=======================================
ਚੰਦ ਪੁਰਾਣੇ ਦਾ ਕਬੱਡੀ ਟੂਰਨਾਮੈਂਟ ਰਿਹਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ
ਮਾਂ ਖੇਡ ਕਬੱਡੀ ਨੂੰ ਸਪੋਰਟ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ – ਬਾਬਾ ਗੁਰਦੀਪ ਸਿੰਘ
ਚੰਦਪੁਰਾਣਾ ਤੋਂ ਭਵਨਦੀਪ ਸਿੰਘ ਪੁਰਬਾ ਦੀ ਵਿਸ਼ੇਸ ਰਿਪੋਰਟ
ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਸਮੰੂਹ ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਲੀਗ ਦਾ ਨੌਵਾਂ ਟੂਰਨਾਮੈਂਟ ਗੁਰਦੁਆਰਾ ਸਾਹਿਬ ਦੀਆਂ ਨੇੜਲੀਆਂ ਗਰਾਉਡਾਂ ਵਿਚ ਮੱੁਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਪ੍ਰਬੰਧਾਂ ਹੇਠ ਸ਼ਾਨਦਾਰ ਤਰੀਕੇ ਨਾਲ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਜਗਮੋਹਣ ਸਿੰਘ ਜੈ ਸਿੰਘ ਵਾਲਾ ਨੇ ਕੀਤਾ। ਇਸ ਮੌਕੇ ਜਥੇਦਾਰ ਮਾਹਲਾ ਸਾਹਿਬ ਨੇ ਕਿਹਾ ਕਿ ਸੰਤ ਬਾਬਾ ਗੁਰਦੀਪ ਸਿੰਘ ਜੀ ਜਿੱਥੇ ਸਮਾਜ ਭਲਾਈ ਦੇ ਕੰਮ ਇਸ ਇਲਾਕੇ ਵਿਚ ਅੱਗੇ ਹੋਕੇ ਕਰ ਰਹੇ ਹਨ ਉੱਥੇ ਖੇਡਾਂ ਵਾਲੇ ਪਾਸੇ ਵੀ ਇਹ ਅਸਥਾਨ ਟੂਰਨਾਮੈਂਟ ਕਰਵਾ ਕੇ ਇਕ ਵੱਖਰੀ ਪਛਾਣ ਪੈਦਾ ਕੀਤੀ ਹੈ ਅਤੇ ਖਿਡਾਰੀਆਂ ਨੂੰ ਚੰਗੀ ਸੇਧ ਦਿੱਤੀ ਹੈ।
ਇਸ ਟੂਰਨਾਮੈਂਟ ਵਿਚ 16 ਆਲ ਉਪਨ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਖੇਡ ਕੇ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਪ੍ਰਸਿੱਧ ਅੰਤਰ-ਰਾਸ਼ਟਰੀ ਕੋਚ ਸ. ਮੱਖਣ ਸਿੰਘ ਡੀ.ਪੀ. ਚੜਿੱਕ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਇਸ ਲੀਗ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਦੀ ਖ਼ੂਬ ਪ੍ਰਸੰਸ਼ਾ ਕੀਤੀ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਕੇਵਲ ਇਹ ਅਸਥਾਨ ਹੀ ਕਬੱਡੀ ਨੂੰ ਪ੍ਰਫੁੱਲਤ ਕਰਨ ਵਿਚ ਸਾਡਾ ਸਾਥ ਦਿੰਦਾ ਹੈ।ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਜਿਨ੍ਹਾਂ ਨੇ ਖਿਡਾਰੀਆਂ ਨੂੰ ਵੱਡੇ-ਵੱਡੇ ਇਨਾਮਾਂ ਨਾਲ ਨਿਵਾਜਿਆ ਅਤੇ ਅੱਜ ਸੰਤ ਬਾਬਾ ਗੁਰਦੀਪ ਸਿੰਘ ਜੀ ਸਾਡਾ ਪੂਰਾ ਸਾਥ ਦੇ ਕੇ ਮਾਂ ਖੇਡ ਕਬੱਡੀ ਦਾ ਮਾਣ ਵਧਾ ਰਹੇ ਹਨ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਜਿਥੇ ਸਾਰਿਆਂ ਦਾ ਧੰਨਵਾਦ ਕੀਤਾ ਉਥੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਪ੍ਰਸ਼ਾਦੇ ਦਾ ਲੰਗਰ, ਚਾਹ ਪਕੌੜਿਆਂ ਦਾ ਲੰਗਰ ਅਤੇ ਕਈ ਪ੍ਰਕਾਰ ਦੇ ਜੂਸਾਂ ਦਾ ਲੰਗਰ ਲਾ ਕੇ ਇਕ ਵੱਖਰੀ ਮਿਸਾਲ ਪੈਦਾ ਕੀਤੀ ਅਤੇ ਲੀਗ ਦੇ ਸਾਰੇ ਪ੍ਰਬੰਧਕਾਂ ਨੇ ਬਾਬਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਬਾਬਾ ਜੀ ਦੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
=======================================
ਕਬੱਡੀ ਦਾ ਅਨਮੋਲ ਹੀਰਾ : ਰੁਪਿੰਦਰ ਜਲਾਲ
ਦੁਨੀਆ ਦੇ ਕੋਨੇ-ਕੋਨੇ ਵਿਚ ਪ੍ਰਸਿੱਧ ਪੰਜਾਬ ਦੇ ਬਠਿੰਡਾ ਜਿਲ੍ਹੇ ਦਾ ਪਿੰਡ ਜਲਾਲ ਬਹੁਤੀ ਪਹਿਚਾਣ ਦਾ ਮੁਥਾਜ ਨਹੀਂ।ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਿਥੇ ਨਾਂਅ ਆ ਜਾਵੇ ਤਾਂ ਜਲਾਲ ਪਿੰਡ ਦਾ ਜਿਕਰ ਆਪਣੇ ਆਪ ਹੀ ਹੋ ਜਾਂਦਾ ਹੈ। ਜਿਥੇ ਜਲਾਲ ਦੀ ਧਰਤੀ ਨੇ ਕਬੱਡੀ ਨੂੰ ਸਿਕੰਦਰ, ਬੱਬੂ, ਅਜਮੇਰ ਗਗਨ ਜਲਾਲ ਜਹੇ ਸੁਪਰ ਸਟਾਰ ਦਿੱਤੇ ਹਨ। ਉਥੇ ਹੀ ਅਨਮੋਲ ਹੀਰਾ ਰੁਪਿੰਦਰ ਜਲਾਲ ਕੁਮੈਂਟੇਟਰ ਦੇ ਰੂਪ ਵਿਚ ਕਬੱਡੀ ਨੂੰ ਦਿੱਤਾ।
ਰੁਪਿੰਦਰ ਦਾ ਜਨਮ ਪਿਤਾ ਰਣਜੀਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ 1988 ਵਿਚ ਹੋਇਆ। ਰੁਪਿੰਦਰ ਸਾਦਗੀ ਪਸੰਦ ਅਤੇ ਨਿਮਰਤਾ ਦਾ ਸਮੁੰਦਰ ਹੈ।ਰੁਪਿੰਦਰ ਨੇ ਆਪਣੇ ਹੀ ਪਿੰਡ ਦੇ ਟੂਰਨਾਮੈਂਟ ਤੋਂ 2002 ਵਿਚ ਕੁਮੈਂਟੇਟਰ ਦਾ ਸਫਰ ਸ਼ੁਰੂ ਕੀਤਾ।ਇਸ ਸਫਰ ਦੀ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਜਮੇਰ ਜਲਾਲ ਨੇ ਰੁਪਿੰਦਰ ਜਲਾਲ ਦਾ ਹੌਸਲਾ ਵਧਾਇਆ।
ਫਿਰ ਰੁਪਿੰਦਰ ਜਲਾਲ ਆਪਣੇ ਇਸ ਕੈਰੀਅਰ ਵਿਚ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਅਤੇ ਮੱਖਣ ਅਲੀ ਜੀ ਨੂੰ ਉਸਤਾਦ ਮੰਨ ਕੇ ਇਸ ਸਫਰ ਨੂੰ ਬੁਲੰਦੀਆਂ ਉੱਤੇ ਲੈ ਗਿਆ। ਆਪਣੇ ਮਿੱਠੇ ਅਤੇ ਸੁਆਦਲੇ ਬੋਲਾ ਨਾਲ ਰੁਪਿੰਦਰ ਜਿਥੇ ਮੈਚਾਂ ਨੂੰ ਰੋਚਕ ਬਣਾਉਦਾ ਹੈ, ਉਥੇ ਦਰਸ਼ਕਾਂ ਦਾ ਵੀ ਖੂਬ ਮਨ ਜਿੱਤਦਾ ਹੈ। ਰੁਪਿੰਦਰ ਇਹਨਾਂ ਬੋਲਾ ਰਾਹੀਂ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।
ਹਰ ਸਾਲ ਕਨੈਡਾ, ਦੁਬਈ, ਨਿਊਜ਼ੀਲੈਂਡ ਦੇਸ਼ਾ ਵਿਚ ਕੁਮੈਟਰੀ ਕਰਨ ਲਈ ਜਾਂਦਾ ਹੈ।ਆਪਣੇ ਬੋਲਾਂ ਨਾਲ ਖਿਡਾਰੀਆਂ ਦੀਆਂ ਤਾਰੀਫਾਂ ਰਾਹੀਂ ਸਲਾਉਦਾ ਰੁਪਿੰਦਰ ਕਦੇ ਥੱਕਦਾ ਨਹੀਂ । ਰੁਪਿੰਦਰ ਦੀ ਇਕ ਵੱਡੀ ਖਾਸੀਅਤ ਇਹ ਵੀ ਹੈ ਕਿ ਉਹ ਖਿਡਾਰੀਆਂ ਨੂੰ ਨਸਾ ਰਹਿਤ ਖੇਡਣ ਲਈ ਪ੍ਰੇਰਿਤ ਕਰਦਾ ਹੈ ਅਤੇ ਨਾਲ ਹੀ ਉਹ ਟੂਰਨਾਮੈਂਟ ਦੀ ਸਮਾਪਤੀ ਸਮੇਂ ਸਿਰ ਕਰਨ ਲਈ ਖਿਡਾਰੀ ਅਤੇ ਪ੍ਰਬੰਧਕਾਂ ਨੂੰ ਵਾਰ-ਵਾਰ ਕਹਿੰਦਾ ਰਹਿੰਦਾ ਹੈ ਤਾ ਕਿ ਦਰਸ਼ਕ ਫਾਈਨਲ ਮੈਚ ਦਾ ਨਜ਼ਾਰਾ ਲੈ ਕੇ ਜਾਇਆ ਕਰਨ।
ਰੁਪਿੰਦਰ ਆਪਣੀ ਜਿੰਦਗੀ ਵਿਚ ਗੁਰਪ੍ਰੀਤ ਬੇਰਕਲਾਂ ਦਾ ਵੀ ਅਹਿਮ ਯੋਗਦਾਨ ਮੰਨਦਾ ਹੈ। ਕੁਮੈਂਟੇਟਰ ਦੇ ਤੋਰ ਤੇ ਅਨੇਕਾਂ ਹੀ ਸਨਮਾਨ ਉਸਦੀ ਝੋਲੀ ਪਏ ਹਨ। ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੇ ਟੂਰਨਾਮੈਂਟ ਤੋ ਰੁਪਿੰਦਰ ਨੂੰ 2015 ਵਿਚ ਪੋਲੋ ਗੱਡੀ ਨਾਲ ਅਤੇ ਇਸ ਸਾਲ ਜਨਵਰੀ ਵਿਚ ਜੰਡਿਆਲਾ ਮੰਜਕੀ ਦੇ ਸਭ ਤੋ ਵੱਡੇ ਟੂਰਨਾਮੈਂਟ ਉਤੇ ਸਾਰੇ ਪ੍ਰਦੇਸ਼ੀ ਵੀਰਾਂ ਵੱਲੋ ਸਕਾਰਪੀਓ ਗੱਡੀ ਨਾਲ ਵੱਡਾ ਸਨਮਾਨ ਕੀਤਾ ਗਿਆ ਹੈ। ਰੁਪਿੰਦਰ ਆਪਣੇ ਮਾਤਾ-ਪਿਤਾ ਆਪਣੇ ਬੇਟੇ ਅਤੇ ਪਤਨੀ ਨਾਲ ਪਿੰਡ ਜਲਾਲ ਵਿਚ ਹੀ ਪਰਿਵਾਰਕ ਜੀਵਨ ਗੁਜਾਰ ਰਿਹਾ ਹੈ। ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਰਪਿੰਦਰ ਜਲਾਲ ਹੋਰ ਵੀ ਤਰੱਕੀਆਂ ਪ੍ਰਾਪਤ ਕਰੇ।
– ਲੈਕਚਰਾਰ ਸੁਖਦੀਪ ‘ਸੁਖਾਣਾ’
ਪਿੰਡ-ਸੁਖਾਣਾ (ਜਿਲ੍ਹਾ-ਲੁਧਿਆਣਾ) ਮੋ. 98148-92646
=======================================
ਭੁਲੀਆਂ ਵਿਸਰੀਆਂ ਯਾਦਾਂ ਚੋਂ
ਪੁਰਾਤਨ ਖੇਡਾਂ ਤੋਂ ਅਨਜਾਣ ਅਜੋਕੀ ਪੀੜੀ!
ਸਾਰੇ ਹੀ ਭਾਰਤ ਦੇਸ਼ ਵਿਚੋਂ ਪੰਜਾਬ ਸੂਬਾ ਐਸਾ ਸੂਬਾ ਹੈ ਜੋ ਕਿ ਹਮੇਸਾਂ ਸੁਰਖੀਆਂ ਵਿਚ ਰਹਿੰਦਾ ਹੈ। ਸਾਇੰਸੀ ਯੁਗ ਵਿਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਬੇਸ਼ਕ ਇਸ ਦੀ ਬਾਬਤ ਸਾਰੀ ਹੀ ਦੁਨੀਆਂ ਵਿਚੋਂ ਭਾਰਤ ਦੇਸ਼ ਉਗਲਾਂ ਤੇ ਗਿਣਿਆ ਜਾਣ ਵਾਲਾ ਦੇਸ਼ ਹੈ। ਪਰ ਪੰਜਾਬ ਪ੍ਰਾਂਤ ਆਪਣੇ ਪੰਜਾਬੀ ਪਹਿਰਾਵੇ, ਪੰਜਾਬੀ ਖਾਣੇ, ਪੰਜਾਬੀਆਂ ਦੇ ਵਧੀਆਂ ਤੇ ਮਿਠ ਬੋਲੜੇ ਸੁਭਾਅ ਨੇ ਸਾਰੇ ਹੀ ਦੇਸ਼ ਵਿਚ ਆਪਣੀ ਅਲੱਗ ਪਹਿਚਾਣ ਬਣਾਈ ਹੋਈ ਹੈ, ਕਿਉਂਕਿ ਗੁਰੂਆਂ , ਪੀਰਾਂ ਪੈਗੰਬਰਾਂ ਦੀ ਚਰਨ ਚੋਹ ਪੰਜਾਬ ਨੂੰ ਹੀ ਪ੍ਰਾਪਤ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਕਹਿ ਲਈਏ ਕਿ ਭਰਾਤਰੀ ਭਾਈਚਾਰੇ ਨਾਲ ਪੂਰਨ ਸਹਿਯੋਗ ਤੇ ਪਿਆਰ ਅਪਣੱਤ ਨਾਲ ਸਾਰੇ ਹੀ ਸਿਖ, ਮੁਸਲਮ, ਹਿੰਦੂ ਤੇ ਈਸਾਈਆਂ ਨੇ ਆਪਣੀ ਮਿਠਾਸ ਤੇ ਰਲਮਿਲ ਰਹਿਣ ਤੇ ਸਾਰੇ ਹੀ ਤਿਉਹਾਰ ਸਾਂਝੇ ਮਨਾਉਣ ਵਿਚ ਵੀ ਪੰਜਾਬ ਸੂਬਾ ਮੋਹਰੀ ਰਿਹਾ ਹੈ। ਸਮੇਂ ਦੇ ਵੇਗ ਨਾਲ ਸੱਭ ਕੁਝ ਹੀ ਬਦਲਦਾ ਰਹਿੰਦਾ ਹੈ , ਇਹ ਕੁਦਰਤੀ ਨੇਮ ਹੈ ਜੋ ਕੱਲ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ। ਇਸੇ ਤਰ•ਾਂ ਹੀ ਪੰਜਾਬ ਸੂਬੇ ਦੀਆਂ ਪੁਰਾਤਨ ਖੇਡਾਂ ਦੀ ਜੇ ਗੱਲ ਕਰੀਏ ਤਾਂ ਅੱਜ ਅਲੋਪ ਹੋਣ ਕੰਢੇ ਹਨ, ਕਿਉਂਕਿ ਜਿਵੇਂ ਕਹਿੰਦੇ ਹਨ ਕਿ ਨਵੀਆਂ ਗਡੀਆਂ, ਨਵੇਂ ਪਟੋਲੇ, ਠੀਕ ਇਸੇ ਤਰ•ਾਂ ਹੀ ਅੱਜ ਕੱਲ• ਦੇ ਮਾਡਰਨ ਬੱਚੇ ਉਹ (ਪੁਰਾਤਨ) ਖੇਡਾਂ ਨੂੰ ਬਿਲਕੁਲ ਭੁੱਲ ਚੁਕੇ ਹਨ, ਤੇ ਨਵੀਆਂ ਗੇਮਾਂ ਜਿਨ•ਾਂ ਨੂੰ ਆਪਣੀ ਨਵੀਂ ਤਕਨੀਕ, ਜਾਂ ਵੀਡੀਓ ਗੇਮਾਂ, ਜਾਂ ਕੰਪਿਊਟਰ ਗੇਮਾਂ ਵੀ ਕਹਿ ਸਕਦੇ ਹਾਂ ਉਹ ਹੀ ਪ੍ਰਚਲਤ ਹਨ।
ਪੁਰਾਤਨ ਖੇਡਾਂ ਦੇ ਵਿਚੋਂ ਪੇਂਡੂ ਬੱਚਿਆਂ ਦੀ ਬਹੁਤ ਹਰਮਨ ਪਿਆਰੀ ਖੇਡ ‘ ਗੁੱਲੀ ਡੰਡਾ’ ਅੱਜ ਕਲ• ਅਲੋਪ ਹੈ- ਜਿਸਨੂੰ ਧਰਤੀ ਦੇ ਵਿਚ ‘ ਰਾਬ•’ ਪੁਟਕੇ ਲੱਕੜ ਦੀ ਗੁੱਲੀ ਜੋ ਦੋ ਪਾਸੇ ਤੋਂ ਤਿਖੀ ਕਰਕੇ ਤਕਰੀਬਨ 6 ਇੰਚੀ ਹੁੰਦੀ ਸੀ ‘ ਰਾਬ•’ ਦੇ ਉਪਰ ਰੱਖ ਕੇ ਡੰਡੇ ਦੇ ਜੋਰ ਨਾਲ ਦੂਰ ਸਿਟਿਆ ਜਾਂਦਾ ਸੀ ਅਤੇ ਨਾਲ ਦਾ ਖਿਲਾਡੀ ਡੰਡੇ ਦਾ ਨਿਸ਼ਾਨਾ ਲੱਗਾਂਦਾ ਸੀ ਜੋ ਕਿ ਗੁਲੀ ਦੂਰ ਸੂਟਣ ਤੋਂ ਬਾਦ ‘ ਰਾਬ•’ ਦੇ ਉਪਰ ਰੱਖਿਆ ਹੁੰਦਾ ਸੀ, ਜੇਕਰ ਡੱਡੇ ਤੇ ਗੁਲੀ ਲੱਗ ਜਾਂਦੀ ਸੀ ਤਾਂ ਪਹਿਲੇ ਖਿਡਾਰੀ ਦੀ ਵਾਰ ਖਤਮ ਹੋ ਜਾਂਦੀ ਸੀ, ਜੇਕਰ ਨਾ ਲੱਗੇ ਤਾਂ ਉਹ ਗੁਲੀ ਨੂੰ ਦੁਬਾਰਾ ਦਨ ਲਗਾਂਦਾ ਸੀ ਤੇ ਫਿਰ ਉਹੀ ਖੇਡ ਦੁਬਾਰਾ ਸ਼ੁਰੂ ਹੁੰਦੀ ਸੀ। ਇਹ ਖੇਡ ਅੱਜ ਕੱਲ• ਅਲੋਪ ਹੈ। ਇਸੇ ਤਰ•ਾਂ ਇਕ ਹੋਰ ਖੇਡ ਜੋ ਕਿ ਬਹੁਤ ਦਿਮਾਗ ਵਾਲੀ ਖੇਡ ਸੀ ਜਿਸਨੂੰ ਪੁਰਾਤਨ ਸਮੇਂ ਵਿਚ ‘ਬਾਰਾਂ ਟਾਹਣੀ’ ਕਿਹਾ ਜਾਂਦਾ ਸੀ, ਅੱਜ ਕੱਲ ਇਸੇ ਹੀ ਖੇਡ ਨੂੰ ‘ਸਤਰੰਜ’ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਬਾਰਾਂ ਟਾਹਣੀ ਖੇਡ ਵੀ ਛੋਟੀਆਂ ਵੱਡੀਆਂ ਜਾ ਕੋਈ ਵੀ ਐਸੇ ਗੀਟੇ ਰੱਖ ਕੇ 12 ਤੇ 12 ਦੋ ਖਿਡਾਰੀ ਖੇਡਦੇ ਸਨ, ਇਹ ਬਹੁਤ ਦਿਮਾਗ ਵਾਲੀ ਖੇਡ ਸੀ ਇਹ ਖੇਡ ਵੀ ਅੱਜ ਕੱਲ ਅਲੋਪ ਹੈ-ਇਸੇ ਤਰ•ਾਂ ਪੇਂਡੂ ਬੱਚਿਆਂ ਦੇ ਵਿਚ ਕੱਚ ਦੀਆਂ ਗੋਲੀਆਂ ਜਾਂ ‘ਬੰਟੇ’ ਵੀ ਕਹਿੰਦੇ ਸਨ ਉਨ•ਾਂ ਦੀਆਂ ਕਾਫੀ ਰੋਮਾਚਿਕ ਖੇਡਾ ਖੇਡਦੇ ਸਨ ਜਿਨ•ਾਂ ਵਿਚ ‘ ਪਿਲ ਚੋਟ’, ‘ ਪੂਰਨੋਕਾਂ’, ‘ਕਲੀ ਜੋਟਾਂ’ ਅਤੇ ਕਈ ਹੋਰ ਵੀ। ਇਹ ਖੇਡਾਂ ਖੇਡਦੇ ਖੇਡਦੇ ਬੱਚੇ ਕਈ ਵਾਰ ਆਪਣੇ ਖੇਸ ਕੰਬਲ ਜਾਂ ਲੋਈਆਂ ਵੀ ਚੋਰੀ ਕਰਾ ਲੈਂਦੇ ਸਨ ਕਿਉਂਕਿ ਇਕ ਵਾਰ ਖੇਡਣ ਲੱਗਣ ਕਰਕੇ ਇਹ ਐਸੀਆਂ ਖੇਡਾਂ ਸਨ, ਹੱਟਣ ਨੂੰ ਦਿਲ ਨਹੀਂ ਸੀ ਕਰਦਾ ਅਤੇ ਚਾਅ ਚਾਅ ਦੇ ਵਿਚ ਜਦੋਂ ਇਕ ਪਾਸੇ ਦੀ ਜਿੱਤ ਹੋ ਜਾਂਦੀ ਸੀ ਤਾਂ ਖੁਸੀ ਦੇ ਵਿਚ ਹੀ ਸੱਭ ਕੁਝ ਭੁਲ ਜਾਂਦੇ ਸਨ। ਅੱਲੜ ਉਮਰ ਦੇ ਬੱਚੇ ਕਾਫੀ ਨੁਕਸਾਨ ਕਰਾ ਲੈਂਦੇ ਸਨ ਸਮੇਂ ਚੰਗੇ ਸਨ, ਬੱÎਚਿਆਂ ਨੂੰ ਮਾਤਾ ਪਿਤਾ ਨੇ ਥੋੜਾ ਬਹੁਤ ਘੂਰਨਾ, ਪਰ ਫਿਰ ਗੱਲ ਉਥੇ ਹੀ ਅਗਲੇ ਦਿਨ ਫਿਰ ਉਹੀ ਵਰਤਾਰਾ। ਉਨ•ਾਂ ਸਮਿਆਂ ਦੇ ਵਿਚ 15-15 ਜਾਂ 16-16 ਸਾਲਾਂ ਦੇ ਲੜਕੇ ਤੇ ਲੜਕੀਆਂ ਆਮ ਹੀ ਇਕੱਠੇ ਖੇਡਦੇ ਸਨ, ਕੋਈ ਤੇਰ ਮੇਰ ਨਹੀਂ ਸੀ- ਸਮੇਂ ਵਧੀਆ ਸਨ, ਮਾਤਾ ਪਿਤਾ ਨੂੰ ਵੀ ਬੱਚਿਆਂ ਤੇ ਭਰੋਸਾ ਹੁੰਦਾ ਸੀ ਕੋਈ ਕਿਸੇ ਕਿਸਮ ਦੀ ਗਲਤ ਹਰਕਤਾਂ ਦਾ ਕੋਈ ਨਾਮੋਨਸ਼ਾਨ ਵੀ ਨਹੀਂ ਸੀ । ਮਾਤਾ ਪਿਤਾ ਨੂੰ ਆਪਣੀ ਔਲਾਦ ਤੇ ਪੂਰਨ ਭਰੋਸਾ ਹੁੰਦਾ ਸੀ। ਇਸੇ ਤਰ•ਾਂ ਹੀ ਇਕ ਖੇਡ ਕੋਟਲਾ ਸ਼ਪਾਕੀ ਵੀ ਕਾਫੀ ਖੇਡੀ ਜਾਂਦੀ ਸੀ, ਜਿਸਨੂੰ ਲੜਕੇ ਅਤੇ ਲੜਕੀਆਂ ਰਲਕੇ ਜਾਂ ਅਲੱਗ ਅਲੱਗ ਵੀ ਖੇਡ ਸਕਦੇ ਸਨ ਇਹ ਤਾਂ ਕਿਸੇ ਸਮੇਂ ਛੋਟੇ ਸਕੂਲਾਂ ਵਿਚ ਖੇਡੀ ਜਾਂਦੀ ਰਹੀ ਹੈ, ਇਕ ਬੱਚਾ ਕਿਸੇ ਕੱਪੜੇ ਕੋਟਲੇ (ਭਾਵ ਵੱਟ ਦੇ ਕੇ ਵੱਟੇ ਰੱਸੇ ) ਸਾਰਿਆਂ ਦੇ ਵਿਚ ਵੀ ਘੁੰਮ ਕੇ ਕਹਿੰਦਾ ਕਿ ” ਕੋਟਲਾ ਛਪਾਕੀ ਜਿੰਮੇ ਰਾਤ ਆਈ ਹੈ, ਜਿਹੜਾ ਅੱਗੇ ਪਿਛੇ ਵੇਖੂ ਉਹਦੀ ਸ਼ਾਮਤ ਆਈ ਹੈ”- ਭਾਵ ਜਿਹੜਾ ਵੀ ਕੋਈ ਪਿਛੇ ਝਾਕਦਾ ਸੀ ਉਸ ਉਪਰ ਉਸੇ ਰੱਸੇ ਨਾਲ ਇਕ ਪਟਕਾ ਮਾਰਿਆ ਜਾਂਦਾ ਸੀ, ਇਸੇ ਤਰ•ਾਂ ਚਲਦੇ 2 ਕੋਟਲੇ ਵਾਲੇ ਲੜਕੇ ਨੇ ਉਹ ਕੋਟਲਾ (ਭਾਵ ਰੱਸਾ) ਕਿਸੇ ਦੇ ਮਗਰ ਰੱਖਣਾ ਹੁੰਦਾ ਸੀ ਤੇ ਅੱਗੇ ਉਹਦੀ ਵਾਰੀ ਸ਼ੁਰੂ ਹੁੰਦੀ ਸੀ- ਅੱਜ ਕੱਲ• ਦੇ ਅਜੋਕੇ ਸਮੇਂ ਦੇ ਮਾਡਰਨ ਬੱਚੇ ਇਸ ਤੋਂ ਬਿਲਕੁਲ ਅਣਭਿਜ ਹਨ ਤੇ ਇਹ ਖੇਡ ਖੋਹ ਖੋਹ ਦੇ ਰੂਪ ਵਿਚ ਪ੍ਰਚਲਿਤ ਹੋ ਚੁੱਕੀ ਹੈ।
‘ ਖੁਦੋ ਖੁੰਡੀ’ ਇਹ ਖੇਡ ਵੀ ਖੁਲੇ ਮੈਦਾਨਾਂ ਵਿਚ ਖੇਡਣ ਵਾਲੀ ਬਹੁਤ ਹੀ ਰੋਮਾਂਚਕ ਖੇਡ ਰਹੀ ਹੈ , ਇਸਨੂੰ ਅਜੋਕੀ ਪੀੜ•ੀ ਨਹੀਂ ਜਾਂਣਦੀ ਜਾਂ ਇਹ ਕਹਿ ਲਈਏ ਕਿ ਕਿਸੇ ਦੇ ਕੋਲ ਅੱਜ ਕੱਲ• ਸਮੇਂ ਦੇ ਨਾਲ ਨਾਲ ਐਸੇ ਖੁੱਲ•ੇ ਮੈਦਾਨ ਵੀ ਨਹੀਂ ਰਹੇ। ਹੁਣ ਇਸਦਾ ਨਾਮ ਕ੍ਰਿਕਟ ਵਿਚ ਤਬਦੀਲ ਹੋ ਚੁੱਕਾ ਹੈ। ਇਸੇ ਤਰ•ਾਂ ਗੀਟੇ ਖੇਡਣ ਦੀ ਖੇਡ ਵੀ ਕਾਫੀ ਪ੍ਰਚਲਿਤ ਰਹੀ ਹੈ ਜਿਸਨੂੰ ਜਿਆਦਾਤਰ ਛੋਟੀਆਂ ਬੱਚੀਆਂ ਖੇਡਦੀਆਂ ਸਨ- ਗੀਟੇ ਸਮੇਂ ਦੇ ਮੁਤਾਬਕ ਬਣਾ ਲੈਂਦੀਆਂ ਸਨ ਜੋ ਕਿ ਬਾਦ ਦੇ ਵਿਚ ਬਜਾਰਾਂ ਦੇ ਵਿਚ ਵੀ ਉਪਲੱਬਧ ਹੋ ਜਾਂਦੇ ਸਨ- ਪਰ ਇਹ ਵੀ ਖੇਡ ਅੱਜ ਕੱਲ ਅਲੋਪ ਹੋ ਚੁੱਕੀ ਹੈ। ਪੰਜਾਬ ਦੇ ਵਿਚ ਸਾਰੇ ਹੀ ਪ੍ਰਾਂਤ ਵਿਚ ਪੰਜਾਬੀ ਬੋਲੀ ਜਾਂਦੀ ਹੈ ਹਾਂ ਥੋੜੇ ਵਕਫੇ ਭਾਵ 25-30 ਕਿਲੋਮੀਟਰ ਤੋਂ ਬਾਦ ਪੰਜਾਬੀ ਬੋਲੀ ਦੇ ਵਿਚ (ਇਲਾਕੇ ਦੇ ਹਿਸਾਬ ਨਾਲ) ਥੋੜਾ ਅੰਤਰ ਆ ਜਾਂਦਾ ਹੈ, ਭਾਵੇਂ ਉਸ ਇਲਾਕੇ ਦੇ ਵਿਚ ਇਨ•ਾਂ ਉਪਰੋਕਤ ਖੇਡਾਂ ਦੇ ਨਾਵਾਂ ਦੀ ਥੋੜੀ ਬਹੁਤ ਭਿੰਨਤਾ ਹੋਵੇ, ਪਰ ਇਹ ਖੇਡਾਂ ਸਾਰੇ ਹੀ ਪੰਜਾਬ ਵਿਚ ਹੀ ਪ੍ਰਚਲਿਤ ਰਹੀਆਂ ਹਨ।
ਇਸੇ ਤਰ•ਾਂ ‘ਤਾਸ਼’ ਦੀਆਂ ਖੇਡਾਂ ਤਾ ਭਾਵੇਂ 52 (ਜਿੰਨੇ ਪੱਤੇ ਹੁੰਦੇ ਹਨ) ਹੀ ਹਨ- ਪਰ ਪ੍ਰਚੱਲਤ ਜ਼ਿਆਦਾਤਰ ਸੀਪ, ਸਰਾਂ ਬਣਾਉਣੀਆਂ, ਘੜਵੰਜ ਜਾਂ ਭਾਬੀ ਦਿਉਰ ਹੀ ਸਨ। ਇਹ ਖੇਡਾਂ ਵੀ ਸਮੇਂ ਦੇ ਮੁਤਾਬਕ ਅਤੇ ਆੜੀਆਂ ਦੇ ਹਿਸਾਬ ਨਾਲ ਖੇਡੀਆਂ ਜਾਂਦੀਆਂ ਰਹੀਆਂ ਹਨ, ਇਹ ਖੇਡਾਂ ਜਿਆਦਾਤਰ ਸੱਥਾਂ ਦਾ (ਪਿੰਡ ਦੀਆਂ ਸੱਥਾਂ) ਸ਼ਿੰਗਾਰ ਰਹੀਆਂ ਹਨ , ਪੁਰਾਤਨ ਬਜੁਰਗ ਸੀਪ ਦੀ ਖੇਡ ਬੜੇ ਸ਼ੌਕ ਦੇ ਨਾਲ ਖੇਡਦੇ ਰਹੇ ਹਨ ਅਤੇ ਇਸ ਨੂੰ ਉਹ ਆਪਣੀ ਉਮਰ ਦੇ ਹਿਸਾਬ ਨਾਲ ਟਾਈਮ ਪਾਸ ਜਾਂ ਮਨੋਰੰਜਨ ਦਾ ਵਧੀਆ ਸਾਧਨ ਸਮਝਦੇ ਸਨ। ਉਹਨਾਂ ਦੇ ਕਹਿਣ ਮੁਤਾਬਕ ਜੇਕਰ ਤਾਸ਼ ਦੀ ਕਿਸੇ ਵੀ ਖੇਡ ਵਿਚ ਕੋਈ ਤੀਸਰਾ ਆਦਮੀ ਬੋਲਦਾ ਸੀ ਜਾਂ ਦਖਲਅੰਦਾਜੀ ਕਰਦਾ ਸੀ ਤਾਂ ਖੇਡ ਦਾ ਸਵਾਦ ਕਿਰਕਰਾ ਹੋ ਜਾਂਦਾ ਸੀ। ਅਤੇ ਕਈ ਕਈ ਵਾਰ ਤਾਂ ਕਈ ਅੜਬ ਸੁਭਾਅ ਦੇ ਬਜੁਰਗ ਇਕ ਦੂਸਰੇ ਨਾਲ ਖਹਿਬੜ ਵੀ ਪੈਂਦੇ ਸਨ। ਉਨ•ਾਂ ਦਾ ਭਾਵ ਇਹੀ ਸੀ ਕਿ ਬਿਨ•ਾਂ ਕਿਸੇ ਬੋਲ ਚਾਲ ਜਾਂ ਦਖਲ ਅੰਦਾਜੀ ਤੋਂ ਖੇਡ ਦਾ ਲੁਤਫ ਲੈਣਾ ਚਾਹੀਦਾ ਹੈ। ਤਾਸ਼ ਦੀ ਭਾਬੀ ਦਿਉਰ ਵਾਲੀ ਖੇਡ ਨੌਜਵਾਨਾਂ ਦੀ ਖੇਡ ਰਹੀ ਹੈ ਇਹ ਖੇਡ 4-5 ਜਾਂ 6 ਜਣੇ ਵੀ ਖੇਡ ਲੈਂਦੇ ਸਨ ਜਿਸਦੇ ਪੱਤੇ ਪਹਿਲਾ ਖਤਮ ਹੋ ਜਾਂਦੇ ਸਨ ਉਹ ਜਿਤਦੇ ਰਹਿੰਦੇ ਸਨ ਤੇ ਜਿਸ ਦੇ ਕੋਲ ਪੱਤੇ ਬੱਚ ਜਾਂਦੇ ਸਨ ਭਾਵ ਖਤਮ ਨਹੀਂ ਸਨ ਹੁੰਦੇ ਉਸ ਨੂੰ ਆਖੀਰ ਵਿਚ ਭਾਬੀ ਕਿਹਾ ਜਾਂਦਾ ਸੀ ਅਤੇ ਮਖੌਲ ਕਰਦੇ ਸਨ, ਪਰ ਸੀਮਤ ਰਹਿ ਕੇ ਕਿਉਂਕਿ ਹਰ ਇਕ ਵਿਚ ਬਰਦਾਸ਼ਤ ਦਾ ਮਾਦਾ ਸੀ, ਇਖਲਾਕ ਤੋਂ ਡਿਗਿਆ ਹੋਇਆ ਐਸਾ ਕੋਈ ਵੀ ਸ਼ਬਦ ਨਹੀਂ ਸੀ ਵਰਤਿਆ ਜਾਂਦਾ। ਜਿਸ ਨਾਲ ਭਾਬੀ ਬਨਣ ਵਾਲੇ ਲੜਕੇ ਦਾ ਮਨ ਦੁਖੀ ਹੋਵੇ ਐਸੀਆਂ ਖੇਡਾਂ ਸ਼ਰਤਾਂ ਲਗਾ ਕੇ ਵੀ ਖੇਡੀਆਂ ਜਾਂਦੀਆਂ ਰਹੀਆਂ ਹਨ। ਇਸੇ ਖੇਡ ਦਾ ਬਲਦਵਾ ਨਾਮ ‘ ਪੱਤਾ ਮੋੜ ‘ ਵੀ ਰਿਹਾ ਹੈ। ਇਕ ਹੋਰ ਖੇਡ ਖਿਦੋ ਦੀਆਂ ਬੱਚੀਆਂ ਪੌਣੀਆਂ ਵੀ ਖੇਡੀ ਜਾਂਦੀ ਰਹੀ ਹੈ। ਜੋ ਕਿ ਕਾਫੀ ਰੋਮਾਚਿਕ ਸੀ ਅਤੇ ਬੱਚੀਆਂ ਦੀ ਗਿਣਤੀ ਕਰਕੇ ਟਾਈਮ ਦੇ ਮੁਤਾਬਕ ਜਿਹੜਾ ਜਿਆਦਾ ਬੱਚੀਆਂ ਪਾਉਂਦਾ ਸੀ ਉਸਨੂੰ ਜੇਤੂ ਸਮਝਿਆ ਜਾਂਦਾ ਸੀ।
ਪਰ ਅਜੋਕੇ ਸਮੇਂ ਦੇ ਵਿਚ ਬੱਚੇ ਇਨ•ਾਂ ਗੇਮਾਂ (ਖੇਡਾਂ) ਤੋਂ ਬਿਲਕੁਲ ਅਨਜਾਣ ਹਨ, ਅੱਜ ਕੱਲ ਇਨ•ਾਂ ਦੀ ਜਗਾਂ ਮੋਬਾਇਲ ਗੇਮਾਂ, ਵੀਡੀਓ ਗੇਮਾਂ, ਕੰਪਿਊਟਰ ਗੇਮਾਂ ਨੇ ਲੈ ਲਈ ਹੈ। ਭਾਵੇਂ ਕਿ ਇਹ ਸਾਰੀਆਂ ਖੇਡਾਂ ਸ਼ਹਿਰੀ ਬੱਚੇ ਹੀ ਖੇਡਦੇ ਹਨ, ਪਰ ਪੇਂਡੂ ਬੱਚੇ ਵੀ ਕਿਸੇ ਤਰ•ਾਂ ਨਾਲ ਇਨ•ਾਂ ਤੋ ਪਿਛੇ ਨਹੀਂ ਹਨ ਕਿਉਂਕਿ ਪਿੰਡਾਂ ਵਿਚ ਵੀ ਸਾਰੀਆਂ ਸਹੂਲਤਾਂ ਮਿਲਿਆ ਹੋਈਆਂ ਹਨ। ਬੇਸ਼ਕ ਉਪਰੋਕਤ ਪੁਰਾਤਨ ਖੇਡਾਂ ਅਲੋਪ ਹੋ ਰਹੀਆਂ ਹਨ ਪਰ ਇਨ•ਾਂ ਦੇ ਨਾਲ ਜੋ ਬੱਚੇ ਤੰਦਰੁਸਤ ਜਾਂ ਸਿਹਤਵਾਰ, ਬੀਮਾਰੀਆਂ ਤੋਂ ਬਚੇ ਹੋਏ ਸਨ ਇਸਦੇ ਉਲਟ ਅਜੋਕੀ ਪੀੜ•ੀ ਨੂੰ ਕਾਫੀ ਕਠਿਨਾਈਆਂ ਆ ਰਹੀਆਂ ਹਨ ਜਿਵੇਂ ਕਿ ਛੋਟੇ ਬੱਚਿਆਂ ਦੇ ਐਨਕਾਂ ਲੱਗਣੀਆਂ, ਸਰੀਰਕ ਪੱਖੋਂ ਤੰਦਰੁਸਤ ਨਾ ਹੋਣਾ, ਸੁਭਾਅ ਦੇ ਵਿਚ ਅੜੀਅਲ ਪਣ ਆ ਰਿਹਾ ਹੈ। ਅਜੋਕੇ ਮਾਂ ਬਾਪ ਉਨ•ਾਂ ਨੂੰ ਇਨ•ਾਂ ਖੇਡਾਂ ਨੂੰ ਜਾਣੂ ਕਰਵਾਉਣ ਦੀ ਬਜਾਏ ਛੋਟੇ ਬੱਚਿਆਂ ਦੇ ਹੱਥਾਂ ‘ਚ ਮੋਬਾਇਲ ਦੇ ਰਹੇ ਹਨ, ਜਿਨ•ਾਂ ਦਾ ਪ੍ਰਭਾਵ ਅੱਜ ਦੇ ਹਰ ਇਨਸਾਨ ਨੂੰ ਭਲੀ ਭਾਂਤ ਪਤਾ ਹੈ। ਅਜੋਕੇ ਸਮੇਂ ਦੇ ਬੱਚੇ ਸਭ ਤੋਂ ਜਿਆਦਾ ਕਮਜੋਰ ਅਤੇ ਫੁਲਦੇ ਭਾਵ ਮੋਟਾਪੇ ਦੀਆਂ ਬੀਮਾਰੀਆਂ ਸਹੇੜ ਰਹੇ ਹਨ, ਅਜਿਹੀਆਂ ਉਪਰੋਕਤ ਪੁਰਾਤਨ ਖੇਡਾਂ ਤੋਂ ਬਿਲਕੁਲ ਅਣਜਾਣ ਹਨ ਜਿਨ•ਾਂ ਨਾਲ ਸ਼ਰੀਰਕ ਅਭਿਆਸ ਅਤੇ ਤੰਦਰੁਸਤੀ ਰਹਿੰਦੀ ਸੀ ਕੋਈ ਵੀ ਬੀਮਾਰੀ ਨੇੜੇ ਨਹੀਂ ਸੀ ਆਉਂਦੀ। ਇਹ ਠੀਕ ਹੈ ਕਿ ਸਾਇੰਸੀ ਯੁਗ ਦੇ ਵਿਚ ਅਸੀਂ ਤਰੱਕੀ ਕੀਤੀ ਹੈ ਅਤੇ ਕਰ ਵੀ ਰਹੇ ਹਾਂ, ਪਰ ਮਾਂ ਬਾਪ ਦਾ ਫਰਜ ਬਣਦਾ ਹੈ ਕਿ ਉਹ ਉਨ•ਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਤੋਂ ਅਤੇ ਪੁਰਾਤਨ ਖੇਡਾਂ ਤੋਂ ਜਾਣੂੰ ਕਰਵਾਉਣ ਅਤੇ ਦੱਸਣ ਕਿ ਤੁਹਾਡੇ ਬਾਪ- ਦਾਦੇ ਜਾਂ ਪੁਰਾਣੇ ਬਜ਼ੁਰਗ ਐਸੀਆਂ ਖੇਡਾਂ ਖੇਡਦੇ ਰਹੇ ਹਨ, ਤਾਂ ਕਿ ਉਨ•ਾਂ ਦੇ ਦਿਲੋਂ ਦਿਮਾਗ ਤੇ ਵੀ ਥੋੜਾ ਬਹੁਤ ਪੁਰਾਤਨ ਵਿਰਸੇ ਨਾਲ ਪਿਆਰ ਬਣਿਆ ਰਹੇ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ: 94176-22046
==========================
ਕਾਸ਼! ਅੱਜ ਅਮੀਰ ਕਬੱਡੀ ਅਮੀਰ ਖਿਡਾਰੀਆਂ ਦੇ ਘਰ ਭਰਨ ਤੱਕ ਹੀ ਸੀਮਤ ਨਾ ਰਹਿ ਜਾਵੇ!
ਕਬੱਡੀ ਸਾਡੀ ਮਾਂ ਖੇਡ ਹੈ। ਕਬੱਡੀ ਸਾਨੂੰ ਵਿਰਸੇ ‘ਚੋਂ ਮਿਲੀ ਹੈ। ਕਬੱਡੀ ਸਾਡੇ ਖੂਨ ‘ਚ ਰਚੀ ਹੈ। ਕੋਈ ਸਮਾਂ ਸੀ, ਜਦੋਂ ਖਿਡਾਰੀ ਰੋੜਿਆਂ ਵਾਲੇ ਵਾਹੇ ਮੈਦਾਨ ਵਿਚ ਖੇਡਦੇ ਸੀ ਅਤੇ ਸੱਟਾਂ-ਫੇਟਾਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੇ। ਦੂਰ-ਦੂਰ ਤੱਕ ਟੂਰਨਾਮੈਂਟ ਖੇਡਣ ਜਾਂਦੇ ਜਦੋਂ ਇਕ ਸਾਈਕਲ ‘ਤੇ ਤਿੰਨ-ਤਿੰਨ ਖਿਡਾਰੀ ਬਹਿ ਕੇ ਜਾਂਦੇ ਸੀ। ਕਈ ਟਰਾਲੀਆਂ ਨੂੰ ਝੂਟ ਕੇ ਟੂਰਨਾਮੈਂਟ ਤੱਕ ਪਹੁੰਚਦੇ। ਜਿੱਤਣ ਵਾਲੀ ਟੀਮ ਨੂੰ ਇਕ-ਦੋ ਰੁਪਏ ਇਨਾਮ ‘ਚ ਮਿਲਦੇ ਜਾਂ ਕੱਛਾ, ਨੀਕਰ, ਜੱਗ, ਗਲਾਸ, ਬਨੈਣਾਂ ਆਦਿ ਇਨਾਮ ‘ਚ ਮਿਲਦੀਆਂ। ਹੌਲੀ ਹੌਲੀ ਇਹ ਖੇਡ ਅਮੀਰ ਹੁੰਦੀ ਗਈ ਅਤੇ ਅਮੀਰ ਹੋਣ ਦਾ ਸਿਹਰਾ ਪ੍ਰਵਾਸੀ ਪੰਜਾਬੀਆਂ ਦੇ ਸਿਰ ਬੱਝਦਾ ਹੈ। ਜਿਵੇਂ ਜਿਵੇਂ ਇਹ ਖੇਡ ਅਮੀਰ ਹੁੰਦੀ ਗਈ ਅਤੇ ਹੌਲੀ ਹੌਲੀ ਪ੍ਰਵਾਸੀ ਵੀਰਾਂ ਸਦਕਾ ਵਿਦੇਸ਼ੀ ਧਰਤੀ ‘ਤੇ ਕਬੱਡੀ ਟੂਰਨਾਮੈਂਟ ਹੋਣ ਲੱਗ ਪਏ ਅਤੇ ਪੰਜਾਬ ਤੋਂ ਖਿਡਾਰੀ ਵੀ ਉਨ•ਾਂ ਟੂਰਨਾਮੈਂਟਾਂ ਵਿਚ ਖੇਡਣ ਲਈ ਜਹਾਜਾਂ ‘ਤੇ ਝੂਟੇ ਲੈਣ ਲੱਗੇ। ਜਿਹੜੇ ਕਦੇ ਸਾਈਕਲ ਦੀ ਚੈਨ ਚੜ•ਾਉਂਦੇ ਹੀ ਥੱਕ ਜਾਂਦੇ ਸੀ, ਉਹ ਜਹਾਜਾਂ ਵਿਚ ਸੈਰਾਂ ਕਰਨ ਲੱਗੇ। ਨੀਕਰ, ਜੱਗ, ਗਲਾਸ ਵਰਗੇ ਇਨਾਮਾਂ ਤੋਂ ਲੈ ਕੇ ਖਿਡਾਰੀ ਡਾਲਰਾਂ ਤੱਕ ਪਹੁੰਚ ਗਏ। ਹੌਲੀ ਹੌਲੀ ਵੱਡੇ ਵੱਡੇ ਟੂਰਨਾਮੈਂਟ ਅਤੇ ਕਬੱਡੀ ਕੱਪ ਵਿਦੇਸ਼ੀ ਧਰਤੀ ‘ਤੇ ਹੋਣ ਲੱਗੇ। ਅਨੇਕਾਂ ਖਿਡਾਰੀ ਵੇਖਦੇ ਹੀ ਵੇਖਦੇ ਲੱਖਾਂ ਰੁਪਏ ਕਮਾਉਣ ਲੱਗ ਪਏ। ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਕਬੱਡੀ ਅਮੀਰ ਹੋ ਗਈ, ਉੱਥੇ ਅਨੇਕਾਂ ਘਰਾਂ ਦੀ ਇਸ ਨੇ ਗਰੀਬੀ ਵੀ ਦੂਰ ਕਰ ਦਿੱਤੀ। ਕਬੱਡੀ ਵਿਚ ਲੱਖਾਂ-ਰੁਪਏ ਕਮਾਉਣ ਵਾਲੇ ਖਿਡਾਰੀ ਪੁਰਾਣੇ ਨਹੀਂ, ਸਗੋਂ ਨਵੇਂ ਹੀ ਹਨ। ਜਿਹੜੇ ਪਹਿਲਾ ਰੋੜਿਆਂ ‘ਤੇ ਕਬੱਡੀ ਖੇਡ-ਖੇਡ ਸੱਟਾਂ, ਫੇਟਾਂ ਮਰਵਾ ਕੇ ਅੱਜ ਬਿਰਧ ਹੋਏ ਪਏ ਹਨ, ਉਨ•ਾਂ ਦੀ ਜ਼ਿੰਦਗੀ ਵਿਚ ਕਬੱਡੀ ਨੇ ਕੋਈ ਬਹੁਤਾ ਚਾਨਣ ਨਹੀਂ ਕੀਤਾ। ਸਗੋਂ ਅਸੀਂ ਉਹ ਕਬੱਡੀ ਦੇ ਧਨੰਤਰ ਵਿਸਾਰ ਛੱਡੇ ਹਨ। ਕੁਝ ਕਲੱਬਾਂ ਨੇ ਪੁਰਾਣੇ ਖਿਡਾਰੀਆਂ ਦੀ ਆਰਥਿਕ ਮਦਦ ਕੀਤੀ। ਪਰ ਜ਼ਿਆਦਾਤਰ ਸਲੂਟ ਤਾਂ ਚੜ•ਦੇ ਸੂਰਜ ਨੂੰ ਹੀ ਵੱਜਦੇ ਹਨ। ਸਾਡੀ ਕਿਸੇ ਖਿਡਾਰੀ ਜਾਂ ਕਿਸੇ ਖੇਡ ਸੰਸਥਾ ਨਾਲ ਕੋਈ ਦੁਸ਼ਮਣੀ ਨਹੀਂ। ਪਰ ਮੂੰਹ ਆਈ ਬਾਤ ਵੀ ਨਹੀਂ ਰਹਿੰਦੀ। ਵਿਦੇਸ਼ੀ ਕਲੱਬਾਂ ਅਤੇ ਫੈਡਰੇਸ਼ਨਾਂ ਨੇ ਬੇਸ਼ੱਕ ਕਬੱਡੀ ਨੂੰ ਅਮੀਰ ਖੇਡ ਬਣਾਉਣ ਲਈ ਦਿਨ-ਰਾਤ ਇਕ ਕਰ ਦਿੱਤਾ ਅਤੇ ਕਬੱਡੀ ਵਿਚ ਅਮੀਰੀ ਵੀ ਆ ਗਈ। ਜਦੋਂ ਕੁਝ ਪੁਰਾਣੇ ਬਜ਼ੁਰਗ ਹੋ ਚੁੱਕੇ, ਖਿਡਾਰੀਆਂ ਨਾਲ ਅਸੀਂ ਮੁਲਾਕਾਤ ਕੀਤੀ ਅਤੇ ਪੁੱਛਿਆ ਕਿ ਅੱਜ ਕਬੱਡੀ ਉਹ ਨਹੀਂ ਰਹੀ ਅਤੇ ਲੱਖਾਂ ਕਰੋੜਾਂ ਦੇ ਇਨਾਮ ਅੱਜ ਖਿਡਾਰੀਆਂ ਨੂੰ ਮਿਲਦੇ ਹਨ ਤਾਂ ਬਹੁਤਿਆਂ ਦਾ ਕਹਿਣਾ ਸੀ ਕਿ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੀ ਮਾਂ ਖੇਡ ਅਮੀਰ ਹੋ ਗਈ। ਬਹੁਤ ਪੈਸਾ ਆ ਗਿਆ ਇਸ ਵਿਚ। ਪਰ ਇਹ ਵੀ ਤਾਂ ਇਕ ਸੱਚ ਹੈ ਕਿ ਹੁਣ ਭਰਿਆਂ ਨੂੰ ਭਰਿਆ ਜਾ ਰਿਹਾ ਹੈ। ਸਾਨੂੰ ਕੀ ਭਾਅ ਅਮੀਰ ਕਬੱਡੀ ਦਾ..? ਪੁੱਤ ਪੋਤਰੇ ਅੱਡ ਗਾਲ•ਾਂ ਕੱਢਦੇ ਹਨ ਕਿ ਤੁਸੀਂ ਕੀ ਕਮਾਇਆਂ..? ਮੰਜੇ ‘ਤੇ ਪਏ ਚੀਕੀ ਜਾਣੇ ਆ..ਕੋਈ ਸਾਡੀ ਸਾਰ ਨਹੀਂ ਲੈਂਦਾ।
ਹੁਣ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਜਦੋਂ ਕਬੱਡੀ ਸੀਜਨ ਚੱਲਦਾ ਹੈ ਤਾਂ ਕਬੱਡੀ ਦੇ ਸਿਰ ‘ਤੇ ਵਿਦੇਸ਼ਾਂ ਵਿਚ ਸੈਟ ਹੋਣ ਵਾਲੇ ਅਤੇ ਕਰੋੜਾਂ ਰੁਪਏ ਕਮਾਉਣ ਵਾਲੇ ਜਿਆਦਾਤਰ ਖਿਡਾਰੀਆਂ ਨੂੰ ਹੀ ਬੁਲਟ ਮੋਟਰਸਾਈਕਲ, ਮਹਿੰਗੀਆਂ ਗੱਡੀਆਂ ਜਾਂ ਹੋਰ ਮਹਿੰਗੇ ਇਨਾਮ ਦਿੱਤੇ ਜਾਂਦੇ ਹਨ। ਇੰਝ ਲੱਗਦਾ ਹੈ ਕਿ ਸਾਡੀ ਅਮੀਰ ਕਬੱਡੀ, ਅਮੀਰਾਂ ਦੇ ਘਰ ਭਰਨ ਜੋਗੀ ਹੀ ਨਾ ਕਿਤੇ ਰਹਿ ਜਾਵੇ। ਜੇ ਅਸੀਂ ਚਾਹੁੰਦੇ ਹਾਂ ਕਿ ਕਬੱਡੀ ਵਿਚ ਨਵੇਂ ਖਿਡਾਰੀਆਂ ਨੂੰ ਉਪਰ ਚੁੱਕਿਆ ਜਾਵੇ ਤਾਂ ਸਾਨੂੰ ਛੋਟੀ ਉਮਰ ਦੇ ਹੋਣਹਾਰ ਖਿਡਾਰੀਆਂ ਨੂੰ ਸਨਮਾਨ ਦੇਣੇ ਚਾਹੀਦੇ ਹਨ ਤਾਂ ਕਿ ਉਨ•ਾਂ ਦਾ ਅਤੇ ਉਨ•ਾਂ ਨੂੰ ਦੇਖ ਕੇ ਹੋਰਾਂ ਦਾ ਵੀ ਹੌਂਸਲਾ ਵਧੇ ਅਤੇ ਪੁਰਾਣੇ ਖਿਡਾਰੀਆਂ ਨੂੰ ਟੂਰਨਾਮੈਂਟ ‘ਤੇ ਸੱਦ ਕੇ ਗਰਾਉਂਡ ਦਾ ਗੇੜਾ ਲਵਾ ਕੇ ਸਪੀਕਰਾਂ ਵਿਚ ਬੋਲ ਕੇ ‘ਇਹ ਆ ਕਬੱੜੀ ਦਾ ਬਾਬਾ ਬੋਹੜ’, ‘ਕਬੱਡੀ ਦਾ ਯੋਧਾਂ’ ਅਤੇ ਨਾਲ ਹੀ ਇਕ ਨਿੱਕੀ ਜਿਹੀ ਸ਼ੀਲਡ ਫੜ•ਾ ਕੇ ਉਸਨੂੰ ਘਰ ਨੂੰ ਤੋਰ ਦੇਣਾ ਇੰਝ ਲੱਗਦਾ ਜਿਵੇਂ ਕਬੱਡੀ ਦੇ ਯੋਧੇ ਦਾ ਮਜ਼ਾਕ ਉਡਾਇਆ ਗਿਆ ਹੋਵੇ। ਸਾਨੂੰ ਉਸ ਦੀ ਘਰ ਜਾ ਕੇ ਮਦਦ ਕਰਨੀ ਚਾਹੀਦੀ ਹੈ। ਅਜਿਹੀ ਮਦਦ ਜਿਹੜੀ ਉਨ•ਾਂ ਲਈ ਰਿਜਕ ਦਾ ਕੰਮ ਕਰ ਸਕੇ। ਬੁੱਢੇ ਬਾਰੇ ਉਸ ਨੇ ਸ਼ੀਲਡਾਂ ਤੋਂ ਕੀ ਲੈਣਾ..? ਜੇ ਅਸੀਂ ਕਬੱਡੀ ਦੇ ਸੱਚੇ ਆਸ਼ਕ ਹਾਂ ਤਾਂ ਉਨ•ਾਂ ਗਿਣੇ-ਚੁਣੇ ਖਿਡਾਰੀਆਂ ਨੂੰ ਹੀ ਥਾਂ-ਥਾਂ ‘ਤੇ ਗੱਡੀਆਂ, ਮੋਟਰ ਸਾਈਕਲ ਇਨਾਮ ਵਿਚ ਦੇਣੇ ਕੋਈ ਜ਼ਿਆਦਾ ਸਿਆਣਪ ਦੀ ਗੱਲ ਨਹੀਂ। ਇਹ ਤਾਂ ਰੱਜੇ ਨੂੰ ਬੰਨ• ਕੇ ਖੀਰ ਖਵਾਉਣ ਵਾਲੀ ਗੱਲ ਹੈ। ਭਰੇ ਦਾ ਘਰ ਭਰਨ ਵਾਲੀ ਗੱਲ ਹੈ। ਪੰਜਾਬ ਦੀ ਧਰਤੀ ‘ਤੇ ਹੁੰਦੇ ਕਈ ਟੂਰਨਾਮੈਂਟਾਂ ਵਿਚ ਜਦੋਂ ਦਰਸ਼ਕਾਂ ਦਾ ਇਸ ਵਿਸ਼ੇ ਉੱਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤਿਆਂ ਦਾ ਵੀ ਇਹੀ ਜਵਾਬ ਹੁੰਦਾ..ਬੱਸ ਜੀ ਗਿਣੇ-ਚੁਣੇ ਖਿਡਾਰੀ ਹੀ ਲੱਖਾਂ ਰੁਪਏ ਕਮਾ ਰਹੇ ਹਨ। ਇੱਥੇ ਕੋਈ ਨਹੀਂ ਪੁੱਛਦਾ ਬਾਈ..। ਕਬੱਡੀ ਤਾਂ ਇੰਨ•ਾਂ ਨੂੰ ਹੀ ਰਾਸ ਆਈ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਇੰਨ•ਾਂ ਨੂੰ ਸਨਮਾਨ ਨਾ ਕਰੋ, ਇੰਨ•ਾਂ ਨੂੰ ਵੀ ਸਨਮਾਨ ਕਰੋ ਅਤੇ ਜਿੰਨ•ਾਂ ਨੇ ਕਬੱਡੀ ਲਈ ਸਾਰੀ ਉਮਰ ਲੇਖੇ ਲਾ ਦਿੱਤੀ, ਜੇ ਉਨ•ਾਂ ਦਾ ਤੁਸੀਂ ਨਹੀਂ ਸੋਚਣਾ ਤਾਂ ਕੌਣ ਸੋਚੂਗਾ..? ਤਾਂ ਕਿ ਸਹੀ ਸ਼ਬਦਾਂ ਵਿਚ ਸਾਡੀ ਮਾਂ ਖੇਡ ਅਮੀਰ ਹੋ ਸਕੇ। ਵਿਦੇਸ਼ੀ ਧਰਤੀ ‘ਤੇ ਮਹਿੰਗੇ-ਮਹਿੰਗੇ ਸਟੇਡੀਅਮਾਂ ਤੱਕ ਅੱਜ ਸਾਡੀ ਕਬੱਡੀ ਖੇਡ ਪਹੁੰਚ ਗਈ ਹੈ। ਪਰ ਅਜੇ ਵੀ ਕਬੱਡੀ ਵਿਚ ‘ਸਭ ਠੀਕ ਨਹੀਂ’ ਵਾਲੀ ਗੱਲ ਕਿਤੇ ਨਾ ਕਿਤੇ ਜ਼ਰੂਰ ਹੈ।
ਕਬੱਡੀ ਦੇ ਸਿਰ ‘ਤੇ ਜਿਹੜੇ ਅਮੀਰ ਹੋ ਗਏ, ਉਹ ਹੋਰ ਅਮੀਰ ਹੋ ਰਹੇ ਹਨ, ਪਰ ਜਿੰਨ•ਾਂ ਨੇ ਸੱਟਾਂ-ਫੇਟਾਂ ਖਾ ਕੇ ਵੀ ਕਬੱਡੀ ਨਾਲ ਇਸ਼ਕ ਕੀਤਾ, ਅੱਜ ਉਹ ਧੇਲੇ ਦੇ ਵੀ ਨਹੀਂ ਰਹੇ। ਜੇ ਉਨ•ਾਂ ਨੂੰ ਕਿਸੇ ਟੂਰਨਾਮੈਂਟ ਦਾ ਸੱਦਾ ਪੱਤਰ ਆਉਂਦਾ ਤਾਂ ਉਹ ਪੁੱਤ-ਪੋਤੇ ਦੀ ਉਂਗਲੀ ਫੜ• ਕੇ ਚਾਂਈਂ-ਚਾਂਈਂ ਟੂਰਨਾਮੈਂਟ ‘ਤੇ ਆਉਂਦੇ, ਪਰ ਜਦੋਂ ਉਨ•ਾਂ ਨੂੰ ਇਕ ਸ਼ੀਲਡ ਅਤੇ ਅਸਲੋਂ ਨਵੇਂ ਖਿਡਾਰੀ ਨੂੰ ਗੱਡੀ ਦੀਆਂ ਚਾਬੀਆਂ ਭੇਂਟ ਕੀਤੀਆਂ ਜਾਂਦੀਆਂ ਤਾਂ ਦਿਲ ਖ਼ੂਨ ਦੇ ਹੰਝੂ ਰੋਂਦਾ ਅਤੇ ਅੰਦਰੋਂ ਦਿਲ ਹੌਂਕਾ ਲੈ ਕੇ ਕਹਿੰਦਾ ‘ਕੌਣ ਕਹਿੰਦਾ ਅੱਜ ਖਿਡਾਰੀਆਂ ਦਾ ਸਹੀ ਮੁੱਲ ਪਿਆ’। ਸੋ ਸਾਰੇ ਖੇਡ ਪ੍ਰਮੋਟਰ ਵੀਰਾਂ ਨੂੰ ਟੂਰਨਾਮੈਂਟ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕੁਝ ਕੁ ਚਿਹਰਿਆਂ ਤੋਂ ਨਿਗ•ਾ ਹਟਾ ਕੇ ਚੁਫੇਰੇ ਨਿਗ•ਾ ਮਾਰੋ। ਤਾਂ ਕਿ ਕਬੱਡੀ ਨੂੰ ਹੋਰ ਵੀ ਬੁਲੰਦੀਆਂ ‘ਤੇ ਪਹੁੰਚਿਆ ਜਾ ਸਕੇ ਅਤੇ ਸਾਡੀ ਮਾਂ ਖੇਡ ਦੇ ਅਸਲੀ ਪੁੱਤਾਂ ਤੱਕ ਵੀ ਮਾਣ-ਸਨਮਾਨ ਪਹੁੰਚ ਸਕਣ। ਜਦੋਂ ਇਕ ਬਜ਼ੁਰਗ ਹੋ ਚੁੱਕੇ ਕਬੱਡੀ ਦੇ ਧਨੰਤਰ ਨੂੰ ਅੱਜ ਅਤੇ ਪੁਰਾਣੇ ਸਮੇਂ ਦੀ ਕਬੱਡੀ ਖੇਡ ਦੇ ਵਿਚਲੇ ਅੰਤਰ ਬਾਰੇ ਪੁੱਛਿਆ ਤਾਂ ਉਸ ਨੇ ਭਰੇ ਮਨ ਨਾਲ ਕਿਹਾ ਕਿ ਅੱਜ ਅਤੇ ਪਹਿਲਾਂ ਵਾਲੀ ਕਬੱਡੀ ‘ਚ ਲੱਖਾਂ ਦਾ ਅੰਤਰ ਹੈ। ਉਦੋਂ ਖਿਡਾਰੀ ਸਿਰਫ ਖੇਡ ਸਮਝ ਕੇ ਹੀ ਖੇਡਦੇ ਸਨ। ਅੱਜ ਦੇ ਖਿਡਾਰੀ ਜ਼ਿਆਦਾਤਰ ਪੈਸੇ ਲਈ ਹੀ ਖੇਡਦੇ ਹਨ। ਉਨ•ਾਂ ਨੂੰ ਬੱਸ ਇਕ ਹੀ ਬੇਨਤੀ ਹੈ ਜੀਅ ਸਦਕੇ ਖੇਡੋ, ਲੰਮੀਆਂ ਉਮਰਾਂ ਜੀਓ, ਪਰ ਨਸ਼ਿਆਂ ਤੋਂ ਬਚ ਕੇ ਖੇਡੋ, ਕਿਉਂਕਿ ਮੈਂ ਸੁਣਿਆ ਅੱਜ ਕੱਲ• ਜਿਆਦਾਤਰ ਖਿਡਾਰੀ ਨਸ਼ੇ ਕਰਕੇ ਖੇਡਦੇ ਹਨ।
ਡੌਪ ਟੈਸਟ ਦੀ ਰਿਪੋਰਟ ਮੁਤਾਬਿਕ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜਿਆਦਾਤਰ ਖਿਡਾਰੀ ਨਸ਼ਿਆਂ ਦਾ ਸੇਵਨ ਕਰਦੇ ਹਨ। ਮੈਂ ਇੰਨ•ਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੁੱਤਰੋਂ ਜਦੋਂ ਕੇਰਾਂ ਗੁਰਦੇ ਜਾਂ ਕਿਡਨੀਆਂ ਨਸ਼ਿਆਂ ਕਰਕੇ ਖਰਾਬ ਹੋ ਜਾਂਦੀਆਂ ਤਾਂ ਮੁੜ• ਕੇ ਘਰ-ਬਾਰ ਵੇਚ ਕੇ ਵੀ ਸਹੀ ਇਲਾਜ ਨਹੀਂ ਹੁੰਦਾ। ਇਸ ਲਈ ਕਬੱਡੀ ਨੂੰ ਇਕ ਖੇਡ ਸਮਝ ਕੇ ਖੇਡੋ। ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੋ।
ਭਾਰਤ ਦੀ ਰਾਸ਼ਟਰੀ ਖੇਡ ਹਾਕੀ
ਹਾਕੀ ਬਾਰੇ ਸੰਖੇਪ ਜਾਣਕਾਰੀ
* ਹਾਕੀ ਦੇ ਉੱਘੇ ਕੱਪ, ਟਰਾਫੀ ਅਤੇ ਟੂਰਨਾਮੈਂਟ – ਗੋਲਡ ਕੱਪ (ਬੰਬਈ), ਨਹਿਰੂ ਹਾਕੀ (ਦਿੱਲੀ), ਧਿਆਨ ਚੰਦ ਹਾਕੀ ਟਰਾਫੀ, ਵਰਲਡ ਕੱਪ, ਗੁਰੂ ਨਾਨਕ ਕੱਪ, ਰੰਗਾ ਸੁਆਮੀ ਕੱਪ ਆਦਿ।
* ਭਾਰਤ ਦਾ ਉੱਘਾ ਹਾਕੀ ਸਟੇਡੀਅਮ – ਸ਼ਿਵਾ ਜੀ ਸਟੇਡੀਅਮ ਦਿੱਲੀ
* ਹਾਕੀ ਦੇ ਉੱਘੇ ਖਿਡਾਰੀ – ਧਿਆਨ ਚੰਦ (ਹਾਕੀ ਦਾ ਜਾਦੂਗਰ), ਸੁਰਜੀਤ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ, ਰਾਜਵੀਰਕੌਰ, ਰੂਪਾ ਸੈਨੀ, ਪ੍ਰੇਮ ਮਾਇਆ, ਸੁਨੀਤਾ ਪੁਰੀ, ਇਜਾ ਨੈਲਸਨ ਆਦਿ।
* ਹਾਕੀ ਦੀ ਗਰਾਊਂਡ – ਹਾਕੀ ਦੀ ਖੇਡ ਦੀ ਗਰਾਊਂਡ ਆਇਤਕਾਰ ਹੁੰਦੀ ਹੈ। ਇਸ ਦੀ ਲੰਬਾਈ 100 ਗਜ ਅਤੇ ਚੌੜਾਈ 60 ਗਜ ਹੁੰਦੀ ਹੈ।
* ਖੇਡਣ ਦਾ ਨਿਯਮ – ਹਾਕੀ ਦੀ ਖੇਡ ਨੂੰ ਦੋ ਟੀਮਾਂ ਖੇਡਦੀਆਂ ਹਨ। ਦੋਨਾਂ ਟੀਮਾਂ ਵਿਚ 11-11 ਖਿਡਾਰੀ ਹੁੰਦੇ ਹਨ। ਖੇਡ ਦੇ ਦੌਰਾਨ ਕਿਸੇ ਵੀ ਟੀਮ ਵਿਚ ਇਕ ਤੋਂ ਜ਼ਿਆਦਾ ਗੋਲਕੀਪਰ ਨਹੀਂ ਹੋ ਸਕਦਾ। ਮੈਚ ਦੇ ਦੌਰਾਨ ਹਰੇਕ ਟੀਮ ਦੋ ਤੋਂ ਜ਼ਿਆਦਾ ਖਿਡਾਰੀ ਨਹੀਂ ਬਦਲ ਸਕਦੀ। ਇਕ ਵਾਰ ਬਦਲਿਆ ਖਿਡਾਰੀ ਦੁਬਾਰਾ ਨਹੀਂ ਖੇਡ ਸਕਦਾ ਅਤੇ ਨਾ ਹੀ ਮੁਅੱਤਲ ਕੀਤੇ ਖਿਡਾਰੀਆਂ ਦੀ ਜਗ੍ਹਾ ਕੋਈ ਦੂਜਾ ਖਿਡਾਰੀ ਖੇਡ ਸਕਦਾ ਹੈ।
* ਖੇਡਣ ਦਾ ਸਮਾਂ – ਖੇਡ ਦੀ ਮਿਆਦ 35-35 ਮਿੰਟ ਹੁੰਦੀ ਹੈ। ਇਨ੍ਹਾਂ ਦੇ ਵਿਚਾਲੇ 5 ਮਿੰਟ ਦਾ ਆਰਾਮ ਕਰਨ ਦਾ ਸਮਾਂ ਹੁੰਦਾ ਹੈ। ਅੱਧੇ ਟਾਈਮ ਤੋਂ ਬਾਅਦ ਦੋਵੇਂ ਟੀਮਾਂ ਆਪਣੀ ਸਾਈਡ ਬਦਲ ਲੈਂਦੀਆਂ ਹਨ।
* ਸ਼ੂਟਿੰਗ ਘੇਰਾ – ਹਰੇਕ ਗੋਲ ਦੀ ਰੇਖਾ ਦੇ ਸਾਹਮਣੇ ਗੋਲ ਰੇਖਾ ਤੇ 16 ਗਜ ਦੀ ਦੂਰੀ ਤੇ 4 ਗਜ ਲੰਬੀ ਅਤੇ 3 ਇੰਚ ਚੌੜੀ ਇਕ ਸਮਾਨੰਤਰ ਚਿੱਟੀ ਰੇਖਾ ਬਣਾਈ ਜਾਂਦੀ ਹੈ। ਇਸ ਦੇ ਸਮਾਨੰਤਰ ਹਰੇਕ ਗੋਲ ਦੇ ਸਾਹਮਣੇ ਇਕ ਚੱਕਰ ਲਗਾਇਆ ਜਾਂਦਾ ਹੈ। ਗੋਲ ਪੋਸਟ ਇਸ ਦੇ ਵਿਚਾਲੇ ਹੁੰਦੇ ਹਨ ਅਤੇ ਇਨ੍ਹਾਂ ਦੇ ਪਿੱਛੇ ਗੋਲ ਰੇਖਾ ਛੂੰਹਦੇ ਹਨ।
* ਗੇਂਦ – ਇਹ ਚਮੜੇ ਦੀ ਚਿੱਟੇ ਰੰਗ ਦੀ ਹੁੰਦੀ ਹੈ ਇਸ ਦਾ ਭਾਰ ੫ੱ ਔਸ ਤੱਕ ਹੁੰਦਾ ਹੈ। ਇਸ ਦਾ ਘੇਰਾ 83/16 ਤੇ ਸਵਾ 9 ਇੰਚ ਤੱਕ ਹੁੰਦਾ ਹੈ।
* ਸਟਿਕ (ਹਾਕੀ) – ਇਸ ਦਾ ਭਾਰ 12 ਔਸ ਤੋਂ 28 ਔਸ ਹੁੰਦਾ ਹੈ। ਇਸ ਦੀ ਸ਼ਕਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਇਹ 2 ਇੰਚ ਵਿਆਸ ਦੇ ਛੱਲੇ ਵਿਚੋਂ ਅਸਾਨੀ ਨਾਲ ਲੰਘ ਜਾਵੇ। ਇਸ ਦਾ ਖੱਬਾ ਪਾਸਾ ਚਪਟਾ ਹੋਣਾ ਚਾਹੀਦਾ ਹੈ। ਇਸ ਦੇ ਸਿਰਿਆਂ ਤੇ ਧਾਂਤ ਦਾ ਕਵਰ ਨਹੀਂ ਚੜ੍ਹਿਆ ਹੋਣਾ ਚਾਹੀਦਾ।
* ਅੰਪਾਇਰ – ਮੈਦਾਨ ਦੇ ਹਰ ਅੱਧੇ ਹਿੱਸੇ ਲਈ ਇਕ ਅੰਪਾਇਰ ਹੁੰਦਾ ਹੈ। ਮੈਚ ਖਤਮ ਹੋਣ ਤੱਕ ਅੰਪਾਇਰ ਆਪਣੇ-ਆਪਣੇ ਅੱਧ ਵਿਚ ਰੈਫਰੀ ਦਾ ਕੰਮ ਕਰਦੇ ਹਨ।
* ਦੁਰਘਟਨਾ ਹੋ ਜਾਣ ਤੇ – ਜੇਕਰ ਕੋਈ ਖਿਡਾਰੀ ਜਾਂ ਅੰਪਾਇਰ ਜ਼ਖ਼ਮੀ ਹੋ ਜਾਵੇ ਤਾਂ ਖੇਡ ਕੁਝ ਚਿਰ ਲਈ ਰੋਕ ਦਿੱਤੀ ਜਾਂਦੀ ਹੈ। ਜੇ ਦੁਰਘਟਨਾ ਸਮੇਂ ਅੰਪਾਇਰ ਇਹ ਸਮਝਦਾ ਹੈ ਕਿ ਗੋਲ ਹੋ ਗਿਆ ਸੀ ਜਾਂ ਹੋ ਜਾਣਾ ਸੀ ਤਾਂ ਉਹ ਗੋਲ ਮੰਨਿਆ ਜਾਵੇਗਾ। ਅੰਪਾਇਰ ਦੀ ਦੱਸੀ ਜਗ੍ਹਾ ਤੋਂ ਦੁਬਾਰਾ ਖੇਡ ਆਰੰਭ ਕੀਤੀ ਜਾਂਦੀ ਹੈ।