ ਤੇ ਵਿਲੱਖਣ ਰੌਣਕ ਆ ਗਈ ਅਤੇ ਅਸੀਸਾਂ ਦਿੰਦੀ ਦਿੰਦੀ ਚਲੀ ਗਈ। ਮੈਂ ਸੋਚਿਆ ਇਕ ਕਰੂਏ ਵਿਚ ਦੁਪਿਹਰ ਖਿੜੀ ਲਗਾ ਲਉਂਗੀ ਅਤੇ ਦੂਜੇ ਵਿਚ ਬਦਾਮ ਭਿਓਂ ਲਿਆ ਕਰੂੰਗੀ।

————————————————————————————

        ਸਰਪੰਚੀ     

– ਰਾਜਵਿੰਦਰ ਰੌਂਤਾ
              ਪਿੰਡ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਤਿੰਨੋ ਪਾਰਟੀਆਂ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਅਤੇ ਕਾਂਟੇ ਦੀ ਟੱਕਰ ਬਣੀ ਹੋਈ ਸੀ । ਪਿੰਡ ਦੇ ਮੋਹਤਬਰਾਂ ਵੱਲੋਂ ਸਰਬ ਸਮਿਤੀ ਕਰਵਾਉਣ ਦੀ ਕੋਸ਼ਿਸ਼ ਵੀ ਸਫ਼ਲ ਨਾ ਹੋ ਸਕੀ। ਸਾਰੀਆਂ ਪਾਰਟੀਆਂ ਦੇ ਬਲਾਕ ਤੇ ਜਿਲ੍ਹਾ ਪੱਧਰੀ ਆਗੂ ਵੀ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇ ਰਹੇ ਸਨ। ਪਰ ਪਿਛਲੇ ਤੀਹ ਸਾਲ ਤੋਂ ਪਿੰਡ ਦੀ ਮਾੜੀ ਸਿਆਸਤ ਕਾਰਨ ਪਿੰਡ ਦਾ ਪੂਰਾ ਵਿਕਾਸ ਨਹੀਂ ਹੋ ਸਕਿਆ ਸੀ। ਕਈ ਗ੍ਰਾਂਟਾਂ ਵੀ ਵਾਪਿਸ ਹੋ ਚੁੱਕੀਆਂ ਸਨ। ਪਿੰਡ ਦੇ ਵਿਦੇਸ਼ ਬੈਠੇ ਨੌਜਵਾਨਾਂ ਨੂੰ ਪਿੰਡ ਦਾ ਬਹੁਤ ਫ਼ਿਕਰ ਸੀ ਕਿ ਸਾਡਾ ਪਿੰਡ ਵੀ ਉੱਨਤ ਪਿੰਡ ਬਣ ਜਾਵੇ। ਉਹਨਾਂ ਪਿੰਡ ਵਿੱਚ ਆਪਣੇ ਖਾਸ ਮਿੱਤਰਾਂ ਤੇ ਪਤਵੰਤਿਆਂ ਨਾਲ ਗੱਲਬਾਤ ਕੀਤੀ ਕਿ ਪਿੰਡ ਦਾ ਭਲਾ ਕਿਵੇਂ ਹੋਵੇ। ਵੋਟਾਂ ਪੈਣ ਵਿੱਚ ਸਿਰਫ਼ ਇਕ ਦਿਨ ਬਾਕੀ ਸੀ। ਪਿੰਡ ਦੇ ਹਾਲਾਤ ਹੋਰ ਵੀ ਵਿਗੜ ਰਹੇ ਸਨ। ਪਿੰਡ ਦੇ ਸੂਝਵਾਨ ਪੜ੍ਹੇ ਲਿਖੇ ਵਿਅਕਤੀਆਂ ਨੇ ਕਮੇਟੀ ਬਣਾ ਕੇ ਹਰ ਉਮੀਦਵਾਰ ਨੂੰ ਪੁੱਛਿਆ ਕਿ ਤੁਸੀ ਸਰਪੰਚ ਬਣ ਕੇ ਕੀ ਏਜੰਡਾ ਰੱਖਿਆ ਹੈ। ਤਿੰਨਾਂ ਦਾ ਜਵਾਬ ਸੀ ਕਿ ਪਿੰਡ ਦਾ ਵਿਕਾਸ ਕਰਾਂਗੇ। ਨਸ਼ਾ ਰੋਕਾਂ ਗੇ ਭਾਈਚਾਰਾ ਕਾਇਮ ਰੱਖਿਆ ਜਾਵੇਗਾ। ਤਿੰਨੋ ਸਰਪੰਚੀ ਦੇ ਉਮੀਦਵਾਰਾਂ ਨੂੰ ਭਰੋਸੇ ਵਿੱਚ ਲੈ ਕੇ ਕਮੇਟੀ ਦਾ ਬੁਲਾਰਾ ਬੋਲਿਆ, “ਜੋ ਅਸੀਂ ਫੈਸਲਾ ਕਰਾਂਗੇ ਸਭ ਨੂੰ ਮਨਜੂਰ ਹੋਵੇਗਾ।” ਸਭਨਾਂ ਵਲੋਂ ਹੱਥ ਖੜੇ ਕਰਕੇ ਮਾਸਟਰ ਜੀ ਨੂੰ ਫੈਸਲਾ ਸੁਣਾਉਣ ਲਈ ਬੇਨਤੀ ਕੀਤੀ ।
              ਲਓ ਭਾਈ ਗੁਰਮਖ ਪਿਆਰਿਓ ਆਪਾਂ ਗੁਰਚਰਨ ਸਿਓਂ ਨੂੰ ਸਰਪੰਚ ਚੁਣ ਲਵੋ। ਢਾਈ ਸਾਲ ਵਾਸਤੇ। ਫੇਰ ਜਿਹੜੀ ਸਰਕਾਰ ਆਈ ਉਹਦਾ ਸਰਪੰਚ ਚੁਣ ਲਵਾਂਗੇ। ਢਾਈ ਢਾਈ ਸਾਲ ਦੀ ਸਰਪੰਚੀ ਕਰ ਕੇ ਪਿੰਡ ਦਾ ਵਿਕਾਸ ਕਰੀਏ। ਤੀਜੀ ਪਾਰਟੀ ਦੇ ਸਰਪੰਚ ਨੂੰ ਹੋਰ ਮਾਣ ਸਨਮਾਨ ਸੁਸਾਇਟੀ ਸਮਿਤੀ ਆਦਿ ‘ਚ ਬਣਾਵਾਂਗੇ। ਸਾਰੇ ਲੋਕਾਂ ਨੇ ਜੈਕਾਰੇ ਲਗਾ ਕੇ ਪਿੰਡ ਦੀ ਤਰੱਕੀ ਦਾ ਰਾਹ ਖੋਹਲ ਦਿੱਤਾ।

————————————————————————————

         ‘ਫਰਕ‘     

  – ਪਵਨਜੀਤ ਕੌਰ (ਈਟੀਟੀ ਅਧਿਆਪਕ) 
Mob. 97810-29785
            ਹਰਨਾਮ ਕੌਰ ਹਰ ਰੋਜ਼ ਸਵੇਰੇ ਨਹਾ ਧੋ ਕੇ ਗੁਰਦੁਆਰੇ ਜਾਂਦੀ ਸੀ। ਗੁਰਦੁਆਰੇ ਤੋਂ ਆ ਕੇ ਉਹ ਪਾਠ ਪੂਜਾ ਕਰਦੀ ਸੀ। ਉਸ ਦੇ ਦੋ ਪੁੱਤਰ ਸਨ ਸੋਹਣਾ ਅਤੇ ਮੋਹਣਾ। ਵੱਡੇ ਪੁੱਤਰ ਸੋਹਣੇ ਦੇ ਤਿੰਨ ਕੁੜੀਆਂ ਸਨ ਅਤੇ ਛੋਟੇ ਪੁੱਤਰ ਦੇ ਇੱਕ ਮੁੰਡਾ ਸੀ। ਉਸ ਦੀ ਵੱਡੀ ਨੂੰਹ ਸਿਮਰਨ ਸਵੇਰ ਦੀ ਰੋਟੀ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਤੋਰ ਦਿੰਦੀ ਸੀ ਉਹ ਸਾਰਾ ਹੀ ਦਿਨ ਕੰਮ ਕਰਦੀ ਰਹਿੰਦੀ ਸੀ ਉਸ ਨੂੰ ਘਰ ਵਿੱਚ ਚੰਗਾ ਨਹੀਂ ਸੀ ਸਮਝਿਆ ਜਾਂਦਾ ਕਿਉਂਕਿ ਉਸ ਦੇ ਤਿੰਨ ਕੁੜੀਆਂ ਹੀ ਸਨ। ਸਾਰਾ ਦੋਸ਼ ਮੁੰਡੇ ਨਾ ਹੋਣ ਦਾ ਉਸ ਉੱਪਰ ਹੀ ਮੜ੍ਹਿਆ ਜਾਂਦਾ ਸੀ ਹਰ ਵਕਤ ਉਸ ਨੂੰ ਬੁਰਾ ਭਲਾ ਕਿਹਾ ਜਾਂਦਾ ਸੀ। ਸਿਮਰਨ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦੀ ਸੀ।
         
ਹਰਨਾਮ ਕੌਰ ਛੋਟੀ ਨੂੰ ਹੁਸਨਪ੍ਰੀਤ ਨੂੰ ਬਹੁਤ ਚੰਗਾ ਸਮਝਦੀ ਸੀ ਕਿਉਂਕਿ ਉਸਦੇ ਇਕ ਮੁੰਡਾ ਸੀ ਹਰਨਾਮ ਕੌਰ ਪੁਰਾਣੇ ਖਿਆਲ਼ਾ ਦੀ ਸੀ। ਸੋਹਣੇ ਦੀਆਂ ਕੁੜੀਆਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਉਹ ਹਮੇਸ਼ਾਂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦੀਆਂ ਸਨ। ਛੋਟੇ ਮੋਹਣੇ ਦੇ ਪੁੱਤਰ ਨੂੰ ਲਾਡ ਲਾਡ ਵਿੱਚ ਹੀ ਹਰਨਾਮ ਕੌਰ ਅਤੇ ਹੁਸਨਪ੍ਰੀਤ ਨੇ ਵਿਗਾੜ ਲਿਆ ਸੀ ਉਹ ਪੜ੍ਹਦਾ ਨਹੀਂ ਸੀ ਤੇ ਸਾਰਾ ਦਿਨ ਖੇਡਦਾ ਹੀ ਰਹਿੰਦਾ ਸੀ।
ਮੋਹਣੇ ਦਾ ਮੁੰਡਾ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ। ਸੋਹਣੇ ਦੀ ਸਭ ਤੋਂ ਵੱਡੀ ਕੁੜੀ ਸਖ਼ਤ ਮਿਹਨਤ ਕਰਦੀ ਰਹੀ ਤੇ ਆਈਪੀਸੀ ਟੈਸਟ ਦਿੱਤਾ ਤੇ ਉਹ ਪੂਰੇ ਪੰਜਾਬ ਵਿਚੋਂ ਅਵੱਲ ਆਈ। ਸੋਹਣੇ ਤੇ ਉਸਦੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਇਕ ਉੱਚੇ ਅਹੁਦੇ ਤੇ ਅਫ਼ਸਰ ਨਿਯੁਕਤ ਹੋ ਗਈ ਸੀ। ਸੋਹਣੇ ਦੀ ਵੱਡੀ ਬੇਟੀ ਨੇ ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।
ਮੋਹਣੇ ਦਾ ਪੁੱਤ ਵੱਡਾ ਹੋ ਕੇ ਜੂਏ ਤੇ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਉਸ ਨੇ ਪਿਤਾ ਦੀ ਸਾਰੀ ਜ਼ਮੀਨ ਗਹਿਣੇ ਕਰ ਦਿੱਤੀ ਜਿਹੜੀ ਕਿ ਉਸ ਨੇ ਬਹੁਤ ਮਿਹਨਤ ਨਾਲ ਬਣਾਈ ਸੀ। ਅੱਜ ਮੋਹਣੇ ਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਜਿਸ ਮੁੰਡੇ ਦੀ ਖੁਸ਼ੀ ਵਿੱਚ ਉਸ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ ਉਸ ਪੁੱਤਰ ਨੇ ਹੀ ਉਸ ਦਾ ਸਿਰ ਅੱਜ ਨੀਵਾਂ ਕਰ ਦਿੱਤਾ ਹੈ। ਮੋਹਣਾ ਅੱਜ ਇਹ ਸੋਚ ਰਿਹਾ ਸੀ ਕਿ ਕਾਸ਼ ਉਸ ਦੀ ਵੀ ਕੋਈ ਧੀ ਹੁੰਦੀ ਜਿਹੜੀ ਕਿ ਉਸ ਦੇ ਵੱਡੇ ਭਰਾ (ਸੋਹਣੇ) ਦੀ ਧੀ ਵਰਗੀ ਹੁੰਦੀ ਤੇ ਉਨ੍ਹਾਂ ਦਾ ਨਾਂ ਰੌਸ਼ਨ ਕਰਦੀ ਅੱਜ ਮੋਹਣੇ ਦੇ ਮਨ ਵਿਚੋਂ ਕੁੜੀ ਤੇ ਮੁੰਡੇ ਦਾ ਫ਼ਰਕ ਮਿਟ ਗਿਆ ਸੀ।

————————————————————————————

            ‘ਮਨਜੋਤ ਦੀ ਸੋਚ ‘     

  – ਪਵਨਜੀਤ ਕੌਰ (ਈਟੀਟੀ ਅਧਿਆਪਕ)
Mob. 97810-29785
             ਮਨਜੋਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਲੜਕੀ ਸੀ। ਦਿਨੋਂ ਦਿਨ ਉਸ ਦਾ ਪੜ੍ਹਾਈ ਵਿੱਚ ਧਿਆਨ ਘਟਦਾ ਹੀ ਜਾਂਦਾ ਸੀ। ਮਨਜੋਤ ਅੱਜ ਫੇਰ ਜਮਾਤ ਵਿਚ ਚੁੱਪ ਹੀ ਰਹੀ ਅਧਿਆਪਕ ਦੇ ਵਾਰ ਵਾਰ ਪੁੱਛਣ ਤੇ ਕੋਈ ਵੀ ਜਵਾਬ ਨਹੀਂ ਦਿੰਦੀ ਸੀ। ਪਤਾ ਨਹੀਂ ਉਸ ਨੂੰ ਕਿਸ ਗੱਲ ਦਾ ਫ਼ਿਕਰ ਸੀ ,ਅੱਧੀ ਛੁੱਟੀ ਉਹਨੇ ਸਕੂਲ ਵਿੱਚ ਰੋਟੀ ਵੀ ਨਹੀਂ ਖਾਧੀ ਸੀ। ਅਧਿਆਪਕ ਨੇ ਅੱਧੀ ਛੁੱਟੀ ਤੋਂ ਬਾਅਦ ਉਸ ਨੂੰ ਆਪਣੇ ਕੋਲ ਬੁਲਾਇਆ।
           
          ਉਸ ਨੂੰ ਪਿਆਰ ਨਾਲ ਆਪਣੀ ਹਿੱਕ ਨਾਲ ਲਾ ਕੇ ਪੁੱਛਿਆ ਕਿ
           
          “ਕੀ ਗੱਲ ਹੈ? ਮਨਜੋਤ ਕੁਝ ਦਿਨਾਂ ਤੋਂ ਤੂੰ ਚੁੱਪ ਹੀ ਰਹਿੰਦੀ ਹੈ ਤੇ ਕੋਈ ਜਵਾਬ ਨਹੀਂ ਦਿੰਦੀ।”
ਉਹ ਫੁੱਟ ਫੁੱਟ ਕੇ ਰੋਣ ਲੱਗ ਪਈ।
           
          ਕਿੰਨਾ ਹੀ ਟਾਈਮ ਉਹ ਹਟਕੋਰੇ ਲੈ ਕੇ ਰੋਂਦੀ ਰਹੀ ,ਫਿਰ ਉਹ ਬੋਲੀ ਤੇ ਕਹਿਣ ਲੱਗੀ,
          “ਜਦੋਂ ਵੀ ਅਸੀਂ ਆਪਣੇ ਪਾਪਾ ਤੋਂ ਕੋਈ ਚੀਜ਼ ਮੰਗਦੇ ਹਾਂ ਤਾਂ ਉਹ ਸਾਨੂੰ ਮਾਰਦੇ ਹਨ ਪਾਪਾ ਸਾਰਾ ਹੀ ਦਿਨ ਸ਼ਰਾਬ ਪੀਂਦੇ ਹਨ ਤੇ ਸਾਨੂੰ ਸਾਰਿਆਂ ਨੂੰ ਮਾਰਦੇ ਕੁੱਟਦੇ ਰਹਿੰਦੇ ਹਨ।”
           ਮੰਮੀ ਲੋਕਾਂ ਦੇ ਘਰ ਦਾ ਕੰਮ ਕਰਕੇ ਸਾਡੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਇਹ ਸੁਣਦੇ ਹੀ ਅਧਿਆਪਕ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਮਨਜੋਤ ਦੇ ਚੁੱਪ ਰਹਿਣ ਦਾ ਜਵਾਬ ਉਸ ਨੂੰ ਮਿਲ ਗਿਆ ਸੀ।

————————————————————————————

‘ਡਰ‘     

  – ਮਨਜੀਤ ਸਿੰਘ ਸਰਾਂ / ਉਨਟਾਰੀਉ (ਕੈਨੇਡਾ)  
          ਕਹਿੰਦੇ ਨੇ ਇਕ ਵਾਰ ਇਕ ਬੁੱਢੀ ਮਾਤਾ ਦਾ ਘਰ ਮੀਹਂ ‘ਚ ਚੋਣ ਲੱਗ ਪਿਆ ਤੇ ਵਿਚਾਰੀ ਸਾਰੀ ਰਾਤ ਇਕ ਗੁੱਠ ‘ਚ ਲੱਗ ਕੇ ਬੈਠੀ ਰਹੀ। ਥੋੜੇ ਚਿਰ ਮਗਰੋਂ ਆਖ ਛੱਡਦੀ ਕਿ “ਨਾਂ ਮੈਂ ਸੱਪ ਤੋਂ ਡਰਦੀ, ਨਾਂ ਸ਼ੀਂਹ ਤੋਂ ਡਰਦੀ ! ਬੱਸ ਆਹ ਤੁੱਪਕੇ ਨੇ ਮਾਰੀ”।
        ਇੰਨੇ ਦੇਰ ਨੂੰ ਮੀਹਂ ਤੋਂ ਬਚਣ ਲਈ ਇਕ ਸ਼ੇਰ ਮਾਤਾ ਦੇ ਘਰ ਦੇ ਮਗਰ ਕੰਧ ਦੀ ਓਟ ਲੈ ਕੇ ਖੜ ਗਿਆ ਤੇ ਮਾਤਾ ਨੇ ਫੇਰ ਓਹੀ ਲਫ਼ਜ਼ਾਂ ਨੂੰ ਦੁਹਰਾ ਦਿੱਤੇ ਕਿ ‘ਨਾਂ ਸੱਪ ਤੋਂ ਡਰਦੀ, ਨਾਂ ਸੀਂਹ ਤੋਂ ਡਰਦੀ ! ਬਸ ਆ ਤੁੱਪਕੇ ਨੇ ਮਾਰੀ’

ਸ਼ੇਰ ਡਰ ਗਿਆ ਕਿ ਕਮਾਲ ਆਹ, ਇਹ ਬੁੱਢੀ ਨਾਂ ਸੱਪ ਡਰਦੀ ਤੇ ਨਾਂ ਮੈਥੋਂ ਪਰ ਤੁੱਪਕੇ ਤੋਂ ਡਰਦੀ ਆ, ਆਹ ਤੁੱਪਕਾ ਕੀ ਚੀਜ ਆ ?
         ਸੋਚਣ ਲੱਗਾ ਕਿ ਇਹ ਸਾਲਾ ਤੁੱਪਕਾ ਸਾਥੋਂ ਵੀ ਵੱਧ ਤਾਕਤਵਰ ਹੋਵੇਗਾ? ਇੰਨੇ ਚਿਰ ਨੂੰ ਹਨੇਰੇ ਚ’ ਇਕ ਘੁਮਿਆਰ ਆਵਦਾ ਖੋਤਾ ਲੱਭਦਾ ਲੱਭਦਾ ਬੁੱਢੀ ਮਾਤਾ ਦੇ ਘਰ ਮਗਰ ਆ ਗਿਆ, ਹਨੇਰੇ ਚ’ ਉਸਨੂੰ ਪਤਾ ਨਹੀਂ ਲੱਗਿਆ ਕਿ ਇਹ ਸ਼ੇਰ ਹੈ। ਉਹ ਸ਼ੇਰ ਨੂੰ ਖੋਤਾ ਸਮਝ ਕੇ ਛਾਲ ਮਾਰਕੇ ਉਸ ਤੇ ਬੈਠ ਗਿਆ ਅਤੇ ਉਸਨੇ ਬੈਠਦੇ ਸਾਰ ਦੋ ਡੰਡੇ ਸ਼ੇਰ ਦੀ ਪਿੱਠ ਚ’ ਜੜ ਦਿੱਤੇ ਤੇ ਸ਼ੇਰ ਵੀ ਵਾਹੋ ਦਾਹੀ ਦੌੜ ਪਿਆ ਤੇ ਸ਼ੇਰ ਸੋਚਣ ਲੱਗਾ ਕਿ ਮਰ ਗਏ ਵਈ ਤੁੱਪਕਾ ਆ ਗਿਆ।
        ਘਰ ਪੁੱਜਾ ਤਾਂ ਘੁਮਿਆਰ ਨੇ ਦੇਖਿਆ ਕਿ ਇਹ ਤਾਂ ਸ਼ੇਰ ਹੈ ਤੇ ਉਹ ਡਰਦਾ ਮਾਰਾ ਭੱਜ ਕੇ ਅੰਦਰ ਵੜ ਗਿਆ ਤੇ ਸ਼ੇਰ ਨੇ ਸੋਚਿਆ ਕਿ ਅੰਦਰੋਂ ਕੁੱਝ ਲੈਣ ਗਿਆ ਤੇ ਆਕੇ ਇਹ ਮੈਨੂੰ ਰੋਰ ਮਾਰੂਗਾ ਤੇ ਸ਼ੇਰ ਵੀ ਉੱਥੋਂ ਭੱਜ ਤੁਰਿਆ। ਭੱਜਿਆ ਜਾਂਦਾ ਸ਼ੇਰ ਵੀ ਸੋਚ ਰਿਹਾ ਸੀ ਕਿ ਸ਼ੁਕਰ ਆ ਕਿ ਤੁੱਪਕੇ ਤੋਂ ਬੱਚ ਗਏ ਤੇ ਉਧਰ ਅੰਦਰ ਬੈਠਾ ਘੁਮਿਆਰ ਸੋਚਦਾ ਸੀ ਕਿ ਸ਼ੁਕਰ ਆ ਸ਼ੇਰ ਤੋਂ ਬੱਚ ਗਏ। ਬਸ ਇਸੇ ਅਗਿਆਨਤਾ ‘ਚ ਸਾਡੇ ਅਸੀਂ ਬਾਬਿਆਂ, ਡੇਰੇਦਾਰਾਂ ਤੇ ਸਿਆਸੀ ਬਾਬਿਆਂ ਤੋਂ ਡਰੇ ਬੈਠੇ ਹਨ ਤੇ ਉਹ ਲੋਕ ਮਾਤਾ ਵਾਂਗ ਤੁੱਪਕੇ ਦਾ ਸਹਾਰਾ ਲੈਕੇ ਸਾਨੂੰ ਡਰਾ ਰਹੇ ਹਨ ਤੇ ਅਸੀ ਘੁਮਿਆਰ ਤੋਂ ਸ਼ੇਰ ਵਾਂਗ ਡੰਡੇ ਖਾ ਰਹੇ ਹਾਂ। ਬਸ ਸਾਨੂੰ ਇੱਕ ਵਾਰ ਤੁਪਕੇ ਦਾ ਖੌਫ ਮਨ ਚੋਂ ਕੱਢਣ ਦੀ ਜਰੂਰਤ ਆ ।

————————————————————————————

 ਇਕ ਮਾਂ ਦਾ ਰੱਬ ਨੂੰ ਉਲਾਭਾ     

    – ਡਾ ਸਰਬਜੀਤ ਕੌਰ ਬਰਾੜ, ਮੋਗਾ 
🙏  Mob. 79866-52927

             ਬੁਢੀ ਮਾਂ ਮੱਥੇ ਉਤੇ ਹੱਥ ਰੱਖੀ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਮੇਰਾ ਪੁੱਤ ਕਿੰਨਾਂ ਰੁਝਿਆ ਹੋਇਆ ਏ ਕੰਮ ‘ਚ, ਕਿੰਨਾ ਕੰਮ ਆ ਵਿਚਾਰੇ ਨੂੰ ਸਾਰਾ ਦਿਨ ਮਿੱਟੀ ਨਾਂ ਮਿੱਟੀ ਹੋਇਆ ਰਹਿੰਦਾ, ਪਤਾ ਨੀ ਕਿੰਨਾ ਕੂ ਥੱਕਿਆ ਹੋਣਾ ਵਿਚਾਰਾ, ਦਿਨ ਦੇ ਪੰਜ-ਪੰਜ ਗੇੜੇ ਮਾਰਦਾ ਵਿਚਾਰਾ ਤੇ ਅਜ ਮਾਂ ਪੰਜਵੇਂ ਗੇੜੇ ਪੁੱਛਣ ਦੀ ਕੋਸ਼ਿਸ਼ ਕਰਦੀ ਹੈ ਕਿਉਕਿ ਫਿਰ ਮਾਂ ਤਾਂ ਮਾਂ ਏ ਨਾਂ ਦੁੱਖ ਨੀ ਸਹਾਰ ਸਕਦੀ ਬੱਚਿਆਂ ਦਾ। ਪੁੱਤ ਨੇ ਟਰੈਕਟਰ ਦੀ ਸੈਲਫ ਅਜੇ ਮਾਰੀ ਹੀ ਸੀ ਕਿ ਮਾਂ ਨੇ ਨਾਲ ਹੀ ਆਵਾਜ਼ ਮਾਰ ਦਿੱਤੀ ਕਿ ਆਜਾ ਪੁੱਤ ਦੋ ਘੜੀ ਬੈਜਾ ਝੱਟ ਮੰਜੀ ਤੇ ਮੇਰੇ ਕੋਲ ਆਜਾ ਮੇਰਾ ਸ਼ੇਰ, ਕਈ ਦਿਨਾਂ ਦਾ ਰੁਝਿਆ ਲਗਦਾ ਮੇਰ ਮੱਖਣ, ਬਾਹਲਾ ਕੰਮ ਆ ਮੇਰੇ ਸ਼ੇਰ ਨੂੰ ……ਸਾਹ ਲੈ ਲਾ ਝੱਟ ਆਜਾ ਮਿੰਟ, ਲਿਆ ਕੁੜੇ ਲੱਸੀ ਦਾ ਗਲਾਸ ਅੱਧ-ਰਿੜਕੇ ਦਾ ਦੇ ਲਿਆ ਕੇ… ਮਾਂ ਨੇ ਨੂੰਹ ਨੂੰ ਵੀ ਨਾਲ ਹੀ ਅਵਾਜ਼ ਦਿੱਤੀ। ਪਰ ਪੁੱਤ ਆਪਣੇ ਕੰਮਾਂ ਦੇ ਰੁਝੇਵਿਆ ਵਿੱਚ ਅੱਕਿਆ ਪਿਆ ਸੀ।
          ਪੁੱਤ ਨੇ ਟਰੈਕਟਰ ਦੀ ਸੀਟ ਉਤੇ ਬੈਠਦਿਆ ਮਾਂ ਨੂੰ ਜਵਾਬ ਦਿਤਾ….ਮਾਂ ਤੂੰ ਤਾਂ ਵੇਹਲੀ ਏ ਸਾਰਾ ਦਿਨ। ਮੈਨੂੰ ਕੰਮ ਬਥੇਰੇ ਆ ਸਿਰ ਚੜੇ ਪਏ ਅਜੇ ਤੂੜੀ ਬਨਾਉਣੀਆ ਚਾਰ ਕਿੱਲਿਆ ਦੀ। ਬੱਦਲ ਸਿਰ ਤੇ ਗਰਜੀ ਜਾਂਦਾ। ਲਾਣ ਸਾਰਾ ਵਾਹਣ ‘ਚ ਪਿਆ ਮੇਰੇ ਕੋਲ ਤਾਂ ਸਿਰ ਖੁਰਕਣ ਦੀ ਵਿਹਲ ਨੀ ! ਪੁੱਤ ਦਾ ਜਵਾਬ ਸੁਣ ਕੇ ਮਾਂ ਥੋੜੀ ਦੇਰ ਲਈ ਜਿਵੇ ਸੁੰਨ ਜਿਹੀ ਹੋ ਗਈ ਹੋਵੇ! ਮਾਂ ਨੇ ਦੇਖੋ ਫੇਰ ਪੁੱਤ ਨੂੰ ਨੀ ਮਾੜਾ ਕਿਹਾ ਸਗੋਂ ਰੱਬ ਨੂੰ ਕੋਸਦੀ ਪਈ ਏ ਤੇ ਰੱਬ ਨੂੰ ਕਹਿੰਦੀ ਏ ਰੱਬਾ ਤੂੰ ਮਗਰੋ ਈ ਲੈਹ ਜਾਏ ਮਰੇਂ ਪਰਾਂ ! ਕਿੰਨਾਂ ਕੰਮ ਏ ਦੇਖ ਮੇਰੇ ਪੁੱਤ ਨੂੰ ਰੱਬਾ ਤੂੰ ਕਿੰਨਾ ਦੁਖੀ ਕੀਤਾ। ਮੇਰਾ ਬੱਚਾ ਉਹਨੂੰ ਮੇਰੇ ਕੋਲ ਬੈਹਨ ਦਾ ਵੀ ਟਾਈਮ ਨੀ। ਕਦੋਂ ਸੁੱਖ ਦੇਵੇਗਾ ਮੇਰੇ ਬੱਚੇ ਨੂੰ …. ਇੰਨਾ ਮੂੰਹ ‘ਚ ਬੁੜਬੁੜ ਕਰਦੀ ਮਾਂ ਰੱਬ ਨੂੰ ਕੋਸਦੀ ਹੋਈ ਰੱਬ ਨੂੰ ਹਨੋਰਾ ਜਿਹਾ ਮਾਰਦੀ ਉਲਾਭਾ ਦਿੰਦੀ ਹੋਈ ਦੂਰ ਤੱਕ ਆਪਣੇ ਪੁੱਤਰ ਨੂੰ ਬੁਢੀਆ ਅੱਖਾਂ ਨਾਲ ਤੱਕਦੀ ਰਹਿੰਦੀ ਹੈ ਓਦੋ ਤੱਕ ਜਦੋਂ ਤੱਕ ਟਰੈਕਟਰ ਫਿਰਨੀ ਦਾ ਮੋੜ ਨਹੀਂ ਮੁੜਦਾ।

————————————————————————————————

ਮਹਾਦਾਨੀ     

            ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ। ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।
          “ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ। ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ। ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।
“ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ। ਤੁਸੀਂ ਬੀਜ ਕੇ ਗਈਆਂ ਸੀ। ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”, ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿਚਲੀਆਂ ਬੱਲੀਆਂ ਉੱਥੇ ਹੀ ਢੇਰੀ ਕਰ ਦਿੱਤੀਆਂ।
“ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ। ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।
“ਨੀ ਭੂਰੋ ਤੂੰ ਤਾਂ ਕਮਲੀ ਐ। ਹੁਣ ਉਹ ਲੋਕ ਨਾ ਰਹੇ। ਚੌਧਰ ਦਾ ਟੈਮ ਐ। ਗੁਰਦੁਆਰੇ ਕਣਕ ਤਾਂ ਦਿੱਤੀ ਉੱਥੇ ਤਾਂ ਸਰਦਾਰ ਦਾ ਨਾਂਓ ਪੱਥਰ ‘ਤੇ ਲਿਿਖਆ ਜਾਵੇਗਾ। ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ। ਆਪਾਂ ਗਰੀਬ, ਉੱਥੇ ਸਾਰੀ ਦੁਨੀਆ ‘ਚ ਦਾਨੀ ਕਹਾਉਣਾ। ਪੱਥਰ ‘ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ ‘ਤੇ ਵੀ ਨਹੀਂ ਲਿਖਣਾ ਆਉਂਦਾ। ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।
“ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ। ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉੱਥੇ ਖਾਲੀ ਬੋਰੀ ਸੁੱਟਦਿਆਂ ਕਿਹਾ ‘ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ।
-ਸੁਖਵਿੰਦਰ ਕੌਰ ‘ਹਰਿਆਓ

ਉਭੱਵਾਲ, ਸੰਗਰੂਰ Mob. 84274-05492

————————————————————————————————–

ਹੱਕ ਦੇ ਨਿਬੇੜੇ     

          ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ| ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।
          “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ। ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂ। ਇੱਕ ਬੰਦਾ ਘਰ ਵੀ ਜਰੂਰੀ ਐ। ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐ। ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ, ਜੰਗੀਰ ਸਿੰਓ ਨੇ ਖੂੰਡਾ ਥੱੜ੍ਹੇ ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾ।
         “ਕੀ ਦੱਸਾਂ ਤਾਇਆ ਲੋਕ ਤਾਂ ਰੋਲ ਕੇ ਰੱਖ ਦਿੱਤੇ ਐ। ਇੱਕ ਤਾਂ ਪੋਹ-ਮਾਘ ਦੀ ਠੰਡ ਤੇ ਮੀਂਹ…… ਬੜਾ ਔਖਾ ਹੋਇਆ ਪਿਆ। ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐ। ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਦੇ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ… ਲੰਗਰ ਛੱਕਣ ਆਏ ਐ” , ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾ।
        “ਓਏ ਇਨ੍ਹਾਂ ਕੰਜਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛੱਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂ। ਅੰਨਦਾਤੇ ਹਾਂ ਇਸ ਦੇਸ਼ ਦੇ…। ਘਰਾਂ ਦੇ ਘਰ ਉਜੜ ਰਹੇ ਐ। ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾ। ਇਹ ਵੱਕਤ ਕਿਸੇ ਸੰਤਾਪ ਜਾਂ ਹੱਲ਼ਿਆਂ ਤੋਂ ਘੱਟ ਨਹੀਂ ਐ। ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…। ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇ। ਦੁੱਖ ਤਾਂ ਬੜਾ ਹੁੰਦਾ ਐ ਪਰ ਵੱਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵੱਕਤ ਆਵੇਗਾ। ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇ। ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍” ,
           ਜੰਗੀਰ ਸਿੰਓ ਦੇ ਚਿਹਰੇ ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇੱਕਠੇ ਉਭਰ ਕੇ ਇੱਕ ਵੰਗੱਰ ਬਣ ਰਹੇ ਸੀ।
– ਸੁਖਵਿੰਦਰ ਕੌਰ ’ਹਰਿਆਓ’
ਉਭਾਵਾਲ (ਸੰਗਰੂਰ) Mob. 84274-05492

————————————————————————————————–

ਜੱਦੋ-ਜਹਿਦ ਤੇ ਹਾਨੀ      

                  ਇਹ ਦੁੱਧ ਲੈ ਕੇ ਸ਼ਾਮੀਂ ਜਦ ਆਪਣੇ ਘਰ ਨੂੰ ਮੁੜਿਆ ਆ ਰਿਹਾ ਸੀ ਤਾਂ ਰਾਹ ਵਿੱਚ ਪੈਂਦੇ ਇੱਕ ਘਰ ਤੋਂ, ਉਸ ਪਰਿਵਾਰ ਦਾ ਨੌਜਵਾਨ ਨਿਕਲਿਆ ਤੇ ਇਹਦੇ ਬਰਾਬਰ ਆ ਕੇ ਇਸ ਨੂੰ ਬੜੇ ਸਤਿਕਾਰ ਨਾਲ ਬੁਲਾਉਂਦਾ ਹੋਇਆ ਅਦਬ ਵਜੋਂ, ਚਾਰ-ਪੰਜ ਕਦਮ ਇਸ ਤੋਂ ਪਿੱਛੇ-ਪਿੱਛੇ ਚੱਲਣ ਲੱਗਾ।
               
ਇਹਨੂੰ ਆਪਣੇ-ਆਪ ਵਿੱਚ ਬੜਾ ਮਾਣ ਮਹਿਸੂਸ ਹੋਇਆ। ਨਾਲ ਹੀ ਮਨ ਵਿੱਚ ਜੱਦੋ-ਜਹਿਦ ਚਲ ਪਈ ਮਤਾ ਉਹ ਨੌਜਵਾਨ ਇਹਦੇ ਨਾਲੋਂ ਹੁਣ ਅਗਾਂਹ ਲੰਘ ਜਾਵੇ ਤੇ ਇਹਨੂੰ ਆਪਣੇ-ਆਪ ਵਿੱਚ ਹੀਣ-ਭਾਵਨਾ ਦਾ ਅਹਿਸਾਸ ਹੋਵੇ। ਸੋਚਦਿਆਂ ਆਪਣੇ ਕਦਮਾਂ ਦੀ ਚਾਲ ਵਿੱਚ ਇਸ ਨੇ ਕੁਝ ਤੇਜ਼ੀ ਲੈ ਆਂਦੀ।
                ਇਹਦੇ ਭਾਵ ਨੂੰ ਸਮਝਦਾ ਹੋਇਆ ਨੌਜਵਾਨ ਕੁਝ ਪਲਾਂ ਵਿੱਚ ਹੀ ਇਹਨੂੰ ਕਈ ਕਦਮ ਪਿੱਛੇ ਛੱਡ ਗਿਆ।
– ਡਾ. ਬਲਵੀਰ ਮੰਨਣ ! ਮੋ. 94173-45485

————————————————————————————————-

ਅਨਪੜ੍ਹ

                ਅੱਜ ਸੁਮਨ ਬਹੁਤ ਖੁਸ਼ ਸੀ । ਉਸਦੇ ਵੱਡੇ ਭਰਾ ਰਵੀ ਦਾ ਰਿਸ਼ਤਾ ਹੋ ਰਿਹਾ ਸੀ।ਸਾਰੇ ਚਾਈਂ ਚਾਈਂ ਤਿਆਰ ਹੋ ਕੇ ਸ਼ਗਨ ਲਈ ਕੁੜੀ ਦੇ ਘਰ ਜਾ ਰਹੇ ਸਨ । ਸੁਮਨ ਅਪਨੀ ਹੋਣ ਵਾਲੀ ਭਾਬੀ ਦੇਖ ਕੇ ਬਹੁਤ ਖੁਸ਼ ਹੋਈ। ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿੳਂਕਿ ਕੁੜੀ ਪਰੀਆਂ ਵਰਗੀ ਸੋਹਣੀ ਸੀ।ਪਰ ਇਹ ਕਿ ਰਵੀ ਦਾ ਚਿਹਰਾ ਉਤਰਿਆ ਕਿਉ ਸੀ ? ਜਦੋਂ ਉਸਦੀ ਮਾਂ ਸ਼ਗਨ ਪਾਉਣ ਲਈ ਅੱਗੇ ਵਧੀ ਤਾਂ ਰਵੀ ਨੇ ਕਿਹਾ “ਨਹੀਂ ਮਾਂ ਇਹ ਰਿਸ਼ਤਾ ਨਹੀਂ ਹੋ ਸਕਦਾ “!
             ਮਾਂ ਦੇ ਪੁੱਛਣ ਤੇ ਰਵੀ ਨੇ ਕਿਹਾ “ਮਾਂ ਇਹ ਕੁੜੀ ਸੋਹਣੀ ਹੈ ਪਰ ਇਹ ਤਾਂ ਦਸਵੀਂ ਵੀ ਪਾਸ ਨਹੀਂ, ਅਨਪੜ੍ਹ ਇਨਸਾਨ ਡੰਗਰਾਂ ਵਰਗਾ ਹੁੰਦਾ ਹੈ। ਜਮਾਨਾ ਕਿੰਨਾ ਤੇਜ ਹੈ ਮੈ ਅਨਪੜ੍ਹ ਔਰਤ ਨਾਲ ਨਹੀਂ ਰਹਿ ਸਕਦਾ।
ਸੁਮਨ ਦੀਆਂ ਅੱਖਾਂ ਹੰਜੂਆਂ ਨਾਲ ਭਰ ਗਈਆਂ ਕਿ ਜਿਹੜਾ ਭਰਾ ਓਸਨੂੰ ਜਮਾਨੇ ਦਾ ਡਰ ਦੇ ਕੇ ਸਕਲੋਂ ਹਟਾ ਕੇ ਘਰ ਬੈਠਾ ਗਿਆ ਤੇ ਅੱਜ ਆਪਣੇ ਵਕਤ ਜਮਾਨਾ ਤੇਜ ਦੱਸਕੇ ਅਨਪੜ੍ਹ ਦੀ ਤੁਲਨਾ ਡੰਗਰਾਂ ਨਾਲ ਕਰ ਰਿਹਾ ਹੈ । ਇਸਨੇ ਇਹ ਕਿਉ ਨਹੀਂ ਸੋਚਿਆ ਕਿ ਇਸਦੇ ਘਰ ਵੀ ਇੱਕ ਅਨਪੜ੍ਹ ਹੈ ਓਸ ਨਾਲ ਵਿਆਹ ਕੌਣ ਕਰੂਗਾ ਓਹ ਵੀ ਤਾਂ ਡੰਗਰ ਹੀ ਹੋਈ।
– ਗੁਰਸਿਮਰਨ ਕੌਰ
ਕਲਾਸ ਪੰਜਵੀਂ
ਭੁਪਿੰਦਰਾ ਇੰਟਰਨੈਸ਼ਨਲ ਸਕੂਲ ਪਟਿਆਲਾ

————————————————————————————————–

ਬੇਟੀ ਬਚਾਓ ਬੇਟੀ ਪੜ੍ਹਾਓ !  

             ਮੇਨ ਸੜਕ ਤੇ ਬਹੁਤ ਭੀੜ ਸੀ ।ਬੜਾ ਵੱਡਾ ਜਾਮ ਲਗਿਆ ਹੋਇਆ ਸੀ। ਸਾਰੀ ਟ੍ਰੈਫਿਕ ਰੁਕੀ ਹੋਈ ਸੀ। ਮੇਰੀ ਮਾਂ ਨੇ ਡਿਊਟੀ ਤੇ ਜਾਣਾ ਸੀ ਓਹ ਲੇਟ ਹੋਣ ਦੇ ਡਰੋਂ ਵਾਰ ਵਾਰ ਟਾਈਮ ਦੇਖ ਰਹੀ ਸੀ। ਫੇਰ ਮੇਰੀ ਮਾਂ ਨੇ ਗੱਡੀ ਚੋ ਉਤਰ ਕੇ ਪਤਾ ਕਰਨਾ ਚਾਹਿਆ ਕਿ ਮਾਜਰਾ ਕੀ ਹੈ। ਮੈਂ ਵੀ ਮਾਂ ਦੇ ਨਾਲ ਚਲ ਪਿਆ। ਅੱਗੇ ਇੱਕ ਚਾਹ ਵਾਲੇ ਦਾ ਖੋਖਾ ਸੀ ਓਸਨੇ ਦਸਿਆ ਕਿ ਨਾਲ ਵਾਲੇ ਪਿੰਡ ਚੋ ਇਕ ਬੱਚੀ ਕਈ ਦਿਨ ਪਹਿਲਾਂ ਗੁੰਮ ਹੋ ਗਈ ਸੀ ਕੱਲ ਓਸਦੀ ਅੱਧਸੜੀ ਲਾਸ਼ ਖੇਤਾਂ ਚੋਂ ਮਿਲੀ ਹੈ। ਲਗਦਾ ਓਸ ਬੱਚੀ ਨਾਲ ਕੁਝ ਗਲਤ ਹੋਇਆ ਹਾਲਤ ਬੜੀ ਖਰਾਬ ਸੀ। ਪਰ ਪੁਲੀਸ ਵਾਲੇ ਕਾਰਵਾਈ ਨਹੀਂ ਕਰ ਰਹੇ ਸ਼ੱਕੀ ਬੰਦਿਆਂ ਤੇ ਸੁਣਿਆ ਹੈ ਉਹ ਮੰਤਰੀ ਦੇ ਖਾਸ਼ ਬੰਦੇ ਨੇ ।
          ਮੇਰੀ ਮਾਂ ਦੇ ਮੂੰਹ ਤੇ ਪਸੀਨੇ ਦੀਆਂ ਕੁਝ ਬੂੰਦਾਂ ਉਭਰੀਆਂ ਮੈਨੂੰ ਲੱਗਿਆ ਕਿ ਜਿਵੇਂ ਉਹ ਮੇਰੀ ਛੋਟੀ ਭੈਣ ਬਾਰੇ ਸੋਚ ਰਹੀ ਹੋਵੇ । ਫਿਰ ਅਚਾਨਕ ਗੱਡੀਆਂ ਦਾ ਇਕ ਵੱਡਾ ਕਾਫ਼ਲਾ ਆਇਆ। ਪੁਲਿਸ ਦੇ ਕੁਝ ਅਧਕਾਰੀ ਸੜਕ ਤੇ ਧਰਨਾ ਲਗਾ ਰਹੀ ਭੀੜ ਨੂੰ ਤਿੱਤਰ ਬਿੱਤਰ ਕਰਨ ਲੱਗੇ! ਪਲਾਂ ਛਿਣਾਂ ਵਿਚ ਲਾਲ ਬੱਤੀ ਵਾਲੀ ਗੱਡੀ ਸਮੇਤ ਕਾਫਲਾ ਬਿਨਾਂ ਰੁਕੇ ਅੱਗੇ ਲੰਘ ਗਈ। ਮਾਂ ਦਾ ਤੇ ਮੇਰਾ ਧਿਆਨ ਤੋੜਦਿਆਂ ਓਥੇ ਖੜੇ ਪੁਲਿਸ ਵਾਲੇ ਨੇ ਦੱਸਿਆ ਕਿ ਇਹ ਮੰਤਰੀ ਸਾਹਿਬ ਹਨ ਜਿੰਨਾ ਨੇ ਸਹਿਰ ਬੇਟੀ ਬਚਾਓ, ਬੇਟੀ ਪੜਾਓ ਦੇ ਪ੍ਰੋਗਰਾਮ ‘ਚ ਸ਼ਿਰਕਤ ਕਰਨੀ ਹੈ।
– ਨਿਸ਼ਾਨ ਸਿੰਘ
Mob. 9915806550
Bhupindra internatinol school Patiala

————————————————————————————————–

ਭਲਾ ਕਿ ਬੁਰਾ ?  

                    ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ ਵਿੱਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ ਵਿੱਚ ਉੱਗ ਖਲੋਤੇ ਕਿਉਂਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇਕਾਂ ਦੇ ਉਹ ਰੁੱਖ ਵਢਵਾਅ ਲਏ ਸਨ। ਇਸ ਨੇ ਵਿਰਲੇ-ਵਿਰਲੇ ਡੇਕਾਂ ਦੇ ਤਿੰਨ ਬੂਟੇ ਰੱਖ ਕੇ ਬਾਕੀ ਬੂਟੇ ਛੋਟੇ-ਛੋਟੇ ਹੀ ਪੁੱਟ ਦਿੱਤੇ।
                ਫਲ਼ਦਾਰ ਬੂਟਿਆਂ ਨੇ ਤਾਂ ਹੌਲੀ-ਹੌਲੀ ਵਧਣਾ-ਫੈਲਣਾ ਸੀ ਪਰ ਡੇਕਾਂ ਕੁਝ ਮਹੀਨਿਆਂ ਅੰਦਰ ਹੀ ਉੱਚੀਆਂ ਹੋ ਗਈਆਂ। ਤਿੰਨ-ਚਾਰ ਕੁ ਸਾਲਾਂ ਵਿੱਚ ਏਨੀਆਂ ਕੁਚੀਆਂ ਤੇ ਭਾਰੀਆਂ ਕਿ ਸਾਰੇ ਫਲ਼ਦਾਰ ਬੂਟੇ ਇਨ੍ਹਾਂ ਢਕ ਲਏ। ਫਲ਼ਦਾਰ ਬੂਟਿਆਂ ਦਾ ਵਧਣਾ-ਫੁੱਲਣਾ ਧੁੱਪ ਦੀ ਘਾਟ ਕਾਰਨ ਬੜਾ ਘਟ ਗਿਆ। ਕੋਈ ਫਲ਼ ਵੀ ਅਜੇ ਲੱਗਣਾ ਸ਼ੁਰੂ ਨਾ ਹੋਇਆ। ਸਭ ਕੁਝ ਵਿਚਾਰਦਿਆਂ ਇਸ ਨੇ ਕੁਝ ਦਿਨ ਲਾ ਕੇ ਤਿੰਨੋਂ ਡੇਕਾਂ ਮੁੱਢਾਂ ਦੇ ਉੱਪਰੋਂ ਵੱਢ ਦਿੱਤੀਆਂ।
ਪਰ ਡੇਕਾਂ ਦੇ ਮੁੱਢਾਂ ਤੋਂ ਪੁੰਗਾਰੇ ਵਾਰ-ਵਾਰ ਫੁੱਟ ਪੈਂਦੇ। ਇਹ ਉਨ੍ਹਾਂ ਨੂੰ ਛੋਟੇ ਹੁੰਦਿਆਂ ਹੀ ਝਾੜ ਦਿੰਦਾ ਮਤਾ ਵੱਡੇ ਹੋ ਕੇ ਫਿਰ ਫਲ਼ਦਾਰ ਬੂਟਿਆਂ ਲਈ ਔਕੜ ਬਣਨ। ਡੇਕਾਂ ਦੇ ਮੁੱਢ ਝੂਰਦੇ। ਪੁੰਗਾਰੇ ਵੀ ਥੋੜ੍ਹੀ ਉਮਰ ਵਿੱਚ ਮੁੱਕਣ ਵੇਲ਼ੇ ਅਤਿਅੰਤ ਸੋਗੀ ਹੁੰਦੇ।
ਇਨ੍ਹੀਂ ਦਿਨੀਂ ਹੀ ਇਸ ਨੇ ਇਹ ਪਲਾਟ ਵੇਚ ਦਿੱਤਾ। ਬੂਟੇ ਉਵੇਂ ਹੀ। ਡੇਕਾਂ ਦੇ ਮੁੱਢਾਂ ਤੋਂ ਪੁੰਗਾਰੇ ਫੇਰ ਫੁੱਟੇ। ਪਲਾਟ ਦਾ ਨਵਾਂ ਮਾਲਕ ਸਭ ਕੁਝ ਵੇਖ ਰਿਹਾ ਸੀ ਪਰ ਉਸ ਨੇ ਕਿਸੇ ਪੁੰਗਾਰੇ ਨੂੰ ਟੇਢੀ ਨਜ਼ਰੇ ਨਾ ਤੱਕਿਆ। ਮੁੱਢ ਬੜੇ ਖ਼ੁਸ਼ ਸਨ ਕਿ ਉਨ੍ਹਾਂ ਵਿੱਚੋਂ ਫੁੱਟੇ ਪੁੰਗਾਰੇ ਹੁਣ ਦੁਨੀਆ ਵੇਖ ਸਕੇ ਸਨ। ਚਾਰ ਕੁ ਮਹੀਨਿਆਂ ਵਿੱਚ ਹੀ ਇਹ ਪੁੰਗਾਰੇ ਪਲਾਟ ਦੇ ਮਾਲਕ, ਜੋ ਪੌਣੇ ਕੁ ਛੇ ਫੁੱਟ ਉੱਚਾ ਸੀ, ਤੋਂ ਵੀ ਚਾਰ ਕੁ ਫੁੱਟ ਉੱਚੇ ਹੋ ਗਏ ਸਨ। ਤਣੇ ਇਨ੍ਹਾਂ ਦੇ ਹੁਣ ਕੁਝ ਮੋਟੀਆਂ ਸੋਟੀਆਂ ਜਿਹੇ ਹੋ ਚੱਲੇ ਸਨ। ਆਪਣੇ-ਆਪ ਵਿੱਚ ਸਭੋ ਪੁੰਗਾਰੇ ਬੜੇ ਖ਼ੁਸ਼ ਕਿ ਇਨ੍ਹਾਂ ਨਵੇਂ ਪਲਾਟ ਮਾਲਕ ਪਾਸੋਂ ਜੀਵਨ-ਦਾਨ ਪਾਇਆ ਸੀ।
ਹੁਣ ਇੱਕ ਦਿਨ ਆਪਣੀ ਪਤਨੀ ਸਮੇਤ ਪਲਾਟ ਦਾ ਮਾਲਕ, ਪਲਾਟ ਵਿੱਚ ਆਇਆ। ਹੱਥ ਵਿੱਚ ਉਸਦੇ ਦਾਤਰ ਸੀ। ਡੇਕਾਂ ਦੇ ਪੁੰਗਾਰੇ ਪਹਿਲਾਂ ਵਾਂਗ ਹੀ ਸੰਤੁਸ਼ਟ ਸਨ ਜਿਵੇਂ ਆਪਣੇ ਪ੍ਰਤਿ ਉਨ੍ਹਾਂ ਨੂੰ ਪਲਾਟ ਦੇ ਮਾਲਕ ‘ਤੇ ਪੂਰਾ ਯਕੀਨ ਹੋਵੇ। ਏਨੇ ਨੂੰ ਪਲਾਟ ਦਾ ਮਾਲਕ ਇੱਕ ਮੁੱਢ ਦੇ ਪੰਜ-ਸੱਤ ਪੁੰਗਾਰਿਆਂ ਦੇ ਤਣਿਆਂ ਨੂੰ ਇਕੱਠੇ ਜਿਹੇ ਕਰਕੇ, ਖੱਬੇ ਹੱਥ ਨਾਲ ਦੱਬ ਕੇ, ਜ਼ੋਰ ਨਾਲ ਉਨ੍ਹਾਂ ਦੇ ਪੈਰਾਂ ਵਿੱਚ ਦਾਤਰ ਦਾ ਟੱਕ ਲਾਉਂਦਿਆਂ ਹੋਇਆਂ ਆਪਣੀ ਪਤਨੀ ਨੂੰ ਸੰਬੋਧਿਤ ਹੋਇਆ, “ਇਹ ਸੁੱਕ ਜਾਣਗੇ ਤਾਂ ਚੁੱਲ੍ਹੇ ‘ਚ ਬਾਲ਼ ਲਵੀਂ।”
-ਡਾ. ਬਲਵੀਰ ਮੰਨਣ
94173-45485——————————————————————————————————

ਰੱਬ ਦੇ ਰੰਗ

                ਅੱਜ ਗਗਨ ਦੇ ਘਰ ਜਦੋ ਚੌਥੀ ਬੇਟੀ ਨੇ ਜਨਮ ਲਿਆ ਤਾਂ ਉਸਨੂੰ ਸਾਰਾ ਪ੍ਰੀਵਾਰ ਇੰਜ ਘੁਰ-ਘੂਰ ਵੇਖ ਰਿਹਾ ਸੀ ਜਿਵੇਂ ਉਸ ਤੋਂ ਕੋਈ ਐਸਾ ਗੁਨਾਹ ਹੋ ਗਿਆ ਹੋਵੇ ਜਿਸਦੀ ਮੁਆਫੀ ਦੇਣੀ ਅਸ਼ੰਭਵ ਅਤੇ ਸਜਾ ਪੱਕੀ ਹੋਵੇ।ਪਰ ਗਗਨ ਨੂੰ ਆਪਣੀ ਬੱਚੀ ਦਾ ਬੇਅਥਾਹ ਪਿਆਰ ਆ ਰਿਹਾ ਸੀ।
ਇੱਕ ਡਰ ਗਗਨ ਨੂੰ ਵਾਰ-ਵਾਰ ਸਤਾ ਰਿਹਾ ਸੀ ਕਿ ਉਸਦੇ ਘਰ ਦੇ ਬਾਕੀ ਮੈਂਬਰ (ਸੱਸ, ਸੁਹਰਾ, ਪਤੀ) ਮੇਰੀ ਬੇਟੀ ਨੂੰ ਕਿਤੇ ਮਾਰ ਮੁਕਾ ਹੀ ਨਾ ਦੇਣ। ਸੱਸ ਵੱਲੋਂ ਕਹੇ ਸਬਦ ਗਗਨ ਦੇ ਵਾਰ ਵਾਰ ਦਿਮਾਗ ਵਿੱਚ ਘੁੰਮ ਰਹੇ ਸਨ ਕਿ ਜੇਕਰ ਇਸ ਦੀ ਕੁੱਖੋ ਐਤਕੀ ਵੀ ਪੱਥਰ ਜੰਮਿਆ ਤਾਂ ਘਰੇ ਨਹੀ ਲਿਆਉਣਾ।
ਵੇਖੋ ਜੀ ਰੱਬ ਦੇ ਰੰਗ! ਗਗਨ ਦੀ ਸੱਸ ਕੁੜੀ ਤੇ ਗਗਨ ਨੂੰ ਕਮਰੇ ਵਿੱਚ ਛੱਡ ਬਾਹਰ ਆਈ ਤੇ ਵੇਖਿਆ ਇੱਕ ਅਧੱਖੜ ਜਿਹਾ ਜੋੜਾ ਡਾਕਟਰ ਦੇ ਅੱਗੇ ਹੱਥ ਜੋੜ ਤਰਲੇ ਪਾ ਰਿਹਾ ਸੀ ਕਿ ਸਾਨੂੰ ਹਰ ਪਾਸਿਓ ਨਾਹ ਹੀ ਹੋ ਰਹੀਂ ਹੈ ਕਿ ਤੁਹਾਡੇ ਬੱਚਾ ਨਹੀਂ ਹੋ ਸਕਦਾ। ਸਾਡੀ ਆਸ ਦੀ ਆਖਰੀ ਕਿਰਨ ਤੁਸੀਂ ਹੋ। ਪਰ ਜਦੋ ਡਾਕਟਰ ਨੇ ਸਭ ਰਿਪੋਟਾ ਦੇਖਣ ਤੋ ਬਾਅਦ ਕਿਹਾ ਕਿ ਤੁਹਾਡੇ ਬੱਚਾ ਨਹੀ ਹੋ ਸਕਦਾ ਤਾਂ ਉਹ ਬੇਔਲਾਦ ਜੋੜਾ ਰੱਬ ਨੂੰ ਤਾਹਨੇ ਮਾਰ ਰਿਹਾ ਸੀ ਕਿ ਰੱਬਾ ਤੇਰੇ ਘਰ ਘਾਟਾ ਹੈ ਕਿਸੇ ਚੀਜ ਦਾ ਜੇਕਰ ਸਾਨੂੰ ਪੁੱਤ ਨਹੀਂ ਧੀ ਹੀ ਦੇਦੇ।
ਇਹ ਸ਼ਬਦ ਜਿਵੇਂ ਹੀ ਕੋਲ ਬੈਠੀ ਗਗਨ ਦੀ ਸੱਸ ਦੇ ਕੰਨੀ ਪਏ ਤਾਂ ਉਸਨੇ ਝੱਟ ਹੀ ਉਸ ਬੇਅੋਲਾਦ ਜੋੜੇ ਨੂੰ ਕਿਹਾ, “ਭੇਣੇ ! ਇੰਜ ਨਾ ਕਹਿ। ਇਹ ਤਾਂ ਪੱਥਰ ਆ, ਜਿਸਦੇ ਮਗਰ ਪੈ ਜਾਣ ਫਿਰ ਇੰਨਾ ਤੋਂ ਖਹਿੜਾ ਨਹੀਂ ਛੁੱਟਦਾ। ਆਹ ਚੌਥਾ ਪੱਥਰ ਹੈ ਸਾਡੇ। ਕਿਵੇਂ ਘਰ ਲੈ ਕੇ ਜਾਵਾ ਇੰਨਾ ਮਾਵਾਂ ਧੀਆਂ ਨੂੰ… ਸਾਡਾ ਤਾਂ ਘਰ ਭਰਤਾ ਇਸ ਚੰਦਰੀ ਨੇ ਪੱਥਰਾ ਨਾਲ।” ਪਰ ਜਿਸਨੂੰ ਬੱਚੇ ਦੀ ਭੁੱਖ ਹੋਵੇ ਉਹਨੂੰ ਤਾਂ ਇੰਜ ਲੱਗਦਾ ਕਿ ਕਿਸੇ ਵੀ ਕੀਮਤ ਤੇ ਬੱਚਾ ਗੋਦ ਵਿੱਚ ਹੋਵੇ।ਉਸ ਜੋੜੇ ਨੇ ਮਾਤਾ ਦੀ ਸਾਰੀ ਗੱਲਬਾਤ ਭਾਂਪ ਲਈ ਤੇ ਕੁੜੀ ਗੋਦ ਲੈਣ ਦੀ ਗੱਲ ਡਾਕਟਰ ਨਾਲ ਕੀਤੀ।ਜਦੋ ਹੀ ਡਾਕਟਰ ਨੇ ਗਗਨ ਦੇ ਪ੍ਰੀਵਾਰ ਨਾਲ ਗੱਲ ਕੀਤੀ ਤੇ ਸਭਨਾ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਉੱਠੀ।
              ਹੁਣ ਗਗਨ ਨੇ ਵੀ ਦਿਲ ਤੇ ਪੱਥਰ ਰੱਖ ਸਾਰੇ ਪ੍ਰੀਵਾਰ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਹੰਝੂ ਕੇਰਦੀ ਹੋਈ ਦਿਲ ਹੀ ਦਿਲ ਵਿੱਚ ਸੋਚੇ ਕਿ ਚਲ ਮੇਰੀ ਬੱਚੀ ਜਿੰਦਾ ਤਾਂ ਰਹੇਗੀ ਭਾਵੇ ਮੇਰੀ ਨਜਰ ਤੋਂ ਦੂਰ ਹੀ ਰਹੇਗੀ। ਵੇਖੋ! ਰੱਬ ਦੇ ਰੰਗ। ਜਿਹੜੀ ਬੱਚੀ ਇੱਕ ਦਿਨ ਪਹਿਲਾ ਕਿਸੇ ਦੀਆਂ ਨਜਰਾ ਵਿੱਚ ਪੱਥਰ ਸੀ। ਅੱਜ ਉਹੀ ਬੱਚੀ ਨੂੰ ਜਦੋ ਇੱਕ ਬੇਅੋਲਾਦ ਜੋੜਾ ਆਪਣੇ ਘਰ ਲੈ ਗਿਆ ਤਾਂ ਉਸੇ ਬੱਚੀ ਦੇ ਆਉਣ ਦੀ ਖੁਸ਼ੀ ਵਿੱਚ ਜਸ਼ਨ ਮਨਾਏ ਜਾ ਰਹੇ ਸਨ। ਵਧਾਈਆ ਮਿਲ ਰਹੀਆ ਸਨ, ਰੱਬ ਦਾ ਸ਼ਕਰਾਨਾ ਉਸ ਜੋੜੇ ਵੱਲੋ ਵਾਰ-ਵਾਰ ਕੀਤਾ ਜਾ ਰਿਹਾ ਸੀ ਤੇ ਬੱਚੀ ਨੂੰ ਰਾਜਕੁਮਾਰੀਆ ਦੀ ਤ੍ਹਰਾ ਪਾਲਿਆ ਪੋਸਿਆ ਜਾ ਰਿਹਾ ਸੀ।
ਇਹ ਸਭ ਰੱਬ ਦੇ ਹੀ ਰੰਗ ਨੇ। ਜਿਸਨੇ ਸਮੇਂ ਅਨੁਸਾਰ ਸਭਨਾ ਨੂੰ ਖੁਸ਼ੀਆ ਦੇ ਨਿਹਾਲ ਕਰ ਹੀ ਦੇਣਾ ਹੁੰਦਾ ਹੈ।
ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ। ਮੋ. 94786-58384

——————————————————————————————————

ਕੌਣ ਸਾਹਿਬ ਨੂੰ ਆਖੇ ਇਊਂ ਨਹੀਂ ਇੰਝ ਕਰ

            ਲਾਲੀ ਦੀ ਮਾਂ ਗਰਭਵਤੀ ਸੀ ਤੇ ਲਾਲੀ ਦੀ ਦਾਦੀ ਲਾਲੀ ਕੋਲੋ ਪੁਛਿਆ ਕਰੇ, ‘ਲਾਲੀ ਆਪਣੇ ਕੋਠੇ ਤੇ ਕੀ ਹੈ ਚਿੜੀ ਕਿ ਮੋਰ ?’
ਨਿਆਂਣੀ ਸੀ ਉਹਨੂੰ ਸਮਝ ਨਹੀਂ ਸੀ ਇਨਾਂ ਗੱਲਾਂ ਦੀ, ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ
‘ਮੋਰ’
ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ ਤੇ ਕਹਿਰ ਟੁੱਟ ਪਿਆ। ਮਾਂ ਤੇ ਲਾਲੀ ਦਾ ਮੋਰ ਦੋਵੇਂ ਹੀ ਦੁਨੀਆਂ ਤੋਂ ਤੁਰ ਗਏ।
ਨਿਕੀ ਜਿਹੀ ਬਾਲੜੀ ਦਾਦਕਿਆਂ ਤੋਂ ਨਾਨਕਿਆਂ ਦੇ ਹਵਾਲੇ ਕਰ ਦਿੱਤੀ ਗਈ। ਨਾਨੀਂ ਅਕਸਰ ਮਾਂ ਲਈ ਵਿਲਕਦੀ ਲਾਲੀ ਨੂੰ ਆਖ ਦਿਆ ਕਰਦੀ ਸੀ ਕਿ ਮਾਂ ਮੋਰ ਲੈਣ ਰੱਬ ਕੋਲ ਗਈ ਏ, ਜਲਦੀ ਆ ਜਾਣਾਂ ਬਸ ਉਹਨੇਂ।
ਅਚਾਨਕ ਇਕ ਦਿਨ ਗੁਆਂਢੀਆਂ ਦੇ ਘਰ ਆਪਣੀਂ ਹਮ ਉਮਰ ਕਿੰਨੂ ਨਾਲ ਖੇਡਦੀ ਲਾਲੀ ਨੂੰ ਜਦੋਂ ਕਿੰਨੂ ਨੇ ਦਸਿਆ ਕਿ ਸਾਡੇ ਘਰ ਕਾਕਾ ਆਉਣ ਵਾਲਾ ਤਾਂ ਲਾਲੀ ਦੀਆਂ ਅੱਖਾਂ ਭਰ ਆਈਆਂ, ਲਾਲੀ ਉਸਨੂੰ ਕਹਿਦੀ,
ਜੇ ਤੈਨੂੰ ਕੋਈ ਪੁੱਛੇ ਕਿ ਤੁਹਾਡੇ ਕੋਠੇ ਤੇ ਕੀ ਏ ? ਤਾਂ ਮੋਰ ਨਾਂ ਕਹੀਂ,
‘ਕਿਉਂ ਲਾਲੀ ? ਅਣਜਾਣ ਕਿੰਨੂ ਨੇਂ ਪੁੱਛਿਆ।’
‘ਮੋਰ ਲੈਣ ਲਈ ਮੰਮੀਆਂ ਨੂੰ ਰੱਬ ਕੋਲ ਜਾਣਾਂ ਪੈਦਾਂ ਤੇ ਫਿਰ ਉਹ ਜਲਦੀ ਨਹੀਂ ਮੁੜਦੀਆਂ, ਫਿਰ
ਯਾਦ ਬਹੁਤ ਆਉਂਦੀ ਏ ਮੰਮੀ ਦੀ।’
ਕਹਿੰਦੇ ਕਹਿੰਦੇ ਲਾਲੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ
ਕੋਲ ਬੈਠੀ ਕਿੰਨੂ ਦੀ ਮਾਂ ਦੀ ਧਾਹ ਨਿੱਕਲ ਗਈ।
ਉਸ ਨੇ ਲਾਲੀ ਨੂੰ ਘੁਟ ਕੇ ਸੀਨੇ ਨਾਲ ਲਾ ਲਿਆ ਤੇ ਮਨ ਹੀ ਮਨ ਉਹ ਕਹਿ ਰਹੀ ਸੀ, ‘ਹਾਏ ਵੇ ਰੱਬਾ! ਇਨਾਂ ਮਾਸੂਮਾਂ ਨਾਲ ਕੀ ਵੈਰ ਹੁੰਦਾ ਤੇਰਾ ?
(ਨੋਟ: ਇਸ ਕਹਾਣੀ ਦੇ ਲੇਖਕ ਦਾ ਨਾਮ ਨਹੀਂ ਪਤਾ, ਇਹ ਕਹਾਣੀ ਵਟਸਐਪ ਦੇ ਕਿਸੇ ਗਰੁੱਪ ਵਿੱਚ ਪੜ੍ਹੀ ਸੀ। ਪਰ ਇਹ ਅਧੂਰੀ ਸੀ। ਇਸ ਕਹਾਣੀ ਦਾ ਵਿਸ਼ਾ ਦਿਲ ਨੂੰ ਛੂਹ ਗਿਆ। ਇਸ ਨੂੰ ਪੂਰੀ ਕਰਕੇ ਪ੍ਰਕਾਸ਼ਿਤ ਕਰ ਦਿੱਤੀ ਹੈ। ਇਸ ਵਧੀਆ ਕਹਾਣੀ ਲਈ ਲੇਖਕ ਵਧਾਈ ਦਾ ਪਾਤਰ ਹੈ)

——————————————————————————————————

‘ਜੁਦਾਈ ਮੌਤ ਹੁੰਦੀ ਹੈ’

ਪਾਰਕ ਵਿਚ ਦਾਖਲ ਹੁੰਦਿਆਂ ਹੀ ਮੇਰੀ ਨਜ਼ਰ ਪਾਰਕ ਵਿਚ ਪਏ ਬੈਂਚ ਤੇ ਪਈ ।ਇਕ ਸਖਸ਼ ਜੋ ਕਾਫੀ ਬਜੁਰਗ ਸੀ ਖਾਮੋਸ਼ ਬੈਠਾ ਬੜੀ ਗਹਿਰੀ ਚਿੰਤਾ ਵਿਚ ਡੁੱਬਿਆ ਹੋਇਆ ਸੀ। ਮੈਂ ਵੀ ਖਾਮੋਸ਼ੀ ਨਾਲ ਜਾ ਕੇ ਉਸਦੇ ਕੋਲ ਬੈਠ ਗਿਆ ।
ਚਿਹਰੇ ਤੇ ਝੁਰੜੀਆਂ, ਅੱਖਾਂ ਵਿਚ ਨਮੀ, ਹੱਥ ਵਿੱਚ ਸੋਟੀ ਪਕੜੇ ਉਹ ਬੜੇ ਗੌਰ ਨਾਲ ਆਪਣੇ ਹੱਥਾਂ ਵੱਲ ਵੇਖ ਰਿਹਾ ਸੀ।
ਮੇਰੇ ਵੱਲ ਉਹਨੇ ਬੜੀ ਉਦਾਸ ਜਿਹੀ ਮੁਸਕਰਾਹਟ ਨਾਲ ਵੇਖਿਆ ਤੇ ਬੋਲਿਆ ‘ਜਾਣਦਾ ਹੈਂ ਪੁੱਤਰ, ਦੁਨੀਆਂ ਵਿੱਚ ਸਭ ਤੋਂ ਜਾਨ ਲੇਵਾ ਸ਼ੈ ਕੀ ਹੈ? ‘
ਮੈਂ ਬੜੀ ਖਾਮੋਸ਼ੀ ਨਾਲ ਨਹੀਂ ਵਿੱਚ ਸਿਰ ਹਿਲਾ ਕੇ ਜਵਾਬ ਦਿੱਤਾ।
ਉਹ ਫਿਰ ਬੋਲਿਆ’ ਕਿਸੇ ਦਾ ਆਪਣੀ ਜਿੰਦਗੀ ਵਿੱਚ ਆ ਜਾਣਾ, ਫਿਰ ਆਪਣੀ ਆਦਤ ਲਵਾ ਕੇ ਬਿਨ ਦੱਸੇ ਆਪਣੀ ਜਿੰਦਗੀ ਚੋਂ ਵਾਪਸ ਚਲੇ ਜਾਣਾ।’
ਦਰਦ ਤੇ ਦੁੱਖ ਉਹਨਾਂ ਦੀ ਆਵਾਜ ਵਿਚ ਸਾਫ ਝਲਕ ਰਿਹਾ ਸੀ ‘ਬੰਦਾ ਬੜਾ ਬੇਬਸ ਹੋ ਜਾਂਦਾ, ਨਾ ਜੀ ਪਾਉਂਦਾ ਨਾ ਮਰ ਪਾਉਂਦਾ, ਇਹ ਸਭ ਤੋਂ ਦਰਦਨਾਕ ਹੁੰਦਾ ਹੈ, ਇਸ ਤੋਂ ਵੱਧ ਜਾਨਲੇਵਾ ਹੋਰ ਕੁਝ ਵੀ ਨਹੀਂ ਕਿ ਜਿਸਦਾ ਹੱਥ ਪਕੜ ਕੇ ਤੁਸੀਂ ਜਿੰਦਗੀ ਭਰ ਚਲਦੇ ਰਹੇ ਉਹ ਇਕ ਝਟਕੇ ਵਿਚ ਹੀ ਛੱਡ ਜਾਵੇ। ਇਨਸਾਨ ਫਿਰ ਆਪਣੇ ਆਪ ਨਾਲ ਹੀ ਇਕ ਜੰਗ ਛੇੜ ਬਹਿੰਦਾ, ਤੇ ਇਸੇ ਜੰਗ ਵਿਚ ਹੀ ਆਪਣਾ ਆਪ ਗਵਾ ਬਹਿੰਦਾ।ਦਰਅਸਲ ਇਹ ਜੋ ਇਨਸਾਨ ਆਦਤਾਂ ਪਾਲਦਾ ਨਾ ਇਹ ਇਕ ਜਾਨਲੇਵਾ ਬੀਮਾਰੀ ਹੈ।ਹੌਲੀ ਹੌਲੀ ਇਹ ਆਦਤ ਘੁਣ ਵਾਂਗੂ ਬੰਦੇ ਨੂੰ ਅੰਦਰੋਂ ਅੰਦਰ ਤੋਂ ਖੋਖਲਾ ਕਰਦਾ ਜਾਂਦੀ ਹੈ, ਖਤਮ ਕਰ ਦਿੰਦੀ।ਇਹ ਜੋ ਜੁਦਾਈ ਹੈ ਨਾ ਇਹ ਮੌਤ ਹੀ ਹੁੰਦੀ ਹੈ, ਬੰਦਾ ਸਾਹ ਤਾਂ ਲੈਂਦਾ ਪਰ ਜੀ ਨਹੀਂ ਸਕਦਾ। ਉਹ ਹੱਸਦਾ ਤਾਂ ਹੈ ਪਰ ਅੱਖਾਂ ਵਿਚ ਹੰਝੂਆਂ ਦੀ ਚਮਕ ਨਾਲ ਹੱਸਦਾ।ਹਰ ਪਲ ਇਹ ਅਹਿਸਾਸ ਕਿ ਉਹ ਜੋ ਇਕ ਸ਼ਖਸ਼ ਸੀ ਜੋ ਜਿੰਦਗੀ ਭਰ ਸਾਥ ਨਿਭਾਉਣ ਦੇ ਵਾਅਦੇ ਕਰਦਾ ਸੀ ਉਹ ਸਭ ਕੁਝ ਭੁਲਾ ਕੇ ਛੱਡ ਗਿਆ, ਇਹ ਗੱਲ ਹਰ ਪਲ ਟੀਸ ਪਹੁੰਚਾਉਂਦੀ ਹੈ।’
ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਪੁੱਛ ਲਿਆ, ਤੁਹਾਨੂੰ ਕੋਈ ਛੱਡ ਗਿਆ ਬਾਬਾ ਜੀ ?
ਸੁਰਖ ਅੱਖਾਂ ਵਿਚ ਮੋਟੇ ਮੋਟੇ ਹੰਝੂ ਲੈ ਕੇ ਉਹ ਮੇਰੇ ਵੱਲ ਵੇਖ ਕੇ ਬੋਲਿਆ ‘ਮੇਰੀ ਘਰਆਲੀ ਮੈਨੂੰ 71 ਸਾਲਾਂ ਬਾਅਦ ਕੱਲ ਸੁਰਗ ਸਿਧਾਰ ਗਈ, ਤੇ ਮੈਨੂੰ ਬੇਬਸ ਤੇ ਤਨਹਾ ਕਰ ਗਈ ਹੈ ।’
ਸਰੂਚੀ ਕੰਬੋਜ

——————————————————————————————————

ਅਸਲੀ ਤਸਕਰ ਕੌਣ…?

Sukhwinder_2ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ ਦਾ ਟੱਰਕ ਭਰ ਗਿਆ। ਅਮਲੀਆਂ ਤੇ ਤਸਕਰਾਂ ਨੂੰ ਕੁੱਝ ਦਿਨ ਥਾਣੋ ਵਿੱਚ ਰੱਖਣ ਤੋਂ ਬਾਅਦ ਸਿਫਾਰਸ਼ ਆਦਿ ਨਾਲ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕਾਸਟੇਬਲ ਨੇ ਕਿਹਾ, “ਹਜੂਰ ਇਹ ਨਸ਼ੇ ਦੇ ਭਰੇ ਟਰੱਕ ਦਾ ਕੀ ਕਰੀਏ”।
ਥਾਣੇਦਾਰ ਨੇ ਮੁੱਛਾਂ ਤੇ ਹੱਥ ਫੇਰਦਿਆਂ ਕਿਹਾ, “ਜਾਵੋ ਇਹਨੂੰ ਨੇਤਾ ਧਰਮ ਚੰਦ ਜੀ ਦੀ ਕੋਠੀ ਪਹੁੰਚਾ ਦੇਵੋ। ਉਹਨਾਂ ਸੁਨੇਹਾ ਘਲਿਆ ਐ ਕਿ ਅੱਗੇ ਆ ਰਹੀਆਂ ਚੋਣਾਂ ਲਈ ਭੁੱਕੀ, ਸ਼ਰਾਬ ਦੇ ਲੰਗਰ ਲਾਏ ਜਾਣਗੇ। ਉਹਨਾਂ ਨੂੰ ਮਾਲ ਦੀ ਸਖ਼ਤ ਜਰੂਰਤ ਹੈ”। ਕਾਸਟੇਬਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਨਸ਼ੇ ਦੇ ਅਸਲੀ ਤਸਕਰ ਕੌਣ…? ਉਹ ਜੋ ਨਸ਼ਾ ਵੇਚਦੇ ਹਨ ਜਾਂ ਉਹ ਜੋ ਸ਼ਰੇਆਮ ਨਸ਼ੇ ਦੇ ਲੰਗਰ ਲਾਉਂਦੇ ਹਨ।

                             – ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ

——————————————————————————————————

ਨਾ ਭੁੱਲੀਆਂ ਨੰਨ੍ਹੀ ਛਾਂ ਦੀਆਂ ਰੋਂਦੀਆਂ ਅੱਖਾਂ

harminder_bhatt1ਇੱਕ ਬੜੇ ਸਾਰੇ ਸਿਆਸੀ ਪੋਸਟਰ ਦੇ ਥੱਲੇ ਲੱਗੇ ਕੂੜੇ ਦੇ ਢੇਰ ਵਿਚੋਂ ਚੁੱਕ ਰਹੀ ਕੂੜਾ ਇੱਕ ਨੰਨ੍ਹੀ ਜਿਹੀ ਫੱਟੇ ਪੁਰਾਣੇ ਕੱਪੜਿਆਂ ਵਿਚ ਕੁੜੀ ਨੇ ਜਦੋਂ ਇੱਕ ਕਿਤਾਬ ਦੇਖੀ ਤਾਂ ਝੱਟ ਆਪਣੀ ਕੂੜੇ ਦੀ ਅੱਧ ਭਰੀ ਬੋਰੀ ਮੋਢੇ ਤੋਂ ਲਾ ਕੇ ਝੱਟ ਉਸ ਕਿਤਾਬ ਨੂੰ ਪੜਨ ਲਈ ਉੱਥੇ ਹੀ ਬੈਠ ਗਈ ਕੋਲੋਂ ਲੰਘਦੇ ਹੋਏ ਜਦ ਅਚਨਚੇਤ ਮੈਂ ਉਸ ਕੁੜੀ ਵੱਲ ਵੇਖਿਆ ਕਿ ਉਹ ਕਿੰਨੀ ਰੀਝ ਨਾਲ ਕਿਤਾਬ ਦੇ ਵਰਕਿਆਂ ਨੂੰ ਫੋਲ ਰਹੀ ਹੈ ਜੋ ਕਿ ਪਹਿਲੀ ਦਾ ਪੁਰਾਣਾ ਹੋ ਚੁੱਕ ਕੈਦਾਂ ਸੀ ਆਖ਼ਿਰ ਮੈ ਰੁਕ ਗਿਆ ਉਸ ਦਾ ਇੰਨੇ ਧਿਆਨ ਨਾਲ ਦੇਖਦੇ ਹੋਣ ਕਰ ਕੇ ਮਰੇ ਕੋਲੋਂ ਰਿਹਾ ਨਾ ਗਿਆ ਤੇ ਮੈ ਪੁੱਛ ਬੈਠਾ
”ਬੇਟਾ ਕੀ ਵੇਖ ਰਿਹਾ ਏ”
ਇਹ ਸੁਣ ਕੇ ਉਹ ਕੁੜੀ ਸਹਿਮ ਗਈ ਤੇ ਹੋਲੀ ਜਿਹੇ ਕਿਹਾ
”ਅੰਕਲ ਇਹ ਊਠ ਹੈ ਨਾ”
ਮੈ ਕਿਹਾ
” ਹਾਂ ਪੁੱਤ ਊੜਾ ਊਠ ਹੁੰਦਾ ”
ਅਗਲੇ ਵਰਕੇ ਤੇ  ਪੂਰੇ ਅਰਮਾਨਾਂ ਨਾਲ ਭਰੀਆਂ ਸੋਹਣੀਆਂ ਅੱਖਾਂ ਵਾਲੀ ਤਸਵੀਰ ਬਣੀ ਵੇਖ ਕੇ ਉਸ ਦੀਆਂ ਨਮੋਸ਼ੀ ਭਰੀਆਂ ਅੱਧਸੁੱਤੀਆਂ ਅੱਖਾਂ ਵਿਚ ਸ਼ਾਇਦ ਕਦੇ ਵੀ ਨਾ ਪੂਰੇ ਹੋਣ ਵਾਲੇ ਸੁਪਨਿਆਂ ਤੇ ਪਤਾ ਨਹੀ ਜਿਵੇਂ ਪਾਣੀ ਫਿਰ ਗਿਆ ਹੋਵੇ ਤੇ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗ ਪਏ ਮੈ ਹੈਰਾਨ ਹੋ ਕੇ ਪੁੱਛਿਆ
”ਪੁੱਤ ਕੀ ਗੱਲ ਕਿਉਂ ਰੋ ਰਿਹਾ ਏ”
ਫੇਰ ਉਸ ਨੇ ਉਸ ਪੋਸਟਰ ਵੱਲ ਵੇਖਿਆ ਜੋ ਉਸ ਦੇ ਉਤਾਂਹ ਕੰਧ ਤੇ ਲੱਗਿਆ ਸੀ ਜਿਸ ਤੇ ਬੜੇ ਬੜੇ ਅੱਖਰਾਂ ਤੇ ”ਨੰਨ੍ਹੀ ਛਾਂ” ਲਿਖਿਆ ਸੀ ਫੇਰ ਮੇਰੇ ਵੱਲ ਵੇਖ ਕੇ ਕਿਤਾਬ ਉੱਥੇ ਹੀ ਰੱਖ ਦਿੱਤੀ ਜਦ ਮੈਂ ਉਸ ਪੋਸਟਰ ਵੱਲ ਵੇਖਿਆ ਤਾਂ ਉਸ ਪੋਸਟਰ ਵਿਚ ਕਿਸੇ ਸਿਆਸੀ ਲੀਡਰ ਨਾਲ ਕਈ  ਕੁੜੀਆਂ ਸਮੇਤ ਉਹ ਕੁੜੀ ਵੀ ਵਿੱਚੇ ਹੀ ਖੜੀ ਬੜੀਆਂ ਉਮੀਦਾਂ ਨਾਲ ਇਹੋ ਜਿਹੀ ਹੀ ਕਿਤਾਬੀ ਅੱਖਾਂ ਵਾਂਗੂ ਮੁਸਕਰਾ ਰਹੀ ਸੀ ਇਹ ਵੇਖ ਮੇਰੀਆਂ ਆਪਣੀਆਂ ਅੱਖਾਂ ਵਿਚੋਂ ਵੀ ਹੂੰਝੂ ਬਹਿ ਤੁਰੇ। ਜੱਦੋ ਤੱਕ ਮੈਂ ਉਸ ਤੋ ਕੁੱਝ ਹੋਰ ਪੁੱਛਣਾ ਚਾਹੁੰਦਾ ਤਾਂ ਉਹ ਬਿਨਾਂ ਬੋਲੇ ਆਪਣੀ ਬੋਰੀ ਚੁੱਕ ਕੇ ਹੋਲੀ ਹੋਲੀ  ਨੰਨੇ ਨੰਨੇ ਕਦਮਾਂ ਨਾਲ ਬਹੁਤ ਦੂਰ ਜਾ ਚੁੱਕੀ ਸੀ ਤੇ ਮੈ ਫਸ ਗਿਆ ਲੀਡਰਾਂ ਦੁਆਰਾ ਬਣਾਈ ਗਈ ਝੂਠੇ ਦਿਖਾਏ ਵਾਅਦਿਆਂ ਦੀ ਦਲਦਲ ਵਿਚ ।

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)ਸੰਗਰੂਰ
099140 62205

——————————————————————————————————

ਖਰੀਦਦਾਰ

Sukhwinder_2ਹਰਨੇਕ ਨੇ ਆਪਣੀ ਧੀ ਦਾ ਵਿਆਹ ਅਮੀਰ ਘਰ ਵਿੱਚ ਵੀਹ ਲੱਖ ਦਾਜ ਦੇ ਕੇ ਕੀਤਾ ਤੇ ਇੱਕ ਦਿਨ ਉਨ੍ਹਾਂ ਦਾ ਜੁਵਾਈ ਉਹਨਾਂ ਦੀ ਧੀ ਨੂੰ ਆਨੀ-ਬਹਾਨੀ ਤੰਗ ਕਰਨ ਲੱਗਿਆ। ਕੁੱਝ ਸਮਾਂ ਹਰਨੇਕ ਨੇ ਦੇਖਿਆ ‘ਤੇ ਇੱਕ ਦਿਨ ਰਿਸ਼ਤੇਦਾਰ ਬੁਲਾਏ ਹਰਨੇਕ ਨੇ ਜੁਵਾਈ ਦੀ ਲਿਆਂਦੀ ਨਵੀਂ ਗੱਡੀ ਦੇਖ ਕੇ ਕਿਹਾ, “ਕਾਕਾ ਇਹ ਗੱਡੀ”।
“ਹਾਂ ਜੀ ਕੱਲ੍ਹ ਲਿਆਂਦੀ ਏ ਐ, ਪੰਜ ਲੱਖ ਦੀ”, ਜੁਵਾਈ ਨੇ ਧੌਣ ਅਕੜਾ ਕੇ ਕਿਹਾ।

ਹਰਨੇਕ ਨੇ ਗੱਡੀ ਦੀ ਤਾਕੀ ਖੋਲ੍ਹੀ ਤੇ ਗੱਡੀ ‘ਚ  ਬੈਠਦਿਆਂ ਕੇ ਕਿਹਾ, “ਮੈਂ ਲਿਜਾਵਾਂ ਕਾਕਾ ਗੱਡੀ ਨੂੰ…”।

ਜੁਵਾਈ ਨੇ ਸਟੇਰਿੰਗ ਫੜਦਿਆਂ ਕਿਹਾ, “ਇਸ ਤੇ ਮੈਂ ਪੰਜ ਲੱਖ ਲਾਇਆ, ਮੁੱਲ ਖਰੀਦੀ ਐ, ਮੁਫ਼ਤ ਨ੍ਹੀਂ। ਆਪਣੇ ਘਰ ਰੱਖਾਂਗਾ, ਦਾਨ ਨਹੀਂ ਕਰਨੀ”।

ਹਰਨੇਕ ਗੱਡੀ ‘ਚੋਂ ਉਤਰ ਕੇ ਜੁਵਾਈ ਦਾ ਹੱਥ ਫੜ ਕੇ ਗੇਟ  ਵੱਲ ਤੁਰ ਪਿਆ। ਸਾਰੇ ਹੈਰਾਨ ਹੋਏ, ਰੌਲਾ ਪੈ ਗਿਆ।

ਮਾਂ-ਬਾਪ ਕਹਿਣ ਕਿੱਥੇ ਲੈ ਚਲਿਆ ਏ ਸਾਡੇ ਪੁੱਤਰ ਨੂੰ” ,ਹਰਨੇਕ ਨੇ ਕਿਹਾ,

“ਆਪਣੇ ਘਰ…”।

ਜੁਵਾਈ ਨੇ ਹੈਰਾਨ ਹੋ ਕੇ ਕਿਹਾ, “ਮੱਤ ਮਾਰੀ ਗਈ ਆ ਤੇਰੀ, ਮੇਰਾ ਘਰ ਇਹ ਹੈ, ਤੇਰੇ ਘਰ ਕਿਉੂਂ ਜਾਵਾਂ”।

ਹਰਨੇਕ ਨੇ ਕਿਹਾ, “ਪੁੱਤਰ ਜੀ ਅਕਲ ਤਾਂ ਹੁਣ ਆਈ ਏ, ਤੂੰ ਪੰਜ ਲੱਖ ਗੱਡੀ ਤੇ ਲਾ ਕੇ ਮਾਲਕ ਬਣ ਗਿਆ। ਮੈਂ ਤਾਂ ਫਿਰ ਵੀ ਤੈਨੂੰ ਪੂਰੇ ਵੀਹ ਲੱਖ ਰੁਪਏ ‘ਚ ਖਰੀਦਿਆਂ ਏ, ਮਾਲਕ ਤਾਂ ਮੈ ਹੀ ਤੇਰਾ। ਕਿਤੇ ਵੀ ਰੱਖਾਂ, ਮੁਫ਼ਤ ‘ਚ ਨਹੀਂ ਮਿਲਿਆ ਜੋ ਲੋਕਾਂ ਨੂੰ ਦਾਨ ਕਰਾਂ”।

ਮੁੰਡੇ ਦੇ ਮਾਂ-ਬਾਪ ਕੋਰਾ ਸੱਚ ਸੁਣ ਕੇ ਹੱਕੇ-ਬੱਕੇ ਰਹਿ ਗਏ। ਜੁਵਾਈ ਨੇ ਨੀਵੀਂ ਪਾ ਲਈ ਕਿਉਂਕਿ ਹਰਨੇਕ ਉਸਦਾ ਸਹੁਰਾ ਨਹੀਂ ਖਰੀਦਦਾਰ ਸੀ, ਵੇਚਣ ਵਾਲੇ ਤਾਂ ਉਸ ਦੇ ਮਾਂ-ਬਾਪ ਸਨ।

                         – ਸੁਖਵਿੰਦਰ ਕੌਰ ‘ਹਰਿਆਓ’
                           ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
                           +91-81464-47541
                           sukhwinderhariao@gmail.com

ਪੁੰਨ ਤੇ ਫ਼ਲੀਆਂ

ਪਿੰਡ ਦੇ ਗੁਰੂਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ ਬੁੱਕ ਕਰਵਾਓ ਜੀ। ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ। ਸੀਟਾਂ ਖਤਮ ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ।

ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, “ਬੜੀ ਸਰਦਲ ‘ਤੇ ਧਾਰਮਿਕ ਖਿਆਲਾਂ ਦਾ ਪਿੰਡ ਹੈ ਜੋ ਇਕ ਦਿਨ ਵਿੱਚ ਹੀ ਸੀਟਾਂ ਦੀ ਬੁੱਕਿੰਗ ਹੋ ਗਈ”। ਟੇਡੀ ਜਿਹੀ ਪੱਗ ਵਾਲੇ ਮਾੜਕੂ ਜਿਹੇ ਬੰਦੇ ਨੇ ਸੀਟਾ ਤੇ ਬੈਠਦੇ ਨੇ ਕਿਹਾ, “ਭਾਈ ਸਾਹਬ ਸਰਧਾਲੂ ਘੱਟ ਤੇ ਮੇਰੇ ਵਰਗੇ ਜ਼ਿਆਦਾ ਨੇ… ਭੁੱਕੀ ਦੀ ਤੋਟ ਕਰਕੇ ਸਾਰੀ ਅਮਲੀ ਮੰਡਲੀ ਜਾ ਰਹੀ ਐ। ਹਜੂਰ ਸਾਹਿਬ ਦੇ ਇਲਾਕੇ ਵਿੱਚ ਭੁੱਕੀ ਸਸਤੀ ਮਿਲ ਜਾਂਦੀ ਐ, ਸੋਚਿਆ ਨਾਲੇ ਸਨਾਨ ਕਰ ਆਵਾਂਗੇ… … ਨਾਲੇ ਮਾਲ-ਭੱਤਾ ! ਬਈ ਬਾਈ ਨਾਲੇ ਪੁੰਨ ਨਾਲੇ ਫ਼ਲੀਆਂ, ਨਾਲੇ ਰੱਬ ਖੁਸ਼ ਨਾਲੇ ਮਨ ਖੁਸ਼ ਹੋ ਜਾਊ”।

– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ

ਕਲੀਨ ਚਿੱਟ

ਇੱਕ ਪਟਵਾਰੀ ਨੇ ਕਾਫੀ ਦੇਰ ਬਾਅਦ ਮਿਲੇ ਦੂਸਰੇ ਜ਼ਿਲੇ ਦੇ ਪਟਵਾਰੀ ਨੂੰ ਬੜੀ ਉਤਸੁਕਤਾ ਨਾਲ ਸਵਾਲ ਕਰਦਿਆਂ, ਪੁੱਛਿਆ, ‘ਯਾਰ ਤੂੰ ਤਾਂ ਭਾਰੀ ਰਿਸ਼ਵਤ ਲੈਣ ਦੇ ਕੇਸ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ, ਪਰ ਤੂੰ ਤਾਂ ਫਿਰ ਸਰਕਾਰੀ ਰਿਕਾਰਡ ਅੱਜ ਚੁੱਕੀ ਫਿਰਦੈ…
ਕੀ ਤੂੰ ੮-੧੦ ਮਹੀਨਿਆਂ ‘ਚ ਹੀ ਇਸ ਝਮੇਲੇ ਚੋਂ ਨਿਕਲ ਪਿਐ…
ਹਾਂ, ਯਾਰ ਮੈਂ ਬਰੀ ਹੋ ਗਿਐਂ… ਮੈਨੂੰ ਕਲੀਨ ਚਿੱਟ ਮਿਲ ਗਈ ਸੀ।
ਹੈਂ…? ਬਰੀ, ਪਰ ਯਾਰ ਕਿਵੇਂ…ਤੈਨੂੰ ਕਿਸ ਨੇ ਬਚਾਇਆ ਸਾਨੂੰ ਵੀ ਦੱਸ ਦੇ, ਕਿਤੇ ਲੋੜ ਪੈ ਜਾਂਦੀ ਐ…
‘ਰਿਸ਼ਵਤ ਰਾਣੀ ਨੇ……’।
ਹੈਂ, ਯਾਰ ਕਮਾਲ ਐ…ਰਿਸ਼ਵਤ ਦੇ ਕੇਸ ‘ਚ ਤੂੰ ਖੁਦ ਫਸਿਆ ਤੇ ਬਚਾਇਆ, ਅਖੇ ਰਿਸ਼ਵਤ ਰਾਣੀ ਨੇ…
ਪਰ ਯਾਰ ਉਹ ਕਿਵੇਂ…?
ਗੱਲ ਇਹ ਐ, ਕਿ ਬਈ ਭੀਮਿਆ ਤੈਨੂੰ ਪਤੈ, ਕਿ ਜਿਵੇਂ ਲੋਹੇ ਨੂੰ ਲੋਹਾ ਕੱਟਦੈ, ਬੰਦੇ ਨੂੰ ਬੰਦਾ… ਉਵਂੇ ਰਿਸ਼ਵਤ ਨੂੰ ਰਿਸ਼ਵਤ ਹੀ ਭਸਮ ਕਰਦੀ ਐ।ਤੇ ਮੈਂ ਰਿਸ਼ਵਤ ਲੈਣ ਦੇ ਮੱਕੜੀ ਜਾਲ ‘ਚ ਫਸਿਆ ਸੀ ਤੇ ਫਿਰ ਮੈਂ ਵੀ ਅੱਗੇ ਰਿਸ਼ਵਤ ਦੇ ਕੇ ਹੀ ਇਸ ਜਾਲ ਚੋਂ ਮੁੱਕਤ ਹੋ ਗਿਆ।

ਲੇਖਕ:- ਡਾ. ਸਾਧੂ ਰਾਮ ਲੰਗੇਆਣਾ,

ਪਿੰਡ:- ਲੰਗੇਆਣਾ ਕਲਾਂ (ਮੋਗਾ)

ਜ਼ਿੰਦਗੀ ਦੇ ਅਰਥ

ਜੂਨ ਦੇ ਮਹੀਨੇ ਦੀ ਤਿੱਖੜ ਦੁਪਹਿਰ ਸੀ। ਹਵਾ ਬੰਦ ਸੀ। ਅਸਮਾਨ ‘ਚ ਬੱਦਲਾਂ ਦੇ ਲੰਗਾਰ ਸੂਰਜ ਤੋਂ ਪਾਸੇ ਖੜੇ ਸਨ। ਦੋ ਘੰਟਿਆਂ, ਤੋਂ ਦੋਵੇ ਮਾਂ-ਪੁੱਤ ਮੱਝ ਲਈ ਨਰਮੇ ਦੇ ਖੇਤ ‘ਚੋਂ ਇੱਸਸਿਟ-ਘਾਹ ਖੋਤ ਰਹੇ ਸਨ। ਇਕ ਅੱਖੜ ਮੱਝ ਦੋਵੇਂ ਜਾਂ ਪੁੱਤਾਂ ਦੀ ਰੋਟੀ ਦਾ ਸਾਧਨ ਸੀ। ਜਿਸਦਾ ਦੋ ਕਿਲੋ ਦੁੱਧ ਵੇਚਕੇ ਉਹ ਹਰ ਰੋਜ਼ ਦੀ ਰੋਟੀ ਦਾ ਆਹਰ ਕਰਦੇ ਸਨ। ਬੁੱਢੀ ਮਾਂ ਥੱਕਕੇ ਵੱਟ ਦੇ ਕਿਨਾਰੇ ਇਕ ਛੋਟੀ ਜਿਹੀ ਬੋਰੀ ਥੱਲੇ ਬੈਠ ਗਈ ਪਰ ਅਠਾਰਾਂ ਵਰਿ•ਆਂ ਦਾ ਪੁੱਤਰ ਘਾਹ ਖੋਤ ਰਿਹਾ ਸੀ। ਪਸੀਨਾ ਚੋਅ-ਚੋਅ ਕੇ ਉਸਦੇ ਕਣਕ ਵੰਨੇ ਰੰਗ ‘ਚ ਘੁੱਲਦਾ ਜਾ ਰਿਹਾ ਸੀ। ਗਲ ਪਾਟਿਆ ਜਾਮਾ ਭਿੱਜ ਕੇ ਜਿਸਮ ਨਾਲ ਚਿਪਕ ਗਿਆ ਸੀ ਤੇ ਇਕ ਖੱਟੀ-ਖੱਟੀ ਹਵਾੜ ਆ ਰਹੀ ਸੀ।
ਪਰ•ੇ ਸੜਕ ਤੋਂ ਦੂਰ ਹਵੇਲੀ ਵਾਲੇ ਸਰਦਾਰ ਦੇ ਦੋਵੇਂ ਮੁੰਡੇ ਸਕੂਟਰ ਤੇ ਸ਼ਹਿਰੋਂ ਪੜਕੇ ਮੁੜ ਰਹੇ ਸਨ। ਕਾਲੀਆਂ ਐਨਕਾ ਫਿੱਟ ਕੱਪੜਿਆਂ ‘ਚ ਉਨ•ਾਂ ਦਾ ਗੋਰਾ-ਗੋਰਾ ਸਰੀਰ ਝਲਕ ਰਿਹਾ ਸੀ। ਦੋਵੇਂ ਭਰਾ ਆਪਸ ‘ਚ ਗੱਲਾਂ ਕਰਦੇ ਖਿੜ-ਖਿੜ ਹੱਸਦੇ ਕੋਲੋਂ ਦੀ ਗੁਜ਼ਰ ਗਏ। ਘਾਹ ਖੋਤ ਰਿਹਾ ਮੁੰਡਾ ਨੀਝ ਲਾਕੇ ਕਿੰਨਾ ਚਿਰ ਉਨ•ਾਂ ਜਾਂਦਿਆਂ ਨੂੰ ਦੇਖਦਾ ਰਿਹਾ। ਪਸੀਨਾ ਉਸਦੇ ਸਿਰ ਤੋਂ ਲੈ ਕੇ ਪੈਰਾ ਤਾਂਈ ਚੋਅ ਰਿਹਾ ਸੀ। ਢੂਹੀ ਵਿਚ ਥਕਾਵਟ ਦੀਆਂ ਪੀੜਾਂ ਪੈ ਰਹੀਆਂ ਸਨ ਅਤੇ ਢਿੱਡ ‘ਚ ਭੁੱਖ ਤਰੀੜਾਂ ਪਾ ਰਹੀ ਸੀ। ਹੁਣ ਤੱਕ ਸਵੇਰ ਦੀ ਚਾਹ ਨਾਲ ਇਕ ਰੋਟੀ ਰਾਤ ਦੀ ਬਚੀ ਹੋਈ ਬੇਹੀ ਰੁੱਖੀ ਨਸੀਬ ਹੋਈ ਸੀ। ਇਕ ਚੱਕਰ ਜਿਹਾ ਆਇਆ ਅਤੇ ਉਸਨੂੰ ਲੱਗਾ ਕਿ ਉਹ ਹੁਣ ਡਿੱਗ ਪਵੇਗਾ। ਉਹ ਉੱਠਿਆ ਤੇ ਕਾਹਲੀ-ਕਾਹਲੀ ਨਾਲ ਮਾਂ ਕੋਲ ਜਾ ਕੇ ਬੈਠ ਗਿਆ। ਫਿਰ ਟਾਕੀਆਂ ਲੱਗੇ ਝੱਗੇ ਨਾਲ ਮੂੰਹ ਨੂੰ ਹਵਾ ਦੇਣ ਲੱਗ ਪਿਆ। ਉਸਦਾ ਜੀ ਕੀਤਾ ਕਿ ਛਾਵੇਂੇ ਲੰਮਾ ਪੈ ਜਾਵੇ। ਮਾਂ ”ਜਵਾਨੀ ਕੀ ਹੁੰਦੀ ਐ ਤੇ ਜ਼ਿੰਦਗੀ ਦੇ ਕੀ ਅਰਥ ਹੁੰਦੇ ਹਨ ?”
ਮਾਂ ਨੇ ਝੁਰੜੀਆਂ ਭਰੇ ਚਿਹਰੇ ਨਾਲ ਪੁੱਤਰ ਵੱਲ ਵੇਖਿਆ ਤੇ ਫਿਰ ਬੋਲੀ, ”ਪੁੱਤ! ਜਦੋਂ ਮੱਲੋ-ਮੱਲੀ ਹਾਸਾ ਆਵੇ ਤਾਂ ਉਹ ਜਵਾਨੀ ਹੁੰਦੀ ਹੈ ਤੇ ਜਦੋਂ ਸਰੀਰ ਦੇ ਸਾਰੇ ਅੰਗ ਠੀਕ ਠਾਕ ਕੰਮ ਕਰਨ ਤਾਂ ਉਹ ਵਧੀਆ ਜ਼ਿੰਦਗੀ ਹੁੰਦੀ ਐ।”
ਪੁੱਤਰ ਦੇ ਮੂੰਹ ਤੇ ਜਿਵੇਂ ਸਾਰੀ ਦੁਨੀਆਂ ਦਾ ਦਰਦ ਇਕੱਠਾ ਹੋ ਗਿਆ ਹੋਵੇ। ਉਸਨੇ ਅੱਖਾਂ ਭਰਕੇ ਕਿਹਾ, ”ਮਾਂ! ਹਾਸਾ ਤਾਂ ਮੈਨੂੰ ਵੀ ਪਿਛਲੇ ਸਾਲ ਨਹੀਂ ਸੀ ਆਇਆ।” ਉਸਨੇ ਕੂਹਣੀ ਤੱਕ ਕੱਟੀ ਬਾਹ ਨੂੰ ਦੂਜੇ ਹੱਥ ਨਾਲ ਪਲੋਸਦੇ ਹੋਏ ਕਿਹਾ। ਉਸਨੂੰ ਇੰਝ ਲੱਗਾ ਜਿਵੇਂ ਉਸਤੋਂ ਜ਼ਿੰਦਗੀ ਦੀ ਝਲਕ ਗੁਆਚ ਗਈ ਹੋਵੇ। ਆਪਣੇ ਗਮਾਂ ਦੇ ਅਰਥਾਂ ਦੀ ਕੁਝ-ਕੁਝ ਸਮਝ ਆਉਣ ਲੱਗ ਪਈ ਹੋਵੇ। ਉਹ ਉੱਠਿਆ ਤੇ ਘਾਹ ਖੋਤਣ ਲਈ ਰੰਬਾ ਚੁੱਕਿਆ ਪਰ ਅਚਾਨਕ ਹੀ ਰੰਗਾ ਉਸਦੇ ਹੱਥ ‘ਚੋਂ ਛੁੱਟ ਗਿਆ ਤੇ ਪੈਰ ਦੇ ਅੰਗੂਠੇ ਤੇ ਵੱਜਿਆ ਤੇ ਲਹੂ ਦੀ ਤਿੱਖੀ ਤਤੀਰ ਫੁਹਾਰੇ ਵਾਂਗ ਵਹਿ ਤੁਰੀ। ਮੁੰਡੇ ਨੇ ਦੰਦਾ ਵਿਚ ਜੀਭ ਘੁੱਟ ਲਈ ਤੇ ਕੋਈ ਪੀੜ ਉਸਦੇ ਧੁਰ ਦਿਲ ਤੱਕ ਚੀਕਦੀ ਜਾ ਰਹੀ। ਧੁੱਪ ਅਜੇ ਵੀ ਧਰਤੀ ਦਾ ਪਿੰਡਾ ਲੂਹ ਰਹੀ ਸੀ ਤੇ ਸਰਦਾਰਾਂ ਦੀ ਹਵੇਲੀ ਤੇ ਲੱਗਾ ਐਟੀਨਾ ਤਾਰੇ ਵਾਂਗ ਧੁੱਪ ਵਿਚ ਲਿਸ਼ਕ ਰਿਹਾ ਸੀ।

-ਗੁਰਮੇਲ ਬੋਡੇ

ਬੂਟ

”ਖੜੇ ਹੋ ਜਾਓ ਜਿੰਨਾਂ ਨੇ ਅੱਜ ਵੀ ਬੂਟ ਨਹੀਂ ਪਾਏ।” ਮਾਸਟਰ ਜੀ ਨੇ ਸਵੇਰ ਦੀ ਸਭਾ ਤੋਂ ਬਾਅਦ ਬੱਚਿਆਂ ਨੂੰ ਆਖਿਆ (ਮਾਸਟਰ ਜੀ ਰੋਜ਼ਾਨਾ ਹੀ ਬੱਚਿਆਂ ਨੂੰ ਸਰਦੀ ਜ਼ਿਆਦਾ ਹੋਣ ਕਰਕੇ ਬੂਟ ਪਾ ਕੇ ਆਉਣ ਵਾਸਤੇ ਕਹਿੰਦੇ ਰਹਿੰਦੇ ਸਨ) ਜਿੰਨਾਂ ਬੱਚਿਆਂ ਦੇ ਬੂਟ ਨਹੀਂ ਪਾਏ ਸਨ ਖੜੇ ਹੋ ਜਾਓ, ਮਾਸਟਰ ਜੀ ਨੇ ਸਾਰਿਆਂ ਤੋਂ ਵਾਰੀ-ਵਾਰੀ ਬੂਟ ਨਾ ਪਾ ਆਉਣ ਦਾ ਕਾਰਣ ਪੁੱਛਿਆ ਅਤੇ ਨਾਲ ਹੀ ਦੋ-ਦੋ ਚਪੇੜਾਂ ਦਾ ਪ੍ਰਸਾਦ ਵੀ ਦੇ ਦਿੱਤਾ। ਅਖੀਰ ਵਿਚ ਸੋਨੂੰ ਦੀ ਵਾਰੀ ਆਈ ਤਾਂ ਸੋਨੂੰ ਨੇ ਆਖਿਆ¸
”ਮਾਸਟਰ ਜੀ ਮੈਂ ਬੂਟ ਮਾਘੀ ਤੋਂ ਮਗਰੋਂ ਪਾ ਕੇ ਆਉਂਗਾ।”
ਮਾਸਟਰ ਜੀ ਨੇ ਦੋ-ਤਿੰਨ ਚਪੇੜਾਂ ਸੋਨੂੰ ਦੇ ਹੋਰ ਜੜ ਦਿੱਤੀਆਂ ਅਤੇ ਕਿਹਾ,  ”ਬੂਟ ਨਾ ਪਾ ਕੇ ਆਉਣ ਦਾ ਮਾਘੀ ਨਾਲ ਕੀ ਸਬੰਧ ਹੋਇਆ, ਬਹਾਨਾ ਵੀ ਨਹੀਂ ਬਣਾਉਣਾ ਆਉਂਦਾ।”
”ਮੇਰੀ ਮੰਮੀ ਕਹਿੰਦੀ ਸੀ, ਮਾਘੀ ਵਾਲੇ ਦਿਨ ਤੂੰ ਸਰਦਾਰਾਂ ਦੇ ਘਰਾਂ ਵਿਚੋਂ ਮਾਘੀ ਮੰਗ ਕੇ ਲੈ ਆਈਂ, ਜਿਹੜੇ ਦਾਣੇ ਇਕੱਠੇ ਹੋਣਗੇ, ਵੇਚ ਕੇ ਤੈਨੂੰ ਬੂਟ ਲੈ ਦੇਵਾਂਗੀ।” ਸੋਨੂੰ ਨੇ ਰੋਂਦੇ ਹੋਏ ਕੰਬਦੀ ਹੋਈ ਅਵਾਜ਼ ਵਿਚ ਆਖਿਆ।
ਸੋਨੂੰ ਦੀ ਗੱਲ ਸੁਣ ਕੇ ਮਾਸਟਰ ਜੀ ਨੂੰ ਆਪਣੇ ਆਪ ਤੇ ਬਹੁਤ ਪਛਤਾਵਾ ਹੋ ਰਿਹਾ ਸੀ।

-ਡਾ. ਰਾਜਵੀਰ ਸਿੰਘ ਸੰਧੂ

ਰੋਟੀ ਦੇ ਰੂਪ

”ਬੀਬੀ ਇੱਕ ਰੋਟੀ ਦੇ ਦੇ”, ”ਇੱਕ ਰੋਟੀ ਦੇ ਦੇ ਬੀਬੀ।” ਘਰ ਦੇ ਮੇਨ ਗੇਟ ਤੇ ਇਕ ਬੱਚਾ ਬਾਰ-ਬਾਰ ਇਹੀ ਰੱਟ ਲਗਾਈ ਜਾ ਰਿਹਾ ਸੀ, ਜਿਸ ਦੀ ਅਵਾਜ਼ ਵਿਚ ਇੱਕ ਤਰਲਾ ਜਿਹਾ ਸੀ, ਪਰ ਘਰ ਦੇ ਅੰਦਰ ਇਸ ਦੇ ਤਰਲੇ ਦਾ ਕਿਸੇ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ”ਨੀ ਰਾਣੀ ਕਿੰਨਾ ਕੁ ਟੈਮ ਲੱਗੂ ਤੈਨੂੰ? ਆਪਾਂ ਬਾਬੇ ਦੀ ਰੋਟੀ ਬਾਰਾਂ ਵਜੇ ਤੋਂ ਪਹਿਲਾ ਖਵਾਉਣੀ ਐ, ਮਗਰੋਂ ਨੀ ਲੱਗਦੀ ਹੁੰਦੀ।” ਅਚਾਨਕ ਮੇਰੀ ਨਾਨੀ ਨੇ ਚੁੱਲੇ ਚੌਕੇ ਵਿਚ ਕੰਮ ਕਰਦੀ ਆਪਣੀ ਨੂੰਹ ਮੇਰੀ ਮਾਸੀ ਨੂੰ ਤਾੜਣਾ ਜਹੀ ਕੀਤੀ। ”ਬੱਸ, ਬੀਜੀ ਖੀ ਬਣ ਗਈ ਐ, ਤੁਸੀਂ ਬਾਬਾ ਜੀ ਨੂੰ ਸੱਦ ਲਿਆਓ।” ਮੇਰੀ ਮਾਸੀ ਨੇ ਵੀ ਖੀਰ ਵਾਲੇ ਪਤੀਲੇ ਵਿਚ ਕੜਛੀ ਮਾਰਦਿਆਂ ਜਵਾਬ ਦਿੱਤਾ। ”ਸੋ ਫੇਰ ਮੈਂ ਬਾਬੇ ਨੂੰ ਸੱਦ ਈ ਲਿਆਵਾਂ।” ਮੇਰੀ ਨਾਨੀ ਨੇ ਮੰਜੇ ਤੋਂ ਉੱਠਦੀ ਹੋਈ ਨੇ ਕਿਹਾ। ”ਬੀਬੀ ਇੱਕ ਰੋਟੀ ਦੇ ਦੇ।” ਬਾਹਰੋਂ ਫਿਰ ਉਸੇ ਬੱਚੇ ਦੀ ਅਵਾਜ਼ ਆਈ। ”ਲਿਆ ਨੀ ਜੇ ਕੋਈ ਰਾਤ ਦੀ ਰੋਟੀ ਪਈ ਐ ਤਾਂ ਪਹਿਲਾਂ ਇਹਦਾ ਮੱਥਾ ਡੰਮਾ, ਕਦੋਂ ਦਾ ਕਾਵਾਂ ਰੌਲੀ ਪਾਈ ਜਾਂਦੈ।” ਨਾਨੀ ਨੇ ਗੇਟ ਵੱਲ ਵੇਖਦੀ ਨੇ ਕਿਹਾ ਤੇ ਕੰਧੋਲੀ ਤੇ ਪਈਆਂ ਦੋ ਸੁੱਕੀਆਂ ਜਹੀਆਂ ਰੋਟੀਆਂ ਚੱਕ ਕੇ ਬਾਹਰ ਜਾਂਦੀ ਨੇ ਬੱਚੇ ਦੇ ਹੱਥ ਤੇ ਰੱਖ ਦਿੱਤੀਆਂ, ਤੇ ਆਪ ਬਾਬੇ ਨੂੰ ਸੱਦਣ ਚਲੀ ਗਈ।

-ਜਗਦੀਸ਼ ਪ੍ਰੀਤਮ, ਠੱਠੀ ਭਾਈ

ਭੁੱਲ ਦਾ ਪਛਤਾਵਾ

ਕੁੰਢਾ ਸਿਉਂ ਨੇ ਐਤਕੀਂ ਇੱਕ ਭਈਆ ਸੀਰੀ ਰੱਖ ਲਿਆ। ਭਈਏ ਨੇ ਜਦੋਂ ਸੇਵਰ ਦੀ ਚਾਹ ਪੀ ਕੇ ਬੀੜੀ ਲਾਈ ਤਾਂ ਕੁੰਢਾ ਸਿਉਂ ਦਾ ਪਾਰਾ ਚੜ ਗਿਆਸ਼ ਕਿਉਂਕਿ ਉਸ ਨੂੰ ਬੀੜੀ-ਸਿਗਰਟ ਤੋਂ ਸਖਤ ਨਫਰਤ ਸੀ। ਉਹ ਭਈਏ ਨੂੰ ਡਾਂਟਦਾ ਹੋਇਆ ਕਹਿਣ ਲੱਗਾ, ”ਭਈਆ ਆਪ ਕੋ ਪਤਾ ਹੈ ਬੀੜੀ-ਸਿਗਰਟ ਪੀਨੇ ਸੇ ਕੈਂਸਰ ਹੋ ਜਾਤਾ ਹੈ, ਕੈਂਸਰ? ਤੁਮ ਜਾਨ ਬੂਝ ਕਰ ਮੌਤ ਕੋ ਵਾਜੇਂ ਮਾਰਤਾ ਹੈ। ਬੰਦ ਕਰੋ ਇਸ ਕੋ।” ਕੁੰਢਾ ਸਿਉਂ ਨੇ ਜਬਰਦਸਤੀ ਭਈਏ ਦੀ ਬੀੜੀ ਬੰਦ ਕਰਵਾ ਦਿੱਤੀ।
ਇਹ ਭਾਸ਼ਨ ਸੁਣ ਕੇ ਕੁੰਢਾ ਸਿਉਂ ਦਾ ਲੜਕਾ ਜੋ ਕਾਲਜ ਜਾਣ ਲਈ ਪੱਗ ਬੰਨ ਰਿਹਾ ਸੀ, ਫਟਾਫਟ ਬਾਹਰ ਆਇਆ ਤੇ ਕਹਿਣ ਲੱਗਾ, ”ਬਾਪੂ ਜੀ ਇਹ ਤਾਂ ਠੀਕ ਐ ਕਿ ਬੀੜੀ ਦੇ ਧੂੰਏਂ ਨਾਲ ਭਈਏ ਨੂੰ ਕੈਂਸਰ ਹੋ ਜਾਵੇਗਾ, ਪਰ ਕੱਲ ਜਿਹੜੀ ਤੁਸੀਂ 15 ਕਿੱਲੇ ਦੀ ਪਰਾਲੀ ਸਾੜ ਕੇ ਆਏ ਸੀ ਉਹਦੇ ਧੂੰਏਂ ਨਾਲ ਤਾਂ ਫਿਰ ਸੈਂਕੜੇ ਬੰਦਿਆਂ ਨੂੰ ਕੈਂਸਰ ਹੋਵੇਗਾ। ਇਹਦੇ ਬਾਰੇ ਤਾਂ ਤੁਸੀਂ ਕਦੇ ਸੋਚਿਆ ਨੀ।” ਹੁਣ ਬਾਪੂ ਲਾ-ਜਵਾਬ ਸੀ।
”ਹਾਂ ਪੁੱਤਰ, ਹੁਣ ਤੱਕ ਮੈਂ ਬਹੁਤ ਵੱਡੀ ਭੁੱਲ ਕਰਦਾ ਰਿਹਾ। ਇਸ ਦਾ ਮੈਨੂੰ ਬਹੁਤ ਪਛਤਾਵਾ ਹੈ। ਪਰ ਅੱਗੇ ਤੋਂ ਮੈਂ ਖੇਤੀ ਮਾਹਰਾਂ ਨਾਲ ਵਿਚਾਰ ਕਰਕੇ ਇਸ ਦਾਕੋਈ ਠੋਸ ਹੱਲ ਲੱਭਾਂਗਾ ਤਾਂ ਕਿ ਅਸੀਂ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ।”
ਮਰਿਆ ਮਨੁੱਖ
”ਰਾਤੀਂ ਫੱਤੂ ਮਰ ਗਿਆ….।” ਮੂੰਹੋਂ ਮੂੰਹ ਤੁਰਦੀ ਗੱਲ ਕੰਧਾਂ ਦੇ ਕਨ•ੇੜੇ ਚੜ• ਪਿੰਡ ‘ਚ ਫੈਲ ਗਈ।
”ਚੰਗਾ ਹੋਇਆ ਛੁੱਟ ਗਿਆ ਵਿਚਾਰਾ। ਉਹ ਜਿਉਂਦਾ ਹੀ ਕਦੋਂ ਸੀ।”
ਜਿੰਨੇ ਮੂੰਹ ਉਨੀਆਂ ਹੀ ਗੱਲਾਂ।
ਬਹੁਤ ਵਰ•ੇ ਪਹਿਲਾਂ ਫਤਹਿ ਸਿੰਘ ਜਦੋਂ ਗਲੀਆਂ ਵਿਚੋਂ ਲੰਘਦਾ ਤਾਂ ਕੰਧਾਂ ਸ਼ਰਮਾ ਜਾਂਦੀਆਂ। ਮੁਟਿਆਰਾਂ ਝੀਖਾਂ ਵਿਚੋਂ ਤਾੜ ਹੌਕੇ ਭਰਦੀਆਂ।
ਫਿਰ ਊਠਾਂ ਘੋੜੀਆਂ ਤੇ ਫਤਹਿ ਸਿੰਘ ਨੂੰ ਵਿਆਹੁਣ ਗਏ। ਵਹੁਟੀ ਤਕਦਿਆਂ ਫਤਹਿ ਸਿੰਘ ਨੂੰ ਗਸ਼ ਜਿਹੀ ਪੈ ਗਈ। ਪੱਕਾ ਰੰਗ, ਕਰੂਪ ਚਿਹਰਾ, ਦੰਦ ਬਾਹਰ ਨੂੰ ਨਿਕਲੇ ਹੋਏ। ਪਤਾ ਨਹੀਂ ਉਸ ਹਾਲਾਤ ਨਾਲ ਕਿੰਝ ਸਮਝੌਤਾ ਕਰ ਲਿਆ। ਪਰ, ਉਸ ਅੰਦਰੋਂ ਟੀਸ ਜ਼ਰੂਰ ਉਠਦੀ। ਲੁਹਾਰਾਂ ਦੀ ਬਚਨੋ ਨੂੰ ਵੇਖ ਉਸ ਅੰਦਰੋਂ ਰੁੱਗ ਜਿਹਾ ਭਰਿਆ ਜਾਂਦਾ। ਉਹਦਾ ਮਨ ਪੱਛਿਆ ਜਾਂਦਾ ਤੇ ਉਹ ਆਪ ਮੁਹਾਰੇ ਆਖਦਾ, ”ਤੀਵੀਂ ਤਾਂ ਹੋਈ ਨਾ ਐਹ…। ਮੇਰਾ ਤਾਂ ਸਾਲਾ ਨਰੜ ਹੈ…। ਕੁੰਭੀ ਨਰਕ…। ਮੈਂ ਕੋਈ ਜਿਉਨੈ….।”
ਉਹ ਕੱਖ ਭੰਨ ਕੇ ਦੂਹਰਾ ਨਾ ਕਰਦਾ। ਵਧੀਆ ਕਪੜੇ ਪਹਿਨਦਾ। ਸਵੇਰੇ ਉਠਦਿਆਂ ਭੋਰਾ ਮਾਵਾ (ਅਫੀਮ) ਵੀ ਡੰਗ ਲੈਂਦਾ। ਲੋਰ ਆਉਣ ਤੇ ਲੁਹਾਰਾਂ ਦੀ ਥੜੀ ਜਾ ਮੱਲਦਾ। ਕੂੜਾ ਸੁਟਣ ਨਿਕਲੀ ਬਚਨੋ ਨੂੰ ਵੇਖ ਉਸ ਦੀ ਭੁੱਬ ਜਿਹੀ ਨਿਕਲ ਜਾਂਦੀ, ”ਤੀਵੀਂ ਤਾਂ ਹੋਈ ਨਾ ਅਹਿ…। ਮੈਂ ਕੋਈ ਜਿਉਨੈ…।” ਫੇਰ ਇਹ ਸੋਚ ਉਸ ਅੰਦਰ ਹੋਰ ਡੂੰਘੀ ਧਸ ਜਾਂਦੀ।
ਫਤਹਿ ਸਿੰਘ ਕਦੇ ਸਹੁਰੇ ਨਾ ਗਿਆ। ਉਸ ਦੇ ਘਰ ਵਾਲੀ ਦਸ ਦਿਨ ਲਾ ਆਪ ਹੀ ਪਰਤ ਆਉਂਦੀ।
ਲੁਹਾਰਾਂ ਦੇ ਬੂਹੇ ਮੂਹਰੇ ਥੜ•ੀ ਹੀ ਉਸ ਦਾ ਸਭ ਕੁਝ ਸੀ। ਉਹ ਅਫੀਮ ਖਾਂਦਾ ਕਦੇ ਕਦੇ ਸ਼ਾਮੀਂ ਟਿਊਬ ਵਾਲਿਆਂ ਤੋਂ ਅਧੀਆ ਪਊਆ ਵੀ ਲੈ ਲੈਂਦਾ ਲੁਹਾਰਾਂ ਦੀ ਥੜ•ੀ ਤੇ ਮਾਣ ਨਾਲ ਕਹਿੰਦਾ, ”ਮਖਿਆ ਡੇਰੇ ਅੱਜ ਜਹਾਜ਼ ਉਤਰਿਐ।” ਟਿਊਬ ਦੀ ਸ਼ਰਾਬ ਵਾਲਿਆਂ ਨੂੰ ਉਹ ਜਹਾਜ਼ ਉਤਰਿਆ ਦਸਦਾ।
ਉਹ ਕੋਈ ਕੰਮ ਨਾ ਕਰਦਾ। ਨਸ਼ਿਆਂ ਵਲੋਂ ਜਦੋਂ ਤੰਗ ਹੁੰਦਾ ਤਾਂ ਸੜਕ ਉਪਰਲੇ ਕਿਲਿਆਂ ਵਿਚੋਂ ਅੰਗੂਠਾ ਲਾ ਛੱਡਦਾ। ਪਰ ਕੀ ਮਜਾਲ ਹੈ ਕਿ ਉਸ ਨੇ ਮੋਚੀ ਤੋਂ ਜੁੱਤੀ ਗੰਢਾਈ ਹੋਵੇ ਜਾਂ ਕਿਧਰੇ ਕਪੜੇ ਨੂੰ ਟਾਕੀ ਲਾਈ ਹੋਵੇ। ਪਗੜੀ ਦਾ ਕਦੇ ਮਾਇਆ ਨਾ ਲੱਥਦਾ। ਜਿਸ ਦਿਨ ਅੰਗੂਠਾ ਲਾਉਂਦਾ  ਹੌਕਾ ਜ਼ਰੂਰ ਭਰਦਾ।
ਲੁਹਾਰਾਂ ਦੀ ਬਚਨੋ ਨੂੰ ਉਹ ਨਿਹਾਰਦਾ ਤੇ ਹਮੇਸ਼ਾ ਆਖਦਾ, ”ਤੀਵੀਂ ਤਾਂ ਹੋਈ ਨਾ ਐਹਿ….।”
ਕੁਝ ਹੀ ਵਰਿ•ਆਂ ਵਿਚ ਜ਼ਮੀਨ ਪਹਿਲਾਂ ਗੈਹਣੇ ਤੇ ਫਿਰ ਬੈਅ ਹੋ ਗਈ। ਕਿੱਲਿਆਂ ਤੋਂ ਹੌਲੀ ਹੌਲੀ ਪਸ਼ੂ ਖੁਲ• ਗਏ। ਨਿਆਮੇ ਦੁੱਧ ਦੀ ਤਿੱਪ ਨੂੰ ਤਰਸਣ ਲੱਗੇ।
ਹੁਣ ਉਸ ਦੀ ਪੱਗ ਨੂੰ ਮਾਇਆ ਨਾ ਲਗਦਾ। ਜੁੱਤੀ ਵੀ ਮੋਚੀ ਤੋਂ ਗੰਢ ਹੋ ਜਾਂਦੀ। ਕਈ ਵੇਰ ਉਹ ਜੁੱਤੀ ਤੋਂ ਬਿਨਾਂ ਵੀ ਸਾਰ ਲੈਂਦਾ। ਫੱਟੇਦਾਰ ਚਾਦਰ ਤੇ ਮਾਇਆ ਲੱਗੀ ਪਗੜੀ ਵਾਲੇ ਫਤਹਿ ਸਿੰਘ ਦਾ ਹਾਲ ਵੇਖ ਆਖਦੇ ਵਾਹ ਕਿਸਮਤੇ…।
ਹੁਣ ਸਾਰੇ ਉਸ ਨੂੰ ਫੱਤੂ ਆਖਦੇ। ਉਹ ਨੰਗੇ ਪੈਰ ਲੁਹਾਰਾਂ ਦੀ ਥੜ•ੀ ਤੇ ਜਾ ਬੈਠਦਾ। ਬਚਨੋ ਕਦੀ ਬਾਹਰ ਨਾ ਨਿਕਲਦੀ ਤਾਂ ਉਹ ਹੌਕਾ ਲੈ ਪਰਤ ਆਉਂਦਾ।
ਇਕ ਸਵੇਰ, ”ਰਾਤੀਂ ਫੱਤੂ ਮਰ ਗਿਆ” ਕੀ ਵਲੇਲ ਕਈ ਕੰਨੀ ਪਈ। ”ਚੰਗਾ ਹੋਇਆ ਛੁੱਟ ਗਿਆ ਵਿਚਾਰਾ। ਉਹ ਜਿਉਂਦਾ ਹੀ ਕਦੋਂ ਸੀ। ਉਹ ਤਾਂ ਮਰਿਆ ਮਨੁੱਖ ਸੀ।
ਜਨਾਜ਼ਾ ਲੁਹਾਰਾਂ ਦੇ ਬੂਹੇ ਅੱਗੋਂ ਲੰਘਿਆ ਤਾਂ ਬਚਨੋ ਦੇ ਕੰਨਾਂ ਨੂੰ ਸੁਣਿਆ, ”ਤੀਵੀਂ ਤਾਂ ਹੋਈ ਨਾ ਐਹਿ…।” ਬਚਨੋ ਬਾਹਰ ਆਈ। ਗਲੀ ਖਾਲੀ ਸੀ। ਕੁੱਝ ਬਾਕੀ ਸੀ ਤਾਂ ਫੱਤੂ ਦੇ ਬੋਲ, ”ਮੈਂ ਕੋਈ ਜਿਉਂਨੈ…।” ਹਵਾ ‘ਚ ਤਾਰੀ ਸਨ।

-ਗੁਰਮੀਤ ਗਿੱਲ

ਨਿਮਰਤਾ

ਬਾਬਾ ਜੀ ਦੇ ਵਿਰੋਧੀ ਕੁਝ ਗਲਤ ਅਨਸਰ ਜੋ ਨਹੀਂ ਸਨ ਚਾਹੁੰਦੇ ਕਿ ਬਾਬਾ ਜੀ ਦਾ ਗੁਰਦੁਆਰਾ ਬਣੇ। ਉਹ ਗੁਰਦੁਆਰਾ ਸਾਹਿਬ ਆ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਤੇ ਬਚੇ ਸਮਾਨ ਦੀ ਭੰਨ ਤੋੜ ਕਰ ਗਏ। ਇਥੋਂ ਤੱਕ ਕੇ ਬਿਜਲੀ ਫੀਟਿੰਗ ਤੇ ਸਵਿੱਚਾਂ ਵੀ ਭੱਨ ਗਏ। ਬਾਬਾ ਜੀ ਵੀ ਉੱਥੇ ਹੀ ਮੌਜੂਦ ਸਨ। ਬਾਬਾ ਜੀ ਮੰਜੇ ਤੇ ਬੈਠੇ ਸਨ, ਜਦੋਂ ਉਹ ਲੋਕ ਸਮਾਨ ਚੁੱਕ ਕੇ ਤੁਰਨ ਲੱਗੇ ਤਾਂ ਬਾਬਾ ਜੀ ਮੰਜੇ ਤੋਂ ਖੜੇ ਹੋ ਗਏ ਅਤੇ ਉਨ•ਾਂ ਨੂੰ ਆਖਣ ਲੱਗੇ ਕੇ ‘ਗੁਰਮੁਖੋ ਇਹ ਮੰਜਾ ਵੀ ਲੈ ਜਾਉ, ਤੁਹਾਡੇ ਕੰਮ ਆਵੇਗਾ।”  ਬਾਬਾ ਜੀ ਆਪ ਭੂੰਜੇ ਬੈਠ ਗਏ।

-ਭਵਨਦੀਪ ਸਿੰਘ ਪੁਰਬਾ

-0-

ਪਾਪ ਦੀ ਕਮਾਈ

ਮੈਂ ਆਪਣੇ ਪਿੰਡ ਦੇ ਕੁਝ ਲੜਕਿਆਂ ਨਾਲ ਸ਼ਹਿਰ ਕਾਲਜ ਵਿਚ ਪੜ•ਦਾ ਸੀ। ਮੈਂ ਸਾਧਾਰਨ ਪਰਿਵਾਰ ਦਾ ਲੜਕਾ ਹੋਣ ਕਰਕੇ ਘਰੋਂ ਕਦੇ ਵੀ ਜੇਬ ਖਰਚ ਵਾਸਤੇ ਰੁਪਏ ਨਹੀਂ ਲੈ ਕੇ ਗਿਆ ਸੀ। ਕਿਉਂਕਿ ਮੈਨੂੰ ਆਪਣੇ ਘਰ ਦੀ ਪਤਲੀ ਹਾਲਤ ਦਾ ਪਤਾ ਸੀ। ਮੈਂ ਹਮੇਸ਼ਾ ਦਿਲ ਗਾ ਕੇ ਪੜ•ਦਾ ਅਤੇ ਕਦੇ ਵੀ ਕੋਈ ਪੀਰੀਅਡ ਖਾਲੀ ਨਾ ਜਾਣ ਦਿੰਦਾ ਜਦੋਂ ਕਿ ਮੇਰੇ ਨਾਲ ਦੇ ਬਾਕੀ ਸਾਥੀ ਘਰੋਂ ਅਮੀਰ ਸਨ। ਜਿਸ ਕਰਕੇ ਉਹ ਜੇਬ ਖਰਚ ਵੀ ਖੁੱਲ•ਾ ਹੀ ਕਰਦੇ। ਕਦਕੇ ਕੰਨਟੀਨ  ਕਦੇ ਸਿਨੇਮਾ ਘਰ ਅਤੇ ਕਦੇ ਕਾਲਜ ਦੇ ਪਾਰਕ ਵਿਚ ਹੀ ਬੈਠੇ ਰਹਿੰਦੇ ਪੜ•ਾਈ ਵੱਲ ਉਨ•ਾਂ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਸੀ। ਜਿਸ ਕਰਕੇ  ਉਨ•ਾਂ ਨਾਲ ਘੱਟ ਹੀ ਬਣਦੀ ਸੀ।
ਹੁਣ ਕਾਲਜ ਵਿਚ ਪੇਪਰ ਸ਼ੁਰੂ ਹੋ ਗਏ ਸਨ। ਕੱਲ• ਮੇਰਾ ਪਹਿਲਾ ਪੇਪਰ ਸੀ। ਮੈਂ ਦੇਰ ਰਾਤ ਤੱਕ ਪੇਪਰ ਦੀ ਤਿਆਰੀ ਕਰਦਾ ਰਿਹਾ। ਮੇਰਾ ਪੇਪਰ ਬਹੁਤ ਹੀ ਵਧੀਆ ਹੋਇਆ ਸੀ। ਭਾਵੇਂ ਕਿ ਮੇਰਾ ਥੋੜ•ਾ ਸਿਰ ਵੀ ਦੁੱਖਦਾ ਸੀ। ਪੇਪਰ ਦੇਣ ਤੋਂ ਬਾਅਦ ਮੈਂ ਕੰਨਟੀਨ ਤੋਂ ਘੁੱਟ ਚਾਹ ਪੀਣ ਲਈ ਚਲਾ ਗਿਆ। ‘ਆਜਾ ਬਈ ਸਾਡੇ ਕੋਲ ਤੈਨੂੰ ਪਾਰਟੀ ਕਰਦੇ ਹਾਂ।’ ਕੰਨਟੀਨ ਵਿਚ ਬੈਠੇ ਹੋਏ ਮੇਰੇ ਪਿੰਡ ਦੇ ਨੌਜਵਾਨਾਂ ਨੇ ਮੈਨੂੰ ਆਵਾਜ਼ ਮਾਰ ਲਈ। ਇਹਨੇ ਟਾਈਮ ਨੂੰ ਸਮੌਸੇ  ਅਤੇ ਕੌਫੀ ਵੀ ਆ ਚੁੱਕੀ ਸੀ। ‘ਪਾਰਟੀ ਕਿਸ ਖੁਸ਼ੀ ਵਿਚ ਦੇ ਰਹੇ ਹੋ, ਲੱਗਦਾ ਪੇਪਰ ਬਹੁਤ ਵਧੀਆ ਹੋਇਆ ਹੈ।’ ਮੈਂ ਆਪਣੇ ਸਾਥੀਆਂ ਨੂੰ ਆਖਿਆ। ‘ਨਹੀਂ ਯਾਰ ਇਹ ਗੱਲ ਨਹੀਂ ਹੈ। ਰਾਤ ਜੂਏ ਵਿਚ ਦੋ ਹਜ਼ਾਰ ਰੁਪਏ ਜਿੱਤੇ ਸਨ।’
ਆਪਣੇ ਸਾਥੀ ਦੇ ਮੂੰਹੋ ਜੂਏ ਦੀ ਗੱਲ ਸੁਣ ਕੇ ਮੈਨੂੰ ਲੱਗਾ ਕਿ ਇਸ ਪਾਰਟੀ ਵਿਚ ਹਾਜ਼ਰ ਹੋ ਕੇ ਮੈਂ ਵੀ ਪਾਪ ਦੀ ਕਮਾਈ ਦਾ ਭਾਗੀਦਾਰ ਬਣ ਗਿਆ ਹਾਂ। ਮੇਂ ਬਿਨਾਂ ਕੁਝ ਪੀਤੇ ਉੱਠ ਕੇ ਕੰਨਟੀਨ ਤੋਂ ਬਾਹਰ ਆ ਗਿਆ।

-ਡਾ. ਰਾਜਵੀਰ ਸਿੰਘ ਸੂੰਧ ਭਲੂਰ

ਖੰਭਾਂ ਦੀਆਂ ਉਡਾਰਾਂ

                   ਬੀਤੇ ਦਿਨਾਂ ਦੀ ਗੱਲ ਹੈ ਕਿ ਸਾਡੇ ਪਿੰਡ ‘ਪਾਗਲਪੁਰ’ ਇਕ ਹਕੀਮ ਜੀ ਆਏ। ਹਕੀਮ ਜੀ ਬਜ਼ੁਰਗ ਸਿਆਣੇ, ਸਹਿਜ-ਸੁਭਾਅ ਅਤੇ ਮਿੱਠ ਬੋਲੜੇ ਇਨਸਾਨ ਸਨ। ਸ਼ਾਮ ਵੇਲੇ ਇਕ ਔਰਤ ਆਪਣੇ ਬੱਚੇ ਨੂੰ ਹਕੀਮ ਜੀ ਦੇ ਕੋਲ ਲੈ ਕੇ ਆਈ ਤੇ ਕਹਿਣ ਲੱਗੀ ਕਿ, ”ਬਾਬਾ ਜੀ ਮੁੰਡੇ ਦੇ ਪੈਰ ਦੇਖਿਓ, ਕੱਲ ਦਾ ਨਿਆਣਾ ਭੂੰਜੇ ਹੀ ਨਹੀਂ ਲਾਉਂਦਾ।” ਹਕੀਮ ਜੀ ਨੇ ਪੈਰ ਨੱਪ ਘੁੱਟ ਕੇ ਦੇਖਿਆ  ਤਾਂ ਉਨ ਨੂੰ ਪਤਾ ਲੱਗਾ ਕਿ ਗਿੱਟੇ ਵਿਚ ਮੋਚ ਆਈ ਹੋਈ ਹੈ। ਹਕੀਮ ਜੀ ਨੇ ਮੋਚ ਕੱਢ ਦਿੱਤੀ ਤੇ ਜਿਸ ਕਾਰਨ ਬੱਚਾ ਠੀਕ ਹੋ ਗਿਆ। ਔਰਤ ਗਰੀਬ ਹੋਣ ਕਾਰਨ ਹਕੀਮ ਜੀ ਨੇ ਉਸ ਕੋਲੋਂ ਕੋਈ ਦਕਸ਼ਨਾਂ ਵੀ ਨਹੀਂ ਲਈ। ਹਕੀਮ ਜੀ ਰਾਤ ਨੂੰ ਚੈਨ ਅਤੇ ਅਨੰਦ ਨਾਲ ਸੁੱਤੇ ਕਿਉਂਕਿ ਉਨ ਨੇ ਨੇਕੀ ਦਾ ਕੰਮ ਕੀਤਾ ਸੀ।
ਸਵੇਰ ਹੋਈ ਹੀ ਸੀ ਕਿ ਸਾਰਾ ਪਿੰਡ ਮਹਾਰਾਜ ਦੀ ਜੈ, ਮਹਾਰਾਜ ਦੀ ਜੈ, ਕਰਦਾ ਹੋਇਆ ਹਕੀਮ ਜੀ ਦੀ ਝੌਂਪੜੀ ਵੱਲ ਆ ਰਿਹਾ ਸੀ। ਹਕੀਮ ਜੀ ਦੀ ਝੌਂਪੜੀ ਵਿਚ ਪਹੁੰਚ ਕੇ ਲੋਕਾਂ ਨੇ ਹਕੀਮ ਜੀ ਨੂੰ ਮੋਢਿਆ ਤੇ ਚੱਕ ਲਿਆ। ਹਕੀਮ ਜੀ ਨੇ ਉਨ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ ਪਰ ਕਿਸੇ ਨੇ ਉਨ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਕੋਈ ਹਕੀਮ ਜੀ ਦੀਆਂ ਲੱਤਾਂ ਘੁੱਟੇ, ਕੋਈ ਬਾਹਾਂ। ਹਕੀਮ ਜੀ ਪ੍ਰੇਸ਼ਾਨ ਸਨ ਕਿ ਇਹ ਕੀ ਹੋ ਰਿਹਾ ਹੈ। ਕੋਈ ਕਹਿ ਰਿਹਾ ਸੀ ਕਿ , ”ਬਾਬਾ ਜੀ ਨੇ ਕਈ ਸਾਲ ਤੋਂ ਬਿਮਾਰ ਪਏ ਲੋਕ ਠੀਕ ਕਰਤੇ, ਕੋਈ ਕਹੇ ਬਾਬਾ ਜੀ ਨੇ ਹੱਥ ਲਗਾ ਕਿ ਟੁੱਟੀ ਲੱਤ ਜੋੜ ਦਿੱਤੀ, ਕੋਈ ਕੁਛ ਕਹੇ, ਕੋਈ ਕੁਛ।”
ਲੋਕ ਬਾਬਾ ਜੀ ਦੇ ਜੈ-ਜੈ ਕਾਰ ਕਰਨ ਵਿਚ ਮਸਤ ਹੋਏ ਸਨ। ਹਕੀਮ ਜੀ ਅੱਖ ਬਚਾ ਕੇ ਉੱਥੋਂ ਨਿਕਲ ਆਏ। ਆਪਣੇ ਪਿੰਡ ਜਾ ਕੇ ਹਕੀਮ ਜੀ ਨੇ ਸੁੱਖ ਦਾ ਸਾਹ ਲਿਆ। ਹਕੀਮ ਜੀ ਪ੍ਰੇਸ਼ਾਨ ਸਨ ਕਿ ਪਿੰਡ ਵਿਚ ਹੋ ਕੀ ਗਿਆ ਜੋ ਲੋਕ ਮੈਨੂੰ ਕਰਨੀ ਵਾਲਾ ਸਮਝਣ ਲੱਗ ਪਏ ਹਨ। ਦੋ-ਤਿੰਨ ਦਿਨ ਬਾਅਦ ਪਾਗਲਪੁਰ ਦਾ ਇਕ ਆਦਮੀ ਹਕੀਮ ਜੀ ਕੋਲ ਆਇਆ, ਉਸਨੇ ਸਾਰੀ ਘਟਨਾਂ ਹਕੀਮ ਜੀ ਨੂੰ ਸੁਣਾਈ  ਕਿ ਤੁਸੀਂ ਜਿਸ ਬੱਚੇ ਦੇ ਗਿੱਟੇ ਦੀ ਮੋਚ ਕੱਢੀ ਸੀ ਉਸਦੀ ਮਾਂ ਨੇ ਜਾ ਕੇ ਆਪਣੀ ਗੁਆਂਢਣ ਨੂੰ ਆਖ ਦਿੱਤਾ, ”ਬਾਬੇ ਜੀ ਆਏ ਹਨ, ਉਹ ਲੈਂਦੇ ਵੀ ਕੁਝ ਨਹੀਂ ਤੇ ਇਕ ਮਿੰਟ ਵਿਚ ਠੀਕ ਕਰ ਦਿੰਦੇ ਹਨ।” ਗੁਆਢਣ ਨੇ ਦੋ ਹੋਰ ਜਨਾਨੀਆਂ ਨੂੰ ਆਖ ਦਿੱਤਾ ਕਿ ”ਮਹਾਰਾਜ ਆਏ ਹਨ, ਉਨ ਨੇ ਹੱਥ ਲਗਾ ਕਿ ਟੀਟੂ ਦਾ ਪੈਰ ਠੀਕ ਕਰ ਦਿੱਤਾ।”
ਉਨ ਜਨਾਨੀਆਂ ਨੇ ਅੱਗੇ ਹੋਰ ਦੋ-ਚਾਰ ਜਨਾਨੀਆਂ ਨੂੰ ਆਖ ਦਿੱਤਾ, ”ਕਰਨੀ ਵਾਲੇ ਸੰਤ ਆਏ ਹਨ, ਜਿਹੜੇ ਆਪਣੀ ਦ੍ਰਿਸ਼ਟੀ ਨਾਲ ਹੀ ਹਰ ਰੋਗ ਦਾ ਇਲਾਜ਼ ਕਰ ਦਿੰਦੇ ਹਨ।” ਇਸ ਤਰ ਗੱਲ ਸਾਰੇ ਪਿੰਡ ਵਿਚ ਫਕਲ ਗਈ ਤੇ ਲੋਕ ਤੁਹਾਡੇ ਦਰਸ਼ਨਾਂ ਲਈ ਤਰਸਣ ਲੱਗੇ।”
ਉਸ ਰਾਤ ਹਕੀਮ ਜੀ ਸਾਰੀ ਰਾਤ ਸੌਂ ਨਾ ਸਕੇ। ਸਾਰੀ ਰਾਤ ਇਹੀ ਸੋਚਦੇ ਰਹੇ ਕਿ ਕਿਸ ਤਰ ਖੰਭਾਂ ਦੀਆਂ ਉਡਾਰਾਂ ਬਣ ਜਾਂਦੀਆਂ ਹਨ।

-ਭਵਨਦੀਪ ਸਿੰਘ ਪੁਰਬਾ

-0-

ਸਮਾਂ

ਇਕ ਪੇਂਟਰ ਨੇ ਬਹੁਤ ਹੀ ਸੁੰਦਰ ਔਰਤ ਦੀ ਤਸ਼ਵੀਰ ਬਣਾਈ। ਉਹ ਆਪਣੇ ਪੱਬਾਂ ਤੇ ਖੜੀ ਹੋਈ ਸੀ, ਉਸਦੀਆਂ ਅੱਡੀਆਂ ਥੱਲੇ ਨਹੀਂ ਸਨ ਲਗਦੀਆਂ।  ਉਸਦੇ ਸੱਜੇ ਹੱਥ ਵਿਚ ਤਿੱਖੀ ਕਿਰਪਾਨ ਸੀ। ਉਸਦੇ ਸਿਰਤੇ ਮੂਹਰੇ ਵਾਲ ਸਨ ਪਰ ਪਿਛਲੇ ਪਾਸਿਓ ਬਿਲਕੁਲ ਗੰਜੀ ਸੀ। ਪੇਂਟਰ ਦਾ ਦੋਸਤ ਪੇਂਟਰ ਕੋਲ ਆਉਂਦਾ ਹੈ। ਪੇਂਟਰ ਉਸਨੂੰ ਪੁੱਛਦਾ ਹੈ ਕਿ , ”ਸੁਣਾ ਦੋਸਤ ਕੀ ਹਾਲ ਏ, ਕਿਸ ਤਰ ਆਉਣਾ ਹੋਏ”।
ਦੋਸਤ : ਬੱਸ ਯਾਰ ਮੈਂ ਵਿਹਲਾ ਸੀ, ਸੋਚਿਆ ਤੇਰੇ ਕੋਲ ਜਾ ਕੇ ਦੋ ਚਾਰ ਗੱਪਾਂ ਮਾਰ ਲਈਏ।
”ਅਚਾਨਕ ਪੇਂਟਰ ਦੇ ਦੋਸਤ ਦੀ ਨਿਗਾ ਉਸ ਤਸ਼ਵੀਰ ਤੇ ਪੈਂਦੀ ਹੈ।
‘ਯਾਰ ਇਹ ਕੀ ਹੈ? ‘
ਪੇਂਟਰ : ਇਹ ਸਮਾਂ ਹੈ, ਸਮਾਂ।
ਦੋਸਤ : ਸਮਾਂ
ਪੇਂਟਰ : ਹਾਂ, ਸਮਾਂ
ਦੋਸਤ : ਇਹ ਏਨੀ ਸੁੰਦਰ।
ਪੇਂਟਰ : ਸਮਾਂ ਬਹੁਤ ਸੁੰਦਰ ਹੈ, ਬੱਸ ਇਸਦੀ ਸੁੰਦਰਤਾ ਨੂੰ ਦੇਖਣ ਦਾ ਤਰੀਕਾ ਆਉਣਾ ਚਾਹੀਦਾ ਹੈ।
ਦੋਸਤ : ਇਹ ਪੱਬਾਂ ਤੇ ਕਿਉਂ ਖੜੀ ਹੈ।
ਪੇਂਟਰ : ਕਿਉਂਕਿ ਸਮਾਂ ਕਦੀ ਵੀ ਰੁਕਦਾ ਨਹੀਂ।
ਦੋਸਤ : ਇਸਦੇ ਹੱਥ ਦੀ ਕਿਰਪਾਨ।
ਪੇਂਟਰ : ਇਹ ਇਸ ਲਈ ਹੈ ਕਿ ਸਮੇਂ ਦੀ ਮਾਰ ਬਹੁਤ ਬੁਰੀ ਹੁੰਦੀ ਹੈ।
ਦੋਸਤ : ਇਸਦੇ ਸਿਰ ਤੇ ਮੂਹਰੇ ਵਾਲ ਹਨ ਪਿੱਛੇ ਨਹੀਂ, ਇਹ ਕਿਉਂ?
ਪੇਂਟਰ : ਸਮਾਂ ਗਤੀਸ਼ੀਲ ਹੋਣ ਕਰਕੇ ਮੂਹਰਿਓ ਹੀ ਫੜਿਆ ਜਾ ਸਕਦਾ ਹੈ,  ਜੇ ਇਹ ਲੰਘ ਗਿਆ ਤਾਂ ਮਗਰੋਂ ਹੱਥ ਵਿਚ ਨਹੀਂ ਆਉਂਦਾ।
ਦੋਸਤ : ਚੰਗਾ ਯਾਰ ਮੈਂ ਚਲਦਾ ਹਾਂ ।
ਪੇਂਟਰ : ਯਾਰ ਚਾਹ ਪਾਣੀ ਤਾਂ ਪੀ ਕੇ ਜਾਈਂ।
ਦੋਸਤ : ਨਹੀਂ ਯਾਰ, ਮੈਂ ਆਪਣੇ ਤੇ ਤੇਰੇ ਕੀਮਤੀ ਸਮੇਂ ਨੂੰ ਗੱਪਾਂ ਮਾਰ ਕੇ ਨਸ਼ਟ ਨਹੀਂ ਕਰਨਾ ਚਾਹੁੰਦਾ।

-ਭਵਨਦੀਪ ਸਿੰਘ ਪੁਰਬਾ

-0-

ਜਵਾਨੀ ਭਾਲਦੈ
ਇਕ ਬਜ਼ੁਰਗ ਸੋਟੀ ਲਈ ਕੁਬਾ-ਕੁਬਾ ਤੁਰਿਆ ਆ ਰਿਹਾ ਸੀ। ਕੁਝ ਸ਼ਰਾਰਤੀ ਨੌਜੁਆਨਾਂ ਨੇ ਬਜ਼ੁਰਗ ਨੂੰ ਛੇੜਦੇ ਹੋਏ ਕਿਹਾ ”ਬਾਬਾ ਜੀ, ਤੁਹਾਡਾ ਕੀ ਗੁਆਚ ਗਿਆ। ਤੁਸੀਂ ਕੀ ਲੱਭੀ ਜਾਦੇ ਓ।
ਬਜ਼ੁਰਗ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ, ”ਕਾਕਾ, ਮੇਰੀ ਜਵਾਨੀ ਗੁਆਚ ਗਈ, ਉਹ ਭਾਲਦੈ।”
ਬਜ਼ੁਰਗ ਦਾ ਜਵਾਬ ਸੁਣ ਕੇ ਨੌਜਵਾਨ ਨੇ ਨੀਵੀਂ ਪਾ ਲਈ।

-ਭਵਨਦੀਪ ਸਿੰਘ ਪੁਰਬਾ

-0-

ਪੁੰਨ ਦਾ ਕੰਮ
ਬਿਜਲੀ ਚੈਕਿੰਗ ਵਾਲਿਆਂ ਨੇ ਭਜਨ ਸਿਉ ਦੇ ਘਰ ਸਵੇਰੇ ਚਾਰ ਵਜੇ ਹੀ ਛਾਪਾ ਮਾਰ ਲਿਆ ਤੇ ਭਜਨ ਸਿਉ ਦੀ ਲੱਗੀ ਕੁੰਡੀ ਫੜ ਲਈ ਉਸ ਨੂੰ ਜ਼ੁਰਮਾਨਾ ਕੀਤਾ ਤੇ ਅੱਗੇ ਹੋ ਤੁਰੇ।
ਭਜਨ ਸਿਉ ਨੇ ਸੋਚਿਆ ਕਿ ਮੈਂ ਤਾਂ ਫਸ ਹੀ ਗਿਆ ਹਾਂ, ਚਲੋ ਹੁਣ ਪੰਨ ਦਾ ਕੰਮ ਹੀ ਕਰ ਲਈਏ ਬਾਕੀਆਂ ਨੂੰ ਤਾਂ ਬਚਾ ਲਈਏ। ਭਜਨ ਸਿਉਂ ਗੁਰਦੁਆਰੇ ਵਿਚ ਗਿਆ ਤੇ ਉਥੇ ਜਾ ਕੇ ਅਨਾਊਂਸਮੈਂਟ ਕਰ ਦਿੱਤੀ, ”ਪਿੰਡ ਵਾਸੀਓ, ਬਈ ਆਪਣੇ ਪਿੰਡ ਵਿਚ ਬਿਜਲੀ ਚੈਕਿੰਗ ਕਰਨ ਵਾਲੇ ਆ ਗਏ ਹਨ ਜਿਸ ਜਿਸ ਵੀਰ ਘਰ ਮੀਟਰ ਨੂੰ ਕੁੰਡੀਆਂ ਲਾਈਆਂ ਹਨ ਉਹ ਲਾਹੁਣ ਦੀ ਖੇਚਲ ਕਰਨ।

-ਭਵਨਦੀਪ ਸਿੰਘ ਪੁਰਬਾ
-0-

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *